|
ਜਤਿੰਦਰ ਸਿੰਘ ਔਲ਼ਖ ਮੋਬਾ: 9815534653 |
ਸਫ਼ਰਾਂ ਅਤੇ ਪ੍ਰਾਚੀਨ ਇਤਿਹਾਸ ਨਾਲ ਮੈਨੂੰ ਅਤਿਅੰਤ ਮੋਹ ਰਿਹਾ ਹੈ। ਮੇਰਾ ਵੱਸ ਚੱਲੇ ਤਾਂ ਹਰ ਵੇਲੇ ਸਫ਼ਰ ਅਤੇ ਖੋਜ ਵਿੱਚ ਰਹਾਂ। ਦੁਨਿਆਵੀ ਵਲਗਣਾਂ ਦੀ ਜਕੜਨ ਢਿੱਲੀ ਕਰਕੇ ਮੈਂ ਹਮੇਸ਼ਾਂ ਨਿਕਲ ਤੁਰਦਾ ਹਾਂ, ਰਾਹਵਾਂ ਦੇ ਕਿਨਾਰਿਆਂ ’ਤੇ ਖੜੇ ਰੁੱਖ ਡਾਹਢੇ ਪਿਆਰੇ ਲੱਗਦੇ ਹਨ ਇਹਨਾਂ ਨਾਲ ਸੰਵਾਦ ਕਰੋ ਤਾਂ ਤੁਹਾਡੇ ਸਿਰਾਂ ਦੀ ਸਾਰੀ ਤਪਸ਼ ਲੈ ਲੈਣਗੇ ਅਤੇ ਇਹਨਾਂ ਦੀਆਂ ਠੰਡੀਆਂ ਛਾਵਾਂ ’ਚੋਂ ਅਸੀਸਾਂ ਦਾ ਮੀਂਹ ਵਰ੍ਹਦਾ ਲੱਗੇਗਾ।
ਅਲਬਰੂਨੀ ਅਤੇ ਹੋਰ ਪ੍ਰਾਚੀਨ ਯਾਤਰੀਆਂ ਦੇ ਸਫ਼ਰਨਾਮਿਆਂ ਨੂੰ ਪੜ੍ਹਿਆ ਅਤੇ ਮਾਣਿਆ। ਮੱਧਕਾਲ ਦੇ ਮਹਾਨ ਯਾਤਰੀ ਇਬਨ ਬਤੂਤਾ ਦੀ ਯਾਤਰਾ ਪੱਤਰੀ ਦਾ ਪੰਜਾਬੀ ’ਚ ਅਨੁਵਾਦ ਕੀਤਾ, ਜੋ ਬਹੁਤ ਸਾਰੀਆਂ ਇਤਿਹਾਸਿਕ ਗਵਾਹੀਆਂ ਸਮੋਈ ਬੈਠੀ ਹੈ। ਅਰਬ ਦੀ ਲੋਕ ਕਥਾ ਸਿੰਧਬਾਦ ਜਹਾਜੀ ਦੀਆਂ ਸਮੁੰਦਰੀ ਯਾਤਰਾਵਾਂ ਦਾ ਪੰਜਾਬੀ ਅਨੁਵਾਦ ਵੀ ਕਰ ਚੁੱਕਾ ਹਾਂ ਪਰ ਇਹ ਕਿਤਾਬਾਂ ਅਜੇ ਅਣਛਪੀਆਂ ਪਈਆਂ ਹਨ। ਮੇਰਾ ਅੰਗਰੇਜ਼ੀ ’ਚ ਛਪਿਆ ਨਾਵਲ ‘ਫਾਲ ਕਾਂਟ ਸੀਜ਼ ਦੀ ਸਪਰਿੰਗਜ਼’ ਵੀ ਰੂਹਾਨੀ ਤਲਾਸ਼ ’ਚ ਭਟਕ ਰਹੇ ਇਕ ਯਾਤਰੀ ਦੁਆਰਾ ਹਿਮਾਲਿਆ ਦੀ ਕੀਤੀ ਗਈ ਪ੍ਰਾਚੀਨ ਇਤਿਹਾਸਿਕ ਯਾਤਰਾ ਹੈ।
ਕਰਤਾਰਪੁਰ ਸਹਿਬ ਲਾਂਘਾ ਪ੍ਰਜੈਕਟ ਬਣਨ ਤੋਂ ਚਾਰ-ਪੰਜ ਸਾਲ ਪਹਿਲਾਂ ਦੀ ਗੱਲ ਹੈ। ਮੇਰੀ ਮੱਸਿਆ ਦੀ ਛੁੱਟੀ ਸੀ ਇਸ ਲਈ ਘਰੋਂ ਗੱਡੀ ਲੈ ਨਿਕਲ ਤੁਰਿਆ। ਕੁਝ ਦੂਰ ਜਾ ਕੇ ਗੱਡੀ ਰੋਕ ਲਈ ਅਤੇ ਆਪਣੀ ਬੇਮਕਸਦ ਭਟਕਣਾ ਨੂੰ ਕੋਈ ਮਕਸਦ ਦੇਣ ਦੀ ਕੋਸ਼ਿਸ਼ ਕਰਨ ਲੱਗਾ ਯਾਨੀ ਕਿ ਇਹ ਸੋਚਣ ਲੱਗਾ ਕਿ ਅੱਜ ਜਾਣਾ ਕਿੱਧਰ ਹੈ?
