Sunday, April 24, 2022

ਕਹਾਣੀ : ਨਾਬਰ - ਮਨਮੋਹਨ ਸਿੰਘ ਬਾਸਰਕੇ

ਨੰਬਰਦਾਰ ਕਿਸ਼ਨ ਸਿੰਘ ਦੇ ਖੇਤ ਪਿੰਡ ਤੋਂ ਦੋ ਕਿਲੋਮੀਟਰ ਹੱਟਵੇ ਸਨ,ਜਿਸ ਕਾਰਨ ਪੱਠਾ ਦੱਥਾ ਲਿਆਉਣ ਅਤੇ ਰੋਟੀ ਖੇਤੀ ਲੈ ਕੇ ਜਾਣ ਸਮੇਂ ਬੜੀ ਔਖਿਆਈ ਮਹਿਸੂਸ ਹੁੰਦੀ ਸੀ।ਇਸ ਔਕੜ ਤੋਂ ਛੁਟਕਾਰਾ ਪਾਉਣ ਲਈ ਨੰਬਰਦਾਰ ਨੇ ਆਪਣਾ ਡੇਰਾ ਹੀ ਖੇਤਾਂ ਵਿਚ ਬਣਾ ਲਿਆ ਸੀ।ਡੇਰੇ  ਸ਼ਾਨਦਾਰ ਕੋਠੀ ਸੀ।ਮੰਡੀ ਬੋਰਡ ਦਾ ਚੇਅਰਮੈਨ ਹਲਕੇ ਦਾ ਐਮ ਐਲ ਏ ਹੋਣ ਕਰਕੇ ਹੋਰਨਾਂ ਪਿੰਡਾਂ ਦੀਆਂ ਭਾਵੇਂ ਸੜਕਾਂ ਨਾ ਮੁਰੰਮਤ ਹੋਈਆਂ ਹੋਣ ਪਰ ਉਸ ਨੇ ਆਪਣੇ ਹਲਕੇ ਦੇ ਪਿੰਡਾਂ ਦੇ ਡੇਰਿਆ ਨੂੰ ਵੀ ਪੱਕੀਆਂ ਸੜਕਾਂ ਬਣਾ ਦਿਤੀਆਂ ਸਨ। ਨੰਬਰਦਾਰ ਦੇ ਡੇਰੇ ਨੂੰ ਜਾਂਦੀ ਸੜਕ ਤੇ ਇਕ ਬੋਰਡ ਲੱਗਾ ਸੀ,ਜਿਸ 'ਤੇ ਲਿਖਿਆ ਸੀ।ਪਹੁੰਚ ਮਾਰਗ ਡੇਰਾ ਨੰਬਰਦਾਰ ਕਿਸ਼ਨ ਸਿੰਘ ਲੰਬਾਈ 1.90ਕਿਲੋਮੀਟਰ। ਖੇਤਾਂ ਵਿਚ ਕੋਠੀ ਪਾਉਣ ਨਾਲ ਸੱਭ ਤੋਂ ਜ਼ਿਆਦਾ ਫਾਇਦਾ ਨੰਬਰਦਾਰ ਦੇ ਸੀਰੀ ਸੱਤੇ ਨੂੰ ਹੋਇਆ ਸੀ।ਭਾਵੇ ਸੱਤਾ ਪੱਠਾ ਦੱਥਾ ਰੇੜ੍ਹੀ ਅੱਗੇ ਬਲਦ ਜੋੜਕੇ ਲਿਆਉਂਦਾ ਸੀ ਪਰ ਉਸ ਦਾ ਦੋ ਕਿਲੋਮੀਟਰ ਦਾ ਪੈਂਡਾ ਮੁੱਕਣ ਕਰਕੇ ਸਮੇਂ ਦੀ ਬਚਤ ਹੋ ਜਾਂਦੀ  ਸੀ ਜਾਂ ਫਿਰ ਇਸਦਾ  ਫਾਇਦਾ ਨੰਬਰਦਾਰ ਦੀ ਨੂੰਹ ਨੂੰ ਹੋਇਆ ਸੀ ,ਕਿਉਂਕਿ ਜਿਉਂਦੇ ਜੀਅ ਤਾਂ ਰੋਟੀ ਖੇਤੀ ਉਸਦੀ ਸੱਸ ਬੰਸੋ  ਹੀ  ਲੈ ਕੇ ਜਾਂਦੀ ਸੀ ਪਰ ਸੱਸ ਪੂਰੀ ਹੋਣ ਤੇ ਇਹ ਜੁਮੇਵਾਰੀ ਵੀ ਇਸ ਦੇ ਸਿਰ ਆਣ ਪਈ ਸੀ। ਗਰਮੀਆਂ ਵਿੱਚ ਖੇਤੀ ਰੋਟੀ ਲੈਣ ਕੇ ਜਾਣੀ ਕਹਿੜੀ ਸੌਖੀ ਸੀ

ਮੁੜ੍ਹਕੇ ਨਾਲ ਗਲ ਪਈ ਕਮੀਜ਼ ਗਰੁਚ ਹੋ ਜਾਂਦੀ ਸੀ , ਕੲੀ ਵਾਰ ਤਾਂ ਕਮੀਜ਼ ਸਰੀਰ ਨਾਲ ਚਿਪਕ  ਹੀ ਜਾਂਦੀ ।ਡੇਰੇ ਤੇ ਰਿਹਾਇਸ਼ ਹੋਣ ਕਾਰਨ ਉਹ ਆਪਣੇ ਆਪ ਨੂੰ ਹੌਲਾ ਹੌਲਾ ਮਹਿਸੂਸ ਕਰਨ ਲੱਗ ਪਈ ਸੀ।
     ਸੱਤੇ ਨੇ ਪਹਿਲਾਂ ਚਰੀ  ਦੀਆਂ ਦੋ ਪੰਡਾਂ ਵੱਢਕੇ , ਰੇੜ੍ਹੀ ਤੇ ਲੱਦੀਆਂ ਤੇ ਫਿਰ ਟੋਕੇ 'ਤੇ ਲਿਆ ਸੁੱਟੀਆਂ।  ਉਨ੍ਹ ਇੰਜਣ ਚਾਲੂ ਕੀਤਾ ਤੇ ਚਰੀ  ਕੁਤਰ ਦਿੱਤੀ।ਉਨ੍ਹ  ਚਾਰ ਮੱਝਾਂ,ਇਕ ਗਾਂ,ਬਲਦ  ਅਤੇ ਪੰਜ ਚਾਰ ਕੱਟੜੀਆਂ ਵੱਛੜੀਆਂ ਨੂੰ  ਪੱਠੇ ਪਾਏ ਤੇ ਮੱਝਾਂ ਚੋਣ ਲੱਗ ਪਿਆ।ਅੱਜ ਉਸ ਦਾ ਹੱਥ ਕੁਝ ਛੋਹਲਾ ਵਗ ਰਿਹਾ ਸੀ। ਪਰ ਫਿਰ ਵੀ ਇਹ ਕੰਮ ਕਰਦਿਆ ਖਾਓ-ਪੀਆ ਹੋ ਗਿਆ ਸੀ। ਨੰਬਰਦਾਰ ਦਾ ਵੀ  ਪੈੱਗ ਲਾਉਣ ਦਾ ਸਮਾਂ ਹੋ ਗਿਆ ,ਇਸ ਲਈ ਆਨੀ ਬਹਾਨੀ ਸੱਤਾ ਨੰਬਰਦਾਰ

ਦੁਆਲੇ  ਚੱਕਰ ਕੱਟਣ ਲੱਗਾ।ਉਸ ਦਾ ਪਹਿਲਾਂ ਵੀ ਜਦੋਂ ਪੈੱਗ ਲਾਉਣ ਨੂੰ ਚਿੱਤ ਕਰਦਾ,ਇਸੇ ਤਰ੍ਹਾਂ ਹੀ ਨੰਬਰਦਾਰ ਦੇ ਦੁਆਲੇ  ਫਿਰਦਾ ਸੀ। ਇਹ ਗੱਲ ਨੰਬਰਦਾਰ 'ਤੇ ਨਿਰਭਰ  ਹੁੰਦੀ ਕਿ ਇਸਨੂੰ ਪੈੱਗ ਲਗਵਾਉਣਾ  ਹੈ ਕਿ ਨਹੀਂ।ਸਰਾਬ ਕੱਢਦਾ ਤਾਂ ਭਾਵੇਂ ਸੱਤਾ ਹੀ ਸੀ ਅਤੇ ਜਿਸ ਦਿਨ ਨਿਕਲਦੀ ਉਹ ਆਪਣੀ ਮਰਜ਼ੀ ਨਾਲ ਪੀ ਲੈਂਦਾ ਪਰ ਉਸ ਤੋਂ ਬਾਅਦ ਨੰਬਰਦਾਰ ਦੀ ਮਰਜ਼ੀ 'ਤੇ ਨਿਰਭਰ ਹੁੰਦਾ ਕਿ ਸੱਤੇ ਨੂੰ ਪੈੱਗ ਦੇਣਾ ਹੈ ਜਾਂ ਨਹੀਂ।ਜੇਕਰ ਨੰਬਰਦਾਰ ਦਾ ਮੂਡ ਖ਼ੁਸ਼ ਹੁੰਦਾ ਤਾਂ ਉਹ ਆਪ ਹੀ ਕਹਿ ਦੇਂਦਾ"ਸੱਤਿਆ ਫੜ੍ਹ ਲਿਆ ਆਪਣਾ ਗਿਲਾਸ।" ਤੇ ਜੇਕਰ ਮਰਜ਼ੀ ਨਾ ਹੁੰਦੀ ਤਾਂ ਉਹ ਝਿੜਕ ਦੇਂਦਾ "ਮੇਰੇ ਦੁਆਲੇ ਹੀ ਫੁਮ੍ਹਣੀਆ ਜੇਹੀਆਂ ਪਾਈ ਜਾਵੇਗਾ ਕਿ ਕੋਈ ਕੰਮ ਵੀ ਕਰੇਗਾ।