Saturday, September 23, 2017

ਭਾਈ ਘਨਈਆ: ਚਿਤਰਕਾਰ ਸੋਭਾ ਸਿੰਘ ਅਤੇ ਕ੍ਰਿਪਾਲ ਸਿੰਘ ਦੀ ਨਜ਼ਰ ਵਿਚ-ਜਗਤਾਰਜੀਤ:

ਮੇਘਲਾ ਜਨਵਰੀ-ਮਾਰਚ 2001 ਦੇ ਅੰਕ 'ਚ ਛਪਿਆ ਜਗਤਾਰਜੀਤ ਹੁਰਾਂ ਦਾ ਲੇਖ।
ਚਿੱਤਰਕਲਾ ਦੇ ਅਧਿਅਨ ਦੀਆਂ ਵਿਧੀਆਂ ਨਾਲ਼ ਜੋ ਭਾਈ ਘਨੱਈਆ ਦੇ ਸ਼ੋਭਾ ਸਿੰਘ ਅਤੇ ਕਿਰਪਾਲ ਸਿੰਘ ਦੁਆਰਾ ਬਣਾਏ ਚਿੱਤਰਾਂ ਦਾ ਪਰਸਪਰ ਅਧਿਅਨ ਕਰਦਾ ਇੱਕ ਲੇਖ

ਸਿੱਖ ਪੰਥ ਵਿਚ ਸੇਵਾ ਦਾ ਖਾਸ ਮਹੱਤਵ ਹੈ। ਸੇਵਾ ਦਾ ਜ਼ਿਕਰ ਚਲਦਿਆਂ ਹੀ ਭਾਈ ਘਨਈਆ ਦਾ ਨਾਂ ਆਪਣੇ-ਆਪ ਬੁੱਲਾਂ ਉੱਤੇ ਆ ਜਾਂਦਾ ਹੈ। ਉਹਨਾਂ ਜਿਹੀ ਨਿਰਵੈਰ ਭਾਵ ਸੇਵਾ ਦਾ ਹਵਾਲਾ ਸਿੱਖ ਪੰਥ ਤਾਂ ਕੀ ਜਗ ਵਿਚ ਹੋਰ ਕਿਧਰੇ ਨਹੀ ਮਿਲ਼ਦਾ।
ਉਹ ਪਹਿਲਾਂ ਗੁਰੁ ਹਰਰਾਇ ਸਹਿਬ ਦੇ ਸੰਪਰਕ ਵਿਚ ਆਏ ਤੇ ਆਪਣੇ ਕਰਮ ਕਾਰਨ ਗੁਰੁ ਤੇਗ ਬਹਾਦਰ ਅਤੇ ਗੁਰੁ ਗੋਬਿੰਦ ਸਿੰਘ ਦੇ ਨੇੜੇ ਹੋ ਗਏ। ਉਹਨਾਂ ਨੇ ਖੁਦ ਨੂੰ ਸੇਵਾ ਵਿਚ ਇਸ ਕਦਰ ਸਮਰਪਿਤ ਕੀਤਾ ਕਿ ਸਿੱਖ ਪੰਥ ਵਿਚ ਇਕ ਹੋਰ ਪੰਥ ਦੀ ਨੀਂਹ ਪਈ ਜਿਸ ਨੂੰ ਜਿਸ ਨੂੰ ਸਿੱਖ ਸੰਗਤ ਦਰਮਿਆਨ ਸਤਿਕਾਰ ਨਾਲ਼ 'ਸੇਵਾ ਪੰਥੀ' ਕਿਹਾ ਜਾਂਦਾ ਹੈ।
ਸੋਭਾ ਸਿੰਘ ਅਤੇ ਕ੍ਰਿਪਾਲ ਸਿੰਘ ਵੱਲੋਂ ਭਾਈ ਘਨਈਆ ਦੇ ਬਣਾਏ ਚਿਤਰਾਂ ਦੇ ਗੁਣ-ਲੱਛਣ ਪਛਾਨਣ ਤੋਂ ਪਹਿਲਾਂ ਉਹਨਾਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਲਾਹੇਵੰਦ ਰਹੇਗੀ।
