Wednesday, September 19, 2012


ਦੋਸਤੋ ਮੇਘਲਾ ਦਾ 'ਅੱਸੂ' ਅੰਕ ਹਾਜਿਰ ਹੈ। ਇਹਨਾਂ ਵਿਚੋਂ ਕੁਝ ਰਚਨਾਵਾਂ ਮੇਘਲਾ ਦੇ ਪਰਿੰਟ ਇਸ਼ੂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹੋਣਗੀਆਂ। ਕੁਝ ਕਵਿਤਾਵਾਂ ਤੋਂ ਇਲਾਵਾ ਬੇਹੱਦ ਗਿਆਨਵਰਧਕ ਖੋਜ ਭਰਪੂਰ ਲੇਖ ਵੀ ਹਨ। ਜੋ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰਨਗੇ। ਅਗਲੇ ਅੰਕ ਨੂੰ ਹੋਰ ਵਧੇਰੇ ਦਿਲਚਸਪ ਅਤੇ ਜਾਣਕਾਰੀ ਭਰਪੂਰ ਬਣਾਉਣ ਦੀ ਕੋਸ਼ਿਸ਼ ਹੋਵੇਗੀ। ਕਾਮਨਾ ਕਰਦੇ ਹਾਂ ਕਿ ਤੁਸੀਂ ਆਪਣੀ ਇਕ ਰਚਨਾ ਮੇਘਲਾ ਲਈ ਜਰੂਰ ਭੇਜੋਗੇ। ਧੰਨਵਾਦ!   poetaulakh@gmail.com







ਕਾਸ਼, ਜ਼ਿੰਦਗੀ ਕਾਲਜ ਹੁੰਦੀ! -ਪ੍ਰੋ. ਹਮਦਰਦਵੀਰ ਨੌਸ਼ਹਿਰਵੀ


ਲਾਗੋਂ ਦੀ ਲੰਘਦਿਆਂ ਮੈਂ ਝੁਕ ਕੇ ਫੁੱਲ ਦਾ ਹਾਲ ਪੁੱਛਿਆ। ਫੁੱਲ ਨਹੀਂ ਬੋਲਿਆ। ਫੁੱਲ ਦੀਆਂ ਪੱਤੀਆਂ ਉਤੇ ਪਈ ਤ੍ਰੇਲ ਰੋ ਪਈ, ਹੰਝੂ
ਬਣ ਕੇ ਕਿਰੀ ਤੇ ਧਰਤੀ ਵਿਚ ਸਮਾ ਗਈ। ਫੁੱਲ ਨੂੰ ਅਹਿਸਾਸ ਹੋ ਗਿਆ ਸੀ ਕਿ ਅੱਜ ਤੋਂ ਬਾਅਦ ਮੈਂ ਉਸਦੇ ਨੇੜਿਓ ਨਹੀਂ
ਗੁਜ਼ਰਨਾ। ਉਸਦੀਆਂ ਪੱਤੀਆਂ ਨੂੰ ਪਿਆਰ-ਛੋਹ ਕਿਸੇ ਨੇ ਨਹੀਂ ਸੀ ਦੇਣੀ।
ਹਮੇਸ਼ਾਂ ਵਾਂਗ ਮੈਂ ਪਹਿਲਾ ਪੀਰੀਅਡ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ, ਸਟਾਫ ਰੂਮ ਵਿਚ ਪਹੁੰਚਿਆ। ਵੱਡੀ ਅਲਮਾਰੀ ਦਾ ਆਪਣਾ
ਖਾਨਾ ਖੋਲਿਆ। ਹਾਜ਼ਰੀ ਰਜਿਸਟਰ ਕੱਢਿਆ। ਪਿਛਲੀ ਰਾਤ ਨੂੰ ਤਿਆਰ ਕੀਤੇ ਕਲਾਸ ਨੋਟਸ ਰਜਿਸਟਰ ਵਿਚ ਰੱਖੇ। ਸੇਵਾਦਾਰ
ਪਾਣੀ ਦਾ ਗਲਾਸ ਟੇਬਲ ਉਤੇ ਰੱਖ ਗਿਆ। ਮੈਂ ਸੇਵਾਦਾਰ ਨੂੰ ਕਿਹਾ, ਵੇਸੈ ਤਾਂ ਮੈਂ ਕੈਨਟੀਨ ਦਾ ਬਿੱਲ ਕੱਲ੍ਹ ਦੇ ਦਿੱਤਾ ਸੀ, ਪਰ ਫੇਰ
ਵੀ ਪੁੱਛ ਕੇ, ਮੇਰੇ ਅਗਲੇ ਖਾਲੀ ਪੀਰੀਅਡ ਵਿਚ ਮੈਨੂੰ ਦੱਸੀਂ ਕਿ ਕਿਤੇ ਪਿਛਲੇ ਏਨੇ ਸਾਲਾਂ ਵਿਚ ਕਿਧਰੇ ਕੋਈ ਪੁਰਾਣਾ ਬਕਾਇਆ
ਮੇਰੇ ਵੱਲ ਹੋਵੇ ਤਾਂ ਲੈ ਲਵੇ।
ਵੈਸੇ ਤਾਂ ਮੈਂ ਅਲਮਾਰੀ ਵਾਲੇ ਖਾਨੇ ਵਿਚਲੇ ਕਾਗਜ਼ ਪੱਤਰ ਕੱਲ੍ਹ ਹੀ ਤਰਤੀਬ ਨਾਲ ਰੱਖ ਦਿੱਤੇ ਸਨ। ਅੱਜ ਫਾਈਲਾਂ ਸਬੰਧਿਤ ਪ੍ਰੋਫੈਸਰਾਂ
ਨੂੰ ਦੇ ਦਿਆਂਗਾ। ਐੱਨ ਐੱਸ ਐੱਸ ਫਾਈਲ ਹੈ। ਅੱਜ ਹੀ ਇਹ ਫਾਈਲ ਪ੍ਰੋਫੈਸਰ ਸੋਢੀ ਦੇ ਹਵਾਲੇ ਕਰ ਦਿਆਂਗਾ ਅਤੇ ਕਹਾਂਗਾ ਕਿ
ਪਿੰਡ ਸ਼ਮਸ਼ਪੁਰ ਵਿਚ ਜਿਹੜੀ ਲਾਇਬ੍ਰੇਰੀ ਸਥਾਪਤ ਕੀਤੀ ਗਈ ਸੀ, ਨਿਗ੍ਹਾ ਰੱਖਣ। ਲਾਇਬ੍ਰੇਰੀ ਚੱਲਦੀ ਰਹੇ। ਵਿਦਿਆਰਥੀ
ਸੱਭਿਆਚਾਰਕ ਫਾਈਲ ਪ੍ਰੋਫੈਸਰ ਪਰਮਿੰਦਰ ਸਿੰਘ ਨੂੰ ਦਵਾਂਗਾ ਅਤੇ ਕਹਾਂਗਾ ਕਿ ਨਵੇਂ-ਨਵੇਂ ਵਿਦਿਆਰਥੀਆਂ ਨੂੰ ਮੰਚ ਉਤੇ
ਲਿਆਉਣਾ ਜਾਰੀ ਰੱਖਣ ਤਾਂ ਕਿ ਵਿਦਿਆਰਥੀਆਂ ਵਿਚ ਵਿਸ਼ਵਾਸ਼ ਪੈਦਾ ਹੋਵੇ ਅਤੇ ਉਹ ਜ਼ਿੰਦਗੀ ਦੇ ਸੰਘਰਸ਼ ਵਿਚ ਪਿਛੇ ਨਾ
ਰਹਿਣ। ਲਾਇਬ੍ਰੇਰੀ ਵਿਚੋਂ ਪੜ੍ਹਨ ਨੂੰ ਲਈਆਂ ਕਿਤਾਬਾਂ ਕੱਲ੍ਹ ਵਾਪਸ ਕਰ ਦਿੱਤੀਆਂ ਸਨ। ਅੱਜ ਜਾਂਦਾ ਹੋਇਆ, ਉਹਨਾਂ ਕਿਤਾਬਾਂ ਦੀ
ਕੀਮਤ ਅਦਾ ਕਰ ਦਿਆਂਗਾ, ਲਾਇਬ੍ਰੇਰੀ ਦੀਆਂ ਜਿਹੜੀਆਂ ਕਿਤਾਬਾਂ ਵਿਦਿਆਰਥੀਆਂ ਨੇ ਮੇਰੇ ਨਾਮ ਉਤੇ ਲਈਆਂ ਸਨ, ਪਰ ਵਾਪਸ
ਮੋੜਨਾ ਭੁੱਲ ਗਏ ਸਨ।
ਪੌੜੀਆਂ ਉਤਰ ਕੇ ਮੈਂ ਸਟਾਫ ਰੂਮ ਵਿਚੋਂ ਨਿਕਲ ਕੇ, ਹੇਠਾਂ ਆਇਆ। ਪੀਰੀਅਡ ਵੱਜਣ ਵਿਚ ਹਾਲੇ ੭ ਮਿੰਟ ਬਾਕੀ ਸਨ। ਮੈਂ
ਪ੍ਰਿੰਸੀਪਲ ਸਾਹਿਬ ਦੇ ਦਫਤਰ ਦੀ ਲਾਗੋਂ ਦੀ ਲੰਗ ਰਿਹਾ ਸਾਂ, ਸਟੂਲ ਉਤੇ ਬੈਠਾ ਸੇਵਾਦਾਰ ਰਾਮ ਸਰਨ ਉੱਠ ਕੇ ਖੜ੍ਹਾ ਹੋ ਗਿਆ। ਮੈਂ
ਰਾਮ ਸਰਨ ਨੂੰ ਕਿਹਾ, ਅੱਜ ਤੋਂ ਬਾਅਦ ਇਸ ਉਡੀਕ ਵਿਚ ਨਾ ਰਹੀ ਕਿ ਮੈਂ ਕਲਾਸ ਰੂਮ ਵੱਲ ਜਾ ਰਿਹਾ ਹੋਵਾਂਗਾ। ਇਸਦਾ ਮਤਲਬ
ਅਗਲੇ ਪੀਰੀਅਡ ਲਈ ਘੰਟੀ ਮਾਰਨ ਦਾ ਸਮਾਂ ਹੋਣ ਵਾਲਾ ਹੈ। ਜੇ ਤੂੰ ਹੁਣ ਘੰਟੀ ਲੇਟ ਮਾਰੇਂਗਾ ਤਾਂ ਪ੍ਰੋਫੈਸਰ ਤੇਰੇ ਨਾਲ ਨਾਰਾਜ਼ ਹੋਣਗੇ
ਕਿ ਉਨ੍ਹਾਂ ਨੂੰ ਕਲਾਸ ਵਿਚ ੫ ਮਿੰਟ ਹੋਰ ਰੁਕਣਾ ਪਿਆ। ਮੈਂ ਅਮਲਤਾਸ, ਕੇਸੂ ਤੇ ਗੁਲਮੋਹਰ ਦੇ ਫੁੱਲਾਂ ਵਾਲੇ ਬਿਰਖਾਂ ਹੇਠੋਂ ਦੀ
ਲੰਘਦਿਆਂ, ਮੈਂ ਬਿਰਖਾਂ ਨੂੰ ਕਿਹਾ, ਹੁਣ ਜਦੋਂ ਤੁਹਾਡੇ ਉਤੇ ਫੁੱਲਾਂ ਦੀ ਜੋਬਨ ਬਹਾਰ ਆਵੇਗੀ ਤਾਂ ਮੈਂ ਨਹੀਂ ਹੋਵਾਂਗਾ। ੧੦-੧੦ ਮਿੰਟ
ਤੁਹਾਡੇ ਨੇੜੇ ਖਲੋ ਕੇ ਤੁਹਾਡੇ ਖਿੜੇ ਫੁੱਲਾਂ ਨੂੰ ਅੱਖਾਂ ਵਿਚ ਹੁਣ ਨਹੀਂ ਬੈਠਾ ਸਕਾਂਗਾ। ਤੁਹਾਡੀ ਖੁਸ਼ਬੂ ਦਿਲ ਵਿਚ ਵਸਾ ਨਹੀਂ ਸਕਾਂਗਾ।
ਤੁਸੀਂ ਹੱਸਣਾ ਤੇ ਖਿੜਨਾ ਬੰਦ ਨਹੀਂ ਕਰਨਾ। ਤੁਹਾਨੂੰ ਪਿਆਰ ਕਰਨ ਲਈ ਮੈਂ ਨਹੀਂ ਹੋਵਾਂਗਾ ਤਾਂ ਕੋਈ ਹੋਰ ਕੋਮਲ ਚਿੱਤ ਸਖਸ਼
ਹੋਵੇਗਾ। ਮਹਿਕਣਾ, ਖਿੜਨਾ ਤੇ ਹੱਸਣਾ ਬੰਦ ਥੋੜਾ ਕਰ ਦੇਈਦਾ।
ਬਿਰਖੇ ਹੇਠਿ ਸਭਿ ਜੰਤੁ ਇਕੱਠੇ, ਇਕਿ ਤਤੇ ਇਕਿ ਬੋਲਨਿ ਮਿਠੇ,
ਅਸਤ ਉਦੋਤ ਭਇਆ ਉਠਿ ਚਲੇ, ਜਿਉਂ ਜਿਉਂ ਅਉਧ ਵਿਹਾਣੀਆਂ।
-ਸ਼੍ਰੀ ਗੁਰੂ ਅਰਜਨ ਦੇਵ ਜੀ
ਮੈਨੂੰ ਕੁਝ ਦੂਰੀ ਉਤੇ ਆਉਂਦਾ ਵੇਖ ਕੇ, ਜੇ ਕਮਰਾ ਖਾਲੀ ਹੋਵੇ ਤਾਂ, ਮੁੰਡੇ ਕਮਰੇ ਅੰਦਰ ਬੈਠ ਜਾਂਦੇ ਸਨ। ਮੇਰੀ ਹਦਾਇਤ ਅਨੁਸਾਰ
ਕੁੜੀਆਂ ਉਸ ਕਲਾਸਰੂਮ ਵਿਚ ਮੇਰੇ ਪ੍ਰਵੇਸ਼ ਕਰਨ ਦੇ ਨਾਲ ਹੀ, ਪ੍ਰਵੇਸ ਕਰਦੀਆਂ ਸਨ।
ਇਹ ਬੀ ਏ ਭਾਗ ਪਹਿਲਾ ਦੀ ਕਲਾਸ ਸੀ। ਮੈਂ ਰਜਿਸਟਰ ਉਤੇ ਹਾਜ਼ਰੀ ਲਗਾਈ। ਹਰ ਰੋਜ਼ ਦੀ ਤਰ੍ਹਾਂ ਹਾਜ਼ਰੀ ਦੌਰਾਨ ਹੀ ਮੈਂ ਕਿਸੇ
ਵਿਦਿਆਰਥੀ ਨੂੰ ਉਸ ਦਾ ਰੋਲ ਨੰਬਰ ਬੋਲ ਕੇ, ਉਸ ਪਾਸੋਂ ਕੋਈ ਸਵਾਲ ਨਹੀਂ ਪੁੱਛਿਆ।
ਤੁਸੀਂ ਮੇਰੇ ਪਾਸ ਇਸ ਕਲਾਸ ਵਿਚ ਸਿਰਫ ਚਾਰ ਮਹੀਨੇ ਹੀ ਲਾਏ ਹਨ। ਇਹਨਾਂ ਚਾਰ ਮਹੀਨਿਆਂ ਵਿਚ ਜੋ ਕੁਝ ਤੁਸੀਂ ਮੇਰੇ ਪਾਸੋਂ
ਸੁਣਿਆ, ਸਿੱਖਿਆ, ਲਿਖਿਆ, ਉਸ ਬਾਰੇ ਤੁਹਾਡੇ ਦਿਲ ਵਿਚ ਕਈ ਸ਼ੰਕੇ ਹਾਲੇ ਵੀ ਹੋਣਗੇ। ਤੁਸੀਂ ਪੁੱਛੋਗੇ ਤਾਂ ਅੱਜ ਮੈਂ ਤੁਹਾਡੇ ਪੁਰਾਣੇ
ਸ਼ੰਕੇ, ਆਪਣੀ ਵਿੱਤ ਅਨੁਸਾਰ, ਦੂਰ ਕਰਨ ਦਾ ਯਤਨ ਕਰਾਂਗਾ।
ਪਰ ਸ਼ੰਕੇ ਤਾਂ ਫੇਰ ਵੀ ਬਣੇ ਰਹਿਣਗੇ। ਮੈਂ ਇਸ ਕਲਾਸ ਵਿਚ ਤੀਹ ਸਾਲ ਤੋਂ ਵੱਧ ਪੜ੍ਹਾਇਆ ਹੈ। ਜਿਸ ਕਮਰੇ ਵਿਚ ਤੁਸੀਂ ਬੈਠੇ ਹੋ,
ਇਸ ਕਮਰੇ ਦੀਆਂ ਉਦੋਂ ਨੀਂਹਾਂ ਪੱਟੀਆਂ ਜਾ ਰਹੀਆਂ ਸਨ। ਮੈਂ ਪੜ੍ਹਾਉਂਦਾ ਰਿਹਾ। ਕਾਲਜ ਹੌਲੀ-ਹੌਲੀ ਉਸਰ ਗਿਆ। ਤੁਸੀਂ ਦੋ
ਸਾਲ ਹੋਰ ਇਸ ਕਲਾਸ ਵਿਚ ਪੜ੍ਹਨਾ ਹੈ, ਮੇਰੀ ਇੱਛਾ ਹੈ ਕਿ ਤੁਸੀਂ ਇਸ ਕਾਲਜ ਦੀ ਉਡਾਨ ਵਿਚ ਆਪਣੀ ਪ੍ਰਵਾਜ਼ ਸ਼ਾਮਲ ਕਰੋ।
ਜਦੋਂ ਤੁਸੀਂ ਇਹ ਕਾਲਜ ਛੱਡ ਬੜੇ ਮਾਣ ਨਾਲ ਬਾਹਰ ਜਾਵੋ। ਛੱਡ ਗਏ ਬੈਂਚਾਂ ਨੂੰ ਅਤੇ ਬੈਂਚਾਂ ਉਤੇ ਬੈਠਣ ਵਾਲੇ ਆਪਣੇ ਜਮਾਤੀਆਂ ਨੂੰ
ਯਾਦ ਰੱਖੋ। ਮੈਨੂੰ ਅਫਸੋਸ ਹੈ ਕਿ ਮੈਂ ਬਹੁਤਾ ਸਮਾਂ ਤੁਹਾਡੇ ਨਾਲ ਨਹੀਂ ਨਿੱਭ ਸਕਿਆ। ਬੱਸ ਮੇਰੇ ਪਾਸ ਇਨ੍ਹਾਂ ਹੀ ਸਮਾਂ ਸੀ, ਖਿਮਾ
ਕਰਨਾ।
ਘੰਟੀ ਵੱਜੀ ਮੈਂ ਆਪਣੀ ਅਗਲੀ ਜਮਾਤ ਲੈਣ ਲਈ, ਉਸੇ ਕਮਰੇ ਵਿਚ ਲੈਕਚਰ ਸਟੈਂਡ ਦੇ ਸਾਹਮਣੇ ਖੜ੍ਹਾ ਰਿਹਾ। ਮੇਰੀ ਅਗਲੀ
ਕਲਾਸ ਬੀ ਏ ਭਾਗ ਤੀਜਾ ਦੀ ਸੀ। ਜੋ ਇਸੇ ਕਰਮੇ ਵਿਚ ਲਗਣੀ ਸੀ। ਵਿਦਿਆਰਥੀ ਆਪਣੀਆਂ ਸੀਟਾਂ ਉਤੇ ਆ ਕੇ ਬੈਠਦੇ ਗਏ।
ਕੁੜੀਆਂ ਮੂਹਰਲੇ ਬੈਂਚਾਂ ਉਤੇ ਤੇ ਮੁੰਡੇ ਪਿਛਲੇ ਬੈਂਚਾਂ ਉਤੇ। ਬੋਰਡ ਉਤੇ ਪਹਿਲਾਂ ਹੀ ਲਿਖਿਆ ਸੀ, ਮੇਰਾ ਅੰਤਿਮ ਲੈਕਚਰ। ਰਜਿਸਟਰ
ਤੇ ਹਾਜ਼ਰੀ ਮਾਰਕ ਕਰਕੇ, ਮੈਂ ਲੈਕਚਰ ਸ਼ੁਰੂ ਕੀਤਾ। ਬਲੈਕ ਬੋਰਡ ਵੱਲ ਇਸ਼ਾਰਾ ਕਰਕੇ ਕਿਹਾ, ਇਹ ਮੇਰਾ ਅੰਤਿਮ ਲੈਕਚਰ ਨਹੀਂ
ਹੈ। ਮੈਂ ਤਾਂ ਹਾਲੀ ਬਹੁਤ ਕੁਝ ਲਿਖਣਾ ਹੈ, ਬਹੁਤ ਕੁਝ ਬੋਲਣਾ ਹੈ, ਪਰ ਮੰਚ ਵੱਖਰੇ ਹੋਣਗੇ, ਸਰੋਤੇ ਵੱਖਰੇ ਹੋਣਗੇ। ਮੈਂ ਤੁਹਾਨੂੰ ਤਿੰਨ
ਸਾਲ ਪੜ੍ਹਾਇਆ, ਤੁਹਾਡੇ ਤੋਂ ਪਹਿਲਾਂ ਵੀ ਇਨ੍ਹਾਂ ਬੈਂਚਾਂ ਉਤੇ ਸੈਂਕੜੇ ਵਿਦਿਆਰਥੀ ਬੈਠਦੇ ਰਹੇ। ਇਮਤਿਹਾਨ ਪਾਸ ਕਰਕੇ ਜਾਂਦੇ ਰਹੇ।
ਜ਼ਿੰਦਗੀ ਵਿਚ ਪ੍ਰਵੇਸ਼ ਕਰਦੇ ਰਹੇ। ਮੈਂ ਪੜ੍ਹਾਉਂਦਾ ਰਿਹਾ, ਨਾਲ-ਨਾਲ ਤਲਖ ਹਕੀਕਤਾਂ ਬਾਰੇ ਸੁਚੇਤ ਕਰਦਾ ਰਿਹਾ। ਆਉਣ ਵਾਲੇ
ਖਤਰਿਆਂ ਬਾਰੇ ਦੱਸਦਾ ਰਿਹਾ। ਰੋਜ਼ਗਾਰ ਦੀ ਤਿੱਖੀ ਸੂਈ ਦੇ ਬਹੁਤ ਛੋਟੇ ਜਿਹੇ ਨੱਕੇ ਵਿਚੋਂ ਦੀ ਨਿਕਲਣ ਲਈ, ਬਾਰੀਕ ਬੁੱਧੀ
ਚਾਹੀਦੀ ਹੈ, ਗਿਆਨ ਚਾਹੀਦਾ ਹੈ, ਤਰਕ ਚਾਹੀਦਾ ਹੈ। ਮੈਂ ਇਥੋਂ ਕੁਝ ਲੈ ਕੇ ਨਹੀਂ ਜਾ ਰਿਹਾ, ਸਿਵਾਏ ਵਿਦਿਆਰਥੀਆਂ ਦੇ ਪਿਆਰ
ਦੇ। ਮੇਰਾ ਇੱਕੋ ਇਕ ਹਾਸਲ ਹੈ, ਆਪਣੇ ਬੱਚੇ ਬੱਚੀਆਂ ਨੂੰ ਆਪਣੇ ਸਮਝਿਆ। ਸਮਰਪਿਤ ਤੇ ਪਿਆਰ ਦੀ ਭਾਵਨਾਵਾਂ ਨਾਲ
ਪੜ੍ਹਾਇਆ, ਸਮਝਾਇਆ। ਮੈਂ ਕਦੀ ਦਾਅਵਾ ਨਹੀਂ ਕੀਤਾ ਕਿ ਮੈਨੂੰ ਸਭ ਕੁਝ ਆਉਂਦਾ ਹੈ, ਸਰਵਪੱਖੀ ਗਿਆਨ ਹੈ। ਮੇਰੇ ਪਾਸੋਂ
ਬਹੁਤ ਕੁਝ ਦੱਸਣਾ ਰਹਿ ਗਿਆ ਹੈ। ਬਹੁਤ ਸਾਰੀਆਂ ਖਾਲੀ ਥਾਵਾਂ ਰਹਿ ਗਈਆਂ ਹਨ। ਇਹ ਖਾਲੀ ਥਾਵਾਂ ਤੁਸੀਂ ਆਪ ਭਰਨੀਆਂ
ਹਨ। ਮੇਰੇ ਪਾਸ ਤੁਸੀਂ ਜਦੋਂ ਵੀ ਆਵੋਗੇ, ਮੇਰੀਆਂ ਖੁੱਲ੍ਹੀਆਂ ਬਾਹਵਾਂ ਤੁਹਾਡੇ ਸਵਾਗਤ ਲਈ ਤੱਤਪਰ ਰਹਿਣਗੀਆਂ। ਇਸ ਕਮਰੇ
ਨਾਲ ਮੇਰਾ ਖਾਸ ਪਿਆਰ ਹੈ। ਪਿਛਲੇ ਸਾਰੇ ਸਾਲਾਂ ਵਿਚ ਮੇਰੇ ਬਹੁਤੇ ਪੀਰੀਅਡ ਏਸ ਕਮਰੇ ਵਿਚ ਲਗਦੇ ਰਹੇ ਹਨ, ਪਰ ਅੱਜ ਤੋਂ
ਬਾਅਦ ਮੈਂ ਇਸ ਕਮਰੇ ਵਿਚ ਫੇਰ ਨਹੀਂ ਆਉਣਾ। ਅਲਵਿਦਾ ਮੇਰੇ ਨਿੱਕੇ ਸਾਥੀਓ!
ਮੈਂ ਜਾਣ ਹੀ ਲੱਗਾ ਸਾਂ, ਇੱਕ ਨੌਜਵਾਨ ਨੇ ਅੰਦਰ ਆਉਣ ਦੀ ਆਗਿਆ ਮੰਗੀ, ਮੈਂ ਤੁਹਾਡਾ ਪੁਰਾਣਾ ਵਿਦਿਆਰਥੀ ਹਾਂ। ਇਹ ਮੇਰੇ
ਪਿਤਾ ਜੀ ਹਨ। ਇਹ ਤੁਹਾਨੂੰ ਮਿਲਣਾ ਚਾਹੁੰਦੇ ਹਨ।
-ਚੰਗਾ, ਆਪਾਂ ਬਾਹਰ ਜਾ ਕੇ ਗੱਲ ਕਰਦੇ ਹਾਂ, ਮੈਂ ਕਿਹਾ।
-ਨਹੀਂ ਸਰ, ਏਸੇ ਕਮਰੇ ਵਿਚ ਹੀ ਮੈਂ ਤੁਹਾਨੂੰ ਆਪਣੀ ਪ੍ਰੇਮ ਸੌਗਾਤ ਅਰਪਿਤ ਕਰਨੀ ਹੈ।
ਅਗਲੀ ਘੰਟੀ ਵੱਜ ਗਈ ਸੀ, ਪਰ ਪਿਛਲੀ ਘੰਟੀ ਵਾਲੇ ਸਾਰੇ ਵਿਦਿਆਰਥੀ ਜਮਾਤ ਦੇ ਕਮਰੇ ਵਿਚ ਬੈਠੇ ਰਹੇ। ਮੇਰੀ ਅਗਲੀ ਜਮਾਤ
ਬੀ ਏ ਭਾਗ ਦੂਜਾ ਆਨਰਜ਼ ਦੇ ਵਿਦਿਆਰਥੀ, ਪਿਛੇ ਆ ਕੇ ਬੈਠ ਗਏ ਸਨ।
-ਮੇਰਾ ਨਾਮ ਦਰਬਾਰ ਸਿੰਘ ਹੈ। ਪਪੜੌਦੀ ਮੇਰਾ ਪਿੰਡ ਹੈ। ਮੈਂ ਤੁਹਾਡੇ ਏਸੇ ਕਮਰੇ ਦੇ ਨਾਲ ਇਕ ਪਾਸੇ ਕਰਕੇ, ਕਰੀਬ ਦਸ ਸਾਲ
ਲੱਕੜੀ ਦਾ ਕੰਮ ਕਰਦਾ ਰਿਹਾ ਹਾਂ। ਕਾਲਜ ਦੀ ਧਰਤੀ ਵਾਲੀ ਮੰਜ਼ਿਲ ਬਣ ਗਈ ਸੀ, ਦਰਵਾਜ਼ੇ, ਖਿੜਕੀਆਂ, ਰੌਸ਼ਨਦਾਨ ਬਣ ਰਹੇ
ਸਨ। ਮੈਂ ਬਣਾ ਰਿਹਾ ਸਾਂ। ਫੇਰ ਕਾਲਜ ਦੀ ਪਹਿਲੀ ਮੰਜ਼ਿਲ ਬਣ ਕੇ ਤਿਆਰ ਹੋਈ। ਮੈਂ ਦਰਵਾਜ਼ੇ, ਖਿੜਕੀਆਂ ਰੌਸ਼ਨਦਾਨ ਬਣਾ
ਰਿਹਾ ਸਾਂ। ਖਿੜਕੀਆਂ ਰਾਹੀਂ ਤੁਹਾਡੀ ਅਵਾਜ਼ ਬਾਹਰ ਆਉਂਦੀ। ਕੰਮ ਕਰਦਾ ਹੋਇਆ, ਮੈਂ ਤੁਹਾਡੀ ਅਵਾਜ਼ ਨੂੰ ਬੋਚਦਾ ਰਹਿੰਦਾ।
ਤੁਸੀਂ ਬੋਲਦੇ ਰਹੇ, ਮੋਟੀ ਮੋਟੀ ਗੱਲ ਮੇਰੀ ਸਮਝ ਵਿਚ ਪੈਂਦੀ ਰਹੀ। ਮੇਰਾ ਇਹ ਮੁੰਡਾ ਮੇਰੀ ਰੋਟੀ ਲੈ ਕੇ ਆਉਂਦਾ ਹੁੰਦਾ ਸੀ। ਜਦੋਂ
ਵੱਡਾ ਹੋ ਗਿਆ, ਕਾਲਜ ਪੜ੍ਹਨ ਲੱਗਾ। ਮੈਂ ਅਨਪੜ ਹੁੰਦਾ ਹੋਇਆ ਵੀ ਕਿੰਨਾ ਕੁਝ ਇਸਨੂੰ ਸਮਝਾ ਦਿੰਦਾ ਸੀ। ਮੈਂ ਬੁੱਢਾ ਹੋ ਰਿਹਾ
ਸਾਂ। ਮੇਰੇ ਮੁੰਡੇ ਨੇ ਸ਼ਹਿਰ ਵਿਚ ਆਰਾ ਮਸ਼ੀਨ ਲਗਾ ਲਈ ਸੀ। ਆਪਣਾ ਫਰਨੀਚਰ ਹਾਊਸ ਸਥਾਪਿਤ ਕਰ ਲਿਆ ਹੈ। ਤੁਸੀਂ
ਦੱਸਿਆ ਸੀ, ਬੰਦਾ ਹਿੰਮਤ, ਇਮਾਨਦਾਰੀ ਨਾਲ ਚੱਲਦਾ ਰਹੇ ਤਾਂ ਕੀ ਨਹੀਂ ਕਰ ਸਕਦਾ। ਮੇਰੇ ਬੇਟੇ ਨੇ ਦੱਸਿਆ ਕਿ ਤੁਹਾਡਾ ਇਸ
ਕਾਲਜ ਵਿਚ ਅੱਜ ਆਖਰੀ ਦਿਨ ਹੈ। ਕਈ ਸਾਲ ਪਹਿਲਾਂ ਮੈਂ ਤੁਹਾਡੇ ਲਈ ਇਹ ਨਿੱਕੀ ਜਿਹੀ ਪਿਆਰ ਨਿਸ਼ਾਨੀ ਤਿਆਰ ਕਰਕੇ
ਰੱਖੀ ਹੋਈ ਸੀ। ਮੌਕੇ ਦੀ ਤਲਾਸ਼ ਵਿਚ ਸਾਂ।
ਵਧੀਆ ਲੱਕੜ ਦਾ ਬਣਿਆ ਪਤਲਾ ਜਿਹਾ, ਲੰਮਾ ਸਾਰਾ ਡੱਬਾ ਸੀ। ਉਪਰ ਝੁਕੇ ਰੁੱਖਾਂ ਹੇਠਾਂ ਇਕ ਕਮਰਾ ਚਿਤਰਿਆ ਹੋਇਆ ਸੀ।
ਲਗਦਾ ਸੀ, ਕਮਰੇ ਅੰਦਰ ਬੱਚੇ ਬੈਠੇ ਹੋਏ ਸਨ। ਮੈਂ ਡੱਬਾ ਖੋਲ੍ਹ ਕੇ ਵਿਚੋਂ ਇਕ ਯੰਤਰ ਬਾਹਰ ਕੱਢਿਆ, ਇਹ ਲੱਕੜ ਦੀ ਖੂਬਸੂਰਤ
ਕਲਮ ਸੀ, ਕਰੀਬ ਇਕ ਫੁੱਟ ਲੰਮੀ। ਲੱਕੜ ਦੀ ਕਲਮ ਮੈਂ ਆਪਣੇ ਸਿਰ ਉਤੇ ਰੱਖੀ।
ਫੇਰ ਕਲਮ ਨੂੰ ਚੁੰਮਿਆ। ਬੜਾ ਢੁਕਵਾਂ ਤੋਹਫਾ ਹੈ। ਮੈਂ ਕਲਮ ਦਾ ਸਿਪਾਹੀ ਹਾਂ। ਕਲਮ ਮੇਰਾ ਹਥਿਆਰ ਹੈ, ਸੰਦ ਹੈ। ਮੈਂ ਹੁਣ ਕਲਮ
ਦਾ ਕੁਲਵਕਤੀ ਕਾਰੀਗਰ ਹਾਂ।
ਮੈਂ ਦਰਬਾਰ ਸਿੰਘ ਦਾ ਹੱਥ ਫੜ੍ਹ ਕੇ ਕਲਾਸ ਵਿਚੋਂ ਬਾਹਰ ਆਇਆ। ਪਿੱਛੇ-ਪਿੱਛੇ ਵਿਦਿਆਰਥੀ ਸਨ। ਵਿਦਿਆਰਥੀਆਂ ਦੀਆਂ
ਅੱਖਾਂ ਵਿਚੋਂ ਅਣਵਗੇ ਹੰਝੂ ਸਨ।
ਮੇਰੇ ਨਾਮ ਉਤੇ ਜਾਰੀ ਹੋਈਆਂ, ਪਰ ਬਾਅਦ ਵਿਚ ਵਾਪਸ ਨਾ ਮੁੜੀਆਂ, ਕਿਤਾਬਾਂ ਦੇ ਪੈਸੇ ਮੈਂ ਭਰੇ, ਰਸੀਦ ਲਈ। ਨੁੱਕਰ ਵਾਲੀ
ਕੁਰਸੀ ਉਤੇ ਪਲ ਬੈਠਾ, ਕੁਰਸੀ ਨੂੰ ਚੁੰਮਿਆ। ਇਸ ਕੁਰਸੀ ਉਤੇ ਮੈਂ ਆਪਣੇ ਖਾਲੀ ਪੀਰੀਅਡਾਂ ਵਿਚ, ਆ ਕੇ ਬੇਠਦਾ ਸਾਂ, ਅਖਬਾਰਾਂ
ਰਸਾਲੇ ਪੜ੍ਹਦਾ ਸਾਂ।
ਪ੍ਰਿੰਸੀਪਲ ਦੇ ਦਫਤਰ ਸਾਹਮਣੇ ਦੀ ਲੰਘ ਕੇ ਸਟਾਫ ਰੂਮ ਵੱਲ ਗਿਆ। ਪ੍ਰਿੰਸੀਪਲ ਨੇ ਬੁਲਾ ਕੇ ਚਾਹ ਦੇ ਕੱਪ ਦੇ ਸੁਲਾਹ ਤਾਂ ਕੀ
ਮਾਰਨੀ ਸੀ, ਭੋਰਾ ਭਰ ਪਿਆਰ ਵੀ ਨਹੀਂ ਜਿਤਲਾਇਆ ਕਿ ਹੁਣ ਮੈਂ ਕੱਲ੍ਹ ਤੋਂ ਕਾਲਜ ਨਹੀਂ ਆਉਣਾ। ਮੇਰੇ ਚਲੇ ਜਾਣ ਨਾਲ ਕਾਲਜ
ਦੀਆਂ ਕਈ ਸਰਗਰਮੀਆਂ ਅਧੂਰੀਆਂ ਤੇ ਊਣੀਆਂ ਰਹਿਣਗੀਆਂ।
ਵਿਦਾਇਗੀ ਪਾਰਟੀ ਦੀ ਕੋਈ ਸੂਚਨਾ ਹੀ ਨਹੀਂ ਸੀ। ਕਿਸੇ ਵੀ ਪ੍ਰੋਫੈਸਰ ਨੇ ਇਹ ਵੀ ਨਹੀਂ ਕਿਹਾ, ਤੁਸੀਂ ਹੁਣ ਜਾ ਰਹੇ ਹੋ ਫੇਰ ਵੀ
ਕਦੀ ਕਦੀ ਆਇਓ ਕਰੋਗੇ ਨਾ। ਆਓ ਪਲ ਬੈਠੀਏ। ਮੈਡਮ ਪਰਮਜੀਤ ਕੌਰ ਸੋਬਤੀ ਕੁਝ ਨਹੀਂ ਬੋਲੀ, ਪਰ ਉਸ ਦੇ ਚਿਹਰੇ ਉਤੇ
ਸੱਚੀ ਉਦਾਸੀ ਦੀਆਂ ਲਕੀਰਾਂ ਸਨ।
ਮੈਂ ਸਟਾਫ ਰੂਮ ਵਿਚ ਆਇਆ। ਅਲਮਾਰੀ ਦਾ ਆਪਣਾ ਖਾਨਾ ਸਾਫ ਕੀਤਾ। ਵਾਧੂ ਕਾਗਜ਼ ਡਸਟਬਿਨ ਵਿਚ ਸੁੱਟੇ। ਜਿੰਦਾ ਕੁੰਜੀ
ਖਾਨੇ ਦੇ ਵਿਚ ਰੱਖ ਦਿੱਤਾ ਤੇ ਕੁੰਡੀ ਲਗਾ ਦਿੱਤੀ। ਜਿੰਦਾ-ਕੁੰਜੀ ਭਾਵੇਂ ਮੇਰਾ ਆਪਣਾ ਖ੍ਰੀਦਿਆ ਹੋਇਆ ਸੀ, ਪਰ ਘਰ ਨੂੰ ਕਾਹਨੂੰ ਲੈ
ਕੇ ਜਾਣਾ। ਜਿਹੜਾ ਕੋਈ ਨਵਾਂ ਪ੍ਰੋਫੈਸਰ ਇਹ ਖਾਨਾ ਲਵੇਗਾ, ਤਾਲਾ ਉਸਦੇ ਕੰਮ ਆਵੇਗਾ।
ਸਾਰੇ ਪ੍ਰੋਫੈਸਰ ਜਾ ਚੁੱਕੇ ਸਨ।
ਮੈਂ ਬਾਹਰ ਖੜ੍ਹੇ ਵਿਦਿਆਰੀਥਆਂ ਨੂੰ ਅੰਦਰ ਬੁਲਾਇਆ, ਸਾਨੂੰ ਤਾਂ ਅੱਜ ਹੀ ਪਤਾ ਲੱਗਾ ਹੈ ਕਿ ਕੱਲ੍ਹ ਤੋਂ ਕਾਲਜ ਨਹੀਂ ਆਉਣਾ।
ਅਸੀਂ ਤਾਂ ਤੁਹਾਨੂੰ ਵਿਦਾਇਗੀ ਪਾਰਟੀ ਵੀ ਨਾ ਦੇ ਸਕੇ। ਛੇਤੀ ਹੀ ਜਦੋਂ ਅਸੀਂ ਕਾਲਜ ਵਿਚ ਤੁਹਾਡੇ ਮਾਣ ਵਿਚ ਪਾਰਟੀ ਰੱਖੀਏ।
ਤੁਸੀਂ ਆਓਗੇ ਨਾ?
ਪਾਰਟੀ ਤੁਸੀਂ ਰਹਿਣ ਦਿਓ, ਤੁਹਾਡੇ ਦਿਲ ਵਿਚ ਮੇਰੇ ਪ੍ਰਤੀ ਜਿਹੜਾ ਪਿਆਰ ਹੈ ਮੇਰੇ ਲਈ ਉਹ ਕਾਫੀ ਹੈ।
ਕੈਨਟੀਨ ਪ੍ਰਬੰਧਕ ਟਰੇ ਲੈ ਕੇ ਆ ਗਿਆ, ਪੀਅਨ ਤੁਹਾਡੇ ਕੈਨਟੀਨ ਬਕਾਏ ਬਾਰੇ ਪੁੱਛਦਾ ਸੀ। ਤੁਹਾਡਾ ਬਕਾਇਆ ਕਾਹਦਾ। ਕਦੀ
ਕਦੀ ਤੁਸੀਂ ਚਾਹ ਪੀਂਦੇ ਸੋ। ਉਹ ਵੀ ਜਦੋਂ ਤੁਹਾਨੂੰ ਕੋਈ ਮਿਲਣ ਆਇਆ ਹੋਵੇ। ਪੈਸੇ ਤੁਸੀਂ ਮੌਕੇ ਉਤੇ ਹੀ ਦੇ ਦਿੰਦੇ ਸੀ। ਆਹ ਲਵੋ
ਅੱਜ ਦੀ ਚਾਹ ਮੇਰੇ ਵੱਲੋਂ। ਇਸਦਾ ਕੋਈ ਬਕਾਇਆ ਮੈਂ ਨਹੀਂ ਲੈਣਾ।
ਨਹੀਂ, ਬਕਾਇਆ ਤਾਂ ਮੈਂ ਜਰੂਰ ਦੇਵਾਂਗਾ, ਜਦੋਂ ਤੂੰ ਮੇਰੇ ਘਰ ਆਇਆ। ਤੈਨੂੰ ਚਾਹ ਪਿਆਏ ਬਿੰਨਾ ਥੋੜਾ ਭੇਜਾਂਗਾ।
ਮੈਂ ਪ੍ਰੋਫੈਸਰਾਂ ਦੇ ਹਾਜ਼ਰੀ ਰਜਿਸਟਰ ਉਤੇ ਆਪਣੇ ਹਸਤਾਖਰ ਕੀਤੇ, ਮਿਤੀ ਪਾਈ ੩੦ ਨਵੰਬਰ ੧੯੯੭, ਸ਼ਾਮ ੩:੧੫
ਮੈਂ ਅਗਲਾ ਸਫਾ ਪਰਤਿਆ। ਪਹਿਲੀ ਦਸੰਬਰ ਮੇਰੇ ਨਾਮ ਵਾਲਾ ਖਾਨਾ ਖਾਲੀ ਸੀ।
ਕਾਸ਼, ਜ਼ਿੰਦਗੀ ਕਾਲਜ ਹੁੰਦੀ!
ਜੇ ਫੁੱਲਾਂ ਦੀ ਰੁੱਤ ਹਮੇਸ਼ਾਂ ਰਹਿੰਦੀ!
ਜੱਦ ਪੈਣ ਕਪਾਹੀ ਫੁੱਲ ਵੇ, ਧਰਮੀ ਬਾਬਲਾ,
ਸਾਨੂੰ ਉਹ ਰੁੱਤ ਲੈ ਦੇਈਂ ਮੁੱਲ ਵੇ ਧਰਮੀ ਬਾਬਲਾ।

ਕਵਿਤਾ ਭਵਨ, ਮਾਛੀਵਾੜਾ ਰੋਡ ਸਮਰਾਲਾ ੧੪੧੧੧੪
੯੪੬੩੮-੦੮੬੯੭

ਕਵਿਤਾਵਾਂ . . . ਕਿਰਤਪਾਲ ਸਿੰਘ

* ਅਲਵਿਦਾ ਐ ਮੁਹੱਬਤ ਅਲਵਿਦਾ *

ਅਲਵਿਦਾ ਐ ਮੁਹੱਬਤ ਅਲਵਿਦਾ
ਮੈਂ ਮਹਿਕਣਾ ਗ਼ਮਾਂ ਦੀ ਰੁੱਤੜੇ
ਤੂੰ ਮਹਿਕੀਂ ਵਿੱਚ ਬਹਾਰ ਸਦਾ
ਅਲਵਿਦਾ ਐ ਮੁਹੱਬਤ ਅਲਵਿਦਾ

ਤੂੰ ਮੇਰੇ ਵਿੱਚੋਂ ਮੈਂ ਤੇਰੇ ਵਿੱਚੋਂ
ਭਲਕੇ ਹੋ ਜਾਣਾ ਅਸਾਂ ਵਿਦਾ
ਅਲਵਿਦਾ ਐ ਮੁਹੱਬਤ ਅਲਵਿਦਾ ||

ਉਦਾਸ ਸ਼ਜ਼ਰ ਸਾਂ ਤੂੰ ਮਹਿਕਾਇਆ,
ਸਦੀਆਂ ਤੋਂ ਸਾਂ ਮੈਂ ਤਿਰਹਾਇਆ,
ਮਲ-ਮਲ ਧੁੱਪਾਂ ਮੈਨੂੰ ਨਵਾਇਆ,
ਪਰ ਟਲਿਆ ਨਾਂ ਗ਼ਮ ਦਾ ਸਾਇਆ,
ਮੇਰੇ ਵਰਗੀ ਨਾਂ ਹੋ ਜਾਵੀਂ ਤੂੰ
ਤੈਨੂੰ ਤਨ.ਮਨ ਤੋਂ ਕਰਾਂ ਜੁਦਾ
ਅਲਵਿਦਾ ਐ ਮੁਹੱਬਤ ਅਲਵਿਦਾ ||

ਤੂੰ ਹਰਿਆਲੇ ਬਾਬਲ ਦੀ ਜਾਈ ਨੀ,
ਕਿਉਂ ਕੁਸੁੰਭੜੇ ਤੇ ਬੈਠਣ ਆਈ ਨੀ ,
ਤੇਰੀ ਝੋਲੀ ਗ਼ਮਾਂ ਦੀ ਮੁੱਠ ਪਾਈ ਨੀ,
ਪੀੜ ਚੂਲੀਆਂ ਭਰ-ਭਰ ਪਿਆਈ ਨੀ,
ਤੇਰੇ ਪਰ ਮਸਲੇ ਮੇਰਿਆਂ ਦੁੱਖਾਂ
ਤੂੰ ਉੱਡਣੋ ਰਹਿ ਗਈ ਵਿੱਚ ਫ਼ਿਜ਼ਾ
ਅਲਵਿਦਾ ਐ ਮੁਹੱਬਤ ਅਲਵਿਦਾ ||

ਮੇਰੇ ਨੈਣਾਂ ਵਿੱਚ ਰੈਣਾਂ ਮਰਦੀਆਂ,
ਜਵਾਨ ਸ਼ਾਮਾਂ ਮੇਰੀ ਹਮਕੋਂ ਡਰਦੀਆਂ,
ਹਵਸੀ ਚੁੱਪ ਦੀ ਸੂਲੀ ਚੜਦੀਆਂ,
ਨੰਗੀਆਂ ਧੁੱਪਾਂ ਮੇਰੇ ਪਿੰਡੇ ਲੜਦੀਆਂ,
ਇਹਨਾਂ ਪੀੜਾਂ ਨੇ ਵਿਆਉਣਾ ਮੈਨੂੰ
ਇਹ ਪੀੜਾਂ ਮੇਰੇ ਉੱਤੇ ਹੋਈਆਂ ਫਿਦਾ
ਅਲਵਿਦਾ ਐ ਮੁਹੱਬਤ ਅਲਵਿਦਾ ||

ਮੈਂ ਅਜ਼ਲਾਂ ਤੋਂ ਇੱਕ ਜੂਨ ਹੰਢਾਂਵਾਂ ,
ਮੈਂ ਹਰ ਜੂਨੇ ਇੱਕ ਪੀੜ ਵਿਆਹਵਾਂ ,
ਮੇਰੇ ਹਿੱਸੇ ਨਾਹੀ ਸੰਘਣੀਆਂ ਛਾਂਵਾਂ,
ਮੈਂ ਫੁੱਲ ਭਰ ਉਮਰ ਹੰਢਾਂ ਕੇ ਜਾਵਾਂ,
ਮੈਂ ਮੇਚ ਤੇਰੇ ਦਾ ਹੋ ਨਾ ਸਕਿਆ
ਜਿਹੜੀ ਮਰਜੀ ਮੈਨੂੰ ਦੇਵੀਂ ਸਜ਼ਾ
ਅਲਵਿਦਾ ਐ ਮੁਹੱਬਤ ਅਲਵਿਦਾ ||

ਮੈਂ ਮਹਿਕਣਾ ਗ਼ਮਾਂ ਦੀ ਰੁੱਤੜੇ
ਤੂੰ ਮਹਿਕੀਂ ਵਿੱਚ ਬਹਾਰ ਸਦਾ
ਅਲਵਿਦਾ ਐ ਮੁਹੱਬਤ ਅਲਵਿਦਾ
ਅਲਵਿਦਾ ਐ ਮੁਹੱਬਤ ਅਲਵਿਦਾ ||

*********************

* ਹਿਜ਼ਰਾਂ ਦੇ ਫੋੜੇ *

ਮੇਰੇ ਦਿਲ ਤੇ ਬੰਨੋ ਨੀ
ਪੱਥਰ ਚੱਟ ਦੀਆਂ ਪੱਤੀਆਂ
ਹਿਜ਼ਰਾਂ ਦੇ ਫੋੜੇ ਦੁੱਖਦੇ ਨੀ
ਮੈਂ ਲਾ-ਲਾ ਸਿਆਹੀ ਅੱਕੀ ਆਂ
ਮੇਰੇ ਦਿਲ ਤੇ ਬੰਨੋ ਨੀ
ਪੱਥਰ ਚੱਟ ਦੀਆਂ ਪੱਤੀਆਂ ||

ਵਿਯੋਗ ਮਿਹਰਮ ਦਾ ਕੁਤਰ ਗਿਆ,
ਜੋ ਪੀ ਕੇ ਜ਼ੋਬਨ ਮੁੱਕਰ ਗਿਆ ,
ਬਣ ਪੀੜ ਮੱਥੇ ਉੱਕਰ ਗਿਆ ,
ਸੂਲ ਉਹਦੇ ਵਿੱਚ ਝੁਲਸ ਗਈ
ਹੁਣ ਵਗਣ ਹਵਾਵਾਂ ਤੱਤੀਆਂ
ਮੇਰੇ ਦਿਲ ਤੇ ਬੰਨੋ ਨੀ
ਪੱਥਰ ਚੱਟ ਦੀਆਂ ਪੱਤੀਆਂ ||

ਉਹਦੇ ਬਿਨ ਮੈਂ ਗਲਦੀ ਜਾਵਾਂ,
ਮੈਂ ਸ਼ਾਮਾਂ ਵਾਗੂੰ ਢਲਦੀ ਜਾਵਾਂ ,
ਉਦਾਸੀ ਮਣ-ਮਣ ਮਲਦੀ ਜਾਵਾਂ,
ਭਰ-ਭਰ ਮੁੱਠਾਂ ਪੀੜਾਂ ਖਾਂਦੀ
ਪੀਸਾਂ ਗ਼ਮ ਦੀਆਂ ਚੱਕੀਆਂ
ਮੇਰੇ ਦਿਲ ਤੇ ਬੰਨੋ ਨੀ
ਪੱਥਰ ਚੱਟ ਦੀਆਂ ਪੱਤੀਆਂ ||

ਮੈਂ ਨੁੱਚੜ ਜਾਵਾਂ ਚੇਤੇ ਢੋਦੀਂ,
ਮੈਂ ਮੁੜਕੋ-ਮੁੜਕੀ ਹੋਵਾਂ ਰੋਂਦੀ,
ਮੈਂ ਆਥਣ ਤਾਂਈ ਮੁੱਖੜਾ ਧੋਦੀਂ,
ਸਹੇੜ ਕੇ ਵੇਦਨ ਇਸ਼ਕ ਦਾ
ਬੁਝਾ ਲੈਂਦੀ ਨੈਣ ਬੱਤੀਆਂ
ਮੇਰੇ ਦਿਲ ਤੇ ਬੰਨੋਂ ਨੀ
ਪੱਥਰ ਚੱਟ ਦੀਆਂ ਪੱਤੀਆਂ ||

ਮੇਰਾ ਅੰਦਰ ਰਗੜੋ ਲੈ ਕੇ ਝਾਵਾਂ,
ਚੂਰ ਕੇ ਮੂਹਰੇ ਪਾ ਦਿਉ ਕਾਂਵਾਂ,
ਮਰੀ ਮੁਹੱਬਤ ਮੈਂ ਦਫ਼ਨਾਂਵਾਂ,
ਖੁਰਚ ਲਿਉ ਹੱਡਾਂ ਤੋਂ ਮਿਹਰਮ
ਮੈਂ ਸਾਰੀ ਉਹਦੇ ਵਿੱਚ ਗੱਚੀ ਆਂ
ਮੇਰੇ ਦਿਲ ਤੇ ਬੰਨੋਂ ਨੀ
ਪੱਥਰ ਚੱਟ ਦੀਆਂ ਪੱਤੀਆਂ ||

ਮੇਰੇ ਦਿਲ ਤੇ ਬੰਨੋ ਨੀ
ਪੱਥਰ ਚੱਟ ਦੀਆਂ ਪੱਤੀਆਂ
ਹਿਜ਼ਰਾਂ ਦੇ ਫੋੜੇ ਦੁੱਖਦੇ ਨੀ
ਮੈਂ ਲਾ-ਲਾ ਸਿਆਹੀ ਅੱਕੀ ਆਂ ||

*******************

* ਜ਼ਹਿਰੀਲਾ ਇਸ਼ਕ *

ਵਸਲਾਂ ਦੀ ਚਾਨਣੀ ਹੇਠ

ਜਦੋਂ ਪਹਿਲੀ ਵਾਰ

ਆਪਾਂ ਆਪਣੀ-ਆਪਣੀ

ਕੁੰਜ ਲਾਹੀ ਸੀ,

ਸੂਰਜ ਵਾਂਗ ਮਘ

ਉੱਠਿਆ ਸੀ

ਤੇਰਾ ਸਾਂਵਲਾ ਜਿਸਮ

ਇੱਕ ਦੂਜੇ ਤੇ ਮੇਹਲਣ

ਲੱਗੇ ਸੀ,

ਚਿੱਟੇ ਬੱਦਲਾਂ ਦੀ ਚਾਦਰ

ਓੜ ਕੇ,

ਆਪਾਂ ਚੂਸ ਰਹੇ ਸੀ

ਇੱਕ ਦੂਜੇ ਦੇ ਜ਼ਹਿਰੀ

ਇਸ਼ਕ ਨੂੰ,

ਸਾਹਾਂ ਨੂੰ ਕੁੱਜੇ ਵਿੱਚ ਬੰਦ ਕਰਕੇ

ਮੇਰੀ ਛੋਹ ਨਾਲ

ਤੇਰੇ ਲੂੰ-ਕੰਡੇ ਇਉਂ ਖੜੇ

ਹੋਏ ਸੀ....