ਜਾ ਕੇ ਕੰਮ ਕਰ ਤੇ ਉਹ ਨਾਲ ਹੀ ਕੋਈ ਕੰਮ ਦਸ ਦੇਂਦਾ ਤੇ ਸੱਤਾ ਪੈਰ ਘੜੀਸਦਾ ਉਧਰ ਨੂੰ ਤੁਰ ਪੈਂਦਾ।ਪਰ ਅੱਜ ਸੱਤੇ ਦਾ ਮੂਡ ਬੜਾ ਖਰਾਬ ਸੀ।ਜੀਵਨ ਸਾਥੀ ਦਾ ਦੁੱਖ ਜਰਨਾ ਬੜਾ ਔਖਾ ਹੁੰਦਾ ਹੈ। ਨੰਬਰਦਾਰ ਬੋਤਲ ਲੈ ਕੇ ਬੈਠ ਗਿਆ ਸੀ।ਸੱਤੇ ਨੇ ਟੋਕੇ ਲਾਗੋ ਆਪਣਾ ਗਿਲਾਸ ਤੇ ਕੌਲੀ ਚੁੱਕੀ ਤੇ ਨੰਬਰਦਾਰ ਕੋਲ ਉਸਦੀ ਪੈਂਦੀ ਭੁੰਜੇ ਬੈਠਕੇ ਆਪਣਾ ਗਿਲਾਸ ਨੰਬਰਦਾਰ ਅੱਗੇ ਕਰ ਦਿੱਤਾ। ਨੰਬਰਦਾਰ ਨੇ ਕੈਰੀ ਜਿਹੀ ਅੱਖ ਨਾਲ ਉਸ ਵੱਲ ‌ ਵੇਖਿਆ ਅਤੇ ਬੜੀ ਔਖਿਆਈ ਜੇਹੀ ਨਾਲ ਉਸਦਾ ਸਟੀਲ ਦਾ ਗਿਲਾਸ ਅੱਧਾ ਕਰ ਦਿੱਤਾ। ਨੰਬਰਦਾਰ ਨੇ ਨੂੰਹ ਨੂੰ ਅਵਾਜ਼ ਦੇ ਕੇ ਸੱਤੇ ਲਈ ਸਲੂਣਾ ਲਿਆਉਣ ਲਈ ਕਿਹਾ। ਨੰਬਰਦਾਰ ਦਾ ਪਰਿਵਾਰ ਭਾਵੇਂ ਸਬਜੀ ਸ਼ਬਦ ਦੀ ਵਰਤੋਂ ਕਰਦਾ ਪਰ ਕੲੀ ਵਾਰ ਉਹ ਸੱਤੇ ਦਾ ਮਖੌਲ  ਉਡਾਉਣ ਲਈ ਜਾਣ ਬੁੱਝ ਕੇ ਸਬਜ਼ੀ ਦੀ ਥਾਂ ਸਲੂਣਾ ਸ਼ਬਦ ਦੀ ਵਰਤੋਂ ਕਰਦੇ।।ਉਹ ਪੈਰਾਂ ਭਾਰ ਬੈਠਾ ਘੁਟ ਘੁਟ ਕਰਕੇ ਪੀਂਦਾ ਰਿਹਾ।ਉਹਦੇ ਅੰਦਰ ਇਕ ਘੋਲ ਚਲ ਰਿਹਾ ਸੀ।ਉਹ ਆਪਣਾ ਦਰਦ ਬਿਆਨਣਾ ਵੀ ਚਹੁੰਦਾ ਸੀ ਪਰ ਹਿੰਮਤ ਵੀ ਨਹੀਂ ਪੈਦੀ ਸੀ।ਉਨ੍ਹ ਗਿਲਾਸ ਵਿਚ ਬਚੀ ਇਕੋ ਵਾਰ ਪੀ ਲੀਂ ਅਤੇ ਮੋਢੇ 'ਤੇ ਰੱਖੇ ਪਰਨੇ ਨਾਲ ਮੂੰਹ ਪੂੰਝ ਕੇ ਸਲੂਣੇ ਦਾ ਚਮਚਾ ਮੂੰਹ ਵਿਚ ਪਾਇਆ ਤੇ ਗਿਲਾਸ ਮੁੜ ਨੰਬਰਦਾਰ ਅੱਗੇ ਕਰ ਦਿੱਤਾ। ਨੰਬਰਦਾਰ ਵੀ ਹੈਰਾਨ ਜਿਹਾ ਹੋ ਗਿਆ ਕਿਉਂਕਿ ਸੱਤੇ ਨੇ ਕਦੀ ਦੂਸਰੇ ਪੈੱਗ ਦੀ ਮੰਗ ਨਹੀਂ ਕੀਤੀ ਸੀ ਪਰ ਉਹ ਚੁੱਪ ਰਿਹਾ ਅਤੇ ਗਿਲਾਸ ਦੇ ਚੌਥੇ ਕੁ ਹਿੱਸੈ ਦਾ ਪੈੱਗ ਹੋਰ ਪਾ  ਦਿੱਤਾ।ਸੱਤੇ ਪਾਣੀ ਪਾਇਆ ਤੇ ਇਕੋ ਵਾਰੀ ਪੂਰਾ ਪੈੱਗ ਪੀ ਗਿਆ। ਨੰਬਰਦਾਰ ਦੇ ਇਸ਼ਾਰੇ 'ਤੇ ਨੂੰਹ ਨੇ ਚਾਰ ਫੁਲਕੇ ਅਤੇ ਉਹਦੀ ਕੌਲੀ ਵਿੱਚ ਸਬਜੀ ਹੋਰ ਪਾ ਦਿੱਤੀ।ਸੱਤੇ ਰੋਟੀ ਤਾਂ ਨਾ ਖਾਦੀ ਪਰ ਉਹਦੀਆਂ ਅੱਖਾਂ ਚੋਂ ਤ੍ਰਿਪ ਤ੍ਰਿਪ ਹੰਝੂ ਕਿਰਨ ਲੱਗ ਪਏ।
             ' ਉਏ ਸੱਤਿਆ ਕੀ ਹੋ ਗਿਆ ਤੈਨੂੰ ਸਹੁਰੀ ਦਿਆ,। ਤੂੰ ਤੇ ਰੋਣਾ ਸ਼ੁਰੂ ਕਰਤਾ। ਤੈਨੂੰ ਜਾਪਦਾ ਨਸ਼ੇ ਨੇ ਢਾਹ ਲਿਆ।  ਜ਼ਿਆਦਾ ਹੋ ਗਈ ਤੈਨੂੰ। ਕਮਲਿਆ ਰੋਣਾ ਕਿਸੇ ਮਸਲੇ ਦਾ ਹੱਲ ਨਹੀਂ। ਤੂੰ ਗੱਲ ਦਸ ਕੀ ਆ ? ਉਹ ਪਲਕੁ ਚੁੱਪ ਰਿਹਾ ਤੇ ਫਿਰ ਬੋਲਿਆ ' ਉਏ ਸਿਦ ਨੇ ਤਾਂ ਨਹੀਂ ਕੁਝ ਕਹਿਤਾ ? ਨੰਬਰਦਾਰ ਨੇ ਆਪ ਤੇ ਕਦੀ ਸੱਤੇ ਨਾਲ ਮਾੜੀ ਚੰਗੀ ਨਹੀਂ ਸੀ ਕੀਤੀ , ਉਹ ਸੱਤੇ ਦੇ ਪਿਉ ਦਾ ਅਹਿਸਾਨ ਮੰਨਦਾ ਸੀ  ਪਰ ਉਸਦਾ ਮੁੰਡਾ ਸਿ਼ਦ ਕੲੀ ਵਾਰ ਨਿੱਕੀ ਜਿਹੀ ਗੱਲ ਤੋਂ ਸੱਤੇ ਨੂੰ ਗਾਲ੍ਹ ਮੰਦਾ ਕਰਨ ਲੱਗ ਪੈਂਦਾ ਸੀ।ਜਾਤੀ ਸੂਚਕ ਸ਼ਬਦ ਸੱਤੇ ਲਈ ਦਿਹਾੜੀ ਵਿਚ ਇਕ ਦੋ ਵਾਰ ਵਰਤਣੇ ਆਮ ਜਿਹੀ ਗੱਲ ਸੀ। ਕੲੀ ਵਾਰ ਸਿੰਦ ਦੀ ਘਰਦੀ ਜਾਤੀ ਸੂਚਕ ਸ਼ਬਦ ਬੋਲਣ ਤੋਂ ਗ਼ੁਰੇਜ਼ ਕਰਨ ਲਈ ਵੀ ਆਖਦੀ ਕਹਿੰਦੀ 'ਸਰਦਾਰ ਜੀ,ਹੁਣ ਸਮਾਂ ਬਦਲ ਗਿਆ,ਲੋਕ ਜਾਗ੍ਰਿਤ ਹੋ ਗਏ।ਸਾਡੇ ਪਿੰਡ ਏਹੀ ਸ਼ਬਦ ਵਰਤਣ ਤੇ ਪੁਲਿਸ ਕੇਸ ਬਣ ਗਿਆ ਸੀ।ਫਿਰ ਬੜੇ ਤਰਲੇ ਮਿੰਨਤਾਂ ਨਾਲ ਕੇਸ ਵਾਪਸ ਹੋਇਆ ਸੀ ਪਰ ਉਹ ਕਹਿੰਦਾ 'ਚੰਦ ਕੁਰੇ ਤੈਨੂੰ ਨਹੀਂ ਪਤਾ ਇਸ ਮੰਗ ਖਾਣੀ ਜਾਤ ਦਾ,ਇਹ ਇਸੇ ਤਰ੍ਹਾਂ ਸੂਤਰ ਰਹਿੰਦੇ। ' ਨਾਂ ਤਾਂ ਭਾਵੇਂ ਸਿੰਦ ਦੀ ਘਰਦੀ ਦਾ ਗੁਰਿੰਦਰ ਜੀਤ ਕੌਰ ਸੀ ,ਪਰਿਵਾਰ ਵਾਲੇ ਗੁਰਿੰਦਰ ਹੀ ਕਹਿੰਦੇ ।