Wednesday, April 12, 2017

ਇਕ ਮੁਕੱਦਮਾ ਐਸਾ ਹੈ ਜੋ ਹਰ ਕਿਸੇ ਦੀ ਪਿੱਠ 'ਤੇ ਚੱਲਦਾ ਹੈ: ਡਾ: ਹਰਿਭਜਨ ਸਿੰਘ---ਮੁਲਾਕਾਤ (ਸੁਰੋਦ ਸੁਦੀਪ)



ਮਰਹੂਮ ਸੁਰੋਦ ਸੁਦੀਪ ਵੱਲੋਂ ਡਾ: ਹਰਿਭਜਨ ਸਿੰਘ ਨਾਲ਼ ਢਾਈ ਦਹਾਕੇ ਪਹਿਲਾਂ ਕੀਤੀ ਮੁਲਾਕਾਤ

ਇਹ ਦੋ ਮਹਾਨ ਪੰਜਾਬੀ ਚਿੰਤਕਾਂ ਡਾ: ਹਰਿਭਜਨ ਸਿੰਘ ਤੇ ਸੁਰੋਦ ਸੁਦੀਪ ਸੁਦੀਪ ਵੱਲੋਂ ਆਪਸ 'ਚ ਹੋਈ ਭੇਂਟ ਹੈ। ਦੋਵੇਂ ਵਿਦਵਾਨ ਇਸ ਸੰਸਾਰ 'ਚ ਨਹੀਂ। ਸੁਰੋਦ ਸੁਦੀਪ ਹੁਰਾਂ ਨੇ ਆਪਣੀ ਮੌਤ ਤੋਂ 22 ਸਾਲ ਪਹਿਲਾਂ ਡਾ: ਹਰਿਭਜਨ ਸਿੰਘ ਨਾਲ਼ ਇਹ ਮੁਲਾਕਾਤ ਕੀਤੀ ਸੀ। ਸੁਰੋਦ ਸੁਦੀਪ ਜੀ ਨੇ ਤਕਰੀਬਨ ਦੋ ਦਹਾਕੇ ਇਸ ਇੰਟਰਵਿਊ ਨੂੰ ਰੱਖ ਛੱਡਿਆ ਅਤੇ ਫਿਰ ਮੇਘਲਾ ਦੇ ਤੀਜੇ ਅੰਕ ਵਿਚ ਛਪਣ ਲਈ ਭੇਜ ਦਿੱਤੀ। ਡਾ: ਹਰਿਭਜਨ ਸਿੰਘ ਵਰਗੇ ਮਹਾਨ ਕਵੀ ਅਤੇ ਚਿੰਤਕ ਦੇ ਚੇਤਨ-ਅਵਚੇਤਨ 'ਚ ਪਈ ਦਾਰਸ਼ਨਿਕਤਾ ਵਿਚ ਸਾਖ਼ਸ਼ਾਤ ਦਰਸ਼ਨ ਇਸ ਇੰਟਰਵਿਊ 'ਚੋਂ ਕੀਤੇ ਜਾ ਸਕਦੇ ਹਨ। ਮੈਂ ਇਹ ਖੁਦ ਕਵੀ ਵਾਰ ਪੜ੍ਹ ਚੁੱਕਾ ਹਾਂ। ਹੋਰ ਵਧੇਰੇ ਲੋਕਾਂ ਤੱਕ ਪਹੁੰਚਾਉਣ ਲਈ 'ਮੇਘਲਾ' ਦੇ ਔਨਲਾਈਨ ਬਲੌਗ 'ਤੇ ਛਾਪ ਰਿਹਾ ਹਾਂ ਤਾਂ ਕਿ ਦੁਨੀਆ ਭਰ 'ਚ ਕਾਵਿਕ ਸੂਝ ਰੱਖਣ ਵਾਲ਼ੇ ਲੋਕ ਇਸ ਨੂੰ ਪੜ੍ਹ ਮਾਣ ਸਕਣ।
                                                                                                     ਜਤਿੰਦਰ ਔਲ਼ਖ (ਸੰਪਾਦਕ ਮੇਘਲਾ)
ਹਰਿਭਜਨ ਸਿੰਘ 

ਡਾ. ਹਰਿਭਜਨ ਸਿੰਘ ਇੱਕ ਰੁੱਝਾ ਹੋਇਆ ਬੰਦਾ ਹੈ। ਢੇਰ ਸਾਰੇ ਕੰਮ ਜਿਹੜੇ ਇੱਕੋ ਵੇਲ਼ੇ ਵਿੱਢੇ ਗਏ ਹੁੰਦੇ ਹਨ,ਉਹ ਪੂਰੇ ਕਿਵੇਂ ਹੁੰਦੇ ਹਨ, ਰੱਬ ਜਾਣੇ। ਲਿਖਣ ਮੇਜ 'ਤੇ ਕੌਂਕੇ ਤੋਂ ਲੈ ਕੇ ਸੁਰਜੀਤ ਹਾਂਸ ਤੱਕ ਦੀਆਂ ਪੁਸਤਕਾਂ, ਜਿੰਨਾ ਨੂੰ ਪੜ੍ਹਿਆ ਜਾਣਾ ਹੈ। ਸਮਾਂ ਆਉਣ ਤੇ ਲਿਖਿਆ ਵੀ ਵੀ ਜਾਏਗਾ। ਉਸੇ ਮੇਜ ਤੇ ਅਨੁਵਾਦ ਦਾ ਕੰਮ ਵੀ ਚੱਲ ਰਿਹਾ ਹੈ। ਵਿੱਚ -ਵਿੱਚ ਬਾਹਰਲੇ ਮੁਲਕਾਂ ਦਾ ਸਫਰ ਵੀ। ਕਿਤੇ ਸੈਮੀਨਾਰਾਂ ਵਿੱਚ ਪ੍ਰਧਾਨਗੀ ਭਾਸ਼ਨ ,ਕਿਤੇ ਦੂਰਦਰਸ਼ਨ ਉਤੇ ਗੁਰਬਾਣੀ ਦੇ ਅਰਥ। ਭਾਸ਼ਨ, ਕਵਿਤਾ ਅਤੇ ਆਲੋਚਨਾ ਨੂੰ ਉਹ ਇੱਕੋ ਵੇਲ਼ੇ ਜੀਅ ਲੈਂਦਾ ਹੈ। ਜੇ ਮੈਂ ਉਸ ਕੋਲ਼ ਹਾਜ਼ਿਰ ਹੋਵਾਂ ਤਾਂ ਮੇਰੀ ਪੀੜ੍ਹੀ ਦੇ ਉਹ ਤਿੰਨ ਸ਼ਾਇਰਾਂ ਦੇ ਨਾਂ ਲੈਂਦਾ ਹੈ: ਲਾਲ ਸਿੰਘ ਦਿਲ,ਜੋਗਾ ਸਿੰਘ, ਗੁਰਦੇਵ ਚੌਹਾਨ। ਉਹ ਗੌਰ ਨਾਲ਼ ਦੂਜੇ ਦੀ ਗੱਲ ਸੁਣਦਾ ਹੈ ਤੇ ਆਪਣੀ ਯਕੀਨ ਨਾਲ਼ ਕਹਿੰਦਾ ਹੈ ਜਿੱਸ ਵਿੱਚ ਪਕਿਆਈ ਹੁੰਦੀ ਹੈ ਇੱਕ ਰਸ ਹੁੰਦਾ ਹੈ ਪੱਕੇ ਫਲਾਂ ਦੀ ਤਰਾਂ੍ਹ। ਕੋਈ ਲੁੱਕ-ਲੁਕੋਅ ਨਹੀਂ। ਖੁੱਲਾ ਹਾਸਾ। ਖੁੱਲ੍ਹੀਆਂ ਗੱਲਾਂ। ਮੇਰੇ ਨਾਲ਼ ਵੱਡੇ ਭਰਾਵਾਂ ਵਾਲਾ ਵਰਤਾਉ ਕਰਦਾ ਹੈ। ਜਦੋਂ ਮੈਂ ਤੇ ਇੰਦੇ ਉਸਦੇ ਘਰ ਪਹੁੰਚੇ ਤਾਂ ਉਹ ਖੁਸ਼ਵੰਤ ਸਿੰਘ ਦੀ 'ਦਿੱਲੀ' ਪੜ੍ਹ ਰਿਹਾ ਸੀ। ਅਸੀਂ ਇੱਕ ਦੂਜੇ ਨੂੰ ਕਵਿਤਾ ਸੁਣਾਉਂਦੇ ਹਾਂ। ਸ਼ਬਦਾਂ ਦਾ ਇੱਕ ਨਸ਼ਾ।
ਕਵਿਤਾ ਨੂੰ ਚੰਗੀ ਤਰ੍ਹਾਂ ਪੜ ਸਕਣਾ ਮੇਰੇ ਵੱਸ ਦਾ ਰੋਗ ਨਹੀਂ ਪਰ ਉਹ ਕਵਿਤਾ ਵਿੱਚ ਸ਼ਬਦਾਂ ਨੂੰ ਜਿਵੇਂ ਜੜਦਾ ਹੈ, ਬੋਲਣ ਵੇਲੇ ਉਂਵੇ ਹੀ ਸੰਜਮ ਨਾਲ਼ ਪੜ੍ਹਦਾ ਹੈ। ਹੁਣ ਰਾਤ ਦਾ ਵੇਲ਼ਾ ਹੋ ਗਿਆ ਸੀ। ਸਾਡਾ ਉਠਣ ਦਾ ਇਰਾਦਾ ਅਤੇ ਅਗਲੇ ਦਿਨ ਮਿਲ਼ਨ ਦਾ ਵਾਅਦਾ ਸੀ। ਅਗਲਾ ਦਿਨ ਸਿਰਫ ਉਹ ਤੇ ਮੈਂ। ਕਲ ਵਾਲ਼ੀ ਸੁਣੀ ਹੋਈ ਨਜ਼ਮ ਦੁਬਾਰਾ ਫੇਰ ਸੁਣੀ ਜਾਂਦੀ ਹੈ। ਕਵਿਤਾ ਦਾ ਨਾਂ ਹੈ 'ਦੀਵਾਰ' । ਲਉ ਤੁਸੀਂ ਵੀ ਸੁਣੋ :
ਚੁੱਪ ਚਾਪ,ਅਚੇਤ, ਅਣਦਿੱਸਦੀ ,ਪਿੰਡੇ ਨੂੰ ਪਲੋਸਦੀ ਹੈ
ਪੋਹ ਮਾਘ ਦੀ ਧੁੱਪ ਜਿੰਨਾ ਵੀ ਖੜਾਕ ਨਹੀਂ ਉਸਦਾ
ਪੋਲੇ ਪੈਰੀਂ ਆਉਂਦੀ ਹੈ
ਮੌਤ ਜਿੰਨਾ ਵੀ ਸ਼ੁਬ੍ਹਾ ਨਹੀਂ ਉਸਤੇ
ਪਰ ਦੀਵਾਰ ਉਸਰ ਰਹੀ ਹੈ ਜਰੂਰ

