Saturday, April 30, 2022

ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਅਤੇ ਮਾਝਾ :- ਜਤਿੰਦਰ ਸਿੰਘ ਔਲ਼ਖ


 

ਜਤਿੰਦਰ ਸਿੰਘ ਔਲ਼ਖ
ਮੋਬਾ: 9815534653
ਸਫ਼ਰਾਂ ਅਤੇ ਪ੍ਰਾਚੀਨ ਇਤਿਹਾਸ ਨਾਲ ਮੈਨੂੰ ਅਤਿਅੰਤ ਮੋਹ ਰਿਹਾ ਹੈ। ਮੇਰਾ ਵੱਸ ਚੱਲੇ ਤਾਂ ਹਰ ਵੇਲੇ ਸਫ਼ਰ ਅਤੇ ਖੋਜ ਵਿੱਚ ਰਹਾਂ। ਦੁਨਿਆਵੀ ਵਲਗਣਾਂ ਦੀ ਜਕੜਨ ਢਿੱਲੀ ਕਰਕੇ ਮੈਂ ਹਮੇਸ਼ਾਂ ਨਿਕਲ ਤੁਰਦਾ ਹਾਂ, ਰਾਹਵਾਂ ਦੇ ਕਿਨਾਰਿਆਂ ’ਤੇ ਖੜੇ ਰੁੱਖ ਡਾਹਢੇ ਪਿਆਰੇ ਲੱਗਦੇ ਹਨ ਇਹਨਾਂ ਨਾਲ ਸੰਵਾਦ ਕਰੋ ਤਾਂ ਤੁਹਾਡੇ ਸਿਰਾਂ ਦੀ ਸਾਰੀ ਤਪਸ਼ ਲੈ ਲੈਣਗੇ ਅਤੇ ਇਹਨਾਂ ਦੀਆਂ ਠੰਡੀਆਂ ਛਾਵਾਂ ’ਚੋਂ ਅਸੀਸਾਂ ਦਾ ਮੀਂਹ ਵਰ੍ਹਦਾ ਲੱਗੇਗਾ।

ਅਲਬਰੂਨੀ ਅਤੇ ਹੋਰ ਪ੍ਰਾਚੀਨ ਯਾਤਰੀਆਂ ਦੇ ਸਫ਼ਰਨਾਮਿਆਂ ਨੂੰ ਪੜ੍ਹਿਆ ਅਤੇ ਮਾਣਿਆ। ਮੱਧਕਾਲ ਦੇ ਮਹਾਨ ਯਾਤਰੀ ਇਬਨ ਬਤੂਤਾ ਦੀ ਯਾਤਰਾ ਪੱਤਰੀ ਦਾ ਪੰਜਾਬੀ ’ਚ ਅਨੁਵਾਦ ਕੀਤਾ, ਜੋ ਬਹੁਤ ਸਾਰੀਆਂ ਇਤਿਹਾਸਿਕ ਗਵਾਹੀਆਂ ਸਮੋਈ ਬੈਠੀ ਹੈ। ਅਰਬ ਦੀ ਲੋਕ ਕਥਾ ਸਿੰਧਬਾਦ ਜਹਾਜੀ ਦੀਆਂ ਸਮੁੰਦਰੀ ਯਾਤਰਾਵਾਂ ਦਾ ਪੰਜਾਬੀ ਅਨੁਵਾਦ ਵੀ ਕਰ ਚੁੱਕਾ ਹਾਂ ਪਰ ਇਹ ਕਿਤਾਬਾਂ ਅਜੇ ਅਣਛਪੀਆਂ ਪਈਆਂ ਹਨ। ਮੇਰਾ ਅੰਗਰੇਜ਼ੀ ’ਚ ਛਪਿਆ ਨਾਵਲ ‘ਫਾਲ ਕਾਂਟ ਸੀਜ਼ ਦੀ ਸਪਰਿੰਗਜ਼’ ਵੀ ਰੂਹਾਨੀ ਤਲਾਸ਼ ’ਚ ਭਟਕ ਰਹੇ ਇਕ ਯਾਤਰੀ ਦੁਆਰਾ ਹਿਮਾਲਿਆ ਦੀ ਕੀਤੀ ਗਈ ਪ੍ਰਾਚੀਨ ਇਤਿਹਾਸਿਕ ਯਾਤਰਾ ਹੈ।

ਕਰਤਾਰਪੁਰ ਸਹਿਬ ਲਾਂਘਾ ਪ੍ਰਜੈਕਟ ਬਣਨ ਤੋਂ ਚਾਰ-ਪੰਜ ਸਾਲ ਪਹਿਲਾਂ ਦੀ ਗੱਲ ਹੈ। ਮੇਰੀ ਮੱਸਿਆ ਦੀ ਛੁੱਟੀ ਸੀ ਇਸ ਲਈ ਘਰੋਂ ਗੱਡੀ ਲੈ ਨਿਕਲ ਤੁਰਿਆ। ਕੁਝ ਦੂਰ ਜਾ ਕੇ ਗੱਡੀ ਰੋਕ ਲਈ ਅਤੇ ਆਪਣੀ ਬੇਮਕਸਦ ਭਟਕਣਾ ਨੂੰ ਕੋਈ ਮਕਸਦ ਦੇਣ ਦੀ ਕੋਸ਼ਿਸ਼ ਕਰਨ ਲੱਗਾ ਯਾਨੀ ਕਿ ਇਹ ਸੋਚਣ ਲੱਗਾ ਕਿ ਅੱਜ ਜਾਣਾ ਕਿੱਧਰ ਹੈ?

ਮਨ ਨੇ ਆਵਾਜ਼ ਦਿੱਤੀ ਕਿ ਅੱਜ ਗੁਰੂ ਬਾਬੇ ਦੀਆਂ ਵਰੋਸਾਈਆਂ ਗਲ਼ੀਆਂ ’ਚ ਸਿਜਦਾ ਹੀ ਕਰ ਆਈਏ।ਗੱਡੀ ਅਜਨਾਲ਼ਾ ਤੋਂ ਰਮਦਾਸ ਅਤੇ ਡੇਰਾ ਬਾਬਾ ਨਾਨਕ ਵੱਲ ਮੋੜ ਲਈ; ਤਕਰੀਬਨ ਦੋ ਕੁ ਘੰਟਿਆਂ ਬਾਅਦ ਹਿੰਦ-ਪਾਕਿ ਸਰਹੱਦ ’ਤੇ ਫੌਜ ਵੱਲੋਂ ਬਣਾਏ ਗਏ ਥੜ੍ਹੇ ’ਤੇ ਖੜਾ ਸਾਂ। ਫੌਜੀਆਂ ਦੀ ਦੂਰਬੀਨ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਗੁਰਦੁਆਰਾ ਸਾਹਿਬ ਦੇ ਹਾਲ ’ਚ ਤੁਰੇ-ਫਿਰਦੇ ਤਿੰਨ ਕੁ ਵਿਅਕਤੀ ਨਜ਼ਰ ਆਏ। ਫੌਜੀਆਂ ਦੀ ਦੂਰਬੀਨ ਬਹੁਤ ਕਮਾਲ ਦੀ ਹੈ। ਇਹ ਬਿਲਕੁਲ ਜ਼ੀਰੋ ਲਾਈਨ ‘ਤੇ ਹੈ, ਕੁਝ ਮੀਟਰ ਦੂਰ ਪਾਕਿਸਤਾਨੀ ਕਿਸਾਨਾਂ ਨੇ ਟਰੈਕਟਰਾਂ ਨਾਲ ਹਲ ਜੋੜ ਰੱਖੇ ਹਨ ਅਤੇ ਉਸਤੋਂ ਪਿੱਛੇ ਝਾੜੀਆਂ ਦੇ ਵਿੱਚ ਚੰਦ-ਸਿਤਾਰੇ ਵਾਲਾ ਝੰਡਾ ਅਤੇ ਪਾਕਿਸਤਾਨੀ ਫੌਜ ਦੀ ਪਿਕਟ ਨਜ਼ਰ ਆ ਰਹੀ ਹੈ।

