ਵਗਦੀ ਏ ਰਾਵੀ :
“ਕਵਿਤਾ
ਸਾਥਣ ਹੁੰਦੀ ਹੈ
ਗੱਲ ਸੁਣਦੀ
ਵਾਲ ਪਲੋਸਦੀ
ਹੌਲਾ ਫੁੱਲ ਕਰ
ਤਲੀਆਂ 'ਤੇ
ਦੀਪ ਜਗਾਉਂਦੀ ਹੈ”
ਮੈਂ ਦਿੱਲੀ ਦੀ ਜੰਮਪਲ ਹਾਂ ਅਤੇ ਇੱਥੇ ਹੀ ਮੈਂ ਸਿੱਖਿਆ ਗ੍ਰਹਿਣ ਕੀਤੀ। ਸਭ ਤੋਂ ਪਹਿਲੀ ਕਵਿਤਾ ਮੈਂ ਅੰਗ੍ਰੇਜ਼ੀ ਵਿੱਚ ਲਿਖੀ ਸੀ -”My mother”, ਉਸ ਸਮੇਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ। ਫ਼ਿਰ ਦੱਸਵੀਂ ਜਮਾਤ ਤੋਂ ਨਿੱਕੀਆਂ-ਨਿੱਕੀਆਂ ਕਵਿਤਾਵਾਂ ਹਿੰਦੀ ਵਿੱਚ ਲਿੱਖਣ ਲੱਗੀ। ਉਸ ਤੋਂ ਬਾਅਦ ਸਕੂਲ ਅਤੇ ਕਾਲਜ ਦੀਆਂ ਮੈਗਜ਼ੀਨਾਂ ਲਈ ਪੰਜਾਬੀ ਵਿੱਚ ਕਵਿਤਾਵਾਂ ਵੀ ਲਿਖੀਆਂ ਅਤੇ ਲੇਖ ਵੀ।
ਆਪਣੇ ਆਲੇ-ਦੁਆਲੇ ਫੈਲੇ ਭ੍ਰਿਸ਼ਟਾਚਾਰ, ਪਾਖੰਡ, ਸ਼ੋਸ਼ਣ, ਵਿਤਕਰਿਆਂ ਆਦਿ ਕਰਕੇ ਮੇਰੇ ਸੰਵੇਦਨਸ਼ੀਲ ਮਨ ਵਿੱਚ ਕਵਿਤਾ ਦੇ ਬੀਜ ਪੁੰਗਰਨ ਲੱਗ ਪਏ। ਕਵਿਤਾ ਮੇਰੇ ਲਈ ਇੱਕ ਸਾਥਣ ਬਣ ਕੇ ਆਈ। ਜੋ ਮੇਰੇ ਮਨ ਦੇ ਹਨੇਰ ਕੋਨਿਆਂ ਦੀਆਂ ਪਰਤਾਂ ਫਰੋਲਦੀ ਗਈ ਅਤੇ ਤਹਿ ਦਰ ਤਹਿ ਅੰਦਰ ਉਤਰਦੀ ਗਈ।
ਕਵਿਤਾ ਅਤੇ ਮੇਰਾ ਸਾਥ ਬਹੁਤ ਪੁਰਾਣਾ ਹੈ ਜਿਸ ਵਿੱਚੋਂ ਦੋ ਕਾਵਿ-ਸੰਗ੍ਰਿਹਾਂ ਦਾ ਜਨਮ ਹੋਇਆ। ਪਹਿਲੀ ਕਾਵਿ-ਪੁਸਤਕ ‘ਇੱਕ ਚੂੰਢੀ ਅਸਮਾਨ’ ਹੈ ਜੋ 2021 ਵਿੱਚ ਪਾਠਕਾਂ ਦੀ ਅਦਾਲਤ ਵਿੱਚ ਪੇਸ਼ ਹੋਈ। ਇਸ ਪੁਸਤਕ ਨੂੰ ਖ਼ੂਬ ਸਰਾਹਿਆ ਗਿਆ। ਪਾਠਕਾਂ ਦੇ ਇਸ ਪਿਆਰ ਸਦਕਾ ਸਾਲ 2022 ਵਿੱਚ ਮੈਨੂੰ ਆਪਣੀ ਦੂਜੀ ਕਾਵਿ-ਪੁਸਤਕ “ਸਹਿਜੇ ਸਹਿਜੇ ਤੁਰ” ਪ੍ਰਕਾਸ਼ਿਤ ਕਰਨ ਦਾ ਉਤਸਾਹ ਮਿਲਿਆ। ਮੇਰੀਆਂ ਕਵਿਤਾਵਾਂ ਦੀ ਹਾਜ਼ਰੀ ਨਾਗਮਣੀ, ਸਮਦਰਸ਼ੀ, ਅੱਖਰ, ਏਕਮ, ਰਾਗ, ਕਾਵਿਲੋਕ, ਆਪਣੀ ਅਵਾਜ਼, ਦੇਸ-ਪਰਦੇਸ ਟਾਈਮ ਆਦਿ ਵਿੱਚ ਵੀ ਲਗਦੀ ਰਹੀ ਹੈ। ਆਲ ਇੰਡੀਆ ਰੇਡੀਓ, ਨਵੀਂ ਦਿੱਲੀ ਵਿੱਚ ਵੀ ਮੇਰੀਆਂ ਕਵਿਤਾਵਾਂ ਦਾ ਪ੍ਰਸਾਰਨ ਸਮੇਂ-ਸਮੇਂ ਸਿਰ ਹੁੰਦਾ ਰਿਹਾ।
ਇਸ ਤੋਂ ਇਲਾਵਾ ਮੈਂ ਨੈਸ਼ਨਲ ਬੁੱਕ ਟਰੱਸਟ ਲਈ ਪੁਸਤਕਾਂ ਦਾ ਅਨੁਵਾਦ ਵੀ ਕੀਤਾ ਅਤੇ ਕੁਝ ਕਾਵਿ-ਪੁਸਤਕਾਂ ਦੀ ਸਮੀਖਿਆ ਅਤੇ ਰਿਵਿਊ ਵੀ ਲਿਖੇ।
ਲਲ੍ਹਕ
ਬੱਚਿਆਂ ਅੱਗੇ
ਨਾ ਕਰੋ ਜ਼ਿਕਰ
ਕੋਝੇ ਅਨੁਭਵਾਂ ਤੇ
ਕਰੂਪ ਮਾਨਸਿਕਤਾ ਦਾ
ਨਾ ਕਰੋ ਅਨੁਵਾਦ
ਮਨੋਵਿਗਿਆਨਕ ਗੁੰਝਲਾਂ ਤੇ
ਉਸ ਵਿਚਲੀ ਵਿਚਾਰਗੀ ਦਾ
ਉਹਨਾਂ ਨੂੰ
ਵੇਖਣ ਦਿਉ
ਚੰਨ ਮਾਮੇ ਦੀ ਦੁਨੀਆ
ਪਰਤਾਉਣ ਦਿਉ
ਤਾਰਿਆਂ ਦੇ ਵਰਕੇ
ਨੱਸਣ ਦਿਉ
ਤ੍ਰੇਲ ਭਿੱਜੀ ਘਾਹ 'ਤੇ
ਸਿੱਖਣ ਦਿਉ
ਬਿਜੜੇ ਤੋਂ
ਕਲਾਕਾਰ ਬਣਨਾ
ਸਾਂਭਣ ਦਿਉ
ਨਿੱਕੇ-ਨਿੱਕੇ ਹਾਸੇ
ਤਾਂ ਜੋ
ਬਚੀ ਰਹੇ
ਜ਼ਿੰਦਗੀ ਜਿਉਣ ਦੀ
ਲਲ੍ਹਕ !
