ਮਲਵਿੰਦਰ ਨਾਲ ਰੂਬਰੂ: 'ਅਰਤਿੰਦਰ ਸੰਧੂ'
ਮਲਵਿੰਦਰ ਅਜੋਕੇ ਸਮੇਂ ਦਾ ਸੰਵੇਦਨਸ਼ੀਲ ਤੇ ਜ਼ਹੀਨ ਸ਼ਾਇਰ ਹੈ, ਜਿਸਦੀ ਕਾਵਿ-ਪ੍ਰਤਿਭਾ ਦਿਨੋਂ ਦਿਨ ਹੋਰ ਨਿੱਖਰ ਕੇ ਸਾਹਮਣੇ ਆ ਰਹੀ ਹੈ। ਉਹ ਕਈ ਦਹਾਕਿਆਂ ਤੋਂ ਕਵਿਤਾ ਨਾਲ ਜੁੜਿਆ ਹੋਇਆ ਹੈ ਤੇ ਹੁਣ ਤੱਕ ਉਸ ਦੇ ਛੇ ਕਾਵਿ-ਸੰਗ੍ਰਹਿ ਅਤੇ ਇੱਕ ਬਾਲ ਕਵਿਤਾਵਾਂ ਦੀ ਪੁਸਤਕ ‘ਫੁੱਲਝੜੀ’ ਛਪ ਚੁੱਕੀਆਂ ਹਨ। ਉਸਦੀ ਕਵਿਤਾ ਦੇ ਸਰੋਕਾਰ ਅੱਜ ਦੇ ਸਮੇਂ ਵਿੱਚ ਬੇਚੈਨੀਆਂ ਹੰਢਾ ਰਹੇ ਮਨੁੱਖ ਤੋਂ ਲੈ ਕੇ ਰਾਸ਼ਟਰੀ, ਅੰਤਰਰਾਸ਼ਟਰੀ ਵਰਤਾਰਿਆਂ ਤੱਕ ਫੈਲੇ ਹੋਏ ਹਨ। ਭਾਵੇਂ ਉਹ ਮੁੱਖ ਤੌਰ ‘ਤੇ ਸ਼ਾਇਰ ਹੈ,ਪਰ ਚੁਫੇਰੇ ਹੋ ਰਹੀਆਂ ਬੇ-ਨਿਯਮੀਆਂ ਨੂੰ ਵਾਰਤਕ ਰਾਹੀਂ ਵੀਆਪਣਾ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਵਿਭਿੰਨ ਵਿਸ਼ਿਆਂ ਨਾਲ ਸਬੰਧਤ ਉਸਦੇ ਲੇਖ ਅਕਸਰ ਅਖ਼ਬਾਰਾਂ ਦੇ ਪੰਨਿਆਂ ਪੜ੍ਹਨ ਨੂੰ ਮਿਲਦੇ ਹਨ। ਉਹ ਸਿਖਿਆ ਵਿਭਾਗ ਵਿਚੋਂ ਬਤੌਰ ਪੰਜਾਬੀ ਲੈਕਚਰਾਰ ਸੇਵਾ-ਮੁਕਤ ਹੋਇਆ ਹੈ ਤੇ ਹੁਣ ਪੂਰੀ ਤਰ੍ਹਾਂ ਆਪਣੀ ਕਲਮਕਾਰੀ ਨੂੰ ਸਮਰਪਿਤ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਇਕਲੌਤਾ ਬੇਟਾ ਕੈਨੇਡਾ ਦਾ ਸ਼ਹਿਰੀ ਜਾ ਬਣਿਆਂ ਹੈ। ਹੁਣ ਮਲਵਿੰਦਰ/ ਬਲਵਿੰਦਰ ਦੰਪਤੀ ਅੱਧਾ ਸਾਲ ਪੰਜਾਬ ਵਿਚ ਹੁੰਦੇ ਹਨ ਤੇ ਅੱਧਾ ਬਰੈਂਪਟਨ (ਕੈਨੇਡਾ) ਵਿਚ। ਮਲਵਿੰਦਰ ਕਿਤਾਬਾਂ ਦਾ ਰਸੀਆ ਹੈ ਤੇ ਅੱਜ-ਕੱਲ ਵੱਖ-ਵੱਖ ਮੈਗਜ਼ੀਨਾਂ ਵਿਚ ਉਸ ਵਲੋਂ ਕੀਤੇ ਕਿਤਾਬਾਂ ਦੇ ਰੀਵਿਊ ਵੀ ਛਪਦੇ ਰਹਿੰਦੇ ਹਨ। ਬਾਕੀ ਗੱਲਾਂ ਮਲਵਿੰਦਰ ਨਾਲ ਕਰਦੇ ਹਾਂ:
ਸਵਾਲ : ਇਨ੍ਹਾਂ ਲੰਘ ਰਹੇ ਸਮਿਆਂ ਅੰਦਰ ਕਵਿਤਾ ਦੇ ਪ੍ਰਸੰਗ ਵਿੱਚ ਆਪਣੇ ਹਾਲ ਨੂੰ ਕਿਵੇਂ ਬਿਆਨ ਕਰੋਗੇ?
ਜਵਾਬ : ਇਸ ਵਿਸ਼ਵ ਵਿਆਪੀ ਬੈਚਾਨਿਦੇ ਦੌਰ ' ਚੋਂ ਲੰਘ ਰਹੇ ਹਾਂ ਪ੍ਰਿਟ ਮੀਡੀਆ, ਸ਼ੋਸ਼ਲ ਮੀਡੀਆ, ਚੈਨਲ,ਆਡੀਓ,ਵੀਡਿਉ ਹਰ ਥਾਂ ਇਹ ਬੈਚੇਨੀ ਸ਼ੋਰ ਬਣੀ ਵੇਖੀ ਜਾ ਸਕਦੀ ਹੈ। ਸਾਡੀਆਂ ਸੋਚਾਂ, ਗੱਲਾਂ,ਬਹਿਸਾਂ ਇਥੋਂ ਤਕ ਕਿ ਕਵਿਤਾਵਾਂ ਵਿਚ ਵੀ ਇਹ ਇਨਸਾਨੀ ਡਾਵਾਂਡੋਲ ਮਨ ਸਾਹਮਣੇ ਆਉਂਦਾ ਹੈ।
ਸਵਾਲ : ਹਾਂ, ਮੈਂ ਵੀ ਤੁਹਾਡੀਆਂ ਕੁਝ ਕਵਿਤਾਵਾਂ ਫੇਸਬੁੱਕ ‘ਤੇ ਪੜ੍ਹੀਆਂ ਹਨ। ਤੁਹਾਡਾ ਪਹਿਲੀ ਵਾਰ ਕਵਿਤਾ ਨਾਲ ਵਾਹ ਕਦੋਂ ਪਿਆ? ਮੇਰਾ ਕਹਿਣ ਦਾ ਮਤਲਬ ਕਿ ਤੁਹਾਨੂੰ ਕਦੋਂ ਇਹ ਅਹਿਸਾਸ ਹੋਇਆ ਕਿ ਤੁਹਾਡੇ ਅੰਦਰ ਕਵਿਤਾ ਪਈ ਹੈ? ਬਚਪਨ ਵਿਚ ਤੁਹਾਡੇ ਘਰ ਦਾ ਜਾਂ ਆਸ-ਪਾਸ ਦਾ ਮਹੌਲ ਕਿਹੋ ਜਿਹਾ ਸੀ?
ਜਵਾਬ : ਜਦੋਂ ਮੈਂ ਕਹਿੰਦਾ ਹਾਂ ਕਿ ਮੇਰਾ ਬਚਪਨ ਤੰਗੀਆਂ ਤੁਰਸ਼ੀਆਂ ਵਿਚ ਸੰਘਰਸ਼ ਕਰਦਿਆਂ ਬੀਤਿਆ ਤਾਂ ਮੈਨੂੰ ਖਿਆਲ ਆਉਂਦਾ ਹੈ ਕਿ ਪਿੰਡਾਂ ਵਿਚ ਜੰਮੀਂ ਪਲੀ ਜਵਾਨ ਹੋਈ ਮੇਰੀ ਪੀੜ੍ਹੀ ਨੂੰ ਲੱਗਭਗ ਇਕੋ ਜਿਹੇ ਹਾਲਾਤਾਂ ਵਿਚੋਂ ਲੰਘਣਾ ਪਿਆ।ਕਵਿਤਾ ਓਦੋਂ ਕਿਤੇ ਨੇੜੇ ਤੇੜੇ ਵੀ ਨਹੀਂ ਸੀ। ਸਕੂਲ ਤੋਂ ਬਾਅਦ ਕਾਲਜ ਦੀ ਪੜ੍ਹਾਈ ਤੇ ਉਹ ਵੀ ਸਾਇੰਸ ਦੀ।ਉਨ੍ਹਾਂ ਸਾਲਾਂ ਵਿਚ ਪੰਜਾਬੀ ਤਾਂ ਕਿਤੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਲਿਖੀਆਂ ਪੜ੍ਹੀਆਂ ਚਿੱਠੀਆਂ ਤਕ ਸੀਮਤ ਹੋ ਕੇ ਰਹਿ ਗਈ ਸੀ।ਹਾਂ ਉਹਨੀਂ ਦਿਨੀਂ ਕੁਲਬੀਰ (ਪ੍ਰੋ.ਕੁਲਬੀਰ ਸਿੰਘ ਮੀਡੀਆ ਅਲੋਚਕ) ਦੀਆਂ ਚਿੱਠੀਆਂ ਦੀ ਭਾਸ਼ਾ ਪੜ੍ਹਕੇ ਜ਼ਰੂਰ ਹੈਰਾਨੀ ਹੁੰਦੀ ਦੀ। ਉਹ ਚਿੱਠੀਆਂ ਹੀ ਪੰਜਾਬੀ ਸਹਿਤ ਨਾਲ ਜੁੜਨ ਦਾ ਸਬੱਬ ਬਣੀਆਂ ਤੇ ਫਿਰ ਇੱਕ ਦਿਨ ਜਦ ਕੁਲਬੀਰ ਨੇ ਹੀ ਆਪਣੀ ਕਿਸੇ ਚਿੱਠੀ ਵਿਚ ਲਿਖ
ਭੇਜਿਆ ਕਿ ਮੈਂ ਆਪ ਕਵਿਤਾ ਲਿਖਾਂ ਤਾਂ ਮੇਰੇ ਅੰਦਰ ਸੁੱਤੀ ਪਈ ਕਵਿਤਾ ਜਿਵੇਂ ਜਾਗ ਪਈ ਹੋਵੇ।ਸਵਾਲ : ਕੀ ਕਵਿਤਾ ਰਾਹੀਂ ਆਪਾਂ ਜੋ ਕੁਝ ਕਹਿਣਾ ਚਾਹੁੰਦੇ ਹਾਂ,ਪੂਰੀ ਤਰ੍ਹਾਂ ਕਹਿ ਲੈਂਦੇ ਹਾਂ?
