ਪ੍ਰੋ: ਅਲੀ ਏਜਾਜ਼ ਵਲੋਂ ਕਹਾਣੀਕਾਰ ਬਲੀਜੀਤ ਨਾਲ ਕੀਤੀ ਮੁਲਾਕਾਤ
? ਸਾਡੇ ਪੜ੍ਹਨ ਵਾਲਿਆਂ ਨਾਲ ਆਪਣੇ ਜੀਵਨ, ਪੜਾਈ - ਲਿਖਾਈ ਤੇ ਹੋਰ ਨਿੱਕ ਸੁੱਕ ਬਾਰੇ ਜਾਣਕਾਰੀ ਸਾਂਝੀ ਕਰੋ?
- ਭਾਈ ਜਾਨ ਮੇਰਾ ਕਾਗਜਾਂ ’ਚ ਨਾਂ ਬਲਜੀਤ ਸਿੰਘ ਏ। ਮੇਰਾ ਜਨਮ ਸਾਂਝੇ ਭਾਰਤੀ ਪੰਜਾਬ ’ਚ 1962 ਦਾ ਵਾਕਿਆ ਜਿਲ਼ਾ ਅੰਬਾਲਾ ਦੀ ਤਹਿਸੀਲ ਰੋਪੜ ਦਾ ਹੈ ਜੋ ਇਲਾਕਾ ਉਸ ਵੇਲੇ ਅੰਬਾਲਾ ਜਿਲ਼ੇ ਦਾ ਹਿੱਸਾ ਹੁੰਦਾ ਸੀ। ਸਕੂਲ ’ਚ ਮੈਨੂੰ ਫ਼ਰਜੀ ਜਨਮ ਤਾਰੀਕ ਲਿਖਕੇ ਵੱਡੀ ਉਮਰ ਦਾ ਦਰਜ ਕਰ ਦਿੱਤਾ। ਅੰਡਰਏਜ ਨੂੰ ਹੀ ਖਾਲਸਾ ਸਕੂਲ ’ਚ ਦਾਖ਼ਲ ਕਰਾ ਦਿੱਤਾ। ਜਦੋਂ ਮੈਂ ਪੰਜਾਬ ਯੂਨੀਵਰਸਟੀ ਚੰਡੀਗੜ ’ਚ ਅੰਗਰੇਜ਼ੀ ਦੀ ਐੱਮ.ਏ. ਕਰ ਰਿਹਾ ਸਾਂ ਤਾਂ ਮੈਨੂੰ ਵੱਡੇ ਵੱਡੇ ਦਾਹੜਿਆਂ ਵਾਲੇ ਤਕੜੇ ਮੁੰਡਿਆਂ ’ਚ ਉੱਠਣਾ ਬਹਿਣਾ ਔਖਾ ਲਗਦਾ ਸੀ। ਮੈਨੂੰ ਚੰਡੀਗੜ ਪੜ੍ਹਦੇ ਨੂੰ ਹੀ ਸਰਕਾਰੀ ਨੌਕਰੀ ਮਿਲ ਗਈ। ਛੋਟੇ ਤੋਂ ਵੱਡੇ ਛੇ ਕੇਡਰਾਂ ਵਿੱਚ... ਤਿੰਨ ਮਹਿਕਮਿਆਂ ਵਿੱਚ 39 ਸਾਲ ਨੌਕਰੀ ਕੀਤੀ... ਤੇ ਹੁਣ ਕਿਤਾਬਾਂ ਦੀ ਦੁਨੀਆ ਬਾਰੇ, ਸ਼ਬਦ ਸੰਸਾਰ ਬਾਰੇ ਸੋਚਦਾ ਹਾਂ... ਤਾਂ ਪਿਛਾਂਹ ਨੂੰ ਮੁੜ ਕੇ ਆਪਣਾ ਬਚਪਨ ਯਾਦ ਕਰਦਾ ਹਾਂ... ਤਾਂ ਸਾਡੇ ਘਰ ਕੋਈ ਕਿਤਾਬਾਂ ਨਹੀਂ ਸਨ ਹੁੰਦੀਆਂ। ਕੋੜਮਾ ਈ ਅਨਪੜ ਸੀ। ਨਾ ਕੋਈ ਰਸਾਲਾ। ਨਾ ਅਖ਼ਬਾਰ। ਫੱਟੀ ਬਸਤਾ ਲੈ ਕੇ ਖਾਲਸਾ ਪ੍ਰਾਈਮਰੀ ਸਕੂਲ ਜਾਣ ਲੱਗ ਪਏ। ਕਿਤਾਬ, ਕਾਇਦੇ ਦੀ ਉਸ ਘਰ ’ਚ ਕੋਈ ਵੁਕੱਤ ਹੀ ਨਹੀਂ ਸੀ। ਅਗਾਂਹ ਜਾ ਕੇ ਸਿਲੇਬਸ ਦੀਆਂ ਕਿਤਾਬਾਂ ਖਰੀਦਣ ਲਈ ਵੀ ਮਸਾਂ ਈ ਪੈਸੇ ਜੁੜਦੇ ਸਨ। ਉਹ ਵੀ ਜਮਾਤ ’ਚ ਇੱਕ, ਦੋ ਵਾਰ ਖੜੇ ਹੋਣ ਤੋਂ ਬਾਅਦ। ਤੇ ਉਹ ਵੀ ਦੋ ਕਿਸ਼ਤਾਂ ’ਚ। ਵੱਡੇ ਸਾਂਝੇ
ਪ੍ਰੀਵਾਰ ਵਿਚ ਵੱਡੇ ਭਾਈ ਸਾਹਿਬ ਮੈਥੋਂ ਚਾਰ ਜਮਾਤਾਂ ਅੱਗੇ ਪੜਦੇ ਸਨ। ਘਰ ’ਚ ਕੇਵਲ ਉਹਨਾਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਨੂੰ ਹੀ ਮਾਤਰ ਸਾਹਿਤ ਸਮਝਿਆ ਜਾ ਸਕਦਾ। ਹੋਰ ਕੋਈ ਕਿਤਾਬ ਖਰੀਦ ਕੇ ਘਰ ਰੱਖੀ ਹੋਣਾ ਸੋਚਿਆ ਹੀ ਨਹੀਂ ਜਾ ਸਕਦਾ। ਕੋਈ ਅਜਿਹਾ ਸਿੱਕਾ ਨਹੀਂ ਸੀ ਜੋ ਅਖ਼ਬਾਰ ਖਰੀਦ ਸਕਦਾ। ਬਜ਼ਾਰ ’ਚ ਸਾਡੀਆਂ ਦੇਸੀ ਜੁੱਤੀਆਂ ਤੇ ਰੰਗੇ ਹੋਏ ਚਮੜੇ ਦੀਆਂ ... ਕੁਰਮ ਦੀਆਂ ਦੋ ਸਾਂਝੀਆਂ ਦੁਕਾਨਾਂ ਸਨ। ਉੱਥੇ ਉਰਦੂ ਦਾ ਅਖ਼ਬਾਰ ਆਉਂਦਾ ਹੁੰਦਾ ਸੀ। ਕਦੇ ਪਾਕਿਸਤਾਨ ਨਾਲ ਜੰਗ ਦੀ ਕੋਈ ਡਰਾਉਣੀ ਖ਼ਬਰ ਬੱਚਿਆਂ ਨੂੰ ਸੁਣ ਜਾਂਦੀ। ਕਿਸੇ ਨੂੰ ਲਾਇਬਰੇਰੀ ਦਾ ਇਲਮ ਨਹੀਂ ਸੀ ...ਹਾਂ ਕਦੇ ਕਦੇ ਘਰ ਚ ਦੁਆਬੀਏ ਮਿਸਤਰੀ ਸਿਨੇਮਾ ਦੇਖਣ ਦਾ ਰੌਲਾ ਪਾ ਦਿੰਦੇ। ਇੱਕ ਕੁਰਾਲੀ ਦਾ ਛੜਾ ਮਿਸਤਰੀ ਰੂੜਾ... ਅਰੂੜ ਸਿੰਘ ਰਾਤ ਨੂੰ ਸੌਣ ਤੋਂ ਪਹਿਲਾਂ ਹਿੰਦੂ ਮਿਥਿਹਾਸ ਦੀ ਕੋਈ ਕਥਾ ਛੋਹ ਦੇਂਦਾ... ਤਾਂ ਸਾਡੀ ਬੱਚਿਆਂ ਦੀ ਰਾਤ ਨੂੰ ਸੌਣ ਲੱਗੇ ਉਸ ਦੇ ਬਿਲਕੁਲ ਨਾਲ ਮੰਜਾ ਡਾਹੁਣ ਦੀ ਵਾਰੀ ਬੰਨੀ ਗਈ। ਉਹ ਰਮਾਇਣ, ਮਹਾਂਭਾਰਤ ’ਚੋਂ ਪ੍ਰਸੰਗ ਸੁਣਾਉਂਦਾ। ਗੌਤਮ ਰਿਖੀ... ਤੇ ਚੰਦਰਮਾ ਦੇ ਦਾਗ ਦਾ ਵਿਖਿਆਨ ਵਾਹ ਦਿੰਦਾ। ਨਿੱਲ ਬਟਾ ਨਿੱਲ ਅਨਪੜ ਸੀ ... ਯਾਦ ਆਉਂਦਾ ਹੈ ਕਿ ਪੁਰਾਣੇ ਘਰ ’ਚ ਇੱਕ ਆਲਾ ਕੰਧ ਦੇ ਗੱਭੇ ਬਣਿਆ ਹੋਇਆ ਸੀ, ਜਿਸ ਨੂੰ ਸੰਦੂਕ ਵਰਗਾ ਛੋਟਾ ਜਿਹਾ ਦਰਵਾਜ਼ਾ ਲੱਗਿਆ ਹੋਇਆ ਸੀ। ਸਕੂਲ ਦੀਆਂ ਕਿਤਾਬਾਂ ਕਾਪੀਆਂ ਇਸ ਵਿੱਚ ਰੱਖਦੇ ਸਾਂ। ਜਦੋਂ ਘਰ ਬਿਜਲੀ ਲੱਗੀ ਤਾਂ ਮੈਂ ਤਾਰ ਜੋੜ ਕੇ ਆਲੇ ਵਿੱਚ ਜ਼ੀਰੋ ਵਾਟ ਦਾ ਬਲਬ ਫਿੱਟ ਕਰ ਦਿੱਤਾ। ਬਲਬ ਨੂੰ ਵਾਰ ਵਾਰ ਜਗਾ ਕੇ ਦੇਖੀ ਜਾਣਾ ਬਈ ਜਗਦਾ ਵੀ ਹੈ ਕਿ ਨਹੀਂ। ਭਾਈ ਸਾਹਿਬ ਦੀਆਂ ਗਰੈਜੂਏਸ਼ਨ ਦੀਆਂ ਲਾਜ਼ਮੀ ਪੰਜਾਬੀ ਦੀਆਂ ਕਿਤਾਬਾਂ ’ਚੋਂ ਨਾਟਕ, ਕਹਾਣੀਆਂ ਵਾਰ ਵਾਰ ਪੜੇ। ਸਕੂਲ ਕਾਲਿਜ ’ਚ ਪੰਜ ਛੇ ਕਿਤਾਬਾਂ ਇਨਾਮਾਂ ’ਚ ਵੀ ਜਿੱਤੀਆਂ ਜਿਹਨਾਂ ਨੂੰ ਹੱਥਾਂ ’ਚ ਫੜ ਕੇ ਪਹਿਲੀ ਵਾਰ ਖੋਲਣ ਦਾ ਤਸੱਵਰ ਮਨ ਵਿੱਚੋਂ ਮਿਟਦਾ ਨਹੀਂ। ਵਰਕੇ ਉਈ ਅਗਾਂਹ ਪਿਛਾਂਹ ਥੱਲੀ ਜਾਣੇ। ਉਹਨਾਂ ਦੀ ਜਿਲਦ ਦੀ ਆਕੜ ਅਜੇ ਤੱਕ ਮੇਰੇ ਪੋਟਿਆਂ ਨਾਲ ਚਿਪਕੀ ਹੋਈ ਐ। ਸੰਨ 1975 ਵਿੱਚ ਅੱਠਵੀਂ ਵਿੱਚ ਮੈਂ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦਾ 600 ਰੁਪਏ ਦਾ ਸਕਾਲਰਸ਼ਿਪ ਜਿੱਤਿਆ ਜੋ ਤਿੰਨ ਸਾਲ ਮਿਲਦਾ ਸੀ... ਪਰ ਮੇਰੇ ਘਰ ਵਿੱਚ ਕਿਸੇ ਨੇ ਕਦੇ ਮੇਰੀ ਕਿਸੇ ਪ੍ਰਾਪਤੀ ਨੂੰ ਸੈਲੀਬਰੇਟ ਨਹੀਂ ਕੀਤਾ। ਪੈਸੇ ਮੈਥੋਂ ਲੈ ਕੇ ਖੱਲ ਖੂੰਜਿਆਂ ’ਚ ਵਾੜ ਦਿੱਤੇ ...2? ਤੇ ਪਹਿਲੀ ਕਹਾਣੀ ਲਿਖਣ ਦਾ ਕੀ ਸਬੱਬ ਬਣਿਆ ...
- ਦਸਵੀਂ ਪਾਸ ਕਰਕੇ ਮੈਂ ਸਰਕਾਰੀ ਕਾਲਜ ਰੋਪੜ ’ਚ ਗਿਆਰਵੀਂ ਕਲਾਸ ’ਚ ਦਾਖਲਾ ਲੈ ਲਿਆ। ਸੰਨ 1977 ’ਚ। ਦੋ ਸਾਲ ਬਾਅਦ ਇਸੇ ਕਾਲਜ ਵਿੱਚ ਇਕ ਨਵੇਂ ਪ੍ਰੋਫ਼ੈੱਸਰ ਭੂਸ਼ਨ ਧਿਆਨਪੁਰੀ ਹੋਰਾਂ ਨੇ ਡਿਊਟੀ ਜੁਆਇਨ ਕਰ ਲਈ। ਉਹ ਲੇਖਕ ਸਨ। ਕਵਿਤਾ ਦੀ ਇਕ ਕਿਤਾਬ ਛਪੀ ਹੋਈ ਸੀ। ਅੰਮਿ੍ਰਤਾ ਪ੍ਰੀਤਮ ਦੀ ‘ਨਾਗਮਣੀ’ ਤੋਂ ਲੈ ਕੇ ਪੰਜਾਬੀ ਦੇ ਤਮਾਮ ਰਸਾਲਿਆਂ ਵਿਚ ਲਿਖਦੇ... ਛਪਦੇ ਸਨ। ਸ਼ਿਵ ਕੁਮਾਰ ਬਟਾਲਵੀ ਦੇ ਫੈਮਲੀ ਫਰੈਂਡ ਸਨ। ਆਉਂਦਿਆਂ ਸਾਰ ਹੀ ਉਹਨਾਂ ਨੇ ਸਾਰੇ ਵਿਦਿਆਰਥੀਆਂ ਦਾ ‘ਕਹਾਣੀ ਲੇਖਣ ਮੁਕਾਬਲਾ’ ਕਰਾਉਣ ਦਾ ਨੋਟਿਸ ਲਾ ਦਿੱਤਾ। ਮੇਰੀ ਛੋਟੀ ਜਹੀ ਕਹਾਣੀ ‘ਮੈਂ ਤੇ ਮੈਂ’ ਫਸਟ ਆ ਗਈ। ਇਹ ਕਹਾਣੀ ਕਾਲਜ ਦੇ ਮੈਗਜ਼ੀਨ ਵਿਚ ਧੂਮ ਧੜੱਕੇ ਨਾਲ ਛਪੀ। ਮੈਂ ਕਾਲਿਜ਼ ਦੇ ਮੈਗਜ਼ੀਨ ਵਿਚ ਪੰਜਾਬੀ ਤੇ ਅੰਗਰੇਜ਼ੀ ਵਿਚ ਹਰ ਵਾਰ ਛਪਿਆ।
3? ਅਚਾਨਕ ਐਂਜ ਸੌਖਿਆਂ ਈ ਪਹਿਲੀ ਕਹਾਣੀ ਲਿਖੀ ਗਈ? ਫਸਟ ਵੀ ਆ ਗਈ? ਪਹਿਲੀ ਕਹਾਣੀ ਕਿਵੇਂ ਕਾਗਜ਼ ’ਤੇ ਉਤਰ ਆਈ ਇਹ ਬੈਕਗਰਾਉਂਡ ਵਿਸਥਾਰ ਨਾਲ ਦੱਸੋ।
- ਜਦੋਂ ਮੈਂ ਇਹ ਪਹਿਲੀ ਕਹਾਣੀ ਲਿਖਦਾਂ ਤਾਂ ਮੇਰੇ ਕੋਲ ਨਾਨਕ ਸਿੰਘ... ਜਸਵੰਤ ਸਿੰਘ ਦੇ ਪੰਦਰਾਂ ਦੇ ਕਰੀਬ ਨਾਵਲ ਨੇ। ਫੇਰ ਹੌਲੀ ਹੌਲੀ ਬਾਹਰੋਂ ਹੋਰ ਨਾਵਲ, ਕਹਾਣੀ ਤੇ ਕਵਿਤਾ ਦੀਆਂ ਕਿਤਾਬਾਂ ਲੈ ਕੇ ਪੜਨੀਆਂ ਸ਼ੁਰੂ ਕਰ ਦਿੱਤੀਆਂ। ਸ਼ਿਵ ਕੁਮਾਰ ਦੀ ਪੂਰੀ ਕਵਿਤਾ ਦੀਆਂ ਕਿਤਾਬਾਂ ਦਾ ਸੈੱਟ ਟਰੰਕ ’ਚ ਤਾਲਾ ਲਾ ਕੇ ਰੱਖਿਆ... ਫੇਰ ਗਾਰਗੀ, ਧੀਰ, ਅੰਮਿ੍ਤਾ ਪ੍ਰੀਤਮ ਇਹਨਾਂ ਦਾ ਜਿੰਨਾ ਕੁ ਸਮਝ ਲਗਦਾ ਸੀ ਪੜ੍ਹਿਆ... ਰੋਪੜ ਬਜ਼ਾਰ ਵਿੱਚ ’ਚ ਪੁਰਾਣੀ ਅਨਾਜ ਮੰਡੀ ਦੇ ਨਾਲ ਬਰੋਟੇ ਹੇਠ ਇੱਕ ਗਿਆਨੀ ਦੀ ਕਿਤਾਬਾਂ ਦੀ ਬੇਹੱਦ ਛੋਟੀ ... ਟਰੈਂਗਲ ਦੁਕਾਨ ਮੂਹਰੇ ਢੀਠ ਹੋ ਕੇ... ਅੜੇ ਖੜੇ ਨਵੀਆਂ ਕਿਤਾਬਾਂ ਵੱਲ ਝਾਕਦੇ ਰਹਿਣਾ। ਪੈਸਾ ਕੋਲ ਕੋਈ ਹੁੰਦਾ ਨਹੀਂ ਸੀ। ਭਾਅ ਪੁੱਛਣ ਦੀ ਹਿੰਮਤ ਵੀ ਨਹੀਂ ਸੀ ਪੈਂਦੀ... ਫੇਰ ਘਰੋਂ ਪੈਸੇ ਚੋਰੀ ਕਰਨੇ ਸਿੱਖ ਗਿਆ। ਮਾਂ ਸੌਦੇ ਲੈਣ ਭੇਜਦੀ ਤਾਂ ਮੈਂ ਦੋ ਦੀ ਥਾਂ ਪੌਣੇ ਦੋ ਕਿੱਲੋ ਗੁੜ ਖ੍ਰੀਦਦਾ... ਹਰ ਚੀਜ਼ ਵਿੱਚ ਡੰਡੀ ਮਾਰ ਦੇਂਦਾ... ਤੇ ਉਹਨਾਂ ਪੈਸਿਆਂ ਦੀਆਂ ਕਿਤਾਬਾਂ ਖਰੀਦਦਾ। ਦੋ ਵੱਡੀਆਂ ਲਾਇਬਰੇਰੀਆਂ ਦਾ ਮੈਂਬਰ ਵੀ ਬਣ ਗਿਆ ਸਾਂ। ਪਹਿਲੀ ਕਹਾਣੀ ਦਾ ਨਾਂ ਸ਼ਿਵ ਬਟਾਲਵੀ ਦੀ ਆਖ਼ਰੀ ਕਿਤਾਬ ‘ਮੈਂ ਤੇ ਮੈਂ’ ’ਤੇ ਅਧਾਰਿਤ ਸੀ। ਇਹ ਕਿਤਾਬ ਮੈਂ ਲਾਇਬਰੇਰੀ ਤੋਂ ਚੋਰੀ ਕੀਤੀ ਹੋਈ ਸੀ।
4? ਇੰਗਲਿਸ਼ ਲਿਟਰੇਚਰ ਵੱਲ ਮੋੜਾ ਕਿਵੇਂ ਪਿਆ?
- ਕਾਲਿਜ ਵਿਚ ਐੱਮ ਏ ਅੰਗਰੇਜ਼ੀ ਦੇ ਸਟੂਡੈਂਟ ਬਲਵੰਤ ਗਾਰਗੀ ਦੇ ਨਾਵਲ ‘ਦ ਨੇਕਡ ਟਰੈਂਗਲ’ ਦੀ ਸੋਭਾ ਗਾਉਂਦੇ। ਜੋ ਉਹਨਾਂ ਜਮਾਨਿਆਂ ’ਚ ਛਪੀ ਸੀ ਤੇ ਚਰਚਾ ਵਿਚ ਸੀ। ਮੈਂ ਚੰਡੀਗੜ ਤੋਂ ਇਹ ਕਿਤਾਬ ਖਰੀਦ ਲਿਆਇਆ। ਪਹਿਲਾ ਚੈਪਟਰ ਪ
ਪੜ੍ਹਦਿਆਂ ਸਮਝ ਹੀ ਨਾ ਲੱਗੇ। ਅੰਗਰੇਜ਼ੀ ਏਨੀ ਨਹੀਂ ਸੀ ਆਉਂਦੀ ਕਿ ਹੱਥਲੀ ਕਿਤਾਬ ਪੜੀ, ਸਮਝੀ ਜਾ ਸਕੇ। ਅਹਿਸਾਸ-ਏ- ਕਮਤਰੀ ਹੋਇਆ। ਅਸੀਂ ਜਮਾਨਾ ਜਿੱਤਣ ਲਈ ਤਿਆਰ ਬਰ ਤਿਆਰ ਖੜੇ ਸਾਂ। ਅੜਿੱਕਾ ਪੈ ਗਿਆ। ਪੋਲਿਟੀਕਲ ਸਾਇੰਸ ਦੇ ਪ੍ਰੋਫ਼ੈਸਰ ਗਿਆਨ ਸਿੰਘ ਬੱਲ ਨੇ ਕਲਾਸ ਵਿਚ ਠੋਕ ਵਜਾ ਕੇ ਕਿਹਾ ਕਿ ਐਮ ਏ ਇੰਗਲਿਸ਼ ਜਰੂਰ ਕਰਿਓ... ਭਾਵੇਂ ਥਰਡ ਡਿਵੀਜਨ ਹੀ ਆਵੇ। ਅੰਗਰੇਜ਼ੀ ਪੱਲੇ ਹੋਵੇ ਜਿੱਥੇ ਮਰਜ਼ੀ ਜਾਓ... ਦੁਨੀਆ ਦੇ ਕਿਸੇ ਵੀ ਕੋਨੇ ’ਚ ਤੁਸੀਂ ਵਿਚਰ ਸਕਦੇ ਓ, ਕੋਈ ਵੀ ਕਿਤਾਬ ਪੜ ਸਕਦੇ ਓ। ਆਉਂਦੇ ਸਾਲ ਅਸੀਂ ਕਈ ਬੱਚਿਆਂ ਇਕਨੌਮਿਕਸ ਛੱਡਕੇ ਅੰਗਰੇਜ਼ੀ ਲਿਟਰੇਚਰ ਦੀ ਕਲਾਸ ਜੁਆਇਨ ਕਰ ਲਈ। ਕਾਲਜ... ਯੂਨੀਵਰਸਟੀ ਵਿਚ ਦੋ ਸਾਲ ਇੰਗਲਿਸ਼ ਲਿਟਰੇਚਰ ਦਾ ਪੇਪਰ ਦਿੱਤਾ। ਬੀ ਏ ਪਾਰਟ ਟੂ ਯਾਨੀ ਤੇਹਰਵੀਂ ’ਚ ਸੌ ’ਚੋਂ ਪੈਂਤੀ ਨੰਬਰ ਆਏ। ਬੀ ਏ ਫਾਈਨਲ ’ਚ ਅਠਵੰਜਾ... ਸੌ ’ਚੋਂ। ‘ਦ ਨੇਕਡ ਟਰੈਂਗਲ’ ਵੀ ਕਾਫੀ ਸਮਝ ਲੱਗ ਗਈ। ਮਾਸਟਰ ਆਫ ਇੰਗਲਿਸ਼ ਵਿੱਚ ਦਾਖਲਾ ਲੈ ਲਿਆ। ਦੁਨੀਆ ਭਰ ਦੀਆਂ ਕਿਤਾਬਾਂ... ਡਿਕਸ਼ਨਰੀਆਂ ਵਿਚ ਡੁੱਬ ਗਿਆ। ਵਾਇਆ ਅੰਗਰੇਜ਼ੀ ਦੁਨੀਆ ਭਰ ਦੀ ਕਿਸੇ ਵੀ ਜ਼ੁਬਾਨ ਦੀ... ਜਰਮਨ... ਫਰੈਂਚ... ਕੋਈ ਵੀ ਕਿਤਾਬ ਪੜ੍ਹ ਸਕਣ ਦਾ ਸੁਪਨਾ ਸਾਕਾਰ ਹੋ ਗਿਆ।
5? ਸਾਡੇ ਨੌਜੁਆਨ ਲਿਖਾਰੀਆਂ ਨੂੰ ਬਲਜੀਤ ਸਿੰਘ ਦੇ ਛੋਟਾ ਜਿਹਾ ਬਲੀਜੀਤ ਬਣਨ ਬਾਰੇ ਵੀ ਦੱਸੋ?
- ਸੱਚ ਦਸਾਂ... ਅਦਬ ਦੀ ਦੁਨੀਆ ਵਿਚ ਤੁਹਾਡਾ ਸਭ ਕੁੱਝ ਹੀ ਛੋਟੇ ਤੋਂ ਛੋਟਾ ਹੋ ਜਾਂਦਾ। ਮੈਂ ਕਹਿਨਾਂ ਕਿ ਸਭ ਪਾਸਿਓਂ ਹਾਰ ਕੇ ਹੀ ਬੰਦੇ ਨੂੰ ਅਦਬ ਦਾ ਰਾਹ ਲੱਭਦਾ। ਇਹ ਡੰਡੌਤ ਬੰਦਨਾ ਦਾ ਮਾਰਗ ਐ। ਭੂਸ਼ਨ ਨੇ ਕਈਆਂ ਦੇ ਨਾਂ ਛੋਟੇ ਕੀਤੇ। ਮੈਂ ਭੂਸ਼ਨ ਹੁਰਾਂ ਨੂੰ ਕਿਹਾ ਕਿ ਬਲਜੀਤ ਸਿੰਘ ਸਧਾਰਨ ਜਿਹਾ ਨਾਮ ਐ। ਓਹਦੇ ਕੋਲੇ ਤਾਂ ਗਿੱਦੜਸਿੰਗੀ ਹੁੰਦੀ ਸੀ। ਕਹਿੰਦੇ ਹਰਿਭਜਨ ਵਾਂਗ ਬਲਿਜੀਤ ਰੱਖ ਲੈ... ਜਾਂ ਬਲੀਜੀਤ... ਮੈਂ ਧਰਤੀ ’ਤੇ ਸੁੱਟੇ ਸਿੱਕੇ ਵਾਂਗ ਬਲੀਜੀਤ ਚੁੱਕਕੇ ਮੱਥੇ ਨੂੰ ਲਾ ਲਿਆ।
6? ਆਪਣੀ ਕਿਸੇ ਇਕ ਕਹਾਣੀ ਦੇ ਤਖ਼ਲੀਕੀ ਤਜਰਬੇ ਬਾਰੇ ਸਾਂਝ ਪਾਓ, ਜਿਹੜੀ ਲਿਖਣ ਤੋਂ ਪਹਿਲਾਂ ਹੋਰ ਸੁੱਝੀ ਸੀ ਪਰ ਲਿਖਣ ਵੇਲੇ ਹੋਰ ਦਾ ਹੋਰ ਬਣ ਗਈ?
- ‘ਭੂਰੀਆਂ ਅੱਖਾਂ ਦਾ ਸੇਕ’ ਨਾਂ ਦੀ ਕਹਾਣੀ ਦੇ ਚਾਰ ਹੱਥ-ਲਿਖਤ ਖਰੜੇ ਅੱਜ ਵੀ ਮੇਰੇ ਕੋਲ ਮੌਜੂਦ ਨੇ। ਉਮਰ ਦੇ ਚਾਰ ਪੜਾਵਾਂ ਉੱਤੇ ਮੈਂ ਇਸ ਨੂੰ ਕਾਗਜ਼ ’ਤੇ ਚੁੱਪ ਕਰਕੇ ਬਿਠਾਉਣ ਦੀ ਕੋਸ਼ਿਸ਼ ਕੀਤੀ। ਪਹਿਲੀ ਕੋਸ਼ਿਸ਼ ਸਮੇਂ ਮੈਂ ਵੀਹਾਂ ਕੁ ਸਾਲ ਦਾ ਸੀ। ਪੰਜ ਕੁ ਵਰਕੇ ਲਿਖੇ। ਆਖ਼ਰੀ ਵਾਰ ਛੋਟੇ ਵੱਡੇ ਅਠਾਰਾਂ ਵਰਕੇ ਲਿਖੇ। ਸਾਲ ਮੈਨੂੰ ਇਕਤਾਲੀਵਾਂ ਲੱਗਾ ਹੋਇਆ ਸੀ। ਪਹਿਲਾ ਡਰਾਫਟ ਆਪ ਹੀ ਪੜੀ ਗਿਆ। ਕਿਸੇ ਨੂੰ ਦਿਖਾਉਣ ਦਾ ਹਿਆ ਨਹੀਂ ਪਿਆ। ਫੇਰ ਜਿਗਰਾ ਕਰਕੇ ਦੂਸਰਾ ਖਰੜਾ ਭੂਸ਼ਨ ਭਾਅ ਜੀ ਨੂੰ ਫੜਾ ਆਇਆ। ਕਈ ਦਿਨਾਂ ਬਾਦ ਓਹ ਮੈਨੂੰ ਮਿਲੇ। ਕਈ ਲਾਇਨਾਂ... ਪੂਰੇ ਪੈਰੇ ਲਾਲ ਪੈੱਨ ਨਾਲ ਕੱਟ ਦਿੱਤੇ। ਮੇਰੇ ਹੌਲ ਪੈ ਗਿਆ। ਤੀਸਰਾ ਖਰੜਾ ਕੋਈ ਛੇ ਸਾਲ ਬਾਅਦ ਸਾਇਕਲ ’ਤੇ ਭਾਅ ਜੀ ਦੇ ਘਰੇ ਸਰਕਾਰੀ ਆਫ਼ੀਸਰ ਕਾਲੋਨੀ ’ਚ ਦੇ ਆਇਆ। ਇਕ ਦਿਨ ਸਿਵਲ ਹਸਪਤਾਲ ਨੂੰ ਜਾਂਦੇ ਮਿਲ ਪਏ। ਸੁਰਿੰਦਰ ਭੈਣ ਜੀ ਹਸਪਤਾਲ ਵਿਚ ਦਾਖਲ ਸਨ। ਹੱਥ ਵਿਚਲੀ ਡਾਇਰੀ ਵਿਚ ਮੇਰੀ ਕਹਾਣੀ ਦੇ ਕਾਗਜ਼ ਫਸੇ ਹੋਏ ਸਨ। ‘ਗੱਲ ਨਹੀਂ ਬਣੀ। ਕਹਾਣੀ ਜੁੜਦੀ ਨਹੀਂ।’ ਕਾਗਜ਼ ਮੇਰੇ ਵਲ ਵਧਾ ਕੇ ਕਲਮ ਤੋੜ ਗਿਆ। ਕਹਾਣੀ ਉੱਥੇ ਹੀ ਲਟਕਦੀ ਰਹੀ। ਕਾਗਜ਼ ’ਤੇ ਨਹੀਂ ਬੈਠੀ। ਦਰ ਦਰ ਧੱਕੇ ਖਾਂਦਾ ਮੈਂ ਚਾਲ਼ੀ ਦਾ ਹੋ ਗਿਆ। ਮੇਰੀਆਂ ਸਭ ਕਹਾਣੀਆਂ ਪੰਜਾਬੀ ਰਸਾਲਿਆਂ ਦੇ ਐਡੀਟਰ ਰੱਦ ਕਰੀ ਜਾ ਰਹੇ ਨੇ। ਵੀਹ... ਬਾਈ ਸਾਲ ਪੁਰਾਣੇ ਹਮਸਫ਼ਰ ਪਾਤਰਾਂ ਨਾਲ ਪਤਾ ਨਹੀਂ ਇਹ ਮੇਰੀ ਕਿੰਨਵੀਂ ਪਾਰੀ ਸੀ। ਪਰ ਹੁਣ ਮੈਂ ਫੇਅਲ ਨਹੀਂ ਹੋਣਾ ਚਾਹੁੰਦਾ ਸੀ। ਇਸ ਤੋਂ ਅੱਗੇ ਹੋਰ ਕੋਈ ਠਾਹਰ ਨਹੀਂ। ਅੱਗੇ ਹੁਣ ਮੇਰੇ ਲੇਖਕ ਬਣਨ ਦੇ ਉਮੀਦਵਾਰ ਦੀ ਮੌਤ ਖੜੀ ਦਿਸਦੀ ਸੀ। ਆਪਣੇ ਅੰਦਰ ਪਈਆਂ ਸਾਰੀਆਂ ਸ਼ਕਤੀਆਂ ਨੂੰ ਬੁਲਾਇਆ ... ਅਰਦਾਸਾਂ ਕੀਤੀਆਂ ... ਸਭ ਨੂੰ ਪੁਕਾਰਿਆ। ਅਧੇੜ ਉਮਰ ਦੇ ਤਜਰਬੇ ਆਸਰੇ ਓਹੀ ਕਹਾਣੀ ਦੇ ਕਈ ਡਰਾਫਟ ਲਿਖੇ। ਕਹਾਣੀ ਦੇ ਪਿਛਲੇ ਸਾਲਾਂ ਦੇ ਸਾਰੇ ਕਾਗਜ਼ਾਂ ਦਾ ਥੱਬਾ ਭਾਅ ਜੀ ਨੂੰ ਦੇ ਆਇਆ ਜੋ ਹੁਣ ਛਪੰਜਾ ਸਾਲ ਦਾ ਸੀ। ਉਹਨਾਂ ਨੇ ਹਾਰੀ ਹੋਈ ਕਹਾਣੀ ਦੀ ਅਪੀਲ ਸੁਣਨੀ ਸੀ। ਭੂਸ਼ਨ ਦੇ ਮੋਬਾਇਲ ਤੋਂ ਮਿਲੇ ਸੁਨੇਹੇ ਤੋਂ ਕਹਾਣੀ ਦੇ ਜਿੱਤ ਜਾਣ ਦੀ ਉਮੀਦ ਬੱਝੀ। ਅਸੀਂ ਘਰ ਦੇ ਪਿਛਵਾੜੇ ਬਾਹਰ ਖੁੱਲ਼ੇ ਅਸਮਾਨ ਥੱਲੇ ਧੁੱਪ ’ਚ ਕੁਰਸੀਆਂ ਡਾਹ ਕੇ ਬੈਠਦੇ ਹਾਂ। ਕੁਰਸੀਆਂ ਵਿਚਾਲੇ ਮੇਜ਼ ਉੱਤੇ ਕਹਾਣੀ ਟਿਕਾਈ ਹੋਈ ਹੈ। ਭੂਸ਼ਨ ਖਿੜਿਆ ਪਿਆ ਹੈ। ਉਹ ਕਹਾਣੀ ਦੇ ਕਾਗਜ਼ਾਂ ਉੱਤੇ ਬਹੁਤ ਮੋਹ ਭਰੇ ਹੱਥ ਫੇਰਦਾ ਹੈ। ਉਸ ਦੀ ਦਾਹੜੀ ਬੜਾ ਕੁਝ ਬੋਲਦੀ ਅਸ਼ ਅਸ਼ ਕਰ ਰਹੀ ਹੈ। ਕਹਾਣੀ ‘ਭੂਰੀਆਂ ਅੱਖਾਂ ਦਾ ਸੇਕ’ ਇਸ ਪੜਾ ਉੱਤੇ ਜਿੱਤ ਗਈ ਹੈ। ‘ਬਲ਼ੀ ਇਹ ਕਹਾਣੀ ਤੂੰ ਹੀ ਲਿਖ ਸਕਦਾ ਸੀ। ਪ੍ਰੇਮ ਪ੍ਰਕਾਸ਼ ਨੂੰ ਭੇਜ ਦੇ’। ਦੋ ਹਫ਼ਤੇ ਬਾਅਦ ਜਨਵਰੀ 2003 ਦੇ ਸ਼ੁਰੂ ਵਿਚ ਪ੍ਰੇਮ ਪ੍ਰਕਾਸ਼ ਦਾ ਪੋਸਟ ਕਾਰਡ ਆਉਂਦਾ ਹੈ ਜਿਸ ਵਿਚ ਇਹ ਵੀ ਲਿਖਿਆ ਹੋਇਆ ਹੈ: ‘ਤੁਹਾਡੀ ਕਹਾਣੀ ਬੜੇ ਕਮਾਲ ਦੀ ਏ। ਇਹਨੇ ਪੰਜਾਬੀ ਕਹਾਣੀ ਦੇ ਸਾਰੇ ਪੈਰਾਮੀਟਰ ਭੰਨ ਤੋੜ ਦਿੱਤੇ ਨੇ। ਮੈਂ ਨੋਟ ਦੇ ਕੇ ਛਾਪਾਂਗਾ।’ ਕਹਾਣੀ ਨੂੰ ਐਂਡ ਕਰਨਾ ਕਾਫ਼ੀ ਤਕਲੀਫ਼ਦੇਹ ਰਿਹਾ। ਹਰ ਵਾਰ ਮਨ ਵੱਖਰਾ ਅੰਤ ਸੁਝਾ ਦੇਂਦਾ। ਪ੍ਰੇਮ ਪ੍ਰਕਾਸ਼ ਨੇ ਆਪਣੇ ਪਰਚੇ ਲਕੀਰ ਦੇ 100ਵੇਂ ਵਿਸ਼ੇਸ਼ ਅੰਕ ਵਿਚ... ਪਿਛਲੀਆਂ ਕਹਾਣੀਆਂ ਵਿਚ ਇਸ ਕਹਾਣੀ ਨੂੰ ਦੂਸਰੀ ਵਾਰੀ ਛਾਪਿਆ।
7? ਕਹਾਣੀ ਦੀ ਕਾਂਟ ਛਾਂਟ ਵੇਲੇ ਕਿਹੜੀ ਗੱਲ ਦਾ ਧਿਆਨ ਰੱਖਦੇ ਹੋ?
ਮੈਂ ਇੱਕ ਕਹਾਣੀ ਦਾ ਖਰੜਾ ਭੂਸ਼ਨ ਭਾਅ ਜੀ ਨੂੰ ਪੜਨ ਲਈ ਦੇਣ ਗਿਆ ਤਾਂ ਕਹਿੰਦੇ,“ਜੋ ਗੱਲ ਤੇਰੇ ਜਿਹਨ ਅੰਦਰ ਸੀ ... ਤੇਰੀ ਤਸੱਲੀ ਹੈ ਕਿ ਉਹ ਮੁਕੰਮਲ ਕਾਗਜ਼ ’ਤੇ ਉਤਰ ਗਈ... ਯਾ ਕੁਝ ਤੇਰੇ ਅੰਦਰ ਹੀ ਪਈ ਰਹਿ ਗਈ ਏ।” ਹਰ ਰਚਨਾ ਆਪਣਾ ਆਕਾਰ ਲੈ ਕੇ ਆਉਂਦੀ ਐ। ਰਚਨਾ ਨੂੰ ਬਣ ਠਣ ਕੇ ਟੌਅਰ ਨਾਲ ਘਰੋਂ ਬਾਹਰ ਨਿਕਲਣਾ ਚਾਹੀਦਾ। ਐੈਡੀਟਰ, ਪਾਠਕ ਬੜਾ ਬੇਰਹਿਮ ਹੁੰਦਾ ਏ। ਫੜੱਕ ਤੁਹਾਡੀ ਕਹਾਣੀ ਦੇ ਮੂੰਹ ’ਤੇ ਕਾਟਾ ਮਾਰ ਦਏਗਾ। ਚੀਜ਼ ਥਾਂ ਸਿਰ ਪੂਰੀ ਹੋਵੇ। ਕੁੱਝ ਵੀ ਫਾਲਤੂ ਨਾ ਜੋੜਿਆ ਹੋਵੇ। ਜੋੜਨ ਨਾਲੋਂ ਕੱਟਣਾ ਸਿੱਖਣਾ ਬਹੁਤ ਜਰੂਰੀ ਹੁੰਦਾ ਐ। ਸਾਹਿਤ ਜਿੰਦਾ ਛਿਣਾਂ ਦੀ ਦਾਸਤਾਨ ਹੈ; ਇਹ ਕੋਈ ਮੁਰਦਿਆਂ ਦਾ ਦਾਖਲਾ ਰਜਿਸਟਰ ਨਹੀਂ ਜਿਸ ਵਿਚ ਤੁਸੀਂ ਹਰ ਮੋਏ ਬੰਦੇ ਦਾ ਰਿਕਾਰਡ ਦਰਜ ਕਰਕੇ ਸੰਭਾਲਣਾ ਹੋਵੇ।
8? ਤੁਹਾਡੀਆਂ ਬਹੁਤੀਆਂ ਕਹਾਣੀਆਂ ’ਚ ਦਲਿਤ ਜੀਵਨ ਦੀ ਚਿੱਤਰਕਾਰੀ ਆਮ ਲੱਭਦੀ ਏ। ਇਹਦਾ ਕੋਈ ਖਾਸ ਕਾਰਨ? ਕੋਈ ਗਿਲਾ ਸ਼ਿਕਵਾ ਨਹੀਂ। ਵਿਦਰੋਹ ਨਹੀਂ। ਇਸ ਤਰਾਂ ਕਿਉਂ?
- ਮੇਰਾ ਨਾਨਕਾ ਦਾਦਕਾ ਦੇਸੀ ਚਮੜੇ ਦੀਆਂ ਜੁੱਤੀਆਂ ਬਣਾਕੇ ਵੇਚਦੇ ਸਨ। ਮੇਰਾ ਦਾਦਾ ਜੁੱਤੀਆਂ ਦੀਆਂ ਬੋਰੀਆਂ ਰੇਲ ਗੱਡੀ ’ਚ ਲੱਦ ਕੇ ਲਾਹੌਰ ਨੂੰ ਤੁਰਿਆ ਰਹਿੰਦਾ ਸੀ। ਉਹਦੇ ਕਮਾਏ ਮਲਿਕਾ ਦੇ ਚਾਂਦੀ ਦੇ ਕਈ ਦਮੜੇ ਮੈਨੂੰ ਵੀ ਵਿਰਾਸਤ ਵਿਚ ਮਿਲੇ। ਮੇਰੀਆਂ ਕਹਾਣੀਆਂ ਅਜਿਹੇ ਜੀਵਨ ਵਿੱਚੋਂ ਚੁਗੀਆਂ ਹੋਈਆਂ ਹਨ ਤੇ ਸਮੁੱਚੇ ਜੀਵਨ ਨੂੰ ਸਮਝਣ ਦੀ ਮਾਤਰ ਇੱਕ ਕੋਸ਼ਿਸ਼ ਹੈ। ਇਨਸਾਨ ਦੇ ਮਸਤਕ ਨੂੰ ਪੜਨ ਦੀ, ਓਹਦੀਆਂ ਭਾਵਨਾਵਾਂ, ਰਿਸ਼ਤਿਆਂ ਨੂੰ ਲਿਖਣ ਦੀ ਕੋਸ਼ਿਸ਼ ਹੈ। ਹਰ ਵਿਅਕਤੀ ਕਿਤੇ ਨਾ ਕਿਤੇ ਚਾਹੇ, ਅਣਚਾਹੇ ... ਜਾਣੇ, ਅਣਜਾਣੇ ਜ਼ੁਲਮ ਕਰ ਰਿਹਾ ਹੈ ਤੇ ਉਹ ਜ਼ੁਲਮ ਕੋਈ ਸਹਿ ਵੀ ਰਿਹਾ ਹੈ। ਮੇਰਾ ਅਜਿਹਾ ਅਨੁਭਵ ਹੈ ...ਵਿਦਰੋਹ ਅੰਦਰ ਐ ਬੰਦੇ ਦੇ ...ਜੇ ਬਾਹਰ ਆਉਦਾ ਐ ਤਾਂ ਸਮਾਜ ਉਸ ਨੂੰ ਕਨਟੇਨ ਕਰਨ ਲਈ ਦਿਖਾਵੇ ਦੀ ਅਡਜਸਟਮੈਂਟ ਕਰ ਦਿੰਦਾ ....ਨੰਗੇ ਨੂੰ ਕੱਛਾ ਸੁਆ ਦਿੰਦਾ, ਨਹੀਂ...? ‘ਉੱਚੀਆਂ ਆਵਾਜ਼ਾਂ’ ਕਹਾਣੀ ਸੰਗ੍ਰਿਹ ਦੀਆਂ ਦੋ ਕਹਾਣੀਆਂ (ਹਨੇਰੇ ਦੀ ਫਰਦ ਤੇ ਨੂਣ) ਉਹ ਹੋ ਸਕਦੀਆਂ ਹਨ ਜਿਹਨਾਂ ਲਈ ਤੁਸੀਂ ‘ਦਲਿਤ’ ਸ਼ਬਦ ਵਰਤਿਆ। ਬਾਕੀ ਅੱਠ ਕਹਾਣੀਆਂ ਦੇ ਸੰਸਾਰ ਵੱਖਰੇ ਨੇ ... ਤੁਹਾਡੇ ਸੁਆਲ ਤੋਂ ਖ਼ਿਆਲ ਆਇਆ ਕਿ ਮੈਂ ‘ਦਲਿਤ’ ਸ਼ਬਦ ਨਹੀਂ ਵਰਤਦਾ ...ਇੱਟ ਇਜ਼ ਹੋਲਲੀ ਐਂਡ ਸੋਲਲੀ ਪੋਲਿਟੀਕਲ... ਵੀ ਆਰ ਹਿਊਮਨਬੀਇੰਗਜ਼ ...ਨਥਿੰਗ ਮੋਰ ਔਰ ਲੈੱਸ...।
9? ਆਮ ਤੌਰ ਉੱਤੇ ਇੱਕ ਲੇਖਕ ਕਵਿਤਾ ਤੋਂ ਸ਼ੁਰੂ ਕਰਦਾ ਹੈ, ਕਦੀ ਕਵਿਤਾ ਲਿਖਣ ਦੀ ਗੱਲ ਮਨ ਵਿੱਚ ਨਹੀਂ ਆਈ।
- ਜਦੋਂ ਉਸਤਾਦ ਨੇ ਹੀ ਲਿਖ ਦਿੱਤਾ ਕਿ ਕਵਿਤਾ ਦਾ ਯੁੱਗ ਬੀਤ ਗਿਆ... ਫੇਰ ਕੀ ਕਰਦੇ। ਮੈਂ ਬਹੁਤ ਦੇਸੀ ਵਿਦੇਸ਼ੀ ਕਵਿਤਾ ਪੜ੍ਹੀ। ਬਹੁਤ ਸਾਰੀ ਕਵਿਤਾ ਵੀ ਲਿਖੀ... ਕੁੱਝ ਕੁ ਅਖਬਾਰਾਂ ਰਸਾਲਿਆਂ ਵਿੱਚ ਛਪੀਆਂ ਵੀ...ਪਰ ਜਿਵੇਂ ਹੋਣਾ ਹੀ ਸੀ... ਅੱਜ ਮੈਨੂੰ ਚੰਗਾ ਵੀ ਲੱਗਦੈ... ਭੂਸ਼ਨ ਨੇ ਮੇਰੇ ਕਵੀ ਨੂੰ ਸਿਆਣਿਆ ਹੀ ਨਹੀਂ... ਕਹਾਣੀਆਂ ਲਿਖਣ ਦੀ ਤਾਕੀਦ ਕੀਤੀ।
10? ਤੁਸੀਂ ਅਕਸਰ ਆਪਣੀਆਂ ਰਚਨਾਵਾਂ ’ਚ ਅੰਤ ਅਣਕਿਹਾ ਛੱਡ ਦਿੰਦੇ ਓ, ਇਹ ਅਟਕਲ ਕਿੱਥੋਂ ਸਿੱਖੀ?
-ਮੈਂ ਇਹ ਮੰਨ ਕੇ ਚਲਦਾ ਹਾਂ ਕਿ ਪਾਠਕ ਬਹੁਤ ਸਿਆਣਾ ਤੇ ਸਮਝਦਾਰ ਹੈ। ਪਾਠਕ ਦੀਆਂ ਵੀ ਕਈ ਕਿਸਮਾਂ ਨੇ। ਪਾਠਕ ਵੀ ਵਧਦਾ ਫੁੱਲਦਾ ਹੈ। ਗਰੋਅ ਕਰਦਾ ਐ। ਪਾਠਕ ਵੀ ਇੱਕ ਪਾਤਰ ਹੀ ਹੈ। ਅਸਲ ਪਾਠਕ ਕਹਾਣੀ ਅੰਦਰ ਇੱਕ ਅਡੀਸ਼ਨਲ ਪਾਤਰ ਬਣ ਕੇ, ਆਪਣੀ ਝੂੰਗੀ ਪਾ ਕੇ ਰਹਿੰਦਾ ਹੋਇਆ ਆਪਣੇ ਸੰਗੀਆਂ ਦੇ ਖੀਸੇ ਫਰੋਲਦਾ ਹੈ ਕਿ ਵਿੱਚ ਹੈ ਕੀ। ਬਸ ਉਹ ਸੁਹਿਰਦ ਹੋਵੇ। ਮੈਂ ਪਾਠਕ ਨੂੰ ਹੋਰ ਜੁਆਨ ਕਰਨ ਲਈ ਲਿਖਦਾ ਹਾਂ। ਕਿਸੇ ਅਟਕਲ ਦਾ ਮੈਨੂੰ ਕੋਈ ਇਲਮ ਨਹੀਂ। ਮੈਂ ਖੁਦ ਨੂੰ ਪੁੱਛਦਾ ਹਾਂ: ਤੂੰ ਕਿਉਂ ਲਿਖਦਾ ਏਂ? ਮੈਨੂੰ ਮੇਰੇ ਅੰਦਰੋਂ ਜੁਆਬ ਮਿਲਦਾ ਏ- ਜ਼ਿੰਦਗੀ ਨੂੰ ਹੋਰ ਸੁਹਣੀ ਬਣਾਉਣ ਲਈ ਲਿਖਦਾ ਹਾਂ। ਮੈਂ ਆਪਣੇ ਲਈ ... ਆਪਣੇ ਪਾਠਕ ਲਈ ਚੰਗੇਰੀ ਸਵੇਰ ਦੀ ਉਮੀਦ... ਉਡੀਕ ’ਚ ਬੈਠਾ ਹਾਂ।
11? ਤੁਸੀਂ ਕਿਹੜੇ ਲਿਖਾਰੀਆਂ ਤੋਂ ਪ੍ਰਭਾਵਿਤ ਹੋ ਕੇ ਕਹਾਣੀ ਦੇ ਖੇਤਰ ਵੱਲ ਆਏ?
- ਜੋ ਜੀਵਨ ਮੈਂ ਵੇਖਿਆ, ਜੀਵਿਆ... ਉਸਨੇ ਮੈਨੂੰ ‘ਵੁਆਇਸ’ ਦਿੱਤੀ। ਮੈਂ ਕਿਹਾ ਕਿ ਕਵਿਤਾ ਵੀ ਮੈਂ ਕਾਫੀ ਲਿਖੀ। ਪਰ ਭੂਸ਼ਨ ਨੇ ਮੈਨੂੰ ਪੱਕਾ ਕਰ ਦਿੱਤਾ ਕਿ ਮੇਰੀ ਵੁਆਇਸ ਫਿਕਸ਼ਨ ਦੀ ਵਿਧਾ ਵਿਚ ਠੀਕ ਸੁਣਾਈ ਦੇਂਦੀ ਏ। ਉਂਜ ਹੈਮਿੰਗਵੇ ਮੇਰਾ ਪਿਆਰਾ ਲੇਖਕ ਹੈ। ਦਸੂਰੇ ਨੰਬਰ ’ਤੇ ਵੀ ਐੱਸ ਨਾਈਪਾਲ ਹੈ।
12? ਆਪਣੇ ਸਮਕਾਲੀ ਕਹਾਣੀਕਾਰਾਂ ਦੀਆਂ ਰਚਨਾਵਾਂ ਨੂੰ ਕਿਸ ਤਰਾਂ ਵੇਖਦੇ ਹੋ? ਪੰਜਾਬੀ ਕਹਾਣੀ ਦੇ ਅਜੋਕੇ ਮੰਜ਼ਰ ਨਾਮੇ ਯਾ ਮੁਸਤਕਬਿਲ ਨੂੰ ਕਿਵੇਂ ਵੇਖਦੇ ਓ?
- ਸਮਕਾਲੀਆਂ ਵਿਚ ਸ਼ਰੀਕਾ ਬਰਾਦਰੀ ਹੋਣੀ ਸੁਭਾਵਿਕ ਏ। ਹੈ ਵੀ ਬਹੁਤ। ਪਿਛਲੇ ਦੋ ਦਹਾਕਿਆਂ ਤੋਂ ਮੇਰੇ ਸਾਰੇ ਸਮਕਾਲੀ ਕਹਾਣੀਕਾਰ ਗਿਣਤੀ ਵਿਚ ਵੀਹ ਤੋਂ ਚਾਲ਼ੀ ਤੱਕ ਕਹਾਣੀਆਂ ਲਿਖ ਚੁੱਕੇ ਹਨ। ਆਪਣੇ ਇਹਨਾਂ ਦੋ ਦੋ ਤਿੰਨ ਤਿੰਨ ਕਿਤਾਬਾਂ ਗੁਰਮੁੱਖੀ ਲਿੱਪੀ ’ਚ ਲਿਖਣ ਵਾਲੇ ਮਾਸਟਰ ਕਥਾਕਾਰਾਂ ਸੁਕੀਰਤ, ਸੁਖਜੀਤ, ਜਸਬੀਰ ਰਾਣਾ, ਜਤਿੰਦਰ ਹਾਂਸ, ਦੇਸ ਰਾਜ ਕਾਲੀ, ਮਨਿੰਦਰ ਕਾਂਗ, ਭਗਵੰਤ ਰਸੂਲਪੁਰੀ, ਤਲਵਿੰਦਰ, ਗੁਰਮੀਤ ਕੜਿਆਲਵੀ, ਗੁਰਮੀਤ ਪਨਾਗ, ਤਿ੍ਰਪਤਾ ਕੇ ਸਿੰਘ, ਸਰਘੀ... ਹੋਰ ਵੀ ਕਈ ਨਾਂ ਨੇ ... ਇਹਨਾਂ ਦੇ ਵਿਚ ਖਲੋਤਿਆਂ ਚੰਗਾ-ਚੰਗਾ ਲੱਗਦਾ ਏ। ਚੰਗੀ ਲਿਖਤ ਵਿਚ ਚਾਰ ਚੰਗਿਆਈਆਂ ਦਿਸਦੀਆਂ... ਲੰਬਾਈ, ਚੌੜਾਈ ... ਤੇ ਉਚਾਈ ਔਰ ਡੂੰਘਾਈ। ਲੰਬਾਈ, ਚੌੜਾਈ ਆਪੇ ਆ ਜਾਂਦੀ। ਪਰ ਉਚਾਈ ਅਧਿਅਨ ਨਾਲ ਆਉਦੀ ਐ। ਅਤੇ ਡੂੰਘਾਈ ਅਨੁਭਵ ਨਾਲ। ਪੰਜਾਬੀ ਕਹਾਣੀ ਮਾਡਰਨ ਜੀਵਨ ਦੀਆਂ ਪੇਚੀਦਾ ਮਾਨਸਿਕ ਗੁੰਝਲਾਂ... ਤੜਪਾਂ... ਨੂੰ ਲੈ ਕੇ ਅੱਗੇ ਵਧ ਰਹੀ ਏ। ਕੋਈ ਸਮਰੱਥਾਵਾਨ ਸੁਹਿਰਦ ਲੇਖਕ ਵਿਦਵਾਨ ਇਕ ਸੌ ਪੰਜਾਬੀ ਕਹਾਣੀਆਂ ਅੰਗਰੇਜ਼ੀ ’ਚ ਉਲੱਥਾ ਕਰ ਦੇਵੇ... ਕੁਲ ਦੁਨੀਆ ਵਿਚ ਜਿੱਥੇ ਮਰਜ਼ੀ ਖੜੀਆਂ ਕਰੋ ਇਹਨਾਂ ਨੂੰ ...
13 ? ਤੁਹਾਡੀ ਹਰ ਕਹਾਣੀ ਨਿੱਕੀਆਂ ਨਿੱਕੀਆਂ ਟੁਕੜੀਆਂ ’ਚ ਕਿਉਂ ਅੱਗੇ ਵਧਦੀ ਏ? ਮਤਲਬ ਤੁਸੀਂ ਬੁਝਾਰਤਾਂ ਪਾਈ ਟੁਰੇ ਜਾਂਦੇ ਓ, ਤੁਹਾਡਾ ਕਹਾਣੀ ਕਹਿਣ ਦਾ ਢੰਗ ਇਕੋ ਸਾਹ ਵਾਲਾ ਰਵਾਇਤੀ ਕਿਉਂ ਨਹੀਂ ਏ?
- ਕਹਾਣੀ ਹਲ ਨਾਲ ਵਾਹੇ ਖੇਤ ਵਿਚ ਖੁੱਲਾ ਪਾਣੀ ਛੱਡਣ ਵਾਂਗ ਹੈ ... ਜਾਂ ਬਾਰਿਸ਼ ਪੈਣ ਵਾਂਗ ਹੈ... ਪਾਣੀ ਆਪਣੀ ਮਰਜ਼ੀ ਨਾਲ ਕਿਧਰੇ ਵੀ ਤੁਰਦਾ ਫਿਰੇ... ਜਾਂ ਰੁਕ ਜਾਵੇ। ਪਾਤਰ ਤੇ ਉਸ ਦੇ ਪੈਰਾਂ ਹੇਠਲੀ ਜ਼ਮੀਨ ਚਿੱਟੇ ਕਾਗਜ਼ ਲਈ ਵੱਡੀ ਚੁਨੌਤੀ ਏ। ਚਿੱਟਾ ਕਾਗਜ਼ ਚੁੱਪ ਏ। ਕਿਸੇ ਸਾਈਡ ਤੋਂ ... ਕਿਵੇਂ ਵੀ ਏਹਦੀ ਚੁੱਪ ਤੋੜਨੀ ਏ। ਸੌਖਿਆਂ ਨਹੀਂ ਟੁੱਟਦੀ ਇਹ ਚੁੱਪ। ਸ਼ਬਦ ਸ਼ਬਦ... ਅੱਖਰ ਅੱਖਰ ਕਹਾਣੀ ਅੱਗੇ ਵੱਧਣੀ ਚਾਹੀਦੀ ਏ। ਮੇਰੀ ਦੂਸਰੀ ਕਿਤਾਬ ‘ਇਬਾਰਤਾਂ’ ਬਾਰੇ ਜੋਗਿੰਦਰ ਸਿੰਘ ਨਿਰਾਲਾ ਦੇ ਆਰਟੀਕਲ ਦਾ ਸਿਰਲੇਖ ਸੀ: ਨਿਵੇਕਲੇ ਬਿਰਤਾਂਤ ਸ਼ਾਸ਼ਤਰ ਦਾ ਸਿਰਜਕ। ਮੈਨੂੰ ਅੱਜ ਵੀ ਨਹੀਂ ਪਤਾ ਕਿ ਕੋਈ ਬਿਰਤਾਂਤ ਸ਼ਾਸ਼ਤਰ ਵੀ ਹੁੰਦਾ। ਰਚਨਾ... ਪਾਤਰ ਮੂੰਹ ਜੋਰ ਹੁੰਦੇ ਨੇ ... ਉਹ ਆਪਣਾ ਸਭ ਕੁਝ ਨਾਲ ਚੁੱਕੀ ਫਿਰਦੇ ਨੇ ... ਕਹਾਣੀ ਖ਼ੁਦ ਵਾਪਰਦੀ ਹੈ ... ਮੈਂ ਤਾਂ ਲਿਖਦਾ ਹੀ ਹਾਂ।
14 ? ਮੈਨੂੰ ਇੰਜ ਲਗਦੈ ਕਿ ਤੁਹਾਡੀ ਬੋਲਬਾਣੀ ਵਿੱਚ ਕਦੇ ਕਦੇ ਤੁਹਾਡਾ ਬਾਬਾ ਬੋਲਣ ਲੱਗ ਪੈਂਦੈ। ਉਹ ਤੁਹਾਡੇ ਅੰਦਰ ਕਿਵੇਂ ਤੇ ਕਦੋਂ ਆ ਕੇ ਬੈਠ ਗਿਆ। ਤੁਹਾਡੀਆਂ ਕਈ ਕਹਾਣੀਆਂ ਵਿੱਚ ਬਾਬੇ ਦੀਆਂ ਗਾਲ਼ਾਂ ਦਾ ਜ਼ਿਕਰ ਆਉਦੈ। ‘ਮੈਂ ਤੇਰਾ ਕੁੱਤੀ ਬੁੜੀ ਦਾ ਅੱਜ ਭੋਗ ਪਾ ਦੇਣਾ ’। ਜਨਮ ਮਿਤੀ ਦਰਜ ਕਰਨ ਆਏ ਚੌਕੀਦਾਰ ਨੂੰ ਬਾਬਾ ਝਿੜਕ ਦਿੰਦੈ, ‘ਤੂੰ ਫੇਰ ਆਈਂ, ਆ ਗਿਆ ਚੱਕ ਕੇ।’ (ਰਜਿਸਟਰ) ...ਆਪਾਂ ਠੇਕਾ ਲਿਆ ਹੋਇਐ ...ਇਹ ਝਿੜਕਾਂ ਦਾ ਸਫ਼ਰ ਐ। ਕਦੇ ਬਾਬੇ ਦੀਆਂ, ਕਦੇ ਪੋਤੇ ਦੀਆਂ। ਕੀ ਕਹੋਗੇ?
- ਮੇਰਾ ਬਾਬਾ ਪੁੰਨੂੰ ਰਾਮ ਸਾਡੇ ਵੱਡੇ ਪਰਿਵਾਰ ਦਾ ਮੁਖੀ ਸੀ। ਓਹਦੀ ਘਰ ’ਚ ਇੱਜ਼ਤ ਸੀ, ਜ਼ੋਰ ਸੀ। ਓਹਦੀ ਵਿਰੋਧਤਾ ਵੀ ਸੀ। ਪਰ ਮੇਰੀ ਮਾਂ ਤੇ ਬਾਪ ਓਹਦੀ ਰਜ਼ਾ ਵਿੱਚ ਸਨ। ਮੇਰੇ ਲਈ ਉਹ ਪਹਿਲਾ ਸੁਪਰਮੈਨ ਸੀ। ਪੋਤਿਆਂ ਵਿੱਚੋਂ ਮੈਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ। ਉਸ ਨੇ ਅਨਪੜਤਾ ਵਿੱਚ ਮੁਸ਼ੱਕਤ ਕਰਦਿਆਂ ਸਖ਼ਤ ਜੀਵਨ ਜਿਊਆ। ...ਇਹ ਝਿੜਕਾਂ ਨਹੀਂ ਸਖ਼ਤ ਜੀਵਨ ਦੀ ਸ਼ੈਲੀ ਐ। ...ਜਿਹੜੀ ਮੈਨੂੰ ਵੀ ਵਿਰਾਸਤ ਵਿੱਚ ਮਿਲੀ ਹੋਈ ਐ। ...ਇਹ ਵਿਰਾਸਤ ਕਦੇ ਅਮੀਰ ਲੱਗਦੀ ਐ। ...ਕਦੇ ਕੋਫ਼ਤ ਆਉਦੀ ਐ। ਬਹੁਤ ਵਾਰੀ ਮੈਨੂੰ ਸ਼ਰਮਿੰਦਗੀ ਵੀ ਉਠਾਉਣੀ ਪੈਂਦੀ ਐ। ...ਨੁਕਸਾਨ ਵੀ ਉਠਾਉਣਾ ਪੈਂਦਾ ਹੈ ...ਫਿਰ ਵੀ ਮੈਂ ਪੂਰਾ ਜ਼ੋਰ ਲਾਇਆ ਹੋਇਆ ਕਿ ਇਹ ਵਿਰਾਸਤ ਦਾ ਜ਼ਹਿਰ ਪੂਰਾ ਮੈਂ ਹੀ ਹਜ਼ਮ ਕਰ ਲਵਾਂ। ...ਪਰ ਸਾਇੰਸਦਾਨ ਕਹਿੰਦੇ ਨੇ ਕਿ ਇਹ ਤਾਂ ਜੀਨਜ਼ ਰਾਹੀਂ ਟਰਾਂਸਫ਼ਰ ਹੋ ਜਾਂਦੀ ਐ...ਹੁਣ ਹੋਰ ਗੱਲ ਕਰਦੇ ਹਾਂ...
15 ? ਕਈ ਵਾਰੀ ਆਸੇ ਪਾਸੇ ਲਿਖੀਆਂ ਤੇ ਛਪ ਰਹੀਆਂ ਸਸਤੀਆਂ ਤੇ ਘਟੀਆ ਲਿਖਤਾਂ ਦਾ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ਉੱਤੇ ਰੌਲਾ-ਘਚੌਲਾ ਵੀ ਲੇਖਕ ਨੂੰ ਬੇਚੈਨ ਕਰਦਾ ਹੈ... ਥਾਨੂੰ ਕਿੰਜਂ ਲੱਗਦਾ ਇਹ ਸਭ।
- ਸ਼ਬਦ ਸੰਸਾਰ ਉਦੋਂ ਤੋਂ ਸਾਡੀ ਹਿਯਾਤੀ ਨਾਲ ਜੁੜਦਾ ਜਦੋਂ ਬੱਚਾ ਊਂ... ਆਂ ਕਰਦਾ। ਸ਼ਬਦ ਸੰਸਾਰ... ਸੋਸ਼ਲ ਮੀਡੀਆ ਤੋਂ ਅਲੱਗ ਦੁਨੀਆ ਹੈ। ਸਦੀਆਂ ਪੁਰਾਣੀ। ਇਹ ਉਦੋਂ ਵੀ ਸਥਾਪਤ ਸੀ ਜਦੋਂ ਸੋਸ਼ਲ ਮੀਡੀਆ ਦਾ ਨਾਮੋਂ ਨਿਸ਼ਾਨ ਨਹੀਂ ਸੀ। ਸੋਸ਼ਲ ਮੀਡੀਆ ਕੱਲ ਦੀ ਗੱਲ ਐ। ਸ਼ਬਦ ਦੀ ਕਮਾਈ ਸਾਧਨਾ, ਬੰਦਨਾ ਨਾਲ ਹੋ ਸਕਦੀ। ਸ਼ਬਦ ਜਗਤ ਦੇ ਬਾਸ਼ਿੰਦਿਆਂ ਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਇਹ ਰੌਲਾ ਕੌਣ... ਕਿਉਂ ਪਾ ਰਿਹਾ ਐ। ਸਮੇਂ ਹੀ ਐਸੇ ਨੇ ਕਿ ਸਬਰ ਸੰਤੋਖ ਹੈ ਨਹੀਂ। ਸ਼ਾਇਦ ਆਪਣੇ ਲਿਖੇ ਉੱਤੇ ਦਿਲ ਨਹੀਂ ਟਿਕਦਾ। ਲੋੜ ਸ਼ਬਦਾਂ... ਸਨਟੈਂਨਸਾਂ ਉੱਤੇ ਸੁਰਤ ਲਾਉਣ ਦੀ ਹੈ। ਲਿਖਤ ਨੂੰ ਬੋਲਣਾ ਚਾਹੀਦਾ। ਲੇਖਕ ਖੁਦ ਬੋਲਣ ਲੱਗੇ ਹੋਏ ਨੇ। ਫੇਸਬੁੱਕ ’ਤੇ ਬਿਨਾਂ ਨਾਗਾ ਟੰਗੀ ਜਾਂਦੇ ਨੇ। ਸਮਾਂ... ਸ਼ਕਤੀ ਪ੍ਰਚਾਰ ਉੱਤੇ ਵੇਸਟ ਕਰੀ ਜਾਂਦੇ ਨੇ। ਇਹ ਰੁਝਾਨ ਬਹੁਤ ਡਿਸਟਰਬ ਕਰਦਾ ਹੈ, ਪਰ ਜੋ ਇਸ ਗਧੀ ਗੇੜ ਤੋਂ ਬਾਹਰ ਹਨ, ਉਹਨਾਂ ਨੂੰ ਇੱਕ ਊਰਜਾ ਵੀ ਦੇਂਦਾ ਹੈ। ‘ਮੇਰਾ ਦਾਗਿਸਤਾਨ’ ਵਿੱਚ ਰਸੂਲ ਹਮਜਾਤੋਵ ਕੁੱਝ ਮੁਰੀਦਾਂ ਬਾਰੇ ਲਿਖਦੈ ਕਿ ਉਹ ਐਂਵੇਂ ਨਾ ਆਪਣੀਆਂ ਤਲਵਾਰਾਂ ਲਿਸ਼ਕਾਈ ਜਾਣ... ਲੜ੍ਹਾਈ ਦੇ ਮੈਦਾਨ ਵਿੱਚ ਤਲਵਾਰਾਂ ਆਪਣੀ ਗੱਲ ਆਪ ਕਰਨਗੀਆਂ...
?16 ਤੁਹਾਡੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਮੁਨਸ਼ੀ ਪ੍ਰੇਮ ਚੰਦ ਜੀ ਯਾਦ ਆ ਜਾਂਦੇ ਹਨ ਤੇ ਦੇਵਦਾਸ ਵਾਲਾ ਸ਼ਰਤ ਚੰਦਰ ਵੀ। ਤੁਸੀਂ ਪਾਤਰਾਂ ਨੂੰ ਚਿਤਰਦੇ ਉਨਾਂ ਦੇ ਅੰਦਰ ਵੜ ਜਾਂਦੇ ਹੋ। ਇਹ ਦੇਖ ਇੱਕ ਫ਼ਿਲਮੀ ਗੀਤ ਦੀਆਂ ਇਹ ਸਤਰਾਂ ਯਾਦ ਆਉਦੀਆਂ ਨੇ ਬਤਾ ਯਹ ਹੁਨਰ ਤੁਮਨੇ ਸੀਖਾ ਕਹਾਂ ਸੇ?
