Saturday, April 30, 2022

ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ ਅਤੇ ਮਾਝਾ :- ਜਤਿੰਦਰ ਸਿੰਘ ਔਲ਼ਖ


 

ਜਤਿੰਦਰ ਸਿੰਘ ਔਲ਼ਖ
ਮੋਬਾ: 9815534653
ਸਫ਼ਰਾਂ ਅਤੇ ਪ੍ਰਾਚੀਨ ਇਤਿਹਾਸ ਨਾਲ ਮੈਨੂੰ ਅਤਿਅੰਤ ਮੋਹ ਰਿਹਾ ਹੈ। ਮੇਰਾ ਵੱਸ ਚੱਲੇ ਤਾਂ ਹਰ ਵੇਲੇ ਸਫ਼ਰ ਅਤੇ ਖੋਜ ਵਿੱਚ ਰਹਾਂ। ਦੁਨਿਆਵੀ ਵਲਗਣਾਂ ਦੀ ਜਕੜਨ ਢਿੱਲੀ ਕਰਕੇ ਮੈਂ ਹਮੇਸ਼ਾਂ ਨਿਕਲ ਤੁਰਦਾ ਹਾਂ, ਰਾਹਵਾਂ ਦੇ ਕਿਨਾਰਿਆਂ ’ਤੇ ਖੜੇ ਰੁੱਖ ਡਾਹਢੇ ਪਿਆਰੇ ਲੱਗਦੇ ਹਨ ਇਹਨਾਂ ਨਾਲ ਸੰਵਾਦ ਕਰੋ ਤਾਂ ਤੁਹਾਡੇ ਸਿਰਾਂ ਦੀ ਸਾਰੀ ਤਪਸ਼ ਲੈ ਲੈਣਗੇ ਅਤੇ ਇਹਨਾਂ ਦੀਆਂ ਠੰਡੀਆਂ ਛਾਵਾਂ ’ਚੋਂ ਅਸੀਸਾਂ ਦਾ ਮੀਂਹ ਵਰ੍ਹਦਾ ਲੱਗੇਗਾ।

ਅਲਬਰੂਨੀ ਅਤੇ ਹੋਰ ਪ੍ਰਾਚੀਨ ਯਾਤਰੀਆਂ ਦੇ ਸਫ਼ਰਨਾਮਿਆਂ ਨੂੰ ਪੜ੍ਹਿਆ ਅਤੇ ਮਾਣਿਆ। ਮੱਧਕਾਲ ਦੇ ਮਹਾਨ ਯਾਤਰੀ ਇਬਨ ਬਤੂਤਾ ਦੀ ਯਾਤਰਾ ਪੱਤਰੀ ਦਾ ਪੰਜਾਬੀ ’ਚ ਅਨੁਵਾਦ ਕੀਤਾ, ਜੋ ਬਹੁਤ ਸਾਰੀਆਂ ਇਤਿਹਾਸਿਕ ਗਵਾਹੀਆਂ ਸਮੋਈ ਬੈਠੀ ਹੈ। ਅਰਬ ਦੀ ਲੋਕ ਕਥਾ ਸਿੰਧਬਾਦ ਜਹਾਜੀ ਦੀਆਂ ਸਮੁੰਦਰੀ ਯਾਤਰਾਵਾਂ ਦਾ ਪੰਜਾਬੀ ਅਨੁਵਾਦ ਵੀ ਕਰ ਚੁੱਕਾ ਹਾਂ ਪਰ ਇਹ ਕਿਤਾਬਾਂ ਅਜੇ ਅਣਛਪੀਆਂ ਪਈਆਂ ਹਨ। ਮੇਰਾ ਅੰਗਰੇਜ਼ੀ ’ਚ ਛਪਿਆ ਨਾਵਲ ‘ਫਾਲ ਕਾਂਟ ਸੀਜ਼ ਦੀ ਸਪਰਿੰਗਜ਼’ ਵੀ ਰੂਹਾਨੀ ਤਲਾਸ਼ ’ਚ ਭਟਕ ਰਹੇ ਇਕ ਯਾਤਰੀ ਦੁਆਰਾ ਹਿਮਾਲਿਆ ਦੀ ਕੀਤੀ ਗਈ ਪ੍ਰਾਚੀਨ ਇਤਿਹਾਸਿਕ ਯਾਤਰਾ ਹੈ।

ਕਰਤਾਰਪੁਰ ਸਹਿਬ ਲਾਂਘਾ ਪ੍ਰਜੈਕਟ ਬਣਨ ਤੋਂ ਚਾਰ-ਪੰਜ ਸਾਲ ਪਹਿਲਾਂ ਦੀ ਗੱਲ ਹੈ। ਮੇਰੀ ਮੱਸਿਆ ਦੀ ਛੁੱਟੀ ਸੀ ਇਸ ਲਈ ਘਰੋਂ ਗੱਡੀ ਲੈ ਨਿਕਲ ਤੁਰਿਆ। ਕੁਝ ਦੂਰ ਜਾ ਕੇ ਗੱਡੀ ਰੋਕ ਲਈ ਅਤੇ ਆਪਣੀ ਬੇਮਕਸਦ ਭਟਕਣਾ ਨੂੰ ਕੋਈ ਮਕਸਦ ਦੇਣ ਦੀ ਕੋਸ਼ਿਸ਼ ਕਰਨ ਲੱਗਾ ਯਾਨੀ ਕਿ ਇਹ ਸੋਚਣ ਲੱਗਾ ਕਿ ਅੱਜ ਜਾਣਾ ਕਿੱਧਰ ਹੈ?

ਮਨ ਨੇ ਆਵਾਜ਼ ਦਿੱਤੀ ਕਿ ਅੱਜ ਗੁਰੂ ਬਾਬੇ ਦੀਆਂ ਵਰੋਸਾਈਆਂ ਗਲ਼ੀਆਂ ’ਚ ਸਿਜਦਾ ਹੀ ਕਰ ਆਈਏ।ਗੱਡੀ ਅਜਨਾਲ਼ਾ ਤੋਂ ਰਮਦਾਸ ਅਤੇ ਡੇਰਾ ਬਾਬਾ ਨਾਨਕ ਵੱਲ ਮੋੜ ਲਈ; ਤਕਰੀਬਨ ਦੋ ਕੁ ਘੰਟਿਆਂ ਬਾਅਦ ਹਿੰਦ-ਪਾਕਿ ਸਰਹੱਦ ’ਤੇ ਫੌਜ ਵੱਲੋਂ ਬਣਾਏ ਗਏ ਥੜ੍ਹੇ ’ਤੇ ਖੜਾ ਸਾਂ। ਫੌਜੀਆਂ ਦੀ ਦੂਰਬੀਨ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਗੁਰਦੁਆਰਾ ਸਾਹਿਬ ਦੇ ਹਾਲ ’ਚ ਤੁਰੇ-ਫਿਰਦੇ ਤਿੰਨ ਕੁ ਵਿਅਕਤੀ ਨਜ਼ਰ ਆਏ। ਫੌਜੀਆਂ ਦੀ ਦੂਰਬੀਨ ਬਹੁਤ ਕਮਾਲ ਦੀ ਹੈ। ਇਹ ਬਿਲਕੁਲ ਜ਼ੀਰੋ ਲਾਈਨ ‘ਤੇ ਹੈ, ਕੁਝ ਮੀਟਰ ਦੂਰ ਪਾਕਿਸਤਾਨੀ ਕਿਸਾਨਾਂ ਨੇ ਟਰੈਕਟਰਾਂ ਨਾਲ ਹਲ ਜੋੜ ਰੱਖੇ ਹਨ ਅਤੇ ਉਸਤੋਂ ਪਿੱਛੇ ਝਾੜੀਆਂ ਦੇ ਵਿੱਚ ਚੰਦ-ਸਿਤਾਰੇ ਵਾਲਾ ਝੰਡਾ ਅਤੇ ਪਾਕਿਸਤਾਨੀ ਫੌਜ ਦੀ ਪਿਕਟ ਨਜ਼ਰ ਆ ਰਹੀ ਹੈ।

ਪੂਰੇ ਰਾਵੀ ਦੇ ਕੰਢੇ ਵਿਸ਼ਾਲ ਬੇਲਾ ਅਤੇ ਪਿੱਛੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਦੁਧੀਆ ਅਕਸ ਦਿਖਾਈ ਦੇ ਰਿਹਾ ਹੈ। ਇੱਥੇ ਆਏ ਯਾਤਰੀਆਂ ਦਾ ਮੰਜ਼ਿਰ ਮੈਂ ਵੇਖ ਰਿਹਾ ਹਾਂ ਕੋਈ ਬਸ ਮੰਜ਼ਿਰ ਵੇਖਣ ਹੀ ਆਇਆ ਹੈ ਅਤੇ ਕੋਈ ਪਾਰ ਜਾ ਕੇ ਦਰਸ਼ਨਾਂ ਦੀ ਤਾਂਘ ਲਈ ਅੱਥਰੂ ਕੇਰ ਰਿਹਾ ਸੀ। ਉਦੋਂ ਪਤਾ ਨਹੀਂ ਸੀ ਕਿ ਇਹੋ ਅੱਥਰੂ ਅਤੇ ਭਾਵੁਕ ਤਾਂਘਾਂ ਖੁੱਲ੍ਹੇ ਦਰਸ਼ਨ-ਦੀਦਾਰਿਆਂ ਲਈ ਅਧਾਰ ਬਣਨਗੀਆਂ।

ਮੈਂ ਉਸ ਥੜ੍ਹੇ ’ਤੇ ਖਲੋਅ ਉਹ ਭਾਵੁਕ ਮੰਜ਼ਿਰ ਵੇਖ ਰਿਹਾ ਸਾਂ। ਪਾਰਲੇ ਪਾਰੋਂ ਗੁਰੂ ਬਾਬੇ ਦੀ ਪਾਵਨ ਦਰਗਾਹੋਂ ਰਾਵੀ ਦੇ ਠੰਡੇ ਜਲ ਦੀ ਛੋਹ ਲਈ ਸਰਕੰਡਿਆਂ ਨੂੰ ਹਿਲਾਉਂਦਾ ਹਵਾ ਦਾ ਬੁੱਲ੍ਹਾ ਆਇਆ ਮੈਨੂੰ ਜਿਵੇਂ ਸੁੱਧ-ਬੁੱਧ ਭੁੱਲ ਗਈ। ਮੈਂ ਅਚਾਨਕ ਜਿਵੇਂ ਬੀਤੇ ਸਮੇਂ ’ਚ ਪ੍ਰਵੇਸ਼ ਕਰ ਗਿਆ ਸਾਂ।

ਲੋਕ ਆਪੋ-ਆਪਣੇ ਵਿਚਾਰ ਪੇਸ਼ ਕਰ ਰਹੇ ਸਨ ਮੈਂ ਆਪਣੇ ਮਨ ਦੀ ਬਣੀ ਅਤਿ ਵੈਰਾਗਮਈ ਅਵਸਥਾ ਨੂੰ ਮਾਨਣ ਲਈ ਥੋੜ੍ਹਾ ਪਰ੍ਹਾਂ ਹੋ ਇਕ ਬੈਂਚ ’ਤੇ ਬੈਠ ਗਿਆ।