ਪਿਛਲੀ ਵੇਰਾਂ ਮੈਂ ਜਦੋਂ ਤੈਨੂੰ ਮਿਲ਼ਿਆ ਸਾਂ
ਪਤਾ ਨਹੀਂ ਸੀ ਕਿ ਮੈਂ ਪਹੁੰਚਾ ਸਾਂ ਤੇਰੇ ਪਾਸ
ਆਪਣੀਆਂ ਦੀਵਾਰਾਂ ਸਮੇਤ
ਮੇਰੇ ਬੋਲਣ ਵਿੱਚ ਸ਼ਾਮਿਲ ਸਨ- ਦੀਵਾਰਾਂ ਦੀਆਂ ਅਵਾਜਾਂ
ਪਤਾ ਨਹੀਂ ਸੀ ਕਿ ਬੋਲੀ ਸੈਂ ਤੂੰ ਦੀਵਾਰਾਂ ਉਹਲਿਉਂ
ਤੇ ਹੁਣ ਜਦੋਂ ਪਤਾ ਲੱਗ ਹੀ ਗਿਆ ਹੈ
ਤਾਂ ਵੀ ਇੱਕ ਦੀਵਾਰ ਹੀ ਤਾਂ ਉਸਰ ਰਹੀ ਹੈ
ਚੁੱਪ-ਚਾਪ ,ਅਚੇਤ, ਅਣਦਿੱਸਵੀਂ

ਧਰਮ ਦੀਵਾਰ ਹੈ ਦੇਸ਼ ਦੀਵਾਰ ਹੈ
ਦੀਵਾਰ ਹੈ ਬੋਲੀ ਵੀ,ਦੀਵਾਰ ਹੈ ਮੇਰੀ ਆਪਣੇ ਬਾਰੇ ਰਾਇ
ਤੇ ਤੇਰੀ ਵੀ ਰਾਇ ਆਪਣੇ ਬਾਰੇ ਮੇਰੇ ਬਾਰੇ
ਦੁਨੀਆਂ ਜਹਾਨ ਬਾਰੇ
ਜ਼ਮੀਨ ਹਮਵਾਰ ਨਹੀਂ ਹੁੰਦੀ
ਕਿਸੇ ਨੂੰ ਮਿਲਨ ਦਾ ਰਸਤਾ ਹੀ ਤਾਂ
ਤਾਂ ਕਿਸੇ ਤੋਂ ਵਿੱਛੜਨ ਦਾ ਰਸਤਾ ਹੈ
ਟੁੱਟ ਰਹੀ ਦੀਵਾਰ ਵੀ ਤਾਂ ਉਸਰ ਰਹੀ ਦੀਵਾਰ ਹੈ
ਕਲ ਅਸਾਂ ਮਿਲਕੇ ਵਾਅਦੇ ਜੋ ਕੀਤੇ ਸਨ ਦੀਵਾਰਾਂ ਸਨ

ਇਨ੍ਹਾਂ ਨੂੰ ਨਿਭਾਵਾਂਗੇ
ਇਨ੍ਹਾਂ ਦੇ ਉਹਲਿਉਂ ਦੁਨੀਆਂ ਨੂੰ ਬੁਲਾਵਾਂਗੇ
ਤੇ ਚੁੱਪ ਹੋ ਜਾਵਾਂਗੇ
ਹੋਰ ਹੋਰ ਨੇੜੇ ਹੁੰਦੇ ਜਾਂਵਾਂਗੇ
ਇਨ੍ਹਾਂ ਦੀਵਾਰਾਂ ਨੂੰ ਤੋੜਨ ਤੋਂ ਡਰਾਂਗੇ
ਦੀਵਾਰਾਂ ਸੰਗ ਜੀਵਾਂਗੇ ਦੀਵਾਰਾਂ ਸੰਗ ਮਰਾਂਗੇ
ਰਹਾਂਗੇ ਘਿਰੇ
ਅੱਜ ਫੇਰ ਦੀਵਾਰਾਂ ਸੰਗ ਦੀਵਾਰ ਉਦੈ ਹੋਈ ਹੈ
ਜੋ ਉਸਰਦੀ ਜਾਵੇਗੀ,ਉਚੀ ਹੋਰ ਉਚੀ
ਸੂਰਜ ਢਲ ਜਾਵੇਗਾ,ਅਸਤ ਹੋ ਜਾਵੇਗਾ
ਪਰ ਦੀਵਾਰ ਨਹੀਂ ਢਲੇਗੀ
ਅਸਤ ਨਹੀਂ ਹੋਵੇਗੀ

ਕਿਤੇ ਕੋਈ ਦੀਵਾਰ ਉਸਰ ਰਹੀ ਹੈ
ਚੁੱਪ-ਚਾਪ, ਅਚੇਤ, ਅਣਦਿੱਸਵੀਂ
ਸੁਰੋਦ ਸੁਦੀਪ:- ਡਾ: ਸਹਿਬ ਤੁਹਾਡੀ ਕਵਿਤਾ ਤੋਂ ਇੱਕ ਗੱਲ ਯਾਦ ਆ ਗਈ ਹੈ ਕਿ ਮਨੁੱਖ ਨੂੰ ਪਲ-ਛਿਣ ਦੀ ਖੁਸ਼ੀ ਚਾਹੀਦੀ ਹੁੰਦੀ ਹੈ ਉਸਨੂੰ ਤੁਸੀਂ ਕਿਵੇਂ ਲੈਂਦੇ ਹੋ? ਇਹ ਇੱਕ ਦੀਵਾਰ ਤੋਂ ਬਾਅਦ ਦੂਜੀ ਦੀਵਾਰ-ਇੱਕ ਘਟਨਾ ਤੋਂ ਬਾਅਦ ਦੂਜੀ ਘਟਨਾ, ਲਗਾਤਾਰ ਇੱਕ ਸਿਲਸਲਾ?

ਹਰਿਭਜਨ ਸਿੰਘ- ਦੇਖ ਸਰੋਦ ਇਹ ਜਿਹੜਾ ਦੀਵਾਰ ਦਾ ਵਿਚਾਰ ਹੈ,ਇਹ ਬੜੀ ਦੇਰ ਤੋਂ ਮੇਰੇ ਮਨ ਵਿੱਚ ਰੌਲ਼ਾ ਪਾੳਂਦਾ ਹੈ ਅਤੇ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀ ਜਿੱਥੇ -ਜਿੱਥੇ ਬੂਹਾ ਉਥੇ ਉਥੇ ਕੰਧ ਉਸਰੀ ਆਉਣ ਜਾਣ ਹੋਵੇ ਕਿਹੜੇ ਰਾਹ? ਅੱਛਾ ਤੇ ਹੁਣ ਗੱਲ ਠੀਕ ਹੈ , ਜਿੱਥੇ ਅਸੀਂ ਪਹੁੰਚਦੇ ਹਾਂ ਉਥੇ ਇੱਕ ਦੀਵਾਰ ਉਸਰੀ ਹੁੰਦੀ ਹੈ ਸਾਡਾ ਉਸ ਵੱਲ ਜਿਹੜਾ ਤੁਰਨਾ ਹੈ ਉਹ ਵੀ ਤਾਂ ਇੱਕ ਦੀਵਾਰ ਦਾ ਅਨੁਭਵ ਹੈ। ਜਦੋਂ ਅਸੀਂ ਫੈਸਲਾ ਕਰ ਲੈਂਦੇ ਹਾਂ ਕਿ ਅਸੀਂ ਉਨਾਂ ਵੱਲ ਨਹੀਂ ਜਾਣਾ ਤਾਂ ਸਾਡੇ ਤੇ ਉਨਾਂ ਵਿਚਾਲੇ ਇੱਕ ਦੀਵਾਰ ਉਸਰ ਜਾਂਦੀ ਹੈ। ਤੇਰੀ ਪਿੱਠ ਪਿਛੇ ਲੋਕੀਂ ਗੱਲਾਂ ਕਰਦੇ ਨੇ ਤੇ ਮੈਂ ਕਹਿਨਾਂ ਉਹਦੀ ਫਲਾਨੀ ਕਵਿਤਾ ਬੜੀ ਚੰਗੀ ਸੀ। ਹੁਣ ਦੇਖ, ਆਹ ਤੇਰੀ ਨਵੀਂ ਨਜ਼ਮ:
ਤੈਨੂੰ
ਕਿੰਨੀ ਵਾਰ ਕਿਹਾ
ਬਾਜਾਰ ਨਾ ਜਾਇਆ ਕਰ
ਸਜੀਆਂ ਦੁਕਾਨਾਂ ਤੋਂ
ਤੈਨੂੰ ਤੇਰੀ ਚੀਜ ਨਹੀ ਮਿਲ਼ਨੀ...
ਮੈਨੂੰ ਬੜੀ ਚੰਗੀ ਲੱਗੀ ਹੈ। ਬੜੀ ਵੇਰਾਂ ਮੈਂ ਤੇਰੇ ਵੱਲ ਜਾਣ ਦੀ ਕੋਸ਼ਿਸ਼ ਕਰਦਾ ਰਿਹਾਂ। ਹੁਣ ਦੇਖ ਜਦੋਂ ਵੀ ਮੈਂ ਇੱਸ ਨਵੀ ਨਜ਼ਮ ਦੀ ਗੱਲ ਕਰਾਂਗਾ ਤਾਂ ਉਥੇ ਇੱਕ ਦੀਵਾਰ ਉਸਰ ਜਾਏਗੀ। ਮੈਂ ਮਹਿਸੂਸ ਕਰਦਾ ਹਾਂ ਕਿ ਦੋਸਤੀਆਂ ਵਿੱਚ ਵੀ ਦੁਸ਼ਮਣੀਆਂ ਦਾ ਤੱਤ ਲੁਕਿਆ ਹੁੰਦਾ ਹੈ। ਤੁਸੀਂ ਜੋ ਵੀ ਕਰਦੇ ਹੋ ਉਸ ਕਰਮ ਵਿੱਚ ਕੋਈ ਨਾ ਕੋਈ ਦੀਵਾਰ ਉਸਰ ਜਾਂਦੀ ਹੈ ਤੇ ਤੁਹਾਨੂੰ ਪਤਾ ਨਹੀਂ ਲੱਗਦਾ।

