Wednesday, August 24, 2011

ਸਾਹਿਤ ਸੱਤਿਆਨਾਸ਼...-ਗੁਰਦੇਵ ਚੌਹਾਨ



ਸਾਹਿਤ ਕਦੀ ਸਿਹਤ ਹੁੰਦਾ ਸੀ, ਅਜਕਲ ਰੋਗ ਬਣ ਗਿਆ ਹੈ। ਕਿਸੇ ਯੁੱਗ ਵਿਚ ਸਾਹਿਤ ਸਿਰਜਣ ਲਈ ਸਾਹਿਤ ਵਿਚ ਸਿਹਤ ਦਾ ਹੋਣਾ ਲਾਜ਼ਮੀ ਹੁੰਦਾ ਸੀ।ਅਜਕਲ ਸਾਹਿਤ ਸਿਰਜਣ ਲਈ ਰੋਗੀ ਹੋਣਾ ਲਾਜ਼ਮੀ ਬਣ ਗਿਆ ਹੈ। 

ਇਸ ਕਾਲਮ ਵਿਚ ਅਸੀਂ ਸਾਹਿਤ ਰੋਗ ਦਾ ਗਹਿਰਾ ਅਧਿਅਨ ਕਰਾਂਗੇ ਤਾਂ ਕਿ ਸਾਹਿਤ ਦੀ ਵਿਨਾਸ਼ ਯੋਜਨਾ ਹੋਰ ਭਰੋਸੇਯੋਗ ਬਣਾਈ ਜਾ ਸਕੇ। ਸ਼ੁਰੂ ਕਰਨ ਤੋਂ ਪਹਿਲਾਂ ਇਹ ਦੱਸ ਦੇਣਾ ਖਤਰੇ ਤੋਂ ਖਾਲੀ ਹੀ ਹੋਵੇਗਾ ਕਿ ਸਾਹਿਤ ਦੀ ਨੀਂਹ ਜੀਵਨ ਦੇ ਕੇਂਦਰੀ ਮੁੱਲਾਂ ਦੀ ਸਥਾਪਤੀ ਲਈ ਰੱਖੀ ਗਈ ਸੀ। ਹੌਲੇ- ਹੌਲ਼ੇ ਇੱਸ ਵਿਚ ਅੱਤਵਾਦ ਤੇ ਕੁਰੀਤੀਆਂ ਨੇ ਦਾਖਲ ਹੋਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਾਹਿਤ ਲੋਕਾਂ ਤੋਂ ਦੂਰ ਜਾਣ ਲੱਗਾ ਅਤੇ ਇਸੇ ਕ੍ਰਮ ਵਿਚ ਸਾਡੇ ਕਾਜ ਦਾ ਪਵਿੱਤਰ ਚਰਣ ਇਹ ਹੈ ਕਿ ਲੋਕਾਂ ਨੂੰ ਸਾਹਿਤ ਤੋਂ ਬਚਾਇਆ ਜਾਏ। 