ਜਵਾਬ : ਪਤਾ ਨਹੀਂ। ਇਕੋ ਕਵਿਤਾ ਵਿਚ ਤਾਂ ਨਹੀਂ ਕਹਿ ਸਕਦੇ। ਤੁਹਾਡੀ ਹਰ ਪੁਸਤਕ ਵਿਚ ਘਰ ਨਾਲ ਸਬੰਧਤ ਕਵਿਤਾਵਾਂ ਹਨ। ਫਿਰ ਤੁਹਾਡੀ ਕਿਤਾਬ ਛਪੀ ‘ਘਰ ਘਰ’। ਪਰ ਮੈਨੂੰ ਲੱਗਦਾ ਘਰ ਬਾਰੇ ਤੁਸੀਂ ਜੋ ਕਹਿਣਾ ਚਾਹੁੰਦੇ ਹੋ,ਅਜੇ ਵੀ ਕਹਿ ਨਹੀਂ ਹੋਇਆ। ਮੈਂ ਬਚਪਨ ਦੀਆਂ ਤੰਗੀਆਂ ਤੁਰਸ਼ੀਆਂ ਬਾਰੇ ਕਵਿਤਾਵਾਂ ਲਿਖੀਆਂ, ਮਾਂ ਬਾਰੇ ਕਵਿਤਾਵਾਂ ਲਿਖੀਆਂ,ਰਾਜਨੀਤਕ ਵਰਤਾਰਿਆਂ ਨੂੰ ਮੁਖ਼ਾਤਬ ਹੋਇਆ, ਸਮਾਜਿਕ ਵਰਤਾਰਿਆਂ ਬਾਰੇ ਲਿਖਿਆ, ਪਿਆਰ ਕਵਿਤਾਵਾਂ ਲਿਖੀਆਂ। ਇਹ ਵਿਸ਼ੇ ਅੱਜ ਵੀ ਮੇਰੇ ਅੰਗ-ਸੰਗ ਰਹਿੰਦੇ ਹਨ। ਕਵਿਤਾ ਦੇ ਕੇਂਦਰ ਵਿਚ ਤਾਂ ਅਸੀਂ ਹੀ ਪਏ ਹੁੰਦੇ ਹਾਂ,ਹੰਢਾ ਰਹੇ ਵਰਤਾਰਿਆਂ ਸਮੇਤ। ਨਾ ਸਿਸਟਮ ਬਦਲ ਰਿਹਾ ਹੈ ਨਾ ਸਾਡੇ ਫਿਕਰ। ਬਹੁਤ ਸਾਰਾ ਅਣਕਿਹਾ ਪਿਆ ਹੈ ਅਜੇ ਵੀ।
ਸਵਾਲ : ਤੁਹਾਡੇ ਮੁਤਾਬਕ ਕਵਿਤਾ ਕੀ ਹੈ ਤੇ ਤੁਹਾਡਾ ਇਸ ਨਾਲ ਕੀ ਰਿਸ਼ਤਾ ਹੈ? ਕਵਿਤਾ ਲਿਖ ਲੈਣ ਤੋਂ ਬਾਅਦ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
ਜਵਾਬ : ਕਵਿਤਾ ਨੇ ਮੈਨੂੰ ਇੱਕ ਪਹਿਚਾਣ ਦਿੱਤੀ ਹੈ।ਕਵਿਤਾ ਨੇ ਮੈਨੂੰ ਮੇਰੇ ਅੰਦਰਲੇ ਹੀਣ-ਭਾਵ ਤੋਂ ਮੁਕਤ ਕੀਤਾ ਹੈ। ਕਵਿਤਾ ਨੇ ਮੇਰੀ ਵਿਹਲ ਨੂੰ ਸਾਰਥਿਕ ਆਹਰ ਦਿੱਤਾ ਹੈ। ਕਵਿਤਾ ਨੇ ਮੇਰੀ ਸੋਝੀ ਨੂੰ ਤਿੱਖਿਆਂ ਕੀਤਾ ਹੈ।ਕਵਿਤਾ ਨੇ ਮਾਰੇ ਨਾਲ ਇੱਕ ਜਾਗਦਾ, ਚਿੰਤਨ ਕਰਦਾ,ਸੰਘਰਸ਼ ਕਰਦਾ ਪਰਿਵਾਰ ਜੋੜਿਆ ਹੈ।ਕਵਿਤਾ ਨੇ ਮੇਰੇ ਜਿਊਣ ਢੰਗ ‘ਚ ਨਿਖਾਰ ਲਿਆਂਦਾ ਹੈ। ਕਵਿਤਾ ਸਾਨੂੰ ਹੱਦਾਂ-ਸਰਹੱਦਾਂ ਤੋਂ ਪਾਰ ਲੈ ਕੇ ਜਾਂਦੀ ਹੈ। ਮੈਂ ਕੈਨੇਡਾ ਦੇ ਸ਼ਹਿ ਬਰੈਂਪਟਨ ਗਿਆ। ਉਥੇ ਸਰਗਰਮ ਸਾਹਿਤ ਸਭਾਵਾਂ ਨੇ ਮੇਰਾ ਸਤਿਕਾਰ ਕੀਤਾ। ਮੈਨੂੰ ਮਾਣ ਦਿੱਤਾ। ਇਹ ਸਾਰਾ ਕੁਝ ਮੇਰੀ ਕਵਿਤਾ ਨੂੰ ਮਿਲਿਆ ਮਾਣ ਸਤਿਕਾਰ ਸੀ। ਇਸ ਕਵਿਤਾ ਨੂੰ ਲਿਖ ਕੇ ਮੈਂ ਮਾਣਮੱਤਾ ਮਹਿਸੂਸ ਕਰਦਾ ਹਾਂ। ਕਵਿਤਾ ਸਾਨੂੰ ਤਣਾਵਾਂ ਤੋਂ ਮੁਕਤ ਕਰਦੀ ਹੈ। ਅਸੀਂ ਆਪਣੇ ਆਪ ਨੂੰ ਭੀੜ ਤੋਂ ਵੱਖ ਮਹਿਸੂਸ ਕਰਦੇ ਹਾਂ। ਇਹ ਅਹਿਸਾਸ ਬੇਸ਼ੱਕ ਸਾਡੇ ਅੰਦਰ ਹੀ ਪਿਆ ਹੁੰਦਾ ਹੈ। ਭੀੜ ਲਈ ਅਸੀਂ ਸਧਾਰਣ ਮਨੁੱਖ ਹੀ ਹੁੰਦੇ ਹਾਂ। ਮੈਂ ਇੱਕ ਸਧਾਰਣ ਕਵਿਤਾ ਦਾ ਸਧਾਰਣ ਸ਼ਾਇਰ ਹਾਂ।ਮੇਰੀ ਕਵਿਤਾ ਕੋਲ ਕੋਈ ਬਹੁਤ ਵੱਡੇ ਮਾਣ ਦਾਅਵੇ ਨਹੀਂ ਹਨ। ਪਰ ਮੇਰੀ ਕਵਿਤਾ ਮੇਰਾ ਮਾਣ ਹੈ।
ਸਵਾਲ : ਹੁਣ ਤਕ ਤੁਹਾਡੀਆਂ ਕਿੰਨੀਆਂ ਕਿਤਾਬਾਂ ਛਪ ਚੁੱਕੀਆਂ ਹਨ?
ਜਵਾਬ : ਕਿਤਾਬ ਹੁਣੇ ਜਿਹੇ ਇੱਕ ਬਾਲ ਕਵਿਤਾਵਾਂ ਦੀ ਛਪੀ ਹੈ ‘ਫੁੱਲਝੜੀ’। ਇਹ ਸਤਵੀਂ ਕਿਤਾਬ ਹੈ।ਦੋ ਹਜ਼ਾਰ ਦੋ ‘ਚ ਪਹਿਲੀ ਕਿਤਾਬ ਛਪੀ ਸੀ ‘ਗੈਰ ਹਾਜ਼ਰ ਪੈੜਾਂ ਦੀ ਕਥਾ’ ਤੇ ਦੋ ਹਜ਼ਾਰ ਅਠਾਰਾਂ ‘ਚ ਛੇਵੀਂ ‘ਸੁਪਨਿਆਂ ਦਾ ਪਿੱਛਾ ਕਰਦਿਆਂ’। ਇਹ ਭਾਸ਼ਾ,ਵਿਧੀ ਤੇ ਬੌਧਿਕ ਵਿਕਾਸ ਦਾ ਵਰ੍ਹਾ ਰਿਹਾ।ਹਾਲਾਂਕਿ ਕੋਈ ਕ੍ਰਿਸ਼ਮਾ ਨਹੀਂ ਵਾਪਰਿਆ। ਕੋਈ ਬਹੁਤ ਵੱਡੀ ਜਾਂ ਚਰਚਿਤ ਸਿਰਜਣਾ ਨਹੀਂ ਕਰ ਸਕਿਆ। ਪਰ ਸਮਕਾਲੀ ਪੰਜਾਬੀ ਕਵਿਤਾ ਵਿਚ ਕਦੀ ਕਦੀ ਮੇਰਾ ਵੀ ਜ਼ਿਕਰ ਜ਼ਰੂਰ ਹੋ ਜਾਂਦਾ ਹੈ।ਤਸੱਲੀ ਹੈ।
ਸਵਾਲ : ਸਾਹਿਤਕ ਏਕਮ ਵਿਚ ਜਦੋਂ ਤੁਹਾਨੂੰ ਸ਼ਾਇਰ ਵਿਸ਼ੇਸ਼ ਕਾਲਮ ਤਹਿਤ ਛਾਪਿਆ ਸੀ ਤਾਂ ਤੁਸੀਂ ਆਪਣੇ ਸਵੈਕਥਨ ਵਿਚ ਲਿਖਿਆ ਸੀ ਕਿ ਮੈਨੂੰ ਕਵਿਤਾ ਲਿਖਣੀ ਨਹੀਂ ਆਉਂਦੀ। ਛੇ ਕਿਤਾਬਾਂ ਦਾ ਸ਼ਾਇਰ ਇਹ ਕਿਵੇਂ ਕਹਿ ਸਕਦਾ ਹੈ?
