Wednesday, August 22, 2012

ਫਿਰ ਕਦੀ: ਸੁਰਜੀਤ






















ਤੂੰ ਮਿਲੀਂ ਜ਼ਰੂਰ

ਤੂੰ ਭਾਂਵੇਂ
ਕੜਕਦੀ ਧੁੱਪ ਬਣ ਮਿਲੀਂ
ਜਾਂ ਕੋਸੀ ਦੁਪਹਿਰ ਦਾ ਨਿੱਘ ਬਣ
ਘੋਰ ਹਨੇਰੀ ਰਾਤ ਬਣ ਮਿਲੀਂ
ਜਾਂ ਚਿੱਟੇ ਦੁੱਧ ਚਾਨਣ ਦੀ ਸਬਾਤ ਬਣ

ਮੈਂ ਤੈਨੂੰ ਪਹਿਚਾਣ ਲਵਾਂਗੀ
ਖਿੜਕੀ ਦੇ ਸ਼ੀਸ਼ੇ ਤੇ ਪੈਂਦੀਆਂ
ਕਿਣਮਿਣ ਕਣੀਆਂ ਦੀ ਟਪ ਟਪ 'ਚੋਂ
ਦਾਵਾਨਲ 'ਚ ਬਲਦੇ ਡਿਗਦੇ
ਰੁੱਖਾਂ ਦੀ ਕੜ ਕੜ 'ਚੋਂ

ਹਿਮਾਲਏ ਪਰਬਤ ਤੋਂ ਆਉਂਦੀਆਂ
ਸੁਹਾਵਣੀਆਂ ਪੌਣਾਂ ਦੀਆਂ
ਸੁਗੰਧੀਆਂ 'ਚ ਮਿਲੀਂ
ਜਾਂ ਹਿਮ ਨਦੀਆਂ ਦੀਆਂ
ਕੰਧੀਆਂ 'ਚ ਮਿਲੀਂ

ਧਰਤੀ ਦੀ ਕੁੱਖ 'ਚ ਪਏ
ਕਿਸੇ ਬੀਜ 'ਚ ਮਿਲੀਂ
ਜਾਂ ਕਿਸੇ ਬੱਚੇ ਦੇ ਗਲ 'ਚ ਲਟਕਦੇ
'ਤਾਬੀਜ਼' 'ਚ ਮਿਲੀਂ

ਲਹਿਲਹਾਉਂਦੀਆਂ ਫਸਲਾਂ ਦੀ ਮਸਤੀ 'ਚ
ਜਾਂ ਗਰੀਬਾਂ ਦੀ ਬਸਤੀ 'ਚ ਮਿਲੀਂ

ਪਤਝੜ ਦੇ ਮੌਸਮ 'ਚ
ਕਿਸੇ ਚਰਵਾਹੇ ਦੀ ਨਜ਼ਰ 'ਚ ਉਠਦੇ
ਉਬਾਲ ਚ' ਮਿਲੀਂ
ਜਾਂ ਧਰਤੀ ਤੇ ਡਿਗੇ ਸੁੱਕੇ ਪੱਤਿਆਂ ਦੇ
ਉਛਾਲ 'ਚ ਮਿਲੀਂ

ਮੈਂ ਤੈਨੂੰ ਪਹਿਚਾਣ ਲਵਾਂਗੀ
ਕਿਸੇ ਭਿਕਸ਼ੂ ਦੀ ਤੋਰ 'ਚੋਂ
ਕਿਸੇ ਨਰਤਕੀ ਦੇ ਨਿਰਤ ਦੀ ਲੋਰ 'ਚੋਂ
ਕਿਸੇ ਵੀਣਾ ਦੇ ਸੰਗੀਤ 'ਚੋਂ
ਕਿਸੇ ਹਜੂਮ ਦੇ ਸ਼ੋਰ 'ਚੋਂ !

