25 ਜਨਵਰੀ 1970 ਨੂੰ ਉੱਤਰ ਪ੍ਰਦੇਸ਼ ਦੇ ਹਰਪੁਰ ਚ ਜਨਮੇ ਡਾ: ਭਰਤ ਪ੍ਰਸਾਦ ਇਸ ਸਮੇਂ ਹਿੰਦੀ ਦੇ ਨਾਮਵਰ ਕਵੀ ਅਤੇ ‘ ਦੇਸ਼ਧਾਰਾ ‘ ਵਰਗੇ ਪ੍ਰਸਿੱਧ ਸਾਹਿਤਕ ਪੱਤਰ ਦੇ ਸੰਪਾਦਕ ਹਨ। ਉਹਨਾਂ ਦੇ ਅਨੇਕ ਕਾਵਿ ਸੰਗ੍ਰਹਿ ਛਪ ਚੁੱਕੇ ਹਨ ਜੋ ਪਾਠਕਾਂ ਚ ਪਰਵਾਨੇ ਤੇ ਸਰਾਹੇ ਗਏ ਹਨ। ਉਹਨਾਂ ਦਾ ਇਕ ਨਾਵਲ ਅਤੇ ਸੰਪਾਦਿਤ ਪੁਸਤਕਾਂ ਦੇ ਅਨੇਕ ਸੰਗ੍ਰਹਿ ਛਪੇ ਹਨ। ਉਹਨਾਂ ਨੇ ਹਿੰਦੀ ਦੇ ਕਈ ਪ੍ਰਸਿੱਧ ਸਾਹਿਤਕ ਰਸਾਲਿਆਂ ਦੇ ਕੁਝ ਵਿਸ਼ੇਸ਼ ਅੰਕਾਂ ਚ ਸੰਪਾਦਿਕ ਦੇ ਤੌਰ ‘ ਤੇ ਭੂਮਿਕਾ ਨਿਭਾਈ। ਉਹਨਾਂ ਨੂੰ ਦੇਸ਼ ਦੀਆਂ ਕਈ ਸਾਹਿਤਕ ਸੰਸਥਾਵਾਂ ਨੇ ਇਨਾਮਾਂ ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਦੀਆਂ ਕਵਿਤਾਵਾਂ ਦਾ ਅਨੇਕ ਭਾਰਤੀ ਅਤੇ ਅੰਤਰਰਾਸ਼ਟਰੀ ਭਾਸ਼ਾਵਾਂ ਚ ਅਨੁਵਾਦ ਹੋਇਆ ਅਤੇ ਇਸ ਸਮੇਂ ਉਹ ਮੇਘਾਲਿਆ ਦੀ ਸ਼ਿਲਾਂਗ ਯੂਨੀਵਰਸਿਟੀ ‘ਚ ਹਿੰਦੀ ਵਿਭਾਗ ਦੇ ਮੁਖੀ ਦੇ ਤੌਰ ‘ ਤੇ ਸੇਵਾਵਾਂ ਨਿਭਾਅ ਰਹੇ ਹਨ।
ਜੜ੍ਹਾਂ ਚ ਧੜਕਦੀਆਂ ਰੁੱਤਾਂ
ਕਿੰਨੀਆਂ ਕੰਬਦੀਆਂ - ਥਿਰਕਦੀਆਂ ਅਵਾਜ਼ਾਂ
ਪੀਣਾ ਜਰੂਰੀ ਸੰਸਕਾਰ ਬਣ ਗਿਆ ਸੀ
ਕੰਨਾਂ ਲਈ
ਹਰ ਗੈਰ ਜਰੂਰੀ ਸ਼ੈਅ ਨੂੰ
ਪਲ - ਪਲ ਰੁਕ- ਰੁਕ ਕੇ ਵਾਚਣਾ
ਅੱਖਾਂ ਦੀ ਵਿਅਰਥ ਆਦਤ
ਸਾਡੇ ਮਤਲਬਪ੍ਰਸਤ ਕਦਮ
ਦਰਦ ਸਹਿਣਾ ਨਹੀਂ ਜਾਣਦੇ ਹਾਲੇ
ਧਰਤੀ ਦੀ ਮਟਮੈਲੀ ਗੋਦ ਵਿਚ ਸੌਂ ਜਾਣਾ
ਸਿੱਖ ਲੈਂਦੇ
ਲੱਭ ਲੈਂਦੇ ਜੀਵਨ ਦਾ ਵਡਮੁੱਲਾ ਅਰਥ
ਰੁੱਖਾਂ ਦੇ ਨੇੜੇ ਜਾਂਦਿਆਂ ਹੀ
