ਵਗਦੀ ਏ ਰਾਵੀ :
ਮੇਰੇ ਜਨਮ ਤੋਂ ਕੋਈ ਵਰ੍ਹਾ ਕੁ ਪਹਿਲਾਂ ਸੁਰਜੀਤ ਸਿੰਘ ਭੁੱਲਰ ਹੁਰਾਂ ਦੀ ਪਹਿਲੀ ਕਿਤਾਬ ‘ ਗ਼ਜ਼ਲਾਂ ਤੇ ਚੌਵਰਗੇ ‘ 1975 ਚ ਛਪ ਗਈ ਸੀ ਅਤੇ ਉਸ ਵੇਲੇ ਤੋਂ ਅੱਜ 2025 ਤੱਕ ਸੁਰਜੀਤ ਸਿੰਘ ਭੁੱਲਰ ਹੁਰਾਂ ਦਾ ਰਚਨਾਤਮਿਕ ਪੈਂਡਾ ਸਹਿਜ - ਸਰਲ ਤੌਰ ਨਾਲ ਜਾਰੀ ਹੈ। ਬੀਤੇ ਦਿਨੀਂ ਜਦੋਂ ਉਹਨਾਂ ਨਾਲ ਫੋਨ ‘ ਤੇ ਗੱਲ ਹੋਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਉਮਰ 91 ਸਾਲ ਦੀ ਹੈ। ਉਹ ਨਿਸ਼ਠਾਵਾਨ ਅਤੇ ਊਰਜਾਵਾਨ ਸਖਸ਼ੀਅਤ ਹਨ। ਅਤੇ ਅੱਜ ਵੀ ਤੁਰਤ - ਫੁਰਤ ਕੰਮਾ ਨੂੰ ਨਿਪਟਾਉਣਾ ਉਹਨਾਂ ਨੂੰ 91 ਵੇਂ ਸਾਲ ਦਾ ਨੌਜਵਾਨ ਸਿੱਧ ਕਰਦੇ ਹਨ। ਉਹ ਇਕ ਸਰਗਰਮ ਕਵੀ ਹਨ ਅਤੇ ਸ਼ੋਸ਼ਲ ਮੀਡੀਆ ‘ ਤੇ ਅਕਸਰ ਉਹਨਾਂ ਦੀਆਂ ਕਵਿਤਾਵਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ।
ਉਹਨਾਂ ਦਾ ਜਨਮ 26 ਦਸੰਬਰ 1933 ਨੂੰ ਲੁਧਿਆਣਾ ਜਿਲ੍ਹ ‘ ਚ ਆਪਣੇ ਨਾਨਕੇ ਪਿੰਡ ਸੁਧਾਰ ਚ ਮਾਤਾ ਜਗੀਰ ਕੌਰ ਦੀ ਕੁੱਖੋਂ ਪਿਤਾ ਡਾ: ਬਚਨ ਸਿੰਘ ਦੇ ਘਰ ਹੋਇਆ। ਉਹਨਾਂ ਦਾ ਜੱਦੀ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਚ ਕੋਕਰੀ ਕਲਾਂ ਹੈ।
ਅੱਜਕਲ੍ਹ ਬਹੁਤ ਲੋਕ ਜ਼ਿੰਦਗੀ ਨਾਲ ਦੋਸਤੀ ਨਹੀਂ ਕਰ ਪਾਉਂਦੇ, ਜ਼ਿੰਦਗੀ ਉਹਨਾਂ ਨੂੰ ਬਸ ਹੰਢਾ ਰਹੀ ਹੁੰਦੀ ਹੈ। ਪਰ ਭਾਅ ਸੁਰਜੀਤ ਸਿੰਘ ਭੁੱਲਰ ਦੀ ਜ਼ਿੰਦਗੀ ਨਾਲ ਦੋਸਤੀ ਹੈ ਉਹ ਤੇ ਜ਼ਿੰਦਗੀ ਇਕ ਦੂਜੇ ਦਾ ਹੱਥ ਫੜ ਕੇ ਚੱਲਦੇ ਹਨ। ਇਹ ਇਸ ਤਰ੍ਹਾਂ ਦਾ ਜੀਵਨ ਹੁੰਦਾ ਹੈ ਜਿਵੇਂ ਪਿਆਸ ਅਤੇ ਪਹਾੜੀ ਚਸ਼ਮੇ ਦੀ ਦੋਸਤੀ ਹੋਵੇ। ਵਗਦੇ ਪਾਣੀ ਵਰਗਾ ਸੁਭਾਅ ਹੀ ਹੈ ਜੋ ਸੁਰਜੀਤ ਸਿੰਘ ਭੁੱਲਰ ਹੁਰਾਂ ਦੀ ਤੌਰ ਨੂੰ ਸਹਿਜ ਅਤੇ ਸਰਲ ਬਣਾਉਂਦਾ ਹੈ:
‘ਭਗਤਾ ਕੀ ਚਾਲ ਨਿਰਾਲੀ
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ।’
ਸੁਰਜੀਤ ਸਿੰਘ ਭੁੱਲਰ ਹੁਰਾਂ ਬਾਰੇ ਮੁਖਤਾਰ ਗਿੱਲ ਹੁਰੀਂ ਇਕ ਬਹੁਤ ਦਿਲਚਸਪ ਗੱਲ ਅਕਸਰ ਕਰਦੇ ਹਨ। ਇਹ ਵਾਕਿਆ ਸ਼ਾਇਦ 1970 ਦੇ ਦਹਾਕੇ ਦਾ ਹੈ ਸੁਰਜੀਤ ਭੁੱਲਰ ਹੁਰੀਂ ਉਦੋਂ ਸ਼ਾਇਦ ਵੇਰਕਾ ਡੇਅਰੀ ਦੇ ਜਨਰਲ ਮੈਨੇਜਰ ਸਨ ਅਤੇ ਉਹ ਮੁਖਤਾਰ ਗਿੱਲ ਹੁਰਾਂ ਦੇ ਚੁਬਾਰੇ ਦੀ ਬਾਲਕੋਨੀ ਚ ਬੈਠੇ ਗੱਲਾਂ ਚ ਮਗਨ ਸਨ। ਪਿੰਡ ਦੀ ਜੂਹ ਚ ਕੁਝ ਮਜ਼ਦੂਰ ਔਰਤਾਂ ਕਣਕਾਂ ਦੀ ਵਾਢੀ ਕਰ ਰਹੀਆਂ ਸਨ ਅਤੇ ਸਿਖ਼ਰ ਦੁਪਹਿਰ ਵਿਚ ਸਿਰਾਂ ‘ ਤੇ ਕਣਕਾਂ ਦੀਆਂ ਬੱਲੀਆਂ ਢੋਹ ਰਹੀਆਂ ਸਨ। ਗਿੱਲ ਭਾਅ ਨੇ ਸੁਰਜੀਤ ਭੁੱਲਰ ਹੁਰਾਂ ਦਾ ਦੀਆਂ ਉਸ ਪਾਸੇ ਦਿਵਾਇਆ ਅਤੇ ਦੱਸਿਆ ਕੀ ਇਹਨਾਂ ਵਿਚੋਂ ਇਕ ਕੁੜੀ ਪੜ੍ਹੀ - ਲਿਖੀ ਹੈ ਪਰ ਅਜੇ ਤਕ ਕਿਤੇ ਨੌਕਰੀ ਲਈ ਅਪਲਾਈ ਨਹੀਂ ਕਰ ਸਕੀ। ਸੁਰਜੀਤ ਭੁੱਲਰ ਹੁਰਾਂ ਉਸ ਕੁੜੀ ਨੂੰ ਆਪਣੇ ਦਫਤਰ ਬੁਲਾ ਕੇ ਸਰਕਾਰੀ ਨੌਕਰੀ ‘ ਤੇ ਤਾਇਨਾਤ ਕਰ ਦਿੱਤਾ। ਅਜਿਹੇ ਭਲੇ ਪੁਰਸ਼ ਅੱਜ ਕਿੱਥੇ ਮਿਲਦੇ ਹਨ।
