Saturday, October 31, 2015

ਸੁਪਨਦੇਸ਼ ਵੱਲ ਯਾਤਰਾ-ਰੌਂਗਟੇ ਖੜੇ ਕਰਨ ਵਾਲ਼ੀ ਕਹਾਣੀ :ਮਨਮੋਹਨ ਭਿੰਡਰ

 ਸੁਪਨਦੇਸ਼ ਵੱਲ ਯਾਤਰਾ

ਮਨਮੋਹਨ ਭਿੰਡਰ
ਰਿਚਮੰਡ ਹਿੱਲ ਨਿਊਯਾਰਕ
0017188206668

ਰੌਂਗਟੇ ਖੜੇ ਕਰਨ ਵਾਲ਼ੀ ਕਹਾਣੀ
'ਸੁਪਨਦੇਸ਼ ਵੱਲ ਯਾਤਰਾ'
ਸੱਚਮੁੱਚ ਹੀ ਇਹ ਦਿਲ ਦਹਿਲਾ ਦੇਣ ਵਾਲ਼ੀ ਕਹਾਣੀ ਹੈ ਜੋ ਇਕੋ ਬੈਠਕ ਵਿਚ ਪੜ੍ਹਨ ਨੂੰ ਮਨ ਕਰਦਾ ਹੈ।
ਮਨਮੋਹਨ ਸਿੰਘ ਭਿੰਡਰ ਅਮਰੀਕਾ 'ਚ ਵੱਸਦਾ ਸਾਹਿਤਕਾਰ ਹੈ। ਉਹ ਆਪਣੀ ਸਾਹਿਤਕ ਲਗਨ ਨੂੰ ਬੇਹੱਦ ਛਿੱਦਤ ਤੇ ਲਗਨ ਨਾਲ਼ ਜਾਰੀ ਰੱਖ ਰਿਹਾ ਹੈ। ਇਸ ਅੰਕ ਵਿਚ ਉਹਨਾਂ ਦੀ ਪੁਸਤਕ 'ਸੁਪਨਦੇਸ਼ ਵੱਲ ਯਾਤਰਾ' ਦਾ ਪਾਠ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ। ਇਸ ਰਚਨਾ ਤੋਂ ਉਹਨਾਂ ਦੀ ਰਚਨਾਕਾਰੀ ਅੰਦਰ ਗਹਿਰਾਈ ਅਤੇ ਮਾਨਵੀ ਸਰੋਕਾਰਾਂ ਦੀ ਸਮਝ ਪੈਂਦੀ ਹੈ। ਮਨਮੋਹਨ ਸਿੰਘ ਭਿੰਡਰ ਲੋਕ ਵੇਦਨਾ ਦਾ ਸਾਹਿਤਕਾਰ ਹੈ।
ਸੁਪਨਦੇਸ਼ ਵੱਲ ਯਾਤਰਾ' ਉਸ ਦਰਦ ਨੂੰ ਪੇਸ਼ ਕਰਦੀ ਹੈ। ਜੋ ਤੀਜੀ ਦੁਨੀਆਂ ਦੇ ਦੇਸ਼ਾਂ ਅੰਦਰ ਖੁਰਦੀ ਜਾ ਰਹੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਖੂੰਖਾਰ ਹਾਲਤਾਂ ਅੰਦਰ ਕੁੱਦ ਜਾਂਦੇ ਹਨ। ਏਜੰਟਾਂ ਹੱਥੋਂ ਠੱਗੇ ਜਾਂਦੇ ਹਨ, ਰਾਹਵਾਂ 'ਚ ਜੰਗਲੀ ਜਾਨਵਰਾਂ ਤੇ ਜਾਨਲੇਵਾ ਕੁਦਰਤੀ ਖਤਰਿਆਂ ਦਾ ਸ਼ਿਕਾਰ ਹੁੰਦੇ ਹਨ।
ਮਾਂਵਾਂ ਦੀ ਉਡੀਕ ਬੇਆਸ ਅੱਖਾਂ ਦੀ ਨੀਰਸਤਾ ਵਿਚ ਬਦਲ ਜਾਂਦੀ ਹੈ।
ਸੁਪਨਦੇਸ਼ ਵੱਲ ਯਾਤਰਾ' ਰੌਂਗਟੇ ਖੜੇ ਕਰ ਦੇਣ ਵਾਲ਼ੀ ਸੱਚੀ ਕਹਾਣੀ ਹੈ। ਅਤੇ ਮਨਮੋਹਨ ਸਿੰਘ ਭਿੰਡਰ ਹੁਰਾਂ ਨਾਲ਼ ਹੱਡਬੀਤੀ ਹੈ।...
ਦੋਸਤੋ ਮੈਂ ਇਸ ਰੌਂਗਟੇ ਖੜੇ ਕਰਨ ਵਾਲੀ ਕਿਤਾਬ ਆਪ ਸਭ ਨੂੰ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ

ਜਤਿੰਦਰ ਸਿੰਘ ਔਲ਼ਖ

ਸੁਪਣੇ ਵੇਖਣ ਵਾਸਤੇ ਹੁੰਦੇ ਹਨ ਅਤੇ ਵੇਖਣੇ ਵੀ ਚਾਹੀਦੇ ਹਨ। ਸਿਰਫ ਸੁਪਨੇ ਵੇਖ ਕੇ ਕੁਝ ਪਲ ਸੁਪਨੇ ਵਿਚ ਹੀ ਅਨੰਦ ਮਾਣ ਲੈਣਾ ਕੋਈ ਵੱਡੀ ਗੱਲ ਨਹੀਂ। ਸਗੋਂ ਵੇਖੇ ਹੋਏ ਵੱਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਨਸਾਨ ਵਿਚ ਇਨਾ ਸ਼ਕਤੀ ਦਾ ਹੋਣਾ ਵੀ ਜਰੂਰੀ ਹੁੰਦਾ ਹੈ। ਕਈ ਇਨਸਾਨ ਸਿਰਫ ਸੁਪਨੇ ਵੇਖਦੇ ਹਨ ਅਤੇ ਕਈ ਲੋਕ ਆਪਣੇ ਵੇਖੇ ਹੋਏ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਰ ਧੜ ਦੀ ਬਾਜ਼ੀ ਲਾਉਂਦੇ ਹਨ। ਸੱਚੇ ਦਿਲੋਂ ਕੀਤੇ ਯਤਨਾਂ ਦੇ ਸਾਰਥਿਕ ਨਤੀਜੇ ਨਿਕਲਦੇ ਹਨ। ਅੰਗਰੇਜ਼ੀ ਦੀ ਕਹਾਵਤ ਅਨੁਸਾਰ ਪ੍ਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਮੈਂ ਵੀ ਇਕ ਸੁਪਨਾ ਹਰ ਵੇਲੇ ਆਪਣੇ ਮਨ ਵਿਚ ਸਜੋਈ ਰੱਖਦਾ ਸੀ। ਜਦੋਂ ਮੇਰੇ ਪਿੰਡ ਦੇ ਲੋਕ ਜੋ ਵਿਦੇਸ਼ਾਂ ਵਿਚ ਰਹਿੰਦੇ ਸਨ। ਪਰ ਜਦੋਂ ਕਦੀ ਉਹ ਵਾਪਸ ਆਪਣੇ ਵਤਨ ਪਰਤਦੇ ਤਾਂ ਉਹਨਾਂ ਦੇ ਪਾਏ ਹੋਏ ਸੋਹਣੇ ਲਿਬਾਸ, ਲਿਸ਼ਕਦੀਆਂ ਘੜੀਆਂ ਅਤੇ ਸੋਨੇ ਦੀਆਂ ਵੱਡੀਆਂ ਵੱਡੀਆਂ ਮੁੰਦਰੀਆਂ ਤੇ ਕੜੇ ਅਤੇ ਇਤਰ ਫੁਲੇਲਾਂ ਦੀਆਂ ਖੁਸ਼ਬੂਆਂ ਮੈਨੂੰ ਬਹੁਤ ਚੰਗੀਆਂ ਲਗਦੀਆਂ। ਮੈਂ ਸੋਚਦਾ, ਮੈਂ ਵੀ ਕਦੀ ਇਹ ਸਭ ਕੁਝ ਪ੍ਰਾਪਤ ਕਰ ਸਕਾਂਗਾ। ਪੜ੍ਹਾਈ ਵਿਚ ਮੇਰਾ ਦਿਲ ਘੱਟ ਹੀ ਲਗਦਾ ਸੀ।
ਧੱਕੇ-ਧੋੜੇ ਖਾ ਮੁਸ਼ਕਿਲ ਨਾਲ ਦਸਵੀਂ ਪਾਸ ਕਰ ਸਕਿਆ। ਅਖਬਾਰਾਂ ਵਿਚ ਬਾਹਰ ਜਾਣ ਵਾਲੇ ਇਸ਼ਤਿਹਾਰ ਨੂੰ ਪੜ੍ਹ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦਾ। ਕਈ ਥਾਈਂ ਥੋੜੇ-ਬਹੁਤੇ ਪੈਸੇ ਵੀ ਫਸਾਏ ਪਰ
ਕੰਮ ਕਿਤੇ ਵੀ ਨਾ ਬਣਿਆ। ਬਾਹਰ ਜਾਣ ਦੀ ਇੱਛਾ ਸ਼ਕਤੀ ਦਿਨੋਂ ਦਿਨ ਪ੍ਰਬਲ ਹੋ ਰਹੀ ਸੀ। ਇਕ ਦਿਨ ਕੁਦਰਤੀ ਮੇਰਾ ਦਸਵੀਂ ਕਲਾਸ ਦਾ ਕਲਾਸਮੇਟ ਮਿਲ ਪਿਆ। ਗੱਲਾਂ-ਗੱਲਾਂ ਵਿਚ ਉਸਨੇ ਆਪਣਾ ਵਿਦੇਸ਼ ਜਾਣ ਦਾ ਇਰਾਦਾ ਜ਼ਾਹਿਰ ਕੀਤਾ। 'ਅੰਨਾ ਕੀ ਭਾਲੇ ਦੋ ਅੱਖੀਆਂ' ਮੈਂ ਉਸਨੂੰ ਆਪਣੇ ਬਾਰੇ ਵੀ ਕਿਹਾ। ਉਸਨੇ ਮੈਨੂੰ ਅਗਲੇ ਹਫਤੇ ਮਿਲਣ ਲਈ ਕਿਹਾ। ਅਗਲੇ ਹਫਤੇ ਮੈਂ ਉਸਨੂੰ ਮਿਲਣ ਲਈ ਉਸਦੇ ਦੱਸੇ ਹੋਏ ਟਿਕਾਣੇ ਤੇ ਪਹੁੰਚਿਆ। ਉਸਨੇ ਮੇਰੀ ਮੁਲਾਕਾਤ ਇਕ ਆਦਮੀ ਨਾਲ ਕਰਾਈ। ਜਿਸ ਦਾ ਨਾਂ ਸੀ ਰਾਜਾ ਅਤੇ ਉਹ ਅਮਰੀਕਾ ਦਾ ਰਹਿਣ ਵਾਲਾ ਸੀ। ਜਦੋਂ ਮੈਂ ਰਾਜੇ ਨਾਲ ਆਪਣੇ ਬਾਰੇ ਗੱਲ ਕੀਤੀ ਤਾਂ ਉਸਨੇ ਹੱਸਦੇ ਹੋਏ ਕਿਹਾ ਭਾਜੀ ਸਾਡਾ ਕੰਮ ਇਹੋ ਹੀ ਹੈ। ਤੁਸੀਂ ਪੈਸਿਆਂ ਦਾ ਇੰਤਜ਼ਾਮ ਕਰੋ। ਮੈਂ ਤੁਹਾਨੂੰ ਹਫਤੇ ਵਿਚ ਅਮਰੀਕਾ ਪਹੁੰਚਦਾ ਕਰ ਦਿਆਂਗਾ।
ਮੈਂ ਉਸਨੂੰ ਪੈਸਿਆਂ ਬਾਰੇ ਪੁੱਛਿਆ ਤਾਂ ਉਸ ਨੇ ਪੰਝੀ ਲੱਖ ਦੀ ਮੰਗ ਕੀਤੀ। ਮੈਂ ਘਰ ਆ ਕੇ ਘਰਦਿਆਂ ਨਾਲ ਸਲਾਹ ਮਸ਼ਵਰਾ ਕਰ ਪੰਝੀ ਲੱਖ ਦੇ ਇੰਤਜ਼ਾਮ ਵਿਚ ਲੱਗ ਗਿਆ। ਰਿਸ਼ਤੇਦਾਰਾਂ ਭੈਣਾਂ, ਭਰਾਵਾਂ ਸਭ ਨੇ ਮੇਰੇ ਵਾਸਤੇ ਹਾਮੀ ਭਰ ਦਿੱਤੀ। ਪੈਸੇ ਦਾ ਇੰਤਜ਼ਾਮ ਹੁੰਦੇ ਹੀ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ। ਉਸਦੇ ਵੀ ਪੈਸੇ ਤਿਆਰ ਸਨ। ਅਸੀਂ ਦੋਵਾਂ ਦੋਸਤਾਂ ਨੇ ਦੂਸਰੇ ਦਿਨ ਰਾਜੇ ਨੂੰ ਮਿਲਣ ਲਈ ਸਮਾਂ ਤੈਅ ਕੀਤਾ। ਸਵੇਰੇ ਮੈਂ ਤੇ ਮੇਰਾ ਦੋਸਤ ਰਾਜੇ ਕੋਲ ਅੰਮ੍ਰਿਤਸਰ ਪਹੁੰਚੇ। ਉਥੇ ਪਹਿਲਾਂ ਹੀ ਚਾਰ ਮੁੰਡੇ ਬੈਠੇ ਰਾਜੇ ਨਾਲ ਗੱਲਬਾਤ ਕਰ ਰਹੇ ਸਨ। ਰਾਜੇ ਨੇ ਸਾਨੂੰ ਸਭ ਨੂੰ ਇਕ ਦੂਜੇ ਨਾਲ ਮਿਲਾਇਆ। ਅਸੀਂ ਕੁੱਕ ਦੇ ਨਾਲ ਸਾਂ। ਸਾਰੇ ਵੱਖਰੇ-ਵੱਖਰੇ ਇਲਾਕਿਆਂ ਦੇ ਮੈਂ ਤੇ ਮੇਰਾ ਦੋਸਤ ਅੰਮ੍ਰਿਤਸਰ, ਰਿੰਕੂ ਜੰਮੂ, ਰਮਨ ਭੋਗਪੁਰ, ਗੁਰਵਿੰਦਰ ਚੰਡੀਗੜ੍ਹ, ਸੋਢੀ ਸੁਲਤਾਨਪੁਰ ਲੋਧੀ ਦਾ।
ਅਸੀਂ ਸਾਰੇ ਇਕ ਦੂਜੇ ਨਾਲ ਘੁਲ ਮਿਲ ਗਏ। ਰਾਜੇ ਨੇ ਸਾਨੂੰ ਪੈਸੇ ਲੈ ਕੇ ਦੂਸਰੇ ਹਫਤੇ ਐਤਵਾਰ ਦਿੱਲੀ ਪਹੁੰਚਣ ਲਈ ਕਿਹਾ। ਦੋ ਚਹੁੰ ਦਿਨਾਂ 'ਚੋਂ ਨੱਠ ਭੱਜ ਕੇ ਪੈਸੇ ਇਕੱਠੇ ਕੀਤੇ। ਸਾਡੀ ਗੱਲਬਾਤ ਰਾਜੇ ਨਾਲ ਪੰਝੀ ਲੱਖ ਵਿਚ ਨਿੱਬੜ ਚੁੱਕੀ ਸੀ।
ਰਾਜੇ ਨੇ ਵੀਹ ਲੱਖ ਪਹਿਲਾਂ ਤੇ ਪੰਜ ਲੱਖ ਪਹੁੰਚਣ ਤੇ ਲੈਣ ਦਾ ਇਕਰਾਰ ਕੀਤਾ। ਅਸੀਂ ਖੁਸ਼ੀ-ਖੁਸ਼ੀ ਆਪਣੇ ਪੈਸੇ ਲੈ ਕੇ ਰਾਜੇ ਦੇ ਦੱਸੇ ਹੋਏ ਪਤੇ ਉਤੇ ਸੋਮਵਾਰ ਸਵੇਰੇ ਪਹੁੰਚ ਗਏ। ਰਾਜਾ ਪਹਾੜਗੰਜ ਦੇ ਇਲਾਕੇ ਵਿਚ ਹੋਟਲ ਵਿਚ ਠਹਿਰਿਆ ਹੋਇਆ ਸੀ। ਉਸ ਨੇ ਸਾਨੂੰ ਵੀ ਉਸੇ ਹੋਟਲ ਵਿਚ ਕਮਰੇ ਬੁੱਕ ਕਰਵਾ ਦਿੱਤੇ। ਅਸੀਂ ਨਹਾ-ਧੋ ਕੇ ਸਭ ਤੋਂ ਪਹਿਲਾਂ ਆਪਣੇ-ਆਪਣੇ ਪੈਸੇ ਰਾਜੇ ਦੇ ਹਵਾਲੇ ਕਰ ਦਿੱਤੇ। ਰਾਜੇ ਨੇ ਸਾਨੂੰ ਅਰਾਮ ਕਰਨ ਵਾਸਤੇ ਕਿਹਾ ਤੇ ਨਾਲ ਹੀ ਇਹ ਕਹਿ ਕੇ ਸਾਨੂੰ ਹੋਰ ਰੁਮਾਂਚਿਤ ਕਰ ਦਿੱਤਾ ਕਿ ਸ਼ਾਇਦ ਤੁਹਾਡੀ ਸਭ ਦੀ ਫਲਾਈਟ ਅੱਜ ਰਾਤ ਦੀ ਹੀ ਹੋਵੇ। ਮੈਂ ਜਾ ਕੇ ਟਿਕਟਾਂ ਦਾ ਪਤਾ ਕਰਕੇ ਆਉਂਦਾ ਹਾਂ।
ਅਸੀਂ ਅਰਾਮ ਕਰਨ ਤੋਂ ਬਾਅਦ ਉੱਠ ਕੇ ਹੋਟਲ ਜਾ ਕੇ ਪ੍ਰਸ਼ਾਦਾ ਪਾਣੀ ਛਕ ਕੇ ਵਾਪਸ ਹੋਟਲ ਵਿਚ ਆ ਕੇ ਕਮਰੇ ਵਿਚ ਬਹਿ ਕੇ ਰਾਜੇ ਦੀ ਉਡੀਕ ਕਰਨ ਲੱਗੇ। ਸਾਰੇ ਖੁਸ਼ ਸਨ ਕਿ ਜਲਦੀ ਹੀ ਉਹਨਾਂ ਦਾ ਵੇਖਿਆ ਹੋਇਆ ਸੁਪਨਾ ਪੂਰਾ ਹੋਣ ਵਾਲਾ ਹੈ। ਸ਼ਾਮ ਨੂੰ ਸੱਤ ਵਜੇ ਰਾਜੇ ਦਾ ਫੋਨ ਆਇਆ ਕਿ ਅੱਜ ਸੀਟਾਂ ਨਹੀਂ ਮਿਲ ਰਹੀਆਂ। ਪਰ ਮੇਰੀ ਕੋਸ਼ਿਸ਼ ਜਾਰੀ ਹੈ।
ਰਾਤ ਦਸ ਵਜੇ ਰਾਜਾ ਹੋਟਲ ਵਾਪਸ ਆਇਆ ਤਾਂ ਜਾ ਕੇ ਸਾਡੀ ਜਾਨ ਵਿਚ ਜਾਨ ਆਈ। ਏਜੰਟਾਂ ਦੇ ਲਾਰੇ ਹੀ ਹੁੰਦੇ ਹਨ। ਪਹਿਲਾਂ ਉਹ ਸਬਜ਼ਬਾਗ ਵਿਖਾਉਂਦੇ ਹਨ। ਫਿਰ ਲਾਰੇ-ਲੱਪੇ ਲਾ ਕੇ ਟਾਈਮ ਕੱਢਦੇ ਹਨ। ਤਿੰਨ ਦਿਨ ਰਾਜਾ ਸੀਟਾਂ ਨਾ ਮਿਲਣ ਦਾ ਰਾਗ ਹੀ ਅਲਾਪਦਾ ਰਿਹਾ। ਉਹ ਸਵੇਰੇ ਉਠ ਕੇ ਟਿਕਟਾਂ ਵਾਲੇ ਦਫਤਰ ਚਲੇ ਜਾਂਦਾ। ਸ਼ਾਮ ਹਨੇਰੇ ਪਏ ਮੁੜਦਾ। ਉਤੋਂ-ਉਤੋਂ ਅਸੀਂ ਹੱਸਦੇ ਪਰ ਅੰਦਰੋਂ ਅਸੀਂ ਡਰੇ ਹੋਏ ਸਾਂ। ਵੀਹ ਲੱਖ ਰੁਪਿਆ ਕਿਤੇ ਥੋੜ੍ਹਾ ਹੁੰਦਾ ਹੈ। ਸਾਡੀ ਪ੍ਰੇਸ਼ਾਨੀ ਰਾਜੇ ਨੂੰ ਸਾਡੇ ਚਿਹਰਿਆਂ ਤੋਂ ਸਾਫ ਦਿਖਾਈ ਦਿੰਦੀ ਸੀ। ਪਰ ਹੋ ਸਕਦਾ ਉਸਦੀ ਵੀ ਕੋਈ ਮਜ਼ਬੂਰੀ ਹੋਵੇ। ਅਸੀਂ ਸਵੇਰੇ ਉਠਦੇ-ਨਹਾਉਂਦੇ ਅਤੇ ਸੁੱਚੇ ਮੂੰਹ ਬੰਗਲਾ ਸਾਹਿਬ ਜਾ ਕੇ ਗੁਰੂ ਹਰਿ ਕ੍ਰਿਸ਼ਨ ਦੇ ਚਰਨਾਂ 'ਚ ਅਰਦਾਸਾਂ ਕਰਦੇ। ਹੇ, ਗੁਰੂ ਪਿਤਾ ਆਪਣੇ ਬੱਚਿਆਂ ਦੀ ਪੱਤ ਰੱਖੀਂ, ਤੂੰ ਹੀ ਸਾਡੇ ਬੇੜੇ ਬੰਨ੍ਹੇ ਲਾਉਣੇ ਹਨ।
ਆਖਰ ਪੰਜਵੇਂ ਦਿਨ ਗੁਰੂ ਪਿਤਾ ਨੇ ਸਾਡੀ ਸੁਣ ਹੀ ਲਈ ਜਾਂ ਰਾਜੇ ਦੇ ਮਨ ਮਿਹਰ ਪੈ ਗਈ। ਸ਼ਾਮ ਨੂੰ ਰਾਜੇ ਨੇ ਆਉਂਦੇ ਹੀ ਸਾਨੂੰ ਸਭ ਨੂੰ ਇਕੱਠਾ ਕਰ ਕੇ ਦੱਸਿਆ ਕਿ ਮਿੱਤਰੋ ਸੀਟਾਂ ਵੱਖ-ਵੱਖ ਮਿਲ ਰਹੀਆਂ ਹਨ। ੨੮ ਦਸੰਬਰ ੨੦੦੯ ਨੂੰ ਮਨਮੋਹਨ ਜਾਵੇਗਾ। ੨੯ ਦਸੰਬਰ ੨੦੦੯ ਨੂੰ ਰਮਨ, ਰਿੰਕੂ, ਗੁਰਵਿੰਦਰ ਜਾਵੇਗਾ, ੬ ਜਨਵਰੀ ੨੦੧੦ ਸੋਢੀ ਤੇ ਨਿਤਨ ਜਾਣਗੇ। ਸਾਰੇ ਖੁਸ਼ ਸਨ। ਰਾਜੇ ਨੇ ਦੋ ਬੋਤਲਾਂ ਵਿਸਕੀ ਦੀਆਂ ਮੰਗਵਾਈਆਂ ਅਸੀਂ ਸਾਰਿਆਂ ਨੇ ਵਿਸਕੀ ਪੀਤੀ ਅਤੇ ਵਿਸਕੀ ਦੇ ਸਰੂਰ ਵਿਚ ਮੈਂ ਸਾਰੀ ਰਾਤ ਹਵਾਈ ਜਹਾਜ਼ ਹੀ ਝੂਟਦਾ ਰਿਹਾ।
ਮੇਰੀ ਫਲਾਈਟ ੨੮ ਦਸੰਬਰ ੨੦੦੯ ਸਵੇਰੇ ਚਾਰ ਵਜੇ ਦੀ ਸੀ। ਆਪਣੇ ਭਾਰਤ ਮਹਾਨ ਬਾਰੇ ਅਸੀਂ ਸਾਰੇ ਜਾਣਦੇ ਹੀ ਹਾਂ। ਕੁਰੱਪਸ਼ਨ ਨੇ ਦੇਸ਼ ਦਾ ਬੇੜਾ ਗਰਕ ਕੀਤਾ ਹੋਇਆ ਹੈ। ਪੈਸੇ ਨਾਲ ਜੋ ਮਰਜ਼ੀ ਕਰ ਲਵੋ। ਸੋ ਸਾਡੇ ਨਾਲ ਵੀ ਇਹੋ ਕੁਝ ਹੋਇਆ। ਦੋ ਨੰਬਰ 'ਚ ਬਾਹਰ ਜਾਣ ਵਾਲਿਆਂ ਨੂੰ ਏਅਰਪੋਰਟ ਤੋਂ ਕਲੀਅਰ ਕਰਨ ਲਈ ਸ਼ਰ੍ਹੇਆਮ ਸੌਦੇ ਹੁੰਦੇ ਹਨ। ਏਜੰਟਾਂ ਤੇ ਇੰਮੀਗ੍ਰੇਸ਼ਨ ਵਿਚਕਾਰ ਵਿਚੋਲੇ ਹੁੰਦੇ ਹਨ। ਜੋ ਕਲੀਂਅਰਸ ਲਈ ਸੌਦਾ ਕਰਦੇ ਹਨ। ਸੋ ਸਾਡੇ ਏਜੰਟ ਨੇ ਪਹਿਲਾਂ ਇਕ ਬੰਦੇ ਨਾਲ ੨੦ ਹਜ਼ਾਰ 'ਚ ਗੱਲ ਕੀਤੀ ਸੀ। ਐਨ ਮੌਕੇ ਤੇ ਉਹ ਬੰਦਾ ਮੁੱਕਰ ਗਿਆ। ਫਿਰ ਰਾਜਾ ਸਾਹਿਬ ਨੇ ਉਸੇ ਵੇਲੇ ਕਿਸੇ ਹੋਰ ਨਾਲ ਫੋਨ ਤੇ ਗੱਲ ਕੀਤੀ। ਉਸ ਭੱਦਰ ਪੁਰਸ਼ ਨੇ ੪੦ ਹਜ਼ਾਰ ਰੁਪਏ ਦੀ ਮੰਗ ਕੀਤੀ। ਸੋ ੪੦ ਹਜ਼ਾਰ ਦੇਣਾ ਪਿਆ।
ਮੈਂ ਏਅਰਲਾਈਨਜ਼ ਤੋਂ ਕਲੀਅਰ ਹੋ ਕੇ ਇੰਮੀਗ੍ਰੇਸ਼ਨ ਵਾਲੇ ਪਾਸੇ ਜਾ ਖਲੋਤਾ। ਜਿਸ ਲਾਈਨ ਵਿਚ ਮੈਂ ਖੜ੍ਹਾ ਸੀ। ਉਹ ਲਾਈਨ ਡਿਪਲੋਮੈਟਾਂ ਵਾਸਤੇ ਸੀ। ਪਰ ਉਥੇ ਦੋ ਹੀ ਬੰਦੇ ਸਨ। ਜਿਉਂ ਹੀ ਉਹਨਾਂ ਦੀ ਸਟੈਂਪ ਹੋਈ ਕਾਊਂਟਰ ਤੋਂ ਮੈਨੂੰ ਨੌਜਵਾਨ ਅਫਸਰ ਨੇ ਮੇਰਾ ਨਾਂ ਲੈ ਕੇ ਆਖਿਆ ਮਨਮੋਹਨ ਸਿੰਘ। ਮੈਂ ਕਾਊਂਟਰ ਤੇ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਈ। ਨੌਜਵਾਨ ਅਫਸਰ ਚੰਗੇ ਸੁਭਾਅ ਦਾ ਸੀ। ਪਾਸਪੋਰਟ ਦੇ ਪੰਨੇ ਪਰਤ ਕੇ ਹੱਸ ਕੇ ਕਹਿਣ ਲੱਗਾ ਫਿਰ ਅਮਰੀਕਾ ਜਾ ਰਹੇ ਹੋ ਮਨਮੋਹਨ ਸਿੰਘ ਜੀ। ਮੈਂ ਕਿਹਾ ਹਾਂ ਸਰ ਜੀ ਅਮਰੀਕਾ ਜਾ ਰਿਹਾ, ਵੇਖਦੇ ਹਾਂ ਕਦੋਂ ਪਹੁੰਚਦੇ ਹਾਂ। ਉਸਨੇ ਮੇਰੇ ਪਾਸਪੋਰਟ ਤੇ ਸਟੈਂਪ ਲਗਾਈ ਤੇ ਮੈਂ ਦੂਸਰੇ ਕਾਊਂਟਰ ਪਾਰ ਕਰਦਾ ਹੋਇਆ ਆਖਰੀ ਸਿਰੇ ਤੇ ਪਹੁੰਚ ਗਿਆ। ਉਥੇ ਇਕ ਬੀਬੀ ਅਫਸਰ ਬੈਠੀ ਸੀ। ਪਾਸਪੋਰਟ ਵੇਖ ਕੇ ਬੋਲੀ, " ਜਾਓ"।
ਮੈਂ ਆਪਣਾ ਪਾਸਪੋਰਟ ਸੰਭਾਲਦਾ ਹੋਇਆ, ਉਡੀਕ ਘਰ 'ਚੋਂ ਕੁਰਸੀ ਤੇ ਬੈਠ ਗਿਆ। ਅੱਧੇ ਘੰਟੇ ਪਿਛੋਂ ਸਾਡਾ ਜਹਾਜ਼ ਤਿਆਰ ਸੀ। ਚਾਰ ਵੱਜ ਕੇ ਤੀਹ ਮਿੰਟ ਮੈਂ ਦੂਸਰੇ ਯਾਤਰੀਆਂ ਦੇ ਨਾਲ ਜਹਾਜ਼ 'ਚ ਜਾ ਬੈਠਾ। ਢਾਈ ਘੰਟੇ ਪਿੱਛੋਂ ਮੈਂ ਦੁਬਈ ਦੇ ਏਅਰਪੋਰਟ ਤੇ ਪਹੁੰਚ ਚੁੱਕਾ ਸੀ। ਦੁਬਈ ਦਾ ਏਅਰਪੋਰਟ ਵੇਖ ਕੇ ਮਨ ਬਾਗ ਬਾਗ ਹੋ ਗਿਆ। ਇਵੇਂ ਲੱਗਾ ਜਿਵੇਂ ਸਵਰਗ ਵਿਚ ਆ ਕੇ ਉੱਤਰੇ ਹਾਂ। ਪਿੰਡ ਵਿਚੋਂ ਆਏ ਬੰਦੇ ਲਈ ਇਹ ਪਰੀਆਂ ਦਾ ਦੇਸ਼ ਸੀ। ਲੋਕ ਇਧਰ-ਉਧਰ ਦੌੜ ਰਹੇ ਸਨ। ਆਪੋ ਆਪਣੀਆਂ ਮੰਜ਼ਿਲਾਂ ਤੇ ਜਾਣ ਲਈ। ਦੋ ਘੰਟੇ ਬਾਅਦ ਮੇਰੀ ਫਲਾਈਟ ਅਗਲੇ ਮੰਜ਼ਿਲ ਲਈ ਸੀ। ਅਠਾਰਾਂ ਘੰਟੇ ਦੇ ਲੰਬੇ ਸਫਰ ਪਿਛੋਂ ਮੈਂ (ਸਾਈਪਾਕੋ) ਬਰਾਜ਼ੀਲ ਦੀ ਰਾਜਧਾਨੀ ਪਹੁੰਚਿਆ। ਇਥੇ ਮੈਂ ਸੱਤ ਘੰਟੇ ਰੁਕਣਾ ਸੀ। ਜਹਾਜ਼ ਵਿਚ ਮੈਨੂੰ ਦੋ ਹੋਰ ਪੰਜਾਬੀ ਮਿਲੇ ਜੋ ਕਪੂਰਥਲੇ ਜ਼ਿਲ੍ਹੇ ਦੇ ਸਨ। ਪਹਿਲਾਂ ਤਾਂ ਉਹ ਮੇਰੇ ਨਾਲ ਸਿੱਧੇ ਮੂੰਹ ਬੋਲੇ ਹੀ ਨਹੀਂ। ਫਿਰ ਹੌਲੀ ਹੌਲੀ ਮੇਰੇ ਨਾਲ ਗੱਲਬਾਤ ਕਰਨ ਲੱਗੇ। ਸੱਤ ਘੰਟੇ ਏਅਰਪੋਰਟ ਰਹਿਣਾ ਸੀ। ਏਅਰਪੋਰਟ ਕੋਈ ਇੰਨਾ ਵਧੀਆ ਨਹੀਂ ਸੀ। ਅਸੀਂ ਦੋ ਤਿੰਨ ਘੰਟੇ ਕੁਰਸੀਆਂ ਤੇ ਹੀ ਪਾਸੇ ਮਾਰਦੇ ਰਹੇ। ਮਾੜੀ ਮੋਟੀ ਨੀਂਦ ਆਈ ਤਾਂ ਉਨੇ ਚਿਰ ਨੂੰ ਸਾਡੀ ਅਗਲੀ ਫਲਾਈਟ ਤਿਆਰ ਸੀ। ਚਾਰ ਵੱਜ ਕੇ ਤੀਹ ਮਿੰਟ ਤੇ ਸਾਡੇ ਜਹਾਜ਼ ਨੇ ਉੱਡਣਾ ਸੀ ਅਤੇ ਅਸੀਂ ਵਾਇਆ ਪਨਾਮਾ ਸਿਟੀ ਹੁੰਦੇ ਹੋਏ ਗੁਆਟੇਮਾਲਾ ਪਹੁੰਚਣਾ ਸੀ।
ਜਿਉਂ ਹੀ ਅਸੀਂ ਏਅਰ ਲਾਇਨਜ਼ ਦੇ ਕਾਊਂਟਰ ਤੇ ਗਏ। ਸਾਡੇ ਤਿੰਨਾਂ ਪੰਜਾਬੀਆਂ ਦੇ ਪਾਸਪੋਰਟ ਲਿਫਾਫੇ 'ਚ ਸੀਲ ਕਰਕੇ ਕੈਪਟਨ ਦੇ ਸਪੁਰਦ ਕਰ ਦਿੱਤੇ। ਅਸੀਂ ਬੜੇ ਪ੍ਰੇਸ਼ਾਨ ਹੋਏ। ਮਨ ਵਿਚ ਡਰ ਸੀ ਕਿ ਕਿਤੇ ਸਾਨੂੰ ਡਿਪੋਰਟ ਹੀ ਨਾ ਕਰ ਦੇਣ। ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਅਸੀਂ ਦੋ ਘੰਟੇ ਦੀ ਯਾਤਰਾ ਪਿਛੋਂ ਪਨਾਮਾ ਸਿਟੀ ਪਹੁੰਚ ਗਏ। ਅਸੀਂ ਜਹਾਜ਼ 'ਚ ਉਤਰੇ ਤਾਂ ਪਨਾਮਾ ਸਿਟੀ ਏਅਰਪੋਰਟ ਤੋਂ ਇਕ ਕਰਮਚਾਰੀ ਸਾਡੇ ਪਾਸਪੋਰਟਾਂ ਵਾਲਾ ਲਿਫਾਫਾ ਕੈਪਟਨ ਕੋਲੋਂ ਲੈ ਕੇ ਸਾਨੂੰ ਆਪਣੇ ਨਾਲ ਲੈ ਗਿਆ। ਪਨਾਮਾ ਸਿਟੀ ਏਅਰਪੋਰਟ ਤੇ ਅਸੀਂ ਅੱਧਾ ਘੰਟਾ ਰੁਕੇ। ਅੱਧੇ ਘੰਟੇ ਬਾਅਦ ਅਸੀਂ ਅਗਲੀ ਮੰਜ਼ਿਲ ਲਈ ਰਵਾਨਾ ਹੋ ਗਏ। ਜਹਾਜ਼ ਵਿਚ ਖਾਣ ਨੂੰ ਸਭ ਕੁਝ ਮਿਲ ਰਿਹਾ ਸੀ ਪਰ ਸਾਡੇ ਮਨ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ। ਕਿਉਂਕਿ ਸਾਡੇ ਅੰਦਰ ਇਕ ਡਰ ਸਮਾਇਆ ਹੋਇਆ ਸੀ, ਪਤਾ ਨਹੀਂ ਸਾਡਾ ਕੀ ਬਣੇਗਾ? ਜਿਉਂ ਜਿਉਂ ਜਹਾਜ਼ ਗੁਆਟੇਮਾਲਾ ਦੇ ਨੇੜੇ ਨੇੜੇ ਹੋ ਰਿਹਾ ਸੀ। ਮੇਰੇ ਦਿਲ ਦੀ ਧੜਕਣ ਇਕ ਅਣਜਾਣੇ ਡਰ ਨਾਲ ਵਧ ਰਹੀ ਸੀ। ਜਿਉਂ ਹੀ ਜਹਾਜ਼ ਗੁਆਟੇਮਾਲਾ ਏਅਰਪੋਰਟ ਤੇ ਉਤਰਿਆ ਸਾਰੇ ਯਾਤਰੂ ਉਤਰਣ ਲੱਗ ਪਏ। ਮੈਂ ਜਹਾਜ਼ ਦੇ ਕੈਪਟਨ ਕੋਲੋਂ ਆਪਣੇ ਪਾਸਪੋਰਟ ਮੰਗੇ। ਉਸਨੇ ਮੈਨੂੰ ਰੁਕਣ ਲਈ ਕਿਹਾ। ਇਨੇ ਚਿਰ ਨੂੰ ਗੁਆਟੇਮਾਲਾ ਏਅਰਪੋਰਟ ਤੋਂ ਇਕ ਕਰਮਚਾਰੀ ਆਇਆ ਤਾਂ ਕੈਪਟਨ ਨੇ ਸਾਡੇ ਪਾਸਪੋਰਟਾਂ ਵਾਲਾ ਲਿਫਾਫਾ ਉਸਦੇ ਹਵਾਲੇ ਕਰ ਦਿੱਤਾ। ਉਸ ਅਫਸਰ ਨੇ ਸਾਡੇ ਪਾਸਪੋਰਟ ਲਿਫਾਫੇ 'ਚੋਂ ਕੱਢੇ ਤੇ ਸਾਡੇ ਹੱਥਾਂ ਵਿਚ ਫੜ੍ਹਾ ਦਿੱਤੇ। ਮਨ ਨੂੰ ਕੁਝ ਧਰਵਾਸਾ ਹੋਇਆ। ਹੌਲੀ ਹੌਲੀ ਚੱਲਦੇ ਅਸੀਂ ਇੰਮੀਗ੍ਰੇਸ਼ਨ ਦੇ ਕਾਊਂਟਰਾਂ ਤੇ ਜਾ ਖਲੋਤੇ। ਆਪਣੀ ਵੱਲੋਂ ਮੈਂ ਇਕ ਨੌਜਵਾਨ ਲੜਕੀ ਦੇ ਕਾਊਂਟਰ ਤੇ ਜਾਣ ਲੱਗਾ ਕਿ ਸ਼ਾਇਦ ਉਹ ਬਹੁਤੇ ਸਵਾਲ ਨਾ ਪੁੱਛੇ। ਉਹ ਤਾਂ ਪਹਿਲਾਂ ਹੀ ਮੈਨੂੰ ਘੇਰਨ ਲਈ ਤਿਆਰ ਬੈਠੀ ਸੀ। ਦੂਸਰੇ ਦੋਵੇਂ ਪੰਜਾਬੀ ਮੁੰਡੇ ਮਿੰਟਾਂ 'ਚ ਕਲੀਅਰ ਹੋ ਕੇ ਉਹ ਗਏ ਉਹ ਲੜਕੀ ਮੈਨੂੰ ਆਪਣੇ ਵੱਡੇ ਅਫਸਰ ਦੇ ਦਫਤਰ 'ਚ ਛੱਡ ਆਪ ਆਪਣੇ ਕਾਊਂਟਰ ਤੇ ਆ ਬੈਠੀ। ਗੋਲ ਮਟੋਲ ਪੱਕੇ ਰੰਗ ਵਾਲਾ, ਮੱਧਰਾ ਜਿਹਾ ਉਹ ਅਫਸਰ ਅੰਗਰੇਜ਼ੀ ਨਹੀਂ ਸੀ ਜਾਣਦਾ। ਮੈਂ ਸਪੈਨਿਸ਼ ਨਹੀਂ ਸੀ ਜਾਣਦਾ। ਉਸਨੇ ਇਕ ਹੋਰ ਅਫਸਰ ਨੂੰ ਬੁਲਾਇਆ ਜੋ ਅੰਗਰੇਜ਼ੀ ਜਾਣਦਾ ਸੀ। ਉਸਨੇ ਆਉਂਦੇ ਹੀ ਮੇਰੇ ਤੇ ਪਹਿਲਾ ਸੁਆਲ ਕੀਤਾ, ਤੁਸੀਂ ਇਥੇ ਕਿਉਂ ਆਏ ਹੋ? ਮੇਰਾ ਉੱਤਰ ਸੀ, ਘੁੰਮਣ ਫਿਰਨ ਲਈ। ਤੇਰੇ ਕੋਲ ਰਹਿਣ ਦੀ ਜਗ੍ਹਾ ਹੈ ਤਾਂ ਮੈਂ ਉਸਨੂੰ ਆਪਣੀ ਪੰਜ ਦਿਨਾਂ ਦੀ ਹੋਟਲ ਬੁਕਿੰਗ ਵਿਖਾਈ।