ਬਿਨਸਣ ਤੋਂ ਪਹਿਲਾਂ
ਮੈਂ
ਖ਼ੁਦ ਦੀ
ਪਰਿਕਰਮਾ ਕਰ
ਰੋਜ਼ ਸਫ਼ਰ 'ਤੇ ਨਿਕਲਾਂਗੀ
ਥੋੜ੍ਹਾ- ਥੋੜ੍ਹਾ
ਰਸਤਾ ਤੈਅ ਕਰ
ਪਹੁੰਚ ਜਾਵਾਂਗੀ
ਉਸ ਬਿੰਦੂ 'ਤੇ
ਜਿੱਥੇ
ਅਹਿਸਾਸਾਂ ਦੀ
ਬੰਜਰ ਧਰਤੀ 'ਚੋਂ ਵੀ
ਅੰਕੁਰ ਫੁੱਟਣਗੇ
ਗੁੰਮਸੁੰਮ ਸ਼ਾਮਾਂ 'ਚ
ਫੈਲ ਜਾਏਗੀ
ਚਾਹ 'ਚੋਂ ਨਿਕਲਦੀ ਭਾਫ਼
ਕੁੜਤੇ ਦੀ
ਪਾਟੀ ਜੇਬ 'ਚੋਂ
ਕਿਰ ਜਾਣਗੇ
ਸ਼ਬਦ
ਜੋ
ਤੂੰ ਨੂੰ 'ਤੂੰ'
ਤੇ
ਮੈਂ ਨੂੰ 'ਮੈਂ' ਦੇ
ਬੋਝ ਹੇਠ
ਕੁਚਲ ਰਹੇ
ਉੱਥੇ
ਬੁਹਾਰਾਂਗੀ ਫ਼ਰਸ਼
ਵੇਖਾਂਗੀ ਲਿਸ਼ਕੌਰ
ਚਮਕਦੇ ਸੂਰਜ ਦੀ
ਦਿਆਂਗੀ ਅਸੀਸ
ਰੌਸ਼ਨਦਾਨ 'ਚ
ਗੁਟਕਦੇ ਪੰਛੀਆਂ ਨੂੰ
ਬਿਨਸਣ ਤੋਂ ਪਹਿਲਾਂ
ਇੱਦਾਂ
ਜਿਉਣ ਲੱਗ ਪਵਾਂਗੀ
ਮੈਂ … !
ਚੰਗਾ ਨਹੀਂ ਲੱਗਦਾ
ਬਹੁਤ ਜਲਦੀ
ਸਿਆਣੀਆਂ ਹੋ ਜਾਂਦੀਆਂ ਧੀਆਂ
ਮੇਰੀ ਧੀ ਵੀ
ਵੱਡੀ ਹੋ ਗਈ
ਹੁਣ ਉਹ
ਪੜ੍ਹ ਲੈਂਦੀ ਹੈ ਅੱਖਾਂ
ਸੁਣ ਲੈਂਦੀ ਹੈ
ਚੁੱਪ ਵਿਚਲਾ ਸ਼ੋਰ
ਜਾਣ ਲੈਂਦੀ ਹੈ
ਸ਼ੋਰ ਵਿਚਲੀ ਚੁੱਪ
ਬਿਮਾਰ ਹੋਣ 'ਤੇ
ਹਮੇਸ਼ਾਂ ਵਾਂਗ
ਪੈਰਾਸੀਟਾਮੋਲ ਨਹੀਂ ਦਿੰਦੀ
ਹੁਣ ਉਹ
ਫਰੋਲਣ ਲੱਗਦੀ ਹੈ
ਮੇਰੇ ਮਨ ਦੀਆਂ ਤੈਹਾਂ
ਤੈਹਾਂ 'ਚੋਂ ਲੱਭ ਲੈਂਦੀ ਹੈ
ਕੁਝ ਬੋ-ਮਾਰਦੀਆਂ
ਮਰੀਆਂ ਮੱਛੀਆਂ
ਆਪਣੀਆਂ
ਬੋਝਲ ਅੱਖਾਂ ਨਾਲ
ਮੇਰੇ ਸਿਰ 'ਤੇ ਰੱਖੀ
ਪੰਡ ਤੋਲਦੀ
ਉਹ
ਵੱਡੀ ਹੋ ਗਈ ਹੈ
ਸਿਆਣੀ ਹੋ ਗਈ ਹੈ
ਧੀਆਂ ਦਾ
ਇੰਝ ਵੱਡੇ ਹੋਣਾ
ਸਿਆਣੇ ਹੋਣਾ
ਮੈਨੂੰ
ਚੰਗਾ ਨਹੀਂ ਲੱਗਦਾ !
ਦਰਸ਼ਕ
ਕਿੰਨਾ ਕੁਝ
ਤੱਕਦੀਆਂ ਨੇ ਅੱਖਾਂ
ਨਿੱਕੀ ਰੁੱਤੇ
ਜਾਮਨੀ ਫੁੱਲ ਚੁੱਗਣੇ
ਗੁਲਾਬੀ ਰੁੱਤੇ
ਚਿੱਟੇ ਵਾਲ ਵਾਹੁਣੇ
ਬਸੰਤ ਵੇਲੇ
ਸੁੱਕੇ ਪੱਤੇ ਪਲੋਸਣਾ
ਪੱਤਝੜਾਂ ਵਿੱਚ
ਫੁੱਲਾਂ ਦੀ ਆਸ
ਸ਼ੋਰ ਵਿੱਚ
ਚੁੱਪ ਹੰਢਾਉਣੀ
ਚੁੱਪ ਵਿੱਚ
ਸ਼ੋਰ ਤੋਂ
ਤ੍ਰਭਕ ਪੈਣਾ
ਬੇੜੀਆਂ ਵਿੱਚ ਬੱਝੀ
ਬੇੜੀ ਦੀ ਛਟਪਟਾਹਟ
ਪਿੰਜਰੇ ਦੇ ਪੰਛੀ ਦੀ
ਪਰਵਾਜ਼ ਵਿਚਲੀ ਤੜਪ
ਕਿੰਨਾ ਕੁਝ
ਤੱਕਦੀਆਂ ਨੇ ਅੱਖਾਂ …. !