ਪੂਰੇ ਰਾਵੀ ਦੇ ਕੰਢੇ ਵਿਸ਼ਾਲ ਬੇਲਾ ਅਤੇ ਪਿੱਛੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਦੁਧੀਆ ਅਕਸ ਦਿਖਾਈ ਦੇ ਰਿਹਾ ਹੈ। ਇੱਥੇ ਆਏ ਯਾਤਰੀਆਂ ਦਾ ਮੰਜ਼ਿਰ ਮੈਂ ਵੇਖ ਰਿਹਾ ਹਾਂ ਕੋਈ ਬਸ ਮੰਜ਼ਿਰ ਵੇਖਣ ਹੀ ਆਇਆ ਹੈ ਅਤੇ ਕੋਈ ਪਾਰ ਜਾ ਕੇ ਦਰਸ਼ਨਾਂ ਦੀ ਤਾਂਘ ਲਈ ਅੱਥਰੂ ਕੇਰ ਰਿਹਾ ਸੀ। ਉਦੋਂ ਪਤਾ ਨਹੀਂ ਸੀ ਕਿ ਇਹੋ ਅੱਥਰੂ ਅਤੇ ਭਾਵੁਕ ਤਾਂਘਾਂ ਖੁੱਲ੍ਹੇ ਦਰਸ਼ਨ-ਦੀਦਾਰਿਆਂ ਲਈ ਅਧਾਰ ਬਣਨਗੀਆਂ।

ਮੈਂ ਉਸ ਥੜ੍ਹੇ ’ਤੇ ਖਲੋਅ ਉਹ ਭਾਵੁਕ ਮੰਜ਼ਿਰ ਵੇਖ ਰਿਹਾ ਸਾਂ। ਪਾਰਲੇ ਪਾਰੋਂ ਗੁਰੂ ਬਾਬੇ ਦੀ ਪਾਵਨ ਦਰਗਾਹੋਂ ਰਾਵੀ ਦੇ ਠੰਡੇ ਜਲ ਦੀ ਛੋਹ ਲਈ ਸਰਕੰਡਿਆਂ ਨੂੰ ਹਿਲਾਉਂਦਾ ਹਵਾ ਦਾ ਬੁੱਲ੍ਹਾ ਆਇਆ ਮੈਨੂੰ ਜਿਵੇਂ ਸੁੱਧ-ਬੁੱਧ ਭੁੱਲ ਗਈ। ਮੈਂ ਅਚਾਨਕ ਜਿਵੇਂ ਬੀਤੇ ਸਮੇਂ ’ਚ ਪ੍ਰਵੇਸ਼ ਕਰ ਗਿਆ ਸਾਂ।

ਲੋਕ ਆਪੋ-ਆਪਣੇ ਵਿਚਾਰ ਪੇਸ਼ ਕਰ ਰਹੇ ਸਨ ਮੈਂ ਆਪਣੇ ਮਨ ਦੀ ਬਣੀ ਅਤਿ ਵੈਰਾਗਮਈ ਅਵਸਥਾ ਨੂੰ ਮਾਨਣ ਲਈ ਥੋੜ੍ਹਾ ਪਰ੍ਹਾਂ ਹੋ ਇਕ ਬੈਂਚ ’ਤੇ ਬੈਠ ਗਿਆ।

Sunday, April 24, 2022

ਨਜ਼ਮਾਂ : ਡਾ: ਅੰਬਰੀਸ਼

“ ਡਾ: ਅੰਬਰੀਸ਼ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਵਜ੍ਹੋਂ ਤਾਇਨਾਤ ਹਨ ਅਤੇ ਪੰਜਾਬੀ ਕਵਿਤਾ/ਸਾਹਿਤ ਜਗਤ ਦਾ ਜਾਣਿਆ-ਪਛਾਣਿਆਂ ਨਾਮ ਹਨ। 70 ਵੇਂ ਦਹਾਕੇ ਦੇ ਅੱਧ ‘ਚ ਉਹ ਸਰਹੱਦੀ ਇਲਾਕੇ ‘ਚ ਡਾਕਟਰ ਵਜ੍ਹੋਂ ਸੇਵਾ ਨਿਭਾਉਣ ਲਈ ਤਾਇਨਾਤ ਹੋਏ ਤਾਂ ਪ੍ਰੀਤਨਗਰ ਦੇ ਸਾਹਿਤਕ ਮਾਹੌਲ ਦੇ ਸੰਪਰਕ ‘ਚ ਆਉਣ ਤੋਂ ਉਹਨਾਂ ਦੇ ਅੰਦਰ ਪਈ ਕਵਿਤਾ ਦੀ ਚਿੰਗਾਰੀ ਲਟ-ਲਟ ਬਲਣ ਲੱਗੀ। ਪੰਜਾਬ ਦੀਆਂ ਰੋਜ਼ਾਨਾ ਅਖ਼ਬਾਰਾਂ ਉਹਨਾਂ ਦੇ ਸਫ਼ੳਮਪ;ਰਨਾਮੇ ਪ੍ਰਮੁੱਖਤਾ ਨਾਲ਼ ਛਾਪਦੀਆਂ ਹਨ ਕੁਦਰਤ ਦੇ ਗਹਿਰੇ ਰਹੱਸਾਂ ਨਾਲ਼ ਇਕ-ਮਿਕ ਹੋਏ ਉਹ ਅਕਸਰ ਕੁਦਰਤੀ ਸੁੰਦਰਤਾ ਨਾਲ਼ ਲਬਰੇਜ਼ ਵਾਦੀਆਂ ‘ਦੇ ਸੈਰ-ਸਪਾਟਿਆਂ ਲਈ ਨਿਕਲ ਤੁਰਦੇ ਹਨ। ਉਹਨਾਂ ਦੀ ਕਵਿਤਾ ਦੀ ਪੁਸਤਕ ‘ਪਹੀਆ ਚਿੜੀ ਅਤੇ ਅਸਮਾਨ’ ਪੜ੍ਹਕੇ ਅਹਿਸਾਸ ਹੋਇਆ ਕਿ ਉਹ ਆਪਣੇ ਇਨਸਾਨੀ ਵਜੂਦ ਨੂੰ ਕੁਦਰਤ ਦੇ ਅਨੰਤ ਰਹੱਸਾਂ ਨਾਲ਼ ਇਕ-ਮਿਕ ਮਹਿਸੂਸ ਕਰਕੇ ਉਸਦੀ ਸ਼ਾਨ ਵਿੱਚ ਨਜ਼ਮਾਂ ਦੀ ਰਚਨਾਕਾਰੀ ਕਰਦੇ ਹਨ।

