Tuesday, December 6, 2011

ਪਰਛਾਵਾਂ :ਜਤਿੰਦਰ ਔਲ਼ਖ 9815534653

 ਸਿਰਲੇਖ ਪਬਲੀਕੇਸ਼ਨਜ਼ ਅੰਮ੍ਰਿਤਸਰ


ਤਤਕਰਾ
ਜਤਿੰਦਰ ਔਲ਼ਖ ਦਾ ਰਚਨਾ ਸੰਸਾਰ:
ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ (ਖੋਜ)- ਸੰਗਮ ਪਬਲੀਕੇਸ਼ਨਜ਼ ਸਮਾਣਾ
ਇਬਨ ਬਤੂਤਾ ਦੀਆਂ ਯਾਤਰਾਵਾਂ (ਖੋਜ)- ਛਪਾਈ ਅਧੀਨ
ਪਰਛਾਵਾਂ (ਕਵਿਤਾਵਾਂ)- ਸਿਰਲੇਖ ਪਬਲੀਕੇਸ਼ਨਜ਼



 ਸਮਰਪਿਤ
ਨਿਊਜਰਸੀ ਵੱਸਦੇ ਮਿੱਤਰ
ਗੁਰਬਖਸ਼ ਰਾਹੀ ਦੇ ਨਾਂਅ ਜਿਸ ਦੀ ਸੋਚ 'ਚ
ਦੋਸਤੀਆਂ ਦੇ ਪੰਖੇਰੂ ਉੱਡਦੇ ਨੇ।


ਪਰਛਾਵਾਂ
ਮੈਂ ਤੁਹਾਡੀ ਮਦਮਸਤ
ਸ਼ੋਖ ਚਾਲ 'ਚ
ਅੜਿਕਾ ਨਹੀਂ ਯਾਰੋ
ਮੈਂ ਤਾਂ ਬਸ ਪਰਛਾਵਾਂ ਹਾਂ
ਬੁਝ ਜਾਵਾਂਗਾ ਢਲ਼ਦੇ ਸੂਰਜ ਸੰਗ
ਜਾਣਦਾ ਹਾਂ ਗੁਨਾਹਗਾਰ ਹਾਂ
ਵੇਖਦਾ ਹਾਂ ਤਿਤਲੀਆਂ ਦੇ ਨਰਮ ਪੰਖਾਂ ਦੀ
ਫੜ੍ਹਫੜਾਹਟ ਦਾ ਖਾਬ
ਮੈਂ ਜੰਗਲ ਦੀ ਦਲਦਲੀ ਨੁੱਕਰੇ
ਉਗਿਆ ਅੱਕ ਹਾਂ
ਖਜੂਰਾਂ ਤੋਂ ਚਿਉਂਦਾ ਹੈ ਸ਼ਹਿਦ ਰਸ
ਰੇਤਾ 'ਚ ਰੀਂਗਦੇ ਨੇ
ਕੀਟਾਂ ਦੇ ਨਸੀਬ
ਕੁਝ ਤਾਂ ਹਲਚਲ ਕਰਾਂਗਾ
ਆਖ਼ਿਰ ਸਮੁੰਦਰ ਦੀ ਅੰਦਰਲੀ ਸਤਿਹ 'ਚ
ਲੁਕਿਆ ਜਵਾਰਭਾਟਾ ਹਾਂ
ਨਾ ਸਮਝ ਵੇਗ ਦਾ ਖੌਲ਼ਦਾ ਹਉਕਾ
ਵਰਤਮਾਨ ਦੀ ਕਿਤਾਬ 'ਚੋਂ ਯਾਰੋ
ਪਾੜ ਦਿਉ ਵਰਕੇ ਵਾਂਗ
ਮੈਂ ਬੇਕਿਰਕ ਇਤਿਹਾਸ ਦਾ
ਅਤਿ ਨਫ਼ਰਤਯੋਗ ਕਾਂਡ ਹਾਂ
ਜਾਂ ਵਾਢੀਆਂ ਦੀ ਰੁੱਤੇ
ਪਨਪਣ ਦਾ ਸੁਪਨਾ ਹਾਂ

ਬਦਲੇ ਰੂਪ
ਹਨੇਰੀ ਝੰਭੇ ਰੁੱਖ 'ਤੇ
ਆਣ ਬੈਠਾ ਹੈ ਸਫੈਦ ਚਿੜੀਆਂ ਦਾ ਚੰਬਾ
ਪੱਤਿਉਂ ਸੱਖਣੀਆਂ ਟਾਹਣੀਆਂ 'ਤੇ
ਹੋ ਗਈ ਹੈ ਦੀਪ ਮਾਲ਼ਾ
ਬੀਤ ਰਿਹਾ ਹੈ ਯਖ ਮੌਸਮ
ਬਸੰਤ ਦੇ ਤੈਅਸ਼ੁਦਾ ਆਗਮਨ ਲਈ
ਬੱਜਰ ਟਹਿਣੀਆਂ 'ਚੋਂ ਰਾਗ ਝੜਨਗੇ
ਪਨਪ ਪੈਣਗੀਆਂ ਨਵੀਆਂ ਕਰੂੰਬਲ਼ਾਂ
ਰੁਤ ਬਦਲ਼ਣ ਨਾਲ਼
ਅਸਰ ਅੰਦਾਜ਼ ਹੋਇਆ ਹੈ ਅੰਦਰੂਨੀ ਕਲ਼ੇਸ਼
ਨਜ਼ਮਾਂ ਨਾਲ਼ ਜਾਅਲਸਾਜੀ ਕਰ ਰਿਹੈ
ਤੇਰੇ ਮੁੜ ਆਉਣ ਦੀ ਕਨਸੋਅ
ਸੰਸਾਰ ਦਾ ਸਭ ਤੋਂ ਕੋਝਾ ਝੂਠ ਲੱਗਦੀ ਹੈ
ਮੇਰੇ ਲਈ ਤੇਰਾ ਤੁਰ ਜਾਣਾ ਵੀ ਸੱਚ ਨਹੀ
ਤੇਰੇ ਇਲਮ ਦੀ ਰੁਸ਼ਨਾਈ
ਮੇਰੇ ਅਗਿਆਨ ਦਾ ਮੂੜ੍ਹ ਹਨੇਰਾ
ਨਿਅਰਥ ਬੋਲਾਂ ਦਾ ਵਾਹਯਾਤ ਪ੍ਰਸਾਰਣ
ਅਸੀਂ ਇਹਨਾਂ ਧੁੰਦਾ 'ਚ ਗਵਾਚੇ
ਮਾਸੂਮ ਪੰਛੀ ਤਾਂ ਨਹੀ
ਜਾਂ ਡੂੰਘੀ ਖੱਡ 'ਚ ਪਏ ਪੱਥਰ ਹੋਵਾਂਗੇ
ਉਡਾਣਾਂ 'ਤੇ ਨਿਕਲਿਆਂ ਨੂੰ
ਭਰਮ ਹੈ ਖੁੱਲੇ ਅਸਮਾਨਾਂ ਦਾ
ਆਹ ਵੇਖ ਡੂੰਘੀਆਂ ਖੱਡਾਂ ਦੇ
ਰੂਪ ਹੀ ਬਦਲੇ ਨੇ

ਖੰਡਰਾਤ ਸੀਨੇ
ਪੈਰਾਂ ਹੇਠ ਮਸਲ ਦਿੱਤੇ ਗਏ
ਜ਼ਰਦ ਪੱਤੇ ਵਰਗੀ ਚਾਹਤ ਦਾ
ਕੀ ਮਾਤਮ ਮਨਾਈਏ
ਸੀਨੇ 'ਚੋਂ ਜੇ ਗਾਇਬ ਧੜਕਣ
ਤਾਂ ਸੁਫਨਿਆਂ ਦੇ ਨਿਰਤ ਲਈ ਮੰਚ ਨਹੀ
ਜ਼ਹਿਰੀਲੇ ਨਾਗ ਦੀ ਸ਼ੂਕਰ ਲਈ
ਵਰਮੀ ਵਾਂਗ ਵੀ ਉਪਯੋਗ ਹੁੰਦਾ ਹੈ ਸੀਨਾ
ਘੂਕ ਸੁੱਤੀ ਬਸਤੀ 'ਚ
ਰੌਸ਼ਨਦਾਨਾਂ 'ਚੋਂ ਝਾਕਦੀਆਂ ਲੋਆਂ
ਗਲ਼ੀਆਂ ਦੇ ਉਜੱਡ ਹਨੇਰਿਆਂ ਨਾਲ਼
ਕਰਦੀਆਂ ਯਾਦਗਾਰੀ ਮੁਲਾਕਤਾਂ
ਰੰਗੀਨ ਲਮਹਿਆਂ ਦੇ ਹੁਸੀਨ ਦ੍ਰਿਸ਼
ਵੇਖਦੇ ਮੈਲ਼ੇ ਨਹੀ ਹੋਣੇ
ਨਾ ਹੀ ਸੁੱਕਦੇ ਨੇ ਨਿਗਾਹਾਂ ਦੇ ਸੋਮੇ
ਦੁਖਦਾਈ ਹੈ ਬਸ
ਭਰਮਾ ਦਾ ਜੀਵਿਤ ਰਹਿਣਾ
ਕਦੋਂ ਅਪਣਾਇਆ ਹੈ ਦੁਬਾਰਾ
ਹਰਿਆਲੇ ਬਿਰਖ ਨੇ
ਘੁਣ ਖਾਧੀ ਟੁੱਟੀ ਸ਼ਾਖ ਨੂੰ
ਕਦੋਂ ਖਤਮ ਹੋਏ ਨੇ ਧੜਕਣਾਂ ਦੇ ਬਨਵਾਸ
ਕਦੋਂ ਆਬਾਦ ਹੋਏ ਨੇ ਖੰਡਰਾਤ ਸੀਨੇ

ਹਲਚਲ
ਉਦਾਸ ਖੜੇ ਰੁੱਖ ਦੀਆਂ
ਸੁੱਕੀਆਂ ਸ਼ਾਖਾਵਾਂ ਨੇ ਆਹ ਭਰੀ
ਲੱਥੇ ਚਿਹਰੇ ਵਾਲ਼ੇ ਯੁਵਕ ਦੀਆਂ
ਬੇਰਸ ਅੱਖਾਂ ਦੀ ਨੀਰਸਤਾ
ਮਚ ਗਈ
ਉਸਨੇ ਕਿਹਾ
ਤੈਨੂੰ ਪਿਆਰ ਕਰਦੀ ਹਾਂ
ਆ ਮੇਰਾ ਮੁਕੱਦਰ ਬਣ
ਕੋਈ ਸਿਰਫਿਰਿਆ
ਤਿਲੀਅਰ ਨਾਗ ਤੋਂ
ਸਾਰੀ ਜ਼ਹਿਰ ਲੈ
ਸਵੈਇੱਛਤ ਮੌਤ ਦਾ
ਤਾਂਡਵ ਕਰਨ ਲੱਗਾ
ਜ਼ਹਿਰੀਲਾ ਕੱਲਰ
ਮਲੂਕ ਪੈਰਾਂ ਦੇ ਖੂਨੀ ਛਾਲ਼ੇ
ਸਰਕੰਡਿਆਂ 'ਚ ਬੇਮਕਸਦ ਘੁੰਮ ਰਹੇ ਨੂੰ
ਸੁਣ ਰਹੀ ਹੈ
ਸ਼ਾਂਤ ਦਰਿਆਂ ਦੇ ਪਰਲੇ ਪਾਰ ਤੋਂ
ਉਦਾਸ ਗੀਤ ਦੀ ਮਧਮ ਸੁਰ
ਆ ਮੇਰੀ ਨਿਰਾਸ਼ਾ
ਸਮਾ ਜਾਈਏ ਘਸਮੈਲ਼ੇ ਪਾਣੀਆਂ 'ਚ
ਮੁਰਦਾ ਦਰਿਆ 'ਚ ਹਲਚਲ ਕਰੀਏ
ਸ਼ਾਂਤ ਕਰ ਲਈਏ ਦਰਦ

ਕੁਰਾਹੀਏ
ਮੈਂ ਸ਼ਾਹੀ ਬਸਤਰ ਉਤਾਰ
ਨਿਰਾਸ਼ਾ 'ਚ ਲਪੇਟੀ ਸਾਦਗੀ ਲੈ
ਤੁਰ ਪਿਆ ਸਾਂ ਕਿਸੇ ਅਦਿੱਖ ਮਨੋਰੋਗ ਗ੍ਰਸਤ
ਰਾਜ ਕੁਮਾਰ ਵਾਂਗ
ਵਗਦੇ ਦਰਿਆ ਦੇ ਨਾਲ਼-ਨਾਲ਼
ਤੇ ਜਦੋਂ ਮੈਂ ਮੁੜਕੇ ਤੱਕਿਆ
ਤੂੰ ਮਹੱਲਾਂ ਦੀ ਛੱਤ 'ਤੇ
ਢਲ਼ਦੇ ਸੂਰਜ ਵਾਂਗ ਲਾਲੀ ਬਖੇਰ ਰਹੀ ਸੈਂ
ਪੈਰ ਮੇਰੇ ਵੀ ਕੰਬੇ ਸਨ
ਪਰ ਕੁਰਾਹੇ ਪਏ ਅਕਸਰ
ਕੁਰਾਹਾਂ ਦੀ ਧੂੜ ਹੋ ਜਾਂਦੇ ਨੇ
ਤੇ ਬੀਹੜ ਦੇ ਉਤਾਵਲੇ ਪੰਛੀ
ਕੂਕ ਕੂਕ ਕੇ ਤੇਰਾ ਸੁਨੇਹਾ ਦੇ ਰਹੇ ਸਨ
ਕਿ ਪ੍ਰਾਪਤ ਸੱਚ ਦਾ ਤਿਆਗ ਕਰ
ਹਵਾ ਦੇ ਕਾਹਲੇ ਬੁੱਲ਼੍ਹੇ ਵਾਂਗ
ਨਿਕਲ਼ ਤੁਰਿਆ ਹੈਂ ਕਾਲਪਨਿਕ ਸੱਚ ਦੀ ਭਾਲ਼ ਵਿਚ
ਮੁੜ ਆ ਪ੍ਰੀਤਮ
ਕਿ ਸੱਚ ਸਿਸਕੀਆਂ 'ਚ ਗਰਕ ਜਾਏਗਾ
ਰੰਗ ਮਹਿਲਾਂ ਦੀਆਂ ਦੀਵਾਰਾਂ ਦਾ
ਚਮਕਦਾ ਸੱਚ ਹੁਣ
ਕਾਲ਼ ਕੋਠੜੀ 'ਚ ਦੀਵੇ ਬਾਲ਼ਣ ਵਾਲ਼ੇ
ਆਲ਼ੇ ਵਾਂਗ ਧੁਆਂਖਿਆ ਗਿਆ ਹੈ

ਪਰ ਇਕ ਪਾਸੇ ਤੇਰਾ ਸੱਚ ਸੀ
ਤੇ ਦੂਜੇ ਪਾਸੇ ਮੇਰੀ ਭਾਲ
ਸਥਿਰ ਦਿਸਦੇ ਨਦੀ ਦੇ ਕਿਨਾਰੇ ਵੀ
ਮਹਾਂ ਕੁਰਾਹੀਏ ਨੇ
ਕਦੀ ਨਹੀ ਮਿਲ਼ਨਗੇ
ਆਪ ਸਿਰਜੇ ਅਪਰਾਧਬੋਧ 'ਚ ਗ੍ਰਸਤ
ਦਿਨ ਅਤੇ ਰਾਤ ਵੀ
ਬੇਪ੍ਰਤੀਤ ਹੀ ਰਹਿਣੇ ਨੇ
ਮਿਲਣ ਪਲ ਦੀ ਸਾਰਥਿਕਤਾ ਦੇ ਸੱਚ ਤੋਂ
ਕਾਹਲੀ ਹਵਾ ਜਿਵੇਂ ਤੇਰੀ ਹੀ
ਵਕਾਲਤ ਕਰ ਰਹੀ ਸੀ ਕਿ
ਨੰਗਾ ਸੱਚ ਹੈ ਪ੍ਰੀਤਮ
ਕੱਤੇਂ ਦੀ ਕਪਾਹ ਖਿੜ ਗਈ ਹੈ
ਬਾਸਮਤੀ ਦੀ ਲਾਪਰਵਾਹ ਮਹਿਕ ਨੇ
ਵਾਯੂਮੰਡਲ ਨਸ਼ਿਆ ਦਿੱਤਾ ਹੈ
ਉਦਾਸ ਧੁੱਪ 'ਚ ਪਤਝੜ੍ਹ ਉਡੀਕ ਰਹੇ
ਰੁੱਖਾਂ 'ਤੇ ਸੁਸਤਾ ਰਹੇ ਨੇ ਪੰਛੀ
ਏਸ ਸਿਆਲ ਉਦਾਸੀ ਹੋਰ ਵੱਧ ਜਾਏਗੀ
ਤੂੰ ਸੂਰਜੀ ਤਪਸ਼ ਨਾਲ਼ ਸਰਾਬੋਰ ਮੱਥੇ 'ਤੇ
ਬਿਖਰੀ ਲਿਟ ਸੰਵਾਰਦੀ
ਮੇਰੀ ਮੁੱਕ ਚੁੱਕੀ ਉਡੀਕ ਤੋਂ ਆਤੁਰ
ਪਰੀ ਲੋਕ ਨੂੰ ਉੱਡ ਜਾਏਂਗੀ
ਤੇ ਮੈਂ ਆਪਣਾ ਨੰਗਾ ਸੱਚ ਲੈ
ਤੇ ਮੈਂ ਕੋਰੇ ਝੂਠ 'ਚ ਬਦਲ ਜਾਂਵਾਂਗਾ

ਸਾਰਾ ਹੀ ਜਲ ਪੀ ਗਈ ਯੁੱਗਾਂ ਪਿਆਸੀ ਰੇਤ
ਇਹ ਕਦ ਬਰਫਾਂ ਠਾਰਿਆ ਇਹ ਸੀਨੇ ਦਾ ਸੇਕ
ਝੱਲ ਫੱਕਰਾਂ ਦੇ ਰਾਂਗਲੇ ਵੱਸੀਏ ਜਾ ਉਜਾੜ
ਇੰਝ ਪੁਰਵਾਈਆਂ ਮਾਣੀਆਂ ਲਾਹ ਦਿਲਾਂ ਦੇ ਭਾਰ
ਪੱਤਣੀ ਰਿਹਾ ਉਡੀਕਦਾ ਬੇਰੰਗ ਖੜਾ ਮਲਾਹ
ਜੜਾਂ ਨਾ' ਜੁੜਕੇ ਬਹਿ ਗਿਆ ਬੰਦਾ ਰੁੱਖ ਜਿਹਾ
ਉੱਤਰ ਆ ਜਹਾਜ ਤੋਂ ਮੇਰਾ ਆਹਾਂ ਭਰੇ ਸਰੀਰ
ਘਰੇ ਹੀ ਮਿਲਜੂ ਢੋਲਣਾ ਜੋ ਲਿਖਿਆ ਤਕਦੀਰ
ਪੁੰਗਰਨ ਦੀ ਰੁੱਤ ਖੜ ਖੜ ਹੋਈ ਬਹਾਰਾਂ ਮਦਹੋਸ਼
ਆਈਆਂ ਤੇ ਕੁਝ ਸ਼ੋਰ ਸਨ ਉੱਠ ਚੱਲੀਆਂ ਖਾਮੋਸ਼
ਵੇ ਮਨਚੱਲੇ ਸਾਂਵਲੇ ਅਹਿਸਾਨ ਤੂੰ ਕਰਦਾ ਜਾਹ
ਮਹਿਕਾਂ ਲੱਦੀ ਹਵਾ ਮੈਂ ਸਾਹੀਂ ਭਰਦਾ ਜਾਹ

