Wednesday, May 4, 2022

ਕਵਿਤਾ 'ਤੇਰੀ ਰੰਗਸ਼ਾਲਾ' ਦੀ ਫਿਲਾਸਪੀ ਅਤੇ ਸੁਰਜੀਤ ਕੌਰ,- ਜਤਿੰਦਰ ਔਲਖ਼


ਸੁਰਜੀਤ ਕੌਰ ਇਨ੍ਹੀਂ ਦਿਨੀ ਕਨੇਡਾ ਤੋਂ ਭਾਰਤ ਆਏ ਹੋਏ ਹਨ। ਸਾਹਿਤਕ ਸਮਾਗਮਾਂ ਅਤੇ ਹੋਰ ਰੁਝੇਵਿਆਂ ਵਿਚ ਉਹ ਖਾਸੇ ਮਸਰੂਫ਼ ਹਨ।  ਬੀਤੇ ਦਿਨੀਂ ਉਹਨਾਂ ਨੂੰ ਜਲੰਧਰ ਉਹਨਾਂ ਦੀ ਰਿਹਾਇਸ਼

'ਤੇ ਮਿਲਣ ਗਿਆ। ਬੇਸ਼ੱਕ ਉਹ ਅੰਮ੍ਰਿਤਸਰ ਆਏ ਇੱਥੇ ਉਹਨਾਂ ਦੀ ਆਮਦ 'ਤੇ ਸਨਮਾਨ ਸਮਾਰੋਹ ਅਤੇ ਰੂਬਰੂ ਕਰਵਾਇਆ ਗਿਆ। ਪਰ ਮੇਰੇ ਕੋਲੋਂ ਜਾ ਨਹੀਂ ਸੀ ਹੋਇਆ ਉਂਝ ਵੀ ਮੇਰੇ ਮਨ ਵਿਚ ਸੁਰਜੀਤ ਹੁਰਾਂ ਨੂੰ ਬਾਅਦ ਵਿਚ ਮਿਲਣ ਦੀ ਇੱਛਾ ਸੀ ਕਿਉਂਕਿ ਉਹਨਾਂ ਕੋਲ ਸਿਰਫ ਕਾਵਿਕ ਹੀ ਨਹੀਂ ਬਲਕਿ ਵਿਸ਼ਾਲ ਰੂਹਾਨੀ ਅਤੇ ਸਮਾਜਿਕ ਜੀਵਨ ਦਾ ਅਨੁਭਵ ਹੈ। ਉਹਨਾਂ ਦੇ ਇਸ ਅਨੁਭਵ ਨੂੰ ਉਹਨਾਂ ਕੋਲ ਸਹਿਜ ਨਾਲ ਮਿਲ-ਬੈਠ ਕੇ ਹੀ ਜਾਣਿਆ ਜਾ ਸਕਦਾ ਹੈ। ਸਮਾਗਮਾਂ 'ਚ ਮਿਲਣੀਆਂ ਬਸ ਰਸਮੀ ਹੁੰਦੀਆਂ ਹਨ। ਭਾਰੀ ਟਰੈਫਿਕ ਉਲਝਣਾਂ ' ਚੋਂ ਲੰਘ ਅਸੀਂ ਜਲੰਧਰ
 ਉਹਨਾਂ ਦੀ ਰਿਹਾਇਸ਼ 'ਤੇ ਪਹੁੰਚੇ। ਉਹਨਾਂ ਦੀ ਸਖਸ਼ੀਅਤ 'ਚ ਇਕ ਸਹਿਜ ਇਕ ਸਕੂਨ ਸਮਾਇਆ ਹੋਇਆ ਹੈ। 

ਜਿਵੇਂ ਫ਼ੁੱਲ ਚੁਗਦੀ ਕੋਈ ਮਾਲਣ ਖੁਸ਼ਬੂਆਂ ਦੇ ਅਦਭੁੱਤ ਸੰਸਾਰ ਵਿਚ ਵਿਚਰਦੀ ਮੰਤਰਮੁਗਧ ਹੁੰਦੀ ਹੈ, ਉਸਦਾ ਪੱਲੂ ਹਮੇਸ਼ਾਂ ਖੁਸ਼ਬੂਆਂ ਬਿਖੇਰਦਾ ਹੈ।  ਇੰਝ ਹੀ ਸੁਰਜੀਤ ਜੀ ਕਾਵਿਕ ਫੁੱਲਾਂ ਦੀ ਕਿਆਰੀ 'ਚੋਂ ਕਵਿਤਾ ਦੇ ਫੁੱਲ ਚੁਗਦੀ ਖੂਬਸੂਰਤ ਖ਼ਿਆਲਾਂ ਦੀਆਂ ਮਹਿਕਾਂ ਬਿਖੇਰਦੀ ਹੈ।

