Thursday, March 26, 2020

ਸਮਾਜਿਕ ਸੰਦਰਭਾਂ ਨੂੰ ਯਥਾਰਥਿਕ ਛੋਹਾਂ ਦਿੰਦਾ ਕਮਲ ਗਿੱਲ ਦਾ ਨਾਵਲ ' ਕੈਂਡਲ ਮਾਰਚ'

ਪੁਸਤਕ ਪੜਚੋਲ: ਜਤਿੰਦਰ ਔਲ਼ਖ


'ਕਮਲ ਗਿੱਲ' ਦੀ ਕਲਮ ਨੂੰ ਨਵੇਂ ਨਾਵਲ ' ਕੈਂਡਲ ਮਾਰਚ' ਲਈ ਵਧਾਈ ਕਿਉਂਕਿ ਉਸ ਨੇ ਪੰਜਾਬੀ ਸਹਿਤ ਦੇ ਮੌਜੂਦਾ ਸੁਆਰਥਵਾਦੀ ਜਾਂ ਹਵਾਈ ਬਜਾਰੂ ਸਹਿਤ ਲਿਖਣ ਦੀ ਪਿਰਤ ਤੋਂ ਹਟ ਕੇ ਯਥਾਰਥਕ ਅਤੇ ਉਸਾਰੂ ਸਹਿਤ ਨਾਲ਼ ਸਾਂਝ ਨੂੰ ਹੋਰ ਪਕੇਰਿਆਂ ਕੀਤਾ ਹੈ। ਕਮਲ ਨੇ ਸਮਾਜ ਦੀ ਹੰਢਾਈ ਜਾ ਰਹੀ ਪੀੜਾ ਨੂੰ ਕੇਵਲ ਚਿਤਰਿਆ ਹੀ ਨਹੀਂ ਸਗੋਂ ਉਸ ਪੀੜ ਨੂੰ ਹਰਨ ਦੀ ਔਸ਼ਧਿ ਵੀ ਸੁਝਾਈ ਹੈ। 'ਕੈਂਡਲ ਮਾਰਚ' ਦਾ ਪਾਠਕ ਨਾਵਲ ਪੜ੍ਹਦਿਆਂ ਕਿਸੇ ਖਿਆਲੀ ਦੁਨੀਆਂ ਵਿਚ ਨਹੀਂ ਬਲਕਿ ਆਪਣੇ-ਆਪ ਨੂੰ ਖੁਦ ਪਰਸਥਿਤੀਆਂ ਵਿਚ ਵਿਚਰਦਾ ਮਹਿਸੂਸ ਕਰਦਾ ਹੈ।
ਕਮਲ ਨੇ ਸਮਾਜ ਦਾ ਬਹੁਤ ਹੀ ਵਧੀਆ ਮਨੋਵਿਗਿਆਨਕ ਚਿਤਰਨ ਕੀਤਾ ਹੈ। ਛੋਟੇ ਬਚਿਆਂ ਦੀਆਂ ਨਿਕੀਆਂ-ਨਿਕੀਆਂ ਆਦਤਾਂ ਹੀ ਬੱਚੇ ਦੇ ਜੀਵਨ ਦੀ ਨੀਂਹ ਬਣਦੀਆਂ ਹਨ ਜਿਸ ਵਲ ਮਾਪਿਆਂ ਖਾਸ ਕਰਕੇ ਮਾਂ ਦੀ ਅਣਗਹਿਲੀ ਬੱਚੇ ਦੀ ਜਵਾਨੀ ਨੂੰ ਪੁੱਠਾ ਗੇੜਾ ਦੇਂਦੀ ਹੈ ਅਤੇ ਇਸ ਦੇ ਨਾਲ ਹੀ ਮਾਂ ਵਲੋਂਸਬਰ ਸੰਤੋਖ ਅਤੇ ਧੀਰਜ ਨਾਲ ਜਬਰ ਵਿਰੁੱਧ ਜੂਝਣ ਦੀ ਦਿੱਤੀ ਸੂਝ ਹੀ ਉਸ ਨੂੰ ਵੱਡੇ ਹੋਣ ਤੇ ਸਮਾਜਿਕ ਪ੍ਰਸਥਿਤੀਆਂ ਨੂੰ ਬਦਲਣ ਦੀ ਹਿੰਮਤ ਦਿੰਦੀ ਹੈ।
ਲੇਖਕਾਂ ਨੇ ਪੇਂਡੂ ਜੀਵਨ ਦਾ ਵੀ ਸੋਹਣਾ ਚਿਤਰਨ


ਕੀਤਾ ਹੈ। ਛੋਟੇ ਬੱਚੇ ਕਿਵੇਂ ਨਿੱਕੀਆਂ-ਨਿੱਕੀਆਂ ਸ਼ਰਾਰਤਾਂ ਕਰਦੇ ਹਨ ਇਕ ਦੂਜੇ ਨੂੰ ਤੰਗ ਕਰਦੇ ਹਨ। ਸਕੂਲ ਪੜ੍ਹਨ ਸਮੇਂ ਪੜ੍ਹਾਈ ਕਰਨ ਵਾਲੇ ਅਤੇ ਆਵਾਰਾਗਰਦੀ ਕਰਨ ਵਾਲੇ ਬੱਚਿਆਂ ਦੇ ਵੱਖ-ਵੱਖ ਗਰੁੱਪ ਕਿਵੇਂ ਬਣਦੇ ਹਨ। ਬੱਚਿਆਂ ਦਾ ਘਰੇ ਦੇਰ ਨਾਲ ਆਉਣਾ ਮਾਵਾਂ ਨੂੰ ਕਿਵੇ ਚਿੰਤਾਂ ਅਤੇ ਫਿਕਰਾਂ ਵਿਚ ਪਾਉਦਾਂ ਹੈ, ਅਤੇ ਘਰ ਪਤੀ ਦੇ ਨਾ ਹੋਣ ਕਰਕੇ ਅੋਰਤਾਂ ਨੁੰ ਆਉਦੀਆਂ ਸਮਸਿਆਵਾਂ ਦਾ ਸਹੀ ਵਿਸ਼ਲੇਸ਼ਣ ਹੈ, ਉਥੇ ਹੀ ਸਮਾਜ ਨੂੰ ਉਸਾਰੂ ਸੇਧ ਦੇਦਿਆਂ ਦਰਾਣੀ-ਜਠਾਣੀ ਦੇ ਰਿਸ਼ਤੇ ਨੂੰ ਪਿਆਰ-ਸਤਿਕਾਰ ਭਰੀ ਉਸਾਰੂ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਆਮ ਤੌਰ ਤੇ ਸਮਾਜ ਵਿਚ ਕੁੜੱਤਨ ਤੇ ਈਰਖਾ ਭਰਿਆ ਰਿਸ਼ਤਾ ਹੀ ਪੇਸ਼ ਕੀਤਾ ਜਾਂਦਾ ਹੈ।


