Thursday, December 8, 2011

ਰਾਵੀ ਦੇ ਵਹਿਣ ਜਿਹਾ- ਮੁਖਤਾਰ ਗਿੱਲ :(ਇੱਕ ਸ਼ਬਦ ਚਿਤਰ)

ਮੈਨੂੰ ਮੁਖਤਾਰ ਗਿੱਲ ਦਾ ਖਿਆਲ ਆਉਂਦਿਆਂ ਹੀ ਸਿਧਾਰਥ ਯਾਦ ਆ ਜਾਂਦਾ ਹੈ। ਪਿਛਲੀ ਅੱਧੀ ਸਦੀ ਤੋਂ ਕਹਾਣੀਆਂ ਲਿਖ ਰਿਹਾ ਉਹ ਅੱਜ ਪੰਜਾਬੀ ਦੇ ਬੜੇ ਨਾਮਵਰ ਸਨਮਾਨਿਤ ਲੇਖਕਾਂ 'ਚ ਗਿਣਿਆ ਜਾਂਦਾ ਹੈ। ਗਿੱਲ ਭਾਅ ਜੀ ਦੇ ਹੱਥਾਂ ਦੀਆਂ ਰੇਖਾਵਾਂ 'ਤੇ ਅਸਾਂ  ਦੇ ਬਨਵਾਸ ਦੀ ਕਹਾਣੀ ਘਟਦੀ ਵੇਖੀ ਹੈ।






ਮੁਖ਼ਤਾਰ ਗਿੱਲ , ਦਵਿੰਦਰ ਸਤਿਆਰਥੀ , ਪ੍ਰਮਿੰਦਰਜੀਤ ਤੇ ਹੋਰ
 ਇੱਕ ਪੁਰਾਣੀ ਯਾਦ

ਜਤਿੰਦਰ ਸਿੰਘ ਔਲ਼ਖ
 ਕਹਿੰਦੇ ਨੇ ਕਿ ਜਦੋਂ ਉਹ ਸਤਾਰਾਂ ਸਾਲ ਦੇ ਬਨਵਾਸ ਤੋਂ ਬਾਅਦ ਆਪਣੇ ਪਿੰਡ ਜਗਦੇਵ ਕਲਾਂ ਗਿਆ ਤਾਂ ਪਿੰਡ ਦੇ ਅੱਡੇ 'ਤੇ ਮੋਚੀ ਨੇ ਉਸਨੂੰ ਪਛਾਣ ਲਿਆ । ਗਿੱਲ ਭਾਅ ਨੇ ਮੋਚੀ ਨੂੰ ਚਾਚਾ ਆਖ ਕੇ ਸਤਿ ਸ੍ਰੀ ਅਕਾਲ ਬੁਲਾਈ ਤਾਂ ਮੋਚੀ ਕਹਿਣ ਲੱਗਿਆ,' ਬੱਲੇ-ਬੱਲੇ ਮੁੱਖਿਆ ਤੂੰ ਤਾਂ ਰਾਮ ਚੰਦਰ ਨੂੰ ਵੀ ਪਛਾਂਹ ਛੱਡਤਾ, ਉਹ ਚੌਧੀਂ ਸਾਲੀਂ ਪਿੰਡ ਆਇਆ ਸੀ ਤੇ ਤੂੰ ਸਤਾਰੀਂ ਸਾਲੀਂ ਆਇਆਂ ਏਂ"। ਉਸਨੇ ਜਿੰਦਗੀ ਨੂੰ ਇੰਝ ਮਾਣਿਆ ਏ ਜਿਵੇਂ ਫੁੱਲਾਂ ਦੀਆਂ ਪੱਤੀਆਂ ਸਵੇਰ ਦੀ ਤਰੇਲ਼ ਮਾਣਦੀਆਂ ਹਨ। ਮੁਖਤਾਰ ਗਿੱਲ ਦੇ ਤੌਰ-ਤਰੀਕੇ ਹਰ ਵੇਲੇ ਬਾਤ ਪਾਉਂਦੇ ਨਜ਼ਰ ਆਉਣਗੇ ਕਿ ਜਿੰਦਗੀ ਜੀਣ ਵਾਲ਼ੀ ਹੀ ਨਹੀਂ ਬਲਕਿ ਮਾਨਣ ਵਾਲ਼ੀ ਸ਼ੈਅ ਹੈ। ਉਹ ਮਾਨਣ ਵਰਗਾ ਜਿੰਦਗੀ 'ਚੋਂ ਲੱਭਦਾ-ਲੱਭਦਾ ਪਛੜੇ ਜਿਹੇ ਭਾਰਤ-ਪਾਕਿ ਦੀ ਸਰਹੱਦ 'ਤੇ ਵੱਸੇ ਕਸਬੇ ਚੋਗਾਵਾਂ ਦੀਆਂ ਸੜਕਾਂ ਲਈ ਵਣਜਾਰਾ ਹੋ ਗਿਆ ਹੈ।
ਮੇਘਲਾ 'ਚ ਛਪੀ ਭਾਅ ਗਿੱਲ ਦੀ ਕਹਾਣੀ 'ਤਿਰਕਲ਼ਾਂ ਵੇਲ਼ੇ' ਪੜਕੇ ਮੈਨੂੰ ਕੁਝ ਹੇਰਵਾ ਜਿਹਾ ਹੋਣ ਲੱਗਾ। ਇਹ ਕਹਾਣੀ ਸਿੱਧੀ ਸਰਵਮੀਤ ਨੂੰ ਮੁਖਾਤਿਬ ਸੀ। ਮੈਨੂੰ ਸ਼ੁਬਹਾ ਹੋ ਗਿਆ ਕਿ ਜਾਂ ਤਾਂ ਭਾਅ ਨੂੰ ਫਿਲਾਸਪੀਆਂ ਘੋਟਣ ਦੀ ਆਦਤ ਪੈ ਗਈ ਹੈ ਜਾਂ ਫਿਰ ਉਸਦੀ ਸੋਚ ਕੁਝ ਨਿਰਾਸ਼ਾਵਾਦੀ ਹੋ ਗਈ ਹੈ।ਪਰ ਉਸਨੇ ਜਿਸ ਜੀਵਨ ਜਾਚ ਨੂੰ ਅਪਣਾ ਲਿਆ ਹੈ ਉਸ ਨੂੰ ਤਿਰਕਾਲਾਂ ਵੇਲੇ ਨੂੰ ਵੀ ਸੱਜਰੀ ਸਵੇਰ ਵਿੱਚ ਬਦਲਨਾ ਆਉਂਦਾ ਹੈ। ਪੰਜਾਬ ਦੀ ਇਸ ਅਣਗੌਲ਼ੀ ਜਿਹੀ ਨੁੱਕਰੇ ਬੈਠਿਆਂ ਭਾਅ ਦੀਆਂ ਪ੍ਰਪਾਤੀਆਂ ਭਾਂਵੇਂ ਘੱਟ ਨਹੀਂ ,ਪਰ ਜੁਗਾੜ ਲੜਾਉਣ ਦੀ ਕਲਾ ਦੀ ਘਾਟ ਕਾਰਨ ਉਸ ਨੂੰ ਕੋਈ ਇਨਾਮ-ਸਨਮਾਨ ਪ੍ਰਾਪਤ ਨਹੀਂ ਹੋਇਆ। ਪਰ  ਉਸਦੀਆਂ ਪ੍ਰਪਾਤੀਆਂ ਦੇ ਸਨਮੁੱਖ ਵੱਡੇ-ਵੱਡੇ ਇਨਾਮ ਵੀ ਛੋਟੇ ਨਜ਼ਰ ਆਉਂਦੇ ਹਨ। ਇੱਕ ਦਿਨ ਮੈਂ ਆਪਣੇ ਲੈਪਟਾਪ 'ਤੇ ਇੰਟਰਨੈੱਟ ਖੋਲ਼ ਕੇ ਕੁਝ ਪੜ ਰਿਹਾ ਸਾਂ ਕਿ ਭਾਅ ਆ ਗਿਆ ਮੈਂ ਕਿਹਾ "ਭਾਅ ਜੀ, ਆਪਾਂ ਗੂਗਲ ਸਰਚ ਵਿੱਚ ਮੁਖਤਾਰ ਗਿੱਲ ਟਾਈਪ ਕਰਕੇ ਵੇਂਹਦੇ ਹਾਂ"। ਭਲਾ ਤੁਹਾਡੇ ਬਾਰੇ  ਕੀ ਆਉਂਦਾ ਹੈ। ਭਾਅ ਠੰਡਾ ਜਿਹਾ ਸਾਹ ਲੈ ਕੇ ਕਹਿਣ ਲੱਗਾ "ਮੈਨੂੰ ਕੀਹਨੇ ਇੰਟਰਨੈੱਟ 'ਤੇ ਪਾਉਣਾ ਹੈ?"  ਮੈਂ ਕਿਹਾ ਤੁਹਾਡਾ ਆਪਣਾ ਬਲਾਗ ਬਣਾ ਦਿਆਂਗੇ। ਜਦੋਂ ਅਸੀਂ ਮੁਖਤਾਰ ਗਿੱਲ ਗੂਗਲ ਸਰਚ ਵਿੱਚ ਟਾਈਪ ਕੀਤਾ ਤਾਂ ਭਾਅ ਦੀਆਂ ਕਿਤਾਬਾਂ ਦੇ ਟਾਈਟਲ ਕਰਵ ਨਿਕਲ਼ ਆਏ ਜੋ ਪ੍ਰਕਾਸ਼ਿਕ ਇੰਟਰਨੈੱਟ ਰਾਹੀਂ ਵੇਚ ਰਿਹਾ ਸੀ। ਮੈਂ ਟਕੋਰ ਲਾਈ "ਭਾਅ ਜੀ ਇਹ ਤਾਂ ਤੁਹਾਨੂੰ ਬਿਨਾਂ ਦੱਸਿਆਂ ਹੀ ਵੇਚੀ ਜਾਂਦੇ ਨੇ"। ਉਂਝ ਉਸਦੀ ਕਹਾਣੀ ਆਲ੍ਹਣਾ ਤੇ ਬੜਾ ਸਫਲ ਸੀਰੀਅਲ ਵੀ ਬਣਿਆ ਜੋ ਕਾਫੀ ਮਕਬੂਲ ਹੋਇਆ। ਤੇ ਕਦੀ ਚਰਚਿਤ ਰਹੀ ਪੰਜਾਬੀ ਫਿਲਮ 'ਵਿਸਾਖੀ' ਵੀ ਗਿੱਲ ਭਾਅ ਦੀ ਕਹਾਣੀ 'ਤੇ ਅਧਾਰਿਤ ਸੀ। ਉਂਝ ਇਹ ਗੱਲ ਦੱਸ ਦੇਵਾਂ ਕਿ ਭਾਅ ਲਈ ਸ਼੍ਰੋਮਣੀ ਸਾਹਿਤਕਾਰ ਜਾਂ ਹੋਰ ਐਵਾਰਡ ਲੈਣੇ ਕੋਈ ਔਖੇ ਨਹੀ ਪਰ ਉਸਦੀ ਫਿਤਰਤ 'ਦਿੱਲੀ' ਨਾਲ਼ ਸਮਝੌਤਾ ਕਰਨ ਵਾਲ਼ੀ ਨਹੀਂ। ਉਹ ਯਾਰੀ ਦਿੱਲੀ ਵਾਲਿਆਂ ਨਾਲ਼ ਨਹੀਂ ਦਿਲ ਵਾਲਿਆਂ ਨਾਲ਼ ਲਾਉਂਦਾ ਹੈ। ਪੰਜਾਬੀ ਦਾ ਸ਼ਾਇਦ ਹੀ ਕੋਈ ਐਸਾ ਲੇਖਕ ਹੋਵੇ ਜਿਸਨੇ   ਪ੍ਰੀਤਨਗਰ ਵਿਖੇ ਮੁਖਤਾਰ ਗਿੱਲ ਦੀ ਪ੍ਰਾਹੁਣਾਚਾਰੀ ਨਾਂ ਵੇਖੀ-ਮਾਣੀ ਹੋਵੇ। ਮੁਖਤਾਰ ਗਿੱਲ ਕੋਲ਼ ਬਹੁਤ ਸਾਰੇ ਮਿੱਤਰ ਖਾਲੀ ਜੇਬਾਂ ਦੇ ਦਿਨੀਂ ਆਏ ਪਰ ਉਸ ਨੇ ਸਿਰ ਮੱਥੇ 'ਤੇ ਬਿਠਾ ਲਏ। ਪਰ ਭਰੀਆਂ ਜੇਬਾਂ ਦੇ ਦਿਨੀਂ ਉਹਦੇ ਲਈ ਅਕਸਰ ਉਹਨਾਂ ਮਿੱਤਰਾਂ ਕੋਲ਼ ਟਾਈਮ ਨਹੀਂ ਹੈ। ਪਰ ਫਿਰ ਵੀ ਕੋਈ ਗਿਲਾ ਨਹੀਂ।
ਉਸਨੂੰ ਰਾਵੀ ਦਰਿਆ ਨਾਲ਼ ਅੰਤਾਂ ਦਾ ਮੋਹ ਹੈ। ਉਸਦੀਆਂ ਕਹਾਣੀਆਂ ਵਿੱਚ ਅਕਸਰ ਰਾਵੀ ਨਦੀ ਤੇ ਇਸਦੀ ਇੱਕ ਉੱਪ ਨਦੀ ਸੱਕੀ ਨਦੀ ਗੱਲਾਂ ਕਰਦੀ ਹੈ। ਇਹਨਾਂ ਨਦੀਆਂ ਦੇ ਦੁਆਲ਼ੇ ਵੱਸਦੇ ਰਾਅ ਸਿੱਖ ਕਬੀਲੇ ਦੇ ਲੋਕਾਂ ਅਤੇ ਥੁੜਾਂ ਮਾਰੇ ਕਿਸਾਨਾਂ , ਮਜਦੂਰਾਂ ਦੇ ਦੁੱਖ-ਦਰਦ ਨੂੰ ਉਸਨੇ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ। ਇਹ ਇਲਾਕਾ  ਇੱਕੀਵੀਂ ਸਦੀ ਵਿੱਚ ਵੀ ਬਾਕੀ ਪੰਜਾਬ ਨਾਲ਼ੋਂ ਵੱਖਰਾ ਹੈ। ਰਾਅ ਸਿੱਖਾਂ ਦਾ ਸਭਿਆਚਾਰ  ਤੇ ਜਾਤੀਗਤ ਆਦਤਾਂ ਵੀ ਅਜੀਬ ਜਿਹੀਆਂ ਹਨ।ਮੁਖਤਾਰ ਗਿੱਲ ਇੱਸ ਇਲਾਕੇ ਦਾ ਇੱਕ ਅੰਗ ਬਣਕੇ ਵਿਚਰਿਆ ਹੈ। ਉਹ ਇਹਨਾਂ ਲੋਕਾਂ ਵਰਗਾ ਹੋ ਕੇ ਜਿਉਂਦਾ ਹੈ। ਇਹੀ ਲੋਕ ਉਸਦੀਆਂ ਕਹਾਣੀਆਾਂਂ ਦੀ ਧੜਕਣ ਬਣਦੇ ਹਨ। ਮੇਰਾ ਦਾਅਵਾ ਹੈ ਕਿ ਅਗਰ ਕੋਈ ਭਵਿੱਖ ਵਿੱਚ ਇਸ ਇਲਾਕੇ ਦੇ ਲੋਕਾਂ ਦੇ ਜੀਵਨ 'ਤੇ ਖੋਜ ਕਰੇਗਾ ਤਾਂ ਮੁਖਤਾਰ ਗਿੱਲ ਦੀਆਂ ਕਹਾਣੀਆਂ ਟੈਕਸਟ ਬੁੱਕਾਂ ਦਾ ਕੰਮ ਦੇਣਗੀਆਂ।
