Tuesday, August 21, 2012

ਲ਼ੋਹੇ ਦਾ ਜੰਗਲ - ਪ੍ਰੋ. ਹਮਦਰਦਵੀਰ ਨੌਸ਼ਹਿਰਵੀ

ਕਮਰੇ ਦਾ ਬੂਹਾ ਖੋਲ ਮੈਂ ਬਾਹਰ ਧਿਆਨ ਮਾਰਿਆ ਤਾਂ ਮੇਰੀ ਪਗੜੀ ਇਕ ਬਾਂਦਰ ਦੇ ਸਿਰ ਉਤੇ ਸੀ। ਧਰਮਸ਼ਾਲਾ ਦੇ ਸਾਹਮਣੇ ਵਾਲੇ ਕਮਰਿਆਂ ਦੀ ਛੱਤ ਉਤੇ, ਪੱਗ ਬੰਨੀ ਬਾਂਦਰ ਦੌੜ ਰਿਹਾ ਸੀ। ਪਿੱਛੇ-ਪਿੱਛੇ ਬਾਂਦਰਾਂ ਦਾ ਤਕੜਾ ਹਜੂਮ ਸੀ। ਪੱਗ ਨੇ ਬਾਂਦਰ ਦੀਆਂ ਅੱਖਾਂ ਵੀ ਢੱਕ ਲਈਆਂ ਸਨ। ਉਸਨੂੰ ਕੁੱਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿਸ ਪਾਸੇ ਵੱਲ ਦੌੜ ਰਿਹਾ ਹੈ। ਹੋਰ ਬਾਂਦਰ ਚੀਕ ਚਿਹਾੜਾ ਪਾ ਰਹੇ ਸਨ।
ਮੈਂ ਅਯੁੱਦਿਆ ਦੀ ਗੰਗਾਬਾਈ ਧਰਮਸ਼ਾਲਾ ਵਿਚ ਠਹਿਰਿਆ ਹੋਇਆ ਸਾਂ। ਮੇਰੇ ਨਾਲ ਚੰਡੀਗੜ੍ਹ ਤੋਂ ਆਇਆ ਵਿਅਕਤੀ ਗੋਪਾਲ ਕ੍ਰਿਸ਼ਨ ਗਰੋਚਰ ਠਹਰਿਆ ਹੋਇਆ ਸੀ। ਕਮਰੇ ਵਿਚ ਲੱਕੜ ਦੇ ਤਖਤਪੋਸ਼ ਸਨ। ਇਕ ਉਤੇ ਮੈਂ ਸੌਂ ਰਿਹਾ ਸਾਂ ਤੇ ਦੂਜੇ ਉਪਰ ਗਰੋਵਰ। ਧਰਮਸ਼ਾਲਾ ਵਿਚ ਹੇਠਾਂ ਦੋਹੀ ਪਾਸੇ ਹਾਲ ਕਮਰੇ ਸਨ। ਉੱਪਰ ਛੋਟੇ ਕਮਰਿਆ ਦੀ ਲੰਮੀ ਲਾਈਨ ਸੀ। ਵਿਸ਼ਾਲ ਕਮਰਿਆ ਅੱਗੇ ਪਤਲਾ ਜਿਹਾ ਵਰਾਂਡਾ ਸੀ। ਵਿਚਾਲੇ ਵਿਹੜੇ ਵਿਚ ਯਾਤਰੂਆਂ ਦੀਆਂ ਬੱਸਾਂ ਖੜੀਆਂ ਸਨ। ਸਾਡੇ ਵਾਲੀ ਬੱਸ ਦੇ ਪਿਛੇ ਇਕ ਹੋਰ ਬੱਸ ਆ ਲੱਗੀ ਸੀ। ਬੱਸ ਦੀਆਂ ਸਵਾਰੀਆਂ ਹੇਠਾਂ ਹਾਲ ਵਿਚ ਚਲੀਆਂ ਗਈਆਂ। ਇਸ ਬੱਸ ਦੀ ਛੱਤ ਉਤਰ ਯਾਤਰੂਆਂ ਲਈ ਸੁੱਕਾ ਰਾਸ਼ਨ – ਆਟਾ, ਚੋਲ, ਆਦਿ ਰੱਖੇ ਹੋਏ ਸਨ। ਸਮਾਨ ਤਰਪਾਲ ਨਾਲ ਢੱਕਿਆ ਹੋਇਆ ਸੀ।