ਆਦਮੀ ਨਾ ਰਹਾਂ
ਵੱਖ ਹੋ ਜਾਵਾਂ ਆਪਣੇ ਆਪ ਤੋਂ
ਦਿਲ ਮਚਲਦਾ ਹੈ ਤਾਂ
ਸਥਿਰ ਹੋ ਜਾਂਦਾ ਹਾਂ
ਸੁਣਦਾ ਹਾਂ ਬੇਜਾਨ ਚੀਜ਼ਾਂ ਦੀ ਧੜਕਣ
ਰੁੱਖਾਂ ਦੇ ਅੱਥਰੂ ਪੀ ਜਾਣ ਦੀ
ਹੋਵੇ ਆਤਮਘਾਤੀ ਖੁਸ਼ੀ
ਆਪਣੇ ਸੁੱਖ ਨੂੰ ਸਹਿਲਾਉਂਦਿਆ
ਬੇਪਹਿਚਾਣ ਕਰ ਛੱਡੀਆਂ
ਜੜ੍ਹਾਂ ਵਿੱਚ ਧੜਕਦੀਆਂ ਰੁੱਤਾਂ।
ਨੱਚ ਕਵਿਤਾ! ਨੱਚ
ਤੈਨੂੰ ਤਾਂ ਉਤਰਨਾ ਸੀ ਧਰਤੀ ਦੇ ਮੌਨ ਅੰਦਰ
ਵਹਿਣਾ ਸੀ ਜੜ੍ਹਾਂ ਦੀਆਂ ਸ਼ਿਰਾਵਾਂ ਅੰਦਰ
ਰਮ ਜਾਣਾ ਸੀ ਬੀਜ ਬੀਜ ਅੰਦਰ
ਅੰਨ ਦੀ ਆਤਮਾ ਬਣ
ਮਨ ਦੀ ਮਿੱਟੀ ਅੰਦਰ
ਇਕਮਿਕ ਹੋ ਜਾਣਾ ਸੀ
ਕਵਿਤਾ ਤੈਨੂੰ ਤਾਂ ਬਣ ਜਾਣਾ ਸੀ
ਪਰਿਵਰਤਨ ਦਾ ਗੀਤ
ਸ਼ਬਦਾਂ ਚ ਨਹੀਂ ਖਿੜਿਆ
ਕਵਿਤਾ ਦਾ ਅਸਲੀ ਚਿਹਰਾ
ਕਵਿਤਾ ਦਾ ਸਥਾਨ ਵਿਆਖਿਆਵਾਂ ਤੋਂ ਉੱਪਰ
ਕਿੱਥੇ ਸੰਭਵ ਹੈ ਵਲਵਲਿਆਂ ਦੇ ਸਮੁੰਦਰ ਨੂੰ
ਕਵਿਤਾ ਚ ਬੰਨ ਦੇਣਾ
ਮੁਸ਼ਕਿਲ ਹਨ ਕਵਿਤਾ ਦੀਆਂ ਸ਼ਰਤਾਂ
ਇਹ ਮੰਗਦੀ ਹੈ ਜੀਵਨ ਭਰ ਦਾ ਸੰਘਰਸ਼
ਆਤਮਾ ਚ ਉਤਰਦੀ ਹੈ
ਅਨੰਤ ਦੀ ਸੁੰਨ ਵਿਚ ਪਸਰਿਆ
ਅਨਹਦ ਸੰਗੀਤ ਹੈਂ ਤੂੰ
ਇਸ ਤੋਂ ਪਹਿਲਾਂ ਕਿ ਸੁੱਕ ਜਾਵੇ ਜੀਵਨ ਦੀ ਨਦੀ
ਸੜ ਜਾਵੇ ਆਤਮਾ
ਇਸ ਤੋਂ ਪਹਿਲਾਂ ਮਰਨ ਲੱਗੇ
ਉੱਤਰ ਆ ਮੇਰੇ ਰੋਮ ਰੋਮ ਚ
ਤੇਰੇ ਸਿਮਰਨ ਦਾ ਦੀਵਾ
ਬੁੱਝ ਹੀ ਨਾ ਜਾਵੇ।
ਸੁਗੰਧਿਤ ਧੁੱਪ
ਮੱਠੀ ਧੁੱਪ ਨੇ ਹੁਣੇ ਹੁਣੇ ਲੁਟਾਉਣਾ ਸ਼ੁਰੂ ਕੀਤਾ
ਖੇਤਾਂ ਚ ਸੁਨਹਿਰੀ ਖ਼ਜ਼ਾਨਾ ਹੱਸ ਹੱਸ ਕੇ
ਡੋਲਦੀਆਂ ਫਸਲਾਂ ਹੁਣੇ ਗਦਰਾਈਆਂ ਹਨ
ਅਧਪੱਕੇ ਬੀਜਾਂ ਚ ਜੀਵਨ ਦੀ ਖ਼ੁਸ਼ਬੂ
