Tuesday, August 21, 2012

ਸੱਚੀ ਕਹਾਣੀ: ਰੁੱਖਾਂ ਦੀ ਜੀਰਾਂਦ -ਮਨਮੋਹਨ ਸਿੰਘ ਭਿੰਡਰ



ਘੁੱਗ ਵੱਸਦੇ ਪਿੰਡ ਵਿਚ ਸਵੇਰੇ ਸਵੇਰੇ ਹਾਹਾਕਰ ਮਚੀ ਹੋਈ ਸੀ। ਹਰ ਕੋਈ ਸਹਿਮਿਆ ਤੇ ਉਦਾਸ ਸੀ। ਹੁੰਦਾ ਵੀ ਕਿਉਂ ਨਾ, ਐਡੀ ਵੱਡੀ ਅਨਹੋਣੀ ਜੋ ਹੋਈ ਸੀ। ਪੰਡਿਤ ਲਭੂ ਰਾਮ ਦਾ ਜਵਾਨ ਪੁੱਤਰ ਰਮੇਸ਼ ਜੋ ਸ਼ਹਿਰ ਕਿਸੇ ਕਾਰਖਾਨੇ 'ਚੋਂ ਕੰਮ ਕਰਦਾ ਸੀ। ਰਾਤੀਂ ਘਰੇ ਨਹੀ ਸੀ ਆਇਆ। ਸਵੇਰੇ ਮੂੰਹ ਹਨੇਰੇ ਲਭੂ ਰਾਮ ਦਾ ਦਰਵਾਜ਼ਾ ਪੁਲਿਸ ਵਾਲਿਆਂ ਨੇ ਆ ਖੜਕਾਇਆ। ਲਭੂ ਰਾਮ ਦੇ ਬੂਹਾ ਖੋਲਦੇ ਹੀ ਹੋਸ਼ ਉੱਡ ਗਏ। ਹੋਸ਼ ਉਡਦੇ ਵੀ ਕਿਉਂ ਨਾ। ਜਿਹਨਾਂ ਦੇ ਘਰ ਕਦੀ ਪੁਲਿਸ ਨੇ ਕਦੀ ਪੈਰ ਨਾ ਪਾਏ ਹੋਣ ਉਹਨਾਂ ਦੇ ਘਰ ਪੁਲਿਸ ਉਹ ਵੀ ਅੰਮ੍ਰਿਤ ਵੇਲੇ। ਸਿਪਾਹੀ ਭਲਾ ਸੀ ਉਸਨੇ ਲਭੂ ਰਾਮ ਨੂੰ ਇਕ ਪਾਸੇ ਕਰਕੇ ਦੱਸਿਆ ਪੰਡਿਤ ਜੀ ਤੁਹਾਡਾ ਮੁੰਡਾ ਰਮੇਸ਼ ਰਾਤੀਂ ਪੁਲਿਸ ਮੁਕਾਬਲੇ 'ਚੋਂ ਮਾਰਿਆ ਗਇਆ। ਉਸ ਦੇ ਦੂਸਰੇ ਸਾਥੀ ਭੱਜਣ 'ਚ ਸਫਲ ਹੋ ਗਏ। ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣ ਲਭੁ ਰਾਮ ਸੁੰਨ ਹੋ ਗਿਆ। ਇਹਨੇ ਚਿਰ ਨੂੰ ਆਂਢੀ- ਗੁਆਂਢੀ ਤੇ ਪਿੰਡ ਦੇ ਮੋਹਤਬਰ ਬੰਦੇ ਵੀ ਸਰਪੰਚ ਸਮੇਤ ਪਹੁੰਚ ਗਏ। ਸਿਪਾਹੀ ਨੇ ਸਾਰੀ ਗੱਲ ਸਰਪੰਚ ਨੂੰ ਦੱਸੀ ਤਾਂ ਸਰਪੰਚ ਵੀ ਹੈਰਾਨ ਰਹਿ ਗਿਆ। ਜਿਸ ਪਰਿਵਾਰ ਨੇ ਕਦੀ ਕੁੱਤੇ ਨੂੰ ਸੋਟੀ ਨਾ ਮਾਰੀ ਹੋਵੇ ਉਹ ਅਤਿਵਾਦੀ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਸੀ ਹੋ ਰਹੀ। ਘਰ ਵਿਚ ਸੋਗ ਦੀ ਲਹਿਰ ਦੌੜ ਗਈ। ਵਿਚਾਰੀ ਕੁਸ਼ੱਲਿਆ ਧਾਹਾਂ ਮਾਰ ਰੋ ਰਹੀ ਸੀ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਵਿਚ ਸਰਕਾਰੀ ਅਤਿਵਾਦ ਦੀ ਹਨੇਰੀ ਝੁਲ ਰਹੀ ਸੀ। ਪਿੰਡ ਵਿਚ ਸਾਰੀਆਂ ਬਰਾਦਰੀਆਂ ਦੇ ਲੋਕ ਰਲ ਮਿਲ ਰਹਿ ਰਹੇ ਸਨ। ਇਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ, ਸਦੀਆਂ ਤੋਂ ਚੱਲੀਆਂ ਆ ਰਹੀਆਂ ਪ੍ਰੰਪਰਾਵਾਂ ਦੀ ਲੜੀ 'ਚ ਪਹੁੰਚੇ ਹੋਏ ਲੋਕ।
ਪਿੰਡ ਵਿਚ ਛੇ ਸੱਤ ਘਰ ਹਿੰਦੂਆਂ ਦੇ ਸਨ। ਜਿਹਨਾਂ ਦੇ ਵੱਡੇ ਵਡੇਰੇ ਮੁੱਢ ਕਦੀਮਾਂ ਤੋਂ ਇਸ ਪਿੰਡ ਵਿਚ ਵਸਦੇ ਆ ਰਹੇ ਸਨ। ਸਾਰੇ ਨੌਕਰੀ ਪੈਸਾ ਤੇ ਸਿਰਫ ਲਭੂ ਰਾਮ ਹੀ ਆਪਣੇ ਪੁਰਖਿਆਂ ਤੋਂ ਚੱਲੀ ਆ ਰਹੀ ਖੇਤੀਬਾੜੀ ਦਾ ਕੰਮ ਕਰਦਾ ਸੀ। ਪੰਜ ਛੇ ਕਿੱਲੇ ਜ਼ਮੀਨ, ਜਿਸ ਨਾ ਉਸਦਾ ਗੁਜਰ ਬਸਰ ਬਹੁਤ ਵਧੀਆ ਹੋ ਰਹੀ ਸੀ। ਬਰਾਦਰੀ ਦੇ ਦੂਸਰੇ ਪੰਜ ਚਾਰ ਪਰਿਵਾਰ ਜਾਨ ਬਚਾਉਂਦੇ ਹੋਏ ਪਿੰਡ ਛੱਡ ਸ਼ਹਿਰ ਜਾ ਵੱਸੇ। ਸਿਰਫ ਲਭੂ ਰਾਮ ਹੀ ਆਪਣੇ ਪੁਰਖਿਆ ਦਾ ਪਿੰਡ ਛੱਡਣ ਲਈ ਤਿਆਰ ਨਹੀਂ ਸੀ ਹੋਇਆ। ਲਭੂ ਰਾਮ ਮੁੱਢ ਤੋਂ ਹੀ ਰੱਬ ਦਾ ਭਓ ਰੱਖਣ ਵਾਲਾ ਸ਼ਰੀਫ ਇਨਸਾਨ ਸੀ। ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਸਾਹਿਬ ਜਾਣਾ ਉਸਦਾ ਨਿੱਤ ਦਾ ਕਰਮ ਸੀ। ਹਰ ਦੁੱਖ ਸੁੱਖ ਵੇਲੇ ਉਹ ਗੁਰੂ ਦਾ ਸਹਾਰਾ ਲੈਂਦਾ। ਮੱਥਾ ਟੇਕਣ ਬਾਅਦ ਹੀ ਉਹ ਆਪਣੇ ਨਿੱਤ ਦੇ ਕਾਰ ਵਿਹਾਰ ਸ਼ੁਰੂ ਕਰਨਾ। ਛੋਟਾ ਮੁੰਡਾ ਨੰਦਾ ਅਤੇ ਆਪ ਸਾਰਾ ਦਿਨ ਖੇਤਾਂ ਵਿਚੋਂ ਕੰਮ ਕਰਕੇ ਘਰ ਆਉਂਦੇ ਪੱਠੇ ਦੱਥੇ ਕਰਕੇ ਲਭੂ ਰਾਮ ਸ਼ਾਮ ਵੇਲੇ ਰਹਿਰਾਸ ਦੀ ਹਾਜ਼ਰੀ ਲਵਾਉਣੀ ਕਦੀ ਨਾ ਭੁੱਲਦਾ। ਉਸਦਾ ਇਹ ਨਿੱਤਨੇਮ ਵੇਲੇ ਤੋਂ ਚੱਲਦਾ ਆ ਰਿਹਾ ਸੀ।
ਰਮੇਸ਼ ਦੇ ਮਰਨ ਪਿਛੋਂ ਸਾਰੀਆਂ ਰਸਮਾਂ ਪੂਰੀਆਂ ਕਰਨ ਉਪਰੰਤ ਲੋਕਾਂ ਤੇ ਰਿਸ਼ਤੇਦਾਰਾਂ ਨੇ ਬਥੇਰਾ ਜ਼ੋਰ ਲਾਇਆ ਕਿ ਥੋੜੇ ਚਿਰ ਲਈ ਸ਼ਹਿਰ ਚਲੇ ਜਾਓ। ਅਮਨ ਅਮਾਨ ਹੋਣ ਪਿਛੋਂ ਫਿਰ ਵਾਪਸ ਆ ਜਾਣਾ। ਲਭੂ ਨਾ ਮੰਨਿਆ। ਉਹ ਤਾਂ ਜੁੜਿਆ ਹੋਇਆ ਸੀ ਆਪਣੇ ਪੁਰਖਿਆਂ ਦੀਆਂ ਜੜ੍ਹਾਂ ਨਾਲ। ਜਵਾਨ ਪੁੱਤ ਦੀ ਮੌਤ ਨੇ ਉਸਨੂੰ ਨਿਰਾਸ਼ ਜਰੂਰ ਕੀਤਾ। ਪਰ ਵਾਹਿਗੁਰੂ ਤੇ ਉਸਦਾ ਭਰੋਸਾ ਅਜੇ ਵੀ ਅਟੱਲ ਸੀ। ਪੁੱਤ ਦੀਆਂ ਯਾਦਾਂ ਤੋਂ ਬਚਣ ਲਈ ਉਸਨੇ ਆਪਣੇ ਆਪ ਨੂੰ ਫਿਰ ਖੇਤੀ ਦੇ ਕੰਮ ਵਿਚ ਰੁਝਾ ਲਿਆ। ਜੇ ਫਿਰ ਵੀ ਯਾਦਾਂ ਪਿੱਛਾ ਨਾ ਛੱਡਦੀਆਂ ਤਾਂ ਉਹ ਵਾਹਿਗੁਰੂ ਦਾ ਸਿਮਰਨ ਕਰਨ ਲਗਦਾ।
