Tuesday, August 30, 2011

ਇਉਂ ਵੇਖਿਆ ਮੈ ਕੇਨਜ਼ ਦਾ ਪਹਿਲਾ ਸਿੱਖ ਖੇਡ ਮੇਲਾ



ਇਕ ਰਾਤ ਨੂੰ ਸ| ਗੁਰਿੰਦਰ ਸਿੰਘ ਮਾਵੀ ਦਾ ਕੇਨਜ਼ ਤੋਂ ਫ਼ੋਨ ਆਇਆ ਉਹ ਕਿ 6 ਅਗੱਸਤ ਨੂੰ ਕੇਨਜ਼ ਵਿਖੇ ਸਿੱਖ ਖੇਡ ਮੇਲਾ ਕਰਵਾ ਰਹੇ ਹਨ ਤੇ ਮੈ ਉਸ ਸਮੇ ਪਹੁੰਚਾਂ। ਫਿਰ ਕੁਝ ਦਿਨ ਹਟ ਕੇ ਸ| ਸੋਨਾ ਸਿੰਘ ਭੇਲਾ ਦਾ ਫ਼ੋਨ ਵੀ ਏਸੇ ਮਕਸਦ ਲਈ ਆਇਆ।
ਮੈ ਤਾਂ ਸਿਡਨੀ ਤੋਂ ਸਰਦੀਆਂ ਸਮੇ ‘ਉਤਰਾਖੰਡ’ ਵਾਲ਼ੇ ਪਾਸੇ ਨੂੰ ਉਡਾਰੀ ਮਾਰਨ ਦੀ ਤਾਕ ਵਿਚ ਹੀ ਰਹਿੰਦਾ ਹਾਂ। ਇਸ ਸੱਦੇ ਨੂੰ ਰੱਬੋਂ ਆਈ ਰਹਿਮਤ ਸਮਝ ਕੇ ਕਬੂਲ ਕੀਤੀ ਤੇ ਸਮਾ ਆਉਣ ਤੇ ‘ਜੈਟ ਸਟਾਰ’ ਤੇ ਸਵਾਰ ਹੋ ਕੇ ਵੀਰਵਾਰ 4 ਦੀ ਸ਼ਾਮ ਨੂੰ ਜਾ ਉਤਰਿਆ ਕੇਨਜ਼ ਦੇ ਹਵਾਈ ਅੱਡੇ ਤੇ। ਸੋਨਾ ਸਿੰਘ ਨੂੰ ਰਿੰਗਿਆ ਪਰ ਉਸ ਸਮੇ ਉਹ ਸਰਦਾਰਾਂ ਦੀ ਸ਼ਾਮ ਨੂੰ ਸਜਣ ਵਾਲ਼ੀ ਮਹਿਫ਼ਲ ਵਿਚ ਸਜਿਆ ਹੋਣ ਕਰਕੇ ਉਸ ਨੇ ਖ਼ੁਦ ਹੀ ਪਹੁੰਚ ਕੇ ਦਰਸ਼ਨ ਦੇਣ ਲਈ ਆਖ ਦਿਤਾ ਤੇ ਮੈ ਮਿਨੀ ਬਸ ਤੇ ਸਵਾਰ ਹੋ ਕੇ ਉਸ ਦੇ ਹੋਟਲ ‘ਸਨ ਸ਼ਾਈਨ ਟਾਵਰ’ ਵਿਚ ਜਾ ਉਸ ਨੂੰ ਦਰਸ਼ਨ ਦਿਤੇ। ਸਰਦਾਰ ਮਾਵੀ ਜੀ ਨੂੰ ਫ਼ੋਨ ਰਾਹੀਂ ਆਪਣੇ ਆ ਜਾਣ ਦੀ ਇਤਲਾਹ ਵੀ ਦੇ ਦਿਤੀ
ਉਸ ਰਾਤ ਤੇ ਅਗਲਾ ਸਾਰਾ ਦਿਨ ਹੋਟਲ ਤੇ ਇਸ ਦੇ ਦੁਆਲੇ ਹੀ ਸਰਗਰਮੀਆਂ ਜਾਰੀ ਰਹੀਆਂ।
ਸ਼ੁੱਕਰਵਾਰ ਦੀ ਰਾਤ ਨੂੰ ਦੇਸੋਂ ਸੱਦੇ ਗਵਈਆਂ ਦੇ ਗਰੁਪ ਦਾ ਅਖਾੜਾ ਸੀ। ਇਹ ਹੋਣਾ ਤਾਂ ਖੇਡਾਂ ਤੋਂ ਪਿੱਛੋਂ ਛਨਿਛਰਵਾਰ ਦੀ ਰਾਤ ਨੂੰ ਸੀ ਪਰ ਗਵਈਆਂ ਦੇ ਐਡੀਲੇਡ ਦੇ ਪਹਿਲਾਂ ਹੀ ਬਣ ਚੁੱਕੇ ਪ੍ਰੋਗਰਾਮ ਕਰਕੇ ਇਕ ਰਾਤ ਪਹਿਲਾਂ ਹੀ ਕਰਨਾ ਪੈ ਗਿਆ। ਮੈਨੂੰ ਵੀ ਇਹ ਸੁਣਨ ਲਈ ਇਕ ਸੱਜਣ ਸੱਦਣ ਆਇਆ ਤੇ ਓਥੇ ਜਾਣ ਵਿਰੁਧ ਮੈਨੂੰ ਕੋਈ ਝਿਜਕ ਵੀ ਨਹੀ ਸੀ ਪਰ ਸਾਜਾਂ ਦੇ ਕੰਨ ਪਾੜਵੇਂ ਰੌਲ਼ੇ ਨੂੰ ਝੱਲਣ ਤੋਂ ਅਸਮਰਥ ਹੋਣਾ ਤੇ ਬੇਲੋੜੇ ਅਸ਼ਲੀਲ਼ ਗਾਣੇ ਸੁਣਨ ਦਾ ਕੋਈ ਸ਼ੌਕ ਨਾ ਹੋਣ ਕਰਕੇ, ਮੈ ਹੋਟਲ ਦੇ ਕਮਰੇ ਵਿਚ ਬੈਠ ਕੇ ਕੰਪਿਊਟਰ ਨੂੰ ‘ਕੁਤਕਤਾਰੀਆਂ’ ਕਢਦੇ ਰਹਿਣਾ ਵਧ ਲਾਭਦਾਇਕ ਸਮਝਿਆ। ਬਾਅਦ ਵਿਚ ਸ| ਸੋਨਾ ਸਿੰਘ ਨੇ ਦੱਸਿਆ ਕਿ ਗਵਈਆਂ ਦੇ ਗਰੁਪ ਵਿਚ ਗਿੱਪੀ ਮਾਨ, ਸ਼ੇਰੀ ਮਾਨ, ਜੀਤਾ ਜੈਲਦਾਰ ਤੇ ਨੀਰੂ ਬਾਜਵਾ ਵੀ ਸ਼ਾਮਲ ਸਨ।
ਅਗਲੇ ਦਿਨ ਖੇਡ ਮੈਦਾਨ ਵਿਚ ਜਾਣ ਦਾ ਸੁਭਾਗ ਪਰਾਪਤ ਹੋਇਆ। ਕੇਨਜ਼ ਅਤੇ ਇਸ ਦੇ ਗਿਰਦ ਨਿਵਾਹੀ ਦੇ ਛੋਟੇ ਸ਼ਹਿਰਾਂ ਦੀਆਂ ਟੀਮਾਂ ਤੋਂ ਇਲਾਵਾ, ਆਸਟ੍ਰੇਲੀਆ ਦੇ ਦੂਜੇ ਸ਼ਹਿਰਾਂ: ਮੈਲਬਰਨ, ਸਿਡਨੀ, ਗ੍ਰਿਫ਼ਿਥ, ਬ੍ਰਿਸਬਿਨ ਤੋਂ ਵੀ ਕਬੱਡੀ, ਫੱੁਟਬਾਲ, ਰੱਸੇ ਆਦਿ ਦੀਆਂ ਟੀਮਾਂ ਗਰਾਊਂਡ ਵਿਚ ਪਹੁੰਚੀਆਂ ਹੋਈਆਂ ਸਨ।
ਮੈਨੂੰ ਸਿੱਖ ਸਮਾਜ ਦੇ ਉਘੇ ਆਗੂ ਅਤੇ ਗੇਮਾਂ ਦੇ ਇਨਚਾਰਜ ਸ| ਸੋਨਾ ਸਿੰਘ ਨੇ, ਮੇਰੇ ਪੁੱਛਣ ਤੇ, ਇਹਨਾਂ ਖੇਡਾਂ ਦੇ ਪਿਛੋਕੜ ਬਾਰੇ ਸੰਖੇਪ ਵਿਚ ਦੱਸਿਆ ਕਿ ਸਫ਼ਲ ਆਸਟ੍ਰੇਲੀਅਨ ਸਿੱਖ ਖੇਡਾਂ ਤੋਂ ਪ੍ਰਭਾਵਤ ਹੋ ਕੇ ਅਤੇ ਉਤਸ਼ਾਹ ਪਰਾਪਤ ਕਰਕੇ, ਕਈ ਸਾਲਾਂ ਤੋਂ ਅਜਿਹਾ ਖੇਡ ਮੇਲਾ ਕੇਨਜ਼ ਵਿਚ ਵੀ ਸਿਰਜਣ ਬਾਰੇ ਵਿਚਾਰ ਤਾਂ ਹੁੰਦਾ ਰਿਹਾ ਪਰ ਕਦੀ ਕੋਈ ਤੇ ਕਦੀ ਕੋਈ ਵਿਘਨ ਪੈ ਜਾਣ ਕਰਕੇ ਇਹ ਚੰਗਾ ਕੰਮ ਪਛੜਦਾ ਹੀ ਰਿਹਾ। ਖੇਡ ਮੈਦਾਨ ਵਿਚ ਵਾਹਵਾ ਜਿਹੀ ਹੀ ਰੌਣਕ ਸੀ। ਜਿੰਨੀ ਆਸ ਕੀਤੀ ਜਾਂਦੀ ਸੀ ਓਨੇ ਭਾਵੇਂ ਨਹੀ ਸੀ ਪਰ ਫਿਰ ਵੀ ਮੇਲੇ ਦਾ ਵਾਤਵਰਣ ਸਿਰਜਿਆ ਲੱਗਦਾ ਸੀ। ਖੇਡਾਂ ਦੇ ਆਰੰਭ ਹੋਣ ਤੋਂ ਪਹਿਲਾਂ ਗਿਆਨੀ ਸਤਿਨਾਮ ਸਿੰਘ, ਗੁਰਬੰਤ ਸਿੰਘ ਕਰਮਬੀਰ ਸਿੰਘ ਜੀ ਦੇ ਜਥੇ ਦੁਆਰਾ ਸ਼ਬਦ ਕੀਰਤਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਨੂੰ, ਆਏ ਸੱਜਣਾਂ ਤੇ ਟੀਮਾਂ ਦੇ ਸਵਾਗਤ ਵਜੋਂ ਕੁਝ ਸ਼ਬਦ ਆਖਣ ਲਈ ਪ੍ਰੇਰਿਆ ਗਿਆ। ਮੈ ਸੁਥਰੀਆਂ ਖੇਡਾਂ ਦਾ ਸਿੱਖ ਧਰਮ ਵਿਚ ਸਥਾਨ ਅਤੇ ਇਹਨਾਂ ਦੇ ਇਤਿਹਾਸ ਬਾਰੇ ਕੁਝ ਸ਼ਬਦ ਆਖੇ ਤੇ ਉਪ੍ਰੰਤ ਰਾਗੀ ਜਥੇ ਨੇ ਕੀਰਤਨ ਕਰਕੇ ਆਰੰਭਤਾ ਦਾ ਅਰਦਾਸਾ ਸੋਧਿਆ।
