Tuesday, August 21, 2012

ਜੁਗਿੰਦਰ ਕੈਰੋਂ ਦਾ ਚੜ੍ਹਦੀ ਕਲਾ ਦਾ ਸੰਕਲਪ - ਜੁਗਿੰਦਰ ਸਿੰਘ 'ਫੁੱਲ'

ਚੜ੍ਹਦੀ ਕਲਾ ਦਾ ਐਸਾ ਦ੍ਰਿੜ ਵਿਸ਼ਵਾਸ਼ ਅਤੇ ਨਿਸ਼ਚਾ ਹੈ ਜਿਸ ਤੇ ਤੁਰਨ ਵਾਲਾ ਵਿਅਕਤੀ ਲੱਖਾਂ ਮੁਸ਼ਕਲਾਂ ਦੇ ਬਾਵਜੂਦ ਕਦੇ ਵੀ ਡੋਲਦਾ ਜਾਂ ਅਸਥਿਰ ਨਹੀਂ ਹੁੰਦਾ ਸਗੋਂ ਬਿਖੜੇ ਪੈਂਡਿਆਂ ਅਤੇ ਉਲਟ ਪ੍ਰਭਾਵੀ ਪ੍ਰਸਥਿਤੀਆਂ ਵਿਚ ਹੋਰ ਨਿਖਰਦਾ ਅਤੇ ਉਜਲਾ ਹੁੰਦਾ ਹੈ। ਇਸ ਦਸ਼ਾ ਵਿਚ ਧਾਰਨ ਕੀਤਾ ਗਿਆ ਉਦੇਸ਼ ਸਦੀਵੀ ਅਹਿਸਾਸਾਂ ਅਤੇ ਸੁਆਸਾਂ ਵਿਚ ਵਸਿਆ ਰਹਿੰਦਾ ਹੈ ਅਤੇ ਕੀਤਾ ਹੋਇਆ ਪ੍ਰਣ ਪ੍ਰਾਣਾਂ ਤੋਂ ਪਿਆਰਾ ਹੁੰਦਾ ਹੈ। ਇਸ ਮਾਰਗ ਦਾ ਧਾਰਨੀ ਵਿਅਕਤੀ ਸਦਾ ਚਾਕ ਅਤੇ ਨੈਤਿਕ ਅਸੂਲਾਂ ਤੋਂ ਕਦੇ ਵੀ ਗਿਰ ਨਹੀਂ ਸਕਦਾ। ਉਹ ਸਦੀਵੀ ਸਤਿਵਾਦੀ ਬਣਕੇ ਸ਼ੁੱਧ ਅਤੇ ਸ਼ੁੱਧ ਵਿਚਾਰਾਂ ਦਾ ਪੱਲੂ ਪਕੜੀ ਰੱਖਦਾ ਹੈ। ਅਜਿਹੇ ਗੁਣ ਜਾਂ ਤਾਂ ਕੁਦਰਤ ਦੀ ਬਖਸ਼ਿਸ਼ ਹੁੰਦੀ ਹੈ ਜਾਂ ਪੁਰਖਿਆਂ ਵਲੋਂ ਉੱਚ ਸੰਸਕਾਰਾਂ ਰਾਹੀਂ ਸੰਚਾਰਿਤ ਹੁੰਦੇ ਹਨ ਅਤੇ ਜਾਂ ਵਧੀਆ ਪ੍ਰਕਾਰ ਦੀ ਸੰਗਤ ਦੀ ਰੰਗਤ ਵੀ ਹੁੰਦੇ ਹਨ।
ਜੁਗਿੰਦਰ ਕੈਰੋਂ ਨੇ ਮੁਢ ਤੋਂ ਹੀ ਉਲਟ ਦਿਸ਼ਾਵਾਂ ਵੱਲ ਵਗਦੀਆਂ ਤੂਫਾਨੀ ਹਵਾਵਾਂ ਦਾ ਸਾਹਮਣਾ ਕੀਤਾ ਹੈ। ਉਸਦੇ ਅਨੇਕਾਂ ਹੀ ਅਵਸਰਾਂ ਤੇ ਮੌਤ ਨਾਲ ਘੋਲ ਹੋਏ ਅਤੇ ਇੰਝ ਭਾਸਦਾ ਰਿਹਾ ਹੈ ਜਿਵੇਂ ਵਫਾਤ ਕਿਸੇ ਵੀ ਪਲ ਉਸ ਉੱਪਰ ਜੇਤੂ ਸਿੱਧ ਹੋ ਸਕਦੀ ਸੀ ਪ੍ਰੰਤੂ ਉਸਦਾ ਚੜ੍ਹਦੀ ਕਲਾ ਦਾ ਸੰਕਲਪ ਸਦੀਵੀ ਉਸਦਾ ਸਾਥੀ ਅਤੇ ਸਹਾਇਕ ਰਿਹਾ ਹੈ। ਮਾਂ ਦੀ ਗੋਦੀ ਦਾ ਨਿੱਘ ਉਸਦੀ ਕਿਸਮਤ ਵਿਚ ਨਹੀਂ ਸੀ। ਅਤਿ ਦੀ ਤਰਸਯੋਗ ਹਾਲਤ ਵਿਚੋਂ ਗੁਜਰਦਾ ਹੋਇਆ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਪੱਕਾ ਪੀਡਾ ਹੁੰਦਾ ਗਿਆ ਅਤੇ ਆ ਰਹੇ ਖਤਰਿਆਂ ਤੋਂ ਲਾ ਪ੍ਰਵਾਹ ਹੋ ਕੇ ਅੱਗੇ ਵਧਣ ਦੀ ਭਾਵਨਾ ਉਸ ਵਿਚ ਪਰਬਲ ਹੁੰਦੀ ਗਈ। ਬਚਪਨ ਦੀ ਖੇਡਾਂ ਦੀ ਉਮਰ ਵਿਚ ਵੀ ਉਸ ਪਾਸੋਂ ਵੱਡੀਆਂ ਜ਼ੁੰਮੇਵਾਰੀਆਂ ਨਿਭਾਉਣ ਦੀ ਉਮੀਦ ਰੱਖੀ ਜਾਂਦੀ ਸੀ। ਕਈ ਵਾਰੀ ਉਹ ਸਾਥੀਆਂ ਬੱਚਿਆਂ ਨਾਲ ਐਨਾਂ ਰੁੱਝ ਜਾਂਦਾ ਕਿ ਜ਼ੁੰਮੇ ਲਏ ਹੋਏ ਅਸਲੀ ਕਾਰਜ ਵਿਸਰ ਹੀ ਜਾਂਦੇ ਅਤੇ ਉਸ ਨੂੰ ਪਿਤਾ ਦੀਆਂ ਝਿੜਕਾਂ ਅਤੇ ਸਖਤ ਸਜ਼ਾਵਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਨੂੰ ਬਚਪਨ ਵਿਚ ਤਾਂ ਭਾਵੇਂ ਢੀਠਤਾਈ ਦਾ ਹੀ ਨਾਮ ਦਿੱਤਾ ਜਾਂਦਾ ਸੀ ਪ੍ਰੰਤੂ ਇਹ ਉਸ ਦੀ ਚੜ੍ਹਦੀ ਕਲਾ ਦੀਆਂ ਮੁਢਲੀਆਂ ਜੜ੍ਹਾਂ ਸਨ। ਉਹ ਦੱਸਦਾ ਹੈ ਕਿ ਇਕ ਵਾਰ ਜਦ ਉਹ ਡਿਆਲ ਭੱਟੀ ਵਿਖੇ ਰਹਿੰਦੇ ਸਨ ਅਤੇ ਉਸ ਦੀ ਉਮਰ ਲਗਭਗ ਛੇ ਜਾਂ ਸਤ ਸਾਲ ਦੀ ਹੋਵੇਗੀ ਉਸਦੇ ਪਿਤਾ ਜੀ ਖੇਤਾਂ ਵਿਚ ਹੱਲ ਵਾਹ ਰਹੇ ਸਨ ਅਤੇ ਇਹ ਵੀ ਉਥੇ ਨਿੱਕੇ-ਨਿੱਕੇ ਹੱਥਾਂ ਨਾਲ ਕੰਮ ਕਰ ਰਿਹਾ ਸੀ। ਇਸ ਨੂੰ ਪਿੰਡ ਤੋਂ ਜਾ ਕੇ ਬੀਜ਼ ਲਿਆਉਣ ਲਈ ਕਿਹਾ ਗਿਆ। ਘਰ ਨੂੰ ਆਉਂਦਿਆਂ ਇਸ ਨੂੰ ਕੁਝ ਬੱਚੇ ਗਲ਼ੀ ਵਿਚ ਖੇਡਦੇ ਹੋਏ ਮਿਲ ਗਏ। ਇਸ ਨੂੰ ਆਪਣੀ ਅਸਲੀ ਡਿਊਟੀ ਭੁੱਲ ਹੀ ਗਈ ਅਤੇ ਸਾਥੀਆਂ ਨਾਲ ਲੁਕਣ-ਮੀਟੀ ਵਿਚ ਰੁੱਝ ਗਿਆ। ਉਧਰ ਖੇਤਾਂ ਵਿਚ ਬੀਜ਼ ਦੀ ਉਡੀਕ ਕੀਤੀ ਜਾ ਰਹੀ ਸੀ। ਜਦ ਇਹ ਲੰਮਾ ਸਮਾਂ ਵਾਪਸ ਨਾ ਪਰਤਿਆ ਤਾਂ ਪਿਤਾ ਜੀ ਨੇ ਆਪ ਪਿੰਡ ਦਾ ਰਾਹ ਪਕੜਿਆ। ਅੱਗੇ ਇਹ ਖੇਡਦਾ ਹੋਇਆ ਕਾਬੂ ਆ ਗਿਆ ਅਤੇ ਫਿਰ ਚਪੇੜਾਂ ਅਤੇ ਛਿੱਤਰਾਂ ਦੀ ਵਰਖਾ ਆਰੰਭ ਹੋ ਗਈ ਪ੍ਰੰਤੂ ਇਸ ਸਭ ਕੁਝ ਨੂੰ ਸਹਿਣ ਕਰਦਾ ਹੋਇਆ ਨਾ ਇਹ ਦੌੜਿਆ ਅਤੇ ਨਾ ਹੀ ਦਰਦਾਂ ਕਾਰਨ ਅੱਥਰੂ ਹੀ ਕੇਰੇ। ਅਖੀਰ ਪਿਤਾ ਜੀ ਨੂੰ ਆਪ ਹੀ ਇਹ ਕਾਰਵਾਈ ਰੋਕ ਕੇ ਕਹਿਣ ਲੱਗ ਪਿਆ, ਇਹ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਹੈ। ਇਹ ਨਾ ਹੀ ਰੋਂਦਾ ਹੈ ਅਤੇ ਨਾ ਹੀ ਅੱਗੇ ਲੱਗ ਕੇ ਦੌੜਦਾ ਹੀ ਹੈ। ਇਹ ਉਸਦੀ ਸਹਿਣ ਸ਼ਕਤੀ ਅਤੇ ਚੜ੍ਹਦੀ ਕਲਾ ਦੇ ਸੰਕਲਪ ਦਾ ਮੁੱਢ ਸੀ।