ਸੁਰਜੀਤ ਭੁੱਲਰ ਹੁਰੀਂ ਅੰਮ੍ਰਿਤਸਰ ਸ਼ਹਿਰ ਦੇ ਉਹਨਾਂ ਦਿਨਾਂ ਦੇ ਗਵਾਹ ਹਨ ਜਦੋਂ ਅਸਲ ਵਿਚ ਸ਼ਹਿਰ ਦਾ ਮਾਹੌਲ ਅਦਬੀ ਸੀ। ਸ਼ਹਿਰ ਅੰਦਰ ਹੁੰਦੀਆਂ ਸਾਹਿਤਕ ਬੈਠਕਾਂ ਦਾ ਉਹ ਅਹਿਮ ਹਿੱਸਾ ਹੁੰਦੇ। ਉਹਨਾਂ ਦੇ ਘਰ ਅਤੇ ਦਫਤਰ ਵਿਚ ਸਾਹਿਤਕਾਰਾਂ ਦਾ ਤਾਂਤਾ ਲੱਗਿਆ ਰਹਿੰਦਾ ਅਤੇ ਉਹਨਾਂ ਦੀਆਂ ਉਹਨਾਂ ਦਿਨਾਂ ਦੀਆਂ ਅਨੇਕ ਦੋਸਤੀਆਂ ਅੱਜ ਵੀ ਕਾਇਮ ਹਨ।
ਉਹਨਾਂ ਦੀ ਕਵਿਤਾ ਸੰਬੋਧਨੀ ਸ਼ੈਲੀ ਦੀ ਹੈ ਅਤੇ ਭਾਵਨਾਵਾਂ ਦਾ ਮਨ ਤੋਂ ਮਨ ਤੱਕ ਦਾ ਇਕ ਸੰਵੇਦਨਾਮਈ ਪ੍ਰਵਾਹ ਕਰਦੀ ਹੈ ਉਹਨਾਂ ਦੀ ਕਵਿਤਾ। ਆਮ ਤੌਰ ਤੇ ਵੇਖਣ ਵਿਚ ਆਇਆ ਹੈ ਕਿ ਸੁਰਜੀਤ ਭੁੱਲਰ ਹੁਰਾਂ ਦੀ ਪੀੜ੍ਹੀ ਦੇ ਬਹੁਤ ਸਾਰੇ ਕਵੀ ਮਿਹਣੇ - ਉਲਾਹਮੇ ਅਤੇ ਨਾ ਹਾਸਿਲ ਹੋਣ ਵਾਲੀ ਸ਼ੈਅ ਦਾ ਦਰਦ ਹੀ ਬਿਆਨ ਕਰਦੇ ਰਹੇ ਹਨ। ਪਰ ਸੁਰਜੀਤ ਭੁੱਲਰ ਬਿਨਾ ਕਿਸੇ ਉਲਾਹਮੇ ਦੇ ਹਾਲਤਾਂ ਨਾਲ ਸੰਵਾਦ ਕਰਦੇ ਆਪਣੀਆਂ ਭਾਵਨਾਵਾਂ ਦਾ ਸੰਚਾਰ ਕਰਦੇ ਹਨ। ਉਹਨਾਂ ਦੀ ਕਵਿਤਾ ਭਟਕਦੀ ਪਿਆਸ ਨੂੰ ਨੂਰਾਨੀ ਚਸ਼ਮੇ ਦਾ ਰਾਹ ਦੱਸਣ ਵਾਲੀ ਹੈ।
ਸੁਰਜੀਤ ਭੁੱਲਰ ਪੰਜਾਬੀ ਤੋਂ ਇਲਾਵਾ ਉਰਦੂ, ਫ਼ਾਰਸੀ ਅਤੇ ਅੰਗਰੇਜ਼ੀ ਦਾ ਚੰਗਾ ਗਿਆਨ ਰੱਖਦੇ ਹਨ। 1981 ਚ ਉਹਨਾਂ ਦਾ ਕਹਾਣੀ ਸੰਗ੍ਰਿਹ। ‘ ਇਕ ਸਫ਼ਰ ‘ ਪ੍ਰਕਾਸ਼ਿਤ ਹੋਇਆ। 1983 ਚ ਨਜ਼ਮਾਂ ਦੀ ਕਿਤਾਬ ‘ ਮੋਹ ਵੈਰਾਗ ‘ , 1988 ਚ ਨਜ਼ਮਾਂ ਦੀ ਪੁਸਤਕ ‘ ਗੂੰਗੀਆਂ ਸੈਨਤਾਂ ‘ ਪ੍ਰਕਾਸ਼ਿਤ ਹੋਏ।