- ਮੈਂ ਆਪ ਆਪਣਾ ਨਿੰਦਕ ਹਾਂ। ਹਰ ਲਿਖੀ ਗੱਲ ’ਤੇ ਸ਼ੱਕ ਕਰੀ ਜਾਂਦਾ। ਬਿਆਲੀ ਸਾਲਾਂ ’ਚ ਇਕੱਤੀ ਕਹਾਣੀਆਂ ਲਿਖੀਆਂ। ਤੁਸੀਂ ਬਹੁਤ ਵੱਡੇ ਵੱਡੇ ਨਾਓਂ ਲੈ ਦਿੱਤੇ ਐ। ਕਹਾਣੀਆਂ ਸੋਚਦੇ ਜਾਂ ਲਿਖਦੇ ਮੈਨੂੰ ਲੱਗਦਾ ਕਿ ਮੈਨੂੰ ਕੁੱਝ ਨਹੀਂ ਆਉਦਾ। ਮੈਂ ਸਿੱਖਣਾ ਐ। ਕਹਾਣੀ ਸ਼ੁਰੂ ਕਰਨ ਦੇ ਖ਼ਿਆਲ ਤੋਂ ਹੀ ਮੈਂ ਕਈ ਕਈ ਦਿਨ ਡਰਿਆ ਆਪਣੇ ਆਪ ਨੂੰ ਉਡੀਕੀ ਜਾਂਦਾਂ। ਲਿਖ ਲਿਖ ਵਰਕੇ ਪਾੜੀ ਜਾਂਦਾਂ। ਕਾਗਜ਼ਾਂ ਦਾ ਰਿਮ ਕੋਲ ਨਾ ਹੋਵੇ, ਤਾਂ ਲਿਖਣ ਬਾਰੇ ਸੋਚ ਹੀ ਨਹੀਂ ਸਕਦਾ। ਮੈਂ ਆਪਣੇ ਆਪ ਨੂੰ ਰਪੀਟ ਨਹੀਂ ਕਰਨਾ ਚਾਹੁੰਦਾ। ਮੈਂ ਆਪਣੇ ਆਪ ਨਾਲ ਹੀ ਆਪਣਾ ਮੁਕਾਬਲਾ ਕਰਦਾਂ। ਪਹਿਲਾਂ ਨਾਲੋਂ ਆਪਣੇ ਸਿਰ ਤੋਂ ਦੀ ਉੱਚੀ ਛਾਲ ਮਾਰਨੀ ਚਾਹੁੰਨਾ। ਉਜ ਮੈਂ ਸੋਚਦਾਂ ਕਿ ਇਨਸਾਨ ਦਾ ਮਸਤਕ ਮੇਰਾ ਯੁੱਧ ਖੇਤਰ ਐ…
ਕੁਝ ਚੋਣਵੀਆਂ ਕਹਾਣੀਆਂ:
ਧਰਤੀ ਦੇ ਮਾਲਕ
ਮੈਂ ਨਲਕੇ ’ਤੇ ਹੱਥ ਧੋਣ ਲੱਗਾ। ਮੈਨੂੰ ਉਲਟੀ ਆ ਗਈ। ਅੱਖਾਂ ’ਚੋਂ ਪਾਣੀ ਨਿਕਲ ਆਇਆ। ਪੇਟ ’ਚੋਂ ਕੁੱਝ ਨਾ ਨਿਕਲਿਆ। ਡਾਕਣ ਨੂੰ ਜੀਅ ਕਰੀ ਜਾਵੇ। ਕੁਰਲੀ ਕੀਤੀ। ਪਾਣੀ ਪੀਣ ਨੂੰ ਜੀਅ ਕਰੇ। ਪਾਣੀ ਅੰਦਰ ਨੂੰ ਜਾਵੇ ਹੀ ਨਾ। ਉਲਟੀ ’ਤੇ ਉਲਟੀ।
‘‘ਕਿਆ ਹੋ ਗਿਆ’’, ਮਾਂ ਨੂੰ ਚਿੰਤਾ ਲੱਗਣੀ ਹੀ ਸੀ।
ਆਪ ਨੂੰ ਹੀ ਸਮਝ ਨਾ ਲੱਗੇ ਤਾਂ ਦੂਸਰੇ ਨੂੰ ਕੀ ਦੱਸ ਹੋਵੇ। ਅੱਗੇ ਕਿਹੜਾ ਕਦੇ ਡਾਂਗ ਨਹੀਂ ਸੀ ਚਲਾਈ। ਪਹਿਲਾਂ ਕਦੇ ਕੁੱਝ ਨਹੀਂ ਹੋਇਆ। ਅੱਜ ਕੀ ਹੋ ਗਿਆ। ਕੋਈ ਚੀਜ਼ ਖਾ ਨਾ ਹੋਵੇ। ਖਾਣਾ ਤਾਂ ਕੀ ਰਸੋਈ ’ਚ ਪੱਕਦੀ ਰੋਟੀ ਦੇ ਖ਼ਿਆਲ ਨਾਲ ਹੀ ਅੰਦਰ ਬਾਹਰ ਨੂੰ ਆਵੇ। ਰੋਟੀ ਖਾਣਾ ਕਿੱਡਾ ਵੱਡਾ ਸੰਕਟ ਐ ... ਜੋ ਸ੍ਹਾਮਣੇ ਦਿੱਸ ਰਿਹਾ ਸੀ। ਰੋਟੀ ਨੂੰ ਤਾਂ ਦੇਖਣ ਨੂੰ ਜੀਅ ਨਾ ਕਰੇ।
‘‘ਰੋਟੀ ਖਾ ਲੈ’’ ਮਾਂ ਨੇ ਜਿਵੇਂ ਰਸੋਈ ’ਚੋਂ ਮੈਨੂੰ ਗਾਲ਼ ਕੱਢੀ।
ਕਿਵੇਂ ਖਾ ਲਵਾਂ! ਕੋਈ ਜ਼ਬਰਦਸਤੀ ਵੀ ਮੈਨੂੰ ਕੁੱਝ ਨਾ ਖਿਲਾ ਸਕਦਾ। ਪਤਾ ਨਹੀਂ ਮੇਰੇ ਮੰੂਹ ’ਚ ਕੀ ਵੜ ਗਿਆ ਸੀ। ਮੈਂ ਕੁਝ ਨਹੀਂ ਕਰ ਸਕਦਾ ਸਾਂ। ਤੇ ਕੁਝ ਵੀ ਕਰ ਸਕਦਾ ਸਾਂ। ਮੈਂ ਮਾਂ ਤੋਂ ਕਾਲੇ ਛੋਲਿਆਂ ਦੀ ਤਰੀ ਤੇ ਰੋਟੀ ਲੈ ਕੇ, ਅੱਖ ਬਚਾ ਕੇ ਬਾਰੀ ਤੋਂ ਬਾਹਰ ਸੁੱਟ ਦਿੱਤੀ। ਘਬਰਾ ਕੇ ਇੰਨੇ ਜ਼ੋਰ ਨਾਲ ਮੇਰਾ ਦਿਲ ਉੱਛਲਿਆ ਜਿਵੇਂ ਮੂੰਹ ਥਾਣੀਂ ਮੇਰੀਆਂ ਆਂਦਰਾਂ ਹੀ ਬਾਹਰ ਨਿਕਲ ਆਉਣਗੀਆਂ। ਹੋਰ ਅੰਦਰ ਹੈ ਕੀ ਸੀ?
‘‘ਕਿਆ ਹੋ ਗਿਆ? ...’’
ਕਈ ਸਾਲਾਂ ਤੋਂ ਸਾਡੇ ਘਰ ਵਿੱਚ ਪੰਦਰਾਂ ਸੋਲਾਂ ਡਾਂਗਾਂ ਪਈਆਂ ਹੁੰਦੀਆਂ ਸਨ। ਬਾਂਸ ਦੀਆਂ। ਬਾਹਰੋਂ ਆ ਕੇ ਬਗਲ ਅੰਦਰ ਵੜਦੇ ਸਾਰ ਹੀ ਖੰੂਜੇ ਵਿੱਚ ਖੜ੍ਹੀਆਂ ਇਨ੍ਹਾਂ ਡਾਗਾਂ ਉੱਤੇ ਹਰ ਇੱਕ ਦੀ ਨਿਗ੍ਹਾ ਪੈਂਦੀ। ਸਾਨੂੰ ਬੜਾ ਹੌਂਸਲਾ ਦਿੰਦੀਆਂ। ਬਹੁਤ ਕੰਮ ਆਉਦੀਆਂ। ਯਾਦ ਨਹੀਂ ਕਿ ਕਦੇ ਮੁਸ਼ਤਰਕਾ ਜ਼ਮੀਨ ਵਿੱਚ ਹਾੜ੍ਹੀ ਸੌਣੀ ਦੀ ਫ਼ਸਲ ਇਹਨਾਂ ਤੋਂ ਬਗ਼ੈਰ ਬੀਜੀ ਵੱਢੀ ਹੋਵੇ। ਅਜਿਹੇ ਮੌਕਿਆਂ ਉੱਤੇ ਇਹ ਸਾਰੀਆਂ ਕਈ ਦਿਨ ਖੂੰਜੇ ਵਿੱਚੋਂ ਗਾਇਬ ਰਹਿੰਦੀਆਂ। ‘ਕੰਮ’ ਖ਼ਤਮ ਹੋਣ ਬਾਅਦ ਫੇਰ ਜਿਵੇਂ ਖ਼ੁਦ-ਬ-ਖ਼ੁਦ ਉਸੇ ਖੂੰਜੇ ਵਿੱਚ ਆ ਖੜ੍ਹਦੀਆਂ। ਹੋਰ ਬਥੇਰੇ ਕੰਮ ਆਉਦੀਆਂ। ਕਿੱਕਰ ਜਾਂ ਨਿੰਮ ਦੀ ਦਾਤਣ ਤੋੜਦੀਆਂ। ਬੱਕਰੀਆਂ ਲਈ ਤੁੱਕੇ ਝਾੜਦੀਆਂ। ਡੰਗਰ ਚਾਰਦੀਆਂ। ਕਦੇ ਕੋਈ ਗੁਹਾਰੇ ’ਚੋਂ ਪਾਥੀਆਂ ਲੈਣ ਤੁਰ ਜਾਂਦੀ। ਕੁੱਪ ’ਚੋਂ ਤੂੜੀ ਦੀ ਪੰਡ ਲੈਣ ਲਈ ਖੂੰਜੇ ’ਚੋਂ ਗਾਇਬ ਹੋ ਜਾਂਦੀ...ਤੇ ਕਦੇ...
ਤੇ ਕਦੇ ਕਈ ਕਈ ਦਿਨ ਸਾਰੀਆਂ ਚੁੱਪ-ਚਾਪ ਖੜ੍ਹੀਆਂ ਰਹਿੰਦੀਆਂ।
ਸ਼ਾਂਤ। ਕਦੇ ਆਪ ਹੀ ਇੱਕ ਦੂਜੇ ਨਾਲ ਵੱਜ ਕੇ ਡਿੱਗ ਪੈਂਦੀਆਂ। ਬੁਲਾਉਦੀਆਂ। ਪਟਾਕੇ ਚੱਲਣ ਵਰਗਾ ਖੜਾਕ ਕਰਦੀਆਂ। ਜੋ ਮਰਜ਼ੀ ਕਰਨ ਪਰ ਅੰਤ ਨੂੰ ਸਿੱਧੀਆਂ ਹੋ ਕੇ ਖੂੰਜੇ ’ਚ ਖੜ੍ਹ ਜਾਂਦੀਆਂ...
ਤਿਆਰ-ਬਰ-ਤਿਆਰ।
ਪਤਾ ਨਹੀਂ ਕਦੋਂ ਚੱਲਣ ਦਾ ਹੁਕਮ ਹੋ ਜਾਵੇ।
ਕਦੋਂ ਕੀ? ਇਹਨਾਂ ਦੀ ਲੋੜ ਪਈ ਹੀ ਰਹਿੰਦੀ ਸੀ।
ਭਾਵੇਂ ਹਰ ਇੱਕ ਦੀ ਆਪਣੀ ਅਲੱਗ ਤਾਕਤ, ਪਛਾਣ ਤੇ ਰੁਤਬਾ ਸੀ। ਪਰ ਫੇਰ ਵੀ ਸਾਰੀਆਂ ਹੱਥ ਲਗ-ਲਗ ਕੇ ਚਮਕੀਆਂ ਪਈਆਂ ਸਨ। ਕੋਈ ਸਿਲਤ ਨਹੀਂ। ਅਲੱਗ ਅਲੱਗ ਰੰਗ ... ਪੀਲਾ ਕਾਲਾ, ਪੀਲਾ ਹਰਾ, ਸੁਨਹਿਰੀ ...। ਧਰਤੀ ’ਤੇ ਮਾਰੀਏ ਤਾਂ ਸਭ ਵੱਖਰੀ ਆਵਾਜ਼ ਵਿੱਚ ਜਿਵੇਂ ਹਾਕਾਂ ਮਾਰਦੀਆਂ। ਇਹਨਾਂ ਦਾ ਆਲੇ-ਦੁਆਲੇ ਦੇ ਲੋਕਾਂ ਨੂੰ ਭੈਅ ਸੀ। ਪਰ ਜੇ ਘਰ ਵਿੱਚ ਹੀ ਲੜਾਈ ਹੋ ਜਾਂਦੀ ਤਾਂ ਸਾਨੂੰ ਇਹਨਾਂ ਡਾਂਗਾਂ ਤੋਂ ਬੜਾ ਡਰ ਲੱਗਦਾ। ਬਗਲ ਦੇ ਅੰਦਰ ਅਜਿਹੀ ਗਰਮਾ-ਗਰਮੀ ਮੌਕੇ ਕੋਈ ਮਾਂ, ਚਾਚੀ, ਤਾਈ ਦੂਸਰੀ ਨੂੰ ਕਹਿੰਦੀ ...
‘‘ਕੁੜੇ, ਇਹਨਾਂ ਨੂੰ ਮਲ੍ਹਕ ਦੇ ਕੇ ਲੁਕੋ ਦੇ ਕਿਤੇ ... ਹੋਰ ਕਿਤੇ ...’’
ਇੰਜ ਕਈ ਵਾਰ ਹੋਇਆ ਕਿ ਅੰਮਾਂ ਹਰ ਕੁਰ ਮੂਹਰੇ-ਮੂਹਰੇ ਤੇ ਬਾਬਾ ਡਾਂਗ ਫੜੀ ਪਿੱਛੇ ਪਿੱਛੇ ਦੋਵੇਂ ਬਗਲ ਦੇ ਬਾਹਰ ਪੂਰੇ ਘਰ ਦੁਆਲੇ ਦੋ ਤਿੰਨ ਗੇੜੇ ਲਾਉਦੇ।
‘‘ਕੰਗ ਦੀ ਜੜ੍ਹ’’, ਅੰਮਾਂ ਨੂੰ ਬਾਬੇ ਤੇ ਡਾਂਗ ਵਿੱਚ ਕੋਈ ਫ਼ਰਕ ਨਾ ਦਿਸਦਾ।
‘‘ਮੈਂ ਤੇਰਾ ਕੁੱਤੀ ਬੁੜ੍ਹੀ ਦਾ ਅੱਜ ਭੋਗ ਪਾ ਦੇਣਾ ’’
ਪਰ ਘਰ ’ਚ ਨਾ ਬਾਬੇ ਨੇ ਤੇ ਨਾ ਕਿਸੇ ਹੋਰ ਨੇ ਕਦੇ ਕਿਸੇ ਦੇ ਡਾਂਗ ਮਾਰੀ। ਸਿਰ ਤੋਂ ਉਤਾਂਹ ਚੁੱਕੀ ਡਾਂਗ ਉੱਥੇ ਹੀ ਰੁਕ ਜਾਂਦੀ ਤੇ ਮੰੂਹ ਵਿੱਚੋਂ ਡਾਂਗ ਵਰਗੀ ਗਾਲ਼ ਨਿਕਲਦੀ। ਘਰ ਦੇ ਅੰਦਰ ਜਦੋਂ ਡਾਂਗਾਂ ਨੱਚਦੀਆਂ ਤਾਂ ਸਾਡਾ ਬੱਚਿਆਂ ਦਾ ਚਿੱਤ ਘਬਰਾਉਦਾ। ਅਸੀਂ ਕੀ ਕਰ ਸਕਦੇ ਸਾਂ? ਜੀਭ ਪਿੱਛੇ ਨੂੰ ਹਟਦੀ। ਫੇਰ ਠੰਡ-ਠੇਰ ਹੋਣ ’ਤੇ ਅਸੀਂ ਡਾਂਗਾਂ ਦੀ ਗਿਣਤੀ ਕਰਦੇ ...ਇੱਕ ...ਦੋ ...ਤਿੰਨ ...ਪੰਦਰਾਂ ...। ਕਦੇ ਕਿਸੇ ਸਭ ਤੋਂ ਲੰਬੀ ਜਾਂ ਛੋਟੀ ਦੀਆਂ ਗੱਠਾਂ ਗਿਣਦੇ। ਥੱਲਿਓਂ ਉਪਰ ਨੂੰ। ਉਪਰੋਂ ਥੱਲੇ ਨੂੰ। ਉਪਰੋਂ ਹੇਠਾਂ ਨੂੰ ਨਿਗ੍ਹਾ ਦੁੜਾਉਦੇ ਤਾਂ ਪੋਰੀਆਂ ਦੀ ਗਿਣਤੀ ਵਧਣ ਦੇ ਨਾਲ ਨਾਲ ਬਾਂਸ ਮੋਟਾ ਹੁੰਦਾ ਜਾਂਦਾ। ਇੱਕ ਦਾ ਹੇਠਲਾ ਸਿਰਾ ਟੁੰਡ ਵਰਗਾ ਸੀ। ਤਿੰਨ ਡਾਂਗਾਂ ’ਤੇ ਸੁੰਮਾਂ ਚੜ੍ਹੀਆਂ ਹੋਈਆਂ ਸਨ। ਇਹ ਤਿੰਨੋਂ ਬਰਸਾਤੂ ਪਾਣੀ ਦੇ ਝਗੜੇ ਨਿਬੇੜਨ ਜ਼ਰੂਰ ਜਾਂਦੀਆਂ।
ਜਦੋਂ ਅਸੀਂ ਕੁਝ ਜੁਆਨ ਹੋਏ ਤਾਂ ਯਾਦ ਆਉਦਾ ਕਿ ਪਹਿਲਾਂ ਇੰਨੀ ਤਦਾਦ ਵਿੱਚ ਇੰਨੀਆਂ ਜ਼ਬਰਦਸਤ ਡਾਂਗਾਂ ਸਾਡੇ ਘਰ ਵਿੱਚ ਨਹੀਂ ਹੁੰਦੀਆਂ ਸਨ। ਇਸੇ ਖੂੰਜੇ ਵਿੱਚ ਦੋ ਮੂਹਲੇ, ਡੰਗਰ ਚਾਰਨ ਵਾਲੇ ਡੰਡੇ, ਸੋਟੀਆਂ ਤੇ ਛਿਟੀਆਂ ਹੀ ਹੁੰਦੀਆਂ ਸਨ। ਜਾਂ ਹੋਰ ਕਬਾੜ ... ਟੁੱਟੇ ਪਾਵੇ, ਪਾਟੀਆਂ ਬਾਹੀਆਂ, ਕੰਡਮ ਸੇਰਬੇ। ਬਸ...
ਇੱਕ ਦਿਨ ਤੜਕੇ ਹੀ ਜਦੋਂ ਮੇਰੀ ਸਭ ਤੋਂ ਛੋਟੀ ਭੈਣ ਨੇ ਹੋਣਾ ਸੀ ਅਤੇ ਘਰ ਵਿੱਚ ਗੁੱਗਲ ਦੀ ਭਾਲ ਹੋ ਰਹੀ ਸੀ ਤਾਂ ਸਾਨੂੰ ਪਤਾ ਲੱਗਿਆ ਕਿ ਸਾਡਾ ਬਾਬਾ ਸਰਕਾਰੀ ਹਸਪਤਾਲ ਵਿੱਚ ਦਾਖਲ ਸੀ। ਮੁਸ਼ਤਰਕਾ ਜ਼ਮੀਨ ਦੇ ਝਗੜੇ ਕਾਰਨ, ਮੂੰਹ ਨ੍ਹੇਰੇ ਸੱਤ ਕਿੱਲਿਆਂ ਵਿੱਚ ਲੱਗੇ ਬੋਰ ਦੇ ਕੋਠੇ ’ਚ ਇਕੱਲੇ ਸੁੱਤੇ ਬਾਬੇ ਉੱਤੇ ਜੱਟਾਂ ਨੇ ਦਰਵਾਜ਼ਾ ਭੰਨ ਕੇ ਇੱਖ ਗੁੱਡਣ ਵਾਲੀਆਂ ਕਹੋਲੀਆਂ ਤੇ ਬਰਛਿਆਂ ਨਾਲ ਹਮਲਾ ਕਰ ਦਿੱਤਾ ਸੀ। ਆਪਣੇ ਵੱਲੋਂ ਉਹ ਬਾਬੇ ਨੂੰ ਮਾਰ ਕੇ ਲਾਗਲੇ ਖੇਤ ਵਿੱਚ ਸਿੱਟ ਗਏ ਸਨ। ਪਰ ਬਾਬਾ ਮਰਿਆ ਨਹੀਂ ਸੀ। ਉਸ ਦੇ ਹੱਥਾਂ ਪੈਰਾਂ ਉੱਤੇ ਬਾਈ ਟੱਕ ਸਨ। ਇੱਕ ਟੱਕ ਵੱਖੀ ਉੱਤੇ ਸੀ। ਹਸਪਤਾਲ ਵਿੱਚ ਪਿਆ ਉਹ ਗੱਲਾਂ ਕਰ ਰਿਹਾ ਸੀ। ਬਾਬਾ ਬਚ ਗਿਆ। ਮਹੀਨਾ ਉਹ ਹਸਪਤਾਲ ਹੀ ਰਿਹਾ। ਉਸ ਦੇ ਤੰਦਰੁਸਤ ਹੋ ਕੇ ਘਰ ਪੁੱਜਣ ਤੋਂ ਪਹਿਲਾਂ ਸਾਡੇ ਘਰ ਡਾਂਗਾਂ ਜਿਵੇਂ ਸੂ ਪਈਆਂ ਸਨ। ਹੁਣ ਸਾਨੂੰ ਇਹ ਵੀ ਪਤਾ ਸੀ ਪਿਛਲੇ ਸੰਦੂਖਾਂ ਪੇਟੀਆਂ ਵਾਲੇ ਅੰਦਰ ਕਿਰਪਾਨਾਂ, ਸਫ਼ਾਜੰਗ ਤੇ ਗੰਡਾਸੀਆਂ ਵੀ ਪਈਆਂ ਸਨ। ਇਹਨਾਂ ਦੀ ਲੋੜ ਭਾਵੇਂ ਕਦੇ ਨਹੀਂ ਸੀ ਪਈ, ਪਰ ਇਹਨਾਂ ਨੂੰ ਘਰ ਵਿੱਚ ਰੱਖਣ ਦੀ ਜ਼ਰੂਰਤ ਜ਼ਰੂਰ ਸੀ। ਲੰਬੀ ਦੇਰ ਇਹਨਾਂ ਦੀ ਹੋਂਦ ਚੇਤੇ ਵਿੱਚ ਸੁੱਤੀ ਰਹਿੰਦੀ। ਕਦੇ ਕਦੇ ਯਾਦ ਆਉਦੀ। ਕਦੇ ਇਹ ਹਥਿਆਰ ਹੌਂਸਲਾ ਦਿੰਦੇ, ਕਦੇ ਡਰਾਉਦੇ। ਇਹ ਵੱਢ-ਟੁੱਕ ਦਾ ਸਮਾਨ ਪਿਛਲੇ ਹਨ੍ਹੇਰੇ ਅੰਦਰ ਵਿੱਚ ਲੁਕਿਆ ਰਹਿੰਦਾ।
ਪਰ ਡਾਂਗਾਂ ਘਰ ਵੜਦੇ ਹਰ ਇੱਕ ਦੇ ਮੱਥੇ ਲੱਗਦੀਆਂ!
ਅਸੀਂ ਵੀ ਇਹਨਾਂ ਨੂੰ ਵਰਤਦੇ ਹੋਏ ਜੁਆਨ ਹੋ ਰਹੇ ਸਾਂ।
ਡੰਗਰ ਚਾਰਦੇ ਕਿਸੇ ਝੋਟੀ ਦੇ ਬੇਕਿਰਕ ਹੋ ਕੇ ਪੰਜ ਸੱਤ ਡਾਂਗਾਂ ਜੜਨ ਦਾ ਸੁਆਦ ਲੈਂਦੇ। ਵ੍ਹੇੜ ਪਾ ਦਿੰਦੇ। ਕੋਹੜ-ਕਿਰਲੀ ਜਾਂ ਛਿਪਕਲੀ ਜੋ ਵੀ ਨਿਗ੍ਹਾ ਪੈ ਗਈ, ਛੱਡੀ ਨਹੀਂ। ਘਾਹ ’ਤੇ ਉੱਡਦੀਆਂ ਭਿੰਡਾਂ ਦਾ ਨਿਸ਼ਾਨਾ ਲਾਉਦੇ। ਇੰਨੇ ਜ਼ੋਰ ਦੀ ਮਾਰਦੇ ਕਿ ਉਹ ਡੰਡੇ ਨਾਲ ਹੀ ਚਿਪਕ ਜਾਂਦੀਆਂ। ਕਦੇ ਡੰਡੇ ਤੋਂ ਬਚ ਕੇ ਨਿਕਲੀ ਭਿੰਡ ਗੁੱਸੇ ਵਿੱਚ ਹੱਥ ਮੂੰਹ ’ਤੇ ਲੜ ਜਾਂਦੀ ਤਾਂ ਝਿੜਕਾਂ ਪੈਂਦੀਆਂ...
‘‘ਤੈਨੂੰ ਕੀਹਨੇ ਕਿਹਾ ਦੁਪਹਿਰੇ ’ਚ ਇਨ੍ਹਾਂ ਨਾਲ ਪੰਗਾ ਲੈ।’’ ਜੇ ਹੋਰ ਕੁਝ ਨਾ ਸੁੱਝਦਾ ਤਾਂ ਅੱਕਾਂ ਦੇ ਟੂਸਿਆਂ ਉੱਤੇ ਹੀ ਡਾਂਗਾਂ ਮਾਰੀ ਜਾਂਦੇ। ਕਿਸੇ ਪਲ ਰਹੇ ਕਿੱਕਰ ਜਾਂ ਸਰੀਂਹ ਦੇ ਬੂਟੇ ਨੂੰ ਝੰਬ ਦਿੰਦੇ। ਭਾਵੇਂ ਬਾਅਦ ਵਿੱਚ ਚੰਗੀਆਂ ਗਾਲ਼ਾਂ ਪੈਂਦੀਆਂ ਪਰ ਹਟਦੇ ਫੇਰ ਵੀ ਨਾ। ਡਾਂਗ ਚਲਾਉਣ ’ਚ ਬੜਾ ਸੁਆਦ ਆਉਦਾ। ਸਭ ਤੋਂ ਵੱਧ ਇਹ ਡਾਂਗਾਂ ਸੱਪਾਂ ਦੀਆਂ ਸਿਰੀਆਂ ਫੇਹਣ ਦੇ ਕੰਮ ਆਉਦੀਆਂ ਸਨ। ਆਲੇ-ਦੁਆਲੇ ਬਹੁਤ ਸੱਪ ਸਨ। ਅਕਸਰ ਹੀ ਨਿਕਲ ਆਉਦੇ। ਆਪਣਾ ਜੱਦੀ ਪੁਸ਼ਤੀ ਪਿੰਡ ਛੱਡਣ ਤੋਂ ਪਹਿਲਾਂ ਬਾਬੇ ਨੇ ਇਸੇ ਤਹਿਸੀਲ ਵਿੱਚ ਸ਼ਹਿਰ ਦੇ ਨੇੜੇ ਇੱਕ ਛੜੇ ਚੌਧਰੀ ਦੇ ਪੈਰੀਂ ਪੱਗ ਰੱਖ ਕੇ, ਪੌਣੇ ਦੋ ਕਿੱਲੇ ਜ਼ਮੀਨ ਅਠਾਰਾਂ ਸੌ ਰੁਪੱਈਆਂ ਵਿੱਚ ਬੈਅ ਲਿੱਤੀ ਸੀ। ਕੋਠੇ ਛੱਤ ਲਏ। ਡੰਗਰ ਬਲਦ ਰੱਖ ਲਏ। ਬਹੁਤ ਨੀਵੀਂ ਜ਼ਮੀਨ ਸੀ। ਕਿਸੇ ਜ਼ਮਾਨੇ ਵਿੱਚ ਇੱਥੇ ਇੱਟਾਂ ਦਾ ਭੱਠਾ ਹੁੰਦਾ ਸੀ। ਇਸੇ ਥਾਂ ਦੀ ਮਿੱਟੀ ਪੁੱਟ ਪੁੱਟ ਕੇ ਬਣੀਆਂ ਇੱਟਾਂ ਨੇ ਦੋ ਮੀਲ ਦੂਰ ਵਸਦੇ ਸ਼ਹਿਰ ਵਿੱਚ ਮਹਿਲਾਂ ਵਰਗੀਆਂ ਕੋਠੀਆਂ ਦੀਆਂ ਮੰਜ਼ਲਾਂ ਉੱਚੀਆਂ ਅਸਮਾਨ ਨੂੰ ਲਾ ਦਿੱਤੀਆਂ ਸਨ। ਇੱਥੇ ਟੋਇਆਂ ਤੇ ਉਜਾੜ ਵਿੱਚ ਜੇ ਸੱਪ ਨਾ ਜੰਮਦੇ ਤਾਂ ਹੋਰ ਤਿੱਤਲੀਆਂ ਉੱਡਦੀਆਂ। ਮਿੰਟ ਵਿੱਚ ਘਰ ਰੌਲਾ ਪੈ ਜਾਂਦਾ। ਹਲਾ-ਲਲਾ ਮਚ ਜਾਂਦੀ...
‘‘ਓ ਦੀਪੇ ਸੱਪ ਓਏ!’’
‘‘ਕਿੱਥੇ?’’
‘‘ਉੱਥੇ ... ਔਹ ਦੇਖ ... ਔਹ ਦੇਖ!’’
‘‘ਚੱਕ ਲੈ ਡਾਂਗ’’
‘‘ਉਹ ਗਿਆ’’
‘‘ਐਧਰ ਆ ਗਿਆ ਹੁਣ’’
‘‘ਮਾਰ ਦੇ। ਟਿਕਾ ਕੇ ਮਾਰ’’
‘‘ਹੁਣ ਮਾਰ-ਗੱਭੇ’’
‘‘ਮਰ ਗਿਆ। ਮਰ ਗਿਆ। ਬਸ ਹੁਣ ਨੀਂ ਹਿੱਲਦਾ ਕੁੜੀ ਚੋ...’’
ਅਸੀਂ ਝਾੜਾਂ ’ਚ ਫਸੀ ਸੱਪ ਦੀ ਕੁੰਜ ਦੇਖ ਕੇ ਹੀ ਡਰ ਜਾਂਦੇ ਜਿਵੇਂ ਕੁੰਜ ਲਾਹ ਕੇ ਸੱਪ ਕੋਲ ਈ ਬੈਠਾ ਹੋਵੇ।
‘‘ਕੁਸ਼ ਨੀਂ ਕਹਿੰਦਾ ਇਹ। ਧਰਤੀ ਦਾ ਰਾਜਾ ਐ। ਬੰਦੇ ਨੂੰ ਸੁੰਘਦੇ ਈ ਗਾਇਬ ਹੋ ਜਾਂਦਾ। ਸੱਪ ਉਪਰ ਪੈਰ ਰੱਖਿਆ ਜਾਵੇ ਤਾਂ ਪਿੱਛੇ ਨੂੰ ਮੁੜ ਕੇ ਡੰਗ ਮਾਰਦਾ। ਊਂ ਨੀਂ ਕੁਸ ਕਹਿੰਦਾ।’’
ਕਈ ਸਿਆਣੇ ਬੈਠੇ ਗੱਲਾਂ ਕਰਦੇ ਰਹਿੰਦੇ। ਸਾਨੂੰ ਉਹਨਾਂ ਦੀਆਂ ਸੱਪਾਂ ਦੀਆਂ ਗੱਲਾਂ ਤੋਂ ਸੱਪਾਂ ਵਰਗਾ ਹੀ ਡਰ ਲੱਗਦਾ। ਬੋਚ ਬੋਚ ਕੇ ਪੈਰ ਧਰਦੇ। ਸੱਪਾਂ ਦੇ ਡਰ ਨੇ ਸਾਡੀ ਤੋਰ ਹੀ ਬਦਲ ਦਿੱਤੀ ਸੀ। ਘਰ ਵਿੱਚ ਨਿਕਲ ਆਉਦਾ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ। ਕਦੇ ਸਿਰ ਚੁੱਕਦਾ। ਸਿਰ ਨੂੰ ਖੱਬੇ ਸੱਜੇ ਘੰੁਮਾਉਦਾ। ਫਣ ਫੈਲਾਅ ਕੇ ਫੁੰਕਾਰੇ ਮਾਰਦਾ। ਧਰਤੀ ’ਤੇ ਹੀ ਡੰਗ ਮਾਰੀ ਜਾਂਦਾ। ਸਾਨੂੰ ਮਾਰਨ ਲਈ ਆਪਣੇ ਮੂੰਹ ’ਚ ਸਾਂਭੀ ਜ਼ਹਿਰ ਦੀਆਂ ਧਮਕੀਆਂ ਦਿੰਦਾ। ਡਾਂਗ ਵਾਂਗ ਹੀ ਚਮਕਦਾ। ਘਰ ਦੇ ਬੰਦੇ ਡਾਂਗਾਂ ਫੜੀ ਉਸ ਦੇ ਦੁਆਲੇ, ਕੌਡੀ ਖੇਡਣ ਵਾਂਗ ਅੱਗੇ ਪਿੱਛੇ ਨੂੰ ਹੋਈ ਜਾਂਦੇ। ਡਾਂਗਾਂ ਦੇ ਡਰ ਤੋਂ ਵਲੇਵੇਂ ਖਾਂਦੇ ਦੌੜਦੇ ਜਾਂਦੇ ਦੀ ਚਾਲ ਦੇਖਣ ਵਾਲੀ ਹੁੰਦੀ। ਮੌਤ ਤੋਂ ਬਚਣ ਦੇ ਰਾਹ ਲੱਭਦਾ। ਕਦੇ ਕੋਈ ਹਿੱਸਾ ਦਿਸਦਾ। ਕਦੇ ਪੂਛ ਹੀ ਨਜ਼ਰ ਆਉਦੀ। ਕਦੇ ਮੂੰਹ ਹੀ ਦਿਸਦਾ ਜਿਸ ਵਿੱਚੋਂ ਦੋ ਸੂਈਆਂ ਜਹੀਆਂ ਟੱਪਦੀਆਂ। ਧੜ ਪਾਥੀਆਂ ’ਚ ਕਿਤੇ ਲੁਕਿਆ ਹੁੰਦਾ। ਮੂੰਹ ਤੋਂ ਸਰੀਰ ਦੀ ਲੰਬਾਈ ਦਾ ਭੋਰਾ ਵੀ ਪਤਾ ਨਾ ਲੱਗਦਾ। ਝੱਟ ਹੀ ਮੂੰਹ ਵੀ ਗਾਇਬ ਹੋ ਜਾਂਦਾ। ਉਸ ਦੀ ਭਾਲ ਸ਼ੁਰੂ ਹੋ ਜਾਂਦੀ। ਦੁਸ਼ਮਣ ਘਰ ਵਿੱਚ ਛੁਪਿਆ ਹੋਵੇ ਤਾਂ ਕਿੱਥੇ ਕਿਸੇ ਤੋਂ ਝੱਲ ਹੁੰਦਾ। ਕਣਕ ਦੀਆਂ ਭਰੀਆਂ ਹੇਠ ਜਾ ਵੜਦਾ। ਮੱਕੀ ਦੇ ਬੰਦਾਂ ’ਚ ਛਾਈਂ ਮਾਈਂ ਹੋ ਜਾਂਦਾ। ਸਿਆੜਾਂ ’ਚ ਮੇਲ੍ਹਦਾ। ਟੋਭੇ ’ਚ ਤਾਰੀਆਂ ਲਾਉਦਾ। ਤਰ੍ਹਾਂ-ਤਰ੍ਹਾਂ ਦੇ ਰੰਗ ...ਲੰਬਾਈ ...ਮੋਟਾਈ। ਇੱਕੋ ਤਰ੍ਹਾਂ ਦੇ ਦੋ ਸੱਪ ਕਦੇ ਨਹੀਂ ਟੱਕਰੇ। ਨਾ ਹੀ ਕਦੇ ਸੱਪ ਦੀ ਜਨਾਨੀ ...ਸੱਪਣੀ ਦੀ ਅਲੱਗ ਪਛਾਣ ਹੋਈ।
ਜਦੋਂ ਵੀ ਸੱਪ ਦੇ ਪ੍ਰਗਟ ਹੋਣ ਦੀ ਹਾਕ ਪੈਂਦੀ, ਇਹ ਡਾਂਗਾਂ, ਡੰਡਿਆਂ ਸੋਟਿਆਂ ਸਮੇਤ ਅੱਖ ਦੇ ਫੋਰ ਵਿੱਚ ਹਰਕਤ ਵਿੱਚ ਆ ਜਾਂਦੀਆਂ। ਡਾਂਗਾਂ ਵਾਹੁਣ ਵਾਲੇ, ਡਾਂਗਾਂ ਨੂੰ ਇੰਨੇ ਜ਼ੋਰ ਨਾਲ ਪਕੜਦੇ ਕਿ ਇਹ ਉਹਨਾਂ ਦੇ ਸਰੀਰ ਦਾ ਹੀ ਅੰਗ ਬਣ ਜਾਂਦੀਆਂ। ਮਿੰਟਾਂ ਵਿੱਚ ਸੱਪ ਦੀਆਂ ਹੱਡੀਆਂ ਕਈ ਥਾਓਂ ਤੋਂ ਤੋੜ ਦਿੰਦੀਆਂ। ਸੱਪ ਨੂੰ ਮਾਰ ਕੇ, ਜਦੋਂ ਧਰਤੀ ’ਚ ਦੱਬਦੇ ਤਾਂ ਉਸ ਦੀ ਪੂਛ ਹਮੇਸ਼ਾ ਹਿੱਲਦੀ ਹੁੰਦੀ। ਡਾਂਗਾਂ ਤੋਂ ਖ਼ੂਨ ਧੋ ਕੇ ਫੇਰ ਉੱਥੇ ਹੀ ਪੁਰਾਣੇ ਮੂੰਹ ’ਚ ਇਹਨਾਂ ਨੂੰ ਟਿਕਾ ਦਿੱਤਾ ਜਾਂਦਾ ਜਿੱਥੇ ਇਹ ਸਭ ਦੀ ਨਿਗ੍ਹਾ ਪੈਂਦੀਆਂ।
ਡਾਂਗਾਂ ਚਲਾਉਣ ਦਾ ਸੁਆਦ ਤੇ ਸੱਪਾਂ ਦਾ ਡਰ ਸਾਡੇ ਖ਼ੂਨ ’ਚ ਲਿਖਿਆ ਜਾ ਚੁੱਕਿਆ ਸੀ। ਡਾਂਗਾਂ ਨੇ ਡਰਾਇਆ ਬਹੁਤਿਆਂ ਨੂੰ, ਪਰ ਮਾਰੇ ਇਹਨਾਂ ਨੇ ਸੱਪ ਹੀ ਸਨ। ਦੋਹਾਂ ਦਾ ਜਨਮਾਂ ਜਨਮਾਂ ਦਾ ਵੈਰ ਸੀ। ਘਰ ’ਚ ਬੁੜ੍ਹੀਆਂ ਸੱਪਾਂ ਤੋਂ ਡਰਦੀਆਂ ਕੱਚੇ ਦੁੱਧ ਦਾ ਛਿੱਟਾ ਦਿੰਦੀਆਂ...
‘‘ਯਾ ਧਰਤੀ ਦੇ ਮਾਲਕ, ਬਾਬਾ ਸਾਨੂੰ ਕਦੇ ਅੱਖ ’ਚ ਪਾਉਣ ਨੂੰ ਵੀ ਨਾ ਦਿਖੀਂ।’’
ਸਾਡੇ ਜੀਵਨ ’ਚ ਸੱਪ ਲੜ ਕੇ ਮਰਨ ਤੋਂ ਸਿਵਾ ਹੋਰ ਕੋਈ ਵੱਡਾ ਡਰ ਨਹੀਂ ਸੀ। ਮੌਤ ਜਿਵੇਂ ਸਿਰਫ਼ ਸੱਪਾਂ ਦੇ ਹੀ ਵੱਸ ਦੀ ਗੱਲ ਹੋਵੇ। ਜਦੋਂ ਤਕ ਸੱਪ ਜਿਊਂਦਾ ਹੁੰਦਾ, ਅਸੀਂ ਸਾਰੇ ਡੰਗਰ ਪਸ਼ੂਆਂ ਸਮੇਤ ਮੌਤ ਦੇ ਮੂੰਹ ’ਚ ਹੁੰਦੇ। ਜਦੋਂ ਮਰ ਜਾਂਦਾ ਤਾਂ ਉਸ ਦੀ ਲਾਸ਼ ਦੇ ਸ੍ਹਾਮਣੇ ਡਾਂਗਾਂ ਫੜੀ ਸ਼ੇਖ਼ਚਿਲੀ ਬਣੇ ਹੁੰਦੇ...
‘‘ਮੈਂ ਮਾਰਿਆ’’
‘‘ਮਾਰਿਆ ਤੈਂ? ਤੂੰ ਤਾਂ ਪਿੱਛੇ ਈ ਮੂਤੀ ਗਿਆ।’’
‘‘ਦੇਖਿਆ, ਕਿੱਡਾ ਭਾਰੀ ਸੱਪ ਤਾ, ਕਾਲਾ ਸ਼ਾਹ... ਖੜੱਪਾ... ਜੇ ਮੈਂ ਨਾ ਹੁੰਦਾ ...’’
‘‘ਤੈਂ ਕਿਆ ਕੀਤਾ...’’
‘‘ਹੁਣ ਦੇਖ ਲੂੰ ਗੇ ਤੈਨੂੰ... ਸ੍ਹਾਨ ਨੂੰ... ਜਦ ਫੇਰ ਨਿਕਲੂ ਗਾ।’’
ਕਦੇ ਸੱਪਾਂ ਦੀ ਗਰੀਬ ਜਨ ਸੰਖਿਆਂ ’ਚੋਂ ਕੋਈ ਦਲਿੱਦਰ ਨਰਾਇਣ ਵੀ ਆ ਟਪਕਦਾ...
‘‘ਬਚਾਰਾ, ਮਿੱਟੀ ਖਾਣਾ ਤਾ।’’
‘‘ਪਾਣੀ ਆਲਾ। ਐਥੇ ਕਿੱਥੇ ਆ ਗਿਆ ਭੁੱਲਿਆ ਭਟਕਿਆ।’’
‘‘ਮੌਤ ਬੁਲਾਉਦੀ ਤੀ, ਹੋਰ ਕਿਆ।’’
‘‘ਵਿਚਾਰਾ ਲੰਘ ਜਾਂਦਾ, ਤਾਂ ਲੰਘ-ਏ ਜਾਂਦਾ।’’
ਇੰਨੇ ਸੱਪ ਨਿਕਲਦੇ!
ਤੋਬਾ ਤੋਬਾ!!
ਜਿਵੇਂ ਦੁਨੀਆ ਭਰ ਦੇ ਸੱਪਾਂ ਨੇ ਸਾਡੇ ਘਰ, ਜ਼ਮੀਨ ਵੱਲ ਨੂੰ ਵਹੀਰਾਂ ਘੱਤੀਆਂ ਹੋਣ। ਰਸੋਈ ਦੀ ਛੱਤ ’ਚੋਂ ਨਿਕਲ ਆਉਦੇ। ਬੋਰ ਦੇ ਕੋਠੇ ’ਚੋਂ। ਜੀਰੀ ’ਚੋਂ। ਕਣਕ ਮੱਕੀ ’ਚੋਂ। ਪਾਥੀਆਂ ਦਾ ਗੁਹਾਰਾ। ਤੂੜੀ ਦਾ ਕੁੱਪ। ਡੰਗਰਾਂ ਦਾ ਛੱਪਰ। ਮੱਲੋ-ਮੱਲੀ ਆ ਟਪਕਦੇ। ਆਪ ਮਰਦੇ, ਨਾਲ ਏ ਸਾਨੂੰ ‘ਮਾਰਦੇ’। "ਸੌਂ ਜਾ ਹੁਣ’’
‘‘ਅੱਧੀ ਰਾਤ ਹੋ ਗਈ। ਪੈ ਜਾ ਹੁਣ। ਬੁਝਾ ਦੇ ਦੀਵਾ।’’
ਬੇਬੇ ਤੇ ਬਾਪੂ ਮੈਨੂੰ ਕਈ ਵਾਰ ਕਹਿ ਚੁੱਕੇ ਸਨ। ਮੈਂ ਰਾਤ ਨੂੰ ਚੌਂਕੜੀ ਮਾਰੀ, ਮੰਜੇ ਦੀ ਬਾਹੀ ’ਤੇ ਟਿਕਾਏ ਮਿੱਟੀ ਦੇ ਤੇਲ ਦੇ ਦੀਵੇ ਦੀ ਲੋਅ ’ਚ ਪੜ੍ਹ ਰਿਹਾ ਸਾਂ। ‘ਪ੍ਰਸ਼ਨ’ ਅਜੇ ਅੱਧਾ ਵੀ ਯਾਦ ਨਹੀਂ ਸੀ ਹੋਇਆ। ਗਰਦਨ ਆਕੜ ਗਈ ਸੀ।
‘‘ਬੁਝਾ ਦੇ ਦੀਵਾ’’, ਮੈਂ ਦੀਵਾ ਬੁਝਾਉਣ ਲਈ ਮੂੰਹ ’ਚ ਫੂਕ ਭਰੀ। ਫੂਕ ਮੂੰਹ ’ਚ ਈ ਰਹਿ ਗਈ। ਬਾਪੂ ਦੇ ’ਗੂਠੇ ਵਰਗੀ ਕੋਈ ਚੀਜ਼ ਕੰਧ ਅਤੇ ਮੰਜੇ ਦੀ ਬਾਹੀ ਦੇ ਵਿਚਾਲਿਓਂ ਉਪਰ ਨੂੰ ਉੱਠੀ। ਫੇਰ ਮੰਜੇ ਦੇ ਹੇਠਾਂ ਗਾਇਬ ਹੋ ਗਈ_
‘‘ਬਾਪੂ_ਅ_ਅ। ਸੱਪ_ਅ_ਅ।’’
‘‘ਸੱਪ? ਓ_ਤੇਰੀ_ਅ_ਭੈਣ ਦੀ_’’ ਬਾਪੂ ਡਰ ਕੇ ਉੱਠਿਆ ਤੇ ਕੋਠੇ ਤੋਂ ਬਾਹਰ ਹੋ ਗਿਆ। ਦੀਵਾ ਨਹੀਂ ਬੁਝਿਆ ਸੀ। ਘਰ ਵਿੱਚ ਖੜਦੁੰਮ ਮਚ ਗਿਆ।
‘‘ਕਿੱਥੇ’’
‘‘ਮੰਜੇ ਥੱਲੇ ਮੇਰੇ।’’ ਮੈਂ ਡਰਿਆ ਬੈਠਾ ਪੈਰ ਹੇਠਾਂ ਨਾ ਉਤਾਰਾਂ।
ਸੱਪ ਵਕਤ-ਬੇ-ਵਕਤ ਵੀ ਨਹੀਂ ਦੇਖਦੇ। ਦੀਵਾ ਤਾਂ ਕੀ ਬੁਝਣਾ ਸੀ, ਸਾਰੀਆਂ ਲਾਲਟੈਣਾਂ ਵੀ ਬਲ ਪਈਆਂ। ਡਾਂਗਾਂ ਹਿੱਲ ਪਈਆਂ। ਘਰ ਦੇ ਅੰਦਰ ਸੱਪ ਸਿਰ ’ਚ ਜ਼ਹਿਰ ਚੁੱਕੀ ਘੁੰਮ ਰਿਹਾ ਸੀ। ਜਦ ਤੱਕ ਮਰਦਾ ਨਾ ਕਿਸੇ ਨੂੰ ਟੇਕ ਨਹੀਂ ਸੀ। ਭਾਲ ਸ਼ੁਰੂ ਹੋ ਗਈ। ਸਾਰਿਆਂ ਨੇ ਮੈਨੂੰ ਤਸੱਲੀ ਦਿੱਤੀ ਕਿ ਮੰਜੇ ਥੱਲੇ ਕੁਸ਼ ਨਹੀਂ ਤਾਂ ਮੈਂ ਆਪਣਾ ਮੰਜਾ ਛੱਡ ਕੇ ਬਾਹਰ ਨੂੰ ਦੌੜ ਪਿਆ। ਮੇਰੀ ਦਰੀ ਤੇ ਖੇਸੀ ਨੂੰ ਡਾਂਗਾਂ ਵਿੱਚ ਅੜਾ ਕੇ ਬਾਹਰ ਲਿਆਂਦਾ। ਵਿੱਚ ਕੁੱਝ ਨਹੀਂ ਸੀ। ਇੱਕ ਡਾਂਗ ਮੰਜੇ ’ਤੇ ਮਾਰੀ। ਮੰਜਾ ਖ਼ਾਲੀ ਸੀ। ਸਾਰੇ ਸਮਾਨ ਉੱਤੇ ਪੋਲੀਆਂ ਪੋਲੀਆਂ ਡਾਂਗਾਂ ਮਾਰ ਕੇ, ਵਿੱਚ ਛੁਪੇ ਸੱਪ ਨੂੰ ਲਲਕਾਰਦੇ। ਸ਼ਿਸ਼ਕਾਰਦੇ। ਸਮਾਨ ਧੂਹ ਕੇ ਬਾਹਰ ਕੱਢ ਦਿੰਦੇ। ਅੰਦਰ ਖ਼ਾਲੀ ਹੋਣ ਲੱਗਾ। ਸਭ ਟਿੰਡ ਫਹੁੜੀ ਬਾਹਰ। ਵਿਹੜੇ ਵਿੱਚ ਨਿੱਕ-ਸੁੱਕ ਦਾ ਢੇਰ ਲੱਗ ਗਿਆ। ਜੋ ਵੀ ਹੱਥ ਲੱਗਦਾ ਬਾਹਰ ਕੱਢ ਦਿੰਦੇ। ਪਰ ‘ਬਾਬਾ’ ਕਿਤੇ ਨਾ ਦਿਖਿਆ।
ਹੁਣ ਅੰਦਰ ਸਿਰਫ਼ ਅੰਮਾਂ ਦਾ ਸੰਦੂਖ ਹੀ ਰਹਿ ਗਿਆ ਸੀ। ਜਾਂ ਕਣਕ ਦੀਆਂ ਚਾਰ ਬੋਰੀਆਂ ਜੋ ਛੇ ਇੱਟਾਂ ਉੱਚੇ ਥਮਲਿਆਂ ’ਤੇ ਰੱਖੇ ਟੁੱਟੇ ਦਰਵਾਜ਼ੇ ਦੇ ਇੱਕ ਤਖ਼ਤੇ ਉੱਤੇ ਦੂਸਰੀ ਕੰਧ ਦੇ ਨਾਲ ਚਿਣੀਆਂ ਹੋਈਆਂ ਸਨ। ਥੋੜ੍ਹੇ ਜਿਹੇ ਜ਼ੋਰ ਨਾਲ ਡਾਂਗ ਮਾਰ ਕੇ ਸੰਦੂਖ ਨੂੰ ਠਕੋਰਿਆ।
‘‘ਵੇ ਮੇਰਾ ਸੰਦੂਖ਼ ਨਾ ਤੋੜ ਦਿਓ ਕਿਤੇ।’’
ਅੰਮਾਂ ਦੀ ਹੁਣ ਕੌਣ ਸੁਣਦਾ।
ਡਾਂਗਾਂ ਚਲਦੀਆਂ ਰਹੀਆਂ।
‘ਹੜਿਆਤ_ਅ_ਅ_’’ ਕੋਈ ਬੋਲਿਆ।
ਕੁੱਝ ਨਾ ਹੋਇਆ।
ਸੱਪ ਦਾ ਕਿਤੇ ਨਾਂ ਨਿਸ਼ਾਨ ਨਹੀਂ ਸੀ।
ਮੇਰੀ ਸ਼ਾਮਤ ਆ ਗਈ।
‘‘ਕਿਆ ਦੇਖਿਆ ਤੈਂ। ਊਈਂ ਤਾਂ ਨੀਂ ਮਾਰੀ ਜਾਂਦਾ।’’
‘‘ਸੱਪ ਤਾ। ਮੈਂ ਦੇਖਿਆ। ਮੈਂ ਫੂਕ ਮਾਰਨ ਲੱਗਿਆ। ਉਪਰ ਨੂੰ ਆਇਆ। ਫੇਰ ਮੰਜੇ ਥੱਲੇ ਹੋ ਗਿਆ।’’
‘‘ਫੇਰ ਗਿਆ ਕਿੱਥੇ? ਹੈਂਅ?? ’’ ਮੇਰੇ ਸਾਹ ਸੁੱਕ ਗਏ। ਸੱਪ ਦੇ ਅੰਦਰ ਹੋਣ, ਨਾ ਹੋਣ ਵਿਚਾਲੇ ਉਨੀਂਦਰੇ ਬਾਪੂ ਦਾ ਭਾਰਾ ਥੱਪੜ ਲਟਕਿਆ ਹੋਇਆ ਸੀ।
‘‘ਪੰਗਾ ਪਾ ਤਾ ਰਾਤ ਨੂੰ’’
‘‘ਸੱਪ ਤਾ, ਬਾਪੂ’’
ਸਾਰੇ ਚੁੱਪ, ਬੇਬਸ ਹੋ ਕੇ ਖੜ੍ਹ ਗਏ। ਫੇਰ ਸਲਾਹ ਬਣੀ ਕਿ ਦੋ ਬੰਦੇ ਸੰਦੂਖ ਨੂੰ ਬਾਹਰ ਘੜੀਸੋ। ਦੋ ਤਿੰਨ ਡਾਂਗਾਂ ਉਲਾਰ ਕੇ ਖੜ੍ਹ ਗਏ। ਬਾਕੀ ਨੂੰ ਕਹਿਣ ‘ਨਿਗ੍ਹਾ ਰੱਖਿਓ ਚਾਰੇ ਪਾਸੇ। ਪਿੱਛੇ ਰਹਿਓ ਕਿਤੇ ਥੁਆੜੇ ਈ ਡਾਂਗ ਨਾ ਵੱਜ ਜਾਵੇ।’ ਸੰਦੂਖ ਚਾਰੇ ਪਾਸਿਓਂ ਬੰਦ ਸੀ। ਮੂਹਰੇ ਜਿੰਦਾ। ਸੱਪ ਸੰਦੂਖ਼ ’ਚ ਨਹੀਂ ਵੜ ਸਕਦਾ। ਹੋ ਸਕਦਾ ਸੰਦੂਖ਼ ਦੇ ਬਾਹਰ ਕਿਤੇ ਚਿਪਕਿਆ ਹੋਵੇ। ਸੰਦੂਖ਼ ਵੀ ਪੁੱਠਾ ਸਿੱਧਾ ਕਰ ਕੇ ਬਾਹਰ ਕੱਢ ਦਿੱਤਾ।
ਸੱਪ ਹੀ ਸੀ, ਹੋਰ ਕਿਆ ਸੀ। ਮੈਂ ਸੋਚਿਆ। ਪਰ ਪਤਾ ਨਹੀਂ ਕੀ ਹੋਵੇ। ਮੈਂ ਫਸ ਗਿਆ।
‘‘ਚਲੋ ਹੁਣ ਬੋਰੀਆਂ ਛੇੜੋ ’’ ਕਣਕ ਦੀਆਂ ਚਾਰ ਬੋਰੀਆਂ ਛੱਡ ਕੇ ਸਭ ਕੁੱਝ ਹਿੱਲ ਚੁੱਕਾ ਸੀ।
‘‘ਹੁਣ ਜੇ ਹੋਇਆ ਤਾਂ ਬੋਰੀਆਂ ਵਿੱਚ-ਏ ਹੋਊ।’’
‘‘ਹੂੰ_ਅਂ_ਅਂ’’ ਕਿਸੇ ਨੇ ਸਭ ਤੋਂ ਉਪਰਲੀ ਬੋਰੀ ਤੋਂ ਹੇਠਲੀ ਬੋਰੀ ਨੂੰ ਖਿੱਚ ਮਾਰੀ। ਉਪਰਲੀਆਂ ਦੋਵੇਂ ਬੋਰੀਆਂ ਕੰਧ ਤੋਂ ਚਾਰ ਉਗਲ ਪਰ੍ਹਾਂ ਖਿਸਕ ਗਈਆਂ। ਮਿੱਟੀ ਦੇ ਫਰਸ਼ ’ਤੇ ਕੁੱਝ ਡਿੱਗ ਕੇ ‘ਚਟੱਕ’ ਦੀ ਆਵਾਜ਼ ਆਈ।
‘‘ਹੈਗਾ। ਹੈਗਾ। ਉਹ ਗਿਰਿਆ ਥੱਲੇ। ਬਹੁਤ ਬੜਾ।’’
ਮੇਰੀ ਜਾਨ ਵਿੱਚ ਜਾਨ ਆਈ। ਕਿੰਨੀ ਦੇਰ ਮੈਨੂੰ ਝੂਠੇ ਨੂੰ ਹੀ ਖੜ੍ਹਾ ਰਹਿਣਾ ਪਿਆ।
ਸੱਪ ਨੂੰ ਘੇਰ ਲਿਆ। ਉਹ ਵੀ ਮੁਜ਼ਰਿਮਾਂ ਵਾਂਗ ਲੁਕਣ ਲਈ ਤਰਲੋ-ਮੱਛੀ ਹੋ ਰਿਹਾ ਸੀ। ਸਿੱਧੀ ਡਾਂਗ ਉਸ ਦੇ ਵੱਜਦੀ ਨਹੀਂ ਸੀ। ਕੰਧ ਵਿੱਚ ਢਿੱਲੀਆਂ ਜਹੀਆਂ ਇੱਟਾਂ ਵਿੱਚ ਆਪਣੇ ਵਜੂਦ ਦਾ ਅੰਗ ਅੰਗ ਲੁਕੋ ਰਿਹਾ ਸੀ। ਛੇ ਹੱਥ ਲੰਮੇ ਸੱਪ ਦਾ ਜੋ ਵੀ ਕੁੱਝ ਦਿਸਦਾ, ਉਸ ਉੱਤੇ ਡਾਂਗਾਂ ਨਾਲ ਹੁੱਝਾਂ ਪੈਂਦੀਆਂ। ਉਹ ਵੀ ਛੇਤੀ ਨਾਲ ‘ਆਈ-ਗਈ’ ਦੇਣ ਵਾਲਾ ਨਹੀਂ ਸੀ। ਅੱਧ ਮੋਏ ਨੂੰ ਕੰਧ ਦੀ ਜੜ੍ਹ ਵਿੱਚੋਂ ਚਾਚੇ ਦੇ ਘਰ ਵੱਲ ਲੰਘਣ ਲਈ ਚੂਹਿਆਂ ਦੀ ਖੁੱਡ ਮਿਲ ਗਈ।
ਕੰਧ ਦੇ ਦੂਸਰੇ ਪਾਸੇ ਚਾਚੇ ਦੇ ਘਰ ਇੱਟਾਂ ਵੱਜਣ ਦੀ ਆਵਾਜ਼ ਆਉਣ ਲੱਗੀ। ਫੇਰ ਚਾਚੀ ਦੀ ਹਾਕ ਕੰਨੀਂ ਪਈ...
‘‘ਐਧਰ ਆ ਗਿਆ, ਆਜੋ ਦੌੜ ਕੇ। ਮੇਰਾ ਦੀਵਾ ਬੁਝ ਗਿਆ।’’
ਇੱਟਾਂ ਵੱਜਣ ਦੀ ਆਵਾਜ਼ ਫੇਰ ਵੀ ਲਗਾਤਾਰ ਆਉਦੀ ਰਹੀ। ਅਸੀਂ ਉਪਰੋਂ ਘੰੁਮ ਕੇ ਚਾਚੇ ਦੇ ਘਰ ਜਾ ਵੜੇ। ਉਹਨਾਂ ਦੇ ਨਿਆਣੇ ਵੀ ਜਾਗ ਪਏ। ਚਾਚੇ ਦੀ ਪੀਤੀ ਉਤਰ ਗਈ। ਸ੍ਹਾਮਣੇ ਪਾਣੀ ਦੀ ਟੈਂਕੀ ਉੱਤੇ ਮੁਲਾਜ਼ਮ ਵੀ ਜਾਗ ਪਏ।
ਚਾਚੀ ਸਾਹੋ ਸਾਹੀ ਹੋਈ ਪਈ ਸੀ।
‘‘ਮੈਂ ਕਹਾਂ ... ਉੱਧਰ ਸੱਪ ਦਾ ਰੌਲਾ ਪੈਂਦਾ। ਖੱਡ ਬੰਦ ਕਰਨ ਨੂੰ ਕਈ ਦਿਨਾਂ ਦੀ ਸੋਚਦੀ ਤੀ। ਮਖਾਂ ਕਿਤੇ ਖੱਡ ’ਚੋਂ ਐਧਰ ਈ ਨਾ ਆ ਜਾਵੇ। ਮੈਂ ਫੜੱਕ ਦੇ ਕੇ ਸੀਂਖ ਬਾਲ ਕੇ ਦੀਵੇ ਨੂੰ ਲਾ ’ਤੀ। ਦਾਦਣਾ ਦੀਵਾ ਵੀ ਬੁਝ ਗਿਆ। ਸੱਪ ਦੀ ਨਿਗ੍ਹਾ ’ਚ ਕਹਿੰਦੇ ਦੀਵਾ ਨੀਂ ਬਲਦਾ।’’ ਅਸੀਂ ਲਾਲਟੈਨਾਂ ਲੈ ਕੇ ਅੱਗੇ ਆ ਗਏ। ਹਨੇਰੇ ਵਿੱਚ ਵੱਜੀਆਂ ਇੱਟਾਂ ਨਾਲ ਸੱਪ ਬੁਰੀ ਤਰ੍ਹਾਂ ਫੱਟੜ ਸੀ। ਪਰ ਉਸ ਦੇ ਸਿਰ ਉੱਤੇ ਅਜੇ ਕੁਝ ਨਹੀਂ ਸੀ ਵੱਜਿਆ। ਉਸ ਦੀ ਸਿਰੀ ਜਿਓਂ ਦੀ ਤਿਓਂ... ਉਵੇਂ ਦੀ ਹੀ ਸੀ... ਜਿਵੇਂ ਦੀ ਮੈਂ ਦੇਖੀ ਸੀ... ਬਾਪੂ ਦੇ ’ਗੂਠੇ ਵਰਗੀ।
‘‘ਮਾਰ ਭਾਗੇ’’ ਤੇ ਪੂਰੇ ਜ਼ੋਰ ਦੀ ਡਾਂਗ ਟਿਕਾ ਕੇ ਉਸ ਦੀ ਸਿਰੀ ’ਤੇ ਵੱਜੀ। ਸਿਰ ਚਪਟਾ ਹੋ ਕੇ ਫੈਲ ਗਿਆ। ਮਰੇ ਹੋਏ ਸੱਪ ਨੂੰ ਸਰੀਏ ’ਤੇ ਲਟਕਾ ਕੇ ਅਸੀਂ ਆਪਣੇ ਘਰ ਲੈ ਆਏ ਜਿਵੇਂ ਉਹ ਸਾਡੀ ਹੀ ਚੀਜ਼ ਹੋਵੇ।
‘‘ਮੰਡਾ ਸੱਚਾ ਤਾ’’
ਵਿਹੜੇ ’ਚ ਸੱਪ ਦੀ ਲਾਸ਼ ਨੂੰ ਸਿੱਧਾ ਲਿਟਾ ਦਿੱਤਾ।
ਸਭ ਤੋਂ ਲੰਬੀ ਡਾਂਗ ਤੋਂ ਵੀ ਲੰਬਾ ਸੀ।
‘‘ਹੇ ਮਹਾਰਾਜ। ਬਾਬਾ! ਤੂੰ ਆਪਣੇ ’ਥਾਨਾਂ ’ਚ ਏ ਰਹਿ। ਤੈਂ ਕਿਆ ਲੈਣਾ ਸਾੜੇ ਗਰੀਬਾਂ ਤੇ।’’
ਮਾਂ ਮਰੇ ਹੋਏ ਸੱਪ ਨੂੰ ਹੀ ਹੱਥ ਜੋੜੀ ਜਾਵੇ। ਸਾਰੀ ਰਾਤ ਲਾਲਟੈਣਾਂ ਬਲਦੀਆਂ ਰਹੀਆਂ। ਤੇਲ ਮੁੱਕੇ ਤੋਂ ਆਪੇ ਬੁਝ ਗਈਆਂ ਹੋਣੀਆਂ। ਸਭ ਘੁਰਾੜੇ ਮਾਰਦੇ ਰਹੇ ਹੋਣਗੇ।
ਸਰਦੀਆਂ ਦੇ ਦਿਨ ਸਨ। ਜਦੋਂ ਮੈਂ ਦੁਪਹਿਰ ਤੋਂ ਬਾਅਦ ਸਕੂਲੋਂ ਮੁੜਿਆ ਤਾਂ ਘਰ ਦਾ ਸਾਰਾ ਵਿਹੜਾ ਧੁੱਪ ਨੇ ਚਮਕਾਇਆ ਪਿਆ ਸੀ। ਅੰਤਾਂ ਦੀ ਭੁੱਖ ਲੱਗੀ ਹੋਈ ਸੀ। ਬਸਤਾ ਸਿੱਟਿਆ। ਸਿੱਧਾ ਰਸੋਈ ’ਚ ਜਾ ਵੜਿਆ। ਬਿੰਦ ਕੁ ਮਗਰੋਂ ਮੈਂ ਪਟੜੀ ’ਤੇ ਬੈਠਾ, ਗਰਮ ਚਾਹ ਨਾਲ ਮੱਕੀ ਦੀ ਬਾਸੀ ਰੋਟੀ ਦੂਹਰੀ ਕਰ ਕੇ ਬੁਰਕ ਮਾਰ ਮਾਰ ਖਾ ਰਿਹਾ ਸਾਂ। ਮਨ ਭੁੱਖੇ ਪੇਟ ਵਾਂਗ ਖਾਲੀ ਸੀ। ਬਾਹਰ ਧੁੱਪ ਕਿੰਨੀ ਨਿੱਘੀ ਸੀ। ਸੁਆਦ ਆ ਰਿਹਾ ਸੀ। ਬੁਰਕ ਮਾਰੀ ਜਾ ਰਿਹਾ ਸਾਂ। ਬਾਹਰ ਦੇਖੀ ਜਾ ਰਿਹਾ ਸਾਂ। ਕੈੜੀ ਰੋਟੀ ਜਾੜ੍ਹਾਂ ਹੇਠ ਦਰੜੀ ਜਾ ਰਿਹਾ ਸਾਂ। ਬੁਰਕ ਤੇ ਬੁਰਕ। ਬੁਰਕ... ਬੁਰਕ ...
ਹੈਂ! ਇਹ ਕੀ? ਜਦੋਂ ਮੈਂ ਆਇਆ ਸਾਂ ਵਿਹੜੇ ’ਚ ਕੁੱਝ ਵੀ ਨਹੀਂ ਸੀ। ਹੁਣ ਵਿਹੜੇ ਦੇ ਗੱਭੇ ਹਰੇ ਪੀਲੇ ਰੰਗ ਦਾ ਸੱਪ ਅੱਧਾ ਸਰੀਰ ’ਤਾਂਹ ਨੂੰ ਚੁੱਕੀ ਬਾਰ ਬਾਰ ਮੂੰਹ ਅੱਡੀ ਜਾਵੇ ਤੇ ਬੰਦ ਕਰੀ ਜਾਵੇ। ਕਲੋਲਾਂ ਕਰੇ। ਮੂੰਹ ਸੂਰਜ ਵੱਲ ਨੂੰ ਸੀ, ਜਿਵੇਂ ਧੁੱਪ ਨੂੰ ਬੁਰਕ ਮਾਰ ਮਾਰ ਖਾ ਕੇ ਮੇਰੀ ਨਕਲ ਕਰ ਰਿਹਾ ਹੋਵੇ। ਮੈਂ ਫ਼ਟਾਫ਼ਟ ਰੋਟੀ ਦੇ ਵੱਡੇ ਵੱਡੇ ਟੁੱਕੜੇ ਅੰਦਰ ਕੀਤੇ। ਬਚਦੀ ਰੋਟੀ ਤੇ ਗਲਾਸ ਪਟੜੀ ’ਤੇ ਟਿਕਾ ਚੁੱਪ-ਚਾਪ ਮੈਂ ਮੂੰਹ ’ਚ ਖੜ੍ਹੀਆਂ ਡਾਂਗਾਂ ਵੱਲ ਨੂੰ ਦੌੜ ਪਿਆ। ਸੱਪ ਮਸਤ ਸੀ। ਜਦੋਂ ਠਾਹ ਕਰਦੀ ਡਾਂਗ ਪਈ ਤਾਂ ਵਿਚਾਲਿਓਂ ਟੁੱਟ ਗਿਆ। ਮੂੰਹ ਇੰਨਾ ਅੱਡਿਆ ਜਿਵੇਂ ਪੂਰੇ ਸਰੀਰ ਨੂੰ ਸਿੱਧਾ ਦੋ ਹਿੱਸਿਆਂ ’ਚ ਪਾੜ ਦਏਗਾ। ਦੋ ਚਾਰ ਹੋਰ ਡਾਂਗਾਂ ਦਾ ਖੜਾਕ ਸੁਣਿਆ ਤਾਂ ਬਾਪੂ ਪਤਾ ਨਹੀਂ ਘਰ ’ਚੋਂ ਕਿੱਥੋਂ ਨਿਕਲ ਆਇਆ_
‘‘ਕਿਆ ਹੋਇਆ...’’
‘‘ਸੱਪ_ਅ_ਅ। ਆਹ ਦੇਖ। ਮਾਰਤਾ।’’
‘‘ਮਰ ਗਿਆ?’’
‘‘ਹਾਂ’’
‘‘ਦੱਬਿਆ ਜਾ ਕੇ।’’
ਮੇਰਾ ਸਾਰਾ ਪਿੰਡਾ ਜੋਸ਼ ਨਾਲ ਕੰਬ ਰਿਹਾ ਸੀ। ਫੇਰ ਚਾਹ ਤੱਤੀ ਕੀਤੀ ਤੇ ਬਚਦੀ ਰੋਟੀ ਦਾ ਸੁਆਦ ਲੈਣ ਲੱਗਾ।
ਉਸ ਸਾਲ ਵਿਸਾਖੀ ਲੰਘੀ ਨੂੰ ਮਹੀਨੇ ਤੋਂ ਉੱਤੇ ਹੋ ਗਿਆ ਸੀ। ਘਰ ਅੰਦਰ ਬੈਠੇ ਬੈਠੇ ਦਾ ਮੇਰਾ ਸਾਹ ਬੰਦ ਹੋ ਰਿਹਾ ਸੀ। ਮੈਂ ਉਦਾਸ ਗ਼ਮਗ਼ੀਨ ਬੈਠਾ ਪਤਾ ਨਹੀਂ ਕਿਸ ਨੂੰ ਘੂਰ ਰਿਹਾ ਸਾਂ ਕਿ ਦੋ ਮੱਖੀਆਂ ਲੜਦੀਆਂ ਹੋਈਆਂ, ਇੱਕ ਦੂਜੇ ’ਚ ਫਸੀਆਂ ਮੇਰੇ ਕੰਨ ਉੱਤੇ ਵੱਜੀਆਂ। ਮੇਰੇ ਹੱਥ ਮਾਰਨ ਤੋਂ ਪਹਿਲਾਂ ਹੀ ਉਹ ਇੱਕ ਦੂਜੇ ਨੂੰ ਛੱਡ ਕੇ ਫੁੱਰਰ ਹੋ ਗਈਆਂ।
ਮਨ ਬੜਾ ਦੁਖੀ ਸੀ।
ਸਮਝ ਨਾ ਲੱਗਦਾ ਕਿ ਕੀ ਕਰਨਾ ਹੈ।
ਵਿਸਾਖੀ ਦੀ ਸੰਗਰਾਂਦ ਨੂੰ ਮੇਰਾ ਬਾਬਾ ਮਰ ਗਿਆ ਸੀ।
ਮੱਖੀਆਂ ਦੇ ਮਗਰ ਹੀ ਮੈਂ ਵੀ ਘਰ ਤੋਂ ਬਾਹਰ ਆ ਗਿਆ। ਘਰ ਦੇ ਗੇਟ ਤੋਂ ਸੜਕ ਨੂੰ ਲੱਗਦੇ ਰਾਹ ਤੁਰਦਾ ਗਿਆ।
‘‘ਕਿਆ ਹੋਇਆ ਪੁੱਤ!’’
ਮੈਨੂੰ ਬਾਹਰੋਂ ਤੇਜੋ ਤੇਜ ਮੁੜਦੇ ਤੇ ਡਾਂਗ ਚੁੱਕ ਕੇ ਫੇਰ ਬਾਹਰ ਨੂੰ ਦੌੜਦੇ ਨੂੰ ਦੇਖ ਮਾਂ ਹੈਰਾਨ ਵੀ ਹੋਈ ਤੇ ਡਰ ਵੀ ਗਈ। ਮੇਰੇ ਮਗਰ ਈ ਚਲੀ ਆਈ।
‘‘ਕਿਆ ਹੋਇਆ? ਬੋਲਦਾ ਨੀਂ ਤੂੰ।’’
ਮੈਂ ਰਸਤੇ ਤੋਂ ਨੀਵਾਂ ਉਤਰ ਕੇ ਵਾਹੋ-ਦਾਹੀ ਸੋਟੀਆਂ ਮਾਰੀ ਜਾ ਰਿਹਾ ਸਾਂ। ਲੁੱਕ ਵਾਲੀ ਸੜਕ ਦੇ ਥੱਲੇ, ਪਾਣੀ ਲੰਘਣ ਲਈ ਦੱਬੇ ਪਾਈਪ ਦੇ ਮੂੰਹ ਵਿੱਚ ਸੱਪ ਬੈਠਾ ਸੀ। ਸੋਟੀਆਂ ਪਾਈਪ ਦੇ ਮੂੰਹ ’ਤੇ ਈ ਵੱਜੀ ਜਾਣ। ਸੱਪ ਅੰਦਰ ਸੀ। ਉਸ ਦੇ ਕੋਈ ਸੋਟੀ ਨਾ ਵੱਜੀ। ਜ਼ੋਰ ਨਾਲ ਮਾਰੀ ਡਾਂਗ ਦੀ, ਮਾਰਨ ਦੀ ਸ਼ਕਤੀ ਪਾਈਪ ’ਤੇ ਵੱਜ ਕੇ ਡਾਂਗ ਵਿੱਚੀਂ ਮੁੜ ਕੇ ਮੇਰੇ ਹੱਥਾਂ ’ਚ ਚੀਸਾਂ ਪਾਉਦੀ। ਸੱਪ ਗੋਲ਼ ਕੁੰਡਲੀ ਮਾਰੀ ਬੈਠਾ ਰਿਹਾ। ਅਹਿੱਲ। ਜਿਵੇਂ ਮਦਾਰੀ ਨੇ ਪਟਾਰੀ ’ਚ ਪਾਇਆ ਹੋਵੇ। ਕੀਲਿਆ ਹੋਇਆ।
‘‘ਤੇਰੇ ਬਾਪ ਨੂੰ ਬਲਾਵਾਂ?’’
