Tuesday, August 21, 2012

ਦੇਵੀ ਪੂਜਾ ਵਿਧੀ ਵਿਧਾਨ : ਉਤਪਤੀ ਤੇ ਵਿਕਾਸ - ਡਾ. ਸੁਨੀਲ ਸ਼ਰਮਾ

ਦੇਵੀ ਪੂਜਾ ਵਿਧੀ ਵਿਧਾਨ : ਉਤਪਤੀ ਤੇ ਵਿਕਾਸ

ਡਾ. ਸੁਨੀਲ ਸ਼ਰਮਾ

ਲੋਕ ਜੀਵਨ ਤੇ ਪਰਿਵੇਸ਼ਕ ਪ੍ਰਸਥਿਤੀ :- ਦੇਵੀ ਪੂਜਾ ਸਬੰਧੀ ਵਿਧੀ ਵਿਧਾਨ ਵਿਸ਼ਵ ਦੇ ਪ੍ਰਾਚੀਨ ਵਿਸ਼ਵ ਵਿਆਪੀ ਪੂਜਾ ਵਿਧੀ ਵਿਧਾਨ ਹਨ। ਇਨ੍ਹਾਂ ਦੀ ਉਤਪਤੀ ਤੇ ਵਿਕਾਸ ਪ੍ਰਾਚੀਨ ਲੋਕਾਂ ਦੇ ਲੋਕ ਜੀਵਨ ਅਤੇ ਪਰਿਵਸ਼ਕ ਪ੍ਰਸਥਿਤੀਆਂ ਦੇ ਪ੍ਰਭਾਵਾਂ ਅਨੁਰੂਪ ਮਾਨਵ ਇਤਿਹਾਸ ਦੇ ਅਤਿ ਪ੍ਰਾਚੀਨ ਕਾਲ ਵਿਚ ਹੋਇਆ। ਇਸ ਦੇ ਇਤਿਹਾਸਿਕ ਪ੍ਰਮਾਣ ਕਾਲ ਦੇ ਗਰਭ ਵਿਚ ਸਮਾ ਗਏ ਹਨ। ਪ੍ਰੰਤੂ ਇਹ ਪੂਜਾ ਵਿਧੀ ਵਿਧਾਨ ਦੇਸ ਕਾਲ, ਸਮਾਜ, ਸੰਸਕ੍ਰਿਤੀ ਆਦਿ ਦੇ ਵਰਤਮਾਨ ਪ੍ਰਭਾਵਾਂ ਦੇ ਕਾਰਨ ਵਿਵਿਧ ਰੂਪ ਵਿਚ ਦੁਨੀਆਂ ਦੀ ਲਗਭਗ ਹਰ ਇਕ ਸੰਸਕ੍ਰਿਤੀ ਵਿਚ ਸੱਭਿਅਤਾ ਤੇ ਧਰਮ ਕਿਸੇ ਨਾ ਕਿਸੇ ਰੂਪ ਵਿਚ ਮੌਜੂਦ ਹਨ। ਇਹ ਜਰੂਰੀ ਨਹੀਂ ਕਿ ਵਰਤਮਾਨ ਵਿਧੀ ਵਿਧਾਨ ਪੁਰਾਤਨ ਵਿਧਾਨਾਂ ਦੇ ਸੰਸਕਾਰਾਂ ਤੇ ਅਨੁਸਠਾਠਾਂ ਦਾ ਹੂਬਹੂ ਰੂਪ ਹਨ। ਲੇਕਿਨ ਇਸ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਦੇਵੀ ਪੂਜਾ ਦੇ ਵਿਧੀ ਵਿਧਾਨ ਅਤਿ ਪ੍ਰਾਚੀਨ ਵਿਧੀ ਵਿਧਾਨਾਂ ਦਾ ਸੁਧਰਿਆ ਹੋਇਆ ਅਜੋਕਾ ਰੂਪ ਹੈ।
ਦੇਵੀ ਪੂਜਾ ਵਿਧੀ ਵਿਧਾਨਾਂ ਦਾ ਉਤਪਤੀ ਤੇ ਵਿਕਾਸ ਦਾ ਅਧਿਐਨ ਕਰਨ ਲਈ ਪੁਰਾਤੱਤਵ ਦੇ ਪ੍ਰਮਾਣਾਂ ਦੇ ਅਧਾਰ ਤੇ ਅਤਿ ਪ੍ਰਾਚੀਨ ਮਾਨਵ ਸਮਾਜ ਤੇ ਪਰਿਵੇਸ਼ ਦੀ ਪਰਿਕਲਪਨਾ ਦੀ ਲੋੜ ਪਵੇਗੀ। ਇਸ ਦੇ ਵਿਚੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਆਦਿ ਮਨੁੱਖ ਸਮੂਹਾਂ ਨੇ ਧਰਮ ਸੰਸਕਾਰਾਂ ਦੀ ਉਤਪਤੀ ਕੀਤੀ। ਨਾਰੀ ਦੇ ਪ੍ਰਾਚੀਨ ਧਰਮ ਤੇ ਸਮਾਜ ਦੀ ਕੇਂਦਰ ਬਿੰਦੂ ਮੰਨ ਕੇ ਅਨੇਕ ਲੋਕਾਂ ਵਿਸ਼ਵਾਸ਼ਾਂ ਅਤੇ ਲੋਕ ਧਾਰਨਾਵਾਂ ਦਾ ਵਿਕਾਸ ਕੀਤਾ। ਇਕ ਵਿਸ਼ਵ ਵਿਆਪੀ ਦੇਵੀ ਪੂਜਕ ਤੇ ਮਾਂ ਮੂਲਕ ਸਮਾਜਕ ਸੰਰਚਨਾ ਦੀ ਸਥਾਪਨਾ ਕੀਤੀ। ਇਹ ਬਾਅਦ ਦੇ ਕਾਲ ਵਿਚ ਨਿਰੰਤਰ ਪਰਿਵਰਤਿਤ ਹੁੰਦੀ ਰਹੀ। ਇਸਦੇ ਪਰਿਣਾਮ ਸਰੂਪ ਨਾ ਕੇਵਲ ਦੇਵੀ ਪੂਜਾ ਦੇ ਵਿਧੀ ਵਿਧਾਨ ਦਾ ਪ੍ਰਚਲਣ ਹੀ ਘਟਿਆ ਸਗੋਂ ਨਾਰੀ ਦੀ ਸਮਾਜਕ ਪ੍ਰਤਿਸ਼ਠਾ ਤੇ ਸਮਾਜਕ ਸਨਮਾਨ ਜਨਕ ਸਥਿਤੀ ਦਾ ਪਤਨ ਹੋਇਆ।
ਅਸੀਂ ਇਹ ਜਾਣਦੇ ਹਾਂ ਕਿ ਲੱਖਾਂ ਵਰ੍ਹਿਆਂ ਪਹਿਲਾਂ ਪਸ਼ੂ ਜਮਾਤ ਤੋਂ ਵੱਖ ਹੋਣ ਅਤੇ ਮਾਨਵ ਸਮਾਜ ਦੀ ਸਥਾਪਨਾ ਸਮੇਂ ਮਾਨਵ ਕਬੀਲਾ ਸ਼ਿਕਾਰੀਆਂ ਅਤੇ ਭੋਜਨ ਇਕੱਤਰ ਕਰਨ ਵਾਲਿਆਂ ਜੀਵਾਂ ਦੇ ਰੂਪ ਵਿਚ ਜਿਊਂਦਾ ਸੀ। ਇਸ ਦੇ ਹੱਕ ਪਰਿਵਾਰ ਨਾਂਅ ਦੀ ਕੋਈ ਚੀਜ਼ ਨਹੀਂ ਸੀ। ਪਰਿਵਾਰ ਦੀ ਸੰਸਥਾ ਨਾ ਹੋਣ ਕਰਕੇ ਸੰਭੋਗ ਦੇ ਬਾਅਦ ਨਰ ਦਾ ਉਤਰਾਇਤਵ ਖਤਮ ਹੋ ਜਾਂਦਾ ਸੀ। ਗਰਭ ਧਾਰਨ ਤੋਂ ਲੈ ਕੇ ਜਨਮ ਅਤੇ ਸੰਤਾਨ ਦੇ ਆਤਮ ਨਿਰਭਰ ਹੋਣ ਤੱਕ ਮਾਂ ਜਾਂ ਸਮੁੱਚਾ ਸਮੂਹ ਦੇਖਭਾਲ ਕਰਦਾ ਸੀ। ਸੁਭਾਵਿਕ ਹੈ ਕਿ ਐਸੇ ਵਿਚ ਸੰਤਾਨ ਨੂੰ ਮਾਂ ਦੇ ਨਾਲ ਹੀ ਪਹਿਚਾਣਿਆ ਜਾ ਸਕਦਾ ਸੀ। ਐਸੇ ਸਮਾਜ ਆਪਣੀ ਸਮੂਹਕ ਕਬੀਲਾ ਸੰਸਥਾਗਤ ਸੰਰਚਨਾ/ਬਨਾਵਟ ਦੇ ਕਾਰਨ ਵਿਸ਼ਵ ਵਿਆਪੀ ਸੱਤਰ ਤੇ ਮਾਂ ਮੂਲਕ ਸਮਾਜ ਬਣ ਕੇ ਉਭਰਿਆ।
ਮਾਨਵ ਨੇ ਸੰਪੂਰਨ ਇਤਿਹਾਸ ਦੀ ਹਰ ਅਵਸਥਾ ਅਤੇ ਪਰਿਵੇਸ਼ ਵਿਚ ਆਪਣੀ ਹੋਂਦ, ਆਪਣੀ ਉਤਪਤੀ, ਆਪਣੇ ਆਸ ਪਾਸ ਦੇ ਪਰਿਵੇਸ਼ ਅਤੇ ਆਪਣੇ ਸੰਪੂਰਨ ਬ੍ਰਹਿਮੰਡ, ਜੀਵਨ ਤੇ ਮੌਤ ਦੀ ਉਤਪਤੀ, ਗਤੀਸ਼ੀਲਤਾ, ਸੰਚਾਲਣ, ਪਰਬਤਾਂ ਆਦਿ ਦੇ ਕਾਰਨਾਂ ਦੀ ਆਪਣੇ ਉਪਲਬਧ ਗਿਆਨ ਦੇ ਆਧਾਰ ਤੇ ਖੋਜ ਅਤੇ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸੰਦਰਭ ਵਿਚ ਉਹ ਜੋ ਧਾਰਨਾਵਾਂ, ਮੱਤ, ਦਰਸ਼ਨ ਜਾਂ ਬੌਧਿਕ ਗਿਆਨ ਦਾ ਆਧਾਰ ਬਣਾ ਸਕਿਆ। ਉਹ ਉਸ ਦੇ ਧਰਮ, ਵਿਸ਼ਵਾਸ਼ ਮੱਤ ਅਤੇ ਜੀਵਨ ਸ਼ੈਲੀ ਦਾ ਨਿਰਧਾਰਨ ਤੇ ਸੰਚਾਲਨ ਕਰਨ ਵੇਲੇ ਨਿਯਮ ਤੇ ਤੱਤਵ ਬਣੇ। ਮਾਨਵ ਜੀਵਨ ਨਾਲ ਸਬੰਧਤ ਦੋ ਚੀਜ਼ਾਂ ਮਾਨਵ ਲਈ ਬੜੀ ਜਿਗਿਆਸਾ ਅਤੇ ਉਤਸੁਕਤਾ ਦੇ ਵਿਸ਼ੇ ਹਨ। ਮ੍ਰਿਤੂ ਆਦਿ ਮਾਨਵ ਲਈ ਜੀਵਨ ਦਾ ਪ੍ਰਾਕ੍ਰਿਤਕ ਅੰਤ ਨਹੀਂ ਸਗੋਂ ਇਕ ਭਿਆਨਕ ਘਟਨਾ ਸੀ। ਇਸ ਦਾ ਭੈਅ ਮ੍ਰਿਤੂ ਸਮੇਂ ਸ਼ਰੀਰਕ ਕਸ਼ਟ ਦੇ ਕਾਰਨ ਹੀ ਨਹੀਂ ਬਲਕਿ ਇਸ ਦੇ ਰਹੱਸ ਦੇ ਕਾਰਨ ਵੀ ਸੀ। ਇਸ ਦੇ ਪਰਿਣਾਮ ਸਰੂਪ ਵਿਅਕਤੀ ਦਾ ਸ਼ਰੀਰ ਮੌਜੂਦ ਹੋਣ ਦੇ ਬਾਵਜੂਦ ਉਸਦੇ ਵਿਚੋਂ ਜੀਵਨ ਦੇ ਚਿੰਨ੍ਹ ਅਤੇ ਉਸ ਦੀ ਸਾਰੀ ਕ੍ਰਿਆਸ਼ੀਲਤਾ ਖਤਮ ਹੋ ਜਾਂਦੀ ਸੀ। ਉਸ ਵਿਅਕਤੀ ਦਾ ਅੰਤ ਹੋਣ ਨਾਲ ਉਸ ਨਾਲ ਜੁੜੇ ਸਭਨਾਂ ਸਮੇਤ ਉਸ ਦੀ ਉਪਯੋਗਤਾ ਤੇ ਯੋਗਦਾਨ ਦਾ ਵੀ ਅੰਤ ਹੋ ਜਾਂਦਾ ਸੀ। ਆਦਿ ਮਾਨਵ ਨੇ ਆਪਣੀ ਸੀਮਿਤ ਬੁੱਧੀ ਅਤੇ ਗਿਆਨ ਦੇ ਆਧਾਰ ਤੇ ਇਹ ਕਲਪਨਾ ਕਰ ਲਈ ਕਿ ਇਸ ਸ਼ਰੀਰ ਦਾ ਸੰਚਾਲਨ ਕਰਨ ਵਾਲਾ ਅਤੇ ਇਸ ਦਾ ਜੀਵਨ ਤੱਤ ਕੋਈ ਅਦਿੱਖ ਵਸਤੂ ਹੈ। ਇਹ ਅਗਿਆਤ ਵਿਰੋਧੀ ਸ਼ਕਤੀਆਂ ਦੇ ਪ੍ਰਭਾਵ ਅਧੀਨ ਇਸ ਨੂੰ ਛੱਡ ਕੇ ਚਲੀ ਗਈ ਹੈ। ਇਸ ਅਦ੍ਰਿਸ਼ ਜੀਵਨ ਤੱਤ ਨੂੰ ਆਤਮਾ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਇਸ ਨੂੰ ਆਧਾਰ ਮੰਨ ਕੇ ਇਸ ਦੇ ਇਰਦ ਗਿਰਦ ਆਤਮਾ ਪ੍ਰਮਾਤਮਾ, ਸਵਰਗ ਨਰਕ, ਮੁਕਤੀ ਆਦਿ ਸਹਿਤ ਕਈ ਧਾਰਨਾਵਾਂ ਤੇ ਆਧਾਰਿਤ ਧਰਮਾਂ ਦੀ ਉਤਪਤੀ ਹੋਈ। ਮ੍ਰਿਤੂ ਤੋਂ ਬਚਣ ਲਈ ਅਨੇਕ ਪ੍ਰਕਾਰ ਦੇ ਪੁਰਾਤਨ ਅਨੁਸ਼ਠਾਨ ਤੇ ਸੰਸਕਾਰ ਉਤਪੰਨ ਹੋਏ। ਵਿਰੋਧਾਭਾਸ ਏਨੇ ਜ਼ਿਆਦਾ ਹੋਣ ਦੇ ਬਾਵਜੂਦ ਮ੍ਰਿਤੂ ਅਟੱਲ ਸੀ। ਮਨੁੱਖ ਨੇ ਅਖੀਰ ਇਸ ਨੂੰ ਜੀਵਨ ਦੇ ਸੁਭਾਵਕ ਅੰਤ ਦੇ ਰੂਪ ਵਿਚ ਸਵੀਕਾਰ ਕਰਕੇ ਮ੍ਰਿਤੂ ਉਪਰੰਤ ਦੇ ਜੀਵਨ ਨੂੰ ਸੌਖਾ ਬਨਾਉਣ ਲਈ ਸੰਸਕਾਰ ਤੇ ਅਨੁਸ਼ਠਾਠ ਵਿਕਸਤ ਕਰ ਲਏ। ਇਹ ਪੁਰਾਤਨ ਧਾਰਨਾ ਬਣ ਗਈ ਕਿ ਮ੍ਰਿਤੂ ਮਨੁੱਖ ਦੀ ਹੋਂਦ/ਵਜੂਦ ਨੂੰ ਪੂਰਨ ਤੌਰ ਤੇ ਸਮਾਪਿਤ ਨਹੀਂ ਕਰ ਦੇਂਦੀ। ਮ੍ਰਿਤੂ ਆਤਮਾ ਦੇ ਸ਼ਰੀਰ ਤੋਂ ਵੱਖ ਹੋਣ ਦੀ ਪ੍ਰਕਿਰਿਆ ਹੈ। ਇਹ ਕਿਸੇ ਬੀਮਾਰੀ ਜਾਂ ਦੂਜੇ ਕਾਰਨ ਨਾਲ ਸਬੰਧਤ ਹੋ ਸਕਦੀ ਹੈ। ਇਹ ਕਲਪਨਾ ਕਰ ਲਈ ਗਈ ਕਿ ਮ੍ਰਿਤੂ ਦੇ ਬਾਅਦ ਵੀ ਵਿਅਕਤੀ ਦੀ ਹੋਂਦ ਬਣੀ ਰਹਿੰਦੀ ਹੈ। ਇਸ ਭੈਅ ਦੀ ਕਲਪਨਾ ਕਰ ਲਈ ਗਈ ਕਿ ਮ੍ਰਿਤੂ ਵਿਅਕਤੀ ਦੀ ਅਦ੍ਰਿਸ਼ ਹੋਂਦ (ਆਤਮਾ) ਨੂੰ ਸ਼ਰੀਰ ਤੋਂ ਨਹੀਂ ਆਪਣੇ ਕਬੀਲੇ ਅਤੇ ਆਸ ਪਾਸ ਦੇ ਲੋਕਾਂ ਤੋਂ ਵੀ ਵੱਖਰਾ ਕਰ ਦੇਂਦੀ ਹੈ। ਹੋ ਸਕਦਾ ਹੈ ਕਿ ਉਹ ਉਨ੍ਹਾਂ ਨੂੰ ਨੁਕਸਾਨ ਪੁਜਾਏ। ਇਸ ਕਰਕੇ ਨਾ ਕੇਵਲ ਉਸ ਨੂੰ ਅਲਵਿਦਾ ਕਰਨ ਦੇ ਤੌਰ ਤਰੀਕੇ ਵਿਕਸਤ ਹੋਏ ਸਗੋਂ ਉਸ ਦੇ ਵਾਪਿਸ ਨਾ ਆਉਣ ਤੇ ਰੋਕ ਲਾਉਣ ਲਈ ਅਸਲ ਰੁਕਾਵਟਾਂ (ਸੰਸਕਾਰਾਂ ਅਤੇ ਅਨੁਸ਼ਠਾਨਾਂ ਰਾਹੀਂ) ਪਾਉਣ ਦੀ ਕੋਸ਼ਿਸ਼ ਕੀਤੀ ਗਈ। ਆਰੰਭਕ ਧਰਮਾਂ ਤੇ ਧਾਰਨਾਵਾਂ ਦੀ ਬੁਨਿਆਦ ਆਦਿ ਮਾਨਵ ਦੀਆਂ ਇਨ੍ਹਾਂ ਕਲਪਨਾਵਾਂ ਅਤੇ ਵਿਸ਼ਵਾਸ਼ਾਂ ਨੇ ਹੀ ਪਾਈ।
ਦੂਜੀ ਸਭ ਤੋਂ ਵੱਡੀ ਘਟਨਾ ਮਨੁੱਖ ਲਈ ਜਨਮ ਸੀ। ਉਸ ਦੀ ਸੀਮਿਤ ਬੁੱਧੀ ਤੋਂ ਇਹ ਬਾਹਰ ਸੀ ਕਿ ਨਾਰੀ ਨੂੰ ਹਰ ਮਹੀਨੇ ਯੋਨੀ ਮਾਰਗ ਤੋਂ ਕੁਝ ਦਿਨਾਂ ਲਈ ਰਕਤ (ਮਹਾਵਾਰੀ) ਕਿਉਂ ਆਉਂਦੀ ਹੈ। ਜਦੋਂ ਇਹ ਸਿਲਸਿਲਾ ਰੁਕਦਾ ਹੈ ਤਾਂ ਉਹ ਗਰਭ ਧਾਰਨ ਦੇ ਨੌਂ ਮਹੀਨਿਆਂ ਬਾਅਦ ਪ੍ਰਕਿਰਤੀ ਦੇ ਵੱਡੇ ਅਸਚਰਜ਼ ਦੇ ਰੂਪ ਵਿਚ ਇਕ ਨਵੇਂ ਜੀਵਨ ਨੂੰ ਮਾਨਵ-ਸ਼ਿੱਸ਼ੂ ਦੇ ਰੂਪ ਵਿਚ ਕਿਵੇਂ ਜਨਮ ਦੇਂਦੀ ਹੈ? ਜਨਮ ਦੇ ਕੁਝ ਸਮੇਂ ਬਾਅਦ ਆਪਣੇ ਸ਼ਿਸ਼ੂ ਦੀ ਆਹਾਰ ਦੇ ਰੂਪ ਵਿਚ ਉਸ ਦੇ ਸਤਨਾਂ/ਥਣਾਂ/ਛਾਤੀਆਂ ਵਿਚ ਦੁੱਧ ਕਿਸ ਤਰ੍ਹਾਂ ਆ ਜਾਂਦਾ ਹੈ? ਇਹ ਸ਼ਿਸ਼ੂ ਦੇ ਪਾਲਣ ਪੋਸ਼ਣ ਲਈ ਜੀਵਨਦਾਇਕ ਖੁਰਾਕ ਬਣ ਕੇ ਉਸ ਦੇ ਵਧਣ ਅਤੇ ਵਿਕਾਸ ਲਈ ਜਰੂਰੀ ਹੈ, ਪ੍ਰੰਤੂ ਸੁਭਾਵਿਕ ਹੈ ਕਿ ਇਸ ਪੁਰਾਤਨ ਕਾਲ ਵਿਚ ਮਾਨਵ ਨੂੰ ਕਠਿਨ ਪ੍ਰਸਥਿਤੀਆਂ ਵਿਚ ਅਮਿੱਤਰਤਾਪੂਰਨ ਵਾਤਾਵਰਨ ਨਾਲ ਸੰਘਰਸ਼ਪੂਰਨ ਜੀਵਨ ਜਿਊਣਾ ਪੈਂਦਾ ਸੀ। ਇਸਦੇ ਪਰਿਣਾਮਸਰੂਪ ਮ੍ਰਿਤੂ ਦਰ ਵਿਸ਼ੇਸ਼ ਤੌਰ ਤੇ ਬਾਲ ਅਵਸਥਾ ਵਿਚ ਜਾਂ ਗਰਭ ਦੇ ਸਮੇਂ ਗਰਭਪਾਤ ਦੀ ਸੰਭਾਵਨਾ ਅਧਿਕ ਸੀ। ਪਰਿਣਾਮ ਵਜੋਂ ਇਸ ਸਭ ਨੂੰ ਦੁਰਾਤਮਾਵਾਂ ਜਾਂ ਅਦਿੱਖ ਵਿਰੋਧੀ ਸ਼ਕਤੀਆਂ ਦਾ ਕੰਮ ਸਮਝ ਲਿਆ ਗਿਆ। ਸੁਭਾਵਕ ਹੈ ਕਿ ਇਸ ਜਲਿਟ ਅਤੇ ਕਠੋਰ ਜੀਵਨ ਵਿਚ ਸਮੂਹ ਦੀ ਹੋਂਦ ਬਣਾਈ ਰੱਖਣ ਲਈ ਸਭ ਤੋਂ ਵੱਡੇ ਸ੍ਰੋਤ ਦੇ ਰੂਪ ਵਿਚ ਮਾਨਵੀ ਸਾਧਨ ਦੀ ਲੋੜ ਸੀ। ਇਹ ਆਪਣੇ ਮਾਹੌਲ ਵਿਚ ਉਪਲਬਧ ਪ੍ਰਕਿਰਤਕ ਸਾਧਨਾਂ ਦੀ ਵਰਤੋਂ ਕਰਦੇ ਹੋਏ ਆਪਣੇ ਆਪ ਨੂੰ ਸੁਰੱਖਿਅਕ ਤੇ ਜੀਵਤ ਰੱਖ ਸਕਣ। ਆਦਿ ਮਾਨਵ ਦੇ ਸਭ ਤੋਂ ਜਰੂਰੀ ਤੇ ਵੱਡਮੁੱਲੀ ਮਾਨਵੀ ਸਾਧਨ ਦੀ ਪੂਰਤੀ ਇਸਤਰੀਆਂ ਪਾਸੋਂ ਨਵ ਸ਼ਿਸ਼ੂਆਂ ਦੇ ਜਨਮ ਰਾਹੀਂ ਹੁੰਦੀ ਸੀ। ਇੰਝ ਇਸਤਰੀ ਨੂੰ ਜਨਮ ਦਾਤੀ ਮਾਂ ਦੇ ਇਲਾਵਾ ਸੰਸਾਰ ਨੂੰ ਚਲਾ ਕੇ ਰੱਖਣ ਵਾਲੀ ਤੇ ਪਾਲਣ ਵਾਲੀ ਪੂਜਯ ਦੇਵੀ ਦੇ ਰੂਪ ਵਿਚ ਸਵੀਕਾਰ ਕਰ ਲੈਣਾ ਆਦਿ ਮਾਨਵ ਦੀ ਸਹਿਜ ਮਨੋਵ੍ਰਿਤੀ ਦੀ ਲੋੜ ਸੀ। ਇਹ ਪੁਰਾਤਨ ਸਮਾਜ ਲਗਭਗ ਇਸੇ ਸਰੂਪ ਵਿਚ ਵਿਸ਼ਵ ਦੇ ਸਭ ਭਾਗਾਂ ਵਿਚ ਤੇ ਲਗਭਗ ਸਾਰੇ ਹੀ ਆਦਿਮ ਸਮਾਜਾਂ ਵਿਚ ਅਜਿਹੀਆਂ ਹੀ ਪ੍ਰਸਥਿਤੀਆਂ ਦੇ ਅੰਤਰਗਤ ਨਾਰੀ ਦੀ ਮਮਤਾ ਤੇ ਜਨਮਦਾਤੀ ਦੇ ਸਰੂਪ ਵਿਚ ਸਵੀਕਾਰਦੇ ਹੋਏ ਉਸ ਦੀ ਪ੍ਰਧਾਨਤਾ ਵਾਲੇ ਮਾਤਰ ਮੂਲਕ ਦੇਵੀ ਪੂਜਕ ਸਮਾਜਾਂ ਦੇ ਰੂਪ ਵਿਚ ਵਿਸ਼ਵ ਵਿਆਪਕ ਸੱਤਰ ਤੇ ਵਿਕਸਤ ਹੋਏ। ਜੇਮਜ ਜੇ ਪਰਿਸਟਨ ਦੇ ਮੱਤਾਂ ਅਨੁਸਾਰ ਦੇਵੀ ਸ਼ਕਤੀਆਂ ਦੀ ਪੂਜਾ ਦੇ ਪ੍ਰਮਾਣ ਲਗਭਗ ਤੀਹ ਹਜ਼ਾਰ ਸਾਲ ਈਸਾ ਪੂਰਵ ਸਾਰੇ ਯੂਰਪ ਵਿਚ ਇਸਤਰੀ ਦੇਵੀਆਂ ਦੀਆਂ ਛੋਟੀਆਂ ਪ੍ਰਤਿਮਾਵਾਂ ਦੇ ਰੂਪ ਵਿਚ ਮਿਲਦੇ ਹਨ। ਇਹ ਪ੍ਰੰਪਰਕ ਸ਼ੈਲੀ ਦੀਆਂ ਮੂਰਤੀਆਂ ਜਿਨ੍ਹਾਂ ਨੇ ਸਭਨਾਂ ਤੇ ਜਨਣ ਅੰਗਾਂ ਨੂੰ ਉਕੇਰਣ ਤੇ ਵਿਸ਼ੇਸ਼ ਬੱਲ ਦਿੱਤਾ ਗਿਆ ਹੈ, ਦੇਵੀ ਪ੍ਰਤਿਮਾਵਾਂ ਹੀ ਜਾਪਦੀਆਂ ਹਨ। ਇਨ੍ਹਾਂ ਦੇ ਸਬੰਧ ਆਰੰਭਕ ਉਰਵਰਤਾ ਦੇ ਰੀਤੀ ਰਿਵਾਜ਼ਾਂ ਨਾਲ ਸਮਝਿਆ ਜਾਂਦਾ ਹੈ। ਇਨ੍ਹਾਂ ਦੇ ਕਥਨਾ ਅਨੁਸਾਰ ਦੇਵੀ ਸ਼ਕਤੀ ਦੇ ਇਹ ਪੂਜਾ ਵਿਧੀ ਵਿਧਾਨ ਵਿਸ਼ਵ ਵਿਆਪੀ ਹਨ। ਇਨ੍ਹਾਂ ਵਿਧੀ ਵਿਧਾਨਾਂ ਦੀ ਕਿਵੇਂ ਉਤਪਤੀ ਅਤੇ ਵਿਕਾਸ ਹੋਇਆ? ਇਹ ਜਾਨਣ ਲਈ ਸਾਨੂੰ ਨਾ ਕੇਵਲ ਆਦਿ ਮਾਨਵ ਦੇ ਪੁਰਾਤਨ ਪ੍ਰਕਿਰਤਕ ਪਰਿਵੇਸ਼ ਦੀ ਪਰਿਕਲਪਨਾ ਕਰਨੀ ਪਵੇਗੀ ਬਲਕਿ ਉਸ ਦੇ ਲੋਕ ਜੀਵਨ ਦੇ ਵਿਭਿੰਨ ਪੱਖਾਂ ਤੇ ਜੀਵਨ ਪ੍ਰਸਥਿਤੀਆਂ ਦੇ ਵਿਚੋਂ ਮਾਤਰ (ਮਾਂ) ਸ਼ਕਤੀਆਂ ਦੇ ਪੂਜਾ ਵਿਧੀ ਵਿਧਾਨ, ਵਿਕਾਸ ਅਤੇ ਉਤਪਤੀ ਦੇ ਗੁਆਚੇ ਸੂਤਰ ਲੱਭਣ ਦੀ ਲੋੜ ਹੈ। ਇਸ ਦੇ ਲਈ ਸਾਨੂੰ ਇਸ ਦੇ ਵਿਭਿੰਨ ਸੰਦਰਭਾਂ ਦਾ ਵਿਸ਼ਲੇਸ਼ਣ ਕਰਨਾ ਪਵੇਗਾ।
ਜਨਮਦਾਤੀ ਪਾਲਣਹਾਰੀ :- ਨਾਰੀ ਨਾ ਕੇਵਲ ਪੀੜ੍ਹੀਆਂ ਦੀ ਪ੍ਰਤੀਕ ਸੀ ਸਗੋਂ ਉਹ ਜੀਵਨ ਦੀ ਅਸਲ ਉਤਪਤੀ ਕਰਨ ਵਾਲੀ ਸੀ। ਉਸ ਦੀ ਗਰਭ ਧਾਰਨ ਤੇ ਜਨਮ ਦੇਣ ਦੀ ਯੋਗਤਾ ਮਾਨਵ ਲਈ ਭਿਆਨਕ ਕਸ਼ਟ ਦੇਣ ਵਾਲੀ ਮ੍ਰਿਤੂ ਦੇ ਉਲਟ ਚਮਤਕਾਰ ਸੀ। ਪਰਿਣਾਮਸਰੂਪ ਔਰਤ ਤੇ ਉਸਦੇ ਸਰੀਰ ਦੇ ਵਿਭਿੰਨ ਅੰਗਾਂ ਨੂੰ ਉਤਪਤੀ ਦੀਆਂ ਸ਼ਕਤੀਆਂ ਤੇ ਜੀਵਨਦਾਈ ਪ੍ਰਤੀਕਾਂ ਦੇ ਰੂਪ ਵਿਚ ਜਾਣਿਆ ਗਿਆ। ਸਮਾਜਕ ਵਿਕਾਸ ਦੇ ਆਰੰਭਕ ਚਰਣਾਂ ਦੇ ਵਿਚ ਇਸੇ ਕਾਰਨ ਮਾਤਰਤਵ/ਜਨਣਤਵ/ਮਾਂ ਬਣਨ ਦੀ ਸਥਿਤੀ ਦੇ ਅਧਾਰ ਤੇ ਔਰਤ ਜੀਵਨ ਨੂੰ ਪੈਦਾ ਕਰਨ ਵਾਲੀ ਸ਼ਕਤੀ ਦੇ ਰੂਪ ਵਿਚ ਧਰਮ ਦੀ ਕੇਂਦਰ ਬਣ ਗਈ ਹੈ। ਇਸੇ ਕਾਰਨ ਆਦਿਮ ਮਨੁੱਖ ਦੇ ਮਸਤਕ ਲਈ ਔਰਤਾਂ/ਨਾਰੀ ਵਿਸ਼ੇਸ਼ ਰੁਚੀ, ਸਨਮਾਨ ਅਤੇ ਜਿਗਿਆਸਾ ਦਾ ਵਿਸ਼ਾ ਰਹੀਆਂ। ਜਨਮ ਦੇਣ ਦੀ ਇਸ ਖੂਬੀ ਦੇ ਕਾਰਨ ਔਰਤਾਂ ਜਿਵੇਂ ਪਹਿਲਾਂ ਕਿਹਾ ਜਾ ਚੁੱਕਿਆ ਹੈ, ਮਾਨਵ ਸ੍ਰੋਤ ਦੇ ਰੂਪ ਵਿਚ ਮਾਨਵ ਦੀ ਨਸਲ ਅਤੇ ਉਸ ਦੇ ਸਮੂਹ ਦੀ ਹੋਂਦ ਲਈ ਜਰੂਰੀ ਸ਼ਿਸ਼ੂਆਂ ਨੂੰ ਉਪਲਬਧ ਕਰਵਾਉਣ ਦੇ ਇਲਾਵਾ ਉਹ ਮਾਨਵ ਨੂੰ ਭੋਗ ਰਾਹੀਂ ਸ਼ਰੀਰਕ ਆਨੰਦ ਵੀ ਪ੍ਰਾਪਤ ਕਰਵਾਉਂਦੀਆਂ ਸਨ। ਪਰਿਣਾਮ ਵਜੋਂ ਇਨ੍ਹਾਂ ਨੂੰ ਅਤੇ ਇਨ੍ਹਾਂ ਦੀ ਜਨਣ ਇੰਦਰੀਆਂ ਨੂੰ ਅਦ੍ਰਿਸ਼ ਉਰਵਰਤਾ ਅਤੇ ਜੀਵਨਦਾਈ ਸ਼ਕਤੀਆਂ ਦੇ ਪ੍ਰਤੀਕ ਵਿਚ ਸਵੀਕਾਰ ਕਰ ਲਿਆ। ਇਸ ਦੇ ਇਲਾਵਾ ਆਦਿ ਕਾਲ ਵਿਚ ਪਿਤਰਤਵ ਦੀ ਭਾਵਨਾ ਕਲਪਨਾ ਆਧਾਰਤ ਇਕ ਅਨੁਮਾਨ ਜਾਂ ਧਾਰਨਾ ਸੀ। ਪ੍ਰੰਤੂ ਮਾਤਰਤਵ ਇਕ ਵਾਸਤਵਿਕਤਾ ਸੀ। ਸਮੂਹਿਕ ਜੀਵਨ ਵਿਚ ਸਾਰੀਆਂ ਵਿਅਸਕ ਨਾਰੀਆਂ/ਪਤਨੀਆਂ ਤੇ ਵਿਅਸਕ ਨਰ/ਪਤੀ ਹੋ ਸਕਦੇ ਹਨ। ਵਿਆਹ ਜਾਂ ਪਰਿਵਾਰ ਦੀ ਹੋਂਦ ਨਹੀਂ ਸੀ। ਸੁਤੰਤਰ ਯੋਨ ਸਬੰਧਾਂ ਦੇ ਕਾਰਨ ਪਿਤਰਤਵ ਕੇਵਲ ਅਨੁਮਾਨ ਹੋ ਸਕਦਾ ਸੀ। ਇਸ ਸੁਨਿਸ਼ਚਿਤਤਾ ਦੇ ਨਾਲ ਕਿ ਬੱਚੇ ਦਾ ਬਾਪ ਕੌਣ ਹੈ, ਇਸ ਦੀ ਜਾਣਕਾਰੀ ਨਹੀਂ ਹੋ ਸਕਦੀ ਸੀ। ਪ੍ਰੰਤੂ ਜਨਮਦਾਤੀ ਮਾਂ ਦੀ ਹੋਂਦ ਪ੍ਰਮਾਣਿਕ ਤੇ ਸਪੱਸ਼ਟ ਸੀ। ਇਸ ਦੇ ਇਲਾਵਾ ਜਨਮ ਦੇ ਬਾਅਦ ਬੱਚਾ ਮਾਂ ਦੇ ਇਲਾਵਾ ਕਿਸੇ ਹੋਰ ਨੂੰ ਜਾਣਦਾ ਪਛਾਣਦਾ ਨਹੀਂ। ਉਹ ਆਪਣੇ ਭੋਜਨ, ਦੇਖਭਾਲ ਅਤੇ ਪਾਲਣ ਪੋਸ਼ਣ ਲਈ ਪੂਰੀ ਤਰ੍ਹਾਂ ਮਾਂ ਤੇ ਨਿਰਭਰ ਹੁੰਦਾ ਹੈ। ਪਿਤਾ ਨਾਲ ਪ੍ਰੀਚੈ ਬਾਅਦ ਵਿਚ ਹੁੰਦਾ ਹੈ। ਇਸ ਲਈ ਮਾਂ ਬੱਚੇ ਲਈ ਸਭ ਕੁਝ ਹੁੰਦੀ ਹੈ। ਮਾਂ ਬੱਚੇ ਦਾ ਇਹ ਮਨੋਵਿਗਿਆਨਕ ਲਗਾਓ ਅਤੇ ਨਾਰੀ ਦੀ ਪ੍ਰਜਨਣ ਰਾਹੀਂ ਨਵੇਂ ਜੀਵਨ ਸਿਰਜਣ ਦੀ ਯੋਗਤਾ ਤੇ ਉਸ ਦੇ ਪਾਲਣ ਪੋਸ਼ਣ ਦੀ ਸਮਰੱਥਾ ਮਨੋਵਿਗਿਆਨਕ ਰੂਪ ਮਾਨਵ ਨੂੰ ਉਸਦੇ ਪ੍ਰਤੀ ਆਸਥਾ ਰੱਖਣ, ਉਸ ਦੀਆਂ ਜਨਣ ਇੰਦਰੀਆਂ ਤੇ ਆਨੰਦ ਦੇਣ ਵਾਲੇ ਪ੍ਰਜਨਣ ਸਬੰਧੀ ਅੰਗਾਂ ਨੂੰ ਵਿਸ਼ੇਸ਼ ਉਰਵਰਤਾ ਦੇ ਪ੍ਰਤੀਕ ਤੇ ਅੱਦਭੁਤ ਰੱਬੀ ਸ਼ਕਤੀਆਂ ਦੇ ਧਾਰਕ ਅੰਗਾਂ ਦੇ ਰੂਪ ਵਿਚ ਦੇਖਿਆ ਜਾਣ ਲੱਗਿਆ। ਇਸ ਦੇ ਪਰਿਣਾਮ ਵਜੋਂ ਸਮੁੱਚੇ ਵਿਸ਼ਵ ਵਿਚ ਉੱਨਤ ਵਕਸ਼ਾਂ ਤੇ ਯੋਨੀ ਐਸੇ ਅੰਗਾਂ ਨੂੰ ਖਾਸ ਤੌਰ ਤੇ ਦਰਸਾਉਂਦੀਆਂ ਨਾਰੀ ਪ੍ਰਤਿਮਾਵਾਂ ਨੇ ਇਸਤਰੀਆਂ ਦੇ ਵਿਹਾਰ ਤੋਂ ਇਹ ਗਿਆਨ ਪ੍ਰਾਪਤ ਕੀਤਾ ਕਿ ਮਾਂ ਦੇ ਰੂਪ ਵਿਚ ਮਾਤਰਤਵ (ਮਮਤਾ) ਪ੍ਰੇਮਿਕਾ ਦੇ ਰੂਪ ਵਿਚ ਪ੍ਰੇਮ ਦੇ ਅੰਤਰਗਤ ਔਰਤਾਂ/ਨਾਰੀਆਂ ਵਡਿਆਈ ਕਰਨ ਅਤੇ ਤੋਹਫੇ ਨਾਲ ਜਲਦੀ ਪਸੀਜ ਜਾਂਦੀਆਂ ਹਨ। ਪਰਿਣਾਮ ਵਜੋਂ ਨਾਰੀ ਦੀਆਂ ਸਿਰਜਨਾਤਮਕ ਸ਼ਕਤੀਆਂ ਦੇ ਕਾਰਨ ਉਸ ਦੀ ਪ੍ਰਾਥਨਾ, ਚੜਾਵਿਆਂ ਜਾਂ ਵਡਿਆਈ ਕਰਕੇ ਪੂਜਾ ਕੀਤੀ ਜਾ ਲੱਗੀ ਤਾਂਕਿ ਉਹ ਬੁਰੀਆਂ ਆਤਮਾਵਾਂ ਦੇ ਬੁਰੇ ਪ੍ਰਭਾਵਾਂ ਤੋਂ ਸੁਰੱਖਿਅਤ ਕਰਨ ਦੇ ਨਾਲ-ਨਾਲ ਬੀਮਾਰੀਆਂ ਤੇ ਦੂਜਿਆਂ ਖਤਰਿਆਂ ਤੋਂ ਵੀ ਰੱਖਿਆ ਕਰੇ।
ਇਸ ਦਾ ਇਕ ਹੋਰ ਪਹਿਲੂ ਵੀ ਹੈ ਕਿ ਬੱਚਾ ਮਾਂ ਦੇ ਨਾਲ ਜ਼ਿਆਦਾ ਸੁਰੱਖਿਅਤ ਅਤੇ ਸਹਿਜ ਹੁੰਦਾ ਹੈ। ਕਿਸੇ ਦੂਜੇ ਵਿਅਕਤੀ ਤੋਂ ਮਾਂ ਉਸ ਨੂੰ ਜ਼ਿਆਦਾ ਪਿਆਰੀ ਹੁੰਦੀ ਹੈ। ਮਾਂ ਅਤੇ ਬੱਚੇ ਦੇ ਵਿਚ ਇਕ ਪ੍ਰਕਿਰਤਕ, ਸਥਾਈ ਤੇ ਸਨਮਾਨਿਤ ਸਬੰਧ ਬਣਿਆ ਰਹਿੰਦਾ ਹੈ। ਇਹ ਮਾਤਰ ਸ਼ਕਤੀ ਦੇ ਪੂਜਾ ਵਿਧੀ ਵਿਧਾਨ ਦਾ ਨਿਕਾਸ ਕਰਨ ਤੇ ਪ੍ਰੇਰਕ ਤੱਤਵ ਹੋ ਸਕਦਾ ਹੈ। ਇਸ ਸੰਦਰਭ ਵਿਚ ਅਨਗਿਣਤ ਸੰਪੰਨਤਾ ਦੀਆਂ ਪ੍ਰਤੀਕ ਤੇ ਧੰਨ ਪ੍ਰਾਪਤੀ ਦੀਆਂ ਦੇਵੀਆਂ ਜਿਵੇਂ ਲਕਸ਼ਮੀ, ਰੋਗਾਂ ਤੋਂ ਬਚਾਉਣ ਵਾਲੀਆਂ ਦੇਵੀਆਂ ਤੇ ਅਨੇਕਾ ਦੂਜੀਆਂ ਉਰਵਰਤਾ ਤੇ ਸੰਤਾਨ ਦੀ ਰਾਖੀ ਕਰਨ ਵਾਲੀਆਂ ਦੇਵੀਆਂ ਦੀ ਉਤਪਤੀ ਹੋਈ ਤੇ ਉਨ੍ਹਾਂ ਦੀ ਪੂਜਾ ਦੇ ਵਿਧੀ ਵਿਧਾਨ ਵਿਸ਼ਵ ਭਰ ਵਿਚ ਪ੍ਰਚਲਿਤ ਹੋਏ। ਇਨ੍ਹਾਂ ਦੇ ਵਰਤਮਾਨ ਪ੍ਰਤੀਨਿਧ ਸਰੂਪਾਂ ਨੂੰ ਅੱਜ ਵੀ ਨੌਰਾਤਿਆਂ ਵਿਚ ਪੂਜਿਆ ਜਾਂਦਾ ਹੈ। ਇਹ ਆਦਿਮ ਯੁੱਗ ਤੋਂ ਲੈ ਕੇ ਵਰਤਮਾਨ ਯੁੱਗ ਤੱਕ ਦੇ ਮਾਤਰ ਸ਼ਕਤੀ ਦੇ ਪੂਜਾ ਵਿਧੀ ਵਿਧਾਨ ਦੇ ਨਿਰੰਤਰ ਚੱਲਣ ਦੇ ਪਰਿਚਾਇਕ ਹਨ।
