Tuesday, August 21, 2012

ਕਵੀ ਅਦਮ ਗੌਦਵੀਂ ਨੂੰ ਅਲਵਿਦਾ - ਨਰਭਿੰਦਰ

ਸ਼ਰਧਾਂਜਲੀ ਵਜੋਂ........
ਨਫਰਤ ਦੀ ਤੇਜ਼ ਨਸ਼ਤਰ ਵਾਲਾ ਕਵੀ ਅਦਮ ਗੌਦਵੀਂ ਨੂੰ ਅਲਵਿਦਾ
ਚਮਾਰਾਂ ਦੀ ਗਲੀ ਨੂੰ ਸੁਹੱਪਣ ਦਾ ਸੁਪਨਾ ਅਜੇ ਅਧੂਰਾ

ਜੋ ਡਲਹੌਜ਼ੀ ਨਾ ਕ ਰ ਪਾਯਾ, ਵੇ ਯੇ ਹੁਕਮਰਾਨ ਕਰ ਦੇਂਗੇ,
ਕਮਿਸ਼ਨ ਦੋ (ਦਿਓ) ਤੋ ਹਿੰਦੋਸਤਾਨ ਕੋ ਨੀਲਾਮ ਕਰ ਦੇਂਗੇ।

ਇਹਨਾਂ ਬੇਬਾਕ ਸਤਰਾਂ ਰਚੇਤਾ ਅਤੇ ਹਿੰਦੀ ਖੇਤਰ ਦਾ ਬੇਖੌਫ ਅਤੇ ਮਟਕਵਾਲਾ ਕਵੀ ਅਦਮ ਗੌਦਵੀਂ ਨਹੀਂ ਰਿਹਾ। ਬੀਤੇ ਦਿਨੀਂ ਮਹੀਨੇ ੧੮ ਦਸੰਬਰ ਨੂੰਂ ਉਹ ਹਮੇਸ਼ਾਂ ਲਈ ਤੁਰ ਗਿਆ। ਹਿੰਦੀ ਖੇਤਰ ਦੇ ਮੁਤਾਬਕ ਅਦਮ ਗੌਦਵੀਂ ਦੀਆਂ ਗਜ਼ਲਾਂ 'ਚ ਹਾਕਮ ਅਤੇ ਹਕੂਮਤ ਪ੍ਰਤੀ ਤਿੱਖੇ ਤੇਵਰ ਉਹਦੀ ਪਹਿਚਾਨ ਸਨ ਤੇ ਸ਼ਾਇਦ ਦੁਸ਼ਅੰਤ ਕਮਰ ਤੋਂ ਪਿੱਛੋਂ ਸਭ ਤੋਂ ਪੜ੍ਹਿਆ ਅਤੇ ਸੁਣਿਆ ਜਾਣ ਵਾਲਾ ਕਵੀ ਸੀ।
੨੨ ਅਕਤੂਬਰ ੧੯੪੭ ਨੂੰ ਆਟਾ ਪਰਸਪੁਰ (ਗੌਡਾਂ) 'ਚ ਇਕ ਕਿਸਾਨ ਦੇ ਘਰ ਪੈਦਾ ਹੋਣ ਵਾਲਾ ਰਾਮਨਾਥ ਸਿੰਘ ਜਿਹਨੂੰ ਪਿੱਛੋਂ ਅਦਮ ਗੋਂਦਵੀਂ ਕਰਕੇ ਜਾਣਿਆ ਗਿਆ, ਤਾ-ਉਮਰ ਕਿਸਾਨ ਹੀ ਰਿਹਾ। ਜ਼ਿੰਦਗੀ ਦਾ ਵਧੇਰੇ ਹਿੰਸਾ ਉਹਨੇ ਪਿੰਡ ਦੇ ਠਾਕੁਰਾਂ ਤੇ ਉੱਚ ਜਾਤੀਆਂ ਦੇ ਜ਼ਬਰ ਜ਼ੁਲਮ ਅਤੇ ਬੇਇਨਸਾਫੀਆਂ ਦਾ ਤਾਪ ਹੰਢਾਇਆ। ਇਸੇ ਜਮਾਤੀ ਸੰਘਰਸ਼ ਨੇ ਉਸ ਦੀ ਕਵਿਤਾ ਨੂੰ ਖੰਡੇ ਦੀ ਧਾਰ ਵਰਗੀ ਤਿੱਖੀ ਬਣਾਇਆ। ਦੇਸ਼ ਦੀ ਆਜ਼ਾਦੀ ਅਤੇ ਅਦਮ ਗੌਦਵੀਂ ਦੀ ਉਮਰ ਦੀ ਸਮਾਨਤਾ ਦਾ ਤਕਾਜ਼ਾ ਕਹੋਂ ਜਾਂ ਕੁਝ ਹੋਰ ਪਰ ਅਦਮ ਦੀ ਗਜ਼ਲ ਦੀ ਤੇਜ਼ ਸੱਟ ਆਜ਼ਾਦੀ ਦੇ ਵਿੰਗੇ ਟੇਡੇ ਚਿਹਰੇ ਉੱਤੇ ਵੀ ਪੈਂਦੀ ਹੈ ਅਤੇ ਪਾਠਕ ਸਰੋਤੇ ਦੇ ਮਸਤਕ ਉੱਤੇ ਵੀ। ਆਦਮ ਆਖਰੀ ਸਮਿਆਂ 'ਚ ਬੀਮਾਰ ਵੀ ਸੀ ਅਤੇ ਉਹਦੇ ਚਿਹਰੇ ਵੀ ਝੁਰੜੀਆਂ ਭਰਿਆ ਸੀ। ਆਜ਼ਾਦੀ ਤੇ ਅਖੌਤੀ ਜਮਹੂਰੀਅਤ ਵੀ ਮਰਨਾਊ ਬਿਸਤਰ ਉਤੇ ਹੈ ਜਿਥੇ ਭ੍ਰਿਸ਼ਟਾਚਾਰ ਤੇ ਪੂੰਜੀਵਾਰ ਦੇ ਟੀਕੇ ਕਾਰਪੋਰੇਟੀ ਘਰਾਣਿਆਂ ਦੀਆਂ ਸਹਿੰਜਾ ਲਾਕੇ ਕੁਝ ਰਾਹਤ ਦੇਣ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਢਾਈ ਲੱਖ ਕਿਸਾਨਾਂ ਦੀਆਂ ਇਸ ਤੋਂ ਦੁਗਣੇ ਮਜ਼ਦੂਰਾਂ ਦੀਆਂ ਆਤਮ ਹੱਤਿਆਵਾਂ ਅਤੇ ਘੋਟਾਲੇ ਦਰ ਘੋਟਾਲੇ ਦੇ ਮਹਾਂ ਨਰਕ ਦੀਆਂ ਝੁਰੜੀਆਂ ਦੂਸਰੇ ਪਾਸੇ ਲਕਵਾ ਗ੍ਰਸਤ ਸੰਵਿਧਾਨ ਦੀਆਂ ਫੁਹੜੀਆਂ ਸਹਾਰੇ ਖੜੀ ਵਿਵਸਥਾ ਉਤੇ ਅਦਮ ਗੌਦਵੀਂ ਦੀ ਕਵਿਤਾ ਇਕ ਜ਼ੋਰਦਾਰ ਹਥੌੜੇ ਦਾ ਕੰਮ ਕਰਦੀ ਹੈ। ਇਕ ਗਜ਼ਲ ਹਾਜ਼ਰ ਹੈ :-
ਕਾਜੂ ਤੁੰਨੇ ਪਲੇਟ ਮੇਂ, ਵਿਸਕੀ ਗਲਾਸ ਮੇਂ
ਉਤਰਾ ਹੈ ਰਾਮਰਾਜ, ਵਿਧਾਇਕ ਨਿਵਾਸ ਮੇਂ।
ਪੱਲੇ ਸਮਾਜਵਾਦੀ ਹੈ, ਤਸਕਰ ਹੋ ਯਾ ਡਕੈਤ,
ਇਤਨਾ ਅਸਰ ਹੈ ਖਾਕੀ ਕੇ ਉਜਲੇ ਲਿਬਾਸ ਮੇਂ।
ਆਜ਼ਾਦੀ ਨਾ ਵੋ ਜਸ਼ਨ ਮਨਾਏ ਤੋਂ ਕਿਸ ਤਰਹ,
ਜੋ ਆ ਗਏ ਫੁੱਟਪਾਥ ਪਰ ਘਰ ਕੀ ਤਲਾਸ਼ ਮੇਂ।
ਪੈਸੇ ਸੇ ਆਪ ਚਾਹੇਂ ਤੋਂ ਸਰਕਾਰ ਗਿਰਾ ਦੇਂ,
ਸੰਸਦ ਬਦਲ ਗਈ ਹੈ ਯਹਾਂ ਲੀ ਨਖਾਸ ਮੇਂ।
ਉਪਰੋਕਤ ਸਮਾਜੀ ਯਥਾਰਥ ਅਤੇ ਉਹ ਵੀ ਕਾਵਿਕ ਜਾਮੇਂ 'ਚ ਅਦਮ ਦੇ ਹਿੱਸੇ ਆਇਆ। ਅਦਮ ਨੇ ਜੋ ਤਾਪ ਪਿੰਡ ਰਹਿੰਦਿਆਂ ਉੱਚਾ ਜਾਤਾਂ ਅਤੇ ਜਮਾਤਾਂ ਦਾ ਹੰਢਾਇਆ ਉਹਨੂੰ ਇਕ ਗਜ਼ਲ 'ਚ ਇਵੇਂ ਰੱਖਿਆ :-
ਆਓ ਮਹਿਸੂਸ ਕਰੇਂ ਜ਼ਿੰਦਗੀ ਕੇ ਤਾਪ ਕੋ,
ਮੈਂ ਚਮਾਰੋਂ ਕੀ ਗਲੀ ਮੇਂ ਲੇ ਚਲੂੰਗਾ ਆਪ ਕੋ।
ਇਹ ਲਾਈਨਾਂ ੧੯੭੩ 'ਚ ਲਿਖੀਆਂ ਸਨ ਅਤੇ ਇਸ ਤੋਂ ਪਹਿਲਾਂ ਰਾਮਨਾਥ ਨੂੰ ਕੋਈ ਨਹੀਂ ਸੰਗ ਜਾਣਦਾ। ਉਹਦਾ ਪਿੰਡ ਠਾਕੁਰਾਂਦੇ ਜ਼ਬਰ ਦਾ ਸ਼ਿਕਾਰ ਸੀ ਹਰ ਗਰੀਬ ਗੁਰਬੇ ਦੀਆਂ ਧੀਆਂ ਭੈਣਾਂ ਨਾਲ ਬਦਸਲੂਕੀ ਕਰਨੀ ਜ਼ਬਰ ਜਿਨਾਹ ਕਰਨਾ ਉਹ ਆਪਣਾ ਹੱਕ ਸਮਝਦੇ ਸਨ। ੧੯੭੩ 'ਚ ਇਕ ਗਰੀਬ ਚਮਿਆਰ ਹਿਰਧੂ ਦੀ ਜੁਆਨ ਧੀ ਨਾਲ ਠਾਕਾਂ ਦੇ ਛੋਹਰਿਆਂ ਨੇ ਅਜਿਹੀ ਸ਼ਰਮਨਾਕ ਘਟਨਾ ਕੀਤੀ। ਕਈ ਦਿਨ ਠਾਕੁਰਾਂ ਦੇ ਮਸ਼ਟੰਡਿਆਂ ਨੇ ਕੁੜੀ ਨੂੰ ਅਗਵਾ ਕਰ ਰੱਖਿਆ ਅਤੇ ਬਲਾਤਕਾਰ ਕਰਦੇ ਰਹੇ। ਗਰੀਬਾਂ ਦਲਿਤਾਂ ਨੇ ਜਦੋਂ ਇਨਸਾਫ ਦੀ ਮੰਗ ਕੀਤੀ ਤਾਂ ਪੁਲਿਸ ਨੇ ਕਾਰਵਾਈ ਕਰਨ ਦੀ ਥਾਂ ਉਲਟਾ ਗਰੀਬ ਦਲਿਤਾਂ ਨੂੰ ਹੀ ਦਬਾਇਆ। ਉਨ੍ਹਾਂ (ਪੁਲਿਸ ਨੇ) ਦਲਿਤ ਬਸਤੀ 'ਚ ਜੋ ਤਾਂਡਵ ਮਚਾਇਆ ਉਹ ਜ਼ੁਲਮ ਦੀ ਇੰਤਹਾ ਸੀ। ਸਾਰਾ ਪਿੰਡ ਖਾਮੋਸ਼ ਸੀ ਅਤੇ ਅਦਬ ਦੀ ਕਵਿਤਾ ਨੇ ਇਸ ਤੋਂ ਪੜਦਾ ਲਾਹਿਆ। ਕਵਿਤਾ ਉੱਚ ਜਾਤੀ ਹੰਕਾਰ, ਜਮਾਤੀ ਨਫਰਤ ਦੇ ਖਿਲਾਫ ਅੱਗ ਉਗਲਦੀ ਸੀ। ਇਹ ਘਟਨਾ ਤੇ ਕਵਿਤਾ ਪੂਰੇ ਭਾਰਤ ਵਿਚ ਹੀ ਇਸ ਹਕੀਕਤ ਨੇ ਨਾ ਸਿਰਫ ਲੈ ਕੇ ਹੀ ਗਈ, ਸਗੋਂ ਬੀ ਬੀ ਸੀ (ਹਿੰਦੀ ਸੇਵਾ ਲੰਡਨ) ਰਾਹੀਂ ਦੁਨੀਆਂ 'ਚ ਇਸ ਅੱਗ ਨੂੰ ਪਹੁੰਚਾਇਆ। ਕਵਿਤਾ ਕਵਿਤਾ ਨਹੀਂ ਚਸ਼ਮਦੀਦ ਗਵਾਹੀ ਸੀ। ਇਹ ਜ਼ਮੀਨੀ ਹਕੀਕੀ ਸੱਚਾਈ ਅਤੇ ਨਫਰਤ 'ਚੋਂ ਫੁੱਟੀ ਸੀ। ਇਸ ਕਵਿਤਾ ਨੇ ਦੇਸ਼ ਦੇ ਪੇਂਡੂ ਖੇਤਰ ਵਿਚ ਪਸਰੀ ਉੱਚ ਜਾਤੀ ਤੇ ਜਮਾਤੀ ਧੌਲਗਿਰੀ ਨੂੰ ਸਾਹਮਣੇ ਲਿਆਂਦਾ। ਕਵਿਤਾ ਸਭ ਤੋਂ ਪਹਿਲਾਂ 'ਅੰਮ੍ਰਿਤ ਪ੍ਰਭਾਵ' ਅਖਬਾਰ ਵਿਚ ਛਪੀ। ਹਿੰਦੀ ਖੇਤਰ ਦੇ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਕਵਿਤਾ ਵਿਚ ਵੀ ਤਾਕਤ ਹੁੰਦੀ ਹੈ ਪੁਲਿਸ, ਠਾਕੁਰ ਗੁੰਡਾਸ਼ਾਹੀ ਅਤੇ ਰਾਜਨੀਤਕ ਆਗੂਆਂ ਨੂੰ ਵੀ ਅਹਿਸਾਸ ਕਰਵਾ ਦਿੱਤਾ। ਦਰਿੰਦਿਆਂ ਦੀ ਦਰਿੰਦਗੀ ਨੂੰ ਬੇਨਕਾਬ ਕਰਨ ਵਾਲੇ ਅਦਮ ਗੌਦਵੀਂ ਨੂੰ ਇਸ ਕਵਿਤਾ ਦੀ ਕੀਮਤ ਵੀ ਤਾਰਨੀ ਪਈ ਅਤੇ ਉਮਰ ਭਰ ਤਾਰਨੀ ਪਈ। ਅਦਮ ਦੀ ਇਸ ਕਵਿਤਾ ਨੇ ਸਦੀਆਂ ਤੋਂ ਚਲੀ ਆਉਂਦੀ ਪਿੰਡ ਦੇ ਗਰੀਬ ਲੋਕਾਂ ਦੀ ਚੁੱਪ ਨੂੰ ਤੋੜਿਆ। ਕਾਨੂੰਨ ਦੇ ਜਿਹੜੇ ਹੱਥ ਠਾਕੁਰਾਂ ਤੱਕ ਪਹੁੰਚਣ ਤੋਂ ਤ੍ਰਭਕਦੇ ਸਨ, ਉਹਨਾਂ 'ਚ ਸਰਸਰਾਗੁ ਹੋਈ। ਜਿਹੜਾ ਕੰਮ ਕਾਨੂੰਨ ਨਾ ਕਰ ਸਕਿਆ ਕਵਿਤਾ ਨੇ ਕਰ ਵਿਖਾਇਆ। ਰਾਮਨਾਥ ਸਿੰਘ ਅਦਮ ਗੌਦਵੀਂ ਬਣ ਗਿਆ। ਠਾਕੁਰਾਂ ਨੇ ਇਸ ਅਦਮ ਗੌਦਵੀਂ ਨੂੰ ਜਾਤ ਬਰਾਦਰੀ ਤੋਂ ਛੇਕ ਦਿੱਤਾ ਜਿਹੜਾ ਮਰਨ ਤੱਕ (੧੮ ਦਸੰਬਰ ੨੦੧੧) ਜਾਰੀ ਰਿਹਾ ਅਤੇ ਪਰਿਵਾਰ ਨੂੰ ਹੋਰ ਭੋਗਣਾ ਪੈਣਾ ਹੈ। ਪਿੰਡ 'ਚ ਵਿਆਹ ਸ਼ਾਦੀ, ਸਾਂਝੀਆਂ ਰਸਮਾਂ, ਜਨਮ ਮਰਨ ਆਦਿ ਤੋਂ ਬਾਹਰ ਕਰ ਦਿੱਤਾ। ਖਾਣਾ ਪੀਣਾ ਬੰਦ ਕਰ ਦਿੱਤਾ ਭਾਵ ਹੁੱਕਾ ਪਾਣੀ ਛੇਕ ਦਿੱਤਾ। ਉਹ ਇਹਨਾਂ ਲੱਠਮਾਰ ਠਾਕੁਰਾਂ ਦੀਆਂ ਅੱਖਾਂ 'ਚ ਰੜਕਦਾ ਰਿਹਾ, ਪਰ ਉਹਦੀ ਕਵਿਤਾ ਹਿੰਦੀ ਦੇ ਹਲਕਿਆਂ 'ਚ ਹੋਰ ਉਚੇਰੀ ਪਹੁੰਚ ਗਈ। ਉਹਦੀ ਕਵਿਤਾ ਪੂਰੇ ਪ੍ਰਦੇਸ਼ ਦੇ ਠਾਕੁਰਾਂ ਨੂੰ ਬੇਚੈਨ ਕਰਦੀ ਰਹੀ। ਠਾਕੁਰਾਂ ਨੇ ਪਿੰਡ 'ਚ ਉਹਦੇ ਨਾਲ ਉਹ ਸਭ ਕੁਝ ਕੀਤਾ ਜੋ ਉਚੇਚੇ ਵਰਗਾਂ ਅਤੇ ਪਹੁੰਚ ਵਾਲੇ ਲੋਕ ਕਰ ਸਕਦੇ ਸਨ।
ਅਨਦ ਗੌਦਵੀਂ ਦਾ ਇਨਕਲਾਬੀ ਖੱਬੇ ਪੱਖੀ ਲਹਿਰ ਨਾਲ ਨੇੜਲਾ ਰਿਸ਼ਤਾ ਸੀ। ਉਹ ਸਭ ਕੁਝ ਆਈ ਪੀ ਐੱਫ ਨਾਲ ਵੀ ਜੁੜਿਆ ਰਿਹਾ ਸੀ। ਧੋਤੀ ਕੁੜਤਾ ਪਾਉਣ ਵਾਲੇ ਅਤੇ ਕਦੇ ਕਦੇ ਪਜ਼ਾਮਾ ਪਾਉਣ ਵਾਲੇ ਅਦਮ ਗੌਦਵੀਂ ਨਿਰੋਲ ਕਿਸਾਨ ਕਵੀ ਸਨ। ਖੇਤਾਂ 'ਚ ਹੱਲ ਵਾਹੁਣ ਵਾਲੇ ਅਦਮ ਦੀਆਂ ਪੈਰਾਂ ਦੀਆਂ ਵਿਆਈਆਂ ਆਮ ਹੀ ਪਾਟੀਆਂ ਰਹਿੰਦੀਆਂ ਸਨ। ਉਹਨੂੰ ਉਮਰ ਭਰ ਚੰਗੇ ਕੱਪੜੇ ਨਸੀਬ ਨਹੀਂ ਹੋਏ ਪਰ ਉਹਦੀ ਕਵਿਤਾ ਦਾ ਸੁਹੱਪਣ, ਸੁਹਜ ਅਤੇ ਅਮੀਰੀ ਦੀ ਆਪਣੀ ਸ਼ਾਨ ਹੈ :-
ਜੋ ਉਲਝ ਕਰ ਰਹਿ ਗਈ ਫਾਈਲੋਂ ਕੇ ਜਾਲ ਮੇਂ,
ਮਾਂਣ ਤੱਕ ਵਹ ਰੌਸ਼ਨੀ ਆਏਗੀ ਕਿਤਨੇ ਸਾਲ ਮੇਂ।
ਬੁਢਾ ਬਰਗਦ ਸਾਖੀ (ਗਵਾਹ) ਹੈ ਕਿਸ ਤਰਹ ਸੇ ਖੋ ਗਈ,
ਰਾਮ ਸੁਧਿ ਕੀ ਝੌਪੜੀ, ਸਰਪੰਚ ਕੀ ਚੌਪਾਲ ਮੇਂ।
ਖੇਤ ਜੋ ਸੀਲਿੰਗ ਕੇ ਥੇ ਸਭ ਚੱਕ ਮੇਂ ਸ਼ਾਮਿਲ ਹੋ ਗਏ,
ਹਮਕੋ ਪਟੇ ਕੀ ਸਨਟ ਮਿਲਤੀ ਭੀ ਹੈ ਤੋ ਤਾਲ ਮੇਂ।
ਸਿਰਫ ਉੱਚ ਜਾਤੀ ਹੰਕਾਰ ਅਤੇ ਉੱਚ ਵਰਗਾਂ ਦੇ ਹੰਕਾਰ ਵਿਰੁੱਧ ਹੀ ਨਹੀਂ ਅਦਮ ਗੌਦਵੀਂ ਨੇ ਮਜ਼ਹਬੀ ਮਰਵਾਦ ਨੂੰ ਵੀ ਆਪਣੀ ਕਵਿਤਾ 'ਚ ਆੜੇ ਹੱਥੀਂ ਲਿਆ।
ਪਿਛਲੀ ਸਦੀ ਦੇ ਨੌਵੇਂ ਦਹਾਕੇ 'ਚ ਜਦੋਂ ਫਿਰਕਾਪ੍ਰਸਤਾਂ ਦਾ ਬੋਲਬਾਲਾ ਸੀ ਤਾਂ ਅਦਮ ਨੇ ਜਿਸ ਬੇ-ਬਾਨਤਾ ਨਾਲ ਜਨੂੰਨੀ ਤਾਕਤਾਂ ਨੂੰ ਚੈਲਿੰਜ ਦਿੱਤਾ ਉਹਦੀ ਆਪਣੀ ਇਕ ਪਹਿਚਾਣ ਹੈ।
ਹਿੰਦੂ ਜਾਂ ਮੁਸਲਮਾਨ ਕੇ ਅਹਿਸਾਸ ਕੋ ਮਤ ਛੇੜੀਏ,
ਆਪਣੀ ਕੁਰਸੀ ਕੇ ਲੀਏ ਜਜ਼ਬਾਤ ਕੋ ਮਤ ਛੇੜੀਏ।
ਹਮਮੇਂ ਕੋਈ ਹੂਣ ਕੋਈ ਸ਼ਕ ਕੋਈ ਮੰਗੋਲ ਹੈ,
ਦਫਨ ਹੈ ਜੋ ਬਾਤ, ਅਬ ਉਸ ਬਾਤ ਕੋ ਮਤ ਛੇੜੀਏ।
ਗਰ ਗਲਤੀਆਂ ਬਾਬਰ ਕੀ ਥੀ ਜੁੰਮਨ ਕਾ ਘਰ ਫਿਰ ਕਿਉਂ ਜ਼ਲ਼ੇ,
ਏਸੇ ਨਾਜ਼ੁਕ ਵਕਤ ਮੇਂ ਹਲਾਤ ਕੋ ਮਤ ਛੇੜੀਏ।
ਹੈਂ ਕਹਾਂ ਹਿਟਲਰ, ਹਲਾਕੂ, ਜਾਰ ਜਾਂ ਚੰਗੇਰ ਖਾਂ,
ਮਿਟ ਗਏ ਸਭ, ਕੌਮ ਕੀ ਔਕਾਤ ਕੋ ਮਤ ਛੇੜੀਏ।
ਛੇੜੀਏ ਇਕ ਜੰਗ, ਮਿਲਜ਼ੁਲ ਕਰ ਗਰੀਬੀ ਕੇ ਖਿਲਾਫ,
ਧੋਸਤੋ, ਮੇਰੇ ਮਜ਼ਹਬੀ ਨਗਮਾਤ ਕੋ ਮਤ ਛੇੜੀਏ।
ਗਰੀਬੀ ਦੀ ਬਾਦਸ਼ਾਹਤ 'ਚ ਰਹਿਣ ਵਾਲੇ ਅਦਮ ਦੀ ਗਜ਼ਲ 'ਚ ਤਿੱਖੇ ਕਟਾਖਸ ਤੇ ਉਹ ਵੀ ਵਿਅੰਗਮਈ ਉਹਦੀ ਸੰਦਰਤਾ ਤੇ ਗਹਿਰਾਈ ਦੀ ਖੂਬਸੂਰਤ ਪਹਿਚਾਣ ਹਨ :-
ਯੂੰ ਖੁਦ ਕੀ ਲਾਸ਼ ਆਪਣੇ ਕੰਧੋਂ ਪੇ ਉਠਾਏ ਹੈਂ,
ਐ ਸ਼ਹਿਰ ਕੇ ਬਾਸ਼ਿੰਦੋ, ਹਮ ਗਾਂਵ ਸੇ ਆਏ ਹੈਂ।
ਯੂੰ ਨਗਨਤਾ ਮੇਂ ਪੀਡੇ, ਹਮ ਆਪਸੇ ਨਹੀਂ,
ਤੁਮ ਸ਼ੌਕ ਸੇ ਨੰਗੇ ਹੋ, ਹਮ ਗਮ ਕੇ ਸਤਾਏ ਹੈਂ।
ਅਦਮ ਗੌਦਵੀਂ ਇਕ ਵਿਚਾਰਧਾਰਾ ਨਾਲ ਬੱਝਾ ਕਵੀ ਸੀ, ਜਿਹੜੀ ਇਸ ਨਰਕੀ ਜ਼ਿੰਦਗੀ ਤੋਂ ਮੁਕਤੀ ਲੋਚਦੀ ਸੀ। ਇਹ ਵਿਚਾਰਧਾਰਾ ਉਹਨੇ ਹੱਡੀਂ ਹੰਡਾਏ ਜ਼ਿੰਦਗੀ ਦੇ ਤਜਰਬੇ ਤੋਂ ਵੱਧ ਸਿੱਖੀ। ਪਿੰਡ 'ਚ ਖੇਤਾਂ ਖਲਿਹਾਂਗੇਚ ਹੋਣ ਵਾਲੇ ਅੱਤਿਆਚਾਰ, ਦਲਿਤ ਬਸਤੀਆਂ ਦੀ ਦਰਦਨਾਕ ਹਾਲਤ ਅਤੇ ਜ਼ਗੀਰਦਾਰਾਂ ਦੀ ਦਰਿੰਦਗੀ ਉਹਦੇ ਲਈ ਮੁੱਖ ਸਿਧਾਂਤਕ ਕਿਤਾਬਾਂ ਬਣੀਆਂ। ਹੱਲ ਦੀ ਮੁੱਠ, ਦਾਤਰੀ, ਰੰਬਾ ਅਤੇ ਪੁਰਾਣੀ ਉਹਦੇ ਨਿਤ ਪ੍ਰਤੀ ਦੇ ਹਥਿਆਰ ਹੀ ਨਹੀਂ, ਸਗੋਂ ਗਜ਼ਲ ਬੁਣਨ ਦੇ ਵੀ ਸੰਦ ਹੋ ਨਿਬੜੇ। ਅਦਮ ਗੌਦਵੀਂ ਨੂੰ ਨਾ ਕੋਈ ਪੁਰਸਕਾਰ ਮਿਲਿਆ ਨਾ ਮਿਲੇਗਾ ਕਿਉਂਕਿ ਉਹਦੀ ਕਵਿਤਾ ਧਰਤੀ ਦੀ ਹੂਕ ਤਾਂ ਹੈ ਪੁਰਸਕਾਰ ਦੇਣ ਵਾਲੇ ਟੁੰਡੇ ਹੱਥਾਂ ਮੂਹਰੇ ਗਿੜਗੜਾਉਂਦੀ ਨਹੀਂ। ਅਦਮ ਦੀ ਭਾਸ਼ਾ ਦਾ ਲਹਿਜ਼ਾ ਵੀ ਨਵਾਂ ਹੈ ਅਤੇ ਅਲੱਗ। ਉਹਨੇ ਕਵਿਤਾ 'ਚ ਪੇਂਡੂ ਠੇਠ ਮੁਹਾਵਰਾ ਹੈ, ਬੇਬਾਕਤਾ ਹੈ। ਪੇਂਡੂ ਖੁੱਲ੍ਹਾਪਨ ਵੀ ਹੈ ਅਤੇ ਨਫਰਤ ਵੀ। ਪਿੰਡ ਦੇ ਯਥਾਰਥ ਦੇ ਸਬੰਧ 'ਚ ਅਦਮ ਕਹਿੰਦਾ ਹੈ :-
ਫਟੇ ਕਪੜੋਂ ਮੇਂ ਤਨ ਢਕੇ ਗੁਜ਼ਰਤਾ ਹੈ ਜਹਾਂ ਕੋਈ,
ਸਮਝ ਲੇਨਾ ਵੋ ਪਗਡੰਡੀ 'ਅਦਮ' ਕੇ ਗਾਂਵ ਜਾਤੀ ਹੈ।
ਵਿਕਾਸ ਦੇ ਖੋਖਲੇ ਦਾਹਵਿਆਂ ਨੂੰ ਆਦਮ ਇੰਡ ਲੀਰੋ ਲੀਰ ਕਰ ਦਿੰਦਾ ਹੈ ਅਤੇ ਹਕੀਕੀ ਯਥਾਰਥ ਪੇਸ਼ ਕਰਦਾ ਹੈ :-
ਕੋਟੀਆਂ ਸੇ ਮੁਲਕ ਕੀ ਸੰਪਨਤਾ ਮਤ ਆਂਕੀਏ,
ਅਸਲੀ ਹਿੰਦੋਸਤਾਨ ਤੋਂ ਫੁਟਪਾਥ ਪਰ ਆਬਾਦ ਹੈ।
ਸੈਨਸੈਕ ਤੇ ਵਿਕਾਸ ਦੇ ਅੰਕੜਿਆਂ ਦੀ ਚਟਨੀ ਹਾਕਮ ਜਮਾਤਾਂ ਦੇ ਟੁੱਚਰ ਬੁੱਧੀਜੀਵੀਆਂ ਨੂੰ ਰਾਸ ਆ ਸਕਦੀ ਹੈ 'ਅਦਮ' ਨੂੰ ਨਹੀਂ। ਉਹ ਸਿੱਧਾ ਸੁਆਲ ਕਰਦਾ ਹੈ :-
ਘਰ ਮੇਂ ਠੰਡੇ ਚੁੱਲੇ ਪਰ ਅਗਰ ਖਾਲੀ ਪਤੀਲੀ ਹੈ,
ਬਤਾਓ ਕੈਸੇ ਲਿਖ ਦੂੰ ਧੁਪ ਫਾਗੁਨ ਕੀ ਨਸ਼ੀਲੀ ਹੈ।
ਕਵੀ ਦੇ ਇਸ ਸੁਆਲ ਮੂਹਰੇ ਸਾਰੇ ਮਿਥ, ਸਥਾਪਨਾਵਾਂ, ਸੁਨਹਿਰੀ ਭੂਤ ਤੇ ਭਵਿੱਖ ਰੇਤ ਦੇ ਕਿਲ੍ਹੇ ਵਾਂਗੂੰ ਢਹਿ ਢੇਰੀ ਹੋ ਜਾਂਦੇ ਹਨ ਜਿਹੜੇ ਹਾਕਮਾਂ ਵਲੋਂ ਅਤੇ ਉਹਦੇ ਚਾਟੜਿਆਂ ਵਲੋਂ ਪ੍ਰਚਾਰੇ ਜਾ ਰਹੇ ਹਨ। ਦੇਸ਼ ਦੀ ਸੁਨਹਿਰੀ ਵਿਰਾਸਤ ਨੂੰ ਅਦਮ ਗੌਦਵੀਂ ਇਸ ਤਰ੍ਹਾਂ ਨੰਗਾ ਕਰ ਦਿੰਦਾ ਹੈ :-
ਆਪ ਕਹਿਤੇ ਹੈਂ ਕਿਸੇ ਇਸ ਦੇਸ਼ ਕਾ ਸਵਰਣਮ ਅਤੀਤ,
ਵੋ ਕਹਾਣੀ ਹੈ ਮਹਿਜ਼ ਪ੍ਰਤਿਸ਼ੋਧ ਕੀ ਸੰਤਰਮ ਕੀ।
ਆਪਣੇ ਅਖੀਰਲੇ ਦਿਨਾਂ 'ਚ ਅਦਮ ਬੜੀ ਤੰਗੀ ਦੀ ਹਾਲਤ 'ਚੋਂ ਲੰਘਿਆ ਉਹ ਕਈ ਮਹੀਨਿਆਂ ਤੋਂ ਬੀਮਾਰ ਸੀ। ਲਿਵਰ ਖਰਾਬ ਹੋ ਗਿਆ ਸੀ। ਬਹੁਤੇਰੇ ਕਵੀਆਂ ਅਤੇ ਬੁੱਧੀਜੀਵੀਆਂ ਵਾਂਗੂੰ ਉਹਨੂੰ ਵੀ ਸ਼ਰਾਬ ਦੀ ਆਦਤ ਸੀ। ਡਾਕਟਰਾਂ ਦੇ ਕਹਿਣ ਤੇ ਵੀ ਉਹ ਨਾ ਛੱਡੀ ਗਈ। ਪਹਿਲਾਂ ਸਥਾਨਕ ਕਸਬੇ ਦੇ ਹਸਪਤਾਲ ਅਤੇ ਫਿਰ ਲਖਨਊ ਸੰਜੈ ਗਾਂ ਵੀ ਪੀ ਜੀ ਆਈ ਲਿਆਂਦਾ ਗਿਆ। ਦੋ ਮਹੀਨੇ ਦੀ ਜਦੋ ਜ਼ਹਿਦ ਪਿਛੋਂ ਆਖਰ ਉਹ ੧੮ ਦਸੰਬਰ ਨੂੰ ਸਵੇਰੇ ਆਖਰੀ ਸਲਾਮ ਕਹਿ ਗਏ, ਪਰ ਪਰਿਵਾਰ ਦੇ ਸਿਰ ਭਾਰੀ ਕਰਜ਼ਾ ਵੀ ਛੱਗ ਗਏ। ਕਿਸਾਨ ਸਹਿਕਾਰੀ ਸੰਮਤੀ ਦਾ ਕਰਜ਼ਾ ਸਿਰ ਹੈ। ਪੰਜਾਬ ਨੈਸ਼ਨਲ ਬੈਂਕ ਕੋਲ ਜ਼ਮੀਨ ਗਹਿਣੇ ਹੈ। ਕਈ ਵਾਰੀ ਇਸ ਕਰਜ਼ੇ ਬਦਲੇ ਅਦਮ ਨੂੰ ਬੇਇਜ਼ਤੀ ਵੀ ਸਹਿਣੀ ਪਈ। ਪਿੰਡ ਦੇ ਜਗੀਰਦਾਰਾਂ ਦੇ ਮੁੰਡਿਆਂ ਨੇ ਉਹਦੀ ਜ਼ਮੀਨ ਦੱਬ ਰੱਖੀ ਹੈ। ਪਰਿਵਾਰ ਲਈ ਇਹ ਮੁਸੀਬਤਾਂ ਸ਼ਾਇਦ ਲੰਮਾ ਸਮਾਂ ਰਹਿਣ ਪਰ ਅਦਮ ਗੌਦਵੀਂ ਨੇ ਭੁੱਖ ਗਰੀਬੀ, ਅਣਮਨੁੱਖੀ ਵਿਓਹਾਰ, ਵਿਕਾਸ ਦਾ ਨੰਗਾਪਨ, ਅਮੀਰਾਂ ਦੀ ਬੇਸ਼ਰਮੀ ਨੂੰ ਜਿਵੇਂ ਕਵਿਤਾ 'ਚ ਪਰੋਅ ਕੇ ਲੋਕਾਂ 'ਚ ਹਕੂਮਤ ਪ੍ਰਤੀ ਇਕ ਨਫਰਤ ਪੈਦਾ ਕਰਨ ਦਾ ਕੰਮ ਕੀਤਾ ਉਹ ਸਦਾ ਜਿੰਦਾ ਰਹੇਗਾ। ਪੈਰਾਂ ਦੀਆਂ ਬਿਆਈਆਂ ਵਾਲੇ ਅਦਮ ਗੌਦਵੀਂ ਦੀ ਗਜ਼ਲਾਂ ਸਾਡੇ ਦਿਮਾਗਾਂ 'ਚ ਹਥੌੜੇ ਵਾਂਗੂੰ ਵੱਜਦੀਆਂ ਰਹਿਣਗੀਆਂ।
-ਨਰਭਿੰਦਰ
੯੩੫੪੪-੩੦੨੧੧

