Tuesday, August 21, 2012

ਲਾਇਬ੍ਰੇਰੀ ਆਫ ਕਾਂਗਰਸ -ਅਤਰਜੀਤ ਕੌਰ ਸੂਰੀ

ਅਸੀਂ ਵਾਸ਼ਿੰਗਟਨ ਨਵਦੀਪ ਹੋਰਾਂ ਕੋਲ ਸਾਂ। ਅਮਰੀਕਾ ਦਾ ਪਾਰਲੀਮੈਂਟ ਹਾਊਸ ਕੈਪੀਟਲ ਹਿੱਲ ਦੇਖਣ ਪਿੱਛੋਂ, ਉਸੇ ਦੇ ਨੇੜੇ ਸਥਿਤ 'ਲਾਇਬ੍ਰੇਰੀ ਆਫ ਕਾਂਗਰਸ' ਬਾਰੇ ਵੀ ਸਰਸਰੀ ਜਿਹਾ ਜ਼ਿਕਰ ਹੋਇਆ ਸੀ। ਲਾਇਬ੍ਰੇਰੀ ਵੇਖਣ ਲਈ ਸਾਡੇ ਮਨ ਅੰਦਰ ਬਹੁਤ ਉਤਸ਼ਾਹ ਨਹੀਂ ਸੀ। ਸੋਚਿਆ, ਬਾਕੀ ਦੇਸ਼ਾਂ ਦੀਆਂ ਲਾਇਬ੍ਰੇਰੀਆਂ ਵਰਗੀ ਇਹ ਵੀ ਇਕ ਲਾਇਬ੍ਰੇਰੀ ਹੋਵੇਗੀ, ਪਰ ਸ਼ਨਿੱਚਰਵਾਰ ਦੀ ਛੁੱਟੀ ਦਾ ਫਾਇਦਾ ਉਠਾਂਦਿਆਂ ਹੋਇਆ ਸਾਡੇ ਪੁੱਤਰ ਨਵਦੀਪ ਨੇ ਲਾਇਬ੍ਰੇਰੀ ਆਫ ਕਾਂਗਰਸ ਦਿਖਾਣ ਦਾ ਪ੍ਰੋਗਰਾਮ ਬਣਾ ਲਿਆ। ਅਸੀਂ ਬੱਚਿਆਂ ਸਮੇਤ ਦੁਪਹਿਰ ਵੇਲੇ ਘਰੋਂ ਨਿਕਲੇ।
ਵਾਸ਼ਿੰਗਟਨ ਡੀ ਸੀ ਮਹਾਂਨਗਰ ਦੇ ਮੱਧ ਵਿਚਕਾਰ ਸਾਰੇ ਸਰਕਾਰੀ ਦਫਤਰ, ਵੱਡੇ-ਵੱਡੇ ਅਜਾਇਬਘਰ, ਕੌਮੀ ਮੀਨਾਰ ਤੇ ਕੈਪੀਟਲ ਹਿੱਲ ਹੈ। ਉਸਦੇ ਪਿਛੋਕੜ ਵਿਚ ਇਕ ਵੱਡੀ ਇਮਾਰਤ 'ਲਾਇਬ੍ਰੇਰੀ ਆਫ ਕਾਂਗਰਸ' ਦੀ ਵੀ ਹੈ। ਦੂਰੋਂ ਦੇਖਿਆਂ ਇਹ ਇਕ ਸਾਧਾਰਨ ਇਮਾਰਤ ਲਗਦੀ ਹੈ। ਪਰ ਕੋਲ ਪਹੁੰਚ ਕੇ ਦੇਖਿਆ ਕਿ ਗੁਲਾਬੀ ਰੰਗ ਦੇ ਸੰਗਮਰਮਰ ਦੀ ਬਣੀ ਇਹ ਇਮਾਰਤ ਕੋਈ ਅਜੂਬਾ ਹੈ। ਇਹ ਬਹੁਮੰਜ਼ਿਲੀ ਇਮਾਰਤ ਨੂੰ ਵੇਖਿਆਂ ਹੈਰਾਨੀ ਹੁੰਦੀ ਹੈ। ਸੋਚਦੇ ਹਾਂ ਜੇਕਰ ਬਾਹਰੋਂ ਇਹ ਏਨੀ ਸੁੰਦਰ ਹੈ ਤਾਂ ਅੰਦਰੋਂ ਕਿਹੋ ਜਿਹੀ ਹੋਵੇਗੀ? ਇਸ ਬਹੁਮੰਜ਼ਿਲੀ ਇਮਾਰਤ ਦੀ ਬਾਹਰਲੀ ਕੰਧ ਨਾਲ ਕਾਲੇ ਸੰਗਮਰਮਰ ਦੇ ਸੁੰਦਰ ਬੁੱਤ ਬਣੇ ਹੋਏ ਹਨ।
ਅਸੀਂ ਕਾਰ ਪਾਰਕ ਕਰਕੇ ਲਾਇਬ੍ਰੇਰੀ ਦੇ ਖੁੱਲ੍ਹੇ ਅਹਾਤੇ ਵਿਚ ਪ੍ਰਵੇਸ਼ ਕੀਤਾ। ੨੦-੨੫ ਪੌੜੀਆਂ ਚੜ੍ਹ ਕੇ ਉੱਪਰ ਖੁੱਲ੍ਹੀ ਥਾਂ ਜਾ ਖਲੋਤੇ। ਨਵਦੀਪ ਤੇ ਮਨੀ ਢਾਈ ਵਜੇ ਦੇ ਪਾਸ ਲੈ ਆਏ। ਗਾਈਡ ਨਾਲ ਲਾਇਬ੍ਰੇਰੀ ਦੇਖਣ ਵਿਚ ਅਜੇ ਕੁਝ ਸਮਾਂ ਸੀ। ਇਸ ਲਈ ਮੁੱਖ ਦੁਆਰ ਲੰਘ ਕੇ ਹਾਲ ਵਿਚ, ਜਿਥੇ ਹੋਰ ਦਰਸ਼ਕ ਆਪਣੀ ਵਾਰੀ ਉਡੀਕ ਰਹੇ ਸਨ, ਅਸੀਂ ਵੀ ਜਾ ਖਲੋਤੇ।
ਅੰਦਰ ਮੁੱਖ ਹਾਲ ਦੀ ਸਜਾਵਟ ਤੇ ਭਵਨ ਦੀ ਸੁੰਦਰਤਾ ਨੂੰ ਵੇਖ ਕੇ ਹੈਰਾਨ ਰਹਿ ਗਏ। ਹਰ ਪਾਸੇ ਸੁੰਦਰ ਬੁੱਤ ਘਾੜਤ, ਪੇਂਟਿੰਗਜ਼, ਛੱਤ ਉਤੇ ਰੰਗ-ਬਰੰਗੀ ਚਿੱਤਰਕਾਰੀ ਤੇ ਕਾਲਤਮਕ ਕਿਰਤਾਂ ਦੀ ਛੱਤੀ ਤੋਂ ਛੁੱਟ ਭਵਨ ਨਿਰਮਾਣ ਕਲਾ ਵਿਚ ਸਿਖਰਾਂ ਛੂਹੀਆਂ ਲਗਦੀਆਂ ਸਨ। ਕਦੀ ਤਸੱਵਰ ਵੀ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਲਾਇਬ੍ਰੇਰੀ ਦੀ ਇਮਾਰਤ ਨੂੰ ਉਸ ਦੇਸ਼ ਦੀ ਸਰਕਾਰ ਨੇ ਏਨੀਆਂ ਰੀਝਾਂ ਨਾਲ ਸ਼ਿੰਗਾਰਿਆ ਹੋਵੇਗਾ। ਫਰਸ਼, ਦੀਵਾਰਾਂ, ਛੱਤ, ਕੌਲਿਆਂ, ਡਿਉੜੀਆਂ ਦੀ ਕਾਰੀਗਰੀ ਦਾ ਕਮਾਲ ਚਕਾਚੌਂਧ ਕਰਨ ਵਾਲਾ ਹੈ। ਹਾਲ ਦੇ ਬਰਾਂਡਿਆਂ ਵਿਚ ਬਣੇ ਕੰਧ ਚਿੱਤਰ, ਬੁੱਤਾਂ ਦੀ ਸ਼ਿਲਪਕਾਰੀ, ਦੀਵਾਰਾਂ, ਚਿੱਤਰਾਂ ਤੇ ਫਰਸ਼ ਉਤੇ ਲੱਗੇ ਸੰਗਮਰਮਰ ਤੱਕ ਵਿਚ ਰੰਗਾਂ ਦਾ ਸੁਮੇਲ। ਜਿਹੜੇ ਰੰਗ ਫਰਸ਼ ਦੇ ਸੰਗਮਰਮਰ ਦੇ, ਉਹੀ ਕੰਧ ਚਿੱਤਰਾਂ ਦੇ। ਹਾਲ ਦੀਆਂ ਬਾਹਰਲੀਆਂ ਕੰਧਾਂ ਤੇ ਕੌਲਿਆਂ ਦਾ ਸਫੈਦ ਸੰਗਮਰਮਰ। ਬੁੱਤ ਤਰਾਸ਼ੀ ਵਿਚ ਸ਼ਿਲਪੀਆਂ ਨੇ ਆਪਣਾ ਦਿਲ ਪਾਇਆ ਲਗਦਾ ਹੈ। ਸਾਹਮਣੇ ਮੁੱਖ ਦੁਆਰ ਦਾ ਵੱਡਾ ਦਰਵਾਜ਼ਾ ਕਾਸ਼ੀ ਦਾ ਬਣਿਆ ਹੋਇਆ ਹੈ, ਜਿਸ ਦੇ ਦੋਹਾਂ ਤਾਕਾਂ ਉਤੇ ਸਰਸਵਤੀ ਦੀ ਦੇਵੀ ਮਿਨਰਵਾ (ਘੋਦਦeਸਸ ੋਡ ਲ਼eaਰਨਨਿਗ ੰਨਿeਰਵa) ਦੀਆਂ ਅਕ੍ਰਿਤੀਆਂ ਉਭਰੀਆਂ ਹੋਈਆਂ ਹਨ।