ਸੁਰਜੀਤ ਭੁੱਲਰ ਹੁਰਾਂ ਈਸ਼ਵਰ ਚੰਦਰ ਨੰਦਾ ਤੋਂ ਪਹਿਲਾਂ ਦੇ ਪੰਜਾਬੀ ਨਾਟਕਾਂ ਬਾਰੇ ਖੋਜ ਪੱਤਰ ਲਿਖਿਆ। ਉਹਨਾਂ ਦੀ ਕਹਾਣੀ ‘ ਤੇ ਅਧਾਰਿਤ ਇਕ ਟੈਲਿਫਿਲਮ 1986 ‘ਚ ਦੂਰਦਰਸ਼ਨ ‘ ਤੇ ਪ੍ਰਸਾਰਿਤ ਹੋਈ। ਉਹਨਾਂ ਦੇ ਗੀਤਾਂ ਦੀ ਆਡੀਓ ਕੈਸਟ ਵੀ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਕਹਾਣੀ ਅਤੇ ਕਵਿਤਾ ਸੰਗ੍ਰਹਿ ਛਪੇ ਹਨ।
ਸਾਡੀ ਦੁਆ ਹੈ ਕਿ ਸਹਿਜ - ਸਰਲ ਤੋਰ ਵਾਲਾ ਸਾਹਿਤਕ ਸਫ਼ਰ ਇਸੇ ਤਰ੍ਹਾਂ ਜਾਰੀ ਰਹੇ।
ਹਯਾਤੀ ਦੀ ਪੂੰਜੀ
ਜਦ ਵੀ ਉਹ ਦਾ ਨਾਂ ਹੋਠਾਂ ਤੇ ਆਇਆ
ਧੋਤੇ ਗਏ ਭਾਵਨਾਵਾਂ ਦੇ ਪਵਿੱਤਰ ਝਰਨੇ ਦੇ ਮਿੱਠੜੇ ਜਲ ਨਾਲ
ਮਨ ਦੇ ਜਜ਼ਬਾਤ, ਰੂਹ ਨੱਚ ਉੱਠੀ
ਹਰ ਪਾਸੇ ਪਿਆਰ,
ਮੁਹੱਬਤ ਦਾ ਸਮਾ ਬੱਝ ਗਿਆ
ਸਭ ਕੁੱਝ ਸੱਜ ਗਿਆ
ਨੈਣਾਂ ‘ਚ ਖ਼ੁਸ਼ੀਆਂ ਦੇ ਸਾਗਰ ਘੁਲ ਗਏ
ਚੱਪੇ-ਚੱਪੇ ‘ਤੇ ਫੁੱਲ ਖਿੜ ਗਏ।
ਖ਼ੁਸ਼ਬੂ ਨਾਲ ਮਨ ਦੀ ਝੋਲੀ ਭਰ ਗਈ
ਉਂਗਲਾਂ ਦੇ ਪੋਟੇ
ਉਹ ਦਾ ਨਾਂ ਲਿਖਣ ਲਈ ਮਚਲਣ ਲੱਗੇ
ਗੁਲਾਬੀ ਭਾਅ ਮਾਰਦੇ ਕੋਰੇ ਕਾਗ਼ਜ਼ ਹੱਥ ‘ਚ ਮਚਲਦੇ ਹੋਏ ਬੋਲੇ,
‘ਲਿਖ ਆਪਣੇ ਦਿਲ ਦੀ ਧੜਕਣ ਦੀ ਗਤੀ।‘
ਧੜਕਣ ‘ਚ ਉਹ ਦਾ ਨਾਂ ਗੂੰਜਣ ਲੱਗਾ।
ਮੇਰੇ ਸਾਹਮਣੇ
ਕਿਰਨਾਂ ਦੀ ਸਵਾਰੀ ‘ਤੇ ਆਉਂਦਾ ਆਕਾਰ ਦਿੱਸਿਆ
ਪ੍ਰਕਰਿਤੀ ਨੇ ਜਲ ਤਰੰਗ ਛੇੜ ਦਿੱਤੀ
ਬ੍ਰਹਮਿੰਡ ‘ਚ ਸੰਗੀਤਕ ਧੁਨ ਪਸਰ ਗਈ
ਮੇਰਾ ਅੰਤਰੀਵ ਅਗੰਮੀ ਚਾਨਣ ਨਾਲ ਭਰ ਗਿਆ।
ਮੇਰੇ ਹੋਠਾਂ ‘ਤੇ ਆਇਆ ਉਹ ਦਾ ਨਾਂ -
ਸ਼ਬਦ ਬਣ ਕੇ ਘੁਲ ਗਿਆ
ਕਵਿਤਾ ਵਿਚ ਢਲ ਗਿਆ -
ਮੇਰੀ ਹਯਾਤੀ ਦੀ ਪੂੰਜੀ ਬਣ ਕੇ !
ਮੇਰੇ ਦੋਸਤ !
ਮੇਰੇ ਦੋਸਤ!
ਤੂੰ ਮੈਨੂੰ ਇਸ ਤਰ੍ਹਾਂ ਨਾ ਦੇਖ।
ਮੇਰੀਆਂ ਅੱਖਾਂ ਵਿੱਚ ਨਮੀ ਰਹਿਣ ਦੇ।
ਮੇਰੀਆਂ ਮਰੀਆਂ ਇੱਛਾਵਾਂ ਨੂੰ ਚੈਨ ਲੈਣ ਦੇ।
ਤੇਰੇ ਲਈ ਜੋ ਖ਼ਾਹਿਸ਼ਾਂ ਕਦੇ ਬੁਣੀਆਂ ਸਨ,
ਉਨ੍ਹਾਂ ਨੂੰ ਅੱਜ ਉਧੜ-ਗੁਧੜੇ ਹੋ ਜਾਣ ਦੇ।
ਮੇਰੇ ਦੋਸਤ!
ਮੈਨੂੰ ਬਹੁਤ ਸਮਾ ਲੱਗਿਆ ਦਿਲ ਮਨਾਉਣ ਨੂੰ।
ਮੁਸ਼ਕਲਾਂ ਨਾਲ ਸਾਂਝੀਆਂ ਯਾਦਾਂ ਭੁਲਾਉਣ ਨੂੰ।
ਇਨ੍ਹਾਂ ਨੂੰ ਦੁੱਖ ਦੀ ਕੁਠਾਲੀ ‘ ਚ ਸੱਚ ਪਿਘਲਣ ਦੇ।
ਅਭਾਗੇ ਨੂੰ ਨਵੀਂ ਸਥਤਿੀ ਚ ਜੀਣਾ ਸਿਖਾਉਣ ਦੇ।
ਬਹੁਤ ਰੁਸਵਾਈ ਹੋ ਚੁੱਕੀ ਹੈ,
ਵਿਚਾਰੇ ਦਿਲ-ਏ-ਨਾਦਾਨ ਦੀ।
ਮੇਰੇ ਦੋਸਤ!
ਤੂੰ ਮੇਰੀ ਜ਼ਿੰਦਗੀ ਦੇ ਮੁੱਖ ‘ਤੇ,
ਤਕਦੀਰ ਦੇ ਚਿੱਬ ਖੜਿਬੇ,
ਉੱਭਰੇ ਨਿਰਾਸ਼ ਨਕਸ਼ ਨਾ ਦੇਖ।
ਜਿਸਮ ਨੂੰ ਰਾਖ,
ਰੂਹ ਨੂੰ ਲਾਟ ਬਣ ਜਾਣ ਦੇ।
ਮੇਰੇ ਦੋਸਤ!
ਹੁਣ ਤੂੰ ਮੈਨੂੰ ਇਸ ਤਰ੍ਹਾਂ ਨਾ ਦੇਖ।
ਮੇਰੀਆਂ ਅੱਖਾਂ ਵਿੱਚ ਨਮੀ ਰਹਣਿ ਦੇ।
ਕਿਤੇ ਮੈਂ ਫਿਰ ਨਾ ਡਗਮਗਾ ਜਾਵਾਂ।
ਬਿਰਹਾ ਪੀੜਾਂ
ਤੂੰ ਮੇਰੀ ਸੁਨਹਰਿੀ ਧੁੱਪ ਹੈਂ
ਸਿਰਫ਼ ਮੇਰੀ ਸੁਨਿਹਰੀ ਧੁੱਪ
ਜਿਸ ਦੀ ਗਰਮਾਇਸ਼ ਨਾਲ
ਤਨ ਤੇ ਮਨ ਵਿਚ
ਖ਼ੁਸ਼ੀਆਂ ਬਿਖ਼ਰ ਦੀਆਂ ਨੇ
ਜਦ ਗਗਨ
ਸੁਰਮਈ ਰੰਗ ‘ ਢਲੇ
ਉਸ ਸਮੇਂ
ਤੇਰੀਆਂ ਚੁੰਬਕੀ ਕਿਰਨਾਂ ਨਾਲ
ਮੇਰੀ ਰੂਹ ਬਿਖ਼ਰ ਜਾਂਦੀ ਹੈ
ਉਪ-ਵਿਵੇਕ ਅਵਸਥਾ ‘ ਚ
ਸ਼ਾਂਤ ਚਿੱਤ ਹੋ ਜਾਂਦੀ ਹੈ
ਦੇਖੀਂ ਕਿਤੇ ਉਸ ਸਮੇਂ
ਤੂੰ ਛੱਡ ਨਾ ਜਾਈਂ
ਤੂੰ ਮੇਰੀ ਜਾਨ ਹੈਂ
ਇਮਾਨ ਹੈਂ
ਨੀਂ ਅੜੀਏ-ਭਾਗਾਂ ਭਰੀਏ !