ਮੇਰਾ ਸਾਰਾ ਧਿਆਨ ‘ਉਧਰ’ ਸੀ। ਮੈਂ ਡਾਂਗ ਪਾਈਪ ਦੇ ਅੰਦਰ ਵਾੜ ਕੇ ਹੇਠਾਂ ਨੂੰ ਜ਼ੋਰ ਨਾਲ ਦੱਬ ਦਿੱਤੀ। ਜਿੱਥੇ ਸੋਟੀ ਦੀ ਦਾਬ ਪਈ, ਉੱਥੋਂ ਹੀ ਸੱਪ ਦੀਆਂ ਕੁੰਡਲੀਆਂ ਗਿੱਲੀ ਮਿੱਟੀ ਵਿੱਚ ਦਬ ਗਈਆਂ। ਦੋ ਤਿੰਨ ਵਾਰ ਇਵੇਂ ਹੀ ਡਾਂਗ ਮਾਰੀ। ਜਗ੍ਹਾ ਤੰਗ ਹੋਣ ਕਾਰਨ ਡਾਂਗ ਵਿੱਚ ਜ਼ੋਰ ਨਹੀਂ ਭਰਦਾ ਸੀ। ਸੱਪ ਦੇ ਕਿਤੇ ਸੱਟ ਨਾ ਵੱਜੀ। ਸੱਪ ਜੀਊਂਦਾ ਸੀ। ਪਰ ਉਸ ਨੇ ਡਾਂਗ ਲੱਗਣ ਤੋਂ ਬਾਅਦ ਵੀ ਕੋਈ ਤੇਜ਼ ਹਰਕਤ ਨਾ ਕੀਤੀ। ਬੱਸ ਕੁਝ ਹਿੱਸਾ, ਜੋ ਕਾਲੇ ਪੀਲੇ ਰੰਗ ਦਾ ਸੀ, ਵਟਾ ਖਾ ਕੇ ਹੇਠੋਂ ਚਿੱਟਾ ਦਿੱਸਣ ਲੱਗਾ। ਹੁਣ ਕੀ ਕਰੀਏ।
‘‘ਛੱਡ ਪਰ੍ਹਾਂ। ਆਪੇ ਖਿਸਕ ਜਾਣਾ। ਇਹ ਚੀਜ਼ਾਂ ਨੀਂ ਟਿਕ ਕੇ ਬਹਿੰਦੀਆਂ ਹੁੰਦੀਆਂ।’’
ਨਹੀਂ। ਮੈਂ ਕਿੱਥੇ ਮੰਨਦਾ ਸਾਂ। ਜਦ ਤਕ ਉਸ ਦੀ ਸਿਰੀ ਨਾ ਚਿੱਪ ਦਿੰਦਾ, ਮੈਨੂੰ ਟੇਕ ਨਹੀਂ ਸੀ। ਪਰ ਕਰਾਂ ਕੀ। ਮੈਂ ਡਰਦੇ ਡਰਦੇ ਨੇ ਜਿਗਰਾ ਕਰ ਕੇ ਸੱਪ ਨੂੰ ਡਾਂਗ ਉੱਤੇ ਟੰਗ ਲਿਆ ਤੇ ਪਾਈਪ ਵਿੱਚੋਂ ਬਾਹਰ ਕੱਢਣ ਲੱਗਾ। ਅੰਤਾਂ ਦਾ ਡਰ ਲੱਗੇ। ਐਡਾ ਭਾਰੀ ਸੱਪ ਡਾਂਗ ’ਤੇ ਕਿਵੇਂ ਲਟਕ ਜੂ। ਕਦੇ ਵੀ ਸੋਟੀ ’ਤੇ ਟੰਗਿਆ ਫਣ ਚੁੱਕ ਕੇ ਡੰਗ ਮਾਰ ਦਏ। ਊਈਂ ਲੱਗਦਾ ਮਚਲਾ ਜਿਹਾ। ਪਰ ਸੱਪ ਨੇ ਕੋਈ ਚੁਸਤੀ ਨਾ ਵਿਖਾਈ। ਡਾਂਗ ਉੱਤੇ ਦੋ ਤੋਰੀਆਂ ਵਾਂਗ ਲਟਕਿਆ ਮਾੜਾ ਮੋਟਾ ਹਿੱਲਿਆ।
‘‘ਬੇਬੇ ਪਿੱਛੇ ਹੋ ਜਾ’’, ਮੈਂ ਉਸ ਨੂੰ ਰਸਤੇ ਉੱਤੇ ਸੁੱਟ ਕੇ ਜ਼ੋਰ ਨਾਲ ਦੰਦ ਭੀਚ ਕੇ ਡਾਂਗ ਉਲਾਰੀ। ਉਹ ਹਿੱਲਿਆ ਨਾ। ਮੈਂ ਡਾਂਗ ਦੇ ਛੇ ਵਾਰ ਕੀਤੇ। ਓਨੇ ਈ ਥਾਓਂ ਤੋਂ ਉਸ ਦਾ ਸਰੀਰ ਟੁੱਟ ਗਿਆ। ਖਲੜੀ ਫੱਟ ਕੇ, ਗੁਲਾਬੀ ਜਿਹਾ ਮਾਸ ਬਾਹਰ ਝਾਕਣ ਲੱਗਾ। ਫੇਰ ਆਖ਼ਰੀ ਸਿਰ ’ਤੇ ਪਈ ਡਾਂਗ ਨਾਲ ਉਹ ਚਿੱਤ ਹੋ ਗਿਆ।
ਮੈਂ ਸਾਹ ਲਿਆ।
ਮਾਂ ਚੁੱਪ ਖੜ੍ਹੀ ਰਹੀ।
ਬਿਲਕੁਲ ਬੇਪਛਾਣ ਜਹੀ ਬੋਅ ਪਤਾ ਨਹੀਂ ਕਿੱਥੋਂ ਆ ਰਹੀ ਸੀ।
ਮੇਰੇ ਮੂੰਹ ’ਚ ਗੰਦਾ ਬਕਬਕਾ ਪਾਣੀ ਭਰ ਗਿਆ।
ਮੈਂ ਪਾਈਪ ਵੱਲ ਨੂੰ ਥੁੱਕ ਦਿੱਤਾ। ਫੇਰ ਮੰੂਹ ’ਚ ਪਾਣੀ ਆ ਗਿਆ। ਫੇਰ ਥੁੱਕ ਦਿੱਤਾ। ਮੇਰਾ ਜੀਅ ਕੱਚਾ ਹੋਣ ਲੱਗਾ। ਮੈਂ ਫ਼ਟਾਫਟ ਸੱਪ ਨੂੰ ਡੰਡੇ ’ਚ ਅੜਾਇਆ ਤੇ ਪਾਈਪ ਦੇ ਸ੍ਹਾਮਣੇ ਸੜਕ ਦੇ ਪਰਲੇ ਪਾਸੇ ਨਾਲੇ ਵਿੱਚ ਉੱਗੇ ਅੱਕਾਂ ਵਿੱਚ ਸੁੱਟ ਆਇਆ।
ਵਾਪਸ ਮੁੜਦਾ ਮੈਂ ਥੁੱਕਦਾ ਹੀ ਆਇਆ।
ਡਾਂਗ ਵਗਾਹ ਕੇ ਪਰ੍ਹਾਂ ਵਿਹੜੇ ’ਚ ਮਾਰੀ। ਮੇਰੇ ਅੰਦਰ ਖੋਹ ਜਹੀ ਪੈਣ ਲੱਗੀ। ਜਿਵੇਂ ਟੁੱਟ ਕੇ ਭੁੱਖ ਲੱਗੀ ਹੋਵੇ।
‘‘ਡਾਂਗ ਤਾਂ ਧੋ ਦਿੰਦਾ। ਚੱਲ ਕੋਈ ਨਾ। ਹੱਥ ਮੰੂਹ ਧੋ ਲੈ ਸਾਬਣ ਨਾਲ। ਚੰਗੀ ਤਰ੍ਹਾਂ। ਊਈਂ। ਵਿਚਾਰਾ ਬੁੜ੍ਹਾ ਬਾਬਾ ਸੱਪ। ਚੱਲ ਕੋਈ ਨਾ!’’
ਮੇਰਾ ਸਰੀਰ ਮੇਰੇ ਵੱਸ ’ਚ ਨਹੀਂ ਸੀ। ਹੱਥ ਪੈਰ ਸੁੰਨ। ਅੱਖਾਂ ਵਿੱਚ ਹਨੇਰਾ ਛਾ ਗਿਆ ਜਿਵੇਂ ਕਿਸੇ ਨੇ ਵੱਟ ਕੇ ਮੇਰੇ ਢਿੱਡ ਵਿੱਚ ਮੁੱਕਾ ਮਾਰ ਦਿੱਤਾ ਹੋਵੇ। ਸਾਹ ਘੁਟਣ ਲੱਗਿਆ। ਘਰੋਂ ਬਾਹਰ ਨਿਕਲ ਜਾਣ ਲਈ ਤੁਰ ਪਿਆ। ਫੇਰ ਪਤਾ ਲੱਗਾ ਕਿ ਮੈਂ ਬਾਹਰ ਨਹੀਂ, ਘਰ ਦੇ ਅੰਦਰ ਨੂੰ ਜਾ ਰਿਹਾ ਸਾਂ।
‘‘ਪੁੱਤ ਕਿਆ ਹੋਇਆ’, ਮਾਂ ਨੇ ਮੇਰਾ ਡੌਲ਼ਾ ਫੜ ਲਿਆ।
ਕੀ ਹੋਇਆ ਮੈਨੂੰ। ਮਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਨੂੰ ਕੁੱਝ ਹੋ ਗਿਆ ਹੈ।
ਮੈਨੂੰ ਸ਼ਰਮ ਆਈ। ਕੀ ਦੱਸਾਂ ਮਾਂ ਨੂੰ ਕਿ ਮੈਨੂੰ ਕੀ ਹੋ ਗਿਆ ਹੈ। ਕੀ ਕਰ ਦਿੱਤਾ ਹੈ ਮੈਂ। ਮੇਰਾ ਜੀਅ ਕੀਤਾ ਕਿ ਮੈਂ ਉਸ ਵਕਤ ਧਰਤੀ ’ਚ ਗਰਕ ਹੋ ਜਾਵਾਂ।
‘‘ਅੱਖਾਂ ’ਚ ਛਿੱਟੇ ਮਾਰ। ਅੱਗੇ ਨੂੰ ਹੋ ਜਾ। ਮੈਂ ਗੇੜਦੀ ਐਂ ਨਲਕਾ। ਠਹਿਰ ਜਾ ਛੋਕਰਿਆ। ਠੰਡਾ ਲਿਕੜ ਜਾਣ ਦੇ।’’
ਮੈਂ ਵਾਹੋ ਦਾਹੀ ਉਜਲੇ ਭਰ ਭਰ ਅੱਖਾਂ ’ਚ ਠੰਡਾ ਪਾਣੀ ਮਾਰਦਾ ਰਿਹਾ।
‘‘ਆ_ਅ_ਆ_ਆ_ਆ’’ ਉਲਟੀ ਆ ਗਈ।
ਮੰੂਹ ’ਚੋਂ ਕੁਝ ਨਾ ਨਿਕਲਿਆ। ਨੱਕ ’ਚੋਂ ਪਾਣੀ ਨਿਕਲ ਆਇਆ....
ਦੋ ਹੀ ਦਿਨਾਂ ਵਿੱਚ ਮੈਂ ਮਰਨ ਵਾਲਾ ਹੋ ਗਿਆ। ਮੰਜੇ ’ਤੇ ਪੈ ਗਿਆ। ਮੈਨੂੰ ਲੱਗੇ ਕਿ ਸੱਪ ਦੇ ਮਾਰੀ ਡਾਂਗ ਵਿਚਲੀ ਪੋਲ ਥਾਣੀਂ ਸੱਪ ਦੀ ਕੋਈ ਜ਼ਹਿਰੀਲੀ ਚੀਜ਼ ਲੰਘ ਕੇ ਮੇਰੇ ਹੱਥਾਂ ਅਤੇ ਸਰੀਰ ਵਿੱਚ ਆ ਵੜੀ ਸੀ। ਆਪਣੇ ਆਪ ਤੋਂ ਹੀ ਸੜਿਆਨ ਆਈ ਜਾਵੇ। ਸਰੀਰ ਦੀਆਂ ਨਾੜਾਂ ਮਰੇ ਹੋਏ ਸੱਪ ਬਣ ਗਈਆਂ। ਮਾਂ ਨੇ ਉਤਰਿਆ ਹੋਇਆ ਚਿਹਰਾ ਦੇਖ ਲਿਆ।
‘‘ਕੋਈ ਦੁਆਈ ਬੂਟੀ ਲਿਆ ਜਾ ਕੇ, ਗਿਆਨ ਚੰਦ ਤੋਂ।’’
‘‘ਪਰ ਮੈਂ ਡਾਕਟਰ ਨੂੰ ਦੱਸਾਂਗਾ ਕੀ?’’
‘‘ਡਾਕਟਰ ਨੂੰ ਕਹੀਂ ...’’ ਅੱਗੇ ਮਾਂ ਬੋਲੀ ਹੀ ਨਾ। ਮੇਰਾ ਮੂੰਹ ਝੱਗ ਨਾਲ ਭਰ ਗਿਆ। ਮੈਂ ਥੁੱਕਣ ਲਈ ਬਾਹਰ ਨੂੰ ਦੌੜਿਆ। ਕੁਝ ਵੀ ਚੰਗਾ ਨਾ ਲੱਗਦਾ। ਆਪਣਾ ਆਪ ਹੀ ਬਹੁਤ ਬੁਰਾ ਲੱਗੀ ਜਾਂਦਾ। ਸੱਪ ਮਾਰਨ ਦੀ ਘਟਨਾ ਭੁੱਲੇ ਹੀ ਨਾ।
ਸੱਪ? ਸੱਪ ਕੋਈ ਇੱਕ ਮਾਰਿਆ।
ਲੈ? ਇਹ ਕੀ ਗੱਲ ਹੋਈ।
ਫੇਰ ਆਖ਼ਰ ਹੋਇਆ ਕੀ? ਕੁਝ ਸਮਝ ਨਾ ਲੱਗੇ।
ਪੂਰਾ ਹਫ਼ਤਾ ਜੀਅ ਨਾ ਟਿਕਿਆ। ਖਾਧਾ ਕੁਝ ਨਾ। ਜੇ ਕੁਝ ਪੀਤਾ ਵੀ ਤਾਂ ਡੰਗਰ ਨੂੰ ਨਾਲ਼ ਭਰ ਕੇ ਦੇਣ ਬਰਾਬਰ ਸੀ। ਕਈ ਦਿਨ ਹੋਰ ਲੰਘ ਗਏ। ਬੜੀ ਔਖੀ ਇਹ ਗੱਲ ਮਨ ’ਚੋਂ ਖਦੇੜੀ ਕਿ ਪਾਈਪ ਵਿੱਚ ਸੱਪ ਮਾਰਨ ਕਰ ਕੇ ਐਂ ਹੋ ਗਿਆ ਸੀ। ਹੌਲੀ ਹੌਲੀ ਫੇਰ ਮੂੰਹ ’ਚ ਆਮ ਸੁਆਦ ਪੈਦਾ ਹੋਣ ਲੱਗੇ।
ਤਿੰਨ ਹਫ਼ਤਿਆਂ ਬਾਅਦ ਮੈਂ ਪੂਰੀ ਤਰ੍ਹਾਂ ਕਾਇਮ ਹੋ ਗਿਆ। ਹੁਣ ਮੈਨੂੰ ਸੱਪ ਮਾਰਨ ਕਰ ਕੇ, ਮੂੰਹ ਵਿੱਚੋਂ ਸੁਆਦ ਮਰ ਜਾਣ ਦੀ ਗੱਲ ਯਾਦ ਕਰ ਕੇ ਘਬਰਾਹਟ ਨਹੀਂ ਹੁੰਦੀ ਸੀ। ਮਨ ਟਿਕ ਗਿਆ। ‘ਉਸ ਗੱਲ’ ਦਾ ਜ਼ਹਿਰ ਘੁਲ ਕੇ ਬੇਅਸਰ ਹੋ ਗਿਆ।
ਤਸੱਲੀ ਨਾਲ ਸੋਚਣ ਲੱਗਾ ਕਿ ਆਖ਼ਰ ਕੀ ਹੋ ਗਿਆ ਸੀ।
ਕੀ ਹੋ ਗਿਆ ਸੀ ਮੈਨੂੰ।
ਕੋਈ ਲੰਬੀ ਪਤਲੀ ਮਰੀ ਹੋਈ ਚੀਜ਼ ਮੇਰੇ ਦਿਮਾਗ਼ ਵਿੱਚ ਹਿੱਲੀ। ਫਿਰ ਗ਼ਾਇਬ ਹੋ ਗਈ।
ਹੈਂ!!! ਇੱਕ ਦਮ ਮੇਰੇ ਦਿਮਾਗ਼ ’ਚ ਬਿਜਲੀ ਚਮਕੀ। ਮੈਂ ਖੇਸੀ ’ਚ ’ਕੱਠਾ ਕੀਤਾ ਸਰੀਰ ਸਿੱਧਾ ਕੀਤਾ। ਸਿਰ ਬਾਹਰ ਕੱਢ ਕੇ ਲੰਮਾ ਸਾਹ ਲਿਆ।
ਅੱਛਿਆ!
ਅੱਛਿਆ!! ਅੱਛਿਆ!!
ਕਿੱਡਾ ਭਾਰੀ ਸੱਪ ਸੀ। ਇਸ ਨਾਲੋਂ ਅੱਧੇ ਸੱਪਾਂ ਨੇ ਸਾਡੀਆਂ ਪੂਛਾਂ ਚੁੱਕਾ ਦਿੱਤੀਆਂ ਸਨ। ਇਹ ਤਾਂ ਹਿੱਲਿਆ ਤੱਕ ਨਹੀਂ ਸੀ।
ਨੂਣ
ਗਰੀਬ ਘਰ ਵਿੱਚ ਇੱਕ ਦੁੱਧ ਦੇਣ ਵਾਲਾ ਪਸ਼ੂ ਵੀ ਹੋਣਾ ਚਾਹੀਦਾ। ਸੁਦਾਗਰ ਸੋਚਦਾ ਕਿ ਮੁੱਲ ਦੇ ਪਾਣੀ ਵਰਗੇ ਦੁੱਧ ਵਿੱਚ ਕੀ ਹੁੰਦਾ? ਘਰ ਵਿੱਚ ਮੈਹਸ ਰੱਖੀ ਹੋਵੇ ਤਾਂ ਜੁਆਕ ਸੁਭ੍ਹਾ ਸ਼ਾਮ ਖਾਣ ਪੀਣ। ਤਕੜੇ ਤੰਦਰੁਸਤ ਹੋਣ। ਸਰੀਰ ਦੇ ਜ਼ੋਰ ਚਾਰ ਪੈਸੇ ਕਮਾਉਣ। ਚਾਰ ਦੇ... ਚਾਰ ਚੌਕੇ ਸੋਲ੍ਹਾਂ ਬਣਾਉਣ। ਗਾਂ... ਬੱਕਰੀ ਦਾ ਦੁੱਧ ਤਾਂ ਪਾਣੀ ਵਰਗਾ ਪਤਲਾ ਹੁੰਦਾ। ਇਹੀ ਸੋਚਦਾ ਉਹ ਇੱਜੜ ਚਾਰਦੇ ਡੱਡੂ ਬਾਲਮੀਕੀਏ ਦੇ ਘਰ ਵੱਲ ਨੂੰ ਤੁਰ ਪਿਆ...
ਇੱਕੋਲਾਹੇ ਪਿੰਡ ਦੇ ਸੁਦਾਗਰ ਚਮਾਰ ਨੂੰ ਸਾਇਕਲ ’ਤੋਂ ਉਤਰਦਾ ਦੇਖ ਡੱਡੂ ਨੂੰ ਖਾਸੀ ਹੈਰਾਨੀ... ਪ੍ਰੇਸ਼ਾਨੀ ਹੋਈ। ਸੁਦਾਗਰ ਨੂੰ ਉਸ ਨੇ ਕੋਈ ਸੁਨੇਹਾ ਨਹੀਂ ਸੀ ਦਿੱਤਾ। ਡੱਡੂ ਉਤਰੇ ਹੋਏ ਮੂੰਹ ਨਾਲ ਖੜਕਾਨਿਆਂ ਦੀ ਫਟਕੀ ਪਿੱਛੇ ਘਰ ਅੰਦਰ ਨਿਆਣਿਆਂ ਨੂੰ ਪੁੱਛਣ ਗਿਆ... ਪਰ ਕਿਸੇ ਨੇ ਵੀ ਸੁਦਾਗਰ ਨੂੰ ਕੋਈ ਸੁਨੇਹਾ ਨਹੀਂ ਸੀ ਦਿੱਤਾ ਕਿਸੇ ਪਸ਼ੂ ਦੇ ਮਰਨ ਦਾ। ਇਹ ਉਹਨਾਂ ਸਮਿਆਂ ਦੀ ਗੱਲ ਐ ਜਦੋਂ ਇੰਟਰਨੈੱਟ... ਮੋਬਾਇਲ ਨਹੀਂ ਸੀ ਹੁੰਦਾ। ਰਾਤ ਨੂੰ ਰਾਹ ਦਿਖਾਉਣ ਵਾਲੀ... ਐਵਰਰੈਡੀ ਦੇ ਦੋ ਸੈੱਲਾਂ ਵਾਲੀ ਸਟੀਲ ਦੀ ਬੈਟਰੀ ਵੀ ਕਿਸੇ ਘਰ ਦਾ ਮਾਣ ਹੁੰਦੀ ਸੀ। ਰੇਡੀਉ ਤਾਂ ਕਿਤੇ ਖਾਂਦੇ ਪੀਂਦੇ ਘਰਾਂ ’ਚ ਹੋ ਸਕਦਾ ਸੀ। ਤਾਂ ਵੀ ਸੁਦਾਗਰ ਨੇ ਪੁੱਛ ਪੁੱਛਕੇ ਡੱਡੂ ਦਾ ਠੀਹਾ ਲੱਭ ਲਿਆ। ਡੱਡੂ ਦਾ ਘਰਾਂ ਵਰਗਾ ਘਰ ਨਹੀਂ... ਬਸ ਟਿਕਾਣਾ ਸੀ ਜਿੱਥੇ ਉਹ ਸ਼ਾਮ ਨੂੰ ਪਸ਼ੂ ਇਕੱਠੇ ਕਰ ਕੇ ਖੜ੍ਹੇ ਕਰ ਲੈਂਦਾ। ਬਾਕੀ ਪਸ਼ੂ ਤਾਂ ਪਤਾ ਨਾ ਲੱਗਦਾ ਕਿ... ਰੱਬ ਜਾਣੇ ਓਹਦੇ ਜਾਂ ਕੀਹਦੇ ਸਨ ਪਰ ਉਸਨੇ ਵੱਗ ਵਿੱਚ ਆਪਣਾ ਬਹੁਤ ਸੁਹਣਾ ਸੁਨੱਖਾ ਝੋਟਾ ਮਹੀਆਂ ਨਵੀਆਂ ਕਰਨ ਨੂੰ ਰੱਖਿਆ ਹੋਇਆ ਸੀ। ਮੈ੍ਹਸ ਨਵੀਂ ਕਰਨ ਦਾ ਰੇਟ ਉਹ ਹਰ ਛਿਮਾਹੀਂ ਬਜ਼ਾਰ ਵਿੱਚ ਆਟੇ-ਦਾਲ ਦੇ ਭਾਅ ਨਾਲ ਮਿਲਾਕੇ... ਸਮਝ ਕੇ ਉਤਾਂਹ ਨੂੰ ਚੁੱਕੀ ਜਾਂਦਾ। ਓਹਦੇ ਝੋਟੇ ਦੀ ਮੰਗ ਬਹੁਤ ਸੀ। ਉਸਦੀ ਨਵੀਂ ਕੀਤੀ ਮੈ੍ਹਸ ਹਿੱਲਦੀ ਨਹੀਂ ਸੀ।
ਡੱਡੂ ਨੇ ਸੁਦਾਗਰ ਨੂੰ ਸੈਨਤ ਕੀਤੀ ਕਿ ਉਹ ਉੱਧਰ ਨੂੰ ਆਵੇ ਜਿੱਧਰ ਨੂੰ ਉਹਦੇ ਟਿਕਾਣੇ ਦੇ ਇੱਕ ਪਾਸੇ ਗੁੱਗਾ ਮੈੜੀ ਬਣੀ ਹੋਈ ਸੀ।
“ਕਿਮੇ ਬਾਈ ... ਕਿਮੇ ਗੇੜਾ ਮਾਰਿਆ?”
“ਛੋਟੇ ਭਾਈ ਮੈਂ ਘਰ ਦੁੱਧ ਨੂੰ ਛੋਟੀ ਜਹੀ ਕੱਟੀ ਦੇਖਦਾ ਫਿਰਦਾਂ...” ਡੱਡੂ ਨੇ ਹੌਲਾ ਜਿਹਾ ਹੋ ਕੇ ਨੀਝ ਨਾਲ ਸੁਦਾਗਰ ਨੂੰ ਦੇਖਿਆ,“ਜੇ ਤੇਰੇ ਕੋਲ ਹੋਵੇ... ਅਧਿਆਰੇ ’ਪਰ...।”
ਡੱਡੂ ਮੁੰਨਿਆ ਸਿਰ ਖੁਰਚਦਾ ‘ਅਧਿਆਰਾ’ ਬੋਲ ਕੇ ਚੁੱਪ ਕਰ ਗਿਆ... ਫੇਰ ਖਾਸੀ ਦੇਰ ਬਾਅਦ ਕਹਿੰਦਾ,“ਨਾ ਬਈ ਅਧਿਆਰਾ ਨੀਂ ਪੁੱਗਦਾ... ਊਂ ਕੱਟੀ ਹੈਗੀ ਮੇਰੇ ਪਾ। ਸਾਲ ਦੀ ਨੀਂ ਹੈਗੀ ਹਲੇ। ਜਾਹ ਦੇਖ ਲੈ। ਟਾਹਲੀ ਹੇਠ। ਜੇ ਪੁੱਗਦੀ ਐ। ਵੀਹ ਤੇ ਪੈਸਾ ਘੱਟ ਨੀਂ ਮਿਲਣੀ ਤਨੂੰ। ਮਾਰ ਲੈ ਨਿਗ੍ਹਾ।” ਵੀਹ ਰੁਪੱਈਆਂ ਦਾ ਨਾਂਓ ਸੁਣ ਕੇ ਸੁਦਾਗਰ ਨੂੰ ਝਟਕਾ ਜਿਹਾ ਲੱਗਿਆ... ਸੋਚਿਆ ਛੱਡ ਪਰੇ ਕੱਟੀ ਨੂੰ... ਕਦ ਦੁੱਧ ਪੀਣਾ ਦੋ ਸਾਲ ਨੂੰ... ਪਰ ਉਸ ਨੂੰ ਘਰੋਂ ਪ੍ਰਸਿੰਨੀ ਨੇ ਦਬਿੱਲ ਕੇ ਤੋਰਿਆ ਹੋਇਆ ਸੀ ਕਿ ਕਿੰਨੀ ਵਾਰੀ ਉਹ ਗੱਲਾਂ ਗੁੱਲਾਂ ਮਾਰ ਕੇ ਬਾਹਾਂ ਲਟਕਾਉਂਦਾ ਘਰਾਂ ਨੂੰ ਮੁੜ ਆਉਂਦਾ। ‘ਹੁਣ ਖਾਲੀ ਹੱਥ ਲਟਕਾਉਂਦਾ ਨਾ ਮੁੜੀਂ।’ ਸੁਦਾਗਰ ਉੱਜੜੀ ਜਹੀ ਟਾਹਲੀ ਹੇਠ ਬੰਨ੍ਹੀ ਕੱਟੀ ਦੇਖਣ ਤੁਰ ਗਿਆ। ਕੱਟੀ...? ਭੋਡੀ ਜਹੀ ਭੁੱਖ ਦੀ ਮਾਰੀ ਹੋਈ ਕੱਟੀ। ਪਤਲੀ ਗਰਦਣ। ਸੁਸਤ। ਅੱਖਾਂ ਦੇ ਕੋਇਆਂ ’ਚ ਗਿੱਡ। ਮਰੀਅਲ। ਠੰਢ ਵਿੱਚ ਕੁੜਕਦੀ। ਕੰਗਰੋੜ ਉੱਤੇ ਕਾਗਜ਼ ਵਰਗੀ ਸਾਫ਼ ਪਤਲੀ ਚਮੜੀ ਜੋ ਸੁਦਾਗਰ ਨੇ ਪੋਟਿਆਂ ’ਚ ਘੁੱਟ ਕੇ ਦੇਖੀ। ਦੋਵੇਂ ਵੱਖੀਆਂ ਤੋਂ ਢਿੱਡ ਹੇਠਾਂ ਨੂੰ ਲਮਕਦੇ ਲੰਬੇ ਛਿੱਦਰੇ ਛਿੱਦਰੇ ਭੂਰੇ ਵਾਲ ਚਿਪਕੇ ਹੋਏ। ਲਮਕਦੇ ਵਾਲਾਂ ਵਿੱਚ ਅੱਠ ਦਸ ਭੌਂਖੜੇ ਵੀ ਫਸੇ ਹੋਏ। ਉਸ ਦੇ ਪਿੰਡੇ ਨੂੰ ਚਮਜੂੰਆਂ... ‘ਜੀਵੀ’ ਵੀ ਲੱਗੀ ਹੋਈ ਸੀ। ਵੀਹ ਦਮੜੇ ਕਿਤੇ ਥੋੜੇ੍ਹ ਹੁੰਦੇ ਐ... ਪੋਹ ਦਾ ਮਹੀਨਾ ਨੀਂ ਟੱਪਦੀ... ਫੇਰ ਵੀ ਮੈੜੀ ਦੇ ਕੱਚੇ ਥਾਂ ਕੋਲ ਬੈਠਦਿਆਂ ਬੋਲਿਆ,“ਕੱਟੀ ਤਾਂ ਤਨੂੰ ਵੀ ਦਿਖਦੀਓ ਐ। ਬਾਰਾਂ ਦੀ ਦੇ ਦੇਹ... ਪਤਾ ਨੀਂ ਬਚਦੀ ਵੀ ਐ ਕ ...”
“ਸਾਲ ਹੋ ਜਾਣਾ ਸੇਵਾ ਕਰਦੇ... ਬਾਰਾਂ ਦੀ? ਮੁਖਤ ਦਾ ਮਾਲ ਤਾਂ ਨੀਂ?”
“ਤੇਰਾਂ?” ਸੁਦਾਗਰ ਵੀ ਆਪਣੇ ਢੰਗ ਦਾ ਵਪਾਰੀ ਸੀ। ਉੱਤੋਂ ਉਸ ਦੇ ਮਨ ਵਿੱਚ ਆਪਣੀ ਤੀਮੀਂ ਦੇ ‘ਖਾਲੀ ਹੱਥ ਲਟਕਾਉਣ’ ਵਾਲੀ ਗੱਲ ਵੀ ਸਿਰ ਚੁੱਕੀ ਖੜ੍ਹੀ ਸੀ।
“ਤੇਤੇ ਨੀਂ ਲੇ ਹੋਣੀ।”
“ਚੌਦਾਂ? ਪਰ ਪੈਸੇ ਅੱਧੇ ਅੱਜ। ਬਾਕੀ ਅਹਿਤੋਂ ਅਗਲੀ ਸੰਗਰਾਂਦ ਨੂੰ” ਸੁਦਾਗਰ ਉੱਠ ਖੜਾ ਹੋਇਆ।
“ਜੇ ਐਂ ਕਰਨਾ ਤਾਂ ਪੰਦਰਾਂ ਕਰਦੇ। ਹੁਣ ਬੋਲੀਂ ਨਾ। ਪੁੱਗਦੀ ਐ... ਜਾਹ ਖੋਲ੍ਹ ਲੈ ਕੱਟੀ।”
... ਤੇ ਪੈਂਤੀ ਸਾਲਾਂ ਦਾ ਸੁਦਾਗਰ ਆਪਣੇ ਜੀਵਨ ’ਚ ਪਹਿਲੀ ਵਾਰ ਭਰੇ ਹੱਥੀਂ ਇੱਕ ‘ਜਿਉਂਦਾ’ ਜੀਅ ਕੱਟੀ ਸਾਇਕਲ ਪਿੱਛੇ ਰੱਸੀ ਨਾਲ ਬੰਨ੍ਹੀ ਰੋੜ੍ਹਦਾ ਘਰ ਆ ਵੜਿਆ। ਇਸ ਤੋਂ ਪਹਿਲਾਂ ਉਸਦੀ ਤੀਮੀਂ ਨੇ ਇੱਕ ਦੇਸੀ ਕੁੜਕ ਮੁਰਗੀ ਆਂਡਿਆਂ ’ਤੇ ਬਠਾਲੀ ਸੀ। ਸੁਹਣੀ ਮੁਰਗੀਆਂ ਦੀ ਡਾਰ ਵਿਹੜੇ ਵਿੱਚ ਫੜਫੜਾਉਣ ਲੱਗ ਪਈ। ਨਿਆਣੇ ਆਂਡਿਆਂ ਦੀ ਭੁਰਜੀ ਖਾਣ ਲੱਗ ਪਏ। ਹੁਣ ਘਰ ਦੇ ਦੁੱਧ ਦੀ ਨੀਂਹ ਰੱਖੀ ਗਈ।
‘‘ਲੈ। ਤੂੰ ਕਹਿੰਦੀ ਤੀ ਦੁੱਧ ਦਾ ...’’
‘‘ਹਾਂ ਨਿਆਣੇ ਦੁੱਧ ਤਾਂ ਪੀਉਂਗੇ।’’
‘‘ਪੰਦਰਾਂ ਦੀ ਦਿੱਤੀ। ਸੱਤ ਨਗਦ ਦੇ ਤੇ। ਬਾਕੀ ਅਹਿਤੋਂ ਅਗਲੀ ਸੰਗਰਾਂਦ ਨੂੰ। ’’
‘‘ਆਹ ਕਿਆ ਸੁਆਹ ਖਰੀਦ ਲਿਆਇਆ ਪੰਦਰਾਂ ਦੀ... ’’ ਜਦੋਂ ਪ੍ਰਸਿੰਨੀ ਨੇ ਕੱਟੀ ਦੇਖੀ ਤਾਂ ਸੁਦਾਗਰ ਨਾਲ ਲੜਨ ਆਲੀ ਹੋ ਗਈ। ਮਰੀਅਲ ਕੱਟੀ ਦੇਖਕੇ ਇੱਕ ਵਾਰ ਤਾਂ ਪ੍ਰਸਿੰਨੀ ਨੂੰ ਹੌਲ ਪੈ ਗਿਆ। ਉਸ ਨੂੰ ਹੋਰਾਂ ਦੇ ਪਸ਼ੂ ਮਰਨ ਦੇ ਸੁਨੇਹੇ ਦੇਣ ਵਾਲੇ ਬਹੁਤ ਪਿਆਰੇ ਲੱਗਦੇ। ਸਭ ਨੂੰ ਚਾਹ ਪਾਣੀ ਪੁੱਛਦੀ ਹੋਈ ਧੁਰ ਅੰਦਰੋਂ ਕਿਸੇ ਰੱਬ ਦਾ ਸ਼ੁਕਰ ਕਰਦੀ। ਪਰ ਹੁਣ ਪੰਦਰਾਂ ਰੁਪੱਈਆਂ ਦੀ ਕੱਟੀ ਦੇ ਮਰਨ ਦਾ ਡਰ ਘਰ ਦੀ ਫਜ਼ਾ ਅੰਦਰ ਫੈਲ ਗਿਆ।
‘‘ਕੋਈ ਅਕਲ ਨਾਲ ਤੁਰ। ਨਿਆਣੇ ਤਾਂ ਹੁਣ ਬੈਠੇ ਐ ਚਾਹ ਤੇ ਵਗੈਰ। ਹੋਰ ਫ਼ਾਹਾ ਪਾ ਲਿਆਇਆ ਮੇਰੀ ਜਾਨ ਨੂੰ। ਤਿੰਨ ਸਾਲ ਹੁਣ ਇਹਦੀ ਸੇਵਾ ਕੌਣ ਕਰੂੰਗਾ। ਹੁਣੇ ਮੋੜਿਆ ਜਾ ਕੇ।’’
‘‘ਮੋੜਿਆ? ਤੂੰ ਸਦੈਣ ਐਂ। ਮ੍ਹੈਸ ਜੋਗੇ ਪੈਸੇ ਕੀਹਤੇ ਲਿਆਵਾਂ।’’
‘‘ਮੋੜਿਆ ਮੋੜਿਆ। ਮੇਤੇ ਨੀਂ ਇਹ ਫ਼ਾਹਾ ਪੁੱਗਣਾ। ਅਸੀਂ ਤਾਂ ਹੁਣ ਬੈਠੇ ਐਂ ਭੁੱਖੇ। ਜਾਹ... ਜਾ ਕੇ ਮੋੜਿਆ। ’’
ਪ੍ਰਸਿੰਨੀ ਨੂੰ ਲੱਗਿਆ ਕਿ ਚਾਰ ਨਿਆਣਿਆਂ... ਵੱਡਾ ਮੁੰਡਾ... ਫੇਰ ਉੱਪਰੋਥਲੀ ਤਿੰਨ ਕੁੜੀਆਂ ... ਚਾਰਾਂ ਨੇ ਪਹਿਲਾਂ ਹੀ ਘਰ ’ਚ ਖੜਦੁੰਮ ਪਾਇਆ ਹੋਇਆ। ਪੰਜਵੀਂ ਹੋਰ ਮਰੀਅਲ ਕੱਟੀ ਆ ਗਈ ਲਹੂ ਪੀਣ... ਪਰ ਸੁਦਾਗਰ ਨੇ ਉਸ ਦੀ ਇੱਕ ਨਾ ਸੁਣੀ। ਸੁਦਾਗਰ ਨੇ ਠੰਢ ਵਿੱਚ ਕੰਬਦੀ ਕੱਟੀ ਨੂੰ ਨਿੱਘ ਦੇਣ ਲਈ ਉਸ ਦੁਆਲੇ ਸੁੱਕਾ ਫ਼ੂਸ ’ਕੱਠਾ ਕਰਕੇ ਅੱਗ ਲਾ ਦਿੱਤੀ। ਫੇਰ ਉਸ ਨੇ ਕੱਟੀ ਦੇ ਪਿੰਡੇ ਨੂੰ ਥੋੜ੍ਹਾ ਜਿਹਾ ਮਿੱਟੀ ਦਾ ਤੇਲ ਮਲ ਦਿੱਤਾ। ਅੱਗ ਕੱਟੀ ਦੇ ਵਾਲਾਂ ਨੂੰ ਪੈ ਗਈ ਤੇ ਉਹ ਤੜਪ ਕੇ ਮਰੀ ਮਰੀ ਘਰ ਤੋਂ ਦੂਰ... ਪਿੰਡ ਦੇ ਬਾਹਰਲੇ ਟੋਭੇ ਵੱਲ ਨੂੰ ਭੱਜ ਗਈ। ਜਿੰਨਾ ਚਿਰ ਵਾਲਾਂ ਨੂੰ ਲੱਗੀ ਅੱਗ ਦਾ ਸੇਕ ਬਰਦਾਸਤ ਨਾ ਹੋਇਆ ਕੱਟੀ ਨੇ ਸ਼ੂਟ ਵੱਟੀ ਰੱਖੀ। ਪ੍ਰਸਿੰਨੀ ਨੂੰ ਆਪਣਾ ਘਰਵਾਲਾ ਹੋਰ ਵੀ ਬੇਅਕਲ ਲੱਗਿਆ ਜਿਸ ਨੇ ਜਿਉਂਦੇ ਜਾਨਵਰ ਨੂੰ ਅੱਗ ਲਾ ਕੇ ਤੜਫ਼ਾ ਦਿੱਤਾ। ਉਸ ਨੇ ਜ਼ਿੰਦਗੀ ਵਿੱਚ ਐਸਾ ਨਜ਼ਾਰਾ ਪਹਿਲੀ ਵਾਰ ਦੇਖਿਆ ਸੀ।
‘‘ਰੱਬ ਦਾ ਜੀਅ... ਤੈਂ ਮਾਰਨਾ ਇਹਨੂੰ।’’ ਉਸਨੂੰ ਆਪਣੀ ਮਰ ਚੁੱਕੀ ਸਭ ਤੋਂ ਵੱਡੀ ਧੀ ਯਾਦ ਆ ਗਈ।
‘‘ਮੈਂਖਿਆ ਸਹੁਰੀ ਦੇ ਜੀਅ ਜਲ ਜੂੰਗੇ।’’
‘‘ਲੂੰ ਕੈਂਚੀ ਨਾਲ ਕੁਤਰ ਦਿੰਦਾ...।’’
‘‘ਕੈਂਚੀ!’’ ਸੁਦਾਗਰ ਨੂੰ ਖ਼ਿਆਲ ਆਇਆ ਕਿ ਦੁਨੀਆ ਵਿੱਚ ਕੈਂਚੀ ਵੀ ਕੋਈ ਚੀਜ਼ ਹੁੰਦੀ ਐ ਤੇ ਉਹ ਚੀਜ਼ ਉਸ ਦੇ ਘਰ ਵਿੱਚ ਵੀ ਹੈਗੀ ਐ। ਫੇਰ ਬੋਲਿਆ, “ਕਿਹੜਾ ਘੰਟਾ ਲਾਊਂਗਾ। ਮੈਂਖਿਆ ਇੱਕ ਮਿੰਟ ਮਾ ਕੰਮ ਨਿਬੇੜ ਦਮਾਂ।’’ ਕੱਟੀ ਦੇ ਵਾਲ ਥੋੜ੍ਹੇ ਹੀ ਜਲੇ ਸਨ। ਪਰ ਅੱਗ ਤਾਂ ਅੱਗ ਈ ਹੁੰਦੀ ਐ। ਝੁਲਸੇ ਹੋਏ ਮਾਸ ਦੀ ਕਾਲਸ ਢਿੱਡ ਥੱਲੇ ਵਾਲਾਂ ਦੇ ਇੱਕ ਗੁੱਛੇ ਕੋਲ ਸੀ। ਪ੍ਰਸਿੰਨੀ ਘਰ ਅੰਦਰੋਂ ਪੁਰਾਣੀ ਕੈਂਚੀ ਲੱਭ ਲਿਆਈ। ਡੂਢ ਘੰਟਾ ਨਾਈ ਵਾਲਾ ਕੰਮ ਕਰਦੇ ਕੱਟੀ ਸਾਫ਼ ਹੋ ਗਈ। ਹੋਰ ਵੀ ਹੌਲੀ... ਮਾੜਕੂ ਜਿਹੀ ਦਿਸਣ ਲੱਗੀ। ਹੋਰ ਵੀ ਮਰੀਅਲ। ਪਸਲੀਆਂ ਚਮਕਣ ਲੱਗੀਆਂ। ਉਸ ਦੀ ਰੁੰਡੀ ਮੁੰਡੀ ਪੂੰਛ ਘੜੀ ਦੇ ਪੈਂਡੂਲਮ ਤੋਂ ਵੱਧ ਨਾ ਹਿਲ ਸਕਦੀ। ਪਤਲੀ ਪੂੰਛ ਜਿਵੇਂ ਕਾਗ਼ਜ਼ ’ਤੇ ਗੂੜ੍ਹੀ ਲਕੀਰ ਮਾਰੀ ਹੋਵੇ। ਉਹ ਪੂੰਛ ਜਿਸ ਵਿੱਚ ਮੱਖੀਆਂ ਉੜਾਉਣ ਦੀ ਜਾਨ ਵੀ ਬਾਕੀ ਨਾ ਹੋਵੇ। ਪ੍ਰਸਿੰਨੀ ਨੂੰ ਮਰੀਅਲ ਕੱਟੀ ’ਤੇ ਜਿਵੇਂ ਤਰਸ ਆ ਕੇ ਆਪਣੇ ਬੱਚਿਆਂ ਵਰਗੀ... ਆਪਣੇ ਘਰ ਦਾ ਜੀਅ ਹੀ ਲੱਗਣ ਲੱਗ ਪਈ। ਆਪਣੇ ਬੱਚਿਆਂ ਵਾਂਗ ਹੀ ਪਾਲਣ, ਵੱਡੇ ਹੋਣ ਤੇ ਕਿਸੇ ਕੰਮ ਆਉਣ... ਕੋਈ ਗਰਜ਼ ਸਾਰਨ ਦੀ ਉਮੀਦ ਵਿੱਚ ਉਸ ਦੀ ਸੇਵਾ ਕਰਨ ਲੱਗੀ।।
ਸੁਦਾਗਰ ਨੇ ਬਾਂਸ ਦੀ ਪੋਰੀ ਘੜ ਛਿੱਲ ਕੇ ਛੋਟੀ ਜਹੀ ਨਾਲ ਬਣਾਈ। ਕੂੰਡੀ ਵਿੱਚ ਇੱਕ ਮੁੱਠੀ ਤਾਰਾਮੀਰਾ ਰਗੜਿਆ। ਵਿੱਚ ਲੱਸੀ ਤੇ ਸਰੋਂ ਦਾ ਤੇਲ ਪਾਇਆ। ਜੂਐਣ ਪਾ ਕੇ ਚੰਗੀ ਤਰਾਂ ਘੋਟ ਕੇ ਨਾਲ ਨੱਕੋ ਨੱਕ ਭਰ ਲਈ... ਤੇ ਭਰੀ ਹੋਈ ਨਾਲ ਕੱਟੀ ਦੇ ਸੰਘ ਵਿੱਚ ਉਲੱਦ ਦਿੱਤੀ। ‘‘ਸਲੀ ਦੀਆਂ ਜੂਨਾਂ ਨਿਕਲ ਜੂੰ ਗੀਆਂ।’’... ਤੇ ਕੱਟੀ ਨੇ ਦੂਸਰੇ ਦਿਨ ਜੂਨਾਂ ਦਾ ਗੁੱਛਾ ਔਹ ਬਾਹਰ ਵਗਾਹ ਕੇ ਮਾਰਿਆ... ਤੇ ਕੱਟੀ ਅੰਦਰੋਂ ਬਾਹਰੋਂ ਬਿਲਕੁਲ ਸਾਫ਼ ਹੋ ਗਈ।
ਕਿੰਨੇ ਕੁ ਕੱਖ ਖ਼ਾਂਦੀ ਸੀ ਉਹ। ਪ੍ਰਸਿੰਨੀ ਇੱਕ ਪੰਡ ਖੱਬਲ ਦੀ ਲਿਆਉਂਦੀ ਤਾਂ ਕੱਟੀ ਤੋਂ ਦੋ ਦਿਨ ਨਾ ਮੁੱਕਦੀ। ਹੁਣ ਪ੍ਰਸਿੰਨੀ ਨੂੰ ਕੱਟੀ ਪਾਲਣੀ ਸੌਖੀ ਲੱਗੀ। ਤਸਲੇ ਵਿੱਚ ਪਾਣੀ ਪਿਲਾ ਦਿੰਦੀ। ਗੁੜ ਦੀ ਛੋਟੀ ਜਹੀ ਪਿਓਸੀ, ਆਟੇ ਦਾ ਛਾਣ ਤੇ ਬਚੀਆਂ ਰੋਟੀਆਂ ਦੀ ਮਲ ਕੇ ਚੂਰੀ ਬਣਾ ਦਿੰਦੀ। ਰੋਜ਼ ਨਲਕੇ ’ਤੇ ਨਲ੍ਹਾ ਦਿੰਦੀ। ਮਹੀਨੇ ਪਿੱਛੋਂ ਹੀ ਕੱਟੀ ਚਮਕਣ ਲੱਗ ਪਈ। ਉਸ ਦੇ ਅੱਖਾਂ ਵਿੱਚ ਵੀ ਚਮਕ ਆਉਣ ਲੱਗ ਪਈ। ਜ਼ੋਰ ਨਾਲ ਪੋਲਾ ਜਿਹਾ ਖੁੰਡਾ ਪੁੱਟ ਦਿੱਤਾ। ਸੁਦਾਗਰ ਨੇ ਨਵਾਂ ਮੋਟਾ ਖੁੰਡਾ ਡੂੰਘਾ ਗੱਡ ਦਿੱਤਾ। ਬੱਚਿਆਂ ਵਾਂਗ ਭਾਵੇਂ ਪ੍ਰਸਿੰਨੀ ਕੱਟੀ ਦੇ ਸਾਰੇ ਕੰਮ ਕਰਦੀ ਰਹਿੰਦੀ ਤਾਂ ਵੀ ਸੁਦਾਗਰ ਨੂੰ ਸਾਝਰੇ ਉੱਠਦੇ ਸਾਰ ਪਹਿਲਾਂ ਕੱਟੀ ਨੂੰ ਠੀਕ ਠਾਕ ਖੜ੍ਹੀ ਬੈਠੀ, ਜੁਗਾਲੀ ਕਰਦੀ ਦੇਖਣ ਦਾ ਮਨ ਹੁੰਦਾ।
‘‘ਬਜ਼ਾਰ ਤੇ ਨਵੀਂ ਸੰਗਲੀ ਲਿਆਈਂ।’’ ਪ੍ਰਸਿੰਨੀ ਨੂੰ ਘਰ ਵਿੱਚ ਹਿੱਲਦੀ ਕੱਟੀ ਦਾ ਚਾਓ ਹੋਣ ਲੱਗਿਆ।
‘‘ਕੱਲ੍ਹ ਨੂੰ ਲਿਆਉਂਗਾ।’’
... ਤੇ ਮੋਟੇ ਖੁੰਡੇ ਦੁਆਲੇ ਸੰਗਲੀ ਨਾਲ ਜ਼ੋਰ ਕਰਦੀ, ਘੁੰਮਦੀ... ਪ੍ਰਸਿੰਨੀ ਦੇ ਨਿਆਣਿਆਂ ਨੂੰ ਹੁਰਕਦੀ... ਲਾਡ ਕਰਦੀ... ਕਦੇ ਚਾਂਭਲ ਕੇ ਕੱਖ ਖਿੰਡਾ ਦਿੰਦੀ। ‘‘ਦੇਖ ਮਸ਼ਕਰੀਆਂ ਕਰਦੀ ਨੂੰ। ਖਾ ਨੀਂ ਹੁੰਦਾ। ਟਿਕ ਕੇ ਖਾ ਵੀ ਨੀਂ ਹੁੰਦਾ ਈਹਤੇ।’’ ਪ੍ਰਸਿੰਨੀ ਬਾਰਾਂ ਸਾਲ ਦੀ ਵੱਡੀ ਧੀ ਨੂੰ ਸਮਝਾਉਂਦੀ, “ਜਦ ਵੀ ਕੱਖ ਪਾਉਣੇ, ਪੁੱਤ ਫੋਲ ਕੇ ਪਾਈਂ। ਐਂਵੀਂ ਬਿੱਚ ਕੁਸ ਹੁੰਦਾ। ਨਾਲੇ ਤੱਤੇ ਕੱਖਾਂ ਦੀ ਭਾਫ਼ ਨਿਕਲ ਜਾਂਦੀ ਐ।” ਵੰਡ ਉਹ ਆਪ ਪਾਉਂਦੀ। ਪਤਾ ਨਹੀਂ ਘਰ ਵਿੱਚ ਵੰਡ ਉਹਨੇ ਕਿੱਥੇ ਲੁਕੋ ਕੇ ਰੱਖਿਆ ਹੋਇਆ ਸੀ।
ਪ੍ਰਸਿੰਨੀ ਦੇ ਬੱਚਿਆਂ ਵਾਂਗ ਘਰ ਵਿੱਚ ਕੱਟੀ ਵੀ ਪਲਣ ਲੱਗ ਪਈ। ਕਈ ਘਰਾਂ ਵਿੱਚ ਪਸ਼ੂਆਂ ਦੇ ਬੱਚਿਆਂ ਵਰਗੇ ਨਾਂਓ ਰੱਖ ਦਿੱਤੇ ਜਾਂਦੇ ਐ... ਪਰ ਇਹ ਘਰ ਉਵੇਂ ਦਾ ਕਿੱਥੇ...?
ਕਣਕ ਦੀ ਵਢਾਈ ਦੀ ਆਵਤ ਵਿੱਚ ਮਾਲਕ-ਤੀਵੀਂ ਨੇ ਕੱਟੀ ਲਈ ਤੂੜੀ ਦੀ ਮੰਗ ਵੀ ਰੱਖ ਦਿੱਤੀ। ਉਹਨਾਂ ਜ਼ਮਾਨਿਆਂ ’ਚ ਪਿੰਡਾਂ ’ਚ ਤੂੜੀ ਨੂੰ ਕੋਈ ਨਾ ਪੁੱਛਦਾ। ਆਵਤੀਏ ਕੁੱਪ ਬੰਨ੍ਹ ਦਿੰਦੇ। ਕੁੱਪਾਂ ਦੀ ਮਾਲਕੀ ਦੀ ਪਛਾਣ ਕੋਈ ਨਾ ਕਰ ਕਰਦਾ। ਖੜ੍ਹੇ ਖੜ੍ਹੇ ਗਲ ਜਾਂਦੇ। ਘਰ ਦੇ ਛੇ ਜੀਆਂ ਦੀ ਦੇਖ ਰੇਖ ਵਿੱਚ ਦਿਨਾਂ ’ਚ ਹੀ ਕੱਟੀ ਦੀ ਸ਼ਕਲ ਸੂਰਤ ਬਦਲਣ ਲਗ ਪਈ। ਨਰੋਈ ਹੁੰਦੀ ਕੱਟੀ ਵੱਧ ਥਾਂ ਘੇਰਦੀ ਲੱਗਣ ਲੱਗ ਪਈ। ਜਿਸ ਦਿਨ ਡੱਡੂ ਬਾਕੀ ਅੱਧੇ ਪੈਸੇ ਲੈਣ ਆਇਆ ਤਾਂ ਕੱਟੀ ਨੂੰ ਦੇਖ ਉਹਦੇ ਹੌਲ ਜਿਹਾ ਪੈ ਗਿਆ, ‘‘ਮੈ੍ਹਸਾਂ ਕੱਟੇ ਈ ਦਈ ਜਾਂਦੀਆਂ। ਮਹੀਨਾ ਨੀਂ ਕੱਟਦੇ। ਮਰੀ ਜਾਂਦੇ। ਤਨੂੰ ਪਤਾ ਈ ਐ। ਆਹ ਕੱਟੀ ਛੇ ਸਾਲ ਬਾਅਦ ਇੱਕੋ ਹੋਈ ਤੀ।’’
‘‘ਤੇਰੇ ਕੋਲ ਤਾਂ ਇਹ ਵੀ ਮਰ ਜਾਣੀ ਤੀ।’’ ਸੁਦਾਗਰ ਤਾਂ ਫੇਰ ਸੁਦਾਗਰ ਹੀ ਸੀ।
‘‘ਊਈਂ ਨਾ ਬਹੁਤੀਆਂ ਗੱਲਾਂ ਮਾਰੀ ਜਾ। ਜਿੱਕਣਾਂ ਤੈਂ ਆਪਣੀਆਂ ਖੱਲਾਂ ਦਾ ਕੋਠਾ ਬਣਾਇਆ... ਜੀਉਂਦੇ ਪਸ਼ੂਆਂ ਲਈ ਵੀ ਕੋਈ ਕੋਠਾ-ਮਠਲਾ ਪਾ ਦੇ।’’
ਸੁਦਾਗਰ ਦੇ ਵਿਹੜੇ ਨੂੰ ਦੋ ਪਾਸੇ ਤੋਂ ਸ਼ਰੀਕਾਂ ਦੇ ਦੋ ਘਰਾਂ ਦੀਆਂ ਪਿੱਠਾਂ ਲਗਦੀਆਂ ਸਨ। ਕੱਟੀ ਦੇ ਦੋ ਖਣਾਂ ਦੇ ਢਾਰੇ ਦਾ ਜੁਗਾੜ ਕਰਨ ਲਈ ਉਸਨੂੰ ਇੱਕ ਪਾਸੇ ਛੇ ਫੁੱਟ ਦੀ ਕੰਧ ਕਰਨੀ ਪੈਣੀ ਸੀ। ਉਸਨੂੰ ਨਹਿਰ ਦੇ ਨਾਲ ਸ਼ਾਮਲਾਤ ਜਮੀਨ ਦੇ ਬੇਲੇ ਵਿੱਚ ਖੜ੍ਹੀ ਸੁੱਕੀ ਕਿੱਕਰ ਦੇ ਦੋ ਟਾਹਣੇ ਦਿਸਣ ਲੱਗੇ। ਸਮੀਂ-ਸੰਝ ਨੇਰ੍ਹਾ ਹੋਏ ਤੋਂ ਆਰੀ ਕੁਹਾੜੀ ਚੁੱਕ ਮੁੰਡੇ ਤੇ ਪ੍ਰਸਿੰਨੀ ਨੂੰ ਨਾਲ ਲਿਜਾ ਕੇ ਜਾ ਚੜ੍ਹਿਆ ਨਹਿਰ ’ਤੇ। ਸ਼ੁਕਰ ਕੀਤਾ ਕਿ ਕੋਈ ਰੱਬ ਦਾ ਭਗਤ ਇਹ ਸੁੱਕੇ ਟਾਹਣੇ ਅੱਜ ਤੱਕ ਉਸ ਲਈ ਛੱਡ ਗਿਆ ਸੀ। ਦਰਖਤ ਬਹੁਤ ਕਸੂਤੀ ਥਾਂ ’ਤੇ ਟੰਗਿਆ ਹੋਇਆ ਸੀ। ਤਿੰਨਾਂ ਨੇ ਬਾ-ਮੁਸ਼ਕਲ ਇੱਕ ਟਾਹਣਾ ਲਾਹ ਲਿਆ ਜੋ ਸਿੱਧਾ ਸ਼ਤੀਰ ਸੀ। ਹੱਡਾਰੋੜੀ ਵਿੱਚ ਪਲੇ ਝੂੰਡਾ ਦਾ ਖੜਕਾਨਾ ਵੀ ਕੰਮ ਆ ਗਿਆ... ਵਿਹੜੇ ’ਚ ਪਰਲੇ ਤੰਗ ਜਹੇ ਖੂੰਜੇ ਵਿੱਚ ਪਤਾ ਨਹੀਂ ਕਦੋਂ ਤੋਂ ਰੁਲਦੀਆਂ ਪਤਲੀਆਂ ਸਰਹੰਦੀ ਇੱਟਾਂ, ਰੋੜੇ, ਪੱਥਰ ਵੀ ਛੱਪਰ ਪਾਉਣ ਦੇ ਅਰਥ ਵਿੱਚ ਆ ਗਏ।
ਦੋ ਸਾਲਾਂ ਵਿੱਚ ਕੱਟੀ ਪਲ ਕੇ ਪੂਰਾ ਜਾਨਵਰ ਹੋ ਗਿਆ। ਝੋਟੀ ਨਾਲ ਘਰ... ਛੱਪਰ ਹੋਰ ਵੀ ਭਰਿਆ ਭਰਿਆ ਲੱਗਣ ਲੱਗਿਆ। ਬਹੁਤ ਸੁਹਣੀ ਨਿਕਲੀ ਝੋਟੀ। ਭੂਰੇ ਵਾਲ ਉੱਡ ਗਏ। ਚਮੜੀ ਕਾਲੀ ਤੇ ਕਾਠੀ ਹੋ ਗਈ। ਅੱਖਾਂ ਚਮਕੀਲੀਆਂ। ਭਰਵਾਂ ਕਲਬੂਤ। ਚੁਸਤ। ਕਦੇ ਕੱਖ, ਚਾਰਾ, ਵੰਡ ਖਾਂਦੀ ਭੂਸਰਦੀ... ਖਰੂਦ ਪਾਉਂਦੀ... ਤੇ ਕਈ ਵਾਰ ਮਾਰਨ ਨੂੰ ਪੈਂਦੀ। ਮੁਰਗੇ ਮੁਰਗੀਆਂ ਉਸਨੂੰ ਦੂਰੋਂ ਝਾਕਦੇ ਹੀ ਟਿੱਬ੍ਹਕ ਜਾਂਦੇ। ਸਾਰਾ ਦਿਨ ਝੋਟੀ ਦੀ ਦੇਖ ਭਾਲ ਕਰਦੇ... ਬੰਨ੍ਹਦੇ ਖੋਲ੍ਹਦੇ ਪ੍ਰਸਿੰਨੀ ਦੀ ਤਾਂ ਬੱਸ ਹੋ ਜਾਂਦੀ। ਇੱਕ ਦਿਨ ਝੋਟੀ ਨੇ ਪ੍ਰਸਿੰਨੀ ਦਾ ਪੈਰ ਖੁਰ ਨਾਲ ਦਰੜ ਦਿੱਤਾ ਤਾਂ ਉਹ ਦਰਦ ਨਾਲ ਕੁਰਲਾ ਉੱਠੀ, ‘‘ਜੈ ਵੱਢੀ ਨੂੰ ਵੇਚ ਦੂੰ। ਹਰਾਮਦੀ ਕੁੱਤੀ ਨੂੰ।’’ ਸਿੱਖਾਂ ਦੇ ਖੇਤਾਂ ਵਿੱਚ ਗੰਨੇ ਘੜਨ ਜਾਂਦੀ ਤਾਂ ਆਗਾਂ ਦੀ ਭਰੀ ਉਸ ਦੀ ਪਿੱਠ ਤੋੜ ਦਿੰਦੀ।
ਪਰ ਸਿੰਗਾਂ ਵਿੱਚ ਇੱਕ ਨੁਕਸ ਪੈ ਗਿਆ। ਹੌਲੀ ਹੌਲੀ ਵਧਦੇ ਸਿੰਗਾਂ ਦੀ ਸ਼ਕਲ ਪੂਰੇ ਘਰ ਨੂੰ ਪ੍ਰੇਸ਼ਾਨ ਕਰਨ ਲੱਗੀ। ਉਸ ਦਾ ਇੱਕ ਸਿੰਗ ਕੰਨ ਦੇ ਕੋਲ ਸਿਰ ਹੇਠਾਂ ਨੂੰ ਮਰੋੜੀ ਖ਼ਾ ਕੇ ਗਰਦਨ ਵੱਲ ਥੱਲੇ ਨੂੰ ਜਾ ਰਿਹਾ ਸੀ ਤੇ ਦੂਜਾ ਬਹੁਤ ਹੀ ਭੈੜੇ ਤਰੀਕੇ ਨਾਲ ਕੰਨ ਦੇ ਉੱਤੇ ਨੂੰ ਹੋ ਕੇ ਸਿੱਧਾ ਨਿਕਲ ਗਿਆ ਸੀ। ‘‘ਬੋਦੇ ਹੁੰਦੇ ਅਹੇ ਜੇ ਸਿੰਗ।’’ ਸੁਦਾਗਰ ਝੋਟੀ ਨੂੰ ਹਰ ਰੋਜ਼ ਜੋਖ਼ਦਾ, ਪਰਖਦਾ। ਝੋਟੀ ਦੇ ਚਾਰੇ ਪਾਸੇ ਘੁੰਮ ਕੇ ਦੇਖਿਆ ਤਾਂ ਪਿੰਡੇ ਤੋਂ ਨਿਗ੍ਹਾ ਤਿਲਕਦੀ ਜਾਵੇ। ਪਰ ਬੀਂਗੇ ਸਿੰਗਾਂ ਦੀ ਸ਼ਕਲ ਤੋਂ ਓਦਰਨ ਲੱਗਿਆ। ਸਹੁਰੇ ਸਿੰਗਾਂ ਦਾ ਕਿਆ ਕਰੇ।
ਪਿੰਡ ਵਾਲਿਆਂ ਨੇ ਸੁਦਾਗਰ ਦੇ ਘਰ ਬਰੋਬਰ ਬਾਹਰ ਫਿਰਨੀ ਦੇ ਕੰਢੇ ਅਚਾਨਕ ਪਾਥੀਆਂ ਦਾ ਇੱਕ ਹੋਰ ਗੁਹਾਰਾ ਦੇਖਿਆ... ਤੇ ਉਸ ਦੇ ਘਰ ਵਿੱਚ ਟੋਕਾ ਕਰਨ ਦੀ ਮਸ਼ੀਨ ਵੀ...
ਤੇ ਫੇਰ ਉਹ ਦਿਨ ਵੀ ਆਇਆ ਜਦੋਂ ਝੋਟੀ ਤਾਰਾਂ ਦੇ ਕੇ ਬੋਲ ਪਈ। ਡੱਡੂ ਹੁਣ ਪਤਾ ਨਹੀਂ ਕਿੱਥੇ ਟਿਕਿਆ ਬੈਠਾ ਹੋਵੇਗਾ। ਉਸਦਾ ਤੁਰਦਾ ਫਿਰਦਾ ਘਰ ਹੁਣ ਕਿਸੇ ਹੋਰ ਪਿੰਡ ਵਿੱਚ ਸੀ। ਫੇਰ ਲੱਭਣਾ ਪਿਆ। ਹੁਣ ਲੋੜ ਤਾਂ ਝੋਟੇ ਦੀ ਸੀ। ਡੱਡੂ ਨੇ ਝੋਟਾ ਛੱਡ ਦਿੱਤਾ। ਝੋਟੀ ਝੱਟ ਆਸ ਲੱਗ ਕੇ ਮੈ੍ਹਸ ਬਣ ਗਈ। ਸੁਦਾਗਰ ਨੇ ਘਰ ਦੇ ਬਾਹਰ ਸ਼ਾਂਤ ਹੋਈ ਮੈ੍ਹਸ ਨੂੰ ਰੋਕ ਕੇ ਮੁੰਡੇ ਦੇ ਹੱਥ ਸੁਨੇਹਾ ਭੇਜਿਆ ਕਿ ਕੰਮ ਬਣ ਗਿਆ। ਪ੍ਰਸਿੰਨੀ ਨੇ ਮੁੱਦਤਾਂ ਪੁਰਾਣਾ ਮੂਹਲਾ ਧੋ ਕੇ ਦੇਹਲੀ ਮੂਹਰੇ ਲੰਮਾ ਪਾ ਦਿੱਤਾ। ਸਰੋਂ ਦਾ ਤੇਲ ਚੋਇਆ। ਕੱਚੀ ਲੱਸੀ ’ਚ ਕਰਿਆਟੀ (ਬੇਸਣ) ਘੋਲ ਕੇ ਤਸਲਾ ਭਰ ਕੇ ਪਣਾ ਬਣਾਇਆ। ਮੈਹਸ ਦੀ ਪਿੱਠ ’ਤੇ ਥਾਪੀ ਦਿੱਤੀ।
“ਜਿਉਂਦੀ ਰਹੁ”
ਪੋਹ ਦੀ ਸੰਗਰਾਂਦ ਤੋਂ ਅਗਲੇ ਦਿਨ ਸ਼ਾਮ ਨੂੰ ਬੀਂਗੇ ਸਿੰਗਾਂ ਵਾਲੀ ਨੇ ਕੱਟਾ ਦੇ ਦਿੱਤਾ। ਦੋ ਘੰਟੇ ਬਾਅਦ ਧਰਤੀ ’ਤੇ ਬੈਠ ਕੇ ਥੋੜ੍ਹਾ ਜਿਹਾ ਵੱਖੀ ਭਾਰ ਹੋ ਗਈ। ਤਸਲਾ ਭਰ ਜੇਰ ਤਿਲਕਦੀ ਔਹ ਬਾਹਰ ਨਿਕਲ ਗਈ। ਚੁਸਤ ਹੋਈ ਨੇ ਕੱਟਾ ਚੱਟ ਚੱਟ ਸਜਾ ਦਿੱਤਾ। ਬੜਾ ਸੁਹਣਾ ਕੱਟਾ... ਸਵੇਰ ਤੱਕ ਮੈਹਸ ਦੁਆਲੇ ਫੁਦਕਣ ਲੱਗ ਪਿਆ। ਪ੍ਰਸਿੰਨੀ ਨੇ ਨਜ਼ਰ ਲੱਗਣ ਤੋਂ ਬਚਾਉਣ ਲਈ ਇੱਕ ਟੁੱਟਿਆ ਛਿੱਤਰ ਮੈਹਸ ਦੇ ਗਲ ਵਿੱਚ ਪਾ ਦਿੱਤਾ। ਬਹੁਲੀ ਨਾਲ ਚੌਂਕਾ ਭਰ ਗਿਆ। ਦੁੱਧ ਹੀ ਦੁੱਧ। ਮਹੀਨਾ ਭਰ ਘਰ ਦੇ ਜੀਆਂ ਨੂੰ ਲੰਮੀਆਂ ਤੀਆਂ ਵਰਗਾ ਮਾਹੌਲ ਲੱਗਿਆ ਜਿਵੇਂ ਜੀਵਨ ਵਿੱਚ ਕੋਈ ਦੁੱਖ ਹੁੰਦਾ ਹੀ ਨਹੀਂ।
ਪਰ ਮਹੀਨੇ ਬਾਅਦ ਮਾਘ ਸ਼ੁਰੂ ਹੁੰਦਿਆਂ ਹੀ... ਤੜਕੇ ਈ ਪ੍ਰਸਿੰਨੀ ਨੇ ਸੁਦਾਗਰ ਨੂੰ ਲੇਫ ’ਚ ਫਸੇ ਨੂੰ ਹਲੂਣਿਆ, ‘‘ਉੱਠ ਕੇ ਦੇਖ। ਕੱਟਾ ਮਰ ਗਿਆ।’’ ਸੁਦਾਗਰ ਨੇ ਹੌਲੀ ਹੌਲੀ ਉੱਠ ਕੇ ਦੇਖਿਆ ਤਾਂ ਕੱਟਾ ਆਕੜਿਆ ਪਿਆ ਸੀ। ਮੈਹਸ ਦੀਆਂ ਅੱਖਾਂ ’ਚ ਜ਼ਹਿਰ। ਨੀਰੇ ਨੂੰ ਮੂੰਹ ਤੱਕ ਨਹੀਂ ਲਾਇਆ। ਸੰਗਲ ਤੁੜਾਉਂਦੀ। ਖ਼ਰੂਦ ਪਾਉਂਦੀ। ਕੱਟੇ ਤੋਂ ਬਗ਼ੈਰ ਨੇੜੇ ਨਾ ਫ਼ਟਕਣ ਦਿੰਦੀ। ਥਣਾਂ ਨੂੰ ਹੱਥ ਨਾ ਲਾਉਣ ਦਿੰਦੀ ।
‘‘ਕਿਆ ਹੋਇਆ ਸੁਦਾਗਰਾ?’’ ਸਾਹਮਣੇ ਬਖਤੌਰਾ ਜਿਸਦੇ ਘਰ ਦੀ ਪਿੱਠ ਲੱਗਦੀ ਸੀ ਛੱਤ ’ਤੇ ਚੜ੍ਹਿਆ ਹੇਠਾਂ ਨੂੰ ਝਾਕ ਰਿਹਾ ਸੀ।
‘‘ਹੋਣਾ ਕਿਆ। ਕੱਟਾ ਮਰ ਗਿਆ। ਮੈਹਸ ਖੜ੍ਹਦੀ ਨੀਂ।’’
‘‘ਭੋਛਾ ਬਣਾ ਲੈ ਭਾਈ। ਭੋਛਾ।’’
‘‘ਅੱਛਿਆ”
ਸੁਦਾਗਰ ਨੇ ਸਿੱਲੀਆਂ ਅੱਖਾਂ ਨਾਲ ਕੱਟੇ ਦੀ ਖੱਲ ਲਾਹਕੇ... ਨੂਣ ਲਾ ਕੇ ਸੰਭਾਲ ਕੇ ਛਾਂਵੇਂ ਸੁੱਕਣੀ ਪਾ ਦਿੱਤੀ। ਭੋਛਾ ਬਣਾਉਣ ਦਾ ਫਿਕਰ ਲੱਗ ਗਿਆ। ਲਾਗਲੇ ਪਿੰਡ ਤੋਂ ਜੁਗਾੜੀ ਬੰਦਾ ਬੁਲਾਇਆ ਜਿਸ ਨੇ ਸੁੱਕ ਬਰੂਰੀ ਖੱਲ ਕਈ ਤਰਾਂ ਦੇ ਮਸਾਲੇ ਲਾ ਕੇ, ਸਿਉਂ ਕੇ... ਵਿੱਚ ਫੂਸ ਭਰ ਦਿੱਤਾ। ਚਾਰੇ ਲੱਤਾਂ ਵਿੱਚ ਅੱਕ ਦੇ ਮੋਟੇ ਡੰਡੇ ਅੜਾ ਦਿੱਤੇ ਤੇ ਇੰਝ ਜਿਉਂਦੇ ਕੱਟੇ ਵਰਗਾ ਸਾਲਮ ਸਬੂਤਾ ਆਕਾਰ ਖੜ੍ਹਾ ਹੋ ਗਿਆ। ਧੁੱਪ ਲੁਆ ਕੇ ਚੰਗੀ ਤਰ੍ਹਾਂ ਸੁਕਾ ਕੇ ਸੁਦਾਗਰ ਨੇ ਹੱਥ ਲਾ ਕੇ ਦੇਖਿਆ ਤਾਂ ਉਹ ਖੜਕਦਾ ਆਵਾਜ਼ ਕਰਦਾ ਸੀ। ਇਹ ਭੋਛੇ ਦਾ ਆਕਾਰ ਮੈਹਸ ਦੇ ਅੱਗੇ ਰੱਖਣਾ ਤਾਂ ਮੈਹਸ ਆਪਣੇ ਮਰੇ ਹੋਏ ਬੱਚੇ ਦੀ ਖੱਲ ਨੂੰ ਪਛਾਣ ਕੇ, ਸੁੰਘ ਕੇ, ਚੱਟ ਕੇ ਟਿਕ ਜਾਂਦੀ ਤੇ ਦੁੱਧ ਦੇਣ ਲਈ ਸ਼ਾਂਤ ਖੜ੍ਹੀ ਹੋ ਜਾਂਦੀ।
‘‘ਮਾਂ ਐਂ। ਮਾਂ ਅਂ... ਅਂ ” ਪ੍ਰਸਿੰਨੀ ਰੋਣ ਵਰਗੀ ਹੋ ਜਾਂਦੀ। ਆਪਣੀ ਮਰ ਚੁੱਕੀ ਧੀ ਦੀ ਪੁਰਾਣੀ ਛੋਟੀ ਜਹੀ ਕੁੜਤੀ ਯਾਦ ਕਰਦੀ ਜਿਸ ਵਿੱਚ ਬੰਨ੍ਹ ਕੇ ਰੱਖੀ ਭਾਨ ਕੱਢ ਕੇ ਗਿਣਨ ਲੱਗੀ ਤਾਂ ਛੋਟੀ ਧੀ ਕੋਲੇ ਫਿਸ ਪਈ:
‘‘ਲੱਸੀ ਓ ਪੀ ਈ ਜਾਂਦੀ ਤੀ। ਬਾਹਰ ਨਾ ਨਿਕਲਣਾ। ਪੁੱਛਣਾ ਕਿੱਥੇ ਐਂ? ਦਰਵਾਜੇ ਓਹਲੇ ਖੜ੍ਹੀ ਨੇ ਲੱਸੀ ਪੀਂਦੀ ਹੋਣਾ। ਸੁੱਤੀ ਓ ਪਈ ਰਹਿ ਗਈ।’’
‘‘ਫੇਰ?’’