ਧਰਮਸ਼ਾਲਾ ਦੇ ਦੋਹੀਂ ਪਾਸੇ ਵਰਾਂਡਿਆ ਵਿਚ ਛੱਤਾਂ ਉਤੇ ਬਾਂਦਰ ਦਗੜ ਦਗੜ ਕਰ ਰਹੇ ਸਨ।
ਮੇਰੀ ਨੀਦ ਫਿਰ ਟੁੱਟ ਗਈ। ਜਿਵੇ ਹਾਲੀ ਹੀ ਉਹ ਅਵਾਜ ਮੇਰੇ ਅੰਗ ਸੰਗ ਹੀ ਸੀ। ਹਨੂੰਮਾਨਗੜੀ ਮੰਦਰ ਵਿਚ ਰਬੜ ਦੇ ਬੁੱਤਾਂ ਦੇ ਸਿਰ ਹਿੱਲ ਰਹੇ ਸਨ। ਢੋਲਕੀਆਂ, ਸ਼ੈਣੇ, ਚਿਮਟੇ, ਆਪਣੇ ਆਪ ਵੱਜ ਰਹੇ ਸਨ। ਦਿਨੇ ਕਈ ਘੰਟਿਆਂ ਤੱਕ ਮੈਂ ਅਯੁੱਧਿਆ ਦੇ ਪ੍ਰਚੀਨ ਮੰਦਰਾਂ, ਖੰਡਰਾ, ਚਿਨ੍ਹਾ ਨੂੰ ਨਿਹਾਰਦਾ ਰਿਹਾ ਸਾਂ। ਕਈ ਘੰਟੇ, ਮੰਦਰਾਂ, ਭਵਨਾ, ਟਿੱਲਿਆਂ, ਕੁੰਡਾਂ, ਸਰੋਵਰਾਂ, ਦੀਆਂ ਖੰਡਿਤ ਤਸਵੀਰਾਂ ਮੇਰੀ ਅੱਖਾਂ ਸਾਹਮਣਿਓਂ ਦੀ ਗੁਜਰਨ ਲੱਗੀਆਂ – ਕੈਕਈ ਭਵਨ ਮੰਦਰ, ਗਣੇਸ਼ ਦੀ ਸੁੰਦਰ ਮੂਰਤੀ, ਸੁਮਿੱਤਰਾ ਭਵਨ – ਸੁਮਿੱਤਰਾ ਜੀ ਦੀ ਕੁੱਖੋ ਲਛਮਣ ਤੇ ਸ਼ਤਰੂਘਣ ਪੈਦਾ ਹੋਏ ਸਨ। ਅਨੰਦ ਭਵਨ – ਭਗਵਾਨ ਰਾਮ ਜੀ ਬਾਲਪਨ ਸਥਾਨ। ਸੀਤਾ ਕੂਪ ਜਿਹੜਾ ਮਹਾਰਾਜ ਦਸ਼ਰਤ ਨੇ ਬਣਵਾਇਆ ਸੀ। ਕਨਕ ਭਵਨ – ਮਹਾਂਰਾਣੀ ਕੈਕਈ ਨੂੰ ਜਾਨਕੀ ਜੀ ਦਾ ਮੂੰਹ ਵਿਖਾਈ ਵੱਜੋਂ ਅਰਪਿਤ ਕੀਤਾ ਗਿਆ ਸੀ। ਸੀਤਾ ਰਸੋਈ ਵੱਡਾ ਚੁੱਲ੍ਹਾ ਤੇ ਭਾਰੇ ਬਰਤਨ ਨੇੜੇ ਹੀ ਮਹਾਰਾਣੀ ਜਾਨਕੀ ਜੀ ਦੀ ਮੂਰਤੀ ਸੀ। ਕੂਪ ਭਵਨ ਵਿਚ ਮਹਾਂਰਾਣੀ ਕੈਕਈ ਲੇਟੀ ਸੀ, ਨੇੜੇ ਦਸ਼ਰਤ ਦੇ ਬੇਟੇ ਰਾਮ ਅਤੇ ਲਛਮਣ ਖੜ੍ਹੇ ਸਨ। ਕਾਲੀ ਨਾਗੇਸ਼ਵਰਨਾਥ ਮੰਦਰ, ਜਿੱਥੇ ਰਾਮ ਜੀ ਪੁੱਤਰ ਕੁੱਸ਼ ਨਾਲ ਸੰਬਿੰਧਤ ਵਸਤਾਂ ਸਨ। ਲਕਸ਼ਮਣ ਮੰਦਰ ਜਿੱਥੇ ਲਕਸ਼ਮਣ ਜੀ ਦੀ ਮੂਰਤੀ ਸੀ। ਸਪਤਦੁਆਰ ਜਿੱਥੇ ਝੂਠੀ ਕਸਮ ਖਾਣ ਨਾਲ ਸਰਵਨਾਸ਼ ਹੋ ਜਾਦਾ ਸੀ। ਮੇਰੀ ਜਾਗ ਫਿਰ ਖੁੱਲ ਗਈ। ਵਾਨਟ ਸੈਨਾ ਨੇ ਧਰਮਸ਼ਾਲਾ ਤੇ ਹਮਲਾ ਕੀਤਾ ਹੋਇਆ ਸੀ।
ਸਾਡੇ ਨਾਲ ਚੱਲ ਰਹੇ ਪੰਡੇ ਗਿਆਨੇਸ਼ਵਰ ਨੇ ਸਾਨੂੰ ਦੱਸਿਆ ਕਿ ਅਯੁੱਧਿਆ ਵਿਚ ਸਾਢੇ ਸੱਤ ਹਜਾਰ ਮੰਦਰ ਸਨ। ਕਰੀਬ ਢੇਡ ਲੱਖ ਵੱਸੋਂ ਲੱਖ ਵਾਲੇ ਸ਼ਹਿਰ ਅਯੁੱਧਿਆ ਵਿਚ, ਕਸਬੇ ਦੇ ਹਰ ਮੌੜ ਉਤੇ ਕੋਈ ਨਾ ਕੋਈ ਮੰਦਰ ਸੀ। ਅਯੁੱਧਿਆ ਨੂੰ ਤਿੰਨ ਬਾਹੀਆ ਨੂੰ ਛੋਹ ਕੇ ਲੰਘਦੀ ਪਵਿੱਤਰ ਸਰਯੂ ਨਦੀ ਦੇ ਕਿਨਾਰੇ, ਮੈਂ ਘੁੰਮ ਰਿਹਾ ਸਾਂ। ਕਿਹਾ ਜਾਂਦਾ ਹੈ ਕਿ ਸਰਯੂ ਨਦੀ ਭਗਵਾਨ ਨਦੀ ਭਗਵਾਨ ਵਿਸ਼ਨੂੰ ਜੀ ਦੇ ਨੇਤਰਾਂ ਦੇ ਨੀਰ ਵਿਚੋਂ ਪੈਦਾ ਹੋਈ ਸੀ। ਸਰਯੂ ਨਦੀ ਜੱਲ ਰੂਪੀ ਬ੍ਰਹਮਾ ਸੀ। ਇਸ ਵਿਚ ਨਹਾਤਿਆਂ ਸਾਰੇ ਤੀਰਥਾਂ ਦਾ ਸ਼ਨਾਨ ਹੋ ਜਾਂਦਾ ਸੀ। ਸੱਠ ਹਜਾਰ ਵਰਸ਼ ਗੰਗਾ ਸ਼ਨਾਨ ਨਾਲ ਜਿਹੜਾ ਫਲ ਮਿਲਦਾ ਹੈ ਉਹ ਸਰਯੂ ਨਦੀ ਵਿਚ ਡੁਬਕੀ ਨਾਲ ਮਿਲ ਜਾਦਾ ਹੈ। ਸਰਯੂ ਨਦੀ ਵਿਚ ਸਨਾਨ ਕਰਕੇ ਨੰਗੇ ਪਿੰਡੇ, ਪੰਡਿਆ ਨੂੰ ਦਿੱਤਾ ਦਾਨ, ਪਿੱਤਰਾਂ ਪਾਸ ਪਹੁੰਚਦਾ ਸੀ। ਪਰ ਮੈਂ ਤੇ ਸਰਯੂ ਨਦੀ ਵਿਚ ਸਨਾਨ ਕੀਤਾ ਹੀ ਨਹੀ ਸੀ ਤੇ ਨਾ ਪੰਡਿਆਂ ਨੂੰ ਦਾਨ ਦਿੱਤਾ ਸੀ। ਹੁਣ ਮੇਰੇ ਪਿੱਤਰਾਂ ਦੀ ਕੀ ਬਣੇਗਾ। ਮੇਰੀ ਨੀਦ ਦੀ ਮਹੀਨ ਡੋਰੀ ਫਿਰ ਟੁੱਟ ਗਈ।
