Tuesday, October 17, 2023

ਕਵਿੰਦਰ ਚਾਂਦ ਦਾ “ਮੁਆਫ਼ੀਨਾਮਾ” ਪੜ੍ਹਦਿਆਂ : ਸੁਰਜੀਤ (ਟੋਰਾਂਟੋ)

 

ਕਵਿੰਦਰ ਚਾਂਦ ਸਾਡੇ ਸਮਿਆਂ ਦਾ ਉਹ ਸੰਵੇਦਨਸ਼ੀਲ ਸ਼ਾਇਰ ਹੈ ਜਿਸਦੀ ਸ਼ਾਇਰੀ ਵਿਚ ਰੂਹ ਵਿਚ ਉੱਤਰ ਜਾਣ ਦਾ ਹੁਨਰ ਵਿਦਮਾਨ ਹੈ। ਮੈਂ ਪਹਿਲਾਂ ਵੀ ਉਸਦੀ "ਕਣ ਕਣ" ਪੜ੍ਹਕੇ ਉਸਦੀ ਸ਼ਾਇਰੀ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਇਸੇ ਕਰਕੇ ਅੱਜ ਜਦੋਂ ਅਚਾਨਕ ਹੀ ਉਸਦਾ ਨਵਾਂ ਕਾਵਿ-ਸੰਗ੍ਰਹਿ  ਕੁਝ ਘੰਟਿਆਂ ਲਈ ਹੀ ਮੇਰੇ ਹੱਥ 'ਚ ਸੀ ਤਾਂ ਇਸਨੂੰ ਕਾਹਲੀ ਕਾਹਲੀ ਪੜ੍ਹਨ ਦਾ ਲਾਲਚ ਜਾਗ ਪਿਆ। ਪਹਿਲੀ ਹੀ ਗ਼ਜ਼ਲ ਨੇ ਮੋਹ ਲਿਆ। ਆਪਣੇ ਆਪ ਨੂੰ ਪਹਿਚਾਨਣਾ ਬਹੁਤ ਔਖਾ ਹੈ ਪਰ ਇਸ ਸੰਗ੍ਰਹਿ ਦੀ ਪਹਿਲੀ ਗ਼ਜ਼ਲ ਹੀ ਸਵੈ ਤੋਂ ਸ਼ੁਰੂ ਹੋਈ -    

ਮੇਰੇ ਅੰਦਰ ਸੀ ਉੱਠਦੇ ਵਾ ਵਰੋਲੇ

ਮੈਂ ਖ਼ੁਦ ਫਿਰ ਆਪਣੇ ਪੰਨੇ ਫਰੋਲੇ

ਬੜਾ ਕੁਝ ਨਿਕਲਿਆ ਹੈ ਮਾਣ ਮੱਤਾ

ਬੜਾ ਕੁਝ ਬੇਜ਼ਮੀਰਾ ਨਿਕਲਿਆ ਹੈ

ਵਾਹ ਚਾਂਦ ਸਾਹਿਬ, ਇਸ ਸ਼ਿਅਰ ਨੂੰ ਬਾਰ ਬਾਰ ਪੜ੍ਹਨ ਤੇ ਜੀਅ ਕਰਦਾ ਹੈ। ਨਾਨਕ ਬਾਰੇ ਪੂਰੇ ਸੰਸਾਰ ਭਰ ਵਿਚ ਬਹੁਤ ਕੁਝ ਲਿਖਿਆ ਗਿਆ। ਚਾਂਦ ਦੇ ਸ਼ਬਦਾਂ ਦਾ ਕਮਾਲ ਵੇਖੋ- 