‘‘ਬੱਸ ਤੇਰਾ ਬਾਪ ਅਰ ਤਾਇਆ ਲਬ੍ਹੇਟ ਕੇ ਲੇ ਗੇ। ਤੇਰਾ ਤਾਇਆ ਕਹਿੰਦਾ ‘ਫੜ੍ਹਾ ੲ੍ਹੀਦੇ ਸਾਰੇ ਕੱਪੜੇ’ ਤਾਂ ਵੀ ਮੈਂ ਹਿੱਲਦੀ ਹਿਲਾਊਂਦੀ ਨੇ ਆਹ ਇੱਕ ਕੁੜਤੀ ਲੁਕੋ ਲੀ ਤੀ। ਮੇਰੀਓ ਧੀ ਤੀ। ਮੈਂਖਿਆ ਕੱਪੜਿਆਂ ਵਿੱਚ ਕਿਹੜਾ ਕੋਈ ਭੂਤ ਵੜ੍ਹਿਆ ਹੋਇਆ। ਕਿਆ ਗੱਲਾਂ ਕਰਨੀਆਂ ਪੁੱਤ। ਛੇਤੀ ਕਰ ਨ੍ਹੇਰਾ ਹੋ ਗਿਆ। ਕੁਤਰਾ ਕਰ ਲੀਏ। ਮੈ੍ਹਸ ਚੋਣੀਂ ਐ।’’ ਗੱਲ ਫੇਰ ਜਿਵੇਂ ਮੈ੍ਹਸ ਉੱਤੇ ਆ ਕੇ ਹੀ ਟਿਕ ਜਾਂਦੀ। ਉਸਦਾ ਖੁੰਡਾ ਘਰ ਦਾ ਮਰਕਜ਼ ਸੀ। ਪ੍ਰਸਿੰਨੀ ਧਾਰ ਕੱਢ ਕੇ... ਜੁਗਾਲੀ ਕਰਦੀ ਮੈ੍ਹਸ ਦੀ ਕੰਗਰੋੜ ਉੱਤੇ ਪੋਲੀ ਜਹੀ ਥਾਪੀ ਦੇ ਕੇ ਦੁੱਧ ਦੀ ਭਰੀ ਪਿੱਤਲ ਦੀ ਬਾਲਟੀ ਚੁੱਕ ਕੇ ਘਰ ਅੰਦਰ ਨੂੰ ਗਾਇਬ ਹੋ ਜਾਂਦੀ। ਪਹਿਲੇ ਸੂਏ ਦੋਹੇ ਡੰਗਾਂ ਦਾ ਸੱਤ ਕਿੱਲੋ ਦੁੱਧ। ਪ੍ਰਸਿੰਨੀ ਕੱਖ ਪਾਉਂਦੀ ਹੋਈ... ਨਲਕਾ ਗੇੜ ਕੇ ਪਾਣੀ ਪਿਲਾਉਂਦੀ ਹੋਈ ... ਗੋਹਾ ਚੁੱਕਦੀ... ਧਾਰ ਕੱਢਦੀ ਉਸ ਨਾਲ ਐਵੇਂ ਗੱਲਾਂ ਕਰਦੀ ਜਿਵੇਂ ਉਹ ਉਸ ਦੀ ਸਾਰੇ ਬੱਚਿਆਂ ਤੋਂ ਵੱਡੀ ਪਹਿਲੜ ਧੀ ਹੋਵੇ। ਦੁੱਧ ਦੇ ਪੈਸੇ ਆਉਂਦੇ। ਘਰ ਦਾ ਘਰਾਟ ਚੱਲਦਾ। ਬੱਚੇ ਆਪਣੇ ਸਕੂਲਾਂ ਦੀਆਂ ਕਿਤਾਬਾਂ ਕਾਪੀਆਂ ਵਰਦੀਆਂ ਮੰਗਦੇ। ਖਰੀਦਦੇ। ਪ੍ਰਸਿੰਨੀ ਨੂੰ ਕਈ ਸਾਲ ਇਸ ਇੱਕੋ ਮੈ੍ਹਸ ਨੇ ਹੀ ਉਲਝਾਈ ਰੱਖਿਆ। ਕੇਵਲ ਚਾਹ ਜੋਗਾ ਦੁੱਧ ਰੱਖ ਕੇ ਬਾਕੀ ਬਾਲਟੀ ਗਾਂਧੀ ਚੌਂਕ ਵਿੱਚ ਬਿਸ਼ੰਬਰ ਬਾਬੇ ਦੀ ਦੁੱਧ ਦੀ ਦੁਕਾਨ ਵੱਲ ਤੋਰ ਦਿੰਦੀ। ਦਹੀਂ ਕਦੇ ਘੱਟ ਹੀ ਜਮਾਉਂਦੀ। ਦੁੱਧ ਵਿੱਚ ਪਾਣੀ ਪਾਉਣਾ ਕਦੇ ਨਾ ਭੁੱਲਦੀ।
ਆਲੇ ਦੁਆਲੇ ਇਸ ਮੈ੍ਹਸ ਦੀ ਅੱਲ ‘ਬੀਂਗੇ ਸਿੰਗਾਂ ਆਲੀ’ ਪੈ ਚੁੱਕੀ ਸੀ। ਘਰ ਦੇ ਬਾਕੀ ਜੀਆਂ ਵਾਂਗ ਘਰ ਪ੍ਰਤੀ ਪੂਰੀ ਜ਼ਿੰਮੇਵਾਰ। ਵਫ਼ਾਦਾਰ। ਹਰ ਵਾਰ ਸੂਣ ਤੋਂ ਢਾਈ ਮਹੀਨੇ ਬਾਅਦ ‘ਤਾਰਾਂ’ ਦੇ ਕੇ ਬੋਲ ਪੈਂਦੀ। ਸੋਦਾਗਰ ਨੇ ਮੁੰਡੇ ਨੂੰ ਡੰਡਾ ਫੜਾ ਕੇ ਨਾਲ ਲਿਜਾਣਾ। ਰਿੰਗਦੀ ਨੂੰ ਦੂਰ ਡੱਡੂ ਦੇ ਝੋਟੇ ਕੋਲ ਲਿਜਾ ਕੇ ਦਿਖਾਉਣਾ। ਜਾਂਦੇ ਸਾਰ ਝੱਟ ਝੋਟੇ ਤੋਂ ਨਵੇਂ ਦੁੱਧ ਹੋ ਜਾਂਦੀ। ਕਦੇ ਉੱਕਦੀ ਨਹੀਂ ਸੀ। ਘਰ ਦੀ ਫਜ਼ਾ ਵਿੱਚ ਚਹਿਲ ਪਹਿਲ... ਹੁਲਾਸ ਘੋਲ ਦੇਂਦੀ। ਤੇ ਫੇਰ ਓਹੀ ਦਰਾਂ ‘ਚ ਮੂਹਲਾ ਲੰਮਾ ਪਾ ਦੇਣਾ... ਤੇ ਕੱਚੀ ਲੱਸੀ ‘ਚ ਕਰਿਆਟੀ ਘੋਲ ਕੇ...
ਉਹਨੇ ਅਗਲੇ ਕਈ ਸੂਏ ਕੱਟੇ ਈ ਦਿੱਤੇ... ਤੇ ਕੱਟਿਆਂ ਦੀ ਲਾਇਨ ਲਾ ਦਿੱਤੀ... ਤੇ ਦੁੱਧ ਦੋਵੇਂ ਡੰਗਾਂ ਦਾ ਅੱਠ ਨੌਂ ਕਿੱਲੋ ਉਤਰਦਾ ਰਿਹਾ... ਤੇ... ਤੇ...
ਕਦੇ ਇੱਕ ਰਾਤ ਬਹੁਤ ਤੇਜ ਮੀਂਹ ਪਿਆ। ਹਨ੍ਹੇਰੀ ਚੱਲੀ। ਪਿੰਡਾਂ ਦੇ ਪਿੰਡ ਕਣਕਾਂ ਲੰਮੀਆਂ ਪਾ ਦਿੱਤੀਆਂ। ਦਰੱਖਤਾਂ ਦਾ ਬਹੁਤ ਨੁਕਸਾਨ ਹੋਇਆ। ਦਰੱਖਤਾਂ ਦੇ ਟਾਹਣੇ ਜੋ ਤੇਜ ਤੂਫ਼ਾਨ ਦਾ ਸਾਹਮਣਾ ਨਾ ਕਰ ਸਕੇ ਟੁੱਟ ਕੇ ਲਟਕ ਗਏ। ਸੁਦਾਗਰ ਨੇ ਨਹਿਰ ਉੱਤੇ ਸਰੀਂਹ ਦਾ ਇੱਕ ਦਰਮਿਆਨਾ ਜਿਹਾ ਦਰਖ਼ਤ ਡਿੱਗਿਆ ਸਾਇਕਲ ਉੱਤੇ ਲੰਘਦਿਆਂ ਦੇਖ ਲਿਆ। ਦੋ ਕੁਅੰਟਲ ਬਾਲਣ ਦਾ ਲਾਲਚ ਹੋ ਗਿਆ। ਮੁੰਡੇ ਨੂੰ ਕਹਿੰਦਾ, ‘‘ਪੁੱਤ, ਨਹਿਰ ’ਪਰ ਸਰੀਂਹ ਗਿਰਿਆ ਪਿਆ। ਉੱਠ ਜਾ। ਬੱਢ ਕੇ ਅੰਦਰ ਸਿੱਟ ਲੀਏ। ਨਹੀਂ ਤਾਂ ਕਿਸੇ ਹੋਰ ਨੇ ਹੱਥ ਮਾਰ ਜਾਣਾ।’’
ਸਾਰਾ ਟੱਬਰ ਛੋਟੀਆਂ ਵੱਡੀਆਂ ਕੁਹਾੜੀਆਂ ਲੈ ਕੇ ਬਾਹਰ ਨਿਕਲ ਗਿਆ। ਮਿੰਟਾਂ ਵਿੱਚ ਹੀ ਪੂਰੇ ਦਾ ਪੂਰਾ ਦਰੱਖਤ ਵੱਡ ਕੇ ਅੰਦਰ ਘੜੀਸ ਲਿਆਂਦਾ। ਮੋਛੇ ਮੱਝ ਦੀ ਖੁਰਲੀ ‘ਚ ਤੂੜੀ ਹੇਠ ਦੱਬ ਦਿੱਤੇ। ਉੱਤੇ ਚਰ੍ਹੀ ਬਾਜਰੇ ਦਾ ਕੁਤਰਾ ਪਾ ਦਿੱਤਾ। ਪਿੰਡੋਂ ਕਿਸੇ ਮੁਖ਼ਬਰ ਨੇ ਸੁਦਾਗਰ ਦਾ ਨਾਂਓ ਲੈ ਦਿੱਤਾ। ਸਵੇਰੇ ਹੀ ਨਹਿਰੀ ਮਹਿਕਮੇ ਦੇ ਤਿੰਨ ਬੰਦੇ ਆ ਗਏ ਇਨਕੁਆਰੀ ਕਰਨ। ਇੱਕ ਅਫ਼ਸਰ। ਦੋ ਮੁਤਹਿਤ... ਉਹਨਾਂ ਨੇ ਸਾਰੇ ਘਰ ਵਿੱਚ ਗੇੜਾ ਦਿੱਤਾ। ਬਖ਼ਤੌਰੇ ਦੀ ਛੱਤ ’ਤੇ ਚੜ੍ਹ ਕੇ ਆਲੇ ਦੁਆਲੇ ਦੇਖਿਆ। ਪ੍ਰਸਿੰਨੀ ਬੋਲਦੀ ਗਈ ਪਰ ਅੱਖ ਕਿਸੇ ਨਾਲ ਨਾ ਮਿਲਾਈ।
“ਦਰਖ਼ਤਾਂ ਦੀ ਚੋਰੀ ’ਚ ਨਾਂ ਤੁਹਾਡਾ ਹੀ ਲਿਆ ਗਿਆ। ਕਿਸੇ ਹੋਰ ਦਾ ਨਹੀਂ।” ਅਫ਼ਸਰ ਨੇ ਥੋੜ੍ਹਾ ਰੋਅਬ ਦਿਖਾਇਆ।
“ਨਾ ਜੀ ਨਾ... ਕਿਸੇ ਨੇ ਲਾ ਕੇ ਗੱਲ ਕਰੀ ਐ। ਮੇਰੀ ਮ੍ਹੈਸ ਨੂੰ ਕੋਈ ਜਰਦਾ ਨੀਂ।”
‘‘ਬੀਬੀ ਮੱਝ ਵਾਲਾ ਅੰਦਰ ਦਖਾਓ।’’
‘‘ਦੇਖ ਲੋ। ਆਹ ਅੰਦਰ ਮੇਰੀ ਮੈਹਸ ਖੜ੍ਹੀ ਐ।’’
ਦੋਵੇਂ ਮੁਤਹਿਤ ਮੈਹਸ ਵਾਲੇ ਅੰਦਰ ਵੜ੍ਹ ਗਏ। ਮੈਹਸ ਨੇ ਅੰਦਰ ਖਰੂਦ ਪਾ ਦਿੱਤਾ। ਪੂੰਛ ਘੁਮਾਉਂਦੀ ਕਿੱਕਲੀ ਪਾਉਣ ਲੱਗ ਪਈ ਤੇ ਸਾਰੇ ਢਾਰੇ ਵਿੱਚ ਜਿਵੇਂ ਪੀਂਘ ਝੂਟਣ ਲੱਗੀ। ਮੂਤ ਨਾਲ ਲਿੱਬੜੀ ਪੂੰਛ ਇੱਕ ਮੁਲਾਜ਼ਮ ਦੇ ਮੋਢੇ ਕੋਲੋਂ ਲੰਘ ਗਈ।
‘‘ਕੁਸ਼ ਨੀਂ ਹੈ ਜੀ ਅੰਦਰ।’’
“ਕੁਛ ਨਈਂ ਹੈ ਜੀ। ਅੰਦਰ ਬੱਸ ਬੀਬੀ ਦੀ ਮੱਝ ਈ ਐ।’’
‘‘ਆਜੋ ਆਜੋ। ਚੰਗਾ ਬਈ। ”
ਜਦੋਂ ਤਫਤੀਸ਼ ਕਰਨ ਵਾਲੇ ਵਾਪਸ ਚਲੇ ਗਏ ਤਾਂ ਸਾਰਿਆਂ ਨੇ ਸ਼ੁਕਰ ਕੀਤਾ ਕਿ ਚੋਰੀ ਦੇ ਪਰਚੇ ਤੋਂ ਬਚ ਗਏ। ਮੁਲਾਜ਼ਮ ਮੈ੍ਹਸ ਦੇ ਭਿਆਨਕ ਬੀਂਗੇ ਸਿੰਗਾਂ ਤੋਂ ਡਰ ਗਏ। ਜਦੋਂ ਉਹ ਆਪਣੇ ਵਿੰਗੇ ਸਿੰਗਾਂ ਨੂੰ ਹਿਲਾਉਂਦੀ ਤਾਂ ਕੋਈ ਨਿਹੰਗ ਸਿੰਘ ਲੱਗਦੀ ਜੋ ਗੱਤਕਾ ਖੇਲ ਰਿਹਾ ਹੋਵੇ। ਪ੍ਰਸਿੰਨੀ ਮੈਸ੍ਹ ਦੇ ਕੋਠੇ ’ਚ ਗਈ। ਮੈਹਸ ਸ਼ਾਂਤ ਹੋ ਕੇ ਕੁਤਰਾ ਖਾ ਰਹੀ ਸੀ। ਪ੍ਰਸਿੰਨੀ ਨੇ ਮ੍ਹੈਸ ਦੇ ਬੀਂਗੇ ਸਿੰਗਾਂ ਦੇ ਵਿਚਾਲੇ ਹੱਥ ਫੇਰਿਆ। ਜਿਵੇਂ ਪਿਆਰ ਦਿੱਤਾ ਹੋਵੇ। ਅਸੀਸ ਦਿੱਤੀ ਹੋਵੇ।
“ਜਿਉਂਦੀ ਰਹੁ।”
ਬੜੀ ਖਰੂਦੀ ਸੀ ਬੀਂਗੇ ਸਿੰਗਾਂ ਵਾਲੀ। ਖੁੱਲੇ ਖਾਲੀ ਖੇਤਾਂ ਵਿੱਚ ਚਰਨ ਲਈ ਛੱਡਦੇ ਤਾਂ ਜਿਸ ਦੀ ਡਿਊਟੀ ਮੈਹਸ ਦੇ ਨਾਲ ਹੁੰਦੀ ਉਸਦੀ ਜਾਨ ਨੂੰ ਬਣੀ ਰਹਿੰਦੀ। ਮੈ੍ਹਸ ਝੱਟ ਦੂਸਰਿਆਂ ਦੇ ਖੇਤਾਂ ਵਿੱਚ ਜਾ ਵੜਦੀ। ਨਸੀਬੋ ਸੁਆਣੀ ਟਾਹਰਾਂ ਮਾਰਦੀ... ਗਾਲਾਂ ਕੱਢਦੀ ‘ਹਰਾਮਦੇ’ ਤੋਂ ਥੱਲੇ ਨਾ ਉੱਤਰਦੀ!! ‘‘ਭੂਸਰ ਨਾ। ਤੇਰਾ ਕੱਲੀ ਦਾ ਈ ਰਾਜ ਨੀਂ ਐਥੇ?’’ ਪ੍ਰਸਿੰਨੀ ਓਹਦੇ ਹੋਰ ਵੀ ਕਈ ਭੈੜ ਗਿਣੀ ਜਾਂਦੀ। ਜੇ ਹਸਪਤਾਲ ਲਿਜਾਣੀ ਹੋਵੇ... ਝੋਟੇ ਕੋਲ ਦਿਖਾਉਣੀ ਹੋਵੇ... ਤਾਂ ਗਲ ਵਿੱਚ ਡਾਹਾ ਪਾਉਣ ਤੋਂ ਇਲਾਵਾ ਦੋ ਬੰਦੇ ਡਾਂਗਾਂ ਵਾਲੇ ਨਾਲ ਹੋਣੇ ਜਰੂਰੀ। ਇੱਕ ਵਾਰ ਖੁੰਡਾ ਪੁੱਟ ਕੇ ਦੌੜ ਗਈ। ਦੂਰ ਨਿਕਲ ਗਈ। ਖੇਤਾਂ ਵਿੱਚੋਂ ਫਸਲ ਉਜਾੜਦੀ ਪਤਾ ਨਾ ਲੱਗੇ ਕਿੱਧਰ ਜਾ ਨਿਕਲੀ। ਜ਼ਿੰਮੀਦਾਰਾਂ ਦੀ ਤੇਜ਼ ਤੇਜ਼ ਚਲਦੀ ਜ਼ੁਬਾਨ ਤੋਂ ਡਰਦੀ ਪ੍ਰਸਿੰਨੀ ਲੋਕਾਂ ਨੂੰ ਪੁੱਛਦੀ ਫਿਰੇ... ਤੇ ਕਿਸੇ ਨੇ ਕਿਹਾ:
‘‘ ਸਿੰਗ ... ਬੀਂਗੇ ਸਿੰਗ ਐ।’’
‘‘ਹਾਂ ਹਾਂ’’
‘‘ਸਣੇ ਸੰਗਲ ਐ।’’
‘‘ਹਾਂ’’
‘‘ਮੁੱਲਾਂ ਮੁਸਲਮਾਨ ਦੇ ਖੇਤਾਂ ‘ਚ ਵੜੀ ਹੋਈ ਐ।’’ ਪ੍ਰਸਿੰਨੀ ਦਾ ਮੁੰਡਾ ਜਿਹੜਾ ਬੀ.ਏ.’ਚ ਪੜਦਾ ਸੀ ਮੈਹਸ ਦੀਆਂ ਕੁੜੀ ਦੇ ਘਰੋਂ ਭੱਜ ਜਾਣ ਵਰਗੀਆਂ ਹਰਕਤਾਂ ਤੋਂ ਦੁਖੀ ਸੀ। ਉਸਨੇ ਭਾਰੀ ਕਿੱਕਰ ਨਾਲ ਨੂੜ ਕੇ... ਕੁੱਟ ਕੁੱਟ ਕੇ ਮੈਹਸ ਦਾ ਗੂੰਹ ਕੱਢ ਦਿੱਤਾ। ਸੌ ਲਾਠੀਆਂ ਮਾਰੀਆਂ। ਰ੍ਹਾਟ ਪਾਵੇ। ਰੁਦਨ ਕਰੇ। ‘‘ਕੁੱਤੀ। ਭੈਣ ਚੋ-ਅ-ਦੀ ਨੂੰ ਮੈਂ ਮਾਰ ਦੂੰਗਾ ਅੱਜ’’ ਮੁੰਡੇ ਦੀ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਬਹੁਤ ਹਦਕ ਹੋਈ ਸੀ। ਪਰ ਪ੍ਰਸਿੰਨੀ ਨੂੰ ਮੱਝ ’ਤੇ ਆਪਣੇ ਬੱਚਿਆਂ ਵਾਂਗ ਤਰਸ ਆਇਆ। ‘‘ਰਹਿਣ ਦੇ। ਰਹਿਣ ਦੇ। ਪੁੱਤ ਮਰ ਜੂ ਗੀ।’’ ਤੇ ਪ੍ਰਸਿੰਨੀ ਨੇ ਚੁੱਪ ਚਾਪ ਜਿਵੇਂ ਕੁਝ ਸੁੱਝਦਾ ਨਾ ਹੋਵੇ ਵੜੇਵਿਆਂ ਦਾ ਪਤੀਲਾ ਰਿੱਝਣਾ ਧਰ ਦਿੱਤਾ। ਪੂਰਾ ਤਸਲਾ ਭਰ ਕੇ ਮੈ੍ਹਸ ਨੂੰ ਖਿਲਾਇਆ। ‘‘ਕਿਹੜਾ ਤੇਰੀ ਐਨੀ ਸੇਵਾ ਕਰ ਦੂ।’’
ਸੁਦਾਗਰ ਨੂੰ ਬਹੁਤਾ ਤਜਰਬਾ ਮੁਰਦਾ ਪਸ਼ੂਆਂ ਨਾਲ ਨਜਿੱਠਣ ਦਾ ਸੀ। ਮੁਰਦਾ ਪਸ਼ੂਆਂ ਨੂੰ ਜਿਵੇਂ ਮਰਜ਼ੀ ਪੁੱਠੇ ਸਿੱਧੇ ਕਰੀ ਜਾਓ। ਉਹ ਕਿਸੇ ਨੂੰ ਕੁਝ ਨਹੀਂ ਕਹਿੰਦੇ। ਮੈ੍ਹਸ ਦਾ ਕੁਟਾਪਾ ਹੁੰਦਾ ਦੇਖ ਉਸ ਨੂੰ ਧਰਤੀ ਵਿਹਲ ਨਹੀਂ ਸੀ ਦੇ ਰਹੀ। ਲੰਘੀ ਜ਼ਿੰਦਗੀ ਏਨੇ ਤਣਾਓ ਵਿੱਚ ਉਹ ਇਸ ਘਰ ਵਿੱਚ ਦੂਸਰੀ ਵਾਰੀ ਬੇਬਸ ਖੜਾ ਸੀ। ਜਿੱਥੇ ਅੱਜ ਉਸ ਦਾ ਮੁੰਡਾ ਹਦਕ ਦੇ ਬੋਝ ਵਿੱਚ ਗੁੱਸੇ ਹੱਥ ਚੜ੍ਹਿਆ ਉਸਦੀ ਕੱਟੀ... ਝੋਟੀ... ਮੈਹਸ ਨੂੰ ਕੁੱਟ ਰਿਹਾ ਸੀ। ਉਵੇਂ ਚੜ੍ਹਦੀ ਜੁਆਨੀ ਚੰਦ ਰੁਪੱਈਆਂ ਦੇ ਕਰਜ਼ੇ ਦੇ ਬੋਝ ਹੇਠ ਆਇਆ ਉਹ ਬੇਬਸ ਹੋ ਗਿਆ ਸੀ। ਕੋਈ ਮਾਂ ਬਾਪ ਭਾਈ ਭੈਣ ਉਸ ਦੀ ਮੱਦਦ ਨੂੰ ਕੋਲ ਨਾ ਖੜ੍ਹਿਆ। ਅਜਿਹੇ ਤਣਾਓ ਭਰੇ ਮਹੌਲ ਤੋਂ ਡਰਦਾ ਸੁਦਾਗਰ ਉਦੋਂ ਘਰੋਂ ਭੱਜ ਕੇ ਪੀਲੀਭੀਤ ਨਾਥਾਂ ਦੇ ਡੇਰੇ ਵਿੱਚ ਜਾ ਵੜਿਆ ਸੀ। ਕੋਈ ਰੱਬ ਜਾਣਦਾ ਕਿ ਡੇਰੇ ਵਿੱਚ ਉਹ ਕਿਵੇਂ ਜੀਊਆ... ਮਰਿਆ ਹੋਵੇਗਾ। ਹਰ ਰੋਜ਼ ਖਾਲੀ ਬੋਰੀਆਂ ਦੀ ਮਿਰਗਛਾਲਾ ’ਤੇ ਚੌਂਕੜੀ ਮਾਰ ਕੇ ਭਜਨ ਕਰਦੇ, ਆਪਾ ਮਾਰਦੇ... ਮਰ ਹੀ ਗਿਆ ਸੀ ਜੇ ਪ੍ਰਸਿੰਨੀ ਨਾ ਬਹੁੜਦੀ। ਤਿੰਨ ਸਾਲ ਡੇਰਿਆਂ ਵਿੱਚ ਨਾਥਾਂ ਮਹਾਤਮਾ ਤੋਂ ਸੁਣੀਆਂ ਗੌਤਮ ਰਿਖੀ, ਚੰਦ ਦੇਵਤਾ, ਰਮਾਇਣ, ਮਹਾਂਭਾਰਤ... ਤਿ੍ਰਲੋਕ ਦੀਆਂ ਕਥਾਵਾਂ ਉਸ ਦੇ ਮਸ਼ਤਕ ਵਿੱਚ ਵਿਛੀਆਂ ਪਈਆਂ ਸਨ। ਉਸ ਨੂੰ ਸ਼ਿਵਜੀ ਮਹਾਰਾਜ ਦੇ ਜ਼ਹਿਰ ਪਿਆਲਾ ਪੀਣ ਉਪਰੰਤ ਕੰਠ ਨੀਲਾ ਹੋਣ ਦੀ ਕਥਾ ਸੁਣਨੀ... ਤੇ ਸੁਣਾਉਣੀ ਬਹੁਤ ਪਿਆਰੀ ਲੱਗਦੀ ਸੀ। ਕਦੇ ਉਸ ਨੂੰ ਲਗਦਾ ਕਿ ਵਿਚਾਰ ਕਰਨ ਵਾਲਿਆਂ ਨੇ ਸ਼ਾਇਦ ਹਿਮਾਲਾ ਪਰਬਤ ਨੂੰ ਹੀ ਸ਼ਿਵਜੀ ਸਮਝ ਲਿਆ ਹੋਵੇ। ਜਿੱਥੋਂ ਮਾਂ ਗੰਗਾ ਨਿਕਲਦੀ ਐ... ਧਾਰਾਂ... ਪਾਣੀ ਦੀਆਂ... ਕਿਤੇ ਮਿੱਠੇ, ਕਿਤੇ ਨੂਣ ਆਲੇ ਪਾਣੀ ਦੀਆਂ ਧਾਰਾਂ...
ਉਹ ਜਦੋਂ ਕਦੇ ਮੈਹਸ ਨੂੰ ਸ਼ਾਂਤ ਗੋਡਣੀ ਮਾਰ ਕੇ ਬੈਠੀ ਨੂੰ ਇੱਕ ਲੈਅ ਵਿੱਚ... ਹੌਲੀ ਹੌਲੀ ਜਬਾੜਾ ਘੁੰਮਾਓੁਂਦੇ ਅੱਖਾਂ ਬੰਦ ਕਰਕੇ ਜੁਗਾਲੀ ਕਰਦੇ ਦੇਖਦਾ... ਤਾਂ ਸੱਚਮੁੱਚ ਪੀਲੀਭੀਤ ਗੋਮਤੀ ਦੇ ਕਿਨਾਰੇ ਜਾ ਪੁੱਜਦਾ।
‘ਬੀਂਗੇ ਸਿੰਗਾਂ ਵਾਲੀ’ ਕੱਟੀ ਦੀ ਜ਼ਨਾਨਾ ਜਾਤ ਨੂੰ ਆਪਣੀ ਸੌਕਣ ਸਮਝਦੀ ਕੱਟੇ ਈ ਸੁੱਟੀ ਗਈ। ਨੌਂ ਕੱਟੇ ਦਿੱਤੇ। ਉਸ ਨੂੰ ਡੱਡੂ ਦੇ ਝੋਟੇ ਤੋਂ ਹੀ ਆਸ ਲੁਆਉਂਦੇ। ਪਰ ਅਜੇ ਤੱਕ ਉਸਨੇ ਕੋਈ ਕੱਟੀ ਨਾ ਜੰਮੀ। ਆਪਣੀ ਵੇਲ ਨਾ ਵਧਾਈ। ਨਾ ਹਾਲੇ ਤੱਕ ਕੋਈ ਹੋਰ ਦੂਸਰਾ ਪਸ਼ੂ ਘਰ ਵਿੱਚ ਆਇਆ ਅਤੇ ਨਾ ਕੋਈ ਦੂਸਰਾ ਖੁੰਡਾ ਗੱਡ ਹੋਇਆ। ਇੱਕ ਸਿੰਗ ਓਹਦਾ ਮੋਕਲਾ ਜਿਹਾ ਹੋ ਕੇ ਝੜ ਗਿਆ। ਪਿੱਛੇ ਨਰਮ ਜਿਹਾ ਗੁੱਲਾ ਸਿਰ ਨਾਲ ਲੱਗਿਆ ਰਹਿ ਗਿਆ। ਨੌਂ ਸੂਇਆਂ ਤੋਂ ਬਾਅਦ ਮ੍ਹੈਸ ਦਾ ਜਿਵੇਂ ਮੱਚ ਮਰ ਗਿਆ। ਦੁੱਧ ਵੀ ਅੱਧਾ ਰਹਿ ਗਿਆ। ਬਾਲਟੀ ਵਿੱਚ ਭਾਗ ਪ੍ਰਤਾਪ ਹੀ ਨਾ ਰਿਹਾ। ਕਿਸੇ ਦਿਨ ਪ੍ਰਸਿੰਨੀ ਨੇ ਗੱਲ ਸਿਰੇ ਲਾ ਦਿੱਤੀ,“ਆਉਂਦੀ ਮੰਡੀ ਨੂੰ ਇਹਨੂੰ ਵੇਚ ਦੋ। ਤੋਕੜ ਦਾ ਕੋਈ ਛੇ ਸੋ ਤਾਂ ਦੇ ਏ ਦੳਂੂਗਾ। ਨਾ ਇਹ ਆਸ ਲੱਗਦੀ ਐ। ਦੁੱਧ ਵੀ ਨੂਣ ਵਰਗਾ ਹੋ ਗਿਆ। ਕਿੱਲੋ ਸਬੇਰੇ। ਕਿੱਲੋ ਸ਼ੰਝ ਨੂੰ। ਕਿਹੜਾ ਇਹਨੂੰ ਵਿਹਲੀ ਖੜ੍ਹੀ ਨੂੰ ਖਿਲਾਈ ਜਾਊਂਗਾ।’’ ਸੁਦਾਗਰ ਤੇ ਵੱਡਾ ਲੜਕਾ ਸਾਰਾ ਦਿਨ ਕੁਰਾਲੀ ਦੀ ਡੰਗਰਾਂ ਦੀ ਵੱਡੀ ਸਰਕਾਰੀ ਮੰਡੀ ‘ਚ ਬੈਠੇ ਠੁਰ-ਠੁਰ ਕਰਦੇ ਰਹੇ। ਗਿਆਰਾਂ ਬਾਰਾਂ ਸਾਲ ਦੀ ਬੁੜ੍ਹੀ ਹੋ ਰਹੀ ਮੈ੍ਹਸ ਦਾ ਕੋਈ ਗਾਹਕ ਨਾ ਮਿਲਿਆ। ਕਿਸੇ ਨੇ ਕੋਲ ਆ ਕੇ ਵੀ ਨਾ ਪੁੱਛਿਆ। ਤੇ ਉਵੇਂ ਹੀ ਥੱਕੇ ਹਾਰੇ ਘਰ ਮੁੜ ਆਏ।
‘‘ ’ਡੀਕ ’ਡੀਕ। ਕਿਆ ਹੋਇਆ। ਬਣਿਆ ਕੁਸ਼।’’
‘‘ਪ੍ਰਸਿੰਨੀ ਮੂਹਲਾ ਲਿਆ।’’
‘‘ਹੈਂ? ਕਿਆ??’’
‘‘ਮੰਡੀ ‘ਚ ਝੋਟਾ ਤਾ। ਮੈਹਸ ਝੋਟੇ ਦੇ ਮੂਹਰੇ ਕਰੀ। ਆਸ ਲੱਗ ਗੀ।’’
‘‘ਹੈਂਅ! ਬਹਿਗੁਰੂੂ। ਬਹਿਗੁਰੂ’’...ਤੇ ਫੇਰ ਮੈ੍ਹਸ ਕਮਾਉ ਪੁੱਤ ਵਾਂਗ ਚੰਗੀ ਲੱਗਣ ਲੱਗ ਪਈ। ਫੇਰ ਮੈਹਸ ਦੀ ਅਗਲੇ ਦਸ ਮਹੀਨੇ ਦੀ ਜ਼ਿੰਦਗੀ ਦੀਆਂ... ਖਾਦ ਖੁਰਾਕ ਤੇ ਚਾਰੇ ਦੀਆਂ ਸਕੀਮਾਂ ਬਣਨ ਲੱਗੀਆਂ। ਸੈਣੀਆਂ ਦੇ ਖੱਤੇ ਵਿੱਚ ਬਰਸੀਣ ਦੇ ਇੱਕ ਵੱਡੇ ਦੋ ਵਿਸਵੇ ਦੇ ਕਿਆਰੇ ਦੀ ਵ੍ਹਾਡ ਮੁੱਲ ਲੈ ਲਈ। “ਲੈ ਹੁਣ ਟਿਕ ਜੀਂ” ਪ੍ਰਸਿੰਨੀ ਨੇ ਮੈ੍ਹਸ ਦੇ ਕੰਨ ਵਿੱਚ ਮਸ਼ਕਰੀ ਕੀਤੀ। ਪਰ ਮੈ੍ਹਸ ਨੂੰ ਕੀ ਪਰਵਾਹ ਸੀ। ਉਸ ਦੇ ਵੀ ਕਈ ਰਉਂ ਸਨ। ਕੋਈ ਲੇਖਾ ਈ ਨਹੀਂ। ਉਹ ਸਭ ਨੂੰ ਟਿੱਚ ਜਾਣਦੀ ਸੀ। ਪਰ ਉਸਨੇ ਵੀ ਪ੍ਰਸਿੰਨੀ ਨੂੰ ਇੱਕ ਮਸ਼ਕਰੀ ਕਰ ਦਿੱਤੀ। ਇਸ ਵਾਰ ਕੱਟੀ ਜੰਮ ਦਿੱਤੀ। ਮੈ੍ਹਸ ਦੀ ਸਾਰੇ ਪਿੰਡ ਵਿੱਚ ਬੱਲੇ ਬੱਲੇ ਹੋ ਗਈ... ਤੇ ਡੱਡੂ ਦੇ ਝੋਟੇ ਦੀ...
“ਡੱਡੂ ਦੇ ਝੋਟੇ ਦਾ ਤਾਂ ਬਸ ਮੂੰਹੇਂ ਸੋਹਣਾ। ਖੱਸੀ ਐ। ਕਿਸੇ ਨੂੰ ਕਿਆ ਕਹਿਣਾ... ਭਾਈ ਜਾਗਦਿਆਂ ਦੀਆਂ ਕੱਟੀਆਂ, ਸੁੱਤਿਆਂ ਦੇ ...”, ਪ੍ਰਸਿੰਨੀ ਖੁਦ ਨੂੰ ਲਾਹਨਤਾਂ ਪਾਈ ਜਾਵੇ। ਕਮਲਿਆਂ ਵਾਂਗ ਸੜੇ ਹੋਏ ਡੱਡੂ ਦੇ ਝੋਟੇ ਦਾ ਈ ਆਸਰਾ ਤੱਕੀ ਗਏ। ਕੋੜ੍ਹੀ ਦਾ। ਘਰ ਦੀ ਕੱਟੀ ਕਿਆ ਸੁਹਣੀ। ਤੰਦਰੁਸਤ। ਸੁਦਾਗਰ ਬੇਲੇ ’ਚੋਂ ਦੂਸਰਾ ਵਧੀਆ ਸੁੱਕੀ ਟਾਹਲੀ ਦਾ ਖੁੰਡਾ ਘੜ ਲਿਆਇਆ।
ਘਰ ਦੀ ਕੱਟੀ ਸਾਲ ਦੀ ਹੋ ਗਈ। ਦੁੱਧ ਮੁੱਲ ਦਾ ਲਿਆਉਣ ਲੱਗ ਪਏ। ਬੀਂਗੇ ਸਿੰਗਾਂ ਵਾਲੀ ਕੰਡਮ ਹੋ ਗਈ। ਮੁੱਕ ਗਈ। ਜੁਆਬ ਦੇ ਗਈ। ‘ਫੰਡਰ’... ਪਰ ਪ੍ਰਸਿੰਨੀ ਤੇ ਸੁਦਾਗਰ ਦਾ ਫੰਡਰ ਸ਼ਬਦ ਘਰ ਵਿੱਚ ਬੋਲਣ ਨੂੰ ਜੀਅ ਨਾ ਕਰੇ।
ਕੀ ਕਰੇ ਕੋਈ... ਕੀ ਕਰੇ। ਉਹ ਦਿਨ ਵੀ ਆ ਗਿਆ... ਸ਼ਨਿੱਚਰ ਦਾ... ਖਟੀਕ ਆ ਗਏ ਜਿਵੇਂ ਉਹ ਹਰ ਮਹੀਨੇ ਆਉਂਦੇ ਹੀ ਸਨ। ਸੁਦਾਗਰ ਨੇ ਮੈ੍ਹਸ ਦਾ ਸੰਗਲ ਲਾਹ ਕੇ ਅੰਦਰ ਰੱਖ ਲਿਆ... ਖੁੱਲ੍ਹੀ ਖੇਤਾਂ ਵਿੱਚ ਛੱਡ ਦਿੱਤੀ ਚੁਗਣ ਨੂੰ। ਝੋਨਾ ਅਜੇ ਲੱਗਣਾ ਸ਼ੁਰੂ ਨਹੀਂ ਸੀ ਹੋਇਆ... ਖਟੀਕ ਨੇ ਸੌ ਦਾ ਨੋਟ ਮਰੋੜ ਕੇ ਸੁਦਾਗਰ ਦੀ ਮੁੱਠੀ ਵਿੱਚ ਘੁੱਟ ਦਿੱਤਾ। ਡੌਲਾਂ ਦੇ ਨਾਲ ਨਾਲ ਹੌਲੀ ਹੌਲੀ ਤੁਰਦੀ ਖੱਬਲ, ਬਰੂ ਬਰੂਸਦੀ ਮੈ੍ਹਸ ਹੁਣ ਖਟੀਕ ਦੇ ਨਾਲ ਆਏ ਨੌਜੁਆਨ ਮੁੰਡਿਆਂ ਦੀ ਨਿਗ੍ਹਾ ਹੇਠ ਸੀ। ਚੁੱਗਦੀ ਚੁੱਗਦੀ ਮੈ੍ਹਸ ਬਹੁਤ ਉੱਚੇ ਮੁਸਲਮਾਨੀ ਖੰਡਰ ਵੱਲ ਚਲੇ ਗਈ ਜਿੱਧਰ ਮੁੱਲਾਂ ਮੁਸਲਮਾਨ ਦੀ ਜਮੀਨ ਸੀ... ਮੂੰਹ ਉੱਚਾ ਉੱਪਰ ਨੂੰ ਉਠਾ ਕੇ ਆਕੜੀ ਖੜ੍ਹੀ ਪੂਰੀਆਂ ਅੱਖਾਂ ਅੱਡ ਕੇ... ਉੱਚੇ ਗੁਬੰਦ ਵੱਲ ਨੂੰ... ਨੀਲੇ ਅਸਮਾਨ ਵੱਲ ਨੂੰ ਦੇਖਦੀ ਰਹੀ। ਜਿਹੜੇ ਨੌਂ ਕੱਟੇ ਬੀਂਗੇ ਸਿੰਗਾਂ ਵਾਲੀ ਨੇ ਦਿੱਤੇ... ਪਹਿਲੇ ਤਿੰਨ ਤਾਂ ਮਹੀਨਾ ਮਸੀਂ ਟੱਪੇ... ਭੋਛਾ ਇੱਕ ਦਾ ਹੀ ਬਣਿਆ ਪਰ ਉਹਨਾਂ ਤਿੰਨਾਂ ਦੇ ਨੋਟ ਬਣਕੇ ਅਗੜ ਪਿੱਛੜ ਸੁਦਾਗਰ ਦੀ ਪਤੂਹੀ ਦੀ ਅੰਦਰਲੀ ਜੇਬ ’ਚ ਜਾ ਵੜੇ। ਨੌਂ ਕੱਟਿਆਂ ਚੋਂ ਜਿਹੜੇ ਛੇ ਬਚੇ ਉਹ ਹਰੇਕ ਦਸ ਪੰਦਰਾਂ ਦਮੜਿਆਂ ਦਾ ਖਟੀਕਾਂ ਨੂੰ ਵਿਕ ਕੇ ਹੋਰਾਂ ਨਾਲ ਰਲ ਕੇ ਟਰੱਕਾਂ ’ਚ ਸਹਾਰਨਪੁਰ ਦੇ ਜਿਬ੍ਹਾਖਾਨਿਆਂ ਵੱਲ ਆਖ਼ਰੀ ਉਡਾਰੀ ਮਾਰ ਗਏ। ਬੀਂਗੇ ਸਿੰਗਾਂ ਵਾਲੀ ‘ਇਹ’ ਵੀ ਅੱਜ ਸੌ ਰੁਪਏ ਦਾ ਸਹਾਰਨਪੁਰ ਦਾ ਟਿਕਟ ਕਟਾਈ ਜੱਟਾਂ... ਜ਼ਿਮੀਦਾਰਾਂ ਦੀਆਂ ਖਾਲਾਂ ਦੇ ਨਾਲ ਨਾਲ ਘਾਹ ਬੂਟੇ ਡੁੰਗਦੀ... ਜਿਵੇਂ ਆਪਣਾ ਇਹ ਜਹਾਨ ਆਖ਼ਰੀ ਵਾਰ ਦੇਖ ਰਹੀ ਸੀ। ਕਸਾਈ ਉਸਨੂੰ ਰੱਸਿਆਂ ਨਾਲ ਨੂੜਕੇ ਧੂੰਹਦੇ ਪਿੰਡ ਦੇ ਬਾਹਰ ਆਪਣੇ ਟਿਕਾਣੇ ਵੱਲ ਨੂੰ ਲੈ ਗਏ ਜਿੱਥੇ ਏਦਾਂ ਦੇ ਸਮਾਨ ਦਾ ਰਿਫ਼ੂਜੀ ਕੈਂਪ ਵਰਗਾ ਮਾਹੌਲ ਸੀ।
ਸੂਰਜ ਡੁੱਬਦੇ ਸਾਰ ਸੁਦਾਗਰ ਨੂੰ ਰਿਫ਼ੂਜੀ ਕੈਂਪ ਤੋਂ ਮੁਰਦੇ ਪਸ਼ੂ ਦਾ ਸੁਨੇਹਾ ਆ ਗਿਆ ਸੀ। ਬੀਂਗੇ ਸਿੰਗਾਂ ਵਾਲੀ ਪਿੰਡ ਦੇ ਬਾਹਰ ਆਰਜੀ ਕੈਂਪ ਵਿੱਚ ਦਮ ਤੋੜ ਗਈ। ਗੱਡੇ ’ਤੇ ਲੱਦੀ ਰੁੜਦੀ ਜਾਂਦੀ ਦੀ ਮਜਲ ਵਿੱਚ ਪਿੱਛੇ ਸੁਦਾਗਰ ਰੋਣ ਤੋਂ ਰੁਕਿਆ ਸਾਇਕਲ ਚਲਾ ਰਿਹਾ ਸੀ। ਨਿਕਲਦੀ ਭੁੱਬ ਨੂੰ ਰੋਕਦਾ... ਅੱਖਾਂ ’ਚੋਂ ਨਿਕਲਦਾ ਪਾਣੀ ਮੁੱਛਾਂ ਵਿੱਚੀਂ ਹੁੰਦਾ ਹੋਇਆ ਬੁੱਲ ਟੱਪ ਗਿਆ... ਸੁਦਾਗਰ ਨੂੰ ਮੂੰਹ ਵਿੱਚ ਕੁਝ ਸਲੂਣਾ ਮਹਿਸੂਸ ਹੋਇਆ... ਭੁੱਬ ਹੁਣ ਕਿੱਥੇ ਰੁੱਕਦੀ:
“ਹਂ ਅਂ ਅਂ... ਨੂਣ ...”
ਪਿੰਡ ਦੀ ਹੱਡਾਰੋੜੀ ਵਿੱਚ ਹਰੇ ਉੱਚੇ ਝੂੰਡ ਲਹਿਲਹਾਉਣ ਲੱਗੇ ਹੋਏ ਸਨ। ਅਸਮਾਨ ਵਿੱਚ ਛੋਟੇ ਵੱਡੇ ਅਣਗਿਣਤ ਤਾਰੇ ਇੱਕਠੇ ਹੋ ਕੇ ਟਿਮਟਿਮਾਉਣ ਲੱਗ ਪਏ। ਜਦੋਂ ਸੁਦਾਗਰ ਆਪਣੇ ਕਸਬ ਦੇ ਆਪਣੇ ਵੱਡੇ ਵਡੇਰਅਿਾਂ ਤੋਂ ਉਮਰ ਭਰ ਸਿੱਖੇ ਗੁਰਾਂ ਨਾਲ ਮੁਰਦਾ ਪਸ਼ੂ ਨੂੰ ਨਜਿੱਠਣ ਲੱਗਿਆ ਤਾਂ ਠੰਢੀ ਹਵਾ ਹੌਲੀ ਹੌਲੀ ਰੁਮਕਣ ਲੱਗੀ। ਅੱਜ ਸੁਦਾਗਰ ਉਹ ਚਮਾਰ ਨਹੀਂ ਸੀ ਜੋ ਦੂਸਰਿਆਂ ਦੇ ਪਸ਼ੂ ਨੂੰ ਕਿੱਡੇ ਹੌਸਲੇ ਨਾਲ ਛਿੱਲ ਦਿੰਦਾ... ਅੱਜ ਉਹ ਆਪ ਕਿਤੇ ਜਿਉਂਦਾ ਥੋੜੋ ਸੀ... ਉਹ ਸਵੇਰੇ ਉਦੋਂ ਹੀ ਮਰ ਗਿਆ ਸੀ ਜਦੋਂ ਉਸ ਨੇ ਮੈਸ੍ਹ ਦਾ ਸੰਗਲ ਖੋਲ ਕੇ ਅੰਦਰ ਰੱਖ ਲਿਆ ਸੀ। ਇਹ ਸੁਦਾਗਰ ਕੋਈ ਹੋਰ ਸੀ... ਕੋਈ ਹੋਰ ਜੋ ਆਪਣੀ ਕੱਟੀ ਦੇ ਫੁੱਲ ਚੁਗਣ ਆਇਆ ਸੀ... ਸਾਰੀ ਉਮਰ ਉਹ ਹੱਡਾਰੋੜੀਆਂ ਵਿੱਚ... ਇੱਲ੍ਹਾਂ ਦੇ ਅੰਬਾਰਾਂ ਵਿੱਚ... ਹਰੇ ਸੁੱਕੇ ਝੂੰਡਾਂ, ਜੰਡ ਕਰੀਰਾਂ ਵਿੱਚ ਕਾਲੇ ਸੁਪਨੇ ਬੁਣਦਾ ਦੌੜਿਆ। ਇੱਲ੍ਹਾਂ ਦੇ ਝੁੰਡ ਅਸਮਾਨ ਵਿੱਚ ਉਸਦੇ ਨਾਲ ਨਾਲ... ਕਦੇ ਉਸਦੇ ਸਿਰ ਉੱਪਰ ਅੱਤ ਉੱਚੇ ਅਸਮਾਨ ਵਿੱਚ ਇੱਲ੍ਹਾਂ ਦਾ ਗੋਲ ਚੱਕਰ ਘ
ਘੁੰਮਦਾ ਹੁੰਦਾ। ਪਰ... ਅੱਜ ਤੋਂ ਵੱਧ ਇਕੱਲਾ ਉਹ ਕਦੇ ਨਹੀਂ ਸੀ। ਰੰਬੀ, ਛੁਰੀ ਹੱਥੋਂ ਛੁੱਟ ਛੱੁਟ ਜਾਂਦੀ... ਜਦ ਉਹ ਮੈ੍ਹਸ ਦੇ ਟੁੱਟੇ ਹੋਏ ਬੀਂਗੇ ਸਿੰਗ ਕੋਲ ਨੂੰ ਪੁੱਜਿਆ ਤਾਂ ਉਸਦਾ ਕੋਈ ਰੱਬ ਹੀ ਉਸ ਨੂੰ ਜਿਉਂਦਾ ਰੱਖ ਸਕਿਆ... ਨਾਥਾਂ ਵਾਲੀ ਬੰਦਨਾ ਕਰਦੇ ਅੱਖਾਂ ਦਾ ਕੋਸਾ ਸਲੂਣਾ ਪਾਣੀ ਮੂੰਹ ’ਚ ਚੂਸਿਆ ਗਿਆ ਤਾਂ ਭੁੱਬ ਮਾਰ ਦਿੱਤੀ:
“ਹਂ ਅਂ ਅਂ... ਨੂ-ਅ-ਣ ...”
ਮ੍ਹੈਸ ਦੀ ਖੱਲ ਲਿਆਕੇ ਉਸਨੇ ਆਪਣੇ ਅਲੱਗ ਕੋਠੇ ਵਿੱਚ ਖੱਲਾਂ ਦੇ ਢੇਰ ਦੇ ਸਭ ਤੋਂ ਉੱਪਰ ਪੁੱਠੀ ਵਿਛਾ ਦਿੱਤੀ। ਪਿਛਲੇ ਗਿਆਰਾਂ ਬਾਰਾਂ ਸਾਲਾਂ ਤੋਂ ਉਹ ਇਸ ਖੱਲ ਦੀ ਵਾਲਾਂ ਵਾਲੇ ਪਾਸੇ ਦੀ ਨਿੱਘੀ ਛੋਹ ਦਾ ਸ਼ੁਦਾਈ ਸੀ। ਅੱਜ ਇਸ ਦੇ ਅੰਦਰ ਤਸਲਾ ਭਰ ਕੇ ਨੂਣ ਬਰੂਰ ਦਿੱਤਾ... ਹਨੇਰੇ ਵਿੱਚ ਬੇਬਸ ਹੋਇਆ ਉਹ ਖੱਲ ਉੱਤੇ ਹੀ ਬੈਠ ਗਿਆ। ਉਸ ਦੇ ਕੱਛੇ ਨੂੰ ਗਿੱਲਾ ਨਮਕੀਨ ਠੰਢਾ ਪਾਣੀ ਲੱਗ ਗਿਆ। ਚੌਂਕੜੀ ਮਾਰ ਲਈ। ਅੱਖਾਂ ਮੀਚ ਲਈਆਂ। ਸੁਦਾਗਰ ਡੱਡੂ ਦੇ ਬਾੜੇ ਵਿੱਚ ਕੱਟੀ ਨਾਲ ਪਹਿਲਾ ਦਿਨ ਯਾਦ ਕਰ ਕੇ ਰੋ ਪਿਆ। ਲੱਤਾਂ, ਗੋਡੇ ਉੱਠਣ ਤੋਂ ਜੁਆਬ ਦੇ ਗਏ। ਪ੍ਰਸਿੰਨੀ ਨੂੰ ਉਹਦੀ ਚਿੰਤਾ ਹੋਣ ਲੱਗ ਪਈ। ਕਿੰਨੀ ਦੇਰ ਦਾ ਕੋਠੇ ’ਚੋਂ ਨਹੀਂ ਨਿਕਲਿਆ। ਕੋਠੇ ਅੰਦਰ ਜਾ ਕੇ ਉਸ ਦਾ ਹੱਥ ਫੜ ਲਿਆ:
“ਹੁਣ ਹੋਰ ਕਿੰਨੀ ਦੇਰ ਬੈਠਣਾ ਮਿਰਗਸਾਲਾ ’ਪਰ। ਚਲ ਉੱਠ।”
“ਪ੍ਰਸਿੰਨੀ... ਈਹਨੂੰ ਕਿਹੜਾ ਮਾਸਟਰ ਪੜ੍ਹਾ ਗਿਆ... ਬਈ ਮੈਂ ਚਮੜੇ ਦਾ ਕੰਮ ਕਰਦਾਂ??” ਸੁਨੇਹਾ
ਮਾਂ ਵੀ ਨਾ ਹਟੀ। ਨਾ ਮੇਰਾ ਛੋਟਾ ਭਾਈ। ਉਹ ਬੋਲਿਆ ਤਾਂ ਬਹੁਤਾ ਨਾ, ਪਰ ਉਸ ਦੇ ਚਿਹਰੇ, ਹੱਥਾਂ ਪੈਰਾਂ ਦੀਆਂ ਹਰਕਤਾਂ ਅਤੇ ਸਾਹ ਦੀ ਰਫ਼ਤਾਰ ਤੋਂ ਮੈਨੂੰ ਯਕੀਨ ਹੋ ਗਿਆ ਕਿ ਉਹ ਵੀ ਮਾਂ ਦੇ ਨਾਲ ਹੀ ਸੀ। ਮਰਨ ਕਿਨਾਰੇ ਬੈਠੀ ਮਾਂ ਦੀ ਮਾਮੂਲੀ ਉਮੀਦ ’ਤੇ ਵੀ ਪੂਰਾ ਨਾ ਉਤਰਨਾ, ਕੋਈ ਸਿੱਧੀ ਹਾਂ, ਨਾਂਹ ਨਾ ਕਹਿਣੀ, ਇਸੇ ਚੱਕ ਥੱਲ ਵਿੱਚ ਪਿੰਡੋਂ ਵਾਪਸ ਆ ਕੇ ਰਾਤ ਨੂੰ ਨੀਂਦ ਵੀ ਚੱਜ ਦੀ ਨਾ ਆਈ ਤਾਂ ਮੈਂ ਸਵੇਰੇ ਉੱਠਦੇ ਸਾਰ ਹੀ ਮੇਜ਼ ਉੱਤੇ ਪੈੱਨ ਸਟੈਂਡ ਵਿੱਚ ਖੜ੍ਹੇ ਸਭ ਤੋਂ ਲੰਬੇ, ਮੋਟੇ ਛੁਰੇ ਵਰਗੇ ਪੈੱਨ ਨੂੰ ਹੱਥ ਪਾ ਲਿਆ। ਕਾਲੀ ਸਿਆਹੀ ਨਾਲ ਲਿੱਬੜੇ ਢੀਮਾਂ ਵਰਗੇ ਅੱਖਰ ਕਾਗਜ਼ ’ਤੇ ਝਰੀਟਣ ਲੱਗਿਆ:
‘‘ਸੇਵਾ ਵਿਖੇ,
ਮੁੱਖ ਥਾਣਾ ਅਫਸਰ,
ਸਦਰ...
ਬੇਨਤੀ ਹੈ ਕਿ ਮੈਂ ਪਿੰਡ... ਵਿੱਚ... ਹੁਣ ਮੈਂ ਬਾਹਰ ਰਹਿੰਦਾ ਹਾਂ... ਪਿੰਡ ਵਿੱਚ ਮੇਰਾ ਪੁਰਾਣਾ ਮਕਾਨ ਹੈ... ਜੋ ਕਿ ਵਰਤੋਂ ਵਿੱਚ ਨਾ ਹੋਣ ਕਰਕੇ ਢਹਿ ਗਿਆ ਹੈ... ਮੈਨੂੰ ਪਤਾ ਲੱਗਿਆ ਹੈ ਕਿ ਮੇਰੇ ਪੁਰਾਣੇ ਘਰ ਨੂੰ ਹੌਲੀ ਹੌਲੀ ਢਾਹ ਕੇ ਉਸ ਦੀਆਂ ਪੁਰਾਣੀਆਂ ਇੱਟਾਂ ਚੋਰੀ ਹੋ ਰਹੀਆਂ ਹਨ... ਤੇ ਇਹ ਚੋਰੀ ਮੇਰੇ ਚਾਚੇ ਸ੍ਰੀ...’’
ਉਸ ਨੂੰ ਚਾਚਾ ਕਹਿ ਕੇ ਬੁਲਾਉਦਾ ਸਾਂ। ਕਦੇ ਨਾਂਓ ਨਹੀਂ ਲਿਆ। ਦਰਖਾਸਤ ਉੱਤੇ ਕੀ ਲਿਖਿਆ ਜਾਵੇ? ਮੈਂ ਸਭ ਕੁਝ ਸਮੇਤ ਰੁਕ ਗਿਆ। ਕਾਗਜ਼ ਟੇਢਾ ਹੋ ਗਿਆ। ਸ੍ਹਾਮਣੇ ਕੰਧ ਉੱਤੇ ਨਕਲੀ ਫੁੱਲਾਂ ਦੇ ਹਾਰ ਦੇ ਵਿਚਾਲੇ ਲਟਕਦੀ ਬਾਪੂ ਦੀ ਫ਼ੋਟੋ ਤੋਂ ਖ਼ਿਆਲ ਆਇਆ ਕਿ ਆਪਣੇ ਕਿੰਨੇ ਬਜ਼ੁਰਗ ਹਨ। ਕਿਹੜਾ ਚੜ੍ਹਾਈ ਕਰ ਗਿਆ। ਕਿਹੜਾ ਅਜੇ ਹੈਗਾ। ਛੋਟੀ ਬੜੀ ਭੈਣ ਦੇ ਸੱਸ ਸਹੁਰਾ। ਫੁੱਫੜ। ਮਾਸੜ। ਮਾਸੀਆਂ। ਘਰ ਵਾਲੀ ਦਾ ਨਾਨਾ। ਨਾਨੀ । ਤਾਏ। ਚਾਚੇ। ਮੇਰੀ ਚਾਚੀ, ਚਾਚਾ...
ਘਰੋਂ ਦੂਰ ਰਹਿੰਦਿਆਂ ਜਦ ਵੀ ਕਦੇ ਪਿੱਛੇ ਰਿਸ਼ਤੇਦਾਰੀਆਂ ਵਿੱਚ ਕਿਸੇ ਬੁੜ੍ਹੇ ਬੁੜ੍ਹੀ ਦੀ ਚੜ੍ਹਾਈ ਹੋ ਜਾਂਦੀ ਤਾਂ ਮੈਨੂੰ ਸੁਨੇਹਾ ਜ਼ਰੂਰ ਆਉਦਾ। ਕਦੇ ਹੀ ਕਿਸੇ ਦੇ ਸਸਕਾਰ ’ਤੇ ਜਾ ਹੁੰਦਾ। ਉਹ ਵੀ ਮੌਕੇ ਦੇ ਮੌਕੇ। ਸਿੱਧਾ ਸ਼ਮਸ਼ਾਨ ਘਾਟ ’ਚ ਈ। ਨਹੀਂ ਤਾਂ ਭੋਗ ’ਤੇ। ਕਦੇ ਭੋਗ ਵੀ ਰਹਿ ਜਾਂਦਾ... ਤੇ ਮੇਰੇ ਅੰਦਰ ਦਸਵੀਂ ’ਚੋਂ ਮੈਥ ਚੋਂ ਤੇਤੀ ਪਰਸੈਂਟ ਨੰਬਰ ਲੈ ਕੇ ਪਾਸ ਹੋਣ ਵਾਲਾ ਮੁੰਡਾ ਹਿਸਾਬ ਲਾਉਦਾ, ਲਿਸਟਾਂ ਬਣਾਉਦਾ ਰਹਿੰਦਾ ਕਿ ਹੁਣ ਕੀਹਦੀ ਵਾਰੀ ਐ। ਕਈ ਵਾਰ ਕੋਈ ਬਿਨਾਂ ਵਾਰੀ ਤੋਂ ਵੀ ਚੋਲ਼ਾ ਛੱਡ ਜਾਂਦਾ। ਤੇ ਮਸੀਂ ਪਾਸ ਹੋਇਆ ਮੈਂ ਮੁੜ ਫ੍ਹੇਲ ਹੋ ਜਾਂਦਾ... ਪਰ ਈਹਦਾ ਨਹੀਂ ਆਇਆ ਸੁਨੇਹਾ। ਜਿਊਂਦਾ ਹੋਣੈ ਅਜੇ। ਹੈ ਵੀ ਜਿਉਂਦਾ... ਤਾਂ ਹੀ ਤਾਂ ਮੇਰੇ ਜਿਹਨ ਵਿੱਚ ਅਜੇ ਤੱਕ ਉਸ ਦੀਆਂ ਗੱਲਾਂ (ਮਾਂ ਕਹਿੰਦੀ: ਕਰਤੂਤਾਂ) ਇੱਧਰੋਂ ਉੱਧਰੋਂ ਜੁੜੀ ਜਾਂਦੀਆਂ... ਤੇ ਮੇਰੀ ਯਾਦਦਾਸ਼ਤ ਵਿੱਚ ਤੇਜ ਤੇਜ ਤੁਰਦੇ, ਅੱਖਾਂ ਘੁੰਮਾਉਦੇ, ਕਿਸੇ ਨੂੰ ਸਿੱਧੀ ਬਾਂਹ ਕੱਢ ਕੇ ਟਾਹਰਾਂ ਮਾਰਦੇ, ਕਿੱਲ੍ਹਦੇ ਚਾਚੇ ਦਾ ਅਕਸ ਵਧੀ ਘਟੀ ਜਾਂਦੈ। ਭਾਵੇਂ ਕਿ ਪੰਦਰਾਂ ਸਾਲ ਤੋਂ ਮੈਂ ਉਸ ਦਾ ਮੂੰਹ ਨਹੀਂ ਵੇਖਿਆ। ਅਚਾਨਕ ਸ੍ਹਾਮਣੇ ਆ ਜਾਵੇ ਤਾਂ ਮੈਂ ਅੱਖਾਂ ਘੁੰਮਾ ਲੈਂਦਾ ਹਾਂ। ਲੁੱਕਣ ਦੀ ਕੋਸ਼ਿਸ਼ ਕਰਦਾ ਹਾਂ। ਤਾਂ ਵੀ ਉਸ ਦੀ ਇੱਕ ਝਲਕ ਨਾਲ ਹੀ ਮੇਰੇ ਅੰਦਰ ਉਸ ਦਾ ਜਹਾਨ ਉੱਗ ਪੈਂਦਾ ਹੈ। ਉਹ... ਮੇਰਾ ਚਾਚਾ... ਜਿਸ ਨੇ ਨੌਂਵੀਂ ਦਸਵੀਂ ਜਮਾਤ ’ਚ ਮੈਨੂੰ ਮੈਥ ਪੜ੍ਹਾਇਆ। ਜੋ ਕਦੇ ਵੀ ਮੈਨੂੰ ਹਾਕ ਮਾਰ ਸਕਦਾ ਸੀ,‘‘ਜੀਤ... ਓਅ... ਏ... ’’ ਘਰ ’ਚ ਮੈਨੂੰ ਉਸ ਦੀ ਪੂਰੀ ਠੁੱਕ ਬਣੀ ਲੱਗਦੀ। ਜਦੋਂ ਮੈਨੂੰ ਹਾਕ ਪੈਂਦੀ ਤਾਂ ਮੇਰੀ ਵੀ ਠੁੱਕ ਬਣ ਜਾਂਦੀ।
ਪੂਰੇ ਕੋੜਮੇ ਵਿੱਚ ਮੈਥੋਂ ਪਹਿਲਾਂ ਕੋਈ ਦਸਵੀਂ ਪਾਸ ਨਹੀਂ ਸੀ ਕਰ ਸਕਿਆ। ਜਦ ਮੇਰਾ ਰੀਜ਼ਲਟ ਆਇਆ ਤਾਂ ਮੇਰੀ ਅੰਮਾਂ ਅਜੇ ਜਿਊਂਦੀ ਸੀ:
‘‘ਮੇਰੇ ਪੋਤੇ ਨੇ ਅੱਜ ਪੰਤਾਲੀ ਤੋੜ ’ਤੀ ’’
ਬਾਪੂ ਨੇ ਕਦੇ ਸਕੂਲ ਦਾ ਮੂੰਹ ਨਹੀਂ ਸੀ ਦੇਖਿਆ। ਛੋਟੀ, ਬੜੀ ਬੂਆ ਪੰਜ ਪੰਜ ਪੜ੍ਹੀਆਂ। ਏਸ ਚਾਚੇ ਨੂੰ ਤਿੰਨ ਵਾਰੀ ਦਸਵੀਂ ’ਚ ਮਦਰੱਸੇ ਲਾਇਆ। ਪਰ ਉਹ ਨੌਂ ਈ ਪਾਸ ਰਿਹਾ... ਤਾਂ ਵੀ ਮੈਨੂੰ ਅੱਜ ਤੱਕ ਆਪਣੇ ਚਾਚੇ ’ਤੇ ਰਸ਼ਕ ਆਉਦਾ ਕਿ ਉਹ ਉਰਦੂ ਦਾ ਅਖ਼ਬਾਰ ਪੜ੍ਹ ਕੇ ਹੋਰਾਂ ਨੂੰ ਸੁਣਾਉਦਾ ਹੁੰਦਾ ਸੀ। ਮੈਨੂੰ ਉਰਦੂ ਨਹੀਂ ਆਉਦੀ। ਉਹ ਮੈਥੋਂ ਵੀਹ ਸਾਲ ਵੱਡਾ। ਮੈਨੂੰ ਵੀਹ ਬੀਮਾਰੀਆਂ ਲੱਗੀਆਂ। ਉਸ ਨੂੰ ਕੋਈ ਨਹੀਂ। ਉਸ ਦੀ ਬੀਮਾਰ ਹੋਏ, ਦਾਖਲ ਹੋਏ, ਓਪਰੇਸ਼ਨ ਹੋਏ ਦੀ ਕੋਈ ਗੱਲ ਮਨ ’ਚੋਂ ਨਹੀਂ ਲੱਭਦੀ। ਦਿਮਾਗ ਨੂੰ ਬਹੁਤਾ ਫਰੋਲਿਆ ਤਾਂ ਇੱਕ ਵਾਰ ਉਸ ਨੂੰ ਜੁਲਾਬ ਲੱਗੇ ਸਨ। ਉਸ ਵੇਲੇ ਉਹ ਬਾਰ ਬਾਰ ‘ਬਾਹਰ’ ਜਾਣ ਦੀ ਬਜਾਏ ਆਪਣਾ ਮੰਜਾ ਖੇਤਾਂ ਵਿੱਚ ਈ ਲੈ ਗਿਆ ਸੀ। ਤੇ ਖੇਤ ਦੇ ਗੱਭੇ ਉੱਥੇ ਡਾਹ ਲਿਆ ਜਿੱਥੇ ਦਸ ਕੁ ਮੰਜੀਆਂ ਥਾਉਂ ਵਿੱਚ ਕਣਕ ਕਦੇ ਖੱਬਲ ਤੋਂ ਉੱਚੀ ਨਹੀਂ ਸੀ ਉੱਗਦੀ...
ਲਿਖਦੇ ਲਿਖਦੇ ਅਟਕਿਆ ਤਾਂ ਮਨ ਵਿੱਚ ਮਾਂ ਤੇ ਛੋਟੇ ਭਾਈ ਦੇ ਚਿਹਰੇ ਫੇਰ ਮੈਨੂੰ ਘੂਰਨ ਲੱਗ ਪਏ। ਸ੍ਹਾਮਣੇ ਦੀਵਾਰ ਉੱਤੇ ਸਵਰਗੀ ਪਿਤਾ ਜੀ ਦੀ ਫ਼ੋਟੋ ਵੀ ਮੈਨੂੰ ਕੌੜਾ ਕੌੜਾ ਝਾਕਣ ਲੱਗੀ। ਜਿਵੇਂ ਉਹ ਅਜੇ ਵੀ ਜਿਊਂਦਾ ਹੀ ਹੋਵੇ ਤੇ ਸੋਚ ਹੋ ਰਹੀ ਗੱਲ ਉੱਤੇ ਉਸ ਦਾ ਅਸਰ ਹੋਣਾ ਹੋਵੇ। ਮੈਂ ਫੈਸਲਾ ਕਰਨਾ ਹੈ। ਫੈਸਲਾ ਕਰਨਾ ਕਿੰਨਾ ਔਖਾ ਹੁੰਦਾ ਹੈ!! ਮੈਂ ਬਿਲਕੁਲ ਯਤੀਮ ਹੋ ਕੇ ਆਪਣੇ ਆਪ ਵਿੱਚ ਸੰੁਗੜ ਗਿਆ। ਅਸਲ ਫੈਸਲਾ ਕਦੇ ਹੁੰਦਾ ਹੀ ਨਹੀਂ! ਔਖਾ ਸੌਖਾ ਫੇਰ ਪੈੱਨ ’ਤੇ ਉਗਲਾਂ ਘੱੁਟਦਾ ਹਾਂ...
‘‘ ਮੇਰਾ ਚਾਚਾ ਸ਼ਰਾਬੀ, ਕਬਾਬੀ ਹੈ... ’’
ਸਾਰੀ ਉਮਰ ਦਾਰੂ ਦਾ ਜੁਗਾੜ ਓਹਦਾ ਬਣਦਾ ਈ ਰਿਹੈ। ਮੈਂ ਸਹੰੁ ਖਾ ਕੇ ਯਕੀਨ ਨਾਲ ਕਹਿ ਸਕਦਾਂ ਕਿ ਮੇਰੀ ਸਮਝ ਤੋਂ ਲੈ ਕੇ ਅੱਜ ਤੱਕ ਉਸ ਨੇ ਕਦੇ ਨਾਗਾ ਨੀਂ ਪਾਇਆ ਹੋਣਾ। ਮੇਰੇ ਪੈਸੇ ਥੁੜ੍ਹੇ ਈ ਰਹਿੰਦੇ ਐ। ਮੈਂ ਗਰਮੀਆਂ ਵਿੱਚ ਰੋਜ਼ ਬੀਅਰ ਦੀ ਇੱਕ ਬੋਤਲ ਪੀਣ ਤੋਂ ਵੀ ‘ਅੱਜ ਮੰਗਲਵਾਰ ਐ’, ‘ਅੱਜ ਵੀਰਵਾਰ ਐ’ ਕਰੀ ਜਾਂਦਾਂ। ਇਸ ਉਮਰ ਤੱਕ ਵੀ ਜਦੋਂ ਕਿ ਉਹ ਆਪਣੀਆਂ ਧੀਆਂ, ਪੁੱਤਾਂ, ਤੀਵੀਂ ਲਗਭਗ ਸਭ ਵੱਲੋਂ ਤਿਆਗਿਆ ਹੋਇਐ... ਨਾ ਕੋਈ ਉਸ ਨੂੰ ਮਿਲਣ ਆਉਦਾ, ਆਪ ਉਹ ਕਿਤੇ ਜਾਂਦਾ ਨੀਂ। ਤਾਂ ਵੀ ਪਤਾ ਨਹੀਂ ਰੋਜ਼ ਪੀਣ ਦਾ ਜੁਗਾੜ ਕਿੱਥੋਂ, ਕਿਵੇਂ ਕਰੀ ਜਾਂਦੈ। ...ਤੇ ਮਰਿਆ ਵੀ ਨਹੀਂ। ਕਿਉਕਿ ਮੈਨੂੰ ਉਸ ਦਾ ਸੁਨੇਹਾ ਨਹੀਂ ਆਇਆ। ਸੱਠ ਨੂੰ ਜਾ ਪੁੱਜਾ ਹੋਣੈ। ਬੜਾ ਰਸ਼ਕ ਆਉਦੈ...
ਏਦੂੰ ਹੋਰ ਵੀ ਬੜਾ ਰਸ਼ਕ ਏਸ ਕਰਕੇ ਆਉਦੈ ਕਿ ਪਤਾ ਨਹੀਂ ਉਸ ਨੇ ਕਿੰਨੀਆਂ ਓਪਰੀਆਂ ਤੀਵੀਂਆਂ ’ਤੇ ਹੱਥ ਫੇਰ ਦਿੱਤਾ ਹੋਣੈ। ਕਿੰਨੀਆਂ ਹੀ ਤੀਵੀਂਆਂ ਦੇ ਨਾਂਓ ਮੇਰੀ ਮਾਂ ਨੇ ਮੈਨੂੰ ਦੱਸੇ। ਅਜਿਹੇ ਵਹੀ ਖਾਤਿਆਂ ਦਾ ਹਿਸਾਬ ਲਾਉਦੇ ਊਂਈ ਮੇਰਾ ਸਾਹ ਫੁੱਲ ਜਾਂਦੈ। ਭਾਵੇਂ ਉਹ ਸਭ ਚਾਰ ਰੋਟੀਆਂ, ਜਾਂ ਦੋ ਕੱਪੜਿਆਂ ਖੁਣੋਂ ਥੁੜ ਦੀਆਂ ਮਾਰੀਆਂ ਹੋਣ...
