Wednesday, December 7, 2011

ਵੱਸਣ ਤੋਂ ਪਹਿਲਾਂ ਉਜੜਿਆ ਦਲੀਪਗੜ੍ਹ



ਸਿੱਖ ਰਾਜ ਦੀਆਂ ਤਿਰਕਾਲ਼ਾਂ ਦੇ ਦਿਨ ਸਨ। ਅਹਿਲਕਾਰ ਇਕ-ਦੂਜੇ ਦੇ ਖੁਨ ਦੀ ਹੋਲੀ ਖੇਡ ਰਹੇ ਸਨ।ਮਹਾਰਜਾ ਰਣਜੀਤ ਸਿੰਘ ਦਾ ਖਾਨਦਾਨ ਆਪਸੀ ਵਿਰੋਧਾਂ, ਅਤੇ ਦੂਰ-ਅੰਦੇਸ਼ੀ ਦੀ ਘਾਟ ਵਾਲ਼ੇ ਹੰਕਾਰੇ ਹੋਏ ਸਰਦਾਰਾਂ ਦੀਆਂ ਸਾਜਿਸ਼ਾਂ ਦੀ ਭੇਟਾ ਚੜ੍ਹ ਰਿਹਾ ਸੀ।ਆਪਸੀ ਕਤਲਾਂ ਨੇ ਸਿੱਖ ਰਾਜ ਦੀਆਂ ਨੀਂਹਾਂ ਖੋਖਲੀਆਂ ਕਰ ਦਿੱਤੀਆਂ ਸਨ। ਲਾਹੌਰ ਦਰਬਾਰ ਦੇ ਅਜਿਹੇ ਖੂਨੀ ਦੌਰ ਵਿਚ ਕੁੰਵਰ ਦਲੀਪ ਸਿੰਘ ਸਿਰ ਤਾਜ ਸੱਜਿਆ।ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾਂ ਨੂੰ ਇਕ ਪਾਸੇ ਆਪਣੇ ਪੁੱਤਰ ਦੇ ਰਾਜਗੱਦੀ ਉੱਤੇ ਬੈਠਣ ਦੀ ਖੁਸ਼ੀ ਸੀ। ਦੂਜੇ ਪਾਸੇ ਉਹਦੀ ਜਾਨ ਨੂੰ ਹੋਣ ਵਾਲ਼ੇ ਸੰਭਾਵੀ ਖਤਰਿਆਂ ਦਾ ਡਰ ਸੀ
ਇਸੇ ਖਤਰੇ ਨੂੰ ਭਾਂਪ ਕੇ ਰਾਣੀ ਜਿੰਦ ਕੌਰਾਂ ਦੇ ਭਰਾ ਅਤੇ ਮਹਾਰਾਜਾ ਦਲੀਪ ਸਿੰਘ ਦੇ ਮਾਮਾ ਸ੍ਰ: ਜਵਾਹਰ ਸਿੰਘ ਔਲ਼ਖ ਨੇ ਲਾਹੌਰ ਤੋਂ ਤਕਰੀਬਨ ਤੀਹ ਕਿਲੋਮੀਟਰ ਹਟਵਾਂ ਦਲੀਪ ਸਿੰਘ ਦੇ ਨਾਮ 'ਤੇ ਦਲੀਪਗੜ੍ਹ ਸ਼ਹਿਰ ਵਸਾਉਣ ਦੀ ਯੋਜਨਾ ਬਣਾਈ। ਅਤੇ ਇੱਥੇ ਵਿਸ਼ਾਲ ਦੁਰਗ ਵੀ ਬਣਾਇਆ। ਇਹ ਪਿੰਡ ਅੱਜ ਅੰਮ੍ਰਿਤਸਰ ਜਿਲੇ ਦੇ ਕਸਬਿਆਂ ਚੋਗਾਵਾਂ-ਲੋਪੋਕੇ ਦੇ ਕੋਲ਼ ਹੈ। ਪਿੰਡ ਉਡਰ ਦੇ ਕੋਲ਼ ਵੱਸਣ ਤੋਂ ਪਹਿਲਾਂ ਹੀ ਉਜੜੇ ਇਸ ਸ਼ਹਿਰ ਦੀਆਂ ਬਸ ਇੱਕਾ-ਦੁੱਕਾ ਨਿਸ਼ਾਨੀਆਂ ਹੀ ਬਚੀਆਂ ਹਨ।