ਭਾਈ ਘਨਈਆ ਦਾ ਜਨਮ ੧੬੪੮ ਈ: ਨੂੰ ਸੋਧਰਾ ਕਸਬੇ (ਅਜੋਕੇ ਪਾਕਿਸਤਾਨ) ਵਿਚ ਹੋਇਆ।ਇਹ ਕਸਬਾ ਵਜੀਰਾਬਾਦ ਦੇ ਨੇੜੇ ਹੈ। ਪਿਤਾ ਨੱਥੂ ਰਾਮ ਵਪਾਰੀ ਸਨ ਜਿਨ੍ਹਾਂ ਦਾ ਕੰਮ ਸ਼ਾਹੀ ਫੌਜਾਂ ਨੂੰ ਰਸਦ ਅੱਪੜਦੀ ਕਰਨਾ ਸੀ।ਪੈਸੇ ਦੀ ਕਮੀ ਨਾ ਹੋਣ ਦੇ ਕਾਰਨ ਖੁਸ਼ਹਾਲ ਜੀਵਨ ਨੇ ਸੰਸਾਰੀ ਹੋਣ ਦੀ ਬਜਾਇ ਉਨ੍ਹਾਂ ਨੂੰ ਸੇਵਾ, ਤਿਆਗ ਅਤੇ ਪ੍ਰਭੂ ਭਗਤੀ ਵੱਲ ਤੋਰ ਲਿਆ।ਘਰੋਂ ਜੋ ਪੈਸੇ ਮਿਲ਼ਦੇ ਉਹ ਸਾਧੂ, ਸੰਤਾਂ ਅਤੇਲੋੜ੍ਹਵੰਦਾਂ ਵਿਚ ਵੰਡ ਦਿੱਤੇ ਜਾਂਦੇ।ਜੇ ਕਿਸੇ ਸਾਧੂ ਸੰਤ ਦੀ ਆਮਦ ਦਾ ਪਤਾ ਚੱਲਦਾ ਤਾਂ ਉੱਤੇ ਜਾ ਕੇ ਸੇਵਾ ਦਾ ਕੰਮ ਸੰਭਾਲ ਲੈਂਦੇ।ਮਾਤਾ-ਪਿਤਾ ਨੇ ਸਮਝਾਉਣ ਦਾ ਯਤਨ ਕੀਤਾ ਪਰ ਪਰ ਜਦ ਮੋੜਾ ਨਾ ਪਿਆ ਤਾਂ ਉਹਨਾਂ ਘਰ ਵਿਚ ਹੀ ਇਕ ਕਮਰਾ ਬਣਾ ਦਿੱਤਾ। ਲੋੜ੍ਹ ਜਿੰਨੇ ਪੈਸੇ ਮਾਤਾ ਪਿਤਾ ਤੋਂ ਮਿਲ਼ਦੇ ਰਹੇ।
ਝਦ ਭਾਈ ਘਨਈਆ ਗੁਰੁ ਤੇਗ ਬਹਾਦਰ ਪਾਸ ਅਨੰਦਪੁਰ ਪਹੁੰਚੇ ਤਾਂ ਸੰਗਤ ਸੇਵਾ ਕਰਨ ਲੱਗੇ।ਉਪਰਾਂਤ ਉਹਨਾਂ ਲੰਗਰ ਅਤੇ ਘੋੜਿਆ ਦੀ ਦੇਖਭਾਲ ਆਪਣੇ ਜਿੰਮੇ ਲੈ ਲਈ।
ਗੁਰੂ ਜੀ ਭਾਈ ਘਨਈਆ ਦੀ ਸੇਵਾ ਤੋਂ ਪ੍ਰਸੰਨ ਹੋਏ ਤੇ ਕਿਹਾ, " ਤੁਸੀਂ ਕਿਸੇ ਹੋਰ ਥਾਂ ਜਾ ਕੇ ਆਪਣੀ ਸੇਵਾ ਜਾਰੀ ਰੱਖੋ"।