ਇਹ ਠੀਕ ਹੈ ਕਿ ਸਾਹਿਤ ਕੋਈ ਪਾਗਲ ਕੁੱਤਾ ਨਹੀਂ ਜੋ ਸਾਨੂੰ ਵੱਢ ਲਵੇ। ਪਰ ਇਸ ਗੱਲ ਵਿਚ ਵੀ ਬੜਾ ਦਮ ਹੈ ਕਿ ਪਾਗਲ ਦੇ ਸਿਰ ਵਿਚ ਸਿੰਗ ਤੇ ਨਹੀਂ ਹੁੰਦੇ ਨਾ? ਇਸ ਲਈ ਠੀਕ ਹੀ ਰਹੇਗਾ ਕਿ ਗੱਲ ਸ਼ੁਰੂ ਤੋਂ ਹੀ ਸ਼ੁਰੂ ਕੀਤੀ ਜਾਏ। ਯਾਨੀ ਵਿਸ਼ਲੇਸ਼ਣ ਕਰਦਿਆਂ ਇਹ ਤੈਅ ਕਰੀਏ ਕਿ ਸਾਹਿਤ ਦੀ ਪਰਿਭਾਸ਼ਾ ਕੀ ਹੈ? ਕਿਉਂਕਿ ਅੱਜਕਲ ਕਿਸੇ ਵੀ ਵਿਸ਼ੇ ਦਾ ਸਭ ਤੋਂ ਮਹੱਤਵਪੂਰਨ ਪਾਠ ਉਸਦੀ ਪਰਿਭਾਸ਼ਾ ਹੀ ਮੰਨੀ ਜਾਂਦੀ ਹੈ। ਅਧਿਆਪਕ ਜਨ ਔਸਤਨ ਇਕ ਸਾਲ 'ਚੋਂ ਗਿਆਰਾਂ ਮਹੀਨੇ ਆਪਣੇ ਵਿਸ਼ੇ ਦੀ ਪਰਿਭਾਸ਼ਾ ਪੜ੍ਹਾਉਂਦਿਆਂ ਖਪਾ ਦਿੰਦੇ ਹਨ ਅਤੇ ਬਚਿਆ ਇਕ ਮਹੀਨਾ ਉਸਨੂੰ ਗਲਤ ਸਿੱਧ ਕਰਨ ਵਿਚ। ਅਸਲ ਵਿਸ਼ਾ ਨਾ ਅਧਿਆਪਕ ਦੇ ਮੂੰਹ 'ਚ ਹੁੰਦਾ ਹੈ ਨਾ ਕਿਤਾਬਾਂ ਦੇ ਪੇਟ 'ਚ। ਉਹ ਸਿਲੇਬਸ ਦੇ ਬਰਾਂਮਦੇ 'ਚ ਟਹਿਲਦਾ ਹੀ ਰਹਿੰਦਾ ਹੈ ਅਤੇ ਰੁੱਤ ਬਦਲ ਜਾਂਦੀ ਹੈ। 

'ਸਾਹਿਤ' ਸ਼ਬਦ ਅਸਲ ਵਿਚ ਸ਼ਹਿਦ ਤੋਂ ਨਿਕਲਿਆ ਹੈ।ਸ਼ਹਿਦ ਦਾ ਖਿਆਲ ਆਉਂਦਿਆਂ ਹੀ ਮੱਖੀਆਂ ਦਾ ਖਿਆਲ ਆ ਜਾਂਦਾ ਹੈ...ਅਤੇ ਮੱਖੀਆਂ ਦਾ ਖਿਆਲ ਆਉਂਦਿਆਂ ਹੀ ਆਲੋਚਕ ਪ੍ਰਤੱਖ ਹੋ ਜਾਂਦਾ ਹੈ। 

ਦਰਅਸਲ ਸਭ ਤੋਂ ਪਹਿਲਾਂ ਮੱਖੀਆਂ ਹੋਂਦ ਵਿਚ ਆਈਆਂ ਫਿਰ ਸ਼ਹਿਦ। ਸ਼ਹਿਦ ਦੇ ਬਾਅਦ ਆਈ ਸਿਹਤ, ਸਿਹਤ ਦੇ ਬਾਅਦ ਸਾਹਿਤ ਅਤੇ ਸਾਹਿਤ ਦੇ ਬਾਅਦ ਫਿਰ ਮੱਖੀਆਂ। ਏਦਾਂ ਸ਼ਾਇਦ ਧਰਤੀ ਦੇ ਗੋਲ ਹੋਣ ਕਾਰਨ ਹੋਇਆ ਜਾਂ ਸ਼ਹਿਦ ਦੀ ਮਿਠਾਸ ਕਾਰਨ। 

ਫਿਲਹਾਲ, ਮੱਖੀਆਂ ਆਪਣੇ-ਆਪ 'ਚ ਸ਼ਹਿਦ ਅਤੇ ਸਿਹਤ ਦੀ ਹਕੀਕਤ ਹਨ।ਇਸ ਲਈ ਸਾਹਿਤ ਦੇ ਬਾਰੇ 'ਚ ਕੁਝ ਹੋਰ ਜਾਨਣ ਤੋਂ ਪਹਿਲਾਂ ਮੱਖੀਆਂ ਦੀਆਂ ਕਿਸਮਾਂ ਦੇ ਬਾਰੇ ਦੱਸ ਦੇਣਾ ਗੁਣਕਾਰੀ ਹੈ। 