ਮੇਰੀ ਸੁਰਤ ਗੁਰੂ-ਬਾਬੇ ਦੀਆਂ ਪੈੜਾਂ ਨੂੰ ਮਹਿਸੂਸ ਕਰਨ ਲੱਗੀ। ਕਾਸ਼ ਮੈਂ ਉਹਨਾਂ ਪਲਾਂ ਨੂੰ ਅੱਖੀਂ ਵੇਖ ਸਕਾਂ ਜਦੋਂ ਮਸਤਾਨੇ ਸਾਧੂਆਂ ਦੀ ਮੰਡਲੀ ਢੱਡ, ਸਾਰੰਗੀ ਤੇ ਖੜਤਾਲਾਂ ਵਜਾਉਂਦੀ ਸ਼ਬਦ ਅਤੇ ਸੁਰਤ ਨੂੰ ਅਨਹਦ ਕਰ ਇੱਕ ਆਗੰਮੀ ਆਵਾਜ ਨੂੰ ਪੌਣਾਂ ’ਚ ਘੋਲ ਦੇਂਦੀ ਹੋਵੇਗੀ :

ਹਉਂ ਢਾਡੀ ਵੇਕਾਰ ਕਾਰੇ

ਲਾਇਆ ਰਾਤੀਂ ਦਿਹੁ ਕੇ

ਵਾਰਿ ਧੁਰੋਂ ਫ਼ੁਰਮਾਇਆ।।

 ਗੁਰੂ ਸਾਹਿਬ ਕੀਰਤਨ ਕਿਵੇਂ ਕਰਦੇ ਹੋਣਗੇ ਇਹ ਜਾਨਣ ਲਈ ਮੈਂ ਬਨਾਰਸ ਦੀਆਂ ਸਾਧੂ ਮੰਡਲੀਆਂ ਨੂੰ ਦੇ ਸੰਗੀਤ ਨੂੰ ਸੁਣਿਆ ਪਰ ਸਪਸ਼ਟ ਨਹੀਂ ਹੋ ਸਕਿਆ। ਪਰ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਦਿਲਚਸਪ ਅਤੇ ਧੁੰਦਲੇ ਜਿਹੇ ਸੁਪਨੇ ਦਾ ਜ਼ਿਕਰ ਕਰਦਾ ਹਾਂ।

ਭਾਦਰੋਂ ਦੇ ਆਖਰੀ ਹਫਤੇ ਬਾਹਰ ਵਿਹੜੇ ’ਚ ਸੁੱਤਾ ਚਾਨਣੀ ਰਾਤ ’ਚ ਲੰਘਦੀਆਂ ਬੱਦਲੀਆਂ ਦਾ ਆਨੰਦ ਲੈ ਰਿਹਾ ਹਾਂ। ਰੁਮਕਦੀ ਠੰਡੀ ਪੌਣ ਜਿਵੇਂ ਬੁੱਤ ਹੀ ਨਹੀਂ ਬਲਕਿ ਰੂਹ ਦੇ ਦਰਵਾਜੇ ਖੜਕਾ ਰਹੀ ਹੈ। ਪਤਾ ਹੀ ਨਹੀਂ ਕਦੋਂ ਅੱਖ ਲੱਗ ਗਈ ਅਤੇ ਸੁਰਤ ਵਿੱਚ ਇਕ ਨਾਦ ਗੂੰਜ਼ਣ ਲੱਗਾ। ਢੱਡ, ਸਾਰੰਗੀ ਅਤੇ ਖੜਤਲਾਂ ਨਾਲ ਤਿੰਨ-ਚਾਰ ਸਾਧੂਆਂ ਦੀ ਟੋਲੀ ਕੋਈ ਗੀਤ ਗਾਉਂਦੀ ਹੋਈ ਅੱਖਾਂ ਅੱਗੇ ਪ੍ਰਤੱਖ ਹੋਈ। ਮੈਂ ਆਪਣੀ ਜ਼ਿੰਦਗੀ ’ਚ ਏਨਾ ਪਿਆਰਾ ਸੰਗੀਤ ਕਦੀ ਨਹੀਂ ਸੁਣਿਆ। ਰਾਹ-ਰਸਤੇ ਜਾ ਰਹੇ ਇਹਨਾਂ ਸਾਧੂਆਂ ਦੀ ਟੋਲੀ ਗਾਉਂਦੀ ਜਾ ਰਹੀ ਹੈ। ਮਿੱਠੇ ਅਤੇ ਨਸ਼ਿਆ ਦੇਣ ਵਾਲਾ ਬੋਲਾਂ ਦਾ ਜਾਦੂ ਜਿਵੇਂ ਪੌਣਾਂ ਨੂੰ ਟੂਣਾ ਕਰ ਰਿਹਾ ਹੋਵੇ। ਸਾਧੂਆਂ ਦੀ ਟੋਲੀ ਹੌਲੀ-ਹੌਲੀ ਦੂਰ ਅਤੇ ਧੁੰਦਲੀ ਹੁੰਦੀ ਜਾ ਰਹੀ ਹੈ ਅਤੇ ਸੰਗੀਤ ਦੀ ਆਵਾਜ਼ ਵੀ ਮੱਧਮ ਪੈ ਰਹੀ ਹੈ। ਅਚਾਨਕ ਜਾਗ ਖੁੱਲਦੀ ਹੈ ਠੰਡੀ ਪੌਣ ਚਿਹਰੇ ਨੂੰ ਛੋਹ ਰਹੀ ਹੈ, ਪਤਾ ਨਹੀਂ ਇਹ ਸੁਪਨਾ ਹੈ ਜਾਂ ਪਹਿਲਾਂ ਸੁਪਨੇ ’ਚ ਸਾਂ ਪਰ ਮਨ ਉਸ ਸੁਪਨੇ ’ਚ ਫਿਰ ਤੋਂ ਪਰਤ ਜਾਣਾ ਲੋਚਦਾ ਹੈ। ਮਨ ਕਰਦਾ ਹੈ ਉਹਨਾਂ ਸਾਧੂਆਂ ਦੇ ਪਿੱਛੇ-ਪਿੱਛੇ ਚੱਲਦਾ ਰਹਾਂ ਅਤੇ ਉਸ ਨਾਦ ਨੂੰ ਸੁਣਦਾ ਰਹਾਂ। ਰਾਤੀਂ ਗੀਤ ਦੇ ਬੋਲ ਵੀ ਯਾਦ ਸਨ ਸੋਚਿਆ ਦਿਨੇ ਡਾਇਰੀ ’ਚ ਲਿਖ ਲਵਾਂਗਾ। ਦਿਨੇ ਉਸ ਗੀਤ ਦੇ ਬੋਲ ਤਾਂ ਵਿਸਰ ਗਏ ਪਰ ਇਕ ਦੋਹਰਾ ਲਿਖਿਆ ਗਿਆ :

 ਸੁੱਤ ਉਨੀਂਦੀ

ਨੀਂਦ ’ਚ ਸੁਪਨਾ

ਸਾਨੂੰ ਦੱਸਿਆ ਪੀਰਾਂ

 

ਹੁਣ ਪਈਆਂ

ਤੇ ਹੁਣੇ ਨਾ ਦਿੱਸੀਆਂ

ਪਾਣੀ ਉੱਤੇ ਲਕੀਰਾਂ

 

ਠੰਡੇ ਹੌਕੇ

ਲੈ ਲੈ ਟੁੱਟੀਆਂ

ਅਸਮਾਨੋਂ ਤਕਦੀਰਾਂ

 

ਛੱਡ ਵੇ ਜ਼ਾਲਿਮ!

ਪੁੱਛ ਨਾ ਸੁਪਨਾ

ਏ ਹੋਰ ਤਰਾਂ ਦੀਆਂ ਪੀੜ੍ਹਾਂ।

 ਇਸ ਸੁਫਨੇ ਅਤੇ ਦੈਵੀ ਹੂਕ ਦਾ ਪਿੱਛਾ ਕਰਦਿਆਂ ਡੇਰਾ ਬਾਬਾ ਨਾਨਕ ਦੀਆਂ ਗਲ਼ੀਆਂ ’ਚ ਆ ਗਿਆ ਹਾਂ। ਗੁਰੂ ਸਾਹਿਬ ਦੁਆਰਾ ਹੱਥੀਂ ਵਰੋਸਾਏ ਇਸ ਪ੍ਰਚੀਨ ਸ਼ਹਿਰ ਦੇ ਅੰਦਰੂਨੀ ਹਿੱਸੇ ’ਚ ਅਜੇ ਸ਼ਾਇਦ ਪੁਰਾਣੇ ਨਕਸ਼ੇ ਮੁਤਾਬਿਕ ਹੀ ਹਨ। ਪ੍ਰਾਚੀਨ ਸਮਿਆਂ ’ਚ ਗਲੀਆਂ ਕੁਝ ਭੀੜੀਆਂ ਰੱਖੀਆਂ ਜਾਂਦੀਆਂ ਸਨ ਤਾਂ ਕਿ ਜੇ ਵਾਹਰ ਪਏ ਤਾਂ ਹਮਲਾਵਰ ਇਕਦਮ ਦੌੜ ਕੇ ਅੱਗੇ ਨਾ ਆ ਸਕਣ। ਘਰਾਂ ਦੇ ਬਾਹਰ ਲੇਮ-ਪਲੇਟਾਂ ਹਨ ਜੋ ਦੱਸ ਰਹੀਆਂ ਹਨ ਇਹ ਘਰ ਬਾਬਾ ਨਾਨਕ ਦੇ ਪੰਦਰਵੀਂ-ਸੋਹਲਵੀਂ ਪੀੜੀ ਦੇ ਵੰਸ਼ਿਜ਼ਾਂ ਦੇ ਹਨ। ਇਹਨਾਂ ਗਲੀਆਂ ’ਚ ਘੁੰਮਦਾ ਮੈਂ ਸੁਧ-ਬੁੱਧ ਗਵਾ ਬੈਠਾ ਹਾਂ। ਨਾਨਕਸ਼ਾਹੀ ਇਮਾਰਤਾਂ ਦੇ ਖੰਡਰ ਅਤੇ ਇਕ ਵਿਸ਼ਾਲ ਇਮਾਰਤ ਦੀ ਬਚੀ ਕੰਧ ਨਜ਼ਰ ਆ ਰਹੀ ਹੈ। ਇੱਥੇ ਮਨ ਦੀ ਬਣੀ ਵੈਰਾਗਮਈ ਅਵਸਥਾ ਭੰਗ ਹੁੰਦੀ ਹੈ, ਮੇਰੇ ਦੋਸਤ ਅੱਗੇ ਜਾਣ ਲਈ ਉਤਾਵਲੇ ਹਨ ਪਰ ਮੈਂ ਇਹਨਾਂ ਗਲ਼ੀਆਂ ਦੇ ਅਤੀਤ ਨਾਲ਼ ਸਾਂਝਾ ਹੋਰ ਗੂੜ੍ਹੀਆਂ ਕਰਨੀਆਂ ਚਾਹੁੰਦਾ ਸਾਂ।

ਮੈਂ ਵਾਪਿਸ ਚਲਾ ਆਇਆ ਪਰ ਗੁਰੂ ਬਾਬੇ ਦੀਆਂ ਗਲ਼ੀਆਂ ਦੇ ਝਰੋਖੇ ’ਚੋਂ ਬੀਤੀਆਂ ਸਦੀਆਂ ਵੱਲ ਝਾਕਣ ਦੀ ਮੇਰੀ ਤਾਂਘ ਹੋਰ ਵੀ ਪ੍ਰਬਲ ਹੋ ਗਈ ਅਤੇ ਮੈਂ ਅਨੇਕ ਵਾਰ ਡੇਰਾ ਬਾਬਾ ਨਾਨਕ ਵੱਲ ਹੋ ਤੁਰਦਾ ਰਿਹਾ।

