Saturday, September 23, 2017

ਭਾਈ ਘਨਈਆ: ਚਿਤਰਕਾਰ ਸੋਭਾ ਸਿੰਘ ਅਤੇ ਕ੍ਰਿਪਾਲ ਸਿੰਘ ਦੀ ਨਜ਼ਰ ਵਿਚ-ਜਗਤਾਰਜੀਤ:

ਮੇਘਲਾ ਜਨਵਰੀ-ਮਾਰਚ 2001 ਦੇ ਅੰਕ 'ਚ ਛਪਿਆ ਜਗਤਾਰਜੀਤ ਹੁਰਾਂ ਦਾ ਲੇਖ।
ਚਿੱਤਰਕਲਾ ਦੇ ਅਧਿਅਨ ਦੀਆਂ ਵਿਧੀਆਂ ਨਾਲ਼ ਜੋ ਭਾਈ ਘਨੱਈਆ ਦੇ ਸ਼ੋਭਾ ਸਿੰਘ ਅਤੇ ਕਿਰਪਾਲ ਸਿੰਘ ਦੁਆਰਾ ਬਣਾਏ ਚਿੱਤਰਾਂ ਦਾ ਪਰਸਪਰ ਅਧਿਅਨ ਕਰਦਾ ਇੱਕ ਲੇਖ

ਸਿੱਖ ਪੰਥ ਵਿਚ ਸੇਵਾ ਦਾ ਖਾਸ ਮਹੱਤਵ ਹੈ। ਸੇਵਾ ਦਾ ਜ਼ਿਕਰ ਚਲਦਿਆਂ ਹੀ ਭਾਈ ਘਨਈਆ ਦਾ ਨਾਂ ਆਪਣੇ-ਆਪ ਬੁੱਲਾਂ ਉੱਤੇ ਆ ਜਾਂਦਾ ਹੈ। ਉਹਨਾਂ ਜਿਹੀ ਨਿਰਵੈਰ ਭਾਵ ਸੇਵਾ ਦਾ ਹਵਾਲਾ ਸਿੱਖ ਪੰਥ ਤਾਂ ਕੀ ਜਗ ਵਿਚ ਹੋਰ ਕਿਧਰੇ ਨਹੀ ਮਿਲ਼ਦਾ।
ਉਹ ਪਹਿਲਾਂ ਗੁਰੁ ਹਰਰਾਇ ਸਹਿਬ ਦੇ ਸੰਪਰਕ ਵਿਚ ਆਏ ਤੇ ਆਪਣੇ ਕਰਮ ਕਾਰਨ ਗੁਰੁ ਤੇਗ ਬਹਾਦਰ ਅਤੇ ਗੁਰੁ ਗੋਬਿੰਦ ਸਿੰਘ ਦੇ ਨੇੜੇ ਹੋ ਗਏ। ਉਹਨਾਂ ਨੇ ਖੁਦ ਨੂੰ ਸੇਵਾ ਵਿਚ ਇਸ ਕਦਰ ਸਮਰਪਿਤ ਕੀਤਾ ਕਿ ਸਿੱਖ ਪੰਥ ਵਿਚ ਇਕ ਹੋਰ ਪੰਥ ਦੀ ਨੀਂਹ ਪਈ ਜਿਸ ਨੂੰ ਜਿਸ ਨੂੰ ਸਿੱਖ ਸੰਗਤ ਦਰਮਿਆਨ ਸਤਿਕਾਰ ਨਾਲ਼ 'ਸੇਵਾ ਪੰਥੀ' ਕਿਹਾ ਜਾਂਦਾ ਹੈ।
ਸੋਭਾ ਸਿੰਘ ਅਤੇ ਕ੍ਰਿਪਾਲ ਸਿੰਘ ਵੱਲੋਂ ਭਾਈ ਘਨਈਆ ਦੇ ਬਣਾਏ ਚਿਤਰਾਂ ਦੇ ਗੁਣ-ਲੱਛਣ ਪਛਾਨਣ ਤੋਂ ਪਹਿਲਾਂ ਉਹਨਾਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਲਾਹੇਵੰਦ ਰਹੇਗੀ।
ਭਾਈ ਘਨਈਆ ਦਾ ਜਨਮ ੧੬੪੮ ਈ: ਨੂੰ ਸੋਧਰਾ ਕਸਬੇ (ਅਜੋਕੇ ਪਾਕਿਸਤਾਨ) ਵਿਚ ਹੋਇਆ।ਇਹ ਕਸਬਾ ਵਜੀਰਾਬਾਦ ਦੇ ਨੇੜੇ ਹੈ। ਪਿਤਾ ਨੱਥੂ ਰਾਮ ਵਪਾਰੀ ਸਨ ਜਿਨ੍ਹਾਂ ਦਾ ਕੰਮ ਸ਼ਾਹੀ ਫੌਜਾਂ ਨੂੰ ਰਸਦ ਅੱਪੜਦੀ ਕਰਨਾ ਸੀ।ਪੈਸੇ ਦੀ ਕਮੀ ਨਾ ਹੋਣ ਦੇ ਕਾਰਨ ਖੁਸ਼ਹਾਲ ਜੀਵਨ ਨੇ ਸੰਸਾਰੀ ਹੋਣ ਦੀ ਬਜਾਇ ਉਨ੍ਹਾਂ ਨੂੰ ਸੇਵਾ, ਤਿਆਗ ਅਤੇ ਪ੍ਰਭੂ ਭਗਤੀ ਵੱਲ ਤੋਰ ਲਿਆ।ਘਰੋਂ ਜੋ ਪੈਸੇ ਮਿਲ਼ਦੇ ਉਹ ਸਾਧੂ, ਸੰਤਾਂ ਅਤੇਲੋੜ੍ਹਵੰਦਾਂ ਵਿਚ ਵੰਡ ਦਿੱਤੇ ਜਾਂਦੇ।ਜੇ ਕਿਸੇ ਸਾਧੂ ਸੰਤ ਦੀ ਆਮਦ ਦਾ ਪਤਾ ਚੱਲਦਾ ਤਾਂ ਉੱਤੇ ਜਾ ਕੇ ਸੇਵਾ ਦਾ ਕੰਮ ਸੰਭਾਲ ਲੈਂਦੇ।ਮਾਤਾ-ਪਿਤਾ ਨੇ ਸਮਝਾਉਣ ਦਾ ਯਤਨ ਕੀਤਾ ਪਰ ਪਰ ਜਦ ਮੋੜਾ ਨਾ ਪਿਆ ਤਾਂ ਉਹਨਾਂ ਘਰ ਵਿਚ ਹੀ ਇਕ ਕਮਰਾ ਬਣਾ ਦਿੱਤਾ। ਲੋੜ੍ਹ ਜਿੰਨੇ ਪੈਸੇ ਮਾਤਾ ਪਿਤਾ ਤੋਂ ਮਿਲ਼ਦੇ ਰਹੇ।
ਝਦ ਭਾਈ ਘਨਈਆ ਗੁਰੁ ਤੇਗ ਬਹਾਦਰ ਪਾਸ ਅਨੰਦਪੁਰ ਪਹੁੰਚੇ ਤਾਂ ਸੰਗਤ ਸੇਵਾ ਕਰਨ ਲੱਗੇ।ਉਪਰਾਂਤ ਉਹਨਾਂ ਲੰਗਰ ਅਤੇ ਘੋੜਿਆ ਦੀ ਦੇਖਭਾਲ ਆਪਣੇ ਜਿੰਮੇ ਲੈ ਲਈ।
ਗੁਰੂ ਜੀ ਭਾਈ ਘਨਈਆ ਦੀ ਸੇਵਾ ਤੋਂ ਪ੍ਰਸੰਨ ਹੋਏ ਤੇ ਕਿਹਾ, " ਤੁਸੀਂ ਕਿਸੇ ਹੋਰ ਥਾਂ ਜਾ ਕੇ ਆਪਣੀ ਸੇਵਾ ਜਾਰੀ ਰੱਖੋ"।
