Friday, August 26, 2011

1980 ਤੋਂ ਪਹਿਲਾਂ ਦੇ ਪੰਜਾਬੀ ਨਾਰੀ ਕਾਵਿ ਦਾ ਇਤਿਹਾਸਿਕ ਸਰਵੇਖਣ:1

ਪੰਜਾਬੀ ਕਵਿਤਾ ਦੇ ਇਤਿਹਾਸ-ਮੂਲਕ ਅਧਿਐਨ ਤੋਂ ਇਕ ਸਵੈ-ਵਿਰੋਧੀ ਅਤੇ ਅਸਚਰਜਚਤਾ ਉਪਜਾਊ ਤੱਥ ਇਹ ਵੀ ਉੱਭਰਦਾ ਹੈ ਕਿ ਪੰਜਾਬੀ ਕਵਿਤਾ ਵਸਤੂ ਅਤੇ ਵਿਧੀ ਪੱਖੋਂ ਜਿੰਨੀ ਵਧੇਰੇ ਔਰਤ ਦੁਆਲ਼ੇ ਕੇਂਦਰਿਤ ਰਹੀ ਹੈ, ਉੱਥੇ ਸਿਰਜਣਾਤਿਮਿਕ ਪੱਧਰ 'ਤੇ ਔਰਤ ਤੋਂ ਉੰਨੀ ਵਧੇਰੇ ਦੂਰ ਰਹੀ ਹੈ।ਪੰਜਾਬੀ ਕਵਿਤਾ ਵਿਚ ਔਰਤ ਦੀ ਗੱਲ ਔਰਤ ਦੁਆਰਾ ਗੱਲ ਜਾਂ ਔਰਤ ਦੇ ਉਹਲੇ ਨਾਲ਼ ਗੱਲ ਹੁੰਦੀ ਰਹੀ ਹੈ, ਪਰ ਇਸਦੇ ਆਦਿ ਕਾਲ ਤੋਂ ਅਧੁਨਿਕ ਕਾਲ ਤਕ ਔਰਤ ਦੀ ਕਲਮ ਦੁਆਰਾ ਕੋਈ ਕਾਵਿਕ ਗੱਲ ਹੁੰਦੀ ਦਿਖਾਈ ਨਹੀਂ ਦਿੰਦੀ। ਸਮੁੱਚੇ ਪੰਜਾਬੀ ਕਾਵਿ ਉਪਰ ਸਿਰਜਣਾਤਮਕ ਪੱਖ ਤੋਂ ਮਰਦ-ਕਵੀਆਂ ਦੀ ਹੀ ਸਰਦਾਰੀ ਨਜ਼ਰ ਆਉਂਦੀ ਹੈ।ਸਮੁੱਚੇ ਮੱਧਕਾਲ ਵਿਚ ਗੁਰਮਤਿ ਕਾਵਿ, ਸੂਫੀ ਕਾਵਿ, ਵਾਰ ਕਾਵਿ ਦੇ ਰੂਪ ਵਿਚ ਵਿਭਿੰਨ ਕਾਵਿ ਧਾਰਾਵਾਂ ਦੀ ਰਚਨਾ ਹੁੰਦੀ ਹੈ, ਜਿੰਨ੍ਹਾਂ ਵਿਚ ਕਿੱਸਾ ਕਾਵਿ ਵਸਤੂਗਤ ਰੂਪ ਵਿਚ ਅਤੇ ਗੁਰਮਤਿ,ਸੂਫੀ ਪੱਧਰ 'ਤੇ ਇਸਤਰੀ ਹੋਂਦ ਅਤੇ ਸਥਿਤੀ ਨੂੰ ਅਧਾਰ ਬਣਾਉਂਦੇ ਹਨ ਪਰ ਇਨ੍ਹਾਂ ਧਾਰਾਵਾਂ ਦੇ ਸਾਰੇ ਸਿਰਜਕ ਮਰਦ ਹਨ। ਇਤਿਹਾਸਕ ਪੱਖ ਤੋਂ ਸਮੁੱਚੇ ਮੱਧਕਾਲ ਵਿਚ ਕੋਈ ਨਾਰੀ-ਕਵਿਤਰੀ ਪ੍ਰਾਪਤ ਨਹੀਂ ਹੁੰਦੀ ਹੈ।