Tuesday, December 13, 2011

ਜੋ ਵੇਖਿਆ ਸੋ ਆਖਿਆ: ਗਿਆਨੀ ਸੰਤੋਖ ਸਿੰਘ

ਇੱਕ ਦਿਲਚਸਪ ਪੁਸਤਕ-'ਜੋ ਵੇਖਿਆ ਸੋ ਆਖਿਆ'
ਨਿੰਦਰ ਘੁਗਿਆਣਵੀ

ਇਕ ਦਿਲਚਸਪ ਪੁਸਤਕ 'ਜੋ ਵੇਖਿਆ ਸੋ ਆਖਿਆ' ਜਦ ਮੈ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਤੋਂ, ਇਸ ਦੇਸ਼ ਦੀ
ਰਾਜਧਾਨੀ ਕੈਨਬਰਾ ਨੂੰ ਜਾਣ ਵਾਲ਼ੀ ਬੱਸ ਵਿਚ ਬੈਠਾ ਤਾਂ ਮੇਰੇ ਹੱਥ ਵਿਚ ਗਿਆਨੀ ਸੰਤੋਖ ਸਿੰਘ ਰਚਿਤ ਇਹ ਪੁਸਤਕ ਸੀ। ਇਹ ਗਿਆਨੀ
ਜੀ ਨੇ ੧੭ ਜੁਲਾਈ ਦੇ ਦਿਨ ਮੇਰੇ ਮਿੱਤਰ ਸ. ਅਮਰਜੀਤ ਸਿੰਘ ਖੇਲਾ ਦੇ 'ਯੂਨੀਕ ਇੰਟਰਨੈਸ਼ਨਲ ਕਾਲਜ' ਵਿਚ ਬੈਠਿਆਂ 'ਨਿਘੇ ਸਨੇਹ
ਸਹਿਤ' ਲਿਖ ਕੇ ਪਿਆਰ ਵਜੋਂ ਭੇਟਾ ਕੀਤੀ ਸੀ। ਮੈ ਇਸ ਪੁਸਤਕ ਨੂੰ ਬੜੀ ਛੇਤੀ ਨਾਲ਼ ਪੜ੍ਹਨਾ ਚਾਹੁੰਦਾ ਸਾਂ ਕਿਉਂਕਿ ਗਿਆਨੀ ਸੰਤੋਖ
ਸਿੰਘ ਹੋਰਾਂ ਦੀ ਕੋਈ ਵੀ ਲਿਖਤ, ਕਿਤੇ ਵੀ, ਕਦੋਂ ਵੀ ਪ੍ਰਕਾਸ਼ਤ ਹੋਈ ਮੇਰੀ ਨਿਗਾਹ ਵਿਚ ਆ ਜਾਂਦੀ ਹੈ ਤਾਂ ਮੈ ਉਸ ਨੂੰ ਬੜੀ ਦਿਲਚਸਪੀ,
ਉਤਸੁਕਤਾ ਅਤੇ ਉਤਸ਼ਾਹ ਨਾਲ਼ ਪੜ੍ਹਦਾ ਹਾਂ। ਇਸ ਦਾ ਇਕ ਪਰਮੁਖ ਕਾਰਨ ਇਹ ਵੀ ਹੈ ਕਿ ਉਹਨਾਂ ਦੀ ਆਪਣੀ ਹਸਤੀ ਮੁਤਾਬਿਕ
ਉਹਨਾਂ ਦੀ ਹਰ ਲਿਖਤ ਵਿਚ ਸੰਜਮਤਾ, ਸੰਖੇਪਤਾ, ਸਰਲਤਾ, ਸੰਜੀਦਗੀ ਅਤੇ ਸੁਹਿਰਦਤਾ ਸੰਜੋਈ ਹੋਈ ਹੁੰਦੀ ਹੈ। ਮੈ ਮਹਿਸੂਸ ਕਰਦਾ ਹਾਂ
ਕਿ ਗਿਆਨੀ ਸੰਤੋਖ ਸਿੰਘ ਦੀ ਲਿਖਤ ਆਪਣੇ ਆਪ ਵਿਚ ਇਸ ਕਾਰਨ ਵੀ ਦਿਲਚਸਪ ਹੁੰਦੀ ਹੈ ਕਿ ਉਹ ਗੰਭੀਰਤਾ ਬਣਾਈ ਰੱਖਣ ਦੇ
ਬਾਵਜੂਦ ਵੀ ਆਪਣੀ ਲਿਖਤ ਵਿਚ ਨਾਲ਼ੋ ਨਾਲ਼ ਹਲਕਾ ਹਲਕਾ ਕਟਾਕਸ਼ ਵੀ ਕਰਦੇ ਜਾਂਦੇ ਹਨ।
ਸੰਨ ੨੦੦੮ ਵਿਚ ਗਿਆਨੀ ਜੀ ਦੀ ਈ-ਮੇਲ ਮਿਲ਼ੀ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਧਾਰੇ ਹੋਏ ਹਨ। ਉਹਨਾਂ ਕੁ
ਦਿਨਾਂ ਵਿਚ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮੇਰੀ ਇਕ ਪੁਸਤਕ 'ਲੋਕ ਗਾਇਕ' ਦੀ ਪ੍ਰਕਾਸ਼ਨਾ ਹੋਣੀ ਸੀ। ਇਸ ਸਿਲਸਿਲੇ ਵਿਚ
ਮੈ ਯੂਨੀਵਰਸਿਟੀ ਦੇ ਪ੍ਰੈਸ ਵਿਚ ਗਿਆ ਤਾਂ ਮੇਰੇ ਪਾਸ ਕੁਝ ਘੰਟਿਆਂ ਦੀ ਵੇਹਲ ਸੀ। ਸੋਚਿਆ ਕਿ ਕਿਉਂ ਨਾ ਗਿਆਨੀ ਜੀ ਦੇ ਦਰਸ਼ਨ
ਪਰਸ ਲਏ ਜਾਣ! ਮੇਰੇ ਵੱਲੋਂ ਫ਼ੋਨ ਕਰਨ ਦੇ ਇਕ ਘੰਟੇ ਬਾਅਦ ਗਿਆਨੀ ਜੀ ਆਣ ਪਰਗਟ ਹੋਏ। ਪ੍ਰੈਸ ਦੀ ਕੈਨਟੀਨ ਤੋਂ ਚਾਹ ਪਾਣੀ
ਛਕਿਆ ਅਤੇ ਖ਼ੂਬ ਗੱਲਾਂ ਕੀਤੀਆਂ। ਮੈਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਆਪ ਵਿਚ ਇਕ ਚੱਲਦਾ ਫਿਰਦਾ ਵਿਸ਼ਵ ਵਿਦਿਆਲਾ
ਹਨ। ਆਸਟ੍ਰੇਲੀਆ ਵਿਚ ਆ ਕੇ ਇਹ ਵੀ ਪਤਾ ਲੱਗਾ ਕਿ ਸਿਡਨੀ ਦੇ ਨੌਜਵਾਨਾਂ ਨੇ ਗਿਆਨੀ ਜੀ ਨੂੰ 'ਵਾਕਿੰਗ ਇਨਸਾਇਪੀਡੀਆ ਆਫ਼
ਸਿੱਖਇਜ਼ਮ' ਅਤੇ ਮੈਲਬਰਨ ਵਾਲ਼ਿਆਂ ਨੇ 'ਸਾਈਬਰ ਗਿਆਨੀ' ਦੇ ਖ਼ਿਤਾਬ ਦੇ ਰੱਖੇ ਹਨ। ਮੈ ਸਮਝਦਾ ਹਾਂ ਕਿ ਜ਼ਿੰਦਗੀ ਵਿਚ ਬਹੁਤ ਘੱਟ
ਵਾਰੀ ਬਹੁਤ ਘੱਟ ਲੋਕਾਂ ਨਾਲ਼ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਆਪਣੇ ਆਪ ਵਿਚ ਇਕ ਸੰਸਥਾ ਦਾ ਰੂਪ ਧਾਰਨ ਕਰ ਜਾਂਦੇ ਹਨ। ਜ਼ਿੰਦਗੀ ਦੇ
ਬਿਖੜੇ ਰਾਹ, ਲੰਮੇਰੇ ਪੰਧ, ਤਲਖ ਤਜੱਰਬੇ, ਝਮੇਲੇ ਬੰਦੇ ਨੂੰ ਪੱਕਾ ਤਾਂ ਕਰਦੇ ਹੀ ਹਨ, ਨਾਲ਼ੋ ਨਾਲ਼ ਇਕ ਅਹਿਸਾਸੀ ਮਨੁਖ ਦੇ ਰੂਪ ਵਿਚ
ਵੀ ਤਬਦੀਲ ਕਰ ਦਿੰਦੇ ਹਨ। ਵੱਡਿਆਂ ਦੀ ਸੰਗਤ ਦੀ ਰੰਗਤ ਹੋਰ ਵੀ ਅਨੋਖਾ ਰੰਗ ਭਰ ਦਿੰਦੀ ਹੈ; ਅਜਿਹਾ ਜ਼ਿੰਦਗੀ ਵਿਚ ਗਿਆਨੀ ਜੀ
ਨੇ ਵੇਖਿਆ, ਸੁਣਿਆ, ਮਾਣਿਆ, ਪਰਖਿਆ, ਨਿਰਖਿਆ ਅਤੇ ਪਿੰਡੇ ਤੇ ਹੰਡਾਇਆ ਹੈ।
ਸਾਡੀ ਦੂਜੀ ਮਿਲਣੀ ਮੇਰੀ ਹੁਣ ਆਸਟ੍ਰੇਲੀਆ ਦੀ ਯਾਤਰਾ ਸਮੇ ਹੋਈ। ਗਿਆਨੀ ਜੀ ਬਾਰੇ ਇਕ ਛੋਟੇ ਆਕਾਰ ਦੀ ਪੁਸਤਕ
' ਬਹੁਪੱਖੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ' (ਸੰਪਾਦਕ ਹਰਭਜਨ ਸਿੰਘ ਵਕਤਾ) ਗਿਆਨੀ ਜੀ ਨੇ 'ਕਲ਼ੇਜੇ ਦੀਆਂ
ਡੂੰਘਿਆਈਆਂ ਵਿਚੋਂ ਨਿਕਲ਼ੇ ਨਿਘੇ ਪਿਆਰ ਨਾਲ਼' ਲਿਖ ਕੇ ਦਿਤੀ। ਇਹ ਪੁਸਤਕ ਪੜ੍ਹ ਕੇ ਮੈ ਮਹਿਸੂਸ ਕੀਤਾ ਕਿ ਇਸ ਹਸਤੀ ਬਾਰੇ
ਇਹ ਯਤਨ ਤਾਂ ਬਹੁਤ ਚੰਗਾ ਹੈ ਪਰ ਗਿਆਨੀ ਜੀ ਦੀ ਸਖ਼ਸੀਅਤ ਦੀ ਉਚਿਆਈ ਤੱਕ ਨਹੀ ਪਹੁੰਚਦਾ। ਸੰਪਾਦਨ ਦਾ ਕਾਰਜ ਬਹੁਤ
ਬਿਖੜਾ ਹੁੰਦਾ ਹੈ। ਜਿਸ ਦਾ ਮੈਨੂੰ ਨੇੜਿਉਂ ਤਜੱਰਬਾ ਹੈ। ਕਿਸੇ ਬਾਰੇ ਕਿਸੇ ਤੋਂ ਕੁਝ ਲਿਖਵਾਉਣਾ ਤੇ ਸੰਪਾਦਤ ਕਰਨਾ ਸੌਖਾ ਕਾਰਜ ਨਹੀ। ਮੈ
ਮਹਿਸੂਸ ਕਰਦਾ ਹਾਂ ਕਿ ਗਿਆਨੀ ਸੰਤੋਖ ਸਿੰਘ ਦੀ ਹੁਣ ਤੱਕ ਦੀ ਰਚੀ ਵਾਰਤਕ ਨੂੰ ਪੰਜਾਬ ਦਾ ਕੋਈ ਵਿਦਵਾਨ ਪੁਣੇ, ਛਾਣੇ ਤੇ ਉਹਨਾਂ ਦੇ
ਜੀਵਨ ਤੇ ਸ਼ਖ਼ਸੀਅਤ ਬਾਰੇ ਬੜੇ ਸੋਹਣੇ ਢੰਗ ਨਾਲ਼ ਮੁਤਾਲਿਆ ਕਰਕੇ, ਇਕ ਠੋਸ ਦਸਤਾਵੇਜ਼ੀ ਪੁਸਤਕ ਦੀ ਰਚਨਾ ਕਰੇ।
ਗੱਲ ਛੇੜੀ ਸੀ ਕੈਨਬਰਾ ਜਾਂਦਿਆਂ 'ਜੋ ਵੇਖਿਆ ਸੋ ਆਖਿਆ' ਪੁਸਤਕ ਪੜ੍ਹਨ ਦੀ। ਇਹ ਵਾਰਤਕ ਦੀ ਇਕ ਵਧੀਆ ਵੰਨ ਸੁਵੰਨੀ
ਵੰਨਗੀ ਹੈ। ਇਸ ਵਿਚ ਗਿਆਨ, ਯਾਦਾਂ, ਇਤਿਹਾਸ, ਸਫ਼ਰਨਾਮਾ ਆਦਿ ਸਿਨਫਾਂ ਦੇ ਦੀਦਾਰ ਹੁੰਦੇ ਹਨ ਅਤੇ ਗਿਆਨੀ ਜੀ ਦੀ ਗੂਹੜੀ ਤੇ
ਗੁੜ੍ਹੀ ਹੋਈ ਸ਼ਖ਼ਸੀਅਤ ਸਾਕਾਰ ਰੂਪ ਵਿਚ ਅੱਖਾਂ ਅੱਗੇ ਆ ਖਲੋਂਦੀ ਹੈ। ਲੰਮੇ ਚਾਰ ਦਹਾਕਿਆਂ ਦੇ ਸਮੇ ਤੋਂ ਪੰਜਾਬੋਂ ਬਾਹਰ ਵੱਸ ਕੇ ਵੀ
ਪ੍ਰੰਪਰਾਗਤ ਪੰਜਾਬ ਦਾ ਜੀਵਨ ਗਿਆਨੀ ਜੀ ਤੋਂ ਇਕ ਪਲ ਵੀ ਨਹੀ ਵਿਸਰਿਆ। ਜਦੋਂ ਉਹ 'ਘੜਾ ਘੜਵੰਜੀ ਤੇ' ਦੀ ਗੱਲ ਕਰਦੇ ਹਨ ਤਾਂ
ਪੰਜਾਬ ਦੇ ਭੁੱਲੇ ਵਿਸਰੇ ਅਤੇ ਅਣਮੁੱਲੇ ਲੋਕ ਗੀਤਾਂ ਦਾ ਪੂਰੇ ਵੇਰਵੇ ਸਹਿਤ ਜ਼ਿਕਰ ਕਰਕੇ, ਪੰਜਾਬ ਦੇ ਬੀਤ ਗਏ ਦਿਨਾਂ ਵਿਚ ਲੈ ਜਾਂਦੇ