ਫਿਰ ਖੇਡਾਂ ਵਿਚ ਖਿਡਾਰੀਆਂ ਨੇ ਆਪੋ ਆਪਣੀਆਂ ਟੀਮਾਂ ਸਮੇਤ ਖੇਡਾਂ ਦੇ ਦਾ-ਪੇਚ ਅਤੇ ਕਮਾਏ ਹੋਏ ਸਰੀਰਾਂ ਦੇ ਜੌਹਰ ਵਿਖਾਉਣੇ ਆਰੰਭ ਕਰ ਦਿਤੇ। ਖੇਡਾਂ ਨੂੰ ਚਾਰ ਚੰਨ ਲਾਉਂਦੀ ਸ| ਸਤਨਾਮ ਸਿੰਘ ਸੱਤਾ ਦੀ ਕਮੈਂਟਰੀ ਸਭ ਦੀ ਤਵੱਜੋਂ ਖਿੱਚ ਰਹੀ ਸੀ। ਮੇਰੀ ਹੈਰਾਨੀ ਦੀ ਕੋਈ ਹੱਦ ਰਹੀ ਜਦੋਂ ਮੈ ਸਵੇਰ ਤੋਂ ਸ਼ਾਮ ਤੱਕ ਇਸ ਨੌਜਵਾਨ, ਜੋ ਸਾਢੇ ਚੌਦਾਂ ਸਾਲ ਦੀ ਉਮਰ ਵਿਚ, ਪੰਜਾਬ ਛੱਡ ਕੇ ਨਿਊ ਜ਼ੀਲੈਂਡ ਵਿਚ ਆ ਵੱਸਿਆ ਸੀ, ਇਕ ਸਬਦ ਵੀ ਅੰਗ੍ਰੇਜ਼ੀ ਦਾ ਬੋਲੇ ਬਿਨਾ, ਸਾਰਾ ਦਿਨ ਧਾਰਾ ਪ੍ਰਵਾਹਕ ਪੰਜਾਬੀ ਵਿਚ ਕਮੈਂਟਰੀ ਕਰਦਾ ਰਿਹਾ। ਨਾ ਥੱਕਿਆ, ਨਾ ਅੱਕਿਆ ਤੇ ਨਾ ਹੀ ਭੱੁਲਿਆ। ਸਮੇ ਨਾਲ਼ ਸਬੰਧਤ ਨਾਲ ਨਾਲ਼ ਕਵਿਤਾਵਾਂ ਅਤੇ ਸੱੁਚੇ ਚੁਟਕਲੇ ਸੁਣਾ ਕੇ ਸਰੋਤਿਆਂ ਦਾ ਮਨੋਰੰਜਨ ਕਰਨ ਦੇ ਨਾਲ਼ ਨਾਲ਼ ਖਿਡਾਰੀਆਂ ਦੇ ਉਤਸ਼ਾਹ ਵਿਚ ਵਾਧਾ ਕਰਦਾ ਰਿਹਾ।
ਖੇਡਾਂ ਦੀ ਸਮਾਪਤੀ ਤੋਂ ਪਹਿਲਾਂ, ਬ੍ਰਿਸਬਿਨ ਦੇ ਵਸਨੀਕ ਸ| ਗੁਰਦੀਪ ਸਿੰਘ ਨਿਝਰ ਵੱਲੋਂ ਤਿਆਰ ਕੀਤੀ ਭੰਗੜਾ ਟੀਮ ਨੇ ਉਹ ਰੰਗ ਬੰਨਿ੍ਹਆਂ ਕਿ ਪੰਜਾਬ ਦੀ ਕਿਸੇ ਵੀ ਭੰਗੜਾ ਟੀਮ ਨਾਲ਼ੋਂ ਇਹਨਾਂ ਦੀ ਅਦਾਕਾਰੀ ਕਿਸੇ ਗੱਲੋਂ ਪਿਛੇ ਨਾ ਰਹੀ। ਭੰਗੜਾ ਟੀਮ ਵਿਚ ਸ਼ਾਮਲ ਮੋਗੇ ਤੋਂ ਵਿਦਿਆਰਥੀ ਵਜੋਂ ਆਈ ਬੱਚੀ ਸਰੋਜ ਨੇ ਆਪਣੀ ਅਦਾਕਾਰੀ ਨਾਲ਼ ਦਰਸ਼ਕਾਂ ਤੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿਤਾ। ਇਹ ਲੇਡੀ ਇਉਂ ਜਾਪਦਾ ਹੈ ਜਿਵੇਂ ਕਿ ਗਿਫ਼ਟਿਡ ਕਲਾਕਾਰ ਹੋਵੇ!
ਸਮਾਪਤੀ ਤੇ ਹੈਲਥ ਮਿਨਿਸਟਰ ਕਰਟਿਸ ਪਿੱਟ ਦੇ ਹੱਥੀਂ ਖਿਡਾਰੀਆਂ ਅਤੇ ਆਏ ਪਤਵੰਤੇ ਸੱਜਣਾਂ ਨੂੰ ਇਨਾਮ ਤੇ ਸਨਮਾਨ ਚਿੰਨ੍ਹ ਵੰਡੇ ਗਏ। ਬਹੁਤ ਹੀ ਜਵਾਨ ਦਿੱਖ ਵਾਲ਼ੇ ਮੰਤਰੀ ਜੀ ਨੂੰ ਮੈ ਪੁੱਛਿਆ ਕਿ ਵੇਖਣ ਨੂੰ ਤੁਹਾਡੀ ਉਮਰ ਤਾਂ ਮੰਤਰੀ ਜਿਡੀ ਨਹੀ ਲੱਗਦੀ; ਕਿਤੇ ਐਵੇਂ ਘਿਵੇਂ ਤੇ ਨਹੀ ਤੁਹਾਨੂੰ ਮੰਤਰੀ ਵਜੋਂ ਪੇਸ਼ ਕਰ ਦਿਤਾ ਗਿਆ! ਮੰਤਰੀ ਜੀ ਨੇ ਮੁਸਕਰਾ ਕੇ ਹਾਂ ਵਿਚ ਸਿਰ ਹਿਲਾਇਆ ਜਿਸ ਦਾ ਮੈ ਅਰਥ ਇਹ ਸਮਝਿਆ ਕਿ ਉਹ ਸਚੀਂ ਮੁਚੀਂ ਦੇ ਮੰਤਰੀ ਹੀ ਹਨ। ਮੈਨੂੰ ਦੱਸਿਆ ਗਿਆ ਕਿ ਪਹਿਲਾਂ ਇਹਨਾਂ ਦੇ ਪਿਤਾ ਜੀ, ਮਿਸਟਰ ਵਾਰਨ ਪਿੱਟ, ਮੰਤਰੀ ਸਨ ਤੇ ਹੁਣ ਉਹਨਾਂ ਦੀ ਥਾਂ ਇਹਨਾਂ ਦੇ ਹਿੱਸੇ ਇਹ ਸੇਵਾ ਆਈ ਹੈ। ਇਹ ਸਭ ਤੋਂ ਛੋਟੀ ਉਮਰ ਦੇ ਆਸਟ੍ਰੇਲੀਆ ਵਿਚ ਮੰਤਰੀ ਹਨ। ਸਥਾਨਕ ਐਮ|ਪੀ| ਮਿਸਟਰ ਐਨਟਿਸ਼, ਪਹਿਲਾਂ ਕੀਤੇ ਗਏ ਕਿਸੇ ਹੋਰ ਇਕਰਾਰ ਸਦਕਾ, ਇਸ ਮੇਲੇ ਵਿਚ ਪਹੰੁਚਣ ਤੋਂ ਅਸਮਰਥ ਰਹੇ। ਸ਼ਹਿਰ ਕੇਨਜ਼ ਦੀ ਮੇਅਰੈਸ ਬਲ ਸ਼ਰੀਅਰ ਨੇ ਵੀ ਇਸ ਮੌਕੇ ਹਾਜਰ ਹੋ ਕੇ ਰੌਣਕ ਨੂੰ ਵਧਾਇਆ ਅਤੇ ਖਿਡਾਰੀਆਂ ਤੇ ਪ੍ਰਬੰਧਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਬਾਹਰੋਂ ਆਏ ਪਤਵੰਤਿਆਂ ਦਾ ਵੀ ਮੰਤਰੀ ਜੀ ਦੇ ਹੱਥੋਂ ਸਨਮਾਨ ਚਿੰਨ੍ਹ ਦਿਵਾ ਕੇ ਉਹਨਾਂ ਦਾ ਮਾਣ ਵਧਾਇਆ ਗਿਆ। ਉਹਨਾਂ ਵਿਚ ਖਾਸ ਸਨ: ਸਿਡਨੀ ਤੋਂ ਪਹੁੰਚੇ ਪ੍ਰਸਿਧ ਸਾਇੰਸਦਾਨ ਅਤੇ ਸਿੱਖ ਭਾਈਚਾਰੇ ਦੇ ਆਗੂ ਡਾ| ਗੁਰਚਰਨ ਸਿੰਘ ਸਿਧੂ, ਮੈਲਬਰਨ ਤੋਂ ਪ੍ਰਸਿਧ ਕਾਲਮ ਨਵੀਸ ਸ| ਮਨਜੀਤ ਸਿੰਘ ਔਜਲਾ, ‘ਦੀ ਪੰਜਾਬ’ ਅਖ਼ਬਾਰ ਦੇ ਮੁਖ ਸੰਪਾਦਕ ਸ| ਮਨਜੀਤ ਸਿੰਘ ਬੋਪਾਰਾਇ ਆਦਿ ਨੂੰ ਆਦਰ ਸਹਿਤ ਸਨਮਾਨਤ ਕੀਤਾ ਗਿਆ; ਅਤੇ “ਵਿਚ ਸਾਡਾ ਵੀ ਨਾਂ ਬੋਲੇ” ਅਨੁਸਾਰ, ਮੈਨੂੰ ਵੀ ਇਕ ਟਰਾਫ਼ੀ ਮਿਲ਼ ਗਈ।
ਇਸ ਇਲਾਕੇ ਦੀ ਮਾਣਯੋਗ ਸ਼ਖ਼ਸੀਅਤ ਸ| ਰਣਜੀਤ ਸਿੰਘ ਮਾਵੀ ਜੀ ਵੱਲੋਂ ਦਿਤੀ ਗਈ ਹੌਸਲਾ ਅਫ਼ਜ਼ਾਈ ਸਦਕਾ ਇਸ ਪੱਖੋਂ ਇਹ ਪਹਿਲਾ ਕਾਰਜ ਸਿਰੇ ਚੜਿ੍ਹਆ।