ਉਤਵਰਰਤਾ ਸੰਬੰਧੀ ਕਾਰਨ :- ਦੇਵੀ ਸ਼ਕਤੀ ਦੇ ਪੂਜਾ ਵਿਧੀ ਵਿਧਾਨ ਦਾ ਇਕ ਹੋਰ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੀਆਂ ਪ੍ਰਜਨਣ ਸਬੰਧੀ ਉਰਵਰਰਤਾ ਦੀ ਸਮਰੱਥਾ ਨੂੰ ਵਨਸਪਤੀ ਜਗਤ ਦੀ ਉਰਵਰਰਤਾ ਨਾਲ ਜੋੜ ਕੇ ਦੇਖਿਆ ਜਾਣਾ ਹੈ। ਨਾਰੀ ਆਪਣੀ ਪ੍ਰਕ੍ਰਿਤਕ ਸ਼ਰੀਰਕ ਬਨਾਵਟ ਅਤੇ ਜੀਵ ਵਿਗਿਆਨਕ ਬਨਾਵਟ ਦੇ ਕਾਰਨ ਬਲ ਤੇ ਸਖਤ ਮਿਹਨਤ ਦੇ ਖੇਤਰ ਵਿਚ ਪੁਰਸ਼ ਦੀ ਬਰਾਬਰੀ ਨਹੀਂ ਕਰ ਸਕਦੀ। ਪ੍ਰਕ੍ਰਿਤਕ ਤੌਰ ਤੇ ਇਹ ਦਯਾਵਾਨ ਹੁੰਦੀ ਹੈ। ਕਰੂਰਤਾ ਨਾਰੀ ਦੇ ਮਨੋਵਿਗਿਆਨਿਕ ਵਿਹਾਰ ਦਾ ਹਿੱਸਾ ਨਹੀਂ। ਇਸ ਦੇ ਇਲਾਵਾ ਹਰੇਕ ਮਹੀਨੇ ਮਹਾਵਾਰੀ ਪ੍ਰਸਵ ਤੋਂ ਪਹਿਲਾਂ ਦੇ ਕੁਝ ਸਮੇਂ ਅਤੇ ਪ੍ਰਸਵ ਦੇ ਬਾਅਦ ਦੇ ਕੁਝ ਸਮੇਂ ਸ਼ਰੀਰਕ ਕਾਰਨਾਂ ਦੇ ਬੱਚੇ ਦੀ ਸੁਰੱਖਿਆ ਤੇ ਦੇਖਭਾਲ ਦੀ ਵਾਧੂ ਜ਼ਿੰਮੇਦਾਰੀ ਦੇ ਕਾਰਨ ਨਾਰੀਆਂ ਸਖਤ ਮਿਹਨਤ ਵਾਲੇ ਸ਼ਿਕਾਰ ਜੈਸੇ ਜੈਸੇ ਕੰਮ ਵਿਚ ਹਿੱਸਾ ਨਹੀਂ ਲੈ ਸਕਦੀਆਂ ਸਨ। ਸੁਭਾਵਿਕ ਹੈ ਕਿ ਅਜਿਹੇ ਸਮੇਂ ਵਿਚ ਆਪਣੀ ਭੁੱਖ ਨੂੰ ਸ਼ਾਂਤ ਕਰਨ ਲਈ ਉਹ ਸ਼ਿਕਾਰ ਦੀ ਥਾਂ ਤੇ ਦੂਜੇ ਤੇ ਵਿਕਲਪਿਕ ਭੋਜਨ ਸ੍ਰੋਤਾਂ ਵੱਲ ਪ੍ਰਭਾਵਿਕ/ਮੋਹਿਤ ਹੋਈਆਂ। ਫਲਸਰੂਪ ਉਨ੍ਹਾਂ ਯੋਗਦਾਨ ਕਾਰਨ ਫੁੱਲ, ਜੜ੍ਹਾਂ, ਬੀਜ, ਪੱਤੇ, ਭੋਜਨ ਦੇ ਵਿਕਲਪਿਕ ਸਾਧਨ ਵਨਸਪਤੀ ਭੋਜਨ ਸ੍ਰੋਤਾਂ ਦੇ ਰੂਪ ਵਿਚ ਮਾਨਵ ਦੇ ਆਹਾਰ ਵਿਚ ਸ਼ਾਮਿਲ ਹੋ ਗਏ। ਔਰਤਾਂ ਨੇ ਜੜ੍ਹਾਂ ਖੋਦਣ ਜਾਂ ਨਰਮ ਤੇ ਨਵੇਂ ਉੱਗੇ ਪੌਦਿਆਂ ਨੂੰ ਭੋਜਨ ਵਿਚ ਸ਼ਾਮਲ ਕਰਨ ਦੀ ਪ੍ਰਕਿਰਿਆ ਵਿਚ ਪੌਦਿਆਂ ਦੀ ਬੀਜ਼ ਰਾਹੀਂ ਉਤਪਤੀ ਹੋਣ ਦਾ ਭੇਦ/ਰਾਜ ਜਾਣ ਲਿਆ ਅਤੇ ਖਾਧੀਆਂ ਜਾਣ ਵਾਲੀਆਂ ਮਨ ਪਸੰਦ ਵਨਸਪਤੀਆਂ ਦੀ ਪਹਿਚਾਣ ਦੇ ਇਲਾਵਾ ਬੀਜ਼ਾਂ ਰਾਹੀਂ ਉਗਾਉਣ ਦੀ ਆਰੁੰਭਿਕ ਤੇ ਆਦਿਮ ਖੇਤੀ ਦਾ ਆਗਾਜ਼ ਕੀਤਾ। ਆਦਿ ਮਾਨਵ ਲਈ ਇਹ ਨਾਰੀ ਦੀ ਪ੍ਰਜਨਣ ਤੇ ਉਰਵਰਤਾ ਸਬੰਧੀ ਸਵੀਕਾਰ ਕਰ ਲਈ ਗਈ ਮੂਲ ਪ੍ਰਕਿਰਤਕ ਸ਼ਕਤੀ ਦਾ ਇਕ ਹੋਰ ਵਿਸਤਾਰ ਸੀ। ਉਸ ਦੀ ਮਨੋਵਿਗਿਆਨਕ ਅਵਸਥਾ ਇਸਤਰੀ ਦੇ ਜਨਣੀ ਦੇ ਰੂਪ ਕਾਰਨ ਪਹਿਲਾਂ ਹੀ ਇਸਤਰੀ ਦੇ ਇਰਦਾ-ਗਿਰਦ ਬਣ ਚੁੱਕੀ ਸੀ। ਇਸਤਰੀਆਂ ਦੇ ਬੀਜ਼ਾਂ ਰਾਹੀਂ ਪੌਦੇ ਉਗਾਉਣ ਕਾਰਨ ਸਮਾਜ ਦੀ ਇਹ ਮਨੋਵਿਗਿਆਨਕ ਆਸਥਾ ਹੋਰ ਪੱਕੀ ਹੋ ਗਈ। ਇਸ ਦੇ ਪਰਿਣਾਮ ਵਜੋਂ ਪੌਦੇ ਉੱਗਣ ਕਾਰਨ ਧਰਤੀ ਨੂੰ ਵੀ ਦੇਵੀ ਦੇ ਰੂਪ ਵਿਚ ਪੂਜਿਆ ਜਾਣ ਲੱਗਿਆ। ਵਿਸ਼ਵ ਸੱਤਰ ਤੇ ਅਨਗਿਣਤ ਵਨਸਪਤੀ ਜਗਤ ਸਬੰਧੀ ਦੇਵੀਆਂ ਦੇ ਪੂਜਾ ਦੇ ਵਿਧੀ ਵਿਧਾਨਾਂ, ਅਨੁਸਠਾਨਾਂ ਆਦਿ ਦੇ ਪ੍ਰਚਲਣ ਦੇ ਨਾਲ-ਨਾਲ ਸਮਾਜ ਵਿਚ ਇਸਤਰੀ ਦੇ ਗੌਰਵ ਤੇ ਪ੍ਰਤਿਸ਼ਠਾ ਵਿਚ ਵਾਧਾ ਹੋਇਆ। ਬਰਨਲ ਦੇ ਵਿਚਾਰ ਅਨੁਸਾਰ ਇਨ੍ਹਾਂ ਕਾਰਨਾਂ ਦੇ ਪਰਿਣਾਮ ਵਜੋਂ ਇਸਤਰੀ ਸਮਾਜ ਵਿਚ ਅੱਗੇ ਵਧ ਗਈ। ਮਰਦ ਪਿਛਲੀ ਥਾਂ ਤੇ ਚਲਾ ਗਿਆ ਜਾਂ ਕੇਵਲ ਉਹ ਇਸਤਰੀ ਦੀ ਨਕਲ ਕਰਦਾ ਰਿਹਾ। ਇਹ ਆਦਿਮ ਮਾਨਵ ਦਾ ਤਰਕ ਸੰਗਤ ਵਿਹਾਰ ਸੀ। ਆਰੰਭਕ ਖੇਤੀਬਾੜੀ ਨੇ ਔਰਤ ਦੀ ਸਮਾਜਕ ਸ੍ਰੇਸ਼ਠਤਾ ਸਥਾਪਿਤ ਕਰ ਦਿੱਤੀ। ਖੇਤੀਬਾੜੀ ਔਰਤਾਂ ਦੀ ਕਾਢ ਸੀ। ਇਹ ਹੋਰ ਵਿਦਵਾਨ ਦੇ ਮੱਤਾਨੁਸਾਰ ਨੋਕਦਾਰ ਜੜ੍ਹਾਂ ਖੋਦਣ ਵਾਲੀਆਂ ਛੜੀਆਂ ਨਾਲ ਬੀਜ਼ਾਂ ਨੂੰ ਬੀਜਣ ਦੀ ਪ੍ਰਕਿਰਿਆ ਸ਼ੁਰੂ ਕਰਕੇ ਔਰਤਾਂ ਨੇ ਨਾ ਕੇਵਲ ਪੁਰਾਤਨ ਖੇਤੀਬਾੜੀ ਦੀ ਸ਼ੁਰੂਆਤ ਕੀਤੀ ਸਗੋਂ ਅਵਾਰਾ ਘੁਮੱਕੜ ਜੰਗਲੀ ਮਾਨਵ ਦੇ ਕਬੀਲੇ ਨੂੰ ਖੇਤੀ ਕਰਨ ਲਈ ਇਕ ਥਾਂ ਤੇ ਰਹਿਣ ਲਈ ਪ੍ਰੇਰਤ ਕਰਕੇ ਉਸ ਨੂੰ ਸਮਾਜਕ ਪ੍ਰਾਣੀ ਬਣਾ ਦਿੱਤਾ।
ਇਕ ਹੋਰ ਮੱਤਾਨੁਸਾਰ ਕਿ ਇਸਤਰੀਆਂ ਦੁਆਰਾ ਖੇਤੀਬਾੜੀ ਦੇ ਵਿਕਾਸ ਦੇ ਪਰਿਣਾਮ ਸਵਰੂਪ ਆਦਿਮ ਸਮਾਜ ਦਾ ਲਿੰਗ ਭੇਦ ਦੇ ਆਧਾਰਤ ਪ੍ਰਥਮ ਸ਼੍ਰਮ ਵਿਭਾਜਨ ਹੋ ਗਿਆ। ਇਸ ਦੇ ਕਾਰਨ ਭੋਜਨ ਦਾ ਇਕੱਤਰ ਕਰਨਾ ਅਤੇ ਖੇਤੀਬਾੜੀ ਇਸਤਰੀਆਂ ਦੇ ਵਿਸ਼ੇਸ਼ ਧੰਦੇ ਬਣ ਗਏ ਅਤੇ ਸ਼ਿਕਾਰ ਪੁਰਸ਼ਾਂ ਦੇ। ਖੇਤੀਬਾੜੀ ਦੀ ਕਲਾ ਦਾ ਵਿਕਾਸ ਪੂਰਨ ਤੌਰ ਤੇ ਇਸਤਰੀਆਂ ਦੇ ਹੱਥਾਂ ਵਿਚ ਹੀ ਹੋਇਆ। ਨਤੀਜੇ ਵਜੋਂ ਔਰਤ ਦੀ ਇਹ ਸਮਾਜਕ ਜ਼ਿੰਮੇਵਾਰੀ ਤੇ ਪ੍ਰਤਿਸ਼ਠਾਪੂਰਨ ਸਥਾਨ ਸਮਾਜ ਵਿਚ ਬਣਿਆ ਰਿਹਾ। ਇਹ ਰੁਤਬਾ ਹੱਲ ਦੀ ਕਾਢ ਤੇ ਹੀ ਉਸ ਦੇ ਹੱਥਾਂ ਵਿਚੋਂ ਖੋਹਿਆ ਜਾ ਸਕਿਆ। ਹੱਲ ਦੀ ਕਾਢ ਨੇ ਖੇਤੀਬਾੜੀ ਨੂੰ ਧੰਦੇ/ਪੈਸੇ ਦੇ ਰੂਪ ਵਿਚ ਮਰਦਾਂ ਦੇ ਹੱਥ ਵਿਚ ਲੈ ਆਂਦਾ। ਪ੍ਰੰਤੂ ਨਾਰੀ ਨਾਲ ਉਰਵਰਤਾ ਸਬੰਧੀ ਧਾਰਨਾਵਾਂ ਜੁੜੀਆਂ ਹੀ ਰਹੀਆਂ। ਸਮਾਜ ਵਿਚ ਉਸ ਦੇ ਆਰਥਿਕ-ਸਮਾਜਿਕ ਮਹੱਤਵ ਵਿਚ ਕਮੀ ਆਈ। ਇਕ ਹੋਰ ਸੂਝਵਾਨ ਵਿਦਵਾਨ ਦੇ ਮੱਤਾਨੁਸਾਰ ਆਰੰਭਿਕ ਖੇਤੀਬਾੜੀ ਦੀ ਸ਼ੁਰੂਆਤ ਅਤੇ ਆਰੰਭਕ ਦੇਵ ਸ਼ਕਤੀਆਂ ਦੀ ਪੂਜਾ ਦਾ ਵਿਧੀ ਵਿਧਾਨ ਤੇ ਮਾਤਰ ਮੂਲਕ ਵੰਸ਼ ਪ੍ਰੰਪਰਾ ਦਾ ਆਰੰਭ ਭਾਰਤ ਵਿਚ ਹੋਇਆ।