ਪਹਿਲੀ ਕਿਸਮ ਦੀਆਂ ਮੱਖੀਆਂ ਸ਼ਹਿਦ ਪੈਦਾ ਕਰਦੀਆਂ ਹਨ ਤੇ ਦੂਜੀ ਪ੍ਰਕਾਰ ਦੀਆਂ ਉਸਨੂੰ ਚਿਪਚਿਪਾ ਕਰਦੀਆਂ ਹਨ।ਪਹਿਲੀ ਪ੍ਰਕਾਰ ਦੀਆਂ ਮੱਖੀਆਂ ਸ਼ਹਿਦ ਦਾ ਸਰੋਤ ਹਨ, ਦੂਜੀ ਪ੍ਰਕਾਰ ਦੀਆਂ ਮੱਖੀਆਂ ਸ਼ਹਿਦ ਨੂੰ ਨਸ਼ਟ ਕਰਨ 'ਚ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਦੂਜੀ ਪ੍ਰਕਾਰ ਦੀਆਂ ਮੱਖੀਆਂ ਦਾ ਸਾਡੀਆਂ ਵਿਨਾਸ਼ ਯੋਜਨਾਵਾਂ 'ਚ ਮਹੱਤਵਪੂਰਨ ਸਥਾਨ ਹੈ, ਜਿਹਦੀ ਚਰਚਾ ਦੀ ਲੋੜ੍ਹ ਹੋਈ ਅੱਗੇ ਚੱਲਕੇ ਕਰਦੇ ਰਹਾਂਗੇ। 

ਸਾਹਿਤ ਸ਼ਹਿਦ ਦੀ ਤਰ੍ਹਾਂ ਕੌੜਾ-ਮਿੱਠਾ ਹੁੰਦਾ ਹੈ। ਇਹ ਗਰਮੀਆਂ 'ਚ ਗਰਮੀ ਅਤੇ ਸਰਦੀਆਂ 'ਚ ਸਿਰਦਰਦੀ ਕਰਦਾ ਹੈ। ਸਾਹਿਤ ਦੀ ਲੋੜ੍ਹ ਇੱਸ ਕਰਕੇ ਭਾਸੀ ਕਿ ਜੇ ਸਾਹਿਤ ਨਾ ਹੁੰਦਾ ਤਾਂ ਸ਼ਹਿਦ ਦੇ ਹੁੰਦਿਆਂ-ਸੁੰਦਿਆਂ ਉਸਦਾ ਜ਼ਿਕਰ ਨਾ ਹੁੰਦਾ।ਕਿਉਂਕਿ ਜਿਕਰ ਪੈਦਾ ਕਰਨਾ ਸ਼ਹਿਦ ਦਾ ਨਹੀ ਸਾਹਿਤ ਦਾ ਕੰਮ ਹੈ। 

ਸਾਹਿਤ ਦੀਆਂ , ਸਾਹਿਤ ਦੇ ਪਾਠਕਾਂ ਦੀਆਂ ਨੀਂਦ ਦੀ ਦ੍ਰਿਸ਼ਟੀ ਤੋਂ ਅਨੇਕ ਵੰਨਗੀਆਂ ਹਨ। ਮਸਲਨ ਸ਼ੋਕ ਸਾਹਿਤ, ਜੋਕ ਸਾਹਿਤ ਅਤੇ ਲੋਕ ਸਾਹਿਤ। 

ਸ਼ੋਕ ਸਾਹਿਤ ਉਸਨੂੰ ਕਹਿੰਦੇ ਹਨ, ਜਿਸਨੂੰ ਪੜ੍ਹਨ ਨਾਲ਼ ਨੀਂਦ ਦਾ ਖਿਆਲ ਜਾਂਦਾ ਰਹਿੰਦਾ ਹੈ। ਜੋਕ ਸਾਹਿਤ ਨਾਲ਼ ਨੀਂਦ ਉੱਡ ਜਾਂਦੀ ਹੈ।ਲੋਕ ਸਾਹਿਤ ਨਾਲ਼ ਹਰਦਮ ਅੱਖ ਲੱਗੀ ਹੀ ਰਹਿੰਦੀ ਹੈ। 