ਆਪਣੇ ਕਸਬੇ ਵੱਲ ਪਰਤਦਿਆਂ ਅਟਕ ਦੇ ਕੋਲ਼ ਜਗ੍ਹਾ 'ਤੇ ਪਿਆਸ ਲੱਗਣ ਕਾਰਨ ਰੁਕਣਾ ਪਿਆ। ਜਿਸ ਕੋਲ਼ੋਂ ਪਾਣੀ ਮੰਗਿਆ ਉਸ ਦੱਸਿਆ ਕਿ ਇੱਥੇ ਪਾਣੀ ਦੀ ਕਿਲਤ ਹੈ।ਪੀਣ ਲਈ ਪਾਣੀ ਨਾ ਦਿੱਤਾ। ਆਪਣੀ ਪਿਆਸ ਕਿਸੇ ਤਰ੍ਹਾਂ ਬੁਝਾ ਉਹਨਾਂ ਇੱਥੇ ਹੀ ਟਿਕਣ ਦਾ ਮਨ ਬਣਾ ਲਿਆ।ਥੋੜ੍ਹੀ ਵਿਥ 'ਤੇ ਵਗਦੀ ਨਦੀ 'ਚੋਂ ਘੜਾ ਭਰ ਲਿਆਉਂਦੇ। ਜਦ ਪਾਣੀ ਖਤਮ ਹੋ ਜਾਂਦਾ ਤਾਂ ਮੁੜ ਨਦੀ ਵੱਲ ਤੁਰ ਪੈਂਦੇ।ਉਹਨਾਂ ਵੱਲੋਂ ਆਰੰਭੀ ਸੇਵਾ ਦੀ ਕੀਰਤੀ ਇੱਧਰ-ਉਧਰ ਫੈਲ਼ਣ ਲੱਗੀ। ਆਪਣੇ ਤਿੰਨ-ਚਾਰ ਸਾਲ ਦੇ ਪੜਾਅ ਦੇ ਦੌਰਾਨ ਉਹਨਾਂ ਉੱਥੇ ਖੂਹ ਵੀ ਪੁਟਵਾਏ।
ਗੁਰੁ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਗੁਰੁ ਗੋਬਿੰਦ ਰਾਇ ਗੁਰਗੱਦੀ ਉੱਪਰ ਬੈਠੇ। ੧੬੭੮ ਵਿਚ ਭਾਈ ਘਨਈਆ ਦਸਮ ਗੁਰ ਪਾਸ ਆਨੰਦਪੁਰ ਆ ਗਏ। ਗਲ਼ ਵਿਚ ਮਸ਼ਕ ਜਾਂ ਸਿਰ ਉੱਪਰ ਘੜਾ, ਉਨ੍ਹਾਂ ਦੀ ਸੇਵਾ ਦੀ ਨਿਸ਼ਾਨੀ ਬਣ ਗਿਆ ਸੀ।
ਜਦ ਸਮਾਂ ਬਦਲਿਆ ਤਾਂ ਅਨੰਦਪੁਰ ਦੀ ਧਰਤੀ ਜੰਗ ਦੇ ਮੈਦਾਨ ਵਿਚ ਤਬਦੀਲ ਹੋ ਗਈ। ਇਕ ਪਾਸੇ ਸ਼ਾਸ਼ਤਰਾਂ ਦੇ ਆਪਸ ਵਿਚ ਟਕਰਾਉਣ ਦੀਆਂ ਆਵਜਾਂ ਤੇ ਬਾਰੂਦ ਦੀ ਬੋਅ। ਦੂਸਰੇ ਪਾਸੇ ਮਸ਼ਕ ਵਿਚੋਂ ਕਲ-ਕਲ ਦੀ ਅਵਾਜ ਨਾਲ਼ ਨਿਕਲ਼ਦਾ ਪਾਣੀ ਜਿਹੜਾ ਜ਼ਖਮੀ ਸਿਪਾਹੀਆਂ ਦੀ ਪਿਆਸ ਬੁਝਾ ਰਿਹਾ ਸੀ।

ਬਿਨਾਂ ਭੇਦ ਕੀਤਿਆਂ ਪਾਣੀ ਦੀ ਕੀਤੀ ਜਾ ਰਹੀ ਸੇਵਾ ਵਾਲ਼ਾ ਵਿਚਾਰ ਗੁਰਸਿੱਖਾਂ ਨੂੰ ਪਸੰਦ ਨਾ ਆਇਆ। ਗੁਰੁ ਜੀ ਨੇ ਜਦ ਇਸ ਬਾਬਤ ਭਾਈ ਘਨਈਆ ਤੋਂ ਪੁੱਛ ਕੀਤੀ ਤਾਂ ਉਹਨਾਂ ਦੇ ਕਹੇ ਸ਼ਬਦ ਮਹੱਤਵਪੂਰਨ ਹਨ , " ਮਹਾਰਾਜ, ਮੈਨੂੰ ਮੈਦਾਨੇ ਜੰਗ ਵਿਚ ਕੋਈ ਹਿੰਦੂ, ਸਿੱਖ, ਮੁਸਲਮਾਨ ਨਹੀ ਦਿਸ ਰਿਹਾ। ਮੈਨੂੰ ਸਭ ਵਿਚੋਂ ਤੁਸੀਂ ਹੀ ਦਿਸ ਰਹੇ ਹੋ। ਮੈਂ ਤਾਂ ਤੁਹਾਨੂੰ ਪਾਣੀ ਪਲਾ ਰਿਹਾ ਹਾਂ"।
ਸੇਵਾ ਵਿਚ ਰਮੇ ਗੁਰੂ ਸਿੱਖ ਦੇ ਬਚਨ ਸੁਣ ਗੁਰੁ ਜੀ ਬਹੁਤ ਪ੍ਰਸੰਨ ਹੋਏ। ਉਹਨਾਂ ਭਾਈ ਘਨਈਆ ਨੂੰ ਮਰਹਮ ਬਖਸ਼ੀ ਤੇ ਕਿਹਾ ਕਿ ਤੁਸੀਂ ਜਖਮੀਆਂ ਨੂੰ ਪਾਣੀ ਪਿਲਾਣ ਦੇ ਨਾਲ਼-ਨਾਲ਼ ਉਹਨਾਂ ਦੇ ਜਖਮਾਂ ਉਪਰ ਮਰਹਮ ਵੀ ਲਗਾਇਆ ਕਰੋ।
ਸਿੱਖ ਦੇ ਵਿਚਾਰ ਨੂੰ ਗੁਰੂ ਜੀ ਦੀ ਸਹਿਮਤੀ ਅਤੇ ਹਮਾਇਤ ਮਿਲ਼ਨ ਦੇ ਉਪਰੰਤ ਅਣਉਚਰਿਆ ਨੇਮ ਬਣ ਗਿਆ ਕਿ ਗੁਰਸਿੱਖਾਂ ਦਾ ਜੀਵਨ ਇਸੇ ਲੀਹ ਉੱਪਰ ਚੱਲੇ।
ਸੇਵਾ ਪੰਥੀ ਸੰਪ੍ਰਦਾਇ ਦਾ ਪ੍ਰਮੁੱਖ ਡੇਰਾ ਗੁਨਿਆਣਾ ਮੰਡੀ (ਬੰਿਠਡਾ) ਵਿਖੇ ਸਥਿਤ ਹੈ।
ਭਾਈ ਘਨਈਆ ਦੀ ਜੀਵਨ ਸ਼ੈਲੀ ਨੇ ਵਿਚਾਰ ਅਤੇ ਕਰਮ ਦੇ ਪੱਧਰ 'ਤੇ ਜਨਸਧਾਰਣ ਦੇ ਇਲਾਵਾ ਲੇਖਕਾਂ ਅਤੇ ਕਈ ਚਿਤਰਕਾਰਾਂ ਨੂੰ ਆਪਣੇ ਵੱਲ ਖਿਚਿਆ ਹੈ। ਚਿਤਰਕਾਰਾਂ 'ਚੋਂ ਸੋਭਾ ਸਿੰਘ ਨੇ ਭਾਈ ਘਨਈਆ ਦੀਆਂ ਇਕ ਤੋਂ ਵੱਧ ਪੇਂਟਿਗਾਂ ਬਣਾਈਆਂ ਹਨ।ਇਹਨਾਂ ਵਿਚਾਲੇ ਰੂਪ ਭੇਦ ਜਿਆਦਾ ਨਹੀ  ਸਭ ਚਿਤਰਾਂ ਦਾ ਸਰੋਤ ਉਪਰੋਕਤ ਕਥਾ ਹੈ।