ਬੰਦਾ, ਕਿੱਡਾ ਕੌਡੀ ਭਾਅ

ਸੰਘਣੇ ਦੇਉਦਾਰਾਂ ਵਾਲੀ
ਪਹਾੜੀ, ਪਗਡੰਡੀ ‘ਤੇ ਜੰਗਲੀ
ਟਰੈਂਕਿੰਗ ‘ਤੇ ਲਿਜਾਂਦਾ ਗਾਇਡ ਸਾਨੂੰ
ਪ੍ਰਭਾਵਿਤ ਕਰਨ ਲਈ ਦੱਸਦਾ ਹੈ-
ਇਕ ਇਕ ਦੇਉਦਾਰ ਦੀ ਕੀਮਤ
ਇਕ ਇਕ ਲੱਖ ਹੈ!

ਸਿਰਫ਼; ਇਕ ਲੱਖ?

ਜਿਸ ਨੇ ਆਪਣੇ ਛਤਰੇ ‘ਤੇ

ਕਹਾਣੀ : ਨਾਬਰ - ਮਨਮੋਹਨ ਸਿੰਘ ਬਾਸਰਕੇ

ਨੰਬਰਦਾਰ ਕਿਸ਼ਨ ਸਿੰਘ ਦੇ ਖੇਤ ਪਿੰਡ ਤੋਂ ਦੋ ਕਿਲੋਮੀਟਰ ਹੱਟਵੇ ਸਨ,ਜਿਸ ਕਾਰਨ ਪੱਠਾ ਦੱਥਾ ਲਿਆਉਣ ਅਤੇ ਰੋਟੀ ਖੇਤੀ ਲੈ ਕੇ ਜਾਣ ਸਮੇਂ ਬੜੀ ਔਖਿਆਈ ਮਹਿਸੂਸ ਹੁੰਦੀ ਸੀ।ਇਸ ਔਕੜ ਤੋਂ ਛੁਟਕਾਰਾ ਪਾਉਣ ਲਈ ਨੰਬਰਦਾਰ ਨੇ ਆਪਣਾ ਡੇਰਾ ਹੀ ਖੇਤਾਂ ਵਿਚ ਬਣਾ ਲਿਆ ਸੀ।ਡੇਰੇ  ਸ਼ਾਨਦਾਰ ਕੋਠੀ ਸੀ।ਮੰਡੀ ਬੋਰਡ ਦਾ ਚੇਅਰਮੈਨ ਹਲਕੇ ਦਾ ਐਮ ਐਲ ਏ ਹੋਣ ਕਰਕੇ ਹੋਰਨਾਂ ਪਿੰਡਾਂ ਦੀਆਂ ਭਾਵੇਂ ਸੜਕਾਂ ਨਾ ਮੁਰੰਮਤ ਹੋਈਆਂ ਹੋਣ ਪਰ ਉਸ ਨੇ ਆਪਣੇ ਹਲਕੇ ਦੇ ਪਿੰਡਾਂ ਦੇ ਡੇਰਿਆ ਨੂੰ ਵੀ ਪੱਕੀਆਂ ਸੜਕਾਂ ਬਣਾ ਦਿਤੀਆਂ ਸਨ। ਨੰਬਰਦਾਰ ਦੇ ਡੇਰੇ ਨੂੰ ਜਾਂਦੀ ਸੜਕ ਤੇ ਇਕ ਬੋਰਡ ਲੱਗਾ ਸੀ,ਜਿਸ 'ਤੇ ਲਿਖਿਆ ਸੀ।ਪਹੁੰਚ ਮਾਰਗ ਡੇਰਾ ਨੰਬਰਦਾਰ ਕਿਸ਼ਨ ਸਿੰਘ ਲੰਬਾਈ 1.90ਕਿਲੋਮੀਟਰ। ਖੇਤਾਂ ਵਿਚ ਕੋਠੀ ਪਾਉਣ ਨਾਲ ਸੱਭ ਤੋਂ ਜ਼ਿਆਦਾ ਫਾਇਦਾ ਨੰਬਰਦਾਰ ਦੇ ਸੀਰੀ ਸੱਤੇ ਨੂੰ ਹੋਇਆ ਸੀ।ਭਾਵੇ ਸੱਤਾ ਪੱਠਾ ਦੱਥਾ ਰੇੜ੍ਹੀ ਅੱਗੇ ਬਲਦ ਜੋੜਕੇ ਲਿਆਉਂਦਾ ਸੀ ਪਰ ਉਸ ਦਾ ਦੋ ਕਿਲੋਮੀਟਰ ਦਾ ਪੈਂਡਾ ਮੁੱਕਣ ਕਰਕੇ ਸਮੇਂ ਦੀ ਬਚਤ ਹੋ ਜਾਂਦੀ  ਸੀ ਜਾਂ ਫਿਰ ਇਸਦਾ  ਫਾਇਦਾ ਨੰਬਰਦਾਰ ਦੀ ਨੂੰਹ ਨੂੰ ਹੋਇਆ ਸੀ ,ਕਿਉਂਕਿ ਜਿਉਂਦੇ ਜੀਅ ਤਾਂ ਰੋਟੀ ਖੇਤੀ ਉਸਦੀ ਸੱਸ ਬੰਸੋ  ਹੀ  ਲੈ ਕੇ ਜਾਂਦੀ ਸੀ ਪਰ ਸੱਸ ਪੂਰੀ ਹੋਣ ਤੇ ਇਹ ਜੁਮੇਵਾਰੀ ਵੀ ਇਸ ਦੇ ਸਿਰ ਆਣ ਪਈ ਸੀ। ਗਰਮੀਆਂ ਵਿੱਚ ਖੇਤੀ ਰੋਟੀ ਲੈਣ ਕੇ ਜਾਣੀ ਕਹਿੜੀ ਸੌਖੀ ਸੀ