ਇਸ ਕਾਰਜ ਵਿਚ ਬਹੁਤ ਸਾਰੇ ਸੱਜਣਾਂ ਵੱਲੋਂ ਤਨ, ਮਨ ਤੇ ਧਨ ਨਾਲ਼ ਸ਼ਮੂਲੀਅਤ ਕੀਤੀ ਗਈ। ਮਾਵੀ ਪਰਵਾਰ, ਸ| ਪੁਰਸ਼ੋਤਮ ਸਿੰਘ, ਸ| ਜਸਬੀਰ ਸਿੰਘ, ਸ| ਅਵਤਾਰ ਸਿੰਘ, ਸ| ਮੋਹਨ ਸਿੰਘ ਗਰੇਵਾਲ, ਸ| ਸਤਨਾਮ ਸਿੰਘ, ਸ| ਪਲਵਿੰਦਰ ਸਿੰਘ ਨਾਹਲ ਅਤੇ ਹੋਰ ਬਹੁਤ ਸਾਰੇ ਸੱਜਣਾਂ ਨੇ ਪਰਵਾਰਾਂ ਸਮੇਤ ਸਹਿਯੋਗ ਦਿਤਾ। ਗੁਰਦੁਆਰਾ ਸਾਹਿਬ ਇਨਸਫ਼ਿਲ ਦੀਆਂ ਬੀਬੀਆਂ ਆਪਣੀਆਂ ਘਰੋਗੀ ਜੁੰਮੇਵਾਰੀਆਂ ਚੋਂ ਸਮਾ ਕਢ ਕੇ ਕਈ ਦਿਨ ਲੰਗਰ ਅਤੇ ਮਿਠਿਆਈਆਂ ਦੀ ਸੇਵਾ ਸ਼ਰਧਾ ਸਹਿਤ ਕਰਦੀਆਂ ਰਹੀਆਂ।
ਗੁਰਦੁਆਰਾ ਗੁਰੂ ਨਾਨਕ ਸਿੱਖ ਐਜੂਕੇਸ਼ਨ ਸੈਂਟਰ ਇਨਸਫ਼ੇਲ ਦੇ ਪ੍ਰਧਾਨ, ਸ| ਸੋਨਾ ਸਿੰਘ ਨੇ ਮਹੀਨਿਆਂ ਬਧੀ ਇਸ ਕਾਰਜ ਲਈ ਆਪਣਾ ਸਮਾ ਤੇ ਸਾਧਨ ਵਰਤੇ। ਬਾਹਰੋਂ ਆਏ ਕਲਾਕਾਰਾਂ, ਖਿਡਾਰੀਆਂ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਆਪਣੇ ਹੋਟਲ ‘ਸਨ ਸ਼ਾਈਨ ਟਾਵਰ’ ਵਿਚ ਠਹਿਰਾ ਕੇ ਉਹਨਾਂ ਦੇ ਪ੍ਰਸ਼ਾਦ ਪਾਣੀ ਆਦਿ ਦਾ ਪ੍ਰਬੰਧ ਵੀ ਸੁਚੱਜਤਾ ਨਾਲ਼ ਕੀਤਾ। ਖੇਡ ਸਕੇਟੀ ਦ ਪ੍ਰਦਾਨ ਸ| ਗੁਰਵਿੰਦਰ ਸਿੰਘ ਮਾਵੀ ਦਾ ਉਦਮ ਅਤੇ ਪ੍ਰਬੰਧ ਸ਼ਲਾਘਾਯੋਗ ਸੀ।
ਹਰੇਕ ਕੰਮ ਵਿਚ ਕੋਈ ਨਾ ਕੋਈ ਊਣਤਾਈ ਦਾ ਰਹਿ ਜਾਣਾ ਤਕਰੀਬਨ ਜਰੂਰੀ ਹੁੰਦਾ ਹੈ; ਇਸ ਲਈ ਇਹ ਸਾਰਾ ਕਾਰਜ ਵੀ ਊਣਤਾਈ ਤੋਂ ਖਾਲੀ ਨਹੀ ਸੀ। ਮੈ ਗਰਾਊਂਡ ਵਿਚ ਵੇਖ ਰਿਹਾ ਸਾਂ ਕਈ ਜਾਣੇ ਪਛਾਣੇ ਚੇਹਰੇ ਨਜ਼ਰ ਨਹੀ ਸਨ ਆ ਰਹੇ। ਪਤਾ ਲੱਗਾ ਕਿ ਇਲਾਕੇ ਦੇ ਸਿੱਖ ਵਸਨੀਕਾਂ ਦੇ ਇਕ ਵੱਡੇ ਭਾਗ ਨੇ ਨਾ ਕੇਵਲ ਇਸ ਮੇਲੇ ਸ਼ਾਮਲ ਹੋਣ ਤੋਂ ਹੀ ਗੁਰੇਜ਼ ਕੀਤਾ ਬਲਕਿ ਇਸ ਦਾ ਬਾਈਕਾਟ ਵੀ ਕੀਤਾ। ਠੀਕ ਹੈ, ਹਰੇਕ ਕਾਰਜ ਲਈ ਹਰੇਕ ਨੂੰ ਖ਼ੁਸ਼ ਨਹੀ ਕੀਤਾ ਜਾ ਸਕਦਾ; ਕੋਈ ਨਾ ਕੋਈ ਸੱਜਣ ਵਿਚਾਰ ਵਿਖੇਵੇਂ ਕਾਰਨ ਕਾਰਜ ਤੋਂ ਬਾਹਰ ਰਹਿ ਸਕਦਾ ਹੈ ਪਰ ਏਥੇ ਬਹੁਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਨਾ ਹੋ ਸਕੇ। ਇਸ ਲਈ ਹਜਾਰਾਂ ਵਾਸਤੇ ਤਿਆਰ ਕੀਤਾ ਗਿਆ ਲੰਗਰ ਵੀ ਕੁਝ ਸੈਂਕੜੇ ਹੀ ਛਕ ਸਕੇ ਤੇ ਬਹੁਤ ਸਾਰਾ ਲੰਗਰ ਬਚ ਗਿਆ।
ਜਦੋਂ ਆਸਟ੍ਰੇਲੀਆ ਦੀਆਂ ਸਿੱਖ ਗੇਮਾਂ 1988 ਵਿਚ ਐਡੀਲੇਡ ਵਿਖੇ ਆਰੰਭ ਹੋਈਆਂ ਸਨ ਤਾਂ ਓਦੋਂ ਓਥੋਂ ਦੇ ਸਾਰੇ ਸਿੱਖਾਂ ਨੇ ਹੀ ਸ਼ਮੂਲੀਅਤ ਕੀਤੀ ਸੀ ਪਰ ਇਸ ਵਾਰੀਂ ਓਥੇ ਹੋਈਆਂ ਗੇਮਾਂ ਵਿਚ ਵੀ ਇਕ ਵੱਡੇ ਭਾਗ ਨੇ ਹਿੱਸਾ ਨਹੀ ਲਿਆ। ਇਹ ਵੀ ਹੈ ਕਿ 1988 ਦੇ ਮੁਕਾਬਲੇ ਹੁਣ 2011 ਵਿਚ ਸਾਡੀ ਗਿਣਤੀ ਵਿਚ ਵੀ ਖਾਸਾ ਵਾਧਾ ਹੋਇਆ ਹੈ ਤੇ ਇਸ ਤਰ੍ਹਾਂ ਵਿਚਾਰ ਵਿਖੇਵੇਂ ਵੀ ਵਧੇ ਹਨ ਤੇ ਜਥੇਬੰਦੀਆਂ ਦੀ ਗਿਣਤੀ ਵੀ ਵਧੀ ਹੈ। ਸਮੇ ਨਾਲ਼ ਮੱਤ ਭੇਦ ਪੈਦਾ ਵੀ ਹੁੰਦੇ ਨੇ ਸਮੇ ਨਾਲ਼ ਮਿਟ ਵੀ ਜਾਂਦੇ ਨੇ। ਹੋ ਸਕਦਾ ਹੈ ਕਿ ਪ੍ਰਬੰਧਕਾਂ ਵੱਲੋਂ ਰੁੱਸੇ ਸੱਜਣਾਂ ਨੂੰ ਮੰਨਾਉਣ ਦਾ ਯੋਗ ਉਪ੍ਰਾਲਾ ਨਾ ਕੀਤਾ ਗਿਆ ਹੋਵੇ!
ਸਭ ਕੁਝ ਵਿਚਾਰਨ ਤੋਂ ਉਪ੍ਰੰਤ ਇਹ ਆਖਿਆ ਹੀ ਜਾ ਸਕਦਾ ਹੈ ਕਿ ਇਸ ਦੂਰ ਦੁਰਾਡੇ ਇਲਾਕੇ ਵਿਚ ਪਹਿਲਾ ਚੰਗਾ ਕਦਮ ਉਠਾਇਆ ਗਿਆ ਸੀ। ਇਸ ਵਾਸਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਉਹਨਾਂ ਦਾ ਵਿਚਾਰ ਹੈ ਕਿ ਅਜਿਹਾ ਖੇਡ ਮੇਲਾ ਹਰੇਕ ਸਾਲ ਕੀਤਾ ਜਾਇਆ ਕਰੇਗਾ। ਇਹ ਚੰਗਾ ਕਾਰਜ ਹੈ ਤੇ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਨਾਲ਼ ਇਹ ਦੋ ਸੁਝਾ ਵੀ ਹਨ ਕਿ ਅਗਲੇ ਮੇਲੇ ਵਾਸਤੇ ਰੁੱਸੇ ਸੱਜਣਾਂ ਨੂੰ ਮੰਨਾ ਕੇ, ਇਸ ਕਾਰਜ ਵਿਚ ਸ਼ਾਮਲ ਕਰਨ ਦਾ ਯਤਨ ਕੀਤਾ ਜਾਵੇ ਤੇ ਦੂਸਰੀ ਗੱਲ ਇਹ ਹੈ ਕਿ ਜਰੂਰੀ ਨਹੀ ਕਿ ਅਸੀਂ ਏਥੇ ਅਜਿਹੇ ਸਮਿਆਂ ਤੇ ਹਰੇਕ ਵਾਰੀਂ ਲੋੜੋਂ ਵਧ ਖ਼ਰਚ ਤੇ ਖੇਚਲ਼ ਕਰਕੇ ਦੇਸੋਂ ਹੀ ਗਵਈਏ ਸੱਦੀਏ। ਲੋਕਲ ਕਲਾਕਾਰ ਏਨਾ ਚੰਗਾ ਪ੍ਰੋਗਰਾਮ ਦੇ ਸਕਦੇ ਹਨ ਕਿ ਅਸੀਂ ਅਜੇ ਸੋਚ ਵੀ ਨਹੀ ਸਕਦੇ। ਵਿਦਿਆਰਥੀਆਂ ਦੇ ਰੂਪ ਵਿਚ ਹਰ ਖੇਤਰ ਦੇ ਬਹੁਤ ਸਾਰੇ ਕਲਾਕਾਰ ਆਸਟ੍ਰੇਲੀਆ ਵਿਚ ਮੌਜੂਦ ਹਨ। ਇਹਨਾਂ ਨੂੰ ਪਛਾਣ ਕੇ ਅੱਗੇ ਲਿਆਉਣ ਦੀ ਲੋੜ ਹੈ।