ਉਸਨੇ ਮੈਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ। ਅਸੀਂ ਸਭ ਕੁਝ ਜਾਣਦੇ ਹਾਂ ਤੁਸੀਂ ਲੋਕ ਘੁੰਮਣ ਨਹੀਂ ਅਮਰੀਕਾ ਜਾਂ ਕਨੇਡਾ ਜਾਣ ਲਈ ਇਥੇ ਆਉਂਦੇ ਹੋ। ਤੁਸੀਂ ਤੈਨੂੰ ਵਾਪਸ ਤੇਰੇ ਦੇਸ਼ ਭੇਜਾਂਗੇ। ਮੇਰੇ ਸਮਝ ਵਿਚ ਆ ਚੁੱਕਾ ਸੀ ਕਿ ਇਥੇ ਵੀ ਭਾਰਤ ਮਹਾਨ ਵਾਲੀ ਕਹਾਣੀ ਦੁਹਰਾਈ ਜਾਵੇਗੀ। ਮੇਰਾ ਅੰਦਾਜ਼ਾ ਸਹੀ ਸੀ। ਉਸਨੇ ਮੈਨੂੰ ਪੁੱਛਿਆ ਤੇਰੇ ਕੋਲ ਕਿੰਨੇ ਡਾਲਰ ਹਨ। ਮੈਂ ਆਖਿਰ ਤਿੰਨ ਹਜ਼ਾਰ, ਤਾਂ ਉਸਨੇ ਵਿਖਾਉਣ ਲਈ ਕਿਹਾ। ਮੈਂ ਪਰਸ 'ਚੋਂ ਡਾਲਰ ਕੱਢ ਕੇ ਵਿਖਾ ਦਿੱਤੇ। ਨਵੀਂ ਕਹਾਣੀ ਦੇ ਤੰਦ ਬੁਣੇ ਜਾ ਚੁੱਕੇ ਸਨ।
ਉਸਨੇ ਸ਼ਰੇਆਮ ਮੇਰੇ ਕੋਲੋਂ ਡਾਲਰ ਮੰਗੇ। ਸਾਡੇ ਵਿਚ ਸੌਦਾਬਾਜ਼ੀ ਸ਼ੁਰੂ ਹੋਈ। ਉਸਨੇ ਪੈਦੀਂ ਸੱਟੇ ਇਕ ਹਜ਼ਾਰ ਡਾਲਰ ਮੰਗਿਆ। ਮੈਂ ਪੰਜ ਸੌ ਦੀ ਆਫਰ ਕੀਤੀ, ਪਰ ਉਹ ਇਕ ਹਜ਼ਾਰ ਤੋਂ ਘੱਟ ਗੱਲ ਹੀ ਨਾ ਕਰਨ। ਮੈਂ ਪੰਜ ਸੌ ਤੋਂ ਛੇ ਸੌ ਡਾਲਰ ਦੀ ਆਫਰ ਕੀਤੀ। ਉਹਨਾਂ ਨੇ ਅੱਠ ਸੌ ਤੇ ਗੱਲ ਮੁੱਕਦੀ ਕੀਤੀ। ਮੈਂ ਅੱਠ ਸੌ ਡਾਲਰ ਉਹਨਾਂ ਨੂੰ ਫੜਾਏ ਤਾਂ ਉਹੀ ਕੁੜੀ ਨੇ ਆਪਣੇ ਜੇਤੂ ਅੰਦਾਜ਼ ਵਿਚ ਹੱਸਦੀ ਹੋਈ ਨੇ ਮੇਰੇ ਪਾਸਪੋਰਟ ਤੇ ੯੦ ਦਿਨਾਂ ਦੀ ਐਂਟਰੀ ਲਾ ਦਿੱਤੀ। ਨਵਾਂ ਦੇਸ਼, ਨਵੇਂ ਲੋਕ ਤੇ ਉਹਨਾਂ ਲਈ ਮੈਂ ਵੀ ਨਵਾਂ। ਏਅਰਪੋਰਟ ਤੋਂ ਬਾਹਰ ਆ ਕੇ ਮੈਂ ਹੋਟਲ ਬਾਰੇ ਟੈਕਸੀ ਵਾਲੇ ਨਾਲ ਗੱਲ ਕੀਤੀ। ਤਾਂ ਉਹ ਮੈਨੂੰ ਏਅਰਪੋਰਟ ਦੇ ਲਾਗੇ ਹੀ ਹੋਟਲ ਵਿਚ ਲੈ ਗਿਆ। ਪੈਂਤੀ ਡਾਲਰ ਚੌਵੀ ਘੰਟੇ ਦਾ ਕਿਰਾਏ ਨਾਲ ਸਵੇਰ ਦਾ ਬਰੇਕ ਫਾਸਟ ਫਰੀ। ਕਮਰੇ 'ਚ ਸਮਾਨ ਰੱਖਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਰਾਜੇ ਨੂੰ ਫੋਨ ਕੀਤਾ। ਆਪਣੇ ਨਾਲ ਵਾਪਰੀ ਕਹਾਣੀ ਵੀ ਸੁਣਾ ਦਿੱਤੀ। ਉਸਨੇ ਕਿਹਾ ਕੋਈ ਗੱਲ ਨਹੀਂ ਭਾਜੀ ਤੁਸੀਂ ਪਹੁੰਚ ਗਏ ਹੋ। ਇਹਨੀ ਬੜੀ ਖੁਸ਼ੀ ਹੈ। ਤੁਸੀਂ ਫਿਕਰ ਨਹੀਂ ਕਰਨਾ। ਮੈਂ ਨਹਾ ਧੋ ਕੇ ਰੋਟੀ ਦੀ ਭਾਲ ਲਈ ਹੋਟਲ 'ਚੋਂ ਬਾਹਰ ਨਿਕਲਿਆ। ਬਰੈੱਡ ਤੇ ਚੀਜ ਲੈ ਕੇ ਹੋਟਲ 'ਚ ਆ ਕੇ ਮੈਂ ਥੋੜੀ ਜਿਹੀ ਬਰੈੱਡ ਖਾ ਕੇ ਸੌਂ ਗਿਆ। ਨਵੀਂ ਜਗ੍ਹਾ ਰਾਤ ਡਰ ਦੇ ਮਾਰੇ ਨੀਂਦ ਨਹੀਂ ਸੀ ਆ ਰਹੀ। ਜਿੱਦਾ-ਕਿੱਦਾਂ ਕਰਕੇ ਥੋੜਾ ਜਿਹਾ ਸੁੱਤਾ ਪਰ ਤੜਕੇ ਚਾਰ ਵਜੇ ਮੇਰੀ ਨੀਂਦ ਖੁੱਲ੍ਹ ਗਈ। ਉਠ ਕੇ ਇਸ਼ਨਾਨ ਕਰਕੇ ਮਨ ਵਿਚ ਵਾਹਿਗੁਰੂ ਦਾ ਨਾਮ ਧਿਆਉਣਾ ਸ਼ੁਰੂ ਕੀਤਾ। ਇਨਸਾਨ ਦੀ ਇਹ ਫਿਤਰਤ ਹੈ ਕਿ ਮੁਸੀਬਤ ਵੇਲੇ ਉਹ ਵਾਹਿਗੁਰੂ ਦਾ ਆਸਰਾ ਲੱਭਦਾ ਹੈ। ਸੁੱਖ ਵੇਲੇ ਰੱਬ ਭੁਲਾ ਦਿੰਦਾ ਹੈ। ਦੂਸਰੇ ਤਿੰਨ ਸਾਥੀ ਵੀ ਅੱਜ ਆਉਣੇ ਸਨ। ਮੈਂ ਹੋਟਲ ਵਿਚੋਂ ਬਰੇਕਫਾਸਟ ਕਰ ਆਪਣੇ ਸਾਥੀਆਂ ਨੂੰ ਲੈਣ ਲਈ ਏਅਰਪੋਰਟ ਤੇ ਚਲਾ ਗਿਆ।
ਅੱਧੇ ਘੰਟੇ ਬਾਅਦ ਤਿੰਨੇ ਸਾਥੀ ਹੱਸਦੇ ਹੋਏ ਏਅਰਪੋਰਟ ਤੋਂ ਬਾਹਰ ਆ ਰਹੇ ਸਨ। ਮੇਰਾ ਮਨ ਵੀ ਉਹਨਾਂ ਨੂੰ ਵੇਖ ਕੇ ਖੁਸ਼ ਹੋਇਆ। ਮੈਂ ਉਹਨਾਂ ਤੋਂ ਪੁੱਛਿਆ ਸਭ ਠੀਕ ਠਾਕ ਹੈ। ਉਹਨਾਂ ਨਾਲ ਵੀ ਮੇਰੇ ਵਾਲੀ ਕਹਾਣੀ ਵਾਪਰੀ ਸੀ। ਇੰਮੀਗ੍ਰੇਸ਼ਨ ਵਾਲਿਆਂ ਤਿੰਨਾਂ ਤੋਂ ਹਜ਼ਾਰ-ਹਜ਼ਾਰ ਡਾਲਰ ਇਕ ਕਿਸਮ ਦਾ ਖੋਹ ਲਿਆ ਸੀ। ਹੋਟਲ ਆ ਕੇ ਅਸੀਂ ਰਾਜੇ ਨੂੰ ਫੋਨ ਕੀਤਾ ਕ ਜੋ ਪੈਸੇ ਇਹ ਲੈ ਕੇ ਆਏ ਸਨ ਸਾਰੇ ਏਅਰਪੋਰਟ ਤੇ ਇੰਮੀਗ੍ਰੇਸ਼ਨ ਵਾਲਿਆਂ ਰੱਖ ਲਏ ਹਨ। ਉਹ ਕੁਝ ਵੀ ਨਾ ਬੋਲਿਆ। ਮੈਂ ਇਕ ਮਹੀਨਾ ਹੋਟਲ ਵਿਚ ਰਹਿਣ ਦੇ ਦੌਰਾਨ ਇਹ ਭੇਤ ਲੱਭਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਕੋਲੋਂ ਪੈਸੇ ਕਿਉਂ ਲਏ ਹਨ। ਪਤਾ ਲੱਗਾ ਕਿ ਗੁਆਟੇਮਾਲਾ ਬੈਠੇ ਹੋਏ ਭਾਰਤੀ ਏਜੰਟ ਉਥੋਂ ਦੀ ਇੰਮੀਗ੍ਰੇਸ਼ਨ ਨਾਲ ਰਲੇ ਹੋਏ ਹਨ। ਦਿੱਲੀ ਬੈਠੇ ਏਜੰਟ ਆਪਣੇ ਬੰਦੇ ਗੁਆਟੇਮਾਲਾ ਵਾਲੇ ਭਾਰਤੀ ਏਜੰਟਾਂ ਕੋਲ ਭੇਜਦੇ ਹਨ। ਫਲਾਈਟ ਤੋਂ ਪਹਿਲਾਂ ਬੰਦਿਆਂ ਦੇ ਨਾਵਾਂ ਦੀ ਲਿਸਟ ਗੁਆਟੇਮਾਲਾ ਪਹੁੰਚ ਜਾਂਦੀ ਹੈ। ਉਥੇ ਬੈਠੇ ਭਾਰਤੀ ਏਜੰਟ ਉਹ ਲਿਸਟ ਇੰਮੀਗ੍ਰੇਸ਼ਨ ਵਾਲਿਆਂ ਨੂੰ ਦੇ ਦਿੰਦੇ ਹਨ। ਜਿਹਨਾਂ ਦੇ ਨਾਮ ਇੰਮੀਗ੍ਰੇਸ਼ਨ ਕੋਲ ਹੁੰਦੇ ਹਨ। ਉਹਨਾਂ ਨੂੰ ਇਕ ਮਿੰਟ ਵਿਚ ਕਲੀਅਰ ਕਰ ਦਿੱਤਾ ਜਾਂਦਾ ਹੈ ਅਤੇ ਸ਼ਾਮ ਨੂੰ ਉਹਨੇ ਬੰਦਿਆਂ ਦੇ ਪੈਸੇ ਭਾਰਤੀ ਏਜੰਟ ਇੰਮੀਗ੍ਰੇਸ਼ਨ ਵਾਲਿਆਂ ਨੂੰ ਪਹੁੰਚਾ ਦਿੰਦੇ ਹਨ। ਗੁਆਟੇਮਾਲਾ ਗਰੀਬ ਦੇਸ਼ ਹੈ। ਇਹੀ ਰਸਤਾ ਹੈ ਅਮਰੀਕਾ ਪੁੱਜਣ ਦਾ। ਸੋ ਗਰੀਬ ਦੇਸ਼ ਦੇ ਭ੍ਰਿਸ਼ਟ ਅਫਸਰ ਆਪਣੇ ਖਜ਼ਾਨੇ ਭਰਨ ਨੂੰ ਤਰਜੀਹ ਦਿੰਦੇ ਹਨ। ਇਹ ਮੌਕਾ ਉਹਨਾਂ ਲਈ ਸੁਨਹਿਰੀ ਮੌਕਾ ਹੈ ਅਤੇ ਜਿਹਨਾਂ ਦਾ ਨਾਂ ਏਅਰਪੋਰਟ ਤੇ ਨਹੀਂ ਹੁੰਦਾ ਉਹ ਬੰਦੇ ਸਿੱਧੇ ਆਉਂਦੇ ਹਨ। ਉਹਨਾਂ ਦੇ ਲਿੰਕ ਗੁਆਟੇਮਾਲਾ ਵਾਲੇ ਏਜੰਟਾਂ ਨਾਲ ਨਹੀਂ ਹੁੰਦੇ। ਇਸ ਲਈ ਉਹਨਾਂ ਨੂੰ ਏਅਰਪੋਰਟ ਤੇ ਲੁੱਟ ਲਿਆ ਜਾਂਦਾ ਹੈ। ਭਾਰਤੀ ਏਜੰਟਾਂ ਦੀ ਸ਼ਹਿ ਤੇ।
ਤਿੰਨ ਦਿਨ ਬਾਅਦ ਦੂਸਰੇ ਦੋ ਲੜਕੇ ਵੀ ਆ ਗਏ। ਇਸ ਵਾਰ ਉਹਨਾਂ ਦੀ ਲੁੱਟ ਕੁਝ ਜ਼ਿਆਦਾ ਹੀ ਹੋਈ ਸੀ। ਉਹਨਾਂ ਕੋਲੋਂ ੧੩੦੦ ਡਾਲਰ ਹਰੇਕ ਵਿਅਕਤੀ ਖੋਹਿਆ ਗਿਆ। ਉਹਨਾਂ ਕੋਲ ੯੦੦ ਡਾਲਰ ਪਰ ਬੰਦਾ ਸੀ। ਬਾਕੀ ੪੦੦ ਡਾਲਰ ਪ੍ਰਤੀ ਬੰਦਾ ਮੈਂ ਆਪਣੇ ਕੋਲੋਂ ਦਿੱਤਾ। ਇੰਮੀਗ੍ਰੇਸ਼ਨ ਵਾਲੇ ਟੈਲੀਫੋਨ ਤੇ ਮੇਰੇ ਨਾਲ ਸੌਦਾ ਕਰ ਰਹੇ ਸਨ। ਮੈਂ ਹੈਰਾਨ ਸਾਂ। ਇਹਨਾਂ ਲੋਕਾਂ ਨੂੰ ਕਨੂੰਨ ਦੀ ਕੋਈ ਪ੍ਰਵਾਹ ਨਹੀਂ, ਕੋਈ ਸ਼ਰਮ ਨਹੀਂ ਸਿਰੇ ਦੇ ਭ੍ਰਿਸ਼ਟ ਲੋਕ, ਮੇਰੇ ਆਪਣੇ ਮਹਾਨ ਭਾਰਤ ਦੀ ਅਫਸਰਸ਼ਾਹੀ ਤੇ ਸਮੁੱਚੀ ਲੀਡਰਸ਼ਿਪ ਵਾਂਗ।
ਅਸੀਂ ਛੇ ਬੰਦੇ ਹੋਟਲ ਵਿਚ ਇਕ ਮਹੀਨਾ ਰਹੇ। ਖਰਚਾ ਮੁੱਕ ਰਿਹਾ ਸੀ। ਰਾਜਾ ਆਉਣ ਦਾ ਨਾਂ ਨਹੀ ਸੀ ਲੈ ਰਿਹਾ। ਅਸੀਂ ਸਭ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਸਾਂ। ਇੰਡੀਆ ਵਿਚ ਸਾਡੇ ਘਰ ਵਾਲਿਆਂ ਦੇ ਜ਼ੋਰ ਪਾਉਣ ਤੇ ਆਖਰ ਰਾਜੇ ਨੇ ਫੋਨ ਕੀਤਾ ਕਿ ਉਹ ਕੱਲ ਆ ਰਿਹਾ ਹੈ। ਅਸੀਂ ਖੁਸ਼ ਹੋ ਗਏ, ਅਸੀਂ ਤਿੰਨ ਦਿਨ ਤੱਕ ਉਡੀਕ ਕਰਦੇ ਰਹੇ, ਨਾ ਕੋਈ ਰਾਜਾ ਨਾ ਕੋਈ ਵਜ਼ੀਰ ਆਇਆ। ਤੀਸਰੇ ਦਿਨ ਅਸੀਂ ਰਾਤ ਬੈਠੇ ਗੱਲਾਂ ਬਾਤਾਂ ਕਰ ਰਹੇ ਸਾਂ ਕਿ ਗੁਰਵਿੰਦਰ ਦੀ ਮੰਮੀ ਮੈਡਮ ਰੂਬੀ ਦਾ ਫੋਨ ਆਇਆ ਕਿ ਰਾਜਾ ਅਮਰੀਕਾ ਪਹੁੰਚ ਚੁੱਕਾ ਹੈ ਅਤੇ ਉਹ ਉਥੇ ਸਾਰਾ ਕੰਮ ਸੈੱਟ ਕਰਕੇ ਤੁਹਾਡੇ ਕੋਲ ਛੇਤੀ ਹੀ ਪਹੁੰਚ ਜਾਵੇਗਾ। ਉਸੇ ਵਕਤ ਰਾਜੇ ਦਾ ਫੋਨ ਵੀ ਆਇਆ ਕਿ ਮੈਂ ਹੁਣ ਆਪਣੇ ਦੋਸਤ ਕੋਲ ਬੈਠਾ ਹਾਂ। ਜੋ ਮੈਕਸੀਕੋ ਦੇ ਬਾਰਡਰ ਤੇ ਤਾਇਨਾਤ ਹੈ। ਉਸ ਨਾਲ ਗੰਢਤੁੱਪ ਕਰਕੇ ਪਰਸੋਂ ਤੁਹਾਡੇ ਕੋਲ ਪਹੁੰਚ ਜਾਵਾਂਗਾ। ਰਾਜੇ ਨੇ ਇੰਡੀਆ ਵਿਚ ਸਾਨੂੰ ਦੱਸਿਆ ਸੀ ਕਿ ਉਸਦੀ ਪਹੁੰਚ ਬਹੁਤ ਦੂਰ ਤੱਕ ਹੈ। ਉਸਦਾ ਦੋਸਤ ਤੇ ਉਸਦੀ ਘਰਵਾਲੀ ਬਾਰਡਰ ਤੇ ਚੰਗੀਆਂ ਪੋਸਟਾਂ ਤੇ ਹਨ। ਉਹ ਤੁਹਾਨੂੰ ਬੜੀ ਅਸਾਨੀ ਨਾਲ ਕਾਰਾਂ 'ਚ ਬਿਠਾ ਕੇ ਅਮਰੀਕਾ ਵਿਚ ਬਿਨ੍ਹਾ ਕਿਸੇ ਮੁਸ਼ਕਲ ਪਹੁੰਚ ਦੇਣਗੇ। ਪਰ ਹੁਣ ਸਾਨੂੰ ਰਾਜੇ ਦੀ ਦੂਰ ਤੱਕ ਪਹੁੰਚ ਦਾ ਪਤਾ ਲੱਗਣਾ ਸ਼ੁਰੂ ਹੋ ਚੁੱਕਾ ਸੀ। ਦੂਸਰੇ ਦਿਨ ਰਾਤ ਨੂੰ ਰਾਜੇ ਦਾ ਫੋਨ ਫਿਰ ਆਇਆ ਕਿ ਉਹ ਸਵੇਰੇ ਬਾਰਾਂ ਵਜੇ ਤੁਹਾਡੇ ਕੋਲ ਪਹੁੰਚ ਰਿਹਾ ਹੈ। ਅਸੀਂ ਉਡੀਕ ਰਹੇ ਸਾਂ ਕਿ ਬਾਰਾਂ ਵਜੇ ਰਾਜੇ ਦੀ ਥਾਂ ਇੰਡੀਆ ਤੋਂ ਕਿਸੇ ਮਾਨ ਨਾਂ ਦੇ ਆਦਮੀ ਦਾ ਫੋਨ ਆਇਆ।। ਉਸਨੇ ਮੇਰੇ ਨਾਲ ਗੱਲ ਕੀਤੀ। ਤਾਂ ਉਸਨੇ ਦੱਸਿਆ ਕਿ ਰਾਜੇ ਨੂੰ ਮੈਂ ਇੰਡੀਆ ਬੁਲਾ ਲਿਆ ਹੈ। ਹੁਣ ਤੁਹਾਡੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਹੈ। ਤੁਸੀਂ ਕੋਈ ਫਿਕਰ ਨਹੀਂ ਕਰਨਾ। ਅੱਜ ਸ਼ਾਮ ਤੱਕ ਤੁਹਾਡੇ ਕੋਲ ਗੁਆਟੇਮਾਲਾ ਵਾਲੇ ਬਾਬੇ ਆਉਣਗੇ। ਜਿਹਨਾਂ ਦੇ ਨਾਂ ਹਨ ਸਾਹਨੀ, ਤੇ ਪੰਚ ਰਾਮ, ਉਹ ਤੁਹਾਨੂੰ ਬਾਰਡਰ ਤੱਕ ਪਹੁੰਚਾ ਦੇਣਗੇ। ਸ਼ਾਮ ਦੇ ਅੱਠ ਵਜੇ ਚੁੱਕੇ ਸਨ। ਅਜੇ ਤੱਕ ਕੋਈ ਨਹੀਂ ਸੀ ਬਹੁੜਿਆ। ਨੌਂ ਵਜੇ ਸਾਨੂੰ ਸਾਹਨੀ ਤੇ ਪੰਚ ਰਾਮ ਦਾ ਫੋਨ ਆਇਆ ਕਿ ਤੁਸੀਂ ਤਿਆਰ ਰਹੋ ਅਸੀਂ ਤੁਹਾਡੇ ਕੋਲ ਆ ਰਹੇ ਹਾਂ।
ਮਿਸਟਰ ਸਾਹਨੀ ਜੋ ਚੌਵੀਂ ਘੰਟੇ ਦਾ ਸ਼ਰਾਬੀ ਸੀ ਤੇ ਪੰਚ ਰਾਮ ਮੈਨੂੰ ਵਧੀਆ ਇਨਸਾਨ ਲੱਗਾ। ਉਹ ਇਟਲੀ ਦਾ ਪੱਕਾ ਵਸਨੀਕ ਸੀ। ਪਰ ਅੱਜ ਕੱਲ੍ਹ ਗੁਆਟੇਮਾਲਾ ਵਿਚ ਆ ਵਗਦੀ ਗੰਗਾ ਵਿਚ ਹੱਥ ਧੋ ਰਿਹਾ ਸੀ। ਕੰਮ ਚੰਗਾ ਚੱਲ ਰਿਹਾ ਸੀ। ਦਿੱਲੀ ਤੋਂ ਏਜੰਟ ਬੰਦੇ ਤੇ ਬੰਦਾ ਭੇਜ ਰਹੇ ਸਨ। ਤੇ ਉਹ ਆਪਣੇ ਗੁਆਟੇਮਾਲੀਅਨ ਮਨੁੱਖੀ ਤਸਕਰਾਂ ਦੇ ਵੱਡੇ ਗਿਰੋਹ ਰਾਹੀਂ ਮੈਕਸੀਕੋ ਰਾਹੀਂ ਵਿੰਗੇ ਟੇਢੇ ਰਸਤਿਆਂ ਰਾਹੀਂ ਅਮਰੀਕਾ ਵਾੜ ਦਿੰਦਾ ਸੀ।
ਹੋਟਲ ਵਿਚ ਪੰਚ ਰਾਜ ਤੇ ਸਾਹਨੀ ਆਏ। ਸਾਹਨੀ ਨੇ ਸਾਨੂੰ ਭਾਰਤੀ ਕਰੰਸੀ ਅਤੇ ਕਿਸੇ ਵੀ ਪ੍ਰਕਾਰ ਦਾ ਭਾਰ ਤੋਂ ਪਹਿਚਾਣ ਪੱਤਰ ਅਤੇ ਟੈਲੀਫੋਨ ਆਦਿ ਦੇਣ ਲਈ ਕਿਹਾ। ਸਾਡੇ ਕੋਲ ਜੋ ਵੀ ਭਾਰਤੀ ਕਰੰਸੀ ਅਤੇ ਦੋ ਤਿੰਨ ਮੁੰਡਿਆਂ ਕੋਲ ਟੈਲੀਫੋਨ ਸਨ। ਸਾਹਨੀ ਦੇ ਹਵਾਲੇ ਕਰ ਦਿੱਤੇ। ਸਾਹਨੀ ਨੇ ਦਿੱਲੀ ਮਾਨ ਨਾਲ਼ ਵੀ ਗੱਲਬਾਤ ਕੀਤੀ। ਦੱਸ-ਪੰਦਰਾਂ ਮਿੰਟ ਬਾਅਦ ਅਸੀਂ ਹੋਟਲ ਛੱਡ ਦਿੱਤਾ ਅਤੇ ਟੈਕਸੀਆ ਵਿਚ ਬੈਠ ਬੱਸ ਅੱਡੇ ਪਹੁੰਚ ਗਏ। ਬੱਸ ਅੱਡੇ ਤੋਂ ਬੜੀ ਸਾਵਧਾਨੀ ਨਾਲ ਸਾਨੂੰ ਇਕ ਡੀਲਕਸ ਬੱਸ ਵਿਚ ਬਿਠਾ ਦਿੱਤਾ। ਪੂਰੇ ਛੇ ਘੰਟੇ ਦੇ ਸਫਰ ਉੱਚੀਆਂ ਨੀਵੀਆਂ ਪਹਾੜੀ ਸੜਕਾਂ ਤੇ ਬੱਸ ਦੌੜਦੀ ਹੋਈ ਕਿਸੇ ਹੋਰ ਅਨਜਾਣੀ ਮੰਜ਼ਿਲ ਵੱਲ ਵਧ ਰਹੀ ਸੀ। ਸਵੇਰ ਦੇ ਚਾਰੇ ਵਜੇ ਅੰਮ੍ਰਿਤ ਵੇਲੇ ਬੱਸ ਇਕ ਅੱਡੇ ਤੇ ਰੁਕੀ ਡਰਾਈਵਰ ਨੇ ਸਾਨੂੰ ਉਤਰਣ ਦਾ ਇਸ਼ਾਰਾ ਕੀਤਾ। ਅਸੀਂ ਡਰਦੇ ਡਰਦੇ ਥੱਲੇ ਉੱਤਰੇ। ਅੱਗੇ ਇਕ ਗੁਆਟੇਮਾਲੀਆ ਵੱਡਾ ਟਰੱਕ ਲੈ ਕੇ ਸਾਡੀ ਹੀ ਉਡੀਕ ਕਰ ਰਿਹਾ ਸੀ। ਅਸੀਂ ਚਾਰ ਲੜਕੇ ਅੰਦਰ ਤੇ ਦੋ ਲੜਕੇ ਪਿਛਲੇ ਹਿੱਸੇ 'ਚ ਬੈਠ ਗਏ। ਸਿਰਫ ੧੦ ਮਿੰਟ ਪਿੱਛੋਂ ਅਸੀਂ ਇਕ ਬਹੁਤ ਖੁੱਲ੍ਹੀ ਛੁੱਲੀ ਸ਼ਾਨਦਾਰ ਕੋਠੀ ਵਿਚ ਪਹੁੰਚ ਚੁੱਕੇ ਸਾਂ। ਜਿਸ ਬੰਦੇ ਨੇ ਸਾਨੂੰ ਲਿਆਂਦਾ ਸੀ ਉਸਨੇ ਇਕ ਸਾਫ ਸੁਥਰੇ ਖੁੱਲ੍ਹੇ ਕਮਰੇ ਵਿਚ ਛੇ ਗੱਦੇ ਲਾ ਦਿੱਤੇ ਅਤੇ ਕੰਬਲ ਦੇ ਦਿੱਤੇ। ਛੇਤੀ ਹੀ ਬੱਤੀਆਂ ਬੰਦ ਕਰ ਅਸੀਂ ਗੂੜ੍ਹੀ ਨੀਂਦੇ ਸੌਂ ਗਏ।
ਪੰਜ ਛੇ ਘੰਟੇ ਦੀ ਨੀਂਦ ਪਿੱਛੋਂ, ਜਦ ਮੇਰੀ ਅੱਖ ਖੁੱਲ੍ਹੀ ਤਾਂ ਵੇਖਿਆ ਦਿਨ ਗੋਡੇ-ਗੋਡੇ ਚੜ੍ਹਿਆ ਸੀ। ਮੈਂ ਉੱਠਿਆ ਕਮਰੇ 'ਚੋਂ ਬਾਹਰ ਨਿਕਲਿਆ ਤਾਂ ਕਿ ਜਗ੍ਹਾ ਦਾ ਜਾਇਜ਼ਾ ਲੈ ਸਕਾਂ। ਮੈਂ ਵੇਖਿਆ ਕੋਠੀ ਖੁੱਲ੍ਹੀ ਸੀ ਅਤੇ ਬਹੁਤ ਸਾਰੇ ਕਮਰੇ ਤਰਤੀਬ ਵਾਰ ਬਣੇ ਸਨ। ਮੈਂ ਥੋੜ੍ਹਾ ਜਿਹਾ ਹੋਰ ਅੱਗੇ ਹੋਇਆ ਤਾਂ ਇਕ ਬਹੁਤ ਸੁੰਦਰ, ਲੰਮੀ, ਸੁਨੱਖੀ ਲੜਕੀ ਖੁੱਲ੍ਹੀ-ਡੁੱਲੀ ਰਸੋਈ ਵਿਚ ਬਰਤਨ ਸਾਫ ਕਰ ਰਹੀ ਸੀ। ਮੈਂ ਉਸਨੂੰ ਗੁੱਡ ਮਾਰਨਿੰਗ ਕਹਿਕੇ ਬਾਥਰੂਮ, ਲੈਟਰੀਨ ਬਾਰੇ ਪੁੱਛਿਆ ਉਸਨੇ ਮੈਨੂੰ ਬਾਥਰੂਮ, ਲੈਟਰੀਨ ਵਗੈਰਾ ਵਿਖਾ ਦਿੱਤੇ। ਨਹਾਉਣ ਲਈ ਪਾਣੀ ਕਿਥੋਂ ਲੈਣਾ ਹੈ ਇਹ ਵੀ ਦੱਸ ਦਿੱਤਾ। ਮੈਂ ਲੈਟਰੀਨ ਜਾ ਕੇ, ਨਹਾ ਧੋ ਕੇ ਬਰੱਸ਼ ਵਗੈਰਾ ਕੀਤਾ। ਇਹ ਸਾਰੀਆਂ ਕਿਰਿਆਵਾਂ ਖਤਮ ਕਰਨ ਤੋਂ ਬਾਅਦ ਮੈਂ ਰਸੋਈ ਵਿਚ ਜਾ ਕੇ ਸਭ ਤੋਂ ਪਹਿਲਾਂ ਉਸ ਲੜਕੀ ਨੂੰ ਉਸਦਾ ਨਾਂ ਪੁੱਛਿਆ ਤੇ ਆਪਣਾ ਨਾਮ ਉਸਨੂੰ ਦੱਸਿਆ। ਉਸਦਾ ਨਾਮ ਸੀ ਜੈਨੀਫਰ ਅਤੇ ਉਹ ਅਲ ਸਲਵਾਂਡੋਰ ਦੀ ਰਹਿਣ ਵਾਲੀ ਸੀ। ਮੈਂ ਉਸ ਕੋਲੋਂ ਕੌਫੀ ਮੰਗੀ ਤਾਂ ਉਸਨੇ ਹੱਸਦੇ ਹੋਏ ਵੱਡਾ ਸਾਰਾ ਕਾਫੀ ਦਾ ਗਰਮ-ਗਰਮ ਕੱਪ ਭਰ ਦਿੱਤਾ। ਰਸੋਈ ਵਿਚ ਵੱਡਾ ਟੇਬਲ ਤੇ ਅੱਠ ਦੱਸ ਕੁਰਸੀਆਂ ਸਲੀਕੇ ਨਾਲ ਸਜਾਈਆਂ ਹੋਈਆਂ ਸਨ। ਕੋਫੀ ਪੀ ਕੇ ਜੈਨੀਫਰ ਦਾ ਧੰਨਵਾਦ ਕਰ ਵਾਪਸ ਆਪਣੇ ਕਮਰੇ ਵਿਚ ਚਲਾ ਗਿਆ, ਤਦ ਤੱਕ ਦੂਸਰੇ ਸਾਥੀ ਵੀ ਜਾਗ ਚੁੱਕੇ ਸਨ। ਮੈਂ ਉਹਨਾਂ ਨੂੰ ਬਾਥਰੂਮ ਵਗੈਰਾ ਬਾਰੇ ਦੱਸਿਆ, ਸਾਰੇ ਵਾਰੋ ਵਾਰੀ ਨਹਾ ਧੋ ਕੇ ਤਿਆਰ ਹੋ ਗਏ।
ਅਸੀਂ ਸਾਰਿਆਂ ਨੇ ਮਿਲ ਕੇ ਕੌਫੀ ਪੀਤੀ ਇਹਨੇ ਚਿਰ ਵਿਚ ਰਾਤ ਵਾਲਾ ਬੰਦਾ ਜਿਸਦਾ ਨਾਮ ਸੇਂਮ ਸੀ ਉਹ ਵੀ ਆ ਗਿਆ। ਸਾਡੀ ਸਾਰਿਆਂ ਦੀ ਉਤਸੁਕਤਾ ਇਹ ਜਾਨਣ ਦੀ ਸੀ ਕਿ ਅਸੀਂ ਅਮਰੀਕਾ ਲਈ ਕਦੋਂ ਰਵਾਨਾ ਹੋਣਾ ਹੈ। ਮੈਂ ਉਸਨੂੰ ਬੜੇ ਪਿਆਰ ਨਾਲ ਅਗਲੇ ਪ੍ਰੋਗਰਾਮ ਬਾਰੇ ਪੁੱਛਿਆ ਤਾਂ ਉਸਨੇ ਹੱਸਦੇ ਹੋਏ ਕਿਹਾ ਹੋ ਸਕਦਾ ਤੁਸੀਂ ਅੱਜ ਰਾਤ ਨੂੰ ਹੀ ਬਾਰਡਰ ਲਈ ਰਵਾਨਾ ਹੋਵੇਗਾ, ਬਾਕੀ ਸਾਡੇ ਬੌਸ ਨੂੰ ਪਤਾ ਹੈ। ਮੈਂ ਕੋਈ ਪੱਕੀ ਤਰ੍ਹਾਂ ਨਹੀਂ ਦੱਸ ਸਕਦਾ। ਇੰਨਾ ਸੁਣਕੇ ਸਾਡੇ ਮਨ ਵਿਚ ਇਕ ਅਜੀਬ ਜਿਹੀ ਖੁਸ਼ੀ ਦੇ ਨਾਲ ਇਕ ਚਿੰਤਾ ਵੀ ਹੋਈ। ਪਤਾ ਨਹੀਂ ਕਿੰਨਾ ਤੁਰਨਾ ਪੈਣਾ, ਕਿੰਨੇ ਗਲੀਆਂ, ਨਾਲੇ ਟੱਪਣੇ ਪੈਣਗੇ ਪਤਾ ਨਹੀਂ ਕਦੋਂ ਅਮਰੀਕਾ ਪਹੁੰਚਾਂਗੇ। ਮਨ ਇਹਨਾਂ ਘੁੰਮਣ ਘੇਰੀਆਂ ਵਿਚ ਫਸਿਆ ਪਤਾ ਨਹੀਂ ਕਿਥੇ ਤੱਕ ਉਡਾਰੀਆਂ ਮਾਰ ਆਇਆ।
