Thursday, January 12, 2017

ਸੂਰਜ ਕਦੇ ਬੁੱਢਾ ਨਹੀਂ ਹੁੰਦਾ-ਪ੍ਰੋ.ਨੌਸ਼ਹਿਰਵੀ ਦੀ ਪੁਸਤਕ 'ਕਾਲੇ ਲਿਖੁ ਨਾ ਲੇਖ'-ਤੇਲੂਰਾਮ ਕੁਹਾੜਾ

ਜਦੋਂ ਮੈਂ 'ਕਾਲੇ ਲਿਖੁ ਨਾ ਲੇਖ' ਪੜ੍ਹਕੇ ਹਟਿਆ ਤਾਂ ਮੈਨੂੰ ਲੱਗਿਆ ਕਿ ਪ੍ਰੋ.ਹਮਦਰਦਵੀਰ ਨੌਸ਼ਹਿਰਵੀ ਨਾਲ ਤਾਂ ਮੇਰੀਆਂ ਕਈ ਗੱਲਾਂ ਮੇਲ ਖਾਂਦੀਆਂ ਹਨ, ਜਿਵੇਂ ਵਾਇਆ ਬਠਿੰਡਾ ਪੜ੍ਹਾਈ ਕਰਨੀ, ਰਜਿਸਟ੍ਰੇਸ਼ਨ ਤੋਂ ਪਿੱਛੋਂ ਵੀ, ਪੀ.ਐਚ.ਡੀ. ਦੀ ਇੱਛਾ ਵਿੱਚੇ ਹੀ ਰਹਿ ਜਾਣੀ, ਸੋਨਾ ਨਾ ਪਹਿਨਣਾ,ਅੱਖਾਂ ਤੇ ਸਰੀਰ ਦਾਨ, ਉਸ ਉਮਰ ਵਿੱਚ ਵੀ ਸਾਈਕਲ ਨਾਲ ਆੜੀ ਪਾ ਕੇ ਰੱਖਣੀ, ਦਾਰੂ, ਮੀਟ, ਮੱਛੀ ਆਦਿ ਤੋਂ ਗੁਰੇਜ਼ ਕਰਨਾ, ਨਹੀਂ ਜਾਣਾ ਪਰਦੇਸ਼।ਹਮਦਰਦਵੀਰ ਨੌਸ਼ਹਿਰਵੀ ਨਾਲ ਮੇਰੀ ਸਾਂਝ ਉਦੋਂ ਦੀ ਹੀ ਚਲੀ ਆਉਂਦੀ ਹੈ, ਜਦੋਂ ਤੋਂ ਉਹ ਸਮਰਾਲੇ ਆ ਕੇ ਵਸਿਆ।ਅਸੀਂ ਅਕਸਰ ਆਲੇ ਦੁਆਲੇ ਦੀਆਂ ਸਾਰੀਆਂ ਸਾਹਿਤਕ ਸਭਾਵਾਂ ਵਿੱਚ ਇਕੱਠੇ ਹੁੰਦੇ।'ਕਾਲੇ ਲਿਖੁ ਨਾ ਲੇਖ' ਨੌਸ਼ਹਿਰਵੀ ਦੀ ਬਾਈਵੀਂ ਪੁਸਤਕ ਹੈ, ਜਿਸ ਵਿੱਚ ੫੯ ਲੇਖ ਹਨ, ਜਿਹਨਾਂ ਨੂੰ ਮੈਂ ਬਹੁਤ ਹੀ ਉਤਸੁਕਤਾ ਨਾਲ ਪੜ੍ਹਿਆ, ਕਿਉਂਕਿ ਹਮਦਰਦਵੀਰ ਦੀ ਲੇਖਣੀ ਵਿੱਚੋਂ ਛੋਟੇ ਵਾਕ ਜਨਮ ਲੈਂਦੇ ਹਨ ਅਤੇ ਸ਼ਬਦਾਂ ਦੀ ਜਾਦੂਗਰੀ ਨੇ ਮੈਨੂੰ ਕੀਲਕੇ ਰੱਖਿਆ।

ਪੁਸਤਕ 'ਕਾਲੇ ਲਿਖੁ ਨਾ ਲੇਖ' ਵਿੱਚੋਂ ਮੈਨੂੰ ਹਮਦਰਦਵੀਰ ਨੌਸ਼ਹਿਰਵੀ ਇਕ ਨਹੀਂ, ਕਈ ਨਜ਼ਰ ਆਏ।ਉਹ ਮੈਨੂੰ ਰੁਮਾਂਸਵਾਦੀ ਲੇਖਕ ਵੀ ਲੱਗਿਆ, ਪ੍ਰਗਤੀਸ਼ੀਲ, ਜੁਝਾਰੂ ਵੀ ਲੱਗੀਆ।ਉਸਦੇ ਲੇਖਾਂ ਵਿੱਚੋਂ ਸਪਸ਼ਟਵਾਦੀ ਅਤੇ ਸੱਤਵਾਦੀ ਹੋਣ ਦਾ ਸਬੂਤ ਵੀ ਮਿਲਦਾ ਹੈ।ਜੇ ਕੋਈ ਕਾਲੀਆਂ ਘਟਾਵਾਂ ਨੂੰ ਅਕਾਸ਼ ਵਿੱਚ ਉਡਦਿਆਂ ਦੇਖ ਵਿਸਮਾਦ, ਵਿਸਮਾਦ ਹੋ ਜਾਵੇ, ਤਾਰਿਆਂ ਨਾਲ ਗੱਲਾਂ ਕਰੇ,ਜਿਸਨੂੰ ਰਾਤ ਸਮੇਂ ਰੋਂਦਾ ਕੁੱਤਾ ਵੀ ਗਾਉਂਦਾ ਲੱਗੇ,ਜੋ ਨਦੀਆਂ ਦੇ ਡੁੰਘੇ ਨੀਲੇ ਪਾਣੀਆਂ ਵਿੱਚ ਤਰਦੇ ਚੰਦ ਦੇ ਅਕਸ ਨੂੰ ਨਿਹਾਰਕੇ ਮਿੰਨਾ ਮਿੰਨਾ ਮੁਸਕ੍ਰਾਵੇ, ਜੋ ਫੁੱਲਾਂ ਨਾਲ ਕਲੋਲਾਂ ਕਰੇ, ਘੁੱਗੀਆਂ, ਗੁਟਾਰਾਂ, ਕਬੂਤਰਾਂ, ਚਿੜੀਆ ਦੀਆਂ ਆਵਾਜ਼ਾ ਸੰਗ ਗੁਣਗਰਾਵੇ, ਜੋ ਤਿੱਤਲੀ ਦੇ ਰੰਗਾਂ ਨੂੰ ਦੇਖ ਦੇਖ ਖ਼ੁਸ਼ ਹੋਈ ਜਾਵੇ, ਜੋ ਅੰਬਰਾਂ ਨੂੰ ਛੂੰਹਦੀਆਂ ਪਰਬਤਾਂ ਦੀਆਂ ਟੀਸੀਆਂ ਨੂੰ ਦੇਖ, ਦੇਖ ਹੌਸਲੇ ਬੁਲੰਦ ਰੱਖੇ, ਆਪਣੀ ਕੁਰਸੀ ਨੂੰ ਜਿਹੜਾ ਵਿਅਕਤੀ ਅੰਤਾਂ ਦਾ ਪਿਆਰ ਕਰੇ, ਉਹ ਲੇਖਕ ਵੀ ਤਾਂ ਰੁਮਾਂਸਵਾਦੀ ਹੀ ਹੋਵੇਗਾ, ਤੇ ਪੁਸਤਕ 'ਕਾਲੇ ਲਿਖੁ ਨਾ ਲੇਖ' ਵਿੱਚੋਂ ਹਮਦਰਦਵੀਰ ਨੌਸ਼ਹਿਰਵੀ ਦਾ ਰੁਮਾਂਸਵਾਦੀ ਹੋਣਾ ਸਾਫ ਝਲਕਦਾ ਹੈ।