ਹਨ। ਗਿਆਨੀ ਜੀ 'ਭੁੱਲ ਕੇ ਛੜੇ ਨੂੰ ਅੱਖ ਮਾਰੀ' ਤੋਂ ਸ਼ੁਰੂ ਕਰਕੇ ਆਪਣੇ ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ
ਨੌਕਰੀ ਦੀਆਂ ਯਾਦਾਂ ਅਤੇ ਕੌਮ ਦੇ ਘਾਗ ਸਿਆਸਤਦਾਨਾਂ ਨਾਲ਼ ਦੂਰੋਂ ਨੇੜਿਉਂ ਹੋਏ ਮੇਲ ਮਿਲਾਪ, ਟੀਕਾ ਟਿਪਣੀਆਂ ਅਤੇ ਸਾਂਝੇ ਮੰਚਾਂ ਦਾ
ਬੜੇ ਉਤਸ਼ਾਹ ਨਾਲ ਜ਼ਿਕਰ ਕਰਦੇ ਜਾਂਦੇ ਹਨ। ਉਹਨਾਂ ਨੇ ਸੀਨੀਅਰ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਜੀ ਨੂੰ ਬੜਾ ਨਿੱਗਰ ਸੁਝਾ ਦਿਤਾ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 'ਮਿਨੀ ਸਿੱਖ ਪਾਰਲੀਮੈਂਟ' ਕਹਿਣਾ ਢੁਕਵਾਂ ਨਹੀ। ਏਵੇਂ ਹੀ ਇਸ ਪੁਸਤਕ ਵਿਚ: ਸਿੱਖ
ਆਗੂਆਂ ਦੀਆਂ ਅਸਚਰਜ ਬੇਪਰਵਾਹੀਆਂ, ਪੰਜ ਸਿੱਖਾਂ ਦਾ ਸਨਮਾਨ, ਅਨਪੜ੍ਹ ਸਿੰਘਾ ਆਦਿ ਲੇਖ ਪਾਠਕਾਂ ਦਾ ਉਚੇਚਾ ਧਿਆਨ ਖਿੱਚਦੇ
ਹਨ।
ਇਸ ਪੁਸਤਕ ਦਾ ਆਖਰੀ ਲੇਖ 'ਇਉਂ ਹੋਇਆ 'ਸਵਾਗਤ' ਮੇਰੀਆਂ ਲਿਖਤਾਂ ਦਾ' ਮੈਨੂੰ ਸਭ ਤੋਂ ਵਧ ਦਿਲਚਸਪ
ਲੱਗਿਆ। ਇਸ ਲੇਖ ਵਿਚ ਗਿਆਨੀ ਜੀ ਬਹੁਤ ਬੇਬਾਕ ਤੇ ਇਮਾਨਦਾਰ ਹਨ। ਉਹ ਸਫ਼ਰ ਤੇ ਗਏ। ਇਕ ਗੁਰੂ ਘਰ ਦੇ ਪ੍ਰਬੰਧਕ ਉੜੀ
ਉੜੀ ਕਰਕੇ ਉਹਨਾਂ ਦੇ ਮਗਰ ਇਸ ਲਈ ਪੈ ਗਏ ਕਿ ਗਿਆਨੀ ਜੀ ਨੇ ਆਪਣੀ ਦੂਜੀ ਕਿਤਾਬ 'ਉਜਲ ਕੈਹਾਂ ਚਿਲਕਣਾ' ਵਿਚ ਉਹਨਾਂ ਨੂੰ
ਨਾ ਚੰਗੀ ਲੱਗਣ ਵਾਲ਼ੀ ਗੱਲ ਲਿਖ ਦਿਤੀ। ਗਿਆਨੀ ਜੀ ਆਪਣੇ ਭਾਸ਼ਨ ਵਾਂਗ ਹੀ ਲਿਖਤਾਂ ਵਿਚ ਵੀ ਬਿਨਾ ਕਿਸੇ ਲੱਗ ਲਬੇੜ ਦੇ ਸੱਚ ਹੀ
ਲਿਖ ਦਿੰਦੇ ਹਨ ਜੋ ਕਿ ਕਈ ਵਾਰ ਧਾਰਮਿਕ ਸਥਾਨਾਂ ਦੇ ਚੌਧਰੀਆਂ ਦੇ ਫਿੱਟ ਨਹੀ ਬੈਠਦਾ। ਉਹ ਕੁਝ ਕਸੈਲਾ ਜਿਹਾ ਹੋਣ ਕਰਕੇ ਕਿਸੇ ਨਾ
ਕਿਸੇ ਦੇ ਗਿੱਟੇ ਜਾਂ ਗੋਡੇ ਤੇ ਜਾ ਵੱਜਦਾ ਹੈ ਤੇ ਉਹਨਾਂ ਦਾ ਹਾਜਮਾ ਦਰੁਸਤ ਨਹੀ ਰਹਿੰਦਾ। ਗਿਆਨੀ ਜੀ ਵੀ ਪੂਰੇ ਹਠੀ ਹਨ। ਉਹ ਹਰੇਕ
ਥਾਂ ਜਾਂਦੇ ਹੋਏ ਕੁਝ ਕਿਤਾਬਾਂ ਝੋਲ਼ੇ ਵਿਚ ਪਾ ਲਿਜਾਂਦੇ ਹਨ। ਚੰਗਾ ਹੋਵੇ ਕਿ ਉਹ ਅਜਿਹੇ ਸੱਜਣਾਂ ਦਾ ਹਾਜਮਾ ਦਰੁਸਤ ਕਰਨ ਲਈ, ਆਪਣੇ
ਝੋਲ਼ੇ ਵਿਚ ਤੁੰਮਿਆਂ ਵਾਲ਼ੀ ਜਵੈਣ ਦੇ ਬਣਾਏ ਚੂਰਨ ਦੇ ਕੁਝ ਪੁੜੇ ਵੀ ਨਾਲ਼ ਲੈ ਜਾਇਆ ਕਰਨ। ਮੈਨੂੰ ਇਹ ਲੇਖ ਪੜ੍ਹਦਿਆਂ ਓਦੋਂ ਭਾਵੇਂ
ਪਰੇਸ਼ਾਨੀ ਤਾਂ ਬਹੁਤ ਹੋਈ ਜਦੋਂ ਇਕ ਦੋ ਥਾਵਾਂ ਤੇ ਗਿਆਨੀ ਜੀ ਨੂੰ ਗੁਰੂ ਘਰਾਂ ਵਿਚੋਂ ਨਿਕਲ਼ ਕੇ ਕਿਸੇ ਪ੍ਰਸੰਸਕ ਦੇ ਘਰ ਜਾ ਕੇ ਰਾਤ
ਕੱਟਣੀ ਪਈ ਪਰ ਗਿਆਨੀ ਜੀ ਦੀ ਤਰਜ਼ੇ ਬਿਆਨੀ ਅਤੇ ਲੇਖ ਵਿਚਲੇ ਸੂਖਮ ਵਿਅੰਗ ਕਰਕੇ, ਨਾਲ਼ੋ ਨਾਲ਼ ਅਨੰਦ ਵੀ ਪਰਾਪਤ ਹੁੰਦਾ ਰਿਹਾ
ਤੇ ਚੇਹਰੇ ਉਪਰ ਮੁਸਕਰਾਹਟ ਛਾਈ ਰਹੀ। ਇਹ ਸਾਰਾ ਕੁਝ ਲਿਖਦਿਆਂ ਵੀ ਗਿਆਨੀ ਜੀ ਨੇ ਬੜੀ ਸੰਜਮ ਭਰੀ ਸ਼ੈਲੀ ਵਿਚ ਇਸ ਲੇਖ ਨੂੰ
ਸਮੇਟਿਆ ਹੈ। ਕਿਸੇ ਦਾ ਦਿਲ ਨਹੀ ਦੁਖਾਇਆ। ਕਿਸੇ ਬਾਰੇ ਜ਼ਾਤੀ ਤੌਰ ਤੇ ਚਿੱਕੜ ਨਹੀ ਉਛਾਲ਼ਿਆ। ਕੋਈ ਭਾਵੇਂ ਕੁਝ ਕਹੀ ਜਾਵੇ!
ਅੱਜ ਪੰਜਾਬੀ ਭਾਸ਼ਾ ਦਾ ਪ੍ਰਚਾਰ, ਪ੍ਰਸਾਰ, ਸੰਚਾਰ ਸੰਸਾਰ ਪਧਰ ਤੇ ਹੋ ਰਿਹਾ ਹੈ। ਵੱਡੇ ਅਹੁਦਿਆਂ ਤੇ ਬਿਰਾਜਮਾਨ 'ਵਿਦਵਾਨ'
ਧਾਹਾਂ ਮਾਰ ਰਹੇ ਹਨ ਕਿ ਪੰਜਾਬੀ ਮਰ ਮੁੱਕ ਰਹੀ ਹੈ ਪਰ ਗਿਆਨੀ ਜੀ ਵਰਗੇ ਲੇਖਕ ਪੰਜਾਬੋਂ ਬਾਹਰ, ਸਮੁੰਦਰੋਂ ਪਾਰ ਦੂਰ ਬੈਠੇ ਵੀ ਲਿਖ
ਰਹੇ ਹਨ, ਛਪ ਰਹੇ ਹਨ, ਪੜ੍ਹੇ ਜਾ ਰਹੇ ਹਨ, ਸਤਿਕਾਰੇ ਜਾ ਰਹੇ ਹਨ ਤਾਂ ਉਹ 'ਵਿਦਵਾਨ', ਯੂਨੀਵਰਸਿਟੀਆਂ ਦੇ ਏਅਰ ਕੰਡੀਸ਼ਨਡ ਬੰਦ
ਕਮਰਿਆਂ ਵਿਚ ਘੁਮਣਵਾਲ਼ੀਆਂ ਵਾਲ਼ੀਆਂ ਕੁਰਸੀਆਂ (ਰੀਵੋਲਵਿੰਗ ਚੇਅਰਜ਼) ਤੇ ਝੂਟੇ ਲੈਂਦੇ ਵੀ ਛਿੱਥੇ ਪੈ ਰਹੇ ਹਨ। ਜਦੋਂ ਗਿਆਨੀ ਜੀ
ਪੰਜਾਬੀ ਭਾਸ਼ਾ ਦੇ ਲਿਖਤੀ ਸਰੂਪ ਨੂੰ ਨਾ ਵਿਗਾੜਨ ਬਾਰੇ ਲਿਖਦੇ ਹਨ ਤਾਂ ਵੇਰਵੇ ਸਹਿਤ ਬੜੀ ਦਲੀਲ ਨਾਲ਼ 'ਪੰਜਾਬੀ ਸ਼ਬਦ ਜੋੜਾਂ ਦੀ
ਸਰਲਤਾ ਤੇ ਸਮਾਨਤਾ' ਵਾਲ਼ੇ ਲੇਖ ਵਿਚ, ਕੌਣ ਗ਼ਲਤ ਤੇ ਕੌਣ ਠੀਕ ਆਦਿ ਨੂੰ ਉਜਾਗਰ ਕਰਦੇ ਹਨ ਅਤੇ ਠੀਕ ਉਚਾਰਣ ਬਾਰੇ ਪ੍ਰਕਾਸ਼
ਪਾਉਂਦੇ ਹਨ। ਇਵੇਂ ਹੀ 'ਅਧਕ ਵਿਚਾਰਾ ਕੀ ਕਰੇ' ਲੇਖ ਬੜਾ ਮਹੱਤਵਪੂਰਣ ਹੈ। ਲੇਖ 'ਜਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ'
ਵੀ ਆਪਣੀ ਥਾਂ ਮਹੱਤਵ ਰੱਖਦਾ ਹੈ। ਇਸ ਪੁਸਤਕ ਵਿਚਲੇ ਇਹ ਤਿੰਨੇ ਲੇਖ ਅਜੋਕੇ ਸਮੇ ਵਿਚ ਵਿਸ਼ੇਸ਼ ਮਹੱਤਵਪੂਰਣ ਹਨ ਕਿਉਂਕਿ
ਪੰਜਾਬੀ ਦੇ ਸ਼ਬਦ ਜੋੜਾਂ ਬਾਰੇ ਅੱਜ ਇਕ ਵੱਡਾ ਮਸਲਾ ਸਾਡੇ ਸਨਮੁਖ ਹੈ ਅਤੇ ਇਸ ਮਸਲੇ ਦੇ ਹੱਲ ਲਈ ਗਿਆਨੀ ਜੀ ਨੇ ਇਹਨਾਂ ਤਿੰਨਾਂ
ਲੇਖਾਂ ਰਾਹੀਂ ਆਪਣਾ ਉਚੇਚਾ ਯੋਗਦਾਨ ਪਾ ਦਿਤਾ ਹੈ।
ਇਸ ਪੁਸਤਕ ਵਿਚ ਇਕ ਲੇਖ 'ਵੱਡਿਆਂ ਬੰਦਿਆਂ ਦੀਆਂ ਬਚਿਤਰ ਬਾਤਾਂ' ਇਸ ਦਾ ਅਹਿਮ ਅੰਗ ਹੈ। ਕੇਵਲ ਪੰਜਾਬ ਹੀ ਨਹੀ
ਸਗੋਂ ਭਾਰਤ ਦੀ ਰਾਹਨੁਮਾਈ ਕਰਨ ਵਾਲ਼ੇ ਵੱਡੇ ਬੰਦੇ ਆਪਣੇ ਜੀਵਨ ਵਿਚ ਕਿੰਨੇ ਸਿੱਧੜ ਅਤੇ ਸਰਲ ਸਨ! ਮੰਚਾਂ ਉਪਰ ਬੋਲਦੇ ਸਮੇ ਵੀ
ਉਹ ਟਪਲਾ ਖਾ ਜਾਂਦੇ ਸਨ। ਗਿਆਨੀ ਜੀ ਇਸ ਸਭ ਕਾਸੇ ਦਾ ਜ਼ਿਕਰ ਬੜੀ ਕੌਸ਼ਲਤਾ ਨਾਲ਼ ਕਰਦੇ ਹਨ। ਸਿੱਖ ਕੌਮ ਦੇ ਮੰਨੇ ਪ੍ਰਮੰਨੇ
ਜਥੇਦਾਰਾਂ ਦਾ ਬੜੇ ਹੇਰਵੇ ਤੇ ਵੇਰਵੇ ਨਾਲ਼ ਇਸ ਪੁਸਤਕ ਵਿਚ ਜ਼ਿਕਰ ਆਉਣਾ ਬੜੀ ਚੰਗੀ ਗੱਲ ਲੱਗੀ ਹੈ। ਇਹਨਾਂ ਵੱਡੇ ਲੋਕਾਂ ਬਾਰੇ ਕੁਝ
ਕੁ ਮਿਆਰੀ ਜਾਂ ਯਾਦਗਾਰੀ ਚੁਟਕਲੇ ਵੀ ਗਿਆਨੀ ਜੀ ਨੇ ਕਲਮਬੰਦ ਕੀਤੇ ਹਨ।
ਅੱਜ ਅਟੈਚੀਕੇਸ ਜਿਡੀਆਂ ਭਾਰੀਆਂ ਪੁਸਤਕਾਂ ਨਹੀ ਪੜ੍ਹੀਆਂ ਜਾ ਰਹੀਆਂ। ਅੱਜ ਪਾਠਕ ਤਾਂ ਸ਼ਾਰਟ ਕੱਟ ਮਾਰਦਾ ਹੈ। ਉਸ ਨੂੰ