ਇੰਨੇ ਚਿਰ ਨੂੰ ਇਕ ਹੋਰ ਕੁੜੀ ਆਈ ਜਿਸਦਾ ਨਾਂ ਸੀ ਖਵਾਨਾ ਉਸਨੇ ਆਉਂਦਿਆਂ ਹੀ ਸਾਡੇ ਸਾਰਿਆਂ ਦੇ ਨਾਮ ਇਕ ਡਾਇਰੀ ਵਿਚ ਲਿਖੇ। ਪਾਸਪੋਰਟ ਨੰਬਰ ਅਤੇ ਭਾਰਤ ਵਿਚ ਸਾਡਾ ਸਥਾਈ ਪਤਾ ਆਦਿ ਵੇਰਵੇ ਨਾਲ ਲਿਖ ਕੇ ਸਾਡੇ ਸਾਰਿਆਂ ਕੋਲੋਂ ਦਸਤਖਤ ਕਰਵਾ ਲਏ। ਅਸਲ ਵਿਚ ਖਵਾਨਾ ਬੌਸ ਦੀ ਸੈਕਟਰੀ ਸੀ। ਬਾਹਰੋਂ ਆਏ ਪੈਸੇ ਆਦਿ ਤੇ ਬੰਦਿਆਂ ਲਈ ਰੋਟੀ ਪਾਣੀ ਦਾ ਪ੍ਰਬੰਧ ਵੀ ਉਸਦੇ ਜਿੰਮੇ ਸੀ। ਉਸਨੇ ਤੇ ਜੈਨੀਫਰ ਨੇ ਸਾਨੂੰ ਆਂਡੇ ਤੇ ਬਰੈੱਡ ਖਾਣ ਲਈ ਦਿੱਤੇ। ਅਸੀਂ ਖਾ ਪੀ ਕੇ ਕਮਰੇ ਵਿਚ ਜਾ ਕੇ ਤਾਸ਼ ਖੇਡਣ ਲੱਗ ਪਏ। ਮੌਸਮ ਗਰਮੀ ਦਾ ਸੀ। ਸੋ ਦਪਿਹਰੇ ਅਸੀਂ ਰੁਮਕਦੀ ਹਵਾ ਦੇ ਝੋਕਿਆਂ ਦੀ ਗੋਦ ਵਿਚ ਗੂੜ੍ਹੀ ਨੀਂਦੇ ਸੌਂ ਗਏ। ਸ਼ਾਮ ਨੂੰ ਉੱਠੇ ਅਤੇ ਮੂੰਹ ਹੱਥ ਧੋ ਕੇ ਅਸੀਂ ਰਸੋਈ ਵਿਚ ਬੈਠ ਕੌਫੀ ਪੀ ਰਹੇ ਸਾਂ ਕਿ ਮੇਰੀ ਨਜ਼ਰ ਅਚਾਨਕ ਇਕ ਨੁੱਕਰੇ ਖਿਲਰੇ ਹੋਏ ਪਾਸਪੋਰਟਾਂ ਤੇ ਪਈ। ਮੈਂ ਉਤਸੁੱਕਤਾ ਵਜੋਂ ਪਾਸਪੋਰਟ ਫਰੋਲਣੇ ਸ਼ੁਰੂ ਕੀਤੇ। ਤਾਂ ਸਾਰੇ-ਸਾਰੇ ਪੰਜਾਬੀਆਂ ਦੇ ਪਾਸਪੋਰਟ ਸਨ। ਕੋਈ ਜਲੰਧਰ, ਕੋਈ ਹੁਸ਼ਿਆਰਪੁਰ, ਅੰਮ੍ਰਿਤਸਰ, ਚੰਡੀਗੜ੍ਹ ਦੇ ਅਲੂਣੇ ਅਤੇ ਸਿਆਣੇ ਬੰਦਿਆਂ ਦੇ ਸਨ। ਨਾਲ ਹੀ ਕਮਰੇ 'ਚੋਂ ਪੰਜਾਬੀਆਂ ਦੇ ਕੁੜਤੇ ਪਜਾਮੇ, ਤੌਲੀਏ ਅਤੇ ਬੈਗ ਆਦਿ ਪਏ ਸਨ। ਮੈਨੂੰ ਇਹ ਸਮਝਣ ਵਿਚ ਰਤਾ ਵੀ ਦੇਰ ਨਾ ਲੱਗੀ ਕਿ ਇਥੋਂ ਬਾਰਡਰ ਵੱਲ ਤੁਰਨ ਤੋਂ ਪਹਿਲਾਂ ਕੱਪੜੇ, ਲੱਤੇ ਸਭ ਇਥੇ ਛੱਡਣੇ ਪੈਂਦੇ ਹਨ। ਘੱਟ ਤੋਂ ਘੱਟ ਸਮਾਨ ਨਾਲ ਖੜਣਾ ਪੈਂਦਾ ਹੈ। ਅਸੀਂ ਅਜੇ ਉਥੇ ਬੈਠੇ ਗੱਲਾਂ ਬਾਤਾਂ ਕਰ ਰਹੇ ਸਾਂ। ਤੀਹ ਬੰਦੇ ਹੋਰ ਆ ਗਏ। ਜਿਹਨਾਂ ਵਿਚੋਂ ਦੋ ਪੰਜਾਬੀ ਬਾਕੀ ਮੁੰਡੇ, ਕੁੜੀਆਂ ਤੇ ਸਿਆਣੇ ਆਦਮੀ ਗੁਆਟੇਮਾਲਾ, ਅਲੋਸਲਵਾਡੋਰ ਤੇ ਹੋਰ ਦੇਸ਼ਾਂ ਦੇ ਸਨ।
ਦੋਵੇਂ ਪੰਜਾਬੀ ਮੁੰਡੇ ਸਾਡੇ ਕੋਲ ਆ ਬੈਠੇ। ਅਸੀਂ ਗੱਲਾਂ ਵਿਚ ਉਹਨਾਂ ਨੂੰ ਪੁੱਛਿਆ ਤੁਹਾਡਾ ਕਿਹੜਾ ਇਲਾਕਾ ਹੈ। ਉਹਨਾਂ ਵਿਚੋਂ ਇਕ ਰੋਪੜ ਦਾ ਦੂਜਾ ਬੈਗੋਵਾਲ ਦਾ ਸੀ। ਅਜੇ ਅਸੀਂ ਗੱਲਾਂ ਕਰ ਰਹੇ ਸਾਂ ਕਿ ਖਵਾਨਾ ਆਈ ਤਾਂ ਉਸਨੇ ਨਵੇਂ ਆਏ ਗਰੁੱਪ ਨੂੰ ਵੱਖਰੇ, ਕਮਰੇ ਤਕਸੀਮ ਕਰ ਦਿੱਤੇ। ਰਾਤ ਪੈ ਚੁੱਕੀ ਸੀ। ਅਸੀਂ ਆਪਣੇ ਕਮਰੇ 'ਚ ਜਾ ਕੇ ਸੌਂ ਗਏ। ਸਵੇਰੇ ਜਦੋਂ ਅਸੀਂ ਉੱਠੇ ਤਾਂ ਕੀ ਵੇਖਦੇ ਹਾਂ, ਰਾਤ ਵਾਲਾ ਕੋਈ ਬੰਦਾ ਦਿਖਾਈ ਨਹੀਂ ਸੀ ਦੇ ਰਿਹਾ। ਮੈਂ ਜੈਨੀਫਰ ਕੋਲੋਂ ਰਾਤ ਵਾਲੇ ਗਰੁੱਪ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ ਉਹ ਤਾਂ ਸਵੇਰੇ ਚਾਰ ਵਜੇ ਅਮਰੀਕਾ ਲਈ ਚਲੇ ਗਏ ਹਨ। ਸਾਡੇ ਮਨ ਨੂੰ ਨਿਰਾਸ਼ਾ ਹੋਈ ਪਰ ਚਲੋ ਅੱਜ ਨਹੀਂ ਕੱਲ੍ਹ ਜਾਣਾ ਹੀ ਹੈ। ਇਹ ਸੋਚ ਕੇ ਆਪਣੇ ਆਪ ਵਿਚ ਮਸਤ ਸਾਂ।
ਇਹਨਾਂ ਹੀ ਦਿਨਾਂ ਵਿਚ ਜੈਨੀਫਰ ਦਾ ਝੁਕਾਅ ਸਾਡੇ ਸਾਥੀ ਰਮਨ ਵੱਲ ਹੋ ਗਿਆ। ਉਹ ਮਨ ਹੀ ਮਨ ਵਿਚ ਉਸਨੂੰ ਚਾਹੁਣ ਲੱਗੀ। ਖੁੱਲ੍ਹੇ ਡੁੱਲੇ ਵਿਚਾਰਾਂ ਦੇ ਮਾਲਕ ਹਨ ਇਹ ਲੋਕ ਸੋ ਜੈਨੀਫਰ ਨੇ ਆਪਣੇ ਪਿਆਰ ਦਾ ਇਜ਼ਹਾਰ ਰਮਨ ਕੋਲ ਕਰ ਦਿੱਤਾ ਅਤੇ ਵਿਆਹ ਕਰਾਉਣ ਲਈ ਤਿਆਰ ਹੋ ਗਈ। ਦੋਵੇਂ ਆਪਸ ਵਿਚ ਬੈਠ ਕੇ ਘੰਟਿਆਂ ਬੱਧੀ ਗੱਲਾਂ ਕਰਦੇ ਰਹਿੰਦੇ। ਬੰਦੇ ਦੋ-ਚਾਰ ਰੋਜ਼ ਹੀ ਆਉਂਦੇ ਤੇ ਸਵੇਰੇ ਚਲੇ ਜਾਂਦੇ। ਸਾਨੂੰ ਇਥੇ ਬੈਠਿਆਂ ਪੰਜ ਦਿਨ ਹੋ ਗਏ ਸਨ। ਇਸ ਤਰ੍ਹਾਂ ਸਾਡੇ ਮਨਾਂ ਵਿਚ ਨਿਰਾਸ਼ਾ ਨੇ ਆ ਡੇਰੇ ਲਾਏ। ਪਰ ਸਾਨੂੰ ਮਿਲ ਰਹੇ ਸਤਿਕਾਰ ਨਾਲ ਅਸੀਂ ਇਸ ਨਿਰਾਸ਼ਾ ਨੂੰ ਮਨਾਂ ਵਿਚੋਂ ਬਾਹਰ ਕੱਢਣ 'ਚ ਸਫਲ ਰਹੇ। ਖਾਣ-ਪੀਣ ਦੀ ਸਾਨੂੰ ਕੋਈ ਦਿੱਕਤ ਨਹੀਂ ਸੀ। ਅਸੀਂ ਜੋ ਵੀ ਮੰਗਦੇ ਉਹ ਸਾਨੂੰ ਦਿੰਦੇ। ਅਸੀਂ ਆਪ ਹੀ ਸਬਜ਼ੀ ਬਣਾਉਂਦੇ, ਮੀਟ ਬਣਾਉਂਦੇ ਅਤੇ ਬਰੈੱਡ ਖਾਕੇ ਕੋਕ ਪੀਂਦੇ, ਤਾਸ਼ ਖੇਡਦੇ ਅਤੇ ਲੇਟੇ ਮਾਰਦੇ ਬੱਸ ਇਹੀ ਕੰਮ ਸੀ ਸਾਡਾ।
ਆਖਰ ਸਾਡੇ ਪਰਿਵਾਰਾਂ ਦੇ ਰਾਜੇ ਤੇ ਜ਼ੋਰ ਪਾਉਣ ਤੇ ਸਾਨੂੰ ਕੁਝ ਆਸ ਹੋਈ ਅਮਰੀਕਾ ਪੁੱਜਣ ਦੀ। ਅਸੀਂ ਗੁਆਟੇਮਾਲਾ ਬੈਠੇ ਰੋਜ਼ ਆਪਣੇ ਅਕਾਵਾਂ ਕੋਲੋਂ ਅੱਗੇ ਜਾਣ ਬਾਰੇ ਪੁੱਛਦੇ ਪਰ ਉਹਨਾਂ ਦਾ ਜਵਾਬ ਕੋਈ ਤਸੱਲੀ ਬਖਸ਼ ਨਾ ਹੁੰਦਾ। ਇਕ ਦਿਨ ਅਸੀਂ ਧੁੱਪੇ ਬੈਠੇ ਤਾਸ਼ ਖੇਡ ਰਹੇ ਸਾਂ ਕਿ ਇਕ ਵੱਡੇ ਸਾਰੇ ਟੋਪ ਵਾਲਾ ਰੋਹਬਦਾਰ ਸਖਸ਼ੀਅਤ ਵਾਲਾ ਬੰਦਾ ਸਾਡੇ ਕੋਲ ਆਇਆ ਤੇ ਸਾਨੂੰ ਪੁੱਛਿਆ ਤੁਹਾਨੂੰ ਕਿੰਨਾ ਚਿਰ ਇਥੇ ਆਇਆ ਨੂੰ ਹੋਇਆ ਹੈ ਤਾਂ ਮੇਰੇ ਦੱਸਣ ਤੇ ਕਿ ਸਾਨੂੰ ਦੱਸ ਦਿਨ ਹੋ ਗਏ ਹਨ। ਇਥੇ ਬੈਠਿਆਂ। ਉਹ ਹੱਸਕੇ ਕਹਿਣ ਲੱਗਾ ਸ਼ਾਇਦ ਕੱਲ੍ਹ ਤੁਸੀਂ ਜਾਓਗੇ। ਸਾਡੇ ਮਨ ਨੂੰ ਕੁਝ ਤਸੱਲੀ ਹੋਈ।
ਕੋਠੀ ਦੇ ਅੰਦਰ ਸਾਡੀ ਹਾਲਤ ਉਸ ਪੰਛੀ ਵਾਲੀ ਸੀ ਜਿਸ ਨੂੰ ਦੇਸੀ ਘਿਓ ਦੀ ਚੂਰੀ ਚੰਗੀ ਨਹੀਂ ਲਗਦੀ। ਕਿਉਂਕਿ ਉਹ ਤਾਂ ਉਡਣਾ ਚਾਹੁੰਦਾ ਹੈ ਖੁੱਲ੍ਹੇ ਅਸਮਾਨਾਂ ਤੇ ਇਵੇਂ ਹੀ ਸਾਨੂੰ ਸਭ ਸਹੂਲਤਾਂ ਹੋਣ ਦੇ ਬਾਵਜੂਦ ਕੋਈ ਇਕ ਕੈਦਖਾਨਾ ਲਗਦਾ। ਆਖਰਕਾਰ ਮੈਂ ਇਕ ਇਕ ਜੇਨੀਫਰ ਤੇ ਖਵਾਨਾ ਨੂੰ ਬੇਨਤੀ ਕੀਤੀ ਕਿ ਅਸੀਂ ਬਾਹਰ ਜਾ ਕੇ ਪਿੰਡ ਵੇਖਣਾ ਚਾਹੁੰਦੇ ਹਾਂ। ਉਹ ਦੋਵੇਂ ਸਾਨੂੰ ਪਿੰਡ ਦੇ ਆਲੇ ਦੁਆਲੇ ਘੁੰਮਾਅ ਕੇ ਲਿਆਈਆਂ। ਮੈਂ ਵੇਖਿਆ ਘਰ ਕੁਝ ਕੱਚੇ ਕੁਝ ਪੱਕੇ ਸਨ। ਹਰ ਘਰ ਵਿਚ ਕੇਲੇ ਦੇ ਦਰੱਖਣ ਜਰੂਰ ਸਨ। ਕੁਕੜੀਆਂ-ਕੁੱਕੜ ਗਲੀਆਂ ਵਿਚ ਫਿਰ ਰਹੇ ਸਨ। ਛੋਟੀਆਂ-ਛੋਟੀਆਂ ਦੁਕਾਨਾਂ ਸਨ। ਮੈਨੂੰ ਇੰਝ ਲੱਗਾ ਜਿਵੇਂ ਮੈਂ ਆਪਣੇ ਪਿੰਡ ਵਿਚ ਹੀ ਵਿਚਰ ਰਿਹਾ ਹੋਵਾਂ।
ਇਹਨਾਂ ਦਸਾਂ ਦਿਨਾਂ ਵਿਚ ਮੈਂ ਜੋ ਕੁਝ ਅੱਖੀਂ ਵੇਖਿਆ ਉਸ ਤੋਂ ਇਹੀ ਸਿੱਟਾ ਕੱਢਿਆ ਕਿ ਇਹ ਸਾਰਾ ਕੰਮ ਮਨੁੱਖੀ ਤਸਕਰਾਂ ਦੇ ਮਾਫੀਏ ਰਾਹੀਂ ਯੋਜਨਾਬੰਦ ਤਰੀਕੇ ਨਾਲ ਹੁੰਦਾ ਹੈ। ਜਿਸ ਕੋਠੀ ਵਿਚ ਅਸੀਂ ਰਹਿੰਦੇ ਸੀ, ਉਥੇ ਪੁਲਿਸ ਕਈ ਵਾਰ ਆਈ, ਉਹ ਸਾਨੂੰ ਸਾਰੇ ਵਿਦੇਸ਼ੀਆਂ ਨੂੰ ਦੇਖਦੇ, ਸਾਡੇ ਨਾਲ ਗੱਲਾਂ ਕਰਦੇ, ਹੱਸਦੇ ਅਤੇ ਖਾ ਪੀ ਕੇ ਵਾਪਸ ਚਲੇ ਜਾਂਦੇ। ਮਤਲਬ ਹਰ ਕੰਮ ਵਿਚ ਮਿਲੀ ਭੁਗਤ ਸੀ। ਏਅਰਪੋਰਟ ਇੰਮੀਗ੍ਰੇਸ਼ਨ ਦੀ ਏਜੰਟਾਂ ਨਾਲ, ਮਿਲੀ ਹੋਈ ਸੀ ਤੇ ਬਾਹਰ ਪੁਲਿਸ ਮਨੁੱਖੀ ਤਸਕਰਾਂ ਨਾਲ।
ਦੂਸਰੇ ਦਿਨ ਸਵੇਰੇ ਅਸੀਂ ਚਾਹ ਪਾਣੀ ਪੀ ਕੇ ਬੈਠੇ ਸਾਂ ਕਿ ਉਹੀ ਵੱਡੇ ਟੋਪ ਤੇ ਰੋਹਬਦਾਰ ਸਖਸ਼ੀਅਤ ਵਾਲਾ ਬੰਦਾ ਆਇਆ। ਸਾਡੇ ਨਾਲਦੇ ਇਕ ਸਾਥੀ ਨੇ ਕੇਸ ਰੱਖੇ ਹੋਏ ਸਨ। ਉਸ ਬੰਦੇ ਨੇ ਮੈਨੂੰ ਤੇ ਦੂਸਰੇ ਕੇਸਧਾਰੀ ਲੜਕੇ ਨੂੰ ਆਪਣੀ ਕਾਰ ਵਿਚ ਬਿਠਾਇਆ ਤੇ ਨਾਈ ਦੀ ਦੁਕਾਨ ਤੇ ਲੈ ਗਿਆ। ਬੜੇ ਪਿਆਰ ਨਾਲ ਪਾਲੇ ਹੋਏ ਕੇਸ ਕੁਝ ਪਲਾਂ ਵਿਚ ਚੰਗੇ ਭਵਿੱਖ ਲਈ ਕੁਰਬਾਨ ਕਰ ਦਿੱਤੇ। ਅਸੀਂ ਕੇਸ ਥੈਲੇ ਵਿਚ ਪਾ ਕੇ ਘਰ ਲਿਆਏ ਸੰਸਕਾਰ ਕਰ ਦਿੱਤਾ। ਸ਼ਾਮ ਤੱਕ ਸਾਨੂੰ ਪਤਾ ਲੱਗ ਚੁੱਕਾ ਸੀ ਕਿ ਸਵੇਰੇ ਅਸੀਂ ਵੀ ਆਪਣੀ ਅਣਦੇਖੀ ਮੰਜ਼ਿਲ ਦੇ ਅਗਲੇ ਸਫਰ ਲਈ ਤੁਰ ਪੈਣਾ ਹੈ।
ਸ਼ਾਮ ਨੂੰ ਸਾਨੂੰ ਸੇਮ ਨੇ ਦੱਸਿਆ ਕਿ ਤੁਸੀਂ ਰੋਟੀ ਪਾਣੀ ਜਲਦੀ ਖਾ ਕੇ ਸੌਂ ਜਾਵੋ। ਸਵੇਰੇ ਚਾਰ ਵਜੇ ਆਪਾਂ ਤੁਰਨਾ ਹੈ। ਅਸੀਂ ਪ੍ਰਸ਼ਾਦਾ ਪਾਣੀ ਛਕ ਕੇ ਜਲਦੀ ਹੀ ਸੌਂ ਗਏ। ਸਵੇਰੇ ਢਾਈ ਵਜੇ ਉੱਠ ਕੇ ਵਾਰੀ ਸਿਰ ਨਹਾ ਕੇ ਰਲ-ਮਿਲ ਅਰਦਾਸ ਕੀਤੀ ਅਤੇ ਕੌਫੀ ਦਾ ਕੱਪ -ਕੱਪ ਪੀ ਪੂਰੇ ਚਾਰ ਵਜੇ ਅਸੀਂ ਛੇ ਬੰਦੇ ਇਕ ਟਰੱਕ ਵਿਚ ਬਹਿ ਕੇ ਅਗਲੀ ਮੰਜ਼ਿਲ ਲਈ ਚਾਲੇ ਪਾ ਦਿੱਤੇ। ਅੰਮ੍ਰਿਤ ਵੇਲੇ ਸੜਕ ਤੇ ਜਗਦੀਆਂ ਬੱਤੀਆਂ, ਹਰੇ-ਭਰੇ ਦਰੱਖਤ, ਅਜੀਬ ਜਿਹਾ ਨਜ਼ਾਰਾ ਪੇਸ਼ ਕਰ ਰਹੇ ਸਨ। ਮੈਂ ਆਪਣਾ ਧਿਆਨ ਇਕਾਗਰ ਕਰਨ ਲਈ ਬਾਣੀ ਪੜ੍ਹ ਰਿਹਾ ਸਾਂ। ਪਰ ਮਾੜੇ ਚੰਗੇ, ਵਿਚਾਰ ਮੇਰਾ ਖਹਿੜਾ ਨਹੀਂ ਸਨ ਛੱਡ ਰਹੇ। ਜਿਸ ਸੜਕ ਤੇ ਟਰੱਕ ਦੌੜ ਰਿਹਾ ਸੀ। ਉਹ ਸੜਕ ਸਿੱਧੀ ਬਾਰਡਰ ਵੱਲ ਜਾ ਰਹੀ ਸੀ। ਜਿਉਂ ਜਿਉਂ ਦਿਨ ਨਿਕਲ ਰਿਹਾ ਸੀ ਬਾਹਰ ਦਾ ਨਜ਼ਾਰਾ ਵੇਖਣਯੋਗ ਸੀ। ਵੱਡੇ ਵੱਡੇ ਖੁੱਲ੍ਹੇ ਫਾਰਮਾਂ ਵਿਚ ਵੱਡੇ-ਵੱਡੇ ਟਰੈਕਟਰ ਚੱਲ ਰਹੇ ਸਨ। ਕਿਧਰੇ ਵੱਡੇ-ਵੱਡੇ ਚੱਡਿਆਂ ਵਾਲੀਆਂ ਵਲੈਤੀ ਗਾਵਾਂ ਖੁੱਲ੍ਹੇ ਡੁੱਲੇ ਫਾਰਮਾਂ ਵਿਚ ਮਸਤੀ ਨਾਲ ਚਰ ਰਹੀਆਂ ਸਨ। ਸਾਡਾ ਡਰਾਈਵਰ ਮਾਈਕਲ ਬੜੀ ਸਹਿਜਤਾ ਨਾਲ ਟਰੱਕ ਚਲਾ ਰਿਹਾ ਸੀ। ਰਸਤੇ ਵਿਚ ਸਾਡੇ ਨਾਲ ਛੇ-ਮੁੰਡੇ ਕੁੜੀਆਂ ਹੋਰ ਮਿਲ ਗਏ। ਤਿੰਨ ਕੁੜੀਆਂ ਤਿੰਨ ਮੁੰਡੇ ਉਮਰ ਲਗਭਗ ੧੭-੧੮ ਸਾਲ ਸਾਰੇ ਗੁਆਟੇਮਾਲਾ ਦੇ ਹੀ ਰਹਿਣ ਵਾਲੇ ਸਨ। ਰਸਤੇ ਵਿਚ ਛੋਟੇ ਛੋਟੇ ਪਿੰਡ ਗਰੀਬੜੇ ਜਿਹੇ ਲੋਕ, ਸੁੰਦਰ ਕਸਬੇ ਤੇ ਸ਼ਾਨਦਾਰ ਇਮਾਰਤਾਂ ਵਾਲੇ ਸ਼ਹਿਰ ਵੀ ਆਏ। ਸੜਕਾਂ ਬਿਲਕੁਲ ਪੰਜਾਬ ਵਰਗੀਆਂ ਟੁੱਟੀਆਂ, ਭੱਜੀਆਂ, ਥਾਂ-ਥਾਂ ਤੇ ਡੂੰਘੇ ਟੋਏ, ਜਿਸ ਤੇ ਚੱਲਦਿਆਂ ਅਸੀਂ ਉੱਛਲ ਉੱਛਲ ਕੇ ਜਾ ਵੱਜਦੇ। ਜਿਸ ਦੀ ਵਜ੍ਹਾ ਨਾਲ ਸਾਡੇ ਲੱਕ ਦੁਖਣ ਲੱਗ ਪਏ। ਚੱਲਦੇ ਚੱਲਦੇ ਇਕ ਜਗ੍ਹਾ ਪੁਲਿਸ ਨੇ ਸਾਡੇ ਟਰੱਕ ਨੂੰ ਰੋਕਿਆ। ਮਾਫੀਅੇ ਦੇ ਬੰਦਿਆਂ ਨੂੰ ਕੌਣ ਹੱਥ ਪਾਵੇ। ਮਾਈਕਲ ਨੇ ਇਕ ਗੱਠ ਨੋਟਾਂ ਦੀ ਸਿਪਾਹੀ ਦੇ ਹੱਥ ਤੇ ਰੱਖੀ ਸਿਪਾਹੀ ਨੇ ਸਲੂਟ ਮਾਰ ਕੇ ਜਾਣ ਦਾ ਇਸ਼ਾਰਾ ਕਰ ਦਿੱਤਾ। ਇਥੋਂ ਅਸੀਂ ਇਕ ਘੰਟਾ ਹੋਰ ਲਗਾਤਾਰ ਚੱਲਦੇ ਰਹੇ ਆਖਰ ਵਿਚ ਪੰਜ ਘੰਟੇ ਦੇ ਸਫਰ ਪਿੱਛੋਂ ਅਸੀਂ ਇਕ ਛੋਟੇ ਜਿਹੇ ਪਹਾੜੀ ਕਸਬੇ ਵਿਚ ਪਹੁੰਚੇ। ਮਾਈਕਲ ਨੇ ਟਰੱਕ ਇਕ ਹੋਟਲ ਅੱਗੇ ਰੋਕ ਦਿੱਤਾ । ਜਿਹੜਾ ਇਕ ਵੱਡੀ ਨਦੀ ਦੇ ਕੰਢੇ ਤੇ ਸਥਿਤ ਸੀ। ਅਸੀਂ ਬਾਰਾਂ ਮੁਸਾਫਰ ਟਰੱਕ 'ਚੋਂ ਥੱਲੇ ਉੱਤਰੇ ਮੂੰਹ ਹੱਥ ਧੋਤਾ, ਮਾਈਕਲ ਨੇ ਸਾਨੂੰ ਹੋਟਲ ਵਿਚ ਬੈਠਣ ਦਾ ਇਸ਼ਾਰਾ ਕੀਤਾ ਅਤੇ ਬੜੇ ਮੋਹ ਨਾਲ ਸਾਨੂੰ ਕਿਹਾ ਤੁਸੀਂ ਜੋ ਵੀ ਖਾਣਾ ਚਾਹੁੰਦੇ ਹੋ ਖਾ ਲਵੋ ਇਥੋਂ ਤੁਹਾਡਾ ਅਗਲਾ ਸਫਰ ਸ਼ੁਰੂ ਹੋਣਾ ਹੈ। ਅਸੀਂ ਮਾੜੀ ਮੋਟੀ ਪੇਟ ਪੂਜਾ ਕੀਤੀ। ਮਾਈਕਲ ਜਿਸ ਨਾਲ ਸਾਡੀ ਦਸਾਂ ਦਿਨਾਂ ਵਿਚ ਇਕ ਸਾਂਝ ਬਣ ਚੁੱਕੀ ਸੀ ਕੁਝ ਉਦਾਸ ਜਿਹਾ ਲੱਗਾ। ਬੜੇ ਬੁਝੇ ਮਨ ਨਾਲ ਸਾਨੂੰ ਇਕ ਹੋਰ ਸੱਜਣ ਦੇ ਹਵਾਲੇ ਕਰਕੇ ਬਾਏ ਬਾਰੇ ਕਹਿ ਕੇ ਪਿੱਛੇ ਪਰਤ ਗਿਆ। ਉਸ ਗੁਆਟੇਮਾਲੀਅਨ ਆਦਮੀ ਨੇ ਹੱਥ ਵਿਚ ਰਾਈਫਲ ਫੜ੍ਹੀ ਹੋਈ ਸੀ ਸਾਨੂੰ ਆਪਣੇ ਪਿੱਛੇ ਤੁਰਨ ਦਾ ਇਸ਼ਾਰਾ ਕੀਤਾ।
ਹੋਟਲ ਨਦੀ ਦੇ ਕੰਢੇ ਪਹਾੜੀ ਤੇ ਸੀ ਅਸੀਂ ਹੌਲੀ ਹੌਲੀ ਬਚਦੇ ਬਚਾਉਂਦੇ ਪਹਾੜੀ ਤੋਂ ਹੇਠਾਂ ਉਤਰ ਨਦੀ ਵੱਲ ਵਧ ਰਹੇ ਸਾਂ। ਇਹ ਨਦੀ ਇਕ ਕਿਸਮ ਦਾ ਬਾਰਡਰ ਹੈ। ਇਸਦਾ ਇਕ ਕਿਨਾਰਾ ਗੁਆਟੇਮਾਲਾ ਤੇ ਦੂਸਰਾ ਕਿਨਾਰਾ ਮੈਕਸੀਕੋ ਨਾਲ ਲਗਦਾ ਹੈ। ਦੋਵੀਂ ਪਾਸੀਂ ਉੱਚੀਆਂ ਪਹਾੜੀਆਂ ਦੇ ਵਿਚਕਾਰ ਵਗਦੀ ਇਹ ਨਦੀ ਕਾਫੀ ਵੱਡੀ ਹੈ। ਜਿਸ ਵਿਚ ਲੋਕ ਪਾਵਰ ਬੋਟਾਂ ਵਿਚ ਇੱਧਰ ਉੱਧਰ ਘੁੰਮ ਰਹੇ ਅਤੇ ਕੁਝ ਮੱਛੀਆਂ ਫੜ੍ਹ ਰਹੇ ਸਨ। ਅਸੀਂ ਬਾਰਾਂ ਮੁਸਾਫਰ ਇਕ ਕਿਸ਼ਤੀ ਵਿਚ ਬੈਠ ਗਏ। ਇਕ ਆਦਮੀ ਕਿਸ਼ਤੀ ਚਲਾ ਰਿਹਾ ਸੀ ਤੇ ਦੂਸਰਾ ਰਾਈਫਲ ਲੈ ਕੇ ਫਰੰਟ ਤੇ ਖੜ੍ਹਾ ਸੀ। ਠੀਕ ਦਸ ਵਜੇ ਕਿਸ਼ਤੀ ਚੱਲ ਪਈ, ਕਿਸੇ ਅਣਦੇਖੀ, ਨਵੀ ਮੰਜ਼ਿਲ ਵੱਲ। ਕਿਸ਼ਤੀ ਆਪਣੀ ਗਤੀ ਨਾਲ ਚੱਲ ਰਹੀ ਸੀ ਤੇ ਅਸੀਂ ਸੋਚਾਂ ਦੇ ਸਮੁੰਦਰਾਂ 'ਚ ਤੈਰਦੇ ਹੋਏ ਆਪਣੇ ਆਉਣ ਵਾਲੇ ਸਮੇਂ ਬਾਰੇ ਸੋਚ ਰਹੇ ਸਾਂ ਕਿ ਅਸੀਂ ਕਦੋਂ ਅਮਰੀਕਾ ਪਹੁੰਚਾਂਗੇ। ਕਦੀ ਧਿਆਨ ਇਧਰ ਉੱਧਰ ਹੁੰਦਾ ਤਾਂ ਕੋਸੀ-ਕੋਸੀ ਧੁੱਪ ਵਿਚ ਰੇਤਾ ਤੇ ਲੇਟੇ, ਮਗਰਮੱਛਾਂ ਦੇ ਦਰਸ਼ਨ ਹੁੰਦੇ। ਜਿੰਨਾ ਚਿਰ ਬੋਟ ਚੱਲਦੀ ਰਹੀ ਬਹੁਤ ਮਗਰਮੱਛ ਵੇਖੇ ਜੋ ਰੇਤਾ ਉੱਤੇ ਲੇਟ ਧੁੱਪ ਦਾ ਅਨੰਦ ਮਾਣ ਰਹੇ ਸਨ। ਪਤਾ ਨਹੀਂ ਅਸੀਂ ਪਾਣੀ ਵਿਚ ਕਿੰਨੇ ਕੁ ਮੀਲ ਚੱਲੇ ਹੋਵਾਂਗੇ। ਪੂਰੇ ਚਾਰ ਘੰਟੇ ਦਾ ਸਫਰ ਤਹਿ ਕਰਨ ਪਿਛੋਂ ਕਿਸ਼ਤੀ ਇਕ ਸੁੰਨਸਾਨ ਜਗ੍ਹਾ ਤੇ ਰੁਕੀ ਤਾਂ ਅਸੀਂ ਸਾਰੇ ਜਣੇ ਥੱਲੇ ਉੱਤਰ ਗਏ।
ਕਿਸ਼ਤੀ ਵਾਪਸ ਚਲੇ ਗਈ ਅਤੇ ਰਾਈਫਲ ਵਾਲਾ ਆਦਮੀ ਸਾਨੂੰ ਆਪਣੇ ਨਾਲ ਲੈ ਕੇ ਚੜ੍ਹਾਈਆਂ ਚੜ੍ਹਦਾ ਹੋਇਆ ਇਕ ਜੰਗਲ ਵਿਚ ਲੈ ਗਿਆ। ਜੰਗਲ ਵਿਚ ਮੁਸ਼ਕਲ ਨਾਲ ਅਸੀਂ ਵੀਹ ਕੁ ਮਿੰਟ ਚੱਲੇ ਹੋਵਾਂਗੇ ਕਿ ਇਕ ਛੋਟਾ ਜਿਹਾ ਪਿੰਡ ਦਿਖਾਈ ਦਿੱਤਾ। ਰਾਈਫਲ ਵਾਲੇ ਸੱਜਣ ਨੇ ਸਾਨੂੰ ਬੈਠਣ ਦਾ ਇਸ਼ਾਰਾ ਦਿੱਤਾ। ਅਸੀਂ ਮਿਲੇ ਥਾਂ ਤੇ ਬੈਠ ਗਏ। ਜਿਥੇ ਅਸੀਂ ਬੈਠੇ ਸਾਂ। ਉਥੇ ਲਾਗੇ ਹੀ ਥੋੜੇ ਕੁ ਘਰ ਸਨ। ਛੋਟੇ ਛੋਟੇ ਨੰਗ-ਧੜੰਗੇ ਬੱਚੇ ਸਾਡੇ ਆਲੇ ਦੁਆਲੇ ਫਿਰ ਰਹੇ ਸਨ। ਅਸੀਂ ਉਹਨਾਂ ਲਈ ਅਜਨਬੀ ਸਾਂ। ਉਹ ਛੋਟੇ-ਛੋਟੇ ਨਾਸਮਝ ਬੱਚੇ ਸਾਨੂੰ ਕਿਸੇ ਹੋਰ ਗ੍ਰਹਿ ਦੇ ਵਸਨੀਕ ਸਮਝ ਰਹੇ ਸਨ। ਕਿਸੇ ਇਨਸਾਨ ਨੂੰ ਵੇਖ ਕੇ ਇਹ ਜਗਿਆਸਾ ਦਾ ਜਾਗਣਾ ਜਰੂਰੀ ਹੈ। ਮਧਰੇ ਕੱਦਾਂ ਵਾਲੇ ਲੋਕ ਆਪੋ-ਆਪਣੇ ਕੰਮਾਂ- ਕਾਰਾਂ 'ਚ ਲੱਗੇ ਹੋਏ ਸਨ। ਅਸੀਂ ਘੰਟਾ ਬੈਠੇ ਉਡੀਕਦੇ ਰਹੇ ਪਰ ਅਜੇ ਤੱਕ ਕੋਈ ਸਾਨੂੰ ਲੈਣ ਲਈ ਨਹੀਂ ਸੀ ਆਇਆ। ਥੋੜੀ ਜਿਹੀ ਹੋਰ ਉਡੀਕ ਤੋਂ ਬਾਅਦ ਦੋ ਕਾਰਾਂ ਕਾਲੇ ਸ਼ੀਸ਼ੇ ਵਾਲੀਆਂ ਆਈਆਂ ਅਸੀਂ ਛੇ-ਛੇ ਬੰਦੇ ਕਾਰਾਂ 'ਚ ਬੈਠ ਗਏ। ਰਾਈਫਲ ਵਾਲਾ ਸੱਜਣ ਸਾਨੂੰ ਇਹਨਾਂ ਮੈਕਸੀਕਨਾਂ ਦੇ ਹਵਾਲੇ ਕਰ ਆਪ ਵਾਪਸ ਚਲਾ ਗਿਆ। ਕਾਰਾਂ ਘੱਟੋ-ਘੱਟ ਦੋ ਘੰਟੇ ਚੱਲਦੀਆਂ ਰਹੀਆਂ। ਪਰ ਅਸੀਂ ਬਾਹਰ ਦਾ ਨਜ਼ਾਰਾ ਵੇਖਣੋ ਅਸਮਰਥ ਸਾਂ। ਪਰ ਇੰਜ ਲੱਗਿਆ ਜਿਵੇਂ ਅਸੀਂ ਪਹਾੜੀ ਰਸਤੇ ਤੇ ਚੱਲ ਰਹੇ ਸਾਂ। ਕਦੀ ਉਚਾਈ, ਕਦੀ ਨਿਵਾਣ। ਆਖਰ ਸ਼ਹਿਰ ਦੇ ਬਾਹਰਵਾਰ ਇਕ ਖੁੱਲ੍ਹੀ ਜਗ੍ਹਾ ਕਾਰਾਂ ਰੁਕੀਆਂ ਅਤੇ ਅਸੀਂ ਬਾਹਰ ਨਿਕਲੇ। ਸਾਨੂੰ ਇਕ ਖੁੱਲ੍ਹੇ ਫਾਰਮ ਵਿਚ ਵਾੜ ਦਿੱਤਾ ਅਤੇ ਸਾਨੂੰ ਤੇਜ਼ ਤੇਜ਼ ਤੁਰਨ ਲਈ ਕਿਹਾ। ਡਰਦੇ ਮਾਰੇ ਸਾਰੇ ਇਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ। ਫਾਰਮ ਬਹੁਤ ਖੁੱਲ੍ਹਾ ਸੀ। ਪਰ ਕੋਈ ਫਸਲ ਨਹੀਂ ਸੀ। ਸਿਰਫ ਵੱਡੇ ਵੱਡੇ ਸਾਹਨ ਚਰ ਰਹੇ ਸਨ। ਜਿਹਨਾਂ ਨੂੰ ਮਾਰਕੀਟ ਵਿਚ ਸਿਰਫ ਮੀਟ ਲਈ ਵੇਚਿਆ ਜਾਂਦਾ ਹੈ। ਜਿਵੇਂ ਸਾਡੇ ਮੁਰਗੇ ਵੇਚੇ ਜਾਂਦੇ ਹਨ।
ਫਾਰਮ ਦੇ ਵਿਚਕਾਰ ਇਕ ਵੱਡੀ ਸਾਰੀ ਇਮਾਰਤ ਸੀ। ਜਿਥੇ ਲੋਕ ਤੁਰਦੇ ਫਿਰਦੇ ਸਾਨੂੰ ਦੂਰੋਂ ਦਿਖਾਈ ਦੇ ਰਹੇ ਸਨ। ਸਾਡੇ ਨਵੇਂ ਗਾਈਡ ਕਾਸਟਰੋ ਨੇ ਸਾਨੂੰ ਬੈਠਣ ਦਾ ਇਸ਼ਾਰਾ ਕੀਤਾ। ਥੱਕੇ ਹੋਏ ਹੋਣ ਕਰਕੇ ਅਸੀਂ ਜਿਥੇ ਜਗ੍ਹਾ ਮਿਲੀ ਬੈਠ ਗਏ। ਕੁਝ ਚਿਰ ਬੈਠੇ ਸਾਂ ਕਿ ਇਮਾਰਤ ਵਲੋਂ ਕੁਝ ਲੋਕ ਸਾਡੇ ਵੱਲ ਆਉਂਦੇ ਦਿਖਾਈ ਦਿੱਤੇ। ਉਹ ਸਾਡੇ ਲਈ ਖਾਣ ਪੀਣ ਦਾ ਸਮਾਨ ਲੈ ਕੇ ਆਏ ਸਨ। ਜੋ ਉਹਨਾਂ ਕਾਸਟਰੋ ਦੇ ਹਵਾਲੇ ਕਰ ਦਿੱਤਾ ਅਤੇ ਕਾਸਟਰੋ ਨੇ ਉਹ ਤਲਿਆ ਹੋਇਆ ਮੁਰਗਾ ਅਤੇ ਕੱਚੀਆਂ ਜਿਹੀਆਂ ਰੋਟੀਆਂ ਸਾਨੂੰ ਸਭ ਨੂੰ ਵੰਡ ਦਿੱਤੀਆਂ। ਦਿਲ ਕੁਝ ਖਾਣ ਨੂੰ ਤੇ ਨਹੀਂ ਸੀ ਕਰਦਾ ਪਰ ਫਿਰ ਵੀ ਪੇਟ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਥੋੜਾ ਬਹੁਤ ਮੁਰਗਾ ਤੇ ਰੋਟੀਆਂ ਅੰਦਰ ਲੰਘਾਈਆਂ ਅਤੇ ਕੋਕ ਪੀ ਥੋੜਾ ਅਰਾਮ ਕਰਨ ਲਈ ਬੈਠ ਗਏ। ਅਸੀਂ ਛੇ ਪੰਜਾਬੀ ਆਪਸ ਵਿਚ ਗੱਲਾਂ ਬਾਤਾਂ ਕਰ ਸਮਾਂ ਬਤੀਤ ਕਰ ਰਹੇ ਸਾਂ। ਦੂਸਰੇ ਲੋਕੀ ਆਪਸ ਵਿਚ ਗੱਲੀਂ-ਬਾਤੀਂ ਲੱਗੇ ਹੋਏ ਸਨ।
ਮੈਂ ਸੋਚ ਰਿਹਾ ਸਾਂ ਕਿ ਬਿਖੜੇ ਰਸਤਿਆਂ ਤੇ ਤੁਰਨਾ ਅਸਾਨ ਨਹੀਂ। ਕਿਸੇ ਵੇਲੇ ਵੀ ਤੁਹਾਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਇਹਨਾਂ ਔਖੇ ਰਸਤਿਆਂ ਤੇ ਤੁਰਨ ਵਾਲੇ ਹਰ ਇਨਸਾਨ ਦਾ ਜੀਵਨ ਦੇਸ਼ ਦੀ ਰੱਖਿਆ ਲਈ ਤਾਇਨਾਤ ਉਹਨਾਂ ਫੌਜੀਆਂ ਨਾਲ ਮਿਲਦਾ-ਜੁਲਦਾ ਹੁੰਦਾ ਹੈ। ਜਿਵੇਂ ਫੌਜੀ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਹਨ। ਇਵੇਂ ਹੀ ਗਲਤ ਰਸਤਿਆਂ ਰਾਹੀਂ ਵਿਦੇਸ਼ੀ ਜਾਣ ਵਾਲੇ ਹਰ ਬੰਦੇ ਨੂੰ ਹਰ ਵੇਲੇ ਚੌਕਸ ਰਹਿਣਾ ਪੈਂਦਾ ਹੈ। ਤੁਸੀਂ ਅਰਾਮ ਨਾਲ ਬੈਠੇ ਹੋ ਪਤਾ ਨਹੀਂ ਕਿਹੜੇ ਵੇਲੇ ਤੁਹਾਨੂੰ ਅਗਲੀ ਮੰਜ਼ਿਲ ਲਈ ਤਿਆਰੀ ਦਾ ਹੁਕਮ ਹੋ ਜਾਣਾ ਹੈ। ਮੈਂ ਇਹਨਾਂ ਸੋਚਾਂ ਦੇ ਸਮੁੰਦਰਾਂ 'ਚ ਗੋਤੇ ਲਾਉਂਦਾ ਹੋਇਆ ਪਤਾ ਨਹੀ ਕਿੱਥੇ ਤੱਕ ਪਹੁੰਚ ਗਿਆ। ਅਚਾਨਕ ਕਾਸਟਰੋ ਦੀ ਅਵਾਜ਼ ਨੇ ਮੈਨੂੰ ਸੋਚਾਂ 'ਚ ਵਾਪਸ ਆਉਣ ਲਈ ਮਜ਼ਬੂਰ ਕਰ ਦਿੱਤਾ। ਕਾਸਟਰੋ ਨੇ ਸਾਨੂੰ ਉੱਠਣ ਲਈ ਕਿਹਾ। ਸਾਰੇ ਜਾਣੇ ਹੁਕਮ ਦੀ ਪਾਲਣਾ ਕਰਦੇ ਹੋਏ ਫੌਜੀਆਂ ਵਾਂਗ ਕੂਚ ਲਈ ਤਿਆਰ ਸਨ। ਦੋ ਕਾਰਾਂ ਆਈਆਂ ਜਿਹਨਾਂ ਵਿਚ ਸਾਨੂੰ ਅੱਠ, ਅੱਠ ਬੰਦਿਆਂ ਨੂੰ ਭੇਡਾਂ ਵਾਂਗੂੰ ਤੁੰਨ ਦਿੱਤਾ। ਪਹਾੜੀ ਰਸਤਾ, ਉੱਚੀਆਂ ਨੀਵੀਆਂ ਸੜਕਾਂ, ਪੂਰੀ ਰਫਤਾਰ ਨਾਲ ਭੱਜ ਰਹੀਆਂ ਕਾਰਾਂ ਵਿਚ ਅਸੀਂ ਕਦੀ ਇਧਰ ਕਦੀ ਉੱਧਰ ਡਿਗ ਰਹੇ ਸਾਂ। ਖਤਰਨਾਕ ਮੋੜਾਂ ਤੇ ਇੰਝ ਲਗਦਾ ਸੀ ਜਿਵੇਂ ਮੌਤ ਸਾਡੇ ਨਾਲ ਹੀ ਹੋਵੇ। ਦੋ-ਢਾਈ ਘੰਟੇ ਕਾਰਾਂ ਇਵੇਂ ਹੀ ਦੌੜਦੀਆਂ ਰਹੀਆਂ। ਅਸੀਂ ਸਹਿਮੇ ਹੋਏ ਅੰਦਰ ਬੈਠੇ ਕਿਸੇ ਅਣਜਾਣੇ ਡਰ ਅੰਦਰ ਸਾਹ ਲੈ ਰਹੇ ਸਾਂ।
ਅਚਾਨਕ ਇਕ ਮੋੜ ਤੇ ਪੁਲਿਸ ਦੀ ਨੀਲੇ ਰੰਗ ਦੀ ਕਾਰ ਸਾਇਦ ਸਾਡੀ ਹੀ ਉਡੀਕ ਕਰ ਰਹੀ ਸੀ। ਪੁਲਿਸ ਵੇਖ ਸਾਡਾ ਘਬਰਾਉਣਾ ਲਾਜ਼ਮੀ ਸੀ। ਡਰਾਈਵਰਾਂ ਨੇ ਕਾਰਾਂ ਰੋਕੀਆਂ ਬਿਨਾ ਕਿਸੇ ਘਬਰਾਹਟ ਉਹ ਹੱਸਦੇ ਹੋਏ ਪੁਲਿਸ ਵਾਲਿਆਂ ਕੋਲ ਚਲੇ ਗਏ। ਆਪਣੀ ਬੋਲੀ ਕੁਝ ਆਖਿਆ ਤਾਂ ਪੁਲਿਸ ਨੇ ਜਾਣ ਦਾ ਇਸ਼ਾਰਾ ਕਰ ਦਿੱਤਾ। ਕਾਰਾਂ ਫਿਰ ਤੇਜ਼ ਰਫਤਾਰ ਨਾਲ ਦੌੜ ਰਹੀਆਂ ਸਨ। ਅਚਾਨਕ ਕਾਰਾਂ ਵਾਲਿਆਂ ਮੁੱਖ ਮਾਰਗ ਛੱਡ ਲੋਕਲ ਰਸਤੇ ਵੱਲ ਕਾਰਾਂ ਮੋੜ ਲਈਆਂ। ਇੱਕ ਘੰਟਾ ਚੱਲਣ ਪਿਛੋਂ ਉਜਾੜ ਜਿਹੀ ਜਗ੍ਹਾ ਸਾਨੂੰ ਉਤਾਰ ਘਣੇ ਜੰਗਲ ਵਿਚ ਬੈਠ ਜਾਣ ਲਈ ਕਿਹਾ ਅਤੇ ਆਪ ਚਲੇ ਗਏ। ਮੈਂ ਵੇਖਿਆ ਜਿਥੇ ਅਸੀਂ ਬੈਠੇ ਸਾਂ ਪਾਣੀ ਦੀਆਂ ਖਾਲੀ ਬੋਤਲਾਂ, ਪੱਤੀ ਦੇ ਖਾਲੀ ਡੱਬੇ ਆਦਿ ਕਾਫੀ ਮਾਤਰਾ ਵਿਚ ਖਿੱਲਰੇ ਪਏ ਸਨ। ਜਿਹਨਾਂ ਨੂੰ ਵੇਖ ਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਇਸ ਮੰਜ਼ਿਲ ਦਾ ਹਰ ਰਸਤਾ ਸਾਡੇ ਵਾਂਗ ਹੀ ਇਸ ਜਗ੍ਹਾ ਕੁਝ ਚਿਰ ਲਈ ਵਿਸ਼ਰਾਮ ਕਰਦਾ ਹੋਵੇਗਾ। ਸੰਘਣਾ ਜੰਗਲ, ਜਾਨਵਰਾਂ ਦੀਆਂ ਡਰਾਉਣੀਆਂ ਅਵਾਜ਼ਾਂ ਤੇ ਦਿਨ ਢਲ ਰਾਤ ਪੱਸਰਨੀ ਸ਼ੁਰੂ ਹੋ ਚੁੱਕੀ ਸੀ। ਅਸੀਂ ਡਰਦੇ ਮਾਰੇ ਚੁੱਪ ਚਾਪ ਬੈਠੇ, ਇਸ਼ਾਰਿਆਂ ਨਾਲ ਇਕ ਦੂਜੇ ਨਾਲ ਗੱਲਾਂ ਕਰ ਰਹੇ ਸਾਂ ਅਤੇ ਤਰਸ ਭਰੀਆਂ ਨਜ਼ਰਾਂ ਨਾਲ ਇਕ ਦੂਜੇ ਦੇ ਚਿਹਰੇ ਨਿਹਾਰ ਰਹੇ ਸਾਂ। ਦੋ ਘੰਟੇ ਦੀ ਭਿਅੰਕਰ, ਉਡੀਕ ਪਿਛੋਂ ਦੋ ਕਾਰਾਂ ਆਈਆਂ। ਅਸੀਂ ਸਹਿਮੇ ਹੋਏ ਜੰਗਲੋਂ ਨਿਕਲ ਕਾਰਾਂ ਵਿਚ ਬਹਿ ਗਏ। ਦੱਸ ਮਿੰਟ ਦੇ ਸਫਰ ਪਿਛੋਂ ਕਾਰਾਂ ਵਿਚ ਮੁੱਖ ਮਾਰਗ ਤੇ ਪੈ ਗਈਆਂ। ਮੁੱਖ ਮਾਰਗ ਤੇ ਚੜ੍ਹਦਿਆਂ ਹੀ ਡਰਾਈਵਰਾਂ ਨੇ ਫਿਰ ਕਿੱਲੀ ਦੱਬ ਦਿੱਤੀ। ਮੇਰੇ ਸਾਥੀ ਜਲਦੀ ਹੀ ਨੀਂਦ ਰਾਣੀ ਦੀ ਗੋਦ ਵਿਚ ਜਾ ਬੈਠੇ। ਪਰ ਮੇਰਾ ਮਨ ਬਾਹਰ ਦੇ ਨਜ਼ਾਰਿਆਂ ਨੂੰ ਮਾਨਣਾ ਚਾਹੁੰਦਾ ਸੀ। ਮੁੱਖ ਮਾਰਗ ਤੇ ਕਈ ਛੋਟੇ-ਵੱਡੇ ਕਸਬੇ ਆਏ, ਲੋਕ ਖੋਤਿਆਂ ਤੇ ਸਮਾਨ ਦੀ ਖਰੀਦੋ ਫਰੋਖਤ ਕਰ ਰਹੇ ਸਨ। ਕਾਰਾਂ ਦੋ ਤਿੰਨ ਘੰਟੇ ਤੇਜ਼ ਰਫਤਾਰ ਦੌੜਨ ਪਿਛੋਂ ਇਕ ਵੱਡੇ ਸ਼ਹਿਰ ਦੇ ਲਾਗੇ ਪਹੁੰਚ ਕੇ ਇਕ ਜਗ੍ਹਾ ਰੁਕ ਗਈਆਂ। ਅਸੀਂ ਕਾਰਾਂ 'ਚੋਂ ਬਾਹਰ ਨਿਕਲ ਸੜਕ ਦੇ ਕਿਨਾਰੇ ਲੱਗੇ ਹੋਏ ਦਰੱਖਤਾਂ ਦੀ ਆੜ ਵਿਚ ਖਲੋ ਗਏ। ਦੱਸ ਮਿੰਟ ਬਾਅਦ ਦੋ ਹੋਰ ਕਾਰਾਂ ਆਈਆਂ। ਪਹਿਲੇ ਡਰਾਈਵਰਾਂ ਨੇ ਸਾਨੂੰ ਉਹਨਾਂ ਦੋਵਾਂ ਕਾਰਾਂ ਦੇ ਡਰਾਈਵਰਾਂ ਦੇ ਹਵਾਲੇ ਕਰ ਦਿੱਤਾ ਅਤੇ ਆਪ-ਆਪਣੇ ਟਿਕਾਣੇ ਵੱਲ ਪਰਤ ਗਏ। ਮੁਸ਼ਕਲ ਨਾਲ ਇਹ ਕਾਰਾਂ ਅੱਧਾ ਘੰਟਾ ਚੱਲੀਆਂ ਹੋਣਗੀਆਂ ਕਿ ਅਸੀਂ ਸੁੰਦਰ ਸ਼ਹਿਰ ਦੇ ਅੰਦਰ ਪ੍ਰਵੇਸ਼ ਕਰ ਚੁੱਕੇ ਉੱਚੀਆਂ ਤੇ ਸ਼ਾਨਦਾਰ ਇਮਾਰਤਾਂ, ਸੱਜੀਆਂ ਹੋਈਆਂ ਦੁਕਾਨਾਂ, ਬਿਜਲੀ ਦੀ ਜਗ ਮਗ ਵਿਚ ਬਹੁਤ ਮਨਮੋਹਣੀਆਂ ਲੱਗ ਰਹੀਆਂ ਸਨ।
ਸਾਡੀਆਂ ਕਾਰਾਂ ਇਕ ਹੋਟਲ ਅੱਗੇ ਰੁਕੀਆਂ। ਸਾਨੂੰ ਹੋਟਲ ਅੰਦਰ ਜਾਣ ਦਾ ਇਸ਼ਾਰਾ ਮਿਲਦੇ ਹੀ ਅਸੀਂ ਕਾਰਾਂ ਵਿਚੋਂ ਉੱਤਰ ਬੜੀ ਸਾਵਧਾਨੀ ਨਾਲ ਅੰਦਰ ਚਲੇ ਗਏ। ਸਾਨੂੰ ਛੇ ਪੰਜਾਬੀਆਂ ਨੂੰ ਤਿੰਨਾਂ ਬੈੱਡਾਂ ਵਾਲਾ ਕਮਰਾ ਅਲਾਟ ਕਰ ਦਿੱਤਾ। ਕਮਰੇ ਵਿਚ ਜਾ ਕੇ ਅਸੀਂ ਥੋੜਾ ਜਿਹਾ ਸੁੱਖ ਦਾ ਸਾਹ ਲਿਆ। ਚਿੱਕੜ ਨਾਲ ਲਿੱਬੜੇ ਹੋਏ ਕੱਪੜੇ ਉਤਾਰ ਵਾਰੋ ਵਾਰੀ ਇਸ਼ਨਾਨ ਕਰ ਆਪਸ ਵਿਚ ਗੱਲੀ- ਬਾਤੀਂ ਲੱਗ ਗਏ। ਇਨੇ ਚਿਰ ਨੂੰ ਹੋਟਲ ਦਾ ਕਰਿੰਦਾ ਸਾਡੇ ਲਈ ਖਾਣ-ਪੀਣ ਦਾ ਸਮਾਨ ਲੈ ਆਇਆ। ਜਿਸ ਵਿਚ ਤੋਲੇ ਹੋਏ ਆਲੂ ਭੁੱਨਿਆ ਹੋਇਆ ਮੁਰਗਾ ਅਤੇ ਬਰੈੱਡ , ਪੀਣ ਲਈ ਕੋਕ ਆਦਿ ਸੀ। ਅਸੀਂ ਆਪਣੀ ਲੋੜ ਅਨੁਸਾਰ ਖਾਣਾ ਖਾ ਬੱਤੀਆਂ ਬੰਦ ਕਰ ਵਾਹਿਗੁਰੂ ਦਾ ਨਾਂ ਲੈ ਸੌਂ ਗਏ। ਮੁਸ਼ਕਲ ਨਾਲ ਅੱਧ- ਪਚੱਧੀ ਅੱਖ ਲੱਗੀ ਸੀ ਕਿ ਕਿਸੇ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ। ਮੈਂ ਉੱਠ ਕੇ ਬੂਹਾ ਖੋਲਿਆ ਤਾਂ ਇਕ ਮੈਕਸੀਕਨ ਲੜਕਾ ਅੰਦਰ ਆਇਆ। ਉਸਨੇ ਸਾਨੂੰ ਤਿੰਨਾਂ ਬੰਦਿਆਂ ਨੂੰ ਤਿਆਰ ਹੋਣ ਲਈ ਕਿਹਾ। ਹੁਣ ਅਸੀਂ ਦੁਬਿਧਾ ਵਿਚ ਸਾਂ ਕਿ ਪਹਿਲਾਂ ਕੌਣ ਜਾਵੇ। ਆਖਿਰ ਨੂੰ ਗੁਣਾ ਮੇਰੇ ਤੇ ਹੀ ਪਿਆ ਮੇਰੇ ਨਾਲ ਸੋਢੀ, ਗੁਰਵਿੰਦਰ ਤਿਆਰ ਹੋਏ। ਅਸੀਂ ਕੱਪੜੇ ਪਾ ਉਸ ਮੈਕਸੀਕਨ ਨਾਲ ਥੱਲੇ ਚਲੇ ਗਏ। ਹੋਟਲ ਦੇ ਮੁੱਖ ਦੁਆਰ ਤੋਂ ਮੈਕਸੀਕਨ ਲੜਕੇ ਨੇ ਇੱਧਰ ਉੱਧਰ ਵੇਖ ਸਾਨੂੰ ਬੂਹੇ ਅੱਗੇ ਥੋੜ੍ਹੇ ਚਿੱਟੇ ਰੰਗ ਦੇ ਟਰੱਕ ਵਿਚ ਬੈਠਣ ਲਈ ਕਿਹਾ। ਅਸੀਂ ਤਿੰਨੇ ਪੰਜਾਬੀ ਇਕ ਸੀਟ ਤੇ ਅਤੇ ਡਰਾਈਵਰ ਦੇ ਨਾਲ ਇਕ ਗੁਆਟੇਮਾਲੀਅਨ ਲੜਕਾ, ਲੜਕੀ ਬੈਠ ਗਏ। ਟਰੱਕ ਹੌਲੀ ਹੌਲੀ ਸ਼ਹਿਰ ਦੀਆਂ ਭੀੜੀਆਂ ਸੜਕਾਂ ਨੂੰ ਛੱਡ ਵੱਡੀ ਜਰਨੈਲੀ ਸੜਕ ਤੇ ਦੌੜ ਰਿਹਾ ਸੀ। ਸਮੁੰਦਰ ਦਾ ਕੰਢਾ ਹੋਣ ਕਰਕੇ ਰਾਤ ਵੇਲੇ ਰੁਮਕਦੀ ਹੋਈ ਹਵਾ ਦੇ ਬੁੱਲਿਆਂ ਨਾਲ ਸਾਡੀਆਂ ਅੱਖਾਂ ਆਪਣੇ ਆਪ ਮੀਟਦੀਆਂ ਜਾ ਰਹੀਆਂ ਸਨ। ਟਰੱਕ ਮੁੱਖ ਮਾਰਗ ਤੇ ਆਪਣੀ ਚਾਲੇ ਚੱਲਦਾ ਰਿਹਾ, ਅਸੀਂ ਸੀਟਾਂ ਤੇ ਸੁੱਤੇ ਹੋਏ ਉਦੋਂ ਹੀ ਜਾਗਦੇ ਜਦੋਂ ਕਿਧਰੇ ਡਰਾਈਵਰ ਟਰੱਕ ਰੋਕਦਾ। ਕਈ ਥਾਵਾਂ ਨਾਕਿਆਂ ਤੇ ਚੈਕਿੰਗ ਹੋਈ। ਪਰ ਕਿਸੇ ਨੇ ਵੀ ਟਰੱਕ ਅੰਦਰ ਝਾਕਣ ਦੀ ਲੋੜ੍ਹ ਹੀ ਨਹੀਂ ਸਮਝੀ ਤੇ ਅਸੀਂ ਬੇਖੌਫ ਆਪਣੀ ਮੰਜ਼ਿਲ ਵੱਲ ਵਧਦੇ ਰਹੇ।
ਸੁੱਤੇ ਅੱਧ ਸੁੱਤੇ ਸੈਂਕੜੇ ਮੀਲਾਂ ਦਾ ਸਫਰ ਤੈਅ ਕਰਦੇ ਹੋਏ ਦਿਨ ਦੇ ਚੜਾਅ ਨਾਲ ਜੀ ਟੀ ਰੋਡ ਤੇ ਇਕ ਵੱਡੇ ਸ਼ਹਿਰ 'ਚ ਲੰਘਦੇ ਸਮੇਂ ਡਰਾਈਵਰ ਨੇ ਟਰੱਕ ਨੂੰ ਇਕ ਪੰਟਰੋਲ ਪੰਪ ਤੇ ਰੋਕਿਆ ਜਿਥੋਂ ਖਾਣ ਪੀਣ ਦਾ ਸਮਾਨ ਵੀ ਮਿਲਦਾ ਸੀ। ਅਸੀਂ ਆਪਣੇ ਲਈ ਦੁੱਧ ਅਤੇ ਬਰੈੱਡ ਖਰੀਦੇ। ਦਸ ਮਿੰਟ ਟਰੱਕ ਵਿਚ ਬੈਠ ਕੇ ਅਸੀਂ ਬਰੈੱਡ ਖਾ ਦੁੱਧ ਪੀ ਅਗਲੇ ਸਫਰ ਲਈ ਤਿਆਰ ਸਾਂ।
ਇਥੋਂ ਹੁਣ ਪਹਾੜੀ ਇਲਾਕਾ ਸ਼ੁਰੂ ਹੋ ਚੁੱਕਾ ਸੀ। ਉੱਚੀਆਂ, ਨੀਵੀਆਂ, ਵਿੱਗੀਆਂ, ਟੇਢੀਆਂ ਸੜਕਾਂ ਦੇ ਕਿਨਾਰੇ ਸ਼ਾਨਦਾਰ ਛੋਟੇ ਛੋਟੇ ਘਰ ਅਤੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਜਿਸ ਨੂੰ ਵੇਖ ਕੇ ਮਨ ਦਾ ਖੁਸ਼ ਹੋਣਾ ਲਾਜ਼ਮੀ ਸੀ। ਦੂਜੇ ਪਾਸੇ ਮਨ ਵਿਚ ਡਰ ਦੀ ਭਾਵਨਾ ਵੀ ਪ੍ਰਬਲ ਸੀ ਕਿ ਕਦੋਂ ਤੇ ਕਿਵੇਂ ਅਸੀਂ ਅਮਰੀਕਾ ਪਹੁੰਚਾਂਗੇ। ਰਾਤ ਦੇ ਬਾਰਾਂ ਵਜੇ ਦੇ ਚੱਲੇ ਦੁਪਿਹਰੇ ਦੋ ਵਜੇ ਅਸੀਂ ਕਿ ਛੋਟੇ ਜਿਹੇ ਕਸਬੇ ਵਿਚ ਪਹੁੰਚੇ। ਟਰੱਕ ਇਕ ਘਰ ਦੇ ਅੱਗੇ ਰੁਕਿਆ ਅਸੀਂ ਤਿੰਨੇ ਪੰਜਾਬੀ, ਡਰਾਈਵਰ ਤੇ ਦੂਸਰੇ ਲੜਕਾ ਲੜਕੀ ਘਰ ਦੇ ਅੰਦਰ ਪ੍ਰਵੇਸ਼ ਕੀਤਾ।
ਅੰਦਰ ਜਾ ਕੇ ਵੇਖਿਆ ਇਕ ਕਮਰੇ ਵਿਚ ਵੀਹ ਲੜਕੇ ਲੜਕੀਆਂ ਕੁਝ ਬੈਠੇ ਅਤੇ ਕੁਝ ਲੇਟੇ ਹੋਏ ਸਨ। ਉਹਨਾਂ ਵਿਚ ਪੰਜ ਲੜਕੇ ਜਲੰਧਰ ਦੇ ਜੋ ਸਾਡੇ ਨਾਲ ਗੁਆਟੇਮਾਲਾ ਰਹੇ ਸਨ। ਸਾਨੂੰ ਵੇਖ ਕੇ ਉਹ ਕਾਫੀ ਖੁਸ਼ ਹੋਏ। ਉਹਨਾਂ ਨੇ ਸਾਨੂੰ ਚਾਹ ਬਣਾ ਕੇ ਪਿਆਈ। ਫਿਰ ਬਰੈੱਡ ਅਤੇ ਆਂਡੇ ਤੜਕ ਕੇ ਅਸੀਂ ਸਾਰਿਆਂ ਨੇ ਰੋਟੀ ਖਾਧੀ। ਇਥੇ ਇਹ ਗੱਲ ਦੱਸਣਯੋਗ ਹੈ ਇਹ ਮਨੁੱਖੀ ਤੱਸਕਰੀ ਦਾ ਸਾਰਾ ਕੰਮ ਬੜੇ ਸੁਚੱਜੇ ਢੰਗ ਨਾਲ ਰਲ ਮਿਲ ਕੇ ਚਲਾਇਆ ਜਾਂਦਾ ਜਿਥੇ ਵੀ ਠਹਿਰਦੇ ਹਨ। ਉਹਨਾਂ ਨੂੰ ਰਹਿਣ ਲਈ ਕਮਰਾ ਅਤੇ ਖਾਣ ਲਈ ਰੋਟੀ ਜਰੂਰ ਮਿਲਦੀ ਹੈ। ਸਾਡੇ ਜਾਣ ਨਾਲ ਕਮਰਾ ਪੂਰੀ ਤਰ੍ਹਾਂ ਭਰ ਚੁੱਕਾ ਸੀ। ਸ਼ੁਕਰ ਰੱਬ ਦਾ ਰਾਤ ਪੈਣ ਤੋਂ ਪਹਿਲਾਂ ਪੰਜੇ ਪੰਜਾਬੀ ਅਤੇ ਦੂਸਰੇ ਸਪੈਨਿਸ਼ ਲੜਕੇ ਲੜਕੀਆਂ ਅਗਲੀ ਮੰਜ਼ਿਲ ਲਈ ਰਵਾਨਾ ਹੋ ਗਏ। ਸਾਡੇ ਪੰਜ ਬੰਦਿਆਂ ਲਈ ਰਹਿਣ ਲਈ ਖੁੱਲੀ ਜਗ੍ਹਾ ਸੀ। ਇਥੇ ਵੀ ਸਾਨੂੰ ਅੱਠ ਦਿਨ ਖੱਜਲ ਖੁਆਰ ਹੋਣਾ ਪਿਆ। ਸਾਡੇ ਏਜੰਟ ਦੀ ਅਣਗਹਿਲੀ ਕਰਕੇ।
ਸੱਤਵੇਂ ਦਿਨ ਇਕ ਅਜੀਬ ਘਟਨਾ ਘਟੀ ਸ਼ਾਮ ਦੇ ਪੰਜ ਵਜੇ ਸਾਨੂੰ ਅਚਾਨਕ ਇਕ ਗੁਪਤ ਕਮਰੇ 'ਚੋਂ ਲੁਕਾ ਦਿੱਤਾ ਅਤੇ ਸਾਨੂੰ ਆਪਣਾ ਮੂੰਹ ਬੰਦ ਰੱਖਣ ਲਈ ਹੁਕਮ ਦਿੱਤਾ। ਅਸੀਂ ਡਰੇ ਹੋਏ, ਹਨੇਰੇ ਕਮਰੇ ਵਿਚ ਚੁੱਪਚਾਪ ਸਹਿ ਕੇ ਸਾਰੀ ਰਾਤ ਕੱਢੀ। ਦੂਸਰੇ ਦਿਨ ਫਿਰ ਸਾਨੂੰ ਪਹਿਲੇ ਕਮਰੇ ਵਿਚ ਲੈ ਆਂਦਾ। ਪਰ ਮੈਂ ਇਹ ਜਾਨਣ ਲਈ ਉਤਾਵਲਾ ਸਾਂ ਕਿ ਸਾਨੂੰ ਰਾਤੀਂ ਲੁਕੋਇਆ ਕਿਉਂ ਸੀ। ਮੈਂ ਹੌਂਸਲਾ ਕਰਕੇ ਘਰ ਦੀ ਮਾਲਕ ਇਸਤਰੀ ਜੋ ਇਸ ਸਾਰੇ ਖਤਰਨਾਕ ਕੰਮ ਨੂੰ ਅਨਜ਼ਾਮ ਦਿੰਦੀ ਸੀ ਨੂੰ ਰਾਤ ਵਾਲੀ ਘਟਨਾ ਬਾਰੇ ਪੁੱਛਿਆ ਤਾਂ ਜੋ ਉਸਨੇ ਮੈਨੂੰ ਦੱਸਿਆ ਤਾਂ ਮੈਂ ਸੁਣ ਕੇ ਦੰਗ ਰਹਿ ਗਿਆ ਕਹਿਣ ਲੱਗੀ ਕਿ ਕੱਲ੍ਹ ਡਰੱਗ ਮਾਫੀਏ ਦੇ ਬੰਦੇ ਇਸ ਕਸਬੇ ਵਿਚ ਆਏ ਸਨ। ਉਹ ਤੁਹਾਡੇ ਵਰਗੇ ਵਿਦੇਸ਼ੀਆਂ ਨੂੰ ਲੱਭ ਕੇ ਅਗਵਾ ਕਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਮਜ਼ਬੂਰ ਕਰਦੇ ਹਨ। ਜਿਹੜਾ ਉਹਨਾਂ ਦਾ ਹੁਕਮ ਨਹੀਂ ਮੰਨਦਾ ਉਸ ਨੂੰ ਸ਼ਰ੍ਹੇਆਮ ਗੋਲੀ ਮਾਰ ਦਿੰਦੇ ਹਨ। ਅਸੀਂ ਇਸ ਲਈ ਤੁਹਾਨੂੰ ਲਕੋਇਆ ਸੀ। ਤੁਹਾਡੇ ਕਰਮ ਚੰਗੇ ਸਨ।
ਉਹ ਇਸੇ ਕਸਬੇ ਵਿਚੋਂ ਕਿਸੇ ਹੋਰ ਘਰ ਪੰਜ ਗੁਆਟੇਮਾਲੀਅਨ ਨੂੰ ਗੋਲੀ ਮਾਰ ਗਏ ਹਨ। ਤੁਸੀਂ ਲੁਕੇ ਹੋਣ ਕਰਕੇ ਬਚ ਗਏ ਹੋ। ਮੇਰੀਆਂ ਅੱਖਾਂ ਅੱਗੇ ਮੌਤ ਨੱਚਦੀ ਦਿਖਾਈ ਦਿੱਤੀ। ਜਦੋਂ ਮੈਂ ਇਹ ਗੱਲ ਆਪਣੇ ਸਾਥੀਆਂ ਨੂੰ ਦੱਸੀ ਤਾਂ ਉਹਨਾਂ ਦੇ ਚਿਹਰੇ ਤੇ ਡਰ ਦੀਆਂ ਰੇਖਾਵਾਂ ਇਵੇਂ ਅੰਕਿਤ ਹੋ ਗਈਆਂ ਜਿਵੇਂ ਮੌਤ ਉਹਨਾਂ ਦੇ ਸਾਹਮਣੇ ਖਲੋਤੀ ਹੋਵੇ। ਕੁਝ ਚਿਰ ਬਾਅਦ ਅਸੀਂ ਸਹਿਜ ਹੋਏ, ਪਰ ਸਾਡੇ ਮਨ ਤੇ ਡਰ ਅਜੇ ਵੀ ਛਾਇਆ ਹੋਇਆ ਸੀ।
ਉਸੇ ਦਿਨ ਹੀ ਸ਼ਾਮ ਦੇ ਪੰਜ ਵਜੇ ਘਰ ਦੀ ਮਾਲਕਣ ਜੋ ਇਸ ਕੰਮ ਨੂੰ ਅਨਜ਼ਾਮ ਦਿੰਦੀ ਸੀ। ਸਾਨੂੰ ਅਗਲੀ ਮੰਜ਼ਿਲ ਲਈ ਤਿਆਰ ਰਹਿਣ ਲਈ ਕਹਿ ਕੇ ਸਾਡੇ ਉਦਾਸੇ ਹੋਏ ਚਿਹਰਿਆਂ 'ਚ ਖੁਸ਼ੀ ਭਰ ਦਿੱਤੀ। ਅਸੀਂ ਤਾਂ ਅੱਗੇ ਹੀ ਤਿਆਰ ਬੈਠੇ ਸਾਂ। ਸ਼ਾਮ ਦੇ ਸੱਤ ਵਜੇ ਇਕ ਵੈਨ ਆਈ ਜਿਸ ਵਿਚ ਡਰਾਈਵਰ ਨੇ ਨਾਲ ਘਰ ਦੀ ਮਾਲਕਣ ਜਿਸਨੇ ਡੱਬ ਵਿਚ ਰਿਵਾਲਵਰ ਦੇ ਰੱਖਿਆ ਸੀ ਅਤੇ ਅਸੀਂ ਛੇ ਆਦਮੀ ਪਿਛਲੀਆਂ ਸੀਟਾਂ ਤੇ ਬੈਠ ਗਏ। ਵੈਨ ਮੈਕਸੀਕੋ ਸ਼ਹਿਰ ਵੱਲ ਰਵਾਨਾ ਹੋ ਗਈ ਅਤੇ ਮੁੱਖ ਸੜਕ ਤੇ ਫਰਾਟੇ ਭਰਦੀ ਉੱਡੀ ਜਾ ਰਹੀ ਸੀ।
ਮੈਕਸੀਕੋ ਸ਼ਹਿਰ ਪਹਾੜੀ ਤੇ ਵੱਸਿਆ ਹੋਇਆ ਹੈ। ਦੋ ਢਾਈ ਘੰਟੇ ਦੇ ਸਫਰ ਵਿਚ ਮੈਂ ਕੁਦਰਤ ਦੇ ਮਨਮੋਹਕ ਨਜ਼ਾਰੇ ਮੌਤ ਦੇ ਡਰ ਨੂੰ ਮਨੋਂ ਕੱਢ ਕੇ ਜੀ ਭਰਕੇ ਤੱਕੇ। ਉੱਚੀਆਂ ਨੀਵੀਆਂ ਪਹਾੜੀਆਂ ਤੇ ਜਗਦੀਆਂ ਬੁਝਦੀਆਂ ਲਾਈਟਾਂ ਇੰਝ ਲੱਗ ਰਹੀਆਂ ਸਨ। ਜਿਵੇਂ ਗਗਨ ਮੈ ਥਾਲ, ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ ਦੀ ਆਰਤੀ ਉਤਾਰੀ ਜਾ ਰਹੀ ਹੋਵੇ। ਕੁਝ ਪਲ ਲਈ ਮੈਂ ਮਹਿਸੂਸ ਕੀਤਾ ਕਿ ਮੈਂ ਇਸ ਧਰਤੀ ਦਾ ਇਕ ਸੂਤਰਧਾਰ ਹਾਂ ਅਤੇ ਮੈਂ ਆਪਣੇ ਮਨ ਇਹ ਆਰਤੀ ਦਾ ਸਬਕ ਗੁਨਗੁਨਾਉਣਾ ਸ਼ੁਰੂ ਕਰ ਦਿੱਤਾ। ਕਿਸੇ ਅਗੰਮੀ ਅਨੰਦ ਵਿਚ। ਇਹ ਅਦਭੁੱਤ ਨਜ਼ਾਰਾ ਅਜੇ ਵੀ ਮੇਰੇ ਮਨ ਦੀ ਕਿਸੇ ਨੁੱਕਰੇ ਵਸਿਆ ਹੋਇਆ ਹੈ। ਜਦੋਂ ਕਦੇ ਮੈਂ ਬਹੁਤ ਪ੍ਰੇਸ਼ਾਨੀ ਵਿਚ ਹੋਵਾਂ ਤਾਂ ਅੱਖਾਂ ਮੀਟ ਕੇ ਮੈਂ ਉਸ ਨਜ਼ਾਰੇ ਨੂੰ ਫਿਰ ਮਾਣਦਾ ਹੈ ਤੇ ਸਹਿਜ ਹੋ ਜਾਂਦਾ ਹੈ।
