Friday, January 13, 2017

ਕਾਵਿ ਚਿੱਤਰ- 'ਮਹਿੰਦਰ ਸਿੰਘ ਰੰਧਾਵਾ' : ਮੋਹਨਜੀਤ

ਮੋਹਨਜੀਤ ਹੁਰਾਂ ਵੱਲੋਂ ਲਿਖਿਆ ਮਹਿੰਦਰ ਸਿੰਘ ਰੰਧਾਵਾ ਦਾ ਕਾਵਿ ਚਿੱਤਰ


ਮਹਿੰਦਰ ਸਿੰਘ ਰੰਧਾਵਾ

ਮਹਿੰਦਰ ਸਿੰਘ ਰੰਧਾਵਾ

ਉਦੋਂ ਮੈਂ ਕਿਉਂ ਨਹੀਂ ਸਾਂ ?

ਬਾਰ ਬਾਰ ਮਨ 'ਚ ਇਹ ਸੁਆਲ ਉੱਠਦਾ ਹੈ 
ਤੇ ਕੰਢੇ ਨਾਲ ਟਕਰਾਉਂਦੀਆਂ, ਟੁੱਟਦੀਆਂ ਲਹਿਰਾਂ ਵਾਂਗ
ਰੇਤ 'ਚ ਜੀਰ ਜਾਂਦਾ ਹੈ
ਅੰਮ੍ਰਿਤਾ ਸ਼ੇਰਗਿੱਲ ਜਦੋਂ ਉਦਾਸ ਔਰਤਾਂ ਵਾਹ ਰਹੀ ਸੀ
ਸੁਬਰਾਮਣੀਆ ਭਾਰਤੀ ਚਾਨਣੀ 'ਚ ਲਿਸ਼ਕਦੀਆਂ ਲਹਿਰਾਂ 'ਚ 
ਗੀਤ ਬੁਣ ਰਿਹਾ ਸੀ 
ਜਦੋਂ ਸਤਿਆਰਥੀ ਬੋਰੂਬਦਾਰ ਦੇ ਮੰਦਰਾਂ 'ਤੇ ਕਵਿਤਾ ਲਿਖ ਰਿਹਾ ਸੀ
ਮਾਈਕਲ ਐਂਜਲੋ ਨੰਗਾ ਡੇਵਿਡ ਘੜ ਰਿਹਾ ਸੀ
ਨੋਰਾ ਰਿਚਰਡਜ਼ ਪੰਜਾਬੀ 'ਚ ਨਾਟਕ ਕਰ ਰਹੀ ਸੀ
ਤੇ ਰੰਧਾਵਾ ਪੰਜਾਬ ਦੀਆਂ ਰਗ਼ਾਂ 'ਚ ਧੜਕ ਰਿਹਾ ਸੀ
ਉਦੋਂ ਮੈਂ ਕਿਉਂ ਨਹੀਂ ਸਾਂ ?
ਕੋਠੇ 'ਚ ਡੰਗਰ ਬੱਝੇ ਨੇ 
ਇਕ ਪਾਸੇ ਮੁੰਜ ਦਾ ਮੰਜਾ ਪਿਆ 
                    ਪਾਣੀ ਦੀ ਗੜਵੀ, ਉਘੜ-ਦੁਗੜੇ ਕਾਗ਼ਜ਼ ਕਿਤਾਬਾਂ 
                                                              ਤੇ ਗੁੱਡਮੈਨ ਦੀ ਲਾਲਟੈਣ

ਪਾੜ੍ਹਾ ਪੜ੍ਹ ਰਿਹਾ 
ਬਲਦ ਹਿੱਲਦਾ ਤਾਂ ਟੱਲੀ ਟੁਣਕਦੀ
ਰੇਤ ਦੇ ਗ਼ੁਬਾਰ ਉੱਡਦੇ, ਝੀਤਾਂ 'ਚੋਂ ਲੰਘਦੀ ਰੇਤ
ਪਾੜ੍ਹਾ ਅੱਖਾਂ ਮਲਦਾ 
ਮੋਹਨਜੀਤ
ਦੂਰ ਬੀਕਾਨੇਰ ਦੇ ਰੇਤੜ 'ਚ ਬਣਿਆ ਕੱਚਾ ਕੋਠਾ 
ਤਹਿਸੀਲ ਦੇ ਹਾਕਮ ਦੇ ਪੁੱਤ ਨੇ ਡਿਪਟੀ ਬਣਨਾ ਹੈ
ਡਿਪਟੀ ਤੇ ਹੋਰ ਵੀ ਬਣੇ ਨੇ, ਵਲੈਤ ਗਏ
ਪਰ ਰੰਧਾਵਾ ਕਿਤੇ ਕੋਈ ਟਾਂਵਾਂ-ਟਾਂਵਾਂ 
ਰੇਤ ਦੀ ਤਾਸੀਰ ਅਕਲ ਵਾਲੀ
ਬੀਕਾਨੇਰ 'ਚ ਨਹਿਰ ਤਾਹੀਓਂ ਪਈ
ਗੰਗਾ ਨਗਰ ਲਹਿਰਾਇਆ
ਕੋਠੇ-ਕੋਠੇ ਜੇਡਾ ਕਮਾਦ ਹੋਇਆ

