Tuesday, December 6, 2011

ਕਿੰਨੀਆਂ ਉਜਾੜਾਂ ਆਬਾਦ ਨੇ ਕਬੂਤਰਾਂ ਸਦਕਾ…।

ਵਾਹਵਾ ਮੌਜ ਫਕੀਰਾਂ ਵਾਲ਼ੀ


ਜਤਿੰਦਰ ਸਿੰਘ ਔਲ਼ਖ,ਪਿੰਡ ਤੇ ਡਾਕ: ਕੋਹਾਲ਼ੀ, ਜਿਲਾ ਅੰਮ੍ਰਿਤਸਰ-143109 email: aulakhkohali@yahoo.com

ਉੱਡਦੇ ਕਬੂਰਤਾਂ ਦੇ ਮਗਰ:

ਕਿੰਨੀਆਂ ਉਜਾੜਾਂ ਆਬਾਦ ਨੇ ਕਬੂਤਰਾਂ ਸਦਕਾ…।


ਪਾਸ਼ ਦੀ ਕਵਿਤਾ 'ਉੱਡਦੇ ਬਾਜਾਂ ਦੇ ਮਗਰ' ਤਾਂ ਕੋਈ ਸੂਝ ਬਣਨ ਤੋਂ ਬਾਅਦ ਸੰਘਰਸ਼ ਲਈ ਪ੍ਰੇਰਦੀ ਹੈ।ਪਰ ਇੱਕ ਅੱਲੜ ਜਿਹੀ ਅਤੇ ਸਭ ਹੱਕਾਂ-ਬੇਹੱਕਾਂ ਵੱਲੋਂ  ਬੇਲਾਗ ਜਿਹੀ ਉਮਰ ਹੁੰਦੀ ਹੈ। ਇਸੇ ਉਮਰ ਦੀ ਇਕ ਯਾਦ ਨੂੰ ਲੇਖ ਦਾ ਰੂਪ ਦੇਣ ਦਾ ਯਤਨ ਮੈਂ 'ਉੱਡਦੇ ਕਬੂਤਰਾਂ ਦੇ ਮਗਰ' ਲੇਖ ਰਾਹੀਂ ਕੀਤਾ। ਵੱਖ-ਵੱਖ ਤਰਾਂ੍ਹ ਦੇ ਜਾਨਵਰ ਤੇ ਪੰਛੀ ਪਾਲਣ ਦਾ  ਸ਼ੌਕ ਪੰਜਾਬੀਆਂ ਨੂੰ  ਸ਼ੁਰੂ ਤੋਂ ਹੀ ਰਿਹਾ ਹੈ। ਪਰ ਕਬੂਤਰ ਪਾਲਣ ਦਾ ਸ਼ੌਕ ਜਾਨੂੰਨ ਦੀ ਹੱਦ ਤੱਕ ਚਲੇ ਜਾਦਾਂ ਹੈ। ਜਾਨਵਰਾਂ ਤੇ ਪੰਛੀਆਂ ਨੂੰ ਪਿਆਰ ਕਰਨ ਦੀ ਬਦੌਲਤ ਪੰਜਾਬ ਦੀ ਧਰਤੀ ਨੂੰ ਦਾਤੇ ਨੇ ਬੜੇ ਭਾਗ ਲਾਏ ਨੇ। ਇਹਨਾਂ ਬੇਜੁਬਾਨਿਆਂ ਦੀ ਸੇਵਾ ਕਰਨ ਦੀ ਰੀਝ ਜਰੂਰ ਹੀ ਸੱਚੇ ਦੀ ਦਰਗਾਹੇ ਬਿਨ ਅਰਦਾਸੋਂ ਮਨਜ਼ੂਰ ਹੁੰਦੀ ਏ। ਰੱਬ ਨੂੰ ਧਰਤੀ 'ਤੇ ਵੇਖਣਾ ਜੇ ਤਾਂ ਫੁੱਲਾਂ, ਪੰਛੀਆਂ ਤੇ ਕੁਦਰਤ ਨਾਲ਼ ਪਿਆਰ ਕਰੋ।
ਚੜਦੀ ਜਵਾਨੀ ਦੇ ਦਿਨੀਂ ਅਕਸਰ ਕਬੂਤਰਬਾਜਾਂ ਨੂੰ ਇਹ ਲਗਨ ਸ਼ੁਰੂ ਹੋ ਜਾਂਦੀ ਹੈ। ਕਈ ਤਾਂ ਬਚਪਨ ਤੋਂ ਹੀ ਇਸੇ ਰੰਗ ਵਿੱਚ ਰੰਗੇ ਜਾਂਦੇ ਹਨ। ਕਬੂਤਰਬਾਜਾਂ ਵਿੱਚ ਆਪਣੀ ਹੀ ਤਰਾਂ੍ਹ ਦੀ ਸਿਆਸਤ ਚਲਦੀ ਹੈ। ਸੌਦੇਬਾਜੀ ਹੁੰਦੀ ਹੈ, ਲੂਤੀਆਂ ਚਲਦੀਆਂ ਹਨ ਤੇ ਧੜੇ ਪਾਲੇ ਜਾਂਦੇ ਹਨ। ਅਕਸਰ ਗੱਲ ਲੜਾਈਆਂ 'ਤੇ ਉਤਰ ਆਉਂਦੀ।