ਸੋਭਾ ਸਿੰਘ ਨੇ ਪਹਿਲਾ ਚਿਤਰ ੧੯੬੦ ਵਿਚ ਸੇਵਾ ਪੰਥ ਦੇ ਤਤਕਾਲੀ ਮੁਖੀ ਦੇ ਕਹੇ ਸਦਕਾ ਤਿਆਰ ਕੀਤਾ।ਉਹ ਚਿਤਰ ਉਸ ਡੇਰੇ ਵਿਚ ਅੱਜ ਵੀ ਸ਼ੁਸ਼ੋਭਿਤ ਹੈ। ਸਿੱਖ ਇਤਿਹਾਸ ਨੂੰ ਚਿਤਰਨ ਵਾਲ਼ੇ ਦੂਜੇ ਚਿਤੇਰੇ ਕ੍ਰਿਪਾਲ ਸਿੰਘ ਵੀ ਹਨ।ਉਹਨਾਂ ਨੇ ਵੀ ਤਨਦੇਹੀ ਨਾਲ਼ ਗੁਰੂਆਂ,ਪੀਰਾਂ ਅਤੇ ਯੋਧਿਆਂ ਦੇ ਚਿਤਰ ਪੇਂਟ ਕੀਤੇ ਹਨ।ਇਹਨਾਂ ਸਭ ਕਿਰਤਾਂ ਦਾ ਸੁਭਾਅ ਵੱਖਰਾ ਹੈ। ਕ੍ਰਿਪਾਲ ਸਿੰਘ ਨੇ ਵੀ ਭਾਈ ਘਨਈਆ ਦਾ ਰੂਪ ਚਿਤਰਿਆ ਹੈ। ਦੋਹਾਂ ਚਿਤਰਕਾਰਾਂ ਨੇ ਇਕੋ ਵਿਅਕਤਿਤਵ ਨੂੰ ਵੱਖਰੀ ਤਰ੍ਹਾਂ ਪੇਸ਼ ਕੀਤਾ ਹੈ।ਸੋਭਾ ਸਿੰਘ ਦੀ ਭਾਈ ਘਨਈਆ ਵਾਲ਼ੀ ਤਸਵੀਰ ਦੇਖ ਪ੍ਰਤੀਤ ਹੁੰਦਾ ਹ ੈਚਿਤਰਕਾਰ ਆਪਣੇ ਢੰਗ ਨਾਲ਼ ਭਾਈ ਘਨਈਆ ਸਹਿਬ ਨੂੰ ਚਿਤਵ ਕੇ ਸਮੂਰਤ ਕਰ ਰਹੇ ਹਨ।
ਚਿੱਤਰ ਖੜੇ ਰੁਖ ਹੈ।ਵੇਰਵੇ ਅਨੁਸਾਰ ਇਹ ਥਾਂ ਮੈਦਾਨੇ ਜੰਗ ਵਿਚ ਹੋਣੀ ਚਾਹੀਦੀ ਹੈ।ਪੈਰੋਂ ਨੰਗੇ ਭਾਈ ਘਨਈਆ ਦੀ ਪਿੱਠ ਪਿੱਛੇ ਮਸ਼ਕ ਸ਼ੁਸ਼ੋਭਿਤ ਹੈ ਅਤੇ ਮੋਢੇ 'ਤੇ ਥੈਲਾ (ਸੰਭਵ ਹੈ ਕਿ ਇਸ ਵਿਚ ਗੁਰੁ ਜੀ ਵੱਲੋਂ ਦਿੱਤੀ ਮਰਹਮ ਪੱਟੀ ਹੈ) ਲਟਕਿਆ ਹੋਇਆ ਹੈ। ਇਹ ਦੋਵੇਂ ਵਸਤਾਂ ਉਨ੍ਹਾਂ ਦੇ ਸ਼ਸ਼ਤਰ ਅਤੇ ਸ਼ਾਸ਼ਤਰ ਹਨ।ਸੋਭਾ ਸਿੰਘ ਦੀ ਪੇਂਟਿਗ ਤੋਂ ਸੂਹ ਮਿਲ਼ਦੀ ਹੈ ਕਿ ਇਹ ਦ੍ਰਿਸ਼ ਉਹ ਵੇਲ਼ੇ ਦਾ ਹੈ ਜਦ ਇਧਰ ਦੀ ਗੱਲ ਉਧਰ ਕਰਨ ਵਾਲ਼ੇ ਸਿੰਘ ਦਸਮ ਗੁਰੂ ਨੂੰ ਜਾ ਦੱਸਦੇ ਹਨ ਕਿ ਮੈਦਾਨ ਵਿਚ ਪਾਣੀ ਦੀ ਸੇਵਾ ਕਰ ਰਹੇ ਭਾਈ ਘਨਈਆ ਆਪਣੇ ਅਤੇ ਦੁਸ਼ਮਣ ਵਿਚਾਲੇ ਫਰਕ ਨਹੀ ਕਰ ਪਾ ਰਹੇ। ਉਹ ਸਿੱਖਾਂ (ਆਪਣਿਆ) ਤੇ ਮੁਗਲਾਂ ਪਰਾਇਆਂ ਨੂੰ ਸਮ ਕਰ ਜਾਣ ਰਹੇ ਹਨ। ਵਿਚਾਰ ਅਤੇ ਕਰਮ ਦਾ ਵਿਸਥਾਰ ਇਹ ਹੈ ਕਿ ਗੁਰੁ ਜੀ ਆਪਣੇ ਸਿੱਖ ਨੂੰ ਇੰਝ ਕਰਨ ਤੋਂ ਰੋਕਦੇ ਨਹੀ ਅਤੇ ਮਰਹਮ ਪੱਟੀ ਦਾ ਥੈਲਾ ਖੱਬਿਉਂ ਸੱਜੇ ਵੱਲ। ਚਿਤਰਕਾਰ ਵੱਲੋਂ ਅਪਣਾਈ ਇਹ ਜੁਗਤ ਸਾਡਾ ਧਿਆਨ ਗੁਰੁ ਹਰਗੋਬਿੰਦ ਵੱਲੋਂ ਧਾਰਨ ਕੀਤੀਆਂ ਮੀਰੀ- ਪੀਰੀ ਦੀਆਂ ਕ੍ਰਿਪਾਨਾਂ ਵੱਲ ਲੈ ਜਾਂਦੀ ਹੈ।ਜੇ ਕ੍ਰਿਪਾਨ ਸ਼ਾਸ਼ਤਰ ਹੋਣ ਨਾਲ਼ ਮਜ਼ਲੂਮ ਦੀ ਰੱਖਿਅਕ ਵੀ ਹੈ ਤਾਂ ਇਹ ਉਸਦਾ ਪ੍ਰਤੀਰੂਪਕ ਬਦਲ ਹੈ। ਦੋਹਾਂ ਰੀਤਾਂ ਦਾ ਚਲਨ ਗੁਰੁ ਘਰੋਂ ਹੋਇਆ ਹੈ।ਸਧਾਰਣ ਜਨ, ਲੇਖਕ, ਚਿਤਰਕਾਰ ਆਪੋ-ਆਪਣੇ ਤਰੀਕੇ ਨਾਲ਼ ਵਾਪਰ ਚੁੱਕੀਆਂ ਘਟਨਾਵਾਂ ਨੂੰ ਦ੍ਰਿੜਾਉਂਦੇ ਰਹਿੰਦੇ ਹਨ। ਇਹ ਛਬ ਜੋ ਚਿਤਰਕਾਰ ਨੇ ਤਿਆਰ ਕੀਤੀ ਹੈ ਇਸੇ ਦੀ ਉਦਾਹਰਣ ਹੈ।