ਉਹਦੀਆਂ ਕੁਝ ਗਜ਼ਲਾਂ

(੧)
ਜੋ ਡਲਹੌਜ਼ੀ ਨਾ ਕਰ ਪਾਇਆ, ਵੋ ਯੇ ਹੁਕਮਰਾਨ ਕਰ ਦੇਂਗੇ।
ਕਮਿਸ਼ਨ ਦੋ ਤੋ ਹਿੰਦੋਸਤਾਨ ਕੋ ਨਿਲਾਮ ਕਰ ਦੇਂਗੇ।

ਯੇ ਬੰਦੇ ਮਾਤਰਮ ਕਾ ਗੀਤ ਗਾਤੇ ਹੈਂ ਸੁਬਹ ਉਠ ਕਰ,
ਮਗਰ ਬਾਜ਼ਾਰ ਮੇਂ ਚੀਜ਼ੋਂ ਕੇ ਦੁਗਨਾ ਦਾਮ ਕਰ ਦੇਂਗੇ।

ਸਦਨ ਮੇਂ ਘੁਸ (ਰਿਸ਼ਵਤ) ਦੇ ਕਰ ਬਚ ਗਈ ਕੁਰਸੀ ਤੋਂ ਦੇਖੋਗੇ,
ਵੋ ਅਗਲੀ ਯੋਜਨਾ ਮੇਂ ਘੁਸਖੋਰੀ ਆਮ ਕਰ ਦੇਂਗੇ।

(੨)
ਵੋ ਜਿਸਕੇ ਹਾਥ ਮੈਂ ਛਾਲੇਂ ਹੈਂ ਪੈਰੋਂ ਮੇਂ ਬਿਆਈ ਹੈ,
ਉਸੀ ਕੇ ਦਮ ਸੇ ਰੌਣਕ ਆਪਕੇ ਬੰਗਲੇਂ ਮੇਂ ਆਈ ਹੈ।

ਇਧਰ ਏਕ ਦਿਨ ਕੀ ਆਮਦਨੀ ਕਾ ਔਸਤ ਹੈ ਚਵੱਨੀ ਕਾ,
ਉਧਰ ਲਾਖੋਂ ਮੇਂ ਗਾਂਧੀ ਜੀ ਕੇ ਚੇਲੋਂ ਕੀ ਕਮਾਈ ਹੈ।

ਕੋਈ ਸਿਰ ਫਿਰਾ ਧਮਕਾ ਕੇ ਜਬ ਚਾਹੇ ਜਿਨਾ ਕਰ ਲੇ,
ਹਮਾਰਾ ਮੁਲਕ ਇਸ ਮਾਹਨੇ ਮੇਂ ਬੁਧੂਆ ਕੀ ਲੁਗਾਈ ਹੈ।

ਰੋਟੀ ਜਿਤਨੀ ਮਹਿੰਗੀ ਹੈ, ਯੇ ਵੋ ਔਰਤ ਬਤਾਏਗੀ,
ਜਿਸਨੇ ਜਿਸਮ ਗਿਰਵੀ ਰੱਖ ਕੇ ਯੇ ਕੀਮਤ ਚੁਕਾਈ ਹੈ।

(੩)
ਮੁਕਤੀਕਾਮੀ ਚੇਤਨਾ ਅਭਿਅਰਥਨਾ ਇਤਿਹਾਸ ਕੀ,
ਯਹ ਸਮਝਦਾਰੋਂ ਕੀ ਦੁਨੀਆ ਹੈ ਵਿਰੋਧਾਭਾਸ ਕੀ।

ਆਪ ਰਹਿਤੇ ਹੈ ਇਸੇ ਜਿਸ ਦੇਸ਼ ਕਾ ਸਵਰਨੀਯਮ ਅਤੀਤ,
ਵੋ ਕਹਾਣੀ ਹੈ ਮਹਿਜ ਪ੍ਰਤਿਰੋਧ ਕੀ ਸੀਤਾਰਾਸ ਕੀ।

ਯਕਸ਼ ਪ੍ਰਸ਼ਨੋਂ ਮੇਂ ਉਲਝ ਕਰ ਰਹਿ ਗਈ ਬੂਢੀ ਸਦੀ,
ਯੇ ਪ੍ਰੀਕਸ਼ਾ ਕੀ ਘੜੀ ਹੈ ਕਯਾ ਹਮਾਰੇ ਵਿਆਸ ਕੀ।

ਇਸ ਵਿਵਸਥਾ ਨੇ ਨਈ ਪੀੜ੍ਹੀ ਕੋ ਆਖਰ ਕਿਯਾ ਦੀਆ,
ਸੈਕਸ ਕੀ ਰੰਗੀਨੀਆਂ ਯਾ ਗੋਲੀਆਂ ਸਲਫਾਸ ਕੀ।

ਯਾਦ ਰੱਖੀਏ ਯੂੰ ਨਹੀਂ ਢਲਤੇ ਹੈਂ ਕਵਿਤਾ ਮੈਂ ਵਿਚਾਰ,
ਹੋਤਾ ਹੈ ਪਰਿਪਾਕ ਧੀਮੀ ਆਂਚ ਪਰ ਇਹਸਾਸ ਕੀ।

(੪)
ਜੁਲਫ-ਅੰਗੜਾਈ-ਤਬਸਤੁਮ-ਚਾਂਦ-ਆਈਨਾ ਗੁਲਾਬ,
ਭੁੱਖਮਰੀ ਕੇ ਮੋਰਚੇ ਪਰ ਢਲ ਗਿਆ ਇਨਕਾਸ਼ ਬਾਬ।

ਫੇਟ ਕੇ ਭੂਗੋਲ ਮੇਂ ਉਲਝਾ ਹੂਆ ਹੈ ਆਦਮੀ,
ਇਸ ਅਹਿਦ ਮੇਂ ਕਿਸਕੋ ਫੁਰਸਤ ਹੈ ਪੜ੍ਹੇ ਦਿਲ ਕੀ ਕਿਤਾਬ।

ਇਸ ਸਦੀ ਕੀ ਤਿਸ਼ਨਗੀ ਕਾ ਜ਼ਖਮ ਹੋਠੋਂ ਪਰ ਲੀਏ,
ਬੇਯਕੀਨੀ ਕੇ ਸਫਰ ਮੇਂ ਜ਼ਿੰਦਗੀ ਹੈ ਇਕ ਅਜ਼ਾਬ।

ਡਾਲ ਪਰ ਮਜ਼ਹਬ ਕੀ ਪੈਹਮ ਖਿਲ ਰਹੇ ਦੰਗੋਂ ਕੇ ਫੂਲ,
ਸੱਭਿਅਤਾ ਰਜ਼ਨੀਸ਼ ਕੇ ਹਮਾਮ ਮੇਂ ਹੈ ਬੇਨਕਾਬ।

ਚਾਰ ਦਿਨ ਫੁਟਪਾਥ ਕੇ ਸਾਏ ਮੇਂ ਰਹਿ ਕਰ ਦੇਖੀਏ,
ਡੂਬਨਾ ਆਸਾਨ ਹੈ ਆਖੋਂ ਕੇ ਸਾਗਰ ਮੇਂ ਜਨਾਬ।

Sunday, August 5, 2012

'ਰੈਫਰਮੇਸ਼ਨ' ਤੇ ਹੈਨਰੀ ਦੇ ਵਿਆਹ - ਜਤਿੰਦਰ ਔਲ਼ਖ


 'ਰੈਫਰਮੇਸ਼ਨ' ਤੇ ਹੈਨਰੀ ਦੇ ਵਿਆਹ

'ਰੈਫਰਮੇਸ਼ਨ' ਈਸਾਈਆਂ ਦਾ ਇੱਕ ਅੰਦੋਲਨ ਸੀ ਜੋ ਜਰਮਨੀ ਦੇ ਇਕ ਪਾਦਰੀ ਮਾਰਟਿਨ ਲੂਥਰ ਨੇ ੧੫੧੭ ਦੇ ਲਗਭਗ ਸ਼ੁਰੂ ਕੀਤਾ। ਜਿਆਦਾ ਵਿਸਥਾਰ ਵਿੱਚ ਨਾ ਜਾਂਦੇ ਹੋਏ ਇਹ ਦੱਸਣਾ  ਵਾਜਹਿ ਹੋਵੇਗਾ ਕਿ ਇਹ ਈਸਾਈ ਧਰਮ ਵਿੱਚ ਆਈਆਂ ਕੁਰੀਤੀਆਂ ਤੇ ਪਾਦਰੀਆਂ ਦੇ ਆਚਰਣ ਵਿੱਚ ਆਈ ਗਿਰਾਵਟ ਦੇ ਵਿਰੁੱਧ ਹਨੇਰੀ ਵਾਂਗ ਚੱਲਿਆ ਅੰਦੋਲਨ ਸੀ। ਅਤੇ ਇਸਨੇ ਪ੍ਰੋਟੈਸਟੈਂਟ ਧਰਮ ਦੀ ਨੀਂਹ ਰੱਖੀ। ਦਰਅਸਲ ਇੱਸ ਅੰਦੋਲਨ ਦੇ ਇੰਗਲੈਂਡ ਵਿੱਚ ਆਉਣ ਦੇ ਕਈ ਕਾਰਨ ਸਨ।ਇੰਗਲੈਂਡ ਦੇ ਲੋਕ ਬਿਗਾਨੇ ਦੇਸ਼ ਵਿੱਚ ਬੈਠੇ ਪੋਪ ਦੇ ਅਧੀਨ ਨਹੀਂ ਰਹਿਣਾ ਚਹੁੰਦੇ ਸਨ।ਪਾਦਰੀਆਂ ਨੇ ਫੈਸਲੇ ਸੁਣਾਉਣ ਵੇਲੇ ਅਮੀਰ  ਜਿੰਮੀਦਾਰਾਂ ਤੋਂ ਕੀਮਤੀ ਤੋਹਫੇ ਜ਼ਮੀਨਾ ਆਦਿ ਲੈ ਕੇ ਫੈਸਲੇ ਸੁਣਾਉਣੇ ਸ਼ੁਰੂ ਕਰ ਦਿੱਤੇ ਸਨ। ਮਾਰਟਿਨ ਲੂਥਰ ਵੱਲੋਂ ਸ਼ੁਰੂ ਕੀਤਾ ਗਿਆ ਈਸਈਆਂ ਵਿੱਚ ਆਈਆਂ ਕੁਰੀਤੀਆਂ ਵਿਰੁੱਧ ਇਹ ਅੰਦੋਲਨ ਛੇਤੀ ਹੀ ਸਾਰੇ ਯੂਰਪ ਵਿੱਚ ਫੈਲ ਗਿਆ।ਪਰ ਇੰਗਲੈਂਡ ਵਿੱਚ ਇਸ ਅੰਦੋਲਨ ਨੂੰ ਛੇਤੀ ਹੀ ਸਫਲਤਾ ਮਿਲ਼ ਗਈ। ਇੱਸ ਵਿੱਚ ਜਿਆਦਾ ਯੋਗਦਾਨ ਹੈਨਰੀ ਅੱਠਵੇਂ ਦੇ ਵਿਆਹਾਂ ਦਾ ਸੀ। ਇਹ ਜਾਨਣਾਂ ਦਿਲਚਸਪ ਰਹੇਗਾ ਕਿ ਹੈਨਰੀ ਅੱਠਵੇਂ ਦੇ ਵਿਆਹਾਂ ਨੇ ਪ੍ਰੋਟੈਸਟੈਂਟ ਧਰਮ ਦੀ ਤਰੱਕੀ ਵਿੱਚ ਕਿਵੇਂ ਯੋਗਦਾਨ ਪਾਇਆ।
ਹੈਨਰੀ ਅੱਠਵਾਂ ਜਿੰਨਾ ਸੁਲਝਿਆ ਹੋਇਆ ਤੇ ਦੇਸ਼ ਦੀ ਤਰੱਕੀ ਬਾਰੇ ਸੋਚਣ ਵਾਲ਼ਾ ਸੀ।ਉਸਦਾ ਵਜੀਰ ਵੁਲਜੇ ਉਨਾਂ ਹੀ ਵਧੀਆ ਕਾਰਜ ਪ੍ਰਬੰਧਕ ਅਤੇ ਬਾਦਸ਼ਾਹ ਦਾ ਵਫਾਦਾਰ ਸੀ।ਹੈਨਰੀ ਅੱਠਵਾਂ  ਕੁਝ ਸਮੇਂ ਬਾਅਦ ਅੱਤ ਦਰਜੇ ਦਾ ਮਤਲਬੀ ਤੇ ਮੌਕਾਪ੍ਰਸਤ ਹੋ ਗਿਆ। ਜਦੋਂ ਉਸ ਤੇ ਵਿਆਹ ਕਰਾਉਣ ਦਾ ਭੂਤ ਸਵਾਰ ਹੁੰਦਾ ਤਾਂ ਉਹ ਵਿਰੁੱਧ ਕਰਨ ਵਾਲੇ ਆਪਣੇ ਅਤਿ ਵਿਸ਼ਵਾਸ਼ਪਾਤਰ ਮੰਤਰੀਆਂ ਨੂੰ ਵੀ ਨਾਂ ਬਖਸ਼ਦਾ।
ਹੈਨਰੀ ਅੱਠਵੇਂ ਨੇ ਆਪਣੇ ਭਰਾ ਆਰਥਰ ਦੀ ਵਿਧਵਾ ਪਤਨੀ ਕੈਥਰੀਨ ਅਰਾਗਾਨ ਨਾਲ਼ ਵਿਆਹ ਕਰਵਾ ਲਿਆ। ਪਰ ਕਿਸਮਤਵੱਸ ਸਿਵਾਏ ਇੱਕ ਲੜਕੀ 'ਮੇਰੀ' ਦੇ ਉਸਦੀ ਕੋਈ ਸੰਤਾਨ ਨਾ ਹੋਈ।ਪਰ ਹੈਨਰੀ ਉਸਤੋਂ ਰਾਜਗੱਦੀ ਦਾ ਵਾਰਿਸ ਚਾਹੁੰਦਾ ਸੀ। ਉਸਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਕਿ ਉਸਨੇ ਆਪਣੀ ਵਿਧਵਾ ਭਰਜਾਈ ਨਾਲ਼ ਵਿਆਹ ਕਰਵਾ ਕੇ ਕੋਈ ਪਾਪ ਕੀਤੀ ਹੈ ਜਿੱਸ ਕਾਰਨ ਉਸਦੇ ਕੋਈ ਪੁੱਤਰ ਨਹੀਂ। ਹੈਨਰੀ ਆਪਣੀ ਪਤਨੀ ਦੀ ਖੂਬਸੂਰਤ ਸਹੇਲੀ 'ਐਨ ਬੋਲੀਨ' ਦੇ ਪ੍ਰੇਮ ਜਾਲ ਵਿੱਚ ਫਸ ਚੁੱਕਾ ਸੀ।ਉਸਨੇ ਆਪਣੀ ਪਤਨੀ ਨੂੰਤਲਾਕ ਦੇ 'ਐਨ ਬੋਲੀਨ' ਨਾਲ਼ ਵਿਆਹ ਕਰਵਾਉਣਾ ਦਾ ਫੈਸਲਾ ਕੀਤਾ।
ਪਰ ਈਸਾਈ ਧਰਮ 'ਚ ਪਹਿਲੀ ਪਤਨੀ ਦੇ ਜਿਉਂਦਿਆਂ ਦੂਜਾ ਵਿਆਹ ਕਰਨ ਦੀ ਮਨਾਹੀ ਸੀ। ਬਾਦਸ਼ਾਹ ਨੂੰ ਵਿਆਹ ਕਰਵਾਉਣ ਲਈ ਰੋਮ ਸਥਿੱਤ ਪੋਪ ਤੋਂ ਉਚੇਚੀ ਮਨਜ਼ੂਰੀ ਲੈਣੀ ਪੈਣੀ ਸੀ। ਹੈਨਰੀ ਨੇ ਪੋਪ ਦੀ 'ਦੈਵੀ' ਅਧਿਕਾਰਾਂ ਵਾਲੀ ਅਦਾਲਤ ਵਿੱਚ ਅਰਜੀ ਪਾ ਦਿੱਤੀ। ਬਾਦਸ਼ਾਹ ਜਿੱਥੇ ਤੀਬਰਤਾ ਨਾਲ਼ ਤਲਾਕ ਦੀ ਮਨਜ਼ੂਰੀ ਉਡੀਕਣ ਲੱਗਾ ਉਥੇ ਕੈਥਰੀਨ ਅਰਾਗਾਨ ਸ਼ਾਹੀ ਮਹੱਲਾਂ ਦੀ ਇੱਕ ਨੁੱਕਰੇ ਉਦਾਸ ਬੈਠੀ ਇੱਕ ਝੂਠੀ ਜਿਹੀ ਆਸ ਦਾ ਪੱਲਾ ਅਜੇ ਵੀ ਨਹੀ ਸੀ ਛੱਡ ਰਹੀ ਕਿ ਬਾਦਸ਼ਾਹ ਦੇ ਦਿਲ ਵਿੱਚ ਉਸ ਪ੍ਰਤੀ ਰਹਿਮ ਜਾਗੇਗਾ। ਅਤੇ ਸ਼ਾਇਦ ਪੋਪ ਹੀ ਬਾਦਸ਼ਾਹ ਦੀ ਤਲਾਕ ਦੀ ਅਰਜੀ ਨਾਮਨਜੂਰ ਕਰਕੇ ਉਸਨੂੰ ਸਮਝਾ-ਬੁਝਾ ਦਏ।
ਪੋਪ ਲਈ ਮੁਸੀਬਤ ਬਣ ਗਈ। ਪੋਪ ਨੇ ਤਲਾਕ ਦਾ ਮਾਮਲਾ ਲਟਕਾਉਣਾ ਸ਼ੁਰੂ ਕਰ ਦਿੱਤਾ। ਨਾ ਤਾਂ ਪੋਪ ਇੰਗਲੈਂਡ ਦੇ ਬਾਦਸ਼ਾਹ ਨੂੰ ਨਰਾਜ ਕਰ ਸਕਦਾ ਸੀ। ਉਧਰ ਸਪੇਨ ਦਾ ਬਾਦਸ਼ਾਹ ਚਾਰਲਸ  ਕੈਥਰੀਨ ਦਾ ਭਣੇਵਾਂ ਸੀ। ਕੈਥਰੀਨ ਸਪੇਨ ਦੇ ਬਾਦਸ਼ਾਹ ਦੀ ਧੀ ਸੀ ਜਿੱਸਦੀ ਮੌਤ ਮਗਰੋਂ ਉਸਦਾ ਦੋਹਤਾ ਚਾਰਲਸ ਗੱਦੀ 'ਤੇ ਬਿਠਾ ਦਿੱਤਾ ਗਿਆ। ਚਾਰਲਸ ਕੈਥਰੀਨ ਦੀ ਵੱਡੀ ਭੈਣ ਦਾ ਲੜਕਾ ਸੀ। ਸਪੇਨ ਦੀ ਰਾਜਨੀਤਕ ਅਤੇ ਫੌਜੀ ਤਾਕਤ ਇੰਗਲੈਂਡ ਨਾਲੋਂ ਵਧੇਰੇ ਸੀ। ਅਤੇ ਪੋਪ ਨੂੰ ਸਪੇਨ ਤੋਂ ਰਜਨੀਤਕ ਛਤਰ-ਛਾਇਆ ਮਿਲ਼ਦੀ ਸੀ। ਜੇਕਰ ਪੋਪ ਹੈਨਰੀ ਨੂੰ ਤਲਾਕ ਦੀ ਮਨਜੂਰੀ ਦਿੰਦਾ ਸੀ ਤਾਂ  ਕੈਥਰੀਨ ਦਾ ਭਣੇਵਾਂ ਸਪੇਨ ਦਾ ਬਾਦਸ਼ਾਹ ਚਾਰਲਸ ਦੂਜਾ ਨਰਾਜ ਹੋਣ ਦਾ ਡਰ ਸੀ। ਅਤੇ ਪੋਪ ਕਿਸੇ ਵੀ ਕੀਮਤ ਤੇ ਚਾਰਲਸ ਨੂੰ ਨਰਾਜ਼ ਨਹੀਂ ਸੀ ਕਰਨਾ ਚਹੁੰਦਾ। ਦੋਚਿੱਤੀ ਵਿੱਚ ਪੋਪ ਨੇ ਮਾਮਲਾ ਲਮਕਾਉਣਾ ਹੀ ਠੀਕ ਸਮਝਿਆ।
 ਉਧਰ ਬਾਦਸ਼ਾਹ ਹੈਨਰੀ ਨੇ ਪੋਪ ਵੱਲੋਂ ਲਾਈ ਜਾ ਰਹੀ ਦੇਰੀ ਤੋਂ ਅੱਕ ਕੇ ਆਪਣੇ ਵਜੀਰ ਵੁਲਜੇ ਨੂੰ ਪੋਪ ਕੋਲ਼ ਭੇਜਿਆ ਤਾਂ ਜੋ ਪੋਪ ਨੂੰ ਤਲਾਕ ਦੀ ਅਰਜੀ ਮਨਜੂਰ ਕਰਨ ਲਈ ਪ੍ਰੇਰਿਆ ਜਾ ਸਕੇ। ਪਰ ਪੋਪ ਨੇ ਹੋਰ ਦੇਰੀ ਕਰਨ ਦੇ ਮਕਸਦ ਨਾਲ਼ ਇਹ ਮਾਮਲਾ ਵੁਲਜੇ ਅਤੇ ਇਟਲੀ ਦੇ ਕਾਰਡੀਨਲ ਨੂੰ ਸੌਂਪ ਦਿੱਤਾ।ਅਜੇ ਉਹਨਾਂ ਨੇ ਆਪਣਾ ਫੈਸਲਾ ਸੁਣਾਉਣਾਂ ਸੀ ਕਿ ਪੋਪ ਨੇ ਮੁੜ ਇਹ ਫੈਸਲਾ ਆਪਣੇ ਹੱਥਾਂ 'ਚ ਲੈ ਲਿਆ ਪੋਪ ਦਾ ਮਕਸਦ ਦੇਰੀ ਕਰਨਾ ਤੇ ਮਾਮਲੇ ਨੂੰ ਲਟਕਾਉਣਾ ਹੀ ਸੀ ।ਬਾਦਸ਼ਾਹ ਹੈਨਰੀ ਨੇ ਪੋਪ ਵੱਲੋ ਲਾਈ ਜਾ ਰਹੀ ਦੇਰੀ ਲਈ ਆਪਣੇ ਵਜੀਰ ਵੁਲਜੇ ਨੂੰ ਜਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਤੂੰ ਪੋਪ ਨਾਲ ਮਿਲ ਗਿਆ ਹੈ ।ਹੈਨਰੀ ਨੇ ਵੁਲਜੇ ਨੂੰ ਨੌਕਰੀ ਤੋ ਹਟਾ ਕੇ ਉੱਸਤੇ ਦੇਸ਼ ਧਰੋਹ ਦਾ ਮੁਕੱਦਮਾ ਚਲਾ ਦਿੱਤਾ । ਇੱਕ ਦਿਨ ਜਦੋ ਵੁਲਜੇ ਬਾਦਸ਼ਾਹ ਕੋਲ ਆਪਣੀ ਸਫਾਈ ਦੇਣ ਜਾ ਰਿਹਾ ਸੀ ਤਾਂ ਰਸਤੇ ਵਿੱਚ  ਉਸਦੀ ਮੌਤ ਹੋ ਗਈ। ਵੁਲਜੇ ਨੇ ਸਾਰੀ ਉਮਰ ਜੇ ਕੁਝ ਕੀਤਾ ਤਾਂ ਬਾਦਸ਼ਾਹ ਦੀ ਵਫਾਦਾਰੀ ਸੀ। ਉਸਨੇ ਕਈ ਬਗਾਵਤਾਂ ਨੂੰ ਦਬਾਇਆ ਤੇਅਮੀਰਾਂ ਤੋਂ ਜਬਰੀ ਧਨ ਉਗਰਾਹ ਕੇ ਬਾਦਸ਼ਾਹ ਦਾ ਖਜਾਨਾ ਭਰਿਆ। ਆਖਰੀ ਵੇਲੇ ਵੁਲਜੇ ਦੇ ਸ਼ਬਦ ਸਨ " ਜੇ ਕਿਤੇ ਮੈਂ ਏਨੀ ਵਫਾਦਾਰੀ ਪ੍ਰਮਾਤਮਤਾ ਨਾਲ਼ ਕੀਤੀ ਹੁੰਦੀ ਜਿੰਨੀ ਬਾਦਸ਼ਾਹ ਨਾਲ਼ ਕੀਤੀ ਹੈ ਤਾਂ ਮੈਨੂੰ ਯਕੀਨ ਹੈ ਕਿ ਉਹ ਮੇਰੇ ਨਾਲ਼ ਏਦਾਂ ਨਾ ਕਰਦਾ"। ਅੰਤ ਹਾਰ ਕੇ ਤਲਾਕ ਨਾ ਮਿਲ਼ਨ ਤੋਂ ਨਿਰਾਸ਼ ਹੈਨਰੀ ਜੋ ਕਦੇ ਕੱਟੜ ਕੈਥੋਲਿਕ ਸੀ ਨੇ ਪੋਪ ਵਿਰੁੱਧ ਬਗਾਵਤ ਕਰ ਦਿੱਤੀ। ਅਤੇ ਲੰਡਨ ਦੇ 'ਚਰਚ ਆਫ ਆਰਚਬਿਸ਼ਪ' ਨੂੰ ਇੰਗਲੈਂਡ ਦਾ ਸਰਵੋਤਮ ਚਰਚ ਐਲਾਨ ਦਿੱਤਾ। ਇੰਗਲੈਂਡ ਦੇ ਪਾਦਰੀਆਂ ਤੇ ਚਰਚਾਂ ਦਾ ਸਬੰਧ ਇਟਲੀ ਸਥਿਤ ਪੋਪ ਨਾਲ਼ੋ ਟੁੱਟ ਇੰਗਲੈਂਡ ਦੇ ਚਰਚ ਆਫ ਆਰਚਬਿਸ਼ਪ ਨਾਲ਼ ਜੁੜ ਗਿਆ।
ਹੈਨਰੀ ਨੇ ਚਰਚ ਆਫ ਆਰਚਬਿਸ਼ਪ ਤੋਂ ਆਗਿਆ ਲੈ ਕੇ ਕੈਥਰੀਨ ਨੂੰ ਤਲਾਕ ਦੇ ਦਿੱਤਾ।'ਕ੍ਰੈਨਮੈਨ' ਚਰਚ ਆਫ ਆਰਚਬਿਸ਼ਪ  ਦਾ ਮੁਖੀ ਸੀ। ਹੈਨਰੀ ਦੀ ਮੌਤ ਮਗਰੋਂ ਜਦੋਂ ਉਸਦੀ ਧੀ 'ਮੇਰੀ' ਗੱਦੀ ਤੇ ਬੈਠੀ ਤਾਂ ਉਸਨੇ ਕ੍ਰੈਨਮੈਨ ਨੂੰ ਜਿਉਂਦਿਆਂ ਅੱਗ ਵਿੱਚ ਸਾੜ ਦਿੱਤਾ ਕਿਉਂਕਿ ਉਸਨੇ ਉਸਦੀ ਮਾਂ ਦਾ ਤਲਾਕ ਕਰਵਾਇਆ ਸੀ।
ਹੈਨਰੀ ਨੇ ਬਾਈਬਲ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਕਰਵਾ ਦਿੱਤਾ ਅਤੇ ਈਸਾਈ ਖਾਨਗਾਹਾਂ ਜੋ ਪੋਪ ਦੇ ਹਮਾਇਤੀ ਸਨ ਤੋਂ ਜ਼ਮੀਨਾਂ ਵਾਪਿਸ ਲੈ ਕੇ ਖਾਨਗਾਹਾਂ ਢਾਹ ਦਿੱਤੀਆਂ। ਇੱਸ ਤਰ੍ਹਾਂ ਕਰਨ ਦਾ ਰੋਮਨ ਕੈਥੋਲਿਕਾਂ ਨੇ ਵਿਰੁੱਧ ਕੀਤਾ ਅਤੇ ਬਗਾਵਤ ਉਠ ਖੜੀ ਹੋਈ। ਪਰ ਬਾਦਸ਼ਾਹ ਨੇ ਬਗਾਵਤ ਦਬਾ ਦਿੱਤੀ। ਹੈਨਰੀ  ਨੂੰ ਭਾਵੇਂ ਪ੍ਰੋਟੈਸਟੈਂਟ ਮੱਤ ਨਾਲ਼ ਕੋਈ ਹਮਦਰਦੀ ਨਹੀਂ ਸੀ ਪਰ ਤਲਾਕ ਅਤੇ ਵਿਆਹ ਦੀ ਲਾਲਸਾ ਕਾਰਨ ਉਸਨੇ ਕੈਥੋਲਿਕਾਂ ਦਾ ਤਕੜਾ ਵਿਰੁੱਧ ਕੀਤਾ। ਅਤੇ ਇੰਗਲੈਂਡ ਵਿੱਚ ਪ੍ਰੋਟੈਸਟੈਂਟ ਮੱਤ ਮਜ਼ਬੂਤੀ ਨਾਲ਼ ਸਥਾਪਿਤ ਹੋ ਗਿਆ ਜੋ ਜਲਦੀ ਹੀ ਹੋਰ ਦੇਸ਼ਾਂ ਵਿੱਚ ਫੈਲ ਗਿਆ।
(੧) ਹੈਨਰੀ ਨੇ ਆਪਣਾ ਪਹਿਲਾ ਵਿਆਹ ਆਪਣੀ ਵਿਧਵਾ ਭਰਜਾਈ ਕੈਥੇਰਾਈਨ ਅਰਾਗਾਨ ਨਾਲ ਕਰਵਾਇਆ। ਕੈਥੇਰਾਈਨ ਸਪੇਨ ਦੇ ਬਾਦਸ਼ਾਹ ਦੀ ਧੀ ਅਤੇ ਹੈਨਰੀ ਦੇ ਵੱਡੇ ਭਰਾ ਆਰਥਰ ਦੀ ਵਿਧਵਾ ਸੀ ।
(੨) ਹੈਨਰੀ ਨੇ ਦੂਜਾ ਵਿਆਹ ਐਨ ਬੋਲੀਨ ਕੈਥਰੀਨ ਦੀ ਸਹੇਲੀ ਸੀ ਨਾਲ ਕਰਵਾਇਆ ਜਿੱਸਦੀ ਕੁੱਖੋਂ ਲੜਕੀ ਪੈਦਾ ਹੋਈ ਪਰ ਹੈਨਰੀ ਲੜਕਾ ਚਹੁੰਦਾ ਸੀ ਉਸਨੇ ਐਨ ਬੋਲੀਨ ਤੇ ਬਦਕਾਰੀ ਦਾ ਦੂਸ਼ਣ  ਲਾ ਕੇ ਤਲਾਕ ਦੇ ਦਿੱਤਾ {
(੩)ਹੈਨਰੀ  ਦਾ ਤੀਜਾ ਵਿਆਹ ਜੇਨ ਸੀਮਰ ਨਾਲ਼ ਹੋਇਆ। ਜਿੱਸਦੀ ਕੁੱਖੋਂ ਇੱਕ ਲੜਕਾ ਪੈਦਾ ਹੋਇਆ।ਜੋ ਐਡਵਰਡ ਛੇਵੇਂ ਦੇ ਨਾਮ ਨਾਲ਼ ਬਾਦਸ਼ਾਹ ਬਣਿਆ। ਪਰ ਸੀਮੋਰ ਪਰਲੋਕ ਸਿਧਾਰ ਗਈ।
(੪) ਹੈਨਰੀ ਦਾ ਚੌਥਾ ਵਿਆਹ ਆਪਣੇ ਵਜੀਰ ਟਾਮਸ ਕ੍ਰਾਮਵੈੱਲ ਨੇ ਜਰਮਨੀ ਦੀ ਰਾਜਕੁਮਾਰੀ ਨਾਲ਼ ਕਰਵਾ ਦਿੱਤਾ। ਪਰ ਇਹ ਖੂਬਸੂਰਤ ਨਹੀਂ ਸੀ ਹੈਨਰੀ ਨੇ ਇਸਨੂੰ ਵੀ ਤਾਲਕ ਦੇ ਦਿੱਤਾ ਤੇ ਆਪਣੇ ਵਜੀਰ ਟਾਮਸ ਕ੍ਰਾਮਵੈੱਲ ਨੂੰ ਮੌਤ ਦੀ ਸਜਾ ਦਿੱਤੀ।
(੫) ਹੈਨਰੀ ਦਾ ਪੰਜਵਾਂ ਵਿਆਹ ਕੈਥਰੀਨ ਹਾਰਵਰਡ ਨਾਲ਼ ਹੋਇਆ ਪਰ ਹੈਨਰੀ ਨੇ ਇਸਨੂੰ ਵੀ ਬੇਵਫਾਈ ਦੇ ਦੋਸ਼ ਵਿੱਚ ਮੌਤ ਦੀ ਸਜਾ ਦਿੱਤੀ।
(੬) ਹੈਨਰੀ ਦਾ ਛੇਵਾਂ ਵਿਆਹ 'ਪਾਰ' ਨਾਮ ਦੀ ਔਰਤ ਨਾਲ਼ ਹੋਇਆ । ਇਹ ਹੈਨਰੀ ਦੀ ਮੌਤ ਮਗਰੋਂ ਵੀ ਜਿਉਂਦੀ ਰਹੀ ਤੇ ਇਸਨੇ ਹੋਰ ਵਿਆਹ ਕਰਵਾ ਲਿਆ।
             

Thursday, June 28, 2012

ਮੇਘਲਾ ਦੇ ਕੁਝ ਅੰਕ

ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਮਹਿਕਦੀਆਂ ਯਾਦਾਂ- ਜਤਿੰਦਰ ਸਿੰਘ ਔਲ਼ਖ


ਵਗਦੀ ਪਈ ਸਵਾਂਅ ਢੋਲਾ..