ਤੂੰ ਮਿਲੀਂ ਭਾਵੇਂ
ਕਿਸੇ ਅਭਿਲਾਸ਼ੀ ਦੀ ਅੱਖ ਦਾ ਅੱਥਰੂ ਬਣ
ਕਿਸੇ ਸਾਧਕ ਦੇ ਧਿਆਨ ਦਾ ਚਖਸ਼ੂ ਬਣ
ਕਿਸੇ ਮਠ ਦੇ ਗੁੰਬਦ ਦੀ ਗੂੰਜ ਬਣ
ਜਾਂ ਰਾਸਤਾ ਲੱਭਦੀ ਕੂੰਜ ਬਣ
ਤੂੰ ਮਿਲੀਂ ਜਰੂਰ
ਮੈਂ ਤੈਨੂੰ ਪਹਿਚਾਣ ਲਵਾਂਗੀ !


ਜੇ ਕਦੇ

ਜੇ ਕਦੇ
ਸ਼ੁਰੂ-ਸਫ਼ਰ
ਕਨਸੋਅ ਪੈ ਜਾਂਦੀ
ਕਿ ਪੰਧ ਇੰਝ ਮੁੱਕ ਜਾਣੈ
ਤਾਂ ਮੈਂ ਰਤਾ ਕੁ
ਰੁਕ ਲੈਂਦੀ !

ਬਹਾਰਾਂ ਦੇ ਮੌਸਮਾਂ 'ਚ
ਦੂਰ ਤੱਕ ਫ਼ੈਲੀਆਂ
ਖੁੱਲੀਆਂ ਵਾਦੀਆਂ 'ਚ ਉਗੇ
ਜੰਗਲੀ ਫੁੱਲਾਂ ਦੀਆਂ
ਤਾਜ਼ੀਆਂ ਸੁਗੰਧੀਆਂ
ਨਾਲ ਆਪਣੀ
ਰੂਹ ਭਰ ਲੈਂਦੀ !

ਕਦੇ ਕਿਸੇ ਝੀਲ ਕੰਢੇ ਪਏ
ਨਰਮ ਪੱਥਰਾਂ 'ਤੇ ਬਹਿ
ਨਦੀ ਜਿਹੀ ਤਰਲ
ਕਵਿਤਾ ਲਿਖ ਲੈਂਦੀ !

ਮੇਰੀ ਰੂਹ
ਸਮੁੰਦਰ ਕੰਢੇ
ਹਵਾਵਾਂ ਦੀ
ਚੁੰਨੀ ਦੀ ਬੁਕਲ ਮਾਰ
ਕਦੇ ਬੇੜੀਆਂ
ਕਦੇ ਬਰੇਤਿਆਂ
ਕਦੇ ਬਾਦਵਾਨਾਂ 'ਤੇ
ਸਫ਼ਰ ਕਰਦੀ !
ਕਦੇ
ਸਿੱਪੀਆਂ ਘੋਗੇ ਚੁਗਦੀ
ਗੀਟੇ ਖੇਡਦੀ
ਰੇਤ 'ਚ ਨਹਾਉਂਦੀਆਂ
ਚਿੜੀਆਂ ਤੱਕਦੀ
ਉਹਨਾਂ ਦੀ ਚੀਂ ਚੀਂ ਦੇ
ਰਾਗ 'ਚ ਮਸਤ ਹੋ
ਕਿਕਲੀ ਪਾਉਂਦੀ
ਉਸ ਕਾਦਰ ਦੇ ਨੇੜੇ ਹੋ ਜਾਂਦੀ !!
ਕਾਸ਼ !
ਇਹ ਸਫ਼ਰ ਫਿਰ ਤੋਂ ਸ਼ੁਰੂ ਹੋਵੇ
ਇਸ ਵਾਰ ਜੋ ਗਲਤੀ ਹੋਈ
ਫੇਰ ਨਾ ਹੋਵੇ !!