‘‘ਕੋਈ ਐਬ ਬਚਦਾ ਦੁਨੀਆ ਦਾ ਜਿਹੜੇ ਤੇਰੇ ਵਿੱਚ ਨਾ ਹੋਵੇ’’, ਮੇਰੀ ਮਾਂ ਕਦੇ ਕਦੇ ਉਸ ਨੂੰ ਆਖ਼ਰੀ ਮਿਹਣਾ ਮਾਰਨ ਤੋਂ ਨਹੀਂ ਸੀ ਹਟਦੀ। ਤੇ ਉਸ ਨੂੰ ਦੁਆਨੀ ਦਾ ਨਹੀਂ ਸੀ ਗਿਣਦੀ।
‘‘ਅੱਗ ਦਾ ਫੂਕਿਆ ਅਮਲੀ ’’
ਸਾਂਝੀ ਜਮੀਨ ਦੀ ਕਮਾਈ ਵਿੱਚੋਂ ਐਬ ਕਰਨ ਕਰਕੇ ਬਾਪੂ ਕਦੇ ਉਸ ਦੇ ਮੂੰਹ ਉੱਤੇ ਤੇ ਪਿੱਠ ਪਿੱਛੇ ਹਰ ਰੋਜ਼ ਭੌਂਕਦਾ, ‘‘ਜਦ ਵੀ ਇਸ ਟੱਬਰ ਦਾ ਬੇੜਾ ਗਰਕ ਹੋਇਆ ਭੱਠਾ ਬੈਠਿਆ ਤੇਰੇ ਕਰਕੇ ਬੈਠੂੁ’’
ਚਾਚੀ ਅੰਦਰ ਵੜ ਕੇ ਉਸ ਦੀ ਬਥੇਰੀ ਕੁਪੱਤ ਕਰਦੀ। ਪਰ ਜਦ ਕਦੇ ਸਭ ਦੇ ਸ੍ਹਾਮਣੇ ਜੂਤਪਰੇਟ ਹੁੰਦੀ ਤਾਂ: ‘‘ਸਾਰਾ ਦਿਨ ਹੱਡ ਵਾਹ ਕੇ ਜੇ ਸ਼ਾਮ ਨੂੰ ਪਊਆ ਪੀ ਲਿੰਦਾ ਤਾਂ ਅਪਣੀ ਕਮਾਈ ਦੀ ਪੀਂਦਾ। ਕਿਸੇ ਦੇ ਬਾਪ ਦੀ ਨੀਂ ਪੀਂਦਾ ਹਰਾਮ ਦੇ ਦੀ।’’
ਮੇਰੀ ਅੰਮਾਂ ਲਈ ਉਹ ਪੇਟਅਰੋੜੀ ਦਾ ਸੀ। ਪਰ ਬਾਬਾ... ਬਾਬੇ ਨੇ ਤਾਂ ਮਰਨ ਵੇਲੇ ਮੰਜੀ ’ਤੇ ਕੁੱਬੇ ਬੈਠੇ ਹੋਏ ਨੇ ਚਾਹ ਦਾ ਕਿਰਮਚੀ ਮੱਗ ਉਸ ਦੇ ਮੂੰਹ ’ਤੇ ਦੇ ਮਾਰਿਆ... ਜਦ ਚਾਚੇ ਨੇ ਉਸ ਨੂੰ ਕਿਹਾ:
‘‘ਦੋ ਮੁੰਡੇ ਐ ਤੇਰੇ। ਮੇਰੇ ਹਿੱਸੇ ’ਚ ਤੇਰੀ ਅੱਧੀ ਲੋਥ ਆਉਦੀ ਐ। ਮੈਂ ਅਪਣੀ ਅਲੱਗ ਫੂਕੂੰ।’’
ਕਦੇ ਸਵੇਰੇ ਈ ਸ਼ਾਂਤ ਜਿਹਾ ਲਗਦਾ ਉਹ ਘਰ ਦੇ ਖੁੱਲ੍ਹੇ ਵੱਡੇ ਵਿਹੜੇ ਵਿੱਚ ਰੜਕਾ ਮਾਰਨ ਲੱਗ ਪੈਂਦਾ। ਹੁਣ ਉਸ ਨੂੰ ਪੁੱਛੇ ਕਿਹੜਾ ਬਈ ਤੈਨੂੰ ਕੀ ਹੋਇਆ? ਕੀ ਕਰਨ ਲੱਗਿਆਂ? ਰਾਤ ਦੀ ਹਨੇਰੀ ਨਾਲ ਟੁੱਟੇ ਦਰਖ਼ਤਾਂ ਦੇ ਪੱਤੇ, ਡੱਕੇ, ਤੁੱਕੇ, ਫੂਸ ਰੜਕ ਕੇ ਖੂੰਜੇ ਵਿੱਚ ਢੇਰੀ ਲਾ ਦਿੰਦਾ। ਬਾਪੂ ਉਸ ਨੂੰ ‘ਸੁਆਹ ਉੜਾਉਦੇ’ ਨੂੰ ਦੇਖ ਕੇ ‘ਹੰੂਅ’ ਕਰ ਦਿੰਦਾ। ਬਾਕੀ ਸਭ ਸੋਚੀ ਜਾਂਦੇ, ਦੇਖੀ ਜਾਂਦੇ ਬਈ ਇਹ ਕੀ ਕੌਤਕ ਕਰਨ ਲੱਗਿਆ। ਪਤਾ ਉਦੋਂ ਈ ਲੱਗਿਆ ਜਦੋਂ ਘਾਹ ਫੂਸ ਦੀ ਢੇਰੀ ਨੂੰ ਅੱਗ ਲਾਉਣ ਲਈ ਉਸ ਨੇ ਬਿਨਾਂ ਕਿਸੇ ਦਾ ਨਾਂਓ ਲਏ ਸਾਂਝੇ ਘਰ ਵਿੱਚ ਨੂੰ ਤਿੱਖੀ ਹਾਕ ਮਾਰ ਦਿੱਤੀ:
‘‘ਸੀਂਖਾਂ ਦੀ ਡੱਬੀ ਲਿਆ ਓਅ... ਏ...’’, ਤੇ ਉਸ ਤੋਂ ਵੀ ਵੱਧ ਸਾਫ਼ ਸੁਥਰੀ ਸਮਝ ਤਾਂ ਲੱਗੀ ਜਦੋਂ ਉਸ ਨੇ ਕੁੜਤੇ ਦੀ ਬੱਖੀ ’ਚੋਂ ਗਰਦਣ ਭਾਰ ਘਸੋਇਆ ਮਰਿਆ ਕਬੂਤਰ ਕੱਢ ਕੇ ਬਲਦੀ ਅੱਗ ’ਤੇ ਧਰ ਦਿੱਤਾ। ਪਤਾ ਨਹੀਂ ਤੜਕੇ ਤੜਕੇ ਕਬੂਤਰ ਉਸ ਨੇ ਕਿੱਥੋਂ ਮਾਰ ਲਿਆਂਦਾ ਸੀ। ਜਾਂ ਰਾਤ ਦੀ ਨ੍ਹੇਰੀ ’ਚ ਮਰ ਕੇ ਡਿੱਗਿਆ ਪਿਆ ਕਿਤੋਂ ਓਹਦੇ ਹੱਥ ਲੱਗ ਗਿਆ ਸੀ।
‘‘ ਬੱਡੀ ਕਰਦ ਲਿਆ ਓਅ... ਏ... ’’
‘‘ ਪਲੇਟ ਲਿਆ ਓਅ... ਏ... ’’
ਉਸ ਦੀਆਂ ਗੋਲ਼ ਮੋਲ ਹਾਕਾਂ ਦੇ ਮੈਂ ਹੀ ਜੁਆਬ ਦਿੰਦਾ ਜਦ ਮੈਂ ਘਰ ਹੁੰਦਾ। ਓਹਦੇ ਬੱਚੇ ਤਾਂ ਮੇਰੇ ਸ੍ਹਾਮਣੇ ਜੰਮੇ ਸਨ।
ਅੱਗ ਨਾਲ ਤੜਫ਼ਦੀਆਂ ਛਿੱਟੀਆਂ ਦੇ ਢੇਰ ਦੁਆਲੇ ਉੱਠਦਾ, ਬੈਠਦਾ, ਘੁੰਮਦਾ ਕਬੂਤਰ ਨੂੰ ਤੇਜ ਅੱਗ ਉਪਰ ਨੂੰ ਕਰੀ ਜਾਂਦਾ। ਆਪਣੀਆਂ ਲਾਲਾਂ ਚੂਸੀ ਜਾਂਦਾ। ਭੁੱਜਦਾ ਕਬੂਤਰ ਤੇਜ ਬੁਖ਼ਾਰ ਚੜ੍ਹੇ ਮਰੀਜ਼ ਵਾਂਗ ਵਟੇ ਖਾਈ ਜਾਂਦਾ। ਤੇ ਅੰਤ ਨੂੰ ਕਬੂਤਰ ਪਹੁੰਚਿਆਂ ਤੋਂ ਲੈ ਕੇ ਚੁੰਜ ਦੀ ਨੋਕ ਤੱਕ ਪੂਰੀ ਲੰਬਾਈ, ਚੁੜਾਈ ਤੇ ਖਿਚਾਈ ਦਿਖਾ ਕੇ ਟਿੱਕ ਗਿਆ। ਚਾਚੇ ਨੇ ਨਿੱਚਲਾ ਜਿਹਾ ਬਣੇ ਕਬੂਤਰ ਦਾ ਕਲਬੂਤ ਪੰਜਿਆਂ ਤੋਂ ਫੜ ਕੇ ਪਲੇਟ ’ਚ ਟਿਕਾ ਦਿੱਤਾ। ਹੱਥਾਂ ਨੂੰ ਫੂਕ ਮਾਰ ਕੇ ਸਾਫ਼ ਕੀਤਾ। ਠੰਡੇ ਹੁੰਦੇ ਕਬੂਤਰ ਨੂੰ ਛੁਰੀ ਨਾਲ ਘਰੋੜ ਘਰੋੜ ਕੇ ਉੱਬਲੇ ਹੋਏ ਆਂਡੇ ਵਾਂਗ ਛਿੱਲ ਦਿੱਤਾ। ਸਿਰ ਪੰਜੇ ਪੋਟਾ, ਗੰਦ ਮੰਦ ਕੱਟ ਕੇ ਅੱਗ ’ਚ। ਖਾਣ ਵਾਲਾ ਸਾਫ਼ ਬੈਂਗਣੀ ਰੰਗ ਦਾ ਮੀਟ ਪਲੇਟ ’ਚ... ਤੇ ਅੱਖਾਂ ਧੂੰਏ ਨਾਲ ਲਾਲ। ‘‘ਲਾ ਤੁੜਕਾ ਓਅ... ਏ...’’ ਆਖ਼ਰੀ ਹਾਕ ਦੇ ਆਉਣ ਦਾ ਉਸ ਦੀ ਤੀਵੀਂ ਨੂੰ ਕਦੋਂ ਦਾ ਪਤਾ ਹੁੰਦਾ ਸੀ। ਮੈਨੂੰ ਉਸ ਦੇ ਕਬੂਤਰ ਭੁੰਨ ਕੇ ਇਕੱਲੇ ਈ ਖਾਣ ਉੱਤੇ ਅੱਜ ਤੱਕ ਰਸ਼ਕ ਈ ਆਈ ਜਾਂਦਾ। ਵੰਡ ਕੇ ਖਾਣ ਦੀ ਗੱਲ ਉਹ ਉਰਦੂ ਵਿੱਚ ਪੜ੍ਹਿਆ ਈ ਨਹੀਂ ਸੀ।
ਗਰਮੀਆਂ ’ਚ ਕਿੱਕਰ ਹੇਠ ਬੈਠਾ ਮੈਨੂੰ ਕਹਿੰਦਾ:‘‘ਤੂੰਬੀ ਲਿਆ, ਅਪਣੀ ਚਾਚੀ ਤੋਂ,’’ ਉਸ ਦੀ ਆਵਾਜ਼ ਤੋਂ ਮੇਰੀ ਮਾਂ ਕੰਨ ਖੜ੍ਹੇ ਕਰ ਲੈਂਦੀ ਸੀ। ਘਰੋਂ ਬਾਹਰ ਨਿਕਲ ਆਈ।
‘‘ਨਲਕਾ ਗੇੜ ਦੱਬ ਕੇ। ਫੱਟ ਦੇ ਕੇ ਠੰਡਾ ਪਾਣੀ ਕੱਢ।’’
‘‘ਚਾਕੂ ਲਿਆ।’’
‘‘ਨਾਲੇ ਨੂਣ ਵੀ ਲਿਆ’’ ਬਹੁਤੀ ਭਰੀ ਤੂੰਬੀ ’ਚੋਂ ਥੋੜ੍ਹਾ ਕੁ ਪਾਣੀ ਡੋਲ ਦਿੱਤਾ। ਖੀਸੇ ’ਚੋਂ ਤਿੰਨ ਨਿੰਬੂ ਕੱਢ ਕੇ ਐਨ ਵਿਚਾਲਿਓਂ ਕੱਟ ਕੇ ਬਰਾਬਰ ਦੇ ਦੋ ਦੋ ਟੁਕੜੇ ਕਰ ਦਿੱਤੇ। ਸਾਰੀਆਂ ਫਾੜੀਆਂ ਤੂੰਬੀ ’ਚ ਘਸੋ ਕੇ ਐਂ ਮਸਲ ਦਿੱਤੀਆਂ ਜਿਵੇਂ ਕਦੇ ਮੈਨੂੰ ਨਲ੍ਹਾਉਦੇ ਨੇ ਮੇਰੇ ਗਿੱਟੇ ਰਗੜ ਦਿੱਤੇ ਸਨ। ਗਿੱਟੇ ਵਿਆਹ ਤੋਂ ਦੂਸਰੇ ਦਿਨ ਵੀ ਦੁੱਖਦੇ ਰਹੇ ਸਨ।
ਤੂੰਬੀ ਮੂੰਹ ਨੂੰ ਲਾ ਕੇ ਸਾਰੀ ਸਕੰਜਵੀਂ ਪੀ ਗਿਆ।
‘‘ਚੱਕ ਤੂੰਬੀ। ਚਾਕੂ। ਰੱਖ ਅੰਦਰ। ਕੋਈ ਚੱਕ ਕੇ ਲੇ ਜੂ’’
‘‘ਐਂ ਨੀਂ ਬੀ ਨਿਆਣੇ ਨੂੰ ਵੀ ਘੁੱਟ ਦੇ ਦਮਾਂ’’, ਮੇਰੀ ਮਾਂ ਨੇ ਕਦੇ ਉਸ ਨੂੰ ਫੁੱਟੀ ਕਾਣੀ ਕੌਡੀ ਦਾ ਨਹੀਂ ਸੀ ਸਮਝਿਆ। ‘ਬੇ ਅਕਲ’। ਜੇ ਉਹ ਸੋਫ਼ੀ ਵੀ ਹੁੰਦਾ ਤਾਂ ਵੀ ਮਾਂ ਨੂੰ ਸ਼ਰਾਬੀ ਈ ਲੱਗਦਾ। ਉਹ ਕਦੇ ਨਾ ਚਾਹੁੰਦੀ ਕਿ ਚਾਚਾ ਉਸ ਦੇ ਬੱਚਿਆਂ ਨੂੰ ਬੁਲਾਵੇ। ਕੰਮ ਲਾਵੇ। ਜਾਂ ਕਿਤੇ ਨਾਲ ਲਿਜਾਵੇ। ਭਾਣਜੀ ਦਾ ਨਾਨਕ ਸ਼ੱਕ ਲਾਉਣ ਜਾਣਾ ਸੀ ਤਾਂ ਮਾਂ ਓਹਦੇ ਨਾਲ ਲੜ ਈ ਪਈ। ਪਰ ਉਹ ਕਿੱਥੇ ਕਿਸੇ ਦੀ ਸੁਣਦਾ ਸੀ। ਮੈਂ ਵੀ ਬੂਆ ਦੇ ਪਿੰਡ ਮਾਂਬਾਪ ਨਾਲ ਵਿਆਹ ’ਤੇ ਜਾਣਾ ਸੀ। ਮਾਂ ਨੇ ਮੇਰੇ ਸਿਰ ’ਤੇ ਹਲਕੀ ਗੁਲਾਬੀ ਮਾਵਾ ਦਿੱਤੀ ਪਗੜੀ ਬੰਨ੍ਹ ਦਿੱਤੀ। ਤੇ ਵਿਆਹ ’ਚ ਦੇਣ ਵਾਲੇ ਕੁੜਤੀਝੋਨੇ ਤਹਿਆਂ ਮਾਰ ਕੇ ਗਿਣਨ ਲੱਗ ਪਈ। ਚਾਚਾ ਅੱਗ ਲੱਗੀ ਵਾਂਗ ਬਜ਼ਾਰ ਤੋਂ ਸਾਇਕਲ ’ਤੇ ਮੁੜਿਆ। ਸਮਾਨ ਦੇ ਝੋਲੇ ਸਿੱਟ ਕੇ, ਮੇਰੀ ਕੱਛ ਹੇਠ ਹੱਥ ਪਾਇਆ ਤੇ ਮੈਨੂੰ ਮੂਲੀ ਵਾਂਗ ਪੁੱਟ ਕੇ ਸਾਇਕਲ ਦੇ ਕੈਰੀਅਰ ’ਤੇ ਟੰਗ ਦਿੱਤਾ। ਵਿਆਹ ਦੀ ਤਿਆਰੀ ਕਰਦੇ ਸਾਰੇ ਜੀਆਂ ’ਚੋਂ ਉਹ ਮੇਰੇ ਈ ਗਲ਼ ਕਿਉ ਪੈ ਗਿਆ? ਮੈਂ ਘਬਰਾ ਗਿਆ। ਮੇਰੀ ਮਾਂ ਨੂੰ ਅੱਗ ਲੱਗ ਗਈ। ‘‘ਓ ਤੈਨੂੰ ਹੁਣ ਕਿਆ ਦੌਰਾ ਪੈ ਗਿਆ। ਤਿਆਰ ਬਿਆਰ ਹੋਏ ਨਿਆਣੇ ਨੂੰ ਕਿੱਥੇ ਨੂੰ ਘੜੀਸ ਲੇ ਚੱਲਿਆ?’’ ਪਰ ਉਸ ਦਾ ਸਾਇਕਲ ਮੈਨੂੰ ਢੋਂਦਾ ਬਜ਼ਾਰ ਨੂੰ ਤੁਰ ਪਿਆ।
‘‘ਸਿਰ ’ਚ ਪਈਆਂ ਧੜੀ ਜੂੰਆਂ। ਬੰਨ੍ਹੀ ਪੱਗ ਮਾਵਾ ਦੇ ਕੇ। ਨ੍ਹਾਉਣਾ ਨਾ ਧੋਣਾ ’’ ਮੇਰੇ ਸਿਰ ’ਚ ਫੇਰ ਕਿਸੇ ਕਾਲੀ ਮੋਟੀ ਜੂੰ ਨੇ ਦੰਦੀ ਵੱਡੀ। ਮੈਂ ਸਿਰ ’ਚ ਜੂੰ ਤੋਂ ਬਦਲਾ ਲੈਣ ਲਈ ਪੱਗ ਦੇ ਪੇਚਾਂ ਵਿੱਚੀਂ ਘਰੂਟ ਮਾਰਿਆ। ਮੇਰੀ ਪੱਗ ਪਹਿਲਾਂ ਹੀ ਢਿੱਲੀ ਹੋਈ ਪਈ ਸੀ। ਹੋਰ ਢਿੱਲੀ ਹੋ ਗਈ। ਚਾਚੇ ਨੇ ਮੈਨੂੰ ਘਰ ਵੜਦੇ ਸਾਰ ਹੀ ਪੱਗ ਦੇ ਲੜਾਂ ਵਿੱਚੀਂ ਉਗਲਾਂ ਵਾੜ ਵਾੜ ਕੇ ਜੂੰਆਂ ਨਾਲ ਲੜਦੇ, ਪੱਗ ਬੀਂਗੀ ਕਰਦੇ ਦੇਖ ਲਿਆ ਹੋਵੇਗਾ। ਮੈਨੂੰ ਪਤਾ ਹੀ ਨਾ ਲੱਗਿਆ ਕਿ ਕਦ ਉਸ ਨੇ ਮੈਨੂੰ ਚੁੱਕ ਕੇ ਨਾਈ ਦੀ ਕੁਰਸੀ ’ਚ ਸਿੱਟ ਦਿੱਤਾ। ਨਾਈ ਨੂੰ ਪਤਾ ਨਹੀਂ ਉਸ ਨੇ ਕਦ ਕੀ ਸਮਝਾ ਦਿੱਤਾ। ਜਦ ਮੈਨੂੰ ਸਮਝ ਲੱਗੀ ਤਾਂ ਮੇਰੇ ਸਾਰੇ ਵਾਲ ਹਜ਼ਾਮਤ ਹੋ ਚੁੱਕੇ ਸਨ। ਨਾਈ ਦੇ ਹੱਥ ਪੈਸੇ ਫੜਾਏ। ਮੇਰੇ ਹੱਥ ਸਾਫ਼ਾ ਫੜਾ ਕੇ ਉਵੇਂ ਸਾਇਕਲ ’ਤੇ ਘੜੀਸਦਾ ਮੈਨੂੰ ਘਰ ਲੈ ਆਇਆ। ਮੈਨੂੰ ਦੇਖ ਮੇਰੀ ਮਾਂ ਚੁੱਪ ਹੋ ਗਈ। ਬਾਪੂ ਸਿਰ ਨੀਵਾਂ ਕਰੀ ਬੈਠਾ ਰਿਹਾ। ਵਿਆਹ ਦੀ ਤਿਆਰੀ, ਸਗਨਾਂ ਦਾ ਕਾਰਜ... ਕਾਟੋ ਕਲੇਸ਼... ਜਿਸ ਨੂੰ ਬਾਪੂ ਹਮੇਸ਼ਾ ਟਾਲਣਾ ਹੀ ਠੀਕ ਸਮਝਦਾ। ਮੈਂ ਘਾਬਰਿਆ ਆਪਣੇ ਆਪ ਨੂੰ ਪਛਾਨਣ ਤੋਂ ਵੀ ਗਿਆ ਗੁਜਰਿਆ ਰੋਣ ਹਾਕਾ ਹੋਈ ਖੜ੍ਹਾ ਰਿਹਾ। ਕੋਈ ਮੇਰੀ ਮੱਦਦ ਨੂੰ ਨਾ ਆਇਆ। ਏਦੁੰ ਵੀ ਵੱਧ ਡਰ ਮੈਨੂੰ ਫੇਰ ਲੱਗਣਾ ਸ਼ੁਰੂ ਹੋਇਆ ਜਦ ਚਾਚੇ ਨੇ ਮੇਰੇ ਸਾਰੇ ਕੱਪੜੇ, ਬੰਦ ਕੀਤੇ ਕਰੜੇ ਮੂੰਹ ਨਾਲ ਬਿਨਾਂ ਕੁਝ ਬੋਲਿਆਂ, ਲਾਹ ਦਿੱਤੇ ਤੇ ਮੈਨੂੰ ਗੁੱਟ ਤੋਂ ਫੜ ਕੇ ਨਲਕੇ ’ਤੇ ਲੈ ਗਿਆ। ਕਿਸੇ ਹੋਰ... ਪਤਾ ਨਹੀਂ ਕਿਸ ਨੂੰ ਨਲਕਾ ਗੇੜਨ ਲਾ ਦਿੱਤਾ... ਤੇ ਮੈਨੂੰ ਕੱਪੜੇ ਧੋਣ ਵਾਲੇ ਸਾਬਣ ਨਾਲ ਨਲ੍ਹਾਓਣਾ ਸ਼ੁਰੂ ਕਰ ਦਿੱਤਾ। ਸਾਰਾ ਪਿੰਡਾ ਮਾਂਜ ਕੇ ਰੱਖ ਦਿੱਤਾ। ਇੰਨੇ ਜ਼ੋਰ ਦੀ ’ਗੂਠਿਆਂ, ਉਂਗਲ਼ੀਆਂ ਨਾਲ ਮੇਰਾ ਪਿੰਡਾ ਰਗੜਿਆ ਕਿ ਚਮੜੀ ਲਾਲ ਹੋ ਗਈ... ਤੇ ਗਿੱਟੇ...
‘‘ਬਣ ਗਿਆ ਨਾ ਬੰਦਾ’’ ਮੈਥੋਂ ਵਿਹਲਾ ਹੋ ਕੇ ਉੱਬਲੀ ਚਾਹ ਪੱਤੀ ਵਰਗਾ ਜਰਦਾ, ਬੁੱਲਾਂ ਵਿੱਚੋਂ ਜੀਭ ਦੀ ਨੋਕ ਨਾਲ ਚੁੱਕ ਕੇ ਥੁੱਕ ਦਿੱਤਾ। ਤੇ ਡੈਂਬਰੀ ਖੜ੍ਹੀ ਮੇਰੀ ਮਾਂ ਵੱਲ ਝਾਕਿਆ।
‘‘ਜੂੰਆਂ ਨਾਲ ਸਿਰ ਭਰਿਆ... ਬੰਨ੍ਹ ’ਤੀ ਪੱਗ ਮਾਵੇ ਆਲੀ... ਵਿਆਹ ਨੂੰ’’
ਚਾਚੇ ਤੋਂ ਛੁੱਟ ਕੇ ਬਚੇ ਆਏ ਮੈਨੂੰ ਦੇਖ ਕੇ ਮਾਂ ਨੇ ਸੁੱਖ ਦਾ ਸਾਹ ਲਿਆ। ਤੇ ਜਿੱਥੇ ਚਾਚੇ ਨੇ ਜਰਦਾ ਥੁੱਕਿਆ ਸੀ ਉੱਥੇ ਹੀ ਥੁੱਕ ਦਿੱਤਾ। ਮੈਂ ਆਪਣੀ ਮਾਂ ਤੋਂ ਇਹ ਗੱਲ ਲੁਕੋ ਕੇ ਰੱਖਦਾ ਕਿ ਚਾਚਾ ਮੈਨੂੰ ਜੀ ਟੀ ਰੋੜ ਵਾਲੀਆਂ ਦੁਕਾਨਾਂ ਤੋਂ ਪਾਨ ਤੇ ਜਰਦਾ ਲੈਣ ਭੇਜ ਦਿੰਦਾ ਸੀ। ਜਰਦਾ ਤਾਂ ਉਸ ਦੀਆਂ ਜ੍ਹਾਬਾਂ ਵਿੱਚ ਅੜਿਆ ਈ ਰਹਿੰਦਾ ਸੀ। ਮੱਕੀ ਗੁੱਡਦਾ ਇੱਕ ਵਾਰ ਮੇਰੇ ਪਿੱਛੇ ਪੈ ਗਿਆ:
‘‘ਇਨ੍ਹੀ ਪੈਰੀਂ ਮੁੜ ਜਾ। ਤੈਂ ਨਾਂਓ ਨੀਂ ਲਿਆ ਮੇਰਾ?’’
‘‘ਲਿਆ ਤਾ ’’
‘‘ਕਿਆ ਕਿਹਾ?’’
‘‘ਚਾਚੇ ਨੇ ਪਾਨ ਮੰਗਾਇਆ’’
‘‘ਓ ਕੋੜ੍ਹੀ, ਤੈਂ ਨਾਂਓ ਲੇਣਾ ਤਾ ਮੇਰਾ!’’, ਨਾਂਓ ਮੈਂ ਕਦੇ ਵੀ ਨਾ ਲੈ ਸਕਿਆ ਉਸ ਦਾ। ਅੱਗ ਦੀ ਲਾਟ ਵਰਗਾ ਨਾਂਓ। ਚੌਵੀ ਘੰਟੇ ਉਸ ਦੇ ਨਾਂਓ ਨੂੰ ਅੱਗ ਲੱਗੀ ਰਹਿੰਦੀ।
‘‘ਜਾਹ, ਮੋੜ ਕੇ ਆ। ਚੱਕ ਲਿਆਇਆ ਮਿੱਠਾ ਪਾਨ। ਜਾਹ! ਜਰਦੇ ਆਲਾ ਪਾਨ ਲਿਆਈਂ।’’ ਮੈਨੂੰ ਪਨਵਾੜੀ ਨੇ ਪੁੱਛਿਆ ਸੀ, ਕਿਹੜਾ ਪਾਨ ਦਵਾਂ, ਮਿੱਠਾ... ਕਿ... ਦੂਆ... ਤੇ ਮੈਂ ਜਿਵੇਂ ਆਪ ਖਾਣਾ ਹੋਵੇ ਮਿੱਠਾ ਪਾਨ ਮੰਗ ਲਿਆ ਸੀ। ਜੇ ਉਸ ਦਾ ਨਾਂਓ ਲੈ ਦਿੰਦਾ, ਤਾਂ... ਉਸ ਨੂੰ, ਉਸ ਦੇ ਨਾਂਓ ਨੂੰ, ਸ਼ਰਾਬ ਦੇ ਠੇਕਿਆਂ, ਹਾਤਿਆਂ ਵਾਲੇ, ਪਾਨ, ਬੀੜੀਆਂ, ਸਿਗਰਟਾਂ ਵੇਚਣ ਵਾਲੇ ਸਭ ਜਾਣਦੇ ਸਨ। ਦਾਰੂ, ਕੌੜੀ ਜ਼ੁੁਬਾਨ ਤੇ ਹੋਰ ਕਰਤੂਤਾਂ ਕਰਕੇ, ਜਿਹਨਾਂ ਦੀ ਮੇਰੀ ਅਨਪੜ੍ਹ ਮਾਂ ਨੇ ਲਿਸਟ ਬਣਾਈ ਹੋਈ ਸੀ, ਸਾਰੇ ਇਲਾਕੇ ’ਚ ਤੇ ਰਿਸ਼ਤੇਦਾਰੀਆਂ ’ਚ ਬਦਨਾਮ ਤੇ ਮੇਰੀ ਮਾਂ ਲਈ ‘‘ਦੁਆਨੀ ਦਾ ਨੀਂ ’’...
... ਮੇਰੀ ਮਾਂ ਲਈ ਉਹ ਭਾਵੇਂ ਦੁਆਨੀ ਦਾ ਨਾ ਹੋਵੇ, ਜਾਂ ਅਠਿਆਨੀ ਦਾ, ਪਰ ਮੈਨੂੰ ਬਚਪਨ ਦੀਆਂ ਗਰਜਾਂ ਸਾਰਨ ਲਈ ਝੂਠ ਸੱਚ ਸਮਝੇ ਬਗ਼ੈਰ ਚੁਆਨੀ ਦੇ ਦਿੰਦਾ ਸੀ। ਜਦ ਵੀ ਕਦੇ ਮੇਰੀ ਜੀਭ ਛੋਲੇ ਭਟੂਰੇ ਜਾਂ ਇਮਲੀ, ਮੱਛੀਆਂ ਖਾਣ ਨੂੰ ਮੂਤਦੀ ਤਾਂ ਮੈਂ ਝੂਠ ਬੋਲ ਕੇ ਉਸ ਤੋਂ ਚੁਆਨੀ ਮੰਗ ਲੈਂਦਾ ਸਾਂ। ਮੈਂ ਉਂਜ ਉਸ ਨੂੰ ਬੁਲਾਉਦਾ ਨਹੀਂ ਸਾਂ। ਉਹੀ ਮੈਨੂੰ ਹਾਕਾਂ ਮਾਰਦਾ ਸੀ। ਸੀ ਜਾਣੀ ਜਾਣ। ਉਸ ਦੇ ਕੋਲ ਜਾ ਕੇ ਹੌਲੀ ਹੌਲੀ ਫੁਸਫੁਸ ਕਰਨੀ:
‘‘ਚਾਚੇ... ’’
‘‘ਕਿਆ ਚਾਹੀਦਾ?’’
‘‘ਚੁਆਨੀ’’
‘‘ਕਿਆ ਕਰਨੀ ਐਂ?’’
‘‘ਸਕੂਲ ਦੀ ਕਾਪੀ ਲੇਣੀ ਐਂ... ’’
‘‘ਅਪਣੇ ਬਾਪ ਤੋਂ ਮੰਗ’’ ਪਰ ਚੁਆਨੀ ਤਲੀ ’ਤੇ ਪਹਿਲਾਂ ਈ ਧਰ ਦਿੰਦਾ ਸੀ। ਜਾਂ ਮੇਰੇ ਵੱਲ ਜਾਂ ਮੇਰੇ ਤੋਂ ਥੋੜ੍ਹਾ ਪਰਾਂਹ ਨੂੰ, ਮੁਰਗੀਆਂ ਨੂੰ ਦਾਣੇ ਪਾਉਣ ਵਾਂਗ ਵਗਾਹ ਕੇ ਮਾਰ ਦਿੰਦਾ ਸੀ। ਭੁਆਟਣੀਆਂ ਖਾਂਦੀ ਚੁਆਨੀ, ਨੱਚਦੀ ਮੇਰਾ ਧਿਆਨ ਖਿੱਚ ਲੈਂਦੀ। ਚੁਆਨੀ ਚਾਚੇ ਨੂੰ ਵੀ ਭੁਲਾ ਦਿੰਦੀ। ਮੇਰੇ ਸਾਂਝੇ ਪ੍ਰੀਵਾਰ ਵਿੱਚ ਕਿਸੇ ਵੀ ਬੱਚੇ ਨੂੰ ਦਿੱਤੀ ਜਾਣ ਵਾਲੀ ਇਹ ਸਭ ਤੋਂ ਵੱਡੀ ਰਕਮ ਹੁੰਦੀ ਸੀ... ਤੇ ਫੇਰ ਚੁਆਨੀ ਮੈਨੂੰ ਲੈ ਕੇ ਘੜੀਸੀ ਫਿਰਦੀ... ਨਾ ਚਾਚਾ ਮੁੜ ਕੇ ਪੁੱਛਦਾ ਕਿ ਕਾਪੀ ਲਈ ਕਿ ਨਹੀਂ। ਐਦਾਂ ਹੀ ਮੈਂ ਕਦੇ ਸਲੇਟ ਤੋੜ ਦਿੰਦਾ। ਸਲੇਟੀਆਂ ਮੁਕਾ ਦਿੰਦਾ। ਕਦੇ ਸਿਆਹੀ ਡੋਲ੍ਹ ਦਿੰਦਾ। ਯਾਦ ਨਹੀਂ ਕਦੇ ਮੈਂ ਮੰਗਿਆ ਹੋਵੇ... ਤੇ ਉਸ ਨੇ ਮੈਨੂੰ ਖਾਲੀ ਮੋੜ ਦਿੱਤਾ ਹੋਵੇ:
‘‘ਚੁਆਨੀ ਨੀਂ ਹੈਗੀ ਅੱਜ। ਦਸੀ ਨਾਲ ਸਾਰ। ਆ ਜਾਂਦਾ ਰੋਜ਼ ਹੜਿੱਕਦਾ। ਚਲ ਭੱਜ ਜਾ’’ ਫਟੇ ਹੋਏ ਮੂੰਹ ਨਾਲ ਪਤਾ ਨਹੀਂ ਕਦ ਕਿਸੇ ਨੂੰ ਕੀ ਕਹਿ ਦੇਵੇ। ਪਰ ਮੇਰੀ ਕਿਹੜਾ ਉਦੋਂ ਕੋਈ ਇੱਜ਼ਤ ਹੁੰਦੀ ਸੀ। ਉਸ ਤੋਂ ਕੌੜੀਆਂ ਗੱਲਾਂ ਤਾਂ ਮੇਰਾ ਬਾਪੂ ਵੀ ਮੈਨੂੰ ਕਹਿ ਦਿੰਦਾ ਸੀ। ਬਾਪੂ ਭਾਵੇਂ ਪੰਜ ਰੁਪਏ ਵੀ ਦੇ ਦਿੰਦਾ ਸੀ ਪਰ ਬਾਅਦ ’ਚ ਹਿਸਾਬ ਪੁੱਛਦਾ ਸੀ। ਉਸ ਤੋਂ ਬਚਣਾ ਮੁਸ਼ਕਿਲ, ਨਾ ਮੁਮਕਿਨ ਸੀ।
ਕਿੱਥੇ ਉਸ ਦੀਆਂ ਚੁਆਨੀਆਂ!! ਕਿੱਥੇ ਬਾਪੂ ਦਾ ਰੁਪੱਈਆ?
‘‘ ਓਅ... ਏ... ਆ ਬਈ, ਮੇਰੀ ਭਾਫ਼ ਕੱਢ’’, ਜਦੋਂ ਚਾਚਾ ਕਦੇ ਅਚਾਨਕ ਐਂਜ ਦਾ ਹੁਕਮ ਉਹ ਵੀ ਰਾਤ ਨੂੰ ਨੌਂ ਵਜੇ ਦਿੰਦਾ ਤਾਂ ਮੇਰੀ ਮਾਂ ਤੇ ਬਾਪ ਮੇਰੇ ਉਸ ਕੋਲੋਂ ਮੁੜ ਆਉਣ ਤੱਕ ਸੌਂਦੇ ਨਹੀਂ ਸਨ। ਨਾਲ ਦੇ ਕਮਰੇ ’ਚ ਪਏ ਵਾਰੋ ਵਾਰੀ ‘ਮਾਹਰਾਜ, ਮਾਹਰਾਜ’ ਕਰੀ ਜਾਂਦੇ ਸਨ ਜਿਹੜੀ ਡਾਂਗ ਦੇ ਸਹਾਰੇ ਸਰੂਰ ’ਚ ਪਏ ਚਾਚੇ ਦੇ ਕੱੁਲ੍ਹਿਆਂ ਉਪਰ ਖੜ੍ਹੇ ਮੈਨੂੰ ਸੁਣੀ ਜਾਂਦੀ।
‘‘ਆਹ ਪੈਰ ਥੋੜ੍ਹਾ ਉਪਰ ਨੂੰ ਕਰ’’, ਲਾਲਟੈਣ ਦੀ ਰੋਸ਼ਨੀ ਨੇ ਚਾਚੇ ਦੇ ਚਾਰ ਸ਼ਤੀਰੀਆਂ ਵਾਲੇ ਕਮਰੇ ਨੂੰ ਰੁਸ਼ਨਾਇਆ ਪਿਆ ਸੀ। ਮਾਮੂਲੀ ਫ਼ਰਕ ਨਾਲ ਇੱਕੋ ਜਹੇ ਲਗਦੇ ਉਹਨਾਂ ਦੇ ਸਾਰੇ ਨਿਆਣੇ ਸੁੱਤੇ ਪਏ ਸਨ। ਚਾਚੇ ਨੇ ਬੇ ਸੁਰਤੀ ’ਚ ਆਪਣਾ ਹੱਥ ਨਾਲ ਦੇ ਮੰਜੇ ’ਤੇ ਪਈ ਚਾਚੀ ਦੇ ਪੱਟਾਂ ’ਤੇ ਫੇਰ ਦਿੱਤਾ ਸੀ। ਉਹ ਤ੍ਰਬਕ ਕੇ ਉੱਠੀ ਤੇ ਲਾਲਟੈਣ ਦੀ ਬੱਤੀ ਇੰਨੀ ਨੀਂਵੀਂ ਕਰ ਦਿੱਤੀ ਕਿ ਲਾਲਟੈਣ ਬੁੱਝਦੀ ਬੁੱਝਦੀ ਬਚੀ। ਤੇ ਮੈਨੂੰ ਕਹਿੰਦੀ: ‘‘ਜਾ ਪੁੱਤ, ਸਾਰੇ ਨਿਆਣੇ ਸੌਂ ਗੇ, ਤੂੰ ਵੀ ਸੌਂ ਜਾ।’’
ਬਾਅਦ ਵਿੱਚ ਉਮਰ ਦੇ ਹਿਸਾਬ ਜਦੋਂ ਮੈਨੂੰ ਵੀ ਫੰਘ ਲੱਗ ਗਏ ਤਾਂ ਚਾਚੀ ਦੀ ਲਾਲਟੈਣ ਵਾਲੀ ਗੱਲ ਮੈਨੂੰ ਬੜਾ ਸੁਆਦ ਦਿੰਦੀ। ਚਾਚਾ ਤਾਂ ਹੈ ਈ ਐਸ਼ੀ ਪੱਠਾ ਸੀ। ਮੈਨੂੰ ਜੁਆਨ, ਮੁੱਛਫੁੱਟ ਹੁੰਦੇ ਨੂੰ ਮਰਦ ਔਰਤ ਦੀਆਂ ਇੱਕ ਦੂਜੇ ਪ੍ਰਤੀ ਸਥਾਈ ਹੁੜਕ ਨਾਲ ਜੁੜੀਆਂ ਅਸਲੀ ਗੱਲਾਂ ਮਾੜ੍ਹਾ ਜਿਹਾ ਓਹਲਾ ਰੱਖ ਕੇ ਸੁਣਾ ਦਿੰਦਾ। ਚੱਕਰਾਂ ’ਚ ਪਾ ਦਿੰਦਾ। ਇਹਨਾਂ ਗੱਲਾਂ ਨੂੰ ਪਿੱਛੋਂ ਯਾਦ ਕਰ ਕੇ, ਕੁਝ ਹੋਰ ਮਸਾਲਾ ਕੋਲੋਂ ਲਾ ਕੇ ਆਪਣੇ ਨਾਲ ਪੜ੍ਹਦੇ ਨੌਵੀਂ ਦਸਵੀਂ ਦੇ ਜਮਾਤੀਆਂ ਨੂੰ ਵੰਡ ਕੇ ਮੇਰਾ ਸਿਰ ੳੇੁਹਨਾਂ ਤੋਂ ਦਸ ਗਿੱਠ ਉੱਚਾ ਹੋ ਜਾਂਦਾ। ਚੂੜ੍ਹਿਆਂ ਦੀ ਚੜ੍ਹੱਕੀ ਦੇ ਪਿਛਲੇ ਪਾਸੇ ਖੇਤਾਂ ਵਿੱਚ ਸੁੱਟੇ ਫਟੇ ਪੁਰਾਣੇ ਸੁੱਕੇ ਖ਼ੂਨ ਨਾਲ ਆਕੜੇ ਕੱਪੜਿਆਂ ਦੇ ਮੋਈਏ ਜਿਹੇ ਦਾਤੀ ਨਾਲ ਪਰੇ੍ਹ ਕਰਦਿਆਂ ਮੈਨੂੰ ਫਾਂਟ ’ਚ ਬਰਾਬਰ ਕਣਕ ਵੱਢਦੇ ਨੂੰ ਬਿਨਾਂ ਪੁੱਛੇ ਕਹਿ ਦਿੰਦਾ: ‘‘ ਕੱਪੜੇ... ਕੱਪੜੇ ਆਉਦੇ ਜਨਾਨੀਆਂ ਨੂੰ, ਆਹ ਦੇਖ,’’ ਤੇ ਇਹ ਕਹਿ ਕੇ ਜ਼ੋਰ ਦੀ ਨੱਕ ਸਿਣਕਣ ਦਾ ਸੁਆਦ ਲੈਂਦਾ ਤੇ ਖੰਘੂਰਾ ਮਾਰਦਾ। ਉਸ ਦੀਆਂ ਕਈ ਚੋਂਦੀਆਂ ਚੋਂਦੀਆਂ ਗੱਲਾਂ ਮੈਨੂੰ ਉਦੋਂ ਵੀ ਪੱਲੇ ਨਾ ਪਈਆਂ ਜਦੋਂ ਮੈਂ ਚੌਦਾਂ ਪਾਸ ਕਰ ਲਈਆਂ ਸਨ। ਤੇ ਵੱਡੇ ਸ਼ਹਿਰ ਨੋਕਰੀ ਕਰਨ ਚਲਿਆ ਗਿਆ ਸਾਂ। ਇਹ ਉਦੋਂ ਪਤਾ ਲੱਗੀਆਂ ਜਦੋਂ ਮੇਰਾ ਵਿਆਹ ਹੋ ਗਿਆ। ਤੇ ਚਾਚੇ ਦੀਆਂ ਦੱਸੀਆਂ ਸਾਰੀਆਂ ਗੱਲਾਂ ’ਚ ਨਵੇਂ ਬਰੀਕ, ਗੰਭੀਰ ਅਰਥ ਭਰ ਗਏ।
ਵਿਆਹ ਸਭ ਤੋਂ ਪਹਿਲਾਂ ਮੈਤੋਂ ਸਾਲ ਛੋਟੀ ਮੇਰੀ ਭੈਣ ਦਾ ਹੋਇਆ ਸੀ। ਕੁੜੀ ਨੂੰ ਸਾਂਝੇ ਘਰ ਵਿੱਚੋਂ ਦਾਜ ਵਿੱਚ ਕੀ ਕੀ ਦੇਣਾ, ਟੂੰਬਾਂ ਕਿੱਥੋਂ, ਕਿੰਨੇ ਵਜ਼ਨ ਦੀਆਂ... ਸਭ ਗੱਲਾਂ ਨੂੰ ਲੈ ਕੇ ਬਖੇੜਾ ਖੜ੍ਹਾ ਹੋ ਗਿਆ ਸੀ ... ਤੇ ਲੱਗ ਭੱਗ ਸਾਫ਼ ਹੋ ਗਿਆ ਸੀ ਕਿ ਵਿਆਹ ਤੋਂ ਬਾਅਦ ਇੱਕ ਦੇ ਦੋ ਪ੍ਰੀਵਾਰ ਬਣ ਜਾਣਗੇ। ਮਾਂ ਬਾਪੂ ਨੂੰ ਚੁੱਕਣਾ ਦਿੰਦੀ। ਚਾਚੀ ਚਾਚੇ ਨੂੰ ‘ਸਮਝਾਉਂਦੀ’ ਕਿ ਤੂੰ ਹੀ ਕੰਮ ਕਰ ਕੇ ਸਭ ਨੂੰ ਰੋਟੀ ਖਲਾਉਂਦਾ:
‘‘ ਦੇਖੀਂ... ਜਿੱਦਣ ਜੁਦੇ ਹੋਏ ’’
ਓਧਰ ਮਾਂ ਕਹੇ : ਹੋਰ ਵੀ ਕੋਈ ਸ਼ਰਾਬ ਪੀਂਦਾ?
ਮੇਰੀ ਮਾਂ ਕਿਸੇ ਪਿੰਡ ਤੋਂ ਇਸ ਘਰ ਵਿੱਚ ਵਿਆਹੀ ਆਈ। ਚਾਚੀ ਕਿਸੇ ਹੋਰ ਪਿੰਡ ਤੋਂ। ਦੋਹਾਂ ਨੂੰ ਕੀ ਪਤਾ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਭਾਈ ਨੇ ਭਾਈ ਲਈ, ਮਾਂ ਬਾਪ ਨੇ ਆਪਣੇ ਬੱਚਿਆਂ ਲਈ ਜਾਂ ਬੱਚਿਆਂ ਨੇ ਮਾਂ ਬਾਪ ਲਈ ਕੀ ਕੀ ਕੀਤਾ। ਵਖ਼ਤ ਕੱਟੇ। ਕੁਰਬਾਨੀਆਂ ਦਿੱਤੀਆਂ। ਉਹਨਾਂ ਵਿੱਚੋਂ ਕਈ ਸਰਵਣ ਵੀ ਹੋਣਗੇ ਵਹਿੰਗੀਆਂ ਵਾਲੇ ਪਰ... ਫੇਰ ਵੀ ਬੰਦਾ ਆਪਣੀ ਜਨਾਨੀ ਪਿੱਛੇ ਨਾ ਲੱਗੇ... ਤਾਂ ਹੋਰ ਕੀਹਦੇ ਪਿੱਛੇ ਲੱਗੇ। ਰੋਜ ਸ਼ਾਮ ਨੂੰ ਝਗੜਾ। ਨੌਬਤ ਦੋਵੇਂ ਭਾਈਆਂ ਦੇ ਹੱਥੋ ਪਾਈ ਹੋਣ ਅਤੇ ਦੂਸਰੇ ਘਰਾਂ ਦੇ ਛੁਡਾਉਣ ਤੱਕ ਆ ਪੁੱਜੀ। ਗਾਲ਼ ਮ ਗਾਲ਼ੀ। ਗੁੱਛਮ ਗੁੱਛਾ। ਮਾਂ ਭੈਣ ਇੱਕ ਹੋਣ ਲੱਗੀ।
ਸਭ ਕਾਸੇ ਦੀ ਵੰਡ ਪੈ ਗਈ। ਬਾਬਾ ਸਾਡੇ ਨਾਲ। ਅੰਮਾਂ ਚਾਚੇ ਨਾਲ। ਇੱਕ ਇੱਕ ਬਲਦ। ਸਾਢੇ ਤਿੰਨ ਤਿੰਨ ਕਿੱਲੇ ਜ਼ਮੀਨ। ਘਰ ਵਿਚਾਲੇ ਕੰਧ। ਸਾਂਝੀ ਕੰਧ ਦੇ ਦਰਵਾਜ਼ੇ, ਤਾਕੀਆਂ ਤੇ ਰੋਸ਼ਨਦਾਨ ਸੀਮਿੰਟ ਨਾਲ ਲਿੱਪ ਦਿੱਤੇ। ਕਈ ਚੀਜ਼ਾਂ ਮੈਥ ਦੇ ਤਕਸੀਮ ਦੇ ਫਾਰਮੂਲੇ ਮੁਤਾਬਿਕ ਪੂਰੀਆਂ ਪੂਰੀਆਂ ਵੰਡੀਆਂ ਨਹੀਂ ਜਾ ਸਕਦੀਆਂ ਸਨ। ਮੈ੍ਹਸਾਂ, ਬੋਰ, ਇੰਜਣ, ਹਲ, ਸੁਹਾਗੀ ਤੇ ਹੋਰ ਸੰਦ ਸੰਦੇੜਾ। ਮਾਂ ਆਪਣੇ ਦਾਜ ਦੇ ਸਮਾਨ ਦੀ ਪਛਾਣ ਕਰਦੀ। ਚਾਚੀ ਆਪਣੇ ਦੀ। ਸਾਡੀ ਅੰਮਾਂ ਵੀ ਆਪਣੇ ਸੰਦੂਖ਼, ਕੂੰਡੇ, ਚਰਖ਼ੇ ਗਿਣਨ ਲੱਗ ਪਈ। ਤੇ ਛੇ ਮਹੀਨੇ ਵੱਧੋ ਘੱਟੀ ਹੁੰਦੀ ਰਹੀ।
ਜੁਦੇ ਹੋ ਕੇ ਵੀ ਰੋਜ਼ ਟਿਊਵੈੱਲ ਜਾਂ ਬਰਸਾਤ ਦੇ ਪਾਣੀ ਪਿੱਛੇ ਲੜਾਈ ਹੋਣ ਦੀ ਸੰਭਾਵਨਾ ਬਣ ਜਾਂਦੀ। ਬਾਪੂ ਦੇ ਕਹੇ ਤੋਂ ਮੈਨੂੰ ਚਾਚੇ ਨਾਲ ਬਰਾਬਰ ਬਹਿ ਕੇ ਬੋਰ ’ਤੇ ਰੱਖਿਆ ਇੰਜਣ ਠੀਕ ਕਰਵਾਉਣਾ ਪੈਂਦਾ। ਪੱਖਾ ਠੀਕ ਕਰਵਾਉਣਾ ਪੈਂਦਾ। ਤੇ ਪੈਸਿਆਂ ਦਾ ਸਿੱਕਿਆਂ ਤੱਕ ਹਿਸਾਬ ਆ ਕੇ ਮੈਂ ਮਾਂ ਬਾਪ ਨੂੰ ਦੱਸਦਾ... ਤਾਂ ਚਾਚੇ ਦੀ ਨਿਗ੍ਹਾ ’ਚ ਮੈਂ ਬਰਾਬਰ ਦਾ ਦੁਸ਼ਮਣ, ਸ਼ਰੀਕ ਬਣ ਗਿਆ... ਤੇ ਇੱਕ ਦਿਨ ਡੁੱਬਦੇ ਸੂਰਜ ਉਸ ਨੇ ਸਾਡੇ ਵਾਲੇ ਪਾਸੇ ਹੋ ਕੇ ਬੋਹੜ ਮਾਰੀ:
‘‘ ਆ ਦੇਖਾਂ, ਤੈਨੂੰ ਬਹੁਤੇ ਬਰਿਆੜ ਨੂੰ ’’, ਅਸੀਂ ਦੋਵੇਂ ਭਾਈਆਂ ਨੇ ਬਰਸਾਤ ਦੇ ਮੁਫ਼ਤ ਆਉਂਦੇ ਪਾਣੀ ਦਾ ਨੱਕਾ ਆਪਣੇ ਝੋਨੇ ਦੇ ਖੇਤ ਵਿੱਚ ਮੋੜ ਦਿੱਤਾ ਸੀ। ਮੇਰੇ ਤਾਜੇ ਤਾਜੇ ਹਜਾਮਤ ਕਰਾਏ ਵਾਲ ਫੜ ਕੇ ਮੈਨੂੰ ਮਾਰਨ ਲੱਗਿਆ। ਦੋਵੇਂ ਘਰਾਂ ਵਿੱਚ ਚੀਕ ਚਿਹਾੜਾ ਪੈ ਗਿਆ। ਮੈਂ ਵੀ ਬਾਹਰਲੇ ਬੰਦਿਆਂ ਦਾ ’ਕੱਠ ਹੋਣ ਤੋਂ ਪਹਿਲਾਂ ਪਹਿਲਾਂ ਉਸ ਦੇ ਚੰਗੀਆਂ ਟਿਕਾਈਆਂ। ਮੇਰੀਆਂ ਠੁੱਡਾਂ ਪਤਾ ਨਹੀਂ ਉਸ ਦੇ ਕਿੱਥੇ ਕਿੱਥੇ ਵੱਜੀਆਂ। ਨਿਕਲਦੀਆਂ ਗਾਲ਼ਾਂ ਵਿੱਚ ਸਮਝੋਤਾ ਵੀ ਹੋ ਗਿਆ। ਚਾਰ ਪੰਜ ਦਿਨ ਚਾਚਾ ਦਿਸਿਆ ਈ ਨਾ। ਕਿੱਥੇ ਛਾਂਈ ਮਾਂਈ ਹੋ ਗਿਆ? ਮਾਂ ਨੇ ਚਾਚੀ ਨੂੰ ਉਲਾਂਭਾ ਦਿੱਤਾ ਕਿ ਉਸ ਦੇ ਘਰ ਵਾਲੇ ਨੇ ਮੇਰੇ, ਨਿਆਣੇ ’ਤੇ ਵਾਰ ਕੀਤਾ ਤਾਂ ਚਾਚੀ ਕੌਅਲੇ ਦੇ ਉੱਤੋਂ ਦੀ ਕਹਿੰਦੀ: ‘‘ਕਿੱਥੇ ਬੀਬੀ ਤੇਰੇ ਮੁੰਡੇ ਨੇ ਤਾਂ ਠੁੱਡਾਂ ਮਾਰ ਮਾਰ ਕੇ ੲ੍ਹੀਦੇ ਸੂਤ ਭੰਨ ’ਤੇ। ਪੰਜ ਦਿਨ ਹੋ ਗੇ ਪਏ ਨੂੰ। ਰੋਜ ਮਾਲਸ ਕਰਾ ਕੇ ਆਉਂਦਾ। ਪਾਂਡੂ ਮਿੱਟੀ ਦਾ ਲੇਪ ਦੱਸਿਆ...’’
ਇਹੀ ਗੱਲ ਮੈਨੂੰ ਮਾਂ ਨੇ ਦੱਸੀ ਤਾਂ ਮੇਰੀਆਂ ਸਾਰੀਆਂ ਗੁੱਝੀਆਂ ਸੱਟਾਂ ਉੱਡ ਗਈਆਂ। ਅਸੀ ਖੁਸ਼ ਹੋ ਗਏ। ਸਾਡੀ ਖੁਸ਼ ਦੁਨੀਆ ਬਿਲਕੁਲ ਅਲੱਗ ਹੋ ਗਈ। ਮੇਰਾ ਬਾਪ ਉਸ ਦੇ ਪਰਛਾਂਵੇਂ ਤੋਂ ਵੀ ਝਕਦਾ ਸੀ। ਸਾਂਝੇ ਰਿਸ਼ਤੇਦਾਰ ਆਉਂਦੇ ਤਾਂ ਦੋਹਾਂ ਘਰਾਂ ਨੂੰ ਅਲੱਗ ਅਲੱਗ ਮਿਲਦੇ। ਉਹ ਵੀ ਪਾਟ ਗਏ। ਚਾਚੀ ਮੇਰੇ ਮਾਮਿਆਂ ਦੇ ਦਿੱਤੇ ਲੱਡੂ ਮੋੜ ਦਿੰਦੀ, ‘‘ਦੋ ਚਾਰ ਖਾ ਲਏ। ਬਾਕੀ ਮੋੜ ’ਤੇ। ਚੱਲ ਨਿਆਣਿਆਂ ਨੇ ਖਾ ਲੇ ਹੋਣੇ। ’’ ਚਾਚੇ ਦੇ ਸਹੁਰਿਆਂ ਤੋਂ ਆਈ ਮਠਿਆਈ ਮਾਂ ਸਾਡੇ ਤੋਂ ਲੁਕੋ ਕੇ ਰੱਖਦੀ। ਤੇ ਮੈਨੂੰ ਸਮਝਾਉਂਦੀ:
‘‘ਆਪਾਂ ਉੱਕਣੇ ਮੋੜ ਦੇਣੀ ਐ। ਮੈਂ ਗਈ ਮੋੜਨ। ਉਹ ਬਾਜਰਾ ਵੱਡਣ ਗਈ ਹੋਈ ... ਆ ਜਾਣ ਦੇ ਮੁੜ ਕੇ। ’’
ਚਾਚੇ ਦੀ ਸਭ ਤੋਂ ਵੱਡੀ ਕੁੜੀ ਦਾ ਸ਼ਗਨ ਪਾਉਣ ਲਈ ਮੈਨੂੰ ਨਾਲ ਤੋਰ ਦਿੱਤਾ। ਕੁੜੀ ਮੰਗ ਹੋ ਗਈ। ਸ਼ਰਾਬ ਕਈਆਂ ਨੇ ਪੀਤੀ। ਰੋਟੀ ਸਭ ਨੇ ਖਾਧੀ। ਵਾਪਸੀ ’ਤੇ ਬੱਸ ’ਚ ਕਿਸੇ ਨੂੰ ਸੀਟ ਨਾ ਮਿਲੀ। ਚਾਚੇ ਨੇ ਕਿਹਾ: ‘‘ਬਈ ਜ੍ਹੀਨੇ ਜਿੱਥੇ ਜਿੱਥੇ ਉਤਰਨਾ ਅਪਣੀ ਟਿਕਟ ਉੱਥੇ ਦੀਓ ਲਿਓ। ’’
ਪੰਦਰਾਂ ਸਾਲ ਬੀਤ ਗਏ। ਕਦੇ ਚਾਚੇ ਦਾ ਮੂੰਹ ਨਹੀਂ ਦੇਖਿਆ। ਘਰ ਦੇ ਵਿਚਕਾਰਲੀ ਲੰਬੀ ਸਾਂਝੀ ਕੰਧ ਨੇ ਸਾਡੀ ਸਾਂਝ, ਖ਼ੂੂਨ ਨੂੰ ਚੀਰ ਕੇ ਦੋ ਫਾੜ ਕਰ ਦਿੱਤਾ ਸੀ। ਦੋਵੇਂ ਘਰਾਂ ਦੇ ਜੀਅ ਅੱਖੀਂ ਨਹੀਂ ਸਨ ਸੁਖਾਉਂਦੇ। ਨਾ ਹੀ ਇੱਕ ਪਾਸੇ ਤੋਂ ਦੂਜੇ ਪਾਸੇ ਕੁਝ ਦਿਸਦਾ ਸੀ। ਪਰ ਕਿਸੇ ਘਰ ’ਚ ਹੜੁੱਬੇ ਬੰਦੇ ਕਦੋਂ ਤੱਕ ਘੁਸਰ ਮੁਸਰ ਨਾਲ ਸਾਰ ਸਕਦੇ ਹਨ। ਦੁੱਖੀ ਹੋ ਕੇ, ਗੁਬਾਰ ਕੱਢਣ ਸਮੇਂ ਉਹ ਭੁੱਲ ਜਾਂਦੇ ਹਨ ਕਿ ਕੰਧਾਂ ਨਾਲ ਕੰਨ ਲਟਕ ਰਹੇ ਹਨ। ਸਾਡੀਆਂ ਗੱਲਾਂ ਉਹ ਸੁਣ ਸਕਦੇ ਸਨ। ਕਦੇ ਕਦੇ ਸਾਨੂੰ ਵੀ ਉਹਨਾਂ ਦੀ ਗਰਮੋ ਗਰਮੀ ਸੁਣ ਜਾਂਦੀ। ਚਾਚੇ ਚਾਚੀ ਤੇ ਉਹਨਾਂ ਦੇ ਨਿਆਣਿਆਂ ਦੀ ਹੂਰਾ ਮੁੱਕੀ ਹੁੰਦੀ ਤਾਂ ਸਾਡੇ ਤੋਂ ਵਧੀਆ ਸਰੋਤਾ ਹੋਰ ਕੋਈ ਨਾ ਹੁੰਦਾ। ਇੱਕ ਵਾਰ ਚਾਚੇ ਦੀ ਲੜਦੇ ਦੀ ਆਵਾਜ਼ ਤਾਂ ਸਾਨੂੰ ਨਾ ਸੁਣੀ ਪਰ ਜੁਆਬ ਵਿੱਚ ਚਾਚੀ ਦੀ ਕਿਲਕਾਰੀ ਕੰਨ ਪਾੜ ਗਈ, ‘‘ਝੂੰਆਂ? ਮਖਾਂ ਮੈਂ ਤੇਰਾ ਸਭ ਕੁਸ ਪੱਟ ਦੂੰ ’’
ਜਦੋਂ ਮੇਰਾ ਵਿਆਹ ਧਰਿਆ ਗਿਆ ਤਾਂ ਮਾਂ ਚਾਚੇ ਨੂੰ ਵਿਆਹ ’ਚ ਵਾੜਨ ਤੋਂ ਸਾਫ਼ ਮੁਕਰ ਗਈ ਸੀ। ਕਹਿੰਦੀ : ਇਹ ਤਾਂ ਰੰਗ ’ਚ ਭੰਗ ਪਾਓਣੇ ਆਲਾ। ਸਾਰੀ ਬਰਾਤ ਦਾ ਜਲੂਸ ਕੱਢੂ... ਤੇ ਰਹਿੰਦੀ ਖੰੁੂਹਦੀ ਸਾਂਝ ਦਾ ਵੀ ਭੋਗ ਪਾ ਦਿੱਤਾ ਸੀ। ਬਰਾਤ ਤੁਰਨ ਤੋਂ ਪਹਿਲਾਂ ਚਾਚਾ ਦਾਰੂ ਨਾਲ ਰੱਜਿਆ ਨਵੇਂ ਕੱਪੜੇ ਪਾ ਕੇ ਸਾਡੇ ਘਰ ਸ੍ਹਾਮਣੇ ਘੁੰਮੀ ਗਿਆ। ਗੁੱਸੇ ’ਚ ਆਪਣਾ ਨੱਕ ਪੱਟੀ ਜਾਵੇ। ਮੇਰੀ ਮਾਂ ਕਹਿੰਦੀ : ‘‘ਫਿਰੀ ਜਾਣ ਦੇਹ ’’... ਤੇ ਫੇਰ ਸਾਲ ਦਰ ਸਾਲ ਦੋਵੇਂ ਘਰਾਂ ਦੇ ਨਿਆਣੇ ਵਿਆਹੇ ਗਏ। ਕੋਈ ਕੁੜੀ ਛੁੱਟ ਗਈ ਤਾਂ ਫੇਰ ਵਿਆਹ ਦਿੱਤੀ। ਕੋਈ ਪੰਚਾਇਤ ਆ ਗਈ। ਕੋਈ ਚਲੇ ਗਈ...
ਬਾਪੂ ਮਰਿਆ ਤਾਂ ਚਾਚਾ ਚੁੱਪ ਚਾਪ ਸਿਵੇ ’ਤੇ ਡੱਕਾ ਦੂਹਰਾ ਕਰ ਕੇ ਪਾ ਕੇ ਮੁੜ ਗਿਆ ਸੀ ...
... ਫੇਰ ਮੈਨੂੰ ਕਿਸੇ ਤੋਂ ਕਿਸੇ ਦਿਨ ਪਤਾ ਲੱਗਿਆ ਕਿ ਸ਼ਰਾਬੀ ਹੋਏ ਚਾਚੇ ਨੂੰ ਉਸ ਦੇ ਜੁਆਨ ਮੁੰਡਿਆਂ ਨੇ ਸਿਆਲ ਦੀ ਕੜਕਦੀ ਠੰਡ ’ਚ ਚੁੱਕ ਕੇ ਘਰ ਤੋਂ ਬਾਹਰ ਵਗਾਹ ਮਾਰਿਆ। ਦਾਰੂ ਉੱਤਰਨ ਤੋਂ ਬਾਅਦ ਹੀ ਅੰਦਰ ਵੜਨ ਦਿੱਤਾ।
ਇੱਕ ਐਤਵਾਰ ਜਦੋਂ ਮੈਂ ਆਪਣੇ ਬੱਚਿਆਂ ਨਾਲ ਸ਼ਹਿਰੋਂ ਮਾਂ ਨੂੰ ਮਿਲਣ ਗਿਆ ਤਾਂ ਚਾਚਾ ਪੂਰੇ ਸਰੂਰ ਵਿੱਚ ਸਾਡਾ ਗੇਟ ਟੱਪ ਆਇਆ। ਕੋਈ ਬੋਲਿਆ ਨਾ। ਕਿਸੇ ਨੇ ਉਸ ਨੂੰ ਕੁਰਸੀ ਦੇ ਦਿੱਤੀ। ‘‘ਮੈਂ ਬਾਰਾਂ ਵਜੇ ਦਾ ਤੈਨੂੰ ਟੋਲ਼ਦਾਂ। ਮੈਂ ਤੇਰੇ ਨਾਲ ਪੀਣੀ ਐ। ਆਹ ਅਧੀਆ ਕੱਦਾ ਮੈਂ ਖੀਸੇ ’ਚ ਪਾਈ ਘੁੰਮਦਾਂ ’’। ਮੈਂ ਝੂਠ ਬੋਲ ਦਿੱਤਾ ਕਿ ਚਾਚਾ ਮੈਂ ਪੀਂਦਾ ਨਹੀਂ। ਮੈਂ ਘਰ ’ਚ ਕਿਸੇ ਨੂੰ ਸਟੂਲ ਅਤੇ ਪਾਣੀ ਲਿਆਉਣ ਲਈ ਕਿਹਾ। ਉਹ ਮੇਰਾ ਨਾਂਓ ਲੈਂਦਾ, ਮੇਰੇ ਬੱਚਿਆਂ ਦੀਆਂ ਕਲਾਸਾਂ ਪੁੱਛਦਾ, ਇੱਕ ਪੈੱਗ ਲਾ ਕੇ ਤੁਰਦਾ ਤੁਰਦਾ ਬੁੜ ਬੁੜਾਇਆ: ‘‘ਮੈਂ ਸਵੇਰ ਦਾ ਦੇਖੀ ਜਾਂਦਾਂ ਬਈ ਆਹ ਅੰਗਰੇਜਾਂ ਵਰਗੇ ਨਿਆਣੇ ਕ੍ਹੀਦੇ ਐ?’’
ਉਸ ਦੇ ਬੱਚੇ ਉਸ ਤੋਂ ਅੱਕ ਗਏ। ਜਨਾਨੀ ਰੱਜ ਗਈ। ਰੋਟੀ ਤਾਂ ਤਿੰਨ ਮੁੰਡਿਆਂ ਦੇ ਕਿਸੇ ਚੁੱਲ੍ਹੇ ਤੋਂ ਮਿਲ ਜਾਊ ਪਰ ਦਾਰੂ? ਨਾਗਾ ਉਸ ਨੇ ਪਾਉਣਾ ਨੀਂ। ਭਾਵੇਂ ਕੁਸ ਹੋ ਜਾਵੇ। ਪਰ ਪਤਾ ਨਹੀਂ ਕੀਹਦੀ ਕਿਰਪਾ ਸਦਕਾ ਦਾਰੂ ਦਾ ਜੁਗਾੜ ਓਹਦਾ ਫੇਰ ਵੀ ਤੁਰੀ ਜਾਂਦਾ ਜਿਸ ਨੂੰ ਤੋਰਨ ਲਈ ਉਹ ਨਵੇਂ ਨਵੇਂ ਢਾਣਸ ਕਰਦਾ। ਪਿਛਲੇ ਛੇ ਮਹੀਨਿਆਂ ਤੋਂ ਤੜਕੇ ਈ ਸਾਇਕਲ ਪਿੱਛੇ ਟੋਕਰੀ ਬੰਨ੍ਹ ਕੇ ਆਲੇ ਦੁਆਲੇ ਦੇ ਪੁਰਾਣੇ ਬਗਾਨੇ ਖੋਲਿਆਂ ’ਚੋਂ ਇੱਟਾਂ ਰੋੜੇ ਚੋਰੀ ਕਰ ਲਿਆਉਦਾ। ਤੇ ਰੋੜੀ ਕੁੱਟਦਾ। ਜਦੋਂ ਇੱਕ ਟਰਾਲੀ ਜੋਗੀ ਲਾਲ ਰੋੜੀ ਹੋ ਜਾਂਦੀ ਤਾਂ ਮਹਿੰਗਾ ਸਸਤਾ ਗਾਹਕ ਲੱਭਣ ਤੁਰ ਪੈਂਦਾ... ਤੇ ਹੁਣ ਉਸ ਨੇ ਮੇਰੇ ਹਿੱਸੇ ਦੇ ਪੁਰਾਣੇ ਢਹਿ ਚੁੱਕੇ ਮਕਾਨ ਨੂੰ ਵਾਢਾ ਲਾ ਲਿਆ ਸੀ ... ਜਿਸ ਦੀ ਛੱਤ ਗਲ਼ ਕੇ ਗਿਰ ਚੁੱਕੀ ਸੀ। ਕੰਧਾਂ ਅੱਧ ਪਚੱਧੀਆਂ। ਬਗਲ ਦੀਆਂ ਦੋਵੇਂ ਕੰਧਾਂ ਦੀ ਰੋੜੀ ਕੁੱਟ ਕੇ ਚਾਚਾ... ਸ੍ਰੀ... ਸ੍ਰੀ.... ਸ੍ਰੀ...
ਮੈਂ ਫੇਰ ਦਰਖਾਸਤ ਉੱਤੇ ਚਾਚੇ ਦਾ ਨਾਂਓ ਲਿਖਣ ਤੋਂ ਰੁਕਿਆ ਤਾਂ ਮੇਰੀ ਮਾਂ ਤੇ ਛੋਟੇ ਭਾਈ ਦੇ ਕੱਲ੍ਹ ਵਾਲੇ ਚਿਹਰੇ ਮੇਰੇ ਸ੍ਹਾਮਣੇ ਤਣਨ ਲੱਗ ਪਏ।
‘‘ ਸਾਰਾ ਦਿਨ ’ਥੌੜੀ ਨਾਲ ਠੱਕ ਠੱਕ ਟੁੱਕ ਟੁੱਕ ਕਰੀ ਜਾਂਦਾ। ਖ਼ਦਾਨ ਪਾ ’ਤੇ ਗੈਂਤੀਆਂ ਨਾਲ। ਨੀਹਾਂ ਪੱਟੀ ਜਾਂਦਾ। ਵੀਹ ਟਰਾਲੀਆ ਵੇਚ ਦਿੱਤੀਆਂ... ਮੈਂ ਕਿਹਾ ਵੀ... ਪਰ ੲ੍ਹੀਨੇ ਨੀਂ ਹਟਣਾ। ਸਾਰੀ ਉਮਰ ਹੋ ਗੀ ਦੇਖਦੀ ਨੂੰ... ਤੂੰ ਠਾਣੇ ’ਚ ਦਰਖਾਸ‘ ਦੇ ਦੇਹ...’’
ਥਾਣੇ? ਮੇਰੇ ਬੁੱਲ੍ਹ ਸੁੱਕ ਗਏ ਸਨ।
‘‘ਜੇ ਮੈਂ ੲ੍ਹੀਦੇ ਚਾਰ ਲਾ ਦਿੱਤੀਆਂ, ਹੋਰ ਕਿਤੇ ਗਲ਼ ਈ ਨਾ ਪੈ ਜਾਵੇ। ਜਾਨ ਤਾਂ ਹੈ ਨੀਂ ’’ ਮੇਰਾ ਭਾਈ ਵੀ ਮੇਰੇ ਥਾਣੇ ਜਾਣ ਵਿੱਚ ਹੀ ਰਾਜੀ ਸੀ। ਪਰ ਦਰਖਾਸਤ ਵਿੱਚ ਚਾਚੇ ਦਾ ਨਾਂਓ ਲਿਖਣਾ ਪੈਣਾ ਸੀ। ਥਾਣੇ ਵਿੱਚ ਓਹਦੇ ਬਰਾਬਰ... ਬਰਖਿਲਾਫ ਬੈਠਣਾ ਪੈਣਾ ਸੀ।
“ਓਅ... ਹੋਅ...”
ਬਾਪੂ ਦੀ ਫ਼ੋਟੋ ਵੱਲ ਦੇਖਦਾ ਹਾਂ। ਚਾਚਾ। ਬਾਪੂ ਦਾ ਸਕਾ ਭਾਈ। ਮੇਰਾ ਸਕਾ ਚਾਚਾ।
ਮੈਂ ਇੱਕ ਵਾਰ ਫੇਰ ਚਾਚੇ ਦੇ ਖਿਲਾਫ਼ ਦਰਖਾਸਤ ਲਿਖਣ ਲਗਦਾ ਹਾਂ... ਪਰ... ਪਰ... ਮੇਰੇ... ਗਲ... ਵਿੱਚ ਓਹਦੀਆਂ ਦੁਆਨੀਆਂ, ਚੁਆਨੀਆਂ ਤੇ... ਚੁਆਨੀਆਂ ਵਾਂਗ ਠਣਕਦੀਆਂ ਓਹਦੀਆਂ ਭੇਤ ਭਰੀਆਂ ਗੱਲਾਂ ਓਹਦੀਆਂ ਹਾਕਾਂ ਅੜੀ ਜਾਂਦੀਆਂ...
ਮੈਂ ਪੈੱਨ ਵਾਪਸ ਰੱਖ ਦਿੱਤਾ ਹੈ। ਸੋਚਦਾ ਹਾਂ ਕਿ ਜੀਵਨ ਵਿੱਚ ਖੁਸ਼ੀ ਦੇ ਕਿੰਨੇ ਕੁ ਛਿਣ ਆਉਦੇ ਹਨ। ਚਾਚੇ ਦੀਆਂ ਚੁਆਨੀਆਂ ਖਾਣ ਵਾਲੇ ਮੇਰੇ ਕੁਝ ਖੁਸ਼ੀ ਦੇ ਛਿਣ ਹਨ। ਇਹ ਛੋਟੀਆਂ ਛੋਟੀਆਂ ਖੁਸ਼ੀਆਂ ਇਕੱਠੀਆਂ ਹੋ ਕੇ ਮੇਰੀ ਛਾਤੀ ਨਾਲ ਲੱਗੀਆਂ ਮੇਰੇ ਨਾਲ ਜੀਉਦੀਆਂ ਚਲੀਆਂ ਆ ਰਹੀਆਂ ਹਨ।
‘‘ ਚੱਲ ਮੈਨੂੰ ਸੋਚ ਲੈਣ ਦੋ ’’, ਕੱਲ ਮੈਂ ਮਾਂ ਨੂੰ ਕਿਹਾ ਸੀ।
‘‘ ਤੂੰ ਸੋਚੀ ਜਾ। ਤੈਂ ਸੋਚੀ ਓ ਜਾਣਾ। ਤੇਰੇ ਤੋਂ ਨੀਂ ਹੋਣਾ ਕੁਸ। ’’
‘‘ ਚਲ ਵੇਚੀ ਜਾਣ ਦੇ ਰੋੜੀ। ਜਿੱਦਣ ਉਹ ਚੜ੍ਹਾਈ ਕਰ ਜੂ ਮੈਂ ਭਰਤ ਪੁਆ ਕੇ ਸਾਰੇ ਖ਼ਦਾਨ, ਸਾਰੀ ਜਗ੍ਹਾ ਪੱਧਰੀ ਕਰਾ ਦੂੰੂ...’’
... ਤੇ ਮੈਨੂੰ ਪਤਾ ਐ ਕਿ ਜਿੱਦਣ ਚਾਚਾ ਚੜ੍ਹਾਈ ਕਰ ਜੂ ਓਦਣ ਮੈਨੂੰ ਓਹਦਾ ਸੁਨੇਹਾ ਜਰੂਰ ਆਊ...
ਜੁੱਤੀ
ਕਰਨ ਤੇਹਰਵੀਂ ’ਚੋਂ ਥਰਡ ਡਿਵੀਜ਼ਨ ਲੈ ਕੇ ਫ਼ੇਲ੍ਹ ਹੁੰਦਾ ਬਚਿਆ ਤਾਂ ਉਰਦੂ ਦੇ ਅਖ਼ਬਾਰ-ਨਵੀਸ ਦਰਦੀ ਸਾਹਿਬ ਨੂੰ ਸ਼ਿਵ ਮੰਦਰ ਵਾਲਾ ਦਯਾ ਨੰਦ ਜੋਤਿਸ਼ੀ ਯਾਦ ਆਇਆ...
...ਤੇ ਉੱਥੋਂ ਘਰ ਮੁੜਦਿਆਂ ਸਾਰ ਪੁੱਛਿਆ:
‘‘ਕਿੱਥੇ ਐ? ... ਕਿੱਥੇ ਗਿਆ ਸ਼ਨੀ ਦੇਵ?’’
ਪਰ ਕਰਨ ਘਰੇ ਨਹੀਂ ਸੀ।
ਮਾਨਸੀ ਨੂੰ ਨਹੀਂ ਸੀ ਪਤਾ ਕਿ ਉਹ ਅਣਜਾਣੇ ਵਿੱਚ ਹੀ ਕਰਨ ਉੱਤੇ ਇੱਕ ਬਹੁਤ ਵੱਡਾ ਅਹਿਸਾਨ ਕਰ ਰਹੀ ਸੀ। ਉਂਜ ਉਸ ਨੇ ਕਿਸੇ ਕਿਸਮ ਦਾ ਕੋਈ ਅਹਿਸਾਨ ਨਹੀਂ ਸੀ ਕਰਨਾ। ਉਹ ਤਾਂ ਕਰਨ ਬਾਰੇ ਕੁਝ ਵੀ ਅਜਿਹਾ ਨਹੀਂ ਸੀ ਕਰਨਾ ਚਾਹੁੰਦੀ ਜੋ ਕਿਸੇ ਹੋਰ ਨੂੰ ਕਿਸੇ ਵੀ ਤਰਾਂ ਸਮਝ ਆ ਜਾਵੇ। ਉਹ ਉਸ ਦਾ ਨਾਮ ਵੀ ਆਪਣੀ ਜ਼ੁਬਾਨ ਤੋਂ ਨਹੀਂ ਲੈਣਾ ਚਾਹੁੰਦੀ ਸੀ। ਪਿਛਲੇ ਸਾਲ ਕਾਲਜ ਵਿੱਚ ਦਾਖਲੇ ਸਮੇਂ ਦੋਵਾਂ ਦੀ ਉਮਰ ਅਠਾਰਾਂ ਉੱਨੀ ਦੇ ਵਿਚਾਲੇ ਸੀ। ਮਾਨਸੀ ਨੂੰ ਨਹੀਂ ਸੀ ਪਤਾ ਕਿ ਕਰਨ ਨੂੰ ਉਸ ਨਾਲ ਪਿਆਰ ਪਹਿਲਾਂ ਭੈਣ ਦੇ ਰੂਪ ਵਿੱਚ ਹੀ ਹੋਇਆ ਸੀ। ਜਿਹੋ ਜਹੇ ਓਸ ਸਮੇਂ ਹਾਲਾਤ ਸਨ ਇਸੇ ਰਸਤੇ ਮਾਨਸੀ ਨਾਲ ਜੁੜਨਾ ਉਸ ਨੂੰ ਸੁਖਾਲਾ ਲੱਗਿਆ ਸੀ। ਕਰਨ ਨੂੰ ਇਸ ਤੋਂ ਪਹਿਲਾਂ ਇਸ਼ਕ ਦਾ ਕੋਈ ਇਲਮ ਨਹੀਂ ਸੀ। ਨਾ ਪਤਾ ਕਿ ਇਹ ਮਨ ਦੀ ਮਰੋੜੀ ਸੀ ਜਿਸ ਵਿੱਚ ਮਾਨਸੀ ਨੇ ਸਭ ਤੋਂ ਪਹਿਲਾਂ ਵਟਾ ਖਾਧਾ। ਮਾਨਸੀ... ਜਿਸ ਦੀਆਂ ਅੱਖਾਂ ਦਾ ਰੰਗ ਨੀਲੇ ਰੰਗ ਵਿੱਚ ਹਰਾ ਮਿਲਾ ਕੇ ਬਣਿਆ ਲੱਗਦਾ... ਜਿਸ ਰੰਗ ਨੂੰ ਉਹ ਕੋਈ ਨਾਮ ਨਹੀਂ ਦੇ ਸਕਦਾ ਸੀ। ਉਸ ਨੂੰ ਤਾਂ ਸਿਰਫ਼ ਸੱਤ ਰੰਗਾਂ ਦੇ ਨਾਮ ਹੀ ਆਉਦੇ ਸਨ...
...ਮਾਨਸੀ ਨੂੰ ਸ਼ਾਇਦ ਇਹ ਵੀ ਨਹੀਂ ਸੀ ਪਤਾ ਕਿ ਕਰਨ ਦਰਦੀ ਸਾਹਿਬ ਦਾ ਜੇਠਾ ਪੁੱਤ ਸੀ। ਘਰੇ ਤੇ ਰਿਸ਼ਤੇਦਾਰੀਆਂ ’ਚ ਸਭ ਉਸ ਨੂੰ ਬੜਾ ਮੋਹ ਕਰਦੇ। ਉਸ ਦੀਆਂ ਸੁਭਾ-ਸ਼ਾਮ ਦੀਆਂ ਛੋਟੀਆਂ ਵੱਡੀਆਂ ਲੋੜਾਂ, ਭਾਵਨਾਵਾਂ ਦਾ ਖ਼ਿਆਲ ਰੱਖਿਆ ਜਾਂਦਾ ਤਾਂ ਵੀ ਘਰ ਦੀਆਂ ਕੰਧਾਂ ਤੋਂ ਚੋਰੀ ਉਸ ਨੂੰ ਮਾਨਸੀ ਨਾਲ ਜੁੜਨ ਦੀ ਲਿਸ਼ਕੋਰ ਪਈ। ਲਿਸ਼ਕੋਰ ਪਹਿਲਾਂ ਮੱਧਮ ਸੀ। ਕਾਫ਼ੀ ਮੱਧਮ ਜਦੋਂ ਉਹ ਕਾਲਜ ਦੀ ਪਹਿਲੀ ਮੰਜ਼ਲ ਉਤਲੇ ਕਲਾਸ ਰੂਮ ਵਿੱਚ ਪਏ ਕਾਪੀਆਂ ਦੇ ਢੇਰ ਵਿੱਚੋਂ ਮਾਨਸੀ ਦੀ ਕਾਪੀ ਵੀ ਆਪਣੇ ਨਾਲ ਚੁੱਕ ਕੇ ਘਰੇ ਲੈ ਆਇਆ ਸੀ। ਸਭ ਤੋਂ ਚੋਰੀ ਵੀਹ... ਪੰਜਾਹ ਵਾਰ ਕਾਪੀ ਖੋ੍ਹਲ... ਬੰਦ... ਕਰ ਕਰਕੇ... ਕਾਪੀ ਦਾ ਵਰਕਾ ਵਰਕਾ ਫੋਲ ਦਿੱਤਾ... ਕਾਪੀ ਨੂੰ ਮਾਨਸੀ ਦੇ ਹੱਥ ਲੱਗੇ ਹੋਏ ਸਨ। ਉਸ ਕੋਲ ਕੋਈ ਉਹ ਚੀਜ਼ ਸੀ ਜੋ ਕੇਵਲ ਮਾਨਸੀ ਦੀ ਸੀ। ਨਿੱਬ ਵਾਲੀ ਹੈਂਡ-ਰਾਈਟਿੰਗ... ਤੇ ਕਾਪੀ ਦੀ ਜਿਲਦ ਦੇ ਅੰਦਰ ਬਾਈਂਡਿੰਗ ਵਾਲੀ ਤੰਗ ਜਗ੍ਹਾ ਉੱਖੜੇ ਹੋਏ ਕਾਗਜ਼ ਦੇ ਪੁਰਜੇ ਹੇਠ ‘‘ਥੈਂਕਸ ਯੂਅਰ ਬਰੱਦਰ ’’ ਲਿਖ ਕੇ ਕਾਗਜ਼ ਨੂੰ ਅੰਗੂਠੇ ਨਾਲ ਦੱਬ ਦਿੱਤਾ ਸੀ।
...ਸਾਹਾਂ ਦੀ ਵਿੱਥ ’ਤੇ ਵਿਚਰਦੇ ਕਰਨ ਨੇ ਮਾਨਸੀ ਬਾਰੇ ਗਾਹੇ ਵਗਾਹੇ ਪਤਾ ਲੱਗਦੀ ਹਰ ਗੱਲ ਨੂੰ ਆਪਣੇ ਮਨ ਵਿੱਚ ਕੰਪਿਓੂਟਰ ਵਾਂਗ ਸੰਭਾਲ ਕੇ ਰੱਖਣਾ ਸ਼ੁਰੂ ਕਰ ਦਿੱਤਾ ਸੀ। ਛੇਤੀ ਹੀ ਉਸ ਕੋਲ ਮਾਨਸੀ ਨਾਲ ਜੁੜੀਆਂ ਸੁਪਨੇ ਵਰਗੀਆਂ ਹਕੀਕਤਾਂ ਦਾ... ਉਸ ਦੀਆਂ ਛੋਟੀਆਂ ਭੈਣਾਂ... ਉਹਨਾਂ ਦੀਆਂ ਕਲਾਸਾਂ, ਡੈਡੀ... ਉਸ ਦਾ ਦਫ਼ਤਰ, ਪੋਸਟ, ਮੰਮੀ... ਰਸਤੇ ਜਿੱਥੋਂ ਉਹ ਲੰਘਦੀ, ਸਾਈਕਲਿੰਗ... ਸ਼ੌਪਿੰਗ ਦਾ ਸਮਾਂ... ਅੱਖਾਂ... ਕਾਲਜ... ਪਤਾ ਨਹੀਂ ਕੀ ਕੀ... ਏਨਾ ਕੁੁ ਹਜ਼ੂਮ ਪੈਦਾ ਕਰ ਲਿਆ ਜਿਸ ਨੇ ਹੋਰ ਸਭ ਕੁੁੱਝ ਧੱਕ ਕੇ ਓਹਦੇ ਵਜੂਦ ’ਚੋਂ ਬਾਹਰ ਕੱਢ ਦਿੱਤਾ। ਉੁਸ ਨੇ ਮਾਨਸੀ ਦੀਆਂ ਓਹੀ ਚੀਜ਼ਾਂ ਦੇਖੀਆਂ ਸਨ ਜੋ ਉੁਸ ਨੇ ਆਪਣੀਆਂ ਅੱਖਾਂ ਨਾਲ ਦੇਖੀਆਂ ਤੇ ਕੰਨਾਂ ਨਾਲ ਸੁਣੀਆਂ ਸਨ... ਪਰ ਆਪਣੇ ਅੰਦਰ ਮਾਨਸੀ ਉੁਸ ਨੇ ਆਪਣੇ ਹੀ ਢੰਗ ਨਾਲ ਸਿਰਜ ਲਈ ਸੀ। ਤਾਂ ਵੀ ਮਾਨਸੀ ਨਾਲ ਹਾਲੇ ਕੋਈ ਨਾਮ ਲੈਣ ਜੋਗਾ ਰਿਸ਼ਤਾ ਨਹੀਂ ਸੀ ਬਣਿਆ। ਵੈਸੇ ਉੁਹ ਮਾਨਸੀ ਦਾ ਨਾਮ ਕਿਸੇ ਕੋਲ ਕਿਵੇਂ ਲੈ ਸਕਦਾ ਸੀ?
ਉਸ ਦੇ ਅੰਦਰ ਮੁਹੱਬਤ ਦਾ ਬੂਟਾ ਜੰਗਲੀ ਵੇਲ ਵਾਂਗ ਉੱਗਿਆ। ਵਧਿਆ। ਦਿਨਾਂ ਵਿੱਚ ਹੀ ਇਹ ਮੋਹ ਰੂਪ ਵਟਾ ਕੇ ਕੰਪਿਊਟਰ ਨੂੰ ਪਏ ਵਾਇਰਸ ਵਾਂਗ ਉਸ ਦੇ ਜਿਹਨ ਅੰਦਰ ਵੱਖ ਵੱਖ ਹਿੱਸਿਆਂ ਵਿੱਚ ਫੈਲ ਗਿਆ। ਮਾਨਸੀ ਤੋਂ ਬਗ਼ੈਰ ਸਭ ਕੁੱਝ ਫਿੱਕਾ, ਸ਼ੂਨਯ ਲੱਗਦਾ। ਪਰ ਮਾਨਸੀ ਨੂੰ ਕੋਈ ਖ਼ਬਰ ਨਹੀਂ ਸੀ। ਮੋਹ ਦੀ ਲਿਸ਼ਕੋਰ ਫੇਰ ਅੱਤ ਵੱਡੀ ਹੋ ਕੇ ਉੱਥੋਂ ਤੱਕ ਚਲੀ ਗਈ ਜਿੱਥੇ ਕਰਨ ਅਤੇ ਮਾਨਸੀ ਬੁੱਢੇ ਹੋ ਕੇ ਕੋਠੀ ਦੇ ਪਿਛਲੇ ਘਾਹ ਵਾਲੇ ਲਾਅਨ ਵਿੱਚ ਆਰਾਮ ਕੁਰਸੀਆਂ ’ਤੇ ਬੈਠੇ ਆਪਣੇ ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਨੂੰ ਵੱਧਦੇ ਫੁੱਲਦੇ ਦੇਖ ਮਸਤ ਹੁੰਦੇ... ਤੇ ਕਰਨ ਆਪਣੇ ਨੌਕਰ ਨੂੰ ਆਵਾਜ਼ ਮਾਰਦਾ: ‘ਓ ਛੋਟੂ... ਆਜ ਅਖ਼ਬਾਰ ਕਿਧਰ ਰੱਖਾ ਹੈ?’
...ਉਸ ਦਾ ਉਂਨੀਵਾਂ ਜਨਮ ਦਿਨ ਆਇਆ। ਰਿਸ਼ਤੇਦਾਰ ਆਏ। ਕਾਰਡ ਆਏ। ਪੱਤਰਕਾਰ ਆਏ। ਗਿਫਟ... ਦੋਸਤ ਆਏ, ਪਰ... ??? .....ਫੇਰ... ਹੈਪੀ ਨੀਊ ਯੀਅਰ ਆਇਆ... ਕਿਸ ਨੂੰ ਕਹੇ...? ਕਿਸ ਨਾਲ...? ਫੇਰ ਉਸ ਨੇ ਖ਼ੁਦ ਨੂੰ ਹੀ ਹੈਪੀ ਨੀਊ ਯੀਅਰ ਕਹਿ ਦਿੱਤਾ। ਜੋ ਮਾਨਸੀ ਉਸ ਨੇ ਚਿਤਵੀ, ਚਿੱਤਰੀ ਸੀ ਉਹ ਤਾਂ ਸਾਲਮ ਦੀ ਸਾਲਮ ਉਸ ਦੇ ਅੰਦਰ ਹੀ ਕਿਤੇ ਟਿਕੀ ਹੋਈ ਸੀ। ਘਰ ਬਹਿਣ ਨੂੰ ਮਨ ਨਾ ਕਰਦਾ। ਨਾ ਖਾਣ ਨੂੰ। ਨਾ ਪੜ੍ਹਨ ਨੂੰ। ਨਾ ਨਹਾਉਣ ਨੂੰ। ਸਾਈਕਲ ਚੁੱਕ ਕੇ ਭੌਂਅਦੇ, ਭਟਕਦੇ... ਘਰ ਤੋਂ ਚਾਰਪੰਜਛੇਜਿੰਨੀਆਂ ਵੀ ਦਿਸ਼ਾਵਾਂ ਵੱਲ ਸੜਕਾਂ, ਰਸਤੇ ਜਾਂਦੇ... ਅਵਾਰਾ ਗਰਦੀ... ਮਾਨਸੀ ਨਾਲ ਕਲਪਤ ਡਾਇਲੌਗ ਜਿਹਨਾਂ ਵਿੱਚੋਂ ਬਹੁਤੇ ਬੋਲ ਫ਼ਿਲਮਾਂ ਤੇ ਸੀਰੀਅਲਾਂ ਦੇ ਪ੍ਰੇਮੀ ਜੋੜਿਆਂ ਦੇ ਹੰੁਦੇ... ਆਪਣੇ ਆਪ ਨਾਲ ਬਰਾਟ ਮਾਰੀ ਜਾਂਦਾ ਜਿਸ ਵਿੱਚ ‘ਮੈਂ ਮੈਂ’ ਬਹੁਤੀ ਹੰੁਦੀ... ਦਰਿਆ ਦੇ ਕੰਢੇ, ਬਜ਼ਾਰ ਵਿਚ... ਕਾਲਜ ਵਿਚ... ਉੱਥੇ ਤਾਂ ਜਾਣਾ ਈ ਸੀ। ਪੜ੍ਹਦਾ ਸੀ। ਉੱਥੇ ਮਾਨਸੀ ਜੁ ਸੀ। ਹਰ ਰੋਜ਼ ਉਸ ਨੂੰ ਮਾਨਸੀ ਦੇ ਮੂੰਹੋਂ ਆਪਣੇ ਲਈ ਕੋਈ ਸ਼ਬਦ ਵਾਪਰਨ ਦੀ ਉਮੀਦ ਰਹਿੰਦੀ। ਪਤਾ ਹੁੰਦਾ ਕਿ ਮਾਨਸੀ ਕਿਸ ਪਾਸੇ ਕਿਸ ਕੁੜੀ ਨਾਲ ਘੁੰਮ ਰਹੀ ਐ। ਬੈਠੀ ਐ। ਖੜ੍ਹੀ ਐ। ਕਿੱਧਰ ਨੂੰ ਮੂੰਹ ਕਰਕੇ ਖੜ੍ਹੀ ਐ। ਬਾਅਦ ਦੁਪਹਿਰ ਛੁੱਟੀ ਹੁੰਦੀ ਤਾਂ ਇਹ ਸਭ ਤੋਂ ਔਖੀ ਘੜੀ ਹੁੰਦੀ। ਛੁੱਟੀ ਵਾਲਾ ਸਾਰਾ ਦਿਨ ਕੱਟਣਾ ਬੜਾ ਔਖਾ ਹੁੰਦਾ। ਸ਼ਨੀਵਾਰ ਦੀ ਦੁਪਹਿਰ ਤੋਂ ਸੋਮਵਾਰ ਦੀ ਸਵੇਰ ਤੱਕ ਲੰਬੀ ਵਾਟ ਮੁੱਕਣ ’ਚ ਨਾ ਆਉਦੀ। ਚੌਦਮੀਂ ਜਮਾਤ ’ਚ ਵੀ ਕਰਨ ਦੇ ਆਹ ਹਾਲੇ ਚਾਲੇ ਦੇਖ ਕੇ ਦਰਦੀ ਸਾਹਿਬ ਫੇਰ ਉਹਦਾ ਟੇਵਾ ਲੈ ਕੇ ਦਯਾ ਨੰਦ ਕੋਲ ਚਲੇ ਗਏ ਸਨ:
‘‘ ਪੰਡਤ ਜੀ ਮੁੰਡਾ ਪੜ੍ਹਦਾ ਨੀਂ’’
‘‘ ਪੜ੍ਹਾਈ ਠੀਕ ਅ। ਪਰ ਰੁਕ ਰੁਕ ਕਰ, ਹੌਲੇ ਹੌਲੇ। ਵੈਸੇ ਸਿਰਾ ਲੱਗ ਜੇੲਗਾ ਬੱਚਾ’’
‘‘ ਘਰੇ ਨੀਂ ਬੈਠਦਾ। ਟਿਕ ਕੇ। ਸਾਇਕਲ ਚੁੱਕ ਕੇ ਨਿਕਲਿਆ ਰਹਿੰਦਾ’’
‘‘ ਲੜਕੀਓਂ ਮਗਰ ਘੂਮਤਾ?’’
‘‘ ਸਾਨੂੰ ਹੁਣ ਕੀ ਪਤਾ’’
‘‘...ਹੂੰ, ਵੈਸੇ ਕੋਈ ਲੜਕੀ ਇਸ ਕੇ ਨੇੜੇ ਨੀ ਆਣੇ ਵਾਲੀ। ਇਸ ਕੇ ਲਗਣ ਮਾ ਉੱਚ ਕਾ ਸ਼ਨੀ ਅ। ਜਿਤਨਾ ਮਰਜੀ ਕਿਸੀ ਮਗਰ ਭਾਗਇਆ ਫਿਰੈ। ਸ਼ਨੀ ਕੀ ਸਾਤਵੇਂ ਘਰ ’ਪਰ ਸਾਤਵੀਂ ਪੂਰਨ ਦਰਿਸ਼ਟੀ ਪੜੈ।’’ ’’
‘‘ ਘਰ ’ਚ ਕਿਸੇ ਨਾਲ ਖੁੱਲ ਕੇ ਬੋਲਦਾ ਨੀਂ’’
‘‘ ਹਾਂਅ ...ਅਂ ... ਹੈ ਤੋ ਸੱਚਾ ਪੱਕਾ। ਜੈਸੇ ਭੀ ਹੋ।’’
‘‘ ਕੋਈ ਉਪਾਅ...?’’
‘‘ ਡਕੌਂਤ ਹੋਤੇ ਹੈ ਨਾ... ਸਰਸੋਂ ਕਾ ਤੇਲ ਦਾਨ ਕਰੇਂ। ਸੈਚਰਡੇ ਕੇ ਸੈਚਰਡੇ।’’
‘‘ ਕੋਈ ਸਟੋਨ?’’
‘‘ ਜ਼ਰੂਰਤ ਨਅ।’’ ਤੇ ਪੰਡਤ ਜੀ ਨੇ ਟੇਵਾ ਦਰਦੀ ਸਾਹਿਬ ਵੱਲ ਨੂੰ ਸਰਕਾ ਦਿੱਤਾ ਸੀ। ਦਰਦੀ ਸਾਹਿਬ ਨੂੰ ਲਗਨ ਦੇ ਸ਼ਨੀ ਦਾ ਤਾਂ ਪਤਾ ਸੀ। ਪਰ ਸੱਤਵੀਂ ਦਰਿਸ਼ਟੀ ਹੁਣ ਹੀ ਕਿਸੇ ਜੋਤਿਸ਼ੀ ਨੇ ਉਸ ਨੂੰ ਦੱਸੀ ਸੀ।
...ਕਿਸੇ ਦਿਨ ਕਰਨ ਨੂੰ ਲੱਗਿਆ ਕਿ ਉਸ ਦੇ ਖੰਭ ਉੱਗ ਆਏ ਸਨ। ਮਾਨਸੀ ਦੇ ਮਗਰ ਅਸਮਾਨ ਵਿੱਚ ਉੱਪਰ ਨੂੰ ਉੱਡਦਾ ਜਾ ਰਿਹਾ ਸੀ। ਹਵਾ ’ਚ ਦੌੜਦਾ ਹੋਇਆ। ਪਸੀਨੋ ਪਸੀਨੀ ਹੋ ਗਿਆ। ਚਾਰੇ ਪਾਸੇ ਬੱਦਲਾਂ ਨੇ ਸਾਰੇ ਰਾਹ ਬੰਦ ਕਰ ਦਿੱਤੇ। ਪੂਰੀ ਖ਼ਲਕਤ ਕਿੱਥੇ ਛਾਂਈ ਮਾਂਈ ਹੋ ਗਈ? ਮਾਨਸੀ ਉਸ ਦੇ ਅੱਗੇ ਅੱਗੇ ਉੱਡਦੀ ਦੌੜਦੀ ਚਲੀ ਜਾ ਰਹੀ ਸੀ। ਪਹੰੁਚ ਤੋਂ ਪਰੇ। ਕਦੇ ਪਿਛਾਂਹ ਨੂੰ ਮੁੜ ਕੇ ਪੂਰੀਆਂ ਅੱਖਾਂ ਅੱਡ ਕੇ, ਪਤਾ ਨਹੀਂ ਉਮਾਹ ਨਾਲ, ਜਾਂ ਡਰ ਨਾਲ ਦੇਖਦੀ। ਉਹ ਉਸ ਦੇ ਮਗਰ ਹਵਾ ਉੱਤੇ ਦੌੜ ਰਿਹਾ ਸੀ। ਉਹ ਅਸਮਾਨ ਵੱਲ ਨੂੰ ਜਾ ਰਹੀ ਸੀ। ਕਰਨ ਮਗਰੇ ਮਗਰ। ੳੱੁਤਲੇ ਕਾਲੇ ਸੰਘਣੇ ਬੱਦਲਾਂ ਵੱਲ... ਤੇ... ਉਹ ਬੱਦਲ ਪਾੜ ਕੇ ਉੱਚੇ ਨੀਲੇ ਅਸਮਾਨ ’ਚ ਵੜ ਗਈ। ਬੱਦਲਾਂ ’ਚ ਮਘੋਰਾ ਹੋ ਗਿਆ। ਤੇ ਕੁਝ ਨਹੀਂ ਦਿਖ ਰਿਹਾ। ਕਰਨ ਵੀ ਉਸ ਦੇ ਮਗਰ ਮਘੋਰੇ ’ਚ ਦਾਖਲ ਹੋ ਗਿਆ। ੳੱੁਥੇ ਬੱਦਲਾਂ ਉੱਤੇ ਪਾਣੀ ਸੀ। ਕਰਨ ਦੇ ਵਜੂਦ ਉੱਤੇ ਛਿੱਟੇ ਪੈਣ ਲਗੇ। ਤੁਪਕੇ ਤੁਪਕੇ। ਪਤਾ ਨਹੀਂ ਪਸੀਨੇ ਦੇ। ਕਿ ਮੀਂਹ ਦੇ...
... ਮੀਂਹ ਦੇ ਛਿੱਟੇ... ਠੰਡੇ ਠੰਡੇ ਪਾਣੀ ਦੇ ਕਣ... ਮੂੰਹ ’ਤੇ ਪੈਣ ਉੱਤੇ ਪਤਾ ਚਲਿਆ ਕਿ ਉਹ ਤਾਂ ਆਪਣੀ ਛੱਤ ਉਪਰ ਕੁਰਸੀ ਉੱਤੇ ਇਕੱਲਾ ਹੀ ਬੈਠਾ ਸੀ। ਹੁੱਟ ਸੀ। ਬੱਦਲ ਸਨ। ਗਰਮ ਹਵਾ ਥੋੜ੍ਹੀ ਠੰਡੀ ਹੋ ਰਹੀ ਸੀ। ਉਸ ਨੂੰ ਉਂਘ ਆ ਗਈ ਸੀ। ਖ਼ਿਆਲ ਤੋਂ ਖਹਿੜਾ ਛੁੱਟਿਆ ਤਾਂ ਸੋਚਿਆ ਕਿ ਉਹ ਆਪਣੀ ਮੁਹੱਬਤ ਦਾ ਇਜ਼ਹਾਰ ਕਿਉ ਨਹੀਂ ਕਰਦਾ। ਮਾਨਸੀ ਨੂੰ ਮਿਲ ਕੇ ਉਸ ਨੂੰ ਆਪਣੀ ਗੱਲ ਕਹਿ ਦੇਣੀ ਚਾਹੀਦੀ ਹੈ। ਕਿਸ ਦਿਨ ਮਿਲਾਂ? ਕਿੱਥੇ ਮਿਲਾਂ? ਕਾਲਜ ਦੇ ਸਾਈਕਲ ਸਟੈਂਡ ਵਾਲੀ ਜਗ੍ਹਾ ਕੈਸੀ ਰਹੇਗੀ? ਨਹੀਂ?
ਉਸ ਦਿਨ ਮਾਨਸੀ ਨੂੰ ਮਿਲਣ ਜਾਣ ਦੀ ਤਿਆਰੀ ਤੋਂ ਪਹਿਲਾਂ ਉਹ ਆਪਣੀ ਖੱਲ ਦੇ ਹੇਠ ਪਲ ਪਲ ਬਦਲ ਰਿਹਾ ਸੀ। ਉਸ ਨੂੰ ਇਸ ਵਹਿਮ ਦੀ ਖ਼ੁਸ਼ੀ ਸੀ ਕਿ ਉਹ ਕੇਵਲ ਠੰਡ ਨਾਲ ਕੰਬ ਰਿਹਾ ਸੀ। ਬਾਹਰ ਧੁੰਦ ਹੀ ਧੁੰਦ ਸੀ। ਚੁੱਪ ਧੁੰਦ ਵਿੱਚ ਫਸੀ ਖੜ੍ਹੀ ਸੀ। ਉਸ ਦੇ ਅੰਦਰ ਸਰੀਰ ਦੇ ਉਪਰਲਿਆਂ ਹਿੱਸਿਆਂ ਵਿੱਚ ਖਰੂਦੀ ਠੰਡੀ ਪੱਛੋਂ ਫਿਰ ਰਹੀ ਸੀ। ਉਡਾਂਉਦੀ। ਕਦੇ ਅਗਾਂਹ ਨੂੰ ਹੜ੍ਹਾ ਕੇ ਲੈ ਜਾਂਦੀ ਜਿੱਥੇ ਉਹ ਮਾਨਸੀ ਦੇ ਪੋਤਿਆਂ ਦਾ ਦਾਦਾ ਬਣੀ ਐਨਕਾਂ ਲਾਈ ਅਰਾਮ ਕੁਰਸੀ ’ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਜਿਵੇਂ ਕੋਈ ਫ਼ੌਜੀ ਯੁੱਧ ਜਿੱਤ ਕੇ, ਰਿਟਾਇਰ ਹੋ ਕੇ ਇਹ ਯਾਦ ਕਰਦਾ ਐ ਕਿ ਉਸ ਨੇ ਜੇ ਕੁਝ ਖੋਇਆ ਹੈ ਤਾਂ ਪਾਇਆ ਵੀ ਤਾਂ ਹੈ, ਤੇ ਕਦੀ ਪਿਛਾਂਹ ਨੂੰ... ਹੋਰ ਪਿਛਾਂਹ ਨੂੰ ਜਦੋਂ ਉਹ ਅਜੇ ਪੈਦਾ ਨਹੀਂ ਹੋਇਆ ਸੀ। ਉਹ ਵਕਤ ਨੂੰ ਆਪਣੇ ਨਾਲ ਮੇਲਣ ਦੇ ਰੌਂਅ ’ਚ ਸੀ। ਮਾਨਸੀ ਉਸ ਨੂੰ ਧੁੰਦ ’ਚ ਘਿਰੀ ਕੋਈ ਉੱਚੀ ਬਰਫ਼ਾਂ ਲੱਦੀ ਪਹਾੜੀ ਟੀਸੀ ਲੱਗ ਰਹੀ ਸੀ ਜਿੱਥੇ ਪੁੱਜਣ ਲਈ ਕੋਈ ਮੁਸਾਫ਼ਿਰ ਕਿਸੇ ਤੋਂ ਰਾਹ ਪੁੱਛ ਰਿਹਾ ਹੋਵੇ... ਪਰ ਪੁੱਛੇ ਕਿਸ ਤੋਂ... ਉਸ ਨੇ ਪੈਂਟ ਹੇਠ ਪਜਾਮੀ, ਉਪਰ ਕਿੰਨੇ ਹੀ ਕੱਪੜੇ, ਸਭ ਤੋਂ ਉੱਤੇ ਕੋਟ ਪਾ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਲੁਕਿਆ ਹੋਇਆ ਖ਼ਿਆਲ ਕਰਦਿਆਂ ਸੋਚਿਆ ਕਿ ਬਰਫ਼ੀਲੇ ਇਲਾਕਿਆਂ ਵਿੱਚ ਬਚੇ ਹੋਏ ਰਹਿੰਦੇ ਲੋਕ ਕਿੰਨੇ ਭਾਗਵਾਨ ਹਨ ਜਿਨ੍ਹਾਂ ਉੱਤੇ ਚਿੱਟੇ ਖੱਦਰ ਵਰਗੀ ਚਿੱਟੀ ਬਰਫ਼ੀਲੀ ਚਾਦਰ ਹਮੇਸ਼ਾ ਤਣੀ ਰਹਿੰਦੀ ਐ... ਉਨ੍ਹਾਂ ਨੂੰ ਕਦੇ ਨੰਗਾ ਨਹੀਂ ਹੋਣਾ ਪੈਂਦਾ... ਸਿਰ ’ਤੇ ਟੋਪੀ ਲਿੰਦਿਆਂ, ਟੋਪੀ ਦੇ ਸਿਰ ਦੁਆਲੇ ਕਸਾ ਤੇ ਜੁੱਤੀ ਦੇ ਤਸਮਿਆਂ ਦੀ ਖਿੱਚ ਨੇ ਉਸ ਨੂੰ ਢੋਲਕੀ ਵਾਂਗ ਕੱਸ ਕੇ ਫਿੱਟ ਕੀਤਾ ਹੋਇਆ ਸੀ। ਤਾਂ ਵੀ ਕਿਸੇ ਮਾੜੇ ਖ਼ਿਆਲ ਨੇ ਉਸ ਨੂੰ ਝਟਕਾ ਦੇ ਦਿੱਤਾ... ਤੇ ਉਸ ਦੀ ਸਰੀਰ ਨੂੰ ਤਵਾਜ਼ਨ ਵਿੱਚ ਰੱਖਣ ਦੀ ਸ਼ਕਤੀ ਖ਼ਤਮ ਹੋ ਰਹੀ ਲੱਗੀ... ਤੇ ਫਿੱਟ ਫਾਟ ਹੋਇਆ ਗਿਰਨ ਹੀ ਲੱਗਾ ਸੀ। ਸੜਕ ਉੱਤੇ ਤੁਰਦਾ ਐਂਜ ਲੱਗਦਾ ਜਿਵੇਂ ਕੋਈ ਅਜੇ ਤੁਰਨਾ ਸਿੱਖ ਰਿਹਾ ਹੋਵੇ। ਦਸਤਾਨੇ, ਜੁੱਤੀ, ਟੋਪੀ ਤੇ ਕੱਪੜਿਆਂ ਦੇ ਬੋਝ ਨੇ ਥੱਕਾ ਦਿੱਤਾ ਸੀ। ਠੰਡ ਕਾਰਨ ਉਸ ਦੇ ਨੱਕ ’ਚੋਂ ਪਤਲਾ ਪਾਣੀ ਨਿਕਲ ਕੇ ਬਾਹਰ ਬੁੱਲਾਂ ਵੱਲ ਨੂੰ ਤੁਰਨ ਲੱਗਿਆ ਤਾਂ ਉਸ ਦੀ ਪੂਰੀ ਸੁਰਤ ਬੁੱਲ੍ਹ ਤੇ ਨੱਕ ਵਿਚਾਲੇ ਮਾਸ ’ਤੇ ਇਕੱਠੀ ਹੋ ਗਈ ਜਿੱਥੇ ਪਤਾ ਨਹੀਂ ਕੀ ਵਾਰਦਾਤ ਹੋਣ ਵਾਲੀ ਸੀ।
... ਹੁਣ ਪਤਾ ਨਹੀਂ ਉਹ ਕੀ ਸੀ। ਇੱਕ ਪ੍ਰੇਮੀ ਜੋ ਕਿੰਨੇ ਹੀ ਕੱਪੜਿਆਂ, ਮਾਸ ਤੇ ਹੱਡੀਆਂ ’ਚ ਲੁਕਿਆ ਬਾਹਰ ਆ ਕੇ, ਮਾਨਸੀ ਨੂੰ ਧੱਕੇ ਨਾਲ ਜਿੰਦਗੀ ’ਚ ਪਹਿਲੀ ਵਾਰ ਰੋਕ ਕੇ ਇਹ ਕਹਿਣਾ ਚਾਹੰੁਦਾ ਸੀ: ‘‘ਮਾਨਸੀ! ਮੈਂ ਤੈਨੂੰ ਪਿਆਰ ਕਰਦਾ ਹਾਂ।’’ ਉਹ ਘੱਟ ਤੋਂ ਘੱਟ ਸ਼ਬਦ ਬੋਲਣਾ ਚਾਹੰੁਦਾ ਸੀ। ਜੇ ਉਹ ਬਿਨਾਂ ਬੋਲੇ ਹੀ ਸਮਝ ਜਾਵੇ... ਮਾਨਸੀ ਉਸ ਨੂੰ ਨਾਮ ਤੋਂ, ਚਿਹਰੇ ਤੋਂ ਜਾਣਦੀ ਸੀ... ਪਰ ਉਸ ਦੇ ਅੰਦਰ ਲੁਕੇ ਹੋਏ ਪ੍ਰੇਮੀ ਨੂੰ ਨਹੀਂ ਸੀ ਜਾਣਦੀ... ਤੇ ੳੱੁਪਰ ਫੈਲੇ ਵਿਸ਼ਾਲ ਨੀਲੇ ਅਸਮਾਨ, ਹੇਠਾਂ ਚੁਫ਼ੇਰੇ ਪਸਰੀ ਧੁੰਦ ਅਤੇ ਪਾਏ ਹੋਏ ਕੱਪੜਿਆਂ ਦੇ ਬਾਵਜੂਦ, ਉਸ ਵਿੱਚ ਲੁਕੇ ਪ੍ਰੇਮੀ ਨੇ ਇੱਕ ਬੋਲ ਨਾਲ ਨੰਗਾ ਹੋ ਜਾਣਾ ਸੀ। ਆਪਣੇ ਆਪ ਨੂੰ ਰੋਕਣ ਦੇ ਬਾਵਜੂਦ, ਉਸ ਦੇ ਅੰਦਰ ਕਿਸੇ ਵਰੋਲੇ ਨੇ ਰੂਪ ਧਾਰ ਲਿਆ ਤੇ ਦੋਹਾਂ ਸਿਰਿਆਂ ਤੋਂ ਖਾਲੀ ਦਿਸਦੀ ਸਾਇਕਲ ਸਟੈਂਡ ਦੀ ਛੋਟੀ ਜਹੀ ਸੜਕ ਦੇ ਵਿਚਾਲੇ ਖੜ੍ਹਾ ਹੋ ਗਿਆ। ਦਿਮਾਗ ਦੀ ਫ਼ਿਰਕੀ ਘੁੰਮੀ ਜਾ ਰਹੀ ਸੀ। ਉਸ ਦੇ ਆਲੇ ਦੁਆਲੇ ਪਿਆਰ ਦੀ ... ਮੋਹ ਦੀ ਇਬਾਰਤ ਲਿਖੀ ਹੋਈ ਸੀ। ਕਿੰਨੀ ਲੰਮੀ, ਕਿੰਨੀ ਸੁਹਣੀ ਜਿੰਦਗੀ ਉਸ ਨੇ ਮਾਨਸੀ ਦੇ ਨਾਲ ਚਿਤਵ ਲਈ ਸੀ।
ਮਾਨਸੀ ਆਈ ਤਾਂ ਉਹ ਸੜਕ ਦੇ ਗੱਭੇ ਉਸ ਦੇ ਸਾਈਕਲ ਦੇ ਐਨ ਸ੍ਹਾਮਣੇ ਆ ਕੇ ਖੜ੍ਹਾ ਹੋ ਗਿਆ: ‘‘ ਮਾਨਸੀ.....!’’ ਉਹ ਸਾਇਕਲ ਤੋਂ ਉਤਰ ਗਈ। ਮਾਨਸੀ ਨੂੰ ਲੱਗਿਆ ਕਿ ਕਰਨ ਦੇ ਸ਼ਨੀ ਨੇ ਉਸ ਨੂੰ ਛੇੜ ਦਿੱਤਾ ਸੀ। ਸ਼ਨੀ ਤੋਂ ਮਾਨਸੀ ਦੀਆਂ ਅੱਖਾਂ ਵਿੱਚ ਅੱਖਾਂ ਅੱਡ ਕੇ ਮੁਸਕਰਾਇਆ ਗਿਆ।
‘‘ ਹੰੂਅ.....’’ ਉਸ ਨੇ ਗਰਦਣ ਘੁੰਮਾ ਲਈ ,‘‘ ਬਦਤਮੀਜ਼’’।
ਐਨੇ ਨਾਲ ਹੀ ‘ਤੱਤੇ ਤਵੇ ’ਤੇ ਪਾਣੀ ਦੀ ਛਿੱਟ ਵਾਂਗੰੂ’ ਸਭ ਕੁੱਝ ਉੱਡ ਗਿਆ। ਉਹ ਸਾਇਕਲ ਖੜ੍ਹਾ ਕੇ ਗੁੱਸੇ ਦੀ ਚਾਲ ਤੁਰਦੀ ਅੱਖਾਂ ਤੋਂ ਅੋਝਲ ਹੋ ਗਈ।
ਬਾਰਾਂ ਵਜੇ ਕਰਨ ਨੂੰ ਦਫ਼ਤਰ ਦਾ ਸੇਵਾਦਾਰ ਕੋਈ ਸੁਨੇਹਾ ਦੇ ਗਿਆ ਸੀ।
...ਤਾਂ ਦੂਸਰੇ ਦਿਨ ਉਸ ਨੂੰ ਚੇਅਰਮੈਨ ਪਿ੍ਰੰਸੀਪਲ ਸਾਗਰ ਸਾਹਿਬ ਦੀ ਕੋਠੀ ਦੇ ਬਾਹਰ ਖੜ੍ਹੇ ਰਹਿਣਾ ਪਿਆ: ‘‘ਕੱਲ ਕਿਆ ਦਿਮਾਗ ਖ਼ਰਾਬ ਹੋ ਗਿਆ ਸੀ?’’ ਮੋਢੇ ’ਤੇ ਹੱਥ ਦਾ ਬੋਝ ਕਾਫ਼ੀ ਸੀ।
‘‘ਨਹੀਂ ਸਰ’’
‘‘ਚਲ ਦਫ਼ਤਰ। ਮੈਂ ਰਾਊਂਡ ਲਾ ਕੇ ਆਓਦਾਂ’’
ਫੇਰ ਉਹ ਜਿਵੇਂ ਸ਼ਨੀ ਦੇਵ ਦੇ ਆਸਰੇ ਹੀ ਦਫ਼ਤਰ ਦੇ ਬਾਹਰ ਖੜ੍ਹਾ ਰਿਹਾ। ਫੇਰ ਉਹੀ ਹੱਥ ਦੁਬਾਰਾ ਮੋਢੇ ’ਤੇ ਰੱਖਿਆ ਉਸ ਨੂੰ ਵੱਡੇ ਕਮਰੇ ’ਚ ਘੜੀਸ ਕੇ ਲੈ ਗਿਆ।
‘‘ਹੁਣ ਤੈਨੂੰ ਪਤਾ ਲੱਗ ਗਿਆ ਮੈਂ ਤੈਨੂੰ ਕਿਉ ਬੁਲਾਇਆ।’’
‘‘ਜੀ ਸਰ’’
‘‘ਜਾਓ... ਬੀਹੇਵ ਲਾਈਕ ਅ ਜੈਂਟਲਮੈਨ’’
‘‘ ਯੈੱਸ ਸਰ’’
‘‘ ਨੋ ਕੰਪਲੇਂਟ ਇਨ ਫ਼ਿਊਚਰ’’
‘‘ਸਰ ਕੀ ਕਹਿੰਦੀ ਸੀ?’’ ਸ਼ਨੀ ਦੇਵ ਕਿੱਥੇ ਪਿੱਛੇੇ ਹਟਦਾ ਸੀ।
‘‘ਕਹਿਣਾ ਕਿਆ ਸੀ। ਕਹਿੰਦੀ, ਕੋਈ ਐਕਸ਼ਨ ਨਾ ਲਿਓ। ਬੁਲਾ ਕੇ ਬਸ ਸਮਝਾ ਦਿਓ।’’
ਬੜਾ ਔਖਾ ਸਮਾਂ ਸੀ। ਕਿਤੇ ਪਿ੍ਰੰਸੀਪਲ ਸਰ ਉਸ ਦੇ ਡੈਡੀ ਨੂੰ ਫੋਨ ਨਾ ਕਰ ਦੇਣ।
... ਪਰ ਉਸੇ ਦਿਨ ਕਿਸੇ ਮੁਹੱਬਤ ਦੀ ਮਾਰੀ ਕਾਲਜ ਦੀ ਬੀ.ਐੱਸ.ਸੀ ਫ਼ਾਈਨਲ ’ਚ ਪੜ੍ਹਦੀ ਸੁਨਿਆਰਿਆਂ ਦੀ ਬਹੁਤ ਜੁਆਨ ਤੇ ਖੂਬਸੂਰਤ ਕੁੜੀ ਨੇ ਸਤਲੁਜ ਦਰਿਆ ਦੇ ‘ਹੈੱਡ ਵਰਕਸ’ ਉੱਤੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਐਸੀ ਖੂਬਸੂਰਤੀ ਜਿਸ ਨੂੰ ਦੇਖ ਕੇ ਭੈਅ ਲੱਗੇ। ਓਹ ਖੂਬਸੂਰਤੀ ਜਿਸ ਦੇ ਪ੍ਰਛਾਂਵੇਂ ਹੇਠ ਜਾਣ ਬਾਰੇ ਸੋਚਿਆ ਨਾ ਜਾ ਸਕੇ। ਉਹ ਕੁੜੀ ਕਰਨ ਨੇ ਰਵੀ ਸ਼ਰਮਾ ਦੇ ਹੋਸਟਲ ਦੇ ਕਮਰੇ ਵਿੱਚੋਂ ਦਰਿਆ ਵੱਲ ਨੂੰ ਜਾਂਦੀ ਦੇਖੀ ਸੀ। ਕਾਲਜ ਵਿੱਚ ਛੁੱਟੀ ਹੋਇਆਂ ਤਾਂ ਦੋ ਘੰਟੇ ਹੋ ਗਏ ਸਨ। ਹੈਂ!! ਇਹ ਕੁੜੀ? ਇਹਨਾਂ ਕੱਪੜਿਆਂ ’ਚ? ਸਾਰੇ ਕਾਲਜ ਵਿੱਚ ਉਹ ਇਕੱਲੀ ਕਦੇ ਕਦੇ ਪੈਂਟ ਟੀ-ਸ਼ਰਟ ਪਹਿਨਦੀ ਸੀ। ਅੱਜ ਉਹਦੇ ਕੱਪੜਿਆਂ, ਸਲਵਾਰ ਕਮੀਜ਼ ਉੱਤੇ ਵੱਟ ’ਤੇ ਵੱਟ ਚੜ੍ਹੇ ਪਏ ਸਨ। ਜਿਵੇਂ ਕੋਈ ਸਵੇਰੇ ਬੈੱਡ ਤੋਂ ਉੱਠ ਕੇ ਓਹੀ ਕੱਪੜਿਆਂ ’ਚ ਘਰ ਤੋਂ ਬਾਹਰ ਨਿਕਲ ਪਵੇ। ਹੋਸਟਲ ਤੇ ਕਾਲਜ ਵਿਚਾਲਿਓਂ ਲੰਘਦੀ ਸੜਕ ਉੱਤੇ ਮਾਮੂਲੀ ਜਿਹਾ ਢਿਲਕ ਕੇ ਤੁਰਦੀ ਉਹ ਨਹਿਰ ਦੇ ਪੁਲ਼ ਤੱਕ ਪੁੱਜ ਗਈ... ਤੇ ਆਪਣੀ ਜੁੱਤੀ ਪੁਲ਼ ’ਤੇ ਹੀ ਖੋਲ਼ ਗਈ! ... ਤੇ ਉਸੇ ਰਸਤੇ ਓਹਦੀ ਖ਼ਬਰ ਨੰਗੇ ਪੈਰੀਂ ਮੁੜ ਆਈ। ਕਿਸੇ ਅੰਨੇ ਨੇ ਉਸ ਨੂੰ ਦੇਖਿਆ, ਰੋਕਿਆ ਨਹੀਂ। ਕਰਨ ਤੇ ਰਵੀ ਅਜੇ ਹੋਸਟਲ ਵਿੱਚ ਹੀ ਬੈਠੇ ਸਨ। ਸੋਚ ਰਹੇ ਸਨ ਕਿ ਉਹਨਾਂ ਨੇ ਭੱਜ ਕੇ ਉਸ ਨੂੰ ਫੜ ਕਿਉ ਨਹੀਂ ਲਿਆ। ਸ਼ਹਿਰ ’ਚ ਰੌਲਾ ਪੈ ਗਿਆ। ਕਾਲਜ ਦੀ ਹਵਾ ਤੱਕ ਡੁਸਕਣ ਲੱਗ ਪਈ। ਕਹਿੰਦੇ ਬੀਮਾਰ ਰਹਿੰਦੀ ਸੀ। ਰੋਜ਼ ਟੀਕੇ ਲੱਗਦੇ ਸਨ। ਡੀਪ੍ਰੈਸ਼ਨ? ਪਰ ਉਹ ਤਾਂ ਬਹੁਤ ਰਿਸ਼ਟ-ਪੁਸ਼ਟ ਸੀ। ਵਿਚਲੀ ਸਹੀ ਗੱਲ ਕੋਈ ਨਾ ਦੱਸਦਾ...
...ਕੋਈ ਨਾ ਕਰਦਾ।
... ਕਦੇ ਕਿਸੇ ਨੂੰ ਪਤਾ ਨਹੀਂ ਲੱਗੀ। ... ਨਹੀਂ ਤਾਂ?
... ਤੇ ਇਸੇ ਅਫ਼ਸੋਸ ਹੇਠ ਕਰਨ ਦੀ ਸਾਗਰ ਸਾਹਿਬ ਕੋਲ ਪੇਸ਼ੀ ਦਬੀ ਰਹਿ ਗਈ ਸੀ। ਜਦੋਂ ਪੱਤਝੜ ਦਾ ਮੌਸਮ ਆਇਆ, ਦਰਖ਼ਤਾਂ ਦੇ ਪੱਤੇ ਝੜਨ ਲੱਗੇ ਤਾਂ ਉਸ ਦਾ ਮੂੰਹ ਸੁੱਕਣ ਲੱਗਿਆ। ਫੇਅਰਵੈੱਲ ਪਾਰਟੀ ਹੋਈ ਸੀ। ਕਈਆਂ ਦੇ ਦਿਲ ਟਪੂਸੀਆਂ ਮਾਰ ਰਹੇ ਸਨ। ਵਾਇਸ ਪਿ੍ਰੰਸੀਪਲ ਤੇ ਹੋਰ ਪ੍ਰੋਫ਼ੈਸਰਾਂ ਨੇ ਭਾਸ਼ਨ ਦਿੱਤੇ। ਤਾੜੀਆਂ ਵੱਜੀਆਂ। ਪਰ ਉਹ ਸਭ ਕਾਸੇ ਤੋਂ ਬੇਖ਼ਬਰ ਪਤਾ ਨਹੀਂ ਕਿਹੜੇ ਖੂਹ ’ਚ ਡੁੱਬਿਆ ਹੋਇਆ ਸੀ। ਉੱਲੂ ਨੂੰ ਦਿਨ ਚੜ੍ਹ ਆਇਆ। ਸਾਰੇ ਅੰਗ ਬੇਕਾਬੂ। ਕਾਲਜ ਦਾ ਆਖ਼ਰੀ ਦਿਨ ਸੀ। ਮੁੜ ਕੇ ਕਲਾਸਾਂ ਨਹੀਂ ਸਨ ਲੱਗਣੀਆਂ। ਹੁਣ ਤਾਂ ਰੋਲ ਨੰਬਰ ਮਿਲਣੇ ਸਨ। ਪਰਚੇ ਪੈਣ ਲੱਗਣੇ ਸਨ। ਇਕੱਠੇ ਇੱਕ ਦੂਸਰੇ ਦੀ ਜ਼ਦ ਵਿੱਚ ਆਖ਼ਰੀ ਛਿਣ। ਫੇਰ ਸਬੱਬੀਂ ਮੇਲੇ। ਭਾਸ਼ਨਾਂ ਤੋਂ ਬਾਅਦ ਸਭ ਦਾ ਧੰਨਵਾਦ ਵੀ ਹੋਇਆ ਹੋਣਾ। ਸਾਰਿਆਂ ਨੇ ਬਹਿ ਕੇ ਚਾਹ ਪਾਣੀ ਮਠਿਆਈ ਵੀ ਖਾਧੀ ਹੋਣੀ। ਕੁੜੀਆਂ ਵਰਤਾ ਰਹੀਆਂ ਸਨ। ਮਾਨਸੀ ਉਸ ਦੇ ਸ੍ਹਾਮਣੇ ਟਰੇਅ ’ਚ ਪੇਪਰ ਪਲੇਟਾਂ ਲਈ ਖੜ੍ਹੀ ਸੀ। ਮਾਨਸੀ ਦੇ ਵਜੂਦ ਦਾ ਅਹਿਸਾਸ। ਉਸ ਦਾ ਸਾਰਾ ਸਰੀਰ ਸੁੰਨ। ਕੰਬਣ ਲੱਗਿਆ। ਉਸ ਨੇ ਕਿਸੇ ਪਲੇਟ ’ਚੋਂ ਕੁੱਝ ਚੁੱਕ ਲਿਆ ਸੀ। ਪਤਾ ਨਹੀਂ ਕੀ ਸੀ... ਸ਼ਾਇਦ ਸਮੋਸਾ ਸੀ:
‘‘ਪੂਰੀ ਪਲੇਟ ਲਓ’’,
ਇਹ ਉਸ ਦੀ ਮਾਨਸੀ ਨਹੀਂ, ਕੋਈ ਹੋਰ ਸੀ। ਸੀ ਪਰ ਮਾਨਸੀ ਹੀ। ਓਹੀ ਮਾਨਸੀ ਜਿਸ ਨਾਲ ਉਹ ਮਨੋਬਚਨੀ ਕਰਦਾ ਹੁੰਦਾ ਸੀ। ਹੋਰਾਂ ਨੂੰ ਦੇਖ ਆਪਣੀ ਪਲੇਟ, ਜਿਹੜੀ ਮਾਨਸੀ ਉਸ ਦੀ ਕੁਰਸੀ ਦੀ ਬਾਂਹ ’ਤੇ ਟਿਕਾ ਗਈ ਸੀ ਦੀ ਸਾਰੀ ਮਿਠਾਈ ਚਿੱਥ ਗਿਆ ਸੀ... ਤੇ ਕਦੇ ਇੱਕ ਸ਼ਬਦ ਮੋਹ ਦਾ ਮਾਨਸੀ ਨਾਲ ਸਾਂਝਾ ਨਹੀਂ ਸੀ ਹੋ ਸਕਿਆ।
ਕਰਨ ਦਾ ਸ਼ਨੀ ਦੇਵ ਉਸ ਦੇ ਮਸ਼ਤਕ ਉੱਤੇ ਬੁਰੀ ਤਰਾਂ ਕਬਜਾ ਕਰੀ ਬੈਠਾ ਸੀ। ਦੋ ਹੀ ਮੁਲਾਕਾਤਾਂ ਹੋਈਆਂ ਸਨ। ਇੱਕ ਸਾਇਕਲ ਸਟੈਂਡ ਉੱਤੇ ਜੋ ਪਿ੍ਰੰਸੀਪਲ ਸਰ ਦੇ ਥਰੂ ਅਧੂਰੀ ਰਹਿ ਗਈ ਸੀ ਜਿਸ ਨੂੰ ਉਹ ਪਹਿਲੀ ਮੁਲਾਕਾਤ ਹੀ ਸਮਝਦਾ ਸੀ... ਤੇ ਦੂਜੀ ਪੋਸਟ ਗਰੈਜੂਏਟ ਬਲਾਕ ਦੇ ਬਾਹਰ... ਜਿੱਥੇ... ਕੀ ਸੀ... ਜਨਵਰੀ ਸੀ... ਸ਼ਾਇਦ ਉੱਨੀ ਜਨਵਰੀ?
...ਪਤਝੜ ਅਜੇ ਆਈ ਨਹੀਂ ਸੀ। ਪਰ ਉਸ ਦੇ ਆਉਣ ਦਾ ਡਰ ਸੀ... ‘ਕੈਨ ਸਪਰਿੰਗ ਬੀ ਫਾਰ ਬੀਹਾਈਂਡ?’ ਸ਼ੈਲੇ ਦੀ ਕਵਿਤਾ ਯਾਦ ਆਉਣ ਲੱਗੀ। ਐੱਮ ਏ ’ਚ ਆ ਕੇ ਦੋਵਾਂ ਨੇ ਕਦੇ ਇੱਕ ਦੂਜੇ ਨੂੰ ਬੁਲਾਇਆ ਤੱਕ ਨਹੀਂ ਸੀ। ਕਿੰਨਾ ਔਖਾ ਹੁੰਦਾ ਐ ਉਸ ਘਰ, ਉਸ ਜ਼ਿੰਦਗੀ ’ਚ ਇੱਕ ਵਾਰ ਫੇਰ ਜਾਣਾ ਜਿੱਥੋਂ ਕਿਸੇ ਨੂੰ ਧੱਕੇ ਮਾਰ ਕੇ ਕੱਢਿਆ ਗਿਆ ਹੋਵੇ। ਮਰਦੇ ਸਾਰ ਹੀ ਜੇ ਨਵਾਂ ਜਨਮ ਮਿਲ ਜਾਵੇ ਤਾਂ ਵੀ ਨੌਂ ਮਹੀਨੇ ਲੱਗਣ। ਕਿਵੇਂ ਉਸ ਨੂੰ ਇੱਕ ਵਾਰ ਫੇਰ ਬੁਲਾਵੇ? ਕਿੰਨਾ ਡਰ ਲੱਗਦਾ? ਆਪ ਨੂੰ ਪੁੱਛਿਆ ਤੂੰ ਕੀ ਏਂ? ਕੀ ਏ ਤੇਰੇ ਕੋਲ? ਕੀ ਸਮਝਦਾ ਏਂ ਆਪਣੇ ਆਪ ਨੂੰ? ਤੇਰੇ ’ਚ ਕਿਹੜੇ ਗੁਣ ਨੇ? ਓਹਨੇ ਤੈਨੂੰ ਕਿਓਂ ਨੀਂ ਬੁਲਾਇਆ? ਜੇ ਉਸ ਨੇ ਫੇਰ ਉਲਟ ਬੋਲਿਆ। ਤਾਂ ਵੀ ਇੱਕ ਵਾਰ ਫੇਰ ਮਾਨਸੀ ਨੂੰ ਮਿਲਣ ਲਈ ਆਪਣੇ ਆਪ ਨੂੰ ਮਨਾਉਣ ਲੱਗਾ। ਭਾਵੇਂ ਇਹ ਆਖ਼ਰੀ ਮੁਲਾਕਾਤ ਹੀ ਹੋਵੇ। ਪਹਿਲੀ ਵਾਰ ਉਸ ਨੇ ਕਿਉ ਮੈਨੂੰ ਹੁਰਕ ਦਿੱਤਾ? ਜਾਨਵਰਾਂ ਵਾਂਗ? ਪਰ ਉਸ ਨੂੰ ਕਿਹੜਾ ਪਤਾ ਸੀ ਕਿ ਮੈਂ ... ਪਰ ਹੁਣ ਤਾਂ ਪਤਾ। ਪਰ ਮੈਂ ਵੀ ਤਾਂ ਸੀਮਾ, ਵਨੀਤਾ... ਰੇਣੂ ਨੂੰ ਨੇੜੇ ਨਹੀਂ ਆਓਣ ਦਿੱਤਾ ਸੀ। ਮਨ ’ਚ ਮਾਨਸੀ ਜੁ ਬੈਠੀ ਸੀ। ... ਤੂੰ ਜਾ। ਜਾਹ। ਇੱਕ ਵਾਰ ਫੇਰ ਜਾਹ। ਭਾਵੇਂ ਉਹ ਜੁੱਤੀ ਹੀ ਖੋਲ਼ ਲਵੇ। ਕੀ ਪਤਾ ਹੁਣ ਉਸ ਦੇ ਦਿਲ ’ਚ ਵੀ ਮੋਹ ਹੋਵੇ। ਜਾਹ ਤੂੰ। ਓਦਣ ਉਹ ਤੇਰੇ ਵੱਲ ਦੇਖ ਕੇ ਹੱਸਦੀ ਤੇ ਕੁੜੀਆਂ ਨਾਲ ਗੱਲਾਂ ਕਰਦੀ ਸੀ। ਸ਼ਾਇਦ ਕੁੜੀਆਂ ਉਸ ਤੋਂ ਤੇਰਾ ਨਾਮ ਪੁੱਛਦੀਆਂ ਸਨ। ਕਰਨ। ਕਰਨ। ਐਵੇਂ ਹੀ ਹਿੱਲਦੇ ਨੇ ਬੁੱਲ ... ਜੀਭ ‘ਕਰਨ ਦਰਦੀ’ ਬੋਲਦਿਆਂ। ਸੁਹਣੀ ਜ਼ਿੰਦਗੀ ਦੇ ਨੇਸਤਾਨਾਬੂਦ ਹੋਣ ਦੀ ਜ਼ਿੰਮੇਵਾਰੀ ਤੂੰ ’ਕੱਲਾ ਕਿਉ ਚੁੱਕੇਂ? ਉਹ ਬਚਪਨ ’ਚ ਪੈਰਾਂ ਉੱਤੇ ਰੇਤ ਦੀ ਢੇਰੀ ਥਾਪੜ ਕੇ ਘਰ ਬਣਾਉਦਾ ਹੁੰਦਾ ਸੀ। ਤੋੜੇ ਉਹ ਇਹ ਘਰ। ਆਪਣੀ ਜੁੱਤੀ ਨਾਲ ਤੋੜੇ! ਠੁੱਡ ਮਾਰ ਕੇ!!
ਕਈ ਰਸਤੇ ਇੱਧਰੋਂ ਉਧਰੋਂ ਆ ਕੇ ਐਡਮਨ ਬਲਾਕ ਦੇ ਨਾਲ ਜੁੜ ਜਾਂਦੇ ਸਨ। ਫੇਰ ਮਾਨਸੀ ਦੀ ਸ਼ਕਲ ਪਾਰਕ ਵਿੱਚ ਦਿਸੀ। ਲੱਗਿਆ ਜਿਵੇਂ ਹਨੇਰੇ ’ਚ ਤੀਲੀ ਜਗ ਪਈ ਹੋਵੇ ਤੇ ਉਹ ਧੁਰ ਅੰਦਰ ਤੱਕ ਕੰਬ ਗਿਆ। ਪਤਾ ਨਹੀਂ ਕੀ ਸੱਚ ਹੋ ਜਾਵੇ...
ਉਸ ਨੇ ਆਪਣੇ ਅੰਦਰਲੀ ਕੁੱਲ ਸ਼ਕਤੀ ਮਾਸੂਮ ਹੱਥਾਂ ਨਾਲ ਪੈਰਾਂ ਉੱਤੇ ਰੇਤ ਵਾਂਗ ਇਕੱਠੀ ਕੀਤੀ ਤੇ ਲਾਅਨ ਵਿੱਚ ਖੜ੍ਹੀਆਂ ਕੁੜੀਆਂ ਵੱਲ ਤੁਰ ਪਿਆ। ਸਮੇਤ ਮਾਨਸੀ ਕੁੱਲ ਸੱਤ ਕੁੜੀਆਂ। ਕੋਈ ਧੁੰਦ ਨਹੀਂ। ਹਲਕੀ ਹਲਕੀ ਠੰਡ। ਉਸ ਦੀਆਂ ਸਾਥਣਾਂ ਕਰਨ ਨੂੰ ਆਉਦੇ ਦੇਖ ਪਤਾ ਨਹੀਂ ਕਿਸ ਭਾਵਨਾ ਹੇਠ ਉਸ ਤੋਂ ਪਰ੍ਹਾਂ ਦੂਰ ਹੋ ਗਈਆਂ। ਮਾਨਸੀ ਇੱਕਲੀ ਹੀ ਖੜ੍ਹੀ ਰਹਿ ਗਈ।
ਮਾਨਸੀ ਖਿੱਝੀ ਹੋਈ ਚੰਡੀ ਲੱਗ ਰਹੀ ਸੀ। ਕਰਨ ਦੀਆਂ ਅੱਖਾਂ ਅੱਗੇ ਧੁੰਦ ਹੀ ਧੁੰਦ ਹਨੇਰਾ ਹੀ ਹਨੇਰਾ ਫੈਲ ਗਿਆ ਸੀ। ਫੇਰ ਵੀ ਉਸ ਨੇ ਵਿਸ਼ ਕੀਤੀ ਜਿਸ ਦਾ ਕੋਈ ਜੁਆਬ ਨਹੀਂ ਮਿਲਿਆ।
‘‘ਤੁਸੀਂ ਇੱਧਰ ਆ ਕੇ ਕਦੇ ਮੈਨੂੰ ਬੁਲਾਇਆ ਤੱਕ ਨਹੀਂ।’’ ਉਹ ਬਹੁਤ ਵੱਡੀ ਭਾਵਨਾ ਦੇ ਬੋਝ ਹੇਠ ਸੀ।
‘‘...’’, ਕੋਈ ਜੁਆਬ ਨਹੀਂ।
‘‘ਮੇਰਾ ਬਿਲਕੁਲ ਜੀਅ ਨਹੀਂ ਲੱਗ ਰਿਹਾ।’’
‘‘ਬੀਹੇਵ ਯੂਅਰ ਸੈਲਫ਼’’
‘‘...’’, ਉਸ ਨੇ ਫੇਰ ਮਾਨਸੀ ਵੱਲ ਉਮੀਦਵਾਰ ਅੱਖਾਂ ਨਾਲ ਵੇਖਿਆ।
‘‘ਆਈ ਹੈਵ ਮਾਈ ਓਅਨ ਸੈੱਟ ਆਫ਼ ਰੂਲਜ... ਪਿ੍ਰੰਸੀਪਲਜ਼ ਆਫ਼ ਬੀਹੇਵੀਅਰ’’
ਹੁਣ ਕਰਨ ਨੂੰ ਕੰਨਾਂ ’ਤੋਂ ਭਾਰਾ ਭਾਰਾ ਸੁਣਨ ਲੱਗ ਪਿਆ ਸੀ।
‘‘ ਪਲੀਜ਼, ਮਾਨਸੀ...’’
‘‘ ਯੂ ਮੈਂੱਡ ਯੂਅਰ ਸੈਲਫ਼ ਐਂਡ ਯੂਅਰ ਹੈਬਿਟਸ ਫਸਟ’’
‘‘ਗੌਡ ਬਲੈੱਸ ਯੂ’’ ਹੁਣ ਕੁਝ ਨਹੀਂ ਸੀ ਹੋ ਸਕਦਾ। ਉਸ ਨੇ ਮਾਨਸੀ ਨਾਲ ਆਖ਼ਰੀ ਅਲਵਿਦਾ ਦਾ ਲਫ਼ਜ ਸਾਂਝਾ ਕਰਨਾ ਹੀ ਠੀਕ ਸਮਝਿਆ ਸੀ। ਇਹ ਵੀ ਪਤਾ ਨਹੀਂ ਸ਼ਨੀ ਦੇਵ ਦੀ ਕਿਰਪਾ ਸਦਕਾ ਉਸ ਤੋਂ ਕਹਿ ਹੋ ਗਿਆ ਸੀ। ਉਸ ਵਿੱਚ ਤਾਂ ਉਦੋਂ ਸਾਹ ਸੱਤ ਨਹੀਂ ਸੀ। ਹੌਲੀ ਹੌਲੀ ਚਾਲੇ ਵਾਪਸ ਮੁੜ ਆਇਆ। ਦੁਨੀਆ ’ਚ ਕੋਈ ਨਹੀਂ ਸੀ ਜੋ ਉਸ ਨੂੰ ਉਦੋਂ ਗਲ਼ ਲਾ ਸਕਦਾ। ਪਰ ਫੇਰ ਵੀ... ਫੇਰ ਵੀ ਉਹ ਆਪਣਾ ਬੋਝ ਹੌਲਾ ਕਰ ਆਇਆ ਸੀ... ਉਸ ਦਾ ਸ਼ਨੀ ਦੇਵ ਮਾਨਸੀ ਦੇ ਮਨ ਉੱਤੇ ਅਮਿੱਟ ਛਾਪ ਛੱਡ ਆਇਆ ਸੀ... ਮਾਨਸੀ ਨੂੰ ਪਤਾ ਸੀ...ਕਿ ਏਡੀ ਵੱਡੀ ਦੁਨੀਆ ਵਿੱਚ ਕੋਈ ਇਕ ਸੀ ਜੋ ਉਸ ਨੂੰ ਪਿਆਰ ਕਰਦਾ ਸੀ... ਪਰ ਮਾਨਸੀ ਸਦੀਆਂ ਦੀਆਂ ਮਜਬੂਰੀਆਂ ਹੇਠ ਦਬੀ ਕਿਸੇ ਸਖ਼ਤ ਪੱਥਰ ਦੀ ਬਣੀ ਹੋਈ ਸੀ। ਦੋ ਚੰਗੇ ਸ਼ਬਦ ਵੀ ਉਸ ਬੰਦੇ ਨੂੰ ਨਹੀਂ ਬੋਲ ਸਕੀ ਜੋ ਉਸ ਨੂੰ ਪਿਆਰ ਦਾ ਸੁਨੇਹਾ...
...ਬੜੀ ਦੇਰ ਬਾਅਦ ਜਦੋਂ ਮੁੜ ਤੋਂ ਹੋਸ਼ ਆਈ... ਜਦੋਂ ਪੰਜ ਸਾਲ ਬੀਤ ਚੁੱਕੇ ਸਨ... ਜਦੋਂ ਮਾਨਸੀ ਦਾ ਵਿਆਹ ਹੋ ਚੁੱਕਿਆ ਸੀ... ਜਦੋਂ ਮਾਨਸੀ ਮੋਟੀ ਭਾਰੀ ਬੇਪਛਾਣ ਹੋਈ ਇੱਕ ਹੋਟਲ ’ਚ ਉਸ ਨੂੰ ਦਿਸੀ... ਮਾਨਸੀ ਨੂੰ ਉਦੋਂ ਉਹ ਕੇਵਲ ਅੱਖਾਂ ਤੋਂ ਪਛਾਣ ਸਕਿਆ ਸੀ... ਓਹ ਅੱਖਾਂ ਜਿਹਨਾਂ ਦਾ ਰੰਗ ਨੀਲੇ ਰੰਗ ਵਿੱਚ ਹਰਾ ਮਿਲਾ ਕੇ ਬਣਿਆ ਹੋਇਆ ਸੀ... ਬੇਨਾਮ ਰੰਗ... ਜਿਸ ਰੰਗ ਦਾ ਅਜੇ ਵੀ ਉਸ ਨੂੰ ਨਾਮ ਨਹੀਂ ਸੀ ਪਤਾ... ਤਾਂ ਉਸ ਨੂੰ ਖ਼ਿਆਲ ਆਇਆ ਕਿ ਮਾਨਸੀ ਨੇ ਇੱਕ ਬਹੁਤ ਵੱਡਾ ਅਹਿਸਾਨ ਉਸ ’ਤੇ ਕਰ ਦਿੱਤਾ ਸੀ। ਉਸ ਨੇ ਮਾਨਸੀ ਨੂੰ ਪਿਆਰ ਕੀਤਾ ਸੀ। ਮਾਨਸੀ ਨਾਲ ਜ਼ਿੰਦਗੀ ਜਿਊਣ ਦੇ ਸੁਪਨੇ ਲਏ ਸਨ। ਮਾਨਸੀ ਨੇ ਉਸ ਨੂੰ ਮੁਹੱਬਤ ਨਹੀਂ ਸੀ ਕੀਤੀ। ਮਾਨਸੀ ਨੇ ਉਸ ਦੇ ਸ੍ਹਾਮਣੇ ਕਿਸੇ ਨੂੰ ਵੀ ਪਿਆਰ ਨਹੀਂ ਸੀ ਕੀਤਾ... ਕਿਸੇ ਨੂੰ ਵੀ ਨਹੀਂ... ਨਹੀਂ ਤਾਂ... ਨਹੀਂ ਤਾਂ... ਉਸ ਨੇ ਵੀ ਪੁਲ਼ ’ਤੇ ਜੁੱਤੀ ਖੋਲ਼ ਦੇਣੀ ਸੀ। ਨਮਸਕਾਰ
‘‘ਖਾਣਾ ਕੌਣ ਬਣਾਊ?” ਮੈਂ ਚੌਕੀਦਾਰ ਦਲੀਪ ਨੂੰ ਪੁੱਛਿਆ।
‘‘ਖਾਣਾ? ਸਰ ਮੈਂ ਈ ਬਣਾਉਦੈਂ।”
“ਆਉਂਦਾ ਤੈਨੂੰ ਖਾਣਾ ਬਣਾਉਣਾ?”