ਪਿੰਡ ਉਡਰ ਦੇ ਵਸਨੀਕਾਂ ਦੇ ਦੱਸਣ ਅਨੁਸਾਰ ਕੁਝ ਸਾਲ ਪਹਿਲਾਂ ਕਿਸੇ ਯੂਨੀਵਰਸਿਟੀ ਤੋਂ ਕੁਝ ਲੋਕ ਆਏ ਜੋ ਦਲੀਪਗੜ੍ਹ ਬਾਰੇ ਖੋਜ ਕਰਨ ਦੇ ਮਕਸਦ ਲਈ ਆਏ ਸਨ।ਪਰ ਸਰਕਾਰੀ ਅਦਾਰਿਆਂ ਦੇ ਪ੍ਰੋਜੈਕਟ ਸਿਰਫ ਗਰਾਂਟਾਂ ਹੜੱਪ ਕਰਨ ਅਤੇ ਖਾਨਾਪੂਰਤੀ ਤੱਕ ਹੀ ਸੀਮਤ ਰਹਿੰਦੇ ਹਨ।
ਜਵਾਹਰ ਸਿੰਘ ਜੋ ਉਸ ਵੇਲ਼ੇ ਸਿੱਖ ਰਾਜ ਦਾ ਪ੍ਰਧਾਨ ਮੰਤਰੀ ਸੀ,  ਨੇ ਇਸ ਵਿਸ਼ਾਲ ਕੋਟ ਦੀਆਂ ਚਾਰ ਨੁੱਕਰਾਂ 'ਚ ਚਾਰ ਖੂਹ ਲਵਾਏ ਸਨ। ਇਹਨਾਂ ਚਾਰ ਵਿਚੋਂ ਸਿਰਫ ਤਿੰਨ ਖੂਹ ਹੀ ਬਚੇ ਮਿਲ਼ਦੇ ਹਨ।
ਇਕ ਖੂਹ ਦੇ ਨੇੜੇ ਗਏ ਤਾਂ ਇਕ ਕਮਰੇ ਵਿਚ ਗੁਰੁ ਗ੍ਰੰਥ ਸਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਅਖੰਡ ਪਾਠ ਚਲ ਰਹੇ ਸਨ।ਪਹਿਲਾਂ ਤਾਂ ਪਾਠ ਕਰ ਰਹੇ ਪਾਠੀ ਸਿੰਘ ਤੋਂ ਇਲਵਾ ਕੋਈ ਨਜ਼ਰ ਨਾ ਆਇਆ ਪਰ ਛੇਤੀ ਹੀ ਕੁਝ ਹੋਰ ਵਿਅਕਤੀ ਇੱਧਰੋਂ-ਉਧਰੋਂ ਆ ਗਏ। ਇਹ ਖੂਹ ਰਾਣੀ ਜਿੰਦਾ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।
ਢੱਠੇ ਖੂਹ ਦਾ ਉੱਪਰਲਾ ਕੁਝ ਹਿੱਸਾ ਇੱਟਾਂ ਲਾ ਕੇ ਬਚਾਇਆ ਗਿਆ ਸੀ।ਖੂਹ ਦੀ ਹਾਲਤ ਤਰਸਯੋਗ ਸੀ। ਇਕ ਪਾਸੇ ਖੂਹ ਦੇ ਅੰਦਰ ਇਕ ਸਿੱਲ ਅਜੇ ਵੀ ਮੌਜੂਦ ਹੈ, ਜਿਸ 'ਤੇ ਗੁਰਮੁਖੀ ਵਿਚ ਅੰਕਿਤ ਹੈ:
' ਅਕਾਲਸਹਾਇ ਖੂਹ ਲਵਾਇਆ ਸਰਦਾਰ ਜਵਾਹਰ ਸਿੰਘ ਜੀ ਬੇਟਾ ਮੰਨਾ ਸਿੰਘ ਜੀ ਜਾਤ ਔਲ਼ਖ ਸੰਮਤ ੧੮੦੧'
ਜਵਾਹਰ ਸਿੰਘ ਦੇ ਲਵਾਏ ਖੂਹ ਕੁਝ ਦਹਾਕੇ ਪਹਿਲਾਂ ਤੱਕ ਸਿੰਚਾਈ ਲਈ ਵਰਤੇ ਜਾਂਦੇ ਸਨ। ਖੂਹ ਵਿਚ ਅਜੇ ਵੀ ਪਾਣੀ ਮੌਜੂਦ ਹੈ। ਬਾਕੀ ਖੂਹ ਬਿਲਕੁਲ ਸੁੱਕ ਗਏ ਹਨ ਪਰ ਇਸ ਖੂਹ ਵਿਚ ਉੱਪਰਲੀ ਸਤਹਿ ਤੱਕ ਪਾਣੀ ਹੋਣਾ ਹੈਰਾਨੀਜਨਕ ਹੈ। ਜਦੋਂ ਅਸੀਂ ਪਿੰਡ ਵਾਲ਼ਿਆਂ ਨਾਲ਼ ਖੂਹ ਦੀ ਤਰਸਯੋਗ ਹਾਲਤ ਬਾਰੇ ਗੱਲ ਕੀਤੀ ਤਾਂ ਪਿੰਡ ਵਾਸੀਆਂ ਦੱਸਿਆ ਕਿ ਉਹ ਖੂਹ ਦੀ ਹਾਲਤ ਸੁਧਾਰਨ ਬਾਰੇ ਸੋਚ ਰਹੇ ਹਨ, ਅਤੇ ਖੂਹ ਦੀ ਸਫਾਈ ਕਰਕੇ ਬਾਉਲੀ ਸਹਿਬ ਦਾ ਰੂਪ ਦੇ ਦੇਣਗੇ। ਅਸੀਂ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਇਸਨੂੰ ਇਸੇ ਰੂਪ ਵਿਚ ਸਾਂਭਣ ਦਾ ਯਤਨ ਕਰੋ।ਸੰਗਮਰਮਰ ਲਗਾ ਕੇ ਖੂਹ ਨੂੰ ਦੁਲਹਨ ਵਾਂਗ ਸਜਾ ਦਿਉਗੇ ਤਾਂ ਇਸਦੀ ਇਤਿਹਾਸਿਕ ਮੱਹਤਵਤਾ ਨਹੀਂ ਰਹੇਗੀ।
ਇਕ ਹੋਰ ਮਿਲ਼ੀ ਸਿਲ ਜਿਸਤੇ ਕੁਝ ਅੰਕਿਤ ਸੀ ਪਰ ਪੜ੍ਹਿਆ ਨਹੀ ਜਾ ਰਿਹਾ ਸੀ, ਨੂੰ ਸੰਭਾਲਣ ਦੀ ਬਜਾਇ ਪਾਣੀ ਦਾ ਬੋਰ ਢੱਕਿਆ ਹੋਇਆ ਸੀ।
      ਪਤਾ ਲੱਗਦਾ ਹੈ ਕਿ ਇਹ ਕਿਲਾ ੮੦ ਤੋਂ ੧੦੦ ਏਕੜ ਭੂਮੀ ਦੇ ਦਰਮਿਆਨ ਬਣਾਇਆ ਗਿਆ ਸੀ। ਇਸਦੇ ਦੁਆਲ਼ੇ ਕਾਫੀ ਚੌੜੀ ਦੀਵਾਰ ਸੀ। ਕਿਲੇ ਦੇ ਚਾਰ ਦਰਵਾਜੇ ਸਨ। ਪਿੰਡ ਦੇ ਇਕ ਕਿਸਾਨ ਨੇ ਦੱਸਿਆ ਤਕਰੀਬਨ ਦੋ ਫੁੱਟ ਚੌੜੀਆਂ ਚੂਨੇ ਦੀਆਂ ਦੀਵਾਰਾਂ ਉਸਨੇ ਪੁੱਟ ਕੇ ਜਮੀਨ ਪੱਧਰੀ ਕਰਕੇ ਖੇਤਾਂ ਨਾਲ਼ ਰਲ਼ਾਈ।ਜਵਾਹਰ ਸਿੰਘ ਨੇ ਆਲ਼ੇ-ਦੁਆਲ਼ੇ ਬਾਗ ਵੀ ਲਵਾਏ।