ਜਵਾਬ : ਮੈਂ ਇਹ ਗੱਲ ਬੜੀ ਸ਼ਿਦਤ ਨਾਲ ਮਹਿਸੂਸ ਕਰਦਾ ਹਾਂ ਕਿ ਕਵਿਤਾ ਲਿਖਣ ਲਈ ਜਿਸ ਸਹਿਜ ਦੀ ਲੋੜ ਹੁੰਦੀ ਹੈ, ਉਹ ਮੇਰੇ ਕੋਲ ਨਹੀਂ ਹੈ। ਅਸੀਂ ਜਦੋਂ ਤ੍ਰਭਕੀ ਅਵਸਥਾ ਵਿਚ ਵਰਤਾਰਿਆਂ ਨੂੰ ਸੰਬੋਧਨ ਕਰਦੇ ਹਾਂ ਤਾਂ ਸਾਡੇ ਸ਼ਬਦਾਂ ਵਿਚੋਂ ਸਹਿਜ ਮਨਫੀ ਹੋ ਜਾਂਦਾ ਹੈ। ਸਾਡੀ ਕਵਿਤਾ ਲਾਊਡ ਹੋ ਜਾਂਦੀ ਹੈ।ਕਵਿਤਾ ਲਈ ਜਿਸ ਸੂਖਮਤਾ ਦੀ, ਜਿਨ੍ਹਾਂ ਮਹੀਨਵੇਰਵਿਆਂ ਦੀ ਲੋੜ ਹੁੰਦੀ ਹੈ ਉਹ ਕਿਤੇ ਨਾ ਕਿਤੇ ਰਹਿ ਜਾਂਦੇ ਹਨ। ਉਤੇਜਨਾ ਵੀ ਸਾਡੀ ਕਵਿਤਾ ਨੂੰ ਪੇਤਲੀ ਪਾਉਂਦੀ ਹੈ। ਵੈਸੇ ਵੀ ਕਵਿਤਾ ਦੇ ਕਈ ਮਿਆਰ ਹਨ। ਸਵੀਕ੍ਰਿਤੀ ਦੇ ਆਪਣੇ ਮਿਆਰ ਹਨ।ਹਰ ਅੜਿਕੇ ਨੂੰ ਉਲੰਘ ਦੀ ਹੋਈ , ਵਿਚਾਰਧਾਰਾਵਾਂ ਦੇ ਸਭ ਚੌਖਟਿਆਂ ਅੰਦਰ ਪ੍ਰਵਾਨ ਚੜੀ ਕਵਿਤਾ ਹੀ ਅਸਲੀ ਕਵਿਤਾ ਹੁੰਦੀ ਹੈ। ਮੈਨੂੰ ਅਜਿਹੀ ਕਵਿਤਾ ਲਿਖਣੀ ਨਹੀਂ ਆਉਂਦੀ।
ਸਵਾਲ : ਤੁਹਾਡੀ ਵਾਰਤਕ ਵੀ ਕਦੀ ਕਦੀ ਪੜ੍ਹਨ ਨੂੰ ਮਿਲਦੀ ਹੈ।ਚੰਗੀ ਵਾਰਤਕ ਲਿਖਦੇ ਹੋ।ਇਸ ਬਾਰੇ ਕੁਝ ਗੱਲਾਂ ਕਰ ਲਈਏ।
ਜਵਾਬ : ਅਸਲ ਵਿਚ ਬਹੁਤ ਸਾਰੇ ਸ਼ਾਇਰ ਵਾਰਤਕ ਲਿਖਣ ਵੱਲ ਰੁਚਿਤ ਹੋਏ ਹਨ ਅਤੇ ਬਹੁਤ ਵਧੀਆ ਵਾਰਤਕ ਲਿਖ ਰਹੇ ਹਨ। ਮੈਂ ਸਕੂਲ ਵਿਚ ਸੀਨੀਅਰ ਸੈਕਡਰੀ ਜਮਾਤਾਂ ਨੂੰ ਪੜ੍ਹਾਉਂਦਿਆਂ ਉਨ੍ਹਾਂ ਨੂੰ ਕਿਸੇ ਟੌਪਿਕ ਉਪਰ ਲਿਖਣ ਨੂੰ ਕਹਿੰਦਾ। ਉਹ ਜੋ ਵੀ ਲਿਖਦੇ, ਅਧੂਰਾ ਜਿਹਾ ਹੁੰਦਾ। ਫਿਰ ਮੈਂ ਆਪ ਉਸੇ ਟੌਪਿਕ ਉਪਰ ਕੁਝ ਲਿਖਦਾ। ਉਹ ਵੱਖਰਾ ਹੁੰਦਾ। ਮੈਨੂੰ ਲੱਗਦਾ ਮੈਂ ਇਸ ਨੂੰ ਹੋਰ ਵਿਸਥਾਰ ਦੇ ਸਕਦਾ ਹਾਂ।ਇੰਝ ਭੀੜ ਬਾਰੇ ਇੱਕ ਆਰਟੀਕਲ ਲਿਖਿਆ ਗਿਆ। ਇੰਝ ਹੀ ਸੁਹਜ ਉਪਰ ਤੇ ਕੁਝ ਹੋਰ ਵਿਸ਼ਿਆਂ ਉਪਰ ਵੀ। ਮੇਰੇ ਉਹ ਆਰਟੀਕਲ ਪੰਜਾਬੀ ਟ੍ਰਿਬਿਊਨ ਵਿਚ ਛਪ ਗਏ। ਮੇਰਾ ਹੌਸਲਾ ਵੱਧ ਗਿਆ। ਇੰਝ ਮੈਂ ਵਾਰਤਕ ਲਿਖਣ ਵੱਲ ਰੁਚਿਤ ਹੋਇਆ। ਹੋ ਸਕਦਾ ਭਵਿੱਖ ਵਿਚ ਵਾਰਤਕ ਉਪਰ ਇੱਕ ਕਿਤਾਬ ਵੀ ਆਵੇ।
ਸਵਾਲ : ਤੁਸੀਂ ਬਹੁਤ ਸਾਰੀਆਂ ਕਿਤਾਬਾਂ ਬਾਰੇ ਟਿੱਪਣੀਆਂ ਵੀ ਲਿਖਦੇ ਹੋ।ਏਕਮ ਅਤੇ ਅੱਖਰ ਵਿਚ ਤੁਹਾਡੇ ਕੀਤੇ ਰੀਵਿਊ ਅਕਸਰ ਛਪਦੇ ਹਨ ਕਿੰਝ ਦਾ ਲੱਗਦਾ ਇਹ ਕੰਮ ?
ਜਵਾਬ : ਇਸ ਦੀ ਸ਼ੁਰੂਆਤ ਤਾਂ ਪ੍ਰਮਿੰਦਰਜੀਤ ਹੋਰਾਂ ਕਰਵਾ ਦਿੱਤੀ ਸੀ।ਮੈਨੂੰ ਪ੍ਰੇਮ ਸਾਹਿਲ ਦੀ ਕਵਿਤਾ ਦੀ ਕਿਤਾਬ ਦੇ ਕੇ ਕਹਿੰਦੇ ਇਸ ਬਾਰੇ ਲਿਖ ਦੇ।ਮੈਂ ਹੈਰਾਨ।ਕੀ ਲਿਖਾਂਗਾ ਇਸ ਬਾਰੇ?ਇਹ ਤਾਂ ਵਿਦਵਾਨ ਲੋਕਾਂ ਦਾ ਕੰਮ। ਖੈਰ!ਮੈਂ ਲਿਖਿਆ ਅੱਖਰ ਵਿਚ ਛਪਿਆ ਤਾਂ ਪ੍ਰੇਮ ਸਾਹਿਲ ਨੇ ਬਹੁਤ ਪਸੰਦ ਕੀਤਾ। ਹੁਣ ਵਿਸ਼ਾਲ ਵੀ ‘ਅੱਖਰ’ ਨੂੰ ਆਈਆਂ ਕਿਤਾਬਾਂ ਦੇ ਦਿੰਦਾ ਹੈ,ਤੁਸੀਂ ਵੀ ਕਹਿ ਦਿੰਦੇ ਹੋ ਲਿਖਣ ਲਈ। ਮੈਂ ਬਹਾਨੇ ਨਾਲ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲੈਂਦਾ ਹਾਂ। ਚੰਗਾ ਲੱਗਦਾ ਹੈ।
ਸਵਾਲ : ਸਾਹਿਤ ਸਭਾਵਾਂ ਬਾਰੇ ਤੁਹਾਡੇ ਕੀ ਵਿਚਾਰ ਹਨ?