ਗਿਆਨੀ ਸੰਤੋਖ ਸਿੰਘ ਆਸਟਰੇਲੀਆ

Friday, August 26, 2011

1980 ਤੋਂ ਪਹਿਲਾਂ ਦੇ ਪੰਜਾਬੀ ਨਾਰੀ ਕਾਵਿ ਦਾ ਇਤਿਹਾਸਿਕ ਸਰਵੇਖਣ:1

ਪੰਜਾਬੀ ਕਵਿਤਾ ਦੇ ਇਤਿਹਾਸ-ਮੂਲਕ ਅਧਿਐਨ ਤੋਂ ਇਕ ਸਵੈ-ਵਿਰੋਧੀ ਅਤੇ ਅਸਚਰਜਚਤਾ ਉਪਜਾਊ ਤੱਥ ਇਹ ਵੀ ਉੱਭਰਦਾ ਹੈ ਕਿ ਪੰਜਾਬੀ ਕਵਿਤਾ ਵਸਤੂ ਅਤੇ ਵਿਧੀ ਪੱਖੋਂ ਜਿੰਨੀ ਵਧੇਰੇ ਔਰਤ ਦੁਆਲ਼ੇ ਕੇਂਦਰਿਤ ਰਹੀ ਹੈ, ਉੱਥੇ ਸਿਰਜਣਾਤਿਮਿਕ ਪੱਧਰ 'ਤੇ ਔਰਤ ਤੋਂ ਉੰਨੀ ਵਧੇਰੇ ਦੂਰ ਰਹੀ ਹੈ।ਪੰਜਾਬੀ ਕਵਿਤਾ ਵਿਚ ਔਰਤ ਦੀ ਗੱਲ ਔਰਤ ਦੁਆਰਾ ਗੱਲ ਜਾਂ ਔਰਤ ਦੇ ਉਹਲੇ ਨਾਲ਼ ਗੱਲ ਹੁੰਦੀ ਰਹੀ ਹੈ, ਪਰ ਇਸਦੇ ਆਦਿ ਕਾਲ ਤੋਂ ਅਧੁਨਿਕ ਕਾਲ ਤਕ ਔਰਤ ਦੀ ਕਲਮ ਦੁਆਰਾ ਕੋਈ ਕਾਵਿਕ ਗੱਲ ਹੁੰਦੀ ਦਿਖਾਈ ਨਹੀਂ ਦਿੰਦੀ। ਸਮੁੱਚੇ ਪੰਜਾਬੀ ਕਾਵਿ ਉਪਰ ਸਿਰਜਣਾਤਮਕ ਪੱਖ ਤੋਂ ਮਰਦ-ਕਵੀਆਂ ਦੀ ਹੀ ਸਰਦਾਰੀ ਨਜ਼ਰ ਆਉਂਦੀ ਹੈ।ਸਮੁੱਚੇ ਮੱਧਕਾਲ ਵਿਚ ਗੁਰਮਤਿ ਕਾਵਿ, ਸੂਫੀ ਕਾਵਿ, ਵਾਰ ਕਾਵਿ ਦੇ ਰੂਪ ਵਿਚ ਵਿਭਿੰਨ ਕਾਵਿ ਧਾਰਾਵਾਂ ਦੀ ਰਚਨਾ ਹੁੰਦੀ ਹੈ, ਜਿੰਨ੍ਹਾਂ ਵਿਚ ਕਿੱਸਾ ਕਾਵਿ ਵਸਤੂਗਤ ਰੂਪ ਵਿਚ ਅਤੇ ਗੁਰਮਤਿ,ਸੂਫੀ ਪੱਧਰ 'ਤੇ ਇਸਤਰੀ ਹੋਂਦ ਅਤੇ ਸਥਿਤੀ ਨੂੰ ਅਧਾਰ ਬਣਾਉਂਦੇ ਹਨ ਪਰ ਇਨ੍ਹਾਂ ਧਾਰਾਵਾਂ ਦੇ ਸਾਰੇ ਸਿਰਜਕ ਮਰਦ ਹਨ। ਇਤਿਹਾਸਕ ਪੱਖ ਤੋਂ ਸਮੁੱਚੇ ਮੱਧਕਾਲ ਵਿਚ ਕੋਈ ਨਾਰੀ-ਕਵਿਤਰੀ ਪ੍ਰਾਪਤ ਨਹੀਂ ਹੁੰਦੀ ਹੈ।ਭਾਵੇਂ ਇਸਦੇ ਬਹੁਤ ਸਾਰੇ ਰਾਜਸੀ-ਸਾਂਸਕ੍ਰਿਤਕ ਕਾਰਨ ਹਨ ਪਰ ਸਮੁੱਚੇ ਰੂਪ ਵਿਚ ਇਹ ਪੰਜਾਬੀ ਕਾਵਿ ਦੀ ਅਪੰਗਤਾ ਹੈ ਅਤੇ ਨਾਰੀ ਦ੍ਰਿਸ਼ਟੀ ਤੋਂ ਇਕ ਮਨਫ਼ੀ ਪੱਖ ਹੈ।
ਪੰਜਾਬੀ ਕਾਵਿ ਵਿਚ ਨਾਰੀ-ਕਵੀਆਂ ਦਾ ਪ੍ਰਵੇਸ਼ ਧਰਮਸੁਧਾਰਕ ਲਹਿਰਾਂ, ਪੱਛਮੀ ਸਿੱਖਿਆ, ਸਾਹਿਤ ਦੇ ਪਸਾਰ ਅਤੇ ਇਸਾਈ ਮਿਸ਼ਨਰੀਆਂ ਦੇ ਪ੍ਰਯਤਨਾਂ ਨਾਲ਼ ਜਾਂ ਇਨ੍ਹਾਂ ਪ੍ਰਯਤਨਾ ਦੇ ਪ੍ਰਤੀਕਰਮ ਵਜੋਂ ਉਨੀਂਵੀ ਸਦੀ ਦੇ ਮੱਧ ਵਿਚ ਹੁੰਦਾ ਹੈ। ਨਾਰੀ ਦੇ ਕਾਵਿ-ਸਿਰਜਣ ਖੇਤਰ ਵਿਚ ਪ੍ਰਵੇਸ਼ ਦੇ ਪਿਛੋਕੜ ਵਿਚ ਸਿੱਖ ਧਰਮ ਵਿਚ ਅਪਣਾਈ ਜਾ ਰਹੀ ਔਰਤ ਪ੍ਰਤਿ ਬਦਲ ਦੀ ਦ੍ਰਿਸ਼ਟੀ ਦਾ ਬਹੁਤ ਵੱਡਾ ਰੋਲ ਹੈ ਜਿਸਦਾ ਉਦੇਸ਼ ਭਾਵੇਂ ਸੁਧਾਰਵਾਦੀ ਜਾਂ ਆਦਰਸ਼ਵਾਦੀ ਸੀ ਅਤੇ ਇਸ ਦਾ ਸੰਸਥਾਗਤ ਮਾਧਿਅਮ ਸਿੰਘ ਸਭਾ ਲਹਿਰ ਸੀ।ਇਸ ਦ੍ਰਿਸ਼ਟੀ ਦਾ ਉਦੇਸ਼ ਇਕ ਆਦਰਸ਼ ਨਾਰੀ ਦੀ ਤਲਾਸ਼ ਮਾਤਰ।
ਹੁਣ ਤੱਕ ਦੀ ਪ੍ਰਾਪਤ ਖੋਜ ਮਾਤਰ ਅਨੁਸਾਰ 'ਪੀਰੋ ਪ੍ਰੇਮਣ' ਨਾਂ ਦੀ ਕਵਿਤਰੀ ਨੂੰ ਪੰਜਾਬੀ ਦੀ ਸਭ ਤੋਂ ਪਹਿਲੀ ਕਵਿਤਰੀ ਮੰਨਿਆ ਜਾਂਦਾ ਹੈ। ਪੀਰੋ ਦਾ ਜ਼ਿਕਰ ਸਭ ਤੋਂ ਪਹਿਲੀ ਵਾਰ ਡਾ. ਦੇਵਿੰਦਰ ਸਿੰਘ ਵਿਦਿਆਰਥੀ ਨੇ ਆਪਣੇ ਖੋਜ ਪੱਤਰ " ਪੰਜਾਬੀ ਦੀ ਪਹਿਲੀ ਇਸਤਰੀ ਕਵੀ" ਵਿਚ ਕੀਤਾ ਜੋ "ਖੋਜ ਦਰਪਣ' ਵਿਚ ਛਪਿਆ। ਇਸ ਖੋਜ ਪੱਤਰ ਵਿਚ ਡਾ. ਵਿਦਿਆਰਥੀ ਨੇ ਪੀਰੋ ਪ੍ਰੇਮਣ ਦਾ ਸਮਾਂ 1832 ਤੋਂ 1882 ਤਕ ਮੰਨਿਆ ਹੈ ਅਤੇ ਉਸ ਦੀਆਂ ਦੋ ਰਚਨਾਵਾਂ ਸੈਂਟਰਲ ਸਟੇਟ ਲਾਇਬ੍ਰੇਰੀ, ਪਟਿਆਲਾ ਅਤੇ ਇਕ ਰਚਨਾ ਡਾ. ਕਰਤਾਰ ਸਿੰਘ ਸੂਰੀ ਦੇ ਨਿੱਜੀ ਪੁਸਕਾਲੇ ਵਿਚ ਹੋਣ ਦੀ ਦੱਸ ਪਾਈ। "ਡਾ. ਸ਼ਹਰਯਾਰ ਨੇ ਪੀਰੋ ਬਾਰੇ ਕਈ ਲੇਖ ਲਿਖੇ ਅਤੇ 'ਪੀਰੋ ਪ੍ਰੇਮਣ' ਨਾਟਕ ਰਾਹੀਂ ਇਕ ਵੱਡੇ ਖੇਤਰ ਤਕ ਉਸ ਦੀਆਂ ਰਚਨਾਵਾਂ ਨੂੰ ਪਹੁੰਚਾਇਆ। ਅੰਮ੍ਰਿਤਾ ਪ੍ਰੀਤਮ ਨੇ ਵੀ ਪੀਰੋ ਬਾਰੇ ਲਿਖਿਆ:
"ਰੱਬ ਨੇ ਪੀਰੋ ਨੂੰ ਹੁਸਨ, ਸ਼ਾਇਰੀ ਵੀ, ਸੰਗੀਤ ਵੀ, ਕ੍ਰਿਤ ਵੀ ਤੇ ਸਭ ਤੋਂ ਵੱਧ ਇਕ ਤਲਬ ਦਿੱਤੀ ਸੀ, ਦੁਨੀਆਂ ਵਿਚ ਦੀਨ ਨੂੰ ਲੱਭਣ ਦੀ।"
ਪੀਰੋ ਪ੍ਰੇਮਣ ਦੀ ਰਚਨਾ ਕਾਫ਼ੀਆਂ ਦੇ ਰੂਪ ਵਿਚ ਮਿਲ਼ਦੀ ਹੈ ਜਿੰਨ੍ਹਾਂ ਵਿਚ ਮੁਰਸ਼ਦ ਦੇ ਪ੍ਰਤੀ, ਪਿਆਰ, ਸਮਰਪਣ, ਸੰਸਾਰਕ ਨਾਸ਼ਮਾਨਤਾ ਅਤੇ ਵੈਰਾਗ ਦੀ ਭਾਵਨਾ ਦੇ ਨਾਲ਼-ਨਾਲ਼ ਕਿਧਰੇ ਸਮਕਾਲੀ ਸਮਾਜ ਦੇ ਵਿਭਿੰਨ ਪੱਖਾਂ ਦੀ ਝਲਕ ਵੀ ਪਾਪਤ ਹੁੰਦੀ ਹੈ। ਸਮੁੱਚੇ ਰੂਪ ਵਿਚ ਉਸ ਦੀ ਕਵਿਤਾ ਮੱਧਕਾਲੀ ਸੂਫ਼ੀ ਕਾਵਿ ਦੇ ਥੀਮਕ ਪੈਟਰਨਾਂ ਦਾ ਹੀ ਦੁਹਰਾਉ ਹੋਣ ਕਰਕੇ ਸਮਕਾਲੀ ਪੰਜਾਬੀ ਕਾਵਿ ਵਿਚ ਗਿਣਨਯੋਗ ਜਾਂ ਗੌਲਣਯੋਗ ਪਰਿਵਰਤਨ ਨਹੀ ਲਿਆਉਂਦੀਆਂ। ਉਦਾਹਰਣ ਵਜ੍ਹੋਂ ਉਸਦੀਆਂ ਕੁਝ ਪੰਕਤੀਆਂ ਪੇਸ਼ ਹਨ:
ਖੁਸ਼ੀ ਕਰੋ ਸਹੇਲੀa ਹਮ ਭਈ ਤਿਆਰੀ॥
ਪੀਰੋ ਲੈ ਮੁਰਸ਼ਦ ਕੋ ਦਰ ਸੱਚੇ ਆਈ॥
ਦੇਖ ਨਿਮਾਣੀ ਤਰਸ ਕਰ ਸਹੁ ਪਾਸ ਬਿਠਾਈ॥
-੦-
ਪੀਰੋ ਕਹਿਸੀ ਸਤਗੁਰੂ ਤੁਮ ਜਾਣੀ ਜਾਣੇ॥
ਹਿੰਦੂ ਅਮਨੇ ਸਾਹਬ ਤੇ ਯਹ ਮੁਸਲੇ ਕਾਣੇ॥
ਤੁਰਕ ਹਿੰਦੂ ਸਭ ਆਪ ਕੇ ਹਾਥ ਚੇਰੇ ਤੇਰੇ॥
ਵੀਹਵੀਂ ਸਦੀ ਦੇ ਆਰੰਭ ਵਿਚ ਸਿੰਘ ਸਭਾ ਲਹਿਰ ਪ੍ਰਭਾਵ ਅਧੀਨ ਜਿੱਥੇ ਧਾਰਮਿਕ ਸੁਧਾਰਵਾਦੀ ਦ੍ਰਿਸ਼ਟੀ ਤੋਂ ਕਈ ਅਖ਼ਬਾਰ ,ਰਸਾਲੇ ਨਿਕਲ਼ਦੇ ਹਨ, ਉਥੇ ਇਸ ਕਾਲ ਵਿਚ ਸਿੱਖ ਧਰਮ ਦੀ ਔਰਤ ਪ੍ਰਤਿ ਬਦਲਵੀਂ ਸੁਧਾਰਵਾਦੀ ਦ੍ਰਿਸ਼ਟੀ ਤੋਂ ਔਰਤਾਂ ਨਾਲ਼ ਸਬੰਧਿਤ ਕੁਝ ਰਸਾਲੇ ਵੀ ਨਿਕਲ਼ਦੇ ਹਨ ਜਿਵੇਂ 'ਪੰਜਾਬੀ ਭੈਣ' (ਫਿਰੋਜ਼ਪੁਰ, ੧੯੦੮ ਸੰਪਾਦਨ ਬੀਬੀ ਹਰਨਾਮ