ਇਸ ਪੇਂਟਿਂਗ ਵਿਚ ਭਾਈ ਘਨਈਆ ਦਾ ਲਿਬਾਸ ਸਫੈਦ ਹੈ। ਸਿਰ ਬੱਝੀ ਸਫੈਦ ਪੱਗ ਬੰਨਣ ਦੀ ਵਿਧੀ ਥੋੜ੍ਹੀ-ਥੋੜ੍ਹੀ ਮੁਗਲਾਂ ਦੀ ਲੱਗਦੀ ਹੈ। ਉਸਦੇ ਬਾਅਦ ਸ਼ਾਂਤ ਚਿਤ ਚਿਹਰਾ ਦਿਖਾਈ ਦਿੰਦਾ ਹੈ ਉਸਦੀਆਂ ਅੱਖਾਂ ਵਿਚ ਖੁਮਾਰੀ ਹੈ। ਕਮਰਕੱਸਾ ਪੀਲੇ ਰੰਗ ਦਾ ਹੈ। ਇਦਾਂ ਇਹ ਕਿਰਦਾਰ ਸਾਦਗੀ ਵੱਲ਼ਾ ਹੈ। ਪਿਛੋਕੜ ਵੀ ਸਧਾਰਣ ਹੈ, ਚਟਕੀਲੇ ਰੰਗਾਂ ਤੋਂ ਪਰਹੇਜ਼ ਕੀਤਾ ਹੋਇਆ ਹੈ।
ਮਸ਼ਕ ਵਿਚੋਂ ਨਿਕਲਦਾ ਪਾਣੀ ਪੀਣ ਵਾਲ਼ੇ ਦੀ ਬੁੱਕ ਵਿਚ ਨਿਰੰਤਰ ਪੈ ਰਿਹਾ ਹੈ। ਭਾਂਵੇ ਕਿ ਪੀਣ ਵਾਲ਼ੇ ਦਾ ਸਰੂਪ ਵਧੇਰੇ ਸ਼ਪਸ਼ਟ ਨਹੀ।
ਸੋਭਾ ਸਿੰਘ ਦੇ ਸਮਕਾਲ਼ੀ ਚਿਤਰਕਾਰਾਂ ਵਿਚੋਂ ਕ੍ਰਿਪਾਲ ਸਿੰਘ ਵੀ ਰਹੇ ਹਨ ਜਿਨ੍ਹਾਂ ਨੇ ਗੁਰੁਆਂ , ਸਿੱਖ ਯੋਧਆਂ, ਸਿੱਖਾਂ ਦੀਆਂ ਮੁਗਲਾਂ ਨਾਲ਼ ਹੋਈਆਂ ਲੜ੍ਹਾਈਆਂ ਦੇ ਪਾਏਦਾਰ ਦ੍ਰਿਸ਼ ਚਿਤਰਿਤ ਕੀਤੇ ਹਨ।
ਦੋ ਸਮਕਾਲੀ ਚਿਤੇਰਿਆਂ ਵੱਲੋਂ ਇਕੋ ਵਿਸ਼ੇ ਦਾ ਨਿਭਾਅ ਕਰਦੇ ਚਿਤਰਾਂ ਨੂੰ ਚਿਤਾਰਨ ਦਾ ਅਰਥ ਕਿਸੇ ਨੂੰ ਛੁਟਿਆਇਆ ਜਾਣਾ ਨਹੀ ਬਲਕਿ ਇਹਨਾਂ ਦੇ ਮੂਲ ਗੁਣ-ਲੱਛਣਾ ਤੱਕ ਇਸੇ ਤਰ੍ਹਾਂ ਪਹੁੰਚਿਆ ਜਾ ਸਕਦਾ ਹੈ।
ਦੋ ਸਮਕਾਲੀ ਇਕ ਵਿਸ਼ੇ ਨੂੰ ਕਿਵੇਂ ਦੇਖਦੇ-ਵਿਚਾਰਦੇ ਹਨ ਜਾਂ ਘਟਨਾ ਦੇ ਸੰਦਰਭਾਂ ਨੂੰ ਕਿਵੇ ਪ੍ਰਗਟਾਉਂਦੇ-ਲੁਕਾਉਂਦੇ ਹਨ ਆਦਿ ਇਸੇ ਤਰੀਕੇ ਨਾਲ਼ ਜਾਣੇ ਜਾ ਸਕਦੇ ਹਨ।ਦੋਹਾਂ ਦੀ ਸਿੱਖ ਧਰਮ ,ਗੁਰੂਆਂ ਪ੍ਰਤੀ ਅਥਾਹ ਸ਼ਰਧਾ ਹੈ। ਇਸ ਦੇ ਬਾਵਜੂਦ ਚਿੱਤਰ ਤਿਆਰ ਕਰਦੇ ਸਮੇਂ,ਇਕ ਦਾ ਵਿਚਾਰ ਦੂਜੇ ਨਾਲ਼ ਮੇਲ਼ ਨਹੀਂ ਖਾਂਦਾ। ਦੋਹਾਂ ਕਿਰਤਾਂ ਵਿਚ ਵਖਰੇਵਾਂ ਇਕ ਨੂੰ ਆਦਰਸ਼ ਵੱਲ ਲੈ ਜਾਂਦਾ ਹੈ ਜਦ ਦੂਸਰੇ ਨੂੰ ਯਥਾਰਥ ਵੱਲ।
ਸਭ ਤੋਂ ਪਹਿਲਾਂ ਪੇਂਟਿਂਗ ਫਰੇਮ ਵੱਲ ਧਿਆਨ ਜਾਂਦਾ ਹੈ। ਸੋਭਾ ਸਿੰਘ ਵੱਲੋਂ ਖੜੇ ਰੁਖ ਵਰਤੇ ਕੈਨਵਸ ਦੀ ਸਾਰੀ ਸਪੇਸ ਭਾਈ ਘਨਈਆ ਨੇ ਘੇਰੀ ਹੋਈ ਹੈ। ਕੋਈ ਹੋਰ ਤੱਤ ਹੈ ਹੀ ਨਹੀਂ। ਜੇ ਕੁਝ ਹਨ ਤਾਂ ਉਹ ਮੱਧਮ ਹਨ। ਕ੍ਰਿਪਾਲ ਸਿੰਘ ਦਾ ਕੈਨਵਸ ਪਏ ਰੁਖ ਹੈ ਜਿਸਦੇ ਸੱਜੇ ਪਾਸੇ ਵੱਲ ਭਾਈ ਘਨਈਆ ਹਨ ਤਾਂ aਹਨਾਂ ਦੇ ਉੱਥੇ ਹੋਣ ਦੇ ਸੰਦਰਭ ਵੀ ਮੌਜੂਦ ਹਨ।
ਘਾਇਲ ਮੁਗਲ ਸਿਪਾਹੀ ਨੂੰ ਪਾਣੀ ਪਿਲਾਇਆ ਜਾ ਰਿਹਾ ਹੈ।ਥੋੜ੍ਹਾ ਹੱਟ ਕੇ ਪਾਣੀ ਉਡੀਕਦੇ ਸਿੱਖ ਸਿਪਾਹੀ ਦੀ ਨਜ਼ਰ ਵੀ ਉੱਧਰ ਟਿਕੀ ਹੋਈ ਹੈ। ਉਸਦੀਆਂ ਅੱਖਾਂ ਵਿਚ ਦੁਸ਼ਮਣ ਵਾਸਤੇ ਕ੍ਰੋਧ ਅਤੇ ਘ੍ਰਿਣਾ ਹੈ। ਨੇੜੇ ਹੀ ਤੋਪ ਦੇ ਇਲਾਵਾ ਆਪਣੇ ਹੱਥ ਫੜੇ ਨੇਜੇ ਨਾਲ਼ ਦੁਸ਼ਮਣ ਨੂੰ ਵਿੰਨ ਰਿਹਾ ਹੈ। ਹੋਰ ਕਾਫੀ ਕੁਝ ਜਿਹੜਾ ਭਾਵੇਂ ਸਪਸ਼ਟ ਦਿਖਾਈ ਨਹੀ ਦੇ ਰਿਹਾ। ਪਰ ਸਹਿਜੇ ਗਿਆਨ ਹੋ ਜਾਂਦਾ ਹੈ ਕਿ ਇਹ ਦ੍ਰਿਸ਼ ਮੈਦਾਨੇ ਜੰਗ ਦਾ ਹੈ।
ਇੱਥੇ ਹੀ ਦੂਰ ਪਿਛੱਕੜ ਵਿਚ ਹਲਕਾ ਧੁੰਦਲਾ ਕਿਲਾ ਵੀ ਹੈ। ਅਨੁਮਾਨ ਲਗਾ ਸਕਦੇ ਹਾਂ ਕਿ ਆਨੰਦਪੁਰ ਦਾ ਕਿਲਾ ਹੈ ਕਿਉਂਕਿ ਸਿੱਖਾਂ ਅਤੇ ਮੁਗਲਾਂ ਵਿਚਕਾਰ ਲੜ੍ਹਾਈ ਇਸੇ ਥਾਂ ਹੋਈ ਸੀ।