ਜਵਾਬ : ਸਮੁੱਚੇ ਪੰਜਾਬ ਵਿਚ ਵੀ ਤੇ ਆਪਣੇ ਜ਼ਿਲ੍ਹੇ ਅੰਮ੍ਰਿਤਸਰ ਵਿਚ ਵੀ ਬਹੁਤ ਸਾਰੀਆਂ ਸਾਹਿਤ ਸਭਾਵਾਂ ਸਰਗਰਮ ਹਨ। ਹਰ ਸਾਹਿਤ ਸਭਾ ਕਵੀ ਦਰਬਾਰ, ਕਿਤਾਬਾਂ ਦੇ ਲੋਕ ਅਰਪਣ ਸਮਾਗਮ, ਕਿਸੇ ਲੇਖਕ / ਵਿਦਵਾਨ ਨਾਲ ਰੂਬਰੂ ਅਤੇ ਕਿਸੇ ਵਿਸ਼ੇ ਵਿਸ਼ੇਸ਼ ਉਪਰ ਸੈਮੀਨਾਰ ਆਯੋਜਿਤ ਕਰਦੇ ਰਹਿੰਦੇ ਹਨ।ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋ ਕੇ ਵਿਦਵਾਨਾਂ ਦੇ ਵਿਚਾਰ ਸੁਣਨ,ਆਪਣੀ ਕੋਈ ਰਚਨਾ ਸਾਂਝੀ ਕਰਨ ਅਤੇ ਕਈ ਵਾਰ ਚਲਦੀ ਵਿਚਾਰ ਚਰਚਾ ਵਿਚ ਹਿੱਸਾ ਲੈਣ ਦਾ ਮੌਕਾ ਵੀ ਮਿਲਦਾ ਹੈ। ਕਈ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਪਰ ਸਾਨੂੰ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸੰਕੋਚੀ ਜਰੂਰ ਹੋਣਾ ਚਾਹੀਦਾ ਹੈ। ਹਰ ਸਮਾਗਮ ਵਿਚ ਸ਼ਾਮਲ ਹੋਣਾ ਸੰਭਵ ਨਹੀਂ ਹੁੰਦਾ। ਦੂਰ-ਦੁਰਾਡੇ ਸ਼ਹਿਰਾਂ ਵਿਚ ਜਾਣਾ ਹੋਰ ਵੀ ਮੁਸ਼ਕਲ ਹੁੰਦਾ ਹੈ। ਇਸ ਲਈ ਬਹੁਤ ਸਾਰਾ ਵਕਤ ਚਾਹੀਦਾ ਹੈ ਜਿਹੜਾ ਤੁਹਾਨੂੰ ਕਈ ਵਾਰ ਆਪਣੇ ਜਰੂਰੀ ਰੁਝੇਵਿਆਂ ਵਿਚੋਂ ਕੱਢਣਾ ਪੈਂਦਾ ਹੈ। ਤੁਹਾਡਾ ਬਹੁਤ ਸਾਰਾ ਪੜ੍ਹਨ ਲਿਖਣ ਵਾਲਾ ਵੀ ਰਹਿ ਜਾਂਦਾਹੈ। ਮੇਰੇ ਕਹਿਣ ਤੋਂ ਭਾਵ ਕਿ ਇੱਕ ਸੰਤੁਲਨ ਬਣਾ ਕੇ ਰੱਖਣ ਦੀ ਲੋੜ ਹੈ।
ਸਵਾਲ : ਸਾਹਿਤ ਸਭਾਵਾਂ ਵਲੋਂ ਦਿੱਤੇ ਜਾਂਦੇ ਮਾਨ-ਸਨਮਾਨ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ : ਕਈ ਸਾਹਿਤ ਸਭਾਵਾਂ ਬਹੁਤ ਪਾਰਦਰਸ਼ੀ ਢੰਗ ਨਾਲ ਯੋਗ ਲੇਖਕਾਂ ਨੂੰ,ਯੋਗ ਰਚਨਾਵਾਂ ਨੂੰ ਇਹ ਮਾਨ-ਸਨਮਾਨ ਦਿੰਦੇ ਹਨ। ਬੜਾ ਚੰਗਾ ਲੱਗਦਾ ਹੈ।ਪਰ ਬਹੁਤ ਸਾਰੀਆਂ ਸਾਹਿਤ ਸਭਾਵਾਂ ਕਿਸੇ ਲੇਖਕ ਨੂੰ ਸਨਮਾਨਤ ਕਰਨ ਵੇਲੇ ਉਸ ਦਾ ਸਾਹਿਤਕ ਕੱਦ ਜਾਂ ਉਸ ਦੀ ਰਚਨਾ ਦਾ ਧਿਆਨ ਨਹੀਂ ਰੱਖਦੇ। ਕਿਸੇ ਵਿਅਕਤੀ ਵਿਸ਼ੇਸ਼ ਨੂੰ ਸਨਮਾਨਿਤ ਕਰਨ ਦਾ ਉਨ੍ਹਾਂ ਦਾ ਮਨੋਰਥ ਕੁਝ ਹੋਰ ਹੁੰਦਾ ਹੈ। ਬਹੁਤੀ ਵਾਰ ਸਨਮਾਨਤ ਹੋਣ ਵਾਲਾ ਵਿਅਕਤੀ ਵੀ ਫੋਟੋ ਖਿਚਵਾਉਣ ਦੇ ਲਾਲਚ ਜਾਂ ਫਿਰ ਅਖਬਾਰ ਦੀ ਸੁਰਖੀ ਬਣਨ ਦੇ ਲਾਲਚ ਵੱਸ ਸਨਮਾਨ ਸਵੀਕਾਰ ਕਰ ਲੈਂਦਾ ਹੈ। ਜੁਗਾੜਬੰਦੀ ਨਾਲ ਪ੍ਰਾਪਤ ਕੀਤੇ ਸਨਮਾਨਾਂ ਦੀ ਚਰਚਾ ਆਪਾਂ ਹਰ ਵਾਰ ਸੁਣਦੇ ਹਾਂ।ਅਜਿਹੇ ਸਨਮਾਨ ਪ੍ਰਾਪਤ ਕਰਨ ਵਾਲੇ ਕਈ ਦੋਸਤ ਸਨਮਾਨ ਲੈਣ ਤੋਂ ਬਾਅਦ ਸਾਹਿਤ ਸਿਰਜਣਾ ਦੇ ਦ੍ਰਿਸ਼ ਤੋਂ ਅਲੋਪ ਹੁੰਦੇ ਵੀ ਵੇਖੇ ਹਨ। ਤੁਹਾਡੀ ਲਿਖਤ ਨੂੰ ਮਿਲਿਆ ਮਾਣ ਤੁਹਾਡਾ ਕੱਦ ਵੱਡਾ ਕਰਦਾ ਹੈ। ਸਮਾਜ ਵਿਚ ਤੁਹਾਡਾ ਸਤਿਕਾਰ ਵੱਧਦਾ ਹੈ। ਸਨਮਾਨ ਪ੍ਰਾਪਤ ਕਰ ਲੈਣ ਤੋਂ ਬਾਅਦ ਤੁਹਾਨੂੰ ਸਨਮਾਨ ਦੇ ਸਹੀ ਅਰਥ ਸਮਝ ਆਉਂਦੇ ਹਨ। ਹੋਰ ਬਹੁਤ ਸਾਰੀਆਂ ਸੰਸਥਾਵਾਂ ਤੁਹਾਨੂੰ ਸਨਮਾਨਿਤ ਕਰਨ ਵਿਚ ਮਾਣ ਮਹਿਸੂਸ ਕਰਦੀਆਂ ਹਨ। ਤੁਹਾਡੇ ਸਾਹਿਤਕ ਰੁਝੇਵੇਂ ਵੱਧ ਜਾਂਦੇ ਹਨ। ਪਰਿਵਾਰਕ ਅਤੇ ਦੋਸਤਾਂ ਦੇ ਘੇਰੇ ਵਿਚ ਤੁਹਾਨੂੰ ਸਤਿਕਾਰ ਨਾਲ ਵੇਖਿਆ ਜਾਂਦਾ ਹੈ।ਤੁਹਾਨੂੰ ਆਪਣੀ ਮਿਹਨਤ,ਆਪਣੀ ਸਿਰਜਣਾ ਸਫ਼ੳਮਪ;ਲ ਹੋ ਗਈ ਲੱਗਦੀ ਹੈ। ਤੁਸੀਂ ਹੋਰ ਬਿਹਤਰ ਲਿਖਣ ਦੀ ਵਿਉਂਤਬੰਦੀ ਕਰਨ ਲੱਗਦੇ ਹੋ।ਇਹ ਸੱਚੇ ਸਨਮਾਨ ਦਾ ਸਨਮਾਨ ਹੁੰਦਾ ਹੈ।
ਸਵਾਲ : ਸ਼ੋਸ਼ਲ ਮੀਡੀਆ ‘ਤੇ ਆ ਰਹੀ ਕਵਿਤਾ ਦਾ ਸਮਕਾਲੀ ਪੰਜਾਬੀ ਕਵਿਤਾ ਉਪਰ ਕਿਸ ਤਰ੍ਹਾਂ ਦਾ ਪ੍ਰਭਾਵ ਪੈ ਰਿਹਾ ਹੈ?