ਆਪਣੇ ਕਸਬੇ ਵੱਲ ਪਰਤਦਿਆਂ ਅਟਕ ਦੇ ਕੋਲ਼ ਜਗ੍ਹਾ 'ਤੇ ਪਿਆਸ ਲੱਗਣ ਕਾਰਨ ਰੁਕਣਾ ਪਿਆ। ਜਿਸ ਕੋਲ਼ੋਂ ਪਾਣੀ ਮੰਗਿਆ ਉਸ ਦੱਸਿਆ ਕਿ ਇੱਥੇ ਪਾਣੀ ਦੀ ਕਿਲਤ ਹੈ।ਪੀਣ ਲਈ ਪਾਣੀ ਨਾ ਦਿੱਤਾ। ਆਪਣੀ ਪਿਆਸ ਕਿਸੇ ਤਰ੍ਹਾਂ ਬੁਝਾ ਉਹਨਾਂ ਇੱਥੇ ਹੀ ਟਿਕਣ ਦਾ ਮਨ ਬਣਾ ਲਿਆ।ਥੋੜ੍ਹੀ ਵਿਥ 'ਤੇ ਵਗਦੀ ਨਦੀ 'ਚੋਂ ਘੜਾ ਭਰ ਲਿਆਉਂਦੇ। ਜਦ ਪਾਣੀ ਖਤਮ ਹੋ ਜਾਂਦਾ ਤਾਂ ਮੁੜ ਨਦੀ ਵੱਲ ਤੁਰ ਪੈਂਦੇ।ਉਹਨਾਂ ਵੱਲੋਂ ਆਰੰਭੀ ਸੇਵਾ ਦੀ ਕੀਰਤੀ ਇੱਧਰ-ਉਧਰ ਫੈਲ਼ਣ ਲੱਗੀ। ਆਪਣੇ ਤਿੰਨ-ਚਾਰ ਸਾਲ ਦੇ ਪੜਾਅ ਦੇ ਦੌਰਾਨ ਉਹਨਾਂ ਉੱਥੇ ਖੂਹ ਵੀ ਪੁਟਵਾਏ।
ਗੁਰੁ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਗੁਰੁ ਗੋਬਿੰਦ ਰਾਇ ਗੁਰਗੱਦੀ ਉੱਪਰ ਬੈਠੇ। ੧੬੭੮ ਵਿਚ ਭਾਈ ਘਨਈਆ ਦਸਮ ਗੁਰ ਪਾਸ ਆਨੰਦਪੁਰ ਆ ਗਏ। ਗਲ਼ ਵਿਚ ਮਸ਼ਕ ਜਾਂ ਸਿਰ ਉੱਪਰ ਘੜਾ, ਉਨ੍ਹਾਂ ਦੀ ਸੇਵਾ ਦੀ ਨਿਸ਼ਾਨੀ ਬਣ ਗਿਆ ਸੀ।
ਜਦ ਸਮਾਂ ਬਦਲਿਆ ਤਾਂ ਅਨੰਦਪੁਰ ਦੀ ਧਰਤੀ ਜੰਗ ਦੇ ਮੈਦਾਨ ਵਿਚ ਤਬਦੀਲ ਹੋ ਗਈ। ਇਕ ਪਾਸੇ ਸ਼ਾਸ਼ਤਰਾਂ ਦੇ ਆਪਸ ਵਿਚ ਟਕਰਾਉਣ ਦੀਆਂ ਆਵਜਾਂ ਤੇ ਬਾਰੂਦ ਦੀ ਬੋਅ। ਦੂਸਰੇ ਪਾਸੇ ਮਸ਼ਕ ਵਿਚੋਂ ਕਲ-ਕਲ ਦੀ ਅਵਾਜ ਨਾਲ਼ ਨਿਕਲ਼ਦਾ ਪਾਣੀ ਜਿਹੜਾ ਜ਼ਖਮੀ ਸਿਪਾਹੀਆਂ ਦੀ ਪਿਆਸ ਬੁਝਾ ਰਿਹਾ ਸੀ।