ਅਫਸਰ ਤਾਂ ਹੋਰ ਵੀ ਬਥੇਰੇ ਹੋਏ
ਪੰਜਾਬ ਦੇ ਪਿੰਡਾਂ ਸ਼ਹਿਰਾਂ 'ਚੋਂ ਉੱਠੇ, ਸਰਕਾਰੇ ਦਰਬਾਰੇ ਦਬਦਬੇ
ਕਵਿਤਾ ਕਹਾਣੀ ਲਿਖਣ ਵਾਲੇ
ਚਰਚਾ ਕੀਤਾ, ਕਰਾਇਆ; ਪ੍ਰਯੋਗੀ, ਭੋਗੀ
ਪਰ ਕਿੰਨਿਆਂ ਨੇ ਕਲਾ ਲਈ ਉਪਰਾਲੇ ਕੀਤੇ
ਜੰਗਲ ਬੇਲੇ ਗਾਹੇ
ਸਿਖ਼ਰਾਂ, ਕੰਦਰਾਂ, ਬਰਫ਼ਾਂ, ਨਦੀਆਂ-ਨਾਲੇ ਲੱਭੇ
ਲੱਭੇ ਲੋਕ-ਬੋਲ, ਅਮੁੱਲ-ਚਿਤਰ ਤੇ ਕਾਈਆਂ 
ਵਿਉਂਤੇ ਕਲਾ-ਭਵਨ, ਵਿਰਸੇ-ਘਰ
ਚਿਤਰ-ਕੁੰਜ, ਪੁਸ਼ਪ-ਕੁੰਜ ਬਣਵਾਏ
ਸਾਹਿਤਕਾਰਾਂ, ਕਲਾਕਾਰਾਂ, ਡਾਕਟਰਾਂ, ਵਿਗਆਨੀਆਂ
ਨੂੰ ਦਿੱਤੇ ਸਸਤੇ ਰੈਣ-ਬਸੇਰੇ 
ਹੌਜ਼-ਖ਼ਾਸ, ਅੰਦਰੇਟੇ, ਮਹਿਰੌਲੀ, ਰੋਹਤਕ-ਰੋਡ, ਚੰਡੀਗੜ੍ਹ
ਨਵਿਆਂ ਨੂੰ ਉਤਸ਼ਾਹਿਤ ਕੀਤਾ
ਪੱਥਰੀਂ ਕਵਿਤਾਵਾਂ ਖੁਦਵਾਈਆਂ
ਅੰਬਰ ਦੇ ਲਹਿੰਗੇ ਬਣਵਾਏ
ਧਰਤੀ ਦੀ ਲੌਣ ਲੁਆਈ

ਉਹ ਤੇਜ਼ ਤੋਰੇ ਤੁਰਦਾ ਆਉਂਦਾ, ਗੱਲ ਕਰਦਾ
ਤੇ ਔਹ ਗਿਆ, ਔਹ ਗਿਆ ਹੋ ਜਾਂਦਾ
ਪਿੱਛੇ ਛੱਡ ਜਾਂਦਾ ਫੁੱਲ ਬੂਟੇ, ਕਿਰਤ, ਖ਼ੁਸ਼ਬੋ ਤੇ ਹੁਸਨ

ਹੋਰ ਅਫ਼ਸਰਾਂ ਤੋ ਉਲਟ ਗੱਡੀ ਦੀ ਅਗਲੀ ਸੀਟ 'ਤੇ ਬੈਠਦਾ
ਚੌਫ਼ੇਰਾ ਵੇਖਦਾ, ਨਿਹਾਰਦਾ, ਸੋਚਦਾ, ਵਿਚਾਰਦਾ, ਚਿਤਵਦਾ 
ਲੋਕ-ਵਾਸਤੇ 'ਚ ਗੜੁੱਚ ਹੋਣ ਕਰਕੇ
ਉਹਦਾ ਬੋਲ ਵੀ ਓਦਾਂ ਦਾ ਹੋ ਗਿਆ 
ਦੋਗਲੇ ਬੰਦਿਆਂ ਦਾ ਮਾੜਾ ਹਸ਼ਰ ਵੇਖ ਕਹਿੰਦਾ –
ਰੱਬ ਦੀ ਚੱਕੀ ਚੱਲਦੀ ਹੌਲ਼ੀ ਪਰ ਪੀਂਹਦੀ ਬਰੀਕ