ਸੋਭਾ ਸਿੰਘ ਦੀ ਪੇਂਿਟਗ ਇਹ ਨਹੀਂ ਦੱਸਦੀ ਕਿ ਚਿਤਰਿਤ ਥਾਂ ਲੜਾਈ ਦਾ ਮੈਦਾਨ ਹੈ। ਏਦਾਂ ਦਾ ਕੋਈ ਸੰਕੇਤਕ ਵੇਰਵਾ ਨਹੀਂ। ਰਚਨਾ ਵਿਚ ਕਿਸੇ ਤਰ੍ਹਾਂ ਦੀ ਪਹਿਲ-ਦੂਜ ਨਹੀਂ, ਸਿਰਫ ਤੇ ਸਿਰਫ ਭਾਈ ਘਨਈਆ ਹੀ ਦਿਸਦੇ ਹਨ।ਉਹਨਾਂ ਦੀ ਪਿਠ ਪਿੱਛੇ ਟਿਕੀ ਮਸ਼ਕ ਦੇ ਮੂੰਹੋਂ ਲਿਕਲ਼ਦਾ ਨਿਰੰਤਰ ਪਾਣੀ ਜਖਮੀ ਸਿਪਾਹੀ ਨਹੀਂ ਬਲਕਿ ਕਿਸੇ ਵਿਅਕਤੀ ਦੀ ਬੁੱਕ ਵਿਚ ਪੈ ਰਿਹਾ ਹੈ।
ਫਰੇਮ ਦਾ ਅਕਾਰ ਜੋ ਕੰਮ ਕਰ ਰਿਹਾ ਹੈ ਪਛਾਨਣਯੋਗ ਹੈ, ਪ੍ਰਸੰਸਾਯੋਗ ,ਵੀ ਪਰ ਪਾਣੀ ਕਿਸਦੇ ਮੂੰਹ ਪੈ ਰਿਹਾ ਹੈ ਉਹ ਵਿਅਕਤੀ ਨਹੀ ਗਲੋਬ ਹੈ ਜਿਸਦੀ ਬਾਹਰੀ ਪਰਤ ਵਧਾ ਕੇ ਵਿਅਕਤੀ ਦਾ ਅਸ਼ਪਸ਼ਟ 'ਪ੍ਰੋਫਾਈਲ' ਬਣਾ ਦਿੱਤਾ ਗਿਆ ਹੈ। ਹੱਥ ਵੀ ਉਸੇ ਤਰ੍ਹਾਂ ਦੇ ਹਨ।ਭਾਈ ਘਨਈਆ ਜਿਸਨੂੰ ਪਾਣੀ ਪਿਲਾ ਰਹੇ ਹਨ ਉਹ ਵਿਅਕਤੀ ਨਹੀ ਸੰਸਾਰ ਹੈ।
ਸੋਭਾ ਸਿੰਘ ਨੇ ਧੁੰਦਲਕਾ ਨਾਲ਼ ਉਹਦੇ ਕੋਲ਼ੋਂ ਉਹਦਾ ਪਛਾਣ ਚਿੰਨ੍ਹ ਧਰਮ,ਵਰਗ ਖੋਹ ਲਿਆ। ਸੰਸਾਰ ਕਿਉਂਕਿ ਵਿਅਕਤੀ ਸਮੂਹ ਨਾਲ਼ ਬਣਦਾ ਹੈ,ਸੰਭਵ ਹੈ ਇਸੇ ਲਈ ਉਸਦਾ ਚਿਹਰਾ ਭਾਈ ਘਨਈਆ ਦੇ ਚਿਹਰੇ ਤੋਂ ਅਨੁਪਾਤ ਵਿਚ ਵੱਡਾ ਹੈ।ਜਾਹਰ ਹੈ ਕਿ ਚਿਹਰੇ ਦੀ ਪਿਆਸ ਵੱਡੀ ਹੀ ਹੋਵੇਗੀ।
ਬੁੱਕ ਨਾਲ਼ ਪਾਣੀ ਪੀ ਰਹੇ ਅਸ਼ਪਸ਼ਟ ਰੂਪ ਵਾਸਤੇ ਪੇਂਟਰ ਨੇ ਤੇਜ ਰੰਗਾਂ ਤੋਂ ਪਰਹੇਜ ਕੀਤਾ ਹੈ। ਪਾਣੀ ਪੀ ਰਹੀ ਆਕ੍ਰਿਤੀ ਪਾਣੀ ਪੀ ਰਹੇ ਵਾਂਗ ਟਿਕੀ ਹੋਈ ਹੈ ਦ੍ਰਿੜ, ਉੱਜਲ ਨਹੀਂ, ਪਰ ਜਖਮੀ ਵੀ ਨਹੀਂ। ਇਹ ਨੁਕਤਾ ਸੋਭਾ ਸਿੰਘ ਦੇ ਵਿਚਾਰ ਦਾ ਹੀ ਵਿਸਥਾਰ ਹੈ ਉਹ ਕਿਹਾ ਕਰਦੇ ਸਨ ਕਿ ਮੈਂ ਆਪਣੀ ਪੇਂਟਿਂਗ ਵਿਚ ਕਿਸੇ ਤਰ੍ਹਾਂ ਦੀ ਹਿੰਸਾ ਨੂੰ ਪੇਂਟ ਕਰਨ ਦੇ ਪੱਖ ਵਿਚ ਨਹੀਂ ਇਸੇ ਤਰ੍ਹਾਂ ਉਹਨਾਂ ਲੜਾਈ ਦੇ ਮੈਦਾਨ ਵਿਚ ਜ਼ਖਮੀ ਸਿੱਖ ਅਤੇ ਮੁਗਲ ਸਿਪਾਹੀਆਂ ਦੇ ਦਰਮਿਆਨ ਵਿਚਰ ਰਹੇ ਭਾਈ ਘਨਈਆ ਨੂੰ ਉੱਥੋਂ ਬਾਹਰ ਕੱਢ ਲਿਆ।ਜਿਸ ਜਮੀਨ ਉੱਪਰ ਭਾਈ ਘਨਈਆ ਖੜੇ ਹਨ ਉਹ ਸਿਪਾਹੀਆਂ ਵਿਹੂਣੀ ਹੈ, ਪਰ ਸਮਤਲ-ਸਪਾਟ ਨਹੀਂ। ਚਿੱਤਰਕਾਰ ਨੇ ਆਪਣੇ ਅੰਦਾਜ ਵਿਚ ਸਤਹ ਦੀ ਹਲਚਲ ਦਿਖਾਈ ਹੈ।
ਚਿੱਤਰ ਤੋਂ ਪਤਾ ਲੱਗਦਾ ਹੈ ਕਿ ਵੇਲ਼ਾ ਸ਼ਾਮ ਦਾ ਹੈ ਹਲਕੇ ਸੂਹੇ ਰੰਗ ਦਾ ਵੱਡਾ ਸੂਰਜ ਪੱਛਮ ਦਿਸ਼ਾ ਵਿਚ ਡੁੱਬਣ ਨੂੰ ਹੈ ਜਿਹੜਾ ਭਾਈ ਘਨਈਆ ਪਿਠ ਅਤੇ ਸਿਰ ਦਰਮਿਆਨ ਹੈ।ਚਿੱਤਰ ਕਿਸੇ ਤਰ੍ਹਾਂ ਵੀ ਧੁੱਪ-ਛਾਂ ਦੀ ਨਿਸ਼ਾਨੀ ਨਹੀਂ ਦੇਂਦਾ।ਆਮ ਤੌਰ 'ਤੇ ਸੋਭਾ ਸਿੰਘ ਨੇ ਧੁੱਪ-ਛਾਂ ਨੂੰ ਆਪਣੇ ਕੰਮ ਵਿਚ ਬਾਖੂਬੀ ਵਰਤਿਆ ਹੈ।