ਹਾਲ ਦੇ ਇਕ ਬਰਾਂਡੇ ਵਿਚ ਪੁੱਛਗਿੱਛ ਕਾਊਂਟਰ ਹੈ। ਖੱਬੇ ਪਾਸੇ ਬਰਾਂਡੇ ਵੱਲ ਜਾਂਦਿਆਂ ਪੌੜੀਆਂ ਦੇ ਇਕ ਸਿਰੇ ਉਤੇ 'ਮਿਨਰਵਾ' ਦਾ ਵੱਡਾ ਸਾਰਾ ਕਾਲੇ ਰੰਗ ਦਾ ਬੁੱਤ ਹੈ। ਉਸਦੇ ਹੱਥ ਵਿਚ ਮਸ਼ਾਲ ਹੈ। ਹਾਲ ਨਾਲ ਲਗਦੇ ਬਰਾਂਡੇ ਦੇ ਦੋਹਾਂ ਸਿਰਿਆਂ ਉਤੇ ਸ਼ੀਸ਼ੇ ਦੇ ਬਕਸਿਆਂ ਵਿਚ ਬਾਈਬਲ (ਅੰਜੀਲ) ਦੇ ਗ੍ਰੰਥ ਖੁੱਲ੍ਹੇ ਪਏ ਹਨ। ਖੱਬੇ ਹੱਥ ਡਿਉੜੀ ਵਿਚ ਪਈ ਬਾਲੀਬਲ ਪਹਿਲੀ ਮਹਾਨ ਤੇ ਪਵਿੱਤਰ ਪੁਸਤਕ ਹੈ, ਜਿਹੜੀ ਛਾਪੇਖਾਨੇ ਦੇ ਈਜਾਦ ਹੋਣ ਤੇ ਛਾਪੀ ਗਈ। ਇਹ ਪੁਸਤਕ ਸੰਨ ੧੪੫੫ ਵਿਚ ਛਪੀ। ਕਿਹਾ ਜਾਂਦਾ ਹੈ ਕਿ ਸੰਸਾਰ ਵਿਚ ਪਹਿਲੀਆਂ ਪ੍ਰਿੰਟਿੰਡ ਤਿੰਨ ਬਾਈਬਲਾਂ ਵਿਚੋਂ ਇਹ ਇਕ ਹੈ। ਇਉਂ ਇਹ ਬਾਈਬਲ ੫੫੨ ਸਾਲ ਪੁਰਾਣੀ ਹੈ। ਦੂਸਰੇ ਸਿਰੇ ਦੇ ਬਕਸੇ ਵਿਚ ਪਈ ਪਵਿੱਤਰ ਅੰਜੀਲ ਹੱਥ-ਲਿਖਤ ਹੈ। ਇਹ ਖਰੜਾ ਵੀ ਲਗੜਗ ਉਸ ਸਮੇਂ ਦਾ ਕਿਹਾ ਜਾਂਦਾ ਹੈ। ਇਸ ਡਿਉੜੀ ਦੀ ਛੱਤ ਤੇ ਕੌਲਿਆਂ ਕੰਧਾਂ ਉਤੇ ਰੰਗ-ਬਰੰਗੀ ਪੱਥਰਾਂ ਦੇ ਟੁਕੜਿਆਂ ਨਾਲ ਸਜਾਵਟ ਕੀਤੀ ਹੋਈ ਹੈ। ਇਸ ਕਲਾ ਨੂੰ ਮੌਜ਼ੈਕ (ੰੋਸaਚਿ) ਆਖਿਆ ਜਾਂਦਾ ਹੈ। ਇਟਲੀ ਦੇ ਮਹਾਨ ਕਲਾਕਾਰਾਂ ਨੇ, ਮੌਜ਼ੈਕ ਦੀ ਕਲਾ ਵਿਚ ਫੁੱਲ ਬੂਟੇ, ਚਿੱਤਰ ਤੇ ਭਾਂਤ-ਭਾਂਤ ਦੇ ਡਿਜ਼ਾਇਨਾਂ ਨਾਲ ਇਸ ਭਾਗ ਨੂੰ ਸ਼ਿੰਗਾਰਿਆ ਹੈ। ਬਰਾਂਡੇ ਦੀ ਛੱਤ ਉਪਰ ਵਿਸ਼ਵ ਪ੍ਰਸਿੱਧ ਸਾਹਿਤਕਾਰਾਂ ਦੇ ਨਾਂ ਮੌਜ਼ੈਕ ਵਿਚ ਲਿਖੇ ਹਨ। ਉਨ੍ਹਾਂ ਦੇ ਨਾਵਾਂ ਨਾਲ ਉਨ੍ਹਾਂ ਦੇ ਕਲਾ ਖੇਤਰ ਦੇ ਚਿੰਨ੍ਹ ਵੀ ਬਣਾਏ ਹੋਏ ਹਨ। ਉਦਾਹਰਣ ਵਜੋਂ........ ਸ਼ੈਕਸਪੀਅਰ, ਚਾਰਲਜ਼ ਡਿਕਨਜ਼ ਆਦਿ ਦੇ ਸਾਹਿਤਕ ਰੂਪ ਦਾ ਵੇਰਵਾ ਵੀ ਦਰਜ ਹੈ।
ਹਾਲ ਦੀ ਸਾਹਮਣੀ ਕੰਧ ਉਤੇ ਇਕ ਚਿੱਤਰ ਵਿਚ ਇਕ ਤੀਵੀਂ ਹੱਥ ਵਿਚ ਤੱਕੜੀ ਫੜੀ ਬੈਠੀ ਹੈ। ਉਸਦੀ ਉਲਰੀ ਤੱਕੜੀ ਹੇਠਾਂ ਲਿਖਿਆ ਹੈ 'ਛੁਰਰੁਪਟ ਘੋਵਟ' ਅਥਵਾ ਭ੍ਰਿਸ਼ਟ ਸਰਕਾਰ। ਇਸੇ ਦੀਵਾਰ ਦੇ ਦੂਜੇ ਪਾਸੇ ਦੇ ਚਿੱਤਰ ਵਿਚ ਇਕ ਔਰਤ ਦੇ ਹੱਥ ਵਿਚ ਵਾਲੀ ਤੱਕੜੀ ਸਾਵੀਂ ਦਿਖਾਈ ਹੈ। ਚਿੱਤਰ ਵਿਚ ਇਕ ਵਿਅਕਤੀ ਇਕ ਬਕਸੇ ਵਿਚ ਆਪਣੀ ਵੋਟ ਪਾਉਂਦਾ ਦਿਖਾਇਆ ਹੈ। ਹੇਠਾਂ ਵੋਟਾਂ ਦੀਆਂ ਪਰਚੀਆਂ ਖਿਲਰੀਆਂ ਪਈਆਂ ਹਨ। ਇਹ ਚਿੱਤਰ ਲੋਕ ਰਾਜ ਦਾ ਪ੍ਰਤੀਕ ਹੈ। ਇਸੇ ਬਰਾਂਡੇ ਦੀ ਸਾਹਮਣੀ ਕੰਧ ਉਤੇ ਕੰਧ-ਚਿੱਤਰਾਂ ਰਾਹੀਂ ਮਨੁੱਖ ਦੀ ਪ੍ਰਗਤੀ ਦੀ ਕਹਾਣੀ ਬਿਆਨ ਕੀਤੀ ਹੈ। ਪਹਿਲੇ ਚਿੱਤਰ ਵਿਚ ਉਹ ਸਮਾਂ ਦਿਖਾਇਆ ਹੈ, ਜਦੋਂ ਵਿਅਕਤੀ ਬੋਲ ਨਹੀਂ ਸੀ ਸਕਦਾ। ਛੋਟੇ ਵੱਡੇ ਪੱਧਰ ਵੱਟੇ ਇਕੱਠੇ ਕਰਕੇ ਉਨ੍ਹਾਂ ਦੇ ਢੇਰ ਰਾਹੀਂ ਆਪਣੀ ਗੱਲ ਦੂਜੇ ਵਿਅਕਤੀ ਨੂੰ ਸਮਝਾਂਦਾ ਸੀ। ਦੂਸਰੇ ਚਿੱਤਰ ਵਿਚ ਜਦੋਂ ਮਨੁੱਖ ਨੂੰ ਬੋਲਣ ਦੀ ਜਾਚ ਆਈ ਤਾਂ ਉਸ ਦੁਆਲੇ ਬੈਠੇ ਲੋਕ ਕਹਾਣੀ ਸੁਣਨ ਵਿਚ ਲੀਨ ਹਨ। ਤੀਸਰੇ ਚਿੱਤਰ ਵਿਚ ਮਨੁੱਖ ਆਪਣੇ ਮਨੋਭਾਵਾਂ ਨੂੰ, ਆਪਣੀ ਭਾਸ਼ਾ ਨੂੰ ਪੱਥਰਾਂ ਉਤੇ ਲਿਖਣਾ ਦਾ ਯਤਨ ਕਰਦਾ ਹੋਇਆ। ਇਸੇ ਡਿਉੜੀ ਦੀ ਦੂਜੀ ਸਾਹਮਣੀ ਕੰਧ ਉਤੇ ਅਜਿਹੇ ਚਿੱਤਰ ਹਨ, ਜਿਹੜੇ ਛਾਪੇਖਾਨੇ ਦੀ ਈਜਾਦ ਮਗਰੋਂ ਮਨੁੱਖ ਤੇ ਮਸ਼ੀਨ ਦੀ ਪ੍ਰਗਤੀ ਅਤੇ ਛਪੀਆਂ ਪੁਸਤਕਾਂ ਦੀ ਕਹਾਣੀ ਦਰਸਾਉਂਦੇ ਹਨ।
