Showing posts with label Haribhajan Singh. Show all posts
Showing posts with label Haribhajan Singh. Show all posts

Wednesday, April 12, 2017

ਇਕ ਮੁਕੱਦਮਾ ਐਸਾ ਹੈ ਜੋ ਹਰ ਕਿਸੇ ਦੀ ਪਿੱਠ 'ਤੇ ਚੱਲਦਾ ਹੈ: ਡਾ: ਹਰਿਭਜਨ ਸਿੰਘ---ਮੁਲਾਕਾਤ (ਸੁਰੋਦ ਸੁਦੀਪ)



ਮਰਹੂਮ ਸੁਰੋਦ ਸੁਦੀਪ ਵੱਲੋਂ ਡਾ: ਹਰਿਭਜਨ ਸਿੰਘ ਨਾਲ਼ ਢਾਈ ਦਹਾਕੇ ਪਹਿਲਾਂ ਕੀਤੀ ਮੁਲਾਕਾਤ

ਇਹ ਦੋ ਮਹਾਨ ਪੰਜਾਬੀ ਚਿੰਤਕਾਂ ਡਾ: ਹਰਿਭਜਨ ਸਿੰਘ ਤੇ ਸੁਰੋਦ ਸੁਦੀਪ ਸੁਦੀਪ ਵੱਲੋਂ ਆਪਸ 'ਚ ਹੋਈ ਭੇਂਟ ਹੈ। ਦੋਵੇਂ ਵਿਦਵਾਨ ਇਸ ਸੰਸਾਰ 'ਚ ਨਹੀਂ। ਸੁਰੋਦ ਸੁਦੀਪ ਹੁਰਾਂ ਨੇ ਆਪਣੀ ਮੌਤ ਤੋਂ 22 ਸਾਲ ਪਹਿਲਾਂ ਡਾ: ਹਰਿਭਜਨ ਸਿੰਘ ਨਾਲ਼ ਇਹ ਮੁਲਾਕਾਤ ਕੀਤੀ ਸੀ। ਸੁਰੋਦ ਸੁਦੀਪ ਜੀ ਨੇ ਤਕਰੀਬਨ ਦੋ ਦਹਾਕੇ ਇਸ ਇੰਟਰਵਿਊ ਨੂੰ ਰੱਖ ਛੱਡਿਆ ਅਤੇ ਫਿਰ ਮੇਘਲਾ ਦੇ ਤੀਜੇ ਅੰਕ ਵਿਚ ਛਪਣ ਲਈ ਭੇਜ ਦਿੱਤੀ। ਡਾ: ਹਰਿਭਜਨ ਸਿੰਘ ਵਰਗੇ ਮਹਾਨ ਕਵੀ ਅਤੇ ਚਿੰਤਕ ਦੇ ਚੇਤਨ-ਅਵਚੇਤਨ 'ਚ ਪਈ ਦਾਰਸ਼ਨਿਕਤਾ ਵਿਚ ਸਾਖ਼ਸ਼ਾਤ ਦਰਸ਼ਨ ਇਸ ਇੰਟਰਵਿਊ 'ਚੋਂ ਕੀਤੇ ਜਾ ਸਕਦੇ ਹਨ। ਮੈਂ ਇਹ ਖੁਦ ਕਵੀ ਵਾਰ ਪੜ੍ਹ ਚੁੱਕਾ ਹਾਂ। ਹੋਰ ਵਧੇਰੇ ਲੋਕਾਂ ਤੱਕ ਪਹੁੰਚਾਉਣ ਲਈ 'ਮੇਘਲਾ' ਦੇ ਔਨਲਾਈਨ ਬਲੌਗ 'ਤੇ ਛਾਪ ਰਿਹਾ ਹਾਂ ਤਾਂ ਕਿ ਦੁਨੀਆ ਭਰ 'ਚ ਕਾਵਿਕ ਸੂਝ ਰੱਖਣ ਵਾਲ਼ੇ ਲੋਕ ਇਸ ਨੂੰ ਪੜ੍ਹ ਮਾਣ ਸਕਣ।
                                                                                                     ਜਤਿੰਦਰ ਔਲ਼ਖ (ਸੰਪਾਦਕ ਮੇਘਲਾ)
ਹਰਿਭਜਨ ਸਿੰਘ 