?ਸੁਰੋਦ ਸੁਦੀਪ-: ਜਿਵੇਂ ਮਿੱਤਰ ਦੇ ਦੁਸ਼ਮਣ ਬਣਨ ਵਿੱਚ ਦੇਰ ਨਹੀਂ ਲੱਗਦੀ ਜਾਂ ਫੇਰ ਇਹ ਮੰਨ ਲਵੋ ਕਿ ਉਹ ਮਿੱਤਰ ਹੈ ਹੀ ਨਹੀਂ ਸੀ ਜਿਹੜਾ ਦੁਸ਼ਮਣ ਬਣ ਗਿਆ। ਡਾ: ਸਹਿਬ ਤੁਸੀਂ ਜਿੰਨਾਂ ਲੋਕਾਂ ਨੂੰ ਬਣਾਇਆ,ਸੰਵਾਰਿਆ,ਤੁਰਨਾ ਸਿਖਾਇਆ ਉਨਾਂ ਦੇ ਚਿਹਰੇ ਵਾਲਾ ਪਾਸਾ ਛੱਡੋ ਉਨਾਂ ਦੀ ਪਿੱਠ ਤੁਹਾਨੂੰ ਕਿਵੇਂ ਲੱਗਦੀ ਹੈ?
ਹਰਿਭਜਨ ਸਿੰਘ- ਕੋਈ ਵੀ ਬੰਦਾ ਅਜਿਹਾ ਨਹੀ ਜਿਸੱਦੀ ਪਿੱਠ ਤੇ ਇਬਾਰਤ ਨਹੀਂ ਲਿਖੀ ਜਾਂਦੀ। ਦੁਨੀਆਂ ਵਿੱਚ ਇੱਕ ਮੁਕੱਦਮਾ ਐਸਾ ਹੈ ਜੋ ਹਰ ਕਿਸੇ ਦੀ ਪਿੱਠ ਤੇ ਚੱਲਦਾ ਹੈ। ਜਿੰਨੀ ਦੇਰ ਤੁਸੀਂ ਜਿਊਣਾ ਹੈ ਉਨੀ ਦੇਰ ਉਸ ਮੁਕੱਦਮੇ ਨੇ ਚੱਲਣਾ ਹੈ। ਮੈਨੂੰ ਦੂਜਿਆਂ ਦੀ ਪਿੱਠ ਏਨੀ ਪ੍ਰੇਸ਼ਾਨ ਨਹੀਂ ਕਰਦੀ, ਮੈਨੂੰ ਜਿਹੜੀ ਪ੍ਰੇਸ਼ਾਨ ਕਰਦੀ ਹੈ ਨਾ ਜੋ ਮੈਂ ਕਹਿਣਾ ਚਹੁੰਨਾਂ,ਦਰਅਸਲ,ਜੋ ਸੋਹਬਤ ਦੇਂਦੀ ਹੈ ਉਹ ਮੇਰੀ ਪਿੱਠ ਹੈ, ਉਹ ਮੇਰੀ ਆਪਣੀ ਪਿੱਠ ਹੈ ਜਿੱਸ ਉਤੇ ਕੁਝ ਲਿਖਿਆ ਜਾਂਦਾ ਹੈ।