ਖ਼ਤ
ਮੇਰੀ ਦੋਸਤ
ਅੰਬਾਂ ਨੂੰ ਬੂਰ ਜਿਵੇਂ
ਨਿਰਾਸ਼ੇ ਨੂੰ ਆਸ
ਤੇ ਮੈਨੂੰ
ਮਿਲਿਆ ਹੈ ਤੇਰਾ ਖ਼ਤ
ਤੇਰੇ ਖ਼ਤ 'ਚ ਸੁਣੇ ਨੇ
ਬੇਲੇ 'ਚ ਅਤਿ ਭਾਵੁਕ ਸਵਰ 'ਚ
ਕੁਰਲਾਅ ਰਹੇ ਬੀਂਡੇ
ਸਹਿਮੀ ਸਹਿਮੀ ਵਗ ਰਹੀ ਹਵਾ
ਤੋਲ ਰਹੀ ਹੈ ਤੇਰੇ ਤੇ ਮੇਰੇ
ਸੁਪਨੀਲੇ ਸਮੇ ਦੀ ਨਜ਼ਾਕਤ
ਡਰ ਰਹੀ ਹੈ ਹਨੇਰੀ ਬਣ ਵਗਣੋ
ਮੈਂ ਸਰਦ ਰੁਤ ਦੇ ਆਗਮਨ ਲਈ
ਤਿਆਰ ਹਾਂ ਮੇਰੀ ਦੋਸਤ
ਤੂੰ ਆਵੀਂ ਤੇ ਧੁੰਦ ਬਣਕੇ
ਮੇਰੇ ਵਜੂਦ ਦੇ ਦੁਆਲ਼ੇ ਛਾ ਜਾਵੀਂ
ਕਿ ਮੈਨੂੰ ਤੇਰੇ ਤੋਂ ਅੱਗੇ ਕੁਝ ਨਜ਼ਰ ਨਾ ਆਵੇ
ਜੇ ਤੂੰ ਬਰਫ਼ੀਲੇ ਪਹਾੜਾਂ ਤੋਂ ਉਤਰੀ
ਖਰੂਦੀ ਨਦੀ ਹੈਂ
ਤਾਂ ਮੈਂ ਵੀ ਤਪਦਾ ਮਾਰੂਥਲ ਹਾਂ
ਸੋਖ ਲਵਾਂਗਾ ਸਾਰੀ ਦੀ ਸਾਰੀ
ਤੇ ਤੂੰ ਬੂੰਦ ਬੂੰਦ ਰਮ ਜਾਵੇਂ
ਮੇਰੀ ਮੱਚਦੀ ਹਿਕ ਵਿਚ
ਠਾਰ ਦੇਵੇਂ ਮੇਰਾ ਲੂੰ ਲੂੰ

ਅੰਨ੍ਹੇ ਨਿਸ਼ਾਨਚੀ
ਐ ਅੰਨ੍ਹੇ ਨਿਸ਼ਾਨਚੀ
ਮੈਂ ਤੇਰਾ ਅਸਾਨ ਟਾਰਗੈੱਟ ਨਹੀਂ
ਮੈਂ ਤੇਰੇ ਸਾਹਮਣੇ ਖੜਾ ਵੀ
ਤੇਰੇ ਅੰਦਰ ਕਿਸੇ ਕੋਨੇ 'ਚ ਮੌਜੂਦ ਹਾਂ
ਤੇ ਮੇਰੇ 'ਤੇ ਸੇਧਤ ਹਰ ਨਿਸ਼ਾਨਾ
ਤੇਰੇ ਅੰਦਰ ਵੀ ਕੁਝ ਜ਼ਖਮ ਦੇਵੇਗਾ
ਐ ਮੇਰੇ ਆਪੇ ਸਿਰਜੇ
ਤਲਿਸਮੀ ਪਰਬਤ
ਤੂੰ ਮੈਨੂੰ ਨਿਗਾਹਾਂ ਦੀ ਉਚਾਈ ਤੋਂ
ਜਲਧਾਰ ਵਾਂਗ ਡੇਗਣ ਦੀ ਕੋਸ਼ਿਸ਼ ਨਾ ਕਰ
ਕਿ ਬਰਫ਼ੀਲੀ ਪਰਤ ਦੁਆਰਾ ਢੱਕਿਆ
ਤੇਰਾ ਕੋਹਝ ਵੀ ਜਗ ਜਾਹਿਰ ਹੋਵੇਗਾ

ਵਿਵਰਜਿਤ ਅਣਛੋਹੀ ਸਿਖਰ 'ਤੇ ਉਗੇ
ਖੂਸ਼ਬੂ ਨਾਲ਼ ਲਬਰੇਜ਼ ਫੁੱਲ
ਜੇ ਮੇਰੇ ਸਾਹਾਂ ਦੀ ਪਹੁੰਚ
ਤੇਰੀ ਮਹਿਕ ਤੱਕ ਨਹੀ
ਤਾਂ ਮੈਂ ਸਾਹਾਂ ਨੂੰ ਤੇਰੀ ਮਹਿਕ ਦਾਗੀ ਕਰਨੋ
ਵਰਜ ਦਿੱਤਾ ਹੈ
ਤੂੰ ਮਹਿਕਾਂ ਨੂੰ ਅਜਾਦ ਬਿਖਰਨ ਦੇ
ਮੈਂ ਸਾਹ ਸਮੇਟ ਲੈਂਦਾ ਹਾਂ
ਮੇਰਾ ਵਜੂਦ ਸ਼ਾਇਦ
ਘੋਰ ਵਿਰਲਾਪ ਦੇ ਇਕ ਹਟਕੋਰੇ ਜਿਹਾ ਹੋਵੇ
ਤੇ ਤੂੰ ਜਨਮਿਆ ਮਦਮਸਤ
ਖੁਸ਼ਰੰਗ ਗ਼ਜ਼ਲ ਦੇ ਬਹਿਰ ਜਿਹਾ
ਤੂੰ ਜਦੋਂ ਤਰੁਨਮ 'ਚ ਛਿੜ ਪਵੇਂਗਾ
ਤਾਂ ਹਵਾਵਾਂ 'ਚ ਹਿਲਜ਼ੁਲ ਹੋਵੇਗੀ
ਤੇ ਮੈਂ ਦਫਨ ਕਰ ਦਿੱਤਾ ਜਾਵਾਂਗਾ
ਕਿਸੇ ਅਗਿਆਤ ਹਿੱਕ ਅੰਦਰ
੧੦
ਅਰਥ
ਇਹ ਅੱਖ ਦੀ ਸ਼ਰਮ ਹੈ ਮਹਿਰਮ
ਜਾਂ ਫਿਰ ਮੇਰਾ ਕਰਮ ਰੋਗ ਹੈ
ਤੇਰੀ ਉਲੀਕੀ ਪੈੜ 'ਤੇ ਚੱਲਣਾ
ਮਜਬੂਰੀ ਤੇ ਨਹੀ
ਮੇਰੇ ਸਾਬਤ ਕਦਮਾਂ ਦੀ ਭਰੋਸੇਯੋਗਤਾ
ਤਿਲਮਿਲਾਈ ਤੇ ਨਹੀ ਸੀ
ਤੂੰ ਜਦੋਂ ਡੋਲ ਗਿਆ ਸੈਂ
ਤਾਂ ਮੈਨੂੰ ਟੁੱਟੇ ਤਾਰੇ ਦੀ ਲੀਕ ਜਿਹਾ ਲੱਗਾ
ਕਦੀ 'ਚ ਮੱਥੇ 'ਚ ਚਮਕਦਾ ਸੈਂ
ਇਹ ਵੀ ਨਹੀ ਰਹਿਣੈ
ਬਰੇਤਿਆਂ ਦੀ ਖੁਦਦਾਰੀ ਦੇ ਮਾਣ
ਦਰਿਆ ਵਹਿਣ ਬਦਲ ਗਏ ਨੇ
ਪਹਾੜੀ ਕੁੰਦਰਾਂ 'ਚ ਛੁਪੇ ਤਪੱਸਵੀ
ਨਿਕਲ਼ ਆਏ ਹਨ
ਦੁਨਿਆਵੀ ਵਲਗਣਾ 'ਚ
ਹੁਣ ਮੁਕਤੀ ਦੇ ਅਰਥ ਚਲੇ ਜਾਣਾ ਨਹੀ
ਸਗੋਂ ਪਰਤ ਆਉਣਾ ਵੀ ਹੋ ਗਏ ਨੇ
੧੧
ਕਾਹਨ ਜੀ
ਕਾਹਨ ਜੀ
ਮਥੁਰਾ ਦੀਆਂ ਜੂਹਾਂ 'ਚ ਗਵਾਚੀ
ਤੇਰੀ ਬਾਂਸੁਰੀ ਦੀ ਮਧੁਰ ਧੁਨ ਸੀ
ਜਾਂ ਸ਼ਾਹੀ ਗਲਿਆਰਿਆਂ 'ਚ
ਬੀਤਦੀਆਂ ਅਰਾਮ ਤਲਬੀਆਂ
ਤਰਸ ਦਾ ਪਾਤਰ ਤਾਂ ਸੁਦਾਮੇ ਹੀ ਰਹਿਣੇ ਨੇ
ਮਥੁਰਾ ਦੀਆਂ ਗਲੀਆਂ ਤਾਂ ਭੋਲ਼ੀਆਂ ਨੇ
ਜੋ ਅਜੇ ਤੱਕ ਮਸੂਮ ਪੈੜ੍ਹਾਂ ਦੇ
ਵਿਯੋਗ 'ਚ ਧੁਖਣ ਲੱਗ ਜਾਂਦੀਆਂ
ਕੱਲਰੀ ਪੈੜਾਂ ਦਾ ਭਲਾ ਕੀ ਜੋੜ ਹੈ
ਹਸਤਨਾਪੁਰ ਦੇ ਵਿਸ਼ਾਲ ਮਾਰਗਾਂ 'ਚੋਂ
ਨਿਕਲ਼ਦੇ ਰਥਾਂ ਦੇ ਪਹੀਆਂ ਨਾਲ਼
੧੨
ਮੋਹਨ ਜੀ
ਤੇਰੇ ਦੁਆਰਪਾਲਾਂ ਤੋਂ ਮਿਲੇ
ਧੱਕਿਆਂ ਦਾ ਕਾਹਦਾ ਰੰਜ਼
ਹਮਾਤੜ ਨੂੰ ਇਲਮ ਹੀ ਨਾ ਹੋਇਆ
ਕਿ ਤੇਰੇ ਰੰਗੀਲੇ ਜਲੌਅ ਦੇ ਸਨਮੁਖ
ਮੇਰਾ ਸਧਾਰਣ ਦਰਜਾ ਕੋਈ
ਵਿਚਾਰਨ ਵਾਲ਼ੀ ਸ਼ੈਅ ਨਹੀ
ਤੇਰੇ ਜਾਅਲਸਾਜਾਂ ਨਾਲ਼ ਭਰੇ
ਰੰਗ ਮਹਿਲਾਂ 'ਚੋਂ
ਨਿੱਘੀ ਖੁਸ਼ਾਅਮਦੀਦ ਹੀ ਕਾਫੀ ਸੀ
ਖੈਰਾਤ ਰਹਿਣ ਦੇ
ਮੇਰੇ ਪਿੰਡ ਦੇ ਛੱਪੜ ਦਾ ਪਾਣੀ
ਬੜਾ ਉਪਜਾਊ ਹੈ
ਕਮਲ ਖਿੜਨ ਲਈ
੧੩
ਰੇਤ ਦਾ ਪਹਾੜ
ਜੇ ਤੂੰ ਮੇਰੇ ਸਬਰ ਦਾ
ਇਮਤਿਹਾਨ ਹੈਂ
ਤਾਂ ਵੀਹ ਵਿਸਵੇ ਤੂੰ ਖੜੀ ਹੈਂ
ਕਆਮਤ ਦੇ ਇੰਤਜ਼ਾਰ 'ਚ
ਕੰਡੇ ਦੀ ਪੀੜ੍ਹ ਤਾਂ ਜਰ ਲਵਾਂ
ਜੇ ਤੂੰ ਮੇਰੇ ਹਉਕੇ ਦਾ ਹਰਫ਼ ਪੜ੍ਹ ਲਵੇਂ
ਉਹਨਾਂ ਦਿਨਾਂ 'ਚ ਪਰਤਣ ਦਾ
ਕੋਈ ਲਾਭ ਨਹੀ
ਜਦੋਂ ਮੈਂ ਤੇਰੇ ਲਈ ਚੰਨ ਤੋੜਨ ਗਿਆ ਸਾਂ
ਤੇ ਤੂੰ ਮੇਰੀ ਉਡੀਕ ਬਣ ਗਈ ਸੈਂ
ਮੈਂ ਦਾਅਵੇ ਨਾਲ਼ ਕਿਹਾ ਸੀ
ਆਹ ਡੋਹਲ ਦੇ ਬੁੱਕ 'ਚ ਭਰਿਆ
ਘੁੱਟ ਕੁ ਪਾਣੀ
ਮੈਨੂੰ ਪਤਾ ਹੈ ਆਬਸ਼ਾਰੀ ਚਸ਼ਮਿਆ ਦਾ
ਆ ਤੇਰੀ ਪਿਆਸ ਬੁਝਾਵਾਂ
ਹੁਣ ਮੇਰੇ ਲੇਖਾਂ 'ਚ
ਹਾਰ ਤੇ ਪਛਤਾਵੇ ਦੀ ਧੁਨ ਹੈ
ਹੁਣ ਪਰੀਆਂ ਨਹੀ ਉਤਰਦੀਆਂ ਤਲਾਬ ਕੰਢੇ
ਸੁਣਿਆ ਸਾਬਤ ਹੋ ਗਿਆ
ਚੰਨ 'ਤੇ ਚਰਖਾ ਕੱਤਦੀ ਬੁੱਢੀ ਮਾਈ
ਰੇਤ ਦਾ ਪਹਾੜ ਹੈ
੧੪
ਯੁੱਧ
ਉਦਾਸ ਘਰ ਵਿਚ
ਕਿਰਦੀਆਂ ਕੰਧਾਂ ਦਰਮਿਆਨ
ਉਤਰ ਆਇਆ ਹਨੇਰਾ
ਧੁਆਂਖੇ ਆਲ਼ੇ 'ਚ ਧਰੇ
ਚਿਰਾਗ ਦੀ ਮਧਮ ਲੋਅ
ਤਾਰਿਆਂ ਤੋਂ ਸੱਖਣੇ ਅਕਾਸ਼ ਕਾਰਨ
ਥਲ ਮਾਰੂ 'ਚ ਵਗਦੀ ਨਦੀ ਜਿਹੀ
ਸੁੱਕੇ ਰੁੱਖ ਦੇ ਤਣੇ 'ਚ
ਝੱਖੜ ਮਾਰੇ ਪੰਛੀ ਦੀ
ਆਰਜੀ ਠਾਹਰ ਜਿਹੀ
ਜਿਉਂ ਆਹਟ ਦੀ ਉਡੀਕ ਵਿਚ
ਬੇਸਬਰ ਹੈ ਚੁਪ
ਸ਼ੋਰ ਦੀ ਵੀ ਤਮੰਨਾ
ਚੁਪ 'ਚ ਬਦਲ ਜਾਣ ਦੀ
ਡਿੱਗਦੇ ਰਹੇ ਸਿਜਦੇ
ਤੇ ਖੰਡਰ 'ਚ ਬਦਲ ਗਈ ਇਬਾਦਤਗਾਹ
੧੫
ਖੜਾ ਰਿਹਾ ਰੁੱਖ
ਨਾ ਆਈ ਬਹਾਰ
ਰੁੱਤਾਂ ਨੇ ਕਿ ਦਗਾ ਕਰ ਗਈਆਂ
ਕਿਉਂ ਕਰ ਜਾਨੀ ਏਂ
ਪਤਝੜ੍ਹ ਦੇ ਹਵਾਲੇ
ਹਵਾ ਦੇ ਖੁਸ਼ਕ ਝੋਂਕੇ
ਜਿਸਮ ਨਾਲ਼ ਖਹਿੰਦੇ
ਜ਼ਖਮਾਂ 'ਤੇ ਧੂੜੇ ਲੂਣ ਵਰਗੇ
ਮਸਤਕ ਵਿਚ ਨਿੱਤ ਹੁੰਦੀ ਕਤਲੋਗਾਰਤ
ਲਹੂ ਭਿੱਜੀਆਂ ਤਲਵਾਰਾਂ ਦਾ ਖੜਾਕ
ਕੁਰਲਾਂਉਂਦੇ ਜ਼ਖਮੀ
ਮੈਂ ਤਾਂ ਭਿਅੰਕਰ ਯੁੱਧ ਅੰਦਰ
ਘੋੜ ਸਵਾਰਾਂ ਦੀ ਉਡਾਈ
ਧੂੜ ਮਾਤਰ ਹਾਂ
ਜਾਂ ਫਿਰ ਸੂਰਜ ਅਸਤਣ ਦੀ ਉਡੀਕ ਕਰ ਰਿਹਾ
ਬੇਸਬਰਾ ਘੜਿਆਲ ਹਾਂ
ਕਿ ਜਿਸਦੀ ਅਵਾਜ ਨਾਲ਼
ਯੁੱਧ ਅਗਲੀ ਸਵੇਰ ਤੱਕ
ਮੁਲਤਵੀ ਕਰ ਦਿੱਤਾ ਜਾਣਾ ਹੈ
੧੬
ਹਨੇਰੀ ਰਾਤ
ਹਨੇਰੀ ਰਾਤ 'ਚ
ਸੁਨਸਾਨ ਰਾਹਵਾਂ 'ਚ
ਬੋਲਦੇ ਬੀਂਡੇ
ਆਪਣੀਆਂ ਸੋਚਾਂ ਦੇ ਧੁੰਦਲੇ ਪਰਛਾਵਿਆਂ ਤੋਂ
ਆਪਣੇ ਪੈਰਾਂ ਦੇ ਖੜਾਕ ਤੋਂ
ਖੌਫ਼ ਖਾਂਦਾ
ਭੈਭੀਤ ਹੋ ਪਿੱਛੇ ਪਰਤ ਵੇਖਦਾ ਰਾਹੀ
ਦਰਿਆ ਕਿਨਾਰੇ
ਸੰਘਣੇ ਬੇਲੇ 'ਚੋਂ ਰਾਤਾਂ ਨੂੰ ਨਿਕਲ਼ਦੇ
ਜੰਗਲੀ ਸੂਰਾਂ ਦੇ ਝੁੰਡ
ਕਮਾਦਾਂ ਦਾ ਉਜਾੜਾ ਕਰ ਹਵਾਂਕਦੇ
ਘੁਰਨਿਆਂ 'ਚ ਜਾ ਛੁਪਦੇ
ਉਜਾੜ ਮਹੱਲ 'ਚ ਪ੍ਰੇਤਾਂ ਦਾ ਨਾਚ
ਜੰਗਲੀ ਖਾਣੇ
ਆਦਮ ਮਾਸ ਦੀ ਗੰਧ
ਮਹੱਲ ਜਿਸਦੇ ਗੁੰਬਦਾਂ 'ਤੇ
ਕਲਸ ਨਹੀ ਇੱਲਾਂ ਬੈਠਦੀਆਂ ਹਨ
ਮਹੱਲ ਜਿਸਦੀਆਂ ਪੌੜੀਆਂ 'ਤੇ
ਕਾਲੀਨ ਨਹੀ ਘਾਹ ਉੱਗ ਆਇਆ ਹੈ
੧੭
ਰੁੱਖਾਂ ਦੀਆਂ ਟਹਿਣੀਆਂ 'ਤੇ ਲਮਕੇ
ਸੱਪ ਚਮਗਿੱਦੜ
ਗੁਜਰ ਕੇ ਜਾਣਾ ਹੈ ਰਾਹੀ ਨੇ
ਸ਼ੇਰਾਂ ਦੀ ਰੱਖ 'ਚੋਂ
ਸੜਕੜਿਆਂ ਨਾਲ਼ ਖਹਿੰਦਾ
ਹਵਾ ਦਾ ਸ਼ੋਰੀਲਾ ਬੁੱਲ਼੍ਹਾ
ਜਨੌਰਾਂ ਦੀਆਂ ਕੁਰਲਾਹਟ ਭਰੀਆਂ ਅਵਾਜਾਂ
ਐਸੀ ਭਿਅੰਕਰ ਰਾਤ ਵਿਚ
ਕੈਸਾ ਦਿਨ ਚੜੇਗਾ
ਮਨ ਵਿਚ ਸੁਲਘਦੇ ਨੇ
ਦਹਿਸ਼ਤ ਦੇ ਅੰਗਾਰ
ਜ਼ਖਮੀ ਪੈਰਾਂ 'ਚੋਂ ਉੱਠਦੀਆਂ ਚੀਸਾਂ
ਪਰ ਨਿਗਾਹਾਂ ਵਿਚ
ਭਖਦਾ ਅਰਮਾਨਾਂ ਦਾ ਸੇਕ
ਰਾਹੀ ਸੁਣ ਸਕਦਾ ਹੈ
ਭੌੰਕਦੇ ਕੁੱਤਿਆਂ ਦੀ ਅਵਾਜ
ਦਿੱਸ ਰਹੀ ਹੈ
ਮਜ਼ਾਰ 'ਤੇ ਬਲ਼ਦੇ ਦੀਵੇ ਦੀ ਮਧਮ ਲੋਅ
ਕਿੰਨੀ ਵੱਖਰੀ ਹੁੰਦੀ ਹੈ ਜੰਗਲ ਦੀ ਹਨੇਰੀ ਰਾਤ
ਬਸਤੀ ਦੇ ਚਿੱਟੇ ਦਿਨ ਜਿੰਨੀ ਖਤਰਨਾਕ ਵੀ ਨਹੀ
੧੮
ਖਾਮੋਸ਼ ਦਿਨ
ਧੁੰਦ 'ਚ ਲਿਪਟਿਆ ਖਾਮੋਸ਼ ਦਿਨ
ਠਰੀ ਠਰੀ ਜ਼ਿੰਦਗੀ
ਕੋਸੇ ਸਾਹ ਦੀ ਗਰਮਾਇਸ਼
ਨਸਾਂ 'ਚ ਸੁਲਘਦੀ ਯਾਦ ਜਿਹੀ
ਧੁੰਦਲਾਈਆਂ ਪਗਡੰਡੀਆਂ 'ਚ
ਧੁੰਦ ਦੇ ਗੁਬਾਰ
ਜਾਂ ਸੁਤ ਉਨੀਂਦੇ ਨੈਣਾਂ 'ਚ
ਖੁਸ਼ਕ ਹੋਏ ਪਾਣੀਆਂ ਦਾ ਝਉਲ਼ਾ
ਦਿਨ ਹੈ ਸਮਾਜ ਵਿਗਿਆਨ ਦੇ
ਪੀਰੀਅਡ ਜਿਹਾ ਨੀਰਸ
ਬੀਤਣ ਦਾ ਭੁਲੇਖਾ ਪਾਉਂਦਾ ਹੈ
ਟੁੱਟੇ ਕਰਾਰ ਵਾਂਗ ਅਧੂਰਾ
ਐ ਦਿਨ
ਪਰਛਾਂਵਿਆਂ ਦੇ ਅਕਾਰ ਸਥਿਰ ਨਾ ਕਰ
ਸਾਡੇ ਨਾਲ਼ ਐਸੀ ਬਦਸਲੀਕੀ ਨਾ ਕਰ
ਜੋ ਕਚਿਹਰੀ 'ਚ ਨਿਰਉੱਤਰ ਖੜੇ
ਬੇਕਸੂਰ ਨਾਲ਼ ਹੁੰਦੀ ਹੈ
ਦੋ ਪਰਬਤਾਂ ਵਿਚਾਲੇ ਤਿੜਕੇ ਪੁੱਲ਼ ਵਰਗੀ
ਬੇਵਫਾ ਇਬਾਰਤ
ਜੇ ਉਹ ਵਗਦੇ ਪਾਣੀ ਜਿਹੇ ਨੇ
ਤਾਂ ਮੈਂ ਵੀ ਨਦੀ 'ਚ ਪਿਆ ਪੱਥਰ ਨਹੀਂ
ਤੁਰਾਂਗਾ ਤਾਂ ਇਵੇਂ ਜਿਵੇਂ
ਬਾਗ 'ਚੋਂ ਲੰਘਦੀ ਹਵਾ ਨਾਲ਼
ਮਹਿਕ ਹੋ ਤੁਰਦੀ ਹੈ
੧੯
ਪੌਣ
ਉਹ ਤਾਂ ਪੌਣ ਸੀ
ਜੂਏ 'ਚ ਹਾਰੀ ਦਰੋਪਤੀ ਨਹੀ
ਕਿ ਭਰੀ ਸਭਾ 'ਚ
ਕਰ ਦਿੱਤੀ ਜਾਂਦੀ ਨਗਨ
ਉਹ ਹਰਗਿਜ਼ ਉਤਾਵਲੀ ਨਹੀ ਸੀ
ਮਹਿਕਾਂ ਤੋਂ ਪੱਲੂ ਛੁਡਾਉਣ ਲਈ
ਸਿਰਫ ਦਰ ਹੀ ਖੱਲੇ ਰੱਖਣੇ ਸਨ
ਹਾਕ ਦੀ ਲੋੜ੍ਹ ਨਹੀ ਸੀ
ਮੈਨੂੰ ਰੰਜ਼ ਹੈ ਉਸਤੋਂ