ਨਿੱਕੇ ਆਕਾਰ ਦੀ ਗਿਆਨਵਾਨ ਤੇ ਰੌਚਕ ਪੁਸਤਕ ਦੀ ਬੇਹਦ ਲੋੜ ਹੈ। ਜੇ ਉਸ ਨੂੰ ਅਜਿਹੀ ਪੁਸਤਕ ਮਿਲ਼ੇਗੀ ਤਾਂ ਉਹ ਉਸ ਨੂੰ ਜਰੂਰ
ਪੜ੍ਹੇਗਾ ਤੇ ਅਨੰਦ ਮਾਣੇਗਾ। ਸੋ ਮੇਰੇ ਵਿਚਾਰ ਮੁਤਾਬਿਕ 'ਜੋ ਵੇਖਿਆ ਸੋ ਆਖਿਆ' ਛੋਟੇ ਆਕਾਰ ਦੀ ਆਪਣੇ ਆਪ ਵਿਚ ਇਕ ਵੱਡੀ
ਪੁਸਤਕ ਹੈ ਕਿਉਂਕਿ ਇਹ ਵੱਡੇ ਗਿਆਨ ਭੰਡਾਰ ਨੂੰ ਆਪਣੇ ਵਿਚ ਸਮੋਈ ਬੈਠੀ ਹੈ। ਗਿਆਨੀ ਜੀ ਨੂੰ ਕੁੱਜੇ ਵਿਚ ਸਮੁੰਦਰ ਬੰਦ ਕਰਨਾ
ਬਾਖ਼ੂਬੀ ਆਉਂਦਾ ਹੈ ਤਦੇ ਹੀ ਉਹਨਾਂ ਦਾ ਨਾ ਭਾਸ਼ਨ ਅਕਾਊ ਹੁੰਦਾ ਹੈ ਨਾ ਲੇਖ। ਭਾਸ਼ਨ ਤੇ ਲਿਖਤ ਦਾ ਸੁਮੇਲ ਉਹਨਾਂ ਦੀ ਸ਼ਖ਼ਸੀਅਤ ਨੂੰ
ਮਿਲਾਪੜੀ ਅਤੇ ਮਿਕਨਾਤੀਸੀ ਬਣਾਉਂਦਾ ਹੈ। ਮੁੱਕਦੀ ਗੱਲ, ਇਹ ਬਾਬਾ ਸਮੇ ਦਾ ਹਾਣੀ ਹੈ; ਕੰਪਿਊਟਰ ਦਾ ਆੜੀ ਹੈ; ਬੁਢਿਆਂ ਨਾਲ਼
ਬੁਢਾ; ਗਭਰੂਆਂ ਸੰਗ ਗਭਰੂ; ਜਵਾਕਾਂ ਨਾਲ਼ ਜਵਾਕਾਂ ਜਿਹਾ। ਜਦੋਂ ਵੀ ਮਿਲ਼ੇਗਾ ਕੋਈ ਝੋਰਾ ਨਹੀ, ਕੋਈ ਗਿਲ੍ਹਾ ਨਹੀ, ਤੇ ਨਾ ਹੀ ਕੋਈ
ਸ਼ਿਕਵਾ ਤੇ ਨਾ ਕੋਈ ਵਿਖਾਵਾ। ਮਾਂ ਬੋਲੀ ਦੇ ਇਸ ਲਾਲ ਦੇ ਬਾਰੇ ਇਹੋ ਹੀ ਕਿਹਾ ਜਾ ਸਕਦਾ ਹੈ:
ਮਿੱਟੀ ਨਾ ਫਰੋਲ ਯੋਗੀਆ ਨਹੀਂਓ ਲੱਭਣੇ ਲਾਲ ਗਵਾਚੇ।
ਬਹੁਪੱਖੀ ਸ਼ਖ਼ਸੀਅਤ
ਗਿਆਨੀ ਸੰਤੋਖ ਸਿੰਘ
ਆਸਟ੍ਰੇਲੀਆ
ਲੇਖਕ: ਹਰਭਜਨ ਸਿੰਘ ਵਕਤਾ
ਪ੍ਰਕਾਸ਼ਕ: ਪੰਜ ਆਬ ਪ੍ਰਕਾਸ਼ਨ, ਜਲੰਧਰ

ਇਹ ਪੁਸਤਕ ਪੰਥ ਦੇ ਪ੍ਰਸਿਧ ਪ੍ਰਚਾਰਕ ਗਿਆਨੀ ਸੰਤੋਖ ਸਿੰਘ ਦੇ ਜੀਵਨ 'ਤੇ ਆਧਾਰਤ ਹੈ। ਇਸ ਵਿਚ ਉਹਨਾਂ ਦੀ ਸ਼ਖ਼ਸੀਅਤ
ਬਾਰੇ ਦੋ ਭਾਗਾਂ ਵਿਚ ਵਰਨਣ ਕੀਤਾ ਗਿਆ ਹੈ। ਪਹਿਲਾ ਭਾਗ ਲੇਖਕ ਵੱਲੋਂ ਅਤੇ ਦੂਜਾ ਭਾਗ ਗਿਆਨੀ ਜੀ ਦੇ ਨਿਟਵਰਤੀਆਂ ਵੱਲੋਂ ਪ੍ਰਸਤੁਤ
ਕੀਤਾ ਗਿਆ ਹੈ। ਪੁਸਤਕ ਰਾਹੀਂ ਗਿਆਨੀ ਜੀ ਦੀ ਬਹੁਪੱਖੀ ਦੇਣ ਬਾਰੇ ਪਤਾ ਲੱਗਦਾ ਹੈ। ਉਹ ਨਾ ਕੇਵਲ ਇਕ ਸੂਝਵਾਨ ਅਤੇ
ਗਿਆਨਵਾਨ ਹਸਤੀ ਹਨ, ਸਗੋਂ ਇਕ ਸਫ਼ਲ ਲਿਖਾਰੀ, ਕੀਰਤਨੀਏ, ਬੁਲਾਰੇ ਅਤੇ ਵਧੀਆ ਜੀਵਨ-ਜਾਚ ਵਾਲ਼ੇ ਗੁਰਸਿੱਖ ਹਨ। ਉਹਨਾਂ
ਕੋਲ਼ ਜ਼ਿੰਦਗੀ ਦਾ ਵਿਸ਼ਾਲ ਅਨੁਭਵ, ਸਾਹਿਤਕ ਲਗਨ, ਸੁਹਿਰਦਤਾ ਅਤੇ ਸੁਚੱਜੀ ਸੋਚ ਹੈ। ਉਹਨਾਂ ਨੇ ਪੰਜ ਪੁਸਤਕਾਂ ਲਿਖ ਕੇ ਮਾਂ ਬੋਲੀ ਦੀ
ਵਡਮੁੱਲੀ ਸੇਵਾ ਕੀਤੀ ਹੈ। ਉਹਨਾਂ ਦੀਆਂ ਲਿਖਤਾਂ ਵਿਚੋਂ ਸਿੱਖ ਧਰਮ, ਸਿੱਖ ਕਿਰਦਾਰ ਅਤੇ ਸਿੱਖੀ ਵਿਰਸੇ ਦੀ ਮਹਿਕ ਆਉਂਦੀ ਹੈ।
ਭਾਵੇਂ ਗਿਆਨੀ ਜੀ ਨੇ ਕੋਈ ਸਕੂਲੀ ਵਿੱਦਿਆ ਗ੍ਰਹਿਣ ਨਹੀ ਕੀਤੀ ਪਰ ਆਪਣ ਪਿਤਾ ਪਾਸੋਂ ਗੁਰਬਾਣੀ ਦੀ ਤਾਲੀਮ ਅਤੇ ਸ਼ਹੀਦ
ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਦੀ ਵਿੱਦਿਆ ਹਾਸਲ ਕਰਕੇ, ਉਹਨਾਂ ਨੇ ਲੰਮਾ ਸਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਵਿਚ ਵੱਖ ਵੱਖ ਅਹੁਦਿਆਂ 'ਤੇ ਸੇਵਾ ਨਿਭਾਈ। ਓਥੇ ਪੰਥ ਦੀਆਂ ਪ੍ਰਸਿਧ ਹਸਤੀਆਂ ਦੀ ਰਹਿਨੁਮਾਈ ਹੇਠ ਉਹਨਾਂ ਨੇ ਇਤਿਹਾਸ,
ਸਾਹਿਤ, ਗੁਰਬਾਣੀ ਅਤੇ ਭਾਸ਼ਾ ਸਬੰਧੀ ਵਿਸ਼ਾਲ ਗਿਆਨ ਹਾਸਲ ਕੀਤਾ ਅਤੇ ਆਪਣੀ ਸੋਚ ਨੂੰ ਵਿਸ਼ਾਲ ਬਣਾਇਆ। ਸੰਨ ੧੯੭੩ ਵਿਚ
ਉਹਨਾਂ ਨੇ ਵਿਦੇਸ਼ ਯਾਤਰਾ ਦੌਰਾਨ ਗੁਰਸਿੱਖੀ ਦੇ ਪ੍ਰਚਾਰ ਨੂੰ ਆਪਣਾ ਮੰਤਵ ਬਣਾਇਆ ਅਤੇ ਦੂਰ-ਦੁਰਾਡੇ ਦੇਸ਼ਾਂ ਵਿਚ ਜਾ ਕੇ ਗੁਰਬਾਣੀ ਦਾ
ਪ੍ਰਚਾਰ ਅਤੇ ਪ੍ਰਸਾਰ ਕੀਤਾ। ਸੰਨ ੧੯੮੦ ਤੋਂ ਪੱਕੇ ਤੌਰ ਤੇ ਆਸਟ੍ਰੇਲੀਆ ਵਿਚ ਵੱਸੇ ਹੋਏ ਹਨ ਜਿਥੇ ਆਪਣੀਆਂ ਪਰਵਾਰਕ, ਸਮਾਜਕ ਅਤੇ
ਧਾਰਮਿਕ ਜੁਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਉਹ ਸੱਭਿਆਚਾਰ ਅਤੇ ਸਾਹਿਤ ਨਾਲ਼ ਵੀ ਜੁੜੇ ਹੋਏ ਹਨ। ਉਹਨਾਂ ਅਨੇਕ ਦੇਸ਼ਾਂ ਦੀ ਯਾਤਰਾ
ਕਰਕੇ ਪੰਜਾਬੀਅਤ, ਇਨਸਾਨੀਅਤ ਅਤੇ ਗੁਰਮਤਿ ਦੀ ਖ਼ੁਸ਼ਬੂ ਨੂੰ ਵੰਡਿਆ ਹੈ। ਇਸ ਉਮਰ ਵਿਚ ਵੀ ਉਹ ਪੂਰੀ ਤਰ੍ਹਾਂ ਗਤੀਸ਼ੀਲ ਹਨ ਅਤੇ
ਗਿਆਨ ਦਾ ਚਾਨਣ ਵੰਡ ਰਹੇ ਹਨ। ਪੁਸਤਕ ਦੇ ਸਾਰੇ ਹੀ ਲੇਖਾਂ ਨੇ ਗਿਆਨੀ ਜੀ ਦੀ ਵਡਮੁੱਲੀ ਸ਼ਖ਼ਸੀਅਤ ਨਾਲ਼ ਇਨਸਾਫ਼ ਕੀਤਾ ਹੈ। ਇਸ
ਪੁਸਤਕ ਪੜ੍ਹਨ ਯੋਗ ਅਤੇ ਸਾਂਭਣ ਯੋਗ ਹੈ।
ਡਾ. ਸਰਬਜੀਤ ਕੌਰ ਸੰਧਾਵਾਲੀਆ
੯੮੧੪੭-੧੬੩੬੭

ਪਰਵਾਸੀ ਲੇਖਕ ਗਿਆਨੀ ਸੰਤੋਖ ਸਿੰਘ ਲਿਖਤ
ਜੋ ਵੇਖਿਆ ਸੋ ਆਖਿਆ
ਪ੍ਰਕਾਸ਼ਕ: ਅੰਕੁਰ ਪ੍ਰੈਸ, ਸਮਾਧ ਰੋਡ, ਬਟਾਲਾ

'ਜੋ ਵੇਖਿਆ ਸੋ ਆਖਿਆ' ਗਿਆਨੀ ਸੰਤੋਖ ਸਿੰਘ ਦਾ ਪੰਜਵਾਂ ਲੇਖ ਸੰਗ੍ਰਹਿ ਹੈ। ਇਸ ਵਿਚ ਵੱਖ ਵੱਖ ਵਿਸ਼ਿਆਂ ਨਾਲ਼ ਸਬੰਧਤ
੧੯ ਲੇਖ ਸ਼ਾਮਲ ਕੀਤੇ ਗਏ ਹਨ। ਇਹਨਾਂ ਲੇਖਾਂ ਦੇ ਵਿਸ਼ੇ ਆਲੋਚਨਾਤਮਿਕ, ਸਭਿਆਚਾਰਕ, ਸਾਹਿਤਕ, ਰਾਜਨੀਤਕ, ਅਤੇ ਧਾਰਮਿਕ
ਹਨ। ਇਹਨਾਂ ਵਿਚੋਂ ਬਹੁਤੀਆਂ ਘਟਨਾਵਾਂ ਖ਼ੁਦ ਲੇਖਕ ਨਾਲ਼ ਵਾਪਰੀਆਂ ਹਨ।
ਲੋਕਧਾਰਾ ਅਤੇ ਸਭਿਆਚਾਰ ਦੇ ਸੰਧਰਬ ਵਿਚ: ਘੜਾ ਘੜਵੰਜੀ ਤੇ, ਭੁੱਲ ਕੇ ਛੜੇ ਨੂੰ ਅੱਖ ਮਾਰੀ, ਵੱਡੇ ਬੰਦਿਆਂ ਦੀਆਂ ਵਚਿਤਰ
ਬਾਤਾਂ ਆਦਿ ਲੇਖਾਂ ਨੂੰ, ਲੇਖਕ ਨੇ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਸਿਰਜਿਆ ਹੈ। ਇਹਨਾਂ ਲੇਖਾਂ ਵਿਚ ਲੇਖਕ ਨੇ ਢੁਕਵੀਆਂ ਮਿਸਾਲਾਂ ਦੇ ਕੇ
ਵਿਸ਼ੇ ਨੂੰ ਖੂਬਸੂਰਤ ਤੇ ਰੌਚਕ ਬਣਾਇਆ ਹੈ। ਮੁਹਾਵਰੇ, ਅਖਾਣ ਲੋਕੋਕਤੀਆਂ ਤੇ ਬਾਤਾਂ ਤੋਂ ਇਲਾਵਾ ਲੋਕਗੀਤਾਂ ਦੇ ਹਵਾਲੇ ਵਿਸ਼ੇ ਦੀ
ਪ੍ਰਮਾਣਿਕਤਾ ਦਾ ਸਬੂਤ ਹਨ। ਘੜਾ ਘੜਵੰਜੀ ਤੇ ਲੇਖ ਵਿਚ ਬਹੁਤ ਸਾਰੇ ਲੋਕਗੀਤ ਸ਼ਾਮਲ ਕੀਤੇ ਗਏ ਹਨ:
੧. ਕੋਰੀ ਕੋਰੀ ਕੂੰਡੀ ਵਿਚ ਮਿਰਚਾਂ ਮੈਂ ਰਗੜਾਂ
ਸਹੁਰੇ ਦੀ ਅੱਖ ਵਿਚ ਪਾ ਦੇਨੀਆਂ
ਘੁੰਡ ਕੱਢਣੇ ਦੀ ਅਲਖ ਮੁਕਾ ਦੇਨੀਆਂ।
੨. ਬੁੜ੍ਹੀ ਨੂੰ ਭੌਂਕਣ ਦੇ, ਮੇਲਾ ਵੇਖਣ ਚੱਲ।
ਪੁਆੜਾ ਪੈ ਜੂ ਗਾ ਬੁੜ੍ਹਾ ਬੁੜ੍ਹੀ ਦੇ ਵੱਲ।
ਲਿਖਤ ਦੀ ਖੂਬਸੂਰਤੀ ਇਹ ਵੀ ਹੈ ਕਿ ਕਈ ਵਾਰ ਲੇਖਕ ਲੇਖ ਦਾ ਆਰੰਭ ਹੀ ਕਿਸੇ ਲੋਕਗੀਤ ਤੋਂ ਕਰਦਾ ਹੈ। ਇਸ ਦੇ ਨਾਲ
ਨਾਲ ਸ਼ੁਰੂ ਵਿਚ ਹੀ ਪਾਠਕ ਦੇ ਮਨ ਵਿਚ ਉਤਸੁਕਤਾ ਪੈਦਾ ਹੋ ਜਾਂਦੀ ਹੈ। 'ਭੁੱਲ ਕੇ ਛੜੇ ਨੂੰ ਅੱਖ ਮਾਰੀ' ਲੇਖ ਦਾ ਆਰੰਭ ਵੀ ਏਸੇ ਤਰ੍ਹਾਂ
ਕੀਤਾ ਗਿਆ ਹੈ:
ਛੜੇ ਛੜੇ ਨਾ ਆਖੋ ਲੋਕੋ ਛੜੇ ਵਖ਼ਤ ਨੂੰ ਫੜੇ
ਅੱਧੀ ਰਾਤੋਂ ਪੀਹਣ ਲਗੇ ਅੱਧ ਸੇਰ ਛੋਲੇ ਦਲੇ
ਝਾੜ ਪੂੰਝ ਕੇ ਉਠਣ ਲਗੇ ਆਟਾ ਦੇਹ ਨੂੰ ਲੜੇ
ਫੂਕ ਮਾਰਿਆਂ ਅੱਗ ਨਾ ਬਲਦੀ ਭੜ ਭੜ ਦਾਹੜੀ ਸੜੇ
ਸਾੜ ਫੂਕ ਕੇ ਚਾਰੇ ਪੱਕੀਆਂ ਚਾਰ ਪ੍ਰਾਹੁਣੇ ਖੜੇ
ਲਉ ਭਰਾਉ ਤੁਸੀਂ ਖਾ ਲਉ ਇਹੋ ਅਸਾਥੋਂ ਸਰੇ
ਬਾਝੋਂ ਤੀਵੀਆਂ ਦੇ ਛੜੇ ਮਰੇ ਕਿ ਮਰੇ
ਵੱਡੇ ਬੰਦਿਆਂ ਦੀਆਂ ਵਚਿਤਰ ਬਾਤਾਂ ਲੇਖ ਵਿਚ ਗਿਆਨੀ ਸੰਤੋਖ ਸਿੰਘ ਨੇ ਕੁਝ ਵਚਿੱਤਰ ਰਾਜਨੀਤਕ ਇਤਿਹਾਸਕ ਰੌਚਕ
ਤੱਥਾਂ ਦੀ ਪੇਸ਼ਕਾਰੀ ਕੀਤੀ ਹੈ। ਮਿਸਾਲ ਵਜੋਂ:
੧. ਇਕ ਵਾਰੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਚੰਡੀਗੜ੍ਹ ਆਏ ਤਾਂ ਉਸ ਸਮੇਂ ਦੇ ਮੁਖ ਮੰਤਰੀ ਸ. ਪ੍ਰਤਾਪ ਸਿੰਘ
ਕੈਰੋਂ ਨੇ ਉਹਨਾਂ ਦੀ ਸਵਾਗਤੀ ਸਪੀਚ ਵਿਚ ਆਖ ਦਿੱਤਾ ਕਿ ਚੰਡੀਗੜ੍ਹ ਪੰਜਾਬ ਦਾ ਦਿਲ ਹੈ। ਉਤਰ ਵਿਚ ਨਹਿਰੂ ਜੀ ਨੇ
ਆਪਣੇ ਭਾਸ਼ਣ ਵਿਚ ਆਖਿਆ, "ਵਾਕਿਆ ਹੀ ਚੰਡੀਗੜ੍ਹ ਪੰਜਾਬ ਦਾ ਦਿਲ ਹੈ ਕਿਉਂਕਿ ਦਿਮਾਗ ਤੋ ਪੰਜਾਬੀਉਂ ਕਾ ਹੋਤਾ
ਹੀ ਨਹੀਂ।"
੨. ਪੰਜਾਬੀ ਸੂਬੇ ਦਾ ਐਲਾਨ ਹੋ ਜਾਣ ਪਿਛੋਂ ਹਰਿਆਣਾ ਦੇ ਆਗੂ ਚੌਧਰੀ ਦੇਵੀ ਲਾਲ ਜੀ, ਅਕਾਲੀ ਆਗੂ ਸੰਤ ਫ਼ਤਿਹ ਸਿੰਘ ਜੀ
ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਲ਼ਨ ਵਾਸਤੇ ਆਏ ਤਾਂ ਗੱਲਬਾਤ ਵਿਚ ਆਪਣੀ ਪੇਂਡੂ ਬੋਲੀ ਵਿਚ ਆਖਣ ਲੱਗੇ,
"ਹਰਿਆਣਾ ਤਾਂ ਪੰਜਾਬੀ ਸੂਬੇ ਨਾਲ ਇਸ ਤਰ੍ਹਾਂ ਬਣ ਗਿਆ ਹੈ ਜਿਵੇਂ ਕੋਈ ਆਦਮੀ ਟੱਟੀ ਫਿਰਨ ਜਾਵੇ ਤਾਂ ਪਿਸ਼ਾਬ ਆਪਣੇ
ਆਪ ਹੀ ਆ ਜਾਂਦਾ ਹੈ।"
ਪੰਜਾਬੀ ਭਾਸ਼ਾ ਨਾਲ਼ ਸਬੰਧਤ ਤਿੰਨ ਲੇਖ: ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਤੇ ਸਮਾਨਤਾ, ਅੱਧਕ ਵਿਚਾਰਾ ਕੀ ਕਰੇ, ਜੱਜੇ ਦੀਆਂ
ਲੱਤਾਂ ਵਿਚ ਆ ਘੁਸੀ ਬੇਲੋੜੀ ਬਿੰਦੀ ਇਸ ਪੁਸਤਕ ਵਿਚ ਸ਼ਾਮਲ ਹਨ। ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਤੇ ਸਮਾਨਤਾ ਦੇ ਸੰਦਰਭ ਵਿਚ
ਲੇਖਕ ਕਹਿੰਦਾ ਹੈ:ਮੈਂ ਤਾਂ ਇਸ ਹੱਕ ਵਿਚ ਹਾਂ ਕਿ ਜਿਹੜੀ ਨਵੀਂ ਵਸਤੂ ਦਾ, ਜਿਸ ਨੇ ਈਜਾਦ ਕਰਨ ਵੇਲੇ ਜੋ ਨਾਂ ਰੱਖਿਆ ਉਸ ਨੂੰ
ਤਰਜਮਾਉਣ ਵਿਚ ਉਚੇਚੀ ਸਿਰ ਖਪਾਈ ਕਰਨ ਨਾਲ਼ੋਂ ਉਸ ਨੂੰ ਜਿਉਂ ਦਾ ਤਿਉਂ ਪੰਜਾਬੀ ਅੱਖਰਾਂ ਵਿਚ ਲਿਖ ਕੇ ਅਪਣਾ ਲੈਣਾ ਚਾਹੀਦਾ ਹੈ।
ਟੈਲੀਫੋਨ ਦਾ ਦੂਰਭਾਸ਼, ਟੈਲੀਵਿਯਨ ਦਾ ਦੂਰਦਰਸ਼ਨ, ਰੇਡੀਓ ਦਾ ਆਕਾਸ਼ਵਾਣੀ, ਟ੍ਰੈਕਟਰ ਦਾ ਭੂਮੀਖੋਦ ਯੰਤਰ ਬਣਾ ਕੇ ਅਸੀਂ ਕੀ ਕੱਦੂ
ਵਿਚ ਤੀਰ ਮਾਰ ਰਹੇ ਹਾਂ; ਇਹ ਮੇਰੀ ਸਮਝ ਤੋਂ ਬਾਹਰੀ ਬਾਤ ਹੈ।ਏਸੇ ਤਰ੍ਹਾਂ ਇਸ ਕਿਤਾਬ ਵਿਚ ਲੇਖਕ ਵੱਲੋਂ ਪੰਜਾਬੀ ਭਾਸ਼ਾ ਨਾਲ ਸਬੰਧਤ
ਸ਼ਬਦ ਜੋੜਾਂ ਦੀਆਂ ਗ਼ਲਤੀਆਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ।ਇਸ ਦੇ ਨਾਲ਼ ਧਾਰਮਿਕ, ਇਤਿਹਾਸਕ ਅਤੇ ਰਾਜਨੀਤੀ ਨੂੰ ਪੇਸ਼ ਕਰਨ
ਵਾਲ਼ੇ: ਯਾਰ ਜਾਰ ਜ਼ਾਰ, ਸਾਧੂ ਬੋਲੇ ਸਹਿਜ ਸੁਭਾਇ, ਭੇਡਾਂ ਵਿਚੋਂ ਊਠ ਦੀ ਪਛਾਣ, ਸੱਚੇ ਚੁਟਕਲੇ, ਅਨਪੜ੍ਹ ਸਿੰਘਾ, ਦੋ ਅਕਾਲੀ ਵਿਦਵਾਨਾਂ
ਦਾ ਮਿਲਾਪ, ਪੰਜ ਸਿੱਖਾਂ ਦਾ ਸਨਮਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਮਿਨੀ ਸਿੱਖ ਪਾਰਲੀਮੈਂਟ?, ਸਿੱਖ ਆਗੂਆਂ ਦੀਆਂ
ਅਸਚਰਜ ਬੇਪਰਵਾਹੀਆਂ ਆਦਿ ਲੇਖ ਇਸ ਪੁਸਤਕ ਵਿਚ ਸ਼ਾਮਲ ਹਨ।ਗਿਆਨੀ ਸੰਤੋਖ ਸਿੰਘ ਨੇ ਇਹਨਾਂ ਘਟਨਾਵਾਂ ਨੂੰ ਬੜਾ ਨੇੜਿਉਂ
ਵੇਖਿਆ ਹੈ ਤੇ ਬਿਲਕੁਲ ਓਸੇ ਤਰ੍ਹਾਂ ਹੀ ਬਿਆਨ ਕਰ ਦਿੱਤਾ ਹੈ। ਸ਼ਾਇਦ ਏਸੇ ਕਰਕੇ ਹੀ ਇਸ ਪੁਸਤਕ ਦਾ ਨਾਂ 'ਜੋ ਵੇਖਿਆ ਸੋ ਆਖਿਆ'
ਰੱਖਿਆ ਗਿਆ ਹੈ। ਲੇਖਾਂ ਦੀ ਖ਼ੂਬਸੂਰਤੀ ਇਹ ਹੈ ਕਿ ਲੇਖਕ ਨੇ ਘਟਨਾਵਾਂ ਦੇ ਨਾਲ਼ ਨਾਲ਼ ਤਾਰੀਖਾਂ, ਨਾਂਵਾਂ ਤੇ ਥਾਂਵਾਂ ਨੂੰ ਵੀ ਪੇਸ਼ ਕੀਤਾ ਹੈ
ਜੋ ਘਟਨਾਵਾਂ ਦੀ ਇਤਿਹਾਸਕ ਪ੍ਰਮਾਣਿਤਾ ਦਾ ਪੱਖ ਪੂਰਦੇ ਹਨ।
ਕੁੱਲ ਮਿਲਾ ਕੇ ਇਹ ਪੁਸਤਕ ਪੰਜਾਬੀ ਵਾਰਤਕ ਸਾਹਿਤ ਵਿਚ ਇਕ ਇਤਿਹਾਸਕ ਦਸਤਾਵੇਜ਼ ਵਜੋਂ ਸਾਂਭ ਕੇ ਰੱਖਣ ਦੇ ਯੋਗ ਹੈ।
ਆਤਮਾ ਸਿੰਘ ਗਿੱਲ
ਪੰਜਾਬੀ ਲੈਕਚਰਾਰ
ਡੀ. ਏ. ਵੀ ਕਾਲਜ, ਅੰਮ੍ਰਿਤਸਰ
+੯੧-੯੮੭੮੮-੮੩੬੮੦
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ

ਅਤੀਤ, ਵਰਤਮਾਨ ਅਤੇ ਭਵਿਖ ਦਾ ਆਪਸੀ ਗੂਹੜਾ ਸਬੰਧ ਹੁੰਦਾ ਹੈ। ਆਸਟ੍ਰੇਲੀਆ ਦੇ ਵਸਨੀਕ, ਪਰਵਾਸੀ ਲੇਖਕ, ਗਿਆਨੀ
ਸੰਤੋਖ ਸਿੰਘ ਨੇ ਵੀ ਇਸ ਹਥਲੀ ਪੁਸਤਕ 'ਬਾਤਾਂ ਬੀਤੇ ਦੀਆਂ' ਵਿਚ ਅਤੀਤ ਦੀ ਗੋਦ ਦਾ ਲੁੱਤਫ਼ ਲੈਂਦਿਆਂ ਅਤੇ ਆਪਣੇ ਜੀਵਨ ਦੇ
ਇਤਿਹਾਸ ਨੂੰ ਫਰੋਲਦਿਆਂ, ਆਲ਼ੇ ਦੁਆਲ਼ੇ ਦੇ ਸਮਾਜਕ, ਧਾਰਮਿਕ, ਰਾਜਨੀਤਕ, ਸਭਿਆਚਾਰਕ ਤੇ ਵਿਰਾਸਤੀ ਇਤਿਹਾਸ ਅਤੇ ਦੇਸ਼
ਵਿਦੇਸ਼ ਦੇ ਲੋਕਾਂ ਦੇ ਆਪਸੀ ਵਰਤੋਂ ਵਿਹਾਰ ਨੂੰ ਪਾਠਕਾਂ ਦੇ ਰੂਬਰੂ ਕਰਨ ਦਾ ਸਫ਼ਲ ਯਤਨ ਕੀਤਾ ਹੈ।
ਗਿਆਨੀ ਸੰਤੋਖ ਸਿੰਘ ਨੇ ਆਪਣੀ ਰੌਚਕ ਤੇ ਠੇਠ ਭਾਸ਼ਾ ਵਾਲ਼ੇ ਸੱਤ ਕੁ ਦਰਜਨਾਂ ਦੇ ਭਾਵਪੂਰਤ ਲੇਖਾਂ ਰਾਹੀਂ ਵੱਖ ਵੱਖ ਵਿਸ਼ਿਆਂ
ਨੂੰ ਸਿਰਫ਼ ਛੋਹਿਆ ਹੀ ਨਹੀ ਸਗੋਂ ਹਰ ਵਿਸ਼ੇ ਦੀ ਪੂਰੀ ਚੀਰ ਫਾੜ ਕਰਕੇ, ਪਾਠਕਾਂ ਅੱਗੇ ਪੁਸਤਕ ਰੂਪੀ ਥਾਲ ਵਿਚ 'ਹਾਸਿਆਂ ਦੀ ਚਟਣੀ'
ਨਾਲ਼ ਪਰੋਸਿਆ ਹੈ ਤਾਂ ਕਿ ਜਾਣਕਾਰੀ ਦੇ ਨਾਲ਼ ਨਾਲ਼ ਪਾਠਕਾਂ ਦੇ ਫੇਫੜਿਆਂ ਦੀ ਗਰਮ ਹਵਾ ਵੀ ਖ਼ਾਰਜ ਹੁੰਦੀ ਰਹੇ।
ਅਣਜਾਣਪੁਣੇ ਦੀਆਂ ਗ਼ਲਤੀਆਂ, ਬੁਢੇਪੇ ਦਾ ਸਬਰ, ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਸਮੇ ਹੋਏ ਖੱਟੇ ਮਿੱਠੇ ਅਨੁਭਵਾਂ ਅਤੇ ਚੰਗੇ
ਕਿਰਦਾਰਾਂ ਨੂੰ, ਜਿਥੇ ਬੜੇ ਸੋਹਜ ਭਾਵ ਨਾਲ਼ ਪੇਸ਼ ਕੀਤਾ ਹੈ ਓਥੇ ਅਖੌਤੀ ਧਾਰਮਿਕ ਸੰਤਾਂ/ਨੇਤਾਵਾਂ ਦੇ ਦੋਹਰੇ ਜੀਵਨ ਤੇ ਲਾਉਣ ਬੁਝਾਉਣ ਦੀ
ਦੋਗਲੀ ਨੀਤੀ ਨੂੰ ਵੀ ਆੜੇ ਹੱਥੀਂ ਲਿਆ ਹੈ। ਬਹੁਤ ਸਾਰੇ ਨੇਤਾਵਾਂ ਦੇ ਪੋਤੜਿਆਂ ਦੇ ਵਾਕਫ਼ ਲੇਖਕ ਨੇ ਇਸ ਪੁਸਤਕ ਵਿਚਲੀਆਂ ਕੁਝ
ਲਿਖਤਾਂ ਰਾਹੀਂ ਉਹਨਾਂ ਦੇ ਪੋਤੜਿਆਂ ਵਿਚ ਇਸ ਵਿਧਾ ਨਾਲ਼ ਹੱਥ ਪਾਇਆ ਹੈ ਕਿ ਉਹ ਨੰਗੇ ਵੀ ਨਾ ਹੋਣ ਪਰ ਉਹਨਾਂ ਵਿਚਲੀਆਂ
ਵਿਹਾਰਕ ਬੁਰਾਈਆਂ ਭੁੱਜਦੇ ਫੁੱਲਿਆਂ ਵਾਂਗ ਤਪਦੀ ਕੜਾਹੀ 'ਚੋਂ ਬਾਹਰ ਜ਼ਰੂਰ ਹੀ ਭੁੜਕ ਆਉਣ।
ਇਸ ਗਿਆਨ ਸਾਗਰ ਵਿਚ ਤਾਰੀਆਂ ਲਾਉਂਦੇ ਸਮੇ ਪਾਠਕ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜਿਵੇਂ ਕਿਸੇ ਵਾਪਰੇ
ਬਿਰਤਾਂਤ ਦਾ ਉਹ ਖ਼ੁਦ ਪਾਤਰ ਹੁੰਦਾ ਹੋਇਆ, ਆਪਣੇ ਪਿੰਡੇ ਉਤੇ ਸਭ ਕੁਝ ਹੰਡਾ ਰਿਹਾ ਹੈ। ਬਹੁਤ ਸਾਰੀਆਂ ਘਟਨਾਵਾਂ/ਦੁਰਘਟਨਾਵਾਂ
ਪਾਠਕ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਵਾਪਰ ਰਹੀਆਂ ਪਰਤੀਤ ਹੁੰਦੀਆਂ ਹਨ।
ਆਸ ਹੈ ਕਿ 'ਬਾਤਾਂ ਬੀਤੇ ਦੀਆਂ' ਪੁਸਤਕ ਪਾਠਕਾਂ ਵਾਸਤੇ ਜਿਥੇ ਟੇਠ ਪੰਜਾਬੀ ਮਾਂ ਬੋਲੀ ਨਾਲ਼ ਜੁੜਨ ਵਿਚ ਸਹਾਇਕ ਹੋਵੇਗੀ
ਓਥੇ ਬਹੁਤ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਵਿਚ ਵੀ ਸਫ਼ਲ ਰਹੇਗੀ।
ਅਜਿਹੀ ਪੁਸਤਕ ਸਾਹਿਤ ਜਗਤ ਦੀ ਝੋਲ਼ੀ ਪਾਉਣ ਵਾਲ਼ੇ ਵਿਦਵਾਨ ਲੇਖਕ ਗਿਆਨੀ ਸੰਤੋਖ ਸਿੰਘ ਨੂੰ ਢੇਰ ਸਾਰੀਆਂ ਮੁਬਾਰਕਾਂ।
ਲਖਵਿੰਦਰ ਸਿੰਘ ਹਵੇਲੀਆਣਾ

ਸ. ਸ. ਮਾਸਟਰ
ਸਰਕਾਰੀ ਹਾਈ ਸਕੂਲ, ਚੀਮਾ ਬਾਠ, ਜ਼ਿਲਾ ਅੰਮ੍ਰਿਤਸਰ – ੧੪੩੧੧੨
ਮੋਬਾਇਲ: +੯੧ ੯੮੭੬੪੭੪੮੫੮
ਜੋ ਵੇਖਿਆ ਸੋ ਆਖਿਆ
ਨਿਬੰਧ ਸੰਗ੍ਰਹਿ

ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਅੰਕੁਰ ਪਰੈਸ, ਬਟਾਲਾ
'ਜੋ ਵੇਖਿਆ ਸੋ ਆਖਿਆ' ਗਿ. ਸੰਤੋਖ ਸਿੰਘ ਦੀ ਪੰਜਵੀਂ ਪੁਸਤਕ ਹੈ ਜਿਸ ਵਿਚ ਉਹਨਾਂ ਨੇ ਆਪਣੇ ਸੰਸਾਰ ਦੇ ਭ੍ਰਮਣ ਸਮੇ ਹੋਏ
ਖੱਟੇ ਮਿੱਠੇ ਤਜਰਬਿਆਂ ਭਰਪੂਰ ਲੇਖਾਂ ਦੇ ਨਾਲ਼ ਨਾਲ਼ ਕੁਝ ਸਭਿਆਚਾਰਕ ਅਤੇ ਭਾਸ਼ਾਈ ਲੇਖਾਂ ਨੂੰ ਵੀ ਸ਼ਾਮਲ ਕੀਤਾ ਹੈ।
ਇਸ ਵਿਚ ਕੁੱਲ ਵੀਹ ਲੇਖ ਹਨ। ਸਭਿਆਚਾਰਕ ਰੰਗ ਵਿਚ ਗੜੁੱਚ ਲੇਖ ਘੜਾ ਘੜਵੰਜੀ 'ਤੇ ਅਤੇ ਭੁੱਲ ਕੇ ਛੜੇ ਨੂੰ ਅੱਖ ਮਾਰੀ,
ਪੰਜਾਬੀ ਵਿਰਸੇ ਦੀ ਬਾਤ ਪਾਉਂਦੇ ਹਨ। 'ਘੜਾ ਘੜਵੰਜੀ 'ਤੇ' ਲੇਖ ਵਿਚ ਲੇਖਕ ਨੇ ਜਵਾਨ ਹੋ ਚੁੱਕੀ ਮੁਟਿਆਰ ਦੀ ਵੇਦਨਾ ਨੂੰ
ਵਿਅੰਗਆਤਮਿਕ ਲਹਿਜੇ ਵਿਚ ਪਰਗਟ ਕਰਨ ਦਾ ਸਾਰਥਕ ਯਤਨ ਕੀਤਾ ਹੈ। 'ਭੁੱਲ ਕੇ ਛੜੇ ਨੂੰ ਅੱਖ ਮਾਰੀ' ਦਾ ਵਿਸ਼ਾ ਬੇਸ਼ੱਕ ਛੜਿਆਂ
ਨਾਲ਼ ਸਬੰਧਤ ਹੈ ਪਰ ਇਸ ਵਿਚ ਪੇਸ਼ ਕੀਤੀਆਂ ਗਈਆਂ ਟਿਪਣੀਆਂ ਵਿਚ ਮਾਦਾ ਭਰੂਣ ਹੱਤਿਆ ਜਿਹੀ ਨਾਮੁਰਾਦ ਬਿਮਾਰੀ ਬਾਰੇ ਲੇਖਕ
ਨੇ ਡਾਢੀ ਚਿੰਤਾ ਪਰਗਟ ਕੀਤੀ ਹੈ। ਛੜਿਆਂ ਦੀ ਟੀਮ ਦੇ ਵਿਸਥਾਰ ਵਿਚ ਲੜਕੀਆਂ ਦੇ ਘੱਟ ਹੋਣ ਨੂੰ ਇਕ ਵੱਡਾ ਕਾਰਨ ਦੱਸਦਿਆਂ,
ਪੰਜਾਬੀਆਂ ਨੂੰ ਇਸ ਪਾਸੇ ਸੋਚਣ ਲਈ ਪ੍ਰੇਰਿਆ ਹੈ। ਸਭਿਆਚਾਰਕ ਪੱਖ ਤੋਂ ਪੇਸ਼ ਕੀਤਾ ਗਿਆ ਇਹ ਲੇਖ ਸਚਾਈ ਨੂੰ ਬਾਖ਼ੂਬੀ ਪੇਸ਼ ਕਰਦਾ
ਹੈ।
ਪੁਸਤਕ ਵਿਚਲੇ ਲੇਖਾਂ ਦਾ ਦੂਸਰਾ ਭਾਗ ਗਿਆਨੀ ਜੀ ਦੇ ਜੀਵਨ ਵਿਚ ਉਹਨਾਂ ਨੂੰ ਹੋਏ ਤਜੱਰਬਿਆਂ ਅਤੇ ਯਾਦਾਂ ਨਾਲ਼ ਓਤ ਪੋਤ
ਹੈ। ਇਹਨਾਂ ਯਾਦਾਂ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਨੇ ਆਪਣੇ ਆਪ ਨੂੰ ਵੀ ਨਹੀ ਬਖ਼ਸ਼ਿਆ। 'ਇਉਂ ਹੋਇਆ ਸਵਾਗਤ ਮੇਰੀਆਂ
ਲਿਖਤਾਂ ਦਾ' ਲੇਖ ਵਿਚ ਉਹਨਾਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਨਿਹਾਰਿਆ ਜਾ ਸਕਦਾ ਹੈ। ਗਿਆਨੀ ਹੋਰਾਂ ਦੀ ਸੱਚ ਕਹਿਣ ਦੀ
ਜੁਰਅਤ ਇਸ ਲੇਖ ਵਿਚੋਂ ਸਹਿਵਨ ਹੀ ਸਮਝ ਪੈ ਜਾਂਦੀ ਹੈ।
ਪੰਜਾਬੀ ਭਾਸ਼ਾ ਦੇ ਸੰਧਰਬ ਵਿਚ ਲਿਖੇ ਗਏ ਲੇਖਾਂ ਵਿਚ ਲੇਖਕ ਨੇ ਪੰਜਾਬੀਆਂ ਦਾ ਭਾਸ਼ਾਈ ਪਹੁੰਚ ਤੋਂ ਦੂਰ ਹੋਣ ਦਾ ਹਵਾਲਾ ਦਿਤਾ
ਹੈ ਅਤੇ ਗ਼ਲਤ ਉਚਾਰਨ ਅਤੇ ਗ਼ਲਤ ਲਿਖਣ ਦੀ ਸਮੱਸਿਆ ਨੂੰ ਵੱਡੀ ਸਮੱਸਿਆ ਹੋਣ ਦੀ ਗੱਲ ਕਹੀ ਹੈ। 'ਯਾਰ, ਜਾਰ, ਜ਼ਾਰ' ਲੇਖ ਵਿਚ
ਤਿੰਨਾਂ ਦੇ ਸਹੀ ਉਚਾਰਨ ਦੀ ਸਮਝ ਲਈ ਉਹਨਾਂ ਨੇ ਤਿੰਨਾਂ ਦੀ ਹੀ ਵਿਆਖਿਆ ਕਰਕੇ, ਅਰਥਾਂ ਦੀ ਸਹੀ ਸਮਝ ਨਾ ਹੋਣ ਕਾਰਨ ਹੋਰ ਰਹੀ
ਗ਼ਲਤੀ ਦਾ ਅਹਿਸਾਸ ਕਰਾਉਣ ਦਾ ਯਤਨ ਕੀਤਾ ਹੈ। 'ਅਧਕ ਵਿਚਾਰਾ ਕੀ ਕਰੇ?" ਲੇਖ ਰਾਹੀਂ ਪੰਜਾਬੀ ਲੇਖਕਾਂ ਵੱਲੋਂ ਇਸ ਨੂੰ ਜੋ ਵਿਚਾਰਾ
ਬਣਾ ਕੇ ਰੱਖ ਦਿਤਾ ਗਿਆ ਹੈ, ਉਸ ਬਾਰੇ ਵੀ ਵਿਸਥਾਰਤ ਚਾਨਣਾ ਪਾਇਆ ਗਿਆ ਹੈ।
ਇਸ ਦੇ ਨਾਲ਼ ਹੀ ਹਥਲੀ ਪੁਸਤਕ ਵਿਚ ਪੰਜਾਬੀ ਸ਼ਬਦ ਜੋੜਾਂ ਵਿਚਲੇ ਵਖਰੇਵੇਂ ਦਾ ਹਵਾਲਾ ਦਿੰਦਿਆਂ ਪੰਜਾਬੀ ਸ਼ਬਦ ਜੋੜਾਂ ਦੀ
ਸਰਲਤਾ ਅਤੇ ਸਮਾਨਤਾ ਦੀ ਲੋੜ ਮਹਿਸੂਸ ਕੀਤੀ ਗਈ ਹੈ। ਏਸੇ ਤਰ੍ਹਾਂ ਹੀ ਜ ਦੇ ਪੈਰ ਬਿੰਦੀ ਦੀ ਦੁਰਵਰਤੋਂ ਵੀ ਵਿਚਾਰ ਅਧੀਨ ਹੈ। ਇਹ
ਵੀ ਕਿਤਾਬ ਦੇ ਇਕ ਲੇਖ ਦਾ ਵਿਸ਼ਾ ਰਿਹਾ ਹੈ। ਪੁਸਤਕ ਦੇ ਬਹੁਤੇ ਲੇਖਾਂ ਵਿਚੋਂ ਧਾਰਮਿਕ ਰੰਗਤ ਸਾਫ਼ ਝਲਕਦੀ ਹੈ, ਜਿਸ ਦਾ ਕਾਰਨ