ਮੇਰੇ ਚੇਤਿਆ ਵਿਚ ਧਰਮਹਾਰੀ ਮੰਦਰ ਤੇ ਸਰਯੂ ਨਦੀ ਕਿਨਾਰੇ ਸਵਰਗਦੁਆਰ ਬੈਠਾ ਸੀ। ਸਰਯੂ ਨਦੀ ਦੇ ਦਰਸ਼ਨਾ ਤੋਂ ਬਾਅਦ ਧਰਮਹਾਰੀ ਮੰਦਰ ਦੇ ਦਰਸ਼ਨ ਕਰਨ ਨਾਲ ਵਿਅਕਤੀ ਯਮਦੂਤਾ ਤੋਂ ਮੁਕਤ ਹੋ ਜਾਂਦਾ ਸੀ। ਮੈਂ ਯਮਦੂਤਾਂ ਤੋਂ ਮੁਕਤੀ ਤਾਂ ਚਾਹੁੰਦਾ ਸਾਂ ਪਰ ਸਵਰਗਦੁਆਰ ਹਾਲੀ ਜਾਣਾ ਨਹੀਂ ਸਾਂ ਚਾਹੁੰਦਾ। ਹਾਲੀ ਤਾਂ ਮੈਂ ਬਹੁਤ ਕੁੱਝ ਕਰਨਾ ਸੀ। ਕੋਈ ਨਾ ਕੋਈ ਯਾਦਯੋਗ ਚੀਜ ਕਰਕੇ ਹੀ ਮੈਂ ਸਵਰਗਾਂ ਨੂੰ ਜਾਣਾ ਚਹਾਗਾਂ।
ਮੇਰੇ ਨੇੜੇ ਹੀ ਦੂਸਰੇ ਤਖਤਪੋਸ਼ ਉਤੇ ਗੋਪਾਲ ਕ੍ਰਿਸ਼ਨ ਗਰੋਵਰ ਘੂਕ ਸੁੱਤਾ ਪਿਆ ਸੀ। ਮੈਨੂੰ ਪਲ ਨੀਂਦ ਆਉਂਦੀ, ਫਿਰ ਅੱਖ ਖੁੱਲ ਜਾਂਦੀ। ਛੈਣੀਆਂ – ਹਥੋੜੇ ਵੱਸ ਰਹੇ ਸਨ – ੧੫੨੮ ਵਿਚ ਬਣੀ ਬਾਬਰੀ ਮਸਜਿਦ ਢਾਹੀ ਜਾ ਰਹੀ ਸੀ। ਫਿਰਕੂ ਫਾਸ਼ੀ ਕਾਰ ਸੇਵਕਾਂ ਦੀਆਂ ਅੱਖਾਂ ਵਿਚ ਨਫਰਤ ਦਾ ਜਨੂਨ ਸੀ। ਅਗਬਾਣ ਚੱਲ ਰਹੇ ਸਨ। ਦਿੱਲੀ ਦਾ ਬਾਦਸ਼ਾਹ ਸੁੱਤਾ ਪਿਆ ਸੀ। ਪਰ ਮੇਰੀ ਜਾਗ ਫੇਰ ਖੁੱਲ ਗਈ। ਮੇਰੇ ਕਮਰੇ ਦੇ ਬਰਾਬਰ ਖੜੀ ਯਾਤਰੂ ਬੱਸ ਉਤੇ ਲੱਦੇ ਸਮਾਨ ਨੂੰ ਬਾਂਦਰ ਟੋਹ ਰਹੇ ਸਨ। ਆਟੇ ਦੀ ਬੋਰੀ ਨੂੰ ਬਾਂਦਰਾਂ ਨੇ ਪਾੜ ਲਿਆ ਸੀ। ਸਮਾਨ ਦੇ ਉਪਰ ਰਜਾਈ ਦੇ ਹੇਠਾਂ ਸੁੱਤਾ ਪਿਆ ਸੇਵਾਦਾਰ ਵਾਰ ਵਾਰ ਜਾਗਦਾ, ਬਾਂਦਰਾਂ ਨੂੰ ਭਜਾਉਂਦਾ, ਪਰ ਬਾਂਦਰ ਫੇਰ ਆ ਪੈਂਦੇ।