?ਸੁਰੋਦ ਸੁਦੀਪ- ਜਦੋਂ ਵੀ ਕੋਈ ਔਕੜ ਆਈ ਤੁਸੀਂ ਆਪਣਾ ਚਾਨਣ ਲੈ ਕੇ ਤੁਰੇ। ਜਦੋਂ ਕੋਈ ਔਕੜ ਆਉਂਦੀ ਸੀ ਤਾਂ ਲੋਕੀਂ ਆਪਣੇ-ਆਪਣੇ ਦੇਵਤਿਆਂ ਨੂੰ ਧਿਆ ਲੈਂਦੇ ਸਨ। ਪਰ ਤੁਸੀਂ ਆਪਣੀ ਹੀ ਅੰਦਰ ਦੀ ਜੋਤ ਨੂੰ ਜਗਾਇਆ, ਪ੍ਰੰਪਰਾ ਨਾਲ਼ੋਂ ਵੱਖ ਹੋ ਕੇ ਇਉਂ ਸਹਿਜ ਹੋਣ ਤੱਕ ਤੁਸੀਂ ਕਿਵੇਂ ਬਲ ਗ੍ਰਿਹਣ ਕੀਤਾ?
ਹਰਿਭਜਨ ਸਿੰਘ-ਗੱਲ ਇਹ ਹੈ ਕਿ ਹਰ ਬੰਦੇ ਦੀ ਸ਼ਖਸ਼ੀਅਤ ਆਪਣੀ ਵੱਖਰੀ ਅਤੇ ਨਿਵੇਕਲੀ ਹੁੰਦੀ ਹੈ, ਪਰ ਮੁਸੀਬਤ ਇਹ ਹੈ ਕਿ ਦੂਜਿਆਂ ਦੀ ਹਾਜਰੀ ਵਿੱਚ ਉਹ ਆਪਣੇ ਆਪ ਨੂੰ ਬਦਲਦਾ ਹੈ
ਭੇਖੀ ਬਾਤ ਕਹੀ ਅਣਵੇਖੀ
ਅੱਖਰ ਜੋੜ ਜ਼ਬਾਨੀ
ਜਦੋਂ ਕੋਈ ਸਾਹਮਣੇ ਆਉਂਦਾ ਹੈ ਤਾਂ ਅਸੀਂ ਸਨਮੁੱਖਵਾਦੀ ਹੋ ਜਾਂਦੇ ਹਾਂ । ਹਰ ਬੰਦੇ ਕੋਲ਼ ਕੋਈ ਗੱਲ ਹੈ ਕੋਈ ਗੁਣ ਹੈ ਜਿਹੜਾ ਸਿਰਫ ਉਸ ਕੋਲ਼ ਹੀ ਹੈ; ਕਿਉਂਕਿ ਜਿੰਦਗੀ ਦੇ ਤਜਰਬੇ ਕੁਝ ਅਜਿਹੇ ਹਨ ਜਿਹੜੇ ਸਿਰਫ ਖਾਸ ਬੰਦੇ ਨੂੰ ਹੀ ਹੋਏ ਹੁੰਦੇ ਹਨ। ਸ਼ਾਇਰੀ ਬਾਰੇ ਇਉਂ ਹੈ ਕਿ ਜਿਹੜਾ ਤੁਹਾਡਾ ਸੱਚ ਹੈ,ਜੋ ਤੁਹਾਡੀ ਸਵੱਛਤਾ ਹੈ,ਜੋ ਨਿਵੇਕਲਾ ਅੰਦਾਜ ਹੈ ਤੁਸੀਂ ਉਹਦੇ ਉਤੇ ਪਹਿਰਾ ਦਿਉ।ਮੁਸ਼ਕਲ ਸਿਰਫ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਆਪਣੀ ਥਾਂ ਦੂਜਿਆਂ ਪ੍ਰਤੀ ਸੱਚਾ ਹੋਣ ਦਾ ਯਤਨ ਕਰਦੇ ਹੋ।
?ਸੁਰੋਦ ਸੁਦੀਪ- ਸ਼ਾਇਰੀ ਕਰਦਿਆਂ ਸ਼ਾਇਰ ਕੋਲ਼ੋਂ ਹਰ ਵੇਰਾਂ ਕੁਝ ਰਹਿ ਜਾਂਦਾ ਹੈ। ਇਉਂ ਤੁਹਾਡੇ ਕੋਲ਼ੋਂ ਵੀ ਕੁਝ ਰਹਿ ਜਾਂਦਾ ਰਿਹਾ ਹੋਊ। ਆਪਾਂ ਉਸ ਬਾਰੇ ਕੁਝ ਗੱਲ ਕਰੀਏ।
-ਹਰਿਭਜਨ ਸਿੰਘ- ਮੇਰੇ ਕੋਲ਼ੋਂ ਵੀ ਬਹੁਤ ਕੁਝ ਰਹਿ ਜਾਂਦਾ ਰਿਹਾ ਹੈ। ਉਸਦਾ ਕਾਰਨ ਵੀ ਇਹੋ ਹੁੰਦਾ ਹੈ ਕਿ ਕੁਝ ਗੱਲਾਂ ਮੈਂ ਆਪਣੇ ਆਪ ਨਾਲ਼ ਕਰਦਾ ਹਾਂ ਤੇ ਉਨਾਂ ਦਾ ਸਰੋਤਾ ਵੀ ਮੈਂ ਆਪ ਹੁੰਦਾ ਹਾਂ। ਪਰ ਮੁਸੀਬਤ ਇਹ ਹੈ ਕਿ ਜਿਹੜੀ ਸ਼ਾਇਰੀ ਮੈਂ ਲਿਖਣੀ ਹੈ ਉਹਦੇ ਵਿੱਚ ਕੋਈ ਦੂਜਾ ਬੰਦਾ ਵੀ ਖਲੋਤਾ ਹੈ। ਦੂਜੇ ਬੰਦੇ ਕੋਲ਼ ਜਾਣ ਤੱਕ ਗੱਲ ਬਦਲ ਜਾਂਦੀ ਹੈ। ਮੈਂ ਇਸਨੂੰ ਇਉਂ ਕਹਿੰਦਾ ਹਾਂ ਕਿ ਮੈਂ ਇੱਕ ਦਰਿਆ ਵਿੱਚ ਨੰਗਾ ਨਹਾ ਰਿਹਾ ਸੀ,ਪਾਣੀ ਵੀ ਨੰਗਾ ਸੀ, ਉਸਨੇ ਕੋਈ ਕੱਪੜੇ ਨਹੀ ਸੀ ਪਾਏ ਹੋਏ, ਹਾਲਾਤ ਇਹ ਹੈ ਕਿ ਅਸੀਂ ਦੋਵੇਂ ਹੀ ਬਹੁਤ ਸੁੱਖ ਵਿੱਚ ਸੀ ਤੁਸੀਂ ਬਾਹਰ ਖੜੇ ਸੀ। ਤੁਸੀਂ ਪਤਾ ਕੀ ਕਿਹਾ ਪਈ ਬਾਹਰ ਆ ਤੇਰੇ ਨਾਲ਼ ਗੱਲਾਂ ਕਰਨੀਆਂ ਨੇ। ਮੈਂ ਵੀ ਤੁਹਾਡੇ ਗੱਲਾਂ ਕਰਨ ਦੇ ਸ਼ੌਕ ਵਿੱਚ ਪਤਾ ਕੀ ਕਿਹਾ, ਠਹਿਰ ਜਾਉ ਮੈਂ ਪਹਿਲ਼ਾਂ ਕੱਪੜੇ ਪਾਉਂਦਾ ਹਾਂ। ਉਸ ਵੇਲੇ ਜਦ ਮੈਂ ਕੱਪੜੇ ਪਾਉਂਦਾ ਹਾਂ ਤਾਂ ਮੈਂ ਆਪਣੇ ਆਪ ਨੂੰ ਲੁਕਾਉਂਦਾ ਹਾਂ।ਕਵਿਤਾ ਲਿਖਦਿਆਂ ਤੁਸੀਂ ਲਫਜ਼ਾਂ ਦੀ ਵਰਤੋਂ ਕਰਦੇ ਹੋ ਤੇ ਇਹੀ ਕੱਪੜੇ ਨੇ ਜੋ ਤੁਸੀਂ ਕਵਿਤਾ ਨੂੰ ਪਾਉਣ ਦਿੱਤੇ। ਬਸ ਇਉਂ ਕੱਪੜਿਆਂ ਨੂੰ ਪੁਆਉਂਦਿਆਂ ਮੇਰੇ ਕੋਲ਼ੋਂ ਹਰ ਵਾਰ ਕੁਝ ਨਾ ਕੁਝ ਰਹਿ ਜਾਂਦਾ ਹੈ। ਜਿਸ ਜ਼ੁਬਾਨ ਵਿੱਚ ਤੁਸੀਂ ਆਪਣੇ ਆਪ ਨੂੰ ਪ੍ਰਗਟਾਂਉਂਦੇ ਹੋ ਉਸੇ ਜ਼ੁਬਾਨਵਿੱਚ ਲੁਕਾਉਂਦੇ ਵੀ ਹੋ। ਕਵਿਤਾ ਲ਼ਿਖਣ ਦੇ ਪ੍ਰੋਸੈਸ (ਕਾਰਜ) ਨੂੰ ਮੈਂ ਇਵੇਂ ਮੰਨਦਾ ਹਾਂ ਗੇਂਦ ਤੁਰੀ ਜਾਂਦੀ ਹੈ ਅਤੇ ਅਪਣੇ ਅਪ ਨੂੰ ਪ੍ਰਗਟਾਉਂਦੀ ਜਾਂਦੀ ਹੈ।

?ਸੁਰੋਦ ਸੁਦੀਪ- ਆਲੋਚਨਾ ਦਾ ਕਾਰਜ ਕਠਿਨ ਜਿਹੜਾ ਤੁਸਾਂ ਮਿਹਨਤ ਨਾਲ਼ ਕਮਾਇਆ ਹੈ। ਕਵਿਤਾ ਵੀ ਤੁਹਾਡੀ ਨਾਲ਼ ਨਾਲ਼ ਤੁਰਦੀ ਹੈ। ਇੱਕ ਖੇਤਰ ਨੂੰ ਦਲੀਲ ਦੀ ਲੋੜ ਹੈ ਤੇ ਦੂਜੇ ਨੂੰ ਭਾਵਾਂ ਦੀ ਇੱਕ ਤੋਂ ਦੂਜੇ ਵੱਲ ਜਾਂਦਿਆਂ ਤੁਹਾਨੂੰ ਕੋਈ ਔਖ ਤੇ ਨਹੀ ਆਉਂਦੀ ?
-ਹਰਿਭਜਨ ਸਿੰਘ- ਬਹੁਤ ਸਾਰੇ ਮੈਨੂੰ ਕਹਿੰਦੇ ਹਨ ਕਿ ਮੈਂ ਕਿਸੇ ਕਿਤਾਬ ਬਾਰੇ,ਕਵਿਤਾ ਬਾਰੇ ਭਾਸ਼ਨ ਜਾਂ ਆਲੋਚਨਾ ਕਰ ਰਿਹਾ ਹੁੰਦਾ ਹਾਂ ਤਾਂ ਸ਼ਾਇਰੀ ਹੀ ਰਚ ਰਿਹਾ ਹੁੰਦਾਂ ਹਾਂ। ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਕਵਿਤਾ ਲਿਖ ਰਹੇ ਹੁੰਦੇ ਹੋ ਤਾਂ ਉਦੋਂ ਤੁਸੀਂ ਦੁਨੀਆਂ ਜਹਾਨ ਦੀ ਆਲੋਚਨਾ ਹੀ ਕਰ ਰਹੇ ਹੁੰਦੇ ਹੋ। ਬਹੁਤੀ ਕਵਿਤਾ ਜਿਹੜੀ ਅੱਜਕਲ ਲਿਖੀ ਜਾ ਰਹੀ ਹੈ ਉਹੋ ਆਪਣੇ ਆਲ਼ੇ ਦੁਆਲੇ ਦੀ ਆਲੋਚਨਾ ਹੀ ਕਰ ਰਹੀ ਹੁੰਦੀ ਹੈ। ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਕਿ ਮੈਂ ਸ਼ਾਇਦ ਆਲੋਚਨਾ ਨਾਂ ਕਰਦਾ ਕੁਝ ਦੋਸਤਾਂ ਨੇ ਮੈਨੂੰ ਭੂਮਿਕਾ ਲਿਖਣ ਲਈ ਕਿਹਾ। ਮੈਂ ਲਿਖ ਦਿੱਤੀ ਮੈਂ ਦੋਸਤੀ ਨਿਭਾਂਉਂਦਾ ਸਾਂ। ਅਸਲ ਵਿੱਚ ਉਦੋਂ ਤਾਂ ਮੈਂ ਸ਼ਾਇਰੀ ਹੀ ਕਰ ਰਿਹਾ ਸਾਂ। ਮੇਰਾ ਇੱਕ ਦੋਸਤ ਸੀ ਰੱਬ ਉਹਨੂੰ ਸ਼ਾਂਤੀ ਬਖਸ਼ੇ। ਉਹਦਾ ਨਾਂ ਸੀ ਈਸ਼ਵਰ ਚਿਤਰਕਾਰ। ਆਪਣੀ ਪਹਿਲੀ ਪੁਸਤਕ ਬਾਰੇ ਉਨਾਂ ਨੇ ਮੈਨੂੰ ਕਿਹਾ-"ਕਾਕਾ ਤੂੰ ਇੱਸ ਪੁਸਤਕ ਦੀ ਭੂਮਿਕਾ ਲਿਖਣੀ ਹੈ। " ਮੇਰੇ ਵਾਸਤੇ ਇਹ ਹੁਕਮ ਸੀ। ਤਾਰਾ ਸਿੰਘ ਨੇ ਕਿਤਾਬ ਛਾਪੀ। ਹਜਾਰਾ ਸਿੰਘ ਗੁਰਦਾਸਪੁਰੀ ਨੇ ਛਾਪੀ। ਇਹ ਤਿੰਨੇ ਪੁਸਤਕਾਂ ਦੀਆਂ ਮੈਂ ਲੰਮੀਆਂ ਭੂਮਿਕਾ ਲਿਖੀਆਂ ਕੋਈ ਚੌਦਾਂ-ਚੌਦਾਂ ਸਫੇ। ਫਿਰ ਮੈਨੂੰ ਖਿਆਲ ਆਇਆ ਕਿ ਜਿੰਨਾਂ ਦੀਆਂ ਭੂਮਿਕਾ ਮੈਂ ਨਹੀਂ ਲਿਖੀਆਂ ਉਹ ਕਿੱਧਰ ਦੇ ਮਾੜੇ ਹਨ। ਮੈਂ ਉਨਾਂ ਦੀ ਇੱਕ ਇੱਕ ਕਵਿਤਾ ਲੈ ਕੇ ਆਪਣੇ ਵਿਚਾਰ ਪ੍ਰਗਟਾਏ। ਪਹਿਲਾਂ ਮੈਂ ਆਲੋਚਕ-ਅਲਾਚਕ ਕੋਈ ਨਹੀ ਸੀ। ਇਹ ਕੰਮ ਕਰਦਿਆਂ ਮੈਨੂੰ ਆਲੋਚਨਾਂ ਕਰਨੀ ਪਈ। ਦੂਜੀ ਗੱਲ ਮੈਂ ਪੰਜਾਬੀ ਦਾ ਅਧਿਆਪਿਕ (ਪ੍ਰੋਫੈਸਰ) ਬਣਿਆ। ਮੈਂ ਦੇਖਿਆ ਕਿ ਪੰਜਾਬੀ ਤਾਂ ਉਥੇ ਪੜ੍ਹਾਈ ਨਹੀ ਜਾਂਦੀ ਕਿਉਂਕਿ ਪੜਾਉਣ ਵੇਲੇ ਆਲੋਚਨਾਤਿਮਿਕ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਮੈਂ ਦੇਖਿਆ ਕਿ ਕਿਸੇ ਪਾਸ ਵੀ ਅੰਤਰ ਦ੍ਰਿਸ਼ਟੀ ਨਹੀਂ ਹੈ। ਤਾਂ ਮੈਂ ਸੋਚਿਆ ਕਿ ਮੈਨੂੰ ਇੰਨੀ ਵੱਡੀ ਪੱਦਵੀ ਦੇ ਦਿੱਤੀ ਗਈ ਹੈ ਜੇ ਮੈਂ ਧਿਆਨ ਆਲੋਚਨਾ ਵੱਲ ਨਾ ਦਿੱਤਾ ਤਾਂ ਬਹੁਤ ਵੱਡੀ ਬੇਇਨਸਾਫੀ ਹੋਵੇਗੀ। ਅਤੇ ਮੈਂ ਬਹੁਤ ਸਾਰਾ ਵਕਤ ਕਵਿਤਾ ਕੋਲੋਂ ਲੈ ਕੇ ਆਲੋਚਨਾ ਨੂੰ ਦੇ ਦਿੱਤਾ । ਫੇਰ ਮੈਂ ਸਾਲ ਸਾਲ ਕੋਈ ਕਵਿਤਾ ਨਹੀ ਲਿਖਦਾ। ਵਿੱਚੋਂ ਵਿਚੋਂ ਕਦੀ ਟੁੱਭੀ ਮਾਰ ਜਾਂਦਾ। ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਸਨ ਤੇ ਫੇਰ ਉਹ ਅਵਾਜਾਂ ਦਿੰਦੀਆਂ ਸਨ: "ਮਹਾਰਾਜ ਕਿੱਧਰ ਗਏ ਹੋ? ਏਧਰ ਆਉ!"