ਸ਼ਾਇਦ ਇਹ ਹੋ ਸਕਦਾ ਹੈ ਕਿ ਲੇਖਕ ਆਪਣੇ ਜੀਵਨ ਦਾ ਬਹੁਤਾ ਸਮਾ ਧਾਰਮਿਕ ਮਾਹੌਲ ਵਿਚ ਵਿਚਰਿਆ ਹੈ। ਇਸ ਦਾ ਹਵਾਲਾ
ਪੁਸਤਕ ਵਿਚਲੇ ਲੇਖਾਂ ਵਿਚੋਂ ਸਹਿਵਨ ਹੀ ਮਿਲ਼ ਜਾਂਦਾ ਹੈ।
ਹਰਭਜਨ ਸਿੰਘ ਵਕਤਾ
੯੮੧੪੮ ੯੮੫੧੦
ਬਾਤਾਂ ਬੀਤਾਂ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਗਿਆਨੀ ਸੰਤੋਖ ਸਿੰਘ ਹੋਰਾਂ ਕੋਲ਼ ਜ਼ਿੰਦਗੀ ਦਾ ਚੋਖਾ ਤਜਰਬਾ ਵੀ ਹੈ ਅਤੇ ਲਿਖਤ ਨੂੰ ਰੌਚਕ ਬਣਾਉਣ ਦਾ ਹੁਨਰ ਵੀ। ਜ਼ਿੰਦਗੀ
ਦਾ ਲੰਮਾ ਸਫ਼ਰ ਤਹਿ ਕੀਤਾ ਹੋਣ ਕਰਕੇ ਉਹ ਉਸ ਸਮੇ ਦੇ ਗਵਾਹ ਹਨ, ਜਦੋਂ ਜ਼ਿੰਦਗੀ ਅੱਜ ਵਾਂਗ ਮਸ਼ੀਨੀ ਨਹੀ ਸੀ ਹੋਈ, ਬੰਦਾ ਬੰਦੇ ਦੇ
ਕੰਮ ਆਉਂਦਾ ਸੀ ਅਤੇ ਭਾਈਚਾਰਕ ਤੰਦ ਮਜਬੂਤ ਹੁੰਦੀ ਸੀ। ਭਾਵੇਂ ਉਹ ਅੱਜ ਵਾਲ਼ੇ ਦੌਰ ਵਿਚ ਵੀ ਵਿਚਰ ਰਹੇ ਹਨ ਪਰ ਅਤੀਤ ਦੀਆਂ
ਯਾਦਾਂ ਉਹਨਾਂ ਨੂੰ ਝੁਰਮਟ ਪਾਈ ਰਖਦੀਆਂ ਹਨ। ਇਸ ਤੋਂ ਪਹਿਲਾਂ ਗਿਆਨੀ ਸੰਤੋਖ ਸਿੰਘ ਜੀ, ਸਚੇ ਦਾ ਸਚਾ ਢੋਆ (ਚਾਰ ਐਡੀਸ਼ਨਾਂ
ਵਿਚ), ਉਜਲ ਕੈਹਾਂ ਚਿਲਕਣਾ, ਯਾਦਾਂ ਭਰੀ ਚੰਗੇਰ ਅਤੇ ਇਸ ਤੋਂ ਪਿਛੋ 'ਜੋ ਵੇਖਿਆ ਸੋ ਆਖਿਆ' ਪਾਠਕਾਂ ਦੀ ਪਹੁੰਚ ਤੱਕ ਅੱਪੜਦੀਆਂ
ਕਰ ਚੁੱਕੇ ਹਨ।
ਪੁਸਤਕ ਵਿਚਲੀ ਸ਼ੈਲੀ ਰੌਚਕ ਤੇ ਕੁਦਰਤੀ ਰੂਪ ਵਾਲ਼ੀ ਹੈ ਅਤੇ ਚਲੰਤ ਮਾਮਲਿਆਂ ਤੋਂ ਲੈ ਕੇ ਯਾਤਰਾਵਾਂ, ਧਰਮ, ਰਾਜਨੀਤੀ,
ਪੱਤਰਕਾਰੀ, ਕਿਸਾਨੀ ਅਤੇ ਪੇਂਡੂ ਜੀਵਨ ਨੂੰ ਏਨੇ ਸਰਲ ਢੰਗ ਨਾਲ਼ ਬਿਆਨ ਕਰਦੀ ਹੈ ਕਿ ਪਾਠਕ ਗਿਆਨੀ ਸੰਤੋਖ ਸਿੰਘ ਦੇ ਨਾਲ਼ ਤੁਰਨ
ਲੱਗਦਾ ਹੈ। ਪੁਸਤਕ ਵਿਚ ਜਿਥੇ ਗਿਆਨੀ ਜੀ ਨੇ ਆਪਣੇ ਬਚਪਨ, ਸ਼੍ਰੋਮਣੀ ਕਮੇਟੀ ਦੀ ਸੇਵਾ, ਖੇਤੀਬਾੜੀ ਅਤੇ ਵਿਦੇਸ਼ ਯਾਤਰਾਵਾਂ ਦੀਆਂ
ਯਾਦਾਂ ਸਾਂਝੀਆਂ ਕੀਤੀਆਂ ਹਨ, ਓਥੇ ਇਸ ਪੁਸਤਕ ਵਿਚ ਕੁਝ ਅਭੁੱਲ ਤਸਵੀਰਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਪੁਸਤਕ ਵਿਚਲੇ ਲੇਖ
ਭਾਵੇਂ ਛੋਟੇ ਹਨ ਪਰ ਇਹਨਾਂ ਦਾ ਮਹੱਤਵ ਬਹੁਤ ਜ਼ਿਆਦਾ ਹੈ।
ਵੱਖਰੀ ਗੱਲ ਇਹ ਹੈ ਕਿ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ਼ ਜੁੜੀਆਂ ਇਹ ਯਾਦਾਂ ਪਾਠਕਾਂ ਨਾਲ਼ ਸਾਂਝੀਆਂ ਕਰਨ ਲਈ
ਗਿਆਨੀ ਜੀ ਨੇ ਕਿਸੇ ਕੰਪਿਊਟਰ ਜਾਂ ਡਾਇਰੀ ਦਾ ਸਹਾਰਾ ਨਹੀਂ ਲਿਆ, ਸਗੋਂ ਇਹ ਸਭ ਉਹਨਾਂ ਦੇ ਚੇਤੇ ਦੀ ਸਲੇਟ ਤੇ ਉਂਜ ਹੀ
ਉਕਰੀਆਂ ਪਈਆਂ ਹਨ। ਉਹ ਕਹਿੰਦੇ ਨੇ, "ਹੋ ਸਕਦੈ ਕੋਈ ਤਰੀਕ ਜਾਂ ਸਾਲ ਏਧਰ ਓਧਰ ਹੋ ਗਿਆ ਹੋਵੇ ਪਰ ਘਟਨਾਵਾਂ ਨਾਲ਼ ਜੁੜੀ
ਸਾਂਝ ਜਿਉਂ ਦੀ ਤਿਉਂ ਹੈ।"
ਸਵਰਨ ਸਿੰਘ ਟਹਿਣਾ
੯੮੧੪੧ ੭੮੮੮੩
'ਬਾਤਾਂ ਬੀਤੇ ਦੀਆਂ' ਨਿਊ ਜ਼ੀਲੈਂਡ ਦੇ ਪਾਠਕਾਂ ਨੂੰ ਸਮੱਰਪਣ।
ਗਿਆਨੀ ਜੀ, ਗੁਰਦੁਆਰਾ ਸਾਹਿਬ ਹੈਮਿਲਟਨ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਤੇ, ਗੁਰੂ ਜੀ ਦੇ ਪਰਉਪਕਾਰਾਂ ਦੀ ਵਿਥਿਆ ਸੰਗਤਾਂ ਨਾਲ਼ ਸਾਂਝੀ
ਕਰਦੇ ਹੋਏ।
ਬੀਤੇ ਦਿਨੀਂ ਆਸਟ੍ਰੇਲੀਆ ਨਿਵਾਸੀ ਪੰਥਕ ਵਿਦਵਾਨ, ਗਿਆਨੀ ਸੰਤੋਖ ਸਿੰਘ ਜੀ, ਆਪਣੀਆਂ ਯਾਦਾਂ ਤੇ ਆਧਾਰਤ, ਤਕਰੀਬਨ
ਸਾਢੇ ਚਾਰ ਸੌ ਪੰਨਿਆਂ ਦੀ ਵਡੇਰੀ ਕਿਤਾਬ 'ਬਾਤਾਂ ਬੀਤੇ ਦੀਆਂ' ਅਤੇ ਆਪਣੀ ਧਾਰਮਿਕ ਲੇਖਾਂ ਦੀ ਪਹਿਲੀ ਕਿਤਾਬ 'ਸਚੇ ਦਾ ਸਚਾ ਢੋਆ'
ਦੀ ਤੀਜੀ ਐਡੀਸ਼ਨ ਨੂੰ, ਨਿਊ ਜ਼ੀਲੈਂਡ ਦੇ ਵਸਨੀਕ ਪਾਠਕਾਂ ਦੇ ਸਮੱਰਪਣ ਕਰਨ ਵਾਸਤੇ, ਕੁਝ ਦਿਨਾਂ ਦੀ ਯਾਤਰਾ ਤੇ ਆਏ।
ਇਸ ਯਾਤਰਾ ਦੌਰਾਨ ਉਹ ਵੱਖ ਵੱਖ ਸ਼ਹਿਰਾਂ ਦੇ ਵਿਦਵਾਨਾਂ, ਨਵੀ ਪੀਹੜੀ ਦੇ ਕਲਾਕਾਰਾਂ, ਲੇਖਕਾਂ, ਪੱਤਰਕਾਰਾਂ, ਮੀਡੀਆ
ਕਰਮੀਆਂ ਨੂੰ ਵੀ ਮਿਲ਼ੇ। ਰੇਡੀਓ ਸਪਾਈਸ ਅਤੇ ਰੇਡੀਓ ਤਰਾਨਾ ਰਾਹੀਂ ਵੀ ਉਹਨਾਂ ਨੇ ਸਰੋਤਿਆਂ ਨਾਲ਼ ਖੁਲ੍ਹੀਆਂ ਵਿਚਾਰਾਂ
ਕੀਤੀਆਂ। ਖ਼ੂਬਸੂਰਤ ਮੁਲਕ ਨਿਊ ਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚ ਸ਼ਾਨ ਅਤੇ ਸੁਖ ਸਹਿਤ ਵੱਸ ਰਹੇ ਪੰਜਾਬੀ ਸਮਾਜ ਦੇ ਕਿਰਤੀ
ਸੱਜਣਾਂ ਨਾਲ਼ ਮੇਲ਼ ਮਿਲ਼ਾਪ ਕਰਕੇ ਗਿਆਨੀ ਜੀ ਨੇ ਜਿਥੇ ਉਹਨਾਂ ਦੀ ਸਿਆਣੀ ਸੰਗਤ ਦਾ ਅਨੰਦ ਮਾਣਿਆ ਓਥੇ ਪੰਜਾਬੀ ਪਾਠਕਾਂ ਨੂੰ ਮਿਲ਼
ਕੇ ਆਪਣੀ ਕਿਤਾਬ ਦੀਆਂ ਕਾਪੀਆਂ ਵੀ ਭੇਟਾ ਕੀਤੀਆਂ। ਇਸ ਯਾਤਰਾ ਦੌਰਾਨ ਔਕਲੈਂਡ, ਹੈਮਿਲਟਨ, ਟੌਰਾਂਗਾ, ਟੀ ਪੁਕੀ, ਹੇਸਟਿੰਗ
ਆਦਿ ਸ਼ਹਿਰਾਂ ਵਿਖੇ ਸੁਸ਼ੋਭਤ, ਗੁਰਦੁਆਰਾ ਸਾਹਿਬਾਨ ਵਿਖੇ ਧਾਰਮਿਕ ਦੀਵਾਨਾਂ ਵਿਚ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਅਤੇ ਗੁਰਦੁਆਰਾ
ਸਾਹਿਬਾਨ ਦੀਆਂ ਲਾਇਬ੍ਰੇਰੀਆਂ ਨੂੰ ਕਿਤਾਬਾਂ ਵੀ ਭੇਟਾ ਕੀਤੀਆਂ।
ਗਿਆਨੀ ਜੀ ਨੇ ਸੰਗਤਾਂ ਨਾਲ਼ ਗੁਰਮਤਿ ਤੇ ਸਿੱਖ ਇਤਿਹਾਸ ਦੀ ਸਾਂਝ ਪਾਉਂਦਿਆਂ ਹੋਇਆਂ ਆਪਣੇ ਸਾਹਿਤਕ ਪਿਛੋਕੜ ਅਤੇ
ਇਹਨਾਂ ਕਿਤਾਬਾਂ ਦੇ ਹੋਂਦ ਵਿਚ ਆਉਣ ਦੀ ਪਿੱਠ ਭੂਮੀ ਬਾਰੇ ਵੀ ਦਿਲਚਸਪ ਜਾਣਕਾਰੀ ਦਿਤੀ।
ਵੱਖ ਵੱਖ ਗੁਰਦੁਆਰਾ ਸਾਹਿਬਾਨ ਵੱਲੋਂ ਗਿਆਨੀ ਜੀ ਨੂੰ ਸਿਰੋਪੇ ਬਖ਼ਸ਼ ਕੇ ਸਤਿਕਾਰਿਆ ਗਿਆ।
ਗਿਆਨੀ ਜੀ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਸੰਤੋਖ ਸਿੰਘ ਵਿਰਕ ਜੀ ਨੂੰ ਲਾਇਬ੍ਰੇਰੀ ਲਈ ਕਿਤਾਬ ਭੇਟ ਕਰਦੇ ਹੋਏ।
ਗਿਆਨੀ ਜੀ, ਗੁਰਦੁਆਰਾ ਸਾਹਿਬ ਹੈਮਿਲਟਨ ਦੇ ਰਾਗੀ ਜਥੇ ਨਾਲ਼। ਫ਼ੋਟੋ:ਪਰਤਾਪ ਸਿੰਘ ਢਿ
ਰੀਲੀਜ਼ ਸਮਾਰੋਹ
'ਬਾਤਾਂ ਬੀਤੇ ਦੀਆਂ'
ਗਿਆਨੀ ਸੰਤੋਖ ਸਿੰਘ ਜੀ ਦੀ ਪੁਸਤਕ 'ਬਾਤਾਂ ਬੀਤੇ ਦੀਆਂ' ਰੀਲੀਜ਼ ਕਰਦੇ ਹੋਏ, ਸੰਤ ਬਲਬੀਰ ਸਿੰਘ ਜੀ ਸੀਂਚੇ ਵਾਲ਼। ਨਾਲ਼ ਖਲੋਤੇ ਹਨ: ਪ੍ਰਿੰ.