ਇਸ ਦੇ ਨਤੀਜੇ ਵਜੋਂ ਖੇਤੀਬਾੜੀ ਨਾਲ ਸਬੰਧਤ ਦੇਵੀਆਂ ਜਿਵੇਂ ਸ਼ਾਕੰਭਰੀ ਆਦਿ ਦੀ ਪੂਜਾ ਦਾ ਪ੍ਰਚਲਣ ਹੋਇਆ। ਸਿੰਧੂ ਘਾਟੀ ਸੱਭਿਅਤਾ ਵਿਚੋਂ ਪ੍ਰਾਪਤ ਪੂਰਾਤੱਤਵ ਅਵਸ਼ੇਸ਼ਾਂ ਦੀਆਂ ਮੁਹਰਾਂ ਜਿਹੀਆਂ ਖੋਜਾਂ ਨੇ ਵੀ ਇਹ ਪ੍ਰਮਾਣਿਤ ਕੀਤਾ ਹੈ ਕਿ ਵਣਸਪਤੀ ਨਾਲ ਸਬੰਧਤ ਦੇਵੀਆਂ ਦੀ ਪੂਜਾ ਦਾ ਵਿਧੀ ਵਿਧਾਨ ਪ੍ਰਾਚੀਨ ਸੱਭਿਅਤਾ ਵਿਚ ਵੀ ਸੀ। ਅੱਜ ਨੌਰਾਤਿਆਂ ਵਿਚ ਖੇਤੀ/ਖੇਤਰੀ ਬੀਜਣਾ ਕੰਜਕ ਪੂਜਣਾ ਜਾਂ ਰੁੱਟ ਰਾਹੜਿਆਂ ਵਿਚ ਵਿਭਿੰਨ ਅਨਾਜਾਂ ਦੇ ਬੀਜਾਂ ਨੂੰ ਉਗਾਉਣ ਦਾ ਅਨੁਸ਼ਠਾਨ ਮੂਲ ਤੌਰ ਤੇ ਅੱਜ ਵੀ ਇਸਤਰੀਆਂ ਦੁਆਰਾ ਕੀਤਾ ਜਾਂਦਾ ਹੈ। ਵਨਸਪਤੀ ਤੇ ਦੇਵੀ ਪੂਜਾ ਦੇ ਸਬੰਧ ਨੂੰ ਉਜਾਗਰ ਕਰਨ ਦਾ ਸਪੱਸ਼ਟ ਪਰਿਣਾਮ ਹੈ। ਇਸ ਦੇ ਇਲਾਵਾ ਵਿਸ਼ਵ ਦੇ ਸਭਨਾਂ ਖੇਤੀਬਾੜੀ ਕਰਨ ਵਾਲੇ ਸਮਾਜਾਂ ਵਿਚ ਦੇਵੀ ਪੂਜਾ ਦਾ ਵਿਧੀ ਵਿਧਾਨ ਦਾ ਹੋਣਾ, ਸਮਾਜਾਂ ਦੇ ਇਸਤਰੀ ਪ੍ਰਧਾਨ ਜਾਂ ਮਾਤਰ ਮੂਲਕ ਜਿਸ ਦੇ ਅਵਸ਼ੇਸ਼ ਭਾਰਤੀ ਸਾਹਿਤ ਅਤੇ ਵਿਸ਼ਵ ਦੇ ਅਨੇਕ ਖੇਤਰਾਂ ਵਿਚ ਅੱਜ ਵੀ ਮਿਲਦੇ ਹਨ। ਇਹ ਇਸ ਦਾ ਸਪੱਸ਼ਟ ਪ੍ਰਮਾਣ ਹਨ।
ਆਰਥਿਕ ਕਾਰਨ :- ਦੇਵੀ ਪੂਜਾ ਵਿਧੀ ਵਿਧਾਨ ਦੇ ਆਰਥਿਕ ਕਾਰਨਾਂ ਦੇ ਵਿਸ਼ਲੇਸ਼ਣ ਲਈ ਇਸ ਵਿਧਾਨ ਦੇ ਨਿਕਾਸ ਦੇ ਪੁਰਾਤਨ ਸਮੇਂ ਦੀ ਸੰਭਾਵਤ ਅਰਥ ਵਿਵਸਥਾ ਦਾ ਅਨੁਮਾਨ ਲਗਾਉਣਾ ਜਰੂਰੀ ਹੈ। ਜੇ ਆਦਿਮ ਮਾਨਵ ਦੇ ਪਰਿਵੇਸ਼ ਤੇ ਲੋਕ ਜੀਵਨ ਵੱਲ ਝਾਤ ਮਾਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਇਕ ਖਤਰਨਾਕ ਅਤੇ ਵਿਪਰੀਤ ਪ੍ਰਸਥਿਤੀਆਂ ਵਾਲੇ ਮਾਹੌਲ ਵਿਚ ਪ੍ਰਕਿਰਤਕ ਤੌਰ ਤੇ ਪ੍ਰਾਪਤ ਸਾਧਨਾਂ ਵਸਪਤੀ, ਜੀਵ ਜਗਤ, ਜਲ ਪੱਥਰ, ਇੱਟ, ਲੱਕੜੀ ਆਦਿ ਦੀ ਵਰਤੋਂ ਕਰਦਾ ਹੋਇਆ ਵਾਤਾਵਰਨ ਦੀਆਂ ਵਿਪਰੀਤ ਪ੍ਰਸਥਿਤੀਆਂ ਵਿਰੁੱਧ ਸੰਘਰਸ਼ ਕਰਕੇ ਆਪਣੇ ਸਮੂਹ ਤੇ ਜਾਤੀ ਦੀ ਸੁਰੱਖਿਆ ਕਰਦਾ ਰਿਹਾ। ਇਨ੍ਹਾਂ ਪ੍ਰਸਥਿਤੀਆਂ ਵਿਚ ਜੀਵਨ ਦੀ ਅਵਧੀ ਘੱਟ ਬਿਮਾਰੀਆਂ, ਦੁਰਘਟਨਾਵਾਂ ਅਤੇ ਦੂਜੇ ਪ੍ਰਕ੍ਰਿਤਕ ਵਿਰੋਧੀ ਸ਼ਿਕਾਰੀ ਜੀਵਾਂ ਦੁਆਰਾ ਮਾਰੇ ਜਾਣ ਕਾਰਨ ਸ਼ੁਰੂਆਤੀ ਅਰਥ ਵਿਵਸਥਾ ਦੇ ਮਹੱਤਵਪੂਰਨ ਤੱਤ ਮਾਨਵੀ ਸ੍ਰੋਤ, ਜਲ ਸ੍ਰੋਤ, ਵਨਸਪਤੀਆਂ ਦੀ ਪ੍ਰਾਪਤੀ, ਸ਼ਰਨਸਥਲੀਆਂ ਦੀ ਪ੍ਰਾਪਤੀ ਆਦਿ ਕਹੇ ਜਾ ਸਕਦੇ ਹਨ। ਇਨ੍ਹਾਂ ਪ੍ਰਸਥਿਤੀਆਂ ਦੀ ਪ੍ਰਾਪਤੀ, ਸ਼ਰਨਸਥਲੀਆਂ ਦੀ ਪ੍ਰਾਪਤੀ ਆਦਿ ਕਹੇ ਜਾ ਸਕਦੇ ਹਨ। ਇਨ੍ਹਾਂ ਪ੍ਰਸਥਿਤੀਆਂ ਵਿਚ ਸਭ ਤੋਂ ਜਰੂਰੀ ਸ੍ਰੋਤ ਮਾਨਵੀ ਸ੍ਰੋਤ ਸਨ ਕਿਉਂਕਿ ਪਸ਼ੂਆਂ ਦੇ ਸ਼ਿਕਾਰ ਲਈ ਸਰੀਰਕ ਰੂਪ ਵਿਚ ਯੋਗ ਸ਼ਿਕਾਰੀਆਂ, ਪ੍ਰਜਣਨ ਰਾਹੀਂ ਸਮੂਹ ਦੀ ਸੰਖਿਆ ਬਣਾਈ ਰੱਖਣ ਲਈ ਨਾਰੀਆਂ ਅਤੇ ਭੋਜਨ ਇਕੱਤਰ ਕਰਨ ਲਈ ਬਹੁਤ ਸਾਰੇ ਹੱਥਾਂ ਦੀ ਲੋੜ੍ਹ ਸੀ। ਮਾਨਵੀ ਸ੍ਰੋਤ ਦੀ ਪੂਰਤੀ ਦਾ ਇਹ ਮਹੱਤਵਪੂਰਨ ਕਾਰਜ ਔਰਤ ਆਪਣੇ ਪ੍ਰਜਨਣ ਦੀ ਅਦਭੁੱਤ ਯੋਗਤਾ ਰਾਹੀਂ ਪੂਰਾ ਕਰਦੀ ਸੀ। ਔਰਤ ਦੇ ਇਸ ਗੁਣ ਦਾ ਨਰ ਕੋਲ ਕੋਈ ਵਿਕਲਪ ਨਹੀਂ ਸੀ। ਹਰ ਨਰ ਦੀ ਜਨਮਦਾਤੀ ਵੀ ਔਰਤ ਸੀ। ਇਸ ਦੇ ਇਲਾਵਾ ਆਪਣੀਆਂ ਜੈਵਿਕ ਬਨਾਵਟਾਂ ਅਤੇ ਸ਼ਰੀਰਕ ਸੀਮਾਵਾਂ ਦੇ ਕਾਰਨ ਜਿਵੇਂ ਪਹਿਲਾਂ ਕਿਹਾ ਗਿਆ ਹੈ ਕਿ ਇਸਤਰੀਆਂ ਸ਼ਿਕਾਰ ਦੇ ਇਲਾਵਾ ਦੂਜੇ ਵਿਕਲਪਿਕ ਭੋਜਨ ਸਾਧਨਾਂ ਲਈ ਵਨਸਪਤੀਆਂ ਤੇ ਨਿਰਭਰ ਹੋਈਆਂ। ਉਨ੍ਹਾਂ ਨੇ ਮਨੁੱਖਤਾ ਨੂੰ ਖੇਤੀਬਾੜੀ ਦੇ ਰੂਪ ਵਿਚ ਇਕ ਅਜਿਹਾ ਵਿਕਲਪਿਕ ਭੋਜਨ ਸ੍ਰੋਤ ਪ੍ਰਾਪਤ ਕਰਵਾਇਆ ਜਿਸ ਨੇ ਨਾ ਕੇਵਲ ਇਸਤਰੀ ਦੇ ਸ਼ੁਰੂਆਤੀ ਅਰਥ ਵਿਵਸਥਾ ਵਿਚ ਆਰਥਿਕ ਅਤੇ ਸਮਾਜਿਕ ਮਹੱਤਵ ਨੂੰ ਵਧਾਇਆ ਬਲਕਿ ਮਾਨਵ ਨੂੰ ਸਮਾਜਿਕ ਤੇ ਸੱਭਿਆਚਾਰਕ ਜੀਵ ਬਨਾਉਣ ਦੀ ਬੁਨਿਆਦ ਵੀ ਰੱਖੀ। ਥਾਮਸਨ ਦੇ ਅਨੁਸਾਰ, ਆਰੰਭਕ ਲਿੰਗ ਆਧਾਰਤ ਸ਼੍ਰਮ ਵਿਭਾਜਨ ਇਸ ਪ੍ਰਕਾਰ ਸੀ, 'ਭਾਲੇ ਦੀ ਕਾਢ ਨਾਲ ਸ਼ਿਕਾਰ ਨਰ ਦਾ ਕਾਰਜ ਬਣ ਗਿਆ। ਜਦੋਂ ਕਿ ਔਰਤਾਂ ਨੇ ਭੋਜਨ ਇਕੱਤਰ ਕਰਨ ਦਾ ਕੰਮ ਜਾਰੀ ਰੱਖਿਆ। ਇਹ ਲਿੰਗ ਆਧਾਰਤ ਸ਼੍ਰਮ ਵਿਭਾਜਨ ਸਮੁੱਚੇ ਸ਼ਿਕਾਰੀ ਮਾਨਵ ਕਬੀਲਿਆਂ ਵਿਚ ਵਿਸ਼ਵਵਿਆਪੀ ਰੂਪ ਵਿਚ ਮੌਜੂਦ ਸੀ। ਕਾਰਨ ਗਰਭ ਅਵਸਥਾ ਦੇ ਦੌਰਾਨ ਔਰਤਾਂ ਦੀ ਗਤੀਸ਼ੀਲਤਾ ਦੀ ਕਮੀ। ਉਹ ਅੱਗੇ ਦੱਸਦੇ ਹਨ ਕਿ ਸ਼ਿਕਾਰ ਤੋਂ ਪਸ਼ੂ ਪਾਲਣ ਦਾ ਜੋ ਹਰ ਥਾਂ ਤੇ ਨਰ ਦਾ ਕੰਮ ਹੈ ਅਤੇ ਦੂਜੇ ਪਾਸੇ ਵਨਸਪਤੀਆਂ ਤੋਂ ਭੋਜਨ ਇਕੱਤਰ ਕਰਨ ਦੇ ਔਰਤ ਦੇ ਕੰਮਾਂ ਨੇ ਘਰ ਦੇ ਪਾਸ ਛੋਟੀਆਂ-ਛੋਟੀਆਂ ਕਿਆਰੀਆਂ ਵਿਚ ਬੀਜ ਉਗਾਉਣ ਦੀ ਸ਼ੁਰੂਆਤ ਕਰਕੇ ਸ਼ੁਰੂਆਤੀ ਬਾਗਵਾਨੀ ਜਿਹੀ ਖੇਤੀਬਾੜੀ ਦਾ ਆਰੰਭ ਕੀਤਾ। ਇਹ ਹੱਲ ਦੀ ਕਾਢ ਤੋਂ ਪਹਿਲਾਂ ਤੱਕ ਔਰਤਾਂ ਦਾ ਕਾਰਜ ਰਿਹਾ ਹੈ, ਪ੍ਰੰਤੂ ਹੱਲ ਦੀ ਕਾਢ ਤੋਂ ਬਾਅਦ ਔਰਤਾਂ ਦੀ ਇਹ ਖੇਤੀਬਾੜੀ ਦੀ ਜ਼ਿੰਮੇਵਾਰੀ ਮਰਦਾਂ ਕੋਲ ਚਲੀ ਗਈ। ਉਹ ਇਸ ਸਬੰਧ ਵਿਚ ਅਫਰੀਕਾ ਦੇ ਉਨ੍ਹਾਂ ਕਬੀਲਿਆਂ ਦਾ ਜ਼ਿਕਰ ਕਰਦੇ ਹਨ ਅਤੇ ਉਦਾਹਰਣ ਦੇਂਦੇ ਹਨ ਕਿ ਜਿਥੇ ਹੱਲ ਨਵੀਂ ਪ੍ਰਾਪਤੀ ਹੈ, ਮਹੱਤਵ ਤੇ ਰੁਤਬੇ ਦਾ ਇਹ ਰੂਪਾਂਤਰਣ ਹੁਣ ਉਥੇ ਵਾਪਰ ਰਿਹਾ ਹੈ। ਇਨ੍ਹਾਂ ਕਬੀਲਿਆਂ ਵਿਚ ਇਸਤਰੀ ਪ੍ਰਧਾਨ ਸਮਾਜ ਪੁਰਸ਼ ਪ੍ਰਧਾਨ ਦਾ ਸਰੂਪ ਲੈ ਰਿਹਾ ਹੈ।
ਅਜਿਹੇ ਅਨਗਿਣਤ ਹੋਰ ਉਦਾਹਰਣ ਪੇਸ਼ ਕੀਤੇ ਜਾ ਸਕਦੇ ਹਨ। ਇਹ ਅਜਿਹਾ ਪ੍ਰਮਾਣਿਤ ਕਰਦੇ ਹਨ ਕਿ ਸਮਾਜ ਵਿਚ ਲਿੰਗ ਦਾ ਦਬਦਬਾ ਅਤੇ ਮਹੱਤਵ ਉਸ ਦੇ ਸਮਾਜਿਕ ਵਿਕਾਸ ਅਤੇ ਆਰਥਿਕ ਯੋਗਦਾਨ ਨਾਲ ਜੁੜਿਆ ਹੈ। ਇਕ ਵਿਦਵਾਨ ਦੇ ਕਹਿਣ ਅਨੁਸਾਰ ਮੂਲ ਸ਼ਿਕਾਰ ਪੂਰਵ ਅਵਸਥਾ ਔਰਤ ਪ੍ਰਧਾਨ ਸਮਾਜ ਸੀ। ਸ਼ਿਕਾਰ ਦੇ ਵਿਕਾਸ ਨਾਲ ਸਮਾਜਿਕ ਸ੍ਰੇਸ਼ਠਤਾ ਨਰ ਦੇ ਹੱਥ ਵਿਚ ਆ ਗਈ। ਸਮਾਜਿਕ ਕਬੀਲਿਆਂ ਵਿਚ ਪਸ਼ੂ ਪਾਲਣ ਦਾ ਵਿਕਾਸ ਹੋਇਆ। ਨਰ ਦੀ ਇਹ ਸ੍ਰੇਸ਼ਠਤਾ ਬਣੀ ਰਹੀ, ਪ੍ਰੰਤੂ ਉਹ ਕਬੀਲੇ ਜਿਨ੍ਹਾਂ ਨੇ ਖੇਤੀ ਦੀ ਖੋਜ ਕਰ ਲਈ, ਉਥੇ ਪ੍ਰਸਥਿਤੀਆਂ ਪਹਿਲਾਂ ਵਾਂਗ ਹੋ ਗਈਆਂ ਅਤੇ ਇਸਤਰੀ ਅਧਿਕਾਰ ਦੀ ਫੇਰ ਸਥਾਪਨਾ ਹੋ ਗਈ।
ਉਪਰੋਕਤ ਵਿਵਰਣ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਕਿਸੇ ਲਿੰਗ ਵਿਸ਼ੇਸ਼ ਦੇ ਸਮਾਜ ਵਿਚ ਸ੍ਰੇਸ਼ਠਤਾ ਸਥਾਪਿਤ ਕਰਨ ਲਈ ਇਹ ਜਰੂਰੀ ਹੈ ਕਿ ਉਹ ਸਮਾਜ ਦੀ ਸੁੱਖ ਸਮਰਿਧੀ ਤੇ ਆਰਥਿਕ ਸੰਪੰਨਤਾ ਵਿਚ ਸਕ੍ਰਿਆ ਯੋਗਦਾਨ ਦੇ ਕੇ ਉਸ ਦੇ ਉਸ ਦੇ ਵਿਕਾਸ ਤੇ ਪ੍ਰਗਤੀ ਦਾ ਕਾਰਨ ਬਣੇ। ਇਨ੍ਹਾਂ ਸਮਾਜਾਂ ਵਿਚ ਵਰਤਮਾਨ ਯੁੱਗ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਨਾਰੀ ਨੇ ਆਪਣੇ ਆਪ ਨੂੰ ਇਸ ਸੰਦਰਭ ਵਿਚ ਉਪਯੋਗੀ ਬਣਾ ਕੇ ਰੱਖਿਆ। ਉਸ ਨੇ ਨਾ ਕੇਵਲ ਨਾਰੀ ਕੇਂਦਰਤ ਸਮਾਜਿਕ ਸੰਰਚਨਾ ਦਾ ਹੀ ਵਿਕਾਸ ਕੀਤਾ, ਸਗੋਂ ਨਾਰੀ ਲਈ ਗੌਰਵਮਈ ਪ੍ਰਤਿਸ਼ਠਤ ਤੇ ਸਤਿਕਾਰਯੋਗ ਥਾਂ ਵੀ ਪ੍ਰਾਪਤ ਕੀਤੀ।
ਥੋੜ੍ਹੇ ਸ਼ਬਦਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਆਰੰਭਕ ਅਵਸਥਾ ਵਿਚ ਖੇਤੀਬਾੜੀ ਦਾ ਵਿਕਾਸ ਨਹੀਂ ਹੋਇਆ ਸੀ। ਮਨੁੱਖ ਨੂੰ ਪੌਦਿਆਂ ਜਾਂ ਫਸਲ ਦੇ ਉਗਾਉਣ ਲਈ ਬੀਜ ਦੇ ਮਹੱਤਵ ਦਾ ਗਿਆਨ ਨਹੀਂ ਸੀ। ਇਸ ਕਾਰਨ ਬੱਚਿਆਂ ਨੂੰ ਜਨਮ ਦੇਣ ਅਤੇ ਬੀਜਾਂ ਦੀ ਉਗਾਈ ਲਈ ਸਪੱਸ਼ਟ ਰੂਪ ਤੇ ਔਰਤ ਨੂੰ ਜ਼ਿੰਮੇਵਾਰ ਸਮਝ ਲਿਆ ਗਿਆ। ਇਸ ਦੇ ਇਲਾਵਾ ਮਨੋਵਿਗਿਆਨਕ ਕਾਰਨ ਜਨਮ ਮ੍ਰਿਤੂ ਮਾਤਰਤਵ/ਮਮਤਾ ਤੇ ਪਾਲਣਹਾਰ ਦੇ ਰੂਪ ਵਿਚ ਅਤੇ ਬੱਚੇ ਦੇ ਵਿਕਾਸ, ਦੇਖਭਾਲ ਅਤੇ ਪਾਲਣ ਪੋਸ਼ਣ ਲਈ ਮਾਂ ਤੇ ਲੰਮੀ ਨਿਮਰਤਾ ਬੱਚੇ ਦੇ ਮਨ ਵਿਚ ਸੁਭਾਵਕ ਰੂਪ ਵਿਚ ਨਾਰੀ ਲਈ ਸਮਰਪਨ, ਪ੍ਰੇਮ, ਆਦਰ ਆਦਿ ਦੀ ਭਾਵਨਾ ਉਤਪੰਨ ਕਰ ਦੇਂਦੀ ਸੀ। ਇਸ ਪ੍ਰਕਾਰ ਪੂਰੀ ਉਤਪਤੀ ਤੇ ਸਿਰਜਨ ਲਈ ਇਸਤਰੀ ਨੂੰ ਉੱਤਰਦਾਈ ਮੰਨ ਲਿਆ ਗਿਆ। ਉਹ ਮਾਨਵ ਦੇ ਆਦਰ, ਸਨਮਾਨ ਤੇ ਪੂਜਾ ਦੀ ਪਾਤਰ ਬਣ ਗਈ। ਪਰਿਵਾਰ ਦੀ ਸੰਸਥਾ ਦੇ ਮੌਜੂਦ ਨਾ ਹੋਣ ਕਰਕੇ ਸੰਤਾਨ ਦੇ ਪਿਤਾ ਦਾ ਪਤਾ ਲੱਗਣ ਦੀ ਅਸਮਰਥਤਾ ਨੇ ਵੀ ਮਾਤਰ ਮੂਲਕ ਆਦਿਮ ਸਮਾਜਾਂ ਦੀ ਵਿਸ਼ਵਵਿਆਪੀ ਸੱਤਰ ਤੇ ਸਥਾਪਨਾ ਕੀਤੀ। ਸ਼ਿਕਾਰ ਤੇ ਜੰਗਲੀ ਜੀਵਨ ਗੁਜਾਰਨ ਦੇ ਤੌਰ ਤਰੀਕਿਆਂ ਦੇ ਸਮੇਂ ਦੀ ਔਰਤ ਦੀ ਮਹਾਨ ਸਮਾਜਿਕ ਸਥਿਤੀ ਲਈ ਥਾਵਾਂ ਤੇ ਪਸ਼ੂ ਪਾਲਣ ਦੇ ਨਾਲ ਘਟੀ ਜਾਂ ਖੇਤੀਬਾੜੀ ਦੇ ਵਿਕਾਸ ਨਾਲ ਹੋਰ ਮਜ਼ਬੂਤ ਹੋਈ। ਪਸ਼ੂ ਪਾਲਣ ਅਤੇ ਖੇਤੀਬਾੜੀ ਵਿਚ ਹੱਲ ਦੀ ਵਰਤੋਂ ਨੇ ਨਾ ਕੇਵਲ ਮਰਦ ਦੀ ਸਮਾਜਿਕ ਪ੍ਰਤਿਸ਼ਠਤਾ ਵਿਚ ਵਾਧਾ ਕੀਤਾ ਸਗੋਂ ਪ੍ਰਜਨਣ ਲਈ ਪੁਰਸ਼ ਦੇ ਵੀਰਯ ਦੇ ਯੋਗਦਾਨ ਅਤੇ ਬੀਜ ਦੀ ਮਹੱਤਤਾ ਨੂੰ ਖੇਤੀਬਾੜੀ ਦੇ ਖੇਤਰ ਵਿਚ ਪ੍ਰਗਟ ਕਰ ਦਿੱਤਾ। ਪਰਿਣਾਮ ਵਜੋਂ ਇਸਤਰੀ ਨੂੰ ਸਮਾਜ ਵਿਚ ਆਪਣਾ ਉੱਚ ਸਥਾਨ ਛੱਡਣਾ ਪਿਆ। ਉਹ ਸਰਬਸ਼ਕਤੀਮਾਨ, ਸਿਰਜਨਹਾਰੀ ਮਾਂ ਦੇਵੀ ਦੀ ਥਾਂ ਤੇ ਪੁਰਸ਼ ਦੇਵਤੇ ਦੀ ਸਹਿ-ਧਰਮਣੀ ਜਾਂ ਜੀਵਨ ਸੰਗਣੀ ਦੇ ਰੂਪ ਵਿਚ ਪ੍ਰਤਿਸ਼ਠਤ ਹੋ ਗਈ। ਸਮਾਜਕ ਪਰਿਵੇਸ਼, ਸ਼੍ਰਮ ਵਿਭਾਜਨ ਦੇ ਖੇਤਰ ਦੇ ਪਰਿਵਰਤਨਾਂ, ਆਰਥਕ ਕਾਰਨਾਂ ਆਦਿ ਦੇ ਫਲਸਰੂਪ ਸਮਾਜ ਦੀਆਂ ਇਸਤਰੀ ਸਬੰਧੀ ਧਾਰਨਾਵਾਂ ਵਿਚ ਅੰਤਰ ਆਏ। ਇਸ ਦੇ ਨਤੀਜੇ 'ਚ ਸਮਾਜ ਵਿਚ ਇਸਤਰੀ ਦੀ ਥਾਂ ਦੇਵੀ ਸਵਰੂਪਾਂ ਦੀ ਵਿਵਿਧਤਾ ਤੇ ਸਬੰਧਤ ਪੂਜਾ ਵਿਧੀ ਵਿਧਾਨਾਂ ਵਿਚ ਸਮਾਜਕ ਤੇ ਸਮਾਵੇਸ਼ਕ ਪ੍ਰਸਥਿਤੀਆਂ ਅਨੁਕੂਲ ਪਰਿਵਰਤਨ ਹੁੰਦੇ ਗਏ। ਕਈ ਪ੍ਰਾਚੀਨ ਪ੍ਰਚਲਿਤ ਦੇਵੀਆਂ ਦੀ ਪੂਜਾ ਦੇ ਵਿਧੀ ਵਿਧਾਨ ਲੁੱਪਤ ਹੋ ਗਏ। ਇਨ੍ਹਾਂ ਦੀ ਥਾਂ ਨਵੀਆਂ ਪੂਜੀਆਂ ਜਾਣ ਵਾਲੀਆਂ ਸ਼ਕਤੀਆਂ ਨੇ ਲੈ ਲਈ। ਅਨੇਕ ਨਵੇਂ ਸੰਸਕਾਰਾਂ ਤੇ ਅਨੁਸ਼ਠਾਨਾਂ ਦਾ ਸਮਾਵੇਸ਼ ਹੋਇਆ। ਇਹ ਵਿਭਿੰਨ ਪਰਦੇਸਾਂ ਵਿਚ ਆਪਣੀ ਸੰਪੂਰਨ ਵਿਵਿਧਤਾ ਨਾਲ ਪ੍ਰਚਲਿਤ ਹਨ। ਨੌਰਾਤਿਆਂ ਵਿਚ ਪੂਜੀ ਜਾਣ ਵਾਲੀ ਦੁਰਗਾ ਆਪਣੇ ਨੌਂ ਸਰੂਪਾਂ ਵਿਚ ਵਿਭਿੰਨ ਪਰਦੇਸਾਂ ਵਿਚ ਵਿਭਿੰਨ ਪੂਜਾ ਵਿਧੀ ਵਿਧੀਆਂ ਰਾਹੀਂ ਪੂਜਣ ਦੇ ਵਿਧੀ ਵਿਧਾਨ ਹਨ। ਜਿਵੇਂ ਜੰਮੂ ਸਾਹਿਤ ਕੁਝ ਪ੍ਰਦੇਸਾਂ ਵਿਚ ਕੇਵਲ ਸ਼ਾਕਾਹਾਰੀ/ਸਾਤਵਿਕ ਭੋਜ ਰਾਹੀਂ ਵੈਸ਼ਨਵ ਤਰੀਕਿਆਂ ਨਾਲ ਪੂਜਣ ਦਾ ਚਲਣ ਹੈ। ਜਦੋਂ ਕਿ ਉੜੀਸਾ, ਬੰਗਾਲ ਅਤੇ ਅਨੇਕ ਦੱਖਣ ਰਾਜਾਂ ਅਤੇ ਨੇਪਾਲ ਆਦਿ ਵਿਚ ਨੌਰਾਤਿਆਂ ਦੌਰਾਨ ਪਸ਼ੂ ਬਲੀ ਦਾ ਪ੍ਰਚਲਣ ਹੈ। ਕਹਿਣ ਦਾ ਭਾਵ ਹੈ ਕਿ ਦੇਵੀ ਦੇ ਪੂਜਾ ਵਿਧੀ ਵਿਧਾਨ ਦੀ ਉਤਪਤੀ ਤੇ ਵਿਕਾਸ ਆਰੰਭਕ ਪਰਿਵੇਸ਼ਾਂ ਵਿਚ ਹੋ ਕੇ ਲੋਕ ਜੀਵਨ ਦੀਆਂ ਨਿਰੰਤਰ ਬਦਲਦੀਆਂ ਪੱਧਤੀਆਂ, ਤੌਰ ਤਰੀਕਿਆਂ ਤੇ ਵਿਕਾਸ ਦੇ ਸੱਤਰ ਸਹਿਤਕ ਲਿੰਗਾਂ ਦੇ (ਇਸਤਰੀ ਤੇ ਪੁਰਸ਼) ਰੂੜ੍ਹੀਬੱਧ ਸੰਸਕਾਰਾਂ, ਸਮਾਜਕ, ਉਤਰਦਾਇਤਵਾਂ ਦੇ ਆਰਥਕ ਮਹੱਤਵ ਦੇ ਫਲਸਰੂਪ ਨਿਰੰਤਰ, ਪਰਿਵਤਤਿਤ ਅਤੇ ਨਿਰਧਾਰਿਤ ਹੁੰਦੇ ਰਹੇ। ਲੇਕਿਨ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਵਿਸ਼ਵ ਦੀਆਂ ਸਭਨਾਂ ਥਾਵਾਂ ਤੇ ਸਭਨਾਂ ਆਰੰਭਕ ਆਦਿਮ ਸਮਾਜਾਂ ਵਿਚ ਪਰਿਵੇਸ਼ਕ ਸਮਾਨਤਾਵਾਂ ਲਿੰਗ ਆਧਾਰਿਤ ਸ਼੍ਰਮ ਵਿਭਾਜਨ ਅਤੇ ਲਿੰਗਾਂ ਦੇ ਆਰਥਕ ਮਹੱਤਵ ਤੇ ਉਪਯੋਗ ਦੇ ਫਲਸਰੂਪ ਮਾਤਰ ਮੂਲਕ ਸਮਾਜਾਂ ਤੇ ਦੇਵੀ ਸ਼ਕਤੀਆਂ ਦੇ ਪੂਜਾ ਵਿਧੀ ਵਿਧਾਨ ਦਾ ਪ੍ਰਚਲਣ ਮੌਜੂਦ ਸੀ। ਇਹ ਉਪਰੋਕਤ ਵਰਣਿਤ ਸਮਾਜ ਪਰਿਵੇਸ਼ਕ ਸੰਦਰਭ ਵਿਚ ਆਏ ਪਰਿਵਰਤਨਾਂ ਦੇ ਅਨੁਰੂਪ ਆਪਣੇ ਸਰੂਪ ਨੂੰ ਬਦਲਦਾ ਹੋਇਆ ਵਿਸ਼ਵਵਿਆਪੀ ਸੱਤਰ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਪ੍ਰਚੱਲਿਤ ਹੈ।

No comments:

Post a Comment