ਮੁੜ੍ਹਕੇ ਨਾਲ ਗਲ ਪਈ ਕਮੀਜ਼ ਗਰੁਚ ਹੋ ਜਾਂਦੀ ਸੀ , ਕੲੀ ਵਾਰ ਤਾਂ ਕਮੀਜ਼ ਸਰੀਰ ਨਾਲ ਚਿਪਕ  ਹੀ ਜਾਂਦੀ ।ਡੇਰੇ ਤੇ ਰਿਹਾਇਸ਼ ਹੋਣ ਕਾਰਨ ਉਹ ਆਪਣੇ ਆਪ ਨੂੰ ਹੌਲਾ ਹੌਲਾ ਮਹਿਸੂਸ ਕਰਨ ਲੱਗ ਪਈ ਸੀ।
     ਸੱਤੇ ਨੇ ਪਹਿਲਾਂ ਚਰੀ  ਦੀਆਂ ਦੋ ਪੰਡਾਂ ਵੱਢਕੇ , ਰੇੜ੍ਹੀ ਤੇ ਲੱਦੀਆਂ ਤੇ ਫਿਰ ਟੋਕੇ 'ਤੇ ਲਿਆ ਸੁੱਟੀਆਂ।  ਉਨ੍ਹ ਇੰਜਣ ਚਾਲੂ ਕੀਤਾ ਤੇ ਚਰੀ  ਕੁਤਰ ਦਿੱਤੀ।ਉਨ੍ਹ  ਚਾਰ ਮੱਝਾਂ,ਇਕ ਗਾਂ,ਬਲਦ  ਅਤੇ ਪੰਜ ਚਾਰ ਕੱਟੜੀਆਂ ਵੱਛੜੀਆਂ ਨੂੰ  ਪੱਠੇ ਪਾਏ ਤੇ ਮੱਝਾਂ ਚੋਣ ਲੱਗ ਪਿਆ।ਅੱਜ ਉਸ ਦਾ ਹੱਥ ਕੁਝ ਛੋਹਲਾ ਵਗ ਰਿਹਾ ਸੀ। ਪਰ ਫਿਰ ਵੀ ਇਹ ਕੰਮ ਕਰਦਿਆ ਖਾਓ-ਪੀਆ ਹੋ ਗਿਆ ਸੀ। ਨੰਬਰਦਾਰ ਦਾ ਵੀ  ਪੈੱਗ ਲਾਉਣ ਦਾ ਸਮਾਂ ਹੋ ਗਿਆ ,ਇਸ ਲਈ ਆਨੀ ਬਹਾਨੀ ਸੱਤਾ ਨੰਬਰਦਾਰ

Friday, February 18, 2022

ਸਾਹਿਤਕ ਘੁੰਗਰੂਆਂ ਦੀ ਆਵਾਜ਼ ਵਾਲਾ ਸੀ "ਧੁੱਪ ਦਾ ਮੇਲਾ"

             -ਅਵਤਾਰ ਸਿੰਘ ਭੰਵਰਾ


ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਗੁਆਂਢੀ ਸ਼ਹਿਰ ਮੁਹਾਲੀ ਵਿੱਚ ਇਕ ਸਾਹਿਤਕਾਰਾਂ ਦਾ ਮੇਲਾ ਲੱਗਦਾ ਵੇਖਿਆ। ਫੱਗਣ ਦੀ ਸੰਗਰਾਂਦ ਤੋਂ ਇਕ ਦਿਨ ਬਾਅਦ ਮੁਹਾਲੀ ਦੇ ਸੈਕਟਰ 69 ਦੀ ਖੁਲ਼ੀ ਪਾਰਕ ਵਿੱਚ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਸਾਹਿਤਕਾਰ ਅਤੇ ਸਾਹਿਤ ਰਸੀਏ ਖਿੜੀ ਹੋਈ ਧੁੱਪ 'ਚ ਚੌਗਿਰਦੇ ਵਿੱਚ ਫੈਲੀ ਹਰੀ ਬਨਸਪਤੀ ਦਾ ਆਨੰਦ ਮਾਣ ਰਹੇ ਸਨ। ਮੱਠੀ ਮੱਠੀ ਚੱਲਦੀ ਠੰਢੀ ਹਵਾ ਧੁੱਪ ਨੂੰ ਕੋਸੀ ਕਰ ਰਹੀ ਸੀ। ਠੰਢੀ ਹਵਾ ਚੱਲਣ ਤੋਂ ਬਾਅਦ ਕੋਈ ਆਪਣੀ ਗਰਮ ਸ਼ਾਲ ਸੁਆਰ ਰਹੀ ਸੀ ਅਤੇ ਕੋਈ ਕੋਟ ਦੇ ਬਟਨ ਬੰਦ ਕਰਦਾ ਅਤੇ ਕੋਈ ਆਪਣੀ ਪੱਗ ਨਾਲ ਕੰਨਾਂ ਨੂੰ ਚੰਗੀ ਤਰ੍ਹਾਂ ਢਕਣ ਲੱਗ ਜਾਂਦਾ। ਇਸ ਮੇਲੇ ਵਿੱਚ 15 ਸਾਲ ਤੋਂ ਲੈ ਕੇ 85 ਸਾਲ ਦੀ ਉਮਰ ਦੇ ਸਾਹਿਤਕਾਰ ਸ਼ਾਮਿਲ ਹੋਏ। ਇਸ ਮੇਲੇ ਦਾ ਰੰਗ ਵੇਖ ਕੇ ਇੰਜ ਲੱਗਦਾ ਸੀ ਕਿ ਹਰ ਇਕ ਮੇਲੇ ਵਿੱਚ ਹੱਟੀ ਪਾਉਣ ਨੂੰ ਫਿਰਦਾ ਅਰਥਾਤ ਆਪਣੀ ਨਜ਼ਮ ਸੁਣਾਉਣ ਲਈ ਤਿਆਰ ਸੀ। 

Friday, January 28, 2022

ਮੇਰਾ ਚਰਖਾ ਬੋਲੇ ਸਾਈਂ ਸਾਈਂ:- ਜਤਿੰਦਰ ਔਲਖ


ਇਹ ਚਰਖਾ ਮੇਰੀ ਦਾਦੀ ਦੇ ਦਾਜ ਵਿੱਚ ਆਇਆ ਸੀ। ਹਰ ਸ਼ੈਅ ਦੀ ਕਦਰ ਇਸ ਗੱਲ ਉੱਪਰ ਨਿਰਭਰ ਕਰਦੀ ਹੈ ਕਿ ਸਾਡੇ ਜੀਵਨ ਵਿਚ ਇਸਦੀ ਕਿੰਨੀ ਕੁ ਲੋੜ੍ਹ ਹੈ। ਕਦੀ ਚਰਖਾ ਸਾਡਿਆਂ ਘਰਾਂ ਦਾ ਜਰੂਰੀ ਅੰਗ ਹੁੰਦਾ ਸੀ। ਪੰਜਾਬੀ ਦੇ ਸੈਂਕੜੇ ਲੋਕਗੀਤਾਂ ਅਤੇ ਬੋਲੀਆਂ ਵਿਚ ਚਰਖੇ ਦਾ ਜ਼ਿਕਰ ਆਉਂਦਾ ਹੈ।  ਸਾਡੇ ਲੋਕ ਸਾਹਿਤ ਦਾ ਅਟੁੱਟ ਅੰਗ ਹੈ ਚਰਖਾ। ਮੈਨੂੰ ਆਪਣਾ ਲਿਖਿਆ ਇੱਕ ਦੋਹਾ ਯਾਦ ਆ ਗਿਆ: 