?ਸੁਰੋਦ ਸੁਦੀਪ- ਇੱਕ ਨਿਆਣਾ,ਇੱਕ ਬਾਲਕ ਪੋਲੇ ਜਿਹੇ ਤੁਹਾਡੀ ਕਵਿਤਾ ਦੇ ਕੋਲ਼ ਆਕੇ ਬੈਠ ਜਾਂਦਾ ਹੈ ਜਿਹੜਾ ਮਨ ਤੋਂ ਰੂਹ ਤੱਕ ਫੈਲਿਆ ਹੁੰਦਾ ਹੈ। ਇਹ ਬਾਲਕ ਕਹਿੰਦਾ ਹੈ 'ਸ਼ਾਇਰੀ' ਕਰ ਤੇ..... ਤੁਸੀਂ ਸ਼ਾਇਰੀ ਕਰਨ ਲੱਗ ਜਾਂਦੇ ਹੋ?
-ਹਰਿਭਜਨ ਸਿੰਘ- ਬਹੁਤੇ ਪੜੇ ਲਿਖੇ ਬੰਦੇ ਦੀ ਕਵਿਤਾ ਵਿੱਚ ਵੀ ਇੱਕ ਮਾਸੂਮੀਅਤ ਦਾ ਤੱਤ ਹੁੰਦਾ ਹੈ। ਜੇ ਬੰਦਾ ਜਿਆਦਾ ਹੀ ਚਤੁਰ ਹੋਵੇ, ਚਲਾਕ ਹੋਵੇ ਤਾਂ ਉਹ ਜਿੰਨਾ ਮਰਜੀ ਲਿਖੀ ਜਾਵੇ ਉਹ ਸ਼ਾਇਰੀ ਨਹੀ ਹੈ।
ਅੱਛਾ ਹੈ ਦਿਲ ਕੇ ਪਾਸ ਰਹੇ ਪਾਸਵਾਨਿ ਅਕਲ
ਕਭੀ ਕਭੀ ਇਸੇ ਤਨਹਾ ਭੀ ਛੋੜ ਦੋ
ਮੈਂ ਮਹਿਸੂਸ ਕਰਦਾ ਹਾਂ ਕਿ ਦੁਨੀਆਂ ਵਿੱਚ ਐਸੀਆਂ ਚੀਜਾਂ ਹਨ ਜਿੰਨਾ ਨੂੰ ਮੈਂ ਜਾਣਦਾ ਨਹੀਂ ਉਨਾਂ ਬਾਰੇ ਮੈਂ ਸਵਾਲ ਕਰਦਾ ਹਾਂ। ਬੜੇ ਮਾਸੂਮ ਜਿਹੇ ਸਵਾਲ। ਮੈਨੂੰ ਟੈਗੋਰ ਦਾ ਖਿਆਲ ਯਾਦ ਆਉਂਦਾ ਹੈ। ਉਹ ਕਹਿੰਦੇ ਹਨ ਕਿ ਮੇਰਾ ਮਨ ਮੇਰੇ ਕੋਲੋਂ ਪਤਾ ਨਹੀ ਉਂਗਲੀ ਛੁਡਾ ਕੇ ਕਿਉਂ ਦੌੜ ਜਾਂਦਾ ਹੈ। ਇਹ ਸਮੁੰਦਰ ਦੇ ਕੰਢੇ ਹੁੰਦਾ ਹੈ ਜਿੱਥੇ ਘੋਗੇ ਸਿੱਪੀਆਂ ਹੁੰਦੇ ਹਨ। ਇਹ ਉਨਾਂ ਨੂੰ ਚੁਗਣ ਲੱਗ ਪੈਂਦਾ ਹੈ। ਟੈਗੋਰ ਕਹਿੰਦੇ ਹਨ:
'ਕਿ ਮੇਰਾ ਮਨ ਮੇਰਾ ਕਹਿਣਾ ਨਹੀਂ ਮੰਨਦਾ। ਸਾਡੇ ਅੰਦਰ ਜੋ ਵੱਛਾ ਹੈ ਉਹ ਸਾਥੋਂ ਛੁੱਟ ਕੇ ਚਲਾ ਜਾਂਦਾ ਹੈ ਅਸੀਂ ਇੱਥੇ ਬੈਠੇ ਹੁੰਦੇ ਹਾਂ ਕਿ ਇਹ ਕਿਸੇ ਹੋਰ ਥਾਂ ਪਹੁੰਚਿਆ ਹੁੰਦਾ ਹੈ'। ਵਾਸਤਵਿਕਤਾ ਵਾਲਾ ਤੱਤ ਬੜਾ ਅਕਲ਼ਾਂ ਵਾਲਾ ਬੜਾ ਸਿਆਣਪ ਵਾਲਾ ਹੈ। ਕਲਪਨਾ ਵਾਲਾ ਸੰਸਾਰ ਉਸ ਬੱਚੇ ਦਾ ਹੈ ਜਿਸਦੀਆਂ ਤੁਸੀਂ ਗੱਲਾਂ ਕਰਦੇ ਹੋ। ਉਹ ਤੁਹਾਨੂੰ ਨਹੀਂ ਛੱਡਦਾ।'