ਇਕ ਦਿਨ ਸ਼ਾਮ ਨੂੰ ਖੇਤੋਂ ਆ ਗੁਰਦੁਆਰਾ ਸਾਹਿਬ ਮੱਥਾ ਟੇਕ ਘਰ ਜਾ ਪ੍ਰਸ਼ਾਦਾ ਛਕ ਦੋਵੇਂ ਪਿਓ ਪੁੱਤ ਥੱਕੇ ਹੋਣ ਕਰਕੇ ਜਲਦੀ ਹੀ ਬੱਤੀਆਂ ਬੰਦ ਕਰਕੇ ਸੌਂ ਗਏ। ਅਚਾਨਕ ਅੱਧੀ ਰਾਤੀਂ ਬੂਹਾ ਖੋਲ ਲਿਆ। ਡਰੇ ਹੋਏ ਲਭੂ ਰਾਮ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਬੂਹਾ ਖੋਲਿਆ ਤਾਂ ਕੰਬਲਾਂ ਦੀਆਂ ਬੁੱਕਲਾਂ ਮਾਰੇ ਚਾਰ ਪੰਜ ਬੰਦੇ ਧੁਸ ਦੇ ਕੇ ਅੰਦਰ ਆ ਵੜੇ। ਮੰਜ਼ਿਆਂ ਤੇ ਬੈਠਦੇ ਹੋਏ ਬੋਲੇ ਪੰਡਿਤ ਜੀ ਅਸੀਂ ਪ੍ਰਸ਼ਾਦਾ ਛਕਣਾ ਹੈ ਭੁੱਖ ਬਹੁਤ ਲੱਗੀ ਹੈ। ਜਿੱਡੀ ਛੇਤੀ ਹੋ ਸਕਦੇ ਪ੍ਰਸ਼ਾਦੇ ਤਿਆਰ ਕਰੋ। ਭਾਈ ਅਸੀਂ ਹਨੇਰੇ-ਹਨੇਰੇ ਇਥੋਂ ਨਿਕਲਣਾ ਹੈ। ਲਭੂ ਰਾਮ ਦੀ ਘਰਵਾਲੀ ਕੁਸ਼ੱਲਿਆ ਨੇ ਡਰਦੇ- ਡਰਦੇ ਪ੍ਰਸ਼ਾਦੇ ਤਿਆਰ ਕੀਤੇ। ਸਿੰਘਾਂ ਨੂੰ ਛਕਾਏ ਅਤੇ ਥੋੜਾ ਚਿਰ ਅਰਾਮ ਕਰਨ ਤੋਂ ਬਾਅਦ ਉਹ ਰਾਤ ਦੇ ਹਨੇਰੇ ਵਿਚ ਕਿਤੇ ਛਿਪਨ ਹੋ ਗਏ। ਉਹਨਾਂ ਦੇ ਜਾਣ ਪਿਛੋਂ ਪਰਿਵਾਰ ਦੇ ਸਾਹ ਵਿਚ ਸਾਹ ਆਇਆ। ਦੋ ਚਾਰ ਦਿਨ ਲੰਘੇ ਸੀ ਕਿ ਇਕ ਦਿਨ ਫਿਰ ਤੜਕੇ ਤੜਕੇ ਪੁਲਿਸ ਵਾਲੇ ਪੰਡਿਤ ਜੀ ਨੇ ਘਰ ਨੂੰ ਘੇਰੀ ਖੜ੍ਹੇ ਸਨ। ਪੁਲਿਸ ਵੇਖ ਪਿੰਡ ਦੇ ਸਿਆਣੇ ਲੋਕ ਇਕੱਠੇ ਹੋ ਗਏ। ਪੁਲਿਸ ਨੇ ਅੰਦਰ ਵੜਦਿਆਂ ਸਾਰ ਹੀ ਪੰਡਿਤ ਤੇ ਉਸਨੇ ਛੋਟੇ ਪੁੱਤਰ ਨੰਦੇ ਨੂੰ ਢਾਹ ਲਿਆ। ਥਾਣੇਦਾਰ ਮੂੰਹੋਂ ਝੱਗ ਸੁੱਟ ਰਿਹਾ ਅਬਾ ਤਬਾ ਬੋਲੀ ਜਾ ਰਿਹਾ ਸੀ। ਕੁੜੀ ਜਾਵੇ ਰਾਤੀਂ ਜਵਾਈਆਂ ਨੂੰ ਰੋਟੀਆਂ ਖਵਾਉਂਦੇ ਆ। ਅਸੀਂ ਕੱਲ ਅੱਤਵਾਦੀ ਫੜੇ ਆ ਉਹ ਪੰਡਿਤ ਦਾ ਨਾਂ ਲੈ ਰਹੇ ਆ ਭਈ ਅਸੀਂ ਉਥੇ ਰੁਕਦੇ ਹਾਂ।