 ਡੇਰਾ ਬਾਬਾ ਨਾਨਕ

ਸਰਹੱਦੀ ਇਲਾਕੇ ਦੇ ਪਿੰਡਾਂ-ਕਸਬਿਆਂ ’ਚ ਘੁੰਮਦਾ ਇਕ ਸਾਧੂ ਅਕਸਰ ਮਿਲਦਾ ਹੈ। ਇਸ ਸਾਧੂ ਨਾਲ ਜਾਣ-ਪਛਾਣ ਗੂਹੜੀ ਹੁੰਦੀ ਹੈ। ਲੰਮੀਆਂ ਅਤੇ ਸੰਘਣੀਆਂ ਜੜ੍ਹਾਂਵਾਂ, ਖੱਦਰ ਦੇ ਘਸਮੈਲੇ ਜਿਹੇ ਵਸਤਰ ਪਹਿਨੇ ਅਕਸਰ ਇਹ ਸਾਧੂ ਭ੍ਰਮਣ ਕਰਦਾ ਹੀ ਮਿਲੇਗਾ। ਡੇਰਾ ਬਾਬਾ ਨਾਨਕ ਦੇ ਪ੍ਰਾਚੀਨ ਇਤਿਹਾਸ ਬਾਰੇ ਕਾਫੀ ਜਾਣਕਾਰੀ ਇਸ ਸਾਧੂ ਕੋਲੋਂ ਮਿਲਦੀ ਹੈ।

ਗੁਰੂ ਨਾਨਕ ਦੇਵ ਨੇ ਇੱਥੇ ਪਹਿਲਾਂ ਇਕ ਛੰਨ ਪਾਈ ਸੀ। ਅਜਿੱਤਾ ਰੰਧਾਵਾ ਨਾਲ ਗੁਰੂ ਜੀ ਦਾ ਪ੍ਰੇਮ ਬਣ ਗਿਆ। ਅਜਿੱਤੇ ਰੰਧਾਵੇ ਦਾ ਇੱਥੇ ਖੂਹ ਵਗਦਾ ਸੀ। ਇਸ ਖੂਹ ’ਤੇ ਹੋਰ ਹਾਲੀਆਂ-ਪਾਲੀਆਂ ਅਤੇ ਚਰਵਾਹਿਆਂ ਨੇ ਆਣ ਬਹਿਣਾ। ਸਿਆਲਾਂ ਨੂੰ ਇੱਥੇ ਧੂੰਆ ਲੱਗਣਾ। ਹਾਸੇ-ਮਖੌਲ ਦੀਆਂ ਗੱਲਾਂ ਅਤੇ ਲੋਕ-ਗਥਾਵਾਂ ਦਾ ਦੌਰ ਚੱਲਦਾ ਰਹਿਣਾ। ਗੁਰੂ ਸਾਹਿਬ ਨੇ ਢੱਡ-ਸਾਰੰਗੀ ਅਤੇ ਆਪਣੇ ਰਬਾਬੀ ਸਾਥੀਆਂ ਨਾਲ ਆਣ ਬਹਿਣਾਂ ਅਤੇ ਕੀਰਤਨ ਕਰਨਾ ਤਾਂ ‘ਹੇਕ’ ਦੀ ਜਗਾ ਰਮਜ਼ਾਨੀ ‘ਹੂਕ’ ਨੇ ਲੈ ਲੈਣੀ। ਸੁਣਨ ਵਾਲਿਆਂ ਤੇ ਜਾਦੂਮਈ ਅਸਰ ਹੋਣਾ ਸ਼ੁਰੂ ਹੋ ਗਿਆ।

ਦੱਸਦੇ ਹਨ ਕਿ ਸ਼ੁਰੂ-ਸ਼ੁਰੂ ਵਿੱਚ ਬਹੁਤ ਸਾਰੇ ਮੇਰੇ ਵਰਗੇ ਘੱਟ ਸਮਝ ਵਾਲੇ ਸਿਰਫ ਬਾਬਾ ਜੀ ਨੂੰ ਗਾਉਂਦਾ ਸੁਣਨ ਲਈ ਹੀ ਆਉਂਦੇ ਸਨ। ਉਹਨਾਂ ਕਹਿਣਾ ਚਲੋ ਚੱਲਦੇ ਹਾਂ ਖੂਹ ’ਤੇ ਬਾਬਾ ਤਾਂ ਗਾਉਂਦਾ ਬਹੁਤ ਵਧੀਆ।

 

ਉਸਰੀ ਧਰਮ ਦੀ ਨੀਂਹ

 ਵਾਢੀਆਂ ਦੇ ਦਿਨ ਸਨ। ਕਿਸਾਨਾਂ ਨੇ ਗਾਹ ਪਾ ਲਏ ਸਨ ਅਤੇ ਦਾਣਿਆਂ ਦੇ ਬੋਹਲ ਤਿਆਰ ਹੋ ਰਹੇ ਸਨ। ਲੋਕ ਬੋਹਲਾਂ ਦੀ ਰਾਖੀ ਕਰਦੇ। ਗੁਰੂ ਸਾਹਿਬ ਇੱਥੇ ਹੀ ਖੂਹ ਤੋਂ ਥੋੜ੍ਹਾ ਉਰੇ-ਪਰੇ ਕਿਸੇ ਰੁੱਖ ਹੇਠ ਬੈਠ ਸ਼ਬਦ-ਸੁਰਤ ਅਤੇ ਕਰਤਾਰੀ ਚਿੰਤਨ ਵਿਚ ਮਗਨ ਸਨ ਤਾਂ ਇੱਥੇ ਇੱਕ ਵੱਖਰੀ ਤਰ੍ਹਾਂ ਦਾ ਵਰਤਾਰਾ ਵਾਪਰ ਗਿਆ।

ਅੱਜ ਸਾਡੇ ਸੰਸਾਰਿਕ ਕੰਮਾਂ ’ਚੋਂ ‘ਕਰਤਾਰ’ ਗਾਇਬ ਹੈ। ਲੋਭ-ਲਾਲਚ ਅਤੇ ਹਰ ਕੋਈ ਇਕ ਦੂਜੇ ਨੂੰ ਦਾਅ ਲਾਉਣ ਅਤੇ ਪਛਾੜਨ ਵਿੱਚ ਰੁੱਝਾ ਹੈ। ਪਰ ਜੇ ਧਰਮ ’ਚੋਂ ਦਯਾ ਨੂੰ ਵੱਖ ਕਰ ਦੇਵੋ ਤਾਂ ਪਿੱਛੇ ਬੱਸ ਬਿਨਾਂ ਰੂਹ ਦੇ ਕਲਬੂਤ ਜਾਂ ਫਿਰਕਾਪ੍ਰਸਤੀ ਹੀ ਬਚੇਗੀ।

‘ਧੌਲ-ਧਰਮ ਦਯਾ ਕਾ ਪੂਤ’ ਧਰਮ ਦੀ ਨੀਂਹ ਦਯਾ ’ਤੇ ਉਸਰਦੀ ਹੈ ਪਰ ਫਿਰਕਾਪ੍ਰਸਤੀ ਸਿਰਫ ‘ਹਉਮੈਂ’ ਦੀ ਲਖਾਇਕ ਹੁੰਦੀ ਹੈ।

ਇੱਥੇ ਜਿਸ ਵਰਤਾਰੇ ਨੂੰ ਗੁਰੂ ਸਾਹਿਬ ਨੇ ਅੱਖੀਂ ਵੇਖਿਆ ਇਸ ਵਿਚ ਸੰਸਾਰ ਅਤੇ ਕਰਤਾਰ ਇਕ-ਮਿਕ ਹੋ ਰਹੇ ਹਨ। ਰੱਬ ਸਾਡੇ ਲੋਭ-ਲਾਲਚ ਵਿਚ ਨਹੀਂ ਬਲਕਿ ਤਿਆਗ ਵਿੱਚ ਹੈ।

ਗੁਰੂ ਸਾਹਿਬ ਰੁੱਖ ਹੇਠ ਬੈਠੇ ਵੇਖ ਰਹੇ ਹਨ ਕਿ ਦੋ ਕਿਸਾਨ ਆਪਣੇ-ਆਪਣੇ ਬੋਹਲ ਦੀ ਰਖਵਾਲੀ ਕਰ ਰਹੇ ਸਨ। ਇਹਨਾਂ ’ਚੋਂ ਇਕ ਕਿਸਾਨ ਬਹੁੁਤ ਧਨਾਢ ਹੈ ਅਤੇ ਦੂਜਾ ਹਮਾਤੜ। ਜੋ ਕਿਸਾਨ ਆਰਥਿਕ ਪੱਖ ਤੋਂ ਸੁਖਾਲਾ ਯਾਨੀ ਧਨਾਢ ਹੈ ਉਹ ਸਰਕਾਰੇ-ਦਰਬਾਰੇ ਪਹੁੰਚ ਰੱਖਦਾ ਹੈ। ਔਖੇ-ਸੌਖੇ ਵੇਲੇ ਲੋਕ ਉਸਨੂੰ ਆਪਣੇ ਨਾਲ ਲੈ ਜਾਂਦੇ ਹਨ। ਪਰ ਇਸ ਗਰੀਬ ਅਤੇ ਧਨਾਢ ਦੋਹਾਂ ਕਿਸਾਨਾਂ ’ਚ ਕਾਫੀ ਪ੍ਰੇਮ ਹੈ। ਦੋਹਾਂ ਨੇ ‘ਗਾਹ’ ਕੋਲ-ਕੋਲ ਪਾਏ ਹਨ ਇਸ ਲਈ ਦੋਹਾਂ ਦੇ ਬੋਹਲ ਵੀ ਨੇੜੇ ਹੀ ਹਨ।

ਇਹਨਾਂ ’ਚੋਂ ਗਰੀਬ ਕਿਸਾਨ ਨੂੰ ਭੁੱਖ ਲੱਗਦੀ ਹੈ ਉਹ ਪਿੰਡ ਰੋਟੀ ਖਾਣ ਲਈ ਚਲੇ ਜਾਂਦਾ ਹੈ। ਦੋਹਾਂ ਦਾ ਮਕਸਦ ਹੈ ਕਿ ਦੋਹਾਂ ’ਚੋਂ ਇਕ ਪਿੰਡ ਜਾ ਕੇ ਭੋਜਨ ਕਰ ਆਵੇਗਾ ਅਤੇ ਦੂਸਰਾ ਬੋਹਲ ਦੀ ਰਾਖੀ ਬੈਠੇਗਾ। ਇਸ ਤਰਾਂ ਦੋਵੇਂ ਵਾਰੀ-ਵਾਰੀ ਭੋਜਨ ਕਰ ਆਉਂਣਗੇ। ਜਦੋਂ ਗਰੀਬ ਕਿਸਾਨ ਪਿੰਡ ਰੋਟੀ ਖਾਣ ਆਇਆ ਤਾਂ ਧਨਾਢ ਕਿਸਾਨ ਨੇ ਆਪਣੇ ਬੋਹਲ ਤੋਂ ਦਾਣਿਆਂ ਦੇ ਬੁੱਕ ਭਰਕੇ ਗਰੀਬ ਕਿਸਾਨ ਦੇ ਬੋਹਲ ’ਤੇ ਸੁੱਟਣੇ ਸ਼ੁਰੂ ਕਰ ਦਿੱਤੇ। ਅਮੀਰ ਕਿਸਾਨ ਨੇ ਆਪਣੇ ਕਾਫੀ ਦਾਣੇ ਗਰੀਬ ਕਿਸਾਨ ਦੇ ਦਾਣਿਆਂ ਦੇ ਢੇਰ ’ਤੇ ਸੁੱਟ ਦਿੱਤੇ। ਗੁਰੂ ਸਾਹਿਬ ਇਹ ਵਰਤਾਰਾ ਵੇਖ ਕੇ ਉਸ ਕੋਲ ਆਏ ਅਤੇ ਪੁੱਛਿਆ, ‘‘ਇਹ ਕੀ ਕਰ ਰਹੇ ਹੋ, ਆਪਣੇ ਦਾਣੇ ਦੂਸਰੇ ਦੇ ਢੇਰ ’ਤੇ ਕਿਉਂ ਸੁੱਟ ਰਹੇ ਹੋ?’’

ਧਨਾਢ ਕਿਸਾਨ ਕਹਿਣ ਲੱਗਾ, ‘‘ਬਾਬਾ ਜੀ ਇਹ ਮੇਰਾ ਮਿੱਤਰ ਬਹੁਤ ਗਰੀਬ ਹੈ। ਇਸਦੇ ਦਾਣੇ ਕੁਝ ਮਹੀਨਿਆਂ ਬਾਅਦ ਮੁੱਕ ਜਾਂਦੇ ਹਨ ਪਰ ਮੇਰੇ ਕੋਲ ਸਾਰਾ ਸਾਲ ਵਰਤ ਕੇ ਵੀ ਬਹੁਤ ਦਾਣੇ ਵੱਧ ਜਾਦੇ ਹਨ। ਮੈਂ ਆਪਣੇ ਦਾਣੇ ਇਸ ਗਰੀਬ ਮਿੱਤਰ ਦੇ ਬੋਹਲ ’ਤੇ ਇਸ ਲਈ ਸੁੱਟ ਰਿਹਾ ਹਾਂ ਕਿ ਇਸਨੂੰ ਕਿਸੇ ਕੋਲ ਦਾਣੇ ਉਧਾਰ ਮੰਗਣ ਨਾ ਜਾਣਾ ਪਵੇ।’’

ਗੁਰੂ ਸਾਹਿਬ ਇਹ ਵਰਤਾਰਾ ਵੇਖ ਕੇ ਵਾਪਿਸ ਪਰਤ ਆਏ। ਜਦੋਂ ਗਰੀਬ ਕਿਸਾਨ ਵਾਪਿਸ ਆਇਆ ਤਾਂ ਉਹ ਦੋਹਾਂ ਬੋਹਲਾਂ ਦੀ ਰਖਵਾਲੀ ਕਰਨ ਲੱਗਾ ਅਤੇ ਅਮੀਰ ਕਿਸਾਨ ਪਿੰਡ ਭੋਜਨ ਕਰਨ ਲਈ ਚਲਿਆ ਗਿਆ। ਗੁਰੂ ਸਾਹਿਬ ਨੇ ਮੁੜ ਉਹੀ ਕੌਤਕ ਵੇਖਿਆ। ਬੋਹਲ ਤੋਂ ਬੁੱਕਾਂ ਭਰਕੇ ਦਾਣੇ ਅਮੀਰ ਕਿਸਾਨ ਦੇ ਬੋਹਲ ਵੱਲ ਸੁੱਟਣੇ ਸ਼ੁਰੂ ਕਰ ਦਿੱਤੇ। ਗੁਰੂ ਸਾਹਿਬ ਉਸ ਹਮਾਤੜ ਕਿਸਾਨ ਕੋਲ ਆਏ ਅਤੇ ਪੁੱਛਣ ਲੱਗੇ ਕਿ, ‘‘ਉਸ ਕੋਲ ਤਾਂ ਪਹਿਲਾਂ ਹੀ ਦਾਣੇ ਵਾਧੂ ਹੁੰਦੇ ਹਨ ਅਤੇ ਤੇਰੇ ਕੋਲ ਦਾਣੇ ਘੱਟ ਹਨ, ਫਿਰ ਵੀ ਤੂੰ ਆਪਣੇ ਦਾਣੇ ਉਸ ਅਮੀਰ ਕਿਸਾਨ ਦੇ ਬੋਹਲ ’ਤੇ ਕਿਉਂ ਸੁੱਟ ਰਿਹਾ ਹੈਂ?’’

ਉਸ ਗਰੀਬ ਕਿਸਾਨ ਨੇ ਗੁਰੂ ਜੀ ਨੂੰ ਉੱਤਰ ਦਿੱਤਾ, ‘‘ਬਾਬਾ ਜੀ ਮੇਰੇ ਕੋਲ ਤਾਂ ਦਾਣੇ ਘੱਟ ਹੁੰਦੇ ਹਨ ਬੇਸ਼ੱਕ ਹੋਰ ਮਹੀਨਾ ਪਹਿਲਾਂ ਮੁੱਕ ਜਾਣਗੇ ਪਰ ਮੇਰੇ ਮਿੱਤਰ ਕੋਲੋਂ ਸਾਰੇ ਲੋੜਵੰਦ ਦਾਣੇ ਉਧਾਰੇ ਲੈ ਕੇ ਗਰਜ਼ ਪੂਰੀ ਕਰਦੇ ਹਨ ਮੈਂ ਨਹੀਂ ਚਾਹੁੰਦਾ ਕਿ ਮੇਰੇ ਮਿੱਤਰ ਦੀ ਪਿੱਠ ਲੱਗੇ, ਇਸ ਲਈ ਆਪਣੇ ਦਾਣੇ ਆਪਣੇ ਮਿੱਤਰ ਦੇ ਬੋਹਲ ’ਤੇ ਸੁੱਟ ਰਿਹਾ ਹਾਂ।’’

ਗੁਰੂ ਸਾਹਿਬ ਇਹ ਦਿ੍ਰਸ਼ ਵੇਖ ਕੇ ਅਸ਼-ਅਸ਼ ਕਰ ਉੱਠੇ। ਦੋਹਾਂ ਕਿਸਾਨਾਂ ਦੇ ਮਨ ਵਿੱਚ ਰੱਬੀ ਦਯਾ ਅਤੇ ਤਿਆਗ ਸੀ ਜੋ ਧਰਮ ਦਾ ਮੁੱਢਲਾ ਅਸੂਲ ਹੈ।

ਗੁਰੂ ਸਾਹਿਬ ਨੇ ਮਨ ਵਿੱਚ ਫੈਸਲਾ ਕਰ ਲਿਆ ਕਿ ਜੇ ਇਸ ਜਗਾ ਲੋਕਾਂ ’ਚ ਏਨਾ ਦਯਾ/ਧਰਮ ਹੈ ਤਾਂ ਇਸੇ ਜਗਾ ਨੂੰ ਧਰਮ ਦਾ ਕੇਂਦਰ ਬਣਾਉਣਗੇ।

‘ਧੌਲ-ਧਰਮ ਦਯਾ ਕਾ ਪੂਤ’

ਗੁਰੂ ਨਾਨਕ ਦੇਵ ਜੀ ਨੇ ਇੱਥੇ ਇਕ ਛੰਨ ਪਾ ਲਈ। ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਆਸ-ਪਾਸ ਦੇ ਪਿੰਡਾਂ ਦੇ ਲੋਕ ਗੁਰੂ ਸਾਹਿਬ ਕੋਲ ਕੀਰਤਨ ਸੁਣਨ ਅਤੇ ਸਤਿਸੰਗ ਸੁਣਨ ਆਉਂਦੇ। ਛੇਤੀ ਹੀ ਲਾਹੌਰ ਅਤੇ ਹੋਰ ਸ਼ਹਿਰਾਂ ਤੋਂ ਗੁਰੂ ਜੀ ਨਾਲ ਵਾਰਤਾ ਕਰਨ ਵਾਲੇ ਜਗਿਆਸੂ ਅਤੇ ਹਰ ਧਰਮ ਦੇ ਸੰਤ-ਫ਼ਕੀਰ ਮਿਲਣ ਲਈ ਆਉਣ ਲੱਗੇ। ਗੁਰੂ ਸਹਿਬ ਦੇ ਸ਼ਬਦਾਂ ਅਤੇ ਜੀਵਨ ਕਲਾ ’ਚ ਇਕ ਅਜੀਬ ਜਿਹੀ ਰੱਬੀ ਖਿੱਚ ਸੀ। ਸੰਸਾਰਿਕ ਭਰਮਾਂ, ਦੁੱਖਾਂ ਅਤੇ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦੇ ਸਤਾਏ ਲੋਕ ਜਦੋਂ ਆਉਂਦੇ ਸਨ ਗੁਰੁ ਸਹਿਬ ਦੇ ਕਰਤਾਰੀ ਰਿਸ਼ਮਾਂ ਵਾਲੇ ਬੋਲ ਭਰਮਾਂ ਦਾ ਨਾਸ਼ ਕਰ ਦਿੰਦੇ ਅਤੇ ਸਰੀਰ ਅਤੇ ਮਨ ਤੰਦਰੁਸਤੀ ਦੇ ਉਜਿਆਰੇ ਨਾਲ ਭਰ ਜਾਂਦੇ।

ਜੇਕਰ ਤੁਹਾਡੇ ਕੋਲ ਜੀਵਨ ਪ੍ਰਤੀ ਇਕ ਸਾਫ ਨਜ਼ਰੀਆਂ ਹੈ ਤਾਂ ਤੁਸੀਂ ਜੀਵਨ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾਂ ਪਾ ਸਕਦੇ ਹੋ ਜਾਂ ਅਸਾਨੀ ਨਾਲ ਹੱਲ ਕਰ ਸਕਦੇ ਹੋ। ਗੁਰੂ ਜੀ ਦੀ ਬਾਣੀ ਅਤੇ ਸਿੱਖਿਆਵਾਂ ਸਾਡੇ ਦਿ੍ਰਸ਼ਟੀਕੋਣ ’ਚ ਚਮਤਕਾਰੀ ਢੰਗ ਨਾਲ ਬਦਲਾਅ ਲਿਆਉਂਦੀਆਂ ਹਨ।

ਮੇਰਾ ਮਕਸਦ ਇੱਥੇ ਗੁਰਬਾਣੀ ਦੀ ਵਿਆਖਿਆ ਨਹੀਂ ਕਿਉਂਕਿ ਮੇਰੀ ਸਮਝ ਦਾ ਪੱਧਰ ਏਨਾਂ ਉੱਚਾ ਨਹੀਂ ਬਲਕਿ ਮੈਂ ਗੁਰੂ ਸਾਹਿਬ ਦੁਆਰਾ ਵਿਚਰਨ ਵੇਲੇ ਜੋ ਕੁਝ ਉਸ ਵੇਲੇ ਦੀਆਂ ਪ੍ਰਾਚੀਨ ਨਿਸ਼ਾਨੀਆਂ ਬਚੀਆਂ ਹਨ ਉਹਨਾਂ ਬਾਰੇ ਕੁਝ ਗੱਲ ਕਰਨਾ ਚਾਹੁੰਦਾ ਹਾਂ। ਖਾਸਕਰ ਮਾਝੇ ਵਿੱਚ ਗੁਰੂ ਸਾਹਿਬ ਦੀਆਂ ਇਲਾਹੀ ਪੈੜ੍ਹਾਂ ਅੱਗੋਂ ਨਤਮਸਤਕ ਹੋਵਾਂ।