ਕੁਲਵਿੰਦਰ ਸਿੰਘ ਸਰਾਇ, ਜਤਿੰਦਰ ਪੰਨੂੰ, ਪ੍ਰਿੰ. ਸਵਰਨ ਸਿੰਘ ਵਿਰਕ, ਲਖਵਿੰਦਰ ਸਿੰਘ ਮਾਨ, ਹਰਭਜਨ ਸਿੰਘ ਹੁੰਦਲ, ਡਾ ਚਰਨਜੀਤ ਸਿੰਘ ਦਿੱਲੀ।
ਲਾਂਬੜਾ (ਲ. ਸ. ਮਾਨ)
ਪੰਜਾਬੀ ਸਭਿਆਚਾਰ ਦੀ ਸਰਬਪੱਖੀ ਉਨਤੀ ਲਈ ਯਤਨਸ਼ੀਲ, ਪੰਜਾਬੀ ਸੱਥ ਲਾਂਬੜਾ ਵੱਲੋਂ, ਆਸਟ੍ਰੇਲੀਆ ਵਾਸੀ, ਪਰਵਾਸੀ
ਲੇਖਕ ਗਿਆਨੀ ਸੰਤੋਖ ਸਿੰਘ ਜੀ ਦੀ ਪੁਸਤਕ, 'ਬਾਤਾਂ ਬੀਤੇ ਦੀਆਂ' ਸੰਤ ਬਾਬਾ ਬਲਬੀਰ ਸਿੰਘ ਸੀਂਚੇ ਵਾਲ ਜੀ ਦੇ, ਪਵਿਤਰ ਹਥਾਂ
ਦੁਆਰਾ ਰੀਲ਼ੀਜ਼ ਕਰਵਾਈ ਗਈ।
ਸੱਥ ਵੱਲੋਂ ਆਪਣੀ ਵੀਹਵੀਂ ਪਰ੍ਹਿਆ ਦੇ ਸਮਾਗਮ ਵਿਚ ਜਿਥੇ ਕੁਝ ਹੋਰ ਸਮਾਜ ਸੇਵੀ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ
ਓਥੇ ਗਿਆਨੀ ਜੀ ਦੀ ਕਿਤਾਬ 'ਬਾਤਾਂ ਬੀਤੇ ਦੀਆਂ' ਨੂੰ ਵੀ ਪਾਠਕਾਂ ਨੂੰ ਸਮੱਰਪਤ ਕੀਤਾ ਗਿਆ। ਉਸ ਸਮੇ ਸਟੇਜ ਉਪਰ ਸਤਿਕਾਰਤ
ਮਹਾਨ ਸ਼ਖ਼ਸੀਅਤਾਂ ਵੱਲੋਂ ਗਿਆਨੀ ਜੀ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਸੰਸਾਰ ਵਿਚ ਵੱਸ ਰਿਹਾ ਪੰਜਾਬੀ ਭਾਈਚਾਰਾ ਗਿਆਨੀ ਜੀ ਦੀ ਵਿਦਵਤਾ, ਜੋ ਕਿ ਉਹਨਾਂ ਦੇ ਭਾਸ਼ਨਾਂ ਅਤੇ ਲਿਖਤ ਦੁਆਰਾ
ਪਰਗਟ ਹੁੰਦੀ ਹੈ, ਤੋਂ ਜਾਣੂ ਹੈ। ਆਪ ਜੀ ਪਹਿਲਾਂ ਪੰਜਾਬ ਵਿਚ ਤੇ ਫਿਰ ਪਿਛਲੇ ੩੮ ਸਾਲਾਂ ਤੋਂ ਪਰਦੇਸਾਂ ਵਿਚ ਭਰਮਣ ਕਰਕੇ, ਪੰਜਾਬੀ
ਭਾਈਚਾਰੇ ਵਿਚ ਵਿਚਰਦੇ ਆ ਰਹੇ ਹਨ। ੩੨ ਸਾਲਾਂ ਤੋਂ ਪਰਵਾਰ ਸਮੇਤ ਪੱਕਾ ਟਿਕਾਣਾ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਹੈ ਪਰ
ਸੰਸਾਰ ਦੀਆਂ ਯਾਤਰਾਵਾਂ ਦਾ ਸਿਲਸਿਲਾ ਲਗਾਤਾਰ ਅਜੇ ਵੀ ਜਾਰੀ ਹੈ।
ਗਿਆਨੀ ਜੀ ਦੀ ਸਭ ਤੋਂ ਸਭ ਪਹਿਲੀ ਪੁਸਤਕ 'ਸਚੇ ਦਾ ਸਚਾ ਢੋਆ' ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਦਾ ਵਰਨਣ
ਕਰਦੀ ਹੈ। ਪਾਠਕਾਂ ਨੇ ਇਸ ਨੂੰ ਏਨਾ ਪਸੰਦ ਕੀਤਾ ਕਿ ਥੋਹੜੇ ਹੀ ਸਮੇ ਵਿਚ ਇਸ ਦੇ ਚਾਰ ਐਡੀਸ਼ਨ ਛਪ ਕੇ ਪਾਠਕਾਂ ਦੇ ਹੱਥਾਂ ਵਿਚ
ਪਹੁੰਚ ਚੁੱਕੇ ਹਨ। ਦੂਜੀਆਂ ਦੋਹਾਂ ਕਿਤਾਬਾਂ ਵਿਚ ਗਿਆਨੀ ਜੀ ਦੀਆਂ ਯਾਤਰਾਵਾਂ ਦਾ ਵਰਨਣ ਹੈ ਤੇ ਇਸ ਚੌਥੀ ਕਿਤਾਬ ਵਿਚ, ੧੯੪੭ ਤੋਂ
ਲੈ ਕੇ ਹੁਣ ਤੱਕ, ਆਪਣੀਆਂ ਅੱਖਾਂ ਸਾਹਮਣੇ ਵਾਪਰ ਰਹੀਆਂ ਘਟਨਾਵਾਂ, ਜੋ ਕਿ ਪੰਥ, ਪੰਜਾਬ, ਸਿੱਖੀ, ਅਕਾਲੀ ਇਤਿਹਾਸ ਦਾ, ਪ੍ਰਤੱਖ,
ਵਾਪਰਦਾ ਤੇ ਅੱਖੀਂ ਵੇਖਿਆ ਬਿਆਨ ਹੈ। ਪੰਜਾਬੀ ਪਾਠਕਾਂ ਵਾਸਤੇ ਇਹ ਇਕ ਹਵਾਲਾ ਪੁਸਤਕ ਵਜੋਂ ਪਰਗਟ ਹੋਈ ਹੈ। ਇਤਿਹਾਸ,
ਧਰਮ, ਰਾਜਨੀਤੀ, ਸਾਹਿਤ, ਪੱਤਰਕਾਰੀ, ਯਾਤਰਾ ਵਿਚ ਦਿਲਚਸਪੀ ਰੱਖਣ ਵਾਲ਼ੇ ਪਾਠਕਾਂ ਵਾਸਤੇ ਤਾਂ ਇਹ ਇਕ ਗਾਈਡ ਸਮਾਨ ਹੈ।
ਗਿਆਨੀ ਜੀ ਦਾ ਇਹ ਵੱਡਪਣ ਹੀ ਹੈ ਕਿ ਏਨੇ ਚਿਰ ਤੋਂ ਵਿਦੇਸ਼ ਵਿਚ ਵੱਸੇ ਹੋਣ ਦੇ ਜਾਵਜੂਦ ਆਪਣੀ ਜ਼ਮੀਨ, ਆਪਣੀ ਮਾਂ
ਬੋਲੀ ਨੂੰ ਭੁੱਲੇ ਨਹੀ ਸਗੋਂ ਇਸ ਵਿਚ ਹੋਰ ਨਿਖਾਰ ਲਿਆਉਣ ਲਈ ਆਪਣੀ ਕਲਮ ਨੂੰ ਨਿਰੰਤਰ ਵਰਤ ਰਹੇ ਹਨ; ਭਾਵੇਂ ਕਿ ਇਹਨਾਂ ਨੇ
ਲਿਖਣ ਦਾ ਕਾਰਜ ਪਿਛਲੀ ਉਮਰ ਵਿਚ ਹੀ ਸ਼ੁਰੂ ਕੀਤਾ ਹੈ। ਯਾਦ ਰਹੇ ਕਿ ਗਿਆਨੀ ਜੀ ਦੀ ਪਹਿਲੀ ਪੁਸਤਕ 'ਸਚੇ ਦਾ ਸਚਾ ਢੋਆ'
ਨਵੰਬਰ, ੨੦੦੬ ਵਿਚ ਪ੍ਰਕਾਸ਼ਤ ਹੋ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚੀ ਸੀ ਜਿਸ ਦੀਆਂ ਚਾਰ ਐਡੀਸ਼ਨਾਂ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਜਾ
ਚੁੱਕੀਆਂ ਹਨ।
ਸਾਹਿਤਕਾਰਾਂ, ਬੁਧੀਜੀਵੀਆਂ, ਧਾਰਮਿਕ ਹਸਤੀਆਂ, ਸਮਾਜ ਸੇਵਕਾਂ, ਵਿੱਦਵਾਨਾਂ, ਵਿੱਦਿਆ ਦੇ ਦਾਨੀਆਂ, ਵਿੱਦਿਅਕ ਅਦਾਰਿਆਂ
ਦੇ ਪ੍ਰਬੰਧਕਾਂ ਆਦਿ ਨੇ, ਜੋ ਦੇਸ ਅਤੇ ਵਿਦੇਸ਼ਾਂ ਤੋਂ ਆਏ ਹੋਏ ਸਨ, ਇਸ ਸਮਾਗਮ ਦੀ ਗਹਿਮਾ ਗਹਿਮੀ ਵਿਚ ਭਰਪੂਰ ਹਿੱਸਾ ਪਾ ਕੇ, ਇਸ
ਨੂੰ ਇਕ ਯਾਦਗਾਰੀ ਸਮਾਗਮ ਬਣਾ ਦਿਤਾ।
ਪੰਜਾਬੀ ਭਵਨ ਲੁਧਿਆਣਾ ਵਿਚ
ਗਿ. ਸੰਤੋਖ ਸਿੰਘ ਜੀ ਦੀਆਂ ਦੋ ਪੁਸਤਕਾਂ ਦਾ ਪਾਠਕ ਸਮੱਰਪਣ ਸਮਾਰੋਹ
ਡਾ. ਗੁਰਮੁਖ ਸਿੰਘ ਪਟਿਆਲਾ, ਗਿਆਨੀ ਸੰਤੋਖ ਸਿੰਘ, ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਹੋਰ
ਲੁਧਿਆਣਾ (ਡਾ. ਗੁਮਟਾਲਾ)
ਆਸਟ੍ਰੇਲੀਆ ਨਿਵਾਸੀ ਪਰਵਾਸੀ ਪੰਜਾਬੀ ਲੇਖਕ ਗਿ. ਸੰਤੋਖ ਸਿੰਘ ਜੀ ਦੀ ਪਹਿਲੀ ਕਿਤਾਬ 'ਸਚੇ ਦਾ ਸਚਾ ਢੋਆ' ਦੀ ਚੌਥੀ
ਐਡੀਸ਼ਨ ਅਤੇ ਪੰਜਵੀਂ ਕਿਤਾਬ 'ਜੋ ਵੇਖਿਆ ਸੋ ਆਖਿਆ', ਇਸ ਸਮਾਰੋਹ ਵਿਚ, ਸੋਸਾਇਟੀ ਦੇ ਵਿਦਵਾਨਾਂ ਵੱਲੋਂ, ਪਾਠਕਾਂ ਦੇ ਸਮੱਰਪਣ
ਕੀਤੀਆਂ ਗਈਆਂ।
ਇਸ ਸਮੇ ਹਾਜਰ ਵਿਦਵਾਨਾਂ ਨੂੰ ਗਿਆਨੀ ਜੀ ਵੱਲੋਂ ਆਪਣੀਆਂ ਪੁਸਤਕਾਂ ਭੇਟਾ ਕਰਨ ਦਾ ਮਾਣ ਹਾਸਲ ਕੀਤਾ ਗਿਆ। ਨਾਲ਼ ਹੀ
ਪੰਜਾਬੀ ਭਵਨ ਦੇ ਲਾਇਬ੍ਰੇਰੀਅਨ, ਡਾ. ਧਰਮ ਸਿੰਘ ਬਜਾਜ ਨੂੰ ਵੀ ਲਾਇਬ੍ਰੇਰੀ ਵਾਸਤੇ ਕਿਤਾਬਾਂ ਭੇਟ ਕੀਤੀਆਂ। ਇਸ ਸਮੇ ਵੱਖ ਵੱਖ
ਸ਼ਹਿਰਾਂ ਤੋਂ ਆਏ ਪੰਜਾਬੀ ਲੇਖਕਾਂ ਨੇ ਗਿਆਨੀ ਜੀ ਦੇ ੩੮ ਸਾਲ ਪਰਦੇਸਾਂ ਵਿਚ ਰਹਿਣ ਦੇ ਬਾਵਜੂਦ ਵੀ, ਆਪਣੀ ਮਿੱਟੀ ਨਾਲ਼ ਮੋਹ,
ਪੰਜਾਬੀ ਸਾਹਿਤਕ ਸੰਸਾਰ ਨਾਲ਼ ਸੰਪਰਕ ਰੱਖਣ ਅਤੇ ਦੁਨੀਆ ਦੇ ਵੱਖ ਵੱਖ ਦੇਸਾਂ ਵਿਚ ਵਿਚਰ ਕੇ, ਪੰਜਾਬੀ ਭਾਈਚਾਰੇ ਨਾਲ਼ ਬੋਲੀ, ਲਿੱਪੀ,
ਸਭਿਆਚਾਰ, ਧਰਮ, ਇਤਿਹਾਸ, ਦੀ ਸਾਂਝ ਨੂੰ ਕਾਇਮ ਰੱਖਣ ਦੇ ਉਦਮ ਦੀ ਭਰਪੂਰ ਸ਼ਲਾਘਾ ਕੀਤੀ।
ਸ੍ਰੀ ਮਤੀ ਦਰਸ਼ਨ ਕੌਰ ਤੇ ਸ੍ਰੀ ਮਤੀ ਸੁਖਚਰਨਜੀਤ ਕੌਰ ਗਿੱਲ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਨਾਲ ਕਾਵਿ ਮਹਿਫ਼ਲ ਸਜਾਈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਬਿਕਰਮ ਸਿੰਘ ਘੁੰਮਣ, ਜੋਧ ਸਿੰਘ ਚਾਹਲ, ਡਾ. ਚਰਨਜੀਤ ਸਿੰਘ ਗੁਮਟਾਲਾ, ਡਾ.