ਸੇਵਾ ਮੁਕਤੀ ਸਮੇਂ, ਕਾਲਜ ਵਿਚ ਆਪਣੇ ਆਖਰੀ ਦਿਨ ਬਾਰੇ ਉਹ ਲਿਖਦਾ ਹੈ-

" ਅਮਲਤਾਸ, ਕੇਸੂ ਅਤੇ ਗੁਲਮੋਹਰ ਦੇ ਫੁੱਲਾਂ ਵਾਲੇ ਬਿਰਖਾਂ ਹੇਠੋਂ ਲੰਘਦਿਆਂ ਮੈਂ ਬਿਰਖਾਂ ਨੂੰ ਕਿਹਾ, ਹੁਣ ਜਦੋਂ ਤੁਹਾਡੇ ਉੱਤੇ ਫੁੱਲਾਂ ਦੀ ਜੋਬਨ ਬਹਾਰ ਆਵੇਗੀ।ਤਾਂ ਮੈਂ ਨਹੀਂ ਹੋਵਾਂਗਾ, ਦਸ ਦਸ ਮਿੰਟ ਤੁਹਾਡੇ ਨੇੜੇ ਖਲੋ ਕੇ ਤੁਹਾਡੇ ਖਿੜੇ ਫੁੱਲਾਂ ਨੂੰ ਅੱਖਾਂ ਵਿੱਚ ਹੁਣ ਬਿਠਾ ਨਹੀਂ ਸਕਾਂਗਾ।ਤੁਹਾਡੀ ਖੁਸ਼ਬੂ ਦਿਲ ਵਿੱਚ ਨਹੀਂ ਵਸਾ ਸਕਾਂਗਾ।ਤੁਸੀਂ ਹੱਸਣਾ ਖਿੜਨਾ ਬੰਦ ਨਹੀਂ ਕਰਨਾ।ਤੁਹਾਨੂੰ ਪਿਆਰ ਕਰਨ ਲਈ ਮੈਂ ਨਹੀਂ ਹੋਵਾਂਗਾ ਤਾਂ ਕੋਈ ਹੋਰ ਕੋਮਲ ਚਿੱਤ ਸਖ਼ਸ਼ ਹੋਵੇਗਾ।ਮਹਿਕਣਾ, ਖਿੜਨਾ ਤੇ ਹੱਸਣਾ ਬੰਦ ਥੋੜਾ ਕਰ ਦਈਦਾ"।ਇਉਂ ਨਹੀਂ ਲੱਗਦਾ? ਜਿਵੇਂ ਹਮਦਰਦਵੀਰ ਨੌਸ਼ਹਿਰਵੀ ਆਪਣੇ ਦਿਲ ਦੀ ਰਾਣੀ ਨਾਲ ਗੱਲ ਕਰ ਰਿਹਾ ਹੋਵੇ।ਹੋਰ ਦੇਖੋ, "ਮੇਰੀ ਕੁਰਸੀ ਨੂੰ ਤਾਕਤ ਦਾ ਕੋਈ ਨਸ਼ਾ ਨਹੀਂ।ਇਸ ਕੁਰਸੀ ਦਾ ਈਮਾਨ ਆਪਣਾ ਹੈ, ਖਰਾ ਤੇ ਸੱਚਾ/ਰੰਗ ਆਪਣਾ, ਇਕ ਰੰਗ, ਸ਼ੁਧ ਤੇ ਸਾਫ਼।ਇਸ ਕੁਰਸੀ ਦਾ ਰੰਗ ਨਾ ਨੀਲਾ ਹੋਇਆ, ਨਾ ਕਦੀ ਭਗਵਾਂ ਤੇ ਨਾ ਕਦੀ ਚਿੱਟਾ।ਮੇਰੀ ਕੁਰਸੀ ਦਾ ਰੰਗ ਸਵੇਰੇ ਨਮੀਂ ਭਰਿਆ ਹੁੰਦਾ ਹੈ, ਦੁਪਹਿਰੈ ਧੁੱਪ ਖਿੜਿਆ ਤੇ ਸ਼ਾਮ ਨੂੰ ਕਾਸ਼ਣੀ ਅੰਬਰੀ"।

