Friday, January 28, 2022

ਮੇਰਾ ਚਰਖਾ ਬੋਲੇ ਸਾਈਂ ਸਾਈਂ:- ਜਤਿੰਦਰ ਔਲਖ


ਇਹ ਚਰਖਾ ਮੇਰੀ ਦਾਦੀ ਦੇ ਦਾਜ ਵਿੱਚ ਆਇਆ ਸੀ। ਹਰ ਸ਼ੈਅ ਦੀ ਕਦਰ ਇਸ ਗੱਲ ਉੱਪਰ ਨਿਰਭਰ ਕਰਦੀ ਹੈ ਕਿ ਸਾਡੇ ਜੀਵਨ ਵਿਚ ਇਸਦੀ ਕਿੰਨੀ ਕੁ ਲੋੜ੍ਹ ਹੈ। ਕਦੀ ਚਰਖਾ ਸਾਡਿਆਂ ਘਰਾਂ ਦਾ ਜਰੂਰੀ ਅੰਗ ਹੁੰਦਾ ਸੀ। ਪੰਜਾਬੀ ਦੇ ਸੈਂਕੜੇ ਲੋਕਗੀਤਾਂ ਅਤੇ ਬੋਲੀਆਂ ਵਿਚ ਚਰਖੇ ਦਾ ਜ਼ਿਕਰ ਆਉਂਦਾ ਹੈ।  ਸਾਡੇ ਲੋਕ ਸਾਹਿਤ ਦਾ ਅਟੁੱਟ ਅੰਗ ਹੈ ਚਰਖਾ। ਮੈਨੂੰ ਆਪਣਾ ਲਿਖਿਆ ਇੱਕ ਦੋਹਾ ਯਾਦ ਆ ਗਿਆ: 

ਪਾ ਚਰਖੇ ਵਿਚ ਤੰਦ ਨੀ, ਕੱਤ ਉਸ ਸੱਜਣ ਦੀ ਰੀਤ,

ਜੋ ਹੋਂਠ ਤੇਰੇ 'ਤੇ ਧਰ ਗਿਆ ਇਸ਼ਕ ਲਰਜ਼ਦਾ ਗੀਤ।

ਮੈਨੂੰ ਤਾਂ ਚਰਖੇ ਦੇ ਵੱਖ-ਵੱਖ ਹਿੱਸਿਆਂ (parts) ਦੇ ਨਾਮ ਵੀ ਨਹੀਂ ਆਉਂਦੇ ਬਸ ਮੇਰੇ ਲਈ ਇਹ ਸੰਪੂਰਨ ਚਰਖਾ ਹੈ।  ਆਪਣੀ ਮਾਤਾ ਜੀ ਨੂੰ ਆਵਾਜ਼ ਦੇਂਦਾ ਹਾਂ, ਜੋ ਦੱਸਦੇ ਹਨ ਕਿ ਅਟੇਰਨ ਆਹ ਹੁੰਦਾ ਸੀ, ਤੱਕਲਾ ਇਸਨੂੰ ਕਹਿੰਦੇ ਸਨ। ਬਚਪਨ ਵਿਚ ਵੇਖਿਆ ਸੀ ਤਾਂ ਇਸਦੇ ਧੁੰਦਲੇ ਪੈ ਗਏ ਸ਼ੀਸ਼ੇ ਬਹੁਤ ਖੂਬਸੂਰਤ ਸਨ। ਇਸਨੂੰ ਜੜ੍ਹੇ ਘੁੰਗਰੂਆਂ ਦੀ ਛਣਕਾਰ ਇਕ ਵੱਖਰਾ ਹੀ ਸੰਗੀਤ ਪੈਦਾ ਕਰਦੀ।  ਅਟੇਰਨ ਅਤੇ ਤੱਕਲਾ ਲੱਭ-ਲੱਭ ਕੇ ਹੱਟ ਗਿਆਂ ਜੋ ਹੁਣ ਮੈਨੂੰ ਨਹੀਂ ਮਿਲ ਰਹੀ। ਪਰ ਮੈਂ ਬਚਪਨ ਵਿਚ ਆਪਣੀ ਦਾਦੀ ਨੂੰ ਇਹ ਚਰਖਾ ਗੇੜਦਿਆਂ ਵੇਖਿਆ ਹੈ।  ਸਾਂਈ ਸ਼ਾਹ ਹੁਸੈਨ ਨੇ ਚਰਖੇ ਦੀ ਘੂਕ ਨੂੰ ਖ਼ਾਲਿਕ ਦੀ ਯਾਦ ਨਾਲ ਬੰਨ੍ਹ ਦਿੱਤਾ ਹੈ:

ਮੇਰਾ ਚਰਖਾ ਬੋਲੇ ਸਾਈਂ ਸਾਈਂ

ਤੇ ਬਾਇੜ ਬੋਲੇ ਤੂੰ।

ਕਵੀ ਮਨ ਭਾਵੁਕ ਹੁੰਦਾ ਹੈ ਇਸ ਬੇਲੋੜੀ ਵੇਲਾ ਹੰਡਾਅ ਚੁੱਕੀ ਵਸਤੂ ਨਾਲ ਮੇਰਾ ਪਤਾ ਨਹੀ ਕੀ ਲਗਾਵ ਹੈ ਕੁਝ ਸਾਲਾਂ ਤੋਂ ਇਸਨੂੰ ਬਚਾਉਣ ਦੀ ਕੋਸ਼ਿਸ ਕਰ ਰਿਹਾ ਹਾਂ। ਪਰ ਇਹ ਵਾਰ- ਵਾਰ ਕਬਾੜ ਵਿਚ ਪਹੁੰਚ ਜਾਂਦਾ ਹੈ।  ਮੈਂ ਫਿਰ ਚੁੱਕ ਕੇ ਸੇਫ ਜਗ੍ਹਾ ਤੇ ਰੱਖਦਾ ਹਾਂ। ਅੱਜ ਕਾਫੀ ਦਿਨਾਂ ਬਾਅਦ ਸੂਰਜ ਨਿਕਲਿਆ ਤਾਂ ਧੁੱਪ ਸੇਕਣ ਲਈ ਛੱਤ 'ਤੇ ਆਇਆ ਤਾਂ ਇਹ ਫਿਰ ਫਾਲਤੂ ਸਮਾਨ ਦੇ ਕੋਲ ਪਿਆ ਸੀ।  ਉਹ ਸ਼ੈਅ ਜਿਸਦੀ ਹੁਣ ਗਰਜ ਨਹੀਂ ਰਹੀ, ਅਖ਼ੀਰ ਕਿੰਨੀ ਕੁ ਦੇਰ ਬਚਾਈ ਰੱਖੀ ਜਾ ਸਕਦੀ ਹੈ, ਇਹ ਅੰਤ ਆਪਣੇ ਅੰਜਾਮ ਨੂੰ ਪਹੁੰਚ ਜਾਣੀ ਹੈ। ਇਹ ਸੰਸਾਰ ਗਰਜ( ਲੋੜ੍ਹ) ਨਾਲ ਬੱਝਾ ਹੈ। ਜਿਵੇਂ ਉਹ ਗੀਤ ਹੈ ' ਵਕਤ ਸੇ ਬਚ ਕਰ ਰਹੋ ਵਕਤ ਕਾ ਹਰ ਸ਼ੈਅ ਪਏ ਰਾਜ, ਵਕਤ ਕੀ ਹਰ ਸ਼ੈਅ ਗੁਲਾਮ'। 

ਜੀਵ ਹੈ ਜਾਂ ਨਿਰਜੀਵ ਨਾਸ਼ਮਾਨਤਾ ਦਾ ਇਹ ਕੁਦਰਤ ਦਾ ਸਿਧਾਂਤ ਹਰ ਇਕ ਲਈ ਲਾਗੂ ਹੁੰਦਾ ਹੈ। ਨੌਵੀਂ ਪਾਤਸ਼ਾਹੀ ਦਾ ਵੀ ਫੁਰਮਾਨ ਹੈ:

'ਕਹੁ ਨਾਨਕ ਥਿਰੁ ਕਿਛੂ ਨਹੀਂ 

ਸੁਪਨੇ ਜਿਉਂ ਸੰਸਾਰ'