ਕਿਸੇ ਪਿੰਡੋਂ ਭਟਕਿਆ ਹੋਇਆ ਕਬੂਤਰ  ਉੱਡਦਾ ਸਾਡੇ ਪਿੰਡ ਆ ਨਿਕਲਿਆ। ਮੁੰਡੇ ਛੱਪੜ ਵਿੱਚ ਨਹਾ ਕੇ ਕਿਕਰਾਂ ਦੀ ਛਾਵੇਂ  ਲੇਟੇ ਸਨ ਕਿ ਮਿੱਡਾ ਭੱਜਾ ਹੋਇਆ ਆਇਆ ਹਫੇ ਹੋਏ ਨੇ ਦੱਸਿਆ ਕਿ ਕਬੂਤਰ ਗੇਜੇ ਕਿ ਚੁਬਾਰੇ ਦੁਆਲ਼ੇ ਗੇੜੀਆਂ ਕੱਢ ਰਿਹਾ ਹੈ। ਉਹਨੇ ਉੱਡਦੇ ਕਬੂਤਰ ਦੀ ਨਸਲ ਵੀ ਦੱਸ ਦਿੱਤੀ। ਮੇਰੇ ਪਿੰਡ ਦੇ ਮੁੰਡਿਆਂ ਨੂੰ ਕਬੂਤਰਬਾਜੀ ਦਾ ਜਨੂੰਨ ਰਿਹਾ ਹੈ।ਸਾਰੀ ਮੁੰਡੀਹਰ ਮੂੰਹ ਉਤਾਂਹ ਨੂੰ ਚੁੱਕੀ ਗਲੀ ਵੱਲ ਨੂੰ ਨੱਸ ਤੁਰੀ। ਦੋ- ਤਿੰਨ ਕੋਠਿਆਂ 'ਤੋਂ ਕਬੂਤਰ ਹਵਾ 'ਚ ਛੱਡੇ ਗਏ ਤਾਂ ਜੋ ਭਟਕ ਕੇ ਆਇਆ ਕਬੂਤਰ ਇਹਨਾਂ ਨੂੰ ਵੇਖ ਕੇ ਬੈਠ ਜਾਵੇ। ਕਬੂਤਰੀਆਂ ਨੂੰ ਹਵਾ  'ਚ ਛੱਡਿਆ ਗਿਆ  ਪਰ ਉਡਦਾ ਕਬੂਤਰ ਨਾ ਲਲਚਾਇਆ ਤੇ ਨਾ ਬੈਠਿਆ। ਕਦੀ ਗੇੜੀਆਂ ਕੱਢਦਾ ਪਿੰਡ ਦੀ ਇੱਕ ਨੁੱਕਰੇ ਚਲਾ ਜਾਂਦਾ ਤੇ ਕਦੀ ਦੂਜੀ।
ਮੁੰਡਿਆਂ ਨੂੰ ਸਭ ਤੋਂ ਵੱਡਾ ਖਤਰਾ ਨਾਲ਼ ਦੀ ਪੱਤੀ (ਮੁਹੱਲਾ) ਦੇ ਮੁੰਡਿਆਂ ਤੋਂ ਸੀ ਜੋ  ਆਪਣੇ ਕੋਠਿਆਂ ਤੇ ਚੜ੍ਹੇ ਕਬੂਤਰ ਨੂੰ ਕਾਬੂ ਕਰਨ ਦੀ ਸੋਚ ਰਹੇ ਸਨ। ਅਸਾਂ ਸੋਚਿਆ ਜੇ ਇਹਨਾਂ ਦੇ ਕਾਬੂ ਆ ਗਿਆ ਤਾਂ ਪੱਤੀ ਦੀ ਬੇਇੱਜਤੀ ਹੋ ਜਾਵੇਗੀ। ਹੁਣ ਰਾਸ਼ਟਰਵਾਦੀ ਨੇਤਾ ਲੋਕਾਂ ਨੂੰ ਸਥਾਨਿਕ ਪਛਾਣ ਭੁੱਲ ਕੇ ਕੌਮੀ ਏਕਤਾ ਦੇ ਸਬਕ ਸਿਖਾ ਰਹੇ ਹਨ ਪਰ ਜੇ ਦੋ ਪੱਤੀਆਂ ਦੀ ਅੱਲੜ ਮੁੰਡੀਹਰ 'ਚ ਮੁਕਾਬਲੇਬਾਜੀ ਹੋ ਸਕਦੀ ਹੈ ਤਾਂ ਇਲਾਕਾਵਾਦ ਕਿੱਥੇ ਨਹੀ?