ਹਾਲ ਵਿਚ ਘੁੰਮ ਫਿਰ ਕੇ ਏਨਾ ਕੁਝ ਅਸੀਂ ਆਪੇ ਹੀ ਵੇਖ ਰਹੇ ਸਾਂ। ਐਨ ਢਾਈ ਵਜੇ ਸਾਡੀ ਗਾਈਡ ਤੀਹ ਵਿਅਕਤੀਆਂ ਦੇ ਗਰੁੱਪ ਨੂੰ ਲਿਫਟ ਰਾਹੀਂ ਦੂਜੀ ਮੰਜ਼ਿਲ ਉਤੇ ਲੈ ਗਈ। ਉਥੇ ਇਕ ਬਾਲਕੋਨੀ ਵਿਚ ਅਸੀਂ ਸਾਰੇ ਇਕੱਠੇ ਹੋਏ। ਸਾਡੇ ਆਸੇ ਪਾਸੇ ਤੇ ਸਿਰ ਉੱਪਰ ਮੋਟੇ ਸ਼ੀਸ਼ੇ ਲੱਗੇ ਹੋਏ ਸਨ ਤਾਂ ਕਿ ਸਾਡੀ ਅਵਾਜ਼ ਹਾਲ ਵਿਚ ਨਾ ਜਾਏ। ਗੈਲਰੀ ਵਿਚ ਖਲੋ ਕੇ ਅਸੀਂ ਹੇਠਾਂ ਇਕ ਵੱਡੇ ਸਾਰੇ ਗੋਲ ਹਾਲ ਦਾ ਨਜ਼ਾਰਾ ਮਾਣ ਰਹੇ ਸਾਂ। ਗਾਈਡ ਨੇ ਦੱਸਿਆ ਕਿ ਇਹ ਹਾਲ ਲਾਇਬ੍ਰੇਰੀ ਦਾ ਮੁੱਖ ਅਧਿਐਨ ਹਾਲ ਹੈ। ਇਥੇ ਇਕੋ ਸਮੇਂ ੨੩੬ ਖੋਜੀ, ਵਿਦਿਆਰਥੀ ਤੇ ਵਿਦਵਾਨ ਡੈਸਕਾਂ ਉਤੇ ਬੈਠੇ ਆਪਣਾ ਖੋਜ ਕਾਰਜ ਕਰ ਸਕਦੇ ਹਨ। ਹਾਲ ਵਿਚ ਕਈ ਵਿਅਕਤੀ ਆਪਣੇ ਦੁਆਲੇ ਪੁਸਤਕਾਂ ਦੇ ਅੰਬਾਰ ਉਸਾਰੀ ਅਧਿਐਨ ਵਿਚ ਲੀਨ ਸਨ। ਕੁਝ ਵਿਅਕਤੀ ਕੰਪਿਊਟਰ ਉਤੇ ਕੰਮ ਕਰ ਰਹੇ ਸਨ। ਆਸੇ ਪਾਸੇ ਦੂਰ-ਦੂਰ ਤੱਕ ਸ਼ੈਲਫਾਂ ਉਤੇ ਪੁਸਤਕਾਂ ਲੱਗੀਆਂ ਸਨ। ਗਾਈਡ ਦੱਸ ਰਹੀ ਸੀ ਕਿ ਲਾਇਬ੍ਰੇਰੀ ਆਫ ਕਾਂਗਰਸ ਸਰਕਾਰ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ।
ਲਾਇਬ੍ਰੇਰੀ ਆਫ ਕਾਂਗਰਸ ਦੇ ਅਧਿਐਨ ਹਾਲ ਦੀ ਛੱਤ ਗੋਲਕਾਰ ਵਾਂਗ ਉਸਾਰੀ ਗਈ ਹੈ। ਇਸ ਉੱਚੀ ਛੱਤ ਦੇ ਵਿਚਕਾਰ ਗੋਲ ਦਾਇਰੇ ਦੇ ਰੂਪ ਵਿਚ ਸੰਸਾਰ ਦੀਆਂ ਬਾਰਾਂ ਮਹਾਨ ਸਖਸ਼ੀਅਤਾਂ ਦੇ ਚਿੱਤਰ ਬਣਾਏ ਹੋਏ ਹਨ। ਉਨ੍ਹਾਂ ਸਖਸ਼ੀਅਤਾਂ ਨੇ ਭਾਵੇਂ ਉਹ ਕਿਸੇ ਵੀ ਦੇਸ਼ ਦੇ ਵਸਨੀਕ ਸਨ, ਉਨ੍ਹਾਂ ਨੇ ਮਨੁੱਖ ਦੇ ਗਿਆਨ, ਖੋਜ ਅਤੇ ਵਿਕਾਸ ਦੇ ਜਿਸ-ਜਿਸ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ, ਉਨ੍ਹਾਂ ਵਿਅਕਤੀਆਂ ਦੇ ਚਿੱਤਰਾਂ ਹੇਠਾਂ ਉਨ੍ਹਾਂ ਦੇ ਦੇਸ਼ਾਂ ਦੇ ਨਾਂ ਉਨ੍ਹਾਂ ਦੇ ਖੋਜ ਖੇਤਰ ਦਾ ਨਾਂ ਦਰਜ ਹੈ।
ਗੋਲ ਹਾਲ ਦੀਆਂ ਕੰਧਾਂ ਵਿਚਕਾਰ ੪੮ ਖਿੜਕੀਆਂ ਹਨ, ਜੋ ਅਮਰੀਕਾ ਦੇ ੪੮ ਪ੍ਰਾਂਤਾਂ ਦੀਆਂ ਸੂਚਕ ਹਨ (ਹੁਣ ੫੦ ਪ੍ਰਾਂਤ ਹਨ) ਕੰਧਾਂ ਉਤੇ ਲੱਗੇ ਤਿੰਨ ਇਸਤਰੀਆਂ ਦੇ ਬੁੱਤ ਸਰਸਵਤੀ ਅਥਵਾ ਵਿਦਿਆ ਦੀ ਦੇਵੀ ਦੇ ਤਿੰਨ ਰੂਪ ਹਨ- ਗਿਆਨ, ਵਿਗਿਆਨ ਅਤੇ ਖੋਜ ਕਾਰਜ ਦੇ ਪ੍ਰਤੀਕ। ਉਨ੍ਹਾਂ ਦੇ ਆਸੇ ਪਾਸੇ ਬਣੀ ਹਰ ਖਿੜਕੀ ਵਿਚ ਦੋ-ਦੋ ਬੁੱਤ ਹੋਰ ਲੱਗੇ ਹਨ। ਇਹ ਬੁੱਤ ਸੰਸਾਰ ਦੇ ਕਿਸੇ ਵੀ ਖੇਤਰ ਵਿਚ ਹੋਏ ਮਹਾਨ ਵਿਅਕਤੀਆਂ ਦੀ ਦੇਣ ਪ੍ਰਤੀ ਸ਼ਰਧਾਂਜਲੀ ਵਜੋਂ ਸਥਾਪਿਤ ਕੀਤੇ ਹਨ। ਸ਼ੈਕਸਪੀਅਰ ਦਾ ਬੁੱਤ ਸਾਹਿਤ ਵਿਚ ਪਾਏ ਯੋਗਦਾਨ ਦਾ ਸੂਚਕ ਹੈ। ਬਾਕੀ ਸਾਇੰਸ, ਕਾਨੂੰਨ, ਇਤਿਹਾਸ, ਭੂਗੋਲ, ਦਰਸ਼ਨ, ਧਰਮ, ਚਿੱਤਰਕਾਰੀ, ਸ਼ਿਲਪਕਾਰੀ, ਸੰਗੀਤ, ਸਰੀਰਕ ਚਿਕਤਸਾ, ਖੇਤੀ ਵਿਗਿਆਨ ਆਦਿ ਦੇ ਖੇਤਰ ਵਿਚ ਪ੍ਰਸਿੱਧ ਸਖਸ਼ੀਅਤਾਂ ਦੇ ਸਟੈਚੂ ਹਨ। ਹਾਲ ਦਾ ਨਜ਼ਾਰਾ ਏਨਾ ਦਿਲਕਸ਼ ਹੈ ਕਿ ਸਾਡੇ ਪੈਰ ਉਥੇ ਹੀ ਥੰਮ੍ਹ ਗਏ। ਹਾਲ ਦੀ ਸਮੁੱਚੀ ਬਣਤਰ, ਕਲਾਤਮਕ ਸੁਮੇਲ ਤੇ ਭਵਨ ਨਿਰਮਾਣ ਕਲਾ ਦੇ ਨਾਲ-ਨਾਲ ਅਧਿਐਨ ਅਤੇ ਖੋਜ ਲਈ ਸੁਯੋਗ ਵਾਤਾਵਰਨ ਨੇ ਸਾਨੂੰ ਮੋਹ ਲਿਆ।