ਕਿ ਉਹ ਮੇਰੇ ਪਿੰਜਰੇ ਦੀ
ਕਦਰਦਾਨ ਨਹੀ
ਉਹ ਆਉਂਦੀ ਹੈ ਪਰ
ਪਰ ਪਤਾ ਨਹੀ ਕਦੋਂ ਪਿੰਜਰੇ ਦੇ
ਆਰ ਪਾਰ ਗੁਜ਼ਰ ਜਾਂਦੀ ਹੈ
ਧੜਕਦੇ ਸੀਨਿਆਂ ਦੀ ਦਾਅਵਤ ਦਾ
ਆਨੰਦ ਮਾਨਣ ਲਈ
ਸਾਹਵਾਂ ਦੇ ਨਾਲ਼
ਉਪਸਥਿਤ ਹੈ ਪੌਣ
੨੦
ਬਦਲੀ ਦੇ ਨਾਜ਼ ਨਖਰੇ ਝੱਲਦੀ
ਸਵੈਇਛਿਤ ਸਵਾਰੀ
ਹਰ ਰੱਖ ਉਹਦੇ ਨਾਮ ਬੋਲਦੀ
ਹਰ ਜੂਹ ਉਹਦੀ ਖੁਸ਼ਆਮਦੀਦ ਲਈ
ਕਮਾਨ ਵਾਂਗ ਝੁਕੀ ਹੁੰਦੀ
ਨਾ ਭਟਕੀ ਨਾ ਅਟਕੀ
ਜੇ ਕੋਈ ਪਰਬਤ ਰਾਹ ਮਲ ਖਲੋਵੇ
ਤਾਂ ਨਵੇਂ ਰਾਹਵਾਂ ਦੀ ਜੁਸਤਜੂ
੨੧
ਮੈਂ ਹੋਰ ਹਾਂ
ਮੇਰੀ ਮਹਿਬੂਬ
ਸੌਰ ਮੰਡਲ ਦੇ ਗੁਨਾਹਗਾਰ
ਤਾਰਿਆਂ 'ਤੇ ਕੀ ਫਤਵਾ ਲਾਵੇਂਗੀ
ਜੇ ਘੁਲ਼ੀਆਂ ਰੌਸ਼ਨੀਆਂ ਦੀ
ਬੇਪਛਾਣ ਤਰਤੀਬ
ਤੇਰੀ ਹਜੂਰ 'ਚ ਪੇਸ਼ ਕਰ ਦਿੱਤੀ ਗਈ
ਕਿਤੇ ਕਿਸੇ ਦੀਆਂ ਅੱਖਾਂ 'ਚ ਸੁੱਕੇ ਅੱਥਰੂਆਂ ਨੂੰ
ਆਪਣੇ ਗਦਰਾਏ ਜਿਸਮ ਦੀ
ਪੀਢੀ ਵਿਆਕਰਨ ਹੀ ਨਾ ਸਮਝ ਬੈਠੀਂ
ਨਾਜ਼ੁਕ ਕਿਨਾਰਿਆਂ ਨੂੰ ਪੁੱਛੀਂ
ਖਰੂਦੀ ਵਹਿਣਾ ਨਾਲ਼ ਕੀ ਰਿਸ਼ਤੇ ਨੇ
ਕੱਚੇ ਰਾਹਵਾਂ ਦੀ ਧੂੜ ਦਾ ਬੁੱਕ ਭਰਕੇ
ਹਵਾ 'ਚ ਉਡਾ ਦੇਵੀਂ
ਖਿਲਰੀ ਧੂੜ ਗਵਾਹੀ ਭਰੇਗੀ
ਕਿ ਇਸ ਰਾਹ ਤੋਂ ਗੁਜਰ ਗਏ
ਕਿੰਨੇ ਕਦਮਾਂ 'ਚ ਸਰਗੋਸ਼ੀ ਸੀ
ਕਿੰਨਾ ਲਹੂ ਲੁਹਾਨ ਪੈੜਾਂ ਨੇ
ਧੂੜ ਵਿਚ ਰੰਗ ਭਰੇ ਨੇ
੨੨
ਮੰਦਰ 'ਚੋਂ ਜਗਦੇ ਦੀਵਿਆਂ 'ਚੋਂ
ਤੇਲ ਡੋਲ ਗਏ ਨੇ ਮਸਾਣੀ ਪਰਛਾਂਵੇਂ
ਤੇ ਸਹਿਮੀ ਆਰਤੀ
ਟੱਲੀਆਂ ਦੀ ਆੜ 'ਚ
ਖੁਦਾ ਦੇ ਗਲ਼ ਕਾਲ਼ੇ ਫੁੱਲਾਂ ਦੇ ਹਾਰ ਪਾ
ਹੋ ਮੁੜੀ ਹੈ ਦਰਗਾਹੋਂ
ਕੋਈ ਸੋਗੀ ਗੀਤ ਗਾ
ਹੈਰਾਨਕੁਨ ਫਰਿਸ਼ਤੇ ਪੁੱਛਣਗੇ
ਇਹ ਤੱਤ ਸਾਡੇ ਕਿਸ ਕੰਮ
ਮੈਂ ਦੱਸ ਦਿਆਂਗਾ
ਮੈਂ ਨਹੀਂ ਹਾਂ
ਮੈਂ ਹੋਰ ਹਾਂ
੨੩
ਬਰਸਾਤ
ਪੁਰਾਣੇ ਬੋਹੜ ਦੀ ਦਾਹੜੀ ਨਾਲ਼
ਲਾਲ ਕੱਪੜਾ ਬੰਨ੍ਹ
ਪਰਕਰਮਾ ਕਰ ਮੁੜ ਜਾਵੀਂ
ਸੁਪਨਮਈ ਸੰਸਾਰ 'ਚ
ਹਿਜ਼ਰ ਦੇ ਮਿੱਠੇ ਦਰਦ ਦੀ
ਹੋਰ ਕੋਈ ਦਵਾ ਵੀ ਤੇ ਨਹੀ
ਖਾਰਾ ਪਾਣੀ ਮਿਲ਼ੀ ਕੱਚੀ ਲੱਸੀ
ਵਰਮੀ 'ਤੇ ਡੋਹਲ
ਜਦੋਂ ਮਨ ਵਿਚ ਤੂੰ ਇੱਛਾਧਾਰੀ
ਤਾਂ ਮੈਂ ਵੱਲਾਂ ਨੂੰ ਲੱਗੇ ਫੁੱਲ ਵੇਖ
ਸਮਝ ਗਿਆ ਭਰਪੂਰ ਫਲ ਪਏਗਾ
੨੪
ਤੁੰ ਜਰੂਰ ਮਿਲ਼ੇਂਗੀ
ਮੇਰੇ ਮਹਾਂ ਕਵਿ ਦੀ ਨਾਇਕਾ ਬਣ
ਤੇ ਗਿਆਨ ਹੋ ਹੀ ਜਾਣਾ ਸੀ
ਉਹ ਕੱਚੀਆਂ ਟਿੰਡਾਂ ਦੀ
ਖੂਹ ਦੀ ਮੌਣ 'ਤੇ ਖਿਲਰੀ ਟੁੱਟ ਭੱਜ ਸੀ
ਜਾਂ ਕਿਸੇ ਪਰਾਏ ਗ੍ਰਹਿ ਤੋਂ ਆਈ ਉੱਡਣ ਤਸ਼ਤਰੀ
ਮੇਰਾ ਤੇਰੀ ਜ਼ਿੰਦਗੀ 'ਚ ਦਖਲ
ਝੋਨੇ 'ਚ ਉੱਗੇ ਡੀਲ਼ੇ ਵਾਂਗ
ਕੱਚੀ ਕੰਧ 'ਤੇ ਪਰੋਲ਼ੇ ਨਾਲ਼ ਵਾਹੇ
ਮੋਰ ਘੁੱਗੀਆਂ ਵਰਗਾ
ਪਹਿਲੀ ਬਰਸਾਤ 'ਚ ਖੁਰ ਜਾਣ ਵਾਲ਼ਾ
ਕੌਣ ਚਾਹੇਗਾ
ਅੰਗੂਰਾਂ ਨੂੰ ਹਾਲਾਤ ਆਸਰੇ ਛੱਡ
ਅੱਕਾਂ ਨੂੰ ਵਾੜਾਂ ਕਰਨੀਆਂ
ਇਸ ਤੋਂ ਪਹਿਲਾਂ ਕਿ ਰਸਮੀ ਐਲਾਨ ਹੁੰਦੇ
ਗਲ਼ੀਆਂ 'ਚ ਦਾਖ਼ਿਲ ਹਵਾਵਾਂ ਨੇ ਗੁਜ਼ਰ ਜਾਣਾ ਸੀ
ਜੰਮੀ ਧੂੜ 'ਚੋਂ ਦਿੱਸਦੇ ਧੁੰਦਲੇ ਅਕਸ
ਕਦ ਕਰੇਗੀ ਬਰਸਾਤ ਸਾਫ
ਇੰਤਜ਼ਾਰ ਹੈ
੨੫
ਵਿਸ਼ਵਾਸ਼
ਬੀਤ ਗਿਆ ਹੈ
ਮੱਕਾਰ ਨੇਤਾ ਦੇ ਗੰਜ ਵਰਗੀ
ਅਹਿੰਸਾ ਦਾ ਅਛੂਤ ਦੌਰ
ਏਸ ਤੋਂ ਪਹਿਲਾਂ ਕਿ ਬੀਤ ਜਾਵੇ
ਅਜਾਦ ਫਿਜ਼ਾ ਵਿਚ
ਬਚੇ ਸਾਹ ਲੈਣ ਦੀ ਆਖਰੀ ਇੱਛਾ
ਆਉ ਲੱਭੀਏ
ਪਹਾੜੀ ਪਰਦੇਸ ਅੰਦਰ ਵੱਸੇ
ਉਸ ਮਹਾਂਰਿਖੀ ਦਾ ਪਤਾ
ਜਿਥੇ ਕਦੀ ਅਸੀਂ
ਬੌਧਿਕ ਗਿਆਨ ਨਾਲ਼
ਨਿਵਾਜੇ ਗਏ ਸਾਂ
ਤੇ ਕਹੀਏ ਸਾਨੂੰ ਸਾਡੇ ਹਥਿਆਰ ਮੋੜ ਦੇ
ਅਸੀਂ ਪਸੀਨੇ ਨਾਲ਼ ਲਾਹਵਾਂਗੇ
ਹਥਿਆਰਾਂ 'ਤੇ ਲੱਗਿਆ ਜੰਗਾਲ਼
ਸੀਨਿਆਂ 'ਚ ਸਾਂਭੇ ਸੁੱਕੇ ਬਰੂਦ ਨੂੰ
ਕੋਈ ਪਤਾ ਨਹੀ
ਕਦੋਂ ਚਿੰਗਾਰੀ ਲੱਗ ਜਾਵੇ
ਤੇ ਦੁਸ਼ਮਣਾਂ ਦੇ ਰੰਗਮਹਿਲ ਭਰ ਦਿੱਤੇ ਜਾਣ
ਦੁਰਗੰਧਿਤ ਬਾਰੂਦ ਦੀ ਸੜਿਆਂਦ ਨਾਲ
੨੬
ਤੂੰ ਮੇਰੇ ਮੱਥੇ 'ਤੇ ਤਿਲਕ ਲਾ
ਮੇਰੀ ਤਲ਼ੀ 'ਤੇ ਦੀਵਾ ਬਾਲ
ਕਿਸੇ ਤੋੜੇ ਮਰੋੜੇ ਪੱਥਰ ਦੀ
ਆਰਤੀ ਲਈ ਮਜਬੂਰ ਨਾਂ ਕਰੀਂ
ਸਗੋਂ ਤੋਰ ਦੇਵੀਂ
ਰਾਖਸ਼ਾਂ ਦੀਆਂ ਹਨੇਰੀਆਂ ਗੁਫ਼ਾਵਾਂ ਵੱਲ
ਜਿੱਥੇ ਅਜੇ ਵੀ ਮੇਰੇ ਮਿੱਤਰਾਂ ਦੇ ਲਹੂ ਦੀ ਸਿੱਲ ਹੈ
ਤੂੰ ਹੁਣ ਵੇਖ ਮੁਰਾ ਵਿਸ਼ਵਾਸ਼
ਲਾਲ ਕਿਲੇ ਦੀ ਫਸੀਲ ਤੋਂ ਝੂਲੇਗਾ
੨੭
ਧੁਆਂਖੀ ਹਵਾ
ਅਜਿਹੇ ਲੇਖਾਂ ਦਾ ਕੀ ਏ
ਜੋ ਟੁੱਟੇ ਤਾਰੇ ਦੀ ਰਾਖ ਨਾਲ਼ ਉਕਰੇ ਹੋਣ
ਅਸੀਂ ਖੰਭ ਕੱਟੇ ਪੰਛੀ
ਸਿਰਫ Àੇਡਾਣਾ ਦਾ ਕਿਆਸ ਹੀ ਕਰ ਸਕਦੇ ਹਾਂ
ਤੂੰ ਆਪਣੇ ਖੰਭਾਂ ਦੀਆਂ ਖਰਮਸਤੀਆਂ ਸਹਿਤ
ਮੈਥੋਂ ਫਾਸਲੇ 'ਤੇ ਰਹੀਂ
ਸਿਆਹੀਦਾਨ 'ਚ ਘੁਲ਼ੇ ਲਹੂ ਨਾਲ਼
ਕਾਗਜ਼ਾਂ 'ਤੇ ਲਿਖੇ ਨਹੀ
ਹਿਰਦੇ ਝਰੀਟੇ ਜਾਂਦੇ ਨੇ ਸ਼ਬਦਾਂ ਨਾਲ਼
ਐ ਹਵਾ ਤੇਰੀਆਂ ਅਠਖੇਲੀਆਂ ਨਾਲ਼
ਆ ਗਿਆ ਹੈ ਸਾਡੇ ਮਾਤਮਾ ਦਾ ਕੀਤਾ ਕਰਾਰ
ਇਹ ਪੀਲੇ ਪੱਤਿਆਂ ਦਾ ਝੜਨ ਵੇਲ਼ਾ ਹੈ
ਮੈਥੋਂ ਤੇਰੀ ਦੋਸਤੀ ਨੂੰ ਕੋਈ
ਖ਼ੂਬਸੂਰਤ ਨਾਮ ਨਹੀ ਦੇ ਹੋਣਾ
ਸ਼ਹਿਰ ਬਲ਼ ਚੁੱਕਾ ਹੈ
ਤੂੰ ਧੁਖਦੇ ਖੰਡਰਾਤ 'ਤੇ ਦੀਵਾ ਜਗਾ
ਝੀਲ ਵਿਚਲੇ ਸ਼ਿਕਾਰਿਆਂ ਦੀ
ਅਰਾਮਗਾਹ 'ਚ ਪਰਤ ਜਾਵੀਂ
ਤੇ ਬਲ਼ਦੇ ਸ਼ਹਿਰ ਵੱਲੋਂ ਆਉਂਦੀ ਧੁਆਂਖੀ ਹਵਾ
ਸ਼ਾਇਦ ਰੁਖ ਬਦਲ ਜਾਵੇ
੨੮
ਭਟਕੀ ਸੁਰ
ਸੁਰਮਈ ਸੰਗੀਤਕ ਸ਼ਾਮ 'ਚੋਂ
ਜੇ ਇਕ ਅੱਧ ਤਰੰਗ
ਬਹਿਕ ਵੀ ਜਾਵੇ
ਤਾਂ ਕੇਹੀ ਆਫਤ
ਸਿਰਫ ਇਕ ਤਲਿਸਮ ਹੀ ਟੁੱਟਦਾ ਏ
ਔਝੜ ਰਾਹੇ ਪਏ ਕਦੋਂ ਭੀੜਾਂ ਦਾ ਅੰਗ ਬਣੇ ਨੇ
ਪੱਤੇ ਤੋਂ ਤਿਲਕੀ ਬੂੰਦ ਦੀ
ਕਾਹਦੀ ਦਾਅਵੇਦਾਰੀ ਹੈ
ਬਹਾਰ ਦਾ ਮਨਹੂਸ ਚਿਹਰਾ
ਵੇਖਣ ਤੋਂ ਪਹਿਲਾਂ ਕਿਰ ਗਿਆਂ ਨੂੰ
ਸਵਰਗ ਦੀ ਚਾਹਤ ਨਹੀ
ਆਖ਼ਿਰ ਕਿੰਨੀ ਕੁ ਦੇਰ
ਨੈਣਾਂ 'ਚ ਰੁਕੇਗੀ ਜਲਧਾਰਾ
ਬਹਿਕਿਆ ਮੌਸਮ ਹਾਜ਼ਿਰ ਹੈ
ਬੇਕਿਰਕ ਇਰਾਦਿਆਂ ਸਹਿਤ
ਜੇ ਤੂੰ ਕਿਸੇ ਸਿਰਫਿਰੇ ਸੰਗੀਤਕਾਰ ਦੀ
ਭਟਕੀ ਸੁਰ ਹੈਂ
ਤਾਂ ਆ ਮੇਰੇ ਨਾਲ਼
ਬਹਿਕੇ ਮੌਸਮਾਂ ਦਾ ਸੁਆਗਤ ਕਰੀਏ
੨੯
ਟਿਕਾਉ
ਮੇਰੇ ਜੋ ਜਾਗਦੇ ਨੈਣਾਂ ਦੇ ਖਾਅਬ ਨੇ
ਮੇਰੇ ਮਸਤਕ ਦੇ ਧੁਰ ਅਸਮਾਨੋਂ
ਕਿਰ ਜਾਣੇ ਨੇ
ਜਾਂ ਫਿਰ ਮੈਂ ਹੀ ਰੇਤ ਵਿਚ
ਬਦਲ ਜਾਣਾ ਹੈ
ਰਹਿ ਜਾਣੇ ਨੇ ਬਸ
ਹਾਰੀਆਂ ਮੁਹਿੰਮਾਂ ਦੇ ਪਾਟੇ ਪਰਚਮ
ਯੁੱਧ ਭੂਮੀ 'ਚ ਬਿਖਰੇ ਸਰੀਰ
ਗਰਿਹੇ ਘਾਉ ਨੇ
ਮਲ੍ਹਮ ਤਾਂ ਨਾਕਾਫੀ ਹੈ ਨਿਰੋਗਤਾ ਲਈ
ਇਹ ਘਾਉ ਤਾਂ ਮੇਰੇ ਅੰਦਰ
ਸੁਲ਼ਘਦੀ ਤੇਹ ਦੇ ਨਾਮ ਹਨ
ਛਾਈ ਰਹਿੰਦੀ ਹੈ ਰੋਗੀ ਰੁੱਤ
ਸੁਲਘਦੀ ਤੇਹ ਲੈ
ਰਵਾਨਗੀ ਪਾ ਦੇਈਏ
ਉਦਾਸ ਮੌਸਮਾਂ ਦੇ ਮਗਰ
੩੦
ਬੇਵਿਸ਼ਵਾਸ਼ ਜੂਹਾਂ 'ਚੋਂ
ਨਿਕਲ਼ਦੀਆਂ ਪਗਡੰਡੀਆਂ
ਸਿਰਫ ਭਟਕਣਾ ਦੀ ਧੂੜ
ਜਾਂ ਭਟਕਿਆਂ ਦੀ ਭੀੜ
ਵੱਧ ਤੋਂ ਵੱਧ
ਹਾਰ ਗਏ
ਹੰਭ ਗਏ
ਜਾਂ ਕਿਰ ਗਿਆਂ ਦੀਆਂ ਖੋਟੀਆਂ ਨਸੀਹਤਾਂ
ਅਧੂਰੇ ਸਫਰਾਂ ਤੋਂ ਖਿਮਾ ਜਾਚਨਾ ਕਰ
ਹੁਣ ਪਰਤਦੇ ਹਾਂ ਆਪਣੇ ਆਗੋਸ਼ 'ਚੋਂ ਉੱਠਦੇ
ਲੈਅਮਈ ਝਰਨੇ ਵੱਲ
ਹੁਣ ਟਿਕਾÀ ਲੋੜ੍ਹੀਦੇ ਹਨ
੩੧
ਸਾਇਆ
ਐ ਮਿਰਗਨੈਣੀ
ਜੋ ਸਾਇਆ ਮੰਡਰਾਉਂਦਾ ਹੈ
ਤੇਰੇ ਆਸ ਪਾਸ
ਅੱਗੇ ਪਿੱਛੇ
ਇਹ ਹੋਰ ਨਹੀ
ਮੇਰੇ ਹੀ ਸੜ ਮਰੇ
ਵਜੂਦ ਦੀ ਭਟਕਦੀ ਪਿਆਸ ਹੈ
ਇਹ ਮੁਰਝਾਏ ਫੁੱਲ ਦੀਆਂ
ਬਿਖਰੀਆਂ ਪੱਤੀਆਂ ਦੀ ਘਾਇਲ ਖੁਸ਼ਬੂ ਹੈ
ਜਿਸ ਨੂੰ ਬਿਖਰ ਜਾਣ ਲਈ
ਹਵਾਵਾਂ ਤੋਂ ਰਾਹਦਾਰੀ ਨਹੀ ਮਿਲ਼ੀ