ਖੈਰ ਚਿੰਤਕਾਂ ਵਾਲ਼ੀਆਂ ਗੱਲਾਂ 'ਚੋਂ ਕੀ ਲੈਣਾ, ਆਪਾਂ ਕਬੂਤਰ ਫੜਦੇ ਹਾਂ। ਕਬੂਤਰ ਹੁਣ ਬੇਰੀਆਂ ਵਾਲ਼ੇ ਖੂਹ ਵੱਲ ਉੱਡ ਗਿਆ ਸੀ । ਬੇਰੀਆਂ ਵਾਲ਼ਾ ਖੂਹ ਸਾਡੀ ਪੱਤੀ ਦੀ ਮਾਲਕੀ ਸੀ ਤੇ ਉੱਥੇ ਵੱਡੀ ਉਮਰ ਦੇ ਲੋਕ ਵੀ ਆਪਣੇ ਹੀ ਚਾਚੇ- ਤਾਏ ਹੋਣੇ ਸਨ ਦੂਜੀ ਪੱਤੀ ਦੇ ਮੁੰਡੇ ਉੱਧਰ ਨਹੀਂ ਸਨ ਫਟਕ ਸਕਦੇ। ਕੋਠਿਆਂ ਤੋਂ ਉੱਤਰ ਮੁੰਡੇ ਉਧਰ ਨੂੰ ਭੱਜ ਗਏ।
ਤਿੱਲਾ ਕਹਿਣ ਲੱਗਾ," ਇਹ ਤਾਂ ਆਪੇ ਹੀ ਥੱਕ ਕੇ ਡਿੱਗੂ"।
ਇੱਕ ਹੋਰ ਨੇ ਕਿਹਾ ," ਧਿਆਨ ਰੱਖਿਉ ਜਿਥੇ ਡਿੱਗਾ ਉਸੇ ਵੇਲ਼ੇ ਬੋਚ ਲਿਉ"।
ਸਾਰੇ ਜਾਣੇ ਅਪ੍ਰੇਸ਼ਨ ਕਬੂਤਰ ਫੜੋ ਨੂੰ ਕਾਮਯਾਬੀ ਨਾਲ਼ ਸਿਰੇ ਚਾੜਨ ਲਈ ਤਨੋ-ਮਨੋਂ ਜੋਰ ਲਾ ਰਹੇ ਸਨ। ਕਿਸੇ ਪਾਸਿਉਂ ਵੀ ਕੋਈ ਢਿੱਲ ਨਹੀਂ ਸੀ ਰਹਿਣੀ ਚਾਹੀਦੀ। ਮੈਂ ਹੁਣ ਸੋਚਦਾਂ ਕਿ ਜਿੰਂਨ੍ਹਾਂ ਤਨੋ-ਮਨੋ ਹੋ ਕੇ ਮੁੰਡਿਆਂ ਉਸ ਦਿਨ ਕਬੂਤਰ ਫੜਨ ਵਾਸਤੇ ਜੋਰ ਲਾਇਆ  ਜੇ ਹੁਣ ਅਮਰੀਕਾ ਵਾਲੇ ਉਂਨੀ ਲਗਨ ਨਾਲ਼ ਉਸਾਮਾ ਬਿਨ ਲਾਦੇਨ ਦੇ ਪਿੱਛੇ ਲੱਗਦੇ ਤਦ ਸ਼ਾਇਦ ਉਸ ਨੂੰ ਪਹਿਲੋਂ ਹੀ ਫੜ ਲੈਂਦੇ। ਪਰ ਕਬੂਤਰ ਵੀ ਲਾਦੇਨ ਵਾਂਗੂੰ ਭਜਾ-ਭਜਾ ਕੇ ਮਾਰ ਰਿਹਾ ਸੀ। ਜੇ ਕਿਤੇ ਅਮਰੀਕਾ ਆਪਣੇ ਜ਼ਰਖਰੀਦ ਮੀਡੀਆ ਦੇ ਜਰੀਏ ਇਹ ਗੱਲ ਧੁਮਾ  ਦਿੰਦਾ ਕਿ ਲਾਦੇਨ ਕੋਲ਼ ਬਹੁਤ ਕੀਮਤੀ ਦੁਰਲੱਭ ਨਸਲ ਦੇ ਕਬੂਤਰ ਹਨ ਜੋ ਉਹ ਹਰ ਵੇਲ਼ੇ ਝੋਲ਼ੇ 'ਚ ਪਾਈ ਨਾਲ਼ ਲਈ ਫਿਰਦਾ ਹੈ ਤਾਂ ਮੈਨੂੰ ਪੱਕਾ ਯਕੀਨ ਹੈ ਕਿ ਸਾਡੇ ਕਬੂਤਰਬਾਜਾਂ ਉਸ ਨੂੰ ਲੱਭ ਲੈਣਾ ਸੀ। ਪਰ ਇਹ ਕਬੂਤਰ ਫੜੋ ਅਪ੍ਰੇਸ਼ਨ ਤਾਂ ਖਾਨਾ ਜੰਗੀ ਕਰਵਾ ਦੇਣ ਲੱਗਾ ਸੀ। ਮਿੱਡਾ ਅਤੇ ਪ੍ਰੀਤੂ ਉਤਾਂਹ ਨੂੰ ਵੇਖਦੇ ਹੋਏ ਦੌੜਦੇ  ਇਕ-ਦੂਜੇ ਦੇ ਵਿੱਚ ਆ ਵੱਜੇ।
ਇੱਕ ਨੇ ਕਿਹਾ ," ਸਾਲਿਆ ਅੰਨ੍ਹਾਂ ਹੋਇਆਂ"।