ਜਿਵੇਂ ਕੱਕੇ ਰੇਤ ਵਿੱਚ

ਭੱਖੜਾ ਪਿਆ ਹੋਵੇ,

ਮੇਰੇ ਜਿਸਮ ਵਿੱਚ ਧਸ ਗਏ ਸੀ

ਲੂੰ-ਕੰਡੇ ਭੱਖੜਾ ਬਣ ਕੇ..

ਤੇਰੇ ਇਸ਼ਕ ਦਾ ਜ਼ਹਿਰ

ਹੋਰ ਜ਼ਹਿਰੀਲਾ ਹੋ ਗਿਆ ਸੀ

ਤੇ ਹਾਂ ਸੱਚ...

ਤੇਰੇ ਫਨੀਅਰ ਚੁੰਮਣਾਂ ਨੇ

ਮੇਰੇ ਹੋਠਾਂ ਨੂੰ ਨੀਲਾ

ਕਰ ਦਿੱਤਾ ਸੀ,

ਕਰ ਦਿੱਤਾ ਸੀ ਫੋਕਾ

ਬੇ-ਰਸ ਮੇਰੇ ਹੋਠਾਂ ਨੂੰ,

ਵਿੱਚੇ ਛੱਡ ਦਿੱਤੇ ਸੀ

ਤੈਂ ਆਪਣੇ ਜ਼ਹਿਰੀਲੇ ਦੰਦ

ਮੈਨੂੰ ਸਭ ਯਾਦ ਹੈ

ਹਰ ਹੱਦ,ਹਰ ਕਹਿਰ

ਵਸਲ ਦਾ ਦਿਨ...

ਅੱਜ ਵੀ ਜਦੋਂ ਮੇਰੀ ਜੀਭ ਦਾ

ਸਪਰਸ਼ ਹੋਠਾਂ ਨਾਲ ਹੁੰਦਾ ਤਾਂ

ਚੜ ਜਾਂਦਾ ਹੈ

ਜ਼ਹਿਰ ਮੇਰੀ ਜੀਭ ਨੂੰ

ਜੀਭ ਹੋ ਜਾਂਦੀ ਹੈ ਸੁੰਨ

ਸਾਰਾ ਸਰੀਰ ਮਦਹੋਸ਼ ਹੋ ਜਾਂਦਾ ਹੈ

ਤੇਰੇ ਜ਼ਹਿਰੀਲੇ ਇਸ਼ਕ ਦਾ ਐਸਾ

ਅਸਰ ਹੁੰਦਾ ਹੈ ਮੇਰੇ

ਸ਼੍ਰੀ ਗੁਰਦਰਸ਼ਨ ਬਾਦਲ, ਮਨਮੋਹਨ ਭਿੰਡਰ ਅਤੇ ਪਰਮਵੀਰ ਹੁਰਾਂ ਦੀਆਂ ਪੁਸਤਕਾਂ ਦੇ ਲਾਲੀ ਕੋਹਾਲ਼ਵੀ ਵੱਲੋਂ ਕੀਤੇ ਰੀਵਿਊ


ਪੜਚੋਲ: ਲਾਲੀ ਕੋਹਾਲ਼ਵੀ
ਮਨਮੋਹਨ ਭਿਡਰ ਦਾ ਕਾਵਿ ਸੰਗ੍ਰਹਿ 'ਮੈਂ ਬੁੱਧ ਨਹੀ'

ਮਨਮੋਹਨ ਭਿੰਡਰ ਦੇ ਕਾਵਿ ਸੰਗ੍ਰਹਿ 'ਮੈਂ ਬੁੱਧ ਨਹੀ' 'ਚੋਂ ਇਨਸਾਨੀਅਤ ਦੀ ਰੂਹ ਬੋਲਦੀ ਹੈ। ਸੱਚੀ-ਸੁੱਚੀ ਭਾਵਨਾ ਪੱਖੋਂ ਇਹ ਕਾਵਿ ਸੰਗ੍ਰਹਿ ਲਾਜਵਾਬ ਹੀ ਕਿਹਾ ਜਾ ਸਕਦਾ ਹੈ। ਇਕ ਇਨਸਾਨ ਜੀਵਨ ਵਿੱਚ ਜੋ ਨਿਭਾਉਂਦਾ- ਹੰਢਾਉਂਦਾ ਹੈ। ਇਹ ਗੱਲਾਂ ਉਸਦੇ ਜੀਵਨ ਦੀਆਂ ਹਿੱਸਾ ਬਣ ਜਾਂਦੀਆਂ ਹਨ। ਇਸ ਪੱਖੋਂ ਇਹ ਇਨਸਾਨੀਅਤ ਅਤੇ ਇਨਸਾਨ 'ਚੋਂ ਮੁੱਕ ਰਹੇ ਮਾਨਵਤਾ ਦੇ ਅਹਿਸਾਸ ਦੀ ਗੱਲ ਕਰਦਾ ਹੈ।
ਸਮਾਜ ਵਿਚ ਫੈਲਿਆ ਭ੍ਰਿਸ਼ਟਾਚਾਰ ਅਹਿਮ ਮੁੱਦਾ ਬਣ ਚੁੱਕਾ ਹੈ। ਮਨਮੋਹਨ ਭਿੰਡਰ ਦੀ ਕਵਿਤਾ 'ਜੋਕਾਂ' ਇਸ ਮੁੱਦੇ ਤੇ ਤਕੜਾ ਵਾਰ ਕਰਦੀ ਹੈ। ਮਨਮੋਹਨ ਭਿੰਡਰ ਸਮਾਜ ਦੇ ਹਰ ਗਲਤ ਵਰਤਾਰੇ ਦੇ ਵਿਰੁੱਧ ਹੈ। ਜੋ ਸਵਾਰਥੀ ਸੋਚ ਨੂੰ ਬਦਲਣ ਲਈ ਜੋਰਦਾਰ ਅਪੀਲ ਕਰਦੀ ਹੈ।
ਇਸ ਵਿਚ ਕੋਈ ਸ਼ੱਕ ਨਹੀ ਕਿ ਮਨਮੋਹਨ ਭਿੰਡਰ ਦਾ ਨਜ਼ਰੀਆ ਵੱਖਰਾ ਹੈ ਜੋ ਅੱਜ ਦੇ ਮਾਰਾ-ਮਾਰੀ ਅਤੇ ਆਪੋ-ਧਾਪੀ ਦੇ ਜੀਵਨ ਨਾਲ਼ੋਂ ਵੱਖਰਾ ਹੈ। ਜੋ ਧੀਆਂ ਨੂੰ ਕੁੱਖ ਵਿਚ ਮਾਰ ਰਹੇ ਹਨ ਉਹ ਇਕ ਤਰ੍ਹਾਂ ਨਾਲ਼ ਭਵਿੱਖ ਦੇ ਸਮਾਜ ਦਾ ਘਾਣ ਕਰ ਰਹੇ ਹਨ। ਉਹ ਇਸ ਨਖਿੱਧ ਵਰਤਾਰੇ ਦਾ 'ਧੀਆਂ' ਕਵਿਤਾ 'ਚ ਵਿਰੁੱਧ ਕਰਦਾ ਹੈ।
'ਮੈਂ ਬੁਧ ਨਹੀ' ਅਤੇ ਹੋਰ ਕਵਿਤਾਵਾਂ ਵਿਚ ਜਿੱਥੇ ਸਮਾਜ ਦੇ ਸੰਦਰਭਾਂ ਵਿਚ ਆਪਣੀ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉੱਥੇ ਗੁਰੂਆਂ-ਪੀਰਾਂ ਅਤੇ ਧਾਰਮਿਕ ਰਹਿਬਰਾਂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਅੱਤਵਾਦ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਹੱਲ ਲੱਭਣ ਦਾ ਹੋਕਾ ਦਿੱਤਾ ਹੈ।
ਕਵਿਤਾਵਾਂ ਵਿਚ ਪਤੀ-ਪਤਨੀ, ਪ੍ਰੇਮੀ-ਪ੍ਰੇਮਿਕਾ ਅਤੇ ਮਜਦੂਰ, ਮਜਬੂਰ ਔਰਤ, ਅਤੇ ਹਰ ਵਰਗ ਦੇ ਲੋਕਾਂ ਦੇ ਜ਼ਜ਼ਬਾਤ ਦੀ ਤਰਜਮਾਨੀ ਕੀਤੀ ਗਈ ਹੈ। ਭਾਵੇਂ ਇਹ ਮਨਮੋਹਨ ਭਿੰਡਰ ਦਾ ਪਲੇਠਾ ਕਾਵਿ ਸੰਗ੍ਰਹਿ ਹੈ ਪਰ ਮਿਹਨਤ ਨਾਲ਼ ਲਿਖੀਆਂ ਕਵਿਤਾਵਾਂ 'ਚੋਂ ਪਰਪੱਕਤਾ ਝਲਕਦੀ ਹੈ। ਇਸ ਪਲੇਠੇ ਕਾਵਿ ਸੰਗ੍ਰਹਿ ਲਈ ਮਨਮੋਹਨ ਭਿੰਡਰ ਵਧਾਈ ਦੇ ਪਾਤਰ ਹਨ।


ਅੰਮੜੀ ਦਾ ਵਿਹੜਾ-ਗੁਰਦਰਸ਼ਨ ਸਿੰਘ ਬਾਦਲ
'ਅੰਮੜੀ ਦਾ ਵਿਹੜਾ' ਦੇ ਰੂਪ 'ਚ ਇਕ ਖੂਬਸੂਰਤ ਕਾਵਿਕ ਗੁਲਦਸਤਾ ਗੁਰਦਰਸ਼ਨ ਬਾਦਲ ਹੁਰਾਂ ਨੇ ਮਾਂ ਬੋਲੀ ਦੀ ਝੋਲ਼ੀ ਪਾਇਆ ਹੈ। ਉਹਨਾਂ ਨੇ ਆਪਣੇ ਖੁਬਸੂਰਤ ਵਿਚਾਰਾਂ ਨਾਲ਼ ਭਰਪੂਰ ਕਰ ਇਸ ਪੁਸਤਕ ਨੂੰ ਹਰ ਵਰਗ ਦੇ ਪੜ੍ਹਨਯੋਗ ਬਣਾਇਆ ਹੈ। ਬਹੁਤ ਸਾਰੀਆਂ ਕਵਿਤਾਵਾਂ ਨੂੰ ਪੜ੍ਹ ਕੇ ਬੀਤਿਆ ਸਮਾਂ ਫਿਲਮ ਵਾਂਗ ਮਨ ਵਿਚ ਚੱਲਣ ਲੱਗਦਾ ਹੈ। ਇਕ ਕਵਿਤਾ ਹੈ:
ਅੰਮੜੀ ਦੇ ਵਿਹੜੇ ਨੀ ਅੰਮੜੀ ਦੇ ਲਾਡ ਕੁੜੇ
ਉਹ ਗੀਤ ਘੋੜੀਆਂ ਨੀ ਸਭ ਉੱਥੇ ਰਹਿ ਗਏ ਨੇ
ਅਤੇ ਸਭ ਮੌਜ ਬਹਾਰਾਂ ਮਾਂ ਦੇ ਵਿਹੜੇ 'ਚ ਰਹਿ ਗਈਆਂ। ਇਸ ਕਵਿਤਾ ਨੂੰ ਪੜ੍ਹ ਕੇ ਸਭ ਦੇ ਮਨ ਵਿਚ ਪਿਆਰਾ ਜਿਹਾ ਵਿਹੜਾ ਯਾਦ ਬਣ ਕੇ ਫੈਲ ਜਾਂਦਾ ਹੈ। ਇਕ ਹੋਰ ਕਵਿਤਾ ਹੈ ਜੋ ਆਪਣੀ ਮਾਖਿਉਂ ਮਿੱਠੀ ਮਾਂ ਬੋਲੀ ਲਈ ਦਿਲੀ ਜ਼ਜ਼ਬਾਤ ਦਾ ਪ੍ਰਗਟਾਵਾ ਕਰਦੀ ਹੈ:
ਵਾਰਾਂ ਤੇਰੇ ਉੱਤੋਂ ਜਾਨ ਮਾਂ ਪੰਜਾਬੀਏ
ਫੈਲੈ ਜੱਗ ਉੱਤੇ ਤੇਰਾ ਨਾਂਅ ਪੰਜਾਬੀਏ
ਇਸ ਕਵਿਤਾ ਰਾਹੀਂ ਉਹਨਾਂ ਪੰਜਾਬੀ ਮਾਂ ਬੋਲੀ ਦੀ ਸਿਫਤ ਸਲਾਹ ਕਰਦਿਆਂ ਇਸਦਾ ਮਾਣ ਵਧਾਇਆ ਹੈ। ਸਮਾਜ ਵਿਚ ਵਿਚਰਦਿਆਂ ਕੁਝ ਲੋਕ ਆਪਣੇ ਫਰਜ ਭੁੱਲ ਕੇ ਬੁਰਾਈਆਂ ਵਿਚ ਫਸ ਜਾਂਦੇ ਹਨ ਇਹ ਲੋਕ ਆਪਣੇ ਅਤੇ ਸਮਾਜ ਲਈ ਜਿੱਲਤ ਦਾ ਕਾਰਨ ਬਣਦੇ ਹਨ ਜਿਵੇਂ ਗਰਦਰਸ਼ਨ ਬਾਦਲ ਜੀ ਕਹਿ ਰਹੇ ਹਨ:
ਘੱਟ ਭੂਤ ਚੁੜੇਲਾਂ ਤੋਂ ਇਹ ਸਮਾਜ ਨਹੀ
ਘੱਟ ਬੁਰੇ ਦੇ ਮੱਥੇ ਤੋਂ ਇਹਦੇ ਤੇ ਦਾਗ ਨਹੀ
ਅੱਜ ਭਾਈਚਾਰਕ ਸਾਂਝ ਖਤਮ ਹੋ ਚੁੱਕੀ ਹੈ। ਲੋਕ ਇਕ-ਦੂਜੇ ਨੂੰ ਵੇਖ ਕੇ ਖੁਸ਼ ਨਹੀ। ਨਫਰਤ ਦਾ ਪਸਾਰਾ ਹਰ ਪਾਸੇ ਪਰਧਾਨ ਹੈ :
ਮੇਰੇ ਦੇਸ ਵਾਸੀ ਵੀਰੋ ਤੇ ਭੇਣੋ
ਉੱਚਾ ਕੋਈ ਹਿੰਦ ਤੋਂ ਸਿਤਾਰਾ ਨਹੀਂ ਹੋਣਾ
ਇਸ ਕਵਿਤਾ ਰਾਹੀਂ ਉਹਨਾਂ ਦਾ ਪਰਦੇਸ ਵਿਚ ਰਹਿੰਦਿਆਂ ਆਪਣੀ ਮਿੱਟੀ ਅਤੇ ਦੇਸ ਲਈ ਮੋਹ ਡੁੱਲ-ਡੁੱਲ ਕੇ ਪੈ ਰਿਹਾ ਹੈ। ਅਗਲੀ ਕਵਿਤਾ ਸ੍ਰੀ ਬਾਦਲ ਹੁਰਾਂ ਨੇ ਆਪਣੀ ਬੇਟੀ ਤਨਦੀਪ ਦੇ ਜਨਮ ਦਿਨ ਤੇ ਲਿਖੀ ਹੈ:
ਤਨਦੀਪ ਬੇਟੀ ਤੈਨੂੰ ਐਨਾ ਪਿਆਰ ਦੇਵਾ
ਸੂਰਜ ਤੇ ਚੰਨ ਤੇਰੇ ਤੋਂ ਵਾਰ ਦੇਵਾਂ
ਆਪਣੀ ਧੀ ਪ੍ਰਤੀ ਪਿਆਰ ਭਾਵਨਾ ਹੋਰ ਲੋਕਾਂ ਲਈ ਵੀ ਇਕ ਸਬਕ ਵਾਂਗ ਹੈ ਕਿਉਂਕਿ ਭਰੂਣ ਹੱਤਿਆ ਇਕ ਵੱਡਾ ਮੁੱਦਾ ਬਣ ਕੇ ਸਾਹਮਣੇ ਆਇਆ ਹੈ। ਅਤੇ ਧੀਆਂ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ।
ਦੇਸ ਭਗਤੀ ਦਾ ਜਜਬਾ ਸਮੋਈ ਹੋਈ ਇਕ ਕਵਿਤਾ ਵੇਖੋ:
ਸੋਹਣੇ ਉਸ ਜਰਨੈਲ ਦੇ ਦਿਲ ਅੰਦਰ
ਭਰਿਆ ਹੋਇਆ ਸੀ ਜੋਸ਼ ਜਵਾਨੀ ਦਾ
ਭਗਤ ਸਿੰਗ ਵਰਗਾ ਜੇ ਕੋਈ ਹੋਏ ਜੋਧਾ
'ਅੰਮੜੀ ਦਾ ਵਿਹੜਾ' ਲਈ ਸ੍ਰੀ ਗੁਰਦਰਸ਼ਨ ਬਾਦਲ ਹੁਰਾਂ ਨੂੰ ਵਧਾਈ ਪੇਸ਼ ਕਰਦਾ ਹੋਇਆ ਕਾਮਨਾ ਕਰਦਾ ਹਾਂ ਕਿ ਉਹ ਜਲਦੀ ਹੀ ਆਪਣੀ ਦੂਜੀ ਕਿਤਾਬ ਪਾਠਕਾਂ ਦੀ ਲਈ ਅਰਪਨ ਕਰਨਗੇ। ਆਮੀਨ!

ਅੰਮ੍ਰਿਤ ਵੇਲਾ ਲਈ ਸਾਹਿਤ ਅਕਾਦਮੀ ਪੁਰਸਕਾਰ ਲਈ ਮੁਬਾਰਕਾਂ

ਸਮਾਜ ਵਿਚ ਵਿਚ ਵਾਪਰ ਰਹੇ ਸਮੂਹਿਕ ਘਟਨਾਕ੍ਰਮ ਅਤੇ ਤਬਦੀਲੀਆਂ ਦਾ ਪ੍ਰਭਾਵ ਹੋਰ ਸਾਹਿਤਕ ਵਿਧਾਵਾਂ ਦੇ ਨਾਲ਼-ਨਾਲ਼ ਕਵਿਤਾ ਤੇ ਵੀ ਪਿਆ ਹੈ। ਪਰ ਧੁਰ ਅੰਤਰਮਨ ਦੀਆਂ ਗਹਿਰਾਈਆਂ 'ਚੋਂ ਪੈਦਾ ਹੋਈ ਕਵਿਤਾ ਜੋ ਰੱਬੀ ਨੂਰ ਦੇ ਝਲਕਾਰਿਆਂ ਨਾਲ਼- ਓਤਪੋਤ ਹੋਵੇ , ਦਾ ਆਪਣਾ ਵਿਲੱਖਣ ਪ੍ਰਭਾਵ ਹੁੰਦਾ ਹੈ।ਮਾਨਸਿਕਤਾ ਨੂੰ ਰੋਜ਼ਾਨਾ ਦੇ ਝਮੇਲਿਆਂ 'ਚੋਂ ਕੱਢ ਕੇ ਇਸ ਅਵਸਥਾ 'ਚ ਲੈ ਜਾਣਾ ਅਸਾਨ ਨਹੀ ਹੁੰਦਾ।
ਕਵਿਤਾ ਦੀ ਰਚਨ ਪ੍ਰਕਿਰਿਆ ਵੇਲ਼ੇ ਕੁਝ ਮਾਨਸਿਕ ਪ੍ਰਕਿਰਿਆਵਾਂ ਮਨ ਨੂੰ ਇੱਕ ਲੈਅਮਈ ਅਵਸਥਾ 'ਚ ਲੈ ਜਾਂਦੀਆਂ ਹਨ। ਮਨ ਕੁਦਰਤ ਅਤੇ ਇਸਦੇ ਵਰਤਾਰਿਆਂ ਨਾਲ਼ ਇਕਮਿਕ ਹੋ ਜਾਂਦਾ ਹੈ। ਮਨੁੱਖ ਦੀ ਸੋਚ ਅਤੇ ਵਿਵਹਾਰ ਕੁਦਰਤ ਦਾ ਹਿੱਸਾ ਹੋ ਜਾਂਦੇ ਹਨ। ਮਨੁੱਖ ਕੁਦਰਤ ਨੂੰ ਜੀਣ ਅਤੇ ਮਾਨਣ ਲੱਗਦਾ ਹੈ।
ਮਨੁੱਖ ਬ੍ਰਹਿਮੰਡ ਦਾ ਹਿੱਸਾ ਹੋ ਕੇ ਵੀ ਆਪਣੀ ਵੱਖਰੀ ਹੋਂਦ ਤਲਾਸ਼ਦਾ ਹੈ। ਅੱਜ ਮਨੁੱਖ ਆਪਣੇ ਅਹਮ ਦੀ ਸਥਾਪਤੀ ਅਤੇ ਦਿਖਾਵੇ ਲਈ ਸਾਧਨ ਜੁਟਾਉਣ ਵੱਲ ਪ੍ਰੇਰਿਤ ਰਹਿੰਦਾ ਹੈ।ਇਹ ਪ੍ਰਵਿਰਤੀ ਕਾਹਲ਼ੀ ਅਤੇ ਝਮੇਲਾ ਪੈਦਾ ਕਰਦੀ ਹੈ।ਮਨ 'ਚੋਂ ਕੁਦਰਤ ਦਾ ਰਸ ਖਤਮ ਹੋ ਜਾਂਦਾ ਹੈ। ਇਹ ਰਸ ਮਨ 'ਚ ਉਪਜਾਉਣ ਦੀਆਂ ਕਈ ਵਿਧੀਆਂ ਹਨ। ਆਪਣੇ-ਆਪ ਨੂੰ ਕੁਦਰਤ ਨਾਲ਼ ਇਕਰੂਪ ਕਰ ਦੇਣਾ ਅਤੇ ਖੁਦ ਨੂੰ ਬ੍ਰਹਿਮੰਡ ਦਾ ਹਿੱਸਾ ਖਿਆਲਣਾ ਇਹ ਪ੍ਰਵਿਰਤੀ ਅਹਮ ਦਾ ਖਾਤਮਾ ਕਰ ਰੱਬੀ ਰਸਾਂ ਨਾਲ਼ ਭਰਪੂਰ ਕਰ ਦਿੰਦੀ ਹੈ। ਗੁਰਬਾਣੀ 'ਚ ਵੀ ਜ਼ਿਕਰ ਆਉਂਦਾ ਹੈ ਕਿ ਨਾਮ ਦੇ ਰਸ ਨਾਲ਼ ਹੋਰ ਸਭ ਰਸ ਵਿਸਰ ਜਾਂਦੇ ਹਨ। ਇਸ ਰਸ ਨੂੰ ਉਪਜਾਉਣ ਦਾ ਸਭ ਤੋਂ ਅਹਿਮ ਵੇਲਾ ਅੰਮ੍ਰਿਤ ਵੇਲਾ ਹੁੰਦਾ ਹੈ।ਗਿਆਤਾਵਾਂ ਦੇ ਅਨੁਸਾਰ ਇਸ ਵੇਲ਼ੇ ਅੰਮ੍ਰਿਤ ਵਰ੍ਹ ਰਿਹਾ ਹੁੰਦਾ ਹੈ।
ਹਰਿ ਅੰਮ੍ਰਿਤ ਬੂੰਦ ਸੁਹਾਵਣੀ
ਮਿਲਿ ਸਾਧੂ ਪੀਵਣਹਾਰ
ਪਰਮਵੀਰ ਸਿੰਘ ਦੀ ਪੁਸਤਕ ਅੰਮ੍ਰਿਤ ਵੇਲਾ ਪੜ੍ਹਦਿਆਂ ਪਾਠਕ ਕੁਦਰਤ , ਕਾਦਰ ਦੇ ਨੇੜੇ-ਨੇੜੇ ਵਿਚਰਦਾ ਮਹਿਸੂਸ ਕਰਦਾ ਹੋਇਆ ਬ੍ਰਹਿੰਡ ਅੰਦਰ ਪਸਰੇ ਰੱਬੀ ਰਸ ਨੂੰ ਮਾਣਦਾ ਜਾਂਦਾ ਹੈ। ਪਰਮਵੀਰ ਸਿੰਘ 'ਅੰਮ੍ਰਿਤ ਵੇਲਾ' ਰਾਹੀਂ ਅੰਮ੍ਰਿਤ ਰਸ ਵਰਗੀ ਕਵਿਤਾ ਪਾਠਕਾਂ ਦੀ ਝੋਲ਼ੀ ਪਾਉਂਦੇ ਹਨ।
ਭਾਵੇਂ ਦੁਧੀਆ ਚਾਨਣੀ
ਸੂਰਜ ਪੀਆ ਕੋਲ
ਸਰਘੀ ਦੀ ਛੰਨ ਨੇਰ ਨਾ
ਕੋਲ ਰਬਾਬੀ ਬੋਲ
ਪਰਮਵੀਰ ਸਿੰਘ ਦੀ ਕਵਿਤਾ 'ਚ ਵਿਯੋਗਣ ਦਾ ਬਿਰਹਾ ਵੀ ਪਸਾਰੇ ਦੇ ਅਜਬ ਰੰਗਾਂ 'ਚ ਰੰਗਿਆ ਮਹਿਸੂਸ ਹੁੰਦਾ ਹੈ। ਪ੍ਰੇਮੀ ਦੀ ਉਡੀਕ ਕੋਇਲਾਂ ਦੇ ਗੀਤ , ਅੰਬੀਆਂ ਦੇ ਬੂਰ, ਬਿਰਖਾਂ ਆਦਿ ਨਾਲ਼ ਸੰਵਾਦ ਕਰਦੀ ਹੈ। ਇਸ ਤਰ੍ਹਾਂ ਪ੍ਰੇਮੀ ਦੀ ਉਡੀਕ 'ਚ ਕੀਤਾ ਵਿਯੋਗ ਇਨਸਾਨੀ ਵਜੂਦ ਦੇ ਦਾਇਰੇ 'ਚੋਂ ਬਾਹਰ ਜਾ ਕੇ ਕੁਦਰਤ ਅਤੇ ਕਾਦਰ ਨਾਲ਼ ਰੂਹ ਦੀ ਇਕਮਿਕਤਾ ਦਾ ਸਵਰੂਪ ਧਾਰਨ ਕਰਦਾ ਹੈ:
ਕਣਕਾਂ ਦੇ ਰਮਗ ਸਾਵੇ ਵੇ ਮਾਹੀਆ
ਸਰੋਆਂ 'ਤੇ ਸੋਨੇ ਦੀ ਝਾਲ
ਮਿੱਟੀ ਨੇ ਗਤਿ ਮੁਹੱਬਤਾਂ 'ਚ ਗੁੱਧਾ
ਕੰਤ ਰਸੀਲੇ ਦੀ ਭਾਲ
ਅੰਬੀਆਂ ਦੇ ਬੂਰ ਨੇ ਮਹਿਕ ਖਿਲਾਰੀ
ਕੋਇਲਾਂ ਦੀ ਬਦਲੀ ਏ ਚਾਲ
ਨਾ ਸਿਰਫ ਕੁਦਰਤ ਦੇ ਅਨੂਠੇ ਝਲਕਾਰੇ ਇਸ ਕਿਤਾਬ ਦਾ ਹਿੱਸਾ ਹਨ ਬਲਕਿ ਸਦੀਆਂ ਤੋਂ ਅਪਣਾਈਆਂ ਜਾਂਦੀਆਂ ਰੀਤਾਂ ਅਤੇ ਨਿਰਬਾਹ ਲਈ ਅਪਣਾਏ ਜਾਂਦੇ ਢੰਗ-ਤਰੀਕਿਆਂ ਨੂੰ ਜ਼ਰੀਆ ਬਣਾ ਕੇ ਵੱਖ-ਵੱਖ ਤਰ੍ਹਾਂ ਦੇ ਖੁਬਸੂਰਤ ਹਾਵ-ਭਾਵ ਬਿਖੇਰੇ ਹਨ:
ਵਾਹੋ! ਵਾਹੋ!
ਚੰਨਣ ਦਾ ਚਰਖਾ
ਗੋਰੀ ਦੀਆਂ ਨਾਜ਼ੁਕ ਬਾਹਵਾਂ
ਚੰਨ ਰਿਸ਼ਮਾ ਦੀ ਕੱਤਦੀ ਪੂਣੀ
ਤੰਦ ਤੇਰੇ ਨਾਂ ਦੀ ਪਾਵਾਂ
ਅੱਜ ਕਵਿਤਾ ਵੱਡੀ ਮਿਕਦਾਰ 'ਚ ਲਿਖੀ ਜਾ ਰਹੀ ਸਿਨਫ ਹੈ। ਪੰਜਾਬੀ 'ਚ ਲਿਖੀ ਜਾ ਰਹੀ ਜਿਆਦਤਰ ਕਵਿਤਾ ਜਨਮਾਨਸ ਨਾਲ਼ੋਂ ਟੁੱਟੀ ਹੋਈ ਹੈ।ਪੰਜਾਬ ਗੁਰਾਂ ਦੇ ਨਾਂਅ 'ਤੇ ਜੀਉਂਦਾ ਹੈ ਅਤੇ ਇਸਦੀ ਮਿੱਟੀ ਦੀ ਤਾਸੀਰ ਚੜਦੀ ਕਲਾ ਵਾਲ਼ੀ ਹੈ। ਗੁਰੂਆਂ ਦੀ ਅੰਮ੍ਰਿਤ ਬਾਣੀ ਪੰਜਾਬੀ ਜਨਜੀਵਨ 'ਚ ਰਚ ਗਈ
ਪਰਮਵੀਰ ਸਿੰਘ ਪੰਜਾਬੀ ਸਭਿਆਚਾਰ ਅਤੇ ਇੱਥੋਂ ਦੀ ਮਾਨਸਿਕਤਾ ਅਤੇ ਸਰਬ ਸਾਂਝੀਵਾਲਤਾ ਦੇ ਫਲਸਫੇ ਦਾ ਬੁਲਾਰਾ ਕਵੀ ਸਿੱਧ ਹੋਇਆ ਹੈ।ਉਹ ਰੂਹ ਨੂੰ ਸਰਸ਼ਾਰ ਕਰਨ ਵਾਲ਼ੇ ਸੁੱਚੇ ਸ਼ਬਦਾਂ ਦਾ ਸੰਚਾਰ ਕਰਦਾ ਹੋਇਆ ਆਪਣੀਆਂ ਭਾਵਨਾਵਾਂ ਤੋਂ ਪਾਠਕ ਨੂੰ ਸੌਂਦਰਯ ਸ਼ਾਸ਼ਤਰ ਸਹਿਤ ਅਵਗਤ ਕਰਾਉਂਦਾ ਹੈ।
ਕੁਦਰਤ-ਕਾਦਰ ਦੀ ਵਡੱਤਣ, ਸ਼ਬਦਾਂ ਅਤੇ ਭਾਵਨਾਵਾਂ ਦੀ ਸੁੱਚਤਾ, ਬ੍ਰਹਿਮੰਡ ਦੀ ਅਸੀਮਤਾ, ਇਨਸਾਨੀ ਭਾਵਨਾਵਾਂ ਦੀ ਤੀਬਰਤਾ ਨੂੰ ਸਹਿਜ ਨਾਲ਼ ਪੇਸ਼ ਕਰਨਾ, ਮਨੁੱਖੀ ਖਾਹਿਸ਼ਾਂ ਨੂੰ ਸੰਤੋਖੀ ਰੰਗਤ ਦੇਣਾ ਅਦਿ ਉਸਦੀ ਕਵਿਤਾ ਦੇ ਸਰੋਦੀ ਗੁਣ ਹਨ।
ਕਾਫੀ ਦੇਰ ਬਾਅਦ ਇਸ ਰੰਗਤ ਦੀ ਕਵਿਤਾ ਪੜ੍ਹਨ ਨੂੰ ਮਿਲ਼ੀ ਹੈ।ਕਿਸੇ ਦਰਵੇਸ਼ ਦੀਆਂ ਦਿੱਤੀਆਂ ਦੁਆਵਾਂ ਵਰਗੇ ਸ਼ਬਦ ਰੂਹ ਨਾਲ਼ ਸਾਂਝ ਪਾਉਂਦੇ ਨਜ਼ਰ ਆਉਂਦੇ ਹਨ। ਪਰਮਵੀਰ ਸਿੰਘ ਨੂੰ ਸੰਗ੍ਰਹਿ ਅੰਮ੍ਰਿਤ ਵੇਲਾ ਲ

ਇਕ ਗੁਲਾਮ ਲੜਕੀ ਦੇ ਜੀਵਨ ਦੀਆਂ ਘਟਨਾਵਾਂ - ਪ੍ਰੋ. ਹਰਭਜਨ ਸਿੰਘ , ਕੈਲੇਫੋਰਨੀਆ

ਗੁਲਾਮਾਂ ਨਾਲ ਹੋਣ ਵਾਲੇ ਹਰ ਕਿਸਮ ਦੇ ਧੱਕੇ ਤੇ ਵਹਿਸ਼ੀਆਨਾ ਵਿਹਾਰ ਅਤੇ ਹਰ
ਪ੍ਰਕਾਰ ਦੇ ਸ਼ੋਸ਼ਣ, ਦਮਨ ਤੇ ਅੱਤਿਆਚਾਰ ਦਾ ਵੀ ਉਹ ਇਸ ਪ੍ਰਕਾਰ ਦਾ ਦ੍ਰਿਸ਼ਮੂਲਕ ਬਿਰਤਾਂਤ
ਪੇਸ਼ ਕਰਦੀ ਹੈ ਕਿ ਗੁਲਾਮ ਪ੍ਰਥਾ ਤੋਂ ਵੱਡੀ ਕੋਈ ਹੋਰ ਲਾਹਨਤ ਨਹੀਂ ਹੋ ਸਕਦੀ।
ਇਸ ਸਵੈ-ਜੀਵਨੀ ਵਿਚ ਜੈਕੋਬਜ਼ ਦੇ ਮਾਲਕ ਦਾ ਨਾਂ ਡਾਕਟਰ ਫਲਿੰਟ ਦੱਸਿਆ ਗਿਆ ਹੈ
ਅਤੇ ਉਸਦੀ ਪਤਨੀ ਮਿਸਿਜ਼ ਫਲਿੰਟ ਅਤੇ ਦੋਵੇਂ ਚਰਚ ਦੇ ਸ਼ਰਧਾਲੂ ਹੋਣ ਦੇ ਬਾਵਜੂਦ ਹੱਦ ਦਰਜੇ
ਦੇ ਕਮੀਨੇ ਅਤੇ ਵਹਿਸ਼ੀ ਹਨ। ਜੇ ਫਲਿੰਟ ਲਹੂ ਦੀਆਂ ਘਰਾਲਾਂ ਵਗਣ ਤੱਕ ਗੁਲਾਮਾਂ ਉਪਰ ਕੋਰੜੇ
ਵਰਸਾਉਣ ਦੇ ਸ਼ੌਕ ਵਿਚੋਂ ਖੁਸ਼ੀ ਭਾਲਦਾ ਹੈ ਤਾਂ ਮਿਸਿਜ਼ ਫਲਿੰਟ ਇਹ ਸਭ ਦੇਖ ਕੇ ਆਨੰਦ ਮਹਿਸੂਸ
ਕਰਦੀ ਹੈ। ਜੇ ਮਿਸਿਜ਼ ਫਲਿੰਟ ਨੂੰ ਭੋਜਨ ਸਮੇਂ ਤੋਂ ਥੋੜ੍ਹਾ ਜਿਹਾ ਵੀ ਅੱਗੇ ਪਿੱਛੇ ਪਰੋਸਿਆ ਜਾਂਦਾ
ਹੈ ਤਾਂ ਉਹ ਗੁੱਸੇ ਵਿਚ ਉਬਲਦੀ ਹੋਈ ਆਪਣਾ ਭੋਜਨ ਕਰਨ ਤੋਂ ਮਗਰੋਂ ਬਾਕੀ ਬਚੇ-ਖੁਚੇ ਖਾਣੇ
ਤੇ ਥਾਲੀਆਂ ਨਾਲ ਲੱਗੀ ਰਹਿੰਦ-ਖੂੰਹਦ ਵਿਚ ਵੀ ਥੁੱਕ ਦਿੰਦੀ ਹੈ ਤਾਂ ਜੋ ਖਾਣਾ ਬਣਾਉਣ ਵਾਲੀ
ਗੁਲਾਮ ਔਰਤ ਨਾ ਆਪ ਕੁਝ ਖਾ ਸਕੇ ਤੇ ਨਾ ਆਪਣੇ ਬੱਚੇ ਨੂੰ ਖਿਲਾ ਸਕੇ। ਇਸੇ ਤਰ੍ਹਾਂ ਜੇ ਫਲਿੰਟ
ਨੂੰ ਕੋਈ ਖਾਣ ਵਾਲੀ ਚੀਜ਼ ਪਸੰਦ ਨਾ ਆਏ ਤਾਂ ਉਸੇ ਔਰਤ ਦੀ ਕੋਰੜਿਆਂ ਨਾਲ ਤੁੜਾਈ ਹੁੰਦੀ
ਹੈ ਅਤੇ ਕਈ ਵਾਰ ਉਸਨੂੰ ਚੌਵੀ ਘੰਟੇ ਦੀ ਕੈਦ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ, ਜਿਸ ਦੌਰਾਨ
ਨਾ ਉਹ ਆਪਣੇ ਬੱਚੇ ਕੋਲ ਜਾ ਸਕਦੀ ਹੈ ਨਾ ਉਸਨੂੰ ਕੁਝ ਖਿਲਾ ਸਕਦੀ ਹੈ ਜਾਂ ਆਪਣਾ ਦੁੱਧ
ਹੀ ਪਿਲਾ ਸਕਦੀ ਹੈ। ਇੱਥੋਂ ਤੱਕ ਕਿ ਜੇ ਮਾਲਕ ਦਾ ਕੁੱਤਾ ਕਿਸੇ ਵਜ੍ਹਾ ਕਰਕੇ ਖਾਣਾ ਨਾ ਖਾਵੇ,
ਸੁੰਘ ਕੇ ਮੂੰਹ ਮੋੜ ਲਵੇ ਤਾਂ ਵੀ ਉਸ ਰਸੋਇਣ ਦੀ ਤੁੜਾਈ ਹੁੰਦੀ ਹੈ ਅਤੇ ਕੁੱਤੇ ਵਾਲਾ ਸਾਰਾ
ਖਾਣਾ ਉਸਨੂੰ ਜਬਰਨ ਖਿਲਾਇਆ ਜਾਂਦਾ ਹੈ।
ਇਸ ਤਰ੍ਹਾਂ ਜੈਕੋਬਜ਼ ਵੀ ਡਗਲਸ ਵਾਂਗ ਹੀ ਆਪਣੀ ਜੀਵਨੀ ਵਿਚ ਮਾਰੁਕੁੱਟ ਦੇ ਉਹ ਵਹਿਸ਼ੀਆਨਾ
ਤੇ ਘਿਨੌਣੇ ਦ੍ਰਿਸ਼ ਇੰਨੇ ਮਾਰਮਿਕ ਢੰਗ ਨਾਲ ਪੇਸ਼ ਕਰਦੀ ਹੈ ਕਿ ਇਹ ਸਪੱਸ਼ਟ ਸਿੱਧ ਹੋ ਜਾਂਦਾ
ਹੈ ਕਿ ਗੁਲਾਮ ਪ੍ਰਥਾ ਨੇ ਇਨ੍ਹਾਂ ਮਾਲਕਾਂ ਨੂੰ ਇਸ ਪ੍ਰਕਾਰ ਦੇ ਵਹਿਸ਼ੀ ਦਰਿੰਦੇ ਬਣਾ ਦਿੱਤਾ ਸੀ
ਕਿ ਉਨ੍ਹਾਂ ਵਿਚ ਇਨਸਾਨੀਅਤ ਵਰਗੀ ਕੋਈ ਵੀ ਚੀਜ਼ ਜਾਂ ਰਹਿਮ ਦੇ ਨਾਮਾਤਰ ਅੰਸ਼ ਵੀ ਬਾਕੀ
ਨਹੀਂ ਬਚੇ ਸਨ। ਬੇਸ਼ਕ ਉਹ ਇਕ ਦੋ ਨੇਕ-ਦਿਲ ਮਾਲਕਾਂ ਦਾ ਜ਼ਿਕਰ ਵੀ ਕਰਦੀ ਹੈ ਜੋ ਉਸਦੀ
ਮੁਕਤੀ ਵਿਚ ਸਹਾਈ ਹੁੰਦੇ ਹਨ, ਪਰ ਉਹ ਨਿਗੂਣੀ ਹਸਤੀ ਦੇ ਮਾਲਕ ਹੋਣ ਕਾਰਨ ਸਮੁੱਚੀ ਵਿਵਸਥਾ
ਤੇ ਕਾਨੂੰਨ ਅੱਗੇ ਬੇਵੱਸ ਦਿਖਾਈ ਦਿੰਦੇ ਹਨ ਕਿਉਂਕਿ ਸਮਾਜਕ ਮਾਨਤਾਵਾਂ ਅਤੇ ਆਰਥਕ-ਰਾਜਨੀਤਕ
ਤਾਣਾ-ਬਾਣਾ ਅਤੇ ਇਸ ਉਪਰ ਉਸਰੀ ਹੋਈ ਸਟੇਟ ਪਾਵਰ ਇਸ ਪ੍ਰਥਾ ਨੂੰ ਬਣਾਈ ਰੱਖਣ ਲਈ
ਕੰਮ ਕਰਦੇ ਹਨ। ਇੱਥੋਂ ਤੱਕ ਕਿ ਗੋਰਾ ਮਿਸਟਰ ਸੈਂਡਜ਼ ਜੋ ਉਸਦੇ ਦੋ ਬੱਚਿਆਂ ਦਾ ਬਾਪ ਬਣਦਾ
ਹੈ ਵੀ ਉਸਨੂੰ ਗੁਲਾਮੀ ਦੇ ਪੰਜੇ ਵਿਚੋਂ ਛਡਾਉਣ ਵਿਚ ਅਸਫਲ ਰਹਿੰਦਾ ਹੈ ਕਿਉਂਕਿ ਉਹ ਫਲਿੰਟ
ਦੀ ਸੰਪਤੀ ਹੁੰਦੀ ਹੈ ਅਤੇ ਉਹ ਉਹਨੂੰ ਕਿਸੇ ਕੀਤਮ ਉਪਰ ਵੀ ਵੇਚਣ ਲਈ ਤਿਆਰ ਨਹੀਂ ਹੁੰਦਾ।
ਉਹ ਤਾਂ ਹਰ ਵੇਲੇ ਆਪਣਾ ਨਾਗ-ਫੰਨ ਫੈਲਾਈ ਉਸਨੂੰ ਡੱਸਣ ਲਈ ਤਿਆਰ ਬੈਠਾ ਹੈ ਕਿਉਂਕਿ
ਉਹ ਉਹਨੂੰ ਸਿਰਫ਼ ਆਪਣੇ ਭੋਗ-ਵਿਲਾਸ ਲਈ ਰਾਖਵੀਂ ਰੱਖਣਾ ਚਾਹੁੰਦਾ ਹੈ ਅਤੇ ਉਹਦੇ ਤੋਂ ਕੁਝ
ਬੱਚੇ ਪੈਦਾ ਕਰਕੇ ਆਪਣੀ ਸੰਪਤੀ ਵਿਚ ਵਾਧਾ ਕਰਨਾ ਚਾਹੁੰਦਾ ਹੈ। ਇਸ ਲਈ ਮਿਸਟਰ ਸੈਂਡਜ਼
ਦੇ ਬੱਚੇ ਜੰਮ ਕੇ ਵੀ ਨਾ ਉਹ ਆਜ਼ਾਦ ਹੁੰਦੀ ਹੈ ਤੇ ਨਾ ਉਹਦੇ ਬੱਚੇ ਆਜ਼ਾਦ ਹੁੰਦੇ ਹਨ ਕਿਉਂਕਿ
ਉਹ ਬੱਚੇ ਵੀ ਕਾਨੂੰਨ ਮੁਤਾਬਕ ਉਹਦੇ ਗੁਲਾਮ ਹਨ। ਇਸ ਕਾਨੂੰਨ ਦੀ ਨਿਰੰਕੁਸ਼ਤਾ ਦੇਖੋ ਕਿ
ਜਦੋਂ ਮਿਸਟਰ ਸੈਂਡਜ਼ ਅਮਰੀਕਨ ਕਾਂਗਰਸ ਦਾ ਮੈਂਬਰ ਵੀ ਬਣ ਜਾਂਦਾ ਹੈ, ਉਹ ਆਪਣੇ ਬੱਚਿਆਂ
ਨੂੰ ਤਾਂ ਖੁਦ ਖਰੀਦ ਕੇ ਆਜ਼ਾਦ ਕਰਵਾ ਦਿੰਦਾ ਹੈ ਪਰ ਜੈਕੋਬਜ਼ ਨੂੰ ਨਹੀਂ ਕਿਉਂਕਿ ਫਲਿੰਟ ਉਹਨੂੰ
ਵੇਚਣ ਲਈ ਰਾਜ਼ੀ ਹੀ ਨਹੀਂ ਹੁੰਦਾ।
ਇਸ ਲਈ ਉਹ ਫਲਿੰਟ ਦੇ ਸ਼ਿਕੰਜੇ 'ਚੋਂ ਬਚਣ ਲਈ ਆਪਣੀ ਹੀ ਦਾਦੀ ਦੇ ਘਰ (ਜੋ ਕਾਨੂੰਨੀ
ਤੌਰ ਤੇ ਆਜ਼ਾਦ ਹੋ ਚੁੱਕੀ ਹੁੰਦੀ ਹੈ) ਇਕ ਖੁੱਡੇ ਵਿਚ ਸੱਤ ਸਾਲ ਬੰਦ ਰਹਿੰਦੀ ਹੈ। ਇਹ ਛੱਤ
ਦੇ ਥੱਲੇ ਬਣਿਆ ਖੁੱਡਾ ਸਿਰਫ਼ ਸੱਤ ਫੁੱਟ ਚੌੜਾ, ਨੌਂ ਫੁੱਟ ਲੰਮਾ ਤੇ ਤਿੰਨ ਫੁੱਟ ਉੱਚਾ ਹੁੰਦਾ ਹੈ।
ਜਿਸ ਵਿਚ ਚੂਹੇ ਤੇ ਪਿੱਸੂਆਂ ਤੋਂ ਬਿਨਾ ਸਿਰਫ਼ ਹਨੇਰਾ ਹੀ ਹੁੰਦਾ ਹੈ। ਇਸ ਹਨੇਰੇ ਤੋਂ ਬਚਣ
ਲਈ ਉਹ ਤਿੰਨ ਮੋਰੀਆਂ ਕਰਦੀ ਹੈ ਅਤੇ ਇਸ ਵਿਚੋਂ ਬਾਹਰਲੀ ਜ਼ਿੰਦਗੀ ਨੂੰ ਤੱਕਦੀ ਹੈ। ਇਸ
ਖੁੱਡੇ ਵਿਚ ਉਹ ਸਿਰਫ਼ ਰੀਂਗ ਸਕਦੀ ਹੈ।
ਪਰ ਗੁਲਾਮ ਜ਼ਿੰਦਗੀ ਨਾਲੋਂ ਉਹ ਇਸ ਖੁੱਡੇ ਨੂੰ ਇਸ ਲਈ ਤਰਜੀਹ ਦਿੰਦੀ ਹੈ ਕਿਉਂਕਿ ਉਹ
ਫਲਿੰਟ ਦੀ ਦਰਿੰਦਗੀ ਨੂੰ ਜਾਣਦੀ ਹੈ ਜੋ ਹਰ ਹਾਲਤ ਵਿਚ ਉਹਦੇ ਨਾਲ ਭੋਗ ਕਰਨ ਲਈ ਉਹਨੂੰ
ਵਾਰ-ਵਾਰ ਮਜਬੂਰ ਕਰਦਾ ਹੈ ਅਤੇ ਜਦੋਂ ਵੀ ਉਹ ਸਾਹਮਣੇ ਹੋਵੇ ਉਹਨੂੰ ਇਹ ਜਤਾਉਂਦਾ ਹੈ:
"ਮੈਂ ਸਿਰਫ਼ ਉਹਦੇ ਭੋਗ ਦੀ ਇਕ ਵਸਤੂ ਹਾਂ, ਹਰੇਕ ਮਾਮਲੇ ਵਿਚ ਉਹਦਾ ਹੁਕਮ ਮੰਨਣ ਲਈ
ਹੀ ਬਣਾਈ ਗਈ ਹਾਂ, ਕਿ ਮੈਂ ਸਿਰਫ਼ ਇਕ ਗੁਲਾਮ ਹਾਂ ਹੋਰ ਕੁਛ ਵੀ ਨਹੀਂ, ਇਸ ਲਈ ਮੇਰੀ
ਮਰਜ਼ੀ ਵੀ ਉਹਦੀ ਮਰਜ਼ੀ ਦੀ ਗੁਲਾਮ ਹੈ ...।"
ਉਹ ਬੁੱਢਾ ਖੋਸਟ ਮਾਲਕ ਉਸਦੀ ਇਸ ਲਾਚਾਰ ਸਥਿਤੀ ਨੂੰ ਜਤਾਉਣ ਲਈ ਬਾਈਬਲ ਦੇ ਹਵਾਲੇ

ਵੀ ਦਿੰਦਾ ਹੈ, ਕਾਨੂੰਨ ਦੇ ਹਵਾਲੇ ਵੀ ਦਿੰਦਾ ਹੈ, ਆਪਣੀ ਤਾਕਤ ਦੀ ਧੌਂਸ ਵੀ ਹਰ ਵੇਲੇ ਬੁੱਲ੍ਹਾਂ
ਉਤੇ ਰੱਖਦਾ ਹੈ ਅਤੇ ਉਹਦੇ ਬੱਚਿਆਂ ਨੂੰ ਵੇਚ ਦੇਣ ਦੇ ਡਰਾਵੇ ਵੀ ਦਿੰਦਾ ਹੈ। ਇਸ ਲਈ ਉਹਨੂੰ
ਸਮਝੌਤਾ ਕਰਨਾ ਪੈਂਦਾ ਹੈ ਅਤੇ ਉਹਦੇ ਘਰ ਦੀ ਗੁਲਾਮੀ ਕਰਨੀ ਪੈਂਦੀ ਹੈ। ਜਿਸ ਗੁਲਾਮੀ ਤੋਂ
ਬਚਣ ਲਈ ਉਹ ਇਕ ਦਿਨ ਅਤਿ-ਦੁਖੀ ਮਨੋ-ਦਸ਼ਾ ਵਿਚ ਦਾਦੀ ਦੇ ਉਸ ਖੁੱਡੇ ਵਿਚ ਆ ਵੜਦੀ
ਹੈ, ਜਿਸ ਵਿਚ ਸਾਹ ਲੈਣ ਲਈ ਹਵਾ ਵੀ ਨਹੀਂ, ਬੈਠਣ ਜੋਗੀ ਥਾਂ ਵੀ ਨਹੀਂ।
ਇਸ ਲਈ ਜੈਕੋਬਜ਼ ਨੂੰ ਧਰਮ, ਕਾਨੂੰਨ, ਸਮਾਜਕ ਮਾਨਤਾਵਾਂ, ਸਰਕਾਰੀ ਪ੍ਰਬੰਧ, ਪ੍ਰਸ਼ਾਸਨ, ਨਿਆਂਪ੍ਰਣਾਲੀ,
ਯਾਨੀ ਕਿ ਸਾਰਾ ਆਲਮ ਤੇ ਪੂਰਾ ਨਿਜ਼ਾਮ ਗੁਲਾਮ ਪ੍ਰਥਾ ਦੇ ਪੱਖ ਵਿਚ ਖੜੇ ਦਿਖਾਈ
ਦਿੰਦੇ ਹਨ। ਜਿਸ ਨੂੰ ਅਮਰੀਕੀ ਇਤਿਹਾਸਕਾਰ ਸੁਨਹਿਰੀ ਯੁਗ ਕਹਿੰਦੇ ਹਨ ਅਤੇ ਜਿਸ ਆਜ਼ਾਦੀ
ਦਾ ਉਹ ਗੁਣਗਾਨ ਕਰਦੇ ਹਨ, ਜੈਕੋਬਜ਼ ਉਸ ਨੂੰ ਮਨੁੱਖੀ ਭਾਵਨਾਵਾਂ ਤੋਂ ਨਿਰਲੇਪ ਅਤੇ ਮਾਨਵੀ
ਕਦਰਾਂ ਕੀਮਤਾਂ ਤੋਂ ਕੋਰਾ ਕਾਲਾ ਦੌਰ ਕਹਿੰਦੀ ਹੈ। ਜਿਸ ਵਿਚ ਗੋਰੇ ਮਾਲਕ ਆਪਣੀ ਨਿਰੰਕੁਸ਼
ਸੱਤਾ ਨੂੰ ਬੇਬਸ ਮਨੁੱਖਤਾ ਦਾ ਹਰ ਪਲ ਕਤਲ ਕਰਨ ਲਈ ਵਰਤਦੇ ਹਨ। ਉਨ੍ਹਾਂ ਲਈ ਗੁਲਾਮ
ਲੋਕਾਂ ਦੇ ਪਰਿਵਾਰਾਂ ਦੀ ਕੋਈ ਅਹਿਮੀਅਤ ਨਹੀਂ। ਗੁਲਾਮਾਂ ਨੂੰ ਆਪਣੀ ਮਰਜ਼ੀ ਨਾਲ ਮੁਹੱਬਤ ਕਰਨ
ਜਾਂ ਵਿਆਹ ਕਰਾਉਣ ਦਾ ਵੀ ਅਧਿਕਾਰ ਨਹੀਂ। ਇਸ ਲਈ ਉਹਦੇ ਕਾਲੇ ਪ੍ਰੇਮੀ ਨੂੰ ਆਜ਼ਾਦ ਹੋਣ
ਦੇ ਬਾਵਜੂਦ ਇਲਾਕਾ ਛੱਡ ਕੇ ਭੱਜਣਾ ਪਿਆ ਕਿਉਂਕਿ ਫਲਿੰਟ ਉਹਨੂੰ ਕਤਲ ਤੱਕ ਕਰਵਾ ਸਕਦਾ
ਸੀ। ਇਸ ਲਈ ਉਹ ਇਕ ਅਜਿਹੇ ਗੋਰੇ ਤੋਂ ਆਪਣੇ ਬੱਚੇ ਪੈਦਾ ਕਰਦੀ ਹੈ, ਜੋ ਉਹਨੂੰ ਚਾਹੁੰਦਾ
ਹੈ ਤੇ ਗੁਲਾਮ ਮਾਲਕ ਨਹੀਂ ਹੈ। ਪਰ ਵਿਆਹ ਉਹਦੇ ਨਾਲ ਵੀ ਨਹੀਂ ਕਰਵਾ ਸਕਦੀ ਕਿਉਂਕਿ
ਕਾਨੂੰਨ ਇਸਦੀ ਮਨਾਹੀ ਕਰਦਾ ਹੈ। ਉਸ ਕੋਲ ਫਲਿੰਟ ਦੀ ਚੁੰਗਲ ਵਿਚੋਂ ਨਿਕਲਣ ਦਾ ਕੋਈ ਰਾਹ
ਨਹੀਂ। ਆਪਣੇ ਬੱਚਿਆਂ ਨੂੰ ਵੇਚੇ ਜਾਣ ਤੋਂ ਰੋਕਣ ਦਾ ਕੋਈ ਢੰਗ ਨਹੀਂ। ਵਹਿਸ਼ੀਆਨਾ ਕੁੱਟ-ਮਾਰ
ਤੋਂ ਬਚਣ ਦਾ ਕੋਈ ਰਸਤਾ ਨਹੀਂ। ਮਾਲਕ ਦੇ ਲਿੰਗਕ ਉਤਪੀੜਨ ਤੋਂ ਬਚਣ ਲਈ ਕੋਈ ਸਹਾਰਾ,
ਕੋਈ ਢਾਰਸ ਨਹੀਂ। ਇਸ ਲਈ ਉਹ ਇਸ ਗੁਲਾਮ ਪ੍ਰਥਾ ਅਤੇ ਸਮਾਜਕ ਵਿਵਸਥਾ ਦੀਆਂ ਮਾਨਤਾਵਾਂ
ਅਤੇ ਸੰਸਥਾਵਾਂ ਨੂੰ ਵੰਗਾਰਦੀ ਹੈ ਅਤੇ ਇਨ੍ਹਾਂ ਨੂੰ ਬਦਲਣ ਲਈ ਦ੍ਰਿੜ ਪੱਖ ਪੇਸ਼ ਕਰਦੀ ਹੈ।
ਇੱਥੋਂ ਤੱਕ ਕਿ ਉਹ ਚਰਚ ਦੁਆਰਾ 'ਰੱਬ ਤੇ ਧਰਮ' ਦੇ ਇਸਤੇਮਾਲ ਨੂੰ ਵੀ ਗੁਲਾਮ ਮਾਲਕਾਂ
ਦਾ ਰਖਵਾਲਾ ਅਤੇ ਗੁਲਾਮ ਪ੍ਰਥਾ ਦਾ ਪੋਸ਼ਕ ਮੰਨਦੀ ਹੈ। ਇਸ ਲਈ ਗੁਲਾਮਾਂ ਨੂੰ ਚਰਚ ਵੱਲ ਖਿੱਚਣ
ਦਾ ਮਕਸਦ ਉਹ 'ਚਰਚ ਤੇ ਗੁਲਾਮੀ' ਵਾਲੇ ਅਧਿਆਏ ਵਿਚ ਇੰਜ ਬਿਆਨ ਕਰਦੀ ਹੈ:
"ਨੈਟ ਟਰਨਰ ਵਿਦਰੋਹ ਦੇ ਖਤਰੇ ਦਾ ਘੁੱਗੂ ਮੱਧਮ ਪੈਂਦੇ ਹੀ, ਗੁਲਾਮ ਮਾਲਕ ਇਸ ਨਤੀਜੇ
ਤੇ ਪਹੁੰਚ ਗਏ ਕਿ ਇਹ ਚੰਗਾ ਰਹੇਗਾ, ਜੇਕਰ ਗੁਲਾਮਾਂ ਨੂੰ ਆਪਣੇ ਮਾਲਕਾਂ ਦਾ ਕਤਲ ਨਾ ਕਰਨ
ਬਾਰੇ ਕਾਫੀ ਧਾਰਮਿਕ ਹਦਾਇਤਾਂ ਦਿੱਤੀਆਂ ਜਾਣ। ਏਪੀਸਕੋਪਲ ਚਰਚ ਦੇ ਪਾਦਰੀਆਂ ਨੇ ਐਤਵਾਰ
ਨੂੰ ਵੱਖਰੀ ਸੇਵਾ ਦੇਣ ਦੀ ਪੇਸ਼ਕਸ਼ ਵੀ ਕੀਤੀ ... ਪਰ ਮੁਸ਼ਕਿਲ ਜਗ੍ਹਾ ਦੀ ਆ ਗਈ ... ਮੈਥਡਿਸਟ
ਅਤੇ ਬੈਪਟਿਸਟ ਚਰਚਾਂ ਨੇ ਇਹ ਕੰਮ ਸ਼ਾਮ ਦੇ ਵਕਤ ਚਰਚ ਅੰਦਰ ਹੀ ਕਰਨ ਦਾ ਫੈਸਲਾ ਕੀਤਾ
ਕਿਉਂਕਿ ਉਨ੍ਹਾਂ ਦੇ ਕਾਰਪਿਟ ਤੇ ਗੱਦੇ ਇੰਨੇ ਕੀਮਤੀ ਨਹੀਂ ਸਨ ਜਿੰਨੇ ਏਪੀਸਕੋਪਲ ਚਰਚ ਦੇ ...
ਪਰ ਅੰਤ ਇਕ ਆਜ਼ਾਦ ਰੰਗਦਾਰ (ਕਾਲੇ) ਆਦਮੀ ਦੇ ਘਰ ਸਭ ਨੂੰ ਇਕੱਠੇ ਕਰਨ ਦਾ ਫੈਸਲਾ
ਹੋ ਗਿਆ, ਜੋ ਚਰਚ ਦਾ ਮੈਂਬਰ ਵੀ ਸੀ।"
ਇੰਜ ਉਹ ਇਕ ਥਾਂ ਵੀਹ ਦੇ ਕਰੀਬ ਗੁਲਾਮ ਇਕੱਠੇ ਕਰਦੇ ਹਨ ਅਤੇ ਉਨ੍ਹਾਂ ਨੂੰ ਧਾਰਮਕ ਸੇਵਾ
ਪ੍ਰਦਾਨ ਕਰਦੇ ਹਨ। ਇਸ ਸੇਵਾ ਦੌਰਾਨ ਇਕ ਪਾਦਰੀ ਮਿਸਟਰ ਪਾਈਕ ਦੁਆਰਾ ਬਾਈਬਲ ਵਿਚੋਂ
ਪੜ੍ਹ ਕੇ ਗੁਲਾਮਾਂ ਨੂੰ ਦਿੱਤੇ ਜਾਂਦੇ ਉਪਦੇਸ਼ਾਂ ਬਾਰੇ ਵੀ ਉਹ ਬੇਬਾਕੀ ਨਾਲ ਬਿਆਨ ਕਰਦੀ ਹੈ:
"ਦਾਸੋ, ਆਪਣੇ ਲੌਕਿਕ ਮਾਲਕਾਂ ਪ੍ਰਤੀ ਵਫਾਦਾਰ ਰਹੋ, ਉਨ੍ਹਾਂ ਤੋਂ ਡਰੋ ਤੇ ਮਨ ਦੇ ਧੁਰ ਅੰਦਰ
ਤੱਕ ਭੈਅ ਖਾਓ ਤੇ ਕੰਬੋ, ਜਿਵੇਂ ਕਿ ਈਸਾ ਮਸੀਹ ਨੇ ਕਿਹਾ ਹੈ।"
"ਦਾਸੋ, ਧਿਆਨ ਨਾਲ ਸੁਣੋ, ਤੁਸੀਂ ਆਕੀ ਪਾਪੀ ਹੋ। ਤੁਹਾਡੇ ਦਿਲ ਹਰ ਤਰ੍ਹਾਂ ਦੀ ਬੁਰਾਈ ਨਾਲ
ਭਰੇ ਪਏ ਹਨ। ਇਹ ਬੁਰਾਈ ਹੀ ਹੈ ਜੋ ਤੁਹਾਨੂੰ ਉਕਸਾਉਂਦੀ ਹੈ। ਰੱਬ ਤੁਹਾਡੇ ਨਾਲ ਗੁੱਸੇ ਹੈ,
ਤੇ ਜੇ ਤੁਸੀਂ ਆਪਣੇ ਦੁਸ਼ਟ ਤਰੀਕਿਆਂ ਦਾ ਤਿਆਗ ਨਾ ਕੀਤਾ ਤਾਂ ਉਹ ਨਿਸ਼ਚਿਤ ਤੌਰ ਤੇ ਤੁਹਾਨੂੰ
ਸਜ਼ਾ ਦੇਵੇਗਾ। ..."
ਮਿਸਟਰ ਪਾਈਕ ਉਨ੍ਹਾਂ ਦੇ ਗੁਨਾਹ ਗਿਣਾਉਂਦਾ ਹੈ, ਜਿਸ ਵਿਚ ਚੋਰੀ ਕਰਨ ਤੋਂ ਲੈ ਕੇ, ਇਕੱਠੇ
ਹੋਣ ਤੇ ਤਾਸ਼ ਖੇਲ੍ਹਣ ਤੱਕ ਸ਼ਾਮਲ ਹੈ ਅਤੇ ਫਿਰ ਨਸੀਅਤ ਦਿੰਦਾ ਹੈ, "ਆਪਣੇ ਬਜ਼ੁਰਗ ਮਾਲਕ
ਤੇ ਨੌਜਵਾਨ ਮਾਲਕ ਦੀ ਆਗਿਆ ਦਾ ਪਾਲਣ ਕਰੋ। ਆਪਣੀ ਬਜ਼ੁਰਗ ਮਾਲਕਣ ਤੇ ਨੌਜਵਾਨ ਮਾਲਕਣ
ਦੀ ਆਗਿਆ ਦਾ ਪਾਲਣ ਕਰੋ। ਜੇ ਤੁਸੀਂ ਦੁਨਿਆਵੀ ਮਾਲਕ ਦੀ ਆਗਿਆ ਦਾ ਪਾਲਣ ਨਾ ਕੀਤਾ
ਤਾਂ ਸਵਰਗਵਾਸੀ ਮਾਲਕ ਤੁਹਾਡੇ ਤੇ ਖ਼ਫਾ ਹੋਵੇਗਾ। ਤੁਸੀਂ ਰੱਬ ਦੀ ਆਗਿਆ ਦਾ ਪਾਲਣ ਕਰੋ।
..."
ਉਸਦੇ ਇਸ ਬਿਆਨ ਤੋਂ ਇਹ ਕਨਸੋਅ ਤਾਂ ਮਿਲ ਹੀ ਜਾਂਦੀ ਹੈ ਕਿ ਗੁਲਾਮਾਂ ਨੂੰ ਧਾਰਮਕ
ਬਣਾਉਣ ਲਈ ਚਰਚ ਤੱਕ ਲੈ ਜਾਣਾ ਕਿਉਂ ਜ਼ਰੂਰੀ ਬਣ ਗਿਆ ਸੀ। ਪਰ ਜਿਹੜਾ ਧਰਮ ਉਨ੍ਹਾਂ

ਨੂੰ ਸਿਖਾਇਆ ਗਿਆ, ਉਹ ਵੀ ਖੁਦ ਮਾਲਕਾਂ ਦਾ ਹੀ ਧਰਮ ਸੀ। ਪਰ ਇਸਨੇ ਇਹ ਸਵਾਲ
ਖੜ੍ਹਾ ਕਰ ਦਿੱਤਾ ਕਿ ਜੋ ਸਿੱਖਿਆ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ, ਕੀ ਇਹ ਈਸਾਈ ਮਤ ਦੇ
ਮੁਤਾਬਕ ਸਹੀ ਹੈ? ਇਸ ਲਈ ਬਾਈਬਲ ਦੀ ਵਿਆਖਿਆ ਦਾ ਸਵਾਲ ਖੜ੍ਹਾ ਹੋ ਗਿਆ, ਜਿਸ
ਦੀ ਬਦੌਲਤ ਅੱਗੇ ਚੱਲ ਕੇ ਅਰਥਾਤ ਗੁਲਾਮ ਪ੍ਰਥਾ ਦੇ ਕਾਨੂੰਨੀ ਖਾਤਮੇ ਤੋਂ ਮਗਰੋਂ 'ਕਾਲਾ ਚਰਚ',
'ਕਾਲੀ ਬਾਈਬਲ' ਹੋਂਦ ਵਿਚ ਆਏ। ਇਸ ਲਈ 'ਕਾਲੇ ਚਰਚਾਂ' ਵਿਚ ਅੱਜ ਵੀ ਕੁਝ ਹੱਦ ਤੱਕ
ਬਾਈਬਲ ਦੀ ਵੱਖਰੀ ਵਿਆਖਿਆ ਹੁੰਦੀ ਹੈ। ਪਰ ਉਸ ਦੌਰ ਵਿਚ ਇੰਨੇ ਨਾਲ ਹੀ ਉਹ ਸੰਤੁਸ਼ਟ
ਸਨ ਕਿ ਉਨ੍ਹਾਂ ਨੂੰ ਵੀ ਰੱਬ ਦਾ ਨਾਂ ਲੈਣ ਦੀ ਆਜ਼ਾਦੀ ਮਿਲ ਗਈ ਤੇ ਬਾਈਬਲ ਪੜ੍ਹਨ ਤੋਂ ਪ੍ਰਤੀਬੰਧ
ਹਟਾ ਲਿਆ ਗਿਆ।
ਇਸ ਤੋਂ ਇਲਾਵਾ ਜਿਸ ਪ੍ਰਕਾਰ ਦੇ ਮਾਰਮਿਕ ਅਤੇ ਭਾਵੁਕ ਦ੍ਰਿਸ਼ ਜੈਕੋਬਜ਼ ਗੁਲਾਮਾਂ ਦੀ ਵਿਕਰੀ
ਬਾਰੇ ਪੇਸ਼ ਕਰਦੀ ਹੈ, ਉਹ ਦਿਲ ਨੂੰ ਦਹਿਲਾ ਦੇਣ ਵਾਲੇ ਹਨ। ਇਹ ਸੀਨ ਇਸ 'ਮਹਾਨ ਗੁਲਾਮ
ਸਭਿਅਤਾ' ਦੀ ਮਿੱਥ ਦਾ ਵੀ ਮੂੰਹ ਚਿੜਾਉਂਦੇ ਹਨ, ਪੂੰਜੀਵਾਦੀ ਜਨਤੰਤਰ ਦੇ ਮੂਲ ਆਧਾਰ ਅਰਥਾਤ
ਤਥਾਕਥਿਤ ਬਰਾਬਰੀ ਦੇ ਸੰਕਲਪ ਨੂੰ ਵੀ ਵੰਗਾਰਦੇ ਹਨ ਅਤੇ ਉਸ ਸਮੇਂ ਦੇ ਸਮਾਜਕ-ਆਰਥਕ
ਢਾਂਚੇ ਦਾ ਵਿਸ਼ਲੇਸ਼ਣ ਵੀ ਪੇਸ਼ ਕਰਦੇ ਹਨ। ਉਹ ਢਾਂਚਾ ਜਿਸ ਵਿਚ ਉਤਪਾਦਨ ਸ਼ਕਤੀਆਂ ਨੂੰ ਪਸ਼ੂਆਂ
ਵਾਂਗ ਵਰਤਿਆ ਜਾਂਦਾ ਹੈ: ਨਾ ਕੋਈ ਸਮਾਜਕ ਅਧਿਕਾਰ, ਨਾ ਕਿਸੇ ਪਰਿਵਾਰਕ ਇਕਾਈ ਦੀ
ਗਰੰਟੀ, ਨਾ ਗੁਲਾਮ ਮਾਲਕਾਂ ਦੀ ਨਿਰੰਕੁਸ਼ ਸੱਤਾ ਦੇ ਵਿਰੁਧ ਕੋਈ ਆਵਾਜ਼ ਉਠਾਉਣ ਜਾਂ ਸੰਘਰਸ਼
ਕਰਨ ਦਾ ਹੱਕ, ਨਾ ਕੋਈ ਹੋਰ ਜਨਵਾਦੀ ਅਧਿਕਾਰ, ਨਾ ਹੀ ਉਨ੍ਹਾਂ ਦੇ ਗਿਆਨ ਤੇ ਕੰਮ ਦੇ ਹੁਨਰ
ਵਿਚ ਵਿਕਾਸ ਲਈ ਕੋਈ ਮਾਧਿਅਮ, ਨਾ ਹੀ ਉਨ੍ਹਾਂ ਦੀ ਮਿਹਨਤ ਦਾ ਹੀ ਕੋਈ ਮੁੱਲ ਅਤੇ ਬੱਚਿਆਂ
ਦਾ ਪਾਲਣ ਪੋਸ਼ਣ ਵੀ ਉਸੇ ਤਰ੍ਹਾਂ ਦਾ, ਜਿਸ ਤਰ੍ਹਾਂ ਸੂਰ ਪਾਲੇ ਜਾਂਦੇ ਸਨ ਅਤੇ ਫਿਰ ਵੇਚੇ ਜਾਂਦੇ
ਸਨ।
ਇਸ ਵਿਕਰੀ ਬਾਰੇ ਜੈਕੋਬਜ਼ ਕਹਿੰਦੀ ਹੈ:
"ਇਨ੍ਹਾਂ ਵਿਕਰੀ ਦੇ ਦਿਨਾਂ ਵਿਚ ਇਕ ਦਿਨ ਮੈਂ ਇਕ ਮਾਂ ਸੱਤ ਬੱਚਿਆਂ ਦੇ ਨਾਲ ਨੀਲਾਮੀ
ਵਾਲੀ ਥਾਂ ਲਿਜਾਈ ਜਾਂਦੀ ਦੇਖੀ। ਉਹਨੂੰ ਪਤਾ ਸੀ ਅੱਜ ਕੁਝ ਕੁ ਨੂੰ ਉਹ ਲੈ ਜਾਣਗੇ; ਪਰ ਉਹ
ਸਾਰੇ ਲੈ ਗਏ। ਸਾਰੇ ਬੱਚੇ ਇਕ ਗੁਲਾਮ-ਵਪਾਰੀ ਨੂੰ ਵੇਚ ਦਿੱਤੇ ਗਏ, ਤੇ ਉਹ ਮਾਂ ਉਹਦੇ ਆਪਣੇ
ਸ਼ਹਿਰ ਦੇ ਇਕ ਬੰਦੇ ਨੇ ਖਰੀਦ ਲਈ। ਰਾਤ ਹੋਣ ਤੋਂ ਪਹਿਲਾਂ ਉਹਦੇ ਸਾਰੇ ਬੱਚੇ ਜਾ ਚੁੱਕੇ ਸਨ।
ਉਹਨੇ ਉਸ ਵਪਾਰੀ ਦੇ ਹਾੜੇ ਕੱਢੇ ਕਿ ਇੰਨਾ ਹੀ ਦੱਸ ਦੇਵੇ ਉਹ ਇਨ੍ਹਾਂ ਨੂੰ ਲਿਜਾ ਕਿੱਥੇ ਰਿਹਾ
ਹੈ, ਪਰ ਉਹਨੇ ਨਹੀਂ ਦੱਸਿਆ। ਉਹ ਦੱਸ ਵੀ ਕਿਵੇਂ ਸਕਦਾ ਸੀ, ਜਦੋਂ ਕਿ ਉਹ ਜਾਣਦਾ ਸੀ
ਕਿ ਉਹ ਇਨ੍ਹਾਂ ਨੂੰ ਇਕ ਇਕ ਕਰਕੇ ਉੱਥੇ ਵੇਚੇਗਾ, ਜਿੱਥੇ ਸਭ ਤੋਂ ਉੱਚੀ ਕੀਮਤ ਮਿਲ ਸਕੇ।
ਮੈਂ ਉਸ ਮਾਂ ਨੂੰ ਗਲੀ ਵਿਚ ਵੀ ਮਿਲੀ, ਅਤੇ ਉਹਦਾ ਥੱਕਿਆ-ਹਾਰਿਆ ਤੇ ਉਖੜਿਆ ਚਿਹਰਾ
ਅੱਜ ਤੱਕ ਮੇਰੇ ਮਨ ਵਿਚ ਵਸਿਆ ਹੋਇਆ ਹੈ।"
ਇਹ ਸੀ ਇਸ ਮਹਾਨ ਜਨਤੰਤਰ ਦਾ ਉਨ੍ਹਾਂ ਉਤਪਾਦਨ ਸ਼ਕਤੀਆਂ ਲਈ ਪਰਿਵਾਰ ਦਾ ਅਧਿਕਾਰ
ਤੇ ਸੰਕਲਪ ਜਿਨ੍ਹਾਂਦੇ ਬਲਬੂਤੇ ਉਸ ਸਮੇਂ ਦੇ ਮਾਲਕ ਵਰਗ ਨੇ ਬੇਅੰਤ ਦੌਲਤ ਇਕੱਠੀ ਕੀਤੀ ਅਤੇ
ਜਿਸ ਮਿਹਨਤ ਸ਼ਕਤੀ ਦਾ ਕਰੂਰ ਸ਼ੋਸ਼ਣ ਕਰਕੇ ਅੱਜ ਅਮਰੀਕਾ ਦੁਨੀਆ ਦਾ ਸਭ ਤੋਂ ਅਮੀਰ ਦੇਸ਼
ਬਣਿਆ ਹੋਇਆ ਹੈ। ਇਹ ਹੀ ਸੀ ਉਹ ਮਨੁੱਖ-ਵਿਰੋਧੀ ਮਾਨਸਿਕਤਾ ਜਿਸ ਦੀ ਵਾਰਸ ਤੇ ਸ਼ਿਕਾਰ
ਹੋਣ ਕਰਕੇ ਅੱਜ ਵੀ ਅਮਰੀਕਨ ਸਟੇਟ ਪਾਵਰ ਪੂਰੀ ਦੁਨੀਆਂ ਨੂੰ ਆਪਣੇ ਨਵ-ਬਸਤੀਵਾਦੀ ਸ਼ਿਕੰਜੇ
ਵਿਚ ਫਸਾਉਣ ਲਈ ਅਤੇ ਸਾਰੀ ਦੁਨੀਆ ਦੀ ਮਿਹਨਤ ਸ਼ਕਤੀ ਤੇ ਕੁਦਰਤੀ ਸਾਧਨਾਂ ਦਾ ਸ਼ੋਸ਼ਣ
ਕਰਨ ਲਈ ਆਪਣੀ ਅੰਨ੍ਹੀ ਤਾਕਤ ਦਾ ਖੁੱਲ੍ਹੇ-ਆਮ ਪ੍ਰਯੋਗ ਕਰ ਰਹੀ ਹੈ।
ਪਰ ਕੀ ਉਸ ਸਮੇਂ ਦਾ ਗੁਲਾਮ ਮਾਲਕ ਸਮਾਜ ਦਾ ਆਪਣੇ ਲਈ ਪਰਿਵਾਰ ਦਾ ਸੰਕਲਪ ਇਸ
ਤੋਂ ਵੱਖਰਾ ਸੀ? ਵੱਖਰਾ ਤਾਂ ਸੀ ਪਰ ਪਿਆਰ ਮੁਹੱਬਤ ਉਪਰ ਆਧਾਰਿਤ ਨਹੀਂ ਸੀ ਅਤੇ ਨਾ ਹੀ
ਇਕ ਔਰਤ-ਇਕ ਆਦਮੀ ਦੇ ਸੰਕਲਪ ਅਨੁਸਾਰ ਹੀ ਸੀ। ਇਸ ਬਾਰੇ ਜੈਕੋਬਜ਼ ਇਹ ਤੱਥ ਪੇਸ਼
ਕਰਦੀ ਹੈ:
"ਦੱਖਣੀ ਔਰਤਾਂ ਅਕਸਰ ਉਨ੍ਹਾਂ ਆਦਮੀਆਂ ਨਾਲ ਵਿਆਹੀਆਂ ਜਾਂਦੀਆਂ ਸਨ, ਜਿਨ੍ਹਾਂ ਬਾਰੇ ਉਹ
ਜਾਣਦੀਆਂ ਸਨ ਕਿ ਉਹ ਕਈ ਨਿੱਕੇ-ਨਿੱਕੇ ਗੁਲਾਮਾਂ ਦੇ ਮਾਲਕ (ਬਾਪ) ਹਨ। ਉਨ੍ਹਾਂ ਨੂੰ ਇਸ
ਦੀ ਕੋਈ ਪਰੇਸ਼ਾਨੀ ਨਹੀਂ ਸੀ ਹੁੰਦੀ। ਉਹ ਅਜੇਹੇ ਬੱਚਿਆਂ ਨੂੰ ਇਕ ਸੰਪਤੀ ਸਮਝਦੀਆਂ ਸਨ,
ਉਸੇ ਤਰ੍ਹਾਂ ਦੀ ਇਕ ਬਜ਼ਾਰੂ ਵਸਤੂ ਜਿਵੇਂ ਪਲਾਂਟੇਸ਼ਨ ਦੇ ਸੂਰ; ਅਤੇ ਇਸੇ ਵਜ੍ਹਾ ਕਰਕੇ ਉਹ ਉਨ੍ਹਾਂ
ਨੂੰ ਛੇਤੀ ਤੋਂ ਛੇਤੀ ਗੁਲਾਮ ਵਪਾਰੀਆਂ ਦੇ ਹੱਥਾਂ ਵਿਚ ਦੇਣ ਲਈ ਉਤਾਵਲੀਆਂ ਹੁੰਦੀਆਂ ਸਨ, ਤਾਂ
ਜੋ ਉਹ ਉਨ੍ਹਾਂ ਦੀਆਂ ਅੱਖਾਂ ਤੋਂ ਦੂਰ ਹੋ ਜਾਣ ..."
ਬੇਸ਼ਕ ਗੁਲਾਮ ਸਵੈ-ਜੀਵਨੀਆਂ ਵਿਚ ਇਨ੍ਹਾਂ ਮਾਲਕ ਦੀ ਪੈਦਾਇਸ਼ ਬੱਚਿਆਂ ਨੂੰ ਲੈ ਕੇ ਗੁਲਾਮ
ਮਾਲਕਣਾਂ ਦੀ ਜਲਣ ਤੇ ਨਫ਼ਰਤ ਦੇ ਅਨੇਕ ਵੇਰਵੇ ਮਿਲਦੇ ਹਨ, ਖਾਸ ਕਰਕੇ ਉਤਰ ਵਿਚੋਂ ਵਿਆਹ

ਕੇ ਲਿਆਂਦੀਆਂ ਗਈਆਂ ਔਰਤਾਂ ਦੇ ਵਿਵਹਾਰ ਵਿਚ ਇਸਦੇ ਅੰਸ਼ ਕਾਫੀ ਜ਼ਿਆਦਾ ਸਨ ਪਰ
ਫਿਰ ਵੀ ਉਨ੍ਹਾਂ ਦਾ ਪਰਿਵਾਰ ਇਸ ਕਰਕੇ ਨਹੀਂ ਟੁੱਟਦਾ ਕਿ ਉਹ ਆਦਮੀ ਅਨੇਕ 'ਹਰਾਮ ਦੇ
ਬੱਚਿਆਂ' ਦਾ ਬਾਪ ਹੈ। ਪਰ ਇਹ ਨਫ਼ਰਤ ਵੀ ਅਕਸਰ ਉਨ੍ਹਾਂ ਔਰਤਾਂ ਨਾਲ ਹੁੰਦੀ ਸੀ ਜਿਸਦੇ
ਇਹ ਬੱਚੇ ਹੁੰਦੇ ਸਨ। ਇਸ ਲਈ ਗੁਲਾਮ ਮਾਲਕਣਾਂ ਅਜਿਹੀ ਕਿਸੇ ਔਰਤ ਦਾ ਹੋਰ ਵੀ ਬੁਰਾ
ਹਾਲ ਕਰਦੀਆਂ ਸਨ ਜਿਸਨੇ ਉਹਦੇ ਪਤੀ ਦੇ ਬੱਚੇ ਜੰਮੇ ਹੁੰਦੇ ਸਨ। ਇਸੇ ਕਰਕੇ ਜੈਕੋਬਜ਼ ਦੀ
ਮਾਲਕਣ ਵੀ ਉਹਦੇ ਨਾਲ ਨਫਰਤ ਕਰਦੀ ਹੈ ਕਿਉਂਕਿ ਉਹਦਾ ਪਤੀ ਡਾਕਟਰ ਫਲਿੰਟ ਉਹਨੂੰ
ਆਪਣੇ ਸ਼ਿਕੰਜੇ ਵਿਚ ਫਸਾਉਣ ਲਈ ਹਰ ਹਥਕੰਡਾ, ਹਰ ਹਥਿਆਰ ਵਰਤਦਾ ਹੈ। ਜੈਕੋਬਜ਼ ਖੂਬਸੂਰਤ,
ਕੰਮ-ਕਾਰ ਵਿਚ ਕੁਸ਼ਲ ਅਤੇ ਸਮਝਦਾਰ ਲੜਕੀ ਹੋਣ ਕਰਕੇ ਵੀ ਉਹਦੀ ਵਾਧੂ ਨਫ਼ਰਤ ਦਾ ਸ਼ਿਕਾਰ
ਹੁੰਦੀ ਹੈ ਕਿਉਂਕਿ ਉਹ ਇਹ ਸਮਝਦੀ ਹੈ ਕਿ ਇਸੇ ਕਾਰਨ ਉਹਦਾ ਖਸਮ ਉਹਦੇ ਤੇ ਇੰਨਾ ਮਰਦਾ
ਹੈ। ਇਸ ਲਈ ਜਦੋਂ ਜੈਕੋਬਜ਼ ਫਲਿੰਟ ਤੋਂ ਬਚਣ ਲਈ ਆਪਣੀ ਮਾਲਕਣ ਦੇ ਨਵ-ਜਨਮੇ ਬੱਚੇ
ਦੀ ਦੇਖ-ਭਾਲ ਦੇ ਬਹਾਨੇ ਉਸ ਦੇ ਬੈੱਡ-ਰੂਮ ਦੇ ਪਿੱਛਵਾੜੇ ਵਾਲੀ ਇਕ ਸਟੋਰ-ਨੁਮਾ ਹਨੇਰ-ਕੋਠੜੀ
ਵਿਚ ਰਾਤ ਨੂੰ ਸੌਣ ਲੱਗਦੀ ਹੈ ਤਾਂ ਉਹ ਇਹਦੀ ਇਜ਼ਾਜ਼ਤ ਦੇ ਦਿੰਦੀ ਹੈ।
ਪੰਦਰਾਂ ਸਾਲ ਦੀ ਉਮਰ ਵਿਚ ਜੈਕੋਬਜ਼ ਉਸ ਬੁੱਢੇ ਖੋਸਟ ਡਾਕਟਰ ਫਲਿੰਟ ਦੇ ਸਿੱਧੇ ਪੰਜੇ ਵਿਚ
ਫਸਦੀ ਹੈ ਅਤੇ ਉਹ ਉਹਦੇ ਨਾਲ ਭੋਗ-ਵਿਲਾਸ ਦੀ ਲਾਲਸਾ ਨੂੰ ਜਿਸ ਤਰ੍ਹਾਂ ਨਸਰ ਕਰਦਾ ਹੈ,
ਉਹ ਉਸ ਸਮੇਂ ਦੇ ਵਹਿਸ਼ੀ ਬੰਦੇ ਦੀ ਮਾਨਸਿਕਤਾ ਦੀ ਉਸ ਬੇਸ਼ਰਮੀ ਤੇ ਬਾਹਯਾਤੀ ਦਾ ਪ੍ਰਗਟਾਵਾ
ਕਰਦਾ ਹੈ ਕਿ ਉਹ ਪ੍ਰਥਾ ਅਤੇ ਉਸ ਵਿਚੋਂ ਜਨਮੀ ਉਹ ਸਮੁੱਚੀ ਸਭਿਅਤਾ ਔਰਤ ਵਰਗ ਲਈ
ਸਭ ਤੋਂ ਵੱਡਾ ਕਲੰਕ ਸਿੱਧ ਹੁੰਦੀ ਹੈ। ਮਰਦ ਨਾਲੋਂ ਵੀ ਵੱਡਾ ਕਸ਼ਟ ਤੇ ਦੁਖਾਂਤ ਉਸ ਯੁਗ ਵਿਚ
ਲਗਭਗ ਹਰ ਗੁਲਾਮ ਔਰਤ ਹੰਢਾਉਂਦੀ ਹੈ ਕਿਉਂਕਿ ਉਹ ਇਹ ਅਣਚਾਹੀ ਔਲਾਦ ਆਪਣੇ ਪੇਟ
ਵਿਚ ਪਾਲਦੀ ਹੈ, ਉਸੇ ਨਾਲ ਪਿਆਰ ਕਰਦੀ ਹੈ ਅਤੇ ਅੰਤ ਉਹ ਵੀ ਉਸ ਕੋਲੋਂ ਖੋਹ ਕੇ ਮੰਡੀ
ਵਿਚ ਵੇਚ ਦਿੱਤੀ ਜਾਂਦੀ ਹੈ। ਇਸ ਲਈ ਜੈਕੋਬਜ਼ ਇਹ ਫੈਸਲਾ ਕਰਦੀ ਹੈ ਕਿ ਉਹ ਕੋਈ ਵੀ
ਬੱਚਾ ਉਸ ਮਾਲਕ ਦਾ ਨਹੀਂ ਜੰਮੇਗੀ ਅਤੇ ਉਹ ਇਸ ਵਿਚ ਸਫਲ ਵੀ ਰਹਿੰਦੀ ਹੈ ਪਰ ਮਿਸਟਰ
ਸੈਂਡਜ਼ ਦੇ ਬੱਚੇ ਜੰਮ ਕੇ ਵੀ ਉਹ ਆਜ਼ਾਦ ਨਹੀਂ ਹੁੰਦੀ ਕਿਉਂਕਿ ਉਹ ਫਲਿੰਟ ਦੀ ਗੁਲਾਮ ਹੈ।
ਉਸ ਮਾਲਕ ਦੀ ਗੁਲਾਮ ਜੋ ਉਹਦੇ ਬੱਚਿਆਂ ਨੂੰ ਵੀ ਆਪਣੀ ਸੰਪਤੀ ਵਿਚ ਸ਼ਾਮਲ ਕਰ ਲੈਂਦਾ ਹੈ
ਅਤੇ ਉਨ੍ਹਾਂ ਨੂੰ ਵੇਚ ਦੇਣ ਦੇ ਡਰਾਵੇ ਦੇ ਕੇ ਉਹਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਹਥਕੰਡਾ
ਵੀ ਵਰਤਦਾ ਹੈ। ਇਸ ਲਈ ਗੁਲਾਮ ਔਰਤ ਹੋਣ ਦਾ ਜੋ ਸੰਤਾਪ ਤੇ ਅਹਿਸਾਸ ਉਹ ਹਰ ਪਲ
ਹਰ ਛਿਣ ਭੋਗਦੀ ਹੈ ਉਹ ਉਹਦੀਆਂ ਸਭ ਤ੍ਰਾਸਦੀਆਂ ਤੇ ਸਾਰੀਆਂ ਦੁਸ਼ਵਾਰੀਆਂ ਤੋਂ ਵੱਡਾ ਹੈ।
ਇਸੇ ਲਈ ਉਹ ਕਹਿੰਦੀ ਹੈ:
"ਉਨ੍ਹਾਂ ਜਦੋਂ ਮੈਨੂੰ ਦੱਸਿਆ ਕਿ ਮੇਰਾ ਨਵ-ਜਨਮਿਆ ਬੱਚਾ ਲੜਕੀ ਹੈ, ਤਾਂ ਮੇਰਾ ਦਿਲ ਇੰਨਾ
ਭਾਰੀ ਹੋ ਗਿਆ, ਜਿੰਨਾ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ। ਗੁਲਾਮੀ ਮਰਦ ਲਈ ਭਿਆਨਕ
ਹੈ, ਪਰ ਔਰਤ ਲਈ ਇਹ ਹੋਰ ਵੀ ਭਿਅੰਕਰ ਹੈ ...।"
ਇਸੇ ਲਈ ਉਹ ਆਪਣੀ ਬੱਚੀ ਦੀ ਹਰ ਪਲ ਮੌਤ ਮੰਗਦੀ ਹੈ। ਇਕ ਗੁਲਾਮ ਔਰਤ ਨੂੰ ਕੀਕੀ
ਸਹਿਣ ਲਈ ਮਜ਼ਬੂਰ ਹੋਣਾ ਪੈਂਦਾ ਸੀ, ਇਸਦਾ ਜੋ ਯਥਾਰਥਕ ਵਰਣਨ ਤੇ ਵਿਵਰਣ ਜੈਕੋਬਜ਼
ਨੇ ਆਪਣੀਆਂ ਆਪ-ਬੀਤੀਆਂ ਘਟਨਾਵਾਂ ਦੇ ਜ਼ਰੀਏ ਪੇਸ਼ ਕੀਤਾ ਹੈ ਪੜ੍ਹਨ ਤੋਂ ਬਾਅਦ ਸ਼ਾਇਦ ਕੋਈ
ਜ਼ਮੀਰ-ਫਰੋਸ਼ ਮਨੁੱਖ ਹੀ ਉਸ ਗੁਲਾਮ ਪ੍ਰਥਾ ਜਾਂ ਉਸਦੇ ਬਾਕੀ ਬਚੇ ਅਵਸ਼ੇਸ਼ਾਂ ਨੂੰ 'ਮਹਾਨ ਸੰਸਕ੍ਰਿਤੀ'
ਵਰਗੇ ਸ਼ਬਦ ਪਹਿਨਾਅ ਸਕਦਾ ਹੈ।