?ਸੁਰੋਦ ਸੁਦੀਪ : ਸ਼ਾਇਰ ਆਪਣੇ ਗਲ਼ੋਂ ਕੀ ਭਾਰ ਲਾਹ ਕੇ ਸੁੱਟਣਾ ਚਹੁੰਦਾ ਹੈ?
ਹਰਿਭਜਨ ਸਿੰਘ-ਕਦੇ ਅਸੀਂ ਆਪਣੇ ਸਿਰ ਤੇ ਭਾਰ ਜਿਹਾ ਮਹਿਸੂਸ ਕਰਦੇ ਹਾਂ । ਅਸੀਂ ਦੁਨੀਆਂ ਦੇ ਦੁੱਖ ਤੋਂ ਪ੍ਰੇਸ਼ਾਨ ਹੁੰਦੇ ਹਾਂ। ਅਸੀਂ ਉਹ ਦੁੱਖ ਕਵਿਤਾ ਰਾਹੀਂ ਉਨਾਂ ਨੂੰ ਦੱਸਦੇ ਹਾਂ। ਸ਼ਾਇਰ ਭਾਰ ਹੀ ਨਹੀਂ ਲਾਹੁੰਦਾ ਹਮੇਸ਼ਾਂ ਕੁਝ ਚੰਗਾ ਚੰਗਾ ਵੀ ਸਾਝਾਂ ਕਰਦਾ ਹੈ। ਕਦੇ ਕਦੇ ਅਸੀਂ ਬਹੁਤ ਹਲਕੇ -ਫੁਲਕੇ ਜਿਹੇ ਮਹਿਸੂਸ ਕਰਦੇ ਹਾਂ। ਇੱਕ ਖੂਸ਼ਬੂ ਜਿਹੀ ਸਾਡੇ ਵਿੱਚ ਹੁੰਦੀ ਹੈ ਜਿਹੜੀ ਅਸੀਂ ਦੂਜਿਆਂ ਨਾਲ਼ ਸਾਂਝੀ ਕਰਨੀ ਚਹੁੰਦੇ ਹਾਂ। ਅਸੀਂ ਏਨੇ ਖੁਸ਼ ਹੁੰਦੇ ਹਾਂ ਕਿ ਹੋਰਾਂ ਨਾਲ਼ ਇਹ ਖੁਸ਼ੀ ਵੰਡਣ ਲੱਗਦੇ ਹਾਂ।

?ਸੁਰੋਦ ਸੁਦੀਪ : ਸ਼ਾਇਰ ਜਾਂ ਤਾਂ ਪ੍ਰੇਰਨਾ ਤੋਂ ਲਿਖਦਾ ਹੈ ਜਾਂ ਪ੍ਰਤੀਕਰਮ ਵਿੱਚੋਂ। ਇੱਕ ਹਾਂ ਮੁਖੀ ਹੈ ਦੂਜਾ 'ਨਾਹ' ਮੁਖੀ ਹੈ। ਦੋਹਾਂ ਵਿੱਚ ਕੋਈ ਅਜਿਹਾ ਪੁੱਲ਼ ਸਿਰਜਿਆ ਜਾ ਸਕਦਾ ਹੈ ਜਿਹੜਾ ਪ੍ਰਤੀਕਰਮ ਤੋਂ ਪ੍ਰੇਰਨਾ ਤੱਕ ਜਾਂਦਾ ਹੋਵੇ?
ਹਰਿਭਜਨ ਸਿੰਘ-ਜਿੰਦਗੀ ਵਿੱਚ ਬੰਦਾ ਜਾਣਦਾ ਨਹੀਂ ਹੁੰਦਾ ਪ੍ਰੇਰਨਾ ਦੇ ਕਈ ਸੋਮੇ ਹੁੰਦੇ ਨੇ। ਜਦੋਂ ਉਹ ਪ੍ਰਤੀਕਰਮ ਕਰ ਰਿਹਾ ਹੁੰਦਾ ਹੈ ਉਸ ਵੇਲੇ ਉਸਦੀ ਪ੍ਰੇਰਨਾ ਦਾ ਸੋਮਾ ਮੁੱਕਿਆ ਨਹੀਂ ਹੁੰਦਾ। ਉਸੇ ਪ੍ਰੇਰਨਾ ਦੀ ਸ਼ਕਤੀ ਨਾਲ਼ ਉਹ ਪ੍ਰਤੀਕਰਮ ਕਰ ਰਿਹਾ ਹੁੰਦਾ ਹੈ। ਮੈਂ ਤੈਨੂੰ ਆਪਣੀ ਗੱਲ ਦੱਸਾਂ ਕਿ ਮੇਰੀ ਪ੍ਰੇਰਨਾ ਦਾ ਸੋਮਾ ਇਕਾਂਤ ਹੈ,ਉਹ ਮੇਰੀ ਮਾਂ ਤੋਂ ਜਾਂ ਭੈਣ ਤੋਂ ਵਿਛੋੜਾ ਹੈ। ਜਦੋਂ ਕੋਈ ਭੈੜੀ ਗੱਲ ਹੋ ਰਹੀ ਹੋਵੇ ਉਦੋਂ ਇਹ ਸੋਮਾ ਪ੍ਰਤੀਕਰਮ ਵਾਸਤੇ ਪ੍ਰੇਰਨਾ ਦੇ ਰਿਹਾ ਹੁੰਦਾ ਹੈ। ਪ੍ਰੇਰਨਾ ਅਤੇ ਪ੍ਰਤੀਕਰਮ ਦੋਵੇਂ ਨਾਲ਼ ਨਾਲ਼ ਚੱਲ ਰਹੇ ਹੁੰਦੇ ਹਨ। ਮੈਂ ਆਮ ਤੌਰ ਤੇ ਆਪਣੇ ਦੁਸ਼ਮਣਾਂ ਨਾਲ਼ ਨਰਾਜ਼ ਨਹੀਂ ਹੁੰਦਾ ਅਤੇ ਕੋਸ਼ਿਸ਼ ਇਹ ਕਰਦਾ ਹਾਂ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਕੰਨੀ ਕੱਟ ਕੇ ਨਿਕਲ਼ ਜਾਂਵਾਂ। ਕਦੇ ਕਦੇ ਮੈਂ ਖਾਮੋਸ਼ ਵੀ ਹੋ ਜਾਂਦਾ ਹਾਂ। ਜਿਹੜਾ ਮੇਰੇ ਨਾਲ਼ ਨਰਾਜ਼ ਹੁੰਦਾ ਹੈ ਉਸਨੂੰ ਆਪਣੀ ਨਰਾਜ਼ਗੀ ਮੇਰੇ ਨਾਲ਼ ਲੁਕਾਉਣ ਦੀ ਲੋੜ੍ਹ ਨਹੀ ਕਿਉਂਕਿ ਆਮ ਤੌਰ ਤੇ ਉਹ ਜਾਣਦਾ ਹੈ ਕਿ ਏਸ ਬੰਦੇ ਨਾਲ਼ ਲੜਾਈ ਹੈ ਏਸ ਬੰਦੇ ਨੇ ਹਾਰਨਾ ਹੈ ਮੈਂ ਨਹੀਂ। ਮੈਂ ਆਪਣੇ ਦੁਸ਼ਮਣ ਨੂੰ ਆਪਣੀ ਮਾਂ ਦੀ ਕਵਿਤਾ ਪ੍ਰਤੀਕਰਮ ਵਜੋਂ ਸੁਣਾਉਦਾ ਹਾਂ-
ਵੈਰ ਜਦੋਂ ਮਹਿਫਿਲ ਵਿੱਚ ਬੋਲੇ
ਕੂੜ ਕਮਾਏ ਫੱਕੜ ਤੋਲੇ
ਬੋਲ ਵੀ ਤੇਰੇ ਹੋਣ ਅਲਬੇਲੇ
ਉਦੋਂ ਉਦੋਂ ਬੋਲੇ
ਮਾਂ ਬੁੱਧਵੰਤੀ
ਮਾਂ ਮੇਰੇ ਲਈ ਸਭ ਤੋਂ ਵੱਡੀ ਪ੍ਰੇਰਨਾ ਸਰੋਤ ਹੈ।

?ਸੁਰੋਦ ਸੁਦੀਪ : ਤੁਹਾਡੀ ਇੱਕ ਕਵਿਤਾ ਦੀਆਂ ਸਤਰਾਂ ਨੇ:
"ਜਦੋਂ ਮੇਰੇ ਸਿਰ ਤੇ ਅੱਗ ਦੀ ਕਲਗੀ ਬੱਝੀ
ਉਸੇ ਦਿਨ ਤੋਂ ਤੋਹਮਤ ਖੜੀ ਬਨੇਰੇ"
ਅੱਗ ਚਾਨਣ ਦੇਣ ਵਾਲੀ ਹੁੰਦੀ ਹੈ, ਵਿਨਾਸ਼ਕਾਰੀ ਵੀ ਅਤੇ ਵਰਤਣਯੋਗ ਵੀ। ਤੁਹਾਡੀ ਅੱਗ ਤੋਹਮਤਾਂ ਲੈ ਕੇ ਆਉਂਦੀ ਹੈ ਤੁਸੀਂ ਇਸਨੂੰ ਕਿਵੇਂ ਲੈਣਾ ਚਾਹੋਗੇ?