ਜਦ ਕਦੀ ਸਿੰਦ ਰੁਮਾਂਟਿਕ ਮੂਡ ਵਿਚ ਹੁੰਦਾ ਤਾਂ ਉਹ ਗੁਰਿੰਦਰ ਨੂੰ ਚੰਦ ਕੁਰ ਕਹਿਕੇ ਸਬੋਧਨ ਕਰਦਾ।ਸੱਤਾ ਤਾਂ ਇਹ ਸ਼ਬਦ ਸੁਨਣ ਦਾ ਹੁਣ ਆਦੀ ਹੋ ਗਿਆ ਸੀ ਅਤੇ ਹੁਣ ਇਹ ਸ਼ਬਦ ਉਸਨੂੰ ਚੋਬਵੇਂ ਵੀ ਨਹੀਂ ਸੀ ਲੱਗਦੇ। ਜਿਵੇਂ ਇਹ ਇਨ੍ਹਾਂ ਦੀ ਹੋਣੀ ਹੋਵੇ ਅਤੇ ਇਸਨੇ ਇਹ ਸ਼ਬਦ ਸੁਨਣ ਲਈ ਜਿਵੇਂ ਆਪਣੇ ਆਪ ਨਾਲ ਸਮਝੋਤਾ ਕਰ ਲਿਆ ਹੋਵੇ।
         ' ਨਹੀਂ ਚਾਚਾ ਛੋਟੇ ਸਰਦਾਰ ਨੇ ਕੁਝ ਨਹੀਂ ਕਿਆ।' ਉਹ ਨੰਬਰਦਾਰ ਤੋਂ ਚਾਚਾ ਸ਼ਬਦ ਤੇ ਆ ਗਿਆ ਸੀ। ਜਦੋਂ ਉਹਦਾ ਪਿਉ ਨੰਬਰਦਾਰ ਨਾਲ ਸੀਰੀ ਸੀ ਤਾਂ ਕਦੀ ਵੀ ਨੰਬਰਦਾਰ ਨੇ ਉਹਦੇ ਬਾਪ ਨੂੰ ਨਾਂ ਲੈ ਕੇ ਨਹੀਂ ਸੀ ਬੁਲਾਇਆ ਸਗੋਂ ਭਾਊ ਕਹਿਕੇ ਸਬੋਧਨ ਕਰਦਾ ਸੀ,ਜਿਸ ਕਰਕੇ ਛੋਟੇ ਹੁੰਦਿਆਂ ਬਾਪ ਨਾਲ ਜਦ ਕੲੀ ਵਾਰ ਨੰਬਰਦਾਰ ਦੇ ਘਰ ਆਉਂਦਾ ਤਾਂ ਉਹ ਨੰਬਰਦਾਰ ਨੂੰ ਚਾਚਾ ਕਹਿਕੇ ਸਬੋਧਨ ਕਰਦਾ । ਨੰਬਰਦਾਰ ਵੀ ਉਸਨੂੰ ਤੱਤਾ ਤੱਤਾ ਕੁੜਾਹੇ ਦਾ ਗੁੜ ਜਾਂ ਗੰਨੇ ਦੇ ਕੇ ਭੇਜਦਾ। ਕੲੀ ਵਾਰ ਉਹ ਇਹ ਵੀ ਕਹਿ ਦੇਂਦਾ, ਮਾਂ ਆਪਣੀ ਨੂੰ ਆਖੀਂ ਮੂਲੀਆਂ ਸਾਗ ਲੈ ਜੇ,ਬਥੇਰੇ ਨੇ ਮੂਲੀਆਂ  ਗੋਂਗਲੂ ਤੇ ਸਾਗ।ਪਰ ਜਦੋਂ ਦਾ ਸੱਤਾ  ਨੰਬਰਦਾਰ ਨਾਲ ਸੀਰੀ ਰਲਿਆ ਸੀ,ਉਸ ਚਾਚੇ ਦੀ ਥਾਂ ਨੰਬਰਦਾਰ ਕਹਿਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਸੀ।
       'ਕੰਜਰਾਂ ਕੁਝ ਮੂੰਹੋਂ ਵੀ ਫੁੱਟ, ਇਵੇਂ ਰੋਈ ਜਾਂਦਾ  ਜਿਵੇਂ ਮਾਂ ਦੱਬਕੇ ਆਇਆ ਹੋਵੇ।'  ਸੱਤਾ ਮੋਟੇ ਮੋਟੇ ਅੱਥਰੂ ਕੇਰਦਾ ਨੰਬਰਦਾਰ ਦੇ ਪੈਰਾਂ 'ਤੇ ਨਿਉਂ ਗਿਆ।' ਸਰਦਾਰਾਂ ਟੀਨੂੰ ਦੀ ਮਾਂ ਨੂੰ ਬਚਾਲੈ ,ਮੇਰਾ ਘਰ ਉਜੜ ਜਾਣਾ ਈ।'
       ' ਕੀ ਹੋਇਆ ਟੀਨੂੰ ਦੀ ਮਾਂ ਨੂੰ ?'
‌       ' ਡਾਕਟਰਾਂ ਲੱਖ ਰੁਪਈਆ ਮੰਗਿਆ। ਕਿਹਦੀ ਮਾਂ ਨੂੰ ਮਾਸੀ ਆਖਾਂ। ਕੁਝ ਨਹੀਂ ਔੜ੍ਹਦਾ।'ਉਹ ਪਲਕੁ ਚੁੱਪ ਰਿਹਾ ਤੇ ਫਿਰ ਬੋਲਿਆ, 'ਸਰਦਾਰਾ ਤੂੰ ਹੀ ਮੇਰੀ ਬਾਂਹ ਫੜ੍ਹ ਸਕਦੈ।' ਇਹ ਸੁਣ ਨੰਬਰਦਾਰ ਚੁੱਪ ਜਿਹਾ ਹੋ ਗਿਆ।ਉਹ ਪਲਕੁ ਚੁੱਪ ਰਿਹਾ ਤੇ ਫਿਰ ਬੋਲਿਆ ' ਚੱਲ ਚੁੱਪ ਕਰ,ਰੋਟੀ ਖਾਹ ਤੇ ਘਰ ਚੱਲ।ਤੇਰੇ ਬਾਰੇ ਵੀ ਕੁੱਝ ਸੋਚਾਂਗੇ।' ਨੰਬਰਦਾਰ ਨੇ ਝੂਠਾ ਜਿਹਾ ਦਿਲਾਸਾ ਦਿੱਤਾ।ਇਹ ਸੁਣ ਸਿੰਦ ਵੀ ਅੰਦਰੋਂ ਬਾਹਰ ਨਿਕਲ ਆਇਆ। ਉਨ੍ਹ ਸੱਤੇ ਦੀ ਹਾਲਤ ਵੇਖ ਸੋਚਿਆ ਕਿਤੇ ਇੱਥੇ ਹੀ ਨਾ ਟੇਡਾ ਹੋ ਜੇ।ਉਨ੍ਹ ਸੱਤੇ ਅੱਗੇ ਪਈ ਰੋਟੀ ਵੇਖ ਸੱਤੇ ਨੂੰ ਪੁਛਿਆ 'ਸਤਿਆ ਰੋਟੀ ਖਾਣੀ ਕਿ ਨਹੀਂ।' ਸੱਤੇ ਨਾਂਹ ਵਿਚ ਸਿਰ ਹਿਲਾਇਆ। ਨੰਬਰਦਾਰ ਦੇ ਇਸ਼ਾਰਾ ਕਰਨ ਤੇ ਸਿੰਦ  ਨੇ ਮੋਟਰਸਾਈਕਲ ਬਾਹਰ ਕੱਢ ਲਿਆ।' ਚਲ ਉੱਠ ਤੈਨੂੰ ਘਰ ਛੱਡ ਆਵਾਂ,ਉਨ੍ਹ ਸਿਦ ਨੂੰ  ਬਾਹੋਂ ਫੜ੍ਹ ਉਠਾਲਿਆ ,ਚੱਲ ਮੇਰਾ ਬੀਬਾ ਵੀਰ।
                       ‌*******