ਦੂਜੇ ਨੇ ਵੀ ਭੈਣ ਦੀ ਗਾਹਲ਼ ਕੱਢੀ ।ਕਬੂਤਰ ਵੱਲ ਧਿਆਨ ਕਾਰਨ ਛੇਤੀ ਹੀ ਦੋਹਾਂ ਦੀ ਮਨ-ਮਨੌਤੀ ਹੋ ਗਈ ਨਹੀਂ ਤਾਂ ਝੱਗੇ ਪਾਟਣੇ ਸਨ ਤੇ ਗੱਲ ਬੀਬੀਆਂ ਦੁਆਰਾ ਇੱਕ-ਦੂਜੀ ਨੂੰ ਉਲਾਹਮੇ ਦੇਣ ਤੱਕ ਜਾਣੀ ਸੀ। ਹੋ ਸਕਦਾ ਸੀ ਮਾਵਾਂ ਵੀ ਨਿਆਣਿਆਂ ਦੀ ਲੜਾਈ ਤੋਂ ਗੁੱਤੋ-ਗੁੱਤੀ ਹੋ ਜਾਂਦੀਆਂ।
ਹੁਣ ਅਪ੍ਰੇਸ਼ਨ ਦੂਜੇ ਦੌਰ ਵਿੱਚ ਦਾਖਿਲ ਹੋ ਚੁੱਕਾ ਸੀ। ਕਬੂਤਰ aੱਤੇ ਉਡਦਾ ਜਾ ਰਿਹਾ ਸੀ ਤੇ ਮੁੰਡੇ ਹੇਠਾਂ ਫਿਰਨੀ 'ਤੇ ਭੱਜੇ ਜਾ ਰਹੇ ਸਾਂ। ਕਾਫੀ ਦੌੜ-ਭੱਜ ਕੇ ਸਾਰੇ ਜਣੇ ਥੜੇ 'ਤੇ ਬੈਠ ਆਪੋ –ਆਪਣੀਆਂ ਵਿਚਾਰਾਂ ਕਰਨ ਲੱਗੇ। ਇੱਕ ਤੋਂ ਵੱਧ ਇੱਕ ਯੋਜਨਾ ਸੀ ਕਬੂਤਰ ਨੂੰ ਫੜ੍ਹਨ ਦੀ। ਹਰ ਕੋਈ ਆਪੋ-ਆਪਣੀ ਯੋਜਨਾਂ 'ਤੇ ਅਮਲ ਕਰਾਉਣਾ ਚਹੁੰਦਾ ਸੀ।ਤੇ ਤਕਰਾਰਬਾਜੀ ਵੀ ਹੋ ਜਾਂਦੀ  । ਪਰ ਅਜੇ ਲੜਨ ਦਾ ਟਾਈਮ ਨਹੀਂ ਸੀ। ਜਿਹੜਾ ਵੀ ਪਹਿਲਾਂ ਹੱਥ 'ਚ ਕਬੂਤਰ ਫੜ ਲੈਂਦਾ ਉਸਨੇ ਹੀਰੋ ਬਣ ਜਾਣਾ ਸੀ। ਪਰ ਵਿਲੇਨ ਤਾਂ ਅਜੇ ਕਬੂਤਰ ਹੀ ਜਾਪ ਰਿਹਾ ਸੀ।
ਕੀਤੂ ਦੀ ਬੀਬੀ ਨੇ ਅਵਾਜ ਮਾਰੀ, " ਗੜੀ ਪੈਣਿਆਂ, ਉਹਦੀ ਰੋਟੀ ਫੜਾ ਆ ਆਪਣੇ ਕੁਝ ਲੱਗਦੇ ਦੀ, ਤੇਰੀ ਜਾਨ ਨੂੰ ਰੋਂਦਾ ਹੋਊ"।
 ਪਿੰਡ ਦੇ ਦੁਆਲ਼ੇ ਭੱਜ ਕੇ ਮੁੰਡਿਆਂ ਦੇ ਲਾਫੜੇ ਭੁੱਖ ਨਾਲ਼ ਅੰਦਰ ਨੂੰ ਲੱਗੇ ਹੋਏ ਸਨ।ਪਰ ਰੋਟੀ ਤੇ ਰੋਜ ਹੀ ਖਾਈਦੀ ਹੈ ਇਹੋ ਜਿਹੇ ਸ਼ੁਗਲ-ਮੇਲੇ ਰੋਜ਼ ਕਿੱਥੇ ? ਸਾਰਾ ਦਿਨ ਦੀ ਭੱਜ-ਨੱਸ ਤੋਂ ਬਾਅਦ ਨਾ ਤੇ ਮੁੰਡੀਹਰ ਹੀ ਥੱਕੀ ਸੀ ਤੇ ਨਾ ਹੀ ਕਬੂਤਰ ਥੱਕ ਕੇ ਬਹਿਣ ਦਾ ਨਾਮ ਲੈ ਰਿਹਾ ਸੀ। ਇਹੋ ਗੱਲ ਮਿੱਤਰਾਂ ਨੂੰ ਮਾਰ ਰਹੀ ਸੀ ਕਿ ਅਜਿਹਾ ਨਸਲ ਦਾ ਕਬੂਤਰ ਆਮ ਨਹੀਂ ਮਿਲ਼ਦਾ। ਸ਼ਾਮ ਦਾ ਘੁਸਮੁਸਾ ਹੋਇਆ ਤਾਂ ਕਬੂਤਰ ਥੱਕ ਕੇ ਚੜਦੇ ਪਾਸੇ ਬੋਹੜ 'ਤੇ ਬੈਠ ਗਿਆ। ਜੋ ਦੂਜੀ ਪੱਤੀ ਦੇ ਮੁੰਡਿਆਂ ਦੇ ਕਾਬੂ ਆ ਗਿਆ। ਸਾਰੇ ਦਿਨ ਦੀ ਭੱਜ-ਨੱਸ ਬੇਕਾਰ ਜਾਵੇ ਇਹ ਕਿਸ ਤਰ੍ਹਾਂ ਮਨਜੂਰ ਕਰ ਲੈਂਦੇ ?  ਹੁਣ ਰਾਤ ਨੂੰ  ਪਿਛਵਾੜੇ 'ਚੋਂ ਉਸੇ ਕਬੂਤਰ ਨੂੰ ਚੋਰੀ ਕਰਨ ਦੇ ਮਤੇ ਪੱਕਣ ਲੱਗੇ।