ਕੁਝ ਲਈ ਜਿੰਦਗੀ ਸਮੇਂ ਦੀ ਨਾਜ਼ੁਕ ਹਥੇਲੀ 'ਤੇ ਧੁਖਦੀ ਹੋਈ ਅੱਗ ਹੁੰਦੀ ਹੈ। ਮੱਠੇ-ਮੱਠੇ ਧੁਖਦੇ ਰਹਿਣਾ ਪੈਂਦਾ ਹੈ। ਸਮੇਂ ਦੇ ਇੱਸੇ ਸੇਕ 'ਚੋਂ ਨਿਕਲ਼ੀ ਧੁਖਣ ਦਾ ਨਾਮ ਸੀ ਬਲਰਾਜ ਸਾਹਨੀ।
ਇਹ ਲੇਖ ਮੈਂ ਬਲਰਾਜ ਸਾਹਨੀ ਦੇ ਪ੍ਰੀਤਨਗਰ ਵਿਚ ਹਮਸਾਇਆਂ ਤੇ ਸਮਕਾਲੀਆਂ ਦੇ ਮੂੰਹੋਂ ਸੁਣੀਆਂ ਯਾਦਾਂ ਤੇ ਇਕੱਤਰ ਜਾਣਕਾਰੀ ਦੇ ਅਧਾਰ 'ਤੇ ਲਿਖਿਆ ਹੈ।
ਪ੍ਰੀਤਨਗਰ ਦੀ ਫਿਜ਼ਾ ਵਿਚ ਵਿਚ ਬਹੁਤ ਸਾਰੇ ਅਦੀਬਾਂ/ ਫਨਕਾਰਾਂ ਦੇ ਰਾਜ ਬਿਖਰੇ ਪਏ ਹਨ। ਮੇਰੇ ਤੋਂ ਪਹਿਲੀ ਪੀੜੀ ਦੇ ਲੇਖਕਾਂ/ਫਨਕਾਰਾਂ ਅਤੇ ਪੰਜਾਬੀਅਤ ਨਾਲ਼ ਮੋਹ ਰੱਖਣ ਵਾਲ਼ੇ ਹਰ ਸਖਸ਼ ਦੀ ਕੋਈ ਨਾ ਕੋਈ ਸਾਂਝ ਪ੍ਰੀਤਨਗਰ ਨਾਲ਼ ਜਰੂਰ ਰਹੀ ਹੈ।ਇਸ ਧਰਤੀ ਦੀ ਧੜਕਣ ਗੌਰ ਨਾਲ਼ ਸੁਣਨ 'ਤੇ ਪਤਾ ਲੱਗੇਗਾ ਕਿ ਅੱਜ ਵੀ ਬਹੁਤ ਸਾਰੀਆਂ ਬੇਅਵਾਜ ਪੈੜਾਂ ਚਿੰਤਨਮਈ ਸਵਾਲਾਂ ਦੇ ਉੱਤਰ ਲੱਭਣ ਲਈ ਅਵਾਜ਼ਾਰ ਹਨ।
ਮੈਂ ਕਈ ਵਾਰ ਸੋਚਦਾਂ ਕਿ ਬਲਰਾਜ ਸਾਹਨੀ ਨੂੰ ਪ੍ਰੀਤਨਗਰ ਨਾਲ਼ ਏਨਾਂ ਮੋਹ ਕਿਉਂ ਸੀ? ਉਸਦੇ ਬਾਰੇ ਅੱਜ ਵੀ ਪ੍ਰੀਤਨਗਰ ਤੇ ਆਸ-ਪਾਸ ਦੇ ਇਲਾਕੇ ਵਿਚ ਕਈ ਯਾਦਾਂ-ਮਿੱਥਾਂ ਪ੍ਰਚਿਲਤ ਹਨ।ਸਿਨੇਮਾ ਵਿਚ ਆਪਣੇ ਕੈਰੀਅਰ ਨੂੰ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚਾਉਣ ਤੋਂ ਬਾਅਦ ਵੀ ਲੱਗਦਾ ਸੀ ਕਿ ਉਸਦਾ ਅਤੀਤ ਸਾਏ ਵਾਂਗ ਉਸਦੇ ਪਿੱਛੇ ਮੰਡਰਾਉਂਦਾ ਰਹਿੰਦਾ ਇਸੇ ਅਤੀਤ ਦੀ ਪਰਛਾਂਈਂ ਉਸਨੂੰ ਹਵਾ ਦੇ ਬੁੱਲੇ ਵਾਂਗ ਉਡਾ ਕੇ ਪ੍ਰੀਤਨਗਰ ਲੈ ਆਉਂਦੀ। ਬੰਬਈ ਵਿਚ ਉਸ ਕੋਲ਼ ਅਥਾਹ ਸ਼ੌਹਰਤ ਤੇ ਪੈਸਾ ਤਾਂ ਸੀ ਪਰ ਪਤਾ ਨਹੀਂ ਕਿਹੜੀ ਬੈਚੇਨੀ ਜਾਂ ਅਵਾਰਗੀ ਉਸ ਨੂੰ ਭਟਕਦੇ ਮਿਰਗ ਵਾਂਗ ਪੰਜਾਬ ਤੇ ਪ੍ਰੀਤਨਗਰ ਲੈ ਆਉਂਦੀ।
ਇਸੇ ਬੈਚੇਨ ਤਲਾਸ਼ ਦੀ ਬਦੌਲਤ ਹਿੰਦੀ ਸਿਨੇਮਾ ਜਗਤ ਦਾ ਆਪਣੇ ਸਮੇਂ ਦਾ ਸਭ ਤੋਂ ਨਾਮਵਰ ਹੀਰੋ ਚਾਦਰ ਕੁੜਤੇ ਦੇ ਜਟਕਾ ਪਹਿਰਾਵੇ 'ਚ ਸਰਹੱਦ 'ਤੇ ਵੱਸੇ ਪਛੜੇ ਜਿਹੇ ਕਸਬੇ ਚੋਗਾਵਾਂ ਦੀਆਂ ਸੜਕਾਂ 'ਤੇ ਮਟਰਗਸਤੀ ਕਰ ਰਿਹਾ ਹੁੰਦਾ ਤੇ ਆਮ ਲੋਕਾਂ ਵਿਚ ਬੇਪਰਵਾਹੀ ਨਾਲ਼ ਫਿਰਦਿਆਂ ਰੇਹੜੀਆਂ ਤੋਂ ਫਲ ਖਰੀਦ ਰਿਹਾ ਹੁੰਦਾ।ਚੋਗਾਵਾਂ ਦੇ ਇਕ ਬਜੁਰਗ ਫਲ ਵੇਚਣ ਵਾਲੇ ਨੇ ਮੈਨੂੰ ਦੱਸਿਆ ਕਿ " ਬਲਰਾਜ ਸਾਹਨੀ ਪ੍ਰੀਤਨਗਰ ਨੂੰ ਲੰਘਦਿਆਂ ਅਕਸਰ ਮੇਰੇ ਕੋਲ਼ ਰੁਕਿਆ ਕਰਦਾ ਸੀ"। ਇਕ ਵਾਰ ਬਲਰਾਜ ਸਾਹਨੀ ਪ੍ਰੀਤਨਗਰ ਤੋਂ ਸਈਕਲ 'ਤੇ ਚੋਗਾਂਵੇਂ ਆਇਆ ਤੇ ਕੁਝ ਖਰੀਦਣ ਲੱਗਾ। ਚਾਦਰ ਕੁੜਤੇ ਦੇ ਸਾਦਾ ਪਹਿਰਾਵੇ 'ਚ ਹੋਣ ਕਾਰਨ ਪਹਿਲਾਂ ਤਾਂ ਉਸ ਵੱਲ ਕਿਸੇ ਧਿਆਨ ਨਾਂ ਦਿੱਤਾ ਪਰ ਜਲਦੀ ਹੀ ਇਕ ਵਿਅਕਤੀ ਦੀ ਨਜ਼ਰ ਪੈ ਗਈ ਉਸ  ਦੁਆਲ਼ੇ ਭੀੜ ਇਕੱਠੀ ਹੋ ਗਈ। ਬਲਰਾਜ ਸਾਹਨੀ ਕਾਫੀ ਦੇਰ ਲੋਕਾਂ ਨਾਲ਼ ਹਾਸੇ-ਮਜਾਕ ਦੇ ਰੌਂਅ ਵਿਚ ਗੱਲਾਂ ਕਰਦਾ ਰਿਹਾ।
ਉਹ ੧੯੧੩ ਵਿਚ ਰਾਵਲਪਿੰਡੀ ਦੇ ਖੁਸ਼ਹਾਲ ਖੱਤਰੀ ਪਰਿਵਾਰ ਵਿਚ ਜਨਮਿਆਂ ਉਸ ਦਾ ਭਰਾ ਭੀਸ਼ਮ ਸਾਹਨੀ ਵੀ ਜ਼ਿਕਰਯੋਗ ਲੇਖਕ ਮੰਨਿਆ ਗਿਆ।ਰਾਵਲਪਿੰਡੀ ਦੇ ਕੋਲ਼ੋਂ ਸਵਾਂਅ ਨਦੀ ਵਗਦੀ ਹੈ। ਸਵਾਂਅ ਨਦੀ ਦੇ ਕਿਨਾਰਿਆਂ 'ਤੇ ਉਸਦੇ  ਬਚਪਨ ਦੇ ਬਹੁਤ ਅਮੀਰ ਯਾਦਗਾਰੀ ਲਮਹੇ ਬੀਤੇ ਸਨ।ਇਹੀ ਕਾਰਨ ਸੀ ਕਿ ਉਹ ਜਦੋਂ ਪ੍ਰੀਤਨਗਰ ਆਉਂਦਾ ਤਾਂ ਰਾਵੀ ਦੇ ਕੰਢੇ ਸੈਰ ਕਰਨ ਨਿਕਲ਼ ਜਾਂਦਾ। ਉਹ ਅਕਸਰ ਕਿਹਾ ਕਰਦਾ ਸੀ ਕਿ " ਮੈਨੂੰ ਰਾਵੀ ਨਾਲ਼ ਬੜਾ ਮੋਹ ਹੈ ਮੇਰਾ ਜੀਅ ਕਰਦਾ ਹੈ ਕਿ ਮੈਂ ਰਾਵੀ ਵਿਚ ਰੁੜ ਜਾਵਾਂ।" ਉਹ ਰਾਵੀ ਨਦੀ 'ਚੋਂ ਸਵਾਂਅ ਨਦੀ ਦੇ ਕੰਢੇ ਗੁਆਚਿਆ ਆਪਣਾ ਅਤੀਤ ਲੱਭਣ ਦੀ ਕੋਸ਼ਿਸ਼ ਕਰਦਾ ਸੀ।ਬਲਰਾਜ ਸਾਹਨੀ ਅਕਸਰ ਰਾਵੀ ਨਦੀ ਦੇ ਕੰਢੇ ਖੜਾ ਰੋ ਪੈਂਦਾ ਤੇ ਨਮ ਅੱਖਾਂ ਨਾਲ਼ ਸਵਾਂਅ ਨਦੀ ਨੂੰ ਅਵਾਜਾਂ ਮਾਰਦਾ ਹੋਇਆ ਰਾਵਲਪਿੰਡੀ ਦੇ ਇਲਾਕੇ ਵਿਚ ਪ੍ਰਚਿਲਿਤ ਗੀਤ ਗਾਉਣ ਲੱਗਦਾ:
ਵਗਦੀ ਪਈ ਸਵਾਂਅ ਢੋਲਾ
ਛੋਡਸ ਮੇਰੀ ਬਾਂਹ ਢੋਲਾ
ਇਕ ਵਾਰ ਲੇਖਕ ਮੁਖਤਾਰ ਗਿੱਲ ਅਤੇ ਬਲਰਾਜ ਸਾਹਨੀ ਦਰਿਆ ਕਿਨਾਰੇ ਸੈਰ ਕਰ ਰਹੇ ਸਨ। ਇਕ ਬੰਨ ਬਣ ਰਿਹਾ ਸੀ ਜਿਸਤੇ ਕੁਝ ਮਜਦੂਰ ਮਿੱਟੀ ਪਾ ਰਹੇ ਸਨ।ਅੱਤ ਦੀ ਗਰਮੀ ਤੇ ਫਟੇਹਾਲ ਮਜਦੂਰਾਂ ਨੂੰ ਵੇਖ ਸਾਹਨੀ ਨੂੰ ਤਰਸ ਆਇਆ। ਇਹ ੭੦ ਵਿਆਂ ਦੇ ਦਹਾਕੇ ਦੀ ਗੱਲ ਹੈ ਉਸਨੇ ੨੦੦ ਰੁਪਏ ਜੇਬ 'ਚੋਂ ਕੱਢੇ ਤੇ ਮਜਦੁਰਾਂ ਨੂੰ ਦੇ ਦਿੱਤੇ। ਆਪ ਅਗਾਂਹ ਸੈਰ ਕਰਨ ਚਲੇ ਗਏ।ਉਸਦਾ ਦਾ ਵਿਚਾਰ ਸੀ ਕਿ ਅੱਜ ਇਹਨਾਂ ਦੇ ਪਰਿਵਾਰ ਵੀ ਰੋਟੀ ਪੇਟ ਭਰ ਕੇ ਖਾ ਲੈਣਗੇ। ਉਦੋਂ ਪੰਜ ਰੁਪਏ ਮਜਦੂਰ ਦੀ ਦਿਹਾੜੀ ਸੀ ਤੇ ੨੦੦ ਰੁਪਏ ਅੱਜ ਦੇ ਹਜਾਰਾਂ ਵਰਗੇ ਸਨ।ਜਦੋਂ ਤਕਰੀਬਨ ਤਿੰਨ ਘੰਟਿਆਂ ਮਗਰੋਂ ਦੋਵੇਂ ਸੈਰ ਕਰਦੇ ਮੁੜੇ ਤਾਂ ਕੁਝ ਮਜਦੂਰ ਮਿੱਟੀ ਵਿਚ ਲੇਟ ਰਹੇ ਸਨ ਤੇ ਕੁਝ ਸ਼ਰਾਬੀ ਹਾਲਤ ਵਿਚ ਇਕ-ਦੂਜੇ ਨਾਲ ਲੜ-ਝਗੜ ਰਹੇ ਸਨ ," ਮੁਖਤਾਰ ਗਿੱਲ ਹੱਸ ਕਿ ਕਹਿਣ ਲੱਗਾ ਲੈ ਪਹੁੰਚ ਗਈਆਂ ਇਹਨਾਂ ਦੇ ਘਰੇ ਰੋਟੀਆਂ"।
ਪ੍ਰੀਤਨਗਰ ਮੁਖਤਾਰ ਗਿੱਲ ਦੇ ਘਰੇ ਲੇਖਕਾਂ ਦੇ ਰੋਜ਼ ਹੀ ਉਤਾਰੇ ਹੋਏ ਰਹਿੰਦੇ। ਇਕ ਵਾਰ ਗੁਲ ਚੌਹਾਨ ਤੇ ਮੁਖਤਾਰ ਗਿੱਲ ਕੋਲ਼ ਸਿਰਫ ਦੋ ਹੀ ਪਰੌਂਠੇ ਸਨ।ਦੋਹਾਂ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀ। ਅਜੇ ਦੋਵੇਂ ਖਾਣ ਹੀ ਲੱਗੇ ਸਨ ਕਿ ਬਲਰਾਜ ਸਾਹਨੀ ਆਉਂਦਾ ਦਿਸ ਪਿਆ।ਦੋਵੇਂ ਸੋਚਣ ਲੱਗੇ ਕਿ ਇਹਨੂੰ ਸੁਲ੍ਹਾ ਕਾਹਦੀ ਮਾਰਾਂਗੇ। ਦੋਵਾਂ ਨੇ ਪਰੌਂਠੇ ਆਲ਼ੇ 'ਤੇ ਰੱਖ ਦਿੱਤੇ ਤੇ ਬਲਰਾਜ ਸਾਹਨੀ ਨੂੰ ਮਿਲ਼ਨ ਲੱਗ ਪਏ। ਪੰਜਾਬੀਆਂ ਵਾਲ਼ੀ ਪਰਾਹੁਣਾਚਾਰੀ ਪਾਲਦਿਆਂ ਦੋਵਾਂ ਨੇ ਬਲਰਾਜ ਸਾਹਨੀ ਨੂੰ ਕਿਹਾ ਆਉ! ਪਰਸ਼ਾਦਾ ਛਕਦੇ ਹਾਂ।"
ਜਦੋਂ ਗੁਲ਼ ਚੌਹਾਨ ਪਰੌਂਠਿਆਂ ਵਾਲ਼ੀਆਂ ਪਲੇਟਾਂ ਚੁੱਕਣ ਆਲ਼ੇ ਲਾਗੇ ਪਹੁੰਚਿਆ ਤਾਂ ਏਨੀ ਦੇਰ ਨੂੰ ਇਕ ਕੁੱਤਾ ਪਰੌਂਠੇ ਚੁੱਕ ਕੇ ਲੈ ਗਿਆ  ਤੇ ਵਿਹੜੇ ਵਿਚ ਬੈਠਾ ਖਾ ਰਿਹਾ ਸੀ। ਦੋਵੇਂ ਕਹਿਣ ਲੱਗੇ , " ਪਤਾ ਹੁੰਦਾ ਪਹਿਲਾਂ ਪਰੌਂਠੇ ਖਾ ਲੈਂਦੇ ਇਹਨਾਂ ਨੂੰ ਤਾਂ ਬਾਅਦ ਵਿਚ ਵੀ ਮਿਲ਼ ਸਕਦੇ ਸਾਂ।"
ਇਕ ਵਾਰ ਮੇਰੇ ਪਿੰਡ ਦਾ ਇਕ ਵਿਅਕਤੀ ਸਈਕਲ 'ਤੇ ਅੰਮ੍ਰਿਤਸਰੋਂ ਬਲਰਾਜ ਸਾਹਨੀ ਦੀ ਫਿਲਮ ਵੇਖ ਕਿ ਆ ਰਿਹਾ ਸੀ। ਉਹ ਵਿਅਕਤੀ ਜਦੋਂ ਗੌਂਸਾਬਾਦ ਕੋਲ਼ ਪਹੁੰਚਿਆ ਤਾਂ ਬਲਰਾਜ ਸਾਹਨੀ ਦੀ ਗੱਡੀ ਖਰਾਬ ਹੋਈ ਸੜਕ ਦੇ ਕਿਨਾਰੇ ਖੜੀ ਸੀ ਤੇ ਕੋਲ਼ ਬਲਰਾਜ ਸਾਹਨੀ ਖੜਾ ਸੀ।ਉਸ ਵਿਅਕਤੀ ਦੀ ਹੈਰਾਨੀ ਅਤੇ ਖੁਸ਼ੀ ਦੀ ਕੋਈ ਹੱਦ ਨਾ ਰਹੀ। ਬਲਰਾਜ ਸਾਹਨੀ ਦੀ ਕਾਰ ਖਰਾਬ ਹੋ ਗਈ ਸੀ ਉਹ ਵਿਅਕਤੀ ਸਈਕਲ 'ਤੇ ਬਿਠਾ ਕਿ ਬਲਰਾਜ ਸਾਹਨੀ ਨੂੰ ਪ੍ਰੀਤਨਗਰ ਛੱਡ ਕੇ ਆਇਆ।
ਬਲਰਾਜ ਸਾਹਨੀ ੧੯੩੦ 'ਟੈਗੋਰ ਦੀ ਯੂਨੀਵਰਸਿਟੀ ਵਿਸ਼ਵ ਭਾਰਤੀ ਸ਼ਾਂਤੀ ਨਿਕੇਤਨ 'ਚ ਬਤੌਰ ਅੰਗਰੇਜ਼ੀ ਅਧਿਆਪਕ ਕੰਮ ਕੀਤਾ।ਇੱਥੇ ਉਸਦੇ ਲੜਕੇ ਪ੍ਰੀਕਸ਼ਤ ਸਾਹਨੀ ਦਾ ਜਨਮ ਹੋਇਆ।੧੯੩੬ 'ਚ ਕੁਝ ਸਮਾਂ ਮਹਾਤਮਾ ਗਾਂਧੀ ਨਾਲ਼ ਬਿਤਾਉਣ ਮਗਰੋਂ ਬੀ ਬੀ ਸੀ ਲੰਦਨ ਤੋਂ ਅਨਾਉਂਸਰ ਵਜ੍ਹੋਂ ਸੇਵਾਵਾਂ ਦਿੱਤੀਆਂ।ਉਹ ੧੯੪੬ ਵਿਚ ਵਾਪਸ ਭਾਰਤ ਆ ਕੇ  'ਇਨਸਾਫ' ਫਿਲਮ ਨਾਲ਼ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ 'ਧਰਤੀ ਕੇ ਲਾਲ ਫਿਲਮ' ਨਾਲ਼ ਚਮਕਿਆ ਪਰ ਪਰ ੧੯੫੩ 'ਚ ਬਿਮਲ ਰੌਇ ਦੀ ਫਿਲਮ 'ਦੋ ਬਿਘਾ ਜ਼ਮੀਨ' ਨੇ ਬਲਰਾਜ ਸਾਹਨੀ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਫਿਲਮ 'ਕਾਬਲੀਵਾਲਾ' ਉਸ ਦੀ ਉਸ ਦੌਰ ਦੀ ਹਿੱਟ ਫਿਲਮ ਸੀ।ਉਸ ਦੌਰ ਦੀਆਂ ਹਿੱਟ ਅਭਿਨੇਤਰੀਆਂ ਮੀਨਾ ਕੁਮਾਰੀ,ਵੈਜੰਤੀਮਾਲਾ, ਨੂਤਨ, ਨਰਗਿਸ ਉਸ ਨਾਲ਼ ਕਿਰਦਾਰ ਕਰਕੇ ਖੁਸ਼ੀ ਮਹਿਸੂਸਦੀਆਂ।ਉਸਨੇ ਫਿਲਮ 'ਸੀਮਾ' (੧੯੫੫), 'ਬਾਬੀ ਕੀ ਚੂੜੀਆਂ'(੧੯੫੫), 'ਕਠਪੁਤਲੀ' (੧੯੫੭), 'ਲਾਜਵੰਤੀ'(੧੯੫੮), 'ਗਰ ਸੰਸਾਰ'(੧੯੫੮) ਤੋਂ ਇਲਾਵਾ ਹੋਰ ਅਨੇਕਾਂ ਫਿਲਮਾ 'ਚ ਨਇਕ ਵਜ੍ਹੋਂ ਭੁਮਿਕਾ ਨਿਭਾਈ। ਫਿਲਮ 'ਗਰਮ ਹਵਾ' 'ਚ ਉਸਦੀ ਭੁਮਿਕਾ ਆਪਣੀ ਚਰਮ ਸੀਮਾ 'ਤੇ ਪਹੁੰਚਦੀ ਹੈ।ਉਸ ਨੇ ਪੰਜਾਬੀ ਫਿਲਮ 'ਨਾਨਕ ਦੁਖੀਆ ਸਭ ਸੰਸਾਰ', ਤੇ 'ਸਤਲੁਜ ਦੇ ਕੰਢੇ' ਵੀ ਬਣਾਈਆਂ।
ਬਲਰਾਜ ਸਾਹਨੀ ਐਕਟਰ ਤੋਂ ਇਲਾਵਾ ਲੇਖਕ ਵੀ ਸੀ।ਉਸ ਨੇ 'ਮੇਰਾ ਰੂਸੀ ਸਫਰਨਾਮਾ', ਤੇ 'ਮੇਰਾ ਪਾਕਿਸਤਾਨੀ ਸਫਰਨਾਮਾ' ਲਿਖਿਆ। ਉਸਨੇ ੧੯੫੧ 'ਚ ਫਿਲਮ 'ਬਾਜੀ' ਦੀ ਕਹਾਣੀ ਲਿਖੀ। ਇਸ ਫਿਲਮ ਦਾ ਹੀਰੋ ਦੇਵ ਅਨੰਦ ਸੀ ਤੇ ਡਾਈਰੈਕਟਰ ਗੁਰੂ ਦੱਤ। ਇਸ ਫਿਲਮ ਦੀ ਕਹਾਣੀ ਨੂੰ 'ਪਦਮ ਸ੍ਰੀ' ਐਵਾਰਡ ਮਿਲਿਆ। ਉਹ 'ਪੰਜਾਬੀ ਕਲਾ ਕੇਂਦਰ ਬੰਬਈ' ਦਾ ਫਾਉਂਡਰ ਵੀ ਸੀ।
ਬਲਰਾਜ ਸਾਹਨੀ ਨੂੰ ਉਸਦੀ ਪਤਨੀ ਦਮਅੰਤੀ ਦੀ ਮੌਤ ਨੇ ਬੁਰੀ ਤਰਾਂ੍ਹ ਤੋੜ ਕੇ ਰੱਖ ਦਿੱਤਾ। ਉਸਦੀ ਲਾਡਲੀ ਧੀ ਸ਼ਬਨਮ ਦੇ ਆਤਮ ਹੱਤਿਆ ਕਰ ਜਾਣ ਤੋਂ ਬਾਅਦ ਉਹ ਨਿਰਾਸ਼ ਤੇ ਉਦਾਸ ਰਹਿਣ ਲੱਗਾ। ਸਮੇਂ ਦਾ ਖਿਸਕਦਾ ਹੋਇਆ ਪੱਲੂ ਉਸਦਾ ਬਹੁਤ ਕੁਝ ਖੋ ਕੇ ਲੈ ਗਿਆ ਸੀ।ਅਤੇ ਉਸਦੀ ਹਿੱਕ ਦੁੱਖ ਵਿਚ ਸੁਲਘਦੀ ਰਹਿੰਦੀ।੧੯੭੩ ਦੀ ਇਕ ਬੇਹੱਦ ਉਦਾਸ ਸ਼ਾਮ ਸੀ ਖਾਮੋਸ਼ ਜਿਹੀ ਵਗਦੀ ਰਾਵੀ ਨਦੀ ਦੇ ਕਿਨਾਰੇ ਨੂੰ ਸ਼ਾਇਦ ਇਲਮ ਨਹੀਂ ਸੀ ਕਿ ਬਲਰਾਜ ਸਾਹਨੀ ਦੀਆਂ ਪੈੜਾਂ ਮੁੜ ਉਸਦੇ ਨਸੀਬ ਵਿਚ ਨਹੀਂ ਸਨ। ਬਲਰਾਜ ਸਾਹਨੀ ਸਮੁੰਦਰ ਦੇ ਕਿਨਾਰੇ ਸੈਰ ਕਰਨ ਨਿਕਲਿਆ। ਸੂਰਜ ਢਲਦੇ ਵੇਲਿਆਂ ਦੀ ਲਾਲੀ ਬਖੇਰ ਕੇ ਦੂਰ ਸਮੁੰਦਰ 'ਚ ਲਹਿ ਰਿਹਾ ਸੀ।ਜਿਵੇਂ ਆਪਣੇ ਹੀ ਸੇਕ ਤੋਂ ਤੰਗ ਆਇਆ ਖੁਦਕੁਸ਼ੀ ਕਰ ਰਿਹਾ ਹੋਵੇ।ਬਲਰਾਜ ਸਾਹਨੀ ਨੇ ਡੁੱਬ ਰਹੇ ਸੂਰਜ ਵੱਲ ਵੇਖ ਕੇ ਗਹਿਰਾ ਹੌਕਾ ਲਿਆ।ਅਤੇ ਜਿੰਦਗੀ ਦੇ ਸੇਕ ਦੇ ਸਮੁੰਦਰ ਵਿਚ ਲਹਿੰਦਾ ਹੋਇਆ ਸੰਸਾਰ ਤੋਂ ਚਲਾ ਗਿਆ। ਪੂਰੇ ਸੰਸਾਰ ਦੀ ਧੁਖਦੀ ਖਬਰ ਸੀ ਕਿ ਬਲਰਾਜ ਸਾਹਨੀ ਦਿਲ ਦਾ ਦੌਰਾ ਪੈਣ ਕਾਰਨ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ।