     ਸਵੇਰੇ ਭਾਵੇਂ ਸੱਤੇ ਤੋਂ ਰਾਤੀਂ ਜ਼ਿਆਦਾ ਨਸ਼ੇ ਕਰਕੇ ਉਠਿਆ ਨਹੀਂ ਸੀ ਜਾਂਦਾ ਪਰ ਸਿੰਦ ਤੋਂ ਪੈਣ ਵਾਲੀਆਂ ਗਾਲ੍ਹਾਂ ਨੇ ਚੌਕਸ ਕਰ ਦਿੱਤਾ ਸੀ।।ਰਾਤ ਤੇ ਭਾਵੇਂ ਸੱਤਾ ਨਸੇ ਕਰਕੇ ਸੁੱਤਾ ਰਿਹਾ ਸੀ ਪਰ ਜਦੋਂ ਅੱਧੀ ਰਾਤ ਨੂੰ ਨਸਾ ਲੱਥਣ 'ਤੇ ਜਾਗ ਆਈ ਤਾਂ  ਉਸਨੂੰ ਧੰਨੋ ਦੇ ਇਲਾਜ ਲਈ ਚਾਹੀਦੇ ਪੈਸਿਆਂ ਦੀ ਚਿੰਤਾ ਨੇ ਮੁੜ ਆਣ ਘੇਰਿਆ।ਭਾਵੇਂ ਨਸ਼ੇ ਦੀ ਭੰਨ ਤੋੜ ਨੇ ਉਹਦਾ ਸਰੀਰ ਦੁਖੂ ਦੁਖੂ ਕਰਨ ਲਗਾ ਦਿਤਾ ਸੀ ਅਤੇ ਨਸ਼ੇ ਦੇ ਉਤਰਣ 'ਤੇ ਸਿਰ ਦਰਦ ਵੀ ਹੋਣ ਲੱਗ ਪਿਆ ਸੀ । ਪਹਿਲਾਂ ਤਾਂ ਉਹ ਨਸ਼ੇ ਦੀ ਵਾਧ ਘਾਟ ਹੋਣ 'ਤੇ ਬੀਕਾਸੂਲ  ਦਾ ਕੈਪਸੂਲ ਲੈ ਲੈਂਦਾ ਸੀ ਪਰ ਅੱਜ ਤਾਂ ਇਕੋ ਇਕ ਆਸ ਸੀ ਕਿ ਉਹ ਨੰਬਰਦਾਰ ਵੱਲ ਜਾ ਕੇ ਪੈੱਗ ਲੈ ਤੋਟ ਭੰਨੇਗਾ।ਇਸੇ ਕਰਕੇ ਉਹ ਰਵਾ ਰਵੀ ਨੰਬਰਦਾਰ ਦੇ ਘਰ ਪਹੁੰਚ ਗਿਆ।
        ਕੲੀ ਵਾਰ ਤਾਂ ਸੱਤਾ ਬੜੇ ਹੰਮੇ ਦਾਅਵੇ ਨਾਲ ਆਪਣੇ ਘਰ ਵਾਂਗ ਕਿਸੇ ਵੀ ਚੀਜ਼ ਦੀ ਮੰਗ ਇਸ ਘਰੋਂ ਕਰ ਲੈਂਦਾ ਸੀਪੱਠੇ ਤਾਂ ਭਾਵੇਂ ਉਹ ਰਾਤੀ ਹੀ ਦੋ ਪੰਡਾਂ ਰੇੜ੍ਹੀ 'ਤੇ ਲੱਦ ਲਿਆਇਆ ਸੀਉਨ੍ਹੇ ਇੰਜਣ ਚਾਲੂ ਕਰਕੇ ਪੱਠੇ ਕੁੱਤਰੇ  ਤੇ ਡੰਗਰਾਂ ੂੰ ਪਾ ਚੌਂਤਰੇ ਦੇ ਨੇੜੇ ਹੋਇਆ। ' ਬੀਬੀ  ਜੀ !ਸਿਰ ਦੁੱਖ ਰਿਹਾ,ਕਰੜੀ ਜੇਹੀ ਚਾਹ ਬਨਾਇਓ।'  ਉਹ ਨਿਤਾਣਾ ਜਿਹਾ ਬਣਿਆ ਖੜਾ ਸੀ।
      ' ਰਾਤੀ ਥੋੜ੍ਹੀ ਨਹੀਂ ਸੀ ਡੱਫੀ ਦੀ' , ਸਰਦਾਰਨੀ ਨੇ ਮਿੱਠਾ ਜਿਹਾ ਝਿੜਕਿਆ ।  ਉਨ੍ਹ  ਕੋਈ ਜਵਾਬ ਨਹੀਂ ਦਿੱਤਾ ਸਗੋਂ ਅੱਖਾਂ ਨੀਵੀਆਂ ਪਾ ਲਈਆਂ ।ਜੱਦ ਉਸ ਚਾਹ ਪਵਾਉਣ ਲਈ ਆਪਣੇ ਭਾਂਡਿਆਂ ਵੱਲ ਵੇਖਿਆ ਤਾਂ ਉਸਨੂੰ ਆਪਣੇ ਆਪ ਤੋਂ ਕਚਿਆਣ ਜੇਹੀ ਆਈ,ਰਾਤੀ ਉਹ ਆਪਣੇ ਭਾਂਡੇ ਵੀ ਸਾਫ਼ ਕਰਕੇ ਨਹੀਂ ਸੀ ਗਿਆ।ਉਨ੍ਹ ਪਹਿਲਾਂ ਆਪਣੇ ਭਾਂਡੇ ਸਾਫ ਕੀਤੇ ਤੇ ਫਿਰ ਚਾਹ ਪੁਆਕੇ  ਟੋਕੇ ਕੋਲ ਆ ਚਾਹ ਪੀਣ ਲੱਗਾ। ਉਹ ਚਾਹ ਪੀ ਕੇ ਹੱਟਿਆ ਤਾਂ ਨੰਬਰਦਾਰ ਨੇ ਅੱਧੀ ਗਿਲਾਸੀ ਸ਼ਰਾਬ ਦੀ ਲਿਆਕੇ ਉਹਦੇ ਗਿਲਾਸ ਵਿਚ ਉਲਧ ਦਿਤੀ। ਨੰਬਰਦਾਰ ਜਾਣਦਾ ਸੀ ਕਿ ਇਸ ਹਾਲਤ ਵਿਚ ਇਸ ਤੋਂ ਕੰਮ ਨਹੀਂ ਹੋਣਾ।ਅਸਲ ਵਿਚ ਸੱਤੇ ਨੇ ਨੰਬਰਦਾਰ ਨੂੰ ਸੁਣਾਕੇ ਹੀ ਸਰਦਾਰਨੀ ਨੂੰ ਚਾਹ ਲਈ ਆਖਿਆ ਸੀ ਤੇ ਨੰਬਰਦਾਰ ਉਸਦਾ ਇਸ਼ਾਰਾ ਸੱਮਝ ਗਿਆ ਸੀ।
          ਪਹਿਲਾਂ ਸੱਤੇ ਦਾ ਬਾਪ ਨਾਜ਼ਰ, ਨੰਬਰਦਾਰ ਨਾਲ ਸੀਰੀ ਪੁਣਾ ਕਰਦਾ ਸੀ ਪਰ  ਨਾਜ਼ਰ ਵਲੋਂ ਕੈਦ ਕੱਟਕੇ ਘਰ ਆਉਣ 'ਤੇ ਤਪਦਿਕ ਨਾਲ ਮੌਤ ਹੋਣ 'ਤੇ ਨਾਜ਼ਰ ਵਲੋਂ ਲੲੀ ਪੇਸ਼ਗੀ ਰਕਮ ਦੀ ਪੂਰਤੀ ਲਈ  ਸੱਤੇ ਨੂੰ ਸੀਰੀ ਉਸਦੀ ਮਾਂ ਨੇ ਰਖਵਾ ਦਿੱਤਾ ਸੀ।ਵੱਡਾ ਤਾਂ ਭਾਵੇਂ ਸੁੱਚਾ ਸੀ ਪਰ ਸਰਕਾਰੀ ਮਹਿਕਮੇ ਵਿਚ ਦਿਹਾੜੀਦਾਰ ਨੌਕਰ ਸੀ,ਜਿਸ ਕਾਰਨ ਉਸ ਨੰਬਰਦਾਰ ਨਾਲ ਸੀਰੀ ਪੁਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ,ਇਸ ਕਰਕੇ  ਮਾਂ ਨੇ ਸੱਤੇ ੂੰ ਸਕੂਲੋਂ ਉਠਾਕੇ ਪੇਟ ਨੂੰ ਝੁਲਸਾ ਦੇਣ ਲਈ ਨੰਬਰਦਾਰ ਨਾਲ ਤੋਰ ਦਿੱਤਾ ਸੀ ਤੇ ਫਿਰ ਉਹ ਖਰਾਸੇ ਜੁੱਪੇ ਬਲਦ ਵਾਂਗ ਰਵਾਂ ਹੋ ਿਆ । ।
      ਜਦੋਂ ਸੱਤੇ ਨੂੰ ਸਰੂਰ ਜਿਹਾ ਆਇਆ ਤਾਂ ਉਹ ਮੁੜ ਨੰਬਰਦਾਰ ਦੀ ਪੈਂਦੀ ਆ ਖਲੋ ਗਿਆ।' ਨੰਬਰਦਾਰ ਜੀ ਤੁਸੀਂ ਮੇਰੇ ਮਾਈ ਬਾਪ ਹੋ,ਮੇਰੀ ਡੋਰ ਤਾਂ ਤੁਹਾਡੇ ਹੱਥ ਏ।ਜੇ ਮੈਂ ਟੀਨੂੰ ਦੀ ਮਾਂ ਦਾ ਇਲਾਜ ਨਾ ਕਰਵਾ ਸਕਿਆ ਤਾਂ ਟੀਨੂੰ ,ਮਾਂ ਮਹਿੱਟਰ ਹੋਜੂ ਤੇ ਮੈਂ ਆਪਣੇ ਆਪ ਨੂੰ ਸਾਰੀ ਉੱਮਰ ਮਾਫ ਨਹੀਂ ਕਰ ਸਕੂਗਾ।ਮੈਂ ਰਾਤੀ ਵੀ ਬੇਨਤੀ ਕੀਤੀ ਸੀ,ਮੇਰੀ ਮੱਦਦ ਕਰੋ। ਨੰਬਰਦਾਰ ਜੀ ਸਵਾਲ ਇਕ ਲੱਖ ਦਾ ਏ, ਮੈਂ ਮੋੜ ਦਾਂਗਾ ।' ਨਾਲ ਹੀ ਉਸਦੇ ਹੱਥ ਜੁੜ ਗਏ। ਨੰਬਰਦਾਰ ਅਜੇ ਚੁੱਪ ਸੀ,ਸਿੰਦ ਬਾਹਰੋਂ ਆ ਗਿਆ,ਜਿਨ੍ਹੇ ਸੱਤੇ ਦੀ ਗੱਲ ਸੁਣ ਲੲੀ ਸੀ।
        'ਲੱਖ ਮੰਗਕੇ ਗੱਲ ਤਾਂ ਤੂੰ ਇਵੇਂ ਕੀਤੀ ਜਿਵੇਂ ਜੱਟ ਆੜ੍ਹਤੀ ਤੋਂ ਫਸਲ ਸੁੱਟਕੇ ਹਿਸਾਬ ਸਾਫ ਕਰਦੂ ਕਹਿੰਦਾ ਹੈ। ਪਤੰਦਰਾਂ ਲੱਖ ਫਿਰ ਮੋੜਨਾ ਕਿਵੇਂ ?ਇਹ ਵੀ ਸੋਚ।'
      'ਸਰਦਾਰਾ ਕਿੱਥੇ ਜਾਵਾਂ,ਕੰਮ ਤੁਹਾਡੇ ਕਰਦਾ ਗਰਜ਼ ਵੀ ਤੁਸੀਂ ਪੂਰੀ ਕਰੋਗੇ।'
     ' ਜਾ ਜਾ ! ਬਹੁਤੀਆਂ ਗੱਲਾਂ ਨਾ ਬਣਾ,ਮੈਂ ਬੰਬੀ ਛੱਡ ਦੇਂਦਾ ,ਜਾ ਕੇ ਪਾਣੀ ਦੇ ਨੱਕੇ ਮੋੜ।ਸੋਚਦੇ ਆ ਕੁਝ ਤੇਰਾ ਵੀ।' ਸਿੰਦ ਨੇ ਝਿੜਕ ਵੀ ਦਿੱਤਾ ਤੇ ਧੀਰਜ ਵੀ ਬਣਾ ਦਿੱਤੀ।
      ਪੰਜ ਸੱਤ ਵਾਰ ਸੱਤੇ ਤੋਂ ਅਖਵਾਕੇ  ਇਕ ਦਿਨ ਸੱਤੇ ਨੂੰ ਪਾਸੇ ਕਰਕੇ ਸਿੰਦ ਕਹਿਣ ਲੱਗਾ। 'ਸੱਤਿਆ ਸੁੱਚਾ ਤੇਰਾ ਭਰਾ ਉਹ ਨਹੀਂ ਕੁਝ ਮੱਦਦ ਕਰਦਾ ? '
    ‌‌     'ਰੋਦੀ ਕਿਓਂ ਏ ਥਾਲੀ 'ਚ ਕੁਝ ਨ੍ਹੀ ਦੀਦ੍ਹਾ। ਉਨ੍ਹ ਮੇਰੀ ਮੱਦਦ ਕੀ ਕਰਨੀ, ਉਹ ਤਾਂ ਮਾਂ ਬਿਮਾਰ ਤੇ ਲਾਗੇ ਨਹੀਂ ਸੀ ਲੱਗਾ ।ਮੈਂ ਇਕ ਦਿਨ ਫੋਨ ਕੀਤਾ, ਮਾਂ ਤੇਰੀ ਵੀ ਏ, ਇਦ੍ਹੇ ਇਲਾਜ ਲਈ ਪੈਸਿਆਂ ਦੀ ਲੋੜ ਏ ।ਆ  ਬੀਬੀ ਨੂੰ  ਹਸਪਤਾਲ ਵਿਖਾਈਏ ਤਾਂ ਉਨ੍ਹ ਟੱਕੇ ਵਰਗਾ ਜਵਾਬ ਦਿੱਤਾ ਸੀ।ਕਹਿੰਦਾ ਮੇਰੇ ਨਹੀਂ ਹੱਥ ਪੱਲੇ ਕੁਝ,ਜੇ ਇਲਾਜ ਕਰਵਾ ਸਕਦਾ ਤੇ ਕਰਵਾਲੇ ਨਹੀਂ ਤਾਂ ਬਥੇਰੀ ਉੱਮਰ ਭੋਗਲੀ ਬੀਬੀ ਨੇ।ਨਿਆਣੇ ਸ਼ਹਿਰ ਅੰਗਰੇਜ਼ੀ ਸਕੂਲੇ ਪਾਏ ਆ, ਖਰਚ ਬਹੁਤ ਏ।  ਜੇ ਇਥੇ ਹੀ ਗੱਲ ਮੁੱਕ ਜਾਂਦੀ ਤਾਂ ਫਿਰ ਵੀ ਠੀਕ ਸੀ।ਉਸ ਦੇ ਹੱਥੋਂ ਮੁਬਾਇਲ ਫੜ੍ਹਕੇ ਉਹਦੀ ਘਰਦੀ ਸੱਤੋ ਬੋਲੀ 'ਸਤਿਆ ਬੀਬੀ ਨੇ ਸਾਰੀ ਉਮਰ ਗੋਲਪੁਣਾ ਤੇ ਤੁਹਾਡਾ ਕੀਤਾ।ਹੁਣ ਸਾਂਭੋ ਵੀ ਤੁਸੀਂ।' 
      ਜਿਨ੍ਹ ਮਾਂ ਦਾ ਨਹੀਂ ਕੀਤਾ ਉਹ ਸਾਡਾ ਕੀ ਕਰੂ।ਸੱਤਾ ਪਲਕੁ ਚੁੱਪ ਰਿਹਾ ਤੇ ਫਿਰ ਬੋਲਿਆ ' ਭਰਾ ਤੇ ਫਿਰ ਸ਼ਰੀਕੇ ਦਾ ਸਾਕ ਹੁੰਦੇ ਨੇ। ਮੈਨੂੰ ਅੱਗੋਂ ਉਸ ਨੇ ਕੁਝ ਕਹਿਣ ਦਾ ਮੋਕਾ ਹੀ ਨਾ ਦਿੱਤਾ ਤੇ ਮੋਬਾਈਲ  ਬੰਦ ਕਰ ਦਿੱਤਾ।ਮੈਂ ਕਹਿਣਾ ਚਾਹੁੰਦਾ ਸੀ ਕਿ ਰੁੱਗ  ਰੁਪਈਆ ਦਾ ਭਾਪੇ ਨੇ ਦੇ ਕੇ ਤੈਨੂੰ ਦਿਹਾੜੀਦਾਰ ਤੋਂ ਰੈਗੂਲਰ ਕਰਵਾਇਆ ਸੀ ਪਰ ਤੂੰ ਨਿਕਲਿਆ ਗੁਣਚੌਦ।ਸਰਦਾਰਾਂ ਇਹ  ਤੇ ਗੱਲਾਂ ,ਉਨ੍ਹ ਸਾਡੀ ਬਾਂਹ ਕੀ ਫੜਨੀ।'
      ਸਿੰਦ  ਸੱਤੇ ਦੇ ਮੋਢੇ ਤੇ  ਹੱਥ ਰੱਖਕੇ  ਬੋਲਿਆ ' ਸੱਤਿਆ ਜਿਸਦਾ ਕੋਈ ਨਾ ਹੋਵੇ ਉਹਦਾ ਰੱਬ ਹੁੰਦਾ ।ਫਿਕਰ ਨਾ ਕਰ ,ਵੇਖ ਤੇਰਾ ਹੁਣ ਕੋਈ ਨਾ ਕੋਈ ਪ੍ਰਬੰਧ ਤੇ ਕਰਲਾਗੇ ਪਰ ਇਸ ਬਦਲੇ ਤੈਨੂੰ ਵੀ  ਕੰਮ ਕਰਨਾ ਪਊ।ਜੇ ਮਨਜ਼ੂਰ ਆ ਤੇ ਗੱਲ ਕਰ।'
ਸਿੰਦ ਨੇ ਸੱਤੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੱਕਿਆ,ਜਿਵੇਂ ਉਹਦੀਆਂ ਅੱਖਾਂ ਵਿਚੋਂ ਇਸ ਸਵਾਲ ਦਾ ਜਵਾਬ ਲੱਭਦਾ ਹੋਵੇ। ਸੱਤਾ ਚੁੱਪ ਰਿਹਾ। ਜਿਵੇਂ ਉਸਨੂੰ ਕੋਈ ਜਵਾਬ ਨਾ ਔੜ੍ਹ ਰਿਹਾ ਹੋਵੇ।ਜਦੋਂ ਸੱਤਾ ਕੁਝ ਨਾ ਬੋਲਿਆ ਤਾਂ ਸਿੰਦ ਨੇ ਆਖਿਆ 'ਵੇਖ ਸੱਤਿਆ ਜਿਸਨੇ ਪੈਸੇ ਦੇਣੇ ਆ ਉਹ ਕੰਮ ਵੀ ਲਵੇਗਾ।'