“ਹੋਰ ਸਰ... ਮੈਂ ਤਾਂ ਜਨਾਬ ਦੀ ਤਾਬਿਆ ਰਹਿਣਾ। ਮੈਂ ਤਾਂ ਸ਼ੁਰੂ ਤੋਂ ਰੈਸਟ ਹਾਊਸ ਵਿੱਚ ਏਹੀ ਕੰਮ ਕਰਦਾਂ। ਤੁਹਾਤੋਂ ਪਹਿਲਾਂ ਜਿਹੜੇ ਮਰਜੀ ਅਫ਼ਸਰ ਨੂੰ ਪੁੱਛ ਲਿਓ। ਦੱਸੋ ਕੀ ਬਣਾਵਾਂ ਸਰ... ਨਾਲ ਈ ਬੈਠਾ ਸਬਜ਼ੀ ਆਲਾ।”
“ਲਿਆ ਜੋ ਮਰਜ਼ੀ”
ਜਦੋਂ ਦਲੀਪ ਸਬਜ਼ੀਆਂ ਦੇ ਲਿਫ਼ਾਫ਼ੇ ਲੈ ਕੇ ਵਾਪਸ ਆਇਆ ਤਾਂ ਮੈਂ ਯਾਦ ਕੀਤਾ ਕਿ ਮੈਂ ਉਸ ਨੰੂ ਇੱਕ ਹਜ਼ਾਰ ਰੁਪੱਈਆ ਦੇ ਕੇ ਬਜ਼ਾਰ ਤੋਰਿਆ ਸੀ ਰਸੋਈ ਦਾ ਸਮਾਨ ਲੈਣ। ਉਹ ਬਚੇ ਪੈਸੇ ਮੋੜ ਰਿਹਾ ਸੀ।
“ਰੱਖ ਲੈ ਕੋਲੇ... ਜੋ ਵੀ ਕਿਚਨ ਵਿੱਚ ਹੋਰ ਕੁੱਝ ਲੋੜ ਹੋਈ ਤਾਂ ਲਈ ਆਵੀਂ ਬਜ਼ਾਰ ਤੋਂ। ਜਦ ਪੈਸੇ ਮੁੱਕ ਜਾਣ ਹੋਰ ਮੰਗ ਲਈਂ।”
“ਸਰ ਗੈਸ ਦਾ ਸਲੰਡਰ...?” ਕਹਿਕੇ ਉਹ ਚੁੱਪ ਕਰਕੇ ਖੜ੍ਹ ਗਿਆ।
“ਘਰੋਂ ਲਿਆਂਦਾ ਗੱਡੀ ’ਚ ਗੈਸ ਦਾ ਸਲੰਡਰ... ਚੁੱਲ੍ਹਾ... ਤੇ ਰੈਗੂਲੇਟਰ ਵੀ ਨਾਲ ਐ। ਡਰਾਈਵਰ ਨੂੰ ਕਹਿ...” ਦਲੀਪ ਮੁਲਾਜ਼ਮਾਂ ਦੀ ਲਿਸਟ ਵਿੱਚ ਸਭ ਤੋਂ ਅਹਿਮ ਹੋ ਗਿਆ ਸੀ। ਦਲੀਪ ਬਾਰੇ ਵੀਹ ਮਿੰਟ ਪਹਿਲਾਂ ਮੈਂ ਦਫ਼ਤਰ ਦੇ ਸੁਪਰਡੈਂਟ ਸੁਭਾਸ਼ ਚੰਦਰ ਤੋਂ ਪੁੱਛ ਲਿਆ ਸੀ;
“ਇਹ ਤਾਂ ਸਰ ਬੜਾ ਕੰਮ ਦਾ ਬੰਦਾ। ਜੋ ਮਰਜ਼ੀ ਕਰਵਾ ਲਓ ਏਹਤੋਂ। ਬਹੁਤ ਵਧੀਆ ਕੁੱਕ ਐ। ਗੱਡੀ ਵੀ ਚਲਾ ਲੈਂਦਾ ਜੇ ਡਰਾਇਵਰ ਛੁੱਟੀ ’ਤੇ ਹੋਵੇ। ਜਾਣਾ ਇਹਨੇ ਕਿਤੇ ਨਹੀਂ। ਚੌਵੀ ਘੈਂਟੇ ਹਾਜ਼ਰ। ਵਿੱਚੇ ਈ ਰਹਿੰਦਾ ਰੈਸਟ ਹਾਊਸ ਦੇ ਆਪਣੇ ਕੁਆਟਰ ’ਚ। ਇਹਦਾ ਦਾਦਾ ਕਦੇ ਇਸੇ ਰੈਸਟ ਹਾਊਸ ਵਿੱਚ ਅੰਗਰੇਜ਼ਾਂ ਦੀ ਨੌਕਰੀ ਕਰਦਾ ਹੁੰਦਾ ਸੀ। ਉਦੋਂ ਬਿਜਲੀ ਨਹੀਂ ਸੀ ਹੁੰਦੀ। ‘ਪੰਖਾ ਕੁਲੀ’ ਲੱਗਿਆ ਹੋਇਆ ਸੀ। ਅਸਤਬਲ ’ਚ ਅੰਗਰੇਜ਼ ਅਫ਼ਸਰਾਂ ਦੇ ਘੋੜੇ ਵੀ ਉਹੀ ਸੰਭਾਲਦਾ ਹੁੰਦਾ ਸੀ। ਦਲੀਪ... ਸਰ ਇਸੇ ਰੈਸਟ ਹਾਊਸ ਵਿੱਚ ਜੰਮਿਆ।”
ਬਦਲੀਆਂ ਦੀ ਲਾਸਟ ਲਿਸਟ ਜਿਹੜੀ ਹੁਣੇ ਬਾਹਰ ਨਿਕਲੀ... ਉਸ ਵਿੱਚ ਮੈਨੂੰ ਕੰਢੀ ਦੇ ਨੀਮ ਪਹਾੜੀ ਖੇਤਰ ਵਿੱਚ ਤੀਸਰੀ ਵਾਰ ਪੋਸਟ ਕਰ ਦਿੱਤਾ ਗਿਆ ਸੀ। ਜੁਆਨਿੰਗ ਟਾਇਮ ਕੱਟ ਕੇ ਜਦੋਂ ਮੈਂ ਕਾਰ ’ਤੇ ਰਵਾਨਾ ਹੋਣ ਦੀ ਤਿਆਰੀ ਕਰ ਰਿਹਾ ਸਾਂ ਤਾਂ ਰਾਤ ਦੇ ਅੰਤਾਂ ਦੇ ਹੁੰਮਸ ਪਿੱਛੋਂ ਝੱਖੜ ਝਾਂਜਾ ਝੁੱਲਣ ਲੱਗ ਪਿਆ ਸੀ। ਇੰਨਡੇਨ ਕੰਪਨੀ ਦਾ ਗੈਸ ਦਾ ਸਲੰਡਰ, ਰੈਗੂਲੇਟਰ, ਛੋਟਾ ਗੈਸ ਸਟੋਵ, ਲਾਈਟਰ ਅਤੇ ਸ਼ਰਾਬ ਦੀਆਂ ਤਿੰਨ ਬੋਤਲਾਂ ਮੈਂ ਸਭ ਤੋਂ ਪਹਿਲਾਂ ਉਚੇਚ ਨਾਲ ਗੱਡੀ ਦੀ ਡਿੱਗ੍ਹੀ ’ਚ ਟਿਕਾ ਲਈਆਂ ਸਨ... ਕੱਪੜੇ... ਖਾਣ ਪੀਣ ਦਾ ਸਮਾਨ ਤੇ ਦੁਆਈਆਂ ਦੇ ਪੱਤਿਆਂ ਦਾ ਫ਼ਿਕਰ ਹੀ ਦਿਮਾਗ ’ਤੇ ਚੜ੍ਹਿਆ ਰਿਹਾ। ਕਾਹਲੀ ਕਾਹਲੀ ਤੁਰਦੇ ਮੈਂ ਕਈ ਕੁਝ ਨਾਲ ਲਿਜਾਣਾ ਭੁੱਲ ਗਿਆ। ਲੈਪ-ਟੌਪ ਯਾਦ ਈ ਨਹੀਂ ਰਿਹਾ। ਸਾਰੇ ਰਸਤੇ ਦਰਖ਼ਤਾਂ ਦੇ ਬੋਦੇ ਟਾਹਣੇ ਟੁੱਟ ਕੇ ਗਿਰੇ ਪਏ ਦਿਸਦੇ ਰਹੇ ਸਨ... ਤੇ ਪੱਤੇ ਪਤਾ ਨਹੀਂ ਹਨੇਰੀ ਨੇ ਉੱਡਾ ਕੇ ਕਿੱਥੇ ਕਿੱਧਰ ਵਗਾਹ ਮਾਰੇ। ਡੇਢ ਸੌ ਕਿੱਲੋ ਮੀਟਰ ਸੜਕਾਂ ਦੇ ਜੰਗਲ ਵਿੱਚੋਂ ਤੇਜ਼ੋ ਤੇਜ਼ ਗੱਡੀ ਦੁੜਾਉਂਦਾ ਮੈਂ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਟਿਕੇ ਛੋਟੇ ਜਹੇ ਸਰਕਾਰੀ ਕੰਪਲੈਕਸ ਦੇ ਬਾਹਰ ਜਾ ਰੁੱਕਿਆ ਜੋ ਹਿੰਦ-ਪਾਕ ਬਾਰਡਰ ਦੇ ਨਾਲ ਆਖ਼ਰੀ ਸਟੇਸ਼ਨ ਸੀ... ਜਿੱਥੇ ਮੈਂ ਜੰਗਲਾਤ ਵਿਭਾਗ ਦੇ ਸਭ ਤੋਂ ਹੇਠਲੇ ਦਫ਼ਤਰ ਦਾ ਮੁੱਖੀ ਸੀ। ਸੋਚਿਆ ਕਿ ਮੋਬਾਇਲ ਦਾ ਕਰੰਟ ਖ਼ਤਮ ਹੋਣ ਤੋਂ ਪਹਿਲਾਂ ਪਿੱਛੇ ਘਰਵਾਲੀ ਤੇ ਬੱਚਿਆਂ ਦਾ ਹਾਲ ਚਾਲ ਪੁੱਛ ਲਵਾਂ:
‘‘ਸਭ ਠੀਕ ਐ?”
‘‘ਹਾਂ ਠੀਕ ਐ। ਹਨੇਰੀ ਬਹੁਤ ਚਲ ਰਹੀ ਐ। ਖਿੜਕੀਆਂ ਦਰਵਾਜ਼ੇ ਖੜਕ ਰਹੇ ਹਨ। ਸਾਂਅ-ਸਾਂਅ ਹੁੰਦੀ ਪਈ ਚਾਰੇ ਪਾਸੇ। ਬਿਜਲੀ ਤੁਹਾਡੇ ਹੁੰਦਿਆਂ ਦੀ ਗਈ ਅਜੇ ਤੱਕ ਨਹੀਂ ਆਈ। ਕੋਈ ਪਤਾ ਨਹੀਂ ਕਦ ਆਉਂਦੀ ਐ। ਮੋਮਬਤੀਆਂ ਲੱਭ ਰਹੇ ਆਂ। ਤਾਰ ਤੋਂ ਕੱਪੜੇ ਉੜ ਗਏ। ਤੁਸੀਂ ਪਹੁੰਚ ਗਏ? ਠੀਕ ਠਾਕ?”
‘‘ਪਹੁੰਚ ਹੀ ਗਿਆਂ ਔਖਾ ਸੌਖਾ। ਹਾਂ ਸਭ ਠੀਕ ਐ।”
‘‘ਠੀਕ ਐ। ਆਪਣੇ ਖਾਣ ਪੀਣ ਦਾ ਖਿਆਲ ਰੱਖੀਓ। ਦੁਆਈਆਂ ਟਾਇਮ ਸਿਰ ਲੈਣੀਆਂ ਨਾ ਭੁੱਲ ਜਾਇਓ।”
ਇੰਟਰਨੈੱਟ ਦੀ ਰੇਂਜ ਟੁੱਟ ਗਈ। ਮੋਬਾਇਲ ਆਪਣਾ ਚਾਰਜ ਮੁੱਕ ਜਾਣ ਦਾ ਇਸ਼ਾਰਾ ਕਰ ਰਿਹਾ ਸੀ। ਚਾਰਜ ’ਤੇ ਲਾਉਣ ਵਾਲਾ ਯੰਤਰ ਪਤਾ ਨਹੀਂ ਕਾਰ ’ਚ ਰੱਖੇ ਸਮਾਨ ’ਚ ਹੈ ਵੀ ਸੀ ਕਿ ਨਹੀਂ। ਬਿਜਲੀ ਪਤਾ ਨਹੀਂ ਕਦੋਂ ਆਵੇ। ਕਿ ਨਾ ਹੀ ਆਵੇ...
ਜਦੋਂ ਮੇਰੀ ਕਾਰ ਦਫ਼ਤਰੀ ਕੰਪਲੈਕਸ ਅੰਦਰ ਪਹੁੰਚੀ ਤਾਂ ਸਾਰੇ ਮੁਲਾਜ਼ਮ ਮੈਨੂੰ ਉਡੀਕਦੇ ਕਾਰ ਦੇ ਕੋਲ ਹੀ ਇਕੱਠੇ ਹੋ ਗਏ ਸਨ... ਪਲਾਂਟਰ, ਫੌਰੈਸਟ ਗਾਰਡ, ਫੌਰੈਸਟਰ, ਇੰਸਪੈਕਟਰ... ਤੇ ਹੋਰ ਲੋਕ ਜਿਹਨਾਂ ਨੂੰ ਆਉਣ ਵਾਲੇ ਸਮੇਂ ’ਚ ਮੇਰੇ ਤੋਂ ਉਮੀਦਾਂ...ਡਰ ਭੈਅ ਹੋ ਸਕਦੇ ਸਨ। ਤੂਫ਼ਾਨ... ਖੜਕਦੇ ਦਰਵਾਜ਼ੇ, ਖਿੜਕੀਆਂ ਤੇ ਗੁੱਲ ਹੋਈ ਬਿਜਲੀ ’ਚ ਜਦੋਂ ਮੈਂ ਝੁੱਲਦੀ ਹਨੇਰੀ ਦੇ ਝੰਬੇ ਹੋਏ ਆਪਣੇ ਸਟਾਫ਼ ਨੂੰ ਦੇਖਿਆ ਤਾਂ ਮੈਨੂੰ ਪੁਰਾਣੇ ਸਮਿਆਂ ’ਚ ਅਜਿਹੇ ਪਹਾੜੀ ਇਲਾਕਿਆਂ ’ਚ ਨੌਕਰੀ ਕਰਦੇ... ਜੀਪ ’ਚ ਘੁੰਮਦੇ ਉਹ ਮੰਜ਼ਰ ਯਾਦ ਆਏ ਜਦੋਂ ਜੰਗਲ ’ਚ ਹਨੇਰੀ ਤੂਫ਼ਾਨ ਤੋਂ ਬਚਦੇ ਜੰਗਲੀ ਜਾਨਵਰ ਇੱਕ ਦੂਜੇ ਨਾਲ ਲੱਗ ਕੇ ਦਰਖਤਾਂ ਹੇਠ ਇਕੱਠੇ ਖੜ੍ਹੇ ਹੁੰਦੇ... ਭੁੱਖੇ ਨੰਗੇ ਡਰੇ ਹੋਏ... ਤੂਫ਼ਾਨ ਦੇ ਥਮ ਜਾਣ ਦੀ ਉਡੀਕ... ਉਮੀਦ ’ਚ ਬੇ ਬੋਲ ਇੱਕ ਦੂਸਰੇ ਵਿੱਚ ਨੂੰ ਵੜਦੇ ਤਾਂ ਕਿ ਮੀਂਹ, ਤੂਫ਼ਾਨ, ਠੰਡ...ਗੜਿਆਂ ਦੀ ਮਾਰ ਤੋਂ ਬਚ ਜਾਣ... ਕਦੇ ਇੰਜ ਖੜ੍ਹੇ ਉਹ ਹਨੇਰੀ ਕਾਰਨ ਟੁੱਟ ਕੇ ਗਿਰਦੇ ਬਿਰਛਾਂ ਦੇ ਟਾਹਣਿਆਂ ਦੀ ਮਾਰ ਹੇਠ ਵੀ ਆ ਜਾਂਦੇ...
ਹਨੇਰੀ ਵਿੱਚ ਐਨਾ ਲੰਮਾ ਸਫ਼ਰ ਆਪ ਕਾਰ ਚਲਾ ਕੇ ਮੈਂ ਥੱਕਿਆ ਪਿਆ ਸਾਂ। ਮੇਰੇ ’ਚ ਗੱਡੀ ’ਚੋਂ ਉੱਠ ਕੇ ਬਾਹਰ ਨਿਕਲਣ ਦੀ ਹਿੰਮਤ ਵੀ ਨਹੀਂ ਸੀ। ਮੇਰੀ ਇੱਛਾ ਸੀ ਕਿ ਕੋਈ ਮੈਨੂੰ ਫੜ ਕੇ ਉਠਾਵੇ ਪਰ ਮੈਨੂੰ ਸਭ ਦੀ ‘ਸਰ ਸਰ’ ਤੇ ‘ਸਾਸਰੀ ਕਾਲ’ ਤੋਂ ਇਲਾਵਾ ਕੁੱਝ ਵੀ ਪੱਲੇ ਨਾ ਪਿਆ... ਤਾਂ ਵੀ ਦਫ਼ਤਰ ਵਿੱਚ ਬਹਿ ਕੇ ਮੈਂ ਸਟਾਫ਼ ਨਾਲ ਸਰਸਰੀ ਗੱਲਬਾਤ ਕੀਤੀ। ਸਭ ਦੇ ਨਾਉਂ, ਰੁਤਬੇ, ਸਟੇਅ ਦਾ ਸਮਾਂ ਡਾਇਰੀ ’ਚ ਨੋਟ ਕੀਤਾ... ਇਲਾਕੇ ਦੀ ਜਾਣ ਪਛਾਣ ਤੇ ਦਫ਼ਤਰ ਨਾਲ ਜੁੜੇ ਰੁਟੀਨ ਦੇ ਕੰਮਾਂ ਦਾ ਸਟੇਟਸ... ਅੱਪਡੇਟ ਲਿਆ:
“ਕੋਈ ਵੱਡਾ ਪੰਗਾ ਤਾਂ ਨਹੀਂ ਹੈਗਾ ਦਫ਼ਤਰ ਅੰਦਰ ਵੜਿਆ ਹੋਇਆ?” ਸਭ ਨੇ ਥੋੜ੍ਹੀਆਂ ਜਹੀਆਂ ਅੱਖਾਂ ਹੋਰ ਅੱਡ ਲਈਆਂ। “ਨਹੀਂ ਸਰ। ਸ਼ਾਂਤ ਮਹੌਲ ਐ।” ਸੁਪਰਡੈਂਟ ਸੁਭਾਸ਼ ਮੈਨੂੰ ਕੰਡੇ ’ਤੇ ਲੱਗਿਆ। ਮੈਂ ਵੀ ਪਿਛਲੇ ਤਜਰਬੇ ਅਨੁਸਾਰ ਬੋਲਦਾ ਰਿਹਾ... ਸਰਕਾਰ ਪਿਛਲੇ ਦਫ਼ਤਰਾਂ ਵਿੱਚ ਜੋ ਸਾਥੋਂ ਕਰਵਾਉਂਦੀ ਰਹੀ ਹੈ; ਇਸ ਦਫ਼ਤਰ ਵਿੱਚ ਵੀ ਉਹੀ ਕੁਸ਼ ਹੁੰਦਾ ਹੋਣਾ!! ਕੁਰਸੀ ’ਤੋਂ ਉੱਠਦਿਆਂ ਮੈਨੂੰ ਥਕਾਵਟ ਕਾਰਨ ਬੇਵਸੀ ਜਹੀ ਮਹਿਸੂਸ ਹੋਈ। ਹੁਣ ਕੇਵਲ ਲੇਟਿਆ ਹੀ ਜਾ ਸਕਦਾ ਸੀ। ਮੈਂ ਸਰਕਾਰੀ ਰਿਹਾਇਸ਼ ਦੇਖਣ... ਦੇਖਣਾ ਕੀ ਸੀ। ਸਰਕਾਰੀ ਨੌਕਰੀ ’ਚ ਪਸੰਦ... ਨਾ-ਪਸੰਦ ਨਾਂ ਦੀ ਕੋਈ ਚੀਜ਼ ਹੁੰਦੀ ਹੀ ਨਹੀਂ। ਉੱਤੇ ਛੱਤ ਹੋਵੇ। ਹੇਠਾਂ ਗੱਦਾ।
“ਹੈਗੀ ਸਰ, ਬਹੁਤ ਵਧੀਆ ਰਿਹਾਇਸ਼ ਮੀਟਿੰਗ ਹਾਲ ਦੇ ਉੱਪਰ ਫਸਟ ਫਲੋਰ ’ਤੇ ਰੈਸਟ ਹਾਊਸ ਦੇ ਵਿੱਚ ਈ। ਵਧੀਆ ਬੈੱਡ। ਨਵਾਂ ਏ ਸੀ ਸਰ ਹੁਣੇ ਦੋ ਮਹੀਨੇ ਪਹਿਲਾਂ ਪਹਿਲੇ ਸਾਹਿਬ ਬਹਾਦਰ ਨੇ ਖਰੀਦਿਆ। ਗੀਜ਼ਰ। ਸਬਮਰਸੀਬਲ ਲੱਗਾ... ਦਲੀਪ ਤੇ ਸਵੀਪਰ ਨੇ ਅੱਜ ਸਵੇਰੇ ਸਫ਼ਾਈ ਕਰ ਦਿੱਤੀ। ਸਾਰਾ ਕੁੱਝ ਸੈੱਟ ਕੀਤਾ ਪਿਆ। ਚਲੋ ਸਰ ਉੱਪਰ ਚੱਲ ਕੇ ਰਿਹਾਇਸ਼ ਦੇਖਦੇ ਐਂ”, ਫਸਟ ਫਲੋਰ ’ਤੇ ਰਿਹਾਇਸ਼ ਸਾਫ਼ ਸੁਥਰੀ ਸੀ। ਸੁਪਰਡੰਟ ਨੇ ਮੇਰੇ ਰਾਤ ਰਹਿਣ ਦੇ ਸਾਰੇ ਪ੍ਰਬੰਧਾਂ ਬਾਰੇ ਫਟਾ ਫਟ... ਸਭ ਕੁੱਝ ਗਿਣਾ ਦਿੱਤਾ। ਉਸਨੇ ਆਪਣਾ ਬੰਦ ਕੀਤਾ ਬੈਗ ਡਾਇਨਿੰਗ ਟੇਬਲ ’ਤੇ ਰੱਖ ਦਿੱਤਾ ਸੀ। ਲੱਗਿਆ ਉਸ ਨੂੰ ਕਾਹਲ ਸੀ। ਉਸਨੇ ਘੜੀ ਵੱਲ ਵੇਖਿਆ। ਪੰਜ ਵੱਜਣ ਵਾਲੇ ਸਨ।
‘‘ਸਰ ਮੌਸਮ ਖ਼ਰਾਬ ਐ। ਜੇ ਲਾਸਟ ਬੱਸ ਵੀ ਨਿਕਲ ਗਈ... ਸਰ ਕਲ ਮਿਲਦੇ ਆਂ। ”
ਸਭ ਚਲੇ ਗਏ। ਵਿਸਰ ਗਏ। ਮੈਂ ਤੇ ਦਲੀਪ ਹੀ ਰਹਿ ਗਏ। “ਦਲੀਪ, ਲਿਆ ਗਲਾਸ ਗਲੂਸ ਧੋ ਕੇ। ਪੈੱਗ ਮਾਰੀਏ।”, ਸ਼ਰਾਬ ਦਾ ਖ਼ਿਆਲ ਮੈਨੂੰ ਬੁਰਾ ਲੱਗਿਆ... ਉਹ ਵੀ ਇਸ ਦਫ਼ਤਰ ’ਚ ਪਹਿਲੇ ਹੀ ਦਿਨ... ਤਾਂ ਵੀ ਸ਼ਰਾਬ ਦੀਆਂ ਤਿੰਨ ਬੋਤਲਾਂ ਗੱਡੀ ’ਚੋਂ ਨਿਕਲ ਕੇ ਰਿਹਾਇਸ਼ ਵਿੱਚ ਪੁੱਜ ਚੁੱਕੀਆਂ ਸਨ।
“ਸਰ ਤਿਆਰ ਐ ਸਭ। ਸਲਾਦ ਕੱਟਿਆ ਪਿਆ। ਹਲਦੀ ਰਾਮ ਦਾ ਨਮਕੀਨ ਨਵਰਤਨ ਭੁਜੀਆ ਲਿਆਂਦਾ ਹੋਇਐ। ਜੇ ਆਪ ਜੀ ਦਾ ਮਨ ਹੋਵੇ ਆਂਡਿਆਂ ਦੀ ਭੁਰਜੀ ਬਣਾ ਦਿੰਦਾਂ।”
“ਬਣਾ ਦੇ। ਜ਼ਰਦੀ ਬਾਹਰ ਕੱਢ ਦਵੀਂ। ਸੁੱਟੀਂ ਨਾ। ਆਪ ਯਾ ਆਪਣੇ ਬੱਚਿਆਂ ਨੂੰ ਖਲਾ ਦੇਈਂ।”
‘ਜੀ’ ਕਹਿ ਕੇ ਦਲੀਪ ਹੋਗਿਆ ਸਟਾਰਟ। ਪਾਣੀ, ਬਰਫ਼, ਗਿਲਾਸ... ਤੇ ਵ੍ਹਿਸਕੀ ਨਾਲ ਭਰੀ ਸਿਗਨੇਚਰ ਦੀ ਹਰੀ ਬੋਤਲ ਵੀ ਮੇਜ਼ ’ਤੇ ਟਿਕਾ ਗਿਆ।
ਜਦੋਂ ਤੱਕ ਮੈਨੂੰ ਨਸ਼ਾ ਹੁੰਦਾ ਦਲੀਪ ਪਤਾ ਨਹੀਂ ਕਦੋਂ ਅਦਰਕ ਦਾ ਅਚਾਰ, ਮੂਲੀ ਤੇ ਡੋਂਗੇ ’ਚ ਮਟਰ ਪਨੀਰ ਭਰਕੇ ਖਾਣੇ ਦੀ ਮੇਜ਼ ’ਤੇ ਰੱਖ ਗਿਆ। ਤੇ ਰੋਟੀ... ਮੈਨੂੰ ਭੁੱਖ ਪਹਿਲਾਂ ਹੀ ਲੱਗੀ ਹੋਈ ਸੀ। ਮਰਦਾਵੇਂ ਹੱਥਾਂ ਦੀ ਬਣੀ, ਚੋਪੜੀ ਨਿੱਗਰ ਰੋਟੀ ਦੇਖ ਕੇ ਭੁੱਖ ਹੋਰ ਚਮਕ ਉੱਠੀ। ਮੈਨੂੰ ਪਤਲੀ ਰੋਟੀ ਪਸੰਦ ਨਹੀਂ ਆਉਂਦੀ। ਨਾ ਹੀ ਲਿੱਸੀ ਜਹੀ ਰੋਟੀ ਜੋ ਦੰਦਾਂ ਨੂੰ ਹੀ ਚਿਪਕ ਜਾਵੇ। ਕੜਕ ਰੋਟੀ ਜਿਸ ਨੂੰ ਦੰਦਾਂ ਹੇਠ ਦਬਕੇ ਸੁਆਦ ਆਵੇ। ਕਦੇ ਮੈਂ ਆਪਣੇ ਜਿਗਰੀ ਦੋਸਤ ਉਪਿੰਦਰ ਦੇ ਘਰ ਭਾਂਡੇ ਮਾਂਜਣ ਵਾਲੀ ਨੌਕਰਾਣੀ ਨੂੰ ਰੋਟੀ ਖਾਂਦੇ ਗਹੁ ਨਾਲ ਦੇਖਿਆ ਸੀ। ਉਸਦੀ ਦਾਦੀ ਨੇ ਮੋਟੀ ਰੋਟੀ ਤਵੇ ਤੋਂ ਸਿੱਧੀ ਉਸਦੀ ਪਲੇਟ ’ਚ ਖਿਸਕਾ ਦਿੱਤੀ ਸੀ। ਉਸ ਨੌਕਰਾਣੀ ਮਾਤਾ ਨੇ ਮੱਥਾ ਜਿਹਾ ਟੇਕਦਿਆਂ ਰੋਟੀ ਦੂਹਰੀ ਕਰਕੇ ਮੱਥੇ ਨੂੰ ਲਾਈ... ਤੇ ਬੁਰਕੀ ਤੋੜ ਕੇ ਜਾੜਾਂ ਹੇਠ ਦੱਬੀ ਤਾਂ ਮੈਨੂੰ ਉਸ ਔਰਤ ’ਤੇ ਬੜਾ ਰਸ਼ਕ ਆਇਆ। ਉਸ ਤੋਂ ਵਧੀਆ ਰੋਟੀ ਮੈਂ ਕਦੇ ਦੇਖੀ ਹੀ ਨਹੀਂ ਸੀ। ਮੈਂ ਆਪ ਉਦੋਂ ਬੇਹੱਦ ਭੁੱਖਾ ਸਾਂ... ਪਰ ਸੰਗਦਿਆਂ ‘ਖਾ ਕੇ ਆਇਆਂ’ ਕਹਿ ਕੇ ਚਾਹ ਪੀਣ ਬਹਿ ਗਿਆ ਸਾਂ।
ਤਿੰਨ ਰੋਟੀਆਂ ਖਾ ਕੇ ਮੈਂ ਡਕਾਰ ਮਾਰਿਆ। ਕੁਰਲੀ ਕੀਤੀ। ਤਿੰਨ ਰੋਟੀਆਂ ਦੇ ਨਾਲੋ ਨਾਲ ਮੈਂ ਪਿਛਲੇ ਛੇ ਸਾਲਾਂ ਤੋਂ ਆਪਣੀਆਂ ਬਲੱਡ ਪ੍ਰੈਸ਼ਰ, ਸ਼ੂਗਰ ਤੇ ਖ਼ੂਨ ਨੂੰ ਪਤਲਾ ਰੱਖਣ ਦੀਆਂ ਤਿੰਨ ਗੋਲੀਆਂ ਦੀ ਫੱਕੀ ਵੀ ਤਿੰਨੋਂ ਡੰਗ ਮਾਰੀ ਜਾਂਦਾਂ... ਦਲੀਪ ਨੂੰ ‘ਮੈਂ ਸੌਣ ਲੱਗਾਂ’ ਇਸ ਲਈ ਕਿਹਾ ਕਿ ਉਹ ਮੇਰੇ ਵੱਲੋਂ ਨਿਸਚਿੰਤ ਹੋ ਜਾਵੇ।
ਦਲੀਪ ਅਜੇ ਕਿਚਨ ਵਿੱਚ ਭਾਂਡੇ ਸੰਭਾਲਣ ਦਾ ਖੜਾਕ ਕਰ ਰਿਹਾ ਸੀ।
... ਸੌਣ ਲੱਗਿਆਂ ਮੈਨੂੰ ਯਾਦ ਆਇਆ ਕਿ ਮੈਂ ਹਰੇਕ ਛੇ ਮਹੀਨੇ ਬਾਅਦ ਪੀ ਜੀ ਆਈ ਤੋਂ ਰੀਟਾਇਰ ਹੋਏ ਹਰਟ ਸ਼ਪੈਸ਼ਲਿਸਟ ਡਾਕਟਰ ਯਾਦਵਿੰਦਰ ਸਿੰਘ ਤੋਂ ਚੈੱਕ ਅੱਪ ਕਰਾਉਂਦਾ ਹਾਂ। ਮਹੀਨਾ ਕੁ ਪਹਿਲਾਂ ਜਦੋਂ ਮੈਂ ਮਿੱਥੇ ਸਮੇਂ ’ਤੇ ਡਾਕਟਰ ਸਾਹਿਬ ਨੂੰ ਮਿਲਣ ਗਿਆ ਤਾਂ ਉਹ ਮੇਰੇ ਵਰਗੇ ਹੀ ਇੱਕ ਦਿਲ ਦੇ ਮਰੀਜ਼ ਨਾਲ ਗੱਲ ਕਰ ਰਹੇ ਸਨ;
“ਡਾਕਟਰ ਸਾਹਿਬ, ਖਾਣ ਪੀਣ... ਡਾਇਟ ਬਾਰੇ ਵੀ ਦੱਸ ਦਿੰਦੇ।”
“ਤਲਿਆ, ਬਜ਼ਾਰੂ ਖਾਣਾ, ਕੋਲਡ ਡਰਿੰਕ... ਸਭ ਤੋਂ ਪਰਹੇਜ਼... ਜੋ ਮਿੱਟੀ ’ਚ ਦੱਬਿਆ ਉੱਗਦਾ... ਆਲੂ ਜ਼ਿਮੀਂਕੰਦ ਸ਼ਕਰਕੰਦੀ ਬੰਦ। ਬਹੁਤ ਖਾ ਲਿਆ ਹੁਣ ਤੱਕ। ਹਲਕਾ ਫੁਲਕਾ ਖਾਓ। ਸਲਾਦ ਰੱਜਕੇ ਖਾਓ। ਹੋਰ ਪੱਤੇਦਾਰ... ਸਾਗ ਸ਼ਬਜੀਆਂ ਖਾਓ। ਤੁਸੀਂ ਦੇਖੋ। ਜੰਗਲ ਦੇ ਜੀਵ ਕਿੰਨੇ ਸੋਹਣੇ ਹੁੰਦੇ। ਸੱਪ ਤੋਂ ਲੈ ਕੇ ਸ਼ੇਰ ਤੱਕ। ਹਿਰਨ। ਮੋਰ। ਨਾ ਉਹ ਮਿਰਚ ਖਾਣ। ਨਾ ਮਸਾਲਾ। ਨਾ ਨਮਕ। ਨਾ ਸ਼ਰਾਬ, ਸਿਗਰਟਾਂ... ਨਾ ਕੋਈ ਘਾਟੇ ਦੀ ਚਿੰਤਾ, ਨਾ ਕਿਸੇ ਵਾਧੇ ਦਾ ਫ਼ਿਕਰ। ਜਿੰਨਾ ਲੋੜ ਹੋਈ ਘਾਹ ਫੂਸ ਖਾਧਾ... ਤੇ ਸਾਰਾ ਦਿਨ ਸੈਰ ਕੀਤੀ।” ਦਲੀਪ ਦੇ ਚਲੇ ਜਾਣ... ਦਰਵਾਜ਼ਾ ਬੰਦ ਕਰਨ ਦੀ ਆਵਾਜ਼ ਤੋਂ ਬਾਅਦ ਮੈਨੂੰ ਜੰਗਲਾਂ ਵਿੱਚ ਮਨ ਮਰਜ਼ੀ ਨਾਲ ਘਾਹ ਫੂਸ ਫੁੱਲ ਪੱਤੀਆਂ ਡੁੰਗਦੇ... ਸੈਰ ਕਰਦੇ ਹਿਰਨਾਂ ਦੇ ਝੁੰਡ ਦਿਸਣ ਲੱਗੇ। ਉਸ ਦਿਨ ਰਿਹਾਇਸ਼ ਤੋਂ ਪੌੜੀਆਂ ਉਤਰਦੇ ਦਫ਼ਤਰ ਦੇ ਬਾਹਰ ਕਾਫ਼ੀ ਬੰਦਿਆਂ ਦਾ ਇਕੱਠ ਦੇਖਿਆ। ਸੁਪਰਡੈਂਟ ਨੇ ਫਾਇਲ ਮੇਰੀ ਮੇਜ਼ ’ਤੇ ਰੱਖਦਿਆਂ ਦੱਸਿਆ ਕਿ ਖ਼ੈਰ ਦੇ ਜੰਗਲ ਵਿੱਚੋਂ ਚੋਰੀ ਹੋਏ ਦਰਖਤਾਂ ਬਾਰੇ ਅੱਜ ਇਨਕੁਆਰੀ ਦੀ ਤਰੀਕ ਐ। ਬਾਹਰ ਦੋਵੇਂ ਧਿਰਾਂ ਅਲੱਗ ਅਲੱਗ ਖੜ੍ਹੀਆਂ ਇੱਕ ਦੂਜੇ ਨੂੰ ਘੂਰ ਰਹੀਆਂ ਸਨ। ਮਹੌਲ ਗਰਮ ਹੋ ਰਿਹਾ ਸੀ। ਗਾਲੀ ਗਲੋਚ... ਹੱਥੋ-ਪਾਈ ਹੋ ਜਾਣ ਦੀ ਪੂਰੀ ਸੰਭਾਵਨਾ ਬਣੀ ਹੋਈ ਦਿਸਦੀ ਸੀ। ਮੈਨੂੰ ਥਾਣੇ ਦੇ ਐੱਸ ਐੱਚ ਓ ਦਾ ਨੰਬਰ ਯਾਦ ਆਇਆ।
“ਸੁਪਰਡੈਂਟ ਸਾਹਿਬ... ਦੋਵੇਂ ਧਿਰਾਂ ਦੇ ਦੋ ਦੋ ਬੰਦੇ ਬੁਲਾ ਕੇ ਬਿਆਨ ਲਿਖੋ। ਕਿਸੇ ਨੂੰ ਉੱਚੀ ਨਹੀਂ ਬੋਲਣ ਦੇਣਾ। ਜੇ ਕਿਸੇ ਕੋਲ ਕੋਈ ਹਥਿਆਰ ਹੋਵੇ ਤਾਂ ਉਸਨੂੰ ਕੰਪਲੈਕਸ ‘ਚੋਂ ਬਾਹਰ ਕੱਢ ਦਿਓ। ਮੈਂ ਐੱਸ ਐੱਚ ਓ ਨੂੰ ਵੀ ਫੋਨ ਕਰਦਾਂ...”, ਕੁਰਸੀ ’ਤੇ ਬੈਠੇ ਮੈਨੂੰ ਮਹੌਲ ਭਾਰਾ ਹੁੰਦਾ ਲੱਗਿਆ। ਦਰਖ਼ਤਾਂ ਦੀ ਚੋਰੀ ਦੇ ਮੁਤੱਲਕ ਮੈਨੂੰ ਦੋਵੇਂ ਧਿਰਾਂ ਦੇ ਹੱਕ ਤੇ ਬਰਖਿਲਾਫ ਲੀਡਰਾਂ, ਉੱਚ ਅਧਿਕਾਰੀਆਂ ਦੇ ਫੋਨ ਆਈ ਜਾ ਰਹੇ ਸਨ। ਸਮਾਂ ਰੁੱਕਿਆ ਲੱਗਿਆ... ਪਰ ਦਫ਼ਤਰ ਲੁੜ੍ਹਕਦਾ ਲੁੜ੍ਹਕਦਾ ਲੰਚ ਟਾਇਮ ਤੱਕ ਪਹੁੰਚ ਗਿਆ।
“ਓਏ... ਨਾ... ਓਏ। ਨਾ ਨਾ। ਐਂ ਨਾ ਕਰ। ਕੀ ਕਰਦਾਂ। ਭਾਅ...ਅ... ਆਹ ਮੈਨੂੰ ਫੜਾ ਤੂੰ।” ਬਾਹਰ ਕਿਸੇ ਦੇ ਬਹੁਤ ਉੱਚੀ ਬੋਲਣ ਅਤੇ ਭੱਜਣ ਦੀ ਆਵਾਜ਼ ਮੈਨੂੰ ਰੀਟਾਇਰਿੰਗ ਰੂਮ ’ਚ ਬੈਠੇ ਨੂੰ ਸੁਣੀ। ਮੈਂ ਥੋੜ੍ਹਾ ਘਬਰਾ ਕੇ ਮੋਬਾਇਲ ਸੰਭਾਲਦਾ ਸੋਫ਼ੇ ਤੋਂ ਉੱਠਿਆ। ਲੱਗਿਆ ਹੋਗਿਆ ਪੰਗਾ ਸ਼ੁਰੂ... ਤੇ ਦਬਾ ਦਬ ਬਾਹਰ ਨਿਕਲਦਿਆਂ, ਕਲਾਸ ਫੋਰ ਨੂੰ ਪੁੱਛਿਆ:
“ਲੜ੍ਹਾਈ ਹੋ ਗਈ?”
“ਪਤਾ ਨਹੀਂ ਸਰ।” ਉਹ ਵੀ ਮੇਰੇ ਮਗਰ ਹੀ ਤੁਰ ਪਿਆ। ਬਾਹਰ ਸੁਪਰਡੈਂਟ ਤੇ ਹੋਰ ਸਟਾਫ਼ ਲੰਚ ਕਰਕੇ ਹਟੇ ਆਪਣੇ ਟਿਫ਼ਨ ਬੰਦ ਕਰ ਰਹੇ ਸਨ। ਇੱਕ ਬੰਦਾ ਨਿੰਮ ਹੇਠ ਚਾਦਰੇ ਦੇ ਲੜ ਵਿੱਚ ਕੁੱਝ ਲਬ੍ਹੇਟ ਰਿਹਾ ਸੀ।
“ਸੁਭਾਸ਼... ਕੀ ਹੋਇਆ... ਆਹ ਐਨੀ ਉੱਚੀ ਆਵਾਜ਼ ਕੀਹਦੀ ਆਈ?”
“ਕੁਸ਼ ਨੀਂ ਸਰ... ਅਸੀਂ ਤਾਂ ਲੰਚ ਕਰਕੇ ਹਟੇ ਸੀ। ਮੈਂ ਤਾਂ ਬਚਦੀ ਰੋਟੀ ਟ੍ਹਾਲੀ ਹੇਠ ਬੈਠੇ ਕੁੱਤੇ ਨੂੰ ਪਾਉਣ ਤੁਰਿਆ... ਆਹ ਕੋਈ ਬਾਹਰਲਾ ਬੰਦਾ ਕਦੋਂ ਦਾ ਗੇਟ ਮੂਹਰੇ ਖੜ੍ਹਿਆ ਸਾਡੇ ਵੱਲ ਝਾਕੀ ਜਾਂਦਾ... ਭੱਜਿਆ ਆਇਆ ਤੇ ਕਹਿੰਦਾ... ‘ਆਹ ਰੋਟੀ ਕੁੱਤੇ ਨੂੰ ਨਾ ਪਾ, ਮੈਨੂੰ ਦੇ ਦੇਹ’...”, ਉਹ ਬੰਦਾ ਲੜ ’ਚ ਰੋਟੀ ਸੰਭਾਲ ਕੇ ਵਿਹਲਾ ਹੋਇਆ ਚਾਦਰਾ ਠੀਕ ਕਰਦਾ ਬੁਦਬੁਦਾਇਆ,“ਚਾਹ ਨਾਲ ਖਾਊਂ।”...ਤੇ ਮੈਨੂੰ ਹੱਥ ਜੋੜ ਕੇ, ਝੁਕ ਕੇ ਨਮਸਕਾਰ ਕਰਦਾ ਦੂਹਰਾ ਹੋ ਕੇ ਆਪਣਾ ਸਿਰ ਆਪਣੇ ਢਿੱਡ ਤੱਕ ਲੈ ਗਿਆ।
ਕਿਸੇ ਪਾਤਰ ਦੀ ਉਡੀਕ ਵਿੱਚ
... ਤਾਂ ‘ਇਹ’ ਵੀ ਨਵੇਂ ਕਿਰਾਏਦਾਰ ਸਨ।
ਨਵੇਂ ਕਿਰਾਏਦਾਰ ਦਸ ਦਿਨਾਂ ਬਾਅਦ ਪੁਰਾਣੇ ਲੱਗਣ ਲਗਦੇ। ਦੋ-ਚਾਰ ਮਹੀਨੇ ਬਾਅਦ ਕਿਸੇ ਦੀ ਬਦਲੀ ਹੋ ਜਾਂਦੀ... ਹੋਰ ਕਿਤੇ ਨਵਾਂ ਕੰਮ ਮਿਲ ਜਾਂਦਾ... ਅਗਲਾ ਟਿੰਡ-ਫੂਹੜੀ ਚੁੱਕ ਕੇ ਪਤਾ ਵੀ ਨਾ ਲਗਦਾ ਕਦੋਂ ਪੌੜੀਆਂ ਉਤਰ ਜਾਂਦਾ... ਸਾਡੇ ਨਾਲ ਦੇ ਟੂ-ਰੂਮ ਸੈੱਟ ਵਿੱਚ ਦੂਸਰੇ ਮਹੀਨੇ ਨਵਾਂ ਕਿਰਾਏਦਾਰ ਆ ਟਪਕਦਾ... ਜਿਸ ਦਾ ਪਤਾ ਸਾਨੂੰ ਕੋਠੀ ਦੇ ਮੱਥੇ ’ਤੇ ਲਟਕਦੇ ਟੂ-ਲੈੱਟ ਦੇ ਬੋਰਡ ਤੋਂ ਲੱਗਦਾ। ਅਸੀਂ ਇਸ ਕੋਠੀ ਦੇ ਟਾਪ ਫ਼ਲੋਰ ਵਿੱਚ ਖੱਬੇ ਪਾਸੇ ਵਾਲੇ ਟੂ-ਰੂਮ ਸੈੱਟ ’ਚ ਆਏ ਸਾਂ... ‘ਇਹ’ ਸੱਜੇ ਪਾਸੇ ਆਏ ਤਾਂ ਅਸੀਂ ਇਨ੍ਹਾਂ ਬਾਰੇ ਦਿਨ ਰਾਤ ਕਨਸੋਆਂ ਲੈਂਦੇ। ਥੋੜ੍ਹੀ ਜਹੀ ਦੂਰੀ ਤੋਂ ਸਾਨੂੰ ਜੋ ਵੀ ਦਿੱਸਦਾ ਅਸੀਂ ਸੁਬਹ-ਸ਼ਾਮ ਉਸ ਦਾ ਹਿਸਾਬ ਰੱਖਦੇ... ਤਿੰਨ ਸਾਲ ਇਕੱਠੇ ਰਹੇ...ਅੰਤ ਅਸੀਂ ਹੀ ਤਿੰਨ ਸਾਲ ‘ਹੈਪੀ ਨਿਊ ਯੀਅਰ’... ‘ਮੈਰੀ ਕਿ੍ਰਸਮਸ’ ਕਰਦੇ ਆਪਣਾ ਸਮਾਨ ਚੁੱਕ ਕੇ ਭਰਦੇ ਮਨ ਪੌੜੀਆਂ ਉਤਰ ਆਏ...ਤੇ... ਟੂ-ਲੈੱਟ ਦਾ ਬੋਰਡ ਫੇਰ ਲਟਕ ਗਿਆ...
ਉਸ ਰਾਤ ਜਦੋਂ ‘ਇਹ’ ਆਏ ਤਾਂ ਮੈਂ ਜਾਗੋ-ਮੀਟੀ ’ਚ ਸੀ... ਬਾਹਰ ਦੋਵੇਂ ਕਮਰਿਆਂ ਦੇ ਵਿਚਕਾਰ ਗਿਰਦੇ ਸਮਾਨ ਦੀ ਆਵਾਜ਼ ਨੇ ਮੈਨੂੰ ਜਗਾ ਦਿੱਤਾ। ਨਾ ਪਤਾ ਮੈਂ ਉੱਠ ਕੇ ਕੀ ਬੋਲਿਆ... ਪਤਾ ਨਹੀਂ ਗਾਲ ਹੀ ਕੱਢ ਦਿੱਤੀ... ਮੇਰੀ ਘਰਵਾਲੀ ਨੇ ਮੈਨੂੰ ਚੁੱਪ ਕਰਾਉਂਦਿਆਂ ਕਿਹਾ ਕਿ ਕੋਈ ਨਵੇਂ ਕਿਰਾਏਦਾਰ ਆ ਗਏ ਐ... ‘ਡੈਡੀ ਕੈਚ’ ਲੜਕੀ ਦੀ ਆਵਾਜ਼ ਸੀ। ਫੇਰ ਪੌੜੀਆਂ ਵਿੱਚ ਉੱਪਰ ਨੂੰ ਦਗੜ ਦਗੜ ਕਰਦੇ ਚੜ੍ਹਦੇ ਤੇ ਹੇਠਾਂ ਨੂੰ ਉਤਰਦੇ ਬੂਟਾਂ ਦੀ ਆਵਾਜ਼... ਉੱਪਰ ਨੂੰ ਆਉਂਦੀਆਂ, ਹੇਠਾਂ ਨੂੰ ਜਾਂਦੀਆਂ ਜ਼ੋਰ ਲਾਉਂਦੀਆਂ ਭਾਰੀਆਂ ਹੌਂਕਦੀਆਂ ਆਵਾਜ਼ਾਂ...
“ਓ-ਹ ਯੈੱਸ ਮਾਈ ਡੀਅਰ”, ਜਦੋਂ ਫਿਰ ਕਿਸੇ ਬਜ਼ੁਰਗ ਦੀ ਆਵਾਜ਼ ਨਾਲ ਸਭ ਦੀ ਪੈੜਚਾਲ ਹੇਠਾਂ ਨੂੰ ਚਲੀ ਗਈ ਤਾਂ ਮੈਂ ਜਾਲੀ ਦੀ ਕੁੰਡੀ ਖੋਲ੍ਹ ਕੇ ਬਾਹਰ ਨਿਕਲ ਆਇਆ। ਮਾਂ-ਬਾਪ ਤੇ ਦੋ ਜੁਆਨ ਕੁੜੀਆਂ ਸਨ...ਅੰਗਰੇਜ਼ ਸਨ ਜਾਂ ਐਂਗਲੋ ਇੰਡੀਅਨ? ਹੇਠਾਂ ਨੂੰ ਝਿਜਕਦਿਆਂ ਦੇਖਿਆ ਤਾਂ ਦੋਵੇਂ ਕੁੜੀਆਂ... ਪੈਟਾਂ ਟੀ-ਸ਼ਰਟਾਂ ’ਚ ਫਸੀਆਂ, ਹੰਭੀਆਂ ਸਮਾਨ ਨਾਲ ਲਟਾ ਪੀਂਘ ਹੁੰਦੀਆਂ ਤੂਸੇ ਹੋਏ ਬੈਗ ਉੱਪਰ ਨੂੰ ਧੂਈ ਆਉਂਦੀਆਂ ਦਿਸੀਆਂ... ਕੌਣ ਨੇ... ਮਾਲਕ ਮਕਾਨ ਕਿਹੜਾ ਕਿਸੇ ਨੰੂ ਦੱਸਦੇ ਪੁੱਛਦੇ ਨੇ ਕਿ ਹੁਣ ਕੌਣ ਨਵਾਂ ਕਿਰਾਏਦਾਰ ਆਏਗਾ। ਉਹ ਆਪਣੇ ਨਫ਼ੇ-ਨੁਕਸਾਨ ਦਾ ਜੋੜ ਘਟਾਓ ਕਰੀ ਜਾਂਦੇ ਨੇ... ਛੱਡੋ ਪਰਾਂ... ਆਪਾਂ ਕੀ ਲੈਣਾ... ਅਸੀਂ ਸੋਂ ਗਏ...
ਇਹਨਾਂ ਤੋਂ ਪਹਿਲਾਂ ਪ੍ਰਾਈਵੇਟ ਨੌਕਰੀ ਕਰਦੇ ਇਕੱਲੇ ਮੁੰਡੇ ਨੇ ਐਵੇਂ ਹੀ ਦਗੜ ਦਗੜ ਕਰਦੇ ਵੀਹ ਦਿਨ ਪ੍ਰੇਸ਼ਾਨ ਕਰੀ ਰੱਖਿਆ। ਫੇਰ ਛੇ ਮਹੀਨੇ ਯੂ ਪੀ ਦੇ ਭੱਈਆਂ ਨਾਲ ਬਿਜਲੀ ਦੇ ਸਾਂਝੇ ਮੀਟਰ ਦੇ ਬਿਲ ਦਾ ਰੌਲਾ ਪੈਂਦਾ ਰਿਹਾ। ਕਈਆਂ ਦਾ ਅਸੀਂ ਮੂੰਹ ਵੀ ਨਾ ਦੇਖਿਆ...
ਹੌਲੀ ਹੌਲੀ ਚਾਰ ਕੁ ਦਿਨਾਂ ਬਾਅਦ ਇਹਨਾਂ ਦੀਆਂ ਗੱਲਾਂ ਸਾਡੇ ਘਰ ਵਿੱਚ ਆਉਣ-ਜਾਣ ਲੱਗੀਆਂ... ਰਾਤ ਦੇ ਸਮੇਂ ਜਿਸ ਦਿਨ ਉਹਨਾਂ ਨੇ ਸ਼ਿਫਟ ਕੀਤਾ, ਸਮਾਨ ਤੋਂ ਇਲਾਵਾ ਮਦਰ-ਫ਼ਾਦਰ ਤੇ ਦੋ ਧੀਆਂ ਹੀ ਨਜ਼ਰ ਆਈਆਂ... ਮੁੰਡਾ ਨਾਲ ਨਹੀਂ ਸੀ ਆਇਆ...
...ਪਰ ਇਹ ਕੌਣ ਸਨ??
ਸਕਾਟਲੈਂਡ ਦੇ ਅੰਗਰੇਜ਼। ਫ਼ਰੇਜ਼ਰ... ਜ਼...!!
ਮਿਸਟਰ ਗਰੈਗਰੀ ਅਲੈਕਸ ਫ਼ਰੇਜ਼ਰ ਉਰਫ਼ ‘ਜੈਕ’ ਇਸ ਤੁਰਦੇ ਫਿਰਦੇ ਘਰ ਦਾ ਮਾਲਕ... ਮਿਸਿਜ਼ ਕਿ੍ਰਸਟੀ ਵਾਨ ਫ਼ਰੇਜ਼ਰ ਉਰਫ਼ ਲਿੱਲੀ... ਉਰਫ਼ ‘ਮਾਈ ਰੋਜ਼’... ਵੱਡੀ ਧੀ ਜੈਸੀਕਾ...ਛੋਟੀ ਰਿਆਨ... ਬੇਟਾ ਬਰੂਡੀ ਜੋ ਪਹਿਲੇ ਦਿਨ ਨਾ ਜਾਣੀਏ ਕਿਓਂ ਗੈਰਹਾਜ਼ਰ ਸੀ। ਕਦੇ ਦੋ, ਕਦੇ ਤਿੰਨ... ਤੇ ਕਦੇ ਚਾਰ ਜਣੇ ਆਪਣੇ ਘਰ ਦੇ ਬਾਹਰ ਅਜੀਬ ਜਹੀਆਂ ਕੁਰਸੀਆਂ ’ਤੇ ਬੈਠੇ ਅੰਗਰੇਜ਼ੀ ਹਿੰਦੀ ਰਲੀ ਭਾਸ਼ਾ ’ਚ ਘੁਸਰ ਫੁਸਰ ਕਰਦੇ ਹੁੰਦੇ... ਕਿਹੜਾ ਘਰ ਸੀ ਉਹਨਾਂ ਦਾ... ਪੰਜ ਜਣਿਆਂ ਦਾ ਉਹੀ ਘਰ ਸੀ... ਪੰਜ-ਕੋਣਾ। ਪੰਜਾਂ ਵਿਚਾਲੇ ਬਣੀ ਇੱਕ ਪੰਜ-ਭੁਜੀ ਡਾਇਆਗਰਾਮ ਤਣੀ ਰਹਿੰਦੀ... ਕਦੇ ਕੋਈ ਕੋਨਾ ਖਿੱਚ ਕੇ ਪਰੇ ਚਲਿਆ ਜਾਂਦਾ... ਕਦੇ ਕੋਈ... ਭਾਵੇਂ ਕਿਰਾਏ ਦੇ ਘਰ ਦੀਆਂ ਦੀਵਾਰਾਂ, ਦਰਵਾਜੇ... ਤੇ ਖਿੜਕੀਆਂ ਟੌਪ ਫਲੋਰ ’ਤੇ ਗੁਣੀਏਂ ਵਿੱਚ ਫਸੀਆਂ ਖੜੀਆਂ ਰਹਿੰਦੀਆਂ...
ਅਠਾਰਾਂ ਸੌ ਸਤਵੰਜਾ ਦੀ ਗਦਰ ਲਹਿਰ ’ਤੋਂ ਬਾਅਦ, ਹਿੰਦੋਸਤਾਨ ਦੀ ਅੰਗਰੇਜ਼ ਹਕੂਮਤ ਨੇ ਸਕਾਟਲੈਂਡ ਦੀ ਇੱਕ ਕੰਪਨੀ ਨੂੰ ਭਾਰਤ ਵਿੱਚ ਰੇਲਵੇ ਲਾਈਨ ਵਿਛਾਉਣ ਦਾ ਠੇਕਾ ਦੇ ਦਿੱਤਾ। ਜੈਕ ਦਾ ਦਾਦਾ ਸਕਾਟਲੈਂਡ ਤੋਂ ਇੰਜਨੀਰਿੰਗ ਦੀ ਪੜ੍ਹਾਈ ਕਰਕੇ ਆਪਣਾ ਕਿਰਸਾਨੀ ਟੱਬਰ ਤਿਆਗ ਕੇ, ਸਮੁੰਦਰੀ ਜਹਾਜ਼ ’ਚ ਬਹਿਕੇ ਇੰਡੀਆ ਆ ਗਿਆ। ਉਹ ਨੇਪਾਲ ਦੇ ਬਾਰਡਰ ਨੇੜੇ ਈਸਟ ਇੰਡੀਅਨ ਰੇਲਵੇ ਕੰਪਨੀ ਵਿੱਚ ਇੰਜਨੀਅਰ ਭਰਤੀ ਹੋ ਗਿਆ। ਜੈਕ ਦੇ ਦਾਦੇ ਨੇ ਇੱਕ ਨਿਹਾਇਤ ਖੂਬਸੂਰਤ ਨੇਪਾਲਣ ਲੜਕੀ ਨਾਲ ਵਿਆਹ ਕਰਾ ਲਿਆ। ਸਕਾਟਲੈਂਡ ਦਾ ਓਰੀਜਨਲ ਅੰਗਰੇਜ਼... ਤੇ ਅੰਗਰੇਜ਼ ਦੇ ਨੁਤਫ਼ੇ ਤੋਂ ਨਿਪਾਲਣ ਦੇ ਜੰਮੀ ਓਲਾਦ... ਜੈਕ ਦਾ ਬਾਪ ਵੀ ਇੰਡੀਅਨ ਰੇਲਵੇ ਵਿੱਚ ਬੂਆਇਲਰ ਇੰਜਨੀਅਰ ਸੀ। ਹਿੰਦੋਸਤਾਨ ਨੂੰ ਅਜ਼ਾਦੀ ਮਿਲਣ ਤੋਂ ਬਾਅਦ ਬਹੁਤੇ... ਲਗਭਗ ਸਾਰੇ ਅੰਗਰੇਜ਼ ਇੰਗਲੈਂਡ ਵਾਪਸ ਮੁੜ ਗਏ। ਇਹ ਟੱਬਰ ਲੰਮੇ ਸਮੇਂ ਤੋਂ ਹਿੰਦੋਸਤਾਨ ਵਿੱਚ ਹੀ ਰਹਿ ਰਿਹਾ ਸੀ... ਸੰਤਾਲੀ ਤੋਂ ਬਾਅਦ ਵੀ ਰਹੀ ਗਿਆ... ਸਕਾਟਲੈਂਡ ਵਿਸਰ ਗਿਆ... ਫ਼ਰੇਜ਼ਰ ਫੈਮਲੀ ਨੇ ਇੰਡੀਆ ਨਹੀਂ ਛੱਡਿਆ। ਜੈਕ ਦੱਸਦਾ “ਮਾਈ ਫਾਦਰ ਸੈੱਡ ਆਈ ਵੋਂਟ ਲੀਵ ਇੰਡੀਆ। ਵ੍ਹਾਈ? ਸੈੱਡ ਆਈ ਵਿੱਲ ਰਾਦਰ ਡਾਈ ਇਨ ਇੰਡੀਆ।”
ਕਿੰਨੇ ਹੀ ਹੋਰ ਲੋਕ ਇੱਕਲੇ, ਦੋ ਦੋ, ਚਾਰ ਚਾਰ ਮੇਰੇ ਜੀਵਨ ਵਿੱਚ ਵੜੇ। ਉੁਹ ਸਭ ਬਾਹਰ ਵੀ ਨਿਕਲ ਗਏ। ਕਈਆਂ ਨੇ ਆਉਣ ਲੱਗੇ ਤਕਲੀਫ਼ ਦਿੱਤੀ। ਕਈਆਂ ਨੇ ਜਾਂਦੇ ਵਕਤ। ਪਰ ਇਹਨਾਂ ਨੇ ਆਉਣ ਵੇਲੇ ਇੱਕ ਡਰਾਉਣੀ ਜਹੀ ਭਾਵਨਾ ਨਾਲ ਹੈਰਾਨ ਕੀਤਾ... ਤੇ ਜਾਂਦੇ ਇਹ ਹੈ ਈ ਨਹੀਂ। ਕਿਤੇ ਇਹ ਤਾਂ ਨਹੀਂ ਕਿ ਇਹ ਪੰਜੋ ਬੰਦੇ ਹਾਕਮ ਅੰਗਰੇਜ਼ ਕੌਮ ਦੀ ਜਿਣਸ ਸਨ... ਜਿਹਨਾਂ ਨੇ ਹਿੰਦੋਸਤਾਨ ਦੇ ਐਡੇ ਵੱਡੇ ਖਿੱਤੇ ’ਤੇ ਦੋ ਸੌ ਸਾਲ ਰਾਜ ਕੀਤਾ। ਅਜੀਬ ਲੱਗਦਾ ਐ ਕਿ ਮੈਂ ਉਂਜ ਹੀ ਉਨ੍ਹਾਂ ਦੇ ਜੀਵਨ ਵਿੱਚ ਉਲਝ ਗਿਆ ਤੇ ਉਹ ਮੇਰੀ... ਸਾਡੀ ਜਿੰਦਗੀ ’ਚ ਸ਼ਾਮਿਲ ਹੋ ਗਏ... ਤੇ ਹੁਣ ਭੁੱਲਦੇ ਨਹੀਂ... ਵਾਪਸ ਨਹੀਂ ਜਾਂਦੇ। ਮੈਂ ਉਹਨਾਂ ਦੀ ਹਾਜ਼ਰੀ ਵਿੱਚ ਹਮੇਸ਼ਾ ਆਪਣੀਆਂ ਮਾਨਸਿਕ ਸਥਿਤੀਆਂ ਬਾਰੇ ਗੁਥਮ-ਗੁੱਥਾ ਹੋਇਆ ਰਹਿੰਦਾ...
ਲਿੱਲੀ ਆਪਣੇ ਪਤੀ ਨੂੰ ਐਂਜ ‘ਬੂਢਾ’ ਬੋਲਦੀ ਜਿਵੇਂ ਉਸ ਦੀ ਕੋਈ ਤਿਲ ਭਰ ਵੀ ਹੈਸੀਅਤ ਨਾ ਹੋਵੇ...‘ਹੇਅ ਓਲਡ ਮੈਨ’... ‘ਬੂਢਾ’... ਜੋ ਉਮਰ ਵਿੱਚ ਲਿੱਲੀ ਤੋਂ ਸੋਲਾਂ ਸਾਲ ਵੱਡਾ ਸੀ। ਜੈਕ ਕਦੇ ਮਾਯੂਸ ਹੋਇਆ ਕਿਸੇ ਗੁੱਝੇ ਮਤਲਬ ਲਈ ਲਿੱਲੀ ਮੂਹਰੇ ਕੋਈ ਪ੍ਰਾਰਥਨਾ ਜਹੀ ਕਰਦਾ...“ਲਿੱਲੀ ਯੂ ਆਰ ਮਾਈ ਬਿਊਟੀਫੁੱਲ ਰੋਜ਼, ਹੇਅ...ਮਾਈ ਡੀਅਰ ਟੇਕ ਯੂਅਰ ਡਰਿੰਕ”... ਲਿੱਲੀ ਆਪਣਾ ਗਿਲਾਸ ਪੋਲਾ ਜਿਹਾ ਫੜ ਕੇ ਬੁੱਲਾਂ ਨੂੰ ਲਾਉਦੀ, ਸਿੱਪ ਕਰਦੀ। ਗਿਲਾਸ ਫੜਨ ਤੋਂ ਲੈ ਕੇ ਛੱਡਣ ਤੱਕ ਕੋਈ ਸਮਾਂ ਨਹੀਂ ਸੀ ਲਾਉਂਦੀ ਹੁੰਦੀ। ਇੰਗਲੈਂਡ ਤੋਂ ਲਿੱਲੀ ਦੀ ਭੈਣ ਜਿਊਲੀ ਨੇ ਉਸ ਨੂੰ ਕੱਪੜੇ ਭੇਜੇ ਤਾਂ ਲਿੱਲੀ ਕਹਿੰਦੀ, “ਅਗਰ ਯੇ ਬੂਢਾ ਮੇਰੇ ਕੋ ਐਸਾ ਕੱਪੜਾ, ਡਰੈੱਸ ਮੇਂ ਦੇਖ ਲੇਗਾ... ਤੋ ਰਾਤ ਮੇਂ ਮੇਰੇ ਕੋ ਛੋੜੇਗਾ ਨਹੀਂ...”
ਜੈਕ ਆਪਣੇ ਆਪ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਸੇਕਰਡ ਹਰਟ ਕੌਨਵੈਂਟ ਸਕੂਲ ਵਿੱਚ ਟੀਚਰ ਲੱਗਿਆ ਦੱਸਦਾ ਸੀ। ਸ਼ੁਰੂ ’ਚ ਟੀਚਰ ਹੀ ਸੀ, ਪਰ ਜਦੋਂ ਸੱਠ ਸਾਲ ਪਾਰ ਕਰ ਗਿਆ ਤਾਂ ਸਕੂਲ ਦੀ ਮੈਨੇਜਿੰਗ ਕਮੇਟੀ ਨੇ ਉਸਨੂੰ ਰਿਟਾਇਰ ਨਹੀਂ ਕੀਤਾ। ਕੇਅਰ-ਟੇਕਰ ਲਾ ਦਿੱਤਾ। ਸਕੂਲ ਵਿੱਚ ਜੋ ਕੰਮ ਕਿਸੇ ਨੂੰ ਨਾ ਦਿੱਤੇ ਹੁੰਦੇ ਉਹ ਜੈਕ ਦੇ ਜੁੰਮੇ ਹੁੰਦੇ... ਤੇ... ਉਹ ਚੌਵੀ ਘੰਟੇ ਸੱਤੇ ਦਿਨ... ‘ਟੂਐਂਟੀ ਫੋਰ ਸੈਵਨ’ ਸਾਈਕਲ ’ਤੇ ਚੜ੍ਹਿਆ ਰਹਿੰਦਾ। ਇਹੀ ਸਾਈਕਲ ਉਸ ਦੀ ਤੰਦਰੁਸਤੀ ਦਾ ਰਾਜ਼ ਸੀ ਕਿ ਉਸਨੇ ਕਦੇ ਪੈਰਾਸਿੱਟਾਮੋਲ ਦੀ ਗੋਲੀ ਵੀ ਨਹੀਂ ਸੀ ਖਾਧੀ। ਉਹ ਸਵੇਰੇ ਕਦੇ ਨਹੀਂ ਸੀ ਨਹਾਉਦਾ। ਕੱਪੜਿਆਂ ’ਤੇ ਸੈਂਟ ਛਿੜਕ ਕੇ ਸਕੂਲ ਨੂੰ ਚਲਿਆ ਜਾਂਦਾ। ਹਾੜ-ਸਾਉਣ... ਪੋਹ-ਮਾਘ... ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਨਹਾਉਦਾ। ਆਪਣੇ ਕੱਪੜੇ ਆਪ ਧੋਂਦਾ। ਉਸਦੇ ਗੰਦੇ ਕੱਪੜੇ ਕੋਈ ਚਿਮਟੇ ਨਾਲ ਵੀ ਨਾ ਚੁੱਕਦੇ। ਸਾਰਾ ਦਿਨ ਬਾਲਟੀ ਦੇ ਪਾਣੀ ’ਚ ਡੁੱਬੇ ਰਹਿੰਦੇ...
ਲਿੱਲੀ ਸ਼ੁਰੂ ’ਚ ਸਾਡੇ ਨਾਲ ਕਦੇ ਘੱਟ ਹੀ ਖੁੱਲਕੇ ਬੋਲਦੀ। ਕਦੇ ਲਿੱਲੀ ਮੇਰੀ, ਮੇਰੀ ਘਰਵਾਲੀ ਦੀ ਸ਼ਿਕਾਇਤ ਕੋਠੀ ਦੇ ਮਾਲਕ ਕੋਲ ਕਰ ਆਉਂਦੀ ਕਿ ਅਸੀਂ ਸਾਰੀਆਂ ਸਾਂਝੀਆਂ ਤਾਰਾਂ ਧੋਤੇ ਕੱਪੜੇ ਟੰਗ ਕੇ ਭਰ ਦਿੱਤੀਆਂ... ‘ਕਿਆ ਹਮਾਰਾ ਕੋਈ ਹੱਕ ਨਈਂ’... ਜਾਂ ਇੱਕੋ ਸਾਂਝੀ ਟੁਆਏਲੈੱਟ ਵਿੱਚ ਅੱਠ ਨੌਂ ਬੰਦਿਆਂ ਦਾ ਘਮਸਾਣ ਮਚ ਜਾਂਦਾ... ਜਿਸ ਨੂੰ ਸੁਖਾਲਾ ਕਰਨ ਲਈ ਮੈਂ, ਮੇਰੀ ਬੀਵੀ ਚਾਰ ਵਜੇ ਤੜਕੇ ਜਾਗ ਪੈਂਦੇ... ਮੈਂ ਇੱਕ ਵਾਰ ਹੋਰ ਟੁਆਏਲੈੱਟ ਆਪ ਸਾਫ਼ ਕਰ ਦਿੰਦਾ... ਇਹ ਉਹਨਾਂ ਸਮਿਆਂ ਦੀ ਗੱਲ ਐ ਜਦੋਂ ਮੈਨੰੂ ਮੇਰੇ ਰਿਸ਼ਤੇਦਾਰਾਂ ਨੇ ਮੋਹ ਨਾਲ ਯੌਰਪ ਤੋਂ ਮਟਰੋਲਾ ਦਾ ਮੋਬਾਇਲ ਫੋਨ ਭੇਜ ਦਿੱਤਾ ਸੀ। ਉਦੋਂ ਸਾਡੇ ਏਰੀਏ ’ਚ ਮੋਬਾਇਲ ਸੇਵਾ ਅਜੇ ਆਈ ਨਹੀਂ ਸੀ... ਤਾਂ ਮੈਂ ਟੈਲੀਫ਼ੂਨ ਲੁਆ ਲਿਆ... ਤੇ ਏਹ ਕੁੜੀਆਂ ਮੈਨੂੰ ਭਈਆ ਕਹਿ ਕੇ ਤੇ ਮੇਰੇ ਘਰਵਾਲੀ ਨੂੰ ਦੀਦੀ ਕਹਿ ਕੇ ਫੋਨ ਨੂੰ ਹੱਥ ਪਾ ਲੈਂਦੀਆਂ...“ਭਈਆ ਮੈਂ ਏਕ ਫੋਨ ਕਰ ਲੂੰ” ਪਤਾ ਨਹੀਂ ਕਿਹਨਾਂ ਨੂੰ... ਕਿੰਨੇ ਹੀ ਫੋਨ ਕਰਦੀਆਂ ਰਹਿੰਦੀਆਂ... ਕਿੰਨੇ ਈ ਨੰਬਰ ਦੋਵਾਂ ਨੂੰ ਜ਼ੁਬਾਨੀ ਯਾਦ ਸਨ... ਯਾ ਹੱਥਾਂ ’ਤੇ ਨੰਬਰ ਲਿਖੀ ਆ ਧਮਕਦੀਆਂ... ਮੈਨੂੰ ਖਿਝ ਜਹੀ ਚੜ੍ਹਾ ਦੇਂਦੀਆਂ...
ਫੇਰ ਸਪਾਈਸ ਦਾ ਸਿੰਮ ਕਾਰਡ ਵਿਕਣ ਲੱਗਿਆ। ਦੂਰੀਆਂ ਮੁੱਕੀਆਂ। ਮਹੌਲ ਕਿਤੇ ਸੁਖਾਲਾ ਹੋਇਆ। ਅਸੀਂ ਅੰਗਰੇਜ਼ਾਂ ਦੀ ਰਸੋਈ ’ਚ ਰਿੱਝੀਆਂ ਸਬਜ਼ੀਆਂ ਖਾਣ... ਤੇ ਆਪਣੀਆਂ ਵਟਾਉਣ ਲੱਗ ਪਏ...
ਘਰ ਦੀ ਰਸੋਈ ਦਾ ਸਾਰਾ ਖਰਚਾ ਜੈਕ ਆਪ ਚੁੱਕਦਾ। ਅੰਡੇ ਬਰੈੱਡ ਬਟਰ ਚਿਕਨ ਮਟਨ: “ਰਿਆਨ ਅਰੇ ਕਿਆ ਕਰ ਰਹੀ ਹੋ”?
“ਕਿਆ ਬਤਾਊਂ ਦੀਦੀ... ਵਹੀ ਕਿਚਨ ਵਹੀ ਚਿਕਨ।”
... ਬਰੇਕਫ਼ਾਸਟ ’ਚ ਵੀ ਮੁਰਗਾ... ਜੈਕ ਲਿਆਵੇ ਜਿੱਥੋਂ ਮਰਜ਼ੀ... ਘਰ, ਰਸੋਈ ਚਲਾਵੇ। ਕਦੇ ਸਾਂਝੀ ਬਾਲਕੋਨੀ ’ਚ ਹੱਥ ’ਚ ਫੜਿਆ ਵ੍ਹਿਸਕੀ ਦਾ ਪੈੱਗ ਘੁੰਮਾਉਂਦਾ ਫੁੱਟ ਪੈਂਦਾ...“ਨੋ ਸੇਵਿੰਗ... ਜਿਤਨਾ ਕਮਾਇਆ ਸਬ ਉੜਾ ਦੀਆ। ਸਬ ਬੱਚੋਂ ਕੋ ਖਿਲਾ ਦੀਆ। ਨੋ ਪੀ ਐੱਫ। ਨੋਅ ਬੈ-ਅ-ਲੈਂਸ ਇਨ ਬੈਂਕ ਅਕਾਉਂਟ!! ਨਥਿੰਗ... ੲੈਂਜੂਆਏ ਐਵਰੀ ਬਿੱਟ ਆਫ਼ ਏ ਸੈਕਿੰਡ... ਐਜ਼ ਪਰ ਯੂਅਰ ਕੌਨਸ਼ੈਂਨਸ... ਚੁਆਇਸ।” ਉਹ ਆਪਣੇ ਘਰ ਦੇ ਹੋਣ, ਕਰਨ ਵਾਲੇ ਸਾਰੇ ਕੰਮ...ਤੇ ਉਹਨਾਂ ਨੂੰ ਕਰਨਾ ਵੀ ਜਾਣਦਾ ਸੀ। ਕਈ ਕਿਸਮ ਦੇ ਮਿਸਤਰੀਆਂ ਦਾ ਮੁਜਸਮਾ... ਪੂਰੇ ਸੰਦ ਕੋਲ... ਡਰਿੱਲ ਮਸ਼ੀਨ ਲੈ ਕੇ ਬਾਥਰੂਮ, ਰਸੋਈ ਜਾਂ ਬੈੱਡ-ਰੂਮਾਂ ਦੇ ਅੰਦਰ, ਬਾਹਰ ਲੱਗਿਆ...ਘਰਰਰ ... ਘਰਰ ਕਰਦਾ ਹੁੰਦਾ...