ਬਾਹਰ ਦੀ ਦਿਖਾਵਿਆਂ- ਬਨਾਉਟੀ ਮੁਸਕਾਨਾ ਦੀ ਦੁਨੀਆਂ ਸ਼ੋਰ ਉਤਪੰਨ ਕਰਦੀ ਹੈ ਪਰ ਜਦੋਂ ਇਨਸਾਨ ਮੌਨ ਦੀ ਅਵਸਥਾ 'ਚੋਂ ਲੰਘਦਾ ਹੈ ਤਾਂ ਇਕ ਸੰਵਾਦ ਦੀ ਅਵਸਥਾ ਪੈਦਾ ਹੁੰਦੀ ਹੈ, ਇਨਸਾਨ ਖੁਦ ਨਾਲ ਸੰਵਾਦ ਰਚਾ ਕੇ ਸੰਸਾਰ ਨੂੰ ਸੰਬੋਧਿਤ ਹੁੰਦਾ ਹੈ। ਉਹ ਇਕ ਊਰਜਾ ਦਾ ਸਰੋਤ ਹੈ ਅਤੇ ਇਸੇ ਊਰਜਾ ਰਾਹੀਂ ਦੁਨੀਆਂ ਅਤੇ ਬ੍ਰਹਿਮੰਡ ਨੂੰ ਸਮਝਿਆ ਜਾ ਸਕਦਾ ਹੈ। 

ਦੁਨੀਆਂ ਬਾਰੇ ਬਹੁਤ ਵਧੀਆ ਢੰਗ ਨਾਲ ਗੱਲ ਦੁਨੀਆਂ ਦੇ ਸ਼ੋਰਗੁਲ ਚ ਗਵਾਚ ਕੇ ਨਹੀਂ ਬਲਕਿ ਕਿਸੇ ਵੱਖਰੇ ਅਤੇ ਨਿਆਰੇ ਥਾਂ ਉੱਪਰ ਖਲੋਅ ਕੇ ਹੀ ਹੋ ਸਕਦੀ ਹੈ।  ਸੁਰਜੀਤ ਹੁਰਾਂ ਦੀ ਟਾਈਟਲ ਕਵਿਤਾ ' ਤੇਰੀ ਰੰਗਸ਼ਾਲਾ' 'ਚ ਕੁਝ ਸਤਰਾਂ ਮੈਨੂੰ ਅੱਗੇ ਪੜ੍ਹਨ ਤੋਂ ਰੋਕ ਰਹੀਆਂ ਹਨ, ਮਨ ਇਹਨਾਂ ਦੇ ਰਹੱਸ ਨੂੰ ਸਮਝਣਾ ਚਾਹੁੰਦਾ ਹੈ:

ਤੇਰੇ ਉਪਬਨ 'ਚ ਬਹਾਰਾਂ  ਦਾ ਜਲੌਅ

ਪੌਣਾਂ ਸੰਗ ਡੋਲਦੀ

ਚਹਿਕ ਰਹੀ ਹਾਂ।

ਹਰ ਪਾਸੇ ਤੇਰਾ ਹੀ ਜਲਵਾ

ਹਰ ਪਾਸੇ ਤੇਰੇ ਹੀ ਕੌਤਕ

ਤੇਰੀ ਰੰਗਸ਼ਾਲਾ 'ਚ

ਤੇਰੇ ਕੌਤਕਾਂ ਦਾ ਰਕਸ ਵੇਖ ਰਹੀ ਹਾਂ।

ਮੈਂ ਇੱਥੇ ਸਮਝਣਾ ਚਾਹੁੰਦਾ ਹਾਂ ਕਿ ਉਹਨਾਂ 'ਉਪਬਨ' ਸ਼ਬਦ ਦੀ ਵਰਤੋਂ ਹੀ ਕਿਓਂ ਕੀਤੀ? ਵੱਖ-ਵੱਖ ਸ਼ਬਦਕੋਸ਼ ਅਤੇ ਵਿਕੀਪੀਡੀਆ ਵੇਖਣ ਤੋਂ ਬਾਅਦ 'ਉਪਬਨ' ਸ਼ਬਦ ਦੇ ਸ਼ਾਬਦਿਕ ਅਰਥਾਂ ਦੇ ਪਿੱਛੇ ਪਏ ਗਹਿਰੇ ਰਹੱਸ ਡੀਕੋਡ ਹੁੰਦੇ ਹਨ। ਹਰ ਮਨ ਦੀ ਆਪਣੀ ਇਕ ਮੂਲ ਅਤੇ ਵਿਲੱਖਣ ਫਿਲਾਸਪੀ ਹੈ। ਮਨ ਦੇ ਇਹਨਾਂ ਨਿਵੇਕਲੇ ਪਹਿਲੂਆਂ 'ਤੇ ਅਸੀਂ ਬਾਹਰੀ ਵਿਚਾਰਧਾਰਾਵਾਂ ਦੇ ਜਿੰਦਰੇ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਮਨ ਦਾ ਇਕ ਨਿੱਜ ਹੁੰਦਾ ਹੈ। ਇਸਦਾ ਮੂਲ ਪਛਾਨਣ ਲਈ ਇਸਦੀ ਖੋਜ ਕਰਨੀ ਜ਼ਰੂਰੀ ਹੈ। 

'ਉਪਬਨ' ਦਰਖਤਾਂ ਦਾ ਉਹ ਗੋਲ ਘੇਰਾ ਹੈ ਜਿਸਦੀ ਹੋਂਦ ਵਿਸ਼ਾਲ ਬਨ ਦੇ ਅੰਦਰ ਹੈ। ਜਿਵੇਂ ਇਨਸਾਨ ਵਿਸ਼ਾਲ ਬ੍ਰਹਿਮੰਡ ਅਤੇ ਸੰਸਾਰਿਕ ਪਸਾਰ  ਅੰਦਰ ਆਪਣੀ ਵੱਖਰੀ ਨਿੱਜੀ ਹੋਂਦ ਰੱਖਦਾ ਹੈ। ਇਸੇ ਨਿੱਜ ਦੀ ਖੋਜ ਮਨ ਦੀ ਖੋਜ ਹੈ। ਜਿਵੇਂ ਉਪਬਨ ਗੋਲ ਦਰਖਤਾਂ ਦਾ ਘੇਰਾ ਹੈ ਜਿਸਦੇ ਵਿਚ ਖਾਲੀ ਥਾਂ ਹੈ। ਇਹ ਮਾਨਵ ਦਾ ਨਿੱਜ ਹੈ- ਉਸਦੀ ਸਪੇਸ ਹੈ। ਜਦੋਂ ਇਨਸਾਨ ਇਸ 'ਸਪੇਸ' ਤੋਂ ਅਵਗਤ ਹੁੰਦਾ ਹੈ ਤਾਂ ਬਹੁਤ ਸਾਰੇ ਝਮੇਲੇ ਮੁੱਕ ਜਾਂਦੇ ਹਨ। ਕਿਸੇ ਵੀ ਤਰ੍ਹਾਂ ਦੀ ਫਿਲਾਸਪੀ ਦੀ ਸ਼ੁਰੂਆਤ ਇਸੇ  'ਨਿੱਜ..ਮਨ..ਸਪੇਸ' ਦੀ ਖੋਜ ਤੋਂ ਸ਼ੁਰੂ ਹੁੰਦੀ ਹੈ।

ਗੁਰੂ ਗ੍ਰੰਥ ਸਾਹਿਬ, ਬਾਈਬਲ ਅਤੇ ਬੋਧਇਜ਼ਮ ਦੇ ਲੰਮੇ ਅਧਿਐਨ ਤੋਂ ਬਾਅਦ ਮੈਂ ਇਹੀ ਸਮਝ ਸਕਿਆ ਹਾਂ ਕਿ ਹਰ ਇਨਸਾਨ ਨੂੰ ਆਪਣੇ ਮਨ ਦੀ ਖੋਜ ਲਈ ਕੁਝ ਸਮਾਂ ਜਰੂਰ ਕੱਢਣਾ ਚਾਹੀਦਾ ਹੈ। ਇਹੀ ਖੋਜ ਬੰਦੇ ਨੂੰ ਉਸ ਲਲਾਰੀ ਦੀ ਅਸੀਮਤ-ਅਨਹਦ ਰੰਗਸ਼ਾਲਾ ਵਿੱਚ ਨਿੱਜ ਦੇ ਆਨੰਦ-ਉਮਾਹ ਦੇ ਸਾਗਰ 'ਚੋਂ ਮੋਤੀ ਚੁਗਦੇ ਹੰਸ ਵਿਚ ਬਦਲ ਦੇਂਦੀ ਹੈ।

No comments:

Post a Comment