Saturday, March 13, 2021

ਚੇਤਰ: ਕੀਰਤਪਰਤਾਪ ਪੰਨੂ

ਪੰਛੀਆਂ ਦੇ ਅੱਜ -
ਗੀਤ ‘ਚ ਘੁਲਿਆ -
ਬਣਕੇ ਰਾਗ ਇਹ ਚੇਤਰ !
ਸੁਭਾ ਉਨੀਂਦੀ -
ਸੂਰਜ ਉੱਗਿਆ -
ਖੁਸ਼ਬੂ - ਖੁਸ਼ਬੂ ਖੇਤਰ !

ਮੈਂ ਰੁੱਖਾਂ ਨੂੰ -
ਭਰਾਂ ਕਲਾਵੇ -
ਸਾਹ ਇਹਨਾਂ ਦੇ ਰੁਮਕਣ !
ਬੱਚੇ ਜਿਵੇਂ -
ਮਲ - ਮਲ ਅੱਖੀਆਂ -
ਤਿਹੁ ਦੀ ਖ਼ਾਤਰ ਡੁਸਕਣ  !

ਘੁੱਟੋ - ਘੁੱਟ -
ਪੀ ਲਈਆਂ ਸੁਗੰਧੀਆਂ -
ਤਨ - ਨਮ ਹਰਿਆ ਹੋਇਆ !
ਖਾਲ਼ੀ ਖੂਹ -
ਮੇਰੇ ਦਿਲ ਦਾ ਅੱਜ ਇਹ -
ਕੰਢੀ ਭਰਿਆ ਹੋਇਆ !

ਬਾਪੂ ਸਾਡਾ -
ਬੁੱਢਾ ਬੋਹੜ ਜੋ -
ਬੈਠਾ ਮੂੰਦ ਕੇ ਨੇਤਰ !

ਸੁਭਾ ਉਨੀਂਦੀ -
ਸੂਰਜ ਉੱਗਿਆ -
ਖੁਸ਼ਬੂ - ਖੁਸ਼ਬੂ ਖੇਤਰ !

ਰੁੱਤ ਮੁਟਿਆਰ ਦਾ -
ਅੱਥਰਾਪਣ ਇਹ -
ਮੁੱਠੀਆਂ ਰੰਗ ਖਿਲਾਰੇ !
ਵਾਹ ਕਾਦਰ !
ਤੇਰੀ ਕੁਦਰਤ ਦੇ ਮੈਂ -
ਸਦਾ - ਸਦਾ ਬਲਿਹਾਰੇ !

ਮੇਰੇ ਮਨ ਅੱਜ -
ਵੱਸ ਨਹੀਂ ਮੇਰੇ -
ਬਿਰਹਾ ਖਾਈ ਜਾਂਦਾ !
ਹਿਜ਼ਰ ਹੰਢਾਵਾਂ -
ਮੈਂ ਕਮਲੀ ਜਾਂ -
ਮੈਨੂੰ ਹਿਜ਼ਰ ਹੰਢਾਈ ਜਾਂਦਾ ?

ਬੀਜ ਰਹੀ ਹਾਂ -
ਮੈਂ ਝੱਲੀ ਜੋ -
ਟਿੱਬਿਆਂ ਅੰਦਰ ਕੇਸਰ !

ਪੰਛੀਆਂ ਦੇ ਅੱਜ -
ਗੀਤ ‘ਚ ਘੁਲਿਆ -
ਬਣਕੇ ਰਾਗ ਇਹ ਚੇਤਰ !
ਸੁਭਾ ਉਨੀਂਦੀ -
ਸੂਰਜ ਉੱਗਿਆ -
ਖੁਸ਼ਬੂ - ਖੁਸ਼ਬੂ ਖੇਤਰ !

ਕੀਰਤ ਪੰਨੂ