ਇੱਥੇ ਲੋਕਾਂ ਦੀ ਆਮਦ ਵਧਣ ਲੱਗੀ ਤਾਂ ਕੁਝ ਜਿਮੀਂਦਾਰਾਂ ਨੇ ਜ਼ਮੀਨ ਦਾਨ ਕਰ ਦਿੱਤੀ। ਲੱਕੜਾਂ ਅਤੇ ਕਾਨਿਆਂ ਦੀ ਜਗ੍ਹਾ ਇਕ ਪੱਕੀਆਂ, ਨਿੱਕੀਆਂ ਇੱਟਾਂ ਦਾ ਬਰਾਮਦਾ ਅਤੇ ਕੁਝ ਹੋਰ ਇਮਾਰਤਾਂ ਦੀ ਉਸਾਰੀ ਕਰਵਾਈ ਗਈ।

ਇੱਥੇ ਇੱਕ ਸ਼ਹਿਰ ਵੱਸਣਾ ਸ਼ੁਰੂ ਹੋ ਗਿਆ ਜਿਸਦਾ ਨਾਮ ਅੱਜ ‘ਡੇਰਾ ਬਾਬਾ ਨਾਨਕ’ ਹੈ। ਮਾਝੇ ਵਿੱਚ ਖੇਤਾਂ ’ਚ ਬਣੇ ਘਰ ਨੂੰ ਅੱਜ ਵੀ ‘ਡੇਰਾ’ ਕਹਿੰਦੇ ਹਨ।

ਪ੍ਰਾਚੀਨ ਸ਼ਹਿਰਾਂ ਦੀਆਂ ਗਲੀਆਂ ਮੋੜ-ਘੋੜ ਵਾਲੀਆਂ ਅਤੇ ਤੰਗ ਬਣਾਈਆਂ ਜਾਂਦੀਆਂ ਸਨ ਤਾਂ ਕਿ ਵਾਹਰ ਪਏ ਤਾਂ ਹਮਲਾਵਰ ਛੇਤੀ ਸ਼ਹਿਰ ਅੰਦਰ ਦਾਖਿਲ ਨਾ ਹੋ ਸਕਣ। ਡੇਰਾ ਬਾਬਾ ਨਾਨਕ ਦਾ ਇਕ ਮੁਹੱਲਾ ਹੈ ਜਿਸਦੀ ਗਲੀ ਭੀੜੀ ਹੈ ਇੱਥੇ ਘਰ ਵੀ ਛੋਟੇ-ਛੋਟੇ ਹਨ ਜਿਹਨਾਂ ਦੇ ਬਾਹਰ ਨੇਮ-ਪਲੇਟਾਂ ਲੱਗੀਆਂ ਹੋਈਆਂ ਹਨ। ਜਿਆਦਾਤਰ ਨੇਮ ਪਲੇਟਾਂ ਉੱਪਰ ਘਰ ਦੇ ਮੁਖੀ ਦਾ ਨਾਮ ਦਰਜ ਹੈ। ਨਾਲ ਇਹ ਵੀ ਲਿਖਿਆ ਮਿਲੇਗਾ ਕਿ ਬਾਬਾ ਨਾਨਕ ਜੀ ਦੀ ਚੌਧਵੀਂ, ਪੰਦਰਵੀ ਜਾਂ ਸੋਹਲਵੀਂ ਪੀੜੀ ਵਿੱਚੋਂ ਹਨ। ਇਹ ਘਰ ਗੁਰੂ ਸਾਹਿਬ ਦੇ ਵੰਸ਼ਿਜਾਂ ਦੇ ਹਨ।

ਇੱਥੇ ਹੀ ਇਕ ਗੁਰਦੁਆਰਾ ਸਾਹਿਬ ਮੌਜੂਦ ਹੈ। ਇੱਥੇ ਗੁਰੂ ਜੀ ਨੂੰ ਬਗਦਾਦ ਦੀ ਯਾਤਰਾ ਵੇਲੇ ਉਥੋਂ ਦੇ ਇਕ ਪੀਰ ਵੱਲੋ ਭੇਂਟ ਕੀਤਾ ਗਿਆ ਇਕ ‘ਚੋਲ਼ਾ’ ਮੌਜੂਦ ਹੈ। ਇਬਨ ਬਤੂਤਾਂ ਜਿਸਨੇ ਗੁਰੂ ਨਾਨਕ ਦੇਵ ਤੋਂ ਲਗਭਗ 100 ਕੇ ਵਰੇ੍ਹ ਪਹਿਲਾਂ ਵਿਸ਼ਵ ਦੀ ਯਾਤਰਾ ਕੀਤੀ, ਬਾਰੇ ਕਿਤਾਬ ਲਿਖ ਰਿਹਾ ਸਾਂ ਤਾਂ ਇਹ ਗੱਲ ਪਤਾ ਲੱਗਦੀ ਹੈ ਕਿ ਉਸ ਵੇਲੇ ਘਰ ਆਏ ਮਹਿਮਾਨਾਂ ਨੂੰ ਵਿਦਾਈ ਵੇਲੇ ਤੋਹਫੇ ਦੇਣ ਦਾ ਰਿਵਾਜ਼ ਸੀ। ਇਸੇ ਜਗ੍ਹਾ ਤੇ ਬੇਬੇ ਨਾਨਕੀ ਦੁਆਰਾ ਹੱਥ ਨਾਲ ਕੱਢੇ ਰੁਮਾਲੇ ਹਨ। ਸਦੀਆਂ ਪੁਰਾਣੇ ਹੋਣ ਕਾਰਨ ਇਹਨਾਂ ਦੀ ਹਾਲਤ ਅਤੇ ਦਿੱਖ ਪੁਰਾਣੀ ਜਾਂ ਫਿੱਕੀ ਪੈ ਚੁੱਕੀ ਹੈ ਇਸ ਲਈ ਇਹਨਾਂ ਪ੍ਰਾਚੀਨ ਸ਼ੈਆਂ ਨੂੰ ਸ਼ੀਸ਼ਿਆਂ ’ਚ ਜੜ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੋਂ ਦੇ ਜ਼ਿਮੀਂਦਾਰ ਅਜਿੱਤੇ ਰੰਧਾਵੇ ਨੇ ਗੁਰੂ ਜੀ ਨੂੰ 100 ਏਕੜ ਜ਼ਮੀਨ ਦਾਨ ਵਿੱਚ ਦਿੱਤੀ ਸੀ।


 



ਬਗਦਾਦ ਦੇ ਪੀਰ ਵੱਲੋਂ ਗੁਰੁ ਨਾਨਕ ਦੇਵ ਨੂੰ ਭੇਟ ਕੀਤਾ ਗਿਆ ਵਸਤਰ। 



 

ਬੀਬੀ ਨਾਨਕੀ ਦੁਆਰਾ ਹੱਥ ਨਾਲ਼ ਕੱਢੇ ਰੁਮਾਲੇ

ਪਿੰਡ ਪੱਖੋਕੇ ਰੰਧਾਵਾ ਜਿਸਨੂੰ ਗੁਰੂ ਜੀ ਨੇ ਕਰਤਾਰਪੁਰ ਦੇ ਨਾਮ ਨਾਲ ਨਿਵਾਜਿਆ, ਇੱਥੇ ਗੁਰੂ ਜੀ ਆਪਣੀ ਪਹਿਲੀ ਉਦਾਸੀ ਤੋਂ ਬਾਅਦ ਆਪਣੇ ਬਾਲ-ਪਰਿਵਾਰ ਨੂੰ ਮਿਲਣ ਆਏ ਸਨ। ਕਿਉਂਕਿ ਉਹਨਾਂ ਦੀ ਯਾਤਰਾ ਵੇਲੇ ਉਹਨਾਂ ਦੀ ਪਤਨੀ ਮਾਤਾ ਸੁੱਲਖਣੀ ਜੀ ਆਪਣੇ ਬਾਲਾਂ ਸਮੇਤ ਇੱਥੇ ਆਪਣੇ ਪਿਤਾ ਮੂਲ ਚੰਦ ਦੇ ਕੋਲ ਰਹਿ ਰਹੇ ਸਨ ਜੋ ਇੱਥੇ ਪਟਵਾਰੀ ਦੀ ਚਾਕਰੀ ਕਰ ਰਹੇ ਸਨ। ਗੁਰੂ ਜੀ 1515 ਈ: ’ਚ ਇੱਥੇ  ਆਏ ਅਤੇ ਆਪਣੇ ਜੀਵਨ ਦੇ ਅੰਤਿਮ 17 ਸਾਲ ਅਤੇ ਕੁਝ ਮਹੀਨੇ ਵੀ ਗੁਰੂ ਜੀ ਨੇ ਇੱਥੇ ਹੀ ਬਿਤਾਏ।

ਡੇਰਾ ਬਾਬਾ ਨਾਨਕ ਤੋਂ ਰਮਦਾਸ ਵੱਲ ਆਉਂਦਿਆਂ ਤਕਰੀਬਨ 6-7 ਕਿਲੋਮੀਟਰ ਦੀ ਵਿੱਥ ’ਤੇ ਪਿੰਡ ਰੱਤੜ-ਛੱਤੜ ਮੌਜੂਦ ਹੈ ਇੱਥੇ ਨਾਨਕਸ਼ਾਹੀ ਇੱਟਾਂ ਦਾ ਕਈ ਮੰਜ਼ਿਲਾਂ ਉੱਚਾ ਮੀਨਾਰ ਵਿਖਾਈ ਦਿੰਦਾ ਹੈ। ਸੂਫੀ ਫ਼ਕੀਰਾਂ ਦੀ ਗੱਦੀ ਹੈ।

ਡੇਰਾ ਬਾਬਾ ਨਾਨਕ ’ਚ ਗੁਰੂ ਜੀ ਦੁਆਰਾ ਆਪਣੇ ਰੂਹਾਨੀ ਮਿਸ਼ਨ ਦਾ ਕੇਂਦਰ ਬਣਾਏ ਜਾਣ ਕਾਰਨ ਸੂਫੀ ਸੰਤਾਂ ਦੀ ਇਸ ਗੱਦੀ ਦਾ ਗੁਰੂ ਘਰ ਨਾਲ ਮੋਹ ਪੈ ਗਿਆ। ਇਸ ਗੱਦੀ ਦੇ ਵਾਰਿਸ ਸੰਤਾਂ-ਪ੍ਰਚਾਰਕਾਂ ਦੇ ਗੁਰੂ ਘਰ ਨਾਲ ਬਹੁਤ ਮੋਹ ਵਾਲੇ ਦੋਸਤਾਨਾ ਸਬੰਧ ਰਹੇ। ਇਸੇ ਹੀ ਗੱਦੀ ਦੇ ਵਾਰਿਸ ਸੰਤ-ਫ਼ਕੀਰ ਸਾਂਈ ਮੀਆਂ ਮੀਰ ਤੋਂ ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ।

 

ਡੇਰਾ ਬਾਬਾ ਨਾਨਕ ਨੇੜੇ ਰੱਤੜ-ਛੱਤੜ ‘ਚ ਪੀਰ ਇਮਾਮ ਹੁਸੈਨ ਦਾ ਮਕਬਰਾ।

1947 ਦੇ ਫਸਾਦਾਂ ‘ਚ ਤਬਾਹ ਹੋਈ ਡੇਰਾ ਬਾਬਾ ਨਾਨਕ ਨੇੜੇ ਰੱਤੜ-ਛੱਤੜ ਦੀ ਪ੍ਰਾਚੀਨ ਮਸੀਤ। ਅੱਗ ਦੀਆਂ ਲਪਟਾਂ ‘ਚ ਝੁਲਸੀਆਂ ਕੰਧਾਂ ਧੂੰਏਂ ਦੀ ਕਾਲ਼ਖ ਅੱਜ ਵੀ ਨਜ਼ਰ ਆਉਂਦੀ ਹੈ।

ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ ਦਾ ਸਭ ਤੋਂ ਵੱਡਾ ਪੱਖ ਇਹ ਸੀ ਕਿ ਉਹ ਜਦੋਂ ਵੀ ਵੱਖ-ਵੱਖ ਵਿਚਾਰਧਾਰਾਵਾਂ ਦੇ ਮੁਦਈਆਂ ਨੂੰ ਮਿਲਦੇ ਦਲੀਲ ਕਰਦੇ ਤਾਂ ਵਿਵਾਦ ਹੱਲ ਹੋ ਜਦੇ ਅਤੇ ਸਾਰਾ ਝਗੜਾ ਸੁਲਝ ਜਾਂਦਾ ਇਹ ਉਹਨਾਂ ਦੀ ਹਸਤੀ ’ਚ ਸ਼ਾਮਿਲ ਰੱਬੀ ਗੁਣਾਂ ਕਾਰਨ ਹੀ ਸੀ।

ਡੇਰਾ ਬਾਬਾ ਨਾਨਕ ਨੂੰ ਨਾ ਸਿਰਫ ਲੰਮਾ ਸਮਾਂ ਗੁਰੂ ਜੀ ਨੇ ਆਪਣੀ ਕਰਮਭੂਮੀ ਬਣਾਇਆ ਬਲਕਿ ਇਹ ਸਿੱਖ ਵਿਚਾਰਧਾਰਾ ਦਾ ਧੁਰਾ ਵੀ ਸਾਬਿਤ ਹੋਇਆ।

ਭਾਰਤ-ਪਾਕਿ ਦੀ ਵੰਡ ਤੋਂ ਬਾਅਦ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ’ਚ ਵੰਡ ਦੀ ਲਕੀਰ ਉੱਸਰ ਗਈ ਪਰ ਹੁਣ ਦੋਹਾਂ ਸਰਕਾਰਾਂ ਨੇ ਇਕ ਕੋਰੀਡੋਰ ਬਣਾ ਕੇ ਸ਼ਰਧਾਲੂਆਂ ਦਾ ਆਉਣਾ-ਜਾਣਾ ਅਸਾਨ ਕਰ ਦਿੱਤਾ ਹੈ। ਪਰਮਾਤਮਾ ਕਰੇ ਇਹ ਇਤਿਹਾਸਿਕ ਸਥਾਨ ਦੋਹਾਂ ਦੇਸ਼ਾਂ ’ਚ ਦੁਸ਼ਮਣੀ ਖਤਮ ਕਰਨ ਅਤੇ ਅਮਨ ਲਹਿਰ ’ਚ ਇਕ ਮਹੱਤਵਪੂਰਨ ਜ਼ਰੀਆ ਬਣੇ।

 ਸੌੜੀਆਂ

 ਪੁਰਾਣਾ ਇਤਿਹਾਸ ਫਰੋਲਦਿਆਂ ਪਤਾ ਲੱਗਦਾ ਹੈ ਕਿ ਸੌੜੀਆਂ ਅਤੇ ਭੀਲੋਵਾਲ ਇਕ ਹੀ ਸ਼ਹਿਰ ਦਾ ਹਿੱਸਾ ਰਹੇ ਹਨ। ਪਹਿਲਾਂ ਸ਼ੇਰਸ਼ਾਹ ਸੂਰੀ ਅਤੇ ਫਿਰ ਮੁਗਲ ਸਲਤਨਤ ਦਾ ਇਲਾਕੇ ’ਚ ਵੱਡਾ ਸੱਤਾ ਕੇਂਦਰ। ਨਾਨਕਸ਼ਾਹੀ ਇੱਟਾਂ ਦੀਆਂ ਬਚੀਆਂ ਇਮਾਰਤਾਂ ਚਾਰ-ਚੁਫੇਰੇ ਹਨ ਪਰ ਇਹਨਾਂ ਵਿਚੋਂ ਭੀਲੋਵਾਲ ’ਚ ਇਕ ਵਿਸ਼ਾਲ ਦਰਵਾਜੇ ਦੇ ਛੱਜੇ ਡਿੱਗੇ ਹੋਏ ਹਨ। ਇਹ ਵਿਸ਼ਾਲ ਦਰਵਾਜਾ ਕਿਸੇ ਹਮਲੇ ’ਚ ਹੀ ਤਹਿਸ-ਨਹਿਸ ਹੋਇਆ ਲੱਗਦਾ ਹੈ। ਇਤਿਹਾਸ ਵਿਚ ਜ਼ਿਕਰ ਮਿਲਦਾ ਹੈ ਕਿ ਇੱਥੇ ਬੰਦਾ ਸਿੰਘ ਬਹਾਦਰ ਨੇ ਬੜਾ ਜ਼ੋਰਦਾਰ ਹਮਲਾ ਕੀਤਾ ਸੀ। ਬੰਦਾ ਬਹਾਦਰ ਨੇ ਕਲਾਨੌਰ, ਚਮਿਆਰੀ ਤੋਂ ਹੁੰਦੇ ਹੋਏ ਇੱਥੇ ਤੋਪਾਂ ਨਾਲ ਜ਼ੋਰਦਾਰ ਹਮਲਾ ਕੀਤਾ ਅਤੇ ਕਈ ਇਮਾਰਤਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਬਹੁਤ ਸਾਰੇ ਖੰਡਰ ਅਤੇ ਨਾਨਕਸ਼ਾਹੀ ਇੱਟਾਂ ਦੇ ਵਿਸ਼ਾਲ ਛੱਜੇ ਅਜੇ ਵੀ ਖਿੱਲਰੇ ਮਿਲਦੇ ਹਨ।

 

ਭੀਲੋਵਾਲ ‘ਚ ਬਚਿਆ ਵਿਸ਼ਾਲ ਕਿਲੇ ਦਾ ਦਰਵਾਜਾ।



ਬੰਦਾ ਸਿੰਘ ਬਹਾਦਰ ਦੇ ਭੀਲੋਵਾਲ ‘ਤੇ ਹਮਲੇ ‘ਚ ਤਬਾਹ ਹੋਈ ਕਿ ਸ਼ਾਹੀ ਇਮਾਰਤਾਂ ਦੇ ਖੰਡਰ


ਭੀਲੋਵਾਲ ਦੇ ਇਸ ਢਹਿਢੇਰੀ ਹੋਏ ਮੰਜ਼ਿਰ ’ਤੇ ਬਾਹਰਲੇ ਗੇਟ ਤੋਂ ਅੰਦਰ ਵੱਲ ਜਾ ਰਹੀ ਇਕ 30-35 ਫੁੱਟ ਡੂੰਘੀ ਇਕ ਨਹਿਰ ਵਰਗੀ ਸ਼ੈਅ ਹੈ ਜਿਸਦੇ ਦੋਵੇਂ ਪਾਸੇ ਨਾਨਕਸ਼ਾਹੀ ਇੱਟਾਂ ਦੀ ਦੀਵਾਰ ਹੈ। ਇਹ ਨਗਰ ਅਤੇ ਇਥੋਂ ਰਹਿੰਦੀ ਰਹੀ ਵਿਸ਼ਾਲ ਫੌਜ ਦੀਆਂ ਜ਼ਰੂਰਤਾਂ ਲਈ ਪਾਣੀ ਜਮ੍ਹਾ ਰੱਖਣ ਲਈ ਬਣਾਈ ਗਈ ਇਕ ਪਾਣੀ ਦੀ ‘ਖਾਈ’ ਹੈ (ਪੁਰਾਣੇ ਜ਼ਮਾਨੇ ਦਾ ਵਾਟਰ ਟੈਂਕ) ਇਹ ਸ਼ੇਰਸ਼ਾਹ ਸੂਰੀ ਦੁਆਰਾ ਵਸਾਇਆ ਨਗਰ ਦੱਸਿਆ ਜਾਂਦਾ ਹੈ।

 

ਸ਼ੇਰਸ਼ਾਹ ਸੂਰੀ ਵੱਲੋਂ ਭੀਲੋਵਾਲ ‘ਚ ਬਣਾਈ ਪਾਣੀ ਦੀ ਖਾਈ ਦੇ ਖੰਡਰ।



ਗੁਰੂ ਨਾਨਕ ਦੇਵ ਜੀ ਦੇ ਵੇਲੇ ਸੌੜੀਆਂ ਇਕ ਤਹਿਸੀਲ ਸੀ ਇੱਥੋਂ ਦਾ ਹਾਕਮ ‘ਉਬਾਰੇ ਖਾਨ’ ਸੀ। ਉਬਾਰੇ ਖਾਨ ਦੇ ਪੰਜ ਪੁੱਤਰ ਸਨ ਉਸਨੇ ਆਪਣੀ ਜੈਲ ਦਾ ਪੰਜਾਂ ਹਿੱਸਿਆ ’ਚ ਬਟਵਾਰਾ ਕਰਕੇ ਪੰਜ ਪਿੰਡ ਬੰਨੇ ਮਿਸ਼ਰੀ ਖਾਂ ਦੇ ਨਾਲ ’ਤੇ ਚੱਕ ਮਿਸ਼ਰੀ ਖਾਂ, ਮਹਿਮੂਦ ਖਾਂ ਦੇ ਨਾਮ ’ਤੇ ਮਹਿਮਦਪੁਰਾ (ਮਹਿਮੂਦਪੁਰਾ), ਕਮਾਲ ਖਾਂ ਦੇ ਨਾਮ ’ਤੇ ਚੱਕ ਕਮਾਲ ਖਾਂ ਤੇ ਹੋਰ ਪਿੰਡ ਵਸਾਏ।

ਆਪਾਂ ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਅਤੇ ਰਹਿਣ ਬਾਰੇ ਗੱਲ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਦੇ ਸਹੁਰਾ ਸ਼੍ਰੀ ਮੂਲ ਚੰਦ ਖੱਤਰੀ ਇੱਥੇ ਉਬਾਰੇ ਖਾਨ ਦੀ ਜੈਲ ਵਿੱਚ ਪਟਵਾਰੀ ਲੱਗੇ ਹੋਏ ਸਨ। ਸ਼੍ਰੀ ਮੂਲ ਚੰਦ ਨਾਲ ਉਬਾਰੇ ਖਾਨ ਦਾ ਬਹੁਤ ਪ੍ਰੇਮ ਸੀ। ਗੁਰੂ ਨਾਨਕ ਦੇਵ ਜੀ ਆਪਣੇ ਦੋਹਾਂ ਬੱਚਿਆਂ ਅਤੇ ਮਾਤਾ ਸੁੱਲਖਣੀ ਜੀ ਨਾਲ ਇੱਥੇ ਰਹਿਣ ਵਾਸਤੇ ਆਏ। ਗੁਰੂ ਜੀ ਆਪਣੇ ਬਾਲ-ਪਰਿਵਾਰ ਨਾਲ ਆਪਣੇ ਸਹੁਰਾ ਪਰਿਵਾਰ ਨੂੰ ਮਿਲਣ ਆਏ ਆਏ ਡੇਢ-ਦੋ ਮਹੀਨੇ ਇੱਥੇ ਰਹੇ। ਗੁਰੂ ਜੀ ਦਾ ਰੂਹਾਨੀ ਮਿਸ਼ਨ ਸੀ ਗੁਰੂ ਜੀ ਜਿੱਥੇ ਵੀ ਜਾਂਦੇ ਉਥੇ ਆਤਮਿਕ ਗਿਆਨ ਰਾਹੀਂ ਰੂਹਾਂ ਦੇ ਹਨੇਰੇ ਦੂਰ ਕਰਦੇ ਸਨ। ਗੁਰੂ ਜੀ ਨੇ ਇੱਥੇ ਵੀ ਸਤਿਸੰਗ ਸ਼ੁਰੂ ਕਰ ਦਿੱਤਾ। ਗੁਰੂ ਜੀ ਦੇ ਚਮਤਕਾਰੀ ਵਿਚਾਰ ਸੁਣ ਕੇ ਲੋਕ ਉਹਨਾਂ ਦੇ ਮੁਰੀਦ ਬਣਨ ਲੱਗੇ।