ਪ੍ਰਸ਼ਨ ਚਿੰਨ੍ਹ
ਤੇਰਾ ਨਾਂ
ਮੈਨੂੰ
ਖੰਡਿਤ ਕਰ ਜਾਂਦੈ
ਰੁੱਖ ਦੀਆਂ
ਜੜਾਂ ਨੂੰ
ਫੋਕੀਆਂ ਕਰ ਜਾਂਦੈ
ਚਿੜੀ ਦੇ ਮੂੰਹੋਂ
ਤਿਨਕਾ ਡਿੱਗ ਪੈਂਦੈ
ਪੈਰਾਂ ਸਾਹਵੇਂ
ਲਛਮਣ ਰੇਖਾ
ਉਲੀਕੀ ਜਾਂਦੀ ਹੈ
ਇੱਕ
ਪ੍ਰਸ਼ਨ ਚਿੰਨ੍ਹ ਆਣ
ਮੇਰੀ
ਸ਼ਨਾਖਤ ਪੁੱਛਦੈ
ਨਦੀ
ਸਾਗਰ ਤੋਂ ਵਿੱਛੜ
ਭਟਕਦੀ
ਵਹਿੰਦੀ ਹੈ
ਜ਼ਮੀਨ ਅਸਮਾਨ ਦਾ
ਫ਼ਰਕ
ਵੱਧਦਾ ਜਾਂਦੈ
ਪੰਛੀ
ਪਰਵਾਜ਼ ਤੋਂ ਡਰ
ਪਰ ਨਹੀਂ ਤੋਲਦੇ
ਤੇਰਾ ਨਾਂ
ਪਿਤਾ…
ਮੈਨੂੰ
ਖੰਡਿਤ ਕਰ ਜਾਂਦੈ !
ਤੂੰ ਤੁਰ
ਡਰ ਨਾ
ਤੂੰ ਤੁਰ
ਤੁਰ ਤੇ
ਡੂੰਘਾ ਉਤਰ
ਸੁਪਨਿਆਂ ਸੰਗ
ਪਾ ਕਿੱਕਲੀ
'ਵਾਵਾਂ ਨਾਲ
ਸੰਵਾਦ ਰਚਾ
ਸੁਨੱਖੀ ਨਜ਼ਰ ਨਾਲ ਤੱਕ
ਪਹਾੜ ਦੀ ਚੋਟੀ ਤੋਂ
ਪਿਘਲਦੀ ਬਰਫ਼
ਛਮ-ਛਮਾ-ਛਮ
ਨੱਚ ਤੂੰ
ਬ੍ਰਹਿਮੰਡ ਅੰਦਰ
ਤਾਰਿਆਂ ਦੇ ਵਰਕਿਆਂ 'ਤੇ
ਲਿਖ ਅਬੋਲ ਕਾਵਿ
ਸਮਿਆਂ ਦੀ ਹਿੱਕ 'ਤੇ
ਪੈੜਾਂ ਛੱਡਦੀ
ਤੂੰ ਤੁਰ….!