ਲਾਇਬ੍ਰੇਰੀ ਆਫ ਕਾਂਗਰਸ ਦਾ ਆਰੰਭ ਸੰਨ ੧੮੦੦ ਵਿਚ ਹੋਇਆ। ਅਮਰੀਕੀ ਸਰਕਾਰ ਦੇ ਰਾਜਨੀਤਕ ਨੁਮਾਇੰਦਿਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਇਸ ਲਾਇਬ੍ਰੇਰੀ ਦਾ ਨਿਰਮਾਣ ਕੀਤਾ। ਅਮਰੀਕਾ ਦੇ ਪ੍ਰਧਾਨ ਜੋਨ ਐਡਮਜ਼ ਨੇ ੫੦੦੦ ਡਾਲਰ ਦੀ ਮੰਜ਼ੂਰੀ ਪੁਸਤਕਾਂ ਖ੍ਰੀਦਣ ਲਈ ਦਿੱਤੀ। ਪਹਿਲੀ ਵਾਰੀ ੭੬੦ ਪੁਸਤਕਾਂ ਤੇ ਤਿੰਨ ਨਕਸ਼ੇ ਬਰਤਾਨੀਆ ਤੋਂ ਮੰਗਵਾਏ ਗਏ। ਹੌਲੀ-ਹੌਲੀ ਹੋਰ ਪੁਸਤਕਾਂ ਦਾ ਵਾਧਾ ਹੋਇਆ। ਉਦੋਂ ਇਹ ਲਾਇਬ੍ਰੇਰੀ ਕੈਪੀਟਲ ਹਿੱਲ ਦੀ ਇਮਾਰਤ ਵਿਚ ਹੁੰਦੀ ਸੀ। ਸੰਨ ੧੮੧੪ ਵਿਚ ਅੰਗਰੇਜ਼ਾਂ ਨੇ ਵਾਸ਼ਿੰਗਟਨ ਉਤੇ ਕਬਜ਼ਾ ਕਰ ਲਿਆ। ਯੁੱਧ ਸਮੇਂ ਇਹ ਲਾਇਬ੍ਰੇਰੀ ਵੀ ਅਗਨੀ ਭੇਟ ਹੋ ਗਈ। ਕੁਝ ਸਾਲਾਂ ਪਿੱਛੋਂ ਲਾਇਬ੍ਰੇਰੀ ਦੀ ਲੋੜ ਨੂੰ ਮੁੱਖ ਰੱਖਦਿਆਂ ਅਮਰੀਕਾ ਦੇ ਭੂਤ ਪੂਰਵ ਪ੍ਰਧਾਨ ਥਾਮਸ ਜੈਫਰਸਨ ਨੇ ਆਪਣੀ ਨਿੱਜੀ ਲਾਇਬ੍ਰੇਰੀ ਮੁੜ ਆਰੰਭ ਕੀਤੀ। ਸਮੇਂ ਤੇ ਸਥਾਨ ਦੀ ਮੰਗ ਅਨੁਸਾਰ ਵੱਖਰੀ ਇਮਾਰਤ ਦੀ ਲੋੜ ਨੂੰ ਅਨੁਭਵ ਕਰਦੇ ਹੋਏ ਸੰਨ ੧੮੭੦ ਵਿਚ ਲਾਇਬ੍ਰੇਰੀ ਆਫ ਕਾਂਗਰਸ ਦੀ ਇਮਾਰਤ ਬਣਾਉਣ ਦਾ ਬਿੱਲ ਪਾਸ ਹੋਇਆ। ਪਹਿਲੀ ਇਮਾਰਤ ਥਾਮਸ ਜੈਫਰਸਨ ਲਾਇਬ੍ਰੇਰੀ ੧੮੯੭ ਵਿਚ ਮੁਕੰਮਲ ਹੋਈ। ਕੋਈ ਵੀ ਵਿਅਕਤੀ, ਜਿਸ ਨੇ ਬਾਰਾਂ ਜਮਾਤਾਂ ਪਾਸ ਕੀਤੀਆਂ ਹੋਣ, ਇਸ ਲਾਇਬ੍ਰੇਰੀ ਦਾ ਮੈਂਬਰ ਬਣ ਸਕਦਾ ਹੈ। ਉਸ ਕੋਲ ਆਪਣਾ ਪਛਾਣ ਪੱਤਰ ਤੇ ਡਰਾਈਵਿੰਗ ਲਾਇਸੰਸ ਹੋਣਾ ਜਰੂਰੀ ਹੈ। ਭਾਵੇਂ ਉਹ ਕਿਸੇ ਦੇਸ਼, ਕੌਮ ਜਾਂ ਨਸਲ ਦਾ ਹੋਵੇ, ਲਾਇਬ੍ਰੇਰੀ ਦੇ ਬੂਹੇ ਉਸ ਲਈ ਹਮੇਸ਼ਾਂ ਖੁੱਲ੍ਹੇ ਹਨ। ਇਹ ਤਾਂ ਵਿਦਿਆ ਦਾ ਮੰਦਰ ਹੈ। ਇਸ ਵਿਸ਼ਾਲ ਗਿਆਨ ਸਾਗਰ ਵਿਚੋਂ ਕੋਈ ਚੂਲੀ ਕੁ ਅੰਮ੍ਰਿਤ ਲੈ ਜਾਏ, ਉਸ ਦੇ ਧਨ ਭਾਗ। ਗਾਈਡ ਨੇ ਦੱਸਿਆ ਕਿ ਲਾਇਬ੍ਰੇਰੀ ਵਿਚ ਇਸ ਸਮੇਂ ਢਾਈ ਕਰੋੜ ਦੇ ਕਰੀਬ ਪੁਸਤਕਾਂ ਹਨ। ਸੰਸਾਰ ਦੀਆਂ ੪੦ ਭਾਸ਼ਾਵਾਂ ਦੇ ਸਾਹਿਤ ਤੇ ਗਿਆਨ ਨਾਲ ਸਬੰਧਤ ਪੁਸਤਕਾਂ ਇਸ ਲਾਇਬ੍ਰੇਰੀ ਵਿਚ ਮੌਜੂਦ ਹਨ। ਹਰ ਰੋਜ਼ ੩੧,੦੦੦ ਪੁਸਤਕਾਂ ਲਾਇਬ੍ਰੇਰੀ ਵਿਚ ਨਵੀਆਂ ਆਉਂਦੀਆਂ ਹਨ। ੧੨੦੦ ਸਮਾਚਾਰ ਪੱਤਰ ਹਰ ਦੇਸ਼ ਤੋਂ ਇਥੇ ਮੰਗਵਾਏ ਜਾਂਦੇ ਹਨ।
ਅਸੀਂ ਬਾਲਕੋਨੀ 'ਚੋਂ ਨਿਕਲ ਕੇ ਬਾਹਰ ਬਰਾਂਡੇ ਵਿਚ ਆਏ। ਕੁਝ ਪੌੜੀਆਂ ਹੇਠਾਂ ਉਤਰ ਕੇ ਮੁੜ ਗਾਈਡ ਦੇ ਦਵਾਲੇ ਜਾ ਖਲੋਤੇ। ਪੌੜੀਆਂ ਵਿਚਕਾਰ ਪਿਛੋਕੜ ਦੀ ਕੰਧ ਵਿਚ ਸਰਸਵਤੀ ਦੀ ਦੇਵੀ 'ਮਿਨਰਵਾ' ਦਾ ਮੌਜ਼ੈਕ ਕਲਾ ਵਿਚ ਬਣਿਆ ਇਕ ਕੰਧ ਚਿੱਤਰ ਹੈ। ਇਸ ਚਿੱਤਰ ਵਿਚ ਮਿਨਰਵਾ ਦੇ ਖੱਬੇ ਹੱਥ ਵਿਚ ਨੇਜ਼ਾ ਹੈ ਤੇ ਸੱਜੇ ਵਿਚ ਲਿਖੇ ਹੋਏ ਕਾਗਜ਼। ਨੇਜ਼ੇ ਨੂੰ ਉਸ ਨੇ ਧਰਤੀ ਵੱਲ ਕੀਤਾ ਹੋਇਆ ਹੈ, ਜਿਸ ਦਾ ਭਾਵ ਹੈ ਕਿ ਵਿਅਕਤੀ ਸ਼ਕਤੀਸ਼ਾਲੀ ਹੋਣਾ ਲਾਜ਼ਮੀ ਹੈ। ਪਰ ਸ਼ਕਤੀ ਦੀ ਵਰਤੋਂ ਨਾਲੋਂ ਗਿਆਨ ਦੀ, ਮਨ ਮਸਤਕ ਦੀ ਵਰਤੋਂ ਵਧੇਰੇ ਜਰੂਰੀ ਹੈ। ਇਸ ਸਮੇਂ ਮੈਨੂੰ ਛੇਵੇਂ ਗੁਰੂ ਹਰਿਗੋਬਿੰਦ ਜੀ ਦਾ ਮੀਰੀ-ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕਰਨ ਦਾ ਉਪਦੇਸ਼ ਯਾਦ ਆਇਆ। ਮਨੁੱਖ ਨੂੰ ਕਾਇਰ ਨਹੀਂ, ਸਗੋਂ ਬਹਾਦਰ ਹੋਣਾ ਚਾਹੀਦਾ ਹੈ। ਉਸ ਵਿਚ ਗਿਆਨ ਦੀ ਜੋਤੀ ਤੇ ਜ਼ੁਲਮ ਦਾ ਟਾਕਰਾ ਕਰਨ ਦੀ ਸ਼ਕਤੀ ਦੇ ਦੋਵੇਂ ਗੁਣ ਹੋਣੇ ਜਰੂਰੀ ਹਨ।