ਪ੍ਰਵਾਸੀ ਪੰਜਾਬੀ ਸੱਭਿਆਚਾਰ ਦਾ ਭਵਿੱਖ (ਭਾਸ਼ਾ ਦੇ ਆਧਾਰ ਤੇ ਕੁਝ ਨੁਕਤੇ) -ਅਮਨਦੀਪ ਸਿੰਘ


ਪੰਜਾਬੀ ਸੱਭਿਆਚਾਰ ਦਾ ਵਿਦੇਸ਼ਾਂ ਵਿਚ ਕਿਸ ਤਰ੍ਹਾਂ ਦਾ ਭਵਿੱਖ ਹੋਵੇਗਾ, ਇਸਦੀ ਕੋਈ ਭਵਿੱਖਬਾਣੀ ਕਰਨੀ ਬੜਾ ਮੁਸ਼ਕਿਲ ਕੰਮ ਹੈ।
ਇਸ ਮੁਸ਼ਕਿਲ ਦਾ ਪਹਿਲਾ ਮਹੱਤਵਪੂਰਨ ਕਾਰਨ ਇਹ ਹੈ ਕਿ ਪੰਜਾਬੀਆਂ ਦਾ ਪ੍ਰਵਾਸ ਕੇਵਲ ਇਕ ਦੇਸ਼ ਵੱਲ ਸੋਧਤ ਹੋਣ ਦੀ ਬਜਾਏ
ਵੱਖੋ ਵੱਖਰੇ ਦੇਸ਼ਾਂ ਵੱਲ ਕਦੇ ਹੌਲੀ ਅਤੇ ਕਦੇ ਤੇਜ਼ ਰਫਤਾਰ ਨਾਲ ਹੁੰਦਾ ਰਿਹਾ ਹੈ। ਆਪਣੀਆਂ ਸਹੂਲਤਾਂ ਤੇ ਵੀਜ਼ਾ ਨਿਯਮਾਂ ਦੀ ਔਖਸੌਖ
ਦੇ ਆਧਾਰ ਤੇ ਕਦੇ ਇੰਗਲੈਂਡ, ਕਦੇ ਅਮਰੀਕਾ, ਕਦੇ ਕੈਨੇਡਾ ਅਤੇ ਨੇੜਲੇ ਸਮੇਂ ਵਿਚ ਆਸਟ੍ਰੇਲੀਆ ਪੰਜਾਬੀਆਂ ਦੇ ਮਨਪਸੰਦ
ਰਹਿਣ ਸਥਾਨ ਬਣਦੇ ਰਹੇ ਹਨ। ਇਸ ਕਾਰਨ ਪੰਜਾਬੀ ਪ੍ਰਵਾਸੀਆਂ ਦਾ ਕੋਈ ਇਹ ਸਮੂਹ ਸਾਹਮਣੇ ਆਉਣ ਦੀ ਬਜਾਏ ਸਾਰੇ ਸੰਸਾਰ
ਵਿਚ ਫੈਲੇ ਪੰਜਾਬੀ ਮਿਲ ਜਾਂਦੇ ਹਨ ਜਿਨ੍ਹਾਂ ਨੇ ਆਪੋ ਆਪਣੀਆਂ ਲੋੜਾਂ ਅਤੇ ਆਪੋ ਆਪਣੀ ਸਮਰੱਥਾ ਮੁਤਾਬਕ ਮੂਲ ਪੰਜਾਬੀ
ਸੱਭਿਆਚਾਰ ਨਾਲ ਆਪਣੀ ਸਾਂਝ ਬਰਕਾਰਰ ਰੱਖੀ ਹੋਈ ਹੈ। ਦੂਸਰਾ ਨੁਕਤਾ ਇਹ ਹੈ ਕਿ ਪਿਛਲੇ ੧੦-੧੨ ਸਾਲਾਂ ਵਿਚ ਸੰਚਾਰ
ਤਕਨਾਲੋਜੀ ਵਿਚ ਵਿਚ ਆਈ ਕ੍ਰਾਂਤੀ ਨੇ ਸਾਰੇ ਸੰਸਾਰ ਨੂੰ ਬਹੁਤ ਨੇੜੇ ਲੈ ਆਂਦਾ ਹੈ, ਇਸ ਨੇੜਤਾ ਦੇ ਪ੍ਰਵਾਸੀ ਪੰਜਾਬੀ ਸਮਾਜ ਅਤੇ
ਪ੍ਰਵਾਸੀ ਪੰਜਾਬੀ ਸੱਭਿਆਚਾਰ ਉਪਰ ਕੀ ਪ੍ਰਭਾਵ ਪੈਣਗੇ, ਇਹ ਵੀ ਧਿਆਨ ਦੇਣ ਯੋਗ ਮਸਲਾ ਹੈ।
ਇਸ ਪ੍ਰਸੰਗ ਵਿਚ ਪ੍ਰਵਾਸੀ ਪੰਜਾਬੀ ਸੱਭਿਆਚਾਰ ਦੀਆਂ ਭਵਿੱਖੀ ਦਿਸ਼ਾਵਾਂ ਦਾ ਅਨੁਮਾਨ ਲਾਉਣ ਲਈ ਪੰਜਾਬੀ ਭਾਸ਼ਾ ਦੇ ਭਵਿੱਖ ਦਾ
ਅਧਿਐਨ ਕਰਨਾ ਸਹਾਈ ਹੋ ਸਕਦਾ ਹੈ। ਇਹ ਅਧਿਐਨ ਕਰਨ ਸਮੇਂ ਸਮੂਹ ਪ੍ਰਵਾਸੀਆਂ ਨੂੰ ਕਿਸੇ ਇਕ ਸਾਂਚੇ ਵਿਚ ਫਿੱਟ ਨਹੀਂ
ਕੀਤਾ ਜਾ ਸਕਦਾ। ਇਹਨਾਂ ਵਿਚੋਂ ਕੁਝ ਅਜਿਹੇ ਪ੍ਰਵਾਸੀ ਹਨ ਜੋ ਆਪਣਾ ਬਚਪਨ ਤੇ ਜਵਾਨੀ ਪੰਜਾਬ ਵਿਚ ਬਿਤਾਉਣ ਤੋਂ ਬਾਅਦ
ਪ੍ਰਵਾਸ ਕਰਦੇ ਹਨ, ਜਿਹਨਾਂ ਨੂੰ ਅਸੀਂ ਪਹਿਲੀ ਪੀੜ੍ਹੀ ਦੀ ਔਲਾਦ ਪ੍ਰਵਾਸੀਆਂ ਦੀ ਦੂਸਰੀ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਹੈ ਜਿਸਦਾ
ਪਾਲਣ ਪੋਸ਼ਣ ਪ੍ਰਦੇਸ ਵਿਚ ਹੀ ਹੋਇਆ ਹੈ। ਪ੍ਰਵਾਸੀਆਂ ਦੀ ਪੀੜ੍ਹੀ ਵਿਚ ਅੰਤਰ ਦੇ ਨਾਲ ਹੀ ਉਨ੍ਹਾਂ ਦੀ ਭਾਸ਼ਾ ਵਿਚ ਵੀ ਸੁਭਾਵਿਕ ਹੀ
ਅੰਤਰ ਆ ਜਾਂਦਾ ਹੈ। ਪੰਜਾਬ ਤੋਂ ਗਏ ਪਹਿਲੀ ਪੀੜ੍ਹੀ ਦੇ ਬਹੁਗਿਣਤੀ ਪ੍ਰਵਾਸੀਆਂ ਲਈ ਪੰਜਾਬੀ ਉਨ੍ਹਾਂ ਦੀ ਪਹਿਲੀ ਭਾਸ਼ਾ ਹੈ, ਜਦੋਂ
ਕਿ ਦੂਸਰੀ ਪੀੜ੍ਹੀ ਦੇ ਪ੍ਰਵਾਸੀਆਂ ਲਈ ਅੰਗਰੇਜ਼ੀ ਆਮ ਤੌਰ ਤੇ ਉਹਨਾਂ ਦੀ ਪਹਿਲੀ ਭਾਸ਼ਾ ਬਣ ਜਾਂਦੀ ਹੈ।
ਪ੍ਰਵਾਸੀਆਂ ਦੀਆਂ ਪੀੜ੍ਹੀਆਂ ਵਿਚ ਇਸ ਵਖਰੇਵੇਂ ਤੋਂ ਬਾਅਦ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਵੱਖੋ ਵੱਖ ਪੀੜ੍ਹੀਆਂ ਵਾਲੇ ਪ੍ਰਵਾਸੀਆਂ
ਦਾ ਵੱਖੋ-ਵੱਖ ਭਾਸ਼ਾਵਾਂ ਨਾਲ ਕੀ ਰਿਸ਼ਤਾ ਹੈ, ਇਸਦਾ ਅਧਿਐਨ ਕਿਵੇਂ ਕੀਤਾ ਜਾਵੇ। ਇਸ ਸਬੰਧ ਵਿਚ ਵਰਤਮਾਨ ਦੀ ਤਸਵੀਰ
ਪ੍ਰਾਪਤ ਕਰਨ ਲਈ ਪ੍ਰਵਾਸੀ ਸਾਹਿਤ ਵਿਚੋਂ ਕੁਝ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ, ਜਦੋਂ ਕਿ ਭਵਿੱਖ ਬਾਰੇ ਅਨੁਮਾਨ ਲਗਾਉਣ
ਲਈ ਸਾਨੂੰ ਸਾਹਿਤ ਦੇ ਨਾਲ ਹੀ ਸਾਹਿਤ ਬਾਹਰਲੇ ਹੋਰ ਸਾਧਨਾਂ ਤੇ ਵੀ ਨਜ਼ਰ ਮਾਰਨੀ ਪਵੇਗੀ।
ਭਾਸ਼ਾ ਨਾ ਕੇਵਲ ਸੱਭਿਆਚਾਰਕ ਦਾ ਅਨਿੱਖੜ ਅੰਗ ਹੈ ਸਗੋਂ ਭਾਸ਼ਾ ਇਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਵਿਅਕਤੀ ਆਪਣੇ
ਸੱਭਿਆਚਾਰ ਨਾਲ ਜੁੜਦਾ ਅਤੇ ਅਗਲੀਆਂ ਪੀੜ੍ਹੀਆਂ ਵਿਚ ਉਸਨੂੰ ਅੱਗੇ ਤੋਰਦਾ ਹੈ। ਪੰਜਾਬੀ ਪ੍ਰਵਾਸੀ ਸਾਹਿਤ ਤੋਂ ਇਹ ਗੱਲ
ਅਸਾਨੀ ਨਾਲ ਜ਼ਾਹਿਰ ਹੁੰਦੀ ਹੈ ਕਿ ਵਿਦੇਸ਼ਾਂ ਵਿਚ ਮੁੱਖ ਤੌਰ ਤੇ ਪਹਿਲੀ ਪੀੜ੍ਹੀ ਦੇ ਪ੍ਰਵਾਸੀ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਹਨ, ਜਦੋਂ
ਕਿ ਪੰਜਾਬੀ ਪ੍ਰਵਾਸੀਆਂ ਦੀ ਦੂਸਰੀ ਪੀੜ੍ਹੀ ਤੇਜ਼ੀ ਨਾਲ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਸਵਰਨ ਚੰਦਨ
ਦੇ ਨਾਵਲ ਕੰਜਕਾਂ, ਦਰਸ਼ਨ ਧੀਰ ਦੇ ਨਾਵਲ ਪੈੜਾਂ ਦੇ ਆਰ ਪਾਰ ਸਮੇਤ ਹੋਰ ਬਹੁਤ ਸਾਰੀਆਂ ਪੰਜਾਬੀ ਰਚਨਾਵਾਂ ਤੋਂ ਇਹ ਗੱਲ
ਸਾਹਮਣੇ ਆਉਂਦੀ ਹੈ ਕਿ ਪਰਾਏ ਮੁਲਕ ਵਿਚ ਜਾ ਕੇ ਪ੍ਰਵਾਸੀ ਦੀ ਪਹਿਲੀ ਮੁਸ਼ਕਲ ਉਥੋਂ ਦੀ ਭਾਸ਼ਾ ਸਿੱਖਣ ਦੀ ਹੁੰਦੀ ਹੈ। ਪ੍ਰਦੇਸ
ਗਈ ਪਹਿਲੀ ਪੀੜ੍ਹੀ ਆਪਣੀਆਂ ਭਾਰਤੀ ਭਾਸ਼ਾਵਾਂ ਵਿਚ ਤਾਂ ਪ੍ਰਵੀਨ ਹੁੰਦੀ ਹੈ ਪਰ ਪੱਛਮੀ ਦੇਸ਼ਾਂ ਦੀ ਭਾਸ਼ਾ ਭਾਵ ਅੰਗਰੇਜ਼ੀ ਤੋਂ ਆਮ
ਕਰਕੇ ਕੋਰੀ ਹੁੰਦੀ ਹੈ। ਰੋਜ਼ਾਨਾ ਜੀਵਨ ਵਿਚ ਤੁਰਦਿਆਂ ਫਿਰਦਿਆਂ ਕੰਮ ਚਲਾਊ ਅੰਗਰੇਜ਼ੀ ਤਾਂ ਉਹ ਸਿੱਖ ਜਾਂਦੇ ਹਨ ਪਰ ਸੰਚਾਰ ਤੋਂ
ਅੱਗੇ ਭਾਵਨਾਵਾਂ ਅਤੇ ਮਨੋਭਾਵਾਂ ਦੇ ਪ੍ਰਗਟਾਅ ਸਮੇਂ ਇਹ ਥੋੜ੍ਹੀ ਜਿਹੀ ਅੰਗਰੇਜ਼ੀ ਉਨ੍ਹਾਂ ਦਾ ਸਾਥ ਛੱਡ ਜਾਂਦੀ ਹੈ। ਵਡੇਰੀ ਉਮਰ ਵਿਚ
ਪ੍ਰਦੇਸ ਪਹੁੰਚਣ ਵਾਲਿਆਂ ਨੂੰ ਤਾਂ ਭਾਸ਼ਾ ਦੀ ਇਹ ਸਮੱਸਿਆ ਹੋਰ ਵੀ ਜ਼ਿਆਦਾ ਤੰਗ ਕਰਦੀ ਹੈ। ਇਸ ਸਮੱਸਿਆ ਦੇ ਹੱਲ ਦੀ ਕੋਸ਼ਿਸ਼
ਵਜੋਂ ਜਿਥੇ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਆਰੰਭ ਹੁੰਦੀ ਹੈ, ਉਥੇ ਹੀ ਦੂਸਰੇ ਪਾਸੇ ਪ੍ਰਵਾਸੀ ਆਪਣੀਆਂ ਸਮਾਜਿਕ ਅਤੇ ਮਾਨਸਿਕ ਲੋੜਾਂ
ਦੀ ਪੂਰਤੀ ਲਈ ਆਪਣੇ ਵਰਗੇ ਲੋਕਾਂ ਤੇ ਅਧਾਰਤ ਬਸਤੀਆਂ (ਗੈਟੋ) ਬਣਾਉਣੀਆਂ ਸ਼ੁਰੂ ਕਰ ਦਿੰਦੇ ਹਨ, ਜਿਸ ਦੀ ਇਕ ਝਲਕ
ਹਰਜੀਤ ਅਟਵਾਲ ਦੇ ਨਾਵਲ ਸਾਊਥਾਲ ਵਿਚ ਦੇਖੀ ਜਾ ਸਕਦੀ ਹੈ, ਜਿਥੇ ਅੰਗਰੇਜ਼ੀ ਦੀ ਲੋੜ ਨਾਂਹ-ਮਾਤਰ ਹੀ ਪੈਂਦੀ ਹੈ।
ਪਹਿਲੀ ਪੀੜ੍ਹੀ ਦੇ ਪ੍ਰਵਾਸੀਆਂ ਦੀਆਂ ਅੰਗਰੇਜ਼ੀ ਨਾਲ ਜੁੜੀਆਂ ਸਮੱਸਿਆਵਾਂ ਦੀਆਂ ਉਪਰੋਕਤ ਉਦਾਹਰਨਾਂ ਤੋਂ ਇਸ ਤਰ੍ਹਾਂ ਜਾਪਦਾ ਹੈ
ਕਿ ਭਾਸ਼ਾ ਸਿੱਖਣ ਵਾਲੀ ਇਹ ਮੁਸ਼ਕਿਲ ਤਾਂ ਅਸਾਨੀ ਨਾਲ ਦੂਰ ਕੀਤੀ ਜਾ ਸਕਦੀ ਹੈ ਅਤੇ ਵਿਸ਼ੇਸ਼ ਤੌਰ ਤੇ ਦੂਸਰੀ ਪੀੜ੍ਹੀ ਦੇ ਪ੍ਰਵਾਸੀ
ਸਾਹਿਤ ਦੀ ਪੜ੍ਹਤ ਤੋਂ ਇਸ ਤਰ੍ਹਾਂ ਜਾਪਦਾ ਵੀ ਹੈ ਕਿ ਦੂਸਰੀ ਪੀੜ੍ਹੀ ਵਾਲੇ ਪ੍ਰਵਾਸੀ ਅੰਗਰੇਜ਼ੀ ਸਿੱਖਦੇ ਜਾ ਰਹੇ ਹਨ ਅਤੇ ਅੰਗਰੇਜ਼ਾਂ
ਵਰਗੇ ਹੀ ਹੁੰਦੇ ਜਾ ਰਹੇ ਹਨ। ਪਰ ਕੀ ਪੰਜਾਬੀਆਂ ਦਾ ਪੂਰੀ ਤਰ੍ਹਾਂ ਅੰਗਰੇਜ਼ ਬਣ ਸਕਣਾ ਸੰਭਵ ਹੈ? ਕੀ ਦੂਸਰੀ ਪੀੜ੍ਹੀ ਏਨੀ ਅਸਾਨੀ
ਨਾਲ ਆਪਣੇ ਮਾਪਿਆਂ ਦੀ ਭਾਸ਼ਾ ਤੇ ਸੱਭਿਆਚਾਰ ਤੋਂ ਪਿੱਛਾ ਛੁਡਾ ਸਕਦੀ ਹੈ? ਇਹਨਾਂ ਸਵਾਲਾਂ ਦੇ ਜਵਾਬ ਲਈ ਸਾਨੂੰ ਦੂਸਰੀ ਪੀੜ੍ਹੀ
ਦੇ ਪ੍ਰਵਾਸੀਆਂ ਦੇ ਪ੍ਰਦੇਸ ਵਿਚ ਤਜਰਬੇ ਨੂੰ ਧਿਆਨ ਵਿਚ ਰੱਖਣਾ ਪਵੇਗਾ, ਜਿਸ ਲਈ ਸਾਨੂੰ ਪੰਜਾਬੀ ਭਾਸ਼ਾ ਵਿਚ ਰਚੇ ਸਾਹਿਤ ਤੋਂ
ਬਾਹਰ ਦੇਖਣ ਦੀ ਲੋੜ ਪਵੇਗੀ।
ਸੱਭਿਆਚਾਰ ਅਤੇ ਭਾਸ਼ਾ ਦਾ ਅਧਿਐਨ ਪ੍ਰਵਾਸੀ ਪੰਜਾਬੀ ਸਾਹਿਤ ਦੇ ਆਧਾਰ ਤੇ ਕਰਨ ਸਮੇਂ ਇਕ ਵੱਡੀ ਮੁਸ਼ਕਿਲ ਖੜ੍ਹੀ ਹੁੰਦੀ ਹੈ ਕਿ
ਪ੍ਰਵਾਸੀ ਸਾਹਿਤ ਵੀ ਪਹਿਲੀ ਪੀੜ੍ਹੀ ਦੇ ਪ੍ਰਵਾਸੀ ਲੇਖਕਾਂ ਵੱਲੋਂ ਹੀ ਰਚਿਆ ਜਾ ਰਿਹਾ ਹੈ, ਜਿਸ ਕਾਰਨ ਦੂਸਰੀ ਪੀੜ੍ਹੀ ਕਿਸ ਤਰ੍ਹਾਂ
ਸੋਚਦੀ ਹੈ, ਉਸਦੀਆਂ ਕੀ ਮੁਸ਼ਕਿਲਾਂ ਹਨ, ਉਹ ਭਵਿੱਖ ਵਿਚ ਕਿੱਧਰ ਜਾਵੇਗੀ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਨ ਦੀ ਇਸ ਸਾਹਿਤ
ਵਿਚ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਪਰ ਇਸ ਕੋਸ਼ਿਸ਼ ਵਿਚ ਦੂਸਰੀ ਪੀੜ੍ਹੀ ਦੇ ਕਿੰਨੀ ਕੁ ਪੇਸ਼ਕਾਰੀ ਹੋ ਸਕੀ ਹੈ, ਇਸ ਉਪਰ ਕਾਫੀ
ਸ਼ੰਕੇ ਉਠਾਏ ਜਾ ਸਕਦੇ ਹਨ। ਦੂਸਰੇ ਪਾਸੇ ਹਾਲੇ ਤੱਕ ਦੂਸਰੀ ਪੀੜ੍ਹੀ ਦੇ ਪ੍ਰਵਾਸੀ ਪੰਜਾਬੀ ਲੋਕਾਂ ਵਲੋਂ ਸਾਹਿਤ ਵਿਚ ਕੋਈ ਜ਼ਿਕਰਯੋਗ
ਕੰਮ ਨਹੀਂ ਕੀਤਾ ਗਿਆ ਜਿਸਦੇ ਅਧਾਰ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਨਜ਼ਰੀਏ ਨੂੰ ਸਮਝਿਆ ਜਾ ਸਕੇ।
ਇਸ ਸਮੱਸਿਆ ਦਾ ਇਕ ਹੱਲ ਭਾਰਤ ਤੋਂ ਪ੍ਰਵਾਸ ਧਾਰਨ ਕਰਨ ਵਾਲੇ ਦੂਸਰੇ ਭਾਸ਼ਾਈ ਭਾਈਚਾਰਿਆਂ ਦੀ ਦੂਸਰੀ ਪੀੜ੍ਹੀ ਦੇ ਸਾਹਿਤ
ਦੇ ਅਧਿਐਨ ਰਾਹੀਂ ਕੱਢਿਆ ਜਾ ਸਕਦਾ ਹੈ। ਬੰਗਾਲੀ ਜਾਂ ਗੁਜਰਾਤੀ ਭਾਸ਼ਾ ਨਾਲ ਸਬੰਧ ਰੱਖਣ ਵਾਲੇ ਪ੍ਰਵਾਸੀ ਭਾਈਚਾਰਿਆਂ ਦੀ
ਦੂਸਰੀ ਪੀੜ੍ਹੀ ਦਾ ਸਾਹਿਤ ਅੰਗਰੇਜ਼ੀ ਭਾਸ਼ਾ ਵਿਚ ਸਾਹਮਣੇ ਆ ਰਿਹਾ ਹੈ। ਇਸ ਸਾਹਿਤ ਵਿਚ ਦੂਸਰੀ ਪੀੜ੍ਹੀ ਨਾਲ ਜੁੜੇ ਮੁੱਦਿਆਂ ਦੀ
ਪੇਸ਼ਕਾਰੀ ਹੋ ਰਹੀ ਹੈ। ਇਸ ਸਾਹਿਤ ਦੀ ਭਾਸ਼ਾ ਚਾਹੇ ਕਿ ਅੰਗਰੇਜ਼ੀ ਹੈ, ਪਰ ਉਸ ਵਿਚ ਵਿਚਾਰੀਆਂ ਗਈਆਂ ਸਮੱਸਿਆਵਾਂ ਅਤੇ
ਸਮੱਸਿਆਵਾਂ ਨੂੰ ਦੇਖਣ ਦਾ ਨਜ਼ਰੀਆ ਬਹੁਤ ਹੱਦ ਤੱਕ ਆਪਣੇ ਮੂਲ ਸਥਾਨ ਜਾਂ ਆਪਣੀ ਮੂਲ ਪਛਾਣ ਲੱਭਣ ਤੇ ਹੀ ਕੇਂਦਰਤ ਹੈ।
ਪ੍ਰਵਾਸੀ ਸਮਾਜ ਵਿਚ ਭਾਸ਼ਾ ਦੀ ਕੀ ਸਥਿਤੀ ਹੈ ਅਤੇ ਉਥੋਂ ਦੇ ਜੀਵਨ ਉਪਰ ਭਾਸ਼ਾ ਦਾ ਕੀ ਪ੍ਰਭਾਵ ਪੈ ਰਿਹਾ ਹੈ ਅਤੇ ਖੁਦ ਭਾਸ਼ਾ
ਕਿੰਨੀ ਕੁ ਪ੍ਰਭਾਵਿਤ ਹੋ ਰਹੀ ਹੈ, ਇਸਦਾ ਵਰਤਮਾਨ ਸਰੂਪ ਦੇਖਣ ਲਈ ਅੰਗਰੇਜ਼ੀ ਭਾਸ਼ਾ ਵਿਚ ਰਚੇ ਗਏ ਕੁਝ ਨਾਵਲਾਂ ਦੀ ਸਹਾਇਤਾ
ਲਈ ਜਾ ਸਕਦੀ ਹੈ। ਤਨੂਜਾ ਦੇਸਾਈ ਦੇ ਨਾਵਲ ਬੌਰਨ ਕਨਫਿਊਜਡ, ਚਿਤਰਾ ਦਿਵਾਕਰੂਣੀ ਦੇ ਨਾਵਲ ਕੁਈਨ ਆਫ ਡਰੀਮਜ਼ ਅਤੇ
ਝੁੰਪਾ ਲਹਿਰੀ ਦੇ ਨਾਵਲ ਦਿ ਨੇਮਸੇਕ ਨੂੰ ਉਦਾਹਰਨ ਵਜੋਂ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਵਿਦੇਸ਼ੀ ਸਮਾਜ ਵਿਚ ਜ਼ਜ਼ਬ ਹੋ
ਸਕਣਾ ਅਸਾਨ ਨਹੀਂ ਹੈ ਖਾਸ ਤੌਰ ਤੇ ਉਸ ਸਮੇਂ ਜਦੋਂ ਮਹਿਮਾਨ ਸਮਾਜ ਤੁਹਾਨੂੰ ਅਦਰ ਹੀ ਸਮਝਦਾ ਹੋਵੇ। ਹਥਲੇ ਪਰਚੇ ਵਿਚ
ਇੰਗਲੈਂਡ ਵਸਦੇ ਪ੍ਰਵਾਸੀ ਪੰਜਾਬੀ ਲੇਖਕ ਸਵਰਨ ਚੰਦਨ ਦੇ ਨਾਵਲ ਕੰਜਕਾਂ ਅਤੇ ਅਮਰੀਕਾ ਜੰਮੀ ਪਲੀ ਅਤੇ ਹੁਣ ਇੰਗਲੈਂਡ ਰਹਿੰਦੀ
ਭਾਰਤੀ ਮੂਲ ਦੀ ਲੇਖਿਕਾ ਤਨੂਜਾ ਦੇਸਾਈ ਦੇ ਅੰਗਰੇਜ਼ੀ ਨਵਾਲ ਬੌਰਨ ਕਨਫਿਊਜਡ ਦੇ ਅਧਾਰ ਤੇ ਪ੍ਰਵਾਸੀ ਜੀਵਨ ਵਿਚ ਭਾਸ਼ਾ ਦੇ
ਵੱਖ-ਵੱਖ ਪ੍ਰਭਾਵੀ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।
ਜਦੋਂ ਕੋਈ ਵਿਅਕਤੀ ਪ੍ਰਵਾਸ ਧਾਰਨ ਕਰਦਾ ਹੈ ਤਾਂ ਪਰਾਏ ਮੁਲਕ ਵਿਚ ਜਾ ਕੇ ਉਸਦੀ ਪਹਿਲੀ ਮੁਸ਼ਕਲ ਉਥੋਂ ਦੀ ਭਾਸ਼ਾ ਸਿੱਖਣ ਦੀ
ਹੁੰਦੀ ਹੈ। ਪ੍ਰਦੇਸ ਗਈ ਪਹਿਲੀ ਪੀੜ੍ਹੀ ਆਪਣੀਆਂ ਭਾਰਤੀ ਭਾਸ਼ਾਵਾਂ ਵਿਚ ਤਾਂ ਪ੍ਰਵੀਨ ਹੈ ਪਰ ਪੱਛਮੀ ਦੇਸ਼ਾਂ ਦੀ ਭਾਸ਼ਾ ਭਾਵ ਅੰਗਰੇਜ਼ੀ
ਤੋਂ ਆਮ ਕਰਕੇ ਕੋਰੀ ਹੁੰਦੀ ਹੈ। ਰੋਜ਼ਾਨਾ ਜੀਵਨ ਵਿਚ ਤੁਰਦਿਆਂ ਫਿਰਦਿਆਂ ਕੰਮ ਚਲਾਊ ਅੰਗਰੇਜ਼ੀ ਤਾਂ ਉਹ ਸਿੱਖ ਜਾਂਦੇ ਹਨ ਪਰ
ਸੰਚਾਰ ਤੋਂ ਅੱਗੇ ਭਾਵਨਾਵਾਂ ਅਤੇ ਮਨੋਭਾਵਾਂ ਦੇ ਪ੍ਰਗਟਾਅ ਸਮੇਂ ਇਹ ਥੋੜ੍ਹੀ ਜਿਹੀ ਅੰਗਰੇਜ਼ੀ ਉਨ੍ਹਾਂ ਦਾ ਸਾਥ ਛੱਡ ਜਾਂਦੀ ਹੈ। ਵਡੇਰੀ
ਉਮਰ ਵਿਚ ਪ੍ਰਦੇਸ ਪਹੁੰਚਣ ਵਾਲਿਆਂ ਨੂੰ ਤਾਂ ਭਾਸ਼ਾ ਦੀ ਇਹ ਸਮੱਸਿਆ ਹੋਰ ਵੀ ਜ਼ਿਆਦਾ ਤੰਗ ਕਰਦੀ ਹੈ। ਇਸਦੇ ਉਲਟ
ਪ੍ਰਵਾਸੀਆਂ ਦੀ ਨਵੀਂ ਪੀੜ੍ਹੀ ਜੋ ਉਥੇ ਹੀ ਜੰਮੀ ਪਲੀ ਹੁੰਦੀ ਹੈ, ਉਹ ਆਪਣੇ ਸਮਾਜਿਕ ਵਾਤਾਵਰਣ ਵਿਚੋਂ ਹਰ ਵਕਤ ਅੰਗਰੇਜ਼ੀ ਗ੍ਰਹਿਣ
ਕਰਦੀ ਰਹਿੰਦੀ ਹੈ, ਪਰ ਆਪਣੇ ਮਾਪਿਆਂ ਦੀ ਭਾਸ਼ਾ ਨਾਲ ਉਨ੍ਹਾਂ ਦਾ ਵਾਹ ਘਰ ਵਿਚ ਹੀ ਪੈਂਦਾ ਹੈ ਅਤੇ ਉਹ ਵੀ ਕੁਝ ਸੀਮਤ ਸਮੇਂ
ਲਈ, ਜਿਸ ਕਾਰਨ ਉਨ੍ਹਾਂ ਲਈ ਪਹਿਲੀ ਭਾਸ਼ਾ ਅੰਗਰੇਜ਼ੀ ਹੀ ਬਣ ਜਾਂਦੀ ਹੈ। ਸ਼ੁਰੂ ਸ਼ੁਰੂ ਵਿਚ ਪ੍ਰਵਾਸੀ ਮਾਪੇ ਵੀ ਆਪਣੇ ਬੱਚਿਆਂ ਨੂੰ
ਵੱਧ ਤੋਂ ਵੱਧ ਅੰਗਰੇਜ਼ੀ ਬੋਲਦਿਆਂ ਸੁਣਨਾ ਚਾਹੁੰਦੇ ਹਨ ਤਾਂ ਕਿ ਆਪ ਅੰਗਰੇਜ਼ੀ ਨਾ ਸਿੱਖ ਸਕਣ ਕਾਰਨ ਆਈਆਂ ਮੁਸ਼ਕਲਾਂ ਦੀ ਪੀੜ
ਘਟਾ ਸਕਣ, ਪ੍ਰੰਤੂ ਜਦੋਂ ਬੱਚੇ ਦੇਸੀ ਭਾਸ਼ਾ ਵਿਚ ਸਾਧਾਰਨ ਵਾਰਤਾਲਾਪ ਕਰਨ ਤੋਂ ਵੀ ਅਸਮਰਥ ਹੋ ਜਾਂਦੇ ਹਨ ਤਾਂ ਨਵੀਂ ਅਤੇ ਪੁਰਾਣੀ
ਪੀੜ੍ਹੀ ਵਿਚਾਲੇ ਭਾਸ਼ਾ ਇਕ ਅਜਿਹੀ ਦੀਵਾਰ ਬਣ ਜਾਂਦੀ ਹੈ ਜਿਸਦੇ ਪਾਰ ਲੰਘ ਸਕਣਾ ਜੋ ਅਸੰਭਵ ਨਹੀਂ ਤਾਂ ਮੁਸ਼ਕਲ ਜਰੂਰ ਬਣ
ਜਾਂਦਾ ਹੈ।
ਭਾਸ਼ਾਈ ਪਛਾਣ ਦਾ ਆਰਥਿਕ ਪੱਖ
ਸਵੈ-ਇੱਛਤ ਪ੍ਰਵਾਸ ਲਈ ਜ਼ਿੰਮੇਵਾਰ ਕਾਰਨਾਂ ਵਿਚੋਂ ਇਕ ਮੁੱਖ ਕਾਰਨ ਆਪਣੀ ਆਰਥਿਕਤਾ ਵਿਚ ਸੁਧਾਰ ਕਰਨ ਦੀ ਇੱਛਾ ਹੁੰਦੀ
ਹੈ। ਪ੍ਰਦੇਸ ਵਿਅਕਤੀ ਨੂੰ ਅਜਿਹਾ ਸਥਾਨ ਮੁਹੱਈਆ ਕਰਵਾਉਂਦਾ ਹੈ ਜਿਥੇ ਉਹ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਦਾ ਹੈ ਅਤੇ ਪੁਰਾਣੇ
ਸਮਾਜ ਦੀਆਂ ਦਰਜੇਬੰਦੀਆਂ ਤੋਂ ਪਾਰ ਆਪਣੀ ਇੱਛਾ ਅਨੁਸਾਰ ਕੰਮ ਕਰਨ ਲਈ ਅਜ਼ਾਦ ਹੁੰਦਾ ਹੈ। ਪਰ ਨਵੇਂ ਸਮਾਜ ਵਿਚ ਕੰਮ
ਲੱਭਣ ਲਈ ਉਥੋਂ ਦੀ ਭਾਸ਼ਾ ਦੀ ਜਾਣਕਾਰੀ ਹੋਣੀ ਲਾਜਮੀ ਹੋ ਜਾਂਦੀ ਹੈ। ਜਿਸ ਵਿਅਕਤੀ ਨੂੰ ਸਮਾਜ ਵਿਚ ਪ੍ਰਚਲਿਤ ਭਾਸ਼ਾ ਦਾ
ਗਿਆਨ ਨਹੀਂ ਹੈ, ਉਸ ਲਈ ਬਹੁਤ ਸਾਰੇ ਰਸਤੇ ਆਪਣੇ ਆਪ ਬੰਦ ਹੋ ਜਾਂਦੇ ਹਨ ਤੇ ਉਹ ਸੀਮਤ ਹੋ ਕੇ ਰਹਿ ਜਾਂਦਾ ਹੈ। ਸੀਮਤ ਹੋ
ਜਾਣ ਦੀ ਇਹ ਭਾਵਨਾ ਜਿਥੇ ਉਸਨੂੰ ਨਵੀਂ ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕਰਦੀ ਹੈ, ਉਥੇ ਹੀ ਭਾਸ਼ਾ ਸਿੱਖਣ ਵਿਚ ਆਉਂਦੀਆਂ
ਕਠਿਨਾਈਆਂ ਉਸਨੂੰ ਨਿਰਾਸ਼ਾ ਵੱਲ ਧੱਕਣ ਦੇ ਵੀ ਸਮਰੱਥ ਹੁੰਦੀਆਂ ਹਨ।
ਸਵਰਨ ਚੰਦਨ ਦਾ ਨਾਵਲ ਕੰਜਕਾਂ ਇੰਗਲੈਂਡ ਵਿਚਲੀ ਮਜ਼ਦੂਰ ਸ਼੍ਰੇਣੀ ਦੇ ਸੰਘਰਸ਼ ਦਾ ਬ੍ਰਿਤਾਂਤ ਪੇਸ਼ ਕਰਦਾ ਹੈ। ਪੰਜਾਬ ਵਿਚੋਂ ਪੜ੍ਹੇ
ਲਿਖੇ ਲੋਕਾਂ ਨੇ ਜਦੋਂ ਇੰਗਲੈਂਡ ਵੱਲ ਪ੍ਰਵਾਸ ਕੀਤਾ ਤਾਂ ਉਥੇ ਉਨ੍ਹਾਂ ਦੀ ਭਾਰਤ ਵਿਚ ਗ੍ਰਹਿਣ ਕੀਤੀ ਸਿੱਖਿਆ ਦਾ ਕੋਈ ਮੁੱਲ ਨਾ ਪਿਆ
ਅਤੇ ਉਨ੍ਹਾਂ ਨੂੰ ਪਹਿਲਾਂ ਪਹਿਲ ਫੈਕਟਰੀਆਂ ਗਫਾਊਂਡਰੀਆਂ ਆਦਿ ਵਿਚ ਹੀ ਕੰਮ ਕਰਨਾ ਪਿਆ। ਇਨ੍ਹਾਂ ਕੰਮਾਂ ਤੋਂ ਛੁਟਕਾਰਾ ਪਾਉਣ
ਲਈ ਉਨ੍ਹਾਂ ਲਈ ਜਰੂਰੀ ਸੀ ਕਿ ਉਹ ਉਥੋਂ ਦੀ ਸਿੱਖਿਆ ਹਾਸਲ ਕਰਨ। ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਸੀ। ਸੋ ਸਿੱਖਿਆ
ਹਾਸਲ ਕਰਨ ਲਈ ਅੰਗਰੇਜ਼ੀ ਭਾਸ਼ਾ ਵੀ ਆਉਣੀ ਲਾਜ਼ਮੀ ਸੀ। ਇਸ ਕਾਰਨ ਪ੍ਰਵਾਸੀਆਂ ਲਈ ਪਹਿਲੀ ਮੁਸ਼ਕਲ ਇਹ ਬਣ ਜਾਂਦੀ ਹੈ
ਕਿ ਉਹ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਕਰਨ। ਕੰਜਕਾਂ ਨਾਵਲ ਵਿਚਲੇ ਸੁਜ਼ਾਨ ਦੀ ਪਤਨੀ ਭੁਪਿੰਦਰ ਜਦੋਂ ਲਾਇਬ੍ਰੇਰੀ ਦਾ ਕੋਰਸ ਕਰਨ
ਜਾਂਦੀ ਹੈ ਤਾਂ ਭਾਸ਼ਾ ਦੀ ਸਮੱਸਿਆ ਕਾਰਨ ਉਸਨੂੰ ਆਰੰਭ ਵਿਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ।
ਸਿੱਖਿਆ ਹਾਸਲ ਕਰਨ ਦੇ ਨਾਲ ਹੀ ਦੂਸਰਿਆਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਵੀ ਅੰਗਰੇਜ਼ੀ ਵਿਚ ਮੁਹਾਰਤ ਹੋਣੀ ਜਰੂਰੀ ਹੈ।
ਕੰਜਕਾਂ ਨਾਵਲ ਵਿਚ ਫੈਕਟਰੀਆਂ ਵਿਚ ਕੰਮ ਕਰਦੀਆਂ ਔਰਤਾਂ ਅੰਗਰੇਜ਼ੀ ਬੋਲਣੋਂ ਅਸਮਰਥ ਹੋਣ ਕਾਰਨ ਮੈਨੇਜਮੈਂਟ ਤੱਕ ਆਪਣੀ
ਗੱਲ ਪਹੁੰਚਾਉਣ ਵਿਚ ਅਸਮਰਥ ਹੁੰਦੀਆਂ ਹਨ। ਅਜਿਹੇ ਸਮੇਂ ਜੋ ਔਰਤ ਥੋੜ੍ਹੀ ਬਹੁਤ ਅੰਗਰੇਜ਼ੀ ਜਾਣਦੀ ਹੈ, ਉਸਦੀ ਪਹੁੰਚ ਅਤੇ
ਪ੍ਰਭਾਵ ਵਧ ਜਾਂਦਾ ਹੈ। ਅੰਗਰੇਜ਼ੀ ਬੋਲਣ ਤੋਂ ਅਸਮਰਥ ਔਰਤਾਂ ਮਹਿਸੂਸ ਕਰਦੀਆਂ ਹਨ ਕਿ ਜੇ ਉਨ੍ਹਾਂ ਨੂੰ ਅੰਗਰੇਜ਼ੀ ਆਉਂਦੀ ਹੋਵੇ ਤਾਂ
ਉਹ ਕਿਤੇ ਹੋਰ ਕੰਮ ਲੱਭ ਲੈਣ, ਪਰ ਹੁਣ ਵਾਲੀ ਹਾਲਤ ਵਿਚ ਤਾਂ ਜੋ ਵੀ ਕੰਮ ਮਿਲਿਆ ਹੋਇਆ ਹੈ, ਉਸੇ ਨੂੰ ਬਚਾ ਕੇ ਰੱਖਣ ਵਿਚ
ਫਾਇਦਾ ਹੈ। ਮਾਲਕ ਨੂੰ ਇਸ ਗੱਲ ਦਾ ਫਾਇਦਾ ਹੁੰਦਾ ਹੈ ਕਿਉਂਕਿ ਅਨਪੜ੍ਹ ਵਰਕਰ ਯੂਨੀਅਨਾਂ ਦੇ ਮਹੱਤਵ ਅਤੇ ਵਰਕਰਾਂ ਦੇ ਹਿੱਤਾਂ
ਨੂੰ ਨਹੀਂ ਸਮਝਦੇ ਅਤੇ ਕਿਸੇ ਬਹਿਸ ਵਿਚ ਨਹੀਂ ਪੈਂਦੇ।
ਭਾਸ਼ਾ ਨਾ ਆਉਣ ਕਾਰਨ ਪ੍ਰਵਾਸੀ ਵਿਅਕਤੀ ਆਪਣੀ ਯੋਗਤਾ ਅਤੇ ਸਮਰੱਥਾ ਤੋਂ ਬਹੁਤ ਥੋੜ੍ਹਾ ਕੰਮ ਕਰ ਸਕਦਾ ਹੈ ਅਤੇ ਉਸਦੀ
ਆਰਥਿਕ ਹਾਲਤ ਵੀ ਡਾਵਾਂਡੋਲ ਹੀ ਰਹਿੰਦੀ ਹੈ। ਕੰਮ ਦੇ ਸਥਾਨਾਂ ਤੇ ਭਾਸ਼ਾ ਇਕ ਅਜਿਹੀ ਦੀਵਾਰ ਦਾ ਕੰਮ ਕਰਦੀ ਹੈ ਜਿਸ ਰਾਹੀਂ
ਲੋਕ ਦੋ ਭਾਸ਼ਾਈ ਸਮੂਹਾਂ ਵਿਚ ਵੰਡੇ ਜਾਂਦੇ ਹਨ। ਪੰਜਾਬੀਆਂ ਵਿਚ ਅੰਗਰੇਜ਼ੀ ਦਾ ਨਾ ਆਉਣਾ ਹੀਣ ਭਾਵਨਾ ਪੈਦਾ ਕਰਦਾ ਹੈ, ਦੂਸਰੇ
ਪਾਸੇ ਗੋਰਿਆਂ ਨੂੰ ਪੰਜਾਬੀ ਹਮੇਸ਼ਾਂ ਅਨਪੜ੍ਹ ਅਤੇ ਪਛੜੇ ਹੋਏ ਜਾਪਦੇ ਰਹਿੰਦੇ ਹਨ ਕਿਉਂਕਿ ਉਹ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਬੋਲ
ਸਕਦੇ। ਇਸ ਤਰ੍ਹਾਂ ਭਾਸ਼ਾ ਸੱਭਿਆਚਾਰਕ ਦਰਜੇਬੰਦੀਆਂ ਦਾ ਕਾਰਨ ਬਣ ਜਾਂਦੀ ਹੈ ਜਿਸ ਵਿਚ ਇਕ ਭਾਸ਼ਾ ਨਾਲ ਜੁੜਿਆ ਸਮਾਜ ਤੇ
ਸੱਭਿਆਚਾਰ ਉੱਚਾ ਸਥਾਨ ਗ੍ਰਹਿਣ ਕਰ ਜਾਂਦਾ ਹੈ ਅਤੇ ਦੂਸਰਾ ਨੀਵੇਂ ਦਰਜੇ ਤੇ ਸਮਝ ਲਿਆ ਜਾਂਦਾ ਹੈ।
ਭਾਸ਼ਾਈ ਪਛਾਣ ਦਾ ਪਰਿਵਾਰਕ ਸਮਾਜਿਕ ਪੱਖ
ਭਾਸ਼ਾ ਰਾਹੀਂ ਵਿਅਕਤੀ ਦੂਸਰਿਆਂ ਨਾਲ ਆਪਣੀ ਸਾਂਝ ਸਥਾਪਤ ਕਰਦਾ ਹੈ ਅਤੇ ਇਕ ਦੂਸਰੇ ਦੇ ਸੁੱਖ-ਦੁੱਖ ਦਾ ਭਾਈਵਾਲ ਬਣਦਾ
ਹੈ। ਪ੍ਰਵਾਸ ਦੌਰਾਨ ਪਰਿਵਾਰ ਵਿਚ ਬੋਲੀ ਜਾਂਦੀ ਭਾਸ਼ਾ ਅਤੇ ਸਮਾਜ ਵਿਚ ਬੋਲੀ ਜਾਂਦੀ ਭਾਸ਼ਾ ਵਿਚ ਆਮ ਤੌਰ ਤੇ ਅੰਤਰ ਆ ਜਾਂਦਾ
ਹੈ। ਭਾਰਤ ਤੋਂ ਆਏ ਹੋਏ ਪ੍ਰਵਾਸੀ ਲਈ ਉਸਦੀ ਮਾਤਭਾਸ਼ਾ ਪੰਜਾਬੀ, ਹਿੰਦੀ, ਬੰਗਾਲੀ ਆਦਿ ਦਾ ਮਹੱਤਵ ਜ਼ਿਆਦਾ ਹੁੰਦਾ ਹੈ ਅਤੇ
ਅੰਗਰੇਜ਼ੀ ਨੂੰ ਉਹ ਪ੍ਰਦੇਸੀ ਸਮਾਜ ਨਾਲ ਥੋੜ-ਚਿਰੇ ਸੰਵਾਦ ਲਈ ਹੀ ਵਰਤਦਾ ਹੈ। ਇਸਦੇ ਉਲਟ ਉਨ੍ਹਾਂ ਦੇ ਬੱਚੇ ਜੋ ਪ੍ਰਦੇਸ ਵਿਚ ਹੀ
ਜੰਮਦੇ-ਪਲਦੇ ਤੇ ਵੱਡੇ ਹੁੰਦੇ ਹਨ, ਉਨ੍ਹਾਂ ਲਈ ਮੁੱਖ ਭਾਸ਼ਾ ਅੰਗਰੇਜ਼ੀ ਹੁੰਦੀ ਹੈ ਅਤੇ ਉਨ੍ਹਾਂ ਦਾ ਬੋਲਚਾਲ ਦਾ ਢੰਗ, ਲਹਿਜਾ ਤੇ ਮੁਹਾਰਤ
ਵੀ ਅੰਗਰੇਜ਼ਾਂ ਵਾਂਗ ਹੀ ਹੁੰਦੀ ਹੈ। ਘਰ ਵਿਚ ਵੀ ਬੱਚੇ ਆਮ ਤੌਰ ਤੇ ਅੰਗਰੇਜ਼ੀ ਬੋਲਣਾ ਹੀ ਪਸੰਦ ਕਰਦੇ ਹਨ ਅਤੇ ਆਪਣੇ ਮਾਪਿਆਂ
ਦੀ ਭਾਸ਼ਾ ਦੀ ਸਮਝ ਉਨ੍ਹਾਂ ਨੂੰ ਬਹੁਤ ਘੱਟ ਹੁੰਦੀ ਹੈ। ਅਜਿਹੇ ਸਮੇਂ ਦੋਹਾਂ ਪੀੜ੍ਹੀਆਂ ਵਿਚ ਸੰਚਾਰ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਜੇਕਰ ਦੂਸਰੀ ਪੀੜ੍ਹੀ ਆਪਣੇ ਵਿਰਸੇ ਨਾਲ ਜੁੜਨਾ ਵੀ ਚਾਹੁੰਦੀ ਹੈ ਤਾਂ ਉਸ ਲਈ ਭਾਸ਼ਾ ਵੱਡੀ ਰੁਕਾਵਟ ਬਣ ਜਾਂਦੀ ਹੈ।
ਪਰਿਵਾਰਕ ਸਾਂਝਾਂ ਵਿਚ ਭਾਸ਼ਾ ਦਾ ਰੋਲ ਅਮਰੀਕਾ ਵਸਦੀ ਪ੍ਰਵਾਸੀ ਭਾਰਤੀ ਲੇਖਿਕਾ ਤਨੂਜਾ ਦੇਸਾਈ ਦੇ ਨਾਵਲ ਬੌਰਨ ਕਨਫਿਊਜਡ
ਵਿਚ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ। ਇਸ ਰਚਨਾ ਵਿਚ ਕਲਕੱਤੇ ਤੋਂ ਨਿਊਜਰਸੀ ਪ੍ਰਵਾਸ ਕਰ ਗਏ ਰੋਹਿਤ ਅਤੇ ਸ਼ਿਲਪਾ ਦੀ
ਅਮਰੀਕਾ ਵਿਚ ਹੀ ਜੰਮੀ ਪਲੀ ਲੜਕੀ ਡਿੰਪਲ ਦੇ ਪਛਾਣ ਦੇ ਸੰਕਟ ਦੀ ਪੇਸ਼ਕਾਰੀ ਕੀਤੀ ਗਈ ਹੈ। ਭਾਸ਼ਾਈ ਵਖਰੇਵਾਂ ਦੋਹਾਂ
ਪੀੜ੍ਹੀਆਂ ਨੂੰ ਵੱਖਰੇ-ਵੱਖਰੇ ਸਮੂਹਾਂ ਵਿਚ ਸੀਮਤ ਕਰ ਦਿੰਦਾ ਹੈ ਜਿਥੇ ਕਈ ਵਾਰ ਇਕ ਦੂਸਰੇ ਨਾਲ ਸੰਵਾਦ ਰਚਾ ਸਕਣਾ ਅਸੰਭਵ ਹੋ
ਜਾਂਦਾ ਹੈ। ਡਿੰਪਲ ਦੇ ਮਾਤਾ ਪਿਤਾ ਡਿੰਪਲ ਨਾਲ ਆਮ ਤੌਰ ਤੇ ਅੰਗਰੇਜ਼ੀ ਵਿਚ ਹੀ ਗੱਲ ਕਰਦੇ ਹਨ ਪਰ ਜਦੋਂ ਉਹ ਆਪਸ ਵਿਚ
ਗੱਲ ਕਰਦੇ ਹਨ ਤਾਂ ਭਾਵਨਾਵਾਂ ਦੇ ਵੇਗ ਵਿਚ ਵਹਿ ਕੇ ਆਪਣੀਆਂ ਮੂਲ ਭਾਸ਼ਾਵਾਂ ਮਰਾਠੀ ਜਾਂ ਗੁਜਰਾਤੀ ਵਿਚ ਗੱਲਬਾਤ ਕਰਨ ਲੱਗ
ਪੈਂਦੇ ਹਨ। ਅਜਿਹੇ ਸਮੇਂ ਉਨ੍ਹਾਂ ਦੀ ਭਾਸ਼ਾ ਸਮਝਣ ਤੋਂ ਅਸਰਮਥ ਡਿੰਪਲ ਨੂੰ ਲਗਦਾ ਹੈ ਕਿ ਉਸ ਦੇ ਮਾਪਿਆਂ ਦੀ ਆਪਣੀ ਵੱਖਰੀ
ਦੁਨੀਆਂ ਹੈ ਜਿਸ ਵਿਚ ਉਹ ਪ੍ਰਵੇਸ਼ ਨਹੀਂ ਪਾ ਸਕਦੀ। ਜਦੋਂ ਸ਼ਿਲਪਾ ਦੀ ਸਹੇਲੀ ਰਾਧਾ ਉਸ ਨੂੰ ਮਿਲਣ ਆਉਂਦੀ ਹੈ ਤਾਂ ਪੁਰਾਣੀਆਂ
ਗੱਲਾਂ ਯਾਦ ਕਰਦੇ ਹੋਏ ਉਹ ਯਾਦਾਂ ਵਿਚ ਗੁਆਚ ਜਾਂਦੇ ਹਨ, ਅਜਿਹੇ ਭਾਵੁਕ ਸਮਿਆਂ ਵਿਚ ਅੰਗਰੇਜ਼ੀ ਪਾਸੇ ਹੋ ਜਾਂਦੀ ਹੈ ਆਪਣੀ
ਬੋਲੀ ਪ੍ਰਮੁੱਖਤਾ ਹਾਸਲ ਕਰ ਜਾਂਦੀ ਹੈ, ਪਰ ਡਿੰਪਲ ਇਸ ਬੋਲੀ ਨੂੰ ਸਮਝਣ ਤੋਂ ਅਸਮਰਥ ਹੋਣ ਕਾਰਨ ਉਨ੍ਹਾਂ ਤੋਂ ਅਲੱਗ ਰਹਿ ਗਈ
ਮਹਿਸੂਸ ਕਰਦੀ ਹੈ।
ਇਥੇ ਧਿਆਨ ਰੱਖਣਯੋਗ ਗੱਲ ਇਹ ਹੈ ਕਿ ਜਿਥੇ ਪਹਿਲੀ ਪੀੜ੍ਹੀ ਅੰਗਰੇਜ਼ੀ ਵਿਚ ਮੁਹਾਰਤ ਦੀ ਘਾਟ ਕਾਰਨ ਪੱਛਮੀ ਸਮਾਜ ਵਿਚ
ਝਿਜਕ ਅਤੇ ਇਕੱਲਾਪਣ ਮਹਿਸੂਸ ਕਰਦੀ ਹੈ ਉਥੇ ਹੀ ਦੂਸਰੀ ਪੀੜ੍ਹੀ ਦੇ ਸਬੰਧ ਵਿਚ ਇਹ ਰਿਸ਼ਤਾ ਉਲਟ ਜਾਂਦਾ ਹੈ। ਉਨ੍ਹਾਂ ਲਈ
ਘਰ ਤੋਂ ਬਾਹਰ ਦਾ ਪੱਛਮੀ ਸਮਾਜ ਤਾਂ ਆਪਣਾ ਸਮਾਜ ਜਾਪਦਾ ਹੈ ਜਿਸ ਦੀ ਭਾਸ਼ਾ ਅਤੇ ਆਚਾਰ ਵਿਵਹਾਰ ਨੂੰ ਉਹ ਸਮਝ ਸਕਦੇ
ਹਨ ਅਤੇ ਅਪਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਪ੍ਰੰਤੂ ਘਰ ਦੇ ਅੰਦਰ ਆਕੇ ਉਨ੍ਹਾਂ ਨੂੰ ਸਮਝ ਨਹੀਂ ਲਗਦਾ ਕਿ ਉਹ ਕੀ ਕਰਨ,
ਕਿਉਂਕਿ ਉਨ੍ਹਾਂ ਦੇ ਮਾਪੇ ਜਿਸ ਰੂਪ ਵਿਚ ਭਾਰਤ ਨਾਲ ਜੁੜੇ ਹੋਏ ਹਨ, ਉਸ ਤੱਕ ਉਨ੍ਹਾਂ ਦੀ ਪਹੁੰਚ ਹੋ ਸਕਣੀ ਸੰਭਵ ਨਹੀਂ ਹੈ। ਡਿੰਪਲ
ਦੇ ਆਪਣੇ ਦਾਦਾ ਜੀ ਨਾਲ ਸਬੰਧਾਂ ਵਿਚ ਵੀ ਭਾਸ਼ਾ ਵੱਡੀ ਰੁਕਾਵਟ ਬਣਦੀ ਹੈ। ਜਦੋਂ ਡਿੰਪਲ ਇੰਡੀਆ ਜਾਂਦੀ ਹੈ ਤਾਂ ਉਸਨੂੰ ਜਾਪਦਾ
ਹੈ ਕਿ ਕੇਵਲ ਉਸਦਾ ਦਾਦਾ ਹੀ ਉਸਦੀਆਂ ਭਾਵਨਾਵਾਂ ਨੂੰ ਸਮਝਣ ਦੇ ਸਮਰਥ ਹੈ, ਪਰ ਇਸ ਦੂਸਰੇ ਦੀ ਭਾਸ਼ਾ ਨਾ ਸਮਝ ਸਕਣ
ਕਾਰਨ ਉਸ ਦੁੱਖ ਮਹਿਸੂਸ ਕਰਦੇ ਹਨ। ਡਿੰਪਲ ਦਾ ਦਾਦਾ ਉਸਦੇ ਮਾਤਾ ਪਿਤਾ ਨੂੰ ਗਾਲ੍ਹਾਂ ਕੱਢਦਾ ਹੈ ਜਿਨ੍ਹਾਂ ਦੀ ਆਪਣੀ ਬੋਲੀ ਪ੍ਰਤੀ
ਅਣਗਹਿਲੀ ਵਾਲੇ ਵਤੀਰੇ ਕਾਰਨ ਉਹ ਆਪਣੀ ਪੋਤਰੀ ਨਾਲ ਗੱਲਬਾਤ ਕਰ ਸਕਣ ਤੋਂ ਵੀ ਵਾਂਝਾ ਰਹਿ ਗਿਆ ਸੀ।
ਕੁਝ ਅਜਿਹਾ ਹੀ ਵਰਤਾਰਾ ਕੰਜਕਾਂ ਨਾਵਲ ਦੇ ਸਤਨਾਮ ਨਾਲ ਵਾਪਰਦਾ ਹੈ। ਪੰਜਾਬੀ ਮਾਪਿਆਂ ਦੀ ਇੰਗਲੈਂਡ ਵਿਚ ਜੰਮੀ ਪਲੀ ਧੀ
ਬਲਬੀਰ ਉਰਫ ਬੈਰਲ ਦਾ ਵਿਆਹ ਜਦੋਂ ਪੰਜਾਬ ਤੋਂ ਹੁਣੇ ਹੀ ਆਏ ਲੜਕੇ ਸਤਨਾਮ ਨਾਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਵਿਆਹ
ਕੁਝ ਸਮੇਂ ਵਿਚ ਹੀ ਟੁੱਟ ਜਾਂਦਾ ਹੈ। ਸਤਨਾਮ ਪੰਜਾਬ ਦਾ ਪੜ੍ਹਿਆ ਹੋਇਆ ਹੈ ਅਤੇ ਅੰਗਰੇਜ਼ੀ ਵਿਚ ਉਸਦਾ ਹੱਥ ਤੰਗ ਹੈ। ਦੂਸਰੇ
ਪਾਸੇ ਇੰਗਲੈਂਡ ਦੀ ਜੰਮਪਲ ਬੈਰਲ ਅੰਗਰੇਜ਼ਾਂ ਵਾਲੇ ਲਹਿਜੇ ਵਿਚ ਹੀ ਅੰਗਰੇਜ਼ੀ ਬੋਲਦੀ ਹੈ ਜਿਸਨੂੰ ਸਮਝ ਸਕਣ ਤੋਂ ਸਤਨਾਮ
ਅਸਮਰਥ ਹੈ। ਜਦੋਂ ਬੈਰਲ ਆਪਣੇ ਦੋਸਤਾਂ ਨਾਲ ਗੱਲ ਕਰ ਰਹੀ ਹੁੰਦੀ ਹੈ ਤਾਂ ਸਤਨਾਮ ਨੂੰ ਉਸਦਾ ਕੁਝ ਵੀ ਸਮਝ ਨਹੀਂ ਆਉਂਦਾ ਤੇ
ਉਹ ਸਭ ਤੋਂ ਅਲੱਗ-ਥਲੱਗ ਰਹਿ ਗਿਆ ਮਹਿਸੂਸ ਕਰਦਾ ਹੈ। ਕੁਝ ਹੀ ਮਹੀਨਿਆਂ ਵਿਚ ਬੈਰਲ ਆਪਣੇ ਵਿਆਹ ਦੇ
ਮੈਟੀਰੀਅਲਾਈਜ਼ ਨਾ ਹੋਣ ਬਾਰੇ ਹੋਮ ਆਫਿਸ ਨੂੰ ਲਿਖ ਦਿੰਦੀ ਹੈ ਅਤੇ ਹੋਮ ਆਫਿਸ ਸਤਨਾਮ ਨੂੰ ਵਾਪਸ ਜਾਣ ਦੇ ਆਦੇਸ਼ ਜਾਰੀ ਕਰ
ਦਿੰਦਾ ਹੈ। ਭਾਸ਼ਾ ਨਾ ਆਉਣ ਕਾਰਨ ਸਤਨਾਮ ਬੈਰਲ ਦੇ ਸਮਾਜਿਕ ਘੇਰੇ ਦਾ ਹਿੱਸਾ ਬਣ ਸਕਣ ਤੋਂ ਅਸਮਰਥ ਹੋ ਜਾਂਦਾ ਹੈ।
ਇਸ ਰਚਨਾ ਵਿਚ ਇਕ ਪਾਸੇ ਅੰਗਰੇਜ਼ੀ ਭਾਸ਼ਾ ਪੰਜਾਬ ਤੋਂ ਆਏ ਹੋਏ ਪ੍ਰਵਾਸੀਆਂ ਲਈ ਪੱਛਮੀ ਸਮਾਜ ਵਿਚ ਆਪਣੀ ਪਛਾਣ ਸਿਰਜ
ਸਕਣ ਵਿਚ ਮੁਸ਼ਕਲਾਂ ਖੜ੍ਹੀਆਂ ਕਰਦੀ ਹੈ, ਉਥੇ ਹੀ ਦੂਸਰੀ ਪੀੜ੍ਹੀ ਦੀ ਪੰਜਾਬੀ ਤੋਂ ਅਣਜਾਣਤਾ ਉਨ੍ਹਾਂ ਨੂੰ ਆਪਣੇ ਵਿਰਸੇ, ਆਪਣੇ
ਮੂਲ ਨਾਲ ਜੁੜਨ ਤੋਂ ਅਸਮਰਥ ਕਰ ਦਿੰਦੀ ਹੈ।
ਭਾਸ਼ਾਈ ਪਛਾਣ ਦਾ ਭਾਵਨਾਤਮਕ ਪੱਖ
ਮਨੁੱਖੀ ਜ਼ਜਬਿਆਂ ਦੀ ਤਰਜਮਾਨੀ ਕਰਨ ਲਈ ਸਭ ਤੋਂ ਯੋਗ ਸਾਧਨ ਭਾਸ਼ਾ ਹੀ ਹੈ। ਸੂਚਨਾ ਦੇ ਆਦਾਨ-ਪ੍ਰਦਾਨ ਸਮੇਂ ਤਾਂ ਭਾਸ਼ਾਈ
ਵਖਰੇਵੇਂ ਦਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਪੰ੍ਰਤੂ ਭਾਵਨਾਵਾਂ ਦੇ ਸੰਚਾਰ ਸਮੇਂ ਬੋਲੀਆਂ ਦਾ ਵਖਰੇਵਾਂ ਵੱਡੀ ਰੁਕਾਵਟ ਬਣ ਜਾਂਦਾ ਹੈ। ਹਰ
ਭਾਸ਼ਾ ਦਾ ਆਪਣਾ ਸੰਚਾਰ ਪ੍ਰਬੰਧ ਹੁੰਦਾ ਹੈ ਜਿਸ ਅਧੀਨ ਹਰ ਉਚਾਰ ਵਿਚ ਕੋਸ਼ਗਤ ਅਰਥਾਂ ਤੋਂ ਅੱਗੇ ਸਮਾਜਿਕ, ਸੱਭਿਆਚਾਰਕ
ਅਰਥ ਭਰੇ ਪਏ ਹੁੰਦੇ ਹਨ। ਪ੍ਰਵਾਸ ਦੌਰਾਨ ਭਾਸ਼ਾਵਾਂ ਦੇ ਵਖਰੇਵੇਂ ਕਾਰਨ ਕੋਸ਼ਗਤ ਅਰਥਾਂ ਤੋਂ ਅਗਾਂਹ ਜਾ ਕੇ ਰਚਨਾਤਮਕ ਸੰਵਾਦ
ਰਚਾ ਸਕਣਾ ਮੁਸ਼ਕਿਲ ਹੋ ਜਾਂਦਾ ਹੈ। ਜਿਸ ਭਾਸ਼ਾ ਵਿਚ ਵਿਅਕਤੀ ਸਹਿਜ ਨਹੀਂ ਹੁੰਦਾ, ਉਸ ਰਾਹੀਂ ਉਸ ਦੀ ਸਖਸ਼ੀਅਤ ਵੀ ਨਿੱਖਰ
ਕੇ ਸਾਹਮਣੇ ਨਹੀਂ ਆਉਂਦੀ। ਪ੍ਰਵਾਸੀ ਜੀਵਨ ਵਿਚ ਅਕਸਰ ਹੀ ਅਜਿਹਾ ਵਾਪਰਦਾ ਹੈ ਕਿ ਰੋਜ਼-ਮਰ੍ਹਾ ਦੀਆਂ ਜਰੂਰਤਾਂ ਪੂਰੀਆਂ
ਕਰਨ ਲਈ ਪ੍ਰਵਾਸੀ ਵਿਅਕਤੀ ਅੰਗਰੇਜ਼ੀ ਭਾਸ਼ਾ ਤਾਂ ਸਿੱਖ ਲੈਂਦਾ ਹੈ ਪਰ ਉਸ ਨਾਲ ਮਾਨਸਿਕ ਤੌਰ ਤੇ ਜੁੜ ਨਹੀਂ ਪਾਉਂਦਾ। ਪ੍ਰਵਾਸ
ਦੀ ਭਾਸ਼ਾ ਉਸ ਲਈ ਪਰਾਏ ਵਿਅਕਤੀਆਂ ਦੀ ਭਾਸ਼ਾ ਹੀ ਰਹਿੰਦੀ ਹੈ।
ਭਾਸ਼ਾ ਨਾਲ ਜੁੜੀਆਂ ਭਾਵਨਾਵਾਂ ਕਾਰਨ ਹੀ ਵਿਅਕਤੀ ਆਪਣੀ ਭਾਸ਼ਾ ਵਾਲੇ ਵਿਅਕਤੀ ਨਾਲ ਪਛਾਣ ਦੀ ਸਾਂਝ ਮਹਿਸੂਸ ਕਰਦਾ ਹੈ ਤੇ
ਦੂਸਰੀ ਭਾਸ਼ਾ ਬੋਲਣ ਵਾਲੇ ਵਿਅਕਤੀ ਉਸਨੂੰ ਪਰਾਏ ਜਾਪਦੇ ਹਨ। ਇਸੇ ਭਾਵਨਾ ਦਾ ਪ੍ਰਭਾਵ ਸਵਰਨ ਚੰਦਨ ਦੇ ਨਾਵਲ ਕੰਜਕਾਂ ਵਿਚ
ਦੇਖਿਆ ਜਾ ਸਕਦਾ ਹੈ। ਇਸ ਰਚਨਾ ਵਿਚਲੇ ਅਨੂ ਵਰਗੇ ਪਾਤਰ ਜੋ ਲੇਖਕ ਦੀ ਸੋਚ ਅਨੁਸਾਰ ਪੰਜਾਬੀ ਪਛਾਣ ਤੋਂ ਭਟਕ ਚੁੱਕੇ ਹਨ,
ਉਨ੍ਹਾਂ ਦੀ ਗੱਲਬਾਤ ਦੀ ਪੇਸ਼ਕਾਰੀ ਲਈ ਗੁਰਮੁਖੀ ਵਿਚ ਲਿਖੀ ਅੰਗਰੇਜ਼ੀ ਦੀ ਵਰਤੋਂ ਕੀਤੀ ਗਈ ਹੈ ਜਦੋਂ ਕਿ ਗੁਰਬੰਤ ਅਤੇ ਫਿਲਿਪ
ਵਰਗੇ ਪਾਤਰ ਜੋ ਆਪਣੇ ਸੱਭਿਆਚਾਰ ਪ੍ਰਤੀ ਚੇਤੰਨ ਹਨ, ਉਨ੍ਹਾਂ ਦੀ ਗੱਲਬਾਤ ਪੰਜਾਬੀ ਵਿਚ ਦਿੱਤੀ ਗਈ ਹੈ, ਹਾਲਾਂਕਿ ਫਿਲਿਪ
ਆਇਰਲੈਂਡ ਨਾਲ ਸਬੰਧ ਰੱਖਦਾ ਹੈ।
ਸਪੱਸ਼ਟ ਹੈ ਕਿ ਪ੍ਰਵਾਸੀ ਜੀਵਨ ਵਿਚ ਭਾਸ਼ਾ ਦਾ ਪ੍ਰਭਾਵ ਵੱਖ-ਵੱਖ ਤਰ੍ਹਾਂ ਨਾਲ ਪੈਂਦਾ ਹੈ। ਪ੍ਰਵਾਸੀ ਜੀਵਨ ਦੇ ਮੁਢਲੇ ਸਮੇਂ ਵਿਚ ਪ੍ਰਦੇਸ
ਦੀ ਭਾਸ਼ਾ ਉਪਰ ਪਕੜ ਨਾ ਹੋਣ ਕਾਰਨ ਸੰਚਾਰ ਦੀ ਸਮੱਸਿਆ ਆਉਂਦੀ ਹੈ। ਸਮਾਂ ਬੀਤਣ ਨਾਲ ਪ੍ਰਵਾਸੀ ਲੋੜ ਜੋਗੀ ਭਾਸ਼ਾ ਸਿੱਖ
ਲੈਂਦਾ ਹੈ ਪਰ ਨਾਲ ਹੀ ਆਪਣੀ ਮਾਂ ਬੋਲੀ ਪ੍ਰਤੀ ਉਸਦੇ ਮਨ ਵਿਚ ਚਾਹਤ ਬਣੀ ਰਹਿੰਦੀ ਹੈ। ਪ੍ਰਵਾਸੀ ਦੀ ਅਗਲੀ ਪੀੜ੍ਹੀ ਦੀ ਭਾਸ਼ਾ
ਪ੍ਰਦੇਸ ਦੀ ਭਾਸ਼ਾ ਹੀ ਹੁੰਦੀ ਹੈ ਅਤੇ ਉਸੇ ਵਿਚ ਉਹ ਸਹਿਜ ਮਹਿਸੂਸ ਕਰਦਾ ਹੈ ਪਰ ਜਦੋਂ ਕਦੇ ਇਹ ਪੀੜ੍ਹੀ ਪਹਿਲੀ ਪੀੜ੍ਹੀ ਨਾਲ
ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਮਾਪਿਆਂ ਦੀ ਭਾਸ਼ਾ ਉਪਰ ਉਸਦੀ ਪਕੜ ਨਾ ਹੋਣ ਕਾਰਨ ਇਕ ਵਾਰ ਫੇਰ ਭਾਸ਼ਾਈ
ਰੁਕਾਵਟ ਪੈਦਾ ਹੋ ਜਾਂਦੀ ਹੈ।
ਮਨੁੱਖੀ ਪਛਾਣ ਅਤੇ ਆਪਸੀ ਸੰਵਾਦ ਲਈ ਭਾਸ਼ਾ ਦੇ ਇਸ ਮਹੱਤਵ ਕਾਰਨ ਇਸਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਸ
ਸਮੱਸਿਆ ਤੇ ਕਾਬੂ ਪਾਉਣ ਲਈ ਪੰਜਾਬੀ ਅਤੇ ਅੰਗਰੇਜ਼ੀ ਨਾਵਲਾਂ ਵਿਚ ਭਾਸ਼ਾਈ ਸਮੱਸਿਆ ਦਾ ਹੱਲ ਵੱਖੋ-ਵੱਖਰੇ ਤਰੀਕੇ ਨਾਲ ਕੀਤਾ
ਸਾਹਮਣੇ ਆਉਂਦਾ ਹੈ। ਪੰਜਾਬੀ ਨਾਵਲਾਂ ਵਿਚ ਅੰਗਰੇਜ਼ੀ ਸਿੱਖਣ ਦੀ ਲੋੜ ਉਪਰ ਜ਼ੋਰ ਦਿੱਤਾ ਗਿਆ ਹੈ। ਕੰਜਕਾਂ ਵਿਚਲੇ ਪਾਤਰ
ਅੰਗਰੇਜ਼ੀ ਸਿੱਖਦੇ ਹਨ ਅਤੇ ਅੰਗਰੇਜ਼ੀ ਵਿੱਦਿਆ ਹਾਸਲ ਕਰਦੇ ਹਨ। ਇਸਦੇ ਉਲਟ ਅੰਗਰੇਜ਼ੀ ਨਾਵਲ ਬੌਰਨ ਕਨਫਿਊਜਡ ਵਿਚਲੇ
ਪਾਤਰ ਅੰਗਰੇਜ਼ੀ ਤਾਂ ਜਾਣਦੇ ਹਨ ਅਤੇ ਕਿਤੇ ਕਿਤੇ ਆਪਣੇ ਮਾਪਿਆਂ ਦੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਇਸਦੇ ਨਾਲ
ਹੀ ਭਾਸ਼ਾਈ ਸੰਚਾਰ ਦੀ ਥਾਂ ਸੰਗੀਤ ਜਾਂ ਫੋਟੋਗ੍ਰਾਫੀ ਆਦਿ ਨੂੰ ਹੀ ਆਪਸੀ ਸੰਚਾਰ ਦੇ ਸਾਧਨ ਵਜੋਂ ਵੀ ਪੇਸ਼ ਕਰਦੇ ਹਨ।
ਬੌਰਨ ਕਨਫਿਊਜਡ ਨਾਵਲ ਦੀ ਡਿੰਪਲ ਭਾਰਤ ਰਹਿੰਦੇ ਆਪਣੇ ਦਾਦਾ ਜੀ ਦੀ ਭਾਸ਼ਾ ਸਮਝਣ ਤੋਂ ਅਸਮਰਥ ਹੈ। ਉਹ ਆਪਣੇ ਦਾਦਾ
ਜੀ ਨੂੰ ਫੋਟੋਆਂ ਖਿੱਚ ਕੇ ਭੇਜਦੀ ਰਹਿੰਦੀ ਹੈ ਅਤੇ ਮੋੜਵੇਂ ਰੂਪ ਵਿਚ ਉਹ ਵੀ ਸਕੈਚਾਂ ਰਾਹੀਂ ਜਾਂ ਫੋਟੋਆਂ ਉਪਰ ਆਪਣੇ ਵਿਚਾਰਾਂ ਰਾਹੀਂ
ਉਸ ਨਾਲ ਸੰਪਰਕ ਬਣਾਈ ਰੱਖਦੇ ਹਨ। ਫੋਟੋਗ੍ਰਾਫੀ ਦੇ ਨਾਲ ਹੀ ਸੰਗੀਤ ਵੀ ਭਾਸ਼ਾਈ ਹੱਦਾਂ ਤੋਂ ਪਾਰ ਜਾਣ ਦੀ ਸਮਰੱਥਾ ਰੱਖਦਾ ਹੈ।
ਡਿੰਪਲ ਦਾ ਦੋਸਤ ਕਰਸ਼ ਡੀ ਜੇ ਦਾ ਕੰਮ ਕਰਦਾ ਹੈ ਅਤੇ ਵੱਖ-ਵੱਖ ਸੰਗੀਤਕ ਤਜ਼ਰਬਿਆਂ ਨਾਲ ਭਾਰਤੀਆਂ ਤੋਂ ਬਿਨ੍ਹਾਂ ਹੋਰ ਏਸ਼ੀਅਨਾਂ
ਅਤੇ ਗੋਰਿਆਂ ਨੂੰ ਵੀ ਆਪਣੇ ਨਾਲ ਜੋੜਨ ਵਿਚ ਸਫਲ ਹੁੰਦਾ ਹੈ। ਸੰਗੀਤ ਨਾਲ ਇਕਸੁਰ ਹੋਇਆ ਵਿਅਕਤੀ ਆਪਣੇ ਆਲੇ-ਦੁਆਲੇ
ਨਾਲ ਵੀ ਇਕਸੁਰਤਾ ਪ੍ਰਾਪਤ ਕਰਨ ਵੱਲ ਤੁਰ ਪੈਂਦਾ ਹੈ। ਇਸ ਤਰ੍ਹਾਂ ਅੰਗਰੇਜ਼ੀ ਪ੍ਰਵਾਸੀ ਸਾਹਿਤ ਵਿਚ ਸੰਗੀਤ ਮਨੁੱਖੀ ਵਲਗਣਾਂ ਦੇ
ਟੁੱਟਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪ੍ਰਵਾਸੀ ਸਪੇਸ ਵਿਚ ਇਕ ਦੂਸਰੇ ਤੋਂ ਵੱਖਰੇ ਸੱਭਿਆਚਾਰਾਂ ਦੇ ਆਪਸੀ ਸੰਪਰਕ
ਵਿਚੋਂ ਸੰਚਾਰ ਦੀਆਂ ਨਵੀਆਂ ਸੰਭਾਵਨਾਵਾਂ ਉਪਜ ਰਹੀਆਂ ਹਨ। ਦੂਸਰੀ ਪੀੜ੍ਹੀ ਜਿਸ ਲਈ ਪ੍ਰਦੇਸ ਹੀ ਉਸਦਾ ਪਹਿਲਾ ਘਰ ਹੈ,
ਆਪਣੇ ਪਿਛੋਕੜ ਨਾਲ ਸਾਂਝ ਬਣਾਈ ਰੱਖਣ ਲਈ ਉਥੋਂ ਦੀ ਭਾਸ਼ਾ ਸਿੱਖਣ ਵਿਚ ਵੀ ਰੁਚੀ ਲੈ ਰਹੀ ਹੈ ਅਤੇ ਭਾਸ਼ਾ ਤੋਂ ਅੱਗੇ ਸੰਚਾਰ ਦੇ
ਹੋਰ ਢੰਗ ਤਰੀਕੇ ਵੀ ਖੋਜ ਰਹੀ ਹੈ।
ਉਪਰੋਕਤ ਚਰਚਾ ਤੋਂ ਇਸ ਤਰ੍ਹਾਂ ਜਾਪਦਾ ਹੈ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਜ਼ਿਆਦਾ ਵਧੀਆ ਨਹੀਂ ਹੈ ਅਤੇ ਦੂਸਰੀ ਪੀੜ੍ਹੀ ਦੀ ਮੂਲ
ਭਾਸ਼ਾ ਅੰਗਰੇਜ਼ੀ ਹੀ ਬਣਨੀ ਹੈ। ਪਰ ਇਹ ਮਸਲਾ ਇਨ੍ਹਾਂ ਸਿੱਧਾ ਨਹੀਂ ਹੈ। ਕਈ ਅਜਿਹੇ ਕਾਰਨ ਹਨ ਜਿਨ੍ਹਾਂ ਤੋਂ ਜਾਪਦਾ ਹੈ ਕਿ
ਪੰਜਾਬੀ ਦਾ ਭਵਿੱਖ ਉਜਵਲ ਹੈ।
ਪਹਿਲਾ ਨੁਕਤਾ ਇਹ ਹੈ ਕਿ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਦਾ ਭਵਿੱਖ ਪਹਿਲੀ ਪੀੜ੍ਹੀ ਦੇ ਪ੍ਰਵਾਸੀਆਂ ਤੇ ਟਿਕਿਆ ਹੋਇਆ ਹੈ ਅਤੇ
ਨੇੜ ਭਵਿੱਖ ਵਿਚ ਇਹਨਾਂ ਦੀ ਗਿਣਤੀ ਵਿਚ ਕਮੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਅਮਰੀਕਾ, ਕੈਨੇਡਾ ਵਰਗੇ ਵਿਕਸਤ ਦੇਸ਼ਾਂ
ਵਿਚ ਮੂਲ ਵਸੋਂ ਦੀ ਜਨਮ ਦਰ ਸਥਿਰ ਹੁੰਦੀ ਜਾ ਰਹੀ ਹੈ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਇਹਨਾਂ ਸਮੱਸਿਆਵਾਂ ਦੇ
ਹੱਲ ਲਈ ਅਤੇ ਆਰਥਿਕ ਵਾਧੇ ਦੀ ਦਰ ਬਣਾਈ ਰੱਖਣ ਲਈ ਬਾਹਰੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਦੀ ਜਰੂਰਤ ਹੈ ਅਤੇ ਨੇੜ
ਭਵਿੱਖ ਵਿਚ ਰਹੇਗੀ। ਇਸਦੇ ਨਾਲ ਹੀ ਵਿਕਸਤ ਦੇਸ਼ਾਂ ਅਤੇ ਭਾਰਤ ਵਿਚਲੇ ਜੀਵਨ ਪੱਧਰ ਵਿਚਲਾ ਵੱਡਾ ਪਾੜਾ ਪ੍ਰਵਾਸ ਨੂੰ ਉਤਸ਼ਾਹਤ
ਕਰਦਾ ਰਹੇਗਾ।
ਦੂਸਰਾ ਨੁਕਤਾ ਇਹ ਹੈ ਕਿ ਦੂਸਰੀ ਪੀੜ੍ਹੀ ਜਾਂ ਤੀਸਰੀ ਪੀੜ੍ਹੀ ਦੇ ਪ੍ਰਵਾਸੀਆਂ ਦੀ ਵੀ ਮਹਿਮਾਨ ਸਮਾਜ ਵਿਚ ਪੂਰੀ ਤਰ੍ਹਾਂ ਰਲ ਸਕਣ
ਦੀ ਹਾਲੇ ਤੱਕ ਕੋਈ ਉਦਾਹਰਨ ਨਹੀਂ ਮਿਲਦੀ। ਮਹਿਮਾਨ ਸਮਾਜ ਦੀ ਇਹ ਇੱਛਾ ਹੁੰਦੀ ਹੈ ਕਿ ਬਾਹਰੋਂ ਆਏ ਪ੍ਰਵਾਸੀ ਉਨ੍ਹਾਂ
ਅਨੁਸਾਰ ਢਲ ਜਾਣ ਪਰ ਇਕ ਖਾਸ ਹੱਦ ਤੋਂ ਅੱਗੇ ਉਹ ਪ੍ਰਵਾਸੀਆਂ ਨੂੰ ਆਪਣੇ ਜ਼ਜਬ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਸਮੇਂ
ਸਮੇਂ ਤੇ ਉਨ੍ਹਾਂ ਨੂੰ ਅਹਿਸਾਸ ਕਰਵਾਉਂਦਾ ਰਹਿੰਦਾ ਹੈ ਕਿ ਉਹ ਬਾਹਰੋਂ ਆਏ ਹੋਏ ਹਨ। ਅਜਿਹੇ ਸਮੇਂ ਪ੍ਰਵਾਸੀਆਂ ਦੀ ਵੀ ਮਜ਼ਬੂਰੀ
ਬਣ ਜਾਂਦੀ ਹੈ ਕਿ ਉਹ ਆਪਣੇ ਮੂਲ ਨਾਲ ਜੁੜਦੀਆਂ ਅਜਿਹੀਆਂ ਤੰਦਾਂ ਦੀ ਭਾਲ ਕਰਨ ਜਿਨ੍ਹਾਂ ਦੇ ਸਹਾਰੇ ਉਹ ਆਪਣੀ ਮਜ਼ਬੂਤ
ਪਹਿਚਾਣ ਬਣਾਈ ਰੱਖ ਸਕਣ ਜਾਂ ਦੇਸ਼ ਵਿਚੋਂ ਸਹਾਇਤਾ ਪ੍ਰਾਪਤ ਕਰ ਸਕਣ। ਸੋ ਚਾਹੇ ਮਜ਼ਬੂਰੀ ਵਿਚ ਹੀ ਸਹੀ, ਪਰ ਪ੍ਰਵਾਸੀ ਲਈ
ਆਪਣੇ ਮੂਲ ਸਮਾਜ ਰਾਬਤਾ ਬਣਾਈ ਰੱਖਣਾ ਜਰੂਰੀ ਹੋ ਜਾਂਦਾ ਹੈ ਤੇ ਇਸੇ ਰਾਬਤੇ ਵਿਚੋਂ ਹੀ ਭਾਸ਼ਾ ਤੇ ਸੱਭਿਆਚਾਰ ਦੇ ਨਵੇਂ ਪਸਾਰ
ਸਾਹਮਣੇ ਆਉਂਦੇ ਹਨ।
ਤੀਸਰਾ ਨੁਕਤਾ ਇਹ ਹੈ ਕਿ ਪੰਜਾਬੀਆਂ ਦੇ ਲਗਾਤਾਰ ਪ੍ਰਵਾਸ ਦੇ ਨਾਲ ਹੀ ਪਿਛਲੇ ਇਕ ਦਹਾਕੇ ਵਿਚ ਸੰਚਾਰ ਦੇ ਨਵੇਂ ਸਾਧਨਾਂ ਤੱਕ
ਪੰਜਾਬੀਆਂ ਅਤੇ ਪੰਜਾਬੀ ਪ੍ਰਵਾਸੀਆਂ, ਦੋਹਾਂ ਦੀ ਪਹੁੰਚ ਹੋਈ ਹੈ।
ਟੈਲੀਫੋਨ, ਈ-ਮੇਲ, ਇੰਟਰਨੈੱਟ, ਫੋਟੋ ਸ਼ੇਅਰਿੰਗ (ਤਸਵੀਰਾਂ ਦਾ ਆਦਾਨ ਪ੍ਰਦਾਨ), ਅਤੇ ਵੀਡੀਓ-ਕਾਲਿੰਗ ਆਦਿ ਦੀਆਂ ਸਹੂਲਤਾਂ
ਨਾਲ ਪ੍ਰਵਾਸੀਆਂ ਦਾ ਦੇਸ਼ ਵਾਸੀਆਂ ਨਾਲ ਰਾਬਤਾ ਬਹੁਤ ਵਧ ਗਿਆ ਹੈ। ਇਸ ਦਾ ਸਭ ਤੋਂ ਵੱਧ ਪ੍ਰਭਾਵ ਇਹ ਹੈ ਕਿ ਪਹਿਲਾਂ ਜਿਥੇ
ਪੰਜਾਬੀ ਬਾਹਰ ਜਾ ਕੇ ਪੰਜਾਬੀ ਬੰਦੇ ਨੂੰ ਮਿਲਣ ਤੇ ਪੰਜਾਬੀ ਬੋਲਣ ਨੂੰ ਹੀ ਤਰਸ ਜਾਂਦੇ ਸਨ, ਉਥੇ ਹੁਣ ਮਾਤ ਭੂਮੀ ਨਾਲ ਨਿਰੰਤਰ
ਸੰਵਾਦ ਚਲਦੇ ਰਹਿਣ ਕਾਰਨ ਘੱਟੋ ਘੱਟ ਬੋਲਚਾਲ ਦੀ ਪੱਧਰ ਤੇ ਭਾਸ਼ਾ ਦੀ ਵਰਤੋਂ ਪੂਰੀ ਤਰ੍ਹਾਂ ਹੁੰਦੀ ਰਹਿੰਦੀ ਹੈ। ਇਸੇ ਤਰ੍ਹਾਂ ਪੰਜਾਬੀ
ਮੀਡੀਆ ਵੀ ਟੀ ਵੀ ਅਤੇ ਫਿਲਮਾਂ ਦੇ ਰੂਫ ਵਿਚ ਸੰਸਾਰ ਦੇ ਲਗਭਗ ਸਾਰੇ ਉਨ੍ਹਾਂ ਦੇ ਖੇਤਰਾਂ ਵਿਚ ਪਹੁੰਚ ਰਿਹਾ ਹੈ ਜਿਥੇ ਪੰਜਾਬੀ ਰਹਿ
ਰਹੇ ਹਨ। ਸੋ ਨਵੇਂ ਸੰਚਾਰ ਸਾਧਨ ਜਿਥੇ ਇਕ ਪਾਸੇ ਪੱਛਮੀ ਢੰਗ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ। ਸੋ ਨਵੇਂ ਸੰਚਾਰ
ਸਾਧਨ ਜਿਥੇ ਇਕ ਪਾਸੇ ਪੱਛਮੀ ਢੰਗ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ, ਉਥੇ ਹੀ ਸਾਡੇ ਲਈ ਵੀ ਇਕ ਮੌਕਾ ਹੈ ਕਿ
ਇਸ ਦੀ ਯੋਗ ਵਰਤੋਂ ਕਰਦੇ ਹੋਏ ਆਪਣੀਆਂ ਜਰੂਰਤਾਂ ਅਨੁਸਾਰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਇਸਦੀ ਵਰਤੋਂ
ਕਰ ਸਕਦੇ ਹਾਂ।
ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਸਮੁੱਚੇ ਸੰਸਾਰ ਵਿਚ ਫੈਲਾਅ ਅਤੇ ਵਿਕਾਸ ਦੀਆਂ
ਬਹੁਤ ਸੰਭਾਵਨਾਵਾਂ ਪਈਆਂ ਹੋਈਆਂ ਹਨ। ਜੇਕਰ ਪੰਜਾਬੀ ਚੇਤਨ ਹੋ ਕੇ ਭਵਿੱਖੀ ਲੋੜਾਂ ਦੀ ਨਿਸ਼ਾਨਦੇਹੀ ਕਰਦੇ ਹੋਏ ਆਪਣੀ ਭਾਸ਼ਾ
ਅਤੇ ਸੱਭਿਆਚਾਰ ਦੀ ਸੰਭਾਲ ਲਈ ਸਰਗਰਮ ਹੋ ਜਾਂਦੇ ਹਨ ਅਤੇ ਨਿੱਤ ਦਿਨ ਬਦਲ ਰਹੇ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ
ਤਕਨੀਕੀ ਹਾਲਾਤ ਨੂੰ ਆਪਣੀ ਲੋੜ ਅਨੁਸਾਰ ਵਰਤਣ ਵਿਚ ਸਫਲ ਹੋ ਜਾਂਦੇ ਹਨ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ
ਸੱਭਿਆਚਾਰ ਦੀ ਉਮਰ ਬਹੁਤ ਲੰਮੀ ਹੋਵੇਗੀ।