ਜਵਾਬ : ਫੇਸਬੁੱਕ ਅਤੇ ਬਹੁਤ ਸਾਰੇ ਸਾਹਿਤਕ ਗਰੁੱਪਾਂ ਵਿਚ ਬਹੁਤ ਸਾਰੀ ਕਵਿਤਾ ਹਰ ਰੋਜ਼ ਪੜ੍ਹਨ ਨੂੰ ਮਿਲਦੀ ਹੈ। ਕਵਿਤਾ ਪੋਸਟ ਹੋਣ ਤੋਂ ਤੁਰੰਤ ਬਾਅਦ ਪਸੰਦ ਦੇ ਕਲਿਕ ਹੋਣ ਲੱਗ ਪੈਂਦੇ ਹਨ।ਸੰਖੇਪ ਅਤੇ ਕਾਰਟੂਨ ਕਿਸਮ ਦੀਆਂ ਟਿੱਪਣੀਆਂ ਪੜ੍ਹਨ ਨੂੰ ਮਿਲਦੀਆਂ ਹਨ। ਜਿਸ ਨੇ ਪੋਸਟ ਪਾਈ ਹੁੰਦੀ ਹੈ ਉਹ ਲਾਈਕ / ਕੁਮੈਂਟ ਦੀ ਗਿਣਤੀ ਵਿਚੋਂ ਆਪਣੀ ਤਸੱਲੀ ਲੱਭਦਾ ਹੈ।ਕੁਝ ਦੋਸਤਾਂ ਨੇ ਆਪਣਾ ਨੈੱਟਵਰਕ ਇੰਝ ਦਾ ਬਣਾ ਰੱਖਿਆ ਹੈ ਕਿ ਇਹ ਗਿਣਤੀ ਸੈਕੜਿਆਂ ਵਿਚ ਹੁੰਦੀ ਹੈ। ਪੋਸਟ ਕਈ ਕਈ ਦਿਨ ਦਸਤਕ ਦਿੰਦੀ ਰਹਿੰਦੀ ਹੈ।ਪਰ ਇਸ ਸਾਰੇ ਵਰਤਾਰੇ ਦਾ ਚੰਗਾ ਪੱਖ ਇਹ ਹੈ ਕਿ ਕੁਝ ਬਹੁਤ ਹੀ ਸੂਖਮ ਸ਼ਾਇਰੀ ਵੀ ਪੜ੍ਹਨ ਨੂੰ ਮਿਲਦੀ ਹੈ। ਕੁਝ ਨਵੇਂ ਨਾਂ ਆਪਣੀ ਸਿਰਜਣਾ ਦੇ ਸਿਰ ‘ਤੇ ਕਵਿਤਾ ਦੀ ਮੁੱਖ-ਧਾਰਾ ਵਿਚ ਸ਼ਾਮਲ ਹੁੰਦੇ ਹਨ। ਉਲਾਹਮੇਂ,ਸ਼ਿਕਵੇ ਵੀ ਚਲਦੇ ਰਹਿੰਦੇ ਹਨ।ਸ਼ੋਸ਼ਲ ਮੀਡੀਆ ਦੀ ਇਸ ਆਪੋਧਾਪੀ ‘ਚ ਕੁਝ ਚੰਗੀ ਕਵਿਤਾ ਵੀ ਨਿੱਤਰ ਕੇ ਸਾਹਮਣੇ ਆ ਰਹੀ ਹੈ। ਇੱਕ ਦੋਸਤ ਰਮਨ ਸੰਧੂ ਪੋਸਟਾਂ ਵਿਚ ਸ਼ਬਦਜੋੜਾਂ ਦੀਆਂ ਗਲਤੀਆਂ ਦੀ ਨਿਸ਼ਾਨਦੇਹੀ ਕਰਕੇ ਸਾਨੂੰ ਸੁਚੇਤ ਵੀ ਕਰਦਾ ਰਹਿੰਦਾ ਹੈ। ਇਹ ਬੜਾ ਵਧੀਆ ਉਪਰਾਲਾ ਹੈ। ਬਹੁਤ ਸਾਰੀਆਂ ਕਾਲਜਾਂ,ਯੂਨੀਵਰਸਿਟੀਆਂ ਨਾਲ ਜੁੜੀਆਂ ਸੰਸਥਾਵਾਂ ਵੀ ਕਿਸੇ ਸਮਾਗਮ ਦਾ ਸੱਦਾ-ਪੱਤਰ ਪਾਉਣ ਵੇਲੇ ਅਜਿਹੀਆਂ ਗਲਤੀਆਂ ਕਰਦੇ ਹਨ। ਨਵੀਂ ਤਕਨੀਕ ਦੇ ਕੁਝ ਹਾਸਲ ਵੀ ਹੁੰਦੇ ਹਨ,ਕਮਜ਼ੋਰੀਆਂ ਵੀ। ਸ਼ੋਸ਼ਲ ਮੀਡੀਆ ਨੂੰ ਇਸੇ ਪ੍ਰਸੰਗ ਵਿਚ ਵੇਖਣਾ ਬਣਦਾ ਹੈ।
ਸਵਾਲ : ਪੰਜਾਬੀ ਕਵਿਤਾ ਦੀ ਅਲੋਚਨਾ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸ਼ਾਇਰਾਂ ਨੂੰ ਇਹ ਗਿਲਾ ਹੈ ਕਿ ਹਰ ਵਿਦਵਾਨ ਆਪਣੀ ਵਿਚਾਧਾਰਾ ਦੀ ਕਵਿਤਾ ਦੀ ਗੱਲ ਹੀ ਕਰਦਾ ਹੈ।ਬਾਕੀ ਕਵੀਆਂ ਅਤੇ ਕਵਿਤਾ ਦੀ ਅਣਦੇਖੀ ਹੋ ਜਾਂਦੀ ਹੈ?
ਜਵਾਬ : ਜਿਥੋਂ ਤਕ ਪੰਜਾਬੀ ਕਵਿਤਾ ਦਾ ਸਬੰਧ ਹੈ,ਸਮਕਾਲੀ ਆਲੋਚਨਾ ਦੀਆਂ ਕਈ ਸਮੱਸਿਆਵਾਂ ਹਨ। ਵਿਚਾਰਧਾਰਾ ਵਿਸ਼ੇਸ਼ ਨੂੰ ਪ੍ਰਣਾਏ ਵਿਦਵਾਨਾਂ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ। ਪ੍ਰਤੀਬੱਧਤਾ ਦਾ ਇੱਕ ਆਪਣਾ ਮਹੱਤਵ ਹੁੰਦਾ ਹੈ। ਜਰੂਰਤ ਇਹ ਹੈ ਕਿ ਸਮੁੱਚੀ ਮਾਨਵਵਾਦੀ ਕਵਿਤਾ ਦੀ ਗੱਲ ਬਿਨ੍ਹਾਂ ਕਿਸੇ ਭੇਦਭਾਵ ਅਤੇ ਵਿਤਕਰੇ ਦੇ ਕੀਤੀ ਜਾਵੇ। ਕਵਿਤਾ ਵਿਚਲੀ ਕਾਵਿ-ਭਾਸ਼ਾ ਦੇ ਮਹੱਤਵ ਨੂੰ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਕਾਵਿ-ਭਾਸ਼ਾ ਕਰਕੇ ਹੀ ਕਵਿਤਾ ਸੁਹਜ ਸਿਰਜਦੀ ਹੈ। ਸੁਹਜ-ਵਿਹੂਣੀ ਕਵਿਤਾ ਦੀ ਵਿਸ਼ੇ ਜਾਂ ਵਿਚਾਰ ਕਰਕੇ ਚਰਚਾ ਕਰਨੀ ਅਤੇ ਸੁਹਜ ਭਰਪੂਰ ਕਵਿਤਾ ਦੀ ਅਣਦੇਖੀ ਕਰਨੀ ਕਿਸੇ ਤਰ੍ਹਾਂ ਵੀ ਜਾਇਜ ਨਹੀਂ ਹੈ। ਅੱਜ ਕੱਲ ਬਹੁਤ ਸਾਰੀ ਛੋਟੀ ਕਵਿਤਾ ਲਿਖੀ ਜਾ ਰਹੀ ਹੈ।ਇਸ ਕਵਿਤਾ ਦੀ ਖੂਬਸੂਰਤੀ ਸ਼ਬਦਾਂ ਦਾ ਸੰਕੋਚ ਹੀ ਨਹੀਂ, ਇੱਕ ਗਹਿਰੇ ਖ਼ਿਆਲ ਦੀ ਭਾਵਪੂਰਤ ਪੇਸ਼ਕਾਰੀ ਹੈ। ਜਦ ਕਵਿਤਾ ਪੜ੍ਹ ਕੇ ਬੰਦੇ ਦੇ ਮੂੰਹੋਂ ਵਾਹ ਨਿਕਲਦਾ ਹੈ ਅਤੇ ਉਹ ਸੋਚਣ ਲਈ ਵੀ ਮਜ਼ਬੂਰ ਹੁੰਦਾ ਹੈ ਤਾਂ ਕਵਿਤਾ ਦੀ ਭੂਮਿਕਾ ਸਫ਼ਲ ਹੋ ਜਾਂਦੀ ਹੈ। ਬਹੁਤੇ ਵਿਸਥਾਰ ਵਿਚ ਜੇ ਗੱਲ ਨਾ ਵੀ ਕਰੀਏ ਤਾਂ ਕਹਿ ਸਕਦੇ ਹਾਂ ਕਿ ਵਿਦਵਾਨ ਦੋਸਤਾਂ ਨੂੰ ਕਵਿਤਾ ਵਿਚਲੀ ਭਾਸ਼ਾ ਅਤੇ ਕਾਵਿਕਤਾ ਦਾ ਖ਼ਿਆਲ ਜਰੂਰ ਰੱਖਣਾ ਚਾਹੀਦਾ ਹੈ। ਬਾਕੀ ਧੜੇਬੰਦੀਆਂ ਤਾਂ ਸ਼ਾਇਦ ਕਵਿਤਾ ਦੇ ਜਨਮ ਤੋਂ ਹੀ ਹਨ। ਬਹੁਤ ਸਾਰੇ ਵਿਦਵਾਨਾਂ ਦੀ ਸੂਚੀ ਵਿਚ ਅਸੀਂ ਕਵੀ ਨਹੀਂ ਹੁੰਦੇ।ਸੁਹਿਰਦਤਾ,ਨਿਰੰਤਰ ਅਧਿਐਨ,ਮਿਹਨਤ, ਸਿੱਖਣ ਦੀ ਲਾਲਸਾ ਅਤੇ ਬਕਾਇਦਗੀ ਤੁਹਾਨੂੰ ਚੰਗੀ ਕਵਿਤਾ ਤਕ ਲੈ ਕੇ ਜਾਂਦੇ ਹਨ।
ਸਵਾਲ : ਇਸ ਲੰਬੀ ਵਿਹਲ ਵਿਚ ਕਿਸੇ ਕਿਤਾਬ ਦੀ ਤਿਆਰੀ ਕੀਤੀ ਹੈ।
ਜਵਾਬ : ਮੈਂ ਇੱਕ ਲੰਬੀ ਕਵਿਤਾ ਲਿਖੀ ਸੀ ‘ਚੁੱਪ ਦੇ ਬਹਾਨੇ’। ਮੈਂ ਇਸ ਕੰਮ ਲਈ ਸਰਬਜੀਤ ਸਿੰਘ ਸੰਧੂ ਹੋਰਾਂ ਦੀ ਮਦਦ ਮੰਗੀ। ਚਾਰ ਸਾਲ ਬੀਤ ਗਏ। ਉਨ੍ਹਾਂ ਦੇ ਰੁਝੇਵੇਂ ਹੀ ਬੜੇ ਹਨ। ਹੁਣ ਇਸ ਵਿਹਲ ‘ਚ ਉਨ੍ਹਾਂ ਇਸ ਪੁਸਤਕ ਦੀ ਸੰਪਾਦਨਾ ਕਰ ਦਿੱਤੀ ਹੈ। ਕਿਤਾਬ ਛਪ ਕੇ ਆ ਗਈ ਹੈ। ਕੁਝ ਦੋਸਤਾਂ ਤੀਕ ਪੁੱਜਦੀ ਵੀ ਹੋ ਗਈ ਹੈ। ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਹ ਪੁਸਤਕ ਕਿਉਂਕਿ ਬਾਕੀਆਂ ਨਾਲੋਂ ਵੱਖਰੀ ਹੈ, ਇਕੋ ਵਿਸ਼ੇ ਚੁੱਪ ਨੂੰ ਲੈ ਕੇ ਕੁਦਰਤ, ਕਵਿਤਾ, ਰਿਸ਼ਤੇ, ਸਮਾਜ,ਰਾਜਨੀਤਕ ਵਰਤਾਰੇ ਅਤੇ ਮਨੁੱਖੀ ਹੋਂਦ ਨਾਲ ਜੁੜੀਆਂ ਹੋਰ ਅਨੇਕਾਂ ਪ੍ਰਸਥਿਤੀਆਂ ਦੀ ਪਰਿਕਰਮਾ ਕਰਦੀ ਮਨੁੱਖ ਨੂੰ ਚੇਤੰਨ ਕਰਦੀ ਹੈ ਇਹ ਕਵਿਤਾ।ਇਸ ਕਿਤਾਬ ਦੀ ਆਮਦ ਨੇ ਮੈਨੂੰ ਥੋੜ੍ਹੀ ਤਸੱਲੀ ਦਿੱਤੀ ਹੈ। ਪਿਛਲੇ ਤੀਹ ਸਾਲਾਂ ਤੋਂ ਜਿਹੜੀ ਝੱਖ ਮਾਰ ਰਿਹਾ ਸਾਂ, ਉਸ ਦੇ ਸੁਖਾਵੇਂ ਨਤੀਜੇ ਨਜ਼ਰ ਆਉਣ ਲੱਗੇ ਹਨ।
ਸਵਾਲ: ਤੁਹਾਡੇ ਕੈਨੇਡਾ ਦੇ ਗੇੜੇ ਲੱਗਦੇ ਰਹਿੰਦੇ ਹਨ ਉਥੋਂ ਦੇ ਅਨੁਭਵ ਸਾਂਝੇ ਕਰੋ?
