ਜਦੋਂ ਮੈਂ 'ਕਾਲੇ ਲਿਖੁ ਨਾ ਲੇਖ' ਪੜ੍ਹਕੇ ਹਟਿਆ ਤਾਂ ਮੈਨੂੰ ਲੱਗਿਆ ਕਿ ਪ੍ਰੋ.ਹਮਦਰਦਵੀਰ ਨੌਸ਼ਹਿਰਵੀ ਨਾਲ ਤਾਂ ਮੇਰੀਆਂ ਕਈ ਗੱਲਾਂ ਮੇਲ ਖਾਂਦੀਆਂ ਹਨ, ਜਿਵੇਂ ਵਾਇਆ ਬਠਿੰਡਾ ਪੜ੍ਹਾਈ ਕਰਨੀ, ਰਜਿਸਟ੍ਰੇਸ਼ਨ ਤੋਂ ਪਿੱਛੋਂ ਵੀ, ਪੀ.ਐਚ.ਡੀ. ਦੀ ਇੱਛਾ ਵਿੱਚੇ ਹੀ ਰਹਿ ਜਾਣੀ, ਸੋਨਾ ਨਾ ਪਹਿਨਣਾ,ਅੱਖਾਂ ਤੇ ਸਰੀਰ ਦਾਨ, ਉਸ ਉਮਰ ਵਿੱਚ ਵੀ ਸਾਈਕਲ ਨਾਲ ਆੜੀ ਪਾ ਕੇ ਰੱਖਣੀ, ਦਾਰੂ, ਮੀਟ, ਮੱਛੀ ਆਦਿ ਤੋਂ ਗੁਰੇਜ਼ ਕਰਨਾ, ਨਹੀਂ ਜਾਣਾ ਪਰਦੇਸ਼।ਹਮਦਰਦਵੀਰ ਨੌਸ਼ਹਿਰਵੀ ਨਾਲ ਮੇਰੀ ਸਾਂਝ ਉਦੋਂ ਦੀ ਹੀ ਚਲੀ ਆਉਂਦੀ ਹੈ, ਜਦੋਂ ਤੋਂ ਉਹ ਸਮਰਾਲੇ ਆ ਕੇ ਵਸਿਆ।ਅਸੀਂ ਅਕਸਰ ਆਲੇ ਦੁਆਲੇ ਦੀਆਂ ਸਾਰੀਆਂ ਸਾਹਿਤਕ ਸਭਾਵਾਂ ਵਿੱਚ ਇਕੱਠੇ ਹੁੰਦੇ।'ਕਾਲੇ ਲਿਖੁ ਨਾ ਲੇਖ' ਨੌਸ਼ਹਿਰਵੀ ਦੀ ਬਾਈਵੀਂ ਪੁਸਤਕ ਹੈ, ਜਿਸ ਵਿੱਚ ੫੯ ਲੇਖ ਹਨ, ਜਿਹਨਾਂ ਨੂੰ ਮੈਂ ਬਹੁਤ ਹੀ ਉਤਸੁਕਤਾ ਨਾਲ ਪੜ੍ਹਿਆ, ਕਿਉਂਕਿ ਹਮਦਰਦਵੀਰ ਦੀ ਲੇਖਣੀ ਵਿੱਚੋਂ ਛੋਟੇ ਵਾਕ ਜਨਮ ਲੈਂਦੇ ਹਨ ਅਤੇ ਸ਼ਬਦਾਂ ਦੀ ਜਾਦੂਗਰੀ ਨੇ ਮੈਨੂੰ ਕੀਲਕੇ ਰੱਖਿਆ।