ਲਖਨੌਰਵੀ ਹੀਰ ਸੁਖਦੇਵ ਸਿੰਘ ਦੀਆਂ ਦੋ ਰਚਨਾਵਾਂ


ਰੂਹਾਨੀ ਲਗਨ ਦੇ ਜਾਣਕਾਰ ਹੀ ਜਾਣਦੇ ਹਨ ਕਿ ਪੱਥਰ ਦੀ ਥਾਂ 'ਤੇ ਖ਼ੁਦਾ ਲਈ ਖ਼ੁਦ ਨੂੰ ਤਰਾਸ਼ਣ ਦੇ ਅਰਥ ਕੀ ਹਨ। ਖ਼ੁਦ ਨੂੰ ਤਰਾਸ਼ਣਾ ਵਿਰਲੇ ਦੇ ਹਿੱਸੇ ਆਉਂਦਾ ਹੈ। ਪਰ ਅਜੀਬ ਵਿਡੰਬਨਾ ਹੈ ਕਿ ਅੰਜ਼ਾਮ ਫਿਰ ਵੀ ਪਤਾ ਨਹੀ 'ਲੱਭਿਐ ਖੁਦਾ ਨਾ, ਨਾ ਮੈਂ ਰਿਹੈ ਬੁੱਤਾਂ ਵਾਸਤੈ'
ਬਹੁਤ ਹੀ ਉੱਚੀ ਰੂਹਾਨੀ ਮਾਨਸਿਕ ਅਵਸਥਾ 'ਚ ਲਿਖਣ ਦੀ ਆਦੀ ਹੈ ਲਖਨੌਰਵੀ ਹੀਰ ਸੁਖਦੇਵ ਸਿੰਘ ਦੀ ਕਲਮ। ਕਲਸ ਦੀ ਸੰਦਲੀ ਭਿਬੂਤੀ' ਦੀ ਗੱਲ ਕਰਕੇ ਕਵੀ ਇਸ ਭਗਤੀ ਦੇ ਰੰਗ ਨੂੰ ਨਿਵੇਕਲੇ ਅਰਥਾਂ ਰਾਹੀਂ ਪ੍ਰਗਟ ਕਰਦਾ ਹੈ।ਪਰ ਉਸ ਕੋਲ ਹੋਰਨਾਂ ਤੋਂ ਵੱਖਰਾ ਆਪਣਾ ਰਾਹ ਹੈ ਜੋ ਗਹਿਰੀ ਅੰਤਰਮੁਖੀ ਅਵਸਥਾ ਬਣ ਸ਼ਾਇਰੀ ਰਾਹੀਂ ਰੂਪਮਾਨ ਹੋਇਆ ਹੈ।
'ਬੰਦੀ ਛੋੜ ਅਜਿਹੇ ਕਸੁੰਬੜ੍ਹੋਂ' ਗੁਰੂ ਸਹਿਬਾਨ ਦੇ ਜਲੌਅ ਦੀ ਗੱਲ ਹੀਰ ਸਹਿਬ ਆਪਣੇ ਹੀ ਰੰਗ ਵਿਚ ਕਰਦੇ ਹਨ। ਪੰਜਾਬੀ ਵਿਚ ਅਜਕਲ ਅਧਿਆਤਿਮਿਕਵਾਦ ਨੂੰ ਆਪਣੀ ਸ਼ਾਇਰੀ ਦਾ ਹਿੱਸਾ ਬਣਾਉਣਾ ਤੇ ਉਹ ਵੀ ਇਸ ਖੂਬਸੂਰਤ ਅੰਦਾਜ 'ਚ, ਇਹ ਇੱਕ ਦੁਰਲਭ ਚੀਜ ਹੈ। ਉਹਨਾਂ ਦੀ ਸ਼ਾਇਰੀ ਬਾਰੇ ਸਾਂਵਲ ਮੈਗਜ਼ੀਨ ਦੇ ਕਿਸੇ ਆਉਣ ਵਾਲੇ ਅੰਕ 'ਚ ਵਿਸ਼ਥਾਰ ਨਾਲ ਗੱਲ ਕਰਾਂਗੇ। ਫਿਲਹਾਲ ਉਹਨਾਂ ਦੀਆਂ ਆਪਣੇ ਹੀ ਰੰਗ ਵਾਲੀਆਂ ਦੋ ਰਚਨਾਵਾਂ ਪਾਠਕਾਂ ਲਈ ਹਾਜਿਰ ਕਰ ਰਹੇ ਹਾਂ। ਉਹ ਫਿਲਮ ਰਾਈਟਰ ਐਸੋਸੀਐਸ਼ਨ ਬੰਬਈ ਦੇ ਮੈਂਬਰ ਵੀ ਹਨ।