ਜਵਾਬ : ਕੈਨੇਡਾ ਦੀ ਠਹਿਰ ਦੌਰਾਨ ਬਹੁਤ ਸਾਰੇ ਅਨੁਭਵ ਹੋਏ ਹਨ। ਸਟੱਡੀ ਵੀਜੇ ਤੇ ਗਏ ਨੌਜਵਾਨ ਮੁੰਡੇ ਕੁੜੀਆਂ ਦੀਆਂ ਆਪਣੀ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਤਿੰਨ ਚਾਰ ਦਹਾਕੇ ਪਹਿਲਾਂ ਗਏ ਲੋਕਾਂ ਕੋਲ ਉਦਾਸੀ ਵੀ ਹੈ ਜਸ਼ਨ ਵੀ। ਪਿੱਛਲੇ ਕੁਝ ਵਰ੍ਹਿਆਂ ਦੌਰਾਨ ਵੱਖ-ਵੱਖ ਸਟੇਟਸ ਅਧੀਨ ਵੱਡੀ ਗਿਣਤੀ ਵਿੱਚ ਪਰਵਾਸ ਕਰਕੇ ਕੈਨੇਡਾ ਪਹੁੰਚੇ ਲੋਕਾਂ ਦੀ ਭੀੜ ਨੇ ਕਈ ਨਵੀਆਂ ਮੁਸ਼ਕਲਾਂ ਵੀ ਪੈਦਾ ਕੀਤੀਆਂ ਹਨ। ਇਹਨਾਂ ਮੁਸ਼ਕਲਾਂ ਦੇ ਚਲਦਿਆਂ ਹੀ ਕੈਨੇਡਾ ਸਰਕਾਰ ਨੂੰ ਆਪਣੀ ਇਮੀਗਰੇਸ਼ਨ ਨੀਤੀ ‘ਤੇ ਮੁੜ ਵਿਚਾਰ ਕਰਨੀ ਪੈ ਰਹੀ ਹੈ। ਨਵੀਆਂ ਤਬਦੀਲੀਆਂ ਨਾਲ਼ ਹੁਣ ਕੈਨੇਡਾ ਜਾ ਕੇ ਵੱਸਣਾ ਕਠਿਨ ਹੋ ਜਾਵੇਗਾ। ਮੰਦੀ ਦਾ ਦੌਰ, ਵੱਧਦੀ ਮਹਿੰਗਾਈ, ਘਟਦੇ ਰੁਜ਼ਗਾਰ, ਡਰਗਜ਼ ਦਾ ਕਾਰੋਬਾਰ, ਚੋਰੀ ਦੀਆਂ ਵਾਰਦਾਤਾਂ ਅਤੇ ਇਸ ਵਿੱਚ ਪੰਜਾਬੀ ਭਾਈਚਾਰੇ ਦਾ ਨਾਂ ਆਉਣਾ ਬਿਹਤਰ ਜੀਵਨ ਸੁਵਿਧਾਵਾਂ ਲਈ ਅੱਖਾਂ ਵਿੱਚ ਸੁਪਨੇ ਸਜਾਈ ਕੈਨੇਡਾ ਗਏ ਲੋਕਾਂ ਲਈ ਸਦਮੇਂ ਵਾਂਗ ਹੈ। ਵੱਖਰੇ ਖਾਲਸਾ ਰਾਜ ਲਈ ਸੰਘਰਸ਼ ਕਰ ਰਹੇ ਪੀੜਤਾਂ ਦਾ ਨਕਾਬ ਪਹਿਨ ਕੈਨੇਡਾ ਵਿੱਚ ਪੱਕੀ ਠਾਹਰ ਲਈ ਯਤਨ ਕਰਨੇ ਅਤੇ ਸੁਖੀ ਵੱਸਦੇ ਪੰਜਾਬੀ ਭਾਈਚਾਰੇ ਨੂੰ ਦੋ ਧਿਰਾਂ ਵਿੱਚ ਵੰਡ ਕੇ ਟਕਰਾਅ ਦੀ ਸਥਿਤੀ ਪੈਦਾ ਕਰਨੀ ਸੁਹਿਰਦ ਹਿਰਦਿਆਂ ਅੰਦਰ ਸਹਿਮ ਪੈਦਾ ਕਰਨ ਦਾ ਕਾਰਣ ਬਣਦਾ ਹੈ।
ਸਵਾਲ : ਉਥੇ ਰਹਿਦਿਆਂ ਇਸ ਸਾਰੇ ਵਰਤਾਰੇ ਨੂੰ ਨੇੜਿਉਂ ਵੇਖਿਆ ਹੋਵੇਗਾ। ਇਸ ਬਾਰੇ ਵੀ ਲਿਖਿਆ ਕੁਝ?
ਜਵਾਬ : ਬਿਲਕੁਲ ਇਹਨਾਂ ਵਰਤਾਰਿਆਂ ਬਾਰੇ ਲਿਖਦਾ ਰਿਹਾ ਹਾਂ ਤੇ ਵੱਖ-ਵੱਖ ਅਖ਼ਬਾਰਾਂ ਵਿੱਚ ਛਪਦਾ ਵੀ ਰਿਹਾ ਹਾਂ। ਜਲੰਧਰ ਤੋਂ ਵਰਿੰਦਰ ਵਾਲੀਆਂ ਦੀ ਸੰਪਾਦਨਾ ਹੇਠ ਛਪ ਰਹੇ ਪੰਜਾਬੀ ਦੇ ਚਰਚਿਤ ਅਖ਼ਬਾਰ ‘ਪੰਜਾਬੀ ਜਾਗਰਣ’ ਵਿੱਚ ਇਹ ਆਰਟੀਕਲ ਛਪਦੇ ਰਹੇ ਹਨ। ਅਮਰੀਕਾ ਤੋਂ ਛਪਦੇ ਅਖ਼ਬਾਰ ‘ਪੰਜਾਬ ਟਾਈਮਜ਼’ ਅਤੇ ਕੈਨੇਡਾ ਦੇ ਬਰੈਂਪਟਨ ਸਹਿਰ ਤੋਂ ਛਪਦੇ ਮਹੀਨਾਵਾਰ ਅਖ਼ਬਾਰ ‘ਸਰੋਕਾਰਾਂ ਦੀ ਆਵਾਜ਼’ ਵਿੱਚ ਇਹ ਸਾਰੇ ਆਰਟੀਕਲ ਛਪੇ ਹਨ। ਮੇਰੀ ਵਾਰਤਕ ਦੀ ਪੁਸਤਕ ‘ਚੁੱਪ ਦਾ ਮਰਮ ਪਛਾਣੀਏ’ ਦੇ ਦੂਜੇ ਭਾਗ ਵਿਚ ਵੀ ਪਰਵਾਸ ਦੇ ਸਰੋਕਾਰਾਂ ਨਾਲ਼ ਸਬੰਧਤ ਆਰਟੀਕਲ ਛਪੇ ਹਨ। ਹੁਣ ਜਦੋਂ ਮੈਂ ਪੰਜਾਬ ਆਇਆ ਹਾਂ ਤਾਂ ਕੋਸ਼ਿਸ਼ ਰਹੇਗੀ ਕਿ ਪਰਵਾਸ ਦੇ ਸਰੋਕਾਰਾਂ ਨਾਲ਼ ਸਬੰਧਤ ਸਾਰੀਆਂ ਲਿਖਤਾਂ ਨੂੰ ਇੱਕ ਜਿਲਦ ਵਿੱਚ ਛਾਪਿਆ ਜਾਵੇ। ਕਵਿਤਾਵਾਂ ਦੀ ਕਿਤਾਬ ਵੀ ਛਪਵਾਉਣੀ ਹੈ। ਹੋਰ ਵੀ ਕਈ ਕੁਝ ਸਾਂਭਣ ਵਾਲਾ ਪਿਆ ਹੈ।
ਕਵਿਤਾਵਾਂ
ਮੇਰਾ ਮਨ ਲਾਹੌਰ ਜਾਣ ਨੂੰ ਕਰਦਾ ਹੈ
ਮੇਰਾ ਦਾਦਾ ਲਾਹੌਰ ਤੋਂ ਨਹੀਂ ਸੀ ਆਇਆ
ਵਾਹਗੇ ਪਾਰੋਂ
ਮੇਰੇ ਬਾਪ ਨੂੰ ਉਂਗਲ ਲਾਈ
ਆਬਾਦ ਹੋਈਆਂ ਬਾਰਾਂ ’ਚੋਂ
ਹੱਲਿਆਂ ਦਾ ਝੰਬਿਆ
ਇੱਕ ਮਜ਼ਦੂਰ ਪਰਤਿਆ ਸੀ
ਪਰ ਮੇਰਾ ਦਿਲ
ਲਾਹੌਰ ਜਾਣ ਨੂੰ ਕਰਦਾ ਹੈ
ਮੇਰਾ ਦਾਦਾ
ਸਵਤੰਤਰਤਾ ਸੰਗਰਾਮੀਂ ਨਹੀਂ ਸੀ
ਸੰਗਰਾਮ ਦੀ ਜਿੱਤ ਦਾ ਲਿਤਾੜਿਆ
ਹੰਭਿਆ ਹਾਰਿਆ ਕਾਫ਼ਲਿਆਂ ਦੇ ਨਾਲ
ਆਬਾਦ ਹੋਈਆਂ ਬਾਰਾਂ ਵਿਚੋਂ ਪਰਤਿਆ