ਮਨੁੱਖ, ਮਹਾਂਸਾਗਰ ਤੇ ਬਤਖ਼

ਟਿਕੀ ਰਾਤ….
ਪੂਰਨਮਾਸ਼ੀ ਦਾ ਚੰਨ….
ਪ੍ਰਸ਼ਾਂਤ ਮਹਾਸਾਗਰ ਦੀਆਂ ਲਹਿਰਾਂ….
ਲਹਿਰਾਂ ਤੇ
ਕਲੋਲਾਂ ਕਰਦੀ ਸੀਤਲ ਚਾਨਣੀ….
ਫ਼ਿਜ਼ਾ ਸ਼ਾਂਤ
ਬੇਹੱਦ
ਸ਼ਾਂਤ !!

ਸਾਗਰ ਦੇ ਐਨ ਵਿਚਕਾਰ
ਅੰਗ੍ਰੇਜ਼ੀ ਰੈਸਤੋਰਾਂ
ਰੈਸਤੋਰਾਂ ਵਿਚ
ਜੋਸ਼ੀਲਾ ਸੰਗੀਤ
ਵਿਸਕੀ
ਵਾਈਨ
ਮਸਤੀ
ਫ਼ਰਸ਼ ਤੇ ਨੱਚਦੇ ਲੋਕ…
ਇਕ ਅਜੀਬ ਲੋਰ
ਅੰਨ੍ਹਾਂ ਜ਼ੋਰ
ਬੇਹੱਦ ਸ਼ੋਰ !!


ਰੈਸਤੋਰਾਂ ਦੇ ਬਾਹਰ
ਸਾਗਰ ਸ਼ਾਂਤ….
ਮਸਤ ਵਹਿੰਦੀਆਂ ਲਹਿਰਾਂ…..
ਲਹਿਰਾਂ ਦਾ ਅਗੰਮੀ ਨਾਦ….
ਇਕ ਮਧੁਰ ਸੰਗੀਤ….
ਕੁਦਰਤ ਦਾ ਮੂਕ ਗੀਤ….
ਸਾਗਰ ਤੇ ਚੰਨ ਦੀ
ਕੋਈ
ਰਹੱਸਮਈ
ਪ੍ਰੀਤ !!

ਟਿਕੀ ਰਾਤ
ਪ੍ਰਸ਼ਾਂਤ ਮਹਾਂਸਾਗਰ ਦੀਆਂ ਲਹਿਰਾਂ
ਲਹਿਰਾਂ ਦੀ ਮੌਜ ਤੇ
ਤੈਰ ਰਹੀ
ਇਕ
ਬਤਖ਼ !!

ਇਕੱਲੀ ਨਿੱਕੀ ਜਿੰਨੀ ਉਹ
ਅਨੰਤ ਅਥਾਹ
ਸਾਗਰ ਤੇ ਤੈਰਦੀ……
ਜਿਵੇਂ
ਤੱਪਸਿਆ ਕਰਦੀ
ਕੋਈ
ਤ..ਪੱ..ਸ....ਣੀ……!!!

ਕਿਸੇ ਸਾਧਨਾ 'ਚ ਲੀਨ
ਨਿੱਕੇ ਨਿੱਕੇ ਖੰਭਾਂ 'ਚ
ਆਪਾ ਸਮੇਟੀ
ਲਹਿਰਾਂ ਦਾ ਝੂਲਾ ਝੂਲਦੀ
ਇਕ
ਹੋਰ
ਲਹਿਰ !!

ਕੰਢੇ ਚਾਂਈਂ-ਚਾਂਈਂ
ਤੱਕ ਰਹੇ ਨੇ
ਲਹਿਰਾਂ ਖਿੜ ਖਿੜ
ਹੱਸ ਰਹੀਆਂ ਨੇ
ਚਾਨਣੀ ਸਮੁੰਦਰ 'ਤੇ
ਫ਼ੈਲ ਰਹੀ ਹੈ……
ਲ਼ੋਕ ਨੱਚ ਰਹੇ ਨੇ……
ਬਤਖ਼
ਤੈ..ਰ…
ਰ… ਹੀ…… ਹੈ……….!!!

No comments:

Post a Comment