ਦੇਖੀਂ ਜਦੋ ਮੇਰਾ ਅੰਤਹਕਿਰਨ
ਜਾਗਰੂਕ ਹੋਵੇ
ਮੈਨੂੰ ਨਾਲ ਲੈ ਚੱਲੀਂ
ਛੱਡ ਨਾ ਜਾਈਂ
ਨੀ ਅੜੀਏ ਸ਼ਹਿਦੋਂ ਮਿੱਠੜੀਏ!!
ਹੁਣ ਹੋਰ ਸਹਿਣ ਨਹੀਂ ਹੁੰਦੀਆਂ
ਬਿਰਹਾ ਪੀੜਾਂ।
ਨੀ ਅੜੀਏ!-ਮੋਤੀਆਂ ਜੜੀਏ!!
ਭਾਗਾਂ ਭਰੀਏ!!!
ਦੂਰੀ
ਚਲੋ ਮੰਨਿਆ,
ਤੇਰੀ ਕੋਈ ਆਪਣੀ ਮਜਬੂਰੀ
ਮੇਰੀ ਕਿਸਮਤ ਦੀ ਮਜ਼ਬੂਰੀ
ਪਰ ਇਹ ਤਾਂ ਸੱਚ ਹੈ
ਆਪਾਂ ਇੱਕ ਦੂਜੇ ਨੂੰ ਜ਼ਿੰਦਗੀ ਦੇ ਉਸ ਪੜਾਅ ‘ਤੇ ਮਿਲੇ
ਜਿੱਥੇ ਤੇਰੇ ਪੈਰ ਮਨਫ਼ੀ ਹਾਲਾਤ ਦੀ ਰੱਸੀ ਨਾਲ ਬੱਝੇ ਹੋਏ ਸੀ
ਮੈਂ ਵਿਸ਼ਵਾਸ਼ ਨਾਲ ਤੈਨੂੰ ਕਿਹਾ ਸੀ
ਆਪਾਂ ਰਲ਼ ਕੇ ਕੋਈ ਹੱਲ ਲੱਭਾਂਗੇ
ਚਿੰਤਾ-ਚੱਕਰ ਤੋਂ ਮੁਕਤ ਹੋਵਾਂਗੇ।
ਚਲੋ ਮੰਨਿਆ,
ਹੁਣ ਜੁਦਾਈ ਬਿਨਾ ਕੋਈ ਚਾਰਾ ਨਹੀਂ ਰਿਹਾ
ਪਰ ਐਨਾ ਤਾਂ ਦੱਸ ਦੋਸਤ
ਕੀ ਜੁਦਾ ਹੋਣ ਨਾਲ ਆਪਸੀ ਤੁਅੱਲਕ ਟੁੱਟ ਜਾਂਦਾ ਹੈ
ਬੇਨਾਮ ਰਿਸ਼ਤਾ ਦਿਲ ਤੇ ਦਿਮਾਗ ਚੋਂ ਮਿਟ ਜਾਂਦਾ ਹੈ
ਮੁਹੱਬਤ ਅਤੇ ਦੋਸਤੀ ਦੇ ਉਹ ਪਲ,ਉਹ ਛਿਣ ,
ਉਹ ਸਮਾਂ
ਚੇਤਿਆਂ ਦੀ ਜੂਹ ‘ਚੋਂ ਕੀ ਕਦੇ ਲੁਪਤ ਹੋ ਜਾਂਦਾ ਹੈ
ਰੂਹਾਂ ਦਾ ਮਿਲਣ ਕਿਸੇ ਦਾ ਪਾਬੰਦ ਨਹੀਂ ਹੁੰਦਾ ਹੈ
ਜੇ ਨਹੀਂ ਹੁੰਦਾ ਤਾਂ ਜੁਦਾ ਹੋਣ ਦਾ ਅਰਥ ਵੀ ਕੀ
ਇੱਕ ਦੂਜੇ ਤੋਂ ਵਿੱਛੜ ਜਾਣ ਦਾ ਗ਼ਮ ਵੀ ਕੀ
ਹੌਸਲਾ ਬਰ-ਕਰਾਰ ਰਹੇ
ਇੱਕ ਦੂਜੇ ਤੋਂ ਦੂਰ ਰਹਿੰਦਿਆਂ ਵੀ ਦੂਰੀ ਨਹੀਂ।
ਸਾਰਥਕਿ ਰਿਸ਼ਤਾ
ਆ ! ਰਿਸ਼ਤਾ ਸਾਰਥਕਿ ਬਣਾ ਲਈਏ
ਮਨ ਦੀ ਪ੍ਰਿਜ਼ਮ ਚੋਂ ਪਾਰ ਲੰਘਾ ਲਈਏ
ਕਿਉਂ ਜੋ ਕੋਈ ਰਿਸ਼ਤਾ