ਉਪਰ ਬਰਾਂਡੇ ਵਿਚ ਖਲੋਤੇ ਅਸੀਂ ਛੱਤ ਵੱਲ ਦੇਖ ਰਹੇ ਸਾਂ। ਗਾਈਡ ਨੇ ਦੱਸਿਆ ਕਿ ਜਿਥੇ ਇਸ ਲਾਇਬ੍ਰੇਰੀ ਵਿਚ ਸੰਸਾਰ ਦੇ ਮਹਾਨ ਵਿਦਵਾਨਾਂ ਦੀਆਂ ਪੁਸਤਕਾਂ ਤੇ ਉਨ੍ਹਾਂ ਦੇ ਬਣਾਏ ਚਿੱਤਰ ਅਤੇ ਬੁੱਤ ਮੌਜੂਦ ਹਨ, ਉਥੇ ਸੰਸਾਰ ਪ੍ਰਸਿੱਧ ਪ੍ਰਕਾਸ਼ਕਾਂ ਦੇ ਨਾਂ ਵੀ ਇਸ ਛੱਤ ਉਤੇ ਅੰਕਿਤ ਹਨ। ਇਨ੍ਹਾਂ ਵਿਚੋਂ ਕੁਝ ਫਰਮਾਂ ਅਜੇ ਵੀ ਪ੍ਰਕਾਸ਼ਨ ਕਾਰਜ ਵਿਚ ਰੁੱਝੀਆਂ ਹੋਈਆਂ ਹਨ। ਉਨ੍ਹਾਂ ਪ੍ਰਕਾਸ਼ਕਾਂ ਦਾ ਕਾਪੀ ਰਾਈਟ 'ਐਮਲਮ' ਨਿਸ਼ਾਨ ਵੀ ਛੱਤ ਉਤੇ ਉਕਰਿਆ ਹੋਇਆ ਹੈ। ਕੋਈ ਵੀ ਹੋਰ ਪ੍ਰਕਾਸ਼ਕ ਉਨ੍ਹਾਂ ਦੇ ਚਿੰਨ੍ਹ ਦੀ ਨਕਲ ਨਹੀਂ ਕਰ ਸਕਦਾ। ਇਉਂ ਪੁਸਤਕਾਂ ਦੇ ਪ੍ਰਕਾਸ਼ਕ, ਪ੍ਰਕਾਸ਼ਕ ਤੇ ਉਨ੍ਹਾਂ ਦੇ ਕਾਪੀ ਰਾਈਟ ਦੇ ਚਿੰਨ੍ਹ ਹਮੇਸ਼ਾਂ ਲਈ ਸੁਰੱਖਿਅਤ ਹੋ ਗਏ ਹਨ।
ਬਰਾਂਡੇ ਦੇ ਦੂਸਰੇ ਸਿਰੇ ਉਤੇ ਲਾਲ ਰੰਗ ਦੀਆਂ ਦੀਵਾਰਾਂ ਉਤੇ ਸਫੈਦ ਰੰਗ ਦੇ ਕੰਧ ਚਿੱਤਰ ਹਨ। ਇਨ੍ਹਾਂ ਚਿੱਤਰਾਂ ਵਿਚ ਇਸਤਰੀ ਦੇ ਵੱਖ-ਵੱਖ ਰੂਪਾਂ ਨੂੰ ਨਿਖਾਰਿਆ ਗਿਆ ਹੈ। ਸਾਹਮਣੀ ਕੰਧ ਉਤੇ ਵੀ ਤਿੰਨ ਚਿੱਤਰ ਹਨ। ਕੌਲਿਆਂ, ਕੰਧਾਂ ਤੇ ਛੱਤਾਂ ਦੀ ਕਲਾਤਮਕ ਸਜਾਵਟ ਵੇਖ-ਵੇਖ ਉਨ੍ਹਾਂ ਕਲਾਕਾਰਾਂ ਪ੍ਰਤਿ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ। ਜਿਨ੍ਹਾਂ ਨੇ ਪੂਰੀ ਇਮਾਰਤ ਦੇ ਨਿਰਮਾਣ ਤੇ ਸੁਹਜਮਈ ਦਿੱਖ ਲਈ, ਸ਼ਿਲਪਕਾਰੀ ਤੇ ਚਿੱਤਰਕਲਾ, ਡਿਜ਼ਾਈਨ ਤੇ ਵਿਉਂਤਬੰਦੀ ਵਿਚ ਅਥਾਹ ਘਾਲਣਾ ਘਾਲੀ ਹੈ। ਵਰ੍ਹਿਆਂ ਬੱਧੀ ਤਪੱਸਵੀ ਵਾਂਗ ਕਲਾ ਵਿਚ ਲੀਨ ਹੋ ਕੇ ਇਕ-ਇਕ ਕਲਾ-ਕ੍ਰਿਤੀ ਵਿਚ ਜਾਨ ਪਾਈ ਹੈ।
ਕੁਝ ਪੌੜੀਆਂ ਉਤਰ ਕੇ ਅਸੀਂ ਮੁੜ ਮੁੱਖ ਹਾਲ ਵਿਚ ਆ ਗਏ। ਇਸ ਦੀ ਉੱਚੀ ਛੱਤ ਵੱਲ ਇਸ਼ਾਰਾ ਕਰਦਿਆਂ ਗਾਈਡ ਨੇ ਦੱਸਿਆ ਕਿ ਛੱਤ ਦੇ ਮੱਧ ਵਿਚਕਾਰ ਜਿਹੜੇ ਕੀਮਤੀ ਪੱਥਰ ਜੁੜੇ ਹੋਏ ਹਨ, ਉਹ ਬਹੁਤ ਨਾਯਾਬ ਤੇ ਚਮਕਦਾਰ ਹਨ। ਇਨ੍ਹਾਂ ਕਾਰਨ ਹਾਲ ਵਿਚ ਹਮੇਸ਼ਾਂ ਰੌਸ਼ਨੀ ਰਹਿੰਦੀ ਹੈ। ਹਾਲ ਦੇ ਖੱਬੇ ਪਾਸੇ ਦੇ ਬਰਾਂਡੇ ਉਤੇ ਤਿੰਨ ਗੋਲ ਝਰੋਖਿਆਂ 'ਚੋਂ ਬਾਹਰਲਾ ਚਾਨਣ ਸਿੱਧਾ ਇਸ ਛੱਤ ਅਤੇ ਹਾਲ ਵਿਚ ਪੈਂਦਾ ਹੈ। ਛੱਤ ਉਤੇ ਲੱਗੇ ਬਹੁਮੁੱਲੇ ਜਵਾਹਰਾਤ ਇਸ ਰੌਸ਼ਨੀ ਵਿਚ ਜਗਮਗ ਕਰਦੇ ਹਨ। ਹਾਲ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਸਫੈਦ ਸੰਗਮਰਮਰ ਦੀਆਂ ਬਣੀਆਂ ਹਨ। ਇਨ੍ਹਾਂ ਉਤੇ ਕੀਤੀ ਸ਼ਿਲ਼ਪਕਾਰੀ ਏਨੀ ਆਕਰਸ਼ਕ ਹੈ ਕਿ ਉਸ ਤੋਂ ਨਜ਼ਰਾਂ ਹਟਣੀਆਂ ਔਖੀਆਂ ਹਨ।
ਅੰਗੂਰ ਦੇ ਗੁੱਛਿਆਂ ਤੇ ਨਾਸ਼ਪਾਤੀਆਂ ਜੜ੍ਹੀ ਮਾਲਾ ਵਿਚਕਾਰ ਇਕ ਬੱਚੇ ਦਾ ਚਿਹਰਾ ਉਭਾਰਿਆ ਹੋਇਆ ਹੈ। ਲੜੀਆਂ ਵਿਚ ਪ੍ਰੋਤੇ ਇਹ ਬੱਚੇ ਅਜੋਕੇ ਮਨੁੱਖ ਦੇ ਕਿੱਤਿਆਂ ਨੂੰ ਪ੍ਰਗਟ ਕਰਦੇ ਹਨ। ਪਹਿਲੇ ਹਿੱਸੇ ਵਿਚ ਇਕ ਸ਼ਿਕਾਰੀ ਦੇ ਹੱਥ ਵਿਚ ਖਰਗੋਸ਼ ਫੜਿਆ ਹੋਇਆ ਹੈ। ਦੂਜੇ ਦੇ ਹੱਥ ਵਿਚ ਮੱਛੀਆਂ ਫੜਨ ਦਾ ਜਾਲ ਹੈ। ਤੀਸਰਾ ਕਾਰੀਗਰ, ਜਿਸ ਦੇ ਹੱਥ ਵਿਚ ਹਥੌੜਾ ਹੈ ਤੇ ਚੌਥਾ ਕਿਸਾਨ ਹੈ, ਉਸ ਦੇ ਹੱਥ ਵਿਚ ਕਣਕ ਦੇ ਸਿੱਟੇ ਹਨ। ਇਸੇ ਕੰਧ ਵਿਚਕਾਰ ਦੁਨੀਆਂ ਦਾ ਨਕਸ਼ਾ ਬਣਿਆ ਹੈ। ਅੱਧੇ ਗਲੋਬ ਵਿਚ ਇਕ ਪਾਸੇ ਅਫਰੀਕਾ ਹੈ ਤੇ ਦੂਜੇ ਪਾਸੇ ਅਮਰੀਕਾ। ਉਸਦੇ ਹੇਠਾਂ ਅਮਰੀਕਾ ਦੇ ਭੂਤਪੂਰਵ ਪ੍ਰਧਾਨ ਅਬਰਾਹਮ ਲਿੰਕਨ ਦਾ ਕਾਂਸੀ ਦਾ ਬਣਿਆ ਬੁੱਤ ਹੈ। ਇਸ ਕੰਧ ਉਤੇ ਅੱਗੇ ਫਿਰ ਸੰਗਮਰਮਰ ਵਿਚ ਤਰਾਸ਼ੇ ਚਾਰ ਕੰਧ-ਚਿੱਤਰ ਹਨ। ਇਹ ਵੀ ਵੱਖ-ਵੱਖ ਕਿੱਤਿਆਂ ਨੂੰ ਪ੍ਰਗਟਾਉਂਦੇ ਹਨ। ਉਸ ਤੋਂ ਅੱਗੇ ਤਿੰਨ ਬੁੱਤਾਂ ਵਿਚ ਨਾਟਕ ਪ੍ਰਦਰਸ਼ਨ ਹੈ। ਮੰਚ ਉਤੇ ਤਿੰਨ ਪਾਤਰ ਅਭਿਨੈ ਕਰਦੇ ਹੋਏ ਨਾਟ-ਕਲਾ ਦ੍ਰਿਸ਼ਟੀ ਵੱਲ ਸੰਕੇਤ ਕਰਦੇ ਹਨ।