ਭਾਵੇਂ ਇਸਦੇ ਬਹੁਤ ਸਾਰੇ ਰਾਜਸੀ-ਸਾਂਸਕ੍ਰਿਤਕ ਕਾਰਨ ਹਨ ਪਰ ਸਮੁੱਚੇ ਰੂਪ ਵਿਚ ਇਹ ਪੰਜਾਬੀ ਕਾਵਿ ਦੀ ਅਪੰਗਤਾ ਹੈ ਅਤੇ ਨਾਰੀ ਦ੍ਰਿਸ਼ਟੀ ਤੋਂ ਇਕ ਮਨਫ਼ੀ ਪੱਖ ਹੈ।
ਪੰਜਾਬੀ ਕਾਵਿ ਵਿਚ ਨਾਰੀ-ਕਵੀਆਂ ਦਾ ਪ੍ਰਵੇਸ਼ ਧਰਮਸੁਧਾਰਕ ਲਹਿਰਾਂ, ਪੱਛਮੀ ਸਿੱਖਿਆ, ਸਾਹਿਤ ਦੇ ਪਸਾਰ ਅਤੇ ਇਸਾਈ ਮਿਸ਼ਨਰੀਆਂ ਦੇ ਪ੍ਰਯਤਨਾਂ ਨਾਲ਼ ਜਾਂ ਇਨ੍ਹਾਂ ਪ੍ਰਯਤਨਾ ਦੇ ਪ੍ਰਤੀਕਰਮ ਵਜੋਂ ਉਨੀਂਵੀ ਸਦੀ ਦੇ ਮੱਧ ਵਿਚ ਹੁੰਦਾ ਹੈ। ਨਾਰੀ ਦੇ ਕਾਵਿ-ਸਿਰਜਣ ਖੇਤਰ ਵਿਚ ਪ੍ਰਵੇਸ਼ ਦੇ ਪਿਛੋਕੜ ਵਿਚ ਸਿੱਖ ਧਰਮ ਵਿਚ ਅਪਣਾਈ ਜਾ ਰਹੀ ਔਰਤ ਪ੍ਰਤਿ ਬਦਲ ਦੀ ਦ੍ਰਿਸ਼ਟੀ ਦਾ ਬਹੁਤ ਵੱਡਾ ਰੋਲ ਹੈ ਜਿਸਦਾ ਉਦੇਸ਼ ਭਾਵੇਂ ਸੁਧਾਰਵਾਦੀ ਜਾਂ ਆਦਰਸ਼ਵਾਦੀ ਸੀ ਅਤੇ ਇਸ ਦਾ ਸੰਸਥਾਗਤ ਮਾਧਿਅਮ ਸਿੰਘ ਸਭਾ ਲਹਿਰ ਸੀ।ਇਸ ਦ੍ਰਿਸ਼ਟੀ ਦਾ ਉਦੇਸ਼ ਇਕ ਆਦਰਸ਼ ਨਾਰੀ ਦੀ ਤਲਾਸ਼ ਮਾਤਰ।
ਹੁਣ ਤੱਕ ਦੀ ਪ੍ਰਾਪਤ ਖੋਜ ਮਾਤਰ ਅਨੁਸਾਰ 'ਪੀਰੋ ਪ੍ਰੇਮਣ' ਨਾਂ ਦੀ ਕਵਿਤਰੀ ਨੂੰ ਪੰਜਾਬੀ ਦੀ ਸਭ ਤੋਂ ਪਹਿਲੀ ਕਵਿਤਰੀ ਮੰਨਿਆ ਜਾਂਦਾ ਹੈ। ਪੀਰੋ ਦਾ ਜ਼ਿਕਰ ਸਭ ਤੋਂ ਪਹਿਲੀ ਵਾਰ ਡਾ. ਦੇਵਿੰਦਰ ਸਿੰਘ ਵਿਦਿਆਰਥੀ ਨੇ ਆਪਣੇ ਖੋਜ ਪੱਤਰ " ਪੰਜਾਬੀ ਦੀ ਪਹਿਲੀ ਇਸਤਰੀ ਕਵੀ" ਵਿਚ ਕੀਤਾ ਜੋ "ਖੋਜ ਦਰਪਣ' ਵਿਚ ਛਪਿਆ। ਇਸ ਖੋਜ ਪੱਤਰ ਵਿਚ ਡਾ. ਵਿਦਿਆਰਥੀ ਨੇ ਪੀਰੋ ਪ੍ਰੇਮਣ ਦਾ ਸਮਾਂ 1832 ਤੋਂ 1882 ਤਕ ਮੰਨਿਆ ਹੈ ਅਤੇ ਉਸ ਦੀਆਂ ਦੋ ਰਚਨਾਵਾਂ ਸੈਂਟਰਲ ਸਟੇਟ ਲਾਇਬ੍ਰੇਰੀ, ਪਟਿਆਲਾ ਅਤੇ ਇਕ ਰਚਨਾ ਡਾ. ਕਰਤਾਰ ਸਿੰਘ ਸੂਰੀ ਦੇ ਨਿੱਜੀ ਪੁਸਕਾਲੇ ਵਿਚ ਹੋਣ ਦੀ ਦੱਸ ਪਾਈ। "ਡਾ. ਸ਼ਹਰਯਾਰ ਨੇ ਪੀਰੋ ਬਾਰੇ ਕਈ ਲੇਖ ਲਿਖੇ ਅਤੇ 'ਪੀਰੋ ਪ੍ਰੇਮਣ' ਨਾਟਕ ਰਾਹੀਂ ਇਕ ਵੱਡੇ ਖੇਤਰ ਤਕ ਉਸ ਦੀਆਂ ਰਚਨਾਵਾਂ ਨੂੰ ਪਹੁੰਚਾਇਆ। ਅੰਮ੍ਰਿਤਾ ਪ੍ਰੀਤਮ ਨੇ ਵੀ ਪੀਰੋ ਬਾਰੇ ਲਿਖਿਆ:
"ਰੱਬ ਨੇ ਪੀਰੋ ਨੂੰ ਹੁਸਨ, ਸ਼ਾਇਰੀ ਵੀ, ਸੰਗੀਤ ਵੀ, ਕ੍ਰਿਤ ਵੀ ਤੇ ਸਭ ਤੋਂ ਵੱਧ ਇਕ ਤਲਬ ਦਿੱਤੀ ਸੀ, ਦੁਨੀਆਂ ਵਿਚ ਦੀਨ ਨੂੰ ਲੱਭਣ ਦੀ।"
ਪੀਰੋ ਪ੍ਰੇਮਣ ਦੀ ਰਚਨਾ ਕਾਫ਼ੀਆਂ ਦੇ ਰੂਪ ਵਿਚ ਮਿਲ਼ਦੀ ਹੈ ਜਿੰਨ੍ਹਾਂ ਵਿਚ ਮੁਰਸ਼ਦ ਦੇ ਪ੍ਰਤੀ, ਪਿਆਰ, ਸਮਰਪਣ, ਸੰਸਾਰਕ ਨਾਸ਼ਮਾਨਤਾ ਅਤੇ ਵੈਰਾਗ ਦੀ ਭਾਵਨਾ ਦੇ ਨਾਲ਼-ਨਾਲ਼ ਕਿਧਰੇ ਸਮਕਾਲੀ ਸਮਾਜ ਦੇ ਵਿਭਿੰਨ ਪੱਖਾਂ ਦੀ ਝਲਕ ਵੀ ਪਾਪਤ ਹੁੰਦੀ ਹੈ। ਸਮੁੱਚੇ ਰੂਪ ਵਿਚ ਉਸ ਦੀ ਕਵਿਤਾ ਮੱਧਕਾਲੀ ਸੂਫ਼ੀ ਕਾਵਿ ਦੇ ਥੀਮਕ ਪੈਟਰਨਾਂ ਦਾ ਹੀ ਦੁਹਰਾਉ ਹੋਣ ਕਰਕੇ ਸਮਕਾਲੀ ਪੰਜਾਬੀ ਕਾਵਿ ਵਿਚ ਗਿਣਨਯੋਗ ਜਾਂ ਗੌਲਣਯੋਗ ਪਰਿਵਰਤਨ ਨਹੀ ਲਿਆਉਂਦੀਆਂ। ਉਦਾਹਰਣ ਵਜ੍ਹੋਂ ਉਸਦੀਆਂ ਕੁਝ ਪੰਕਤੀਆਂ ਪੇਸ਼ ਹਨ:
ਖੁਸ਼ੀ ਕਰੋ ਸਹੇਲੀa ਹਮ ਭਈ ਤਿਆਰੀ॥
ਪੀਰੋ ਲੈ ਮੁਰਸ਼ਦ ਕੋ ਦਰ ਸੱਚੇ ਆਈ॥
ਦੇਖ ਨਿਮਾਣੀ ਤਰਸ ਕਰ ਸਹੁ ਪਾਸ ਬਿਠਾਈ॥
-੦-
ਪੀਰੋ ਕਹਿਸੀ ਸਤਗੁਰੂ ਤੁਮ ਜਾਣੀ ਜਾਣੇ॥
ਹਿੰਦੂ ਅਮਨੇ ਸਾਹਬ ਤੇ ਯਹ ਮੁਸਲੇ ਕਾਣੇ॥
ਤੁਰਕ ਹਿੰਦੂ ਸਭ ਆਪ ਕੇ ਹਾਥ ਚੇਰੇ ਤੇਰੇ॥
ਵੀਹਵੀਂ ਸਦੀ ਦੇ ਆਰੰਭ ਵਿਚ ਸਿੰਘ ਸਭਾ ਲਹਿਰ ਪ੍ਰਭਾਵ ਅਧੀਨ ਜਿੱਥੇ ਧਾਰਮਿਕ ਸੁਧਾਰਵਾਦੀ ਦ੍ਰਿਸ਼ਟੀ ਤੋਂ ਕਈ ਅਖ਼ਬਾਰ ,ਰਸਾਲੇ ਨਿਕਲ਼ਦੇ ਹਨ, ਉਥੇ ਇਸ ਕਾਲ ਵਿਚ ਸਿੱਖ ਧਰਮ ਦੀ ਔਰਤ ਪ੍ਰਤਿ ਬਦਲਵੀਂ ਸੁਧਾਰਵਾਦੀ ਦ੍ਰਿਸ਼ਟੀ ਤੋਂ ਔਰਤਾਂ ਨਾਲ਼ ਸਬੰਧਿਤ ਕੁਝ ਰਸਾਲੇ ਵੀ ਨਿਕਲ਼ਦੇ ਹਨ ਜਿਵੇਂ 'ਪੰਜਾਬੀ ਭੈਣ' (ਫਿਰੋਜ਼ਪੁਰ, ੧੯੦੮ ਸੰਪਾਦਨ ਬੀਬੀ ਹਰਨਾਮ
ਕੌਰ) 'ਇਸਤਰੀ ਸਤਿਸੰਗ' (ਅੰਮ੍ਰਿਤਸਰ ੧੯੦੪), 'ਇਸਤਰੀ ਸਮਾਚਾਰ' ( ਕੋਇਟਾ ੧੯੦੮ ਸੰਪਾਦਨ ਬੀਬੀ ਰਾਜਿੰਦਰ ਕੌਰ) , ਇਸਤਰੀ ਸੁਧਾਰ (੧੯੨੪ ਭਾਗ ਸਿੰਘ), 'ਫੁਲੇਰਨ' (੧੯੨੩ ਹੀਰਾ ਸਿੰਘ ਦਰਦ ਅਤੇ ਰਾਜਿੰਦਰ ਕੌਰ)। ਇਹਨਾਂ 'ਚੋਂ ਵਧੇਰੇ ਪਰਚਿਆਂ ਦਾ ਸੰਪਾਦਨ ਔਰਤਾਂ ਦੇ ਹੱਥਾਂ ਵਿਚ ਸੀ। ਅਜਿਹੀਆਂ ਕਵਿਤਾਵਾਂ ਵਿਚ ਇਸਤਰੀਆਂ ਨੂੰ ਪ੍ਰੰਪਰਾਗਤ ਧਾਰਮਿਕ ਸਦਾਚਾਰਕ ਮਾਹੌਲ ਅਨੁਸਾਰ ਹੀ ਆਪਣੇ ਜੀਵਨ ਨੂੰ ਆਦਰਸ਼ਿਆਉਣ ਉਪਰ ਜੋਰ ਦਿੱਤਾ ਜਾਂਦਾ ਸੀ। ਭਾਵੇਂ ਕਥਨ ਦੀ ਪੱਧਰ 'ਤੇ ਹੇਠ ਲਿਖੇ ਅਨੁਸਾਰ ਪੰਕਤੀਆਂ ਵੀ ਪ੍ਰਾਪਤ ਹੁੰਦੀਆਂ ਹਨ:
ਹੱਕ ਅਸਾਂ ਦੇ ਅਸਾਂ ਨੂੰ ਮਿਲਨ ਵਾਪਸ
ਐਸਾ ਡਟ ਕੇ ਮੋਰਚਾ ਲਾਉ ਭੈਣੋ।
ਇਸ ਪ੍ਰਕਾਰ ਅਰੰਭਕ ਕਾਲ ਦੀ ਨਾਰੀ ਸਿਰਜਣਾਤਮਿਕਤਾ ਜਿਥੇ ਇਕ ਪਾਸੇ ਨਿਸ਼ਚਿਤ ਧਾਰਮਿਕ-ਸਮਾਜਿਕ ਵਿਵਸਥਾ ਦੇ ਅੰਤਰਗਤ ਨਾਰੀ ਵੱਲ ਸਹਾਨਾਭੂਤੀ ਦਾ ਰੂਪ ਅਖ਼ਤਿਆਰ ਕਰਨ ਪ੍ਰਤੀ ਉਤਸ਼ਾਹਿਤ ਕਰਦੀ ਸੀ ਦੂਜੇ ਪਾਸੇ ਸਥਾਪਿਤ ਪੈਤਰਿਕ ਧਾਰਮਿਕ-ਸਮਾਜਿਕ ਵਿਵਸਥਾ ਨੂੰ ਸਿਰਫ਼ ਤਸਲੀਮ ਹੀ ਨਹੀਂ ਕਰਦੀ ਸਗੋਂ ਇਸ ਨੂੰ ਪ੍ਰਪੱਕ ਕਰਦਿਆਂ ਇਸ ਦੇ ਅੰਤਰਗਤ ਹੀ ਕੁਝ ਰਿਆਇਤਾਂ ਪ੍ਰਾਪਤ ਕਰਨ ਤਕ ਸੀਮਤ ਸੁਧਾਰਵਾਦੀ ਦ੍ਰਿਸ਼ਟੀ ਵੀ ਰੱਖਦੀ ਸੀ। ਇਸ ਦੌਰ ਦੀ ਨਾਰੀ-ਸਿਰਜਕ ਆਪਣੀ ਨਿਵੇਕਲੀ ਪਛਾਣ ਬਣਾਂਉਣੀ ਸਗੋਂ ਮਰਦ ਦੇ ਪ੍ਰਛਾਵੇਂ ਹੇਠ ਹੀ ਵਿਚਰਦੀ ਹੈ।