(੧)
ਪੱਥਰ ਤਰਾਸ਼ੇ ਲੋਕਾਂ ਬੁੱਤਾਂ ਵਾਸਤੇ,
ਰਿਹੈ ਖੁਦ ਨੂੰ ਤਰਾਸ਼ਦਾ ਮੈਂ ਖੁਦਾ ਵਾਸਤੇ।
ਤਰਾਸਦੀ ਮੈਂ ਉਲਝਣ ਭਟਕ ਗਿਐ,
ਲੱਭਿਐ ਖੁਦਾ ਨਾ, ਨਾ ਮੈਂ ਰਿਹੈ ਬੁੱਤਾਂ ਵਾਸਤੈ।
ਉਮਰਾਂ 'ਚ ਲੋਕ ਰਹੇ ਲੇਖ਼ ਭਾਲਦੈ,
ਮੈਂ ਵੇਹੜਿਉਂ ਨਸੀਬ ਮੋੜੇ ਸ਼ੌਂਕ ਵਾਸਤੇ।
ਸ਼ੌਂਕ ਨਾ ਰਿਹੈ ਨਾ ਮੈਂ ਮੇਰੇ ਵਾਸਤੇ,
ਸਹੇਲੀਆਂ 'ਚ ਵੈਰਣਾਂ ਨੇ ਵੈਰੀ ਸਾਂਭਲੈ
ਸਾਹੁ ਸਾਂਭਦਾ ਫਿਰਾਂ ਮੈਂ ਯਾਰੋ ਯਾਰਾਂ ਵਾਸਤੇ
ਟੱਡੇ ਬੁੱਲ੍ਹ ਨਾ ਕਿਸੇ ਨੇ ਮੇਰੇ ਫੱਟ ਵਾਸਤੇ
ਬੁੱਲ੍ਹਾਂ ਵਿਚ ਪਲ ਲੋਕ ਰਹੇ ਭੱਖਦੈ
ਬਹੁੜ੍ਹੇ ਸੰਦਲੀ ਭਿਬੂਤੀ ਬਣ ਕਲਸ ਵਾਸਤੇ
ਟੋਭੇ ਮੈਂ ਭਰਾਂ ਕੇਹੜੇ ਅੰਗ ਵਾਸਤੇ
ਰਿਹੈ ਖੁਦ ਨੂੰ ਤਰਾਸ਼ਦੈ ਮੈਂ ਖੁਦਾ ਵਾਸਤੇ
ਪੱਥਰ ਤਰਸੈ ਲੋਕਾਂ ਬੁੱਤਾਂ ਵਾਸਤੇ

(੨)
ਖਯਾਲ ਤਸੁੱਵਰ ਕਲਪਨਾ ਝਾਉਲ੍ਹਾ ਵਲਵਲਾ
ਸੇਹਰਿਓਂ ਸ਼ਹਿਨਾਈ ਸ਼ਹਿਨਾਈਓਂ ਸੇਹਰਾ
ਅਰਦਾਸ ਵਿਦਾਈਓਂ ਵਿਦਾਈ ਅਰਦਾਸੋਂ
ਬਾਬੇ ਨਾਨਕ ਦੇ ਵੀਰੇ ਕੁਨ੍ਹਬਿਓਂ
ਸਿੰਘ ਗੋਬਿੰਦ ਦੇ ਮਿਯਾਰ ਵੇ.......
ਕੁਲਵਰਿਯਾਮੀਂ ਖਲਿਸ ਬਾਨੀ
ਫਤਿਹ ਗੋਬਿੰਦ ਦੇ ਜੁਝਾਰ ਵੇ.......
ਚੜ੍ਹ ਅੰਬਰੋਂ ਉਤਰੀ ਬੱਕੀਓਂ
ਵਾਗਾਂ ਵੇਲ ਗੁਦਾਂਵਣ ਵਾਲਿਐ
ਆਬੋ-ਹੌਜ਼ ਮੀਆਂ ਮੀਰ ਅਰਜਨੋਂ
ਸ਼ੇਹਰਾ ਸਿਮਰਨ ਸੁਰਮੱਖ ਭਾਲਿਐ
ਜਪ ਵੇਦ-ਗਰੰਥੇਂ ਸੱਚਿਖੰਡੋਂ
ਸਾਹਿਬ ਅਮਰ ਪਰੋਏ ਜੀਵ ਵੇ.......
ਨਵ ਜੀਵਨ ਦੀ ਨਿਹਾਲ ਯਾਤਰਾ
ਬੰਦੀ ਛੋੜ ਅਜਿਹੇ ਕਸੁੰਬੜ੍ਹੋਂ
ਵਿਸਾਖੇਂ ਮੇਲ-ਸੁਮੇਲ ਮੁੱਕਤਿਓਂ
ਫੜ੍ਹ ਬਾਂਹ ਸਿਮਰ ਨ ਛੋੜ੍ਹਿਓ
ਬਲੀਦਾਨ ਤਿਯਾਗ ਅੰਮਾਂਵੇਂ ਓ
ਜ਼ੋਰਾਵਰ ਨਿਭਾਉ ਅਜੀਤ ਵੇ.......
ਹੇਮਕੁੰਟ ਪੰਚਮੋਂ ਸੰਗੁਨ ਨਾਦੇੜ੍ਹੋਂ
ਨਾਨਿਓਂ ਦਾਦਕੇ ਕੁੱੜ੍ਹਮ ਸੂ ਆ ਲੇ
ਦੇਹਿ ਸ਼ਿਵਾ ਬਰ ਮੋਹਿ ਸੈਂਚੀ
ਗੁਰ ਚਰਨੋਂ ਮਿਸ਼ਰਣ ਭਗਤ ਸਰਬਾਲੇ
ਬਾਬੇ ਬੁੱਢੇ ਬਿੱਧੀ ਚੰਦ ਸੌਦਿਓਂ
ਖੋਹੇ ਮੈਂ ਵੀ ਦੁਸਾਲੇ ਰੀਝ ਵੇ.......
ਚਾਓ ਸਿਫਤ ਸਲਾਹੁ ਸ਼ਮਿਯਾਨਿਓਂ
ਦੋਹਿ ਅੰਮੜੀ ਬਾਬੁਲ ਸੋਹਿ ਦਮਦਮੇਂ
ਮਨ ਜੀਤ ਜਿੰਦਾਂ ਰਣ ਜੀਤ ਜਲਸਿਓਂ
ਅਨਮੋਲ ਪ੍ਰੀਤ ਭੋਗੋ ਬੇ-ਗਮੋਂ
ਤੇਰਾ ਭਾਣ੍ਹਾ ਲਾਗਿ ਹਰਿ ਗੁਣਿ
ਫਲੇ ਕੁੰਵਰ ਖਿਆਲੀਂ ਦੀਪ ਵੇ.......
ਹਦੇ aਫੁਕ ਸ਼ਹਿਨਾਈਓਂ ਉਮਰਾਂ
ਵੱਧ ਯੁੱਗੋਂ ਮੁਗਲੀਂ ਢਾਣਿਓਂ
ਅਟਾਰੀ ਸਮਲਿਓਂ 'ਕੰਨਵਰ' ਹੀਰ
ਪ੍ਰਭ ਸ਼ਹਰ ਮਨੋਹਰ ਮਾਣਿਓਂ
ਸ਼ਿਵ-ਨੂਰਪੁਰੀ-ਅ-ਨੰਦ ਸਫਰੀਓਂ
ਸ਼ੋਹਿਲੇ ਹਸ਼ਨਪੁਰੋਂ ਭਾਈ ਵੀਰ ਵੇ.......
ਹਵਾਲਾ ਪਾਪਾ ਚਰਨਜੀਤ ਸਿੰਘ ਕੰਨਵਰ ਵੇਹੜਿਓਂ
ਸਰਬਾਲ੍ਹਾ ਭੈਣ ਦਿਲ ਪ੍ਰਭ ਬੱਤਰਾ ਖੇੜਿਓਂ
ਭੇਂਟ ਸੁਖਦੇਵ ਸਿੰਘ ਲਖਨੌਰਵੀ ਹੀਰ ਸਖੀਰਿਓਂ