ਪਾ ਚਰਖੇ ਵਿਚ ਤੰਦ ਨੀ, ਕੱਤ ਉਸ ਸੱਜਣ ਦੀ ਰੀਤ,

ਜੋ ਹੋਂਠ ਤੇਰੇ 'ਤੇ ਧਰ ਗਿਆ ਇਸ਼ਕ ਲਰਜ਼ਦਾ ਗੀਤ।

ਮੈਨੂੰ ਤਾਂ ਚਰਖੇ ਦੇ ਵੱਖ-ਵੱਖ ਹਿੱਸਿਆਂ (parts) ਦੇ ਨਾਮ ਵੀ ਨਹੀਂ ਆਉਂਦੇ ਬਸ ਮੇਰੇ ਲਈ ਇਹ ਸੰਪੂਰਨ ਚਰਖਾ ਹੈ।  ਆਪਣੀ ਮਾਤਾ ਜੀ ਨੂੰ ਆਵਾਜ਼ ਦੇਂਦਾ ਹਾਂ, ਜੋ ਦੱਸਦੇ ਹਨ ਕਿ ਅਟੇਰਨ ਆਹ ਹੁੰਦਾ ਸੀ, ਤੱਕਲਾ ਇਸਨੂੰ ਕਹਿੰਦੇ ਸਨ। ਬਚਪਨ ਵਿਚ ਵੇਖਿਆ ਸੀ ਤਾਂ ਇਸਦੇ ਧੁੰਦਲੇ ਪੈ ਗਏ ਸ਼ੀਸ਼ੇ ਬਹੁਤ ਖੂਬਸੂਰਤ ਸਨ। ਇਸਨੂੰ ਜੜ੍ਹੇ ਘੁੰਗਰੂਆਂ ਦੀ ਛਣਕਾਰ ਇਕ ਵੱਖਰਾ ਹੀ ਸੰਗੀਤ ਪੈਦਾ ਕਰਦੀ।  ਅਟੇਰਨ ਅਤੇ ਤੱਕਲਾ ਲੱਭ-ਲੱਭ ਕੇ ਹੱਟ ਗਿਆਂ ਜੋ ਹੁਣ ਮੈਨੂੰ ਨਹੀਂ ਮਿਲ ਰਹੀ। ਪਰ ਮੈਂ ਬਚਪਨ ਵਿਚ ਆਪਣੀ ਦਾਦੀ ਨੂੰ ਇਹ ਚਰਖਾ ਗੇੜਦਿਆਂ ਵੇਖਿਆ ਹੈ।  ਸਾਂਈ ਸ਼ਾਹ ਹੁਸੈਨ ਨੇ ਚਰਖੇ ਦੀ ਘੂਕ ਨੂੰ ਖ਼ਾਲਿਕ ਦੀ ਯਾਦ ਨਾਲ ਬੰਨ੍ਹ ਦਿੱਤਾ ਹੈ:

ਮੇਰਾ ਚਰਖਾ ਬੋਲੇ ਸਾਈਂ ਸਾਈਂ

ਤੇ ਬਾਇੜ ਬੋਲੇ ਤੂੰ।

ਕਵੀ ਮਨ ਭਾਵੁਕ ਹੁੰਦਾ ਹੈ ਇਸ ਬੇਲੋੜੀ ਵੇਲਾ ਹੰਡਾਅ ਚੁੱਕੀ ਵਸਤੂ ਨਾਲ ਮੇਰਾ ਪਤਾ ਨਹੀ ਕੀ ਲਗਾਵ ਹੈ ਕੁਝ ਸਾਲਾਂ ਤੋਂ ਇਸਨੂੰ ਬਚਾਉਣ ਦੀ ਕੋਸ਼ਿਸ ਕਰ ਰਿਹਾ ਹਾਂ। ਪਰ ਇਹ ਵਾਰ- ਵਾਰ ਕਬਾੜ ਵਿਚ ਪਹੁੰਚ ਜਾਂਦਾ ਹੈ।  ਮੈਂ ਫਿਰ ਚੁੱਕ ਕੇ ਸੇਫ ਜਗ੍ਹਾ ਤੇ ਰੱਖਦਾ ਹਾਂ। ਅੱਜ ਕਾਫੀ ਦਿਨਾਂ ਬਾਅਦ ਸੂਰਜ ਨਿਕਲਿਆ ਤਾਂ ਧੁੱਪ ਸੇਕਣ ਲਈ ਛੱਤ 'ਤੇ ਆਇਆ ਤਾਂ ਇਹ ਫਿਰ ਫਾਲਤੂ ਸਮਾਨ ਦੇ ਕੋਲ ਪਿਆ ਸੀ।  ਉਹ ਸ਼ੈਅ ਜਿਸਦੀ ਹੁਣ ਗਰਜ ਨਹੀਂ ਰਹੀ, ਅਖ਼ੀਰ ਕਿੰਨੀ ਕੁ ਦੇਰ ਬਚਾਈ ਰੱਖੀ ਜਾ ਸਕਦੀ ਹੈ, ਇਹ ਅੰਤ ਆਪਣੇ ਅੰਜਾਮ ਨੂੰ ਪਹੁੰਚ ਜਾਣੀ ਹੈ। ਇਹ ਸੰਸਾਰ ਗਰਜ( ਲੋੜ੍ਹ) ਨਾਲ ਬੱਝਾ ਹੈ। ਜਿਵੇਂ ਉਹ ਗੀਤ ਹੈ ' ਵਕਤ ਸੇ ਬਚ ਕਰ ਰਹੋ ਵਕਤ ਕਾ ਹਰ ਸ਼ੈਅ ਪਏ ਰਾਜ, ਵਕਤ ਕੀ ਹਰ ਸ਼ੈਅ ਗੁਲਾਮ'। 

ਜੀਵ ਹੈ ਜਾਂ ਨਿਰਜੀਵ ਨਾਸ਼ਮਾਨਤਾ ਦਾ ਇਹ ਕੁਦਰਤ ਦਾ ਸਿਧਾਂਤ ਹਰ ਇਕ ਲਈ ਲਾਗੂ ਹੁੰਦਾ ਹੈ। ਨੌਵੀਂ ਪਾਤਸ਼ਾਹੀ ਦਾ ਵੀ ਫੁਰਮਾਨ ਹੈ:

'ਕਹੁ ਨਾਨਕ ਥਿਰੁ ਕਿਛੂ ਨਹੀਂ 

ਸੁਪਨੇ ਜਿਉਂ ਸੰਸਾਰ'



Saturday, January 15, 2022

‘ਮੀਰ ਪੰਜਾਬੀ ਮੇਲਾ 2021’ ਲਾਹੌਰ ਵਿਚ ਧੂਮਧਾਮ ਨਾਲ਼ ਸੰਪੰਨ:- ਰਿਪੋਰਟ:- ਜਤਿੰਦਰ ਸਿੰਘ ਔਲ਼ਖ

ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਫ਼ਾਊਂਡੇਸ਼ਨ ਅਤੇ ਪੀਲਾਕ, ਲਾਹੌਰ ਦੀ ਰਹਿਨੁਮਾਈ ਹੇਠ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ, ਆਰਟਸ ਐਂਡ ਕਲਚਰ ,ਲਾਹੌਰ ਵਿਚ ‘ਮੀਰ ਪੰਜਾਬੀ ਮੇਲਾ 2021’ ਮਨਾਇਆ ਗਿਆ। ਪਿਛਲੇ ਵਰ੍ਹੇ ਦੇ ਆਖ਼ਰੀ ਅਤੇ ਨਵੇਂ ਸਾਲ ਦੇ ਪਹਿਲੇ ਦਿਹਾੜੇ ਨੂੰ ਇਸ ਦੋ ਦਿਨਾਂ ਦੇ ਮੇਲੇ ਨੇ ਖ਼ੂਬ ਰੌਣਕ ਲਾਈ। ਮੀਰ ਪੰਜਾਬੀ ਮੇਲਾ ਇਕ ਅਜਿਹੀ ਰਵਾਇਤ ਬਣ ਗਿਆ ਹੈ ਜੋ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦਾ ਕੇਂਦਰੀ ਮਰਕਜ਼ ਬਣ ਕੇ ਉਭਰ ਰਿਹਾ ਹੈ।ਹਰ ਵਰ੍ਹੇ ਹੋਣ ਵਾਲੇ ਮਾਂ ਬੋਲੀ ਦੇ ਇਸ ਵੱਡੇ ਮੇਲੇ

ਵਿਚ ਇਸ ਸਾਲ ਹੁਨਰ ਕਦਾ ਸਕੂਲ ਆਫ਼ ਪ੍ਰਫ਼ਾਰਮਿੰਗ ਆਰਟ, ਲਾਹੌਰ ਨੇ ਫ਼ੋਟੋਗ੍ਰਾਫ਼ੀ, ਪੂਰਨੇ ਕਾਰੀ ਅਤੇ ਚਿੱਤਰਕਾਰੀ ਰਾਹੀਂ ਮਹਾਨ ਸ਼ਾਇਰ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਹੋਰਾਂ ਦੇ ਕਲਾਮ, ਪੰਜਾਬ ਰਹਿਤਲ ਅਤੇ ਮਿਹਨਤਕਸ਼ ਵਸਨੀਕਾਂ ਦੇ ਯਤਨ ਨੂੰ ਉਜਾਗਰ ਕੀਤਾ। 

ਇਸ ਤੋਂ ਇਲਾਵਾ ਮੁਖ਼ਤਲਿਫ਼ ਫ਼ਨਕਾਰਾਂ ਦੇ ਨਮੂਨੇ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਅਬਦੁਲਮਤੀਨ , ਅਕਰਮ ਵੜਾਇਚ, ਨੋਮਾਨ ਹਾਸ਼ਮੀ ਅਤੇ ਉਮਰ ਬੱਟ ਹੋਰਾਂ ਦੇ ਫ਼ਨ ਪਾਰਿਆਂ ਦੀ ਨੁਮਾਇਸ਼ ਕੀਤੀ ਗਈ।ਫ਼ੋਟੋਗ੍ਰਾਫ਼ੀ, ਪੂਰਨੇ ਕਾਰੀ ਅਤੇ ਚਿੱਤਰਕਾਰੀ ਰਾਹੀਂ

Tuesday, September 14, 2021

ਲੂਣਾ ਦਾ ਸੀ ਪਿੰਡ ਚਮਿਆਰੀ ਮਿੱਤਰੋ (ਮਨਮੋਹਨ ਸਿੰਘ ਬਾਸਰਕੇ )

 

ਪਿੰਡ ਚਮਿਆਰੀ, ਅਜਨਾਲੇ ਕੋਲ ਜੀ।

ਸੁਣਾਵਾਂ ਵਾਰਤਾ, ਏਦੀ  ਸਾਰੀ ਖੋਲੵ ਜੀ।

ਲੱਗੀ ਸਲਵਾਨ,   ਨੂੰ ਪਿਆਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                     2

ਲੂਣਾ ਨਾਲ ਰਾਜੇ ,ਵਿਆਹ ਰਚਾ ਲਿਆ।

ਧੀ ਵਰਗੀ ਤਾਈ,ਰਾਣੀ ਸੀ ਬਣਾ ਲਿਆ।

ਬਣ  ਗਈ  ਪੁੱਤ ,  ਹੱਤਿਆਰੀ ਮਿੱਤਰੋ।

ਲੂਣਾ ਦਾ ਸੀ ਪਿੰਡ, ਚਮਿਆਰੀ ਮਿੱਤਰੋ।

                      3

ਪੂਰਨ ਦੇ ਰੂਪ ,  ਤੇ ਰਾਣੀ ਡੁੱਲ ਗਈ।

ਮਾਂ ਪੁੱਤ ਵਾਲਾ ਸੀ,ਰਿਸ਼ਤਾ ਭੁੱਲ ਗਈ।

ਲਾਏ  ਪੂਰਨ ਤੇ ,  ਦੋਸ਼  ਭਾਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                      4

ਆਖੈ ਸਲਵਾਨ, ਅੱਲਖ ਮੁਕਾ ਦਿਓ।

ਪੂਰਨ ਨੂੰ ਵੱਢ, ਕਿਸੇ ਖੂਹ ਪਾ ਦਿਓ।

ਬੜੀ ਕੀਤੀ ਇਸ, ਬਦਕਾਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                      5

ਜੀ ਗੋਰਖ ਨਾਲ ,ਉਥੇ ਚਲ ਆਯਾ ਸੀ।

ਮੀਂਹ ਮਿਹਰਾਂ ਦਾ, ਉਸ ਵਰਸਾਯਾ ਸੀ ।

ਮਾਂ ਇੱਛਰਾਂ ਮਿਲੀ  ,ਅੰਤ ਵਾਰੀ ਮਿੱਤਰੋ।

ਲੂਣਾ ਦਾ ਸੀ ਪਿੰਡ ,ਚਮਿਆਰੀ ਮਿੱਤਰੋ।

                      6

ਸ਼ੇਰੇ ਪੰਜਾਬ ਦਾ, ਮਾਖੇ ਖਾ ਸੀ ਸੂਰਮਾ।

ਗੋਰੇ ਦਾ ਬਣਾਯਾ,ਸੀ ਮੈਦਾਨੇ ਚੂਰਮਾ।

ਇਸ  ਪਿੰਡ ਦੀ ਹੈ, ਸਰਦਾਰੀ  ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                   ‌‌   7