ਨਾਰੀ ਕਵਿਤਰੀ ਵਜ੍ਹੋਂ ਵਿਲੱਖਣ ਪਛਾਣ ਕਇਮ ਕਰਨ ਵਾਲ਼ੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਨੂੰ ਹੀ ਮੰਨਿਆ ਜਾ ਸਕਦਾ ਹੈ ਜਿਸ ਨੇ ਇਸਤਰੀ ਜੀਵਨ ਦੇ ਯਥਾਰਥ ਨੂੰ ਜਿੱਥੇ ਬਹੁਵਿਧਾਈ ਰੂਪ ਵਿਚ ਪ੍ਰਸਤੁਤ ਕੀਤਾ ਉਥੇ ਇਸ ਨੂੰ ਬਹੁਪਸਾਰੀ ਪੱਧਰ 'ਤੇ ਵੀ ਪ੍ਰਸਤੁਤ ਕੀਤਾ। ਭਾਵੇਂ ਇੱਕ ਨਾਵਲਕਾਰ, ਕਹਾਣੀਕਾਰ ਅਤੇ ਸਵੈ-ਜੀਵਨੀਕਾਰ ਵਜੋਂ ਵੀ ਉਹ ਚਰਚਿਤ ਰਹੀ ਹੈ ਪਰ ਉਸ ਦੀ ਅਸਲ ਪ੍ਰਸਿੱਧੀ ਇਜ ਕਵਿਤਰੀ ਵਜ੍ਹੋਂ ਹੀ ਹੈ।ਪ੍ਰਮਿੰਦਰ ਸਿੰਘ ਤੇ ਕਿਰਪਾਲ ਸਿੰਘ ਨੇ ਆਪਣੀ ਪੁਸਤਕ 'ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ' ਵਿਚ ਲਿਖਿਆ ਹੈ:
"ਅੰਮ੍ਰਿਤਾ ਦੀ ਕਵਿਤਾ ਵਿਚ ਇਸਤਰੀ ਭਾਵ ਪੂਰੀ ਤੀਬਰਤਾ ਤੇ ਸੁਹਿਰਦਤਾ ਨਾਲ਼ ਉੱਘੜੇ ਹਨ ਅਤੇ ਏਸੇ ਲਈ ਉਸ ਨੂੰ ਪੰਜਾਬੀ ਇਸਤਰੀ ਦੀ ਆਵਾਜ਼ ਕਿਹਾ ਜਾਂਦਾ ਹੈ।"
ਡਾ. ਪ੍ਰੇਮ ਸਿੰਘ ਉਸ ਨੂੰ "ਇਸਤਰੀ ਦੀ ਸੱਚੀ ਤਰਜ਼ਮਾਨ ਤੇ ਇਸਤਰੀਆਂ ਦੀ ਸੁੱਘੜ ਰੇਖਾਕਾਰ" ਆਖਿਆ ਹੈ।
ਅੰਮ੍ਰਿਤਾ ਪ੍ਰੀਤਮ ਦੇ ਕਾਵਿ-ਸਫ਼ਰ ਦਾ ਆਰੰਭਿਕ ਦੌਰ ਸਿੱਖ ਸੁਧਾਰਵਾਦ ਤੋਂ ਹੀ ਪ੍ਰਭਾਵਿਤ ਸੀ ਪਰ ਬਾਅਦ ਵਿੱਚ ਇਹ ਪ੍ਰਗਤੀਵਾਦ, ਪ੍ਰਯੋਗਵਾਦ, ਆਧੁਨਿਕਤਾਵਾਦ ਆਦਿ ਕਾਵਿ ਧਾਰਾਵਾਂ ਦੇ ਅੰਤਰਗਤ ਵਿਚਰਦਿਆਂ ਨਾਰੀ ਸੰਵੇਦਨਾ ਅਤੇ ਨਾਰੀ ਜੀਵਨ ਦੇ ਸਰੋਕਾਰਾਂ ਦੁਆਲ਼ੇ ਹੀ ਕੇਂਦ੍ਰਿਤ ਰਹਿੰਦਾ ਹੈ।ਅੰਮ੍ਰਿਤਾ ਪ੍ਰੀਤਮ ਦਾ ਪ੍ਰਥਮ ਕਾਵਿ-ਸੰਗ੍ਰਿਹ 'ਠੰਡੀਆਂ ਕਿਰਨਾ' ੧੯੩੫ ਵਿੱਚ ਛਪਿਆ।
