Sunday, March 29, 2020

ਸਹਿਜ, ਸਕੂਨ ਤੇ ਪੰਛੀ- ਜਤਿੰਦਰ ਔਲਖ


(ਰਾਹ ਫੱਕਰ ਦਾ ਪਰੇ-ਪਰੇਰੇ )

ਪਿਛਲਾ ਹਫਤਾ ਰਹੱਸਮਈ ਬਿਮਾਰੀ ਕਾਰਨ ਲਾਕਡਾਊਨ ਦਾ ਸੀ। ਸਾਰਾ ਹਫਤਾ ਘਰੇ ਹੀ ਬੀਤਿਆ। ਮੈਂ ਸੋਚਿਆ ਸ਼ੋਸ਼ਲ ਮੀਡੀਆ ਜਾਂ ਟੀਵੀ ਚੈਨਲਾਂ ਤੋਂ ਡਰਾਉਣੀਆ ਖਬਰਾਂ ਵੇਖ-ਸੁਣ ਟੈਨਸ਼ਨ ਕਾਹਨੂੰ ਲੈਣੀ, ਕਿਓਂ ਨਾ ਕੁਝ ਨਵਾਂ ਕੀਤਾ ਜਾਵੇ। ਉਂਝ ਵੀ ਖਬਰਾਂ ਸੁਣਿਆ ਕਿਹੜਾ ਕੁਝ ਬਦਲ ਜਾਣਾ। ਮੈਂ ਇੰਟਰਨੈੱਟ ਦੀ ਸਹਾਇਤਾ ਨਾਲ ਉਰਦੂ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ। ਰੋਜ਼ ਛੱਤ 'ਤੇ ਬੈਠ ਮੈਂ ਉਰਦੂ ਸਿੱਖਣ ਦਾ ਅਭਿਆਸ ਕਰਦਾ ਅਤੇ ਸਾਹਮਣੇ ਪਿੱਪਲ, ਜਾਮਨੁ, ਟਾਹਲੀ ਦੇ ਦਰਖਤਾਂ 'ਤੇ ਬੈਠੇ ਪੰਛੀਆਂ ਨੂੰ ਨਿਹਾਰਦਾ। ਹੈਰਾਨ ਕਰ ਦੇਣ ਵਾਲੀ ਗੱਲ ਇਹ ਵੇਖੀ

ਕਿ ਇੱਕ ਘੁੱਗੀਆਂ ਦਾ ਜੋੜਾ ਰੋਜ਼ ਮਿਥੇ ਸਮੇਂ 'ਤੇ ਹੀ ਇੱਕ ਛੋਟੇ ਪਿੱਪਲ 'ਤੇ ਬੈਠਦਾ ਹੈ ਉਹ ਵੀ ਉਸੇ ਹੀ ਟਾਹਣੀ 'ਤੇ। ਦੂਸਰੇ ਟਾਹਣ ਉੱਪਰ ਇਕ ਤੋਤਾ ਬੈਠਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਹਨਾਂ ਪੰਛੀਆਂ ਦੇ ਸ਼ਾਮ ਵੇਲੇ ਬੈਠਣ ਦਾ ਸਮਾਂ 6 ਵਜੇ ਦੇ ਕਰੀਬ ਹੈ, ਬੜੀ ਗੱਲ ਇਸਤੋਂ ਪੰਜ-ਸੱਤ ਮਿਨਟ ਦਾ ਫਰਕ ਹੀ ਪਵੇਗਾ। 
ਇਨਸਾਨਾਂ ਵਾਂਗ ਹੀ ਇਹ ਪੰਛੀ ਸਵੇਰ ਤੋਂ ਚੋਗ ਚੁਗਣ ਲਈ ਨਿਕਲ ਤੁਰਦੇ ਹਨ । ਸੌਣ ਤੋਂ ਪਹਿਲਾਂ ਸ਼ਾਮ ਨੂੰ ਕੁਝ ਦੇਰ ਰਿਲੈਕਸ ਮੌਡ ਵਿਚ ਬੈਠਦੇ ਹਨ। ਸ਼ਇਦ ਇਹ ਉਹਨਾਂ ਦੇ ਸਲੋਅ ਡਾਊਨ ਦਾ ਸਮਾਂ ਹੁੰਦਾ । ਪੰਛੀ ਇਨਸਾਨਾਂ ਵਾਂਗ ਨਫ਼ੇ-ਨੁਕਸਾਨ ਵਾਲੇ ਵਹੀ-ਖਾਤੇ ਨਹੀਂ ਫੋਲਦੇ।
ਰਹੱਸਮਈ ਬਿਮਾਰੀ ਦੇ ਡਰ ਤੋਂ ਸਰਕਾਰਾਂ ਨੇ ਡੰਡੇ ਨਾਲ ਇਨਸਾਨਾਂ ਨੂੰ ਅੰਦਰੀਂ ਤਾੜਿਆ ਹੈ, ਨਹੀ ਤਾਂ ਸਲੋਅ ਡਾਊਨ ਸਾਡੀ ਆਦਤ ਦਾ ਹਿੱਸਾ ਨਹੀਂ ਰਹੀ। ਸਾਡੀ ਮਾਨਸਿਕਤਾ ਘੜੀ ਦੀਆਂ ਸੂਈਆਂ ਨਾਲ ਬੱਝੀ ਸਮੇ ਦੀ 
ਘੁੰਮਣਘੇਰੀ 'ਚ ਗੋਤੇ ਖਾਂਦੀ ਹੈ।
ਮੇਰੀਆਂ ਕੋਲ ਪਈਆਂ ਕਿਤਾਬਾਂ ਜਿਵੇਂ ਕਹਿ ਰਹੀਆਂ ਹੋਣ ਸਾਨੂੰ ਬੰਦ ਕਰ ਅਤੇ ਪੰਛੀਆਂ ਕੋਲੋਂ ਸਹਿਜ ਸਿਖ ਲੈ।
ਪਰ ਅਸੀਂ ਇਨਸਾਨ ਤਾਂ ਹਰ ਵੇਲੇ ਮਾਨਸਿਕ ਖਿੱਚੋਤਾਣ ਦਾ 'ਭਾਰ ਢੋਣ' ਵਾਲੇ ਬਣ ਕੇ ਰਹਿ ਗਏ ਹਾਂ। ਅਸੀਂ ਕੁਦਰਤ ਦੇ ਕਲਾਵੇ ਚੋਂ ਨਿਕਲ ਤੁਰੇ ਹਾਂ ਅਤੇ ਕੁਦਰਤ ਨੂੰ ਜਿੱਤ ਲੈਣਾ ਚਾਹੁੰਦੇ ਹਾਂ। ਪਰ ਕੁਦਰਤ ਸਾਡੇ ਅਧੀਨ ਨਹੀ। ਇਨਸਾਨੀ ਪ੍ਰਜਾਤੀ ਉਨ੍ਹਾਂ ਚਿਰ ਹੀ ਸੁਰੱਖਿਅਤ ਹੈ ਜਿਨ੍ਹਾਂ ਚਿਰ ਕੁਦਰਤ ਦੇ ਭਾਣੇ ਅੰਦਰ ਹੈ।
ਮੈਂ ਇਹਨਾਂ ਘੁੱਗੀਆਂ, ਤੋਤਿਆਂ, ਗੁਟਾਰਾਂ ਅਤੇ ਗੋਲੇ ਕਬੂਤਰਾਂ ਨੂੰ ਰੋਜ਼ ਨਿਹਾਰਦਾ ਹਾਂ। ਇਹਨਾ ਦੇ ਰੈਣ ਬਸੇਰੇ ਕੋਲ ਹੀ ਇੱਕ ਵੱਡੇ ਬੋਹੜ ਉੱਪਰ ਹਨ। ਪਰ ਇਹਨਾਂ ਦਾ ਆਪਣੇ ਰੈਣ ਬਸੇਰਿਆਂ ਦੇ ਨੇੜੇ ਛੋਟੇ ਰੁੱਖਾਂ ਦੀਆਂ ਟਾਹਣੀਆਂ 'ਤੇ ਮਿਥੇ ਸਮੇਂ ਬੈਠਣਾ ਜਿਥੇ ਅਚੰਭਿਤ ਕਰਦਾ ਹੈ ਉਥੇ ਇਸ ਗੱਲ ਵੱਲ ਵੀ ਇਸ਼ਾਰਾ ਹੈ ਕਿ ਸ਼ਾਂਤੀ, ਸਥਿਰਤਾ, ਸਕੂਨ ਅਤੇ ਸਹਿਜ ਇਨਸਾਨ ਦੀਆਂ ਮੁਢਲੀਆਂ ਲੋੜ੍ਹਾਂ ਹਨ।
ਉਰਦੂ ਭਾਸ਼ਾ ਚ ਲਿਖੇ ਮੇਰੇ ਪਹਿਲੇ ਸ਼ਬਦ ਹਨ। ਸਰਬੱਤ ਦੇ ਭਲੇ ਲਈ ਅਰਜੋਈ ਹੈ, ਇੱਸ ਵਿੱਚ ਦੁਆ ਹੈ ਕਿ ਰੱਬ ਇੱਸ ਰਹੱਸਮਈ ਬਿਮਾਰੀ ਤੋਂ ਦੁਖੀ ਮਾਨਵਤਾ ਨੂੰ ਬਚਾਏ। ਮੇਰੀ ਉਰਦੂ ਚ ਲਿਖੀ ਪਹਿਲੀ ਕਵਿਤਾ:-

ਜਤਿੰਦਰ ਔਲਖ
دعا امیدوں کی. . .
  
 . . . . . . . .  نظم. . .
  
یہ پیپل کا پیڑ
اور اس پر بنے پرندوں کے گھروندے
پتوں کی سرسراہٹ
 پرںندوں کی چہچہاہٹ
 ہم سے کتنی الگ ہے
ان کی زندگی
کچھ بھی نہی ہے  ہم انسانوں جیسا
نہ کوئی فکر  نہ غم
آزاد فضا میں بھی اڑانیں
اور شام کو بیٹھتے ہیں 
قدرت کی گود میں
 وہ چھوٹے چھوٹے پرندے
سکون کے نغمے گاتے ہیں
اے خدا۔۔۔۔۔۔  
ہم انسانوں کے گناہ معاف کر
اور ہمارے دامن بھر دے
ہماری زندگی کی امیدوں سے. . . . .  ا

 . . . . . . . .  جتندر اولک


2 comments:

  1. ਮੈਨੂੰ ਇੰਜ ਲਗਦਾ ਕਿ ਹਰ ਸਾਲ ਇਕ ਹਫਤਾ ਸਲੋ ਡਾਊਨ ਹੁਣਾ ਚਾਹਿਦਾ ਏ,ਮਿਥੀ ਤਰੀਕ ਤੇ।

    ReplyDelete
  2. ਮੈਂ ਵੀ ਸ਼ੁਰੂਆਤ ਲੱਗਾ ਕਰਨ ਉਰਦੂ ਸਿੱਖਣ ਦੀ,ਕਈ ਲਫ਼ਜ਼ ਬਹੁਤ ਪਿਆਰੇ ਨੇ ਉਰਦੂ ਦੇ।

    ReplyDelete