Wednesday, September 19, 2012

ਪੰਜਾਬੀਅਤ ਦਾ ਵਹਿੰਦਾ ਦਰਿਆ- ਕੁਲਦੀਪ ਸੇਠੀ




ਮਿੱਤਰਚਾਰੀਆਂ ਜਿੰਦਗੀ ਦਾ ਵਡਮੁੱਲਾ ਹਾਸਿਲ ਹੁੰਦੀਆਂ ਹਨ। ਦੋਸਤੀਆਂ ਤੋਂ ਬਗੈਰ ਜਿੰਦਗੀ ਕੱਲਰ ਭੋਂਇ ਵਰਗੀ ਹੁੰਦੀ ਹੈ। ਦੋਸਤੀ ਜਿੰਦਗੀ ਦਾ ਸ਼ਿੰਗਾਰ ਹੈ। ਕਿਸੇ ਬੇਹੱਦ ਕਰੀਬੀ ਦੋਸਤ ਨੂੰ ਮਿਲਦਿਆਂ ਇੰਝ ਦਾ ਅਹਿਸਾਸ ਹੁੰਦਾ ਹੈ , ਜਿਵੇਂ ਕੋਈ ਪ੍ਰਦੇਸੀ ਵਰ੍ਹਿਆਂ ਬਾਅਦ ਆਪਣੀ ਜੂਹ 'ਚ ਦਾਖਿਲ ਹੋ ਰਿਹਾ ਹੋਵੇ।ਨਿਊਜਰਸੀ ਤੋਂ ਸ੍ਰੀ ਕੁਲਦੀਪ ਸੇਠੀ ਭਾਰਤ ਆਏ ਤਾਂ ਮੇਰੇ ਕੋਲ਼ ਚੋਗਾਵੇਂ ਆ ਗਏ। ਪਹਿਲੀ ਵਾਰ ਮਿਲਣ 'ਤੇ ਵੀ ਇੰਝ ਮਹਿਸੂਸ ਹੋਇਆ ਜਿਵੇਂ ਮੁੱਦਤਾਂ ਦੀ ਜਾਣ-ਪਛਾਣ ਹੋਵੇ।

ਕੁਲਦੀਪ ਸੇਠੀ ਹੁਰਾਂ ਨੂੰ ਨਿਊਯਾਰਕ ਤੋਂ ਰਿਆੜ ਹੁਰਾਂ ਵੀ ਕਿਹਾ ਸੀ ਕਿ ਭਾਰਤ ਚੱਲੇ ਹੋ ਤਾਂ ਪ੍ਰੀਤਨਗਰ ਜਰੂਰ ਵੇਖਣਾ।ਰਿਆੜ ਸਹਿਬ ਦੀ ਪ੍ਰੀਤਨਗਰ ਬਾਰੇ ਵਿਸ਼ੇਸ਼ ਖਿੱਚ ਹੈ। ਉਹਨਾਂ ਮੇਰੇ ਨਾਲ਼ ਵੀ ਗੱਲ ਕਰਦਿਆਂ ਅਨੇਕ ਵਾਰ ਪ੍ਰੀਤਨਗਰ ਦਾ ਜ਼ਿਕਰ ਕੀਤਾ। ਅੰਮ੍ਰਿਤਸਰ ਤੋਂ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਕੁਲਦੀਪ ਸੇਠੀ ਹੁਰੀਂ ਚੋਗਾਵਾਂ ਆ ਗਏ। ਚੋਗਾਵਾਂ ਅੱਡੇ 'ਚ ਉਹਨਾਂ ਨਾਲ਼ ਮੁਲਾਕਾਤ ਹੋਈ ਉਹ ਬਹੁਤ ਮਿਲਾਪੜੇ ਇਨਸਾਨ ਹਨ । ਬਿਨਾਂ ਕਿਸੇ ਤੇਰ-ਮੇਰ ਦੇ ਗਰਮਜੋਸ਼ੀ ਨਾਲ਼ ਮਿਲਣ ਵਾਲ਼ੇ।