ਹੁਣ ਅਸੀਂ ਮੈਕਸੀਕੋ ਸ਼ਹਿਰ ਵਿਚ ਪ੍ਰਵੇਸ਼ ਕਰ ਚੁੱਕੇ ਸਾਂ। ਮੈਕਸੀਕੋ ਸ਼ਹਿਰ ਦੀ ਸੁੰਦਰਤਾ ਦੀ ਸਿਫਤ ਕਰਨੀ ਮੇਰੇ ਵੱਸੋਂ ਬਾਹਰੀ ਗੱਲ ਹੈ। ਇਮਾਰਤ ਸਾਜੀ ਅਜਿਹੇ ਤਰੀਕੇ ਨਾਲ ਕੀਤੀ ਹੋਈ ਹੈ। ਕਿ ਤੁਹਾਨੂੰ ਹਰ ਪਾਸੇ ਰਾਜ ਮਹਿਲਾਂ ਵਰਗੇ ਗੋਲ ਗੁੰਬਦਾ ਵਾਲੀਆਂ ਸੁੰਦਰ ਇਮਾਰਤਾਂ ਦਿਖਾਈ ਦੇਣਗੀਆਂ। ਸਾਡਾ ਡਰਾਈਵਰ ਸਾਇਕ ਰਸਤੇ ਤੋਂ ਭਟਕ ਚੁੱਕਾ ਸੀ। ਕਰੀਬ ਇਕ ਘੰਟਾ ਉਹ ਸ਼ੁਦਾਈਆਂ ਵਾਂਗ ਇਕ ਜਗ੍ਹਾ ਗੇੜੇ ਕੱਢੀ ਗਿਆ। ਥੱਕ ਹਾਰ ਕੇ ਉਸਨੇ ਕਿਸੇ ਨੂੰ ਫੋਨ ਕੀਤਾ ਤਾਂ ਕੋਈ ਹੋਰ ਆਦਮੀ ਕਾਰ ਲੈ ਕੇ ਆਇਆ ਸਾਨੂੰ ਆਪਣੀ ਕਾਰ ਵਿਚ ਬੈਠਾ ਕਿਸੇ ਹੋਰ ਜਗ੍ਹਾ ਲਈ ਰਵਾਨਾ ਹੋ ਗਿਆ। ਪੰਦਰਾਂ ਮਿੰਟ ਦੇ ਸਫਰ ਪਿਛੋਂ ਕਾਰ ਇਕ ਵੱਡੇ ਗੇਟ ਅੱਗੇ ਰੁਕੀ। ਉਸ ਆਦਮੀ ਨੇ ਗੇਟ ਖੜਕਾਇਆ ਗੇਟ ਖੁੱਲਾ ਡਰਾਈਵਰ ਕਾਰ ਅੰਦਰ ਲੈ ਗਿਆ। ਅਸੀਂ ਕਾਰ 'ਚੋਂ ਉੱਤਰੇ ਅਤੇ ਕਮਰੇ ਵਿਚ ਚਲੇ ਗਏ। ਜਦੋਂ ਬੱਤੀ ਜਗਾਈ ਤਾਂ ਉਥੇ ਪਹਿਲਾਂ ਪੰਦਰਾਂ ਵੀਹ ਲੋਕ ਸੁੱਤੇ ਹੋਏ ਸਨ। ਰਾਤ ਦੇ ਬਾਰਾਂ ਵੱਜ ਚੁੱਕੇ ਸਨ। ਅਸੀਂ ਛੋਟੇ ਜਿਹੇ ਕਮਰੇ ਵਿਚ ਕੰਬਲ ਥੱਲੇ ਵਿਛਾ ਰਜਾਈਆਂ ਦੱਬ ਕੇ ਸੌਂ ਗਏ। ਸਵੇਰੇ ਉੱਠੇ ਤਾਂ ਨਜ਼ਾਰਾ ਵੇਖਣਯੋਗ ਸੀ। ਤਿੰਨ ਪੰਜਾਬੀ ਬਾਕੀ ਲੋਕ ਦੂਸਰੇ ਦੇਸ਼ਾਂ ਦੇ ਸਨ। ਸਾਰਿਆਂ ਉੱਠ ਕੇ ਵਾਰੀ ਵਾਰੀ ਬਾਥਰੂਮ ਜਾਂ ਇਸ਼ਨਾਨ ਪਾਣੀ ਕੀਤਾ। ਘਰ ਦਾ ਮਾਲਕ ਜਿਸਦਾ ਨਾਮ ਮਨਵੈਲ ਸੀ। ਬੜੇ ਵਧੀਆ ਸੁਭਾਅ ਦਾ ਮਾਲਕ ਸੀ। ਅਸੀਂ ਸਭ ਨੇ ਚਾਹ ਤਿਆਰ ਕੀਤੀ ਅਤੇ ਪੀਂਦੇ ਹੋਏ ਪਹਿਲੇ ਤਿੰਨਾਂ ਪੰਜਾਬੀਆਂ ਨੂੰ ਉਹਨਾਂ ਦੇ ਨਾਂ ਪਤੇ ਪੁੱਛੇ। ਇਕ ਅੰਮ੍ਰਿਤਸਰ ਦਾ, ਇਕ ਸੁਭਾਨਪੁਰ ਦਾ, ਇਕ ਚੰਡੀਗੜ੍ਹ ਦਾ।
ਇੰਨੇ ਚਿਰ ਨੂੰ ਮਨਵੇਲ ਸਾਡੇ ਸਭ ਲਈ ਬਣਿਆ ਬਣਾਇਆ ਖਾਣਾ ਲੈ ਆਇਆ। ਤਲਿਆ ਹੋਇਆ ਚਿਕਨ, ਬਰੈੱਡ ਅਤੇ ਕੋਕ। ਅਸੀਂ ਸਾਰਿਆਂ ਖੁੱਲ੍ਹੇ ਵਿਹੜੇ ਵਿਚ ਬੈਠ ਕੇ ਕੋਸੀ ਕੋਸੀ ਧੁੱਪ ਦਾ ਅਨੰਦ ਮਾਣਦੇ ਹੋਏ ਤਾਸ਼ ਖੇਡ ਰਹੇ ਸਾਂ, ਸ਼ਾਮ ਪਈ ਤਾਂ ਪਹਿਲੇ ਤਿੰਨੇ ਪੰਜਾਬੀ ਅਤੇ ਕੁਝ ਦੂਸਰੇ ਲੜਕੇ, ਲੜਕੀਆਂ ਆਪਣੀ ਅਗਲੀ ਮੰਜ਼ਿਲ ਲਈ ਰਵਾਨਾ ਹੋ ਗਏ। ਹੁਣ ਸਾਨੂੰ ਸੌਣ ਲਈ ਮੰਜੇ ਮਿਲ ਗਏ। ਪਰ ਇਥੇ ਵੀ ਰਾਜੇ ਦੀ ਅਣਗਹਿਲੀ ਕਾਰਨ ਸਾਨੂੰ ਅੱਠ ਦਿਨ ਰੁਕਣਾ ਪਿਆ।
ਪਰ ਘਰ ਦੇ ਮਾਲਕ ਮਨਵੇਲ ਦੇ ਚੰਗੇ ਵਿਉਹਾਰ ਨੇ ਸਾਨੂੰ ਕੁਝ ਵੀ ਨਾ ਮਹਿਸੂਸ ਹੋਣ ਦਿੱਤਾ। ਜੋ ਅਸੀਂ ਖਾਣ ਲਈ ਮੰਗਦੇ ਉਹ ਸਾਨੂੰ ਲਿਆ ਦਿੰਦਾ। ਮੇਰੇ ਨਾਲ ਉਸਦਾ ਵਿਉਹਾਰ ਭਰਾਵਾਂ ਵਾਂਗ ਸੀ। ਮੈਂ ਉਸ ਕੋਲੋਂ ਮੈਕਸੀਕੋ ਬਾਰੇ ਜਾਣਕਾਰੀ ਲੈਂਦਾ ਉਹ ਮੈਨੂੰ ਮੈਕਸੀਕੋ ਦੀਆਂ ਬੀਚਾਂ ਬਾਰੇ ਅਤੇ ਨਸ਼ੀਲੇ ਪਦਾਰਥਾਂ ਦੇ ਗਿਰੋਹਾਂ ਦੀ ਖੁੱਲ੍ਹੀ ਜੰਗ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੰਦਾ।
ਇਹਨਾਂ ਦਿਨਾਂ ਵਿਚ ਸਾਡੇ ਸਾਰਿਆਂ ਦੇ ਘਰ ਵਾਲਿਆਂ ਨੇ ਰਾਜੇ ਦੇ ਪਿਛੇ ਪੈ ਕੇ ਉਸਨੂੰ ਸਾਨੂੰ ਕਿਸੇ ਪਾਸੇ ਲਾਉਣ ਲਈ ਮਜ਼ਬੂਰ ਕੀਤਾ। ਅਠਵੇਂ ਦਿਨ ਅਸੀਂ ਰਾਤ ਦੇ ਨੌਂ ਵਜੇ ਸੁੱਤੇ ਪਏ ਸਾਂ ਕਿ ਗੁਆਟੇਮਾਲਾ ਤੱਕ ਪੰਚ ਰਾਮ ਦਾ ਫੋਨ ਆਇਆ। ਅਸੀਂ ਉਸਨੂੰ ਆਪਣੇ ਅੱਗੇ ਜਾਣ ਬਾਰੇ ਪੁੱਛਿਆ ਤਾਂ ਉਸ ਨੇ ਹੈਰਾਨ ਹੁੰਦੇ ਪੁੱਛਿਆ। ਤੁਸੀਂ ਅਜੇ ਇਥੇ ਹੀ ਹੋ। ਸਾਡਾ ਜਵਾਬ ਹਾਂ ਵਿਚ ਸੀ। ਸੋ ਉਸਨੇ ਫੋਨ ਕੱਟ ਦਿੱਤਾ। ਇਕ ਘੰਟੇ ਬਾਅਦ ਫਿਰ ਪੰਚ ਰਾਮ ਦਾ ਫੋਨ ਆਇਆ ਕਿ ਤੁਸੀਂ ਹੁਣੇ ਹੀ ਅੱਗੇ ਲਈ ਤੁਰਨਾ ਹੈ। ਠੀਕ ਇਕ ਘੰਟੇ ਬਾਅਦ ਦੋ ਕਾਰਾਂ ਸਾਡੇ ਵਿਹੜੇ ਵਿਚ ਆ ਰੁਕੀਆਂ। ਅਸੀਂ ਛੇ ਪੰਜਾਬੀ ਤੇ ਚਾਰ ਹੋਰ ਗੁਆਟੇਮਾਲੀਅਨ ਲੜਕੇ ਕਾਰਾਂ ਵਿਚ ਬੈਠ ਗਏ।
ਕਾਰਾਂ ਸਿਰਫ ਇਕ ਘੰਟਾ ਚੱਲਣ ਤੋਂ ਬਾਅਦ ਰਾਤ ਦੇ ਹਨੇਰੇ ਵਿਚ ਇਕ ਪਿੰਡਨੁਮਾ ਕਸਬੇ ਵਿਚ ਵੱਡੇ ਦਰਬਾਨ ਅੱਗੇ ਰੁਕੀਆਂ। ਬੂਹਾ ਖੁੱਲ੍ਹਾ ਅਸੀਂ ਡਰਾਈਵਰਾਂ ਸਮੇਤ ਅੰਦਰ ਦਾਖਲ ਹੋ ਗਏ। ਅੰਦਰ ਜਾ ਕੇ ਵੇਖਿਆ ਇਕ ਵੱਡੇ ਕਮਰੇ ਵਿਚ ਪਹਿਲਾਂ ਹੀ ਵੀਹ ਪੰਝੀ ਮੁੰਡੇ-ਕੁੜੀਆਂ ਤੇ ਕੁਝ ਸਿਆਣੇ ਸਰੀਰ ਵੱਡੀ ਦਰੀ ਤੇ ਉੱਘੜੇ, ਦੁੱਗੜੇ ਗੂੜ੍ਹੀ ਨੀਂਦੇ ਸੁੱਤੇ ਪਏ ਸਨ। ਸਾਨੂੰ ਦਸ ਬੰਦਿਆਂ ਨੂੰ ਇਕ ਛੋਟਾ ਜਿਹਾ ਕਮਰਾ ਜਿਹੜਾ ਜ਼ਿਆਦਾ ਰਸੋਈ ਦੇ ਤੌਰ ਤੇ ਵਰਤਿਆ ਜਾਂਦਾ ਸੀ। ਸੌਣ ਲਈ ਦੇ ਦਿੱਤਾ। ਰਾਤ ਦੇ ਬਾਰਾਂ ਇਕ ਵੱਜ ਚੁੱਕੇ ਸਨ। ਸੋ ਅਸੀਂ ਵੀ ਉਸ ਕਮਰੇ ਵਿਚ ਲੇਟ ਗਏ। ਮੌਸਮ ਠੰਢ ਦਾ ਸੀ। ਉਤੇ ਲੈਣ ਲਈ ਕੋਈ ਕੰਬਲ, ਚਾਦਰ ਨਹੀਂ ਸੀ। ਅਸੀਂ ਆਪਣੇ ਬੈਗ ਸਿਰਹਾਣੇ ਦੇ ਤੌਰ ਤੇ ਵਰਤੇ ਅਤੇ ਤੋਲੀਆਂ ਨਾਲ ਥੋੜਾ ਬਹੁਤਾ ਸਰੀਰ ਢਕ ਲਿਆ। ਰਾਤ ਪਾਸੇ ਮਾਰਦਿਆਂ ਲੰਘੀ ਦਿਨ ਚੜ੍ਹਦੇ ਹੀ ਅਸੀਂ ਆਪਣੇ ਨਿੱਤ ਦੀਆਂ ਕਿਰਿਆਵਾਂ ਸਾਧ ਕੇ ਚਾਹ ਪਾਣੀ ਦੀ ਉਡੀਕ ਕਰਨ ਲੱਗੇ। ਘਰ ਦੀ ਮਾਲਕਣ ਇਥੇ ਵੀ ਚਾਲੀ ਪੰਜਤਾਲੀ ਸਾਲ ਦੀ ਤੇਜ਼ ਤਰਾਰ ਬੀਬੀ ਪਰ ਨਿੱਘੇ ਸੁਭਾਅ ਦੀ ਮਾਲਕ। ਸਾਨੂੰ ਸਾਰਿਆਂ ਨੂੰ ਇਕ ਵੱਡੇ ਪਤੀਲੇ ਵਿਚ ਚਾਹ ਬਣਾ ਕੇ ਪਿਲਾਈ। ਫਿਰ ਸਾਡੇ ਲਈ ਆਂਡਿਆਂ ਦੀ ਭੁਰਜੀ ਅਤੇ ਬਰੈੱਡ ਤਿਆਰ ਕਰ ਸਵੇਰੇ ਦਾ ਨਾਸ਼ਤਾ ਕਰ ਦਿੱਤਾ।
ਅਸੀਂ ਬਰੈੱਡ ਆਦਿ ਥਾਂ ਦੂਸਰੇ ਸਪੈਨਿਸ਼ ਲੜਕੇ, ਲੜਕੀਆਂ ਨਾਲ ਘੁਲ ਮਿਲ ਗਏ। ਉਹਨਾਂ ਵਿਚੋਂ ਕੁਝ ਅੰਗਰੇਜ਼ੀ ਚੰਗੀ ਤਰ੍ਹਾਂ ਬੋਲ ਲੈਂਦੇ ਸਨ। ਚਾਰ-ਪੰਜ ਲੜਕੀਆਂ ਜੋ ਅਠਾਰਾਂ ਤੋਂ ਵੀਹ ਸਾਲ ਦੀਆਂ ਸਨ। ਇਸੇ ਤਰ੍ਹਾਂ ਚਾਰ ਪੰਜ ਲੜਕੇ ਮੁਸ਼ਕਲ ਨਾਲ ਪੰਦਰਾਂ ਪੰਦਰਾਂ ਸਾਲ ਦੇ, ਕੁਝ ਬੀਬੀਆਂ ਅਤੇ ਬੰਦੇ ਪੰਜਤਾਲੀ ਤੋਂ ਪੰਜਾਹ ਸਾਲ ਦੇ ਹੋਣਗੇ। ਇਹ ਸਭ ਕੁਝ ਵੇਖ ਮੇਰੇ ਮਨ ਵਿਚ ਵਿਚਾਰ ਆਇਆ ਕਿ ਚੰਗੇਰੇ ਭਵਿੱਖ ਲਈ, ਕੀ ਬੱਚੇ, ਕੀ ਬੁੱਢੇ ਆਪਣੀਆਂ ਕੀਮਤੀ ਜਾਨਾਂ ਨੂੰ ਖਤਰੇ ਵਿਚ ਪਾਉਣੋ ਨਹੀਂ ਝਿਜਕਦੇ। ਇਸ ਖਤਰਨਾਕ ਸਫਰ ਵਿਚੋਂ ਜੋ ਲੋਕ ਮੰਜ਼ਿਲ ਤੇ ਸਹੀ ਸਲਾਮਤ ਪਹੁੰਚੇ ਜਾਂਦੇ ਹਨ। ਉਹ ਖੁਸ਼ ਕਿਸਮਤ ਹੁੰਦੇ ਹਨ ਅਤੇ ਜੋ ਵੀ ਵਿਚਾਰੇ ਕਿਸੇ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਆਪਣੀ ਜਾਨ ਤੋਨ ਹੱਥ ਧੋ ਬੈਠਦੇ ਹਨ।
ਜਦੋਂ ਮੈਂ ਪੰਜਾਬ ਵਿਚ ਸਾਂ ਉਦੋਂ ਬਹੁਤ ਲੋਕ ਜਰਮਨ ਜਾਣ ਲਈ ਸਾਡੇ ਤਰ੍ਹਾਂ ਰੂਸ ਰਾਹੀਂ ਹੁੰਦੇ ਹੋਏ ਮੋਡੇ ਗੋਡੇ ਬਰਫਾਂ ਨੂੰ ਗਾਹੁੰਦੇ ਹੋਏ ਜੰਗਲਾਂ ਵਿਚ ਕਈ ਕਈ ਦਿਨ ਭੁੱਖੇ ਪਿਆਸੇ ਮੰਜ਼ਿਲ ਲਈ ਚੱਲਦੇ ਰਹਿਣ ਕਰਕੇ ਅਤੇ ਰਾਤ ਦੇ ਹਨੇਰਿਆਂ 'ਚੋਂ ਅਤੇ ਤੇਜ ਵਗਦੇ ਪਾਣੀਆਂ ਤੇਜ਼ ਧਰਾਵਾਂ ਵਿਚ ਵਹਿ ਗਏ ਸਨ ਅਤੇ ਕੁਝ ਗਲੇ ਹੋਏ ਪੈਰਾਂ ਅਤੇ ਹੱਥਾਂ ਨਾਲ ਦੇਸ਼ -ਪ੍ਰਦੇਸ ਸਨ। ਪਰ ਕੁਝ ਖੁਸ਼ ਕਿਸਮਤ ਇਹਨੇ ਦੁੱਖ ਝੱਲਦੇ ਹੋਏ ਵੀ ਮੰਜ਼ਿਲ ਤੇ ਪਹੁੰਚ ਹੀ ਗਏ ਸਨ। ਮੈਂ ਇਹਨਾਂ ਸੋਚਾਂ ਵਿਚ ਮਸਤ ਆਪਣੇ ਆਉਣ ਵਾਲੇ ਸਮੇਂ ਲਈ ਚਿੰਤਾਤੁਰ।
ਉਸੇ ਦਿਨ ਸ਼ਾਮ ਨੂੰ ਸਾਡੇ ਨਾਲ ਦੇ ਤਿੰਨ ਪੰਜਾਬੀ ਅਤੇ ਅੱਧੇ ਸਪੈਨਿਸ਼ ਲੜਕੇ ਲੜਕੀਆਂ ਆਪਣੀ ਅਗਲੀ ਮੰਜ਼ਿਲ ਲਈ ਤੁਰ ਪਏ ਸਨ। ਹੁਣ ਸਾਨੂੰ ਸੌਣ ਲਈ ਚੰਗੀ ਜਗ੍ਹਾ ਮਿਲ ਗਈ। ਦੂਸਰੇ ਸਵੇਰੇ ਅਸੀਂ ਉੱਠੇ ਉਹੀ ਨਿੱਤ ਦੀਆਂ ਕਿਰਿਆਵਾਂ ਸਾਧਨ ਪਿਛੋਂ ਚਾਹ ਪੀ ਕੇ ਬੈਠੇ ਦੂਸਰੇ ਲੜਕਿਆਂ ਨਾਲ ਗੱਲਾਂ ਬਾਤਾਂ ਕਰਨ ਵਿਚ ਰੁੱਝ ਗਏ। ਦੁਪਿਹਰੇ ਰੋਟੀ ਪਾਣੀ ਛਕ ਕੇ ਕੁਝ ਚਿਰ ਅਰਾਮ ਕਰਨ ਲਈ ਲੇਟ ਗਏ। ਸ਼ਾਮ ਦੇ ਪੰਜ ਵਜੇ ਸਾਨੂੰ ਤਿੰਨਾਂ ਨੂੰ ਤਿਆਰ ਰਹਿਣ ਲਈ ਕਿਹਾ। ਅਸੀਂ ਰਾਤ ਰਸਤੇ ਵਿਚ ਖਾਣ ਲਈ ਆਂਡੇ ਉਬਾਲ ਲਏ ਅਤੇ ਕੁਝ ਬਰੈੱਡ ਲੈ ਲਏ। ਸ਼ਾਮ ਢਲ ਰਹੀ ਸੀ ਛੇ ਵਜੇ ਅਸੀਂ ਉਸ ਘਰ ਨੂੰ ਅਲਵਿਦਾ ਕਹਿ ਕਾਰ ਵਿਚ ਬੈਠ ਨਵੀਂ ਉਡਾਣ ਭਰੀ। ਕਾਰ ਪਿੰਡ ਦੀਆਂ ਸੜਕਾਂ ਛੱਡਦੀ ਹੋਈ ਮੁੱਖ ਮਾਰਗ ਤੇ ਅਸੀਂ ਚੁੱਪ ਚਾਪ ਪਿਛਲੀ ਸੀਟ ਤੇ ਬੈਠੇ ਰਹੇ। ਰਸਤੇ ਵਿਚ ਕਈ ਥਾਈਂ ਪੁਲਿਸ ਚੈਕਿੰਗ ਕਰ ਰਹੀ ਸੀ, ਪਰ ਅਸੀਂ ਵਾਹਿਗੁਰੂ ਦੀ ਕ੍ਰਿਪਾ ਨਾਲ ਬੜੀ ਅਸਾਨੀ ਨਾਲ ਇਹਨਾਂ ਮੁਸ਼ਕਿਲ ਰਸਤਿਆਂ ਵਿਚੋਂ ਲੰਘਦੇ ਹੋਏ ਆਪਣੀ ਅਗਲੀ ਮੰਜ਼ਿਲ ਵੱਲ ਵਧਦੇ ਰਹੇ।
ਦੋ ਘੰਟੇ (ਹਾਈਵੇ) ਮੁੱਖ ਮਾਰਗ ਤੇ ਦੌੜਨ ਪਿਛੋਂ ਕਾਰ ਇਕ ਸੁੰਨਸਾਨ ਜਗ੍ਹਾ ਰੁਕੀ। ਦੂਸਰੇ ਪਾਸਿਉਂ ਇਕ ਹੋਰ ਕਾਰ ਸਾਡੀ ਕਾਰ ਦੇ ਕੋਲ ਆ ਕੇ ਰੁਕੀ। ਸਾਡੇ ਡਰਾਈਵਰ ਨੇ ਸਾਨੂੰ ਦੂਸਰੀ ਕਾਰ ਵਿਚ ਬੈਠਣ ਦਾ ਇਸ਼ਾਰਾ ਕੀਤਾ। ਅਸੀਂ ਉਸਦਾ ਹੁਕਮ ਮੰਨ ਦੂਸਰੀ ਕਾਰ ਵਿਚ ਸਵਾਰ ਹੋ ਗਏ। ਉਸ ਗੁਲਾਮ ਵਾਂਗ ਜੋ ਮੰਡੀ ਵਿਚ ਵਿਕਦਾ ਹੈ ਤੇ ਉਸ ਦਾ ਖਰੀਦਦਾਰ ਉਸਨੂੰ ਖਰੀਦ ਕੇ ਥੋੜੇ ਜਿਹੇ ਹੋਰ ਵਾਧੂ ਪੈਸਿਆਂ ਲਈ ਕਿਸੇ ਹੋਰ ਕੋਲ ਵੇਚ ਦਿੰਦਾ ਹੈ। ਸਾਡਾ ਵੀ ਇਹੀ ਹਾਲ ਸੀ। ਦਿੱਲੀ ਤੋਂ ਵਿਕਦੇ ਹੋਏ ਗੁਆਟੇਮਾਲਾ ਤੇ ਮੈਕਸੀਕੋ ਤੱਕ ਪਹੁੰਚ ਚੁੱਕੇ ਸਾਂ। ਇਹ ਕਾਰ ਲਗਾਤਾਰ ਢਾਈ ਤਿੰਨ ਘੰਟੇ ਮੁੱਖ ਮਾਰਗ ਤੇ ਦੌੜਨ ਪਿਛੋਂ ਇਕ ਛੋਟੇ ਜਿਹੇ ਕਸਬੇ ਵਿਚ ਇਕ ਦੁਕਾਨ ਦੇ ਅੱਗੇ ਰੁਕੀ। ਡਰਾਈਵਰ ਨੇ ਬਾਹਰ ਨਿਕਲ ਕੇ ਕਿਸੇ ਨੂੰ ਫੋਨ ਕੀਤਾ। ਫੋਨ ਕਰਨ ਪਿਛੋਂ ਅਸੀਂ ਕਾਰ ਵਿਚ ਅੱਧਾ ਘੰਟਾ ਐਵੇਂ ਇੱਧਰ ਉੱਧਰ ਘੁੰਮਦੇ ਰਹੇ। ਸ਼ਾਇਦ ਪੁਲਿਸ ਤੋਂ ਬਚਣ ਲਈ ਕਿਉਂਕਿ ਉਥੇ ਨਾਲ ਹੀ ਪੁਲਿਸ ਸਟੇਸ਼ਨ (ਥਾਣਾ) ਸੀ ਅਤੇ ਪੁਲਿਸ ਵਾਲੇ ਕਾਰਾਂ ਵਿਚ ਇੱਧਰ ਉੱਧਰ ਘੁੰਮ ਰਹੇ ਸਨ। ਪੁਲਿਸ ਦੀ ਗੱਡੀ ਜਾਣ ਪਿਛੋਂ ਡਰਾਈਵਰ ਨੇ ਕਾਰ ਇਕ ਤੇਲ ਪੰਪ ਤੇ ਰੋਕੀ। ਅਸੀਂ ਕਾਰ ਵਿਚ ਬੈਠੇ ਰਹੇ। ਦਸ ਪੰਦਰਾਂ ਮਿੰਟਾਂ ਬਾਅਦ ਡਰਾਈਵਰ ਆਇਆ। ਸਾਨੂੰ ਬਾਹਰ ਨਿਕਲਣ ਦਾ ਇਸ਼ਾਰਾ ਕੀਤਾ। ਛੋਟੇ ਜਿਹੇ ਕਸਬੇ ਦੇ ਲਾਗੋਂ ਲੰਘ ਰਹੇ ਹਾਈਵੇਅ ਤੇ ਕਈ ਵੱਡੇ ਵੱਡੇ ਟਰਾਲੇ ਖੜ੍ਹੇ ਸਨ। ਉਵੇਂ ਹੀ ਜਿਵੇਂ ਭਾਰਤ ਵਿਚ ਜਰਨੈਲੀ ਸੜਕ ਦੇ ਢਾਬਿਆਂ ਤੇ ਟਰੱਕ ਖੜ੍ਹੇ ਹੁੰਦੇ ਹਨ। ਪਰ ਇਥੇ ਢਾਬੇ ਨਹੀਂ ਸਨ ਸ਼ਾਇਦ ਉਹ ਥੋੜ੍ਹਾ ਚਿਰ ਅਰਾਮ ਕਰਕੇ ਫਿਰ ਅਗਲੇ ਲੰਮੇ ਸਫਰ ਲਈ ਤੁਰਦੇ ਹੋਣਗੇ।
ਸਾਡੀ ਕਾਰ ਵਾਲਾ ਡਰਾਈਵਰ ਸਾਨੂੰ ਇਕ ਗੋਲ-ਗੱਪੇ ਜਿਹੇ ਗੋਰੇ ਦੇ ਹਵਾਲੇ ਕਰ ਆਪ ਵਾਪਸ ਚਲਿਆ ਗਿਆ। ਗੋਰੇ ਨੇ ਸਾਨੂੰ ਤਿੰਨਾਂ ਨੂੰ ਟਰਾਲੇ ਦੇ ਅਗਲੇ ਹਿੱਸੇ ਵਿਚ ਆਪਣੇ ਸੌਣ ਵਾਲੇ ਕੈਬਿਨ ਵਿਚ ਬੈਠਣ ਲਈ ਕਿਹਾ।
ਇਕ - ਦੋ ਘੰਟੇ ਟਰਾਲਾ ਦੌੜਦਾ ਰਿਹਾ। ਫਿਰ ਅਚਾਨਕ ਇਕ ਜਗ੍ਹਾ ਹਨੇਰੇ ਵਿਚ ਟਰਾਲਾ ਰੁਕ ਗਿਆ। ਗੋਰੇ ਡਰਾਈਵਰ ਨੇ ਨਿੱਤਨ ਤੇ ਸੋਢੀ ਨੂੰ ਸੀਟਾਂ ਥੱਲੇ ਬਣੇ ਗੁਪਤ ਤਹਿਖਾਨਿਆਂ ਵਿਚ ਉਤਾਰ ਦਿੱਤਾ। ਜਿਥੇ ਆਦਮੀ ਸਿਰਫ ਥੋੜਾ ਚਿਰ ਹੀ ਰਹਿ ਸਕਦਾ ਹੈ। ਮੈਨੂੰ ਆਪਣੇ ਕੈਬਿਨ ਵਿਚ ਆਪਣੀ ਸੌਣ ਵਾਲੀ ਜਗ੍ਹਾ ਬਿਠਾ ਕੇ ਅੱਗੇ ਪਰਦਾ ਤਾਣ ਦਿੱਤਾ। ਚਾਰ-ਪੰਜ ਘੰਟੇ ਟਰਾਲਾ ਲਗਾਤਾਰ ਚਲਦਾ ਰਿਹਾ। ਅਸੀਂ ਵੱਖਰੇ ਵੱਖਰੇ ਫਿਕਰਾਂ ਦੇ ਸਮੁੰਦਰਾਂ 'ਚ ਗੋਤੇ ਖਾਂਦੇ ਰਹੇ। ਪ੍ਰਦੇਸ ਦੀਆਂ ਸੜਕਾਂ ਤੇ।
ਆਖਰ ਇਕ ਜਗ੍ਹਾ ਟਰਾਲਾ ਰੁਕਿਆ ਜਿਥੇ ਸੜਕ ਤੇ ਟਰਾਲਿਆਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਸ਼ਾਇਦ ਕੋਈ ਵੱਡੀ ਚੈੱਕ ਪੋਸਟ ਹੋਵੇਗੀ। ਸਾਡੇ ਵਾਲੇ ਟਰਾਲੇ ਦੇ ਬਰਾਬਰ ਇਕ ਹੋਰ ਟਰਾਲਾ ਆਣ ਲਾਈਨ ਵਿਚ ਵਿਚ ਲੱਗ ਗਿਆ। ਸਾਨੂੰ ਜਲਦੀ ਜਲਦੀ ਹਨੇਰੇ ਦੀ ਆੜ ਵਿਚ ਸਾਡੇ ਟਰਾਲੇ 'ਚੋਂ ਉਤਾਰ ਦੂਸਰੇ ਟਰਾਲੇ ਵਿਚ ਚੜ੍ਹਾ ਦਿੱਤਾ। ਇਹ ਕਾਰਵਾਈ ਨੂੰ ਅੰਜਾਮ ਦੇਣ ਲਈ ਸਿਰਫ ਪੰਜ ਦਸ ਮਿੰਟ ਲੱਗੇ ਹੋਣਗੇ।
ਨਵੇਂ ਟਰਾਲੇ ਵਿਚ ਨਿੱਤਨ ਤੇ ਸੋਢੀ ਅਰਾਮ ਨਾਲ ਕੈਬਿਨ ਵਿਚ ਸੀਟਾਂ ਤੇ ਲੇਟ ਗਏ ਅਤੇ ਮੈਂ ਇੰਜਨ ਦੇ ਲਾਗੇ ਖੁੱਲ੍ਹੀ ਜਗ੍ਹਾ ਲੇਟ ਗਿਆ। ਆਖਦੇ ਹਨ ਨੀਂਦ ਤਾਂ ਸੂਲੀ ਤੇ ਵੀ ਆ ਜਾਂਦੀ ਹੈ। ਸੋ ਸਾਨੂੰ ਵੀ ਇਥੇ ਰੱਜ ਕੇ ਨੀਂਦ ਆਈ ਅੱਖ ਖੁੱਲ੍ਹੀ ਤਾਂ ਸਵੇਰ ਦੇ ਦਸ ਵੱਜ ਚੁੱਕੇ ਸਨ। ਇਥੇ ਫਿਰ ਟਰਾਲਾ ਇਕ ਜਗ੍ਹਾ ਰੁਕਿਆ ਅਤੇ ਨਿੱਤਨ ਤੇ ਸੋਢੀ ਨੂੰ ਫਿਰ ਗੁਪਤ ਖਾਨਿਆਂ 'ਚੋਂ ਉਤਾਰ ਦਿੱਤਾ ਅਤੇ ਮੈਨੂੰ ਇਕ ਛੋਟੀ ਜਿਹੀ ਅਲਮਾਰੀ ਵਿਚ ਤਾੜ ਦਿੱਤਾ। ਟਰਾਲਾ ਫਿਰ ਮੰਜ਼ਿਲ ਲਈ ਤੁਰ ਪਿਆ। ਇਕ ਘੰਟੇ ਦੇ ਸਫਰ ਬਾਅਦ ਕੋਈ ਚੈੱਕ ਪੋਸਟ ਆਈ ਤਾਂ ਡਰਾਈਵਰ ਆਪਣੇ ਕਾਗਜ ਪੱਤਰ ਲੈ ਕੇ ਥੱਲੇ ਉਤਰਿਆ। ਕੋਈ ਦੱਸ ਮਿੰਟਾਂ ਬਾਅਦ ਉਹ ਵਾਪਸ ਆਇਆ। ਜਿਉਂ ਹੀ ਅਸੀਂ ਚੈਂਕ ਪੋਸਟ ਪਾਰ ਕੀਤੀ। ਸਾਨੂੰ ਗੁਪਤ ਖਾਨਿਆਂ 'ਚੋਂ ਅਜ਼ਾਦ ਕਰ ਦਿੱਤਾ। ਮੁਸ਼ਕਲ ਨਾਲ ਅਜੇ ਟਰਾਲਾ ਅੱਧਾ ਘੰਟਾ ਚੱਲਿਆ ਹੋਵੇਗਾ ਕਿ ਇਕ ਖਾਲੀ ਜਗ੍ਹਾ ਟਰਾਲਾ ਫਿਰ ਰੁਕਿਆ ਤਾਂ ਇਕ ਚਿੱਟੇ ਰੰਗ ਦੀ ਵੈਨ ਟਰਾਲੇ ਨਾਲ ਖੜ੍ਹੀ ਹੋਈ। ਅੱਖ ਦੇ ਫੋਰ ਨਾਲ ਅਸੀਂ ਟਰਾਲੇ ਦੇ ਡਰਾਈਵਰਾਂ ਨੂੰ ਅਲਵਿਦਾ ਆਖ ਵੈਨ ਵਿਚ ਬੈਠ ਗਏ। ਵੈਨ ਜਰਨੈਲੀ ਸੜਕ ਤੇ ਉੱਡੀ ਜਾ ਰਹੀ ਸੀ ਚਾਲੀ ਪੰਜਤਾਲੀ ਮਿੰਟ ਦੇ ਸਫਰ ਪਿਛੋਂ ਅਸੀਂ ਇਕ ਛੋਟੇ ਜਿਹੇ ਕਸਬੇ ਵਿਚ ਪਹੁੰਚੇ, ਵੈਨ ਇਕ ਘਰ ਦੇ ਅੱਗੇ ਰੁਕੀ ਡਰਾਈਵਰ ਨੇ ਸਾਨੂੰ ਉਤਰਣ ਲਈ ਇਸ਼ਾਰਾ ਦਿੱਤਾ ਅਤੇ ਅਸੀਂ ਘਰ ਦੇ ਅੰਦਰ ਦਾਖਲ ਹੋ ਗਏ। ਖੁੱਲ੍ਹਾ ਘਰ ਕੁੱਕੜ-ਕੁੱਕੜੀਆਂ ਵਿਹੜੇ ਵਿਚ ਚਹਿਲ ਕਦਮੀ ਕਰ ਰਹੇ ਸਨ। ਘਰ ਦੇ ਪਿਛਵਾੜੇ ਇਕੱਲੇ ਜਿਹੇ ਬਣੇ ਕਮਰੇ ਵਿਚ ਜਿਉਂ ਹੀ ਅਸੀਂ ਦਾਖਲ ਹੋਏ ਤਾਂ ਉਥੇ ਆਪਣੇ ਤਿੰਨਾਂ ਪੰਜਾਬੀ ਸਾਥੀਆਂ ਨੂੰ ਲੇਟੇ ਵੇਖ ਕੇ ਮਨ ਥੋੜ੍ਹਾ ਜਿਹਾ ਖੁਸ਼ ਹੋਇਆ। ਉਹਨਾਂ ਚਾਹ ਬਣਾਈ ਚਾਹ ਪੀਂਦੇ ਅਤੇ ਆਪਸ ਵਿਚ ਰਸਤੇ ਦੀਆਂ ਗੱਲਾਂ ਬਾਤਾਂ ਕਰਦੇ ਰਹੇ।
ਸਾਡੇ ਗੱਲਾਂ ਬਾਤਾਂ ਕਰਦੇ ਘਰ ਦਾ ਮਾਲਕ ਫਰਨਾਡੋ ਤੋਂ ਸਾਡੇ ਸਾਰਿਆਂ ਲਈ ਉਬਲੇ ਹੋਏ ਰਾਜਮਾਂਹ ਤੇ ਚਾਵਲ ਖਾਣ ਵਾਸਤੇ ਲੈ ਆਇਆ। ਰਾਜਮਾਂਹ, ਚਾਵਲ ਖਾ ਕੇ ਅਸੀਂ ਲੇਟ ਗਏ। ਕਿਉਂਕਿ ਕਰਨ ਨੂੰ ਕੁਝ ਹੈ ਨਹੀਂ ਸੀ ਬਾਹਰ ਅਸੀਂ ਜਾ ਨਹੀਂ ਸਕਦੇ ਸਾਂ। ਹਰ ਪਾਸੇ ਡਰ ਦਾ ਵਾਤਾਵਰਨ ਸੀ। ਖਾ ਲੈਣਾ, ਸੌਂ ਲੈਣਾ ਬੱਸ ਇਹੀ ਦੋ ਕੰਮ ਸਨ। ਇਕੱਠੇ ਹੋਣ ਦੀ ਖੁਸ਼ੀ ਵਿਚ ਅਸੀਂ ਫਰਨਾਡੋ ਕੋਲੋਂ ਪੈਸੇ ਇਕੱਠੇ ਕਰਕੇ ਸਸਤੀ ਜਿਹੀ ਬਰਾਂਡੀ ਦੀ ਸੀਸੀ ਮੰਗਵਾਈ। ਸਾਰਿਆਂ ਨੇ ਦੋ ਦੋ ਘੁੱਟ ਲਾਏ ਉਸ ਸਸਤੀ ਜਿਹੀ ਬਰਾਂਡੀ ਨੇ ਇਕ ਵਾਰੀ ਤਾਂ ਸਿੱਧੇ ਸਵਰਗ ਦੇ ਦਰਸ਼ਨ ਕਰਵਾ ਦਿੱਤੇ। ਬੋਤਲ ਖਤਮ ਹੋ ਗਈ। ਸਾਡਾ ਮਨ ਅਜੇ ਹੋਰ ਪੀਣ ਨੂੰ ਕਰ ਰਿਹਾ ਸੀ। ਫਿਰ ਥੋੜ੍ਹੇ ਥੋੜ੍ਹੇ ਪੈਸੇ ਪਾਏ ਤੇ ਫਰਨਾਡੋ ਨੂੰ ਦੂਜੀ ਸੀਸੀ ਲੈਣ ਲਈ ਭੇਜ ਦਿੱਤਾ। ਫਰਨਾਡੋ ਦੂਜੀ ਸੀਸੀ ਲੈ ਆਇਆ ਅਤੇ ਗੱਲੀਂਬਾਤੀਂ ਉਹ ਵੀ ਮੁਕਾ ਦਿੱਤੀ। ਇਹਨੇ ਚਿਰ ਨੂੰ ਫਰਨਾਡੋ ਫਿਰ ਰਾਤ ਦਾ ਖਾਣਾ ਉਹੀ ਰਾਜਮਾਂਹ ਤੇ ਚਾਵਲ ਲੈ ਆਇਆ। ਅਸੀਂ ਅੱਧੇ ਪਚੱਧੇ ਚਾਵਲ ਖਾਂਦੇ। ਬਰਾਂਡੀ ਦੇ ਸਰੂਰ ਵਿਚ ਰੱਜ ਕੇ ਨੀਂਦ ਆਈ। ਸਵੇਰੇ ਅੱਖ ਖੁੱਲ੍ਹੀ ਤਾਂ ਦਿਨ ਦੇ ਦਸ ਵੱਜ ਚੁੱਕੇ ਸਨ।