ਇਹ ਸਿਰਫ ਸਾਇਆ ਹੀ ਨਹੀ
ਪਤਝੜ੍ਹੀ ਮੌਸਮ ਦਾ
ਬਹਾਰ ਲਈ ਲਿਆ ਹਟਕੋਰਾ ਵੀ ਹੈ
ਜਾਂ ਫਿਰ ਹਾਦਸਾਗ੍ਰਸਤ ਪਲਾਂ ਦਾ
ਦੁਖਦ ਕੁਹਰਾਮ
ਇਹ ਪਲ
ਹਨੇਰੇ ਯੁੱਗ ਵਿਚ
ਵਿਰਾਨ ਗੁਫਾ ਅੰਦਰ ਕੀਤੀ
ਨੱਕਾਸ਼ੀ ਜਿਹੇ ਹਨ
ਨਾ ਕਿ ਸੁਨਹਿਰੀ ਫਰੇਮ ਜੜੀ
ਵਿਕਾਊ ਬਜ਼ਾਰੀ ਕਲਾਕ੍ਰਿਤ ਜਿਹੇ
੩੨
ਜੀਉਣ ਯੋਗ
ਪਲ ਪਲ ਮਰਨ ਲਈ
ਛੱਡ ਦਿੱਤੇ ਗਏ ਹਾਂ
ਜੀਵਨ ਨਾਲ ਭਰਪੂਰ
ਧੜਕਦੇ ਗ੍ਰਹਿ 'ਤੇ
ਜੀਣ ਯੋਗ ਪਲਾਂ ਦੀ ਤਲਾਸ਼
ਸ਼ੁਰੂ ਹੈ ਜੀਵਨ ਗ੍ਰਹਿ 'ਤੇ
ਜਿਵੇਂ ਧੁਰ ਦਰਗਾਹੋਂ ਨਕਾਰੀਆਂ ਰੂਹਾਂ
ਆਪਣੀ ਹੀ ਰਚੀ ਸਾਜਿਸ਼ ਦਾ
ਸ਼ਿਕਾਰ ਹੋਣ ਆਈਆਂ ਹੋਣ
ਪਲ ਪਲ ਮਰਨ ਲਈ ਕਾਫ਼ੀ ਨਹੀ ਹੁੰਦੇ
ਆਪਣੇ ਹਿੱਸੇ ਦੇ ਜੀਵੇ ਪਲ
ਮਰਨ ਲਈ ਤਾਂ ਫੁਰਸਤ ਵੀ ਚਾਹੀਦੀ ਹੈ
ਅੰਨ੍ਹੇ ਖੂਹ 'ਚ ਡਿੱਗੇ
ਮਾਸੂਮ ਬੋਟ ਦੀ ਚਹਿਚਹਾਅਹਟ
ਬੁਝ ਰਹੇ ਦੀਵੇ ਦੀ ਲੋਅ ਵਾਂਗ
ਬੰਦ ਗਲ਼ੀ 'ਚ ਦਮ ਤੋੜ ਚੁੱਕੀ ਹਰਕਤ
ਟੁੱਟ ਹੀ ਗਏ ਜਦੋਂ
ਬਾਹੂਬਲ ਦੇ ਮਾਣ
ਤਾਂ ਪਲ ਪਲ ਮਰਨ ਲਈ ਕਾਫੀ ਹੈ
ਪਲ ਪਲ ਜੀਉਣਾਂ
ਤੇ ਜੀਵਿਂਦਿਆਂ ਮਰ ਰਹਿਣਾ
੩੩
ਜੀਣ ਦਿਉ
ਝੂਟਦੇ ਰਹੋ ਤੁਸੀ
ਦੁਨੀਆਂ ਦੇ ਇਤਿਹਾਸ ਦੀ
ਸਭ ਤੋਂ ਉਨਤ ਸਭਿਅਤਾ ਦਾ ਪੰਘੂੜਾ
ਲਿਪਟੇ ਰਹੋ ਆਪਣੇ
ਲੈਪਟਾਪ ਕੰਪਿਊਟਰਾਂ ਸੰਗ
ਤੁਹਾਡੀ ਫਾਈਵ ਸਟਾਰ ਜਿੰਦਗੀ
ਤੁਹਾਨੂੰ ਮੁਬਾਰਕ
ਅਸੀਂ ਹੋਰ ਕੁਝ ਨਹੀ ਮੰਗਦੇ
ਬਸ ਸਾਡਿਆਂ ਘਰਾਂ ਨੂੰ
ਹੱਡੋਰੋੜੀਆਂ 'ਚ ਤਬਦੀਲ ਨਾ ਕਰੋ
ਜਿੰਨ੍ਹਾਂ ਖੇਤਾਂ ਵਿਚ ਅਸੀਂ ਜਿੰਦਗੀ ਦੇ
ਸੁਪਨੇ ਬੀਜਦੇ ਹਾਂ
ਮਾਤਮਾ ਦੀ ਫਸਲ ਦਾ ਛੱਟਾ ਨਾ ਦਿਉ
ਜੀਣ ਤਾਂ ਦਿਉ
ਪਸ਼ੂਆਂ ਦੀ ਜੂਨੇ ਹੀ ਸਹੀ
ਅਸੀਂ ਮੁੜ ਵਸਾਉਨੇ ਹਾਂ ਸਭਿਅਤਾ
ਜੋ ਦਮ ਤੋੜ ਦੇਂਦੀ ਹੈ
ਤੁਹਾਡੇ ਸ਼ਾਹੀ ਫੁਰਮਾਨਾ ਦੇ ਭਾਰ ਹੇਠ
ਤੁਸੀਂ ਐਲਾਨ ਕੀਤਾ ਕਿ
ਹੁਣ ਅਮਨ ਅਮਾਨ ਹੈ
੩੪
ਬੀਤ ਗਿਆ ਹੈ ਉਜਾੜੇ ਦਾ ਇਕ ਯੁੱਗ
ਤੇ ਅਸੀਂ ਮੁੜ ਆਏ
ਉਜੜੇ ਘਰ ਮੁੜ ਵਸਾਉਣ ਲਈ
ਵਿਰਾਨ ਖੇਤਾਂ ਨੂੰ ਵਾਹ ਸਵਾਰ
ਮੁੜ ਸੁਪਨੇ ਬੀਜਣ ਲਈ
ਜਿਵੇਂ ਕਿਸੇ ਮਹਾਂਰਿਸ਼ੀ ਦੇ ਸਰਾਪ ਨਾਲ਼
ਸਿੱਲ ਪੱਥਰ ਹੋਈ ਅਪਸਰਾ
ਕਿਸੇ ਦੇਵਤੇ ਦਾ ਹੱਥ ਲੱਗਣ ਨਾਲ਼
ਮੁੜ ਅੰਗੜਾਈਆਂ ਲੈਣ ਲੱਗੇ
ਦੂਰ ਤੱਕ ਖਿਲਰੇ ਪਸ਼ੂਆਂ ਦੇ ਚੀਥੜੇ
ਆ ਚੜੇ ਬਰੂਦੀ ਸੁਰੰਗਾਂ 'ਤੇ ਮਾਰੇ ਗਏ
ਢੋਰ ਡੰਗਰ ਕੀ ਜਾਨਣ
ਇਨਸਾਨਾਂ ਆਪਣੀ ਨਸਲ ਦਾ ਘਾਤ ਕਰਨ ਲਈ
ਕੀ ਜਾਲ ਵਿਛਾਏ
ਕੀ ਕਾਢਾਂ ਕੱਢੀਆਂ
ਪਸ਼ੂ ਧਰਤੀ 'ਤੇ ਲੀਕਾਂ ਨਹੀ ਵਾਹੁੰਦੇ
ਪਰ ਭੇਟਾ ਚੜ੍ਹ ਜਾਂਦੇ ਨੇ
ਤੁਹਾਡੀਆਂ ਵਾਹੀਆਂ ਲੀਕਾਂ ਦੇ
ਤੁਸੀਂ ਝੂਟਦੇ ਰਹੋ
ਦੁਨੀਆਂ ਦੇ ਇਤਿਹਾਸ ਦੀ
ਸਭ ਤੋਂ ਉਨਤ ਸਭਿਅਤਾ ਦਾ ਪੰਘੂੜਾ
ਸਾਨੂੰ ਝੂਰਦੇ ਰਹਿਣ ਦਿਉ
ਆਪਣੀ ਹੋਂਦ ਦੇ ਅਹਿਸਾਸ ਸੰਗ
ਜੀਣ ਤਾਂ ਦਿਉ
ਪਸ਼ੂਆਂ ਦੀ ਜੂਨੇ ਹੀ ਸਹੀ
(ਖੇਤਾਂ ਵਿਚ ਬਾਰੂਦੀ ਸੁਰੰਗਾਂ ਲੱਗਣ 'ਤੇ)
੩੫
ਉਡਾਨ
ਡੇਢ ਫੁੱਟ ਦੀ ਦੂਰੀ ਤੋਂ
ਜੋ ਅਖ਼ਬਾਰ ਪੜ੍ਹਦੇ ਨੇ
ਦਸ ਨੰਬਰ ਦੀਆਂ ਐਨਕਾਂ ਲਾ
ਤੇ ਤੁਰ ਪੈਂਦੇ ਨੇ ਮਾਪਣ
ਕਵਿਤਾ ਦੀ ਗਹਿਰਾਈ
ਬੰਦ ਕਮਰਿਆਂ 'ਚ ਬੈਠ
ਕਾਵਿ ਉਡਾਰੀ ਪਾ ਆਉਂਦੇ ਨੇ
ਇਹਨਾਂ ਦੇ ਭਾਣੇ ਕਾਵਿਕਤਾ ਦਾ ਸੂਰਜ
ਇਹਨਾਂ ਦੇ ਘਰ ਦੀ ਇਕ ਨੁੱਕਰੋਂ ਉਦੇ ਹੋ
ਦੂਜੀ ਨੁੱਕਰੇ ਜਾ ਛੁਪਦਾ
ਪਰ ਕਾਵਿਕਤਾ ਸਮੇ ਤੋਂ ਆਜਾਦ
ਰੁੱਤਾਂ ਮੌਸਮਾਂ ਦੇ ਗੇੜ ਤੋਂ ਮੁਕਤ
ਸਭ ਤਰਕਾਂ ਵੱਲੋਂ ਭਗੌੜੇ ਕਰਾਰ ਦਿੱਤੇ
ਪੱਥਰ ਯੁੱਗ ਦੀ ਤਲਾਸ਼ ਵਿਚ ਭਟਕਦੇ
ਉੱਜੜੇ ਦਿਲਾਂ ਦੀ ਸ਼ਰਨਗਾਹ ਹੈ
ਇਹ ਅੰਧਵਿਸ਼ਵਾਸ਼ਾਂ ਦੀ ਡੂੰਘੀ ਖੱਡ ਨਹੀਂ
ਇਹ ਇਸਦੀ ਗਹਿਰਾਈ ਹੈ
ਇਹ ਫੋਕੇ ਹਵਾਈ ਕਿਲੇ ਨਹੀ
ਮਿਸਾਲੀ ਉਡਾਰੀ ਹੈ
੩੬
ਸਾਨੂੰ ਅੰਧਵਿਸ਼ਵਾਸ਼ਾਂ ਦਾ ਮੋਹਰੀ ਕਰਾਰ ਦੇ ਦਿਉ
ਅਸੀਂ ਤਰਕਾਂ ਦੇ ਹਿਰਾਵਲ ਦਸਤੇ ਦਾ
ਅਸੀਂ ਉਂਗਲ ਨੂੰ ਲਹੂ ਲਾ ਸ਼ਹੀਦ ਬਣ
ਪੂਜਾ ਨਹੀ ਕਰਾਉਣੀ
ਸਦੀਵੀ ਸੱਚ ਦੀ ਤਲਾਸ਼ ਵਿਚ ਭਟਕਦੇ ਕਾਫਲੇ
ਸਦੀਆਂ ਮਗਰੋਂ
ਅੰਧਵਿਸ਼ਵਾਸ਼ਾਂ ਦੀਆਂ ਪੰਡਾਂ ਸਿਰ 'ਤੇ ਚਾਈ
ਘਰ ਪਰਤ ਆਉਂਦੇ ਨੇ
ਤੁਸੀਂ ਇੱਕੀਂਵੀ ਬਾਈਵੀਂ ਤੇਈਵੀਂ ਸਦੀ ਦੇ
ਖਿਆਲੀ ਕਮਾਦਾਂ ਵੱਲ ਵੇਖ
ਯਥਾਰਥਵਾਦੀ ਤੇ ਆਧੁਨਿਕਵਾਦੀ
ਗਿੱਦੜ ਦਾ ਲੇਬਲ ਲਾ ਹਵਾਂਕਦੇ ਰਹੋ
ਤੇ ਮੈਂ ਸਿਰਫ ਇਨਾਂ ਚਾਹੁੰਨਾ
ਲੰਘੀਆਂ ਸਦੀਆਂ ਵੱਲ ਹਨੇਰੀ ਬਣ ਵਗ ਤੁਰਨਾ
ਤੇ ਕਈ ਸਦੀਆਂ ਪਿੱਛੇ ਖਲੋ
ਉੱਚੀ ਹੇਕ ਲਾ
ਵਰਜ ਦਿਆਂ ਤਰਕਾਂ ਨੂੰ
ਕਿ ਅੰਨ੍ਹੇ ਵਿਸ਼ਵਾਸ਼ ਦਾ ਕਤਲ ਨਾ ਕਰਿਉ
ਇਸੇ ਵਿਚ ਕਾਵਿਕਤਾ ਜੇ
੩੭
ਕਦੀ ਕਦੀ ਦਲੀਲਾਂ ਤੋਂ ਮੂੰਹ ਮੋੜ
ਤਰਕਾਂ ਤੋਂ ਅੱਖਾਂ ਬੰਦ ਕਰ
ਆਪਣੇ ਅੰਦਰ ਦੇ
ਅੰਨ੍ਹੇ ਵਿਸ਼ਵਾਸ਼ ਦੇ ਗਹਿਰੇ ਸਮੁੰਦਰ 'ਚ ਲਹਿ ਜਾਉ
ਤੇ ਚੁਗ ਲਿਉ ਮੋਤੀ
ਜਿਸ ਦਿਨ ਅੰਨ੍ਹੇ ਵਿਸ਼ਵਾਸ਼ ਦਾ ਕਤਲ ਹੋਇਆ
ਕਾਵਿਕਤਾ ਨਹੀਂ ਰਹੇਗੀ
ਤਰਕ ਦੇ ਖੁਸ਼ਕ ਸੰਘ ਵਿਚੋਂ
ਜਿੱਤ ਦੇ ਬਿਗਲ ਦੀ ਮਰੀਅਲ ਅਵਾਜ ਨਿਕਲੇਗੀ
ਪਰ ਕਵਿਤਾ ਨਜ਼ਰ ਨਹੀ ਆਏਗੀ
ਰਹਿ ਜਾਣਗੀਆਂ ਸੁੱਕੇ ਟੁੱਕੜਾਂ ਪਿੱਛੇ
ਕਾਵਾਂਰੌਲ਼ੀ ਗੋਸ਼ਟੀਆਂ
੩੮
ਲੋਕਤੰਤਰ
ਲੋਕਤੰਤਰ ਮੇਰੀ ਵੋਟ ਦਾ ਹੱਕ
ਜਾ ਉਤਰੇ
ਅੰਨ੍ਹੇ ਖੂਹ ਵਰਗੇ ਵੋਟ ਬਕਸਿਆਂ 'ਚ
ਤੇ ਮੈਂ ਵਾਅਦਿਆਂ ਲਾਰਿਆਂ ਡਰਾਵਿਆਂ ਦੀ ਪੰਡ ਚੁੱਕੀ
ਬੇਰੰਗ ਪਰਤ ਜਾਵਾਂ
ਤੁਹਾਡੇ ਹੱਥੋਂ ਜ਼ਲੀਲ ਹੋਣ ਲਈ
ਤੇ ਸਭ ਹੱਕ ਤੁਹਾਡੇ ਹੋ ਜਾਂਦੇ
ਮੈਂ ਰੋ ਕੁਰਲਾਅ ਵੀ ਨਹੀ ਸਕਦਾ
ਕਿਉਂਕਿ ਸਭ ਹੱਕ ਤੁਹਾਡੇ ਹੋ ਜਾਂਦੇ
ਜਾਣ ਗਿਆ ਹਾਂ ਕਿ ਤੁਸੀਂ
ਆਖਿਰ ਉਹਨਾਂ ਦੇ ਹੋ ਜਾਣਾ ਹੈ
ਜਿਨ੍ਹਾਂ ਸਾਡੀ ਪੁਰਖਿਆਂ ਦੀ ਧਰਤੀ ਵੱਲ
ਉਂਗਲ ਕਰਕੇ ਕਹਿ ਦੇਣਾ ਹੈ
ਕਿ ਇਹ ਅੱਜ ਤੋਂ ਸਾਡੀ ਹੋ ਗਈ
ਸਰਮਾਏ ਦੇ ਆਫਰੇ ਇਹ ਧਾੜਵੀ
ਸਾਡੇ ਪਿੰਡਾਂ ਦੇ ਮਾਲਿਕ ਬਣ
ਸਾਨੂੰ ਕੂੜਾ ਕਰਕਟ ਸਮਝ ਹੂੰਝਣ ਆਉਂਦੇ
ਤਾਂ ਤੁਸੀਂ ਉਹਨਾਂ ਦੀ ਪਿੱਠ 'ਤੇ ਖਲੋ ਕੇ ਐਲਾਨ ਕਰਦੇ ਹੋ
ਕਿ ਸ਼ਾਹੀ ਮਹਿਮਾਨਾਂ ਦੇ ਸ਼ਿਕਾਰ ਖੇਡਣ ਲਈ
ਜਰੂਰੀ ਹੁੰਦਾ ਹੈ ਘੁੱਗੀਆਂ ਦਾ ਫੁੰਡੇ ਜਾਣਾ
੩੯
ਚੇਤਰ ਦੀ ਸੰਗਰਾਂਦ
ਜਿਨਾਂ ਦੇ ਪੂਰਵਜਾਂ ਦੀਆਂ ਪੀੜ੍ਹੀਆਂ
ਮੇਰੀ ਛਾਂ ਹੇਠ ਪਰਵਾਨ ਚੜ੍ਹੀਆਂ
ਉਨਾ ਮਨਾਂ 'ਚੋਂ ਦੇ ਦਿੱਤਾ ਦੇਸ ਨਿਕਾਲ਼ਾ
ਮੈਂ ਹਰ ਵਾਰ ਮੋਹ ਭਰੀ
ਦਸਤਕ ਦਿੰਦਾ ਹਾਂ
ਪਰ ਤੁਹਾਡੀਆਂ ਮੁਸਕਾਨਾਂ ਦੀ
ਭੀਖ ਲਏ ਬਗੈਰ ਹੀ
ਖਾਲੀ ਝੋਲ਼ੀ ਲਈ ਪਰਤ ਜਾਂਦਾ ਹਾਂ
ਮੇਰੀਆਂ ਰੁੱਤਾਂ ਮੇਰੇ ਮੌਸਮਾਂ ਨੂੰ
ਖੋਹ ਕੇ ਮੇਰੇ ਕੋਲ਼ੋਂ
ਤੁਸਾਂ ਮੜ੍ਹ ਲਿਆ ਪਰਾਏ ਚੌਖਟਿਆਂ 'ਚ
ਮੇਰੀ ਬਸੰਤ ਰੁਤ ਦੇ ਗੀਤ
ਗੁਆਚ ਗਏ ਵੈਲੇਨਟਾਈਨ ਦੇ ਸ਼ੋਰ 'ਚ
੪੦
ਪਰ ਮੈਂ ਆਪਣੇ
ਜੱਟ 'ਤੇ ਸੀਰੀ ਪੁੱਤਰਾਂ ਦੇ ਹਿਸਾਬਾਂ ਕਿਤਾਬਾਂ 'ਚ
ਗਹਿਣੇ ਬੈਅ ਤੇ ਵਿਆਜ ਦੇ ਨਿਬੇੜਿਆਂ 'ਚ
ਕਦੇ ਕਦੇ ਆ ਸ਼ਾਮਿਲ ਹੁੰਦਾ ਹਾਂ
ਕਲ ਸ਼ਾਇਦ ਉੱਥੋਂ ਵੀ ਮੇਰਾ ਹਿਸਾਬ ਸਾਫ ਹੋ ਜਾਵੇ
ਤੁਸੀਂ ਉਡੀਕਦੇ ਹੋ ਇਕ ਜਨਵਰੀ
ਮੈਂ ਤੁਹਾਡਾ ਆਪਣਾ ਨਵਾਂ ਸਾਲ
ਇਕ ਚੇਤਰ ਹਾਂ
ਪਰ ਤੁਹਾਡੇ ਲਈ ਕਦੋਂ ਦਾ ਪੁਰਾਣਾ ਹੋ ਗਿਆਂ
ਤੁਹਾਨੂੰ ਮੁਬਾਰਕ ਇੱਕਤੀ ਦਸੰਬਰ
ਜਸ਼ਨਾ ਦੀ ਰਾਤ
ਮੈਂ ਹੁਣ ਚਲਾ ਜਾਵਾਂਗਾ