ਡਾ. ਹਰਿਭਜਨ ਸਿੰਘ ਇੱਕ ਰੁੱਝਾ ਹੋਇਆ ਬੰਦਾ ਹੈ। ਢੇਰ ਸਾਰੇ ਕੰਮ ਜਿਹੜੇ ਇੱਕੋ ਵੇਲ਼ੇ ਵਿੱਢੇ ਗਏ ਹੁੰਦੇ ਹਨ,ਉਹ ਪੂਰੇ ਕਿਵੇਂ ਹੁੰਦੇ ਹਨ, ਰੱਬ ਜਾਣੇ। ਲਿਖਣ ਮੇਜ 'ਤੇ ਕੌਂਕੇ ਤੋਂ ਲੈ ਕੇ ਸੁਰਜੀਤ ਹਾਂਸ ਤੱਕ ਦੀਆਂ ਪੁਸਤਕਾਂ, ਜਿੰਨਾ ਨੂੰ ਪੜ੍ਹਿਆ ਜਾਣਾ ਹੈ। ਸਮਾਂ ਆਉਣ ਤੇ ਲਿਖਿਆ ਵੀ ਵੀ ਜਾਏਗਾ। ਉਸੇ ਮੇਜ ਤੇ ਅਨੁਵਾਦ ਦਾ ਕੰਮ ਵੀ ਚੱਲ ਰਿਹਾ ਹੈ। ਵਿੱਚ -ਵਿੱਚ ਬਾਹਰਲੇ ਮੁਲਕਾਂ ਦਾ ਸਫਰ ਵੀ। ਕਿਤੇ ਸੈਮੀਨਾਰਾਂ ਵਿੱਚ ਪ੍ਰਧਾਨਗੀ ਭਾਸ਼ਨ ,ਕਿਤੇ ਦੂਰਦਰਸ਼ਨ ਉਤੇ ਗੁਰਬਾਣੀ ਦੇ ਅਰਥ। ਭਾਸ਼ਨ, ਕਵਿਤਾ ਅਤੇ ਆਲੋਚਨਾ ਨੂੰ ਉਹ ਇੱਕੋ ਵੇਲ਼ੇ ਜੀਅ ਲੈਂਦਾ ਹੈ। ਜੇ ਮੈਂ ਉਸ ਕੋਲ਼ ਹਾਜ਼ਿਰ ਹੋਵਾਂ ਤਾਂ ਮੇਰੀ ਪੀੜ੍ਹੀ ਦੇ ਉਹ ਤਿੰਨ ਸ਼ਾਇਰਾਂ ਦੇ ਨਾਂ ਲੈਂਦਾ ਹੈ: ਲਾਲ ਸਿੰਘ ਦਿਲ,ਜੋਗਾ ਸਿੰਘ, ਗੁਰਦੇਵ ਚੌਹਾਨ। ਉਹ ਗੌਰ ਨਾਲ਼ ਦੂਜੇ ਦੀ ਗੱਲ ਸੁਣਦਾ ਹੈ ਤੇ ਆਪਣੀ ਯਕੀਨ ਨਾਲ਼ ਕਹਿੰਦਾ ਹੈ ਜਿੱਸ ਵਿੱਚ ਪਕਿਆਈ ਹੁੰਦੀ ਹੈ ਇੱਕ ਰਸ ਹੁੰਦਾ ਹੈ ਪੱਕੇ ਫਲਾਂ ਦੀ ਤਰਾਂ੍ਹ। ਕੋਈ ਲੁੱਕ-ਲੁਕੋਅ ਨਹੀਂ। ਖੁੱਲਾ ਹਾਸਾ। ਖੁੱਲ੍ਹੀਆਂ ਗੱਲਾਂ। ਮੇਰੇ ਨਾਲ਼ ਵੱਡੇ ਭਰਾਵਾਂ ਵਾਲਾ ਵਰਤਾਉ ਕਰਦਾ ਹੈ। ਜਦੋਂ ਮੈਂ ਤੇ ਇੰਦੇ ਉਸਦੇ ਘਰ ਪਹੁੰਚੇ ਤਾਂ ਉਹ ਖੁਸ਼ਵੰਤ ਸਿੰਘ ਦੀ 'ਦਿੱਲੀ' ਪੜ੍ਹ ਰਿਹਾ ਸੀ। ਅਸੀਂ ਇੱਕ ਦੂਜੇ ਨੂੰ ਕਵਿਤਾ ਸੁਣਾਉਂਦੇ ਹਾਂ। ਸ਼ਬਦਾਂ ਦਾ ਇੱਕ ਨਸ਼ਾ।
ਕਵਿਤਾ ਨੂੰ ਚੰਗੀ ਤਰ੍ਹਾਂ ਪੜ ਸਕਣਾ ਮੇਰੇ ਵੱਸ ਦਾ ਰੋਗ ਨਹੀਂ ਪਰ ਉਹ ਕਵਿਤਾ ਵਿੱਚ ਸ਼ਬਦਾਂ ਨੂੰ ਜਿਵੇਂ ਜੜਦਾ ਹੈ, ਬੋਲਣ ਵੇਲੇ ਉਂਵੇ ਹੀ ਸੰਜਮ ਨਾਲ਼ ਪੜ੍ਹਦਾ ਹੈ। ਹੁਣ ਰਾਤ ਦਾ ਵੇਲ਼ਾ ਹੋ ਗਿਆ ਸੀ। ਸਾਡਾ ਉਠਣ ਦਾ ਇਰਾਦਾ ਅਤੇ ਅਗਲੇ ਦਿਨ ਮਿਲ਼ਨ ਦਾ ਵਾਅਦਾ ਸੀ। ਅਗਲਾ ਦਿਨ ਸਿਰਫ ਉਹ ਤੇ ਮੈਂ। ਕਲ ਵਾਲ਼ੀ ਸੁਣੀ ਹੋਈ ਨਜ਼ਮ ਦੁਬਾਰਾ ਫੇਰ ਸੁਣੀ ਜਾਂਦੀ ਹੈ। ਕਵਿਤਾ ਦਾ ਨਾਂ ਹੈ 'ਦੀਵਾਰ' । ਲਉ ਤੁਸੀਂ ਵੀ ਸੁਣੋ :
ਚੁੱਪ ਚਾਪ,ਅਚੇਤ, ਅਣਦਿੱਸਦੀ ,ਪਿੰਡੇ ਨੂੰ ਪਲੋਸਦੀ ਹੈ
ਪੋਹ ਮਾਘ ਦੀ ਧੁੱਪ ਜਿੰਨਾ ਵੀ ਖੜਾਕ ਨਹੀਂ ਉਸਦਾ
ਪੋਲੇ ਪੈਰੀਂ ਆਉਂਦੀ ਹੈ
ਮੌਤ ਜਿੰਨਾ ਵੀ ਸ਼ੁਬ੍ਹਾ ਨਹੀਂ ਉਸਤੇ
ਪਰ ਦੀਵਾਰ ਉਸਰ ਰਹੀ ਹੈ ਜਰੂਰ