ਨਾਨਕ ਕੋਈ ਨਾਮ ਨਹੀਂ ਹੈ

ਨਾਨਕ ਕੋਈ ਧਾਮ ਨਹੀਂ ਹੈ

ਨਾਨਕ ਹੈ ਇਕ ਗੀਤ ਇਲਾਹੀ

ਕਣਕਣ ਵਿਚ ਪਰੋਇਆ ਹੋਇਆ

ਕਈ ਵਾਰ ਇਹ ਸ਼ਾਇਰ ਚਿੰਤਕ ਬਣ ਜਾਂਦਾ ਹੈ, ਉਂਝ ਭਾਂਵੇਂ ਹਰ ਲੇਖਕ ਚਿੰਤਕ ਹੀ ਹੁੰਦਾ ਹੈ ਪਰ ਇਹ ਚਿੰਤਨ ਆਮ ਬੰਦੇ ਨੂੰ ਮੁਆਫੀ ਮੰਗਣ ਦੀ ਸਲਾਹ ਦੇ ਕੇ  ਖਾਸ ਬਣਾ ਦਿੰਦਾ ਹੈ। ਸਾਰੀ ਕਵਿਤਾ ਪੜ੍ਹਨ ਵਾਲੀ ਹੈ, ਕੁਝ ਕੁ ਸਤਰਾਂ ਵੇਖੋ -  

ਮੁਆਫ਼ੀ ਮੰਗ ਕੇ ਇਕ ਆਮ ਬੰਦਾ

ਖਾਸ ਹੋ ਜਾਂਦੈ

ਮੁਆਫ਼ੀ ਮੰਗਿਆਂ 

ਧਰਤੀ ਜਿਹਾ ਧਰਵਾਸ ਹੋ ਜਾਂਦੈ

ਮੁਆਫ਼ੀ ਨਫ਼ਰਤਾਂ ਦੇ ਬੀਜ ਸਾਰੇ 

ਸਾੜ ਸਕਦੀ ਹੈ

ਇਹ ਚਾਲੀ ਮੁਕਤਿਆਂ ਵਾਲਾ ਬੇਦਾਵਾ

ਪਾੜ ਸਕਦੀ ਹੈ

ਇਹ ਸਾਡਾ ਮਾਣਮੱਤਾ ਸ਼ਾਇਰ ਦੁਨੀਆਂ ਭਰ ਦੇ ਵਰਤਾਰਿਆਂ ਦਾ ਫਿਕਰ ਕਰਦਾ ਹੈ। ਕਣ ਕਣ ਵਿਚ ਉਸਨੇ ਮੰਗਤਿਆਂ, ਖਾਸ ਕਰ ਕੇ ਮੰਗਤੀਆਂ, ਬੱਚਿਆਂ ਅਤੇ ਮਜ਼ਲੂਮਾਂ ਲਈ ਸੰਵੇਦਨਾ ਭਰਪੂਰ ਸ਼ਿਅਰ ਲਿਖੇ। ਉਹ ਚਾਹੁੰਦਾ ਹੈ ਸਾਰੇ ਕਲਮਕਾਰ ਸਮਾਜ ਵਿਚ ਆ ਰਹੀ ਅਧੋਗਤੀ ਬਾਰੇ ਬੋਲਣ। ਇਸ ਲਈ ਉਹ ਬਹੁਤ ਹੀ ਜ਼ੋਰਦਾਰ ਸ਼ਬਦਾਂ ਵਿਚ ਆਵਾਜ਼ ਉਠਾਉਂਦਾ ਹੈ- 

ਸਮਾਂ ਬੋਲਣ ਦਾ ਹੈ

ਕਵੀਓ, ਕਲਮਕਾਰੋ, ਸੰਵੇਦਨਾਸ਼ੀਲ ਲੋਕੋ,

ਫਲਮਸਾਜੋ, ਓ ਅਦਾਕਾਰੋ!

ਸ਼ਬਦ ਖਾਮੋਸ਼ ਨੇ, ਪਹਿਰੇ ‘ਚ ਨੇ,

ਕਲਮਾਂ ਦੀ ਕਿਉਂਕਰ ਜੀਭ ਠਾਕੀ ਹੈ,

ਐ ਫਨਕਾਰੋ,

ਸਮਾਂ ਬੋਲਣ ਦਾ ਹੈ,

ਬੋਲੋ!