ਦੂਜੀ ਤਰਫ ਕ੍ਰਿਪਾਲ ਸਿੰਘ ਦਾ ਉਲੀਕਆ ਕਿਰਦਾਰ ਸੱਚੀਂ ਜੰਗ ਦੇ ਮੈਦਾਨ ਵਿਚ ਜ਼ਖਮੀ ਸਿਪਾਹੀਆਂ ਨਾਲ਼ ਬਿਖਰਿਆ ਹੋਇਆ ਹੈ।ਨਾ ਤਾਂ ਚਿਤਰਕਾਰ ਵੱਢ-ਟੁੱਕ ਖੁਨ ਖਰਾਬੇ ਨੂੰ ਚਿਤਰਣ ਤੋਂ ਘਬਰਾ ਰਿਹਾ ਹੈ।ਅਤੇ ਭਾਈ ਘਨਈਆ ਜੋ ਖਿੱਲਰੀ ਲਹੂ-ਮਿਝ ਅਤੇ ਚੀਖ ਪੁਕਾਰ ਨੂੰ ਸੁਣਦਿਆਂ ਇਕ ਮਨ ਇਕ ਚਿਤ ਨਾਲ਼ ਆਪਣੇ ਰਾਹ 'ਤੇ ਚੱਲ ਰਿਹਾ ਹੈ।ਮਾਰ-ਕੱਟ ਹੋ ਚੁੱਕੀ ਨਹੀਂ ਬਲਕਿ ਉਸਦੇ ਸਾਹਮਣੇ ਹੋ ਰਹੀ ਹੈ। ਇੱਥੋਂ ਪਤਾ ਚੱਲਦਾ ਹੈ ਕਿ ਚਿੱਤਰ ਦ੍ਰਿਸ਼ ਸਮਾਂ ਦੁਪਿਹਰ ਦੇ ਆਸ-ਪਾਸ ਦਾ ਹੈ। ਸਮਾਂ, ਲੜਾਈ ਅਤੇ ਸੇਵਾ ਸਿਖਰ ਦੀ ਹੈ, ਅਨੁਮਾਨਿਆ ਜਾ ਸਕਦਾ ਹੈ।
ਕ੍ਰਿਪਾਲ ਸਿੰਘ ਦਾ ਚਿਤਰ ਸਥਿਰ ਨਹੀਂ ਲੱਗਦਾ। ਰੰਗਾਂ ਦੀ ਭਿੰਨਤਾ ਵਿਚਾਲੇ ਇਕਰਸ ਨੂੰ ਤੋੜਦੀ ਹੈ। ਸਪੇਸ ਦਾ ਅਹਿਸਾਸ ਭਰਨ ਦਾ ਯਤਨ ਵੀ ਪ੍ਰਭਾਵਸ਼ਾਲੀ ਹੈ। ਦਿਲਚਸਪ ਹੈ ਕਿ ਲੜਾਈ ਦੇ ਮੈਦਾਨ ਵਿਚ ਸੇਵਾ ਕਰ ਰਹੇ ਵਿਅਕਤੀ ਨੂੰ ਵੈਰ ਜਾਂ ਖੁਣਸ ਖਾ ਮਾਰਨ ਵਾਲ਼ਾ ਕੋਈ ਨਹੀਂ। ਕੀ ਉਹਦਾ ਵਿਚਾਰ ਤਪਿਆਂ ਨੂੰ ਠਾਰ ਰਿਹਾ ਹੈ? ਜੇ ਜਵਾਬ ਹਾਂ ਵਿਚ ਹੈ ਤਾਂ ਮੰਨਿਆ ਜਾ ਸਕਦਾ ਹੈ ਵਿਅਕਤੀ ਨਾਲ਼ੋਂ ਵਿਹਾਰ (ਕਰਮ) ਜਿਆਦਾ ਮਹੱਤਵਪੂਰਨ ਹੈ।
ਹਰ ਜ਼ਖਮੀ ਸਿਪਾਹੀ ਨੂੰ ਉਸ ਪਾਸੋਂ ਆਸ ਹੈ।ਹਰ ਲੜਦੇ ਨੂੰ ਉਹ ਆਪਣਾ ਲੱਗਦਾ ਹੈ, ਵਿਸ਼ੇਸ਼ ਕਰਕੇ ਜ਼ਖਮੀਆਂ ਨੂੰ।
ਕ੍ਰਿਪਾਲ ਸਿੰਘ ਦਾ ਪਾਤਰ ਸੂਰਬੀਰ ਹੈ,ਆਪਣੀ ਤਰ੍ਹਾਂ ਜੋ ਜੀਵਨ ਲੈ ਨਹੀਂ ਰਿਹਾ ਬਲਕਿ ਜੀਵਨ ਪ੍ਰਤੀ ਅਸਤ ਹੋ ਰਹੀ ਆਸ ਨੂੰ ਸੁਰਜੀਤ ਕਰਨ ਦਾ ਯਤਨ ਕਰ ਹਰੇ ਹਨ।ਇਸ ਕਰਕੇ ਉਹ ਵਿਲੱਖਣ ਅਤੇ ਅਨੇਕਾਂ ਵਿਚੋਂ 'ਮਰਦ ਅਗਮੜਾ' ਹੈ।
ਸ਼ੋਭਾ ਸਿੰਘ ਦੀ ਭਾਈ ਘਨਈਆ ਦੇ ਪ੍ਰੋਫਾਈਲ ਵਾਲ਼ੀ ਤਸਵੀਰ ਦੀ ਸ਼ਕਲ-ਸੂਰਤ,ਕਿਸੇ ਗੁਰੂ ਵਿਅਕਤੀ ਦਾ ਭੁਲੇਖਾ ਪਾਉਂਦੀ ਹੈ।ਇਹ ਵਿਚਾਰ ਤਾਂ ਬਣਦਾ ਹੈ ਜਦ ਅਸੀਂ ਉਹਨਾਂ ਦੇ ਗੁਰੂ ਵਿਅਕਤੀਆਂ ਦੇ ਰੂਪ ਚਿਤਰ ਸਾਹਮਣੇ ਰੱਖਦੇ ਹਾਂ। ਲੱਗਦਾ ਹੈ ਕੁਝ ਤੱਤ ਚਿਤਰਕਾਰ ਦੀ ਮਨੋਬਣਤਰ ਦਾ ਹਿੱਸਾ ਬਣ ਗਏ ਹਨ। ਉਹ 'ਕਿਸੇ ਦਾ ਵੀ ਸਿੱਖੀ ਸਰੂਪ ਵਾਲ਼ਾ ਰੂਪ' ਤਿਆਰ ਕਰਨ ਉਹ ਤਕਰੀਬਨ-ਤਕਰੀਬਨ ਗੁਰੂ ਰੂਪ ਨਾਲ਼ ਜਾ ਰਲ਼ਦਾ ਹੈ।ਰੂਪ ਦੇ ਪੱਧਰ 'ਤੇ ਗੁਰੁ ਅਤੇ ਸਿੱਖ ਵਿਚ ਅਭੇਦਤਾ ਸੋਭਾ ਸਿੰਘ ਦੇ ਰਚਨਾ ਜਗਤ ਦੀ ਵਿਸ਼ੇਸ਼ਤਾ ਹੈ।ਸਰੂਰੀਆਂ ਅੱਖਾਂ ਵਾਲ਼ੇ ਬਜੁਰਗ ਮਾਸ਼ਕੀ ਨੂੰ ਵੇਖਣ ਤੋਂ ਬਾਅਦ ਜਦ ਕ੍ਰਿਪਾਲ ਸਿੰਘ ਦੀ ਪੇਂਟਿਂਗ ਵੱਲ ਦੇਖਦੇ ਹਾਂ ਤਾਂ ਵੱਡਾ ਫ਼ਰਕ ਆਉਂਦਾ ਹੈ।ਜਿਸ ਦੀ ਕੇਂਦਰੀ ਪਿੱਠ ਵਿਚ ਭਾਈ ਘਨਈਆ ਤੇ ਮੁਗਲ ਸਿਪਾਹੀ ਹੈ। ਥੋੜ੍ਹਾ ਹੱਟ ਕੇ ਸਿੱਖ ਸਿਪਾਹੀ (ਸ਼ਕਲ-ਸੂਰਤ ਤੇ ਲਿਬਾਸ ਦੇ ਸੰਕੇਤ ਤੋਂ) ਅੱਖਾਂ ਟੱਡ ਆਪਣੇ ਸਾਹਮਣੇ ਵਰਤ ਰਹੇ ਵਰਤਾਰੇ ਨੂੰ ਦੇਖ ਰਿਹਾ ਹੈ। ਸੰਦੇਸ਼ ਸਪੱਸ਼ਟ ਹੈ ਕਿ ਮਾਸ਼ਕੀ ਆਪਣੇ-ਪਰਾਏ ਦਰਮਿਆਨ ਕੋਈ ਫਰਕ ਨਹੀ ਕਰ ਰਿਹਾ। ਸਮੂਹ ਸਿੱਖ ਸੰਗਤ ਦਰਮਿਆਨ ਮਿਲ਼ੀ ਗੁਰੁ ਦੀ ਮੱਤ ਨੂੰ ਰਣ-ਭੂਮੀ ਵਿਚ ਵਰਤਿਆ –ਪਰਖਿਆ ਜਾ ਰਿਹਾ ਹੈ।
