Friday, February 18, 2022

ਸਾਹਿਤਕ ਘੁੰਗਰੂਆਂ ਦੀ ਆਵਾਜ਼ ਵਾਲਾ ਸੀ "ਧੁੱਪ ਦਾ ਮੇਲਾ"

             -ਅਵਤਾਰ ਸਿੰਘ ਭੰਵਰਾ


ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਗੁਆਂਢੀ ਸ਼ਹਿਰ ਮੁਹਾਲੀ ਵਿੱਚ ਇਕ ਸਾਹਿਤਕਾਰਾਂ ਦਾ ਮੇਲਾ ਲੱਗਦਾ ਵੇਖਿਆ। ਫੱਗਣ ਦੀ ਸੰਗਰਾਂਦ ਤੋਂ ਇਕ ਦਿਨ ਬਾਅਦ ਮੁਹਾਲੀ ਦੇ ਸੈਕਟਰ 69 ਦੀ ਖੁਲ਼ੀ ਪਾਰਕ ਵਿੱਚ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਸਾਹਿਤਕਾਰ ਅਤੇ ਸਾਹਿਤ ਰਸੀਏ ਖਿੜੀ ਹੋਈ ਧੁੱਪ 'ਚ ਚੌਗਿਰਦੇ ਵਿੱਚ ਫੈਲੀ ਹਰੀ ਬਨਸਪਤੀ ਦਾ ਆਨੰਦ ਮਾਣ ਰਹੇ ਸਨ। ਮੱਠੀ ਮੱਠੀ ਚੱਲਦੀ ਠੰਢੀ ਹਵਾ ਧੁੱਪ ਨੂੰ ਕੋਸੀ ਕਰ ਰਹੀ ਸੀ। ਠੰਢੀ ਹਵਾ ਚੱਲਣ ਤੋਂ ਬਾਅਦ ਕੋਈ ਆਪਣੀ ਗਰਮ ਸ਼ਾਲ ਸੁਆਰ ਰਹੀ ਸੀ ਅਤੇ ਕੋਈ ਕੋਟ ਦੇ ਬਟਨ ਬੰਦ ਕਰਦਾ ਅਤੇ ਕੋਈ ਆਪਣੀ ਪੱਗ ਨਾਲ ਕੰਨਾਂ ਨੂੰ ਚੰਗੀ ਤਰ੍ਹਾਂ ਢਕਣ ਲੱਗ ਜਾਂਦਾ। ਇਸ ਮੇਲੇ ਵਿੱਚ 15 ਸਾਲ ਤੋਂ ਲੈ ਕੇ 85 ਸਾਲ ਦੀ ਉਮਰ ਦੇ ਸਾਹਿਤਕਾਰ ਸ਼ਾਮਿਲ ਹੋਏ। ਇਸ ਮੇਲੇ ਦਾ ਰੰਗ ਵੇਖ ਕੇ ਇੰਜ ਲੱਗਦਾ ਸੀ ਕਿ ਹਰ ਇਕ ਮੇਲੇ ਵਿੱਚ ਹੱਟੀ ਪਾਉਣ ਨੂੰ ਫਿਰਦਾ ਅਰਥਾਤ ਆਪਣੀ ਨਜ਼ਮ ਸੁਣਾਉਣ ਲਈ ਤਿਆਰ ਸੀ।