ਪਿੰਡ ਵਾਲੇ ਪੁਲਿਸ ਦਾ ਵਾਲਿਆਂ ਦੀਆਂ ਮਿੰਨਤਾਂ ਕਰ ਰਹੇ ਸਨ। ਥਾਣੇਦਾਰ ਸਗੋਂ ਪਿੰਡ ਵਾਲਿਆਂ ਨੂੰ ਧਮਕੀਆਂ ਦੇ ਰਹੇ ਸੀ। ਆਖਿਰ ਸਰਪੰਚ ਦੇ ਕਹਿਣ ਤੇ ਲਭੂ ਰਾਮ ਨੂੰ ਛੱਡ ਨੰਦੇ ਨੂੰ ਜੂੜ ਕੇ ਥਾਣੇ ਲੈ ਗਏ। ਦੋ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਇੱਕਠੀਆਂ ਹੋ ਕੇ ਸਵੇਰੇ ਥਾਣੇ ਪਹੁੰਚੀਆਂ ਤੇ ਨੰਦੇ ਨੇ ਬੇਕਸੂਰ ਹੋਣ ਦੇ ਤਰਲੇ ਪਾਏ। ਪੁਲਿਸ ਵਾਲੇ ਪੈਰ ਉਤੇ ਪਾਣੀ ਨਾ ਪੈਣ ਦੇਣ। ਆਖਿਰ ਵਿਚ ਥਾਣੇਦਾਰ ਨੇ ਨੰਦੇ ਨੂੰ ਛੱਡਣ ਤੋਂ ਇਨਕਾਰ ਕਰਦਿਆਂ ਕਿਹਾ ਤੁਸੀਂ ਛੱਡਣ ਦੀ ਗੱਲ ਕਰਦੇ ਹੋ ਅਸੀਂ ਤਾਂ ਇਸ ਵਿਚ ਬਹੁਤ ਕੁਝ ਕੱਢਣਾ ਹੈ। ਵਿਚਾਰਾ ਸ਼ਰੀਫ ਨੰਦਾ ਕਸਾਈਆਂ ਦੇ ਵੱਸ ਪੈ ਗਿਆ। ਇਕ ਮਸੂਮ ਨੂੰ ਅਤਿਵਾਦੀ ਗਰਦਾਨ ਦਿੱਤਾ। ਪਤਾ ਨਹੀਂ ਕਿੰਨੇ ਕੁ ਕਸ਼ਟ ਦਿੱਤੇ ਵਿਚਾਰੇ ਨੂੰ, ਤਸੀਹੇ ਨਾ ਝੱਲਦਾ ਹੋਇਾ ਪ੍ਰਾਣ ਤਿਆਗ ਗਿਆ ਦੁਸਰੇ ਤੀਸਰੇ ਦਿਨ ਅਖਬਾਰਾਂ 'ਚ ਖਬਰ ਸੀ। ਅਤਿਵਾਦੀ ਨੰਦਲਾਲ ਪੁਲਿਸ ਹਿਰਾਸਤ 'ਚ ਫਰਾਰ। ਸਾਰੇ ਪਿੰਡ ਵਿਚ ਇਕ ਵਾਰ ਫਿਰ ਸੋਗ ਦੀ ਸੱਥ ਵਿਛ ਗਈ। ਕੁਸ਼ੱਲਿਆ ਵਿਚਾਰੀ ਰੋ ਰੋ ਬੇਹੋਸ਼ ਹੋ ਜਾਂਦੀ। ਰਿਸ਼ਤੇਦਾਰ, ਪਿੰਡ ਵਾਲੇ ਸਾਰੇ ਇਸ ਸ਼ਰੀਫ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਸਨ। ਬੁੱਢੀਆਂ ਪਾਣੀ ਦੇ ਛਿੱਟੇ ਮਾਰ ਕੁਸ਼ੱਲਿਆ ਨੂੰ ਹੋਸ਼ 'ਚ ਲਿਆਉਂਦੀਆਂ। ਉਹ ਫਿਰ ਆਪਣੇ ਦੋਵਾਂ ਪੁੱਤਰਾਂ ਨੂੰ ਅਵਾਜ਼ਾਂ ਮਾਰਦੀ, ਕੁਸ਼ੱਲਿਆ ਵਾਂਗੂੰ ਮੂੰਹ ਚੁੱਕ ਚੁੱਕ ਕੇ ਬੂਹੇ ਵੱਲ ਵੇਖਦੀ। (ਨੰਦੇ ਅਤੇ ਰਮੇਸ਼ ਨੂੰ ਉਡੀਕਦੀ। ਲਭੂ ਰਾਮ ਤੇ ਪਿੰਡ ਨੂੰ ਸੱਚਾਈ ਦਾ ਪਤਾ ਸੀ। ਪਰ ਇਸ ਵਰਦੀ ਅੱਗ ਵਿਚ ਮੂੰਹ ਕਿਹੜਾ ਖੋਲ੍ਹੇ। ਸਭ ਨੂੰ ਆਪਣੀ ਆਪਣੀ ਜਾਨ ਪਿਆਰੀ ਸੀ। ਪੁਲਿਸ ਨੂੰ ਇਨੇ ਅਧਿਕਾਰ ਮਿਲ ਚੁੱਕੇ ਸਨ। ਕਿ ਜਿਸ ਨੂੰ ਮਰਜ਼ੀ ਅਤਿਵਾਦੀ ਗਰਦਾਨ ਚੁੱਕ ਕੇ ਮਾਰ ਦੇਵੇ ਕੌਣ ਪੁੱਛਦਾ ਸੀ। ਲੋਕ ਇਕ ਦੂਜੇ ਨਾਲ ਪੁਰਾਣੀਆਂ ਦੁਸ਼ਮਣੀਆਂ ਕੱਢ ਰਹੇ ਸਨ।
ਦੋ ਪੁੱਤਾਂ ਦੀਆਂ ਮੌਤ ਦੀਆਂ ਵੱਜੀਆਂ ਸੱਟਾਂ ਵੀ ਲਭੂ ਰਾਮ ਦੇ ਵਿਸਵਾਸ਼ ਨੂੰ ਡੁੱਲਾ ਨਾ ਸਕਿਆ। ਉਹ ਉਸੇ ਤਰ੍ਹਾਂ ਹਰ ਸੁੱਬ੍ਹਾ, ਸ਼ਾਮ ਗੁਰਦੁਆਰੇ ਜਾਣਾ। ਲੋਕ ਉਸਦਾ ਹੌਂਸਲਾ ਵੇਖ ਦੰਗ ਰਹਿ ਜਾਂਦੇ। ਸਾਰਾ ਪਿੰਡ ਹਨੇਰੇ ਸਵੇਰੇ ਲਭੂ ਰਾਮ ਘਰ ਫੇਰਾ ਮਾਰਦਾ ਆਖਰ ਰੋ ਕਲਪ ਕੇ ਕੁਸ਼ੱਲਿਆ ਵੀ ਥੋੜੀ ਸਹਿਜ ਹੋ ਗਈ। ਪੰਡਿਤ ਜੀ ਨੇ ਫਿਰ ਆਪਣੇ ਆਪ ਨੂੰ ਕੰਮਾਂ 'ਚੋਂ ਮਗਨ ਕਰ ਲਿਆ। ਕੰਮ ਕੀਤੇ ਬਗੈਰ ਸਰਦਾ ਵੀ ਨਹੀਂ ਬੰਦਾ ਤੇ ਇਕ ਦਿਨ ਭੁੱਖ ਕੱਟ ਲਓ ਪਰ ਬੇਜਾਨੇ ਪਸ਼ੂਆਂ ਨੂੰ ਭੁੱਖਾ ਤਾਂ ਨਹੀਂ ਰੱਖਿਆ ਜਾ ਸਕੇ।