"ਵਿਹੜਾ ਖੁਲ੍ਹਾ ਸੀ।ਕੰਧਾਂ ਜਦੋਂ ਨਹੀਂ ਸਨ, ਚਿੜਿਆਂ, ਗੁਟਾਰਾਂ ਆਉਂਦੀਆਂ ਸਨ।ਕਾਟੋਆ ਗਲਹਿਰੀਆਂ ਇਕ ਰੁੱਖ ਤੋਂ ਦੂਜੇ ਤੇ ਫਿਰ ਤੀਜੇ ਰੁੱਖ ਉੱਤੇ ਚੜ੍ਹ ਜਾਂਦੀਆਂ ਸਨ।ਤਿਤਲੀਆਂ ਫੁੱਲਾਂ ਉਤੇ ਬੈਠਦੀਆਂ ਸਨ।ਮਧੂਮੱਖੀਆਂ ਫੁੱਲਾਂ ਵਿਚੋਂ ਸ਼ਹਿਦ ਪੀਦੀਂਆਂ ਸਨ।ਚਿੜੀਆਂ, ਗੁਟਾਰਾਂ, ਗਲਹਿਰੀਆ, ਤਿਤਲੀਆਂ, ਮਧੂ ਮੱਖੀਆਂ ਹੁਣ ਵੀ ਆਉਂਦੀਆਂ ਸਨ।ਪਰ ਉਡਦੀਆਂ ਨਹੀਂ, ਭੱਜਦੀਆਂ ਨਹੀਂ, ਖੇਡਦੀਆਂ ਨਹੀਂ"। ਪਤੀ ਪਤਨੀ ਦੇ ਪਿਆਰ ਦੀ ਝਲਕ ਵੀ ਦੇਖੋ: "ਜੇ ਪ੍ਰੀਤਮ ਕੌਰ ਹੁੰਦੀ ਤਾਂ ਸਾਇਦ ਖੂੰਢੀ ਦੀ ਲੋੜ ਨਾ ਵੀ ਪੈਂਦੀ।ਮਜਬੂਤ ਜੀਵਤ ਪਿਆਰ ਅਹਿਸਾਸ ਹੋਵੇ ਤਾਂ ਖੂੰਢੀ ਦੀ ਲੋੜ ਨਹੀਂ ਪੈਂਦੀ।ਚਾਰ ਲੱਤਾਂ ਦਾ ਸਾਥ ਹੋਵੇ ਲੱਤਾਂ ਭਾਵੇਂ ਕੰਮਜ਼ੋਰ ਹੀ ਕਿਉਂ ਨਾ ਹੋਣ, ਤੋਰ ਵਧੇਰੇ ਸੰਤੁਲਤ ਅਤੇ ਸੁਰੱਖਿਅਤ ਹੁੰਦੀ ਹੈ"। 'ਕਾਲੇ ਲਿਖੁ ਨਾ ਲੇਖ' ਪੁਸਤਕ ਵਿੱਚੋਂ ਜਿੱਥੇ ਹਮਦਰਦਵੀਰ ਨੌਸ਼ਹਿਰਵੀ ਦੀ ਮਾਂ ਨਾਲ ਦਾ ਮੋਹ, ਭਰਾਵਾਂ ਪ੍ਰਤੀ ਪਿਆਰ ਅਤੇ ਘਰ ਪ੍ਰਤੀ ਭਾਵਨਾ ਦਾ ਪ੍ਰਗਟਾਵਾ ਵਿਲੱਖਣ ਢੰਗ ਨਾਲ ਕੀਤਾ ਗਿਆ ਹੈ।ਨਵੀਨਤਾ ਅਤੇ ਵਿਲੱਖਣਤਾ ਦਾ ਪਰਗਟਾਵਾ ਬਹੁਤ ਪਸੰਦ ਕਰਦਾ ਹੈ।