ਇਸ਼ਨਾਨ ਕਰਨ ਪਿਛੋਂ ਵਾਹਿਗੁਰੂ ਦੇ ਚਰਨਾਂ ਵਿਚ ਸਾਰਿਆਂ ਰਲ ਕੇ ਅਰਦਾਸ ਕੀਤੀ। ਹੇ ਸੱਚੇ ਪਾਤਸ਼ਾਹ ਤੂੰ ਸਦਾ ਹੀ ਆਪਣੇ ਸੇਵਕਾਂ ਦੀ ਪੈਜ ਰੱਖਦਾ ਆਇਆ ਹੈ ਅਤੇ ਪੜਦੇ ਢੱਕਦਾ ਰਿਹਾ ਹੈ। ਗੁਰੂ ਪਿਤਾ ਸਾਡੀ ਡੋਰ ਤੇਰੇ ਹੱਥ ਹੈ। ਤੁਸੀਂ ਆਪ ਸਹਾਈ ਹੋ ਕੇ ਸੇਵਕਾਂ ਦੀ ਪੈਜ ਰੱਖਣੀ। ਸਭ ਨੇ ਰਲ ਮਿਲ ਕੇ ਚਾਹ ਪੀਤੀ ਅਤੇ ਤਾਸ਼ ਖੇਡਣ ਬੈਠ ਗਏ। ਅੱਧੇ ਘੰਟੇ ਪਿਛੋਂ ਫਰਨਾਡੋ ਆਇਆ ਤੇ ਸਾਡੇ ਪਹਿਲੇ ਤਿੰਨਾਂ ਸਾਥੀਆਂ ਨੂੰ ਤਿਆਰ ਰਹਿਣ ਲਈ ਕਿਹਾ। ਰਸਤੇ ਵਿਚ ਖਾਣ ਲਈ ਰੋਟੀਆਂ ਅਤੇ ਪੀਣ ਲਈ ਪਾਣੀ ਦੀਆਂ ਬੋਤਲਾਂ ਲੈ ਆਇਆ ਅਤੇ ਪੈਕ ਕਰਕੇ ਬੈਗ ਲੈ ਕੇ ਤੁਰਨ ਕਿਹਾ। ਉਹ ਤਾਂ ਪਹਿਲਾਂ ਹੀ ਤਿਆਰ ਬੈਠੇ ਸਨ। ਜਦੋਂ ਉਹ ਸਾਨੂੰ ਛੱਡ ਕੇ ਤੁਰੇ ਤਾਂ ਸਾਡੇ ਕਮਰੇ ਵਿਚ ਇਕ ਦਮ ਉਦਾਸੀ ਛਾ ਗਈ। ਅਸੀਂ ਸੋਚਿਆ ਸੀ ਛੇ ਜਣੇ ਇਕੱਠੇ ਹੀ ਜਾਵਾਂਗੇ ਤਾਂ ਸਫਰ ਸੌਖਾ ਕੱਟ ਜਾਵੇਗਾ। ਪਰ ਅਸੀਂ ਫਿਰ ਅਲੱਗ-ਅਲੱਗ ਹੋ ਗਏ। ਹੁਣ ਅਸੀਂ ਆਪਣੀ ਵਾਰੀ ਦੀ ਉਡੀਕ ਵਿਚ ਸਾਂ। ਅਸੀਂ ਹਰ ਰੋਜ਼ ਫਰਨਾਡੋਂ ਤੋਂ ਆਪਣੇ ਅੱਗੇ ਜਾਣ ਬਾਰੇ ਪੁੱਛਦੇ। ਉਸਦਾ ਜਵਾਬ ਹੁੰਦਾ ਤੁਸੀਂ ਚਾਰ ਪੰਜ ਦਿਨ ਅੱਗੇ ਨਹੀਂ ਜਾ ਸਕਦੇ। ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਆਪਸੀ ਲੜਾਈ ਚੱਲ ਰਹੀ ਹੈ। ਉਹਨਾਂ ਦੀ ਆਪਸੀ ਲੜਾਈ ਵਿਚ ਤੁਹਾਡੀ ਜਾਨ ਵੀ ਜਾ ਸਕਦੀ ਹੈ।
ਸੋ ਸਬਰ ਕਰੋ ਜਦੋਂ ਸਾਡੇ ਵੱਡੇ ਬੌਸ ਦਾ ਹੁਕਮ ਹੋਵੇਗਾ। ਤੁਹਾਨੂੰ ਅਮਰੀਕਾ ਲਈ ਤੋਰ ਦਿਆਂਗੇ। ਜਦੋਂ ਅਸੀਂ ਉਸ ਕੋਲੋਂ ਪੁੱਛਦੇ ਕਿ ਸਾਨੂੰ ਕਿੰਨਾ ਕੁ ਤੁਰਨਾ ਪਵੇਗਾ ਅਮਰੀਕਾ ਪਹੁੰਚਣ ਲਈ। ਤਾਂ ਉਹਦਾ ਜਵਾਬ ਹੁੰਦਾ ਬਸ ਦੋ-ਚਾਰ ਘੰਟੇ ਤੁਰਕੇ ਤੁਸੀਂ ਅਮਰੀਕਾ ਪਹੁੰਚ ਜਾਵੋਗੇ। ਉਹ ਕਹਿੰਦਾ ਬੱਸ ਨਦੀ ਪਾਰ ਕਰਕੇ ਉਹ ਸਾਹਮਣੇ ਅਮਰੀਕਾ ਹੈ।
ਸੋ ਪੰਜ ਛੇ ਦਿਨ ਸਾਡਾ ਇਹੀ ਕੰਮ ਸੀ ਖਾ ਲਿਆ ਸੌਂ ਲਿਆ। ਬਾਹਰ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ। ਪਰਾਈ ਧਰਤੀ ਉਹ ਵੀ ਵੀਜ਼ੇ ਤੋਂ ਬਗੈਰ। ਆਖਰ ਛੇਵੇਂ ਦਿਨ ਸਵੇਰੇ ਉੱਠ ਨਹਾ ਕੇ ਮੈਂ ਅਜੇ ਪਾਠ ਕਰਕੇ ਹਟਿਆ ਹੀ ਸਾਂ ਕਿ ਫਰਨਾਡੋਂ ਸਾਡੇ ਲਈ ਰੋਟੀਆਂ ਤੇ ਪਾਣੀ ਦੀਆਂ ਬੋਤਲਾਂ ਲੈ ਆਇਆ। ਤਾਂ ਸਾਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਹੁਣ ਅਸੀਂ ਵੀ ਚਾਲੇ ਪਾਉਣ ਵਾਲੇ ਹਾਂ। ਅਸੀਂ ਜਕਟ ਨਾਲ ਚਾਹ ਬਣਾਈ, ਦੋ ਦੋ ਪੀਸ ਬਰੈੱਡ ਦੇ ਖਾਧੇ ਅਤੇ ਅਗਲੇ ਸਫਰ ਲਈ ਤੁਰਨ ਵਾਸਤੇ ਫਰਨਾਡੋ ਦੇ ਹੁਕਮ ਦੀ ਉਡੀਕ ਕਰਨ ਲੱਗੇ। ਪੂਰੇ ਤਿੰਨ ਘੰਟੇ ਬਾਅਦ ਫਰਨਾਡੋਂ ਆਇਆ ਤਾਂ ਚੱਲਣ ਲਈ ਕਿਹਾ ਅਸੀਂ ਬੈਗ ਫੜ੍ਹ ਕੇ ਉਸ ਕਮਰੇ ਨੂੰ ਅਲਵਿਦਾ ਕਰ ਬਾਹਰ ਖੜ੍ਹੀ ਕਾਰ ਵਿਚ ਫਰਨਾਡੋ ਨੂੰ ਫਤਹਿ ਬੁਲਾ ਕੇ ਬੈਠ ਗਏ। ਮੁਸ਼ਕਲ ਨਾਲ ਕਾਰ ਅੱਧਾ ਘੰਟਾ ਚੱਲਣ ਤੋਂ ਬਾਅਦ ਇਕ ਸੁੰਨਸਾਨ ਜਗ੍ਹਾ ਰੁਕੀ ਅਸੀਂ ਵੀ ਉਹਨਾਂ ਦੇ ਨਾਲ ਬੈਠ ਗਏ। ਦਸ ਕੁ ਮਿੰਟ ਬਾਅਦ ਇਕ ਬੱਸ ਆਈ ਜਿਸ ਵਿਚ ਅਸੀਂ ਕੁਝ ਉਨਤਾਲੀ ਮੁੰਡੇ ਕੁੜੀਆਂ ਸਵਾਰ ਹੋ ਗਏ। ਬੱਸ ਵਿਚ ਸਵਾਰੀਆਂ ਵੀ ਸਨ। ਉਨਤਾਲੀ ਬੰਦਿਆਂ ਦੇ ਤਿੰਨ ਗਰੁੱਪ ਬਣਾਏ ਗਏ ਹਰ ਗਰੁੱਪ ਵਿਚ ੧੩ ਲੜਕੇ ਅਤੇ ਦੋ ਮੈਕਸੀਕਨ ਗਾਇਡ। ਬੱਸ ਜਰਨੈਲੀ ਸੜਕ ਛੱਡ ਇਕ ਹੋਰ ਰਸਤੇ ਤੇ ਪੈ ਗਈ। ਸਵਾਰੀਆਂ ਉਤਰਦੀਆਂ ਤੇ ਚੜ੍ਹਦੀਆਂ ਰਹੀਆਂ ਦੋ ਘੰਟੇ ਪਿੱਛੋਂ ਸੜਕ ਦੇ ਕਿਨਾਰੇ ਪਹਿਲੇ ਗਰੁੱਪ ਨੂੰ ਉਤਾਰਿਆ ਗਿਆ।
ਸੜਕ ਦੇ ਕਿਨਾਰੇ ਤੇ ਦਰੱਖਤਾਂ ਦੇ ਝੁੰਡ ਵਿਚ ਸਾਡੇ ਵੇਹੰਦਿਆਂ ਵੇਹੰਦਿਆਂ ਸਾਰੇ ਲੜਕੇ ਲੜਕੀਆਂ ਇਕ ਦਮ ਗੁੰਮ ਹੋ ਗਏ।
ਇਕ ਘੰਟਾ ਚੱਲਣ ਤੋਂ ਬਾਅਸ ਬੱਸ ਫਿਰ ਰੁਕੀ ਤਾਂ ਦੂਸਰਾ ਗਰੁੱਪ ਵੀ ਸੜਕ ਦੇ ਕਿਨਾਰੇ ਉਤਰਿਆ ਤੇ ਸਾਡੇ ਵੇਖਦਿਆਂ ਵੇਖਦਿਆਂ ਸਾਰੇ ਲੜਕੇ ਦਰੱਖਤਾਂ ਦੇ ਝੁੰਡਾਂ ਵਿਚ ਗੁੰਮ ਹੋ ਗਏ। ਬੱਸ ਫਿਰ ਚੱਲੀ ਦੋ ਘੰਟੇ ਬਾਅਦ ਸਾਡਾ ਗਰੁੱਪ ਵੀ ਸੜਕ ਦੇ ਕਿਨਾਰੇ ਉਤਰਿਆ। ਅਸੀਂ ਸੜਕ ਦੇ ਕਿਨਾਰੇ ਮੁਸ਼ਕਲ ਨਾਲ ਅੱਧਾ ਕੁ ਮੀਲ ਚੱਲੇ ਹੋਵਾਂਗੇ ਕਿ ਸਾਹਮਣੇ ਇਕ ਘਣਾ ਜੰਗਲ ਦਿਖਾਈ ਦਿੱਤਾ। ਸਾਡੀ ਅਗਵਾਈ ਕਰ ਰਹੇ ਮੈਕਸੀਕਨ ਲੜਕੇ ਮੁਸ਼ਕਲ ਨਾਲ ਵੀਹ, ਬਾਈ ਸਾਲ ਦੇ ਹੋਣਗੇ। ਉਹਨਾਂ ਦੇ ਪਿੱਛੇ ਚੱਲਦੇ ਹੋਏ ਅਸੀਂ ਜੰਗਲ ਵਿਚ ਪ੍ਰਵੇਸ਼ ਕਰ ਗਏ। ਸੰਘਣਾ ਜੰਗਲ, ਕੰਡੇਦਾਰ ਝਾੜੀਆਂ ਦੇ ਕੰਡੇ ਸਾਡੇ ਸਰੀਰਾਂ ਨੂੰ ਤਾਰ ਤਾਰ ਕਰ ਰਹੇ ਸਨ। ਅਸੀਂ ਉਹ ਦਰਦ ਕਸੀਸ ਵੱਟ ਕੇ ਸਹਿ ਰਹੇ ਸਾਂ। ਇਕ ਘੰਟਾ ਜੰਗਲ ਵਿਚ ਤੁਰਨ ਤੋਂ ਬਾਅਦ ਇਕ ਪੁਰਾਣਾ ਜਿਹਾ ਘਰ ਦਿਖਾਈ ਦਿੱਤਾ। ਸਾਨੂੰ ਸਾਰਿਆਂ ਨੂੰ ਉਥੇ ਕੁਝ ਚਿਰ ਬੈਠਣ ਲਈ ਕਿਹਾ। ਅਸੀਂ ਬੈਠ ਗਏ। ਮੈਂ ਵੇਖਿਆ ਉਥੇ ਵੀ ਮੱਛੀ ਦੇ ਖਾਲੀ ਡੱਬੇ, ਜੁੱਤੀਆਂ ਦੇ ਜੋੜੇ, ਪਾਣੀ ਦੀਆਂ ਬੋਤਲਾਂ ਅਤੇ ਕੱਪੜੇ ਖਿਲਰੇ ਪਏ ਸਨ। ਜਿਸ ਤੋਂ ਸਾਫ ਸਪੱਸ਼ਟ ਹੁੰਦਾ ਸੀ ਕਿ ਬਿਖੜੇ ਪੈਡਿਆਂ ਦੇ ਰਾਹੀਂ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਕੁਝ ਚਿਰ ਲਈ ਇਸ ਜਗ੍ਹਾ ਵਿਸ਼ਰਾਮ ਕਰਦੇ ਹੋਣਗੇ।
ਅਸੀਂ ਇਕ ਘੰਟਾ ਨਿੱਘੀ ਧੁੱਪ ਵਿਚ ਬੈਠ ਕੇ ਅਗਲੇ ਪੜਾਅ ਲਈ ਤੁਰ ਪਏ। ਸਿਰਫ ਪੰਦਰਾਂ ਮਿੰਟ ਤੁਰਨ ਪਿਛੋਂ ਅਸੀਂ ਇਕ ਸ਼ਾਨਦਾਰ ਪਰ ਉੱਜੜੇ ਹੋਏ ਫਾਰਮ ਹਾਊਸ ਵਿਚ ਪਹੁੰਚੇ। ਇੰਜ ਲਗਦਾ ਸੀ ਕਿਸੇ ਨੇ ਇਹ ਘਰ ਬੜੇ ਸੌਂਕ ਨਾਲ ਬਣਾਇਆ ਹੋਵੇਗਾ। ਪਤਾ ਨਹੀਂ ਉਸ ਆਦਮੀ ਦੀ ਕੀ ਮਜ਼ਬੂਰੀ ਰਹੀ ਹੋਵੇਗੀ ਸ਼ੌਂਕ ਨਾਲ ਬਣਾਈ ਹੋਈ ਸ਼ਾਨਦਾਰ ਇਮਾਰਤ ਖੰਡਰ ਬਣੀ ਪਈ ਸੀ। ਬੂਹੇ ਬਾਰੀਆਂ ਜਿਵੇਂ ਕੋਈ ਲਾਹ ਕੇ ਲੈ ਗਿਆ ਹੋਵੇ। ਸਾਨੂੰ ਬਿਨਾ ਬੂਹੇ ਬਾਰੀਆਂ ਵਾਲੇ ਕਮਰੇ ਵਿਚ ਬਿਠਾ ਦਿੱਤਾ। ਦੂਸਰੇ ਮੈਕਸੀਕਨ ਅਤੇ ਗੁਆਟੇਮਾਲੀਅਨ ਲੜਕੇ ਆਪਸ ਵਿਚ ਆਪਣੀ ਬੋਲੀ ਵਿਚ ਗੱਲਾਂ ਕਰਦੇ ਹੱਸ ਰਹੇ ਸਨ। ਅਸੀਂ ਤਿੰਨੇ ਪੰਜਾਬੀ ਇਕ ਪਾਸੇ ਬੈਠੇ ਹੋਏ ਡੂੰਘੀ ਸੋਚਾਂ ਵਿਚ ਗਵਾਚੇ ਹੋਏ ਸਾਂ। ਸਾਡੀ ਅਗਵਾਈ ਕਰ ਰਹੇ ਦੋਵੇਂ ਲੜਕੇ ਇੰਗਲਿਸ਼ ਚੰਗੀ ਬੋਲ ਲੈਂਦੇ ਸਨ। ਮੈਂ ਉਹਨਾਂ ਨੂੰ ਪੁੱਛਿਆ ਆਪਾਂ ਅੱਗੇ ਕਦੋਂ ਤੁਰਨਾ ਹੈ। ਉਸਨੇ ਮੈਨੂੰ ਦੱਸਿਆ ਕਿ ਛੇ ਵਜੇ ਆਪਾਂ ਨਦੀ ਪਾਰ ਕਰਨੀ ਹੈ।
ਅਸੀਂ ਹਾਲਾਤਾਂ ਤੇ ਨਜ਼ਰ ਰੱਖ ਰਹੇ ਸਾਂ। ਜਦੋਂ ਆਪਾਂ ਨੂੰ ਕਲੀਂਅਰਸ ਮਿਲੀ ਆਪਾ ਤੁਰ ਪੈਣਾ ਹੈ ਸਾਨੂੰ ਉਡੀਕਦੇ ਉਡੀਕਦੇ ਰਾਤ ਦੇ ਅੱਠ ਵੱਜ ਚੁੱਕੇ ਸਨ ਪਰ ਅੱਗੇ ਤੁਰਨ ਦੀ ਕੋਈ ਖਬਰ ਅਜੇ ਤੱਕ ਨਹੀਂ ਸੀ ਮਿਲੀ। ਅਸੀਂ ਸਾਰੇ ਹੀ ਨਦੀ ਪਾਰ ਕਰਕੇ ਅਮਰੀਕਾ ਪਹੁੰਚਣ ਲਈ ਉਤਾਵਲੇ ਸਾਂ।
ਆਖਰਕਾਰ ਲੰਮੀ ਉਡੀਕ ਪਿਛੋਂ ਦੋਵੇਂ ਲੜਕੇ ਸਾਡੇ ਕੋਲ ਆਏ ਤੇ ਕਹਿਣ ਲੱਗੇ ਕਿ ਆਪਾ ਅੱਜ ਨਹੀਂ ਪਾਰ ਨਹੀਂ ਕਰ ਸਕਦੇ ਹੈਲੀਕਾਪਟਰ ਨਿਗਰਾਨੀ ਕਰ ਰਹੇ ਹਨ ਅਤੇ ਦੂਸਰੇ ਪਾਸੋਂ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਆਇਆ। ਰਾਤ ਆਪਾਂ ਨੂੰ ਇਥੇ ਹੀ ਗੁਜਾਰਨੀ ਪੈਣੀ ਹੈ। ਕਮਰੇ ਦੀਆਂ ਨਾ ਬੂਹੇ ਨਾ ਬਾਰੀਆਂ, ਠੰਢੀਆਂ ਸਰਦ ਹਵਾਵਾਂ ਸਰੀਰ ਨੂੰ ਕੰਬਣੇ ਲਾ ਰਹੀਆਂ ਸਨ। ਸਾਰੀ ਰਾਤ ਅਸੀਂ ਜਾਗਦੀਆਂ ਅੱਖਾਂ ਵਿਚ ਕੱਟੀ। ਜੰਗਲ ਵਿਚ ਲੱਕੜਾਂ ਲਿਆ ਅੱਗ ਬਾਲ ਆਲੇ- ਦੁਆਲੇ ਬੈਠ ਕੇ ਗੱਲਾਂ ਕਰਦੇ ਰਹੇ। ਸਵੇਰ ਹੋਈ ਭੁੱਖੇ ਭਾਣੇ ਬਿਨਾ ਚਾਹ ਦੇ ਸਾਡੀ ਤਾਂ ਜਾਨ ਨਿਕਲ ਰਹੀ ਸੀ। ਦੋਵੇਂ ਮੈਕਸੀਕਨ ਲੜਕੇ ਸਾਰੇ ਸਾਰਿਆਂ ਲਈ ਖਾਣ ਪੀਣ ਦਾ ਪ੍ਰਬੰਧ ਕਰਨ ਲਈ ਕਾਫੀ ਦੂਰ ਤੱਕ ਤੁਰਕੇ ਕਿਸੇ ਛੋਟੇ ਜਿਹੇ ਕਸਬੇ ਵਿਚ ਜੋ ਵੀ ਮਿਲਿਆ ਪੇਟ ਭਰਨ ਲਈ ਲੈ ਆਏ। ਅਸੀਂ ਸਭ ਨੇ ਆਪਣੀ ਭੁੱਖ ਮਿਟਾਈ ਤੇ ਨਿੱਘੀ ਧੁੱਪ ਵਿਚ ਚਾਰ ਪੰਜ ਘੰਟੇ ਸੌਂ ਗਏ। ਦੋਵਾਂ ਮੈਕਸੀਕਨ ਲੜਕਿਆਂ ਵਿਚ ਜਿਸ ਦਾ ਨਾਂ ਮਾਈਕਲ ਸੀ ਮੇਰਾ ਦੋਸਤ ਬਣ ਗਿਆ। ਅਸਲ ਵਿਚ ਮੇਰੇ ਗੁੱਟ ਤੇ ਨਵੀਂ ਸੀਕੋ ਘੜੀ ਬੱਝੀ ਹੋਈ ਸੀ। ਜਿਹੜੀ ਮਾਈਕਲ ਨੂੰ ਪਸੰਦ ਆ ਗਈ। ਇਸੇ ਕਰਕੇ ਮਾਈਕਲ ਨੇ ਮੇਰੇ ਨਾਲ ਦੋਸਤੀ ਕਰ ਲਈ। ਗੱਲੀਂ -ਬਾਤੀਂ ਮੇਰੇ ਨਾਲ ਇਹ ਸ਼ਰਤ ਰੱਖ ਦਿੱਤੀ ਕਿ ਅਗਰ ਤੁਸੀਂ ਰਸਤੇ ਵਿਚ ਫੜ੍ਹੇ ਨਾ ਗਏ ਤੇ ਸੁੱਖੀ ਸਾਂਦੀ ਅਮਰੀਕਾ ਪਹੁੰਚ ਗਏ ਤਾਂ ਮੈਂ ਤੇਰੇ ਕੋਲੋਂ ਘੜੀ ਲੈ ਲੈਣੀ ਹੈ।
ਮੈਂ ਆਖਿਆ ਮਾਈਕਲ ਜੇ ਅਸੀਂ ਸੁੱਖੀਸਾਂਦੀ ਅਮਰੀਕਾ ਪਹੁੰਚ ਗਏ ਤਾਂ ਮੈਂ ਆਪ ਹੀ ਘੜੀ ਤੈਨੂੰ ਦੇ ਦਿਆਂਗਾ। ਸ਼ਾਮ ਦੇ ਪੰਜ ਵਜੇ ਸਾਨੂੰ ਨਦੀ ਵੱਲ ਤੁਰਨ ਦਾ ਹੁਕਮ ਹੋਇਆ। ਦੋਵੀਂ ਪਾਸੀਂ ਉੱਚੀਆਂ ਪਹਾੜੀਆਂ ਦੇ ਵਿਚਕਾਰ ਡੂੰਘੀ ਨਦੀ ਦਾ ਪਾਣੀ ਆਪਣੀਆਂ ਅਣਦੇਖੀਆਂ ਮੰਜ਼ਿਲਾਂ ਵੱਲ ਵਾਹੋ ਦਾਹੀ ਆਪਣੀ ਚਾਲੇ ਵਹਿ ਰਿਹਾ ਸੀ। ਅਸੀਂ ਪਹਾੜੀਆਂ ਤੋਂ ਬੜੀ ਸਾਵਧਾਨੀ ਨਾਲ ਉੱਤਰ ਰਹੇ ਸਾਂ। ਨਦੀ ਕੇ ਕੰਢੇ ਪਹੁੰਚ ਕੇ ਸਾਨੂੰ ਨਦੀ ਕਿਨਾਰੇ ਝਾੜੀਆਂ ਦੀ ਆੜ ਵਿਚ ਬੈਠਾ ਦਿੱਤਾ। ਹੈਲੀਕਾਪਟਰ ਅਕਾਸ਼ ਵਿਚ ਇਧਰ ਉਧਰ ਗੇੜੇ ਮਾਰ ਰਹੇ ਸਨ। ਮਾਈਕਲ ਤੇ ਉਸਦਾ ਸਾਥੀ ਬਾਰ-ਬਾਰ ਫੋਨ ਤੇ ਕਿਸੇ ਨਾਲ ਗੱਲ ਕਰ ਰਹੇ ਸਨ। ਅੱਧੇ ਘੰਟੇ ਵਿਚ ਲੱਕੜ ਦੀ ਕਿਸ਼ਤੀ ਨਦੀ ਦੇ ਕਿਨਾਰੇ ਆ ਰੁਕੀ। ਅਸੀਂ ਪੰਦਰਾਂ ਬੰਦੇ ਵਿਚ ਬੈਠ ਗਏ। ਨਦੀ ਕੋਈ ਜ਼ਿਆਦਾ ਚੌੜੀ ਨਹੀਂ ਸੀ। ਕਿਸ਼ਤੀ ਦੇ ਮਲਾਹ ਨੇ ਚੱਪੂ ਮਾਰਦੇ ਹੋਏ ਦਸਾਂ ਮਿੰਟਾਂ ਵਿਚ ਦੂਸਰੇ ਕਿਨਾਰੇ ਪਹੁੰਚਾ ਦਿੱਤਾ। ਦੂਸਰੇ ਕਿਨਾਰੇ ਪਹੁੰਚ ਅਸੀਂ ਕਿਸ਼ਤੀ ਤੋਂ ਉੱਤਰ ਵਿੰਗੀਆਂ, ਟੇਡੀਆਂ ਚੜ੍ਹਾਈਆਂ ਚੜ੍ਹਦੇ ਅਤੇ ਸਰਕੜਿਆਂ ਨੂੰ ਪਾਰ ਕਰਦੇ ਹੋਏ ਅੱਧੇ ਘੰਟੇ ਵਿਚ ਅਸੀਂ ਬਾਰਡਰ ਦੇ ਆਖਰੀ ਸਿਰੇ ਤੇ ਪਹੁੰਚ ਚੁੱਕੇ ਸਾਂ। ਮੈਕਸੀਕੋ ਵਾਲੇ ਪਾਸੇ ਛੇ ਫੁੱਟੀ ਕੰਡਿਆਲੀ ਤਾਰ ਅਤੇ ਅਮਰੀਕਾ ਵਾਲੇ ਪਾਸੇ ਬਾਰਾਂ ਫੁੱਟੀ ਕੰਡਿਆਲੀ ਤਾਰ ਵਿਚਕਾਰ ਕੱਚੀ ਰੇਤਲੀ ਸੜਕ ਜਿਸ ਤੇ ਹਰ ਵੇਲੇ ਅਮਰੀਕਾ ਦੀ ਪੁਲਿਸ ਨਿਗਰਾਨੀ ਲਈ ਘੁੰਮਦੀ ਰਹਿੰਦੀ ਹੈ। ਮਾਈਕਲ ਨੇ ਸਾਨੂੰ ਸਭ ਨੂੰ ਸਮਝਾਇਆ ਕਿ ਜਦੋਂ ਮੈਂ ਇਸ਼ਾਰਾ ਕਰਾਂ ਤੁਸੀਂ ਛੇ ਫੁੱਟੀ ਤਾਰ ਟੱਪ ਸੜਕ ਪਾਰ ਕਰ ਅਮਰੀਕਾ ਵਾਲੇ ਪਾਸੇ ਦੀ ਬਾਰਾਂ ਫੁੱਟੀ ਤਾਰ ਬੜੀ ਸਾਵਧਾਨੀ ਅਤੇ ਫੁਰਤੀ ਨਾਲ ਟੱਪ ਕੇ ਅਮਰੀਕਾ ਦੀ ਧਰਤੀ ਵਿਚ ਦਾਖਲ ਹੋ ਜਾਣਾ ਹੈ। ਇਹੋ ਹੀ ਤੁਹਾਡੀ ਮੰਜ਼ਿਲ ਦਾ ਪਹਿਲਾ ਤੇ ਔਖਾ ਰਸਤਾ ਹੈ। ਨਾਲ ਹੀ ਉਸਨੇ ਹਦਾਇਤ ਕੀਤੀ ਕਿ ਕੋਸ਼ਿਸ਼ ਇਹ ਕਰਨੀ ਕਿ ਤੁਸੀਂ ਤਾਰ ਉਥੋਂ ਟੱਪੋ ਜਿਥੇ ਖੰਭਾ ਹੋਵੇ।
ਇਸ਼ਾਰਾ ਹੁੰਦਿਆਂ ਹੀ ਅਸੀਂ ਬਾਦਰਾਂ ਵਾਂਗ ਟਪੂਸੀਆਂ ਮਾਰ ਤੇ ਟੁੱਟੀ ਤਾਰ ਟੱਪ ਸੜਕ ਪਾਰ ਕਰ ਅਮਰੀਕਾ ਵਾਲੇ ਪਾਸੇ ਦੀ ਬਾਰਾਂ ਫੁੱਟੀ ਤਾਰ ਟੱਪ ਕੇ ਅਮਰੀਕਾ ਦੇ ਜੰਗਲਾਂ ਦੀ ਸ਼ਰਨ ਵਿਚ ਪਹੁੰਚ ਚੁੱਕੇ ਸਾਂ। ਇਹ ਕੰਮ ਇੰਨੀ ਫੁਰਤੀ ਨਾਲ ਹੋਇਆ ਕਿ ਕੰਡਿਆਲੀ ਬਾਰਾਂ ਫੁੱਟੀ ਤਾਰ ਦੇ ਕੰਡਿਆਲੇ ਲੋਹੇ ਦੇ ਕੰਡੇ ਵੀ ਸਾਡਾ ਰਾਹ ਨਾ ਰੋਕ ਸਕੇ। ਸਾਹਮਣੇ ਸੀ ਤਾਂ ਬੱਸ ਸੁਪਨਿਆਂ ਦੀ ਧਰਤੀ। ਜਿਥੇ ਪਹੁੰਚਣ ਲਈ ਅਸੀਂ ਦਰ ਦਰ ਭਟਕ ਰਹੇ ਸਾਂ। ਅਮਰੀਕਾ ਦੇ ਜੰਗਲਾਂ ਵਿਚ ਪਹੁੰਚਣ ਤੋਂ ਬਾਅਦ ਹੀ ਮੰਜ਼ਿਲ ਲਈ ਜੰਗ ਦੀ ਸ਼ੁਰੂਆਤ ਹੁੰਦੀ ਹੈ। ਅਸੀ ਵਾਹੋ ਦਾਹੀ ਛੋਟੀਆਂ ਛੋਟੀਆਂ ਝਾੜੀਆਂ ਤੇ ਉੱਚੇ ਨੀਵੇਂ ਰਸਤਿਆਂ ਤੇ ਦੌੜ ਰਹੇ ਸਾਂ। ਦੋ ਘੰਟੇ ਦੇ ਜੰਗਲੀ ਸਫਰ ਪਿਛੋਂ ਇਕ ਹੋਰ ਨਦੀ ਆਈ। ਜੋ ਜ਼ਿਆਦਾ ਡੂੰਘੀ ਨਹੀਂ ਸੀ। ਪਾਣੀ ਵੱਖੀਆਂ ਤੱਕ ਸੀ। ਅਸੀ ਪੈਂਟਾ ਲਾਹ ਕੇ ਕੰਡਿਆਂ ਨਾਲ ਨਦੀ ਪਾਰ ਕਰ ਲਈ।
ਨਦੀ ਪਾਰ ਕਰਕੇ ਅਜੇ ਅਸੀਂ ਥੋੜਾ ਹੀ ਤੁਰੇ ਸਾਂ ਕਿ ਇਕ ਹੈਲੀਕਾਪਟਰ ਉਸ ਜਗ੍ਹਾ ਉਤੇ ਘੁੰਮ ਰਿਹਾ ਸੀ। ਸਾਨੂੰ ਝਾੜੀਆਂ ਵਿਚ ਛੁੱਪਣ ਦਾ ਇਸ਼ਾਰਾ ਹੋਇਆ। ਅਸੀਂ ਡਰੇ ਹੋਏ ਝਾੜੀਆਂ ਵਿਚ ਇੰਜ ਲੁਕ ਕੇ ਬੈਠ ਗਏ ਜਿਵੇਂ ਸ਼ਿਕਾਰੀ ਕੁੱਤਿਆਂ ਤੋਂ ਡਰਦਾ ਹੋਇਆ ਖਰਗੋਸ਼ ਸਹਿ ਜਾਂਦਾ ਹੈ। ਹੈਲੀਕਾਪਟਰ ਨੇ ਕਈ ਗੇੜੇ ਇਧਰ ਉੱਧਰ ਮਾਰੇ ਜਿੰਨਾ ਚਿਰ ਹੈਲੀਕਾਪਟਰ ਗੇੜੇ ਕੱਢਦਾ ਰਿਹਾ ਅਸੀਂ ਛੁੱਪ ਕੇ ਬੈਠੇ ਰਹੇ। ਹੁਣ ਹਨੇਰਾ ਪਸਰਨਾ ਸ਼ੁਰੂ ਹੋ ਚੁੱਕਾ ਸੀ। ਰਾਤ ਦੇ ਹਨੇਰੇ ਵਿਚ ਅਸੀਂ ਜੰਗਲ ਵਿਚ ਸਾਰੀ ਰਾਤ ਤੁਰਦੇ ਰਹੇ ਅਤੇ ਕੰਡੇਦਾਰ ਤਾਰਾਂ ਦੀ ਟਪਾਈ ਜਾਰੀ ਰਹੀ। ਹੱਥਾਂ ਵਿਚੋਂ ਤਾਰਾਂ ਦੀ ਟਪਾਈ ਨਾਲ ਲਹੂ ਸਿੰਮਦਾ, ਪੱਥਰਾਂ ਨਾਲ ਠੇਡੇ ਖਾ ਡਿਗਦੇ ਵੀ, ਹੱਸਕੇ ਨਾਲ ਉੱਠ ਕੇ ਕਾਫਲੇ ਦੇ ਲੋਕਾਂ ਨਾਲ ਰਲਣਾ ਇਕ ਮਜ਼ਬੂਰੀ ਸੀ।
ਮਨ ਵਿਚ ਵਿਚਾਰ ਆਉਂਦੇ ਜੇ ਕਿਤੇ ਆਪਣੇ ਸਾਥੀਆਂ ਨਾਲੋਂ ਵਿੱਛੜ ਗਏ ਤਾਂ ਇਹ ਸੰਘਣੇ, ਡਰਾਉਣੇ ਜੰਗਲਾਂ ਵਿਚ, ਖੁਦ ਭੁੱਖੇ-ਭਾਣੇ ਕਿਸੇ ਭੁੱਖੇ ਜਾਨਵਰ ਦਾ ਸ਼ਿਕਾਰ ਬਣ ਜਾਵਾਂਗੇ। ਕਿੰਨੀ ਭਿਅੰਕਰ ਮੌਤ ਹੋਵੇਗੀ। ਇਹੀ ਡਰ ਸਾਨੂੰ ਤਾਰਾਂ ਟੱਪਣ, ਕੰਡਿਆਂ ਦੀ ਮਾਰ ਸਹਿਣ ਲਈ ਮਜ਼ਬੂਰ ਕਰ ਰਿਹਾ ਸੀ। ਉਧਰੋਂ ਸਰਦ ਹਵਾਵਾਂ, ਨਾ ਕੋਈ ਮੋਟਾ ਕੱਪੜਾ ਪਰ ਆਪਣੇ ਸੁਪਨਿਆਂ ਵਿਚ ਸਿਰਜੇ ਹੋਏ ਸਵਰਗ ਵਿਚ ਪਹੁੰਚਣ ਲਈ ਅਸੀਂ ਇਹਨਾਂ ਠੰਢੀਆਂ ਹਵਾਵਾਂ ਦੀ ਮਾਰ ਨੂੰ ਪਿਆਰ ਨਾਲ ਹਿੱਕ ਨਾਲ ਲਾ ਲੈਂਦੇ। ਮੈਂ ਸੋਚਾ ਫਰਿਆਦ ਨੇ ਵੀ ਤਾਂ ਪੱਥਰ ਨੂੰ ਤੋੜ ਨਹਿਰ ਕੱਢ ਮਾਰੀ ਸੀ ਆਪਣੀ ਪਿਆਰੀ ਸੀਰੀ ਲਈ ਅਸੀਂ ਵੀ ਦੁੱਖ ਝੱਲਾਂਗੇ ਆਪਣੀ ਮੰਜ਼ਿਲ ਲਈ। ਕਦੀ ਕਦੀ ਅਕਾਸ਼ ਉਤੇ ਇਕ ਲਾਈਟ ਜਿਹੀ ਘੁੰਮਦੀ ਤਾਂ ਮਾਈਕਲ ਸਾਨੂੰ ਇਕ ਦਮ ਬੈਠ ਜਾਣ ਲਈ ਕਹਿੰਦਾ। ਹੁਣ ਤੱਕ ਅਸੀਂ ਜੰਗਲਾਂ ਵਿਚ ਤੁਰ ਤੁਰ ਕੇ ਕੰਡਿਆਂ ਦੀ ਮਾਰ ਸਹਿ ਸਹਿ ਨਿਢਾਲ ਹੋ ਚੁੱਕੇ ਸਾਂ। ਪਰ ਹੌਂਸਲੇ ਅਜੇ ਵੀ ਕਿਸੇ ਅਣਜਾਣੀ, ਅਣਦੇਖੀ ਮੰਜ਼ਿਲ ਤੇ ਪਹੁੰਚਣ ਲਈ ਬੁਲੰਦ ਸਨ। ਸਵੇਰੇ ਪੰਜ ਕੁ ਵਜੇ ਦਿਨ ਪੱਸਰਣਾ ਸ਼ੁਰੂ ਹੋ ਗਿਆ। ਸਾਡੀ ਅਗਵਾਈ ਕਰਨ ਵਾਲੇ ਮਾਈਕਲ ਤੇ ਉਸਦਾ ਸਾਥੀ ਹਰ ਵੇਲੇ ਸੋਚ, ਸਮਝ ਕੇ ਕਦਮ ਚੁੱਕਦੇ ਸਨ। ਸਾਰੀ ਰਾਤ ਉਹਨਾਂ ਸਾਨੂੰ ਤੋਰੀ ਰੱਖਿਆ। ਇਸ ਲਈ ਕਿ ਉਹ ਹਰ ਹਾਲਤ ਵਿਚ ਪੰਜ ਵਜੇ ਤੱਕ ਇਸ ਜਗ੍ਹਾ ਪਹੁੰਚਣਾ ਚਾਹੁੰਦੇ ਸਨ। ਜਿਹੜੀ ਸਾਡੇ ਲਈ ਦਿਨ ਦਾ ਪੜਾਅ ਕਰਨ ਲਈ ਸੁਰੱਖਿਅਤ ਸੀ। ਸੋ ਠੀਕ ਪੰਜ ਵਜੇ ਅਸੀਂ ਜੰਗਲ ਦੇ ਉਸ ਹਿੱਸੇ ਵਿਚ ਪੁੱਜ ਚੁੱਕੇ ਸਾਂ ਜਿਥੇ ਅਸੀਂ ਦਿਨੇ ਅਰਾਮ ਕਰਨਾ ਸੀ।