ਇਸ ਇਲਾਕੇ ਦੀ ਏਨੀ ਮੌਜ ਹੈ ਕਿ  ਭਾਂਵੇਂ ਠੇਕੇ ਵਾਲ਼ੇ ਨਜਾਇਜ ਸ਼ਰਾਬ ਫੜ੍ਹਨ ਲਈ ਅੱਠ-ਦੱਸ ਗੱਡੀਆਂ ਹਰ ਵੇਲ਼ੇ ਭਜਾਈ ਫਿਰਦੇ ਹਨ ਪਰ ਫਿਰ ਵੀ ਦੇਸੀ ਦਾਰੂ ਆਮ ਹੀ ਮਿਲ਼ ਜਾਂਦੀ ਹੈ। ਉਂਝ ਗਿੱਲ ਭਾਜੀ ਨੂੰ ਤਾਂ ਬਿਲਕੁਲ ਲੱਭਣੀ ਹੀ ਨਹੀਂ ਪੈਂਦੀ। ਅਖਬਾਰਾਂ ਦੀ ਪੱਤਰਕਾਰੀ ਕਰਦਿਆਂ  ਅਗਲੇ ਮਗਰ-ਮਗਰ ਲਈ ਫਿਰਦੇ ਹਨ। ਇਕ ਵਾਰ ਮੈਂ ਭਾਅ ਨੂੰ ਪੁੱਛਿਆ ਇਹ ' ਅਕਾਲੀ ਦਲ ਦੀ ਆਲੋਚਨਾ' ਜਾਂ ਕਾਂਗਰਸ ਦੀ ਨਿੰਦਾ' ਵਰਗੀਆਂ ਖਬਰਾਂ ਰੋਜ ਲਿਖਦੇ ਹੋ ਫਿਰ ਕਹਾਣੀ ਵਰਗੀ ਸਾਰਥਿਕ ਵਿਧਾ ਨਾਲ਼ ਸੰਪਰਕ ਕਿਵੇਂ ਬਣਾਉਦੇ ਹੋ। ਖਬਰਾਂ ਵਿੱਚ ਤੁਹਾਡੀ ਏਨਰਜੀ ਨਹੀਂ ਜਾਇਆ ਜਾਂਦੀ? ਭਾਅ ਨੇ ਅੱਗੋਂ ਟੀ. ਐੱਸ. ਈਲੀਅਟ, ਖੁਸ਼ਵੰਤ ਸਿੰਘ ਤੇ ਟਾਲਸਟਾਏ ਦੇ ਉਦਾਹਰਣ ਗਿਣ ਦਿੱਤੇ ਕਿ ਇਹ ਸਾਰੇ ਸਫਲ ਲੇਖਕ ਦੇ ਨਾਲ਼-ਨਾਲ਼ ਪੱਤਰਕਾਰ ਵੀ ਰਹੇ। ਭਾਅ ਦਾ ਇੱਕ ਤਕੀਆ ਕਲਾਮ ਵੀ ਹੈ। ਕਿਸੇ ਲੇਖਕ ਦਾ ਨਾਮ ਲੈ ਲਵੋ ਭਾਅ ਆਪਣਾ ਪਹਿਲਾ ਤਜਰਬਾ ਉਸ ਲੇਖਕ ਨਾਲ਼ ਇਹਨਾਂ ਸ਼ਬਦਾਂ ਵਿੱਚ ਹੀ ਦੱਸੇਗਾ,   " ਫਲਾਣੇ ਨਾਲ਼ ਬਹਿ ਕੇ ਅਸੀਂ ਬੜੀ ਪੀਤੀ ਆ" ਜਾਂ 'ਫਲਾਣਾ ਸਾਨੂੰ ਇੱਕ ਵਾਰ ਫਲਾਣੇ ਥਾਂ 'ਤੇ ਮਿਲ਼ ਪਿਆ ਅਸੀਂ ਜਿਉਂਂ ਲੱਗੇ ਈ ਪੀਣ'। ਮੁਖਤਾਰ ਗਿੱਲ ਕੋਲ਼ ਮਿੱਤਰਾਂ ਦਾ ਘੇਰਾ ਏਨਾ ਵਿਸ਼ਾਲ ਹੈ ਕਿ ਸ਼ਾਇਦ ਉਹ ਸਾਰੇ ਮਿਤਰਾਂ ਦੇ ਨਾਮ ਵੀ ਨਾਂ ਗਿਣ ਸਕੇ। ਕਹਾਣੀਆਂ ਦੇ ਨਾਲ਼ ਉਸ ਦੀ ਇਹ ਵੀ ਪ੍ਰਾਪਤੀ ਹੈ। ਉਹ ਮਿੱਤਰ ਪੈਦਾ ਕਰਦਾ ਹੈ ਪਰ ਦੁਸ਼ਮਣ ਆਪੇ ਪੈਦਾ ਹੋ ਜਾਂਦੇ ਹਨ। ਪਰ ਉਸਦੀ ਮਜਬੂਰੀ ਹੈ ਕਿ ਉਸ ਕੋਲ਼ ਸਿਰਫ ਮਿੱਤਰਤਾਈ ਨਿਭਾਉਣ ਦੀ ਕਲਾ ਹੈ ਦੁਸ਼ਮਣੀ ਉਹ ਹਾਲਾਤ ਆਸਰੇ ਛੱਡ ਦਿੰਦਾ ਹੈ। ਦਰਵੇਸ਼ ਆਦਮੀ ਨੇ ਦੁਸ਼ਮਣੀ 'ਚੋਂ ਕੀ ਲੈਣਾ ਹੈ ਤੇ ਇਕਤਰਫਾ ਦੁਸ਼ਮਣੀ ਦੀ ਧਾਰ ਆਪੇ ਖੁੰਢੀ ਹੋ ਜਾਂਦੀ ਹੈ।ਇਹੀ ਉਸਦੀ ਖੁਦਦਾਰੀ ਹੈ। ਭਾਅ ਦੇ ਕਈ ਚੇਲੇ ਉਸਦੇ ਵਿਰੋਧੀ ਬਣ ਗਏ। ਪਰ ਉਸ ਕੋਲ਼ ਆਪਣੀ ਚਾਲ ਹੈ ਜੇ ਤੁਹਾਨੂੰ ਉਸ ਨਾਲ਼ ਤੁਰਨ 'ਚ ਪਰੇਸ਼ਾਨੀ ਹੈ ਤਾਂ ਬੇਸ਼ੱਕ ਪਿੱਛੇ ਰਹਿ ਜਾਉ ਜਾਂ ਅੱਗੇ ਨਿਕਲ ਜਾਉ। ਉਹ ਤੁਹਾਨੂੰ ਹਰ ਮੋੜ 'ਤੇ ਖੜਾ ਨਜ਼ਰ ਆਵੇਗਾ। ਉਸਦੇ ਵਿਰੋਧੀ ਬਣ ਮੈਂ ਵੀ ਵੇਖ ਲਿਆ ਪਰ ਸਭ ਬੇਕਾਰ, ਉਸਤੇ ਵਿਰੋਧ ਦਾ ਕੋਈ ਅਸਰ ਨਹੀਂ ਹੁੰਦਾ। ਤੁਸੀਂ ਬਿਨ ਬੁਲਾਏ ਮਹਿਮਾਨ ਵਾਂਗ ਖੁਦ ਹੀ ਮੁਕਾਬਲੇ 'ਚ ਪੈਂਦੇ ਹੋ ਤੇ ਖੁਦ ਹੀ ਨਿਕਲ਼ ਜਾਂਦੇ ਹੋ। ਦਰਿਆ ਨਾਲ਼ ਦੋਸਤੀ ਕਰੋ ਜਾਂ ਦੁਸ਼ਮਣੀ ਉਹ ਵਹਿਣ ਦਾ ਧਰਮ ਨਹੀਂ ਛੱਡਦਾ।