Friday, February 18, 2022

ਸਾਹਿਤਕ ਘੁੰਗਰੂਆਂ ਦੀ ਆਵਾਜ਼ ਵਾਲਾ ਸੀ "ਧੁੱਪ ਦਾ ਮੇਲਾ"

             -ਅਵਤਾਰ ਸਿੰਘ ਭੰਵਰਾ


ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਗੁਆਂਢੀ ਸ਼ਹਿਰ ਮੁਹਾਲੀ ਵਿੱਚ ਇਕ ਸਾਹਿਤਕਾਰਾਂ ਦਾ ਮੇਲਾ ਲੱਗਦਾ ਵੇਖਿਆ। ਫੱਗਣ ਦੀ ਸੰਗਰਾਂਦ ਤੋਂ ਇਕ ਦਿਨ ਬਾਅਦ ਮੁਹਾਲੀ ਦੇ ਸੈਕਟਰ 69 ਦੀ ਖੁਲ਼ੀ ਪਾਰਕ ਵਿੱਚ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਸਾਹਿਤਕਾਰ ਅਤੇ ਸਾਹਿਤ ਰਸੀਏ ਖਿੜੀ ਹੋਈ ਧੁੱਪ 'ਚ ਚੌਗਿਰਦੇ ਵਿੱਚ ਫੈਲੀ ਹਰੀ ਬਨਸਪਤੀ ਦਾ ਆਨੰਦ ਮਾਣ ਰਹੇ ਸਨ। ਮੱਠੀ ਮੱਠੀ ਚੱਲਦੀ ਠੰਢੀ ਹਵਾ ਧੁੱਪ ਨੂੰ ਕੋਸੀ ਕਰ ਰਹੀ ਸੀ। ਠੰਢੀ ਹਵਾ ਚੱਲਣ ਤੋਂ ਬਾਅਦ ਕੋਈ ਆਪਣੀ ਗਰਮ ਸ਼ਾਲ ਸੁਆਰ ਰਹੀ ਸੀ ਅਤੇ ਕੋਈ ਕੋਟ ਦੇ ਬਟਨ ਬੰਦ ਕਰਦਾ ਅਤੇ ਕੋਈ ਆਪਣੀ ਪੱਗ ਨਾਲ ਕੰਨਾਂ ਨੂੰ ਚੰਗੀ ਤਰ੍ਹਾਂ ਢਕਣ ਲੱਗ ਜਾਂਦਾ। ਇਸ ਮੇਲੇ ਵਿੱਚ 15 ਸਾਲ ਤੋਂ ਲੈ ਕੇ 85 ਸਾਲ ਦੀ ਉਮਰ ਦੇ ਸਾਹਿਤਕਾਰ ਸ਼ਾਮਿਲ ਹੋਏ। ਇਸ ਮੇਲੇ ਦਾ ਰੰਗ ਵੇਖ ਕੇ ਇੰਜ ਲੱਗਦਾ ਸੀ ਕਿ ਹਰ ਇਕ ਮੇਲੇ ਵਿੱਚ ਹੱਟੀ ਪਾਉਣ ਨੂੰ ਫਿਰਦਾ ਅਰਥਾਤ ਆਪਣੀ ਨਜ਼ਮ ਸੁਣਾਉਣ ਲਈ ਤਿਆਰ ਸੀ। 

 

ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਪ੍ਰਧਾਨ ਸ਼ਿੰਦਰਪਾਲ, ਸਰਪ੍ਰਸਤ ਦੀਪਕ ਮਨਮੋਹਨ, ਜਨਰਲ ਸਕੱਤਰ ਸਵੈਰਾਜ ਸੰਧੂ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਨਿਰਮਲ ਸਿੰਘ ਬਾਸੀ ਤੇ ਨਰਿੰਦਰ ਨਸਰੀਨ ਅਤੇ ਸਾਂਈ ਮੀਆਂ ਮੀਰ ਹੰਬਲ ਫਾਊਂਡੇਸ਼ਨ ਕੈਨੇਡਾ ਦੇ ਸਰਪ੍ਰਸਤ ਸੁੰਦਰ ਪਾਲ ਰਾਜਾਸਾਂਸੀ ਦੇ ਸਹਿਯੋਗ ਨਾਲ ਸਾਲਾਨਾ ਧੁੱਪ ਦੇ ਮੇਲੇ ਦੀ ਸ਼ੁਰੂਆਤ ਨੇ ਰਸਮੀ ਸੁਆਗਤ ਨਾਲ ਮੁੱਢ ਬੰਨ੍ਹਿਆ। ਇਸ ਮੌਕੇ ਸਾਹਿਤ ਸਭਾ ਨਾਲ ਜੁੜੇ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਕੋਵਿਡ ਮਹਾਮਾਰੀ ਦੇ ਦੌਰ ਵਿੱਚ ਸਭ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ ਗਈ। ਇਸ ਤੋਂ ਬਾਅਦ ਵਿਧਾਇਕ ਬਲਬੀਰ ਸਿੰਘ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੀ ਸ਼ਾਮਿਲ ਹੋਏ। ਬਲਬੀਰ ਸਿੰਘ ਸਿੱਧੂ ਨੇ ਸਭਾ ਨੂੰ ਹੱਲਾਸ਼ੇਰੀ ਦਿੰਦਿਆਂ ਭਵਿੱਖ ਵਿੱਚ ਇਮਦਾਦ ਕਰਨ ਦਾ ਵੀ ਵਾਅਦਾ ਕੀਤਾ। 