Saturday, January 15, 2022

‘ਮੀਰ ਪੰਜਾਬੀ ਮੇਲਾ 2021’ ਲਾਹੌਰ ਵਿਚ ਧੂਮਧਾਮ ਨਾਲ਼ ਸੰਪੰਨ:- ਰਿਪੋਰਟ:- ਜਤਿੰਦਰ ਸਿੰਘ ਔਲ਼ਖ

ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਫ਼ਾਊਂਡੇਸ਼ਨ ਅਤੇ ਪੀਲਾਕ, ਲਾਹੌਰ ਦੀ ਰਹਿਨੁਮਾਈ ਹੇਠ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ, ਆਰਟਸ ਐਂਡ ਕਲਚਰ ,ਲਾਹੌਰ ਵਿਚ ‘ਮੀਰ ਪੰਜਾਬੀ ਮੇਲਾ 2021’ ਮਨਾਇਆ ਗਿਆ। ਪਿਛਲੇ ਵਰ੍ਹੇ ਦੇ ਆਖ਼ਰੀ ਅਤੇ ਨਵੇਂ ਸਾਲ ਦੇ ਪਹਿਲੇ ਦਿਹਾੜੇ ਨੂੰ ਇਸ ਦੋ ਦਿਨਾਂ ਦੇ ਮੇਲੇ ਨੇ ਖ਼ੂਬ ਰੌਣਕ ਲਾਈ। ਮੀਰ ਪੰਜਾਬੀ ਮੇਲਾ ਇਕ ਅਜਿਹੀ ਰਵਾਇਤ ਬਣ ਗਿਆ ਹੈ ਜੋ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦਾ ਕੇਂਦਰੀ ਮਰਕਜ਼ ਬਣ ਕੇ ਉਭਰ ਰਿਹਾ ਹੈ।ਹਰ ਵਰ੍ਹੇ ਹੋਣ ਵਾਲੇ ਮਾਂ ਬੋਲੀ ਦੇ ਇਸ ਵੱਡੇ ਮੇਲੇ

ਵਿਚ ਇਸ ਸਾਲ ਹੁਨਰ ਕਦਾ ਸਕੂਲ ਆਫ਼ ਪ੍ਰਫ਼ਾਰਮਿੰਗ ਆਰਟ, ਲਾਹੌਰ ਨੇ ਫ਼ੋਟੋਗ੍ਰਾਫ਼ੀ, ਪੂਰਨੇ ਕਾਰੀ ਅਤੇ ਚਿੱਤਰਕਾਰੀ ਰਾਹੀਂ ਮਹਾਨ ਸ਼ਾਇਰ ਪ੍ਰੋਫ਼ੈਸਰ ਅਲੀ ਅਰਸ਼ਦ ਮੀਰ ਹੋਰਾਂ ਦੇ ਕਲਾਮ, ਪੰਜਾਬ ਰਹਿਤਲ ਅਤੇ ਮਿਹਨਤਕਸ਼ ਵਸਨੀਕਾਂ ਦੇ ਯਤਨ ਨੂੰ ਉਜਾਗਰ ਕੀਤਾ। 

ਇਸ ਤੋਂ ਇਲਾਵਾ ਮੁਖ਼ਤਲਿਫ਼ ਫ਼ਨਕਾਰਾਂ ਦੇ ਨਮੂਨੇ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਅਬਦੁਲਮਤੀਨ , ਅਕਰਮ ਵੜਾਇਚ, ਨੋਮਾਨ ਹਾਸ਼ਮੀ ਅਤੇ ਉਮਰ ਬੱਟ ਹੋਰਾਂ ਦੇ ਫ਼ਨ ਪਾਰਿਆਂ ਦੀ ਨੁਮਾਇਸ਼ ਕੀਤੀ ਗਈ।ਫ਼ੋਟੋਗ੍ਰਾਫ਼ੀ, ਪੂਰਨੇ ਕਾਰੀ ਅਤੇ ਚਿੱਤਰਕਾਰੀ ਰਾਹੀਂ