ਆਪਣਾ ਬਨਵਾਸ ਹੰਢਾਉਣ ਲਈ
੪੧
ਰੁੱਖ
ਇਹ ਤਾਂ ਰੁੱਖ ਹੈ
ਝੁਲਸੇ ਜਿਸਮਾਂ ਦੀ ਠਾਹਰ
ਤਪਦੇ ਸਿਰਾਂ ਦੀ ਠੰਡਕ
ਐਪਰ ਸਾਨੂੰ ਨਾ ਦਿੱਸੀ
ਇਸਦੀ ਮਮਤਾ ਠੰਡਕ ਤਿਆਗ
ਅਸੀਂ ਡੋਲ ਗਏ
ਕਿ ਕਿਉਂ ਨਹੀ ਡੋਲਦਾ ਇਹ
ਆਖਿਰ ਆਪਣੀ ਤਪੱਸਿਆ ਤੋਂ
ਇਸਦੀ ਸਮਾਧੀ ਦਾ ਕੀ ਰਾਜ ਹੈ
ਪੱਤਿਆਂ ਦੀ ਖੜ ਖੜ ਦੇ
ਹਿਸਾਬ ਲਾਉਣ ਲਈ
ਵਿਦਵਾਨਾਂ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ
ਵਿਦਵਾਨਾਂ ਦੇ ਦਿਮਾਗਾਂ ਦੀ ਚਕਨਾਈ
ਮੁੱਕ ਗਈ ਸੋਚਦੇ ਸੋਚਦੇ
ਐਨਕਾਂ ਦੇ ਨੰਬਰ ਵਧ ਗਏ
ਕਿਸੇ ਐਲਾਨ ਕਰ ਦਿੱਤਾ
ਇਹ ਪੱਛਮੀ ਹਵਾ ਕਾਰਨ ਵਧੀਆ ਝੂਲਦਾ ਹੈ
ਕਿਸੇ ਸਿੱਟਾ ਕਢਿਆ
ਇਸਦੇ ਝੂਲਦੇ ਪੱਤਿਆਂ ਖੜ
ਖੜ ਖੜ ਕਰਦੀਆਂ ਟਹਿਣੀਆਂ ਲਈ
ਪੂਰਬੀ ਹਵਾ ਦੇ ਝੋਂਕੇ ਯੋਗ ਹਨ
ਡੂੰਘੀਆਂ ਖੋਜਾਂ ਵਿਦਵਾਨ ਗੋਸ਼ਟਾਂ
ਤੇ ਭਾਰੀ ਬਹਿਸਾਂ
੪੨
ਸਿੱਟੇ ਕੱਢੇ ਗਏ
ਮਤੇ ਪਕਾਏ ਗਏ
ਐਲਾਨ ਕੀਤੇ ਗਏ
ਰੁੱਖ ਜਿਸਦਾ ਸਿਰਾ
ਅਸਮਾਨ ਵੱਲ ਸੀ ਤੇ
ਜੜ੍ਹਾਂ ਧਰਤੀ ਵਿਚ
ਕੋਈ ਜਾਣ ਨਾ ਸਕਿਆ
ਰੁੱਖ ਦੀਆਂ ਆਦਤਾਂ
ਉਸਦਾ ਬੀਜ ਤੋਂ ਦਰਖਤ ਬਣਨ ਦਾ ਇਤਿਹਾਸ
ਲੂੰਹਦੀ ਧੁੱਪ 'ਚ ਅਇਆ ਰਾਹੀ
ਖੂਹ ਦਾ ਠੰਡਾ ਪਾਣੀ ਪੀ ਪਿਆਸ ਬੁਝਾਈ
ਬਹਿ ਗਿਆ ਕੁਝ ਪਲ ਰੁੱਖ ਹੇਠ
ਗੂੜ੍ਹੀ ਨੀਂਦੇ ਸੌਂ ਪੱਤਿਆਂ ਦੀ ਲੋਰੀ ਲੈ
ਧਰਤੀ ਦੀ ਗੋਦ ਵਿਚ
ਉਠਿਆ ਤੇ ਤੁਰ ਪਿਆ ਮੰਜ਼ਿਲ ਵੱਲ
ਉਹ ਜਾਣ ਗਿਆ ਸੀ
ਰੁਖ ਦਾ ਗੁੱਝਾ ਭੇਤ
ਮਮਤਾ ਹੀ ਹੁੰਦੀ ਹੈ
੪੩
ਮਾਸੂਮ ਚਾਹਤ
ਮੈਂ ਜ਼ਿੰਦਗੀ ਦੇ ਪੈਰਾਂ ਦੀਆਂ
ਠੋਕਰਾਂ ਖਾ ਰਹੀ ਗੇਂਦ ਵਾਂਗ ਹਾਂ
ਜੋ ਅੰਤ ਮੌਤ ਦੇ ਗੋਲ਼ਾਂ ਵਿਚ
ਧਕੇਲ ਦਿੱਤੀ ਜਾਣੀ ਹੈ
ਹਰ ਪਲ ਤਿਆਰ ਨਵੀਂ ਠੋਕਰ ਲਈ
ਹੰਝੂ ਵੀ ਹੋ ਸਕਦੇ ਹਨ
ਅੰਦਰ ਦੇ ਗੈਬੀ ਜ਼ਖਮਾਂ 'ਚੋਂ
ਰਿਸਦੇ ਲਹੂ ਦੇ ਕਣ
ਜੀਵਨ ਸਿਰਫ ਇਕ ਖੇਡ
ਅਣਕੀਤੇ ਗੁਨਾਹ ਦੀ ਸਜਾ ਵਰਗਾ
ਤਿਹਾਏ ਮਿਰਗਾਂ ਦੇ ਸਿਰਾਂ 'ਚ ਭਰੀ
ਅੰਨ੍ਹੀ ਭਟਕਣਾ ਵਰਗਾ
ਤੇ ਖੁਸ਼ੀ
ਰੇਤ 'ਤੇ ਪਈਆਂ ਚਾਰ ਛਿੱਟਾਂ ਵਾਂਗ
ਸੋਖ ਲਈ ਗਈ
ਜਿਵੇਂ ਕੋਈ ਪੰਛੀ ਸੋਗੀ ਸੁਰਾਂ
ਅਲਾਪ ਰਿਹਾ ਹੋਵੇ
੪੪
ਮੇਰੀ ਸ਼ਮਸ਼ੂਲੀਅਤ ਸਦਾ ਉਨ੍ਹਾ 'ਚ ਰਹੀ
ਖਾਮੋਸ਼ ਚਾਹਤ ਦੇ ਜ਼ੁਰਮ ਬਦਲੇ
ਜਿਨ੍ਹਾਂ ਨੂੰ ਮਿਲ਼ੀ ਜਿੰਦਗੀ ਨਾਮ ਦੀ ਸਜਾ
ਤੇ ਮੈਂ ਜਿੰਦਗੀ ਦਾ ਸਜਾ ਯਾਫਤਾ ਮੁਜ਼ਰਿਮ
ਸਾਹਵਾਂ ਦੀ ਬੋਝਲ਼ ਚੱਕੀ ਗੇੜਦਾ
ਆਪਣੇ ਸਿਰ ਲੈ ਬੈਠਾ
ਇਕ ਹੋਰ ਖਾਮੋਸ਼ ਚਾਹਤ ਦਾ ਜ਼ੁਰਮ
ਕਿ ਇਕ ਦਿਨ ਮੁੱਕੇਗੀ
ਜ਼ਿੰਦਗੀ ਦੀ ਸਜਾ
ਤੇ ਭਰਭੂਰ ਮਾਣਾਂਗੇ
ਮੌਤ ਦੀ ਅਜਾਦੀ ਦਾ ਨਿੱਘ
ਤੇ ਬਸ ਆਖਰੀ ਸਾਹ ਹੀ
ਹੋਵੇਗਾ ਖਰੂਦੀ ਜਸ਼ਨ
੪੫
ਮੌਸਮ
ਬਾਗ ਵਿਚ ਠੰਡੀ ਹਵਾ ਦਾ ਬੁੱਲ੍ਹਾ ਆਇਆ ਹੈ
ਪਹਾੜਾਂ ਵੱਲੋਂ ਕਾਲ਼ੀਆਂ ਸ਼ਾਹ ਬਦਲੋਟੀਆਂ
ਅਸਮਾਨ ਵਿਚ ਤੈਰਦੀਆਂ
ਵਰ੍ਹ ਜਾਣ ਲਈ ਉਤਾਵਲੀਆਂ ਲੱਗਦੀਆਂ ਹਨ
ਸੁਰਮਚੀ ਘਟਾਵਾਂ ਦੇ ਮੂੰਹਜੋਰ
ਗਰਜਦੇ ਲਹਿਰੀਏ ਅੱਗੇ
ਸੂਰਜ ਦੀ ਵੀ ਕੋਈ ਪੇਸ਼ ਨਹੀ ਜਾਣੀ
ਆਪਣੇ ਤੇਜ ਲੈ ਕੇ ਲੁਕ ਜਾਵੇਗਾ
ਕਿਸੇ ਅੰਬਰੀ ਗੁਫਾ ਦੀ ਨੁੱਕਰ 'ਚ
ਉਡੀਕਾਂ ਦੇ ਮਰੀਅਲ ਚਾਲ ਵਹਿੰਦੇ
ਲੱਥੇ ਲੱਥੇ ਦਰਿਆ ਹੁਣ
ਹੜ੍ਹ ਵਰਗੇ ਸ਼ੂਕਦੇ ਮੁਹਾਣ ਬਣ ਗਏ ਹਨ
ਪੰਛੀਆਂ ਦੇ ਖੰਭ ਉਡਾਣਾ ਨਾਲ਼ ਜ਼ਰਖੇਜ਼ ਹੋ ਗਏ
ਕਾਇਨਾਤ ਖਿੜ ਉੱਠੀ ਹੈ
ਸੁਫਨਿਆ ਦੇ ਮੌਲ਼ਣ ਦਾ ਹੋਕਾ ਦੇ ਰਹੀ ਕਾਇਨਾਤ
ਮੇਰੇ ਹੋਰ ਨੇੜੇ ਆ ਰਹੀ ਲੱਗਦੀ ਹੈ
ਪੱਥਰ ਦਾ ਬੇਜਾਨ ਬੁੱਤ ਸਾਹਵਾਂ ਦੀ ਪਹਿਲੀ ਛੋਹ ਨਾਲ਼
ਅੰਗੜਾਈ ਲੈਣ ਲੱਗਾ ਹੈ
੪੬
ਸਾਰੀਆਂ ਨਿਸ਼ਾਨੀਆਂ ਤੇਰੀ ਆਮਦ ਦੀਆਂ ਹਨ
ਤੇਰੀ ਆਮਦ ਏਸ ਵਾਰ ਪੱਥਰ ਦੇ ਬੁੱਤ ਲਈ
ਬਹੁਤ ਹੀ ਸੰਭਾਵਨਾਵਾਂ ਭਰਪੂਰ ਹੋਵੇਗੀ
ਏਸ ਅੰਦਰ ਸਾਹ ਬਣਕੇ ਲੱਥ ਜਾ
ਖੁਸ਼ਕੀਆਂ 'ਚ ਸੁਲਘਦੇ ਕਟੋਰਿਆਂ ਨੂੰ
ਨਸ਼ੇ ਦੀ ਮਸਤੀ ਨਾਲ਼ ਸ਼ਰਸ਼ਾਰ ਕਰਦੇ
ਮੇਰੇ ਮਨ ਦੇ ਕਿਸੇ ਹਨੇਰੇ ਕੋਨੇ 'ਚ
ਹਮੇਸਾਂ ਲਈ ਨਿਵਾਸ ਕਰ ਲੈ
ਏਸ ਵਾਰ ਤੂੰ ਜਾਣ ਲਈ ਨਾ ਆਵੀਂ
ਮੈਂ ਚਾਹੁੰਦਾਂ ਇਹ ਹਵਾਵਾਂ ਫਿਜ਼ਾਵਾਂ ਇਹ ਮੌਸਮ
ਸਦਾ ਹੀ ਬਣੇ ਰਹਿਣ ਤੇਰੇ ਮੇਰੇ ਸਾਥ ਵਾਂਗ
੪੭
ਆਮਦ
ਚੁਪ ਰਹੋ ਪੱਤਿਉ
ਕਹਿਰੀ ਹਵਾਵਾਂ ਨਾਲ਼
ਖਹਿਣ ਦੀ ਕੋਸ਼ਿਸ਼ ਨਾ ਕਰੋ
ਸ਼ੂਕਦੇ ਮੌਸਮਾਂ ਨੂੰ ਗੁਜਰ ਜਾਣ ਦਿਉ
ਝੜ ਜਾਉਗੇ
ਤੇ ਬਾਗ ਵਿਚ ਸੈਰ ਕਰਦੇ ਪ੍ਰੇਮੀ
ਮਸਲ ਦੇਣਗੇ ਪੈਰਾਂ ਹੇਠ
ਟਹਿਣੀ ਨੂੰ ਕੋਈ ਫਰਕ ਨਹੀ ਪੈਣਾ
ਬਹਾਰਾਂ ਨੇ ਮੋੜ ਦੇਣੇ ਨੇ
ਉਨ੍ਹਾਂ ਦੇ ਸ਼ਿੰਗਾਰ
ਜਿਸ ਟਹਿਣੀ ਨੂੰ ਅੱਜ
ਮਾਣ ਹੈ ਤੁਹਾਡੇ 'ਤੇ
ਨਵਿਆਂ ਦੀ ਆਮਦ 'ਤੇ
ਭਰਪੂਰ ਸ਼ਗਨਾਂ 'ਚ ਮਸਤ
ਉਸਦੀ ਸਮਾਂ ਸਾਰਨੀ 'ਚ
ਨਹੀ ਹੋਵੇਗਾ
ਤੁਹਾਡੀ ਯਾਦ ਲਈ ਕੋਈ ਪਲ
੪੮
ਦਿਨ ਰਾਤ
ਮੇਰੀ ਮਹਿਬੂਬ ਤੂੰ ਨਹੀ ਜਾਣੇਗੀ
ਕਿ ਆਪੋ ਆਪਣੀ ਕਥਾ ਹੈ
ਦਿਨ ਅਤੇ ਰਾਤ ਦੀ
ਦੋਹਾਂ ਕੋਲ਼ ਆਪਣੇ ਆਪਣੇ ਹਿੱਸੇ ਦੇ ਜ਼ਖਮਾਂ ਦਾ
ਸਮੁੰਦਰ ਦੀਆਂ ਗਹਿਰਾਈਆਂ
ਵਰਗਾ ਅਥਾਹ ਭੰਡਾਰ ਹੈ
ਮੇਰੀ ਮਹਿਬੂਬ ਤੂੰ ਨਹੀ ਜਾਣੇਗੀ
ਚਾਨਣ ਤੇ ਹਨੇਰਿਆਂ ਦੀ ਪਿਆਰ ਕਥਾ
ਹਰ ਦਿਨ ਇਕ ਤੜਪ ਲੈ ਕੇ ਆਉਂਦਾ ਹੈ
ਰਾਤ ਦੀ ਤਲਾਸ਼ ਵਿਚ
ਤੇ ਬੇਰੌਣਕ ਹੀ ਗੁਆਚ ਜਾਂਦਾ ਹੈ
ਸ਼ਾਮ ਦੀਆਂ ਤਨਹਾਈਆਂ ਦੇ ਆਲਮ 'ਚ
ਤੇ ਜਾਂਦੀ ਹੋਈ ਰਾਤ
ਕੰਬਦੇ ਬੁੱਲ੍ਹਾਂ ਨਾਲ਼
ਵਸਲ ਦੀ ਭੀਖ ਮੰਗਦੀ ਹੋਈ
ਪ੍ਰਭਾਤ ਦੇ ਦਰਾਂ ਤੋਂ ਪਿਆਸੀ ਹੀ ਪਰਤ ਜਾਂਦੀ ਹੈ
ਰਾਤ ਦੇ ਘਣੇ ਹਨੇਰਿਆਂ 'ਚ ਬਲਦਾ ਦੀਵਾ
ਹਨੇਰਿਆਂ ਨੂੰ ਬਣਾਉਦਾ ਹੈ ਆਪਣੀ ਖੁਰਾਕ
ਤੇ ਬਣ ਜਾਂਦਾ ਹੈ ਹਨੇਰਿਆਂ ਦੀ ਖੁਰਾਕ
੪੯
ਮੇਰੀ ਮਹਿਬੂਬ
ਅਸੀਂ ਦਿਨ ਅਤੇ ਰਾਤ ਵਾਂਗ
ਇਕ ਦੂਜੇ ਦਾ ਪਿੱਛਾ ਕਰਦੇ
ਹੋ ਜਾਵਾਂਗੇ ਕਿਸੇ
ਸਦੀਵੀ ਆਸ ਤੇ ਤਲਾਸ਼ ਦਾ ਸ਼ਿਕਾਰ
ਅਸਾਂ ਇਕ ਦੂਜੇ ਦੀ ਖੁਰਾਕ ਬਣਨਾ ਹੈ
ਆ ਬਣ ਜਾਈਏ ਦਿਨ ਰਾਤ
ਤੂੰ ਪ੍ਰਭਾਤ ਤੋਂ ਮੇਰਾ ਪਤਾ ਪੁੱਛ ਕੇ
ਚਾਨਣ 'ਚ ਵਿਲੀਨ ਹੋ ਜਾਇਆ ਕਰੀਂ
ਤੇ ਮੈਂ ਸ਼ਾਮ ਦੇ ਸਿਆਹ ਉਦਾਸ ਆਲਮ 'ਚੋਂ
ਤੇਰੇ ਆਉਣ ਦੀਆਂ ਕਨਸੋਆਂ ਲੈਂਦਾ
ਹਨੇਰਿਆਂ 'ਚ ਗੁਆਚ ਜਾਇਆ ਕਰਾਂਗਾ
੫੦
ਤਲਾਸ਼
ਗੁਆਚ ਗਿਆ ਹਾਂ ਮੈਂ
ਕਿਸੇ ਤਲਾਸ਼ ਵਿਚ
ਸੂਚਨਾ ਦੇਣ ਵਾਲ਼ੇ ਨੂੰ
ਇਨਾਮ 'ਚ ਮਿਲ਼ੇਗੀ ਤਲਾਸ਼
ਮੈਂ ਆਪਣੇ ਆਪੇ ਨੂੰ
ਉਸੇ ਦਿਨ ਤੋਂ ਗੈਰਹਾਜ਼ਿਰ ਪਾ ਰਿਹਾ ਹਾਂ
ਜਿਸ ਦਿਨ ਮੈਂ ਮੋਈਆਂ
ਹਸਰਤਾਂ ਨੂੰ ਅੰਤਿਮ ਵਿਦਾਇਗੀ ਦੇਣ ਗਿਆ
ਮੁੜ ਘਰੇ ਨਹੀ ਆਇਆ
ਜੇ ਕਿੱਧਰੇ ਮਿਲ਼ੇ ਮੇਰਾ ਆਪਾ
ਉਸ ਨੂੰ ਕਹਿਣਾ
ਵਜੂਦ ਨੂੰ ਇਸ ਤਰ੍ਹਾਂ ਇੱਕਲਿਆਂ ਛੱਡ ਨਾ ਜਾਇਆ ਕਰੇ
ਕਿ ਵਜੂਦ ਉਸ ਬਿਨ ਸੱਖਣਾ ਗਰਕ ਜਾਏਗਾ
ਮੈਨੂੰ ਪਤਾ ਹੈ ਕਿ ਮੈਂ ਇਕ ਦਿਨ
ਸਦੀਵੀ ਤਲਾਸ਼ 'ਚ ਭਟਕ ਗਏ
ਮੁੜ ਪਰਤ ਨਾ ਆਇਆਂ ਦੀ ਸੂਚੀ ਵਿਚ
ਆਪਣਾ ਨਾਮ ਲਿਖਾ ਜਾਂਵਾਗਾ
ਤੇ ਮਾਰੂਥਲ 'ਚ ਉਗ ਆਇਆ ਅੱਕ
ਸ਼ੂਕਦੀਆਂ ਹਵਾਵਾਂ ਤੋਂ
ਤਲਾਸ਼ ਦੇ ਸਿਰਨਾਵੇਂ
ਪੁੱਛਿਆ ਕਰੇਗਾ
ਪੈੜ੍ਹਾਂ ਦਾ ਕੀ ਏ
ਇਹ ਤਾਂ ਰੇਤਲੀ ਹਨੇਰੀ ਨਾਲ਼ ਮਿਟ ਜਾਣਗੀਆਂ
ਇਹਨਾਂ ਪੈੜ੍ਹਾਂ 'ਤੇ ਰੇਤ ਦੀ ਪਰਤ ਜੰਮ ਜਾਵੇਗੀ
੫੧
ਇਹ ਤਲਾਸ਼ ਤਾਂ ਇਵੇਂ ਹੈ ਮੈਨੂੰ