ਕਾ:ਰਾਜੇਸ਼ਵਰ ਨੂੰ  ਕੋਣ ਨਹੀ  ਜਾਣਦਾ।

ਅਮੀਨ ਮਲਕ,  ਜੀ ਸਮੇੱ ਦੇ ਹਾਣ ਦਾ।

ਸੋਭਾ  ਸਭਨਾਂ ਦੀ ,ਹੈ ਨਿਆਰੀ ਮਿੱਤਰੋ।

ਲੂਣਾ ਦਾ ਸੀ ਪਿੰਡ,ਚਮਿਆਰੀ ਮਿੱਤਰੋ।

                       8

ਲ਼ੂਣਾ ਲਿਖ ਸ਼ਿਵ , ਨੇ ਅਮਰ ਕਰ ਤੀ।

ਸਾਰੀ ਗਾਥਾ ਉਸ, ਲਿਖ ਲਿਖ ਭਰ ਤੀ।

Saturday, March 13, 2021

ਚੇਤਰ: ਕੀਰਤਪਰਤਾਪ ਪੰਨੂ

ਪੰਛੀਆਂ ਦੇ ਅੱਜ -
ਗੀਤ ‘ਚ ਘੁਲਿਆ -
ਬਣਕੇ ਰਾਗ ਇਹ ਚੇਤਰ !
ਸੁਭਾ ਉਨੀਂਦੀ -
ਸੂਰਜ ਉੱਗਿਆ -
ਖੁਸ਼ਬੂ - ਖੁਸ਼ਬੂ ਖੇਤਰ !

ਮੈਂ ਰੁੱਖਾਂ ਨੂੰ -
ਭਰਾਂ ਕਲਾਵੇ -
ਸਾਹ ਇਹਨਾਂ ਦੇ ਰੁਮਕਣ !
ਬੱਚੇ ਜਿਵੇਂ -
ਮਲ - ਮਲ ਅੱਖੀਆਂ -
ਤਿਹੁ ਦੀ ਖ਼ਾਤਰ ਡੁਸਕਣ  !

ਘੁੱਟੋ - ਘੁੱਟ -
ਪੀ ਲਈਆਂ ਸੁਗੰਧੀਆਂ -
ਤਨ - ਨਮ ਹਰਿਆ ਹੋਇਆ !
ਖਾਲ਼ੀ ਖੂਹ -
ਮੇਰੇ ਦਿਲ ਦਾ ਅੱਜ ਇਹ -
ਕੰਢੀ ਭਰਿਆ ਹੋਇਆ !

ਬਾਪੂ ਸਾਡਾ -
ਬੁੱਢਾ ਬੋਹੜ ਜੋ -
ਬੈਠਾ ਮੂੰਦ ਕੇ ਨੇਤਰ !

ਸੁਭਾ ਉਨੀਂਦੀ -
ਸੂਰਜ ਉੱਗਿਆ -
ਖੁਸ਼ਬੂ - ਖੁਸ਼ਬੂ ਖੇਤਰ !

ਰੁੱਤ ਮੁਟਿਆਰ ਦਾ -
ਅੱਥਰਾਪਣ ਇਹ -
ਮੁੱਠੀਆਂ ਰੰਗ ਖਿਲਾਰੇ !
ਵਾਹ ਕਾਦਰ !
ਤੇਰੀ ਕੁਦਰਤ ਦੇ ਮੈਂ -
ਸਦਾ - ਸਦਾ ਬਲਿਹਾਰੇ !

ਮੇਰੇ ਮਨ ਅੱਜ -
ਵੱਸ ਨਹੀਂ ਮੇਰੇ -
ਬਿਰਹਾ ਖਾਈ ਜਾਂਦਾ !
ਹਿਜ਼ਰ ਹੰਢਾਵਾਂ -
ਮੈਂ ਕਮਲੀ ਜਾਂ -
ਮੈਨੂੰ ਹਿਜ਼ਰ ਹੰਢਾਈ ਜਾਂਦਾ ?

ਬੀਜ ਰਹੀ ਹਾਂ -
ਮੈਂ ਝੱਲੀ ਜੋ -
ਟਿੱਬਿਆਂ ਅੰਦਰ ਕੇਸਰ !

ਪੰਛੀਆਂ ਦੇ ਅੱਜ -
ਗੀਤ ‘ਚ ਘੁਲਿਆ -
ਬਣਕੇ ਰਾਗ ਇਹ ਚੇਤਰ !
ਸੁਭਾ ਉਨੀਂਦੀ -
ਸੂਰਜ ਉੱਗਿਆ -
ਖੁਸ਼ਬੂ - ਖੁਸ਼ਬੂ ਖੇਤਰ !

ਕੀਰਤ ਪੰਨੂ

Tuesday, January 19, 2021

ਯਾਦਗਾਰੀ ਰਿਹਾ ਲਾਹੌਰ ਦਾ 12 ਵਾਂ ਮੀਰ ਪੰਜਾਬੀ ਮੇਲਾ

12ਵਾਂ ਮੀਰ ਪੰਜਾਬੀ ਮੇਲਾ 2020 ਪ੍ਰੋ: ਅਲੀ ਅਰਸ਼ਦ ਮੀਰ ਫਾਉਂਡੇਸ਼ਨ ਅਤੇ ਪੰਜਾਬ ਆਰਟ ਕੌਂਸਲ ਲਾਹੌਰ ਦੇ ਸਹਿਯੋਗ ਨਾਲ਼ ਪੰਜਾਬ ਯੂਨੀਵਰਸਿਟੀ ਲਾਹੌਰ ‘ਚ ਮਨਾਇਆ ਗਿਆ। ਦੋ ਦਿਨ ਚੱਲੇ ਸਮਾਗਮ ਵਿੱਚ ਪੰਜਾਬੀ ਸਾਹਿਤ ਦੀਆਂ ਅਨੇਕ ਕਿਤਾਬਾਂ ਨੂੰ ਅਲੀ ਅਰਸ਼ਦ ਮੀਰ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ। ਫ਼ੌਜੀਆ ਰਾਫ਼ੀਕ ਅਤੇ ਡਾ ਫ਼ਜ਼ਲੀਆਤ ਬਾਨੋ ਦੀਆਂ ਕਿਤਾਬ ਨੂੰ ਪੰਜਾਬੀ ਵਾਰਤਕ ਲਈ ਅਲੀ ਅਰਸ਼ਦ ਮੀਰ ਅਵਾਰਡ ਨਾਲ਼ ਸਮਮਾਨਿਤ ਕੀਤਾ ਗਿਆ। ਕਵਿਤਾ ਲਈ ਦੋ ਕਿਤਾਬਾਂ ਲਈ ਅਸੀਮ ਪਾਧੇਰ ਅਤੇ ਆਰਿਫ਼ਾ ਸ਼ਹਿਯਾਦ ਦੀਆਂ ਕਿਤਾਬਾਂ ਨੂੰ ਚੁਣਿਆ ਗਿਆ। ਡਾ: ਅਬਦੁੱਲ ਕਰੀਮ ਕਾਦਸੀ ਨੂੰ ਬਾਲ ਸਾਹਿਤ ਅਵਾਰਡ ਲਈ ਚੁਣਿਆ ਗਿਆ।