ਯੂਨਾਨੀ ਵਿਦਵਾਨ ਫਲਸਤੂ ਨੇ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਦਾ ਜਿਕਰ ਆਪਣੇ ਆਲੋਚਨਾ ਗ੍ਰੰਥ "ਫਾਲਤੂਟਿਕਸ' ਦੇ ਸਫਾ ੬੩੫ 'ਤੇ ਵਿਸਥਾਰ ਨਾਲ਼ ਕੀਤਾ ਹੈ। ਉਹ ਕਹਿੰਦਾ ਹੈ, "ਜੇ ਕੋਈ ਬਿਨ ਬੁਲਾਇਆ ਮਹਿਮਾਨ ਆਪਣੇ ਬਾਲ-ਬੱਚਿਆਂ ਸਮੇਤ ਛੇ ਦਿਨ ਤੁਹਾਡੇ ਘਰ ਰਹਿਕੇ ਤੁਹਾਡਾ ਸਾਰਾ ਆਟਾ,ਤੇਲ, ਨਮਕ ਚਟ ਕਰ ਜਾਏ ਤਾਂ ਇਹ 'ਉੱਪਨਿਆਸ' ਕਿਹਾ ਜਾਂਦਾ ਹੈ। 

ਜੇ ਕੋਈ ਠੱਗ ਜਾਂ ਤੁਹਾਡੀ ਮਹਿਬੂਬਾ ਜਾਂ ਬੌਸ ਤੁਹਾਡੇ ਘਰ ਆ ਚਾਹ ਦਾ ਪਿਆਲਾ ਪੀ ਜਾਏ ਅਤੇ ਤੁਸੀਂ ਪਹਿਲਾਂ ਵਾਂਗ ਡੁੰਨ ਬਣੇ ਰਹੋ ਤਾਂ ਇਸਦਾ ਜਿਕਰ ਕਹਾਣੌ ਕਰਕੇ ਜਾਣਿਆ ਜਾਏਗਾ। 

ਜੇ ਪ੍ਰੇਮਿਕਾ ਨੂੰ ਤੁਸੀਂ ਰਾਤ ਦੇ ਚੰਦ ਵਾਂਗ ਗਵਾਂਢ ਦੇ ਅਸਮਾਨ 'ਤੇ ਵੇਖ ਰਹੇ ਹੋਵੋ ਤੇ ਉਹ ਆਪਣੀ ਖਿੜਕੀ ਬੰਦ ਕਰ ਲਵੇ ਜਾਂ ਪਿੱਠ ਕਰਕੇ ਆਪਣੇ ਵਾਲ਼ ਖੋਹਲ ਲਵੇ ਤਾਂ ਇਸਦਾ ਜਿਕਰ ਕਰਨ ਨੂੰ ਕਵਿਤਾ ਕਹਿੰਦੇ ਹਨ। 

ਜੇ ਤੁਸੀਂ ਕੁਝ ਇਹੋ ਜਿਹਾ ਸੋਚਣ ਲੱਗੋ ਜੋ ਨਾ ਕਦੀ ਸੰਭਵ ਸੀ ਤੇ ਨਾ ਸੰਭਵ ਹੋਵੇਗਾ( ਮਸਲਨ ਇਹ ਸੋਚਣਾ ਕਿ ਤੁਹਾਡੀ ਪ੍ਰੇਮਿਕਾ ਦਾ ਪਤੀ ਦੁਰਘਟਨਾਗ੍ਰਸਤ ਹੋ ਆਖਰੀ ਸਾਹ ਲੈਂਦਿਆਂ ਇਹ ਕਹਿ ਜਾਏ ਕਿ ਹੁਣ ਉਹ ਆਪਣਾ ਬੋਰੀ-ਬਿਸਤਰਾ ਲੈ ਕੇ ਤੁਹਾਡੇ ਕੋਲ਼ ਡੇਰਾ ਜਮਾ ਲਏ) ਤਾਂ ਇਸਦਾ ਵਰਨਣ ਮਹਾਂਕਾਵਿ ਬਣਕੇ ਹੀ ਰਹੇਗਾ। 