ਕੌਰ) 'ਇਸਤਰੀ ਸਤਿਸੰਗ' (ਅੰਮ੍ਰਿਤਸਰ ੧੯੦੪), 'ਇਸਤਰੀ ਸਮਾਚਾਰ' ( ਕੋਇਟਾ ੧੯੦੮ ਸੰਪਾਦਨ ਬੀਬੀ ਰਾਜਿੰਦਰ ਕੌਰ) , ਇਸਤਰੀ ਸੁਧਾਰ (੧੯੨੪ ਭਾਗ ਸਿੰਘ), 'ਫੁਲੇਰਨ' (੧੯੨੩ ਹੀਰਾ ਸਿੰਘ ਦਰਦ ਅਤੇ ਰਾਜਿੰਦਰ ਕੌਰ)। ਇਹਨਾਂ 'ਚੋਂ ਵਧੇਰੇ ਪਰਚਿਆਂ ਦਾ ਸੰਪਾਦਨ ਔਰਤਾਂ ਦੇ ਹੱਥਾਂ ਵਿਚ ਸੀ। ਅਜਿਹੀਆਂ ਕਵਿਤਾਵਾਂ ਵਿਚ ਇਸਤਰੀਆਂ ਨੂੰ ਪ੍ਰੰਪਰਾਗਤ ਧਾਰਮਿਕ ਸਦਾਚਾਰਕ ਮਾਹੌਲ ਅਨੁਸਾਰ ਹੀ ਆਪਣੇ ਜੀਵਨ ਨੂੰ ਆਦਰਸ਼ਿਆਉਣ ਉਪਰ ਜੋਰ ਦਿੱਤਾ ਜਾਂਦਾ ਸੀ। ਭਾਵੇਂ ਕਥਨ ਦੀ ਪੱਧਰ 'ਤੇ ਹੇਠ ਲਿਖੇ ਅਨੁਸਾਰ ਪੰਕਤੀਆਂ ਵੀ ਪ੍ਰਾਪਤ ਹੁੰਦੀਆਂ ਹਨ:
ਹੱਕ ਅਸਾਂ ਦੇ ਅਸਾਂ ਨੂੰ ਮਿਲਨ ਵਾਪਸ
ਐਸਾ ਡਟ ਕੇ ਮੋਰਚਾ ਲਾਉ ਭੈਣੋ।
ਇਸ ਪ੍ਰਕਾਰ ਅਰੰਭਕ ਕਾਲ ਦੀ ਨਾਰੀ ਸਿਰਜਣਾਤਮਿਕਤਾ ਜਿਥੇ ਇਕ ਪਾਸੇ ਨਿਸ਼ਚਿਤ ਧਾਰਮਿਕ-ਸਮਾਜਿਕ ਵਿਵਸਥਾ ਦੇ ਅੰਤਰਗਤ ਨਾਰੀ ਵੱਲ ਸਹਾਨਾਭੂਤੀ ਦਾ ਰੂਪ ਅਖ਼ਤਿਆਰ ਕਰਨ ਪ੍ਰਤੀ ਉਤਸ਼ਾਹਿਤ ਕਰਦੀ ਸੀ ਦੂਜੇ ਪਾਸੇ ਸਥਾਪਿਤ ਪੈਤਰਿਕ ਧਾਰਮਿਕ-ਸਮਾਜਿਕ ਵਿਵਸਥਾ ਨੂੰ ਸਿਰਫ਼ ਤਸਲੀਮ ਹੀ ਨਹੀਂ ਕਰਦੀ ਸਗੋਂ ਇਸ ਨੂੰ ਪ੍ਰਪੱਕ ਕਰਦਿਆਂ ਇਸ ਦੇ ਅੰਤਰਗਤ ਹੀ ਕੁਝ ਰਿਆਇਤਾਂ ਪ੍ਰਾਪਤ ਕਰਨ ਤਕ ਸੀਮਤ ਸੁਧਾਰਵਾਦੀ ਦ੍ਰਿਸ਼ਟੀ ਵੀ ਰੱਖਦੀ ਸੀ। ਇਸ ਦੌਰ ਦੀ ਨਾਰੀ-ਸਿਰਜਕ ਆਪਣੀ ਨਿਵੇਕਲੀ ਪਛਾਣ ਬਣਾਂਉਣੀ ਸਗੋਂ ਮਰਦ ਦੇ ਪ੍ਰਛਾਵੇਂ ਹੇਠ ਹੀ ਵਿਚਰਦੀ ਹੈ।
ਨਾਰੀ ਕਵਿਤਰੀ ਵਜ੍ਹੋਂ ਵਿਲੱਖਣ ਪਛਾਣ ਕਇਮ ਕਰਨ ਵਾਲ਼ੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਨੂੰ ਹੀ ਮੰਨਿਆ ਜਾ ਸਕਦਾ ਹੈ ਜਿਸ ਨੇ ਇਸਤਰੀ ਜੀਵਨ ਦੇ ਯਥਾਰਥ ਨੂੰ ਜਿੱਥੇ ਬਹੁਵਿਧਾਈ ਰੂਪ ਵਿਚ ਪ੍ਰਸਤੁਤ ਕੀਤਾ ਉਥੇ ਇਸ ਨੂੰ ਬਹੁਪਸਾਰੀ ਪੱਧਰ 'ਤੇ ਵੀ ਪ੍ਰਸਤੁਤ ਕੀਤਾ। ਭਾਵੇਂ ਇੱਕ ਨਾਵਲਕਾਰ, ਕਹਾਣੀਕਾਰ ਅਤੇ ਸਵੈ-ਜੀਵਨੀਕਾਰ ਵਜੋਂ ਵੀ ਉਹ ਚਰਚਿਤ ਰਹੀ ਹੈ ਪਰ ਉਸ ਦੀ ਅਸਲ ਪ੍ਰਸਿੱਧੀ ਇਜ ਕਵਿਤਰੀ ਵਜ੍ਹੋਂ ਹੀ ਹੈ।ਪ੍ਰਮਿੰਦਰ ਸਿੰਘ ਤੇ ਕਿਰਪਾਲ ਸਿੰਘ ਨੇ ਆਪਣੀ ਪੁਸਤਕ 'ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ' ਵਿਚ ਲਿਖਿਆ ਹੈ:
"ਅੰਮ੍ਰਿਤਾ ਦੀ ਕਵਿਤਾ ਵਿਚ ਇਸਤਰੀ ਭਾਵ ਪੂਰੀ ਤੀਬਰਤਾ ਤੇ ਸੁਹਿਰਦਤਾ ਨਾਲ਼ ਉੱਘੜੇ ਹਨ ਅਤੇ ਏਸੇ ਲਈ ਉਸ ਨੂੰ ਪੰਜਾਬੀ ਇਸਤਰੀ ਦੀ ਆਵਾਜ਼ ਕਿਹਾ ਜਾਂਦਾ ਹੈ।"
ਡਾ. ਪ੍ਰੇਮ ਸਿੰਘ ਉਸ ਨੂੰ "ਇਸਤਰੀ ਦੀ ਸੱਚੀ ਤਰਜ਼ਮਾਨ ਤੇ ਇਸਤਰੀਆਂ ਦੀ ਸੁੱਘੜ ਰੇਖਾਕਾਰ" ਆਖਿਆ ਹੈ।
ਅੰਮ੍ਰਿਤਾ ਪ੍ਰੀਤਮ ਦੇ ਕਾਵਿ-ਸਫ਼ਰ ਦਾ ਆਰੰਭਿਕ ਦੌਰ ਸਿੱਖ ਸੁਧਾਰਵਾਦ ਤੋਂ ਹੀ ਪ੍ਰਭਾਵਿਤ ਸੀ ਪਰ ਬਾਅਦ ਵਿੱਚ ਇਹ ਪ੍ਰਗਤੀਵਾਦ, ਪ੍ਰਯੋਗਵਾਦ, ਆਧੁਨਿਕਤਾਵਾਦ ਆਦਿ ਕਾਵਿ ਧਾਰਾਵਾਂ ਦੇ ਅੰਤਰਗਤ ਵਿਚਰਦਿਆਂ ਨਾਰੀ ਸੰਵੇਦਨਾ ਅਤੇ ਨਾਰੀ ਜੀਵਨ ਦੇ ਸਰੋਕਾਰਾਂ ਦੁਆਲ਼ੇ ਹੀ ਕੇਂਦ੍ਰਿਤ ਰਹਿੰਦਾ ਹੈ।ਅੰਮ੍ਰਿਤਾ ਪ੍ਰੀਤਮ ਦਾ ਪ੍ਰਥਮ ਕਾਵਿ-ਸੰਗ੍ਰਿਹ 'ਠੰਡੀਆਂ ਕਿਰਨਾ' ੧੯੩੫ ਵਿੱਚ ਛਪਿਆ।
ਅੰਮ੍ਰਿਤਾ ਵਿਚ ਵਿਲੱਖਣਤਾ ਇਹ ਹੈ ਕਿ ਇੱਕ ਪਾਸੇ ਤਾਂ ਇਹ ਕਾਵਿ ਆਧੁਨਿਕ ਪੰਜਾਬੀ ਕਾਵਿ ਵਿਚ ਪ੍ਰਚਲਿਤ ਤਕਰੀਬਨ ਸਾਰੀਆਂ ਕਾਵਿ ਧਾਰਾਵਾਂ ਦੇ ਅੰਤਰਗਤ ਪ੍ਰਵਾਹਮਾਨ ਹੁੰਦਾ ਹੈ ਅਤੇ ਦੂਜੇ ਪਾਸੇ ਹਰ ਕਾਵਿ-ਧਾਰਾ ਅਧੀਨ ਵਿਚਰਦਿਆਂ ਇਹ ਨਾਰੀ ਜੀਵਨ ਅਤੇ ਸਮਾਜਿਕ-ਯਥਾਰਥ ਦੇ ਦਵੰਦਾਤਮਕ ਸਬੰਧਾਂ ਨੂੰ ਹੀ ਆਪਣੇ ਫੋਕਸ ਅਧੀਨ ਰੱਖਦਾ ਹੈ। ਇਸ ਇਸ ਪ੍ਰਕਾਰ ਉਸਦੇ ਕਾਵਿ ਦੇ ਜਿਹੜੇ ਸਰੋਕਾਰ ਨਾਰੀ ਨਾਰੀਜੀਵਨ ਸਿੱਧੇ ਰੂਪ ਵਿਚ ਜੁੜੇ ਹੋਏ ਦਿਖਾਈ ਨਹੀ ਦਿੰਦੇ,ਉਨ੍ਹਾਂ ਦੀ ਤੰਦ ਵੀ ਨਾਰੀ ਸੰਵੇਦਨਾ ਦੇ ਕਿਸੇ ਨਾ ਕਿਸੇ ਪੱਖ ਨਾਲ਼ ਜੁੜਦੀ ਹੈ। ਉਸਦੇ ਕਾਵਿ ਦਾ ਆਰੰਭਕ ਦੌਰ ਧਾਰਮਿਕ-ਸੁਧਾਰਵਾਦੀ ਦੌਰ ਆਖਿਆ ਜਾ ਸਕਦਾ ਹੈ। 'ਠੰਡੀਆਂ ਕਿਰਨਾ', 'ਅੰਮ੍ਰਿਤ ਲਹਿਰਾਂ', 'ਤ੍ਰੇਲ਼ ਧੋਤੇ ਫੁੱਲ' ਆਦਿ ਇੱਸ ਸ਼੍ਰੇਣੀ ਵਿਚ ਗਿਣੇ ਜਾ ਸਕਦੇ ਹਨ। 'a ਗੀਤਾਂ ਵਾਲ਼ਿਆ', 'ਲੋਕ ਪੀੜਾਂ', 'ਪੱਥਰ ਗੀਟੇ', 'ਲੰਮੀਆਂ ਵਾਟਾਂ', 'ਸਰਘੀ ਵੇਲਾ', 'ਸੁਨੇਹੜੇ' ਆਦਿ ਪ੍ਰਗਤੀਵਾਦੀ ਚੇਤਨਾ ਅਧੀਨ ਗਿਣੇ ਜਾ ਸਕਦੇ ਹਨ।ਭਾਵੇਂ ਇਹਨਾਂ ਵਿਚ ਰੁਮਾਂਸ ਦਾ ਰੰਗ ਵੀ ਹੈ।
ਅੰਮ੍ਰਿਤਾ ਪ੍ਰੀਤਮ ਕਾਵਿ ਨਾਰੀ ਦੁਆਰਾ ਨਾਰੀ ਬਾਰੇ ਰਚਿਆ ਕਾਵਿ ਆਖਿਆ ਜਾ ਸਕਦਾ ਹੈ ਜਿਸ ਨੇ ਮਰਦ-ਪ੍ਰਧਾਨ ਸਮਾਜ ਵਿਚ ਨਾਰੀ ਉੱਤੇ ਥੋਪੀ ਗਈ ਗ੍ਰਹਿਸਥ ਮਰਿਆਦਾ, ਪ੍ਰਤੀਬ੍ਰਤ ਅਤੇ ਆਚਰਨਿਕ ਪਾਵਨਤਾ ਨੂੰ ਕਟਾਖਸ਼ ਦਾ ਸ਼ਿਕਾਰ ਬਣਾਇਆ:
ਅੰਨ ਦਾਤਾ
ਮੈਂ ਚੰਮ ਦੀ ਗੁੱਡੀ, ਖੇਡ ਲੈ, ਖਿਡਾ ਲੈ
ਲਹੂ ਦਾ ਪਿਆਲਾ, ਪੀ ਲੈ ਪਿਲਾ ਲੈ
ਤੇਰੇ ਸਾਹਵੇਂ ਖੜੀ ਹਾਂ ਵਰਤਣ ਦੀ ਸ਼ੈ
ਜਿਵੇਂ ਚਾਹੇਂ ਵਰਤ ਲੈ
-੦-
ਜਿਸਮਾਂ ਦਾ ਵਿਉਪਾਰ
ਤੱਕੜੀ ਦੇ ਛਾਬਿਆਂ ਵਾਕੁਰ ਇਕ ਮਰਦ ਇਕ ਨਾਰ
ਰੋਜ਼ ਤੋਲਦੇ ਮਾਸ, ਰੋਜ਼ ਤੋਲਦੇ ਲਹੂ
ਨਿਰਸ਼ੰਦੇਹ ਅੱਜ ਤੋਂ ਅੱਧੀ ਸਦੀ ਪਹਿਲਾਂ ਮਰਦ-ਪ੍ਰਧਾਨ ਸਮਾਜ ਵਿਚ ਇਕ ਇਸਤਰੀ ਦੁਆਰਾ ਅਜਿਹੀ ਸ਼ਬਦਾਵਲੀ ਪ੍ਰਚਲਿਤ ਰਵਾਇਤਾਂ, ਸਬੰਧਾਂ ਨੂੰ ਲਲਕਾਰਨਾਂ ਬਹੁਤ ਜ਼ੋਖਮ ਭਰਿਆ ਕੰਮ ਸੀ।
ਅੰਮ੍ਰਿਤਾ ਤੋਂ ਬਾਅਦ ਪ੍ਰਭਜੋਤ ਕੌਰ ਦੂਜੀ ਕਵਿੱਤਰੀ ਹੈ ਜਿਸ ਨੇ ਇਸਤਰੀ ਮਨ ਦੀਆਂ ਉਮੰਗਾਂ, ਸੱਧਰਾਂ ਨੂੰ ਕਵਿਤਾ ਦਾ ਵਿਸ਼ਾ ਬਣਾਇਆ। ਉਸਦੀ ਪਹਿਲੀ ਕਾਵਿ ਪੁਸਤਕ 'ਲਟ ਲਟ ਜੋਤ ਜਗੇ' 1943 ਵਿਚ ਛਪੀ। (ਚਲਦਾ)
ਸੁਨੀਤਾ ਸ਼ਰਮਾ (ਡਾ।)
ਐਸੋਸੀਏਟ ਪ੍ਰੋ। ਡੀ।ਏ।ਵੀ। ਕਾਲਿਜ ਫਿਰੋਜ਼ਪੁਰ