Saturday, February 11, 2012

ਇਸ਼ਕੇ ਦੀ ਝੰਗੀ ਵਿੱਚ ਮੋਰ ਬੁਲੇਂਦਾ- ਜਤਿੰਦਰ ਸਿੰਘ ਔਲ਼ਖ

ਇਸ਼ਕ ਮਾਰੂਥਲਾਂ ਦੀ ਪਿਆਸ ਜਿਹਾ ਹੁੰਦਾ ਹੈ ਜਿਸਦੀ ਤਿਸ਼ਨਗੀ ਵਿੱਚ ਖੌਰੂ ਪਾਉਂਦੀ ਨਦੀ ਵੀ ਸਮਾ ਜਾਂਦੀ ਹੈ। ਇਹ ਨਦੀ ਦੀ ਅੱਲੜ ਤੇ ਝੱਲੀ ਰੀਝ ਹੁੰਦੀ ਹੈ ਕਿ ਉਹ ਅਥਾਹ ਸਮੁੰਦਰ ਦੀ ਪਿਆਸ ਦਾ ਹਿੱਸਾ ਬਣ ਜਾਏ ਜਾਂ ਯੁੱਗਾਂ ਦੇ ਤ੍ਰਿਹਾਏ ਕਿਸੇ ਮਾਰੂਥਲ ਦੁਆਰਾ ਸੋਖ ਲਈ ਜਾਵੇ। ਇਸ਼ਕ ਕਕਰੀਲੀਆਂ ਰਾਤਾਂ ਨੂੰ ਬੇਪਰਵਾਹ ਫਕੀਰਾਂ ਦਾ ਜਖਮੀ ਪੈਰਾਂ ਨਾਲ਼ ਕੀਤਾ ਨਾਚ ਹੈ। ਤਨਹਾਈਆਂ ਦੀ ਸਰਦਲ ਤੇ ਬੜਾ ਸ਼ੋਰ ਹੁੰਦਾ ਹੈ। ਕਿਸਮਤਾਂ ਦੇ ਅੰਨੇ ਖੂਹ ਵਿੱਚ ਗਰਕ ਗਏ ਬਹੁਤ ਸਾਰੇ ਮਾਸੂਮ ਸੁਪਨੇ ਖੌਰੂ ਪਾ ਰਹੇ ਹੁੰਦੇ ਹਨ। ਮਨਾਂ ਵਿੱਚ ਸੁਪਨਿਆਂ ਦੇ ਕਬਰਿਸਤਾਨ ਹੁੰਦੇ ਹਨ। ਇਹਨਾਂ ਸੁਪਨਿਆਂ ਦੇ ਪ੍ਰੇਤ ਇਨਸਾਨ ਨੂੰ ਕਬਰਾਂ ਤੱਕ ਡਰਾਉਂਦੇ ਹਨ। ਇਸ਼ਕ ਉਸ ਹਾਲਤ ਦਾ ਨਾਂਅ ਹੈ ਜਦੋਂ ਸਾਰੇ ਦੇ ਸਾਰੇ ਅਹਿਸਾਸ ਗਰਕ ਗਏ ਸੁਪਨਿਆਂ ਦੇ ਨਾਮ ਕਰ ਦਿੱਤੇ ਜਾਣ ਤੇ ਅੱਗੇ ਵਧਣ ਲਈ ਕੁਝ ਨਾ ਰਹੇ।
ਕਿਸੇ ਵਿਰਲੇ ਨੂੰ ਹੀ ਪਤਾ ਹੋਵੇਗਾ ਕਿ ਜਿਉਂਦੇ ਇਨਸਾਨਾਂ ਦੀਆਂ ਕਬਰਾਂ ਤੇ ਵੀ ਘਾਹ ਉੱਗ ਆਉਂਦਾ ਹੈ। ਇਸ਼ਕ ਦੀ ਹਸਰਤ ਨਦੀ ਦੇ ਪਾਰ ਲੰਘ ਜਾਣ ਦੀ ਨਹੀ ਸਗੋਂ ਬੇਪਰਵਾਹੀ ਦੀ ਨਦੀ ਦੇ ਅੱਥਰੇ ਘੌਰ ਵਿੱਚ ਡੁੱਬ ਜਾਣ ਦੀ ਰੀਝ ਹੁੰਦੀ ਹੈ। ਬਾਬਾ ਫਰੀਦ ਦੀ ਫੋਟੋ ਹਰ ਕਿਸੇ ਨੇ ਵੇਖੀ ਹੋਵੇਗੀ ਜਿਸ ਵਿੱਚ ਇੱਕ ਕਾਂ ਬੈਠਾ ਬਬਾ ਫਰੀਦ ਦੇ ਜਿਸਮ ਦਾ ਮਾਸ ਚੂੰਡ ਰਿਹਾ ਹੈ ਤੇ ਬਾਬਾ ਜੀ ਕਾਂ ਨੂੰ ਕਹਿ ਰਹਿ ਹਨ : ' ਇਹ ਦੋ ਨੈਨਾਂ ਮਤ ਛੋਹ ਮੋਹਿ ਪਿਰ ਦੇਖਿਨ ਕੀ ਆਸ'।  ਦਰਅਸਲ ਇੱਥੇ ਬਾਬਾ ਜੀ ਦਾ ਇਸ਼ਾਰਾ ਪੰਛੀ ਕਾਂ ਵੱਲ ਨਹੀ ਸਗੋਂ ਰੱਬ ਦੇ ਇਸ਼ਕ ਵਿੱਚ ਰੰਗੇ ਤੇ ਗਲ਼-ਗਲ਼ ਤੱਕ ਡੁੱਬੇ ਇੱਕ ਫਕੀਰ ਦੇ ਮਨ ਨੂੰ ਲੱਗੇ ਬਿਰਹਾ ਦੇ ਕਾਂ ਵੱਲ ਹੈ। ਬਾਬਾ ਜੀ ਰੱਬ ਨਾਲ ਮਿਲਾਪ ਚਾਹੁੰਦੇ ਹਨ। ਉਹ ਏਨੇ ਬਿਹਬਲ ਹੋ ਉੱਠਦੇ ਹਨ ਕਿ ਰੱਬ ਦੇ ਇਸ਼ਕ ਵਿੱਚ ਰੱਤੇ ਹੋਏ ਬਿਰਹਾ ( ਲੋਵe ਸਚਿਕਨeਸਸ) ਦਾ ਸ਼ਿਕਾਰ ਹੋ ਜਾਂਦੇ ਹਨ। ਬਿਰਹਾ ਤੇ ਪਰਮਾਤਮਾ ਤੋਂ ਵਿਛੋੜੇ ਦਾ ਕਾਂ ਹੱਡਾਂ ਤੋਂ ਮਾਸ ਚੂੰਡਣ ਲੱਗਦਾ ਹੈ। ਸਰੀਰ ਸੁੱਕ ਕੇ ਕਾਨੇ ਵਾਂਗ ਹੋ ਜਾਂਦਾ ਹੈ।
ਏਸੇ ਤਰ੍ਹਾਂ ਰੱਬ ਦੇ ਇਸ਼ਕ ਦੇ ਰੰਗ ਵਿੱਚ ਗੁਰੂ ਨਾਨਕ ਦੇਵ ਜੀ ਵੀ ਰੰਗੇ ਜਾਂਦੇ ਹਨ।  ਗੁਰੂ ਜੀ ਦੀਨ-ਦੁਨੀਆਂ ਤੋਂ ਮੁੱਖ ਮੋੜ ਰਾਤ-ਦਿਨ  ਰੱਬ ਦੀ ਯਾਦ ਵਿੱਚ ਲੀਨ ਰਹਿੰਦੇ ਹਨ। ਖਾਣ-ਪੀਣ ਛੁੱਟ ਜਾਂਦਾ ਹੈ। ਇਹ ਦੁਨੀਆਂਦਾਰਾਂ ਦਾ ਫਲਸਫਾ ਨਹੀ । ਉਹਨਾਂ ਲਈ ਤਾਂ ਇਸ਼ਕ ਦੀ ਸੱਟ ਖਾਧਾ ਇਨਸਾਨ ਰੋਗੀ ਜਿਹਾ ਹੀ ਹੁੰਦਾ ਹੈ। ਗੁਰੂ ਜੀ ਦੇ ਮਾਈ-ਬਾਪ ਹੋਰ ਸ਼ਰੀਕਾ-ਬਿਰਾਦਰੀ ਦੇ ਕਹਿਣ ਤੇ ਹਕੀਮ ਨੂੰ ਸੱਦ ਲੈਂਦੇ ਹਨ। ਭੋਲ਼ਾ ਹਕੀਮ ਸਰੀਰ ਦੀ ਪਰਖ-ਪੜਤਾਲ ਕਰਦਾ ਨਬਜ ਟੋਂਹਦਾ ਹੈ। ਪਰ ਉਹ ਨਹੀ ਜਾਣਦਾ ਕਿ ਰੋਗ ਤਾਂ ਸੀਨੇ ਦੀਆਂ ਅਮੁੱਕ ਗਹਿਰੀਆਂ ਪਰਤਾਂ 'ਚ ਦੱਬੇ ਪਏ ਹਨ।  ਗੁਰੂ ਜੀ ਇਸ ਹਾਲਤ ਨੂੰ ਖੁਦ ਬਿਆਨ ਕਰਦੇ ਹਨ : 'ਵੈਦ ਬੁਲਾਇਆ  ਵੈਦਗੀ ਮੇਰੀ ਪਕੜ ਢੰਢੋਲੇ ਬਾਹਿ ਭੋਲ਼ਾ ਵੈਦ ਨਾ ਜਾਨਈ ਕਰਕ ਕਰੇਜੇ ਮਾਹਿ'।
ਮੈਂ ਮੰਨਦਾ ਹਾਂ ਕਿ ਇਸ਼ਕ ਪਰਮਾਤਮਾ ਵੱਲੋਂ ਦਿੱਤੀ ਦਾਤ ਹੁੰਦੀ ਹੈ। ਇਹ ਹਰ ਕਿਸੇ ਸੀਨੇ ਵਿੱਚ ਨਹੀ ਉਪਜਦਾ। ਇਨਸਾਨ ਅੱਗ ਵਰਗਾ ਜਖਮ ਸੀਨੇ ਤੇ ਲੈ ਕੇ ਜਨਮਦਾ ਹੈ। ਪਤਾ ਨਹੀ ਕਿਹੜੀਆਂ ਵਹਿਸ਼ਤਾਂ ਹੱਥੋਂ ਸੱਟ ਖਾ ਕੇ ਆਇਆ ਹੈ।
ਵਾਸ਼ਨਾ ਤਾਂ ਮਜਹਬ ਦੇ ਨਾਮ ਤੇ ਸੜਕਾਂ ਤੇ ਖੂਨ ਦੀਆਂ ਨਦੀਆਂ ਵਹਾ ਦਿੰਦੀ ਹੈ। ਪਰ ਇਸ਼ਕ ਡਿੱਗੇ-ਢੱਠਿਆਂ ਨੂੰ ਗਲ਼ ਨਾਲ਼ ਲਾਉਣ ਲਈ ਪ੍ਰੇਰਦਾ ਹੈ। ਵਾਸ਼ਨਾ ਸਰੀਰਾਂ ਦੀ ਖੇਹ-ਖਰਾਬੀ ਤੱਕ ਜਾ ਕੇ ਦਮ ਤੋੜਦੀ ਹੈ ਪਰ ਇਸ਼ਕ ਤਾਂ ਪਿਆਰੇ ਦੇ ਰਾਹਾਂ ਵਿੱਚ ਖਾਕ ਬਣ ਕੇ ਵਿਛ ਜਾਣ ਦਾ ਨਾਮ ਹੈ। ਇਸ਼ਕ ਤੜਪ ਤੇ ਵੇਦਨਾ ਦੇ ਨਾਲ-ਨਾਲ ਸੰਤੁਸ਼ਟੀ ਵੀ ਹੁੰਦੀ ਹੈ।  ਮਜਾਜੀ ਅਤੇ ਹਕੀਕੀ ਦੀ ਤੜਪ ਦੀ ਮਾਰ ਸਦਾ ਇੱਕੋ ਜਿਹੀ ਹੁੰਦੀ ਹੈ।
ਵਾਸ਼ਨਾ ਵਿੱਚ ਅਤ੍ਰਿਪਤੀ ਦਾ ਸ਼ੋਰ ਹੁੰਦਾ ਹੈ ਤੇ ਇਸ਼ਕ ਵਿੱਚ ਚਾਹਤ ਦੀ ਖਿੱਚ ਦੀ ਸੰਤੁਸ਼ਟੀ ਮਨ ਨੂੰ ਪੋਂਹਦੀ ਹੈ। ਇੱਕ ਤਰ੍ਹਾਂ ਨਾਲ਼ ਚਾਹਤ ਦਾ ਸ਼ੋਰ ਤੋਂ ਖਾਮੋਸ਼ੀ ਵਿੱਚ ਬਦਲ ਜਾਣਾ ਇਸ਼ਕ ਦਾ ਅਸਲੀ ਰੂਪ ਹੈ। ਇਸ਼ਕ ਚੁੱਪ ਦੀ ਮੰਜ਼ਿਲ ਹੈ : ' ਖਤਾ ਤੋ ਜਬ ਹੈ ਕਿ ਹਮ ਹਾਲ ਇ ਦਿਲ ਕਿਸੀ ਸੇ ਕਹੇਂ ਕਿਸੀ ਕੋ ਚਾਹਤੇ ਰਹਿਨਾ ਕੋਈ ਖਤਾ ਤੋ ਨਹੀ'।
ਵੈਰਾਗ ਜਿਸ ਮਨ ਵਿੱਚ ਉਪਜਦਾ ਹੈ ਤਾਂ ਸੇਕ ਤਨ ਵੀ ਝੱਲਦਾ ਹੈ। ਇੱਸ ਵੈਰਾਗਮਈ ਸ਼ਾਇਰੀ ਦੀ ਆਪਣੀ ਤਰ੍ਹਾਂ ਦੀ ਖਿੱਚ ਹੈ। ਫਰੀਦ ਜੀ ਇਸ਼ਕ ਦੇ ਇੱਸ ਵੈਰਾਗਮਈ ਰੂਪ ਦੇ ਮਨ ਵਿੱਚ ਉਪਜਣ ਨੂੰ ਇਨਸਾਨ ਲਈ ਵੱਡੇ ਭਾਗਾਂ ਵਾਲਾ ਸਮਝਦੇ ਹਨ : ' ਫਰੀਦਾ ਜਿਸ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ'।
ਬਾਬ ਫਰੀਦ ਜੀ ਦੁਨੀਆਂ ਦੀ ਸਭ ਨਿਆਮਤਾਂ ਨੂੰ ਇਸ਼ਕ ਅਤੇ ਬਿਰਹਾ ਦੇ ਤੁੱਲ ਰੱਖਕੇ ਵੀ ਇਸ਼ਕ ਨੂੰ ਉੱਚਾ ਦੱਸਦੇ ਹਨ: ' ਆਹ ਫੜ ਤਸਬੀ ਕਾਸਾ ਸੋਟਾ , ਆਲਮ ਕਹਿੰਦਾ ਦੇ ਦੇ ਹੋਕਾ ਤਰਕ ਹਲਾਲੋਂ ਖਾਹ ਮੁਰਦਾਰ , ਇਸ਼ਕ ਦੀ ਨਵੀਉਂ ਨਵੀਂ ਬਹਾਰ'।
ਸੂਫੀ ਸਾਈਂ ਸ਼ਾਹ ਹੁਸੈਨ ਪੁਕਾਰ ਉੱਠਦਾ ਹੈ : ' ਕਹੇ ਹੁਸੈਨ ਫਕੀਰ ਨਿਮਾਣਾ ਮੈਂ ਨਾਹੀਂ ਸਭ ਤੂੰ'। ਖੁਦ ਨੂੰ ਮਨਫੀ ਕਰਕੇ ਹੋਰ ਨੂੰ  ਸਭ ਕੁਝ ਮੰਨ ਲੈਣਾ ਦੁਨੀਆਦਾਰਾਂ ਦੀ ਨਜ਼ਰ ਵਿੱਚ ਹਿਕਾਰਤ ਭਰਿਆ ਕੰਮ ਹੈ। ਪਰ ਦੁਨੀਆਂ ਵੱਲੋਂ ਦੁਰਕਾਰੇ ਫਕੀਰ ਖੁਦ ਹੀ ਕਿਸੇ ਅਜੀਬ ਜਿਹੀ ਤਲਾਸ਼ ਵਿੱਚ ਨਿਕਲ ਜਾਣਾ ਲੋਚਦੇ ਹਨ । ਸੁਲਤਾਨ ਬਾਹੂ ਲਿਖਦਾ ਹੈ : ' ਤਾੜੀ ਮਾਰ ਉਡਾ ਨਾ ਬਾਹੂ, ਅਸੀਂ ਆਪੇ ਉੱਡਣ ਹਾਰੇ'।
ਸਾਡਾ ਪਿਆਰਾ ਮਿੱਤਰ ਨੌਜਵਾਨ ਸ਼ਾਇਰ ਬਲਕਾਰ ਦਾਨਿਸ਼ ਤਾਂ ਇਸ਼ਕ ਨੂੰ ਸ਼ਾਇਰੀ ਦਾ ਗਹਿਣਾ ਮੰਨ ਕੇ ਲਿਖ ਦੇਂਦਾ ਹੈ : ' ਮੇਰੀ ਸ਼ਾਇਰੀ ਦਾ ਹਲਕਾਪਨ ਇਹ ਦੱਸਦਾ ਹੈ ਕਿ  ਤੇਰੇ ਇਸ਼ਕ ਵਿੱਚ ਸੜਕੇ ਸੁਆਹ ਹੋਣਾ ਬਾਕੀ ਹੈ ਅਜੇ'।
ਇਨਸਾਨ ਪਤਾ ਨਹੀ ਕਿਉਂ ਸੁੱਖ-ਆਰਾਮ ਤਿਆਗ ਕੇ ਸੜ ਕੇ ਸੁਆਹ ਹੋ ਜਾਣਾ ਲੋਚਦਾ ਹੈ। ਦੁਨੀਆਂਦਾਰਾਂ ਲਈ ਆਸ਼ਿਕਾਂ ਦੇ ਦਿਲਾਂ ਵਿੱਚ ਬਲਾਵਾਂ ਦਾ ਵਾਸ ਹੁੰਦਾ ਹੈ। ਪਰ ਆਸ਼ਿਕ ਦੇ ਦਿਲ ਦੀਆਂ ਗਹਿਰਾਈਆਂ ਦੀ ਥਾਹ ਕੋਈ ਨਹੀ ਪਾ ਸਕਦਾ। ਸੁਲਤਾਨ ਬਾਹੂ ਆਸ਼ਿਕ ਮਨ ਦੀ ਪਰਿਭਾਸ਼ਾ ਲਿਖਦਾ ਹੋਇਆ ਕਹਿੰਦਾ ਹੈ : ' ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ, ਵਿੱਚੇ ਬੇੜੀ ਤੇ ਵਿੱਚੇ ਚੱਪੂ ਵਿੱਚੇ ਵੰਝ ਮੁਹਾਣੇ'।
ਦੁਨੀਆਂ ਤੋਂ ਪਰੇ-ਪਰੇਰੇ ਫੱਕਰਾਂ ਨੇ ਰਾਹ ਮੱਲਣੇ ਹੁੰਦੇ ਨੇ। ਇਸੇ ਇਸ਼ਕ ਦਾ ਝੱਲਾ ਕੀਤਾ  ਹੋਇਆ ਇੱਕ ਰਾਜਕੁਮਾਰ ਮਹਿਲ-ਮੁਨਾਰੇ ਛੱਡ ਕੇ ਅੱਧੀ ਰਾਤ ਨੂੰ ਉਦਾਸ ਦਰਿਆ ਦੇ ਵਗਦੇ ਪਾਣੀਆਂ ਸੰਗ ਵਿਰਾਨ ਜੰਗਲ ਨੂੰ ਹੋ ਤੁਰਿਆ। ਉਹ ਭੁੱਲ ਹੀ ਗਿਆ ਸੀ ਕਿ ਉਸਦੇ ਮਹੱਲਾਂ ਦੀ ਛੱਤ ਤੇ ਕੋਈ ਢਲਦਾ ਸੂਰਜ ਲੱਥ ਚੁੱਕੀ ਆਸ ਦੀ ਲਾਲੀ ਬਿਖੇਰਦਾ ਰੋਜ਼ ਰੋਵੇਗਾ।
ਇਸ਼ਕ ਤੋਂ ਸ਼ਾਇਦ ਬਚਣਾ ਹੀ ਲਾਹੇਵੰਦਾ ਹੈ ਇੱਸਦਾ ਤਜਰਬਾ ਬਹੁਤ ਨਾਖੁਸ਼ਗਵਾਰ ਹੋ ਗੁਜਰਦਾ ਹੈ।ਇਸ਼ਕੇ ਦੀ ਝੰਗੀ ਵਿੱਚ ਮੋਰ ਬੋਲਦਾ ਹੈ ਤਾਂ ਬਿਰਹਾ ਦਾ ਮੀਂਹ ਵਰ੍ਹਦਾ ਹੈ। ਤਨ-ਮਨ ਭਿੱਜ ਜਾਂਦਾ ਹੈ। ਪਰ ਸੱਚਾਈ ਹੈ ਕਿ ਇੱਸ ਤੋਂ ਬਚਿਆ ਨਹੀ ਜਾ ਸਕਦਾ : 'ਯੇ ਵੋ ਆਗ ਹੈ ਜੋ ਲਗਾਏ ਨਾ ਲਗੇ ਔਰ ਬੁਝਾਏ ਨਾ ਬੁਝੇ'।
                          

Tuesday, December 13, 2011

ਪਰਛਾਵਾਂ : ਜਤਿੰਦਰ ਸਿੰਘ ਔਲ਼ਖ


ਮੈਂ ਤੁਹਾਡੀ ਮਦਮਸਤ
ਸ਼ੋਖ ਚਾਲ 'ਚ
ਅੜਿਕਾ ਨਹੀਂ ਯਾਰੋ
ਮੈਂ ਤਾਂ ਬਸ ਪਰਛਾਵਾਂ ਹਾਂ
ਬੁਝ ਜਾਵਾਂਗਾ ਢਲ਼ਦੇ ਸੂਰਜ ਸੰਗ
ਜਾਣਦਾ ਹਾਂ ਗੁਨਾਹਗਾਰ ਹਾਂ
ਵੇਖਦਾ ਹਾਂ ਤਿਤਲੀਆਂ ਦੇ ਨਰਮ ਪੰਖਾਂ ਦੀ
ਫੜ੍ਹਫੜਾਹਟ ਦਾ ਖਾਬ
ਮੈਂ ਜੰਗਲ ਦੀ ਦਲਦਲੀ ਨੁੱਕਰੇ
ਉਗਿਆ ਅੱਕ ਹਾਂ
ਖਜੂਰਾਂ ਤੋਂ ਚਿਉਂਦਾ ਹੈ ਸ਼ਹਿਦ ਰਸ
ਰੇਤਾ 'ਚ ਰੀਂਗਦੇ ਨੇ
ਕੀਟਾਂ ਦੇ ਨਸੀਬ
ਕੁਝ ਤਾਂ ਹਲਚਲ ਕਰਾਂਗਾ
ਆਖ਼ਿਰ ਸਮੁੰਦਰ ਦੀ ਅੰਦਰਲੀ ਸਤਿਹ 'ਚ
ਲੁਕਿਆ ਜਵਾਰਭਾਟਾ ਹਾਂ
ਨਾ ਸਮਝ ਵੇਗ ਦਾ ਖੌਲ਼ਦਾ ਹਉਕਾ
ਵਰਤਮਾਨ ਦੀ ਕਿਤਾਬ 'ਚੋਂ ਯਾਰੋ
ਪਾੜ ਦਿਉ ਵਰਕੇ ਵਾਂਗ
ਮੈਂ ਬੇਕਿਰਕ ਇਤਿਹਾਸ ਦਾ
ਅਤਿ ਨਫ਼ਰਤਯੋਗ ਕਾਂਡ ਹਾਂ
ਜਾਂ ਵਾਢੀਆਂ ਦੀ ਰੁੱਤੇ
 ਪਨਪਣ ਦਾ ਸੁਪਨਾ ਹਾਂ

