Tuesday, December 13, 2011

ਪਰਛਾਵਾਂ : ਜਤਿੰਦਰ ਸਿੰਘ ਔਲ਼ਖ


ਮੈਂ ਤੁਹਾਡੀ ਮਦਮਸਤ
ਸ਼ੋਖ ਚਾਲ 'ਚ
ਅੜਿਕਾ ਨਹੀਂ ਯਾਰੋ
ਮੈਂ ਤਾਂ ਬਸ ਪਰਛਾਵਾਂ ਹਾਂ
ਬੁਝ ਜਾਵਾਂਗਾ ਢਲ਼ਦੇ ਸੂਰਜ ਸੰਗ
ਜਾਣਦਾ ਹਾਂ ਗੁਨਾਹਗਾਰ ਹਾਂ
ਵੇਖਦਾ ਹਾਂ ਤਿਤਲੀਆਂ ਦੇ ਨਰਮ ਪੰਖਾਂ ਦੀ
ਫੜ੍ਹਫੜਾਹਟ ਦਾ ਖਾਬ
ਮੈਂ ਜੰਗਲ ਦੀ ਦਲਦਲੀ ਨੁੱਕਰੇ
ਉਗਿਆ ਅੱਕ ਹਾਂ
ਖਜੂਰਾਂ ਤੋਂ ਚਿਉਂਦਾ ਹੈ ਸ਼ਹਿਦ ਰਸ
ਰੇਤਾ 'ਚ ਰੀਂਗਦੇ ਨੇ
ਕੀਟਾਂ ਦੇ ਨਸੀਬ
ਕੁਝ ਤਾਂ ਹਲਚਲ ਕਰਾਂਗਾ
ਆਖ਼ਿਰ ਸਮੁੰਦਰ ਦੀ ਅੰਦਰਲੀ ਸਤਿਹ 'ਚ
ਲੁਕਿਆ ਜਵਾਰਭਾਟਾ ਹਾਂ
ਨਾ ਸਮਝ ਵੇਗ ਦਾ ਖੌਲ਼ਦਾ ਹਉਕਾ
ਵਰਤਮਾਨ ਦੀ ਕਿਤਾਬ 'ਚੋਂ ਯਾਰੋ
ਪਾੜ ਦਿਉ ਵਰਕੇ ਵਾਂਗ
ਮੈਂ ਬੇਕਿਰਕ ਇਤਿਹਾਸ ਦਾ
ਅਤਿ ਨਫ਼ਰਤਯੋਗ ਕਾਂਡ ਹਾਂ
ਜਾਂ ਵਾਢੀਆਂ ਦੀ ਰੁੱਤੇ
 ਪਨਪਣ ਦਾ ਸੁਪਨਾ ਹਾਂ

ਜੋ ਵੇਖਿਆ ਸੋ ਆਖਿਆ: ਗਿਆਨੀ ਸੰਤੋਖ ਸਿੰਘ

ਇੱਕ ਦਿਲਚਸਪ ਪੁਸਤਕ-'ਜੋ ਵੇਖਿਆ ਸੋ ਆਖਿਆ'
ਨਿੰਦਰ ਘੁਗਿਆਣਵੀ

ਇਕ ਦਿਲਚਸਪ ਪੁਸਤਕ 'ਜੋ ਵੇਖਿਆ ਸੋ ਆਖਿਆ' ਜਦ ਮੈ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਤੋਂ, ਇਸ ਦੇਸ਼ ਦੀ
ਰਾਜਧਾਨੀ ਕੈਨਬਰਾ ਨੂੰ ਜਾਣ ਵਾਲ਼ੀ ਬੱਸ ਵਿਚ ਬੈਠਾ ਤਾਂ ਮੇਰੇ ਹੱਥ ਵਿਚ ਗਿਆਨੀ ਸੰਤੋਖ ਸਿੰਘ ਰਚਿਤ ਇਹ ਪੁਸਤਕ ਸੀ। ਇਹ ਗਿਆਨੀ
ਜੀ ਨੇ ੧੭ ਜੁਲਾਈ ਦੇ ਦਿਨ ਮੇਰੇ ਮਿੱਤਰ ਸ. ਅਮਰਜੀਤ ਸਿੰਘ ਖੇਲਾ ਦੇ 'ਯੂਨੀਕ ਇੰਟਰਨੈਸ਼ਨਲ ਕਾਲਜ' ਵਿਚ ਬੈਠਿਆਂ 'ਨਿਘੇ ਸਨੇਹ
ਸਹਿਤ' ਲਿਖ ਕੇ ਪਿਆਰ ਵਜੋਂ ਭੇਟਾ ਕੀਤੀ ਸੀ। ਮੈ ਇਸ ਪੁਸਤਕ ਨੂੰ ਬੜੀ ਛੇਤੀ ਨਾਲ਼ ਪੜ੍ਹਨਾ ਚਾਹੁੰਦਾ ਸਾਂ ਕਿਉਂਕਿ ਗਿਆਨੀ ਸੰਤੋਖ
ਸਿੰਘ ਹੋਰਾਂ ਦੀ ਕੋਈ ਵੀ ਲਿਖਤ, ਕਿਤੇ ਵੀ, ਕਦੋਂ ਵੀ ਪ੍ਰਕਾਸ਼ਤ ਹੋਈ ਮੇਰੀ ਨਿਗਾਹ ਵਿਚ ਆ ਜਾਂਦੀ ਹੈ ਤਾਂ ਮੈ ਉਸ ਨੂੰ ਬੜੀ ਦਿਲਚਸਪੀ,
ਉਤਸੁਕਤਾ ਅਤੇ ਉਤਸ਼ਾਹ ਨਾਲ਼ ਪੜ੍ਹਦਾ ਹਾਂ। ਇਸ ਦਾ ਇਕ ਪਰਮੁਖ ਕਾਰਨ ਇਹ ਵੀ ਹੈ ਕਿ ਉਹਨਾਂ ਦੀ ਆਪਣੀ ਹਸਤੀ ਮੁਤਾਬਿਕ
ਉਹਨਾਂ ਦੀ ਹਰ ਲਿਖਤ ਵਿਚ ਸੰਜਮਤਾ, ਸੰਖੇਪਤਾ, ਸਰਲਤਾ, ਸੰਜੀਦਗੀ ਅਤੇ ਸੁਹਿਰਦਤਾ ਸੰਜੋਈ ਹੋਈ ਹੁੰਦੀ ਹੈ। ਮੈ ਮਹਿਸੂਸ ਕਰਦਾ ਹਾਂ
ਕਿ ਗਿਆਨੀ ਸੰਤੋਖ ਸਿੰਘ ਦੀ ਲਿਖਤ ਆਪਣੇ ਆਪ ਵਿਚ ਇਸ ਕਾਰਨ ਵੀ ਦਿਲਚਸਪ ਹੁੰਦੀ ਹੈ ਕਿ ਉਹ ਗੰਭੀਰਤਾ ਬਣਾਈ ਰੱਖਣ ਦੇ
ਬਾਵਜੂਦ ਵੀ ਆਪਣੀ ਲਿਖਤ ਵਿਚ ਨਾਲ਼ੋ ਨਾਲ਼ ਹਲਕਾ ਹਲਕਾ ਕਟਾਕਸ਼ ਵੀ ਕਰਦੇ ਜਾਂਦੇ ਹਨ।
ਸੰਨ ੨੦੦੮ ਵਿਚ ਗਿਆਨੀ ਜੀ ਦੀ ਈ-ਮੇਲ ਮਿਲ਼ੀ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਧਾਰੇ ਹੋਏ ਹਨ। ਉਹਨਾਂ ਕੁ
ਦਿਨਾਂ ਵਿਚ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮੇਰੀ ਇਕ ਪੁਸਤਕ 'ਲੋਕ ਗਾਇਕ' ਦੀ ਪ੍ਰਕਾਸ਼ਨਾ ਹੋਣੀ ਸੀ। ਇਸ ਸਿਲਸਿਲੇ ਵਿਚ
ਮੈ ਯੂਨੀਵਰਸਿਟੀ ਦੇ ਪ੍ਰੈਸ ਵਿਚ ਗਿਆ ਤਾਂ ਮੇਰੇ ਪਾਸ ਕੁਝ ਘੰਟਿਆਂ ਦੀ ਵੇਹਲ ਸੀ। ਸੋਚਿਆ ਕਿ ਕਿਉਂ ਨਾ ਗਿਆਨੀ ਜੀ ਦੇ ਦਰਸ਼ਨ
ਪਰਸ ਲਏ ਜਾਣ! ਮੇਰੇ ਵੱਲੋਂ ਫ਼ੋਨ ਕਰਨ ਦੇ ਇਕ ਘੰਟੇ ਬਾਅਦ ਗਿਆਨੀ ਜੀ ਆਣ ਪਰਗਟ ਹੋਏ। ਪ੍ਰੈਸ ਦੀ ਕੈਨਟੀਨ ਤੋਂ ਚਾਹ ਪਾਣੀ
ਛਕਿਆ ਅਤੇ ਖ਼ੂਬ ਗੱਲਾਂ ਕੀਤੀਆਂ। ਮੈਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਆਪ ਵਿਚ ਇਕ ਚੱਲਦਾ ਫਿਰਦਾ ਵਿਸ਼ਵ ਵਿਦਿਆਲਾ
ਹਨ। ਆਸਟ੍ਰੇਲੀਆ ਵਿਚ ਆ ਕੇ ਇਹ ਵੀ ਪਤਾ ਲੱਗਾ ਕਿ ਸਿਡਨੀ ਦੇ ਨੌਜਵਾਨਾਂ ਨੇ ਗਿਆਨੀ ਜੀ ਨੂੰ 'ਵਾਕਿੰਗ ਇਨਸਾਇਪੀਡੀਆ ਆਫ਼
ਸਿੱਖਇਜ਼ਮ' ਅਤੇ ਮੈਲਬਰਨ ਵਾਲ਼ਿਆਂ ਨੇ 'ਸਾਈਬਰ ਗਿਆਨੀ' ਦੇ ਖ਼ਿਤਾਬ ਦੇ ਰੱਖੇ ਹਨ। ਮੈ ਸਮਝਦਾ ਹਾਂ ਕਿ ਜ਼ਿੰਦਗੀ ਵਿਚ ਬਹੁਤ ਘੱਟ
ਵਾਰੀ ਬਹੁਤ ਘੱਟ ਲੋਕਾਂ ਨਾਲ਼ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਆਪਣੇ ਆਪ ਵਿਚ ਇਕ ਸੰਸਥਾ ਦਾ ਰੂਪ ਧਾਰਨ ਕਰ ਜਾਂਦੇ ਹਨ। ਜ਼ਿੰਦਗੀ ਦੇ
ਬਿਖੜੇ ਰਾਹ, ਲੰਮੇਰੇ ਪੰਧ, ਤਲਖ ਤਜੱਰਬੇ, ਝਮੇਲੇ ਬੰਦੇ ਨੂੰ ਪੱਕਾ ਤਾਂ ਕਰਦੇ ਹੀ ਹਨ, ਨਾਲ਼ੋ ਨਾਲ਼ ਇਕ ਅਹਿਸਾਸੀ ਮਨੁਖ ਦੇ ਰੂਪ ਵਿਚ
ਵੀ ਤਬਦੀਲ ਕਰ ਦਿੰਦੇ ਹਨ। ਵੱਡਿਆਂ ਦੀ ਸੰਗਤ ਦੀ ਰੰਗਤ ਹੋਰ ਵੀ ਅਨੋਖਾ ਰੰਗ ਭਰ ਦਿੰਦੀ ਹੈ; ਅਜਿਹਾ ਜ਼ਿੰਦਗੀ ਵਿਚ ਗਿਆਨੀ ਜੀ
ਨੇ ਵੇਖਿਆ, ਸੁਣਿਆ, ਮਾਣਿਆ, ਪਰਖਿਆ, ਨਿਰਖਿਆ ਅਤੇ ਪਿੰਡੇ ਤੇ ਹੰਡਾਇਆ ਹੈ।
ਸਾਡੀ ਦੂਜੀ ਮਿਲਣੀ ਮੇਰੀ ਹੁਣ ਆਸਟ੍ਰੇਲੀਆ ਦੀ ਯਾਤਰਾ ਸਮੇ ਹੋਈ। ਗਿਆਨੀ ਜੀ ਬਾਰੇ ਇਕ ਛੋਟੇ ਆਕਾਰ ਦੀ ਪੁਸਤਕ
' ਬਹੁਪੱਖੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ' (ਸੰਪਾਦਕ ਹਰਭਜਨ ਸਿੰਘ ਵਕਤਾ) ਗਿਆਨੀ ਜੀ ਨੇ 'ਕਲ਼ੇਜੇ ਦੀਆਂ
ਡੂੰਘਿਆਈਆਂ ਵਿਚੋਂ ਨਿਕਲ਼ੇ ਨਿਘੇ ਪਿਆਰ ਨਾਲ਼' ਲਿਖ ਕੇ ਦਿਤੀ। ਇਹ ਪੁਸਤਕ ਪੜ੍ਹ ਕੇ ਮੈ ਮਹਿਸੂਸ ਕੀਤਾ ਕਿ ਇਸ ਹਸਤੀ ਬਾਰੇ
ਇਹ ਯਤਨ ਤਾਂ ਬਹੁਤ ਚੰਗਾ ਹੈ ਪਰ ਗਿਆਨੀ ਜੀ ਦੀ ਸਖ਼ਸੀਅਤ ਦੀ ਉਚਿਆਈ ਤੱਕ ਨਹੀ ਪਹੁੰਚਦਾ। ਸੰਪਾਦਨ ਦਾ ਕਾਰਜ ਬਹੁਤ
ਬਿਖੜਾ ਹੁੰਦਾ ਹੈ। ਜਿਸ ਦਾ ਮੈਨੂੰ ਨੇੜਿਉਂ ਤਜੱਰਬਾ ਹੈ। ਕਿਸੇ ਬਾਰੇ ਕਿਸੇ ਤੋਂ ਕੁਝ ਲਿਖਵਾਉਣਾ ਤੇ ਸੰਪਾਦਤ ਕਰਨਾ ਸੌਖਾ ਕਾਰਜ ਨਹੀ। ਮੈ
ਮਹਿਸੂਸ ਕਰਦਾ ਹਾਂ ਕਿ ਗਿਆਨੀ ਸੰਤੋਖ ਸਿੰਘ ਦੀ ਹੁਣ ਤੱਕ ਦੀ ਰਚੀ ਵਾਰਤਕ ਨੂੰ ਪੰਜਾਬ ਦਾ ਕੋਈ ਵਿਦਵਾਨ ਪੁਣੇ, ਛਾਣੇ ਤੇ ਉਹਨਾਂ ਦੇ
ਜੀਵਨ ਤੇ ਸ਼ਖ਼ਸੀਅਤ ਬਾਰੇ ਬੜੇ ਸੋਹਣੇ ਢੰਗ ਨਾਲ਼ ਮੁਤਾਲਿਆ ਕਰਕੇ, ਇਕ ਠੋਸ ਦਸਤਾਵੇਜ਼ੀ ਪੁਸਤਕ ਦੀ ਰਚਨਾ ਕਰੇ।
ਗੱਲ ਛੇੜੀ ਸੀ ਕੈਨਬਰਾ ਜਾਂਦਿਆਂ 'ਜੋ ਵੇਖਿਆ ਸੋ ਆਖਿਆ' ਪੁਸਤਕ ਪੜ੍ਹਨ ਦੀ। ਇਹ ਵਾਰਤਕ ਦੀ ਇਕ ਵਧੀਆ ਵੰਨ ਸੁਵੰਨੀ
ਵੰਨਗੀ ਹੈ। ਇਸ ਵਿਚ ਗਿਆਨ, ਯਾਦਾਂ, ਇਤਿਹਾਸ, ਸਫ਼ਰਨਾਮਾ ਆਦਿ ਸਿਨਫਾਂ ਦੇ ਦੀਦਾਰ ਹੁੰਦੇ ਹਨ ਅਤੇ ਗਿਆਨੀ ਜੀ ਦੀ ਗੂਹੜੀ ਤੇ
ਗੁੜ੍ਹੀ ਹੋਈ ਸ਼ਖ਼ਸੀਅਤ ਸਾਕਾਰ ਰੂਪ ਵਿਚ ਅੱਖਾਂ ਅੱਗੇ ਆ ਖਲੋਂਦੀ ਹੈ। ਲੰਮੇ ਚਾਰ ਦਹਾਕਿਆਂ ਦੇ ਸਮੇ ਤੋਂ ਪੰਜਾਬੋਂ ਬਾਹਰ ਵੱਸ ਕੇ ਵੀ
ਪ੍ਰੰਪਰਾਗਤ ਪੰਜਾਬ ਦਾ ਜੀਵਨ ਗਿਆਨੀ ਜੀ ਤੋਂ ਇਕ ਪਲ ਵੀ ਨਹੀ ਵਿਸਰਿਆ। ਜਦੋਂ ਉਹ 'ਘੜਾ ਘੜਵੰਜੀ ਤੇ' ਦੀ ਗੱਲ ਕਰਦੇ ਹਨ ਤਾਂ
ਪੰਜਾਬ ਦੇ ਭੁੱਲੇ ਵਿਸਰੇ ਅਤੇ ਅਣਮੁੱਲੇ ਲੋਕ ਗੀਤਾਂ ਦਾ ਪੂਰੇ ਵੇਰਵੇ ਸਹਿਤ ਜ਼ਿਕਰ ਕਰਕੇ, ਪੰਜਾਬ ਦੇ ਬੀਤ ਗਏ ਦਿਨਾਂ ਵਿਚ ਲੈ ਜਾਂਦੇ
ਹਨ। ਗਿਆਨੀ ਜੀ 'ਭੁੱਲ ਕੇ ਛੜੇ ਨੂੰ ਅੱਖ ਮਾਰੀ' ਤੋਂ ਸ਼ੁਰੂ ਕਰਕੇ ਆਪਣੇ ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ
ਨੌਕਰੀ ਦੀਆਂ ਯਾਦਾਂ ਅਤੇ ਕੌਮ ਦੇ ਘਾਗ ਸਿਆਸਤਦਾਨਾਂ ਨਾਲ਼ ਦੂਰੋਂ ਨੇੜਿਉਂ ਹੋਏ ਮੇਲ ਮਿਲਾਪ, ਟੀਕਾ ਟਿਪਣੀਆਂ ਅਤੇ ਸਾਂਝੇ ਮੰਚਾਂ ਦਾ
ਬੜੇ ਉਤਸ਼ਾਹ ਨਾਲ ਜ਼ਿਕਰ ਕਰਦੇ ਜਾਂਦੇ ਹਨ। ਉਹਨਾਂ ਨੇ ਸੀਨੀਅਰ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਜੀ ਨੂੰ ਬੜਾ ਨਿੱਗਰ ਸੁਝਾ ਦਿਤਾ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 'ਮਿਨੀ ਸਿੱਖ ਪਾਰਲੀਮੈਂਟ' ਕਹਿਣਾ ਢੁਕਵਾਂ ਨਹੀ। ਏਵੇਂ ਹੀ ਇਸ ਪੁਸਤਕ ਵਿਚ: ਸਿੱਖ
ਆਗੂਆਂ ਦੀਆਂ ਅਸਚਰਜ ਬੇਪਰਵਾਹੀਆਂ, ਪੰਜ ਸਿੱਖਾਂ ਦਾ ਸਨਮਾਨ, ਅਨਪੜ੍ਹ ਸਿੰਘਾ ਆਦਿ ਲੇਖ ਪਾਠਕਾਂ ਦਾ ਉਚੇਚਾ ਧਿਆਨ ਖਿੱਚਦੇ
ਹਨ।
ਇਸ ਪੁਸਤਕ ਦਾ ਆਖਰੀ ਲੇਖ 'ਇਉਂ ਹੋਇਆ 'ਸਵਾਗਤ' ਮੇਰੀਆਂ ਲਿਖਤਾਂ ਦਾ' ਮੈਨੂੰ ਸਭ ਤੋਂ ਵਧ ਦਿਲਚਸਪ
ਲੱਗਿਆ। ਇਸ ਲੇਖ ਵਿਚ ਗਿਆਨੀ ਜੀ ਬਹੁਤ ਬੇਬਾਕ ਤੇ ਇਮਾਨਦਾਰ ਹਨ। ਉਹ ਸਫ਼ਰ ਤੇ ਗਏ। ਇਕ ਗੁਰੂ ਘਰ ਦੇ ਪ੍ਰਬੰਧਕ ਉੜੀ
ਉੜੀ ਕਰਕੇ ਉਹਨਾਂ ਦੇ ਮਗਰ ਇਸ ਲਈ ਪੈ ਗਏ ਕਿ ਗਿਆਨੀ ਜੀ ਨੇ ਆਪਣੀ ਦੂਜੀ ਕਿਤਾਬ 'ਉਜਲ ਕੈਹਾਂ ਚਿਲਕਣਾ' ਵਿਚ ਉਹਨਾਂ ਨੂੰ
ਨਾ ਚੰਗੀ ਲੱਗਣ ਵਾਲ਼ੀ ਗੱਲ ਲਿਖ ਦਿਤੀ। ਗਿਆਨੀ ਜੀ ਆਪਣੇ ਭਾਸ਼ਨ ਵਾਂਗ ਹੀ ਲਿਖਤਾਂ ਵਿਚ ਵੀ ਬਿਨਾ ਕਿਸੇ ਲੱਗ ਲਬੇੜ ਦੇ ਸੱਚ ਹੀ
ਲਿਖ ਦਿੰਦੇ ਹਨ ਜੋ ਕਿ ਕਈ ਵਾਰ ਧਾਰਮਿਕ ਸਥਾਨਾਂ ਦੇ ਚੌਧਰੀਆਂ ਦੇ ਫਿੱਟ ਨਹੀ ਬੈਠਦਾ। ਉਹ ਕੁਝ ਕਸੈਲਾ ਜਿਹਾ ਹੋਣ ਕਰਕੇ ਕਿਸੇ ਨਾ
ਕਿਸੇ ਦੇ ਗਿੱਟੇ ਜਾਂ ਗੋਡੇ ਤੇ ਜਾ ਵੱਜਦਾ ਹੈ ਤੇ ਉਹਨਾਂ ਦਾ ਹਾਜਮਾ ਦਰੁਸਤ ਨਹੀ ਰਹਿੰਦਾ। ਗਿਆਨੀ ਜੀ ਵੀ ਪੂਰੇ ਹਠੀ ਹਨ। ਉਹ ਹਰੇਕ
ਥਾਂ ਜਾਂਦੇ ਹੋਏ ਕੁਝ ਕਿਤਾਬਾਂ ਝੋਲ਼ੇ ਵਿਚ ਪਾ ਲਿਜਾਂਦੇ ਹਨ। ਚੰਗਾ ਹੋਵੇ ਕਿ ਉਹ ਅਜਿਹੇ ਸੱਜਣਾਂ ਦਾ ਹਾਜਮਾ ਦਰੁਸਤ ਕਰਨ ਲਈ, ਆਪਣੇ
ਝੋਲ਼ੇ ਵਿਚ ਤੁੰਮਿਆਂ ਵਾਲ਼ੀ ਜਵੈਣ ਦੇ ਬਣਾਏ ਚੂਰਨ ਦੇ ਕੁਝ ਪੁੜੇ ਵੀ ਨਾਲ਼ ਲੈ ਜਾਇਆ ਕਰਨ। ਮੈਨੂੰ ਇਹ ਲੇਖ ਪੜ੍ਹਦਿਆਂ ਓਦੋਂ ਭਾਵੇਂ
ਪਰੇਸ਼ਾਨੀ ਤਾਂ ਬਹੁਤ ਹੋਈ ਜਦੋਂ ਇਕ ਦੋ ਥਾਵਾਂ ਤੇ ਗਿਆਨੀ ਜੀ ਨੂੰ ਗੁਰੂ ਘਰਾਂ ਵਿਚੋਂ ਨਿਕਲ਼ ਕੇ ਕਿਸੇ ਪ੍ਰਸੰਸਕ ਦੇ ਘਰ ਜਾ ਕੇ ਰਾਤ
ਕੱਟਣੀ ਪਈ ਪਰ ਗਿਆਨੀ ਜੀ ਦੀ ਤਰਜ਼ੇ ਬਿਆਨੀ ਅਤੇ ਲੇਖ ਵਿਚਲੇ ਸੂਖਮ ਵਿਅੰਗ ਕਰਕੇ, ਨਾਲ਼ੋ ਨਾਲ਼ ਅਨੰਦ ਵੀ ਪਰਾਪਤ ਹੁੰਦਾ ਰਿਹਾ
ਤੇ ਚੇਹਰੇ ਉਪਰ ਮੁਸਕਰਾਹਟ ਛਾਈ ਰਹੀ। ਇਹ ਸਾਰਾ ਕੁਝ ਲਿਖਦਿਆਂ ਵੀ ਗਿਆਨੀ ਜੀ ਨੇ ਬੜੀ ਸੰਜਮ ਭਰੀ ਸ਼ੈਲੀ ਵਿਚ ਇਸ ਲੇਖ ਨੂੰ
ਸਮੇਟਿਆ ਹੈ। ਕਿਸੇ ਦਾ ਦਿਲ ਨਹੀ ਦੁਖਾਇਆ। ਕਿਸੇ ਬਾਰੇ ਜ਼ਾਤੀ ਤੌਰ ਤੇ ਚਿੱਕੜ ਨਹੀ ਉਛਾਲ਼ਿਆ। ਕੋਈ ਭਾਵੇਂ ਕੁਝ ਕਹੀ ਜਾਵੇ!
ਅੱਜ ਪੰਜਾਬੀ ਭਾਸ਼ਾ ਦਾ ਪ੍ਰਚਾਰ, ਪ੍ਰਸਾਰ, ਸੰਚਾਰ ਸੰਸਾਰ ਪਧਰ ਤੇ ਹੋ ਰਿਹਾ ਹੈ। ਵੱਡੇ ਅਹੁਦਿਆਂ ਤੇ ਬਿਰਾਜਮਾਨ 'ਵਿਦਵਾਨ'
ਧਾਹਾਂ ਮਾਰ ਰਹੇ ਹਨ ਕਿ ਪੰਜਾਬੀ ਮਰ ਮੁੱਕ ਰਹੀ ਹੈ ਪਰ ਗਿਆਨੀ ਜੀ ਵਰਗੇ ਲੇਖਕ ਪੰਜਾਬੋਂ ਬਾਹਰ, ਸਮੁੰਦਰੋਂ ਪਾਰ ਦੂਰ ਬੈਠੇ ਵੀ ਲਿਖ
ਰਹੇ ਹਨ, ਛਪ ਰਹੇ ਹਨ, ਪੜ੍ਹੇ ਜਾ ਰਹੇ ਹਨ, ਸਤਿਕਾਰੇ ਜਾ ਰਹੇ ਹਨ ਤਾਂ ਉਹ 'ਵਿਦਵਾਨ', ਯੂਨੀਵਰਸਿਟੀਆਂ ਦੇ ਏਅਰ ਕੰਡੀਸ਼ਨਡ ਬੰਦ
ਕਮਰਿਆਂ ਵਿਚ ਘੁਮਣਵਾਲ਼ੀਆਂ ਵਾਲ਼ੀਆਂ ਕੁਰਸੀਆਂ (ਰੀਵੋਲਵਿੰਗ ਚੇਅਰਜ਼) ਤੇ ਝੂਟੇ ਲੈਂਦੇ ਵੀ ਛਿੱਥੇ ਪੈ ਰਹੇ ਹਨ। ਜਦੋਂ ਗਿਆਨੀ ਜੀ
ਪੰਜਾਬੀ ਭਾਸ਼ਾ ਦੇ ਲਿਖਤੀ ਸਰੂਪ ਨੂੰ ਨਾ ਵਿਗਾੜਨ ਬਾਰੇ ਲਿਖਦੇ ਹਨ ਤਾਂ ਵੇਰਵੇ ਸਹਿਤ ਬੜੀ ਦਲੀਲ ਨਾਲ਼ 'ਪੰਜਾਬੀ ਸ਼ਬਦ ਜੋੜਾਂ ਦੀ
ਸਰਲਤਾ ਤੇ ਸਮਾਨਤਾ' ਵਾਲ਼ੇ ਲੇਖ ਵਿਚ, ਕੌਣ ਗ਼ਲਤ ਤੇ ਕੌਣ ਠੀਕ ਆਦਿ ਨੂੰ ਉਜਾਗਰ ਕਰਦੇ ਹਨ ਅਤੇ ਠੀਕ ਉਚਾਰਣ ਬਾਰੇ ਪ੍ਰਕਾਸ਼
ਪਾਉਂਦੇ ਹਨ। ਇਵੇਂ ਹੀ 'ਅਧਕ ਵਿਚਾਰਾ ਕੀ ਕਰੇ' ਲੇਖ ਬੜਾ ਮਹੱਤਵਪੂਰਣ ਹੈ। ਲੇਖ 'ਜਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ'
ਵੀ ਆਪਣੀ ਥਾਂ ਮਹੱਤਵ ਰੱਖਦਾ ਹੈ। ਇਸ ਪੁਸਤਕ ਵਿਚਲੇ ਇਹ ਤਿੰਨੇ ਲੇਖ ਅਜੋਕੇ ਸਮੇ ਵਿਚ ਵਿਸ਼ੇਸ਼ ਮਹੱਤਵਪੂਰਣ ਹਨ ਕਿਉਂਕਿ
ਪੰਜਾਬੀ ਦੇ ਸ਼ਬਦ ਜੋੜਾਂ ਬਾਰੇ ਅੱਜ ਇਕ ਵੱਡਾ ਮਸਲਾ ਸਾਡੇ ਸਨਮੁਖ ਹੈ ਅਤੇ ਇਸ ਮਸਲੇ ਦੇ ਹੱਲ ਲਈ ਗਿਆਨੀ ਜੀ ਨੇ ਇਹਨਾਂ ਤਿੰਨਾਂ
ਲੇਖਾਂ ਰਾਹੀਂ ਆਪਣਾ ਉਚੇਚਾ ਯੋਗਦਾਨ ਪਾ ਦਿਤਾ ਹੈ।
ਇਸ ਪੁਸਤਕ ਵਿਚ ਇਕ ਲੇਖ 'ਵੱਡਿਆਂ ਬੰਦਿਆਂ ਦੀਆਂ ਬਚਿਤਰ ਬਾਤਾਂ' ਇਸ ਦਾ ਅਹਿਮ ਅੰਗ ਹੈ। ਕੇਵਲ ਪੰਜਾਬ ਹੀ ਨਹੀ
ਸਗੋਂ ਭਾਰਤ ਦੀ ਰਾਹਨੁਮਾਈ ਕਰਨ ਵਾਲ਼ੇ ਵੱਡੇ ਬੰਦੇ ਆਪਣੇ ਜੀਵਨ ਵਿਚ ਕਿੰਨੇ ਸਿੱਧੜ ਅਤੇ ਸਰਲ ਸਨ! ਮੰਚਾਂ ਉਪਰ ਬੋਲਦੇ ਸਮੇ ਵੀ
ਉਹ ਟਪਲਾ ਖਾ ਜਾਂਦੇ ਸਨ। ਗਿਆਨੀ ਜੀ ਇਸ ਸਭ ਕਾਸੇ ਦਾ ਜ਼ਿਕਰ ਬੜੀ ਕੌਸ਼ਲਤਾ ਨਾਲ਼ ਕਰਦੇ ਹਨ। ਸਿੱਖ ਕੌਮ ਦੇ ਮੰਨੇ ਪ੍ਰਮੰਨੇ
ਜਥੇਦਾਰਾਂ ਦਾ ਬੜੇ ਹੇਰਵੇ ਤੇ ਵੇਰਵੇ ਨਾਲ਼ ਇਸ ਪੁਸਤਕ ਵਿਚ ਜ਼ਿਕਰ ਆਉਣਾ ਬੜੀ ਚੰਗੀ ਗੱਲ ਲੱਗੀ ਹੈ। ਇਹਨਾਂ ਵੱਡੇ ਲੋਕਾਂ ਬਾਰੇ ਕੁਝ
ਕੁ ਮਿਆਰੀ ਜਾਂ ਯਾਦਗਾਰੀ ਚੁਟਕਲੇ ਵੀ ਗਿਆਨੀ ਜੀ ਨੇ ਕਲਮਬੰਦ ਕੀਤੇ ਹਨ।
ਅੱਜ ਅਟੈਚੀਕੇਸ ਜਿਡੀਆਂ ਭਾਰੀਆਂ ਪੁਸਤਕਾਂ ਨਹੀ ਪੜ੍ਹੀਆਂ ਜਾ ਰਹੀਆਂ। ਅੱਜ ਪਾਠਕ ਤਾਂ ਸ਼ਾਰਟ ਕੱਟ ਮਾਰਦਾ ਹੈ। ਉਸ ਨੂੰ
ਨਿੱਕੇ ਆਕਾਰ ਦੀ ਗਿਆਨਵਾਨ ਤੇ ਰੌਚਕ ਪੁਸਤਕ ਦੀ ਬੇਹਦ ਲੋੜ ਹੈ। ਜੇ ਉਸ ਨੂੰ ਅਜਿਹੀ ਪੁਸਤਕ ਮਿਲ਼ੇਗੀ ਤਾਂ ਉਹ ਉਸ ਨੂੰ ਜਰੂਰ
ਪੜ੍ਹੇਗਾ ਤੇ ਅਨੰਦ ਮਾਣੇਗਾ। ਸੋ ਮੇਰੇ ਵਿਚਾਰ ਮੁਤਾਬਿਕ 'ਜੋ ਵੇਖਿਆ ਸੋ ਆਖਿਆ' ਛੋਟੇ ਆਕਾਰ ਦੀ ਆਪਣੇ ਆਪ ਵਿਚ ਇਕ ਵੱਡੀ
ਪੁਸਤਕ ਹੈ ਕਿਉਂਕਿ ਇਹ ਵੱਡੇ ਗਿਆਨ ਭੰਡਾਰ ਨੂੰ ਆਪਣੇ ਵਿਚ ਸਮੋਈ ਬੈਠੀ ਹੈ। ਗਿਆਨੀ ਜੀ ਨੂੰ ਕੁੱਜੇ ਵਿਚ ਸਮੁੰਦਰ ਬੰਦ ਕਰਨਾ
ਬਾਖ਼ੂਬੀ ਆਉਂਦਾ ਹੈ ਤਦੇ ਹੀ ਉਹਨਾਂ ਦਾ ਨਾ ਭਾਸ਼ਨ ਅਕਾਊ ਹੁੰਦਾ ਹੈ ਨਾ ਲੇਖ। ਭਾਸ਼ਨ ਤੇ ਲਿਖਤ ਦਾ ਸੁਮੇਲ ਉਹਨਾਂ ਦੀ ਸ਼ਖ਼ਸੀਅਤ ਨੂੰ
ਮਿਲਾਪੜੀ ਅਤੇ ਮਿਕਨਾਤੀਸੀ ਬਣਾਉਂਦਾ ਹੈ। ਮੁੱਕਦੀ ਗੱਲ, ਇਹ ਬਾਬਾ ਸਮੇ ਦਾ ਹਾਣੀ ਹੈ; ਕੰਪਿਊਟਰ ਦਾ ਆੜੀ ਹੈ; ਬੁਢਿਆਂ ਨਾਲ਼
ਬੁਢਾ; ਗਭਰੂਆਂ ਸੰਗ ਗਭਰੂ; ਜਵਾਕਾਂ ਨਾਲ਼ ਜਵਾਕਾਂ ਜਿਹਾ। ਜਦੋਂ ਵੀ ਮਿਲ਼ੇਗਾ ਕੋਈ ਝੋਰਾ ਨਹੀ, ਕੋਈ ਗਿਲ੍ਹਾ ਨਹੀ, ਤੇ ਨਾ ਹੀ ਕੋਈ
ਸ਼ਿਕਵਾ ਤੇ ਨਾ ਕੋਈ ਵਿਖਾਵਾ। ਮਾਂ ਬੋਲੀ ਦੇ ਇਸ ਲਾਲ ਦੇ ਬਾਰੇ ਇਹੋ ਹੀ ਕਿਹਾ ਜਾ ਸਕਦਾ ਹੈ:
ਮਿੱਟੀ ਨਾ ਫਰੋਲ ਯੋਗੀਆ ਨਹੀਂਓ ਲੱਭਣੇ ਲਾਲ ਗਵਾਚੇ।
ਬਹੁਪੱਖੀ ਸ਼ਖ਼ਸੀਅਤ
ਗਿਆਨੀ ਸੰਤੋਖ ਸਿੰਘ
ਆਸਟ੍ਰੇਲੀਆ
ਲੇਖਕ: ਹਰਭਜਨ ਸਿੰਘ ਵਕਤਾ
ਪ੍ਰਕਾਸ਼ਕ: ਪੰਜ ਆਬ ਪ੍ਰਕਾਸ਼ਨ, ਜਲੰਧਰ

ਇਹ ਪੁਸਤਕ ਪੰਥ ਦੇ ਪ੍ਰਸਿਧ ਪ੍ਰਚਾਰਕ ਗਿਆਨੀ ਸੰਤੋਖ ਸਿੰਘ ਦੇ ਜੀਵਨ 'ਤੇ ਆਧਾਰਤ ਹੈ। ਇਸ ਵਿਚ ਉਹਨਾਂ ਦੀ ਸ਼ਖ਼ਸੀਅਤ
ਬਾਰੇ ਦੋ ਭਾਗਾਂ ਵਿਚ ਵਰਨਣ ਕੀਤਾ ਗਿਆ ਹੈ। ਪਹਿਲਾ ਭਾਗ ਲੇਖਕ ਵੱਲੋਂ ਅਤੇ ਦੂਜਾ ਭਾਗ ਗਿਆਨੀ ਜੀ ਦੇ ਨਿਟਵਰਤੀਆਂ ਵੱਲੋਂ ਪ੍ਰਸਤੁਤ
ਕੀਤਾ ਗਿਆ ਹੈ। ਪੁਸਤਕ ਰਾਹੀਂ ਗਿਆਨੀ ਜੀ ਦੀ ਬਹੁਪੱਖੀ ਦੇਣ ਬਾਰੇ ਪਤਾ ਲੱਗਦਾ ਹੈ। ਉਹ ਨਾ ਕੇਵਲ ਇਕ ਸੂਝਵਾਨ ਅਤੇ
ਗਿਆਨਵਾਨ ਹਸਤੀ ਹਨ, ਸਗੋਂ ਇਕ ਸਫ਼ਲ ਲਿਖਾਰੀ, ਕੀਰਤਨੀਏ, ਬੁਲਾਰੇ ਅਤੇ ਵਧੀਆ ਜੀਵਨ-ਜਾਚ ਵਾਲ਼ੇ ਗੁਰਸਿੱਖ ਹਨ। ਉਹਨਾਂ
ਕੋਲ਼ ਜ਼ਿੰਦਗੀ ਦਾ ਵਿਸ਼ਾਲ ਅਨੁਭਵ, ਸਾਹਿਤਕ ਲਗਨ, ਸੁਹਿਰਦਤਾ ਅਤੇ ਸੁਚੱਜੀ ਸੋਚ ਹੈ। ਉਹਨਾਂ ਨੇ ਪੰਜ ਪੁਸਤਕਾਂ ਲਿਖ ਕੇ ਮਾਂ ਬੋਲੀ ਦੀ
ਵਡਮੁੱਲੀ ਸੇਵਾ ਕੀਤੀ ਹੈ। ਉਹਨਾਂ ਦੀਆਂ ਲਿਖਤਾਂ ਵਿਚੋਂ ਸਿੱਖ ਧਰਮ, ਸਿੱਖ ਕਿਰਦਾਰ ਅਤੇ ਸਿੱਖੀ ਵਿਰਸੇ ਦੀ ਮਹਿਕ ਆਉਂਦੀ ਹੈ।
ਭਾਵੇਂ ਗਿਆਨੀ ਜੀ ਨੇ ਕੋਈ ਸਕੂਲੀ ਵਿੱਦਿਆ ਗ੍ਰਹਿਣ ਨਹੀ ਕੀਤੀ ਪਰ ਆਪਣ ਪਿਤਾ ਪਾਸੋਂ ਗੁਰਬਾਣੀ ਦੀ ਤਾਲੀਮ ਅਤੇ ਸ਼ਹੀਦ
ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਦੀ ਵਿੱਦਿਆ ਹਾਸਲ ਕਰਕੇ, ਉਹਨਾਂ ਨੇ ਲੰਮਾ ਸਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਵਿਚ ਵੱਖ ਵੱਖ ਅਹੁਦਿਆਂ 'ਤੇ ਸੇਵਾ ਨਿਭਾਈ। ਓਥੇ ਪੰਥ ਦੀਆਂ ਪ੍ਰਸਿਧ ਹਸਤੀਆਂ ਦੀ ਰਹਿਨੁਮਾਈ ਹੇਠ ਉਹਨਾਂ ਨੇ ਇਤਿਹਾਸ,
ਸਾਹਿਤ, ਗੁਰਬਾਣੀ ਅਤੇ ਭਾਸ਼ਾ ਸਬੰਧੀ ਵਿਸ਼ਾਲ ਗਿਆਨ ਹਾਸਲ ਕੀਤਾ ਅਤੇ ਆਪਣੀ ਸੋਚ ਨੂੰ ਵਿਸ਼ਾਲ ਬਣਾਇਆ। ਸੰਨ ੧੯੭੩ ਵਿਚ
ਉਹਨਾਂ ਨੇ ਵਿਦੇਸ਼ ਯਾਤਰਾ ਦੌਰਾਨ ਗੁਰਸਿੱਖੀ ਦੇ ਪ੍ਰਚਾਰ ਨੂੰ ਆਪਣਾ ਮੰਤਵ ਬਣਾਇਆ ਅਤੇ ਦੂਰ-ਦੁਰਾਡੇ ਦੇਸ਼ਾਂ ਵਿਚ ਜਾ ਕੇ ਗੁਰਬਾਣੀ ਦਾ
ਪ੍ਰਚਾਰ ਅਤੇ ਪ੍ਰਸਾਰ ਕੀਤਾ। ਸੰਨ ੧੯੮੦ ਤੋਂ ਪੱਕੇ ਤੌਰ ਤੇ ਆਸਟ੍ਰੇਲੀਆ ਵਿਚ ਵੱਸੇ ਹੋਏ ਹਨ ਜਿਥੇ ਆਪਣੀਆਂ ਪਰਵਾਰਕ, ਸਮਾਜਕ ਅਤੇ
ਧਾਰਮਿਕ ਜੁਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਉਹ ਸੱਭਿਆਚਾਰ ਅਤੇ ਸਾਹਿਤ ਨਾਲ਼ ਵੀ ਜੁੜੇ ਹੋਏ ਹਨ। ਉਹਨਾਂ ਅਨੇਕ ਦੇਸ਼ਾਂ ਦੀ ਯਾਤਰਾ
ਕਰਕੇ ਪੰਜਾਬੀਅਤ, ਇਨਸਾਨੀਅਤ ਅਤੇ ਗੁਰਮਤਿ ਦੀ ਖ਼ੁਸ਼ਬੂ ਨੂੰ ਵੰਡਿਆ ਹੈ। ਇਸ ਉਮਰ ਵਿਚ ਵੀ ਉਹ ਪੂਰੀ ਤਰ੍ਹਾਂ ਗਤੀਸ਼ੀਲ ਹਨ ਅਤੇ
ਗਿਆਨ ਦਾ ਚਾਨਣ ਵੰਡ ਰਹੇ ਹਨ। ਪੁਸਤਕ ਦੇ ਸਾਰੇ ਹੀ ਲੇਖਾਂ ਨੇ ਗਿਆਨੀ ਜੀ ਦੀ ਵਡਮੁੱਲੀ ਸ਼ਖ਼ਸੀਅਤ ਨਾਲ਼ ਇਨਸਾਫ਼ ਕੀਤਾ ਹੈ। ਇਸ
ਪੁਸਤਕ ਪੜ੍ਹਨ ਯੋਗ ਅਤੇ ਸਾਂਭਣ ਯੋਗ ਹੈ।
ਡਾ. ਸਰਬਜੀਤ ਕੌਰ ਸੰਧਾਵਾਲੀਆ
੯੮੧੪੭-੧੬੩੬੭

ਪਰਵਾਸੀ ਲੇਖਕ ਗਿਆਨੀ ਸੰਤੋਖ ਸਿੰਘ ਲਿਖਤ
ਜੋ ਵੇਖਿਆ ਸੋ ਆਖਿਆ
ਪ੍ਰਕਾਸ਼ਕ: ਅੰਕੁਰ ਪ੍ਰੈਸ, ਸਮਾਧ ਰੋਡ, ਬਟਾਲਾ

'ਜੋ ਵੇਖਿਆ ਸੋ ਆਖਿਆ' ਗਿਆਨੀ ਸੰਤੋਖ ਸਿੰਘ ਦਾ ਪੰਜਵਾਂ ਲੇਖ ਸੰਗ੍ਰਹਿ ਹੈ। ਇਸ ਵਿਚ ਵੱਖ ਵੱਖ ਵਿਸ਼ਿਆਂ ਨਾਲ਼ ਸਬੰਧਤ
੧੯ ਲੇਖ ਸ਼ਾਮਲ ਕੀਤੇ ਗਏ ਹਨ। ਇਹਨਾਂ ਲੇਖਾਂ ਦੇ ਵਿਸ਼ੇ ਆਲੋਚਨਾਤਮਿਕ, ਸਭਿਆਚਾਰਕ, ਸਾਹਿਤਕ, ਰਾਜਨੀਤਕ, ਅਤੇ ਧਾਰਮਿਕ
ਹਨ। ਇਹਨਾਂ ਵਿਚੋਂ ਬਹੁਤੀਆਂ ਘਟਨਾਵਾਂ ਖ਼ੁਦ ਲੇਖਕ ਨਾਲ਼ ਵਾਪਰੀਆਂ ਹਨ।
ਲੋਕਧਾਰਾ ਅਤੇ ਸਭਿਆਚਾਰ ਦੇ ਸੰਧਰਬ ਵਿਚ: ਘੜਾ ਘੜਵੰਜੀ ਤੇ, ਭੁੱਲ ਕੇ ਛੜੇ ਨੂੰ ਅੱਖ ਮਾਰੀ, ਵੱਡੇ ਬੰਦਿਆਂ ਦੀਆਂ ਵਚਿਤਰ
ਬਾਤਾਂ ਆਦਿ ਲੇਖਾਂ ਨੂੰ, ਲੇਖਕ ਨੇ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਸਿਰਜਿਆ ਹੈ। ਇਹਨਾਂ ਲੇਖਾਂ ਵਿਚ ਲੇਖਕ ਨੇ ਢੁਕਵੀਆਂ ਮਿਸਾਲਾਂ ਦੇ ਕੇ
ਵਿਸ਼ੇ ਨੂੰ ਖੂਬਸੂਰਤ ਤੇ ਰੌਚਕ ਬਣਾਇਆ ਹੈ। ਮੁਹਾਵਰੇ, ਅਖਾਣ ਲੋਕੋਕਤੀਆਂ ਤੇ ਬਾਤਾਂ ਤੋਂ ਇਲਾਵਾ ਲੋਕਗੀਤਾਂ ਦੇ ਹਵਾਲੇ ਵਿਸ਼ੇ ਦੀ
ਪ੍ਰਮਾਣਿਕਤਾ ਦਾ ਸਬੂਤ ਹਨ। ਘੜਾ ਘੜਵੰਜੀ ਤੇ ਲੇਖ ਵਿਚ ਬਹੁਤ ਸਾਰੇ ਲੋਕਗੀਤ ਸ਼ਾਮਲ ਕੀਤੇ ਗਏ ਹਨ:
੧. ਕੋਰੀ ਕੋਰੀ ਕੂੰਡੀ ਵਿਚ ਮਿਰਚਾਂ ਮੈਂ ਰਗੜਾਂ
ਸਹੁਰੇ ਦੀ ਅੱਖ ਵਿਚ ਪਾ ਦੇਨੀਆਂ
ਘੁੰਡ ਕੱਢਣੇ ਦੀ ਅਲਖ ਮੁਕਾ ਦੇਨੀਆਂ।
੨. ਬੁੜ੍ਹੀ ਨੂੰ ਭੌਂਕਣ ਦੇ, ਮੇਲਾ ਵੇਖਣ ਚੱਲ।
ਪੁਆੜਾ ਪੈ ਜੂ ਗਾ ਬੁੜ੍ਹਾ ਬੁੜ੍ਹੀ ਦੇ ਵੱਲ।
ਲਿਖਤ ਦੀ ਖੂਬਸੂਰਤੀ ਇਹ ਵੀ ਹੈ ਕਿ ਕਈ ਵਾਰ ਲੇਖਕ ਲੇਖ ਦਾ ਆਰੰਭ ਹੀ ਕਿਸੇ ਲੋਕਗੀਤ ਤੋਂ ਕਰਦਾ ਹੈ। ਇਸ ਦੇ ਨਾਲ
ਨਾਲ ਸ਼ੁਰੂ ਵਿਚ ਹੀ ਪਾਠਕ ਦੇ ਮਨ ਵਿਚ ਉਤਸੁਕਤਾ ਪੈਦਾ ਹੋ ਜਾਂਦੀ ਹੈ। 'ਭੁੱਲ ਕੇ ਛੜੇ ਨੂੰ ਅੱਖ ਮਾਰੀ' ਲੇਖ ਦਾ ਆਰੰਭ ਵੀ ਏਸੇ ਤਰ੍ਹਾਂ
ਕੀਤਾ ਗਿਆ ਹੈ:
ਛੜੇ ਛੜੇ ਨਾ ਆਖੋ ਲੋਕੋ ਛੜੇ ਵਖ਼ਤ ਨੂੰ ਫੜੇ
ਅੱਧੀ ਰਾਤੋਂ ਪੀਹਣ ਲਗੇ ਅੱਧ ਸੇਰ ਛੋਲੇ ਦਲੇ
ਝਾੜ ਪੂੰਝ ਕੇ ਉਠਣ ਲਗੇ ਆਟਾ ਦੇਹ ਨੂੰ ਲੜੇ
ਫੂਕ ਮਾਰਿਆਂ ਅੱਗ ਨਾ ਬਲਦੀ ਭੜ ਭੜ ਦਾਹੜੀ ਸੜੇ
ਸਾੜ ਫੂਕ ਕੇ ਚਾਰੇ ਪੱਕੀਆਂ ਚਾਰ ਪ੍ਰਾਹੁਣੇ ਖੜੇ
ਲਉ ਭਰਾਉ ਤੁਸੀਂ ਖਾ ਲਉ ਇਹੋ ਅਸਾਥੋਂ ਸਰੇ
ਬਾਝੋਂ ਤੀਵੀਆਂ ਦੇ ਛੜੇ ਮਰੇ ਕਿ ਮਰੇ
ਵੱਡੇ ਬੰਦਿਆਂ ਦੀਆਂ ਵਚਿਤਰ ਬਾਤਾਂ ਲੇਖ ਵਿਚ ਗਿਆਨੀ ਸੰਤੋਖ ਸਿੰਘ ਨੇ ਕੁਝ ਵਚਿੱਤਰ ਰਾਜਨੀਤਕ ਇਤਿਹਾਸਕ ਰੌਚਕ
ਤੱਥਾਂ ਦੀ ਪੇਸ਼ਕਾਰੀ ਕੀਤੀ ਹੈ। ਮਿਸਾਲ ਵਜੋਂ:
੧. ਇਕ ਵਾਰੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਚੰਡੀਗੜ੍ਹ ਆਏ ਤਾਂ ਉਸ ਸਮੇਂ ਦੇ ਮੁਖ ਮੰਤਰੀ ਸ. ਪ੍ਰਤਾਪ ਸਿੰਘ
ਕੈਰੋਂ ਨੇ ਉਹਨਾਂ ਦੀ ਸਵਾਗਤੀ ਸਪੀਚ ਵਿਚ ਆਖ ਦਿੱਤਾ ਕਿ ਚੰਡੀਗੜ੍ਹ ਪੰਜਾਬ ਦਾ ਦਿਲ ਹੈ। ਉਤਰ ਵਿਚ ਨਹਿਰੂ ਜੀ ਨੇ
ਆਪਣੇ ਭਾਸ਼ਣ ਵਿਚ ਆਖਿਆ, "ਵਾਕਿਆ ਹੀ ਚੰਡੀਗੜ੍ਹ ਪੰਜਾਬ ਦਾ ਦਿਲ ਹੈ ਕਿਉਂਕਿ ਦਿਮਾਗ ਤੋ ਪੰਜਾਬੀਉਂ ਕਾ ਹੋਤਾ
ਹੀ ਨਹੀਂ।"
੨. ਪੰਜਾਬੀ ਸੂਬੇ ਦਾ ਐਲਾਨ ਹੋ ਜਾਣ ਪਿਛੋਂ ਹਰਿਆਣਾ ਦੇ ਆਗੂ ਚੌਧਰੀ ਦੇਵੀ ਲਾਲ ਜੀ, ਅਕਾਲੀ ਆਗੂ ਸੰਤ ਫ਼ਤਿਹ ਸਿੰਘ ਜੀ
ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਲ਼ਨ ਵਾਸਤੇ ਆਏ ਤਾਂ ਗੱਲਬਾਤ ਵਿਚ ਆਪਣੀ ਪੇਂਡੂ ਬੋਲੀ ਵਿਚ ਆਖਣ ਲੱਗੇ,
"ਹਰਿਆਣਾ ਤਾਂ ਪੰਜਾਬੀ ਸੂਬੇ ਨਾਲ ਇਸ ਤਰ੍ਹਾਂ ਬਣ ਗਿਆ ਹੈ ਜਿਵੇਂ ਕੋਈ ਆਦਮੀ ਟੱਟੀ ਫਿਰਨ ਜਾਵੇ ਤਾਂ ਪਿਸ਼ਾਬ ਆਪਣੇ
ਆਪ ਹੀ ਆ ਜਾਂਦਾ ਹੈ।"
ਪੰਜਾਬੀ ਭਾਸ਼ਾ ਨਾਲ਼ ਸਬੰਧਤ ਤਿੰਨ ਲੇਖ: ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਤੇ ਸਮਾਨਤਾ, ਅੱਧਕ ਵਿਚਾਰਾ ਕੀ ਕਰੇ, ਜੱਜੇ ਦੀਆਂ
ਲੱਤਾਂ ਵਿਚ ਆ ਘੁਸੀ ਬੇਲੋੜੀ ਬਿੰਦੀ ਇਸ ਪੁਸਤਕ ਵਿਚ ਸ਼ਾਮਲ ਹਨ। ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਤੇ ਸਮਾਨਤਾ ਦੇ ਸੰਦਰਭ ਵਿਚ
ਲੇਖਕ ਕਹਿੰਦਾ ਹੈ:ਮੈਂ ਤਾਂ ਇਸ ਹੱਕ ਵਿਚ ਹਾਂ ਕਿ ਜਿਹੜੀ ਨਵੀਂ ਵਸਤੂ ਦਾ, ਜਿਸ ਨੇ ਈਜਾਦ ਕਰਨ ਵੇਲੇ ਜੋ ਨਾਂ ਰੱਖਿਆ ਉਸ ਨੂੰ
ਤਰਜਮਾਉਣ ਵਿਚ ਉਚੇਚੀ ਸਿਰ ਖਪਾਈ ਕਰਨ ਨਾਲ਼ੋਂ ਉਸ ਨੂੰ ਜਿਉਂ ਦਾ ਤਿਉਂ ਪੰਜਾਬੀ ਅੱਖਰਾਂ ਵਿਚ ਲਿਖ ਕੇ ਅਪਣਾ ਲੈਣਾ ਚਾਹੀਦਾ ਹੈ।
ਟੈਲੀਫੋਨ ਦਾ ਦੂਰਭਾਸ਼, ਟੈਲੀਵਿਯਨ ਦਾ ਦੂਰਦਰਸ਼ਨ, ਰੇਡੀਓ ਦਾ ਆਕਾਸ਼ਵਾਣੀ, ਟ੍ਰੈਕਟਰ ਦਾ ਭੂਮੀਖੋਦ ਯੰਤਰ ਬਣਾ ਕੇ ਅਸੀਂ ਕੀ ਕੱਦੂ
ਵਿਚ ਤੀਰ ਮਾਰ ਰਹੇ ਹਾਂ; ਇਹ ਮੇਰੀ ਸਮਝ ਤੋਂ ਬਾਹਰੀ ਬਾਤ ਹੈ।ਏਸੇ ਤਰ੍ਹਾਂ ਇਸ ਕਿਤਾਬ ਵਿਚ ਲੇਖਕ ਵੱਲੋਂ ਪੰਜਾਬੀ ਭਾਸ਼ਾ ਨਾਲ ਸਬੰਧਤ
ਸ਼ਬਦ ਜੋੜਾਂ ਦੀਆਂ ਗ਼ਲਤੀਆਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ।ਇਸ ਦੇ ਨਾਲ਼ ਧਾਰਮਿਕ, ਇਤਿਹਾਸਕ ਅਤੇ ਰਾਜਨੀਤੀ ਨੂੰ ਪੇਸ਼ ਕਰਨ
ਵਾਲ਼ੇ: ਯਾਰ ਜਾਰ ਜ਼ਾਰ, ਸਾਧੂ ਬੋਲੇ ਸਹਿਜ ਸੁਭਾਇ, ਭੇਡਾਂ ਵਿਚੋਂ ਊਠ ਦੀ ਪਛਾਣ, ਸੱਚੇ ਚੁਟਕਲੇ, ਅਨਪੜ੍ਹ ਸਿੰਘਾ, ਦੋ ਅਕਾਲੀ ਵਿਦਵਾਨਾਂ
ਦਾ ਮਿਲਾਪ, ਪੰਜ ਸਿੱਖਾਂ ਦਾ ਸਨਮਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਮਿਨੀ ਸਿੱਖ ਪਾਰਲੀਮੈਂਟ?, ਸਿੱਖ ਆਗੂਆਂ ਦੀਆਂ
ਅਸਚਰਜ ਬੇਪਰਵਾਹੀਆਂ ਆਦਿ ਲੇਖ ਇਸ ਪੁਸਤਕ ਵਿਚ ਸ਼ਾਮਲ ਹਨ।ਗਿਆਨੀ ਸੰਤੋਖ ਸਿੰਘ ਨੇ ਇਹਨਾਂ ਘਟਨਾਵਾਂ ਨੂੰ ਬੜਾ ਨੇੜਿਉਂ
ਵੇਖਿਆ ਹੈ ਤੇ ਬਿਲਕੁਲ ਓਸੇ ਤਰ੍ਹਾਂ ਹੀ ਬਿਆਨ ਕਰ ਦਿੱਤਾ ਹੈ। ਸ਼ਾਇਦ ਏਸੇ ਕਰਕੇ ਹੀ ਇਸ ਪੁਸਤਕ ਦਾ ਨਾਂ 'ਜੋ ਵੇਖਿਆ ਸੋ ਆਖਿਆ'
ਰੱਖਿਆ ਗਿਆ ਹੈ। ਲੇਖਾਂ ਦੀ ਖ਼ੂਬਸੂਰਤੀ ਇਹ ਹੈ ਕਿ ਲੇਖਕ ਨੇ ਘਟਨਾਵਾਂ ਦੇ ਨਾਲ਼ ਨਾਲ਼ ਤਾਰੀਖਾਂ, ਨਾਂਵਾਂ ਤੇ ਥਾਂਵਾਂ ਨੂੰ ਵੀ ਪੇਸ਼ ਕੀਤਾ ਹੈ
ਜੋ ਘਟਨਾਵਾਂ ਦੀ ਇਤਿਹਾਸਕ ਪ੍ਰਮਾਣਿਤਾ ਦਾ ਪੱਖ ਪੂਰਦੇ ਹਨ।
ਕੁੱਲ ਮਿਲਾ ਕੇ ਇਹ ਪੁਸਤਕ ਪੰਜਾਬੀ ਵਾਰਤਕ ਸਾਹਿਤ ਵਿਚ ਇਕ ਇਤਿਹਾਸਕ ਦਸਤਾਵੇਜ਼ ਵਜੋਂ ਸਾਂਭ ਕੇ ਰੱਖਣ ਦੇ ਯੋਗ ਹੈ।
ਆਤਮਾ ਸਿੰਘ ਗਿੱਲ
ਪੰਜਾਬੀ ਲੈਕਚਰਾਰ
ਡੀ. ਏ. ਵੀ ਕਾਲਜ, ਅੰਮ੍ਰਿਤਸਰ
+੯੧-੯੮੭੮੮-੮੩੬੮੦
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ

ਅਤੀਤ, ਵਰਤਮਾਨ ਅਤੇ ਭਵਿਖ ਦਾ ਆਪਸੀ ਗੂਹੜਾ ਸਬੰਧ ਹੁੰਦਾ ਹੈ। ਆਸਟ੍ਰੇਲੀਆ ਦੇ ਵਸਨੀਕ, ਪਰਵਾਸੀ ਲੇਖਕ, ਗਿਆਨੀ
ਸੰਤੋਖ ਸਿੰਘ ਨੇ ਵੀ ਇਸ ਹਥਲੀ ਪੁਸਤਕ 'ਬਾਤਾਂ ਬੀਤੇ ਦੀਆਂ' ਵਿਚ ਅਤੀਤ ਦੀ ਗੋਦ ਦਾ ਲੁੱਤਫ਼ ਲੈਂਦਿਆਂ ਅਤੇ ਆਪਣੇ ਜੀਵਨ ਦੇ
ਇਤਿਹਾਸ ਨੂੰ ਫਰੋਲਦਿਆਂ, ਆਲ਼ੇ ਦੁਆਲ਼ੇ ਦੇ ਸਮਾਜਕ, ਧਾਰਮਿਕ, ਰਾਜਨੀਤਕ, ਸਭਿਆਚਾਰਕ ਤੇ ਵਿਰਾਸਤੀ ਇਤਿਹਾਸ ਅਤੇ ਦੇਸ਼
ਵਿਦੇਸ਼ ਦੇ ਲੋਕਾਂ ਦੇ ਆਪਸੀ ਵਰਤੋਂ ਵਿਹਾਰ ਨੂੰ ਪਾਠਕਾਂ ਦੇ ਰੂਬਰੂ ਕਰਨ ਦਾ ਸਫ਼ਲ ਯਤਨ ਕੀਤਾ ਹੈ।
ਗਿਆਨੀ ਸੰਤੋਖ ਸਿੰਘ ਨੇ ਆਪਣੀ ਰੌਚਕ ਤੇ ਠੇਠ ਭਾਸ਼ਾ ਵਾਲ਼ੇ ਸੱਤ ਕੁ ਦਰਜਨਾਂ ਦੇ ਭਾਵਪੂਰਤ ਲੇਖਾਂ ਰਾਹੀਂ ਵੱਖ ਵੱਖ ਵਿਸ਼ਿਆਂ
ਨੂੰ ਸਿਰਫ਼ ਛੋਹਿਆ ਹੀ ਨਹੀ ਸਗੋਂ ਹਰ ਵਿਸ਼ੇ ਦੀ ਪੂਰੀ ਚੀਰ ਫਾੜ ਕਰਕੇ, ਪਾਠਕਾਂ ਅੱਗੇ ਪੁਸਤਕ ਰੂਪੀ ਥਾਲ ਵਿਚ 'ਹਾਸਿਆਂ ਦੀ ਚਟਣੀ'
ਨਾਲ਼ ਪਰੋਸਿਆ ਹੈ ਤਾਂ ਕਿ ਜਾਣਕਾਰੀ ਦੇ ਨਾਲ਼ ਨਾਲ਼ ਪਾਠਕਾਂ ਦੇ ਫੇਫੜਿਆਂ ਦੀ ਗਰਮ ਹਵਾ ਵੀ ਖ਼ਾਰਜ ਹੁੰਦੀ ਰਹੇ।
ਅਣਜਾਣਪੁਣੇ ਦੀਆਂ ਗ਼ਲਤੀਆਂ, ਬੁਢੇਪੇ ਦਾ ਸਬਰ, ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਸਮੇ ਹੋਏ ਖੱਟੇ ਮਿੱਠੇ ਅਨੁਭਵਾਂ ਅਤੇ ਚੰਗੇ
ਕਿਰਦਾਰਾਂ ਨੂੰ, ਜਿਥੇ ਬੜੇ ਸੋਹਜ ਭਾਵ ਨਾਲ਼ ਪੇਸ਼ ਕੀਤਾ ਹੈ ਓਥੇ ਅਖੌਤੀ ਧਾਰਮਿਕ ਸੰਤਾਂ/ਨੇਤਾਵਾਂ ਦੇ ਦੋਹਰੇ ਜੀਵਨ ਤੇ ਲਾਉਣ ਬੁਝਾਉਣ ਦੀ
ਦੋਗਲੀ ਨੀਤੀ ਨੂੰ ਵੀ ਆੜੇ ਹੱਥੀਂ ਲਿਆ ਹੈ। ਬਹੁਤ ਸਾਰੇ ਨੇਤਾਵਾਂ ਦੇ ਪੋਤੜਿਆਂ ਦੇ ਵਾਕਫ਼ ਲੇਖਕ ਨੇ ਇਸ ਪੁਸਤਕ ਵਿਚਲੀਆਂ ਕੁਝ
ਲਿਖਤਾਂ ਰਾਹੀਂ ਉਹਨਾਂ ਦੇ ਪੋਤੜਿਆਂ ਵਿਚ ਇਸ ਵਿਧਾ ਨਾਲ਼ ਹੱਥ ਪਾਇਆ ਹੈ ਕਿ ਉਹ ਨੰਗੇ ਵੀ ਨਾ ਹੋਣ ਪਰ ਉਹਨਾਂ ਵਿਚਲੀਆਂ
ਵਿਹਾਰਕ ਬੁਰਾਈਆਂ ਭੁੱਜਦੇ ਫੁੱਲਿਆਂ ਵਾਂਗ ਤਪਦੀ ਕੜਾਹੀ 'ਚੋਂ ਬਾਹਰ ਜ਼ਰੂਰ ਹੀ ਭੁੜਕ ਆਉਣ।
ਇਸ ਗਿਆਨ ਸਾਗਰ ਵਿਚ ਤਾਰੀਆਂ ਲਾਉਂਦੇ ਸਮੇ ਪਾਠਕ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜਿਵੇਂ ਕਿਸੇ ਵਾਪਰੇ
ਬਿਰਤਾਂਤ ਦਾ ਉਹ ਖ਼ੁਦ ਪਾਤਰ ਹੁੰਦਾ ਹੋਇਆ, ਆਪਣੇ ਪਿੰਡੇ ਉਤੇ ਸਭ ਕੁਝ ਹੰਡਾ ਰਿਹਾ ਹੈ। ਬਹੁਤ ਸਾਰੀਆਂ ਘਟਨਾਵਾਂ/ਦੁਰਘਟਨਾਵਾਂ
ਪਾਠਕ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਵਾਪਰ ਰਹੀਆਂ ਪਰਤੀਤ ਹੁੰਦੀਆਂ ਹਨ।
ਆਸ ਹੈ ਕਿ 'ਬਾਤਾਂ ਬੀਤੇ ਦੀਆਂ' ਪੁਸਤਕ ਪਾਠਕਾਂ ਵਾਸਤੇ ਜਿਥੇ ਟੇਠ ਪੰਜਾਬੀ ਮਾਂ ਬੋਲੀ ਨਾਲ਼ ਜੁੜਨ ਵਿਚ ਸਹਾਇਕ ਹੋਵੇਗੀ
ਓਥੇ ਬਹੁਤ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਵਿਚ ਵੀ ਸਫ਼ਲ ਰਹੇਗੀ।
ਅਜਿਹੀ ਪੁਸਤਕ ਸਾਹਿਤ ਜਗਤ ਦੀ ਝੋਲ਼ੀ ਪਾਉਣ ਵਾਲ਼ੇ ਵਿਦਵਾਨ ਲੇਖਕ ਗਿਆਨੀ ਸੰਤੋਖ ਸਿੰਘ ਨੂੰ ਢੇਰ ਸਾਰੀਆਂ ਮੁਬਾਰਕਾਂ।
ਲਖਵਿੰਦਰ ਸਿੰਘ ਹਵੇਲੀਆਣਾ

ਸ. ਸ. ਮਾਸਟਰ
ਸਰਕਾਰੀ ਹਾਈ ਸਕੂਲ, ਚੀਮਾ ਬਾਠ, ਜ਼ਿਲਾ ਅੰਮ੍ਰਿਤਸਰ – ੧੪੩੧੧੨
ਮੋਬਾਇਲ: +੯੧ ੯੮੭੬੪੭੪੮੫੮
ਜੋ ਵੇਖਿਆ ਸੋ ਆਖਿਆ
ਨਿਬੰਧ ਸੰਗ੍ਰਹਿ

ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਅੰਕੁਰ ਪਰੈਸ, ਬਟਾਲਾ
'ਜੋ ਵੇਖਿਆ ਸੋ ਆਖਿਆ' ਗਿ. ਸੰਤੋਖ ਸਿੰਘ ਦੀ ਪੰਜਵੀਂ ਪੁਸਤਕ ਹੈ ਜਿਸ ਵਿਚ ਉਹਨਾਂ ਨੇ ਆਪਣੇ ਸੰਸਾਰ ਦੇ ਭ੍ਰਮਣ ਸਮੇ ਹੋਏ
ਖੱਟੇ ਮਿੱਠੇ ਤਜਰਬਿਆਂ ਭਰਪੂਰ ਲੇਖਾਂ ਦੇ ਨਾਲ਼ ਨਾਲ਼ ਕੁਝ ਸਭਿਆਚਾਰਕ ਅਤੇ ਭਾਸ਼ਾਈ ਲੇਖਾਂ ਨੂੰ ਵੀ ਸ਼ਾਮਲ ਕੀਤਾ ਹੈ।
ਇਸ ਵਿਚ ਕੁੱਲ ਵੀਹ ਲੇਖ ਹਨ। ਸਭਿਆਚਾਰਕ ਰੰਗ ਵਿਚ ਗੜੁੱਚ ਲੇਖ ਘੜਾ ਘੜਵੰਜੀ 'ਤੇ ਅਤੇ ਭੁੱਲ ਕੇ ਛੜੇ ਨੂੰ ਅੱਖ ਮਾਰੀ,
ਪੰਜਾਬੀ ਵਿਰਸੇ ਦੀ ਬਾਤ ਪਾਉਂਦੇ ਹਨ। 'ਘੜਾ ਘੜਵੰਜੀ 'ਤੇ' ਲੇਖ ਵਿਚ ਲੇਖਕ ਨੇ ਜਵਾਨ ਹੋ ਚੁੱਕੀ ਮੁਟਿਆਰ ਦੀ ਵੇਦਨਾ ਨੂੰ
ਵਿਅੰਗਆਤਮਿਕ ਲਹਿਜੇ ਵਿਚ ਪਰਗਟ ਕਰਨ ਦਾ ਸਾਰਥਕ ਯਤਨ ਕੀਤਾ ਹੈ। 'ਭੁੱਲ ਕੇ ਛੜੇ ਨੂੰ ਅੱਖ ਮਾਰੀ' ਦਾ ਵਿਸ਼ਾ ਬੇਸ਼ੱਕ ਛੜਿਆਂ
ਨਾਲ਼ ਸਬੰਧਤ ਹੈ ਪਰ ਇਸ ਵਿਚ ਪੇਸ਼ ਕੀਤੀਆਂ ਗਈਆਂ ਟਿਪਣੀਆਂ ਵਿਚ ਮਾਦਾ ਭਰੂਣ ਹੱਤਿਆ ਜਿਹੀ ਨਾਮੁਰਾਦ ਬਿਮਾਰੀ ਬਾਰੇ ਲੇਖਕ
ਨੇ ਡਾਢੀ ਚਿੰਤਾ ਪਰਗਟ ਕੀਤੀ ਹੈ। ਛੜਿਆਂ ਦੀ ਟੀਮ ਦੇ ਵਿਸਥਾਰ ਵਿਚ ਲੜਕੀਆਂ ਦੇ ਘੱਟ ਹੋਣ ਨੂੰ ਇਕ ਵੱਡਾ ਕਾਰਨ ਦੱਸਦਿਆਂ,
ਪੰਜਾਬੀਆਂ ਨੂੰ ਇਸ ਪਾਸੇ ਸੋਚਣ ਲਈ ਪ੍ਰੇਰਿਆ ਹੈ। ਸਭਿਆਚਾਰਕ ਪੱਖ ਤੋਂ ਪੇਸ਼ ਕੀਤਾ ਗਿਆ ਇਹ ਲੇਖ ਸਚਾਈ ਨੂੰ ਬਾਖ਼ੂਬੀ ਪੇਸ਼ ਕਰਦਾ
ਹੈ।
ਪੁਸਤਕ ਵਿਚਲੇ ਲੇਖਾਂ ਦਾ ਦੂਸਰਾ ਭਾਗ ਗਿਆਨੀ ਜੀ ਦੇ ਜੀਵਨ ਵਿਚ ਉਹਨਾਂ ਨੂੰ ਹੋਏ ਤਜੱਰਬਿਆਂ ਅਤੇ ਯਾਦਾਂ ਨਾਲ਼ ਓਤ ਪੋਤ
ਹੈ। ਇਹਨਾਂ ਯਾਦਾਂ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਨੇ ਆਪਣੇ ਆਪ ਨੂੰ ਵੀ ਨਹੀ ਬਖ਼ਸ਼ਿਆ। 'ਇਉਂ ਹੋਇਆ ਸਵਾਗਤ ਮੇਰੀਆਂ
ਲਿਖਤਾਂ ਦਾ' ਲੇਖ ਵਿਚ ਉਹਨਾਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਨਿਹਾਰਿਆ ਜਾ ਸਕਦਾ ਹੈ। ਗਿਆਨੀ ਹੋਰਾਂ ਦੀ ਸੱਚ ਕਹਿਣ ਦੀ
ਜੁਰਅਤ ਇਸ ਲੇਖ ਵਿਚੋਂ ਸਹਿਵਨ ਹੀ ਸਮਝ ਪੈ ਜਾਂਦੀ ਹੈ।
ਪੰਜਾਬੀ ਭਾਸ਼ਾ ਦੇ ਸੰਧਰਬ ਵਿਚ ਲਿਖੇ ਗਏ ਲੇਖਾਂ ਵਿਚ ਲੇਖਕ ਨੇ ਪੰਜਾਬੀਆਂ ਦਾ ਭਾਸ਼ਾਈ ਪਹੁੰਚ ਤੋਂ ਦੂਰ ਹੋਣ ਦਾ ਹਵਾਲਾ ਦਿਤਾ
ਹੈ ਅਤੇ ਗ਼ਲਤ ਉਚਾਰਨ ਅਤੇ ਗ਼ਲਤ ਲਿਖਣ ਦੀ ਸਮੱਸਿਆ ਨੂੰ ਵੱਡੀ ਸਮੱਸਿਆ ਹੋਣ ਦੀ ਗੱਲ ਕਹੀ ਹੈ। 'ਯਾਰ, ਜਾਰ, ਜ਼ਾਰ' ਲੇਖ ਵਿਚ
ਤਿੰਨਾਂ ਦੇ ਸਹੀ ਉਚਾਰਨ ਦੀ ਸਮਝ ਲਈ ਉਹਨਾਂ ਨੇ ਤਿੰਨਾਂ ਦੀ ਹੀ ਵਿਆਖਿਆ ਕਰਕੇ, ਅਰਥਾਂ ਦੀ ਸਹੀ ਸਮਝ ਨਾ ਹੋਣ ਕਾਰਨ ਹੋਰ ਰਹੀ
ਗ਼ਲਤੀ ਦਾ ਅਹਿਸਾਸ ਕਰਾਉਣ ਦਾ ਯਤਨ ਕੀਤਾ ਹੈ। 'ਅਧਕ ਵਿਚਾਰਾ ਕੀ ਕਰੇ?" ਲੇਖ ਰਾਹੀਂ ਪੰਜਾਬੀ ਲੇਖਕਾਂ ਵੱਲੋਂ ਇਸ ਨੂੰ ਜੋ ਵਿਚਾਰਾ
ਬਣਾ ਕੇ ਰੱਖ ਦਿਤਾ ਗਿਆ ਹੈ, ਉਸ ਬਾਰੇ ਵੀ ਵਿਸਥਾਰਤ ਚਾਨਣਾ ਪਾਇਆ ਗਿਆ ਹੈ।
ਇਸ ਦੇ ਨਾਲ਼ ਹੀ ਹਥਲੀ ਪੁਸਤਕ ਵਿਚ ਪੰਜਾਬੀ ਸ਼ਬਦ ਜੋੜਾਂ ਵਿਚਲੇ ਵਖਰੇਵੇਂ ਦਾ ਹਵਾਲਾ ਦਿੰਦਿਆਂ ਪੰਜਾਬੀ ਸ਼ਬਦ ਜੋੜਾਂ ਦੀ
ਸਰਲਤਾ ਅਤੇ ਸਮਾਨਤਾ ਦੀ ਲੋੜ ਮਹਿਸੂਸ ਕੀਤੀ ਗਈ ਹੈ। ਏਸੇ ਤਰ੍ਹਾਂ ਹੀ ਜ ਦੇ ਪੈਰ ਬਿੰਦੀ ਦੀ ਦੁਰਵਰਤੋਂ ਵੀ ਵਿਚਾਰ ਅਧੀਨ ਹੈ। ਇਹ
ਵੀ ਕਿਤਾਬ ਦੇ ਇਕ ਲੇਖ ਦਾ ਵਿਸ਼ਾ ਰਿਹਾ ਹੈ। ਪੁਸਤਕ ਦੇ ਬਹੁਤੇ ਲੇਖਾਂ ਵਿਚੋਂ ਧਾਰਮਿਕ ਰੰਗਤ ਸਾਫ਼ ਝਲਕਦੀ ਹੈ, ਜਿਸ ਦਾ ਕਾਰਨ
ਸ਼ਾਇਦ ਇਹ ਹੋ ਸਕਦਾ ਹੈ ਕਿ ਲੇਖਕ ਆਪਣੇ ਜੀਵਨ ਦਾ ਬਹੁਤਾ ਸਮਾ ਧਾਰਮਿਕ ਮਾਹੌਲ ਵਿਚ ਵਿਚਰਿਆ ਹੈ। ਇਸ ਦਾ ਹਵਾਲਾ
ਪੁਸਤਕ ਵਿਚਲੇ ਲੇਖਾਂ ਵਿਚੋਂ ਸਹਿਵਨ ਹੀ ਮਿਲ਼ ਜਾਂਦਾ ਹੈ।
ਹਰਭਜਨ ਸਿੰਘ ਵਕਤਾ
੯੮੧੪੮ ੯੮੫੧੦
ਬਾਤਾਂ ਬੀਤਾਂ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਗਿਆਨੀ ਸੰਤੋਖ ਸਿੰਘ ਹੋਰਾਂ ਕੋਲ਼ ਜ਼ਿੰਦਗੀ ਦਾ ਚੋਖਾ ਤਜਰਬਾ ਵੀ ਹੈ ਅਤੇ ਲਿਖਤ ਨੂੰ ਰੌਚਕ ਬਣਾਉਣ ਦਾ ਹੁਨਰ ਵੀ। ਜ਼ਿੰਦਗੀ
ਦਾ ਲੰਮਾ ਸਫ਼ਰ ਤਹਿ ਕੀਤਾ ਹੋਣ ਕਰਕੇ ਉਹ ਉਸ ਸਮੇ ਦੇ ਗਵਾਹ ਹਨ, ਜਦੋਂ ਜ਼ਿੰਦਗੀ ਅੱਜ ਵਾਂਗ ਮਸ਼ੀਨੀ ਨਹੀ ਸੀ ਹੋਈ, ਬੰਦਾ ਬੰਦੇ ਦੇ
ਕੰਮ ਆਉਂਦਾ ਸੀ ਅਤੇ ਭਾਈਚਾਰਕ ਤੰਦ ਮਜਬੂਤ ਹੁੰਦੀ ਸੀ। ਭਾਵੇਂ ਉਹ ਅੱਜ ਵਾਲ਼ੇ ਦੌਰ ਵਿਚ ਵੀ ਵਿਚਰ ਰਹੇ ਹਨ ਪਰ ਅਤੀਤ ਦੀਆਂ
ਯਾਦਾਂ ਉਹਨਾਂ ਨੂੰ ਝੁਰਮਟ ਪਾਈ ਰਖਦੀਆਂ ਹਨ। ਇਸ ਤੋਂ ਪਹਿਲਾਂ ਗਿਆਨੀ ਸੰਤੋਖ ਸਿੰਘ ਜੀ, ਸਚੇ ਦਾ ਸਚਾ ਢੋਆ (ਚਾਰ ਐਡੀਸ਼ਨਾਂ
ਵਿਚ), ਉਜਲ ਕੈਹਾਂ ਚਿਲਕਣਾ, ਯਾਦਾਂ ਭਰੀ ਚੰਗੇਰ ਅਤੇ ਇਸ ਤੋਂ ਪਿਛੋ 'ਜੋ ਵੇਖਿਆ ਸੋ ਆਖਿਆ' ਪਾਠਕਾਂ ਦੀ ਪਹੁੰਚ ਤੱਕ ਅੱਪੜਦੀਆਂ
ਕਰ ਚੁੱਕੇ ਹਨ।
ਪੁਸਤਕ ਵਿਚਲੀ ਸ਼ੈਲੀ ਰੌਚਕ ਤੇ ਕੁਦਰਤੀ ਰੂਪ ਵਾਲ਼ੀ ਹੈ ਅਤੇ ਚਲੰਤ ਮਾਮਲਿਆਂ ਤੋਂ ਲੈ ਕੇ ਯਾਤਰਾਵਾਂ, ਧਰਮ, ਰਾਜਨੀਤੀ,
ਪੱਤਰਕਾਰੀ, ਕਿਸਾਨੀ ਅਤੇ ਪੇਂਡੂ ਜੀਵਨ ਨੂੰ ਏਨੇ ਸਰਲ ਢੰਗ ਨਾਲ਼ ਬਿਆਨ ਕਰਦੀ ਹੈ ਕਿ ਪਾਠਕ ਗਿਆਨੀ ਸੰਤੋਖ ਸਿੰਘ ਦੇ ਨਾਲ਼ ਤੁਰਨ
ਲੱਗਦਾ ਹੈ। ਪੁਸਤਕ ਵਿਚ ਜਿਥੇ ਗਿਆਨੀ ਜੀ ਨੇ ਆਪਣੇ ਬਚਪਨ, ਸ਼੍ਰੋਮਣੀ ਕਮੇਟੀ ਦੀ ਸੇਵਾ, ਖੇਤੀਬਾੜੀ ਅਤੇ ਵਿਦੇਸ਼ ਯਾਤਰਾਵਾਂ ਦੀਆਂ
ਯਾਦਾਂ ਸਾਂਝੀਆਂ ਕੀਤੀਆਂ ਹਨ, ਓਥੇ ਇਸ ਪੁਸਤਕ ਵਿਚ ਕੁਝ ਅਭੁੱਲ ਤਸਵੀਰਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਪੁਸਤਕ ਵਿਚਲੇ ਲੇਖ
ਭਾਵੇਂ ਛੋਟੇ ਹਨ ਪਰ ਇਹਨਾਂ ਦਾ ਮਹੱਤਵ ਬਹੁਤ ਜ਼ਿਆਦਾ ਹੈ।
ਵੱਖਰੀ ਗੱਲ ਇਹ ਹੈ ਕਿ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ਼ ਜੁੜੀਆਂ ਇਹ ਯਾਦਾਂ ਪਾਠਕਾਂ ਨਾਲ਼ ਸਾਂਝੀਆਂ ਕਰਨ ਲਈ
ਗਿਆਨੀ ਜੀ ਨੇ ਕਿਸੇ ਕੰਪਿਊਟਰ ਜਾਂ ਡਾਇਰੀ ਦਾ ਸਹਾਰਾ ਨਹੀਂ ਲਿਆ, ਸਗੋਂ ਇਹ ਸਭ ਉਹਨਾਂ ਦੇ ਚੇਤੇ ਦੀ ਸਲੇਟ ਤੇ ਉਂਜ ਹੀ
ਉਕਰੀਆਂ ਪਈਆਂ ਹਨ। ਉਹ ਕਹਿੰਦੇ ਨੇ, "ਹੋ ਸਕਦੈ ਕੋਈ ਤਰੀਕ ਜਾਂ ਸਾਲ ਏਧਰ ਓਧਰ ਹੋ ਗਿਆ ਹੋਵੇ ਪਰ ਘਟਨਾਵਾਂ ਨਾਲ਼ ਜੁੜੀ
ਸਾਂਝ ਜਿਉਂ ਦੀ ਤਿਉਂ ਹੈ।"
ਸਵਰਨ ਸਿੰਘ ਟਹਿਣਾ
੯੮੧੪੧ ੭੮੮੮੩
'ਬਾਤਾਂ ਬੀਤੇ ਦੀਆਂ' ਨਿਊ ਜ਼ੀਲੈਂਡ ਦੇ ਪਾਠਕਾਂ ਨੂੰ ਸਮੱਰਪਣ।
ਗਿਆਨੀ ਜੀ, ਗੁਰਦੁਆਰਾ ਸਾਹਿਬ ਹੈਮਿਲਟਨ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਤੇ, ਗੁਰੂ ਜੀ ਦੇ ਪਰਉਪਕਾਰਾਂ ਦੀ ਵਿਥਿਆ ਸੰਗਤਾਂ ਨਾਲ਼ ਸਾਂਝੀ
ਕਰਦੇ ਹੋਏ।
ਬੀਤੇ ਦਿਨੀਂ ਆਸਟ੍ਰੇਲੀਆ ਨਿਵਾਸੀ ਪੰਥਕ ਵਿਦਵਾਨ, ਗਿਆਨੀ ਸੰਤੋਖ ਸਿੰਘ ਜੀ, ਆਪਣੀਆਂ ਯਾਦਾਂ ਤੇ ਆਧਾਰਤ, ਤਕਰੀਬਨ
ਸਾਢੇ ਚਾਰ ਸੌ ਪੰਨਿਆਂ ਦੀ ਵਡੇਰੀ ਕਿਤਾਬ 'ਬਾਤਾਂ ਬੀਤੇ ਦੀਆਂ' ਅਤੇ ਆਪਣੀ ਧਾਰਮਿਕ ਲੇਖਾਂ ਦੀ ਪਹਿਲੀ ਕਿਤਾਬ 'ਸਚੇ ਦਾ ਸਚਾ ਢੋਆ'
ਦੀ ਤੀਜੀ ਐਡੀਸ਼ਨ ਨੂੰ, ਨਿਊ ਜ਼ੀਲੈਂਡ ਦੇ ਵਸਨੀਕ ਪਾਠਕਾਂ ਦੇ ਸਮੱਰਪਣ ਕਰਨ ਵਾਸਤੇ, ਕੁਝ ਦਿਨਾਂ ਦੀ ਯਾਤਰਾ ਤੇ ਆਏ।
ਇਸ ਯਾਤਰਾ ਦੌਰਾਨ ਉਹ ਵੱਖ ਵੱਖ ਸ਼ਹਿਰਾਂ ਦੇ ਵਿਦਵਾਨਾਂ, ਨਵੀ ਪੀਹੜੀ ਦੇ ਕਲਾਕਾਰਾਂ, ਲੇਖਕਾਂ, ਪੱਤਰਕਾਰਾਂ, ਮੀਡੀਆ
ਕਰਮੀਆਂ ਨੂੰ ਵੀ ਮਿਲ਼ੇ। ਰੇਡੀਓ ਸਪਾਈਸ ਅਤੇ ਰੇਡੀਓ ਤਰਾਨਾ ਰਾਹੀਂ ਵੀ ਉਹਨਾਂ ਨੇ ਸਰੋਤਿਆਂ ਨਾਲ਼ ਖੁਲ੍ਹੀਆਂ ਵਿਚਾਰਾਂ
ਕੀਤੀਆਂ। ਖ਼ੂਬਸੂਰਤ ਮੁਲਕ ਨਿਊ ਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚ ਸ਼ਾਨ ਅਤੇ ਸੁਖ ਸਹਿਤ ਵੱਸ ਰਹੇ ਪੰਜਾਬੀ ਸਮਾਜ ਦੇ ਕਿਰਤੀ
ਸੱਜਣਾਂ ਨਾਲ਼ ਮੇਲ਼ ਮਿਲ਼ਾਪ ਕਰਕੇ ਗਿਆਨੀ ਜੀ ਨੇ ਜਿਥੇ ਉਹਨਾਂ ਦੀ ਸਿਆਣੀ ਸੰਗਤ ਦਾ ਅਨੰਦ ਮਾਣਿਆ ਓਥੇ ਪੰਜਾਬੀ ਪਾਠਕਾਂ ਨੂੰ ਮਿਲ਼
ਕੇ ਆਪਣੀ ਕਿਤਾਬ ਦੀਆਂ ਕਾਪੀਆਂ ਵੀ ਭੇਟਾ ਕੀਤੀਆਂ। ਇਸ ਯਾਤਰਾ ਦੌਰਾਨ ਔਕਲੈਂਡ, ਹੈਮਿਲਟਨ, ਟੌਰਾਂਗਾ, ਟੀ ਪੁਕੀ, ਹੇਸਟਿੰਗ
ਆਦਿ ਸ਼ਹਿਰਾਂ ਵਿਖੇ ਸੁਸ਼ੋਭਤ, ਗੁਰਦੁਆਰਾ ਸਾਹਿਬਾਨ ਵਿਖੇ ਧਾਰਮਿਕ ਦੀਵਾਨਾਂ ਵਿਚ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਅਤੇ ਗੁਰਦੁਆਰਾ
ਸਾਹਿਬਾਨ ਦੀਆਂ ਲਾਇਬ੍ਰੇਰੀਆਂ ਨੂੰ ਕਿਤਾਬਾਂ ਵੀ ਭੇਟਾ ਕੀਤੀਆਂ।
ਗਿਆਨੀ ਜੀ ਨੇ ਸੰਗਤਾਂ ਨਾਲ਼ ਗੁਰਮਤਿ ਤੇ ਸਿੱਖ ਇਤਿਹਾਸ ਦੀ ਸਾਂਝ ਪਾਉਂਦਿਆਂ ਹੋਇਆਂ ਆਪਣੇ ਸਾਹਿਤਕ ਪਿਛੋਕੜ ਅਤੇ
ਇਹਨਾਂ ਕਿਤਾਬਾਂ ਦੇ ਹੋਂਦ ਵਿਚ ਆਉਣ ਦੀ ਪਿੱਠ ਭੂਮੀ ਬਾਰੇ ਵੀ ਦਿਲਚਸਪ ਜਾਣਕਾਰੀ ਦਿਤੀ।
ਵੱਖ ਵੱਖ ਗੁਰਦੁਆਰਾ ਸਾਹਿਬਾਨ ਵੱਲੋਂ ਗਿਆਨੀ ਜੀ ਨੂੰ ਸਿਰੋਪੇ ਬਖ਼ਸ਼ ਕੇ ਸਤਿਕਾਰਿਆ ਗਿਆ।
ਗਿਆਨੀ ਜੀ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਸੰਤੋਖ ਸਿੰਘ ਵਿਰਕ ਜੀ ਨੂੰ ਲਾਇਬ੍ਰੇਰੀ ਲਈ ਕਿਤਾਬ ਭੇਟ ਕਰਦੇ ਹੋਏ।
ਗਿਆਨੀ ਜੀ, ਗੁਰਦੁਆਰਾ ਸਾਹਿਬ ਹੈਮਿਲਟਨ ਦੇ ਰਾਗੀ ਜਥੇ ਨਾਲ਼। ਫ਼ੋਟੋ:ਪਰਤਾਪ ਸਿੰਘ ਢਿ
ਰੀਲੀਜ਼ ਸਮਾਰੋਹ
'ਬਾਤਾਂ ਬੀਤੇ ਦੀਆਂ'
ਗਿਆਨੀ ਸੰਤੋਖ ਸਿੰਘ ਜੀ ਦੀ ਪੁਸਤਕ 'ਬਾਤਾਂ ਬੀਤੇ ਦੀਆਂ' ਰੀਲੀਜ਼ ਕਰਦੇ ਹੋਏ, ਸੰਤ ਬਲਬੀਰ ਸਿੰਘ ਜੀ ਸੀਂਚੇ ਵਾਲ਼। ਨਾਲ਼ ਖਲੋਤੇ ਹਨ: ਪ੍ਰਿੰ.
ਕੁਲਵਿੰਦਰ ਸਿੰਘ ਸਰਾਇ, ਜਤਿੰਦਰ ਪੰਨੂੰ, ਪ੍ਰਿੰ. ਸਵਰਨ ਸਿੰਘ ਵਿਰਕ, ਲਖਵਿੰਦਰ ਸਿੰਘ ਮਾਨ, ਹਰਭਜਨ ਸਿੰਘ ਹੁੰਦਲ, ਡਾ ਚਰਨਜੀਤ ਸਿੰਘ ਦਿੱਲੀ।
ਲਾਂਬੜਾ (ਲ. ਸ. ਮਾਨ)
ਪੰਜਾਬੀ ਸਭਿਆਚਾਰ ਦੀ ਸਰਬਪੱਖੀ ਉਨਤੀ ਲਈ ਯਤਨਸ਼ੀਲ, ਪੰਜਾਬੀ ਸੱਥ ਲਾਂਬੜਾ ਵੱਲੋਂ, ਆਸਟ੍ਰੇਲੀਆ ਵਾਸੀ, ਪਰਵਾਸੀ
ਲੇਖਕ ਗਿਆਨੀ ਸੰਤੋਖ ਸਿੰਘ ਜੀ ਦੀ ਪੁਸਤਕ, 'ਬਾਤਾਂ ਬੀਤੇ ਦੀਆਂ' ਸੰਤ ਬਾਬਾ ਬਲਬੀਰ ਸਿੰਘ ਸੀਂਚੇ ਵਾਲ ਜੀ ਦੇ, ਪਵਿਤਰ ਹਥਾਂ
ਦੁਆਰਾ ਰੀਲ਼ੀਜ਼ ਕਰਵਾਈ ਗਈ।
ਸੱਥ ਵੱਲੋਂ ਆਪਣੀ ਵੀਹਵੀਂ ਪਰ੍ਹਿਆ ਦੇ ਸਮਾਗਮ ਵਿਚ ਜਿਥੇ ਕੁਝ ਹੋਰ ਸਮਾਜ ਸੇਵੀ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ
ਓਥੇ ਗਿਆਨੀ ਜੀ ਦੀ ਕਿਤਾਬ 'ਬਾਤਾਂ ਬੀਤੇ ਦੀਆਂ' ਨੂੰ ਵੀ ਪਾਠਕਾਂ ਨੂੰ ਸਮੱਰਪਤ ਕੀਤਾ ਗਿਆ। ਉਸ ਸਮੇ ਸਟੇਜ ਉਪਰ ਸਤਿਕਾਰਤ
ਮਹਾਨ ਸ਼ਖ਼ਸੀਅਤਾਂ ਵੱਲੋਂ ਗਿਆਨੀ ਜੀ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਸੰਸਾਰ ਵਿਚ ਵੱਸ ਰਿਹਾ ਪੰਜਾਬੀ ਭਾਈਚਾਰਾ ਗਿਆਨੀ ਜੀ ਦੀ ਵਿਦਵਤਾ, ਜੋ ਕਿ ਉਹਨਾਂ ਦੇ ਭਾਸ਼ਨਾਂ ਅਤੇ ਲਿਖਤ ਦੁਆਰਾ
ਪਰਗਟ ਹੁੰਦੀ ਹੈ, ਤੋਂ ਜਾਣੂ ਹੈ। ਆਪ ਜੀ ਪਹਿਲਾਂ ਪੰਜਾਬ ਵਿਚ ਤੇ ਫਿਰ ਪਿਛਲੇ ੩੮ ਸਾਲਾਂ ਤੋਂ ਪਰਦੇਸਾਂ ਵਿਚ ਭਰਮਣ ਕਰਕੇ, ਪੰਜਾਬੀ
ਭਾਈਚਾਰੇ ਵਿਚ ਵਿਚਰਦੇ ਆ ਰਹੇ ਹਨ। ੩੨ ਸਾਲਾਂ ਤੋਂ ਪਰਵਾਰ ਸਮੇਤ ਪੱਕਾ ਟਿਕਾਣਾ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਹੈ ਪਰ
ਸੰਸਾਰ ਦੀਆਂ ਯਾਤਰਾਵਾਂ ਦਾ ਸਿਲਸਿਲਾ ਲਗਾਤਾਰ ਅਜੇ ਵੀ ਜਾਰੀ ਹੈ।
ਗਿਆਨੀ ਜੀ ਦੀ ਸਭ ਤੋਂ ਸਭ ਪਹਿਲੀ ਪੁਸਤਕ 'ਸਚੇ ਦਾ ਸਚਾ ਢੋਆ' ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਦਾ ਵਰਨਣ
ਕਰਦੀ ਹੈ। ਪਾਠਕਾਂ ਨੇ ਇਸ ਨੂੰ ਏਨਾ ਪਸੰਦ ਕੀਤਾ ਕਿ ਥੋਹੜੇ ਹੀ ਸਮੇ ਵਿਚ ਇਸ ਦੇ ਚਾਰ ਐਡੀਸ਼ਨ ਛਪ ਕੇ ਪਾਠਕਾਂ ਦੇ ਹੱਥਾਂ ਵਿਚ
ਪਹੁੰਚ ਚੁੱਕੇ ਹਨ। ਦੂਜੀਆਂ ਦੋਹਾਂ ਕਿਤਾਬਾਂ ਵਿਚ ਗਿਆਨੀ ਜੀ ਦੀਆਂ ਯਾਤਰਾਵਾਂ ਦਾ ਵਰਨਣ ਹੈ ਤੇ ਇਸ ਚੌਥੀ ਕਿਤਾਬ ਵਿਚ, ੧੯੪੭ ਤੋਂ
ਲੈ ਕੇ ਹੁਣ ਤੱਕ, ਆਪਣੀਆਂ ਅੱਖਾਂ ਸਾਹਮਣੇ ਵਾਪਰ ਰਹੀਆਂ ਘਟਨਾਵਾਂ, ਜੋ ਕਿ ਪੰਥ, ਪੰਜਾਬ, ਸਿੱਖੀ, ਅਕਾਲੀ ਇਤਿਹਾਸ ਦਾ, ਪ੍ਰਤੱਖ,
ਵਾਪਰਦਾ ਤੇ ਅੱਖੀਂ ਵੇਖਿਆ ਬਿਆਨ ਹੈ। ਪੰਜਾਬੀ ਪਾਠਕਾਂ ਵਾਸਤੇ ਇਹ ਇਕ ਹਵਾਲਾ ਪੁਸਤਕ ਵਜੋਂ ਪਰਗਟ ਹੋਈ ਹੈ। ਇਤਿਹਾਸ,
ਧਰਮ, ਰਾਜਨੀਤੀ, ਸਾਹਿਤ, ਪੱਤਰਕਾਰੀ, ਯਾਤਰਾ ਵਿਚ ਦਿਲਚਸਪੀ ਰੱਖਣ ਵਾਲ਼ੇ ਪਾਠਕਾਂ ਵਾਸਤੇ ਤਾਂ ਇਹ ਇਕ ਗਾਈਡ ਸਮਾਨ ਹੈ।
ਗਿਆਨੀ ਜੀ ਦਾ ਇਹ ਵੱਡਪਣ ਹੀ ਹੈ ਕਿ ਏਨੇ ਚਿਰ ਤੋਂ ਵਿਦੇਸ਼ ਵਿਚ ਵੱਸੇ ਹੋਣ ਦੇ ਜਾਵਜੂਦ ਆਪਣੀ ਜ਼ਮੀਨ, ਆਪਣੀ ਮਾਂ
ਬੋਲੀ ਨੂੰ ਭੁੱਲੇ ਨਹੀ ਸਗੋਂ ਇਸ ਵਿਚ ਹੋਰ ਨਿਖਾਰ ਲਿਆਉਣ ਲਈ ਆਪਣੀ ਕਲਮ ਨੂੰ ਨਿਰੰਤਰ ਵਰਤ ਰਹੇ ਹਨ; ਭਾਵੇਂ ਕਿ ਇਹਨਾਂ ਨੇ
ਲਿਖਣ ਦਾ ਕਾਰਜ ਪਿਛਲੀ ਉਮਰ ਵਿਚ ਹੀ ਸ਼ੁਰੂ ਕੀਤਾ ਹੈ। ਯਾਦ ਰਹੇ ਕਿ ਗਿਆਨੀ ਜੀ ਦੀ ਪਹਿਲੀ ਪੁਸਤਕ 'ਸਚੇ ਦਾ ਸਚਾ ਢੋਆ'
ਨਵੰਬਰ, ੨੦੦੬ ਵਿਚ ਪ੍ਰਕਾਸ਼ਤ ਹੋ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚੀ ਸੀ ਜਿਸ ਦੀਆਂ ਚਾਰ ਐਡੀਸ਼ਨਾਂ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਜਾ
ਚੁੱਕੀਆਂ ਹਨ।
ਸਾਹਿਤਕਾਰਾਂ, ਬੁਧੀਜੀਵੀਆਂ, ਧਾਰਮਿਕ ਹਸਤੀਆਂ, ਸਮਾਜ ਸੇਵਕਾਂ, ਵਿੱਦਵਾਨਾਂ, ਵਿੱਦਿਆ ਦੇ ਦਾਨੀਆਂ, ਵਿੱਦਿਅਕ ਅਦਾਰਿਆਂ
ਦੇ ਪ੍ਰਬੰਧਕਾਂ ਆਦਿ ਨੇ, ਜੋ ਦੇਸ ਅਤੇ ਵਿਦੇਸ਼ਾਂ ਤੋਂ ਆਏ ਹੋਏ ਸਨ, ਇਸ ਸਮਾਗਮ ਦੀ ਗਹਿਮਾ ਗਹਿਮੀ ਵਿਚ ਭਰਪੂਰ ਹਿੱਸਾ ਪਾ ਕੇ, ਇਸ
ਨੂੰ ਇਕ ਯਾਦਗਾਰੀ ਸਮਾਗਮ ਬਣਾ ਦਿਤਾ।
ਪੰਜਾਬੀ ਭਵਨ ਲੁਧਿਆਣਾ ਵਿਚ
ਗਿ. ਸੰਤੋਖ ਸਿੰਘ ਜੀ ਦੀਆਂ ਦੋ ਪੁਸਤਕਾਂ ਦਾ ਪਾਠਕ ਸਮੱਰਪਣ ਸਮਾਰੋਹ
ਡਾ. ਗੁਰਮੁਖ ਸਿੰਘ ਪਟਿਆਲਾ, ਗਿਆਨੀ ਸੰਤੋਖ ਸਿੰਘ, ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਹੋਰ
ਲੁਧਿਆਣਾ (ਡਾ. ਗੁਮਟਾਲਾ)
ਆਸਟ੍ਰੇਲੀਆ ਨਿਵਾਸੀ ਪਰਵਾਸੀ ਪੰਜਾਬੀ ਲੇਖਕ ਗਿ. ਸੰਤੋਖ ਸਿੰਘ ਜੀ ਦੀ ਪਹਿਲੀ ਕਿਤਾਬ 'ਸਚੇ ਦਾ ਸਚਾ ਢੋਆ' ਦੀ ਚੌਥੀ
ਐਡੀਸ਼ਨ ਅਤੇ ਪੰਜਵੀਂ ਕਿਤਾਬ 'ਜੋ ਵੇਖਿਆ ਸੋ ਆਖਿਆ', ਇਸ ਸਮਾਰੋਹ ਵਿਚ, ਸੋਸਾਇਟੀ ਦੇ ਵਿਦਵਾਨਾਂ ਵੱਲੋਂ, ਪਾਠਕਾਂ ਦੇ ਸਮੱਰਪਣ
ਕੀਤੀਆਂ ਗਈਆਂ।
ਇਸ ਸਮੇ ਹਾਜਰ ਵਿਦਵਾਨਾਂ ਨੂੰ ਗਿਆਨੀ ਜੀ ਵੱਲੋਂ ਆਪਣੀਆਂ ਪੁਸਤਕਾਂ ਭੇਟਾ ਕਰਨ ਦਾ ਮਾਣ ਹਾਸਲ ਕੀਤਾ ਗਿਆ। ਨਾਲ਼ ਹੀ
ਪੰਜਾਬੀ ਭਵਨ ਦੇ ਲਾਇਬ੍ਰੇਰੀਅਨ, ਡਾ. ਧਰਮ ਸਿੰਘ ਬਜਾਜ ਨੂੰ ਵੀ ਲਾਇਬ੍ਰੇਰੀ ਵਾਸਤੇ ਕਿਤਾਬਾਂ ਭੇਟ ਕੀਤੀਆਂ। ਇਸ ਸਮੇ ਵੱਖ ਵੱਖ
ਸ਼ਹਿਰਾਂ ਤੋਂ ਆਏ ਪੰਜਾਬੀ ਲੇਖਕਾਂ ਨੇ ਗਿਆਨੀ ਜੀ ਦੇ ੩੮ ਸਾਲ ਪਰਦੇਸਾਂ ਵਿਚ ਰਹਿਣ ਦੇ ਬਾਵਜੂਦ ਵੀ, ਆਪਣੀ ਮਿੱਟੀ ਨਾਲ਼ ਮੋਹ,
ਪੰਜਾਬੀ ਸਾਹਿਤਕ ਸੰਸਾਰ ਨਾਲ਼ ਸੰਪਰਕ ਰੱਖਣ ਅਤੇ ਦੁਨੀਆ ਦੇ ਵੱਖ ਵੱਖ ਦੇਸਾਂ ਵਿਚ ਵਿਚਰ ਕੇ, ਪੰਜਾਬੀ ਭਾਈਚਾਰੇ ਨਾਲ਼ ਬੋਲੀ, ਲਿੱਪੀ,
ਸਭਿਆਚਾਰ, ਧਰਮ, ਇਤਿਹਾਸ, ਦੀ ਸਾਂਝ ਨੂੰ ਕਾਇਮ ਰੱਖਣ ਦੇ ਉਦਮ ਦੀ ਭਰਪੂਰ ਸ਼ਲਾਘਾ ਕੀਤੀ।
ਸ੍ਰੀ ਮਤੀ ਦਰਸ਼ਨ ਕੌਰ ਤੇ ਸ੍ਰੀ ਮਤੀ ਸੁਖਚਰਨਜੀਤ ਕੌਰ ਗਿੱਲ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਨਾਲ ਕਾਵਿ ਮਹਿਫ਼ਲ ਸਜਾਈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਬਿਕਰਮ ਸਿੰਘ ਘੁੰਮਣ, ਜੋਧ ਸਿੰਘ ਚਾਹਲ, ਡਾ. ਚਰਨਜੀਤ ਸਿੰਘ ਗੁਮਟਾਲਾ, ਡਾ.
ਸੁਰਿੰਦਰਪਾਲ ਸਿੰਘ ਮੰਡ, ਸੁਖਚਰਨਜੀਤ ਕੌਰ ਗਿੱਲ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਜਸਵੰਤ ਸਿੰਘ, ਗੁਲਜਾਰ ਸਿੰਘ ਕੰਗ, ਪ੍ਰਿੰ.
ਅੰਮ੍ਰਿਤ ਲਾਲ ਮੰਨਣ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਜਗੀਰ ਸਿੰਘ ਨੂਰ, ਡਾ. ਇਕਬਾਲ ਕੌਰ ਸੌਂਦ,
ਡਾ. ਸੁਹਿੰਦਰਬੀਰ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ ਜੱਸ, ਡਾ. ਬ੍ਰਿਜਪਾਲ ਸਿੰਘ, ਡਾ. ਸੁਜਾਨ ਸਿੰਘ, ਸ੍ਰੀਮਤੀ ਜਸਬੀਰ ਕੌਰ, ਪ੍ਰੋਫੈਸਰ
ਮੋਹਨ ਸਿੰਘ, ਸ੍ਰ. ਅਵਤਾਰ ਸਿੰਘ ਕੈਨੇਡਾ, ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਵਿਜੇ ਕੁਮਾਰ ਅਸ਼ਕ, ਡਾ. ਬਾਬੂ ਰਾਮ
ਦੀਵਾਨਾ, ਇੰਜ. ਜੀ.ਐਸ. ਸੇਖੋਂ, ਡਾ. ਜਸਪਾਲ ਸਿੰਘ, ਅਜੀਤ ਕੌਰ, ਮੁਖਤਿਆਰ ਸਿੰਘ, ਡਾ. ਗੁਰਮੁਖ ਸਿੰਘ, ਡਾ. ਜਸਵੰਤ ਸਿੰਘ ਆਦਿ
ਹਾਜਰ ਸਨ।
ਉਜਲ ਕੈਹਾਂ ਚਿਲਕਣਾ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਸਿੰਘ ਬਰਦਰਜ਼
ਆਸਟ੍ਰੇਲੀਆ ਨਿਵਾਸੀ ਗਿਆਨੀ ਸੰਤੋਖ ਸਿੰਘ ਦੀ ਇਹ ਦੂਜੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ 'ਸਚੇ ਦਾ ਸਚਾ ਢੋਆ' ਨਾਮੀ
ਇਕ ਪੁਸਤਕ ਪੰਜਾਬੀ ਸਾਹਿਤ ਦੀ ਝੋਲ਼ੀ ਵਿਚ ਪਾ ਕੇ, ਪੰਜਾਬੀ ਸਾਹਿਤਕ ਸੰਸਾਰ ਵਿਚ ਨਾਮਣਾ ਘੱਟ ਚੁੱਕੇ ਹਨ। ਇਹ ਹੱਥਲੀ ਪੁਸਤਕ
'ਉਜਲ ਕੈਹਾਂ ਚਿਲਕਣਾ' ਬੇਸ਼ੱਕ ਗਿਆਨੀ ਜੀ ਦੀ ਸਵੈ ਜੀਵਨੀ ਹੈ ਪਰ ਇਹ ਪੁਸਤਕ ਪੜ੍ਹਨ/ਵਿਚਾਰਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ
ਇਹ ਕੇਵਲ ਸਵੈ ਜੀਵਨੀ ਹੀ ਨਹੀ ਸਗੋਂ ਇਕ ਇਤਿਹਾਸਕ ਦਸਤਾਵੇਜ਼ ਵੀ ਪਰਤੀਤ ਹੁੰਦੀ ਹੈ। ਆਪਣੇ ਘੁਮੱਕੜ ਸੁਭਾ ਦੇ ਮਾਲਕ ਹੋਣ
ਕਰਕੇ, ਗਿਆਨੀ ਜੀ ਨੇ ਦੁਨੀਆ ਦਾ ਬਹੁਤਾ ਹਿੱਸਾ ਗਾਹ ਮਾਰਿਆ ਹੈ। ਸੋ ਇਸ ਪੁਸਤਕ ਵਿਚ ਜਿਥੇ ਘੁਮੱਕੜ ਜੀਵਨ ਦੇ ਖੱਟੇ ਮਿੱਠੇ
ਅਨੁਭਵ ਹਨ ਓਥੇ ਭਾਰਤ ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਦਾ-ਪੇਚ, ਚਾਲਬਾਜ਼ੀਆਂ ਤੇ ਸਾਰਥਕ ਗੂੜ੍ਹ ਗਿਆਨ ਵੀ ਇਸ ਪੁਸਤਕ ਦਾ
ਇਕ ਵੱਡਾ ਹਿੱਸਾ ਹੈ।
ਇਮਾਨਦਾਰੀ ਦੀ ਸੀਮਾ ਮਨੁਖ ਦੀ ਬੇਵਸੀ ਤੱਕ ਹੀ ਸੀਮਤ ਹੁੰਦੀ ਹੈ। ਵੱਸ ਚੱਲ ਜਾਣ ਤੇ ਵਧੇਰੇ ਕਰਕੇ ਬੇਈਮਾਨੀ ਦਾ ਬੋਲ ਬਾਲਾ
ਮਨੁਖੀ ਬਿਰਤੀ ਤੇ ਹਾਵੀ ਹੋ ਹੀ ਜਾਂਦਾ ਹੈ। ਬੇਈਮਾਨੀ ਸਿਰਫ਼ ਭਾਰਤੀਆਂ ਦੇ ਹੱਡਾਂ ਵਿਚ ਹੀ ਨਹੀ ਰਚੀ ਹੋਈ ਸਗੋਂ ਦੁਨੀਆ ਦੇ ਹੋਰਨਾਂ
ਮਨੁਖਾਂ ਵਿਚ ਵੀ ਪ੍ਰਬਲ ਹੈ। ਇਸ ਬਾਰੇ ਲੇਖਕ ਨੇ 'ਜਦੋਂ ਮੈਨੂੰ ਵੀ ਰਿਸ਼ਵਤ ਦੇਣੀ ਪਈ' ਤੇ 'ਬਚਣਾ ਮੇਰੇ ਲੁੱਟੇ ਜਾਣ ਤੋਂ ਤਨਜ਼ਾਨੀਅਨ
ਇਮੀਗ੍ਰੇਸ਼ਨ ਅਫ਼ਸਰਾਂ ਦੇ ਹੱਥੋਂ' ਲੇਖਾਂ ਵਿਚ ਬਾਖ਼ੂਬੀ ਨਾਲ਼ ਵਰਨਣ ਕੀਤਾ ਹੈ।
ਜਿਵੇਂ 'ਹਾਥੀ ਦੇ ਦੰਦ ਖਾਣ ਵਾਲ਼ੇ ਹੋਰ ਤੇ ਵਿਖਾਣ ਵਾਲ਼ੇ ਹੋਰ' ਹੁੰਦੇ ਹਨ ਓਸੇ ਤਰ੍ਹਾਂ ਕਈ ਅਖੌਤੀ ਧਰਮੀ ਲੋਕਾਂ ਦਾ ਕਿਰਦਾਰ ਵੀ
ਦੋਹਰਾ ਹੁੰਦਾ ਹੈ; ਭਾਵ ਬਾਹਰੋਂ ਨਿਰਮਲ ਤੇ ਅੰਦਰੋਂ ਕੂੜਾ ਕਰਕਟ। ਇਸ ਵਿਚਾਰ ਨੂੰ ਗਿਆਨੀ ਜੀ ਨੇ 'ਟਰੰਕ ਕਾਲ ਕਿ ਪੈਗ ਕਾਲ?' ਲੇਖ
ਵਿਚ ਬੇਬਾਕੀ ਨਾਲ਼ ਪੇਸ਼ ਕੀਤਾ ਹੈ।
ਮਨੁਖੀ ਜੀਵਨ ਵਿਚ ਜ਼ਬਾਨ ਰਸ (ਬੋਲ ਬਾਣੀ) ਦਾ ਆਪਣਾ ਹੀ ਪ੍ਰਭਾਵ ਹੁੰਦਾ ਹੈ, ਜਿਸ ਨਾਲ਼ ਕਈ ਵਾਰ ਬਣਿਆਂ ਬਣਾਇਆ
ਕੰਮ ਵੀ ਵਿਗੜ ਜਾਂਦਾ ਹੈ ਤੇ ਕਈ ਵਾਰ ਹਲੀਮੀ ਵਾਲ਼ੀ ਗੱਲ ਬਾਤ ਵਿਗੜੇ ਕੰਮ ਨੂੰ ਵੀ ਸਵਾਰ ਜਾਂਦੀ ਹੈ।
ਰੌਚਕ ਸ਼ੈਲੀ ਵਾਲ਼ੀ ਇਹ ਪੁਸਤਕ ਪਾਠਕ ਨੂੰ ਆਪਣੇ ਨਾਲ਼ ਜੋੜਨ ਵਿਚ ਕਾਫ਼ੀ ਹੱਦ ਤੱਕ ਸਫ਼ਲ ਤਾਂ ਜ਼ਰੂਰ ਹੈ ਪਰ ਲੇਖਕ ਨੇ
ਆਪਣੀ ਆਦਤ ਅਨੁਸਾਰ ਉਚ ਸਿਆਸੀ ਨੇਤਾਵਾਂ ਦੇ ਮਾੜੇ ਕਿਰਦਾਰ ਨੂੰ ਕੌੜੇ ਵਿਸ਼ੇਸ਼ਣ ਵੀ ਲਾਏ ਹਨ ਜੋ ਗਿਆਨੀ ਜੀ ਦੀ ਵਿਦਵਤਾ ਨਾਲ
ਨਾ ਤਾਂ ਮੇਲ਼ ਖਾਂਦੇ ਹਨ ਤੇ ਨਾ ਹੀ ਸੋਭਦੇ ਹਨ। ਆਸ ਹੈ ਕਿ ਅੱਗੇ ਤੋ ਗਿਆਨੀ ਜੀ ਅਜਿਹੇ ਕੌੜੇ ਵਿਸ਼ੇਸ਼ਣਾਂ ਤੋਂ ਗੁਰੇਜ਼ ਕਰਕੇ ਆਪਣੀ
ਮਿੱਠੀ ਤੇ ਨਿਘੀ ਸਹਿਣਸ਼ੀਲਤਾ ਦਾ ਸਬੂਤ ਦੇਣਗੇ। ਬਾਕੀ ਇਹ ਪੁਸਤਕ ਪੜ੍ਹਨ, ਵਿਚਾਰਨ ਤੇ ਸਾਂਭਣ ਯੋਗ ਹੈ। ਇਸ ਲਈ ਲੇਖਕ ਵਧਾਈ
ਦਾ ਪਾਤਰ ਹੈ।
ਲਖਵਿੰਦਰ ਸਿੰਘ
ਰਈਆ ਹਵੇਲੀਆਣਾ
ਸ. ਸ. ਮਾਸਟਰ
ਸਰਕਾਰੀ ਹਾਈ ਸਕੂਲ ਚੀਮਾ ਬਾਠ, ਜ਼ਿਲਾ ਅੰਮ੍ਰਿਤਸਰ

