Saturday, February 11, 2012

ਇਸ਼ਕੇ ਦੀ ਝੰਗੀ ਵਿੱਚ ਮੋਰ ਬੁਲੇਂਦਾ- ਜਤਿੰਦਰ ਸਿੰਘ ਔਲ਼ਖ

ਇਸ਼ਕ ਮਾਰੂਥਲਾਂ ਦੀ ਪਿਆਸ ਜਿਹਾ ਹੁੰਦਾ ਹੈ ਜਿਸਦੀ ਤਿਸ਼ਨਗੀ ਵਿੱਚ ਖੌਰੂ ਪਾਉਂਦੀ ਨਦੀ ਵੀ ਸਮਾ ਜਾਂਦੀ ਹੈ। ਇਹ ਨਦੀ ਦੀ ਅੱਲੜ ਤੇ ਝੱਲੀ ਰੀਝ ਹੁੰਦੀ ਹੈ ਕਿ ਉਹ ਅਥਾਹ ਸਮੁੰਦਰ ਦੀ ਪਿਆਸ ਦਾ ਹਿੱਸਾ ਬਣ ਜਾਏ ਜਾਂ ਯੁੱਗਾਂ ਦੇ ਤ੍ਰਿਹਾਏ ਕਿਸੇ ਮਾਰੂਥਲ ਦੁਆਰਾ ਸੋਖ ਲਈ ਜਾਵੇ। ਇਸ਼ਕ ਕਕਰੀਲੀਆਂ ਰਾਤਾਂ ਨੂੰ ਬੇਪਰਵਾਹ ਫਕੀਰਾਂ ਦਾ ਜਖਮੀ ਪੈਰਾਂ ਨਾਲ਼ ਕੀਤਾ ਨਾਚ ਹੈ। ਤਨਹਾਈਆਂ ਦੀ ਸਰਦਲ ਤੇ ਬੜਾ ਸ਼ੋਰ ਹੁੰਦਾ ਹੈ। ਕਿਸਮਤਾਂ ਦੇ ਅੰਨੇ ਖੂਹ ਵਿੱਚ ਗਰਕ ਗਏ ਬਹੁਤ ਸਾਰੇ ਮਾਸੂਮ ਸੁਪਨੇ ਖੌਰੂ ਪਾ ਰਹੇ ਹੁੰਦੇ ਹਨ। ਮਨਾਂ ਵਿੱਚ ਸੁਪਨਿਆਂ ਦੇ ਕਬਰਿਸਤਾਨ ਹੁੰਦੇ ਹਨ। ਇਹਨਾਂ ਸੁਪਨਿਆਂ ਦੇ ਪ੍ਰੇਤ ਇਨਸਾਨ ਨੂੰ ਕਬਰਾਂ ਤੱਕ ਡਰਾਉਂਦੇ ਹਨ। ਇਸ਼ਕ ਉਸ ਹਾਲਤ ਦਾ ਨਾਂਅ ਹੈ ਜਦੋਂ ਸਾਰੇ ਦੇ ਸਾਰੇ ਅਹਿਸਾਸ ਗਰਕ ਗਏ ਸੁਪਨਿਆਂ ਦੇ ਨਾਮ ਕਰ ਦਿੱਤੇ ਜਾਣ ਤੇ ਅੱਗੇ ਵਧਣ ਲਈ ਕੁਝ ਨਾ ਰਹੇ।
ਕਿਸੇ ਵਿਰਲੇ ਨੂੰ ਹੀ ਪਤਾ ਹੋਵੇਗਾ ਕਿ ਜਿਉਂਦੇ ਇਨਸਾਨਾਂ ਦੀਆਂ ਕਬਰਾਂ ਤੇ ਵੀ ਘਾਹ ਉੱਗ ਆਉਂਦਾ ਹੈ। ਇਸ਼ਕ ਦੀ ਹਸਰਤ ਨਦੀ ਦੇ ਪਾਰ ਲੰਘ ਜਾਣ ਦੀ ਨਹੀ ਸਗੋਂ ਬੇਪਰਵਾਹੀ ਦੀ ਨਦੀ ਦੇ ਅੱਥਰੇ ਘੌਰ ਵਿੱਚ ਡੁੱਬ ਜਾਣ ਦੀ ਰੀਝ ਹੁੰਦੀ ਹੈ। ਬਾਬਾ ਫਰੀਦ ਦੀ ਫੋਟੋ ਹਰ ਕਿਸੇ ਨੇ ਵੇਖੀ ਹੋਵੇਗੀ ਜਿਸ ਵਿੱਚ ਇੱਕ ਕਾਂ ਬੈਠਾ ਬਬਾ ਫਰੀਦ ਦੇ ਜਿਸਮ ਦਾ ਮਾਸ ਚੂੰਡ ਰਿਹਾ ਹੈ ਤੇ ਬਾਬਾ ਜੀ ਕਾਂ ਨੂੰ ਕਹਿ ਰਹਿ ਹਨ : ' ਇਹ ਦੋ ਨੈਨਾਂ ਮਤ ਛੋਹ ਮੋਹਿ ਪਿਰ ਦੇਖਿਨ ਕੀ ਆਸ'।  