ਇਸ ਤੋਂ ਅਗਲੇਰੇ ਪੈਂਡਿਆਂ ਨੂੰ ਸਰ ਕਰਦਿਆਂ ਹੋਇਆਂ ਉਹ ਐਨਾ ਪੱਕੇ ਇਰਾਦੇ ਦਾ ਧਾਰਨੀ ਹੋਈ ਗਿਆ ਕਿ ਕਿਸੇ ਪ੍ਰਕਾਰ ਦੇ ਹਾਲਾਤ ਉਸ ਨੂੰ ਦ੍ਰਿਸ਼ਟੀ ਵਿਚ ਵੱਸੇ ਹੋਏ ਬਿੰਦੂ ਤੋਂ ਹਿਲਾਉਣ ਵਿਚ ਅਸਫਲ ਰਹਿੰਦੇ ਰਹੇ। ਅਸਲ ਵਿਚ ਸ. ਪ੍ਰਤਾਪ ਸਿੰਘ ਕੈਰੋਂ ਦੀ ਚੜ੍ਹਦੀ ਕਲਾ ਦੀ ਭਾਵਨਾ ਦੀ ਸੰਗਤ ਦੀ ਰੰਗਤ ਵੀ ਉਸਨੂੰ ਅਡੋਲ ਬਣਾਈ ਗਈ। ਜਿਵੇਂ ਸ. ਕੈਰੋਂ ਦ੍ਰਿੜਤਾ ਨਾਲ ਵਿਚਰਦੇ ਅਤੇ ਵਿਚਾਰਦੇ ਸਨ ਅਤੇ ਕਦੇ ਵੀ ਦੁਚਿਤੀ ਦੇ ਗਲਬੇ ਵਿਚ ਨਹੀਂ ਸਨ ਆਉਂਦੇ ਉਸੇ ਹੀ ਤਰ੍ਹਾਂ ਇਹ ਵੀ ਜੀਵਨ ਦੀਆਂ ਸਾਫ ਸਪੱਸ਼ਟ ਅਤੇ ਸਿੱਧੀਆਂ ਲੀਹਾਂ ਦਾ ਪਾਂਧੀ ਬਣਿਆ ਰਿਹਾ। ਵੱਧ ਤੋਂ ਵੱਧ ਪੜ੍ਹਨ ਅਤੇ ਗਿਆਨ ਪ੍ਰਾਪਤੀ ਦੀ ਚੰਗਿਆੜੀ ਸਦੀਵੀ ਉਸਦੇ ਹਿਰਦੇ ਵਿਚ ਮਘਦੀ ਰਹਿੰਦੀ ਸੀ। ਜਦ ਉਸ ਨੇ ਕੈਰੋਂ ਤੋਂ ਹਾਇਰ ਸੈਕੰਡਰੀ ਪਾਸ ਕਰ ਲਈ ਤਾਂ ਉਹ ਉਚੇਰੀ ਕਾਲਜ ਵਿਦਿਆ ਦਾ ਚਾਅ ਹਿਰਦੇ ਵਸਾਈ ਬੈਠਾ ਸੀ ਪ੍ਰੰਤੂ ਪੱਲੇ ਕੋਈ ਪੈਸਾ ਨਹੀਂ ਸੀ। ਕਿਸੇ ਨਾ ਕਿਸੇ ਤਰ੍ਹਾਂ ਉਹ ਖਾਲਸਾ ਕਾਲਜ ਅੰਮ੍ਰਿਤਸਰ ਪੁੱਜਾ। ਉਥੇ ਦਫਤਰ ਵਿਚ ਪੁੱਜ ਕੇ ਸਬੰਧਤ ਕਲਰਕ ਨੂੰ ਆਪਣੀ ਇੱਛਾ ਅਤੇ ਅਸਲੀ ਆਰਥਿਕ ਹਾਲਤ ਬਿਆਨ ਕੀਤੀ। ਉਸ ਦੁਆਰਾ ਦਿੱਤੇ ਗਏ ਸਹਿਯੋਗ ਕਾਰਨ ਇਹ ਦਾਖਲਾ ਪ੍ਰਾਪਤ ਕਰਨ ਵਿਚ ਸਫਲ ਹੋ ਗਿਆ। ਜੇਕਰ ਇਸ ਵਿਚ ਸਵੈਵਿਸ਼ਵਾਸ ਅਤੇ ਚੜ੍ਹਦੀ ਕਲਾ ਦੀ ਘਾਟ ਹੁੰਦੀ ਤਾਂ ਇਹ ਆਪਣੇ ਨਿਸ਼ਾਨੇ ਤੱਕ ਕਦੀ ਵੀ ਨਾ ਪੁੱਜ ਸਕਦਾ।