ਉਹਨੂੰ ਪੱਥਰਾਂ 'ਚੋਂ ਰੰਗ ਉਗਾਉਣੇ ਆਉਂਦੇ ਸਨ
ਕੱਲਰ 'ਚੋਂ ਸੋਨਾ ਤੇ ਮਿੱਟੀ 'ਚੋਂ ਮੁੰਦ-ਕਟਾਰੇ
ਉਹ ਪੰਜਾਬੀ ਸਭਿਆਚਾਰ ਦਾ ਇਕਤਾਰਾ ਸੀ
ਵੱਜਦਾ ਤਾਂ ਅਨੇਕਾਂ ਸੁਰ-ਲਹਿਰੀਆਂ ਚੌਹੀਂ ਦਿਸ਼ਾਈਂ ਫੈਲਦੀਆਂ
ਉਹ ਧੌਲੀਧਾਰ ਦਾ ਦਿਲਦਾਦਾ ਸੀ
ਮਾਸੂਮ ਗੱਦਣਾ ਨੂੰ ਮੇਮਣੇ ਚੁੱਕੀ ਵੇਖ
ਲੋਕ ਗੀਤ ਸਾਕਾਰ ਹੁੰਦੇ ਵਿੰਹਦਾ

ਬਟਵਾਰੇ ਵੇਲੇ ਉਹ ਦਿੱਲੀ ਦਾ ਹਾਕਮ ਸੀ
ਮੌਤ ਦੇ ਨੰਗੇ ਨਾਚ ਵੇਲੇ 
ਜਿਵੇਂ ਤਲ਼ੀ 'ਤੇ ਸਿਰ ਰੱਖ ਉਹਨੇ ਜਾਨ-ਮਾਲ ਦੀ ਰਾਖੀ ਕੀਤੀ
ਪਨਾਹਗੀਰਾਂ ਨੂੰ ਵਸਾਇਆ, ਇਹ ਇਤਿਹਾਸ ਹੈ
ਕਈਆਂ ਕਿਹਾ ਇਹ ਪੰਜਾਬੀਆਂ ਦਾ ਪੱਖ ਪੂਰਦਾ
ਪਰ ਇਹ ਨਾ ਵੇਖਿਆ, ਉਜਾੜਾ ਈ ਪੰਜਾਬੀਆਂ ਦਾ ਸੀ
ਹੋਰਨਾਂ ਦੀ ਤਾਂ ਗੱਲ ਛੱਡੋ
ਵੇਖੀਏ ਤਾਂ ਨਹਿਰੂ ਦੁਆਲੇ ਵੀ ਕਸ਼ਮੀਰੀ ਹੀ ਸਨ
ਰੰਧਾਵੇ ਕਿਹਾ, 'ਜਿਨਾਹ ਦਾ ਨਾਂ ਈ ਹੈ
ਪਾਕਿਸਤਾਨ ਤਾਂ ੧੯੨੫ 'ਚ ਬਣ ਗਿਆ ਸੀ'
ਉਦੋਂ ਕਾਲਜਾਂ ਦੇ ਹਿੰਦੂ ਮੁੰਡੇ,
ਪਿੰਡਾਂ ਦੇ ਸਿੱਖ ਪਾੜ੍ਹਿਆਂ ਤੇ ਮੁਸਲਮਾਨਾਂ ਨੂੰ ਉੱਜਡ ਕਹਿੰਦੇ
ਤੇ ਦਿਲੋਂ ਨਫ਼ਰਤ ਕਰਦੇ

ਕਾਮ ਨੂੰ ਊਰਜਾ ਦਾ ਸ੍ਰੋਤ ਮੰਨਦਾ ਸੀ
ਕਹਿੰਦਾ – ਕਾਮ 'ਚੋਂ ਸਾਹਿਤ, ਕਲਾ, ਬਹਾਦਰੀ ਪਨਪਦੀ 
ਕਦੇ ਖੁਸਰਾ ਵੀ ਕਲਾਕਾਰ ਬਣਿਆ
ਕਾਂਗੜਾ ਚਿਤਰਾਂ ਦੀਆਂ ਨਾਇਕਾਵਾਂ ਬਾਰੇ ਖੁੱਲ੍ਹ ਕੇ ਲਿਖਿਆ
ਆਪ ਵਾਤਸਸਾਯਨ ਵਾਂਗ ਯੋਗੀ ਸੀ
ਸੁੰਦਰਤਾ ਦਾ ਆਸ਼ਕ