ਜੋ ਵੇਖਿਆ ਸੋ ਆਖਿਆ: ਗਿਆਨੀ ਸੰਤੋਖ ਸਿੰਘ

ਇੱਕ ਦਿਲਚਸਪ ਪੁਸਤਕ-'ਜੋ ਵੇਖਿਆ ਸੋ ਆਖਿਆ'
ਨਿੰਦਰ ਘੁਗਿਆਣਵੀ

ਇਕ ਦਿਲਚਸਪ ਪੁਸਤਕ 'ਜੋ ਵੇਖਿਆ ਸੋ ਆਖਿਆ' ਜਦ ਮੈ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਤੋਂ, ਇਸ ਦੇਸ਼ ਦੀ
ਰਾਜਧਾਨੀ ਕੈਨਬਰਾ ਨੂੰ ਜਾਣ ਵਾਲ਼ੀ ਬੱਸ ਵਿਚ ਬੈਠਾ ਤਾਂ ਮੇਰੇ ਹੱਥ ਵਿਚ ਗਿਆਨੀ ਸੰਤੋਖ ਸਿੰਘ ਰਚਿਤ ਇਹ ਪੁਸਤਕ ਸੀ। ਇਹ ਗਿਆਨੀ
ਜੀ ਨੇ ੧੭ ਜੁਲਾਈ ਦੇ ਦਿਨ ਮੇਰੇ ਮਿੱਤਰ ਸ. ਅਮਰਜੀਤ ਸਿੰਘ ਖੇਲਾ ਦੇ 'ਯੂਨੀਕ ਇੰਟਰਨੈਸ਼ਨਲ ਕਾਲਜ' ਵਿਚ ਬੈਠਿਆਂ 'ਨਿਘੇ ਸਨੇਹ
ਸਹਿਤ' ਲਿਖ ਕੇ ਪਿਆਰ ਵਜੋਂ ਭੇਟਾ ਕੀਤੀ ਸੀ। ਮੈ ਇਸ ਪੁਸਤਕ ਨੂੰ ਬੜੀ ਛੇਤੀ ਨਾਲ਼ ਪੜ੍ਹਨਾ ਚਾਹੁੰਦਾ ਸਾਂ ਕਿਉਂਕਿ ਗਿਆਨੀ ਸੰਤੋਖ
ਸਿੰਘ ਹੋਰਾਂ ਦੀ ਕੋਈ ਵੀ ਲਿਖਤ, ਕਿਤੇ ਵੀ, ਕਦੋਂ ਵੀ ਪ੍ਰਕਾਸ਼ਤ ਹੋਈ ਮੇਰੀ ਨਿਗਾਹ ਵਿਚ ਆ ਜਾਂਦੀ ਹੈ ਤਾਂ ਮੈ ਉਸ ਨੂੰ ਬੜੀ ਦਿਲਚਸਪੀ,
ਉਤਸੁਕਤਾ ਅਤੇ ਉਤਸ਼ਾਹ ਨਾਲ਼ ਪੜ੍ਹਦਾ ਹਾਂ। ਇਸ ਦਾ ਇਕ ਪਰਮੁਖ ਕਾਰਨ ਇਹ ਵੀ ਹੈ ਕਿ ਉਹਨਾਂ ਦੀ ਆਪਣੀ ਹਸਤੀ ਮੁਤਾਬਿਕ
ਉਹਨਾਂ ਦੀ ਹਰ ਲਿਖਤ ਵਿਚ ਸੰਜਮਤਾ, ਸੰਖੇਪਤਾ, ਸਰਲਤਾ, ਸੰਜੀਦਗੀ ਅਤੇ ਸੁਹਿਰਦਤਾ ਸੰਜੋਈ ਹੋਈ ਹੁੰਦੀ ਹੈ। ਮੈ ਮਹਿਸੂਸ ਕਰਦਾ ਹਾਂ
ਕਿ ਗਿਆਨੀ ਸੰਤੋਖ ਸਿੰਘ ਦੀ ਲਿਖਤ ਆਪਣੇ ਆਪ ਵਿਚ ਇਸ ਕਾਰਨ ਵੀ ਦਿਲਚਸਪ ਹੁੰਦੀ ਹੈ ਕਿ ਉਹ ਗੰਭੀਰਤਾ ਬਣਾਈ ਰੱਖਣ ਦੇ
ਬਾਵਜੂਦ ਵੀ ਆਪਣੀ ਲਿਖਤ ਵਿਚ ਨਾਲ਼ੋ ਨਾਲ਼ ਹਲਕਾ ਹਲਕਾ ਕਟਾਕਸ਼ ਵੀ ਕਰਦੇ ਜਾਂਦੇ ਹਨ।
ਸੰਨ ੨੦੦੮ ਵਿਚ ਗਿਆਨੀ ਜੀ ਦੀ ਈ-ਮੇਲ ਮਿਲ਼ੀ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਧਾਰੇ ਹੋਏ ਹਨ। ਉਹਨਾਂ ਕੁ
ਦਿਨਾਂ ਵਿਚ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮੇਰੀ ਇਕ ਪੁਸਤਕ 'ਲੋਕ ਗਾਇਕ' ਦੀ ਪ੍ਰਕਾਸ਼ਨਾ ਹੋਣੀ ਸੀ। ਇਸ ਸਿਲਸਿਲੇ ਵਿਚ
ਮੈ ਯੂਨੀਵਰਸਿਟੀ ਦੇ ਪ੍ਰੈਸ ਵਿਚ ਗਿਆ ਤਾਂ ਮੇਰੇ ਪਾਸ ਕੁਝ ਘੰਟਿਆਂ ਦੀ ਵੇਹਲ ਸੀ। ਸੋਚਿਆ ਕਿ ਕਿਉਂ ਨਾ ਗਿਆਨੀ ਜੀ ਦੇ ਦਰਸ਼ਨ
ਪਰਸ ਲਏ ਜਾਣ! ਮੇਰੇ ਵੱਲੋਂ ਫ਼ੋਨ ਕਰਨ ਦੇ ਇਕ ਘੰਟੇ ਬਾਅਦ ਗਿਆਨੀ ਜੀ ਆਣ ਪਰਗਟ ਹੋਏ। ਪ੍ਰੈਸ ਦੀ ਕੈਨਟੀਨ ਤੋਂ ਚਾਹ ਪਾਣੀ
ਛਕਿਆ ਅਤੇ ਖ਼ੂਬ ਗੱਲਾਂ ਕੀਤੀਆਂ। ਮੈਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਆਪ ਵਿਚ ਇਕ ਚੱਲਦਾ ਫਿਰਦਾ ਵਿਸ਼ਵ ਵਿਦਿਆਲਾ
ਹਨ। ਆਸਟ੍ਰੇਲੀਆ ਵਿਚ ਆ ਕੇ ਇਹ ਵੀ ਪਤਾ ਲੱਗਾ ਕਿ ਸਿਡਨੀ ਦੇ ਨੌਜਵਾਨਾਂ ਨੇ ਗਿਆਨੀ ਜੀ ਨੂੰ 'ਵਾਕਿੰਗ ਇਨਸਾਇਪੀਡੀਆ ਆਫ਼
ਸਿੱਖਇਜ਼ਮ' ਅਤੇ ਮੈਲਬਰਨ ਵਾਲ਼ਿਆਂ ਨੇ 'ਸਾਈਬਰ ਗਿਆਨੀ' ਦੇ ਖ਼ਿਤਾਬ ਦੇ ਰੱਖੇ ਹਨ। ਮੈ ਸਮਝਦਾ ਹਾਂ ਕਿ ਜ਼ਿੰਦਗੀ ਵਿਚ ਬਹੁਤ ਘੱਟ
ਵਾਰੀ ਬਹੁਤ ਘੱਟ ਲੋਕਾਂ ਨਾਲ਼ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਆਪਣੇ ਆਪ ਵਿਚ ਇਕ ਸੰਸਥਾ ਦਾ ਰੂਪ ਧਾਰਨ ਕਰ ਜਾਂਦੇ ਹਨ। ਜ਼ਿੰਦਗੀ ਦੇ
ਬਿਖੜੇ ਰਾਹ, ਲੰਮੇਰੇ ਪੰਧ, ਤਲਖ ਤਜੱਰਬੇ, ਝਮੇਲੇ ਬੰਦੇ ਨੂੰ ਪੱਕਾ ਤਾਂ ਕਰਦੇ ਹੀ ਹਨ, ਨਾਲ਼ੋ ਨਾਲ਼ ਇਕ ਅਹਿਸਾਸੀ ਮਨੁਖ ਦੇ ਰੂਪ ਵਿਚ
ਵੀ ਤਬਦੀਲ ਕਰ ਦਿੰਦੇ ਹਨ। ਵੱਡਿਆਂ ਦੀ ਸੰਗਤ ਦੀ ਰੰਗਤ ਹੋਰ ਵੀ ਅਨੋਖਾ ਰੰਗ ਭਰ ਦਿੰਦੀ ਹੈ; ਅਜਿਹਾ ਜ਼ਿੰਦਗੀ ਵਿਚ ਗਿਆਨੀ ਜੀ
ਨੇ ਵੇਖਿਆ, ਸੁਣਿਆ, ਮਾਣਿਆ, ਪਰਖਿਆ, ਨਿਰਖਿਆ ਅਤੇ ਪਿੰਡੇ ਤੇ ਹੰਡਾਇਆ ਹੈ।
ਸਾਡੀ ਦੂਜੀ ਮਿਲਣੀ ਮੇਰੀ ਹੁਣ ਆਸਟ੍ਰੇਲੀਆ ਦੀ ਯਾਤਰਾ ਸਮੇ ਹੋਈ। ਗਿਆਨੀ ਜੀ ਬਾਰੇ ਇਕ ਛੋਟੇ ਆਕਾਰ ਦੀ ਪੁਸਤਕ
' ਬਹੁਪੱਖੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ' (ਸੰਪਾਦਕ ਹਰਭਜਨ ਸਿੰਘ ਵਕਤਾ) ਗਿਆਨੀ ਜੀ ਨੇ 'ਕਲ਼ੇਜੇ ਦੀਆਂ
ਡੂੰਘਿਆਈਆਂ ਵਿਚੋਂ ਨਿਕਲ਼ੇ ਨਿਘੇ ਪਿਆਰ ਨਾਲ਼' ਲਿਖ ਕੇ ਦਿਤੀ। ਇਹ ਪੁਸਤਕ ਪੜ੍ਹ ਕੇ ਮੈ ਮਹਿਸੂਸ ਕੀਤਾ ਕਿ ਇਸ ਹਸਤੀ ਬਾਰੇ
ਇਹ ਯਤਨ ਤਾਂ ਬਹੁਤ ਚੰਗਾ ਹੈ ਪਰ ਗਿਆਨੀ ਜੀ ਦੀ ਸਖ਼ਸੀਅਤ ਦੀ ਉਚਿਆਈ ਤੱਕ ਨਹੀ ਪਹੁੰਚਦਾ। ਸੰਪਾਦਨ ਦਾ ਕਾਰਜ ਬਹੁਤ
ਬਿਖੜਾ ਹੁੰਦਾ ਹੈ। ਜਿਸ ਦਾ ਮੈਨੂੰ ਨੇੜਿਉਂ ਤਜੱਰਬਾ ਹੈ। ਕਿਸੇ ਬਾਰੇ ਕਿਸੇ ਤੋਂ ਕੁਝ ਲਿਖਵਾਉਣਾ ਤੇ ਸੰਪਾਦਤ ਕਰਨਾ ਸੌਖਾ ਕਾਰਜ ਨਹੀ। ਮੈ
ਮਹਿਸੂਸ ਕਰਦਾ ਹਾਂ ਕਿ ਗਿਆਨੀ ਸੰਤੋਖ ਸਿੰਘ ਦੀ ਹੁਣ ਤੱਕ ਦੀ ਰਚੀ ਵਾਰਤਕ ਨੂੰ ਪੰਜਾਬ ਦਾ ਕੋਈ ਵਿਦਵਾਨ ਪੁਣੇ, ਛਾਣੇ ਤੇ ਉਹਨਾਂ ਦੇ
ਜੀਵਨ ਤੇ ਸ਼ਖ਼ਸੀਅਤ ਬਾਰੇ ਬੜੇ ਸੋਹਣੇ ਢੰਗ ਨਾਲ਼ ਮੁਤਾਲਿਆ ਕਰਕੇ, ਇਕ ਠੋਸ ਦਸਤਾਵੇਜ਼ੀ ਪੁਸਤਕ ਦੀ ਰਚਨਾ ਕਰੇ।
ਗੱਲ ਛੇੜੀ ਸੀ ਕੈਨਬਰਾ ਜਾਂਦਿਆਂ 'ਜੋ ਵੇਖਿਆ ਸੋ ਆਖਿਆ' ਪੁਸਤਕ ਪੜ੍ਹਨ ਦੀ। ਇਹ ਵਾਰਤਕ ਦੀ ਇਕ ਵਧੀਆ ਵੰਨ ਸੁਵੰਨੀ
ਵੰਨਗੀ ਹੈ। ਇਸ ਵਿਚ ਗਿਆਨ, ਯਾਦਾਂ, ਇਤਿਹਾਸ, ਸਫ਼ਰਨਾਮਾ ਆਦਿ ਸਿਨਫਾਂ ਦੇ ਦੀਦਾਰ ਹੁੰਦੇ ਹਨ ਅਤੇ ਗਿਆਨੀ ਜੀ ਦੀ ਗੂਹੜੀ ਤੇ
ਗੁੜ੍ਹੀ ਹੋਈ ਸ਼ਖ਼ਸੀਅਤ ਸਾਕਾਰ ਰੂਪ ਵਿਚ ਅੱਖਾਂ ਅੱਗੇ ਆ ਖਲੋਂਦੀ ਹੈ। ਲੰਮੇ ਚਾਰ ਦਹਾਕਿਆਂ ਦੇ ਸਮੇ ਤੋਂ ਪੰਜਾਬੋਂ ਬਾਹਰ ਵੱਸ ਕੇ ਵੀ
ਪ੍ਰੰਪਰਾਗਤ ਪੰਜਾਬ ਦਾ ਜੀਵਨ ਗਿਆਨੀ ਜੀ ਤੋਂ ਇਕ ਪਲ ਵੀ ਨਹੀ ਵਿਸਰਿਆ। ਜਦੋਂ ਉਹ 'ਘੜਾ ਘੜਵੰਜੀ ਤੇ' ਦੀ ਗੱਲ ਕਰਦੇ ਹਨ ਤਾਂ
ਪੰਜਾਬ ਦੇ ਭੁੱਲੇ ਵਿਸਰੇ ਅਤੇ ਅਣਮੁੱਲੇ ਲੋਕ ਗੀਤਾਂ ਦਾ ਪੂਰੇ ਵੇਰਵੇ ਸਹਿਤ ਜ਼ਿਕਰ ਕਰਕੇ, ਪੰਜਾਬ ਦੇ ਬੀਤ ਗਏ ਦਿਨਾਂ ਵਿਚ ਲੈ ਜਾਂਦੇ
ਹਨ। ਗਿਆਨੀ ਜੀ 'ਭੁੱਲ ਕੇ ਛੜੇ ਨੂੰ ਅੱਖ ਮਾਰੀ' ਤੋਂ ਸ਼ੁਰੂ ਕਰਕੇ ਆਪਣੇ ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ
ਨੌਕਰੀ ਦੀਆਂ ਯਾਦਾਂ ਅਤੇ ਕੌਮ ਦੇ ਘਾਗ ਸਿਆਸਤਦਾਨਾਂ ਨਾਲ਼ ਦੂਰੋਂ ਨੇੜਿਉਂ ਹੋਏ ਮੇਲ ਮਿਲਾਪ, ਟੀਕਾ ਟਿਪਣੀਆਂ ਅਤੇ ਸਾਂਝੇ ਮੰਚਾਂ ਦਾ
ਬੜੇ ਉਤਸ਼ਾਹ ਨਾਲ ਜ਼ਿਕਰ ਕਰਦੇ ਜਾਂਦੇ ਹਨ। ਉਹਨਾਂ ਨੇ ਸੀਨੀਅਰ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਜੀ ਨੂੰ ਬੜਾ ਨਿੱਗਰ ਸੁਝਾ ਦਿਤਾ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 'ਮਿਨੀ ਸਿੱਖ ਪਾਰਲੀਮੈਂਟ' ਕਹਿਣਾ ਢੁਕਵਾਂ ਨਹੀ। ਏਵੇਂ ਹੀ ਇਸ ਪੁਸਤਕ ਵਿਚ: ਸਿੱਖ
ਆਗੂਆਂ ਦੀਆਂ ਅਸਚਰਜ ਬੇਪਰਵਾਹੀਆਂ, ਪੰਜ ਸਿੱਖਾਂ ਦਾ ਸਨਮਾਨ, ਅਨਪੜ੍ਹ ਸਿੰਘਾ ਆਦਿ ਲੇਖ ਪਾਠਕਾਂ ਦਾ ਉਚੇਚਾ ਧਿਆਨ ਖਿੱਚਦੇ
ਹਨ।
ਇਸ ਪੁਸਤਕ ਦਾ ਆਖਰੀ ਲੇਖ 'ਇਉਂ ਹੋਇਆ 'ਸਵਾਗਤ' ਮੇਰੀਆਂ ਲਿਖਤਾਂ ਦਾ' ਮੈਨੂੰ ਸਭ ਤੋਂ ਵਧ ਦਿਲਚਸਪ
ਲੱਗਿਆ। ਇਸ ਲੇਖ ਵਿਚ ਗਿਆਨੀ ਜੀ ਬਹੁਤ ਬੇਬਾਕ ਤੇ ਇਮਾਨਦਾਰ ਹਨ। ਉਹ ਸਫ਼ਰ ਤੇ ਗਏ। ਇਕ ਗੁਰੂ ਘਰ ਦੇ ਪ੍ਰਬੰਧਕ ਉੜੀ
ਉੜੀ ਕਰਕੇ ਉਹਨਾਂ ਦੇ ਮਗਰ ਇਸ ਲਈ ਪੈ ਗਏ ਕਿ ਗਿਆਨੀ ਜੀ ਨੇ ਆਪਣੀ ਦੂਜੀ ਕਿਤਾਬ 'ਉਜਲ ਕੈਹਾਂ ਚਿਲਕਣਾ' ਵਿਚ ਉਹਨਾਂ ਨੂੰ
ਨਾ ਚੰਗੀ ਲੱਗਣ ਵਾਲ਼ੀ ਗੱਲ ਲਿਖ ਦਿਤੀ। ਗਿਆਨੀ ਜੀ ਆਪਣੇ ਭਾਸ਼ਨ ਵਾਂਗ ਹੀ ਲਿਖਤਾਂ ਵਿਚ ਵੀ ਬਿਨਾ ਕਿਸੇ ਲੱਗ ਲਬੇੜ ਦੇ ਸੱਚ ਹੀ
ਲਿਖ ਦਿੰਦੇ ਹਨ ਜੋ ਕਿ ਕਈ ਵਾਰ ਧਾਰਮਿਕ ਸਥਾਨਾਂ ਦੇ ਚੌਧਰੀਆਂ ਦੇ ਫਿੱਟ ਨਹੀ ਬੈਠਦਾ। ਉਹ ਕੁਝ ਕਸੈਲਾ ਜਿਹਾ ਹੋਣ ਕਰਕੇ ਕਿਸੇ ਨਾ
ਕਿਸੇ ਦੇ ਗਿੱਟੇ ਜਾਂ ਗੋਡੇ ਤੇ ਜਾ ਵੱਜਦਾ ਹੈ ਤੇ ਉਹਨਾਂ ਦਾ ਹਾਜਮਾ ਦਰੁਸਤ ਨਹੀ ਰਹਿੰਦਾ। ਗਿਆਨੀ ਜੀ ਵੀ ਪੂਰੇ ਹਠੀ ਹਨ। ਉਹ ਹਰੇਕ
ਥਾਂ ਜਾਂਦੇ ਹੋਏ ਕੁਝ ਕਿਤਾਬਾਂ ਝੋਲ਼ੇ ਵਿਚ ਪਾ ਲਿਜਾਂਦੇ ਹਨ। ਚੰਗਾ ਹੋਵੇ ਕਿ ਉਹ ਅਜਿਹੇ ਸੱਜਣਾਂ ਦਾ ਹਾਜਮਾ ਦਰੁਸਤ ਕਰਨ ਲਈ, ਆਪਣੇ
ਝੋਲ਼ੇ ਵਿਚ ਤੁੰਮਿਆਂ ਵਾਲ਼ੀ ਜਵੈਣ ਦੇ ਬਣਾਏ ਚੂਰਨ ਦੇ ਕੁਝ ਪੁੜੇ ਵੀ ਨਾਲ਼ ਲੈ ਜਾਇਆ ਕਰਨ। ਮੈਨੂੰ ਇਹ ਲੇਖ ਪੜ੍ਹਦਿਆਂ ਓਦੋਂ ਭਾਵੇਂ
ਪਰੇਸ਼ਾਨੀ ਤਾਂ ਬਹੁਤ ਹੋਈ ਜਦੋਂ ਇਕ ਦੋ ਥਾਵਾਂ ਤੇ ਗਿਆਨੀ ਜੀ ਨੂੰ ਗੁਰੂ ਘਰਾਂ ਵਿਚੋਂ ਨਿਕਲ਼ ਕੇ ਕਿਸੇ ਪ੍ਰਸੰਸਕ ਦੇ ਘਰ ਜਾ ਕੇ ਰਾਤ
ਕੱਟਣੀ ਪਈ ਪਰ ਗਿਆਨੀ ਜੀ ਦੀ ਤਰਜ਼ੇ ਬਿਆਨੀ ਅਤੇ ਲੇਖ ਵਿਚਲੇ ਸੂਖਮ ਵਿਅੰਗ ਕਰਕੇ, ਨਾਲ਼ੋ ਨਾਲ਼ ਅਨੰਦ ਵੀ ਪਰਾਪਤ ਹੁੰਦਾ ਰਿਹਾ
ਤੇ ਚੇਹਰੇ ਉਪਰ ਮੁਸਕਰਾਹਟ ਛਾਈ ਰਹੀ। ਇਹ ਸਾਰਾ ਕੁਝ ਲਿਖਦਿਆਂ ਵੀ ਗਿਆਨੀ ਜੀ ਨੇ ਬੜੀ ਸੰਜਮ ਭਰੀ ਸ਼ੈਲੀ ਵਿਚ ਇਸ ਲੇਖ ਨੂੰ
ਸਮੇਟਿਆ ਹੈ। ਕਿਸੇ ਦਾ ਦਿਲ ਨਹੀ ਦੁਖਾਇਆ। ਕਿਸੇ ਬਾਰੇ ਜ਼ਾਤੀ ਤੌਰ ਤੇ ਚਿੱਕੜ ਨਹੀ ਉਛਾਲ਼ਿਆ। ਕੋਈ ਭਾਵੇਂ ਕੁਝ ਕਹੀ ਜਾਵੇ!
ਅੱਜ ਪੰਜਾਬੀ ਭਾਸ਼ਾ ਦਾ ਪ੍ਰਚਾਰ, ਪ੍ਰਸਾਰ, ਸੰਚਾਰ ਸੰਸਾਰ ਪਧਰ ਤੇ ਹੋ ਰਿਹਾ ਹੈ। ਵੱਡੇ ਅਹੁਦਿਆਂ ਤੇ ਬਿਰਾਜਮਾਨ 'ਵਿਦਵਾਨ'
ਧਾਹਾਂ ਮਾਰ ਰਹੇ ਹਨ ਕਿ ਪੰਜਾਬੀ ਮਰ ਮੁੱਕ ਰਹੀ ਹੈ ਪਰ ਗਿਆਨੀ ਜੀ ਵਰਗੇ ਲੇਖਕ ਪੰਜਾਬੋਂ ਬਾਹਰ, ਸਮੁੰਦਰੋਂ ਪਾਰ ਦੂਰ ਬੈਠੇ ਵੀ ਲਿਖ
ਰਹੇ ਹਨ, ਛਪ ਰਹੇ ਹਨ, ਪੜ੍ਹੇ ਜਾ ਰਹੇ ਹਨ, ਸਤਿਕਾਰੇ ਜਾ ਰਹੇ ਹਨ ਤਾਂ ਉਹ 'ਵਿਦਵਾਨ', ਯੂਨੀਵਰਸਿਟੀਆਂ ਦੇ ਏਅਰ ਕੰਡੀਸ਼ਨਡ ਬੰਦ
ਕਮਰਿਆਂ ਵਿਚ ਘੁਮਣਵਾਲ਼ੀਆਂ ਵਾਲ਼ੀਆਂ ਕੁਰਸੀਆਂ (ਰੀਵੋਲਵਿੰਗ ਚੇਅਰਜ਼) ਤੇ ਝੂਟੇ ਲੈਂਦੇ ਵੀ ਛਿੱਥੇ ਪੈ ਰਹੇ ਹਨ। ਜਦੋਂ ਗਿਆਨੀ ਜੀ
ਪੰਜਾਬੀ ਭਾਸ਼ਾ ਦੇ ਲਿਖਤੀ ਸਰੂਪ ਨੂੰ ਨਾ ਵਿਗਾੜਨ ਬਾਰੇ ਲਿਖਦੇ ਹਨ ਤਾਂ ਵੇਰਵੇ ਸਹਿਤ ਬੜੀ ਦਲੀਲ ਨਾਲ਼ 'ਪੰਜਾਬੀ ਸ਼ਬਦ ਜੋੜਾਂ ਦੀ
ਸਰਲਤਾ ਤੇ ਸਮਾਨਤਾ' ਵਾਲ਼ੇ ਲੇਖ ਵਿਚ, ਕੌਣ ਗ਼ਲਤ ਤੇ ਕੌਣ ਠੀਕ ਆਦਿ ਨੂੰ ਉਜਾਗਰ ਕਰਦੇ ਹਨ ਅਤੇ ਠੀਕ ਉਚਾਰਣ ਬਾਰੇ ਪ੍ਰਕਾਸ਼
ਪਾਉਂਦੇ ਹਨ। ਇਵੇਂ ਹੀ 'ਅਧਕ ਵਿਚਾਰਾ ਕੀ ਕਰੇ' ਲੇਖ ਬੜਾ ਮਹੱਤਵਪੂਰਣ ਹੈ। ਲੇਖ 'ਜਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ'
ਵੀ ਆਪਣੀ ਥਾਂ ਮਹੱਤਵ ਰੱਖਦਾ ਹੈ। ਇਸ ਪੁਸਤਕ ਵਿਚਲੇ ਇਹ ਤਿੰਨੇ ਲੇਖ ਅਜੋਕੇ ਸਮੇ ਵਿਚ ਵਿਸ਼ੇਸ਼ ਮਹੱਤਵਪੂਰਣ ਹਨ ਕਿਉਂਕਿ
ਪੰਜਾਬੀ ਦੇ ਸ਼ਬਦ ਜੋੜਾਂ ਬਾਰੇ ਅੱਜ ਇਕ ਵੱਡਾ ਮਸਲਾ ਸਾਡੇ ਸਨਮੁਖ ਹੈ ਅਤੇ ਇਸ ਮਸਲੇ ਦੇ ਹੱਲ ਲਈ ਗਿਆਨੀ ਜੀ ਨੇ ਇਹਨਾਂ ਤਿੰਨਾਂ
ਲੇਖਾਂ ਰਾਹੀਂ ਆਪਣਾ ਉਚੇਚਾ ਯੋਗਦਾਨ ਪਾ ਦਿਤਾ ਹੈ।
ਇਸ ਪੁਸਤਕ ਵਿਚ ਇਕ ਲੇਖ 'ਵੱਡਿਆਂ ਬੰਦਿਆਂ ਦੀਆਂ ਬਚਿਤਰ ਬਾਤਾਂ' ਇਸ ਦਾ ਅਹਿਮ ਅੰਗ ਹੈ। ਕੇਵਲ ਪੰਜਾਬ ਹੀ ਨਹੀ
ਸਗੋਂ ਭਾਰਤ ਦੀ ਰਾਹਨੁਮਾਈ ਕਰਨ ਵਾਲ਼ੇ ਵੱਡੇ ਬੰਦੇ ਆਪਣੇ ਜੀਵਨ ਵਿਚ ਕਿੰਨੇ ਸਿੱਧੜ ਅਤੇ ਸਰਲ ਸਨ! ਮੰਚਾਂ ਉਪਰ ਬੋਲਦੇ ਸਮੇ ਵੀ
ਉਹ ਟਪਲਾ ਖਾ ਜਾਂਦੇ ਸਨ। ਗਿਆਨੀ ਜੀ ਇਸ ਸਭ ਕਾਸੇ ਦਾ ਜ਼ਿਕਰ ਬੜੀ ਕੌਸ਼ਲਤਾ ਨਾਲ਼ ਕਰਦੇ ਹਨ। ਸਿੱਖ ਕੌਮ ਦੇ ਮੰਨੇ ਪ੍ਰਮੰਨੇ
ਜਥੇਦਾਰਾਂ ਦਾ ਬੜੇ ਹੇਰਵੇ ਤੇ ਵੇਰਵੇ ਨਾਲ਼ ਇਸ ਪੁਸਤਕ ਵਿਚ ਜ਼ਿਕਰ ਆਉਣਾ ਬੜੀ ਚੰਗੀ ਗੱਲ ਲੱਗੀ ਹੈ। ਇਹਨਾਂ ਵੱਡੇ ਲੋਕਾਂ ਬਾਰੇ ਕੁਝ
ਕੁ ਮਿਆਰੀ ਜਾਂ ਯਾਦਗਾਰੀ ਚੁਟਕਲੇ ਵੀ ਗਿਆਨੀ ਜੀ ਨੇ ਕਲਮਬੰਦ ਕੀਤੇ ਹਨ।
ਅੱਜ ਅਟੈਚੀਕੇਸ ਜਿਡੀਆਂ ਭਾਰੀਆਂ ਪੁਸਤਕਾਂ ਨਹੀ ਪੜ੍ਹੀਆਂ ਜਾ ਰਹੀਆਂ। ਅੱਜ ਪਾਠਕ ਤਾਂ ਸ਼ਾਰਟ ਕੱਟ ਮਾਰਦਾ ਹੈ। ਉਸ ਨੂੰ
ਨਿੱਕੇ ਆਕਾਰ ਦੀ ਗਿਆਨਵਾਨ ਤੇ ਰੌਚਕ ਪੁਸਤਕ ਦੀ ਬੇਹਦ ਲੋੜ ਹੈ। ਜੇ ਉਸ ਨੂੰ ਅਜਿਹੀ ਪੁਸਤਕ ਮਿਲ਼ੇਗੀ ਤਾਂ ਉਹ ਉਸ ਨੂੰ ਜਰੂਰ
ਪੜ੍ਹੇਗਾ ਤੇ ਅਨੰਦ ਮਾਣੇਗਾ। ਸੋ ਮੇਰੇ ਵਿਚਾਰ ਮੁਤਾਬਿਕ 'ਜੋ ਵੇਖਿਆ ਸੋ ਆਖਿਆ' ਛੋਟੇ ਆਕਾਰ ਦੀ ਆਪਣੇ ਆਪ ਵਿਚ ਇਕ ਵੱਡੀ
ਪੁਸਤਕ ਹੈ ਕਿਉਂਕਿ ਇਹ ਵੱਡੇ ਗਿਆਨ ਭੰਡਾਰ ਨੂੰ ਆਪਣੇ ਵਿਚ ਸਮੋਈ ਬੈਠੀ ਹੈ। ਗਿਆਨੀ ਜੀ ਨੂੰ ਕੁੱਜੇ ਵਿਚ ਸਮੁੰਦਰ ਬੰਦ ਕਰਨਾ
ਬਾਖ਼ੂਬੀ ਆਉਂਦਾ ਹੈ ਤਦੇ ਹੀ ਉਹਨਾਂ ਦਾ ਨਾ ਭਾਸ਼ਨ ਅਕਾਊ ਹੁੰਦਾ ਹੈ ਨਾ ਲੇਖ। ਭਾਸ਼ਨ ਤੇ ਲਿਖਤ ਦਾ ਸੁਮੇਲ ਉਹਨਾਂ ਦੀ ਸ਼ਖ਼ਸੀਅਤ ਨੂੰ
ਮਿਲਾਪੜੀ ਅਤੇ ਮਿਕਨਾਤੀਸੀ ਬਣਾਉਂਦਾ ਹੈ। ਮੁੱਕਦੀ ਗੱਲ, ਇਹ ਬਾਬਾ ਸਮੇ ਦਾ ਹਾਣੀ ਹੈ; ਕੰਪਿਊਟਰ ਦਾ ਆੜੀ ਹੈ; ਬੁਢਿਆਂ ਨਾਲ਼
ਬੁਢਾ; ਗਭਰੂਆਂ ਸੰਗ ਗਭਰੂ; ਜਵਾਕਾਂ ਨਾਲ਼ ਜਵਾਕਾਂ ਜਿਹਾ। ਜਦੋਂ ਵੀ ਮਿਲ਼ੇਗਾ ਕੋਈ ਝੋਰਾ ਨਹੀ, ਕੋਈ ਗਿਲ੍ਹਾ ਨਹੀ, ਤੇ ਨਾ ਹੀ ਕੋਈ
ਸ਼ਿਕਵਾ ਤੇ ਨਾ ਕੋਈ ਵਿਖਾਵਾ। ਮਾਂ ਬੋਲੀ ਦੇ ਇਸ ਲਾਲ ਦੇ ਬਾਰੇ ਇਹੋ ਹੀ ਕਿਹਾ ਜਾ ਸਕਦਾ ਹੈ:
ਮਿੱਟੀ ਨਾ ਫਰੋਲ ਯੋਗੀਆ ਨਹੀਂਓ ਲੱਭਣੇ ਲਾਲ ਗਵਾਚੇ।
ਬਹੁਪੱਖੀ ਸ਼ਖ਼ਸੀਅਤ
ਗਿਆਨੀ ਸੰਤੋਖ ਸਿੰਘ
ਆਸਟ੍ਰੇਲੀਆ
ਲੇਖਕ: ਹਰਭਜਨ ਸਿੰਘ ਵਕਤਾ
ਪ੍ਰਕਾਸ਼ਕ: ਪੰਜ ਆਬ ਪ੍ਰਕਾਸ਼ਨ, ਜਲੰਧਰ

ਇਹ ਪੁਸਤਕ ਪੰਥ ਦੇ ਪ੍ਰਸਿਧ ਪ੍ਰਚਾਰਕ ਗਿਆਨੀ ਸੰਤੋਖ ਸਿੰਘ ਦੇ ਜੀਵਨ 'ਤੇ ਆਧਾਰਤ ਹੈ। ਇਸ ਵਿਚ ਉਹਨਾਂ ਦੀ ਸ਼ਖ਼ਸੀਅਤ
ਬਾਰੇ ਦੋ ਭਾਗਾਂ ਵਿਚ ਵਰਨਣ ਕੀਤਾ ਗਿਆ ਹੈ। ਪਹਿਲਾ ਭਾਗ ਲੇਖਕ ਵੱਲੋਂ ਅਤੇ ਦੂਜਾ ਭਾਗ ਗਿਆਨੀ ਜੀ ਦੇ ਨਿਟਵਰਤੀਆਂ ਵੱਲੋਂ ਪ੍ਰਸਤੁਤ
ਕੀਤਾ ਗਿਆ ਹੈ। ਪੁਸਤਕ ਰਾਹੀਂ ਗਿਆਨੀ ਜੀ ਦੀ ਬਹੁਪੱਖੀ ਦੇਣ ਬਾਰੇ ਪਤਾ ਲੱਗਦਾ ਹੈ। ਉਹ ਨਾ ਕੇਵਲ ਇਕ ਸੂਝਵਾਨ ਅਤੇ
ਗਿਆਨਵਾਨ ਹਸਤੀ ਹਨ, ਸਗੋਂ ਇਕ ਸਫ਼ਲ ਲਿਖਾਰੀ, ਕੀਰਤਨੀਏ, ਬੁਲਾਰੇ ਅਤੇ ਵਧੀਆ ਜੀਵਨ-ਜਾਚ ਵਾਲ਼ੇ ਗੁਰਸਿੱਖ ਹਨ। ਉਹਨਾਂ
ਕੋਲ਼ ਜ਼ਿੰਦਗੀ ਦਾ ਵਿਸ਼ਾਲ ਅਨੁਭਵ, ਸਾਹਿਤਕ ਲਗਨ, ਸੁਹਿਰਦਤਾ ਅਤੇ ਸੁਚੱਜੀ ਸੋਚ ਹੈ। ਉਹਨਾਂ ਨੇ ਪੰਜ ਪੁਸਤਕਾਂ ਲਿਖ ਕੇ ਮਾਂ ਬੋਲੀ ਦੀ
ਵਡਮੁੱਲੀ ਸੇਵਾ ਕੀਤੀ ਹੈ। ਉਹਨਾਂ ਦੀਆਂ ਲਿਖਤਾਂ ਵਿਚੋਂ ਸਿੱਖ ਧਰਮ, ਸਿੱਖ ਕਿਰਦਾਰ ਅਤੇ ਸਿੱਖੀ ਵਿਰਸੇ ਦੀ ਮਹਿਕ ਆਉਂਦੀ ਹੈ।
ਭਾਵੇਂ ਗਿਆਨੀ ਜੀ ਨੇ ਕੋਈ ਸਕੂਲੀ ਵਿੱਦਿਆ ਗ੍ਰਹਿਣ ਨਹੀ ਕੀਤੀ ਪਰ ਆਪਣ ਪਿਤਾ ਪਾਸੋਂ ਗੁਰਬਾਣੀ ਦੀ ਤਾਲੀਮ ਅਤੇ ਸ਼ਹੀਦ
ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਦੀ ਵਿੱਦਿਆ ਹਾਸਲ ਕਰਕੇ, ਉਹਨਾਂ ਨੇ ਲੰਮਾ ਸਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਵਿਚ ਵੱਖ ਵੱਖ ਅਹੁਦਿਆਂ 'ਤੇ ਸੇਵਾ ਨਿਭਾਈ। ਓਥੇ ਪੰਥ ਦੀਆਂ ਪ੍ਰਸਿਧ ਹਸਤੀਆਂ ਦੀ ਰਹਿਨੁਮਾਈ ਹੇਠ ਉਹਨਾਂ ਨੇ ਇਤਿਹਾਸ,
ਸਾਹਿਤ, ਗੁਰਬਾਣੀ ਅਤੇ ਭਾਸ਼ਾ ਸਬੰਧੀ ਵਿਸ਼ਾਲ ਗਿਆਨ ਹਾਸਲ ਕੀਤਾ ਅਤੇ ਆਪਣੀ ਸੋਚ ਨੂੰ ਵਿਸ਼ਾਲ ਬਣਾਇਆ। ਸੰਨ ੧੯੭੩ ਵਿਚ
ਉਹਨਾਂ ਨੇ ਵਿਦੇਸ਼ ਯਾਤਰਾ ਦੌਰਾਨ ਗੁਰਸਿੱਖੀ ਦੇ ਪ੍ਰਚਾਰ ਨੂੰ ਆਪਣਾ ਮੰਤਵ ਬਣਾਇਆ ਅਤੇ ਦੂਰ-ਦੁਰਾਡੇ ਦੇਸ਼ਾਂ ਵਿਚ ਜਾ ਕੇ ਗੁਰਬਾਣੀ ਦਾ
ਪ੍ਰਚਾਰ ਅਤੇ ਪ੍ਰਸਾਰ ਕੀਤਾ। ਸੰਨ ੧੯੮੦ ਤੋਂ ਪੱਕੇ ਤੌਰ ਤੇ ਆਸਟ੍ਰੇਲੀਆ ਵਿਚ ਵੱਸੇ ਹੋਏ ਹਨ ਜਿਥੇ ਆਪਣੀਆਂ ਪਰਵਾਰਕ, ਸਮਾਜਕ ਅਤੇ
ਧਾਰਮਿਕ ਜੁਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਉਹ ਸੱਭਿਆਚਾਰ ਅਤੇ ਸਾਹਿਤ ਨਾਲ਼ ਵੀ ਜੁੜੇ ਹੋਏ ਹਨ। ਉਹਨਾਂ ਅਨੇਕ ਦੇਸ਼ਾਂ ਦੀ ਯਾਤਰਾ
ਕਰਕੇ ਪੰਜਾਬੀਅਤ, ਇਨਸਾਨੀਅਤ ਅਤੇ ਗੁਰਮਤਿ ਦੀ ਖ਼ੁਸ਼ਬੂ ਨੂੰ ਵੰਡਿਆ ਹੈ। ਇਸ ਉਮਰ ਵਿਚ ਵੀ ਉਹ ਪੂਰੀ ਤਰ੍ਹਾਂ ਗਤੀਸ਼ੀਲ ਹਨ ਅਤੇ
ਗਿਆਨ ਦਾ ਚਾਨਣ ਵੰਡ ਰਹੇ ਹਨ। ਪੁਸਤਕ ਦੇ ਸਾਰੇ ਹੀ ਲੇਖਾਂ ਨੇ ਗਿਆਨੀ ਜੀ ਦੀ ਵਡਮੁੱਲੀ ਸ਼ਖ਼ਸੀਅਤ ਨਾਲ਼ ਇਨਸਾਫ਼ ਕੀਤਾ ਹੈ। ਇਸ
ਪੁਸਤਕ ਪੜ੍ਹਨ ਯੋਗ ਅਤੇ ਸਾਂਭਣ ਯੋਗ ਹੈ।
ਡਾ. ਸਰਬਜੀਤ ਕੌਰ ਸੰਧਾਵਾਲੀਆ
੯੮੧੪੭-੧੬੩੬੭

ਪਰਵਾਸੀ ਲੇਖਕ ਗਿਆਨੀ ਸੰਤੋਖ ਸਿੰਘ ਲਿਖਤ
ਜੋ ਵੇਖਿਆ ਸੋ ਆਖਿਆ
ਪ੍ਰਕਾਸ਼ਕ: ਅੰਕੁਰ ਪ੍ਰੈਸ, ਸਮਾਧ ਰੋਡ, ਬਟਾਲਾ

'ਜੋ ਵੇਖਿਆ ਸੋ ਆਖਿਆ' ਗਿਆਨੀ ਸੰਤੋਖ ਸਿੰਘ ਦਾ ਪੰਜਵਾਂ ਲੇਖ ਸੰਗ੍ਰਹਿ ਹੈ। ਇਸ ਵਿਚ ਵੱਖ ਵੱਖ ਵਿਸ਼ਿਆਂ ਨਾਲ਼ ਸਬੰਧਤ
੧੯ ਲੇਖ ਸ਼ਾਮਲ ਕੀਤੇ ਗਏ ਹਨ। ਇਹਨਾਂ ਲੇਖਾਂ ਦੇ ਵਿਸ਼ੇ ਆਲੋਚਨਾਤਮਿਕ, ਸਭਿਆਚਾਰਕ, ਸਾਹਿਤਕ, ਰਾਜਨੀਤਕ, ਅਤੇ ਧਾਰਮਿਕ
ਹਨ। ਇਹਨਾਂ ਵਿਚੋਂ ਬਹੁਤੀਆਂ ਘਟਨਾਵਾਂ ਖ਼ੁਦ ਲੇਖਕ ਨਾਲ਼ ਵਾਪਰੀਆਂ ਹਨ।
ਲੋਕਧਾਰਾ ਅਤੇ ਸਭਿਆਚਾਰ ਦੇ ਸੰਧਰਬ ਵਿਚ: ਘੜਾ ਘੜਵੰਜੀ ਤੇ, ਭੁੱਲ ਕੇ ਛੜੇ ਨੂੰ ਅੱਖ ਮਾਰੀ, ਵੱਡੇ ਬੰਦਿਆਂ ਦੀਆਂ ਵਚਿਤਰ
ਬਾਤਾਂ ਆਦਿ ਲੇਖਾਂ ਨੂੰ, ਲੇਖਕ ਨੇ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਸਿਰਜਿਆ ਹੈ। ਇਹਨਾਂ ਲੇਖਾਂ ਵਿਚ ਲੇਖਕ ਨੇ ਢੁਕਵੀਆਂ ਮਿਸਾਲਾਂ ਦੇ ਕੇ
ਵਿਸ਼ੇ ਨੂੰ ਖੂਬਸੂਰਤ ਤੇ ਰੌਚਕ ਬਣਾਇਆ ਹੈ। ਮੁਹਾਵਰੇ, ਅਖਾਣ ਲੋਕੋਕਤੀਆਂ ਤੇ ਬਾਤਾਂ ਤੋਂ ਇਲਾਵਾ ਲੋਕਗੀਤਾਂ ਦੇ ਹਵਾਲੇ ਵਿਸ਼ੇ ਦੀ
ਪ੍ਰਮਾਣਿਕਤਾ ਦਾ ਸਬੂਤ ਹਨ। ਘੜਾ ਘੜਵੰਜੀ ਤੇ ਲੇਖ ਵਿਚ ਬਹੁਤ ਸਾਰੇ ਲੋਕਗੀਤ ਸ਼ਾਮਲ ਕੀਤੇ ਗਏ ਹਨ:
੧. ਕੋਰੀ ਕੋਰੀ ਕੂੰਡੀ ਵਿਚ ਮਿਰਚਾਂ ਮੈਂ ਰਗੜਾਂ
ਸਹੁਰੇ ਦੀ ਅੱਖ ਵਿਚ ਪਾ ਦੇਨੀਆਂ
ਘੁੰਡ ਕੱਢਣੇ ਦੀ ਅਲਖ ਮੁਕਾ ਦੇਨੀਆਂ।
੨. ਬੁੜ੍ਹੀ ਨੂੰ ਭੌਂਕਣ ਦੇ, ਮੇਲਾ ਵੇਖਣ ਚੱਲ।
ਪੁਆੜਾ ਪੈ ਜੂ ਗਾ ਬੁੜ੍ਹਾ ਬੁੜ੍ਹੀ ਦੇ ਵੱਲ।
ਲਿਖਤ ਦੀ ਖੂਬਸੂਰਤੀ ਇਹ ਵੀ ਹੈ ਕਿ ਕਈ ਵਾਰ ਲੇਖਕ ਲੇਖ ਦਾ ਆਰੰਭ ਹੀ ਕਿਸੇ ਲੋਕਗੀਤ ਤੋਂ ਕਰਦਾ ਹੈ। ਇਸ ਦੇ ਨਾਲ
ਨਾਲ ਸ਼ੁਰੂ ਵਿਚ ਹੀ ਪਾਠਕ ਦੇ ਮਨ ਵਿਚ ਉਤਸੁਕਤਾ ਪੈਦਾ ਹੋ ਜਾਂਦੀ ਹੈ। 'ਭੁੱਲ ਕੇ ਛੜੇ ਨੂੰ ਅੱਖ ਮਾਰੀ' ਲੇਖ ਦਾ ਆਰੰਭ ਵੀ ਏਸੇ ਤਰ੍ਹਾਂ
ਕੀਤਾ ਗਿਆ ਹੈ:
ਛੜੇ ਛੜੇ ਨਾ ਆਖੋ ਲੋਕੋ ਛੜੇ ਵਖ਼ਤ ਨੂੰ ਫੜੇ
ਅੱਧੀ ਰਾਤੋਂ ਪੀਹਣ ਲਗੇ ਅੱਧ ਸੇਰ ਛੋਲੇ ਦਲੇ
ਝਾੜ ਪੂੰਝ ਕੇ ਉਠਣ ਲਗੇ ਆਟਾ ਦੇਹ ਨੂੰ ਲੜੇ
ਫੂਕ ਮਾਰਿਆਂ ਅੱਗ ਨਾ ਬਲਦੀ ਭੜ ਭੜ ਦਾਹੜੀ ਸੜੇ
ਸਾੜ ਫੂਕ ਕੇ ਚਾਰੇ ਪੱਕੀਆਂ ਚਾਰ ਪ੍ਰਾਹੁਣੇ ਖੜੇ
ਲਉ ਭਰਾਉ ਤੁਸੀਂ ਖਾ ਲਉ ਇਹੋ ਅਸਾਥੋਂ ਸਰੇ
ਬਾਝੋਂ ਤੀਵੀਆਂ ਦੇ ਛੜੇ ਮਰੇ ਕਿ ਮਰੇ
ਵੱਡੇ ਬੰਦਿਆਂ ਦੀਆਂ ਵਚਿਤਰ ਬਾਤਾਂ ਲੇਖ ਵਿਚ ਗਿਆਨੀ ਸੰਤੋਖ ਸਿੰਘ ਨੇ ਕੁਝ ਵਚਿੱਤਰ ਰਾਜਨੀਤਕ ਇਤਿਹਾਸਕ ਰੌਚਕ
ਤੱਥਾਂ ਦੀ ਪੇਸ਼ਕਾਰੀ ਕੀਤੀ ਹੈ। ਮਿਸਾਲ ਵਜੋਂ:
੧. ਇਕ ਵਾਰੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਚੰਡੀਗੜ੍ਹ ਆਏ ਤਾਂ ਉਸ ਸਮੇਂ ਦੇ ਮੁਖ ਮੰਤਰੀ ਸ. ਪ੍ਰਤਾਪ ਸਿੰਘ
ਕੈਰੋਂ ਨੇ ਉਹਨਾਂ ਦੀ ਸਵਾਗਤੀ ਸਪੀਚ ਵਿਚ ਆਖ ਦਿੱਤਾ ਕਿ ਚੰਡੀਗੜ੍ਹ ਪੰਜਾਬ ਦਾ ਦਿਲ ਹੈ। ਉਤਰ ਵਿਚ ਨਹਿਰੂ ਜੀ ਨੇ
ਆਪਣੇ ਭਾਸ਼ਣ ਵਿਚ ਆਖਿਆ, "ਵਾਕਿਆ ਹੀ ਚੰਡੀਗੜ੍ਹ ਪੰਜਾਬ ਦਾ ਦਿਲ ਹੈ ਕਿਉਂਕਿ ਦਿਮਾਗ ਤੋ ਪੰਜਾਬੀਉਂ ਕਾ ਹੋਤਾ
ਹੀ ਨਹੀਂ।"
੨. ਪੰਜਾਬੀ ਸੂਬੇ ਦਾ ਐਲਾਨ ਹੋ ਜਾਣ ਪਿਛੋਂ ਹਰਿਆਣਾ ਦੇ ਆਗੂ ਚੌਧਰੀ ਦੇਵੀ ਲਾਲ ਜੀ, ਅਕਾਲੀ ਆਗੂ ਸੰਤ ਫ਼ਤਿਹ ਸਿੰਘ ਜੀ
ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਲ਼ਨ ਵਾਸਤੇ ਆਏ ਤਾਂ ਗੱਲਬਾਤ ਵਿਚ ਆਪਣੀ ਪੇਂਡੂ ਬੋਲੀ ਵਿਚ ਆਖਣ ਲੱਗੇ,
"ਹਰਿਆਣਾ ਤਾਂ ਪੰਜਾਬੀ ਸੂਬੇ ਨਾਲ ਇਸ ਤਰ੍ਹਾਂ ਬਣ ਗਿਆ ਹੈ ਜਿਵੇਂ ਕੋਈ ਆਦਮੀ ਟੱਟੀ ਫਿਰਨ ਜਾਵੇ ਤਾਂ ਪਿਸ਼ਾਬ ਆਪਣੇ
ਆਪ ਹੀ ਆ ਜਾਂਦਾ ਹੈ।"
ਪੰਜਾਬੀ ਭਾਸ਼ਾ ਨਾਲ਼ ਸਬੰਧਤ ਤਿੰਨ ਲੇਖ: ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਤੇ ਸਮਾਨਤਾ, ਅੱਧਕ ਵਿਚਾਰਾ ਕੀ ਕਰੇ, ਜੱਜੇ ਦੀਆਂ
ਲੱਤਾਂ ਵਿਚ ਆ ਘੁਸੀ ਬੇਲੋੜੀ ਬਿੰਦੀ ਇਸ ਪੁਸਤਕ ਵਿਚ ਸ਼ਾਮਲ ਹਨ। ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਤੇ ਸਮਾਨਤਾ ਦੇ ਸੰਦਰਭ ਵਿਚ
ਲੇਖਕ ਕਹਿੰਦਾ ਹੈ:ਮੈਂ ਤਾਂ ਇਸ ਹੱਕ ਵਿਚ ਹਾਂ ਕਿ ਜਿਹੜੀ ਨਵੀਂ ਵਸਤੂ ਦਾ, ਜਿਸ ਨੇ ਈਜਾਦ ਕਰਨ ਵੇਲੇ ਜੋ ਨਾਂ ਰੱਖਿਆ ਉਸ ਨੂੰ
ਤਰਜਮਾਉਣ ਵਿਚ ਉਚੇਚੀ ਸਿਰ ਖਪਾਈ ਕਰਨ ਨਾਲ਼ੋਂ ਉਸ ਨੂੰ ਜਿਉਂ ਦਾ ਤਿਉਂ ਪੰਜਾਬੀ ਅੱਖਰਾਂ ਵਿਚ ਲਿਖ ਕੇ ਅਪਣਾ ਲੈਣਾ ਚਾਹੀਦਾ ਹੈ।
ਟੈਲੀਫੋਨ ਦਾ ਦੂਰਭਾਸ਼, ਟੈਲੀਵਿਯਨ ਦਾ ਦੂਰਦਰਸ਼ਨ, ਰੇਡੀਓ ਦਾ ਆਕਾਸ਼ਵਾਣੀ, ਟ੍ਰੈਕਟਰ ਦਾ ਭੂਮੀਖੋਦ ਯੰਤਰ ਬਣਾ ਕੇ ਅਸੀਂ ਕੀ ਕੱਦੂ
ਵਿਚ ਤੀਰ ਮਾਰ ਰਹੇ ਹਾਂ; ਇਹ ਮੇਰੀ ਸਮਝ ਤੋਂ ਬਾਹਰੀ ਬਾਤ ਹੈ।ਏਸੇ ਤਰ੍ਹਾਂ ਇਸ ਕਿਤਾਬ ਵਿਚ ਲੇਖਕ ਵੱਲੋਂ ਪੰਜਾਬੀ ਭਾਸ਼ਾ ਨਾਲ ਸਬੰਧਤ
ਸ਼ਬਦ ਜੋੜਾਂ ਦੀਆਂ ਗ਼ਲਤੀਆਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ।ਇਸ ਦੇ ਨਾਲ਼ ਧਾਰਮਿਕ, ਇਤਿਹਾਸਕ ਅਤੇ ਰਾਜਨੀਤੀ ਨੂੰ ਪੇਸ਼ ਕਰਨ
ਵਾਲ਼ੇ: ਯਾਰ ਜਾਰ ਜ਼ਾਰ, ਸਾਧੂ ਬੋਲੇ ਸਹਿਜ ਸੁਭਾਇ, ਭੇਡਾਂ ਵਿਚੋਂ ਊਠ ਦੀ ਪਛਾਣ, ਸੱਚੇ ਚੁਟਕਲੇ, ਅਨਪੜ੍ਹ ਸਿੰਘਾ, ਦੋ ਅਕਾਲੀ ਵਿਦਵਾਨਾਂ
ਦਾ ਮਿਲਾਪ, ਪੰਜ ਸਿੱਖਾਂ ਦਾ ਸਨਮਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਮਿਨੀ ਸਿੱਖ ਪਾਰਲੀਮੈਂਟ?, ਸਿੱਖ ਆਗੂਆਂ ਦੀਆਂ
ਅਸਚਰਜ ਬੇਪਰਵਾਹੀਆਂ ਆਦਿ ਲੇਖ ਇਸ ਪੁਸਤਕ ਵਿਚ ਸ਼ਾਮਲ ਹਨ।ਗਿਆਨੀ ਸੰਤੋਖ ਸਿੰਘ ਨੇ ਇਹਨਾਂ ਘਟਨਾਵਾਂ ਨੂੰ ਬੜਾ ਨੇੜਿਉਂ
ਵੇਖਿਆ ਹੈ ਤੇ ਬਿਲਕੁਲ ਓਸੇ ਤਰ੍ਹਾਂ ਹੀ ਬਿਆਨ ਕਰ ਦਿੱਤਾ ਹੈ। ਸ਼ਾਇਦ ਏਸੇ ਕਰਕੇ ਹੀ ਇਸ ਪੁਸਤਕ ਦਾ ਨਾਂ 'ਜੋ ਵੇਖਿਆ ਸੋ ਆਖਿਆ'
ਰੱਖਿਆ ਗਿਆ ਹੈ। ਲੇਖਾਂ ਦੀ ਖ਼ੂਬਸੂਰਤੀ ਇਹ ਹੈ ਕਿ ਲੇਖਕ ਨੇ ਘਟਨਾਵਾਂ ਦੇ ਨਾਲ਼ ਨਾਲ਼ ਤਾਰੀਖਾਂ, ਨਾਂਵਾਂ ਤੇ ਥਾਂਵਾਂ ਨੂੰ ਵੀ ਪੇਸ਼ ਕੀਤਾ ਹੈ
ਜੋ ਘਟਨਾਵਾਂ ਦੀ ਇਤਿਹਾਸਕ ਪ੍ਰਮਾਣਿਤਾ ਦਾ ਪੱਖ ਪੂਰਦੇ ਹਨ।
ਕੁੱਲ ਮਿਲਾ ਕੇ ਇਹ ਪੁਸਤਕ ਪੰਜਾਬੀ ਵਾਰਤਕ ਸਾਹਿਤ ਵਿਚ ਇਕ ਇਤਿਹਾਸਕ ਦਸਤਾਵੇਜ਼ ਵਜੋਂ ਸਾਂਭ ਕੇ ਰੱਖਣ ਦੇ ਯੋਗ ਹੈ।
ਆਤਮਾ ਸਿੰਘ ਗਿੱਲ
ਪੰਜਾਬੀ ਲੈਕਚਰਾਰ
ਡੀ. ਏ. ਵੀ ਕਾਲਜ, ਅੰਮ੍ਰਿਤਸਰ
+੯੧-੯੮੭੮੮-੮੩੬੮੦
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ

ਅਤੀਤ, ਵਰਤਮਾਨ ਅਤੇ ਭਵਿਖ ਦਾ ਆਪਸੀ ਗੂਹੜਾ ਸਬੰਧ ਹੁੰਦਾ ਹੈ। ਆਸਟ੍ਰੇਲੀਆ ਦੇ ਵਸਨੀਕ, ਪਰਵਾਸੀ ਲੇਖਕ, ਗਿਆਨੀ
ਸੰਤੋਖ ਸਿੰਘ ਨੇ ਵੀ ਇਸ ਹਥਲੀ ਪੁਸਤਕ 'ਬਾਤਾਂ ਬੀਤੇ ਦੀਆਂ' ਵਿਚ ਅਤੀਤ ਦੀ ਗੋਦ ਦਾ ਲੁੱਤਫ਼ ਲੈਂਦਿਆਂ ਅਤੇ ਆਪਣੇ ਜੀਵਨ ਦੇ
ਇਤਿਹਾਸ ਨੂੰ ਫਰੋਲਦਿਆਂ, ਆਲ਼ੇ ਦੁਆਲ਼ੇ ਦੇ ਸਮਾਜਕ, ਧਾਰਮਿਕ, ਰਾਜਨੀਤਕ, ਸਭਿਆਚਾਰਕ ਤੇ ਵਿਰਾਸਤੀ ਇਤਿਹਾਸ ਅਤੇ ਦੇਸ਼
ਵਿਦੇਸ਼ ਦੇ ਲੋਕਾਂ ਦੇ ਆਪਸੀ ਵਰਤੋਂ ਵਿਹਾਰ ਨੂੰ ਪਾਠਕਾਂ ਦੇ ਰੂਬਰੂ ਕਰਨ ਦਾ ਸਫ਼ਲ ਯਤਨ ਕੀਤਾ ਹੈ।
ਗਿਆਨੀ ਸੰਤੋਖ ਸਿੰਘ ਨੇ ਆਪਣੀ ਰੌਚਕ ਤੇ ਠੇਠ ਭਾਸ਼ਾ ਵਾਲ਼ੇ ਸੱਤ ਕੁ ਦਰਜਨਾਂ ਦੇ ਭਾਵਪੂਰਤ ਲੇਖਾਂ ਰਾਹੀਂ ਵੱਖ ਵੱਖ ਵਿਸ਼ਿਆਂ
ਨੂੰ ਸਿਰਫ਼ ਛੋਹਿਆ ਹੀ ਨਹੀ ਸਗੋਂ ਹਰ ਵਿਸ਼ੇ ਦੀ ਪੂਰੀ ਚੀਰ ਫਾੜ ਕਰਕੇ, ਪਾਠਕਾਂ ਅੱਗੇ ਪੁਸਤਕ ਰੂਪੀ ਥਾਲ ਵਿਚ 'ਹਾਸਿਆਂ ਦੀ ਚਟਣੀ'
ਨਾਲ਼ ਪਰੋਸਿਆ ਹੈ ਤਾਂ ਕਿ ਜਾਣਕਾਰੀ ਦੇ ਨਾਲ਼ ਨਾਲ਼ ਪਾਠਕਾਂ ਦੇ ਫੇਫੜਿਆਂ ਦੀ ਗਰਮ ਹਵਾ ਵੀ ਖ਼ਾਰਜ ਹੁੰਦੀ ਰਹੇ।
ਅਣਜਾਣਪੁਣੇ ਦੀਆਂ ਗ਼ਲਤੀਆਂ, ਬੁਢੇਪੇ ਦਾ ਸਬਰ, ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਸਮੇ ਹੋਏ ਖੱਟੇ ਮਿੱਠੇ ਅਨੁਭਵਾਂ ਅਤੇ ਚੰਗੇ
ਕਿਰਦਾਰਾਂ ਨੂੰ, ਜਿਥੇ ਬੜੇ ਸੋਹਜ ਭਾਵ ਨਾਲ਼ ਪੇਸ਼ ਕੀਤਾ ਹੈ ਓਥੇ ਅਖੌਤੀ ਧਾਰਮਿਕ ਸੰਤਾਂ/ਨੇਤਾਵਾਂ ਦੇ ਦੋਹਰੇ ਜੀਵਨ ਤੇ ਲਾਉਣ ਬੁਝਾਉਣ ਦੀ
ਦੋਗਲੀ ਨੀਤੀ ਨੂੰ ਵੀ ਆੜੇ ਹੱਥੀਂ ਲਿਆ ਹੈ। ਬਹੁਤ ਸਾਰੇ ਨੇਤਾਵਾਂ ਦੇ ਪੋਤੜਿਆਂ ਦੇ ਵਾਕਫ਼ ਲੇਖਕ ਨੇ ਇਸ ਪੁਸਤਕ ਵਿਚਲੀਆਂ ਕੁਝ
ਲਿਖਤਾਂ ਰਾਹੀਂ ਉਹਨਾਂ ਦੇ ਪੋਤੜਿਆਂ ਵਿਚ ਇਸ ਵਿਧਾ ਨਾਲ਼ ਹੱਥ ਪਾਇਆ ਹੈ ਕਿ ਉਹ ਨੰਗੇ ਵੀ ਨਾ ਹੋਣ ਪਰ ਉਹਨਾਂ ਵਿਚਲੀਆਂ
ਵਿਹਾਰਕ ਬੁਰਾਈਆਂ ਭੁੱਜਦੇ ਫੁੱਲਿਆਂ ਵਾਂਗ ਤਪਦੀ ਕੜਾਹੀ 'ਚੋਂ ਬਾਹਰ ਜ਼ਰੂਰ ਹੀ ਭੁੜਕ ਆਉਣ।
ਇਸ ਗਿਆਨ ਸਾਗਰ ਵਿਚ ਤਾਰੀਆਂ ਲਾਉਂਦੇ ਸਮੇ ਪਾਠਕ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜਿਵੇਂ ਕਿਸੇ ਵਾਪਰੇ
ਬਿਰਤਾਂਤ ਦਾ ਉਹ ਖ਼ੁਦ ਪਾਤਰ ਹੁੰਦਾ ਹੋਇਆ, ਆਪਣੇ ਪਿੰਡੇ ਉਤੇ ਸਭ ਕੁਝ ਹੰਡਾ ਰਿਹਾ ਹੈ। ਬਹੁਤ ਸਾਰੀਆਂ ਘਟਨਾਵਾਂ/ਦੁਰਘਟਨਾਵਾਂ
ਪਾਠਕ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਵਾਪਰ ਰਹੀਆਂ ਪਰਤੀਤ ਹੁੰਦੀਆਂ ਹਨ।
ਆਸ ਹੈ ਕਿ 'ਬਾਤਾਂ ਬੀਤੇ ਦੀਆਂ' ਪੁਸਤਕ ਪਾਠਕਾਂ ਵਾਸਤੇ ਜਿਥੇ ਟੇਠ ਪੰਜਾਬੀ ਮਾਂ ਬੋਲੀ ਨਾਲ਼ ਜੁੜਨ ਵਿਚ ਸਹਾਇਕ ਹੋਵੇਗੀ
ਓਥੇ ਬਹੁਤ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਵਿਚ ਵੀ ਸਫ਼ਲ ਰਹੇਗੀ।
ਅਜਿਹੀ ਪੁਸਤਕ ਸਾਹਿਤ ਜਗਤ ਦੀ ਝੋਲ਼ੀ ਪਾਉਣ ਵਾਲ਼ੇ ਵਿਦਵਾਨ ਲੇਖਕ ਗਿਆਨੀ ਸੰਤੋਖ ਸਿੰਘ ਨੂੰ ਢੇਰ ਸਾਰੀਆਂ ਮੁਬਾਰਕਾਂ।
ਲਖਵਿੰਦਰ ਸਿੰਘ ਹਵੇਲੀਆਣਾ

ਸ. ਸ. ਮਾਸਟਰ
ਸਰਕਾਰੀ ਹਾਈ ਸਕੂਲ, ਚੀਮਾ ਬਾਠ, ਜ਼ਿਲਾ ਅੰਮ੍ਰਿਤਸਰ – ੧੪੩੧੧੨
ਮੋਬਾਇਲ: +੯੧ ੯੮੭੬੪੭੪੮੫੮
ਜੋ ਵੇਖਿਆ ਸੋ ਆਖਿਆ
ਨਿਬੰਧ ਸੰਗ੍ਰਹਿ

ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਅੰਕੁਰ ਪਰੈਸ, ਬਟਾਲਾ
'ਜੋ ਵੇਖਿਆ ਸੋ ਆਖਿਆ' ਗਿ. ਸੰਤੋਖ ਸਿੰਘ ਦੀ ਪੰਜਵੀਂ ਪੁਸਤਕ ਹੈ ਜਿਸ ਵਿਚ ਉਹਨਾਂ ਨੇ ਆਪਣੇ ਸੰਸਾਰ ਦੇ ਭ੍ਰਮਣ ਸਮੇ ਹੋਏ
ਖੱਟੇ ਮਿੱਠੇ ਤਜਰਬਿਆਂ ਭਰਪੂਰ ਲੇਖਾਂ ਦੇ ਨਾਲ਼ ਨਾਲ਼ ਕੁਝ ਸਭਿਆਚਾਰਕ ਅਤੇ ਭਾਸ਼ਾਈ ਲੇਖਾਂ ਨੂੰ ਵੀ ਸ਼ਾਮਲ ਕੀਤਾ ਹੈ।
ਇਸ ਵਿਚ ਕੁੱਲ ਵੀਹ ਲੇਖ ਹਨ। ਸਭਿਆਚਾਰਕ ਰੰਗ ਵਿਚ ਗੜੁੱਚ ਲੇਖ ਘੜਾ ਘੜਵੰਜੀ 'ਤੇ ਅਤੇ ਭੁੱਲ ਕੇ ਛੜੇ ਨੂੰ ਅੱਖ ਮਾਰੀ,
ਪੰਜਾਬੀ ਵਿਰਸੇ ਦੀ ਬਾਤ ਪਾਉਂਦੇ ਹਨ। 'ਘੜਾ ਘੜਵੰਜੀ 'ਤੇ' ਲੇਖ ਵਿਚ ਲੇਖਕ ਨੇ ਜਵਾਨ ਹੋ ਚੁੱਕੀ ਮੁਟਿਆਰ ਦੀ ਵੇਦਨਾ ਨੂੰ
ਵਿਅੰਗਆਤਮਿਕ ਲਹਿਜੇ ਵਿਚ ਪਰਗਟ ਕਰਨ ਦਾ ਸਾਰਥਕ ਯਤਨ ਕੀਤਾ ਹੈ। 'ਭੁੱਲ ਕੇ ਛੜੇ ਨੂੰ ਅੱਖ ਮਾਰੀ' ਦਾ ਵਿਸ਼ਾ ਬੇਸ਼ੱਕ ਛੜਿਆਂ
ਨਾਲ਼ ਸਬੰਧਤ ਹੈ ਪਰ ਇਸ ਵਿਚ ਪੇਸ਼ ਕੀਤੀਆਂ ਗਈਆਂ ਟਿਪਣੀਆਂ ਵਿਚ ਮਾਦਾ ਭਰੂਣ ਹੱਤਿਆ ਜਿਹੀ ਨਾਮੁਰਾਦ ਬਿਮਾਰੀ ਬਾਰੇ ਲੇਖਕ
ਨੇ ਡਾਢੀ ਚਿੰਤਾ ਪਰਗਟ ਕੀਤੀ ਹੈ। ਛੜਿਆਂ ਦੀ ਟੀਮ ਦੇ ਵਿਸਥਾਰ ਵਿਚ ਲੜਕੀਆਂ ਦੇ ਘੱਟ ਹੋਣ ਨੂੰ ਇਕ ਵੱਡਾ ਕਾਰਨ ਦੱਸਦਿਆਂ,
ਪੰਜਾਬੀਆਂ ਨੂੰ ਇਸ ਪਾਸੇ ਸੋਚਣ ਲਈ ਪ੍ਰੇਰਿਆ ਹੈ। ਸਭਿਆਚਾਰਕ ਪੱਖ ਤੋਂ ਪੇਸ਼ ਕੀਤਾ ਗਿਆ ਇਹ ਲੇਖ ਸਚਾਈ ਨੂੰ ਬਾਖ਼ੂਬੀ ਪੇਸ਼ ਕਰਦਾ
ਹੈ।
ਪੁਸਤਕ ਵਿਚਲੇ ਲੇਖਾਂ ਦਾ ਦੂਸਰਾ ਭਾਗ ਗਿਆਨੀ ਜੀ ਦੇ ਜੀਵਨ ਵਿਚ ਉਹਨਾਂ ਨੂੰ ਹੋਏ ਤਜੱਰਬਿਆਂ ਅਤੇ ਯਾਦਾਂ ਨਾਲ਼ ਓਤ ਪੋਤ
ਹੈ। ਇਹਨਾਂ ਯਾਦਾਂ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਨੇ ਆਪਣੇ ਆਪ ਨੂੰ ਵੀ ਨਹੀ ਬਖ਼ਸ਼ਿਆ। 'ਇਉਂ ਹੋਇਆ ਸਵਾਗਤ ਮੇਰੀਆਂ
ਲਿਖਤਾਂ ਦਾ' ਲੇਖ ਵਿਚ ਉਹਨਾਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਨਿਹਾਰਿਆ ਜਾ ਸਕਦਾ ਹੈ। ਗਿਆਨੀ ਹੋਰਾਂ ਦੀ ਸੱਚ ਕਹਿਣ ਦੀ
ਜੁਰਅਤ ਇਸ ਲੇਖ ਵਿਚੋਂ ਸਹਿਵਨ ਹੀ ਸਮਝ ਪੈ ਜਾਂਦੀ ਹੈ।
ਪੰਜਾਬੀ ਭਾਸ਼ਾ ਦੇ ਸੰਧਰਬ ਵਿਚ ਲਿਖੇ ਗਏ ਲੇਖਾਂ ਵਿਚ ਲੇਖਕ ਨੇ ਪੰਜਾਬੀਆਂ ਦਾ ਭਾਸ਼ਾਈ ਪਹੁੰਚ ਤੋਂ ਦੂਰ ਹੋਣ ਦਾ ਹਵਾਲਾ ਦਿਤਾ
ਹੈ ਅਤੇ ਗ਼ਲਤ ਉਚਾਰਨ ਅਤੇ ਗ਼ਲਤ ਲਿਖਣ ਦੀ ਸਮੱਸਿਆ ਨੂੰ ਵੱਡੀ ਸਮੱਸਿਆ ਹੋਣ ਦੀ ਗੱਲ ਕਹੀ ਹੈ। 'ਯਾਰ, ਜਾਰ, ਜ਼ਾਰ' ਲੇਖ ਵਿਚ
ਤਿੰਨਾਂ ਦੇ ਸਹੀ ਉਚਾਰਨ ਦੀ ਸਮਝ ਲਈ ਉਹਨਾਂ ਨੇ ਤਿੰਨਾਂ ਦੀ ਹੀ ਵਿਆਖਿਆ ਕਰਕੇ, ਅਰਥਾਂ ਦੀ ਸਹੀ ਸਮਝ ਨਾ ਹੋਣ ਕਾਰਨ ਹੋਰ ਰਹੀ
ਗ਼ਲਤੀ ਦਾ ਅਹਿਸਾਸ ਕਰਾਉਣ ਦਾ ਯਤਨ ਕੀਤਾ ਹੈ। 'ਅਧਕ ਵਿਚਾਰਾ ਕੀ ਕਰੇ?" ਲੇਖ ਰਾਹੀਂ ਪੰਜਾਬੀ ਲੇਖਕਾਂ ਵੱਲੋਂ ਇਸ ਨੂੰ ਜੋ ਵਿਚਾਰਾ
ਬਣਾ ਕੇ ਰੱਖ ਦਿਤਾ ਗਿਆ ਹੈ, ਉਸ ਬਾਰੇ ਵੀ ਵਿਸਥਾਰਤ ਚਾਨਣਾ ਪਾਇਆ ਗਿਆ ਹੈ।
ਇਸ ਦੇ ਨਾਲ਼ ਹੀ ਹਥਲੀ ਪੁਸਤਕ ਵਿਚ ਪੰਜਾਬੀ ਸ਼ਬਦ ਜੋੜਾਂ ਵਿਚਲੇ ਵਖਰੇਵੇਂ ਦਾ ਹਵਾਲਾ ਦਿੰਦਿਆਂ ਪੰਜਾਬੀ ਸ਼ਬਦ ਜੋੜਾਂ ਦੀ
ਸਰਲਤਾ ਅਤੇ ਸਮਾਨਤਾ ਦੀ ਲੋੜ ਮਹਿਸੂਸ ਕੀਤੀ ਗਈ ਹੈ। ਏਸੇ ਤਰ੍ਹਾਂ ਹੀ ਜ ਦੇ ਪੈਰ ਬਿੰਦੀ ਦੀ ਦੁਰਵਰਤੋਂ ਵੀ ਵਿਚਾਰ ਅਧੀਨ ਹੈ। ਇਹ
ਵੀ ਕਿਤਾਬ ਦੇ ਇਕ ਲੇਖ ਦਾ ਵਿਸ਼ਾ ਰਿਹਾ ਹੈ। ਪੁਸਤਕ ਦੇ ਬਹੁਤੇ ਲੇਖਾਂ ਵਿਚੋਂ ਧਾਰਮਿਕ ਰੰਗਤ ਸਾਫ਼ ਝਲਕਦੀ ਹੈ, ਜਿਸ ਦਾ ਕਾਰਨ
ਸ਼ਾਇਦ ਇਹ ਹੋ ਸਕਦਾ ਹੈ ਕਿ ਲੇਖਕ ਆਪਣੇ ਜੀਵਨ ਦਾ ਬਹੁਤਾ ਸਮਾ ਧਾਰਮਿਕ ਮਾਹੌਲ ਵਿਚ ਵਿਚਰਿਆ ਹੈ। ਇਸ ਦਾ ਹਵਾਲਾ
ਪੁਸਤਕ ਵਿਚਲੇ ਲੇਖਾਂ ਵਿਚੋਂ ਸਹਿਵਨ ਹੀ ਮਿਲ਼ ਜਾਂਦਾ ਹੈ।
ਹਰਭਜਨ ਸਿੰਘ ਵਕਤਾ
੯੮੧੪੮ ੯੮੫੧੦
ਬਾਤਾਂ ਬੀਤਾਂ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਗਿਆਨੀ ਸੰਤੋਖ ਸਿੰਘ ਹੋਰਾਂ ਕੋਲ਼ ਜ਼ਿੰਦਗੀ ਦਾ ਚੋਖਾ ਤਜਰਬਾ ਵੀ ਹੈ ਅਤੇ ਲਿਖਤ ਨੂੰ ਰੌਚਕ ਬਣਾਉਣ ਦਾ ਹੁਨਰ ਵੀ। ਜ਼ਿੰਦਗੀ
ਦਾ ਲੰਮਾ ਸਫ਼ਰ ਤਹਿ ਕੀਤਾ ਹੋਣ ਕਰਕੇ ਉਹ ਉਸ ਸਮੇ ਦੇ ਗਵਾਹ ਹਨ, ਜਦੋਂ ਜ਼ਿੰਦਗੀ ਅੱਜ ਵਾਂਗ ਮਸ਼ੀਨੀ ਨਹੀ ਸੀ ਹੋਈ, ਬੰਦਾ ਬੰਦੇ ਦੇ
ਕੰਮ ਆਉਂਦਾ ਸੀ ਅਤੇ ਭਾਈਚਾਰਕ ਤੰਦ ਮਜਬੂਤ ਹੁੰਦੀ ਸੀ। ਭਾਵੇਂ ਉਹ ਅੱਜ ਵਾਲ਼ੇ ਦੌਰ ਵਿਚ ਵੀ ਵਿਚਰ ਰਹੇ ਹਨ ਪਰ ਅਤੀਤ ਦੀਆਂ
ਯਾਦਾਂ ਉਹਨਾਂ ਨੂੰ ਝੁਰਮਟ ਪਾਈ ਰਖਦੀਆਂ ਹਨ। ਇਸ ਤੋਂ ਪਹਿਲਾਂ ਗਿਆਨੀ ਸੰਤੋਖ ਸਿੰਘ ਜੀ, ਸਚੇ ਦਾ ਸਚਾ ਢੋਆ (ਚਾਰ ਐਡੀਸ਼ਨਾਂ
ਵਿਚ), ਉਜਲ ਕੈਹਾਂ ਚਿਲਕਣਾ, ਯਾਦਾਂ ਭਰੀ ਚੰਗੇਰ ਅਤੇ ਇਸ ਤੋਂ ਪਿਛੋ 'ਜੋ ਵੇਖਿਆ ਸੋ ਆਖਿਆ' ਪਾਠਕਾਂ ਦੀ ਪਹੁੰਚ ਤੱਕ ਅੱਪੜਦੀਆਂ
ਕਰ ਚੁੱਕੇ ਹਨ।
ਪੁਸਤਕ ਵਿਚਲੀ ਸ਼ੈਲੀ ਰੌਚਕ ਤੇ ਕੁਦਰਤੀ ਰੂਪ ਵਾਲ਼ੀ ਹੈ ਅਤੇ ਚਲੰਤ ਮਾਮਲਿਆਂ ਤੋਂ ਲੈ ਕੇ ਯਾਤਰਾਵਾਂ, ਧਰਮ, ਰਾਜਨੀਤੀ,
ਪੱਤਰਕਾਰੀ, ਕਿਸਾਨੀ ਅਤੇ ਪੇਂਡੂ ਜੀਵਨ ਨੂੰ ਏਨੇ ਸਰਲ ਢੰਗ ਨਾਲ਼ ਬਿਆਨ ਕਰਦੀ ਹੈ ਕਿ ਪਾਠਕ ਗਿਆਨੀ ਸੰਤੋਖ ਸਿੰਘ ਦੇ ਨਾਲ਼ ਤੁਰਨ
ਲੱਗਦਾ ਹੈ। ਪੁਸਤਕ ਵਿਚ ਜਿਥੇ ਗਿਆਨੀ ਜੀ ਨੇ ਆਪਣੇ ਬਚਪਨ, ਸ਼੍ਰੋਮਣੀ ਕਮੇਟੀ ਦੀ ਸੇਵਾ, ਖੇਤੀਬਾੜੀ ਅਤੇ ਵਿਦੇਸ਼ ਯਾਤਰਾਵਾਂ ਦੀਆਂ
ਯਾਦਾਂ ਸਾਂਝੀਆਂ ਕੀਤੀਆਂ ਹਨ, ਓਥੇ ਇਸ ਪੁਸਤਕ ਵਿਚ ਕੁਝ ਅਭੁੱਲ ਤਸਵੀਰਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਪੁਸਤਕ ਵਿਚਲੇ ਲੇਖ
ਭਾਵੇਂ ਛੋਟੇ ਹਨ ਪਰ ਇਹਨਾਂ ਦਾ ਮਹੱਤਵ ਬਹੁਤ ਜ਼ਿਆਦਾ ਹੈ।
ਵੱਖਰੀ ਗੱਲ ਇਹ ਹੈ ਕਿ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ਼ ਜੁੜੀਆਂ ਇਹ ਯਾਦਾਂ ਪਾਠਕਾਂ ਨਾਲ਼ ਸਾਂਝੀਆਂ ਕਰਨ ਲਈ
ਗਿਆਨੀ ਜੀ ਨੇ ਕਿਸੇ ਕੰਪਿਊਟਰ ਜਾਂ ਡਾਇਰੀ ਦਾ ਸਹਾਰਾ ਨਹੀਂ ਲਿਆ, ਸਗੋਂ ਇਹ ਸਭ ਉਹਨਾਂ ਦੇ ਚੇਤੇ ਦੀ ਸਲੇਟ ਤੇ ਉਂਜ ਹੀ
ਉਕਰੀਆਂ ਪਈਆਂ ਹਨ। ਉਹ ਕਹਿੰਦੇ ਨੇ, "ਹੋ ਸਕਦੈ ਕੋਈ ਤਰੀਕ ਜਾਂ ਸਾਲ ਏਧਰ ਓਧਰ ਹੋ ਗਿਆ ਹੋਵੇ ਪਰ ਘਟਨਾਵਾਂ ਨਾਲ਼ ਜੁੜੀ
ਸਾਂਝ ਜਿਉਂ ਦੀ ਤਿਉਂ ਹੈ।"
ਸਵਰਨ ਸਿੰਘ ਟਹਿਣਾ
੯੮੧੪੧ ੭੮੮੮੩
'ਬਾਤਾਂ ਬੀਤੇ ਦੀਆਂ' ਨਿਊ ਜ਼ੀਲੈਂਡ ਦੇ ਪਾਠਕਾਂ ਨੂੰ ਸਮੱਰਪਣ।
ਗਿਆਨੀ ਜੀ, ਗੁਰਦੁਆਰਾ ਸਾਹਿਬ ਹੈਮਿਲਟਨ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਤੇ, ਗੁਰੂ ਜੀ ਦੇ ਪਰਉਪਕਾਰਾਂ ਦੀ ਵਿਥਿਆ ਸੰਗਤਾਂ ਨਾਲ਼ ਸਾਂਝੀ
ਕਰਦੇ ਹੋਏ।
ਬੀਤੇ ਦਿਨੀਂ ਆਸਟ੍ਰੇਲੀਆ ਨਿਵਾਸੀ ਪੰਥਕ ਵਿਦਵਾਨ, ਗਿਆਨੀ ਸੰਤੋਖ ਸਿੰਘ ਜੀ, ਆਪਣੀਆਂ ਯਾਦਾਂ ਤੇ ਆਧਾਰਤ, ਤਕਰੀਬਨ
ਸਾਢੇ ਚਾਰ ਸੌ ਪੰਨਿਆਂ ਦੀ ਵਡੇਰੀ ਕਿਤਾਬ 'ਬਾਤਾਂ ਬੀਤੇ ਦੀਆਂ' ਅਤੇ ਆਪਣੀ ਧਾਰਮਿਕ ਲੇਖਾਂ ਦੀ ਪਹਿਲੀ ਕਿਤਾਬ 'ਸਚੇ ਦਾ ਸਚਾ ਢੋਆ'
ਦੀ ਤੀਜੀ ਐਡੀਸ਼ਨ ਨੂੰ, ਨਿਊ ਜ਼ੀਲੈਂਡ ਦੇ ਵਸਨੀਕ ਪਾਠਕਾਂ ਦੇ ਸਮੱਰਪਣ ਕਰਨ ਵਾਸਤੇ, ਕੁਝ ਦਿਨਾਂ ਦੀ ਯਾਤਰਾ ਤੇ ਆਏ।
ਇਸ ਯਾਤਰਾ ਦੌਰਾਨ ਉਹ ਵੱਖ ਵੱਖ ਸ਼ਹਿਰਾਂ ਦੇ ਵਿਦਵਾਨਾਂ, ਨਵੀ ਪੀਹੜੀ ਦੇ ਕਲਾਕਾਰਾਂ, ਲੇਖਕਾਂ, ਪੱਤਰਕਾਰਾਂ, ਮੀਡੀਆ
ਕਰਮੀਆਂ ਨੂੰ ਵੀ ਮਿਲ਼ੇ। ਰੇਡੀਓ ਸਪਾਈਸ ਅਤੇ ਰੇਡੀਓ ਤਰਾਨਾ ਰਾਹੀਂ ਵੀ ਉਹਨਾਂ ਨੇ ਸਰੋਤਿਆਂ ਨਾਲ਼ ਖੁਲ੍ਹੀਆਂ ਵਿਚਾਰਾਂ
ਕੀਤੀਆਂ। ਖ਼ੂਬਸੂਰਤ ਮੁਲਕ ਨਿਊ ਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚ ਸ਼ਾਨ ਅਤੇ ਸੁਖ ਸਹਿਤ ਵੱਸ ਰਹੇ ਪੰਜਾਬੀ ਸਮਾਜ ਦੇ ਕਿਰਤੀ
ਸੱਜਣਾਂ ਨਾਲ਼ ਮੇਲ਼ ਮਿਲ਼ਾਪ ਕਰਕੇ ਗਿਆਨੀ ਜੀ ਨੇ ਜਿਥੇ ਉਹਨਾਂ ਦੀ ਸਿਆਣੀ ਸੰਗਤ ਦਾ ਅਨੰਦ ਮਾਣਿਆ ਓਥੇ ਪੰਜਾਬੀ ਪਾਠਕਾਂ ਨੂੰ ਮਿਲ਼
ਕੇ ਆਪਣੀ ਕਿਤਾਬ ਦੀਆਂ ਕਾਪੀਆਂ ਵੀ ਭੇਟਾ ਕੀਤੀਆਂ। ਇਸ ਯਾਤਰਾ ਦੌਰਾਨ ਔਕਲੈਂਡ, ਹੈਮਿਲਟਨ, ਟੌਰਾਂਗਾ, ਟੀ ਪੁਕੀ, ਹੇਸਟਿੰਗ
ਆਦਿ ਸ਼ਹਿਰਾਂ ਵਿਖੇ ਸੁਸ਼ੋਭਤ, ਗੁਰਦੁਆਰਾ ਸਾਹਿਬਾਨ ਵਿਖੇ ਧਾਰਮਿਕ ਦੀਵਾਨਾਂ ਵਿਚ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਅਤੇ ਗੁਰਦੁਆਰਾ
ਸਾਹਿਬਾਨ ਦੀਆਂ ਲਾਇਬ੍ਰੇਰੀਆਂ ਨੂੰ ਕਿਤਾਬਾਂ ਵੀ ਭੇਟਾ ਕੀਤੀਆਂ।
ਗਿਆਨੀ ਜੀ ਨੇ ਸੰਗਤਾਂ ਨਾਲ਼ ਗੁਰਮਤਿ ਤੇ ਸਿੱਖ ਇਤਿਹਾਸ ਦੀ ਸਾਂਝ ਪਾਉਂਦਿਆਂ ਹੋਇਆਂ ਆਪਣੇ ਸਾਹਿਤਕ ਪਿਛੋਕੜ ਅਤੇ
ਇਹਨਾਂ ਕਿਤਾਬਾਂ ਦੇ ਹੋਂਦ ਵਿਚ ਆਉਣ ਦੀ ਪਿੱਠ ਭੂਮੀ ਬਾਰੇ ਵੀ ਦਿਲਚਸਪ ਜਾਣਕਾਰੀ ਦਿਤੀ।
ਵੱਖ ਵੱਖ ਗੁਰਦੁਆਰਾ ਸਾਹਿਬਾਨ ਵੱਲੋਂ ਗਿਆਨੀ ਜੀ ਨੂੰ ਸਿਰੋਪੇ ਬਖ਼ਸ਼ ਕੇ ਸਤਿਕਾਰਿਆ ਗਿਆ।
ਗਿਆਨੀ ਜੀ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਸੰਤੋਖ ਸਿੰਘ ਵਿਰਕ ਜੀ ਨੂੰ ਲਾਇਬ੍ਰੇਰੀ ਲਈ ਕਿਤਾਬ ਭੇਟ ਕਰਦੇ ਹੋਏ।
ਗਿਆਨੀ ਜੀ, ਗੁਰਦੁਆਰਾ ਸਾਹਿਬ ਹੈਮਿਲਟਨ ਦੇ ਰਾਗੀ ਜਥੇ ਨਾਲ਼। ਫ਼ੋਟੋ:ਪਰਤਾਪ ਸਿੰਘ ਢਿ
ਰੀਲੀਜ਼ ਸਮਾਰੋਹ
'ਬਾਤਾਂ ਬੀਤੇ ਦੀਆਂ'
ਗਿਆਨੀ ਸੰਤੋਖ ਸਿੰਘ ਜੀ ਦੀ ਪੁਸਤਕ 'ਬਾਤਾਂ ਬੀਤੇ ਦੀਆਂ' ਰੀਲੀਜ਼ ਕਰਦੇ ਹੋਏ, ਸੰਤ ਬਲਬੀਰ ਸਿੰਘ ਜੀ ਸੀਂਚੇ ਵਾਲ਼। ਨਾਲ਼ ਖਲੋਤੇ ਹਨ: ਪ੍ਰਿੰ.
ਕੁਲਵਿੰਦਰ ਸਿੰਘ ਸਰਾਇ, ਜਤਿੰਦਰ ਪੰਨੂੰ, ਪ੍ਰਿੰ. ਸਵਰਨ ਸਿੰਘ ਵਿਰਕ, ਲਖਵਿੰਦਰ ਸਿੰਘ ਮਾਨ, ਹਰਭਜਨ ਸਿੰਘ ਹੁੰਦਲ, ਡਾ ਚਰਨਜੀਤ ਸਿੰਘ ਦਿੱਲੀ।
ਲਾਂਬੜਾ (ਲ. ਸ. ਮਾਨ)
ਪੰਜਾਬੀ ਸਭਿਆਚਾਰ ਦੀ ਸਰਬਪੱਖੀ ਉਨਤੀ ਲਈ ਯਤਨਸ਼ੀਲ, ਪੰਜਾਬੀ ਸੱਥ ਲਾਂਬੜਾ ਵੱਲੋਂ, ਆਸਟ੍ਰੇਲੀਆ ਵਾਸੀ, ਪਰਵਾਸੀ
ਲੇਖਕ ਗਿਆਨੀ ਸੰਤੋਖ ਸਿੰਘ ਜੀ ਦੀ ਪੁਸਤਕ, 'ਬਾਤਾਂ ਬੀਤੇ ਦੀਆਂ' ਸੰਤ ਬਾਬਾ ਬਲਬੀਰ ਸਿੰਘ ਸੀਂਚੇ ਵਾਲ ਜੀ ਦੇ, ਪਵਿਤਰ ਹਥਾਂ
ਦੁਆਰਾ ਰੀਲ਼ੀਜ਼ ਕਰਵਾਈ ਗਈ।
ਸੱਥ ਵੱਲੋਂ ਆਪਣੀ ਵੀਹਵੀਂ ਪਰ੍ਹਿਆ ਦੇ ਸਮਾਗਮ ਵਿਚ ਜਿਥੇ ਕੁਝ ਹੋਰ ਸਮਾਜ ਸੇਵੀ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ
ਓਥੇ ਗਿਆਨੀ ਜੀ ਦੀ ਕਿਤਾਬ 'ਬਾਤਾਂ ਬੀਤੇ ਦੀਆਂ' ਨੂੰ ਵੀ ਪਾਠਕਾਂ ਨੂੰ ਸਮੱਰਪਤ ਕੀਤਾ ਗਿਆ। ਉਸ ਸਮੇ ਸਟੇਜ ਉਪਰ ਸਤਿਕਾਰਤ
ਮਹਾਨ ਸ਼ਖ਼ਸੀਅਤਾਂ ਵੱਲੋਂ ਗਿਆਨੀ ਜੀ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਸੰਸਾਰ ਵਿਚ ਵੱਸ ਰਿਹਾ ਪੰਜਾਬੀ ਭਾਈਚਾਰਾ ਗਿਆਨੀ ਜੀ ਦੀ ਵਿਦਵਤਾ, ਜੋ ਕਿ ਉਹਨਾਂ ਦੇ ਭਾਸ਼ਨਾਂ ਅਤੇ ਲਿਖਤ ਦੁਆਰਾ
ਪਰਗਟ ਹੁੰਦੀ ਹੈ, ਤੋਂ ਜਾਣੂ ਹੈ। ਆਪ ਜੀ ਪਹਿਲਾਂ ਪੰਜਾਬ ਵਿਚ ਤੇ ਫਿਰ ਪਿਛਲੇ ੩੮ ਸਾਲਾਂ ਤੋਂ ਪਰਦੇਸਾਂ ਵਿਚ ਭਰਮਣ ਕਰਕੇ, ਪੰਜਾਬੀ
ਭਾਈਚਾਰੇ ਵਿਚ ਵਿਚਰਦੇ ਆ ਰਹੇ ਹਨ। ੩੨ ਸਾਲਾਂ ਤੋਂ ਪਰਵਾਰ ਸਮੇਤ ਪੱਕਾ ਟਿਕਾਣਾ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਹੈ ਪਰ
ਸੰਸਾਰ ਦੀਆਂ ਯਾਤਰਾਵਾਂ ਦਾ ਸਿਲਸਿਲਾ ਲਗਾਤਾਰ ਅਜੇ ਵੀ ਜਾਰੀ ਹੈ।
ਗਿਆਨੀ ਜੀ ਦੀ ਸਭ ਤੋਂ ਸਭ ਪਹਿਲੀ ਪੁਸਤਕ 'ਸਚੇ ਦਾ ਸਚਾ ਢੋਆ' ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਦਾ ਵਰਨਣ
ਕਰਦੀ ਹੈ। ਪਾਠਕਾਂ ਨੇ ਇਸ ਨੂੰ ਏਨਾ ਪਸੰਦ ਕੀਤਾ ਕਿ ਥੋਹੜੇ ਹੀ ਸਮੇ ਵਿਚ ਇਸ ਦੇ ਚਾਰ ਐਡੀਸ਼ਨ ਛਪ ਕੇ ਪਾਠਕਾਂ ਦੇ ਹੱਥਾਂ ਵਿਚ
ਪਹੁੰਚ ਚੁੱਕੇ ਹਨ। ਦੂਜੀਆਂ ਦੋਹਾਂ ਕਿਤਾਬਾਂ ਵਿਚ ਗਿਆਨੀ ਜੀ ਦੀਆਂ ਯਾਤਰਾਵਾਂ ਦਾ ਵਰਨਣ ਹੈ ਤੇ ਇਸ ਚੌਥੀ ਕਿਤਾਬ ਵਿਚ, ੧੯੪੭ ਤੋਂ
ਲੈ ਕੇ ਹੁਣ ਤੱਕ, ਆਪਣੀਆਂ ਅੱਖਾਂ ਸਾਹਮਣੇ ਵਾਪਰ ਰਹੀਆਂ ਘਟਨਾਵਾਂ, ਜੋ ਕਿ ਪੰਥ, ਪੰਜਾਬ, ਸਿੱਖੀ, ਅਕਾਲੀ ਇਤਿਹਾਸ ਦਾ, ਪ੍ਰਤੱਖ,
ਵਾਪਰਦਾ ਤੇ ਅੱਖੀਂ ਵੇਖਿਆ ਬਿਆਨ ਹੈ। ਪੰਜਾਬੀ ਪਾਠਕਾਂ ਵਾਸਤੇ ਇਹ ਇਕ ਹਵਾਲਾ ਪੁਸਤਕ ਵਜੋਂ ਪਰਗਟ ਹੋਈ ਹੈ। ਇਤਿਹਾਸ,
ਧਰਮ, ਰਾਜਨੀਤੀ, ਸਾਹਿਤ, ਪੱਤਰਕਾਰੀ, ਯਾਤਰਾ ਵਿਚ ਦਿਲਚਸਪੀ ਰੱਖਣ ਵਾਲ਼ੇ ਪਾਠਕਾਂ ਵਾਸਤੇ ਤਾਂ ਇਹ ਇਕ ਗਾਈਡ ਸਮਾਨ ਹੈ।
ਗਿਆਨੀ ਜੀ ਦਾ ਇਹ ਵੱਡਪਣ ਹੀ ਹੈ ਕਿ ਏਨੇ ਚਿਰ ਤੋਂ ਵਿਦੇਸ਼ ਵਿਚ ਵੱਸੇ ਹੋਣ ਦੇ ਜਾਵਜੂਦ ਆਪਣੀ ਜ਼ਮੀਨ, ਆਪਣੀ ਮਾਂ
ਬੋਲੀ ਨੂੰ ਭੁੱਲੇ ਨਹੀ ਸਗੋਂ ਇਸ ਵਿਚ ਹੋਰ ਨਿਖਾਰ ਲਿਆਉਣ ਲਈ ਆਪਣੀ ਕਲਮ ਨੂੰ ਨਿਰੰਤਰ ਵਰਤ ਰਹੇ ਹਨ; ਭਾਵੇਂ ਕਿ ਇਹਨਾਂ ਨੇ
ਲਿਖਣ ਦਾ ਕਾਰਜ ਪਿਛਲੀ ਉਮਰ ਵਿਚ ਹੀ ਸ਼ੁਰੂ ਕੀਤਾ ਹੈ। ਯਾਦ ਰਹੇ ਕਿ ਗਿਆਨੀ ਜੀ ਦੀ ਪਹਿਲੀ ਪੁਸਤਕ 'ਸਚੇ ਦਾ ਸਚਾ ਢੋਆ'
ਨਵੰਬਰ, ੨੦੦੬ ਵਿਚ ਪ੍ਰਕਾਸ਼ਤ ਹੋ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚੀ ਸੀ ਜਿਸ ਦੀਆਂ ਚਾਰ ਐਡੀਸ਼ਨਾਂ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਜਾ
ਚੁੱਕੀਆਂ ਹਨ।
ਸਾਹਿਤਕਾਰਾਂ, ਬੁਧੀਜੀਵੀਆਂ, ਧਾਰਮਿਕ ਹਸਤੀਆਂ, ਸਮਾਜ ਸੇਵਕਾਂ, ਵਿੱਦਵਾਨਾਂ, ਵਿੱਦਿਆ ਦੇ ਦਾਨੀਆਂ, ਵਿੱਦਿਅਕ ਅਦਾਰਿਆਂ
ਦੇ ਪ੍ਰਬੰਧਕਾਂ ਆਦਿ ਨੇ, ਜੋ ਦੇਸ ਅਤੇ ਵਿਦੇਸ਼ਾਂ ਤੋਂ ਆਏ ਹੋਏ ਸਨ, ਇਸ ਸਮਾਗਮ ਦੀ ਗਹਿਮਾ ਗਹਿਮੀ ਵਿਚ ਭਰਪੂਰ ਹਿੱਸਾ ਪਾ ਕੇ, ਇਸ
ਨੂੰ ਇਕ ਯਾਦਗਾਰੀ ਸਮਾਗਮ ਬਣਾ ਦਿਤਾ।
ਪੰਜਾਬੀ ਭਵਨ ਲੁਧਿਆਣਾ ਵਿਚ
ਗਿ. ਸੰਤੋਖ ਸਿੰਘ ਜੀ ਦੀਆਂ ਦੋ ਪੁਸਤਕਾਂ ਦਾ ਪਾਠਕ ਸਮੱਰਪਣ ਸਮਾਰੋਹ
ਡਾ. ਗੁਰਮੁਖ ਸਿੰਘ ਪਟਿਆਲਾ, ਗਿਆਨੀ ਸੰਤੋਖ ਸਿੰਘ, ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਹੋਰ
ਲੁਧਿਆਣਾ (ਡਾ. ਗੁਮਟਾਲਾ)
ਆਸਟ੍ਰੇਲੀਆ ਨਿਵਾਸੀ ਪਰਵਾਸੀ ਪੰਜਾਬੀ ਲੇਖਕ ਗਿ. ਸੰਤੋਖ ਸਿੰਘ ਜੀ ਦੀ ਪਹਿਲੀ ਕਿਤਾਬ 'ਸਚੇ ਦਾ ਸਚਾ ਢੋਆ' ਦੀ ਚੌਥੀ
ਐਡੀਸ਼ਨ ਅਤੇ ਪੰਜਵੀਂ ਕਿਤਾਬ 'ਜੋ ਵੇਖਿਆ ਸੋ ਆਖਿਆ', ਇਸ ਸਮਾਰੋਹ ਵਿਚ, ਸੋਸਾਇਟੀ ਦੇ ਵਿਦਵਾਨਾਂ ਵੱਲੋਂ, ਪਾਠਕਾਂ ਦੇ ਸਮੱਰਪਣ
ਕੀਤੀਆਂ ਗਈਆਂ।
ਇਸ ਸਮੇ ਹਾਜਰ ਵਿਦਵਾਨਾਂ ਨੂੰ ਗਿਆਨੀ ਜੀ ਵੱਲੋਂ ਆਪਣੀਆਂ ਪੁਸਤਕਾਂ ਭੇਟਾ ਕਰਨ ਦਾ ਮਾਣ ਹਾਸਲ ਕੀਤਾ ਗਿਆ। ਨਾਲ਼ ਹੀ
ਪੰਜਾਬੀ ਭਵਨ ਦੇ ਲਾਇਬ੍ਰੇਰੀਅਨ, ਡਾ. ਧਰਮ ਸਿੰਘ ਬਜਾਜ ਨੂੰ ਵੀ ਲਾਇਬ੍ਰੇਰੀ ਵਾਸਤੇ ਕਿਤਾਬਾਂ ਭੇਟ ਕੀਤੀਆਂ। ਇਸ ਸਮੇ ਵੱਖ ਵੱਖ
ਸ਼ਹਿਰਾਂ ਤੋਂ ਆਏ ਪੰਜਾਬੀ ਲੇਖਕਾਂ ਨੇ ਗਿਆਨੀ ਜੀ ਦੇ ੩੮ ਸਾਲ ਪਰਦੇਸਾਂ ਵਿਚ ਰਹਿਣ ਦੇ ਬਾਵਜੂਦ ਵੀ, ਆਪਣੀ ਮਿੱਟੀ ਨਾਲ਼ ਮੋਹ,
ਪੰਜਾਬੀ ਸਾਹਿਤਕ ਸੰਸਾਰ ਨਾਲ਼ ਸੰਪਰਕ ਰੱਖਣ ਅਤੇ ਦੁਨੀਆ ਦੇ ਵੱਖ ਵੱਖ ਦੇਸਾਂ ਵਿਚ ਵਿਚਰ ਕੇ, ਪੰਜਾਬੀ ਭਾਈਚਾਰੇ ਨਾਲ਼ ਬੋਲੀ, ਲਿੱਪੀ,
ਸਭਿਆਚਾਰ, ਧਰਮ, ਇਤਿਹਾਸ, ਦੀ ਸਾਂਝ ਨੂੰ ਕਾਇਮ ਰੱਖਣ ਦੇ ਉਦਮ ਦੀ ਭਰਪੂਰ ਸ਼ਲਾਘਾ ਕੀਤੀ।
ਸ੍ਰੀ ਮਤੀ ਦਰਸ਼ਨ ਕੌਰ ਤੇ ਸ੍ਰੀ ਮਤੀ ਸੁਖਚਰਨਜੀਤ ਕੌਰ ਗਿੱਲ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਨਾਲ ਕਾਵਿ ਮਹਿਫ਼ਲ ਸਜਾਈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਬਿਕਰਮ ਸਿੰਘ ਘੁੰਮਣ, ਜੋਧ ਸਿੰਘ ਚਾਹਲ, ਡਾ. ਚਰਨਜੀਤ ਸਿੰਘ ਗੁਮਟਾਲਾ, ਡਾ.
ਸੁਰਿੰਦਰਪਾਲ ਸਿੰਘ ਮੰਡ, ਸੁਖਚਰਨਜੀਤ ਕੌਰ ਗਿੱਲ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਜਸਵੰਤ ਸਿੰਘ, ਗੁਲਜਾਰ ਸਿੰਘ ਕੰਗ, ਪ੍ਰਿੰ.
ਅੰਮ੍ਰਿਤ ਲਾਲ ਮੰਨਣ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਜਗੀਰ ਸਿੰਘ ਨੂਰ, ਡਾ. ਇਕਬਾਲ ਕੌਰ ਸੌਂਦ,
ਡਾ. ਸੁਹਿੰਦਰਬੀਰ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ ਜੱਸ, ਡਾ. ਬ੍ਰਿਜਪਾਲ ਸਿੰਘ, ਡਾ. ਸੁਜਾਨ ਸਿੰਘ, ਸ੍ਰੀਮਤੀ ਜਸਬੀਰ ਕੌਰ, ਪ੍ਰੋਫੈਸਰ
ਮੋਹਨ ਸਿੰਘ, ਸ੍ਰ. ਅਵਤਾਰ ਸਿੰਘ ਕੈਨੇਡਾ, ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਵਿਜੇ ਕੁਮਾਰ ਅਸ਼ਕ, ਡਾ. ਬਾਬੂ ਰਾਮ
ਦੀਵਾਨਾ, ਇੰਜ. ਜੀ.ਐਸ. ਸੇਖੋਂ, ਡਾ. ਜਸਪਾਲ ਸਿੰਘ, ਅਜੀਤ ਕੌਰ, ਮੁਖਤਿਆਰ ਸਿੰਘ, ਡਾ. ਗੁਰਮੁਖ ਸਿੰਘ, ਡਾ. ਜਸਵੰਤ ਸਿੰਘ ਆਦਿ
ਹਾਜਰ ਸਨ।
ਉਜਲ ਕੈਹਾਂ ਚਿਲਕਣਾ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਸਿੰਘ ਬਰਦਰਜ਼
ਆਸਟ੍ਰੇਲੀਆ ਨਿਵਾਸੀ ਗਿਆਨੀ ਸੰਤੋਖ ਸਿੰਘ ਦੀ ਇਹ ਦੂਜੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ 'ਸਚੇ ਦਾ ਸਚਾ ਢੋਆ' ਨਾਮੀ
ਇਕ ਪੁਸਤਕ ਪੰਜਾਬੀ ਸਾਹਿਤ ਦੀ ਝੋਲ਼ੀ ਵਿਚ ਪਾ ਕੇ, ਪੰਜਾਬੀ ਸਾਹਿਤਕ ਸੰਸਾਰ ਵਿਚ ਨਾਮਣਾ ਘੱਟ ਚੁੱਕੇ ਹਨ। ਇਹ ਹੱਥਲੀ ਪੁਸਤਕ
'ਉਜਲ ਕੈਹਾਂ ਚਿਲਕਣਾ' ਬੇਸ਼ੱਕ ਗਿਆਨੀ ਜੀ ਦੀ ਸਵੈ ਜੀਵਨੀ ਹੈ ਪਰ ਇਹ ਪੁਸਤਕ ਪੜ੍ਹਨ/ਵਿਚਾਰਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ
ਇਹ ਕੇਵਲ ਸਵੈ ਜੀਵਨੀ ਹੀ ਨਹੀ ਸਗੋਂ ਇਕ ਇਤਿਹਾਸਕ ਦਸਤਾਵੇਜ਼ ਵੀ ਪਰਤੀਤ ਹੁੰਦੀ ਹੈ। ਆਪਣੇ ਘੁਮੱਕੜ ਸੁਭਾ ਦੇ ਮਾਲਕ ਹੋਣ
ਕਰਕੇ, ਗਿਆਨੀ ਜੀ ਨੇ ਦੁਨੀਆ ਦਾ ਬਹੁਤਾ ਹਿੱਸਾ ਗਾਹ ਮਾਰਿਆ ਹੈ। ਸੋ ਇਸ ਪੁਸਤਕ ਵਿਚ ਜਿਥੇ ਘੁਮੱਕੜ ਜੀਵਨ ਦੇ ਖੱਟੇ ਮਿੱਠੇ
ਅਨੁਭਵ ਹਨ ਓਥੇ ਭਾਰਤ ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਦਾ-ਪੇਚ, ਚਾਲਬਾਜ਼ੀਆਂ ਤੇ ਸਾਰਥਕ ਗੂੜ੍ਹ ਗਿਆਨ ਵੀ ਇਸ ਪੁਸਤਕ ਦਾ
ਇਕ ਵੱਡਾ ਹਿੱਸਾ ਹੈ।
ਇਮਾਨਦਾਰੀ ਦੀ ਸੀਮਾ ਮਨੁਖ ਦੀ ਬੇਵਸੀ ਤੱਕ ਹੀ ਸੀਮਤ ਹੁੰਦੀ ਹੈ। ਵੱਸ ਚੱਲ ਜਾਣ ਤੇ ਵਧੇਰੇ ਕਰਕੇ ਬੇਈਮਾਨੀ ਦਾ ਬੋਲ ਬਾਲਾ
ਮਨੁਖੀ ਬਿਰਤੀ ਤੇ ਹਾਵੀ ਹੋ ਹੀ ਜਾਂਦਾ ਹੈ। ਬੇਈਮਾਨੀ ਸਿਰਫ਼ ਭਾਰਤੀਆਂ ਦੇ ਹੱਡਾਂ ਵਿਚ ਹੀ ਨਹੀ ਰਚੀ ਹੋਈ ਸਗੋਂ ਦੁਨੀਆ ਦੇ ਹੋਰਨਾਂ
ਮਨੁਖਾਂ ਵਿਚ ਵੀ ਪ੍ਰਬਲ ਹੈ। ਇਸ ਬਾਰੇ ਲੇਖਕ ਨੇ 'ਜਦੋਂ ਮੈਨੂੰ ਵੀ ਰਿਸ਼ਵਤ ਦੇਣੀ ਪਈ' ਤੇ 'ਬਚਣਾ ਮੇਰੇ ਲੁੱਟੇ ਜਾਣ ਤੋਂ ਤਨਜ਼ਾਨੀਅਨ
ਇਮੀਗ੍ਰੇਸ਼ਨ ਅਫ਼ਸਰਾਂ ਦੇ ਹੱਥੋਂ' ਲੇਖਾਂ ਵਿਚ ਬਾਖ਼ੂਬੀ ਨਾਲ਼ ਵਰਨਣ ਕੀਤਾ ਹੈ।
ਜਿਵੇਂ 'ਹਾਥੀ ਦੇ ਦੰਦ ਖਾਣ ਵਾਲ਼ੇ ਹੋਰ ਤੇ ਵਿਖਾਣ ਵਾਲ਼ੇ ਹੋਰ' ਹੁੰਦੇ ਹਨ ਓਸੇ ਤਰ੍ਹਾਂ ਕਈ ਅਖੌਤੀ ਧਰਮੀ ਲੋਕਾਂ ਦਾ ਕਿਰਦਾਰ ਵੀ
ਦੋਹਰਾ ਹੁੰਦਾ ਹੈ; ਭਾਵ ਬਾਹਰੋਂ ਨਿਰਮਲ ਤੇ ਅੰਦਰੋਂ ਕੂੜਾ ਕਰਕਟ। ਇਸ ਵਿਚਾਰ ਨੂੰ ਗਿਆਨੀ ਜੀ ਨੇ 'ਟਰੰਕ ਕਾਲ ਕਿ ਪੈਗ ਕਾਲ?' ਲੇਖ
ਵਿਚ ਬੇਬਾਕੀ ਨਾਲ਼ ਪੇਸ਼ ਕੀਤਾ ਹੈ।
ਮਨੁਖੀ ਜੀਵਨ ਵਿਚ ਜ਼ਬਾਨ ਰਸ (ਬੋਲ ਬਾਣੀ) ਦਾ ਆਪਣਾ ਹੀ ਪ੍ਰਭਾਵ ਹੁੰਦਾ ਹੈ, ਜਿਸ ਨਾਲ਼ ਕਈ ਵਾਰ ਬਣਿਆਂ ਬਣਾਇਆ
ਕੰਮ ਵੀ ਵਿਗੜ ਜਾਂਦਾ ਹੈ ਤੇ ਕਈ ਵਾਰ ਹਲੀਮੀ ਵਾਲ਼ੀ ਗੱਲ ਬਾਤ ਵਿਗੜੇ ਕੰਮ ਨੂੰ ਵੀ ਸਵਾਰ ਜਾਂਦੀ ਹੈ।
ਰੌਚਕ ਸ਼ੈਲੀ ਵਾਲ਼ੀ ਇਹ ਪੁਸਤਕ ਪਾਠਕ ਨੂੰ ਆਪਣੇ ਨਾਲ਼ ਜੋੜਨ ਵਿਚ ਕਾਫ਼ੀ ਹੱਦ ਤੱਕ ਸਫ਼ਲ ਤਾਂ ਜ਼ਰੂਰ ਹੈ ਪਰ ਲੇਖਕ ਨੇ
ਆਪਣੀ ਆਦਤ ਅਨੁਸਾਰ ਉਚ ਸਿਆਸੀ ਨੇਤਾਵਾਂ ਦੇ ਮਾੜੇ ਕਿਰਦਾਰ ਨੂੰ ਕੌੜੇ ਵਿਸ਼ੇਸ਼ਣ ਵੀ ਲਾਏ ਹਨ ਜੋ ਗਿਆਨੀ ਜੀ ਦੀ ਵਿਦਵਤਾ ਨਾਲ
ਨਾ ਤਾਂ ਮੇਲ਼ ਖਾਂਦੇ ਹਨ ਤੇ ਨਾ ਹੀ ਸੋਭਦੇ ਹਨ। ਆਸ ਹੈ ਕਿ ਅੱਗੇ ਤੋ ਗਿਆਨੀ ਜੀ ਅਜਿਹੇ ਕੌੜੇ ਵਿਸ਼ੇਸ਼ਣਾਂ ਤੋਂ ਗੁਰੇਜ਼ ਕਰਕੇ ਆਪਣੀ
ਮਿੱਠੀ ਤੇ ਨਿਘੀ ਸਹਿਣਸ਼ੀਲਤਾ ਦਾ ਸਬੂਤ ਦੇਣਗੇ। ਬਾਕੀ ਇਹ ਪੁਸਤਕ ਪੜ੍ਹਨ, ਵਿਚਾਰਨ ਤੇ ਸਾਂਭਣ ਯੋਗ ਹੈ। ਇਸ ਲਈ ਲੇਖਕ ਵਧਾਈ
ਦਾ ਪਾਤਰ ਹੈ।
ਲਖਵਿੰਦਰ ਸਿੰਘ
ਰਈਆ ਹਵੇਲੀਆਣਾ
ਸ. ਸ. ਮਾਸਟਰ
ਸਰਕਾਰੀ ਹਾਈ ਸਕੂਲ ਚੀਮਾ ਬਾਠ, ਜ਼ਿਲਾ ਅੰਮ੍ਰਿਤਸਰ