ਸਾਡਾ ਇਕ ਰਿਸ਼ਤੇਦਾਰ ਪਾਕਿਸਾਤਨ ਬਣਨ ਵੇਲ਼ੇ ਕਬੂਤਰ ਸੁਰੱਖਿਅਤ ਕੱਢ ਲਿਆਇਆ ।ਉਸਦਾ ਪਿੰਡ ਸਰਹੱਦ ਦੇ ਲਾਗੇ ਸੀ। ਉਸਦਾ ਇੱਕ ਕਬੂਤਰ ਰੋਜ਼ ਕੁਝ ਸਮੇਂ ਲਈ ਉਡਾਰੀ ਮਾਰ ਜਾਂਦਾ ਤੇ ਕਈ ਵਾਰ ਤਾਂ ਮੁੜ ਆਉਂਦਾ ਪਰ ਕਈ ਵਾਰ ਅਗਲੇ ਦਿਨ ਮੁੜਦਾ। ਉਸ ਨੇ ਸਰਹੱਦ ਪਾਰ ਆਪਣਾ ਪਿੰਡ ਵੇਖਣ ਦੀ ਯੋਜਨਾ ਬਣਾਈ। ਉਦੋਂ  ਨਾ ਤਾਂ ਕੰਡਿਆਲ਼ੀ ਤਾਰ ਸੀ ਤੇ ਸਖਤੀ ਵੀ ਏਨੀ ਨਹੀਂ ਸੀ। ਥ੍ਹੋੜ੍ਹੇ-ਬਹੁਤ ਦਾਅ ਲਾਉਂਣ ਦੇ ਮਾਹਿਰ ਵੀ ਦਾਅ ਲਾ ਕੇ ਇੱਧਰ-ਉੱਧਰ ਜਾ ਆਉਂਦੇ। ਉਸਨੇ ਨੇ ਪਿਛਲੇ ਪਿੰਡ ਜਾ ਕੇ ਵੇਖਿਆ ਕਿ ਕਬੂਤਰ ਉੱਥੇ ਬਨੇਰੇ 'ਤੇ ਬੈਠਾ ਸੀ । ਕੁਦਰਤ ਦੀ ਵਡਮੁੱਲੀ ਦੇਣ 'ਮੋਹ' ਜਨੌਰਾਂ ਵਿੱਚ ਵੀ ਮਨੁੱਖਾਂ ਵਾਂਗ ਹੀ ਹੁੰਦਾ ਹੈ।ਸੰਤ ਬਾਬੇ ਆਂਹਦੇ ਅਖੇ ਮੋਹ ਦਾ ਤਿਆਗ ਕਰੋ, ਇਹ ਤਾਂ ਅੱਗੇ ਲੋਕਾਂ 'ਚ ਖਤਮ ਹੋਈ ਜਾ ਰਿਹਾ, ਜੇ ਰਹਿੰਦਾ-ਖੂੰਹਦਾ ਮੋਹ ਵੀ ਬਾਬਿਆਂ ਕਹਿ-ਕਹਾ ਕੇ ਖਤਮ ਕਰ ਦਿੱਤਾ ਤਾਂ ਦੁਨੀਆਂ ਕਿੰਨੀ ਬਦਸੂਰਤ ਲੱਗੂ? ਪੰਛੀ ਆਪਣੀ ਧਰਤੀ ਖੁੱਸਣ ਦਾ ਹੇਰਵਾ ਨਾਂ ਤਿਆਗ ਸਕਿਆ ਤਾਂ ਮਨੁੱਖਾਂ 'ਤੇ ੪੭ ਦੀ ਵੰਡ ਵਾਲਾ ਇਹ ਜੁਲਮ ਕਿਉਂ ਹੋਇਆ?
ਪਰ ਪੰਛੀਆਂ ਲਈ ਨਾਂ ਤਾਂ ਸਰਹੱਦ ਸੀ ਤੇ ਨਾ ਹੀ ਗੋਲ਼ੀ ਦਾ ਆਡਰ। ਇਹ ਸੌਗਾਤਾਂ ਧਰਤੀ ਦੇ ਸਭ ਤੋਂ ਸਿਆਣੇ 'ਜਾਨਵਰ' ਬੰਦੇ ਦੇ ਹਿੱਸੇ ਹੀ ਆਈਆਂ ਹਨ। ਮੈਨੂੰ ਉਸ ਬੰਦੇ ਦੁਆਰਾ ਗੋਲੀ ਦਾ ਜਾਂ ਫੜ੍ਹੇ ਜਾਣ ਦਾ ਖਤਰਾ ਸਹੇੜ ਕੇ ਆਪਣਾ ਪਿੱਛੇ ਛੁੱਟ ਚੁੱਕਾ ਘਰ ਵੇਖਣ ਜਾਣ ਤੋਂ ਵੱਧ  ਕਾਨੂੰਂਨ ਦੇ ਨੇੜੇ ਹੋਰ ਕੁਝ ਨਹੀਂ ਲੱਗਦਾ।
ਕਬੂਤਰ ਸ਼ਾਨ ਦੇ ਪ੍ਰਤੀਕ ਰਹੇ ਹਨ। ਕਬੂਤਰ ਉਹੋ ਹੀ ਰੱਖਦੇ ਸਨ ਜਿੰਨ੍ਹਾਂ ਅੰਦਰ ਕੋਈ ਕਣੀ ਹੁੰਦੀ ਸੀ। ਜੇ ਮੈਂ ਇਹ ਕਹਾਂ ਕਿ ਕਬੂਤਰ ਪਾਲਣੇ ਗਰੀਬਾਂ ਦਾ ਬਾਦਸ਼ਾਹਾਂ ਵਾਲ਼ਾ ਸ਼ੌਂਕ ਸੀ ਤਾਂ ਮੇਰੇ ਖਿਆਲ 'ਚ ਕੁਝ ਗਲਤ ਨਹੀਂ।
 ਜੱਗੇ ਜੱਟ ਦੇ ਕਬੂਤਰ ਚੀਨੇ ਨਦੀਉਂ ਪਾਰ ਚੁਗਦੇ ਦਾਣੇ।