ਨਿਰੇ ਸ਼ਬਦਾਂ ਨਾਲ ਸਾਰਥਕਿ ਨਹੀਂ ਬਣਦਾ
ਨਿਰੇ ਅਰਥਾਂ ਨਾਲ ਸਾਰਥਿਕ ਨਹੀਂ ਬਣਦਾ
ਤੇ ਨਾ ਹੀ
ਜਪ-ਮਾਲਾ ਦੇ ਇਕੋਤਰ ਸੌ ਮਣਕਿਆਂ ਨੂੰ
ਉਂਗਲਾਂ ਦੇ ਪੋਟਿਆਂ ਵਿਚੋਂ ਵਾਰ-ਵਾਰ ਕੱਢ ਕੇ
ਜਾਂ ਬੁੱਲ੍ਹਾਂ ਤੇ ਅਲੱਖ ਆਦੇਸ਼ ਦੀ ਧੂਣੀ ਜਗਾ ਕੇ ---
ਜਦੋਂ ਤਕ ਇਹ
ਧੁਰ ਅੰਦਰੋਂ ਨਿਕਲੇ ਅਹਿਸਾਸ ਸੰਗ
ਰੰਗ ਮਜੀਠ ਅਭਿਵਿਅਕਤ ਨਾ ਹੋ ਜਾਵੇ।
ਆ!
ਆਪਾਂ ਅਜਿਹੇ ਅਹਿਸਾਸ ਦੇ ਰੰਗਾਂ ਨੂੰ
ਕਿਸੇ ਰਿਸ਼ਤੇ ਦੀ ਪਹਿਚਾਣ
ਜਾਂ ਹੰਢਾਉਣ ਤੋਂ ਪਹਿਲਾਂ
ਕੌੜੇ ਸੱਚ ਵਾਂਗ
ਮਨ ਦੀ ਪ੍ਰਿਜ਼ਮ ‘ਚੋਂ ਪਾਰ ਲੰਘਾਈਏ
ਤਾਂ ਜੋ ਸ਼ਬਦ ਅਰਥਾਂ ਦੇ ਭੇਦ
ਅਭੇਦ ਹੋ ਜਾਣ
ਸਤ-ਰੰਗੇ ਆਸ਼ਾ ਦੇ ਅਹਿਸਾਸ
ਸਦਾ ਲਈ ਸਾਫ਼-ਸ਼ਫਾਫ ਹੋ ਕੇ
ਪਵਿੱਤਰਤਾ ਦੀਆਂ
ਨੂਰੀ ਕਿਰਨਾਂ ਵਿਚ ਵੱਟ ਜਾਣ
ਤੇ ਰਿਸ਼ਤਾ ਸਾਰਥਿਕ ਹੋ ਜਾਏ
ਆ!
ਆਪਾਂ ਰਿਸ਼ਤਾ ਸਾਰਥਕਿ ਬਣਾ ਲਈਏ
ਮਨ ਦੀ ਪ੍ਰਿਜ਼ਮ ਚੋਂ ਪਾਰ ਲੰਘਾ ਲਈਏ
ਸਮੇਂ ਤੋਂ ਪਹਿਲਾਂ ਮੌਤ
ਓ,ਪੰਜਾਬੀ ਮਾਂ ਦੇ ਬਾਂਕੇ ਸ਼ੇਰਾ,
ਨਸ਼ੇੜੀ ਹੋਣ ਤੋਂ ਪਹਿਲਾਂ
ਤੈਨੂੰ ਆਪਣੇ ਡੌਲਿਆਂ ‘ਤੇ ਉੱਭਰਦੀਆਂ
ਮੱਛੀਆਂ ਦੇ ਪੱਠਿਆਂ ਦਾ ਮਾਣ ਹੁੰਦਾ ਸੀ।
ਚਟਾਨ ਜਿਹੀ ਛਾਤੀ ‘ਚ ਤਾਕਤ ਦਾ ਘਮੰਡ ਹੁੰਦਾ ਸੀ।
ਤਾਂਹੀਓਂ ਪਾਣੀ ਦੇ ਵਹਿਣ ਵਲ ਨਹੀਂ,
ਤੂੰ ਵਹਾਓ ਵਿਰੁੱਧ ਤਰਨ ਦਾ ਆਦੀ ਸੀ।
ਨੱਚਦੀਆਂ ਲਹਿਰਾਂ ਨਾਲ ਛੇੜ ਛਾੜ ,
ਉਨ੍ਹਾਂ ਦੀ ਹੋਂਦ ਨੂੰ ਵਿਗਾੜਨਾ
ਪਾਣੀ ਨੂੰ ਹਵਾ ‘ਚ ਉਛਾਲਣਾ ਉਡਾਉਣਾ,
ਤੇਰਾ ਸ਼ੁਗ਼ਲ ਹੁੰਦਾ ਸੀ।