Wednesday, August 24, 2011

ਸਾਹਿਤ ਸੱਤਿਆਨਾਸ਼...-ਗੁਰਦੇਵ ਚੌਹਾਨ



ਸਾਹਿਤ ਕਦੀ ਸਿਹਤ ਹੁੰਦਾ ਸੀ, ਅਜਕਲ ਰੋਗ ਬਣ ਗਿਆ ਹੈ। ਕਿਸੇ ਯੁੱਗ ਵਿਚ ਸਾਹਿਤ ਸਿਰਜਣ ਲਈ ਸਾਹਿਤ ਵਿਚ ਸਿਹਤ ਦਾ ਹੋਣਾ ਲਾਜ਼ਮੀ ਹੁੰਦਾ ਸੀ।ਅਜਕਲ ਸਾਹਿਤ ਸਿਰਜਣ ਲਈ ਰੋਗੀ ਹੋਣਾ ਲਾਜ਼ਮੀ ਬਣ ਗਿਆ ਹੈ। 

ਇਸ ਕਾਲਮ ਵਿਚ ਅਸੀਂ ਸਾਹਿਤ ਰੋਗ ਦਾ ਗਹਿਰਾ ਅਧਿਅਨ ਕਰਾਂਗੇ ਤਾਂ ਕਿ ਸਾਹਿਤ ਦੀ ਵਿਨਾਸ਼ ਯੋਜਨਾ ਹੋਰ ਭਰੋਸੇਯੋਗ ਬਣਾਈ ਜਾ ਸਕੇ। ਸ਼ੁਰੂ ਕਰਨ ਤੋਂ ਪਹਿਲਾਂ ਇਹ ਦੱਸ ਦੇਣਾ ਖਤਰੇ ਤੋਂ ਖਾਲੀ ਹੀ ਹੋਵੇਗਾ ਕਿ ਸਾਹਿਤ ਦੀ ਨੀਂਹ ਜੀਵਨ ਦੇ ਕੇਂਦਰੀ ਮੁੱਲਾਂ ਦੀ ਸਥਾਪਤੀ ਲਈ ਰੱਖੀ ਗਈ ਸੀ। ਹੌਲੇ- ਹੌਲ਼ੇ ਇੱਸ ਵਿਚ ਅੱਤਵਾਦ ਤੇ ਕੁਰੀਤੀਆਂ ਨੇ ਦਾਖਲ ਹੋਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਾਹਿਤ ਲੋਕਾਂ ਤੋਂ ਦੂਰ ਜਾਣ ਲੱਗਾ ਅਤੇ ਇਸੇ ਕ੍ਰਮ ਵਿਚ ਸਾਡੇ ਕਾਜ ਦਾ ਪਵਿੱਤਰ ਚਰਣ ਇਹ ਹੈ ਕਿ ਲੋਕਾਂ ਨੂੰ ਸਾਹਿਤ ਤੋਂ ਬਚਾਇਆ ਜਾਏ। 