ਮੇਰੀ ਪਾਕਿਸਤਾਨ ਦੀ ਚੌਥੀ ਯਾਤਰਾ - ਗਿਆਨੀ ਸੰਤੋਖ ਸਿੰਘ ਆਸਟਰੇਲੀਆ


ਕੁਝ ਦਿਨਾਂ ਤੋਂ ਸੋਚ ਰਿਹਾ ਸਾਂ ਕਿ ਇਸ ਵਾਰੀਂ ਅੰਮ੍ਰਿਤਸਰ ਦੀ ਫੇਰੀ ਸਮੇ ਪਾਕਿਸਤਾਨ ਦਾ ਚੌਥਾ ਚੱਕਰ ਵੀ ਲਾ ਹੀ ਆਵਾਂ ਤੇ ਉਹ ਵੀ ਵੈਸਾਖੀ ਸਮੇ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਦੁਨੀਆ ਭਰ ਤੋਂ ਸਿੱਖ ਆਏ ਹੋਏ ਹੋਣਗੇ। ਨਾਲੇ ਤਾਂ ਉਹਨਾਂ ਦੇ ਦਰਸ਼ਨ ਹੋ ਜਾਣਗੇ ਤੇ ਨਾਲ਼ ਹੀ ਆਪਣੀਆਂ ਕਿਤਾਬਾਂ, ਪੰਜਾਬ ਅਤੇ ਸਿੱਖ ਸਾਹਿਤ ਵਿਚ ਦਿਲਸਚਪੀ ਰੱਖਣ ਵਾਲ਼ੇ ਸੱਜਣਾਂ ਦੇ ਹੱਥਾਂ ਤੱਕ ਪੁਜਦੀਆਂ ਕਰ ਦਿਆਂਗਾ। ਇਸ ਤਰ੍ਹਾਂ ਬਿਨਾ ਡਾਕ ਖ਼ਰਚ ਲਾਇਆਂ ਅਤੇ ਹੋਰ ਖੇਚਲ਼ ਦੇ, ਉਹਨਾਂ ਪਾਠਕਾਂ ਨੂੰ ਮਿਲ਼ ਜਾਣਗੀਆਂ।
ਵੈਸੇ ਤਾਂ ਮੇਰਾ ਵਿਚਾਰ ਜਨਵਰੀ ਦੇ ਅੰਤ ਜਾਂ ਫਰਵਰੀ ਦੇ ਆਰੰਭ ਵਿਚ ਜਾਣ ਦਾ ਸੀ ਪਰ ਆਸਟ੍ਰੇਲੀਆ ਦੇ ਦੂਜੇ ਸ਼ਹਿਰਾਂ ਦੀ ਫੇਰੀ ਕਾਰਨ ਇਹ ਪ੍ਰੋਗਰਾਮ ਲਮਕਦਾ ਲਮਕਦਾ ਅਪ੍ਰੈਲ ਦੇ ਸ਼ੁਰੂ ਤੱਕ ਹੀ ਲਮਕ ਗਿਆ।
ਮੇਰੀ ਅੰਮ੍ਰਿਤਸਰ ਦੀ ਯਾਤਰਾ ਬਹੁਤੀ ਇਸ ਕਰਕੇ ਹੀ ਹੁੰਦੀ ਹੈ ਕਿ ਕੁਝ ਆਪਣੀ ਨਿਗਰਾਨੀ ਹੇਠ ਕਿਤਾਬਾਂ ਛਪਵਾ ਲਵਾਂ ਤੇ ਕੁਝ ਬਾਕੀ ਬਚੇ ਸੱਜਣਾਂ ਮਿੱਤਰਾਂ ਨਾਲ਼ ਮੇਲਾ ਗੇਲਾ ਵੀ ਹੋ ਜਾਵੇ। ਹੋਰ ਤਾਂ ਮੈਨੂੰ ਓਥੇ ਕੋਈ ਕੰਮ ਨਹੀ ਹੁੰਦਾ। ਦਾਦੀ ਮਾਂ ਜੀ, ਬੀਬੀ ਜੀ, ਭਾਈਆ ਜੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਤੇ ਉਹਨਾਂ ਦੀ ਪੀਹੜੀ ਵਿਚੋਂ ਸਿਰਫ ਇਕ ਭੂਆ ਜੀ ਹੀ ਆਪਣੇ ਪਰਵਾਰ ਸਮੇਤ, ਭਾਗੋਵਾਲ ਪਿੰਡ ਵਿਚ ਵੱਸਦੇ ਹਨ। ਬਾਕੀ ਸੱਜਣਾਂ ਵਿਚੋਂ ਵੀ ਕੋਈ ਵਿਰਲਾ ਹੀ ਮਿਲਾਪ ਰੱਖਣ ਵਾਸਤੇ ਸਮਾ ਕਢ ਸਕਣ ਵਾਲਾ ਰਹਿ ਗਿਆ ਹੈ।
ਸਾਨੂੰ ਆਸਟ੍ਰੇਲੀਆ ਦੇ ਵਾਸੀਆਂ ਨੂੰ ਵੀਜ਼ਾ ਏਥੋਂ ਹੀ ਲੈ ਕੇ ਜਾਣਾ ਪੈਂਦਾ ਹੈ। ਇਕ ਸੱਜਣ ਨੇ ਦੱਸਿਆ ਸੀ ਕਿ ਦਿੱਲੀ ਤੋਂ ਸਾਨੂੰ ਵੀਜ਼ੇ ਤੋਂ ਨਾਂਹ ਹੋ ਜਾਂਦੀ ਹੈ ਇਹ ਆਖ ਕੇ ਕਿ ਤੁਸੀਂ ਆਸਟ੍ਰੇਲ਼ੀਆ ਦੇ ਵਸਨੀਕ ਹੋ, ਓਥੋਂ ਹੀ ਵੀਜ਼ਾ ਲੈ ਕੇ ਆਓ, ਇਸ ਲਈ ਮੈ ਦਿੱਲੀ ਤੋਂ ਵੀਜ਼ਾ ਮੰਗਣ ਕਦੀ ਗਿਆ ਹੀ ਨਹੀ।
ਸਦਾ ਦੀ ਤਰ੍ਹਾਂ ਸਿਡਨੀ ਸਥਿਤ ਪਾਕਿਸਤਾਨੀ ਕੌਂਸੂਲੇਟ ਪਾਸ ਵੀਜ਼ੇ ਲਈ ਅਪਲਾਈ ਕੀਤਾ। ਪਹਿਲਾਂ ਤਾਂ ਤਿੰਨੇ ਵਾਰ ਸਾਰੇ ਪਾਕਿਸਤਾਨ ਦਾ ਵੀਜ਼ਾ ਲਾ ਦਿੰਦੇ ਸੀ ਪਰ ਇਸ ਵਾਰੀ ਸਿਰਫ ਚਾਰ ਜ਼ਿਲ੍ਹਿਆਂ ਵਿਚ ਜਾ ਸਕਣ ਦੀ ਹੀ ਆਗਿਆ, ਪਾਸਪੋਰਟ ਉਪਰ ਹੱਥ ਨਾਲ਼ ਲਿਖ ਕੇ ਦਿਤੀ ਗਈ ਸੀ। ਓਥੇ ਜਾ ਕੇ ਪਤਾ ਲੱਗਾ ਕਿ ਪਾਕਿਸਤਾਨ ਦੇ ਬਹੁਤ ਸਾਰੇ ਇਲਾਕਿਆਂ ਵਿਚ ਅਮਨ ਕਾਨੂੰਨ ਦੀ ਹਾਲਤ ਬਹੁਤੀ ਚੰਗੀ ਨਾ ਹੋਣ ਕਾਰਨ ਸ਼ਾਇਦ ਇਹ ਪਾਬੰਦੀ ਲਾਈ ਗਈ ਹੋਵੇ ਤਾਂ ਕਿ ਮੈ ਕਿਤੇ ਖ਼ਤਰੇ ਵਾਲ਼ੇ ਥਾਂ ਨਾ ਜਾ ਸਕਾਂ। ਘਰੋਂ ਤੁਰਨ ਤੋਂ ਪਹਿਲੀ ਰਾਤ ਨੂੰ ਨੂੰਹ, ਪੁੱਤ ਤੇ ਪੋਤਰਾ ਮਿਲਣ ਆਏ। ਗੱਲਾਂ ਗੱਲਾਂ ਵਿਚ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਇਸ ਯਾਤਰਾ ਦੌਰਾਨ ਪਾਕਿਸਤਾਨ ਵੀ ਜਾ ਰਿਹਾ ਹਾਂ ਤਾਂ ਨੂੰਹ ਨੇ ਹੈਰਾਨੀ ਭਰੀ ਟੋਨ ਵਿਚ ਆਖਿਆ, "ਪਾਪਾ, ਤੁਸੀਂ ਪਾਕਿਸਤਾਨ ਵੀ ਜਾਓਗੇ?" ਮੇਰਾ ਜਵਾਬ ਸੀ, "ਖ਼ਤਰੇਵਾਲ਼ੀ ਮਾੜੀ ਘਟਨਾ ਤਾਂ ਕਿਤੇ ਵੀ ਵਾਪਰ ਸਕਦੀ ਹੈ। ਪਾਕਿਸਤਾਨ ਵਿਚ ਵੀ ਕਰੋੜਾਂ ਲੋਕ ਵੱਸਦੇ ਹੀ ਹਨ; ਸਾਰੇ ਤਾਂ ਨਹੀ ਬੰਬਾਂ ਵਾਲ਼ੇ ਥਾਂ ਫਸ ਜਾਂਦੇ! ਵੈਸੇ ਦਿਨ ਮਾੜੇ ਹੋਣ ਤਾਂ ਊਠ ਤੇ ਬੈਠੀ ਨੂੰ ਵੀ ਕੁੱਤਾ ਵਢ ਜਾਂਦਾ ਹੈ। ਤੁਹਾਡੀ ਮਾਤਾ ਨਹੀ ਦਿਨ ਦਿਹਾੜੇ ਅੰਮ੍ਰਿਤਸਰ ਵਿਚ ਪਰਸ ਖੁਹਾ ਬੈਠੀ! ਮਾੜੀ ਘਟਨਾ ਕਿਸੇ ਨਾਲ਼, ਕਿਸੇ ਵੀ ਦੇਸ ਜਾਂ ਸ਼ਹਿਰ ਵਿਚ ਵਾਪਰ ਸਕਦੀ ਹੈ।"
ਚਾਰ ਅਪ੍ਰੈਲ ਨੂੰ ਸਿਡਨੀ ਤੋਂ ਚਾਲੇ ਪਾਏ। ਹਾਂਗ ਕਾਂਗ ਤੋਂ ਨਾਲ਼ ਲਗਵੀਂ ਫਲਾਈਟ ਤੇ ਹੀ ਸੀਟ ਮਿਲ਼ ਜਾਣ ਕਰਕੇ ਮੈ ਪੰਜ ਨੂੰ ਹੀ ਦਿੱਲੀ ਤੇ ਦਿਲੀਉਂ ਬੱਸ ਰਾਹੀਂ ਜਲੰਧਰ ਤੇ ਅੱਗੋਂ ਰੋਡਵੇਜ਼ ਦੀ ਬੱਸ ਰਾਹੀਂ ਅੰਮ੍ਰਿਤਸਰ ਬੱਸ ਅੱਡੇ ਤੇ ਜਾ ਉਤਰਿਆ ਤੇ ਓਥੋਂ ਥ੍ਰੀ ਵੀ੍ਹਲਰ ਰਾਹੀਂ ਭਰਾ ਦੇ ਘਰ ਜਾ ਮੂੰਹ ਵਿਖਾਇਆ। ਪਿਛਲੀ ਵਾਰੀ ਵਾਂਗ ੩੬ ਘੰਟੇ ਹਾਂਗ ਕਾਂਗ ਏਅਰਪੋਰਟ ਤੇ ਨਹੀ ਰੁਕਣਾ ਪਿਆ।
ਅੰਮ੍ਰਿਤਸਰ ਜਾ ਕੇ ਪ੍ਰਕਾਸ਼ਕਾਂ ਨਾਲ਼ ਸੰਪਰਕ ਕਰਨ ਤੇ ਪਤਾ ਲੱਗਾ ਕਿ ਕੁਝ ਸੈਂਕੜੇ ਕਾਪੀਆਂ ਅਜੇ ਮੇਰੀਆਂ ਪੁਰਾਣੀਆਂ ਕਿਤਾਬਾਂ ਦੀਆਂ ਹੀ ਉਹਨਾਂ ਕੋਲ਼ ਪਈਆਂ ਹੋਈਆਂ ਹਨ, ਇਸ ਲਈ ਹੋਰ ਐਡੀਸ਼ਨਾਂ ਅਜੇ ਛਪਵਾਉਣ ਦੀ ਲੋੜ ਨਹੀ। ਪਹਿਲੀਆਂ ਐਡੀਸ਼ਨਾਂ ਦੀਆਂ ਹੀ ਅੱਸੀ ਕਾਪੀਆਂ ਮੈ ਆਪਣੇ ਨਾਲ਼ ਪਾਕਿਸਤਾਨ ਲਿਜਾਣ ਲਈ ਚੁੱਕ ਲਈਆਂ ਤਾਂ ਕਿ ਵੈਸਾਖੀ ਦੇ ਪੁਰਬ ਸਮੇ ਦੂਰ ਦੁਰਾਡੇ ਦੇਸ਼ਾਂ ਤੋਂ ਆਏ ਪਾਠਕਾਂ ਨੂੰ ਦਿਤੀਆਂ ਜਾ ਸਕਣ।
ਭਾਵੇਂ ਮੈ ਸੜਕ ਰਾਹੀਂ ਆਰਾਮ ਨਾਲ਼ ਪਾਕਿਸਤਾਨ ਜਾ ਸਕਦਾ ਸੀ ਪਰ ਤਜੱਰਬੇ ਵਜੋਂ ਇਸ ਵਾਰ ਜਥੇ ਨਾਲ਼ ਜਾਣ ਦਾ ਫੈਸਲਾ ਕਰ ਲਿਆ। ਜਥਾ ਤੁਰਨ ਸਮੇ ਮੈਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ, ਆਪਣੀਆਂ ਕਿਤਾਬਾਂ ਦਾ ਬੰਡਲ ਧੂੰਹਦਾ ਚਲਿਆ ਗਿਆ ਪਰ ਓਥੇ ਕੁਝ ਪਤਾ ਨਾ ਲੱਗਾ ਕਿ ਰੇਲਵੇ ਸਟੇਸ਼ਨ ਨੂੰ ਕਮੇਟੀ ਦੀ ਬੱਸ ਕਦੋਂ ਤੇ ਕਿਥੋਂ ਜਾਣੀ ਹੈ। ਆਗੂ ਲੋਕ ਭੋਟੋਆਂ ਖਿਚਵਾ ਰਹੇ ਸਨ। ਏਧਰ ਓਧਰ ਧਿਆਨ ਮਾਰਨ ਉਪ੍ਰੁੰਤ ਮੈ ਕਿਤਾਬਾਂ ਦਾ ਬੰਡਲ ਧੂੰਹਦਾ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਆ ਗਿਆ। ਅੱਗੇ ਬਹੁਤ ਸਾਰੇ ਮੇਰੇ ਵਰਗੇ ਯਾਤਰੂ ਟੈਕਸੀਆਂ, ਥ੍ਰੀ ਵੀ੍ਹਲਰਾਂ ਵਾਲ਼ਿਆਂ ਨਾਲ਼, ਸਟੇਸ਼ਨ ਜਾਂ ਅਟਾਰੀ ਜਾਣ ਵਾਸਤੇ 'ਸੌਦੇ' ਕਰ ਰਹੇ ਸਨ। ਮੈ ਵੇਖਿਆ ਕਿ ਅਕਾਲੀ ਜਿਹੇ ਦਿਸਦੇ ਕੁਝ ਮਲਵਈ ਸਿੰਘਾਂ ਨੇ ਇਕ ਥ੍ਰੀ ਵੀ੍ਹਲਰ ਅਟਾਰੀ ਜਾਣ ਵਾਸਤੇ ਕੀਤਾ। ਪਰ ਸਵਾਰੀ ਪੰਜਾਹ ਰੁਪਏ ਵਿਚ ਸੌਦਾ ਹੋਇਆ। ਮੈ ਵੀ ਉਹਨਾਂ ਦੇ ਨਾਲ਼ ਸ਼ਾਮਲ ਹੋ ਗਿਆ। ਅਟਾਰੀ ਪੁੱਜਣ ਤੇ ਇਕੋ ਜਥੇਦਾਰ ਟਾਈਪ ਸਿੰਘ ਨੇ ਸਾਰਿਆਂ ਦੇ ਪੈਸੇ ਦਿਤੇ। ਮੈ ਆਪਣਾ ਹਿੱਸਾ ਪੰਜਾਹ ਰੁਪਏ ਦੇ ਰਿਹਾ ਪਰ ਉਸ ਚੰਗੇ ਸੱਜਣ ਨੇ ਨਾ ਲਿਆ।
ਟੈਂਪੂ ਦੇ ਬਾਕੀ ਸਵਾਰ ਸਾਰੇ ਤਾਂ ਪੈਸੇ ਵਟਾਉਣ ਵਾਲ਼ੇ ਥਾਂ ਨੂੰ ਰੁਕ ਕਰ ਗਏ ਪਰ ਮੈ ਸਿਧਾ ਹੀ ਸਟੇਸ਼ਨ ਨੂੰ ਹੋ ਤੁਰਿਆ। ਓਥੇ ਜਾ ਕੇ ਵੇਖਿਆ ਕਿ ਗੱਡੀ ਤਾਂ ਦੂਜੇ ਪਾਸੇ ਦੇ ਪਲੇਟਫਾਰਮ ਤੋਂ ਚੱਲਣੀ ਹੈ ਤੇ ਕਿਤਾਬਾਂ ਦਾ ਬੰਡਲ ਚੁੱਕ ਕੇ ਓਥੇ ਪਹੁੰਚਣਾ ਵੀ, ਭਵ ਸਾਗਰ ਤਰਨ ਦੇ ਨੇੜੇ ਤੇੜੇ ਪੁੱਜ ਜਾਂਦਾ ਸੀ। ਮੈ ਉਰਲੇ ਪਾਸੇ ਖਲੋਤੇ ਜਵਾਨ ਸਿਪਾਹੀ ਨੂੰ ਆਖਿਆ, "ਕਰ ਹਿੰਮਤ; ਪੁਚਾ ਮੈਨੂੰ ਉਸ ਪਾਸੇ। ਤੇਰੀ ਜਲ ਪਾਣੀ ਦੀ ਸੇਵਾ ਹੋ ਜਾਵੇਗੀ।" ਉਸ ਨੇ ਇਕ ਹੋਰ ਨੌਜਵਾਨ ਨੂੰ ਆਵਾਜ਼ ਮਾਰ ਕੇ ਮੇਰਾ ਬੰਡਲ ਚੁਕਾ ਦਿਤਾ ਤੇ ਉਹ ਮੈਨੂੰ ਸਮੇਤ ਬੰਡਲ ਦੇ, ਦੂਜੇ ਪਾਸੇ ਵਾਲ਼ੇ ਪਲੇਟਫਾਰਮ ਤੇ ਛੱਡ ਗਿਆ। ਮੈਂ ਉਸ ਨੂੰ ਮਗਰੋਂ ਆਵਾਜ਼ ਮਾਰਦਾ ਹੀ ਰਹਿ ਗਿਆ ਕਿ ਉਹ ਮੇਰੇ ਕੋਲ਼ੋਂ 'ਸੇਵਾ' ਲੈ ਜਾਵੇ ਪਰ ਉਹ ਨਾ ਰੁਕਿਆ। ਅਟਾਰੀ ਤੋਂ ਏਧਰ ਦੇ ਇਮੀਗ੍ਰੇਸ਼ਨ ਦੀ ਕਾਰਵਾਈ ਪੂਰੀ ਕਰਕੇ ਹਿੰਦੁਸਤਾਨੀ ਗੱਡੀ ਉਪਰ ਬੈਠ ਕੇ ਅਸੀਂ ਵਾਹਗੇ ਜਾ ਪੁੱਜੇ ਪਰ ਰਸਤੇ ਵਿਚ ਦੋਹਾਂ ਦੇਸਾਂ ਵਿਚਲੀ ਤਾਰਾਂ ਵਾਲ਼ੀ ਹੱਦ ਤੱਕ ਹਿੰਦੁਸਤਾਨੀ ਘੋੜ ਸਵਾਰ ਸਿਪਾਹੀ ਗੱਡੀ ਦੇ ਨਾਲ਼ ਨਾਲ਼ ਦੋਹੀਂ ਪਾਸੀਂ ਭੱਜਦੇ ਰਹੇ ਤੇ ਤਾਰ ਵਾਲ਼ੀ ਹੱਦ ਤੋਂ ਪਾਕਿਸਤਾਨੀ ਸਿਪਾਹੀਆਂ ਨੇ ਉਹਨਾਂ ਦੀ ਥਾਂ ਲੈ ਲਈ। ਇਸ ਤਰ੍ਹਾਂ ਸਾਨੂੰ ਸ਼ਖ਼ਤ ਪਹਿਰੇ ਹੇਠ ਅਟਾਰੀ ਦੇ ਸਟੇਸ਼ਨ ਤੱਕ ਲਿਜਾਇਆ ਗਿਆ ਤੇ ਓਥੇ ਸਾਨੂੰ ਵਾਹਵਾ ਚਿਰ ਗੱਡੀ ਤੋਂ ਨਹੀ ਉਤਰਨ ਦਿਤਾ। ਪਲੇਟਫਾਰਮ ਤੇ ਸ. ਮਨਜੀਤ ਸਿੰਘ ਕਰਤਾਰਪੁਰ ਵਾਲ਼ੇ ਵੀ, ਸਵਾਰੀਆਂ ਦੇ ਸਵਾਗਤ ਵਜੋਂ ਘੁੰਮ ਰਹੇ ਸਨ। ਮੈ ਉਹਨਾਂ ਨੂੰ ਫ਼ਤਿਹ ਬੁਲਾਈ। ਜਵਾਬ ਤਾਂ ਉਹਨਾਂ ਨੇ ਪੂਰੇ ਸਤਿਕਾਰ ਨਾਲ਼ ਦਿਤਾ ਪਰ ਮੈ ਸਮਝ ਗਿਆ ਕਿ ਉਹਨਾਂ ਨੇ ਮੈਨੂੰ ਪਛਾਣਿਆ ਨਹੀ। ਇਸ ਗੱਲ ਦੀ ਤਸੱਲੀ ਪੰਜਾ ਸਾਹਿਬ ਵਿਖੇ ਸਜੇ ਦੀਵਾਨ ਸਮੇ ਹੋਈ ਜਿਥੇ ਮਿਲਣ ਤੇ ਪਛਾਣੇ ਜਾਣ ਕਰਕੇ ਉਹਨਾਂ ਨੇ ਬਣਦਾ ਢੁਕਵਾਂ ਮਾਣ ਕੀਤਾ। ਮੇਰੀ ਪਿਛਲੀ ੨੦੦੮ ਵਾਲ਼ੀ ਕਰਤਾਰ ਪੁਰ ਦੀ ਯਾਤਰਾ ਸਮੇ ਉਹ ਮੈਨੂੰ ਮਿਲ਼ੇ ਸਨ।ਮੈਂ ਦੋ ਰਾਤਾਂ ਓਤੇ ਉਹਨਾਂ ਪਾਸ ਟਿਕਿਆ ਸਾਂ। ਓਥੋਂ ਉਹ ਲਾਹੌਰ ਆਪਣੀ ਕਾਰ ਤੇ ਲੈ ਕੇ ਗਏ ਸਨ ਤੇ ਲੰਚ ਸਮੇ ਕੁਝ ਬਾਰਸੂਖ਼ ਸੱਜਣਾਂ ਨਾਲ਼ ਮੇਰੀ ਮੁਲਾਕਾਤ ਵੀ ਕਰਵਾਈ ਸੀ। ਹਜਾਰਾਂ ਦੀ ਗਿਣਤੀ ਵਿਚ ਯਾਤਰੂ ਸਨ ਤੇ ਸਾਰਿਆਂ ਨੂੰ ਇਕ ਤੰਗ ਦਰਵਾਜੇ ਰਾਹੀਂ ਵੱਡੇ ਹਾਲ ਵਿਚ ਵਾੜਿਆ ਜਾਂਦਾ ਸੀ ਜਿਥੇ ਪਾਕਿਸਤਾਨ ਵਾਲ਼ੇ ਪਾਸੇ ਇਮੀਗ੍ਰੇਸ਼ਨ ਤੇ ਕਸਟਮ ਦੀ ਕਾਰਵਾਈ ਪੂਰੀ ਕੀਤੀ ਗਈ। ਓਥੇ ਮਾਰ ਏਨੀ ਗਾਹੜ ਮਾਹੜ ਕਿ ਮਾਵਾਂ ਪੁੱਤ ਨਾ ਸੰਭਾਲਣ। ਕੋਈ ਲਾਈਨ ਨਹੀ; ਕੋਈ ਡਸਿਪਲਿਨ ਨਹੀ। ਸਭ ਇਕ ਦੂਜੇ ਦੇ ਉਤੋਂ ਦੀ ਕਾਹਲ ਵਿਚ ਆਪਣਾ ਹੀ ਉਲੂ ਸਿਧਾ ਕਰਨ ਦੀ ਫਿਕਰ ਵਿਚ। ਜੇਹੜਾ ਮੇਰੇ ਵਰਗਾ ਬਾਹਰ ਦਾ ਗਿਝਿਆ ਹੋਇਆ ਕਿਸੇ 'ਲਾਈਨ' ਦੇ ਆਸਰੇ ਰੁਕ ਗਿਆ, ਉਹ ਬੈਠਾ ਵਾੜ ਵਿਚ ਫਸੇ ਬਿੱਲੇ ਵਾਂਗ ਝਾਕਦਾ ਰਿਹਾ ਤੇ ਉਸ ਦੀਆਂ ਹੈਰਾਨੀ ਭਰੀਆਂ ਅੱਖਾਂ ਦੇ ਸਾਹਮਣੇ ਹੀ 'ਹਿੰਮਤ' ਵਾਲ਼ੇ ਹਰ ਪਾਸੇ ਅੱਗੇ ਲੰਘਦੇ ਗਏ।
ਮੈ ਤਾਂ ਲਾਈਨ ਵਿਚ ਹੀ ਲੱਗਾ ਖਲੋਤਾ ਰਿਹਾ। ਲੋਕੀਂ ਆਉਣ ਤੇ ਆਰਾਮ ਨਾਲ ਸਿਰਾਂ ਤੇ ਸਾਮਾਨ ਦੀਆਂ ਪੰਡਾਂ ਚੁੱਕੀ ਬੜੇ ਭਰੋਸੇ ਨਾਲ਼ ਅੱਗੇ ਤੋਂ ਅੱਗੇ ਤੁਰੀ ਜਾਣ। ਮੈ ਸਮਝਾਂ ਕਿ ਇਹ ਲੋਕ ਗ਼ਲਤੀ ਕਰ ਰਹੇ ਹਨ। ਅੱਗੋਂ ਪੁਲਿਸ ਵਾਲ਼ੇ ਇਹਨਾਂ ਨੂੰ ਲਾਈਨ ਵਿਚ ਲੱਗਣ ਲਈ ਪਿੱਛੇ ਮੋੜ ਦੇਣਗੇ ਪਰ ਇਹ ਕੁਝ ਨਾ ਵਾਪਰਿਆ। ਮੇਰੀ ਚੰਗੀ ਕਿਸਮਤ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕ ਚੀਫ਼ ਇੰਸਪੈਕਟਰ ਸ. ਕਸ਼ਮੀਰ ਸਿੰਘ ਪੱਟੀ ਨੇ ਮੈਨੂੰ ਵੇਖ ਲਿਆ। ਇਹ ਚੰਗੇ ਸੱਜਣ ਚਿਰ ਤੋਂ ਸਾਡੇ ਪਰਵਾਰਕ ਮਿੱਤਰ ਹਨ। ਇਹਨਾਂ ਨੇ ਮੇਰੀਆਂ ਕੁੱਲ ਸਮੱਸਿਆਵਾਂ ਹੱਲ ਕਰ ਦਿਤੀਆਂ। ਏਥੋਂ ਹੀ ਪਾਕਿਸਤਾਨ ਦੀ ਯਾਤਰਾ ਵਾਲੀ ਗੱਡੀ ਦੀਆਂ ਟਿਕਟਾਂ ਖ਼੍ਰੀਦਣੀਆਂ ਸਨ। ਇਸ ਟਿਕਟ ਉਪਰ ਹੀ ਵਾਹਗੇ ਤੋਂ ਲੈ ਕੇ ਪੰਜਾ ਸਾਹਿਬ, ਨਨਕਾਣਾ ਸਾਹਿਬ, ਲਾਹੌਰ ਤੇ ਮੁੜ ਵਾਹਗੇ ਤੱਕ ਦੀ ਇਕੱਠੀ ਟਿਕਟ ਸੀ। ਇਸ ਵਿਚ ਹੀ ਸਾਰੀ ਯਾਤਰਾ ਕਰਨੀ ਸੀ। ਏਥੇ ਹੀ ਪੰਜਾ ਸਾਹਿਬ ਵਿਖੇ ਰਿਹਾਇਸ਼ ਦੌਰਾਨ ਕਮਰਿਆਂ ਦੀ ਵੰਡ ਹੁੰਦੀ ਸੀ। ਦਸ ਜਣਿਆਂ ਨੂੰ ਇਕ ਕਮਰੇ ਦੀ ਚਾਬੀ ਪ੍ਰਬੰਧਕ ਦੇ ਰਹੇ ਸਨ। ਸ. ਕਸ਼ਮੀਰ ਸਿੰਘ ਜੀ ਦੇ ਜਥੇ ਦੇ ਕੁੱਲ ਛੇ ਮੈਂਬਰ ਸਨ ਪਰ ਆਪਣੇ ਰਸੂਖ਼ ਨਾਲ਼ ਉਹ ਇਕ ਕਮਰੇ ਦੀ ਚਾਬੀ ਲੈਣ ਵਿਚ ਸਫ਼ਲ ਹੋ ਗਏ। ਬਾਅਦ ਵਿਚ ਮੈਂ ਵੀ ਉਹਨਾਂ ਨਾਲ਼ ਸ਼ਾਮਲ ਹੋ ਕੇ ਅਸੀਂ ਸਾਰੇ ਜਣੇ ਸੱਤ ਹੋ ਗਏ। ਟਿਕਟ ਆਦਿ ਖ਼੍ਰੀਦਣ ਵਰਗੇ ਸਾਰੇ ਕਾਰਜ ਮੇਰੇ ਵਾਸਤੇ ਵੀ ਸ. ਕਸ਼ਮੀਰ ਸਿੰਘ ਨੇ ਹੀ ਕਰ ਲਏ। ਉਹਨਾਂ ਦੇ ਜਥੇ ਵਿਚ ਉਹਨਾਂ ਦੀ ਸਿੰਘਣੀ, ਸਿੰਘਣੀ ਦੇ ਭਰਾ ਸ. ਹਰਪਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਸਾਬਕ ਮੈਨੇਜਰ ਸ. ਬਲਬੀਰ ਸਿੰਘ ਦੀ ਸਿੰਘਣੀ, ਇਕ ਸੇਵਾਦਾਰਨੀ ਬੀਬੀ ਅਤੇ ਇਕ ਪੋਲੀਸ ਅਫ਼ਸਰ ਦੀ ਸਿੰਘਣੀ ਅਤੇ ਫਿਰ ਸੱਤਵਾਂ ਮੈ ਨਾਲ਼ ਰਲ਼ ਗਿਆ।
ਸਾਨੂੰ ਪਹਿਲੀ ਗੱਡੀ ਵਿਚ ਹੀ ਸੀਟਾਂ ਦੇ ਨੰਬਰ ਮਿਲ਼ ਗਏ ਅਤੇ ਅਸੀਂ ਆਪੋ ਆਪਣੀਆਂ ਸੀਟਾਂ ਉਪਰ ਜਾ ਸਜੇ। ਬੀਬੀਆਂ ਨੇ ਅੰਮ੍ਰਿਤਸਰੋਂ ਹੀ ਛਕਣ ਦਾ ਸਾਮਾਨ ਨਾਲ਼ ਲਿਆਂਦਾ ਹੋਇਆ ਸੀ; ਉਸ ਵਿਚੋਂ ਮੈਨੂੰ ਵੀ ਸੱਬਰਕੱਤਾ ਗੱਫਾ ਮਿਲ਼ ਗਿਆ। ਸਮੇ ਸਿਰ ਗੱਡੀ ਤੁਰ ਪਈ। ਪੁਲਸ ਦਾ ਸਖ਼ਤ ਪਹਿਰਾ ਗੱਡੀ ਦੇ ਨਾਲ ਸੀ। ਲਾਹੌਰ ਸਟੇਸ਼ਨ ਉਪਰ ਗੱਡੀ ਤਾਂ ਰੁਕੀ ਪਰ ਸਾਨੂੰ ਪਲੇਟਫਾਰਮ ਉਪਰ ਉਤਰਨ ਦਾ ਹੁਕਮ ਨਹੀ ਸੀ।
ਅੱਧੀ ਕੁ ਰਾਤ ਤੋਂ ਕੁਝ ਸਮਾ ਪਹਿਲਾਂ ਗੱਡੀ ਸਾਨੂੰ ਹਸਲ ਅਬਦਾਲ ਦੇ ਸਟੇਸ਼ਨ ਤੇ ਲੈ ਗਈ। ਓਥੋਂ ਬੱਸਾਂ ਰਾਹੀਂ ਸਾਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲੈ ਗਏ। ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣ ਲਈ ਸੈਕਿਉਰਟੀ ਚੈਕ ਹੁੰਦੀ ਸੀ। ਓਥੇ ਬਹੁਤ ਭੀੜ ਅਤੇ ਗਾਹੜ ਮਾਹੜ ਹੋਣ ਕਰਕੇ, ਇਕ ਦੂਜੇ ਨੂੰ ਧੱਕੇ ਵੱਜ ਰਹੇ ਸਨ। ਮੈ ਆਪਣੇ ਸਾਥੀਆਂ ਨਾਲ਼ੋਂ ਭੀੜ ਵਿਚ ਬਹੁਤ ਅੱਗੇ ਸਾਂ ਪਰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣ ਸਮੇ ਬਾਕੀ ਦੇ ਸਾਥੀ ਧੱਕਮ ਧੱਕੇ ਵਿਚ ਮੇਰੇ ਨਾਲ਼ੋਂ ਵਾਹਵਾ ਦੂਰੀ ਬਣਾ ਗਏ ਅਤੇ ਮੈ ਉਹਨਾਂ ਤੋਂ ਪਿੱਛੇ ਰਹਿ ਗਿਆ। ਕਮਰੇ ਦੀ ਚਾਬੀ ਉਹਨਾਂ ਪਾਸ ਸੀ ਤੇ ਮੈਂ ਕਮਰੇ ਦਾ ਨੰਬਰ ਵੀ ਨਾ ਲਿਆ। ਗੁਰਦੁਆਰਾ ਸਾਹਿਬ ਦੇ ਅੰਦਰ, ਹੋਰ ਸੱਜਣਾਂ ਨਾਲ਼ ਮੈ ਵੀ ਕੇਅਰ ਟੇਕਰ ਦੇ ਦਫ਼ਤਰ ਵਿਚ ਜਾ ਵੜਿਆ। ਉਸ ਨੇ ਆਖਿਆ ਕਿ ਜਿਨ੍ਹਾਂ ਪਾਸ ਕਮਰੇ ਦੀ ਚਾਬੀ ਨਹੀ ਉਹ ਉਸ ਦੇ ਪਿਛੇ ਚਲੇ ਜਾਣ; ਉਹ ਪ੍ਰਬੰਧ ਕਰੇਗਾ। ਉਹ ਸਾਨੂੰ ਸਾਰਿਆਂ ਨੂੰ ਘੇਰ ਕੇ ਗੁਰਦੁਆਰਾ ਸਾਹਿਬ ਦੇ ਥੱਲੇ ਬੇਸਮੈਂਟ ਵਿਚ ਲੈ ਗਿਆ। ਮੇਰੇ ਜਾਣ ਸਮੇ ਸਾਰਾ ਬੇਸਮੈਂਟ ਵੀ ਰੁਕ ਚੁੱਕਾ ਸੀ। ਅਖੀਰ ਤੇ ਇਕ ਨੁੱਕਰ ਵਿਚ ਥੋਹੜੀ ਜਿਹੀ ਥਾਂ ਖਾਲੀ ਵੇਖ ਕੇ ਅਸੀਂ ਤਿੰਨ 'ਸਿਆਣੇ' ਜਣਿਆਂ ਨੇ ਆਪਣਾ ਟਿੰਡ ਫਹੁੜੀ ਟਿਕਾ ਲਿਆ। ਦੂਜੇ ਦੋਵੇਂ ਸੱਜਣ ਕਿਸੇ ਕਾਰਨ ਬਾਹਰ ਉਪਰ ਜਾਣਾ ਚਾਹੁੰਦੇ ਸਨ। ਮੈ ਆਖਿਆ ਕਿ ਉਹ ਜਾ ਆਉਣ ਮੈ ਉਹਨਾਂ ਦੇ ਸਾਮਾਨ ਅਤੇ ਸਥਾਨ ਦਾ ਧਿਆਨ ਰੱਖਾਂਗਾ। ਕੁਝ ਸਮੇ ਬਾਅਦ ਉਹ ਆ ਗਏ ਤੇ ਮੈ ਵੀ ਇਸ ਖਿਆਲ ਨਾਲ਼ ਬਾਹਰ ਗਿਆ ਕਿ ਸ਼ਾਇਦ ਸ. ਕਸ਼ਮੀਰ ਸਿੰਘ ਹੋਰਾਂ ਵਿਚੋਂ ਕੋਈ ਮੈਨੂੰ ਲਭਦਾ ਫਿਰਦਾ ਮਿਲ਼ ਜਾਵੇ ਪਰ ਕੋਈ ਨਾ ਮਿਲ਼ਿਆ। ਮੈ ਜਦੋਂ ਵਾਪਸ ਆਇਆ ਤਾਂ ਉਹ ਦੋਵੇਂ ਸਿਆਣੇ ਸੱਜਣ ਇਸ ਤਰੀਕੇ ਨਾਲ਼ ਸੌਂ ਗਏ ਕਿ ਮੇਰੇ ਲਈ ਥਾਂ ਨਾ ਬਚਿਆ। ਜੇਕਰ ਉਹ ਦੂਜੇ ਪਾਸੇ ਨੂੰ ਆਪਣੇ ਚਰਨ ਕਰਕੇ ਪੈਂਦੇ ਤਾਂ ਮੇਰੇ ਲਈ ਥਾਂ ਬਚ ਸਕਦਾ ਸੀ। ਮੈ ਕੁਝ ਸਮਾ ਇਕ ਥੜ੍ਹੇ ਉਪਰ ਬੈਠ ਕੇ ਕੱਟ ਲਏ ਤੇ ਫਿਰ ਜਦੋਂ ਵੇਖਿਆ ਕਿ ਦੋ ਵੱਜ ਗਏ ਹਨ ਤਾਂ ਮੈ ਬਾਹਰ ਜਾ ਕੇ ਇਕ ਨਲ਼ਕੇ ਦੀ ਟੂਟੀ ਖੋਹਲ ਕੇ ਪਿੰਡਾਂ ਗਿੱਲਾ ਕਰਨ ਦਾ ਯਤਨ ਕੀਤਾ ਪਰ ਜਦੋਂ ਠੰਡਾ ਪਾਣੀ ਮੇਰੇ ਪਿੰਡੇ ਤੇ ਪਿਆ ਤਾਂ ਮੇਰਾ ਉਤਲਾ ਸਾਹ ਉਤੇ ਤੇ ਥੱਲੇ ਦਾ ਥੱਲੇ ਰਹਿ ਗਿਆ। ਕਿਸੇ ਤਰ੍ਹਾਂ ਬਚ ਬਚਾ ਹੋ ਗਿਆ ਤੇ ਮੈ ਕੱਪੜੇ ਪਾ ਕੇ ਪ੍ਰਕਰਮਾਂ ਵਿਚ ਵਿਚਰਦਿਆਂ ਨਿੱਤਨੇਮ ਵੀ ਕਰ ਲਿਆ। ਹੌਲ਼ੀ ਹੌਲ਼ੀ ਗੁਰਦੁਆਰਾ ਵੀ ਖੁਲ੍ਹ ਗਿਆ ਤੇ ਸੁਖਮਨੀ ਸਾਹਿਬ ਦੇ ਪਾਠ ਉਪ੍ਰੰਤ ਆਸਾ ਦੀ ਵਾਰ ਦਾ ਕੀਰਤਨ ਹੋਣਾ ਸੀ। ਮੈ ਗ੍ਰੰਥੀ ਸਿੰਘ ਨੂੰ ਆਪਣੇ ਕੀਰਤਨ ਕਰਨ ਦੀ ਇੱਛਾ ਪਰਗਟ ਕੀਤੀ ਤਾਂ ਉਹਨਾਂ ਨੇ ਬੜੇ ਵਿਸ਼ਾਲ ਹਿਰਦੇ ਨਾਲ਼ ਇਸ ਦੀ ਆਗਿਆ ਦੇ ਦਿਤੀ। ਰਾਗੀ ਸਿੰਘ ਨੇ ਆਖਿਆ ਕਿ ਪਹਿਲੀ ਅਧੀ ਆਸਾ ਦੀ ਵਾਰ ਉਹਨਾਂ ਨੂੰ ਕਰ ਲੈਣ ਦਿਤੀ ਜਾਵੇ। ਮੈ ਖ਼ੁਸ਼ੀ ਨਾਲ ਇਹ ਮੰਨ ਲਿਆ। ਸੋ ਦੂਜਾ ਅੱਧ ਆਸਾ ਦੀ ਵਾਰ ਦਾ ਕੀਰਤਨ ਮੈਂ ਕੀਤਾ। ਕੀਰਤਨ ਸਮੇ ਜੋੜੀ ਉਪਰ, ਸਿਡਨੀ ਵਾਸੀ ਸ. ਹਰਮੋਹਨ ਸਿੰਘ ਵਾਲੀਆ ਨੇ ਬੜੇ ਉਤਸ਼ਾਹ ਸਹਿਤ ਸਾਥ ਦਿਤਾ। ਗ੍ਰੰਥੀ ਸਿੰਘ ਜੀ ਦੇ ਹੱਥੋਂ ਸਾਨੂੰ ਦੋਹਾਂ ਨੂੰ ਸਿਰੋਪੇ ਦੀ ਬਖ਼ਸ਼ਿਸ਼ ਹੋਈ।
ਦਿਨ ਚੜ੍ਹੇ ਤੇ ਸ. ਕਸ਼ਮੀਰ ਸਿੰਘ ਹੋਰਾਂ ਵੀ ਮੈਨੂੰ ਲਭ ਲਿਆ। ਉਹਨਾਂ ਨੇ ਦੱਸਿਆ ਕਿ ਉਹ ਰਾਤ ਪ੍ਰਕਰਮਾਂ ਵਿਚ ਮੈਨੂੰ ਲਭਦੇ ਰਹੇ ਪਰ ਮੈ ਉਹਨਾਂ ਦੇ ਹੱਥ ਨਾ ਆਇਆ।
ਏਥੇ ਅਸੀਂ ਤਿੰਨ ਰਾਤਾਂ ਰਹੇ। ਵੈਸਾਖੀ ਦੇ ਉਤਸ਼ਵ ਨੂੰ ਉਤਸ਼ਾਹ ਸਹਿਤ ਮਾਣਿਆ। ਪਾਕਿਸਤਾਨ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਾਨਦਾਰ ਲੰਗਰ ਦਾ ਪ੍ਰਬੰਧ ਸੀ। ਕਈ ਪ੍ਰਕਾਰ ਦੇ ਭੋਜਨ ਮਿੱਠੇ, ਸਲੂਣੇ ਆਦਿ ਦਾ ਅਤੁੱਟ ਲੰਗਰ ਤਿੰਨੇ ਦਿਨ ਵਰਤਿਆ। ਸੰਗਤ ਨੇ ਲੰਗਰ ਛਕਣ ਦੇ ਸਮੇ ਵੀ ਭੀੜ ਭੜੱਕਾ ਪਾਈ ਰੱਖਿਆ। ਕੋਈ ਲਾਈਨ ਨਹੀ, ਕੋਈ ਤਰਤੀਬ ਨਹੀ, ਪਰ ਸ਼ਾਬਾਸ਼ ਸੇਵਾਦਾਰਾਂ ਦੇ ਤਹੱਮਲ ਦੇ, ਕਿਸੇ ਨੇ ਮੱਥੇ ਵੱਟ ਨਹੀ ਪਾਇਆ। ਤਿੰਨੇ ਦਿਨ ਸਦਾਵਰਤ ਲਾਈ ਰਖਿਆ। ਕਿਸੇ ਨੂੰ ਕਿਸੇ ਵੀ ਵਸਤੂ ਦੀ ਕਮੀ ਨਹੀ ਆਉਣ ਦਿਤੀ।
ਮੈ ਕਿਸੇ ਸੱਜਣ ਕੋਲ਼ ਖਾਹਸ਼ ਪਰਗਟ ਕੀਤੀ ਕਿ ਵਲੀ ਕੰਧਾਰੀ ਦੀ ਪਹਾੜੀ ਉਪਰ ਹੀ ਜਾ ਆਇਆ ਜਾਵੇ। ਉਸ ਨੇ ਕਿਹਾ, "ਕੀ ਕਰਨਾ ਉਸ ਦੇ ਥਾਂ ਤੇ ਜਾ ਕੇ, ਜੇਹੜਾ ਸਾਡੇ ਬਾਬੇ ਨੂੰ ਪੱਥਰ ਮਾਰਦਾ ਰਿਹਾ!" ਮੈ ਆਖਿਆ, "ਵੇਖੀਏ ਤੇ ਸਹੀ ਉਹ ਕੇਹੜਾ ਸੀ ਜੇਹੜਾ ਸਾਡੇ ਬਾਬੇ ਨੂੰ ਪੱਥਰ ਮਾਰਨ ਦੀ ਜੁਰਅਤ ਕਰਦਾ ਸੀ!" ਖੈਰ, ਗੱਲ ਹਾਸੇ ਵਿਚ ਟਲ਼ ਗਈ। ਦੂਜੇ ਦਿਨ ਮੈ ਵੇਖਿਆ ਕਿ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਬਾਹਰ ਸੰਗਤਾਂ ਇਕੱਤਰ ਹੋ ਰਹੀਆਂ ਸਨ। ਪੁੱਛਣ ਤੇ ਪਤਾ ਲੱਗਾ ਕਿ ਇਹ ਵਲੀ ਕੰਧਾਰੀ ਦੀ ਪਹਾੜੀ ਤੇ ਜਾਣ ਵਾਸਤੇ ਖੜ੍ਹੀਆਂ ਹਨ। ਪੁਲਸ ਵਾਲੇ ਆਖਦੇ ਹਨ ਕਿ ਸਾਰੇ ਇੱਕਠੇ ਹੋ ਜਾਓ ਫਿਰ ਸਾਰਿਆਂ ਨੂੰ ਉਹ ਆਪਣੀ ਰਖਵਾਲੀ ਹੇਠ ਲੈ ਕੇ ਜਾਣਗੇ। ਮੈਂ ਵੀ ਸ਼ਾਮਲ ਹੋ ਗਿਆ। ਵਾਹਵਾ ਚਿਰ ਸਾਨੂੰ ਧੁੱਪੇ ਖੜ੍ਹਾ ਕਰੀ ਰੱਖਿਆ। ਫਿਰ ਅੱਗੇ ਪਿੱਛੇ ਗੰਨਾਂ ਵਾਲੇ ਸਿਪਾਹੀ ਤੇ ਵਿਚਾਲ਼ੇ ਅਸੀਂ ਪਹਾੜੀ ਉਪਰ ਚੜ੍ਹਨ ਲੱਗ ਪਏ। ਨੇੜੇ ਦਿਸਦੀ ਪਹਾੜੀ ਦੀ ਉਚਾਈ ਵਾਹਵਾ ਹੀ ਦੂਰ ਲੱਗੀ। ਮੈਂ ਖ਼ੁਦ ਤੇ ਹੈਰਾਨ ਸਾਂ ਕਿ ਤੇਰਾਂ ਸਾਲ ਪਹਿਲਾਂ ਮੈ ਦੋ ਰਾਤਾਂ ਪੰਜਾ ਸਾਹਿਬ ਵਿਖੇ ਰੁਕਿਆ ਪਰ ਪਹਾੜੀ ਤੇ ਚੜ੍ਹਨ ਦੀ ਜੁਰਅਤ ਨਾ ਕੀਤੀ ਤੇ ਹੁਣ ਸਰੀਰਕ ਪੱਖੋਂ ਹੋਰ ਕਮਜੋਰ ਹੋ ਜਾਣ ਤੇ ਵੀ, ਵੇਖੋ ਵੇਖੀ ਇਹ ਮੋਰਚਾ ਸਰ ਕਰ ਆਇਆ।
ਸਮਾਗਮਾਂ ਦੇ ਅੰਤਲੇ ਦਿਨ ਵਕਫ਼ ਬੋਰਡ ਦੇ ਪ੍ਰਬੰਧਕਾਂ ਅਤੇ ਦੇਸੋਂ ਗਏ ਜਥੇ ਦੇ ਆਗੂਆਂ ਦਾ ਇਕੱਠਾ ਸਦਭਾਵਨਾ ਸਮਾਗਮ ਹੋਇਆ ਜਿਸ ਵਿਚ ਸਿਰੋਪਿਆਂ ਦਾ ਆਦਾਨ ਪ੍ਰਦਾਨ ਕੀਤਾ ਗਿਆ। "ਵਿਚ ਸਾਡਾ ਵੀ ਨਾਂ ਬੋਲੇ" ਵਾਂਗ ਬਾਕੀ ਸਿਰਕਰਦਾ ਸੱਜਣਾਂ ਦੇ ਨਾਲ਼ ਮੈਨੂੰ ਵੀ ਸਿਰੋਪਾ ਬਖ਼ਸ਼ਿਆ ਗਿਆ। ਓਥੋਂ ਗੱਡੀ ਰਾਹੀਂ ਸਾਨੂੰ ਰਾਤ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਲਿਜਾਇਆ ਗਿਆ। ਸਟੇਸ਼ਨ ਤੋਂ ਬੱਸਾਂ ਰਾਹੀਂ ਜਨਮ ਸਥਾਨ ਦੀਆਂ ਸਰਾਵਾਂ ਵਿਚ ਪੁਚਾਇਆ ਗਿਆ।
ਅਗਲੇ ਦਿਨ ਸਾਡੀ ਬਦਲੀ ਸਾਧਾਰਨ ਸਰਾਂ ਤੋਂ ਵੀ.ਆਈ.ਪੀ. ਸਰਾਂ ਵਿਚ ਹੋ ਗਈ। ਸਵੇਰ ਸਮੇ ਕਮਰੇ ਵਾਲ਼ੇ ਬਾਕੀ ਸਾਰੇ ਸੱਜਣ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਹੋਏ ਸਨ ਤੇ ਮੈਂ ਸਵੇਰੇ ਹੀ ਹਾਜਰੀ ਭਰ ਆਇਆ ਹੋਣ ਕਰਕੇ ਇਕੱਲਾ ਹੀ ਕਮਰੇ ਵਿਚ ਸਾਂ। ਕਮਰੇ ਦੇ ਅੱਧ ਖੁਲ੍ਹੇ ਬੂਹੇ ਦੀ ਝੀਥ ਥਾਣੀ ਇਕ ਨੌਜਵਾਨ ਦੀ ਨਿਗਾਹ ਮੇਰੇ ਉਪਰ ਪੈ ਗਈ। ਉਹ ਸੱਜਣ ਜਥੇ ਦੇ ਆਗੂ ਸ. ਅਮ੍ਰੀਕ ਸਿੰਘ ਨੂੰ ਸਾਡੇ ਸਾਹਮਣੇ ਵਾਲ਼ੇ ਕਮਰੇ ਵਿਚ ਮਿਲਣ ਲਈ ਆਇਆ ਸੀ। ਮੈਨੂੰ ਪਛਾਣਦੇ ਹੋਏ ਉਸ ਨੇ ਮੇਰਾ ਨਾਂ ਪਤਾ ਪੁੱਛ ਕੇ ਆਖਿਆ ਕਿ ਉਹ ਕਲਿਆਣ ਸਿੰਘ ਹੈ। ਭਾਵੇਂ ਕਿ ੨੦੦੮ ਵਿਚ ਅਸੀਂ ਚੰਗੀ ਤਰ੍ਹਾਂ ਮਿਲ਼ੇ ਹੋਏ ਸਾਂ ਪਰ ਮੈਨੂੰ ਉਸ ਨੂੰ ਪਛਾਨਣ ਵਿਚ ਵਾਹਵਾ ਹੀ ਚਿਰ ਲੱਗ ਗਿਆ। ਨਾ ਪਛਾਨਣ ਦੇ ਕਾਰਨਾਂ ਵਿਚੋਂ ਇਕ ਇਹ ਵੀ ਸੀ ਕਿ ਪਿਛਲੇ ਚਾਰ ਸਾਲਾਂ ਵਿਚ ਉਹ ਪਹਿਲਾਂ ਨਾਲ਼ੋਂ ਕੁਝ ਮੋਟਾ ਹੋ ਗਿਆ ਹੋਇਆ ਸੀ। ਉਸ ਨੇ ਅੱਗੇ ਦੱਸਿਆ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋਂ ਉਸ ਉਪਰ ਮੇਰੀ ਰਿਹਾਇਸ਼ ਦੇ ਪ੍ਰਬੰਧ ਕਰਨ ਦੀ ਜੁੰਮੇਵਾਰੀ ਲੱਗੀ ਹੋਈ ਸੀ ਤੇ ਉਹ ਮੇਰੇ ਸੜਕ ਰਾਹੀਂ ਆਉਣ ਬਾਰੇ ਸੋਚ ਕੇ ਮੈਨੂੰ ਲਭਦੇ ਰਹੇ। ਉਹਨਾਂ ਨੇ ਨਹੀ ਸੀ ਇਹ ਸੋਚਿਆ ਕਿ ਮੈ ਜਥੇ ਨਾਲ਼ ਰੇਲ ਰਾਹੀਂ ਖੱਜਲ਼ ਖੁਆਰ ਹੁੰਦਾ ਹੋਇਆ ਆਵਾਂਗਾ। ਇਹ ਚੰਗੇ ਸੁਲ਼ਝੇ ਹੋਏ ਪਾਕਿਸਤਾਨੀ ਨੌਜਵਾਨ ਸਿੰਘ ਹਨ ਜੋ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਜਪੁ ਜੀ ਸਾਹਿਬ ਬਾਰੇ ਡਾਕਟ੍ਰੇਟ ਕਰ ਰਹੇ ਹਨ ਤੇ ਨਾਲ਼ ਹੀ ਉਹਨਾਂ ਦੀ ਨਿਯੁਕਤੀ ਕਾਲਜ ਲੈਕਚਰਾਰ ਵਜੋਂ ਵੀ ਹੋ ਚੁੱਕੀ ਸੀ ਪਰ ਅਜੇ ਉਹ ਕਿਸੇ ਕਾਰਨ ਵੱਸ ਡਿਊਟੀ ਤੇ ਹਾਜਰ ਨਹੀ ਸਨ ਹੋਏ। ਗੱਲ ਇਹ ਇਉਂ ਹੋਈ ਕਿ ਏਥੋਂ ਤੁਰਨ ਤੋਂ ਕੁਝ ਦਿਨ ਪਹਿਲਾਂ ਮੈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡੇਹਰਾ ਸਾਹਿਬ ਦੇ ਕੇਅਰ ਟੇਕਰ ਜਨਾਬ ਅਜ਼ਹਰ ਸ਼ਾਹ ਜੀ ਨੂੰ ਈ-ਮੇਲ ਰਾਹੀਂ ਆਪਣੀ ਯਾਤਰਾ ਦੀ ਸੂਚਨਾ ਦੇ ਕੇ, ਰਹਿਣ ਲਈ ਕਮਰੇ ਦਾ ਪ੍ਰਬੰਧ ਕਰਨ ਲਈ ਬੇਨਤੀ ਕਰ ਭੇਜੀ ਸੀ ਪਰ ਉਹਨਾਂ ਵੱਲੋਂ ਜਵਾਬ ਨਾ ਆਇਆ। ਸ. ਕਲਿਆਣ ਸਿੰਘ ਨੇ ਦੱਸਿਆ ਕਿ ਇਹ ਜੁੰਮੇਵਾਰੀ ਕਮੇਟੀ ਨੇ ਉਹਨਾਂ ਦੀ ਲਾ ਦਿਤੀ ਸੀ ਕਿ ਉਹ ਪ੍ਰਬੰਧ ਕਰਨ ਅਤੇ ਇਸ ਦੀ ਸੂਚਨਾ ਵੀ ਮੈਨੂੰ ਦੇ ਦੇਣ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਮੈਨੂੰ ਈ-ਮੇਲ ਰਾਹੀਂ ਜਵਾਬ ਭੇਜਿਆ ਸੀ ਪਰ ਮੈਨੂੰ ਨਹੀ ਸੀ ਮਿਲ਼ਿਆ। ਦੋ ਕੁ ਦਿਨ ਦੀ ਸੋਚ ਵਿਚਾਰ ਪਿੱਛੋਂ ਉਹਨਾਂ ਨੂੰ ਯਾਦ ਆਇਆ ਕਿ ਉਹਨਾਂ ਨੇ ਜਵਾਬ ਤਾਂ ਲਿਖਿਆ ਸੀ ਪਰ ਭੇਜਣ ਤੋਂ ਪਹਿਲਾਂ ਬਿਜਲੀ ਗੁੱਲ ਹੋ ਗਈ ਤੇ ਬਾਅਦ ਵਿਚ ਉਹ ਇਸ ਪ੍ਰਭਾਵ ਵਿਚ ਰਹੇ ਕਿ ਉਹਨਾਂ ਨੇ ਮੈਨੂੰ ਜਵਾਬ ਭੇਜ ਦਿਤਾ ਸੀ। ਖੈਰ, ਮੈ ਕਿਹਾ ਕਿ ਹੁਣ ਤਾਂ ਜਿੰਨਾ ਚਿਰ ਜਥਾ ਏਥੇ ਹੈ ਓਨਾ ਚਿਰ ਮੈਂ ਇਹਨਾਂ ਦੇ ਨਾਲ਼ ਹੀ ਰਹਾਂਗਾ। ਜਦੋਂ ਇਹ ਜਥਾ ਚਲਿਆ ਗਿਆ ਫਿਰ ਮੈ ਤੁਹਾਡੀ ਡਿਸਪੋਜ਼ਲ ਤੇ ਹੋਵਾਂਗਾ ਜਿਥੇ ਚਾਹੇ ਲੈ ਜਾਇਆ ਜੇ ਤੇ ਜੋ 'ਸੇਵਾ' ਕਰਨੀ ਚਾਹੇ ਕਰ ਲਿਓ। ਜਨਮ ਸਥਾਨ ਤੇ ਸਜੇ ਦੀਵਾਨ ਵਿਚ ਭਾਸ਼ਨ ਦੀ ਹਾਜਰੀ ਭਰੀ ਅਤੇ ਸਿਰੋਪਾ ਬਖ਼ਸ਼ਿਸ਼ ਹੋਇਆ।
ਇਸ ਕਿਆਮ ਦੌਰਾਨ ਹੀ ਸ੍ਰੀ ਨਨਕਾਣਾ ਸਾਹਿਬ ਵਿਖੇ ਬਾਰ ਕਲੱਬ ਵਿਚ ਪਾਕਿਸਤਾਨ ਤੇ ਸ਼ਾਇਰਾਂ ਵੱਲੋਂ ਸਾਲਾਨਾ ਵੈਸਾਖੀ ਮੁਸ਼ਾਇਰਾ ਰੱਖਿਆ ਗਿਆ ਸੀ। ਸ. ਕਲਿਆਣ ਸਿੰਘ ਜੀ ਮੈਨੂੰ ਵੀ ਓਥੇ ਲੈ ਗਏ। ਮੈਨੂੰ ਵੀ ਕਵਿਤਾ ਸੁਣਾਉਣ ਦਾ ਸਮਾ ਦੇ ਕੇ ਮਾਣ ਵਧਾਉਣ ਦਾ ਉਦਮ ਕੀਤਾ ਗਿਆ ਪਰ ਮੈ ਤਾਂ ਕਵੀ ਨਹੀ ਹਾਂ। ਸਟੇਜ ਉਪਰ ਕਵਿਤਾ ਨਾਲ਼ ਸਬੰਧਤ ਕੁਝ ਗੱਲਾਂ ਹੀ ਸੁਣਾ ਕੇ ਮੈਂ ਡੰਗ ਸਾਰ ਲਿਆ। ਫਿਰ ਸਾਰੇ ਜਥੇ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਲਾਹੌਰ ਲਿਆਂਦਾ ਗਿਆ। ਮੈਂ ਸਾਥੀਆਂ ਦੇ ਨਾਲ਼ ਹੀ ਗੁਰਦੁਆਰਾ ਸਿੰਘ ਸਿੰਘਣੀਆਂ ਵਿਖੇ ਮਿਲ਼ੇ ਕਮਰੇ ਵਿਚ ਹੀ ਨਿਵਾਸ ਰੱਖਿਆ।
ਮੈ ਪੈਸੇ ਥੋਹੜੇ ਲੈ ਕੇ ਗਿਆ ਸਾਂ ਜੋ ਮੈਨੂੰ ਮੁੱਕਦੇ ਦਿਸੇ। ਸ. ਕਸ਼ਮੀਰ ਸਿੰਘ ਹੋਰਾਂ ਨੇ ਮੈਨੂੰ ਪੰਜ ਹਜਾਰ ਹੁਦਾਰ ਦੇ ਦਿਤੇ ਤੇ ਇਕ ਬੀਬੀ ਨੇ ਵੀ ਆਪਣੇ ਵਧੇ ਪਾਕਿਸਤਾਨੀ ਪੈਸੇ ਮੈਨੂੰ ਦੇ ਦਿਤੇ। ਇਹ ਸਾਰੇ ਪੈਸੇ ਮੈ ਅੰਮ੍ਰਿਤਸਰ ਪੁੱਜਦਿਆਂ ਹੀ ਉਹਨਾਂ ਨੂੰ ਭਾਰਤੀ ਕਰੰਸੀ ਵਿਚ ਵਾਪਸ ਕੀਤੇ। ਇਹ ਪੈਸੇ ਮਿਲਣ ਨਾਲ ਮੇਰਾ ਹੱਥ ਖੁਲ੍ਹਾ ਹੋ ਗਿਆ ਤੇ ਮੈਨੂੰ ਲਾਹੌਰ ਵਿਚ ਵਿਚਰਨ ਸਮੇ ਕੰਜੂਸੀ ਕਰਨ ਦੀ ਮਜਬੂਰੀ ਨਾ ਰਹੀ।
ਜਨਾਬ ਅਜ਼ਹਰ ਸ਼ਾਹ ਜੀ ਨੇ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਗੁਲਾਮ ਜ਼ਿਲਾਨੀ ਵੱਲੋਂ ਜਥੇ ਦੇ ਆਗੂ ਮੁਲਾਕਾਤ ਅਤੇ ਦੁਪਹਿਰ ਦੇ ਖਾਣੇ ਵਾਸਤੇ ਬੁਲਾਏ ਗਏ ਸਨ ਅਤੇ ਅਸੀਂ ਤੁਹਾਨੂੰ ਵੀ ਨਾਲ਼ ਲੈ ਜਾਣ ਲਈ ਲਭਦੇ ਰਹੇ ਪਰ ਤੁਸੀਂ ਲਭੇ ਨਹੀ। ਮੈ ਕਿਹਾ ਕਿ ਚੰਗਾ ਸੀ ਜੇ ਮੈਂ ਵੀ ਚਲਿਆ ਜਾਂਦਾ ਤਾਂ ਮੈਨੂੰ ਬੜੀ ਖ਼ੁਸ਼ੀ ਹੁੰਦੀ ਪਰ ਨਹੀ ਜਾ ਸਕਿਆ ਤਾਂ ਕੋਈ ਗੱਲ ਨਹੀ। ਮੇਰੇ ਨਾ ਜਾਣ ਨਾਲ਼ ਕੋਈ ਫਰਕ ਨਹੀ ਪਿਆ। ਅਗਲੀ ਵਾਰੀ ਦੀ ਯਾਤਰਾ ਸਮੇ ਚਲਿਆ ਜਾਵਾਂਗਾ।