ਉਬਾਰੇ ਖਾਂ ਵੀ ਗੁਰੂ ਜੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਬਾਰੇ ਖਾਂ ਗੁਰੂ ਜੀ ਦਾ ਮੁਰੀਦ ਬਣ ਗਿਆ। ਉਹ ਰੋਜ਼ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਨ ਲੱਗਾ। ਜਦੋਂ ਗੁਰੂ ਜੀ ਇੱਥੋਂ ਵਿਦਾਈ ਲੈਣ ਲੱਗੇ ਤਾਂ ਉਬਾਰੇ ਖਾਂ ਨੇ ਗੁਰੂ ਜੀ ਨੂੰ ਬਹੁਤ ਕਿਹਾ ਕਿ, ‘‘ਜਿੰਨੀ ਚਾਹੀਦੀ ਹੈ ਜ਼ਮੀਨ ਰੱਖ ਲਵੋ ਇੱਥੇ ਤੁਹਾਨੂੰ ਕੋਠੀ ਵੀ ਬਣਵਾ ਦਿੰਦੇ ਹਾਂ ਅਤੇ ਤੁਸੀਂ ਪੱਕੇ ਤੌਰ ’ਤੇ ਇੱਥੇ ਵੱਸ ਜਾਉ।’’ ਪਰ ਗੁਰੂ ਜੀ ਦਾ ਆਪਣਾ ਮਿਸ਼ਨ ਸੀ ਜਿਸ ਲਈ ਉਹਨਾਂ ਨੂੰ ਅਗਲੀਆਂ ਯਾਤਰਾਵਾਂ ਵੱਲ ਜਾਣਾ ਪੈਣਾ ਸੀ।

ਅੰਤ ਉਬਾਰੇ ਖਾਂ ਨੇ ਗੁਰੂ ਜੀ ਨੂੰ ਕਿਹਾ ਕਿ ਕੋਈ ਨਿਸ਼ਾਨੀ ਜਰੂਰ ਦੇ ਕੇ ਜਾਉ ਤਾਂ ਗੁਰੂ ਜੀ ਨੇ ਪਿੰਡ ਦੇ ਉਚੇ ਹਿੱਸੇ ’ਤੇ ਇਕ ਖੂਹੀ ਲਵਾਈ ਜਿੱਥੇ ਪੀਣ ਵਾਲੇ ਪਾਣੀ ਦੀ ਕੁਝ ਕਮੀ ਸੀ। ਇਹ ਖੂਹੀ ਅੱਜ ਤੱਕ ਬਚੀ ਹੋਈ ਹੈ ਪਰ ਇਸਦੀ ਦਿੱਖ ਕਾਰ ਸੇਵਾ ਵਾਲਿਆਂ ਬਦਲ ਦਿੱਤੀ ਹੈ ਇਸ ਵਿਚ ਮੋਟਰ ਅਤੇ ਪਾਈਪ ਪਾ ਕੇ ਉੱਪਰ ਸੰਗਮਰਮਰ ਦੀ ਛੱਤ ਪਾ ਦਿੱਤੀ ਗਈ। ਕਾਸ਼ ਇਹ ਗੁਰੂ ਸਾਹਿਬ ਦੇ ਵੇਲੇ ਦੀ ਨਿਸ਼ਾਨੀ ਉਸੇ ਰੂਪ ’ਚ ਸੰਭਾਲੀ ਹੁੰਦੀ।

 


ਸੌੜੀਆਂ ‘ਚ ਗੁਰੁ ਸਹਿਬ ਦੁਆਰਾ ਲਵਾਈ ਗਈ ਖੂਹੀ।


 

ਸੱਕੀ ਨਦੀ ਦੇ ਕੰਢੇ ਬਣਾਇਆ ਪ੍ਰਾਚੀਨ ਹੁਜ਼ਰਾ।



 

ਪੀਰ ਹਾਜੀ ਸ਼ਾਹ ਦੁਆਰਾ ਬਣਾਈ ਮਸੀਤ, ਜਿੱਥੇ ਗੁਰੁ ਜੀ ਅਕਸਰ 

ਆਉਂਦੇ ਰਹੇ।


ਸੌੜੀਆਂ ‘ਚ ਨਗਰ ਦੀ ਸ਼ਾਨ ਲਈ ਕੁਝ ਚਬੂਤਰੇ ਬਣਾਏ ਗਏ। ਇਹਨਾਂ ‘ਚੋਂ 

ਬਚਿਆ ਇਕ।


ਸੌੜੀਆਂ ’ਚ ਕੁਝ ਪ੍ਰਾਚੀਨ ਇਮਾਰਤਾਂ ਕਾਇਮ ਹਨ ਪਰ ਬਹੁਤ ਸਾਰੀਆਂ ਨਸ਼ਟ ਹੋ ਚੁੱਕੀਆਂ ਹਨ। ਇਹਨਾਂ ਵਿੱਚ ਮੁਸਮਲਮਾਨ ਧਰਮ ਦੇ ਅਨੁਯਾਈ ਸੰਤ ਰਹਿੰਦੇ ਸਨ। ਪਿੰਡ ਦੇ ਪਿਛਲੇ ਪਾਸੇ ਇਕ ਹੁਜਰਾ ਮੌਜੂਦ ਹੈ। ਇਹ ਇਕ ਨਦੀ ਦੇ ਬਿਲਕੁਲ ਕਿਨਾਰੇ ’ਤੇ ਸੀ। ਨਦੀ ਹੁਣ ਕੁਝ ਏਕੜ ਹਟਵੀਂ ਹੋ ਗਈ ਹੈ। ਇੱਥੇ ਪਿੰਡ ਦੇ ਬਾਹਰਵਾਰ ਇਕ ਪ੍ਰਾਚੀਨ ਮਸਜਿਦ ਹੈ, ਗੁਰੂ ਸਾਹਿਬ ਵੇਲੇ ਇੱਥੇ ਪੀਰ ਹਾਜ਼ੀ ਸ਼ਾਹ ਹੋਇਆ ਕਰਦੇ ਸਨ। ਗੁਰੂ ਜੀ ਇਸ ਇਮਾਰਤ ’ਚ ਪੀਰ ਹੁਰਾਂ ਨੂੰ ਮਿਲਣ ਆਉਂਦੇ। ਇਸ ਮਸੀਤ ’ਚ ਗੁਰੂ ਜੀ ਅਨੇਕ ਵਾਰ ਆਏ ਇਹ ਇਮਾਰਤ ਅਜੇ ਉਸੇ ਰੂਪ ’ਚ ਬਚੀ ਹੋਈ ਹੈ।

 

ਭੀਲੇਵਾਲ ਸਾਂਈ ਸ਼ਾਹ ਬਖਤਿਆਰ ਕਾਕੀ ਜੀ ਦਾ ਘਰ

      ਗੁਰੂ ਨਾਨਕ ਦੇਵ ਜੀ ਸੌੜੀਆਂ ਰਹਿਣ ਦੇ ਦੌਰਾਨ ਇੱਥੋਂ ਲਗਭਗ ਤਿੰਨ ਕਿਲੋਮੀਟਰ ਦੂਰ ਸੂਫੀ ਫ਼ਕੀਰ ਸਾਂਈ ਸ਼ਾਹ ਬਖਤਿਆਰ ਜੀ ਨੂੰ ਮਿਲਣ ਭੀਲੋਵਾਲ ਗਏ। ਇੱਥੇ ਨਗਰ ਦੇ ਬਾਹਰਵਾਰ ਸ਼ਾਹ ਬਖਤਿਆਰ ਜੀ ਦੀ ਰਿਹਾਇਸ਼ ਅਤੇ ਇਕ ਮਸੀਤ ਸੀ।

 


ਵੈਰੋਕੇ ‘ਚ ਸਾਈਂ ਸ਼ਾਹ ਬਖਤਿਆਰ ਦੀ ਰਿਹਾਇਸ਼ ‘ਤੇ ਬਣੀ ਮਸੀਤ। ਜਿੱਥੇ ਗੁਰੁ ਜੀ ਸਾਈਂ ਜੀ ਨੂੰ ਮਿਲਣ ਆਏ।


 

ਸਾਈਂ ਸ਼ਾਹ ਬਖਤਿਆਰ ਜੀ ਦੀ ਰਿਹਾਇਸ਼ ‘ਤੇ ਬਚੇ ਖੂਹ ਅਤੇ ਹੋਰ ਖੰਡਰ।


ਗੁਰੂ ਜੀ ਪੈਦਲ ਕੱਚੇ ਰਸਤੇ ਰਾਹੀਂ ਸੌੜੀਆਂ ਤੋਂ ਭੀਲੋਵਾਲ ਵੱਲ ਆ ਆਏ। ਜਦੋਂ ਗੁਰੂ ਜੀ ਨੇ ਸ਼ਾਹ ਬਖਤਿਆਰ ਜੀ ਦੇ ਦਰਵਾਜੇ ਅੱਗੇ ਦਸਤਕ ਦਿੱਤੀ ਤਾਂ ਸ਼ਾਹ ਬਖਤਿਆਰ ਜੀ ਘਰ ਨਹੀ ਸਨ ਬਲਕਿ ਭੀਲੋਵਾਲ ਗਏ ਹੋਏ ਸਨ। ਪਰ ਉਹਨਾਂ ਦੀ ਘਰਵਾਲ਼ੀ ਨੇ ਗੁਰੂ ਜੀ ਦਾ ਕੋਈ ਆਦਰ-ਮਾਣ ਨਾ ਕੀਤਾ ਅਤੇ ਬਿਨਾਂ ਜਲ-ਪਾਣੀ ਦੀ ਸੁਲਹ ਪੁੱਛਿਆ ਦਰਵਾਜੇ ਅੱਗੋਂ ਇਹ ਕਹਿ ਕਿ ਮੋੜ ਦਿੱਤਾ ਕਿ ‘ਸਾਂਈ ਜੀ ਘਰ ਨਹੀਂ ਹਨ।’

ਗੁਰੂ ਜੀ ਨੇ ਇੱਥੇ ਬੋਲ ਉਚਾਰੇ ‘ਸੁੰਨੇ ਮਹਿਲ ਡਰਾਵਣੇ ਬਰਕਤ ਮਰਦਾਂ ਨਾਲ, ਬੀਵੀ ਵੱਸੇ ਦਮਦਮੇ ਮੀਆਂ ਭੀਲੋਵਾਲ।’