ਅਸੀਂ ਦਰੱਖਤਾਂ ਦੇ ਝੁੰਡਾਂ ਥੱਲੇ ਵੱਖਰੇ ਵੱਖਰੇ ਢਾਣੇ ਬਣਾ ਕੇ ਬਹਿ ਗਏ। ਸਵੇਰੇ ਸਵੇਰੇ ਠੰਢ ਵਿਚ ਠੁਰ ਠੁਰ ਕੰਬ ਰਹੇ ਸਾਂ ਮਨ ਚਾਹ ਪੀਣ ਨੂੰ ਕਰੇ। ਪਰ ਬੀਆਬਾਨ ਜੰਗਲ ਵਿਚ ਚਾਹ ਕਿਥੇ। ਇਕ ਦੋ ਪੀਸ ਬਰੈੱਡ ਪਾਣੀ ਨਾਲ ਖਾ ਕੇ ਦਰੱਖਤਾਂ ਥੱਲੇ ਲੇਟ ਗਏ। ਨੀਂਦ ਕਿਥੇ ਆਉਣੀ ਸੀ। ਐਵੇਂ ਅੱਖਾਂ ਮੀਟ ਪਏ ਰਹੇ। ਜਿਉਂ ਜਿਉਂ ਦਿਨ ਚੜ੍ਹ ਰਿਹਾ ਸੀ ਸੂਰਜ ਦੇਵਤਾ ਨੇ ਸਾਡੇ ਤੇ ਕ੍ਰਿਪਾ ਕਰਨੀ ਸ਼ੁਰੂ ਕਰ ਦਿੱਤੀ। ਬੜੀ ਤਿੱਖੀ ਤੇ ਨਿੱਘੀ ਧੁੱਪ ਨੇ ਸਾਨੂੰ ਕਾਫੀ ਰਾਹਤ ਪੁਜਾਈ।
ਕੁਝ ਚਿਰ ਅਰਾਮ ਕਰਨ ਪਿਛੋਂ ਮੈਨੂੰ ਪੇਟ ਵਿਚ ਗੜਬੜ ਮਹਿਸੂਸ ਹੋਈ। ਮੈਂ ਪਾਣੀ ਦੀ ਬੋਤਲ ਕੈ ਕੇ ਦਰੱਖਤਾਂ ਥੱਲਿਉਂ ਲੰਘਦਾ ਹੋਇਆ ਇਕ ਪਾਸੇ ਜਾ ਕੇ ਬਾਥਰੂਮ ਬੈਠਣ ਹੀ ਲੱਗਾ ਸਾਂ ਕਿ ਮੇਰੀ ਨਜ਼ਰ ਦੋ ਮਨੁੱਖੀ ਪਿੰਜਰਾਂ ਤੇ ਪਈ। ਸੁੱਕੇ ਹੋਏ ਪਿੰਜਰ ਪੈਰਾਂ ਵਿਚ ਉਵੇਂ ਹੀ ਬੂਟ ਅਤੇ ਲਾਗੇ ਹੀ ਬੈਗ ਪਏ ਸਨ। ਇਹ ਮਨੁੱਖੀ ਪਿੰਜਰ ਵੇਖ ਕੇ ਮੇਰਾ ਸਾਹ ਸੁੱਕ ਗਿਆ ਅਤੇ ਡਰ ਨਾਲ ਪਸੀਨੇ ਦੀਆਂ ਬੂੰਦਾਂ ਮੇਰੇ ਮੱਥੇ ਤੋਂ ਟਪਕ ਪਈਆਂ। ਮੈਂ ਹੌਲੀ ਹੌਲੀ ਡਰਦਾ ਮਾਰਾ ਵਾਪਸ ਆਪਣੀ ਜਗ੍ਹਾ ਆ ਕੇ ਲੇਟ ਗਿਆ। ਸਾਰੇ ਸਾਥੀ ਗੂੜ੍ਹੀ ਨੀਂਦੇ ਸੁੱਤੇ ਪਏ ਸਨ। ਮੇਰੇ ਮਨ ਵਿਚ ਉਹਨਾਂ ਦੋ ਪਿੰਜਰਾਂ ਬਾਰੇ ਵਿਚਾਰ ਚੱਲ ਰਹੇ ਸਨ। ਸੋਚ ਰਿਹਾ ਸਾਂ ਪਤਾ ਨਹੀਂ ਕਿਵੇਂ ਇਹ ਵਿਚਾਰੇ ਮਰੇ ਹੋਣਗੇ। ਮਰਨ ਲੱਗਿਆਂ ਪਤਾ ਨਹੀਂ ਕਿਹਨੂੰ-ਕਿਹਨੂੰ ਯਾਦ ਕੀਤਾ ਹੋਵੇਗਾ। ਕਿਸ ਅਵਸਥਾ ਵਿਚ ਇਹਨਾਂ ਬਦਕਿਸਮਤੇ ਇਨਸਾਨਾਂ ਨੇ ਮੌਤ ਨੂੰ ਗਲ ਨਾਲ ਲਾਇਆ ਹੋਵੇਗਾ। ਮੈਨੂੰ ਲੱਗਾ ਕਿ ਇਹ ਮੌਤ ਦਾ ਭਿਆਨਕ ਸਾਇਆ ਸਾਡੇ ਨਾਲ ਨਾਲ ਹੀ ਚੱਲ ਰਿਹਾ ਹੈ। ਜੇ ਅਸੀਂ ਸਹੀ ਸਲਾਮਤ ਪਹੁੰਚ ਗਏ ਤਾਂ ਅਸੀਂ ਜੇਤੂ ਕਹਿਲਾਵਾਂਗੇ। ਜੇ ਕਿਧਰੇ ਇਹਨਾਂ ਵਾਂਗ ਸਾਡੀ ਕਿਸਮਤ ਵੀ ਧੋਖਾ ਦੇ ਗਈ ਤਾਂ ਇਹਨਾਂ ਦੋਵਾਂ ਪਿੰਜਰਾਂ ਵਾਂਗੂੰ ਸਾਡੇ ਪਿੰਜਰਾਂ ਨੂੰ ਵੇਖ ਕੇ ਕੋਈ ਮੇਰੇ ਵਰਗਾ ਨਵਾਂ ਰਾਹੀ ਜਰੂਰ ਡਰੇਗਾ।
ਮੈਂ ਅੱਖਾਂ ਮੀਟ ਕੇ ਸੌਣ ਦੀ ਕੋਸ਼ਿਸ਼ ਕਰਦਾ ਪਰ ਭੈੜੇ ਵਿਚਾਰ ਮੇਰੇ ਮਨ ਵਿਚ ਬਾਰ ਬਾਰ ਆ ਰਹੇ ਸਨ। ਮਨ ਵਿਚ ਡਰ ਅਤੇ ਵਿਆਕੁਲਤਾ ਨੇ ਆ ਡੇਰੇ ਲਾਏ। ਅਜਿਹੇ ਸਮੇਂ ਵਿਚ ਮੈਂ ਆਪਣੇ ਮਨ ਵਿਚੋਂ ਡਰ ਨੂੰ ਭਜਾਉਣ ਲਈ ਗੁਰਬਾਣੀ ਦਾ ਬੜਾ ਪਿਆਰਾ ਜਿਹਾ ਸ਼ਬਦ ਗੁਨਗੁਨਾਉਣਾ ਸ਼ੁਰੂ ਕੀਤਾ।
ਜਾ ਕਉ ਮੁਸ਼ਕਲ ਅਤਿ ਬਨੇ,
ਢੋਈ ਕੋਈ ਨਾ ਦੇ,
ਲਾਗਉ ਹੋਏ ਦੁੱਸ਼ਮਣਾਂ, ਸਾਕਿ ਭਿ ਭੱਜ ਖਲੇ,
ਭੱਜੇ ਸਭੋ ਆਸਰਾਂ, ਚੂਕੇ ਸਭ ਅਸਰਾਉ
ਚਿੱਤ ਆਵੇ ਤਿਸ ਪ੍ਰਾਬਹਮ ਲਗੇ ਨਾ ਤੱਤੀ ਵਾਉ।
ਬੱਸ ਇਹ ਸ਼ਬਦ ਦਾ ਗਾਇਨ ਕਰਦੇ ਕਰਦੇ ਮੇਰੀ ਅੱਖ ਲੱਗ ਗਈ। ਮੈਂ ਇਹ ਪਿੰਜਰਾਂ ਵਾਲੀ ਗੱਲ ਕਿਸੇ ਨਾਲ ਵੀ ਸ਼ੇਅਰ ਨਾ ਕੀਤੀ। ਇਹ ਸਮਝ ਕੇ ਕੋਈ ਸਾਥੀ ਅਜਿਹੀ ਗੱਲ ਸੁਣਕੇ ਘਬਰਾ ਨਾ ਜਾਵੇ। ਮੈਂ ਬਹੁਤ ਚਿਰ ਇਹ ਦੁਖਦ ਪਲਾਂ ਦੀ ਦਰਦ ਆਪਣੇ ਅੰਦਰ ਹੀ ਲਕੋਈ ਰੱਖੀ। ਹੁਣ ਜਦੋਂ ਮੈਂ ਇਸ ਸੱਚੀ ਹੱਡਬੀਤੀ ਕਹਾਣੀ ਨੂੰ ਕਹਿਣ ਦਾ ਫੈਸਲਾ ਕੀਤਾ ਤਾਂ ਅਜਿਹੀ ਦੁੱਖ ਭਰੀ ਘਟਨਾ ਦੀ ਜ਼ਿਕਰ ਕਰਨਾ ਜਰੂਰ ਹੋ ਜਾਂਦਾ ਹੈ। ਦਿਨ ਢਲ ਚੁੱਕਾ ਸੀ। ਮਾਈਕਲ ਤੇ ਉਸਦੇ ਸਾਥੀ ਨੇ ਸਾਨੂੰ ਸਾਰਿਆਂ ਨੂੰ ਉਠਾਇਆ ਤੇ ਮੰਜ਼ਿਲ ਦੇ ਅਗਲੇ ਸਫਰ ਲਈ ਤਿਆਰ ਹੋਣ ਲਈ ਕਿਹਾ। ਅਸੀਂ ਸਾਰੇ ਜਣੇ ਪੰਜਾਂ ਮਿੰਟਾਂ ਵਿਚ ਤਿਆਰ ਸਾਂ।
ਤੁਰਦੇ ਸਮੇਂ ਮੈਂ ਇਕ ਵਾਰ ਫਿਰ ਜੰਗਲ ਦੇ ਉਸ ਕੋਨੇ ਵੱਲ ਸਰਸਰੀ ਜਿਹੀ ਨਜ਼ਰ ਮਾਰੀ, ਜਿਥੇ ਪਿੰਜਰ ਬਣ ਚੁੱਕੇ ਸਾਡੇ ਵਰਗੇ ਅਭਾਗਣ ਮਾਂਵਾਂ ਦੇ ਲਾਲ ਗੂੜ੍ਹੀ ਨੀਂਦੇ ਸੁੱਤੇ ਪਏ ਸਨ। ਮਾਵਾਂ ਸ਼ਾਇਦ ਉਹਨਾਂ ਦੇ ਟੈਲੀਫੋਨ ਜਾਂ ਚਿੱਠੀ ਦੀ ਉਡੀਕ ਕਰਕੇ ਥੱਕ ਗਈਆਂ ਹੋਣਗੀਆਂ ਅਤੇ ਉਹਨਾਂ ਦੀ ਸਲਾਮਤੀ ਲਈ ਦਰ ਦਰ ਸੀਸ ਝੁਕਾਉਂਦੀਆਂ ਹੋਣਗੀਆਂ। ਇਸ ਗੱਲ ਤੋਂ ਅਣਜਾਣ ਕਿ ਜਿਹੜੇ ਪੁੱਤਾਂ ਨੂੰ ਖੁਸ਼ੀਆਂ ਨਾਲ ਕਮਾਈ ਲਈ ਤੋਰਿਆ ਸੀ। ਉਹਨਾਂ ਨਾਲ ਤਾਂ ਭਾਣਾ ਵਰਤ ਚੁੱਕਾ ਹੈ। ਮੇਰੀਆਂ ਅੱਖਾਂ ਵਿਚੋਂ ਬਦੋ ਬਦੀ ਦੋ ਕੋਸੇ ਜਿਹੇ ਅੱਥਰੂ ਉਹਨਾਂ ਦੀ ਯਾਦ ਵਿਚ ਇਨਸਾਨੀਅਤ ਦੇ ਨਾਤੇ ਵਹਿ ਤੁਰੇ।
ਫਿਰ ਉਹੀ ਚੱਕਰ ਸਾਰੀ ਰਾਤ ਭੁੱਖੇ ਸੰਘਣੇ ਅਤੇ ਕੰਡੇਦਾਰ ਦਰੱਖਤਾਂ ਨਾਲ ਖਹਿੰਦੇ ਹੋਏ। ਤਾਰਾਂ ਟੱਪਦੇ ਰਹੇ। ਨੱਠੇ ਜਾਂਦੇ ਮੇਰਾ ਪੈਰਾ ਪੱਥਰ ਨਾਲ ਵੱਜ ਮੇਰੀ ਪੁੱਠੀ ਬਾਜ਼ੀ ਪੈ ਗਈ। ਪਰ ਉਸ ਸਮੇਂ ਪਤਾ ਨਹੀਂ ਸਾਡੇ ਅੰਦਰ ਕਿਹੋ ਜਿਹਾ ਜੋਸ਼ ਜਾਂ ਡਰ ਸੀ ਕਿ ਮਿੰਟਾਂ ਵਿਚ ਉੱਠ ਕੇ ਮੈਂ ਫਿਰ ਆਪਣੇ ਸਾਥੀਆਂ ਨਾਲ ਜਾ ਰਲਿਆ। ਭੁੱਖ, ਪਿਆਸ ਨਾਲ ਸਾਡੇ ਇਕ ਪੰਜਾਬੀ ਸਾਥੀ ਦੀ ਵੱਖੀ ਵਿਚ ਦਰਦ ਹੋਣੀ ਸ਼ੁਰੂ ਹੋ ਗਈ। ਨੱਠਣਾ ਤਾਂ ਇਕ ਪਾਸੇ ਉਸ ਕੋਲੋਂ ਇਕ ਕਦਮ ਪੁੱਟਣਾ ਵੀ ਮੁਸ਼ਕਿਲ ਹੋਇਆ ਪਿਆ ਸੀ। ਉਸ ਥੋੜ੍ਹੇ ਚਿਰ ਲਈ ਬੈਠਣਾ ਚਾਹੁੰਦਾ ਸੀ ਪਰ ਨਾਲਦੇ ਸਪੈਨਿਸ਼ ਲੜਕੇ ਸਾਡੇ ਗਲ ਪੈਣ ਲਈ ਤਿਆਰ ਹੋ ਗਏ। ਕਹਿਣ ਲੱਗੇ ਜੇ ਅਸੀਂ ਤੁਹਾਡੀ ਵਜ੍ਹਾ ਨਾਲ ਫੜ੍ਹੇ ਗਏ ਤਾਂ ਅਸੀਂ ਤਾਂ ਮਰਨਾ ਹੀ ਹੈ ਤੁਹਾਨੂੰ ਪਹਿਲਾਂ ਮਾਰਾਂਗੇ ਮੈਂ ਵਿਚ ਪੈ ਕੇ ਗੱਲ ਮੁਕਾਈ। ਆਪਣੇ ਪੰਜਾਬੀ ਸਾਥੀ ਨੂੰ ਹੌਂਸਲਾ ਦਿੱਤਾ ਅਤੇ ਮਾਈਕਲ ਕੋਲੋਂ ਦਰਦ ਦੀ ਗੋਲੀ ਲੈ ਕੇ ਦਿੱਤੀ। ਗੋਲੀ ਖਾਣ ਤੋਂ ਦਸ ਮਿੰਟ ਬਾਅਦ ਸਾਡੇ ਸਾਥੀ ਨੂੰ ਰਾਹਤ ਮਹਿਸੂਸ ਹੋਈ। ਫਿਰ ਉਵੇਂ ਹੀ ਦੌੜਦੇ, ਤਾਰਾਂ ਟੱਪਦੇ ਮੰਜ਼ਿਲ ਵੱਲ ਵਧਣ ਲੱਗੇ। ਚਾਨਣੀ ਰਾਤ ਹੋਣ ਕਰਕੇ ਜੰਗਲ ਵਿਚ ਕਈ ਖਾਲੀ ਥਾਵਾਂ ਤੇ ਜੰਗਲੀ ਪਸ਼ੂਆਂ ਦੇ ਝੁੰਡ ਦਿਖਾਈ ਦਿੰਦੇ ਪਸ਼ੂ ਆਪਸ ਵਿਚ ਚੋਹਲ-ਮੋਹਲ ਕਰ ਰਹੇ ਸਨ। ਉੱਚੀ ਉੱਚੀ ਅੜਿੰਗਦੇ ਹੋਏ ਇਕ ਦੂਜੇ ਦੇ ਪਿੱਛੇ ਨੱਸ ਰਹੇ ਸਨ। ਇਵੇਂ ਲੱਗ ਰਿਹਾ ਸੀ ਜਿਵੇਂ ਛੂਹਨ- ਛੁਪਾਈ ਖੇਡ ਰਹੇ ਹੋਣ। ਹੁਣ ਅਸੀਂ ਜੰਗਲ ਦੇ ਆਖਰੀ ਸਿਰੇ ਤੇ ਪਹੁੰਚ ਚੁੱਕੇ ਸਾਂ। ਇਥੋਂ ਅਸੀਂ ਜਰਨੈਲੀ ਸੜਕ ਪਾਰ ਕਰਕੇ ਫਿਰ ਜੰਗਲ ਵਿਚ ਦਾਖਲ ਹੋਣਾ ਸੀ। ਹਾਈਵੇਅ (ਜਰਨੈਲੀ ਸੜਕ) ਤੇ ਕਾਰਾਂ ਟਰਾਲੇ ਆਪਣੀ ਸਪੀਡੇ ਆਪਣੀ ਮੰਜ਼ਿਲ ਵੱਲ ਵਧ ਰਹੇ ਸਨ। ਅਸੀਂ ਆਪਣੇ ਦਾਅ ਤੇ ਸੜਕ ਦੇ ਕਿਨਾਰੇ ਦਰੱਖਤਾਂ ਦੀ ਆੜ ਵਿਚ ਬੈਠੇ ਸਾਂ। ਜਿਉਂ ਹੀ ਕਾਰਾਂ, ਟਰਾਲਿਆਂ ਦੀ ਆਵਾਜ਼ਾਈ ਕੁਝ ਘੱਟ ਹੋਈ ਅਸੀਂ ਦੌੜਦੇ ਹੋਏ ਜਰਨੈਲੀ ਸੜਕ ਪਾਰ ਕਰ ਦੂਸਰੇ ਕਿਨਾਰੇ ਪਹੁੰਚ ਗਏ। ਜਿਥੋਂ ਅਸੀਂ ਪੰਦਰਾਂ ਫੁੱਟ ਉੱਚੀ ਕੰਡਿਆਲੀ ਤਾਰ ਟੱਪਣੀ ਸੀ। ਤਾਰ ਟੱਪਣੀ ਕੋਈ ਸੌਖੀ ਤਾਂ ਨਹੀਂ ਸੀ। ਪਰ ਫਿਰ ਵੀ ਅਸੀਂ ਬੁਲੰਦ ਹੌਂਸਲੇ ਨਾਲ ਤਾਰ ਟੱਪੀ ਅਤੇ ਜੰਗਲ ਵਿਚ ਪਹੁੰਚ ਗਏ। ਇਥੇ ਮਾਈਕਲ ਨੇ ਸਾਨੂੰ ਇਕ ਘੰਟਾ ਬੈਠਣ ਲਈ ਦਿੱਤਾ। ਸਾਡੇ ਤਿੰਨਾਂ ਪੰਜਾਬੀਆਂ ਕੋਲ ਪੀਣ ਵਾਲਾ ਪਾਣੀ ਖਤਮ ਹੋ ਚੁੱਕਾ ਸੀ। ਮੈਂ ਸਪੈਨਿਸ਼ ਮੁੰਡਿਆਂ ਕੋਲੋਂ ਪਾਣੀ ਮੰਗਿਆ ਤਾਂ ਉਹਨਾਂ ਪਾਣੀ ਦੇਣੋ ਸਾਫ ਇਨਕਾਰ ਕਰ ਦਿੱਤਾ। ਮੈਂ ਮਾਈਕਲ ਕੋਲੋਂ ਪਾਣੀ ਬਾਰੇ ਪੁੱਛਿਆ ਤਾਂ ਉਹ ਸਾਨੂੰ ਤਿੰਨਾਂ ਪੰਜਾਬੀਆਂ ਨੂੰ ਨਾਲ ਲੈ ਕੇ ਥੋੜੀ ਜਿਹੀ ਦੂਰ ਇਕ ਛੱਪੜੀ ਕੋਲ ਪੁੱਜਾ। ਜਿਥੋਂ ਅਸੀਂ ਆਪਣੀਆਂ ਪਾਣੀ ਦੀਆਂ ਬੋਤਲਾਂ ਭਰ ਲਈਆਂ। ਜਿਹੋ ਜਿਹਾ ਵੀ ਸੀ ਪਰ ਉਹ ਪਾਣੀ ਸਾਡੇ ਲਈ ਉਸ ਵੇਲੇ ਅੰਮ੍ਰਿਤ ਦੇ ਸਮਾਨ ਸੀ। ਅੰਮ੍ਰਿਤ ਦੇ ਦੋ ਘੁੱਟ ਮੁਸ਼ਕਲ ਨਾਲ ਅੰਦਰ ਲੰਘਾਏ।
ਮਾਈਕਲ ਤੇ ਉਸਦਾ ਸਾਥੀ ਸਮੇਂ ਦੇ ਬਹੁਤ ਪਾਬੰਦ ਸਨ। ਘੰਟਾ ਪੂਰਾ ਹੁੰਦਿਆਂ ਹੀ ਉਹਨਾਂ ਸਾਨੂੰ ਸਭ ਨੂੰ ਤੁਰਨ ਦਾ ਹੁਕਮ ਦਿੱਤਾ। ਅਸੀਂ ਠੰਢ ਦੀ ਮਾਰ ਸਹਿੰਦੇ ਹੋਏ, ਡਿਗਦੇ ਢਹਿੰਦੇ ਪਰ ਕਿਸੇ ਅਗੰਮੀ ਸ਼ਕਤੀ ਦੇ ਸਹਾਰੇ ਫਿਰ ਉਵੇਂ ਹੀ ਦੌੜਨ ਲੱਗੇ। ਮਾਈਕਲ ਸਾਨੂੰ ਝੂਠੇ ਦਿਲਾਸੇ ਦੇ ਰਿਹਾ ਸੀ ਕਿ ਸਵੇਰੇ ਹੁੰਦੇ ਹੀ ਜਿਥੇ ਆਪਾਂ ਪੁੱਜਣਾ ਹੈ ਉਥੇ ਆਪਾਂ ਨੂੰ ਲੈਣ ਲਈ ਟਰੱਕ ਖੜ੍ਹਾ ਹੋਵੇਗਾ। ਆਖਰਕਾਰ ਅਸੀਂ ਸਵੇਰ ਦੇ ਪੰਜ ਵਜੇ ਇਕ ਰੇਤਲੀ ਕੱਚੀ ਸੜਕ ਜਿਸ ਤੇ ਅਮਰੀਕਾ ਦੀ ਪੁਲਿਸ ਨਿਗਰਾਨੀ ਲਈ ਚੱਕਰ ਲਗਾਉਂਦੀ ਰਹਿੰਦੀ ਹੈ। ਬੜੀ ਸਾਵਧਾਨੀ ਨਾਲ ਪਾਰ ਕਰਕੇ ਫਿਰ ਇਕ ਜੰਗਲ ਵਿਚ ਦਾਖਲ ਹੋਏ।
ਇਥੇ ਫਿਰ ਮਾਈਕਲ ਨੇ ਸਾਨੂੰ ਕੁਝ ਚਿਰ ਬੈਠਣ ਲਈ ਕਿਹਾ। ਅੰਮ੍ਰਿਤ ਵੇਲੇ ਕਹਿਰ ਦੀ ਠੰਢ ਅਸੀਂ ਕੱਠੇ ਹੋ ਕੇ ਦਰੱਖਤਾਂ ਦੀ ਆੜ ਵਿਚ ਬੈਠ ਗਏ। ਦੋ ਘੰਟੇ ਬੈਠਣ ਪਿਛੋਂ ਫਿਰ ਤੁਰਨ ਦਾ ਹੁਕਮ ਹੋਇਆ। ਹੁਣ ਤੱਕ ਅਸੀਂ ਠੰਢ ਅਤੇ ਥਕਾਵਟ ਨਾਲ ਨਿਢਾਲ ਹੋ ਚੁੱਕੇ ਸਾਂ। ਸਰੀਰ ਵਿਚ ਜਾਨ ਨਹੀਂ ਸੀ। ਦੂਸਰੇ ਸਪੈਨਿਸ਼ ਲੜਕੇ ਸਭ ਕੁਝ ਖਾਣ ਪੀਣ ਲਈ ਲੈ ਕੇ ਸਨ। ਉਹਨਾਂ ਕੋਲ ਬੀਫ ਦੀਆਂ ਡੱਬੀਆਂ ਅਤੇ ਬਰੈੱਡ ਸਨ। ਸਾਡੇ ਕੋਲ ਖਾਣ ਲਈ ਦੋ ਟੁੱਕੜੇ ਬਰੈੱਡਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਬੀਫ ਅਸੀਂ ਖਾਣਾ ਨਹੀਂ ਸੀ ਅਤੇ ਇਹ ਪਤਾ ਨਹੀਂ ਸੀ ਕਿ ਅਸੀਂ ਕਿੰਨਾ ਹੋਰ ਤੁਰਨਾ ਹੈ। ਮੇਰੇ ਨਾਲ ਦੇ ਦੋਵੇਂ ਪੰਜਾਬੀ ਇਥੋਂ ਅੱਗੇ ਤੁਰਨ ਤੋਂ ਇਨਕਾਰੀ ਹੋ ਗਏ। ਇਕ ਤਾਂ ਮਰਨ ਦੀਆਂ ਗੱਲਾਂ ਕਰਨ ਲੱਗਾ। ਇਹ ਸਮਾਂ ਮੇਰੇ ਲਈ ਬਹੁਤ ਮੁਸ਼ਕਲ ਦਾ ਸੀ। ਮੈਂ ਉਹਨਾਂ ਦੋਵਾਂ ਨੂੰ ਛੱਡ ਕੇ ਅੱਗੇ ਜਾ ਨਹੀਂ ਸੀ ਸਕਦਾ। ਜੇ ਅਸੀਂ ਤਿੰਨੇ ਅੱਗੇ ਨਹੀਂ ਜਾਂਦੇ ਤਾਂ ਜੰਗਲ ਵਿਚ ਭੁੱਖੇ ਭਾਣੇ ਮਰ ਜਾਣਾ ਸੀ। ਉਹਨਾਂ ਦੀ ਖਾਤਿਰ ਆਖਰ ਨੂੰ ਮੈਂ ਵੀ ਹੱਥ ਖੜ੍ਹੇ ਕਰ ਦਿੱਤੇ। ਕੱਪੜੇ ਸਾਡੇ ਪਾਟੇ ਹੋਏ ਸਨ। ਸਰੀਰ ਨਿਢਾਲ ਹੋ ਚੁੱਕਾ ਸੀ। ਪਹਿਲਾਂ ਮਾਈਕਲ ਤੇ ਉਸਦਾ ਸਾਥੀ ਤੇ ਦੂਸਰੇ ਲੜਕੇ ਸਾਨੂੰ ਛੱਡ ਕੇ ਥੋੜਾ ਜਿਹਾ ਅੱਗੇ ਤੁਰ ਪਏ। ਪਤਾ ਨਹੀਂ ਮਾਈਕਲ ਨੇ ਮਨ ਵਿਚ ਕੀ ਆਇਆ ਉਹ ਦੂਸਰੇ ਲੜਕਿਆਂ ਨੂੰ ਇਕ ਜਗ੍ਹਾ ਖਲਾਰ ਕੇ ਮੇਰੇ ਕੋਲ ਆਇਆ। ਤਾਂ ਮੈਂ ਮਾਈਕਲ ਨੂੰ ਪਿਆਰ ਨਾਲ ਸਮਝਾਇਆ ਕਿ ਸਾਨੂੰ ਸਭ ਨੂੰ ਇਕ ਦੋ ਘੰਟੇ ਹੋਰ ਅਰਾਮ ਕਰ ਲੈਣ ਦਿਓ। ਫਿਰ ਸਭ ਕੁਝ ਠੀਕ ਹੋ ਜਾਵੇਗਾ। ਮਾਈਕਲ ਨੂੰ ਮੇਰੀ ਇਹ ਵਿਚਾਰ ਚੰਗੀ ਲੱਗੀ। ਸੋ ਮਾਈਕਲ ਨੇ ਸਾਨੂੰ ਸਭ ਨੂੰ ਤਿੰਨ ਘੰਟੇ ਲਈ ਅਰਾਮ ਕਰਨ ਦੀ ਇਜਾਜ਼ਤ ਦੇ ਦਿੱਤੀ। ਤਿੰਨ ਘੰਟੇ ਅਰਾਮ ਕਰਨ ਪਿਛੋਂ ਅਸੀਂ ਬਰੈੱਡ ਦੇ ਪੀਸ ਅਤੇ ਗੰਦਾ-ਮੰਦਾ ਪਾਣੀ ਜੋ ਉਸ ਵੇਲੇ ਸਾਡੇ ਪਰਾਣਾ ਦਾ ਸਹਾਰਾ ਪੀ ਕੇ ਫਿਰ ਚਾਲੇ ਪਾ ਦਿੱਤੇ। ਅਸਲ ਵਿਚ ਗੱਲ ਇਹ ਸੀ ਕਿ ਜੇ ਅਸੀਂ ਤੁਰਦੇ ਰਹਿੰਦੇ ਤਾਂ ਸਰੀਰ ਵਿਚ ਗਰਮੀ ਰਹਿੰਦੀ। ਜਦੋਂ ਅਸੀਂ ਇਕ ਦੋ ਘੰਟੇ ਬੈਠਦੇ ਤਾਂ ਸਰੀਰ ਠੰਢਾ ਪੈ ਜਾਂਦਾ, ਉਸ ਸਮੇਂ ਸਾਡੇ ਲਈ ਤੁਰਨਾ ਬਹੁਤ ਮੁਸ਼ਕਲ ਹੋ ਜਾਂਦਾ। ਦਿਨ ਦੇ ਬਾਰਾਂ ਵੱਜ ਚੁੱਕੇ ਸਨ ਅਤੇ ਜੰਗਲ ਸਾਡਾ ਖਹਿੜਾ ਅਜੇ ਵੀ ਨਹੀਂ ਛੱਡ ਰਹੇ ਸਨ।
ਧੁੱਪ ਚੰਗੀ ਚੜ੍ਹ ਆਈ ਸੀ। ਜਿਸ ਨਾਲ ਸਾਡੇ ਠੰਢ ਨਾਲ ਨਿਢਾਲ ਹੋਏ ਸਰੀਰਾਂ ਨੂੰ ਕੁਝ ਰਾਹਤ ਮਿਲ ਰਹੀ ਸੀ। ਮਾਈਕਲ ਤੇ ਉਸਦਾ ਸਾਥੀ ਪ੍ਰੇਸ਼ਾਨ ਹੋਏ ਬਾਰ ਬਾਰ ਫੋਨ ਕਰ ਰਹੇ ਸਨ। ਅਸੀਂ ਤੁਰ ਰਹੇ ਸਾਂ ਵਿੰਗੇ ਟੇਢੇ ਜੰਗਲੀ ਰਸਤਿਆਂ, ਉੱਚੀਆਂ ਨੀਵੀਆਂ ਉਤਰਾਈਆਂ ਚੜ੍ਹਾਈਆਂ ਤੇ, ਮੰਜ਼ਿਲ ਅਜੇ ਵੀ ਦੂਰ ਲੱਗ ਰਹੀ ਸੀ। ਪੰਜ-ਛੇ ਘੰਟੇ ਲਗਾਤਾਰ ਤੁਰਨ ਪਿਛੋਂ ਸਾਨੂੰ ਕੁਝ ਚਿਰ ਲਈ ਰੁਕਣਾ ਪਿਆ। ਜੰਗਲ ਹੀ ਜੰਗਲ… ਸ਼ਾਮ ਪੈ ਰਹੀ ਸੀ। ਇਥੇ ਮਾਈਕਲ ਨੇ ਸਾਡੇ ਕੋਲੋਂ ਸਾਡੇ ਬੈਗ ਵੀ ਸੁੱਟਵਾ ਦਿੱਤੇ। ਹੁਣ ਅਸੀਂ ਸਿਰਫ ਆਪਣੇ ਪਹਿਨੇ ਹੋਏ ਕੱਪੜਿਆਂ ਵਿਚ ਹੀ ਸਾਂ। ਦੋ ਘੰਟੇ ਬੈਠਣ ਪਿਛੋਂ ਅਸੀਂ ਫਿਰ ਤੁਰ ਪਏ। ਲੱਗ ਰਿਹਾ ਸੀ ਕਿ ਅਸੀਂ ਮੰਜ਼ਿਲ ਦੇ ਕਰੀਬ ਪਹੁੰਚ ਚੁੱਕੇ ਹਾਂ। ਅਚਾਨਕ ਦੂਰ ਦਿਸਦੇ ਫਾਰਮ ਹਾਊਸ ਵਿਚ ਸਾਨੂੰ ਕੋਈ ਵੇਖ ਰਿਹਾ ਸੀ। ਮਾਈਕਲ ਨੂੰ ਇਵੇਂ ਲੱਗਾ ਜਿਵੇਂ ਕੋਈ ਸਾਡੀਆਂ ਪੈੜਾਂ ਨੱਪ ਰਿਹਾ ਹੈ। ਉਸਨੇ ਕੋਈ ਆਦਮੀ ਲੰਘਦਾ ਹੋਇਆ ਵੇਖਿਆ ਤਾਂ ਇਕਦਮ ਸਾਨੂੰ ਛੁਪਣ ਦਾ ਇਸ਼ਾਰਾ ਕੀਤਾ। ਅਸੀਂ ਸਾਰੇ ਝਾੜੀਆਂ ਦੀ ਆੜ ਵਿਚ ਬੈਠ ਗਏ। ਅੱਧੇ ਘੰਟੇ ਪਿਛੋਂ ਮਾਈਕਲ ਤੇ ਉਸਦਾ ਸਾਥੀ ਇੱਧਰ ਉੱਧਰ ਫਿਰਦੇ ਰਹੇ। ਪਰ ਉਹ ਆਦਮੀ ਦੂਸਰੇ ਫਾਰਮ ਵੱਲ ਨੂੰ ਜਾ ਰਿਹਾ ਸੀ। ਸੋ ਅਸੀਂ ਬੇਫਿਕਰ ਹੋ ਕੇ ਫਿਰ ਉਸ ਪਏ। ਹਨੇਰਾ ਪੱਸਰਨਾ ਸ਼ੁਰੂ ਹੋ ਚੁੱਕਾ ਸੀ। ਅਸੀਂ ਆਪਣੀ ਮੰਜ਼ਿਲ ਵੱਲ ਬੇਖੌਫ ਵਧ ਰਹੇ ਸਾਂ ਕਿ ਅਚਾਨਕ ਸਾਹਮਣੇ ਫਾਰਮ ਵਲੋਂ ਇਕ ਆਦਮੀ ਸਾਡੇ ਵੱਲ ਆਉਂਦਾ ਹੋਇਆ ਦਿਖਾਈ ਦਿੱਤਾ। ਮਾਈਕਲ ਤੇ ਉਸਦਾ ਸਾਥੀ ਆਣ ਰੁਕ ਗਏ। ਜਿਉਂ ਜਿਉਂ ਆਦਮੀ ਸਾਡੇ ਨੇੜੇ ਆ ਰਿਹਾ ਸੀ। ਸਾਡੇ ਦਿਲਾਂ ਦੀ ਧੜਕਣ ਵਧ ਰਹੀ ਸੀ। ਆਦਮੀ ਸਾਡੇ ਨਜ਼ਦੀਕ ਆ ਕੇ ਰੁਕ ਗਿਆ। ਮਾਈਕਲ ਸਮੇਤ ਅਸੀਂ ਸਾਰਿਆਂ ਨੇ ਹੱਥ ਖੜ੍ਹੇ ਕਰ ਦਿੱਤੇ। ਇਥੇ ਸਾਡੇ ਕਰਮਾਂ ਨੇ ਸਾਡਾ ਸਾਥ ਦਿੱਤਾ। ਉਸਨੇ ਸਾਨੂੰ ਹੱਥ ਥੱਲੇ ਕਰਨ ਲਈ ਕਿਹਾ। ਫਿਰ ਮਾਈਕਲ ਨਾਲ ਗੱਲਾਂ ਕਰਨ ਲੱਗਾ। ਉਸਨੇ ਮਾਈਕਲ ਨੂੰ ਦੱਸਿਆ ਕਿ ਪਿਛਲੇ ਫਾਰਮ ਹਾਊਸ ਵਿਚ ਮੈਨੂੰ ਫੋਨ ਆਇਆ ਹੈ ਕਿ ਮੈਂ ਤੁਹਾਡੇ ਬਾਰੇ ਪਤਾ ਕਰਾਂ ਤੁਸੀਂ ਕੌਣ ਹੋ।
ਮਾਈਕਲ ਨੇ ਉਸਨੂੰ ਆਪਣੇ ਬਾਰੇ ਦੱਸਿਆ ਤਾਂ ਉਹ ਕਹਿਣ ਲੱਗਾ। ਤੁਸੀਂ ਜਾ ਸਕਦੇ ਹੋ। ਜਰਾ ਜਲਦੀ ਜਦਲੀ ਇਥੋਂ ਖਿਸਕ ਜਾਵੋ। ਕਿਧਰੇ ਦੂਸਰੇ ਫਾਰਮ ਵਾਲੇ ਪੁਲਿਸ ਨੂੰ ਫੋਨ ਨਾ ਕਰ ਦੇਣ। ਅਸੀਂ ਵਾਹੋ ਦਾਹੀ ਦੌੜ ਰਹੇ ਸਾਂ। ਅੱਗੇ ਫਿਰ ਬਾਰਾਂ ਫੁੱਟੀ ਤਾਰ ਸੀ। ਨਿਢਾਲ ਹੋਏ ਸਰੀਰ ਲਈ ਇਹ ਵਾੜ ਟੱਪਣੀ ਬੜੀ ਮੁਸ਼ਕਲ ਸੀ। ਪਰ ਮਾਈਕਲ ਦੇ ਇਹ ਕਹਿਣ ਤੇ ਕਿ ਇਹ ਆਖਰੀ ਤਾਰ ਹੈ ਤੇ ਤੁਸੀਂ ਇਹ ਟੱਪਦੇ ਹੀ ਆਪਜ਼ੀ ਮੰਜ਼ਿਲ ਦੇ ਕਰੀਬ ਪਹੁੰਚ ਜਾਵੋਗੇ। ਅੱਖ ਦੇ ਫੋਰ ਨਾਲ ਅਸੀਂ ਤਾਰ ਟੱਪ ਗਏ। ਦੱਸ ਮਿੰਟ ਤੁਰਨ ਤੋਂ ਪਿਛੋਂ ਸਾਨੂੰ ਬੈਠਣ ਦਾ ਹੁਕਮ ਹੋਇਆ। ਅਸੀਂ ਸਾਰੇ ਬੈਠ ਗਏ। ਜਿਥੇ ਅਸੀਂ ਬੈਠੇ ਸਾਂ ਉਥੇ ਦੂਰ ਲਾਈਟਾਂ ਦਿਖਾਈ ਦੇ ਰਹੀਆਂ ਸਨ ਅਤੇ ਟਰਾਲਿਆਂ ਦੀ ਅਵਾਜ਼ ਸੁਣਾਈ ਦੇ ਰਹੀ ਸੀ। ਇਵੇਂ ਲੱਗ ਰਿਹਾ ਸੀ ਜਿਵੇਂ ਕੋਈ ਸੜਕ ਨਜ਼ਦੀਕ ਹੀ ਹੈ। ਹਨੇਰਾ ਕਾਫੀ ਪਸਰ ਚੁੱਕਾ ਸੀ। ਸੰਘਣਾ ਅਤੇ ਕੰਡਿਆਲਾ ਜੰਗਲ ਡਰ ਦਾ ਵਾਤਾਵਰਨ, ਨਵੀਂ ਮੰਜ਼ਿਲ ਤੇ ਪਹੁੰਚਣ ਦਾ ਚਾਅ, ਇਕ ਨਵਾਂ ਹੀ ਵਾਤਾਵਰਣ ਸਿਰਜ ਰਹੇ ਸਨ। ਮੈਂ ਸੋਚਾਂ 'ਚ ਡੁੱਬਾ ਕਿਧਰੇ ਦੂਰ ਤੱਕ ਉਡਾਰੀਆਂ ਭਰ ਰਹੀਆਂ ਸਾਂ ਕਿ ਮਾਈਕਲ ਨੇ ਸਾਨੂੰ ਸਭ ਨੂੰ ਉੱਠਣ ਲਈ ਕਿਹਾ।