ਜਦੋਂ ਪੰਜਾਬ ਦੀ ਵੰਡ ਹੋਈ ਤਾਂ ਹਰਿਆਣਾ ਸੂਬਾ ਹੋਂਦ ਵਿਚ ਆ ਗਿਆ। ਕੁਲਦੀਪ ਸੇਠੀ ਹੁਰਾਂ ਦਾ ਪਿੰਡ ਫਤਿਹਾਬਾਦ ਹਰਿਆਣੇ ਵਿਚ ਆ ਗਿਆ। ਪਰ ਰਾਜਸੀ ਹੱਦਾਂ ਮਾਂ ਬੋਲੀ ਪ੍ਰਤੀ ਪਿਆਰ ਨਾਲ਼ ਭਰੇ ਮਨ 'ਚ ਕਦੇ ਰੁਕਾਵਟ ਨਹੀ ਬਣਦੀਆਂ।ਮਾਂ ਬੋਲੀ ਅਤੇ ਵਿਰਸੇ ਪ੍ਰਤੀ ਪਿਆਰ ਕੁਲਦੀਪ ਸੇਠੀ ਹੁਰਾਂ ਦੇ ਰੋਮ-ਰੋਮ 'ਚ ਰਚਿਆ ਹੋਇਆ ਹੈ।ਉਹ ਗੁਰਬਾਣੀ ਨਾਲ਼ ਗਹਿਰਾਈ ਤੱਕ ਜੁੜੇ ਹੋਏ ਹਨ। ਕੁਲਦੀਪ ਸੇਠੀ ਹੁਰਾਂ ਨੂੰ ਗੁਰਬਾਣੀ ਅਰਥਾਂ ਸਹਿਤ ਕੰਠ ਹੈ। ਪਰ ਫਿਰ ਵੀ ਉਹ ਆਮ ਇਨਸਾਨ ਦੇ ਤੌਰ 'ਤੇ ਵਿਚਰਦੇ ਹਨ। ਉਹ ਬਿਲਕੁਲ ਆਪਣੇ ਵਿਦਵਾਨ ਹੋਣ ਦਾ ਪ੍ਰਭਾਵ ਨਹੀ ਪੈਣ ਦੇਂਦੇ।

ਸੁਲਝੇ ਹੋਏ ਵਿਅਕਤੀਤਵ ਦੇ ਮਾਲਕ ਕੁਲਦੀਪ ਸੇਠੀ ਹੁਰਾਂ ਦੀਆਂ ਕਵਿਤਾਵਾਂ 'ਚ ਪੰਜਾਬ ਪ੍ਰਤੀ ਮੋਹ ਡੁੱਲ੍ਹ-ਡੁੱਲ਼੍ਹ ਕੇ ਪੈਂਦਾ ਹੈ।ਉਹ ਪੰਜਾਬ ਨਾਲ ਜੁੜੇ ਮਸਲਿਆਂ ਦੀ ਡੂੰਘੀ ਜਾਣਕਾਰੀ ਰੱਖਦੇ ਹਨ।

ਜਦੋਂ ਅਸੀਂ ਗੱਡੀ 'ਤੇ ਪ੍ਰੀਤਨਗਰ ਪਹੁੰਚੇ ਤਾਂ ਪ੍ਰੀਤਨਗਰ ਦੀ ਜੂਹ 'ਚ ਵਿਸ਼ਾਲ ਤਲਾਬ ਦੇ ਕੰਢੇ ਰੁਕ ਗਏ। ਇਹ ਤਲਾਬ ਬਾਦਸ਼ਾਹ ਜਹਾਂਗੀਰ ਨੇ ਬਣਵਾਇਆ ਸੀ । ਕੋਲ ਹੀ ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਦੀ ਸਮਾਧ ਹੈ। ਕੁਲਦੀਪ ਸੇਠੀ ਹੁਰੀਂ ਭਾਵਨਾਵਾਂ ਦੀ ਲਹਿਰ 'ਚ ਵਹਿੰਦੇ ਹੋਏ ਵਾਰ- ਵਾਰ ਨਾਨਕ ਸਿੰਘ ਦੀ ਸਮਾਧ 'ਤੇ ਨਤਮਸਕਤ ਹੋਏ।

ਨਾਨਕ ਸਿੰਘ ਹੁਰਾਂ ਦਾ ਘਰ ਹਾਲੇ ਵੀ ਉਸੇ ਹਾਲਤ ਵਿਚ ਬਚਿਆ ਹੋਇਆ ਹੈ। ਕੁਲਦੀਪ ਸੇਠੀ ਹੁਰਾਂ ਨੇ ਨਾਨਕ ਸਿੰਘ ਦੇ ਸੌਣ ਵਾਲ਼ੇ ਕਮਰੇ 'ਚ ਤਸਵੀਰਾਂ ਖਿੱਚਵਾਈਆਂ।

ਨਾਨਕ ਸਿੰਘ ਹੁਰਾਂ ਦਾ ਬੈੱਡ ਤੇ ਕੁਝ ਹੋਰ ਸਮਾਨ ਅਜੇ ਤੱਕ ਏਸੇ ਘਰ 'ਚ ਪਿਆ ਹੈ। ਇਸ ਤੋਂ ਬਾਅਦ ਅਸੀਂ ਗੁਰਬਖਸ਼ ਸਿੰਘ ਪ੍ਰੀਤਲੜੀ ਹੁਰਾਂ ਦੇ ਘਰ 'ਮਾਲਿਣੀ' ਵਿਖੇ ਚਲੇ ਗਏ।

ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬੇਟੇ ਹਿਰਦੇਪਾਲ ਅਤੇ ਬੇਟੀ ਉਮਾ ਮਿਲੇ। ਪ੍ਰੀਤਲੜੀ ਪਰਿਵਾਰ ਨਾਲ਼ ਗੱਲਾਂ ਕਰਦਿਆਂ ਨਾ ਕੁਲਦੀਪ ਸੇਠੀ ਹੁਰਾਂ ਦਾ ਮਨ ਭਰ ਰਿਹਾ ਸੀ ਅਤੇ ਨਾ ਹੀ ਸਾਡਾ ਉੱਠਣ ਨੂੰ ਮਨ ਕਰ ਰਿਹਾ ਸੀ। ਪਰ ਸਮੇਂ ਦਾ ਤਕਾਜ਼ਾ ਸੀ ਤੇ ਅਸੀਂ ਤੁਰ ਪਏ। ਪ੍ਰੀਤਨਗਰ ਦੇ ਉਪਨ ਏਅਰ ਥੀਏਟਰ 'ਚ ਲੱਗੀ ਫੋਟੋ ਪ੍ਰਦਰਸ਼ਨੀ ਵੇਖਣ ਵਾਲ਼ੀ ਚੀਜ ਹੈ। ਬਲੈਕ ਐਂਡ ਵਾਈਟ ਫੋਟੋਆਂ ਵਿੱਲਖਣ ਢੰਗ ਨਾਲ਼ ਸਜਾਈਆਂ ਹੋਈਆਂ ਹਨ। ਜੋ ੧੯੨੭ ਈ. ਤੋਂ ਲੈ ਕੇ ਹੁਣ ਤੱਕ ਪ੍ਰੀਤਨਗਰ ਦਾ ਇਤਿਹਾਸ ਬਿਆਨਦੀਆਂ ਹਨ। ਖਤਮ ਹੋ ਚੁੱਕੀ ਇਸ ਅਜ਼ੀਮ ਵਿਰਾਸਤ ਦੀ ਸ਼ਾਨ ਇਹਨਾਂ ਤਸਵੀਰਾਂ 'ਚ ਵੇਖ ਕੇ ਅੱਖ ਭਰ ਆਉਂਦੀ ਹੈ।

ਅਸੀਂ ਚੋਗਾਵੇਂ ਮੁੜ ਆਏ ਤੇ ਮਹਿਫਿਲ ਸੱਜ ਗਈ। ਕਵਿਤਾਵਾਂ ਸੁਣੀਆਂ-ਸੁਣਾਈਆਂ ਗਈਆਂ। ਗੱਲਾਂ ਦਾ ਅਜਿਹਾ ਦੌਰ ਚੱਲਿਆਂ ਕਿ ਜੋ ਮੁੱਕਣ ਦਾ ਨਾਮ ਹੀ ਨਹੀ ਸੀ ਲੈ ਰਿਹਾ। ਰਾਤ ਕਾਫੀ ਚਲੇ ਗਈ ਕੁਲਦੀਪ ਸੇਠੀ ਹੁਰਾਂ ਤਰੰਨਮ 'ਚ ਗਾ ਕੇ ਰਚਨਾਵਾਂ ਸੁਣਾਈਆਂ। ਉਹਨਾਂ ਦੀਆਂ ਰਚਨਾਵਾਂ 'ਚ ਪੰਜਾਬੀਆਂ ਨੂੰ ਆਪਣਾ ਆਪ ਸੰਭਾਲਣ ਦੀ ਲਲਕਾਰ ਹੈ। ਰਾਜਨੀਤਕਾਂ ਅਤੇ ਸਮੱਗਲਰਾਂ ਦੇ ਬੇਰਹਿਮ ਹੱਥਾਂ 'ਚ ਖੁਰਦੇ ਜਾ ਰਹੇ ਪੰਜਾਬ ਦਾ ਦਰਦ ਹੈ। ਕੁਲਦੀਪ ਸੇਠੀ ਹੁਰਾਂ ਨਾਲ਼ ਇਹ ਮਿਲਣੀ ਦੇਰ ਤੱਕ ਚੇਤਿਆਂ 'ਚ ਤਾਜਾ ਰਹੇਗੀ ।




ਜਤਿੰਦਰ ਸਿੰਘ ਔਲ਼ਖ

No comments:

Post a Comment