 ਭਈ ਰੱਬ ਦੀਆਂ ਲਿਖੀਆਂ ਨੂੰ ਰੱਬ ਜਾਣੇ।
ਇਹ ਲੋਕ ਗੀਤ ਵੀ ਸਾਬਿਤ ਕਰਦਾ ਹੈ ਕਿ ਇਹ ਸ਼ੌਂਕ ਤੜੀ ਵਾਲ਼ੇ ਬੰਦਿਆਂ ਦਾ ਸੀ। ਕਬੂਤਰ ਨੂੰ ਜੇ ਦੋ ਜਗ੍ਹਾ ਗਿਝਾ ਲਉ। ਕੁਝ ਦਿਨ ਏਸ ਪਿੰਡ ਰੱਖੋ ਤੇ ਕੁਝ ਦਿਨ ਉਸ ਪਿੰਡ ਤਾਂ ਕਬੂਤਰ ਆਪਣੀ ਮਿਥੀ ਥਾਂ 'ਤੇ ਹੀ ਉਤਰੇਗਾ। ਬਾਦਸ਼ਾਹਾਂ ਨੇ ਇਸੇ ਤਕਨੀਕ ਨਾਲ਼ ਕਬੂਤਰਾਂ ਨੂੰ ਸੁਨੇਹੇ ਪਹੁੰਚਾਉਣ ਲਈ ਵਰਤਿਆ  ਇੱਕ ਕਬੂਤਰ ਨੂੰ ਵਾਰੀ-ਵਾਰੀ ਕੁਝ ਦਿਨਾਂ ਲਈ  ਦੋ ਥਾਂਵਾਂ 'ਤੇ ਰੱਖਿਆ ਜਾਂਦਾਂ  ਤੇ ਲੋੜ ਪੈਣ 'ਤੇ ਉਸਦੇ ਪਹੁੰਚੇ ਨਾਲ਼ ਲਿਫਾਫਾ ਬੰਨ੍ਹ ਦਿੱਤਾ ਜਾਂਦਾ ਕਬੂਤਰ ਮਿਥੀ ਤਾਂ 'ਤੇ ਹੀ ਉੱਤਰਦਾ।ਉੜੀਸਾ ਦੇ ਹੜ ਪੀੜਤ ਇਲਾਕਿਆਂ ਵਿੱਚ ਸੰਚਾਰ ਲਈ ਹੁਣ ਵੀ ਕਬੂਤਰਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ।ਦੁਨੀਆਂ ਦੀ ਪਹਿਲੀ ਹਵਾਈ ਡਾਕ ਦਾ ਨਾਮ ਵੀ 'ਪਿਜ਼ਨ ਪੋਸਟ'ਸੀ। ਦੱਸਿਆ ਜਾਂਦਾ ਹੈ ਕਿ ਦੁਨੀਆਂ ਦੀ ਸਭ ਤੋਂ ਪੁਰਾਣੀ ਖਬਰ ਏਜੰਸੀ ਦੇ ਮਾਲਿਕ ਵੀ ਸ਼ੁਰੂ ਵਿੱਚ ਖਬਰਾਂ ਇੱਧਰ-ਉਧਰ ਕਰਨ ਲਈ ਸੰਚਾਰ ਦਾ ਕੰਮ ਕਬੂਤਰਾਂ ਤੋਂ ਲੈਂਦੇ ਰਹੇ ਹਨ।  ਵਾਟਰਲੂ ਦੇ ਯੁੱਧ ਵਿੱਚ ਜਿੱਤ-ਹਾਰ ਦੀ ਖਬਰ ਕਬੂਤਰਾਂ ਰਾਹੀਂ ਹੀ ਲੰਡਨ ਪੁੱਜੀ ਸੀ। ਅਫਗਾਨਿਸਤਾਨ ਦੇ ਪਹਾੜੀ ਇਲਾਕਿਆਂ 'ਚੋਂ ਤਾਲਿਬਾਨਾਂ ਨੇ ਕਬੂਤਰ ਪਾਲਣ 'ਤੇ ਪਬੰਦੀ ਲਗਾ ਦਿੱਤੀ ਤਾਂ ਜੋ ਉੱਥੋਂ ਦੀਆਂ ਖਬਰਾਂ ਹੇਠਾਂ ਨਾ ਆ ਸਕਣ। ਪਹਿਲਾਂ ਅੰਗਰੇਜ਼ਾਂ ਨੇ ਡਾਕ ਵਿਭਾਗ ਚਲਾ ਕੇ ਕਬੂਤਰਾਂ ਦਾ ਕਿੱਤਾ ਖੋਹਿਆ ਤੇ ਹੁਣ ਮੋਬਾਈਲ ਫੋਨ ਤੇ ਈ ਮੇਲਾਂ ਡਾਕ ਵਾਲਿਆਂ ਨੂੰ ਮੰਦਾ ਲਾ ਦਿੱਤਾ।
ਕਨੇਡਾ ਦੇ ਸ਼ਹਿਰ ਐਸਟਰਡਫੋਰਡ ਵਿੱਚ ਰਹਿਣ ਵਾਲ਼ੇ ਮੇਰੇ ਮਿੱਤਰ ਗੁਰਮੇਲ ਸਿੱਧੂ ਨੇ ਕਨੇਡਾ ਜਾ ਕੇ ਵੀ ਕਬੂਤਰਬਾਜੀ ਦੇ ਖਿੱਤੇ 'ਚ ਧੰਨ-ਧੰਂਨ ਕਰਾਈ ਹੋਈ ਹੈ ਲੋਕ ਦੂਰੋਂ-ਦੂਰੋਂ ਕਬੂਤਰਾਂ ਦੀਆਂ ਬਾਜੀਆਂ ਲਈ ਉਸਤੋਂ ਸਲਾਹ ਲੈਣ ਆਉਂਦੇ ਹਨ। ਪਰ ਉਹ ਹਿਰਖ ਨਾਲ਼ ਕਹਿੰਦਾ ਹੈ ਕਿ ਕੇਨੇਡਾ ਵਿੱਚ ਬਾਜੀ ਲਾਉਣ ਦਾ ਪੰਜਾਬ ਵਰਗਾ ਮਜਾ ਨਹੀਂਂ ਇੱਥੇ ਉਡਦੇ ਕਬੂਤਰਾਂ ਨੂੰ ਬਾਜ ਬਹੁਤ ਪੈਂਦਾ ਹੈ। ਜੇ ਪੰਜਾਹ ਕਬੂਤਰ ਉਡਾਉ ਤਾਂ ਪੰਜਾਹ 'ਚੋਂ ਦਸ ਤਾਂ ਹਵਾ 'ਚ ਉੱਡਦੇ ਹੋਏ ਬਾਜ ਹੀ ਗਇਬ ਕਰ ਦੇਂਦਾ ਹੈ। ਉਹ ਕਨੇਡਾ ਦੇ ਬਾਕੀ ਕਬੂਤਰਬਾਜਾਂ ਦੇ ਸੰਪਰਕ 'ਚ ਰਹਿੰਦਾ ਹੈ। ਹੁਣ ਉਸਨੇ ਪਾਕਿਸਤਾਨ ਦੇ ਕਿਸੇ ਮਿੱਤਰ ਕੋਲ਼ੋਂ ਕਬੂਤਰ ਵੀ ਮੰਗਵਾਏ। ਕੁਝ ਕਬੂਤਰਾਂ ਦੀ ਪਨੀਰੀ ਉਸ ਨੇ  ਭਾਰਤ ਤੋਂ ਆਂਡੇ ਮੰਗਵਾ ਕੇ ਤਿਆਰ ਕੀਤੀ। ਰੱਬ ਇਹਨਾਂ ਦੀ ਛਤਰੀ ਨੂੰ ਭਾਗ ਲਾਵੇ।
ਕਬੂਤਰਾਂ ਦੀ ਦੁਰਲੱਭ ਨਸਲ ਸਲਾਰਾ ਜੋ ਤਿੱਖੀਆਂ  ਤੇ ਪੀਲ਼ੀਆਂ ਚੁੰਝਾਂ ਵਾਲ਼ੇ ਅਤਿ ਦੇ ਖੂਬਸੂਰਤ ਪੰਛੀਂ ਸਨ, ਕੇਂਦਰੀ ਏਸ਼ੀਆ ਤੋਂ ਲਿਆਂਦੇ ਗਏ ਪਰ ਲੁਧਿਆਣਾ ਦੇ ਸਿਧਵਾਂ ਬੇਟ ਇਲਾਕੇ 'ਚ ਸ਼ਿਕਾਰੀਆਂ ਨੇ ਕਾਫੀ ਗਇਬ ਕਰ ਦਿੱਤੇ। ਇਹ ਸਲਾਰਾ ਕਬੂਤਰ ਸੰਨ ੨੦੦੦ 'ਚ ਹਰੀਕੇ ਪੱਤਣ 'ਤੇ ਹਜਾਰ ਤੋਂ ਵੱਧ ਵੇਖੇ ਗਏ। ਪਰ ਹੁਣ ਕੋਈ ਨਹੀਂ ਲੱਭਦਾ। ਪੰਜਾਬ ਵਿੱਚੋਂ ਇਹਨਾਂ ਸਲਾਰਾ ਕਬੂਤਰਾਂ ਦੇ ਗਇਬ ਹੋਣ ਦਾ ਕਾਰਨ ਦਾਲ਼ਾਂ ਤੇ ਅਰਹਰ ਦੀ ਖੇਤੀ ਹੇਠਲਾ ਰਕਬਾ ਘਟਣਾ ਤੇ ਦੂਜਾ ਸ਼ਿਕਾਰੀਆਂ ਦੀ ਮਾਰ ਨੇ ਕਬੂਤਰਾਂ ਦੀ ਦੁਰਲੱਭ ਨਸਲ ਪੰਜਾਬ 'ਚੋਂ ਗਇਬ ਕਰ ਦਿੱਤੀ।ਹਰੀਕੇ ਤੋਂ ਇਕ ਗੁਰਦੁਆਰੇ 'ਚੋਂ ਚਲਦੇ ਸਪੀਕਰਾਂ ਦੇ ਸ਼ੋਰ ਕਾਰਨ ਇਹ ਕਬੂਤਰ ਟਿਕਾਣਾ ਬਦਲ ਗਏ।  'ਬੰਬੇ ਨੈਚਰਲ ਹਿਸਟਰੀ ਸੁਸਾਇਟੀ' ਤੇ ਕੁਝ ਹੋਰ ਵਣ ਜੀਵਨ ਨਾਲ਼ ਹਮਦਰਦੀ ਰੱਖਣ ਵਾਲਿਆਂ ਆਪਣੇ ਤੌਰ 'ਤੇ ਰਾਜਸਥਾਨ ਦੇ ਕਈ ਇਲਾਕਿਆਂ ਦੀ ਪਹਿਚਾਣ ਕੀਤੀ  ਹੈ ਜਿੱਥੇ ਇਹ ਕਬੂਤਰ ਅਜੇ ਵੀ ਨਿਵਾਸ ਕਰਦੇ ਹਨ। ਤੇ ਉਹਨਾਂ ਦੀ ਨਸਲ ਗਇਬ ਹੋਣ ਤੋਂ ਬਚਾਉਣ ਲਈ ਯਤਨ ਅਰੰਭੇ ਹਨ।