ਇਹ ਠੀਕ ਹੈ ਕਿ ਸਾਹਿਤ ਕੋਈ ਪਾਗਲ ਕੁੱਤਾ ਨਹੀਂ ਜੋ ਸਾਨੂੰ ਵੱਢ ਲਵੇ। ਪਰ ਇਸ ਗੱਲ ਵਿਚ ਵੀ ਬੜਾ ਦਮ ਹੈ ਕਿ ਪਾਗਲ ਦੇ ਸਿਰ ਵਿਚ ਸਿੰਗ ਤੇ ਨਹੀਂ ਹੁੰਦੇ ਨਾ? ਇਸ ਲਈ ਠੀਕ ਹੀ ਰਹੇਗਾ ਕਿ ਗੱਲ ਸ਼ੁਰੂ ਤੋਂ ਹੀ ਸ਼ੁਰੂ ਕੀਤੀ ਜਾਏ। ਯਾਨੀ ਵਿਸ਼ਲੇਸ਼ਣ ਕਰਦਿਆਂ ਇਹ ਤੈਅ ਕਰੀਏ ਕਿ ਸਾਹਿਤ ਦੀ ਪਰਿਭਾਸ਼ਾ ਕੀ ਹੈ? ਕਿਉਂਕਿ ਅੱਜਕਲ ਕਿਸੇ ਵੀ ਵਿਸ਼ੇ ਦਾ ਸਭ ਤੋਂ ਮਹੱਤਵਪੂਰਨ ਪਾਠ ਉਸਦੀ ਪਰਿਭਾਸ਼ਾ ਹੀ ਮੰਨੀ ਜਾਂਦੀ ਹੈ। ਅਧਿਆਪਕ ਜਨ ਔਸਤਨ ਇਕ ਸਾਲ 'ਚੋਂ ਗਿਆਰਾਂ ਮਹੀਨੇ ਆਪਣੇ ਵਿਸ਼ੇ ਦੀ ਪਰਿਭਾਸ਼ਾ ਪੜ੍ਹਾਉਂਦਿਆਂ ਖਪਾ ਦਿੰਦੇ ਹਨ ਅਤੇ ਬਚਿਆ ਇਕ ਮਹੀਨਾ ਉਸਨੂੰ ਗਲਤ ਸਿੱਧ ਕਰਨ ਵਿਚ। ਅਸਲ ਵਿਸ਼ਾ ਨਾ ਅਧਿਆਪਕ ਦੇ ਮੂੰਹ 'ਚ ਹੁੰਦਾ ਹੈ ਨਾ ਕਿਤਾਬਾਂ ਦੇ ਪੇਟ 'ਚ। ਉਹ ਸਿਲੇਬਸ ਦੇ ਬਰਾਂਮਦੇ 'ਚ ਟਹਿਲਦਾ ਹੀ ਰਹਿੰਦਾ ਹੈ ਅਤੇ ਰੁੱਤ ਬਦਲ ਜਾਂਦੀ ਹੈ। 

'ਸਾਹਿਤ' ਸ਼ਬਦ ਅਸਲ ਵਿਚ ਸ਼ਹਿਦ ਤੋਂ ਨਿਕਲਿਆ ਹੈ।ਸ਼ਹਿਦ ਦਾ ਖਿਆਲ ਆਉਂਦਿਆਂ ਹੀ ਮੱਖੀਆਂ ਦਾ ਖਿਆਲ ਆ ਜਾਂਦਾ ਹੈ...ਅਤੇ ਮੱਖੀਆਂ ਦਾ ਖਿਆਲ ਆਉਂਦਿਆਂ ਹੀ ਆਲੋਚਕ ਪ੍ਰਤੱਖ ਹੋ ਜਾਂਦਾ ਹੈ। 

ਦਰਅਸਲ ਸਭ ਤੋਂ ਪਹਿਲਾਂ ਮੱਖੀਆਂ ਹੋਂਦ ਵਿਚ ਆਈਆਂ ਫਿਰ ਸ਼ਹਿਦ। ਸ਼ਹਿਦ ਦੇ ਬਾਅਦ ਆਈ ਸਿਹਤ, ਸਿਹਤ ਦੇ ਬਾਅਦ ਸਾਹਿਤ ਅਤੇ ਸਾਹਿਤ ਦੇ ਬਾਅਦ ਫਿਰ ਮੱਖੀਆਂ। ਏਦਾਂ ਸ਼ਾਇਦ ਧਰਤੀ ਦੇ ਗੋਲ ਹੋਣ ਕਾਰਨ ਹੋਇਆ ਜਾਂ ਸ਼ਹਿਦ ਦੀ ਮਿਠਾਸ ਕਾਰਨ। 

ਫਿਲਹਾਲ, ਮੱਖੀਆਂ ਆਪਣੇ-ਆਪ 'ਚ ਸ਼ਹਿਦ ਅਤੇ ਸਿਹਤ ਦੀ ਹਕੀਕਤ ਹਨ।ਇਸ ਲਈ ਸਾਹਿਤ ਦੇ ਬਾਰੇ 'ਚ ਕੁਝ ਹੋਰ ਜਾਨਣ ਤੋਂ ਪਹਿਲਾਂ ਮੱਖੀਆਂ ਦੀਆਂ ਕਿਸਮਾਂ ਦੇ ਬਾਰੇ ਦੱਸ ਦੇਣਾ ਗੁਣਕਾਰੀ ਹੈ। 

ਪਹਿਲੀ ਕਿਸਮ ਦੀਆਂ ਮੱਖੀਆਂ ਸ਼ਹਿਦ ਪੈਦਾ ਕਰਦੀਆਂ ਹਨ ਤੇ ਦੂਜੀ ਪ੍ਰਕਾਰ ਦੀਆਂ ਉਸਨੂੰ ਚਿਪਚਿਪਾ ਕਰਦੀਆਂ ਹਨ।ਪਹਿਲੀ ਪ੍ਰਕਾਰ ਦੀਆਂ ਮੱਖੀਆਂ ਸ਼ਹਿਦ ਦਾ ਸਰੋਤ ਹਨ, ਦੂਜੀ ਪ੍ਰਕਾਰ ਦੀਆਂ ਮੱਖੀਆਂ ਸ਼ਹਿਦ ਨੂੰ ਨਸ਼ਟ ਕਰਨ 'ਚ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਦੂਜੀ ਪ੍ਰਕਾਰ ਦੀਆਂ ਮੱਖੀਆਂ ਦਾ ਸਾਡੀਆਂ ਵਿਨਾਸ਼ ਯੋਜਨਾਵਾਂ 'ਚ ਮਹੱਤਵਪੂਰਨ ਸਥਾਨ ਹੈ, ਜਿਹਦੀ ਚਰਚਾ ਦੀ ਲੋੜ੍ਹ ਹੋਈ ਅੱਗੇ ਚੱਲਕੇ ਕਰਦੇ ਰਹਾਂਗੇ। 

ਸਾਹਿਤ ਸ਼ਹਿਦ ਦੀ ਤਰ੍ਹਾਂ ਕੌੜਾ-ਮਿੱਠਾ ਹੁੰਦਾ ਹੈ। ਇਹ ਗਰਮੀਆਂ 'ਚ ਗਰਮੀ ਅਤੇ ਸਰਦੀਆਂ 'ਚ ਸਿਰਦਰਦੀ ਕਰਦਾ ਹੈ। ਸਾਹਿਤ ਦੀ ਲੋੜ੍ਹ ਇੱਸ ਕਰਕੇ ਭਾਸੀ ਕਿ ਜੇ ਸਾਹਿਤ ਨਾ ਹੁੰਦਾ ਤਾਂ ਸ਼ਹਿਦ ਦੇ ਹੁੰਦਿਆਂ-ਸੁੰਦਿਆਂ ਉਸਦਾ ਜ਼ਿਕਰ ਨਾ ਹੁੰਦਾ।ਕਿਉਂਕਿ ਜਿਕਰ ਪੈਦਾ ਕਰਨਾ ਸ਼ਹਿਦ ਦਾ ਨਹੀ ਸਾਹਿਤ ਦਾ ਕੰਮ ਹੈ। 

ਸਾਹਿਤ ਦੀਆਂ , ਸਾਹਿਤ ਦੇ ਪਾਠਕਾਂ ਦੀਆਂ ਨੀਂਦ ਦੀ ਦ੍ਰਿਸ਼ਟੀ ਤੋਂ ਅਨੇਕ ਵੰਨਗੀਆਂ ਹਨ। ਮਸਲਨ ਸ਼ੋਕ ਸਾਹਿਤ, ਜੋਕ ਸਾਹਿਤ ਅਤੇ ਲੋਕ ਸਾਹਿਤ। 

ਸ਼ੋਕ ਸਾਹਿਤ ਉਸਨੂੰ ਕਹਿੰਦੇ ਹਨ, ਜਿਸਨੂੰ ਪੜ੍ਹਨ ਨਾਲ਼ ਨੀਂਦ ਦਾ ਖਿਆਲ ਜਾਂਦਾ ਰਹਿੰਦਾ ਹੈ। ਜੋਕ ਸਾਹਿਤ ਨਾਲ਼ ਨੀਂਦ ਉੱਡ ਜਾਂਦੀ ਹੈ।ਲੋਕ ਸਾਹਿਤ ਨਾਲ਼ ਹਰਦਮ ਅੱਖ ਲੱਗੀ ਹੀ ਰਹਿੰਦੀ ਹੈ। 

ਯੂਨਾਨੀ ਵਿਦਵਾਨ ਫਲਸਤੂ ਨੇ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਦਾ ਜਿਕਰ ਆਪਣੇ ਆਲੋਚਨਾ ਗ੍ਰੰਥ "ਫਾਲਤੂਟਿਕਸ' ਦੇ ਸਫਾ ੬੩੫ 'ਤੇ ਵਿਸਥਾਰ ਨਾਲ਼ ਕੀਤਾ ਹੈ। ਉਹ ਕਹਿੰਦਾ ਹੈ, "ਜੇ ਕੋਈ ਬਿਨ ਬੁਲਾਇਆ ਮਹਿਮਾਨ ਆਪਣੇ ਬਾਲ-ਬੱਚਿਆਂ ਸਮੇਤ ਛੇ ਦਿਨ ਤੁਹਾਡੇ ਘਰ ਰਹਿਕੇ ਤੁਹਾਡਾ ਸਾਰਾ ਆਟਾ,ਤੇਲ, ਨਮਕ ਚਟ ਕਰ ਜਾਏ ਤਾਂ ਇਹ 'ਉੱਪਨਿਆਸ' ਕਿਹਾ ਜਾਂਦਾ ਹੈ। 

ਜੇ ਕੋਈ ਠੱਗ ਜਾਂ ਤੁਹਾਡੀ ਮਹਿਬੂਬਾ ਜਾਂ ਬੌਸ ਤੁਹਾਡੇ ਘਰ ਆ ਚਾਹ ਦਾ ਪਿਆਲਾ ਪੀ ਜਾਏ ਅਤੇ ਤੁਸੀਂ ਪਹਿਲਾਂ ਵਾਂਗ ਡੁੰਨ ਬਣੇ ਰਹੋ ਤਾਂ ਇਸਦਾ ਜਿਕਰ ਕਹਾਣੌ ਕਰਕੇ ਜਾਣਿਆ ਜਾਏਗਾ। 