ਦਰਅਸਲ ਇੱਥੇ ਬਾਬਾ ਜੀ ਦਾ ਇਸ਼ਾਰਾ ਪੰਛੀ ਕਾਂ ਵੱਲ ਨਹੀ ਸਗੋਂ ਰੱਬ ਦੇ ਇਸ਼ਕ ਵਿੱਚ ਰੰਗੇ ਤੇ ਗਲ਼-ਗਲ਼ ਤੱਕ ਡੁੱਬੇ ਇੱਕ ਫਕੀਰ ਦੇ ਮਨ ਨੂੰ ਲੱਗੇ ਬਿਰਹਾ ਦੇ ਕਾਂ ਵੱਲ ਹੈ। ਬਾਬਾ ਜੀ ਰੱਬ ਨਾਲ ਮਿਲਾਪ ਚਾਹੁੰਦੇ ਹਨ। ਉਹ ਏਨੇ ਬਿਹਬਲ ਹੋ ਉੱਠਦੇ ਹਨ ਕਿ ਰੱਬ ਦੇ ਇਸ਼ਕ ਵਿੱਚ ਰੱਤੇ ਹੋਏ ਬਿਰਹਾ ( ਲੋਵe ਸਚਿਕਨeਸਸ) ਦਾ ਸ਼ਿਕਾਰ ਹੋ ਜਾਂਦੇ ਹਨ। ਬਿਰਹਾ ਤੇ ਪਰਮਾਤਮਾ ਤੋਂ ਵਿਛੋੜੇ ਦਾ ਕਾਂ ਹੱਡਾਂ ਤੋਂ ਮਾਸ ਚੂੰਡਣ ਲੱਗਦਾ ਹੈ। ਸਰੀਰ ਸੁੱਕ ਕੇ ਕਾਨੇ ਵਾਂਗ ਹੋ ਜਾਂਦਾ ਹੈ।
ਏਸੇ ਤਰ੍ਹਾਂ ਰੱਬ ਦੇ ਇਸ਼ਕ ਦੇ ਰੰਗ ਵਿੱਚ ਗੁਰੂ ਨਾਨਕ ਦੇਵ ਜੀ ਵੀ ਰੰਗੇ ਜਾਂਦੇ ਹਨ।  ਗੁਰੂ ਜੀ ਦੀਨ-ਦੁਨੀਆਂ ਤੋਂ ਮੁੱਖ ਮੋੜ ਰਾਤ-ਦਿਨ  ਰੱਬ ਦੀ ਯਾਦ ਵਿੱਚ ਲੀਨ ਰਹਿੰਦੇ ਹਨ। ਖਾਣ-ਪੀਣ ਛੁੱਟ ਜਾਂਦਾ ਹੈ। ਇਹ ਦੁਨੀਆਂਦਾਰਾਂ ਦਾ ਫਲਸਫਾ ਨਹੀ । ਉਹਨਾਂ ਲਈ ਤਾਂ ਇਸ਼ਕ ਦੀ ਸੱਟ ਖਾਧਾ ਇਨਸਾਨ ਰੋਗੀ ਜਿਹਾ ਹੀ ਹੁੰਦਾ ਹੈ। ਗੁਰੂ ਜੀ ਦੇ ਮਾਈ-ਬਾਪ ਹੋਰ ਸ਼ਰੀਕਾ-ਬਿਰਾਦਰੀ ਦੇ ਕਹਿਣ ਤੇ ਹਕੀਮ ਨੂੰ ਸੱਦ ਲੈਂਦੇ ਹਨ। ਭੋਲ਼ਾ ਹਕੀਮ ਸਰੀਰ ਦੀ ਪਰਖ-ਪੜਤਾਲ ਕਰਦਾ ਨਬਜ ਟੋਂਹਦਾ ਹੈ। ਪਰ ਉਹ ਨਹੀ ਜਾਣਦਾ ਕਿ ਰੋਗ ਤਾਂ ਸੀਨੇ ਦੀਆਂ ਅਮੁੱਕ ਗਹਿਰੀਆਂ ਪਰਤਾਂ 'ਚ ਦੱਬੇ ਪਏ ਹਨ।  