ਹਾਲ ਦੇ ਖੱਬੇ ਪਾਸੇ ਵੀ ਸਫੈਦ ਸੰਗਮਰਮਰ ਵਿਚ ਤਰਾਸ਼ੇ ਅੱਠ ਕੰਧ ਚਿੱਤਰ। ਵੱਖ-ਵੱਖ ਕਿੱਤਿਆਂ ਤੇ ਹੁਨਰਾਂ ਨੂੰ ਦਰਸਾਂਦੇ ਬੁੱਤ। ਗਲੋਬ ਦਾ ਦੂਜਾ ਭਾਗ ਏਸ਼ੀਆ ਤੇ ਯੂਰਪ। ਹੇਠਾਂ ਜਾਰਜ ਵਾਸ਼ਿੰਗਟਨ ਦਾ ਕਾਂਸ਼ੀ ਦਾ ਬੁੱਤ 'ਉਪਰਲਾ ਧੜ' ਕਿੱਤਿਆਂ ਵਿਚ ਵਿਗਿਆਨੀ ਖੋਜ ਕਰਦਾ ਹੋਇਆ। ਕੈਮਿਸਟ ਬੀਕਲ ਵਿਚ ਦਵਾਈ ਪਾਉਂਦਾ ਹੋਇਆ। ਡਾਕਟਰ ਮਰੀਜ਼ ਦੀ ਜਾਂਚ ਕਰਦਾ ਅਤੇ ਇੰਜੀਨੀਅਰ ਦੇ ਕਾਰਜ ਵਿਚੋਂ ਬਿਜਲੀ ਉਤਪਾਦਨ ਦਾ ਚਿੰਨ੍ਹ ਸਾਇੰਸ ਦੀ ਪ੍ਰਗਤੀ ਦੇ ਪ੍ਰਤੀਕ ਹਨ। ਛੱਤ, ਕੰਧਾਂ ਅਤੇ ਬਰਾਂਡਿਆਂ ਦੀ ਕਾਰੀਗਰੀ ਵੇਖ-ਵੇਖ ਆਪੇ ਹੀ ਆਪਣੇ ਆਪ ਨੂੰ ਪੁੱਛਦੇ। ਕੀ ਇਹ ਕਿਸੇ ਦੇਸ਼ ਦੀ ਲਾਇਬ੍ਰੇਰੀ ਦੀ ਇਮਾਰਤ ਹੈ। ਬਸ ਕਮਾਲ ਹੈ। ਸਾਹਮਣੇ ਮੁੱਖ ਦੁਆਰ ਵਾਲੇ ਬਰਾਂਡੇ ਦੀ ਛੱਤ ਦੀ ਸਜਾਵਟ ਉਤੇ ੨੩ ਕੈਰੇਟ ਸੋਨੇ ਦੇ ਪੱਤਰੇ ਦੀ ਜੜ੍ਹਤ ਕੀਤੀ ਹੋਈ ਹੈ।
ਲਾਇਬ੍ਰੇਰੀ ਆਫ ਕਾਂਗਰਸ ਦੀ ਇਮਾਰਤ ਵੇਖਣ ਪਿੱਛੋਂ ਗਾਈਡ ਨੇ ਦੱਸਿਆ ਕਿ ਇਸ ਪਹਿਲੀ ਇਮਾਰਤ ਨਾਲ ਦੋ ਹੋਰ ਲਾਇਬ੍ਰੇਰੀ ਇਮਾਰਤਾਂ ਉਸਾਰੀਆਂ ਗਈਆਂ ਹਨ। ਪਹਿਲੀ ਬਿਲਡਿੰਗ ਸੰਨ ੧੮੯੭ ਵਿਚ ਮੁਕੰਮਲ ਹੋਈ। ਇਸ ਅੰਦਰਲੀ ਸਜਾਵਟ ਦਾ ਕੰਮ ੨੫ ਇਟੇਲੀਅਨ ਤੇ ੫੦ ਅਮਰੀਕਨ ਕਲਾਕਾਰਾਂ, ਚਿੱਤਰਕਾਰਾਂ ਤੇ ਸ਼ਿਲਪੀਆਂ ਨੇ ਕੀਤਾ। ਲਾਇਬ੍ਰੇਰੀ ਆਫ ਕਾਂਗਰਸ ਦੀ ਪਹਿਲੀ ਇਮਾਰਤ ਦਾ ਨਾਂ ਥਾਮਸ ਜੈਫਰਸਨ ਬਿਲਡਿੰਗ ਰੱਖਿਆ ਗਿਆ। ਇਸ ਦੀ ਤਾਮੀਰ ਇਟੇਲੀਅਨ ਸਟਾਈਲ ਵਿਚ ਕੀਤੀ ਗਈ। ਦੂਜੀ ਇਮਾਰਤ 'ਜੋਹਨ ਐਡਮਜ਼ ਬਿਲਡਿੰਗ' ਦੀ ਤਾਮੀਰ ਹੋਈ। ਇਹ ਬਿਲਡਿੰਗ ਸੰਨ ੧੯੩੯ ਵਿਚ ਬਣੀ। ਤੀਸਰੀ ਇਮਾਰਤ ਸਫੈਦ ਸੰਗਮਰਮਰ ਵਿਚ 'ਜੇਮਜ਼ ਮੈਡੀਸਨ ਮੈਮੋਰੀਅਲ ਬਿਲਡਿੰਗ' ਸੰਨ ੧੯੮੦ ਵਿਚ ਮੁਕੰਮਲ ਹੋਈ। ਇਸ ਇਮਾਰਤ ਵਿਚ ਰੀਡਿੰਗ ਰੂਮਜ਼, ਅਧਿਐਨ ਕਮਰਿਆਂ ਤੋਂ ਛੁੱਟ, ਦਫਤਰ ਅਤੇ ਲਾਇਬ੍ਰੇਰੀ ਦੇ ਸੱਤ ਕਰੋੜ ਦਸਤਾਵੇਜ਼ ਸੰਭਾਲੇ ਹੋਏ ਹਨ। ਦੂਜੀਆਂ ਦੋਵੇਂ ਇਮਾਰਤਾਂ ਵੀ ਬੜੀਆਂ ਵੱਡੀਆਂ ਤੇ ਬਹੁਮੰਜ਼ਿਲਾਂ ਹਨ। ਲਾਇਬ੍ਰੇਰੀ ਦੀਆਂ ਵਧਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਇਮਾਰਤਾਂ ਦੀ ਉਸਾਰੀ ਜਰੂਰੀ ਸੀ।
'ਮੈਡੀਸਨ ਬਿਲਡਿੰਗ' ਵਿਚ ਅਸੀਂ ਇਕ ਟੈਲੀ ਫਿਲਮ ਦੇਖਣ ਲਈ ਗਏ। ਇਸ ਫਿਲਮ ਰਾਹੀਂ ਲਾਇਬ੍ਰੇਰੀ ਆਫ ਕਾਂਗਰਸ ਦੇ ਇਤਿਹਾਸ ਅਤੇ ਇਸ ਦੇ ਮਹੱਤਵ ਅੰਕੜਿਆਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ।
ਵਿਦਿਆ ਅਤੇ ਗਿਆਨ ਦੇ ਇਸ ਮੰਦਰ ਵਿਚ ਇਸ ਸਮੇਂ ਢਾਈ ਕਰੋੜ ਪੁਸਤਕਾਂ ਹਨ। ਲਾਇਬ੍ਰੇਰੀ ਆਫ ਕਾਂਗਰਸ ਦਾ ਆਰੰਭ ਕਾਂਗਰਸ ਮਨ ਦੀ ਵਾਕਫੀਅਤ ਵਧਾਣ ਲਈ ਸੰਨ ੧੮੦੦ ਵਿਚ ਕੀਤਾ ਗਿਆ। ਸੰਨ ੧੮੭੦ ਵਿਚ ਪਾਰਲੀਮੈਂਟ ਹਾਊਸ ਤੋਂ ਵੱਖਰੀ ਲਾਇਬ੍ਰੇਰੀ ਦੀ ਇਮਾਰਤ ਬਣਾਉਣ ਦੀ ਤਜਵੀਜ਼ ਰੱਖੀ ਗਈ। ਦੇਸ਼ ਵਿਦੇਸ਼ਾਂ ਤੋਂ ਆਰਕੀਟੈਕਟ, ਸ਼ਿਲਪਕਾਰਾਂ, ਚਿੱਤਕਰਾਰਾਂ ਤੇ ਕਸਬੀਆਂ ਨੂੰ ਨਕਸ਼ਾ ਬਣਾਉਣ, ਇਮਾਰਤ ਦੀ ਉਸਾਰੀ ਅਤੇ ਸਜਾਵਟ ਲਈ ਸੱਦਾ ਦਿੱਤਾ ਗਿਆ। ੨੫ ਸਾਲਾਂ ਵਿਚ ਇਹ ਪਹਿਲੀ ਇਮਾਰਤ ਮੁਕੰਮਲ ਹੋਈ। ਹੁਣ ਇਹ ਲਾਇਬ੍ਰੇਰੀ ਕੇਵਲ ਕਾਂਗਰਸਮੈਨ ਦੇ ਵਰਤਣ ਦੀ ਸ਼ੈਅ ਨਹੀਂ। ਇਹ ਤਾਂ ਕੁੱਲ ਸੰਸਾਰ ਦੇ ਵਿਦਵਾਨਾਂ, ਖੋਜੀਆਂ, ਕਲਾਕਾਰਾਂ ਤੇ ਸਾਹਿਤਕਾਰਾਂ ਲਈ ਗਿਆਨ ਦਾ ਸੋਮਾ ਹੈ। ਇਸ ਨੂੰ ਠeਮਪਲe ੋਡ ਲ਼eaਰਨਨਿਗ aਨਦ ਾਂਸਿਦੋਮ ਵੀ ਕਿਹਾ ਜਾਂਦਾ ਹੈ। ਇਸ ਲਾਇਬ੍ਰੇਰੀ ਵਿਚ ਵਿਸ਼ਵ ਦੀਆਂ ੪੭੦ ਭਾਸ਼ਾਵਾਂ ਦਾ ਸਾਹਿਤ ਤੇ ਗਿਆਨ ਸਾਂਭਿਆ ਪਿਆ ਹੈ। ਹਰ ਰੋਜ਼ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚੋਂ ੧੨੦੦ ਸਮਾਚਾਰ ਪੱਤਰ ਇਥੇ ਆਉਂਦੇ ਹਨ। ਇਕੱਤੀ ਹਜ਼ਾਰ ਪੁਸਤਕਾਂ ਦਾ ਰੋਜ਼ ਇਸ ਵਿਚ ਵਾਧਾ ਹੁੰਦਾ ਹੈ। ਇਸ ਲਾਇਬ੍ਰੇਰੀ ਵਿਚ ਤਿੰਨ ਕਰੋੜ ਸੱਠ ਲੱਖ ਖਰੜੇ ਸਾਂਭੇ ਹੋਏ ਹਨ। ਇਹ ਖਰੜੇ ਅਮਰੀਕਾ ਦੇ ਇਤਿਹਾਸ ਤੇ ਸੱਭਿਆਚਾਰ ਨਾਲ ਸਬੰਧਤ ਹਨ। ਸਮੇਂ-ਸਮੇਂ ਅਮਰੀਕਾ ਦੇ ਪ੍ਰਧਾਨਾਂ ਵੱਲੋਂ ਪੜ੍ਹੇ ਗਏ ਪਰਚੇ, ਮਹੱਤਵਪੂਰਨ ਘਰਾਣਿਆਂ, ਲੇਖਕਾਂ, ਕਲਾਕਾਰਾਂ ਅਤੇ ਵਿਗਿਆਨੀਆਂ ਦੇ ਪਰਚਿਆਂ ਤੋਂ ਛੁੱਟ, ਇਸ ਲਾਇਬ੍ਰੇਰੀ ਵਿਚ ਚਾਲੀ ਲੱਖ ਨਕਸ਼ੇ ਤੇ ਐਟਲਸਾਂ ਪਈਆਂ ਹਨ। ਇਹ ਨਕਸ਼ੇ ਤੇ ਐਟਲਸਾਂ ਚੌਦਵੀਂ ਸਦੀ ਤੋਂ ਲੈ ਕੇ ਵੀਹਵੀਂ ਸਦੀ ਦੇ ਅੰਤ ਤੱਕ ਦੀਆਂ ਹਨ।
ਇਸ ਲਾਇਬ੍ਰੇਰੀ ਵਿਚ ਸੰਸਾਰ ਦੇ ਸਾਰੇ ਸਾਜ਼ਾਂ ਦਾ ਜ਼ਖੀਰਾ ਹੈ। ਸਾਜ਼ਾਂ ਤੋਂ ਛੁੱਟ, ਸਾਜ਼ਿੰਦਿਆਂ, ਸੰਗੀਤਕਾਰਾਂ ਤੇ ਸੰਗੀਤ ਨਿਰਦੇਸ਼ਕਾਂ ਦੇ ਪੱਤਰ, ਹੱਥ ਲਿਖਤਾਂ ਤੇ ਨੋਟੇਸ਼ਨ ਆਦਿ ਦੀ ਗਿਣਤੀ ਕੁਲ ਮਿਲਾ ਕੇ ਸੱਤਰ ਲੱਖ ਹੈ। ਦੇਸ਼ ਵਿਦੇਸ਼ ਤੋਂ ਹਰ ਵਿਸ਼ੇ ਨਾਲ ਸਬੰਧਤ ਮਾਸਕ, ਸਪਤਾਹਕ ਰਸਾਲੇ ਤੇ ਮੈਗਜ਼ੀਨ ਹਜ਼ਾਰਾਂ ਦੀ ਗਿਣਤੀ ਵਿਚ ਆਉਂਦੇ ਹਨ।
ਲਾਇਬ੍ਰੇਰੀ ਆਫ ਕਾਂਗਰਸ ਵਿਚ ਇਕ ਕਰੋੜ ਵੀਹ ਲੱਖ ਫੋਟੋਆਂ ਅਸਲ ਰੂਪ ਵਿਚ ਮੌਜੂਦ ਹਨ। ਇਹ ਤਸਵੀਰਾਂ ਅਮਰੀਕਾ ਦੀਆਂ ਥਾਵਾਂ, ਘਟਨਾਵਾਂ ਅਤੇ ਵਿਦੇਸ਼ ਯਾਤਰਾਵਾਂ ਨਾਲ ਸਬੰਧਤ ਹਨ। ੭੫੦੦੦ ਟੀ ਵੀ ਸੀਰੀਅਲਾਂ ਦੇ ਟਾਈਟਲਜ਼ ਹਰ ਸਾਲ ਇਥੇ ਆਉਂਦੇ ਹਨ। ਸਤ੍ਹਾਰਵੀਂ ਸਦੀ ਤੋਂ ਲੈ ਕੇ ਅੱਜ ਤੱਕ ਦੇ ਸਮਾਚਾਰ ਪੱਤਰਾਂ ਦੀਆਂ ਫਾਈਲਾਂ ਰਿਕਾਰਡ ਵਿਚ ਪਈਆਂ ਹਨ। ਇਕ ਲੱਖ ਫੀਚਰ ਫਿਲਮਾਂ, ਅੱਸੀ ਹਜ਼ਾਰ ਟੀ ਵੀ ਪ੍ਰੋਗਰਾਮ, ਪੰਜ ਲੱਖ ਰੇਡੀਓ ਪ੍ਰੋਗਰਾਮ ਅਤੇ ਪੰਦਰਾਂ ਲੱਖ ਆਵਾਜ਼ਾਂ ਦੀਆਂ ਰਿਕਾਰਡ ਕੀਤੀਆਂ ਟੇਪਾਂ ਇਥੇ ਮੌਜੂਦ ਹਨ।
ਇਨ੍ਹਾਂ ਸਾਰੇ ਬਹੁਮੁੱਲੇ ਦਸਤਾਵੇਜ਼ਾਂ ਤੇ ਖਰੜਿਆਂ ਦੀ ਨੁਮਾਇਸ਼ ਵੀ ਲਾਈ ਜਾਂਦੀ ਹੈ। ਕੋਈ ਵੀ ਲਾਇਬ੍ਰੇਰੀ ਮੈਂਬਰ ਲੋੜ ਅਨੁਸਾਰ ਇਨ੍ਹਾਂ ਦੀ ਨਕਲ ਉਤਾਰ ਸਕਦਾ ਹੈ। ੫੫੨ ਸਾਲ ਪੁਰਾਣੀ ਪਵਿੱਤਰ ਅੰਜੀਲ (ਬਾਈਬਲ) ਦੀ ਇਕ ਹੱਥ ਲਿਖਤ ਕਾਪੀ ਤੇ ਇਕ ਛਪਿਆ ਹੋਇਆ ਗ੍ਰੰਥ ਦਰਸ਼ਕਾਂ ਦੇ ਦੀਦਾਰ ਲਈ ਹਰ ਸਮੇਂ ਖੁੱਲ੍ਹੇ ਰਹਿੰਦੇ ਹਨ।
ਲਾਇਬ੍ਰੇਰੀ ਆਫ ਕਾਂਗਰਸ ਪਿਛਲੇ ੭੫ ਸਾਲਾਂ ਤੋਂ ਸੀ ਆਰ ਐੱਸ (ਛੋਨਗਰeਸਸਿਨaਲ ੍ਰeਸeaਰਚਹ ਸ਼eਰਵਚਿe) ਰਾਹੀਂ ਹਰ ਕਾਂਗਰਸ ਮੈਂਬਰ ਨੂੰ ਪੂਰੀ ਜਾਣਕਾਰੀ ਦੇਣ ਲਈ ਵਚਨਬੱਧ ਹੈ। ਮਹੱਤਵਪੂਰਨ ਮਸਲਿਆਂ ਉਤੇ ਤੁਰੰਤ ਵਾਕਫੀਅਤ ਦੇਣ ਵਿਚ ਇਸ ਲਾਇਬ੍ਰੇਰੀ ਦਾ ਕੋਈ ਸਾਨੀ ਨਹੀਂ। ਹਰ ਲੋੜੀਂਦੀ ਪੁਸਤਕ ਜਾਂ ਫਾਈਲ ਦਸ ਮਿੰਟ ਦੇ ਅੰਦਰ ਪਹੁੰਚਾਈ ਜਾਂਦੀ ਹੈ। ਲਾਇਬ੍ਰੇਰੀ ਦਾ ਸਾਰਾ ਰਿਕਾਰਡ ਕੰਪਿਊਟਰ ਉਤੇ ਫੀਡ ਕੀਤਾ ਹੋਇਆ ਹੈ।