ਮਾਂ
ਉਸ ਵਿੱਚ
ਕਾਦਰ ਦਾ
ਅਕਸ ਦਿਸਦਾ ਹੈ
ਅੱਖੀਆਂ 'ਚ
ਡੂੰਘੇ ਸਾਗਰ
ਮੋਢਿਆਂ 'ਤੇ
ਹਰੇ-ਭਰੇ ਰੁੱਖ
ਹੱਥਾਂ 'ਚ
ਜ਼ਿੰਦਗੀ ਨੂੰ
ਸਾਂਭਣ ਦੀ ਕੁੰਜੀ
ਪੈਰਾਂ 'ਚ ਨਿਰੰਤਰ
ਤੁਰਦੇ ਰਹਿਣ ਵਾਲੇ
ਚੱਕਰ
ਉਹ ਨਿਡਰ
ਇਕੱਲੀ ਹੀ
ਝੱਖੜਾਂ ਨਾਲ
ਸੰਵਾਦ ਰਚਾਉਂਦੀ
ਰੂਹ ਦੀ ਲਾਟ
ਮੱਥੇ ਬਾਲ
ਨਿਰੰਤਰ
ਸਫ਼ਰ ਕਰਦੀ ਰਹੀ
ਵਿਚਾਰਗੀ ਨੂੰ
ਪਰਾਂ ਰੱਖ
ਸੂਈ ਦੇ ਨੱਕੇ 'ਚੋਂ
ਅਸਮਾਨ ਕੱਢ
ਸਮੇਂ ਨੂੰ ਸਿਉਂਦੀ
ਆਪਣੀ ਧੁੰਨੀ 'ਚ
ਲਿਵ ਜੋੜੀ
ਧੁਰ ਅੰਦਰ
ਟਿਕ ਗਈ !
ਲਹਿਰਾਂ
ਸ੍ਵੈ ਦੇ ਪਾਣੀਆਂ 'ਚ
ਕਈਂ ਲਹਿਰਾਂ
ਸੌਂਦੀਆਂ ਜਾਗਦੀਆਂ
ਕੋਈ ਸ਼ਰਾਰਤੀ ਬਾਲ ਵਾਂਗ
ਨੱਸਦੀ, ਟੱਪਦੀ
ਜ਼ਿਦਾਂ ਕਰਦੀ
ਗੋਦੀ 'ਚ ਅੱਖਾਂ ਮੀਟ
ਮੁੱਠੀਆਂ ਬੰਦ ਕਰ
ਸੌ ਜਾਂਦੀ
ਲਹਿਰ
ਸਫ਼ਰ ਕਰਦੀ
ਸਿੱਪੀਆਂ 'ਚੋਂ
ਮੋਤੀ ਢੂੰਡਦੀ
ਚਿੱਟੇ ਕੰਵਲਾਂ ਦੀ
ਖੁਸ਼ਬੋ ਭਾਲਦੀ
ਅਜੰਤਾ ਦੀ ਮੂਰਤ
ਕਦੇ ਮੀਰਾ ਦੀ ਵੇਦਨ ਬਣਦੀ
ਲਹਿਰ
ਮੋਹ ਵੱਸ
ਦਾਇਰਿਆਂ 'ਚ ਘੁੰਮਦੀ
ਬੋਟਾਂ ਦੇ ਸਿਰ ਦੀ ਛਾਂ
ਆਲ੍ਹਣੇ ਦਾ ਨਿੱਘ ਬਣਦੀ
ਸੁਰਮਈ ਰੰਗਾਂ 'ਚ ਡੁੱਬ
ਕਦੇ ਖਾਰੇ ਸਾਗਰ ਤਰਦੀ
ਫਕੀਰਾਂ ਦੇ ਚੋਲੇ ਸਿਉਂਦੀ
ਧਿਆਨ ਸਥਿਤ
ਅਡੋਲ ਹੁੰਦੀ !
ਮੌਨ
ਖ਼ਲਾਅ ਵਿਚਲੇ
ਮੌਨ ਅੱਖਰਾਂ ਨੂੰ
ਪੜ੍ਹੀਏ
ਪੱਤੇ-ਪੱਤੇ ਤੇ
ਉੱਕਰਿਆ
ਹਵਾ ਦਾ ਖ਼ਤ
ਵਾਚੀਏ
ਫੁੱਲਾਂ ਤੇ ਸੂਰਜ ਦਾ
ਸੰਵਾਦ ਸੁਣੀਏ
ਮਧੂਮੱਖੀ ਨੂੰ
ਸ਼ਹਿਦ ਬਣਾਉਂਦਿਆਂ
ਤੱਕੀਏ
ਪੰਛੀਆਂ ਦੀ
ਪਰਵਾਜ਼ ਵਿਚਲੀ
ਰਮਜ਼ ਪਛਾਣੀਏ
ਅਸੰਖ ਨਾਦਾਂ ਦੀ
ਗੂੰਜ ਅੰਦਰਲੀ
ਚੁੱਪ ਪਲੋਸੀਏ
ਹਵਾ ਦੇ
ਵਰਕਿਆਂ ਤੇ
ਲਿਖ ਹੋਵੇ
ਅਬੋਲ ਗਾਥਾ....!