Monday, December 12, 2011

ਡਾ. ਸ਼ਹਰਯਾਰ ਆਪਣੀ ਰਚਨਾ ਭੋਰੇ ਵਾਲਾ ਪੂਰਨ ਵਿੱਚ ਪੂਰਨ ਭਗਤ ਨੂੰ ਨਵੇਂ ਅਰਥਾਂ: ਵਾਹਿਦ


  ਵਾਹਿਦ
ਡਾ. ਸ਼ਹਰਯਾਰ ਆਪਣੀ ਰਚਨਾ ਭੋਰੇ ਵਾਲਾ ਪੂਰਨ ਵਿੱਚ ਪੂਰਨ ਭਗਤ ਨੂੰ ਨਵੇਂ ਅਰਥਾਂ 'ਚ ਪੇਸ਼ ਕਰਦਾ ਹੈ...ਡਾ. ਸਹਿਬ ਨੇ ਜਿਸ ਤਰ੍ਹਾਂ ਆਪਣੀ ਰਚਨਾ ਵਿੱਚ ਕੁਦਰਤ ਤੇ ਸਮਾਜ ਦਰਮਿਆਨ ਕਸ਼ਮਕਸ਼ ਨੂੰ ਮੂਰਤੀਮਾਨ ਕੀਤਾ ਹੈ। ਕਾਬਲ-ਇ-ਤਾਰੀਫ਼ ਹੈ। ਸਲਵਾਨ ਇੱਕ ਸ਼ਾਸ਼ਕ ਹੈ ਜੋ ਪੂਰਨ ਇੱਛਰਾਂ ਲੂਣਾ ਆਦਿ ਸਾਰਿਆਂ ਦਾ ਸ਼ੋਸ਼ਣ ਕਰਦਾ ਹੈ ਤੇ ਰਾਜੇ ਸਲਵਾਨ ਦਾ ਸ਼ੋਸ਼ਣ ਜੋਤਿਸ਼ਵਾਦ ਕਰਦਾ ਹੈ। ਇੰਝ ਇਹ ਵਰਤਾਰਾ ਮੁਸੱਲਸਲ ਜਾਰੀ ਹੈ। ਆਦਮੀ ਉਮਰ ਭਰ ਕਿਰਦਾਰ ਨਿਭਾਉਂਦਾ ਰਹਿੰਦਾ ਹੈ... ਕਿਰਦਾਰ ਜੋ ਸਮਾਜ ਆਦਮੀ ਤੇ ਥੋਪਦਾ ਹੈ... ਇਹਨਾਂ ਕਿਰਦਾਰਾਂ ਦੀ ਦੌੜ 'ਚ ਅਦਮੀ ਜੀਣ ਦੇ ਮੂਲ ਸੰਕਲਪ ਭੁੱਲ ਜਾਂਦਾ ਹੈ।ਰਾਜਾ ਸਲਵਾਨ ਰਾਜਾ ਹੋਣ ਕਰਕੇ ਆਪਣੇ 'ਤੇ ਪੂਰਨ ਰਾਹੀਂ ਆਉਣ ਵਾਲ਼ੀ ਮੁਸੀਬਤ ਟਾਲਣ ਲਈ ਪੂਰਨ ਨੂੰ ਬਾਰਾਂ ਸਾਲ ਭੋਰੇ ਵਿੱਚ ਪਾ ਦਿੰਦਾਂ ਹੈ। ਸਲਵਾਨ ਜੇ ਪਿਤਾ ਦੇ ਕਿਰਦਾਰ 'ਚ ਹੁੰਦਾ ਤਾਂ ਇੰਝ ਨਾ ਕਰਦਾ। ਰਾਣੀ ਇੱਛਰਾਂ  ਵੀ ਮਾਂ ਤੇ ਰਾਣੀ ਦੇ ਦਵੰਦ ਵਾਲ਼ੀ  ਸਜਾ ਭੌਗਦੀ ਹੈ, ਲੂਣਾ ਵੀ, ਪੂਰਨ ਵੀ, ਗੱਲ ਕੀ ਹਰੇਕ ਸ਼ਖ਼ਸ਼ ਹੀ ਕਿਰਦਾਰਾਂ ਵਿਚਲੀ ਕਸ਼ਮਕਸ਼ ਦਾ ਸ਼ਿਕਾਰ ਹੈ। 'ਇੱਕ ਚੰਗਾਂ ਸਮਾਜ ਉਸਾਰਨ ਦੀ ਲਾਲਸਾ ਤੇ ਆਦਮੀ ਦੀ ਸ਼ਾਸ਼ਕ ਪ੍ਰਵਿਰਤੀ ਕਿੰਝ ਇਨਸਾਨ ਤੋਂ ਇਨਸਾਨ ਦਾ ਸ਼ੋਸ਼ਣ ਕਰਵਾਉਦੀ ਹੈ। ਇਸ ਗੈਰ ਮਾਨਵੀ ਵਰਤਾਰੇ ਨੂੰ ਕਾਵਿ-ਖੰਡ 'ਚ ਬਾਖੂਬੀ ਵੇਖਿਆ ਜਾ ਸਕਦਾ ਹੈ।
                                      
                                         9855070962

Thursday, December 8, 2011

ਰਾਵੀ ਦੇ ਵਹਿਣ ਜਿਹਾ- ਮੁਖਤਾਰ ਗਿੱਲ :(ਇੱਕ ਸ਼ਬਦ ਚਿਤਰ)

ਮੈਨੂੰ ਮੁਖਤਾਰ ਗਿੱਲ ਦਾ ਖਿਆਲ ਆਉਂਦਿਆਂ ਹੀ ਸਿਧਾਰਥ ਯਾਦ ਆ ਜਾਂਦਾ ਹੈ। ਪਿਛਲੀ ਅੱਧੀ ਸਦੀ ਤੋਂ ਕਹਾਣੀਆਂ ਲਿਖ ਰਿਹਾ ਉਹ ਅੱਜ ਪੰਜਾਬੀ ਦੇ ਬੜੇ ਨਾਮਵਰ ਸਨਮਾਨਿਤ ਲੇਖਕਾਂ 'ਚ ਗਿਣਿਆ ਜਾਂਦਾ ਹੈ। ਗਿੱਲ ਭਾਅ ਜੀ ਦੇ ਹੱਥਾਂ ਦੀਆਂ ਰੇਖਾਵਾਂ 'ਤੇ ਅਸਾਂ  ਦੇ ਬਨਵਾਸ ਦੀ ਕਹਾਣੀ ਘਟਦੀ ਵੇਖੀ ਹੈ।






ਮੁਖ਼ਤਾਰ ਗਿੱਲ , ਦਵਿੰਦਰ ਸਤਿਆਰਥੀ , ਪ੍ਰਮਿੰਦਰਜੀਤ ਤੇ ਹੋਰ
 ਇੱਕ ਪੁਰਾਣੀ ਯਾਦ

ਜਤਿੰਦਰ ਸਿੰਘ ਔਲ਼ਖ
 ਕਹਿੰਦੇ ਨੇ ਕਿ ਜਦੋਂ ਉਹ ਸਤਾਰਾਂ ਸਾਲ ਦੇ ਬਨਵਾਸ ਤੋਂ ਬਾਅਦ ਆਪਣੇ ਪਿੰਡ ਜਗਦੇਵ ਕਲਾਂ ਗਿਆ ਤਾਂ ਪਿੰਡ ਦੇ ਅੱਡੇ 'ਤੇ ਮੋਚੀ ਨੇ ਉਸਨੂੰ ਪਛਾਣ ਲਿਆ । ਗਿੱਲ ਭਾਅ ਨੇ ਮੋਚੀ ਨੂੰ ਚਾਚਾ ਆਖ ਕੇ ਸਤਿ ਸ੍ਰੀ ਅਕਾਲ ਬੁਲਾਈ ਤਾਂ ਮੋਚੀ ਕਹਿਣ ਲੱਗਿਆ,' ਬੱਲੇ-ਬੱਲੇ ਮੁੱਖਿਆ ਤੂੰ ਤਾਂ ਰਾਮ ਚੰਦਰ ਨੂੰ ਵੀ ਪਛਾਂਹ ਛੱਡਤਾ, ਉਹ ਚੌਧੀਂ ਸਾਲੀਂ ਪਿੰਡ ਆਇਆ ਸੀ ਤੇ ਤੂੰ ਸਤਾਰੀਂ ਸਾਲੀਂ ਆਇਆਂ ਏਂ"। ਉਸਨੇ ਜਿੰਦਗੀ ਨੂੰ ਇੰਝ ਮਾਣਿਆ ਏ ਜਿਵੇਂ ਫੁੱਲਾਂ ਦੀਆਂ ਪੱਤੀਆਂ ਸਵੇਰ ਦੀ ਤਰੇਲ਼ ਮਾਣਦੀਆਂ ਹਨ। ਮੁਖਤਾਰ ਗਿੱਲ ਦੇ ਤੌਰ-ਤਰੀਕੇ ਹਰ ਵੇਲੇ ਬਾਤ ਪਾਉਂਦੇ ਨਜ਼ਰ ਆਉਣਗੇ ਕਿ ਜਿੰਦਗੀ ਜੀਣ ਵਾਲ਼ੀ ਹੀ ਨਹੀਂ ਬਲਕਿ ਮਾਨਣ ਵਾਲ਼ੀ ਸ਼ੈਅ ਹੈ। ਉਹ ਮਾਨਣ ਵਰਗਾ ਜਿੰਦਗੀ 'ਚੋਂ ਲੱਭਦਾ-ਲੱਭਦਾ ਪਛੜੇ ਜਿਹੇ ਭਾਰਤ-ਪਾਕਿ ਦੀ ਸਰਹੱਦ 'ਤੇ ਵੱਸੇ ਕਸਬੇ ਚੋਗਾਵਾਂ ਦੀਆਂ ਸੜਕਾਂ ਲਈ ਵਣਜਾਰਾ ਹੋ ਗਿਆ ਹੈ।
ਮੇਘਲਾ 'ਚ ਛਪੀ ਭਾਅ ਗਿੱਲ ਦੀ ਕਹਾਣੀ 'ਤਿਰਕਲ਼ਾਂ ਵੇਲ਼ੇ' ਪੜਕੇ ਮੈਨੂੰ ਕੁਝ ਹੇਰਵਾ ਜਿਹਾ ਹੋਣ ਲੱਗਾ। ਇਹ ਕਹਾਣੀ ਸਿੱਧੀ ਸਰਵਮੀਤ ਨੂੰ ਮੁਖਾਤਿਬ ਸੀ। ਮੈਨੂੰ ਸ਼ੁਬਹਾ ਹੋ ਗਿਆ ਕਿ ਜਾਂ ਤਾਂ ਭਾਅ ਨੂੰ ਫਿਲਾਸਪੀਆਂ ਘੋਟਣ ਦੀ ਆਦਤ ਪੈ ਗਈ ਹੈ ਜਾਂ ਫਿਰ ਉਸਦੀ ਸੋਚ ਕੁਝ ਨਿਰਾਸ਼ਾਵਾਦੀ ਹੋ ਗਈ ਹੈ।ਪਰ ਉਸਨੇ ਜਿਸ ਜੀਵਨ ਜਾਚ ਨੂੰ ਅਪਣਾ ਲਿਆ ਹੈ ਉਸ ਨੂੰ ਤਿਰਕਾਲਾਂ ਵੇਲੇ ਨੂੰ ਵੀ ਸੱਜਰੀ ਸਵੇਰ ਵਿੱਚ ਬਦਲਨਾ ਆਉਂਦਾ ਹੈ। ਪੰਜਾਬ ਦੀ ਇਸ ਅਣਗੌਲ਼ੀ ਜਿਹੀ ਨੁੱਕਰੇ ਬੈਠਿਆਂ ਭਾਅ ਦੀਆਂ ਪ੍ਰਪਾਤੀਆਂ ਭਾਂਵੇਂ ਘੱਟ ਨਹੀਂ ,ਪਰ ਜੁਗਾੜ ਲੜਾਉਣ ਦੀ ਕਲਾ ਦੀ ਘਾਟ ਕਾਰਨ ਉਸ ਨੂੰ ਕੋਈ ਇਨਾਮ-ਸਨਮਾਨ ਪ੍ਰਾਪਤ ਨਹੀਂ ਹੋਇਆ। ਪਰ  ਉਸਦੀਆਂ ਪ੍ਰਪਾਤੀਆਂ ਦੇ ਸਨਮੁੱਖ ਵੱਡੇ-ਵੱਡੇ ਇਨਾਮ ਵੀ ਛੋਟੇ ਨਜ਼ਰ ਆਉਂਦੇ ਹਨ। ਇੱਕ ਦਿਨ ਮੈਂ ਆਪਣੇ ਲੈਪਟਾਪ 'ਤੇ ਇੰਟਰਨੈੱਟ ਖੋਲ਼ ਕੇ ਕੁਝ ਪੜ ਰਿਹਾ ਸਾਂ ਕਿ ਭਾਅ ਆ ਗਿਆ ਮੈਂ ਕਿਹਾ "ਭਾਅ ਜੀ, ਆਪਾਂ ਗੂਗਲ ਸਰਚ ਵਿੱਚ ਮੁਖਤਾਰ ਗਿੱਲ ਟਾਈਪ ਕਰਕੇ ਵੇਂਹਦੇ ਹਾਂ"। ਭਲਾ ਤੁਹਾਡੇ ਬਾਰੇ  ਕੀ ਆਉਂਦਾ ਹੈ। ਭਾਅ ਠੰਡਾ ਜਿਹਾ ਸਾਹ ਲੈ ਕੇ ਕਹਿਣ ਲੱਗਾ "ਮੈਨੂੰ ਕੀਹਨੇ ਇੰਟਰਨੈੱਟ 'ਤੇ ਪਾਉਣਾ ਹੈ?"  ਮੈਂ ਕਿਹਾ ਤੁਹਾਡਾ ਆਪਣਾ ਬਲਾਗ ਬਣਾ ਦਿਆਂਗੇ। ਜਦੋਂ ਅਸੀਂ ਮੁਖਤਾਰ ਗਿੱਲ ਗੂਗਲ ਸਰਚ ਵਿੱਚ ਟਾਈਪ ਕੀਤਾ ਤਾਂ ਭਾਅ ਦੀਆਂ ਕਿਤਾਬਾਂ ਦੇ ਟਾਈਟਲ ਕਰਵ ਨਿਕਲ਼ ਆਏ ਜੋ ਪ੍ਰਕਾਸ਼ਿਕ ਇੰਟਰਨੈੱਟ ਰਾਹੀਂ ਵੇਚ ਰਿਹਾ ਸੀ। ਮੈਂ ਟਕੋਰ ਲਾਈ "ਭਾਅ ਜੀ ਇਹ ਤਾਂ ਤੁਹਾਨੂੰ ਬਿਨਾਂ ਦੱਸਿਆਂ ਹੀ ਵੇਚੀ ਜਾਂਦੇ ਨੇ"। ਉਂਝ ਉਸਦੀ ਕਹਾਣੀ ਆਲ੍ਹਣਾ ਤੇ ਬੜਾ ਸਫਲ ਸੀਰੀਅਲ ਵੀ ਬਣਿਆ ਜੋ ਕਾਫੀ ਮਕਬੂਲ ਹੋਇਆ। ਤੇ ਕਦੀ ਚਰਚਿਤ ਰਹੀ ਪੰਜਾਬੀ ਫਿਲਮ 'ਵਿਸਾਖੀ' ਵੀ ਗਿੱਲ ਭਾਅ ਦੀ ਕਹਾਣੀ 'ਤੇ ਅਧਾਰਿਤ ਸੀ। ਉਂਝ ਇਹ ਗੱਲ ਦੱਸ ਦੇਵਾਂ ਕਿ ਭਾਅ ਲਈ ਸ਼੍ਰੋਮਣੀ ਸਾਹਿਤਕਾਰ ਜਾਂ ਹੋਰ ਐਵਾਰਡ ਲੈਣੇ ਕੋਈ ਔਖੇ ਨਹੀ ਪਰ ਉਸਦੀ ਫਿਤਰਤ 'ਦਿੱਲੀ' ਨਾਲ਼ ਸਮਝੌਤਾ ਕਰਨ ਵਾਲ਼ੀ ਨਹੀਂ। ਉਹ ਯਾਰੀ ਦਿੱਲੀ ਵਾਲਿਆਂ ਨਾਲ਼ ਨਹੀਂ ਦਿਲ ਵਾਲਿਆਂ ਨਾਲ਼ ਲਾਉਂਦਾ ਹੈ। ਪੰਜਾਬੀ ਦਾ ਸ਼ਾਇਦ ਹੀ ਕੋਈ ਐਸਾ ਲੇਖਕ ਹੋਵੇ ਜਿਸਨੇ   ਪ੍ਰੀਤਨਗਰ ਵਿਖੇ ਮੁਖਤਾਰ ਗਿੱਲ ਦੀ ਪ੍ਰਾਹੁਣਾਚਾਰੀ ਨਾਂ ਵੇਖੀ-ਮਾਣੀ ਹੋਵੇ। ਮੁਖਤਾਰ ਗਿੱਲ ਕੋਲ਼ ਬਹੁਤ ਸਾਰੇ ਮਿੱਤਰ ਖਾਲੀ ਜੇਬਾਂ ਦੇ ਦਿਨੀਂ ਆਏ ਪਰ ਉਸ ਨੇ ਸਿਰ ਮੱਥੇ 'ਤੇ ਬਿਠਾ ਲਏ। ਪਰ ਭਰੀਆਂ ਜੇਬਾਂ ਦੇ ਦਿਨੀਂ ਉਹਦੇ ਲਈ ਅਕਸਰ ਉਹਨਾਂ ਮਿੱਤਰਾਂ ਕੋਲ਼ ਟਾਈਮ ਨਹੀਂ ਹੈ। ਪਰ ਫਿਰ ਵੀ ਕੋਈ ਗਿਲਾ ਨਹੀਂ।
ਉਸਨੂੰ ਰਾਵੀ ਦਰਿਆ ਨਾਲ਼ ਅੰਤਾਂ ਦਾ ਮੋਹ ਹੈ। ਉਸਦੀਆਂ ਕਹਾਣੀਆਂ ਵਿੱਚ ਅਕਸਰ ਰਾਵੀ ਨਦੀ ਤੇ ਇਸਦੀ ਇੱਕ ਉੱਪ ਨਦੀ ਸੱਕੀ ਨਦੀ ਗੱਲਾਂ ਕਰਦੀ ਹੈ। ਇਹਨਾਂ ਨਦੀਆਂ ਦੇ ਦੁਆਲ਼ੇ ਵੱਸਦੇ ਰਾਅ ਸਿੱਖ ਕਬੀਲੇ ਦੇ ਲੋਕਾਂ ਅਤੇ ਥੁੜਾਂ ਮਾਰੇ ਕਿਸਾਨਾਂ , ਮਜਦੂਰਾਂ ਦੇ ਦੁੱਖ-ਦਰਦ ਨੂੰ ਉਸਨੇ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ। ਇਹ ਇਲਾਕਾ  ਇੱਕੀਵੀਂ ਸਦੀ ਵਿੱਚ ਵੀ ਬਾਕੀ ਪੰਜਾਬ ਨਾਲ਼ੋਂ ਵੱਖਰਾ ਹੈ। ਰਾਅ ਸਿੱਖਾਂ ਦਾ ਸਭਿਆਚਾਰ  ਤੇ ਜਾਤੀਗਤ ਆਦਤਾਂ ਵੀ ਅਜੀਬ ਜਿਹੀਆਂ ਹਨ।ਮੁਖਤਾਰ ਗਿੱਲ ਇੱਸ ਇਲਾਕੇ ਦਾ ਇੱਕ ਅੰਗ ਬਣਕੇ ਵਿਚਰਿਆ ਹੈ। ਉਹ ਇਹਨਾਂ ਲੋਕਾਂ ਵਰਗਾ ਹੋ ਕੇ ਜਿਉਂਦਾ ਹੈ। ਇਹੀ ਲੋਕ ਉਸਦੀਆਂ ਕਹਾਣੀਆਾਂਂ ਦੀ ਧੜਕਣ ਬਣਦੇ ਹਨ। ਮੇਰਾ ਦਾਅਵਾ ਹੈ ਕਿ ਅਗਰ ਕੋਈ ਭਵਿੱਖ ਵਿੱਚ ਇਸ ਇਲਾਕੇ ਦੇ ਲੋਕਾਂ ਦੇ ਜੀਵਨ 'ਤੇ ਖੋਜ ਕਰੇਗਾ ਤਾਂ ਮੁਖਤਾਰ ਗਿੱਲ ਦੀਆਂ ਕਹਾਣੀਆਂ ਟੈਕਸਟ ਬੁੱਕਾਂ ਦਾ ਕੰਮ ਦੇਣਗੀਆਂ।
ਇਸ ਇਲਾਕੇ ਦੀ ਏਨੀ ਮੌਜ ਹੈ ਕਿ  ਭਾਂਵੇਂ ਠੇਕੇ ਵਾਲ਼ੇ ਨਜਾਇਜ ਸ਼ਰਾਬ ਫੜ੍ਹਨ ਲਈ ਅੱਠ-ਦੱਸ ਗੱਡੀਆਂ ਹਰ ਵੇਲ਼ੇ ਭਜਾਈ ਫਿਰਦੇ ਹਨ ਪਰ ਫਿਰ ਵੀ ਦੇਸੀ ਦਾਰੂ ਆਮ ਹੀ ਮਿਲ਼ ਜਾਂਦੀ ਹੈ। ਉਂਝ ਗਿੱਲ ਭਾਜੀ ਨੂੰ ਤਾਂ ਬਿਲਕੁਲ ਲੱਭਣੀ ਹੀ ਨਹੀਂ ਪੈਂਦੀ। ਅਖਬਾਰਾਂ ਦੀ ਪੱਤਰਕਾਰੀ ਕਰਦਿਆਂ  ਅਗਲੇ ਮਗਰ-ਮਗਰ ਲਈ ਫਿਰਦੇ ਹਨ। ਇਕ ਵਾਰ ਮੈਂ ਭਾਅ ਨੂੰ ਪੁੱਛਿਆ ਇਹ ' ਅਕਾਲੀ ਦਲ ਦੀ ਆਲੋਚਨਾ' ਜਾਂ ਕਾਂਗਰਸ ਦੀ ਨਿੰਦਾ' ਵਰਗੀਆਂ ਖਬਰਾਂ ਰੋਜ ਲਿਖਦੇ ਹੋ ਫਿਰ ਕਹਾਣੀ ਵਰਗੀ ਸਾਰਥਿਕ ਵਿਧਾ ਨਾਲ਼ ਸੰਪਰਕ ਕਿਵੇਂ ਬਣਾਉਦੇ ਹੋ। ਖਬਰਾਂ ਵਿੱਚ ਤੁਹਾਡੀ ਏਨਰਜੀ ਨਹੀਂ ਜਾਇਆ ਜਾਂਦੀ? ਭਾਅ ਨੇ ਅੱਗੋਂ ਟੀ. ਐੱਸ. ਈਲੀਅਟ, ਖੁਸ਼ਵੰਤ ਸਿੰਘ ਤੇ ਟਾਲਸਟਾਏ ਦੇ ਉਦਾਹਰਣ ਗਿਣ ਦਿੱਤੇ ਕਿ ਇਹ ਸਾਰੇ ਸਫਲ ਲੇਖਕ ਦੇ ਨਾਲ਼-ਨਾਲ਼ ਪੱਤਰਕਾਰ ਵੀ ਰਹੇ। ਭਾਅ ਦਾ ਇੱਕ ਤਕੀਆ ਕਲਾਮ ਵੀ ਹੈ। ਕਿਸੇ ਲੇਖਕ ਦਾ ਨਾਮ ਲੈ ਲਵੋ ਭਾਅ ਆਪਣਾ ਪਹਿਲਾ ਤਜਰਬਾ ਉਸ ਲੇਖਕ ਨਾਲ਼ ਇਹਨਾਂ ਸ਼ਬਦਾਂ ਵਿੱਚ ਹੀ ਦੱਸੇਗਾ,   " ਫਲਾਣੇ ਨਾਲ਼ ਬਹਿ ਕੇ ਅਸੀਂ ਬੜੀ ਪੀਤੀ ਆ" ਜਾਂ 'ਫਲਾਣਾ ਸਾਨੂੰ ਇੱਕ ਵਾਰ ਫਲਾਣੇ ਥਾਂ 'ਤੇ ਮਿਲ਼ ਪਿਆ ਅਸੀਂ ਜਿਉਂਂ ਲੱਗੇ ਈ ਪੀਣ'। ਮੁਖਤਾਰ ਗਿੱਲ ਕੋਲ਼ ਮਿੱਤਰਾਂ ਦਾ ਘੇਰਾ ਏਨਾ ਵਿਸ਼ਾਲ ਹੈ ਕਿ ਸ਼ਾਇਦ ਉਹ ਸਾਰੇ ਮਿਤਰਾਂ ਦੇ ਨਾਮ ਵੀ ਨਾਂ ਗਿਣ ਸਕੇ। ਕਹਾਣੀਆਂ ਦੇ ਨਾਲ਼ ਉਸ ਦੀ ਇਹ ਵੀ ਪ੍ਰਾਪਤੀ ਹੈ। ਉਹ ਮਿੱਤਰ ਪੈਦਾ ਕਰਦਾ ਹੈ ਪਰ ਦੁਸ਼ਮਣ ਆਪੇ ਪੈਦਾ ਹੋ ਜਾਂਦੇ ਹਨ। ਪਰ ਉਸਦੀ ਮਜਬੂਰੀ ਹੈ ਕਿ ਉਸ ਕੋਲ਼ ਸਿਰਫ ਮਿੱਤਰਤਾਈ ਨਿਭਾਉਣ ਦੀ ਕਲਾ ਹੈ ਦੁਸ਼ਮਣੀ ਉਹ ਹਾਲਾਤ ਆਸਰੇ ਛੱਡ ਦਿੰਦਾ ਹੈ। ਦਰਵੇਸ਼ ਆਦਮੀ ਨੇ ਦੁਸ਼ਮਣੀ 'ਚੋਂ ਕੀ ਲੈਣਾ ਹੈ ਤੇ ਇਕਤਰਫਾ ਦੁਸ਼ਮਣੀ ਦੀ ਧਾਰ ਆਪੇ ਖੁੰਢੀ ਹੋ ਜਾਂਦੀ ਹੈ।ਇਹੀ ਉਸਦੀ ਖੁਦਦਾਰੀ ਹੈ। ਭਾਅ ਦੇ ਕਈ ਚੇਲੇ ਉਸਦੇ ਵਿਰੋਧੀ ਬਣ ਗਏ। ਪਰ ਉਸ ਕੋਲ਼ ਆਪਣੀ ਚਾਲ ਹੈ ਜੇ ਤੁਹਾਨੂੰ ਉਸ ਨਾਲ਼ ਤੁਰਨ 'ਚ ਪਰੇਸ਼ਾਨੀ ਹੈ ਤਾਂ ਬੇਸ਼ੱਕ ਪਿੱਛੇ ਰਹਿ ਜਾਉ ਜਾਂ ਅੱਗੇ ਨਿਕਲ ਜਾਉ। ਉਹ ਤੁਹਾਨੂੰ ਹਰ ਮੋੜ 'ਤੇ ਖੜਾ ਨਜ਼ਰ ਆਵੇਗਾ। ਉਸਦੇ ਵਿਰੋਧੀ ਬਣ ਮੈਂ ਵੀ ਵੇਖ ਲਿਆ ਪਰ ਸਭ ਬੇਕਾਰ, ਉਸਤੇ ਵਿਰੋਧ ਦਾ ਕੋਈ ਅਸਰ ਨਹੀਂ ਹੁੰਦਾ। ਤੁਸੀਂ ਬਿਨ ਬੁਲਾਏ ਮਹਿਮਾਨ ਵਾਂਗ ਖੁਦ ਹੀ ਮੁਕਾਬਲੇ 'ਚ ਪੈਂਦੇ ਹੋ ਤੇ ਖੁਦ ਹੀ ਨਿਕਲ਼ ਜਾਂਦੇ ਹੋ। ਦਰਿਆ ਨਾਲ਼ ਦੋਸਤੀ ਕਰੋ ਜਾਂ ਦੁਸ਼ਮਣੀ ਉਹ ਵਹਿਣ ਦਾ ਧਰਮ ਨਹੀਂ ਛੱਡਦਾ।ਉਂਝ ਮੈਨੂੰ ਇੱਸ ਗੱਲ ਦਾ ਵੀ ਪਤਾ ਹੈ ਕਿ ਮੁਖਤਾਰ ਗਿੱਲ ਨੂੰ ਮਹਾਂਨਗਰ ਦੇ ਸਾਹਿਤਕ ਸਮਾਗਮਾਂ 'ਤੇ ਆਪਣੇ ਨਾਲ਼ ਹਮਾਤੜ ਜਿਹੇ ਤੇ ਨਿਮਾਣੇ ਜਿਹੇ ਲੇਖਕ ਲਿਜਾਣ ਕਾਰਨ ਮਹਾਂਨਗਰ ਦੇ ਹਾਈ-ਫਾਈ ਲੇਖਕਾਂ ਦੀ ਨਰਾਜ਼ਗੀ ਝੱਲਣੀ ਪਈ। ਪਰ ਦੋਸਤੀ ਜਿਸ ਲਈ ਸੁੱਚੇ ਇਸ਼ਕ ਦੀ ਤਰ੍ਹਾਂ ਹੈ ਉਹ ਅਕਸਰ ਕਹਿ ਦਿਆ ਕਰਦੇ ਹਨ 'ਪਤਾ ਹੁੰਦਾ ਜੇ ਇਸ਼ਕ ਥੀਂ ਮਨ੍ਹਾ ਕਰਨਾ ਤੇਰੇ ਟਿੱਲੇ 'ਤੇ ਧਾਰ ਨਾ ਮਾਰਦਾ ਮੈਂ'।
ਆਪਣੀ ਪੀੜੀ ਦੇ ਕਹਾਣੀਕਾਰਾਂ ਵਿੱਚੋਂ ਸਿਰਫ ਉਹ ਹੀ ਲਗਾਤਾਰ ਲਿਖ-ਛਪ ਰਿਹਾ ਹੈ ਨਹੀਂ ਤਾਂ ਅੱਜ ਨਵੇਂ ਉਭਰੇ ਕਹਾਣੀਕਾਰਾਂ ਨੇ ਨਵੀਂ ਤਕਨੀਕ ਦੀਆਂ ਕਹਾਣੀਆਂ ਲਿਖ ਕੇ ਕਈ ਪੁਰਾਣੇ ਕਹਾਣੀ ਲੇਖਕ ਬੇਕਾਰ ਬਿਠਾ ਦਿੱਤੇ ਹਨ। ਪਰ ਮੁਖਤਾਰ ਗਿੱਲ ਦੀ ਕਹਾਣੀ ਅੱਜ ਵੀ ਕਿਸੇ ਨਾ ਕਿਸੇ ਰਸਾਲੇ 'ਚ ਛਪੀ ਵੇਖੀ ਜਾ ਸਕਦੀ ਹੈ। ਕਹਾਣੀ ਉਹ ਇਕਾਂਤ 'ਚ ਹੀ ਲਿਖਦਾ ਹੈ ਪਰ ਚਲੰਤ ਮਾਮਲਿਆਂ ਬਾਰ ਉਹ ਫੁੱਲ ਅਵਾਜ ਵਿੱਚ  ਟੈਲੀਵਿਜ਼ਨ ਚਲਾ ਕੇ ਵੀ ਲਿਖ ਰਿਹਾ ਹੁੰਦਾ। ਮੈਨੂੰ ਲੱਗਦਾ ਹੈ ਕਿ ਵਰਿਆਮ ਸਿੰਘ ਸੰਧੂ ਤੇ ਪ੍ਰੇਮ ਪ੍ਰਕਾਸ਼ ਦੀ ਪੀੜ੍ਹੀ 'ਚੋਂ ਇਕੱਲਾ ਉਹ ਹੀ ਸਰਗਰਮੀ ਨਾਲ਼ ਲਿਖਣ ਵਾਲ਼ਾ  ਲੇਖਕ ਹੈ। ਇਹਨਾਂ ਪੁਰਾਣੀ ਪੀੜ੍ਹੀ ਦਿਆਂ ਲੇਖਕਾਂ ਨੂੰ ਫਖਰ ਹੋਣਾ ਚਾਹੀਦਾ ਏ ਉਹਨਾਂ ਵਿੱਚੋਂ ਕੋਈ ਤਾਂ ਹੈ ਜੋ ਨਵੀਂ ਪੀੜੀ ਵਾਲ਼ਿਆਂ ਨੂੰ ਟੱਕਰ ਦੇ ਰਿਹਾ ਹੈ। ਉਸਦੀ ਸ਼ਿਦਤ ਸਾਬਿਤ ਕਰਦੀ ਹੈ ਕਿ ਪੁਰਾਣੀ ਤਕਨੀਕ ਨਾਲ਼ ਲ਼ਿਖੀ ਜਾਣ ਵਾਲ਼ੀ ਕਹਾਣੀ ਵੇਲ਼ਾ ਵਿਹਾ ਚੁੱਕੀ ਨਹੀਂ ਸਗੋਂ ਸਾਮਾਜਿਕ ਸਮੱਸਿਆਵਾਂ ਨਾਲ਼ ਵਧੇਰੇ ਵਾਬਸਤਾ ਹੈ।

ਉਸਦੀ ਜਿੰਦਗੀ ਦੇ ਦੋ ਹੀ ਪੱਖ ਹਨ ਇੱਕ ਪੱਤਰਕਾਰੀ ਤੇ ਦੂਜਾ ਕਹਾਣੀਕਾਰੀ, ਪੱਤਰਕਾਰੀ ਚੋਣਾਂ ਦੇ ਦਿਨੀਂ ਹੀ ਖਿੜਦੀ ਹੈ ਪਰ ਕਹਾਣੀਕਾਰੀ ਸਦਾਬਹਾਰ ਹੈ।ਉਹ ਨਾ ਸਿਰਫ ਰਾਵੀ ਨਦੀ ਦੇ ਸਿਰਜੇ ਸਭਿਆਚਾਰ ਦਾ ਸਫਲ ਚਿਤੇਰਾ ਹੈ ਬਲਕਿ ਗੁਰਬਖਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ ਤੇ ਬਲਰਾਜ ਸਾਹਨੀ ਸਮੇਤ ਦਰਜਨਾਂ ਮਸ਼ਹੂਰ ਲੇਖਕਾਂ ਦਾ ਹਮਸਇਆ ਵੀ ਰਿਹਾ ਏ। ਅੱਜਕਲ ਪ੍ਰੀਤਨਗਰ ਰਹਿ ਰਿਹਾ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵਰੋਸਾਏ ਇੱਸ ਅਦੁੱਤੀ ਚਾਨਣ ਮੁਨਾਰੇ ਦਾ ਅਸਲੀ ਵਾਰਿਸ ਵੀ ਹੈ। ਅਕਸਰ ਜਦੋਂ ਪੰਜਾਬ ਦੇ ਦੂਜੇ ਇਲਾਕਿਆਂ 'ਚ ਜਾਈਦਾ ਹੈ ਤਾਂ ਲੋਕ ਪ੍ਰੀਤਨਗਰ ਬਾਰੇ ਜਾਨਣ ਦੀ ਉਤਸੁਕਤਾ ਰੱਖਦੇ ਹਨ। ਮੁਖਤਾਰ ਗਿੱਲ ਪ੍ਰੀਤਨਗਰ ਦੀ ਇਤਿਹਾਸਿਕ ਚਲਦੀ ਫਿਰਦੀ ਡਿਕਸ਼ਨਰੀ ਹੈ।ਉਸ ਕੋਲ਼ੋਂ ਪ੍ਰੀਤਨਗਰ ਸਬੰਧੀ ਕੋਈ ਜਾਣਕਾਰੀ ਲੈਣੀ ਚਾਹੋ ਤਾਂ ਉਸ ਦਾ ਫੋਨ ਨੰ: ੯੮੧੪੦-੮੨੨੧੭ ਹੈ।

ਜਤਿੰਦਰ ਸਿੰਘ ਔਲ਼ਖ, ਪਿੰਡ ਤੇ ਡਾਕ: ਕੋਹਾਲ਼ੀ, ਤਹਿ: ਅਜਨਾਲ਼ਾ ਜਿਲਾ ਅੰਮ੍ਰਿਤਸਰ

Wednesday, December 7, 2011

ਕੁਝ ਖ਼ਤ

ਗੁਰਦੇਵ ਚੌਹਾਨ ਦੇ ਲੇਖ 'ਸਾਹਿਤ ਦਾ ਸੱਤਿਆਨਾਸ' ਦੇ
ਪ੍ਰਤੀਕਰਮ ਵਜੋਂ ਮਿਲੀ ਜਸਬੀਰ ਕੌਰ (ਡਾ.) ਦੀ ਚਿੱਠੀ


ਅੱਜਕਲ ਸਾਹਿਤ ਬਾਰੇ ਸਾਰੇ ਪਾਸੇ ਗਾਹੇ-ਬਗਾਹੇ ਗੱਲ ਕੀਤੀ ਜਾ ਰਹੀ ਹੈ....ਨਹੀਂ, ਅੱਜਕਲ ਸਾਹਿਤ ਨਾਲੋਂ ਵੱਧ ਸਾਹਿਤ ਵਿਚ
ਪੈ ਰਹੀਆਂ ਨਵੀਆਂ ਪਿਰਤਾਂ ਦੀ ਗੱਲ ਹੋ ਰਹੀ ਹੈ, .... ਸ਼ਾਇਦ ਮੈਂ ਗੱਲ ਸਹੀ ਤਰ੍ਹਾਂ ਸਮਝਾ ਨਹੀਂ ਸਕੀ। ਹਾਂ... ਤਾਂ ਅੱਜਕਲ
ਸਾਹਿਤ ਦੇ ਨਾਂ 'ਤੇ ਰਚੇ ਜਾ ਰਹੇ ਨਿੱਤ ਨਵੇਂ ਨਾਟਕਾਂ ਦੀ ਗੱਲ ਹੋ ਰਹੀ ਹੈ - ਰਚਨਾ ਤੋਂ ਵੱਧ ਰਚਾਇਤਾ ਦੀ ਕਿਤਾਬ ਦੇ
ਛਪਵਾਉਣ ਤੋਂ ਲੈ ਕੇ ਸਨਮਾਨ ਖ਼ਰੀਦੇ ਜਾਣ ਦੇ ਨਾਟਕ - ਗੱਲ ਕੀ ਇਕ ਪਾਸੇ ਸਾਹਿਤ ਦੇ ਨਾਂ 'ਤੇ ਕਲਮ ਕੀਤੀ ਗਈ ਨਵੀਂ
ਪਨੀਰੀ ਨੂੰ ਚਾਪਲੂਸੀ ਦੇ ਖੇਤ ਵਿਚ ਲਾ ਕੇ, ਖੇਤਾਂ ਦੀ ਖ਼ੁਸ਼ਹਾਲੀ ਦੀ ਡੌਂਡੀ ਪਿੱਟੀ ਜਾ ਰਹੀ ਹੈ ਤੇ ਦੂਜੇ ਪਾਸੇ ਕੁਝ ਸਾਊ ਜਿਹੇ
ਪੁਰਖ, ਸਾਂਭੀ ਹੋਈ ਬੇਦਾਗ਼ ਸਾਹਿਤ ਦੀ ਚਾਦਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਸਿਰਫ਼ ਘੁਸਰ-ਮੁਸਰ ਕਰ ਰਹੇ ਹਨ। ਸ਼ਾਇਦ
ਸਾਹਿਤ ਇਹੀ ਹੈ...। ਨਹੀਂ ... ਇਹ ਤਾਂ ਸਾਹਿਤ ਦੀ ਸ਼ੁਰੂਆਤ ਹੈ ਅਤੇ ਮੈਨੂੰ ਉਮੀਦ ਹੈ ਕਿ ਇਕ ਦਿਨ ਇਹ ਸਾਹਿਤ ਨਿਖਰ
ਕੇ ਸਾਹਮਣੇ ਆਏਗਾ।
ਜਦੋਂ ਤੋਂ ਸਾਹਿਤ ਨੂੰ ਪੜ੍ਹਣਾ ਅਤੇ ਸਮਝਣਾ ਸ਼ੁਰੂ ਹੋਈ, ਇਕੋ ਗੱਲ ਦੀ ਪਛਾਣ ਹੋਈ ਕਿ ਸਾਹਿਤ, ਤੁਹਾਨੂੰ ਨਿਆਂ-ਅਨਿਆ
ਦੀ ਪਛਾਣ ਕਰਾਉਂਦਾ ਹੈ। ਅਨਿਆ ਅਤੇ ਗ਼ਲਤ ਕਦਰਾਂ-ਕੀਮਤਾਂ ਵਿਰੁਧ ਬਗ਼ਾਵਤ ਕਰਨ ਅਤੇ ਇਸਨੂੰ ਖ਼ਤਮ ਕਰਨ
ਲਈ ਪ੍ਰੇਰਦਾ ਹੈ। ਕਿਥੋਂ ਗੱਲ ਸ਼ੁਰੂ ਕਰੀਏ - ਗੁਰੂ ਗ੍ਰੰਥ ਸਾਹਿਬ ਤੋਂ..., ਭਗਤ ਬਾਣੀ ਤੋਂ...। ਬਹਾਦਰ ਹੀਰ ਦਾ ਕਿੱਸਾ
ਛੋਹੀਏ ਜਾਂ ਪ੍ਰੀਤਾਂ ਦੀ ਪਹਿਰੇਦਾਰ ਨੂੰ ਯਾਦ ਕਰੀਏ। ਕਿਸੇ ਵੀ ਕਵਿਤਾ, ਨਾਵਲ, ਨਾਟਕ ਜਾਂ ਕਹਾਣੀ ਵਿਚ ਜੋਰ ਵਾਲੇ
ਦੀ ਈਨ ਮੰਨਣ ਲਈ ਨਹੀਂ ਕਿਹਾ ਗਿਆ, ਸਗੋਂ ਨਾਇਕ ਹੀ ਉਹ ਬਣਿਆ, ਜਿਸਨੇ ਜੁਲਮ ਜਾਂ ਇਉਂ ਕਹਿ ਲਓ, ਜੋ ਕੁਝ
ਸਧਾਰਣ ਵਾਂਗ ਹੁੰਦਾ ਆਇਆ ਹੈ, ਉਸਨੂੰ ਰੋਕਣ ਦੀ ਮਾਮੂਲੀ ਜਿਹੀ ਕੋਸ਼ਿਸ਼ ਵੀ ਕੀਤੀ ਹੋਵੇ ਜਾਂ ਆਪਣੀ ਨਿਮਾਣੀ
ਸਥਿਤੀ ਨੂੰ ਬਦਲਣ ਜਾਂ ਦੂਜੇ ਦੀ ਮਾੜੀ ਹਾਲਤ 'ਤੇ ਹਾਅ ਦਾ ਨਾਅਰਾ ਮਾਰਿਆ ਹੋਵੇ, ਭਾਵੇਂ ਉਹ 'ਚਿੱਟਾ ਲਹੂ' ਦਾ ਨਾਇਕ
ਹੋਵੇ ਜਾਂ ਮੜ੍ਹੀ ਦਾ ਦੀਵਾ ਦਾ ਜਗਸੀਰ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਾਹਿਤ, ਆਪਣੇ ਸਮਕਾਲੀ ਸਮਾਜ ਦਾ ਅਕਸ ਹੁੰਦਾ ਹੈ ਅਤੇ ਸਮਕਾਲੀ ਸਮਾਜ
ਵਿਚ ਭੇਡਚਾਲ ਵੀ ਹੈ ਅਤੇ ਮੱਕਾਰੀਆਂ ਵੀ। ਸੋ, ਇਹਨਾਂ ਦਾ ਸਾਹਿਤ ਵਿਚ ਆਉਣਾ ਵੀ ਲਾਜ਼ਮੀ ਹੈ। ਸਾਹਿਤ ਨੇ ਕਦੀ
ਦਾਵਾ ਨਹੀਂ ਕੀਤਾ ਕਿ ਉਹ ਸਮਾਜ ਵਿਚ ਸਿਰਫ਼ ਸੁਧਾਰ ਦੀ ਨੀਅਤ ਨਾਲ ਅਰਾਮ ਨਾਲ ਦਿੰਦਾ ਰਹਿਣਾ ਚਾਹੁੰਦਾ ਹੈ। ਸਾਹਿਤ
ਲਿਖਣ ਵਾਲੇ ਸਾਰੇ ਹੀ ਲੇਖਕ (ਭਾਵੇਂ ਉਹ ਲੇਖਕ ਹਨ ਜਾਂ ਨਹੀਂ) ਇੰਕਲਾਬ ਲਿਆਉਣ ਦਾ ਦਾਵਾ ਕਰਦੇ ਹਨ ਤੇ ਜੇ ਸੱਚ ਪੁੱਛੋ
ਤਾਂ ਅਜੋਕੀ ਹਰ ਵੱਡੀ ਤਬਦੀਲੀ ਪਿਛੇ ਕਾਫ਼ੀ ਹੱਦ ਤਕ, ਭਾਵੇਂ ਸਿਨੇਮਾ ਅਤੇ ਕੇਬਲ ਟੀ. ਵੀ. ਦਾ ਹੱਥ ਹੋ ਸਕਦਾ ਹੈ, ਪਰ
ਸੋਚਣੀ ਵਿਚ ਇੰਕਲਾਬ ਲਈ ਵਾਕਈ ਸਾਹਿਤ (ਨਿੱਗਰ ਸਾਹਿਤ) ਦੀ ਲੋੜ ਰਹੇਗੀ।
ਸਾਹਿਤ ਦੀ ਗੱਲ ਹੋ ਰਹੀ ਹੈ, ਤਾਂ ਪਾਠਕਾਂ ਦੀ ਗੱਲ ਵੀ ਜ਼ਰੂਰੀ ਕੀਤੀ ਜਾਣੀ ਚਾਹੀਦੀ ਹੈ। ਇਲੈਕਟ੍ਰਾੱਨਿਕ ਮੀਡੀਆ ਦੇ ਯੁੱਗ
ਵਿਚ ਇਹ ਗਿਲਾ ਆਮ ਕੀਤਾ ਜਾਂਦਾ ਹੈ ਕਿ ਅੱਜਕਲ ਕਿਤਾਬ ਪੜ੍ਹਦਾ ਕੌਣ ਹੈ??? ਕਿਤਾਬਾਂ, ਖ਼ਾਸ ਕਰਕੇ ਸਾਹਿਤ ਅਤੇ ਉਹ
ਵੀ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਨਹੀਂ ਵਿਕਦੀਆਂ। ਕੀ ਅਸੀ, ਆਪਣੇ ਅੰਦਰ ਵਲ ਝਾਤੀ ਮਾਰਨ ਦੀ ਗ਼ੁਸਤਾਖ਼ੀ ਕਰ
ਸਕਦੇ ਹਾਂ!!!
ਲੇਖਕ ਦੇ ਆਪਣੇ ਅੰਦਰ ਵੀ ਪਾਠਕ ਮਨ ਛੁਪਿਆ ਹੁੰਦਾ ਹੈ। ਮਾਂ ਦੀਆਂ ਅੱਖਾਂ ਵਿਚ ਭਾਵੇਂ ਆਪਣੇ ਬੱਚੇ ਲਈ ਮੋਤੀਆ
ਉਤਰ ਆਵੇ, ਪਰ ਪਿਉ ਦੀ ਵਿੱਥ ਦੀ ਨਜ਼ਰ ਮਲਾਂਕਣ ਕਰ ਹੀ ਸਕਦੀ ਹੈ। ਅਸੀਂ ਆਪਣੀਆਂ ਰਚਨਾਵਾਂ ਨੂੰ ਸਿਰਫ਼ ਮਾਂ ਬਣ
ਕੇ ਚੰਬੇੜਣ ਦੀ ਬਜਾਇ, ਮਾਂ-ਪਿਉ ਦੋਵਾਂ ਵਾਂਗ ਪ੍ਰਵਾਨ ਕਿਉਂ ਨਹੀਂ ਚੜ੍ਹਾਉਂਦੇ? ਸਮਾਜ ਤਾਂ ਹਮੇਸ਼ਾ ਵਾਂਗ ਪੈਸੇ ਵਾਲੇ ਦੀ ਰਚਨਾ
ਨੂੰ ਚੁੰਮੇਗਾ-ਚੱਟੇਗਾ ਅਤੇ ਗ਼ਰੀਬ ਵੱਲ ਵੇਖੇਗਾ ਵੀ, ਤਾਂ ਕਹਿਰੀ ਅੱਖੀਂ। ਇਹੀ ਹਾਲ ਸਾਹਿਤ ਦਾ ਮੁਲਾਂਕਣ ਕਰਨ ਵਾਲਿਆਂ ਦਾ
ਹੈ। ਮਾਫ਼ ਕਰਨਾ, ਅਸੀਂ ਗੱਲ ਪਾਠਕ ਦੀ ਕਰ ਰਹੇ ਸਾਂ - ਆਲੋਚਕ ਪਤਾ ਨਹੀਂ ਕਿੱਥੋਂ ਟਪਕ ਪਿਆ!! .... ਇਹੀ ਕਾਰਣ
ਹੈ ਕਿ ਪਾਠਕ ਤੱਕ ਲੇਖਕ ਦੀ ਰਸਾਈ ਨਹੀਂ ਹੁੰਦੀ, ਕਿਉਂਕਿ ਵਿਚ ਆਲੋਚਕ ਖੜ੍ਹਾ ਹੈ। ਰਚਨਾ ਦੇ ਸੰਚਾਰ ਦਾ ਨਿਸਤਾਰਾ
ਕਰਨ ਵਾਲਾ, ਹੁਣ ਪਾਠਕ ਨਹੀਂ, ਬਲਕਿ ਆਲੋਚਕ ਹੋ ਗਿਆ ਹੈ। ਅਸੀਂ ਆਪਣੇ ਸਾਹਿਤ ਨੂੰ ਪ੍ਰਵਾਨਗੀ ਦਿਵਾਉਣ ਲਈ
ਪਾਠਕ ਦਾ ਕਤਲ ਆਪ ਹੀ ਕੀਤਾ ਹੈ, ਤਾਂ ਫ਼ਿਰ ਪਾਠਕ ਦੀ ਕਮੀ ਦਾ ਰੋਣਾ ਕਿਉਂ???
ਪਾਠਕਾਂ ਦਾ ਗਿਲਾ ਵੀ ਜਾਇਜ਼ ਹੈ - ਗੁਰੂ ਕਵੀਆਂ, ਸੂਫ਼ੀ ਕਵੀਆਂ, ਵਾਰਿਸ, ਪੀਲੂ ਜਾਂ ਚਾਤ੍ਰਿਕ, ਨੂਰਪੂਰੀ ਕਿਸੇ ਨੇ ਵੀ
ਯੂਨੀਵਰਸਿਟੀ ਵਿਚ ਪੀ.ਐਚ.ਡੀ ਨਹੀਂ ਸੀ ਕੀਤੀ। ਪੰਜਾਬੀ ਜ਼ਬਾਨ ਵੀ ਅੱਜ ਵਰਗੀ ਔਖੀ ਵੀ ਨਹੀਂ ਸੀ - ਕਵਿਤਾ -
ਅਕਵਿਤਾ, ਪ੍ਰਯੋਗਵਾਦੀ ਕਵਿਤਾ ਦਾ ਵੀ ਰੇੜਕਾ ਨਹੀਂ ਸੀ ਪਿਆ। ਸਿੱਧੇ ਸਾਦੇ ਸ਼ਬਦਾਂ ਵਿਚ ਜਜ਼ਬਿਆਂ ਦਾ ਹੱੜ੍ਹ ਤੁਰੀ
ਆਉਂਦਾ ਸੀ ਤੇ ਹਰ ਕੋਈ, ਭਾਵੇਂ ਉਹ ਬੁੱਢਾ ਸੀ ਜਾਂ ਜਵਾਨ, ਰਚਨਾ ਦੇ ਰਸ ਵਿਚ ਭਿੱਜਾ ਆਪ ਮੁਹਾਰੇ ਹੀ ਸ਼ਬਦਾਂ ਨੂੰ ਸਾਂਭੀ
ਜਾਂਦਾ ਸੀ। ਹੈ ਕੋਈ ਅੱਜ! ਜੋ ਇਹ ਦਾਅਵਾ ਕਰ ਸਕੇ ਕਿ ਉਸਦੇ ਸ਼ਬਦ ਹਰ ਦਿਲ ਨੂੰ ਟੁੰਬ ਸਕਣ ਦੇ ਨਾਲ ਹੀ ਜ਼ਬਾਨ 'ਤੇ
ਚੜ੍ਹਣ ਦੀ ਸਮਰੱਥਾ ਵੀ ਰੱਖਦੇ ਹਨ। ਬਹੁਤੇ ਕਵੀਆਂ/ਲੇਖਕਾਂ ਨੂੰ ਆਪਣੀਆਂ ਰਚਨਾਵਾਂ ਵੀ ਸ਼ਾਇਦ ਹੀ ਯਾਦ ਹੋਣ, ਤੇ ਫ਼ਿਰ
ਵੀ ਗਿਲਾ ਪਾਠਕਾਂ 'ਤੇ!..ਉਤੋਂ ਤੇਰਾ ਇਹ, ਕੀ ਕਿਤਾਬ ਦੀ ਕੀਮਤ, ਮਹਿੰਗਾਈ ਦੀ ਜਵਾਨੀ ਵਾਂਗ ਲਿਸ਼ਕਾਰੇ ਮਾਰਦੀ ਹੈ

