Sunday, April 24, 2022

ਨਜ਼ਮਾਂ : ਡਾ: ਅੰਬਰੀਸ਼

“ ਡਾ: ਅੰਬਰੀਸ਼ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਵਜ੍ਹੋਂ ਤਾਇਨਾਤ ਹਨ ਅਤੇ ਪੰਜਾਬੀ ਕਵਿਤਾ/ਸਾਹਿਤ ਜਗਤ ਦਾ ਜਾਣਿਆ-ਪਛਾਣਿਆਂ ਨਾਮ ਹਨ। 70 ਵੇਂ ਦਹਾਕੇ ਦੇ ਅੱਧ ‘ਚ ਉਹ ਸਰਹੱਦੀ ਇਲਾਕੇ ‘ਚ ਡਾਕਟਰ ਵਜ੍ਹੋਂ ਸੇਵਾ ਨਿਭਾਉਣ ਲਈ ਤਾਇਨਾਤ ਹੋਏ ਤਾਂ ਪ੍ਰੀਤਨਗਰ ਦੇ ਸਾਹਿਤਕ ਮਾਹੌਲ ਦੇ ਸੰਪਰਕ ‘ਚ ਆਉਣ ਤੋਂ ਉਹਨਾਂ ਦੇ ਅੰਦਰ ਪਈ ਕਵਿਤਾ ਦੀ ਚਿੰਗਾਰੀ ਲਟ-ਲਟ ਬਲਣ ਲੱਗੀ। ਪੰਜਾਬ ਦੀਆਂ ਰੋਜ਼ਾਨਾ ਅਖ਼ਬਾਰਾਂ ਉਹਨਾਂ ਦੇ ਸਫ਼ੳਮਪ;ਰਨਾਮੇ ਪ੍ਰਮੁੱਖਤਾ ਨਾਲ਼ ਛਾਪਦੀਆਂ ਹਨ ਕੁਦਰਤ ਦੇ ਗਹਿਰੇ ਰਹੱਸਾਂ ਨਾਲ਼ ਇਕ-ਮਿਕ ਹੋਏ ਉਹ ਅਕਸਰ ਕੁਦਰਤੀ ਸੁੰਦਰਤਾ ਨਾਲ਼ ਲਬਰੇਜ਼ ਵਾਦੀਆਂ ‘ਦੇ ਸੈਰ-ਸਪਾਟਿਆਂ ਲਈ ਨਿਕਲ ਤੁਰਦੇ ਹਨ। ਉਹਨਾਂ ਦੀ ਕਵਿਤਾ ਦੀ ਪੁਸਤਕ ‘ਪਹੀਆ ਚਿੜੀ ਅਤੇ ਅਸਮਾਨ’ ਪੜ੍ਹਕੇ ਅਹਿਸਾਸ ਹੋਇਆ ਕਿ ਉਹ ਆਪਣੇ ਇਨਸਾਨੀ ਵਜੂਦ ਨੂੰ ਕੁਦਰਤ ਦੇ ਅਨੰਤ ਰਹੱਸਾਂ ਨਾਲ਼ ਇਕ-ਮਿਕ ਮਹਿਸੂਸ ਕਰਕੇ ਉਸਦੀ ਸ਼ਾਨ ਵਿੱਚ ਨਜ਼ਮਾਂ ਦੀ ਰਚਨਾਕਾਰੀ ਕਰਦੇ ਹਨ।

ਬੰਦਾ, ਕਿੱਡਾ ਕੌਡੀ ਭਾਅ

ਸੰਘਣੇ ਦੇਉਦਾਰਾਂ ਵਾਲੀ
ਪਹਾੜੀ, ਪਗਡੰਡੀ ‘ਤੇ ਜੰਗਲੀ
ਟਰੈਂਕਿੰਗ ‘ਤੇ ਲਿਜਾਂਦਾ ਗਾਇਡ ਸਾਨੂੰ
ਪ੍ਰਭਾਵਿਤ ਕਰਨ ਲਈ ਦੱਸਦਾ ਹੈ-
ਇਕ ਇਕ ਦੇਉਦਾਰ ਦੀ ਕੀਮਤ
ਇਕ ਇਕ ਲੱਖ ਹੈ!