ਜ਼ਫਰ ਅਵਾਨ ਦੀ ਕਿਤਾਬ ਨੂੰ ਪੰਜਾਬੀ ਗ਼ਜ਼ਲ ਲਈ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਮਹਿਮੂਦ ਸਰਮਦ ਦੀ ਦੋਹਿਆਂ ਦੀ ਕਿਤਾਬ ਨੂੰ ਪੋ੍ਰ: ਅਲੀ ਅਰਸ਼ਦ ਮੀਰ ਅਵਾਰਡ ਨਾਲ਼ ਸਨਮਾਨਿਆਂ ਗਿਆ। ਮਰਹੂਮ ਅਲੀਮ ਸ਼ਕੀਲ ਨੂੰ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਲਈ ਅਲੀ ਅਰਸ਼ਦ ਮੀਰ ਪੁਰਸਕਾਰ ਦਿੱਤਾ ਗਿਆ।

ਮੀਰ ਪੰਜਾਬੀ ਮੇਲੇ ‘ਚ ਕਲਾ ਅਤੇ ਸਾਹਿਤ ਨੂੰ ਸਮਰਪਿਤ ਕਈ ਸੈਸ਼ਨ ਕਰਵਾਏ ਗਏ ਜਿਸ ਦੌਰਾਨ ਅਮਾਰ ਕਾਜ਼ਮੀ, ਇਲਿਆਸ ਘੁੰਮਣ, ਸਾਈਅਦ ਬੂਟਾ, ਫਰੂਕ ਨਦੀਮ, ਇਫਾਤ ਆਸ਼ਿਕ, ਇਜ਼ਾਜ ਅਖ਼ਤਰ ਖਾਨ, ਅਸੀਮ ਅਸਲਮ ਅਤੇ ਰਿਆਜ਼ ਦਾਨਿਸ਼ਵਰ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ। ਫਾਰੂਕ ਨਦੀਮ, ਆਜ਼ਿਮ ਮਲਿਕ ਅਤੇ ਪ੍ਰੋ: ਡਾ: ਸਰਮਦ ਅਰਸ਼ਦ ਨੇ ਮੰਚ ਸੰਚਾਲਿਨ ਅਤੇ

ਹਾਜ਼ਰੀਨ ਦਾ ਸਵਾਗਤ ਕੀਤਾ। ਪੰਜਾਬੀ ਦੇ ਦੋ ਸਮਰੱਥ ਲੇਖਕਾਂ ਈਜ਼ਾਦ ਅਜੀਜ਼ ਅਤੇ ਨਾਦਿਰ ਅਲੀ ਦੇ ਅਚਾਨਿਕ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮੌਨ ਧਾਰਨ ਕਰਕੇ ਵਿਛੜ ਚੁੱਕੇ ਸਾਹਿਤਕਾਰਾਂ ਸ਼ਰਧਾਂਜਲੀ ਭੇਂਟ ਕੀਤੀ ਗਈ।ਤ੍ਰਿਝਣ ਨਾਟਕ ਮੰਡਲੀ ਵੱਲੋਂ ਪੰਜਾਬੀ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਅਤੇ ਨਦੀਮ ਅਬਾਸ ਵੱਲੋਂ ਸੂਫੀ ਨਾਚ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋ: ਅਲੀ ਅਰਸ਼ਦ ਮੀਰ ਦੀਆਂ ਕਵਿਤਾਵਾਂ ‘ਤੇ ਕੋਰੀਉਗ੍ਰਾਫੀ ਨੇ ਹਾਜ਼ਿਰ ਦਰਸ਼ਕਾਂ ਦਾ ਮਨ ਮੋਹ ਲਿਆ।ਮਸ਼ਹੂਰ ਕਵੀ ਮਹਿਮੂਦ ਔਕਾਰਵੀ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ ਅਤੇ ਪ੍ਰਸਿੱਧ ਕਵੀਆਂ ਸਾਬਿਰ ਅਲੀ ਸਾਬਿਰ, ਆਜ਼ਿਮ ਮਲਿਕ, ਸਾਫ਼ੀਆ ਹਇਆਤ, ਸ਼ਗੀਰ ਅਹਿਮਦ ਸ਼ਗੀਰ, ਤਾਹਿਰਾ ਸਰਾ,  ਸਇਮਾ ਆਲਮ,

ਅਹਿਮਦ ਨਾਈਮ ਅਰਸ਼ਦ, ਅਰਸ਼ਦ ਮਨਜ਼ੂਰ,  ਇਕਬਾਲ ਦਰਵੇਸ਼, ਅਲੀ ਜੌਸ਼ਾ, ਪ੍ਰੋ: ਸਰਮਦ ਫਾਰੋਹ ਅਰਅਸ਼ਦ ਆਦਿ ਨੇ ਆਪਣੀ ਸ਼ਾਇਰੀ ਪੇਸ਼ ਕੀਤੀ।ਗਇਕੀ ਦੇ ਸੈਸ਼ਨ ਦੌਰਾਨ ਤਵੀਦ ਅਹਿਮਦ ਅਨਾਸ, ਕਾਲੇ ਖਾਨ ਬਾਗ, ਨੌਈਮ, ਅਰਸ਼ਦ ਅਲੀ, ਬਿਲਾਲ ਰਜ਼ਬ ਅਤੇ ਮੋਇਨਾ ਸਾਜਿਦ ਨੇ ਆਪਣੇ ਕਲਾਮ ਰਾਹੀਂ ਪੰਜਾਬੀ ਕਵਿਤਾ ਦੇ ਮਹਾਨ ਲੋਕ ਸ਼ਾਇਰ ਅਲੀ ਅਰਸ਼ਦ ਮੀਰ ਨੂੰ ਯਾਦ ਕੀਤਾ ਅਤੇ ਹਾਜ਼ਰੀਨ ਦੀ ਭਰਭੂਰ ਦਾਦ ਹਾਸਿਲ ਕੀਤੀ।

        ਜਤਿੰਦਰ ਔਲ਼ਖ

           9815534653