(ਤੇ ਤੁਹਾਨੂੰ ਪਤਾ ਹੀ ਹੈ ਕਿ ਮਹਿੰਗਾਈ ਨੇ ਕਦੀ ਬੁੱਢਾ ਨਹੀਂ ਹੋਣਾ, ਉਹ ਜਾਦੂਗਰਨੀਆਂ ਵਾਂਗ ੨-੩ ਸੌ ਸਾਲਾਂ ਮਗਰੋਂ ਵੀ
ਜਵਾਨ ਹੀ ਰਹਿੰਦੀ ਹੈ) - ਫਿਰ ਦੱਸੋ ਭਲਾ, ਰੋਟੀ ਦੀ ਖ਼ੁਸ਼ਬੂ ਭਾਲਦੇ ਮੇਰੇ ਵਰਗੇ ਆਮ ਆਦਮੀ ਨੂੰ ਸ਼ਬਦਾਂ ਦੀ ਮਹਿਕ ਕਿਵੇਂ
ਨਸ਼ਿਆਂ ਸਕਦੀ ਹੈ? ਪਾਠਕ ਵੀ ਮੇਰੇ ਵਾਂਗ ਪੜ੍ਹਨ ਦੇ ਆਪਣੇ ਨਸ਼ੇ ਨੂੰ ਜਾਂ ਤਾਂ ਮੰਗ-ਤੰਗ ਕੇ ਪੂਰਾ ਕਰ ਸਕਦਾ ਹੈ, ਉਹ ਵੀ
ਉਦੋਂ ਜਦੋਂ ਕਿ ਬਹੁਤੀਆਂ ਕਿਤਾਬਾਂ ਨੂੰ ਇਕ ਵਾਰ ਵੀ ਪੜ੍ਹਨ ਦਾ ਦਿਲ ਨਾ ਕਰੇ। ਦੋਸਤੋਂ! ਪਾਠਕ ਕਦੇ ਵੀ ਕਿਤਾਬਾਂ ਤੋਂ ਦੂਰ
ਨਹੀਂ ਹੋਇਆ, ਜਿਵੇਂ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ, ਪਾਠਕ ਦਾ ਹੱਥ ਵੀ ਕਿਤਾਬ ਨੂੰ ਫੜਨ ਲਈ ਮਚਲਦਾ ਰਹਿੰਦਾ
ਹੈ; ਪਰ ਸੋਚੋ ਕੀ ਕਾਰਣ ਹੈ - ਕੋਈ ਕਿਤਾਬ ਹੱਥ 'ਚ ਫੜਦਿਆਂ ਹੀ ਛੁੱਟ ਜਾਂਦੀ ਹੈ ਅਤੇ ਕੋਈ ਉਸਨੂੰ ਇਕ ਦਿਨ ਦਾ ਫ਼ਾਕਾ
ਕਰਨ ਲਈ ਮਜਬੂਰ ਕਰ ਦਿੰਦੀ ਹੈ।
ਸਿਸਟਮ ਦਾ ਵਿਅੰਗ ਵੇਖੋ- ਸਾਹਿਤ ਨੂੰ ਪੜ੍ਹਾਉਣ ਵਾਲੇ ਵਰ੍ਹਿਆਂ ਤੋਂ ਨਿਆਂ-ਅਨਿਆ, ਸਹੀ-ਗ਼ਲਤ, ਗ਼ਲਤ ਕਦਰਾਂ-
ਕੀਮਤਾਂ ਤੋਂ ਬਗ਼ਾਵਤ ਅਤੇ ਪ੍ਰੇਮ ਬਾਰੇ ਪੜ੍ਹਾਉਂਦੇ ਆ ਰਹੇ ਹਨ, ਪਰ ਕਿਸੇ ਵਿਦਿਆਰਥੀ ਦੇ ਜ਼ਿਹਨ ਦੀਆਂ ਨੋਕਾਂ ਨੂੰ ਬਰਦਾਸ਼ਤ
ਨਹੀਂ ਕਰਦੇ। ਪੜ੍ਹਾਇਆ - ਸਾਹਿਤ ਜਾ ਰਿਹਾ ਹੈ, ਪਰ ਪੜ੍ਹਾਉਣ ਦੀ ਸ਼ਰਤ - ਸਮੁੱਚੇ ਤੌਰ 'ਤੇ ਆਗਿਆਕਾਰੀ ਹੋਣਾ, ਮਨੁੱਖ
ਦੀ ਅਣਖ਼ ਦੀ ਨੱਸ ਨੂੰ ਫੇਹਣਾ ਤੇ ਮੱਸ ਮਾਰਨਾ। ਸੁਤੰਤਰ ਦਿਮਾਗ਼ ਵਾਲਾ ਵਿਦਿਆਰਥੀ ਕਦੀ ਵੀ ਪਸੰਦ ਨਹੀਂ ਆ ਸਕਦਾ।
ਇਮਤਿਹਾਨਾਂ ਵਿਚ ਨੰਬਰਾਂ ਦੀ ਸ਼ਰਤ ਵੀ, ਉਹਨਾਂ ਵਲੋਂ ਉਚਾਰੇ ਗਏ ਵਾਕਾਂ ਨੂੰ ਇੰਨ-ਬਿੰਨ ਲਿਖਣਾ ਹੈ।
ਇਸ ਸਾਰੀ ਕਹਾਣੀ ਤੋਂ ਸਬਕ ਮਿਲਿਆ - ਕਿ ਛੁਰੀ ਖ਼ਰਬੂਜ਼ੇ 'ਤੇ ਡਿੱਗੇ ਜਾਂ ਖ਼ਰਬੂਜਾ ਛੁਰੀ 'ਤੇ - ਕਟਣਾ ਤਾਂ ਖ਼ਰਬੂਜ਼ੇ ਨੇ ਹੈ,
ਭਾਵ ਰਚਨਾ - ਪਾਠਕ ਦੇ ਹੱਥੇ ਚੜ੍ਹੇ ਜਾਂ ਆਲੋਚਕ ਦੇ, ਸਾਹਿਤ ਦੇ ਵਿਦਿਆਰਥੀ ਲਈ ਖ਼ਾਦ ਦਾ ਬਣੇ ਜਾਂ ਸਾਹਿਤ ਦੇ
ਅਧਿਆਪਕ ਲਈ ਮਹੀਨੇ ਦੀ ਤਨਖ਼ਾਹ, ਹਰਜ਼ ਤਾਂ ਸਾਹਿਤ ਦਾ ਹੀ ਹੋਣਾ ਹੈ। ਇਕ ਸਲਾਹ ਹੈ, ਜੇ ਕੋਈ ਮੰਨੇ ਤਾਂ - ਸਾਰੇ
ਸਨਮਾਨ/ਇਨਾਮ ਜਾਂ ਖ਼ਿਤਾਬ, ਉਂਜ ਹੀ ਵੰਡਣੇ ਸ਼ੁਰੂ ਕਰ ਦਿਤੇ ਜਾਣ - ਸਾਹਿਤ ਦੇ ਤਿਕੜਮੀ ਚੇਲੇ-ਚੇਲੀਆਂ ਨੂੰ। ਸਾਹਿਤ
ਰੂਪੀ ਪੁਸਤਕਾਂ ਨੂੰ ਇਹਨਾਂ ਤੋਂ ਛੁੱਟੀ ਦੇ ਦਿਤੀ ਜਾਵੇ - ਸ਼ਾਇਦ ਫਿਰ, ਇਸ 'ਤੇ ਮੌਲਣ ਦੀ ਰੁੱਤ ਆ ਸਕੇ। ਆਮੀਨ!!!!
* ੧੮੮, ਡੀ ਡੀ ਏ ਫ਼ਲੈਟਸ, ਮੋਤੀਆ ਖਾਨ, ਪਹਾੜ ਗੰਜ ਨਵੀਂ ਦਿਲੀ-੧੧੦੦੫੫
ਹੁਣੇ ਹੀ ਤੁਹਾਡਾ ਪਿਆਰਾ ਪਰਚਾ ਮੇਘਲਾ, ਸ. ਹਰਭਜਨ ਸਿੰਘ ਵਕਤਾ ਜੀ ਦੁਆਰਾ ਪੁੱਜਾ। ਸਾਰੇ ਪਰਚੇ ਵਿ
ਦੀ ਲੰਘ ਗਿਆ, ਕੁਝ ਕਾਹਲ਼ੀ ਨਾਲ਼। ਮਾਝੇ ਦੀ ਧਰਤੀ ਤੋਂ ਅਜਿਹਾ ਸਾਹਿਤਕ ਪਰਚਾ ਵੇਖ ਕੇ ਖ਼ੁਸ਼ੀ ਹੋਈ। ਤੁਸੀਂ ਪਰਚੇ
ਜਿਵੇ ਵਿਚ ਮੇਰੇ ਬਾਰੇ ਵਕਤਾ ਜੀ ਦੁਆਰਾ ਲਿਖੀ ਗਈ ਕਿਤਬਾ ਬਾਰੇ ਆਪਣੇ ਪਾਠਕਾਂ ਨੂੰ ਜਾਣਕਾਰੀ ਦਿਤੀ ਹੈ। ਧੰਨਵਾਦ
ਇਸ ਉਦਾਰਤਾ ਦਾ। ਤੁਹਾਡਾ ਲੇਖ ਡੇਹਰਾ ਬਾਬਾ ਨਾਨਕ ਵਾਲ਼ਾ ਪੜ੍ਹ ਜੇ ਆਨੰਦ ਪਰਾਪਤ ਕੀਤਾ। ਵਕਤਾ ਜੀ ਨੂੰ ਲਿਖੀ
ਚਿੱਠੀ ਵਿਚ ਮੈ ਸ਼ਬਦ ਜੋੜਾਂ ਦੀ ਗਲ ਕੀਤੀ ਹੈ। ਉਹਨਾਂ ਵੱਲ ਧਿਆਨ ਦੇਣਾ ਜੀ।
ਸ਼ੁਭਚਿੰਤਕ
ਸੰਤੋਖ ਸਿੰਘ ਸਿਡਨੀ, ਆਸਟ੍ਰੇਲੀਆ
+੬੧ ੪੩੫ ੦੬੦ ੯੭੦


ਮੇਘਲਾ ਮਿਲਿਆ ਇੱਸ ਵਾਰ ਜਸਦੇਵ ਮਾਨ ਦੀ ਰਚਨਾ "ਮਲਹਾਰ...ਤੂੰ ਜਰੂਰ ਆਵੀਂ" ਭਾਵਪੂਰਨ
ਸੀ। ਸੁਨੀਤਾ ਸ਼ਰਮਾ ਦਾ ਲੇਖ ਮਹੱਤਵਪੂਰਨ ਜਾਣਕਾਰੀ ਵਾਲਾ ਹੋ ਨਿਬੜਿਆ। ਕਵਿਤਵਾਂ ਦੀ ਚੋਣ ਵਧੀਆ
ਹੈ। ਮੇਘਲਾ ਵੱਲੋਂ ਉਲੀਕੀਆਂ ਜਾ ਰਹੀਆਂ ਨਵੀਆਂ ਪੈੜਾਂ ਲਈ ਮੁਬਾਰਕਾਂ।
-ਹਰਪਿੰਦਰ ਰਾਣਾ
ਸੁਖਿੰਦਰ ਸੰਪਾਦਕ: ਸੰਵਾਦ ਦੀ ਕਨੇਡਾ ਤੋਂ ਚਿੱਠੀ
• ਜਤਿੰਦਰ ਜੀ ਆਪ ਦੀ ਪੁਸਤਕ 'ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ' ਕਾਫੀ ਦਿਲਚਸਪ ਹੈ ਅਤੇ ਜਾਣਕਾਰੀ
ਭਰਭੂਰ ਹੈ। ਮੇਘਲਾ ਵੀ ਦਿਨ-ਰਾਤ ਤਰੱਕੀ ਕਰ ਰਿਹਾ ਹੈ। ਆਪ ਨੂੰ ਬਹੁਤ ਮੁਬਾਰਕਾਂ।

ਪੁਸਤਕ : ਕੈਨੇਡੀਅਨ ਪੰਜਾਬੀ ਸਾਹਿਤ'(ਸਮੀਖਿਆ) (ਭਾਗ ਦੂਜਾ)
ਪਿਛਲੇ ਤਕਰੀਬਨ ਇੱਕ ਸਾਲ ਤੋਂ ੩੦ ਕੈਨੇਡੀਅਨ ਪੰਜਾਬੀ ਲੇਖਕਾਂ ਬਾਰੇ' ਕੈਨੇਡੀਅਨ ਪੰਜਾਬੀ ਸਾਹਿਤ'(ਸਮੀਖਿਆ)
(ਭਾਗ ਦੂਜਾ) ਨਾਮ ਦੀ ਪੁਸਤਕ ਦੀ ਰਚਨਾ ਕਰਨ ਦਾ ਮੇਰੇ ਵੱਲੋਂ ਆਰੰਭਿਆ ਗਿਆ ਕੰਮ ਮੁਕੰਮਲ ਹੋ ਚੁੱਕਾ ਹੈæ ਹੁਣ ਇਹ
ਪੁਸਤਕ ਪ੍ਰਕਾਸ਼ਿਤ ਹੋਣ ਲਈ ਪ੍ਰੈੱਸ ਵਿੱਚ ਜਾਣ ਲਈ ਤਿਆਰ ਹੈæ। ਇਸ ਤੋਂ ਪਹਿਲਾਂ ਮੈਂ ੫੭ ਕੈਨੇਡੀਅਨ ਪੰਜਾਬੀ ਲੇਖਕਾਂ
ਬਾਰੇ ਆਪਣੀ ਪੁਸਤਕ 'ਕੈਨੇਡੀਅਨ ਪੰਜਾਬੀ ਸਾਹਿਤ' (ਸਮੀਖਿਆ) ਮਈ ੨੦੧੦ ਵਿੱਚ ਪ੍ਰਕਾਸ਼ਿਤ ਕਰ ਚੁੱਕਾ ਹਾਂæ
ਜਿਸਪੁਸਤਕ ਦੀ ਕੈਨੇਡਾ, ਇੰਡੀਆ, ਇੰਗਲੈਂਡ, ਅਮਰੀਕਾ ਅਤੇ ਪਾਕਿਸਤਾਨ ਵਿੱਚ ਬਹੁਤ ਚਰਚਾ ਹੋਈ ਹੈæ ਆਪਣੀ
ਭਾਰਤ ਫੇਰੀ ਦੌਰਾਨ ਮੈਂ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਇਸ ਪੁਸਤਕ
ਬਾਰੇ ਵਿਸ਼ੇਸ਼ ਭਾਸ਼ਨ ਦਿੱਤੇ ਸਨæ। ਪਿਛਲੇ ੧੦੦ ਸਾਲਾਂ ਵਿੱਚ ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਇਸ ਤੋਂ ਪਹਿਲਾਂ

ਨਾ ਤਾਂ ਇੰਡੀਆ ਵਿੱਚ ਅਤੇ ਨਾ ਹੀ ਕੈਨੇਡਾ ਵਿੱਚ ਹੀ ਇੰਨੀ ਵੱਡੀ ਪੱਧਰ ਉੱਤੇ ਕੰਮ ਹੋਇਆ ਹੈæ। ਪੁਸਤਕ 'ਕੈਨੇਡੀਅਨ
ਪੰਜਾਬੀ ਸਾਹਿਤ'(ਸਮੀਖਿਆ) (ਭਾਗ ਦੂਜਾ) ਨੂੰ ਕੈਨੇਡਾ ਵਿੱਚ ੫, ੬, ੭ ਅਗਸਤ, ੨੦੧੧ ਨੂੰ ਹੋ ਰਹੀ 'ਵਿਸ਼ਵ ਪੰਜਾਬੀ
ਕਾਨਫਰੰਸ' ਦੇ ਮੌਕੇ ਉੱਤੇ ਰੀਲੀਜ਼ ਕੀਤਾ ਜਾਵੇਗਾæ
ਇਹ ਪੁਸਤਕ ਅਜਿਹੀ ਦਿਲਚਸਪ ਸ਼ਬਦਾਵਲੀ ਵਿੱਚ ਲਿਖੀ ਗਈ ਹੈ ਕਿ ਵੱਧ ਤੋਂ ਵੱਧ ਪੰਜਾਬੀ ਪਾਠਕ ਇਸ ਪੁਸਤਕ
ਨੂੰ ਪੜ੍ਹ ਸਕਣ ਅਤੇ ਇਸ ਪੁਸਤਕ ਦਾ ਆਨੰਦ ਮਾਣ ਸਕਣæ ਇਹ ਪੁਸਤਕ ਤੁਹਾਨੂੰ ਆਨੰਦ ਦੇਣ ਦੇ ਨਾਲ ਨਾਲ
ਕੈਨੇਡੀਅਨ ਪੰਜਾਬੀ ਸਾਹਿਤ, ਸਮਾਜ ਅਤੇ ਸਭਿਆਚਾਰ ਬਾਰੇ ਵੱਡਮੁੱਲੀ ਜਾਣਕਾਰੀ ਵੀ ਦੇਵੇਗੀæ ਇਹ ਪੁਸਤਕ ਪੜ੍ਹਕੇ
ਤੁਸੀਂ ਜਾਣ ਸਕੋਗੇ ਕਿ ਪਿਛਲੇ ਤਕਰੀਬਨ ੧੦੦ ਸਾਲਾਂ ਵਿੱਚ ਕੈਨੇਡੀਅਨ ਪੰਜਾਬੀਆਂ ਨੇ ਕਿਹੋ ਜਿਹੀਆਂ ਰਾਜਨੀਤਿਕ,
ਸਮਾਜਿਕ, ਆਰਥਿਕ,ਧਾਰਮਿਕ, ਵਿੱਦਿਅਕ, ਸਭਿਆਚਾਰਕ ਅਤੇ ਇਮੀਗਰੇਸ਼ਨ ਨਾਲ ਸਬੰਧਤ ਸਮੱਸਿਆਵਾਂ ਦਾ
ਸਾਹਮਣਾ ਕੀਤਾ ਹੈæ ਇਸ ਪੁਸਤਕ ਨੂੰ ਪੜ੍ਹਕੇ ਤੁਸੀਂ ਜਾਣ ਸਕੋਗੇ ਕਿ ਕੈਨੇਡੀਅਨ ਪੰਜਾਬੀ ਕਵਿਤਾ, ਕਹਾਣੀ, ਨਾਵਲ ਅਤੇ
ਵਾਰਤਕ ਦੇ ਖੇਤਰ ਵਿੱਚ ਕੈਨੇਡਾ ਦੇ ਪੰਜਾਬੀ ਲੇਖਕਾਂ ਨੇ ਧਾਰਮਿਕ ਸਥਾਨਾਂ ਵਿੱਚ ਹਿੰਸਾ ਅਤੇ ਭਰਿਸ਼ਟਾਚਾਰ, ਸ਼ੁਭ ਚਿੰਤਨ
ਦੀ ਲੋੜ, ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ, ਕੈਨੇਡਾ ਦੇ ਗਦਰੀ ਯੋਧੇ, ਲੱਚਰਵਾਦੀ ਗੀਤ,ਪ੍ਰਦੂਸ਼ਨ, ਪੰਜਾਬ ਦੀ
ਤ੍ਰਾਸਦੀ, ਗਲੋਬਲੀਕਰਨ, ਬਜ਼ੁਰਗ ਮਾਪਿਆਂ ਦੀ ਦੁਰਦਸ਼ਾ, ਮਨੁੱਖੀ ਰਿਸ਼ਤੇ, ਨਸ਼ਿਆਂ ਦਾ ਵੱਧ ਰਿਹਾ ਰੁਝਾਨ, ਵਿਸ਼ਵ-
ਅਮਨ, ਔਰਤ ਉੱਤੇ ਹੋ ਰਹੇ ਅਤਿਆਚਾਰ, ਕੰਜੀæਊਮਰਿਜ਼ਮ, ਮਨੁੱਖੀ ਰਿਸ਼ਤਿਆਂ ਦਾ ਵਿਉਪਾਰੀਕਰਨ, ਇਮੀਗਰੇਸ਼ਨ,
ਕਦਰਾਂ-ਕੀਮਤਾਂ ਵਿੱਚ ਆ ਰਿਹਾ ਨਿਘਾਰ, ਔਰਤ ਦੇ ਹੱਕਾਂ ਬਾਰੇ ਚੇਤਨਤਾ, ਪ੍ਰਤੀਬੱਧਤਾ, ਇਨਕਲਾਬ ਅਤੇ ਕਮਿਊਨਿਸਟ
ਵਿਚਾਰਧਾਰਾ, ਕਮਿਊਨਿਸਟ ਪਾਰਟੀ ਵਿਚਲੀ ਫੁੱਟ, ਦੇਸ਼ ਭਗਤੀ ਅਤੇ ਭਾਰਤ ਦੀ ਆਜ਼ਾਦੀ, ਸਿਮਰਤੀਆਂ ਦੀ
ਕਵਿਤਾ, ਕਾਵਿ ਸਿਰਜਣਾ ਨਾਲ ਜੁੜੇ ਸਰੋਕਾਰ, ਲਾਲਚ ਅਤੇ ਹਉਮੈਂ, ਨਸਲਵਾਦ, ਪਰਵਾਸੀ ਪੰਜਾਬੀ ਮਾਨਸਿਕਤਾ,
ਫੌਜੀ ਜ਼ਿੰਦਗੀ ਦੇ ਅਨੁਭਵ, ਮਿਥਿਹਾਸ ਅਤੇ ਇਤਿਹਾਸ, ਭਾਰਤ ਦੇ ਅਸਲੀ ਵਸਨੀਕ ਅਤੇ ਜ਼ਾਤ-ਪਾਤ ਦਾ ਕੋਹੜ
ਵਰਗੀਆਂ ਸਮੱਸਿਆਵਾਂ ਦੀ ਕਿਸ ਖੂਬਸੂਰਤੀ ਨਾਲ ਪੇਸ਼ਕਾਰੀ ਕੀਤੀ ਹੈæ।
ਇਸ ਖ਼ਤ ਦੇ ਨਾਲ ਹੀ ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਗਏ ਓਨਟਾਰੀਓ, ਅਲਬਰਟਾ ਅਤੇ ਬੀæਸੀæ ਵਿੱਚ ਵੱਸਦੇ ੩੦
ਕੈਨੇਡੀਅਨ ਪੰਜਾਬੀ ਲੇਖਕਾਂ ਦੀ ਮੁਕੰਮਲ ਸੂਚੀ ਅਤੇ 'ਕੈਨੇਡੀਅਨ ਪੰਜਾਬੀ ਸਾਹਿਤ' (ਸਮੀਖਿਆ) (ਭਾਗ ਦੂਜਾ)
ਪੋeਟ_ਸੁਕਹਨਿਦeਰe-'ਹੋਟਮaਲਿ.ਚੋਮ ਈæਮੇਲ਼ ਰਾਹੀਂ ਗੱਲਬਾਤ ਕਰ ਸਕਦੇ ਹੋæ।
ਧੰਨਵਾਦ ਸਹਿਤ -ਤੁਹਾਡਾ ਅਪਣਾ
ਸੁਖਿੰਦਰ ,ਕਨੇਡਾ
ਸੰਪਾਦਕ: ਸੰਵਾਦ

• ਪਿਆਰੇ ਵੀਰ ਜਤਿੰਦਰ,
ਤੁਹਾਡੀ ਪੁਸਤਕ "ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ", ਦਾ ਕੁਝ ਹਿੱਸਾ 'ਅਜੀਤ' ਅਖ਼ਬਾਰ 'ਚੋਂ ਪੜ੍ਹਕੇ ਫੋਨ
ਕਰਨ ਦਾ ਯਤਨ ਕੀਤਾ ਤਾਂ ਪਤਾ ਲੱਗਾ ਕਿ ਤੁਸੀਂ ਆਪਣੇ-ਆਪ ਵਿਚ ਬਹੁਤ ਕੁਝ ਸਮੇਟੇ ਹੋਏ ਬੈਠੇ ਹੋ।ਜਿੱਥੇ
ਤੁਸੀਂ ਇਸ ਪੁਸਤਕ ਲਈ ਅਥਾਹ ਮਿਹਨਤ ਕੀਤੀ ਹੈ, ਉਥੇ 'ਮੇਘਲਾ' ਪਰਚੇ ਲਈ ਵੀ ਵਧਾਈ ਦੇ ਹੱਕਦਾਰ
ਹੋ।
ਇਸ ਪੁਸਤਕ ਨੂੰ ਲਿਖਣ ਲਈ ਖੰਡਰਾਂ ਵਿੱਚ ਘੁੰਮਣਾ,ਤਸਵੀਰਾਂ ਲੈਣੀਆਂ,ਕੋਈ ਆਮ ਆਦਮੀ ਨਹੀਂ ਕਰ
ਸਕਦਾ।ਹਰ ਜਗ੍ਹਾ ਅਲੱਗ-ਥਲੱਗ ਹੈ। ਕਲਾਨੌਰ ਇੱਕ ਇਤਿਹਾਸਿਕ ਕਸਬਾ ਹੈ।ਇਹ ਵੱਡਾ ਇਤਿਹਾਸ
ਸਮੋਈ ਬੈਠਾ ਹੈ। ਪਰ ਪੁਰਾਤਤਵ ਵਿਭਾਗ ਨੇ ਵੀ ਨਹੀਂ ਸੰਭਾਲਿਆ। ਮੇਰੇ ਦੇਖਦੇ-ਦੇਖਦੇ ਅਕਬਰ ਦੀ
ਬਾਦਸ਼ਾਹਤ ਦਾ ਮਹੱਲ ਢਹਿਢੇਰੀ ਹੋ ਗਿਆ। ਮੇਰੇ ਇਸ ਕਲਾਨੌਰ ਇਲਾਕੇ ਦੀ ਕਹਾਵਤ ਮਸ਼ਹੂਰ ਹੈ 'ਜਿੰਨ੍ਹੇ
ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਨੌਰ'।
ਇਸਦੇ ਖੰਡਰ ਸ਼ਾਨਦਾਰ ਮੁਗਲੀ ਇਮਾਰਤਾਂ ਦੀ ਯਾਦ ਦਿਵਾਉਂਦੇ ਹਨ।ਤੁਸੀਂ, ਇਹ ਕਿਤਾਬ ਬਹੁਤ ਮਿਹਨਤ
ਨਾਲ਼ ਤਿਆਰ ਕੀਤੀ ਹੈ। ਮੇਰੇ ਵਰਗੇ ਬਹੁਤ ਸਾਰੇ ਹੋਣਗੇ ਜਿੰਨ੍ਹਾਂ ਲੂਣਾ ਬਾਰੇ ਤਾਂ ਪੜ੍ਹਿਆ ਹੈ ਪਰ ਇਸਦੇ
ਸ਼ਹਿਰ ਚਮਿਆਰੀ ਬਾਰੇ ਨਹੀਂ ਪੜ੍ਹਿਆ। ਮੈਂ ਇਸ ਕਸਬੇ ਵਿੱਚੋਂ ਕਈ ਵਾਰ ਲੰਘੀ ਪਰ ਤੁਹਾਡੀ ਪੁਸਤਕ ਨੂੰ
ਪੜ੍ਹ ਕੇ ਲੂਣਾ ਦੇ ਸ਼ਹਿਰ ਬਾਰੇ ਜਾਣਕਾਰੀ ਮਿਲੀ। ਮੈਂ ਅਰਦਾਸ ਕਰਦੀ ਹਾਂ ਕਿ ਜੋ ਕੰਮ ਤੁਸੀਂ ਚੁਣਿਆ ਹੈ,
ਇਸ ਵਿੱਚ ਪ੍ਰਮਾਤਮਾ ਤੁਹਾਨੂੰ ਦਿਨ-ਦੁਗਣੀ ਰਾਤ ਚੌਗਣੀ ਤਰੱਕੀ ਦੇਵੇ।ਇਹ ਸ਼ਹਿਨਸ਼ੀਲਤਾ ਵਾਲਾ ਕੰਮ ਉਹੀ
ਕਰ ਸਕਦਾ ਹੈ ਜਿਸ ਵਿੱਚ ਲਗਨ ਹੋਵੇ।ਤੁਸੀਂ ਲਗਨ,ਮਿਹਨਤ,ਸ਼ੌਂਕ ਅਤੇ ਜਾਨੂੰਨ ਦੇ ਭਰੇ ਹੋਏ ਹੋ। ਸਤਿ ਸ੍ਰੀ
ਅਕਾਲ!
-ਰੁਪਿੰਦਰਜੀਤ ਕੌਰ, ਜਲੰਧਰ।                                                                  
                                                                    

ਜੋਗੀ ਉੱਡਦੇ ਬੱਦਲ਼ ਦੀ ਛਾਂ ਸੁੰਦਰਾਂ



ਦੱਸਦੇ ਹਨ ਕਿ  ਰਾਜਾ ਸਲਵਾਹਨ (ਸਲਵਾਨ) ੫੦ ਸਾਲ ਦੀ ਉਮਰੋਂ ਟੱਪ ਚੁੱਕਾ ਸੀ ਪਰ ਉਸਦੇ ਕੋਈ ਔਲਾਦ ਨਹੀਂ ਸੀ। ਸਲਵਾਨ ਤੇ ਉਸਦੀ ਰਾਣੀ ਇੱਛਰਾਂ ਅੱਗਾ ਨਾ ਵੱਧਦਾ ਵੇਖ ਕੇ ਕਾਫੀ ਪ੍ਰੇਸ਼ਾਨ ਸਨ। ਦੀਵਾਨ ਰੂਪੇ ਸ਼ਾਹ ਨੇ ਦੋਹਾਂ ਨੂੰ ਗੁਰੂ ਗੋਰਖ ਨਾਥ ਦੇ ਟਿੱਲੇ ਜਾਣ ਦਾ ਸੁਝਾਅ ਦਿੱਤਾ। ਦੌਲਤ ਰਾਮ ਲਿਖਦਾ ਹੈ:
ਹੋ ਜਾ ਟਿੱਲੇ ਨੂੰ ਹੁਣੇ ਤਿਆਰ ਸ਼ਾਹਾ ਐਪਰ ਇਛਰਾਂ ਨੂੰ ਲੈ ਕੇ ਨਾਲ਼ ਚੱਲੀਂ।
ਦੇਵੀਂ ਰਾਜ ਅਭਿਮਾਨ ਤਿਆਗ ਏਥੇ ਹੋ ਕੇ ਦਿਲੋਂ ਗਰੀਬ ਕੰਗਾਲ ਚੱਲੀਂ।
ਦੌਲਤ ਰਾਮ ਉਥੇ ਤੈਨੂੰ ਮਿਲ਼ੇ ਢੋਈ ਇਸ ਜਗ ਦਾ ਛੱਡ ਖਿਆਲ ਚੱਲੀਂ।
ਰਾਜਾ ਅਤੇ ਰਾਣੀ ਗੁਰੂ ਗੋਰਖ ਨਾਥ ਦੇ ਟਿੱਲੇ 'ਤੇ ਜਾ ਪਹੁੰਚੇ। ਰਾਣੀ ਇਛਰਾਂ ਆਰਜਾ ਕਰਦੀ ਕਹਿਣ ਲੱਗੀ:
ਹੱਥ ਜੋੜ ਕੇ ਇਛਰਾਂ ਅਰਜ ਕਰਦੀ ਕਰੀਂ ਖਿਆਲ ਨਾਥਾ ਕਰੀਂ ਖਿਆਲ ਨਾਥਾ।
ਆਜਜ ਹੋ ਕੇ ਪਏ ਹਾਂ ਸ਼ਰਨ ਤੁਹਾਡੀ ਪਰਿਤਪਾਲ ਨਾਥਾ ਪਰਿਤਪਾਲ ਨਾਥਾ।
ਦੌਲਤ ਰਾਮ ਨਾ ਦੂਸਰਾ ਭੇਦ ਕੋਈ ਤੂੰ ਅਕਾਲ ਨਾਥਾ ਤੂੰ ਅਕਾਲ ਨਾਥਾ।
ਗੁਰੂ ਗੋਰਖ ਨਾਥ ਨੇ ਰਾਜੇ-ਰਾਣੀ ਦੇ ਅਰਜ ਕਰਨ 'ਤੇ ਇਕ ਮਨ ਹੋ ਦਰਗਾਹੇ ਬਿਰਤੀਆਂ ਪਹੁੰਚਾ ਦਿੱਤੀਆਂ ਅਤੇ ਅਰਦਾਸ ਕਰ ਦਿੱਤੀ। ਅਰਦਾਸ ਪ੍ਰਵਾਨ ਹੋਈ ਅਤੇ ਸਲਵਾਨ ਦੇ ਘਰ ਪੁੱਤਰ ਦਾ ਜਨਮ ਹੋਇਆ। ਨਾ ਰੱਿਖਆ ਗਿਆ ਪੂਰਨ। ਸਾਰਾ ਨਗਰ ਖੁਸ਼ੀਆਂ ਨਾਲ਼ ਭਰ ਗਿਆ। ਖਜਾਨੇ ਦੇ ਦੁਆਰ ਖੋਲ਼੍ਹ ਦਿੱਤੇ ਗਏ।
ਟੇਵਾ ਲਾਉਣ ਲਈ ਪੰਡਿਤ ਚਤਰ ਦਾਸ ਤੇ ਦੁਰਗਾ ਦੱਤ ਨੂੰ ਸੱਦਿਆ ਗਿਆ। ਦੋਵੇਂ ਸ਼ਹਿਰ ਦੇ ਮਹਾਨ ਵਿਦਵਾਨ ਸਨ।ਪੰਡਤਾਂ ਨੇ ਰਾਜੇ ਨੂੰ ਦੱਸਿਆ ਕਿ ਬਾਰਾਂ ਸਾਲ ਪੁੱਤਰ ਦੇ ਮੱਥੇ ਨਾ ਲੱਗੀਂ। ਬਾਰਾਂ ਵਰ੍ਹੇ ਇਸਦੇ ਮੱਥੇ ਲੱਗਣਾ ਤੇਰੇ ਲਈ ਭਾਰਾ ਹੈ। ਅੰਤ ਸ਼ਹਿਰੋਂ ਬਾਹਰ ਭੋਰਾ ਬਣਵਾਇਆ ਗਿਆ।। ਜਦੋਂ ਬਾਰਾਂ ਸਾਲ ਬਾਅਦ ਪੂਰਨ ਭੋਰੇ 'ਚੋਂ ਬਾਹਰ ਆਇਆ ਤਾਂ ਛੈਲ ਜੁਆਨ ਸੀ।ਉਸਦੇ ਚਿਹਰੇ 'ਤੇ ਰਾਜਕੁਮਾਰਾਂ ਵਾਲ਼ਾ ਅਜਬ ਨੂਰ ਸੀ। ਉਸਨੂੰ ਵੇਖ ਸਭ ਦੀ ਭੁੱਖ ਲਹਿੰਦੀ ਸੀ।
ਇਕ ਦਿਨ ਸਿਆਲਕੋਟੋਂ ਰਾਜਾ ਸ਼ਿਕਾਰ ਖੇਡਣ ਚਮਿਆਰੀ ਪਿੰਡ ਰਾਵੀ ਦੇ ਕੰਢੇ ਘਾਟ ਦੇ ਕੋਲ਼ ਆ ਨਿਕਲਿਆ। ਲੂਣਾ ਨੂੰ ਵੇਖ ਉਸਤੇ ਮੋਹਿਤ ਹੋ ਗਿਆ ਤੇ ਵਿਆਹ ਕੇ ਲੈ ਆਇਆ। ਪਰ ਸਲਵਾਨ ਅਤੇ ਲੂਣਾ ਦਾ ਕੋਈ ਹਾਣ ਪਰਵਾਨ ਨਹੀ ਸੀ। ਸੁੰਦਰ ਅਤੇ ਜੁਆਨ ਲੂਣਾ ਭੁੱਢੇ ਰਾਜੇ ਤੋਂ ਭੋਰਾ ਖੁਸ਼ ਨਹੀ ਸੀ।
ਜਦੋਂ ਲੂਣਾ ਨੇ ਮਤਰੇਏ ਪੁੱਤਰ ਪੂਰਨ ਵੱਲ ਵੇਖਿਆ ਤਾਂ ਉਸਨੂੰ ਉਸ 'ਚੋਂ ਆਪਣਾ ਹਾਣ ਨਜ਼ਰ ਆਉਣ ਲੱਗਾ। ਕਾਮਵੱਸ ਹੋ ਲੂਣਾ ਆਪਣੇ ਮਤਰੇਏ ਪੁੱਤਰ ਨਾਲ਼ ਇਸ਼ਕ ਦੀਆਂ ਪੀਘਾਂ ਝੂਟਣ ਦੇ ਸੁਫਨੇ ਵੇਖਣ ਲੱਗੀ।
ਦੌਲਤ ਰਾਮ ਕਾਮ ਨੇ ਮੱਤ ਮਾਰੀ ਹੁੰਦੇ ਦਿਹੁ ਅੰਦੇਰੜਾ ਪਾਇ ਦਿੱਤਾ।
ਅੰਤ ਲੂਣਾ ਨੇ ਇਕ ਦਿਨ ਮੌਕਾ ਤਾੜ ਕੇ ਪੂਰਨ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੱਤੀ।ਪਰ ਪੂਰਨ ਧਰਮ ਈਮਾਨ ਦਾ ਪੱਕਾ ਸੀ।ਪਰ ਲੂਣਾ ਦੇ ਮਨ ਦੀ ਸ਼ੈਤਾਨੀ ਅਵਸਥਾ ਹੁਣ ਛੁਪੀ ਨਹੀ ਸੀ ਰਹੀ। ਕਵੀ ਦੌਲਤ ਰਾਮ ਦਾ ਕਹਿਣਾ ਹੈ:
ਡਾਢੀ ਕਾਮ ਸਮੁੰਦਰ ਦੀ  ਲਹਿਰ ਲੋਕੋ ਕੌਣ ਨਿਕਲ਼ੇ ਏਸ ਤੂਫਾਨ ਵਿਚੋਂ।
ਆਕੇ ਪਾਪ ਨੇ ਚਿਤ ਨੂੰ ਤੰਗ ਕੀਤਾ ਸਿਹਮ ਗਈ ਕੰਬਖਤ ਦੀ ਜਾਨ ਵਿਚੋਂ।
ਦੌਲਤ ਰਾਮ ਕੀ ਉਨਾਂ ਦਾ ਰਿਹਾ ਬਾਕੀ ਨਿਕਲ ਗਏ ਜੋ ਧਰਮ ਈਮਾਨ ਵਿਚੋਂ
ਅਤੇ ਲੂਣਾ ਨੇ ਪੂਰਨ ਅੱਗੇ ਇਸ ਤਰ੍ਹਾਂ ਅਰਜ਼ੋਈ ਕੀਤੀ:
ਲੂਣਾ ਆਖੀ ਗੱਲ ਨਾ ਆਖਣੇ ਦੀ ਜਿਸਦੇ ਲਈ ਮੈਂ ਮੁੱਖ ਮਰੋੜਨੀਆਂ
ਤੇਰੇ ਇਸ਼ਕ ਵੱਲੋਂ ਵੈਰੀ ਚਿਤ ਮੇਰਾ ਮੁੜਦਾ ਨਹੀ ਬਹੁਤੇਰੜਾ ਮੋੜਨੀਆਂ
ਜਿਵੇਂ ਰਾਮ ਤੇ ਸੀਤਾ ਦਾ ਜੋੜ ਆਹਾ ਤੇਰੇ ਨਾਲ਼ ਜੋੜ ਜੋੜਨੀਆਂ
ਦੌਲਤ ਰਾਮ ਤੇਰੇ ਹੁਸਨ ਦੇ ਬਾਗ ਵਿਚੋਂ ਇਕ ਇਸ਼ਕ ਦਾ ਫੁੱਲ ਤਰੋੜਨੀਆਂ
ਅਤੇ ਪੂਰਨ ਲੂਣਾ ਨੂੰ ਜੁਆਬ ਦੇਣ ਲੱਗਾ:
ਪੂਰਨ ਆਖਦਾ ਲ਼ੂਣਾ ਨੂੰ ਚੁਪ ਹੋ ਜਾ ਬੋਲ ਮੁੱਖ ਸੰਭਾਲ ਕੇ ਵੈਂਨ ਮਾਤਾ।
ਬਾਰ ਬਾਰ  ਤੇਰੇ ਅੱਗੇ ਅਰਜ ਮੇਰੀ ਤੈਨੂੰ ਖੁਆਰ ਕਰਸੀ ਹਿਰਸ ਡੈਣ ਮਾਤਾ।
ਦੌਲਤ ਰਾਮ ਇਸ ਹਿਰਸ ਨੂੰ ਦੂਰ ਕਰਕੇ ਕੱਟ ਵਾਂਗ ਮੁਸਾਫਰਾਂ ਰੈਣ ਮਾਤਾ।
ਪੂਰਨ ਵੱਲੋਂ ਲੂਣਾ ਦਾ ਇਸ਼ਕ ਦਾ ਪ੍ਰਸਤਾਵ ਠੁਕਰਾਉਣ ਮਗਰੋਂ ਲੂਣਾ ਨੇ ਰਾਜੇ ਕੋਲ਼ ਪੂਰਨ 'ਤੇ ਝੂਠਾ ਇਲਜ਼ਾਮ ਲਗਾ ਦਿੱਤਾ ਕਿ ਇਸਨੇ ਮੈਨੂੰ ਬੁਰੀ ਨਜ਼ਰ ਨਾਲ਼ ਵੇਖਿਆ ਅਤੇ ਮੇਰੀ ਇੱਜਤ ਨੂੰ ਹੱਥ ਪਾਇਆ ਹੈ। ਰਾਜੇ ਨੇ ਲੂਣਾ ਦੀ ਗੱਲ ਵਿਚ ਆ ਕੇ ਪੂਰਨ ਦੇ ਹੱਥ ਪੈਰ ਵਢਵਾ ਕੇ ਖੂਹ ਵਿਚ ਸੁਟਵਾ ਦਿੱਤਾ।ਜਦੋਂ ਗੁਰੂ ਗੋਰਖ ਨਾਥ ਆਪਣੇ ਚੇਲਿਆਂ ਸਮੇਤ ਉੱਥੋਂ ਦੀ ਲੰਘਿਆ ਤਾਂ ਚੇਲੇ ਦੀ ਨਜ਼ਰ ਪਾਣੀ ਭਰਦੇ ਸਮੇਂ ਖੂਹ ਵਿਚ ਪਏ ਪੂਰਨ 'ਤੇ ਪੈ ਗਈ। ਸਾਧੂਆਂ ਨੇ ਪੂਰਨ ਨੂੰ ਕੱਢ ਲਿਆ ਤੇ ਗੁਰੂ ਗੋਰਖ ਨਾਥ ਨੇ ਤੰਤਰ ਵਿਦਿਆ ਰਾਹੀਂ ਪੂਰਨ ਦੇ ਅੰਗ ਸਲਾਮਤ ਕਰ ਦਿੱਤੇ। ਪੂਰਨ ਵੀ ਜੋਗ ਲੈ ਕੇ ਨਾਥਾਂ ਨਾਲ਼ ਰਲ਼ ਗਿਆ।
ਭ੍ਰਮਣ ਕਰਦਾ ਸਾਧੂਆਂ ਦਾ ਟੋਲਾ ਜਦੋਂ ਇਕ ਪਹਾੜੀ ਦੇਸ਼ ਅੰਦਰ ਗਿਆ। ਤਾਂ ਪੂਰਨ ਭਿਖਿਆ ਲੈਣ ਲਈ ਸ਼ਹਿਰ ਅੰਦਰ ਜਾ ਦਾਖਿਲ ਹੋਇਆ। ਰਾਣੀ ਸੁੰਦਰਾਂ ਇਕ ਰਾਜੇ ਦੀ ਵਿਧਵਾ ਸੀ। ਜਦੋਂ ਪੂਰਨ ਨੇ  ਭਿਖਿਆ ਲੈਣ ਲਈ ਸੁੰਦਰਾਂ ਦੇ ਮਹਿਲ ਅੱਗੇ ਅਲਖ ਜਗਾਈ ਤਾਂ ਮਹਿਲਾਂ ਦੀ ਛੱਤ 'ਤੇ ਖੜੀ ਸੁੰਦਰਾਂ ਦੀ ਨਜ਼ਰ ਪੂਰਨ 'ਤੇ ਪੈ ਗਈ। ਉਸਨੇ ਗੋਲੀ ਨੂੰ ਭੇਜ ਕੇ ਪੂਰਨ ਨੂੰ ਉੱਪਰ ਸੱਦ ਲਿਆ ਤੇ ਪੂਰਨ 'ਤੇ ਮੋਹਿਤ ਹੋ ਗਈ। ਉਸਨੇ ਪੂਰਨ ਨੂੰ ਮਹਿਲਾਂ ਵਿਚ ਰਹਿਣ ਲਈਮਨਾਉਣਾ ਸ਼ੁਰੂ ਕਰ ਦਿੱਤਾ। ਪਰ ਪੂਰਨ ਜਤੀ ਇਨਕਾਰ ਕਰਕੇ ਵਾਪਿਸ ਆ ਗਿਆ। ਰਾਣੀ ਸੁੰਦਰਾਂ ਨੇ ਚਾਲ ਚੱਲੀ ਉਸਨੇ ਸਾਰੇ ਸਾਧੂ ਸੱਦ ਕੇ ਭੋਜਨ ਕਰਾਇਆ ਤੇ ਸਾਧੂਆਂ ਦੀ ਟਹਿਲ ਸੇਵਾ ਕੀਤੀ। ਖੁਸ਼ ਹੋ ਕੇ ਗੁਰੂ ਗੋਰਖ ਨਾਥ ਕਹਿਣ ਲੱਗਾ ਕਿ ਮੰਗ ਜੋ ਕੁਝ ਮੰਗਣਾ ਈ। ਰਾਣੀ ਸੁੰਦਰਾਂ ਨੇ ਪੂਰਨ ਮੰਗ ਲਿਆ। ਗੁਰੂ ਦਾ ਵਚਨ ਪੁਗਾਉਣਾ ਸੀ ਪੂਰਨ ਕਿਵੇਂ ਨਾਂਹ ਕਰਦਾ। ਪੂਰਨ ਸੁੰਦਰਾਂ ਦੇ ਮਹਿਲਾਂ ਵਿਚ ਰਹਿ ਪਿਆ। ਪੰਜਾਬੀ ਦਾ ਗੀਤ ਹੈ:
ਰਾਣੀ ਜਗ ਦੇ ਦਿਲਾਸੇ ਜਿਹੇ ਰਹਿਣ ਦੇ
ਵਾਂਗ ਪਾਣੀਆਂ ਦੇ ਜੋਗੀਆਂ ਨੂੰ ਵਹਿਣ ਦੇ
ਪਰ ਨਾਰੀ ਆ ਸਮਾਨ ਸਾਨੂੰ ਮਾਂ ਸੁੰਦਰਾਂ
ਜੋਗੀ ਉੱਡਦੇ ਬੱਦਲ਼ ਦੀ ਛਾਂ ਸੁੰਦਰਾਂ
ਪਰ ਜਦੋਂ ਸੁੰਦਰਾਂ ਨੇ ਪੂਰਨ ਨੂੰ ਉਸ ਨਾਲ਼ ਸੇਜ ਸਾਂਝੀ ਕਰਨ ਦੀ ਗੱਲ ਕਹੀ ਤਾਂ ਪੂਰਨ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਮੈਂ ਜਤ ਸਤ ਦਾ ਪੂਰਾ ਹਾਂ।ਪਰ ਸੁੰਦਰਾਂ ਵੱਲੋਂ ਮਜਬੂਰ ਕਰਨ 'ਤੇ ਪੂਰਨ ਵਾਪਸ ਆ ਗਿਆ। ਰਾਣੀ ਸੁੰਦਰਾਂ ਨੇ ਪੂਰਨ ਦੇ ਵਿਯੋਗ ਵਿਚ ਮਹਿਲ ਦੀ ਛੱਤ ਤੋਂ ਛਾਲ਼ ਮਾਰ ਕੇ ਜਾਨ ਦੇ ਦਿੱਤੀ। ਪੂਰਨ ਨੂੰ ਵੇਖ ਕੇ ਗੁਰੂ ਉਸ ਨਾਲ਼ ਗੁੱਸੇ ਹੋ ਗਿਆ ਕਿ ਉਸਨੇ ਗੁਰੂ ਦੇ ਬਚਨ ਨੂੰ ਝੂਠਾ ਕਰ ਦਿੱਤਾ ਹੈ। ਗੁਰੂ ਨੇ ਪੂਰਨ ਨੂੰ ਛੇਕ ਦਿੱਤਾ।

ਬੁੱਢਾ ਰਾਜਾ ਲੂਣਾ ਦੀ ਕੁੱਖੋਂ ਵੀ ਪੁੱਤਰ ਚਾਹੁੰਦਾ ਸੀ। ਉਹ ਸਾਧੂ ਦੀ ਮਹਿਮਾ ਸੁਣ ਕੇ ਲੂਣਾ ਨੂੰ ਲੈ ਕੇ ਪੂਰਨ ਕੋਲ਼ ਗਿਆ ਪਰ ਪੂਰਨ ਨੂੰ ਪਛਾਣ ਨਾ ਸਕੇ। ਤਾਂ ਪੂਰਨ ਨੇ ਲੂਣਾ ਦੁਆਰਾ ਪੂਰਨ ਨਾਲ਼ ਕੀਤੀ ਕਰਤੂਤ ਦੱਸ ਦਿੱਤੀ। ਲੂਣਾ ਨੇ ਗੁਨਾਹ ਮੰਨ
ਲਿਆ। ਕ੍ਰੋਧਵਾਨ ਰਾਜਾ, ਲੂਣਾ ਤੇ ਉਸਦੀ ਝੂਠੀ ਗਵਾਹ ਹੀਰਾਂ ਬਾਂਦੀ ਨੂੰ ਕਤਲ ਕਰਨ ਲੱਗਾ ਤਾਂ ਪੂਰਨ ਨੇ ਰੋਕ ਦਿੱਤਾ। ਅਤੇ ਲੂਣਾ ਨੂੰ ਪੁੱਤਰ ਦਾ ਵਰ ਦਿੱਤਾ। ਰਾਜੇ ਨੇ ਪੂਰਨ ਦੇ ਕਹਿਣ 'ਤੇ ਲੂਣਾ ਨੂੰ ਮੁਆਫ ਕਰ ਦਿੱਤਾ ਤੇ ਲੂਣਾ ਦੀ ਕੁੱਖੋਂ ਜਲਦੀ ਹੀ ਬਹਾਦਰ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਮ ਨਾਲ਼ ਪ੍ਰਸਿੱਧ ਹੋਇਆ।ਇਧਰ ਪੂਰਨ ਦੀ ਮਾਂ ਇਛਰਾਂ ਪੁੱਤਰ ਦੇ ਵਿਯੋਗ ਵਿਚ ਰੋ-ਰੋ ਅੰਨ੍ਹੀ ਹੋ ਗਈ। ਰਾਜੇ ਸਲਵਾਨ ਦੇ ਬਾਗ ਸੁੱਕ ਗਏ। ਪੂਰਨ ਨੇ ਫਿਰਦੇ-ਤੁਰਦੇ ਬਾਗ ਵਿਚ ਆਣ ਡੇਰਾ ਲਾਇਆ ਤਾਂ ਬਾਗ ਹਰਾ-ਭਰਾ ਹੋ ਗਿਆ। ਰਾਣੀ ਇਛਰਾਂ ਨੂੰ ਗੋਲੀਆਂ ਨੇ ਦੱਸਿਆ ਕਿ ਬਾਗ ਵਿਚ ਬੜਾ ਕਰਨੀ ਵਾਲ਼ਾ ਸਾਧੂ ਆਇਆ ਹੈ ਉਹ ਤੇਰੇ ਨੇਤਰਾਂ ਦੀ ਜੋਤ ਮੋੜ ਦੇਵੇਗਾ। ਰਾਣੀ ਇਛਰਾਂ ਜਦੋਂ ਬਾਗ ਵਿਚ ਗਈ ਤਾਂ ਉਸਨੇ ਪੂਰਨ ਦੀ ਅਵਾਜ ਪਛਾਣ ਲਈ ਮਮਤਾ ਵੱਸ ਉਸਦੀਆਂ ਛਾਤੀਆਂ 'ਚੋਂ ਦੁੱਧ ਵਗਣ ਲੱਗਾ।ਉਸਦੀਆਂ ਅੱਖਾਂ ਦੀ ਜੋਤ ਵਾਪਿਸ ਆ ਗਈ। ਮਾਂ-ਪੁੱਤ ਦਾ ਮਿਲਾਪ ਵੇਖ ਰੱਬ ਵੀ ਦਿਲਗੀਰ ਹੋ ਗਿਆ।
ਪੂਰਨ ਦੀ ਮਾਂ ਨੇ ਉਸ ਨੂੰ  ਮਹਿਲਾਂ ਵਿਚ ਵਾਪਿਸ ਆਉਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਪਰ ਪੂਰਨ ਨੇ ਜੁਆਬ ਦਿੱਤਾ ਕਿ:
ਪੂਰਨ ਕਹੇ ਦੀਵਾਨ ਜੀ ਸੱਚ ਆਖਾਂ ਮੈਨੂੰ ਲੋੜ੍ਹ ਨਾ ਰਾਜ ਸਮਾਜ ਦੀ ਏ।
ਸੱਚ ਬੋਲਣਾ ਕੰਮ ਹੈ ਫੱਕਰਾਂ ਦਾ ਔਣੀ ਗੱਲ ਨਾ ਅਸਾਂ ਨੂੰ ਪਾਜ ਦੀ ਏ।
ਸਕਾ ਕੌਣ ਹੈ ਕਿਸੇ ਦਾ ਜੱਗ ਉੱਤੇ ਦੁਨੀਆਂ ਕੁਲ ਮਿਤਰ ਆਪਣੇ ਕਾਜ ਦੀ ਏ