ਸੋਭਾ ਸਿੰਘ ਨੇ ਤੀਸਰੀ ਧਿਰ ਨੂੰ ਕੈਨਵਸ ਵਿਚ ਆਉਣ ਹੀ ਨਹੀਂ ਦਿੱਤਾ। ਉਹਨਾਂ ਵੱਲੋਂ ਚਿਤਰੀ ਦੂਜੀ ਧਿਰ ਵੀ ਅਸ਼ਪਸ਼ਟ ਹੈ।ਸਾਰਾ ਕੈਨਵਸ ਤਣਾਅ, ਵਿਰੋਧੀ ਸੁਭਾਅ ,ਹਲਚਲ ਤੋਂ ਵਿਹੂਣਾ ਹੈ।ਇੱਥੋਂ ਤੱਕ ਕੇ ਜਿਸ ਜਮੀਨ ਉੱਪਰ ਭਾਈ ਘਨਈਆ ਜੀ ਖੜੇ ਹਨ ਉਹ ਵੀ ਸਮਤਲ ਹੈ। ਪਤਾਰ ਬਾਹਰੀ ਅਡੋਲਤਾ ਵਿਚਾਲੇ ਅਡੋਲ ਨਹੀਂਂ।ਉਸਦੀ ਅਡੋਲਤਾ ਇੱਕਲਤਾ ਸਦਕੇ ਹੈ ਜਿਸਨੂੰ ਬੀੜਿਆ ਹੀ ਅਜਿਹੇ ਤਰੀਕੇ ਨਾਲ਼ ਹੈ।ਪੇਂਟਰ ਜਿਵੇਂ ਕੁਝ ਲੁਕਾਅ ਰਿਹਾ ਹੈ।
ਕ੍ਰਿਪਾਲ ਸਿੰਘ ਦੀ ਛਬ ਵਿਚ ਝੂਠ ਬਿਲਕੁਲ ਨਹੀ।ਸਿੱਖ,ਮੁਗਲ, ਤੋਪ, ਤੇਗ-ਨੇਜਾ, ਜ਼ਖਮ,ਲਹੂ,ਘੋੜਾ,ਕਿਲਾ,ਪਹਾੜੀ ਜਮੀਨ ਪੇਂਟਿਂਗ ਦੇ ਤੱਤ ਹਨ। ਇਹ ਤੱਤ ਹੀ ਭਾਈ ਜੀ ਦੇ ਅਹਿਦ ਦੀ ਪਰਖ ਕਰਦੇ ਹਨ ਅਤੁ ਉਹਨਾਂ ਦੇ ਮਨ ਦੀ ਦ੍ਰਿੜਤਾ ਇਹਨਾਂ ਤੱਤਾਂ ਸਦਕੇ ਉਭਰਦੀ ਹੈ। ਸੋਭਾ ਸਿੰਘ ਨੇ ਏਸ ਸਿਖ ਦੇ ਸਰੀਰ ਨੂਂੰ ਆਪਣੀ ਇੱਛਾ ਅਨੁਸਾਰ ਬਣਾਇਆ ਹੈ ਨਾ ਕਿ ਸਥਿਤੀ ਪ੍ਰਸਥਿਤੀ ਅਨੂਕੂਲ। ਸਰੀਰ, ਮਿਹਨਤਕਸ਼ ਵਿਅਕਤੀ ਜਿਹਾ ਨਹੀਂ। ਗੋਲ਼ ਸਫੈਦ ਹਲਕੀ ਲਾਲੀ ਵਾਲ਼ਾ ਚਿਹਰਾ ਗੋਲ਼ ਦਾਹੜੀ ਗੋਲ਼ ਪੋਚਵੀਂ ਪੱਗ ਗੋਡਆਂ ਤੋਂ ਨੀਵਾਂ ਚੋਲ਼ਾ। ਚਿਹਰੇ ਨੂੰ ਧਿਆਨ ਨਾਲ਼ ਵੇਖਣ 'ਤੇ ਪ੍ਰਤੀਤ ਹੁੰਦੀ ਹੈ। ਉਹ ਠੋਸ ਨਹੀਂ ਆਦਰਸ਼ ਰੂਪ ਸੋਭਾ ਸਿੰਘ ਦਾ ਚਿਤਰਿਆ ਹੋਇਆ ਹੈ।ਉਦਾਂ ਇਸ ਤੋਂ ਵੱਡਾ ਆਦਰਸ਼ ਵੀ ਹੈ ਜਿਸਨੂੰ ਦੋਵੇਂ ਪੇਂਟਰਾਂ ਨੇ ਪੇਂਟ ਕੀਤਾ ਹੈ ਅਤੇ ਉਹ ਹੈ ਮਨੁੱਖ ਦੀ ਸੇਵਾ, ਸਾਹਮਣੇ ਰੱਖਿਆ ਜਾ ਰਿਹਾ ਹੈ ਜੋ ਸੇਵਾ ਦਾ ਹੈ।
ਕ੍ਰਿਪਾਲ ਸਿੰਘ ਦਾ ਭਾਈ ਘਨਈਆ ਸਧਾਰਣ ਦਿੱਖ ਵਾਲ਼ਾ ਹੈ। ਸਧਾਰਣ ਹਲਕਾ ਲੰਮਾ ਚਿਹਰਾ, ਲੰਮੀ ਸਿੱਧੀ ਸਿਆਹ ਦਾਹੜੀ,ਸਿਰ ਪੀਲੀ ਪੱਗ (ਜਿਸ 'ਚ ਸਫਾਈ ਜਿਹਾ ਕੁਝ ਨਹੀਂ) ਗਲ਼ ਨੀਲਾ ਚੋਲ਼ਾ ਤੇੜ ਗੋਡਿਆਂ ਤੱਕ ਨੀਵੀਂ ਕੱਛ ਪਹਿਨੀ ਹੋਈ ਹੈ।ਚੋਲ਼ੇ ਦੀਆਂ ਬਾਹਾਂ ਉੱਪਰ ਚਾੜੀਆਂ ਹੋਈਆਂ ਹਨ।ਏਦਾਂ ਉਹ,ਆਪਣੀ ਤਰ੍ਹਾਂ ਰਣਭੂਮੀ ਦਾ ਰਣਭੂਮੀ ਦਾ ਸਿਪਾਹੀ ਲੱਗਦਾ ਹੈ।ਦਿਖਣ ਨੂੰ ਸਰੀਰ ਕੱਸਵਾਂ ਕਠੋਰ ਲੱਗਦਾ ਹੈ ਕਿਉਂਕਿ ਕੰਮ ਹੀ ਏਦਾਂ ਦਾ ਹੈ। ਇਸ ਪਾਤਰ ਦੀ ਖੜੇ ਹੋਣ ਦੀ ਮੁਦਰਾ ਵੀ ਧਰਤੀ ਉੱਪਰ ਪੱਕੀ ਤਰ੍ਹਾਂ ਟਿਕੇ ਹੋਣ ਵਾਲ਼ੀ ਹੈ।
ਵਿਸ਼ੇ ਤੋਂ ਜਰਾ ਹੱਟ ਕੇ ਅਸੀਂ ਕ੍ਰਿਪਾਲ ਸਿੰਘ ਵੱਲੋਂ ਬਣਾਏ ਸਿੱਖ ਯੋਧਿਆ ਦੀਆਂ ਤਸਵੀਰਾਂ ਨੂੰ ਵਿਚਾਰੀਏ ਤਾਂ ਪਤਾ ਲੱਗਦਾ ਹੈ ਕਿ ਕਥਾ ਸਰੀਰ ਵੀ ਬਿਆਨਦਾ ਹੈ ਜੋ ਦਰਸ਼ਕ ਨੂੰ ਹਲੂਣਦਾ ਹੈ, ਧੁਰ ਅੰਦਰੋਂ। ਇਹ ਤਸਵੀਰਾਂ ਹਨ ਲੋਹਗੜ੍ਹ ਦੇ ਕਿਲੇ ਦੇ ਬਾਹਰ ਬੈਠੇ ਬੰਦਾ ਸਿੰਘ ਬਹਾਦਰ ਦੀ ਅਤੇ ਦੂਸਰੀ ਬਾਬਾ ਦੀਪ ਸਿੰਘ ਦੀ ਜੋ ਖੰਡੇ ਨਾਲ਼ ਜਮੀਨ ਉੱਪਰ ਲਕੀਰ ਖਿੱਚ ਮਰਜੀਵੜੇ ਸਿੰਘਾਂ ਨੂੰ ਲਲਕਾਰ ਰਹੇ ਹਨ।ਇੱਥੇ ਸਜਾਵਟ ਨਹੀਂ।ਸਰੀਰ ਅਤੇ ਲਿਬਾਸ ਉਹਨਾਂ ਦਾ ਜੀਵਨ ਜਿਹਾ 'ਰੱਫ-ਟੱਫ' ਹੈ।