ਇਕ ਨਰੋਏ ਸਮਾਜ ਦੀ ਸਿਰਜਣਾ ਦਾ ਨਮੂਨਾ ਪੇਸ਼ ਕਰਦਿਆਂ ਅਜੋਕੀਆਂ ਪੱਛਮੀ ਧਾਰਨਾਵਾਂ ਦੇ ਉਲਟ ਹੋਸਟਲ ਅਤੇ ਕਾਲਜ ਪੜ੍ਹਨ ਦੌਰਾਨ ਮੁੰਡੇ ਕੁੜੀਆਂ ਦਾ ਆਪਸੀ ਭੈਣ-ਭਰਾਵਾਂ ਵਾਲਾ ਵਿਹਾਰ ਕਰਨਾ, ਹਰ ਦੁੱਖ-ਸੁੱਖ ਸਾਝਾਂ ਕਰਨਾਂ, ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਨਾ ਪਾਠਕ ਨੂੰ ਉਸ ਸਮਾਜ ਵਿਚ ਲੈ ਜਾਂਦਾ ਹੈ ਜਿੱਥੇ ਵਾਕਿਆ ਹੀ ਕਦੀ ਰਾਤਾਂ ਦੇ ਹਨੇਰਿਆਂ ਤਕ ਮੁੰਡੇ-ਕੁੜੀਆਂ ਇਕੱਠੇ ਖੇਡਦੇ ਸਨ ਪਰ ਕਦੇ ਵੀ ਕੋਈ ਆਚਰਿਣਕ ਗਿਰਾਵਟ ਵਰਗੀ ਘਟਾ ਨਹੀਂ ਸੀ ਹੁੰਦੀ, ਸਗੋਂ ਭੈਣ-ਭਰਾਵਾਂ ਵਾਲਾ ਸਤਿਕਾਰ ਦਿੱਤਾ ਜਾਂਦਾ ਸੀ। ਅੱਜ ਵੀ ਅਗਰ ਨਰੋਏ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਸਾਨੂੰ ਸਕੂਲਾਂ, ਕਾਲਜਾਂ ਅਤੇ ਹੋਸਟਲਾਂ ਵਿਚ ਲੇਖਿਕਾ ਦੁਆਰਾ ਸੁਝਾਇਆ ਉਤਮ ਮਹੌਲ ਸਿਰਜਣਾ ਪਵੇਗਾ।