ਜੈਕ ਟੂ-ਰੂਮ ਸੈੱਟ ਦਾ ਅੱਧਾ ਰੈਂਟ ਦਿੰਦਾ... ਅੱਧਾ ਬੱਚੇ... ਲਿੱਲੀ ਜੋ ਕਮਾਉਂਦੀ ਆਪਣੇ ਬੈਂਕ ’ਚ ਜਿੰਦਾ ਲਾਈ ਰੱਖਦੀ। ਇੱਕ ਪੰਜੀ ਨਾ ਖਰਚਦੀ... ਲਿੱਲੀ ਸਰਦਾਰਾਂ ਦੇ ਕਿਸੇ ‘ਯੌਰਪੀਨ ਸੇਂਟ’ ਦੇ ਨਾਂ ’ਤੇ ਚਲਾਏ ਦੇਸੀ ਕੌਨਵੈਂਟ ਸਕੂਲ ਵਿੱਚ ਛੇਵੀਂ ਸਤਵੀਂ ਕਲਾਸ ਦੇ ਛੋਟੇ ਬੱਚਿਆਂ ਨੂੰ ਇੰਗਲਿਸ਼, ਮੈਥ ਪੜ੍ਹਾਉਦੀ ਸੀ... ਲਿੱਲੀ ਨੂੰ ਬੁੜ੍ਹੇ ਜੈਕ ਨਾਲ ਜੋੜਕੇ ‘ਬੁੜ੍ਹੀ’ ਕਹਿਣਾ ਵੱਡੀ ਬੇਇਨਸਾਫ਼ੀ ਹੋਵੇਗੀ। ਬੁੜ੍ਹੀ ਤਾਂ ਬੁੜ੍ਹੇ ਨਾਲੋਂ ਕਿਤੇ ‘ਸਮਾਰਟ’ ਸੀ। ਉਹ ਨੌਕਰੀ ਤੋਂ ਸਿਵਾ ਕੁੱਝ ਨਹੀਂ ਸੀ ਕਰਦੀ। ਰਸੋਈ ’ਚ ਪੈਰ ਨਾ ਪਾਉਂਦੀ। ਕੁੜੀਆਂ ਕਰਨ ਆਪੇ... ਬਾਹਰ ਕਿਤੇ ਘੱਟ ਹੀ ਨਿਕਲਦੀ। ਘਰ ਹੁੰਦੀ ਤਾਂ ਫਰਾਂਸ ਦੇ ਸ਼ਹਿਜਾਦਿਆਂ ਵਾਂਗ ਸਾਰਾ ਦਿਨ ਕੁਰਸੀ ’ਤੇ ਬਿਰਾਜਮਾਨ ਹੋ ਕੇ ਕੇਬਲ ਟੀ ਵੀ ਚੈਨਲ ਉੱਤੇ ਇੰਗਲਿਸ਼ ਪਿਕਚਰਾਂ ਦੇਖਦੀ ਰਹਿੰਦੀ... ਉਹਨਾਂ ਸਮਿਆਂ, ਸਾਲਾਂ ਵਿੱਚ ਸਟਾਰ ਮੂਵੀਜ਼ ਉੱਤੇ ਬਿਨਾਂ ਕੱਟਿਆਂ ਪੂਰੀਆਂ ‘ਫੁੱਲ’ ਅਡਲਟ ਫਿਲਮਾਂ ਚਲਦੀਆਂ ਹੁੰਦੀਆਂ ਸਨ... ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਟੀ ਵੀ ਸਕਰੀਨ ਉੱਤੇ ਗੂੜ੍ਹੇ ਲਾਲ ਗੋਲ ਦਾਇਰੇ ਵਿੱਚ ‘18’ ਲਿਖਿਆ ਖੜ੍ਹਾ ਹੁੰਦਾ... ਤੇ ਲਿੱਲੀ ਆਪਣਾ ਸਾਰਾ ਵਿਹਲਾ ਸਮਾਂ ਸਟਾਰ ਮੂਵੀਜ਼ ਉੱਤੇ ‘ਬੋਲਡ’ ਪਿਕਚਰਾਂ ਦੇਖਦੇ ਲੰਘਾ ਦਿੰਦੀ।
ਇੱਕ ਦੁਪਿਹਰ ਲਿੱਲੀ ਸਕੂਲ ਤੋਂ ਪਸੀਨੋ-ਪਸੀਨਾ ਹੋਈ ਆਪਣੀ ਸਲਵਾਰ ਨੂੰ ਸੰਭਾਲਦੀ ਮੁੜੀ। ਰਿਆਨ ਨੇ ਕੁਰਸੀ ਅੱਗੇ ਕਰ ਦਿੱਤੀ: “ਸਕੂਲ ਮੇਂ ਯੂਨੀਫਾਰਮ ਹੈ ਨਾ ਟੀਚਰਜ਼ ਕਾ। ਸਲਵਾਰ ਕਮੀਜ਼। ਓ ਹੋਅ! ਮੈਂ ਵਾਪਸ ਆ ਰਹਾ... ਵਾਕਿੰਗ... ਤੋ ਮੇਰਾ... ਕਿਆ ਕਹਿਤੇ ਉਸ ਕੋ”, ਉਸ ਨੇ ਲੱਕ ਦੁਆਲੇ ਹੱਥ ਘੁੰਮਾਇਆ “ਢੀਲਾ ਹੋ ਗਯਾ... ਕਿਆ ਪੀਜਾਮਾ ਨੀਚੇ ਕੋ ਜਾਨੇ ਲਗਾ... ਨਾੜਾ... ਬਾਂਧਨਾ ਨਹੀਂ ਆਤਾ... ਆਈ ਡੋਂਟ ਨੋਅ। ਨਹੀਂ ਟਾਈਟ ਕਰਨਾ ਆਤਾ... ਰਾਸਤੇ ਮੇਂ ਰੁਕ ਗਯਾ” ਫਿੱਕੀ ਜਹੀ ਹਾਸੀ ਹੱਸਣ ਲੱਗ ਪਈ, “ਚੌਕ ਮੇਂ... ਨਾ ਆਗੇ ਜਾਨੇ ਕੋ ਸਕਤਾ... ਨਾ ਪੀਛੇ... ਪੀਜਾਮਾ ਪਕੜ ਹਮ ਫਸਾ ਰਹਾ... ਸੋ ਟੈਰੀਫ਼ਾਇੰਗ...” ਸਾਰੀ ਗੱਲ ਉਹ ਸਾਡੇ ਸਾਹਮਣੇ ਆਪਣੀ ਧੀ ਦੇ ਕੇ ਕੋਲ ਬੈਠਿਆਂ ਹੀ ਬੋਲ ਗਈ। ਆਪਣੇ ਧੀਆਂ ਪੁੱਤਾਂ ਦੇ ਯਾਰ ਬੇਲੀਆਂ ਬਾਰੇ ਕਹਿੰਦੀ: ‘‘ਦੋਸਤ ਹੋਤੇ ਹੈਂ। ਮਿਲੋ। ਗੂੰਮੋ। ਫਿਰੋ। ਕਮਰੇ ਮੇਂ ਬੈਠੋ। ਬਟ ਡੋਂਟ ਕਲੋਜ਼ ਦਾ ਡੋਰ।’’
ਉਸ ਨੂੰ ਬੱਚਿਆਂ ’ਚ ਬੱਚਾ ਬਣੇ ਰਹਿਣ ਦਾ ਜਨੂਨ ਸੀ...“ਜਬ ਲੰਚ ਮੇਂ ਬੱਚਾ ਲੋਗ ਅਪਨਾ ਟਿਫ਼ਨ ਸੇ ਖਾਨਾ ਖਾਤੇ ਤੋ ਮੇਰਾ ਬਹੁਤ ਦਿਲ ਕਰਤਾ ਪਰਾਂਠੀ ਖਾਨੇ ਕੋ... ਆਪ ਜਰੂਰ ਕਿਸੀ ਦਿਨ ਮੇਰੇ ਕੋ ਖਿਲਾਨਾ... ਅਚਾਨਕ ਖਿਲਾ ਦੇਨਾ... ਔਰ ਸਾਥ ਮੇਂ ਅਚਾਰ... ਚਾਏ ਵੀ ਦੇਨਾ... ਆਪ ਲੋਗੋਂ ਕੇ ਸਾਗ ਔਰ ਮੱਕੀ ਕੀ ਰੋਟੀ ਮੁਝੇ ਬਹੁਤ ਪਸੰਦ ਹੈ... ਅਭੀ ਮੂੰਹ ਮੇਂ ਪਾਨੀ ਆ ਗਿਆ...” ਕਦੇ ਕਹਿੰਦੀ “ਮੇਰਾ ਸੰਨ-ਸਾਈਨ ਲੀਓ ਹੈ। ਲੌਅਇਨ!! ਹੇ ਡੇਅਰਿੰਗ...”
ਕਿਸੇ ਦਿਨ ਜੈਕ ਸ਼ਹਿਰ ਦੇ ਵੱਡੇ ਸਲੰਮ ਵਿੱਚੋਂ ਕਿਸੇ ਝਟਕਈ ਦੇ ਅੱਠ ਕੁ ਸਾਲ ਦੇ ਬੱਚੇ ਨੂੰ ਆਪਣੇ ਘਰ ਲੈ ਆਇਆ। ਲਿੱਲੀ ਕੋਲ ਪੜ੍ਹਨ ਲਈ ਬਿਠਾ ਦਿੱਤਾ। ਝਟਕਈ ਤੋਂ ਉਹ ਤਾਜ਼ਾ ਚਿਕਨ, ਮਟਨ ਖਰੀਦਦਾ ਸੀ। ਝਟਕਈ ਨੇ ਪਿਛਲੇ ਸਾਲ ਇਸਾਈ ਬਣਕੇ ਆਪਣਾ ਨਾਂ ਜੋਨਜ਼ ਮਸੀਹ ਭੱਟੀ ਰੱਖ ਲਿਆ। ਸੰਡੇ ਨੂੰ ਧੋਤੇ ਕੱਪੜੇ ਪਾ ਕੇ ਚਰਚ ਜਾਣ ਲੱਗ ਪਿਆ... ਝਟਕਈ ਦੁਪਿਹਰ ਨੂੰ ਦੋ ਵਜੇ ਮੁੰਡੇ ਨੂੰ ਲਿੱਲੀ ਦੇ ਕਮਰੇ ਦੇ ਬਾਹਰ ਛੱਡ ਜਾਂਦਾ। ਜੈਕ ਨੇ ਮੁੰਡੇ ਲਈ ਕਮਰੇ ਦੇ ਬਾਹਰ ਪੌੜੀਆਂ ਵਿੱਚ ਇੱਕ ਕੁਰਸੀ ਰੱਖੀ ਹੋਈ ਸੀ। ਝਟਕਈ ਮੁੰਡੇ ਨੂੰ ਕੁਰਸੀ ’ਤੇ ਬਿਠਾਕੇ...‘ਪੁੱਤ ਐਥੇ ਈ ਬੈਠਾ ਰਹੀਂ... ਕਿਤੇ ਨੀਂ ਜਾਣਾ, ਪੌੜੀਆਂ ਨੀਂ ਉਤਰਨਾ... ਚੰਗਾ’ ਕਹਿਕੇ ਆਪ ਪੌੜੀਆਂ ਉਤਰ ਜਾਂਦਾ... ਤੇ ਇਹ ਵੀ ਨਾ ਸੋਚਦਾ ਕਿ ਜੇ ਬੱਚੇ ਨੂੰ ਟੱਟੀ ਪਿਸ਼ਾਬ ਆ ਜਾਵੇ ਤਾਂ ਕੀ ਕਰੇ, ਕਿੱਥੇ ਜਾਵੇ। ਲਿੱਲੀ ਨੇ ਦੋ ਚਾਰ ਦਿਨ ਬੱਚੇ ਨੂੰ ਪਹਿਲਾਂ ਹੀ ਲਿਖਿਆ ਹੋਇਆ ਕਾਗਜ਼ ਹੱਥ ਫੜਾਕੇ ਬੁਲਵਾ ਦਿੱਤਾ... ਤੇ ਫੇਰ... ਉਹ ਮੁੰਡਾ ‘ਕੱਲਾ ਹੀ ਬਾਹਰ ਬੈਠਾ ਰਹਿੰਦਾ... ਬੈਠਾ ਰਹਿੰਦਾ... ਕੋਈ ਨਾ ਪੁੱਛਦਾ... ਉਵੇਂ ਹੀ ਖਾਲ-ਮ-ਖਾਲੀ ਬਾਪ ਨਾਲ ਮੁੜ ਜਾਂਦਾ... ਲਿੱਲੀ ਬਾਹਰ ਹੀ ਨਾ ਨਿਕਲਦੀ...
ਕਿਸੇ ਸੰਡੇ ਸਰਦੀਆਂ ’ਚ ਦੁਪਿਹਰ ਨੂੰ ਬਾਹਰ ਧੁੱਪ ਸੇਕਦੇ ਮੈਂ ਆਪਣੇ ਮਨ ’ਚ ਕਦੋਂ ਦੀ ਅਟਕੀ ਗੱਲ ਬਕ ਦਿੱਤੀ “ਯੂ ਆਰ ਪ੍ਰੋਟੈੱਸਟੈਂਟ...?” ਤੇ ਉਹ ਛਿੜ ਪਈ:
“ਨੋਅ... ਨੋਅ, ਪ੍ਰੋਟੈੱਸਟੈਂਟ ਨਈਂ ਹਮ... ਮੈਂ ਰੋਮਨ ਕੈਥਲਿਕ ਹੂੰ!! ਯੇ ਕਿਆ ਹੈ ਇੰਡਿਆ ਮੇਂ ਲੋਗ ਬੈਨੇਫ਼ਿਟ ਲੇਨਾ ਕਾ ਵਾਸਤੇ ਕਿ੍ਰਸ਼ਚੀਅਨ ਬਨ ਰਹਾ... ਕੌਨਵੈਂਟ ਮੇਂ ਅਡਮਿਸ਼ਨ ਮਿਲ ਜਾਏਗਾ! ਕੋਈ ਔਰ ਪ੍ਰਾਇਓਰਟੀ ਮਿਲ ਜਾਏਗਾ! ਜੋਬ ਮਿਲ ਜਾਏਗਾ... ਅਬਾਰਸ਼ਨ ਕਰਵਾ ਰਹੇ ਹੈਂ... ਡਾਈਵੋਰਸ ਲੇ ਰਹੇ ਹੈਂ... ਹਂਅ? ਯੇ ਗੌਡ ਕਾ ਮਰਜ਼ੀ ਨਈਂ ਹੈ। ਬਿਲਕੁਲ ਨਈਂ। ਮੈਂ ਦੂਸਰਾ ਸ਼ਾਦੀ ਬਨਾ ਸਕਤਾ?? ਬਿਲਕੁਲ ਨਈਂ... ਹਾਂ... ਜਬ ਯੇ ਬੂਢਾ ਮਰ ਜਾਏਗਾ ਤੋ ਮੈਂ ਦੂਸਰਾ ਸ਼ਾਦੀ ਬਨਾ ਸਕਤਾ। ਮੇਰਾ ਰੀਲੀਜ਼ਨ ਰੋਮਨ ਕੈਥਲਿਕ ਹੈ ਨਾ!” ਚੁੱਪ ਹੋ ਕੇ ਸੋਚੀਂ ਪਈ ਉਹ ਮੈਨੂੰ ਕੋਲ ਬੈਠੇ ਨੂੰ ਭੁੱਲ ਹੀ ਗਈ... ‘ਜਬ ਯੇ ਬੂਢਾ ਮਰ ਜਾਏਗਾ’ ਸੁਣਕੇ ਮੈਨੂੰ ਜੈਕ ਦੀ ਲਾਸ਼ ਕਿਸੇ ਸ਼ਮਸ਼ਾਨ ਘਾਟ ਵਿੱਚ ਜਲਦੀ ਦਿਸਣ ਲੱਗ ਪਈ।
ਕਦੇ ਲੈਂਡ ਲੌਰਡ ਦਾ ਵੀ ਤਵਾ ਲਾ ਦੇਂਦੀ, “ਲੈਂਡ ਲੋਰਡ ਜੈਂਟਲਮੈਨ ਨਹੀਂ .. ਜੈਸੀਕਾ ਕੋ ਪਕੜ ਕੇ ਐਸੇ ਅਪਨੇ ਸਾਥ ਲਗਾ ਲੀਆ... ਮੈਂ ਨੀਚੇ ਗਿਆ ਤੋ ਉਸਨੇ ਡਾਇਰੈਕਟਲੀ ਮੇਰੀ ਆਖੋਂ ਮੇਂ ਦੇਖਾ...ਐਸੇ। ਨੋਅ।” ਤੇ ਉਸ ਬੰਦੇ ਨੂੰ ਵੀ ਖਾਰਜ ਕਰ ਦਿੱਤਾ।
ਜਦੋਂ ਪੋਪ ਜੌ੍ਹਨ ਪੌਲ ਰੋਮ ਤੋਂ ਇੰਡੀਆ ਆਇਆ ਤਾਂ ਜੈਕ ਆਪਣੇ ਇਸ਼ਟ ਦੇ ਦਰਸ਼ਨ ਕਰਨ ਦੋ ਦਿਨ ਪਹਿਲਾਂ ਹੀ ਦਿੱਲੀ ਪਹੁੰਚ ਗਿਆ...“ਮੈਂ ਸੜਕ ਕੇ ਕਿਨਾਰੇ ਪੇ ਖੜਾ ਥਾ। ਫਾਦਰ ਨੇ ਬਿਲਕੁਲ ਮੇਰੀ ਆਖੋਂ ਮੇਂ ਆਖੇਂ ਡਾਲ ਕਰ ਸੀਧੇ ਐਸੇ ਮੁਝੇ ਦੇਖਾ। ਵੈਰੀ ਕਲੋਜ਼ਲੀ! ਐਸੇ! ਐਸੇ!!” ਉਸਨੇ ਹੁਲਾਸ ਭਰੀ ਨਿਗ੍ਹਾ ਨਾਲ ਮੇਰੀਆਂ ਅੱਖਾਂ ’ਚ ਗੌਹ ਨਾਲ ਦੇਖਿਆ। ਲਗਾਤਾਰ ਦੇਖਦਾ ਰਿਹਾ। ਦੇਖਦਾ ਰਿਹਾ। ਕੀ ਸੀ ਮੇਰੀਆਂ ਅੱਖਾਂ ’ਚ?
“ਰੀਅਲੀ!! ਯੈੱਸ!!!” ... ਤੇ ਪੋਪ ਦੇ ਮੁੜ ਜਾਣ ਤੋਂ ਬਾਅਦ ਵੀ ਉਹ ਦੋ ਦਿਨ ਦਿੱਲੀ ਦੀਆਂ ਸੜਕਾਂ ਕਿਨਾਰੇ ਰੋਂਦਾ ਘੁੰਮਦਾ ਰਿਹਾ... ਅੱਖਾਂ ਹੁਣ ਵੀ ਸਿੱਲ੍ਹੀਆਂ ਲੱਗੀਆਂ... ਬੋਲ ਕਿਸੇ ਭਾਵਨਾ ਨਾਲ ਲਬਰੇਜ਼।
ਮੈਂ ਫ਼ਰੇਜ਼ਰਾਂ ਵਿਚਕਾਰ ਜੀਅ ਕੇ ਉਹਨਾਂ ਨੂੰ ਲੱਭਣਾ, ਲਗਾਤਾਰ ਹੱਥਾਂ ਵਿੱਚ ਠੂਠਾ ਫੜ ਕੇ ਉਹਨਾਂ ਦੀ ਕੋਈ ਗੱਲ ਨੂੰ ਉਡੀਕਦੇ ਰਹਿਣਾ... ਕੀ ਹੋ ਗਿਆ ਸੀ ਮੈਨੂੰ? ਵਿਹਲੇ ਹੋਣਾ ਤਾਂ ਉਹਨਾਂ ਬਾਰੇ ਸੋਚੀ ਜਾਣਾ... ਕਿੱਥੇ ਹੋਣਗੇ ਉਹ ਐਸ ਵੇਲੇ... ਕੀ ਕਰਦੇ ਹੋਣਗੇ... ਚਾਰੋ-ਪੰਜੇ ਜਣੇ। ਕਿਸੇ ਰੱਬ ਦੇ ਜੀਅ। ਮਾਂ। ਬਾਪ। ਧੀਆਂ। ਪੁੱਤ... ਪੁੱਤ ਜੋ ਪਹਿਲੇ ਦਿਨ ਸਮਾਨ ਰਖਾਉਣ ਨਾਲ ਨਹੀਂ ਸੀ ਆਇਆ... ਕਿਓਂ ਨਹੀਂ ਸੀ ਆਇਆ ਆਪਣੇ ਮਾਂ ਬਾਪ ਦੀ ਮੱਦਦ ਕਰਨ... ਬਰੂਡੀ... ਕਿੱਥੇ ਐ ਉਹ? ਕਿੱਥੇ ਮਰ ਗਿਆ ਬਰੂਡੀ ਦਾ ਬੱਚਾ??
...ਤੇ ਇਹ ਵਿਚਾਲੜਾ ਵਿਹਲੜ ਮੁੰਡਾ... ਬਰੂਡੀ... ਮੁੰਡਾ ਵੀ ਬਹੁਤ ਸੁਹਣਾ, ਲੰਬਾ ਲੰਝਾ... ਸਮਾਰਟ। ਜੇ ਮੈਂ ਕਦੇ ਜੈਕ ਨੂੰ ਅੱਧਾ ਕੁ ਹੋ ਕੇ ਪੁੱਛਣਾ ‘ਬਰੂਡੀ ਲੜਕਾ ਕਿਆ ਕਰਤਾ’... ਤਾਂ ਜੈਕ ਕੀ... ਮੇਰੇ ਇਹ ਸਾਰੇ ਅੰਗਰੇਜ਼ ਉਸਨੂੰ ਚਰਚ ਵਿੱਚ ਕੰਮ ਕਰਦਾ ਦੱਸਦੇ। ਮੈਨੂੰ ਕੁਝ ਸਮਝ ਨਾ ਲਗਦੀ ਕਿ ਇਹ ਚਰਚ ਵਿੱਚ ਕੀ ਕੰਮ ਕਰਦਾ। ਗਿਰਜਾਘਰ ਈਸਾਈਆਂ ਦਾ ਗੁਰਦੁਆਰਾ ਈ ਤਾਂ ਹੁੰਦੈ। ਗਿਰਜਾਘਰ ਤਾਂ ਇੱਟਾਂ ਸੀਮਿੰਟ ਦਾ ਪਹਿਲਾਂ ਈ ਉੱਚਾ ਬਣਿਆ ਹੁੰਦੈ। ਹੋਰ ਗਿਰਜਾਘਰ ਵਿੱਚ ਕਮਾਈ ਵਾਲਾ ਕਿਹੜਾ ਕੰਮ ਮਿਲਦਾ? ਪਹਿਲੇ ਦਿਨ ਜਿੱਦਣ ਇਹ ਆਏ ਬਰੂਡੀ ਦਿਸਿਆ ਨਹੀਂ ਸੀ। ਬਾਅਦ ਵਿੱਚ ਵੀ ਉਹ ਘਰ ਕਦੇ ਘੱਟ ਈ ਦਿਸਦਾ। ਕਦੇ ਈ ਘਰ ਮਾਂ ਬਾਪ ਕੋਲ ਆਉਂਦਾ... ਇੱਕ ਰਾਤ, ਦੂਜੀ ਰਾਤ... ਤੀਜੀ ਰਾਤ ਦਾਰੂ ਪੀ ਕੇ ਰੌਲਾ ਪਾਉਂਦਾ... ਲੜ ਕੇ... ਖਰੂਦ ਪਾ ਕੇ ਲੰਘ ਜਾਂਦਾ... ਪਤਾ ਨਹੀਂ ਕਿੱਥੇ ਅਵਾਰਾ ਘੰੁਮਦਾ ਰਹਿੰਦਾ?
ਉਸ ਦਿਨ ਘਰ ਮੈਂ ਇਕੱਲਾ ਸੀ। ਲਗਾਤਾਰ ਤੇਜ ਬਾਰਿਸ਼ ਹੋ ਰਹੀ ਸੀ। ਸਰਦੀ ਵੀ ਬਹੁਤ ਤੇਜ ਸੀ। ਜਦੋਂ ਸਿਆਲ ’ਚ ਮੀਂਹ ਪੈਣ ਲੱਗੇ ਤਾਂ ਮੇਰੀ ਜੀਭ ਮੂਤਣ ਲੱਗ ਪੈਂਦੀ। ਮੀਟ ਖਾਣ ਨੂੰ। ਮੀਟ ਦਾ ਖਿਆਲ ਆਉਂਦਿਆਂ ਈ ਮੇਰਾ ਮੂੰਹ ਰਾਲਾਂ ਨਾਲ ਭਰ ਗਿਆ। ਮੀਂਹ ਥੋੜ੍ਹਾ ਰੁਕਿਆ ਤਾਂ ਮੈਂ ਸਕੂਟਰ ’ਤੇ ਭੱਜਿਆ ਤੇ ਝੌਂਪੜਪੱਟੀ ਵਿੱਚ ਚਲਦੇ ਮੀਟ ਦੇ ਖੋਖੇ ਤੋਂ ਬੱਕਰੇ ਦੀ ਮੂਹਰਲੀ ਲੱਤ ਲੈ ਆਇਆ:
“ਭਈਆ ਬੜੀ ਖੂਸ਼ਬੂ ਆ ਰਹੀ ਐ।” ਮੀਟ ਅਜੇ ਬਣ ਰਿਹਾ ਸੀ ਕਿ ਬਰੂਡੀ ਪਤਾ ਨਹੀਂ ਕਿੱਥੋਂ ਆ ਟਪਕਿਆ। ਉਸਨੇ ਸੁਆਲ ਵਰਗੀ ਗੱਲ ਕੀਤੀ। ਉਹ ਵੀ ਇਕੱਲਾ ਸੀ।
“ਬਰੂਡੀ... ਆ ਜਾ ਅੰਦਰ ’’ ਮੈਂ ਕੁੱਝ ਯਰਕਦਿਆਂ ਸਰਸਰੀ ਉਸਨੂੰ ਕਿਹਾ। ਉਹ ਗਿੱਲੇ, ਚੋਂਦੇ ਰੇਨ ਕੋਟ ਸਮੇਤ ਅੰਦਰ ਨਹੀਂ ਸੀ ਆਉਣਾ ਚਾਹੰੁਦਾ।
“ਭਈਆ...” ਤੇਜ ਪੈਂਦੇ ਮੀਂਹ ਵਿੱਚ ਉਹ ਮੇਰੀ ਨੀਵੀਂ ਛੱਤਵਾਲੀ ਰਸੋਈ ਦੇ ਟੀਨ ਦੇ ਦਰਵਾਜ਼ੇ ਦੇ ਬਾਹਰ ਰੇਨ ਕੋਟ ਵਿੱਚ ਲੁਕਿਆ ਖੜ੍ਹਾ ਰਿਹਾ। ਉਸ ਦੀਆਂ ਅੱਖਾਂ ਹੀ ਦਿਸ ਰਹੀਆਂ ਸਨ।
“ਭਈਆ ਬੜੀ ਖੁਸ਼ਬੂ ਆ ਰਹੀ ਐ।’’, ਸ਼ਾਮ ਹੋ ਹੀ ਚੁੱਕੀ ਸੀ।
“ਕੁਸ਼ ਨਹੀਂ” ਮੈਂ ਸਮਝ ਗਿਆ ਕਿ ਉਸਦੇ ਨੱਕ ਨੂੰ ਮੇਰੇ ਮੀਟ ਦੀ ਮੁਸ਼ਕ ਆ ਚੁੱਕੀ ਸੀ। “ਭਈਆ ਕਿਆ ਪਕਾਇਆ। ਬਹੁਤ ਬਾਰਿਸ਼ ਹੋ ਰਹੀ ਹੈ। ਅਵ ਮੈਂ...” ਪਰ ਮੈਂ ‘ਕੱਲੇ ਨੇ ਮਸਾਂ ਤਾਂ ਮੀਟ ਬਣਾਇਆ ਸੀ। ਕੌਣ ਬਣਾਵੇ। ਪਕਾਵੇ। ਗੁੰਨਿਆ ਹੋਇਆ ਹੋਰ ਆਟਾ ਵੀ ਨਹੀਂ ਸੀ। ਰੋਟੀਆਂ ਵੀ ਮੇਰੇ ਕੋਲ ਚਾਰ ਹੀ ਸਨ। ੲ੍ਹੀਦੇ ਵਿੱਚੋਂ ਮੈਂ ਉਸ ਨੂੰ ਕੀ ਦੇ ਸਕਦਾ ਸਾਂ। ਮੀਟ ਖਾਣ ਨੂੰ ਤਾਂ ਮੈਂ ਆਪ ਹੀ ਸ਼ੇਰ ਸੀ... ਲੌਅਇਨ...
ਮੈਂ ਪੁੱਛਿਆ,“ਪੈੱਗ ਲਾਓਣਾ?”
“ਭਈਆ, ਕੁਛ ਭੀ ਖਿਲਾਅ ਦੋ। ਪਿਲਾਅ ਦੋ” ਉਹ ਖਾਣ ਨਾਲੋਂ ਪੀਣ ਦਾ... ਸੌਖਾ ਕੌੜਾ ਲਾਲਚ ਕਰ ਗਿਆ। ਘਰ ਵਿੱਚ ਮੇਰੇ ਕੋਲ ਸ਼ਰਾਬ ਦੀਆਂ ਕਈ ਬੋਤਲਾਂ ਪਈਆਂ ਸਨ। ਓਲਡ ਮੌਂਕ ਖੁੱਲੀ ਪਈ ਸੀ। ਇਸ ਵਿੱਚ ਮੈਂ ਕੁੱਝ ਨਹੀਂ ਸੀ ਕਰਨਾ। ਜਿਵੇਂ ਕੋਈ ਪਾਣੀ ਮੰਗੇ ਤਾਂ ਦੇ ਦੇਈਦਾ ਏ... ਮੈਂ ਸਟੀਲ ਦੇ ਗਿਲਾਸ ਵਿੱਚ ਮੋਟਾ ਪੈੱਗ ਰੰਮ ਉਲੱਦ ਦਿੱਤੀ। ਪਾਣੀ ਪਾਇਆ... ਉਸ ਨੂੰ ਬਾਹਰ ਮੀਂਹ ਵਿੱਚ ਖੜ੍ਹੇ ਨੂੰ ਹੀ ਦੇ ਦਿੱਤਾ। ਉਸ ਨੇ ਗਿਲਾਸ ਫੜ ਕੇ ਡਕਾਰ ਲਿਆ। ਉਹ ਮੇਰੇ ਕੋਲੋਂ ਚਲਿਆ ਜਾਵੇ... ਮੇਰੇ ਮਟਨ ਦੀ ਖੁਸ਼ਬੂ ਹੋਰ ਨਾ ਸੁੰਘੇ... ਇਹ ਸੋਚਦਿਆਂ ਪੰਜ ਸੱਤ ਮਿੰਟ ਬਾਅਦ ਮੈਂ ਦੂਸਰਾ ਪੈੱਗ ਓਡਾ ਈ ਹੋਰ ਭਰ ਕੇ ਦੇ ਦਿੱਤਾ... ਭਾਵੇਂ ਕਿ ਦੋ ਪੈੱਗਾਂ ਦੇ ਵਿਚਾਲੇ ਉਸਨੇ ਇੱਕ ਵਾਰ ਫੇਰ ਕਹਿ ਦਿੱਤਾ “ਦੇਖੋ ਨਾ ਭਈਆ... ਬਾਹਰ ਕਿਤਨੀ ਬਾਰਿਸ਼ ਹੋ ਰਹੀ ਹੈ... ਕਿਤਨੀ ਠੰਡ ਪੜ ਰਹੀ ਹੈ।” ਰੰਮ ਉਸ ਨੂੰ ਚੜ੍ਹ ਰਹੀ ਸੀ, “ਥੋੜ੍ਹੀ ਸੀ ਔਰ ਹੈ ’’... ਮੈਂ ਖੁਸ਼ ਹੋ ਗਿਆ ਕਿ ਹੁਣ ਉਸ ਦੀ ਮੰਗ ਮੀਟ ਜਾਂ ਰੋਟੀ ਦੀ ਨਹੀਂ... ਕੁਝ ਹੋਰ ਰੰਮ ਦੀ ਸੀ।
“ਭਈਆ...” ਦੇਰ ਤੋਂ ਉਹ ਮੀਂਹ ਵਿੱਚ ਅੜਿਆ ਖੜ੍ਹਾ ਸੀ।
“ਨਾਓ ਗੋ ਟੂ ਯੂਅਰ ਰੂਮ...” ਮੈਂ ਉਸ ਦੀ ਮਾਂ ’ਤੋਂ ਸੁਣਿਆ ਵਾਕ ਯਾਦ ਕਰਕੇ ਦੁਹਰਾ ਦਿੱਤਾ... ਤੇ ਰੰਮ ਦਾ ਆਖ਼ਰੀ ਛੋਟਾ ਪੈੱਗ ਖਿੱਚ ਕੇ ਉਹ ਬਾਰਿਸ਼ ਦੇ ਪਾਣੀ ਵਿੱਚ ਹੀ ਕਿਧਰੇ ਰੁੜ ਗਿਆ ... ਆਪਣੇ ਘਰ ਵਿੱਚ ਗੁੰਮ, ਗੁਆਚ ਗਿਆ।
... ਇੱਕ ਸੰਡੇ ਜਦੋਂ ਸਭ ਚਰਚ ਗਏ ਹੋਏ ਸਨ ਤਾਂ ਉਸਨੇ ਇੱਕ ਵਕੀਲ ਕੁੜੀ ਕਮਰੇ ’ਚ ਬੁਲਾ ਲਈ। ਕਾਲੇ ਕੱਪੜਿਆਂ ’ਚ ਕਣਕਵੰਨੇ ਰੰਗ ਦੀ ਕੁੜੀ। ਉਸਨੇ ਐਕਟੀਵੇ ’ਤੇ ਵਾਪਸ ਮੁੜਦੀ ਨੇ ਹੇਠੋਂ ਜਦੋਂ ਗਰਦਣ ਮਰੋੜ ਕੇ ਬਰੂਡੀ ਨੂੰ ‘ਬਾਏ’ ਕੀਤੀ ਤਾਂ ਮੈਂ ਬਰੂਡੀ ਦੇ ਪਿੱਛੇ ਉਸ ਦੀ ਸਮਝ ਤੋਂ ਪਰੇ ਲੁਕਿਆ ਖਲੋਤਾ ਸੀ... “ਆਜ ਤੋ ਭਈਆ ਕਿਆ ਕਹੂੰ! ਆਨੰਦ ਆ ਗਿਆ। ਕਮਾਲ ਐ। ਸਾਲੀ ਇਤਨੀ ਤੇਜ... ਕਹਿਤੀ ਸਾਲੇ ਤੂੰ ਚੁਪ ਕਰਕੇ ਲੇਟ ਜਾ। ਮੈਂ ਖੁਦ ਹੀ ਕਰ ਲੂੰਗੀ ਸਬ ਕੁਸ਼। ਇਸ ਕਾ ਡੈਡੀ ਬੜਾ ਸੀਨੀਅਰ ਵਕੀਲ ਹੈ। ਮਜ਼ਾ ਆ ਗਿਆ। ਮੈਂ ਫ਼ਟਾਫ਼ਟ ਨਹਾ ਲੀਆ। ਸਾਰੇ ਕੱਪੜੇ ਧੋ ਦੀਏ। ਬੈੱਡ ਸ਼ੀਟ ਵੋਹ ਦੇਖੋ। ਰਗੜ ਕਰ ਤਾਰ ਪੇ ਲਟਕਾ ਦੀ” ਉਹਨੂੰ ਹੋਰ ਬੋਲੀ ਜਾਂਦਾ ਸੁਣਨਾ ਔਖਾ ਲੱਗਿਆ। ਸੀਨੀਅਰ ਵਕੀਲ ਦੀ ਹਾਈ ਕੋਰਟ ’ਚ ਵਕਾਲਤ ਸਿੱਖਦੀ ਵਕੀਲ ਕੁੜੀ ਮੈਂ ਥੱਲੇ ਪਾਰਕ ਦੇ ਕੋਲੋਂ ਐਕਟੀਵੇ ’ਤੇ ਆਉਦੀ ਵੀ ਵੇਖੀ ਸੀ... ਕੁਦਰਤੀ ਗੱਲ ਐ ਜਾਂਦੀ ਵੀ ਵੇਖੀ। ਮੈਨੂੰ ਲੱਗਿਆ ਕਿ ਬਰੂਡੀ ਮੈਨੂੰ ਕੋਈ ਫਿਲਮੀ ਸਟੋਰੀ ਸੁਣਾ ਰਿਹਾ ਸੀ। ਜਿਸ ਵਿੱਚ ਭੋਰਾ ਵੀ ਸੱਚ ਨਾ ਹੋਵੇ। ਤਾਂ ਵੀ ਉਸ ਕੁੜੀ ਦੇ ਆਉਣ ਤੇ ਜਾਣ ਵਿਚਾਲੇ ਜੋ ਵਾਪਰਿਆ...ਤੇ ਜੋ ਬਰੂਡੀ ਨੇ ਮਸਾਲਾ ਲਾ ਕੇ ਮੈਨੂੰ ਸੁਣਾਇਆ ਉਹ ਦਿਮਾਗ ਵਿੱਚ ਫਸਿਆ ਭੁੱਲਦਾ ਨਹੀਂ... ਸਟਾਰ ਮੂਵੀਜ਼ ਦੇ ਕਿਸੇ ਵਿਸ਼ੇਸ਼ ਅਡਲਟ ਕਲਿੱਪ ਵਾਂਗ। ਜੋ ਮੂਲ ਫ਼ਿਲਮ ’ਚੋਂ ਡਲੀਟ ਕਰ ਦਿੱਤਾ ਗਿਆ ਹੋਵੇ...
ਸਾਨੂੰ ਨਹੀਂ ਸੀ ਪਤਾ ਕਿ ਮੌਡਰਨ ਹੋਣ ਦਾ ਕੀ ਮਤਲਬ ਹੁੰਦਾ। ਪਰ ਅਸੀਂ ਉਹਨਾਂ ਨੂੰ ਮੌਡਰਨ ਹੀ ਸਮਝਦੇ ਸਾਂ। ਜੇ ਉਹ ਕਿਸੇ ਫੰਕਸ਼ਨ ’ਤੇ ਜਾਂਦੇ ਤਾਂ ਮਾਂਵਾਂ-ਧੀਆਂ ਕਿਸੇ ਨਾਟਕ ਦੇ ਐਕਟਰਾਂ ਵਾਂਗ ਤਿਆਰ ਹੁੰਦੀਆਂ... ਉਫ਼! ਮੈਂ ਹੁਣ ਲਗਾਤਾਰ ਫ਼ਰੇਜ਼ਰਾਂ ਬਾਰੇ ਹੀ ਸੋਚਦਾ ਰਹਿੰਦਾ। ਮੈਂ ਉਹਨਾਂ ਬਾਰੇ ਦੇਖੀਆਂ ਸੁਣੀਆਂ ਗੱਲਾਂ ਇਕੱਠੀਆਂ ਕਰਨ ਲੱਗਾ ਹੋਇਆ ਸਾਂ... ਰਿਆਨ ਹੋਟਲਾਂ ਵਿੱਚ ਫਰੰਟ ਆਫ਼ਿਸ ਵਿੱਚ ਕੰਮ ਕਰਦੀ ਸੀ... ਕਦੇ ਕਿਸੇ ਹੋਟਲ ’ਚ... ਕਦੇ ਕਿਤੇ ਤੇ ਕਦੇ ਕਿਤੇ... ਤੇ ਕਦੇ ਦੋ ਦੋ ਮਹੀਨੇ ਵਿਹਲੀ ਰਹਿੰਦੀ... ਤੇ ਜੈਸੀਕਾ ਵੱਡੇ ਸਰਕਾਰੀ ਹੋਟਲ ਵਿੱਚ ਰਿਸੈਪਸ਼ਨਿਸਟ ਦੀ ਪੱਕੀ ਨੌਕਰੀ ਕਰਦੀ ਸੀ। ਪਤਾ ਨਹੀਂ ਕਿਹੜਾ ਮਹੀਨਾ, ਤਿੱਥ, ਵਾਰ ਸੀ... ਕਿ ਜੈਸੀਕਾ ਨੇ ਮੇਰੇ ਸਾਹਮਣੇ ਆਪਣੀ ਛੋਟੀ ਭੈਣ ਨੂੰ ਇਹ ਕਹਿਕੇ ਮੇਰਾ ਦਿਮਾਗ ਸੁੰਨ ਕਰ ਦਿੱਤਾ :“ਤੀਨ ਮਹੀਨੇ ਸੇ ਕਾਮ ਨਹੀਂ ਕਰ ਰਹੀ... ਮੈਂ ਸੋਚੂੰ ਅਰੇ ਤੂ ਕਮਾਏਗੀ ਨਹੀਂ ਤੋ ਖਾਏਗੀ ਕਹਾਂ ਸੇ।” ਅਗਲੇ ਹਫ਼ਤੇ ਰਿਆਨ ਨੂੰ ਸਪਾਇਸ ਮੋਬਾਇਲ ਕੰਪਨੀ ਵਿੱਚ ਮਾਰਕੀਟਿੰਗ ਦਾ ਕੰਮ ਮਿਲ ਗਿਆ ਸੀ।
ਉਹ ਸਾਰੇ ਸਵੇਰੇ ਪਾਣੀ ਪੀ ਕੇ ਉਲਟੀ ਜਰੂਰ ਕਰਦੇ... ਸਟਮਕ ਅੱਪ ਸਾਈਡ ਡਾਊਨ। ਕਦੇ ਸਾਰੇ ਬਾਹਰ ਸਾਡੇ ਮੰਜੇ ਉੱਤੇ ਬੈਠੇ ਦੰਦਾਂ ਵਿਚਾਲੇ ਮਜਬੂਤ ਧਾਗਾ ਫੇਰ ਕੇ ਦੰਦਾਂ ਵਿੱਚੋਂ ਗੰਦ ਖੁਰਚਣ ਲੱਗੇ ਹੁੰਦੇ।
“ਦੀਦੀ ਆਜ ਸੰਡੇ ਹੈ। ਸਫ਼ਾਈ ਸਫ਼ੂਈ ਕਰੇਂ।”
“ਮੈਂ ਸਮਝੀ ਜੈਸੀਕਾ ਸ਼ਾਇਦ ਬਾਹਰ ਵਿਹੜਾ ਪਾਣੀ ਮਾਰ ਕੇ ਧੋਣ ਨੂੰ ਕਹਿ ਰਹੀ ਹੈ। ਪਰ ਉਹ ਤਾਂ...” ਮੇਰੇ ਸਾਹਮਣੇ ਉਹ ਆਪਣੇ ਦੋਸਤ ਮਿੱਤਰਾਂ ਨੂੰ ਰਸਮੀ ਕਿੱਸ ਕਰਦੇ ਤਾਂ ਮੈਂ ਇਸ ਦੁਨੀਆ ਵਿੱਚੋਂ ਮਨਫ਼ੀ ਹੋ ਜਾਂਦਾ... ਕਦੇ ਉਹ ਸ਼ਰਾਰਤੀ ਲਹਿਜ਼ੇ ’ਚ... ਤੇ ਕਦੇ ਸੀਰੀਅਸਲੀ ਮੇਰੀ ਸ਼ਿਕਾਇਤ ਲਗਾੳਂੁਦੀਆਂ ਕਿ ਮੈਂ ਉਹਨਾਂ ਨੂੰ ਤਾੜਦਾ ਰਹਿੰਦਾਂ...
ਮੈਂ ਆਪਣੇ ਘਰ ਵਿੱਚ ਇਕੱਲਾ ਮੰਨੋ ਕੁੱਲ ਦੁਨੀਆ ਤੋਂ ਲੁਕ ਕੇ ਸਟੀਲ ਦੇ ਗਿਲਾਸ ’ਚ ਸ਼ਰਾਬ ਪੀਂਦਾ... ਤੇ ਕਦੇ ਨਹੀਂ ਸੀ ਚਾਹੁੰਦਾ ਕਿ ਕੋਈ ਮੈਨੂੰ ਸ਼ਰਾਬ ਪੀਂਦੇ ਨੂੰ ਦੇਖੇ... ਜਾਂ ਮੈਂ ਦਿਖਾਵਾਂ... ਜਾਂ ਮੈਨੂੰ ਕੋਈ ਸ਼ਰਾਬੀ ਸਮਝੇ। ਪਰ ਉਹ ਸਾਰੇ ਇੱਕ ਦੂਜੇ ਦੇ ਸਾਹਮਣੇ ਵ੍ਹਿਸਕੀ, ਬੀਅਰ ਦੀਆਂ ਚੁਸਕੀਆਂ ਲੈਂਦੇ ਰਹਿੰਦੇ। ਨਾ ਸਮਝ ਆਉਂਦੇ ਅੰਗਰੇਜ਼ੀ ਗਾਣੇ ਗਾਉਂਦੇ। ਕਦੇ ਕਦੇ ਉਹ ਮੀਆਂ ਬੀਵੀ ਬਾਲਕੋਨੀ ’ਚ ਸ਼ਰੇਆਮ ਖੜ੍ਹਕੇ ਵ੍ਹਿਸਕੀ ਪੀਂਦੇ... ਨਾਲ ਖਾਂਦੇ ਕੁਝ ਵੀ ਨਾ... ਅਸੀਂ ਸਾਬਤਾ ਬੱਕਰਾ ਈ ਖਾ ਜਾਈਏ।
ਮੈਂ ਚਾਰੇ ਪਾਸੇ ਤੋਂ ਬੰਦ ਜਿਹਾ ਬੰਦਾ ਹਾਂ। ਕੋਈ ਵੀ ਅਹਿਸਾਸ, ਗੱਲ-ਬਾਤ ਅੰਦਰ ਆਉਂਦੇ ਸਾਰ ਪਹਿਲਾਂ ਮੈਨੂੰ ਡਰਾਉਂਦੀ ਐ... ਡਰ ਨਾਲ ਕਦੇ ਸੰਗ ਰਲੀ ਹੁੰਦੀ... ਘਬਰਾ ਕੇ ਨਿਗ੍ਹਾ ਘਟ ਜਾਂਦੀ... ਕਦੇੇ ਕੰਨ ਬੰਦ ਹੋ ਜਾਂਦੇ... ਇੱਕ ਦਿਨ ਅੱਧ ਪਚੱਧੀਆਂ ਗੱਲਾਂ ਕਰਦੀ ਲਿੱਲੀ ਕਹਿੰਦੀ: “ਹਮ ਹਰ ਸਾਲ ਕ੍ਰਿਸਮਸ ਪੇ ਕਿਸੀ ਕੋ ਐਜ ਚੀਫ਼ ਗੈੱਸਟ ਇਨਵਾਈਟ ਕਰਤੇ ਹੈਂ। ਲਾਸਟ ਯੀਅਰ ਲੱਕੀਲੀ ਵਾਇਸ ਪਿ੍ਰੰਸੀਪਲ ਫਾਦਰ ਮੈਥਿਊ ਐਗਰੀਡ ਟੂ ਔ੍ਹਨਰ ਦ ਔਕੇਯਨ...ਅਕੇਲੇ ਹੀ ਆਏ ਥੇ... ਇਸ ਸਾਲ ਦੇਖਤੇ ਹੈਂ... ਬੁਲਾਏਂਗੇ ਕਿਸੀ ਕੋ...” ਫਿਰ ਰੁੱਕੀ ... ਤੇ ਸੋਚ ਕੇ ਬੋਲੀ “ਆਪ ਨੌਨ-ਵੈੱਜ ਤੋਂ ਲੇ ਲੇਤੇ ਹੈਂ ਨਾ...”
“ਔਫ਼ ਕੋਰਸ ਮੈਮ।” ਮੈਂ ਬੋਲਿਆ।
“ਏਹੀ ਖਾਂਦੇ ਐ।” ਮੇਰੀ ਘਰਵਾਲੀ ਨੇ ਨਾਲ ਹੀ ਜੋੜ ਦਿੱਤਾ।
“ਓ ਕੇ” ਮੈਨੂੰ ਲੱਗਿਆ ਲਿੱਲੀ ਆਪਣੇ ਮਨ ਵਿੱਚ ਆਉਂਦੀ ਕਿ੍ਰਸਮਸ ਉੱਤੇ ਸਾਨੂੰ ਬੁਲਾਉਣ ਦਾ ਮਨ ਬਣਾਉਣ ਲੱਗੀ ਸੀ। ਪਰ ਉਸਨੇ ਕੁਝ ਸਪਸ਼ਟ ਨਾ ਕੀਤਾ। ਮੈਂ ਅੰਦਰੋਂ ਬੜਾ ਖੁਸ਼ ਹੋਇਆ, ਨਾ ਪਤਾ ਉਦੋਂ ਮੈਂ ਕੀ ਸੋਚ ਗਿਆ ਤੇ ਨਾ ਪਤਾ ਮੈਂ ਕਿਵੇਂ ਦੀਆਂ ਜਿਸਮਾਨੀ ਹਰਕਤਾਂ ਕੀਤੀਆਂ ਹੋਣਗੀਆਂ... ਨਾ ਹੀ ਪਤਾ ਮੈਂ ਕਿਵੇਂ ਦਾ ਲੱਗਦਾ ਹੋਵਾਂਗਾ। ਕ੍ਰਿਸਮਸ ਨੇੜੇ ਆਈ ਤਾਂ ਮੈਨੂੰ ਘਰਵਾਲੀ ਨੇ ਦੱਸਿਆ ਕਿ ਰਿਆਨ ਦੀ ਮੰਮੀ ਕ੍ਰਿਸਮਸ ਉੱਤੇ ਸਾਨੂੰ ਬੁਲਾਉਣ ਲਈ ਪੁੱਛ ਰਹੀ ਸੀ... ਕਿ ਮੈਨੂੰ ਪੁੱਛ ਕੇ ਦੱਸੋ ਕਿ ਮੈਂ... ਜਾਂ ਅਸੀ ਸਾਰੇ ਇਸ ਗੱਲ ਲਈ ਰਾਜ਼ੀ ਆਂ...
“ਕਹਿੰਦੀ ਬੱਚਿਆਂ ਨੂੰ ਸੁਲਾ ਕੇ ਆਇਓ”... ਮੈਂ ਸੋਚੀਂ ਪੈ ਗਿਆ।
“ਚਲੋ... ਹੁਣ ਕਹਿੰਦੇ ਐ...” ਮੈਂ ਸ਼ਸ਼ੋਪੰਜ ’ਚ ਹਾਂ ਕਹਿ ਦਿੱਤੀ... ਫੇਰ ਚਿੰਤਾ ਜਹੀ ’ਚ ਪੈ ਗਿਆ ਕਿ ਇਹ ਮਾਜਰਾ ਹੈ ਕੀ? ਕੀ ਕਰਨਗੇ? ਕਿਉਂ ਬੁਲਾਉਂਦੇ ਨੇ? ਮੈਂ ਤਾਂ ਕਦੇ ਉਹਨਾਂ ਦੇ ਕਮਰੇ ਦੇ ਅੰਦਰ ਪੈਰ ਧਰ ਕੇ ਵੀ ਨਹੀਂ ਦੇਖਿਆ... ਉਹ ਸਾਨੂੰ ਹੀ ਕਿਓਂ ਬੁਲਾਉਂਦੇ ਨੇ। ਅਸੀਂ ਕਿਹੜਾ ਕਿ੍ਰਸਚੀਅਨ ਆਂ। ਸਾਨੂੰ ਪਤਾ ਹੀ ਨਹੀਂ ਕਿ ਈਸਾ ਦਾ ਜਨਮ ਦਿਨ ਕਿਵੇਂ ਮਨਾਈਦਾ। ਹੋਰ ਥੋੜ੍ਹੇ ਨੇ ਈਸਾਈ। ਬੁਰਾ ਜਲੂਸ ਨਿਕਲੂ ਮੇਰਾ। ਉਹਨਾਂ ਨੇ ਕੀ ਦੇਖਿਆ ਮੇਰੇ ਵਿੱਚ। ਖਾਲ-ਮ-ਖਾਲੀ। ਹੈ ਕੀ ਮੇਰੇ ’ਚ। ਮੈਂ ਤਾਂ ਆਪਣਾ ਵਖ਼ਤ ਕੱਟ ਰਿਹਾਂ। ਮਰੀ ਮਾਂ ਦਾ ਬੋਲ ਸੁਣਿਆਂ: ਮਰ ਮਰ ਬੁੱਢੜੀ ਗੀਤੜੇ ਗਾਵੇ ਲੋਕ ਤਮਾਸਿਆਂ ਨੂੰ ਆਵੇਂ!! ਕੀ ਦੇਖ ਲਿਆ ਅੰਗਰੇਜ਼ਾਂ ਮੇਰੇ ਵਿੱਚ? ਜੈਕ ਨੇ ਕਿ੍ਰਸਮਸ ਤੋਂ ਦਸ ਦਿਨ ਪਹਿਲਾਂ ਮੈਨੂੰ ਦੱਸਕੇ, ਸਮਝਾ ਕੇ ਸਪੈਸ਼ਲ ਤਰੀਕੇ ਨਾਲ ਸੁੱਕੇ ਮੇਵੇ ਪਾ ਕੇ ਕੇਕ ਬਣਾਉਣਾ ਸ਼ੁਰੂ ਕਰ ਦਿੱਤਾ। ਮੈਂ ਉਹਨਾਂ ਸਾਹਮਣੇ ਬੋਲਣ ਤੋਂ ਵੀ ਝਿਜਕਣ ਲੱਗ ਪਿਆ।
... ਤੇ ਵੱਡਾ ਦਿਨ... ਕਿ੍ਰਸਮਸ ਵੀ ਆ ਗਿਆ!!
“ਹੈਪੀ ਕਿ੍ਰਸਮਸ! ਭਈਆ”
“ਮੈਰੀ ਕਿ੍ਰਸਮਸ!”
“ਪਲੀਜ਼ ਕਮ” ਲਿੱਲੀ ਨੇ ਮੈਨੂੰ ਜੁੱਤੀ ਖ੍ਹੋਲਣ ਲਈ ਬੇਨਤੀ ਕੀਤੀ। ਸਭ ਨੰਗੇ ਪੈਰੀਂ ਸਨ। ਸਾਡੇ ਦੋਵਾਂ ਲਈ ਵੱਖਰਾ ਸੋਫ਼ਾ ਥੋੜ੍ਹਾ ਉੱਚਾ ਕਰਕੇ ਰੱਖਿਆ ਹੋਇਆ ਸੀ। ਪੰਜੋ ਜੀਅ ਉਹਨਾਂ ਦੇ ਘਰ ਅੰਦਰ ਇਕੱਠੇ ਮੈਂ ਪਹਿਲੀ ਵਾਰੀ ਦੇਖ ਰਿਹਾ ਸਾਂ। ਦੋ ਤਿੰਨ ਜਣੇ ਹੋਰ ਆ ਜੁੜੇ। ਉਦੋਂ ਤੱਕ ਮੈਂ ਕਾਫ਼ੀ ਸਹਿਜ ਹੋ ਚੱੁਕਿਆ ਸੀ। ਮੈਨੂੰ ਇਹ ਸਮਝਣ ’ਚ ਦੇਰ ਨਾ ਲੱਗੀ ਕਿ ਉਹ ਸਾਨੂੰ ਸਨਮਾਨਿਤ ਥਾਂ ਉੱਤੇ ਨਿਵਾਜਣਾ ਚਾਹੰੁਦੇ ਸਨ। ਕੀ ਸਮਝਦੇ ਨੇ ਉਹ ਮੈਨੂੰ? ਈਸਾ?! ਉਹਨਾਂ ਦੇ ਕਿਸੇ ਕਿਸਮ ਦੇ ਰੱਬ ਦਾ ਕੋਈ ਰੂਪ। ਮੈਂ ਕਿਹੜੇ ਰੱਬ ਦਾ ਰੂਪ ਸੀ... ਜੈਕ ਤੇ ਲਿੱਲੀ ਸਾਨੂੰ ਦੋਵਾਂ ਨੂੰ ਵੱਡੇ, ਉੱਚੇ ਸੋਫ਼ੇ ’ਤੇ ਬਿਠਾਕੇ ਆਪ ਨੀਵੇਂ ਸਟੂਲਾਂ ’ਤੇ ਬਹਿ ਗਏ... ਤੇ ਲੱਗੇ ਸਾਡੀ ਸੇਵਾ ਕਰਨ...
“ਪਲੀਜ਼ ਟੇਕ... ਪਲੀਜ਼” ਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਪਕਵਾਨ ਮੇਰੇ ਮੂਹਰੇ ਕਰੀ ਜਾਣ... ਜਿਹਨਾਂ ਦੇ ਅੱਜ ਤੱਕ ਮੈਨੂੰ ਨਾਮ ਨਹੀਂ ਪਤਾ।
“ਡੀਅਰ ਜੈਕ ... ਹੈਲਪ ਹਿਮ...” ਵ੍ਹਿਸਕੀ ਚੱਲ ਪਈ। ਮੇਰੀ ਘਰਵਾਲੀ ਲਈ ਉਹਨਾਂ ਨੇ ਵੱਖਰਾ ਵੈਜੀਟੇਰੀਅਨ ਪਕਵਾਨ ਤਿਆਰ ਕੀਤਾ ਹੋਇਆ ਸੀ। ਅਸੀਂ ਉਸ ਨਿੱਕੀ ਜਹੀ ਸਟੇਜ ਉੱਤੇ ਰਾਮ ਲੀਲਾ ਵਿੱਚ ਮਾਤਾ ਸੀਤਾ ਤੇ ਭਗਵਾਨ ਰਾਮ ਵਾਂਗ ਬੈਠੇ ਰਹੇ... ਮੈਂ ਓਸ ਅੰਗਰੇਜ਼ ਭੀਲਣੀ ਦੇ ਬੇਰ ਖਾਂਦਾ ਰਿਹਾ... ਚਿਕਨ ਸ਼ਰਾਬ ਚਲਦੀ ਰਹੀ। ਸਭ ਨੇ ਦਾਰੂ ਬੀਅਰ ਪੀਤੀ... ਡਾਂਨਸ ਕੀਤਾ... ਫ਼ੋਟੂਆਂ ਖਿੱਚੀਆਂ। ਮੈਨੰੂ ਲੱਗਿਆ ਕਿ ਉਹਨਾਂ ਨੂੰ ਮੇਰੇ ਵਿੱਚੋਂ ਕੁਝ ਲੱਭ ਪਿਆ ਸੀ... ਮੈਨੂੰ ਪਤਾ ਹੀ ਨਹੀਂ ਮੇਰੇ ਵਿੱਚ ਕੀ ਕੁਝ ਹੈ... ਹੈ ਵੀ ਕਿ ਨਹੀਂ... ਮੈਂ ਇੱਕ ਨਿਹਾਇਤ ਹੀ ਆਮ ਬੰਦਾ, ਡਰਿਆ ਹੋਇਆ ਉਹਨਾਂ ਵਿਚਕਾਰ ਬੈਠਾ ਰਿਹਾ... ਸਭ ਨੱਚੇ... ਲਿੱਲੀ ਨਹੀਂ ਨੱਚੀ... ਉਸਦਾ ਸਾਰਾ ਧਿਆਨ ਮੇੇਰੇ ਵਿੱਚ ਰਿਹਾ... ਮੇਰੀਆਂ ਅੱਖਾਂ ਵਿੱਚ ਕਿਤੇ ਪਾਣੀ ਆ ਗਿਆ ਲੱਗਿਆ... ਹੱਥ ਲਾ ਕੇ ਦੇਖਿਆ। ਕੁਝ ਵੀ ਨਹੀਂ ਸੀ। ਹਰ ਚੀਜ਼ ਦੀ ਫ਼ੋਟੋ ਨਹੀਂ ਖਿੱਚੀ ਜਾ ਸਕਦੀ। ਚਲਦੇ ਪੋ੍ਰਗਰਾਮ ਵਿੱਚ ਇੱਕ ਸਾਂਟਾ ਕਲਾਜ਼ ਵੀ ਆਇਆ ਤੇ ਮਿੱਠੀਆਂ ਚੀਜ਼ਾਂ ਵੰਡਦਾ ਪੌੜੀਆਂ ਉਤਰ ਗਿਆ... ਉਹ ਮੈਨੰੂ ਆਪਣੇ ਈਸਾ ਦਾ ਰੂਪ ਹੀ ਸਮਝ ਰਹੇ ਸਨ ਜਾਂ ਮੇਰੇ ਰਾਹੀਂ ਆਪਣੀ ਆਸਥਾ ਨੂੰ ਮੁਖ਼ਾਤਿਬ ਸਨ... ਕਿਉਂ ਕਰ ਰਹੇ ਸਨ ਓਹ ਇਹ ਸਭ? ਮੈਨੂੰ ਪਤਾ ਨਹੀਂ ਲੱਗ ਸਕਿਆ ...
... ਤੇ ਸਮਾਂ ਪਾ ਕੇ ਅਸੀਂ ਉਹਨਾਂ ਨੂੰ ਤਿੰਨ ਸਾਲ ਬਾਅਦ... ਹਰ ਸਾਲ ‘ਹੈਪੀ ਨਿਊ ਯੀਅਰ’... ‘ਮੈਰੀ ਕਿ੍ਰਸਮਸ’ ਕਰਦੇ ਉੱਥੇ ਹੀ ਛੱਡ, ਆਪਣਾ ਸਮਾਨ ਚੁੱਕ ਕੇ ਭਰਦੇ ਮਨ ਨਾਲ ਪੌੜੀਆਂ ਉਤਰ ਆਏ... ਮੈਂ, ਮੇਰੀ ਬੀਵੀ, ਬੱਚੇ... ਤੁਰ ਆਏ... ਟੂ-ਲੈੱਟ ਦਾ ਬੋਰਡ ਫੇਰ ਲਟਕ ਗਿਆ...
“ਡੈਡੀ ਤੁਸੀਂ ਦੋ ਘੰਟੇ ਲੇਟ ਚੱਲ ਪੈਂਦੇ ਤਾਂ ਮੈਂ ਆਪਣੇ ਦੋਸਤਾਂ ਨੂੰ ਮਿਲ ਲੈਣਾ ਸੀ...” ਚਲਦੀ ਕਾਰ ਵਿੱਚ ਘੁੰਮਦੇ ਮੇਰੇ ਦਿਮਾਗ ਨੇ ਆਪਣੇ ਬੱਚਿਆਂ ਦੇ ਮੋਹ... ਰੂਹ ਦੇ ਦਰਦ ਦੀ ਸਾਰ ਹੀ ਨਾ ਲਈ...
... ਤੇ ਕੁਝ ਹੋਰ ਸਮਾਂ ਪਾ ਕੇ ਜਦੋਂ ਮੈਨੂੰ ਜੈਕ, ਲਿੱਲੀ ਦੀਆਂ ਗੱਲਾਂ ਦੇ ਅਰਥ ਪਤਾ ਲੱਗਣ ਲੱਗੇ ਤਾਂ ਮੇਰੇ ਅੰਦਰ ਵੱਡੇ ਖਿਲਾਅ ਦਾ ਦਾਇਰਾ ਫ਼ੈਲ ਗਿਆ। ਆਪਣੇ ਧੁਰ ਅੰਦਰ ਕਿਸੇ ਭਿਆਨਕ, ਡਰਾਵਣੀ ਬੇਪਛਾਣ ਭੁੱਖ ਦਾ ਅਹਿਸਾਸ ਹੋਇਆ। ਮੈਂ ਬੱਚਿਆਂ ਨੂੰ ਕਾਰ ਵਿੱਚ ਬਿਠਾਕੇ ਉਸੇ ਕਿਰਾਏ ਵਾਲੀ ਕੋਠੀ ਵੱਲ ਲੈ ਤੁਰਿਆ। ਉਹਨਾਂ ਦੇ ਦੋਸਤਾਂ ਨੂੰ ਮਿਲਾਉਣ... ਜਾਂ ਜੈਕ ਦੇ ਅੰਦਰਲੇ ਰੱਬ ਨੂੰ ਮਿਲਣ। ਅਫ਼ਸੋਸ!! ਮੇਲਾ ਵਿਸਰ ਚੁੱਕਾ ਸੀ। ਸਮਾਂ ਗੁਜ਼ਰ ਚੁੱਕਾ ਸੀ... ਨਹੀਂ... ਨਹੀਂ... ਅਸੀਂ ਹੀ ਗੁਜ਼ਰ ਚੁੱਕੇ ਸਾਂ। ਅਸੀਂ ਓਹ ਨਹੀਂ ਸਾਂ ਰਹੇ। ਉੱਥੇ ਹੁਣ ਕੋਈ ਨਹੀਂ... ਕੁਝ ਵੀ ਨਹੀਂ ਸੀ।
... ਮੈਂ ਹਰ ਸਾਲ ਈਸਾ ਦੇ ਜਨਮ ਦਿਨ ਉੱਤੇ ਚਰਚ ਜਾਂਦਾਂ... ਪੰਜਾਂ ’ਚੋਂ ਕੋਈ ਹੀ ਦਿਸ ਪਵੇ... ਚਰਚ ਅੰਦਰ ਪੁੱਛਿਆ... ਕਿਸੇ ਨੇ ਕੁੱਝ ਪੱਲੇ ਨਾ ਪਾਇਆ... ਪੰਜ ਮੋਮਬੱਤੀਆਂ ਖਰੀਦ ਕੇ ਈਸਾ ਦੀ ਮੂਰਤੀ ਮੂਹਰੇ ਬਾਲ ਦਿੱਤੀਆਂ...“ਪੰਜ ਕਿੳਂੁ...” ਪਤਨੀ ਦੇ ਸਵਾਲ ਦਾ ਕੋਈ ਜਵਾਬ ਨਹੀਂ ਮੇਰੇ ਕੋਲ। ਮੈਂ ਕੁੱਝ ਲੱਭਣਾ ਚਾਹੁੰਨਾਂ... ਕਾਫ਼ੀ ਕੁਝ ਲੱਭ ਕੇ ‘ਓਹ’ ਮੈਂ ਆਪਣੇ ਅੰਦਰਲੇ ਖਿਲਾਅ ਵਿੱਚ ਭਰਨਾ ਚਾਹੁੰਨਾ। ਜੈਕ ਵਾਂਗ... ਜਾਂ ਲਿੱਲੀ ਵਾਂਗ ਜਿਸ ਨੂੰ ਬੱਚਿਆਂ ’ਚ ਬੱਚਾ ਬਣੇ ਰਹਿਣ ਦਾ ਜਨੂਨ ਸੀ। ਮੇਰੇ ਬੱਚਿਆਂ ਨੇ ਆਪਣੀ ਨਿਆਣੀ ਸਮਝ ਨਾਲ ਆਪਣਾ ਸੱਚ ਕਹਿ ਦਿੱਤਾ ਸੀ... ਮੈਂ ਉਹਨਾਂ ਦਾ ਸੱਚ ਸਮਝ ਨਹੀਂ ਸੀ ਸਕਿਆ... ਮੈਂ ਕਿਸੇ ਨੂੰ ਤਾਂ ਕੀ ਖੁਦ ਨੂੰ ਵੀ ਸਮਝ ਨਹੀਂ ਸੀ ਸਕਿਆ। ਮੈਂ ਐਵੇਂ ਸੁਆਹ ਖੇਹ ਨਾਲ ਆਪਣੀ ਰੂਹ ਤੁੰਨ ਲਈ ਸੀ। ਮੇਰੇ ਵਿੱਚ ਕੁਝ ਵੀ ਨਹੀਂ ਸੀ। ਪਰ ਉਹਨਾਂ ਆਪਣੇ ਲਈ ਲੱਭ ਲਿਆ... ਮੈਂ ਆਪਣੇ ਚਿੱਤ ਵਿੱਚ ਆਪਣੀਆਂ ਅੱਖਾਂ ਚਿਹਰੇ ਤੋਂ ਲਾਹ ਕੇ ਚਰਚ ਦੀ ਤਿੱਖੀ, ਉੱਚੀ ਸਟੀਪਲ (ਮੀਨਾਰ) ਉੱਤੇ ਟੰਗ ਦਿੱਤੀਆਂ। ਐਂਜ ਉਤਾਂਹ ਲਟਕਦੀਆਂ ਅੱਖਾਂ ਨਾਲ ਮੈਂ ਹੇਠਾਂ ਸਥਿਰ ਖੜ੍ਹੇ ਆਪਣੇ ਵਜੂਦ ਨੂੰ ਗਹੁ ਨਾਲ ਦੇਖਦਾਂ... ਮੈਂ ਸੀਮਿੰਟ ਦਾ ਬਣ ਗਿਆਂ... ਪੱਥਰ ਦਾ ਈਸਾ... ਫ਼ਰੇਜ਼ਰਾਂ ਨੂੰ ਮੇਰੇ ਵਿੱਚੋਂ ਕੀ ਕੁਝ, ਕਿਵੇਂ ਲੱਭ ਪਿਆ... ਮੈਂ ਇਹੀ ਸੋਚੀ ਜਾਂਦਾਂ... ਕੀ ਲੱਭ ਪਿਆ ਹੋਵੇਗਾ... ਮੈਨੂੰ ਵੀ ਕਿਤੋਂ ਕੁਝ ਲੱਭਣਾ ਚਾਹੀਦਾ। ਮੇਰੇ ਅੰਦਰ ਤਾਂ ਹਰ ਵਕਤ ਖੰਡਰਾਂ ਵਰਗੇ ਖ਼ਾਲੀ ਦਾਇਰੇ ਘੁੰਮੀ ਜਾਂਦੇ। ਹੋਰ ਕੁਝ ਵੀ ਨਹੀਂ ਮੇਰੇ ਅੰਦਰ... ਮੈਂ ਹੱਡ ਮਾਸ ਦਾ ਸਿੱਧਾ ਸਾਧਾ ਆਦਮੀ... ਮੈਂ ਵੀ ਕਿਸੇ ਉਮੀਦ ਸਿਰ ਜਿਊਦਾਂ। ਮੈਨੂੰ ਪੂਰੀ ਆਸ ਉਮੀਦ ਐ। ਇੱਛਾ ਐ... ਕਿ ਇੱਕ ਵਾਰ ਫੇਰ ਤੇਜੋ ਤੇਜ ਬਾਰਿਸ਼ ਵਿੱਚ ਬਰੂਡੀ ਆਵੇ... ਬੱਕਰੇ ਦੀ ਮੂਹਰਲੀ ਲੱਤ ਧਰਾਂ... ਬਲੈਕ ਡੌਗ ਖੋ੍ਹਲਾਂ... ਤੇ ਆਪਣੀਆਂ ਅੱਖਾਂ ਨਾਲ ਉਸ ਦੀ ਰੂਹ ਵਿੱਚ ਝਾਕਾਂ... ਜੇ ਫ਼ਰੇਜ਼ਰਾਂ ’ਚੋਂ ਕੋਈ ਨਾ ਵੀ ਆਵੇ ਤਾਂ ਉਹਨਾਂ ਵਰਗਾ ਕੋਈ ਹੋਰ ਮਿਲ ਜਾਵੇ। ਜਰੂਰ ਮਿਲ ਜਾਵੇਗਾ। ਕਿਉਂ ਨਹੀਂ ਮਿਲੇਗਾ ਮੈਨੂੰ। ਮੈਂ ਨਿੱਠ ਕੇ ਵ੍ਹੇਟ ਕਰਾਗਾਂ। ਉਮਰ ਭਰ ਬੈਠਾ ਉਹਨਾਂ ਦੇ ਆਉਣ ਦੀ ਉਡੀਕ ਕਰਾਂਗਾ।
...ਕਿਸ ਦੀ ਉਡੀਕ ਹੈ ਮੈਨੂੰ? ਕਿਸ ਦੀ? ਮਿਸਟਰ ਗਰੈਗਰੀ ਅਲੈਕਸ ਫ਼ਰੇਜ਼ਰ ਉਰਫ਼ ‘ਜੈਕ’ ਦੀ... ਮਿਸਿਜ਼ ਕਿ੍ਰਸਟੀ ਵਾਨ ਫ਼ਰੇਜ਼ਰ ਉਰਫ਼ ਲਿੱਲੀ ਦੀ... ਉਹਨਾਂ ਵਰਗੇ ਕਿਸੇ ਹੋਰ ਦੀ...? ਜਾਂ... ਜਾਂ... ਆਪਣੀ? ... ਹਾਂਅ ... ਹਾਂਅ ... ਹੋ ਸਕਦਾ ਐ ਕਿ ਮੈਂ ਆਪਣੇ ਆਪ ਦੀ ਉਡੀਕ ਵਿੱਚ ਹੀ ਕਿਤੇ ਬੈਠਾਂ ਹੋਵਾਂ!

ਬਲੀਜੀਤ ਪੰਜਾਬੀ ਦਾ ਸਮਰੱਥ ਕਹਾਣੀਕਾਰ ਹੈ।
ReplyDeleteਤੇ ਇਜਾਜ਼ ਇੱਕ ਸਮਰੱਥ ਆਲੋਚਕ।
ReplyDelete