Wednesday, April 12, 2017

ਡਾ: ਹਰਿਭਜਨ ਸਿੰਘ :ਇਕ ਦਿਨ ਪਹਿਲਾਂ - ਜਗਤਾਰਜੀਤ

ਸ਼ਾਇਰ ਜਗਤਾਰਜੀਤ ਵੱਲੋਂ ਡਾ. ਹਰਿਭਜਨ ਸਿੰਘ ਦੇ ਸਦੀਵੀ ਵਿਛੋੜੇ ਤੋਂ ਇਕ ਦਿਨ ਪਹਿਲਾਂ ਬਿਤਾਏ ਕੁਝ ਪਲ

ਉਹ ਰੋਗਵਸ ਹੀ ਸਨ ਜਦੋਂ ਉਹਨਾਂ ਨੂੰ 'ਰੁੱਖ ਤੇ ਰਿਸ਼ੀ' ਲਈ ਸਰਸਵਤੀ ਸਨਮਾਨ ਮਿਲਿਆ ਅਤੇ ਫੇਰ ਸਾਹਿਤ ਅਕਾਦਮੀ ਦੀ ਫੈਲੋਸ਼ਿਪ।ਮਿਲਣ ਵਾਲੇ ਇਨਾਮ-ਸਨਮਾਨ ਸਹਿਜਭਾਵ ਨਾਲ ਆਉਦੇ ਰਹੇ।ਵਿਅਕਤੀ ਅਤੇ ਸਨਮਾਨ ਦੀ ਯੋਗਤਾ ਇਸੇ ਕਾਰਨ ਹੀ ਕਾਇਮ ਰਹਿੰਦੀ ਹੈ।
 ਪੜ੍ਹਾਈ ਦੇ ਨਾਲ ਨਾਲ ਮੈਂ ਫਾਇਨ ਆਰਟਸ ਵੱਲ ਵੀ ਝੁਕਿਆ ਹੋਇਆ ਸੀ।ਫੇਰ ਸਮਾਂ ਆਇਆ ਦੂਜੇ ਖੇਤਰ ਵੱਲੋਂ ਮੈਂ ਹੱਟਦਾ ਗਿਆ।ਕੁਝ ਸਾਲਾਂ ਦੀ ਸੀਤ ਨੀਂਦਰਾ ਬਾਅਦ ਜਦੋਂ ਮੋਹ ਵੱਖਰਾ ਸਰੂਪ ਲੈ ਕੇ ਜਾਗਿਆ।ਪੇਟਿੰਗ ਕਰਨ ਦੀ ਬਹਾਇ ਪ੍ਰਸਿੱਧ ਚਿਤਰਕਾਰਾਂ ਨਾਲ ਉਹਨਾਂ ਦੇ ਕੰਮ ਨੂੰ ਸਾਹਮਣੇ ਰੱਖ ਕੇ ਗੱਲਬਾਤ ਦੀ ਲੜੀ ਆਰੰਭੀ।ਮੇਰੀ ਪੜ੍ਹਾਈ ਅਤੇ ਗੱਲਬਾਤ ਨਾਲੋ ਨਾਲ ਹੁੰਦੀ।ਪਹਿਲੀ ਕਿਤਾਬ ਕਲਾ ਅਤੇ ਕਲਾਕਾਰ ਇਸੇ ਮਿਹਨਤ ਦਾ ਨਤੀਜਾ ਸੀ।ਡਾ: ਹਰਿਭਜਨ ਸਿੰਘ ਨੂੰ ਇਸ ਪੁਸਤਕ ਹਿੱਤ ਕੁਝ ਲਿਖਣ ਲਈ ਕਿਹਾ ਤਾਂ ਉਹਨਾਂ ਮਨਾਂ੍ਹ ਨਾ ਕੀਤਾ।
 ਕਦੇ ਕਦਾਈਂ ਕਲਾਕਾਰ ਜਾਂ ਕਲਾਕ੍ਰਿਤਾਂ ਬਾਰੇ ਆਪਸਵਿੱਚ ਵਿਚਾਰ-ਵਟਾਂਦਰਾ ਹੁੰਦਾ ਰਹਿੰਦਾ।ਜੇ ਕਦੇ ਭਾਸ਼ਾ ਪੱਧਰ'ਤੇ ਔਖ ਆਉਂਦੀ ਤਾਂ ਮੈਂ ਉਹਨਾਂ ਤੋ ਪੁੱਛ ਲੈਂਦਾ।