ਜਿਵੇਂ ਪਤਝੜ੍ਹ 'ਚ ਡਿੱਗਿਆ ਪੱਤਾ
ਹਵਾ ਨਾਲ਼ ਉੱਡ ਜਾਣ ਲਈ ਅਹੁਲੇ
ਤੇ ਕਾਹਲ਼ੀ ਹਵਾ ਬੇਬਸ ਪੱਤੇ ਨੂੰ ਛੱਡ ਅੱਗੇ ਨਿਕਲ਼ ਜਾਵੇ
ਐ ਮੇਰੀ ਤਲਾਸ਼ ਤੂੰ ਹਵਾ ਬਣਕੇ ਭਟਕਦੀ ਹੋਈ
ਜਦੋਂ ਮਾਰੂਥਲਾਂ 'ਚੋਂ ਲੰਘਿਆ ਕਰੇਂਗੀ
ਤਾਂ ਤੇਰੀ ਛੋਹ ਨਾਲ਼ ਮਹਿਕੇਗਾ ਅੱਕ
ਮਾਰੂਥਲ ਦੀ ਰੇਤ ਖੁਸ਼ੀ 'ਚ ਖੀਵੀ ਹੋ
ਪਰਤਾਂ ਤੋਂ ਉੱਠੇਗੀ
ਅਤੇ ਅੰਬਰਾਂ 'ਤੇ ਝੂਮਰ ਪਾਵੇਗੀ
ਮੇਰੀਆਂ ਪੈੜ੍ਹਾਂ ਦੇ ਨਿਸ਼ਾਨ ਨਾ ਲੱਭਣਾ
ਮੈਂ ਜਾ ਰਿਹਾਂ ਤਲਾਸ਼ ਬਣਨ
ਕਿਸੇ ਤਲਾਸ਼ ਦੀ ਖ਼ਾਤਿਰ
੫੨
ਅਣਚਾਹੇ
ਉਹਨਾਂ ਦੀ ਹਾਸਿਆਂ ਦੀ ਮਹਿਫ਼ਿਲ ਵਿਚ
ਮੇਰਾ ਆਉਣਾ ਕਿਸੇ ਸ਼ੋਕ ਸਮਾਚਾਰ ਵਾਂਗ ਸੀ
ਮੱਥਿਆਂ 'ਚ ਉਭਰ ਆਈਆਂ
ਅੰਦਰਲੇ ਗੁੱਸੇ ਦੀਆਂ ਲਕੀਰਾਂ
ਅਣਚਾਹੇ ਮਹਿਮਾਨ ਦੀ ਆਮਦ 'ਤੇ
ਮਾਹੌਲ 'ਚ ਪਸਰੀ ਘੁਟਨ ਦਾ ਵਿਖਾਲਾ ਸਨ
ਖ਼ਾਮੋਸ਼ੀ ਦੀ ਇਲਾਮਤ ਧਾਰਨ ਕਰ ਚੁੱਕੇ ਸਨ
ਜਾਮਾ ਨਾਲ਼ ਟਕਰਾਉਂਦੇ ਜਾਮ
ਮੇਰਾ ਆਉਣਾ ਤਾਂ ਇਵੇਂ ਸੀ
ਜਿਵੇਂ ਕੋਈ ਮਸਤੀਆਂ ਦੇ ਰਾਗਮਈ ਸ਼ੋਰ 'ਚ
ਆਪਣੇ ਮਰ ਚੁੱਕੇ ਸੁਫਨਿਆਂ ਦੀਆਂ
ਮਾਤਮੀ ਸੁਰਾਂ ਅਲਾਪਣ ਲੱਗ ਜਾਵੇ
ਦੁੱਖਾਂ ਦੀਆਂ ਧੂਣੀਆਂ ਬਾਲ਼ ਬੈਠੇ ਫਕੀਰ
ਕੀ ਕਰਦੇ ਹੋਰ ਇਹਨਾਂ ਮਹਿਫ਼ਿਲਾਂ ਲਈ
ਸਾਡੇ ਰੋਣਿਆਂ ਦੀ ਲੰਮੀ ਗਾਥਾ
ਬੀਨ ਦੀ ਤਾਨ 'ਤੇ ਸੁਣ ਲੈ
ਪਤਾ ਨਹੀ ਕਦ ਇਹ ਸੁਰਾਂ
ਖਾਮੋਸ਼ੀਆਂ ਦੀ ਸਰਦਲ 'ਤੇ
ਸਿਰ ਪਟਕ ਪਟਕ ਮਰ ਜਾਣ
ਗਮਗੀਨ ਹੋਕਿਆਂ ਲਈ ਕੋਈ ਕੁੰਡਾ ਨਹੀ ਖੁੱਲੇਗਾ
੫੪
ਤੁਸੀਂ ਰੀਝਾਂ ਦੀ ਮਹਿਫ਼ਿਲ ਵਿਚ
ਮਘਾਈ ਰੱਖੋ ਮੋਮਬੱਤੀਆਂ
ਤੁਹਾਡੇ ਹਾਸਿਆਂ ਦੀ ਛਣਕਾਰ
ਸੱਤਵੇਂ ਅਸਮਾਨ ਛੂੰਹਦੀ ਰਹੇ
ਅਸੀਂ ਹਨੇਰੇ ਰਾਹਾਂ ਦੇ ਪਾਂਧੀ
ਆਪਣੀ ਬਿਗਾਨਗੀ ਦਾ ਸਾਇਆ ਲੈ
ਕੂਚ ਕਰ ਜਾਵਾਂਗੇ
ਬੀਆਬਾਨ ਰਾਹਾਂ 'ਤੇ
ਜਿੱਥੇ ਉਜਾੜਾਂ 'ਚ ਮਹਿਫ਼ਿਲ ਲੱਗਦੀ ਹੈ
ਦੁੱਖ ਇੱਕਠੇ ਹੋ ਫਕੀਰਾਂ ਦੀ ਲੋਰ
ਨੱਚਦੇ ਹਨ
ਅੰਦਰੋਂ ਬਾਹਰੋਂ ਲਹੂ ਲੁਹਾਨ ਜਿਸਮਾ ਲਈ
ਹੁੰਦਾ ਹੈ ਰਾਹਤ ਦਾ ਸਮਾਰੋਹ
੫੫
ਖਲਾਅ
ਤੇਰੀ ਤੇ ਮੇਰੀ ਨਜ਼ਰ ਮਿਲ਼ੀ
ਨਜ਼ਰਾਂ ਨੂੰ ਇਕ ਦੂਜੀ ਨਾਲ਼ ਜ਼ਰਬ ਦੇ
ਤੂੰ ਧਰਤ ਵਰਗੀ ਹੋ ਗਈ
ਤੇ ਮੈਂ ਫੈਲ ਗਿਆ ਤੇਰੇ ਗਿਰਦ
ਅਕਾਸ਼ ਬਣ
ਤੂੰ ਵਾਰ ਵਾਰ ਅਹੁਲੀ
ਆਪਣੇ ਤੇ ਮੇਰੇ ਵਿਚਾਲੇ
ਖਲਾਅ ਜਿਹਾ ਪੂਰਨ ਲਈ
ਤੇ ਮੈਂ ਚਾਹੁੰਦਾ ਰਿਹਾ
ਟੁੱਟ ਕੇ ਬਿਖਰ ਜਾਣਾ
ਤੇ ਕਣ ਕਣ ਹੋ ਤੇਰੀ
ਮਿੱਟੀ ਵਿਚ ਸਮਾ ਜਾਣਾ
ਤੇਰੇ ਉਤਾਵਲੇ ਸਾਹਾਂ ਨਾਲ਼ ਉੱਡੀ
ਧੂੜ ਦੇ ਕਣ
ਮੇਰੇ ਹਨੇਰਿਆਂ 'ਚ ਰੌਸ਼ਨੀ ਦਾ ਮਰਕਜ਼ ਬਣ
ਟਿਮਟਿਮਾਉਂਦੇ ਰਹੇ
ਤੇ ਮੈਂ ਟੁੱਟਦੇ ਤਾਰਿਆਂ ਦੇ ਹੱਥ
ਤੈਨੂੰ ਸੁਨੇਹੇ ਘੱਲਦਾ ਰਿਹਾ
੫੬
ਅਸੀਂ ਐਵੇਂ ਖਲਾਅ ਤੋਂ ਖ਼ੌਫਜਦਾ ਹੋ ਗਏ
ਗੱਲ ਤਾਂ ਚੰਦ ਦੇ ਪੂਰੇ ਜਲੌਅ 'ਤੇ ਨਜ਼ਰ ਆਉਣ ਦੀ ਹੈ
ਸਾਗਰਾਂ ਨੇ ਕਦੀ ਚੰਨ ਵੱਲ ਅਹੁਲਣ ਦੀ
ਕੋਸ਼ਿਸ਼ ਨਹੀ ਛੱਡੀ
ਖਲਾਅ ਕਾਰਨ ਨਿਰਾਸ਼ ਨਾ ਹੋਵੀਂ
ਜੇ ਇਹ ਟੁੱਟਦੇ ਤਾਰਿਆਂ ਹੱਥ ਆਉਂਦੇ
ਮੇਰੇ ਸੁਨੇਹਿਆਂ ਨੂੰ ਰਾਹ ਵਿਚ ਰਾਖ ਬਣਾ ਦੇਵੇ
ਤਾਂ ਵੀ ਕੋਈ ਗੱਲ ਨਹੀ
ਮੇਰੀ ਰਾਖ ਤੇਰੀ ਮਿੱਟੀ 'ਚ ਘੁਲ਼ ਜਾਵੇਗੀ
ਮੈਂ ਅਕਾਸ਼ ਹੋ ਜਾਵਾਂਗਾ
ਤੇ ਤੂੰ ਧਰਤ ਬਣ ਫੈਲ ਜਾਵੇਂਗੀ
ਅਸੀਂ ਦੂਰ ਦਿੱਸਹੱਦਿਆਂ 'ਤੇ ਮਿਲ਼ਕੇ
ਨਵਾਂ ਇਤਿਹਾਸ ਸਿਰਜਾਂਗੇ
ਤੇ ਖਲਾਅ ਸਾਡਾ ਇਤਿਹਾਸ ਲਿਖੇਗਾ
੫੭
ਕੀ ਹਾਂ ਮੈਂ
ਡਗਮਗਾਉਂਦੇ ਕਦਮਾਂ ਲਈ
ਥੋਪੇ ਗਏ ਸਫਰਾਂ ਦੀ ਪੀੜ
ਸਰਦਲਾਂ ਤੋਂ ਆ ਕੇ ਮੁੜ ਗਈਆਂ
ਬੇਅਵਾਜ ਆਹਟਾਂ ਦਾ ਗਮ
ਸੰਧੂਰੀ ਮੱਥਿਆਂ 'ਚ ਉਭਰੀਆਂ
ਮਾਤਮੀ ਲਕੀਰਾਂ
ਜ਼ਖਮੀ ਪੈਰਾਂ ਦੀਆਂ ਸੁਰਖ ਪੈੜ੍ਹਾਂ
ਧੂੜ੍ਹ ਭਰੇ ਧੁੰਦਲਾਏ ਨੈਣਾ ਨਾਲ਼
ਡਿਕੋ-ਡੋਲ਼ੇ ਖਾਂਦੀ
ਬੇਅਰਥ ਭਟਕਣ ਤੋਂ ਸਿਵਾਏ
ਰੁਤਾਂ ਵਿਚ ਆਏ
ਅਸਥਾਈ ਪਰਿਵਰਤਨਾਂ ਤੋਂ ਵੱਧ
ਹਵਾ ਨਾਲ਼ ਗਲਵਕੜੀ ਦੀ
ਨਾਕਾਮ ਹਸਰਤ ਲਈ
ਪੱਤੇ ਦੇ ਬੇਰਹਿਮ ਕਤਲ ਤੋਂ ਵੱਧ
੫੮
ਪਰਵਾਜ਼ ਵਿਹੂਣੇ ਪੰਖਾਂ ਦੀ
ਫੜਫੜਾਹਟ ਨਾਲ਼
ਸ਼ੁਰੂ ਹੁੰਦੇ ਸਫਰਨਾਮੇ
ਤੇ ਬੇਬਸੀ ਤੇ ਆ ਕੇ ਖਤਮ
ਆਪਣੇ ਹੀ ਟੁੱਟੇ ਦਮ 'ਤੇ
ਖ਼ਫੇ ਹੋਣ ਦੀ ਲਾਚਾਰੀ
ਆਪਣੀ ਔਕਾਤ 'ਤੇ ਝੂਰਨ ਤੋਂ ਵੱਧ
ਵਜੂਦ ਦੇ ਮੱਥੇ 'ਚ ਉਕਰੇ
ਬਦਕਿਸਮਤੀ ਦੇ ਤਿਲਕ ਤੋਂ ਵੱਧ
ਜਾਂ ਫਿਰ ਰੂਹ ਨੂੰ ਲੱਗੇ ਰੋਗ ਤੋਂ ਵੱਧ
ਹੋਰ ਹਾਂ ਵੀ ਕੀ ਮੈਂ
੫੯
ਅਪਸਰਾ
ਘਣੇ ਜੰਗਲ 'ਚ ਰਹਿੰਦੀ ਅਪਸਰਾ
ਕਦੋਂ ਆਈ ਕਿਉਂ ਆਈ
ਕੁਝ ਪਤਾ ਨਹੀ
ਇਸਦਾ ਵਾਸ ਜੰਗਲ ਦੇ ਧੁਰ ਅੰਦਰ
ਜਿਥੇ ਪੰਛੀਆਂ ਜਨੌਰਾਂ ਦਾ ਜਮਘਟਾ
ਦਿਸਹੱਦਿਆਂ ਤੱਕ
ਖਿਲਰੀਆਂ ਫੁੱਲਾਂ ਦੀਆਂ ਮਹਿਕਾਂ
ਮਿੱਠੇ ਰਸਾਂ ਵਾਲ਼ੇ ਫਲਾਂ ਨਾਲ਼ ਲੱਦੇ ਰੁੱਖ
ਛੱਤਿਆਂ 'ਚੋਂ ਵਗੇ ਮਧੂਧਾਰਾ
ਕਦੇ ਕਦੇ ਇਹ ਅਪਸਰਾ ਧੁੱਪ ਬਣ ਜਾਂਦੀ
ਕਦੇ ਹਵਾ ਬਣ ਜਾਂਦੀ
ਪਸਰ ਜਾਂਦੀ ਸੰਸਾਰ ਦੇ ਜ਼ਰਰੇ ਜ਼ਰਰੇ 'ਚ
ਸਰਸ਼ਾਰ ਕਰ ਦੇਂਦੀ
ਸਭ ਲੋਕਾਈ ਤਾਈਂ
ਸੰਸਾਰੀ ਜੀਵਾਂ ਦੇ ਹਰ ਰੰਗ ਵਿਚ
ਆਪਣਾ ਰੰਗ ਭਰ ਦੇਂਦੀ
ਇਲਾਹੀ ਦੁਰਲਭ ਰੰਗ
੬੦
ਦੱਸਦੇ ਅਪਸਰਾ ਕੋਲ਼ ਪਿਟਾਰੀ ਹੈ ਰੰਗਾਂ ਦੀ
ਹਾਸਿਲ ਕਰਨ ਲਈ ਅਪਸਰਾ ਨੂੰ
ਤਰਲੋਮੱਛੀ ਹੁੰਦਾ ਸੰਸਾਰ
ਕਈ ਯੋਧਿਆਂ ਜੋਰ ਪਰਖੇ
ਤੁਰ ਪਏ ਜ਼ੋਖਿਮ ਭਰੇ ਰਾਹਾਂ 'ਤੇ
ਰਾਹ ਵਿਚ ਲੱਖਾਂ ਸਮੁੰਦਰ
ਲੱਖਾਂ ਪਰਬਤ
ਤੇ ਲੱਖਾਂ ਬ੍ਰਹਿਮੰਡ
ਕਰਨੇ ਪੈਂਦੇ ਪਾਰ
ਪਹੁੰਚਣ ਲਈ ਅਪਸਰਾ ਕੋਲ਼
ਲੰਘਣੀਆਂ ਪੈਂਦੀਆਂ ਲੱਖਾਂ ਗੁਫ਼ਾਵਾਂ
ਤੇ ਗੁਫ਼ਾਵਾਂ 'ਚ ਬੈਠੇ
ਆਦਮਖੋਰ ਦੈਂਤ
ਅਪਸਰਾ ਦੇ ਰੰਗਾਂ ਦੀ ਲਾਲਸਾ
ਦੇਵਤਿਆਂ ਦੇ ਸਿੰਘਾਸਨ ਡੋਲ ਜਾਣ
ਕਾਦਰ ਨੇ ਜਦੋਂ
ਸੰਸਾਰ 'ਚ ਬਣਾਏ ਦੁੱਖਾਂ ਸੁੱਖਾਂ ਦੇ ਚਿਤਰ
ਤੇ ਨਾਲ਼ ਹੀ ਬਣਾਏ ਇਲਾਹੀ ਰੰਗ
ਤੇ ਬਖਸ਼ ਦਿੱਤੇ ਅਪਸਰਾ ਨੂੰ
ਸੋਚਾਂ ਨੂੰ ਲੱਗਦੇ ਗਹਿਰੇ ਫੱਟ
ਭਰ ਦੇਂਦੀ ਅਪਸਰਾ ਰੰਗਾਂ ਨਾਲ਼
ਇੰਦਰ ਦੇ ਅਖਾੜੇ 'ਚ ਚੱਲਦਾ
ਪਰੀਆਂ ਦਾ ਨਾਚ
ਅਪਸਰਾ ਦੇ ਰੰਗਾਂ ਤੋਂ ਬਗੈਰ
ਵਿਰਲਾਪ ਲੱਗਦਾ
ਇਹ ਅਪਸਰਾ ਜਿਸਦਾ ਨਾਮ ਹੈ ਕਵਿਤਾ
ਅਪਸਰਾ ਹਰ ਜੰਗਲ 'ਚ ਵਿਦਮਾਨ ਹੈ
੬੧
ਤਪੱਸਵੀ
ਐ ਤਪੱਸਵੀ
ਪਰਬਤੀ ਸਿਖਰ 'ਤੇ ਗੱਡੇ
ਤੇਰੇ ਤਿਰਸ਼ੂਲ ਦੀ ਪਰਛਾਈ
ਆ ਰਹੀ ਏ
ਧਰਤੀ ਵੱਲ ਸਰਕਦੀ
ਹੁਣ ਤੂੰ ਵੀ ਪਰਤ ਆ
ਹਲਾਤਾਂ ਦੇ ਗੈਰਜਰੂਰੀ
ਹਿਰਦੇਵੇਦਕ ਬਿਰਤਾਂਤ ਹੁਣ
ਇਤਿਹਾਸ ਵਾਂਗ ਹੀ ਪੜ੍ਹੇ ਜਾਣ
ਜੀਣ ਲਈ ਬਹੁਤ ਨੇ
ਹਵਾਵਾਂ 'ਚ ਖਿੰਡੀਆਂ ਮਹਿਕਾਂ
ਮਹਿਕਾਂ ਦਾ ਸਫਰ ਬਸ
ਹਵਾ ਤੋਂ ਹਵਾ ਤੱਕ
ਸਾਹ ਤੋਂ ਸਾਹ ਤੱਕ
ਹੁਣ ਪਰਤ ਵੀ ਜ਼ਾਲਿਮ ਕਿ
ਸਾਹਵਾਂ ਦੇ ਮਹਿਕਾਂ ਪ੍ਰਤੀ
ਕੁਝ ਫਰਜ਼ ਬਾਕੀ ਹਨ
੬੨
ਮਹਿਕ ਤਾਂ ਵਿਆਕੁਲ ਹੈ
ਕਰਜ ਉਤਾਰਨ ਲਈ
ਸਿਖਰ 'ਤੇ ਬਸ
ਡਿੱਗਣ ਦਾ ਹੀ ਖ਼ਤਰਾ ਹੈ
ਨੀਵਾਣਾਂ ਨੇ ਹੀ ਬਣਨਾ ਹੈ
ਸਹਿਜਮਈ ਅਨੁਭਵ
ਪਿਘਲੀ ਬਰਫ ਦੇ ਨਦੀ ਬਣ
ਨੀਵਾਣਾ ਵੱਲ ਵਹਿ ਜਾਣ ਵਾਂਗ
ਸਮੁੰਦਰ ਨਾਲ਼ ਮਿਲਾਪ ਲਈ
ਹੁਣ ਤੂੰ ਵੀ ਪਰਤ ਆ ਤਪੱਸਵੀ
ਵੇਖ ਤੇਰੇ ਤਿਰਸ਼ੂਲ ਦੀ ਪਰਛਾਂਈ
ਆ ਰਹੀ ਏ ਪਰਤਦੀ
੬੩
ਮੇਲ
ਮੈਂ ਤੈਨੂੰ ਇਸ ਕਦਰ ਚਾਹਿਆ
ਕਿ ਪਾਉਣਾ ਵਿਸਰ ਗਿਆ
ਜਦੋਂ ਰੱਬ ਦਿਲਗੀਰ ਹੁੰਦਾ ਏ
ਰੋਂਦੀ ਹੈ ਰੁੱਤ