Monday, December 12, 2011

ਡਾ. ਸ਼ਹਰਯਾਰ ਆਪਣੀ ਰਚਨਾ ਭੋਰੇ ਵਾਲਾ ਪੂਰਨ ਵਿੱਚ ਪੂਰਨ ਭਗਤ ਨੂੰ ਨਵੇਂ ਅਰਥਾਂ: ਵਾਹਿਦ


  ਵਾਹਿਦ
ਡਾ. ਸ਼ਹਰਯਾਰ ਆਪਣੀ ਰਚਨਾ ਭੋਰੇ ਵਾਲਾ ਪੂਰਨ ਵਿੱਚ ਪੂਰਨ ਭਗਤ ਨੂੰ ਨਵੇਂ ਅਰਥਾਂ 'ਚ ਪੇਸ਼ ਕਰਦਾ ਹੈ...ਡਾ. ਸਹਿਬ ਨੇ ਜਿਸ ਤਰ੍ਹਾਂ ਆਪਣੀ ਰਚਨਾ ਵਿੱਚ ਕੁਦਰਤ ਤੇ ਸਮਾਜ ਦਰਮਿਆਨ ਕਸ਼ਮਕਸ਼ ਨੂੰ ਮੂਰਤੀਮਾਨ ਕੀਤਾ ਹੈ। ਕਾਬਲ-ਇ-ਤਾਰੀਫ਼ ਹੈ। ਸਲਵਾਨ ਇੱਕ ਸ਼ਾਸ਼ਕ ਹੈ ਜੋ ਪੂਰਨ ਇੱਛਰਾਂ ਲੂਣਾ ਆਦਿ ਸਾਰਿਆਂ ਦਾ ਸ਼ੋਸ਼ਣ ਕਰਦਾ ਹੈ ਤੇ ਰਾਜੇ ਸਲਵਾਨ ਦਾ ਸ਼ੋਸ਼ਣ ਜੋਤਿਸ਼ਵਾਦ ਕਰਦਾ ਹੈ। ਇੰਝ ਇਹ ਵਰਤਾਰਾ ਮੁਸੱਲਸਲ ਜਾਰੀ ਹੈ। ਆਦਮੀ ਉਮਰ ਭਰ ਕਿਰਦਾਰ ਨਿਭਾਉਂਦਾ ਰਹਿੰਦਾ ਹੈ... ਕਿਰਦਾਰ ਜੋ ਸਮਾਜ ਆਦਮੀ ਤੇ ਥੋਪਦਾ ਹੈ... ਇਹਨਾਂ ਕਿਰਦਾਰਾਂ ਦੀ ਦੌੜ 'ਚ ਅਦਮੀ ਜੀਣ ਦੇ ਮੂਲ ਸੰਕਲਪ ਭੁੱਲ ਜਾਂਦਾ ਹੈ।ਰਾਜਾ ਸਲਵਾਨ ਰਾਜਾ ਹੋਣ ਕਰਕੇ ਆਪਣੇ 'ਤੇ ਪੂਰਨ ਰਾਹੀਂ ਆਉਣ ਵਾਲ਼ੀ ਮੁਸੀਬਤ ਟਾਲਣ ਲਈ ਪੂਰਨ ਨੂੰ ਬਾਰਾਂ ਸਾਲ ਭੋਰੇ ਵਿੱਚ ਪਾ ਦਿੰਦਾਂ ਹੈ। ਸਲਵਾਨ ਜੇ ਪਿਤਾ ਦੇ ਕਿਰਦਾਰ 'ਚ ਹੁੰਦਾ ਤਾਂ ਇੰਝ ਨਾ ਕਰਦਾ। ਰਾਣੀ ਇੱਛਰਾਂ  ਵੀ ਮਾਂ ਤੇ ਰਾਣੀ ਦੇ ਦਵੰਦ ਵਾਲ਼ੀ  ਸਜਾ ਭੌਗਦੀ ਹੈ, ਲੂਣਾ ਵੀ, ਪੂਰਨ ਵੀ, ਗੱਲ ਕੀ ਹਰੇਕ ਸ਼ਖ਼ਸ਼ ਹੀ ਕਿਰਦਾਰਾਂ ਵਿਚਲੀ ਕਸ਼ਮਕਸ਼ ਦਾ ਸ਼ਿਕਾਰ ਹੈ। 'ਇੱਕ ਚੰਗਾਂ ਸਮਾਜ ਉਸਾਰਨ ਦੀ ਲਾਲਸਾ ਤੇ ਆਦਮੀ ਦੀ ਸ਼ਾਸ਼ਕ ਪ੍ਰਵਿਰਤੀ ਕਿੰਝ ਇਨਸਾਨ ਤੋਂ ਇਨਸਾਨ ਦਾ ਸ਼ੋਸ਼ਣ ਕਰਵਾਉਦੀ ਹੈ। ਇਸ ਗੈਰ ਮਾਨਵੀ ਵਰਤਾਰੇ ਨੂੰ ਕਾਵਿ-ਖੰਡ 'ਚ ਬਾਖੂਬੀ ਵੇਖਿਆ ਜਾ ਸਕਦਾ ਹੈ।
                                      
                                         9855070962

Thursday, December 8, 2011

ਰਾਵੀ ਦੇ ਵਹਿਣ ਜਿਹਾ- ਮੁਖਤਾਰ ਗਿੱਲ :(ਇੱਕ ਸ਼ਬਦ ਚਿਤਰ)

ਮੈਨੂੰ ਮੁਖਤਾਰ ਗਿੱਲ ਦਾ ਖਿਆਲ ਆਉਂਦਿਆਂ ਹੀ ਸਿਧਾਰਥ ਯਾਦ ਆ ਜਾਂਦਾ ਹੈ। ਪਿਛਲੀ ਅੱਧੀ ਸਦੀ ਤੋਂ ਕਹਾਣੀਆਂ ਲਿਖ ਰਿਹਾ ਉਹ ਅੱਜ ਪੰਜਾਬੀ ਦੇ ਬੜੇ ਨਾਮਵਰ ਸਨਮਾਨਿਤ ਲੇਖਕਾਂ 'ਚ ਗਿਣਿਆ ਜਾਂਦਾ ਹੈ। ਗਿੱਲ ਭਾਅ ਜੀ ਦੇ ਹੱਥਾਂ ਦੀਆਂ ਰੇਖਾਵਾਂ 'ਤੇ ਅਸਾਂ  ਦੇ ਬਨਵਾਸ ਦੀ ਕਹਾਣੀ ਘਟਦੀ ਵੇਖੀ ਹੈ।






ਮੁਖ਼ਤਾਰ ਗਿੱਲ , ਦਵਿੰਦਰ ਸਤਿਆਰਥੀ , ਪ੍ਰਮਿੰਦਰਜੀਤ ਤੇ ਹੋਰ
 ਇੱਕ ਪੁਰਾਣੀ ਯਾਦ

ਜਤਿੰਦਰ ਸਿੰਘ ਔਲ਼ਖ
 ਕਹਿੰਦੇ ਨੇ ਕਿ ਜਦੋਂ ਉਹ ਸਤਾਰਾਂ ਸਾਲ ਦੇ ਬਨਵਾਸ ਤੋਂ ਬਾਅਦ ਆਪਣੇ ਪਿੰਡ ਜਗਦੇਵ ਕਲਾਂ ਗਿਆ ਤਾਂ ਪਿੰਡ ਦੇ ਅੱਡੇ 'ਤੇ ਮੋਚੀ ਨੇ ਉਸਨੂੰ ਪਛਾਣ ਲਿਆ । ਗਿੱਲ ਭਾਅ ਨੇ ਮੋਚੀ ਨੂੰ ਚਾਚਾ ਆਖ ਕੇ ਸਤਿ ਸ੍ਰੀ ਅਕਾਲ ਬੁਲਾਈ ਤਾਂ ਮੋਚੀ ਕਹਿਣ ਲੱਗਿਆ,' ਬੱਲੇ-ਬੱਲੇ ਮੁੱਖਿਆ ਤੂੰ ਤਾਂ ਰਾਮ ਚੰਦਰ ਨੂੰ ਵੀ ਪਛਾਂਹ ਛੱਡਤਾ, ਉਹ ਚੌਧੀਂ ਸਾਲੀਂ ਪਿੰਡ ਆਇਆ ਸੀ ਤੇ ਤੂੰ ਸਤਾਰੀਂ ਸਾਲੀਂ ਆਇਆਂ ਏਂ"। ਉਸਨੇ ਜਿੰਦਗੀ ਨੂੰ ਇੰਝ ਮਾਣਿਆ ਏ ਜਿਵੇਂ ਫੁੱਲਾਂ ਦੀਆਂ ਪੱਤੀਆਂ ਸਵੇਰ ਦੀ ਤਰੇਲ਼ ਮਾਣਦੀਆਂ ਹਨ। ਮੁਖਤਾਰ ਗਿੱਲ ਦੇ ਤੌਰ-ਤਰੀਕੇ ਹਰ ਵੇਲੇ ਬਾਤ ਪਾਉਂਦੇ ਨਜ਼ਰ ਆਉਣਗੇ ਕਿ ਜਿੰਦਗੀ ਜੀਣ ਵਾਲ਼ੀ ਹੀ ਨਹੀਂ ਬਲਕਿ ਮਾਨਣ ਵਾਲ਼ੀ ਸ਼ੈਅ ਹੈ। ਉਹ ਮਾਨਣ ਵਰਗਾ ਜਿੰਦਗੀ 'ਚੋਂ ਲੱਭਦਾ-ਲੱਭਦਾ ਪਛੜੇ ਜਿਹੇ ਭਾਰਤ-ਪਾਕਿ ਦੀ ਸਰਹੱਦ 'ਤੇ ਵੱਸੇ ਕਸਬੇ ਚੋਗਾਵਾਂ ਦੀਆਂ ਸੜਕਾਂ ਲਈ ਵਣਜਾਰਾ ਹੋ ਗਿਆ ਹੈ।
ਮੇਘਲਾ 'ਚ ਛਪੀ ਭਾਅ ਗਿੱਲ ਦੀ ਕਹਾਣੀ 'ਤਿਰਕਲ਼ਾਂ ਵੇਲ਼ੇ' ਪੜਕੇ ਮੈਨੂੰ ਕੁਝ ਹੇਰਵਾ ਜਿਹਾ ਹੋਣ ਲੱਗਾ। ਇਹ ਕਹਾਣੀ ਸਿੱਧੀ ਸਰਵਮੀਤ ਨੂੰ ਮੁਖਾਤਿਬ ਸੀ। ਮੈਨੂੰ ਸ਼ੁਬਹਾ ਹੋ ਗਿਆ ਕਿ ਜਾਂ ਤਾਂ ਭਾਅ ਨੂੰ ਫਿਲਾਸਪੀਆਂ ਘੋਟਣ ਦੀ ਆਦਤ ਪੈ ਗਈ ਹੈ ਜਾਂ ਫਿਰ ਉਸਦੀ ਸੋਚ ਕੁਝ ਨਿਰਾਸ਼ਾਵਾਦੀ ਹੋ ਗਈ ਹੈ।ਪਰ ਉਸਨੇ ਜਿਸ ਜੀਵਨ ਜਾਚ ਨੂੰ ਅਪਣਾ ਲਿਆ ਹੈ ਉਸ ਨੂੰ ਤਿਰਕਾਲਾਂ ਵੇਲੇ ਨੂੰ ਵੀ ਸੱਜਰੀ ਸਵੇਰ ਵਿੱਚ ਬਦਲਨਾ ਆਉਂਦਾ ਹੈ। ਪੰਜਾਬ ਦੀ ਇਸ ਅਣਗੌਲ਼ੀ ਜਿਹੀ ਨੁੱਕਰੇ ਬੈਠਿਆਂ ਭਾਅ ਦੀਆਂ ਪ੍ਰਪਾਤੀਆਂ ਭਾਂਵੇਂ ਘੱਟ ਨਹੀਂ ,ਪਰ ਜੁਗਾੜ ਲੜਾਉਣ ਦੀ ਕਲਾ ਦੀ ਘਾਟ ਕਾਰਨ ਉਸ ਨੂੰ ਕੋਈ ਇਨਾਮ-ਸਨਮਾਨ ਪ੍ਰਾਪਤ ਨਹੀਂ ਹੋਇਆ। ਪਰ  ਉਸਦੀਆਂ ਪ੍ਰਪਾਤੀਆਂ ਦੇ ਸਨਮੁੱਖ ਵੱਡੇ-ਵੱਡੇ ਇਨਾਮ ਵੀ ਛੋਟੇ ਨਜ਼ਰ ਆਉਂਦੇ ਹਨ। ਇੱਕ ਦਿਨ ਮੈਂ ਆਪਣੇ ਲੈਪਟਾਪ 'ਤੇ ਇੰਟਰਨੈੱਟ ਖੋਲ਼ ਕੇ ਕੁਝ ਪੜ ਰਿਹਾ ਸਾਂ ਕਿ ਭਾਅ ਆ ਗਿਆ ਮੈਂ ਕਿਹਾ "ਭਾਅ ਜੀ, ਆਪਾਂ ਗੂਗਲ ਸਰਚ ਵਿੱਚ ਮੁਖਤਾਰ ਗਿੱਲ ਟਾਈਪ ਕਰਕੇ ਵੇਂਹਦੇ ਹਾਂ"। ਭਲਾ ਤੁਹਾਡੇ ਬਾਰੇ  ਕੀ ਆਉਂਦਾ ਹੈ। ਭਾਅ ਠੰਡਾ ਜਿਹਾ ਸਾਹ ਲੈ ਕੇ ਕਹਿਣ ਲੱਗਾ "ਮੈਨੂੰ ਕੀਹਨੇ ਇੰਟਰਨੈੱਟ 'ਤੇ ਪਾਉਣਾ ਹੈ?"  ਮੈਂ ਕਿਹਾ ਤੁਹਾਡਾ ਆਪਣਾ ਬਲਾਗ ਬਣਾ ਦਿਆਂਗੇ। ਜਦੋਂ ਅਸੀਂ ਮੁਖਤਾਰ ਗਿੱਲ ਗੂਗਲ ਸਰਚ ਵਿੱਚ ਟਾਈਪ ਕੀਤਾ ਤਾਂ ਭਾਅ ਦੀਆਂ ਕਿਤਾਬਾਂ ਦੇ ਟਾਈਟਲ ਕਰਵ ਨਿਕਲ਼ ਆਏ ਜੋ ਪ੍ਰਕਾਸ਼ਿਕ ਇੰਟਰਨੈੱਟ ਰਾਹੀਂ ਵੇਚ ਰਿਹਾ ਸੀ। ਮੈਂ ਟਕੋਰ ਲਾਈ "ਭਾਅ ਜੀ ਇਹ ਤਾਂ ਤੁਹਾਨੂੰ ਬਿਨਾਂ ਦੱਸਿਆਂ ਹੀ ਵੇਚੀ ਜਾਂਦੇ ਨੇ"। ਉਂਝ ਉਸਦੀ ਕਹਾਣੀ ਆਲ੍ਹਣਾ ਤੇ ਬੜਾ ਸਫਲ ਸੀਰੀਅਲ ਵੀ ਬਣਿਆ ਜੋ ਕਾਫੀ ਮਕਬੂਲ ਹੋਇਆ। ਤੇ ਕਦੀ ਚਰਚਿਤ ਰਹੀ ਪੰਜਾਬੀ ਫਿਲਮ 'ਵਿਸਾਖੀ' ਵੀ ਗਿੱਲ ਭਾਅ ਦੀ ਕਹਾਣੀ 'ਤੇ ਅਧਾਰਿਤ ਸੀ। ਉਂਝ ਇਹ ਗੱਲ ਦੱਸ ਦੇਵਾਂ ਕਿ ਭਾਅ ਲਈ ਸ਼੍ਰੋਮਣੀ ਸਾਹਿਤਕਾਰ ਜਾਂ ਹੋਰ ਐਵਾਰਡ ਲੈਣੇ ਕੋਈ ਔਖੇ ਨਹੀ ਪਰ ਉਸਦੀ ਫਿਤਰਤ 'ਦਿੱਲੀ' ਨਾਲ਼ ਸਮਝੌਤਾ ਕਰਨ ਵਾਲ਼ੀ ਨਹੀਂ। ਉਹ ਯਾਰੀ ਦਿੱਲੀ ਵਾਲਿਆਂ ਨਾਲ਼ ਨਹੀਂ ਦਿਲ ਵਾਲਿਆਂ ਨਾਲ਼ ਲਾਉਂਦਾ ਹੈ। ਪੰਜਾਬੀ ਦਾ ਸ਼ਾਇਦ ਹੀ ਕੋਈ ਐਸਾ ਲੇਖਕ ਹੋਵੇ ਜਿਸਨੇ   ਪ੍ਰੀਤਨਗਰ ਵਿਖੇ ਮੁਖਤਾਰ ਗਿੱਲ ਦੀ ਪ੍ਰਾਹੁਣਾਚਾਰੀ ਨਾਂ ਵੇਖੀ-ਮਾਣੀ ਹੋਵੇ। ਮੁਖਤਾਰ ਗਿੱਲ ਕੋਲ਼ ਬਹੁਤ ਸਾਰੇ ਮਿੱਤਰ ਖਾਲੀ ਜੇਬਾਂ ਦੇ ਦਿਨੀਂ ਆਏ ਪਰ ਉਸ ਨੇ ਸਿਰ ਮੱਥੇ 'ਤੇ ਬਿਠਾ ਲਏ। ਪਰ ਭਰੀਆਂ ਜੇਬਾਂ ਦੇ ਦਿਨੀਂ ਉਹਦੇ ਲਈ ਅਕਸਰ ਉਹਨਾਂ ਮਿੱਤਰਾਂ ਕੋਲ਼ ਟਾਈਮ ਨਹੀਂ ਹੈ। ਪਰ ਫਿਰ ਵੀ ਕੋਈ ਗਿਲਾ ਨਹੀਂ।
ਉਸਨੂੰ ਰਾਵੀ ਦਰਿਆ ਨਾਲ਼ ਅੰਤਾਂ ਦਾ ਮੋਹ ਹੈ। ਉਸਦੀਆਂ ਕਹਾਣੀਆਂ ਵਿੱਚ ਅਕਸਰ ਰਾਵੀ ਨਦੀ ਤੇ ਇਸਦੀ ਇੱਕ ਉੱਪ ਨਦੀ ਸੱਕੀ ਨਦੀ ਗੱਲਾਂ ਕਰਦੀ ਹੈ। ਇਹਨਾਂ ਨਦੀਆਂ ਦੇ ਦੁਆਲ਼ੇ ਵੱਸਦੇ ਰਾਅ ਸਿੱਖ ਕਬੀਲੇ ਦੇ ਲੋਕਾਂ ਅਤੇ ਥੁੜਾਂ ਮਾਰੇ ਕਿਸਾਨਾਂ , ਮਜਦੂਰਾਂ ਦੇ ਦੁੱਖ-ਦਰਦ ਨੂੰ ਉਸਨੇ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ। ਇਹ ਇਲਾਕਾ  ਇੱਕੀਵੀਂ ਸਦੀ ਵਿੱਚ ਵੀ ਬਾਕੀ ਪੰਜਾਬ ਨਾਲ਼ੋਂ ਵੱਖਰਾ ਹੈ। ਰਾਅ ਸਿੱਖਾਂ ਦਾ ਸਭਿਆਚਾਰ  ਤੇ ਜਾਤੀਗਤ ਆਦਤਾਂ ਵੀ ਅਜੀਬ ਜਿਹੀਆਂ ਹਨ।ਮੁਖਤਾਰ ਗਿੱਲ ਇੱਸ ਇਲਾਕੇ ਦਾ ਇੱਕ ਅੰਗ ਬਣਕੇ ਵਿਚਰਿਆ ਹੈ। ਉਹ ਇਹਨਾਂ ਲੋਕਾਂ ਵਰਗਾ ਹੋ ਕੇ ਜਿਉਂਦਾ ਹੈ। ਇਹੀ ਲੋਕ ਉਸਦੀਆਂ ਕਹਾਣੀਆਾਂਂ ਦੀ ਧੜਕਣ ਬਣਦੇ ਹਨ। ਮੇਰਾ ਦਾਅਵਾ ਹੈ ਕਿ ਅਗਰ ਕੋਈ ਭਵਿੱਖ ਵਿੱਚ ਇਸ ਇਲਾਕੇ ਦੇ ਲੋਕਾਂ ਦੇ ਜੀਵਨ 'ਤੇ ਖੋਜ ਕਰੇਗਾ ਤਾਂ ਮੁਖਤਾਰ ਗਿੱਲ ਦੀਆਂ ਕਹਾਣੀਆਂ ਟੈਕਸਟ ਬੁੱਕਾਂ ਦਾ ਕੰਮ ਦੇਣਗੀਆਂ।
ਇਸ ਇਲਾਕੇ ਦੀ ਏਨੀ ਮੌਜ ਹੈ ਕਿ  ਭਾਂਵੇਂ ਠੇਕੇ ਵਾਲ਼ੇ ਨਜਾਇਜ ਸ਼ਰਾਬ ਫੜ੍ਹਨ ਲਈ ਅੱਠ-ਦੱਸ ਗੱਡੀਆਂ ਹਰ ਵੇਲ਼ੇ ਭਜਾਈ ਫਿਰਦੇ ਹਨ ਪਰ ਫਿਰ ਵੀ ਦੇਸੀ ਦਾਰੂ ਆਮ ਹੀ ਮਿਲ਼ ਜਾਂਦੀ ਹੈ। ਉਂਝ ਗਿੱਲ ਭਾਜੀ ਨੂੰ ਤਾਂ ਬਿਲਕੁਲ ਲੱਭਣੀ ਹੀ ਨਹੀਂ ਪੈਂਦੀ। ਅਖਬਾਰਾਂ ਦੀ ਪੱਤਰਕਾਰੀ ਕਰਦਿਆਂ  ਅਗਲੇ ਮਗਰ-ਮਗਰ ਲਈ ਫਿਰਦੇ ਹਨ। ਇਕ ਵਾਰ ਮੈਂ ਭਾਅ ਨੂੰ ਪੁੱਛਿਆ ਇਹ ' ਅਕਾਲੀ ਦਲ ਦੀ ਆਲੋਚਨਾ' ਜਾਂ ਕਾਂਗਰਸ ਦੀ ਨਿੰਦਾ' ਵਰਗੀਆਂ ਖਬਰਾਂ ਰੋਜ ਲਿਖਦੇ ਹੋ ਫਿਰ ਕਹਾਣੀ ਵਰਗੀ ਸਾਰਥਿਕ ਵਿਧਾ ਨਾਲ਼ ਸੰਪਰਕ ਕਿਵੇਂ ਬਣਾਉਦੇ ਹੋ। ਖਬਰਾਂ ਵਿੱਚ ਤੁਹਾਡੀ ਏਨਰਜੀ ਨਹੀਂ ਜਾਇਆ ਜਾਂਦੀ? ਭਾਅ ਨੇ ਅੱਗੋਂ ਟੀ. ਐੱਸ. ਈਲੀਅਟ, ਖੁਸ਼ਵੰਤ ਸਿੰਘ ਤੇ ਟਾਲਸਟਾਏ ਦੇ ਉਦਾਹਰਣ ਗਿਣ ਦਿੱਤੇ ਕਿ ਇਹ ਸਾਰੇ ਸਫਲ ਲੇਖਕ ਦੇ ਨਾਲ਼-ਨਾਲ਼ ਪੱਤਰਕਾਰ ਵੀ ਰਹੇ। ਭਾਅ ਦਾ ਇੱਕ ਤਕੀਆ ਕਲਾਮ ਵੀ ਹੈ। ਕਿਸੇ ਲੇਖਕ ਦਾ ਨਾਮ ਲੈ ਲਵੋ ਭਾਅ ਆਪਣਾ ਪਹਿਲਾ ਤਜਰਬਾ ਉਸ ਲੇਖਕ ਨਾਲ਼ ਇਹਨਾਂ ਸ਼ਬਦਾਂ ਵਿੱਚ ਹੀ ਦੱਸੇਗਾ,   " ਫਲਾਣੇ ਨਾਲ਼ ਬਹਿ ਕੇ ਅਸੀਂ ਬੜੀ ਪੀਤੀ ਆ" ਜਾਂ 'ਫਲਾਣਾ ਸਾਨੂੰ ਇੱਕ ਵਾਰ ਫਲਾਣੇ ਥਾਂ 'ਤੇ ਮਿਲ਼ ਪਿਆ ਅਸੀਂ ਜਿਉਂਂ ਲੱਗੇ ਈ ਪੀਣ'। ਮੁਖਤਾਰ ਗਿੱਲ ਕੋਲ਼ ਮਿੱਤਰਾਂ ਦਾ ਘੇਰਾ ਏਨਾ ਵਿਸ਼ਾਲ ਹੈ ਕਿ ਸ਼ਾਇਦ ਉਹ ਸਾਰੇ ਮਿਤਰਾਂ ਦੇ ਨਾਮ ਵੀ ਨਾਂ ਗਿਣ ਸਕੇ। ਕਹਾਣੀਆਂ ਦੇ ਨਾਲ਼ ਉਸ ਦੀ ਇਹ ਵੀ ਪ੍ਰਾਪਤੀ ਹੈ। ਉਹ ਮਿੱਤਰ ਪੈਦਾ ਕਰਦਾ ਹੈ ਪਰ ਦੁਸ਼ਮਣ ਆਪੇ ਪੈਦਾ ਹੋ ਜਾਂਦੇ ਹਨ। ਪਰ ਉਸਦੀ ਮਜਬੂਰੀ ਹੈ ਕਿ ਉਸ ਕੋਲ਼ ਸਿਰਫ ਮਿੱਤਰਤਾਈ ਨਿਭਾਉਣ ਦੀ ਕਲਾ ਹੈ ਦੁਸ਼ਮਣੀ ਉਹ ਹਾਲਾਤ ਆਸਰੇ ਛੱਡ ਦਿੰਦਾ ਹੈ। ਦਰਵੇਸ਼ ਆਦਮੀ ਨੇ ਦੁਸ਼ਮਣੀ 'ਚੋਂ ਕੀ ਲੈਣਾ ਹੈ ਤੇ ਇਕਤਰਫਾ ਦੁਸ਼ਮਣੀ ਦੀ ਧਾਰ ਆਪੇ ਖੁੰਢੀ ਹੋ ਜਾਂਦੀ ਹੈ।ਇਹੀ ਉਸਦੀ ਖੁਦਦਾਰੀ ਹੈ। ਭਾਅ ਦੇ ਕਈ ਚੇਲੇ ਉਸਦੇ ਵਿਰੋਧੀ ਬਣ ਗਏ। ਪਰ ਉਸ ਕੋਲ਼ ਆਪਣੀ ਚਾਲ ਹੈ ਜੇ ਤੁਹਾਨੂੰ ਉਸ ਨਾਲ਼ ਤੁਰਨ 'ਚ ਪਰੇਸ਼ਾਨੀ ਹੈ ਤਾਂ ਬੇਸ਼ੱਕ ਪਿੱਛੇ ਰਹਿ ਜਾਉ ਜਾਂ ਅੱਗੇ ਨਿਕਲ ਜਾਉ। ਉਹ ਤੁਹਾਨੂੰ ਹਰ ਮੋੜ 'ਤੇ ਖੜਾ ਨਜ਼ਰ ਆਵੇਗਾ। ਉਸਦੇ ਵਿਰੋਧੀ ਬਣ ਮੈਂ ਵੀ ਵੇਖ ਲਿਆ ਪਰ ਸਭ ਬੇਕਾਰ, ਉਸਤੇ ਵਿਰੋਧ ਦਾ ਕੋਈ ਅਸਰ ਨਹੀਂ ਹੁੰਦਾ। ਤੁਸੀਂ ਬਿਨ ਬੁਲਾਏ ਮਹਿਮਾਨ ਵਾਂਗ ਖੁਦ ਹੀ ਮੁਕਾਬਲੇ 'ਚ ਪੈਂਦੇ ਹੋ ਤੇ ਖੁਦ ਹੀ ਨਿਕਲ਼ ਜਾਂਦੇ ਹੋ। ਦਰਿਆ ਨਾਲ਼ ਦੋਸਤੀ ਕਰੋ ਜਾਂ ਦੁਸ਼ਮਣੀ ਉਹ ਵਹਿਣ ਦਾ ਧਰਮ ਨਹੀਂ ਛੱਡਦਾ।ਉਂਝ ਮੈਨੂੰ ਇੱਸ ਗੱਲ ਦਾ ਵੀ ਪਤਾ ਹੈ ਕਿ ਮੁਖਤਾਰ ਗਿੱਲ ਨੂੰ ਮਹਾਂਨਗਰ ਦੇ ਸਾਹਿਤਕ ਸਮਾਗਮਾਂ 'ਤੇ ਆਪਣੇ ਨਾਲ਼ ਹਮਾਤੜ ਜਿਹੇ ਤੇ ਨਿਮਾਣੇ ਜਿਹੇ ਲੇਖਕ ਲਿਜਾਣ ਕਾਰਨ ਮਹਾਂਨਗਰ ਦੇ ਹਾਈ-ਫਾਈ ਲੇਖਕਾਂ ਦੀ ਨਰਾਜ਼ਗੀ ਝੱਲਣੀ ਪਈ। ਪਰ ਦੋਸਤੀ ਜਿਸ ਲਈ ਸੁੱਚੇ ਇਸ਼ਕ ਦੀ ਤਰ੍ਹਾਂ ਹੈ ਉਹ ਅਕਸਰ ਕਹਿ ਦਿਆ ਕਰਦੇ ਹਨ 'ਪਤਾ ਹੁੰਦਾ ਜੇ ਇਸ਼ਕ ਥੀਂ ਮਨ੍ਹਾ ਕਰਨਾ ਤੇਰੇ ਟਿੱਲੇ 'ਤੇ ਧਾਰ ਨਾ ਮਾਰਦਾ ਮੈਂ'।
ਆਪਣੀ ਪੀੜੀ ਦੇ ਕਹਾਣੀਕਾਰਾਂ ਵਿੱਚੋਂ ਸਿਰਫ ਉਹ ਹੀ ਲਗਾਤਾਰ ਲਿਖ-ਛਪ ਰਿਹਾ ਹੈ ਨਹੀਂ ਤਾਂ ਅੱਜ ਨਵੇਂ ਉਭਰੇ ਕਹਾਣੀਕਾਰਾਂ ਨੇ ਨਵੀਂ ਤਕਨੀਕ ਦੀਆਂ ਕਹਾਣੀਆਂ ਲਿਖ ਕੇ ਕਈ ਪੁਰਾਣੇ ਕਹਾਣੀ ਲੇਖਕ ਬੇਕਾਰ ਬਿਠਾ ਦਿੱਤੇ ਹਨ। ਪਰ ਮੁਖਤਾਰ ਗਿੱਲ ਦੀ ਕਹਾਣੀ ਅੱਜ ਵੀ ਕਿਸੇ ਨਾ ਕਿਸੇ ਰਸਾਲੇ 'ਚ ਛਪੀ ਵੇਖੀ ਜਾ ਸਕਦੀ ਹੈ। ਕਹਾਣੀ ਉਹ ਇਕਾਂਤ 'ਚ ਹੀ ਲਿਖਦਾ ਹੈ ਪਰ ਚਲੰਤ ਮਾਮਲਿਆਂ ਬਾਰ ਉਹ ਫੁੱਲ ਅਵਾਜ ਵਿੱਚ  ਟੈਲੀਵਿਜ਼ਨ ਚਲਾ ਕੇ ਵੀ ਲਿਖ ਰਿਹਾ ਹੁੰਦਾ। ਮੈਨੂੰ ਲੱਗਦਾ ਹੈ ਕਿ ਵਰਿਆਮ ਸਿੰਘ ਸੰਧੂ ਤੇ ਪ੍ਰੇਮ ਪ੍ਰਕਾਸ਼ ਦੀ ਪੀੜ੍ਹੀ 'ਚੋਂ ਇਕੱਲਾ ਉਹ ਹੀ ਸਰਗਰਮੀ ਨਾਲ਼ ਲਿਖਣ ਵਾਲ਼ਾ  ਲੇਖਕ ਹੈ। ਇਹਨਾਂ ਪੁਰਾਣੀ ਪੀੜ੍ਹੀ ਦਿਆਂ ਲੇਖਕਾਂ ਨੂੰ ਫਖਰ ਹੋਣਾ ਚਾਹੀਦਾ ਏ ਉਹਨਾਂ ਵਿੱਚੋਂ ਕੋਈ ਤਾਂ ਹੈ ਜੋ ਨਵੀਂ ਪੀੜੀ ਵਾਲ਼ਿਆਂ ਨੂੰ ਟੱਕਰ ਦੇ ਰਿਹਾ ਹੈ। ਉਸਦੀ ਸ਼ਿਦਤ ਸਾਬਿਤ ਕਰਦੀ ਹੈ ਕਿ ਪੁਰਾਣੀ ਤਕਨੀਕ ਨਾਲ਼ ਲ਼ਿਖੀ ਜਾਣ ਵਾਲ਼ੀ ਕਹਾਣੀ ਵੇਲ਼ਾ ਵਿਹਾ ਚੁੱਕੀ ਨਹੀਂ ਸਗੋਂ ਸਾਮਾਜਿਕ ਸਮੱਸਿਆਵਾਂ ਨਾਲ਼ ਵਧੇਰੇ ਵਾਬਸਤਾ ਹੈ।

ਉਸਦੀ ਜਿੰਦਗੀ ਦੇ ਦੋ ਹੀ ਪੱਖ ਹਨ ਇੱਕ ਪੱਤਰਕਾਰੀ ਤੇ ਦੂਜਾ ਕਹਾਣੀਕਾਰੀ, ਪੱਤਰਕਾਰੀ ਚੋਣਾਂ ਦੇ ਦਿਨੀਂ ਹੀ ਖਿੜਦੀ ਹੈ ਪਰ ਕਹਾਣੀਕਾਰੀ ਸਦਾਬਹਾਰ ਹੈ।ਉਹ ਨਾ ਸਿਰਫ ਰਾਵੀ ਨਦੀ ਦੇ ਸਿਰਜੇ ਸਭਿਆਚਾਰ ਦਾ ਸਫਲ ਚਿਤੇਰਾ ਹੈ ਬਲਕਿ ਗੁਰਬਖਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ ਤੇ ਬਲਰਾਜ ਸਾਹਨੀ ਸਮੇਤ ਦਰਜਨਾਂ ਮਸ਼ਹੂਰ ਲੇਖਕਾਂ ਦਾ ਹਮਸਇਆ ਵੀ ਰਿਹਾ ਏ। ਅੱਜਕਲ ਪ੍ਰੀਤਨਗਰ ਰਹਿ ਰਿਹਾ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵਰੋਸਾਏ ਇੱਸ ਅਦੁੱਤੀ ਚਾਨਣ ਮੁਨਾਰੇ ਦਾ ਅਸਲੀ ਵਾਰਿਸ ਵੀ ਹੈ। ਅਕਸਰ ਜਦੋਂ ਪੰਜਾਬ ਦੇ ਦੂਜੇ ਇਲਾਕਿਆਂ 'ਚ ਜਾਈਦਾ ਹੈ ਤਾਂ ਲੋਕ ਪ੍ਰੀਤਨਗਰ ਬਾਰੇ ਜਾਨਣ ਦੀ ਉਤਸੁਕਤਾ ਰੱਖਦੇ ਹਨ। ਮੁਖਤਾਰ ਗਿੱਲ ਪ੍ਰੀਤਨਗਰ ਦੀ ਇਤਿਹਾਸਿਕ ਚਲਦੀ ਫਿਰਦੀ ਡਿਕਸ਼ਨਰੀ ਹੈ।ਉਸ ਕੋਲ਼ੋਂ ਪ੍ਰੀਤਨਗਰ ਸਬੰਧੀ ਕੋਈ ਜਾਣਕਾਰੀ ਲੈਣੀ ਚਾਹੋ ਤਾਂ ਉਸ ਦਾ ਫੋਨ ਨੰ: ੯੮੧੪੦-੮੨੨੧੭ ਹੈ।

ਜਤਿੰਦਰ ਸਿੰਘ ਔਲ਼ਖ, ਪਿੰਡ ਤੇ ਡਾਕ: ਕੋਹਾਲ਼ੀ, ਤਹਿ: ਅਜਨਾਲ਼ਾ ਜਿਲਾ ਅੰਮ੍ਰਿਤਸਰ