ਜੇ ਕੁਝ ਦਿਨ ਪਹਿਲਾਂ ਤੁਸੀਂ ਆਪਣੀਆਂ ਮੁੱਛਾਂ ਸਫਾ ਚੱਟ ਕਰਵਾ ਦਿੱਤੀਆਂ ਅਤੇ ਆਪਣੀ ਮਹਿਬੂਬ ਕੁੜੀ ਦੀ ਯਾਦ ਆਉਣ ਤੋਂ ਬਾਅਦ ਤੁਸੀਂ ਸਹਿਜ-ਸੁਭਾਅ ਮੁੱਛਾਂ 'ਤੇ ਹੱਥ ਫੇਰਨਾ ਚਾਹੋ, ਅਤੇ ਇਹ ਵੇਖ ਕੇ ਕੇ ਮੁੱਛਾਂ ਤਾਂ ਮੁਨਵਾ ਦਿੱਤੀਆਂ ਸਨ, ਬਜਾਰ ਜਾ ਕੇ ਨਕਲੀ ਮੁੱਛਾਂ ਦਾ ਸੈੱਟ ਖਰੀਦੋ ਅਤੇ ਉਸੇ ਨਾਲ਼ ਕੰਮ ਚਲਾਉ ਤਾਂ ਸਮਝੋ ਕਿ ਨਾਟਕ ਹੋ ਰਿਹਾ ਹੈ। ਇਸਤੋਂ ਬਾਅਦ ਸਾਹਿਤ ਅਤੇ ਸਿਹਤ ਦੇ ਪਰਸਪਰ ਸਬੰਧਾਂ ਬਾਰੇ ਜਾਣ ਲੈਣਾ ਜਰੂਰੀ ਹੈ। 

ਅਸਲ ਵਿਚ, ਸਾਹਿਤ ਦੀ ਪਰਭਾਸ਼ਾ ਸਿਹਤ ਦੀ ਪਰਿਭਾਸ਼ਾ ਨਾਲ਼ ਟਕਰਾਉਂਦੀ ਹੈ ਤੇ ਚੂਰ-ਚੂਰ ਹੋ ਜਾਂਦੀ ਹੈ। ਇਹ ਮੁਕਾਬਲਾ ਇਸ ਤਰ੍ਹਾਂ ਸਿੱਧਾ ਕੀਤਾ ਜਾ ਸਕਦਾ ਹੈ ਸਿਹਤ:ਸਰੀਰਕ ਅੰਗਾਂ ਵਿਚ ਸੰਤੁਲਨ ਦਾ ਨਾਮ ਅਤੇ ਸਾਹਿਤ ਸ਼ਬਦਾਂ ਦਾ ਸੰਤੁਲਨਆਤਮਿਕ ਵਿਕਾਸ ਦਾ। ਸਿਹਤ ਲਈ ਅਖਾੜੇ ਅਤੇ ਤੇਲ ਮਾਲਿਸ਼ ਦੀ ਜਰੂਰਤ ਹੁੰਦੀ ਹੈ,ਅਤੇ ਸਾਹਿਤ ਵਾਸਤੇ ਗੋਸ਼ਟੀ ਅਤੇ ਗੋਸ਼ਤ ਦੀ। ਸਿਹਤ ਲਈ ਦੇਸੀ ਘਿਉ, ਬਦਾਮ ਅਤੇ ਫਲ ਆਦਿ ਚੀਜਾਂ ਜਰੂਰੀ ਹੁੰਦੀਆਂ ਹਨ, ਸਾਹਿਤ ਲਈ ਚੰਦੇ ਅਤੇ ਸਮੀਖਿਆਵਾਂ ਬਹੁਤ ਜਰੂਰੀ ਚੀਜ ਹੁੰਦੀਆਂ ਹਨ। ਸਿਹਤਕਾਰ ਅਤੇ ਸਾਹਿਤਕਾਰ ਵਿਚ 'ਕਾਰ' ਸਾਂਝੀ ਹੈ ਅਤੇ 'ਸਿਹਤ' ਅਸਾਂਝੀ। ਇਹ ਵੱਖਰੀ ਗੱਲ ਹੈ ਕਿ ਕਾਰ ਦੋਵਾਂ ਚੋਂ ਕਿਸੇ ਕੋਲ਼ ਵੀ ਨਹੀਂ ਹੁੰਦੀ। ਸਿਹਤਕਾਰ ਦੀਆਂ ਮੁੱਛਾਂ ਖੜੀਆਂ ਰਹਿੰਦੀਆਂ ਹਨ ਤੇ ਸਾਹਿਤਕਾਰ ਦੀਆਂ ਢਿੱਲੀਆਂ ਜਾਂ ਬਿਲਕੁਲ ਨਹੀਂ ਹੁੰਦੀਆਂ। ਸਿਹਤਕਾਰ ਨੂੰ ਆਪਣੀ ਸਿਹਤ ਪਿਆਰੀ ਹੁੰਦੀ ਹੈ ਤੇ ਸਾਹਤਕਾਰ ਨੂੰ ਆਪਣੀ ਜਾਨ। 