ਸਾਡਾ ਭਵਿੱਖ
ਨਿੱਕਾ ਮਲੂਕ
ਬੱਚਾ
ਸਮਿਆਂ ਦਾ ਭਵਿੱਖ
ਖਿਡੌਣਿਆਂ ਨੂੰ
ਠੁੱਡੇ ਮਾਰਦਾ
ਕਾਗਜ਼ ਦੇ
ਜਹਾਜ਼ ਬਣਾ
ਨਿਕਲ ਪੈਂਦਾ
ਤਲਿਸਮੀ ਦੁਨੀਆ 'ਚ
ਰੂੜੀਆਂ 'ਤੇ ਲਿਟ
ਦਿਨ ਭਰ ਦੀ
ਥਕਾਨ ਲਾਹੁੰਦਾ
ਬੀੜੀ ਦੇ ਕਸ਼ ਮਾਰਦਾ
ਚਰਸ... ਗਾਂਜਾ…
ਸੋਲੁਸ਼ਨ 'ਚ
ਬੇਹੋਸ਼ ਹੁੰਦਾ
ਜ਼ਿੰਦਗੀ ਦਾ ਕੁੱਬ
ਸਿੱਧਾ ਕਰਦਾ
ਨਿੱਕਾ ਮਲੂਕ
ਬੱਚਾ
ਸਮਿਆਂ ਦਾ ਭਵਿੱਖ ?
ਸਾਥਣ
ਕਵਿਤਾ
ਸਾਥਣ ਹੁੰਦੀ ਹੈ
ਵੇਲੇ ਕੁਵੇਲੇ
ਆਉਣ ਦਾ ਦਮ ਰੱਖਦੀ
ਤਪਦੀਆਂ ਝਾਂਜਰਾਂ ਪਾ
ਕੋਲ ਆਣ ਬੈਠਦੀ
ਗੱਲ ਸੁਣਦੀ
ਵਾਲ ਪਲੋਸਦੀ
ਹੌਲਾ ਫੁੱਲ ਕਰ
ਤਲੀਆਂ 'ਤੇ
ਦੀਪ ਜਗਾਉਂਦੀ
ਲੁਕੇ ਸੰਸਾਰ ਵਿਖਾਉਂਦੀ
ਪਰਤਾਂ ਫਰੋਲਦੀ
ਤਹਿ-ਦਰ-ਤਹਿ
ਅੰਦਰ ਉਤਰਦੀ
ਸੂਰਜ ਦੀਆਂ
ਕਿਰਨਾਂ ਵਿਚਲੇ
ਸੱਤੇ ਰੰਗ ਫੜਦੀ
ਕੰਧਾਂ ਪਾਰਦਰਸ਼ੀ ਕਰ
ਅਨੰਤ ਸਾਗਰ ਵਿਖਾਉਂਦੀ
ਕਵਿਤਾ
ਸਾਥਣ ਹੁੰਦੀ ਹੈ !
ਦਰਸ਼ਕ
ਕਿੰਨਾ ਕੁਝ
ਤੱਕਦੀਆਂ ਨੇ ਅੱਖਾਂ
ਨਿੱਕੀ ਰੁੱਤੇ
ਜਾਮਨੀ ਫੁੱਲ ਚੁੱਗਣੇ
ਗੁਲਾਬੀ ਰੁੱਤੇ
ਚਿੱਟੇ ਵਾਲ ਵਾਹੁਣੇ
ਬਸੰਤ ਵੇਲੇ
ਸੁੱਕੇ ਪੱਤੇ ਪਲੋਸਣਾ
ਪੱਤਝੜਾਂ ਵਿੱਚ
ਫੁੱਲਾਂ ਦੀ ਆਸ
ਸ਼ੋਰ ਵਿੱਚ
ਚੁੱਪ ਹੰਢਾਉਣੀ
ਚੁੱਪ ਵਿੱਚ
ਸ਼ੋਰ ਤੋਂ
ਤ੍ਰਭਕ ਪੈਣਾ
ਬੇੜੀਆਂ ਵਿੱਚ ਬੱਝੀ
ਬੇੜੀ ਦੀ ਛਟਪਟਾਹਟ
ਪਿੰਜਰੇ ਦੇ ਪੰਛੀ ਦੀ
ਪਰਵਾਜ਼ ਵਿਚਲੀ ਤੜਪ
ਕਿੰਨਾ ਕੁਝ
ਤੱਕਦੀਆਂ ਨੇ ਅੱਖਾਂ …. !



ਬਹੁਤ ਖੂਬ
ReplyDeleteThanks
Delete