ਇਸ ਠਹਿਰਾ ਸਮੇ ਸਾਨੂੰ 'ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫ਼ੋਰਮ' ਵਿਚ ਲਿਜਾਇਆ ਗਿਆ ਜਿਥੇ ਮੇਰਾ ਭਾਸ਼ਨ ਵੀ ਹੋਇਆ ਅਤੇ ਜਥੇ ਦੇ ਆਗੂ ਦੇ ਨਾਲ਼ ਨਾਲ਼ ਮੈਨੂੰ ਵੀ ਕਿਤਾਬਾਂ ਦਾ ਸੈਟ ਅਤੇ ਸਿਰੋਪਾ ਮਿਲ਼ਿਆ। ਫਿਰ ਸਾਨੂੰ ਸਾਈਂ ਮੀਆਂ ਮੀਰ ਜੀ ਦੇ ਮਜ਼ਾਰ ਉਪਰ ਲਿਜਾਇਆ ਗਿਆ। ਓਥੇ ਵੀ ਸਾਡਾ ਸਿਰੋਪੇ ਵਜੋਂ ਹਰੀਆਂ ਚਾਦਰਾਂ ਬਖ਼ਸ਼ ਕੇ ਸਵਾਗਤ ਕੀਤਾ ਗਿਆ। ਸ੍ਰੀ ਨਨਕਾਣਾ ਸਹਿਬ ਦੁਬਾਰਾ ਜਾਣ ਸਮੇ ਇਹ ਸਾਰਾ ਕੁਝ ਮੈ ਜਨਾਬ ਅਜ਼ਹਰ ਸ਼ਾਹ ਜੀ ਦੇ ਦਫ਼ਤਰ ਵਿਚ ਰੱਖ ਗਿਆ ਤਾਂ ਕਿ ਮੁੜ ਕੇ ਲੈ ਲਵਾਂਗਾ ਪਰ ਮੁੜਨ ਤੇ ਖਾਲੀ ਲਿਫਾਫਾ ਹੀ ਮੇਰੇ ਹੱਥ ਲੱਗਾ ਜਿਸ ਵਿਚ ਇਹ ਸਭ ਕੁਝ ਸੀ। ਸਮੇਤ ਚਾਦਰ ਦੇ ਕਿਤਾਬਾਂ ਅਲੋਪ ਸਨ। ਅਜ਼ਹਰ ਜੀ ਆਖਣ ਲੱਗੇ ਕਿ ਹੋਰ ਮੰਗਵਾ ਦਿੰਦੇ ਹਾਂ। ਮੈ ਕਿਹਾ ਕਿ ਸਿਰੋਪੇ ਮੰਗ ਕੇ ਨਹੀ ਲਏ ਜਾਂਦੇ ਇਹ ਤਾਂ ਦੇਣ ਵਾਲ਼ੀ ਚੰਗੀ ਸੰਸਥਾ ਦੀ ਪ੍ਰਸੰਨਤਾ ਉਪਰ ਨਿਭਰ ਹੁੰਦਾ ਹੈ ਕਿ ਕਿਸ ਨੂੰ ਸਿਰੋਪਾ ਦੇਣਾ ਜਾਂ ਕਿਸ ਨੂੰ ਨਹੀ। ਖੈਰ, ਫ਼ੋਰਮ ਦੇ ਡਾਰਿਕੈਕਟਰ ਨੇ ਕਿਤਾਬਾਂ ਤਾਂ ਮੈਨੂੰ ਹੋਰ ਦੇ ਦਿਤੀਆਂ ਜਦੋਂ ਮੈਂ ਮਿਲਣ ਵਾਸਤੇ ਉਹਨਾਂ ਦੇ ਦਫ਼ਤਰ ਵਿਚ ਗਿਆ। ਇਕ ਰਾਤ ਨੂੰ ਲਾਹੌਰ ਟੀ.ਵੀ. ਉਪਰ ਜਥੇ ਦੇ ਆਗੂ ਦੇ ਨਾਲ਼ ਮੈਨੂੰ ਵੀ ਇੰਟਰਵਿਊ ਵਿਚ ਸ਼ਾਮਲ ਕੀਤਾ ਗਿਆ। ਇਹ ਇਟਰਵਿਊ ਸਿੱਖ ਨੌਜਵਾਨ ਨੇ ਹੋਸਟ ਕੀਤੀ। ਉਸ ਨੇ ਸਾਰਾ ਪ੍ਰੋਗਰਾਮ ਉਰਦੂ ਵਿਚ ਕੀਤਾ ਪਰ ਮੈਂ ਤੇ ਪਾਰਟੀ ਲੀਡਰ ਪੰਜਾਬੀ ਵਿਚ ਹੀ ਬੋਲਦੇ ਰਹੇ। ਪਹਿਲਾਂ ਕੁਝ ਸਮਾ ਵਕਫ਼ ਬੋਰਡ ਦੇ ਚੇਅਰਮੈਨ ਸਾਹਿਬ ਉਰਦੂ ਵਿਚ ਬੋਲੇ ਪਰ ਫਿਰ ਉਹ ਵੀ ਪੰਜਾਬੀ ਵਿਚ ਹੀ ਬੋਲਣ ਲੱਗ ਪਏ। ਨੌਜਵਾਨ ਸਿੱਖ ਸੀ ਅਤੇ ਪੰਜਾਬੀ ਵੀ ਬੜੀ ਸੋਹਣੀ ਬੋਲਦਾ ਸੀ ਪਰ ਉਸ ਨੇ ਦੱਸਿਆ ਕਿ ਕਿਉਂਕਿ ਇਹ ਪ੍ਰੋਗਰਾਮ ਸੰਸਾਰ ਪਧਰ ਤੇ ਜਾਣਾ ਹੁੰਦਾ ਹੈ, ਇਸ ਲਈ ਸਰਕਾਰ ਦੀ ਪਾਲਸੀ ਹੈ ਕਿ ਅਜਿਹੇ ਪਰੋਗਰਾਮ ਉਰਦੂ ਵਿਚ ਹੀ ਕੀਤੇ ਜਾਣ। ੨੦੦੮ ਵਿਚ ਡਾਕਟਰ ਚੀਮਾ ਜੀ ਨੇ ਇਹ ਪ੍ਰੋਗਰਾਮ ਪੰਜਾਬੀ ਵਿਚ ਕੰਡਕਟ ਕੀਤਾ ਸੀ।
ਦਸ ਦਿਨ ਦੀ ਯਾਤਰਾ ਉਪ੍ਰੰਤ ਜਥੇ ਦੇ ਵਾਪਸ ਜਾਣ ਦੀ ਤਿਆਰੀ ਸੀ। ਬਾਕੀ ਸਾਥੀਆਂ ਦੇ ਨਾਲ਼ ਹੀ ਮੈਂ ਵੀ ਲਾਹੌਰ ਰੇਲਵੇ ਸਟੇਸ਼ਨ ਤੱਕ ਗਿਆ ਤਾਂ ਕਿ ਸਾਮਾਨ ਦੀ ਢੋਆ ਢੁਆਈ ਵਿਚ ਉਹਨਾਂ ਦੀ ਮਦਦ ਕੀਤੀ ਜਾ ਸਕੇ। ਓਥੇ ਤਾਂ ਪਹਿਲਾਂ ਵਾਲ਼ੀਆ ਥਾਂਵਾਂ ਨਾਲ਼ੋਂ ਵੀ ਬੁਰਾ ਹਾਲ ਸੀ। ਪਾਕਿਸਤਾਨ ਵਿਚੋਂ ਯਾਤਰੂਆਂ ਨੇ ਏਨਾ ਸਾਮਾਨ ਖ਼੍ਰੀਦਿਆ ਹੋਇਆ ਸੀ ਕਿ ਸਭ ਪਾਸੇ ਧੂਹਾ ਧੂਹੀ ਹੋਰ ਰਹੀ ਸੀ। ਲਾਈਨਾਂ ਵਾਲ਼ੇ ਲਾਈਨਾਂ ਵਿਚ ਲੱਗੇ ਰਹਿ ਗਏ ਤੇ 'ਤਜੱਰਬੇਕਾਰ' ਬੰਦੇ/ਬੰਦੀਆਂ ਆਰਾਮ ਨਾਲ਼ ਸਾਮਾਨ ਸਿਰਾਂ ਤੇ ਚੁੱਕੀ ਤੁਰਦੇ ਹੋਏ ਗੇਟ ਦੇ ਨੇੜੇ ਪੁੱਜ ਗਏ ਜਿਥੇ ਗੇਟ ਖੁਲ੍ਹਣ ਤੇ ਧੁੱਸ ਦੇ ਕੇ ਇਕ ਦੂਜੇ ਦੇ ਉਤੋਂ ਦੀ ਖਿੱਚਾ ਧੂਹੀ ਕਰਨ ਲੱਗ ਪਏ। ਮੈ ਤਾਂ ਸਾਥੀਆਂ ਨਾਲ਼ ਲਾਈਨ 'ਚ ਲੱਗ ਕੇ ਉਹਨਾਂ ਦੇ ਸਾਮਾਨ ਦੀ ਧੱਕੋ ਧੱਕੀ ਵਿਚ ਸਹਾਇਤਾ ਕਰ ਰਿਹਾ ਸਾਂ। ਲਾਈਨ ਜੂੰ ਦੀ ਤੋਰੇ ਤੁਰ ਰਹੀ ਸੀ ਜਦੋਂ ਕਿ ਲਾਈਨੋ ਬਾਹਰੇ ਘੋੜੇ ਦੀ ਰਫ਼ਤਾਰ ਨਾਲ਼ ਅਗੇ ਵੱਲ ਵਧ ਰਹੇ ਸਨ। ਸਾਥੀਆਂ ਨੂੰ ਐਨ ਗੇਟ ਦੇ ਦਰਵਾਜ਼ੇ ਤੇ ਛੱਡ ਕੇ ਵਾਪਸ ਮੁੜ ਆਇਆ।
ਵੇਖਣ ਵਿਚ ਆਇਆ ਹੈ ਕਿ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਤੇ ਜਾਣ ਵਾਲ਼ੇ ਸਾਰੇ ਯਾਤਰੂ ਸਿਰਫ ਯਾਤਰਾ ਵਾਸਤੇ ਹੀ ਗੁਰਪੁਰਬਾਂ ਤੇ ਸ਼ਰਧਾਲੂ ਬਣ ਕੇ ਨਹੀ ਜਾਂਦੇ ਬਲਕਿ ਬਹੁਤ ਸਾਰੇ ਸੱਜਣ/ਸੱਜਣੀਆਂ ਏਧਰੋਂ ਓਧਰ ਤੇ ਓਧਰੋਂ ਏਧਰ ਸਾਮਾਨ ਦੀ ਢੋਆ ਢੁਆਈ ਵੱਲ ਯਾਤਰਾ ਨਾਲ਼ੋਂ ਵਧ ਕੇ ਧਿਆਨ ਦਿੰਦੇ ਹਨ। ਵਿਚਾਰ ਆਈ ਕਿ ਗੁਰਧਾਮਾਂ ਦੀ ਯਾਤਰਾ ਸਮੇ ਵਾਪਾਰਕ ਰੁਚੀ ਕਿਉਂ ਏਨੀ ਪ੍ਰਧਾਨ ਹੈ! ਫਿਰ ਆਪਣੀ ਵੱਲ ਨਿਗਾਹ ਮਾਰੀ ਤਾਂ ਖ਼ੁਦ ਨੂੰ ਵੀ ਦੋਸ਼ੀ ਪਾਇਆ। ਇਹ ਠੀਕ ਹੈ ਕਿ ਬਾਕੀ ਯਾਤਰੂ ਆਪਣੇ ਰਿਸ਼ੇਤਦਾਰਾਂ ਮਿੱਤਰਾਂ ਨੂੰ ਖ਼ੁਸ਼ ਕਰਨ ਲਈ ਜਾਂ ਚਾਰ ਪੈਸੇ ਦੇ ਲਾਭ ਲਈ ਸਾਮਾਨ ਚੁੱਕੀ ਫਿਰਦੇ ਸਨ ਪਰ ਮੈਂ ਵੀ ਤਾਂ ਅੱਸੀ ਕਿਤਾਬਾਂ ਦਾ ਬੰਡਲ ਸਾਰੇ ਪਾਕਿਸਤਾਨ ਵਿਚ ਧੂਹੀ ਫਿਰਦਾ ਸਾਂ। ਭਾਵੇਂ ਕਿ ਮੇਰੇ ਸਾਹਮਣੇ ਨਿਸ਼ਾਨਾ ਨਕਦ ਪੈਸਾ ਨਹੀ ਸੀ ਪਰ ਮੇਰੀਆਂ ਲਿਖਤਾਂ ਦੁਨੀਆ ਭਰ ਦੇ ਪੰਜਾਬੀ ਪਾਠਕਾਂ ਦੇ ਹੱਥਾਂ ਤੱਕ, ਬਿਨਾ ਡਾਕ ਖ਼ਰਚ ਲਾਏ ਦੇ, ਪੁੱਜ ਜਾਣ ਦਾ ਲਾਲਚ ਤਾਂ ਮੈਨੂੰ ਹੈ ਹੀ ਸੀ। ਨਕਦੀ ਮਾਇਆ ਦਾ ਨਹੀ ਤਾਂ ਮਾਣ ਦੀ ਮਾਇਆ ਦਾ ਲਾਲਚ ਤਾਂ ਮੈਨੂੰ ਵੀ ਸੀ। ਸਿਆਣੇ ਠੀਕ ਹੀ ਆਖਦੇ ਨੇ ਕਿ ਜੇ ਇਕ ਉਂਗਲ਼ ਦੂਜੇ ਵੱਲ ਕਰੀਏ ਤਾਂ ਤਿੰਨ ਉਂਗਲ਼ਾਂ ਆਪਣੇ ਵੱਲ ਬਿਨਾ ਯਤਨ ਹੀ ਹੋ ਜਾਂਦੀਆਂ ਹਨ।
ਰੇਲਵੇ ਸਟੇਸ਼ਨ ਤੋਂ ਵਾਪਸੀ ਤੇ ਮੈ ਆਪਣਾ 'ਲਟਾ ਪਟਾ' ਚੁੱਕਿਆ ਤੇ ਭਾਈ ਸਾਹਿਬ ਜੀ ਨੂੰ ਫ਼ਤਿਹ ਬੁਲਾ ਕੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਆ ਡੇਰਾ ਲਾਇਆ। ਕੇਅਰ ਟੇਕਰ ਜਨਾਬ ਅਜ਼ਹਰ ਸ਼ਾਹ ਜੀ ਨੇ ਕਮਰਾ ਰਹਿਣ ਲਈ ਦੇ ਦਿਤਾ। ਜਥੇ ਦੇ ਤੁਰ ਜਾਣ ਮਗਰੋਂ ਹੁਣ ਮੈ ਸੁਤੰਤਰ ਸਾਂ ਅਤੇ ਸ. ਕਲਿਆਣ ਸਿੰਘ ਕੋਲ਼ ਵੀ ਰਿਹਾਇਸ਼ ਲਈ ਕਮਰਾ ਏਥੇ ਹੀ ਸੀ। ਉਹ ਮੈਨੂੰ ਆਪਣੇ ਨਾਲ਼ ਫਿਰ ਸ੍ਰੀ ਨਨਕਾਣਾ ਸਾਹਿਬ ਲੈ ਗਏ। ਓਥੇ ਮੇਰੀ ਰਿਹਾਇਸ਼ ਦਾ ਢੁਕਵਾਂ ਪ੍ਰਬੰਧ ਕਰ ਦਿਤਾ ਜਿਥੇ ਇੰਟਰਨੈਟ, ਗਰਮ ਪਾਣੀ, ਲੰਗਰ ਆਦਿ ਦੀ ਪੂਰੀ ਸਹੂਲਤ ਸੀ। ਉਹਨਾਂ ਦਾ ਆਪਣਾ ਘਰ ਵੀ ਸ੍ਰੀ ਨਨਕਾਣਾ ਸਾਹਿਬ ਵਿਖੇ ਹੀ ਹੈ। ਇਕ ਵਿਆਹ ਸਮੇ ਸੰਗਤਾਂ ਨੂੰ ਸੰਬੋਧਨ ਕਰਨ ਅਤੇ ਦੋ ਦਿਨ ਗੁਰਦੁਆਰਾ ਜਨਮ ਸਥਾਨ ਵਿਖੇ ਸ਼ਾਮ ਨੂੰ ਸਜਣ ਵਾਲ਼ੇ ਦੀਵਾਨ ਵਿਚ ਕਥਾ ਕਰਨ ਦਾ ਸੁਭਾਗ ਪਰਾਪਤ ਹੋਇਆ। ਤੀਜੇ ਦਿਨ ਐਵੇਂ ਢਿੱਲ ਵਿਚ ਹੀ ਹਾਜਰੀ ਭਰਨ ਤੋਂ ਮੈਂ ਘੇਸਲ਼ ਮਾਰ ਲਈ।
ਲਾਹੌਰ ਦੇ ਕਿਆਮ ਦੌਰਾਨ ਸ. ਕਲਿਆਣ ਸਿੰਘ ਨੇ ਦੋ ਦਿਨ ਮੇਰੀ ਯਾਤਰਾ ਲਾਹੌਰ ਯੂਨੀਵਰਸਿਟੀ ਵਿਚ ਕਰਵਾਈ ਜਿਥੇ ਵੱਖ ਵੱਖ ਵਿਦਵਾਨਾਂ ਨਾਲ ਮੁਲਾਕਾਤਾਂ ਹੋਈਆਂ। ਮੈ ਆਪਣੀਆਂ ਕਿਤਾਬਾਂ ਉਹਨਾਂ ਵਿਦਵਾਨਾਂ ਨੂੰ ਭੇਟਾ ਕੀਤੀਆਂ ਜੋ ਉਹਨਾਂ ਨੇ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕੀਤੀਆ। ਫਿਰ ਵਾਪਸੀ ਦਾ ਵਿਚਾਰ ਬਣਿਆ ਤਾਂ ਕਲਿਆਣ ਸਿੰਘ ਨੇ ਆਖਿਆ ਕਿ ਉਹ ਮੈਨੂੰ ਵਾਹਗਾ ਬਾਰਡਰ ਤੱਕ ਕਾਰ ਤੇ ਛਡ ਆਉਣਗੇ। ਇਕ ਹੋਰ ਸਰਦਾਰ ਜੀ ਨੇ ਵੀ ਅਜਿਹੀ ਪੇਸ਼ਕਸ਼ ਕੀਤੀ ਪਰ ਮੇਰਾ ਵਿਚਾਰ ਲਾਹੌਰ ਅੰਮ੍ਰਿਤਸਰ ਵਿਚਾਲ਼ੇ ਚੱਲਣ ਵਾਲ਼ੀ ਬੱਸ ਰਾਹੀਂ ਮੁੜਨ ਦਾ ਬਣ ਗਿਆ। ਤੁਰਨ ਤੋਂ ਇਕ ਦਿਨ ਪਹਿਲਾਂ ਉਸ ਬੱਸ ਦੇ ਡਰਾਈਵਰ ਸ. ਅਮ੍ਰੀਕ ਨਾਲ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮੇਲ ਵੀ ਹੋ ਗਿਆ ਤੇ ਮੈਂ ਉਸ ਦੇ ਨਾਲ਼ ਜਾਣ ਦਾ ਪ੍ਰੋਗਰਾਮ ਬਣਾ ਲਿਆ। ਜਦੋਂ ਅਜ਼ਹਰ ਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਮੈਨੂੰ ਮਨਾਹ ਕਰਨ ਦੇ ਨਾਲ਼ ਵਾਹਗੇ ਤੱਕ ਪੁਚਾਉਣ ਦਾ ਇਕਰਾਰ ਵੀ ਕੀਤਾ ਪਰ ਮੈਂ ਆਪਣੇ ਫੈਸਲੇ ਉਪਰ ਕਾਇਮ ਹੀ ਰਿਹਾ। ਅਗਲੇ ਦਿਨ ਸ. ਕਲਿਆਣ ਸਿੰਘ ਅਤੇ ਇਕ ਹੋਰ ਨੌਜਵਾਨ ਮੈਨੂੰ ਗੁਲਮਰਗ ਆਬਾਦੀ, ਜਿਥੋਂ ਬੱਸ ਚੱਲਣੀ ਸੀ, ਕਾਰ ਉਪਰ ਛੱਡਣ ਗਏ। ਇਹ ਆਬਾਦੀ ਗੁਰਦੁਆਰਾ ਡੇਹਰਾ ਸਾਹਿਬ ਤੋਂ ਕਾਫੀ ਦੂਰ ਹੈ। ਸ. ਅਮ੍ਰੀਕ ਸਿੰਘ ਹੋਰੀਂ ਅਜੇ ਆਪਣੇ ਹੋਟਲ ਵਿਚੋਂ ਓਥੇ ਪਹੁੰਚੇ ਨਹੀ ਸਨ। ਓਥੇ ਦੇ ਸਟਾਫ਼ ਨੇ ਆਸ ਤੋਂ ਉਲ਼ਟ ਸਾਡੇ ਨਾਲ਼ ਵਾਹਵਾ ਹੀ ਠੰਡਾ ਵਰਤਾ ਕੀਤਾ। ਮੇਰੇ ਨਾਲ਼ ਗਏ ਨੌਜਵਾਨਾਂ ਨੂੰ ਅੰਦਰ ਜਾਣ ਤੋਂ ਵੀ ਰੋਕਣ ਦਾ ਯਤਨ ਕੀਤਾ। ਪਤਾ ਲੱਗਾ ਕਿ ਜਿੱਦਣ ਭਾਰਤ ਵਾਲ਼ਿਆਂ ਦੀ ਬੱਸ ਜਾਣੀ ਹੋਵੇ ਉਸ ਦਿਨ ਇਹ ਯਾਤਰੂਆਂ ਨਾਲ਼ ਇਸ ਤਰ੍ਹਾਂ ਹੀ ਠੰਡੇ ਪੇਸ਼ ਆਉਂਦੇ ਹਨ। ਜਿਸ ਦਿਨ ਪਾਕਿਸਤਾਨ ਦੀ ਬੱਸ ਦੀ ਵਾਰੀ ਹੋਵੇ ਉਸ ਦਿਨ ਯਾਤਰੂਆਂ ਨਾਲ਼ ਨਿਘਾ ਵਰਤਾ ਕਰਦੇ ਹਨ। ਅਧਿਕਾਰੀਆਂ ਦੇ ਖੁਸ਼ਕ ਵਰਤਾ ਕਾਰਨ ਉਹ ਨੌਜਵਾਨ ਮੈਨੂੰ ਓਥੇ ਛੱਡ ਕੇ ਛੇਤੀ ਹੀ ਮੁੜ ਗਏ। ਖੈਰ, ਮੈ ਇਸ ਦਾ ਹੱਲ ਲਭ ਲਿਆ ਜਿਸ ਕਰਕੇ ਮੇਰੇ ਨਾਲ਼ ਸਟਾਫ਼ ਚੰਗੀ ਤਰ੍ਹਾਂ ਪੇਸ਼ ਆਉਣ ਲੱਗ ਪਿਆ। ਬੱਸ ਬੜੀ ਸ਼ਾਨਦਾਰ ਅਤੇ ਏ.ਸੀ. ਹੈ। ਬੱਸ ਦੇ ਅੱਗੇ ਅੱਗੇ ਸੈਕਿਉਰਟੀ ਵਜੋਂ ਪੁਲਸ ਦੀ ਜੀਪ ਚੱਲਦੀ ਹੈ ਜੋ ਸੜਕ ਨੂੰ ਬਾਕੀ ਟ੍ਰੈਫਿਕ ਤੋਂ ਖਾਲੀ ਕਰਵਾਉਂਦੀ ਜਾਂਦੀ ਹੈ। ਇਸ ਤਰ੍ਹਾਂ ਉਹ ਵਾਹਗੇ ਤੱਕ ਛੱਡ ਕੇ ਮੁੜਦੀ ਹੈ ਤੇ ਓਥੋਂ ਅੱਗੇ ਭਾਰਤ ਦੀ ਪੁਲੀਸ ਵਾਲ਼ੇ ਇਹ ਡਿਊਟੀ ਸਾਂਭ ਲੈਂਦੇ ਹਨ ਤੇ ਅੰਮ੍ਰਿਤਸਰ ਜੀ.ਟੀ. ਰੋਡ ਉਪਰ ਵਾਕਿਆ, ਇਸ ਬੱਸ ਲਈ ਬਣੇ ਹੋਏ ਉਚੇਚੇ ਅੱਡੇ ਉਪਰ ਪੁਚਾ ਦਿੰਦੀ ਹੈ।
ਇਸ ਵਾਰੀ ਦੀ ਜਥੇ ਨਾਲ਼ ਕੀਤੀ ਗਈ ਯਾਤਰਾ ਤੋਂ ਕੁਝ ਵਿਚਾਰ ਆਏ ਹਨ ਪਾਠਕਾਂ ਅਤੇ ਜੁੰਮੇਵਾਰ ਸੱਜਣਾਂ ਨਾਲ਼ ਸੰਖੇਪ ਵਿਚ ਸਾਂਝੇ ਕਰ ਲੈਣੇ ਸ਼ਾਇਦ ਲਾਭਵੰਦੇ ਹੋਣ।
ਜਥੇ ਦੇ ਮੁਖੀ ਆਗੂ, ਜੋ ਕਿ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਕੋਈ ਨਾ ਕੋਈ ਪਤਵੰਤਾ ਸੱਜਣ ਹੀ ਥਾਪਿਆ ਜਾਂਦਾ ਹੈ; ਉਸ ਨੂੰ ਚਾਹੀਦਾ ਹੈ ਕਿ ਉਹ ਹੋਰ ਸਰਗਰਮੀ ਨਾਲ਼ ਜਥੇ ਦੀ ਅਗਵਾਈ ਕਰੇ। ਜਥੇ ਦੇ ਨਾਲ਼ ਜਾਵੇ ਤੇ ਜਥੇ ਦੇ ਨਾਲ਼ ਹੀ ਵਾਪਸ ਆਵੇ ਅਤੇ ਲੋੜ ਪੈਣ ਤੇ ਜਥੇ ਦੀ ਹਰ ਥਾਂ ਅਗਵਾਈ ਕਰੇ। ਇਹ ਠੀਕ ਹੈ ਕਿ ਓਥੇ ਪਾਕਿਸਤਾਨ ਵਕਫ਼ ਬੋਰਡ ਦੇ ਹੀ ਕੰਟਰੋਲ ਵਿਚ ਹੀ ਸਭ ਕੁਝ ਹੈ ਤੇ ਸ਼੍ਰੋਮਣੀ ਕਮੇਟੀ ਦੀ ਓਥੋਂ ਦੇ ਪ੍ਰਬੰਧ ਵਿਚ ਕੋਈ ਸੇ ਨਹੀ ਪਰ ਫਿਰ ਵੀ ਯਾਤਰੂਆਂ ਨੂੰ ਇਸ ਗੱਲ ਦਾ ਹੌਸਲਾ ਰਹੇਗਾ ਕਿ ਉਹਨਾਂ ਦਾ ਮੁਖੀ ਉਹਨਾਂ ਦੇ ਨਾਲ਼ ਹੈ। ਫਿਰ ਹਰੇਕ ਥਾਂ ਉਹ ਆਪਣੇ ਸਹਿਕਰਮੀਆਂ ਅਤੇ ਸਟਾਫ਼ ਦੀ ਸਹਾਇਤਾ ਨਾਲ਼, ਜਥੇ ਵਿਚ ਡਸਿਪਲਿਨ ਰੱਖਣ ਵਿਚ, ਕਿਸੇ ਹੱਦ ਤੱਕ ਸਫ਼ਲ ਹੋ ਸਕਦਾ ਹੈ। ਵੇਖਣ ਵਿਚ ਆਇਆ ਹੈ ਕਿ ਜਥੇ ਦਾ ਮਾਨਯੋਗ ਆਗੂ ਆਪਣੇ ਸਹਾਇਕਾਂ ਸਮੇਤ ਕਾਰ ਰਾਹੀਂ ਪਾਕਿਸਤਾਨ ਚਲਿਆ ਜਾਂਦਾ ਹੈ ਤੇ ਓਥੇ ਯੋਗ ਢੁਕਵਾਂ ਮਾਣ ਸਨਮਾਨ ਵੀ ਹਰੇਕ ਥਾਂ ਪਰਾਪਤ ਕਰਦਾ ਹੈ ਪਰ ਜਥੇ ਦੇ ਮੈਂਬਰਾਂ ਨੂੰ ਨਹੀ ਪਤਾ ਹੁੰਦਾ ਕਿ ਉਹਨਾਂ ਦਾ ਜਥੇਦਾਰ ਕੌਣ ਹੈ ਤੇ ਉਹ ਸਾਰੀ ਯਾਤਰਾ ਦੇ ਦੌਰਾਨ ਕਿਥੇ ਰਹਿੰਦਾ ਹੈ। ਰਹੀ ਗੱਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੀ; ਉਸ ਬਾਰੇ ਤਾਂ ਇਕੋ ਹੀ ਮਿਸਾਲ ਕਾਫ਼ੀ ਹੋਵੇਗੀ ਕਿ ਜੇਹੜਾ ਮੈਂਬਰ ਰਿਹਾਇਸ਼ ਦਾ ਇਨਚਾਰਜ ਕਾਗਜ਼ਾਂ ਵਿਚ ਦਰਸਾਇਆ ਗਿਆ ਸੀ ਉਹ ਮੈਨੂੰ ਗੁਰਦੁਆਰਾ ਡੇਹਰਾ ਸਾਹਿਬ ਦੇ ਗ੍ਰੰਥੀ ਦੇ ਕਮਰੇ ਵਿਚ ਇਕ ਦਿਨ ਬੈਠਾ ਦਿਸਿਆ। ਉਸ ਦੇ ਆਪਣੇ ਕੋਲ ਨਾ ਕੋਈ ਕਮਰਾ ਤੇ ਨਾ ਕੋਈ ਦਫ਼ਤਰ ਸੀ। ਜਦੋਂ ਉਸ ਦੇ ਆਪਣੇ ਕੋਲ ਹੀ ਕੁਝ ਨਹੀ ਤਾਂ ਉਹ ਯਾਤਰੂਆਂ ਨੂੰ ਕੀ ਦੇਵੇਗਾ! ਵਕਫ਼ ਬੋਰਡ ਦੇ ਸੂਝਵਾਨ ਸੱਜਣ ਅਤੇ ਆਗੂ ਲਗਦੀ ਵਾਹ ਪੂਰਾ ਯਤਨ ਕਰਦੇ ਹਨ ਕਿ ਵਸੀਲਿਆਂ ਅਨੁਸਾਰ ਉਹ ਜਥੇ ਨੂੰ ਯਾਤਰਾ ਸਮੇ ਵਧ ਤੋਂ ਵਧ ਸਹੂਲਤਾਂ ਮੁਹਈਆ ਕਰਵਾਉਣ ਅਤੇ ਉਹ ਅਜਿਹਾ ਕਰਦੇ ਵੀ ਹਨ।
ਇਸ ਦੇ ਨਾਲ਼ ਹੀ ਵੱਡੇ ਜਥੇ ਵਿਚ ਜੋ ਮਿਨੀ ਜਥੇ ਹੁੰਦੇ ਹਨ ਉਹਨਾਂ ਦੇ ਜਥੇਦਾਰ ਵੀ ਆਪੋ ਆਪਣੇ ਜਥੇ ਦਾ ਉਚੇਚਾ ਧਿਆਨ ਰੱਖਣ ਜੋ ਕਿ ਉਹ ਰੱਖਦੇ ਵੀ ਹੋਣਗੇ ਜਿਵੇਂ ਸਾਡੇ ਜਥੇਦਾਰ ਕਸ਼ਮਰਿ ਸਿੰਘ ਨੇ ਸਾਡਾ ਰੱਖਿਆ। ਇਸ ਤੋਂ ਇਲਾਵਾ ਉਹ ਆਪਣੇ ਜਥੇ ਨੂੰ ਥਾਂ ਪਰ ਥਾਂ ਲਾਈਨਾਂ ਵਿਚ ਖਲੋ ਕੇ ਆਪਣਾ ਕੰਮ ਭੁਗਤਾਉਣ ਲਈ ਵੀ ਅਗਵਾਈ ਦੇਣ। ਪਾਕਿਸਤਾਨ ਦੀ ਪੁਲਿਸ ਕਿਤੇ ਵੀ ਦਖ਼ਲ ਨਹੀ ਦਿੰਦੀ। ਅਜਿਹਾ ਵਰਤਾ ਉਹ ਪ੍ਰਾਹੁਣਾਚਾਰੀ ਦੇ ਲਿਹਾਜ ਕਾਰਨ ਵੀ ਕਰਦੇ ਹਨ। ਜਥੇ ਵਾਲ਼ੇ ਜਿਵੇਂ ਮਰਜੀ 'ਗੁੱਥਮਗੁੱਥਾ' ਹੋਈ ਜਾਣ ਉਹ ਦੁਆਲੇ ਖਲੋਤੇ 'ਤਮਾਸ਼ਾ' ਵੇਖੀ ਜਾਂਦੇ ਹਨ ਪਰ ਕਿਸੇ ਨੂੰ ਆਖਦੇ ਕੁਝ ਨਹੀ। ਹਾਂ, ਮਿਲੀ ਹਿਦਾਇਤ ਅਨੁਸਾਰ ਉਹ 'ਰਾਮਕਾਰ' ਅਰਥਾਤ ਆਪਣੇ ਘੇਰੇ ਤੋਂ ਬਾਹਰ ਨਹੀ ਕਿਸੇ ਨੂੰ ਜਾਣ ਦਿੰਦੇ।
ਇਸ ਬੱਸ ਰਾਹੀਂ ਆਉਣ ਦਾ ਵਿਚਾਰ ਬਣਾ ਕੇ, ਜਥੇ ਨਾਲ਼ ਜਾਣ ਵਾਂਗ ਹੀ ਮੈਂ ਪੰਗਾ ਜਿਹਾ ਲੈ ਲਿਆ। ਦੋਹਾਂ ਦੇਸਾਂ ਦੇ ਕਸਟਮ ਤੇ ਇਮੀਗ੍ਰੇਸ਼ਨ ਵਾਲ਼ਿਆਂ ਨੇ ਪੁੱਛਣਾ ਕਿ ਮੈ ਬੱਸ ਰਾਹੀਂ ਆਇਆ ਹਾਂ ਜਾਂ ਕਿ ਵੱਖਰਾ। ਮੇਰੇ ਬੱਸ ਰਾਹੀਂ ਆਇਆ ਦੱਸਣ ਤੇ ਉਹਨਾਂ ਨੇ ਮੈਨੂੰ ਵੀ ਬਾਕੀ ਸਵਾਰੀਆਂ ਵਿਚ ਸ਼ਾਮਲ ਕਰ ਲੈਣਾ ਤੇ ਇਸ ਤਰ੍ਹਾਂ ਬੇਲੋੜੀ ਦੇਰੀ ਦਾ ਕਾਰਨ ਬਣਨਾ। ਫਿਰ ਹੋਰ ਵੀ ਇਕ ਅਣਚਾਹੀ ਗੱਲ ਹੋਈ ਕਿ ਇਕ ਸੱਜਣ ਨੇ ਕੁਝ ਤੇਲ ਜਿਹੇ ਦੀਆਂ ਬੋਤਲਾਂ ਆਪਣੇ ਨਾਲ਼ ਚੁੱਕ ਲਈਆਂ। ਉਹਨਾਂ ਨੂੰ ਪਹਿਲਾਂ ਤਾਂ ਮੇਰੀ ਸੀਟ ਦੇ ਮੋਹਰੇ ਪੈਰਾਂ ਵਾਲ਼ੀ ਖਾਲੀ ਥਾਂ ਤੇ ਟਿਕਾ ਦਿਤਾ। ਮੈ ਕੁਝ ਨਾ ਆਖਿਆ। ਫਿਰ ਕੁਝ ਸਮੇ ਪਿਛੋਂ ਰਾਹ ਵਿਚ ਆਖਣ ਲੱਗਾ ਕਿ ਇਹ ਫਲਾਣੇ ਸੰਤਾਂ ਵਾਸਤੇ ਸਪੈਸ਼ਲ ਤੇਲ ਹੈ ਤੇ ਇਹ ਤੁਹਾਡੇ ਨਾਂ ਤੇ ਹੀ ਖੜਨਾ ਹੈ। ਬੇਲੋੜੀ ਲਿਹਾਜੂ ਬਿਰਤੀ ਦਾ ਹੋਣ ਕਰਕੇ ਮੈ ਝੇਂਪ ਜਿਹੀ ਵਿਚ, ਨਾ ਚਾਹੁੰਦਿਆਂ ਹੋਇਆਂ ਵੀ, ਉਸ ਨੂੰ ਨਾਂਹ ਨਾ ਕਰ ਸਕਿਆ ਪਰ ਅੰਦਰੋਂ ਮੈ ਇਸ ਗੱਲ ਤੇ ਖ਼ੁਸ਼ ਨਹੀ ਸਾਂ। ਸੋਚਦਾ ਸਾਂ ਕਿ ਜੇ ਇਹ ਕੋਈ ਗ਼ਲਤ ਚੀਜ ਨਹੀਂ ਤਾਂ ਉਹ ਮੇਰੇ ਨਾਲ਼ੋਂ ਕਿਤੇ ਵਧ ਰਸੂਖ਼ ਦਾ ਮਾਲਕ ਹੈ, ਉਹ ਖ਼ੁਦ ਕਿਉਂ ਨਹੀ ਇਹਨਾਂ ਬੋਤਲਾਂ ਦਾ ਵਾਰਸ ਬਣ ਕੇ ਆਪਣੇ ਨਾਂ ਹੇਠ ਲਿਜਾਂਦਾ! ਮੈਂ ਹਮੇਸ਼ਾਂ ਹੀ ਦੂਜਿਆਂ ਨੂੰ ਇਹ ਮੱਤਾਂ ਦਿੰਦਾ ਰਹਿੰਦਾ ਹਾਂ ਕਿ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਦਾਖਲ ਹੋਣ ਸਮੇ ਕਿਸੇ ਦੀ ਕੋਈ ਚੀਜ ਆਪਣੇ 'ਚ ਹੱਥ ਨਹੀ ਫੜਨੀ ਪਰ ਆਪਣੇ ਅਜਿਹੇ ਸਮੇ ਮੈਨੂੰ ਕਿਸੇ ਨੂੰ ਨਾਂਹ ਕਰਨ ਦਾ ਚੇਤਾ ਹੀ ਭੁੱਲ ਜਾਂਦਾ ਹੈ। ਸ਼ਾਇਦ ਉਸ ਸੱਜਣ ਦੀ ਮੇਰੇ ਬਾਰੇ ਵਿਅੰਗ ਵਿਚ ਆਖੀ ਇਹ ਗੱਲ ਸਹੀ ਹੀ ਹੋਵੇ! ਗੱਲ ਇਹ ਇਉਂ ਹੋਈ ਕਿ ਕੁਝ ਸਾਲ ਪਹਿਲਾਂ ਇਕ ਸੂਝਵਾਨ ਸੱਜਣ ਮੇਰੇ ਮੋਢਿਆਂ ਉਤੋਂ ਦੀ ਬਾਂਹ ਵਲ਼ਾ ਕੇ ਤੇ ਥੋਹੜਾ ਜਿਹਾ ਇਕ ਪਾਸੇ ਨੂੰ ਕਰਕੇ ਆਖਣ ਲੱਗਾ, "ਆਓ ਗਿਆਨੀ ਜੀ ਸਾਨੂੰ ਕੋਈ ਅਕਲ ਦੀ ਗੱਲ ਦੱਸੋ।" ਕੁਝ ਦੂਰੀ ਤੇ ਖਲੋਤਾ ਉਸ ਦਾ ਇਕ ਹੋਰ ਸਿਆਣਾ ਸਾਥੀ ਆਖਣ ਲੱਗਾ, "ਚਾਲੀ ਸਾਲ ਹੋ ਗਏ ਗਿਆਨੀ ਜੀ ਨੂੰ ਅਕਲ ਵੰਡਦਿਆਂ; ਇਹਨਾਂ ਕੋਲ਼ ਬਚੀ ਆ!" ਗੱਲ ਵਿਚ ਕੁਝ ਸਚਾਈ ਲੱਗਦੀ ਹੈ ਕਿ ਲੋਕਾਂ ਨੂੰ ਨਸੀਹਤਾਂ ਦੇਣ ਵਾਲਾ ਆਪ ਮੈ ਕਈ ਵਾਰ ਅਜਿਹੇ 'ਭੰਬਲ਼ਭੂਸੇ' ਜਿਹੇ ਵਿਚ ਫਸ ਚੁਕਾ ਹਾਂ। ਦੀਵਾ ਦੂਜਿਆਂ ਨੂੰ ਤਾਂ ਭਾਵੇਂ ਚਾਨਣਾ ਰਾਹ ਵਿਖਾ ਦਿੰਦਾ ਹੈ ਪਰ ਉਸ ਦੇ ਆਪਣੇ ਚਰਨਾਂ ਵਿਚ ਹਨੇਰਾ ਹੀ ਰਹਿੰਦਾ ਹੈ। ਇਹ ਵੱਖਰੀ ਗੱਲ ਹੈ ਕਿ ਰੱਬ ਦੀ ਰਹਿਮਤ ਸਦਕਾ ਅਜੇ ਤੱਕ ਇਸ ਪੱਖੋਂ ਮੈਨੂੰ ਕੋਈ ਸਮੱਸਿਆ ਨਹੀ ਆਈ ਪਰ ਕੀ ਪਤਾ ਕਦੋਂ ਕਿਥੇ ਕੀ ਹੋ ਜਾਵੇ! ਰੱਬ ਤੇ ਭਰੋਸਾ ਹੋਣਾ ਤਾਂ ਚੰਗੀ ਗੱਲ ਹੈ ਪਰ ਉਸ ਨੂੰ ਵੀ ਏਨੀ ਖੇਚਲ਼ ਨਹੀ ਦੇਣੀ ਚਾਹੀਦੀ। ਉਸ ਨੂੰ ਹੋਰ ਵੀ ਬਹੁਤ ਕੰਮ ਹਨ; ਉਹ ਕੇਵਲ ਸਾਡੇ ਲਈ ਹੀ ਨਹੀ ਵੇਹਲਾ ਬੈਠਾ। ਉਸ ਦੇ ਦਿਤੇ ਦਿਮਾਗ ਕੋਲ਼ੋਂ ਵੀ ਕੰਮ ਲੈ ਲੈਣਾ ਚਾਹੀਦਾ ਹੈ।
ਅੰਮ੍ਰਿਤਸਰ ਆ ਕੇ ਫਿਰ ਕਿਤਾਬਾਂ ਦੀ ਛਪਵਾਈ ਵਾਲ਼ੇ ਪਾਸੇ ਹੋਇਆ। 'ਬਾਤਾਂ ਬੀਤੇ ਦੀਆਂ' ਦੇ ਅੰਗ੍ਰੇਜ਼ੀ ਤਰਜਮੇ ਨੂੰ ਸ. ਗੁਰਸਾਗਰ ਸਿੰਘ ਹੋਰਾਂ ਨੇ ਹੋਰ ਸੋਧਣ ਦੀ ਲੋੜ ਦੱਸੀ। ਇਹ ਪੌਣੇ ਪੰਜ ਸੌ ਪੰਨੇ ਦੀ ਕਿਤਾਬ ਮੈ ਖ਼ੁਦ ਹੀ ਅੰਗ੍ਰੇਜ਼ੀ ਵਿਚ ਟਾਈਪ ਕੀਤੀ ਸੀ ਤੇ ਇਸ ਲਈ ਇਸ ਵਿਚ ਗ਼ਲਤੀਆਂ ਆਮ ਨਾਲ਼ੋਂ ਵਧ ਹੀ ਰਹਿ ਗਈਆਂ ਸਨ ਤੇ ਫਿਰ ਮੈ ਟਾਈਪ ਕੀਤੇ ਨੂੰ ਪੜ੍ਹ ਕੇ ਸੋਧਣ ਤੋਂ ਵੀ ਘੇਸਲ਼ ਮਾਰ ਛੱਡੀ। ਇਸ ਲਈ ਇਹ ਕਾਰਜ ਅੱਗੇ ਤੇ ਪੈ ਗਿਆ। ਪਹਿਲਾਂ ਛਪੀਆਂ ਦੋ ਕਿਤਾਬਾਂ ਦੀਆਂ ਕੁਝ ਸੈਂਕੜੇ ਕਾਪੀਆਂ ਪ੍ਰਕਾਸ਼ਕਾਂ ਕੋਲ਼ ਪਈਆਂ ਹੋਈਆਂ ਮਿਲ਼ ਜਾਣ ਕਰਕੇ, ਉਹਨਾਂ ਦੀਆਂ ਹੋਰ ਐਡੀਸ਼ਨਾਂ ਨੂੰ ਛਾਪਣ ਵਾਲਾ ਕੰਮ ਵੀ ਅੱਗੇ ਤੇ ਪਾ ਲਿਆ। ਹਾਂ, ਪੰਜਵੀਂ ਕਿਤਾਬ 'ਜੋ ਵੇਖਿਆ ਸੋ ਆਖਿਆ' ਦੀ ਵਧਾਈ ਹੋਈ ਦੂਜੀ ਐਡੀਸ਼ਨ ਸ. ਗੁਰਸਾਗਰ ਸਿੰਘ ਨੇ ਛਾਪ ਦਿਤੀ। ਪੰਜਾਬ ਭਾਸ਼ਾ ਵਿਭਾਗ ਅੰਮ੍ਰਿਤਸਰ ਦੇ ਇਨਚਾਰਜ ਡਾਕਟਰ ਮੱਟੂ ਜੀ ਦੇ ਉਦਮ ਨਾਲ਼, ਵਿਰਸਾ ਵਿਹਾਰ ਵਿਚ ਇਸ ਕਿਤਾਬ ਨੂੰ, ਮੇਰੇ ਵਾਸਤੇ ਰਚੇ ਗਏ ਰੂਬਰੂ ਸਮਾਗਮ ਸਮੇ, ਪ੍ਰਬੁਧ ਸਾਹਿਤਕਾਰਾਂ ਦੀ ਇੱਕਤਰਤਾ ਵਿਚ ਪਾਠਕਾਂ ਦੀ ਸੇਵਾ ਵਿਚ ਪੇਸ਼ ਕਰ ਦਿਤਾ ਗਿਆ।
ਸੋਚਿਆ ਕਿ ਇਸ ਕਿਤਾਬੜੀ ਦੀ ਦੂਜੀ ਛਾਪ ਲੈ ਕੇ, ਆਪਣੇ ਚਿਰਕਾਲੀ ਮਿੱਤਰ ਉਚ ਦੁਮਾਲੜੇ ਸਹਿਤਕਾਰ, ਡਾ. ਵਰਿਆਮ ਸਿੰਘ ਸੰਧੂ ਨੂੰ, ਜਲੰਧਰ ਜਾ ਕੇ, 'ਦੇਸ਼ ਭਗਤ ਯਾਦਗਾਰ ਹਾਲ' ਵਿਚ ਭੇਟਾ ਕਰਕੇ 'ਥਾਪੜਾ' ਪ੍ਰਾਪਤ ਕਰਾਂਗਾ ਪਰ '੫ੰਜਆਬ ਪ੍ਰਕਾਸ਼ਨ' ਵਾਲ਼ੇ ਕੇਸਰ ਸਿੰਘ ਤੋਂ ਡਾਕਟਰ ਸੰਧੂ ਸਾਹਿਬ ਦੇ 'ਅਤੇ-ਪਤੇ' ਬਾਰੇ ਜਾਨਣਾ ਚਾਹਿਆ ਤਾਂ ਉਹਨਾਂ ਨੇ ਦੱਸਿਆ ਕਿ ਡਾਕਟਰ ਜੀ ਤਾਂ ਕੈਨੇਡਾ ਨੂੰ ਦੌੜ ਗਏ ਹਨ। ਉਹਨਾਂ ਨੇ ਅੱਗੇ ਆਪਣਾ ਗੈਸ ਲਾਉਂਦਿਆਂ ਹੋਇਆਂ ਹੋਰ ਫੁਰਮਾਇਆ ਕਿ ਸ਼ਾਇਦ ਉਹਨਾਂ ਨੂੰ ਸਾਡੇ ਆਉਣ ਦੀ ਸੂਹ ਮਿਲ਼ ਗਈ ਹੋਵੇ ਤੇ ਸਾਡੇ ਲੰਮੇਰੇ ਭਾਸ਼ਨ ਤੋਂ ਬਚਣ ਲਈ ਉਹਨਾਂ ਨੇ ਜਲੰਧਰ ਹੀ ਛੱਡ ਜਾਣਾ ਮੁਨਾਸਬ ਸਮਝਿਆ ਹੋਵੇ!
ਇਕ ਦਿਨ ਦੂਰ ਦਰਸ਼ਨ ਤੇ ਵੀ 'ਨਾਲ਼ੇ ਗੱਲਾਂ ਨਾਲ਼ੇ ਗੀਤ' ਪ੍ਰੋਗਰਾਮ ਵਿਚ ਹਾਜਰੀ ਭਰ ਆਇਆ। ਤਿੰਨ ਦਿਨ ਪਟਿਆਲੇ ਯੂਨੀਵਰਸਿਟੀ ਵਿਚ ਸੈਮੀਨਾਰਾਂ ਦਾ ਰੌਣਕ ਮੇਲਾ ਵੇਖਿਆ। ਨਾਲ ਹੀ ਸ. ਜਗਜੀਤ ਸਿੰਘ ਦਰਦੀ ਹੋਰਾਂ ਨੇ ਆਪਣੇ 'ਚੜ੍ਹਦੀਕਲਾ ਟਾਈਮ ਟੀ.ਵੀ.' ਤੇ ਇੰਟਰਵਿਊ ਪ੍ਰਸਾਰਤ ਕਰ ਦਿਤੀ। ਇਕ ਦਿਨ ਸੁਘੜ ਹੋਸਟ ਸਰਦਾਰ ਟਿਵਾਣਾ ਜੀ ਅਤੇ ਦੂਸਰੀ ਵਾਰ ਸੋਮ ਸਹੋਤਾ ਜੀ ਨਾਲ਼ ਕੀਤੀ ਗਈ ਇੰਟਰਵਿਊ, ਦੋ ਵਾਰੀਂ ਹਰਮਨ ਰੇਡੀਓ ਪਟਿਆਲਾ ਤੋਂ ਵੀ, ਦੁਨੀਆ ਭਰ ਵਿਚ ਵਸਦੇ ਇਸ ਦੇ ਸ੍ਰੋਤਿਆਂ ਦੇ ਸਨਮੁਖ ਹੋ ਗਈਆਂ। ਬਹਾਦਰਗੜ੍ਹ ਵਿਚ ਸਰਦਾਰ ਟੌਹੜਾ ਜੀ ਦੀ ਯਾਦ ਵਿਚ ਬਣੇ ਗੁਰਮਤਿ ਇਨਸਟੀਚਿਊਟ ਵਿਚ, ਇਸ ਦੀ ਡਾਇਰੈਕਟਰ ਬੀਬੀ ਡਾ. ਰਾਜਿੰਦਰਜੀਤ ਕੌਰ ਢੀਂਡਸਾ ਹੋਰਾਂ ਦੇ ਉਦਮ ਸਦਕਾ, ਵਿਦਿਆਰਥੀਆਂ ਅਤੇ ਸਟਾਫ਼ ਨਾਲ ਵਿਚਾਰ ਵਟਾਂਦਰਾ ਹੋਇਆ। ਓਥੋਂ ਹੀ ਪ੍ਰੋ. ਫੂਲ ਚੰਦ ਮਾਨਵ ਜੀ ਵੱਲੋਂ ਰਚੇ ਗਏ, 'ਸਾਹਿਤ ਸੰਗਮ ਜ਼ੀਰਕਪੁਰ' ਦੀ ਸਰਪ੍ਰਸਤੀ ਹੇਠ, 'ਕੰਫ਼ਰਟ ਬੈਂਕੁਇਟ ਹਾਲ਼' ਵਿਚ ਹਾਜਰੀ ਭਰੀ ਅਤੇ ਸਨਮਾਨ ਪਰਾਪਤ ਕੀਤਾ। ਇਸ ਸਾਰੀ ਯਾਰਾ ਦੌਰਾਨ ਉਭਰ ਰਹੇ ਨੌਜਵਾਨ ਲਿਖਾਰੀ ਸ. ਹਰਭਜਨ ਸਿੰਘ ਵਕਤਾ ਸੰਪਾਦਕ 'ਮੁਕਾਮ' ਅਤੇ ਸ. ਲਖਵਿੰਦਰ ਸਿੰਘ ਰਈਆ ਹਵੇਲੀਆਣਾ ਨੇ ਮੇਰਾ ਸਾਥ ਦਿਤਾ; ਸਮਾਗਮਾਂ ਵਿਚ ਵੀ ਅਤੇ ਰੇਡੀਉ ਟੀ.ਵੀ. ਉਪਰ ਵੀ।
ਕੁਝ ਹੋਰ ਸਮਾ ਪੰਜਾਬ ਵਿਚ ਵਿਚਰਨ ਦਾ ਵਿਚਾਰ ਸੀ ਪਰ ਇਕ ਜਰੂਰੀ ਪਰਵਾਰਕ ਕਾਰਜ ਕਾਰਨ ਇਕ ਦਮ ਵਾਪਸੀ ਚਾਲੇ ਪਾਉਣੇ ਪੈ ਗਏ। ਨੌ ਜੂਨ ਸ਼ਾਮ ਦੀ ਸ਼ਤਾਬਦੀ ਦੀ ਟਿਕਟ ਤਾਂ, ਸ੍ਰੀ ਦਰਬਾਰ ਸਾਹਿਬ ਜੀ ਦੇ ਇਨਫ਼ਰਮੇਸ਼ਨ ਦਫ਼ਤਰ ਵਾਲ਼ੇ ਨੌਜਵਾਨਾਂ ਦੇ ਰਸੂਖ਼ ਨਾਲ, ੪੧੦ ਰੁਪਏ ਦੀ ਮਿਲ਼ ਗਈ ਪਰ ਵੇਟਿੰਗ ਲਿਸਟ ਵਿਚ ੭੪ਵਾਂ ਸਥਾਨ ਸੀ। ਖੈਰ, ਮੈ ਇਸ ਗੱਲ ਦੀ ਪਰਵਾਹ ਕੀਤਿਆਂ ਬਿਨਾ ਹੀ ਗੱਡੀ ਚੜ੍ਹ ਗਿਆ। ਰਾਹ ਵਿਚ ਟੀ.ਟੀ. ਨਾਲ਼ ਗੱਲ ਕੀਤੀ। ਉਸ ਨੇ ਆਖਿਆ ਕਿ ਲੁਧਿਆਣੇ ਤੱਕ ਸੀਟਾਂ ਖਾਲੀ ਨੇ; ਬੈਠ ਜਾਓ। ਲੁਧਿਆਣੇ ਤੋਂ ਅਗਾਂਹ, "ਅੱਗੇ ਤੇਰੇ ਭਾਗ ਲੱਛੀਏ।" ਲੁਧਿਆਣੇ ਤੋਂ ਅੱਗੇ ਵੀ ਗੱਡੀ ਦੇ ਨਾਲ਼ ਡਿਊਟੀ ਤੇ ਜਾ ਰਹੇ ਪੁਲੀਸਮੈਨ ਰਾਹੀਂ 'ਜੁਗਾੜ' ਲਾਇਆਂ ਸੀਟ ਪ੍ਰਾਪਤ ਹੋ ਗਈ।
ਨਵੀਂ ਦਿੱਲੀ ਸਟੇਸ਼ਨ ਤੇ ਪਹੁੰਚ ਕੇ ਕੁੱਲੀ ਨੂੰ ਕਿਤਾਬਾਂ ਵਾਲਾ ਬਕਸਾ ਚੁਕਵਾਇਆ ਤੇ ਪਲੇਟ ਫਾਰਮ ਤੋਂ ਹੀ ਇਕ ਟੈਕਸੀ ਵਾਲਾ ਨਾਲ਼ ਚੰਬੜ ਗਿਆ। ਉਸ ਨੇ ਖਹਿੜਾ ਹੀ ਨਹੀ ਛੱਡਿਆ। ਜਿਥੇ ੮੦ ਰੁਪਏ ਵਿਚ ਮੈਟਰੋ ਨੇ ਏਅਰ ਪੋਰਟ ਤੇ ਲੈ ਜਾਣਾ ਸੀ ਓਥੇ ਚਾਰ ਸੌ 'ਚ ਗੱਲ ਕਰਕੇ ਉਸ ਨੇ ਮੈਨੂੰ ਲੱਦ ਲਿਆ। ਓਥੇ ਜਾ ਕੇ ਉਹ ਜਿਦ ਪੈ ਗਿਆ ਕਿ ਚਾਰ ਸੌ ਨਹੀ ਛੇ ਸੌ 'ਚ ਗੱਲ ਹੋਈ ਸੀ। ਮੈਨੂੰ ਇਹ ਗੱਲ ਚੁਭੀ ਤਾਂ ਵਾਹਵਾ ਪਰ ਮੈਂ ਛੇ ਸੌ ਹੀ ਉਸ ਦੇ ਮੱਥੇ ਮਾਰਿਆ। ਜਿਥੇ ਅੰਮ੍ਰਿਤਸਰੋਂ ਦਿੱਲੀ ਤੱਕ ਸਵਾ ਛੇ ਘੰਟੇ ਦਾ ਹੂਟਾ ਮੈ ਚਾਰ ਸੌ ਦਸ 'ਚ ਲਿਆ ਓਥੇ ਸਟੇਸ਼ਨ ਤੋਂ ਹਵਾਈ ਅੱਡੇ ਤੱਕ ਹੀ, ੧੧੫ ਕੁਲੀ ਦੇ ਤੇ ਛੇ ਸੌ ਟੈਕਸੀ ਦੇ, ਕੁੱਲ ੭੧੫ ਲੱਗ ਗਏ। ਠੀਕ ਹੈ ਕਿ ਜਦੋਂ ਅਸੀਂ ਡਾਲਰਾਂ ਵਿਚ ਗਿਣੀਏ ਤਾਂ ਇਹ ਰਕਮ ਨਿਗੁਣੀ ਹੀ ਲੱਗਦੀ ਹੈ ਪਰ 'ਲੁੱਟ' ਚੁਭਦੀ ਤਾਂ ਹੈ ਹੀ।
ਦਿੱਲੀਉਂ, ਆਸ ਤੋਂ ਉਲਟ, ਕੈਥੀ ਪੈਸਫਿਕਿ ਏਅਰ ਲਾਈਨ ਦੇ ਨੌਜਵਾਨ ਭਾਰਤੀ ਸਟਾਫ਼ ਨੇ ਹੱਦੋਂ ਵਧ ਚੰਗਾ ਵਰਤਾ ਕੀਤਾ। ਅਧੀ ਰਾਤ ਤੋਂ ਪਿੱਛੋਂ ੧.੧੦ ਵਜੇ ਵਾਲ਼ੀ ਫਲਾਈਟ ਤੇ ਮੈਨੂੰ ਸੀਟ ਦੇ ਦਿਤੀ। ਇਕਾਨਮੀ ਕਲਾਸ ਦੀ ਬਜਾਇ ਮੈਨੂੰ ਬਿਜ਼ਨਿਸ ਕਲਾਸ ਵਿਚ ਬੈਠਾਇਆ। ਪਹਿਲਾਂ ਦੇ ਗਿਝੇ ਹੋਏ ਨੇ ਮੈ ਸੋਚਿਆ ਕਿ ਏਥੇ ਵਾਹਵਾ ਸੇਵਾ ਹੋਵੇਗੀ। ਬੈਠਦਿਆਂ ਹੀ ਏਅਰ ਹੋਸਟੈਸ ਟਰੇ ਵਿਚ ਤਿੰਨ ਗਲਾਸ ਰੱਖ ਕੇ ਲੈ ਆਈ। ਇਕ ਪਾਣੀ ਦਾ, ਇਕ ਜੂਸ ਦਾ ਤੇ ਇਕ ਵਾਈਨ ਦਾ। ਮੈ ਜੂਸ ਦਾ ਗਲਾਸ ਚੁੱਕ ਕੇ ਪੀ ਲਿਆ ਤੇ ਫਿਰ ਮੈਨੂੰ ਨੀਂਦ ਆ ਗਈ ਕਿਉਂਕਿ ਸਵੇਰ ਦੇ ਦੋ ਕੁ ਵੱਜ ਚੁੱਕੇ ਸਨ। ਅਗਲੀ ਸਵੇਰ ਦੇ ੯ ਵਜੇ ਓਦੋਂ ਹੀ ਪਤਾ ਲਗਾ ਜਦੋਂ ਜਹਾਜ ਹਾਂਗ ਕਾਂਗ ਉਤਰਨ ਲਈ ਤਿਆਰੇ ਕੱਸ ਰਿਹਾ ਸੀ। ਉਡਾਣ ਸਮੇ ਆਮ ਵਾਗ ਹੀ ਮੈਨੂੰ ਸੁੱਤਾ ਵੇਖ ਕੇ ਉਹਨਾਂ ਨੇ ਕੁਝ ਖਾਣ ਪੀਣ ਲਈ ਨਾ ਉਠਾਇਆ। ਜੇ ਸਵਾਰੀ ਸੁੱਤੀ ਹੋਈ ਹੋਵੇ ਤਾਂ ਜਹਾਜ ਵਾਲੇ ਉਸ ਨੂੰ ਖਾਣ ਪੀਣ ਲਈ ਨਹੀ ਉਠਾਉਂਦੇ।
ਹਾਂਗ ਕਾਂਗ ਤੋਂ ਅਗਲਾ ਜਹਾਜ ਕਾਂਟਾਜ਼ (ਥਅਂਠਅਸ਼) ਦਾ ਸਿਡਨੀ ਨੂੰ ਰਾਤ ਦੇ ਅੱਠ ਵਜੇ ਚੱਲਣਾ ਸੀ। ਇਸ ਦੌਰਾਨ ਯਾਰਾਂ ਘੰਟੇ ਹਵਾਈ ਅੱਡੇ ਤੇ ਹੀ ਗੁਜਾਰਨੇ ਸਨ। ਅਜਿਹੀਆਂ ਉਡੀਕਾਂ ਤਾਂ ਮੇਰੇ ਲਈ ਆਮ ਹੀ ਗੱਲ ਹੈ ਤੇ ਇਸ ਬਾਰੇ ਮੈਂ ਕਦੀ ਕਾਹਲ਼ਾ ਨਹੀ ਪਿਆ। ਸ਼ਤਾਬਦੀ ਵਿਚਲੀ ਰਾਤ ਦੀ ਰੋਟੀ ਵਿਚੋਂ ਚੌਲ਼ਾਂ ਦੀਆਂ ਚਾਰ ਕੁ ਬੁਰਕੀਆਂ ਹੀ ਨਿਗਲ਼ੀਆਂ ਹੋਈਆਂ ਸਨ ਤੇ ਜਹਾਜ ਵਿਚ ਸੁੱਤਾ ਰਹਿ ਜਾਣ ਕਰਕੇ ਕੁਝ ਨਾ ਮਿਲ਼ਿਆ। ਸ਼ਤਾਬਦੀ ਦੀ ਰੋਟੀ ਵਿਚੋਂ ਦੋ ਫੁਲਕੇ ਮੈਂ ਬਚਾ ਕੇ ਹੈਂਡ ਬੈਗ ਵਿਚ ਪਾ ਰੱਖੇ ਸਨ ਪਰ ਬੈਗ ਦੀ ਮੇਰੇ ਕੋਲ਼ੋਂ ਹੁਣ ਜ਼ਿੱਪ ਨਾ ਖੁਲ੍ਹੇ। ਸਾਰਾ ਜੋਰ ਲਾਉਣ ਪਿੱਛੋਂ ਮੈ ਪਹਿਰੇ ਉਪਰ ਖਲੋਤੇ ਪੁਲੀਸਮੈਨ ਨੂੰ ਸਹਾਇਤਾ ਲਈ ਪੁਕਾਰਿਆ। ਉਹ ਵੀ ਜੋਰ ਲਾ ਹਟਿਆ। ਫਿਰ ਮੈ ਉਸ ਨੂੰੰ ਜ਼ਿੱਪ ਤੋੜ ਸੁੱਟਣ ਲਈ ਆਖ ਦਿਤਾ। ਉਸ ਨੇ ਲਾਗਲੀ ਦੁਕਾਨਦਾਰਨ ਕੋਲ਼ੋਂ ਕੋਈ ਔਜ਼ਾਰ ਫੜਿਆ ਤੇ ਮੇਰਾ ਬੈਗ ਦੋਫਾੜ ਕਰ ਸੁੱਟਿਆ। ਖੈਰ, ਫੁਲਕੇ ਤਾਂ ਮੈਂ ਕਢ ਕੇ ਖਾ ਲਏ ਤੇ ਕਾਫੀ ਦਾ ਕੱਪ ਵੀ ਆਸਟ੍ਰੇਲੀਅਨ ਡਾਲਰ ਤੁੜਾ ਕੇ ਦੁਕਾਨੋਂ ਪੀ ਲਿਆ। ਹਾਲਾਂਕਿ ਪਿਛਲੀਆਂ ਯਾਤਰਾਵਾਂ ਸਮੇ ਦੇ ਹਾਂਗ ਕਾਂਗ ਦੇ ਕੁਝ ਡਾਲਰ ਮੇਰੇ ਕੋਲ਼ ਪਏ ਹੋਏ ਵੀ ਸਨ ਪਰ ਉਹਨਾਂ ਦਾ ਮੈਨੂੰ ਚੇਤਾ ਹੀ ਭੁੱਲ ਗਿਆ ਸੀ। ਹੁਣ ਸਮੱਸਿਆ ਹੋਈ ਕਿ ਬੈਗ ਦਾ ਮੂੰਹ ਕਿਵੇਂ ਬੰਦ ਕੀਤਾ ਜਾਵੇ। ਸੋਚ ਸਾਚ ਕੇ ਉਸ ਦਾ ਹੱਲ ਇਹ ਕਢਿਆ ਕਿ ਆਪਣਾ ਪਜਾਮਾ ਉਸ ਦੇ ਦੁਆਲ਼ੇ ਵਲ਼੍ਹੇਟ ਕੇ ਗੰਢ ਮਾਰ ਲਈ। ਦੁਪਹਿਰ ਪਿੱਛੋਂ ਪਤਾ ਲੱਗਾ ਕਿ ਸਿਡਨੀ ਦੀ ਅੱਠ ਵਜੇ ਵਾਲੀ ਫਲਾਈਟ ਕੈਂਸਲ ਹੋ ਗਈ ਹੈ ਤੇ ਹੁਣ ਰਾਤ ਦੇ ੧੧.੩੦ ਵਜੇ ਅਗਲੀ ਫਲਾਈਟ ਜਾਣੀ ਹੈ। ਮੈ ਇਹ ਸੋਚ ਕੇ ਕਿ ਦੋ ਫਲਾਈਟਾਂ ਦੇ ਯਾਤਰੂਆਂ ਦੀ ਭੀੜ ਵਿਚ ਮੈਨੂੰ ਥਾਂ ਮਿਲਣੀ ਮੁਸ਼ਕਲ ਹੈ ਕਿਉਂਕਿ ਮੇਰੀ ਟਿਕਟ ਓ.ਕੇ. ਨਹੀ ਸੀ। ਮੇਰੀ ਵਾਰੀ ਓਸੇ ਸੂਰਤ ਵਿਚ ਆਉਣੀ ਸੀ ਜੇਕਰ ਦੂਜੇ ਯਾਤਰੂਆਂ ਤੋਂ ਕੋਈ ਸੀਟ ਬਚੀ ਰਹਿ ਜਾਂਦੀ। ਮੈ ਰਾਤ ਦੇ ੧੧ ਵਜੇ ਪਰਥ ਵਾਲ਼ੇ ਜਹਾਜ ਤੇ ਜਾਣ ਦਾ ਵਿਚਾਰ ਬਣਾ ਲਿਆ। ਉਹ ਜਹਾਜ ਰਾਤ ਨੂੰ ੧੧ ਵਜੇ ਚੱਲਿਆ। ਇਸ ਤਰ੍ਹਾਂ ਚੌਦਾਂ ਘੰਟੇ ਹਾਂਗ ਕਾਂਗ ਹਵਾਈ ਅੱਡੇ ਤੇ ਬਿਤਾਉਣ ਪਿੱਛੋਂ, ਇਹ ਜਹਾਜ ੧੧ ਜੂਨ ਸਵੇਰੇ ਸੱਤ ਵਜੇ ਮੈਨੂੰ ਆਸਟ੍ਰੇਲੀਆ ਦੇ ਪੱਛਮੀ ਕਿਨਾਰੇ ਉਪਰ ਮੌਜੂਦ ਸ਼ਹਿਰ, ਪਰਥ ਲੈ ਆਇਆ; ਜਾਣਾ ਭਾਵੇਂ ਮੈਂ ਪੁਰਬੀ ਕਿਨਾਰੇ ਉਪਰਲੇ ਸ਼ਹਿਰ ਸਿਡਨੀ ਵਿਚ ਸੀ। ਇਕ ਹਰਿਆਣਵੀ ਨੌਜਵਾਨ ਦਵਿੰਦਰ ਨੇ ਹਵਾਈ ਅੱਡੇ ਤੋਂ ਚੁੱਕ ਕੇ, ਮੈਨੂੰ ਬੇਸ ਵਾਟਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ, ਭਾਈ ਜਸਵਿੰਦਰ ਸਿੰਘ ਜੀ, ਹੋਰਾਂ ਕੋਲ਼ ਪੁਚਾ ਦਿਤਾ। ਭਾਈ ਜਸਵਿੰਦਰ ਸਿੰਘ ਜੀ ਹੋਰਾਂ ਦੇ ਪਰਵਾਰ ਵਿਚ ਮੈ ਦਸ ਦਿਨ ਰਿਹਾ ਜਿਥੇ ਉਹਨਾਂ ਦੇ ਸਾਰੇ ਪਰਵਾਰ, ਉਹਨਾਂ ਦੀ ਪਤਨੀ ਬੀਬਾ ਦਲਜੀਤ ਕੌਰ ਜੀ ਅਤੇ ਉਹਨਾਂ ਦੇ ਸੁਘੜ ਬੱਚਿਆਂ ਨੇ ਮੇਰੇ ਸੇਵਾ ਸਤਿਕਾਰ ਵਿਚ ਕੋਈ ਕਸਰ ਨਾ ਰਹਿਣ ਦਿਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਮੇ ਏਸੇ ਗੁਰਦੁਆਰਾ ਸਾਹਿਬ ਵਿਖੇ ਹਾਜਰੀ ਭਰੀ। ਸੱਜਣਾਂ ਮਿੱਤਰਾਂ ਨਾਲ਼ ਮੇਲੇ ਹੋਏ। ਇਸ ਦੌਰਾਨ ਕੁਝ ਨਾਲ਼ ਲਿਆਂਦੀਆਂ ਕਿਤਾਬਾਂ ਵੀ ਮੈਂ ਪਾਠਕਾਂ ਦੇ ਹੱਥਾਂ ਤੱੱਕ ਪੁਜਦੀਆਂ ਕਰਨ ਵਿਚ ਸਫ਼ਲ ਹੋ ਗਿਆ। ਫਿਰ ਏਥੋਂ ਜੈਟ ਸਟਾਰ ਦੀ ਇਕ ਹੋਰ ਟਿਕਟ ਲੈ ਕੇ ਸਿਡਨੀ ਪਹੁੰਚ ਗਿਆ।
ਇਉਂ ਮੇਰੀ ਇਸ ਪਾਕਿਸਤਾਨ ਅਤੇ ਭਾਰਤੀ ਪੰਜਾਬ ਦੀ ਹੱਲਿਆਂ ਹੁੱਲਿਆਂ ਭਰਪੂਰ ਅਤੇ ਰੌਣਕ ਮੇਲੇ ਵਾਲ਼ੀ ਚੌਥੀ ਯਾਤਰਾ ਦੀ ਸਮਾਪਤੀ ਹੋਈ।