ਅਤੇ ਮਾਤਾ ਕਹਿਣ ਲੱਗੀ:
ਮਾਤਾ ਆਖਦੀ ਗਿਆਨ ਨਾ ਦੱਸ ਬੇਟਾ ਬਿਰਹੋਂ ਨਾਲ਼ ਮੇਰੇ ਅੰਗ ਚੂਰ ਹੋ ਗਏ।
ਭੜਕੀ ਹਿਜ਼ਰ ਦੀ ਅੱਗ ਚੌਤਰਫ਼ ਆਕੇ  ਹੱਡ ਭੁੱਜ ਕੇ ਸਿਲ ਮਨੂਰ ਹੋ ਗਏ।
ਚੌਦਾਂ ਬਰਸ ਮੈਂ ਹਸ਼ਰ ਦੇ ਵਾਂਗ ਕੱਟੇ ਨੇਤਰ ਰੋਂਦਿਆਂ ਮੇਰੇ ਸੰਧੂਰ ਹੋ ਗਏ।
ਦੌਲਤ ਰਾਮ ਵਿਛੋੜੇ ਦੀ ਅੱਗ ਡਾਢੀ ਰੋਜ਼ ਕੱਟਣੇ ਮਿਸਲ ਤੰਦੂਰ ਹੋ ਗਏ।
ਪਰ ਪੂਰਨ ਨੇ ਜਗਤ ਦੀ ਨਾਸ਼ਵਾਨਤਾ ਬਾਰੇ ਦੱਸ ਕਿ ਮਾਂ ਦਾ ਧਿਆਨ ਪਰਮਾਰਥ ਵੱਲ ਜੋੜ ਦਿੱਤਾ ਤੇ ਖੁਦ ਵਿਦਾ ਲੈ ਲਈ।
ਇਹ ਕਿੱਸੇ ਪੰਜਾਬੀ ਸਾਹਿਤ ਦੀ ਜਿੰਦਜਾਨ ਹਨ। ਉਪਰੋਕਤ ਕਿੱਸਾ ਸਿਰਫ ਚਸਕਾ ਲੈ ਕੇ ਪੜ੍ਹਨ ਵਾਲ਼ਾ ਨਹੀ ਬਲਕਿ ਜਿੰਦਗੀ ਦੀ ਸੱਚਾਈ ਨਾਲ਼ ਭਰਿਆ ਪਿਆ ਹੈ। ਪੂਰਨ ਜਤ-ਸਤ ਸੰਤੋਖ ਅਤੇ ਉੱਚੇ ਆਦਰਸ਼ਾਂ ਦਾ ਪ੍ਰਤੀਕ ਹੈ। ਲੂਣਾ ਹਿਰਸ,ਕਾਮ ਅਤੇ ਵਾਸਨਾ ਦਾ ਪ੍ਰਤੀਕ ਹੈ। ਇਹਨਾਂ ਲਾਗਾਂ ਦੇ ਵੱਸ ਪਿਆ ਮਨੁੱਖ ਆਪ ਵੀ ਖੁਆਰ ਹੁੰਦਾ ਹੈ ਤੇ ਹੋਰਾਂ ਦੀ ਖੁਆਰੀ ਦਾ ਵੀ ਕਾਰਨ ਬਣਦਾ ਹੈ। ਰਾਜਾ ਸਲਵਾਨ ਕ੍ਰੋਧਵਾਨ ਅਤੇ ਹੰਕਾਰ ਦਾ ਮਾਰਿਆ ਹੈ । ਹੈਂਕੜ ਵਿਚ ਉਹ ਝੂਠ ਸੱਚ ਦਾ ਨਿਤਾਰਾ ਨਹੀ ਕਰ ਸਕਦਾ ਤੇ ਸਲਵਾਨ ਦਾ ਕ੍ਰੋਧ ਤੇ ਹੰਕਾਰ, ਲੂਣਾ ਦੇ ਕਾਮ ਅਤੇ ਹਿਰਸ ਦਾ ਸ਼ਿਕਾਰ ਹੁੰਦਾ ਹੈ। ਤੇ ਭੁਗਤਣੀ ਹਮੇਸ਼ਾਂ ਪੂਰਨ ਜਿਹੇ ਭੋਲੇਪਨ ਨੂੰ ਪਈ ਹੈ।ਤਿੰਨ ਬਿਮਾਰੀਆਂ ਸਲਵਾਨ ਦਾ ਹੰਕਾਰ, ਕ੍ਰੋਧ ਤੇ ਲੂਣਾ ਦਾ ਕਾਮ ਰਲ਼ ਗਏ। ਰਾਣੀ ਇੱਛਰਾਂ ਮੋਹ ਵਿਚ ਗ੍ਰਸੀ ਹੋਈ ਹੈ। ਪੁੱਤਰ ਮੋਹ ਵਿਚ ਉਹ ਸੰਸਾਰ ਦੀ ਹਰ ਮਾਂ ਵਾਂਗ ਗਲ਼-ਗਲ਼ ਤੱਕ ਡੁੱਬੀ ਹੋਈ ਹੈ।
ਇਕ ਹੋਰ ਕਿਰਦਾਰ ਜੁੜਦਾ ਹੈ ਰਾਣੀ ਇਛਰਾਂ ਦਾ। ਉਹ ਵੀ ਇਸ਼ਕ ਜਾਲ ਵਿਚ ਉਲਝਦੀ ਹੈ ਪਰ ਉਹ ਲੂਣਾ ਨਾਲ਼ੋਂ ਵੱਖ ਹੈ ਕਿਉਂਕਿ ਉਹ ਪੂਰਨ ਵੱਲੋਂ ਠੁਕਰਾਏ ਜਾਣ ਤੇ ਲੂਣਾ ਵਾਂਗ ਕੁਰਬਾਨੀ ਲੈਂਦੀ ਨਹੀ ਸਗੋਂ ਪਿਆਰ ਵਿਚ ਕੁਰਬਾਨੀ ਦੇ ਦਿੰਦੀ ਹੈ। ਸ਼ਾਇਦ ਇੱਥੇ ਇਹ ਸਮਝਾਉਣ ਦੀ ਕੋਸ਼ਿਸ਼ ਹੈ ਕਿ ਪਿਆਰ ਹਾਸਿਲ ਕਰਨ ਦਾ ਨਹੀ ਬਲਕਿ ਕੁਝ ਦੇਣ ਦਾ ਨਾਂਅ ਹੈ ਅਰਥਾਤ ਤਿਆਗ ਦਾ।
ਇਸ ਕਿੱਸੇ ਵਿਚਲੀ ਸੱਚਾਈ ਸਾਡੇ ਸਾਰਿਆਂ ਤੇ ਲਾਗੂ ਹੁੰਦੀ ਹੈ। ਤੇ ਮਨੁੱਖ ਕਦੀ ਜਤ-ਸਤ ਵਾਲ਼ਾ ਪੂਰਨ ਬਣਦਾ ਹੈ ਅਤੇ ਕਦੀ ਕਾਮਵੱਸ ਹੋ ਲੂਣਾ ਦਾ ਰੂਪ ਧਾਰਨ ਕਰ ਲੈਂਦਾ ਹੈ। ਕਦੀ ਅਸੀਂ ਹੰਕਾਰੇ ਅਤੇ ਆਕੜੇ ਹੋਏ ਅਕਲ ਦੇ ਦਰਵਾਜੇ ਬੰਦ ਕਰੀ ਬੈਠੇ ਸਲਵਾਨ ਹੁੰਦੇ ਹਾਂ ਤੇ ਕਦੀ ਮਮਤਾ, ਮੋਹ ਵਿਚ ਗ੍ਰਸਿਆ ਹੋਇਆ ਮਨੁੱਖ ਇਛਰਾਂ ਦਾ ਰੂਪ ਧਾਰਨ ਕਰਦਾ ਹੈ।
ਇਹ ਜੀਵਨ ਦੀਆਂ ਸੱਚਾਈਆਂ ਹਨ।

ਜਤਿੰਦਰ ੰਿਸੰਘ ਔਲ਼ਖ, ਪਿੰਡ ਤੇ ਡਾਕ: ਕੋਹਾਲ਼ੀ, ਜਿਲਾ ਅੰਮ੍ਰਿਤਸਰ- ੯੮੧੫੫੩੪੬੫੩

ਵੱਸਣ ਤੋਂ ਪਹਿਲਾਂ ਉਜੜਿਆ ਦਲੀਪਗੜ੍ਹ



ਸਿੱਖ ਰਾਜ ਦੀਆਂ ਤਿਰਕਾਲ਼ਾਂ ਦੇ ਦਿਨ ਸਨ। ਅਹਿਲਕਾਰ ਇਕ-ਦੂਜੇ ਦੇ ਖੁਨ ਦੀ ਹੋਲੀ ਖੇਡ ਰਹੇ ਸਨ।ਮਹਾਰਜਾ ਰਣਜੀਤ ਸਿੰਘ ਦਾ ਖਾਨਦਾਨ ਆਪਸੀ ਵਿਰੋਧਾਂ, ਅਤੇ ਦੂਰ-ਅੰਦੇਸ਼ੀ ਦੀ ਘਾਟ ਵਾਲ਼ੇ ਹੰਕਾਰੇ ਹੋਏ ਸਰਦਾਰਾਂ ਦੀਆਂ ਸਾਜਿਸ਼ਾਂ ਦੀ ਭੇਟਾ ਚੜ੍ਹ ਰਿਹਾ ਸੀ।ਆਪਸੀ ਕਤਲਾਂ ਨੇ ਸਿੱਖ ਰਾਜ ਦੀਆਂ ਨੀਂਹਾਂ ਖੋਖਲੀਆਂ ਕਰ ਦਿੱਤੀਆਂ ਸਨ। ਲਾਹੌਰ ਦਰਬਾਰ ਦੇ ਅਜਿਹੇ ਖੂਨੀ ਦੌਰ ਵਿਚ ਕੁੰਵਰ ਦਲੀਪ ਸਿੰਘ ਸਿਰ ਤਾਜ ਸੱਜਿਆ।ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾਂ ਨੂੰ ਇਕ ਪਾਸੇ ਆਪਣੇ ਪੁੱਤਰ ਦੇ ਰਾਜਗੱਦੀ ਉੱਤੇ ਬੈਠਣ ਦੀ ਖੁਸ਼ੀ ਸੀ। ਦੂਜੇ ਪਾਸੇ ਉਹਦੀ ਜਾਨ ਨੂੰ ਹੋਣ ਵਾਲ਼ੇ ਸੰਭਾਵੀ ਖਤਰਿਆਂ ਦਾ ਡਰ ਸੀ
ਇਸੇ ਖਤਰੇ ਨੂੰ ਭਾਂਪ ਕੇ ਰਾਣੀ ਜਿੰਦ ਕੌਰਾਂ ਦੇ ਭਰਾ ਅਤੇ ਮਹਾਰਾਜਾ ਦਲੀਪ ਸਿੰਘ ਦੇ ਮਾਮਾ ਸ੍ਰ: ਜਵਾਹਰ ਸਿੰਘ ਔਲ਼ਖ ਨੇ ਲਾਹੌਰ ਤੋਂ ਤਕਰੀਬਨ ਤੀਹ ਕਿਲੋਮੀਟਰ ਹਟਵਾਂ ਦਲੀਪ ਸਿੰਘ ਦੇ ਨਾਮ 'ਤੇ ਦਲੀਪਗੜ੍ਹ ਸ਼ਹਿਰ ਵਸਾਉਣ ਦੀ ਯੋਜਨਾ ਬਣਾਈ। ਅਤੇ ਇੱਥੇ ਵਿਸ਼ਾਲ ਦੁਰਗ ਵੀ ਬਣਾਇਆ। ਇਹ ਪਿੰਡ ਅੱਜ ਅੰਮ੍ਰਿਤਸਰ ਜਿਲੇ ਦੇ ਕਸਬਿਆਂ ਚੋਗਾਵਾਂ-ਲੋਪੋਕੇ ਦੇ ਕੋਲ਼ ਹੈ। ਪਿੰਡ ਉਡਰ ਦੇ ਕੋਲ਼ ਵੱਸਣ ਤੋਂ ਪਹਿਲਾਂ ਹੀ ਉਜੜੇ ਇਸ ਸ਼ਹਿਰ ਦੀਆਂ ਬਸ ਇੱਕਾ-ਦੁੱਕਾ ਨਿਸ਼ਾਨੀਆਂ ਹੀ ਬਚੀਆਂ ਹਨ।ਪਿੰਡ ਉਡਰ ਦੇ ਵਸਨੀਕਾਂ ਦੇ ਦੱਸਣ ਅਨੁਸਾਰ ਕੁਝ ਸਾਲ ਪਹਿਲਾਂ ਕਿਸੇ ਯੂਨੀਵਰਸਿਟੀ ਤੋਂ ਕੁਝ ਲੋਕ ਆਏ ਜੋ ਦਲੀਪਗੜ੍ਹ ਬਾਰੇ ਖੋਜ ਕਰਨ ਦੇ ਮਕਸਦ ਲਈ ਆਏ ਸਨ।ਪਰ ਸਰਕਾਰੀ ਅਦਾਰਿਆਂ ਦੇ ਪ੍ਰੋਜੈਕਟ ਸਿਰਫ ਗਰਾਂਟਾਂ ਹੜੱਪ ਕਰਨ ਅਤੇ ਖਾਨਾਪੂਰਤੀ ਤੱਕ ਹੀ ਸੀਮਤ ਰਹਿੰਦੇ ਹਨ।
ਜਵਾਹਰ ਸਿੰਘ ਜੋ ਉਸ ਵੇਲ਼ੇ ਸਿੱਖ ਰਾਜ ਦਾ ਪ੍ਰਧਾਨ ਮੰਤਰੀ ਸੀ,  ਨੇ ਇਸ ਵਿਸ਼ਾਲ ਕੋਟ ਦੀਆਂ ਚਾਰ ਨੁੱਕਰਾਂ 'ਚ ਚਾਰ ਖੂਹ ਲਵਾਏ ਸਨ। ਇਹਨਾਂ ਚਾਰ ਵਿਚੋਂ ਸਿਰਫ ਤਿੰਨ ਖੂਹ ਹੀ ਬਚੇ ਮਿਲ਼ਦੇ ਹਨ।
ਇਕ ਖੂਹ ਦੇ ਨੇੜੇ ਗਏ ਤਾਂ ਇਕ ਕਮਰੇ ਵਿਚ ਗੁਰੁ ਗ੍ਰੰਥ ਸਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਅਖੰਡ ਪਾਠ ਚਲ ਰਹੇ ਸਨ।ਪਹਿਲਾਂ ਤਾਂ ਪਾਠ ਕਰ ਰਹੇ ਪਾਠੀ ਸਿੰਘ ਤੋਂ ਇਲਵਾ ਕੋਈ ਨਜ਼ਰ ਨਾ ਆਇਆ ਪਰ ਛੇਤੀ ਹੀ ਕੁਝ ਹੋਰ ਵਿਅਕਤੀ ਇੱਧਰੋਂ-ਉਧਰੋਂ ਆ ਗਏ। ਇਹ ਖੂਹ ਰਾਣੀ ਜਿੰਦਾ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।
ਢੱਠੇ ਖੂਹ ਦਾ ਉੱਪਰਲਾ ਕੁਝ ਹਿੱਸਾ ਇੱਟਾਂ ਲਾ ਕੇ ਬਚਾਇਆ ਗਿਆ ਸੀ।ਖੂਹ ਦੀ ਹਾਲਤ ਤਰਸਯੋਗ ਸੀ। ਇਕ ਪਾਸੇ ਖੂਹ ਦੇ ਅੰਦਰ ਇਕ ਸਿੱਲ ਅਜੇ ਵੀ ਮੌਜੂਦ ਹੈ, ਜਿਸ 'ਤੇ ਗੁਰਮੁਖੀ ਵਿਚ ਅੰਕਿਤ ਹੈ:
' ਅਕਾਲਸਹਾਇ ਖੂਹ ਲਵਾਇਆ ਸਰਦਾਰ ਜਵਾਹਰ ਸਿੰਘ ਜੀ ਬੇਟਾ ਮੰਨਾ ਸਿੰਘ ਜੀ ਜਾਤ ਔਲ਼ਖ ਸੰਮਤ ੧੮੦੧'
ਜਵਾਹਰ ਸਿੰਘ ਦੇ ਲਵਾਏ ਖੂਹ ਕੁਝ ਦਹਾਕੇ ਪਹਿਲਾਂ ਤੱਕ ਸਿੰਚਾਈ ਲਈ ਵਰਤੇ ਜਾਂਦੇ ਸਨ। ਖੂਹ ਵਿਚ ਅਜੇ ਵੀ ਪਾਣੀ ਮੌਜੂਦ ਹੈ। ਬਾਕੀ ਖੂਹ ਬਿਲਕੁਲ ਸੁੱਕ ਗਏ ਹਨ ਪਰ ਇਸ ਖੂਹ ਵਿਚ ਉੱਪਰਲੀ ਸਤਹਿ ਤੱਕ ਪਾਣੀ ਹੋਣਾ ਹੈਰਾਨੀਜਨਕ ਹੈ। ਜਦੋਂ ਅਸੀਂ ਪਿੰਡ ਵਾਲ਼ਿਆਂ ਨਾਲ਼ ਖੂਹ ਦੀ ਤਰਸਯੋਗ ਹਾਲਤ ਬਾਰੇ ਗੱਲ ਕੀਤੀ ਤਾਂ ਪਿੰਡ ਵਾਸੀਆਂ ਦੱਸਿਆ ਕਿ ਉਹ ਖੂਹ ਦੀ ਹਾਲਤ ਸੁਧਾਰਨ ਬਾਰੇ ਸੋਚ ਰਹੇ ਹਨ, ਅਤੇ ਖੂਹ ਦੀ ਸਫਾਈ ਕਰਕੇ ਬਾਉਲੀ ਸਹਿਬ ਦਾ ਰੂਪ ਦੇ ਦੇਣਗੇ। ਅਸੀਂ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਇਸਨੂੰ ਇਸੇ ਰੂਪ ਵਿਚ ਸਾਂਭਣ ਦਾ ਯਤਨ ਕਰੋ।ਸੰਗਮਰਮਰ ਲਗਾ ਕੇ ਖੂਹ ਨੂੰ ਦੁਲਹਨ ਵਾਂਗ ਸਜਾ ਦਿਉਗੇ ਤਾਂ ਇਸਦੀ ਇਤਿਹਾਸਿਕ ਮੱਹਤਵਤਾ ਨਹੀਂ ਰਹੇਗੀ।
ਇਕ ਹੋਰ ਮਿਲ਼ੀ ਸਿਲ ਜਿਸਤੇ ਕੁਝ ਅੰਕਿਤ ਸੀ ਪਰ ਪੜ੍ਹਿਆ ਨਹੀ ਜਾ ਰਿਹਾ ਸੀ, ਨੂੰ ਸੰਭਾਲਣ ਦੀ ਬਜਾਇ ਪਾਣੀ ਦਾ ਬੋਰ ਢੱਕਿਆ ਹੋਇਆ ਸੀ।
      ਪਤਾ ਲੱਗਦਾ ਹੈ ਕਿ ਇਹ ਕਿਲਾ ੮੦ ਤੋਂ ੧੦੦ ਏਕੜ ਭੂਮੀ ਦੇ ਦਰਮਿਆਨ ਬਣਾਇਆ ਗਿਆ ਸੀ। ਇਸਦੇ ਦੁਆਲ਼ੇ ਕਾਫੀ ਚੌੜੀ ਦੀਵਾਰ ਸੀ। ਕਿਲੇ ਦੇ ਚਾਰ ਦਰਵਾਜੇ ਸਨ। ਪਿੰਡ ਦੇ ਇਕ ਕਿਸਾਨ ਨੇ ਦੱਸਿਆ ਤਕਰੀਬਨ ਦੋ ਫੁੱਟ ਚੌੜੀਆਂ ਚੂਨੇ ਦੀਆਂ ਦੀਵਾਰਾਂ ਉਸਨੇ ਪੁੱਟ ਕੇ ਜਮੀਨ ਪੱਧਰੀ ਕਰਕੇ ਖੇਤਾਂ ਨਾਲ਼ ਰਲ਼ਾਈ।ਜਵਾਹਰ ਸਿੰਘ ਨੇ ਆਲ਼ੇ-ਦੁਆਲ਼ੇ ਬਾਗ ਵੀ ਲਵਾਏ।
ਲਾਹੌਰ ਦਰਬਾਰ ਦੀ ਖਾਨਾਜੰਗੀ ਦੇ ਦੌਰਾਨ ਜਵਾਹਰ ਸਿੰਘ ਦੇ ਅਜਿਹੇ ਦੂਰਅੰਦੇਸ਼ੀ ਨਾਲ਼ ਭਰਭੂਰ ਕੰਮ ਲਿਖਾਰੀਆਂ ਵੱਲੋਂ ਬਿਆਨ ਕੀਤੇ ਉਸਦੇ ਸ਼ਰਾਬੀ-ਕਬਾਬੀ ਵਾਲ਼ੇ ਚਰਿਤਰ ਨਾਲ਼ ਮੇਲ਼ ਨਹੀਂ ਖਾਂਦਾ। ਸਿੱਖ ਰਾਜ ਦਾ ਇਤਿਹਾਸ ਲਿਖਣ ਵੇਲ਼ੇ ਲਿਖਾਰੀਆਂ ਨੇ ਹੱਦੋਂ ਵੱਧ ਭਾਵੁਕਤਾ ਤੋਂ ਕੰਮ ਲਿਆ ਹੈ।
ਜਵਾਹਰ ਸਿੰਘ ਦੁਅਰਾ ਲਵਾਏ ਇਹਨਾਂ ਖੂਹਾਂ 'ਤੇ ਹਰ ਖੂਹ 'ਤੇ ਇਕ ਖਾਨਗਾਹ ਮੌਜੂਦ ਹੈ। ਜਵਾਹਰ ਸਿੰਘ ਨੇ ਇਲਾਕੇ ਦੀਆਂ ਰੌਣਕਾਂ 'ਚ ਵਾਧਾ ਕਰਨ ਲਈ ਹੋਰ ਥਾਵਾਂ ਤੋਂ ਲਿਆ ਕੇ ਜਿਮੀਦਾਰਾਂ ਨੂੰ ਜ਼ਮੀਨਾ ਅਲਾਟ ਕੀਤੀਆਂ, ਜਿਨ੍ਹਾਂ ਨੇ ਕੁਝ ਪਿੰਡ ਬੰਨੇ ਅਤੇ ਬਾਗ ਲਵਾਏ।।
ਪਰ ਇੱਥੇ ਦਲੀਪਗੜ੍ਹ ਸ਼ਹਿਰ ਵਸਾਉਣ ਦਾ ਜਵਾਹਰ ਸਿੰਘ ਦਾ ਸੁਪਨਾ ਪੂਰਾ ਨਾ ਹੋ ਸਕਿਆ। ਅਜੇ ਉਸਾਰੀ ਜਾਰੀ ਸੀ ਕਿ ਲਾਹੌਰ ਦਰਬਾਰ ਤੋਂ ਖਾਨਾਜੰਗੀ ਕਾਰਨ ਹਾਲਾਤ ਵਿਗੜਨ ਦਾ ਸੁਨੇਹਾ ਆ ਗਿਆ। ਅਤੇ ਜਵਾਹਰ ਸਿੰਘ ਨੂੰ ਵਾਪਸ ਜਾਣਾ ਪਿਆ। ਜਦੋਂ ਉਹ ਹਾਥੀ 'ਤੇ ਜਾ ਰਿਹਾ ਸੀ ਤਾਂ ਨਿਹੰਗ ਸਿੰਘਾਂ ਨੇ ਨੇਜਿਆਂ ਨਾਲ਼ ਉਸਦਾ ਕਤਲ ਕਰ ਦਿੱਤਾ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਤਨਖਾਹਾਂ ਨਾਂ ਮਿਲ਼ਨ ਕਾਰਨ ਫੌਜੀ ਭੜਕੇ ਹੋਏ ਸਨ।ਅਤੇ ਕੁਝ ਇਸ ਕਤਲ ਦੀ ਵਜ੍ਹਾ ਅਹਿਲਕਾਰਾਂ ਦੀਆਂ ਨਿੱਜੀ ਦੁਸ਼ਮਣੀਆਂ ਨੂੰ ਦੱਸਦੇ ਹਨ। ਬਹੁਤੇ ਇਤਿਹਾਸਕਾਰ ਸਿੱਖ-ਐਂਗਲੋ ਯੁੱਧ ਦਾ ਇਕ ਕਾਰਨ ਇਹ ਵੀ ਦੱਸਦੇ ਹਨ ਕਿ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਮਹਾਰਣੀ ਜਿੰਦਾਂ ਨੇ ਸਿੱਖ ਫੌਜਾਂ ਨੂੰ ਸਬਕ ਸਿਖਾਉਣ ਦੀ ਠਾਣੀ ਅਤੇ ਅੰਗਰੇਜਾਂ ਨੂੰ ਪੰਜਾਬ 'ਤੇ ਹਮਲਾ ਕਰਨ ਦਾ ਸੁਨੇਹਾ ਭੇਜਿਆ। ਅਤੇ ਯੁੱਧ ਵੇਲ਼ੇ ਜਾਣਬੁੱਝ ਕੇ ਫੌਜਾਂ ਦੀ ਮਦਦ ਰੋਕ ਲਈ। ਸ਼ਾਹ ਮੁਹੰਮਦ ਵੀ ਆਪਣੇ ਕਿੱਸੇ ਜੰਗਾਨਾਮਾ ਸਿੰਘਾਂ ਤੇ ਫਰੰਗੀਆਂ ਵਿਚ ਰਾਣੀ ਜਿੰਦਾ ਦਾ ਪੱਖ ਦੇਂਦਾ ਹੋਇਆ  ਲਿਖਦਾ ਹੈ:
ਜਿਨਾ ਮਾਰਿਆ ਕੋਹ ਕੇ ਵੀਰ ਮੇਰਾ, ਮੈਂ ਖੁਹਾਉਂਗੀ ਉਨਾ ਦੀਆਂ ਜੁੰਡੀਆਂ ਜੀ,
…ਸ਼ਾਹ ਮੁਹੰਮਦਾ ਪੈਣਗੇ  ਵੈਣ ਡੂੰਘੇ ਜਦੋਂ ਹੋਣ ਪੰਜਾਬਣਾ ਰੰਡੀਆਂ ਜੀ।
ਪਰ ਉਪਰੋਕਤ ਤੱਥ ਵਿਚ ਬਹੁਤੀ ਸੱਚਾਈ ਨਹੀ ਜਾਪਦੀ। ਕਿਉਂਕਿ ਆਪਣੇ ਪੁੱਤਰ ਦੇ ਰਾਜ 'ਤੇ ਹਮਲਾ ਕਰਨ ਦਾ ਸੱਦਾ ਰਾਣੀ ਕਦੇ ਵੀ ਨਹੀ ਦੇ ਸਕਦੀ ਸੀ। ਉਹ ਰਾਜ ਖਤਮ ਹੋਣ ਤੋਂ ਬਾਅਦ ਉਸਨੇ ਅੰਗਰੇਜਾਂ ਤੋਂ ਜਗੀਰ ਜਾਂ ਪੈਨਸ਼ਨ ਲੈਣ ਤੋਂ ਨਾਂਹ ਕਰ ਦਿੱਤੀ,ਭਾਵੇਂ ਉਸ 'ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ ਅਤੇ ਪੁੱਤਰ ਦੇ ਵਿਯੋਗ ਵਿਚ ਤੜਫਣਾ ਪਿਆ। ਹਮਲੇ ਵੇਲੇ ਰਾਣੀ ਨੇ ਦੇਸ਼ਭਗਤ ਸਿੱਖ ਸਰਦਾਰਾਂ ਨੂੰ ਪੱਤਰ ਲਿਖ ਕੇ ਯੁੱਧ ਵਿਚ ਸਹਾਇਤਾ ਮੰਗੀ ਅਤੇ ਪੰਥ ਅਤੇ ਪੰਜਾਬ ਦੀ ਰਾਖੀ ਦਾ ਵਾਸਤਾ ਪਾਇਆ। ਦਰਅਸਲ ਅੰਗਰੇਜ ਬਹੁਤ ਚਲਾਕ ਲੋਕ ਸਨ ਉਹਨਾਂ ਲਹੌਰ ਦਰਬਾਰ ਵਿਚ ਬੈਠੇ ਆਪਣੇ ਪਿੱਠੂਆਂ ਰਾਹੀਂ ਰਾਣੀ ਵਿਰੁੱਧ ਪ੍ਰਚਾਰ ਕਰਵਾਇਆ ਅਤੇ ਰਾਣੀ ਦੇ ਚਰਿਤਰ ਨੂੰ ਲੈ ਕੇ ਝੂਠੀਆਂ ਅਫਵਾਹਾਂ ਫੈਲਾਈਆਂ ਤਾਂ ਕਿ ਸਿੱਖਾਂ ਵਿਚ ਫੁੱਟ ਪੈ ਸਕੇ। ਅੰਗਰੇਜਾਂ ਦਾ ਸੂਹੀਆ ਅਤੇ ਪ੍ਰਚਾਰ ਤੰਤਰ ਲਾਜਵਾਬ ਸੀ ਉਹ ਮਕਸਦ ਵਿਚ ਕਾਮਯਾਬ ਹੋ ਗਏ। ਮਗਰੋਂ ਕਈ ਇਤਿਹਾਸਕਾਰ ਵੀ ਅੰਗਰੇਜਾਂ ਦੇ ਫੈਲਾਏ ਇਸੇ ਭਰਮ ਦਾ ਸ਼ਿਕਾਰ ਬਣੇ।
ਮਹਾਂਰਾਣੀ ਜਲਾਵਤਨ ਹੋ ਗਈ ਤੇ ਅੰਗਰੇਜਾਂ ਘੋਰ ਤਸੀਹੇ ਦਿੱਤੇ ਜੇ ਮਹਾਂਰਾਣੀ ਅੰਗਰੇਜ਼ਾਂ ਦੀ ਇਮਦਾਦਗਾਰ ਹੁੰਦੀ ਤਾਂ ਤਸੀਹੇ ਕਿਉਂ ਸਹਿੰਦੀ? ਦਲੀਪ ਸਿੰਘ ਅੰਗਰੇਜਾਂ ਦੀ ਗ੍ਰਿਫਤ ਵਿਚ ਆ ਗਿਆ। ਅਧੂਰਾ ਦਲੀਪਗੜ੍ਹ ਵੱਸਣ ਤੋਂ ਪਹਿਲਾਂ ਹੀ ਉੱਜੜ ਗਿਆ। ਪਿੰਡ ਉਡਰ ਅਤੇ ਜੋਇਕੇ ਦੇ ਲੋਕ ਕਿਲੇ ਦੀਆਂ ਨਾਨਕਸ਼ਾਹੀ ਇੱਟਾਂ ਘਰਾਂ ਵਿਚ ਲੈ ਗਏ ਤੇ  ਪੱਕੇ ਮਕਾਨ ਬਣਾ ਲਏ। ਜਵਾਹਰ ਸਿੰਘ ਦੀ ਕਿਲਾ ਵਸਾਉਣ ਦੀ ਯੋਜਨਾ ਭਾਵੇਂ ਸਿਰੇ ਨਹੀਂ ਚੜਹ ਸਕੀ ਪਰ ਉਸਦੇ ਲਵਾਏ ਖੂਹਾਂ ਤੋਂ ਕਿਸਾਨ ਲੋਕ ਕੁਝ ਦਹਾਕੇ ਪਹਿਲਾਂ ਤੱਕ ਸਿੰਚਾਈ ਦਾ ਕੰਮ ਲੈਂਦੇ ਰਹੇ। ਅੱਜ ਵੇਹਲੇ ਪਏ ਖੂਹ ਵੀ ਵਰਦਾਨ ਸਾਬਿਤ ਹੋ ਰਹੇ ਹਨ। ਜਦੋਂ ਜਿਆਦਾ ਬਾਰਸ਼ਾਂ ਹੁੰਦੀਆਂ ਹਨ ਤਾਂ ਫਸਲ ਗਲ਼ ਕੇ ਤਬਾਹ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਲੋਕ ਖਾਲ਼ਾਂ ਰਾਹੀਂ ਪਾਣੀ ਖੂਹਾਂ ਵਿਚ ਪਾ ਦੇਂਦੇ ਹਨ। ਅਤੇ ਵਾਧੂ ਪਾਣੀ ਖੁਹਾਂ ਜਰੀਏ ਧਰਤੀ ਹੇਠ ਚਲਾ ਜਾਂਦਾ ਹੈ ਸਿੱਟੇ ਵਜ੍ਹੋਂ ਫਸਲ ਬਚ ਜਾਂਦੀ ਹੈ। ਪਰ ਜਵਾਹਰ ਸਿੰਘ ਔਲ਼ਖ ਦਾ ਕਿਲਾ ਨਹੀ ਬਚ ਸਕਿਆ।

       ਜਤਿੰਦਰ ਸਿੰਘ ਔਲ਼ਖ, ਪਿੰਡ ਤੇ ਡਾਕ: ਕੋਹਾਲ਼ੀ, ਜਿਲਾ ਅੰਮ੍ਰਿਤਸਰ- aulakhkohali@yahoo.com

ਖ਼ਤ : ਪਰਨਦੀਪ ਕੈਂਥ


ਧਰਤੀ ਦੀ ਹਿੱਕ ਇਕ ਅਜਿਹਾ ਖੁਬਸੂਰਤ ਮੰਚ ਹੈ। ਜਿਸ ਉੱਤੇ ਅਣਗਿਣਤ ਜ਼ਿੰਦਗੀਆਂ ਆਪਣਾ-ਆਪਣਾ ਕਿਰਦਾਰ ਨਿਭਾਉਦੀਆਂ ਨੇ।ਜ਼ਿੰਦਗੀ ਵੀ ਤਾਂ ਇਕ ਨਾਟਕ ਹੀ ਹੈ।ਕੁਝ ਸੱਚ ਤੇ ਕੁਝ ਝੂਠ-ਕੁਝ ਏਧਰੋਂ ਤੇ ਕੁਝ ਉਧਰੋਂ-ਪਤਾ ਨਹੀਂ ਕੀ ਕੁਝ ਅਣਕਿਆਸਿਆ ਜਿਹਾ ਵਾਪਰਦਾ ਹੀ ਰਹਿੰਦਾ ਹੈ।ਦਿਸਹੱਦਾ ਵੱਖੋ-ਵੱਖਰੇ ਪਾਤਰਾਂ ਦਾ ਦਿਸ਼ਾ ਨਿਰਦੇਸ਼ਕ ਬਣ ਸਾਹਮਣੇ ਆਉਂਦਾ ਹੈ।
"ਪੂਰਨ" ਇਕ ਅਜਿਹਾ ਪਾਤਰ ਹੈ ਜਿਸਨੇ ਆਪਣੀ ਜ਼ਿੰਦਗੀ ਦੌਰਾਨ ਕਈ ਸੰਤਾਪਾਂ ਨੂੰ ਝੱਲਿਆ ਤੇ ਆਹ ਤੱਕ ਵੀ ਨਾ ਕੀਤੀ-ਕਿਊਂਕਿ ਓਸਦੇ ਨਾਲ ਓਸਦੀ ਕਮਾਈ ਹੋਈ ਬੰਦਗੀ ਤੁਰਦੀ ਸੀ।
"ਭੋਰੇ ਵਾਲਾ ਪੂਰਨ" "ਡਾ.ਸ਼ਹਰਯਾਰ" ਹੁਰਾਂ ਦੀ ਇਕ ਅਜਿਹੀ ਰਚਨਾ ਹੈ।ਜਿਸ ਵਿਚੋਂ ਕੁਝ ਲੁਕੇ ਹੋਏ ਤੱਥ ਪਾਠਕਾਂ ਦੇ ਰੂ-ਬ-ਰੂ ਹੋਣਗੇ।ਮੈਨੂੰ ਯਕੀਨ ਹੈ ਕਿ ਪਾਠਕ ਜ਼ਰੂਰ ਏਸ ਰਚਨਾ ਨੂੰ ਆਪਣੀ ਰੋਜ਼ ਮਰਾ ਦੀ ਜ਼ਿੰਦਗੀ ਵਿਚ ਢਾਲਕੇ ਇਕ ਪਾਕਿ ਪਵਿੱਤਰ ਚੁਗਿਰਦੇ ਦੀ ਰਚਨਾ ਕਰਕੇ ਇਕ ਨਵੀਂ ਸਵੇਰ ਨੂੰ ਆਮਦ ਆਖਣਗੇ-ਤੇ ਫਿਰ "ਪੂਰਨ" ਭੋਰੇ 'ਚੋਂ ਬਾਹਰ ਆ ਜਾਵੇਗਾ।

                                                                       

Tuesday, December 6, 2011

ਕਿੰਨੀਆਂ ਉਜਾੜਾਂ ਆਬਾਦ ਨੇ ਕਬੂਤਰਾਂ ਸਦਕਾ…।

ਵਾਹਵਾ ਮੌਜ ਫਕੀਰਾਂ ਵਾਲ਼ੀ


ਜਤਿੰਦਰ ਸਿੰਘ ਔਲ਼ਖ,ਪਿੰਡ ਤੇ ਡਾਕ: ਕੋਹਾਲ਼ੀ, ਜਿਲਾ ਅੰਮ੍ਰਿਤਸਰ-143109 email: aulakhkohali@yahoo.com

ਉੱਡਦੇ ਕਬੂਰਤਾਂ ਦੇ ਮਗਰ:

ਕਿੰਨੀਆਂ ਉਜਾੜਾਂ ਆਬਾਦ ਨੇ ਕਬੂਤਰਾਂ ਸਦਕਾ…।


ਪਾਸ਼ ਦੀ ਕਵਿਤਾ 'ਉੱਡਦੇ ਬਾਜਾਂ ਦੇ ਮਗਰ' ਤਾਂ ਕੋਈ ਸੂਝ ਬਣਨ ਤੋਂ ਬਾਅਦ ਸੰਘਰਸ਼ ਲਈ ਪ੍ਰੇਰਦੀ ਹੈ।ਪਰ ਇੱਕ ਅੱਲੜ ਜਿਹੀ ਅਤੇ ਸਭ ਹੱਕਾਂ-ਬੇਹੱਕਾਂ ਵੱਲੋਂ  ਬੇਲਾਗ ਜਿਹੀ ਉਮਰ ਹੁੰਦੀ ਹੈ। ਇਸੇ ਉਮਰ ਦੀ ਇਕ ਯਾਦ ਨੂੰ ਲੇਖ ਦਾ ਰੂਪ ਦੇਣ ਦਾ ਯਤਨ ਮੈਂ 'ਉੱਡਦੇ ਕਬੂਤਰਾਂ ਦੇ ਮਗਰ' ਲੇਖ ਰਾਹੀਂ ਕੀਤਾ। ਵੱਖ-ਵੱਖ ਤਰਾਂ੍ਹ ਦੇ ਜਾਨਵਰ ਤੇ ਪੰਛੀ ਪਾਲਣ ਦਾ  ਸ਼ੌਕ ਪੰਜਾਬੀਆਂ ਨੂੰ  ਸ਼ੁਰੂ ਤੋਂ ਹੀ ਰਿਹਾ ਹੈ। ਪਰ ਕਬੂਤਰ ਪਾਲਣ ਦਾ ਸ਼ੌਕ ਜਾਨੂੰਨ ਦੀ ਹੱਦ ਤੱਕ ਚਲੇ ਜਾਦਾਂ ਹੈ। ਜਾਨਵਰਾਂ ਤੇ ਪੰਛੀਆਂ ਨੂੰ ਪਿਆਰ ਕਰਨ ਦੀ ਬਦੌਲਤ ਪੰਜਾਬ ਦੀ ਧਰਤੀ ਨੂੰ ਦਾਤੇ ਨੇ ਬੜੇ ਭਾਗ ਲਾਏ ਨੇ। ਇਹਨਾਂ ਬੇਜੁਬਾਨਿਆਂ ਦੀ ਸੇਵਾ ਕਰਨ ਦੀ ਰੀਝ ਜਰੂਰ ਹੀ ਸੱਚੇ ਦੀ ਦਰਗਾਹੇ ਬਿਨ ਅਰਦਾਸੋਂ ਮਨਜ਼ੂਰ ਹੁੰਦੀ ਏ। ਰੱਬ ਨੂੰ ਧਰਤੀ 'ਤੇ ਵੇਖਣਾ ਜੇ ਤਾਂ ਫੁੱਲਾਂ, ਪੰਛੀਆਂ ਤੇ ਕੁਦਰਤ ਨਾਲ਼ ਪਿਆਰ ਕਰੋ।
ਚੜਦੀ ਜਵਾਨੀ ਦੇ ਦਿਨੀਂ ਅਕਸਰ ਕਬੂਤਰਬਾਜਾਂ ਨੂੰ ਇਹ ਲਗਨ ਸ਼ੁਰੂ ਹੋ ਜਾਂਦੀ ਹੈ। ਕਈ ਤਾਂ ਬਚਪਨ ਤੋਂ ਹੀ ਇਸੇ ਰੰਗ ਵਿੱਚ ਰੰਗੇ ਜਾਂਦੇ ਹਨ। ਕਬੂਤਰਬਾਜਾਂ ਵਿੱਚ ਆਪਣੀ ਹੀ ਤਰਾਂ੍ਹ ਦੀ ਸਿਆਸਤ ਚਲਦੀ ਹੈ। ਸੌਦੇਬਾਜੀ ਹੁੰਦੀ ਹੈ, ਲੂਤੀਆਂ ਚਲਦੀਆਂ ਹਨ ਤੇ ਧੜੇ ਪਾਲੇ ਜਾਂਦੇ ਹਨ। ਅਕਸਰ ਗੱਲ ਲੜਾਈਆਂ 'ਤੇ ਉਤਰ ਆਉਂਦੀ।
ਕਿਸੇ ਪਿੰਡੋਂ ਭਟਕਿਆ ਹੋਇਆ ਕਬੂਤਰ  ਉੱਡਦਾ ਸਾਡੇ ਪਿੰਡ ਆ ਨਿਕਲਿਆ। ਮੁੰਡੇ ਛੱਪੜ ਵਿੱਚ ਨਹਾ ਕੇ ਕਿਕਰਾਂ ਦੀ ਛਾਵੇਂ  ਲੇਟੇ ਸਨ ਕਿ ਮਿੱਡਾ ਭੱਜਾ ਹੋਇਆ ਆਇਆ ਹਫੇ ਹੋਏ ਨੇ ਦੱਸਿਆ ਕਿ ਕਬੂਤਰ ਗੇਜੇ ਕਿ ਚੁਬਾਰੇ ਦੁਆਲ਼ੇ ਗੇੜੀਆਂ ਕੱਢ ਰਿਹਾ ਹੈ। ਉਹਨੇ ਉੱਡਦੇ ਕਬੂਤਰ ਦੀ ਨਸਲ ਵੀ ਦੱਸ ਦਿੱਤੀ। ਮੇਰੇ ਪਿੰਡ ਦੇ ਮੁੰਡਿਆਂ ਨੂੰ ਕਬੂਤਰਬਾਜੀ ਦਾ ਜਨੂੰਨ ਰਿਹਾ ਹੈ।ਸਾਰੀ ਮੁੰਡੀਹਰ ਮੂੰਹ ਉਤਾਂਹ ਨੂੰ ਚੁੱਕੀ ਗਲੀ ਵੱਲ ਨੂੰ ਨੱਸ ਤੁਰੀ। ਦੋ- ਤਿੰਨ ਕੋਠਿਆਂ 'ਤੋਂ ਕਬੂਤਰ ਹਵਾ 'ਚ ਛੱਡੇ ਗਏ ਤਾਂ ਜੋ ਭਟਕ ਕੇ ਆਇਆ ਕਬੂਤਰ ਇਹਨਾਂ ਨੂੰ ਵੇਖ ਕੇ ਬੈਠ ਜਾਵੇ। ਕਬੂਤਰੀਆਂ ਨੂੰ ਹਵਾ  'ਚ ਛੱਡਿਆ ਗਿਆ  ਪਰ ਉਡਦਾ ਕਬੂਤਰ ਨਾ ਲਲਚਾਇਆ ਤੇ ਨਾ ਬੈਠਿਆ। ਕਦੀ ਗੇੜੀਆਂ ਕੱਢਦਾ ਪਿੰਡ ਦੀ ਇੱਕ ਨੁੱਕਰੇ ਚਲਾ ਜਾਂਦਾ ਤੇ ਕਦੀ ਦੂਜੀ।
ਮੁੰਡਿਆਂ ਨੂੰ ਸਭ ਤੋਂ ਵੱਡਾ ਖਤਰਾ ਨਾਲ਼ ਦੀ ਪੱਤੀ (ਮੁਹੱਲਾ) ਦੇ ਮੁੰਡਿਆਂ ਤੋਂ ਸੀ ਜੋ  ਆਪਣੇ ਕੋਠਿਆਂ ਤੇ ਚੜ੍ਹੇ ਕਬੂਤਰ ਨੂੰ ਕਾਬੂ ਕਰਨ ਦੀ ਸੋਚ ਰਹੇ ਸਨ। ਅਸਾਂ ਸੋਚਿਆ ਜੇ ਇਹਨਾਂ ਦੇ ਕਾਬੂ ਆ ਗਿਆ ਤਾਂ ਪੱਤੀ ਦੀ ਬੇਇੱਜਤੀ ਹੋ ਜਾਵੇਗੀ। ਹੁਣ ਰਾਸ਼ਟਰਵਾਦੀ ਨੇਤਾ ਲੋਕਾਂ ਨੂੰ ਸਥਾਨਿਕ ਪਛਾਣ ਭੁੱਲ ਕੇ ਕੌਮੀ ਏਕਤਾ ਦੇ ਸਬਕ ਸਿਖਾ ਰਹੇ ਹਨ ਪਰ ਜੇ ਦੋ ਪੱਤੀਆਂ ਦੀ ਅੱਲੜ ਮੁੰਡੀਹਰ 'ਚ ਮੁਕਾਬਲੇਬਾਜੀ ਹੋ ਸਕਦੀ ਹੈ ਤਾਂ ਇਲਾਕਾਵਾਦ ਕਿੱਥੇ ਨਹੀ?
ਖੈਰ ਚਿੰਤਕਾਂ ਵਾਲ਼ੀਆਂ ਗੱਲਾਂ 'ਚੋਂ ਕੀ ਲੈਣਾ, ਆਪਾਂ ਕਬੂਤਰ ਫੜਦੇ ਹਾਂ। ਕਬੂਤਰ ਹੁਣ ਬੇਰੀਆਂ ਵਾਲ਼ੇ ਖੂਹ ਵੱਲ ਉੱਡ ਗਿਆ ਸੀ । ਬੇਰੀਆਂ ਵਾਲ਼ਾ ਖੂਹ ਸਾਡੀ ਪੱਤੀ ਦੀ ਮਾਲਕੀ ਸੀ ਤੇ ਉੱਥੇ ਵੱਡੀ ਉਮਰ ਦੇ ਲੋਕ ਵੀ ਆਪਣੇ ਹੀ ਚਾਚੇ- ਤਾਏ ਹੋਣੇ ਸਨ ਦੂਜੀ ਪੱਤੀ ਦੇ ਮੁੰਡੇ ਉੱਧਰ ਨਹੀਂ ਸਨ ਫਟਕ ਸਕਦੇ। ਕੋਠਿਆਂ ਤੋਂ ਉੱਤਰ ਮੁੰਡੇ ਉਧਰ ਨੂੰ ਭੱਜ ਗਏ।
ਤਿੱਲਾ ਕਹਿਣ ਲੱਗਾ," ਇਹ ਤਾਂ ਆਪੇ ਹੀ ਥੱਕ ਕੇ ਡਿੱਗੂ"।
ਇੱਕ ਹੋਰ ਨੇ ਕਿਹਾ ," ਧਿਆਨ ਰੱਖਿਉ ਜਿਥੇ ਡਿੱਗਾ ਉਸੇ ਵੇਲ਼ੇ ਬੋਚ ਲਿਉ"।
ਸਾਰੇ ਜਾਣੇ ਅਪ੍ਰੇਸ਼ਨ ਕਬੂਤਰ ਫੜੋ ਨੂੰ ਕਾਮਯਾਬੀ ਨਾਲ਼ ਸਿਰੇ ਚਾੜਨ ਲਈ ਤਨੋ-ਮਨੋਂ ਜੋਰ ਲਾ ਰਹੇ ਸਨ। ਕਿਸੇ ਪਾਸਿਉਂ ਵੀ ਕੋਈ ਢਿੱਲ ਨਹੀਂ ਸੀ ਰਹਿਣੀ ਚਾਹੀਦੀ। ਮੈਂ ਹੁਣ ਸੋਚਦਾਂ ਕਿ ਜਿੰਂਨ੍ਹਾਂ ਤਨੋ-ਮਨੋ ਹੋ ਕੇ ਮੁੰਡਿਆਂ ਉਸ ਦਿਨ ਕਬੂਤਰ ਫੜਨ ਵਾਸਤੇ ਜੋਰ ਲਾਇਆ  ਜੇ ਹੁਣ ਅਮਰੀਕਾ ਵਾਲੇ ਉਂਨੀ ਲਗਨ ਨਾਲ਼ ਉਸਾਮਾ ਬਿਨ ਲਾਦੇਨ ਦੇ ਪਿੱਛੇ ਲੱਗਦੇ ਤਦ ਸ਼ਾਇਦ ਉਸ ਨੂੰ ਪਹਿਲੋਂ ਹੀ ਫੜ ਲੈਂਦੇ। ਪਰ ਕਬੂਤਰ ਵੀ ਲਾਦੇਨ ਵਾਂਗੂੰ ਭਜਾ-ਭਜਾ ਕੇ ਮਾਰ ਰਿਹਾ ਸੀ। ਜੇ ਕਿਤੇ ਅਮਰੀਕਾ ਆਪਣੇ ਜ਼ਰਖਰੀਦ ਮੀਡੀਆ ਦੇ ਜਰੀਏ ਇਹ ਗੱਲ ਧੁਮਾ  ਦਿੰਦਾ ਕਿ ਲਾਦੇਨ ਕੋਲ਼ ਬਹੁਤ ਕੀਮਤੀ ਦੁਰਲੱਭ ਨਸਲ ਦੇ ਕਬੂਤਰ ਹਨ ਜੋ ਉਹ ਹਰ ਵੇਲ਼ੇ ਝੋਲ਼ੇ 'ਚ ਪਾਈ ਨਾਲ਼ ਲਈ ਫਿਰਦਾ ਹੈ ਤਾਂ ਮੈਨੂੰ ਪੱਕਾ ਯਕੀਨ ਹੈ ਕਿ ਸਾਡੇ ਕਬੂਤਰਬਾਜਾਂ ਉਸ ਨੂੰ ਲੱਭ ਲੈਣਾ ਸੀ। ਪਰ ਇਹ ਕਬੂਤਰ ਫੜੋ ਅਪ੍ਰੇਸ਼ਨ ਤਾਂ ਖਾਨਾ ਜੰਗੀ ਕਰਵਾ ਦੇਣ ਲੱਗਾ ਸੀ। ਮਿੱਡਾ ਅਤੇ ਪ੍ਰੀਤੂ ਉਤਾਂਹ ਨੂੰ ਵੇਖਦੇ ਹੋਏ ਦੌੜਦੇ  ਇਕ-ਦੂਜੇ ਦੇ ਵਿੱਚ ਆ ਵੱਜੇ।
ਇੱਕ ਨੇ ਕਿਹਾ ," ਸਾਲਿਆ ਅੰਨ੍ਹਾਂ ਹੋਇਆਂ"।
ਦੂਜੇ ਨੇ ਵੀ ਭੈਣ ਦੀ ਗਾਹਲ਼ ਕੱਢੀ ।ਕਬੂਤਰ ਵੱਲ ਧਿਆਨ ਕਾਰਨ ਛੇਤੀ ਹੀ ਦੋਹਾਂ ਦੀ ਮਨ-ਮਨੌਤੀ ਹੋ ਗਈ ਨਹੀਂ ਤਾਂ ਝੱਗੇ ਪਾਟਣੇ ਸਨ ਤੇ ਗੱਲ ਬੀਬੀਆਂ ਦੁਆਰਾ ਇੱਕ-ਦੂਜੀ ਨੂੰ ਉਲਾਹਮੇ ਦੇਣ ਤੱਕ ਜਾਣੀ ਸੀ। ਹੋ ਸਕਦਾ ਸੀ ਮਾਵਾਂ ਵੀ ਨਿਆਣਿਆਂ ਦੀ ਲੜਾਈ ਤੋਂ ਗੁੱਤੋ-ਗੁੱਤੀ ਹੋ ਜਾਂਦੀਆਂ।
ਹੁਣ ਅਪ੍ਰੇਸ਼ਨ ਦੂਜੇ ਦੌਰ ਵਿੱਚ ਦਾਖਿਲ ਹੋ ਚੁੱਕਾ ਸੀ। ਕਬੂਤਰ aੱਤੇ ਉਡਦਾ ਜਾ ਰਿਹਾ ਸੀ ਤੇ ਮੁੰਡੇ ਹੇਠਾਂ ਫਿਰਨੀ 'ਤੇ ਭੱਜੇ ਜਾ ਰਹੇ ਸਾਂ। ਕਾਫੀ ਦੌੜ-ਭੱਜ ਕੇ ਸਾਰੇ ਜਣੇ ਥੜੇ 'ਤੇ ਬੈਠ ਆਪੋ –ਆਪਣੀਆਂ ਵਿਚਾਰਾਂ ਕਰਨ ਲੱਗੇ। ਇੱਕ ਤੋਂ ਵੱਧ ਇੱਕ ਯੋਜਨਾ ਸੀ ਕਬੂਤਰ ਨੂੰ ਫੜ੍ਹਨ ਦੀ। ਹਰ ਕੋਈ ਆਪੋ-ਆਪਣੀ ਯੋਜਨਾਂ 'ਤੇ ਅਮਲ ਕਰਾਉਣਾ ਚਹੁੰਦਾ ਸੀ।ਤੇ ਤਕਰਾਰਬਾਜੀ ਵੀ ਹੋ ਜਾਂਦੀ  । ਪਰ ਅਜੇ ਲੜਨ ਦਾ ਟਾਈਮ ਨਹੀਂ ਸੀ। ਜਿਹੜਾ ਵੀ ਪਹਿਲਾਂ ਹੱਥ 'ਚ ਕਬੂਤਰ ਫੜ ਲੈਂਦਾ ਉਸਨੇ ਹੀਰੋ ਬਣ ਜਾਣਾ ਸੀ। ਪਰ ਵਿਲੇਨ ਤਾਂ ਅਜੇ ਕਬੂਤਰ ਹੀ ਜਾਪ ਰਿਹਾ ਸੀ।
ਕੀਤੂ ਦੀ ਬੀਬੀ ਨੇ ਅਵਾਜ ਮਾਰੀ, " ਗੜੀ ਪੈਣਿਆਂ, ਉਹਦੀ ਰੋਟੀ ਫੜਾ ਆ ਆਪਣੇ ਕੁਝ ਲੱਗਦੇ ਦੀ, ਤੇਰੀ ਜਾਨ ਨੂੰ ਰੋਂਦਾ ਹੋਊ"।
 ਪਿੰਡ ਦੇ ਦੁਆਲ਼ੇ ਭੱਜ ਕੇ ਮੁੰਡਿਆਂ ਦੇ ਲਾਫੜੇ ਭੁੱਖ ਨਾਲ਼ ਅੰਦਰ ਨੂੰ ਲੱਗੇ ਹੋਏ ਸਨ।ਪਰ ਰੋਟੀ ਤੇ ਰੋਜ ਹੀ ਖਾਈਦੀ ਹੈ ਇਹੋ ਜਿਹੇ ਸ਼ੁਗਲ-ਮੇਲੇ ਰੋਜ਼ ਕਿੱਥੇ ? ਸਾਰਾ ਦਿਨ ਦੀ ਭੱਜ-ਨੱਸ ਤੋਂ ਬਾਅਦ ਨਾ ਤੇ ਮੁੰਡੀਹਰ ਹੀ ਥੱਕੀ ਸੀ ਤੇ ਨਾ ਹੀ ਕਬੂਤਰ ਥੱਕ ਕੇ ਬਹਿਣ ਦਾ ਨਾਮ ਲੈ ਰਿਹਾ ਸੀ। ਇਹੋ ਗੱਲ ਮਿੱਤਰਾਂ ਨੂੰ ਮਾਰ ਰਹੀ ਸੀ ਕਿ ਅਜਿਹਾ ਨਸਲ ਦਾ ਕਬੂਤਰ ਆਮ ਨਹੀਂ ਮਿਲ਼ਦਾ। ਸ਼ਾਮ ਦਾ ਘੁਸਮੁਸਾ ਹੋਇਆ ਤਾਂ ਕਬੂਤਰ ਥੱਕ ਕੇ ਚੜਦੇ ਪਾਸੇ ਬੋਹੜ 'ਤੇ ਬੈਠ ਗਿਆ। ਜੋ ਦੂਜੀ ਪੱਤੀ ਦੇ ਮੁੰਡਿਆਂ ਦੇ ਕਾਬੂ ਆ ਗਿਆ। ਸਾਰੇ ਦਿਨ ਦੀ ਭੱਜ-ਨੱਸ ਬੇਕਾਰ ਜਾਵੇ ਇਹ ਕਿਸ ਤਰ੍ਹਾਂ ਮਨਜੂਰ ਕਰ ਲੈਂਦੇ ?  ਹੁਣ ਰਾਤ ਨੂੰ  ਪਿਛਵਾੜੇ 'ਚੋਂ ਉਸੇ ਕਬੂਤਰ ਨੂੰ ਚੋਰੀ ਕਰਨ ਦੇ ਮਤੇ ਪੱਕਣ ਲੱਗੇ।
ਸਾਡਾ ਇਕ ਰਿਸ਼ਤੇਦਾਰ ਪਾਕਿਸਾਤਨ ਬਣਨ ਵੇਲ਼ੇ ਕਬੂਤਰ ਸੁਰੱਖਿਅਤ ਕੱਢ ਲਿਆਇਆ ।ਉਸਦਾ ਪਿੰਡ ਸਰਹੱਦ ਦੇ ਲਾਗੇ ਸੀ। ਉਸਦਾ ਇੱਕ ਕਬੂਤਰ ਰੋਜ਼ ਕੁਝ ਸਮੇਂ ਲਈ ਉਡਾਰੀ ਮਾਰ ਜਾਂਦਾ ਤੇ ਕਈ ਵਾਰ ਤਾਂ ਮੁੜ ਆਉਂਦਾ ਪਰ ਕਈ ਵਾਰ ਅਗਲੇ ਦਿਨ ਮੁੜਦਾ। ਉਸ ਨੇ ਸਰਹੱਦ ਪਾਰ ਆਪਣਾ ਪਿੰਡ ਵੇਖਣ ਦੀ ਯੋਜਨਾ ਬਣਾਈ। ਉਦੋਂ  ਨਾ ਤਾਂ ਕੰਡਿਆਲ਼ੀ ਤਾਰ ਸੀ ਤੇ ਸਖਤੀ ਵੀ ਏਨੀ ਨਹੀਂ ਸੀ। ਥ੍ਹੋੜ੍ਹੇ-ਬਹੁਤ ਦਾਅ ਲਾਉਂਣ ਦੇ ਮਾਹਿਰ ਵੀ ਦਾਅ ਲਾ ਕੇ ਇੱਧਰ-ਉੱਧਰ ਜਾ ਆਉਂਦੇ। ਉਸਨੇ ਨੇ ਪਿਛਲੇ ਪਿੰਡ ਜਾ ਕੇ ਵੇਖਿਆ ਕਿ ਕਬੂਤਰ ਉੱਥੇ ਬਨੇਰੇ 'ਤੇ ਬੈਠਾ ਸੀ । ਕੁਦਰਤ ਦੀ ਵਡਮੁੱਲੀ ਦੇਣ 'ਮੋਹ' ਜਨੌਰਾਂ ਵਿੱਚ ਵੀ ਮਨੁੱਖਾਂ ਵਾਂਗ ਹੀ ਹੁੰਦਾ ਹੈ।ਸੰਤ ਬਾਬੇ ਆਂਹਦੇ ਅਖੇ ਮੋਹ ਦਾ ਤਿਆਗ ਕਰੋ, ਇਹ ਤਾਂ ਅੱਗੇ ਲੋਕਾਂ 'ਚ ਖਤਮ ਹੋਈ ਜਾ ਰਿਹਾ, ਜੇ ਰਹਿੰਦਾ-ਖੂੰਹਦਾ ਮੋਹ ਵੀ ਬਾਬਿਆਂ ਕਹਿ-ਕਹਾ ਕੇ ਖਤਮ ਕਰ ਦਿੱਤਾ ਤਾਂ ਦੁਨੀਆਂ ਕਿੰਨੀ ਬਦਸੂਰਤ ਲੱਗੂ? ਪੰਛੀ ਆਪਣੀ ਧਰਤੀ ਖੁੱਸਣ ਦਾ ਹੇਰਵਾ ਨਾਂ ਤਿਆਗ ਸਕਿਆ ਤਾਂ ਮਨੁੱਖਾਂ 'ਤੇ ੪੭ ਦੀ ਵੰਡ ਵਾਲਾ ਇਹ ਜੁਲਮ ਕਿਉਂ ਹੋਇਆ?
ਪਰ ਪੰਛੀਆਂ ਲਈ ਨਾਂ ਤਾਂ ਸਰਹੱਦ ਸੀ ਤੇ ਨਾ ਹੀ ਗੋਲ਼ੀ ਦਾ ਆਡਰ। ਇਹ ਸੌਗਾਤਾਂ ਧਰਤੀ ਦੇ ਸਭ ਤੋਂ ਸਿਆਣੇ 'ਜਾਨਵਰ' ਬੰਦੇ ਦੇ ਹਿੱਸੇ ਹੀ ਆਈਆਂ ਹਨ। ਮੈਨੂੰ ਉਸ ਬੰਦੇ ਦੁਆਰਾ ਗੋਲੀ ਦਾ ਜਾਂ ਫੜ੍ਹੇ ਜਾਣ ਦਾ ਖਤਰਾ ਸਹੇੜ ਕੇ ਆਪਣਾ ਪਿੱਛੇ ਛੁੱਟ ਚੁੱਕਾ ਘਰ ਵੇਖਣ ਜਾਣ ਤੋਂ ਵੱਧ  ਕਾਨੂੰਂਨ ਦੇ ਨੇੜੇ ਹੋਰ ਕੁਝ ਨਹੀਂ ਲੱਗਦਾ।
ਕਬੂਤਰ ਸ਼ਾਨ ਦੇ ਪ੍ਰਤੀਕ ਰਹੇ ਹਨ। ਕਬੂਤਰ ਉਹੋ ਹੀ ਰੱਖਦੇ ਸਨ ਜਿੰਨ੍ਹਾਂ ਅੰਦਰ ਕੋਈ ਕਣੀ ਹੁੰਦੀ ਸੀ। ਜੇ ਮੈਂ ਇਹ ਕਹਾਂ ਕਿ ਕਬੂਤਰ ਪਾਲਣੇ ਗਰੀਬਾਂ ਦਾ ਬਾਦਸ਼ਾਹਾਂ ਵਾਲ਼ਾ ਸ਼ੌਂਕ ਸੀ ਤਾਂ ਮੇਰੇ ਖਿਆਲ 'ਚ ਕੁਝ ਗਲਤ ਨਹੀਂ।
 ਜੱਗੇ ਜੱਟ ਦੇ ਕਬੂਤਰ ਚੀਨੇ ਨਦੀਉਂ ਪਾਰ ਚੁਗਦੇ ਦਾਣੇ।
 ਭਈ ਰੱਬ ਦੀਆਂ ਲਿਖੀਆਂ ਨੂੰ ਰੱਬ ਜਾਣੇ।
ਇਹ ਲੋਕ ਗੀਤ ਵੀ ਸਾਬਿਤ ਕਰਦਾ ਹੈ ਕਿ ਇਹ ਸ਼ੌਂਕ ਤੜੀ ਵਾਲ਼ੇ ਬੰਦਿਆਂ ਦਾ ਸੀ। ਕਬੂਤਰ ਨੂੰ ਜੇ ਦੋ ਜਗ੍ਹਾ ਗਿਝਾ ਲਉ। ਕੁਝ ਦਿਨ ਏਸ ਪਿੰਡ ਰੱਖੋ ਤੇ ਕੁਝ ਦਿਨ ਉਸ ਪਿੰਡ ਤਾਂ ਕਬੂਤਰ ਆਪਣੀ ਮਿਥੀ ਥਾਂ 'ਤੇ ਹੀ ਉਤਰੇਗਾ। ਬਾਦਸ਼ਾਹਾਂ ਨੇ ਇਸੇ ਤਕਨੀਕ ਨਾਲ਼ ਕਬੂਤਰਾਂ ਨੂੰ ਸੁਨੇਹੇ ਪਹੁੰਚਾਉਣ ਲਈ ਵਰਤਿਆ  ਇੱਕ ਕਬੂਤਰ ਨੂੰ ਵਾਰੀ-ਵਾਰੀ ਕੁਝ ਦਿਨਾਂ ਲਈ  ਦੋ ਥਾਂਵਾਂ 'ਤੇ ਰੱਖਿਆ ਜਾਂਦਾਂ  ਤੇ ਲੋੜ ਪੈਣ 'ਤੇ ਉਸਦੇ ਪਹੁੰਚੇ ਨਾਲ਼ ਲਿਫਾਫਾ ਬੰਨ੍ਹ ਦਿੱਤਾ ਜਾਂਦਾ ਕਬੂਤਰ ਮਿਥੀ ਤਾਂ 'ਤੇ ਹੀ ਉੱਤਰਦਾ।ਉੜੀਸਾ ਦੇ ਹੜ ਪੀੜਤ ਇਲਾਕਿਆਂ ਵਿੱਚ ਸੰਚਾਰ ਲਈ ਹੁਣ ਵੀ ਕਬੂਤਰਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ।ਦੁਨੀਆਂ ਦੀ ਪਹਿਲੀ ਹਵਾਈ ਡਾਕ ਦਾ ਨਾਮ ਵੀ 'ਪਿਜ਼ਨ ਪੋਸਟ'ਸੀ। ਦੱਸਿਆ ਜਾਂਦਾ ਹੈ ਕਿ ਦੁਨੀਆਂ ਦੀ ਸਭ ਤੋਂ ਪੁਰਾਣੀ ਖਬਰ ਏਜੰਸੀ ਦੇ ਮਾਲਿਕ ਵੀ ਸ਼ੁਰੂ ਵਿੱਚ ਖਬਰਾਂ ਇੱਧਰ-ਉਧਰ ਕਰਨ ਲਈ ਸੰਚਾਰ ਦਾ ਕੰਮ ਕਬੂਤਰਾਂ ਤੋਂ ਲੈਂਦੇ ਰਹੇ ਹਨ।  ਵਾਟਰਲੂ ਦੇ ਯੁੱਧ ਵਿੱਚ ਜਿੱਤ-ਹਾਰ ਦੀ ਖਬਰ ਕਬੂਤਰਾਂ ਰਾਹੀਂ ਹੀ ਲੰਡਨ ਪੁੱਜੀ ਸੀ। ਅਫਗਾਨਿਸਤਾਨ ਦੇ ਪਹਾੜੀ ਇਲਾਕਿਆਂ 'ਚੋਂ ਤਾਲਿਬਾਨਾਂ ਨੇ ਕਬੂਤਰ ਪਾਲਣ 'ਤੇ ਪਬੰਦੀ ਲਗਾ ਦਿੱਤੀ ਤਾਂ ਜੋ ਉੱਥੋਂ ਦੀਆਂ ਖਬਰਾਂ ਹੇਠਾਂ ਨਾ ਆ ਸਕਣ। ਪਹਿਲਾਂ ਅੰਗਰੇਜ਼ਾਂ ਨੇ ਡਾਕ ਵਿਭਾਗ ਚਲਾ ਕੇ ਕਬੂਤਰਾਂ ਦਾ ਕਿੱਤਾ ਖੋਹਿਆ ਤੇ ਹੁਣ ਮੋਬਾਈਲ ਫੋਨ ਤੇ ਈ ਮੇਲਾਂ ਡਾਕ ਵਾਲਿਆਂ ਨੂੰ ਮੰਦਾ ਲਾ ਦਿੱਤਾ।
ਕਨੇਡਾ ਦੇ ਸ਼ਹਿਰ ਐਸਟਰਡਫੋਰਡ ਵਿੱਚ ਰਹਿਣ ਵਾਲ਼ੇ ਮੇਰੇ ਮਿੱਤਰ ਗੁਰਮੇਲ ਸਿੱਧੂ ਨੇ ਕਨੇਡਾ ਜਾ ਕੇ ਵੀ ਕਬੂਤਰਬਾਜੀ ਦੇ ਖਿੱਤੇ 'ਚ ਧੰਨ-ਧੰਂਨ ਕਰਾਈ ਹੋਈ ਹੈ ਲੋਕ ਦੂਰੋਂ-ਦੂਰੋਂ ਕਬੂਤਰਾਂ ਦੀਆਂ ਬਾਜੀਆਂ ਲਈ ਉਸਤੋਂ ਸਲਾਹ ਲੈਣ ਆਉਂਦੇ ਹਨ। ਪਰ ਉਹ ਹਿਰਖ ਨਾਲ਼ ਕਹਿੰਦਾ ਹੈ ਕਿ ਕੇਨੇਡਾ ਵਿੱਚ ਬਾਜੀ ਲਾਉਣ ਦਾ ਪੰਜਾਬ ਵਰਗਾ ਮਜਾ ਨਹੀਂਂ ਇੱਥੇ ਉਡਦੇ ਕਬੂਤਰਾਂ ਨੂੰ ਬਾਜ ਬਹੁਤ ਪੈਂਦਾ ਹੈ। ਜੇ ਪੰਜਾਹ ਕਬੂਤਰ ਉਡਾਉ ਤਾਂ ਪੰਜਾਹ 'ਚੋਂ ਦਸ ਤਾਂ ਹਵਾ 'ਚ ਉੱਡਦੇ ਹੋਏ ਬਾਜ ਹੀ ਗਇਬ ਕਰ ਦੇਂਦਾ ਹੈ। ਉਹ ਕਨੇਡਾ ਦੇ ਬਾਕੀ ਕਬੂਤਰਬਾਜਾਂ ਦੇ ਸੰਪਰਕ 'ਚ ਰਹਿੰਦਾ ਹੈ। ਹੁਣ ਉਸਨੇ ਪਾਕਿਸਤਾਨ ਦੇ ਕਿਸੇ ਮਿੱਤਰ ਕੋਲ਼ੋਂ ਕਬੂਤਰ ਵੀ ਮੰਗਵਾਏ। ਕੁਝ ਕਬੂਤਰਾਂ ਦੀ ਪਨੀਰੀ ਉਸ ਨੇ  ਭਾਰਤ ਤੋਂ ਆਂਡੇ ਮੰਗਵਾ ਕੇ ਤਿਆਰ ਕੀਤੀ। ਰੱਬ ਇਹਨਾਂ ਦੀ ਛਤਰੀ ਨੂੰ ਭਾਗ ਲਾਵੇ।
ਕਬੂਤਰਾਂ ਦੀ ਦੁਰਲੱਭ ਨਸਲ ਸਲਾਰਾ ਜੋ ਤਿੱਖੀਆਂ  ਤੇ ਪੀਲ਼ੀਆਂ ਚੁੰਝਾਂ ਵਾਲ਼ੇ ਅਤਿ ਦੇ ਖੂਬਸੂਰਤ ਪੰਛੀਂ ਸਨ, ਕੇਂਦਰੀ ਏਸ਼ੀਆ ਤੋਂ ਲਿਆਂਦੇ ਗਏ ਪਰ ਲੁਧਿਆਣਾ ਦੇ ਸਿਧਵਾਂ ਬੇਟ ਇਲਾਕੇ 'ਚ ਸ਼ਿਕਾਰੀਆਂ ਨੇ ਕਾਫੀ ਗਇਬ ਕਰ ਦਿੱਤੇ। ਇਹ ਸਲਾਰਾ ਕਬੂਤਰ ਸੰਨ ੨੦੦੦ 'ਚ ਹਰੀਕੇ ਪੱਤਣ 'ਤੇ ਹਜਾਰ ਤੋਂ ਵੱਧ ਵੇਖੇ ਗਏ। ਪਰ ਹੁਣ ਕੋਈ ਨਹੀਂ ਲੱਭਦਾ। ਪੰਜਾਬ ਵਿੱਚੋਂ ਇਹਨਾਂ ਸਲਾਰਾ ਕਬੂਤਰਾਂ ਦੇ ਗਇਬ ਹੋਣ ਦਾ ਕਾਰਨ ਦਾਲ਼ਾਂ ਤੇ ਅਰਹਰ ਦੀ ਖੇਤੀ ਹੇਠਲਾ ਰਕਬਾ ਘਟਣਾ ਤੇ ਦੂਜਾ ਸ਼ਿਕਾਰੀਆਂ ਦੀ ਮਾਰ ਨੇ ਕਬੂਤਰਾਂ ਦੀ ਦੁਰਲੱਭ ਨਸਲ ਪੰਜਾਬ 'ਚੋਂ ਗਇਬ ਕਰ ਦਿੱਤੀ।ਹਰੀਕੇ ਤੋਂ ਇਕ ਗੁਰਦੁਆਰੇ 'ਚੋਂ ਚਲਦੇ ਸਪੀਕਰਾਂ ਦੇ ਸ਼ੋਰ ਕਾਰਨ ਇਹ ਕਬੂਤਰ ਟਿਕਾਣਾ ਬਦਲ ਗਏ।  'ਬੰਬੇ ਨੈਚਰਲ ਹਿਸਟਰੀ ਸੁਸਾਇਟੀ' ਤੇ ਕੁਝ ਹੋਰ ਵਣ ਜੀਵਨ ਨਾਲ਼ ਹਮਦਰਦੀ ਰੱਖਣ ਵਾਲਿਆਂ ਆਪਣੇ ਤੌਰ 'ਤੇ ਰਾਜਸਥਾਨ ਦੇ ਕਈ ਇਲਾਕਿਆਂ ਦੀ ਪਹਿਚਾਣ ਕੀਤੀ  ਹੈ ਜਿੱਥੇ ਇਹ ਕਬੂਤਰ ਅਜੇ ਵੀ ਨਿਵਾਸ ਕਰਦੇ ਹਨ। ਤੇ ਉਹਨਾਂ ਦੀ ਨਸਲ ਗਇਬ ਹੋਣ ਤੋਂ ਬਚਾਉਣ ਲਈ ਯਤਨ ਅਰੰਭੇ ਹਨ।
ਅੰਤ ਵਿੱਚ ਕਬੂਤਰਾਂ ਦੁਆਰਾ ਉਜਾੜ ਭਾਲਣ ਦੀ ਮਿੱਥ ਨੂੰ ਨਕਾਰਦੀ ਇੱਕ ਗੱਲ ਦੱਸਣੀ ਚਹੁੰਦਾ ਹਾਂ। ਅੰਮ੍ਰਿਤਸਰ ਦੇ ਚੌਕ ਹੁਸੈਨਪੁਰਾ ਵਿੱਚ ਮਹਾਰਜਾ ਰਣਜੀਤ ਸਿੰਘ ਦਾ ਸਮਰ ਮਹੱਲ ਹੈ ।ਕਾਫੀ ਧਿਰਾਂ ਕਾਬਜ ਸਨ। ਮਹੱਲ ਦੀ ਇੱਕ ਨੁੱਕਰੇ ਇਕ ਇਨਕਲਾਬੀ ਪਾਰਟੀ ਨੇ ਦੋ ਕਮਰਿਆਂ ਵਿੱਚ ਦਫਤਰ ਖੋਹਲਿਆ  ਸੀ। ਪਰ ਪਾਰਟੀ ਦੀ ਚੜਤ ਨਾ ਰਹੀ ਹੋਣ ਕਾਰਨ ਹੁਣ ਇੱਥੇ ਕੋਈ ਨਹੀਂ ਸੀ ਆਉਂਦਾ।
ਕੁਲ ਮਿਲ਼ਾ ਕੇ ਉਜਾੜ ਪਈ ਹੋਈ ਸੀ ਤੇ ਇਮਾਰਤ 'ਚੋਂ ਦਿਨੇ ਡਰ ਆਉਂਦਾ ਸੀ । ਕਬੂਤਰਾਂ ਨੇ ਆਲ਼੍ਹਣੇ ਪਾਏ ਹੋਏ ਸਨ। ਸਾਰਾ ਦਿਨ 'ਗੁਟਰਗੂੰ-ਗੁਟਰਗੂੰ' ਦੀਆਂ ਅਵਾਜਾਂ ਸੁਣਦੀਆਂ ਰਹਿੰਦੀਆਂ। ਮੈਂ ਇਹਨਾਂ ਕਮਰਿਆਂ ਵਿੱਚ ਸਾਹਿਤ ਪੜਦਾ ਰਹਿੰਦਾ। ਹੇਠਲੀ ਮੰਜਿਲ 'ਤੇ ਇੱਕ ਬੰਦਾ ਸਣੇ ਪਰਿਵਾਰ ਰਹਿੰਦਾ ਸੀ । ਉਸਨੇ ਦੋ ਕਮਰੇ ਰਿਹਾਇਸ਼ ਲਈ ਮੱਲੇ ਹੋਏ ਸਨ।ਇੱਕ ਦਿਨ ਉਹਨਾਂ ਦੇ ਘਰੇ ਪਰਾਹੁਣੇ ਆਏ । ਘਰ ਦੀ ਸਵਾਣੀ ਆਈ ਮਹਿਮਾਨ ਔਰਤ ਨੂੰ ਇਮਾਰਤ ਦਾ ਉਪਰਲਾ ਹਿੱਸਾ ਵਿਖਾਉਣ ਲਈ ਲੈ ਆਈ। ਮੈਂ ਹਰਭਜਨ ਸਿੰਘ ਦਾ ਇਨਕਲਾਬੀ ਨਾਵਲ ਦਫਤਰ ਵਿਚ ਬੈਠਾ ਪੜ੍ਹ ਰਿਹਾ ਸਾਂ। ਉਹ ਦਫਤਰ ਵਿੱਚ ਆ ਗਈਆਂ। ਪਰਾਹੁਣੀ ਨੱਕ ਜਿਹਾ ਚੜਾ ਕੇ ਕਹਿਣ ਲੱਗੀ "ਕਿੰਨੀ ਗੰਦੀ ਥਾਂ ਹੈ, ਪਾਰਟੀ ਨੇ ਦਫਤਰ ਕਿੰਨੀ ਘਟੀਆ ਜਿਹੀ ਇਮਾਰਤ 'ਚ ਖੋਲਿਆ ਹੈ, ਇਹ ਤਾਂ ਅੱਗੇ ਹੀ ਢੱਠੀ ਜਿਹੀ ਹੈ, ਉੱਤੋਂ ਇਹ ਕਬੂਤਰ ਉਜਾੜ ਭਾਲ਼ਦੇ ਹਨ"।
ਮੈਂ ਝੱਟ ਦੇਣੇ ਕਿਹਾ "ਹਾਂ! ਇਹ ਵਾਕਿਆ ਹੀ ਉਜਾੜ ਭਾਲ਼ਦੇ ਹਨ ਤਾਂ ਜੋ ਆਬਾਦ ਕਰ ਸਕਣ, ਤੁਸੀਂ ਏਦਾਂ ਕਿਉਂ ਨਹੀਂ ਸੋਚਦੇ ਕਿ ਕਿੰਨੀਆਂ ਉਜਾੜਾ ਕਬੂਤਰਾਂ ਨੇ ਆਬਾਦ ਕੀਤੀਆਂ ਹੋਈਆਂ ਹਨ, ਇਹ ਭਲੇ ਲੋਕ ਤਾਂ ਉਜਾੜਾਂ 'ਚ ਵੀ ਰੌਣਕਾਂ ਲਾ ਦੇਂਦੇ ਨੇ"।
ਕੀ ਹੋਇਆ ਜੇ ਲੋਕ ਹਿੱਤਾਂ ਲਈ ਜੂਝਣ ਵਾਲਿਆਂ ਦੇ ਦਫਤਰ ਸੁੰਨੇ ਹੋ ਗਏ ਹਨ। ਅਸੀਂ ਆਪਣੀਆਂ ਹਿੱਕਾਂ ਤਾਂ ਅਬਾਦ ਰੱਖ ਸਕਦੇ ਹਾਂ। ਆਉ ਉਜਾੜ ਹਿੱਕਾਂ ਅੰਦਰ ਨਰੋਏ ਵਿਚਾਰਾਂ ਦੇ ਕਬੂਤਰਾਂ ਨੂੰ  ਆਲ੍ਹਣੇ ਪਾਉਣ ਦੇਈਏ।

ਪਰਛਾਵਾਂ :ਜਤਿੰਦਰ ਔਲ਼ਖ 9815534653

 ਸਿਰਲੇਖ ਪਬਲੀਕੇਸ਼ਨਜ਼ ਅੰਮ੍ਰਿਤਸਰ


ਤਤਕਰਾ
ਜਤਿੰਦਰ ਔਲ਼ਖ ਦਾ ਰਚਨਾ ਸੰਸਾਰ:
ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ (ਖੋਜ)- ਸੰਗਮ ਪਬਲੀਕੇਸ਼ਨਜ਼ ਸਮਾਣਾ
ਇਬਨ ਬਤੂਤਾ ਦੀਆਂ ਯਾਤਰਾਵਾਂ (ਖੋਜ)- ਛਪਾਈ ਅਧੀਨ
ਪਰਛਾਵਾਂ (ਕਵਿਤਾਵਾਂ)- ਸਿਰਲੇਖ ਪਬਲੀਕੇਸ਼ਨਜ਼



 ਸਮਰਪਿਤ
ਨਿਊਜਰਸੀ ਵੱਸਦੇ ਮਿੱਤਰ
ਗੁਰਬਖਸ਼ ਰਾਹੀ ਦੇ ਨਾਂਅ ਜਿਸ ਦੀ ਸੋਚ 'ਚ
ਦੋਸਤੀਆਂ ਦੇ ਪੰਖੇਰੂ ਉੱਡਦੇ ਨੇ।


ਪਰਛਾਵਾਂ
ਮੈਂ ਤੁਹਾਡੀ ਮਦਮਸਤ
ਸ਼ੋਖ ਚਾਲ 'ਚ
ਅੜਿਕਾ ਨਹੀਂ ਯਾਰੋ
ਮੈਂ ਤਾਂ ਬਸ ਪਰਛਾਵਾਂ ਹਾਂ
ਬੁਝ ਜਾਵਾਂਗਾ ਢਲ਼ਦੇ ਸੂਰਜ ਸੰਗ
ਜਾਣਦਾ ਹਾਂ ਗੁਨਾਹਗਾਰ ਹਾਂ
ਵੇਖਦਾ ਹਾਂ ਤਿਤਲੀਆਂ ਦੇ ਨਰਮ ਪੰਖਾਂ ਦੀ
ਫੜ੍ਹਫੜਾਹਟ ਦਾ ਖਾਬ
ਮੈਂ ਜੰਗਲ ਦੀ ਦਲਦਲੀ ਨੁੱਕਰੇ
ਉਗਿਆ ਅੱਕ ਹਾਂ
ਖਜੂਰਾਂ ਤੋਂ ਚਿਉਂਦਾ ਹੈ ਸ਼ਹਿਦ ਰਸ
ਰੇਤਾ 'ਚ ਰੀਂਗਦੇ ਨੇ
ਕੀਟਾਂ ਦੇ ਨਸੀਬ
ਕੁਝ ਤਾਂ ਹਲਚਲ ਕਰਾਂਗਾ
ਆਖ਼ਿਰ ਸਮੁੰਦਰ ਦੀ ਅੰਦਰਲੀ ਸਤਿਹ 'ਚ
ਲੁਕਿਆ ਜਵਾਰਭਾਟਾ ਹਾਂ
ਨਾ ਸਮਝ ਵੇਗ ਦਾ ਖੌਲ਼ਦਾ ਹਉਕਾ
ਵਰਤਮਾਨ ਦੀ ਕਿਤਾਬ 'ਚੋਂ ਯਾਰੋ
ਪਾੜ ਦਿਉ ਵਰਕੇ ਵਾਂਗ
ਮੈਂ ਬੇਕਿਰਕ ਇਤਿਹਾਸ ਦਾ
ਅਤਿ ਨਫ਼ਰਤਯੋਗ ਕਾਂਡ ਹਾਂ
ਜਾਂ ਵਾਢੀਆਂ ਦੀ ਰੁੱਤੇ
ਪਨਪਣ ਦਾ ਸੁਪਨਾ ਹਾਂ

ਬਦਲੇ ਰੂਪ
ਹਨੇਰੀ ਝੰਭੇ ਰੁੱਖ 'ਤੇ
ਆਣ ਬੈਠਾ ਹੈ ਸਫੈਦ ਚਿੜੀਆਂ ਦਾ ਚੰਬਾ
ਪੱਤਿਉਂ ਸੱਖਣੀਆਂ ਟਾਹਣੀਆਂ 'ਤੇ
ਹੋ ਗਈ ਹੈ ਦੀਪ ਮਾਲ਼ਾ
ਬੀਤ ਰਿਹਾ ਹੈ ਯਖ ਮੌਸਮ
ਬਸੰਤ ਦੇ ਤੈਅਸ਼ੁਦਾ ਆਗਮਨ ਲਈ
ਬੱਜਰ ਟਹਿਣੀਆਂ 'ਚੋਂ ਰਾਗ ਝੜਨਗੇ
ਪਨਪ ਪੈਣਗੀਆਂ ਨਵੀਆਂ ਕਰੂੰਬਲ਼ਾਂ
ਰੁਤ ਬਦਲ਼ਣ ਨਾਲ਼
ਅਸਰ ਅੰਦਾਜ਼ ਹੋਇਆ ਹੈ ਅੰਦਰੂਨੀ ਕਲ਼ੇਸ਼
ਨਜ਼ਮਾਂ ਨਾਲ਼ ਜਾਅਲਸਾਜੀ ਕਰ ਰਿਹੈ
ਤੇਰੇ ਮੁੜ ਆਉਣ ਦੀ ਕਨਸੋਅ
ਸੰਸਾਰ ਦਾ ਸਭ ਤੋਂ ਕੋਝਾ ਝੂਠ ਲੱਗਦੀ ਹੈ
ਮੇਰੇ ਲਈ ਤੇਰਾ ਤੁਰ ਜਾਣਾ ਵੀ ਸੱਚ ਨਹੀ
ਤੇਰੇ ਇਲਮ ਦੀ ਰੁਸ਼ਨਾਈ
ਮੇਰੇ ਅਗਿਆਨ ਦਾ ਮੂੜ੍ਹ ਹਨੇਰਾ
ਨਿਅਰਥ ਬੋਲਾਂ ਦਾ ਵਾਹਯਾਤ ਪ੍ਰਸਾਰਣ
ਅਸੀਂ ਇਹਨਾਂ ਧੁੰਦਾ 'ਚ ਗਵਾਚੇ
ਮਾਸੂਮ ਪੰਛੀ ਤਾਂ ਨਹੀ
ਜਾਂ ਡੂੰਘੀ ਖੱਡ 'ਚ ਪਏ ਪੱਥਰ ਹੋਵਾਂਗੇ
ਉਡਾਣਾਂ 'ਤੇ ਨਿਕਲਿਆਂ ਨੂੰ
ਭਰਮ ਹੈ ਖੁੱਲੇ ਅਸਮਾਨਾਂ ਦਾ
ਆਹ ਵੇਖ ਡੂੰਘੀਆਂ ਖੱਡਾਂ ਦੇ
ਰੂਪ ਹੀ ਬਦਲੇ ਨੇ

ਖੰਡਰਾਤ ਸੀਨੇ
ਪੈਰਾਂ ਹੇਠ ਮਸਲ ਦਿੱਤੇ ਗਏ
ਜ਼ਰਦ ਪੱਤੇ ਵਰਗੀ ਚਾਹਤ ਦਾ
ਕੀ ਮਾਤਮ ਮਨਾਈਏ
ਸੀਨੇ 'ਚੋਂ ਜੇ ਗਾਇਬ ਧੜਕਣ
ਤਾਂ ਸੁਫਨਿਆਂ ਦੇ ਨਿਰਤ ਲਈ ਮੰਚ ਨਹੀ
ਜ਼ਹਿਰੀਲੇ ਨਾਗ ਦੀ ਸ਼ੂਕਰ ਲਈ
ਵਰਮੀ ਵਾਂਗ ਵੀ ਉਪਯੋਗ ਹੁੰਦਾ ਹੈ ਸੀਨਾ
ਘੂਕ ਸੁੱਤੀ ਬਸਤੀ 'ਚ
ਰੌਸ਼ਨਦਾਨਾਂ 'ਚੋਂ ਝਾਕਦੀਆਂ ਲੋਆਂ
ਗਲ਼ੀਆਂ ਦੇ ਉਜੱਡ ਹਨੇਰਿਆਂ ਨਾਲ਼
ਕਰਦੀਆਂ ਯਾਦਗਾਰੀ ਮੁਲਾਕਤਾਂ
ਰੰਗੀਨ ਲਮਹਿਆਂ ਦੇ ਹੁਸੀਨ ਦ੍ਰਿਸ਼
ਵੇਖਦੇ ਮੈਲ਼ੇ ਨਹੀ ਹੋਣੇ
ਨਾ ਹੀ ਸੁੱਕਦੇ ਨੇ ਨਿਗਾਹਾਂ ਦੇ ਸੋਮੇ
ਦੁਖਦਾਈ ਹੈ ਬਸ
ਭਰਮਾ ਦਾ ਜੀਵਿਤ ਰਹਿਣਾ
ਕਦੋਂ ਅਪਣਾਇਆ ਹੈ ਦੁਬਾਰਾ
ਹਰਿਆਲੇ ਬਿਰਖ ਨੇ
ਘੁਣ ਖਾਧੀ ਟੁੱਟੀ ਸ਼ਾਖ ਨੂੰ
ਕਦੋਂ ਖਤਮ ਹੋਏ ਨੇ ਧੜਕਣਾਂ ਦੇ ਬਨਵਾਸ
ਕਦੋਂ ਆਬਾਦ ਹੋਏ ਨੇ ਖੰਡਰਾਤ ਸੀਨੇ

ਹਲਚਲ
ਉਦਾਸ ਖੜੇ ਰੁੱਖ ਦੀਆਂ
ਸੁੱਕੀਆਂ ਸ਼ਾਖਾਵਾਂ ਨੇ ਆਹ ਭਰੀ
ਲੱਥੇ ਚਿਹਰੇ ਵਾਲ਼ੇ ਯੁਵਕ ਦੀਆਂ
ਬੇਰਸ ਅੱਖਾਂ ਦੀ ਨੀਰਸਤਾ
ਮਚ ਗਈ
ਉਸਨੇ ਕਿਹਾ
ਤੈਨੂੰ ਪਿਆਰ ਕਰਦੀ ਹਾਂ
ਆ ਮੇਰਾ ਮੁਕੱਦਰ ਬਣ
ਕੋਈ ਸਿਰਫਿਰਿਆ
ਤਿਲੀਅਰ ਨਾਗ ਤੋਂ
ਸਾਰੀ ਜ਼ਹਿਰ ਲੈ
ਸਵੈਇੱਛਤ ਮੌਤ ਦਾ
ਤਾਂਡਵ ਕਰਨ ਲੱਗਾ
ਜ਼ਹਿਰੀਲਾ ਕੱਲਰ
ਮਲੂਕ ਪੈਰਾਂ ਦੇ ਖੂਨੀ ਛਾਲ਼ੇ
ਸਰਕੰਡਿਆਂ 'ਚ ਬੇਮਕਸਦ ਘੁੰਮ ਰਹੇ ਨੂੰ
ਸੁਣ ਰਹੀ ਹੈ
ਸ਼ਾਂਤ ਦਰਿਆਂ ਦੇ ਪਰਲੇ ਪਾਰ ਤੋਂ
ਉਦਾਸ ਗੀਤ ਦੀ ਮਧਮ ਸੁਰ
ਆ ਮੇਰੀ ਨਿਰਾਸ਼ਾ
ਸਮਾ ਜਾਈਏ ਘਸਮੈਲ਼ੇ ਪਾਣੀਆਂ 'ਚ
ਮੁਰਦਾ ਦਰਿਆ 'ਚ ਹਲਚਲ ਕਰੀਏ
ਸ਼ਾਂਤ ਕਰ ਲਈਏ ਦਰਦ

ਕੁਰਾਹੀਏ
ਮੈਂ ਸ਼ਾਹੀ ਬਸਤਰ ਉਤਾਰ
ਨਿਰਾਸ਼ਾ 'ਚ ਲਪੇਟੀ ਸਾਦਗੀ ਲੈ
ਤੁਰ ਪਿਆ ਸਾਂ ਕਿਸੇ ਅਦਿੱਖ ਮਨੋਰੋਗ ਗ੍ਰਸਤ
ਰਾਜ ਕੁਮਾਰ ਵਾਂਗ
ਵਗਦੇ ਦਰਿਆ ਦੇ ਨਾਲ਼-ਨਾਲ਼
ਤੇ ਜਦੋਂ ਮੈਂ ਮੁੜਕੇ ਤੱਕਿਆ
ਤੂੰ ਮਹੱਲਾਂ ਦੀ ਛੱਤ 'ਤੇ
ਢਲ਼ਦੇ ਸੂਰਜ ਵਾਂਗ ਲਾਲੀ ਬਖੇਰ ਰਹੀ ਸੈਂ
ਪੈਰ ਮੇਰੇ ਵੀ ਕੰਬੇ ਸਨ
ਪਰ ਕੁਰਾਹੇ ਪਏ ਅਕਸਰ
ਕੁਰਾਹਾਂ ਦੀ ਧੂੜ ਹੋ ਜਾਂਦੇ ਨੇ
ਤੇ ਬੀਹੜ ਦੇ ਉਤਾਵਲੇ ਪੰਛੀ
ਕੂਕ ਕੂਕ ਕੇ ਤੇਰਾ ਸੁਨੇਹਾ ਦੇ ਰਹੇ ਸਨ
ਕਿ ਪ੍ਰਾਪਤ ਸੱਚ ਦਾ ਤਿਆਗ ਕਰ
ਹਵਾ ਦੇ ਕਾਹਲੇ ਬੁੱਲ਼੍ਹੇ ਵਾਂਗ
ਨਿਕਲ਼ ਤੁਰਿਆ ਹੈਂ ਕਾਲਪਨਿਕ ਸੱਚ ਦੀ ਭਾਲ਼ ਵਿਚ
ਮੁੜ ਆ ਪ੍ਰੀਤਮ
ਕਿ ਸੱਚ ਸਿਸਕੀਆਂ 'ਚ ਗਰਕ ਜਾਏਗਾ
ਰੰਗ ਮਹਿਲਾਂ ਦੀਆਂ ਦੀਵਾਰਾਂ ਦਾ
ਚਮਕਦਾ ਸੱਚ ਹੁਣ
ਕਾਲ਼ ਕੋਠੜੀ 'ਚ ਦੀਵੇ ਬਾਲ਼ਣ ਵਾਲ਼ੇ
ਆਲ਼ੇ ਵਾਂਗ ਧੁਆਂਖਿਆ ਗਿਆ ਹੈ

ਪਰ ਇਕ ਪਾਸੇ ਤੇਰਾ ਸੱਚ ਸੀ
ਤੇ ਦੂਜੇ ਪਾਸੇ ਮੇਰੀ ਭਾਲ
ਸਥਿਰ ਦਿਸਦੇ ਨਦੀ ਦੇ ਕਿਨਾਰੇ ਵੀ
ਮਹਾਂ ਕੁਰਾਹੀਏ ਨੇ
ਕਦੀ ਨਹੀ ਮਿਲ਼ਨਗੇ
ਆਪ ਸਿਰਜੇ ਅਪਰਾਧਬੋਧ 'ਚ ਗ੍ਰਸਤ
ਦਿਨ ਅਤੇ ਰਾਤ ਵੀ
ਬੇਪ੍ਰਤੀਤ ਹੀ ਰਹਿਣੇ ਨੇ
ਮਿਲਣ ਪਲ ਦੀ ਸਾਰਥਿਕਤਾ ਦੇ ਸੱਚ ਤੋਂ
ਕਾਹਲੀ ਹਵਾ ਜਿਵੇਂ ਤੇਰੀ ਹੀ
ਵਕਾਲਤ ਕਰ ਰਹੀ ਸੀ ਕਿ
ਨੰਗਾ ਸੱਚ ਹੈ ਪ੍ਰੀਤਮ
ਕੱਤੇਂ ਦੀ ਕਪਾਹ ਖਿੜ ਗਈ ਹੈ
ਬਾਸਮਤੀ ਦੀ ਲਾਪਰਵਾਹ ਮਹਿਕ ਨੇ
ਵਾਯੂਮੰਡਲ ਨਸ਼ਿਆ ਦਿੱਤਾ ਹੈ
ਉਦਾਸ ਧੁੱਪ 'ਚ ਪਤਝੜ੍ਹ ਉਡੀਕ ਰਹੇ
ਰੁੱਖਾਂ 'ਤੇ ਸੁਸਤਾ ਰਹੇ ਨੇ ਪੰਛੀ
ਏਸ ਸਿਆਲ ਉਦਾਸੀ ਹੋਰ ਵੱਧ ਜਾਏਗੀ
ਤੂੰ ਸੂਰਜੀ ਤਪਸ਼ ਨਾਲ਼ ਸਰਾਬੋਰ ਮੱਥੇ 'ਤੇ
ਬਿਖਰੀ ਲਿਟ ਸੰਵਾਰਦੀ
ਮੇਰੀ ਮੁੱਕ ਚੁੱਕੀ ਉਡੀਕ ਤੋਂ ਆਤੁਰ
ਪਰੀ ਲੋਕ ਨੂੰ ਉੱਡ ਜਾਏਂਗੀ
ਤੇ ਮੈਂ ਆਪਣਾ ਨੰਗਾ ਸੱਚ ਲੈ
ਤੇ ਮੈਂ ਕੋਰੇ ਝੂਠ 'ਚ ਬਦਲ ਜਾਂਵਾਂਗਾ

ਸਾਰਾ ਹੀ ਜਲ ਪੀ ਗਈ ਯੁੱਗਾਂ ਪਿਆਸੀ ਰੇਤ
ਇਹ ਕਦ ਬਰਫਾਂ ਠਾਰਿਆ ਇਹ ਸੀਨੇ ਦਾ ਸੇਕ
ਝੱਲ ਫੱਕਰਾਂ ਦੇ ਰਾਂਗਲੇ ਵੱਸੀਏ ਜਾ ਉਜਾੜ
ਇੰਝ ਪੁਰਵਾਈਆਂ ਮਾਣੀਆਂ ਲਾਹ ਦਿਲਾਂ ਦੇ ਭਾਰ
ਪੱਤਣੀ ਰਿਹਾ ਉਡੀਕਦਾ ਬੇਰੰਗ ਖੜਾ ਮਲਾਹ
ਜੜਾਂ ਨਾ' ਜੁੜਕੇ ਬਹਿ ਗਿਆ ਬੰਦਾ ਰੁੱਖ ਜਿਹਾ
ਉੱਤਰ ਆ ਜਹਾਜ ਤੋਂ ਮੇਰਾ ਆਹਾਂ ਭਰੇ ਸਰੀਰ
ਘਰੇ ਹੀ ਮਿਲਜੂ ਢੋਲਣਾ ਜੋ ਲਿਖਿਆ ਤਕਦੀਰ
ਪੁੰਗਰਨ ਦੀ ਰੁੱਤ ਖੜ ਖੜ ਹੋਈ ਬਹਾਰਾਂ ਮਦਹੋਸ਼
ਆਈਆਂ ਤੇ ਕੁਝ ਸ਼ੋਰ ਸਨ ਉੱਠ ਚੱਲੀਆਂ ਖਾਮੋਸ਼
ਵੇ ਮਨਚੱਲੇ ਸਾਂਵਲੇ ਅਹਿਸਾਨ ਤੂੰ ਕਰਦਾ ਜਾਹ
ਮਹਿਕਾਂ ਲੱਦੀ ਹਵਾ ਮੈਂ ਸਾਹੀਂ ਭਰਦਾ ਜਾਹ

ਖ਼ਤ
ਮੇਰੀ ਦੋਸਤ
ਅੰਬਾਂ ਨੂੰ ਬੂਰ ਜਿਵੇਂ
ਨਿਰਾਸ਼ੇ ਨੂੰ ਆਸ
ਤੇ ਮੈਨੂੰ
ਮਿਲਿਆ ਹੈ ਤੇਰਾ ਖ਼ਤ
ਤੇਰੇ ਖ਼ਤ 'ਚ ਸੁਣੇ ਨੇ
ਬੇਲੇ 'ਚ ਅਤਿ ਭਾਵੁਕ ਸਵਰ 'ਚ
ਕੁਰਲਾਅ ਰਹੇ ਬੀਂਡੇ
ਸਹਿਮੀ ਸਹਿਮੀ ਵਗ ਰਹੀ ਹਵਾ
ਤੋਲ ਰਹੀ ਹੈ ਤੇਰੇ ਤੇ ਮੇਰੇ
ਸੁਪਨੀਲੇ ਸਮੇ ਦੀ ਨਜ਼ਾਕਤ
ਡਰ ਰਹੀ ਹੈ ਹਨੇਰੀ ਬਣ ਵਗਣੋ
ਮੈਂ ਸਰਦ ਰੁਤ ਦੇ ਆਗਮਨ ਲਈ
ਤਿਆਰ ਹਾਂ ਮੇਰੀ ਦੋਸਤ
ਤੂੰ ਆਵੀਂ ਤੇ ਧੁੰਦ ਬਣਕੇ
ਮੇਰੇ ਵਜੂਦ ਦੇ ਦੁਆਲ਼ੇ ਛਾ ਜਾਵੀਂ
ਕਿ ਮੈਨੂੰ ਤੇਰੇ ਤੋਂ ਅੱਗੇ ਕੁਝ ਨਜ਼ਰ ਨਾ ਆਵੇ
ਜੇ ਤੂੰ ਬਰਫ਼ੀਲੇ ਪਹਾੜਾਂ ਤੋਂ ਉਤਰੀ
ਖਰੂਦੀ ਨਦੀ ਹੈਂ
ਤਾਂ ਮੈਂ ਵੀ ਤਪਦਾ ਮਾਰੂਥਲ ਹਾਂ
ਸੋਖ ਲਵਾਂਗਾ ਸਾਰੀ ਦੀ ਸਾਰੀ
ਤੇ ਤੂੰ ਬੂੰਦ ਬੂੰਦ ਰਮ ਜਾਵੇਂ
ਮੇਰੀ ਮੱਚਦੀ ਹਿਕ ਵਿਚ
ਠਾਰ ਦੇਵੇਂ ਮੇਰਾ ਲੂੰ ਲੂੰ

ਅੰਨ੍ਹੇ ਨਿਸ਼ਾਨਚੀ
ਐ ਅੰਨ੍ਹੇ ਨਿਸ਼ਾਨਚੀ
ਮੈਂ ਤੇਰਾ ਅਸਾਨ ਟਾਰਗੈੱਟ ਨਹੀਂ
ਮੈਂ ਤੇਰੇ ਸਾਹਮਣੇ ਖੜਾ ਵੀ
ਤੇਰੇ ਅੰਦਰ ਕਿਸੇ ਕੋਨੇ 'ਚ ਮੌਜੂਦ ਹਾਂ
ਤੇ ਮੇਰੇ 'ਤੇ ਸੇਧਤ ਹਰ ਨਿਸ਼ਾਨਾ
ਤੇਰੇ ਅੰਦਰ ਵੀ ਕੁਝ ਜ਼ਖਮ ਦੇਵੇਗਾ
ਐ ਮੇਰੇ ਆਪੇ ਸਿਰਜੇ
ਤਲਿਸਮੀ ਪਰਬਤ
ਤੂੰ ਮੈਨੂੰ ਨਿਗਾਹਾਂ ਦੀ ਉਚਾਈ ਤੋਂ
ਜਲਧਾਰ ਵਾਂਗ ਡੇਗਣ ਦੀ ਕੋਸ਼ਿਸ਼ ਨਾ ਕਰ
ਕਿ ਬਰਫ਼ੀਲੀ ਪਰਤ ਦੁਆਰਾ ਢੱਕਿਆ
ਤੇਰਾ ਕੋਹਝ ਵੀ ਜਗ ਜਾਹਿਰ ਹੋਵੇਗਾ