ਗੁਰੂ ਨਾਨਕ ਦੇਵ ਜੀ ਵਾਪਿਸ ਚਲ ਪਏ ਅਤੇ ਰਸਤੇ ਵਿੱਚ ਭੀਲੋਵਾਲ ਤੋਂ ਆਪਣੀ ਰਿਹਾਇਸ਼ ਵੱਲ ਆਉਂਦਿਆਂ ਸ਼ਾਹ ਬਖਤਿਆਰ ਜੀ ਮਿਲ ਪਏ। ਇਕ ਬੇਰੀ ਦੇ ਹੇਠ ਬੈਠ ਕੇ ਦੋਹਾਂ ਅਧਿਆਤਮਿਕ ਆਗੂਆਂ ’ਚ ਦੇਰ ਤੱਕ ਵਿਚਾਰਾਂ ਹੁੰਦੀਆਂ ਰਹੀਆਂ। ਇਹ ਬੇਰੀ ਅੱਜ ਵੀ ਮੌਜੂਦ ਹੈ। ਪਿੰਡੇ ਵੈਰੋਕੇ ’ਚ ਵਿਸ਼ਾਲ ਗੁਰਦੁਆਰਾ ਸਾਹਿਬ ਅਤੇ ਇਕ ਖੂਹੀ ਵੀ ਮੌਜੂਦ ਹੈ।

ਸਾਂਈ ਸ਼ਾਹ ਬਖਤਿਆਰ ਕਾਕੀ ਜੀ ਦੀ ਰਿਹਾਇਸ਼ ਕਾਫੀ ਹੱਦ ਤੱਕ ਢਹਿ ਚੁੱਕੀ ਹੈ ਪਰ ਜਿੰਨੀ ਵੀ ਬਚੀ ਹੈ ਉਸੇ ਰੂਪ ’ਚ ਬਚੀ ਹੈ ਜਦੋਂ ਗੁਰੂ ਸਾਹਿਬ ਇੱਥੇ ਆਏ। ਪੁਰਾਣੀਆਂ ਇੱਟਾਂ ਦੀ ਇਮਾਰਤ ’ਚ ਇੱਕ ਪੁਰਾਣੇ ਜ਼ਮਾਨੇ ਦਾ ਸੰਦੂਕ ਪਿਆ ਹੈ। ਲੱਕੜੀ ਦੀ ਛੱਤ ’ਤੇ ਇਕ ਛਤੀਰ ਦੀ ਵਿਰਲ ਵਿੱਚ ਇਕ ਉਲੂ ਬੈਠਾ ਹੈ। ਮੈਂ ਇੱਥੇ ਕੁਝ ਰਿਕਾਰਡਿੰਗ ਕਰਨਾ ਚਾਹੁੰਦਾ ਸਾਂ ਪਰ ਦਿਨ ਵੇਲੇ ਆਰਾਮ ਕਰਨ ਵਾਲੇ ਇਸ ਪੰਛੀ ਦਾ ਸਕੂਨ ਭੰਗ ਨਾ ਹੋਵੇ ਇਸ ਲਈ ਕੈਮਰਾ ਘੁਮਾ ਕੇ ਚੁੱਪ-ਚਾਪ ਬਾਹਰ ਆ ਗਿਆ।

ਸਾਈਂ ਜੀ ਦੇ ਵਿਹੜੇ ’ਚ ਪੁਰਾਣੀਆਂ ਇੱਟਾਂ ਦੀ ਡੂੰਘੀ ਖੂਹੀ ਮੌਜੂਦ ਹੈ। ਇਸਦੀ ਮੌਣ ’ਤੇ ਬੈਠ ਝੁੱਕ ਕੇ ਅੰਦਰ ਵੇਖਦਾ ਹਾਂ ਅਤੇ ਸੋਚ ਰਿਹਾ ਹਾਂ ਕਿ ਇਸਦੇ ਅੰਦਰ ਕੁਝ ਕੁ ਫੁੱਟ ਖੁਦਾਈ ਕੀਤੀ ਜਾਵੇ ਤਾਂ ਇਸਦੀ ਸਤਹਿ ’ਚੋਂ ਪਾਣੀ ਫਿਰ ਰਿਸਣ ਲੱਗੇਗਾ।

ਖੂਹ ਦੀ ਮੌਣ ’ਤੇ ਬੈਠਿਆਂ ਇਸ ਢਹਿ ਰਹੇ ਪ੍ਰਾਚੀਨ ਮੰਜ਼ਿਰ ਨੂੰ ਵੇਖ ਮੈਂ ਇਸ ਸੋਚ ’ਚ ਰੁੱਝਾ ਹਾਂ ਕਿ ਸੈਂਕੜੇ ਸਾਲ ਪਹਿਲਾਂ ਜਦੋਂ ਇਸ ਘਰ ’ਚ ਗੁਰੂ ਜੀ ਸ਼ਾਹ ਬਖਤਿਆਰ ਜੀ ਨੂੰ ਮਿਲਣ ਆਏ ਤਾਂ ਉਸ ਵੇਲੇ ਇਸ ਜਗ੍ਹਾ ਦਾ ਨਜ਼ਾਰਾ ਕਿਹੋ ਜਿਹਾ ਹੋਵੇਗਾ। ਦੋਸਤੋ! ਗੁਰੂ ਸਾਹਿਬ ਦੇ ਸੰਪਰਕ ਆਉਣ ਵਾਲੀਆਂ ਥਾਵਾਂ ਨੂੰ ਉਸੇ ਰੂਪ ’ਚ ਵੇਖਣਾ ਚਾਹੁੰਦੇ ਹੋ ਤਾਂ ਇਸ ਜਗ੍ਹਾ ਸਮੇਤ ਮੇਰੇ ਇਸ ਲੇਖ ’ਚ ਆਈਆਂ ਥਾਵਾਂ ਨੂੰ ਜ਼ਰੂਰ ਵੇਖੋ।

ਇੱਥੇ ਸੂਫੀ ਫ਼ਕੀਰਾਂ ਦੀਆਂ ਕਬਰਾਂ ਅਤੇ ਇਕ ਭੋਰਾ ਵੀ ਹੈ ਜਿੱਥੇ ਇਹ ਸਾਂਈ ਲੋਕ ਭਗਤੀ ਕਰਦੇ ਰਹੇ। ਮੈਨੂੰ ਅਨੇਕ ਬਜ਼ੁਰਗ ਲੋਕਾਂ ਨੇ ਦੱਸਿਆ ਕਿ ਇੱਕ ਭੋਰੇ ’ਚੋਂ ਖੰਡ ਨਿਕਲਦੀ ਹੁੰਦੀ ਸੀ ਜੋ ਉਹਨਾਂ ਆਪਣੀ ਅੱਖੀਂ ਵੇਖੀ। ਇਹ ਜਗ੍ਹਾ ਕਾਫੀ ਕੁਦਰਤੀ ਵਾਤਾਵਰਣ ’ਚ ਹੈ ਇੱਥੇ ਕਈ ਤਰਾਂ ਦੇ ਰੁੱਖ ਅਤੇ ਸ਼ਾਂਤ ਵਾਤਾਵਰਣ ਮਨ ਨੂੰ ਮੋਹ ਲੈਂਦੇ ਹਨ।

 ਬੇਬੇ ਨਾਨਕੀ ਦਾ ਘਰ

ਸੁਲਤਾਨਪੁਰ ਲੋਧੀ ’ਚ ਇਤਿਹਾਸਿਕ ਨਦੀ ਵੇਂਈ ਅਤੇ ਹੋਰ ਬਹੁਤ ਸਾਰੇ ਧਾਰਮਿਕ ਇਤਿਹਾਸਿਕ ਸਥਾਨਾਂ ਦੇ ਨਾਲ ਬੇਬੇ ਨਾਨਕੀ ਦਾ ਘਰ ਵੀ ਮੌਜੂਦ ਹੈ। ਇਸ ਘਰ ਦੇ ਉਪਰਲੇ ਕਮਰੇ ’ਚ ਗੁਰੂ ਜੀ ਕੁਝ ਸਾਲ ਰਹੇ। ਵਧੀਆ ਗੱਲ ਹੈ ਕਿ ਇਹ ਘਰ ਅਜੇ ਵੀ ਉਸੇ ਰੂਪ ’ਚ ਸੰਭਾਲਿਆ ਗਿਆ ਹੈ।

ਬੇਬੇ ਨਾਨਕੀ ਦੇ ਘਰ ਦੀ ਹਾਲਤ ਵਧੀਆ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਉਸ ਵੇਲੇ ਸਰਦੇ-ਪੁੱਜਦੇ ਲੋਕਾਂ ਦੇ ਘਰ ਇਹੋ ਜਿਹੇ ਹੁੰਦੇ ਸਨ। ਘਰ ਦੇ ਵਿਹੜੇ ’ਚ ਇਕ ਖੂਹੀ ਵੀ ਮੌਜੂਦ ਹੈ।

ਇਸ ਲੇਖ ਲਿਖਣ ਦਾ ਮੇਰਾ ਮਨੋਰਥ ਬਸ ਇੰਨਾ ਹੈ ਕਿ ਮਾਝੇ ਵਿੱਚ ਜਿੰਨਾ ਇਮਾਰਤਾਂ-ਥਾਵਾਂ ’ਚ ਗੁਰੂ ਨਾਨਕ ਦੇਵ ਜੀ ਰਹੇ ਵਿਚਰੇ ਇਹਨਾਂ ’ਚੋਂ ਕੁਝ ਉਸੇ ਰੂਪ ’ਚ ਬਚੀਆਂ ਹੋਈਆਂ ਹਨ ਇਹਨਾਂ ਬਾਰੇ ਇਕ ਦਸਤਾਵੇਜ ਤਿਆਰ ਕਰਨਾ ਹੈ। ਮੇਰੀ ਤੀਬਰ ਇੱਛਾ ਹੈ ਕਿ ਜੇ ਪ੍ਰਮਾਤਮਾ ਸਾਥ ਦੇਵੇ ਤਾਂ ਦੇਸ਼-ਵਿਦੇਸ਼ ’ਚ ਗੁਰੂ ਨਾਨਕ ਦੇਵ ਜੀ ਦੀਆਂ ਕੀਤੀਆਂ ਯਾਤਰਾਵਾਂ ਬਾਰੇ ਕੁਝ ਖੋਜ ਕਾਰਨ ਕਰ ਸਕਾਂ। ਇਬਨ ਬਤੂਤਾਂ ਦੀਆਂ ਯਾਤਰਾਵਾਂ ਬਾਰੇ ਕਿਤਾਬ ਲਿਖਣਾ ਮੇਰੇ ਲਈ ਇਕ ਸੁਖਦ ਅਨੁਭਵ ਸੀ। ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਬਾਰੇ ਬਹੁਤ ਘੱਟ ਕੰਮ ਹੋਇਆ ਹੈ।

 

ਸੁਲਤਾਨਪੁਰ ਲੋਧੀ ‘ਚ ਬੀਬੀ ਨਾਨਕੀ ਦਾ ਘਰ


   

ਪਿੰਡ ਤੇ ਡਾਕ: ਕੋਹਾਲ਼ੀ, ਜਿਲ੍ਹਾ ਅੰਮ੍ਰਿਤਸਰ।

ਮੋਬਾ: 9815534653

poetaulakh@gmail.com

2 comments:

  1. Beautiful article.... Full of knowledge

    ReplyDelete
  2. ਜਤਿੰਦਰ ਜੀ ਤੁਹਾਡੇ ਨਾਲ ਯਾਰੀ ਪਾਉਣ ਨੂੰ ਜੀ ਕਰਦਾ . ਇੱਕੋ ਨਾ ਸਹੀ, ਪਰ ਜਿਹੇ ਰਾਹ ਦੇ ਰਾਹੀ ਹਾਂ ਆਪਾਂ --ਸਰਬਜੀਤ ਉੱਖਲਾ 9465027799 ਪਟਿਆਲਾ

    ReplyDelete