ਰਮੇਸ਼ ਮੇਰਾ ਹਾਣੀ ਸੀ। ਅਸੀਂ ਦੋਵੇਂ ਨਿੱਕੇ ਹੁੰਦਿਆਂ ਪੱਕੇ ਮਿੱਤਰ ਸਾਂ। ਇਕੱਠੇ ਖੇਡਣਾ, ਲੜਨਾ, ਇਕ ਅੱਧਾ ਦਿਨ ਨਾ ਬੋਲਣਾ। ਦੂਸਰੇ ਦਿਨ ਫਿਰ ਉਸੇ ਤਰ੍ਹਾਂ ਇਕੱਠੇ ਖੇਡਣਾ। ਬਚਪਨ ਦੀਆਂ ਯਾਦਾਂ ਮੇਰਾ ਪਿੱਛਾ ਨਾ ਛੱਡਦੀਆਂ। ਜਦੋਂ ਵੀ ਮੈਂ ਮਹੀਨੇ ਪਿਛੋਂ ਘਰ ਆਉਂਦਾ ਤਾਂ ਸਭ ਤੋਂ ਪਹਿਲਾਂ ਸਾਈਕਲ ਘਰ ਰੱਖ ਤਾਏ ਲਭੂ ਰਾਮ ਦੇ ਘਰ ਜਾਂਦਾ। ਮੈਨੂੰ ਵੇਖ ਤਾਇਆ, ਤਾਈ ਖੁੱਸ਼ ਹੁੰਦੇ, ਮੇਰੇ ਨਾਲ ਕੰਮ ਦੀਆਂ ਪਰਿਵਾਰ ਦੀਆਂ ਛੋਟੀਆਂ-ਛੋਟੀਆਂ ਗੱਲਾਂ ਕਰਦੇ। ਅਸੀਂ ਇਕੱਠੇ ਚਾਹ ਪੀਂਦੇ ਆਪਸ ਵਿਚ ਗੱਲਾਂ ਕਰਦੇ ਰਹਿੰਦੇ। ਜਦੋਂ ਮੈਂ ਘਰਨੂੰ ਤੁਰਨ ਲਗਦਾ ਤਾਂ ਤਾਈ-ਤਾਇਆ ਕੁਝ ਉਦਾਸ ਲਗਦੇ। ਮੈਂ ਵੀ ਭਰੇ ਮਨ ਨਾ ਸਿਰ ਝੁਕ ਘਰ ਨੂੰ ਤੁਰ ਪੈਂਦਾ।
ਇਕ ਵਾਰੀ ਮੈਂ ਕੁਝ ਜਰੂਰੀ ਕੰਮਾਂ ਕਰਕੇ ਪੰਜ ਛੇ ਮਹੀਨੇ ਪਿੰਡ ਨਾ ਜਾ ਸਕਿਆ। ਜਦੋਂ ਕੰਮ ਤੋਂ ਵਿਹਲ ਮਿਲੀ ਤਾਂ ਮੈਂ ਪਿੰਡ ਪਹੁੰਚ ਗਿਆ। ਸਾਈਕਲ ਘਰੇ ਰੱਖ ਸਿੱਧਾ ਤਾਏ ਦੇ ਘਰ ਗਿਆ। ਤਾਇਆ ਡੰਗਰਾਂ ਨੂੰ ਪੱਠੇ ਪਾ ਰਿਹਾ ਸੀ। ਤਾਈ ਚੁੱਲੇ ਤੇ ਚਾਹ ਧਰੀ ਬੈਠੀ ਸੀ। ਮੈਂ ਜਾ ਕੇ ਤਾਏ, ਤਾਈ ਦੇ ਪੈਰੀਂ ਹੱਥ ਲਾਇਆ। ਤਾਏ ਨੇ ਪਿਆਰ 'ਨਾ ਨਹੋਰਾ ਮਾਰਦੇ ਹੋਏ ਕਿਹਾ ਜਾ ਮੱਲਾ ਤੂੰ ਵੀ ਸਾਨੂੰ ਭੁੱਲ ਗਿਆ। ਅਸੀਂ ਹਰ ਰੋਜ਼ ਤੇਰਾ ਰਾਹ ਵੇਖਦੇ ਰਹੇ। ਕਿਥੇ ਚਲਾ ਗਿਆ ਸੀ। ਮੈਂ ਆਪਣੀ ਨਾ ਆਉਣ ਦੀ ਮਜ਼ਬੂਰੀ ਦੱਸੀ।
