Friday, January 13, 2017

ਦੋ ਕਵਿਤਾਵਾਂ: ਰਵਿੰਦਰ ਭੱਠਲ


ਅੱਜ-ਕਲ

ਹੁਣ ਘਰ ਦੀ ਦੇਹਲੀ 'ਤੇ ਜਦੋਂ
ਆ ਡਿੱਗਦੇ ਨੇ ਅਖ਼ਬਾਰ
ਤਾਂ ਉਹਨਾਂ ਨੂੰ ਫਟਾਫਟ ਚੁੱਕਣ ਦੀ
ਮਨ 'ਚ ਉਪਜਦੀ ਨਹੀਂ ਕੋਈ ਕਾਹਲ
ਵਿਹੜੇ 'ਚ ਕੰਮ ਕਰਦੀ ਨੌਕਰਾਣੀ
ਖੜਕਾ ਸੁਣ ਚੁੱਕ ਲਿਆਉਂਦੀ
ਤੇ ਟੇਬਲ 'ਤੇ ਰੱਖ ਜਾਂਦੀ।
ਸੋਚਦਾ ਹਾਂ ਮਨ ਕਿਉਂ ਨਹੀਂ ਕਰਦਾ
ਇਹ ਤਾਂ ਉਹੀ ਖ਼ਬਰਾਂ ਨੇ
ਘਪਲਿਆਂ ਦੀਆਂ ਘਿਣਾਉਣੀਆਂ
ਬਲਾਤਕਾਰਾਂ ਦੀਆਂ ਡਰਾਉਣੀਆਂ
ਜਲਸੇ ਜਲੂਸਾਂ ਹੜਤਾਲਾਂ ਧਰਨਿਆਂ ਦੀਆਂ
ਅੱਧ ਤੋਂ ਵੱਧ ਸਫ਼ੇ
ਭਰੇ ਹੁੰਦੇ ਹਨ ਇਸ਼ਤਿਹਾਰਾਂ ਨਾਲ
ਦੋ ਸਫ਼ਿਆਂ 'ਤੇ ਕਾਮ ਉਕਸਾਉਂਦੀਆਂ
ਫਿਲਮੀ ਅਦਾਕਾਰਾਂ ਦੀਆਂ ਤਸਵੀਰਾਂ
ਇਹੀ ਕੁਝ ਤਾਂ ਹੁੰਦਾ ਹੈ
ਫਿਰ ਮਨ ਕਰੇ ਵੀ ਤਾਂ ਕਿਉਂ ਕਰੇ?

ਅੱਜ-ਕੱਲ ਮੈਂ ਬਹੁਤ ਸਿਆਣਾ ਹੋ ਗਿਆ ਹਾਂ
ਮੋਟੇ ਮੋਟੇ ਸਿਰਲੇਖ ਤਕ ਕੇ ਹੀ
ਖ਼ਬਰਾਂ ਪੜ੍ਹ ਲੈਂਦਾ ਹਾਂ
ਜੋ ਅਧੂਰੀਆਂ ਹੁੰਦੀਆਂ ਹਨ
ਉਹਨਾਂ ਨੂੰ ਮਨ ਹੀ ਮਨ ਵਿਚ
ਪੂਰੀਆਂ ਕਰ ਲੈਂਦਾ ਹਾਂ
ਤੇ ਕੱਲ ਕਿਹੜੀ ਖ਼ਬਰ ਛਪੇਗੀ
ਇਸਦਾ ਲਾ ਲੈਂਦਾ ਹਾਂ ਅੰਦਾਜ਼ਾ
ਸੱਚੀਂ ਅੱਜ-ਕੱਲ
ਮੈਂ ਬਹੁਤ ਸਿਆਣਾ ਹੋ ਗਿਆ ਹਾਂ।
--


ਅਜੋਕੀ ਕਵਿਤਾ


ਕਵੀ ਲਿਖਦਾ ਹੈ ਕਵਿਤਾ
ਮਨ 'ਚ ਉੱਠੇ ਉਬਾਲ ਨੂੰ
ਮੱਥੇ 'ਚ ਦਗ਼ਦੇ ਸਵਾਲ ਨੂੰ
ਸੋਚਾਂ 'ਚ ਪਨਪਦੇ ਖਿਆਲ ਨੂੰ
ਢਾਲਦਾ ਹੈ ਸ਼ਬਦਾਂ ਦੀ ਇਬਾਰਤ 'ਚ।
ਲਿਖਦਾ ਹੈ-
ਬੇ-ਮੁਹਾਰੇ ਲਿਖਦਾ ਹੈ
ਸਤਰਾਂ ਦੀਆਂ ਸਤਰਾਂ, ਸਫ਼ਿਆਂ ਦੇ ਸਫ਼ੇ
ਐਪਰ ਜਦੋਂ ਮੁੜ ਵਾਚਦਾ ਹੈ
ਸ਼ਬਦਾਂ'ਚ ਲਿਖੀ ਇਬਾਰਤ ਨੂੰ
ਤਾਂ ਅਸਾਨੂੰ ਲਗਦੈ
ਕਿ ਇਹ ਮਨ ਮੇਚ ਦੇ ਸ਼ਬਦ ਨਹੀਂ
ਇਹ ਕਦੇ ਤੱਤੇ, ਕਦੇ ਠੰਡੇ
ਕਦੇ ਢਾਹੂ, ਕਦੇ ਉਸਾਰੂ
ਕਦੇ ਦੁਸ਼ਮਨ ਦੀ ਤਿਕੜੀ ਜਿਹੇ
ਕਦੇ ਮਹਿਬੂਬ ਦੀ ਮੁਸਕਾਨ ਜਿਹੇ
ਸ਼ਬਦ ਕਦੇ ਨਿਰੀ ਸਿਖਿਆ ਵਰਗੇ।
ਤੇ ਕਦੇ ਨਿਰੇ ਨਿਮੋਹੇ ਜਿਹੇ।
ਕਵੀ ਫ਼ਿਰ ਸੋਚ ਦੇ-
ਮੈਂ ਜੋ ਕਹਿਣਾ ਸੀ
aਹ ਤਾਂ ਕਹਿ ਨਹੀਂ ਹੋਇਆ
ਸ਼ਬਦ ਤਾਂ ਹਨ
ਪਰ ਅਰਥ ਕਿੱਥੇ ਗਏ?
ਉਦਾਸ ਨਾ ਹੋਵੋ
ਮੈਂ ਤਾਂ ਕਵਿਤਾ ਲਿਖੀ
ਤੇ ਜਿਹਨਾਂ ਲਈ ਲਿਖੀ
ਅਰਥ ਤਾਂ ਉਹ ਆਪੇ
ਆਪਣੀ ਸੋਚ, ਬੁੱਧੀ ਤੇ ਦ੍ਰਿਸ਼ਟੀ ਸੰਗ
ਆਪੇ ਹੀ ਤਲਾਸ਼ ਲੈਣਗੇ।
ਕਵੀ ਫਿਰ ਸੋਚਦੈ-
ਇਹੋ ਹੀ ਤੇ ਅਜੋਕੀ ਕਵਿਤਾ ਹੈ।

No comments:

Post a Comment