ਵਿਵਰਜਿਤ ਅਣਛੋਹੀ ਸਿਖਰ 'ਤੇ ਉਗੇ
ਖੂਸ਼ਬੂ ਨਾਲ਼ ਲਬਰੇਜ਼ ਫੁੱਲ
ਜੇ ਮੇਰੇ ਸਾਹਾਂ ਦੀ ਪਹੁੰਚ
ਤੇਰੀ ਮਹਿਕ ਤੱਕ ਨਹੀ
ਤਾਂ ਮੈਂ ਸਾਹਾਂ ਨੂੰ ਤੇਰੀ ਮਹਿਕ ਦਾਗੀ ਕਰਨੋ
ਵਰਜ ਦਿੱਤਾ ਹੈ
ਤੂੰ ਮਹਿਕਾਂ ਨੂੰ ਅਜਾਦ ਬਿਖਰਨ ਦੇ
ਮੈਂ ਸਾਹ ਸਮੇਟ ਲੈਂਦਾ ਹਾਂ
ਮੇਰਾ ਵਜੂਦ ਸ਼ਾਇਦ
ਘੋਰ ਵਿਰਲਾਪ ਦੇ ਇਕ ਹਟਕੋਰੇ ਜਿਹਾ ਹੋਵੇ
ਤੇ ਤੂੰ ਜਨਮਿਆ ਮਦਮਸਤ
ਖੁਸ਼ਰੰਗ ਗ਼ਜ਼ਲ ਦੇ ਬਹਿਰ ਜਿਹਾ
ਤੂੰ ਜਦੋਂ ਤਰੁਨਮ 'ਚ ਛਿੜ ਪਵੇਂਗਾ
ਤਾਂ ਹਵਾਵਾਂ 'ਚ ਹਿਲਜ਼ੁਲ ਹੋਵੇਗੀ
ਤੇ ਮੈਂ ਦਫਨ ਕਰ ਦਿੱਤਾ ਜਾਵਾਂਗਾ
ਕਿਸੇ ਅਗਿਆਤ ਹਿੱਕ ਅੰਦਰ
੧੦
ਅਰਥ
ਇਹ ਅੱਖ ਦੀ ਸ਼ਰਮ ਹੈ ਮਹਿਰਮ
ਜਾਂ ਫਿਰ ਮੇਰਾ ਕਰਮ ਰੋਗ ਹੈ
ਤੇਰੀ ਉਲੀਕੀ ਪੈੜ 'ਤੇ ਚੱਲਣਾ
ਮਜਬੂਰੀ ਤੇ ਨਹੀ
ਮੇਰੇ ਸਾਬਤ ਕਦਮਾਂ ਦੀ ਭਰੋਸੇਯੋਗਤਾ
ਤਿਲਮਿਲਾਈ ਤੇ ਨਹੀ ਸੀ
ਤੂੰ ਜਦੋਂ ਡੋਲ ਗਿਆ ਸੈਂ
ਤਾਂ ਮੈਨੂੰ ਟੁੱਟੇ ਤਾਰੇ ਦੀ ਲੀਕ ਜਿਹਾ ਲੱਗਾ
ਕਦੀ 'ਚ ਮੱਥੇ 'ਚ ਚਮਕਦਾ ਸੈਂ
ਇਹ ਵੀ ਨਹੀ ਰਹਿਣੈ
ਬਰੇਤਿਆਂ ਦੀ ਖੁਦਦਾਰੀ ਦੇ ਮਾਣ
ਦਰਿਆ ਵਹਿਣ ਬਦਲ ਗਏ ਨੇ
ਪਹਾੜੀ ਕੁੰਦਰਾਂ 'ਚ ਛੁਪੇ ਤਪੱਸਵੀ
ਨਿਕਲ਼ ਆਏ ਹਨ
ਦੁਨਿਆਵੀ ਵਲਗਣਾ 'ਚ
ਹੁਣ ਮੁਕਤੀ ਦੇ ਅਰਥ ਚਲੇ ਜਾਣਾ ਨਹੀ
ਸਗੋਂ ਪਰਤ ਆਉਣਾ ਵੀ ਹੋ ਗਏ ਨੇ
੧੧
ਕਾਹਨ ਜੀ
ਕਾਹਨ ਜੀ
ਮਥੁਰਾ ਦੀਆਂ ਜੂਹਾਂ 'ਚ ਗਵਾਚੀ
ਤੇਰੀ ਬਾਂਸੁਰੀ ਦੀ ਮਧੁਰ ਧੁਨ ਸੀ
ਜਾਂ ਸ਼ਾਹੀ ਗਲਿਆਰਿਆਂ 'ਚ
ਬੀਤਦੀਆਂ ਅਰਾਮ ਤਲਬੀਆਂ
ਤਰਸ ਦਾ ਪਾਤਰ ਤਾਂ ਸੁਦਾਮੇ ਹੀ ਰਹਿਣੇ ਨੇ
ਮਥੁਰਾ ਦੀਆਂ ਗਲੀਆਂ ਤਾਂ ਭੋਲ਼ੀਆਂ ਨੇ
ਜੋ ਅਜੇ ਤੱਕ ਮਸੂਮ ਪੈੜ੍ਹਾਂ ਦੇ
ਵਿਯੋਗ 'ਚ ਧੁਖਣ ਲੱਗ ਜਾਂਦੀਆਂ
ਕੱਲਰੀ ਪੈੜਾਂ ਦਾ ਭਲਾ ਕੀ ਜੋੜ ਹੈ
ਹਸਤਨਾਪੁਰ ਦੇ ਵਿਸ਼ਾਲ ਮਾਰਗਾਂ 'ਚੋਂ
ਨਿਕਲ਼ਦੇ ਰਥਾਂ ਦੇ ਪਹੀਆਂ ਨਾਲ਼
੧੨
ਮੋਹਨ ਜੀ
ਤੇਰੇ ਦੁਆਰਪਾਲਾਂ ਤੋਂ ਮਿਲੇ
ਧੱਕਿਆਂ ਦਾ ਕਾਹਦਾ ਰੰਜ਼
ਹਮਾਤੜ ਨੂੰ ਇਲਮ ਹੀ ਨਾ ਹੋਇਆ
ਕਿ ਤੇਰੇ ਰੰਗੀਲੇ ਜਲੌਅ ਦੇ ਸਨਮੁਖ
ਮੇਰਾ ਸਧਾਰਣ ਦਰਜਾ ਕੋਈ
ਵਿਚਾਰਨ ਵਾਲ਼ੀ ਸ਼ੈਅ ਨਹੀ
ਤੇਰੇ ਜਾਅਲਸਾਜਾਂ ਨਾਲ਼ ਭਰੇ
ਰੰਗ ਮਹਿਲਾਂ 'ਚੋਂ
ਨਿੱਘੀ ਖੁਸ਼ਾਅਮਦੀਦ ਹੀ ਕਾਫੀ ਸੀ
ਖੈਰਾਤ ਰਹਿਣ ਦੇ
ਮੇਰੇ ਪਿੰਡ ਦੇ ਛੱਪੜ ਦਾ ਪਾਣੀ
ਬੜਾ ਉਪਜਾਊ ਹੈ
ਕਮਲ ਖਿੜਨ ਲਈ
੧੩
ਰੇਤ ਦਾ ਪਹਾੜ
ਜੇ ਤੂੰ ਮੇਰੇ ਸਬਰ ਦਾ
ਇਮਤਿਹਾਨ ਹੈਂ
ਤਾਂ ਵੀਹ ਵਿਸਵੇ ਤੂੰ ਖੜੀ ਹੈਂ
ਕਆਮਤ ਦੇ ਇੰਤਜ਼ਾਰ 'ਚ
ਕੰਡੇ ਦੀ ਪੀੜ੍ਹ ਤਾਂ ਜਰ ਲਵਾਂ
ਜੇ ਤੂੰ ਮੇਰੇ ਹਉਕੇ ਦਾ ਹਰਫ਼ ਪੜ੍ਹ ਲਵੇਂ
ਉਹਨਾਂ ਦਿਨਾਂ 'ਚ ਪਰਤਣ ਦਾ
ਕੋਈ ਲਾਭ ਨਹੀ
ਜਦੋਂ ਮੈਂ ਤੇਰੇ ਲਈ ਚੰਨ ਤੋੜਨ ਗਿਆ ਸਾਂ
ਤੇ ਤੂੰ ਮੇਰੀ ਉਡੀਕ ਬਣ ਗਈ ਸੈਂ
ਮੈਂ ਦਾਅਵੇ ਨਾਲ਼ ਕਿਹਾ ਸੀ
ਆਹ ਡੋਹਲ ਦੇ ਬੁੱਕ 'ਚ ਭਰਿਆ
ਘੁੱਟ ਕੁ ਪਾਣੀ
ਮੈਨੂੰ ਪਤਾ ਹੈ ਆਬਸ਼ਾਰੀ ਚਸ਼ਮਿਆ ਦਾ
ਆ ਤੇਰੀ ਪਿਆਸ ਬੁਝਾਵਾਂ
ਹੁਣ ਮੇਰੇ ਲੇਖਾਂ 'ਚ
ਹਾਰ ਤੇ ਪਛਤਾਵੇ ਦੀ ਧੁਨ ਹੈ
ਹੁਣ ਪਰੀਆਂ ਨਹੀ ਉਤਰਦੀਆਂ ਤਲਾਬ ਕੰਢੇ
ਸੁਣਿਆ ਸਾਬਤ ਹੋ ਗਿਆ
ਚੰਨ 'ਤੇ ਚਰਖਾ ਕੱਤਦੀ ਬੁੱਢੀ ਮਾਈ
ਰੇਤ ਦਾ ਪਹਾੜ ਹੈ
੧੪
ਯੁੱਧ
ਉਦਾਸ ਘਰ ਵਿਚ
ਕਿਰਦੀਆਂ ਕੰਧਾਂ ਦਰਮਿਆਨ
ਉਤਰ ਆਇਆ ਹਨੇਰਾ
ਧੁਆਂਖੇ ਆਲ਼ੇ 'ਚ ਧਰੇ
ਚਿਰਾਗ ਦੀ ਮਧਮ ਲੋਅ
ਤਾਰਿਆਂ ਤੋਂ ਸੱਖਣੇ ਅਕਾਸ਼ ਕਾਰਨ
ਥਲ ਮਾਰੂ 'ਚ ਵਗਦੀ ਨਦੀ ਜਿਹੀ
ਸੁੱਕੇ ਰੁੱਖ ਦੇ ਤਣੇ 'ਚ
ਝੱਖੜ ਮਾਰੇ ਪੰਛੀ ਦੀ
ਆਰਜੀ ਠਾਹਰ ਜਿਹੀ
ਜਿਉਂ ਆਹਟ ਦੀ ਉਡੀਕ ਵਿਚ
ਬੇਸਬਰ ਹੈ ਚੁਪ
ਸ਼ੋਰ ਦੀ ਵੀ ਤਮੰਨਾ
ਚੁਪ 'ਚ ਬਦਲ ਜਾਣ ਦੀ
ਡਿੱਗਦੇ ਰਹੇ ਸਿਜਦੇ
ਤੇ ਖੰਡਰ 'ਚ ਬਦਲ ਗਈ ਇਬਾਦਤਗਾਹ
੧੫
ਖੜਾ ਰਿਹਾ ਰੁੱਖ
ਨਾ ਆਈ ਬਹਾਰ
ਰੁੱਤਾਂ ਨੇ ਕਿ ਦਗਾ ਕਰ ਗਈਆਂ
ਕਿਉਂ ਕਰ ਜਾਨੀ ਏਂ
ਪਤਝੜ੍ਹ ਦੇ ਹਵਾਲੇ
ਹਵਾ ਦੇ ਖੁਸ਼ਕ ਝੋਂਕੇ
ਜਿਸਮ ਨਾਲ਼ ਖਹਿੰਦੇ
ਜ਼ਖਮਾਂ 'ਤੇ ਧੂੜੇ ਲੂਣ ਵਰਗੇ
ਮਸਤਕ ਵਿਚ ਨਿੱਤ ਹੁੰਦੀ ਕਤਲੋਗਾਰਤ
ਲਹੂ ਭਿੱਜੀਆਂ ਤਲਵਾਰਾਂ ਦਾ ਖੜਾਕ
ਕੁਰਲਾਂਉਂਦੇ ਜ਼ਖਮੀ
ਮੈਂ ਤਾਂ ਭਿਅੰਕਰ ਯੁੱਧ ਅੰਦਰ
ਘੋੜ ਸਵਾਰਾਂ ਦੀ ਉਡਾਈ
ਧੂੜ ਮਾਤਰ ਹਾਂ
ਜਾਂ ਫਿਰ ਸੂਰਜ ਅਸਤਣ ਦੀ ਉਡੀਕ ਕਰ ਰਿਹਾ
ਬੇਸਬਰਾ ਘੜਿਆਲ ਹਾਂ
ਕਿ ਜਿਸਦੀ ਅਵਾਜ ਨਾਲ਼
ਯੁੱਧ ਅਗਲੀ ਸਵੇਰ ਤੱਕ
ਮੁਲਤਵੀ ਕਰ ਦਿੱਤਾ ਜਾਣਾ ਹੈ
੧੬
ਹਨੇਰੀ ਰਾਤ
ਹਨੇਰੀ ਰਾਤ 'ਚ
ਸੁਨਸਾਨ ਰਾਹਵਾਂ 'ਚ
ਬੋਲਦੇ ਬੀਂਡੇ
ਆਪਣੀਆਂ ਸੋਚਾਂ ਦੇ ਧੁੰਦਲੇ ਪਰਛਾਵਿਆਂ ਤੋਂ
ਆਪਣੇ ਪੈਰਾਂ ਦੇ ਖੜਾਕ ਤੋਂ
ਖੌਫ਼ ਖਾਂਦਾ
ਭੈਭੀਤ ਹੋ ਪਿੱਛੇ ਪਰਤ ਵੇਖਦਾ ਰਾਹੀ
ਦਰਿਆ ਕਿਨਾਰੇ
ਸੰਘਣੇ ਬੇਲੇ 'ਚੋਂ ਰਾਤਾਂ ਨੂੰ ਨਿਕਲ਼ਦੇ
ਜੰਗਲੀ ਸੂਰਾਂ ਦੇ ਝੁੰਡ
ਕਮਾਦਾਂ ਦਾ ਉਜਾੜਾ ਕਰ ਹਵਾਂਕਦੇ
ਘੁਰਨਿਆਂ 'ਚ ਜਾ ਛੁਪਦੇ
ਉਜਾੜ ਮਹੱਲ 'ਚ ਪ੍ਰੇਤਾਂ ਦਾ ਨਾਚ
ਜੰਗਲੀ ਖਾਣੇ
ਆਦਮ ਮਾਸ ਦੀ ਗੰਧ
ਮਹੱਲ ਜਿਸਦੇ ਗੁੰਬਦਾਂ 'ਤੇ
ਕਲਸ ਨਹੀ ਇੱਲਾਂ ਬੈਠਦੀਆਂ ਹਨ
ਮਹੱਲ ਜਿਸਦੀਆਂ ਪੌੜੀਆਂ 'ਤੇ
ਕਾਲੀਨ ਨਹੀ ਘਾਹ ਉੱਗ ਆਇਆ ਹੈ
੧੭
ਰੁੱਖਾਂ ਦੀਆਂ ਟਹਿਣੀਆਂ 'ਤੇ ਲਮਕੇ
ਸੱਪ ਚਮਗਿੱਦੜ
ਗੁਜਰ ਕੇ ਜਾਣਾ ਹੈ ਰਾਹੀ ਨੇ
ਸ਼ੇਰਾਂ ਦੀ ਰੱਖ 'ਚੋਂ
ਸੜਕੜਿਆਂ ਨਾਲ਼ ਖਹਿੰਦਾ
ਹਵਾ ਦਾ ਸ਼ੋਰੀਲਾ ਬੁੱਲ਼੍ਹਾ
ਜਨੌਰਾਂ ਦੀਆਂ ਕੁਰਲਾਹਟ ਭਰੀਆਂ ਅਵਾਜਾਂ
ਐਸੀ ਭਿਅੰਕਰ ਰਾਤ ਵਿਚ
ਕੈਸਾ ਦਿਨ ਚੜੇਗਾ
ਮਨ ਵਿਚ ਸੁਲਘਦੇ ਨੇ
ਦਹਿਸ਼ਤ ਦੇ ਅੰਗਾਰ
ਜ਼ਖਮੀ ਪੈਰਾਂ 'ਚੋਂ ਉੱਠਦੀਆਂ ਚੀਸਾਂ
ਪਰ ਨਿਗਾਹਾਂ ਵਿਚ
ਭਖਦਾ ਅਰਮਾਨਾਂ ਦਾ ਸੇਕ
ਰਾਹੀ ਸੁਣ ਸਕਦਾ ਹੈ
ਭੌੰਕਦੇ ਕੁੱਤਿਆਂ ਦੀ ਅਵਾਜ
ਦਿੱਸ ਰਹੀ ਹੈ
ਮਜ਼ਾਰ 'ਤੇ ਬਲ਼ਦੇ ਦੀਵੇ ਦੀ ਮਧਮ ਲੋਅ
ਕਿੰਨੀ ਵੱਖਰੀ ਹੁੰਦੀ ਹੈ ਜੰਗਲ ਦੀ ਹਨੇਰੀ ਰਾਤ
ਬਸਤੀ ਦੇ ਚਿੱਟੇ ਦਿਨ ਜਿੰਨੀ ਖਤਰਨਾਕ ਵੀ ਨਹੀ
੧੮
ਖਾਮੋਸ਼ ਦਿਨ
ਧੁੰਦ 'ਚ ਲਿਪਟਿਆ ਖਾਮੋਸ਼ ਦਿਨ
ਠਰੀ ਠਰੀ ਜ਼ਿੰਦਗੀ
ਕੋਸੇ ਸਾਹ ਦੀ ਗਰਮਾਇਸ਼
ਨਸਾਂ 'ਚ ਸੁਲਘਦੀ ਯਾਦ ਜਿਹੀ
ਧੁੰਦਲਾਈਆਂ ਪਗਡੰਡੀਆਂ 'ਚ
ਧੁੰਦ ਦੇ ਗੁਬਾਰ
ਜਾਂ ਸੁਤ ਉਨੀਂਦੇ ਨੈਣਾਂ 'ਚ
ਖੁਸ਼ਕ ਹੋਏ ਪਾਣੀਆਂ ਦਾ ਝਉਲ਼ਾ
ਦਿਨ ਹੈ ਸਮਾਜ ਵਿਗਿਆਨ ਦੇ
ਪੀਰੀਅਡ ਜਿਹਾ ਨੀਰਸ
ਬੀਤਣ ਦਾ ਭੁਲੇਖਾ ਪਾਉਂਦਾ ਹੈ
ਟੁੱਟੇ ਕਰਾਰ ਵਾਂਗ ਅਧੂਰਾ
ਐ ਦਿਨ
ਪਰਛਾਂਵਿਆਂ ਦੇ ਅਕਾਰ ਸਥਿਰ ਨਾ ਕਰ
ਸਾਡੇ ਨਾਲ਼ ਐਸੀ ਬਦਸਲੀਕੀ ਨਾ ਕਰ
ਜੋ ਕਚਿਹਰੀ 'ਚ ਨਿਰਉੱਤਰ ਖੜੇ
ਬੇਕਸੂਰ ਨਾਲ਼ ਹੁੰਦੀ ਹੈ
ਦੋ ਪਰਬਤਾਂ ਵਿਚਾਲੇ ਤਿੜਕੇ ਪੁੱਲ਼ ਵਰਗੀ
ਬੇਵਫਾ ਇਬਾਰਤ
ਜੇ ਉਹ ਵਗਦੇ ਪਾਣੀ ਜਿਹੇ ਨੇ
ਤਾਂ ਮੈਂ ਵੀ ਨਦੀ 'ਚ ਪਿਆ ਪੱਥਰ ਨਹੀਂ
ਤੁਰਾਂਗਾ ਤਾਂ ਇਵੇਂ ਜਿਵੇਂ
ਬਾਗ 'ਚੋਂ ਲੰਘਦੀ ਹਵਾ ਨਾਲ਼
ਮਹਿਕ ਹੋ ਤੁਰਦੀ ਹੈ
੧੯
ਪੌਣ
ਉਹ ਤਾਂ ਪੌਣ ਸੀ
ਜੂਏ 'ਚ ਹਾਰੀ ਦਰੋਪਤੀ ਨਹੀ
ਕਿ ਭਰੀ ਸਭਾ 'ਚ
ਕਰ ਦਿੱਤੀ ਜਾਂਦੀ ਨਗਨ
ਉਹ ਹਰਗਿਜ਼ ਉਤਾਵਲੀ ਨਹੀ ਸੀ
ਮਹਿਕਾਂ ਤੋਂ ਪੱਲੂ ਛੁਡਾਉਣ ਲਈ
ਸਿਰਫ ਦਰ ਹੀ ਖੱਲੇ ਰੱਖਣੇ ਸਨ
ਹਾਕ ਦੀ ਲੋੜ੍ਹ ਨਹੀ ਸੀ
ਮੈਨੂੰ ਰੰਜ਼ ਹੈ ਉਸਤੋਂ
ਕਿ ਉਹ ਮੇਰੇ ਪਿੰਜਰੇ ਦੀ
ਕਦਰਦਾਨ ਨਹੀ
ਉਹ ਆਉਂਦੀ ਹੈ ਪਰ
ਪਰ ਪਤਾ ਨਹੀ ਕਦੋਂ ਪਿੰਜਰੇ ਦੇ
ਆਰ ਪਾਰ ਗੁਜ਼ਰ ਜਾਂਦੀ ਹੈ
ਧੜਕਦੇ ਸੀਨਿਆਂ ਦੀ ਦਾਅਵਤ ਦਾ
ਆਨੰਦ ਮਾਨਣ ਲਈ
ਸਾਹਵਾਂ ਦੇ ਨਾਲ਼
ਉਪਸਥਿਤ ਹੈ ਪੌਣ
੨੦
ਬਦਲੀ ਦੇ ਨਾਜ਼ ਨਖਰੇ ਝੱਲਦੀ
ਸਵੈਇਛਿਤ ਸਵਾਰੀ
ਹਰ ਰੱਖ ਉਹਦੇ ਨਾਮ ਬੋਲਦੀ
ਹਰ ਜੂਹ ਉਹਦੀ ਖੁਸ਼ਆਮਦੀਦ ਲਈ
ਕਮਾਨ ਵਾਂਗ ਝੁਕੀ ਹੁੰਦੀ
ਨਾ ਭਟਕੀ ਨਾ ਅਟਕੀ
ਜੇ ਕੋਈ ਪਰਬਤ ਰਾਹ ਮਲ ਖਲੋਵੇ
ਤਾਂ ਨਵੇਂ ਰਾਹਵਾਂ ਦੀ ਜੁਸਤਜੂ
੨੧
ਮੈਂ ਹੋਰ ਹਾਂ
ਮੇਰੀ ਮਹਿਬੂਬ
ਸੌਰ ਮੰਡਲ ਦੇ ਗੁਨਾਹਗਾਰ
ਤਾਰਿਆਂ 'ਤੇ ਕੀ ਫਤਵਾ ਲਾਵੇਂਗੀ
ਜੇ ਘੁਲ਼ੀਆਂ ਰੌਸ਼ਨੀਆਂ ਦੀ
ਬੇਪਛਾਣ ਤਰਤੀਬ
ਤੇਰੀ ਹਜੂਰ 'ਚ ਪੇਸ਼ ਕਰ ਦਿੱਤੀ ਗਈ
ਕਿਤੇ ਕਿਸੇ ਦੀਆਂ ਅੱਖਾਂ 'ਚ ਸੁੱਕੇ ਅੱਥਰੂਆਂ ਨੂੰ
ਆਪਣੇ ਗਦਰਾਏ ਜਿਸਮ ਦੀ
ਪੀਢੀ ਵਿਆਕਰਨ ਹੀ ਨਾ ਸਮਝ ਬੈਠੀਂ
ਨਾਜ਼ੁਕ ਕਿਨਾਰਿਆਂ ਨੂੰ ਪੁੱਛੀਂ
ਖਰੂਦੀ ਵਹਿਣਾ ਨਾਲ਼ ਕੀ ਰਿਸ਼ਤੇ ਨੇ
ਕੱਚੇ ਰਾਹਵਾਂ ਦੀ ਧੂੜ ਦਾ ਬੁੱਕ ਭਰਕੇ
ਹਵਾ 'ਚ ਉਡਾ ਦੇਵੀਂ
ਖਿਲਰੀ ਧੂੜ ਗਵਾਹੀ ਭਰੇਗੀ
ਕਿ ਇਸ ਰਾਹ ਤੋਂ ਗੁਜਰ ਗਏ
ਕਿੰਨੇ ਕਦਮਾਂ 'ਚ ਸਰਗੋਸ਼ੀ ਸੀ
ਕਿੰਨਾ ਲਹੂ ਲੁਹਾਨ ਪੈੜਾਂ ਨੇ
ਧੂੜ ਵਿਚ ਰੰਗ ਭਰੇ ਨੇ
੨੨
ਮੰਦਰ 'ਚੋਂ ਜਗਦੇ ਦੀਵਿਆਂ 'ਚੋਂ
ਤੇਲ ਡੋਲ ਗਏ ਨੇ ਮਸਾਣੀ ਪਰਛਾਂਵੇਂ
ਤੇ ਸਹਿਮੀ ਆਰਤੀ
ਟੱਲੀਆਂ ਦੀ ਆੜ 'ਚ
ਖੁਦਾ ਦੇ ਗਲ਼ ਕਾਲ਼ੇ ਫੁੱਲਾਂ ਦੇ ਹਾਰ ਪਾ
ਹੋ ਮੁੜੀ ਹੈ ਦਰਗਾਹੋਂ
ਕੋਈ ਸੋਗੀ ਗੀਤ ਗਾ
ਹੈਰਾਨਕੁਨ ਫਰਿਸ਼ਤੇ ਪੁੱਛਣਗੇ
ਇਹ ਤੱਤ ਸਾਡੇ ਕਿਸ ਕੰਮ
ਮੈਂ ਦੱਸ ਦਿਆਂਗਾ
ਮੈਂ ਨਹੀਂ ਹਾਂ
ਮੈਂ ਹੋਰ ਹਾਂ
੨੩
ਬਰਸਾਤ
ਪੁਰਾਣੇ ਬੋਹੜ ਦੀ ਦਾਹੜੀ ਨਾਲ਼
ਲਾਲ ਕੱਪੜਾ ਬੰਨ੍ਹ
ਪਰਕਰਮਾ ਕਰ ਮੁੜ ਜਾਵੀਂ
ਸੁਪਨਮਈ ਸੰਸਾਰ 'ਚ
ਹਿਜ਼ਰ ਦੇ ਮਿੱਠੇ ਦਰਦ ਦੀ
ਹੋਰ ਕੋਈ ਦਵਾ ਵੀ ਤੇ ਨਹੀ
ਖਾਰਾ ਪਾਣੀ ਮਿਲ਼ੀ ਕੱਚੀ ਲੱਸੀ
ਵਰਮੀ 'ਤੇ ਡੋਹਲ
ਜਦੋਂ ਮਨ ਵਿਚ ਤੂੰ ਇੱਛਾਧਾਰੀ
ਤਾਂ ਮੈਂ ਵੱਲਾਂ ਨੂੰ ਲੱਗੇ ਫੁੱਲ ਵੇਖ
ਸਮਝ ਗਿਆ ਭਰਪੂਰ ਫਲ ਪਏਗਾ
੨੪
ਤੁੰ ਜਰੂਰ ਮਿਲ਼ੇਂਗੀ
ਮੇਰੇ ਮਹਾਂ ਕਵਿ ਦੀ ਨਾਇਕਾ ਬਣ
ਤੇ ਗਿਆਨ ਹੋ ਹੀ ਜਾਣਾ ਸੀ
ਉਹ ਕੱਚੀਆਂ ਟਿੰਡਾਂ ਦੀ
ਖੂਹ ਦੀ ਮੌਣ 'ਤੇ ਖਿਲਰੀ ਟੁੱਟ ਭੱਜ ਸੀ
ਜਾਂ ਕਿਸੇ ਪਰਾਏ ਗ੍ਰਹਿ ਤੋਂ ਆਈ ਉੱਡਣ ਤਸ਼ਤਰੀ
ਮੇਰਾ ਤੇਰੀ ਜ਼ਿੰਦਗੀ 'ਚ ਦਖਲ
ਝੋਨੇ 'ਚ ਉੱਗੇ ਡੀਲ਼ੇ ਵਾਂਗ
ਕੱਚੀ ਕੰਧ 'ਤੇ ਪਰੋਲ਼ੇ ਨਾਲ਼ ਵਾਹੇ
ਮੋਰ ਘੁੱਗੀਆਂ ਵਰਗਾ
ਪਹਿਲੀ ਬਰਸਾਤ 'ਚ ਖੁਰ ਜਾਣ ਵਾਲ਼ਾ
ਕੌਣ ਚਾਹੇਗਾ
ਅੰਗੂਰਾਂ ਨੂੰ ਹਾਲਾਤ ਆਸਰੇ ਛੱਡ
ਅੱਕਾਂ ਨੂੰ ਵਾੜਾਂ ਕਰਨੀਆਂ
ਇਸ ਤੋਂ ਪਹਿਲਾਂ ਕਿ ਰਸਮੀ ਐਲਾਨ ਹੁੰਦੇ
ਗਲ਼ੀਆਂ 'ਚ ਦਾਖ਼ਿਲ ਹਵਾਵਾਂ ਨੇ ਗੁਜ਼ਰ ਜਾਣਾ ਸੀ
ਜੰਮੀ ਧੂੜ 'ਚੋਂ ਦਿੱਸਦੇ ਧੁੰਦਲੇ ਅਕਸ
ਕਦ ਕਰੇਗੀ ਬਰਸਾਤ ਸਾਫ
ਇੰਤਜ਼ਾਰ ਹੈ
੨੫
ਵਿਸ਼ਵਾਸ਼
ਬੀਤ ਗਿਆ ਹੈ
ਮੱਕਾਰ ਨੇਤਾ ਦੇ ਗੰਜ ਵਰਗੀ
ਅਹਿੰਸਾ ਦਾ ਅਛੂਤ ਦੌਰ
ਏਸ ਤੋਂ ਪਹਿਲਾਂ ਕਿ ਬੀਤ ਜਾਵੇ
ਅਜਾਦ ਫਿਜ਼ਾ ਵਿਚ
ਬਚੇ ਸਾਹ ਲੈਣ ਦੀ ਆਖਰੀ ਇੱਛਾ
ਆਉ ਲੱਭੀਏ
ਪਹਾੜੀ ਪਰਦੇਸ ਅੰਦਰ ਵੱਸੇ
ਉਸ ਮਹਾਂਰਿਖੀ ਦਾ ਪਤਾ
ਜਿਥੇ ਕਦੀ ਅਸੀਂ
ਬੌਧਿਕ ਗਿਆਨ ਨਾਲ਼
ਨਿਵਾਜੇ ਗਏ ਸਾਂ
ਤੇ ਕਹੀਏ ਸਾਨੂੰ ਸਾਡੇ ਹਥਿਆਰ ਮੋੜ ਦੇ
ਅਸੀਂ ਪਸੀਨੇ ਨਾਲ਼ ਲਾਹਵਾਂਗੇ
ਹਥਿਆਰਾਂ 'ਤੇ ਲੱਗਿਆ ਜੰਗਾਲ਼
ਸੀਨਿਆਂ 'ਚ ਸਾਂਭੇ ਸੁੱਕੇ ਬਰੂਦ ਨੂੰ
ਕੋਈ ਪਤਾ ਨਹੀ
ਕਦੋਂ ਚਿੰਗਾਰੀ ਲੱਗ ਜਾਵੇ
ਤੇ ਦੁਸ਼ਮਣਾਂ ਦੇ ਰੰਗਮਹਿਲ ਭਰ ਦਿੱਤੇ ਜਾਣ
ਦੁਰਗੰਧਿਤ ਬਾਰੂਦ ਦੀ ਸੜਿਆਂਦ ਨਾਲ
੨੬
ਤੂੰ ਮੇਰੇ ਮੱਥੇ 'ਤੇ ਤਿਲਕ ਲਾ
ਮੇਰੀ ਤਲ਼ੀ 'ਤੇ ਦੀਵਾ ਬਾਲ
ਕਿਸੇ ਤੋੜੇ ਮਰੋੜੇ ਪੱਥਰ ਦੀ
ਆਰਤੀ ਲਈ ਮਜਬੂਰ ਨਾਂ ਕਰੀਂ
ਸਗੋਂ ਤੋਰ ਦੇਵੀਂ
ਰਾਖਸ਼ਾਂ ਦੀਆਂ ਹਨੇਰੀਆਂ ਗੁਫ਼ਾਵਾਂ ਵੱਲ
ਜਿੱਥੇ ਅਜੇ ਵੀ ਮੇਰੇ ਮਿੱਤਰਾਂ ਦੇ ਲਹੂ ਦੀ ਸਿੱਲ ਹੈ
ਤੂੰ ਹੁਣ ਵੇਖ ਮੁਰਾ ਵਿਸ਼ਵਾਸ਼
ਲਾਲ ਕਿਲੇ ਦੀ ਫਸੀਲ ਤੋਂ ਝੂਲੇਗਾ
੨੭
ਧੁਆਂਖੀ ਹਵਾ
ਅਜਿਹੇ ਲੇਖਾਂ ਦਾ ਕੀ ਏ
ਜੋ ਟੁੱਟੇ ਤਾਰੇ ਦੀ ਰਾਖ ਨਾਲ਼ ਉਕਰੇ ਹੋਣ
ਅਸੀਂ ਖੰਭ ਕੱਟੇ ਪੰਛੀ
ਸਿਰਫ Àੇਡਾਣਾ ਦਾ ਕਿਆਸ ਹੀ ਕਰ ਸਕਦੇ ਹਾਂ
ਤੂੰ ਆਪਣੇ ਖੰਭਾਂ ਦੀਆਂ ਖਰਮਸਤੀਆਂ ਸਹਿਤ
ਮੈਥੋਂ ਫਾਸਲੇ 'ਤੇ ਰਹੀਂ
ਸਿਆਹੀਦਾਨ 'ਚ ਘੁਲ਼ੇ ਲਹੂ ਨਾਲ਼
ਕਾਗਜ਼ਾਂ 'ਤੇ ਲਿਖੇ ਨਹੀ
ਹਿਰਦੇ ਝਰੀਟੇ ਜਾਂਦੇ ਨੇ ਸ਼ਬਦਾਂ ਨਾਲ਼
ਐ ਹਵਾ ਤੇਰੀਆਂ ਅਠਖੇਲੀਆਂ ਨਾਲ਼
ਆ ਗਿਆ ਹੈ ਸਾਡੇ ਮਾਤਮਾ ਦਾ ਕੀਤਾ ਕਰਾਰ
ਇਹ ਪੀਲੇ ਪੱਤਿਆਂ ਦਾ ਝੜਨ ਵੇਲ਼ਾ ਹੈ
ਮੈਥੋਂ ਤੇਰੀ ਦੋਸਤੀ ਨੂੰ ਕੋਈ
ਖ਼ੂਬਸੂਰਤ ਨਾਮ ਨਹੀ ਦੇ ਹੋਣਾ
ਸ਼ਹਿਰ ਬਲ਼ ਚੁੱਕਾ ਹੈ
ਤੂੰ ਧੁਖਦੇ ਖੰਡਰਾਤ 'ਤੇ ਦੀਵਾ ਜਗਾ
ਝੀਲ ਵਿਚਲੇ ਸ਼ਿਕਾਰਿਆਂ ਦੀ
ਅਰਾਮਗਾਹ 'ਚ ਪਰਤ ਜਾਵੀਂ
ਤੇ ਬਲ਼ਦੇ ਸ਼ਹਿਰ ਵੱਲੋਂ ਆਉਂਦੀ ਧੁਆਂਖੀ ਹਵਾ
ਸ਼ਾਇਦ ਰੁਖ ਬਦਲ ਜਾਵੇ
੨੮
ਭਟਕੀ ਸੁਰ
ਸੁਰਮਈ ਸੰਗੀਤਕ ਸ਼ਾਮ 'ਚੋਂ
ਜੇ ਇਕ ਅੱਧ ਤਰੰਗ
ਬਹਿਕ ਵੀ ਜਾਵੇ
ਤਾਂ ਕੇਹੀ ਆਫਤ
ਸਿਰਫ ਇਕ ਤਲਿਸਮ ਹੀ ਟੁੱਟਦਾ ਏ
ਔਝੜ ਰਾਹੇ ਪਏ ਕਦੋਂ ਭੀੜਾਂ ਦਾ ਅੰਗ ਬਣੇ ਨੇ
ਪੱਤੇ ਤੋਂ ਤਿਲਕੀ ਬੂੰਦ ਦੀ
ਕਾਹਦੀ ਦਾਅਵੇਦਾਰੀ ਹੈ
ਬਹਾਰ ਦਾ ਮਨਹੂਸ ਚਿਹਰਾ
ਵੇਖਣ ਤੋਂ ਪਹਿਲਾਂ ਕਿਰ ਗਿਆਂ ਨੂੰ
ਸਵਰਗ ਦੀ ਚਾਹਤ ਨਹੀ
ਆਖ਼ਿਰ ਕਿੰਨੀ ਕੁ ਦੇਰ
ਨੈਣਾਂ 'ਚ ਰੁਕੇਗੀ ਜਲਧਾਰਾ
ਬਹਿਕਿਆ ਮੌਸਮ ਹਾਜ਼ਿਰ ਹੈ
ਬੇਕਿਰਕ ਇਰਾਦਿਆਂ ਸਹਿਤ
ਜੇ ਤੂੰ ਕਿਸੇ ਸਿਰਫਿਰੇ ਸੰਗੀਤਕਾਰ ਦੀ
ਭਟਕੀ ਸੁਰ ਹੈਂ
ਤਾਂ ਆ ਮੇਰੇ ਨਾਲ਼
ਬਹਿਕੇ ਮੌਸਮਾਂ ਦਾ ਸੁਆਗਤ ਕਰੀਏ
੨੯
ਟਿਕਾਉ
ਮੇਰੇ ਜੋ ਜਾਗਦੇ ਨੈਣਾਂ ਦੇ ਖਾਅਬ ਨੇ
ਮੇਰੇ ਮਸਤਕ ਦੇ ਧੁਰ ਅਸਮਾਨੋਂ
ਕਿਰ ਜਾਣੇ ਨੇ
ਜਾਂ ਫਿਰ ਮੈਂ ਹੀ ਰੇਤ ਵਿਚ
ਬਦਲ ਜਾਣਾ ਹੈ
ਰਹਿ ਜਾਣੇ ਨੇ ਬਸ
ਹਾਰੀਆਂ ਮੁਹਿੰਮਾਂ ਦੇ ਪਾਟੇ ਪਰਚਮ
ਯੁੱਧ ਭੂਮੀ 'ਚ ਬਿਖਰੇ ਸਰੀਰ
ਗਰਿਹੇ ਘਾਉ ਨੇ
ਮਲ੍ਹਮ ਤਾਂ ਨਾਕਾਫੀ ਹੈ ਨਿਰੋਗਤਾ ਲਈ
ਇਹ ਘਾਉ ਤਾਂ ਮੇਰੇ ਅੰਦਰ
ਸੁਲ਼ਘਦੀ ਤੇਹ ਦੇ ਨਾਮ ਹਨ
ਛਾਈ ਰਹਿੰਦੀ ਹੈ ਰੋਗੀ ਰੁੱਤ
ਸੁਲਘਦੀ ਤੇਹ ਲੈ
ਰਵਾਨਗੀ ਪਾ ਦੇਈਏ
ਉਦਾਸ ਮੌਸਮਾਂ ਦੇ ਮਗਰ
੩੦
ਬੇਵਿਸ਼ਵਾਸ਼ ਜੂਹਾਂ 'ਚੋਂ
ਨਿਕਲ਼ਦੀਆਂ ਪਗਡੰਡੀਆਂ
ਸਿਰਫ ਭਟਕਣਾ ਦੀ ਧੂੜ
ਜਾਂ ਭਟਕਿਆਂ ਦੀ ਭੀੜ
ਵੱਧ ਤੋਂ ਵੱਧ
ਹਾਰ ਗਏ
ਹੰਭ ਗਏ
ਜਾਂ ਕਿਰ ਗਿਆਂ ਦੀਆਂ ਖੋਟੀਆਂ ਨਸੀਹਤਾਂ
ਅਧੂਰੇ ਸਫਰਾਂ ਤੋਂ ਖਿਮਾ ਜਾਚਨਾ ਕਰ
ਹੁਣ ਪਰਤਦੇ ਹਾਂ ਆਪਣੇ ਆਗੋਸ਼ 'ਚੋਂ ਉੱਠਦੇ
ਲੈਅਮਈ ਝਰਨੇ ਵੱਲ
ਹੁਣ ਟਿਕਾÀ ਲੋੜ੍ਹੀਦੇ ਹਨ
੩੧
ਸਾਇਆ
ਐ ਮਿਰਗਨੈਣੀ
ਜੋ ਸਾਇਆ ਮੰਡਰਾਉਂਦਾ ਹੈ
ਤੇਰੇ ਆਸ ਪਾਸ
ਅੱਗੇ ਪਿੱਛੇ
ਇਹ ਹੋਰ ਨਹੀ
ਮੇਰੇ ਹੀ ਸੜ ਮਰੇ
ਵਜੂਦ ਦੀ ਭਟਕਦੀ ਪਿਆਸ ਹੈ
ਇਹ ਮੁਰਝਾਏ ਫੁੱਲ ਦੀਆਂ
ਬਿਖਰੀਆਂ ਪੱਤੀਆਂ ਦੀ ਘਾਇਲ ਖੁਸ਼ਬੂ ਹੈ
ਜਿਸ ਨੂੰ ਬਿਖਰ ਜਾਣ ਲਈ
ਹਵਾਵਾਂ ਤੋਂ ਰਾਹਦਾਰੀ ਨਹੀ ਮਿਲ਼ੀ
ਇਹ ਸਿਰਫ ਸਾਇਆ ਹੀ ਨਹੀ
ਪਤਝੜ੍ਹੀ ਮੌਸਮ ਦਾ
ਬਹਾਰ ਲਈ ਲਿਆ ਹਟਕੋਰਾ ਵੀ ਹੈ
ਜਾਂ ਫਿਰ ਹਾਦਸਾਗ੍ਰਸਤ ਪਲਾਂ ਦਾ
ਦੁਖਦ ਕੁਹਰਾਮ
ਇਹ ਪਲ
ਹਨੇਰੇ ਯੁੱਗ ਵਿਚ
ਵਿਰਾਨ ਗੁਫਾ ਅੰਦਰ ਕੀਤੀ
ਨੱਕਾਸ਼ੀ ਜਿਹੇ ਹਨ
ਨਾ ਕਿ ਸੁਨਹਿਰੀ ਫਰੇਮ ਜੜੀ
ਵਿਕਾਊ ਬਜ਼ਾਰੀ ਕਲਾਕ੍ਰਿਤ ਜਿਹੇ
੩੨
ਜੀਉਣ ਯੋਗ
ਪਲ ਪਲ ਮਰਨ ਲਈ
ਛੱਡ ਦਿੱਤੇ ਗਏ ਹਾਂ
ਜੀਵਨ ਨਾਲ ਭਰਪੂਰ
ਧੜਕਦੇ ਗ੍ਰਹਿ 'ਤੇ
ਜੀਣ ਯੋਗ ਪਲਾਂ ਦੀ ਤਲਾਸ਼
ਸ਼ੁਰੂ ਹੈ ਜੀਵਨ ਗ੍ਰਹਿ 'ਤੇ
ਜਿਵੇਂ ਧੁਰ ਦਰਗਾਹੋਂ ਨਕਾਰੀਆਂ ਰੂਹਾਂ
ਆਪਣੀ ਹੀ ਰਚੀ ਸਾਜਿਸ਼ ਦਾ
ਸ਼ਿਕਾਰ ਹੋਣ ਆਈਆਂ ਹੋਣ
ਪਲ ਪਲ ਮਰਨ ਲਈ ਕਾਫ਼ੀ ਨਹੀ ਹੁੰਦੇ
ਆਪਣੇ ਹਿੱਸੇ ਦੇ ਜੀਵੇ ਪਲ
ਮਰਨ ਲਈ ਤਾਂ ਫੁਰਸਤ ਵੀ ਚਾਹੀਦੀ ਹੈ
ਅੰਨ੍ਹੇ ਖੂਹ 'ਚ ਡਿੱਗੇ
ਮਾਸੂਮ ਬੋਟ ਦੀ ਚਹਿਚਹਾਅਹਟ
ਬੁਝ ਰਹੇ ਦੀਵੇ ਦੀ ਲੋਅ ਵਾਂਗ
ਬੰਦ ਗਲ਼ੀ 'ਚ ਦਮ ਤੋੜ ਚੁੱਕੀ ਹਰਕਤ
ਟੁੱਟ ਹੀ ਗਏ ਜਦੋਂ
ਬਾਹੂਬਲ ਦੇ ਮਾਣ
ਤਾਂ ਪਲ ਪਲ ਮਰਨ ਲਈ ਕਾਫੀ ਹੈ
ਪਲ ਪਲ ਜੀਉਣਾਂ
ਤੇ ਜੀਵਿਂਦਿਆਂ ਮਰ ਰਹਿਣਾ
੩੩
ਜੀਣ ਦਿਉ
ਝੂਟਦੇ ਰਹੋ ਤੁਸੀ
ਦੁਨੀਆਂ ਦੇ ਇਤਿਹਾਸ ਦੀ
ਸਭ ਤੋਂ ਉਨਤ ਸਭਿਅਤਾ ਦਾ ਪੰਘੂੜਾ
ਲਿਪਟੇ ਰਹੋ ਆਪਣੇ
ਲੈਪਟਾਪ ਕੰਪਿਊਟਰਾਂ ਸੰਗ
ਤੁਹਾਡੀ ਫਾਈਵ ਸਟਾਰ ਜਿੰਦਗੀ
ਤੁਹਾਨੂੰ ਮੁਬਾਰਕ
ਅਸੀਂ ਹੋਰ ਕੁਝ ਨਹੀ ਮੰਗਦੇ
ਬਸ ਸਾਡਿਆਂ ਘਰਾਂ ਨੂੰ
ਹੱਡੋਰੋੜੀਆਂ 'ਚ ਤਬਦੀਲ ਨਾ ਕਰੋ
ਜਿੰਨ੍ਹਾਂ ਖੇਤਾਂ ਵਿਚ ਅਸੀਂ ਜਿੰਦਗੀ ਦੇ
ਸੁਪਨੇ ਬੀਜਦੇ ਹਾਂ
ਮਾਤਮਾ ਦੀ ਫਸਲ ਦਾ ਛੱਟਾ ਨਾ ਦਿਉ
ਜੀਣ ਤਾਂ ਦਿਉ
ਪਸ਼ੂਆਂ ਦੀ ਜੂਨੇ ਹੀ ਸਹੀ
ਅਸੀਂ ਮੁੜ ਵਸਾਉਨੇ ਹਾਂ ਸਭਿਅਤਾ
ਜੋ ਦਮ ਤੋੜ ਦੇਂਦੀ ਹੈ
ਤੁਹਾਡੇ ਸ਼ਾਹੀ ਫੁਰਮਾਨਾ ਦੇ ਭਾਰ ਹੇਠ
ਤੁਸੀਂ ਐਲਾਨ ਕੀਤਾ ਕਿ
ਹੁਣ ਅਮਨ ਅਮਾਨ ਹੈ
੩੪
ਬੀਤ ਗਿਆ ਹੈ ਉਜਾੜੇ ਦਾ ਇਕ ਯੁੱਗ
ਤੇ ਅਸੀਂ ਮੁੜ ਆਏ
ਉਜੜੇ ਘਰ ਮੁੜ ਵਸਾਉਣ ਲਈ
ਵਿਰਾਨ ਖੇਤਾਂ ਨੂੰ ਵਾਹ ਸਵਾਰ
ਮੁੜ ਸੁਪਨੇ ਬੀਜਣ ਲਈ
ਜਿਵੇਂ ਕਿਸੇ ਮਹਾਂਰਿਸ਼ੀ ਦੇ ਸਰਾਪ ਨਾਲ਼
ਸਿੱਲ ਪੱਥਰ ਹੋਈ ਅਪਸਰਾ
ਕਿਸੇ ਦੇਵਤੇ ਦਾ ਹੱਥ ਲੱਗਣ ਨਾਲ਼
ਮੁੜ ਅੰਗੜਾਈਆਂ ਲੈਣ ਲੱਗੇ
ਦੂਰ ਤੱਕ ਖਿਲਰੇ ਪਸ਼ੂਆਂ ਦੇ ਚੀਥੜੇ
ਆ ਚੜੇ ਬਰੂਦੀ ਸੁਰੰਗਾਂ 'ਤੇ ਮਾਰੇ ਗਏ
ਢੋਰ ਡੰਗਰ ਕੀ ਜਾਨਣ
ਇਨਸਾਨਾਂ ਆਪਣੀ ਨਸਲ ਦਾ ਘਾਤ ਕਰਨ ਲਈ
ਕੀ ਜਾਲ ਵਿਛਾਏ
ਕੀ ਕਾਢਾਂ ਕੱਢੀਆਂ
ਪਸ਼ੂ ਧਰਤੀ 'ਤੇ ਲੀਕਾਂ ਨਹੀ ਵਾਹੁੰਦੇ
ਪਰ ਭੇਟਾ ਚੜ੍ਹ ਜਾਂਦੇ ਨੇ
ਤੁਹਾਡੀਆਂ ਵਾਹੀਆਂ ਲੀਕਾਂ ਦੇ
ਤੁਸੀਂ ਝੂਟਦੇ ਰਹੋ
ਦੁਨੀਆਂ ਦੇ ਇਤਿਹਾਸ ਦੀ
ਸਭ ਤੋਂ ਉਨਤ ਸਭਿਅਤਾ ਦਾ ਪੰਘੂੜਾ
ਸਾਨੂੰ ਝੂਰਦੇ ਰਹਿਣ ਦਿਉ
ਆਪਣੀ ਹੋਂਦ ਦੇ ਅਹਿਸਾਸ ਸੰਗ
ਜੀਣ ਤਾਂ ਦਿਉ
ਪਸ਼ੂਆਂ ਦੀ ਜੂਨੇ ਹੀ ਸਹੀ
(ਖੇਤਾਂ ਵਿਚ ਬਾਰੂਦੀ ਸੁਰੰਗਾਂ ਲੱਗਣ 'ਤੇ)
੩੫
ਉਡਾਨ
ਡੇਢ ਫੁੱਟ ਦੀ ਦੂਰੀ ਤੋਂ
ਜੋ ਅਖ਼ਬਾਰ ਪੜ੍ਹਦੇ ਨੇ
ਦਸ ਨੰਬਰ ਦੀਆਂ ਐਨਕਾਂ ਲਾ
ਤੇ ਤੁਰ ਪੈਂਦੇ ਨੇ ਮਾਪਣ
ਕਵਿਤਾ ਦੀ ਗਹਿਰਾਈ
ਬੰਦ ਕਮਰਿਆਂ 'ਚ ਬੈਠ
ਕਾਵਿ ਉਡਾਰੀ ਪਾ ਆਉਂਦੇ ਨੇ
ਇਹਨਾਂ ਦੇ ਭਾਣੇ ਕਾਵਿਕਤਾ ਦਾ ਸੂਰਜ
ਇਹਨਾਂ ਦੇ ਘਰ ਦੀ ਇਕ ਨੁੱਕਰੋਂ ਉਦੇ ਹੋ
ਦੂਜੀ ਨੁੱਕਰੇ ਜਾ ਛੁਪਦਾ
ਪਰ ਕਾਵਿਕਤਾ ਸਮੇ ਤੋਂ ਆਜਾਦ
ਰੁੱਤਾਂ ਮੌਸਮਾਂ ਦੇ ਗੇੜ ਤੋਂ ਮੁਕਤ
ਸਭ ਤਰਕਾਂ ਵੱਲੋਂ ਭਗੌੜੇ ਕਰਾਰ ਦਿੱਤੇ
ਪੱਥਰ ਯੁੱਗ ਦੀ ਤਲਾਸ਼ ਵਿਚ ਭਟਕਦੇ
ਉੱਜੜੇ ਦਿਲਾਂ ਦੀ ਸ਼ਰਨਗਾਹ ਹੈ
ਇਹ ਅੰਧਵਿਸ਼ਵਾਸ਼ਾਂ ਦੀ ਡੂੰਘੀ ਖੱਡ ਨਹੀਂ
ਇਹ ਇਸਦੀ ਗਹਿਰਾਈ ਹੈ
ਇਹ ਫੋਕੇ ਹਵਾਈ ਕਿਲੇ ਨਹੀ
ਮਿਸਾਲੀ ਉਡਾਰੀ ਹੈ
੩੬
ਸਾਨੂੰ ਅੰਧਵਿਸ਼ਵਾਸ਼ਾਂ ਦਾ ਮੋਹਰੀ ਕਰਾਰ ਦੇ ਦਿਉ
ਅਸੀਂ ਤਰਕਾਂ ਦੇ ਹਿਰਾਵਲ ਦਸਤੇ ਦਾ
ਅਸੀਂ ਉਂਗਲ ਨੂੰ ਲਹੂ ਲਾ ਸ਼ਹੀਦ ਬਣ
ਪੂਜਾ ਨਹੀ ਕਰਾਉਣੀ
ਸਦੀਵੀ ਸੱਚ ਦੀ ਤਲਾਸ਼ ਵਿਚ ਭਟਕਦੇ ਕਾਫਲੇ
ਸਦੀਆਂ ਮਗਰੋਂ
ਅੰਧਵਿਸ਼ਵਾਸ਼ਾਂ ਦੀਆਂ ਪੰਡਾਂ ਸਿਰ 'ਤੇ ਚਾਈ
ਘਰ ਪਰਤ ਆਉਂਦੇ ਨੇ
ਤੁਸੀਂ ਇੱਕੀਂਵੀ ਬਾਈਵੀਂ ਤੇਈਵੀਂ ਸਦੀ ਦੇ
ਖਿਆਲੀ ਕਮਾਦਾਂ ਵੱਲ ਵੇਖ
ਯਥਾਰਥਵਾਦੀ ਤੇ ਆਧੁਨਿਕਵਾਦੀ
ਗਿੱਦੜ ਦਾ ਲੇਬਲ ਲਾ ਹਵਾਂਕਦੇ ਰਹੋ
ਤੇ ਮੈਂ ਸਿਰਫ ਇਨਾਂ ਚਾਹੁੰਨਾ
ਲੰਘੀਆਂ ਸਦੀਆਂ ਵੱਲ ਹਨੇਰੀ ਬਣ ਵਗ ਤੁਰਨਾ
ਤੇ ਕਈ ਸਦੀਆਂ ਪਿੱਛੇ ਖਲੋ
ਉੱਚੀ ਹੇਕ ਲਾ
ਵਰਜ ਦਿਆਂ ਤਰਕਾਂ ਨੂੰ
ਕਿ ਅੰਨ੍ਹੇ ਵਿਸ਼ਵਾਸ਼ ਦਾ ਕਤਲ ਨਾ ਕਰਿਉ
ਇਸੇ ਵਿਚ ਕਾਵਿਕਤਾ ਜੇ
੩੭
ਕਦੀ ਕਦੀ ਦਲੀਲਾਂ ਤੋਂ ਮੂੰਹ ਮੋੜ
ਤਰਕਾਂ ਤੋਂ ਅੱਖਾਂ ਬੰਦ ਕਰ
ਆਪਣੇ ਅੰਦਰ ਦੇ
ਅੰਨ੍ਹੇ ਵਿਸ਼ਵਾਸ਼ ਦੇ ਗਹਿਰੇ ਸਮੁੰਦਰ 'ਚ ਲਹਿ ਜਾਉ
ਤੇ ਚੁਗ ਲਿਉ ਮੋਤੀ
ਜਿਸ ਦਿਨ ਅੰਨ੍ਹੇ ਵਿਸ਼ਵਾਸ਼ ਦਾ ਕਤਲ ਹੋਇਆ
ਕਾਵਿਕਤਾ ਨਹੀਂ ਰਹੇਗੀ
ਤਰਕ ਦੇ ਖੁਸ਼ਕ ਸੰਘ ਵਿਚੋਂ
ਜਿੱਤ ਦੇ ਬਿਗਲ ਦੀ ਮਰੀਅਲ ਅਵਾਜ ਨਿਕਲੇਗੀ
ਪਰ ਕਵਿਤਾ ਨਜ਼ਰ ਨਹੀ ਆਏਗੀ
ਰਹਿ ਜਾਣਗੀਆਂ ਸੁੱਕੇ ਟੁੱਕੜਾਂ ਪਿੱਛੇ
ਕਾਵਾਂਰੌਲ਼ੀ ਗੋਸ਼ਟੀਆਂ
੩੮
ਲੋਕਤੰਤਰ
ਲੋਕਤੰਤਰ ਮੇਰੀ ਵੋਟ ਦਾ ਹੱਕ
ਜਾ ਉਤਰੇ
ਅੰਨ੍ਹੇ ਖੂਹ ਵਰਗੇ ਵੋਟ ਬਕਸਿਆਂ 'ਚ
ਤੇ ਮੈਂ ਵਾਅਦਿਆਂ ਲਾਰਿਆਂ ਡਰਾਵਿਆਂ ਦੀ ਪੰਡ ਚੁੱਕੀ
ਬੇਰੰਗ ਪਰਤ ਜਾਵਾਂ
ਤੁਹਾਡੇ ਹੱਥੋਂ ਜ਼ਲੀਲ ਹੋਣ ਲਈ
ਤੇ ਸਭ ਹੱਕ ਤੁਹਾਡੇ ਹੋ ਜਾਂਦੇ
ਮੈਂ ਰੋ ਕੁਰਲਾਅ ਵੀ ਨਹੀ ਸਕਦਾ
ਕਿਉਂਕਿ ਸਭ ਹੱਕ ਤੁਹਾਡੇ ਹੋ ਜਾਂਦੇ
ਜਾਣ ਗਿਆ ਹਾਂ ਕਿ ਤੁਸੀਂ
ਆਖਿਰ ਉਹਨਾਂ ਦੇ ਹੋ ਜਾਣਾ ਹੈ
ਜਿਨ੍ਹਾਂ ਸਾਡੀ ਪੁਰਖਿਆਂ ਦੀ ਧਰਤੀ ਵੱਲ
ਉਂਗਲ ਕਰਕੇ ਕਹਿ ਦੇਣਾ ਹੈ
ਕਿ ਇਹ ਅੱਜ ਤੋਂ ਸਾਡੀ ਹੋ ਗਈ
ਸਰਮਾਏ ਦੇ ਆਫਰੇ ਇਹ ਧਾੜਵੀ
ਸਾਡੇ ਪਿੰਡਾਂ ਦੇ ਮਾਲਿਕ ਬਣ
ਸਾਨੂੰ ਕੂੜਾ ਕਰਕਟ ਸਮਝ ਹੂੰਝਣ ਆਉਂਦੇ
ਤਾਂ ਤੁਸੀਂ ਉਹਨਾਂ ਦੀ ਪਿੱਠ 'ਤੇ ਖਲੋ ਕੇ ਐਲਾਨ ਕਰਦੇ ਹੋ
ਕਿ ਸ਼ਾਹੀ ਮਹਿਮਾਨਾਂ ਦੇ ਸ਼ਿਕਾਰ ਖੇਡਣ ਲਈ
ਜਰੂਰੀ ਹੁੰਦਾ ਹੈ ਘੁੱਗੀਆਂ ਦਾ ਫੁੰਡੇ ਜਾਣਾ
੩੯
ਚੇਤਰ ਦੀ ਸੰਗਰਾਂਦ
ਜਿਨਾਂ ਦੇ ਪੂਰਵਜਾਂ ਦੀਆਂ ਪੀੜ੍ਹੀਆਂ
ਮੇਰੀ ਛਾਂ ਹੇਠ ਪਰਵਾਨ ਚੜ੍ਹੀਆਂ
ਉਨਾ ਮਨਾਂ 'ਚੋਂ ਦੇ ਦਿੱਤਾ ਦੇਸ ਨਿਕਾਲ਼ਾ
ਮੈਂ ਹਰ ਵਾਰ ਮੋਹ ਭਰੀ
ਦਸਤਕ ਦਿੰਦਾ ਹਾਂ
ਪਰ ਤੁਹਾਡੀਆਂ ਮੁਸਕਾਨਾਂ ਦੀ
ਭੀਖ ਲਏ ਬਗੈਰ ਹੀ
ਖਾਲੀ ਝੋਲ਼ੀ ਲਈ ਪਰਤ ਜਾਂਦਾ ਹਾਂ
ਮੇਰੀਆਂ ਰੁੱਤਾਂ ਮੇਰੇ ਮੌਸਮਾਂ ਨੂੰ
ਖੋਹ ਕੇ ਮੇਰੇ ਕੋਲ਼ੋਂ
ਤੁਸਾਂ ਮੜ੍ਹ ਲਿਆ ਪਰਾਏ ਚੌਖਟਿਆਂ 'ਚ
ਮੇਰੀ ਬਸੰਤ ਰੁਤ ਦੇ ਗੀਤ
ਗੁਆਚ ਗਏ ਵੈਲੇਨਟਾਈਨ ਦੇ ਸ਼ੋਰ 'ਚ
੪੦
ਪਰ ਮੈਂ ਆਪਣੇ
ਜੱਟ 'ਤੇ ਸੀਰੀ ਪੁੱਤਰਾਂ ਦੇ ਹਿਸਾਬਾਂ ਕਿਤਾਬਾਂ 'ਚ
ਗਹਿਣੇ ਬੈਅ ਤੇ ਵਿਆਜ ਦੇ ਨਿਬੇੜਿਆਂ 'ਚ
ਕਦੇ ਕਦੇ ਆ ਸ਼ਾਮਿਲ ਹੁੰਦਾ ਹਾਂ
ਕਲ ਸ਼ਾਇਦ ਉੱਥੋਂ ਵੀ ਮੇਰਾ ਹਿਸਾਬ ਸਾਫ ਹੋ ਜਾਵੇ
ਤੁਸੀਂ ਉਡੀਕਦੇ ਹੋ ਇਕ ਜਨਵਰੀ
ਮੈਂ ਤੁਹਾਡਾ ਆਪਣਾ ਨਵਾਂ ਸਾਲ
ਇਕ ਚੇਤਰ ਹਾਂ
ਪਰ ਤੁਹਾਡੇ ਲਈ ਕਦੋਂ ਦਾ ਪੁਰਾਣਾ ਹੋ ਗਿਆਂ
ਤੁਹਾਨੂੰ ਮੁਬਾਰਕ ਇੱਕਤੀ ਦਸੰਬਰ
ਜਸ਼ਨਾ ਦੀ ਰਾਤ