ਜੇ ਪ੍ਰੇਮਿਕਾ ਨੂੰ ਤੁਸੀਂ ਰਾਤ ਦੇ ਚੰਦ ਵਾਂਗ ਗਵਾਂਢ ਦੇ ਅਸਮਾਨ 'ਤੇ ਵੇਖ ਰਹੇ ਹੋਵੋ ਤੇ ਉਹ ਆਪਣੀ ਖਿੜਕੀ ਬੰਦ ਕਰ ਲਵੇ ਜਾਂ ਪਿੱਠ ਕਰਕੇ ਆਪਣੇ ਵਾਲ਼ ਖੋਹਲ ਲਵੇ ਤਾਂ ਇਸਦਾ ਜਿਕਰ ਕਰਨ ਨੂੰ ਕਵਿਤਾ ਕਹਿੰਦੇ ਹਨ। 

ਜੇ ਤੁਸੀਂ ਕੁਝ ਇਹੋ ਜਿਹਾ ਸੋਚਣ ਲੱਗੋ ਜੋ ਨਾ ਕਦੀ ਸੰਭਵ ਸੀ ਤੇ ਨਾ ਸੰਭਵ ਹੋਵੇਗਾ( ਮਸਲਨ ਇਹ ਸੋਚਣਾ ਕਿ ਤੁਹਾਡੀ ਪ੍ਰੇਮਿਕਾ ਦਾ ਪਤੀ ਦੁਰਘਟਨਾਗ੍ਰਸਤ ਹੋ ਆਖਰੀ ਸਾਹ ਲੈਂਦਿਆਂ ਇਹ ਕਹਿ ਜਾਏ ਕਿ ਹੁਣ ਉਹ ਆਪਣਾ ਬੋਰੀ-ਬਿਸਤਰਾ ਲੈ ਕੇ ਤੁਹਾਡੇ ਕੋਲ਼ ਡੇਰਾ ਜਮਾ ਲਏ) ਤਾਂ ਇਸਦਾ ਵਰਨਣ ਮਹਾਂਕਾਵਿ ਬਣਕੇ ਹੀ ਰਹੇਗਾ। 

ਜੇ ਕੁਝ ਦਿਨ ਪਹਿਲਾਂ ਤੁਸੀਂ ਆਪਣੀਆਂ ਮੁੱਛਾਂ ਸਫਾ ਚੱਟ ਕਰਵਾ ਦਿੱਤੀਆਂ ਅਤੇ ਆਪਣੀ ਮਹਿਬੂਬ ਕੁੜੀ ਦੀ ਯਾਦ ਆਉਣ ਤੋਂ ਬਾਅਦ ਤੁਸੀਂ ਸਹਿਜ-ਸੁਭਾਅ ਮੁੱਛਾਂ 'ਤੇ ਹੱਥ ਫੇਰਨਾ ਚਾਹੋ, ਅਤੇ ਇਹ ਵੇਖ ਕੇ ਕੇ ਮੁੱਛਾਂ ਤਾਂ ਮੁਨਵਾ ਦਿੱਤੀਆਂ ਸਨ, ਬਜਾਰ ਜਾ ਕੇ ਨਕਲੀ ਮੁੱਛਾਂ ਦਾ ਸੈੱਟ ਖਰੀਦੋ ਅਤੇ ਉਸੇ ਨਾਲ਼ ਕੰਮ ਚਲਾਉ ਤਾਂ ਸਮਝੋ ਕਿ ਨਾਟਕ ਹੋ ਰਿਹਾ ਹੈ। ਇਸਤੋਂ ਬਾਅਦ ਸਾਹਿਤ ਅਤੇ ਸਿਹਤ ਦੇ ਪਰਸਪਰ ਸਬੰਧਾਂ ਬਾਰੇ ਜਾਣ ਲੈਣਾ ਜਰੂਰੀ ਹੈ। 

ਅਸਲ ਵਿਚ, ਸਾਹਿਤ ਦੀ ਪਰਭਾਸ਼ਾ ਸਿਹਤ ਦੀ ਪਰਿਭਾਸ਼ਾ ਨਾਲ਼ ਟਕਰਾਉਂਦੀ ਹੈ ਤੇ ਚੂਰ-ਚੂਰ ਹੋ ਜਾਂਦੀ ਹੈ। ਇਹ ਮੁਕਾਬਲਾ ਇਸ ਤਰ੍ਹਾਂ ਸਿੱਧਾ ਕੀਤਾ ਜਾ ਸਕਦਾ ਹੈ ਸਿਹਤ:ਸਰੀਰਕ ਅੰਗਾਂ ਵਿਚ ਸੰਤੁਲਨ ਦਾ ਨਾਮ ਅਤੇ ਸਾਹਿਤ ਸ਼ਬਦਾਂ ਦਾ ਸੰਤੁਲਨਆਤਮਿਕ ਵਿਕਾਸ ਦਾ। ਸਿਹਤ ਲਈ ਅਖਾੜੇ ਅਤੇ ਤੇਲ ਮਾਲਿਸ਼ ਦੀ ਜਰੂਰਤ ਹੁੰਦੀ ਹੈ,ਅਤੇ ਸਾਹਿਤ ਵਾਸਤੇ ਗੋਸ਼ਟੀ ਅਤੇ ਗੋਸ਼ਤ ਦੀ। ਸਿਹਤ ਲਈ ਦੇਸੀ ਘਿਉ, ਬਦਾਮ ਅਤੇ ਫਲ ਆਦਿ ਚੀਜਾਂ ਜਰੂਰੀ ਹੁੰਦੀਆਂ ਹਨ, ਸਾਹਿਤ ਲਈ ਚੰਦੇ ਅਤੇ ਸਮੀਖਿਆਵਾਂ ਬਹੁਤ ਜਰੂਰੀ ਚੀਜ ਹੁੰਦੀਆਂ ਹਨ। ਸਿਹਤਕਾਰ ਅਤੇ ਸਾਹਿਤਕਾਰ ਵਿਚ 'ਕਾਰ' ਸਾਂਝੀ ਹੈ ਅਤੇ 'ਸਿਹਤ' ਅਸਾਂਝੀ। ਇਹ ਵੱਖਰੀ ਗੱਲ ਹੈ ਕਿ ਕਾਰ ਦੋਵਾਂ ਚੋਂ ਕਿਸੇ ਕੋਲ਼ ਵੀ ਨਹੀਂ ਹੁੰਦੀ। ਸਿਹਤਕਾਰ ਦੀਆਂ ਮੁੱਛਾਂ ਖੜੀਆਂ ਰਹਿੰਦੀਆਂ ਹਨ ਤੇ ਸਾਹਿਤਕਾਰ ਦੀਆਂ ਢਿੱਲੀਆਂ ਜਾਂ ਬਿਲਕੁਲ ਨਹੀਂ ਹੁੰਦੀਆਂ। ਸਿਹਤਕਾਰ ਨੂੰ ਆਪਣੀ ਸਿਹਤ ਪਿਆਰੀ ਹੁੰਦੀ ਹੈ ਤੇ ਸਾਹਤਕਾਰ ਨੂੰ ਆਪਣੀ ਜਾਨ। 

ਹੋਰ ਅਨੇਕ ਵਿਸ਼ਿਆਂ ਨਾਲ਼ ਵੀ ਸਾਹਿਤ ਦੇ ਬੜੇ ਗਹਿਰੇ ਜਾਂ ਬੜੇ ਫਿੱਕੇ ਅਤੇ ਖੱਟੇ ਸਬੰਧ ਹਨ। ਅਰਥਸ਼ਾਸ਼ਤਰ ਨਾਲ਼ ਸਾਹਿਤ ਦਾ ਸਬੰਧ ਬਹੁਤ ਪੁਰਾਣਾ ਹੈ। ਸਾਹਿਤ ਸ਼ਬਦਾਂ ਅਤੇ ਭਾਵਨਾਵਾਂ ਦੇ ਅਰਥਾਂ ਨਾਲ਼ ਸਬੰਧਿਤ ਹੈ ਅਤੇ ਅਰਥਸ਼ਾਸ਼ਤਰ ਪੈਸੇ ਦੇ ਅਰਥਾਂ ਨਾਲ਼। ਸਾਹਿਤਕਾਰ ਲਈ ਸ਼ਬਦ ਪੈਸਾ ਹੀ ਹੁੰਦੇ ਹਨ ਅਤੇ ਅਰਥਸ਼ਾਸ਼ਤਰ ਲਈ ਸ਼ਬਦਾਂ ਅਤੇ ਭਾਵਨਾਵਾਂ ਦੀ ਕੋਈ 'ਫੇਸ ਵੈਲਿਉ" ਨਹੀ ਹੁੰਦੀ। ਇਸੇ ਚੁੰਝ ਚਰਚਾ ਦੇ ਕਾਰਨ ਇਹ ਅਜਕਲ ਇੱਕ-ਦੂਜੇ ਤੋਂ ਰੁੱਸੇ ਹੋਏ ਹਨ। 

ਸਮਾਜਸ਼ਾਸ਼ਤਰ ਸਮਾਜ ਦੇ ਵਿਕਾਸ ਦੀ ਗੱਲ ਕਰਦਾ ਹੈ। ਸਮਾਜਸ਼ਾਸ਼ਤਰ ਵਾਲ਼ੇ ਬੰਦੇ ਨੂੰ ਬੰਦਾ ਨਹੀ ਮੰਨਦੇ ਜਦੋਂ ਤੱਕ ਬੰਦਿਆਂ ਦਾ ਪੂਰਾ ਗਿਰੋਹ ਨਾ ਹੋਵੇ। ਸਾਹਿਤ ਵਾਲ਼ੇ ਕਹਿੰਦੇ ਹਨ ," ਭਲੇਮਾਣਸ! ਕੀ ਤੁਹਾਨੂੰ ਬੰਦੇ ਵਿਚ ਵੀ ਬੰਦਾ ਨਜ਼ਰ ਨਹੀਂ ਆਉਂਦਾ? ਸਾਨੂੰ ਤੇ ਗਿਰੋਹਾਂ ਵਿਚ ਆਦਮੀ ਦਿਖਾਈ ਦੇ ਜਾਂਦੇ ਹਨ। ਇਸਨੂੰ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ... ਜੇ ਜੰਗਲ ਦੇ ਕਾਰਨ ਤੁਸੀਂ ਰੁੱਖ ਨੂੰ ਨਹੀ ਦੇਖ ਸਕਦੇ ਤਾਂ ਇਹ ਜੰਗਲ ਦਾ ਨਹੀ ਜਰੂਰ ਰੁੱਖ ਦਾ ਦੋਸ਼ ਹੋਵੇਗਾ ਜੋ ਦਿਖਾਈ ਨਹੀ ਦਿੰਦਾ। ਉਹ ਕਹਿੰਦੇ ਹਨ ਕਿ ਦੋਸ਼ ਰੁੱਖ ਦਾ ਨਹੀਂ ਮਨੁੱਖ ਦਾ ਹੈ ਜਿਸ ਦੀ ਨਜ਼ਰ ਏਨੀ ਉਰੇ ਦੀ ਹੈ ਕਿ ਖ਼ੁਦ ਨੂੰ ਨਹੀ ਦੇਖ ਸਕਦੀ।