ਅਸੀਂ ਬੈਠੇ ਚਾਹ ਪੀਂਦੇ ਇਧਰ ਉਧਰ ਦੀਆਂ ਗੱਲਾਂ ਕਰ ਰਹੇ ਸੀ ਕਿ ਅਚਾਨਕ ਮੇਰੇ ਮੂੰਹੋਂ ਰਮੇਸ਼ ਦਾ ਜ਼ਿਕਰ ਹੋ ਗਿਆ। ਰਮੇਸ਼ ਦਾ ਨਾ ਸੁਣਦੇ ਹੀ ਇਕ ਵਾਰੀ ਤਾਂ ਤਾਈ ਤਾਇਆ ਉਦਾਸ ਹੋ ਗਏ। ਤਾਇਆ ਬੋਲਿਆ ਗੱਲ ਸਾਡੇ ਨਾਲ ਕੋਈ ਜੱਗੋ ਤੇਰਵੀਂ ਨਹੀਂ ਹੋਈ। ਸਾਡੇ ਤਾਂ ਦੋ ਗਏ। ਕਈਆਂ ਦੇ ਤਾਂ ਟੱਬਰਾਂ ਦੇ ਟੱਬਰ ਇਸ ਅੱਗ ਵਿਚ ਝੁਲਸ ਗਏ। ਉਹ ਵੀ ਜਿਊਂਦੇ ਆ। ਬੰਦਾ ਤਾਂ ਐਵੇਂ ਮੇਰੀ ਮੇਰੀ ਕਰਦਾ, ਪੁੱਤਰਾ, ਇਹ ਤਾਂ ਉਹਦੀਆਂ ਬਖਸ਼ੀਆਂ ਦਾਤਾਂ ਨੇ, ਜਦੋਂ ਚਾਹੇ ਵਾਪਸ ਲੈ ਲਵੇ। ਰਮੇਸ਼ ਤੇ ਨੰਦਾ ਉਸਦੀ ਬਖਸ਼ੀ ਹੋਈ ਦਾਤ ਸੀ। ਉਸ ਨੇ ਵਾਪਸ ਲੈ ਲਈ। ਤਾਈ ਦੀਆਂ ਅੱਖਾਂ 'ਚੋਂ ਪੁੱਤਰਾਂ ਦੇ ਵਿਚ ਵਿਯੋਗ ਦੇ ਹੰਝੂ ਝਲਕ ਪਏ। ਮੇਰਾ ਵੀ ਰੋਣ ਨਿਕਲ ਗਿਆ। ਤਾਏ ਨੇ ਮੈਨੂੰ ਜੱਫੀ 'ਚ ਲੈ ਕੇ ਕਿਹਾ ਮੱਲਾਂ ਤੂੰ ਹੀ ਸਾਡਾ ਰਮੇਸ਼ ਤੂੰ ਹੀ ਨੰਦਾ। ਐਵੇਂ ਮਨ ਹੌਲਾ ਨਹੀਂ ਕਰੀਦਾ। ਬਸ ਤੂੰ ਫੇਰਾ ਮਾਰਦਾ ਰਿਹਾ ਕਰ। ਤੇਰੀ ਤਾਈ ਨੂੰ ਤੈਨੂੰ ਵੇਖ ਹੌਂਸਲਾ ਹੋ ਜਾਂਦਾ ਸੀ।
ਮੈਂ ਭਰੇ ਮਨ ਨਾਲ ਘਰ ਨੂੰ ਜਾਂਦਾ ਹੋਇਆ ਸੋਚ ਰਿਹਾ ਸੀ। ਕਿ ਤਾਇਆ ਲਭੂ ਵੀ ਉਸ ਬੁੱਢੇ ਦਰਖਤ ਵਾਂਗੂ ਅਡੋਲ ਖੜ੍ਹਾ ਰਹਿੰਦਾ ਹੈ। ਤਾਇਆ ਲਭੂ ਵੀ ਉਸੇ ਦਰੱਖਤ ਦਾ ਹਿੱਸਾ ਹੈ ਜਿਸ ਵਿਚ ਜੀਰਾਂਦ ਪੈਰਾਂ ਤੋਂ ਲੈ ਕੇ ਸਿਰ ਤੱਕ ਭਰੀ ਹੋਈ ਹੈ।

ਮਨਮੋਹਨ ਸਿੰਘ ਭਿੰਡਰ , ਸਾਊਥ ਰਿਚਮੰਡ ਹਿੱਲ, ਨਿਊਯਾਰਕ। (ਸੰਪਾਦਕ ਸਾਂਵਲ

No comments:

Post a Comment