ਮੈਂ ਹੁਣ ਚਲਾ ਜਾਵਾਂਗਾ
ਆਪਣਾ ਬਨਵਾਸ ਹੰਢਾਉਣ ਲਈ
੪੧
ਰੁੱਖ
ਇਹ ਤਾਂ ਰੁੱਖ ਹੈ
ਝੁਲਸੇ ਜਿਸਮਾਂ ਦੀ ਠਾਹਰ
ਤਪਦੇ ਸਿਰਾਂ ਦੀ ਠੰਡਕ
ਐਪਰ ਸਾਨੂੰ ਨਾ ਦਿੱਸੀ
ਇਸਦੀ ਮਮਤਾ ਠੰਡਕ ਤਿਆਗ
ਅਸੀਂ ਡੋਲ ਗਏ
ਕਿ ਕਿਉਂ ਨਹੀ ਡੋਲਦਾ ਇਹ
ਆਖਿਰ ਆਪਣੀ ਤਪੱਸਿਆ ਤੋਂ
ਇਸਦੀ ਸਮਾਧੀ ਦਾ ਕੀ ਰਾਜ ਹੈ
ਪੱਤਿਆਂ ਦੀ ਖੜ ਖੜ ਦੇ
ਹਿਸਾਬ ਲਾਉਣ ਲਈ
ਵਿਦਵਾਨਾਂ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ
ਵਿਦਵਾਨਾਂ ਦੇ ਦਿਮਾਗਾਂ ਦੀ ਚਕਨਾਈ
ਮੁੱਕ ਗਈ ਸੋਚਦੇ ਸੋਚਦੇ
ਐਨਕਾਂ ਦੇ ਨੰਬਰ ਵਧ ਗਏ
ਕਿਸੇ ਐਲਾਨ ਕਰ ਦਿੱਤਾ
ਇਹ ਪੱਛਮੀ ਹਵਾ ਕਾਰਨ ਵਧੀਆ ਝੂਲਦਾ ਹੈ
ਕਿਸੇ ਸਿੱਟਾ ਕਢਿਆ
ਇਸਦੇ ਝੂਲਦੇ ਪੱਤਿਆਂ ਖੜ
ਖੜ ਖੜ ਕਰਦੀਆਂ ਟਹਿਣੀਆਂ ਲਈ
ਪੂਰਬੀ ਹਵਾ ਦੇ ਝੋਂਕੇ ਯੋਗ ਹਨ
ਡੂੰਘੀਆਂ ਖੋਜਾਂ ਵਿਦਵਾਨ ਗੋਸ਼ਟਾਂ
ਤੇ ਭਾਰੀ ਬਹਿਸਾਂ
੪੨
ਸਿੱਟੇ ਕੱਢੇ ਗਏ
ਮਤੇ ਪਕਾਏ ਗਏ
ਐਲਾਨ ਕੀਤੇ ਗਏ
ਰੁੱਖ ਜਿਸਦਾ ਸਿਰਾ
ਅਸਮਾਨ ਵੱਲ ਸੀ ਤੇ
ਜੜ੍ਹਾਂ ਧਰਤੀ ਵਿਚ
ਕੋਈ ਜਾਣ ਨਾ ਸਕਿਆ
ਰੁੱਖ ਦੀਆਂ ਆਦਤਾਂ
ਉਸਦਾ ਬੀਜ ਤੋਂ ਦਰਖਤ ਬਣਨ ਦਾ ਇਤਿਹਾਸ
ਲੂੰਹਦੀ ਧੁੱਪ 'ਚ ਅਇਆ ਰਾਹੀ
ਖੂਹ ਦਾ ਠੰਡਾ ਪਾਣੀ ਪੀ ਪਿਆਸ ਬੁਝਾਈ
ਬਹਿ ਗਿਆ ਕੁਝ ਪਲ ਰੁੱਖ ਹੇਠ
ਗੂੜ੍ਹੀ ਨੀਂਦੇ ਸੌਂ ਪੱਤਿਆਂ ਦੀ ਲੋਰੀ ਲੈ
ਧਰਤੀ ਦੀ ਗੋਦ ਵਿਚ
ਉਠਿਆ ਤੇ ਤੁਰ ਪਿਆ ਮੰਜ਼ਿਲ ਵੱਲ
ਉਹ ਜਾਣ ਗਿਆ ਸੀ
ਰੁਖ ਦਾ ਗੁੱਝਾ ਭੇਤ
ਮਮਤਾ ਹੀ ਹੁੰਦੀ ਹੈ
੪੩
ਮਾਸੂਮ ਚਾਹਤ
ਮੈਂ ਜ਼ਿੰਦਗੀ ਦੇ ਪੈਰਾਂ ਦੀਆਂ
ਠੋਕਰਾਂ ਖਾ ਰਹੀ ਗੇਂਦ ਵਾਂਗ ਹਾਂ
ਜੋ ਅੰਤ ਮੌਤ ਦੇ ਗੋਲ਼ਾਂ ਵਿਚ
ਧਕੇਲ ਦਿੱਤੀ ਜਾਣੀ ਹੈ
ਹਰ ਪਲ ਤਿਆਰ ਨਵੀਂ ਠੋਕਰ ਲਈ
ਹੰਝੂ ਵੀ ਹੋ ਸਕਦੇ ਹਨ
ਅੰਦਰ ਦੇ ਗੈਬੀ ਜ਼ਖਮਾਂ 'ਚੋਂ
ਰਿਸਦੇ ਲਹੂ ਦੇ ਕਣ
ਜੀਵਨ ਸਿਰਫ ਇਕ ਖੇਡ
ਅਣਕੀਤੇ ਗੁਨਾਹ ਦੀ ਸਜਾ ਵਰਗਾ
ਤਿਹਾਏ ਮਿਰਗਾਂ ਦੇ ਸਿਰਾਂ 'ਚ ਭਰੀ
ਅੰਨ੍ਹੀ ਭਟਕਣਾ ਵਰਗਾ
ਤੇ ਖੁਸ਼ੀ
ਰੇਤ 'ਤੇ ਪਈਆਂ ਚਾਰ ਛਿੱਟਾਂ ਵਾਂਗ
ਸੋਖ ਲਈ ਗਈ
ਜਿਵੇਂ ਕੋਈ ਪੰਛੀ ਸੋਗੀ ਸੁਰਾਂ
ਅਲਾਪ ਰਿਹਾ ਹੋਵੇ
੪੪
ਮੇਰੀ ਸ਼ਮਸ਼ੂਲੀਅਤ ਸਦਾ ਉਨ੍ਹਾ 'ਚ ਰਹੀ
ਖਾਮੋਸ਼ ਚਾਹਤ ਦੇ ਜ਼ੁਰਮ ਬਦਲੇ
ਜਿਨ੍ਹਾਂ ਨੂੰ ਮਿਲ਼ੀ ਜਿੰਦਗੀ ਨਾਮ ਦੀ ਸਜਾ
ਤੇ ਮੈਂ ਜਿੰਦਗੀ ਦਾ ਸਜਾ ਯਾਫਤਾ ਮੁਜ਼ਰਿਮ
ਸਾਹਵਾਂ ਦੀ ਬੋਝਲ਼ ਚੱਕੀ ਗੇੜਦਾ
ਆਪਣੇ ਸਿਰ ਲੈ ਬੈਠਾ
ਇਕ ਹੋਰ ਖਾਮੋਸ਼ ਚਾਹਤ ਦਾ ਜ਼ੁਰਮ
ਕਿ ਇਕ ਦਿਨ ਮੁੱਕੇਗੀ
ਜ਼ਿੰਦਗੀ ਦੀ ਸਜਾ
ਤੇ ਭਰਭੂਰ ਮਾਣਾਂਗੇ
ਮੌਤ ਦੀ ਅਜਾਦੀ ਦਾ ਨਿੱਘ
ਤੇ ਬਸ ਆਖਰੀ ਸਾਹ ਹੀ
ਹੋਵੇਗਾ ਖਰੂਦੀ ਜਸ਼ਨ
੪੫
ਮੌਸਮ
ਬਾਗ ਵਿਚ ਠੰਡੀ ਹਵਾ ਦਾ ਬੁੱਲ੍ਹਾ ਆਇਆ ਹੈ
ਪਹਾੜਾਂ ਵੱਲੋਂ ਕਾਲ਼ੀਆਂ ਸ਼ਾਹ ਬਦਲੋਟੀਆਂ
ਅਸਮਾਨ ਵਿਚ ਤੈਰਦੀਆਂ
ਵਰ੍ਹ ਜਾਣ ਲਈ ਉਤਾਵਲੀਆਂ ਲੱਗਦੀਆਂ ਹਨ
ਸੁਰਮਚੀ ਘਟਾਵਾਂ ਦੇ ਮੂੰਹਜੋਰ
ਗਰਜਦੇ ਲਹਿਰੀਏ ਅੱਗੇ
ਸੂਰਜ ਦੀ ਵੀ ਕੋਈ ਪੇਸ਼ ਨਹੀ ਜਾਣੀ
ਆਪਣੇ ਤੇਜ ਲੈ ਕੇ ਲੁਕ ਜਾਵੇਗਾ
ਕਿਸੇ ਅੰਬਰੀ ਗੁਫਾ ਦੀ ਨੁੱਕਰ 'ਚ
ਉਡੀਕਾਂ ਦੇ ਮਰੀਅਲ ਚਾਲ ਵਹਿੰਦੇ
ਲੱਥੇ ਲੱਥੇ ਦਰਿਆ ਹੁਣ
ਹੜ੍ਹ ਵਰਗੇ ਸ਼ੂਕਦੇ ਮੁਹਾਣ ਬਣ ਗਏ ਹਨ
ਪੰਛੀਆਂ ਦੇ ਖੰਭ ਉਡਾਣਾ ਨਾਲ਼ ਜ਼ਰਖੇਜ਼ ਹੋ ਗਏ
ਕਾਇਨਾਤ ਖਿੜ ਉੱਠੀ ਹੈ
ਸੁਫਨਿਆ ਦੇ ਮੌਲ਼ਣ ਦਾ ਹੋਕਾ ਦੇ ਰਹੀ ਕਾਇਨਾਤ
ਮੇਰੇ ਹੋਰ ਨੇੜੇ ਆ ਰਹੀ ਲੱਗਦੀ ਹੈ
ਪੱਥਰ ਦਾ ਬੇਜਾਨ ਬੁੱਤ ਸਾਹਵਾਂ ਦੀ ਪਹਿਲੀ ਛੋਹ ਨਾਲ਼
ਅੰਗੜਾਈ ਲੈਣ ਲੱਗਾ ਹੈ
੪੬
ਸਾਰੀਆਂ ਨਿਸ਼ਾਨੀਆਂ ਤੇਰੀ ਆਮਦ ਦੀਆਂ ਹਨ
ਤੇਰੀ ਆਮਦ ਏਸ ਵਾਰ ਪੱਥਰ ਦੇ ਬੁੱਤ ਲਈ
ਬਹੁਤ ਹੀ ਸੰਭਾਵਨਾਵਾਂ ਭਰਪੂਰ ਹੋਵੇਗੀ
ਏਸ ਅੰਦਰ ਸਾਹ ਬਣਕੇ ਲੱਥ ਜਾ
ਖੁਸ਼ਕੀਆਂ 'ਚ ਸੁਲਘਦੇ ਕਟੋਰਿਆਂ ਨੂੰ
ਨਸ਼ੇ ਦੀ ਮਸਤੀ ਨਾਲ਼ ਸ਼ਰਸ਼ਾਰ ਕਰਦੇ
ਮੇਰੇ ਮਨ ਦੇ ਕਿਸੇ ਹਨੇਰੇ ਕੋਨੇ 'ਚ
ਹਮੇਸਾਂ ਲਈ ਨਿਵਾਸ ਕਰ ਲੈ
ਏਸ ਵਾਰ ਤੂੰ ਜਾਣ ਲਈ ਨਾ ਆਵੀਂ
ਮੈਂ ਚਾਹੁੰਦਾਂ ਇਹ ਹਵਾਵਾਂ ਫਿਜ਼ਾਵਾਂ ਇਹ ਮੌਸਮ
ਸਦਾ ਹੀ ਬਣੇ ਰਹਿਣ ਤੇਰੇ ਮੇਰੇ ਸਾਥ ਵਾਂਗ
੪੭
ਆਮਦ
ਚੁਪ ਰਹੋ ਪੱਤਿਉ
ਕਹਿਰੀ ਹਵਾਵਾਂ ਨਾਲ਼
ਖਹਿਣ ਦੀ ਕੋਸ਼ਿਸ਼ ਨਾ ਕਰੋ
ਸ਼ੂਕਦੇ ਮੌਸਮਾਂ ਨੂੰ ਗੁਜਰ ਜਾਣ ਦਿਉ
ਝੜ ਜਾਉਗੇ
ਤੇ ਬਾਗ ਵਿਚ ਸੈਰ ਕਰਦੇ ਪ੍ਰੇਮੀ
ਮਸਲ ਦੇਣਗੇ ਪੈਰਾਂ ਹੇਠ
ਟਹਿਣੀ ਨੂੰ ਕੋਈ ਫਰਕ ਨਹੀ ਪੈਣਾ
ਬਹਾਰਾਂ ਨੇ ਮੋੜ ਦੇਣੇ ਨੇ
ਉਨ੍ਹਾਂ ਦੇ ਸ਼ਿੰਗਾਰ
ਜਿਸ ਟਹਿਣੀ ਨੂੰ ਅੱਜ
ਮਾਣ ਹੈ ਤੁਹਾਡੇ 'ਤੇ
ਨਵਿਆਂ ਦੀ ਆਮਦ 'ਤੇ
ਭਰਪੂਰ ਸ਼ਗਨਾਂ 'ਚ ਮਸਤ
ਉਸਦੀ ਸਮਾਂ ਸਾਰਨੀ 'ਚ
ਨਹੀ ਹੋਵੇਗਾ
ਤੁਹਾਡੀ ਯਾਦ ਲਈ ਕੋਈ ਪਲ
੪੮
ਦਿਨ ਰਾਤ
ਮੇਰੀ ਮਹਿਬੂਬ ਤੂੰ ਨਹੀ ਜਾਣੇਗੀ
ਕਿ ਆਪੋ ਆਪਣੀ ਕਥਾ ਹੈ
ਦਿਨ ਅਤੇ ਰਾਤ ਦੀ
ਦੋਹਾਂ ਕੋਲ਼ ਆਪਣੇ ਆਪਣੇ ਹਿੱਸੇ ਦੇ ਜ਼ਖਮਾਂ ਦਾ
ਸਮੁੰਦਰ ਦੀਆਂ ਗਹਿਰਾਈਆਂ
ਵਰਗਾ ਅਥਾਹ ਭੰਡਾਰ ਹੈ
ਮੇਰੀ ਮਹਿਬੂਬ ਤੂੰ ਨਹੀ ਜਾਣੇਗੀ
ਚਾਨਣ ਤੇ ਹਨੇਰਿਆਂ ਦੀ ਪਿਆਰ ਕਥਾ
ਹਰ ਦਿਨ ਇਕ ਤੜਪ ਲੈ ਕੇ ਆਉਂਦਾ ਹੈ
ਰਾਤ ਦੀ ਤਲਾਸ਼ ਵਿਚ
ਤੇ ਬੇਰੌਣਕ ਹੀ ਗੁਆਚ ਜਾਂਦਾ ਹੈ
ਸ਼ਾਮ ਦੀਆਂ ਤਨਹਾਈਆਂ ਦੇ ਆਲਮ 'ਚ
ਤੇ ਜਾਂਦੀ ਹੋਈ ਰਾਤ
ਕੰਬਦੇ ਬੁੱਲ੍ਹਾਂ ਨਾਲ਼
ਵਸਲ ਦੀ ਭੀਖ ਮੰਗਦੀ ਹੋਈ
ਪ੍ਰਭਾਤ ਦੇ ਦਰਾਂ ਤੋਂ ਪਿਆਸੀ ਹੀ ਪਰਤ ਜਾਂਦੀ ਹੈ
ਰਾਤ ਦੇ ਘਣੇ ਹਨੇਰਿਆਂ 'ਚ ਬਲਦਾ ਦੀਵਾ
ਹਨੇਰਿਆਂ ਨੂੰ ਬਣਾਉਦਾ ਹੈ ਆਪਣੀ ਖੁਰਾਕ
ਤੇ ਬਣ ਜਾਂਦਾ ਹੈ ਹਨੇਰਿਆਂ ਦੀ ਖੁਰਾਕ
੪੯
ਮੇਰੀ ਮਹਿਬੂਬ
ਅਸੀਂ ਦਿਨ ਅਤੇ ਰਾਤ ਵਾਂਗ
ਇਕ ਦੂਜੇ ਦਾ ਪਿੱਛਾ ਕਰਦੇ
ਹੋ ਜਾਵਾਂਗੇ ਕਿਸੇ
ਸਦੀਵੀ ਆਸ ਤੇ ਤਲਾਸ਼ ਦਾ ਸ਼ਿਕਾਰ
ਅਸਾਂ ਇਕ ਦੂਜੇ ਦੀ ਖੁਰਾਕ ਬਣਨਾ ਹੈ
ਆ ਬਣ ਜਾਈਏ ਦਿਨ ਰਾਤ
ਤੂੰ ਪ੍ਰਭਾਤ ਤੋਂ ਮੇਰਾ ਪਤਾ ਪੁੱਛ ਕੇ
ਚਾਨਣ 'ਚ ਵਿਲੀਨ ਹੋ ਜਾਇਆ ਕਰੀਂ
ਤੇ ਮੈਂ ਸ਼ਾਮ ਦੇ ਸਿਆਹ ਉਦਾਸ ਆਲਮ 'ਚੋਂ
ਤੇਰੇ ਆਉਣ ਦੀਆਂ ਕਨਸੋਆਂ ਲੈਂਦਾ
ਹਨੇਰਿਆਂ 'ਚ ਗੁਆਚ ਜਾਇਆ ਕਰਾਂਗਾ
੫੦
ਤਲਾਸ਼
ਗੁਆਚ ਗਿਆ ਹਾਂ ਮੈਂ
ਕਿਸੇ ਤਲਾਸ਼ ਵਿਚ
ਸੂਚਨਾ ਦੇਣ ਵਾਲ਼ੇ ਨੂੰ
ਇਨਾਮ 'ਚ ਮਿਲ਼ੇਗੀ ਤਲਾਸ਼
ਮੈਂ ਆਪਣੇ ਆਪੇ ਨੂੰ
ਉਸੇ ਦਿਨ ਤੋਂ ਗੈਰਹਾਜ਼ਿਰ ਪਾ ਰਿਹਾ ਹਾਂ
ਜਿਸ ਦਿਨ ਮੈਂ ਮੋਈਆਂ
ਹਸਰਤਾਂ ਨੂੰ ਅੰਤਿਮ ਵਿਦਾਇਗੀ ਦੇਣ ਗਿਆ
ਮੁੜ ਘਰੇ ਨਹੀ ਆਇਆ
ਜੇ ਕਿੱਧਰੇ ਮਿਲ਼ੇ ਮੇਰਾ ਆਪਾ
ਉਸ ਨੂੰ ਕਹਿਣਾ
ਵਜੂਦ ਨੂੰ ਇਸ ਤਰ੍ਹਾਂ ਇੱਕਲਿਆਂ ਛੱਡ ਨਾ ਜਾਇਆ ਕਰੇ
ਕਿ ਵਜੂਦ ਉਸ ਬਿਨ ਸੱਖਣਾ ਗਰਕ ਜਾਏਗਾ
ਮੈਨੂੰ ਪਤਾ ਹੈ ਕਿ ਮੈਂ ਇਕ ਦਿਨ
ਸਦੀਵੀ ਤਲਾਸ਼ 'ਚ ਭਟਕ ਗਏ
ਮੁੜ ਪਰਤ ਨਾ ਆਇਆਂ ਦੀ ਸੂਚੀ ਵਿਚ
ਆਪਣਾ ਨਾਮ ਲਿਖਾ ਜਾਂਵਾਗਾ
ਤੇ ਮਾਰੂਥਲ 'ਚ ਉਗ ਆਇਆ ਅੱਕ
ਸ਼ੂਕਦੀਆਂ ਹਵਾਵਾਂ ਤੋਂ
ਤਲਾਸ਼ ਦੇ ਸਿਰਨਾਵੇਂ
ਪੁੱਛਿਆ ਕਰੇਗਾ
ਪੈੜ੍ਹਾਂ ਦਾ ਕੀ ਏ
ਇਹ ਤਾਂ ਰੇਤਲੀ ਹਨੇਰੀ ਨਾਲ਼ ਮਿਟ ਜਾਣਗੀਆਂ
ਇਹਨਾਂ ਪੈੜ੍ਹਾਂ 'ਤੇ ਰੇਤ ਦੀ ਪਰਤ ਜੰਮ ਜਾਵੇਗੀ
੫੧
ਇਹ ਤਲਾਸ਼ ਤਾਂ ਇਵੇਂ ਹੈ ਮੈਨੂੰ
ਜਿਵੇਂ ਪਤਝੜ੍ਹ 'ਚ ਡਿੱਗਿਆ ਪੱਤਾ
ਹਵਾ ਨਾਲ਼ ਉੱਡ ਜਾਣ ਲਈ ਅਹੁਲੇ
ਤੇ ਕਾਹਲ਼ੀ ਹਵਾ ਬੇਬਸ ਪੱਤੇ ਨੂੰ ਛੱਡ ਅੱਗੇ ਨਿਕਲ਼ ਜਾਵੇ
ਐ ਮੇਰੀ ਤਲਾਸ਼ ਤੂੰ ਹਵਾ ਬਣਕੇ ਭਟਕਦੀ ਹੋਈ
ਜਦੋਂ ਮਾਰੂਥਲਾਂ 'ਚੋਂ ਲੰਘਿਆ ਕਰੇਂਗੀ
ਤਾਂ ਤੇਰੀ ਛੋਹ ਨਾਲ਼ ਮਹਿਕੇਗਾ ਅੱਕ
ਮਾਰੂਥਲ ਦੀ ਰੇਤ ਖੁਸ਼ੀ 'ਚ ਖੀਵੀ ਹੋ
ਪਰਤਾਂ ਤੋਂ ਉੱਠੇਗੀ
ਅਤੇ ਅੰਬਰਾਂ 'ਤੇ ਝੂਮਰ ਪਾਵੇਗੀ
ਮੇਰੀਆਂ ਪੈੜ੍ਹਾਂ ਦੇ ਨਿਸ਼ਾਨ ਨਾ ਲੱਭਣਾ
ਮੈਂ ਜਾ ਰਿਹਾਂ ਤਲਾਸ਼ ਬਣਨ
ਕਿਸੇ ਤਲਾਸ਼ ਦੀ ਖ਼ਾਤਿਰ
੫੨
ਅਣਚਾਹੇ
ਉਹਨਾਂ ਦੀ ਹਾਸਿਆਂ ਦੀ ਮਹਿਫ਼ਿਲ ਵਿਚ
ਮੇਰਾ ਆਉਣਾ ਕਿਸੇ ਸ਼ੋਕ ਸਮਾਚਾਰ ਵਾਂਗ ਸੀ
ਮੱਥਿਆਂ 'ਚ ਉਭਰ ਆਈਆਂ
ਅੰਦਰਲੇ ਗੁੱਸੇ ਦੀਆਂ ਲਕੀਰਾਂ
ਅਣਚਾਹੇ ਮਹਿਮਾਨ ਦੀ ਆਮਦ 'ਤੇ
ਮਾਹੌਲ 'ਚ ਪਸਰੀ ਘੁਟਨ ਦਾ ਵਿਖਾਲਾ ਸਨ
ਖ਼ਾਮੋਸ਼ੀ ਦੀ ਇਲਾਮਤ ਧਾਰਨ ਕਰ ਚੁੱਕੇ ਸਨ
ਜਾਮਾ ਨਾਲ਼ ਟਕਰਾਉਂਦੇ ਜਾਮ
ਮੇਰਾ ਆਉਣਾ ਤਾਂ ਇਵੇਂ ਸੀ
ਜਿਵੇਂ ਕੋਈ ਮਸਤੀਆਂ ਦੇ ਰਾਗਮਈ ਸ਼ੋਰ 'ਚ
ਆਪਣੇ ਮਰ ਚੁੱਕੇ ਸੁਫਨਿਆਂ ਦੀਆਂ
ਮਾਤਮੀ ਸੁਰਾਂ ਅਲਾਪਣ ਲੱਗ ਜਾਵੇ
ਦੁੱਖਾਂ ਦੀਆਂ ਧੂਣੀਆਂ ਬਾਲ਼ ਬੈਠੇ ਫਕੀਰ
ਕੀ ਕਰਦੇ ਹੋਰ ਇਹਨਾਂ ਮਹਿਫ਼ਿਲਾਂ ਲਈ
ਸਾਡੇ ਰੋਣਿਆਂ ਦੀ ਲੰਮੀ ਗਾਥਾ
ਬੀਨ ਦੀ ਤਾਨ 'ਤੇ ਸੁਣ ਲੈ
ਪਤਾ ਨਹੀ ਕਦ ਇਹ ਸੁਰਾਂ
ਖਾਮੋਸ਼ੀਆਂ ਦੀ ਸਰਦਲ 'ਤੇ
ਸਿਰ ਪਟਕ ਪਟਕ ਮਰ ਜਾਣ
ਗਮਗੀਨ ਹੋਕਿਆਂ ਲਈ ਕੋਈ ਕੁੰਡਾ ਨਹੀ ਖੁੱਲੇਗਾ
੫੪
ਤੁਸੀਂ ਰੀਝਾਂ ਦੀ ਮਹਿਫ਼ਿਲ ਵਿਚ
ਮਘਾਈ ਰੱਖੋ ਮੋਮਬੱਤੀਆਂ
ਤੁਹਾਡੇ ਹਾਸਿਆਂ ਦੀ ਛਣਕਾਰ
ਸੱਤਵੇਂ ਅਸਮਾਨ ਛੂੰਹਦੀ ਰਹੇ
ਅਸੀਂ ਹਨੇਰੇ ਰਾਹਾਂ ਦੇ ਪਾਂਧੀ
ਆਪਣੀ ਬਿਗਾਨਗੀ ਦਾ ਸਾਇਆ ਲੈ
ਕੂਚ ਕਰ ਜਾਵਾਂਗੇ
ਬੀਆਬਾਨ ਰਾਹਾਂ 'ਤੇ
ਜਿੱਥੇ ਉਜਾੜਾਂ 'ਚ ਮਹਿਫ਼ਿਲ ਲੱਗਦੀ ਹੈ
ਦੁੱਖ ਇੱਕਠੇ ਹੋ ਫਕੀਰਾਂ ਦੀ ਲੋਰ
ਨੱਚਦੇ ਹਨ
ਅੰਦਰੋਂ ਬਾਹਰੋਂ ਲਹੂ ਲੁਹਾਨ ਜਿਸਮਾ ਲਈ
ਹੁੰਦਾ ਹੈ ਰਾਹਤ ਦਾ ਸਮਾਰੋਹ
੫੫
ਖਲਾਅ
ਤੇਰੀ ਤੇ ਮੇਰੀ ਨਜ਼ਰ ਮਿਲ਼ੀ
ਨਜ਼ਰਾਂ ਨੂੰ ਇਕ ਦੂਜੀ ਨਾਲ਼ ਜ਼ਰਬ ਦੇ
ਤੂੰ ਧਰਤ ਵਰਗੀ ਹੋ ਗਈ
ਤੇ ਮੈਂ ਫੈਲ ਗਿਆ ਤੇਰੇ ਗਿਰਦ
ਅਕਾਸ਼ ਬਣ
ਤੂੰ ਵਾਰ ਵਾਰ ਅਹੁਲੀ
ਆਪਣੇ ਤੇ ਮੇਰੇ ਵਿਚਾਲੇ
ਖਲਾਅ ਜਿਹਾ ਪੂਰਨ ਲਈ
ਤੇ ਮੈਂ ਚਾਹੁੰਦਾ ਰਿਹਾ
ਟੁੱਟ ਕੇ ਬਿਖਰ ਜਾਣਾ
ਤੇ ਕਣ ਕਣ ਹੋ ਤੇਰੀ
ਮਿੱਟੀ ਵਿਚ ਸਮਾ ਜਾਣਾ
ਤੇਰੇ ਉਤਾਵਲੇ ਸਾਹਾਂ ਨਾਲ਼ ਉੱਡੀ
ਧੂੜ ਦੇ ਕਣ
ਮੇਰੇ ਹਨੇਰਿਆਂ 'ਚ ਰੌਸ਼ਨੀ ਦਾ ਮਰਕਜ਼ ਬਣ
ਟਿਮਟਿਮਾਉਂਦੇ ਰਹੇ
ਤੇ ਮੈਂ ਟੁੱਟਦੇ ਤਾਰਿਆਂ ਦੇ ਹੱਥ
ਤੈਨੂੰ ਸੁਨੇਹੇ ਘੱਲਦਾ ਰਿਹਾ
੫੬
ਅਸੀਂ ਐਵੇਂ ਖਲਾਅ ਤੋਂ ਖ਼ੌਫਜਦਾ ਹੋ ਗਏ
ਗੱਲ ਤਾਂ ਚੰਦ ਦੇ ਪੂਰੇ ਜਲੌਅ 'ਤੇ ਨਜ਼ਰ ਆਉਣ ਦੀ ਹੈ
ਸਾਗਰਾਂ ਨੇ ਕਦੀ ਚੰਨ ਵੱਲ ਅਹੁਲਣ ਦੀ
ਕੋਸ਼ਿਸ਼ ਨਹੀ ਛੱਡੀ
ਖਲਾਅ ਕਾਰਨ ਨਿਰਾਸ਼ ਨਾ ਹੋਵੀਂ
ਜੇ ਇਹ ਟੁੱਟਦੇ ਤਾਰਿਆਂ ਹੱਥ ਆਉਂਦੇ
ਮੇਰੇ ਸੁਨੇਹਿਆਂ ਨੂੰ ਰਾਹ ਵਿਚ ਰਾਖ ਬਣਾ ਦੇਵੇ
ਤਾਂ ਵੀ ਕੋਈ ਗੱਲ ਨਹੀ
ਮੇਰੀ ਰਾਖ ਤੇਰੀ ਮਿੱਟੀ 'ਚ ਘੁਲ਼ ਜਾਵੇਗੀ
ਮੈਂ ਅਕਾਸ਼ ਹੋ ਜਾਵਾਂਗਾ
ਤੇ ਤੂੰ ਧਰਤ ਬਣ ਫੈਲ ਜਾਵੇਂਗੀ
ਅਸੀਂ ਦੂਰ ਦਿੱਸਹੱਦਿਆਂ 'ਤੇ ਮਿਲ਼ਕੇ
ਨਵਾਂ ਇਤਿਹਾਸ ਸਿਰਜਾਂਗੇ
ਤੇ ਖਲਾਅ ਸਾਡਾ ਇਤਿਹਾਸ ਲਿਖੇਗਾ
੫੭
ਕੀ ਹਾਂ ਮੈਂ
ਡਗਮਗਾਉਂਦੇ ਕਦਮਾਂ ਲਈ
ਥੋਪੇ ਗਏ ਸਫਰਾਂ ਦੀ ਪੀੜ
ਸਰਦਲਾਂ ਤੋਂ ਆ ਕੇ ਮੁੜ ਗਈਆਂ
ਬੇਅਵਾਜ ਆਹਟਾਂ ਦਾ ਗਮ
ਸੰਧੂਰੀ ਮੱਥਿਆਂ 'ਚ ਉਭਰੀਆਂ
ਮਾਤਮੀ ਲਕੀਰਾਂ
ਜ਼ਖਮੀ ਪੈਰਾਂ ਦੀਆਂ ਸੁਰਖ ਪੈੜ੍ਹਾਂ
ਧੂੜ੍ਹ ਭਰੇ ਧੁੰਦਲਾਏ ਨੈਣਾ ਨਾਲ਼
ਡਿਕੋ-ਡੋਲ਼ੇ ਖਾਂਦੀ
ਬੇਅਰਥ ਭਟਕਣ ਤੋਂ ਸਿਵਾਏ
ਰੁਤਾਂ ਵਿਚ ਆਏ
ਅਸਥਾਈ ਪਰਿਵਰਤਨਾਂ ਤੋਂ ਵੱਧ
ਹਵਾ ਨਾਲ਼ ਗਲਵਕੜੀ ਦੀ
ਨਾਕਾਮ ਹਸਰਤ ਲਈ
ਪੱਤੇ ਦੇ ਬੇਰਹਿਮ ਕਤਲ ਤੋਂ ਵੱਧ
੫੮
ਪਰਵਾਜ਼ ਵਿਹੂਣੇ ਪੰਖਾਂ ਦੀ
ਫੜਫੜਾਹਟ ਨਾਲ਼
ਸ਼ੁਰੂ ਹੁੰਦੇ ਸਫਰਨਾਮੇ
ਤੇ ਬੇਬਸੀ ਤੇ ਆ ਕੇ ਖਤਮ
ਆਪਣੇ ਹੀ ਟੁੱਟੇ ਦਮ 'ਤੇ
ਖ਼ਫੇ ਹੋਣ ਦੀ ਲਾਚਾਰੀ
ਆਪਣੀ ਔਕਾਤ 'ਤੇ ਝੂਰਨ ਤੋਂ ਵੱਧ
ਵਜੂਦ ਦੇ ਮੱਥੇ 'ਚ ਉਕਰੇ
ਬਦਕਿਸਮਤੀ ਦੇ ਤਿਲਕ ਤੋਂ ਵੱਧ
ਜਾਂ ਫਿਰ ਰੂਹ ਨੂੰ ਲੱਗੇ ਰੋਗ ਤੋਂ ਵੱਧ
ਹੋਰ ਹਾਂ ਵੀ ਕੀ ਮੈਂ
੫੯
ਅਪਸਰਾ
ਘਣੇ ਜੰਗਲ 'ਚ ਰਹਿੰਦੀ ਅਪਸਰਾ
ਕਦੋਂ ਆਈ ਕਿਉਂ ਆਈ
ਕੁਝ ਪਤਾ ਨਹੀ
ਇਸਦਾ ਵਾਸ ਜੰਗਲ ਦੇ ਧੁਰ ਅੰਦਰ
ਜਿਥੇ ਪੰਛੀਆਂ ਜਨੌਰਾਂ ਦਾ ਜਮਘਟਾ
ਦਿਸਹੱਦਿਆਂ ਤੱਕ
ਖਿਲਰੀਆਂ ਫੁੱਲਾਂ ਦੀਆਂ ਮਹਿਕਾਂ
ਮਿੱਠੇ ਰਸਾਂ ਵਾਲ਼ੇ ਫਲਾਂ ਨਾਲ਼ ਲੱਦੇ ਰੁੱਖ
ਛੱਤਿਆਂ 'ਚੋਂ ਵਗੇ ਮਧੂਧਾਰਾ
ਕਦੇ ਕਦੇ ਇਹ ਅਪਸਰਾ ਧੁੱਪ ਬਣ ਜਾਂਦੀ
ਕਦੇ ਹਵਾ ਬਣ ਜਾਂਦੀ
ਪਸਰ ਜਾਂਦੀ ਸੰਸਾਰ ਦੇ ਜ਼ਰਰੇ ਜ਼ਰਰੇ 'ਚ
ਸਰਸ਼ਾਰ ਕਰ ਦੇਂਦੀ
ਸਭ ਲੋਕਾਈ ਤਾਈਂ
ਸੰਸਾਰੀ ਜੀਵਾਂ ਦੇ ਹਰ ਰੰਗ ਵਿਚ
ਆਪਣਾ ਰੰਗ ਭਰ ਦੇਂਦੀ
ਇਲਾਹੀ ਦੁਰਲਭ ਰੰਗ
੬੦
ਦੱਸਦੇ ਅਪਸਰਾ ਕੋਲ਼ ਪਿਟਾਰੀ ਹੈ ਰੰਗਾਂ ਦੀ
ਹਾਸਿਲ ਕਰਨ ਲਈ ਅਪਸਰਾ ਨੂੰ
ਤਰਲੋਮੱਛੀ ਹੁੰਦਾ ਸੰਸਾਰ
ਕਈ ਯੋਧਿਆਂ ਜੋਰ ਪਰਖੇ
ਤੁਰ ਪਏ ਜ਼ੋਖਿਮ ਭਰੇ ਰਾਹਾਂ 'ਤੇ
ਰਾਹ ਵਿਚ ਲੱਖਾਂ ਸਮੁੰਦਰ
ਲੱਖਾਂ ਪਰਬਤ
ਤੇ ਲੱਖਾਂ ਬ੍ਰਹਿਮੰਡ
ਕਰਨੇ ਪੈਂਦੇ ਪਾਰ
ਪਹੁੰਚਣ ਲਈ ਅਪਸਰਾ ਕੋਲ਼
ਲੰਘਣੀਆਂ ਪੈਂਦੀਆਂ ਲੱਖਾਂ ਗੁਫ਼ਾਵਾਂ
ਤੇ ਗੁਫ਼ਾਵਾਂ 'ਚ ਬੈਠੇ
ਆਦਮਖੋਰ ਦੈਂਤ
ਅਪਸਰਾ ਦੇ ਰੰਗਾਂ ਦੀ ਲਾਲਸਾ
ਦੇਵਤਿਆਂ ਦੇ ਸਿੰਘਾਸਨ ਡੋਲ ਜਾਣ
ਕਾਦਰ ਨੇ ਜਦੋਂ
ਸੰਸਾਰ 'ਚ ਬਣਾਏ ਦੁੱਖਾਂ ਸੁੱਖਾਂ ਦੇ ਚਿਤਰ
ਤੇ ਨਾਲ਼ ਹੀ ਬਣਾਏ ਇਲਾਹੀ ਰੰਗ
ਤੇ ਬਖਸ਼ ਦਿੱਤੇ ਅਪਸਰਾ ਨੂੰ
ਸੋਚਾਂ ਨੂੰ ਲੱਗਦੇ ਗਹਿਰੇ ਫੱਟ
ਭਰ ਦੇਂਦੀ ਅਪਸਰਾ ਰੰਗਾਂ ਨਾਲ਼
ਇੰਦਰ ਦੇ ਅਖਾੜੇ 'ਚ ਚੱਲਦਾ
ਪਰੀਆਂ ਦਾ ਨਾਚ
ਅਪਸਰਾ ਦੇ ਰੰਗਾਂ ਤੋਂ ਬਗੈਰ
ਵਿਰਲਾਪ ਲੱਗਦਾ
ਇਹ ਅਪਸਰਾ ਜਿਸਦਾ ਨਾਮ ਹੈ ਕਵਿਤਾ
ਅਪਸਰਾ ਹਰ ਜੰਗਲ 'ਚ ਵਿਦਮਾਨ ਹੈ
੬੧
ਤਪੱਸਵੀ
ਐ ਤਪੱਸਵੀ
ਪਰਬਤੀ ਸਿਖਰ 'ਤੇ ਗੱਡੇ
ਤੇਰੇ ਤਿਰਸ਼ੂਲ ਦੀ ਪਰਛਾਈ
ਆ ਰਹੀ ਏ
ਧਰਤੀ ਵੱਲ ਸਰਕਦੀ
ਹੁਣ ਤੂੰ ਵੀ ਪਰਤ ਆ
ਹਲਾਤਾਂ ਦੇ ਗੈਰਜਰੂਰੀ
ਹਿਰਦੇਵੇਦਕ ਬਿਰਤਾਂਤ ਹੁਣ
ਇਤਿਹਾਸ ਵਾਂਗ ਹੀ ਪੜ੍ਹੇ ਜਾਣ
ਜੀਣ ਲਈ ਬਹੁਤ ਨੇ
ਹਵਾਵਾਂ 'ਚ ਖਿੰਡੀਆਂ ਮਹਿਕਾਂ
ਮਹਿਕਾਂ ਦਾ ਸਫਰ ਬਸ
ਹਵਾ ਤੋਂ ਹਵਾ ਤੱਕ
ਸਾਹ ਤੋਂ ਸਾਹ ਤੱਕ
ਹੁਣ ਪਰਤ ਵੀ ਜ਼ਾਲਿਮ ਕਿ
ਸਾਹਵਾਂ ਦੇ ਮਹਿਕਾਂ ਪ੍ਰਤੀ
ਕੁਝ ਫਰਜ਼ ਬਾਕੀ ਹਨ
੬੨
ਮਹਿਕ ਤਾਂ ਵਿਆਕੁਲ ਹੈ
ਕਰਜ ਉਤਾਰਨ ਲਈ
ਸਿਖਰ 'ਤੇ ਬਸ
ਡਿੱਗਣ ਦਾ ਹੀ ਖ਼ਤਰਾ ਹੈ
ਨੀਵਾਣਾਂ ਨੇ ਹੀ ਬਣਨਾ ਹੈ
ਸਹਿਜਮਈ ਅਨੁਭਵ
ਪਿਘਲੀ ਬਰਫ ਦੇ ਨਦੀ ਬਣ
ਨੀਵਾਣਾ ਵੱਲ ਵਹਿ ਜਾਣ ਵਾਂਗ
ਸਮੁੰਦਰ ਨਾਲ਼ ਮਿਲਾਪ ਲਈ
ਹੁਣ ਤੂੰ ਵੀ ਪਰਤ ਆ ਤਪੱਸਵੀ
ਵੇਖ ਤੇਰੇ ਤਿਰਸ਼ੂਲ ਦੀ ਪਰਛਾਂਈ
ਆ ਰਹੀ ਏ ਪਰਤਦੀ
੬੩
ਮੇਲ
ਮੈਂ ਤੈਨੂੰ ਇਸ ਕਦਰ ਚਾਹਿਆ
ਕਿ ਪਾਉਣਾ ਵਿਸਰ ਗਿਆ
ਜਦੋਂ ਰੱਬ ਦਿਲਗੀਰ ਹੁੰਦਾ ਏ
ਰੋਂਦੀ ਹੈ ਰੁੱਤ
ਜਦੋਂ ਰੋਗੀ ਜਿਹੇ ਦਿਨ ਸੰਗ
ਢਲ਼ ਜਾਂਦੇ ਨੇ ਡੋਲਦੇ ਪਰਛਾਵੇਂ
ਤਾਂ ਬੱਦਲਾਂ 'ਚੋਂ ਚਿਤਰਦਾ ਹਾਂ
ਤੇਰੀ ਆਕ੍ਰਿਤੀ
ਹਵਾਵਾਂ 'ਚ ਬਿਖਰ ਜਾਂਦੀ ਹੈ ਮਹਿਕ
ਚੇਤਿਆਂ ਦੀ ਮੁਰਝਾਈ ਸ਼ਾਖ 'ਤੇ
ਪਨਪ ਪੈਂਦੀਆਂ ਨੇ ਨਵੀਆਂ ਕਰੂੰਬਲਾਂ
ਪਲਾਂ ਦਾ ਜੀਉਣ ਯੋਗ ਬਣਨਾ
ਹਟਕੋਰਿਆਂ ਦਾ ਚੁਪ ਗੀਤ ਵਿਚ ਬਦਲਣਾ
ਪਿਆਰ ਵਿਚ ਪਰਿਭਾਸ਼ਾ ਦੀ ਲੋੜ ਨਹੀ
ਸਿਰਫ ਚਾਹੁੰਦੇ ਰਹਿਣ ਦੀ ਕਲਾ ਲੋੜੀਦੀ ਹੈ
ਮੇਲ਼ ਵਿਚ ਉਹ ਸਰੂਰ ਨਹੀ
ਜੋ ਚਾਹੁੰਦੇ ਰਹਿਣ 'ਚ ਹੈ
੬੪
ਐ ਜ਼ਿੰਦਗੀ
ਦਰਦਨਾਕ ਗੀਤਾਂ ਦੀਆਂ ਧੁੰਨਾ ਵਾਂਗ
ਉਦਾਸ ਨੇ ਜ਼ਿੰਦਗੀ ਦੇ ਪਲ
ਤੇਰੇ ਬਗੈਰ ਗੁਜ਼ਰਦੀ
ਜ਼ਿੰਦਗੀ ਦਾ ਹਾਸਿਲ
ਧੜਕਦੇ ਬੁੱਤ ਵਿਚ
ਬਦਲ ਜਾਣ ਦਾ ਅਨੁਭਵ
ਕਿ ਹਿਜ਼ਰ-ਇ-ਦਿਲ ਨੂੰ
ਛੁਪਾਉਂਦੇ ਰਹਿਣ ਦਾ ਮਲਾਲ
ਹੱਥਾਂ ਦਾ ਤੇਰੀ ਛੋਹ ਤੋਂ
ਮਹਿਰੂਮ ਰਹਿ ਜਾਣ ਦਾ ਰੰਜ਼
ਕੇਹਾ ਕੌਤਕ
ਰੰਗਾਂ ਦੀ ਹਨੇਰੀ 'ਚ
ਤੇਰਾ ਹੀ ਰੰਗ ਚੜ੍ਹਿਆ ਮੇਰੇ ਜ਼ਜ਼ਬਾਤ ਨੂੰ
ਮੇਰੇ ਮਟਮੈਲੇ ਨੈਣਾ 'ਚ ਚਮਕੀ
ਤੂੰ ਹੀ ਨੂਰ ਬਣ
ਵਰ੍ਹਿਆਂ ਬਾਦ ਚੇਤਿਆਂ ਦੇ
ਖਾਰੇ ਪਾਣੀਆਂ ਦੇ ਸਮੁੰਦਰ 'ਚੋਂ
ਕਈ ਲਹਿਰ ਆਈ ਹੈ
ਡੁੱਬੇ ਹੋਇਆਂ ਦਾ ਕੀ ਰੋਹੜ ਲਿਜਾਵੇਗੀ
ਐ ਜ਼ਿੰਦਗੀ
ਮਰ ਗਿਆਂ ਦਾ ਕੀ ਵਿਗਾੜੇਂਗੀ
੬੫
ਨਸੀਬ
ਪਹਾੜੀ ਢਲਾਨਾਂ ਤੋਂ
ਸਮਤਲ ਮੈਦਾਨਾ ਵੱਲ
ਸਰਕਦੀ ਹਵਾ
ਪੂਰਬ ਦੀ ਕੁੱਖੋਂ
ਰੋਜ਼ ਉਗਦੇ ਸੂਰਜ ਦੀ ਬਰਸਦੀ ਰੌਸ਼ਨੀ
ਝਿਲਮਿਲ ਸਿਤਾਰੇ
ਬਰਫ਼ੀਲੇ ਪਰਬਤ
ਮਹਿਕਦੀ ਹਰਿਆਲੀ ਭਰੀ
ਚਾਦਰ ਉੜ ਕੇ ਸੁੱਤੇ ਮੈਦਾਨ
ਵਿੰਗੇ ਟੇਢੇ ਰਸਤਿਆਂ 'ਚੋਂ ਗੁਜ਼ਰਦੇ
ਸ਼ੋਰ ਕਰਦੇ ਦਰਿਆ
ਦੁੱਧ 'ਚ ਸ਼ੱਕਰ ਵਾਂਗ
ਹਵਾਵਾਂ 'ਚ ਘੁਲ਼ੀ ਚੰਚਲ ਫੁੱਲਾਂ ਦੀ ਮਹਿਕ
ਹਰ ਪਲ ਲੁਤਫ
ਉਠਾਉਣ ਦੀ ਲਾਲਸਾ
ਆਨੰਦ ਉਮਾਹ ਦੇ ਅਸੀਮ ਸਾਗਰ 'ਚ
ਬੂੰਦ ਬੂੰਦ ਵਹਿ ਜਾਣ ਦੀ
ਸਤਰੰਗੀ ਇੱਛਾ
ਹੁਣ ਬਦਲ ਗਈ ਏ
ਸਾਗਰ ਦਾ ਘੁੱਟ
ਭਰ ਲੈਣ ਦੇ ਹਿਰਸ 'ਚ
ਡੱਕ ਲਿਆ ਹੈ ਬਹੁਤ ਕੁਝ
ਹਊਮੇ ਦੀ ਗਰਦ ਹੇਠ
ਨਸੀਬ ਬਣ ਗਿਆ ਹੈ ਹਰ ਪਲ
ਆਨੰਦਮਈ ਪਲਾਂ ਸੰਗ ਗੁਫਤਗੂ
ਮੁਲਤਵੀ ਕਰ ਦੇਣਾ
ਅਗਲੇ ਪਲ ਲਈ
੬੬
ਜ਼ਖਮੀ ਮੋਰ ਦਾ ਨਾਚ
ਗੜ੍ਹੇਮਾਰ ਮੀਂਹ ਅੰਦਰ
ਨਿਕਲ਼ ਆਇਆ ਹੈ ਜ਼ਖਮੀ ਮੋਰ
ਸਰਾਪੀ ਹਸਰਤ ਦੀ ਜਾਗ ਹੈ
ਬੂੰਦਾਂ ਵਿਚਲਾ ਤਾਲ
ਘਟਾਵਾਂ ਦੀ ਸਿਆਹ ਮਸਤੀ
ਕਰੁਣਾ ਦਾ ਪਿਘਲਿਆ ਵਜੂਦ
ਨਾਚ ਤਾਂ ਹੈ ਜਰਾ ਵਜਦ ਦਾ ਸਾਧਨ
ਰੀਝ ਜੋ ਕਰੁਣਾ 'ਚ ਬਦਲ ਗਈ
ਲੋਰ ਜੋ ਕਰੁਣਾ ਦੀ ਉਪਜ ਹੋ ਗਈ
ਨਾਚ ਤਾਂ ਹੈ ਜਰਾ ਬਦਲਿਆ ਰੂਪ
ਜਿੰਦਾ ਹੋਣ ਦਾ ਜਾਬਤਾ ਪਾਲਦੇ
ਮਨਸੂਈ ਖਦਸ਼ਿਆਂ 'ਚੋਂ ਨਿਕਲਣ ਦਾ
ਨਿਹਫਲ ਯਤਨ
ਦੁਸ਼ਵਾਰ ਰਾਹਵਾਂ ਦੇ ਅਚਾਨਿਕ ਮੋੜ
ਇਹਨਾਂ ਰਾਹਵਾਂ ਦੇ
ਰਾਹਗੀਰ ਹੋਣ ਨੂੰ ਜੀਅ ਕਰੇ
ਜਦੋਂ ਆਪਣੇ ਆਪ ਦਾ
ਆਪਣੀਆਂ ਹੀ ਪਲਕਾਂ 'ਚੋਂ
ਵਹਿ ਜਾਣ ਨੂੰ ਜੀਅ ਕਰੇ
ਤਾਂ ਰਾਹਦਾਰੀ ਦੇਣ ਬਰਸਾਤ ਆਵੇਗੀ
੬੭
ਜਦੋਂ ਜਿੰਦਗੀ ਮੌਤ ਨੂੰ ਆਪਣੇ ਨਾਲ਼
ਇਕ ਮਿਕ ਹੋਣ ਲਈ ਪ੍ਰੇਰੇਗੀ
ਤਾਂ ਉਮਾਹ ਦੀ ਗਲਵੱਕੜੀ
ਬਣ ਉਮੜੇਗੀ ਬਰਸਾਤ
ਜੋ ਬਿਗਾਨੇ ਸੁਰਾਂ 'ਤੇ
ਲਰਜ਼ਣਾ ਨਹੀ ਜਾਣਦੇ
ਆਪਣੇ ਆਗੋਸ਼ 'ਚੋਂ ਉਠੀ
ਮਧੁਰ ਸੰਗੀਤਕ ਲਹਿਰ ਸੰਗ
ਡੋਲਦੇ ਨਜ਼ਰ ਆਉਣਗੇ
ਹਰ ਸਿਰਫਿਰੀ ਰੀਝ ਜੋ
ਵਿਗੋਚੇ ਦੀ ਬੰਧੂਆਂ ਮਜਦੂਰ ਹੋ ਜਾਣੀ ਹੈ
ਮੁਕਤੀ ਲਈ ਲਾਜ਼ਮੀ ਹੋਵੇਗਾ
ਜ਼ਖਮੀ ਮੋਰ ਦਾ ਨਾਚ
੬੯
ਗੀਤ
ਬਲਦਾ ਰਿਹਾ ਹਾਂ ਰਾਤ ਭਰ
ਹੁਜਰੇ ਦੇ ਚਿਰਾਗ ਵਾਂਗ
ਢਲ ਰਿਹਾ ਸੂਰਜ ਹਾਂ ਮੈਂ
ਹੰਭੀ ਪਰਵਾਜ਼ ਵਾਂਗ
ਤੇਰੀ ਅੰਬਰਾਂ ਦੀ ਉਡਾਰੀ
ਤੇਰੀ ਪੌਣ ਦੀ ਸਵਾਰੀ
ਸਾਡਾ ਤਾਂ ਰਾਹ ਨੀਵਾਣਾ
ਪਾਣੀ ਦੀ ਧਾਰ ਵਾਂਗ
ਦੋਸਤੀ ਦੇ ਫੁੱਲਾਂ 'ਤੇ
ਕਾਲ਼ਖ ਦਾ ਹੈ ਨਿਖਾਰ
ਤੇਰਾ ਮੁਸਕਰਾਉਣਾ ਲੱਗਦੇ
ਪਾਣੀ ਦੀ ਧਾਰ ਵਾਂਗ
੭੦
ਇਹ ਕਿਹੋ ਜਿਹੀ ਦੂਰੀ
ਦਰਿਆ ਦਾ ਫਾਸਲਾ ਹੈ
ਮੈਂ ਐਸ ਪਾਰ ਵਾਂਗ
ਤੂੰ ਉਸ ਪਾਰ ਵਾਂਗ
ਕਾਗ਼ਜ ਦੀ ਹੈ ਬੇੜੀ
ਡੁੱਬ ਜਾਣੀ ਬਹੁਤ ਛੇਤੀ
ਡੁੱਬੇ ਹੋਏ ਸੁਪਨੇ ਲੱਗਣੇ
ਪਾਣੀ ਦੀ ਧਾਰ ਵਾਂਗ
ਵਸਲਾਂ ਦੇ ਵਾਰੋਲੇ
ਧੂੜਾਂ ਨੇ ਬੈਠ ਜਾਣਾ
ਤੂੰ ਪਿਆਰ ਬਣ ਮੈਂ ਬਣਨਾ
ਤੇਰੇ ਇੰਤਜ਼ਾਰ ਵਾਂਗ
੭੧
ਗੀਤ
ਫੁੱਲਾਂ ਦੇ ਵਿਚ ਵੀ ਮਹਿਕ ਨਹੀ
ਪੰਛੀਆਂ ਦੀ ਚਹਿਕ ਨਹੀ
ਮਰੀਅਲ ਜਿਹੀ ਬਹਾਰ ਹੈ
ਕਿ ਪਤਝੜ੍ਹ ਦਾ ਸੋਗ ਹੈ
ਪੱਤਿਆਂ ਦਾ ਕੋਈ ਸ਼ੋਰ ਨਹੀ
ਹਵਾਵਾਂ ਦੀ ਮਸਤ ਤੋਰ ਨਹੀ
ਕਾਵਿਕ ਸਤਰ 'ਚੋਂ ਝਲਕਦਾ
ਹਿਰਦੇ ਦਾ ਰੋਗ ਹੈ
ਅੰਬਰ ਦੀ ਕਿੱਥੇ ਕਸ਼ਿਸ਼ ਹੈ
ਧੁੱਪਾਂ 'ਚ ਕਹਿਰੀ ਤਪਸ਼ ਹੈ
ਕੱਲਰਾਂ 'ਤੇ ਇੱਲਾਂ ਭੌਂਅਦੀਆਂ
ਤੁਰ ਗਿਆ ਕੋਈ ਸਾਂਈ ਲੋਕ ਹੈ
੭੨
ਪੰਛੀ ਦੀ ਮਰ ਗਈ ਰੀਝ ਹੈ
ਪੰਖਾਂ ਦੀ ਆਪਣੀ ਚੀਸ ਹੈ
ਰੀਝਾਂ ਦੇ ਕੋਲੋਂ ਲੈ ਲਿਆ
ਉਡਾਣਾ ਨੇ ਜੋਗ ਹੈ
ਤੁਰ ਪਏ ਨੇ ਪੌਣਹਾਰੀ
ਚੜ੍ਹ ਪੌਣਾ ਦੀ ਸਵਾਰੀ
ਚੜ੍ਹਦੇ ਨਹੀ ਜਾਲ ਨਜ਼ਰੀਂ
ਬਸ ਦਿੱਸਦੀ ਚੋਗ ਹੈ
੭੩
ਦੋਹੇ
ਸਭੋ ਯਾਰ ਰਹਿਣ ਬੇਖਬਰੇ, ਤੂੰ ਪੀੜ੍ਹ-ਪੀੜ੍ਹ ਹੋ ਜਾ,
ਲੈ ਤਾਂ ਸਹੀ ਸਾਗਰਾ, ਇਕ ਹਉਕਾ ਅਗਨ ਜਿਹਾ।
ਜ਼ਖਮੀ ਪੈਰ ਕੰਕਰੀਂ ਨੱਚੇ, ਕਰਕੇ ਵਲੀ ਵਲੀ,
ਅਸਾਂ ਫਕੀਰਾਂ ਮਾਣ ਲਈ ਕੁਝ ਪਲ ਰੰਗ ਰਲ਼ੀ।
ਮੱਥੇ ਵਿਚ ਕਲਜੋਗਣਾਂ, ਦਿਨੇ ਪਾਉਂਦੀਆਂ ਰਾਤ,
ਖੰਡਰ ਸੀਨਿਉਂ ਧੜਕਣਾ ਕਰ ਗਈਆਂ ਪਰਵਾਸ।
ਅੰਬਰਸਰ ਵਿਚ ਫਿਰ ਰਿਹਾਂ ਜਿਵੇਂ ਬਿਗਾਨੇ ਦੇਸ,
ਸ਼ਾਇਰਾਂ,ਆਸ਼ਿਕ ਪਾਗਲਾਂ ਕੌਣ ਪਛਾਣੇ ਵੇਸ।
ਮਾਰ ਨਾ ਸਾਕੀ ਝਿੜਕੀਆਂ, ਮੇਰੇ ਵਹਿ ਜਾਂਦੇ ਜ਼ਜ਼ਬਾਤ।
ਮੈਖਾਨੇ ਵੱਲ ਲੈ ਤੁਰੀ ਸਾਨੂੰ ਬੇਖ਼ੁਦੀਆਂ ਦੀ ਆਸ।
ਮੈਂ ਪਾਗਲ ਵ੍ਹਾਵਰੋਲੜਾ ਆਉਂਗਾ ਝੂੰਮਰ ਪਾ,
ਤੂੰ ਟਿੱਬਿਆਂ ਦੀ ਰੇਤ ਨੀ ਲੈ ਜੂੰ ਨਾਲ਼ ਉਡਾ।
ਦੂਰ ਪਹਾੜੀ ਦੇਸ ਤੋਂ, ਆ ਬਦਲੀ ਕਰ ਗਈ ਛਾਂ,
ਤੇਰੀ ਮੇਰੀ ਪ੍ਰੀਤ ਨੂੰ ਦੇਣ ਆਈ ਕੋਈ ਨਾਂਅ।
ਖ਼ਾਮੋਸ਼ੀ ਦਾ ਨਾਮ ਇਬਾਦਤ, ਰਹਿ ਰਹਿ ਮਨ ਭਰਾਂ,
ਢੱਠੇ ਖੂਹ ਵਿਚ ਆਸ਼ਕੀ ਜੇ ਇਜ਼ਹਾਰ ਕਰਾਂ।
ਇਹ ਸਰਮਾਇਆ ਦੋਸਤੋ ਮੇਰੇ ਕੋਲ਼ੇ ਰਹਿਣ ਦਿਉ,
ਮੇਰੇ ਹਿਜ਼ਰ ਦੀ ਵੇਦਨਾ ਬਸ ਮੈਨੂੰ ਸਹਿਣ ਦਿਉ।
੭੪
ਗੀਤ
ਕੌਣ ਦਏ ਦਿਲਬਰੀਆਂ ਵੇ ਲੋਕੋ ਕੌਣ ਦਏ ਦਿਲਬਰੀਆਂ
ਲੈ ਕੇ ਮੱਥੇ ਭਾਗ ਵਿਹੂਣੇ ਰੋਵਣ ਭਾਗਾਂ ਭਰੀਆਂ
ਕੌਣ ਦਏ ਦਿਲਬਰੀਆਂ.....
ਲੈ ਸੁਗੰਧੀਆਂ ਪੌਣ ਤੁਰੀ ਸੀ ਜਾਂਦੇ ਸਨ ਭੰਵਰੇ ਨਸ਼ਿਆਏ
ਹੁਣ ਤਾਂ ਫਿਰਦੀਆਂ ਲਹੂ ਤਿਹਾਈਆਂ ਜ਼ਹਿਰ ਹਥੇਲੀ ਧਰੀਆਂ
ਕੌਣ ਦਏ ਦਿਲਬਰੀਆਂ.....
ਸੁਣ ਨੀ ਤਿਤਰੀ ਮਿਤਰੀ ਛਾਵੇਂ, ਤਪਦੇ ਸਿਰਾਂ ਦੇ ਸੇਕ ਤੂੰ ਲਾਹਵੇਂ
ਸੋਹਲ ਸੁਹੰਦੀਆਂ ਪੀਂਘ ਝੁਟੇਵਣ ਲਾਡੀਂ ਪਲੀਆਂ ਪਰੀਆਂ
ਕੌਣ ਦਏ ਦਿਲਬਰੀਆਂ....
ਇਹ ਤਾਂ ਗੰਗਾ ਇਹ ਤਾਂ ਸੀਤਾ, ਸਮੇਂ ਕੁਲਿਹਣਾ ਕੁਫਰ ਕਿਉਂ ਕੀਤਾ
ਸਦਾ ਪਵਿੱਤਰ ਆਦਿ ਜੁਗਾਦੋਂ ਕਿਉਂ ਇਹ ਕੂੰਜਾਂ ਮਰੀਆਂ।
ਕੌਣ ਦਏ ਦਿਲਬਰੀਆਂ......
ਆ ਵੇ ਸੋਚ ਦੇ ਸੂਰਜ ਆ ਵੇ ਸਭ ਮੱਥਿਆਂ ਦੀ ਤਪਸ਼ ਵਧਾ ਵੇ,
ਨੈਣਾਂ ਦੇ ਖੂਹ ਬਰਫਾਂ ਜੰਮੇ ਸਭ ਹਿੱਕਾਂ ਹੀ ਠਰੀਆਂ
ਕੌਣ ਦਏ ਦਿਲਬਰੀਆਂ ਵੇ ਲੋਕੋ
ਕੌਣ ਦਏ ਦਿਲਬਰੀਆਂ