ਪਰ ਨਾਲ ਹੀ ਇਸ ਗੱਲ ਦੀ ਚਿੰਤਾ ਕਰਦਾ ਹੈ ਕਿ ਅੱਜ ਦਾ ਕਵੀ ਅਜਿਹਾ ਕੁਝ ਵੀ ਅਸਰਦਾਰ ਨਹੀਂ ਲਿਖ ਰਿਹਾ। ਜੋ ਉਹ ਲਿਖ ਰਿਹਾ ਹੈ ਜੇ ਉਹ ਇਨਸਾਨੀਅਤ ਦਾ ਕੁਝ ਸੁਆਰ ਨਹੀਂ ਸਕਦਾ ਤਾਂ ਉਹ ਲਿਖਦਾ ਹੀ ਕਿਉਂ ਹੈ?  ਦੂਜੇ ਸ਼ਬਦਾਂ ਵਿਚ ਉਹ ਅੱਜ ਦੇ ਕਲਮਕਾਰਾਂ ਨੂੰ ਸਾਰਥਕ ਰਚਨਾਵਾਂ ਰਚਣ ਲਈ ਪ੍ਰੇਰਦਾ ਹੈ ਜੋ ਮਨੁੱਖ ਨੂੰ ਕੋਈ ਸੇਧ ਦੇ ਸਕਣ-

ਨਾ ਕਵਿਤਾ ਹੁਣ ਯੁਗ ਪਲਟਾਵੇ

ਨਾ ਜਾਬਰ ਸੰਗ ਆਹਢੇ ਲਾਵੇ

ਨਾ ਕੁਦਰਤ ਦਾ ਗੀਤ ਹੈ ਬਣਦੀ

ਨਾ ਰੂਹ ਦਾ ਸੰਗੀਤ ਹੈ ਬਣਦੀ

ਨਾ ਤਾਂ ਸੁੱਤੇ ਲੋਕ ਜਗਾਵੇ

ਨਾ ਸੋਚਾਂ ਵਿਚ ਭਾਂਬੜ ਲਾਵੇ

ਫਿਰ ਕਵਿਤਾਵਾਂ ਕਿਉਂ ਲਿਖਦੇ ਹਾਂ?

ਅਸੀਂ ਕਿਤਾਬਾਂ ਕਿਉਂ ਲਿਖਦੇ ਹਾਂ?

ਕਹਿੰਦੇ ਹੁੰਦੇ ਨੇ ਕਿ 'ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ'। ਕਵਿੰਦਰ ਚਾਂਦ ਨੇ ਆਪਣੀ ਕਵਿਤਾ ਵਿਚ ਆਪਣੇ ਵਿਰਸੇ ਅਤੇ ਆਪਣੇ ਇਤਿਹਾਸ ਨਾਲ ਇਕ ਅਹਿਮ ਰਿਸ਼ਤਾ ਬਣਾ ਕੇ ਰੱਖਿਆ ਹੋਇਆ ਹੈ। ਵੇਖੋ ਗੁਰੂ ਤੇਗ ਬਹਾਦਰ ਜੀ ਦੀ ਅਦੁਤੀ ਸ਼ਹਾਦਤ ਬਾਰੇ ਲਿਖੀ ਇਕ ਨਜ਼ਮ- 

ਇਕ ਚੌਂਕ ਚਾਨਣੀ ਹੈ

ਪੁੱਤਰ ਹਨੇਰਿਆਂ ਦਾ

ਬੈਠਾ ਅਡੋਲ ਆਸ਼ਕ

ਬਾਪੂ ਸਵੇਰਿਆਂ ਦਾ

ਗੱਜਦਾ ਜੱਲਾਦ ਆਇਆ

ਭੜਥੂ ਜਿਹਾ ਮਚਾਇਆ

ਚਾਨਣ ਦੇ ਚਸ਼ਮਿਆਂ ਨੂੰ 

ਨੇਰ੍ਹਾ ਡਰਾਉਣ ਆਇਆ

ਅਸੀਂ ਸਾਰੇ ਇਕੋ ਮਿੱਟੀ 'ਚੋਂ ਪੈਦਾ ਹੁੰਦੇ ਹਾਂ ਇਕੋ ਪੌਣ ਪਾਣੀ 'ਚ ਜੀਊਂਦੇ ਹਾਂ, ਇਕੋ ਕੌਸਮਿਕ ਊਰਜਾ ਸਾਨੂੰ ਚਲਾ ਰਹੀ ਹੈ ਇਸ ਨਾਤੇ ਅਸੀਂ ਸਾਰੇ ਇਕੋ ਹੀ ਹਾਂ। ਰੱਬ ਹੋਰ ਕੁਝ ਨਹੀਂ ਇਸ ਬ੍ਰਹਿਮੰਡ ਨੂੰ ਚਲਾਉਣ ਵਾਲੀ ਸ਼ਲਤੀ ਦਾ ਹੀ ਨਾਂ ਹੈ। ਗੁਰਬਾਣੀ 'ਚ ਲਿਖਿਆ ਹੋਇਆ ਹੈ