ਲਾਹੌਰ ਦਰਬਾਰ ਦੀ ਖਾਨਾਜੰਗੀ ਦੇ ਦੌਰਾਨ ਜਵਾਹਰ ਸਿੰਘ ਦੇ ਅਜਿਹੇ ਦੂਰਅੰਦੇਸ਼ੀ ਨਾਲ਼ ਭਰਭੂਰ ਕੰਮ ਲਿਖਾਰੀਆਂ ਵੱਲੋਂ ਬਿਆਨ ਕੀਤੇ ਉਸਦੇ ਸ਼ਰਾਬੀ-ਕਬਾਬੀ ਵਾਲ਼ੇ ਚਰਿਤਰ ਨਾਲ਼ ਮੇਲ਼ ਨਹੀਂ ਖਾਂਦਾ। ਸਿੱਖ ਰਾਜ ਦਾ ਇਤਿਹਾਸ ਲਿਖਣ ਵੇਲ਼ੇ ਲਿਖਾਰੀਆਂ ਨੇ ਹੱਦੋਂ ਵੱਧ ਭਾਵੁਕਤਾ ਤੋਂ ਕੰਮ ਲਿਆ ਹੈ।
ਜਵਾਹਰ ਸਿੰਘ ਦੁਅਰਾ ਲਵਾਏ ਇਹਨਾਂ ਖੂਹਾਂ 'ਤੇ ਹਰ ਖੂਹ 'ਤੇ ਇਕ ਖਾਨਗਾਹ ਮੌਜੂਦ ਹੈ। ਜਵਾਹਰ ਸਿੰਘ ਨੇ ਇਲਾਕੇ ਦੀਆਂ ਰੌਣਕਾਂ 'ਚ ਵਾਧਾ ਕਰਨ ਲਈ ਹੋਰ ਥਾਵਾਂ ਤੋਂ ਲਿਆ ਕੇ ਜਿਮੀਦਾਰਾਂ ਨੂੰ ਜ਼ਮੀਨਾ ਅਲਾਟ ਕੀਤੀਆਂ, ਜਿਨ੍ਹਾਂ ਨੇ ਕੁਝ ਪਿੰਡ ਬੰਨੇ ਅਤੇ ਬਾਗ ਲਵਾਏ।।
ਪਰ ਇੱਥੇ ਦਲੀਪਗੜ੍ਹ ਸ਼ਹਿਰ ਵਸਾਉਣ ਦਾ ਜਵਾਹਰ ਸਿੰਘ ਦਾ ਸੁਪਨਾ ਪੂਰਾ ਨਾ ਹੋ ਸਕਿਆ। ਅਜੇ ਉਸਾਰੀ ਜਾਰੀ ਸੀ ਕਿ ਲਾਹੌਰ ਦਰਬਾਰ ਤੋਂ ਖਾਨਾਜੰਗੀ ਕਾਰਨ ਹਾਲਾਤ ਵਿਗੜਨ ਦਾ ਸੁਨੇਹਾ ਆ ਗਿਆ। ਅਤੇ ਜਵਾਹਰ ਸਿੰਘ ਨੂੰ ਵਾਪਸ ਜਾਣਾ ਪਿਆ। ਜਦੋਂ ਉਹ ਹਾਥੀ 'ਤੇ ਜਾ ਰਿਹਾ ਸੀ ਤਾਂ ਨਿਹੰਗ ਸਿੰਘਾਂ ਨੇ ਨੇਜਿਆਂ ਨਾਲ਼ ਉਸਦਾ ਕਤਲ ਕਰ ਦਿੱਤਾ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਤਨਖਾਹਾਂ ਨਾਂ ਮਿਲ਼ਨ ਕਾਰਨ ਫੌਜੀ ਭੜਕੇ ਹੋਏ ਸਨ।ਅਤੇ ਕੁਝ ਇਸ ਕਤਲ ਦੀ ਵਜ੍ਹਾ ਅਹਿਲਕਾਰਾਂ ਦੀਆਂ ਨਿੱਜੀ ਦੁਸ਼ਮਣੀਆਂ ਨੂੰ ਦੱਸਦੇ ਹਨ। ਬਹੁਤੇ ਇਤਿਹਾਸਕਾਰ ਸਿੱਖ-ਐਂਗਲੋ ਯੁੱਧ ਦਾ ਇਕ ਕਾਰਨ ਇਹ ਵੀ ਦੱਸਦੇ ਹਨ ਕਿ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਮਹਾਰਣੀ ਜਿੰਦਾਂ ਨੇ ਸਿੱਖ ਫੌਜਾਂ ਨੂੰ ਸਬਕ ਸਿਖਾਉਣ ਦੀ ਠਾਣੀ ਅਤੇ ਅੰਗਰੇਜਾਂ ਨੂੰ ਪੰਜਾਬ 'ਤੇ ਹਮਲਾ ਕਰਨ ਦਾ ਸੁਨੇਹਾ ਭੇਜਿਆ। ਅਤੇ ਯੁੱਧ ਵੇਲ਼ੇ ਜਾਣਬੁੱਝ ਕੇ ਫੌਜਾਂ ਦੀ ਮਦਦ ਰੋਕ ਲਈ। ਸ਼ਾਹ ਮੁਹੰਮਦ ਵੀ ਆਪਣੇ ਕਿੱਸੇ ਜੰਗਾਨਾਮਾ ਸਿੰਘਾਂ ਤੇ ਫਰੰਗੀਆਂ ਵਿਚ ਰਾਣੀ ਜਿੰਦਾ ਦਾ ਪੱਖ ਦੇਂਦਾ ਹੋਇਆ  ਲਿਖਦਾ ਹੈ:
ਜਿਨਾ ਮਾਰਿਆ ਕੋਹ ਕੇ ਵੀਰ ਮੇਰਾ, ਮੈਂ ਖੁਹਾਉਂਗੀ ਉਨਾ ਦੀਆਂ ਜੁੰਡੀਆਂ ਜੀ,
…ਸ਼ਾਹ ਮੁਹੰਮਦਾ ਪੈਣਗੇ  ਵੈਣ ਡੂੰਘੇ ਜਦੋਂ ਹੋਣ ਪੰਜਾਬਣਾ ਰੰਡੀਆਂ ਜੀ।
ਪਰ ਉਪਰੋਕਤ ਤੱਥ ਵਿਚ ਬਹੁਤੀ ਸੱਚਾਈ ਨਹੀ ਜਾਪਦੀ। ਕਿਉਂਕਿ ਆਪਣੇ ਪੁੱਤਰ ਦੇ ਰਾਜ 'ਤੇ ਹਮਲਾ ਕਰਨ ਦਾ ਸੱਦਾ ਰਾਣੀ ਕਦੇ ਵੀ ਨਹੀ ਦੇ ਸਕਦੀ ਸੀ। ਉਹ ਰਾਜ ਖਤਮ ਹੋਣ ਤੋਂ ਬਾਅਦ ਉਸਨੇ ਅੰਗਰੇਜਾਂ ਤੋਂ ਜਗੀਰ ਜਾਂ ਪੈਨਸ਼ਨ ਲੈਣ ਤੋਂ ਨਾਂਹ ਕਰ ਦਿੱਤੀ,ਭਾਵੇਂ ਉਸ 'ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ ਅਤੇ ਪੁੱਤਰ ਦੇ ਵਿਯੋਗ ਵਿਚ ਤੜਫਣਾ ਪਿਆ। ਹਮਲੇ ਵੇਲੇ ਰਾਣੀ ਨੇ ਦੇਸ਼ਭਗਤ ਸਿੱਖ ਸਰਦਾਰਾਂ ਨੂੰ ਪੱਤਰ ਲਿਖ ਕੇ ਯੁੱਧ ਵਿਚ ਸਹਾਇਤਾ ਮੰਗੀ ਅਤੇ ਪੰਥ ਅਤੇ ਪੰਜਾਬ ਦੀ ਰਾਖੀ ਦਾ ਵਾਸਤਾ ਪਾਇਆ। ਦਰਅਸਲ ਅੰਗਰੇਜ ਬਹੁਤ ਚਲਾਕ ਲੋਕ ਸਨ ਉਹਨਾਂ ਲਹੌਰ ਦਰਬਾਰ ਵਿਚ ਬੈਠੇ ਆਪਣੇ ਪਿੱਠੂਆਂ ਰਾਹੀਂ ਰਾਣੀ ਵਿਰੁੱਧ ਪ੍ਰਚਾਰ ਕਰਵਾਇਆ ਅਤੇ ਰਾਣੀ ਦੇ ਚਰਿਤਰ ਨੂੰ ਲੈ ਕੇ ਝੂਠੀਆਂ ਅਫਵਾਹਾਂ ਫੈਲਾਈਆਂ ਤਾਂ ਕਿ ਸਿੱਖਾਂ ਵਿਚ ਫੁੱਟ ਪੈ ਸਕੇ। ਅੰਗਰੇਜਾਂ ਦਾ ਸੂਹੀਆ ਅਤੇ ਪ੍ਰਚਾਰ ਤੰਤਰ ਲਾਜਵਾਬ ਸੀ ਉਹ ਮਕਸਦ ਵਿਚ ਕਾਮਯਾਬ ਹੋ ਗਏ। ਮਗਰੋਂ ਕਈ ਇਤਿਹਾਸਕਾਰ ਵੀ ਅੰਗਰੇਜਾਂ ਦੇ ਫੈਲਾਏ ਇਸੇ ਭਰਮ ਦਾ ਸ਼ਿਕਾਰ ਬਣੇ।