ਅੰਤ ਵਿੱਚ ਕਬੂਤਰਾਂ ਦੁਆਰਾ ਉਜਾੜ ਭਾਲਣ ਦੀ ਮਿੱਥ ਨੂੰ ਨਕਾਰਦੀ ਇੱਕ ਗੱਲ ਦੱਸਣੀ ਚਹੁੰਦਾ ਹਾਂ। ਅੰਮ੍ਰਿਤਸਰ ਦੇ ਚੌਕ ਹੁਸੈਨਪੁਰਾ ਵਿੱਚ ਮਹਾਰਜਾ ਰਣਜੀਤ ਸਿੰਘ ਦਾ ਸਮਰ ਮਹੱਲ ਹੈ ।ਕਾਫੀ ਧਿਰਾਂ ਕਾਬਜ ਸਨ। ਮਹੱਲ ਦੀ ਇੱਕ ਨੁੱਕਰੇ ਇਕ ਇਨਕਲਾਬੀ ਪਾਰਟੀ ਨੇ ਦੋ ਕਮਰਿਆਂ ਵਿੱਚ ਦਫਤਰ ਖੋਹਲਿਆ  ਸੀ। ਪਰ ਪਾਰਟੀ ਦੀ ਚੜਤ ਨਾ ਰਹੀ ਹੋਣ ਕਾਰਨ ਹੁਣ ਇੱਥੇ ਕੋਈ ਨਹੀਂ ਸੀ ਆਉਂਦਾ।
ਕੁਲ ਮਿਲ਼ਾ ਕੇ ਉਜਾੜ ਪਈ ਹੋਈ ਸੀ ਤੇ ਇਮਾਰਤ 'ਚੋਂ ਦਿਨੇ ਡਰ ਆਉਂਦਾ ਸੀ । ਕਬੂਤਰਾਂ ਨੇ ਆਲ਼੍ਹਣੇ ਪਾਏ ਹੋਏ ਸਨ। ਸਾਰਾ ਦਿਨ 'ਗੁਟਰਗੂੰ-ਗੁਟਰਗੂੰ' ਦੀਆਂ ਅਵਾਜਾਂ ਸੁਣਦੀਆਂ ਰਹਿੰਦੀਆਂ। ਮੈਂ ਇਹਨਾਂ ਕਮਰਿਆਂ ਵਿੱਚ ਸਾਹਿਤ ਪੜਦਾ ਰਹਿੰਦਾ। ਹੇਠਲੀ ਮੰਜਿਲ 'ਤੇ ਇੱਕ ਬੰਦਾ ਸਣੇ ਪਰਿਵਾਰ ਰਹਿੰਦਾ ਸੀ । ਉਸਨੇ ਦੋ ਕਮਰੇ ਰਿਹਾਇਸ਼ ਲਈ ਮੱਲੇ ਹੋਏ ਸਨ।ਇੱਕ ਦਿਨ ਉਹਨਾਂ ਦੇ ਘਰੇ ਪਰਾਹੁਣੇ ਆਏ । ਘਰ ਦੀ ਸਵਾਣੀ ਆਈ ਮਹਿਮਾਨ ਔਰਤ ਨੂੰ ਇਮਾਰਤ ਦਾ ਉਪਰਲਾ ਹਿੱਸਾ ਵਿਖਾਉਣ ਲਈ ਲੈ ਆਈ। ਮੈਂ ਹਰਭਜਨ ਸਿੰਘ ਦਾ ਇਨਕਲਾਬੀ ਨਾਵਲ ਦਫਤਰ ਵਿਚ ਬੈਠਾ ਪੜ੍ਹ ਰਿਹਾ ਸਾਂ। ਉਹ ਦਫਤਰ ਵਿੱਚ ਆ ਗਈਆਂ। ਪਰਾਹੁਣੀ ਨੱਕ ਜਿਹਾ ਚੜਾ ਕੇ ਕਹਿਣ ਲੱਗੀ "ਕਿੰਨੀ ਗੰਦੀ ਥਾਂ ਹੈ, ਪਾਰਟੀ ਨੇ ਦਫਤਰ ਕਿੰਨੀ ਘਟੀਆ ਜਿਹੀ ਇਮਾਰਤ 'ਚ ਖੋਲਿਆ ਹੈ, ਇਹ ਤਾਂ ਅੱਗੇ ਹੀ ਢੱਠੀ ਜਿਹੀ ਹੈ, ਉੱਤੋਂ ਇਹ ਕਬੂਤਰ ਉਜਾੜ ਭਾਲ਼ਦੇ ਹਨ"।
ਮੈਂ ਝੱਟ ਦੇਣੇ ਕਿਹਾ "ਹਾਂ! ਇਹ ਵਾਕਿਆ ਹੀ ਉਜਾੜ ਭਾਲ਼ਦੇ ਹਨ ਤਾਂ ਜੋ ਆਬਾਦ ਕਰ ਸਕਣ, ਤੁਸੀਂ ਏਦਾਂ ਕਿਉਂ ਨਹੀਂ ਸੋਚਦੇ ਕਿ ਕਿੰਨੀਆਂ ਉਜਾੜਾ ਕਬੂਤਰਾਂ ਨੇ ਆਬਾਦ ਕੀਤੀਆਂ ਹੋਈਆਂ ਹਨ, ਇਹ ਭਲੇ ਲੋਕ ਤਾਂ ਉਜਾੜਾਂ 'ਚ ਵੀ ਰੌਣਕਾਂ ਲਾ ਦੇਂਦੇ ਨੇ"।
ਕੀ ਹੋਇਆ ਜੇ ਲੋਕ ਹਿੱਤਾਂ ਲਈ ਜੂਝਣ ਵਾਲਿਆਂ ਦੇ ਦਫਤਰ ਸੁੰਨੇ ਹੋ ਗਏ ਹਨ। ਅਸੀਂ ਆਪਣੀਆਂ ਹਿੱਕਾਂ ਤਾਂ ਅਬਾਦ ਰੱਖ ਸਕਦੇ ਹਾਂ। ਆਉ ਉਜਾੜ ਹਿੱਕਾਂ ਅੰਦਰ ਨਰੋਏ ਵਿਚਾਰਾਂ ਦੇ ਕਬੂਤਰਾਂ ਨੂੰ  ਆਲ੍ਹਣੇ ਪਾਉਣ ਦੇਈਏ।

No comments:

Post a Comment