Saturday, October 31, 2015

ਕਵਿਤਾਵਾਂ : ਹਰਲੀਨ ਸੋਨਾ

ਮੈਂ ਜਦ ਵੀ ਘਰ ਪਰਤਾਂ
ਮਿਧਿਆ ਘਾਹ ,
ਕੋਇਲ , ਬਿਰਖ ...ਤੇ
ਦੁਪਹਿਰ ਖਿੜੀ
ਦੱਸਦੇ ਨੇ
ਮੈਂ ਤੁਰਦਾਂ ਤਾਂ ਰਸਤੇ ਸੈਰਗਾਹ ਬਣਦੇ ਨੇ..!
+++++

ਬੀਜ ਤੋਂ ਬੂਟਾ,
ਬੂਟੇ ਤੋਂ ਪੇੜ
ਫਿਰ
ਫੁੱਲ , ਫ਼ਲ ਤੇ ਬੀਜ...
ਫਿਰ
ਬੀਜ ਤੋਂ ਬੂਟਾ,

ਬੂਟੇ ਤੋਂ ਪੇੜ
ਫਿਰ.....
ਪਰ
ਆਪਣੀ ਤਸਵੀਰ ਕਦ ਖਿੱਚਦੀ ਏ ਕੁਦਰਤ
ਤੇ ਫੇਸਬੁੱਕ ਤੇ ਪਾਉਂਦੀ ਏ!!

+++++

ਕਈ ਚਿਰ
ਘਾਹ ਤੇ ਬੈਠਣਾ,
ਧੁੱਪ ਤੇ ਲਿਸ਼ਕਦੀ ਲੋਹੇ ਦੀ ਵਾੜ ਦੇ
ਘਾਹ ਤੇ ਪੈਂਦੇ ਪਰਛਾਂਵੇਂ ਨਾਲ
ਉਸਨੂੰ ਇਸ਼ਕ ਜਿਹਾ ਹੋ ਗਿਆ ...
ਗਰੀਨ ਟੀ ਦਾ ਵੱਡਾ ਸਾਰਾ ਮੱਗ
ਗਮਲੇ ਚ ਰੱਖ
ਕਈ ਚਿਰ ਐਰੋਕੇਰੀਆ ਦੇ
ਡਿੱਗੇ ਪੱਤਿਆਂ ਦੀ ਬੁਣਤੀ ਉਸਨੂੰ
ਝੋਲੀ ਚ ਪਈ ਕਿਤਾਬ ਤੋਂ ਦੂਰ ਰੱਖਦੀ,
ਵਾਅ ਦੀ ਛੋਹ
ਉਸਨੂੰ ਮੋੜ ਲਿਆਉਂਦੀ,
ਸ਼ਰਾਬੀ ਸੂਰਜ ਦੀ ਲਾਲੀ
ਉਸਦੇ ਆਪਣੇ ਮੁੱਖ ਤੇ ਹੁੰਦੀ...
ਘਾਹ ਦੀ ਬਣਤਰ ਕਦੇ ਸ਼ਸ਼ਤਰ ਦਿਸਦੀ
ਤੇ ਉਹ ਹੱਸ ਪੈਂਦੀ...ਹੈ ਕੋਈ ਰਾਮ ਹੁਣ?
ਮਿੱਟੀ ਦੀ ਛੋਹ ਉਸਦੇ ਪੈਰ ਰੰਗ ਦਿੰਦੀ
ਸੇਕ, ਨਿੱਘ,
ਤੇ ਹਾਂ ਛਾਂ ਹੁੰਦਿਆਂ ਹੀ ਉਸਨੂੰ
ਸਕਿਨ ਟੈਨਿੰਗ ਵੀ ਯਾਦ ਆਉਂਦੀ
ਪਰ ਧੁੱਪ ਦਾ ਨਸ਼ਾ ਬੇਕਾਬੂ ...
ਬਰਕਰਾਰ...
ਸ਼ੁਕਰੀਆ !!ਉਸਦੇ ਗੁਆਂਡੀ ਸ਼ਰਮਾ ਜੀ ਦਾ
ਜੋ ਆਪਣੀ ਬਗ਼ੀਚੀ ਨੂੰ ਤਾਲਾ ਨਹੀਂ ਮਾਰਦੇ!!


++++

ਕਹਿ ਚੁੱਕੀ ਮੈਂ ਸਭ ਕੁਝ
ਕਦੇ ਨਿਕਲੋ ਕਮਰੇ ਚੋਂ ਤਾਂ ਸੁਣਨਾ..
ਮਿੱਟੀ, ਪੱਤੇ, ਹਵਾ ਗਾਉਂਦੇ ਨੇ ਗੀਤ ਮੇਰੇ..
ਰਾਤ ਦੀ ਬੁੱਕਲ ਚ
ਲੋਰੀ ਬਣ ਜਾਂਦੀ ਹੈ ਹਵਾ
ਤੇ ਸਰਕਦਾ ਹੈ ਚੰਨ
ਹੌਲੀ ਹੌਲੀ
ਬੱਦਲਾਂ ਦੇ ਪਿੱਛੇ ..
ਮਿੱਟੀ ਤੇ ਇੱਕ ਕੀੜੀ ਨੂੰ ਜਦ ਮੈਂ ਸ਼ਾਂਤ
ਵੇਖਿਆ
ਤਾਂ ਜਾਣਿਆ ...ਕਿੰਨਾ ਸੁਕੂਨ ਹੈ
ਮਾਂ ਦੀ ਲੋਰੀ ਚ..!
ਕਦੇ ਆਪਣਾ ਬੁਰਸ਼ ਲੈ ਨਿਕਲੋ
ਤੇ ਵੇਖੋ
ਕਿਵੇਂ ਰੰਗਾਂ ਦਾ ਥਾਲ
ਸਜਾਉਂਦੀ ਏ ਹਰ ਸਵੇਰ
ਤੁਹਾਡੇ ਲਈ !
ਤੇ ਹਾਂ ਮੈਂ ਵੀ ਮਿਲਾਂਗੀ..
ਕਦੇ ਕਦੇ ਤਾਂ ਨਿਕਲਦੇ ਹੋ ਤੁਸੀਂ
ਕਮਰੇ ਤੋਂ ਬਾਹਰ...!

ਹਰਲੀਨ ਸੋਨਾ

No comments:

Post a Comment