ਅਸੀਂ ਸਾਰੇ ਉੱਠੇ ਉਸਨੇ ਸਾਨੂੰ ਸੰਘਣੇ ਜੰਗਲ ਵਿਚ ਦੱਸ ਮਿੰਟ ਹੋਰ ਤੋਰਿਆ। ਜਦੋਂ ਅਸੀਂ ਜੰਗਲ ਦੇ ਬਿਲਕੁਲ ਕਿਨਾਰੇ ਤੇ ਪਹੁੰਚੇ ਤਾਂ ਸਾਨੂੰ ਸਭ ਨੂੰ ਦਰੱਖਤਾਂ ਦੀ ਆੜ ਵਿਚ ਰੁਕਣ ਲਈ ਕਿਹਾ। ਮੈਂ ਵੇਖਿਆ ਸੜਕ 'ਤੇ ਕਾਰਾਂ, ਟਰਾਲੇ ਦੌੜ ਰਹੇ ਸਨ। ਮਨ ਨੂੰ ਇਕ ਅਜੀਬ ਜਿਹਾ ਸਰੂਰ ਮਹਿਸੂਸ ਹੋਇਆ। ਇੰਨੇ ਚਿਰ ਨੂੰ ਇਕ ਵੱਡਾ ਟਰੱਕ ਸੜਕ ਤੇ ਆ ਰੁਕਿਆ। ਜਿਥੇ ਅਸੀਂ ਖੜ੍ਹੇ ਸਾਂ ਉਥੋਂ ਸੜਕ ਤੱਕ ਪੁੱਜਣ ਲਈ ਮੁਸ਼ਕਲ ਨਾਲ ਇਕ ਸੌ ਮੀਟਰ ਦਾ ਫਾਸਲਾ ਸੀ। ਮਾਈਕਲ ਦਾ ਇਸ਼ਾਰਾ ਮਿਲਦੇ ਹੀ ਅਸੀਂ ਸ਼ੂਟ ਵੱਟ ਕੇ ਟਰੱਕ ਵਿਚ ਜਾ ਵੜੇ ਅਤੇ ਜਿਥੇ ਕਿਸੇ ਨੂੰ ਥਾਂ ਲੱਭਾ ਲੇਟ ਗਿਆ। ਜਗ੍ਹਾ ਘੱਟ ਹੋਣ ਕਰਕੇ ਅਸੀਂ ਇਕ ਦੂਜੇ ਦੇ ਉਪਰ ਲੇਟੇ ਹੋਏ ਸਾਂ। ਜਿਹੜਾ ਥੱਲੇ ਪਾਇਆ ਸੀ ਉਹ ਉੱਪਰ ਵਾਲੇ ਨੂੰ ਹੁੱਝਾਂ ਮਾਰ ਰਿਹਾ ਸੀ। ਪਰ ਡਰਦੇ ਮਾਰੇ ਕੋਈ ਵੀ ਬੋਲ ਨਹੀਂ ਸੀ ਰਿਹਾ।
ਟਰੱਕ ਜਰਨੈਲੀ ਸੜਕ ਤੇ ਦੋ ਘੰਟੇ ਦੌੜਨ ਪਿਛੋਂ ਛੋਟੇ ਜਿਹੇ ਕਸਬੇ ਦੇ ਇਕ ਘਰ ਅੱਗੇ ਜਾ ਰੁਕਿਆ। ਅਸੀਂ ਸਾਰੇ ਥੱਲੇ ਉੱਤਰੇ ਅਤੇ ਘਰ ਦੇ ਅੰਦਰ ਪ੍ਰਵੇਸ਼ ਕਰ ਗਏ। ਮਾਈਕਲ ਨੇ ਸਾਨੂੰ ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਨਵੇਂ ਮਾਲਕਾਂ ਦੇ ਹਵਾਲੇ ਕਰ ਦਿੱਤਾ। ਨਵੇਂ ਮਾਲਕਾਂ ਨੇ ਸਾਨੂੰ ਸਾਰਿਆਂ ਨੂੰ ਵਾਰੀ-ਵਾਰੀ ਨਹਾਉਣ ਲਈ ਕਿਹਾ। ਬੜੇ ਦਿਨਾਂ ਪਿਛੋਂ ਗਰਮ ਪਾਣੀ ਨਾਲ ਨਹਾਉਣ ਨਾਲ ਨਿਢਾਲ ਹੋਏ ਸਰੀਰਾਂ ਨੂੰ ਕੁਝ ਰਾਹਤ ਮਹਿਸੂਸ ਹੋਈ। ਘਰ ਵਾਲਿਆਂ ਉਬਲੇ ਰਾਜਮਾਂਹ ਤੇ ਕੱਚੀਆਂ ਮੈਕਸੀਕਨ ਰੋਟੀਆਂ ਖਾਣ ਲਈ ਦਿੱਤੀਆਂ। ਜਿਹਨਾਂ ਨੂੰ ਮੈਕਸੀਕਨ ਭਾਸ਼ਾ ਵਿਚ ਤੁਰਤਈਆ ਕਿਹਾ ਜਾਂਦਾ ਹੈ। ਪਰ ਸਾਡਾ ਦਿਲ ਕੁਝ ਵੀ ਖਾਣ ਨੂੰ ਨਹੀਂ ਸੀ ਕਰ ਰਿਹਾ ਅਸੀਂ ਆਪਣਾ ਖਾਣ ਵਾਲਾ ਸਮਾਨ ਮੈਕਸੀਕਨ ਲੜਕਿਆਂ ਨੂੰ ਦੇ ਦਿੱਤਾ ਅਤੇ ਸਿਰਫ ਪਾਣੀ ਪੀ ਕੇ ਸੌਂ ਗਏ। ਕਮਰੇ ਵਿਚ ਕਾਰਪੈਟ ਹੋਣ ਕਰਕੇ ਜਿਥੇ ਕਿਸੇ ਨੂੰ ਥਾਂ ਮਿਲੀ ਸੌਂ ਗਏ। ਸਵੇਰੇ ਅਜੇ ਉੱਠੇ ਹੀ ਸਾਂ ਕਿ ਮਾਈਕਲ ਮੇਰੇ ਕੋਲ ਆਇਆ ਅਤੇ ਆਪਣਾ ਰਸਤਿਆਂ ਵਿਚ ਕੀਤਾ ਹੋਇਆ ਵਾਇਦਾ ਪਗਾਉਣ ਲਈ ਕਿਹਾ। ਮੈਂ ਆਪਣੀ ਨਵੀਂ ਘੜ੍ਹੀ ਲਾਹ ਕੇ ਬੜੀ ਖੁਸ਼ੀ ਨਾਲ ਉਸਨੂੰ ਦੇ ਦਿੱਤੀ ਅਤੇ ਸਹੀ ਸਲਾਮਤ ਪਹੁੰਚਾਉਣ ਲਈ ਉਸਦਾ ਧੰਨਵਾਦ ਵੀ ਕੀਤਾ ਅਤੇ ਉਹ ਵਾਪਸ ਮੈਕਸੀਕੋ ਲਈ ਰਵਾਨਾ ਹੋ ਗਏ।
ਜਿਵੇਂ ਜਿਵੇਂ ਏਜੰਟ ਪਿਛੋਂ ਪੈਸੇ ਭੇਜਦੇ ਉਵੇਂ ਉਵੇਂ ਹੀ ਨਵੇਂ ਮਾਲਕ ਹਰ ਬੰਦੇ ਨੂੰ ਆਪਣੀ ਮੰਜ਼ਿਲ ਦੇ ਆਖਰੀ ਪੜਾਅ ਲਈ ਤੋਰ ਦਿੰਦੇ। ਸਾਨੂੰ ਇਥੇ ਵੀ ਸਾਡੇ ਏਜੰਟ ਦੀ ਅਣਗਹਿਲੀ ਕਰਕੇ ਚਾਰ ਦਿਨ ਭੁੱਖੇ ਭਾਣੇ ਰਹਿਣਾ ਪਿਆ। ਜੋ ਨਵੇਂ ਮਾਲਕ ਖਾਣ ਨੂੰ ਦਿੰਦੇ ਉਹ ਅਸੀਂ ਖਾ ਨਹੀਂ ਸੀ ਸਕਦੇ। ਚਾਰ ਦਿਨ ਅਸੀਂ ਬੜੇ ਔਖ ਨਾਲ ਕੱਟੇ। ਮੰਜ਼ਿਲ ਤੇ ਪਹੁੰਚ ਕੇ ਵੀ ਅਸੀਂ ਗੁਲਾਮ ਸਾਂ। ਬਾਹਰ ਸਾਨੂੰ ਨਿਕਲਣ ਨਹੀਂ ਸਨ ਦਿੰਦੇ। ਬਾਹਰ ਨਿਕਲਣ ਦਾ ਮਤਲਬ ਸੀ ਪਕੜੇ ਜਾਣਾ। ਮਾਲਕ ਇਹੋ ਜਿਹਾ ਖਤਰ ਮੁੱਲ ਲੈ ਕੇ ਬਦਨਾਮੀ ਨਹੀਂ ਸੀ ਖੱਟਣਾ ਚਾਹੁੰਦੇ। ਆਖਰ ਚਾਰ ਦਿਨਾਂ ਦੀ ਲੰਮੀ ਉਡੀਕ ਪਿਛੋਂ ਸਾਡੀ ਵਾਰੀ ਆ ਹੀ ਗਈ। ਦੁਪਿਹਰੇ ਦੋ ਵਜੇ ਮਾਲਕ ਨੇ ਸਾਨੂੰ ਤਿਆਰ ਰਹਿਣ ਲਈ ਕਿਹਾ। ਅਸੀਂ ਤਾਂ ਅੱਗੇ ਹੀ ਤਿਆਰ ਬੈਠੇ ਸਾਂ। ਤਿੰਨ ਵੱਜੇ ਸਾਨੂੰ ਇਕ ਕਾਰ ਵਿਚ ਬਿਠਾ ਕੇ ਸ਼ਹਿਰੋਂ ਬਾਹਰ ਇਕ ਪੈਟਰੋਲ ਪੰਪ ਤੇ ਜਿਥੇ ਸਾਡੇ ਮਿੱਤਰ ਸਾਡੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਦੇ ਹਵਾਲੇ ਬੜੇ ਇਤਹਾਲ ਨਾਲ ਕਰ ਦਿੱਤਾ। ਆਪਣੇ ਮਿੱਤਰ ਦੀ ਕਾਰ ਵਿਚ ਬੈਠਦੇ ਮੈਂ ਮਹਿਸੂਸ ਕੀਤਾ ਕਿ ਕਾਫੀ ਦਿਨਾਂ ਬਾਅਦ ਅਸਲੀ ਅਜ਼ਾਦੀ ਹੁਣ ਮਿਲੀ ਹੈ। ਕੱਪੜੇ ਸਾਡੇ ਪਾਟੇ ਹੋਏ ਤੇ ਦਾੜ੍ਹੀਆਂ ਵਧੀਆਂ ਹੋਈਆਂ ਸਨ ਲੈਲਾ ਦੇ ਮਜ਼ਨੂੰ ਵਾਂਗ। ਸਾਡੇ ਦੋਸਤ ਨੇ ਪਹਿਲਾਂ ਹੀ ਹੋਟਲ ਬੁੱਕ ਕਰਾਇਆ ਹੋਇਆ ਸੀ। ਅਸੀਂ ਹੋਟਲ ਪਹੁੰਚ ਇਸ਼ਨਾਨ ਕੀਤਾ ਅਤੇ ਪਾਟੇ ਹੋਏ ਚੋਲੇ ਉਤਾਰ ਨਵੇਂ ਕੱਪੜੇ ਪਹਿਨ ਲਏ ਅਤੇ ਇਕ ਭਾਰਤੀ ਰੈਸਟੋਰੈਂਟ ਵਿਚ ਜਾ ਕੇ ਕੁਝ ਖਾਧਾ ਜਿਸ ਨਾਲ ਮਨ ਨੂੰ ਕੁਝ ਧਰਵਾਸਾ ਹੋਇਆ। ਰਾਤ ਅਸੀਂ ਹੋਟਲ ਵਿਚ ਹੀ ਠਹਿਰੇ।
ਦੂਸਰੇ ਦਿਨ ਸਵੇਰੇ ਅਸੀਂ ਆਪਣੀ ਮੰਜ਼ਿਲ ਦੇ ਆਖਰੀ ਪੜਾਅ ਲਈ ਤੁਰ ਪਏ। ਕਈ ਸੁੰਦਰ ਸ਼ਹਿਰ ਅਤੇ ਸਟੇਟਾਂ ਪਾਰ ਕਰਦੇ ਹੋਏ ਅਸੀਂ ਸ਼ਾਮ ਨੂੰ ਇਕ ਜਗ੍ਹਾ ਹੋਟਲ ਵਿਚ ਠਹਿਰੇ। ਕਿਉਂਕਿ ਦੋਸਤ ਸਾਡਾ ਇਕੱਲਾ ਹੀ ਡਰਾਈਵ ਕਰ ਰਿਹਾ ਸੀ। ਤੀਹ, ਪੈਂਤੀ ਘੰਟੇ ਦਾ ਲੰਮਾ ਸਫਰ, ਇਕੱਲੇ ਬੰਦੇ ਲਈ ਗੱਡੀ ਚਲਾਉਣੀ ਸੌਖੀ ਨਹੀਂ। ਦੂਸਰੇ ਸ਼ਹਿਰ ਅਸੀਂ ਫਿਰ ਨਿਊਯਾਰਕ ਲਈ ਚੱਲ ਪਏ। ਜਰਨੈਲੀ ਸੜਕ ਤੇ ਸਾਡੀ ਕਾਰ ਆਪਣੀ ਰਫਤਾਰੇ ਦੌੜ ਰਹੀ ਸੀ। ਅਚਾਨਕ ਪਤਾ ਨਹੀਂ ਕੀ ਹੋਇਆ ਸਾਡੀ ਕਾਰ ਜਰਨੈਲੀ ਸੜਕ ਦੇ ਵਿਚਕਾਰਲੇ ਡੂੰਘੇ ਥਾਂ ਵੱਲ ਉੱਤਰ ਗਈ ਅਤੇ ਮਸਾਂ ਹੀ ਪਲਟਣੋਂ ਬਣੀ। ਰੱਬ ਨੇ ਆਪ ਆਪਣਾ ਹੱਥ ਸਾਡੇ ਸਿਰ ਤੇ ਰੱਖਕੇ ਰੱਖਿਆ ਕੀਤੀ। ਸਾਡੇ ਦੋਸਤ ਨੇ ਫਿਰ ਕਾਰ ਜਰਨੈਲੀ ਸੜਕ ਤੇ ਚਾੜ੍ਹ ਲਈ। ਰਸਤੇ ਵਿਚ ਖੁੱਲ੍ਹੇ-ਡੁੱਲੇ ਗਾਈਆਂ ਦੇ ਫਾਰਮ, ਵੇਖੇ ਜਿਥੇ ਗਾਈਆਂ ਮਸਤੀਆਂ ਕਰ ਰਹੀਆਂ ਸਨ। ਅਮਰੀਕਾ ਦੀਆਂ ਸੁੰਦਰ ਤੇ ਸਾਫ ਸੜਕਾਂ ਵੇਖ ਕੇ ਮਨ ਖੁਸ਼ ਹੋਇਆ।
ਲੰਮੀ ਯਾਤਰਾ ਤਹਿ ਕਰਦੇ ਹੋਏ ਅਸੀਂ ਸ਼ਾਮ ਦੇ ਅੱਠ ਵਜੇ ਨਿਊਯਾਰਕ ਸ਼ਹਿਰ ਪਹੁੰਚੇ। ਜਿਉਂ ਹੀ ਮੈਂ ਆਪਣੇ ਦੋਸਤ ਦੇ ਘਰ ਦਾਖਲ ਹੋਇਆ। ਹੱਥਾਂ ਦੀਆਂ ਤਲੀਆਂ ਤੇ ਲੱਤਾਂ ਵਿਚ ਹੋਏ ਜ਼ਖਮਾਂ ਦੀ ਦਰਦ ਭੁੱਲ ਗਈ।
ਮਾਰੇ ਖੁਸ਼ੀ ਦੇ ਮੇਰਾ ਸੀਸ ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਝੁਕ ਗਿਆ। ਮੇਰੀਆਂ ਅੱਖਾਂ ਵਿਚ ਕੋਸੇ ਪਾਣੀ ਦੀਆਂ ਬੂੰਦਾਂ ਆਪਣੇ ਆਪ ਹੀ ਵਹਿ ਤੁਰੀਆਂ। ਆਪਣੇ ਸਹੀ ਸਲਾਮਤ ਪਹੁੰਚਣ ਦੀ ਖੁਸ਼ੀ ਵਿਚ ਜਾਂ ਉਹਨਾਂ ਅਭਾਗੇ ਨੌਜਵਾਨਾਂ ਦੀ ਯਾਦ ਵਿਚ ਜੋ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋ ਗਏ ਸਨ।



ਅੰਤਿਕਾ
ਅਮਰੀਕਾ ਪਹੁੰਚ ਕੇ ਮੈਂ ਆਪਣੇ ਰੋਜ਼ ਮਰਾ ਦੇ ਕੰਮਾਂ ਵਿਚ ਰੁੱਝ ਗਿਆ। ਕੰਮ ਹੀ ਐਸਾ ਸੀ ਹਰ ਰੋਜ਼ ਚੌਂਦਾ-ਪੰਦਰਾਂ ਘੰਟੇ ਡਿਊਟੀ ਅਤੇ ਆਉਣ ਜਾਣ ਦਾ ਟਾਈਮ ਪਾ ਕੇ ਸੋਲ਼ਾਂ-ਸਤਾਰਾਂ ਘੰਟੇ ਬਣ ਜਾਂਦੇ ਸਨ। ਘਰ ਆ ਕੇ ਪੰਜ ਛੇ ਘੰਟੇ ਥੋੜਾ ਬਹੁਤਾ ਅਰਾਮ ਕਰਕੇ ਸਵੇਰੇ ਫਿਰ ਕੰਮ ਤੇ ਜਾਣ ਦਾ ਫਿਕਰ। ਲੰਮੇ ਘੰਟੇ ਕੰਮ ਕਰਕੇ ਚੜ੍ਹੇ ਹੋਏ ਕਰਜ਼ੇ ਨੂੰ ਲਾਉਣ ਦੀ ਚਿੰਤਾ ਹਰ ਵੇਲੇ ਬੰਦੇ ਤੇ ਭਾਰੂ ਰਹਿੰਦੀ ਹੈ। ਇਕ ਦਿਨ ਮੈਂ ਅਚਾਨਕ ਇਕ ਪੰਜਾਬੀ ਦੇ ਅਖਬਾਰ ਵਿਚੋਂ ਖਬਰ ਪੜ੍ਹਕੇ ਬਹੁਤ ਮਾਯੂਸ ਹੋਇਆ ਅਤੇ ਮੈਨੂੰ ਆਉਂਦੇ ਸਮੇਂ ਰਸਤੇ ਵਿਚ ਵਾਪਰੀਆਂ ਘਟਨਾਵਾਂ ਯਾਦ ਆਉਣੀਆਂ ਸ਼ੁਰੂ ਹੋ ਗਈਆਂ।
ਅਖਬਾਰ ਵਿਚਲੀ ਖਬਰ ਨੂੰ ਪੜ੍ਹਕੇ ਹਰ ਕਿਸੇ ਦਾ ਚਿੰਤਾਤੁਰ ਹੋਣਾ ਸੁਭਾਵਕ ਸੀ। ਖਬਰ ਇਕ ਗੁਜਰਾਤੀ ਪਰਿਵਾਰ ਬਾਰੇ ਸੀ। ਪਤੀ, ਪਤਨੀ ਤੇ ਪਤਨੀ ਦਾ ਭਰਾ ਤਿੰਨਾ ਨੇ ਅਮਰੀਕਾ ਲਈ ੭੫ ਲੱਖ ਰੁਪਿਆ ਦਿੱਤਾ। ਪ੍ਰਤੀ ਵਿਅਕਤੀ ੨੫ ਲੱਖ, ਗੁਜਰਾਤੀ ਲੋਕ ਅਮਰੀਕਾ ਆਉਣ ਲਈ ਪੰਜਾਬੀਆਂ ਨਾਲੋਂ ਵੀ ਵੱਧ ਪੈਸੇ ਖਰਚਦੇ ਹਨ। ਅਮਰੀਕਾ ਪਹੁੰਚਣ ਲਈ ਉਹ ਹਰ ਖਤਰੇ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਹਨ। ੭੫ ਲੱਖ ਰੁਪਿਆ ਦੇ ਅਮਰੀਕਾ ਪਹੁੰਚਣ ਲਈ ਗੁਆਟੇਮਾਲਾ ਤੇ ਮੈਕਸੀਕੋ ਦੇ ਜੰਗਲ ਵਿਚ ਦੋ ਮਹੀਨੇ ਖੱਜਲ ਖਵਾਰ ਹੁੰਦੇ ਰਹੇ। ਪਤਨੀ ਦੇ ਭਰਾ (ਯਾਨੀ ਸਾਲੇ ਨੂੰ) ਨਸ਼ੀਲੀਆਂ ਦਵਾਈਆਂ ਦੇ ਤਸਕਰਾਂ ਨੇ ਤਸਕਰੀ ਕਰਨ ਲਈ ਮਜ਼ਬੂਰ ਕੀਤਾ, ਪਰ ਉਹ ਇਸ ਕੰਮ ਲਈ ਨਾ ਮੰਨਿਆ ਤਾਂ ਉਹਨਾਂ ਲੋਕਾਂ ਨੇ ਭੈਣ, ਭਣਵੇਈਏ ਦੀਆਂ ਅੱਖਾਂ ਸਾਹਮਣੇ ਉਸ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਉਹ ਅਭਾਗੀ ਭੈਣ ਤੇ ਜੀਜਾ ਆਪਣੀਆਂ ਅੱਖਾਂ ਸਾਹਮਣੇ ਆਪਣੇ ਭਰਾ ਨੂੰ ਮਰਦੇ ਵੇਖ ਕੇ ਰੋ ਵੀ ਨਹੀਂ ਸਕੇ ਹੋਣਗੇ। ਲਾਸ਼ ਉਥੇ ਛੱਡ ਦੋਵੇਂ ਪਤੀ ਪਤਨੀ ਆਪਣੀ ਮੰਜ਼ਿਲ ਲਈ ਤੁਰ ਪਏ। ਵੇਖੋ ਕਿਸਮਤ ਦਾ ਧੱਕਾ ਬਾਰਡਰ ਲਾਗੇ ਪਹੁੰਚ ਕੇ ਪਤਨੀ ਤਾਂ ਸਰਹੱਦ ਪਾਰ ਕਰ ਗਈ ਪਰ ਪਤੀ ਫੜ੍ਹਿਆ ਗਿਆ ਅਤੇ ਵਾਪਸ ਭਾਰਤ ਨੂੰ ਡਿਪੋਰਟ ਕਰ ਦਿੱਤਾ ਗਿਆ। ਇਸ ਚੰਦਰੀ ਅਮਰੀਕਾ ਦੇ ਸਰੂਰ ਵਿਚ ਇਕ ਨੌਜਵਾਨ ਨੇ ਜਾਨ ਗਵਾ ਦਿੱਤੀ ਅਤੇ ਪਰਿਵਾਰ ਖੇਰੂੰ-ਖੇਰੂੰ ਹੋ ਗਿਆ।
ਦੂਸਰੀ ਖਬਰ ਨੇ ਮੈਨੂੰ ਹੋਰ ਵੀ ਮਾਯੂਸ ਕੀਤਾ ਖਬਰ ਇੰਜ ਸੀ। ਪਿਛਲੇ ਦੋ ਸਾਲਾਂ ਵਿਚ ੨੦੦ ਤੋਂ ਵੱਧ ਪੰਜਾਬੀ ਨੌਜਵਾਨ ਅਮਰੀਕਾ ਪਹੁੰਚਦੇ ਸਮੇਂ ਗਾਇਬ ਹੋਏ ਅਤੇ ਉਹਨਾਂ ਬਾਰੇ ਅਜੇ ਤੱਕ ਕੋਈ ਉੱਘ-ਸੁੱਘ ਨਹੀਂ ਮਿਲ ਰਹੀ। ਮਾਵਾਂ ਹੱਥ ਵਿਚ ਫੋਟੋ ਫੜ੍ਹੀ ਆਪਣੇ ਪੁੱਤਰਾਂ ਦੀ ਉਡੀਕ ਕਰ ਰਹੀਆਂ ਹਨ। ਇਹਨਾਂ ਖਬਰਾਂ ਤੋਂ ਬਾਅਦ ਮੈਂ ਕਈ ਜਾਨਣ ਵਾਲਿਆਂ ਨਾਲ ਗੱਲਬਾਤ ਕੀਤੀ ਜੋ ਇਸੇ ਰਸਤੇ ਲੰਘ ਕੇ ਆਏ ਸਨ। ਜਲੰਧਰ ਜ਼ਿਲ੍ਹੇ ਦੇ ਇਕ ਨੌਜਵਾਨ ਨੇ ਰੋਂਦੇ ਹੋਏ ਕਹਾਣੀ ਇੰਜ ਸੁਣਾਈ। ਇਕ ਮਹੀਨਾ ਅਸੀਂ ਜੰਗਲ ਵਿਚ ਹੀ ਰਹੇ। ਇਕ ਟਾਈਮ ਦੋ ਬਰੈੱਡ ਦੇ ਪੀਸ ਨਸੀਬ ਹੁੰਦੇ ਸਨ ਅਤੇ ਪਾਣੀ ਗੰਦਾ ਮੰਦਾ ਪੀ ਕੇ ਗੁਜ਼ਾਰਾ ਕੀਤਾ। ਸਾਡੇ ਗਰੁੱਪ ਵਿਚੋਂ ਦੋ ਮੁੰਡੇ ਸੱਪ ਦੇ ਲੜਨ ਕਾਰਨ ਮਰ ਗਏ। ਅਸੀਂ ਬਹੁਤ ਘਬਰਾ ਗਏ। ਪਰ ਜੰਗਲ ਵਿਚ ਅਸੀਂ ਕਰ ਵੀ ਕੀ ਸਕਦੇ ਸਾਂ। ਭੁੱਖੇ ਭਾਣੇ ਲਾਸ਼ਾਂ ਨੂੰ ਉਥੇ ਛੱਡ ਅਸੀਂ ਬਾਰਡਰ ਪਾਰ ਕੀਤਾ। ਬਾਰਡਰ ਪਾਰ ਕਰਕੇ ਅਮਰੀਕਾ ਦੋ ਦਾਖਲ ਹੁੰਦੇ ਅਸੀਂ ਫੜ੍ਹੇ ਗਏ। ਚਲੋ ਜੇਲ ਵਿਚ ਰੋਟੀ ਤਾਂ ਮਿਲਦੀ ਸੀ ਆਖਰ ਇਕ ਮਹੀਨੇ ਪਿਛੋਂ ੨੦ ਹਜ਼ਾਰ ਡਾਲਰ ਦਾ ਬੋਂਡ ਭਰਕੇ ਛੁੱਟ ਗਏ। ਚਲੋ ਹੁਣ ਕੰਮ ਤੇ ਲੱਗੇ ਹਾਂ ਹੌਲੀ ਹੌਲੀ ਪੈਸੇ ਵੀ ਲੱਥ ਜਾਣਗੇ। ਵਾਹਿਗੁਰੂ ਦਾ ਸ਼ੁਕਰ ਹੈ ਜਿਊਂਦੇ ਜੀਅ ਅਮਰੀਕਾ ਪਹੁੰਚ ਗਏ।
ਇਹ ਹੋਰ ਮਿੱਤਰ ਦੀ ਕਹਾਣੀ ਇਸ ਨਾਲੋਂ ਵੀ ਦੁੱਖ ਭਰੀ ਸੀ। ਦੋਵੇਂ ਮੁੰਡੇ ਮਾਸੀਆਂ ਦੇ ਪੁੱਤ ਭਰਾ ਅਮਰੀਕਾ ਲਈ ਆਏ। ਗੁਆਟੇਮਾਲਾ ਦੇ ਲਾਗਲੇ ਕੇਸ ਨਿਕਾਰਾਗੁਰਆ ਰਾਹੀਂ ਜੰਗਲੋਂ-ਜੰਗਲੀ ਹੁੰਦੇ ਹੋਏ ਅਮਰੀਕਾ ਪਹੁੰਚਣਾ ਸੀ। ਇਕ ਭਰਾ ਬੀਮਾਰ ਹੋਣ ਕਰਕੇ ਤੁਰਨੋ ਅਸਮਰੱਥ ਹੋ ਗਿਆ। ਲੰਮਾ ਪੈਂਡਾ, ਹੋਣ ਕਰਕੇ ਗਰੁੱਪ ਲੀਡਰ ਨੇ ਭਰਾ ਦੀਆਂ ਅੱਖਾਂ ਸਾਹਮਣੇ ਹੀ ਦੂਜੇ ਭਰਾ ਨੂੰ ਗੋਲੀ ਮਾਰ ਦਿੱਤੀ। ਹੁਣ ਵੀ ਜਦੋਂ ਉਸਨੂੰ ਇਹ ਸੀਨ ਯਾਦ ਆਉਂਦਾ ਹੈ ਤਾਂ ਧਾਹਾਂ ਮਾਰਕੇ ਰੋਂਦਾ ਹੈ। ਪਰ ਕਰ ਕੁਝ ਨਹੀਂ ਸਕਦਾ।
ਹਰਿਆਣੇ ਦੇ ਇਕ ਨੌਜਵਾਨ ਦੀ ਕਹਾਣੀ ਵੀ ਇੰਜ ਦੀ ਹੀ ਹੈ। ਪੰਦਰਾਂ ਦਿਨ ਜੰਗਲਾਂ ਵਿਚ ਭੁੱਖੇ ਭਾਣੇ ਖੁਆਰ ਹੋਏ। ਜਿਸ ਦਿਨ ਨਹਿਰ ਪਾਰ ਕਰਨੀ ਸੀ। ਸਾਰੀ ਰਾਤ ਪਾਣੀ ਵਿਚ ਖਲੋਤੇ ਰਹੇ ਪਰ ਅੱਗੇ ਤੋਂ ਕਲੀਂਅਰਸ ਨਹੀਂ ਸੀ ਮਿਲ ਰਹੀ। ਆਖਰਕਾਰ ਚੌਂਦਾ ਘੰਟੇ ਪਾਣੀ ਵਿਚ ਖਲੋਣ ਕਰਕੇ ਬੀਮਾਰ ਹੋ ਗਏ। ਪੰਦਰਾਂ ਦਿਨਾਂ ਪਿਛੋਂ ਠੀਕ ਹੋ ਕੇ ਫਿਰ ਕੋਸ਼ਿਸ਼ ਕੀਤੀ ਤਾਂ ਬਾਰਡਰ ਪਾਰ ਕਰਕੇ ਫੜ੍ਹੇ ਗਏ। ਤੀਹ ਹਜ਼ਾਰ ਡਾਲਰ ਦਾ ਬੋਂਡ ਦੇ ਕੇ ਛੁੱਟੇ ਸਾਂ। ਹਿੰਮਤੀ ਨੌਜਵਾਨ ਆਖਦਾ ਮੈਂ ਤਾਂ ਆਪਣੇ ਲਾਏ ਹੋਏ ਪੈਸੇ ਪੂਰੇ ਕਰਨ ਤੋਂ ਬਾਅਦ ਹੁਣ ਫਾਇਦੇ ਵਿਚ ਜਾ ਰਿਹਾ ਸੀ। ਕੰਮ ਚੰਗਾ ਮਿਲ ਗਿਆ। ਦੁੱਖ, ਤਕਲੀਫਾਂ ਸਭ ਭੁੱਲ ਗਏ ਹਨ।
ਕਹਾਣੀਆਂ ਤਾਂ ਹੋਰ ਵੀ ਬਹੁਤ ਹਨ। ਸਭ ਦੁੱਖਾਂ ਦੀਆਂ ਇਹਨਾਂ ਖਬਰਾਂ ਤੇ ਲੋਕਾਂ ਕੋਲੋਂ ਹੱਡ ਬੀਤੀਆਂ ਸੁਨਣ ਤੋਂ ਬਾਅਦ ਮੈਂ ਇਹਨਾਂ ਹੱਡ ਬੀਤੀਆਂ ਘਟਨਾਵਾਂ ਨੂੰ ਕਹਾਣੀ ਦਾ ਰੂਪ ਦੇਣ ਦਾ ਫੈਸਲਾ ਕੀਤਾ। ਪਤਾ ਨਹੀਂ ਮੈਂ ਆਪਣੀ ਇਸ ਕਹਾਣੀ ਵਿਚ ਸਾਰੀਆਂ ਸੱਚੀਆਂ ਘਟਨਾਵਾਂ ਨੂੰ ਇਕ ਲੜੀ ਵਿਚ ਪਰੋ ਕੇ ਪਾਠਕਾਂ ਦੇ ਸਨਮੁੱਖ ਕਰਨ ਵਿਚ ਕਿਥੋਂ ਤੱਕ ਕਾਮਯਾਬ ਹੋਇਆ ਹਾਂ ਅਤੇ ਨਾ ਹੀ ਮੈਂ ਇਹ ਕਹਾਣੀ ਇਸ ਲਈ ਲਿਖੀ ਕਿ ਲੋਕ ਇਸ ਰਸਤੇ ਰਾਹੀਂ ਨਾ ਆਉਣ। ਮੈਂ ਇਹ ਵੀ ਨਹੀਂ ਚਾਹੁੰਦਾ ਕਿ ਲੋਕ ਇਹ ਸੋਚਣ ਕਿ ਆਪ ਪਹੁੰਚ ਕੇ ਹੁਣ ਸਾਨੂੰ ਮੱਤਾਂ ਦੇਂਦਾ ਹੈ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਖਤਰਨਾਕ ਰਸਤੇ ਤੇ ਤੁਰਨ ਤੋਂ ਪਹਿਲਾਂ ਏਜੰਟ ਨਾਲ ਸਾਰੀ ਗੱਲ ਤਹਿ ਕਰਨੀ ਚਾਹੀਦੀ ਹੈ। ਏਜੰਟ ਸਬਜ਼ਬਾਗ ਵਿਖਾਉਂਦੇ ਹਨ। ਜਿਵੇਂ ਸਾਨੂੰ ਰਾਜੇ ਨੇ ਹਫਤੇ ਵਿਚ ਅਮਰੀਕਾ ਪਹੁੰਚਾਉਣ ਦਾ ਵਾਇਦਾ ਕੀਤਾ ਸੀ। ਪਰ ਅਸੀਂ ਪਹੁੰਚੇ ਦੋ ਮਹੀਨਿਆਂ ਵਿਚ ਧੱਕੇ ਧੋੜੇ ਖਾਕੇ। ਨਾ ਹੀ ਰਾਜਾ ਸਾਡੇ ਨਾਲ ਆਇਆ ਸੀ। ਅਸੀਂ ਰਸਤੇ ਵਿਚ ਹੀ ਸਾਂ ਕਿ ਰਾਜੇ ਨੇ ਰਹਿੰਦੇ ਪੈਸੇ ਪਹਿਲੇ ਹੀ ਵਸੂਲ ਕਰ ਲਏ ਸਾਡਾ ਪਰਿਵਾਰਾਂ ਕੋਲੋਂ ਮਜ਼ਬੂਰ ਕਰਕੇ।
ਦੂਸਰਾ ਮੈਂ ਉਹਨਾਂ ਮਾਵਾਂ ਦੇ ਦਰਦ ਨੂੰ ਮਹਿਸੂਸ ਕੀਤਾ। ਜਿਹਨਾਂ ਦੇ ਜਵਾਨ ਪੁੱਤ ਪਿਛਲੇ ਦੋ ਸਾਲਾਂ ਤੋਂ ਲੱਭ ਨਹੀਂ ਰਹੇ। ਮਾਂ-ਪਿਓ ਦਰ-ਦਰ ਭਟਕ ਰਹੇ ਸਨ। ਕਦੀ ਕਿਸੇ ਪੁੱਛਾਂ ਵਾਲੇ ਕੋਲ ਅਤੇ ਕਦੇ ਆਪਣੇ ਪੁੱਤਰਾਂ ਦੀ ਸਲਾਮਤੀ ਲਈ ਪੀਰਾਂ ਦੀ ਜਗ੍ਹਾ ਤੇ ਦੀਵੇ ਜਗ੍ਹਾ ਕੇ ਮੰਨਤਾ ਮੰਨ ਰਹੇ ਸਨ। ਇਸ ਸੁਪਨਿਆਂ ਦੀ ਧਰਤੀ ਤੇ ਪਹੁੰਚਣ ਲਈ ਬਹੁਤ ਕਸ਼ਟ ਜਰ ਪੈਂਦੇ ਹਨ। ਕਈ ਤਾਂ ਬੜੀ ਅਸਾਨੀ ਨਾਲ ਪਹੁੰਚ ਜਾਂਦੇ ਹਨ ਅਤੇ ਕਈ ਵਿਚਾਰੇ ਮੰਜ਼ਿਲ ਪਹੁੰਚਣ ਤੋਂ ਪਹਿਲਾਂ ਆਪ ਹੀ ਗੁੰਮ ਹੋ ਜਾਂਦੇ ਹਨ ਅਤੇ ਪਿੰਜਰਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਮੇਰੀ ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਇਹੀ ਅਰਦਾਸ ਹੈ ਕਿ ਇਸ ਮੰਜ਼ਿਲ ਦੇ ਹਰ ਰਾਹੀ ਦੇ ਨੇੜੇ ਤੁਸੀਂ ਆਪ ਹੀ ਬੰਨ੍ਹੇ ਲਾਓ ਤਾਂ ਕਿ ਹਰ ਘਰ ਵਿਚ ਖੁਸ਼ੀਆਂ ਹੀ ਖੁਸ਼ੀਆਂ ਵਰਤਣ। ਇਥੇ ਕਿਸੇ ਸ਼ਾਇਰ ਦੀਆਂ ਚਾਰ ਲਾਈਨਾਂ ਮੈਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ,
ਦੂਰੋਂ ਦੂਰੋਂ ਬਹੁਤ ਪ੍ਰਦੇਸ ਚੰਗੇ ਲਗਦੇ,
ਮੰਜ਼ਿਲਾਂ ਤੇ ਪਹੁੰਚ ਕੇ, ਪਤੇ ਯਾਰੋ ਲਗਦੇ,
ਮੈਕਸੀਕੋ ਰਾਹੀਂ ਆਉਂਦੇ ਲਾਲ ਕਈ ਗਵਾਚੇ,
ਫੋਟੋ ਹੱਥ ਫੜ੍ਹੀ ਮਾਵਾਂ, ਰਾਹ ਪਈਆਂ ਵੇਖਦੀਆਂ।

No comments:

Post a Comment