ਘੁੰਮਣ ਘੇਰੀਆਂ ‘ਚ ਘੁੰਮਣਾ,
ਤੇਰਾ ਪਿਆਰ ਹੁੰਦਾ ਸੀ।
ਤੇਰਾ ਵੇਗਮਈ ਜੀਵਨ
ਬੇਸਹਾਰੇ ਲੋੜਵੰਦਾਂ ਦਾ ਮਸੀਹਾ ਹੁੰਦਾ ਸੀ
ਤੇਰਾ ਆਪਾ ਉਨ੍ਹਾਂ ਲਈ ਸਮਰਪਣ ਹੁੰਦਾ ਸੀ।
ਓ, ਪੰਜਾਬੀ ਮਾਂ ਦੇ ਬਾਂਕੇ ਸ਼ੇਰਾ,
ਨਸ਼ੇੜੀ ਹੋਣ ਤੋਂ ਪਹਲਿਾਂ।
ਓ, ਪੰਜਾਬੀ ਮਾਂ ਦੇ ਨਸ਼ੇੜੀ ਸ਼ੇਰਾ,
ਹੁਣ ਪਾਣੀ ਗਿਟਿਓਂ ਲਹਿ ਕੇ ਵਗਦਾ
ਤੇ ਤੂੰ ਖੁਰੇ ਕਿਨਾਰੇ ‘ਤੇ ਖੜ੍ਹਾ ਵੀ
ਪੈਰ ਗਿੱਲੇ ਹੋਣੋਂ ਝਿਜਕਦਾ ਹੈਂ
ਤੈਨੂੰ ਲਹਿਰਾਂ ਦੇ ਚਮਕੀਲੇ ਸੀਨੇ ਬੁਲਾਉਂਦੇ ਨੇ
ਪਰ ਤੂੰ ਉਨ੍ਹਾਂ ਨੂੰ ਵਿਸਾਰ,
ਲਹਿੰਦੇ ਪਾਣੀ ਵਲ
ਆਵੇਗ-ਹੀਣ ਤੱਕੀ ਜਾਣੈਂ
ਤੇਰੇ ਡੌਲ਼ਆਿਂ ਦੀਆਂ ਮੱਛੀਆਂ ਤੇ ਪੱਠੇ
ਕਿਵੇਂ ਬੇ-ਜਾਨ ਹੋ ਕੇ ਰਹਿ ਗਏ
ਤੇਰੀ ਚਟਾਨ ਜਿਹੀ ਫ਼ੌਲਾਦੀ ਛਾਤੀ,
ਕਿਵੇਂ ਸੁੱਕੜ ਗਈ
ਕਦੇ ਤੂੰ ਬੇਸਹਾਰਆਿਂ ਦਾ ਸਹਾਰਾ ਹੁੰਦਾ ਸੀ
ਅੱਜ ਕਿਉਂ ਤੂੰ ਹਿੰਸਿਕ ਰੂਪ ਧਾਰ ਲਿਆ ਹੈ
ਕਿਉਂ ਆਪਣਾ ਜੀਵਨ ਕੁਰਾਹੇ ਪਾ ਲਿਆ ਹੈ
ਕਿਉਂ ਸਮੇਂ ਤੋਂ ਪਹਲਿਾਂ ਤੇਰੀ ਮੌਤ ਹੋ ਰਹੀ ਹੈੈ
ਓ, ਪੰਜਾਬੀ ਮਾਂ ਦੇ । … ਨਸ਼ੇੜੀ ਸ਼ੇਰਾ!
ਅਜੇ ਸਮਾਂ ਹੈ, ਪਰਤ ਆ,
ਸਹੀ ਜੀਵਨ ਰਾਹੇ।
ਛੱਡ ਕੇ ਕੁਰਾਹੇ।
ਓ, ਪੰਜਾਬੀ ਮਾਂ ਦੇ ਸ਼ੇਰਾ।



I express my sincere thanks to the management of ’Megla’ management for highlighting my work.
ReplyDeleteVery nice 👍! Enjoyed reading this. Thanks
ReplyDelete