ਇੱਕ ਮਜ਼ਦੂਰ ਸੀ
ਪਰ ਮੇਰਾ ਦਿਲ ਲਾਹੌਰ ਜਾਣ ਨੂੰ ਕਰਦਾ ਹੈ
ਦਾਦਾ,ਬਾਪ,ਬਾਰਾਂ ਤੇ ਉਜਾੜਾ
ਅਜ਼ਾਦੀ ਦੀ ਜਿੱਤ ਦੇ ਸਦਮੇਂ ਹਨ
ਮੇਰੇ ਪੰਜਾਬ ਦੇ ਮੱਥੇ ’ਤੇ ਸਜਾਏ
ਆਜ਼ਾਦੀ ਦੇ ਲਹੂ ਭਿੱਜੇ ਤਮਗੇ ਹਨ
ਪਰ ਮੇਰਾ ਦਿਲ ਲਾਹੌਰ ਜਾਣ ਨੂੰ ਕਰਦਾ ਹੈ
ਅਲਵਿਦਾ ਐ ਵਤਨ
ਹਿੰਦੋਸਤਾਨ, ਪਾਕਿਸਤਾਨ, ਬੰਗਲਾ ਦੇਸ਼
ਮੁੱਕੀ ਨਾ ਅਜੇ ਹਿਰਸ ਟੋਟੇ ਕਰਨ ਦੀ
ਪ੍ਰੇਸ਼ਾਨ ਸਾਰੇ ਤਾਨ, ਦੇਸ ਜੂਝ ਰਹੇ
ਦੇਸ਼ਾਂ ਅੰਦਰ ਦੇਸ ਹੋਰ ਆਕਾਰ ਲੈ ਰਹੇ
ਭਾਸ਼ਾ ਵਿਸਰ ਰਹੀ
ਮਜ਼ਹਬ ਅੰਗੜਾਈ ਲੈ ਰਹੇ
ਭਾਸ਼ਾ ਆਧਾਰ ਹੁੰਦੀ
ਭੂਗੋਲਿਕ ਵਲਗਣਾ ਦੀ ਚਹੇਤੀ
ਗਲੋਬਲੀ ਵਿਸਥਾਰ ਵਿਚ ਫੈਲ ਰਹੀ
ਡਰ, ਖ਼ੌਫ਼, ਸੰਸੇ, ਬੇਭਰੋਸਗੀ
ਜੇ ਮੇਰੇ ਵਤਨ ਦੇ ਨਕਸ਼ ਹਨ
ਤਾਂ ਅਲਵਿਦਾ ਐ ਵਤਨ
ਕਸ਼ਮੀਰ
ਕਲਿੱਕ ਕਲਿੱਕ ਦੇ ਰੌਲ਼ੇ ‘ਚ
ਜਿਨਾਂ ਤੈਨੂੰ ਸਾਂਭਿਆ
ਉਸ ਨਾਲੋਂ ਕਿਤੇ ਵੱਧ ਤੂੰ
ਬਾਹਰ ਰਹਿ ਗਿਆ
ਤੂੰ ਅਖ਼ਬਾਰਾਂ, ਚੈਨਲਾਂ ‘ਤੇ ਪਰਚਾਰੇ ਜਾਂਦੇ
ਖ਼ੌਫ਼ ਵਰਗਾ ਵੀ ਨਹੀਂ ਹੈਂ
ਸੁਪਨਿਆਂ ‘ਚ ਜਾਗ ਰਹੇ
ਸਵਰਗ ਵਰਗਾ ਵੀ ਨਹੀਂ
ਬਾਹਰੋਂ ਵੇਖਿਆਂ ਤੂੰ
ਮੇਰੇ ਪਿੰਡ,ਸ਼ਹਿਰ ਜਿਨਾਂ ਸਹਿਜ ਹੈਂ
ਅੰਦਰ ਜਾਂਦੇ ਤੇਰੇ ਰਾਹ
ਰਹੱਸ ਨਾਲ ਭਰੇ ਹੋਏ
ਤੇਰੇ ਅੰਦਰ ਬੱਝੀਆਂ ਗੰਢਾਂ
ਵਿਸ਼ਵਾਸ ਨੂੰ ਪਈ ਗੁੰਝਲ ਵਰਗੀਆਂ
ਤੇਰੀ ਹੱਸਦੀ ਜਿਊਂਦੀ ਜ਼ਿੰਦਗੀ ਦੇ ਕੋਲ਼
ਡੱਲ਼ ਝੀਲ ਉਦਾਸ ਹੈ
ਤੂੰ ਉਦਾਸ ਪਾਣੀਆਂ ‘ਤੇ ਤੈਰਦਾ
ਜਖ਼ਮੀ ਸੁਪਨਾ ਹੈਂ
ਕਰਤਾਰਪੁਰ
ਗੋਸ਼ਟ, ਸੰਵਾਦ ਰਚਾ
ਚੌਥੀ ਉਦਾਸੀ ਤੋਂ ਪਰਤਿਆ
ਬਾਬਾ ਨਾਨਕ
ਕਿਰਤ ਲਈ ਕਰਤਾਰਪੁਰ ਟਿਕ ਗਿਆ
ਕਿਰਤ ਸ਼ਬਦਾਂ ‘ਚ ਨਹੀਂ ਹੁੰਦੀ
ਹੱਥਾਂ ‘ਚ ਹੁੰਦੀ
ਕਿਰਤ ਬੋਣੀ ਪੈਂਦੀ
ਸਾਂਭਣੀ ਪੈਂਦੀ
ਪਾਲਣੀ ਪੈਂਦੀ
ਵੰਡਣੀ ਪੈਂਦੀ
ਜਪਣੀ ਪੈਂਦੀ
ਕਿਰਤ ਦਾ ਹੋਕਾ ਦਿੰਦੀ ਭੋਇੰ
ਸਰਹੱਦੌਂ ਪਾਰ ਰਹਿ ਗਈ
ਦਰਸ਼ਣ ਕਰਨ ਦੀ ਅਭਿਲਾਸ਼ਾ
ਅਰਦਾਸ ਹੋ ਗਈ
ਕੁਝ ਨੇਕ ਰੂਹਾਂ ਦਾ ਉਪਰਾਲਾ
ਨਾਨਕ ਦੇ ਦਰਬਾਰ ਨੂੰ ਜਾਂਦਾ
ਇੱਕ ਲਾਂਘਾ ਸਵੀਕਾਰ ਹੋ ਗਿਆ
ਉਹ ਲਾਂਘਾ ਕਿਸੇ ਧਾਮ ਨੂੰ ਜਾਂਦਾ
ਜਾਪ ਕਰਦਾ ਰੂਹਾਨੀ ਰਾਹ ਨਹੀਂ
ਇੱਕ ਅੰਤਰਰਾਸ਼ਟਰੀ ਸਰਹੱਦ ਟੱਪਦਾ
ਕਠਿਨ ਪ੍ਰੀਖਿਆ ‘ਚੋਂ ਲੰਘਦਾ
ਸ਼ੱਕ-ਸੁਭ੍ਹਾ ਨਾਲ ਭਰਿਆ
ਆਸਥਾ ਨੂੰ ਵਲੂੰਧਰਦਾ
ਖ਼ੌਫ਼ ਦਾ ਮਾਰਗ ਹੈ
ਇਹ ਮਾਰਗ
ਸ਼ਰਧਾਲੂਆਂ ਲਈ ਖੁੱਲਿਆ ਹੈ
ਕਵਿਤਾ ਲਈ ਬੰਦ ਹੈ।
ਕਵਿਤਾ ਸੰਦੇਹ ਵਿੱਚ ਹੈ
ਵਿਦਰੋਹਾਂ ਦਾ ਇਤਿਹਾਸ
ਤਬਦੀਲੀ ਲੋਕਾਂ ਦਾ ਸੁਪਨਾ ਸੀ
ਸੁਪਨਾ ਸੱਚ ਹੋਇਆ
ਲੋਕ ਸਹਿਜ ਹੋਣ ਲੱਗੇ
ਹੌਲੀ-ਹੌਲੀ
ਤਬਦੀਲੀ ਸਥਾਪਤੀ ਵੱਲ ਵੱਧਣ ਲੱਗੀ
ਸੁਪਨਾ ਤਿੜਕਣ ਲੱਗਾ
ਲੋਕ ਬਹਿਸ ਕਰਨ ਲੱਗੇ
ਬਹਿਸ ਧੜਿਆਂ 'ਚ ਵੰਡੀ ਗਈ
ਧੜੇ ਹਿੰਸਕ ਹੋ ਗਏ
ਚਿੰਤਕ ਫਿਕਰਮੰਦ ਹੋਇਆ
ਵਤਨ ਫਿਰ ਰੋਇਆ
ਇੰਝ ਇਤਿਹਾਸ ਆਪਣੇ ਆਪ ਨੂੰ
ਦੁਹਰਾਉਂਦਾ ਰਿਹਾ
ਲੋਕਾਂ ਦੇ ਸੁਪਨੇ ਟੁੱਟਦੇ ਰਹੇ
ਸਥਾਪਤੀ ਫਲਦੀ ਰਹੀ
ਸਥਾਪਤੀ ਦੀ ਕੁੱਖੌਂ ਜਨਮਦੀ ਹੈ ਅਸਹਿਮਤੀ
ਅਸਹਿਮਤੀ ਦਾ ਬਹੁਵਚਨ ਵਿਦਰੋਹ ਹੁੰਦਾ
ਵਿਦਰੋਹ ਨਵੀਂ ਸਥਾਪਤੀ ਬਣਦੀ
ਨਵੇਂ ਵਿਦਰੋਹ ਨੂੰ ਜਨਮ ਦਿੰਦੀ
ਸਿਰ ਜੁੜਦੇ
ਲੋਕ ਸੰਘਰਸ਼ ਕਰਦੇ
ਸੱਤਾ ਹਾਰਦੀ
ਜਿੱਤ ਲੋਕਾਂ ਦੀ ਹੁੰਦੀ
ਹੰਢ ਗਈ ਪੀੜ੍ਹੀ ਦਾ ਸੰਵਾਦ