      ' ਸਰਦਾਰ ਜੀ ਕੰਮ ਵਲੋਂ ਮੈਂ ਕਦੀ ਪਾਸਾ ਵੱਟਿਆ ? ਜੋ ਕਹੋਗੇ ਕਰਾਂਗਾ।ਮੇਰਾ ਕੰਮ ਕਰਵਾ ਦਿਉ। ਪੈਸੇ ਦਵਾਉ ਮੈਂ ਵਿਆਜ ਵੀ ਦੇਦੂ।'ਸੱਤਾ ਤਰਲਿਆਂ ਤੇ ਆ ਗਿਆ ਸੀ।
       ' ਨਹੀ ਸੱਤਿਆ ਕੋਈ ਵਿਆਜ ਨ੍ਹੀ,ਮੇਰੇ ਨਾਲ ਚੱਲੀ ਸਾਮੀ ਸਾਹਮਣੇ ਪਿੰਡ ਵਾਲੇ ਸਰਦਾਰ ਵੱਲ ਤੇਰਾ ਮਸਲਾ ਹੱਲ ਹੋਜੂ। ਕੰਮ ਕੋਈ ਭਾਰਾ ਨਹੀਂ,ਬਸ ਕਿਲੋ , ਅੱਧਾ ਕਿਲੋ ਚੀਜ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣੀ ਹੋਵੇਗੀ।'
    ‌ਇਹ ਸੁਣਕੇ ਉਹ ਚੁੱਪ ਹੋ ਗਿਆ।ਉਹ ਸਰਦਾਰ ਤੇ ਸੁਣਿਆ ਦੋ ਨੰਬਰ ਦਾ ਕੰਮ ਕਰਦਾ।ਉਨ੍ਹ ਮਨ ਹੀ ਮਨ ਸੋਚਿਆ।ਉਹ ਅੰਦਰੋਂ ਡਰਿਆ ਤੇ ਸਹਿਮ ਜਿਹਾ ਗਿਆ।ਸੱਤੇ ਦੇ ਦਿਮਾਗ ਵਿਚ ਮਾਂ ਵਲੋਂ ਦਸੀ ਗੱਲ ਫਿਲਮ ਦੀ ਰੀਲ ਵਾਂਗ ਘੁੰਮਣ ਲੱਗੀ। ਮਾਂ ਨੇ ਦਸਿਆ ਸੀ ਕਿ ਨੰਬਰਦਾਰ ਦੀ ਚੱਲਦੀ ਭੱਠੀ ਫੜ੍ਹੀ ਗਈ ਸੀ। ਇਹ ਭੱਠੀ ਅਸਲ ਵਿਚ ਸਰਪੰਚ ਨੇ  ਹੀ ਫੜਾਈ ਸੀ ਕਿਉਂਕਿ ਕਿਸ਼ਨ ਸਿੰਘ ਨੰਬਰਦਾਰ ਐਤਕੀਂ ਸਰਪੰਚੀ ਦਾ ਉਮੀਦਵਾਰ ਸੀ ਜੋ ਸਰਪੰਚ ਲਈ ਮੁਸੀਬਤ ਖੜ੍ਹੀ ਕਰ ਸਕਦਾ ਸੀ,ਜਿਸ ਕਾਰਨ ਸਰਪੰਚ ਨੇ ਨੰਬਰਦਾਰ ਨੂੰ ਰਾਹ ਦਾ ਰੋੜਾ ਜਾਣ, ਰਸਤੇ ਵਿਚੋਂ ਹਟਾਉਣ ਲਈ ਇਹ ਜੁਗਤ ਲੜਾਈ ਸੀ।ਨੰਬਰਦਾਰ ਨੇ ਬਥੇਰੀ ਚਾਰਾਜੋਈ ਕੀਤੀ ਸੀ ਕਿ ਭੱਠੀ ਵਾਲਾ ਮਾਮਲਾ ਰਫਾ ਦਫਾ ਹੋ ਜਾਵੇ ਪਰ ਵੱਡਾ ਥਾਣੇਦਾਰ ਜੋ ਪਹਿਲਾਂ ਵੀ ਇਸ ਥਾਣੇ ਛੋਟਾ ਥਾਣੇਦਾਰ ਰਿਹਾ ਸੀ,ਉਹ ਲੋਹੇ ਦਾ ਥਣ ਹੀ ਬਣ ਗਿਆ।ਕਹਿਣ ਲੱਗਾ ਨੰਬਰਦਾਰਾ ਮੈਂ ਵੀ ਬਾਲ ਬੱਚੇਦਾਰ ਹਾਂ।ਤੇਰੀ ਭੱਠੀ ਛੱਡਕੇ ਮੈਂ ਐਸ ਐਸ ਪੀ ਸਾਬ੍ਹ ਤੋਂ ਵਰਦੀ ਨਹੀਂ ਲਹਾਉਣੀ। ਕੰਧਾਂ ਦੇ ਵੀ ਕੰਨ ਹੁੰਦੇ ਹਨ, ਹਾਂ ਨੰਬਰਦਾਰਾਂ ਆਪਣੀ ਪੁਰਾਣੀ ਸਾਂਝ ਹੈ, ਤੇਰੇ ਬਾਰੇ ਕੁਝ ਨਾ ਕੁਝ ਤਾਂ ਸੋਚਣਾ ਪਵੇਗਾ।ਉਰਾ ਆ ਤੈਨੂੰ ਗੱਲ ਸਮਝਾਵਾਂ ਤੇ ਥਾਣੇਦਾਰ ਨੇ ਨੋਟਾਂ ਵਾਲੀ ਥਈ ਜੇਬ 'ਚ ਪਾ ਚੱਲਦੀ ਭੱਠੀ ਦਾ ਕੇਸ ਨਾਜ਼ਰ 'ਤੇ ਫਿੱਟ ਕਰਾ ਦਿੱਤਾ ਸੀ। ਨੰਬਰਦਾਰ ਨੇ ਬਥੇਰਾ ਤਰਲੇ ਕੀਤੇ ਸੀ ਕਿ ਜੇਕਰ ਜ਼ਰੂਰੀ ਹੈ ਤਾਂ ਚੱਲਦੀ ਭੱਠੀ ਦੇ ਕੇਸ  ਨੂੰ ਇਕ ਦੋ ਸ਼ਰਾਬ ਦੀਆਂ ਬੋਤਲਾਂ ਵਿਚ ਬਦਲ ਦੇਵੇ ਪਰ ਥਾਣੇਦਾਰ ਨੇ ਇਸ ਗੱਲ ਵੱਲ ਕੰਨ ਨਹੀਂ ਸੀ ਧਰਿਆ।
           ਨਾਜ਼ਰ ਨੂੰ ਲੈ ਕੇ ਨੰਬਰਦਾਰ ਅੰਦਰ ਗਿਆ।'ਵੇਖ ਭਾਊ ਨਾਜ਼ਰ ਸਿਆਂ ਤੂੰ ਏ ਮੇਰਾ ਵੱਡਾ ਭਰਾ,ਔਖੈ ਵੇਲੇ ਜੇ ਵੱਡਾ ਛੋਟੇ ਦੇ ਕੰਮ ਨਾ ਆਇਆ ਤਾਂ ਹੋਰ ਕੋਣ ਆਊ। ਤੈਨੂੰ ਮੈਂ ਜੇਲ ਨ੍ਹੀ ਰਹਿਣ ਦੇਂਦਾ,ਤੇਰੀ ਜ਼ਮਾਨਤ ਵੀ ਕਰਵਾਊ ਤੇ ਵਕੀਲ ਦੀਆਂ ਫੀਸਾਂ ਵੀ ਮੈਂ ਦੇਵਾਂਗਾ।ਫਿਕਰ ਨਾ ਕਰੀਂ।ਤੇਰੇ ਪਰਿਵਾਰ  ਦੀਆਂ ਲੋੜਾਂ ਦਾ ਖਿਆਲ ਵੀ ਮੈਂ ਰੱਖੂ ਪਰ ਤੂੰ  ਬੀਬਾ ਵੀਰ ਬਣਕੇ ਮੇਰੀ ਮੰਨ । '-- ਤੇ  ਹਾਥੀ ਥਾਣੇਦਾਰ ਨਾਜ਼ਰ ਨੂੰ ਅੱਗੇ ਲਾ ਕੇ ਚੱਲਦੀ ਭੱਠੀ ਦਾ ਸਮਾਨ ਨਾਲ ਲੈ ਗਿਆ ਸੀ। ਥਾਣੇਦਾਰ ਦਾ ਨਾਂ, ਹਾਥੀ ਥਾਣੇਦਾਰ ਥਾਣੇ ਦੇ ਮੁੱਖੀ, ਚੌਧਰੀ ਇੰਸਪੈਕਟਰ ਨੇ ਪਾਇਆ ਸੀ,ਉਹ ਹਾਥੀ ਵਾਂਗ ਹੀ ਫਿਟਿਆ ਸੀ ਤੇ ਉਸਦੀ ਖੁਰਾਕ ਵੀ ਹਾਥੀ ਵਾਂਗ ਸੀ।ਜਦੋਂ ਪਹਿਲਾਂ ਇਸ ਥਾਣੇ ਸੀ ਤਾਂ ਇਸਨੇ ਇੰਸਪੈਕਟਰ ਚੌਧਰੀ ਨੂੰ ਇਕ ਵਾਰ ਕਿਹਾ ਸੀ ' ਚੌਧਰੀ ਸਾਬ੍ਹ ! ਥਾਣੇਦਾਰ ਵਿਚ ਫੋਰਡ ਟਰੈਕਟਰ ਜਿਨੀ ਪਾਵਰ ਹੁੰਦੀ ਹੈ ਪਰ ਸ਼ਰਤ ਇਹ ਹੈ ਕਿ ਥਾਣੇਦਾਰ ਨੂੰ ਲਿਖਣਾ ਪੜ੍ਹਨਾ ਆਉਂਦਾ ਹੋਵੇ।' ਤੇ ਇਹ ਗੱਲ ਉਸ ਨੰਬਰਦਾਰ ਦੀ ਭੱਠੀ ਦੇ ਕੇਸ ਵਿਚ ਕਰ ਵਿਖਾਈ ਸੀ।ਹਾਥੀ ਥਾਣੇਦਾਰ ਨੇ ਚੱਲਦੀ ਭੱਠੀ ਦਾ ਕੇਸ ਏਨੀ ਮਜ਼ਬੂਤੀ ਨਾਲ ਤਿਆਰ ਕੀਤਾ ਸੀ ਕਿ ਨਾਜ਼ਰ  ਤਿੰਨ ਸਾਲ ਬੱਝ ਗਿਆ ਸੀ ਤੇ ਰਿਹਾਈ ਤੋਂ ਛੇਤੀ ਬਾਅਦ ਉਹ ਘਰ ਆ ਕੇ ਤਪਦਿਕ ਨਾਲ ਘੁਲਦਾ ਮਰ ਗਿਆ ਸੀ।