ਹੁਣ ਕਾਵਿ 'ਜੰਗਲੀ ਸਫਰ 2002 ਬਾਰੇ ਮੁੱਖਬੰਦ ਲਿਖਣ ਲਈ ਕਿਹਾ ਤਾਂ ਉਹਨਾਂ ਨੇ ਸਪਸ਼ਟ ਨਾਂਹ ਕਰ ਦਿੱਤੀ।ਹਾਂ-ਨਾਂਹ ਦਾ ਰਹੱਸ ਮੇਰੇ ਲਈ ਭੇਦ ਹੀ ਬਣਿਆਂ ਰਿਹਾ।ਮੁੱਖਬੰਦ ਨਾਂ ਲਿਖਣ ਦੀ ਪੂਰਤੀ ਉਸ ਵੇਲੇ  ਹੋ ਗਈ ਜਦੋਂ ਕਿਤਾਬ ਛਪਣ ਤੋਂ ਬਾਅਦ ਉਹਨਾਂ ਕਿਹਾ, “ਇਸ ਕਿਤਾਬ ਤੇ ਚਰਚਾ ਮੇਰੇ ਗ੍ਰਹਿ ਕਰ ਲਉ”।
 ਉਹਨਾਂ ਨਾਲ ਆਖਰੀ ਮੁਲਾਕਾਤ ਉਹਨਾਂ ਦੇ ਅਕਾਲ ਚਲਾਣੇ ਤੋਂ ਇਕ ਦਿਨ ਪਹਿਲਾਂ ਹੋਈ।
ਉਦਾਂ ਚਾਰ ਪੰਜ ਦਿਨ ਪਹਿਲਾਂ ਵੀ ਗਿਆ ਸੀ।ਉਸ ਦਿਨ ਉਹ ਕਾਫੀ ਨਿਢਾਲ ਅਤੇ ਚਾਦਰ ਲੈ ਕੇ ਲੰਮੇ ਪਏ ਸਨ।ਘਰਦਿਆਂ ਨੇ ਪਹਿਲਾਂ ਹੀ ਕਿਹਾ ਸੀ, “ਉਹ ਠੀਕ ਨਹੀਂ ਜਿਆਦਾ ਨਹੀਂ ਬੋਲਦੇ”।
ਮੈਂ ਕੁਝ ਵਿੱਥ ਤੇ ਕੁਰਸੀ ਲੈ ਕੇ ਬੈਠ ਗਿਆ।ਖੱਬੇ ਹੱਥ ਦਾ ਸੰਕੇਤ ਕਰਦਿਆਂ ਬੁੱਲਾਂ੍ਹਵਿੱਚੋਂ ਬੋਲ ਲੜਖੜਾਂਦੇ ਬਾਹਰ ਨਿਕਲੇ, “ਕਿਵੇ..ਏਂ ਕਦੋਂ...ਆਇਆ..ਏਂ...”।
 “ਹੁਣੇ ਈ...”
 ਫੇਰ ਅੱਖਾਂ ਮੀਟ ਲਈਆਂ।ਥੋੜ੍ਹੇ ਵਕਫੇ ਬਾਅਦ ਬੋਲੇ, “ਵਰਿਆਮ...ਆਉਂਦੈ..”
 “ਹਾਂ ਆਉਂਦਾ  ਤਾਂ ਹੈ ਪਰ ਅਜੇ ਨਹੀਂ ਮਿਲਿਆ”। “ਤੇਰੇ ਯਾਰ ਨੇ ਤੇਰੀ ਕਿਤਾਬ ਬਾਰੇ ਲਿਖਿਆ ਹੈ।....ਸੋਹਣਾ ਲਿਖਿਆ...ਉਹ....ਨੇ”
 ਵਿਚ ਵਿਚਾਲੇ ਉਹ ਅੱਖਾਂ ਮੀਟ ਲੈਂਦੇ,ਖੋਲ੍ਹ ਲੈਂਦੇ।ਜਦ ਬੋਲਦੇ ਤਾਂ ਬੋਲਾਂ ਦਾ ਆਭਾਸ ਉਦਾਂ ਦਾ ਹੀ ਸੀ ਜਿਵੇਂ ਬੱਚਾ ਬੋਲਣਾ ਸਿੱਖ ਰਿਹਾ ਹੋਵੇ।