ਮਨ ਨੇ ਆਵਾਜ਼ ਦਿੱਤੀ ਕਿ ਅੱਜ ਗੁਰੂ ਬਾਬੇ ਦੀਆਂ ਵਰੋਸਾਈਆਂ ਗਲ਼ੀਆਂ ’ਚ ਸਿਜਦਾ ਹੀ ਕਰ ਆਈਏ।ਗੱਡੀ ਅਜਨਾਲ਼ਾ ਤੋਂ ਰਮਦਾਸ ਅਤੇ ਡੇਰਾ ਬਾਬਾ ਨਾਨਕ ਵੱਲ ਮੋੜ ਲਈ; ਤਕਰੀਬਨ ਦੋ ਕੁ ਘੰਟਿਆਂ ਬਾਅਦ ਹਿੰਦ-ਪਾਕਿ ਸਰਹੱਦ ’ਤੇ ਫੌਜ ਵੱਲੋਂ ਬਣਾਏ ਗਏ ਥੜ੍ਹੇ ’ਤੇ ਖੜਾ ਸਾਂ। ਫੌਜੀਆਂ ਦੀ ਦੂਰਬੀਨ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਗੁਰਦੁਆਰਾ ਸਾਹਿਬ ਦੇ ਹਾਲ ’ਚ ਤੁਰੇ-ਫਿਰਦੇ ਤਿੰਨ ਕੁ ਵਿਅਕਤੀ ਨਜ਼ਰ ਆਏ। ਫੌਜੀਆਂ ਦੀ ਦੂਰਬੀਨ ਬਹੁਤ ਕਮਾਲ ਦੀ ਹੈ। ਇਹ ਬਿਲਕੁਲ ਜ਼ੀਰੋ ਲਾਈਨ ‘ਤੇ ਹੈ, ਕੁਝ ਮੀਟਰ ਦੂਰ ਪਾਕਿਸਤਾਨੀ ਕਿਸਾਨਾਂ ਨੇ ਟਰੈਕਟਰਾਂ ਨਾਲ ਹਲ ਜੋੜ ਰੱਖੇ ਹਨ ਅਤੇ ਉਸਤੋਂ ਪਿੱਛੇ ਝਾੜੀਆਂ ਦੇ ਵਿੱਚ ਚੰਦ-ਸਿਤਾਰੇ ਵਾਲਾ ਝੰਡਾ ਅਤੇ ਪਾਕਿਸਤਾਨੀ ਫੌਜ ਦੀ ਪਿਕਟ ਨਜ਼ਰ ਆ ਰਹੀ ਹੈ।
ਪੂਰੇ ਰਾਵੀ ਦੇ ਕੰਢੇ ਵਿਸ਼ਾਲ ਬੇਲਾ ਅਤੇ ਪਿੱਛੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਦੁਧੀਆ ਅਕਸ ਦਿਖਾਈ ਦੇ ਰਿਹਾ ਹੈ। ਇੱਥੇ ਆਏ ਯਾਤਰੀਆਂ ਦਾ ਮੰਜ਼ਿਰ ਮੈਂ ਵੇਖ ਰਿਹਾ ਹਾਂ ਕੋਈ ਬਸ ਮੰਜ਼ਿਰ ਵੇਖਣ ਹੀ ਆਇਆ ਹੈ ਅਤੇ ਕੋਈ ਪਾਰ ਜਾ ਕੇ ਦਰਸ਼ਨਾਂ ਦੀ ਤਾਂਘ ਲਈ ਅੱਥਰੂ ਕੇਰ ਰਿਹਾ ਸੀ। ਉਦੋਂ ਪਤਾ ਨਹੀਂ ਸੀ ਕਿ ਇਹੋ ਅੱਥਰੂ ਅਤੇ ਭਾਵੁਕ ਤਾਂਘਾਂ ਖੁੱਲ੍ਹੇ ਦਰਸ਼ਨ-ਦੀਦਾਰਿਆਂ ਲਈ ਅਧਾਰ ਬਣਨਗੀਆਂ।
ਮੈਂ ਉਸ ਥੜ੍ਹੇ ’ਤੇ ਖਲੋਅ ਉਹ ਭਾਵੁਕ ਮੰਜ਼ਿਰ ਵੇਖ ਰਿਹਾ ਸਾਂ। ਪਾਰਲੇ ਪਾਰੋਂ ਗੁਰੂ ਬਾਬੇ ਦੀ ਪਾਵਨ ਦਰਗਾਹੋਂ ਰਾਵੀ ਦੇ ਠੰਡੇ ਜਲ ਦੀ ਛੋਹ ਲਈ ਸਰਕੰਡਿਆਂ ਨੂੰ ਹਿਲਾਉਂਦਾ ਹਵਾ ਦਾ ਬੁੱਲ੍ਹਾ ਆਇਆ ਮੈਨੂੰ ਜਿਵੇਂ ਸੁੱਧ-ਬੁੱਧ ਭੁੱਲ ਗਈ। ਮੈਂ ਅਚਾਨਕ ਜਿਵੇਂ ਬੀਤੇ ਸਮੇਂ ’ਚ ਪ੍ਰਵੇਸ਼ ਕਰ ਗਿਆ ਸਾਂ।
ਲੋਕ ਆਪੋ-ਆਪਣੇ ਵਿਚਾਰ ਪੇਸ਼ ਕਰ ਰਹੇ ਸਨ ਮੈਂ ਆਪਣੇ ਮਨ ਦੀ ਬਣੀ ਅਤਿ ਵੈਰਾਗਮਈ ਅਵਸਥਾ ਨੂੰ ਮਾਨਣ ਲਈ ਥੋੜ੍ਹਾ ਪਰ੍ਹਾਂ ਹੋ ਇਕ ਬੈਂਚ ’ਤੇ ਬੈਠ ਗਿਆ।