       ਜਦੋਂ ਨਾਜ਼ਰ ਨੂੰ ਸਜਾ ਹੋਈ ਤਾਂ ਪਹਿਲਾਂ ਪਹਿਲਾਂ ਨਾਜ਼ਰ ਦੀ ਘਰਦੀ ਬਥੇਰੇ ਨੰਬਰਦਾਰ ਦੇ ਬੱਚੇ ਪਿਟਦੀ ਸੀ ਪਰ ਸਮੇਂ ਨਾਲ ਜ਼ਖ਼ਮ ਭਰ ਗੲੇ ਸਨ।ਵੱਡੇ ਸੁੱਚੇ ਨੂੰ ਤਾਂ ਉਸਦੀ ਰੰਨ ਲੈ ਕੇ ਪੇਕੇ ਜਾ ਬੈਠੀ ਸੀ। ਢਿੱਡ ਨੂੰ ਝੁਲਸਾ ਦੇਣ ਲਈ ਮਾਂ ਨੇ ਸੱਤੇ ਨੂੰ ਸਕੂਲੋਂ ਉਠਾ ਨੰਬਰਦਾਰ ਨਾਲ ਸੀਰੀ ਰਖਾ ਦਿੱਤਾ ਸੀ।
     ' ਸੱਤਿਆ ਕਿਥੇ ਗੁਆਚ ਗਿਆ, ਕੁਝ ਮੂੰਹੋਂ ਤੇ ਫੁੱਟ।ਵੇਖ ਸੱਤਿਆ ਜੇ ਤੂੰ ਘਰਦੀ ਦੀ ਜਾਨ ਬਚਾਉਣੀ ਤਾਂ ਕੁਝ ਤੇ ਕਰਨਾ ਪਊ,ਜਿਨ੍ਹੇ ਲੱਖ ਦੇਣਾ ਕੰਮ ਤੇ ਲਊ।ਸੱਤਿਆ ਤੇਰੀ ਮਰਜ਼ੀ ਏ।ਮੈਂ ਤਾਂ ਤੈਨੂੰ ਨਹੀਂ ਦੇ ਸਕਦਾ,ਦੱਸ ਵੀਹ ਹਜ਼ਾਰ ਦੀ ਗੱਲ ਹੁੰਦੀ ਤਾਂ ਕਰ ਵੀ ਦੇਂਦੇ।ਜੇ ਹੋਰ ਕੋਈ ਘਰ ਲੱਭਦਾ ਤਾਂ ਲੱਭ  ਲੈ।'
----ਤੇ ਫਿਰ ਸਿੰਦ ਨੇ ਸੱਤੇ ਨੂੰ ਸਾਹਮਣੇ ਪਿੰਡ ਵਾਲੇ ਸਰਦਾਰ ਨੂੰ ਜਾ ਮਿਲਾਇਆ ਸੀ। ਸੱਤੇ ਵੱਲੋਂ ਹੁੰਗਾਰਾ ਭਰਨ ਤੇ ਸਰਦਾਰ ਨੇ ਸੱਤੇ ਦੀ ਗਰਜ਼ ਪੂਰੀ ਕਰ ਦਿੱਤੀ ਸੀ ਤੇ ਸੱਤੇ ਨੇ ਪੈਸਿਆਂ ਬਦਲੇ ਉਹਦਾ ਕੰਮ ਕਰਨ ਦਾ ਫੈਸਲਾ ਕਰ ਲਿਆ ਸੀ।ਸੱਤੇ ਦੀ ਹਾਲਤ ਉਸ ਲੋਕ ਗੀਤ ਦੇ ਬੋਲਾਂ ਵਰਗੀ ਸੀ -ਹਾਰਕੇ ਜੇਠ ਨਾਲ਼ ਲਾਈਆਂ ਮਰਦੀ ਨੇ ਅੱਕ ਚੱਬਿਆ।-
    ਸੱਤੇ ਦੀ ਘਰਦੀ ਵੀ ਠੀਕ ਹੋ ਕੇ ਹਸਪਤਾਲ ਤੋਂ ਘਰ  ਗੲੀ ਸੀ।ਸੱਤੇ ਦੇ ਚਿਹਰੇ 'ਤੇ ਵੀ ਖੁਸ਼ੀ ਪਰਤ ਆਈ ਸੀ ਪਰ ਉਸਨੇ ਸਰਦਾਰ ਵਲੋਂ ਅੱਖਾਂ ਫੇਰਨੀਆਂ ਸ਼ੁਰੂ ਕਰ ਦਿਤੀਆਂ ਸਨ।ਹੁਣ ਉਹ ਸੁਨੇਹਾ ਆਉਣ ਤੇ ਵੀ ਆਨਾਕਾਨੀ ਕਰਨ ਲੱਗ ਪਿਆ ਸੀ।ਸਾਹਮਣੇ ਪਿੰਡ ਵਾਲੇ ਸਰਦਾਰ ਨੇ ਸਿੰਦ ਨੂੰ ਲਾਮ੍ਹਾ ਵੀ ਦਿੱਤਾ।'ਸਿੰਦ ਇਹੋ ਜਿਹੇ ਬੰਦੇ ਬੜੇ ਖਤਰਨਾਕ ਹੁੰਦੇ ਨੇ।ਏਹਦਾ ਹੁਣ ਕੁਝ ਕਰਨਾ ਪਵੇਗਾ'.  ਤੇ ਸਿੰਦ ਨੇ ਫਿਰ ਇਹ ਕਹਿਕੇ ਉਖਲੀ ਵਿਚ  ਉਹਦਾ ਸਿਰ ਦਿਵਾ ਦਿੱਤਾ। 'ਸਤਿਆ  ਹੁਣ ਸਰਦਾਰ ਨਾਲ ਵਿਗਾੜ ਨਾ,ਇਹੋ ਜੇਹੇ ਬੰਦਿਆਂ ਨਾਲ ਵਿਗਾੜਿਆਂ ਨਹੀਂ ਸਰਦਾ ਅਬੀ ਨਬੀ ਵੇਲੇ ਇਹੋ ਜਿਹੇ ਸਰਦਾਰ ਹੀ ਕੰਮ ਆਉਂਦੇ।'
       ਸੱਤਾ ਮੁੜ ਸਰਦਾਰ ਦੇ ਘਰੇ ਜਾ ਹਾਜ਼ਰ ਹੋਇਆ ਸੀ।ਸੱਤੇ ਦੇ ਜਾਣ ਤੇ ਐਤਕੀਂ ਸਰਦਾਰ ਨੇ ਉਸਨੂੰ ਆਪਣੇ ਬਰਾਬਰ ਕੁਰਸੀ  ਦਿੱਤੀ ਤੇ ਨਾਲ ਹੀ ਕਹਿਣ ਲੱਗਾ , 'ਸਤਿਨਾਮ ਸਿੰਘਾ ਅੱਜ ਤੋਂ ਤੂੰ  ਹੋਇਓਂ ਸਾਡਾ ਭਰਾ।ਜੇ ਵੀਰਾਂ ਤੂੰ ਇਹ ਕੰਮ ਨਹੀਂ ਕਰਨਾ ਤੇ ਨਾ ਕਰੀ,ਅੱਜ ਤੋਂ ਬਾਅਦ ਮੈਂ ਤੈਨੂੰ ਕਹਿੰਦਾ ਵੀ ਨਹੀਂ , ਪਰ ਕਾਲਜ ਦੇ ਹੋਸਟਲ ਵਿਚ ਮੁੰਡੇ ਨਸ਼ਿਆਂ ਤੋਂ ਟੁੱਟੇ ਲੇਟਣੀਆਂ ਲੈਣ ਡਹੇ ਨੇ,ਕੋਈ ਮਰ ਹੀ ਨਾ ਜਾਵੇ।ਵੀਰ ਬਣਕੇ ਅੱਜ 100ਗ੍ਰਾਮ ਮਾਲ ਹੋਸਟਲ ਪਹੁੰਚਾਦੇ।' ਤੇ ਨਾਲ ਹੀ ਉਸ ਸੱਤੇ ਦੇ ਮੋਢੇ 'ਤੇ ਹੱਥ ਰੱਖਕੇ ਆਪਣੇਪਣ ਦਾ ਅਹਿਸਾਸ ਕਰਾਇਆ।
       ' ਸਰਦਾਰ ਜੀ ਮੈਨੂੰ ਭਲਾ ਕੋਣ ਕਾਲਜ ਦੇ ਹੋਸਟਲ ਵੜ੍ਹਨ ਦੇਵੇਗਾ?'