ਲੇਖਿਕਾ ਨੇ ਪੰਜਾਬ ਦੇ ਹਾਲਤਾਂ ਵਿਚ ਆ ਰਹੀ ਤਬਦੀਲੀ ਨੂੰ ਵੀ ਬੜੀ ਸਹਿਜਤਾ ਨਾਲ ਚਿਤਰਿਆ ਹੈ ਕਿ ਕਿਵੇਂ ਪੇਂਡੂ ਭਾਈਚਾਰਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਕੇ ਸ਼ਹਿਰ ਵਲ ਨੂੰ ਰੁਖ਼ ਕਰ ਰਿਹਾ ਹੈ ਅਤੇ ਆਪਣੇ ਆਰਥਿਕ ਸ੍ਰੋਤ ਵੀ ਸ਼ਹਿਰ ਵਲ ਤਬਦੀਲ ਕਰ ਰਿਹਾ ਹੈ। ਪਿੰਡਾਂ ਅਤੇ ਸ਼ਹਿਰਾਂ ਦੀ ਦੋਹਰੀ ਜ਼ਿੰਦਗੀ ਜਿਉਦਿਆਂ ਉਸ ਦੀ ਨਿੱਤ ਦੀ ਭੱਜ-ਨੱਠ ਦਾ ਅਤੇ ਮੋਹ ਭਰੇ ਪੇਂਡੂ ਮਹੌਲ ਦਾ ਵੀ ਬਾਖੂਬੀ ਚਿਤਰਨ ਕੀਤਾ ਹੈ।
ਅੱਜ ਦੀ ਮੁੱਖ ਲੋੜ ਨਾਰੀ ਸ਼ਕਤੀ ਨੂੰ ਸਮਾਜ ਵਿਚ ਅੱਗੇ ਲਿਆਉਦਿਆਂ ਲੇਖਿਕਾ ਦੇ ਸਾਰੇ ਪਾਤਰਾਂ ਵਿਚ ਔਰਤ ਜਾਂ ਤਾਂ ਪ੍ਰੇਰਨਾਂ ਸ੍ਰੋਤ ਹੈ ਜਾਂ ਖੁਦ ਪ੍ਰਮੁੱਖ ਰੋਲ ਅਦਾ ਕਰਦੀ ਹੈ। ਜਦ ਤਕ ਨਾਰੀ ਚੇਤੰਨ ਨਹੀ ਹੋਵੇਗੀ ਸਮਾਜ ਵਿਚ ਕੁਝ ਵੀ ਤਬਦੀਲੀ ਨਹੀ ਹੋ ਸਕੇਗੀ। ਹਰ ਬੱਚਾ ਆਪਣੀ ਮਾਂ ਦੀ ਬੁੱਕਲ਼ ਵਿਚ ਪਿਤਾ ਦੇ ਡਰ ਤੋਂ ਵਧ ਸਿਖਦਾ ਹੈ। ਅਧਿਆਪਕ ਕੇਲਵ ਗਿਆਨ ਦੇਦਾਂ ਹੈ ਪਰ ਮਾਂ ਕੋਲੋਂ ਬੱਚਾ ਜੰਮਣ ਤੋਂ ਲੈ ਕੇ ਅਖੀਰ ਤਕ ਕੁਝ ਕਰ ਸਕਣ ਦੀ ਪ੍ਰੇਰਨਾ ਲੈਦਾਂ ਹੈ। ਮਾਂ ਦੀ ਖਾਹਿਸ਼ ਪੂਰੀ ਕਰਨ ਲਈ ਬੱਚਾ ਜਾਨ ਦੀ ਬਾਜੀ ਵੀ ਲਗਾ ਸਕਦਾ ਹੈ।ਸੋ ਵਾਕਿਆ ਹੀ ਜੇ ਮਾਵਾਂ ਸੁਚੇਤ ਹੋ ਜਾਣ ਤਾਂ ਹਰ ਬੱਚੇ ਅੰਦਰ ਮੋਮਬੱਤੀ ਹੀ ਨਹੀਂ ਬਲਕਿ ਪ੍ਰੇਰਨਾ ਦੀ ਮਿਸ਼ਾਲ ਵੀ ਜਗਾ ਸਕਦੀਆਂ ਹਨ।
ਲੇਖਿਕਾ ਨੇ ਬਾਕਮਾਲ ਤਰੀਕੇ ਨਾਲ ਹਰ ਪਾਸੇ ਤੋਂ ਔਰਤ ਨੂੰ ਮਰਦ ਦੇ ਬਰਾਬਰ ਹੀ ਨਹੀਂ ਸਗੋਂ ਉੱਪਰ ਰੱਖਿਆ ਹੈ। ਬੱਚੇ ਦੇ ਬਚਪਨ ਵਿਚ ਉਸ ਦੀਆਂ ਤਾਈਆਂ-ਚਾਚੀਆਂ ਦੁਆਰਾ ਪਾਲਣ ਪੋਸ਼ਣ ਤੋਂ ਲੈ ਕੇ ਸਕੂਲ-ਕਾਲਜ ਤੱਕ ਖਾਸ ਕਰਕੇ ਲੜਕੀਆਂ ਦਾ ਮਾਵਾਂ ਦੁਆਰਾ ਹਮਦਰਦੀ ਭਰੇ ਲਹਿਜੇ ਵਿਚ ਰਾਹ ਦਰਸਾਵਾਂ ਬਣਨਾ, ਹਰ ਕੰਮ ਆਪ ਹੱਥੀਂ ਕਰਨ ਦੀ ਅਦਾ ਲੇਖਿਕਾ ਦੁਆਰਾ ਸਹਿਜੇ ਹੀ ਜਿੱਥੇ ਪਾਠਕਾਂ ਦੇ ਮਨਾਂ ਵਿਚ ਉਤਰਦੀ ਹੈ। ਉੱਥੇ ਬੱਚਿਆਂ ਨੂੰ ਸਮਾਜਿਕ ਜਿੰਮੇਵਾਰੀਆਂ ਲਈ ਵੀ ਤਿਆਰ ਕਰਦੀ ਹੈ। ਖਾਸ ਕਰ ਕਾਲਜ ਸਮੇਂ ਲੜਕੀਆਂ ਦੁਆਰਾ ਸਹਿਜਤਾ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾਉਂਦੇ ਹੋਏ ਸਮਾਜ ਵਿਚ ਆਪਣੀ ਪਛਾਣ ਅਤੇ ਹਸਤੀ ਕਾਇਮ ਕਰਵਾ ਦੇਣਾ ਵੀ ਲੇਖਿਕਾ ਦੀ ਕਲਮ ਦਾ ਕਮਾਲ ਹੈ।
ਨਾਵਲ ਸਮਾਜ ਦਾ ਵਧੀਆ ਸਮਾਜਿਕ ਵਿਸ਼ਲੇਸ਼ਣ ਵੀ ਕਰਦਾ ਹੈ। ਸਮਾਜ ਸਾਹਮਣੇ ਅੱਜ ਦੀਆਂ ਹਕੀਕਤਾਂ ਨੂੰ ਖੜਾ ਕਰਕੇ ਉਨ੍ਹਾ ਨਾਲ ਜੂਝਣ ਦੀ ਸੂਝ ਵੀ ਦਿੰਦਾਂ ਹੈ। ਕੇਵਲ ਹਵਾਈ ਕਿਲੇ ਨਹੀ ਬਣਾਉਦਾਂ ਸਗੋਂ ਸਮਾਜ ਦੇ ਵੱਖ-ਵੱਖ ਵਰਗਾਂ ਦੁਆਰਾ ਇਕ ਦੂਜੇ ਪ੍ਰਤੀ ਜਿੰਮੇਵਾਰੀ ਨਿਭਾਉਣ ਦੇ ਅਹਿਸਾਸ 'ਚੋਂ ਨਿਕਲੇ ਲੋਕ ਏਕਤਾ ਦੇ ਹੜ ਦੁਆਰਾ ਲੋਕ ਮਾਰੂ ਰੁਕਾਵਟਾਂ ਨੂੰ ਵੀ ਤੋੜਨ ਦੇ ਸਮਰਥ ਬਣਾਉਂਦਾ ਹੈ। ਲੇਖਿਕਾ ਠੀਕ ਹੀ ਕਹਿੰਦੀ ਹੈ ਕਿ ਦੇਰ ਨਾਲ ਮਿਲਿਆ ਇਨਸਾਫ ਸਮਾਜ ਵਿਰੋਧੀ ਤੱਤਾਂ ਨੂੰ ਕਿਵੇਂ ਇਕ ਤੋਂ ਬਾਅਦ ਇਕ ਅਪਰਾਧ ਕਰਨ ਦੀ ਪ੍ਰੇਰਨਾ ਦਿੰਦਾਂ ਹੈ। ਸਮਾਜਿਕ ਅਤੇ ਰਾਜਨੀਤਿਕ ਸੰਘਰਸ਼ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਦੋਹਾਂ ਸੰਘਰਸ਼ਾਂ ਵਿਚਂੋ ਲੰਘਦਿਆਂ ਆਪਣੀ ਜੀਵਨ ਲੀਹ ਨੂੰ ਸਹੀ ਲੀਹ ਤੇ ਤੋਰਦੇ ਹੋਏ ਆਪਣੀ ਘਰੇਲੂ ਜਿੰਮੇਵਾਰੀ ਨਿਭਾਉਣ ਦਾ ਵਲ ਵੀ ਨਾਵਲ ਵਿਚੋਂ ਬਖੂਬੀ ਸਮਝਿਆ ਜਾ ਸਕਦਾ ਹੈ।ਲੇਖਿਕਾ ਦੀ ਅਡੋਲਤਾ ਦੀ ਸਿਆਹੀ ਵਿਚ ਭਿੱਜੀ ਕਲਮ ਦੀ ਲੰਮੀ ਉਮਰ ਦੀ ਦੁਆ ਕਰਦਾ ਹਾਂ।


                                                                                    ਜਤਿੰਦਰ ਔਲ਼ਖ

No comments:

Post a Comment