ਹਰਿਭਜਨ ਸਿੰਘ- ਇਹਦੇ ਵਿੱਚ ਦੋਵੇਂ ਗੱਲਾਂ ਨੇ। ਕਲਗੀ ਸਾਡੇ ਤੁਹਾਡੇ ਸਾਰਿਆਂ ਦੇ ਸਿਰ ਤੇ ਬੱਝਦੀ ਹੈ। ਉਦੋਂ ਜਦੋਂ ਤੁਸੀਂ ਪਿਆਰ ਵਾਲੀ ਜਗ੍ਹਾ ਢੁੱਕਦੇ ਹੋ। ਤੁਹਾਡੀ ਸ਼ਾਦੀ ਹੋਈ,ਸਿਹਰੇ ਬੱਝੇ ਕਲਗੀ ਬੱਝੀ, ਮੇਰੇ ਸਿਰ ਤੇ ਹਮੇਸ਼ਾਂ ਅੱਗ ਦੀ ਕਲਗੀ ਬੱਝਦੀ ਰਹੀ ਹੈ। ਅੱਗ ਦੀ ਲਾਟ। ਇਹ ਮੇਰੀ ਵਿਲੱਖਣਤਾ ਨੂੰ ਵੀ ਜਾਹਿਰ ਕਰਦੀ ਹੈ। ਦੂਜੇ ਇਹ ਮੇਰੇ ਸਿਰ 'ਤੇ ਪਈ ਹੋਈ ਬਿਪਤਾ ਨੂੰ ਵੀ ਉਜਾਗਰ ਕਰਦੀ ਹੈ। ਜੇ ਮੈਂ ਅੱਗ ਦੀ ਖੂਬਸੂਰਤੀ ਲਵਾਂ ਤਾਂ ਇਹ ਮੇਰੀ ਕਲਗੀ ਹੈ। ਜੇ ਅੱਗ ਨੇ ਮੈਨੂੰ ਸਾੜਨਾ ਹੈ ਤੇ ਇਹ ਮੇਰੀ ਦੁਸ਼ਮਣ ਹੈ। ਸੁੱਖ ਅਤੇ ਦੁੱਖ ਨੇਕਨਾਮੀ ਅਤੇ ਬਦਨਾਮੀ ਇਹ ਮੇਰੇ ਨਾਲ਼ ਤੁਰੀਆਂ ਜਾਂਦੀਆਂ ਹਨ।-
'ਨਾਮ ਵਾਲ਼ਾ ਹੈਂ ਤਾਂ ਉਠ ਬਦਨਾਮ ਹੋ
ਨਹੀਂ ਤਾਂ ਹੋਣੀ ਭੋਗ ਲੈ ਗੁੰਮਨਾਮ ਹੋਣ ਦੀ'
ਤੁਸੀਂ ਜੋ ਉਸਾਰਦੇ ਹੋ ਉਸਨੂੰ ਢਾਹੁਣ ਦਾ ਯਤਨ ਵੀ ਹੁੰਦਾ ਰਹਿੰਦਾ ਹੈ। ਇਹ ਲਗਾਤਾਰ ਤੁਰੇ ਜਾਂਦੇ ਨੇ।

?ਸੁਰੋਦ ਸੁਦੀਪ : ਇਹ ਸਮਾਂ ਸੀ 'ਟੁੱਕੀਆਂ ਜੀਭਾਂ ਵਾਲੇ' ਦਾ। ਉਦੋਂ ਬੂਹੇ-ਬਾਰੀਆਂ ਖੋਲ ਕੇ ਤੁਸੀਂ ਬਾਹਰ ਵੱਲ ਜਾ ਰਹੇ ਸੀ। ਉਦੋਂ ਕੋਈ ਗੱਲ ਸੀ ਕੋਈ ਕਹਾਣੀ ਪਿਆਰ ਵਾਲੀ ਕੋਈ ਗੱਲ ਹੈ ਤਾਂ ਉਹ ਵੀ ਦੱਸੋ?
ਹਰਿਭਜਨ ਸਿੰਘ- ਗੱਲਾਂ ਤਾਂ ਬਹੁਤ ਹੈਗੀਆਂ ਪਰ ਮੈਂ ਆਪਣੇ ਨਿੱਜੀ ਪਿਆਰ ਬਾਰੇ ਬੋਲਣ ਤੋਂ ਗੁਰੇਜ਼ ਕੀਤਾ ਹੈ। ਤੁਹਾਨੂੰ ਉਹ ਕਿਤੇ ਕਿਤੇ ਲੱਭ ਜਾਵੇ ਤਾਂ ਉਹ ਸੰਭਵ ਹੈ। ਪਰ ਬਹੁਤੀਆਂ ਅਵਾਜਾਂ ਉਹ ਹਨ ਜੋ ਮੈਂ ਆਪਣੇ-ਆਪ ਨੂੰ ਦਿੱਤੀਆਂ ਹਨ। ਬਹੁਤ ਦੂਰ ਤੱਕ ਮੈਂ ਆਪਣੇ-ਆਪ ਨੂੰ ਅਵਾਜਾਂ ਦਿੰਦਾ ਰਿਹਾ ਹਾਂ। ਏਥੇ ਗੱਲ ਇਹ ਨਹੀਂ ਹੈ ਕਿ ਮੈਂ ਤੁਹਾਡੀ ਗੱਲ ਨੂੰ ਕੱਟ ਰਿਹਾ ਹਾਂ। ਹਾਂ, ਮੇਰੀ ਜਾਤੀ ਮੁਹੱਬਤ ਬਾਰੇ ਤੱਤ ਆਉਂਦੇ ਹਨ। ਪਰ ਆਮ ਤੌਰ ਤੇ ਮੈਂ ਉਹਨਾਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਉਣ ਤੋਂ ਗੁਰੇਜ਼ ਕੀਤਾ ਹੈ।

?ਸੁਰੋਦ ਸੁਦੀਪ : ਜਿਵੇਂ ਅੰਮ੍ਰਿਤਾ ਜੀ ਦੀ ਕਵਿਤਾ ਵਿੱਚ ਸੁਤੰਤਰ ਰੂਹ ਦਾ ਸੰਕਲਪ ਆਉਂਦਾ ਹੈ ਉਵੇਂ ਤੁਹਾਡੀ ਕਵਿਤਾ ਵਿੱਚ ਵੀ ਇੱਕ ਸਤਰ ਹੈ-
"ਸਭ ਤੋਂ ਵੱਡਾ ਖੁਦਾ ਹੈ ਅਜਾਦੀ"
ਤੁਹਾਡੀ ਇੱਸ ਅਜਾਦੀ ਦਾ ਮੂੰਹ ਮੱਥਾ ਕਿਹੋ ਜਿਹਾ ਹੈ?

ਹਰਿਭਜਨ ਸਿੰਘ- ਮੈਂ ਤੁਹਾਨੂੰ ਏਥੇ ਇੱਕ ਗੱਲ ਦਸਦਾਂ ਹਾਂ ਅਜਾਦੀ ਵਿੱਚ ਗੁਲਾਮੀ ਦਾ ਤੱਤ ਛੁਪਿਆ ਹੁੰਦਾ ਹੈ । ਮੈਂ ਅਜਾਦ ਹੋ ਕੇ ਵੀ ਆਪਣੇ ਦੁਆਲੇ ਇੱਕ ਸੰਜਮ ਦਾ ਘੇਰਾ ਬਣਾ ਲੈਂਦਾ ਹਾਂ। ਧਾਰ ਲੈਂਦਾ ਹਾਂ ਕਿ ਇੱਸ ਤੋਂ ਅੱਗੇ ਨਹੀਂ ਜਾਣਾ। ਤੁਹਾਨੂੰ ਆਪਣੇ ਘਰ ਨੂੰ ਅੱਗ ਲਾਉਣ ਦੀ ਪੂਰੀ ਖੁੱਲ ਹੈ। ਪਰ ਨਾਲ਼ ਲੱਗਦੇ ਘਰ ਨੂੰ ਇਸਦਾ ਸੇਕ ਤੱਕ ਵੀ ਨਹੀਂ ਲੱਗਣਾ ਚਾਹੀਦਾ। ਬਾਵਾ ਬਲਵੰਤ ਦਾ ਇੱਕ ਸ਼ਿਅਰ ਮੈਨੂੰ ਯਾਦ ਆ ਰਿਹਾ ਹੈ:-
"ਅਵਾਰਾਗਰਦੀਆਂ ਅਜਾਦੀਆਂ ਵਿੱਚ ਫਰਕ ਹੈ ਕਾਫੀ"
ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਕਿਸੇ ਸੰਜਮ ਨੂੰ ਮੰਨਦੇ ਹੀ ਨਹੀਂ ਤਾਂ ਇਹ ਫਰੱਸਟਰੇਸ਼ਨ ਹੋਵੇਗੀ ਅਤੇ ਤੁਹਾਡੇ ਵਿੱਚ ਮਨੁੱਖਤਾ ਨਹੀਂ ਰਹੇਗੀ। ਜਦੋਂ ਮੁਲਕ ਦੀ ਅਜਾਦੀ ਦੀ ਗੱਲ ਕਰਦੇ ਹਾਂ ਤਾਂ ਮੈਂ ਘੱਟੋ-ਘੱਟ ਉਸ ਮੁਲਕ ਨਾਲ਼ ਬੱਝਾ ਹੋਇਆ ਹਾਂ। ਅਜਾਦੀ ਇਹ ਸਿਖਾਉਂਦੀ ਹੈ ਕਿ ਜੇ ਤੁਸੀਂ ਅਜਾਦੀ ਨਹੀਂ ਰੱਖੋਗੇ ਤਾਂ ਇਹ ਨਸ਼ਟ ਹੋ ਜਾਵੇਗੀ।