ਉਂਝ ਮੈਨੂੰ ਇੱਸ ਗੱਲ ਦਾ ਵੀ ਪਤਾ ਹੈ ਕਿ ਮੁਖਤਾਰ ਗਿੱਲ ਨੂੰ ਮਹਾਂਨਗਰ ਦੇ ਸਾਹਿਤਕ ਸਮਾਗਮਾਂ 'ਤੇ ਆਪਣੇ ਨਾਲ਼ ਹਮਾਤੜ ਜਿਹੇ ਤੇ ਨਿਮਾਣੇ ਜਿਹੇ ਲੇਖਕ ਲਿਜਾਣ ਕਾਰਨ ਮਹਾਂਨਗਰ ਦੇ ਹਾਈ-ਫਾਈ ਲੇਖਕਾਂ ਦੀ ਨਰਾਜ਼ਗੀ ਝੱਲਣੀ ਪਈ। ਪਰ ਦੋਸਤੀ ਜਿਸ ਲਈ ਸੁੱਚੇ ਇਸ਼ਕ ਦੀ ਤਰ੍ਹਾਂ ਹੈ ਉਹ ਅਕਸਰ ਕਹਿ ਦਿਆ ਕਰਦੇ ਹਨ 'ਪਤਾ ਹੁੰਦਾ ਜੇ ਇਸ਼ਕ ਥੀਂ ਮਨ੍ਹਾ ਕਰਨਾ ਤੇਰੇ ਟਿੱਲੇ 'ਤੇ ਧਾਰ ਨਾ ਮਾਰਦਾ ਮੈਂ'।
ਆਪਣੀ ਪੀੜੀ ਦੇ ਕਹਾਣੀਕਾਰਾਂ ਵਿੱਚੋਂ ਸਿਰਫ ਉਹ ਹੀ ਲਗਾਤਾਰ ਲਿਖ-ਛਪ ਰਿਹਾ ਹੈ ਨਹੀਂ ਤਾਂ ਅੱਜ ਨਵੇਂ ਉਭਰੇ ਕਹਾਣੀਕਾਰਾਂ ਨੇ ਨਵੀਂ ਤਕਨੀਕ ਦੀਆਂ ਕਹਾਣੀਆਂ ਲਿਖ ਕੇ ਕਈ ਪੁਰਾਣੇ ਕਹਾਣੀ ਲੇਖਕ ਬੇਕਾਰ ਬਿਠਾ ਦਿੱਤੇ ਹਨ। ਪਰ ਮੁਖਤਾਰ ਗਿੱਲ ਦੀ ਕਹਾਣੀ ਅੱਜ ਵੀ ਕਿਸੇ ਨਾ ਕਿਸੇ ਰਸਾਲੇ 'ਚ ਛਪੀ ਵੇਖੀ ਜਾ ਸਕਦੀ ਹੈ। ਕਹਾਣੀ ਉਹ ਇਕਾਂਤ 'ਚ ਹੀ ਲਿਖਦਾ ਹੈ ਪਰ ਚਲੰਤ ਮਾਮਲਿਆਂ ਬਾਰ ਉਹ ਫੁੱਲ ਅਵਾਜ ਵਿੱਚ  ਟੈਲੀਵਿਜ਼ਨ ਚਲਾ ਕੇ ਵੀ ਲਿਖ ਰਿਹਾ ਹੁੰਦਾ। ਮੈਨੂੰ ਲੱਗਦਾ ਹੈ ਕਿ ਵਰਿਆਮ ਸਿੰਘ ਸੰਧੂ ਤੇ ਪ੍ਰੇਮ ਪ੍ਰਕਾਸ਼ ਦੀ ਪੀੜ੍ਹੀ 'ਚੋਂ ਇਕੱਲਾ ਉਹ ਹੀ ਸਰਗਰਮੀ ਨਾਲ਼ ਲਿਖਣ ਵਾਲ਼ਾ  ਲੇਖਕ ਹੈ। ਇਹਨਾਂ ਪੁਰਾਣੀ ਪੀੜ੍ਹੀ ਦਿਆਂ ਲੇਖਕਾਂ ਨੂੰ ਫਖਰ ਹੋਣਾ ਚਾਹੀਦਾ ਏ ਉਹਨਾਂ ਵਿੱਚੋਂ ਕੋਈ ਤਾਂ ਹੈ ਜੋ ਨਵੀਂ ਪੀੜੀ ਵਾਲ਼ਿਆਂ ਨੂੰ ਟੱਕਰ ਦੇ ਰਿਹਾ ਹੈ। ਉਸਦੀ ਸ਼ਿਦਤ ਸਾਬਿਤ ਕਰਦੀ ਹੈ ਕਿ ਪੁਰਾਣੀ ਤਕਨੀਕ ਨਾਲ਼ ਲ਼ਿਖੀ ਜਾਣ ਵਾਲ਼ੀ ਕਹਾਣੀ ਵੇਲ਼ਾ ਵਿਹਾ ਚੁੱਕੀ ਨਹੀਂ ਸਗੋਂ ਸਾਮਾਜਿਕ ਸਮੱਸਿਆਵਾਂ ਨਾਲ਼ ਵਧੇਰੇ ਵਾਬਸਤਾ ਹੈ।