ਮਹਾਂਰਾਣੀ ਜਲਾਵਤਨ ਹੋ ਗਈ ਤੇ ਅੰਗਰੇਜਾਂ ਘੋਰ ਤਸੀਹੇ ਦਿੱਤੇ ਜੇ ਮਹਾਂਰਾਣੀ ਅੰਗਰੇਜ਼ਾਂ ਦੀ ਇਮਦਾਦਗਾਰ ਹੁੰਦੀ ਤਾਂ ਤਸੀਹੇ ਕਿਉਂ ਸਹਿੰਦੀ? ਦਲੀਪ ਸਿੰਘ ਅੰਗਰੇਜਾਂ ਦੀ ਗ੍ਰਿਫਤ ਵਿਚ ਆ ਗਿਆ। ਅਧੂਰਾ ਦਲੀਪਗੜ੍ਹ ਵੱਸਣ ਤੋਂ ਪਹਿਲਾਂ ਹੀ ਉੱਜੜ ਗਿਆ। ਪਿੰਡ ਉਡਰ ਅਤੇ ਜੋਇਕੇ ਦੇ ਲੋਕ ਕਿਲੇ ਦੀਆਂ ਨਾਨਕਸ਼ਾਹੀ ਇੱਟਾਂ ਘਰਾਂ ਵਿਚ ਲੈ ਗਏ ਤੇ  ਪੱਕੇ ਮਕਾਨ ਬਣਾ ਲਏ। ਜਵਾਹਰ ਸਿੰਘ ਦੀ ਕਿਲਾ ਵਸਾਉਣ ਦੀ ਯੋਜਨਾ ਭਾਵੇਂ ਸਿਰੇ ਨਹੀਂ ਚੜਹ ਸਕੀ ਪਰ ਉਸਦੇ ਲਵਾਏ ਖੂਹਾਂ ਤੋਂ ਕਿਸਾਨ ਲੋਕ ਕੁਝ ਦਹਾਕੇ ਪਹਿਲਾਂ ਤੱਕ ਸਿੰਚਾਈ ਦਾ ਕੰਮ ਲੈਂਦੇ ਰਹੇ। ਅੱਜ ਵੇਹਲੇ ਪਏ ਖੂਹ ਵੀ ਵਰਦਾਨ ਸਾਬਿਤ ਹੋ ਰਹੇ ਹਨ। ਜਦੋਂ ਜਿਆਦਾ ਬਾਰਸ਼ਾਂ ਹੁੰਦੀਆਂ ਹਨ ਤਾਂ ਫਸਲ ਗਲ਼ ਕੇ ਤਬਾਹ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਲੋਕ ਖਾਲ਼ਾਂ ਰਾਹੀਂ ਪਾਣੀ ਖੂਹਾਂ ਵਿਚ ਪਾ ਦੇਂਦੇ ਹਨ। ਅਤੇ ਵਾਧੂ ਪਾਣੀ ਖੁਹਾਂ ਜਰੀਏ ਧਰਤੀ ਹੇਠ ਚਲਾ ਜਾਂਦਾ ਹੈ ਸਿੱਟੇ ਵਜ੍ਹੋਂ ਫਸਲ ਬਚ ਜਾਂਦੀ ਹੈ। ਪਰ ਜਵਾਹਰ ਸਿੰਘ ਔਲ਼ਖ ਦਾ ਕਿਲਾ ਨਹੀ ਬਚ ਸਕਿਆ।

       ਜਤਿੰਦਰ ਸਿੰਘ ਔਲ਼ਖ, ਪਿੰਡ ਤੇ ਡਾਕ: ਕੋਹਾਲ਼ੀ, ਜਿਲਾ ਅੰਮ੍ਰਿਤਸਰ- aulakhkohali@yahoo.com

No comments:

Post a Comment