ਹੁਣ ਮੈਂ ਲੋਹੇ ਦੇ ਜੰਗਲ ਵਿਚ ਘੁੰਮ ਰਿਹਾ ਸਾਂ। ਕਈ ਮੀਲਾਂ ਵਿਚ ਫੈਲੇ ਲੋਹੇ ਦੇ ਜੰਗਲੇ, ਲੋਹੇ ਦੀਆਂ ਭਾਰੀਆਂ ਪਾਈਪਾਂ, ਲੋਹੇ ਦੀਆਂ ਜ਼ਹਿਰੀਲੀਆਂ ਕੰਡਿਆਲੀਆਂ ਤਾਰਾਂ, ਲੋਹੇ ਦੀਆਂ ਬੰਦਕਾਂ, ਗੰਨਾ, ਲੋਹਾ ਟੋਹਣ ਵਾਲੇ ਯੰਤਰ-ਮੈਟਲ ਡੀਟੈਕਟਰ, ਕਾਲੀਆਂ – ਲੋਹ ਟੋਪੀਆਂ ਵਾਲੇ ਲੋਹੇ ਦੇ ਬੰਦੇ। ਮੀਲਾਂ ਤੱਕ ਫੈਲਿਆ ਲੋਹੇ ਦਾ ਜੰਗਲ ਪਰ ਕਿਧਰੇ ਵੀ ਟਾਹਣੀਆਂ ਵਾਲਾ, ਪੱਤਿਆ ਵਾਲਾ, ਕਰੂਬਲਾ/ਫੁੱਲਾਂ ਵਾਲਾ ਕੋਈ ਬਿਰਖ ਨਹੀਂ ਸੀ। ਭੋਲੇ ਪੰਛੀ ਕਿੱਥੇ ਬੈਠਣ। ਚਲਾਕ, ਚੰਟ, ਫਰੇਬੀ, ਘਾਗ, ਬਾਂਦਰ ਸਨ। ਆਲ੍ਹਣੇ ਨਹੀਂ ਸਨ। ਤੰਬੂ ਸਨ। ਅੱਖਾਂ ਵਿਚ ਸਨੇਹ ਸਤਿਕਾਰ ਨਹੀਂ ਸੀ। ਸ਼ੱਕ, ਸੰਦੇਹ, ਬੇਵਿਸ਼ਵਾਸੀ ਸੀ। ਮੇਰਾ ਕੈਮਰਾ, ਕਾਪੀ, ਪੈਨਸਿਲ ਪਹਿਲੇ ਘੇਰੇ ਤੋਂ ਕਾਫੀ ਪਿੱਛੇ ਲੈ ਗਏ ਸਨ। ਲਾਂਘੇ ਵਿਚ ਦਾਖਲੇ ਸਮੇਂ ਸੁੱਰਖਿਆਂ ਸਮੇ ਗਾਰਡਾਂ ਦਾ ਕਾਫੀ ਬਰੀਕ ਘੇਰਾ ਸੀ। ਪੈਰਾਂ ਤੋਂ ਲੈ ਕੇ ਸਿਰ ਤੱਕ ਤਲਾਸ਼ੀ ਲਈ ਗਈ। ਬੂਟ ਲਹਾਏ ਗਏ। ਪੱਗ ਉਤੇ ਦੋ ਵਾਰ ਮੈਟਲ ਡੀਟੈਕਟਰ ਫੇਰਿਆ ਗਿਆ। ਵੀਹ ਵੀਹ ਉਚੀਆਂ ਪਾਈਪਾਂ ਉਤੇ ਨੋਕਦਾਰ ਤਿੱਖੇ ਸਰੀਏ ਕੰਡਿਆਲੀਆਂ ਵਿਚੋਂ ਦੀ ਮੈਂ ਗੁਜ਼ਰਿਆ। ਦੋ ਕੁ ਸੋ ਗਜ਼ ਉਤੇ ਤਾਰਾਂ ਪਾਈਪਾਂ ਵਾਲਾ ਸਿਕੰਜ਼ਾ ਦੂਜੇ ਪਾਸੇ ਵੱਲ ਨੂੰ ਮੁੱੜਿਆ, ਉਥੇ ਫੇਰ ਸੁਰੱਖਿਆ ਗਾਰਡਾਂ ਦੇ ਘੇਰਾ ਸੀ। ਫੇਰ ਮੇਰਾ ਸਾਰਾ ਸਰੀਰ ਦੇਖਿਆ ਗਿਆ। ਪੱਗ ਦੇ ਲੜ੍ਹਾਂ ਵਿਚ ਹੱਥ ਦੇਖਿਆ ਗਿਆ। ਭੀੜੇ ਮੈਟਲ ਡੀਟੈਕਟਰ ਦਰਵਾਜ਼ੇ ਵਿਚੋਂ ਦੀ ਲੰਘਾਇਆ ਗਿਆ। ਸੌ ਕੋ ਗਜ ਦਾ ਫਾਂਸਲਾ ਤਹਿ ਕਰਨ ਤੋਂ ਬਾਅਦ ਪਾਈਪਾਂ ਦਾ ਸ਼ਿਕੰਜਾਂ ਹੋਰ ਭੀੜਾਂ ਹੋ ਗਿਆ। ਸ਼ਿਕੰਜੇ ਨੇ ਇਕ ਹੋਰ ਮੋੜ ਕੱਟਿਆ, ਉਥੇ ਫੇਰ ਮੇਰੇ ਸ਼ਰੀਰ ਨੂੰ ਟੋਹਿਆ ਗਿਆ। ਪੰਜਾਹ ਕੁ ਗਜ ਅੱਗੇ ਜਾ ਕੇ ਇਕ ਬਹੁਤ ਵੱਡਾ ਤੰਬੂ ਨਜ਼ਰ ਆਇਆ-ਵਿਸ਼ਾਲ ਤੰਬੂ। ਵਿਚਾਲੇ ਸਰਕਸ ਵਾਂਗ ਬਹੁੱਤ ਭਾਰਾ, ਮੋਟਾ ਤੇ ਲੰਮਾ ਪੋਲ ਸੀ। ਤੰਬੂਆਂ ਦੀਆਂ ਤਿੰਨ ਚਾਰ ਤੈਹਾਂ ਸਨ।
ਅੱਗੇ ਜਾ ਕੇ ਕੁੱਝ ਭੀੜ ਸੀ। ਦੋ ਚਾਰ ਯਾਤਰੂ ਸਨ। ਅਤੇ ਪੰਜ ਗੁਣਾਂ ਸੁਰੱਖਿਆ ਗਾਰਡ ਸਨ। ਮੈਨੂੰ ਕਿਹਾ ਗਿਆ- ਔਹ ਦੂਰ ਦਿਸਦੀਆਂ ਸੁਨਹਿਰੀ ਪ੍ਰਸ਼ਾਕਾਂ ਪਹਿਨੀ ਆਕਾਰ, ਰਾਮ ਲੱਲਾਂ ਦੀਆਂ ਮੂਰਤੀਆਂ ਹਨ। ਮੈਂ ਵੇਖਿਆ ਸੌ ਢੇਡ ਸੌ ਗਜ ਦੀ ਵਿੱਥ ਉਤੇ ਤੰਬੂਆਂ ਅਤੇ ਪਾਈਪਾਂ ਦੇ ਜਾਲ ਹੇਠ ਰਾਮ ਲੱ ਲਾ ਦੀਆਂ ਮੂਰਤੀਆਂ ਸ਼ਸ਼ੋਭਿਤ ਹਨ। ਸੁਰੱਖਿਆਂ ਕਰਮੀ ਨੇ ਕਿਹਾ, ਮੱਥਾ ਟੇਕੋ ਅਤੇ ਅੱਗੇ ਵੱਧੋ। ਪ੍ਰਸ਼ਾਦ ਏਥੇ ਹੀ ਰੱਖ ਦਿਓ। ਚੰਗਾ ਹੋਇਆ, ਮੈਂ ਬਾਹਰੋਂ ਪ੍ਰਸ਼ਾਦ ਖਰੀਦ ਕੇ ਨਹੀ ਸਾਂ ਆਇਆ। ਪਹਿਲੇ ਅੜਿੱਕੇ ਤੋਂ ਬਾਹਰ ਥਾਂ ਥਾਂ ਪ੍ਰਸ਼ਾਦ ਵੇਚਣ ਵਾਲੇ ਮੁੰਡੇ ਯਾਤਰੂਆਂ ਦੇ ਪਿੱਛੇ ਦੌੜ ਰਹੇ ਸਨ। ਅਨੇਕਾਂ ਬਾਧਵਾਂ, ਭੱਲ ਭਲੱਈਆ, ਅੜਿੱਕਿਆ ਅਤੇ ਮੈਟਲ ਡਿਟੈਕਟਰਾਂ ਵਿਚੋਂ ਦੀ ਨਿਕਲ ਕੇ ਬਾਹਰ ਆਇਆ, ਮੈਂ ਬੁਰੀ ਤਰਾਂ ਥੱਕ ਚੁੱਕਾ ਸਾਂ। ਘੇਰਿਆ ਤੇ ਵਾੜਾਂ ਵਿਚ ਹੀ ਮੈਂ ਚਾਰ ਪੰਜ ਮੀਲ ਦਾ ਪੰਧ ਪਾਰ ਕਰ ਚੁੱਕਾ ਸਾਂ। ਬਾਹਰ ਵੀ ਜੇਲ ਵਰਗੀ ਉਚੀ ਤੇ ਭਾਰੀ ਚਾਰ ਦੀਵਾਰੀ ਸੀ। ਵਿਚ ਵਿਚ ਖਾਲੀ ਥਾਵਾਂ ਉਤੇ ਸੁਰੱਖਿਆ ਗਾਰਡਾਂ ਦੇ ਤੰਬੂ ਸਨ। ਬਾਹਰਲੀ ਚਾਰ ਦੀਵਾਰੀ ਤੋਂ ਬਾਹਰ ਗੰਦਗੀ ਦੇ ਢੇਰ ਲੱਗੇ ਹੋਏ ਸਨ। ਸੈਂਕੜਿਆਂ ਦੀ ਗਿਣਤੀ ਵਿਚ ਬਾਵਰਦੀ ਸੁਰੱਖਿਆ ਗਾਰਡ ੬ ਦਸੰਬਰ ੧੯੯੨ ਤੋਂ ਵੀ ਪਹਿਲਾਂ ਤੋਂ, ਦਿਨ ਰਾਤ ਜਨਮ ਭੂਮੀ ਦੀ ਸੁਰੱਖਿਆ ਲਈ ਤਾਇਨਾਤ ਸਨ। ਅਰਬਾਂ ਰੁਪਇਆ ਦਾ ਖਰਚ ਹੋ ਚੁੱਕਾ ਸੀ। ਕਰੋੜਾਂ ਰੁਪਇਆਂ ਦਾ ਖਰਚ ਹੋ ਰਿਹਾ ਸੀ। ਲੋਹੇ ਉਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਸਨ।
ਜੇ ਕਿਤੇ ਸਿਆਚਿੰਨ ਗਲੇਸ਼ੀਅਰ ਉਤੇ ਹਰ ਰੋਜ਼ ਖਰਚੇ ਜਾ ਰਹੇ ਕਰੋੜਾਂ ਰੁਪਏ ਬਚਾ ਲਏ ਜਾਣ। ਬੇਕਾਰ ਮੋਟੀਆਂ ਦੇਹਾਂ ਦੀ ਸੁਰੱਖਿਆ ਉਤੇ ਲੱਗੇ ਲੱਖਾਂ ਸੁਰੱਖਿਆਂ ਗਾਰਡਾਂ ਨੂੰ ਹਟਾ ਕੇ ਲੋਕ ਭਲਾਈ ਦੇ ਕੰਮਾਂ ਉਤੇ ਲਾਇਆ ਜਾਵੇ। ਜੇ ਲੱਖਾਂ ਧਾਰਮਿਕ ਸਥਾਨਾਂ ਤੇ ਡੇਰਿਆਂ ਉਤੇ ਪੂਜਾ ਪਾਠ ਵਿਚ ਲੱਗੇ ਕਰੋੜਾਂ ਵਿਹਲੇ ਪੁਜਾਰੀਆਂ, ਪੰਡਿਆਂ, ਸਾਧਾਂ ਨੂੰ ਉਪਜਾਊ ਕੰਮੇ ਲਾਏ ਜਾਵੇ ਤਾਂ ……ਕਿੰਨਾ ਚੰਗਾ ਹੋਵੇ।
ਬਾਬਰੀ ਮਸਜਿਦ ਨੂੰ ਤੋੜਿਆ ਭਾਵੇਂ ੧੮ ਸਾਲ ਬੀਤ ਗਏ ਸਨ, ਪਰ ਲਗਦਾ ਸੀ ਜਿਵੇਂ ਹਥੋੜਿਆਂ, ਛੈਣੀਆਂ ਤੇ ਲਾਠੀਆਂ ਦਾ ਸ਼ੋਰ ਹੁੱਣ ਵੀ ਆ ਰਿਹਾ ਹੋਵੇ।
ਧਰਮਸ਼ਾਲਾ ਦੀ ਛੱਤ ਉਤੇ ਬਾਂਦਰ ਇਕ ਦੂਜੇ ਪਿੱਛੇ ਦੋੜ ਰਹੇ ਸਨ। ਮੇਰੀ ਨੀਂਦ ਫਿਰ ਟੁੱਟ ਗਈ।