ਲਾਇਬ੍ਰੇਰੀ ਆਫ ਕਾਂਗਰਸ ਵਿਚ ਸੰਸਾਰ ਵਿਚ ਹਰ ਵਿਸ਼ੇ ਸਬੰਧੀ ਰਚੀ ਪੁਸਤਕ ਉਪਲਬਧ ਹੈ। ਇਹ ਪੁਸਤਕ ਸਾਹਿਤ ਦੇ ਹਰ ਰੂਪ, ਵਿਗਿਆਨ ਦੇ ਹਰ ਖੇਤਰ, ਧਰਮ, ਰਾਜਨੀਤੀ, ਇਤਿਹਾਸ, ਭੂਗੋਲ, ਕਾਨੂੰਨ, ਚਿੱਤਰਕਾਰੀ, ਸ਼ਿਲਪਕਲਾ, ਆਰਕੀਟੈਕਚਰ, ਫੋਟੋਗ੍ਰਾਫੀ ਗੱਲ ਕੀ ਕਿਸੇ ਵੀ ਵਿਸ਼ੇ ਸਬੰਧੀ ਕੋਈ ਪੁਸਤਕ ਇਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਅਮਰੀਕਾ ਵਿਚ ਦੂਰ-ਦੁਰਾਡੇ ਸ਼ਹਿਰਾਂ ਵਿਚ ਰਹਿੰਦੇ ਖੋਜੀਆਂ ਨੂੰ ਉਥੇ ਹੀ ਪੁਸਤਕਾਂ ਪਹੁੰਚਾਣ ਦਾ ਪ੍ਰਬੰਧ ਹੈ। ਕੀਮਤੀ ਪੁਸਤਕਾਂ ਦੀਆਂ ਫੋਟੋ ਕਾਪੀਆਂ ਉਥੋਂ ਦੀਆਂ ਲਾਇਬ੍ਰੇਰੀਆਂ ਵਿਚ ਪਹੁੰਚਾਈਆਂ ਜਾਂਦੀਆਂ ਹਨ। ਗਿਆਨ ਤਾਂ ਵੰਡਣ ਦੀ ਚੀਜ਼ ਹੈ। ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਇਹੀ ਇਸ ਲਾਇਬ੍ਰੇਰੀ ਦਾ ਲਕਸ਼ ਹੈ।
ਲਾਇਬ੍ਰੇਰੀ ਆਫ ਕਾਂਗਰਸ ਦਾ ਕਾਨੂੰਨ ਵਿਭਾਗ ਪਿਛਲੇ ਡੇਢ ਸੌ ਸਾਲ ਤੋਂ ਕਾਰਜਸ਼ੀਲ ਹੈ। ਕਾਂਗਰਸ ਮੈਨ ਨੂੰ ਵਿਦੇਸ਼ੀ ਕਾਨੂੰਨ ਬਾਰੇ ਜਾਣਕਾਰੀ ਦੇਣੀ ਤੇ ਉਥੋਂ ਦੀ ਕਾਨੂੰਨ ਵਿਵਸਥਾ ਵਿਚ ਹੋ ਰਹੀਆਂ ਤਬਦੀਲੀਆਂ ਤੋਂ ਜਾਣੂ ਕਰਵਾਉਣਾ ਇਸ ਵਿਭਾਗ ਦਾ ਕਾਰਜ ਖੇਤਰ ਹੈ। ਇਸ ਕੰਮ ਲਈ ਕਾਨੂੰਨ ਮਾਹਰਾਂ ਤੋਂ ਸਲਾਹ ਲਈ ਜਾਂਦੀ ਹੈ। ਸੰਸਾਰ ਦੀਆਂ ੫੦ ਬੋਲੀਆਂ ਦੇ ਵਿਸ਼ੇਸ਼ਗਯ ਉਨ੍ਹਾਂ ਭਾਸ਼ਾਵਾਂ ਨੂੰ ਸਮਝਣ ਵਿਚ ਕਾਨੂੰਨ ਮਾਹਰਾਂ ਦੀ ਅਗਵਾਈ ਕਰਦੇ ਹਨ।
ਲਾਇਬ੍ਰੇਰੀ ਦਾ ਸਾਰਾ ਸਟਾਫ ਆਪਣੇ ਕੰਮ ਵਿਚ ਪੂਰੀ ਤਰ੍ਹਾਂ ਨਿਪੁੰਨ ਹੈ। ੮੫੦ ਕਰਮਚਾਰੀ, ਲਾਇਬ੍ਰੇਰੀਅਨ, ਇੰਜੀਨੀਅਰ ਤੇ ਹੋਰ ਅਮਲਾ ਏਨੀ ਵੱਡੀ ਲਾਇਬ੍ਰੇਰੀ ਦੀ ਸਾਂਭ ਸੰਭਾਲ ਵਿਚ ਗਤੀਸ਼ੀਲ਼ ਹੈ। ਕੀਮਤੀ ਖਰੜਿਆਂ, ਪੁਰਾਣੀਆਂ ਪੁਸਤਕਾਂ ਅਤੇ ਦਸਤਾਵੇਜ਼ਾਂ ਦੀ ਸੰਭਾਲ ਲਈ ਵਿਸ਼ੇਸ਼ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਪੁਸਤਕਾਂ ਦੀਆਂ ਫੋਟੋਆਂ ਕਾਪੀਆਂ, ਸੀਡੀਜ਼ ਤੇ ਕੈਸਟਾਂ ਬਣਾ ਕੇ ਇਸ ਬਹੁਮੁੱਲੇ ਖਜ਼ਾਨੇ ਨੂੰ ਭਵਿੱਖ ਲਈ ਸੰਭਾਲ ਲਿਆ ਹੈ।
ਲਾਇਬ੍ਰੇਰੀ ਆਫ ਕਾਂਗਰਸ ਵਿਚ ਕਈ ਕਾਨਫਰੰਸ ਹਾਲ, ਥੀਏਟਰ ਤੇ ਲੈਕਚਰ ਰੂਮ ਹਨ। ਸਮੇਂ-ਸਮੇਂ ਇਥੇ ਵਧੀਆ ਫਿਲਮਾਂ ਵਿਖਾਈਆਂ ਜਾਂਦੀਆਂ ਹਨ। ਨਾਟਕਾਂ ਦਾ ਮੰਚਨ ਕੀਤਾ ਜਾਂਦਾ ਹੈ। ਸੱਭਿਆਚਾਰ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਮਹੱਤਵਪੂਰਨ ਵਿਦਵਾਨਾਂ ਸਖਸ਼ੀਅਤਾਂ ਦੇ ਭਾਸ਼ਣ ਹੁੰਦੇ ਹਨ।
ਲਾਇਬ੍ਰੇਰੀ ਦੀਆਂ ਸਾਰੀਆਂ ਇਮਾਰਤਾਂ ਆਮ ਦਰਸ਼ਕਾਂ ਨੂੰ ਪੂਰੀਆਂ ਨਹੀਂ ਦਿਖਾਈਆਂ ਜਾ ਸਕਦੀਆਂ, ਪਰ ਜੋ ਕੁਝ ਦਰਸ਼ਕ ਦੇਖਦੇ ਤੇ ਮਹਿਸੂਸ ਕਰਦੇ ਹਨ। ਜਿੰਨੀ ਕੁ ਵਾਕਫੀਅਤ ਹਾਸਲ ਕਰਦੇ ਹਨ, ਉਹ ਨਿਰਸੰਦੇਹ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰਦੀ ਹੈ।
ਲਾਇਬ੍ਰੇਰੀ ਆਫ ਕਾਂਗਰਸ ਅਮਰੀਕਾ ਦੀ ਸਰਕਾਰ ਵੱਲੋਂ ਆਮ ਨਾਗਰਿਕ ਨੂੰ ਦਿੱਤਾ ਉਹ ਨਾਯਾਬ ਤੋਹਫਾ ਹੈ, ਜਿਸ ਉਤੇ ਕੋਈ ਜਿੰਨਾ ਮਾਣ ਕਰੇ, ਥੋੜਾ ਹੈ। ਇਸ ਮੰਦਰ ਵਿਚ ਸੰਭਾਲਿਆ ਗਿਆਨ ਤੇ ਸਿਆਣਪ ਦਾ ਖਜ਼ਾਨਾ ਆਉਣ ਵਾਲੀਆਂ ਪੀੜ੍ਹੀਆਂ ਲਈ ਅਨਮੋਲ ਰਤਨ ਹੈ। ਵਿਦਿਆ ਦੀ ਦੇਵੀ ਸਰਸਵਤੀ ਨੂੰ ਸਾਡਾ ਸਦ ਨਮਸਕਾਰ।

No comments:

Post a Comment