ਜਦੋਂ ਰੋਗੀ ਜਿਹੇ ਦਿਨ ਸੰਗ
ਢਲ਼ ਜਾਂਦੇ ਨੇ ਡੋਲਦੇ ਪਰਛਾਵੇਂ
ਤਾਂ ਬੱਦਲਾਂ 'ਚੋਂ ਚਿਤਰਦਾ ਹਾਂ
ਤੇਰੀ ਆਕ੍ਰਿਤੀ
ਹਵਾਵਾਂ 'ਚ ਬਿਖਰ ਜਾਂਦੀ ਹੈ ਮਹਿਕ
ਚੇਤਿਆਂ ਦੀ ਮੁਰਝਾਈ ਸ਼ਾਖ 'ਤੇ
ਪਨਪ ਪੈਂਦੀਆਂ ਨੇ ਨਵੀਆਂ ਕਰੂੰਬਲਾਂ
ਪਲਾਂ ਦਾ ਜੀਉਣ ਯੋਗ ਬਣਨਾ
ਹਟਕੋਰਿਆਂ ਦਾ ਚੁਪ ਗੀਤ ਵਿਚ ਬਦਲਣਾ
ਪਿਆਰ ਵਿਚ ਪਰਿਭਾਸ਼ਾ ਦੀ ਲੋੜ ਨਹੀ
ਸਿਰਫ ਚਾਹੁੰਦੇ ਰਹਿਣ ਦੀ ਕਲਾ ਲੋੜੀਦੀ ਹੈ
ਮੇਲ਼ ਵਿਚ ਉਹ ਸਰੂਰ ਨਹੀ
ਜੋ ਚਾਹੁੰਦੇ ਰਹਿਣ 'ਚ ਹੈ
੬੪
ਐ ਜ਼ਿੰਦਗੀ
ਦਰਦਨਾਕ ਗੀਤਾਂ ਦੀਆਂ ਧੁੰਨਾ ਵਾਂਗ
ਉਦਾਸ ਨੇ ਜ਼ਿੰਦਗੀ ਦੇ ਪਲ
ਤੇਰੇ ਬਗੈਰ ਗੁਜ਼ਰਦੀ
ਜ਼ਿੰਦਗੀ ਦਾ ਹਾਸਿਲ
ਧੜਕਦੇ ਬੁੱਤ ਵਿਚ
ਬਦਲ ਜਾਣ ਦਾ ਅਨੁਭਵ
ਕਿ ਹਿਜ਼ਰ-ਇ-ਦਿਲ ਨੂੰ
ਛੁਪਾਉਂਦੇ ਰਹਿਣ ਦਾ ਮਲਾਲ
ਹੱਥਾਂ ਦਾ ਤੇਰੀ ਛੋਹ ਤੋਂ
ਮਹਿਰੂਮ ਰਹਿ ਜਾਣ ਦਾ ਰੰਜ਼
ਕੇਹਾ ਕੌਤਕ
ਰੰਗਾਂ ਦੀ ਹਨੇਰੀ 'ਚ
ਤੇਰਾ ਹੀ ਰੰਗ ਚੜ੍ਹਿਆ ਮੇਰੇ ਜ਼ਜ਼ਬਾਤ ਨੂੰ
ਮੇਰੇ ਮਟਮੈਲੇ ਨੈਣਾ 'ਚ ਚਮਕੀ
ਤੂੰ ਹੀ ਨੂਰ ਬਣ
ਵਰ੍ਹਿਆਂ ਬਾਦ ਚੇਤਿਆਂ ਦੇ
ਖਾਰੇ ਪਾਣੀਆਂ ਦੇ ਸਮੁੰਦਰ 'ਚੋਂ
ਕਈ ਲਹਿਰ ਆਈ ਹੈ
ਡੁੱਬੇ ਹੋਇਆਂ ਦਾ ਕੀ ਰੋਹੜ ਲਿਜਾਵੇਗੀ
ਐ ਜ਼ਿੰਦਗੀ
ਮਰ ਗਿਆਂ ਦਾ ਕੀ ਵਿਗਾੜੇਂਗੀ
੬੫
ਨਸੀਬ
ਪਹਾੜੀ ਢਲਾਨਾਂ ਤੋਂ
ਸਮਤਲ ਮੈਦਾਨਾ ਵੱਲ
ਸਰਕਦੀ ਹਵਾ
ਪੂਰਬ ਦੀ ਕੁੱਖੋਂ
ਰੋਜ਼ ਉਗਦੇ ਸੂਰਜ ਦੀ ਬਰਸਦੀ ਰੌਸ਼ਨੀ
ਝਿਲਮਿਲ ਸਿਤਾਰੇ
ਬਰਫ਼ੀਲੇ ਪਰਬਤ
ਮਹਿਕਦੀ ਹਰਿਆਲੀ ਭਰੀ
ਚਾਦਰ ਉੜ ਕੇ ਸੁੱਤੇ ਮੈਦਾਨ
ਵਿੰਗੇ ਟੇਢੇ ਰਸਤਿਆਂ 'ਚੋਂ ਗੁਜ਼ਰਦੇ
ਸ਼ੋਰ ਕਰਦੇ ਦਰਿਆ
ਦੁੱਧ 'ਚ ਸ਼ੱਕਰ ਵਾਂਗ
ਹਵਾਵਾਂ 'ਚ ਘੁਲ਼ੀ ਚੰਚਲ ਫੁੱਲਾਂ ਦੀ ਮਹਿਕ
ਹਰ ਪਲ ਲੁਤਫ
ਉਠਾਉਣ ਦੀ ਲਾਲਸਾ
ਆਨੰਦ ਉਮਾਹ ਦੇ ਅਸੀਮ ਸਾਗਰ 'ਚ
ਬੂੰਦ ਬੂੰਦ ਵਹਿ ਜਾਣ ਦੀ
ਸਤਰੰਗੀ ਇੱਛਾ
ਹੁਣ ਬਦਲ ਗਈ ਏ
ਸਾਗਰ ਦਾ ਘੁੱਟ
ਭਰ ਲੈਣ ਦੇ ਹਿਰਸ 'ਚ
ਡੱਕ ਲਿਆ ਹੈ ਬਹੁਤ ਕੁਝ
ਹਊਮੇ ਦੀ ਗਰਦ ਹੇਠ
ਨਸੀਬ ਬਣ ਗਿਆ ਹੈ ਹਰ ਪਲ
ਆਨੰਦਮਈ ਪਲਾਂ ਸੰਗ ਗੁਫਤਗੂ
ਮੁਲਤਵੀ ਕਰ ਦੇਣਾ
ਅਗਲੇ ਪਲ ਲਈ
੬੬
ਜ਼ਖਮੀ ਮੋਰ ਦਾ ਨਾਚ
ਗੜ੍ਹੇਮਾਰ ਮੀਂਹ ਅੰਦਰ
ਨਿਕਲ਼ ਆਇਆ ਹੈ ਜ਼ਖਮੀ ਮੋਰ
ਸਰਾਪੀ ਹਸਰਤ ਦੀ ਜਾਗ ਹੈ
ਬੂੰਦਾਂ ਵਿਚਲਾ ਤਾਲ
ਘਟਾਵਾਂ ਦੀ ਸਿਆਹ ਮਸਤੀ
ਕਰੁਣਾ ਦਾ ਪਿਘਲਿਆ ਵਜੂਦ
ਨਾਚ ਤਾਂ ਹੈ ਜਰਾ ਵਜਦ ਦਾ ਸਾਧਨ
ਰੀਝ ਜੋ ਕਰੁਣਾ 'ਚ ਬਦਲ ਗਈ
ਲੋਰ ਜੋ ਕਰੁਣਾ ਦੀ ਉਪਜ ਹੋ ਗਈ
ਨਾਚ ਤਾਂ ਹੈ ਜਰਾ ਬਦਲਿਆ ਰੂਪ
ਜਿੰਦਾ ਹੋਣ ਦਾ ਜਾਬਤਾ ਪਾਲਦੇ
ਮਨਸੂਈ ਖਦਸ਼ਿਆਂ 'ਚੋਂ ਨਿਕਲਣ ਦਾ
ਨਿਹਫਲ ਯਤਨ
ਦੁਸ਼ਵਾਰ ਰਾਹਵਾਂ ਦੇ ਅਚਾਨਿਕ ਮੋੜ
ਇਹਨਾਂ ਰਾਹਵਾਂ ਦੇ
ਰਾਹਗੀਰ ਹੋਣ ਨੂੰ ਜੀਅ ਕਰੇ
ਜਦੋਂ ਆਪਣੇ ਆਪ ਦਾ
ਆਪਣੀਆਂ ਹੀ ਪਲਕਾਂ 'ਚੋਂ
ਵਹਿ ਜਾਣ ਨੂੰ ਜੀਅ ਕਰੇ
ਤਾਂ ਰਾਹਦਾਰੀ ਦੇਣ ਬਰਸਾਤ ਆਵੇਗੀ
੬੭
ਜਦੋਂ ਜਿੰਦਗੀ ਮੌਤ ਨੂੰ ਆਪਣੇ ਨਾਲ਼
ਇਕ ਮਿਕ ਹੋਣ ਲਈ ਪ੍ਰੇਰੇਗੀ
ਤਾਂ ਉਮਾਹ ਦੀ ਗਲਵੱਕੜੀ
ਬਣ ਉਮੜੇਗੀ ਬਰਸਾਤ
ਜੋ ਬਿਗਾਨੇ ਸੁਰਾਂ 'ਤੇ
ਲਰਜ਼ਣਾ ਨਹੀ ਜਾਣਦੇ
ਆਪਣੇ ਆਗੋਸ਼ 'ਚੋਂ ਉਠੀ
ਮਧੁਰ ਸੰਗੀਤਕ ਲਹਿਰ ਸੰਗ
ਡੋਲਦੇ ਨਜ਼ਰ ਆਉਣਗੇ
ਹਰ ਸਿਰਫਿਰੀ ਰੀਝ ਜੋ
ਵਿਗੋਚੇ ਦੀ ਬੰਧੂਆਂ ਮਜਦੂਰ ਹੋ ਜਾਣੀ ਹੈ
ਮੁਕਤੀ ਲਈ ਲਾਜ਼ਮੀ ਹੋਵੇਗਾ
ਜ਼ਖਮੀ ਮੋਰ ਦਾ ਨਾਚ
੬੯
ਗੀਤ
ਬਲਦਾ ਰਿਹਾ ਹਾਂ ਰਾਤ ਭਰ
ਹੁਜਰੇ ਦੇ ਚਿਰਾਗ ਵਾਂਗ
ਢਲ ਰਿਹਾ ਸੂਰਜ ਹਾਂ ਮੈਂ
ਹੰਭੀ ਪਰਵਾਜ਼ ਵਾਂਗ
ਤੇਰੀ ਅੰਬਰਾਂ ਦੀ ਉਡਾਰੀ
ਤੇਰੀ ਪੌਣ ਦੀ ਸਵਾਰੀ
ਸਾਡਾ ਤਾਂ ਰਾਹ ਨੀਵਾਣਾ
ਪਾਣੀ ਦੀ ਧਾਰ ਵਾਂਗ
ਦੋਸਤੀ ਦੇ ਫੁੱਲਾਂ 'ਤੇ
ਕਾਲ਼ਖ ਦਾ ਹੈ ਨਿਖਾਰ
ਤੇਰਾ ਮੁਸਕਰਾਉਣਾ ਲੱਗਦੇ
ਪਾਣੀ ਦੀ ਧਾਰ ਵਾਂਗ
੭੦
ਇਹ ਕਿਹੋ ਜਿਹੀ ਦੂਰੀ
ਦਰਿਆ ਦਾ ਫਾਸਲਾ ਹੈ
ਮੈਂ ਐਸ ਪਾਰ ਵਾਂਗ
ਤੂੰ ਉਸ ਪਾਰ ਵਾਂਗ
ਕਾਗ਼ਜ ਦੀ ਹੈ ਬੇੜੀ
ਡੁੱਬ ਜਾਣੀ ਬਹੁਤ ਛੇਤੀ
ਡੁੱਬੇ ਹੋਏ ਸੁਪਨੇ ਲੱਗਣੇ
ਪਾਣੀ ਦੀ ਧਾਰ ਵਾਂਗ
ਵਸਲਾਂ ਦੇ ਵਾਰੋਲੇ
ਧੂੜਾਂ ਨੇ ਬੈਠ ਜਾਣਾ
ਤੂੰ ਪਿਆਰ ਬਣ ਮੈਂ ਬਣਨਾ
ਤੇਰੇ ਇੰਤਜ਼ਾਰ ਵਾਂਗ
੭੧
ਗੀਤ
ਫੁੱਲਾਂ ਦੇ ਵਿਚ ਵੀ ਮਹਿਕ ਨਹੀ
ਪੰਛੀਆਂ ਦੀ ਚਹਿਕ ਨਹੀ
ਮਰੀਅਲ ਜਿਹੀ ਬਹਾਰ ਹੈ
ਕਿ ਪਤਝੜ੍ਹ ਦਾ ਸੋਗ ਹੈ
ਪੱਤਿਆਂ ਦਾ ਕੋਈ ਸ਼ੋਰ ਨਹੀ
ਹਵਾਵਾਂ ਦੀ ਮਸਤ ਤੋਰ ਨਹੀ
ਕਾਵਿਕ ਸਤਰ 'ਚੋਂ ਝਲਕਦਾ
ਹਿਰਦੇ ਦਾ ਰੋਗ ਹੈ
ਅੰਬਰ ਦੀ ਕਿੱਥੇ ਕਸ਼ਿਸ਼ ਹੈ
ਧੁੱਪਾਂ 'ਚ ਕਹਿਰੀ ਤਪਸ਼ ਹੈ
ਕੱਲਰਾਂ 'ਤੇ ਇੱਲਾਂ ਭੌਂਅਦੀਆਂ
ਤੁਰ ਗਿਆ ਕੋਈ ਸਾਂਈ ਲੋਕ ਹੈ
੭੨
ਪੰਛੀ ਦੀ ਮਰ ਗਈ ਰੀਝ ਹੈ
ਪੰਖਾਂ ਦੀ ਆਪਣੀ ਚੀਸ ਹੈ
ਰੀਝਾਂ ਦੇ ਕੋਲੋਂ ਲੈ ਲਿਆ
ਉਡਾਣਾ ਨੇ ਜੋਗ ਹੈ
ਤੁਰ ਪਏ ਨੇ ਪੌਣਹਾਰੀ
ਚੜ੍ਹ ਪੌਣਾ ਦੀ ਸਵਾਰੀ
ਚੜ੍ਹਦੇ ਨਹੀ ਜਾਲ ਨਜ਼ਰੀਂ
ਬਸ ਦਿੱਸਦੀ ਚੋਗ ਹੈ
੭੩
ਦੋਹੇ
ਸਭੋ ਯਾਰ ਰਹਿਣ ਬੇਖਬਰੇ, ਤੂੰ ਪੀੜ੍ਹ-ਪੀੜ੍ਹ ਹੋ ਜਾ,
ਲੈ ਤਾਂ ਸਹੀ ਸਾਗਰਾ, ਇਕ ਹਉਕਾ ਅਗਨ ਜਿਹਾ।
ਜ਼ਖਮੀ ਪੈਰ ਕੰਕਰੀਂ ਨੱਚੇ, ਕਰਕੇ ਵਲੀ ਵਲੀ,
ਅਸਾਂ ਫਕੀਰਾਂ ਮਾਣ ਲਈ ਕੁਝ ਪਲ ਰੰਗ ਰਲ਼ੀ।
ਮੱਥੇ ਵਿਚ ਕਲਜੋਗਣਾਂ, ਦਿਨੇ ਪਾਉਂਦੀਆਂ ਰਾਤ,
ਖੰਡਰ ਸੀਨਿਉਂ ਧੜਕਣਾ ਕਰ ਗਈਆਂ ਪਰਵਾਸ।
ਅੰਬਰਸਰ ਵਿਚ ਫਿਰ ਰਿਹਾਂ ਜਿਵੇਂ ਬਿਗਾਨੇ ਦੇਸ,
ਸ਼ਾਇਰਾਂ,ਆਸ਼ਿਕ ਪਾਗਲਾਂ ਕੌਣ ਪਛਾਣੇ ਵੇਸ।
ਮਾਰ ਨਾ ਸਾਕੀ ਝਿੜਕੀਆਂ, ਮੇਰੇ ਵਹਿ ਜਾਂਦੇ ਜ਼ਜ਼ਬਾਤ।
ਮੈਖਾਨੇ ਵੱਲ ਲੈ ਤੁਰੀ ਸਾਨੂੰ ਬੇਖ਼ੁਦੀਆਂ ਦੀ ਆਸ।
ਮੈਂ ਪਾਗਲ ਵ੍ਹਾਵਰੋਲੜਾ ਆਉਂਗਾ ਝੂੰਮਰ ਪਾ,
ਤੂੰ ਟਿੱਬਿਆਂ ਦੀ ਰੇਤ ਨੀ ਲੈ ਜੂੰ ਨਾਲ਼ ਉਡਾ।
ਦੂਰ ਪਹਾੜੀ ਦੇਸ ਤੋਂ, ਆ ਬਦਲੀ ਕਰ ਗਈ ਛਾਂ,
ਤੇਰੀ ਮੇਰੀ ਪ੍ਰੀਤ ਨੂੰ ਦੇਣ ਆਈ ਕੋਈ ਨਾਂਅ।
ਖ਼ਾਮੋਸ਼ੀ ਦਾ ਨਾਮ ਇਬਾਦਤ, ਰਹਿ ਰਹਿ ਮਨ ਭਰਾਂ,
ਢੱਠੇ ਖੂਹ ਵਿਚ ਆਸ਼ਕੀ ਜੇ ਇਜ਼ਹਾਰ ਕਰਾਂ।
ਇਹ ਸਰਮਾਇਆ ਦੋਸਤੋ ਮੇਰੇ ਕੋਲ਼ੇ ਰਹਿਣ ਦਿਉ,
ਮੇਰੇ ਹਿਜ਼ਰ ਦੀ ਵੇਦਨਾ ਬਸ ਮੈਨੂੰ ਸਹਿਣ ਦਿਉ।
੭੪
ਗੀਤ
ਕੌਣ ਦਏ ਦਿਲਬਰੀਆਂ ਵੇ ਲੋਕੋ ਕੌਣ ਦਏ ਦਿਲਬਰੀਆਂ
ਲੈ ਕੇ ਮੱਥੇ ਭਾਗ ਵਿਹੂਣੇ ਰੋਵਣ ਭਾਗਾਂ ਭਰੀਆਂ
ਕੌਣ ਦਏ ਦਿਲਬਰੀਆਂ.....
ਲੈ ਸੁਗੰਧੀਆਂ ਪੌਣ ਤੁਰੀ ਸੀ ਜਾਂਦੇ ਸਨ ਭੰਵਰੇ ਨਸ਼ਿਆਏ
ਹੁਣ ਤਾਂ ਫਿਰਦੀਆਂ ਲਹੂ ਤਿਹਾਈਆਂ ਜ਼ਹਿਰ ਹਥੇਲੀ ਧਰੀਆਂ
ਕੌਣ ਦਏ ਦਿਲਬਰੀਆਂ.....
ਸੁਣ ਨੀ ਤਿਤਰੀ ਮਿਤਰੀ ਛਾਵੇਂ, ਤਪਦੇ ਸਿਰਾਂ ਦੇ ਸੇਕ ਤੂੰ ਲਾਹਵੇਂ
ਸੋਹਲ ਸੁਹੰਦੀਆਂ ਪੀਂਘ ਝੁਟੇਵਣ ਲਾਡੀਂ ਪਲੀਆਂ ਪਰੀਆਂ
ਕੌਣ ਦਏ ਦਿਲਬਰੀਆਂ....
ਇਹ ਤਾਂ ਗੰਗਾ ਇਹ ਤਾਂ ਸੀਤਾ, ਸਮੇਂ ਕੁਲਿਹਣਾ ਕੁਫਰ ਕਿਉਂ ਕੀਤਾ
ਸਦਾ ਪਵਿੱਤਰ ਆਦਿ ਜੁਗਾਦੋਂ ਕਿਉਂ ਇਹ ਕੂੰਜਾਂ ਮਰੀਆਂ।
ਕੌਣ ਦਏ ਦਿਲਬਰੀਆਂ......
ਆ ਵੇ ਸੋਚ ਦੇ ਸੂਰਜ ਆ ਵੇ ਸਭ ਮੱਥਿਆਂ ਦੀ ਤਪਸ਼ ਵਧਾ ਵੇ,
ਨੈਣਾਂ ਦੇ ਖੂਹ ਬਰਫਾਂ ਜੰਮੇ ਸਭ ਹਿੱਕਾਂ ਹੀ ਠਰੀਆਂ
ਕੌਣ ਦਏ ਦਿਲਬਰੀਆਂ ਵੇ ਲੋਕੋ
ਕੌਣ ਦਏ ਦਿਲਬਰੀਆਂ

No comments:

Post a Comment