ਅਸੀਂ ਕਵਿਤਾਵਾਂ 'ਚ ਪਿਆਰ ਕਰਦੇ
ਸੁਪਨਿਆਂ 'ਚ ਮਹਿਲ ਉਸਾਰਦੇ
ਸਾਹਾਂ 'ਚ ਡਰ ਪਾਲਦੇ ਹਾਂ
ਚਾਰ ਦਹਾਕੇ ਪੁਰਾਣੇ
ਚੁੰਮਣਾਂ ਨਾਲ ਭਰੇ ਖ਼ਤ ਤੇਰੇ
ਮੈਂ ਸਾਂਭ ਕੇ ਰੱਖੇ ਹਨ
ਕਿੰਨੇ ਨਿਡਰ ਸਾਂ ਓਦੋਂ
ਕਿੰਨੇ ਡਰੇ ਡਰੇ ਹਾਂ ਹੁਣ
ਪਰ ਇਹ ਗੱਲ ਆਪਾਂ
ਕਦੀ ਸਾਂਝੀ ਨਹੀਂ ਕੀਤੀ
ਆਪਾਂ ਤੀਜੀ ਪੀੜ੍ਹੀ ਦੀ ਆਮਦ ਦਾ
ਚਾਅ ਸਾਂਝਾ ਕਰਦੇ
ਸ਼ਰਸਾਰ ਹੁੰਦੇ
ਇਹ ਹੰਢ ਗਈ ਪੀੜ੍ਹੀ ਦਾ ਸੰਵਾਦ ਹੈ
ਮੈਂ ਆਪਣਾ ਸਾਰਾ ਪਿਆਰ
ਕਵਿਤਾਵਾਂ 'ਚ ਪਾ ਦਿੱਤਾ ਹੈ
ਜਿਸਮ ਨਫ਼ਰਤ ਨਾਲ ਭਰੇ ਹਨ
ਕਦੀ ਕਦੀ
ਜਦ ਬਹੁਤ ਉਦਾਸ ਹੋਵਾਂ
ਤੇਰੇ ਹੋਣ ਦਾ ਅਹਿਸਾਸ
ਪਹਿਨ ਲੈਂਦਾ ਹਾਂ
ਗਰਭਵਤੀ ਰੁੱਤਾਂ ਦੀ ਕੁੱਖੋਂ
ਕਿਰੇ ਗੀਤਾਂ ਦੇ ਰੰਗ
ਮੈਂ ਤੈਨੂੰ ਭੇਂਟ ਕਰਨਾ ਚਾਹੁੰਦਾ ਹਾਂ
ਪਰ ਤੂੰ ਸਵੀਕਾਰ ਨਹੀਂ ਕਰੇਂਗੀ
ਜਿਸ ਮਿਲਣੀ ਵਿਚ
ਕਬੀਲਦਾਰੀ ਦੀਆਂ ਗੱਲਾਂ
ਸਿਰ ਚੜ੍ਹ ਬੋਲਣ
ਚੁੰਮਣ ਖ਼ੁਸ਼ਕ ਹੋਠਾਂ 'ਤੇ
ਚਿਪਕੀ ਚੁੱਪ ਹੋ ਜਾਂਦੇ ਹਨ
ਮੈਂ ਉਸ ਵਿਹਲ ਦੀ ਤਲਾਸ਼ ਵਿਚ ਹਾਂ
ਜੋ ਤੇਰੀਆਂ ਸੋਚਾਂ 'ਚ ਬਿਤਾ ਸਕਾਂ
ਸਿਆਣੀਆਂ ਗੱਲਾਂ ਕਰਦੇ ਲੋਕਾਂ ਕੋਲੋਂ
ਪਿਆਰ ਉੱਠ ਕੇ ਦੂਰ ਚਲੇ ਜਾਦਾ ਹੈ
ਪਹਾੜਾਂ ਦੀਆਂ ਢਲਾਣਾਂ
ਚੜ੍ਹਦਿਆਂ,ਉੱਤਰਦਿਆਂ
ਦੂਰ ਆਪਣੇ ਟੱਬਰ 'ਚ ਬੈਠੀ ਵੀ
ਤੂੰ ਮੇਰੇ ਕੋਲ਼ ਹੁੰਦੀ ਏਂ
ਮੇਰੀ ਥਕਾਵਟ ਦੇ ਉੱਖੜਦੇ ਸਾਹਾਂ ਕੋਲ਼
ਕੀ ਯਾਦ ਹੈ ਤੈਨੂੰ
ਆਪਣੀ ਪਹਿਲੀ ਤੇ ਆਖ਼ਰੀ ਮੁਲਾਕਾਤ
ਚਿੱਬ-ਖੜਿਬੀਆਂ ਗੱਲਾਂ ਹਨ ਇਹ
ਸਿਰਫ਼ ਸੋਚਣ ਲਈ
ਰਾਤ ਦੇ ਤੀਜੇ ਪਹਿਰ
ਖੁੱਲੀ ਅੱਖ ਕੋਲ਼
ਤ੍ਰਿਪ ਤ੍ਰਿਪ ਕਵਿਤਾ ਆਉਂਦੀ ਹੈ
ਜਪਾਨੀ ਹਾਇਕੂ ਵਰਗੀ
ਪਰ ਇਸ ਕਵਿਤਾ ਕੋਲ਼ ਤੂੰ ਨਹੀਂ ਹੁੰਦੀ
ਫ਼ਿਕਰਾਂ ਵਰਗੇ ਕੁਝ ਸੰਸੇ ਹੁੰਦੇ
ਉਮਰਾਂ ਦਾ ਸਫ਼ਰ
ਕਵਿਤਾ ਦੇ ਨਕਸ਼ ਬਦਲਦਾ
ਜਿਵੇਂ ਬਦਲ ਗਈ ਏਂ ਤੂੰ
…..ਤੇ ਮੈਂ ਵੀ
ਕਵਿਤਾ ਪੜ੍ਹਦਿਆਂ
ਕਵਿਤਾਵਾਂ ਲਿਖੀ ਜਾਣੀਆਂ
ਤੇ ਸੋਚੀ ਜਾਣਾ ਉਨ੍ਹਾਂ ਦਿਨਾਂ ਬਾਰੇ
ਜਦ ਤੂੰ ਕਵਿਤਾਵਾਂ ਨਾਲ਼ ਲੱਦਿਆ
ਭਰਵਾਂ ਬਿਰਖ ਸੀ
ਪੱਤਝੜ ਕਦੀ-ਕਦੀ
ਨਾ ਜਾਣ ਲਈ ਵੀ ਆਉਂਦੀ ਹੈ
ਤੇਰੇ ਵਿਹੜੇ 'ਚ ਵਿਛੀ ਛਾਂ ਦਾ ਰੰਗ
ਉਦਾਸ ਕਿਉਂ ਹੈ
ਤੇਰੇ ਪਹਿਰਾਵੇ ਦੇ ਅਧਿਆਤਮ ਵਰਗਾ
ਟੇਬਲ ਫ਼ੈਨ
ਪਿਤਾ ਬੰਬੇ ਤੋਂ ਨਵਾਂ ਪੱਖਾ ਲਿਆਏ
ਓਦੋਂ ਬੰਬੇ ਹੀ ਸੀ ਮੁੰਬਈ
ਉਹਦੀ ਪਿੱਠ ‘ਤੇ ਇੱਕ ਬਟਨ ਸੀ
ਮੇਜ਼ ‘ਤੇ ਪਿਆ ਪੱਖਾ
ਬਟਨ ਘੁਮਾਇਆਂ ਖੱਬੇ ਸੱਜੇ ਘੁੰਮਦਾ
ਦੋਵੇਂ ਪਾਸੇ ਬੈਠੇ ਲੋਕਾਂ ਨੂੰ ਹਵਾ ਦਿੰਦਾ
ਦਾਦਾ ਹੈਰਾਨ ਹੁੰਦਾ
ਸੱਦ ਲਿਆਇਆ ਆਪਣੇ ਕਿਸੇ ਆੜੀ ਨੂੰ
ਬਿਠਾਇਆ ਚਲਦੇ ਪੱਖੇ ਮੂਹਰੇ
‘ਵੇਖ ਭਾਈਆ,ਕਿਸੇ ਨਾਲ ਵਿਤਕਰਾ ਨਹੀਂ ਕਰਦਾ
ਸਭ ਨੂੰ ਵਾਰੀ ਵਾਰੀ ਹਵਾ ਦਿੰਦਾ’
ਆੜੀ ਅੱਸ਼-ਅੱਸ਼ ਕਰ ਉੱਠਿਆ
ਮਾਣ ਨਾਲ ਭਰ ਗਿਆ ਦਾਦਾ
ਪੱਖੇ ਹੁਣ ਵੀ ਮਿਲਦੇ ਵੰਨ-ਸਵੰਨੇ
ਟੇਬਲ ਫ਼ੈਨ, ਸੀਲਿੰਗ ਫੈਨ,ਫ਼ਰਾਟਾ
ਪਰ ਦਾਦੇ ਦਾ ਮਾਣ ਬਣਦਾ ਇਕੋ ਸੀ ਉਹ ਪੱਖਾ
ਖੱਬਿਆਂ, ਸੱਜਿਆਂ ਨਾਲ ਕੋਈ ਵਿਤਕਰਾ ਨਾ ਕਰਦਾ
ਹੁਣ ਨਾ ਰਿਹਾ ਉਹ ਪੱਖਾ
ਨਾ ਰਹੀ ਉਹ ਕਵਿਤਾ
ਜਾਤਾਂ ਧਰਮਾਂ ਤੋਂ ਪਾਰ ਖਲੋਂਦੀ
ਸਾਂਝੀਵਾਲਤਾ ਦੇ ਬੀਜ ਬੋਂਦੀ।

No comments:
Post a Comment