   ‌ ' ਤੂੰ ਤੇ ਛੇਤੀ ਭਗੋੜਾ ਹੋਈ ਜਾ ਰਿਹਾ।ਨਾਲ ਰਹੇ ਤਾਂ ਸਾਰੇ ਰਾਹ ਸਮਝਾ ਦਈਏ। ਤੂੰ ਫ਼ਿਕਰ ਨਾ ਕਰ,ਇਕ ਸਾਈਕਲ ਲੈ ਕੇ ਉੱਤੇ ਟੋਕਰਾ ਰੱਖ ਤੇ ਟੋਕਰੇ ਦੇ ਥੱਲੇ ਪਤਲੀ ਜੇਹੀ ਪਰਾਲੀ ਵਿਛਾਕੇ ਉੱਤੇ ਸਮਾਨ ਰੱਖਲੈ ਤੇ ਸਮਾਨ ਉੱਤੇ ਆਪਣੇ ਬਾਗ ਚੋਂ ਅਮਰੂਦ ਪਵਾ ਲਈ ਤੇ ਪੰਜ ਵਜੇ ਹੋਸਟਲ ਦੇ ਬਾਹਰ ਜਾ ਦੇਈਂ ਹੋਕਾ 'ਆ ਗੲੇ ਬਾਗਾਂ ਦੇ ਪੇੜੇ।'
     ਕੲੀ ਦਿਨਾਂ ਤੋਂ ਕੜਿੱਕੀ ਥਾਣੇਦਾਰ ਦਾ ਫੋਨ ਆ ਰਿਹਾ ਸੀ।
' ਸਰਦਾਰਾ ਜਾਨ ਬੜੀ ਕੰਦਲ ਆਈ ਏ।ਐਸ ਐਸ ਪੀ ਮੀਟਿੰਗ ਵਿਚ ਵੱਡੇ ਸਰਦਾਰ ਦੀ ਬੜੀ ਲਾਹ ਪਾਹ ਕਰਦੈ,ਕਹਿੰਦੇ ਤੁਸੀਂ ਕਰਦੇ ਕੀ ਹੋ? ਸਰਦਾਰਾ ਕੁਝ ਕਰ ਅਸੀਂ ਵੀ ਵੱਡੇ ਅਫਸਰਾਂ ਨੂੰ ਜਵਾਬ ਦੇ ਆ ।
     ------ਤੇ ਅੱਜ ਉਸ ਨੇ ਸੱਤੇ ਦੇ ਆਉਣ ਤੇ ਅੰਦਰ ਜਾ ਸੱਤੇ ਦਾ ਹੁਲੀਆ ਅਤੇ ਕੱਪੜਿਆਂ ਦੀ ਪਛਾਣ ਦਸਦਿਆਂ ਕੜਿੱਕੀ ਥਾਣੇਦਾਰ ਨੂੰ ਇਹ ਗੱਲ ਕਹਿ ਦਿੱਤੀ ਸੀ। ' ਇਹ ਬੰਦਾ ਹੁਣ ਸਾਡੇ ਕੰਮ ਦਾ ਨਹੀਂ ਰਿਹਾ, ਇਸਨੂੰ ਕਰਾਦੇ ਯਾਤਰਾ ਪਰ ਵੇਖੀ ਸਾਡਾ ਨਾਂ ਨਾ ਬਕੇ । ' ਕਹਿੰਦੇ ਜੇ ਬੰਦਾ ਇਕ ਵਾਰ ਕੜਿਕੀ ਥਾਣੇਦਾਰ ਦੀ ਦਾੜ੍ਹ ਹੇਠ ਆਜੇ ਫਿਰ ਉਹ ਕੜਿਕੀ ਵਿਚ ਫਸੇ ਚੂਹੇ ਵਾਂਗ ਬਚ ਨਹੀਂ ਸਕਦਾ।ਇਸੇ ਕਰਕੇ ਹੀ ਇਸਦਾ ਨਾਂ ਕੜਿੱਕੀ ਥਾਣੇਦਾਰ ਹੈ ।
            ਸਰਦਾਰ ਨੇ ਅੰਦਰੋਂ ਆ ਸਮੈਕ ਦਾ 100ਗ੍ਰਾਮ ਦਾ ਪੈਕਟ ਸੱਤੇ ਦੇ ਹੱਥ ਦੇਣਾ ਚਾਹਿਆ ਪਰ ਸੱਤੇ ਨੇ ਹੱਥ ਅਗਾਂਹ ਨਹੀਂ ਵਧਾਏ। ' ਤੈਨੂੰ ਕਿਹਾ ਤੇ ਹੈ ਭਰਾਵਾ ਫਿਰ ਨਾ ਕਰੀਂ। ਪਰ ਇਹ ਸਮਾਨ ਪਹੁੰਚਾ ਦੇ।' ਸਰਦਾਰ ਨੇ ਤਰਲਾ ਮਾਰਨ ਵਾਲਿਆਂ ਵਾਂਗ ਮੁੜ ਕਿਹਾ। ਅਸੀਂ ਮੁੱਢ ਤੋਂ ਏਨ੍ਹਾਂ ਲੋਕਾਂ ਦੇ ਸ਼ੋਸ਼ਨ ਦਾ ਸ਼ਿਕਾਰ ਹੁੰਦੇ ਆ ਰਹੇ ਹਾਂ , ਹੁਣ ਨਹੀਂ ਹੋਣਾ। ਉਹਦੀ ਸੋਚ ਬਦਲੀ।ਉਹਨੂੰ ਬਾਪ ਨਾਲ ਨੰਬਰਦਾਰ ਵਲੋਂ ਹੋਈ ਵਧੀਕੀ ਮੁੜ ਯਾਦ ਆਈ।  ਉਹਦੀ ਮਾਂ ਵਲੋਂ ਰੰਢੇਪੇ ਵਰਗੇ ਬਿਤਾਏ ਦਿਨ ਯਾਦ ਆਏ, ਕਿਵੇਂ ਉਹ ਤਿਲ  ਤਿਲ ਮਰਦੀ ਰਹੀ।ਮੇਰੀ ਮਾਂ ਦੀ ਵਾਤ ਨਹੀਂ ਕਿਸੇ ਭੈਣ ਭਰਾ ਨੇ ਪੁੱਛੀ।ਉਹਦੇ ਮਨ 'ਚ ਵਿਦਰੋਹ ਜਾਗਿਆ। ਜੇ ਕੱਲ ਨੂੰ ਮੇਰੇ ਨਾਲ ਭਾਣਾ ਵਾਪਰ ਗਿਆ ਤਾਂ ਮੇਰੇ ਬੱਚਿਆਂ ਨੂੰ ਕੋਣ ਪਾਲੂ।ਮੈਂ ਅੱਧੀ ਖਾਂ ਲੂ,ਪਰ ਇਹ ਕੰਮ ਮੈਂ ਨਹੀਂ ਕਰਨਾ।ਉਸ ਦਿੜ੍ਰਤਾ ਨਾਲ ਫੈਸਲਾ  ਲਿਆ।    ' ਸਰਦਾਰਾ  ! ਹੁਣ ਨਹੀਂ। ਅਸੀਂ ਮਿਹਨਤ ਮੁਸ਼ੱਕਤ ਕਰਕੇ ਖਾਣ ਵਾਲੇ ਜ਼ਰੂਰ ਆ ਪਰ  ਲੋਕਾਂ ਦੇ ਪੁੱਤ ਨਹੀਂ ਮਰਵਾਉਣੇ ਅਤੇ ਆਪਣੇ ਬੱਚੇ ਨਹੀਂ ਪਿਟਾਉਣੇ । ' ਉਹ ਜ਼ਰਾ ਤਲਖ਼ੀ ਨਾਲ ਬੋਲਿਆ।ਉਹ ਪਲਕੁ ਚੁੱਪ ਰਿਹਾ ਤੇ ਫਿਰ ਬੋਲਿਆ,ਮੈਥੋਂ  ਨਹੀਂ ਇਹ ਕਰਮ‌ ਹੋਣਾ।
      ਸੱਤੇ ਅੰਦਰ ਭੈਅ ਪੈਦਾ ਕਰਨ ਲਈ ਸਰਦਾਰ ਨੇ ਲਾਲ ਜਿਹੀਆਂ ਅੱਖਾਂ ਕੱਢਕੇ ਸੱਤੇ ਵੱਲ ਵੇਖਿਆ, ਜਿਵੇਂ ਖਾਂ ਜਾਣਾ ਹੋਵੇ।ਸੱਤਾ ਡਰਿਆ ਨਹੀਂ ਸਗੋਂ ਉਹ ਵੀ ਸਰਦਾਰ ਵੱਲ ਕੈਰੀ ਜਿਹੀ ਅੱਖ ਨਾਲ ਝਾਕਿਆ।  ਉਹ ਤੈਸ਼ ਨਾਲ ਕੁਰਸੀ ਤੋਂ ਉੱਠਿਆ ਤੇ ਆਪਣੇ ਰਾਹੇ ਪੈ ਗਿਆ।




                   ਬਾਸਰਕੇ ਹਾਊਸ (ਈ -8 /376)
                   ਭੱਲਾ ਕਲੋਨੀ ਛੇਹਰਟਾ ਅੰਮ੍ਰਿਤਸਰ
                   ਮੋਬਾਈਲ ਨੰਬਰ:9914716616

No comments:

Post a Comment