Tuesday, August 21, 2012

ਬਿਨ ਸਿਰਲੇਖ - ਮਲਵਿੰਦਰ


 ਮਲਵਿੰਦਰ  ਪੰਜਾਬੀ ਕਾਵਿ ਚਿੱਤਰਪੱਟ ਤੇ ਬਿਖਰਿਆ ਉਹ ਰੰਗ ਹੈ ਜਿਸ ਨੇ ਪੰਜਾਬੀ ਕਾਵਿ ਪ੍ਰੇਮੀਆਂ ਦੀ ਨਜ਼ਰ ਦ੍ਰਿਸ਼ਟੀ ਨੂੰ ਹਮੇਸ਼ਾਂ ਟੁੰਬਿਆ ਹੈ। ਉਹ ਪੰਜਾਬੀ ਕਾਵਿ ਪਿੜ ਵਿਚ ਸਰਗਰਮੀ ਨਾਲ ਵਿਚਰਨ ਵਾਲਾ ਕਵਿਤਾਕਾਰ ਹੈ ਜਿਸ ਦੀ ਨਿਰੰਤਰ ਸਾਧਨਾ ਨੇ ਪੰਜਾਬੀ ਕਾਵਿ ਜਗਤ ਵਿਚ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ। ਅੰਮ੍ਰਿਤਸਰ ਭੂ-ਮੰਡਲ ਦੀ ਕਵਿਤਾ ਦਾ ਜ਼ਿਕਰ ਜਦ ਛਿੜਦਾ ਹੈ ਤਾਂ ਮਲਵਿੰਦਰ ਸਹਿਜੇ ਹੀ ਪੋਟਿਆਂ ਤੇ ਆ ਜਾਂਦਾ ਹੈ। ਗੈਰ ਹਾਜ਼ਰ ਪੈੜਾਂ ਦੀ ਕਥਾ ਤੇ ਕਾਇਆ ਦੇ ਹਰਫ, ਪੁਸਤਕਾਂ ਤੋਂ ਪਿੱਛੋਂ ਉਹ ਇਕ ਵਾਰ ਫਿਰ, ਬਿਨ ਸਿਰਲੇਖ, ਕਵਿਤਾ ਨਾਲ ਰੇਡ ਤੇ ਉਤਰਿਆ ਹੈ।
ਮਲਵਿੰਦਰ ਨੇ ਆਪਣੀ ਇਸ ਕਾਵਿ ਪੁਸਤਕ ਵਿਚ ਘਰ, ਪਰਿਵਾਰ, ਪੁਰਖੇ, ਰਿਸ਼ਤੇ, ਰੁੱਖ ਬੇਲ ਬੂਟੇ, ਪਰਿੰਦਰੇ ਆਲ੍ਹਣੇ ਜੀਵ ਜੰਤੂ, ਪਰਬਤ, ਅੰਬਰ, ਸਾਗਰ, ਕੁੜੀਆਂ-ਚਿੜੀਆਂ, ਅਧੁਨਿਕ ਯੰਤਰ, ਟੀਵੀ, ਮੋਬਾਇਲ, ਕੰਪਿਊਟਰ, ਨੈੱਟ ਆਦਿ ਦੀ ਹੋਂਦ ਅਣਹੋਂਦ ਅਤੇ ਮਨੁੱਖ ਦੇ ਧਰਮ ਕਰਮ, ਦੰਭ, ਭੈਅ, ਮੱਕਾਰੀ, ਲੋਭ, ਮੋਹ ਤੇ ਹਿਰਸ ਨੂੰ ਰਾਸ ਵਜੋਂ ਵਰਤਿਆ ਹੈ। ਮਲਵਿੰਦਰ ਦੀਆਂ ਇਹਨਾਂ ਕਵਿਤਾਵਾਂ ਵਿਚ ਪਹਾੜੀ ਨਦੀ ਦਾ ਤੇਜ਼ ਵਹਾਓ ਵੀ ਹੈ ਤੇ ਮੈਦਾਨੀ ਨਦੀ ਵਾਲਾ ਸਹਿਜ ਤੇ ਮਟਕ ਵੀ। ਉਸ ਦਾ ਮੁਹਾਵਰਾ ਕਦੇ ਹਿਮ ਰਿਸਣ ਕ੍ਰਿਆ ਵਾਂਗ ਮੂਕ ਵਾਪਰਦਾ ਹੈ ਤੇ ਕਦੇ ਜਵਾਹਭਾਟੇ ਵਾਂਗ ਖੌਲਦਾ ਹੈ, ਸਾਰੀਆਂ ਕਵਿਤਾਵਾਂ ਆਪਣਾ ਰੂਪ ਲੈ ਕੇ ਉਤਰੀਆਂ ਹਨ। ਉਸ ਦਾ ਕਾਵਿ ਪ੍ਰਗਟਾਵਾ ਸਹਿਜ ਹੈ, ਬਣਾਵਟੀ ਚਮਕੀਲੇ ਵਿਭੂਸ਼ਣਾਂ ਤੋਂ ਪੂਰਵ ਰੂਪ ਵਿਚ ਮੁਕਤ। ਕਵਿਤਾ ਕਿਤੇ ਵੀ ਸੰਚਾਰ ਵਿਹੂਣੀ ਨਜ਼ਰ ਨਹੀਂ ਪੈਂਦੀ। ਇਸੇ ਧਰਤੀ ਅਤੇ ਆਪਣੀ ਸਮਾਜਿਕਤਾ ਨਾਲ ਜੁੜੀ ਹੋਈ ਉਸ ਦੀ ਕਵਿਤਾ, ਅਜੋਕੀ ਬਹੁਤੀ ਪੰਜਾਬੀ ਕਵਿਤਾ ਵਾਂਗ ਫਸeੁਦੋ ਸ਼ਪਰਿਟੁਲਸਿਮ ਦਾ ਸ਼ਿਕਾਰ ਵੀ ਨਹੀਂ ਹੁੰਦੀ।
ਮਲਵਿੰਦਰ ਦੀ ਕਾਵਿ ਸੰਵੇਦਨਾ ਜਿਥੇ ਸਮਾਜ 'ਚ ਹਾਸ਼ੀਏ ਤੇ ਵਿਚਰ ਰਹੇ ਲੋਕਾਂ ਦੀ ਧਿਰ ਬਣਦੀ ਹੈ ਉਥੇ ਉਹ ਸ਼ਹਿਰੀ ਮੱਧ ਵਰਗੀ ਜਮਾਤ ਦੇ ਖੋਖਲੇਪਣ ਨੂੰ ਕਾਰੇ ਹੱਥੀਂ ਲੈਂਦੀ ਹੈ। ਕਵਿਤਾ ਵਿਚ ਪੰਜਾਬ ਦੀ ਮਿਟ ਰਹੇ ਸਨਾਤਨੀ ਨਕਸ਼ਾਂ ਦਾ ਹਰੇਵਾ ਚੋਖੀ ਮਾਤਰਾ ਵਿਚ ਉਜਾਗਰ ਹੋਇਆ ਹੈ।
ਮਲਵਿੰਦਰ ਆਪਣੀ ਕਵਿਤਾ ਵਿਚ ਭਾਸ਼ਿਕ ਸਰੰਚਨਾ ਪ੍ਰਤੀ ਸੁਚੇਤ ਹੈ। ਮੇਲ ਅਧਿਕਾਰ ਦੀ ਊਣਤਾਈ ਕਿਤੇ ਨਜ਼ਰ ਨਹੀਂ ਪੈਂਦੀ। ਉਸ ਦੀ ਸ਼ਬਦ ਚੜ੍ਹਤ ਸਰਲ ਤੇ ਸਹਿਜ ਹੈ। ਖਾਹ-ਮਖਾਹ ਦੀ ਤੋੜ-ਤੁੜਾਈ (ਸ਼ਬਦ ਜੜ੍ਹਤ) ਦੇ ਜੁਰਮ ਤੋਂ ਉਹ ਬਰੀ ਹੈ। ਕਵਿਤਾ ਦਾ ਪਾਠ ਲੈਂਦਿਆਂ ਪਾਠਕ ਜਨ ਰਾਹਤ ਮਹਿਸੂਸ ਕਰਦਾ ਹੈ ਔਖਿਆਈ ਹਰ ਹਰਗਿਜ਼ ਨਹੀਂ।
ਕਵਿਤਾ ਵਿਚਲੇ ਸੰਚਾਰ ਨੂੰ ਹੋਰ ਸੁਖਦ ਕਰਨ ਲਈ ਲੋੜੀਂਦੀਆਂ ਥਾਵਾਂ ਤੇ ਜੇ ਢੁਕਵੀਂ ਸ਼ਾਮ ਅੱਜ, ਕਵਿਤਾ ਦੀ ਮੌਤ, ਕਠਿਨ ਫੈਸਲਾ ਆਦਿ ਜਿਹੀ ਕਮਜ਼ੋਰ ਜੁੱਸੇ ਵਾਲੀਆਂ ਕਵਿਤਾਵਾਂ ਨੂੰ ਜੇ ਟੀਮ ਵਿਚੋਂ ਬਾਹਰ ਰੱਖ ਲਿਆ ਜਾਂਦਾ ਤਾਂ ਬਿਹਤਰ ਸੀ।
ਮਲਵਿੰਦਰ ਨਿਸਚੈ ਹੀ ਆਪਣੀ ਇਸ ਕਾਵਿ ਕਿਆਰੀ ਨਾਲ ਪੰਜਾਬੀ ਪਾਠਕਾਂ ਦੇ ਸੋਹਜ ਸਵਾਦ ਦੀ ਪੂਰਤੀ ਵਿਚ ਪੂਰਾ ਉਤਰਿਆ ਹੈ। ਉਸਨੇ ਆਪਣੀ ਪ੍ਰਤਿਭਾ ਦਾ ਅਗਲਾ ਪੰਨਾ ਪਲਟਿਆ ਹੈ। ਉਸ ਦੀ ਨਿਰਛੱਲ ਸਖਸ਼ੀਅਤ ਅਤੇ ਨਿਰਕਪਟ ਕਾਵਿ ਕਿਰਤ ਨੂੰ, ਪੰਜਾਬੀ ਕਾਵਿ ਸਰਜਤ ਜੀ ਆਇਆਂ ਆਖਦਾ ਹੈ।

No comments:

Post a Comment