ਉਹ ਅੰਗਰੇਜ਼ੀਦਾਨਾਂ ਵਿਚ ਪੰਜਾਬੀ ਸੀਰਤ ਨਾਲ ਵਿਚਰਦਾ
ਆਰਚਰ, ਗੈਲਬ੍ਰੇੱਥ, ਮੁਲਕ ਰਾਜ ਆਨੰਦ ਗਵਾਹ ਨੇ
ਲਛਮਣ ਸਿੰਘ ਗਿੱਲ ਨੇ ਪੁਛਿਆ :
'ਉਹ ਕੰਮ ਦੱਸ ਜੀਹਦੇ ਨਾਲ ਲੋਕੀਂ ਮੈਨੂੰ ਯਾਦ ਰੱਖਣ ?'
ਰੰਧਾਵੇ ਕਿਹਾ, "ਪਿੰਡਾਂ 'ਚ ਪੱਕੀਆਂ ਸੜਕਾਂ ਦਾ ਜਾਲ ਵਿਛਾ, 
ਪੰਜਾਬੀ ਰਾਜ-ਭਾਸ਼ਾ ਬਣਾ"
ਚੱਕ-ਬੰਦੀ ਵੀ ਰੰਧਾਵੇ ਤੇ ਤਰਲੋਕ ਸਿੰਘ ਦਾ ਕਾਰਨਾਮਾ ਸੀ
ਉਜਾੜੇ ਵੇਲੇ ਲੱਖਾਂ ਬੰਦਿਆਂ ਨੂੰ ਜ਼ਮੀਨ ਅਲਾਟ ਕੀਤੀ
ਖੁਸ਼ਵੰਤ ਸਿੰਘ ਕਹਿੰਦਾ –
'ਪੰਜਾਬ ਕਿਸੇ ਵੀ ਹੋਰਸ ਪੰਜਾਬੀ ਨਾਲੋਂ ਬਹੁਤਾ ਉਹਦਾ ਰਿਣੀ ਏ' 

ਉਹ ਵਿਗਿਆਨ ਤੇ ਸਭਿਆਚਾਰ ਨੂੰ ਪੱਗਵੱਟ ਭਰਾ ਸਮਝਦਾ 
ਏਸ ਲਈ ਜਿੱਥੇ ਵੀ ਗਿਆ 
ਜੀਵ-ਵਿਗਿਆਨ ਨਾਲ ਲਾਇਬਰੇਰੀਆਂ, ਗੈਲਰੀਆਂ,
ਅਜਾਇਬਘਰ ਨਾਲ ਲੈ ਕੇ ਗਿਆ

ਫੁੱਲ ਬੂਟੇ, ਫਲ ਰੁੱਖ ਤੇ ਫਸਲਾਂ ਲੋਕ-ਗੀਤਾਂ ਵਾਂਗ ਉਹਦੇ ਯਾਰ-ਬੇਲੀ ਸਨ
ਚੰਡੀਗੜ੍ਹ ਦੇ ਪੱਥਰ ਤੇ ਰੇਤੜ ਨੂੰ ਉਹਨੇ ਚਿਤਰ-ਭੂਮੀ ਬਣਾ ਦਿੱਤਾ

ਪੱਥਰਾਂ 'ਚੋਂ ਹੀਰਾ ਪਛਾਨਣ ਵਾਲਾ ਜੌਹਰੀ ਸੀ ਉਹ
ਰੌਕ-ਗਾਰਡਨ ਵਾਲਾ ਟੇਕ ਚੰਦ ਏਸ ਤਰ੍ਹਾਂ ਲੱਭਾ 
ਦਿੱਲੀ ਦੀ ਆਈਫ਼ੈਕਸ, ਚੰਡੀਗੜ੍ਹ ਦਾ ਕਲਾ-ਭਵਨ ਤੇ
ਆਰਟ ਕਾਲਜ ਉਹਦੇ ਹੀ ਸੁਪਨੇ ਸਨ

ਜਦ ਤਕ ਹੁਸ਼ਿਆਰਪੁਰ ਦੇ ਅੰਬਾਂ ਤੇ ਚੋਆਂ ਦਾ ਜ਼ਿਕਰ ਏ
ਜਦ ਤਕ ਬਟਵਾਰੇ ਦੀ ਵੇਦਨ ਕਾਇਮ ਏ
ਜਦ ਤਕ ਬਿਰਹਾ ਦੇ ਗੀਤ ਨੇ
ਜਦ ਤਕ ਧੌਲੀਧਾਰ ਦੀਆਂ ਬਰਫ਼ਾਂ ਦਾ ਜਲੌਅ ਏ
ਜਦ ਤਕ ਰਚਨਾ ਨਾਲ ਸੁਹਜ ਦਾ ਸੰਬੰਧ ਏ
ਤੇ ਕਾਮ ਦੀ ਲੀਲਾ ਏ
ਰੰਧਾਵਾ ਜੀਂਦਾ ਏ

No comments:

Post a Comment