ਇੱਕ ਲੇਖ ਵਿੱਚ ਉਸਦੇ ਸੱਤਵਾਦੀ ਹੋਣ ਦਾ ਸਬੂਤ ਮਿਲਦਾ ਹੈ।ਸੱਚ ਬੋਲਣ ਕਾਰਨ ਉਸਨੂੰ ਬੰਦ ਪਾਗਲਖਾਨੇ ਵਿੱਚ ਰਹਿਣਾ ਪੈਂਦਾ।

ਹਮਦਰਦਵੀਰ ਨੌਸ਼ਹਿਰਵੀ ਦੇ ਲੇਖਾਂ ਦੀ ਪੁਸਤਕ 'ਕਾਲੇ ਲਿਖੁ ਨਾ ਲੇਖ'ਦੇ ਸਾਰੇ ਲੇਖ, ਛੋਟੀਆਂ, ਛੋਟੀਆਂ, ਪਰ ਪ੍ਰਭਾਵਸ਼ਾਲੀ ਕਹਾਣੀਆਂ ਵਾਂਗ ਲੱਗਦੇ ਹਨ।ਕੋਈ ਕੋਈ ਲੇਖ ਸਫ਼ਰਨਾਮਾ ਜਾਂ ਯਾਤਰੂ ਦੀ ਡਾਇਰੀ ਵਾਂਗ ਲੱਗਦਾ ਹੈ।ਲੇਖਕ ਨੇ ਛੋਟੇ, ਛੋਟੇ ਵਾਕ ਪਰੋਕੇ ਆਪਣੀ ਵੱਖਰੀ ਸ਼ੈਲੀ ਦਾ ਪ੍ਰਭਾਵ ਛੱਡਿਆ ਹੈ।

'ਜਦੋਂ ਮੈਂ ਫੇਰ ਪੜ੍ਹਾਉਣਾ ਸ਼ੁਰੂ ਕੀਤਾ' ਦੇ ਅੰਤਿਮ ਪੈਰੇ ਵਿੱਚ ਪ੍ਰੋ.ਹਮਦਰਦਵੀਰ ਨੌਸ਼ਹਿਰਵੀ ਦਾ ਬਿਆਨ:- "ਮੈਂ ਵੀ ਚੁੱਪ ਸਾਂ।ਮੇਰੇ ਪਾਸ ਵੀ ਦੱਸਣ ਲਈ ਕੋਈ ਰਾਹ ਨਹੀਂ ਸੀ।ਵਿਦਿਆਰਥੀ ਜਿਸ ਵਿਅਕਤੀ ਨੇ ਚੰਨ ਤੇ ਤਾਰਿਆਂ ਦੀ ਲੋਅ ਨੂੰ ਅੱਖਾਂ ਰਾਹੀਂ ਡੀਕਿਆ ਹੋਵੇ,ਜਿਸ ਵਿਅਕਤੀ ਨੇ ਹਨੇਰਿਆਂ ਨੂੰ ਛਾਣਿਆ ਹੋਵੇ ਅਤੇ ਜਿਸ ਵਿਅਕਤੀ ਨੇ ਸਦਾ ਰੌਸ਼ਨੀ ਵੰਡੀ ਹੋਵੇ, ਸੂਰਜ ਵਾਂਗ, ਫਿਰ ਉਹ ਹਮਦਰਦਵੀਰ ਨੌਸ਼ਹਿਰਵੀ ਵਰਗਾ ਵਿਅਕਤੀ ਬੁੱਢਾ ਨਹੀਂ ਹੋ ਸਕਦਾ, ਕਿਉਂਕਿ ਸੂਰਜ ਕਦੇ ਬੁੱਢਾ ਨਹੀਂ ਹੁੰਦਾ।ਨਾ ਹੀ ਕਦੇ ਡੁੱਬਦਾ ਹੈ।

No comments:

Post a Comment