ਜੋ ਬ੍ਰਹਿਮੰਡੇ ਸੋਈ ਪਿੰਡੇ ਇਸ ਲਈ ਕਵੀ ਕਹਿੰਦਾ ਹੈ ਕਿ ਜੇ ਸਭ ਨੂੰ ਚਲਾਉਣ ਵਾਲੀ ਸ਼ਕਤੀ ਵੱਡਾ ਰੱਬ ਹੈ ਤਾਂ ਅਸੀਂ ਛੋਟੇ ਰੱਬ ਹਾਂ, ਕੀਤੀ ਨਾ ਕਮਾਲ ਦੀ ਗੱਲ !

ਰੱਬ ਇਕ ਨਹੀਂ ਹੁੰਦਾ 

ਦੋ ਹੁੰਦੇ

ਵੱਡਾ, ਛੋਟਾ!

ਵੱਡਾ ਰੱਬ ਨੂਰੋ ਨੂਰ, 

ਅਕਾਲ ਮੂਰਤ,

ਆਦਿ ਸੱਚ,

ਇਲਾਹੀ ਜੋਤ!

ਹਰ ਬੰਦਾ ਹਰ ਜੀਅ

ਇਲਾਹੀ ਜੋਤ ਵਿੱਚੋਂ ਉਪਜਦਾ

ਜੋਤ ਸਰੂਪ ਹੁੰਦਾ!

ਹਰ ਬੰਦਾ ਛੋਟਾ ਰੱਬ ਹੁੰਦਾ

ਅਸੀਂ ਸਭ ਛੋਟੇ ਛੋਟੇ ਰੱਬ!

ਇਹ ਸ਼ਬਦ 'ਮੁਆਫ਼ੀਨਾਮਾ' ਦੀਆਂ ਗਜ਼ਲਾਂ/ਨਜ਼ਮਾਂ ਨਾਲ ਜਾਣ-ਪਛਾਣ ਕਰਵਾਉਣ ਦਾ ਬਹੁਤ ਛੋਟਾ ਜਿਹਾ ਯਤਨ ਹੈ। ਇਸ ਵਿਚ ਕਵੀ ਦੇ ਆਪਣੇ ਨਿੱਜੀ ਜੀਵਨ ਦੇ ਤਜ਼ਰਬੇ, ਆਪਣੇ ਮਾਣ ਮੱਤੇ ਵਿਰਸੇ ਦੇ ਕਿੱਸੇ ਅਤੇ ਅਜੋਕੇ ਹਾਲਾਤ ਦਾ ਫਿਕਰ ਵਿਦਮਾਨ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਕਵਿਤਾ ਬੌਧਿਕ ਅਤੇ ਚਿੰਤਨਸ਼ੀਲ ਹੋ ਕੇ ਵੀ ਸਹਿਜ, ਸੰਵੇਦਨਾ ਭਰਪੂਰ, ਸੁਹਜਮਈ ਅਤੇ ਸਮਝਣ ਵਿਚ ਸੌਖੀ ਹੈ ਜਿਸਨੂੰ ਪੜ੍ਹ/ ਸੁਣ ਕੇ ਹਰ ਮਨੁੱਖ ਸੋਚਦਾ ਵੀ ਹੈ ਅਤੇ ਸਮਝਦਾ ਵੀ ਹੈ। ਇਸ ਕਿਤਾਬ ਨੂੰ ਜਰੂਰ ਪੜ੍ਹਨਾ ਤੁਹਾਨੂੰ ਵੀ ਬਹੁਤ ਚੰਗੀ ਲੱਗੇਗੀ।

                                                  

No comments:

Post a Comment