ਗੁਰੂ ਜੀ ਇਸ ਹਾਲਤ ਨੂੰ ਖੁਦ ਬਿਆਨ ਕਰਦੇ ਹਨ : 'ਵੈਦ ਬੁਲਾਇਆ  ਵੈਦਗੀ ਮੇਰੀ ਪਕੜ ਢੰਢੋਲੇ ਬਾਹਿ ਭੋਲ਼ਾ ਵੈਦ ਨਾ ਜਾਨਈ ਕਰਕ ਕਰੇਜੇ ਮਾਹਿ'।
ਮੈਂ ਮੰਨਦਾ ਹਾਂ ਕਿ ਇਸ਼ਕ ਪਰਮਾਤਮਾ ਵੱਲੋਂ ਦਿੱਤੀ ਦਾਤ ਹੁੰਦੀ ਹੈ। ਇਹ ਹਰ ਕਿਸੇ ਸੀਨੇ ਵਿੱਚ ਨਹੀ ਉਪਜਦਾ। ਇਨਸਾਨ ਅੱਗ ਵਰਗਾ ਜਖਮ ਸੀਨੇ ਤੇ ਲੈ ਕੇ ਜਨਮਦਾ ਹੈ। ਪਤਾ ਨਹੀ ਕਿਹੜੀਆਂ ਵਹਿਸ਼ਤਾਂ ਹੱਥੋਂ ਸੱਟ ਖਾ ਕੇ ਆਇਆ ਹੈ।
ਵਾਸ਼ਨਾ ਤਾਂ ਮਜਹਬ ਦੇ ਨਾਮ ਤੇ ਸੜਕਾਂ ਤੇ ਖੂਨ ਦੀਆਂ ਨਦੀਆਂ ਵਹਾ ਦਿੰਦੀ ਹੈ। ਪਰ ਇਸ਼ਕ ਡਿੱਗੇ-ਢੱਠਿਆਂ ਨੂੰ ਗਲ਼ ਨਾਲ਼ ਲਾਉਣ ਲਈ ਪ੍ਰੇਰਦਾ ਹੈ। ਵਾਸ਼ਨਾ ਸਰੀਰਾਂ ਦੀ ਖੇਹ-ਖਰਾਬੀ ਤੱਕ ਜਾ ਕੇ ਦਮ ਤੋੜਦੀ ਹੈ ਪਰ ਇਸ਼ਕ ਤਾਂ ਪਿਆਰੇ ਦੇ ਰਾਹਾਂ ਵਿੱਚ ਖਾਕ ਬਣ ਕੇ ਵਿਛ ਜਾਣ ਦਾ ਨਾਮ ਹੈ। ਇਸ਼ਕ ਤੜਪ ਤੇ ਵੇਦਨਾ ਦੇ ਨਾਲ-ਨਾਲ ਸੰਤੁਸ਼ਟੀ ਵੀ ਹੁੰਦੀ ਹੈ।  ਮਜਾਜੀ ਅਤੇ ਹਕੀਕੀ ਦੀ ਤੜਪ ਦੀ ਮਾਰ ਸਦਾ ਇੱਕੋ ਜਿਹੀ ਹੁੰਦੀ ਹੈ।
ਵਾਸ਼ਨਾ ਵਿੱਚ ਅਤ੍ਰਿਪਤੀ ਦਾ ਸ਼ੋਰ ਹੁੰਦਾ ਹੈ ਤੇ ਇਸ਼ਕ ਵਿੱਚ ਚਾਹਤ ਦੀ ਖਿੱਚ ਦੀ ਸੰਤੁਸ਼ਟੀ ਮਨ ਨੂੰ ਪੋਂਹਦੀ ਹੈ। ਇੱਕ ਤਰ੍ਹਾਂ ਨਾਲ਼ ਚਾਹਤ ਦਾ ਸ਼ੋਰ ਤੋਂ ਖਾਮੋਸ਼ੀ ਵਿੱਚ ਬਦਲ ਜਾਣਾ ਇਸ਼ਕ ਦਾ ਅਸਲੀ ਰੂਪ ਹੈ। ਇਸ਼ਕ ਚੁੱਪ ਦੀ ਮੰਜ਼ਿਲ ਹੈ : ' ਖਤਾ ਤੋ ਜਬ ਹੈ ਕਿ ਹਮ ਹਾਲ ਇ ਦਿਲ ਕਿਸੀ ਸੇ ਕਹੇਂ ਕਿਸੀ ਕੋ ਚਾਹਤੇ ਰਹਿਨਾ ਕੋਈ ਖਤਾ ਤੋ ਨਹੀ'।