? ਸੁਰੋਦ ਸੁਦੀਪ : ਕਿਸੇ ਵੇਲ਼ੇ ਭਾਈ ਵੀਰ ਸਿੰਘ,ਧਨੀ ਰਾਮ ਚਾਤ੍ਰਿਕ, ਪ੍ਰੋ: ਪੂਰਨ ਸਿੰਘ ਵਰਗੇ ਸ਼ਾਇਰ ਕਵਿਤਾ ਲਿਖ ਰਹੇ ਸਨ। ਸਾਡੇ ਕੋਲ਼ ਬਹੁਤ ਪੁਰਾਣੇ ਮਾਡਲ ਵੀ ਹਨ। ਬੁੱਧ ਦਾ,ਸੂਫੀਆਂ ਦਾ, ਕਿੱਸਾਕਾਰਾਂ ਦਾ। ਕੀ ਨਵੇਂ ਕਵੀਆਂ ਨੂੰ ਅਸਲੋਂ ਹੀ ਕਿਸੇ ਮਾਡਲ ਦੀ ਲੋੜ ਨਹੀਂ?
ਹਰਿਭਜਨ ਸਿੰਘ-ਅਸੀਂ ਨਵੀਂ ਗੱਲ ਵੀ ਪੁਰਾਣੇ ਮਾਡਲਾਂ ਤੇ ਕਰ ਹਰੇ ਹਾਂ। ਮੈਂ ਇਹ ਵਾਕ ਵੀ ਨਵਾਂ ਬੋਲਿਆ ਹੈ। ਪਰ ਇਹ ਵਾਕ ਬੋਲਣ ਵਾਸਤੇ ਵੀ ਮੈਨੂੰ ਪੰਜਾਬੀ ਜੁਬਾਨ ਦੇ ਵਿਆਕਰਨ ਅਨੁਸਾਰ ਚੱਲਣਾ ਪਿਆ ਹੈ। ਮੈਂ ਇਹ ਕਹਿੰਦਾ ਹਾਂ ਕਿ ਕੁਝ ਵੀ ਨਵਾਂ ਨਹੀਂ ਤੇ ਮੈਂ ਨਵੀਂ ਗੱਲ ਵੀ ਪੁਰਾਣੀ ਨਾਲ਼ ਮੇਲ ਕੇ ਕਹਿੰਦੇ ਹਾਂ। ਨਹੀਂ ਤਾਂ ਗੱਲ ਸਮਝ ਨਹੀਂ ਆਏਗੀ। ਮੇਰੀ ਗੱਲ ਤੁਹਾਨੂੰ ਉਦੋਂ ਸਮਝ ਲੱਗੇਗੀ ਜਦੋਂ ਮੇਰੀ ਗੱਲ ਵਿੱਚ ਪੁਰਾਣੇ ਮਾਡਲ ਜੁੜੇ ਹੋਣਗੇ। ਮੈਂ ਕਹਿੰਦਾ ਹਾਂ ਕਿ ਮੇਰੀ ਸ਼ਖਸ਼ੀਅਤ ਦੀ ਰਚਨਾ ਇਉਂ ਹੋਈ ਕਿ ਮੈਂ ਪੰਜਾਬੀ ਸਮਾਜ ਵਿੱਚ ਪਲਿਆ ਹਾਂ। ਉਸ ਪੰਜਾਬੀ ਸਮਾਜ ਦੇ ਮਾਡਲ ਮੇਰੇ ਉਤੇ ਏਦਾਂ ਹੀ ਅਸਰਅੰਦਾਜ ਹੁੰਦੇ ਨੇ ਜਿਵੇਂ ਪੰਜਾਬੀ ਜ਼ੁਬਾਨ ਦੀ ਵਿਆਕਰਨ। ਜਦੋਂ ਮੈਂ ਕਵਿਤਾ ਲਿਖ ਰਿਹਾ ਹੁੰਦਾ ਹਾਂ ਤਾਂ ਮੈਂ ਸਹਿਜ-ਸੁਭਾਅ ਹੀ ਉਸਦੀ ਵਰਤੋਂ ਕਰ ਰਿਹਾ ਹੁੰਦਾ ਹਾਂ। ਮੇਰੀ ਜਿੰਦਗੀ ਵਿੱਚ ਕੁਝ ਸ਼ਾਇਰ ਆਏ ਨੇ ਜਿਹੜੇ ਤੁਹਾਡੀ ਜਿੰਦਗੀ ਵਿੱਚ ਨਹੀਂ ਆਏ। 1941-42 ਦੀ ਗੱਲ ਹੈ ਜਦੋਂ ਇੱਕ ਪੁਸਤਕ ਮੇਰੀ ਨਜ਼ਰ ਚੜੀ। ਇੱਸਦਾ ਨਾਂ ਸੀ ''ਮਨਆਈਆਂ"। ਇਹਦੀ ਕੀਮਤ ਦੋ ਜਾਂ ਤਿੰਨ ਰੁਪਏ ਸੀ। ਲੇਕਿਨ ਮੈਂ ਇਹ ਖਰੀਦ ਲਈ ਮੈਨੂੰ ਪੂਰਾ ਪਤਾ ਨਹੀਂ ਮੈਂ ਉਸਨੂੰ ਸ਼ਾਇਦ ਸੌ ਵਾਰੀ ਪੜਿਆ ਹੋਵੇ
ਦੇਸ਼ ਨਾਲ਼ ਦੀਆਂ ਹੱਦਾਂ ਟੱਪ ਜਾਂ
ਬੰਧਨ ਕੱਟ ਲਾਂ ਸਾਰੇ
...........
ਚੰਨ ਰਚ ਲਵਾਂ,ਸੂਰਜ ਰਚ ਲਵਾਂ
ਨਾਲ਼ੇ ਰਚ ਲਵਾਂ ਤਾਰੇ
ਤਾਂ ਵੀ ਸ਼ੱਕ ਕਰਾਂ ਨਾ ਤੇਰੀ ਹੋਂਦ ਬਾਰੇ

? ਸੁਰੋਦ ਸੁਦੀਪ : "ਇੱਕ ਦੂਜੇ ਨੂੰ ਮਿਲ਼ਕੇ ਸੜਕ ਤੇ ਝੂਠ ਵਾਂਗਰਾਂ
ਇੱਕ ਦੂਜੇ ਨੂੰ ਪਿੱਠਾਂ ਦੇ ਕੇ ਲੰਘ ਜਾਵਾਂਗੇ
ਰੱਬ ਨੇ ਮੈਥੋਂ ਕੀ ਲੈਣਾ
ਤੇ ਮੈਂ ਰੱਬ ਪਾਸੋਂ ਕੀ ਲੈਣਾ?"
ਡਾ: ਸਹਿਬ ਇਹ ਤੁਹਾਡੀ ਕਵਿਤਾ ਦੀਆਂ ਹੀ ਸਤਰਾਂ ਹਨ। ਪਰ ਜਦੋਂ ਤੁਸੀਂ ਮਾਈਕ ਕੋਲ਼ ਖੜੇ ਹੁੰਦੇ ਹੋ ਤੁਸੀਂ ਹੀ ਨਹੀਂ ਤੁਹਾਡਾ ਸਮੁੱਚ ਹੀ ਰੱਬ ਨੂੰ ਯਾਦ ਕਰਦਾ ਹੈ। ਇਹ ਆਤਮ ਵਿਰੋਧ ਕਿਸ ਤਰਾਂ ਦਾ ਹੈ?

ਹਰਿਭਜਨ ਸਿੰਘ- ਇਹ ਬੜੀ ਸੌਖੀ ਜਿਹੀ ਗੱਲ ਹੈ। ਮੇਰੇ ਕੋਲੋਂ ਰੱਬ ਬਾਰੇ ਆਮ ਪੁੱਛਿਆ ਜਾਂਦਾ ਹੈ ਅਤੇ ਮੈਂ ਕਹਿੰਦਾ ਹਾਂ, ਛੱਡੋ ਪਰ੍ਹੇ। ਰੱਬ ਨੇ ਜ਼ਾਹਿਰਾ ਤੌਰ 'ਤੇ ਆਕੇ ਕੋਈ ਮਦਦ ਨਹੀਂ ਕੀਤੀ ਹੁੰਦੀ । ਬਹੁਤ ਵੱਡੀ ਮੁਸੀਬਤ ਵਿੱਚ ਲੋਕ ਫਸ ਜਾਂਦੇ ਹਨ ਤਾਂ ਉਹਨਾਂ ਨੂੰ ਰੱਬ ਯਾਦ ਆਉਂਦਾ ਹੈ। ਪਰ ਮੈਂ ਕਹਿੰਦਾ ਹਾਂ ਕਿ ਜੇਕਰ ਤੁਹਾਨੂੰ ਰੱਬ ਤੇ ਯਕੀਨ ਨਹੀਂ ਤਾਂ ਵੀ ਆਪਣਾ ਕੋਈ ਰੱਬ ਬਣਾ ਲਉ। ਮੈਂ ਹੀ ਕਹਿੰਨਾ ਕਿ ਤੁਹਾਨੂੰ ਕੋਈ ਰੱਬ ਬਣਾਉਣ ਦੀ ਲੋੜ ਨਾ ਪਵੇ। ਤੁਸੀਂ ਏਨਾ ਸਵੱਸ਼ ਜੀਵਨ ਜੀਉ ਕਿ ਤੁਹਾਨੂੰ ਤੱਤੀ ਵਾਅ ਨਾ ਲੱਗੇ। ਦਿਨ ਦੇ ਦੋ ਵੱਜ ਗਏ ਸਨ। ਮਿੱਤਰ ਨੇ ਭਾਈ ਵੀਰ ਸਿੰਘ ਸਦਨ ਵਿਖੇ ਜਾਣਾ ਸੀ। ਮੈਂ ਉਹਨਾਂ ਤੋਂ ਥੋੜਾ ਅਗਾਂਹ ਜਾਣਾ ਸੀ। ਥ੍ਰੀਵੀਲਰ ਦੌੜ ਰਿਹਾ ਸੀ । ਇੱਕ ਖਾਮੋਸ਼ੀ। ਸਾਡੇ ਅੰਦਰ ਬਹੁਤ ਕੁਝ ਸੀ। ਹਰਾ-ਹਰਾ। ਉਹਨਾਂ ਦੀ ਦੀ ਉਤਰਨ ਵਾਲ਼ੀ ਥਾਂ ਆ ਗਈ ਸੀ । ਉਹ ੳਤਰੇ। ਮੈਂ ਪੋਲੇ ਜਿਹੇ ਉਹਨਾਂ ਦਾ ਹੱਥ ਦੱਬਿਆ । ਸੜਕ ਫੇਰ ਪਿੱਛੇ ਨੂੰ ਦੌੜਨ ਲੱਗੀ।

No comments:

Post a Comment