ਹੁਣੇ ਹੁਣੇ ਸਹਿਜ ਨਾਲ ਪਰਤੀ ਹੈ
ਜੜ੍ਹਾਂ ਤੋਂ ਲੈ ਕੇ ਪੱਤਿਆਂ ਤੱਕ ਹਰਾ ਹੋਣਾ
ਸੰਪੂਰਨ ਹੋਇਆ ਹੈ।
ਬਾਸਮਤੀ ਤੋਂ ਉੱਠਦੀ ਮਹਿਕ ਨਾਲ
ਧੰਨ ਹੋਇਆ ਮਿੱਟੀ ਦਾ ਵਜੂਦ
ਸਾਰਥਿਕ ਹੋ ਗਏ ਦਿਨ
ਬੀਜਾਂ ਨੂੰ ਫਸਲਾਂ ਚ ਬਦਲਦੇ ਦੇਖ
ਫਸਲ ਪੱਕਦੀ ਹੈ ਤਾਂ
ਬੈਸਾਖ ਚ ਹੁੰਦੇ ਹੈ ਗੀਤਾਂ ਦਾ ਹੁਲਾਸ
ਬਚਿਆ ਰਹੇਗਾ
ਹਰ ਸਰੀਰ ਅੰਦਰ ਹਰਿਆਲੀ ਦਾ ਮੁੱਲ
ਬਚੀਆਂ ਰਹਿਣਗੀਆਂ
ਦਿਸ਼ਾਵਾਂ ਭ੍ਰਮਿਤ ਕਰਦੀਆਂ
ਪੰਛੀਆਂ ਦੀਆਂ ਉਡਾਣਾਂ
ਫਸਲ ਹੈ ਤਾਂ ਮਿੱਟੀ ਲਈ
ਬਹੁਤ ਆਸਥਾ ਹੈ ਦਿਲਾਂ ਅੰਦਰ
ਜ਼ਰਾ ਮਹਿਸੂਸ ਕਰੋ!
ਬਾਸਮਤੀ ਦੀ ਮਹਿਕ ਨਾਲ
ਅਸ਼ਬਦ ਕਰ ਰਹੀ ਹੈ ਧਰਤੀ
ਆਪਣੇ ਅਥਾਹ ਮੌਨ ਨਾਲ।
ਕੈਦ ਦਰ ਕੈਦ
ਹੋਕਾ ਦਿੰਦਾ ਹਾਂ ਅਕਸਰ
ਉਹ ਜਗ੍ਹਾ ਉਹ ਦੇਸ਼ ਬਚਾਓ
ਜੋ ਉਲਝਿਆ ਹੈ ਕੈਦਖਾਨਿਆਂ ਚ
ਜਿੱਥੇ ਸੰਕਟ ਚ ਨਹੀਂ ਨਿੱਜੀ ਆਜ਼ਾਦੀ
ਜਿੱਥੇ ਹਤਿਆਰੇ ਨੂੰ ਹਤਿਆਰਾ ਕਹਿਣ ਚ
ਕੋਈ ਭੈਅ ਨਹੀਂ
ਜਿੱਥੇ ਚਲਬਜਾਂ ਦੇ ਚਿਹਰੇ
ਸੱਜਣਤਾ ਦੇ ਮੁਖੌਟੇ ਚ ਨਹੀਂ ਢੱਕੇ ਹੁੰਦੇ
ਜ਼ੁਬਾਨ ਕਹਿਣ ਲਈ ਹੈ
ਪਰ ਜ਼ੁਬਾਨ ਰੱਖਣ ਵਾਲੇ
ਝੂਠ ਦੇ ਪੁਤਲੇ ਦਾ ਨਾਮ ਮਨੁੱਖ ਹੈ
ਜ਼ੁਬਾਨਾਂ ਨੂੰ ਅੱਜ ਲਕਵਾ ਮਰ ਗਿਆ
ਦਿਲ ਚੀਖ ਚੀਖ ਕੇ
ਸੱਚ ਕਹਿਣਾ ਚਾਹੁੰਦਾ
ਪਰ ਸੱਚ ਦਾ ਅਰਥ ਹੈ ਇਕੱਲਾਪਨ
ਅਤੇ ਸਵਾਲ ਕਰਨ ਦਾ ਅਰਥ
ਦੁਸ਼ਮਣੀ ਮੁੱਲ ਲੈਣਾ
ਸੱਚ ਕਹਿਣ ਦਾ ਅਰਥ
ਹਾਰਿਆ ਹੰਭਿਆ ਜੀਵਨ ਜੀਣਾ।
ਅਨੁਵਾਦ : ਜਤਿੰਦਰ ਔਲਖ।
ਮੋਬਾਈਲ 9815534653



No comments:
Post a Comment