ਤੜਕੇ ਮੰਦਰ ਦੀਆਂ ਘੰਟੀਆਂ, ਟੱਲੀਆਂ, ਲਾਉਡ ਸਪੀਕਰਾਂ ਦੀਆਂ ਅਵਾਜਾਂ ਦੇ ਕੋਹਰਾਮ ਨਾਲ ਮੇਰੀ ਅਵਾਜ ਫਿਰ ਖੁੱਲ ਗਈ। ਬਾਹਰ ਚਾਨਣ ਹੋ ਚੁੱਕਾ ਸੀ। ਗੋਪਾਲ ਕ੍ਰਿਸ਼ਨ ਗਰੋਵਰ ਬਾਥਰੂਮ ਹੋ ਆਇਆ ਸੀ। ਮੈਂ ਕਮਰੇ ਦਾ ਬੂਹਾ ਭੈੜ ਕੇ ਗੁਸਲਖਾਨੇ ਵੱਲ ਤੁਰ ਪਿਆ, ਨਹਾ ਧੋਹ ਕੇ ਵਾਪਸ ਕਮਰੇ ਵਿਚ ਆਇਆ। ਕੇਸਾਂ ਵਿਚ ਕੰਘੀ ਫੇਰ ਰਿਹਾ ਸਾਂ। ਮੇਰਾ ਧਿਆਨ ਤਖਤਪੋਸ਼ ਦੇ ਸਿਰਹਾਣੇ ਦੇ ਨੁੱਕਰ ਵੱਲ ਗਿਆ। ਕੱਸ ਕੇ ਬੱਥੀ ਪੱਗੜੀ ਹੈ ਨਹੀ ਸੀ।
ਪਤਾ ਨਹੀ ਕਿਸੇ ਪਾਸੇ ਤੋਂ ਆਵਾਜਾਂ ਆ ਰਹੀਆਂ ਸਨ। ਸਾਨੂੰ ਕਿਸੇ ਦੀ ਇੱਜਤ ਮਾਣ ਦੀ ਪ੍ਰਵਾਹ ਨਹੀ – ਰਾਮ ਮੰਦਰ ਯਹੀ ਬੰਨੇਗਾ।
ਵੈਸੇ ਵੀ ਮੈਂ ਅੱਜ ਦੂਸਰੀ ਪੱਗੜੀ ਬੰਨਣੀ ਸੀ, ਇਹ ਪੱਗ ਤਾਂ ਜਿਆਦਾ ਹੀ ਮੈਲੀ ਹੋ ਗਈ ਸੀ। ਮੈਂ ਆਪਣੇ ਸੂਟ ਕੇਸ ਵਿਚੋਂ ਦੂਸਰੀ ਪੱਗ ਕੱਢ ਕੇ, ਪੂਣੀ ਕਰਕੇ, ਸਿਰ ਉਤੇ ਸਜਾਈ ਅਤੇ ਆਪਣੀ ਯਾਤਰਾ ਦੇ ਅਗਲੇ ਪੜਾਅ ਗੋਰਖਪੁਰ ਵੱਲ ਰਵਾਨਾ ਹੋ ਗਿਆ।
ਸਿਆਸਤਦਾਨਾਂ ਵਲੋਂ ਕਰਵਾਏ ਗਏ ਫਿਰਕੂ ਫਸਾਦਾਂ ਵਿਚ, ਪਿਛਲੇ ਸਾਲਾਂ ਵਿਚ ਹਜ਼ਾਰਾਂ ਨਿਰਦੋਸ਼ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਸਨ। ਮੇਰੀ ਪੱਗ ਤਾਂ ਬੇਸਮਝ ਜਾਨਵਰ ਲੈ ਗਿਆ ਸੀ। ਉਸਨੇ ਪੱਗ ਪੈਰਾਂ ਵਿਚ ਨਹੀਂ ਸੀ ਰੋਲੀ, ਸਿਰ ਉਤੇ ਸਜਾਈ ਸੀ। ਬੇਸਮਝ-ਸਮਝਦਾਰ ਜਾਨਵਰ। ਪਰ ਸਮਝਦਾਰ ਮਨੁੱਖ ਕੀ ਕਹੀਏ………।

ਕਵਿਤਾ ਭਵਨ, ਮਾਛੀਵਾੜਾ ਸਮਰਾਲਾ

No comments:

Post a Comment