ਸਿਰਫ਼; ਇਕ ਲੱਖ?

ਜਿਸ ਨੇ ਆਪਣੇ ਛਤਰੇ ‘ਤੇ
ਪੂਰਾ ਅਸਮਾਨ ਠੱਲ੍ਹਿਆ
ਜੜ੍ਹਾਂ ਨਾਲ ਧਰਤੀ ਨੂੰ
ਬੰਨ੍ਹ ਕੇ ਰੱਖਿਆ
ਕਿਸ ਨੇ ਹਵਾ ‘ਚ
ਬਿਲੌਰੀ ਲਿਸ਼ਕ ਜਗਾਈ
ਇਲਾਹੀ ਧੂਫ਼ ਮਿਘਾਈ
ਜਿਹਦਾ ਦਿਦਾਰ ਹੀ ਬੰਦੇ ਨੂੰ
ਹੋਰ ਮੰਡਲ਼ੀਂ ਪੁਜਾ ਦੇਂਦਾ

ਉਹਦਾ ਮੁੱਲ ਪਾਉਂਦਾ ਬੰਦਾ
ਕਿੱਡਾ ਕੌਡੀ-ਭਾਅ

ਢਾਰਸ
ਚੰਗੇ ਲੱਗਦੇ:
ਸਮੇਂ ’ਤੇ ਤੁਰਦੀ ਗੱਡੀ
ਉਹਦੇ ਪੁਜਣੋਂ ਪਹਿਲਾਂ
ਸਟੇਸ਼ਨੀ ਪੁੱਜਿਆ ਦੋਸਤ

ਉਡੀਕੇ ਮਿਥੇ ਦਿਨੀਂ ਪਰਤਦੇ
ਧੁੰਦਾਂ ਕੋਰਾ ਲੂਆਂ ਮੀਂਹ
ਸਰਕਾਰਾਂ, ਚੁਣਾਵੀ
ਵਾਅਦੇ ਪੁਗਾਉਂਦੀਆਂ

ਚੰਗਾ ਲੱਗਦਾ
ਕਿ ਇਕਸਾਰ ਲਗਾਤਾਰ
ਘੁੰਮਦਾ ਲਾਟੂ, ਧਰਤੀ ਅਸਾਂ ਦੀ
ਡੋਲੀ ਨਾ ਧੁਰਿਓਂ

ਬੇਦੰਮ ਨਾ ਹੋਇਆ ਅਜੇ
ਥੱਕ ਕੇ ਟੇਕੇ ਨਾ ਗੋਡੇ
ਧਰਤੀ ਹੇਠਲੇ ਬੌਲਦ
ਢਾਰਸ ਬੱਝਦਾ

ਪ੍ਰੇਮ ’ਚ
ਸੁਬਕ ਪੀਲ਼ੀ ਰੋਸ਼ਨੀ ’ਚ ਲਿਪਟਿਆ
ਭਰ ਖੇੜੀਂ ਅਮਲਤਾਸ ਹਾਂ

ਗੁੰਜਾਰਦਾ ਹਜ਼ਾਰਾਂ ਭੌਰਿਆਂ
ਦੀ ਗੁੰਜਾਰ ਨਾਲ

ਮਹਿਕਦਾ ਮੱਧਮ ਮਿੱਠੀ ਅਮਲਤਾਸੀ
ਮਹਿਕ ਨਾਲ

ਸੰਘਣੇ ਬਾਗ ’ਚ ਰੁੱਖਾਂ ਹੋਰਨਾਂ ’ਚ
ਘਿਰਿਆ ਵੀ ’ਕੱਲਾ ਵੀ ਹਾਂ

ਸਿਖਰੀਂ ਬਹਾਰ ’ਤੇ ਹਾਂ
ਰੰਗ ਪੂਰਨ ਨਿਖਾਰ ’ਚ ਹਾਂਫ਼ਨਬਸਪ;
ਪ੍ਰੇਮ ’ਚ ਹਾਂ


9814389522

No comments:

Post a Comment