ਵੈਰਾਗ ਜਿਸ ਮਨ ਵਿੱਚ ਉਪਜਦਾ ਹੈ ਤਾਂ ਸੇਕ ਤਨ ਵੀ ਝੱਲਦਾ ਹੈ। ਇੱਸ ਵੈਰਾਗਮਈ ਸ਼ਾਇਰੀ ਦੀ ਆਪਣੀ ਤਰ੍ਹਾਂ ਦੀ ਖਿੱਚ ਹੈ। ਫਰੀਦ ਜੀ ਇਸ਼ਕ ਦੇ ਇੱਸ ਵੈਰਾਗਮਈ ਰੂਪ ਦੇ ਮਨ ਵਿੱਚ ਉਪਜਣ ਨੂੰ ਇਨਸਾਨ ਲਈ ਵੱਡੇ ਭਾਗਾਂ ਵਾਲਾ ਸਮਝਦੇ ਹਨ : ' ਫਰੀਦਾ ਜਿਸ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ'।
ਬਾਬ ਫਰੀਦ ਜੀ ਦੁਨੀਆਂ ਦੀ ਸਭ ਨਿਆਮਤਾਂ ਨੂੰ ਇਸ਼ਕ ਅਤੇ ਬਿਰਹਾ ਦੇ ਤੁੱਲ ਰੱਖਕੇ ਵੀ ਇਸ਼ਕ ਨੂੰ ਉੱਚਾ ਦੱਸਦੇ ਹਨ: ' ਆਹ ਫੜ ਤਸਬੀ ਕਾਸਾ ਸੋਟਾ , ਆਲਮ ਕਹਿੰਦਾ ਦੇ ਦੇ ਹੋਕਾ ਤਰਕ ਹਲਾਲੋਂ ਖਾਹ ਮੁਰਦਾਰ , ਇਸ਼ਕ ਦੀ ਨਵੀਉਂ ਨਵੀਂ ਬਹਾਰ'।
ਸੂਫੀ ਸਾਈਂ ਸ਼ਾਹ ਹੁਸੈਨ ਪੁਕਾਰ ਉੱਠਦਾ ਹੈ : ' ਕਹੇ ਹੁਸੈਨ ਫਕੀਰ ਨਿਮਾਣਾ ਮੈਂ ਨਾਹੀਂ ਸਭ ਤੂੰ'। ਖੁਦ ਨੂੰ ਮਨਫੀ ਕਰਕੇ ਹੋਰ ਨੂੰ  ਸਭ ਕੁਝ ਮੰਨ ਲੈਣਾ ਦੁਨੀਆਦਾਰਾਂ ਦੀ ਨਜ਼ਰ ਵਿੱਚ ਹਿਕਾਰਤ ਭਰਿਆ ਕੰਮ ਹੈ। ਪਰ ਦੁਨੀਆਂ ਵੱਲੋਂ ਦੁਰਕਾਰੇ ਫਕੀਰ ਖੁਦ ਹੀ ਕਿਸੇ ਅਜੀਬ ਜਿਹੀ ਤਲਾਸ਼ ਵਿੱਚ ਨਿਕਲ ਜਾਣਾ ਲੋਚਦੇ ਹਨ । ਸੁਲਤਾਨ ਬਾਹੂ ਲਿਖਦਾ ਹੈ : ' ਤਾੜੀ ਮਾਰ ਉਡਾ ਨਾ ਬਾਹੂ, ਅਸੀਂ ਆਪੇ ਉੱਡਣ ਹਾਰੇ'।
ਸਾਡਾ ਪਿਆਰਾ ਮਿੱਤਰ ਨੌਜਵਾਨ ਸ਼ਾਇਰ ਬਲਕਾਰ ਦਾਨਿਸ਼ ਤਾਂ ਇਸ਼ਕ ਨੂੰ ਸ਼ਾਇਰੀ ਦਾ ਗਹਿਣਾ ਮੰਨ ਕੇ ਲਿਖ ਦੇਂਦਾ ਹੈ : ' ਮੇਰੀ ਸ਼ਾਇਰੀ ਦਾ ਹਲਕਾਪਨ ਇਹ ਦੱਸਦਾ ਹੈ ਕਿ  ਤੇਰੇ ਇਸ਼ਕ ਵਿੱਚ ਸੜਕੇ ਸੁਆਹ ਹੋਣਾ ਬਾਕੀ ਹੈ ਅਜੇ'।