ਦੋਹਾਂ ਚਿਤੇਰਿਆਂ ਦੇ ਕੰਮ ਨੂੰ ਇਕ ਹੋਰ ਨੁਕਤੇ ਤੋਂ ਵੀ ਵਿਚਾਰ ਸਕਦੇ ਹਾਂ ਕਿ ਕਿਰਤ ਯਾਤਰਾ ਕਿਵੇਂ ਕਰਦੀ ਹੈ।ਕ੍ਰਿਪਾਲ ਸਿੰਘ ਦੀ ਰਚਨਾ ਵਿਸ਼ੇਸ਼ (ਭਾਈ ਘਨਈਆ ਅਤੇ ਪਾਣੀ ਪੀ ਰਹੇ ਮੁਗਲ ਸਿਪਾਹੀ) ਤੋਂ ਅਵਿਸ਼ੇਸ਼ ਪਰ ਸਹਾਇਕ (ਜ਼ਖਮੀ ਸਿਪਾਹੀ,ਘੁੜਸਵਾਰ ਦੇ ਪਿੱਛੇ ਦਿੱਸਣਾ, ਮੱਧਮ ਪਰ ਮਹੱਵਪੂਰਨ ਕਿਲਾ) ਵੱਲ ਸਫਰ ਤੈਅ ਕਰਦੀ ਹੈ।ਇਸ ਧਾਰਨਾ ਨੂੰ ਉਲਟਾ ਕੇ ਵੀ ਦੇਖਿਆ ਜਾ ਸਕਦਾ ਹੈ ਭਾਵ ਅਵਿਸ਼ੇਸ਼ ਤੋਂ ਵਿਸ਼ੇਸ਼ ਵੱਲ ਸਫਰ।ਦੋਹਾਂ ਵਿਚੋਂ ਕਿਸੇ ਵੀ ਦ੍ਰਿਸ਼ਟੀ ਨੂੰ ਅਪਣਾਉ, ਸੰਚਾਰਿਤ ਪੈਗਾਮ ਅਬਦਲ ਇਕੋ ਜਿਹਾ ਰਹਿੰਦਾ ਹੈ।
ਉਪਰੋਕਤ ਤੱਥ ਨੂੰ ਜੇ ਸੋਭਾ ਸਿੰਘ ਨੂੰ ਜੇ ਸੋਭਾ ਸਿੰਘ ਦੀ ਕਿਰਤ ਉੱਪਰ ਲਾਗੂ ਕਰੀਏ ਤਾਂ 'ਸਫਰ ਦਾ ਨੁਕਤਾ' ਨਾ ਹੋਣ ਦੇ ਬਰਾਬਰ ਹੈ। ਜੋ ਵਸਤੂ ਇਕ ਵਾਰ ਫੋਕਸ ਹੋ ਗਈ, ਸੋ ਹੋ ਗਈ।ਇਹ ਗੱਲ ਚਿਤਰਕਾਰ ਦੀਆਂ ਦੂਸਰੀਆਂ ਪੇਂਟਿਂਗਾ ਬਾਬਤ ਵੀ ਕਹੀ ਜਾ ਸਕਦੀ ਹੈ। ਉਹ ਆਪਣੀ ਕਿਰਤ ਨੂੰ ਵੱਖਰੇ ਸੰਦਰਭ ਅਤੇ ਨਿਸ਼ਾਨੇ ਵੱਲ ਲੈ ਜਾਂਦੇ ਹਨ। ਗੁਰੁ ਦਾ ਸਿੱਖ ਸੰਸਾਰ ਰੂਪੀ ਵਿਆਕਤੀ ਨੂੰ ਪਾਣੀ ਪਿਲਾ ਰਿਹਾ ਹੈ।
ਸਿੱਖ ਦੇਣ ਵਾਲ਼ਾ ਦਾਤਾ ਹੈ, ਜਗਤ ਲੈਣ ਵਾਲ਼ਾ ਹੈ।ਜਿਸ ਵਸਤੂ ਨੂੰ ਬਿਨਾ ਭੇਦ ਅਤੇ ਸੰਕੋਚ ਦੇ (ਸੰਸਾਰ ਅਨੇਕ ਜਾਤਾਂ,ਵਰਗਾਂ,ਧਰਮਾਂ ਦਾ ਸਮੂਹ ਹੈ) ਦਿੱਤਾ ਜਾ ਰਿਹਾ ਹੈ ਉਸਨੂੰ ਗੁਰਬਾਣੀ ਵਿਚ ਪਾਣੀ ਪਿਤਾ ਕਿਹਾ ਗਿਆ ਹੈ।
ਅਸੀਂ ਪਾਣੀ ਨੂੰ ਸ਼ਾਬਦਿਕ ਅਰਥਾਂ ਵਿਚ ਨਾਂ ਲੈ ਕੇ ਦੂਜੇ ਅਰਥਾਂ ਵਿਚ ਵੀ ਲੈ ਸਕਦੇ ਹਾਂ।
ਰਣ ਤੱਤੇ ਮੈਦਾਨ ਵਿਚ ਰਾਹਤ ਦੇਣ ਵਾਲ਼ੀ ਸਮੱਗਰੀ ਸਿਖ ਪਾਸ ਹੈ। ਬਿਨਾਂ ਕੋਈ ਸ਼ਬਦ ਬੋਲਿਆਂ ਚਿਤਰਕਾਰ ਆਪਣੀ ਗੱਲ ਕਹਿ ਰਿਹਾ ਹੈ।ਇਹ ਦੇਖਣ ਵਾਲ਼ੇ 'ਤੇ ਨਿਰਭਰ ਕਰਦਾ ਹੈ, ਉਹ ਉਸ ਨੂੰ ਕਿੱਥੋਂ ਕੁ ਤੱਕ ਗ੍ਰਹਿਣ ਕਰਦਾ ਹੈ।
ਜੇ ਸ਼ਬਦ ਸ਼ਕਤੀ ਦੀ ਗੱਲ ਕਰਦੇ ਹਾਂ ਤਾਂ ਚਿਤਰ ਸ਼ਕਤੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਇੱਥੇ 'ਇੰਟਰਜੈਕਟ' ਕੀਤਾ ਜਾ ਸਕਦਾ ਹੈ ਜੇ ਸਿਖ ਅਜਿਹਾ ਕਰਮ ਕਰਨ ਦੇ ਸਮੂਰਥ ਹੈ ਤਾਂ ਉਸਦਾ ਗੁਰੁ ਕਿਹੋ ਜਿਹਾ ਹੋਵੇਗਾ।ਨਿਸ਼ਚਿਤ ਤੌਰ 'ਤੇ ਅਥਾਹ ਸਮਰੱਥਾ ਵਾਲ਼ਾ ਹੋਵੇਗਾ।
ਕਿਹਾ ਜਾ ਸਕਦਾ ਹੈ ਭਾਈ ਘਨਈਆ ਗੁਰੂ ਨਹੀਂ।ਗੁਰੁ ਜਿਹਾ ਵੀ ਨਹੀਂ। ਉਹ ਤਾਂ ਗੁਰੁ ਦੀ ਮੱਤ ਉੱਪਰ ਤੁਰਨ ਵਾਲ਼ਾ 'ਗੁਰੁ ਦਾ ਸਿੱਖ' ਹੈ।

No comments:

Post a Comment