ਅੰਮ੍ਰਿਤਾ ਵਿਚ ਵਿਲੱਖਣਤਾ ਇਹ ਹੈ ਕਿ ਇੱਕ ਪਾਸੇ ਤਾਂ ਇਹ ਕਾਵਿ ਆਧੁਨਿਕ ਪੰਜਾਬੀ ਕਾਵਿ ਵਿਚ ਪ੍ਰਚਲਿਤ ਤਕਰੀਬਨ ਸਾਰੀਆਂ ਕਾਵਿ ਧਾਰਾਵਾਂ ਦੇ ਅੰਤਰਗਤ ਪ੍ਰਵਾਹਮਾਨ ਹੁੰਦਾ ਹੈ ਅਤੇ ਦੂਜੇ ਪਾਸੇ ਹਰ ਕਾਵਿ-ਧਾਰਾ ਅਧੀਨ ਵਿਚਰਦਿਆਂ ਇਹ ਨਾਰੀ ਜੀਵਨ ਅਤੇ ਸਮਾਜਿਕ-ਯਥਾਰਥ ਦੇ ਦਵੰਦਾਤਮਕ ਸਬੰਧਾਂ ਨੂੰ ਹੀ ਆਪਣੇ ਫੋਕਸ ਅਧੀਨ ਰੱਖਦਾ ਹੈ। ਇਸ ਇਸ ਪ੍ਰਕਾਰ ਉਸਦੇ ਕਾਵਿ ਦੇ ਜਿਹੜੇ ਸਰੋਕਾਰ ਨਾਰੀ ਨਾਰੀਜੀਵਨ ਸਿੱਧੇ ਰੂਪ ਵਿਚ ਜੁੜੇ ਹੋਏ ਦਿਖਾਈ ਨਹੀ ਦਿੰਦੇ,ਉਨ੍ਹਾਂ ਦੀ ਤੰਦ ਵੀ ਨਾਰੀ ਸੰਵੇਦਨਾ ਦੇ ਕਿਸੇ ਨਾ ਕਿਸੇ ਪੱਖ ਨਾਲ਼ ਜੁੜਦੀ ਹੈ। ਉਸਦੇ ਕਾਵਿ ਦਾ ਆਰੰਭਕ ਦੌਰ ਧਾਰਮਿਕ-ਸੁਧਾਰਵਾਦੀ ਦੌਰ ਆਖਿਆ ਜਾ ਸਕਦਾ ਹੈ। 'ਠੰਡੀਆਂ ਕਿਰਨਾ', 'ਅੰਮ੍ਰਿਤ ਲਹਿਰਾਂ', 'ਤ੍ਰੇਲ਼ ਧੋਤੇ ਫੁੱਲ' ਆਦਿ ਇੱਸ ਸ਼੍ਰੇਣੀ ਵਿਚ ਗਿਣੇ ਜਾ ਸਕਦੇ ਹਨ। 'a ਗੀਤਾਂ ਵਾਲ਼ਿਆ', 'ਲੋਕ ਪੀੜਾਂ', 'ਪੱਥਰ ਗੀਟੇ', 'ਲੰਮੀਆਂ ਵਾਟਾਂ', 'ਸਰਘੀ ਵੇਲਾ', 'ਸੁਨੇਹੜੇ' ਆਦਿ ਪ੍ਰਗਤੀਵਾਦੀ ਚੇਤਨਾ ਅਧੀਨ ਗਿਣੇ ਜਾ ਸਕਦੇ ਹਨ।ਭਾਵੇਂ ਇਹਨਾਂ ਵਿਚ ਰੁਮਾਂਸ ਦਾ ਰੰਗ ਵੀ ਹੈ।
