Tuesday, August 21, 2012

ਪੰਜਾਬੀ ਪਰਵਾਸ ਤੇ ਪਰਵਾਸੀ ਗਲਪ ਸਾਹਿਤ ਦਾ ਭਵਿੱਖ -ਰਜਨੀਸ਼ ਬਹਾਦਰ ਸਿੰਘ



ਪਰਵਾਸ ਦੀ ਪ੍ਰਕਿਰਿਆ ਮਨੁੱਖੀ ਜੀਵਨ ਦੇ ਵਰਤਾਰੇ ਦਾ ਅਹਿਮ ਅੰਗ ਹੈ। ਇਹ ਵਰਤਾਰਾ ਜੀਵਨ ਦੇ ਵੱਖੋ-ਵੱਖਰੇ ਦਬਾਵਾ ਅਧੀਨ ਹੋਂਦ ਵਿਚ ਆਉਂਦਾ ਹੈ। ਇਸ ਵਿਚ ਅਹਿਮ ਵਰਤਾਰਾ ਆਰਥਿਕਤਾ ਨਾਲ ਜੁੜਿਆ ਹੋਇਆ ਹੈ। ਇਹ ਵਰਤਾਰਾ ਬਸਤੀਵਾਦੀ ਪ੍ਰਕਿਰਿਆ ਅਧੀਨ ਵਧੇਰੇ ਹੋਂਦ ਵਿਚ ਆਇਆ। ਅਜੇ ਤੱਕ ਇਸੇ ਵਰਤਾਰੇ ਪਿਛੇ ਕੰਮ ਕਰਦੀ ਮਾਨਸਿਕਤਾ ਦੀ ਭੂਮਿਕਾ ਹੈ। ਪੰਜਾਬੀ ਪਰਵਾਸ ਦਾ ਮੁੱਢ ਵੀ ਉਨੀਵੀਂ ਸਦੀ ਦੇ ਪਿਛਲੇ ਅੱਧ ਤੋਂ ਹੀ ਸ਼ੁਰੂ ਹੋਇਆ ਹੋਏਗਾ। ਇਹ ਇਕ ਅੰਦਾਜ਼ਾ ਹੀ ਹੈ। ਪਹਿਲਾਂ ਪੰਜਾਬੀ ਪਰਵਾਸੀ ਗਰੁੱਪਾਂ ਜਾਂ ਵਿਅਕਤੀ ਕਿਹੜਾ ਹੋਏਗਾ? ਇਸ ਦੇ ਵੇਰਵੇ ਅਜੇ ਤੱਕ ਮੇਰੀ ਪਹੁੰਚ ਤੋਂ ਬਾਹਰ ਹਨ, ਪਰ ਮੁਢਲੇ ਪੰਜਾਬੀਆਂ ਵਿਚ ਸਮਾਜ ਦੇ ਉਪਰਲੇ ਵਰਗ ਵਿਚੋਂ ਗਏ ਵਿਦਿਆਰਥੀ, ਆਰਥਿਕ ਸੰਕਟ ਵਿਚ ਫਸੀ ਕਿਸਾਨੀ ਅਤੇ ਹੱਥੀਂ ਕੰਮ ਕਰਨ ਵਾਲੀ ਦਸਤਕਾਰ ਜਮਾਤ ਪਹੁੰਚੀ। ਮੁਢਲੇ ਰੂਪ ਵਿਚ ਅਸਥਾਈ ਮਾਨਸਿਕਤਾ ਵਾਲਾ ਪਰਵਾਸ ਸੀ। ਇਹ ਕਈ ਪੜਾਵਾਂ ਵਿਚੋਂ ਗੁਜ਼ਰਦਾ ਹੋਇਆ ਅਜੋਕੇ ਸਮੇਂ ਤੱਕ ਪਹੁੰਚਿਆ ਹੈ। ਹੁਣ ਇਹ ਆਰਥਿਕ ਸੰਕਟ ਨਾਲੋਂ ਗਲੈਮਰੀ ਮਾਨਸਿਕਤਾ ਤੋਂ ਵੱਧ ਪ੍ਰਭਾਵਿਤ ਹੈ।

ਪੰਜਾਬੀ ਪਰਵਾਸੀ ਲਗਭਗ ਇਕ ਸਦੀ ਤੋਂ ਯੂਰਪ ਅਤੇ ਮੱਧ-ਪੂਰਬ ਏਸ਼ੀਆ ਦੇ ਵੱਖੋ-ਵੱਖਰੇ ਮੁਲਕਾਂ ਵਿਚ ਜਾ ਵਸੇ ਅਤੇ ਵਸ ਰਹੇ ਹਨ। ਏਸ਼ਿਆਈ ਅਤੇ ਪੱਛਮੀ ਮੁਲਕਾਂ ਦੀਆਂ ਸਮਾਜਿਕ ਅਤੇ ਰਾਜਨੀਤਿਕ ਸਥਿਤੀਆਂ ਵੱਖਰੀਆਂ ਹੋਣ ਕਰਕੇ ਪਰਵਾਸੀਆਂ ਦੀਆਂ ਸਥਿਤੀਆਂ ਵੱਖੋ-ਵੱਖਰੀਆਂ ਹਨ। ਪੂਰਬ ਏਸ਼ਿਆਈ ਮੁਲਕਾਂ ਦੀ ਇਕਤੰਤਰੀ ਰਾਜਸੀ ਬਣਤਰ ਅਤੇ ਬੰਦ-ਸੱਭਿਆਚਾਰਕ ਮੁੱਲਾਂ ਕਾਰਨ ਪਰਵਾਸੀਆਂ ਦੇ ਅਧਿਕਾਰ ਸੀਮਤ ਹਨ। ਪੱਛਮੀ ਦੇਸ਼ਾ ਵਿਚ ਸਥਿਤੀ ਵੱਖਰੀ ਹੈ। ਇਹਨਾਂ ਦੇਸ਼ਾਂ ਵਿਚ ਸਨਅਤੀ ਵਿਕਾਸ ਅਤੇ ਬੁਰਜੂਆ ਲੋਕਤੰਤਰੀ ਪ੍ਰਣਾਲੀ ਕਾਰਨ ਨਾਗਰਿਕਾਂ ਦੇ ਅਜ਼ਾਦੀ ਦੇ ਜ਼ਿਆਦਾ ਖੇਤਰ ਮੌਜੂਦ ਹਨ। ਇਸ ਲਈ ਇਹਨਾਂ ਦੇਸ਼ਾਂ ਵਿਚਲਾ ਪਰਵਾਸੀ ਜੀਵਨ ਕਈ ਪੜਾਵਾਂ ਵਿਚੋਂ ਗੁਜ਼ਰਿਆ ਹੈ। ਮੁਢਲੇ ਰੂਪ ਵਿਚ ਪਰਵਾਸ ਦਾ ਵੱਡਾ ਹਿੱਸਾ ਅਵਿਕਸਤ ਆਰਥਿਕਤਾ ਨਾਲ ਜੁੜਿਆ ਹੋਇਆ ਸੀ। ਇਹ ਪਰਵਾਸੀ ਕਿਸਾਨੀ ਵਰਗ ਨਾਲ ਸਬੰਧਿਤ ਸਨ। ਹੁਣ ਵੀ ਪਰਵਾਸ ਵਿਚ ਸਭ ਤੋਂ ਵੱਡਾ ਹਿੱਸਾ ਕਿਸਾਨੀ ਦਾ ਦੁਆਬੇ ਖਿੱਤੇ ਨਾਲ ਸਬੰਧਿਤ ਹੈ। ਪਰਵਾਸ ਦਾ ਪਹਿਲਾ ਪੜਾਅ ਸਾਡੇ ਦੇਸ਼ ਦੀ ਗੁਲਾਮੀ ਨਾਲ ਜੁੜਿਆ ਹੋਇਆ ਸੀ। ਉਸ ਸਮੇਂ ਦੀਆਂ ਸਥਿਤੀਆਂ ਕਾਰਨ ਗੁਲਾਮੀ ਦਾ ਅਹਿਸਾਸ ਪੰਜਾਬੀ ਪ੍ਰਵਾਸੀਆਂ ਨੂੰ ਹਰ ਪੜਾਅ ਤੇ ਹੁੰਦਾ ਸੀ, ਅਜ਼ਾਦੀ ਤੋਂ ਬਾਅਦ ਅਤੇ ਯੂਰਪ ਵਿਚ ਸਥਾਈ ਅਬਾਦਕਾਰ ਬਣਨ ਤੋਂ ਬਾਅਦ ਲੋਕਤੰਤਰੀ ਸੰਸਥਾਵਾਂ ਵਿਚ ਪਰਵਾਸੀਆਂ ਦੇ ਪ੍ਰਵੇਸ਼ ਕਰਨ ਦੀਆਂ ਸੰਭਾਵਨਾਵਾਂ ਵਧੀਆਂ। ਇਸ ਲਈ ਇੰਗਲੈਂਡ, ਅਮਰੀਕਾ ਅਤੇ ਕਨੇਡਾ ਵਿਚ ਪੰਜਾਬੀ ਉੱਚੇ ਅਹੁਦਿਆਂ ਤੇ ਪਹੁੰਚੇ। ਇਸੇ ਲਈ ਪਰਵਾਸੀ ਜੀਵਨ, ਭੂਹੇਰਵੇ, ਨਸਲਵਾਦ ਅਤੇ ਪੀੜ੍ਹੀ ਪਾੜੇ ਤੋਂ ਮੁਕਤ ਹੋ ਕੇ ਉਥੋਂ ਦੇ ਸਥਾਨਕ ਜੀਵਨ ਅਤੇ ਸੱਭਿਆਚਾਰ ਅਤੇ ਜੀਵਨ ਦੇ ਮਾਨਵੀ ਮੁੱਲਾਂ ਨੂੰ ਪਛਾਣਨ ਦੀ ਸਥਿਤੀ ਪੈਦਾ ਹੋਈ ਹੈ। ਇਸ ਨਵੀਂ ਸਥਿਤੀ ਨੂੰ ਪਰਵਾਸੀ ਪੰਜਾਬੀ ਗਲਪ ਨੇ ਸਾਰਥਿਕ ਹੁੰਗਾਰਾ ਭਰਿਆ ਹੈ।

ਵੀਹਵੀਂ ਸਦੀ ਦੇ ਅੰਤਲੇ ਦਹਾਕੇ ਵਿਚ ਪਰਵਾਸੀ ਪੰਜਾਬੀ ਗਲਪ ਇਕ ਨਵੇਂ ਦੌਰ ਵਿਚ ਪ੍ਰਵੇਸ਼ ਕਰਦਾ ਹੈ। ਇਸ ਦੌਰ ਦਾ ਪੰਜਾਬੀ ਗਲਪ ਰੁਦਨ ਤੋਂ ਬਾਹਰ ਆਉਂਦਾ ਹੈ। ਸਥਾਨਕ ਲੋਕਾਂ ਨਾਲ ਨਜ਼ਦੀਕੀ ਸਥਾਪਿਤ ਕਰਕੇ ਗੋਰੇ ਸਮਾਜ ਪ੍ਰਤੀ ਬਣੀਆਂ ਮਿੱਥਾਂ ਨੂੰ ਤੋੜਦਾ ਹੈ। ਇਸ ਨਾਲ ਉਥੋਂ ਦੀਆਂ ਸੰਸਥਾਵਾਂ ਅਤੇ ਵਿਅਕਤੀਆਂ ਦੀ ਸਾਰਥਿਕ ਭੁਮਿਕਾ ਸਾਹਮਣੇ ਆਉਂਦੀ ਹੈ। ਅਜਿਹੇ ਗਲਪ ਦਾ ਮੁਲਾਂਕਣ ਕਰਦੇ ਹੋਏ ਪ੍ਰੰਪਰਾਗਤ ਸੋਚ ਨੂੰ ਤਿਆਗ ਕੇ ਰਿਸ਼ਤਿਆਂ ਨੂੰ ਨਵੀਂ ਦ੍ਰਿਸ਼ਟੀ ਤੋਂ ਵੇਖਣ ਦੀ ਲੋੜ ਹੈ। ਪਰਵਾਸੀ ਗਲਪ ਦੇ ਮੁਲਾਂਕਣ ਨੂੰ ਜਾਂਚਦੇ ਹੋਏ ਉਥੋਂ ਦੇ ਸਿਰਜਕ ਆਪਣੀ ਰਚਨਾ ਨੂੰ ਪਰਵਾਸੀ ਕੋਟੇ ਵਿਚ ਮੁਲੰਕਿਤ ਕਰਨ ਨੂੰ ਆਪਣੀ ਰਚਨਾ ਨੂੰ ਘਟਾ ਕੇ ਵੇਖਣਾ ਸੋਚਦੇ ਹਨ। ਉਹ ਸੋਚਦੇ ਹਨ ਉਹਨਾਂ ਦੀ ਰਚਨਾ ਦਾ ਮੁਲਾਂਕਣ ਸਮੁੱਚੇ ਪੰਜਾਬੀ ਸਾਹਿਤ ਦੇ ਪ੍ਰਸੰਗ ਵਿਚ ਰੱਖ ਕੇ ਕੀਤਾ ਜਾਵੇ। ਸਾਡੀ ਜਾਚੇ ਪਰਵਾਸੀ ਜੀਵਨ ਅਨੁਭਵ ਦੀ ਪੇਸ਼ਕਾਰੀ ਪੰਜਾਬੀ ਸਾਹਿਤ ਦਾ ਇਕ ਵੱਖਰਾ ਤੇ ਮਹੱਤਵਪੂਰਨ ਪਾਸਾਰ ਹੈ। ਠੋਸ ਵਸਤੂ ਜਗਤ 'ਚੋਂ ਉਪਜਿਆ ਇਹ ਅਨੂਠਾ ਅਨੁਭਵ ਪੰਜਾਬੀ ਪਾਠਕ ਦੀ ਸੋਝੀ ਵਿਚ ਵਾਧਾ ਕਰਦਾ ਹੈ। ਕਲਾਤਮਕ ਜੁਗਤਾਂ ਪੱਖੋਂ ਉਹਨਾਂ ਕੋਲ ਪੰਜਾਬ ਦੇ ਬਿਰਤਾਂਤ ਦਾ ਅਵਚੇਤਨ ਤਾਂ ਮੌਜੂਦ ਹੈ ਹੀ ਉਹਨਾਂ ਕੋਲ ਸੰਸਾਰ ਪੱਧਰ ਦੇ ਬਿਰਤਾਂਤਕ ਮਾਡਲ ਵੀ ਮੌਜੂਦ ਹਨ। ਇਸ ਨਾਲ ਉਹਨਾਂ ਦੀਆਂ ਰਚਨਾਵਾਂ ਵਿਚ ਵਿਲੱਖਣਤਾ ਦੀਆਂ ਸੰਭਾਵਨਾਵਾਂ ਮੌਜੂਦ ਰਹਿੰਦੀਆਂ ਹਨ।

ਇੱਕੀਵੀਂ ਸਦੀ ਵਿਚ ਪ੍ਰਵੇਸ਼ ਕਰਕੇ ਜਦੋਂ ਅਸੀਂ ਪਿਛਲੀ ਸਦੀ ਦਾ ਅਵਲੋਕਨ ਕਰਦੇ ਹਾਂ ਤਾਂ ਬੀਤੀ ਸਦੀ ਦੇ ਕਈ ਉਤਰਾਅ ਚੜਾਅ ਦ੍ਰਿਸ਼ਟੀਗੋਚਰ ਹੁੰਦੇ ਹਨ। ਵਾਸਤਵਿਕਤਾ ਪ੍ਰਤੀ ਪਹੁੰਚ ਅਤੇ ਉਸਨੂੰ ਪ੍ਰਤੱਖਣ ਦੀ ਵਿਧੀ ਵਿਚ ਤਬਦੀਲੀਆਂ ਵਾਪਰਦੀਆਂ ਹਨ। ਮਨੁੱਖੀ ਸੋਸ਼ਣ ਦੀ ਮੁਕਤੀ ਦਾ ਸਮਾਜਵਾਦੀ ਮਾਡਲ ਇਸੇ ਸਦੀ ਵਿਚ ਸਾਹਮਣੇ ਆਉਂਦਾ ਹੈ ਅਤੇ ਤਿੜਕਦਾ ਹੈ। ਕੌਮ ਮੁਕਤੀ ਦੇ ਅੰਦੋਲਨ ਚਲਦੇ ਹਨ। ਬਸਤੀਵਾਦ, ਉਤਰ-ਬਸਤੀਵਾਦ, ਨਵ-ਬਸਤੀਵਾਦ ਦੇ ਸੰਕਲਪ ਅਤੇ ਅਧੁਨਿਕਤਾ ਅਤੇ ਉੱਤਰ-ਅਧੁਨਿਕਤਾ ਦੀ ਸਥਿਤੀ ਸਾਹਮਣੇ ਆਉਂਦੀ ਹੈ। ਸਾਮਰਾਜ ਦੀਆਂ ਕਈ ਮਿੱਥਾਂ ਬਣਦੀਆਂ ਅਤੇ ਟੁੱਟਦੀਆਂ ਹਨ। ਭਾਰਤੀਆਂ ਲਈ ਗੋਰੀ ਨਸਲ ਲੁੱਟ ਅਤੇ ਗਿਆਨ ਦਾ ਪ੍ਰਤੀਕ ਬਣ ਕੇ ਉਭਰਦੀ ਹੈ। ਉਥੋਂ ਦੀਆਂ ਜਮਹੂਰੀ ਸੰਸਥਾਵਾਂ ਵਿਚੋਂ ਵੀ ਸਾਮਰਾਜ ਦੀ ਲੁੱਟ ਦੇ ਲੁਕਵੇਂ ਰੂਪਾਂ ਦੀ ਤਲਾਸ਼ ਜਾਰੀ ਰਹਿੰਦੀ ਹੈ। ਪ੍ਰੰਤੂ ਇਸ ਸੋਚ ਸਬੰਧੀ ਮਿੱਥਾਂ ਇਸੇ ਸਦੀ ਵਿਚ ਟੁੱਟਣੀਆਂ ਸ਼ੁਰੂ ਹੁੰਦੀਆਂ ਹਨ। ਭਾਰਤੀ ਸੰਸਕ੍ਰਿਤੀ ਅਤੇ ਰਾਜਨੀਤੀ ਵਿਚ ਵਿਕ੍ਰਤ ਰੂਪ ਪਰਵਾਸੀ ਗਲਪਕਾਰਾਂ ਦੀਆਂ ਰਚਨਾਵਾਂ ਦਾ ਕੇਂਦਰੀ ਥੀਮ ਬਣ ਕੇ ਉਭਰਨਾ ਸ਼ੁਰੂ ਹੁੰਦਾ ਹੈ। ਸਵਰਨ ਚੰਦਨ ਭਾਰਤੀ ਸੰਸਕ੍ਰਿਤੀ ਦੇ ਇਸੇ ਅਮਾਨਵੀ ਸਰੂਪ ਨੂੰ 'ਉਜਾੜਾ' ਤ੍ਰੈਲੜੀ ਵਿਚ ਉਭਾਰਦਾ ਹੈ। ਉਹ ਵੰਡ ਦੇ ਕਾਰਨ ਭਾਵੇਂ ਬਸਤੀਵਾਦੀ ਨੀਤੀ ਵਿਚੋਂ ਤਲਾਸ਼ਦਾ ਹੈ ਪ੍ਰੰਤੂ ਇਸ ਦੀਆਂ ਜੜ੍ਹਾਂ ਨੂੰ ਭਾਰਤੀ ਸੰਸਕ੍ਰਿਤੀ ਨਾਲ ਜੋੜਦਾ ਹੈ। ਇਸ ਨਾਵਲ ਦਾ ਮੁੱਖ ਪਾਤਰ ਚੇਤੂ ਸਾਰੀ ਸਥਿਤੀ ਦਾ ਗਵਾਹ ਬਣ ਕੇ ਉਭਰਦਾ ਹੈ। ਚੇਤੂ ਇਕ ਪਾਸੇ ਸਾਮਰਾਜੀ ਸਾਜ਼ਿਸ਼ ਅਤੇ ਧਾਰਮਿਕ ਜਨੂੰਨ ਦਾ ਸ਼ਿਕਾਰ ਹੁੰਦਾ ਹੈ, ਦੂਜੇ ਪਾਸੇ ਪਰਿਵਾਰ ਵਿਚ ਯਤੀਮ ਹੋਣ ਦੀ ਗੁਲਾਮੀ ਹੰਢਾਉਂਦਾ ਹੈ। ਚੰਦਨ ਦੀ ਵਿਸ਼ੇਸ਼ਤਾ ਪਾਤਰ ਨੂੰ ਸਾਹਿਤ ਦੀ ਹੋਂਦ-ਵਿਧੀ ਦੇ ਭਾਰਤੀ ਬਿਰਹਾ ਦੇ ਸੰਕਲਪ ਨਾਲ ਜੋੜ ਕੇ ਗਤੀਸ਼ੀਲ ਕਰਨਾ ਹੈ। ਉਹ ਦੁੱਖ ਵਿਚੋਂ ਹੀ ਸਾਹਿਤ ਵਰਗੀ ਸੂਖਮ ਕਲਾ ਨਾਲ ਜੁੜਦਾ ਹੈ। ਚੰਦਨ ਪੰਜ ਦਹਾਕੇ ਬਰਤਾਨੀਆਂ ਵਿਚ ਰਹਿ ਕੇ 'ਕੰਜਕਾਂ' ਵਰਗਾ ਨਾਵਲ ਤੇ 'ਫਰੀ ਸੋਸਾਇਟੀ' ਵਰਗੀਆਂ ਕਹਾਣੀਆਂ ਤੋਂ ਬਾਅਦ ਭਾਰਤ ਵਿਚਲੀ ਅਮਾਨਵੀ ਸਥਿਤੀ ਨੂੰ ਚਿਤਰਦਾ ਹੈ। ਇਸ ਦਾ ਅਰਥ ਹੈ ਜੋ ਕੁਝ ਬਰਤਾਨਵੀ ਸਮਾਜਿਕ ਸੰਸਥਾਵਾਂ ਵਿਚ ਮੌਜੂਦ ਹੈ ਉਸ ਤੋਂ ਵੀ ਭਿਆਨਕ ਸਥਿਤੀ ਭਾਰਤੀ ਸਮਾਜਿਕ ਵਿਵਸਥਾ ਦਾ ਅੰਗ ਹੈ। ਇਸੇ ਪ੍ਰਕਾਰ ਨਕਸ਼ਦੀਪ ਪੰਜਕੋਹਾ ਆਪਣੇ ਨਾਵਲ 'ਗਿਰਵੀ ਹੋਏ ਮਨ' ਵਿਚ ਜਿਸ ਭਾਰਤੀ ਮਾਨਸਿਕਤਾ ਨਾਲ ਜੁੜੀ ਨਸਲਵਾਦ ਦੀ ਸਮੱਸਿਆ ਨੂੰ ਪੇਸ਼ ਕਰਦਾ ਹੈ ਉਹ ਅਮਰੀਕੀ ਸਮਾਜ ਦੇ ਨਸਲਵਾਦ ਤੋਂ ਬਹੁਤ ਉਪਰ ਹੈ। ਇਸ ਨਾਵਲ ਦਾ ਮੁੱਖ ਪਾਤਰ ਕਾਲੀ ਨਸਲ ਦੀ ਕੁੜੀ ਨਾਲ ਸਬੰਧ ਸਥਾਪਿਤ ਕਰਦਾ ਹੈ ਪਰ ਸਥਾਈ ਸਬੰਧਾਂ ਤੋਂ ਇਸ ਕਰਕੇ ਇਨਕਾਰ ਕਰ ਦਿੰਦਾ ਹੈ ਕਿ ਉਸ ਕੁੜੀ ਦੀ ਕਾਲੀ ਨਸਲ ਉਸ ਤੋਂ ਨੀਵੀਂ ਹੈ। ਪੰਜਕੋਹਾ ਇਸ ਨੂੰ ਭਾਰਤੀ ਸੰਸਕ੍ਰਿਤੀ ਦੇ ਬੰਦ ਸੱਭਿਆਚਾਰ ਵਾਲੀ ਮਾਨਸਿਕਤਾ ਦਾ ਹਿੱਸਾ ਬਣਾ ਕੇ ਪੇਸ਼ ਕਰਦਾ ਹੈ। ਜਿਹੜੀ ਲੰਮੀ ਇਤਿਹਾਸਿਕ ਪ੍ਰਕਿਰਿਆ ਵਿਚੋਂ ਆਪਣੀ ਹੋਂਦ ਗ੍ਰਹਿਣ ਕਰਦੀ ਹੈ। ਖੁੱਲ੍ਹੇ ਸਮਾਜਿਕ ਮਾਹੌਲ ਵਿਚ ਜਾ ਕੇ ਵੀ ਅਜਿਹੀ ਮਾਨਸਿਕਤਾ ਵਾਲੇ ਲੋਕ ਬੰਦ ਸੱਭਿਆਚਾਰਕ ਮੁੱਲਾਂ ਤੋਂ ਮੁਕਤ ਨਹੀਂ ਹੋ ਸਕਦੇ। ਦਰਸ਼ਨ ਧਰਿ ਆਪਣੇ ਨਾਵਲ 'ਘਰ ਤੇ ਕਰਮੇ' ਵਿਚ ਨਵੀਂ ਪੀੜ੍ਹੀ ਦੇ ਸੰਘਰਸ਼ ਨੂੰ ਪੇਸ਼ ਕਰਦਾ ਹੈ। ਇਸ ਸੰਘਰਸ਼ ਦਾ ਖੇਤਰ ਵਿੱਦਿਅਕ ਅਦਾਰੇ ਬਣਦੇ ਹਨ। ਇਸ ਨਾਵਲ ਰਾਹੀਂ ਪਰਵਾਸੀਆਂ ਦੀ ਦ੍ਰਿਸ਼ਟੀ ਵਿਚ ਆਈ ਤਬਦੀਲੀ ਨੂੰ ਸਮਝਿਆ ਜਾ ਸਕਦਾ ਹੈ। ਸੰਘਰਸ਼ ਸਮੇਂ ਸਮੁੱਚੀ ਗੋਰੀ ਪੀੜ੍ਹੀ ਵਿਰੋਧੀ ਨਹੀਂ। ਧੀਰ ਇਸ ਨਾਵਲ ਵਿਚ ਪਾਤਰਾਂ ਦੇ ਸੰਘਰਸ਼ ਨੂੰ ਵਿਅਕਤੀਗਤ ਪੱਧਰ ਤੱਕ ਸੀਮਤ ਕਰ ਦਿੰਦਾ ਹੈ।

ਹਰਜੀਤ ਅਟਵਾਲ 'ਸਾਊਥਹਾਲ' ਰਾਹੀਂ ਪਰਵਾਸੀ ਪੰਜਾਬੀਆਂ ਦੇ ਜੀਵਨ ਦੀਆਂ ਸਮੱਸਿਆਵਾਂ ਦੇ ਕਈ ਪਾਸਾਰਾਂ ਨੂੰ ਪੇਸ਼ ਕਰਦਾ ਹੈ। ਇਹ ਉਹਨਾਂ ਪਰਵਾਸੀ ਪੰਜਾਬੀਆਂ ਦੀ ਕਹਾਣੀ ਹੈ ਜਿਸ ਵਿਚ ਮਜ਼ਦੂਰੀ ਤੋਂ ਅਗਾਂਹ ਲੰਘ ਕੇ ਆਪਣਾ ਵਪਾਰ ਸਥਾਪਿਤ ਕਰਨ ਵੱਲ ਅਹੁਲਦੇ ਹਨ। ਉਹਨਾਂ ਦਾ ਵਪਾਰ ਵੀ ਪਰਵਾਸੀ ਪੰਜਾਬੀ ਭਾਈਚਾਰੇ ਖਾਣ ਪੀਣ ਦੀਆਂ ਆਦਤਾਂ ਦੁਆਲੇ ਘੁੰਮਦਾ ਹੈ। ਇਸ ਵਾਪਰ ਵਿਚ ਭਾਈਚਾਰੇ ਦੇ ਆਪਣੇ ਅੰਤਰ-ਵਿਰੋਧ, ਪ੍ਰੰਪਰਾਗਤ ਜੀਵਨ ਵਿਹਾਰ, ਇੱਜ਼ਤ ਲਈ ਕੀਤੇ ਕਤਲ, ਔਰਤ ਮਰਦ ਰਿਸ਼ਤੇ ਦੀਆਂ ਪਰਤਾਂ ਨਾਵਲੀ ਪਲਾਟ ਦਾ ਹਿੱਸਾ ਬਣ ਕੇ ਸਾਹਮਣੇ ਆਉਂਦੇ ਹਨ। ਪੱਛਮੀ ਗਲੈਮਰ 'ਚੋਂ ਉਪਜੇ ਦੁਖਾਂਤ ਨੂੰ ਸਹਿਜਤਾ ਨਾਲ ਪੇਸ਼ ਕਰਨ ਵਾਲਾ ਸੰਤੋਖ ਧਾਲੀਵਾਲ ਦਾ ਨਾਵਲ 'ਉਖੜੀਆਂ ਪੈੜਾਂ' ਹੈ। ਇਹ ਨਾਵਲ ਪੰਜਾਬੀ ਮਾਨਸਿਕਤਾ ਦੇ ਅਮਾਨਵੀ ਪੱਖਾਂ ਦੀਆਂ ਕਈ ਪਰਤਾਂ ਨੂੰ ਯੂਰਪ ਦੀ ਗਲੈਮਰੀ ਫਿਜ਼ਾ ਨਾਲ ਜੋੜ ਕੇ ਪੇਸ਼ ਕਰਦਾ ਹੈ। ਇਸ ਨਾਵਲ ਦੀ ਮੁੱਖ ਧੁਨੀ ਵਿਕਾਸਸ਼ੀਲ ਦੇਸ਼ਾਂ ਅੰਦਰ ਵਧੀਆ ਜੀਵਨ ਜਿਊਣ ਦੀ ਅੰਨ੍ਹੀ ਲਾਲਸਾ 'ਚੋਂ ਪੈਦਾ ਹੋਇਆ ਸੰਕਟ ਹੈ। ਉਹ ਆਪਣੇ ਨਵੇਂ ਨਾਵਲ 'ਸਰਘੀ' ਨਾਲ ਨਸਲਵਾਦ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਨੂੰ ਉਠਾਉਂਦਾ ਹੈ। ਇਸ ਨਾਵਲ ਦੀ ਪਾਤਰ ਪੈਟਰੀਸ਼ਾ ਨਸਲਵਾਦ ਦਾ ਸ਼ਿਕਾਰ ਹੀ ਨਹੀਂ ਹੁੰਦੀ ਸਗੋਂ ਉਸ ਦੀ ਧੀ ਪੰਜਾਬ ਵਿਚਲੇ ਬੰਦ ਸੱਭਿਆਚਾਰ ਦਾ ਦੁਖਾਂਤ ਵੀ ਸਾਰੀ ਉਮਰ ਭੋਗਦੀ ਹੈ। ਪੱਛਮੀ ਸਮਾਜ ਦਾ ਕਾਟਵਾਂ ਰੂਪ ਇਸ ਨਾਵਲ ਦੀ ਧੁਨੀ ਵਿਚ ਸਮਾਇਆ ਹੋਇਆ ਹੈ। ਪਰਵਾਸ ਵਿਚ ਰਚੇ ਜਾ ਰਹੇ ਨਾਵਲਾਂ ਵਿਚੋਂ ਦੋ ਨਾਵ ਵੱਖਰੇ ਖੜ੍ਹੇ ਹਨ। ਇਹ ਨਾਵਲ ਆਪਣੀ ਵੱਖਰੀ ਸਥਿਤੀ ਅਤੇ ਬਿਰਤਾਂਤਕ ਪੈਟਰਨ ਤੋਂ ਵੀ ਅਲੱਗ ਹਨ। ਪਹਿਲਾ ਨਾਵਲ ਨਿੰਦਰ ਗਿੱਲ ਦੀ ਰਚਨਾ 'ਗਿਰ ਰਿਹਾ ਗਰਾਫ' ਹੈ। ਇਹ ਨਾਵਲ ਸਵੀਡਨ ਸਮਾਜ ਦੀ ਨਵੀਂ ਸਫਬੰਦੀ ਦੁਆਲੇ ਘੁੰਮਦਾ ਹੈ। ਸਵੀਡਨ ਵਿਚਲੇ ਸਨਅਤੀ ਇਨਕਲਾਬ ਤੋਂ ਬਾਅਦ ਸੰਕਟ-ਗ੍ਰਸਤ ਜੀਵਨ ਇਸ ਦੇ ਕੇਂਦਰ ਵਿਚ ਹੈ। ਉਤਰ-ਸਨਅਤ ਯੁੱਗ ਤੋਂ ਬਾਅਦ ਪੈਦਾ ਹੋਇਆ ਮੰਡੀ ਦਾ ਸੰਕਟ ਕਈ ਹੋਰ ਸਮਾਜਿਕ ਸੰਕਟਾਂ ਨੂੰ ਜਨਮ ਦਿੰਦਾ ਹੈ। ਇਸ ਦੇ ਸਿੱਟੇ ਵਜੋਂ ਉਪਜੀ ਬੇਰੋਜ਼ਗਾਰੀ ਵੇਸ਼ਵਾਗਮਨੀ ਦਾ ਕਾਰਨ ਬਣਦੀ ਹੈ। ਸੋਵਿਅਤ ਯੂਨੀਅਨ ਦੇ ਵਿਖੰਡਨ ਤੋਂ ਬਾਅਦ ਪੂੰਜੀਵਾਦੀ ਚਮਕ ਦੇ ਪ੍ਰਭਾਵ ਅਧੀਨ ਕੈਰੀਨਾ ਐਡਰਸਨ ਅਤੇ ਉਸ ਵਰਗੀਆਂ ਹੋਰ ਕੁੜੀਆਂ ਇਸ ਕਿੱਤੇ ਵੱਲ ਆਉਂਦੀਆਂ ਹਨ। ਨਾਵਲਕਾਰ ਪੂੰਜੀਵਾਦੀ ਪ੍ਰਬੰਧ ਅਧੀਨ ਫਰੀ ਸੈਕਸ ਦੇ ਵਿਚਾਰਾਂ ਦੀ ਸੁਤੰਤਰਤਾ ਦੇ ਸੰਕਲਪ ਨੂੰ ਪਰਿਵਾਰਾਂ ਦੇ ਟੁੱਟਣ ਦੀ ਪ੍ਰਕਿਰਿਆ ਦਾ ਕਾਰਨ ਬਣਾ ਕੇ ਪੇਸ਼ ਕਰਦਾ ਹੈ। ਸਮੁੱਚੀ ਸਥਿਤੀ ਵਿਚ ਕੈਰੀਨਾ ਮਾਨਵੀ ਕਦਰਾਂ ਕੀਮਤਾਂ ਦੀ ਧਾਰਨੀ ਬਣੀ ਰਹਿੰਦੀ ਹੈ। ਨਾਵਲਕਾਰ ਇਸ ਦੀ ਤਰਕਸ਼ੀਲਤਾ ਕੈਰੀਨਾ ਦੇ ਪਿਛੋਕੜ ਵਿਚੋਂ ਤਲਾਸ਼ਦਾ ਹੈ। ਦੂਜਾ ਨਾਵਲ ਸਾਧੂ ਬਿਨਿੰਗ ਦੁਆਰਾ ਰਚਿਤ 'ਜੁਗਤੂ' ਹੈ। ਇਹ ਨਾਵਲ ਕਿਸੇ ਇਕ ਪਾਤਰ ਦੀ ਥਾਂ ਸਮੂਹ ਪਾਤਰਾਂ ਦੀ ਪੇਸ਼ਕਾਰੀ ਹੈ। ਉਹ ਸਾਰੇ ਪਾਤਰ ਜੁਗਤੂ ਹਨ ਜਿਹੜੇ ਸਮੇਂ ਦੀ ਤੋਰ ਅਨੁਸਾਰ ਆਪਣੇ ਆਪ ਨੂੰ ਢਾਹ ਲੈਂਦੇ ਹਨ। ਇਸ ਨਾਵਲ ਦਾ ਕੈਨਵਸ ਭਾਰਤ ਤੋਂ ਲੈ ਕੇ ਕੈਨੇਡਾ ਤੱਕ ਫੈਲਿਆ ਹੋਇਆ ਹੈ। ਪ੍ਰੋ. ਹਰਭਜਨ ਸਿੰਘ 'ਬਲਦੇ ਸਿਵਿਆਂ ਦਾ ਸੇਕ' ਅੰਦਰ ਪੰਜਾਬ ਸਮੱਸਿਆਵਾਂ ਨਾਲ ਜੁੜੇ ਦੁਖਾਂਤ ਨੂੰ ਅਮਰੀਕਾ ਵਿਚ ਰਹਿੰਦੇ ਪਰਵਾਸੀਆਂ ਤੱਕ ਫੈਲਾਅ ਦਿੰਦਾ ਹੈ।

ਪਰਵਾਸੀ ਪੰਜਾਬੀ ਗਲਪ ਵਿਚ ਨਾਵਲ ਦੇ ਨਾਲ-ਨਾਲ ਕਹਾਣੀ ਨੇ ਵੀ ਸਮਾਜਿਕ ਯਥਾਰਥ ਨੂੰ ਬਦਲਦੀਆਂ ਸਥਿਤੀਆਂ ਵਿਚ ਗ੍ਰਹਿਣ ਕੀਤਾ ਹੈ। ਕਹਾਣੀਆਂ ਵਿਚ ਨਵੀਂ ਅਤੇ ਪੁਰਾਣੀ ਪੀੜ੍ਹੀ ਇਕੋ ਸਮੇਂ ਸੰਬੋਧਿਤ ਹੋ ਰਹੀ ਹੈ। ਸਵਰਨ ਚੰਦਨ 'ਚਰਚ ਫਾਰ ਸੇਲ' ਕਹਾਣੀ ਵਿਚ ਇਕ ਵੱਖਰੀ ਸਮੱਸਿਆ ਨੂੰ ਉਠਾਉਂਦਾ ਹੈ। ਇਹ ਸਮੱਸਿਆ ਚਰਚ ਨੂੰ ਵੇਚਣ ਨਾਲ ਜੁੜੀ ਹੋਈ ਹੈ। ਗੋਰੇ ਸਮਾਜ ਵਿਚ ਚਰਚ ਦੀ ਆਮਦਨੀ ਘਟਣ ਤੇ ਉਸ ਨੂੰ ਸੇਲ ਤੇ ਲਾ ਦਿੱਤਾ ਜਾਂਦਾ ਹੈ। ਉਸ ਚਰਚ ਨੂੰ ਖ੍ਰੀਦਣ ਲਈ ਏਸ਼ਿਆਈ ਧਰਮ ਤੇ ਅਧਾਰਿਤ ਲੋੜਾਂ ਵਿਚ ਮੁਕਾਬਲਾ ਚੱਲ ਪੈਂਦਾ ਹੈ। ਚੰਦਨ ਏਸ਼ਿਆਈ ਲੋਕਾਂ ਦੀ ਧਰਮਪ੍ਰਤੀ ਪਹੁੰਚ ਦੇ ਕੱਟੜਤਾ ਵਾਲੇ ਰੂਪ ਵੱਲ ਨਿੰਦਣੀ ਸੁਰ ਅਪਣਾਉਂਦਾ ਹੈ ਅਤੇ ਕਹਾਣੀ ਦੇ ਬਿਰਤਾਂਤ ਵਿਚੋਂ ਗੋਰਿਆਂ ਦਾ ਉਦਾਰ ਰੂਪ ਸਾਹਮਣੇ ਆਉਂਦਾ ਹੈ ਭਾਵੇਂ ਉਹਨਾਂ ਦੀ ਧਾਰਮਿਕ ਲਗਨ ਵਿਚ ਕੋਈ ਕਮੀ ਨਜ਼ਰ ਨਹੀਂ ਆਉਂਦੀ। ਸੰਤੋਖ ਧਾਲੀਵਾਲ 'ਸਪਰਮ ਡੋਨਰ' 'ਮੁਆਫੀ' ਕਹਾਣੀ ਵਿਚ ਗੋਰੇ ਸਮਾਜ ਦੇ ਮਾਨਵੀ ਗੁਣਾਂ ਨੂੰ ਪੂਰੀ ਸ਼ਿੱਦਤ ਨਾਲ ਪੇਸ਼ ਕਰਦਾ ਹੈ। 'ਸਪਰਮ ਡੋਨਰ' ਦੇ ਦੋਵੇਂ ਪਾਤਰ ਭਾਵੇਂ ਪਿਓ ਪੁੱਤ ਦੀ ਪਛਾਣ ਦੇ ਰਹੱਸ ਨਾਲ ਕਾਨੂੰਨ ਪ੍ਰਤੀ ਪਾਬੰਧ ਹਨ ਪ੍ਰੰਤੂ ਮਾਨਵੀ ਪੱਧਰ ਤੇ ਪਤਾ ਲੱਗਣ ਤੇ ਇਕ ਦੂਜੇ ਪ੍ਰਤੀ ਅੰਤ ਦਾ ਮੋਹ ਪਾਲਦੇ ਹਨ, ਵੀਨਾ ਵਰਮਾ 'ਫਰੰਗੀਆਂ ਦੀ ਨੂੰਹ' ਕਹਾਣੀ ਵਿਚ ਅੰਗਰੇਜ਼ਾਂ ਦੇ ਸਮਾਜੀ ਰੁਤਬੇ ਨੂੰ ਇੱਜ਼ਤ ਦਾ ਮੁਹਾਵਰਾ ਬਣਾ ਕੇ ਪੇਸ਼ ਕਰਦੀ ਹੈ। ਇਸ ਕਹਾਣੀ ਦੀ ਮੁੱਖ ਪਾਤਰ ਇੰਗਲੈਂਡ ਪਹੁੰਚ ਕੇ ਮਰਦ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੁੰਦੀ ਹੈ। ਵੀਨਾ ਵਰਮਾ ਇਸ ਕਹਾਣੀ ਵਿਚ ਔਰਤ ਦੀ ਬਾਗੀ ਸੁਰ ਨੂੰ ਕੇਂਦਰ ਵਿਚ ਰੱਖਦੀ ਹੋਈ ਵਿਰੋਧਾਭਾਸਕ ਜੀਵਨ ਮੁੱਲਾਂ ਨੂੰ ਉਭਾਰਦੀ ਹੈ। ਉਸੇ ਦੇ ਸਾਹਮਣੇ ਔਰਤ ਦੀ ਅਜ਼ਾਦੀ ਦਾ ਮਾਡਲ ਪੱਛਮੀ ਜੀਵਨ ਜਾਂਚ ਤੋਂ ਪ੍ਰਭਾਵਿਤ ਹੈ। ਇਸ ਮਾਡਲ ਨੂੰ ਕਾਰਜਸ਼ੀਲ ਕਰਨ ਲਈ ਉਹ ਕਬੀਲਾਈ ਮਾਨਸਿਕਤਾ ਨੂੰ ਵਾਹਨ ਬਣਾਉਂਦੀ ਹੈ। ਉਹ ਔਰਤ ਦੀ ਹੋਂਦ ਦੀ ਸਥਾਪਤੀ ਲਈ ਮਰਦ ਦੇ ਵਿਰੁੱਧ ਬਗਾਵਤ ਕਰਨ ਲਈ ਮਰਦਾਵੀ ਅੰਹਿ ਦਾ ਪ੍ਰਦਰਸ਼ਨ ਕਰਦੀ ਹੈ। ਫਰੰਗੀਆਂ ਦੀ ਨੂੰਹ ਦੀ ਵਿਸ਼ੇਸ਼ਤਾ ਵਿਅਕਤੀ ਦੀ ਥਾਂ ਖਾਨਦਾਨੀ ਉੱਚਤਾ ਨਾਲ ਹੈ। ਇਸ ਸੋਚ ਅੰਗਰੇਜ਼ਾਂ ਪ੍ਰਤੀ ਬਣੀ ਧਾਰਨਾ ਨੂੰ ਰੱਦ ਕਰਕੇ ਨਵੇਂ ਖੇਤਰ ਵਿਚ ਪ੍ਰਵੇਸ਼ ਕਰਦੀ ਹੈ। ਪਰਵਾਸ ਵਿਚ ਰਹਿ ਰਹੇ ਲੋਕਾਂ ਕੋਲ ਮੁੱਢਲੇ ਦੌਰ ਵਿਚ ਨਸਲੀ ਵਿਤਕਰੇ ਦਾ ਅਨੁਭਵ ਸੀ। ਵੀਨਾ ਵਰਮਾ ਇਸ ਕਹਾਣੀ ਰਾਹੀਂ ਪ੍ਰੰਪਰਾਗਤ ਪਰਵਾਸੀ ਮਾਨਸਿਕਤਾ ਨੂੰ ਉਲੰਘ ਕੇ ਨਵੇਂ ਪੜਾਅ ਵਿਚ ਪ੍ਰਵੇਸ਼ ਕਰਦੀ ਹੈ, ਹਰਜੀਤ ਅਟਵਾਲ 'ਕਮਾਈ' ਕਹਾਣੀ ਰਾਹੀਂ ਗੈਰ ਪ੍ਰਕ੍ਰਿਤਕ ਸਬੰਧਾਂ ਦੇ ਸਮਾਜਿਕ ਪ੍ਰਸੰਗਾਂ ਨੂੰ ਚਿਤਰਦਾ ਹੈ। ਇਹ ਤਿੰਨੇ ਕਹਾਣੀਕਾਰ ਬਰਤਾਨਵੀ ਪਰਵਾਸ ਵਿਚ ਰਹਿ ਰਹੇ ਹਨ। ਬਰਤਾਨੀਆਂ ਵਿਚਲਾ ਪੰਜਾਬੀ ਕੈਨੇਡਾ ਅਤੇ ਅਮਰੀਕਾ ਵਾਲੇ ਪਰਵਾਸੀਆਂ ਤੋਂ ਵੱਖਰਾ ਖੜ੍ਹਾ ਹੈ। ਅੰਗਰੇਜ਼ਾਂ ਦੇ ਮਨ ਵਿਚ ਨਸਲਪ੍ਰਸਤੀ ਦੀ ਭਾਵਨਾ ਉਹਨਾਂ ਦੇ ਬਸਤੀਵਾਦੀ ਵਤੀਰੇ ਵਿਚੋਂ ਪੈਦਾ ਹੋਈ ਹੋਈ। ਕੈਨੇਡਾ ਵਿਚਲੇ ਪਰਵਾਸੀਆਂ ਨੂੰ ਇਹ ਘੱਟ ਸ਼ਿੱਦਤ ਨਾਲ ਭੋਗਣੀ ਪਈ। ਕੈਨੇਡਾ ਦੇ ਮੂਲਵਾਸੀ ਇਸ ਭਾਵਨਾ ਤੋਂ ਮੁਕਤ ਸਨ। ਕੈਨੇਡਾ ਵਿਚਲੀ ਨਵੀਂ ਪੀੜ੍ਹੀ ਦੇ ਲੇਖਕਾਂ ਨੇ ਇਸ ਸਥਿਤੀ ਨੂੰ ਵੱਖਰੇ ਰੂਪ ਵਿਚ ਲਿਆ। ਕੈਨੇਡਾ ਵਿਚਲੇ ਕਹਾਣੀਕਾਰਾਂ ਨੇ ਵਿਸ਼ੇਸ਼ ਤੌਰ ਤੇ ਕੈਨੇਡਾ ਵਾਸੀਆਂ ਦੇ ਹਾਂ-ਪੱਖੀ ਰੁਝਾਨਾਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ। ਇਸ ਨਵੇਂ ਪਾਸਾਰ ਨੂੰ ਸਭ ਤੋਂ ਪਹਿਲਾਂ ਅਮਨਪਾਲ ਸਾਰਾ ਨੇ ਆਪਣੀ ਰਚਨਾ ਸਮੱਗਰੀ ਦਾ ਅਧਾਰ ਬਣਾਇਆ ਉਸ ਦੀਆਂ ਕਹਾਣੀਆਂ ਵਿਚ ਗੋਰੀ ਨਸਲ ਦੇ ਕਨੇਡੀਅਨ ਪਾਤਰ ਸਕਾਰਾਤਮਕ ਰੂਪ ਵਿਚ ਸਾਹਮਣੇ ਆਉਂਦੇ ਹਨ। ਉਹ 'ਹਿਪੋਕ੍ਰਿਟ' ਅਤੇ 'ਮਕਸਦ' ਕਹਾਣੀਆਂ ਵਿਚੋਂ ਕਨੇਡੀਅਨ ਜੀਵਨ ਦੇ ਵੱਖਰੇ ਪਹਿਲੂ ਉਭਾਰਦਾ ਹੈ। ਇਹ ਪਹਿਲੂ ਮਾਨਵੀ ਜੀਵਨ ਦੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਪ੍ਰਣਾਏ ਹੋਏ ਹਨ। ਇਸ ਵਿਚ ਦੂਜੇ ਦੀ ਨਿਰਸੁਆਰਥ ਸੇਵਾ ਕਰਨਾ, ਵਿਅਕਤੀਗਤ ਖਾਹਿਸ਼ਾਂ ਤੋਂ ਉੱਪਰ ਉੱਠ ਕੇ ਪਰਸੁਆਰਥ ਲਈ ਕੰਮ ਕਰਨਾ ਸ਼ਾਮਲ ਹੈ। ਅਮਨਪਾਲ ਸਾਰਾ ਗੋਰੇ ਸਮਾਜ ਪ੍ਰਤੀ ਬਣੀ ਮਿਥ ਨੂੰ ਤੋੜਦਾ ਹੈ। 'ਹਿਪੋਕ੍ਰਿਟ' ਕਹਾਣੀ ਵਿਚ ਨੇਟਿਵ ਇੰਡੀਅਨ ਦੇ ਇਕ ਕਮਿਊਨਿਟੀ ਸੈਂਟਰ ਵਿਚ ਕੰਮ ਕਰਨ ਵਾਲੇ ਗੋਰੇ ਦੀ ਕਹਾਣੀ ਪਰਸੁਆਰਥ ਦੀ ਉੱਤਮ ਮਿਸਾਲ ਹੈ। ਅਜਿਹੀ ਸਥਿਤੀ ਹੀ 'ਮਕਸਦ' ਕਹਾਣੀ ਵਿਚੋਂ ਉਭਰਦੀ ਹੈ। ਇਸ ਪ੍ਰਕਾਰ ਅਮਨਪਾਲ ਸਾਰਾ ਪਰਵਾਸੀਆਂ ਦੇ ਪ੍ਰੰਪਰਾਗਤ ਗਲਪੀ ਬਿੰਬ ਦੇ ਘੇਰੇ ਨੂੰ ਤੋੜ ਕੇ ਨਵੇਂ ਦੌਰ ਵਿਚ ਦਾਖਲ ਹੁੰਦਾ ਹੈ। ਕੈਨੇਡਾ ਦਾ ਹੀ ਇਕ ਹੋਰ ਕਹਾਣੀਕਾਰ ਜਰਨੈਲ ਸਿੰਘ ਆਪਣੀ ਵਿਲੱਖਣ ਗਲਪੀ ਸ਼ੈਲੀ ਕਾਰਨ ਸਾਹਮਣੇ ਆਇਆ ਹੈ। ਉਹ 'ਟਾਵਰਜ਼' ਕਹਾਣੀ ਨਾਲ ਨਵੇਂ ਦੌਰ ਵਿਚ ਦਾਖਲ ਹੁੰਦਾ ਹੈ। ਇਹ ਕਹਾਣੀ ਹੇਰਵੇ, ਪੀੜ੍ਹੀ ਪਾੜੇ ਅਤੇ ਸੱਭਿਆਚਾਰਕ ਸੰਕਟਾਂ ਵਰਗੇ ਮਸਲਿਆਂ ਨੂੰ ਉਲੰਘ ਕੇ ਅਮਰੀਕਾ ਸਾਮਰਾਜ ਦੇ ਆਪ ਸਿਰਜੇ ਉੱਚੇ ਟਾਵਰਾਂ ਨਾਲ ਜੁੜੇ ਡੂੰਘੇ ਮਾਨਵੀ ਸੰਕਟਾਂ ਨੂੰ ਸੰਬੋਧਿਤ ਹੁੰਦੀ ਹੈ। ਹੈਂਕੜ ਵਿਚੋਂ ਉਪਜੀ ਲੋਕਾਈ ਦੀ ਪੀੜਾ ਕਹਾਣੀ ਦੇ ਕੇਂਦਰ ਵਿਚ ਹੈ। ਸ਼ਾਂਤੀ ਸਮੇਂ ਜਿਹੜੇ ਟਾਵਰਜ਼ ਆਮ ਅਮਰੀਕੀ ਲਈ ਹੈਂਕੜ ਦਾ ਪ੍ਰਤੀਕ ਸਨ ਹੁਣ ਉਹੀ ਤਬਾਹੀ ਦਾ ਕਾਰਨ ਬਣੇ ਹੋਏ ਹਨ। ਅਮਰੀਕਾ ਦੀ ਏਸ਼ਿਆਈ ਦੇਸ਼ਾਂ ਪ੍ਰਤੀ ਨੀਤੀ ਅਤੇ ਉਸ 'ਚ ਉਪਜਿਆ ਸੰਕਟ ਕਹਾਣੀ ਦੇ ਬਿਰਤਾਂਤ ਦਾ ਅਧਾਰ ਬਣਿਆ ਹੈ। ਇਸ ਪ੍ਰਕਾਰ ਇਹ ਕਹਾਣੀ ਵੀ ਵੱਖਰੀ ਖੜ੍ਹੀ ਨਜ਼ਰ ਆਉਂਦੀ ਹੈ।

ਅਮਰੀਕੀ ਪਰਵਾਸੀ ਪੰਜਾਬੀ ਕਹਾਣੀ ਵਿਚ ਰਲੇਵੇਂ ਦੀ ਸੁਰ ਤਿੱਖੇ ਰੂਪ ਵਿਚ ਸਾਹਮਣੇ ਆਈ ਹੈ, ਪ੍ਰੰਤੂ ਇਹ ਧਾਰਨਾ ਸਮੁੱਚੇ ਸਮਾਜ ਅਤੇ ਪਰਵਾਸੀ ਮਾਨਸਿਕਤਾ ਦੇ ਸਾਰੇ ਪਾਸਾਰਾਂ ਤੇ ਲਾਗੂ ਨਹੀਂ ਹੁੰਦੀ। ਅਜੇ ਵੀ ਸਥਾਨਕ ਸਮਾਜ ਨਾਲ ਟਕਰਾਅ, ਆਪਣੇ ਸੱਭਿਆਚਾਰ ਨਾਲੋਂ ਟੁੱਟਣ ਦਾ ਦੁਖਦ ਅਹਿਸਾਸ, ਕਮਾਈ ਕਰਨ ਦੀ ਲਾਲਸਾ ਕਾਰਨ ਦੱਬੇ ਹੋਏ ਅਰਮਾਨ ਅਤੇ ਉਦਰੇਵੇਂ ਦੀਆਂ ਕਈ ਪਰਤਾਂ ਨਾਲੋਂ ਨਾਲ ਚਲ ਰਹੀਆਂ ਹਨ। ਪ੍ਰੰਤੂ ਭਾਰੂ ਸੁਰ ਗੋਰੇ ਸਮਾਜ ਦੇ ਮਾਨਵੀ ਪਹਿਲੂ ਕਾਮੁਕ ਬਿੰਬ ਦੇ ਵਿਗਠਨ ਵਰਗੇ ਹਾਂ-ਪੱਖੀ ਪੱਖ ਨਾਲ ਜੁੜੀ ਹੋਈ ਹੈ। ਅਮਰੀਕਾ ਪਰਵਾਸੀ ਪੰਜਾਬੀ ਕਹਾਣੀ ਦਾ ਇਕ ਪਾਸਾਰ ਗੋਰੇ ਸਮਾਜ ਸਬੰਧੀ ਬਣੀ ਮਿੱਥ ਨੂੰ ਤੋੜਨ ਨਾਲ ਜੁੜਿਆ ਹੋਇਆ ਹੈ। ਇਹ ਮਿੱਥਾਂ ਵਿੱਥ ਵਿਚੋਂ ਉਪਜੀਆਂ ਹੋਈਆਂ ਹਨ, ਜਿਨ੍ਹਾਂ ਵਿਚ ਗੋਰੀਆਂ ਦੀ ਨੈਤਿਕਤਾ ਤੇ ਪ੍ਰਸ਼ਨ ਚਿੰਨ, ਵਿਹਾਰ ਵਿਚ ਭਾਰੂ ਕਾਮੁਕਤਾ, ਪੰਜਾਬੀਆਂ ਵਿਚ ਭਾਵੁਕਤਾ ਵਰਗੀਆਂ ਮਿੱਥਾਂ ਪ੍ਰਚਲਿਤ ਹਨ। ਡਾ. ਜਗਜੀਤ ਬਰਾੜ ਦੀ ਕਹਾਣੀ 'ਚਿੱਟੀ ਕਬੂਤਰੀ' ਇਸੇ ਮਿੱਥ ਦਾ ਵਿਸਰਜਨ ਕਰਦੀ ਹੈ। ਇਸ ਕਹਾਣੀ ਦਾ ਮੁੱਖ ਪਾਤਰ ਅਤੇ ਬਿਰਤਾਂਤਕਾਰ ਭਾਗ ਸਿੰਘ ਹੈ ਉਹ ਆਪਣੇ ਦੋਸਤ ਕਰਮ ਸਿੰਘ ਦੇ ਕਹੇ ਤੋਂ ਅਮਰੀਕਾ ਆਉਂਦਾ ਹੈ। ਉਸ ਦੇ ਪੁੱਤਰ ਜੱਸੀ ਦੀ ਗੈਰ-ਹਾਜ਼ਰੀ ਵਿਚ ਉਸ ਦੀ ਦੋਸਤ ਲੀਸ ਉਹਨਾਂ ਦੇ ਘਰ ਆਉਂਦੀ ਹੈ। ਭਾਸ਼ਾ ਦੀ ਸਮੱਸਿਆ ਕਾਰਨ ਉਹ ਸੰਚਾਰ ਆਪਣੀ ਲਿਪਸਟਿਕ ਰਾਹੀਂ ਕਾਗਜ਼ ਤੇ ਬਣਾਏ ਚਿੱਤਰਾਂ ਤੋਂ ਕਰਦੀ ਹੈ। ਕਰਮ ਸਿੰਘ ਸ਼ਰਾਬ ਪੀਣ ਦੀ ਥਾਂ ਬਾਥਰੂਮ ਵਿਚ ਰੱਖੇ ਫੁੱਲਦਾਨ ਵਿਚ ਪਾਈ ਜਾਂਦੀ ਹੈ। ਜਦੋਂ ਇਹ ਰਹੱਸ ਤੋਂ ਪਰਦਾ ਉੱਠਦਾ ਹੈ ਤਾਂ ਭਾਗ ਸਿੰਘ ਕਰਮ ਸਿੰਘ ਨੂੰ ਕਹਿੰਦਾ ਹੈ ਕਿ "ਗੋਰੀ ਦੀ ਜਿਹੜੀ ਤਸਵੀਰ ਤੇਰੇ ਸਿਰ ਤੇ ਹੈ ਹੁਣ ਉਸਨੂੰ ਵੀ ਅੱਗ ਲਾ ਦੇ" ਇਸ ਤਰ੍ਹਾਂ ਪੰਜਾਬੀ ਮਾਨਸਿਕਤਾ ਗੋਰੇ ਸਮਾਜ ਨਾਲ ਇਕ ਸਾਂਝ ਬਣਾ ਰਹੀ ਹੈ। ਇਹ ਸਾਂਝ ਸਮਾਜਿਕ ਗਤੀ ਦੀ ਨਵੀਂ ਦਿਸ਼ਾ ਵਿਚੋਂ ਆਪਣੀ ਹੋਂਦ ਗ੍ਰਹਿਣ ਕਰ ਰਹੀ ਹੈ। ਪ੍ਰੋ. ਹਰਭਜਨ ਸਿੰਘ ਆਪਣੀ ਕਹਾਣੀ ਰੇਸ, ਕਲਾਸ ਅਤੇ ਜੰਗ ਵਿਚੋਂ ਅਫਗਾਨਿਸਤਾਨ ਤੇ ਹੋਏ ਹਮਲੇ ਦੇ ਪ੍ਰਭਾਵ ਨੂੰ ਚਿਤਰਦਾ ਹੈ। ਇਸ ਜੰਗ ਦੇ ਸੰਕਟ ਨੂੰ ਆਪ ਅਮਰੀਕੀ ਅਤੇ ਪਰਵਾਸੀ ਸਾਂਝੇ ਰੂਪ ਵਿਚ ਭੋਗਦੇ ਹਨ। ਇਸ ਵਿਚ ਸ਼ੋਸ਼ਿਤ ਨਸਲਾਂ ਅਤੇ ਕੌਮੀਅਤਾਂ ਤੋਂ ਮੁਕਤ ਹਨ। ਐਨ ਕੌਰ ਦੀ ਕਹਾਣੀ 'ਆਵਾਜ਼ ਆਵਾਜ਼ ਹੈ' ਭਾਰਤੀ ਅਤੇ ਗੋਰੇ ਸਮਾਜ ਦਾ ਤੁਲਨਾਤਮਕ ਚਿੱਤਰ ਪੇਸ਼ ਕਰਦੀ ਹੈ। ਇਸ ਦੇ ਕੇਂਦਰ ਵਿਚ ਭਾਰਤੀ ਸਮਾਜ ਵਿਚ ਔਰਤ ਪ੍ਰਤੀ ਅਪਣਾਈ ਅਮਾਨਵੀ ਸੋਚ ਮੌਜੂਦ ਹੈ। ਇਸ ਕਹਾਣੀ ਦੀ ਪਾਤਰ ਦਰਸ਼ਨ ਅਮਰੀਕਾ ਰਹਿੰਦੇ ਯੁਵਰਾਜ ਨਾਲ ਵਿਆਹੀ ਜਾਂਦੀ ਹੈ, ਉਹ ਉਸ ਤੇ ਤਸ਼ੱਦਦ ਕਰਦਾ ਹੈ। ਜਦੋਂ ਪੁਲਿਸ ਫੋਨ ਸੁਣ ਕੇ ਉਹਨਾਂ ਦੇ ਘਰ ਆਉਂਦੀ ਹੈ ਤਾਂ ਕਾਰਵਾਈ ਸਮੇਂ ਪੂਰੀ ਇਮਾਨਦਾਰੀ ਵਰਤਦੀ ਹੈ, ਫੋਨ ਕਰਨ ਵਾਲੇ ਬਾਰੇ ਪੁੱਛਣ ਤੇ ਕਹਿੰਦੀ ਹੈ ਕਿ ਅਸੀਂ ਸਿਰਫ ਅਵਾਜ਼ ਸੁਣੀ ਹੈ। ਅਵਾਜ਼, ਅਵਾਜ਼ ਹੈ।

ਇਸ ਪ੍ਰਕਾਰ ਪਰਵਾਸੀ ਪੰਜਾਬੀ ਗਲਪ ਦਾ ਭਵਿੱਖ ਮੁੱਢਲੇ ਪੜ੍ਹਾਵਾਂ ਭੂ-ਹੇਰਵੇ, ਸੱਭਿਆਚਾਰਕ ਟਕਰਾਅ ਅਤੇ ਪੀੜ੍ਹੀ ਦੀਆਂ ਸਮੱਸਿਆਵਾਂ ਤੋਂ ਅੱਗੇ ਲੰਘ ਕੇ ਇਕ ਸਮਨਵੇਂ ਦੀ ਪ੍ਰਕਿਰਿਆ ਵਿਚੋਂ ਲੰਘ ਰਿਹਾ ਹੈ। ਇਸ ਸਿਰਜਣਾਤਮਕ ਅਮਲ ਪਿਛੇ ਸਮਾਜਿਕ ਵਿਕਾਸ ਦੀ ਇਕ ਨਿੱਗਰ ਪ੍ਰੰਪਰਾ ਹੈ। ਲੋਕਤੰਤਰ ਦੀਆਂ ਮਜ਼ਬੂਤ ਸੰਸਥਾਵਾਂ ਇਸ ਅਮਲ ਵਿਚ ਇਤਿਹਾਸਕ ਯੋਗਦਾਨ ਪਾ ਰਹੀਆਂ ਹਨ। ਇਹਨਾਂ ਸਥਿਤੀਆਂ 'ਚੋਂ ਉਪਜੇ ਪਰਵਾਸੀ ਗਲਪ ਵਿਚੋਂ ਨਵੇਂ ਪਾਸਾਰਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਇਹਨਾਂ ਪਾਸਾਰਾਂ ਨਾਲ ਪਰਵਾਸੀ ਗਲਪ ਪ੍ਰੰਪਰਾਗਤ ਦਾਇਰਿਆਂ ਤੋਂ ਮੁਕਤ ਹੋ ਕੇ ਨਵੇਂ ਦਾਇਰੇ ਵਿਚ ਪ੍ਰਵੇਸ਼ ਕਰ ਰਿਹਾ ਹੈ। ਇਸ ਪ੍ਰਕਾਰ ਇਹ ਪਾਸਾਰ ਪਰਵਾਸੀ ਗਲਪ ਦੇ ਨਵੇਂ ਭਵਿੱਖ ਦੇ ਸੂਚਕ ਹਨ।

No comments:

Post a Comment