ਉਸਦੀ ਜਿੰਦਗੀ ਦੇ ਦੋ ਹੀ ਪੱਖ ਹਨ ਇੱਕ ਪੱਤਰਕਾਰੀ ਤੇ ਦੂਜਾ ਕਹਾਣੀਕਾਰੀ, ਪੱਤਰਕਾਰੀ ਚੋਣਾਂ ਦੇ ਦਿਨੀਂ ਹੀ ਖਿੜਦੀ ਹੈ ਪਰ ਕਹਾਣੀਕਾਰੀ ਸਦਾਬਹਾਰ ਹੈ।ਉਹ ਨਾ ਸਿਰਫ ਰਾਵੀ ਨਦੀ ਦੇ ਸਿਰਜੇ ਸਭਿਆਚਾਰ ਦਾ ਸਫਲ ਚਿਤੇਰਾ ਹੈ ਬਲਕਿ ਗੁਰਬਖਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ ਤੇ ਬਲਰਾਜ ਸਾਹਨੀ ਸਮੇਤ ਦਰਜਨਾਂ ਮਸ਼ਹੂਰ ਲੇਖਕਾਂ ਦਾ ਹਮਸਇਆ ਵੀ ਰਿਹਾ ਏ। ਅੱਜਕਲ ਪ੍ਰੀਤਨਗਰ ਰਹਿ ਰਿਹਾ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵਰੋਸਾਏ ਇੱਸ ਅਦੁੱਤੀ ਚਾਨਣ ਮੁਨਾਰੇ ਦਾ ਅਸਲੀ ਵਾਰਿਸ ਵੀ ਹੈ। ਅਕਸਰ ਜਦੋਂ ਪੰਜਾਬ ਦੇ ਦੂਜੇ ਇਲਾਕਿਆਂ 'ਚ ਜਾਈਦਾ ਹੈ ਤਾਂ ਲੋਕ ਪ੍ਰੀਤਨਗਰ ਬਾਰੇ ਜਾਨਣ ਦੀ ਉਤਸੁਕਤਾ ਰੱਖਦੇ ਹਨ। ਮੁਖਤਾਰ ਗਿੱਲ ਪ੍ਰੀਤਨਗਰ ਦੀ ਇਤਿਹਾਸਿਕ ਚਲਦੀ ਫਿਰਦੀ ਡਿਕਸ਼ਨਰੀ ਹੈ।ਉਸ ਕੋਲ਼ੋਂ ਪ੍ਰੀਤਨਗਰ ਸਬੰਧੀ ਕੋਈ ਜਾਣਕਾਰੀ ਲੈਣੀ ਚਾਹੋ ਤਾਂ ਉਸ ਦਾ ਫੋਨ ਨੰ: ੯੮੧੪੦-੮੨੨੧੭ ਹੈ।

ਜਤਿੰਦਰ ਸਿੰਘ ਔਲ਼ਖ, ਪਿੰਡ ਤੇ ਡਾਕ: ਕੋਹਾਲ਼ੀ, ਤਹਿ: ਅਜਨਾਲ਼ਾ ਜਿਲਾ ਅੰਮ੍ਰਿਤਸਰ

No comments:

Post a Comment