ਧੁੱਪ ਦੇ ਮੇਲੇ ਵਿੱਚ ਪ੍ਰੋ ਮੋਹਨ ਸਿੰਘ ਦੀ ਕਵਿਤਾ "ਅੰਬੀ ਦਾ ਬੂਟਾ" 'ਤੇ ਅਧਾਰਤ ਰਘਬੀਰ ਸਿੰਘ ਭੁੱਲਰ ਦੀ ਨਿਰਦੇਸ਼ਨਾ ਹੇਠ ਸੁਖਮਨ ਅਤੇ ਅਨੁਸ਼ਕਾ ਵਲੋਂ ਪੇਸ਼ ਕੀਤੀ ਸਕਿੱਟ ਨੇ ਮੇਲੇ ਨੂੰ ਸਿਖਰ 'ਤੇ ਪਹੁੰਚਾ ਦਿੱਤਾ। ਪ੍ਰੋ ਲਾਭ ਸਿੰਘ ਖੀਵਾ ਅਤੇ ਸਚਪ੍ਰੀਤ ਕੌਰ ਦੀ ਜੋੜੀ ਵਲੋਂ ਪੇਸ਼ ਕੀਤੀ ਕਵਿਤਾ ਮਰਦ ਤੇ ਨਾਰ ਦਾ ਰਿਸ਼ਤਾ ਖ਼ੂਬਸੂਰਤੀ ਨਾਲ ਪੇਸ਼ ਕੀਤਾ ਜਿਸ ਵਿਚ ਦਰਸਾਇਆ ਗਿਆ ਹਰ ਘਰ ਦਾ ਵੇਹੜਾ ਨਾਰ ਤੋਂ ਬਿਨਾ ਨਹੀਂ ਸਜਦਾ।   ਇਸ ਤੋਂ ਬਿਨਾਂ ਡਾ ਸੁਰਿੰਦਰ ਗਿੱਲ, ਸ਼ਿਵਨਾਥ, ਮਨਜੀਤ ਇੰਦਰਾ, ਰਾਜਿੰਦਰ ਕੌਰ, ਸੁਰਜੀਤ ਬੈਂਸ, ਮਲਕੀਤ ਬਸਰਾ, ਦਵਿੰਦਰ ਕੌਰ, ਭੁਪਿੰਦਰ ਮਟੌਰੀਆ, ਅਮਰ ਵਿਰਦੀ,  ਬਲਵਿੰਦਰ ਢਿੱਲੋਂ, ਸੰਜੀਵਨ ਸਿੰਘ, ਨਰਿੰਦਰ ਨਸਰੀਨ, ਨਵਨੀਤ ਕੌਰ ਮਠਾਰੂ, ਅਮਰਜੀਤ ਕੌਰ, ਰਤਿੰਦਰ ਸਿੰਘ, ਕੁਲਬੀਰ ਸੈਣੀ, ਸਵਰਨ ਸਿੰਘ ਸੰਧੂ, ਯੁੱਧਵੀਰ ਸਿੰਘ, ਜਸਬੀਰ ਸਿੰਘ ਢਿੱਲੋਂ, ਰਸ਼ਮੀ ਸ਼ਰਮਾ, ਰਜਿੰਦਰ ਰੇਣੂ, ਮੇਜਰ ਸਿੰਘ, ਸੁਮਨ ਰਾਣੀ, ਵਿਸ਼ਾਲ ਅਤੇ ਫਤਹਿ ਸਿੰਘ ਨੇ ਵੀ ਆਪਣੀਆਂ ਨਜ਼ਮਾਂ ਦੀਆਂ ਵੰਨਗੀਆਂ ਪੇਸ਼ ਕਰਕੇ ਮੇਲੇ ਨੂੰ ਸਤਰੰਗਾ ਬਣਾ ਦਿੱਤਾ। ਇਸ ਮੌਕੇ ਡਾ ਭੁਪਿੰਦਰ ਸਿੰਘ, ਅਵਤਾਰ ਸਿੰਘ ਭੰਵਰਾ, ਪ੍ਰਿੰਸੀਪਲ ਮਲਕੀਤ ਸਿੰਘ ਬੈਦਵਾਨ, ਡਾ. ਦਵਿੰਦਰ ਸਿੰਘ ਬਾਛਲ, ਬਲਕਾਰ ਸਿੰਘ ਸਿੱਧੂ, ਅਵਤਾਰ ਸਿੰਘ ਪਤੰਗ, ਡਾ ਗੁਰਦਰਪਾਲ ਸਿੰਘ, ਗੁਰਦਰਸ਼ਨ ਸਿੰਘ ਮਾਵੀ, ਅਜਾਇਬ ਸਿੰਘ ਔਜਲਾ, ਨਰਿੰਦਰਪਾਲ ਸਿੰਘ, ਗਿਆਨ ਸਿੰਘ, ਵਿਕਰਮ ਸਿੰਘ ਅਤੇ ਹੋਰਾਂ ਨੇ ਸ਼ਿਰਕਤ ਕਰਕੇ ਸਾਹਿਤਕ ਮੇਲੇ ਦੀ ਸ਼ੋਭਾ ਨੂੰ ਚਾਰ ਚੰਨ ਲਾ ਦਿੱਤੇ। ਧੁੱਪ ਦੇ ਮੇਲੇ ਵਿੱਚ ਸ਼ਾਮਿਲ ਮੇਲੀਆਂ ਲਈ ਗੁਰੂ ਦੇ ਅਤੁੱਟ ਲੰਗਰ ਤੋਂ ਇਲਾਵਾ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਦਿੱਲੀ ਦੇ ਮਹਿਰੌਲੀ ਸਥਿਤ ਨਵਯੁਗ ਫਾਰਮ ਵਿੱਚ ਲਗਦੀ ਧੁੱਪ ਦੀ ਮਹਿਫ਼ਿਲ ਦੀ ਯਾਦ ਦੁਆਉਂਦਾ ਮੋਹਾਲੀ ਦਾ ਸਾਹਿਤਕ ਧੁੱਪ ਦਾ ਮੇਲਾ ਯਾਦਗਾਰੀ ਹੋ ਨਿਬੜਿਆ।

No comments:

Post a Comment