ਹੋਰ ਅਨੇਕ ਵਿਸ਼ਿਆਂ ਨਾਲ਼ ਵੀ ਸਾਹਿਤ ਦੇ ਬੜੇ ਗਹਿਰੇ ਜਾਂ ਬੜੇ ਫਿੱਕੇ ਅਤੇ ਖੱਟੇ ਸਬੰਧ ਹਨ। ਅਰਥਸ਼ਾਸ਼ਤਰ ਨਾਲ਼ ਸਾਹਿਤ ਦਾ ਸਬੰਧ ਬਹੁਤ ਪੁਰਾਣਾ ਹੈ। ਸਾਹਿਤ ਸ਼ਬਦਾਂ ਅਤੇ ਭਾਵਨਾਵਾਂ ਦੇ ਅਰਥਾਂ ਨਾਲ਼ ਸਬੰਧਿਤ ਹੈ ਅਤੇ ਅਰਥਸ਼ਾਸ਼ਤਰ ਪੈਸੇ ਦੇ ਅਰਥਾਂ ਨਾਲ਼। ਸਾਹਿਤਕਾਰ ਲਈ ਸ਼ਬਦ ਪੈਸਾ ਹੀ ਹੁੰਦੇ ਹਨ ਅਤੇ ਅਰਥਸ਼ਾਸ਼ਤਰ ਲਈ ਸ਼ਬਦਾਂ ਅਤੇ ਭਾਵਨਾਵਾਂ ਦੀ ਕੋਈ 'ਫੇਸ ਵੈਲਿਉ" ਨਹੀ ਹੁੰਦੀ। ਇਸੇ ਚੁੰਝ ਚਰਚਾ ਦੇ ਕਾਰਨ ਇਹ ਅਜਕਲ ਇੱਕ-ਦੂਜੇ ਤੋਂ ਰੁੱਸੇ ਹੋਏ ਹਨ। 

ਸਮਾਜਸ਼ਾਸ਼ਤਰ ਸਮਾਜ ਦੇ ਵਿਕਾਸ ਦੀ ਗੱਲ ਕਰਦਾ ਹੈ। ਸਮਾਜਸ਼ਾਸ਼ਤਰ ਵਾਲ਼ੇ ਬੰਦੇ ਨੂੰ ਬੰਦਾ ਨਹੀ ਮੰਨਦੇ ਜਦੋਂ ਤੱਕ ਬੰਦਿਆਂ ਦਾ ਪੂਰਾ ਗਿਰੋਹ ਨਾ ਹੋਵੇ। ਸਾਹਿਤ ਵਾਲ਼ੇ ਕਹਿੰਦੇ ਹਨ ," ਭਲੇਮਾਣਸ! ਕੀ ਤੁਹਾਨੂੰ ਬੰਦੇ ਵਿਚ ਵੀ ਬੰਦਾ ਨਜ਼ਰ ਨਹੀਂ ਆਉਂਦਾ? ਸਾਨੂੰ ਤੇ ਗਿਰੋਹਾਂ ਵਿਚ ਆਦਮੀ ਦਿਖਾਈ ਦੇ ਜਾਂਦੇ ਹਨ। ਇਸਨੂੰ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ... ਜੇ ਜੰਗਲ ਦੇ ਕਾਰਨ ਤੁਸੀਂ ਰੁੱਖ ਨੂੰ ਨਹੀ ਦੇਖ ਸਕਦੇ ਤਾਂ ਇਹ ਜੰਗਲ ਦਾ ਨਹੀ ਜਰੂਰ ਰੁੱਖ ਦਾ ਦੋਸ਼ ਹੋਵੇਗਾ ਜੋ ਦਿਖਾਈ ਨਹੀ ਦਿੰਦਾ। ਉਹ ਕਹਿੰਦੇ ਹਨ ਕਿ ਦੋਸ਼ ਰੁੱਖ ਦਾ ਨਹੀਂ ਮਨੁੱਖ ਦਾ ਹੈ ਜਿਸ ਦੀ ਨਜ਼ਰ ਏਨੀ ਉਰੇ ਦੀ ਹੈ ਕਿ ਖ਼ੁਦ ਨੂੰ ਨਹੀ ਦੇਖ ਸਕਦੀ।

No comments:

Post a Comment