ਅੰਮ੍ਰਿਤਾ ਪ੍ਰੀਤਮ ਕਾਵਿ ਨਾਰੀ ਦੁਆਰਾ ਨਾਰੀ ਬਾਰੇ ਰਚਿਆ ਕਾਵਿ ਆਖਿਆ ਜਾ ਸਕਦਾ ਹੈ ਜਿਸ ਨੇ ਮਰਦ-ਪ੍ਰਧਾਨ ਸਮਾਜ ਵਿਚ ਨਾਰੀ ਉੱਤੇ ਥੋਪੀ ਗਈ ਗ੍ਰਹਿਸਥ ਮਰਿਆਦਾ, ਪ੍ਰਤੀਬ੍ਰਤ ਅਤੇ ਆਚਰਨਿਕ ਪਾਵਨਤਾ ਨੂੰ ਕਟਾਖਸ਼ ਦਾ ਸ਼ਿਕਾਰ ਬਣਾਇਆ:
ਅੰਨ ਦਾਤਾ
ਮੈਂ ਚੰਮ ਦੀ ਗੁੱਡੀ, ਖੇਡ ਲੈ, ਖਿਡਾ ਲੈ
ਲਹੂ ਦਾ ਪਿਆਲਾ, ਪੀ ਲੈ ਪਿਲਾ ਲੈ
ਤੇਰੇ ਸਾਹਵੇਂ ਖੜੀ ਹਾਂ ਵਰਤਣ ਦੀ ਸ਼ੈ
ਜਿਵੇਂ ਚਾਹੇਂ ਵਰਤ ਲੈ
-੦-
ਜਿਸਮਾਂ ਦਾ ਵਿਉਪਾਰ
ਤੱਕੜੀ ਦੇ ਛਾਬਿਆਂ ਵਾਕੁਰ ਇਕ ਮਰਦ ਇਕ ਨਾਰ
ਰੋਜ਼ ਤੋਲਦੇ ਮਾਸ, ਰੋਜ਼ ਤੋਲਦੇ ਲਹੂ
ਨਿਰਸ਼ੰਦੇਹ ਅੱਜ ਤੋਂ ਅੱਧੀ ਸਦੀ ਪਹਿਲਾਂ ਮਰਦ-ਪ੍ਰਧਾਨ ਸਮਾਜ ਵਿਚ ਇਕ ਇਸਤਰੀ ਦੁਆਰਾ ਅਜਿਹੀ ਸ਼ਬਦਾਵਲੀ ਪ੍ਰਚਲਿਤ ਰਵਾਇਤਾਂ, ਸਬੰਧਾਂ ਨੂੰ ਲਲਕਾਰਨਾਂ ਬਹੁਤ ਜ਼ੋਖਮ ਭਰਿਆ ਕੰਮ ਸੀ।
ਅੰਮ੍ਰਿਤਾ ਤੋਂ ਬਾਅਦ ਪ੍ਰਭਜੋਤ ਕੌਰ ਦੂਜੀ ਕਵਿੱਤਰੀ ਹੈ ਜਿਸ ਨੇ ਇਸਤਰੀ ਮਨ ਦੀਆਂ ਉਮੰਗਾਂ, ਸੱਧਰਾਂ ਨੂੰ ਕਵਿਤਾ ਦਾ ਵਿਸ਼ਾ ਬਣਾਇਆ। ਉਸਦੀ ਪਹਿਲੀ ਕਾਵਿ ਪੁਸਤਕ 'ਲਟ ਲਟ ਜੋਤ ਜਗੇ' 1943 ਵਿਚ ਛਪੀ। (ਚਲਦਾ)
ਸੁਨੀਤਾ ਸ਼ਰਮਾ (ਡਾ।)
ਐਸੋਸੀਏਟ ਪ੍ਰੋ। ਡੀ।ਏ।ਵੀ। ਕਾਲਿਜ ਫਿਰੋਜ਼ਪੁਰ


No comments:

Post a Comment