ਇਨਸਾਨ ਪਤਾ ਨਹੀ ਕਿਉਂ ਸੁੱਖ-ਆਰਾਮ ਤਿਆਗ ਕੇ ਸੜ ਕੇ ਸੁਆਹ ਹੋ ਜਾਣਾ ਲੋਚਦਾ ਹੈ। ਦੁਨੀਆਂਦਾਰਾਂ ਲਈ ਆਸ਼ਿਕਾਂ ਦੇ ਦਿਲਾਂ ਵਿੱਚ ਬਲਾਵਾਂ ਦਾ ਵਾਸ ਹੁੰਦਾ ਹੈ। ਪਰ ਆਸ਼ਿਕ ਦੇ ਦਿਲ ਦੀਆਂ ਗਹਿਰਾਈਆਂ ਦੀ ਥਾਹ ਕੋਈ ਨਹੀ ਪਾ ਸਕਦਾ। ਸੁਲਤਾਨ ਬਾਹੂ ਆਸ਼ਿਕ ਮਨ ਦੀ ਪਰਿਭਾਸ਼ਾ ਲਿਖਦਾ ਹੋਇਆ ਕਹਿੰਦਾ ਹੈ : ' ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ, ਵਿੱਚੇ ਬੇੜੀ ਤੇ ਵਿੱਚੇ ਚੱਪੂ ਵਿੱਚੇ ਵੰਝ ਮੁਹਾਣੇ'।
ਦੁਨੀਆਂ ਤੋਂ ਪਰੇ-ਪਰੇਰੇ ਫੱਕਰਾਂ ਨੇ ਰਾਹ ਮੱਲਣੇ ਹੁੰਦੇ ਨੇ। ਇਸੇ ਇਸ਼ਕ ਦਾ ਝੱਲਾ ਕੀਤਾ  ਹੋਇਆ ਇੱਕ ਰਾਜਕੁਮਾਰ ਮਹਿਲ-ਮੁਨਾਰੇ ਛੱਡ ਕੇ ਅੱਧੀ ਰਾਤ ਨੂੰ ਉਦਾਸ ਦਰਿਆ ਦੇ ਵਗਦੇ ਪਾਣੀਆਂ ਸੰਗ ਵਿਰਾਨ ਜੰਗਲ ਨੂੰ ਹੋ ਤੁਰਿਆ। ਉਹ ਭੁੱਲ ਹੀ ਗਿਆ ਸੀ ਕਿ ਉਸਦੇ ਮਹੱਲਾਂ ਦੀ ਛੱਤ ਤੇ ਕੋਈ ਢਲਦਾ ਸੂਰਜ ਲੱਥ ਚੁੱਕੀ ਆਸ ਦੀ ਲਾਲੀ ਬਿਖੇਰਦਾ ਰੋਜ਼ ਰੋਵੇਗਾ।
ਇਸ਼ਕ ਤੋਂ ਸ਼ਾਇਦ ਬਚਣਾ ਹੀ ਲਾਹੇਵੰਦਾ ਹੈ ਇੱਸਦਾ ਤਜਰਬਾ ਬਹੁਤ ਨਾਖੁਸ਼ਗਵਾਰ ਹੋ ਗੁਜਰਦਾ ਹੈ।ਇਸ਼ਕੇ ਦੀ ਝੰਗੀ ਵਿੱਚ ਮੋਰ ਬੋਲਦਾ ਹੈ ਤਾਂ ਬਿਰਹਾ ਦਾ ਮੀਂਹ ਵਰ੍ਹਦਾ ਹੈ। ਤਨ-ਮਨ ਭਿੱਜ ਜਾਂਦਾ ਹੈ। ਪਰ ਸੱਚਾਈ ਹੈ ਕਿ ਇੱਸ ਤੋਂ ਬਚਿਆ ਨਹੀ ਜਾ ਸਕਦਾ : 'ਯੇ ਵੋ ਆਗ ਹੈ ਜੋ ਲਗਾਏ ਨਾ ਲਗੇ ਔਰ ਬੁਝਾਏ ਨਾ ਬੁਝੇ'।