 ਸਿਰ ਵਾਲੇ ਪਾਸੇ ਕੰਧ ਉਪਰ ਲੱਗੀ ਘੜੀ ਦੀ ਟਿਕ-ਟਿਕ ਇਕ ਸਾਰ ਗੈਪ ਵਿਚ ਤੁਰੀ ਜਾ ਰਹੀ ਸੀ।ਬੈਠਿਆਂ-ਬੈਠਿਆਂ ਅਹਿਸਾਸ ਹੋਇਆ ਕਿ ਬੋਲੇ-ਸੁਣੇ ਜਾ ਰਹੇ ਸ਼ਬਦਾਂ ਦੇ ਵਿਚਾਲੇ ਟਿਕ-ਟਿਕ ਦਾ ਦਖਲ ਨਿਰੰਤਰ ਵੱਧਦਾ ਜਾਰਿਹਾ ਹੈ।ਪਹਿਲਾਂ ਕਦੇ ਏਦਾਂ ਨਹੀਂ ਸੀ ਹੋਇਆ।
 ਮੈਂ ਪੰਦਰਾਂ-ਵੀਹ ਮਿੰਟ ਬੈਠਾ।ਜਦ ਸ਼ਬਦ ਨਾ ਹੁੰਦੇ ਤਾਂ ਸੀਨੇ ਵਿਚ ਟਿਕ ਟਿਕ ਆਪਣੀ ਥਾਂ ਬਣਾ ਲੈਂਦੀ।ਇਸਦਾ ਪ੍ਰਭਾਵ ਲਗਾਤਾਰ ਉਦਾਂ ਦਾ ਹੀ ਸੀ ਜਿਵੇਂ ਠਹਿਰੇ ਪਾਣੀ ਵਿਚ ਕੋਇ ਸ਼ਖਸ ਢੀਮ ਸੁੱਟ ਰਿਹਾ ਹੋਵੇ।
ਕਾਫੀ ਦੇਰ ਉਹਨਾਂ ਦੇ ਚਿਹਰੇ ਨੂੰ ਦੇਖਦਾ ਰਿਹਾ।ਸੋਚਿਆ ਅੱਖਾਂ ਖੋਲ੍ਹਣ ਤਾਂ ਜਾਣ ਦੀ ਆਗਿਆ ਲਵਾਂ।
 ਅੱਖਾਂ ਖੋਲ੍ਹੀਆਂ ਤਾਂ ਮੈਂ ਅੱਗੇ ਵਾਂਗ ਕਿਹਾ, “ਅੱਛਾ ਮੈਂ ਚਲਦਾ”।
ਉਹਨਾਂ ਸਿਰਹਾਣੇ ਟਿਕੇ ਸਿਰ ਨੂੰ 'ਹਾਂ ਵਿਚ'ਹਲਕੇ ਜਿਹਾ ਉਪਰ-ਥੱਲੇ ਕੀਤਾ ਅਤੇ ਸੱਜਾ ਹੱਥ ਕੁਹਣੀ ਆਸਰੇ ਉੱਪਰ ਚੁੱਕ ਕੇ ਹਲਕਾ ਜਿਹਾ ਹਿਲਾਇਆ।
 ਹਿਲਦੇ ਹੱਥ ਦੀ ਮੁਦਰਾ ਨੂੰ ਉਸੇ ਸਥਿਤੀ ਵਿਚ ਦੇਖਦਾ-ਦੇਖਦਾ ਮੈਂ ਅੰਦਰੋਂ ਬਾਹਰ ਅਤੇ ਫਿਰ ਘਰੋਂ ਬਾਹਰ ਨਿਕਲ ਆਇਆ।
 ਉਹਨਾਂ ਦੀ ਹਾਲਤ ਨੂੰ ਦੇਖਣ ਦੇ ਬਾਵਜੂਦ ਉਸ ਵੇਲੇ ਸ਼ੱਕ ਤੱਕ ਨਾ ਹੋਇਆ ਕਿ ' ਮੱਥਾ ਦੀਵੇ ਵਾਲ਼ਾ' ਦੀ ਲੋਅ ਦੀਵੇਨੂੰ ਛੱਡ ਆਪ ਆਪਣੇ ਅਗਲੇ ਪੈਂਡੇ ਲਈ ਤੁਰ ਪਵੇਗੀ।
                                                                                                                           ਜਗਤਾਰਜੀਤ



No comments:

Post a Comment