ਜਦ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਐੱਮ ਏ ਪੰਜਾਬੀ (ਭਾਗ ਦੂਜਾ) ਵਿਚ ਦਾਖਲੇ ਵਾਸਤੇ ਗਿਆ ਤਾਂ ਜੇਬ੍ਹ ਵਿਚ ਕੇਵਲ ਦੋ ਸੌ ਰੁਪੈ ਸਨ ਜਿਹੜੇ ਕਿ ਇਸਨੇ ਆਪਣੀ ਮੁੰਦਰੀ ਵੇਚ ਕੇ ਪ੍ਰਾਪਤ ਕੀਤੇ ਸਨ। ਉਸਨੇ ਇਕ ਸੌ ਰੁਪੈ ਫੀਸਾਂ ਦੇ ਜਮ੍ਹਾਂ ਕਰਵਾ ਦਿੱਤੇ ਅਤੇ ਰਹਿੰਦੇ ਇਕ ਸੌ ਹੋਸਟਲ ਦਾ ਖਰਚਾ ਜਮ੍ਹਾਂ ਕਰਵਾ ਦਿੱਤਾ ਅਤੇ ਜੇਬ ਬਿਲਕੁੱਲ ਖਾਲੀ ਹੋ ਗਈ। ਇਸ ਤਰ੍ਹਾਂ ਇਹ ਵਿਸ਼ਾਲ ਦੋਸਤੀ ਖੇਤਰ ਵਾਲਾ ਵਿਅਕਤੀ ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਪ੍ਰੰਤੂ ਆਰਥਿਕ ਪੱਖੋਂ ਬਿਲਕੁੱਲ ਹੀ ਨਿਆਸਰਾ। ਪ੍ਰੰਤੂ ਇਸ ਚੜ੍ਹਦੀ ਕਲਾ ਦਾ ਹੱਥ ਮਜ਼ਬੂਤੀ ਨਾਲ ਪਕੜਿਆ ਹੋਇਆ ਸੀ ਅਤੇ ਮੁਕੱਦਰ ਨੇ ਇਸਦੇ ਵਾਸਤੇ ਬੜਾ ਹੀ ਨਿਵੇਕਲਾ ਰਾਹ ਕੱਢ ਦਿੱਤਾ। ਉਥੇ ਹੋਸਟਲਜ਼ ਦੇ ਖਾਣੇ ਦਾ ਦੋ ਵਿਅਕਤੀਆਂ ਪਾਸ ਠੇਕਾ ਸੀ ਜਿਨ੍ਹਾਂ ਵਿਚੋਂ ਇਕ ਅਤਿ ਦਾ ਸ਼ਰੀਫ ਅਤੇ ਨੀਅਤ ਦਾ ਸਾਫ ਸੁਥਰਾ ਸੀ ਜਦੋਂ ਕਿ ਦੂਜਾ ਸ਼ੈਤਾਨ ਅਤੇ ਬਦਮਾਸ਼ੀ ਦਾ ਪੱਖ ਰੱਖਦਾ ਸੀ। ਉਸ ਪਾਸ ਅਜਿਹਾ ਸ਼ਰਾਰਤੀ ਅੰਸ਼ ਸੀ ਜੋ ਕਿ ਦੂਜੇ ਭਲੇਮਾਣਸ ਠੇਕੇਦਾਰ ਜੱਗੇ ਨੂੰ ਇਸ ਢੰਗ ਨਾਲ ਤੰਗ ਪ੍ਰੇਸ਼ਾਨ ਕਰਦੇ ਸਨ ਕਿ ਉਹ ਕਿਸੇ ਤਰ੍ਹਾਂ ਭੱਜ ਜਾਵੇ ਅਤੇ ਸਾਰਾ ਹੀ ਪ੍ਰਬੰਧ ਉਨ੍ਹਾਂ ਦੇ ਪਾਲਕ ਪਾਸ ਆ ਜਾਵੇ। ਜੁਗਿੰਦਰ ਕੈਰੋਂ ਨੇ ਜਦ ਇਹ ਬੇਇਨਸਾਫੀ ਅਤੇ ਵਧੀਕੀ ਨੂੰ ਦੇਖਿਆ ਤਾਂ ਉਸ ਨੇ ਜੱਗੇ ਦੀ ਮਦਦ ਕੀਤੀ ਅਤੇ ਦੂਜੇ ਦਾ ਦਿਮਾਗ ਸਦਾ ਵਾਸਤੇ ਸਿੱਧਾ ਕਰ ਦਿੱਤਾ। ਇਸ ਤਰ੍ਹਾਂ ਜੱਗਾ ਕੈਰੋਂ ਦਾ ਯਾਰ ਬਣ ਗਿਆ ਅਤੇ "ਜਦੋਂ ਪੈਸੇ ਹੋਣਗੇ ਦੇ ਦਿਓ" ਕਹਿ ਕੇ ਸਾਰਾ ਹੀ ਸਾਲ ਖਾਣਾ ਖੁਆਇਆ। ਮਗਰੋਂ ਜਦ ਜੁਗਿੰਦਰ ਕੈਰੋਂ ਨੂੰ ਬੀੜ ਸਾਹਿਬ ਬਾਬਾ ਬੁੱਢਾ ਕਾਲਜ ਵਿਖੇ ਨਿਯੁਕਤੀ ਮਿਲ ਗਈ ਤਾਂ ਇਸ ਸਾਰੇ ਹੀ ਬਿੱਲ ਦੀ ਅਦਾਇਗੀ ਕੀਤੀ।
ਸੱਚੇ ਰੂਪ ਵਿਚ ਚੜ੍ਹਦੀ ਕਲਾ ਵਾਲਾ ਬਸ਼ਰ ਕਦੇ ਵੀ ਕਿਸੇ ਨੂੰ ਗਲਤ ਢੰਗ ਨਾਲ ਵੰਗਾਰਦਾ ਜਾਂ ਚੁਣੌਤੀ ਨਹੀਂ ਦਿੰਦਾ। ਉਹ ਹਰ ਕਿਸੇ ਨੂੰ ਪਿਆਰ ਅਤੇ ਸਤਿਕਾਰ ਦਿੰਦਾ ਹੋਇਆ ਜੀਵਨ ਬਸਰ ਕਰਦਾ ਹੈ। ਉਹ ਉੱਚ ਯੋਗਤਾ ਰੱਖਦਾ ਹੋਇਆ ਵੀ ਸਨਿਮਰ ਰਹਿੰਦਾ ਹੈ। ਉਸ ਦੀਆਂ ਭਾਵਨਾਵਾਂ ਬੜੀਆਂ ਹੀ ਸਪੱਸ਼ਟ ਅਤੇ ਅਗਾਂਹ ਵਧੂ ਹੁੰਦੀਆਂ ਹਨ। ਉਹ ਖੁਦ ਸਿੱਧੀਆਂ ਰਾਹਾਂ ਦਾ ਪਾਂਧੀ ਹੁੰਦਾ ਹੈ ਅਤੇ aਮੀਦ ਰੱਖਦਾ ਹੈ ਕਿ ਉਸ ਪ੍ਰਤੀ ਵੀ ਹਰ ਕੋਈ ਨਿਸ਼ਕਪਟ ਅਤੇ ਸ਼ੁੱਧ ਭਾਵਨਾਵਾਂ ਨਾਲ ਪੇਸ਼ ਆਵੇ। ਜਦੋਂ ਕੋਈ ਉਸ ਪ੍ਰਤੀ ਗਲਤ ਧਾਰਨਾਵਾਂ ਰੱਖਦਾ ਹੈ ਅਤੇ ਉਸ ਸਬੰਧੀ ਨੀਵੀਂ ਪੱਧਰ ਦੇ ਮਾਪਦੰਡ ਕਾਇਮ ਕਰਦਾ ਹੈ ਤਾਂ ਉਹ ਖੜਗ ਭੁਜਾ ਬਣਕੇ ਤਣ ਵੀ ਜਾਂਦਾ ਹੈ। ਇਹ ਸਾਰਾ ਕੁਝ ਹੀ ਜੁਗਿੰਦਰ ਕੈਰੋਂ ਦੇ ਸੁਭਾਅ ਦਾ ਚਿਤਰਨ ਹੈ। ਉਹ ਇਕ ਸੱਚਾ ਮਿੱਤਰ, ਸਹਿਯੋਗੀ, ਹਿੰਮਤੀ, ਦ੍ਰਿੜ ਵਿਸ਼ਵਾਸ਼ੀ ਅਤੇ ਵਿਸ਼ਾਲ ਦ੍ਰਿਸ਼ਟੀ ਦਾ ਮਾਲਕ ਵਿਅਕਤੀ ਹੈ। ਜਦ ਉਹ ਪੰਜਾਬ ਸਟੇਟ ਟੈਕਸਟ ਬੁੱਕ ਬੋਰਡ ਦਾ ਡਾਇਰੈਕਟਰ ਬਣਿਆ ਤਾਂ ਉਸਦੇ ਰਾਹਾਂ ਵਿਚ ਅਨੇਕਾਂ ਪ੍ਰਕਾਰ ਦੇ ਕੰਡੇ ਅਤੇ ਟੋਏ ਪੁੱਟਣ ਦੇ ਆਹਰ ਕੀਤੇ ਗਏ। ਉਹ ਸੱਚੇ ਮੀਲ ਪੱਥਰਾਂ ਦੀ ਜੁਸਤਜੂ ਦਾ ਅਭਿਲਾਸ਼ੀ ਆਪਣੀ ਧੁਨ ਵਿਚ ਅੱਗੇ ਵਧੀ ਗਿਆ। ਵਿਰੋਧੀਆਂ ਨੂੰ ਰਸਤੇ ਵਿਚੋਂ ਸਾਫ ਕਰਦਾ ਹੋਇਆ ਉਹ ਤਿੰਨ ਸਾਲ ਇਸ ਸ਼ਾਨਾਮਤੀ ਕੁਰਸੀ ਉਪਰ ਸੁਸ਼ੋਭਿਤ ਰਿਹਾ। ਜਿਸ ਸਿੰਘਾਸਨ ਦੀ ਮਾਲਕੀ ਇਕ ਆਈ ਏ ਐੱਸ ਅਫਸਰ ਨੂੰ ਪ੍ਰਾਪਤ ਹੁੰਦੀ ਹੈ ਉਸ ਨੇ ਇਸ ਯੋਗਤਾ ਤੋਂ ਬਗੈਰ ਹੀ ਇਸ ਦੀ ਸ਼ਾਨ ਬਣਾਈ। ਉਸ ਦੀ ਕਾਰਜ ਸੁਯੋਗਤਾ ਦੇ ਸਿਤਾਰੇ ਹਮੇਸ਼ਾਂ ਹੀ ਬੁਲੰਦ ਰਹੇ। ਵੱਡੇ ਤੋਂ ਵੱਡੇ ਸੰਕਟ ਸਮੇਂ ਵੀ ਉਸਦੀ ਕਾਰਜ ਕੁਸ਼ਲਤਾ ਕਦੇ ਵੀ ਅਸੰਤੁਲਿਤ ਨਹੀਂ ਹੋਈ ਅਤੇ ਉਹ ਅਰੂਜ਼ ਭਰਪੂਰ ਭਾਵਨਾਵਾਂ ਨਾਲ ਸਫਲ ਲੀਹਾਂ ਤੇ ਤੁਰਿਆ ਰਿਹਾ।
ਲੋਕ ਧਾਰਾ ਦੇ ਖੇਤਰ ਦੀਆਂ ਖੋਜਾਂ ਵੱਲ ਝਾਤ ਮਾਰੀ ਕੇ ਐਨੀ ਹੈਰਾਨੀ ਹੁੰਦੀ ਹੈ ਕਿ ਅਜਿਹੇ ਵਿਦਵਾਨ ਜਿਨ੍ਹਾਂ ਸਬੰਧੀ ਹਰ ਕੋਈ ਵਿਚਾਰ ਵੀ ਨਹੀਂ ਸਕਦਾ, ਉਨ੍ਹਾਂ ਦੀਆਂ ਲਿਖਤਾਂ ਅਤੇ ਜੀਵਨੀਆਂ ਦੇ ਹਵਾਲੇ ਉਸ ਦੇ ਵਿਸ਼ਾਲ ਅਤੇ ਵਸੀਹ ਅਧਿਆਨ ਦਾ ਪ੍ਰਤੀਕ ਹਨ। ਦੁਨੀਆਂ ਭਰ ਦੀਆਂ ਪ੍ਰਮੁੱਖ ਲਾਇਬ੍ਰੇਰੀਆਂ ਦਾ ਉਹ ਮੈਂਬਰ ਹੈ। ਜਦ ਉਹ ਲੋਕ ਕਹਾਣੀਆਂ ਨਾਲ ਸਬੰਧਤ ਖੋਜ ਕਾਰਜਾਂ ਲਈ ਕਰਨਾਟਕ ਗਿਆ ਤਾਂ ਅਜਿਹੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਉਸਨੇ ਮਹਾਨ ਨਾਵਲ 'ਸਭਨਾਂ ਜਿੱਤੀਆਂ ਬਾਜ਼ੀਆਂ' ਦੀ ਸਿਰਜਨਾ ਕੀਤੀ। ਇਹ ਉਸਦੀ ਬਹੁਪੱਖੀ ਪ੍ਰਤਿਭਾ ਉਤੇ ਸ਼ਹੀਦ ਸੋਚ ਦਾ ਚਿੰਨ ਹੈ। ਕਿਸੇ ਸੰਸਥਾ ਜਾਂ ਯੂਨੀਵਰ ਸਿਟੀ ਵਲੋਂ ਦਿੱਤੇ ਗਏ ਕੰਮ ਨੂੰ ਸੀਮਤ ਸਮੇਂ ਤੋਂ ਪਹਿਲਾਂ ਕਰ ਦੇਣ ਨਾਲ ਉਸਨੂੰ ਸਕੂਨ ਪ੍ਰਾਪਤ ਹੁੰਦਾ ਹੈ। ਉਹ ਇਕ ਮਹਿਤਾਬਦੇ ਰੂਪ ਵਿਚ ਆਪਣੀਆਂ ਰਿਸ਼ਮਾਂ ਰਾਹੀਂ ਠੰਢਾਂ ਵਰਤਾਉਂਦਾ ਹੈ। ਇਨਸਾਨੀਅਤ ਦੀ ਸੇਵਾ ਉਸ ਦੀ ਚੜ੍ਹਦੀ ਕਲਾ ਦਾ ਪ੍ਰਮੁੱਖ ਸਿਧਾਂਤ ਅਤੇ ਸੰਕਲਪ ਹੈ। ਉਹ ਹਾਸਿਆਂ ਦਾ ਖਜ਼ਾਨਾ ਹੈ ਅਤੇ ਪ੍ਰੀਤਾਂ ਦੇ ਭੰਡਾਰੇ ਵੰਡਦਾ ਹੋਇਆ ਤ੍ਰੇੜਾਂ ਅਤੇ ਦੁਫੇੜਾਂ ਦਾ ਮੇਲਣਕਾਰ ਹੈ। ਉਹ ਸਬਰ ਅਤੇ ਸੰਤੋਖ ਵਿਚ ਜ਼ਿੰਦਗੀ ਦੀ ਭਾਲ ਕਰਦਾ ਹੈ। ਬੱਸ ਇਹੋ ਹੀ ਉਸਦੀ ਚੜ੍ਹਦੀ ਕਲਾ ਦੇ ਪ੍ਰਮੁੱਖ ਸੰਕਲਪ ਅਤੇ ਬੁਲੰਦ ਨਿਸ਼ਾਨੇ ਹਨ।
ਜੁਗਿੰਦਰ ਸਿੰਘ 'ਫੁੱਲ'
ਪਿੰਡ ਤੇ ਡਾਕ : ਕੈਰੋਂ (ਤਰਨਤਾਰਨ)

No comments:

Post a Comment