ਸੁਰਿੰਦਰਪਾਲ ਸਿੰਘ ਮੰਡ, ਸੁਖਚਰਨਜੀਤ ਕੌਰ ਗਿੱਲ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਜਸਵੰਤ ਸਿੰਘ, ਗੁਲਜਾਰ ਸਿੰਘ ਕੰਗ, ਪ੍ਰਿੰ.
ਅੰਮ੍ਰਿਤ ਲਾਲ ਮੰਨਣ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਜਗੀਰ ਸਿੰਘ ਨੂਰ, ਡਾ. ਇਕਬਾਲ ਕੌਰ ਸੌਂਦ,
ਡਾ. ਸੁਹਿੰਦਰਬੀਰ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ ਜੱਸ, ਡਾ. ਬ੍ਰਿਜਪਾਲ ਸਿੰਘ, ਡਾ. ਸੁਜਾਨ ਸਿੰਘ, ਸ੍ਰੀਮਤੀ ਜਸਬੀਰ ਕੌਰ, ਪ੍ਰੋਫੈਸਰ
ਮੋਹਨ ਸਿੰਘ, ਸ੍ਰ. ਅਵਤਾਰ ਸਿੰਘ ਕੈਨੇਡਾ, ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਵਿਜੇ ਕੁਮਾਰ ਅਸ਼ਕ, ਡਾ. ਬਾਬੂ ਰਾਮ
ਦੀਵਾਨਾ, ਇੰਜ. ਜੀ.ਐਸ. ਸੇਖੋਂ, ਡਾ. ਜਸਪਾਲ ਸਿੰਘ, ਅਜੀਤ ਕੌਰ, ਮੁਖਤਿਆਰ ਸਿੰਘ, ਡਾ. ਗੁਰਮੁਖ ਸਿੰਘ, ਡਾ. ਜਸਵੰਤ ਸਿੰਘ ਆਦਿ
ਹਾਜਰ ਸਨ।
ਉਜਲ ਕੈਹਾਂ ਚਿਲਕਣਾ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਸਿੰਘ ਬਰਦਰਜ਼
ਆਸਟ੍ਰੇਲੀਆ ਨਿਵਾਸੀ ਗਿਆਨੀ ਸੰਤੋਖ ਸਿੰਘ ਦੀ ਇਹ ਦੂਜੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ 'ਸਚੇ ਦਾ ਸਚਾ ਢੋਆ' ਨਾਮੀ
ਇਕ ਪੁਸਤਕ ਪੰਜਾਬੀ ਸਾਹਿਤ ਦੀ ਝੋਲ਼ੀ ਵਿਚ ਪਾ ਕੇ, ਪੰਜਾਬੀ ਸਾਹਿਤਕ ਸੰਸਾਰ ਵਿਚ ਨਾਮਣਾ ਘੱਟ ਚੁੱਕੇ ਹਨ। ਇਹ ਹੱਥਲੀ ਪੁਸਤਕ
'ਉਜਲ ਕੈਹਾਂ ਚਿਲਕਣਾ' ਬੇਸ਼ੱਕ ਗਿਆਨੀ ਜੀ ਦੀ ਸਵੈ ਜੀਵਨੀ ਹੈ ਪਰ ਇਹ ਪੁਸਤਕ ਪੜ੍ਹਨ/ਵਿਚਾਰਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ
ਇਹ ਕੇਵਲ ਸਵੈ ਜੀਵਨੀ ਹੀ ਨਹੀ ਸਗੋਂ ਇਕ ਇਤਿਹਾਸਕ ਦਸਤਾਵੇਜ਼ ਵੀ ਪਰਤੀਤ ਹੁੰਦੀ ਹੈ। ਆਪਣੇ ਘੁਮੱਕੜ ਸੁਭਾ ਦੇ ਮਾਲਕ ਹੋਣ
ਕਰਕੇ, ਗਿਆਨੀ ਜੀ ਨੇ ਦੁਨੀਆ ਦਾ ਬਹੁਤਾ ਹਿੱਸਾ ਗਾਹ ਮਾਰਿਆ ਹੈ। ਸੋ ਇਸ ਪੁਸਤਕ ਵਿਚ ਜਿਥੇ ਘੁਮੱਕੜ ਜੀਵਨ ਦੇ ਖੱਟੇ ਮਿੱਠੇ
ਅਨੁਭਵ ਹਨ ਓਥੇ ਭਾਰਤ ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਦਾ-ਪੇਚ, ਚਾਲਬਾਜ਼ੀਆਂ ਤੇ ਸਾਰਥਕ ਗੂੜ੍ਹ ਗਿਆਨ ਵੀ ਇਸ ਪੁਸਤਕ ਦਾ
ਇਕ ਵੱਡਾ ਹਿੱਸਾ ਹੈ।
ਇਮਾਨਦਾਰੀ ਦੀ ਸੀਮਾ ਮਨੁਖ ਦੀ ਬੇਵਸੀ ਤੱਕ ਹੀ ਸੀਮਤ ਹੁੰਦੀ ਹੈ। ਵੱਸ ਚੱਲ ਜਾਣ ਤੇ ਵਧੇਰੇ ਕਰਕੇ ਬੇਈਮਾਨੀ ਦਾ ਬੋਲ ਬਾਲਾ
ਮਨੁਖੀ ਬਿਰਤੀ ਤੇ ਹਾਵੀ ਹੋ ਹੀ ਜਾਂਦਾ ਹੈ। ਬੇਈਮਾਨੀ ਸਿਰਫ਼ ਭਾਰਤੀਆਂ ਦੇ ਹੱਡਾਂ ਵਿਚ ਹੀ ਨਹੀ ਰਚੀ ਹੋਈ ਸਗੋਂ ਦੁਨੀਆ ਦੇ ਹੋਰਨਾਂ
ਮਨੁਖਾਂ ਵਿਚ ਵੀ ਪ੍ਰਬਲ ਹੈ। ਇਸ ਬਾਰੇ ਲੇਖਕ ਨੇ 'ਜਦੋਂ ਮੈਨੂੰ ਵੀ ਰਿਸ਼ਵਤ ਦੇਣੀ ਪਈ' ਤੇ 'ਬਚਣਾ ਮੇਰੇ ਲੁੱਟੇ ਜਾਣ ਤੋਂ ਤਨਜ਼ਾਨੀਅਨ
ਇਮੀਗ੍ਰੇਸ਼ਨ ਅਫ਼ਸਰਾਂ ਦੇ ਹੱਥੋਂ' ਲੇਖਾਂ ਵਿਚ ਬਾਖ਼ੂਬੀ ਨਾਲ਼ ਵਰਨਣ ਕੀਤਾ ਹੈ।
ਜਿਵੇਂ 'ਹਾਥੀ ਦੇ ਦੰਦ ਖਾਣ ਵਾਲ਼ੇ ਹੋਰ ਤੇ ਵਿਖਾਣ ਵਾਲ਼ੇ ਹੋਰ' ਹੁੰਦੇ ਹਨ ਓਸੇ ਤਰ੍ਹਾਂ ਕਈ ਅਖੌਤੀ ਧਰਮੀ ਲੋਕਾਂ ਦਾ ਕਿਰਦਾਰ ਵੀ
ਦੋਹਰਾ ਹੁੰਦਾ ਹੈ; ਭਾਵ ਬਾਹਰੋਂ ਨਿਰਮਲ ਤੇ ਅੰਦਰੋਂ ਕੂੜਾ ਕਰਕਟ। ਇਸ ਵਿਚਾਰ ਨੂੰ ਗਿਆਨੀ ਜੀ ਨੇ 'ਟਰੰਕ ਕਾਲ ਕਿ ਪੈਗ ਕਾਲ?' ਲੇਖ
ਵਿਚ ਬੇਬਾਕੀ ਨਾਲ਼ ਪੇਸ਼ ਕੀਤਾ ਹੈ।
ਮਨੁਖੀ ਜੀਵਨ ਵਿਚ ਜ਼ਬਾਨ ਰਸ (ਬੋਲ ਬਾਣੀ) ਦਾ ਆਪਣਾ ਹੀ ਪ੍ਰਭਾਵ ਹੁੰਦਾ ਹੈ, ਜਿਸ ਨਾਲ਼ ਕਈ ਵਾਰ ਬਣਿਆਂ ਬਣਾਇਆ
ਕੰਮ ਵੀ ਵਿਗੜ ਜਾਂਦਾ ਹੈ ਤੇ ਕਈ ਵਾਰ ਹਲੀਮੀ ਵਾਲ਼ੀ ਗੱਲ ਬਾਤ ਵਿਗੜੇ ਕੰਮ ਨੂੰ ਵੀ ਸਵਾਰ ਜਾਂਦੀ ਹੈ।
ਰੌਚਕ ਸ਼ੈਲੀ ਵਾਲ਼ੀ ਇਹ ਪੁਸਤਕ ਪਾਠਕ ਨੂੰ ਆਪਣੇ ਨਾਲ਼ ਜੋੜਨ ਵਿਚ ਕਾਫ਼ੀ ਹੱਦ ਤੱਕ ਸਫ਼ਲ ਤਾਂ ਜ਼ਰੂਰ ਹੈ ਪਰ ਲੇਖਕ ਨੇ
ਆਪਣੀ ਆਦਤ ਅਨੁਸਾਰ ਉਚ ਸਿਆਸੀ ਨੇਤਾਵਾਂ ਦੇ ਮਾੜੇ ਕਿਰਦਾਰ ਨੂੰ ਕੌੜੇ ਵਿਸ਼ੇਸ਼ਣ ਵੀ ਲਾਏ ਹਨ ਜੋ ਗਿਆਨੀ ਜੀ ਦੀ ਵਿਦਵਤਾ ਨਾਲ
ਨਾ ਤਾਂ ਮੇਲ਼ ਖਾਂਦੇ ਹਨ ਤੇ ਨਾ ਹੀ ਸੋਭਦੇ ਹਨ। ਆਸ ਹੈ ਕਿ ਅੱਗੇ ਤੋ ਗਿਆਨੀ ਜੀ ਅਜਿਹੇ ਕੌੜੇ ਵਿਸ਼ੇਸ਼ਣਾਂ ਤੋਂ ਗੁਰੇਜ਼ ਕਰਕੇ ਆਪਣੀ
ਮਿੱਠੀ ਤੇ ਨਿਘੀ ਸਹਿਣਸ਼ੀਲਤਾ ਦਾ ਸਬੂਤ ਦੇਣਗੇ। ਬਾਕੀ ਇਹ ਪੁਸਤਕ ਪੜ੍ਹਨ, ਵਿਚਾਰਨ ਤੇ ਸਾਂਭਣ ਯੋਗ ਹੈ। ਇਸ ਲਈ ਲੇਖਕ ਵਧਾਈ
ਦਾ ਪਾਤਰ ਹੈ।
ਲਖਵਿੰਦਰ ਸਿੰਘ
ਰਈਆ ਹਵੇਲੀਆਣਾ
ਸ. ਸ. ਮਾਸਟਰ
ਸਰਕਾਰੀ ਹਾਈ ਸਕੂਲ ਚੀਮਾ ਬਾਠ, ਜ਼ਿਲਾ ਅੰਮ੍ਰਿਤਸਰ

No comments:

Post a Comment